ਗੁਰਮਤਿ ਬਨਾਮ ਗੁਰਬਾਣੀ

0
561

ਗੁਰਮਤਿ ਬਨਾਮ ਗੁਰਬਾਣੀ

ਗਿਆਨੀ ਅਵਤਾਰ ਸਿੰਘ

ਗੁਰਮਤਿ ਤੋਂ ਭਾਵ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦਾ ਰੱਬ ਅਤੇ ਸੰਸਾਰ ਬਾਰੇ ਨਜ਼ਰੀਆ ਹੈ ਅਤੇ ਗੁਰਬਾਣੀ ਤੋਂ ਭਾਵ ਮਨੁੱਖ ਜਾਤੀ ਦੇ ਕਲਿਆਣ ਲਈ ਗੁਰਮਤਿ ਨੂੰ ਲਿਖਤ ਰੂਪ ਦਿੰਦਿਆਂ ਅਨੇਕਾਂ ਸਮਾਜਿਕ ਤੱਥ ਭੀ ਇਸ ਵਿੱਚ ਸ਼ਾਮਲ ਕਰਨਾ ਹੈ। ਇਨ੍ਹਾਂ ਤੱਥਾਂ ’ਚ ਸ਼ਾਮਲ ਹਨ ‘ਸਮਾਜਿਕ ਗਿਆਨ/ਵਿਗਿਆਨ, ਰਵਾਇਤੀ ਧਾਰਮਿਕ ਨਿਯਮ/ਕਰਮ, ਮਿਥਿਹਾਸ (ਯਾਨੀ ਕਾਲਪਨਿਕ ਕਥਾਵਾਂ), ਮੁਹਾਵਰੇ/ਦੰਦ ਕਥਾਵਾਂ, ਅਲੰਕਾਰ ਆਦਿਕ।’

ਗੁਰਬਾਣੀ ਨੂੰ ਨਿਰੰਤਰ ਪੜ੍ਹਨ ਵਾਲ਼ੇ ਗੁਰਸਿੱਖ ਅੰਦਰ ਭੀ ਅਕਸਰ ਇਹ ਦੁਬਿਧਾ ਵੇਖੀ ਗਈ ਹੈ ਕਿ ਜੇਕਰ ਸਾਰੇ ਕੰਮ ਰੱਬ ਕਰਦਾ ਹੈ ਤਾਂ ਗੁਰਬਾਣੀ ਅੰਦਰ ਮਨੁੱਖ ਨੂੰ ਵਾਰ-ਵਾਰ ਕਿਉਂ ਤਾੜਨਾ ਕੀਤੀ ਗਈ ਹੈ ਜਾਂ ਜੇਕਰ ਸਭ ਕੁੱਝ ਮਨੁੱਖ ਨੇ ਕਰਨਾ ਹੈ ਤਾਂ ਰੱਬ; ਸਾਰੇ ਕਾਰਜ ਕਰਨ ਵਾਲ਼ਾ ਕਿਵੇਂ ਹੋਇਆ ? ਕੁੱਝ ਮਨਮਤੀ ਲੋਕ ਤਾਂ ਇੱਥੋਂ ਤੱਕ ਕਹਿੰਦੇ ਭੀ ਸੁਣੇ ਗਏ ਕਿ ਗੁਰਬਾਣੀ; ਅਸਲ ਸਚਿਆਈ ਹੈ, ਪਰ ਗੁਰੂ ਸਾਹਿਬਾਨ ਦੀ ਸੋਚ (ਯਾਨੀ ਕਿ ਗੁਰਮਤਿ) ਨੇ ਆਪਣਾ ਉੱਤਰਾਧਿਕਾਰੀ ਚੁਣਨ ਲੱਗਿਆਂ ਕੁੱਝ ਗ਼ਲਤੀਆਂ ਕੀਤੀਆਂ ਹਨ। ਸੋ ਇਨ੍ਹਾਂ ਭੁਲੇਖਿਆਂ ਨੂੰ ਦੂਰ ਕਰਨ ਲਈ ਹਥਲਾ ਵਿਸ਼ਾ ‘ਗੁਰਮਤਿ ਬਨਾਮ ਗੁਰਬਾਣੀ’ ਵਿਚਾਰਨਾ ਜ਼ਰੂਰੀ ਸਮਝਿਆ ਹੈ।

ਦੁਨਿਆਵੀ ਵਿਦਿਅਕ ਸਿਲੇਬਸ ਨੂੰ ਵੇਖਿਆਂ ਜਾਪਦਾ ਹੈ ਕਿ ਛੋਟੀਆਂ ਜਮਾਤਾਂ ਦੇ ਸਿਲੇਬਸ ’ਚ ਕਈ ਸਾਖੀਆਂ ਭੀ ਵਿਸਥਾਰ ਪੂਰਵਕ ਸ਼ਾਮਲ ਕੀਤੀਆਂ ਜਾਂਦੀਆਂ ਹਨ ਤਾਂ ਜੋ ਮੂਲ ਵਿਸ਼ਾ; ਬੱਚਿਆਂ ਦੀ ਪਕੜ ’ਚ ਲਿਆਂਦਾ ਜਾ ਸਕੇ, ਪਰ ਜਿਉਂ-ਜਿਉਂ ਬੱਚਾ ਉੱਚ ਸਿੱਖਿਆ ਦੀ ਪੜ੍ਹਾਈ ਕਰਦਾ ਹੈ; ਵਾਧੂ ਸਾਖੀਆਂ ਦੀ ਮਿਸਾਲ ਸੰਖੇਪ ਮਾਤਰ ਰਹਿ ਜਾਂਦੀ ਹੈ ਜਾਂ ਬਿਲਕੁਲ ਖ਼ਤਮ ਹੋ ਜਾਂਦੀ ਹੈ ਕਿਉਂਕਿ ਤਦ ਬੱਚਾ ਆਪਣੇ ਵਿਸ਼ੇ ਨੂੰ ਇਸ਼ਾਰੇ ਮਾਤਰ ਨਾਲ਼ ਸਮਝਣਯੋਗ ਹੋ ਚੁੱਕਿਆ ਹੁੰਦਾ ਹੈ। ਇਹੀ ਯੁਕਤੀ ਰੂਹਾਨੀਅਤ ਗਿਆਨ ਯਾਨੀ ਕਿ ਧਾਰਮਿਕ ਗ੍ਰੰਥਾਂ ’ਚ ਦਰਜ ਕੀਤੀ ਮਿਲਦੀ ਹੈ। ਗੁਰਮਤਿ; ਰੂਹਾਨੀਅਤ ਦਾ ਸਿਰਮੌਰ ਵਿਸ਼ਾ (ਪੜਾਅ) ਹੈ ਤਾਂ ਤੇ ਇਸ ਦੀ ਸੋਝੀ ਕਰਾਉਣ ਲਈ ਸਮਾਜਿਕ ਤੱਥ ਭੀ ਵਧੇਰੇ ਵਿਸਥਾਰ ਪੂਰਬਕ ਮਿਲਣਗੇ। ਗੁਰਮਤਿ ਅਤੇ ਗੁਰਬਾਣੀ ਦੀ ਇਸ ਵਿਭਿੰਨਤਾ ਬਾਰੇ ਨਾਸਮਝੀ ਹੀ ਦੁਬਿਧਾ ਦਾ ਕਾਰਨ ਬਣਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਅੰਦਰ ਛੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ। ਸਾਰੇ ਗੁਰੂ ਸਾਹਿਬਾਨ ਇੱਕੋ ‘ਨਾਨਕ ਜੋਤਿ’ ਹਨ ਯਾਨੀ ਰੂਹਾਨੀਅਤ ਬਲ, ਸਮਝ ਅਤੇ ਰਹਿਣੀ ਇੱਕੋ ਜਿਹੀ ਸੀ; ਜਿਵੇਂ ਕਿ ਪਾਵਨ ਵਚਨ ਹਨ ‘‘ਜੋਤਿ ਓਹਾ, ਜੁਗਤਿ ਸਾਇ; ਸਹਿ (ਨੇ) ਕਾਇਆ ਫੇਰਿ ਪਲਟੀਐ ’’ (ਬਲਵੰਡ ਸਤਾ/੯੬੬) ਅਰਥ : ਗੁਰੂ ਅੰਗਦ ਸਾਹਿਬ ਜੀ ਅੰਦਰ ਜੋਤਿ ਅਤੇ ਰਹਿਣੀ ਓਹੀ (ਗੁਰੂ ਨਾਨਕ ਸਾਹਿਬ ਜੀ ਵਾਲ਼ੀ) ਸੀ। ਅਸਲ ’ਚ ਗੁਰੂ ਨਾਨਕ ਪਾਤਿਸ਼ਾਹ ਨੇ ਗੁਰੂ ਅੰਗਦ ਸਾਹਿਬ ਦੇ ਰੂਪ ’ਚ ਆਪਣਾ ਸਰੀਰ ਹੀ ਬਦਲਿਆ ਹੈ। ਇਸ ਲਈ ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਬਾਕੀ ਪੰਜ ਗੁਰੂ ਸਾਹਿਬਾਨ ਨੇ ਭੀ ਆਪਣੇ ਹਰ ਸ਼ਬਦ ਦੀ ਸਮਾਪਤੀ ’ਚ ਬਾਣੀਕਾਰ ਵਜੋਂ ‘ਨਾਨਕ’ ਸ਼ਬਦ ਹੀ ਦਰਜ ਕੀਤਾ ਹੈ।

