ਭਾਰਤ ਦੇ ਹਿੰਦੂਤਵੀ ਹਾਕਮਾਂ ਵਲੋਂ ਘੱਟ ਗਿਣਤੀਆਂ ਤੇ ਲਗਾਤਾਰ ਜੁਲਮ ਢਾਹੇ ਜਾਣ ਦੀ ਗੁਰਦੁਆਰਾ ਸਿੰਘ ਸਭਾ ਆਫ ਵਾਸ਼ਿੰਗਟਨ, ਰੈਂਟਨ ਵਲੋਂ ਨਖੇਧੀ
ਵਸ਼ਿੰਗਟਨ ਮਿਤੀ 15 ਫਰਵਰੀ: ਦੁਨੀਆਂ ਦੇ ਸਭ ਤੋਂ ਵੱਡੇ ਲੋਕ ਤੰਤਰਿਕ ਦੇਸ਼ ਭਾਰਤ ’ਚ ਘੱਟ ਗਿਣਤੀਆਂ ਦੇ ਧਰਮ ਅਤੇ ਸਭਿਆਚਾਰ ’ਤੇ ਹਿੰਦੂਤਵੀਆਂ ਵੱਲੋਂ ਹੋ ਰਹੇ ਹਮਲਿਆਂ ’ਤੇ ਵੀਚਾਰ ਕਰਨ ਲਈ ਗੁਰਦੁਆਰਾ ਸਿੰਘ ਸਭਾ ਆਫ਼ ਵਾਸ਼ਿੰਗਟਨ ਦੇ ਪ੍ਰਧਾਨ ਸਰਦਾਰ ਦਲਬੀਰ ਸਿੰਘ ਗੁਰਾਇਆਂ ਵਲੋਂ ਕਮੇਟੀ ਦੀ ਇੱਕ ਖਾਸ ਮੀਟਿੰਗ ਰੱਖੀ ਗਈ; ਜਿਸ ਵਿਚ ਸਿਆਟਲ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਵੀ ਹਿੱਸਾ ਲਿਆ। ਮੀਟਿੰਗ ਵਿਚ ਭਾਗ ਲੈਣ ਵਾਲੇ ਸਮੂਹ ਸਿੱਖ ਚਿੰਤਕਾਂ ਨੇ ਭਾਰਤ ਦੀ ਹਿੰਦੂਤਵੀ ਸਰਕਾਰ ਦੀ ਪੁਰਜੋਰ ਸ਼ਬਦਾਂ ਵਿਚ ਨਖੇਧੀ ਕੀਤੀ। ਉੱਥੇ ਹਾਜਰ ਸਮੂਹ ਮੈਂਬਰਾਂ ਦੀ ਇੱਕੋ ਰਾਏ ਸੀ ਕਿ ਅਜਿਹੇ ਕਾਰੇ ਪ੍ਰਸ਼ਾਸਨ ਦੀ ਪੂਰਨ ਸਹਿਮਤੀ ਤੋਂ ਬਿਨਾਂ ਹੋ ਹੀ ਨਹੀਂ ਸਕਦੇ। 26 ਜਨਵਰੀ ਨੂੰ ਦਿੱਲੀ ਵਿਚ ਇੱਕ ਗਰੀਬ ਪਰਿਵਾਰ ਦੀ ਸਿੱਖ ਬੱਚੀ ’ਤੇ ਵਰਤਾਏ ਗਏ ਕਹਿਰ ਨੂੰ ਸਾਰੀ ਦੁਨੀਆਂ ਨੇ ਵੇਖਿਆ ਹੈ। ਬੱਚੀ ਨੂੰ ਅਗਵਾਹ ਕਰਨ ਤੋਂ ਲੈ ਕੇ ਘਟਨਾ ਨੂੰ ਅੰਜਾਮ ਦੇਣ ਤੱਕ ਲਗਭਗ ਦੋ ਘੰਟੇ ਦਾ ਸਮਾਂ ਸੀ। ਅਗਵਾਹ ਕਰਕੇ ਘਰ ਤੱਕ ਲੈ ਕੇ ਜਾਣ ਤੱਕ ਦੋ ਪੁਲਿਸ ਨਾਕੇ ਵੀ ਲੰਘੇ ਜਾਣ ਦੀਆਂ ਖਬਰਾਂ ਹਨ। ਇਸ ਗੱਲ ਦੀ ਵੀ ਪੁਸ਼ਟੀ ਹੋ ਚੁੱਕੀ ਹੈ ਕਿ ਪੁਲਿਸ ਚੌਕੀ ਸਿਰਫ਼ 600 ਮੀਟਰ ਦੀ ਦੂਰੀ ’ਤੇ ਸੀ। ਫਿਰ ਇਹ ਕਿਵੇਂ ਮੰਨਿਆ ਜਾਵੇ ਕਿ ਪੁਲਿਸ ਦੀ ਸਹਿਮਤੀ ਤੋਂ ਬਿਨਾਂ ਇਹ ਸ਼ਰਮਨਾਕ ਕਾਰਾ ਸੰਭਵ ਹੋਇਆ ਹੋਵੇ। ਇੱਥੋਂ ਤੱਕ ਕਿ ਅਪਰਾਧੀਆਂ ਨੇ ਖੁਦ ਕਿਹਾ ਕਿ ਪੁਲਿਸ ਸਾਡਾ ਕੀ ਕਰ ਲਵੇਗੀ ?
