ਕੀ ਗੁਰੂ ਨਾਨਕ ਸਾਹਿਬ ਦਾ ਧਰਮ; ਕੇਵਲ ਇਨਸਾਨੀਅਤ ਧਰਮ ਹੈ ?

0
802

ਕੀ ਗੁਰੂ ਨਾਨਕ ਸਾਹਿਬ ਦਾ ਧਰਮ; ਕੇਵਲ ਇਨਸਾਨੀਅਤ ਧਰਮ ਹੈ ?

ਗਿਆਨੀ ਅਵਤਾਰ ਸਿੰਘ

ਦਿਮਾਗ਼ੀ ਗਿਆਨ ਦੇ ਮੁਕਾਬਲੇ ਗੁਰਬਾਣੀ ਦਾ ਅਨੁਭਵੀ ਗਿਆਨ; ਬੜਾ ਉੱਚਾ-ਸੁੱਚਾ ਤੇ ਨਿਰਮਲ ਹੈ। ਇਸ ਨੂੰ ਗ੍ਰਹਿਣ ਕਰਨ ਲਈ ਬੰਦੇ ਨੂੰ ਆਪਣੇ ਅਨੁਭਵ ਦਾ ਸਹਾਰਾ ਲੈਣਾ ਪੈਣਾ ਹੈ ਯਾਨੀ ਗੁਰਬਾਣੀ ਮੁਤਾਬਕ ਥੋੜ੍ਹੀ ਬਹੁਤ ਪਹਿਲਾਂ ਕੀਤੀ ਕਮਾਈ ਹੀ ਅਗਲੀ ਪਉੜੀ ਦੇ ਅਨੁਭਵੀ ਗਿਆਨ ਨੂੰ ਸਮਝਣ ਅਤੇ ਉਸ ਨੂੰ ਕਮਾਉਣ ’ਚ ਮਦਦ ਕਰਦੀ ਹੈ। ਧਾਰਮਿਕ ਦ੍ਰਿਸ਼ਟੀਕੋਣ ਤੋਂ ਦਿਮਾਗ਼ੀ ਗਿਆਨ ਬੜਾ ਖ਼ੁਸ਼ਕ ਪ੍ਰਤੀਤ ਹੁੰਦੈ ਕਿਉਂਕਿ ਇਹ, ਅਨੁਭਵ ਗਿਆਨ ਨੂੰ ਦਿਮਾਗ਼ੀ ਪੈਮਾਨੇ ਨਾਲ਼ ਨਾਪਦੈ, ਦਿਮਾਗ਼ੀ ਗਿਆਨ ਵਾਙ ਵਾਚਦੈ, ਜਿਸ ਨੂੰ ਪ੍ਰਗਟ ਕਰਨ ਲਈ ਗੁਰੂ ਸਾਹਿਬਾਨ ਨੇ ਕਸ਼ਟ ਸਹਾਰ-ਸਹਾਰ ਮਨੁੱਖਤਾ ’ਤੇ ਉਪਕਾਰ ਕੀਤਾ ਹੈ।