ਗੁਰਬਾਣੀ ਮੁਤਾਬਕ ਰੱਬ; ਜੋਤਿ ਸਰੂਪ ’ਚ ਸਰਬ ਵਿਆਪਕ ਹੈ। ਰੱਬੀ ਜੋਤਿ ਵਰਗਾ ਨਿਰਮਲ (ਰੱਬ ਸਮਾਨ) ਰੂਪ ਹੀ ਸਰਗੁਣ ਵਜੋਂ ‘ਨਾਨਕ ਜੋਤਿ’ ਹੈ ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ’’ (ਭਟ ਮਥੁਰਾ/੧੪੦੮) ਤਾਹੀਓਂ ਮੰਨੇ ਜਾਂਦੇ ਸਤਿਯੁਗ ਤੋਂ ‘ਨਾਨਕ ਜੋਤਿ’ ਸੰਸਾਰ ’ਚ ਵਿਚਰਦੀ ਸਮਝਾਈ ਹੈ ‘‘ਸਤਜੁਗਿ ਤੈ ਮਾਣਿਓ; ਛਲਿਓ ਬਲਿ ਬਾਵਨ ਭਾਇਓ ਤ੍ਰੇਤੈ ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ਦੁਆਪੁਰਿ (’) ਕ੍ਰਿਸਨ ਮੁਰਾਰਿ ਕਲਿਜੁਗਿ (’) ਪ੍ਰਮਾਣੁ ਨਾਨਕ; ਗੁਰੁ ਅੰਗਦੁ ਅਮਰੁ ਕਹਾਇਓ (ਭਟ ਕਲੵ/੧੩੯੦) ਹਥਲੇ ਵਿਸ਼ੇ ਦੀ ਅਗਾਂਹ ਵਿਚਾਰ ਕਰਦਿਆਂ ਕੋਈ ਸੰਦੇਹ ਨਾ ਉਪਜੇ, ਇਸ ਲਈ (ਨਾਨਕ ਜੋਤਿ ਬਾਰੇ) ਐਨਾ ਕੁ ਜਾਣਨਾ ਜ਼ਰੂਰੀ ਸੀ।

ਪਹਿਲੇ ਪੰਜ ਗੁਰੂ ਸਾਹਿਬਾਨ ਦੇ ਜੀਵਨ ਨਾਲ਼ ਸੰਬੰਧਿਤ ਗੁਰਬਾਣੀ ਅੰਦਰ ਸੱਤਾ ਬਲਵੰਡ ਜੀ ਦੀ ਇੱਕ ਵਾਰ ਹੈ, ਜਿਸ ਦੀਆਂ ਅੱਠ ਪਉੜੀਆਂ ਹਨ। ਬਲਵੰਡ ਜੀ ਨੇ ਤੀਜੀ ਪਉੜੀ ’ਚ ਗੁਰੂ ਅੰਗਦ ਸਾਹਿਬ ਜੀ ਬਾਰੇ ਕਿਹਾ ਕਿ ਉਨ੍ਹਾਂ ਨੇ ਮਰਦਾਂ ਵਾਲ਼ੀ ਘਾਲਣਾ ਘਾਲ਼ੀ ਤਾਹੀਓਂ ਗੁਰੂ ਨਾਨਕ ਸਾਹਿਬ ਜੀ ਦੇ ਦਰ ’ਤੇ ਪ੍ਰਵਾਨ ਹੋਏ ‘‘ਪਏ ਕਬੂਲੁ ਖਸੰਮ ਨਾਲਿ; ਜਾਂ ਘਾਲ ਮਰਦੀ ਘਾਲੀ ’’ (ਬਲਵੰਡ ਸਤਾ/੯੬੭) ਅਤੇ ਗੁਰੂ ਅਮਰਦਾਸ ਜੀ ਬਾਰੇ ਸੱਤਾ ਜੀ ਨੇ ਛੇਵੀਂ ਪਉੜੀ ’ਚ ਕਿਹਾ ਕਿ ਉਨ੍ਹਾਂ ਨੇ ਮੇਰੂ-ਪਰਬਤ (ਵਾਙ ਆਪਣੀ ਉੱਚੀ ਸੁਰਤਿ) ਨੂੰ ਮਧਾਣੀ ਬਣਾ ਆਪਣਾ ਸਰੀਰ-ਸਮੁੰਦਰ ਰਿੜਕ ਕੇ 14 ਰਤਨ ਕੱਢੇ, ਜਿਨ੍ਹਾਂ ਨਾਲ਼ ਮਨੁੱਖੀ ਹਿਰਦਿਆਂ ’ਚ ਪ੍ਰਕਾਸ਼ ਹੋਇਆ; ਜਿਵੇਂ ਕਿ ਦੇਵਤਿਆਂ ਨੇ ਸਮੁੰਦਰ ਰਿੜਕ ਕੇ 14 ਰਤਨ ਕੱਢੇ, ਮੰਨੇ ਗਏ ‘‘ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ’’ (ਬਲਵੰਡ ਸਤਾ/੯੬੮)

ਉਕਤ ਦੋਵੇਂ ਗੁਰੂ ਸਾਹਿਬਾਨ ਦੁਆਰਾ ਕੀਤੀ ਗਈ ਗੁਰਮਤਿ ਅਨੁਸਾਰ ਕਮਾਈ/ਮਿਹਨਤ ਦਾ ਵਰਣਨ ਵਾਰ ਦੀਆਂ ਪਹਿਲੀਆਂ ਛੇ ਪਉੜੀਆਂ ’ਚ ਹੈ, ਪਰ ਬਾਕੀ ਦੋ ਪਉੜੀਆਂ ’ਚ ਚੌਥੇ ਅਤੇ ਪੰਜਵੇਂ ਪਾਤਿਸ਼ਾਹ ਦੁਆਰਾ ਘਾਲ਼ੀ ਘਾਲਣਾ ਬਾਰੇ ਕੋਈ ਜ਼ਿਕਰ ਨਹੀਂ ਸਗੋਂ ਇਨ੍ਹਾਂ ਨੂੰ ਰੱਬ ਦਾ ਰੂਪ ਬਲਕਿ ਰੱਬ ਹੀ ਮੰਨਿਐ; ਜਿਵੇਂ ਕਿ ਸੱਤਾ ਜੀ ਨੇ 7ਵੀਂ ਪਉੜੀ ’ਚ ਗੁਰੂ ਰਾਮਦਾਸ ਜੀ ਬਾਰੇ ਕਿਹਾ ਕਿ ਸਿੱਖ ਸੰਗਤਾਂ ਨੇ ਉਨ੍ਹਾਂ ਨੂੰ ਰੱਬ ਦਾ ਰੂਪ ਜਾਣ ਕੇ ਨਮਸਕਾਰ ਕੀਤੀ ਹੈ ‘‘ਸਿਖੀ ਅਤੈ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ ’’ (ਬਲਵੰਡ ਸਤਾ/੯੬੮) ਅਤੇ ਸੱਤਾ ਜੀ ਨੇ ਹੀ 8ਵੀਂ ਪਉੜੀ ’ਚ ਗੁਰੂ ਅਰਜਨ ਸਾਹਿਬ ਜੀ ਬਾਰੇ ਕਿਹਾ ਕਿ ਉਨ੍ਹਾਂ ਅੰਦਰ ਅਕਾਲ ਪੁਰਖ ਨੇ ਆਪ ਬੈਠ ਕੇ ਬਾਣੀ ਲਿਖੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬ ਨੇ ਆਪ ਹੀ ਸੰਪਾਦਨਾ ਕੀਤੀ ‘‘ਆਪੇ ਪਟੀ, ਕਲਮ ਆਪਿ; ਆਪਿ ਲਿਖਣਹਾਰਾ ਹੋਆ ’’ (ਬਲਵੰਡ ਸਤਾ/੯੬੮)

ਉਕਤ ਵਾਰ ਦੀਆਂ ਪਹਿਲੀਆਂ ਛੇ ਪਉੜੀਆਂ ਨੂੰ ਰੂਹਾਨੀਅਤ ਦਾ ਪਹਿਲਾ ਪੜਾਅ ਅਤੇ ਅਗਲੀਆਂ ਦੋ ਪਉੜੀਆਂ ਨੂੰ ਦੂਜਾ ਪੜਾਅ ਸਮਝ ਕੇ ਅਗਾਂਹ ਵਿਚਾਰਿਆ ਜਾਵੇਗਾ। ਪਹਿਲੇ ਪੜਾਅ ’ਚ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਨੂੰ ਰੱਬ ਦਾ ਰੂਪ ਨਹੀਂ ਮੰਨਿਆ ਤੇ ਨਾ ਹੀ ਕਿਹਾ ਹੈ ਕਿ ਇਹ ਘਾਲਣਾ ਰੱਬ ਨੇ ਘਾਲ਼ੀ ਹੈ, ਪਰ ਦੂਜੇ ਪੜਾਅ ’ਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਬਾਰੇ ਇਹ ਦੋਵੇਂ ਗੱਲਾਂ ਕਹੀਆਂ ਹਨ ਕਿਉਂਕਿ ਗੁਰਮਤਿ-ਸਿਧਾਂਤ ਅਨੁਸਾਰ ਭਗਤ ਦੁਆਰਾ ਕੀਤੀ ਕਮਾਈ ਦਾ ਮਹੱਤਵ ਖ਼ੁਦ ਭਗਤ ਨੂੰ ਨਹੀਂ; ਰੱਬ ਨੂੰ ਦੇਈਦਾ ਹੈ ਕਿਉਂਕਿ ਜਦ ਭਗਤ ਆਪਣੇ ਮਨ ਨੂੰ ਸਾਧਦਾ (ਮਨ ਨਾਲ਼ ਸੰਘਰਸ ਕਰਦਾ) ਹੈ ਤਦੋਂ ਮਿਲਦੀ ਸਫਲਤਾ ਪਿੱਛੇ ਰੱਬ ਦੀ ਮਿਹਰ ਹੀ ਕੰਮ ਕਰਦੀ ਪਈ ਹੁੰਦੀ ਹੈ।