ਗੱਲ ਇੱਥੇ ਹੀ ਨਹੀਂ ਮੁੱਕੀ। ਸਰਕਾਰ ਦੀ ਸ਼ਹਿ ’ਤੇ ਹਿੰਦੂਤਵੀਆਂ ਗੁੰਡਿਆਂ ਦੇ ਹੌਸਲੇ ਇੱਥੋਂ ਤੱਕ ਵਧ ਚੁੱਕੇ ਹਨ ਕਿ ਉਨ੍ਹਾਂ ਨੇ ਮੁਸਲਮਾਨ ਬੱਚੀਆਂ ਨੂੰ ਸ਼ਰੇਆਮ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਹੋਇਆ ਹੈ। ਉਨ੍ਹਾਂ ਵਲੋਂ ਆਪਣੇ ਧਰਮ ਮੁਤਾਬਕ ਪਹਿਨੇ ਜਾ ਰਹੇ ਲਿਬਾਸ ਨੂੰ ਲੈ ਕੇ ਸਕੂਲਾਂ ਕਾਲਜਾਂ ਵਿਚ ਉਨ੍ਹਾਂ ’ਤੇ ਹਮਲੇ ਹੋ ਰਹੇ ਹਨ। ਇਨ੍ਹਾਂ ਹਮਲਿਆਂ ਤੋਂ ਇਹ ਗੱਲ ਸਪਸ਼ਟ ਹੈ ਕਿ ਭਾਰਤ ਵਿਚ ਲੋਕਤੰਤਰ ਨਾਮ ਦੀ ਕੋਈ ਗੱਲ ਨਹੀਂ। ਦੁੱਖ ਇਸ ਗੱਲ ਦਾ ਹੈ ਕਿ ਐੱਨ.ਡੀ.ਏ ਦੀ ਭਾਈਵਾਲ ਪਾਰਟੀਆਂ ਨੇ ਤਾਂ ਘੱਟ ਗਿਣਤੀਆਂ ਵਿਰੁੱਧ ਹੋ ਰਹੇ ਤਸ਼ੱਦਦ ਵਿਰੁੱਧ ਅਵਾਜ਼ ਉਠਾਣੀ ਹੀ ਕੀ ਸੀ; ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਅਕਾਲੀ ਦਲ ਬਾਦਲ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਰਾਜਨੀਤੀ ਬਦਲਣ ਦਾ ਨਾਹਰਾ ਮਾਰਨ ਵਾਲੀ ਆਮ ਆਦਮੀ ਪਾਰਟੀ ਵੀ ਧਾਰਮਿਕ ਘੱਟ ਗਿਣਤੀਆਂ ਦੇ ਹਮਹੂਰੀ ਹੱਕਾਂ ਲਈ ਅਵਾਜ਼ ਉਠਾਉਣ ਤੋਂ ਇਸ ਡਰੋਂ ਮੂੰਹ ਬੰਦ ਰੱਖ ਰਹੇ ਹਨ ਕਿ ਕਦੀ ਹਿੰਦੂ ਵੋਟਰ ਨਰਾਜ਼ ਨਾ ਹੋ ਜਾਣ। ਹਾਲਾਂਕਿ ਕੋਈ ਵੀ ਸਮਝਦਾਰ ਹਿੰਦੂ ਘੱਟ ਗਿਣਤੀਆਂ ਦੇ ਲਿਬਾਸ ਦੇ ਆਧਾਰਿਤ ਵਿਤਕਰਾ ਕੀਤੇ ਜਾਣ ਦੇ ਹੱਕ ’ਚ ਨਹੀਂ ਹੈ। ਜੇ ਕੇਵਲ ਜਨੂੰਨੀ ਕਿਸਮ ਦੇ ਬੇਸਮਝ ਹਿੰਦੂਆਂ ਨੂੰ ਇਸੇ ਤਰ੍ਹਾਂ ਵਡਾਵਾ ਮਿਲਦਾ ਰਿਹਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਹਿੰਦੂਆਂ ਦੇ ਧਾਰਮਿਕ ਚਿਨ੍ਹਾਂ ਤਿਲਕ ਜੰਝੂ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਦਿੱਤੀ ਕੁਰਬਾਨੀ ਨੂੰ ਅੱਖੋਂ ਪਰੋਖੇ ਕਰਨਾ ਹੋਵੇਗਾ।
ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਜਿਹੀਆਂ ਸਾਰੀਆਂ ਘਟਨਾਵਾਂ ਨੂੰ ਅਮਰੀਕਨ ਸਰਕਾਰ ਦੇ ਨੁਮਾਇੰਦਿਆਂ ਅਤੇ ਮੀਡੀਏ ਤੱਕ ਪਹੁੰਚਾਇਆ ਜਾਵੇਗਾ ਤਾਂ ਕਿ ਉਹ ਵੀ ਦੁਨੀਆਂ ਦੀ ਸਭ ਤੋਂ ਵੱਡੀ ਕਹਾਉਣ ਵਾਲੀ ਡੈਮੋਕਰੇਸੀ ਵਾਲੇ ਭਾਰਤ ਦੇਸ਼ ਬਾਰੇ ਸਚਾਈ ਜਾਣ ਸਕਣ।
ਜਾਰੀ ਕਰਤਾ : ਜਸਵਿੰਦਰ ਸਿੰਘ ਪੰਨੂ
206 941 9700