ਅੱਜ ਸਾਇੰਸ ਯੁੱਗ ਹੈ। ਹਰ ਬੱਚਾ; ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ’ਚ ਪਹੁੰਚ ਕੇ ਤਰਕ ਭਰਪੂਰ ਗੱਲਾਂ ਸੁਣਦੈ। ਬੱਚਿਆਂ ਅੰਦਰ ਧਰਮ ਬਾਰੇ ਭੀ ਕਈ ਸੰਦੇਹ, ਕਈ ਸਵਾਲ ਉਪਜਦੇ ਰਹਿੰਦੇ ਹਨ। ਪਿੱਛੇ ਜਿਹੇ ਇੱਕ ਬੱਚੇ ਨੇ ਪੁੱਛਿਆ ਕਿ ਜਦ ਸੰਸਾਰ ’ਚ ਪਹਿਲਾਂ ਹੀ ਐਨੇ ਧਰਮ ਹਨ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੋਰ ਨਵਾਂ ਧਰਮ ਕਿਉਂ ਚਲਾਇਆ ? ਜਵਾਬ ਦਿੰਦਿਆਂ ਪ੍ਰਚਾਰਕ ਸੱਜਣ ਨੇ ਕਿਹਾ ਕਿ ਗੁਰੂ ਜੀ ਨੇ ਨਵਾਂ ਧਰਮ ਨਹੀਂ ਚਲਾਇਆ ਬਲਕਿ ਗੁਰੂ ਜੀ ਦਾ ਧਰਮ; ਇਨਸਾਨੀਅਤ ਹੈ। ਇਸ ਜਵਾਬ ਤੋਂ ਜਾਪਦੈ ਕਿ ਸ਼ਾਇਦ ਇਸ ਸੱਜਣ ਮੁਤਾਬਕ ਬਾਕੀ ਧਰਮਾਂ ’ਚ ਇਨਸਾਨੀਅਤ ਨਹੀਂ ਹੈ। ਅਜਿਹੇ ਹੀ ਵਿਚਾਰ ਇੱਕ ਹੋਰ ਪ੍ਰਸਿੱਧ ਸਿੱਖ ਪ੍ਰਚਾਰਕ ਨੇ ਰੱਖੇ, ਜਿਸ ਉਪਰੰਤ ਕੁੱਝ ਸਮਝਦਾਰ ਸਿੱਖਾਂ ਵੱਲੋਂ ਸਵਾਲ ਉਠਾਏ ਗਏ ਤਾਂ ਉਸ ਨੇ ਇੱਕ ਵੀਡੀਓ ਜਾਰੀ ਕਰ ਕਿਹਾ ਕਿ ਜੇਕਰ ਮੈ ਗ਼ਲਤ ਹਾਂ ਤਾਂ ਉਹ (ਜਿਸ ਨੇ ਪਹਿਲਾਂ ਐਸਾ ਜਵਾਬ ਦਿੱਤੈ) ਠੀਕ ਕਿਵੇਂ ਹੋ ਸਕਦੈ ? ਸੋ ਵੈਸੇ ਭਾਵੇਂ ਪ੍ਰਚਾਰਕਾਂ ਦੇ ਆਪਸੀ ਮਤਭੇਦ ਹੋਣ, ਪਰ ਸੰਗਤ ਦੇ ਸਵਾਲਾਂ ਦਾ ਸਾਮ੍ਹਣਾ ਕਰਨ ਤੋਂ ਬਚਣ ਲਈ ਆਪਣੇ ਤੋਂ ਭਿੰਨ ਵਿਚਾਰ ਰੱਖਣ ਵਾਲ਼ੇ ਦੇ ਪਿੱਛੇ ਭੀ ਛੁਪਣਾ ਪ੍ਰਚਾਰਕਾਂ ਨੇ ਸਿੱਖ ਲਿਆ ਹੈ।

ਗੁਰਬਾਣੀ ਦੇ ਹਰ ਨੁਕਤੇ ’ਤੇ ਆਪਣੇ ਵਿਚਾਰ ਸਿੱਖ-ਸੰਗਤਾਂ ’ਚ ਰੱਖਦਿਆਂ ਬੁਲਾਰੇ ਅੰਦਰ ਸਤਿਗੁਰੂ ਦਾ ਡਰ-ਅਦਬ ਹੋਣਾ ਜ਼ਰੂਰੀ ਹੈ ਤਾਂ ਜੋ ਸਰੋਤਿਆਂ ਦੇ ਮਨਾਂ ਅੰਦਰ ਭੀ ਗੁਰੂ ਪ੍ਰਤੀ ਭੈ-ਭਾਵਨੀ ਵਿਕਸਿਤ ਹੋਵੇ। ਮਨਮਤੀ ਬੋਲ; ਰੂਹਾਨੀਅਤ ਮਾਰਗ ’ਚ ਦੁਬਿਧਾ ਰੂਪ ਪੱਥਰ ਖਿਲਾਰਦੇ ਹਨ। ਸੰਗਤ ਦੇ ਸਵਾਲਾਂ ਦਾ ਜਵਾਬ ਗੁਰਬਾਣੀ ਰਾਹੀਂ ਦੇਣਾ ਬਣਦੈ, ਨਾ ਕਿ ਮਨਮਤ ਨਾਲ਼। ਇਸ ਰੋਗ ਨੇ ਸਿੱਖਾਂ ਅੰਦਰ ਕਈ ਧੜੇ ਬਣਾ ਦਿੱਤੇ ਹਨ। ਛੋਟਾ ਜਿਹਾ ਮਸਲਾ ਸੋਸ਼ਲ ਮੀਡੀਆ ’ਤੇ ਵਿਕਰਾਲ ਰੂਪ ਧਾਰ ਲੈਂਦੈ ਤਾਂ ਤੇ ਗੁਰੂ ਨਾਨਕ ਸਾਹਿਬ ਦੇ ਵਿਲੱਖਣ ਧਰਮ ਨੂੰ ਵਿਚਾਰਨਾ ਲਾਜ਼ਮੀ ਹੈ।