ਉਕਤ ਵਿਚਾਰ ਤੋਂ ਇਹ ਸਮਝਣਾ ਹੈ ਕਿ ਪਹਿਲਾ ਪੜਾਅ ਗੁਰਬਾਣੀ ਹੈ ਅਤੇ ਦੂਜਾ ਪੜਾਅ ਗੁਰਮਤਿ। ਧਿਆਨ ਰਹੇ ਕਿ ਪਹਿਲੇ ਪੜਾਅ ਨੂੰ ਗੁਰਮਤਿ ਜਾਂ ਦੂਜੇ ਨੂੰ ਗੁਰਬਾਣੀ ਨਹੀਂ ਕਹਿ ਸਕਦੇ ਕਿਉਂਕਿ ਸਿੱਖ ਨੇ ਗੁਰਬਾਣੀ ਰਾਹੀਂ ਗੁਰਮਤਿ ਵੱਲ ਵਧਣਾ ਹੈ, ਨਾ ਕਿ ਗੁਰਮਤਿ ਰਾਹੀਂ ਗੁਰਬਾਣੀ ਵੱਲ। ਰੂਹਾਨੀਅਤ ਦਾ ਸਰਬੋਤਮ ਪੜਾਅ ਗੁਰਮਤਿ ਹੈ; ਗੁਰਬਾਣੀ ਨਹੀਂ। ਗੁਰਮਤਿ ਦਾ ਜ਼ਿਕਰ ਹਰ ਲੰਬੀ ਰਚਨਾ ਦੀ ਸਮਾਪਤੀ ’ਚ ਹੁੰਦੈ; ਜਿਵੇਂ ਕਿ ‘ਜਪੁ’ ਬਾਣੀ ਦੀ ਸਮਾਪਤੀ ’ਚ ਸਚਖੰਡ ਦਾ ਜ਼ਿਕਰ ਹੈ। ਸਚਖੰਡ; ਨਿਰੋਲ ਗੁਰਮਤਿ ਹੈ, ਇਸ ਪੜਾਅ ’ਚ ਕਿਸੇ ਦੁਨਿਆਵੀ ਤੱਥ ਨੂੰ ਮਿਸਾਲ ਵਜੋਂ ਨਹੀਂ ਲਈਦਾ ਕਿਉਂਕਿ ਸਮਾਜ ’ਚ ਕੋਈ ਐਸਾ ਹੁੰਦਾ ਹੀ ਨਹੀਂ, ਜੋ ਮਿਸਾਲ ਬਣ ਸਕੇ।

ਗੁਰਬਾਣੀ ’ਚ ਕੁੱਲ 5870 ਸ਼ਬਦ ਹਨ। ਇਨ੍ਹਾਂ ’ਚੋਂ 2657 ਸ਼ਬਦਾਂ ’ਚ ‘ਰਹਾਉ’ ਬੰਦ ਹੈ, ਜੋ ਪੂਰੇ ਸ਼ਬਦ ਦਾ ਕੇਂਦਰੀ ਭਾਵ (ਯਾਨੀ ਕਿ ਇਹ ਭੀ ਗੁਰਮਤਿ) ਹੁੰਦਾ ਹੈ। ਇਨ੍ਹਾਂ ਵਿੱਚ 25 ਸ਼ਬਦ ‘ਰਹਾਉ’ ਅਤੇ ‘ਰਹਾਉ ਦੂਜਾ’ ਸਮੇਤ ਹਨ, ਜਿਨ੍ਹਾਂ ’ਚ ਪਹਿਲੇ ‘ਰਹਾਉ’ ’ਚ ਸਵਾਲ ਹੁੰਦਾ ਹੈ ਤੇ ਉਸ ਦਾ ਜਵਾਬ ‘ਰਹਾਉ ਦੂਜਾ’ ’ਚ ਦਿੱਤਾ ਗਿਆ ਹੈ।

ਦੁਨਿਆਵੀ ਵਿੱਦਿਆ ਸਮੇਂ ਪਹਿਲੀ ਜਮਾਤ ਨੂੰ ਪਾਸ ਕਰਦਿਆਂ ਦੂਜੀ ਜਮਾਤ ਦਾ ਸਿਲੇਬਸ ਸਹਿਯੋਗ ਨਹੀਂ ਕਰਦਾ, ਪਰ ਰੂਹਾਨੀਅਤ ਸਿੱਖਿਆ ਦੀ ਪਹਿਲੀ ਜਮਾਤ ਨੂੰ ਪਾਰ ਕਰਨ ਲਈ ਗੁਰਬਾਣੀ ਦਾ ਸਰਬੋਤਮ ਸਿਲੇਬਸ (ਗੁਰਮਤਿ) ਸਹਿਯੋਗ ਕਰਦੈ; ਜਿਵੇਂ ਕਿ ਉਕਤ ਦੂਜੇ ਪੜਾਅ ’ਚ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਬਾਰੇ ਬਿਆਨ ਕੀਤਾ ਗੁਰਮਤਿ ਪੱਖ ਜੇ ਧਿਆਨ ’ਚ ਨਾ ਰੱਖੀਏ ਤਾਂ ਪਹਿਲੇ ਪੜਾਅ ’ਚ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਸਾਹਿਬ ਜੀ ਦੁਆਰਾ ਘਾਲ਼ੀ ਗਈ ਘਾਲਣਾ; ਖ਼ੁਦ ਨੂੰ ਮਹੱਤਵ ਲੈ ਲਵੇਗੀ। ਇਹੀ ਭੁਲੇਖਾ ਇਹ ਸਵਾਲ ਪੈਦਾ ਕਰਦੈ ਕਿ ਜੇਕਰ ਸਭ ਕੁੱਝ ਰੱਬ ਕਰਦੈ ਤਾਂ ਗੁਰਬਾਣੀ ਅੰਦਰ ਬੰਦੇ ਨੂੰ ਕਿਉਂ ਪ੍ਰੇਰਿਐ ਜਾਂ ਦੋਸ਼ੀ ਮੰਨਿਐ ? ਦਰਅਸਲ ਅਕਸਰ ਸਿੱਖ; ਰੂਹਾਨੀਅਤ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਅੰਤਰ ਨੂੰ ਪਛਾਣਨ ਦੀ ਬਜਾਇ ਦੋਵਾਂ ਨੂੰ ਇੱਕੋ ਸਮਝ ਬੈਠਦੇ ਹਨ ਕਿਉਂਕਿ ਰੂਹਾਨੀਅਤ ਦੇ ਪਹਿਲੇ ਪੜਾਅ ਨੂੰ ਪਾਰ ਕਰਨ ’ਚ ਦੂਜਾ ਪੜਾਅ ਸਹਿਯੋਗ ਜੋ ਕਰ ਰਿਹਾ ਹੁੰਦਾ ਹੈ। ਇਹੀ ਭੁਲੇਖੇ ਨੂੰ ਜਨਮ ਦਿੰਦਾ ਹੈ। ਇਸ ਗਹਿਰੇ ਰਾਜ਼ ਨੂੰ ਹੋਰ ਗਹਿਰਾਈ ਨਾਲ਼ ਸਮਝਣ ਦੀ ਜ਼ਰੂਰਤ ਹੈ।

ਗੁਰੂ ਅਰਜਨ ਸਾਹਿਬ ਨੇ ਬਾਣੀ ਦੀ ਸੰਪਾਦਨਾ ਕਰਦਿਆਂ; ਜਿਵੇਂ ਵਾਰਾਂ ਨਾਲ਼ ਸਲੋਕ ਦਰਜ ਕੀਤੇ ਓਵੇਂ ਹੀ ਕੁੱਝ ਵਾਰਾਂ ’ਚ ਆਪਣੇ ਵੱਲੋਂ ਉਚਾਰ ਕੇ ਪਉੜੀਆਂ ਭੀ ਦਰਜ ਕੀਤੀਆਂ ਹਨ; ਜਿਵੇਂ ਕਿ ਮਲਾਰ ਰਾਗ ’ਚ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਵਾਰ ਹੈ, ਜਿਸ ਦੀਆਂ ਪਹਿਲਾਂ 27 ਪਉੜੀਆਂ ਸਨ, ਪਰ 27ਵੀਂ ਪਉੜੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਵੱਲੋਂ ਰਚ ਕੇ ਗੁਰੂ ਨਾਨਕ ਸਾਹਿਬ ਜੀ ਦੀ 27ਵੀਂ ਪਉੜੀ ਨੂੰ 28ਵੀਂ ਕਰ ਦਿੱਤਾ ਕਿਉਂਕਿ ਇਹ ਨਿਰੋਲ ਗੁਰਮਤਿ ਸੀ, ਜੋ ਅੰਤ ’ਚ ਹੀ ਚਾਹੀਦੀ ਹੈ। ਗੁਰਬਾਣੀ ਨੂੰ ਲਿਖਤੀ ਰੂਪ ਦੇਣ ਤੋਂ ਪਹਿਲਾਂ ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਤਿੰਨ ਸਾਲ ਦੀ ਉਮਰ ’ਚ ਭੀ ਬੱਚਿਆਂ ਨਾਲ਼ ਖੇਲਦਿਆਂ ਕਈ ਵਾਰ ਇਕਾਂਤ ’ਚ ਬੈਠ ਕੇ ਰੱਬ ਨਾਲ਼ ਇਉਂ ਸੰਵਾਦ ਕਰਦੇ ਵੇਖੇ ਗਏ ਸਨ ‘‘ਤੂੰ ਆਪੇ ਆਪਿ ਵਰਤਦਾ; ਆਪਿ ਬਣਤ ਬਣਾਈ ਤੁਧੁ ਬਿਨੁ ਦੂਜਾ ਕੋ ਨਹੀ; ਤੂ ਰਹਿਆ ਸਮਾਈ ਤੇਰੀ ਗਤਿ ਮਿਤਿ ਤੂਹੈ ਜਾਣਦਾ; ਤੁਧੁ ਕੀਮਤਿ ਪਾਈ ਤੂ ਅਲਖ ਅਗੋਚਰੁ ਅਗਮੁ ਹੈ; ਗੁਰਮਤਿ ਦਿਖਾਈ (ਜੋ) ਅੰਤਰਿ ਅਗਿਆਨੁ ਦੁਖੁ ਭਰਮੁ ਹੈ; (ਉਹ) ਗੁਰ ਗਿਆਨਿ (ਨਾਲ਼) ਗਵਾਈ ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ; ਸੋ ਨਾਮੁ ਧਿਆਈ ਤੂ ਕਰਤਾ ਪੁਰਖੁ ਅਗੰਮੁ ਹੈ; ਰਵਿਆ ਸਭ ਠਾਈ (ਠਾਈਂ) ਜਿਤੁ ਤੂ ਲਾਇਹਿ ਸਚਿਆ ! ਤਿਤੁ ਕੋ ਲਗੈ; ਨਾਨਕ ਗੁਣ ਗਾਈ (ਗਾਈਂ)੨੮ ਸੁਧੁ (ਮਲਾਰ ਕੀ ਵਾਰ/ਮਹਲਾ /੧੨੯੧) ਧਿਆਨ ਰਹੇ ਕਿ ਗੁਰੂ ਅਰਜਨ ਸਾਹਿਬ ਜੀ ਨੇ ਜਿਨ੍ਹਾਂ ਵਾਰਾਂ ’ਚ ਆਪਣੇ ਵੱਲੋਂ ਉਚਾਰ ਕੇ ਪਉੜੀਆਂ ਦਰਜ ਕੀਤੀਆਂ ਹਨ, ਉਹ ਸਭ ਸੰਬੰਧਿਤ ਵਾਰ ਦੀ ਅੰਤਮ ਪਉੜੀ ਤੋਂ ਪਹਿਲਾਂ ਜਾਂ ਅੰਤਮ ਦੋ ਪਉੜੀਆਂ ਤੋਂ ਪਹਿਲਾਂ ਹੀ ਦਰਜ ਕੀਤੀਆਂ ਹਨ ਤਾਂ ਜੋ ਅੰਤਮ ਪਉੜੀ ’ਚ ਬਿਆਨ ਕੀਤੀ ਨਿਰੋਲ ਗੁਰਮਤਿ; ਹੋਰ ਸੁਖਾਲੇ ਢੰਗ ਨਾਲ਼ ਸਿੱਖਾਂ ਦੇ ਸਮਝ ਆ ਸਕੇ।

ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਗਈ ਮਲਾਰ ਰਾਗ ਦੀ 26ਵੀਂ ਪਉੜੀ ਸਮਝਣੀ ਜ਼ਰੂਰੀ ਹੈ ਤਾਂ ਜੋ 27ਵੀਂ ਨਵੀਂ ਪਉੜੀ ਦਰਜ ਕਰਨ ਦਾ ਮਨੋਰਥ ਪਕੜ ’ਚ ਆ ਜਾਵੇ; 26ਵੀਂ ਪਉੜੀ ਹੈ ‘‘ਪਉੜੀ ਸਿਰਿ ਸਿਰਿ ਹੋਇ ਨਿਬੇੜੁ; ਹੁਕਮਿ ਚਲਾਇਆ ਤੇਰੈ ਹਥਿ ਨਿਬੇੜੁ; ਤੂਹੈ ਮਨਿ ਭਾਇਆ ਕਾਲੁ ਚਲਾਏ ਬੰਨਿ; ਕੋਇ ਰਖਸੀ ਜਰੁ ਜਰਵਾਣਾ; ਕੰਨਿ੍ ਚੜਿਆ ਨਚਸੀ ਸਤਿਗੁਰੁ ਬੋਹਿਥੁ ਬੇੜੁ; ਸਚਾ ਰਖਸੀ ਅਗਨਿ ਭਖੈ ਭੜਹਾੜੁ; ਅਨਦਿਨੁ ਭਖਸੀ ਫਾਥਾ ਚੁਗੈ ਚੋਗ; ਹੁਕਮੀ ਛੁਟਸੀ ਕਰਤਾ ਕਰੇ ਸੁ ਹੋਗੁ; ਕੂੜੁ ਨਿਖੁਟਸੀ ੨੬’’ ਅਰਥ : ਭਾਵੇਂ ਰੱਬ ਨੇ ਆਪਣੇ ਹੁਕਮ ’ਚ ਸਭ ਨੂੰ ਚਲਾਇਐ (ਹੁਕਮਿ ਚਲਾਇਆ), ਫਿਰ ਭੀ ਹਰ ਇੱਕ ਦੇ ਸਿਰ ’ਤੇ ਲਿਖੇ ਲੇਖ ਮੁਤਾਬਕ ਫ਼ੈਸਲਾ ਹੁੰਦਾ ਹੈ (ਸਿਰਿ ਸਿਰਿ ਹੋਇ ਨਿਬੇੜੁ) ਯਾਨੀ ਕੀਤੇ ਕਰਮਾਂ ਦਾ ਫਲ਼; ਵਿਅਕਤੀ ਵਿਸ਼ੇਸ਼ ਨੂੰ ਮਿਲਣਾ ਹੀ ਹੁੰਦਾ ਹੈ ਤਾਂ ਤੇ ਹੇ ਪ੍ਰਭੂ ! ਤੇਰੇ ਹੱਥ ’ਚ (ਸਾਡਾ) ਇਨਸਾਫ਼ ਯਾਨੀ ਭਵਿੱਖ ਹੈ (ਤੇਰੈ ਹਥਿ ਨਿਬੇੜੁ)। ਮੇਰੇ ਮਨ ’ਚ ਤੂੰ ਹੀ ਪਿਆਰਾ ਲੱਗਦਾ ਹੈਂ (ਤੂਹੈ ਮਨਿ ਭਾਇਆ)। ਮੌਤ ਸਭ ਨੂੰ ਬੰਨ੍ਹ ਕੇ ਚਲਾਉਂਦੀ ਹੈ (ਕਾਲੁ ਚਲਾਏ ਬੰਨਿ)। ਕੋਈ ਉਸ ਤੋਂ ਬਚਾ ਨਹੀਂ ਸਕਦਾ (ਕੋਇ ਨ ਰਖਸੀ)। ਜ਼ਾਲਮ ਬੁਢੇਪਾ ਸਾਰਿਆਂ ਦੇ ਮੋਢਿਆਂ ’ਤੇ ਨੱਚਦਾ ਹੈ (ਜਰੁ ਜਰਵਾਣਾ; ਕੰਨਿ੍ ਚੜਿਆ ਨਚਸੀ) ਯਾਨੀ ਬੁਢੇਪਾ ਆਉਣਾ ਹੀ ਹੈ। ਸਤਿਗੁਰੂ ਹੀ ਸੱਚਾ ਜਹਾਜ਼ ਹੈ (ਸਤਿਗੁਰੁ ਬੋਹਿਥੁ ਬੇੜੁ), ਜੋ ਬੁਢੇਪੇ/ਮੌਤ ਦੇ ਡਰ ਤੋਂ ਬਚਾਉਂਦਾ ਹੈ (ਸਚਾ ਰਖਸੀ)। (ਨਿਗੁਰਿਆਂ ਅੰਦਰ) ਅੱਗ ਦਾ ਭਾਂਬੜ ਬਲਦੈ, ਜੋ ਹਰ ਦਿਨ ਵਧਦਾ ਜਾਂਦੈ (ਅਗਨਿ ਭਖੈ ਭੜਹਾੜੁ; ਅਨਦਿਨੁ ਭਖਸੀ)। ਇਸ ਨਫ਼ਰਤ ’ਚ ਫਸਿਆ ਬੰਦਾ ਈਰਖਾ ਦੇ ਚੋਗ ਚੁਗਦੈ (ਫਾਥਾ ਚੁਗੈ ਚੋਗ), (ਪਰ ਐਸਾ ਨਹੀਂ ਕਿ ਇਸ ਦਾ ਇਲਾਜ ਨਹੀਂ, ਇਲਾਜ ਹੈ ਕਿ) ਰੱਬ ਦੇ ਹੁਕਮ ’ਚ ਵਿਚਰਦਾ ਹਾਂ, ਨੂੰ ਸਵੀਕਾਰ ਕੇ ਇਹ ਰੋਗ ਖ਼ਤਮ ਹੁੰਦੈ (ਹੁਕਮੀ ਛੁਟਸੀ)। ਕਰਤਾਰ ਜੋ ਕਰੇਗਾ ਓਹੀ ਹੋਵੇਗਾ। ਝੂਠਾ ਖਿਲਾਰਿਆ ਵਪਾਰ ਅਵੱਸ਼ (ਹੱਥੋਂ) ਸੁੱਟੇਗਾ ਯਾਨੀ ਅੰਤ ਨੂੰ ਮਦਦ ਨਹੀਂ ਕਰੇਗਾ (ਕਰਤਾ ਕਰੇ ਸੁ ਹੋਗੁ; ਕੂੜੁ ਨਿਖੁਟਸੀ)।

ਉਕਤ 26ਵੀਂ ਪਉੜੀ ’ਚ ਇਹ ਜ਼ਿਕਰ ਨਹੀਂ ਕਿ ਇਸ ਰੋਗ ਤੋਂ ਕੌਣ ਮੁਕਤ ਹੁੰਦੈ ਅਤੇ ਕਿਵੇਂ ਹੁੰਦੈ ? ਜਵਾਬ ਹੈ ‘ਗੁਰਮੁਖ ਮੁਕਤ ਹੁੰਦੈ; ਗੁਰੂ ਦੀ ਰਾਹੀਂ ਅਤੇ ਰੱਬ ਦੀ ਕਿਰਪਾ ਨਾਲ਼ ਹੁੰਦੈ’। ਇਹੀ ਜ਼ਿਕਰ ਨਵੀਂ 27ਵੀਂ ਪਉੜੀ ’ਚ ਹੈ ‘‘ਪਉੜੀ ਨਵੀ ਮਹਲਾ ਸਭੋ ਵਰਤੈ ਚਲਤੁ; ਚਲਤੁ ਵਖਾਣਿਆ ਪਾਰਬ੍ਰਹਮੁ ਪਰਮੇਸਰੁ (ਨੂੰ); ਗੁਰਮੁਖਿ (ਨੇ) ਜਾਣਿਆ ਲਥੇ ਸਭਿ ਵਿਕਾਰ; ਸਬਦਿ ਨੀਸਾਣਿਆ ਸਾਧੂ ਸੰਗਿ ਉਧਾਰੁ; ਭਏ ਨਿਕਾਣਿਆ ਸਿਮਰਿ ਸਿਮਰਿ ਦਾਤਾਰੁ; ਸਭਿ ਰੰਗ ਮਾਣਿਆ ਪਰਗਟੁ ਭਇਆ ਸੰਸਾਰਿ (’) ਮਿਹਰ ਛਾਵਾਣਿਆ ਆਪੇ ਬਖਸਿ ਮਿਲਾਏ; ਸਦ ਕੁਰਬਾਣਿਆ ਨਾਨਕ ! ਲਏ ਮਿਲਾਇ; (ਜੋ) ਖਸਮੈ ਭਾਣਿਆ ੨੭ (ਮਲਾਰ ਕੀ ਵਾਰ/ਮਹਲਾ /੧੨੯੧) ਪਦ ਅਰਥ : ਚਲਤ-ਕੌਤਕ/ਤਮਾਸ਼ਾ (ਕਿਸੇ ਨੂੰ ਚੰਗੇ ਪਾਸੇ ਅਤੇ ਕਿਸੇ ਨੂੰ ਮਾੜੇ ਪਾਸੇ ਪ੍ਰੇਰਨਾ)।, ਵਖਾਣਿਆ-ਕਿਹਾ ਜਾ ਸਕਦੈ।, ਸਬਦਿ ਨਿਸਾਣਿਆ-(ਦਿਮਾਗ਼ ’ਚ) ਗੁਰੂ ਸ਼ਬਦ ਰੂਪ ਨਗਾਰਾ ਵੱਜਣ ਨਾਲ਼।, ਸਾਧੂ ਸੰਗਿ-ਗੁਰੂ ਦੀ ਰਾਹੀਂ।, ਭਏ ਨਿਕਾਣਿਆ-ਬੇ-ਮੁਥਾਜ ਹੋ ਗਏ।, ਮਿਹਰ ਛਾਵਾਣਿਆ-ਮਿਹਰ ਰੂਪ ਚੰਦੋਆ ਉਸ ’ਤੇ ਤਣ ਗਿਆ।, ਕੁਰਬਾਣਿਆ- ਮੈ ਕੁਰਬਾਨ ਜਾਂਦਾ ਹਾਂ।, ਖਸਮੈ ਭਾਣਿਆ- ਜੋ ਮਾਲਕ ਨੂੰ ਪਸੰਦ ਆ ਗਏ।

ਸੋ ਉਕਤ 27ਵੀਂ ਪਉੜੀ ਸ਼ਾਮਲ ਕਰਨ ਨਾਲ਼ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰੀ ਗਈ 28ਵੀਂ ਪਉੜੀ (ਉਕਤ ਵਿਚਾਰੀ ਜਾ ਚੁੱਕੀ ਹੈ) ਅਸਾਨੀ ਨਾਲ਼ ਪਕੜ ’ਚ ਆ ਜਾਂਦੀ ਹੈ। ਇਹੀ ਗੁਰਮਤਿ ਹੈ। ਇਸ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਦੁਆਰਾ ਰਚੀ ਇੱਕ ਸਾਰੰਗ ਕੀ ਵਾਰ ਹੈ, ਜਿਸ ਦੀਆਂ ਪਹਿਲਾਂ 35 ਪਉੜੀਆਂ ਸਨ, ਪਰ ਗੁਰੂ ਅਰਜਨ ਸਾਹਿਬ ਜੀ ਨੇ 35ਵੀਂ ਨਵੀਂ ਪਉੜੀ ਉਚਾਰ ਕੇ ਗੁਰੂ ਰਾਮਦਾਸ ਜੀ ਦੁਆਰਾ ਉਚਾਰੀ 35ਵੀਂ ਪਉੜੀ ਨੂੰ 36ਵੀਂ ਕਰ ਦਿੱਤਾ; ਜਿਵੇਂ ਕਿ ‘‘ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ ਗੁਰ ਸਬਦੀ ਵੇਖਿ ਵਿਗਸਿਆ; ਅੰਤਰਿ ਸਾਂਤਿ ਆਈ ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ ! ਆਪਿ ਨਾਥੁ, ਸਭ ਨਥੀਅਨੁ; ਸਭ ਹੁਕਮਿ ਚਲਾਈ ਨਾਨਕ ! ਹਰਿ ਭਾਵੈ ਸੋ ਕਰੇ; ਸਭ ਚਲੈ ਰਜਾਈ ੩੬ ਸੁਧੁ (ਸਾਰੰਗ ਕੀ ਵਾਰ/ਮਹਲਾ /੧੨੫੧) ਅਰਥ : ਹੇ ਭਾਈ ਜਨੋ ! ਕੁਦਰਤ ਨੂੰ ਰਚਨਹਾਰ ਮਾਲਕ; ਆਪ ਬਹੁਤ ਵੱਡਾ ਹੈ। ਉਸ ਦੀ ਮਹਿਮਾ ਭੀ ਅਪਾਰ ਹੈ। ਗਿਆਨ ਇੰਦ੍ਰਿਆਂ (ਅੱਖ, ਕੰਨ, ਜੀਭ, ਨੱਕ, ਤ੍ਵਚਾ) ਦੀ ਪਹੁੰਚ ਤੋਂ ਪਰੇ ਹੈ (ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ॥) ਯਾਨੀ ਅਨੁਭਵ ਨਾਲ਼ ਹੀ ਜਾਣਿਆ ਜਾ ਸਕਦੈ। ਗੁਰੂ ਦੇ ਉਪਦੇਸ਼ ਨਾਲ਼ ਉਸ ਨੂੰ ਅਨੁਭਵ ਕਰ ਅਨੰਦ ਮਾਣੀਦਾ ਹੈ, ਅੰਦਰ ਸਥਿਰਤਾ/ਸ਼ਾਂਤੀ ਆ ਜਾਂਦੀ ਹੈ (ਗੁਰ ਸਬਦੀ ਵੇਖਿ ਵਿਗਸਿਆ; ਅੰਤਰਿ ਸਾਂਤਿ ਆਈ॥)। ਹਰ ਥਾਂ ਉਹ ਆਪ ਹੀ ਆਪ ਮੌਜੂਦ ਹੈ। ਆਪ ਹੀ ਮਾਲਕ ਹੈ (ਸਭੁ ਆਪੇ ਆਪਿ ਵਰਤਦਾ; ਆਪੇ ਹੈ ਭਾਈ ! ॥)। ਉਸ ਨੇ ਸਭ ਨੂੰ ਆਪਣੀ ਮਰਿਆਦਾ ’ਚ ਬੰਨ੍ਹਿਆ ਹੈ। ਹੁਕਮ ’ਚ ਚਲਾ ਰਿਹਾ ਹੈ (ਆਪਿ ਨਾਥੁ, ਸਭ ਨਥੀਅਨੁ; ਸਭ ਹੁਕਮਿ ਚਲਾਈ॥)। ਜੋ ਉਸ ਨੂੰ ਪਸੰਦ ਹੈ ਓਹੀ ਕਰਦਾ ਹੈ। ਸਾਰੀ ਲੁਕਾਈ ਉਸ ਦੀ ਰਜ਼ਾ ’ਚ ਚਲਦੀ ਹੈ (ਨਾਨਕ ! ਹਰਿ ਭਾਵੈ ਸੋ ਕਰੇ; ਸਭ ਚਲੈ ਰਜਾਈ ॥੩੬॥)।

ਉਕਤ 36ਵੀਂ ਪਉੜੀ ਨਾਲ਼ ਜੋੜਦੀ ਗੁਰੂ ਰਾਮਦਾਸ ਜੀ ਦੁਆਰਾ ਰਚੀ 34ਵੀਂ ਪਉੜੀ ਨੂੰ ਜਾਣਨਾ ਜ਼ਰੂਰੀ ਹੈ ਤਾਂ ਜੋ 35ਵੀਂ ਨਵੀਂ ਪਉੜੀ ਰਚਨ ਦਾ ਕਾਰਨ ਸਪਸ਼ਟ ਹੋ ਜਾਵੇ; 34ਵੀਂ ਪਉੜੀ ਹੈ ‘‘ਗੁਰ ਪੂਰੇ ਕੀ ਦਾਤਿ; ਨਿਤ ਦੇਵੈ, ਚੜੈ ਸਵਾਈਆ ਤੁਸਿ ਦੇਵੈ ਆਪਿ ਦਇਆਲੁ; ਛਪੈ ਛਪਾਈਆ ਹਿਰਦੈ ਕਵਲੁ ਪ੍ਰਗਾਸੁ; ਉਨਮਨਿ ਲਿਵ ਲਾਈਆ ਜੇ ਕੋ ਕਰੇ ਉਸ ਦੀ ਰੀਸ; ਸਿਰਿ ਛਾਈ ਪਾਈਆ ਨਾਨਕ ! ਅਪੜਿ ਕੋਇ ਸਕਈ; ਪੂਰੇ ਸਤਿਗੁਰ ਕੀ ਵਡਿਆਈਆ ੩੪ ਅਰਥ : ਪੂਰੇ ਗੁਰੂ ਦੁਆਰਾ (ਰੱਬ ਦੀ ਸਿਫ਼ਤ ਕਰਾਉਣ ਵਾਲ਼ੀ) ਦਾਤ ਨਿੱਤ ਮਿਲਦੀ ਹੈ, ਹਰ ਦਿਨ ਵਧਦੀ ਹੈ (ਕਿਉਂਕਿ ਗੁਰੂ ਕੋਲ਼ ਖ਼ਜ਼ਾਨੇ ਭਰੇ ਪਏ ਹਨ) (ਗੁਰ ਪੂਰੇ ਕੀ ਦਾਤਿ; ਨਿਤ ਦੇਵੈ, ਚੜੈ ਸਵਾਈਆ॥) ਉਹ ਦਇਆ ਦਾ ਘਰ ਆਪ ਪ੍ਰਸੰਨ ਹੋ ਕੇ (ਇਹ ਦਾਤ) ਦਿੰਦਾ ਰਹਿੰਦਾ ਹੈ। ਜਿਸ ਨੂੰ ਮਿਲਦੀ ਹੈ ਉਹ ਸੰਸਾਰ ’ਚ ਪ੍ਰਗਟ ਹੋ ਜਾਂਦਾ ਹੈ ਯਾਨੀ ਛੁਪਾਇਆਂ ਛੁਪਦਾ ਨਹੀਂ (ਤੁਸਿ ਦੇਵੈ ਆਪਿ ਦਇਆਲੁ; ਨ ਛਪੈ ਛਪਾਈਆ॥)। ਉਸ ਦਾ ਕਮਲ-ਹਿਰਦਾ ਫੁੱਲ ਖਿੜ ਜਾਂਦਾ ਹੈ। ਪੂਰਨ ਖਿੜਾਓ ’ਚ ਰਹਿੰਦਾ ਹੈ (ਹਿਰਦੈ ਕਵਲੁ ਪ੍ਰਗਾਸੁ; ਉਨਮਨਿ ਲਿਵ ਲਾਈਆ ॥)। ਜਿਹੜਾ ਉਸ ਦੀ ਨਕਲ ਕਰਦਾ ਹੈ, ਉਸ ਵਰਗਾ ਬਣਨਾ ਲੋਚਦਾ ਹੈ; ਉਹ ਆਪਣੇ ਸਿਰ ’ਤੇ ਸੁਆਹ ਪਾ ਲੈਂਦਾ ਹੈ (ਕਿਉਂਕਿ ਅੰਦਰ ਵੈਸੇ ਗੁਣ ਨਹੀਂ ਹੁੰਦੇ) (ਜੇ ਕੋ ਕਰੇ ਉਸ ਦੀ ਰੀਸ; ਸਿਰਿ ਛਾਈ ਪਾਈਆ ॥)। ਪੂਰੇ ਗੁਰੂ ਦੀ ਇਸ ਵਡਿਆਈ ਦੇ ਬਰਾਬਰ ਕੋਈ ਪਹੁੰਚ ਨਹੀਂ ਸਕਦਾ (ਨਾਨਕ ! ਅਪੜਿ ਕੋਇ ਨ ਸਕਈ; ਪੂਰੇ ਸਤਿਗੁਰ ਕੀ ਵਡਿਆਈਆ ॥੩੪॥)।

ਉਕਤ 34ਵੀਂ ਪਉੜੀ ’ਚ ਗੁਰੂ ਦੀ ਮਿਹਰ ਦਾ ਜ਼ਿਕਰ ਹੈ, ਪਰ ਇਹ ਸਭ ’ਤੇ ਨਹੀਂ ਹੁੰਦੀ ਤਾਹੀਓਂ 35ਵੀਂ ਨਵੀਂ ਪਉੜੀ ’ਚ ਬੰਦੇ ਦੇ ਭਾਗ/ਨਸੀਬ, ਰੱਬ ਦੀ ਸਿਫ਼ਤ ਸਲਾਹ, ਸਤਿਗੁਰੂ ਅਤੇ ਗੁਰੂ ਸੰਗਤ ਦੀ ਮਹੱਤਤਾ ਦਾ ਜ਼ਿਕਰ ਹੈ ‘‘ਪਉੜੀ ਮਹਲਾ ਸਚੁ ਖਾਣਾ ਸਚੁ ਪੈਨਣਾ; ਸਚੁ ਨਾਮੁ ਅਧਾਰੁ ਗੁਰਿ+ਪੂਰੈ (ਨੇ) ਮੇਲਾਇਆ; ਪ੍ਰਭੁ ਦੇਵਣਹਾਰੁ ਭਾਗੁ ਪੂਰਾ ਤਿਨ ਜਾਗਿਆ; ਜਪਿਆ ਨਿਰੰਕਾਰੁ ਸਾਧੂ ਸੰਗਤਿ ਲਗਿਆ; ਤਰਿਆ ਸੰਸਾਰੁ ਨਾਨਕ ! ਸਿਫਤਿ ਸਲਾਹ ਕਰਿ; ਪ੍ਰਭ ਕਾ ਜੈਕਾਰੁ ੩੫ (ਸਾਰੰਗ ਕੀ ਵਾਰ/ਮਹਲਾ /੧੨੫੧)

ਉਕਤ 35ਵੀਂ ਨਵੀਂ ਪਉੜੀ ਨੇ ਵਿਚਕਾਰ ਆ ਕੇ 34ਵੀਂ ਪਉੜੀ ਅਤੇ ਅੰਤਮ 36ਵੀਂ ਪਉੜੀ ਦੇ ਵਿਸ਼ੇ ਨੂੰ ਨਿਰੰਤਰ ਜੋੜ ਦਿੱਤਾ ਤਾਂ ਜੋ ਬੰਦੇ ਦੇ ਭਾਗ, ਰੱਬ ਦੀ ਸਿਫ਼ਤ ਆਦਿ ਬਾਰੇ ਭੁਲੇਖਾ ਨਾ ਰਹੇ ਕਿ ਗੁਰੂ ਦੀ ਮਿਹਰ ਸਭ ’ਤੇ ਕਿਉਂ ਨਹੀਂ ਹੁੰਦੀ। ਹੁਣ ਇੱਥੇ ਸਵਾਲ ਪੈਦਾ ਹੋ ਸਕਦਾ ਹੈ ਕਿ ਕੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਰਾਮਦਾਸ ਜੀ ਦੁਆਰਾ ਉਚਾਰੀ ਗਈ ਉਕਤ ਬਾਣੀ ’ਚ ਪਹਿਲਾਂ ਕੋਈ ਘਾਟ ਰਹੀ ਸੀ, ਜਿਸ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਪੂਰਾ ਕੀਤਾ ਹੈ। ਜਵਾਬ ਹੈ : ਨਹੀਂ। ਦਰਅਸਲ ਗੁਰੂ ਅਰਜਨ ਸਾਹਿਬ ਜੀ ਇਨ੍ਹਾਂ ਦੋਵੇਂ ਵਾਰਾਂ ਦੀ ਅੰਤਮ ਪਉੜੀ ’ਚ ਬਿਆਨ ਕੀਤੇ ਸੰਦੇਸ਼ ਨੂੰ ਹੋਰ ਸਰਲ ਤੇ ਸਪਸ਼ਟ ਕਰ ਸਮਝਾਉਣਾ ਚਾਹ ਰਹੇ ਹਨ, ਜੋ ਸਮੁੱਚੀ ਵਾਰ ਦਾ ਤੱਤ-ਸਾਰ ਹੈ, ਗੁਰਮਤਿ ਹੈ।

ਸੋ ਹਥਲਾ ਵਿਸ਼ਾ ਗੁਰਬਾਣੀ ਵਿੱਚੋਂ ਨਿਰੋਲ ਗੁਰਮਤਿ ਨੂੰ ਪਛਾਣਨਾ ਹੈ ਤਾਂ ਜੋ ਉਸ ਦੀ ਰੌਸ਼ਨੀ ’ਚ ਸਮੁੱਚੀ ਗੁਰਬਾਣੀ ਨੂੰ ਵਿਚਾਰਦਿਆਂ ਕੋਈ ਸੰਦੇਹ ਨਾ ਰਹੇ। ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੇ ਅੰਤ ’ਚ ਸਚਖੰਡ ਅਵਸਥਾ ਨੂੰ ਇਉਂ ਰੂਪਮਾਨ ਕੀਤਾ ਹੈ ‘‘ਸਚਖੰਡਿ ਵਸੈ ਨਿਰੰਕਾਰੁ ਕਰਿ ਕਰਿ ਵੇਖੈ; ਨਦਰਿ ਨਿਹਾਲ ਤਿਥੈ; ਖੰਡ ਮੰਡਲ ਵਰਭੰਡ ਜੇ ਕੋ ਕਥੈ; ਅੰਤ ਅੰਤ ਤਿਥੈ; ਲੋਅ ਲੋਅ ਆਕਾਰ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ਵੇਖੈ ਵਿਗਸੈ; ਕਰਿ ਵੀਚਾਰੁ ਨਾਨਕ ! ਕਥਨਾ ਕਰੜਾ ਸਾਰੁ ੩੭’’ (ਜਪੁ) ਅਰਥ : ਸਚਖੰਡ ਅਵਸਥਾ ’ਚ ਨਿਰਾਕਾਰ ਮਾਲਕ ਵੱਸਦਾ ਹੈ (ਕੇਵਲ ਉਸ ਦੀ ਯਾਦ ਵੱਸਦੀ ਹੈ)। ਜੋ ਮਿਹਰ ਭਰੀ ਨਜ਼ਰ ਨਾਲ਼ ਸਭ ਨੂੰ ਪੈਦਾ ਕਰ-ਕਰ ਸੰਭਾਲ਼ਦਾ ਹੈ ਤੇ ਪ੍ਰਸੰਨ ਰਹਿੰਦਾ ਹੈ। ਇਸ ਅਵਸਥਾ ’ਚ ਅਨੇਕਾਂ ਖੰਡ, ਮੰਡਲ, ਬ੍ਰਹਿਮੰਡ, ਲੋਕ, ਆਕਾਰ ਆਦਿ ਪ੍ਰਤੀਤ ਹੁੰਦੇ ਹਨ ਯਾਨੀ ਕਰਤਾਰ ਦੁਆਰਾ ਰਚੀ ਕੁਦਰਤਿ; ਬੇਅੰਤ ਮਹਿਸੂਸ ਹੁੰਦੀ ਹੈ। ਜੇ ਕੋਈ ਇਸ ਦਾ ਅੰਦਾਜ਼ਾ ਲਾਉਣਾ ਚਾਹੇ ਤਾਂ ਕੋਈ ਅੰਤ ਹੀ ਨਹੀਂ। ਹੋਰ ਵਧੀਕ ਇਸ ਦਾ ਵਰਣਨ ਕਰਨਾ; ਲੋਹਾ ਚੱਬਣ ਜਿੰਨਾ ਮੁਸ਼ਕਲ ਹੈ। ਜਿਸ ਤਰ੍ਹਾਂ ਉਸ ਦਾ ਹੁਕਮ ਹੁੰਦਾ ਹੈ, ਉਸ ਤਰ੍ਹਾਂ ਹੀ ਜਗਤ ਦਾ ਕਾਰ ਵਿਹਾਰ ਚੱਲਦਾ ਹੈ। ਮਾਲਕ; ਸਭ ਨੂੰ ਵੇਖਦਾ ਹੈ, ਵਿਚਾਰ ਕਰ-ਕਰ ਕੇ ਖ਼ੁਸ਼ ਹੁੰਦਾ ਹੈ ਯਾਨੀ ਕੋਈ ਭੀ ਉਸ ਦਾ ਹੁਕਮ ਅਦੂਲੀ ਕਰਨ ਵਾਲ਼ਾ ਨਹੀਂ; ਜਿਵੇਂ ਪਿਤਾ ਦੇ ਹੁਕਮ ਨੂੰ ਮੰਨਦੇ ਬੱਚਿਆਂ ਨੂੰ ਵੇਖ ਪਿਤਾ ਸਦਾ ਪ੍ਰਸੰਨ ਚਿੱਤ ਰਹਿੰਦਾ ਹੈ।

ਉਕਤ ਗੁਰਮਤਿ ਨੂੰ ਧਿਆਨ ’ਚ ਰੱਖਦਿਆਂ ਸਮੁੱਚੀ ਗੁਰਬਾਣੀ ਦੀ ਵਿਚਾਰ ਕਰਨ ਸਮੇਂ ਮਨ ’ਚ ਇਹ ਭਰਮ ਨਹੀਂ ਰਹਿੰਦਾ ਕਿ ਰੱਬ ਦੀ ਮਿਹਰ ਤੋਂ ਬਿਨਾਂ ਮਨੁੱਖ ਦੇ ਹੱਥ ’ਚ ਭੀ ਕੁੱਝ ਕਰਨ ਦੀ ਤਾਕਤ ਹੁੰਦੀ ਹੈ। ਵਾਰਾਂ ਦੀਆਂ ਉਕਤ ਅੰਤਮ ਪਉੜੀਆਂ ਵਾਙ ਆਸਾ ਕੀ ਵਾਰ ਦੀ ਅੰਤਮ ਪਉੜੀ ਭੀ ਇਉਂ ਹੈ, ਜੋ ਨਿੱਤ ਸੁਣੀਦੀ ਹੈ ‘‘ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਜਾਇ ਸੋ ਕਰਤਾ ਕਾਦਰ ਕਰੀਮੁ; ਦੇ ਜੀਆ ਰਿਜਕੁ ਸੰਬਾਹਿ ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ ਨਾਨਕ ! ਏਕੀ ਬਾਹਰੀ; ਹੋਰ ਦੂਜੀ ਨਾਹੀ ਜਾਇ ਸੋ ਕਰੇ; ਜਿ ਤਿਸੈ ਰਜਾਇ ੨੪ ਸੁਧੁ (ਆਸਾ ਕੀ ਵਾਰ/ਮਹਲਾ /੪੭੫) ਪਦ ਅਰਥ : ਦੇ- ਦਿੰਦਾ ਹੈ।, ਦੇ ਰਿਜਕੁ ਸੰਬਾਹਿ-ਖਾਣਾ-ਪੀਣਾ ਇਕੱਠਾ ਕਰ-ਕਰ ਦਿੰਦਾ ਹੈ।, ਜੀਆ-ਜੀਵਾਂ ਨੂੰ।, ਸਾਈ-ਉਹੋ ਜਿਹੀ।, ਧੁਰਿ-ਧੁਰ ਤੋਂ।, ਤਿੰਨੈ ਪਾਇ- ਉਸ ਨੇ ਪਾ ਕੇ।, ਦੂਜੀ ਨਾਹੀ ਜਾਇ- ਹੋਰ ਥਾਂ ਨਾਹੀਂ ਯਾਨੀ ਕੋਈ ਹੋਰ ਆਸਰਾ ਨਹੀਂ।, ਤਿਸੈ ਰਜਾਇ-ਉਸ (ਰੱਬ) ਦੀ ਮਰਜ਼ੀ।

ਅੰਤ ’ਚ ਜਪੁ ਬਾਣੀ ਦੀ ਮਿਸਾਲ ਲੈਣੀ ਜ਼ਰੂਰੀ ਹੈ ਤਾਂ ਜੋ ਨਿਤਨੇਮ ਕਰਦਿਆਂ ਹਥਲਾ ਵਿਸ਼ਾ ਸਦਾ ਧਿਆਨ ’ਚ ਆਉਂਦਾ ਰਹੇ। ਜਪੁ ਬਾਣੀ ਦੀਆਂ ਕੁੱਲ 38 ਪਉੜੀਆਂ ਅਤੇ 2 ਸਲੋਕ ਹਨ। ਅੰਤਮ 38ਵੀਂ ਪਉੜੀ ’ਚ ਸੁਨਿਆਰ ਦੁਆਰਾ ਸੋਨੇ ਦੇ ਗਹਿਣਿਆਂ ਦੀ ਹੁੰਦੀ ਨਵੀਂ ਘਾੜਤ ਵਾਙ ਜੀਵਨ ਘਾੜਤ ਨੂੰ ਸੰਖੇਪ ’ਚ ਵਿਚਾਰਿਆ ਹੈ। 34 ਤੋਂ 37ਵੀਂ ਪਉੜੀ ਤੱਕ ਰੂਹਾਨੀਅਤ ਦੇ ਪੰਜ ਪੜਾਵਾਂ ਦਾ ਜ਼ਿਕਰ ਹੈ ਅਤੇ 33ਵੀਂ ਪਉੜੀ; ਜਪੁ ਬਾਣੀ ਦੀ ਅਰੰਭਕ ਪਉੜੀ ਤੋਂ ਚਲਦੀ ਵਿਸ਼ਾ ਲੜੀ ਨੂੰ ਸੰਖੇਪ ’ਚ ਸੰਕੋਚਦੀ ਹੈ; ਜਿਵੇਂ ਕਿ ਪਹਿਲੀ ਪਉੜੀ ’ਚ ਜ਼ਿਕਰ ਹੈ ‘‘ਚੁਪੈ, ਚੁਪ ਹੋਵਈ; ਜੇ ਲਾਇ ਰਹਾ ਲਿਵ ਤਾਰ ’’ (ਜਪੁ) ਅਰਥ : ਮੌਨ ਧਾਰਨ ਨਾਲ਼ ਮਨ ਸ਼ਾਂਤ ਨਹੀਂ ਹੋ ਸਕਦਾ ਭਾਵੇਂ ਨਿਰੰਤਰ ਇਕਾਗਰ ਚਿੱਤ ਬੈਠੇ ਰਹੀਏ, ਪਰ ਗੁਰਮਤਿ ਨਜ਼ਰੀਏ ਤੋਂ ਮੌਨ ਧਾਰਨਾ ਅਤੇ ਵੱਧ ਬੋਲਣਾ ਬੰਦੇ ਦੇ ਅਧਿਕਾਰ ’ਚ ਨਹੀਂ; (ਯਾਨੀ ਰੱਬ ਹੀ ਵੱਧ ਬੁਲਾਉਂਦੈ ਜਾਂ ਮੌਨ ਰਖਵਾਉਂਦਾ ਹੈ), ਇਹੀ ਪੱਖ 33ਵੀਂ ਪਉੜੀ ’ਚ ਇਉਂ ਦਰਜ ਹੈ ‘‘ਆਖਣਿ ਜੋਰੁ; ਚੁਪੈ ਨਹ ਜੋਰੁ ’’ ਅਰਥ: ਕੁੱਝ ਕਹਿਣ ਵਿੱਚ ਅਤੇ ਨਾ ਕਹਿਣ ਵਿੱਚ ਯਾਨੀ ਮੌਨ ਧਾਰਨ ’ਚ ਬੰਦੇ ਦਾ ਕੋਈ ਜ਼ੋਰ ਨਹੀਂ ਚੱਲਦਾ।

ਜਪੁ ਬਾਣੀ ਦੀ ਚੌਥੀ ਪਉੜੀ ’ਚ ਦਰਜ ਹੈ ‘‘ਆਖਹਿ ਮੰਗਹਿ ਦੇਹਿ ਦੇਹਿ ਫੇਰਿ ਕਿ ਅਗੈ ਰਖੀਐ ?… ’ ਯਾਨੀ ਕੁੱਝ ਮੰਗਣ ਅਤੇ ਦਾਨ (ਭੇਂਟ) ਕਰਨ ਦਾ ਜ਼ਿਕਰ ਹੈ, ਪਰ ਗੁਰਮਤਿ ਨਜ਼ਰੀਏ ਤੋਂ 33ਵੀਂ ਪਉੜੀ ’ਚ ਇਹ ਵਿਸ਼ਾ ਇਉਂ ਸੰਕੋਚਿਆ ਹੈ ‘‘ਜੋਰੁ ਮੰਗਣਿ; ਦੇਣਿ ਜੋਰੁ ’’ ਅਰਥ : ਕੁੱਝ ਮੰਗਣ ਵਿੱਚ ਅਤੇ ਕੁੱਝ ਭੇਂਟ ਕਰਨ ’ਚ ਬੰਦੇ ਦਾ ਕੋਈ ਜ਼ੋਰ ਨਹੀਂ ਚੱਲਦਾ।

ਜਪੁ ਬਾਣੀ ਦੀ 7ਵੀਂ ਪਉੜੀ ’ਚ ਜ਼ਿਕਰ ਹੈ ਕਿ ਲੰਬੀ ਉਮਰ ਕਰ ਸਾਰੀ ਧਰਤੀ ’ਤੇ ਬੰਦਾ ਪ੍ਰਸਿੱਧ ਭੀ ਹੋ ਜਾਵੇ। ਰਾਜ ਸੱਤਾ ਦਾ ਅਹੰਕਾਰ (ਯਾਨੀ ਹੁਕਮ ਚਲਾਉਣ ਵਾਲ਼ੀ ਸ਼ਕਤੀ ਨੂੰ) ਹਰ ਕੋਈ ਮੰਨਣ ਲੱਗ ਜਾਵੇ। ਵਡਿਆਈ ਭੀ ਮਿਲਣ ਲੱਗ ਜਾਏ ‘‘ਜੇ ਜੁਗ ਚਾਰੇ ਆਰਜਾ; ਹੋਰ ਦਸੂਣੀ ਹੋਇ ਨਵਾ ਖੰਡਾ ਵਿਚਿ ਜਾਣੀਐ; ਨਾਲਿ ਚਲੈ ਸਭੁ ਕੋਇ ਚੰਗਾ ਨਾਉ ਰਖਾਇ ਕੈ; ਜਸੁ ਕੀਰਤਿ ਜਗਿ ਲੇਇ ’’, ਪਰ ਗੁਰਮਤਿ ਨਜ਼ਰੀਏ ਤੋਂ ਲੰਬੀ ਉਮਰ ਕਰਨੀ ਜਾਂ ਜਲਦੀ ਮਰਨਾ ਅਤੇ ਮਨ ’ਚ ਰਾਜ ਸੱਤਾ ਦੇ ਅਹੰਕਾਰ ਦੇ ਸ਼ੋਰ ਬਾਰੇ 33ਵੀਂ ਪਉੜੀ ’ਚ ਇਉਂ ਜ਼ਿਕਰ ਹੈ ‘‘ਜੋਰੁ ਜੀਵਣਿ; ਮਰਣਿ ਨਹ ਜੋਰੁ ਜੋਰੁ , ਰਾਜਿ ਮਾਲਿ ਮਨਿ ਸੋਰੁ ’’ ਯਾਨੀ ਜਲਦੀ ਮਰਨ ਵਿੱਚ ਜਾਂ ਲੰਬੀ ਉਮਰ ਕਰਨ ’ਚ, ਰਾਜ ਸੱਤਾ ਹਾਸਲ ਕਰਨ ’ਚ ਅਤੇ ਮਨ ਵਿੱਚ ਅਹੰਕਾਰ ਪੈਦਾ ਕਰਨ ’ਚ ਬੰਦੇ ਦਾ ਕੋਈ ਅਖ਼ਤਿਆਰ ਨਹੀਂ ਹੁੰਦਾ ।

ਜਪੁ ਬਾਣੀ ਦੀ 13ਵੀਂ ਪਉੜੀ ’ਚ ਜ਼ਿਕਰ ਹੈ ਕਿ ਗੁਰੂ ਉਪਦੇਸ਼ ਮੰਨਣ ਨਾਲ਼ ਉੱਚੀ ਸੁਰਤ ਹੋ ਜਾਂਦੀ ਹੈ ਅਤੇ ਮਨ ਵਿੱਚ ਜਾਗਰੂਕਤਾ ਆ ਜਾਂਦੀ ਹੈ ‘‘ਮੰਨੈ; ਸੁਰਤਿ ਹੋਵੈ, ਮਨਿ ਬੁਧਿ੧੩’’ ਇਸ ਵਿਸ਼ੇ ਨੂੰ ਭੀ 33ਵੀਂ ਪਉੜੀ ’ਚ ਇਉਂ ਸਮੇਟਿਆ ਹੈ ‘‘ਜੋਰੁ ਸੁਰਤੀ; ਗਿਆਨਿ ਵੀਚਾਰਿ ’’ ਯਾਨੀ ਗੁਰੂ ਗਿਆਨ ਅਤੇ ਗੁਰੂ ਸ਼ਬਦ ਵਿਚਾਰ ਨਾਲ਼ ਉੱਚੀ ਸੁਰਤ ਕਰਨ ’ਚ ਬੰਦੇ ਦਾ ਆਪਣਾ ਕੋਈ ਜ਼ੋਰ ਨਹੀਂ ਚੱਲਦਾ। ਇਸ ਪਉੜੀ ਦੇ ਅੰਤ ’ਚ ਇਉਂ ਕਹਿ ਕੇ ਵਿਸ਼ਾ ਸਮਾਪਤ ਕੀਤਾ ਗਿਆ ‘‘ਜਿਸੁ ਹਥਿ ਜੋਰੁ; ਕਰਿ ਵੇਖੈ ਸੋਇ ਨਾਨਕ ! ਉਤਮੁ ਨੀਚੁ ਕੋਇ ੩੩’’ (ਜਪੁ) ਅਰਥ : ਜਿਸ ਮਾਲਕ ਦੇ ਅਧਿਕਾਰ ਵਿੱਚ ਸਾਰੀ ਸਮਰੱਥਾ ਹੈ ਓਹੀ ਜਗਤ ਨੂੰ ਰਚ-ਰਚ ਕੇ ਸੰਭਾਲ਼ਦਾ ਹੈ। ਉਸ ਦੀ ਇਸ ਸਮਰੱਥਾ ਤੋਂ ਬਿਨਾਂ ਜਗਤ ’ਚ ਕੋਈ ਛੋਟਾ-ਵੱਡਾ ਜਾਂ ਸ੍ਰੇਸ਼ਟ ਤੇ ਹੀਣ ਨਹੀਂ ਹੋ ਸਕਦਾ ਹੈ।

ਸੋ ਹਥਲੀ ਵਿਚਾਰ ਤੋਂ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਵਿੱਚ ਦਰਜ ਲੰਬੀਆਂ ਰਚਨਾਵਾਂ ਦੀ ਅੰਤਮ ਪਉੜੀ ਨੂੰ ਸਮਝਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਕਿਉਂਕਿ ਇਹ ਗੁਰਬਾਣੀ ਦਾ ਤੱਤ-ਸਾਰ (ਗੁਰਮਤਿ) ਹੈ; ਜਿਵੇਂ ‘ਜਪੁ’ ਬਾਣੀ ਦੀ 33ਵੀਂ ਪਉੜੀ ’ਚ ਸਿਰਮੌਰ ਸਿਧਾਂਤ ਹੈ; ਓਵੇਂ ਹੀ ਪੰਜ ਖੰਡਾਂ ਵਾਲ਼ੀ ਲੜੀ ’ਚ ਸਚਖੰਡ ਰੂਪ ਅੰਤਮ 37ਵੀਂ ਪਉੜੀ ਭੀ ਨਿਰੋਲ ਗੁਰਮਤਿ ਹੈ, ਸਿੱਖਾਂ ਲਈ ਮੰਜ਼ਲ ਹੈ। ਸਿੱਖਾਂ ਨੂੰ ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਕਰਦਿਆਂ ਇਸ ਗੁਰਮਤਿ ਨੂੰ ਧਿਆਨ ’ਚ ਰੱਖ ਕੇ ਹੀ ਸਮੁੱਚੀ ਬਾਣੀ ਨੂੰ ਵਾਚਣਾ ਚਾਹੀਦਾ ਹੈ। ਜੇਕਰ ‘‘ਆਖਣਿ ਜੋਰੁ; ਚੁਪੈ ਨਹ ਜੋਰੁ ’’ ਗੁਰਮਤਿ-ਸਿਧਾਂਤ ਨੂੰ ਦਰਕਿਨਾਰ ਕਰ ਪਹਿਲੀ ਪਉੜੀ ‘‘ਚੁਪੈ, ਚੁਪ ਹੋਵਈ; ਜੇ ਲਾਇ ਰਹਾ ਲਿਵ ਤਾਰ ’’ ਦੀ ਵਿਆਖਿਆ ਕਰਾਂਗੇ ਤਾਂ ਜਿੱਥੇ ਕਰਮਕਾਂਡੀ ਬੰਦੇ ਬਾਰੇ ਆਪਣੇ ਮਨ ਅੰਦਰ ਨਫ਼ਰਤ ਪੈਦਾ ਹੋਵੇਗੀ ਓਥੇ ਆਪਣੇ ਆਪ ਨੂੰ ਕਰਮਕਾਂਡ ਮੁਕਤ ਹੋਣ ਦਾ ਭਰਮ ਪੈਦਾ ਹੋਏਗਾ। ਇਸ ਤੋਂ ਜਾਪੇਗਾ ਕਿ ਸ਼ਾਇਦ ਮੈ ਹੀ ਸਤਿਗੁਰੂ ਦਾ ਸੱਚਾ ਸਿੱਖ ਹਾਂ।

ਗੁਰਬਾਣੀ ’ਚ ਜਿੱਥੇ ਤਰਕ ਆਧਾਰਿਤ ਦਲੀਲਾਂ ਵੇਖਣ ਨੂੰ ਮਿਲਦੀਆਂ ਹਨ, ਓਥੇ ਗੁਰਮਤਿ; ਕੇਵਲ ਸ਼ਰਧਾ ਭਾਵਨਾ ਨਾਲ਼ ਵਿਚਾਰਨ ਵਾਲ਼ਾ ਵਿਸ਼ਾ ਹੈ। ਗੁਰੂ ਸਾਹਿਬਾਨ ਨੇ ਗੁਰਮਤਿ ਦਾ ਪ੍ਰਚਾਰ ਕੀਤਾ ਹੈ, ਨਾ ਕਿ ਗੁਰਮਤਿ ਨੂੰ ਸਮਝਾਉਣ ਲਈ ਵਰਤੀਆਂ ਯੁਕਤੀਆਂ ਦਾ। ਕੀ ਜੋਗੀਆਂ ਨਾਲ਼ ਗੋਸਟਿ ਦੌਰਾਨ ਵਰਤੇ ਸ਼ਬਦ ਮੌਲਵੀਆਂ ਨਾਲ਼ ਮੱਕੇ ’ਚ ਦੁਹਰਾਏ ਜਾ ਸਕਦੇ ਹਨ ਜਾਂ ਮੌਲਵੀਆਂ ਨਾਲ਼ ਵਰਤੀ ਸ਼ਬਦਾਵਲੀ ਪੰਡਿਤਾਂ ਨਾਲ਼ ਧਰਮ-ਚਰਚਾ ਕਰਦਿਆਂ ਮੁੜ ਵਰਤੀ ਜਾ ਸਕਦੀ ਹੈ ? ਜਵਾਬ ਹੈ : ਨਹੀਂ। ਸੋ ਸਿੱਖਾਂ ਨੂੰ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ’ਤੇ ਜ਼ੋਰ ਦੇਣਾ ਬਣਦੈ, ਨਾ ਕਿ ਤਰਕ ਆਧਾਰਿਤ ਸਮਾਜਿਕ ਤੱਥਾਂ ਤੱਕ ਸੀਮਤ ਰਹਿਣਾ ਹੈ। ਦੂਜੇ ਪਾਸੇ ਜੋ ਸਿੱਖ ਕਹਿੰਦੇ ਹਨ ਕਿ ਗੁਰਬਾਣੀ ਅਸਲ ਸਚਾਈ ਹੈ, ਪਰ ਗੁਰਮਤਿ ਯਾਨੀ ਕਿ ਗੁਰੂ ਦੀ ਨਿਜੀ ਸੋਚ ਨੇ ਫ਼ੈਸਲੇ ਲੈਂਦਿਆਂ ਕੁੱਝ ਗ਼ਲਤੀਆਂ ਕੀਤੀਆਂ ਹਨ ਉਨ੍ਹਾਂ ਗੁਰੂ ਨਿੰਦਕਾਂ ਲਈ ਇਹੀ ਗੁਰਬਾਣੀ ਵਾਕ ਢੁੱਕਦਾ ਹੈ ‘‘ਜਿਨਾ ਗੁਰੁ ਗੋਪਿਆ ਆਪਣਾ; ਤੇ ਨਰ ਬੁਰਿਆਰੀ   ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ; ਪਾਪਿਸਟ ਹਤਿਆਰੀ ’’ (ਮਹਲਾ /੬੫੧) ਅਰਥ : ਜਿਨ੍ਹਾਂ ਨੇ ਆਪਣੇ ਸਤਿਗੁਰੂ ਦੀ ਨਿੰਦਿਆ ਕੀਤੀ ਹੈ ਯਾਨੀ ਗੁਰੂ ਦੇ ਗੁਣਾਂ ਨੂੰ ਘਟਾ ਕੇ ਆਂਕਿਆ ਹੈ, ਉਹ ਭੈੜੀ ਸ਼ਕਲ-ਸੂਰਤ ਵਾਲੇ, ਪਾਪੀ ਹਤਿਆਰੇ ਹਨ। ਰੱਬ ਜੀ ਮਿਹਰ ਕਰਨ ਤਾਂ ਜੋ ਉਨ੍ਹਾਂ ਦਾ ਦਰਸ਼ਨ ਹੀ ਕਰਨਾ ਨਾ ਪਵੇ ਯਾਨੀ ਮਰ ਹੀ ਜਾਣ।