‘ਧਰਮ’; ਸੰਸਕ੍ਰਿਤ ਦਾ ਸ਼ਬਦ ਹੈ। ਇਸ ਦੇ ਕਈ ਅਰਥ ਹਨ, ਪਰ ਮੂਲ ਅਰਥ ਹੈ ‘ਧਾਰਨ ਕਰਨਾ, ਗ੍ਰਹਿਣ ਕਰਨਾ, ਅਪਣਾਉਣਾ’; ਜਿਵੇਂ ਸੰਸਾਰ ਨੂੰ ਗ੍ਰਹਿਣ ਕਰਨ ਵਾਲ਼ਾ ਪਵਿੱਤਰ ਨਿਯਮ; ‘ਧਰਮ’ ਹੈ ਯਾਨੀ ਵਿਖਾਈ ਦਿੰਦੇ ਸੰਸਾਰ ਦਾ ਆਧਾਰ ਭਾਵ ਸਰੋਤ; ਅਦ੍ਰਿਸ਼ ਰੂਪ ’ਚ ਜੋ ਨਿਯਮ ਹੈ, ਉਹ ਧਰਮ ਹੈ। ਮਿਸਾਲ ਵਜੋਂ ਅੱਗ ਦਾ ਧਰਮ; ਸਾੜਨਾ, ਗਰਮ ਕਰਨਾ ਹੈ। ਮਨੁੱਖ ਦਾ ਧਰਮ ਰੱਬ ਅਤੇ ਉਸ ਦੀ ਪਰਜਾ ਨਾਲ਼ ਪਿਆਰ ਕਰਦਿਆਂ ਆਪਣਾ ਗ੍ਰਹਿਸਤੀ ਫ਼ਰਜ਼ ਅਦਾ ਕਰਦੇ ਰਹਿਣਾ ਹੈ।

ਬੱਚੇ ਦੇ ਉਕਤ ਸਵਾਲ ਦਾ ਜਵਾਬ ਇਹ ਹੋਣਾ ਚਾਹੀਦਾ ਸੀ ਕਿ ਮਾਨਵਤਾ ਦਾ ਧਰਮ ਇੱਕੋ ਹੈ, ਨਾ ਕਿ ਕਈ ਅਤੇ ਉਹ ਹੈ ‘ਰਚਨਹਾਰ ਮਾਲਕ ਦੁਆਰਾ ਕੁਦਰਤਿ ਨੂੰ ਬਣਾਉਣ ਵਾਲ਼ੇ ਨਿਯਮਾਂ ਨੂੰ ਸਮਝਦਾ ਹੋਇਆ ਮਨੁੱਖ; ਉਸ ਮਾਲਕ ਨੂੰ ਯਾਦ ਕਰੇ’। ਇਸ ਮੂਲ ਧਰਮ ਦੀ ਵਿਆਖਿਆ ਹਰ ਜਮਾਤ ਨੇ ਆਪਣੀ-ਆਪਣੀ ਮੱਤ ਨਾਲ਼ ਕੀਤੀ ਹੈ ਯਾਨੀ ਹਿੰਦੂ, ਮੁਸਲਿਮ ਆਦਿ ਧਰਮ ਨਹੀਂ ਬਲਕਿ ਮੂਲ ਧਰਮ ਦੀ ਵਿਆਖਿਆ ਕਰਨ ਵਾਲ਼ੇ ਆਪੋ ਆਪਣੇ ਮੱਤ ਹਨ। ਗੁਰਬਾਣੀ ਇਸ ਦੀ ਪੁਸ਼ਟੀ ਕਰਦੀ ਹੈ ‘‘ਬੇਦ ਪੁਰਾਨ ਸਭੈ ਮਤ ਸੁਨਿ ਕੈ; ਕਰੀ ਕਰਮ ਕੀ ਆਸਾ (ਭਗਤ ਕਬੀਰ/੬੫੪), ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ (ਕੇ); ਨਿਮਖ ਹੀਏ (ਹਿਰਦੇ) ਬਸਾਵੈ ’’ (ਮਹਲਾ /੬੩੨) ਆਦਿ। ਹੁਣ ਜਦ ਇਹ ਸਾਰੇ ਰਵਾਇਤੀ ਧਰਮ ਨਹੀਂ; ਮੱਤ ਹਨ ਤਾਂ ਇਨ੍ਹਾਂ ਦੁਆਰਾ ਕੀਤੀ ਗਈ ਮੂਲ ਧਰਮ ਦੀ ਵਿਆਖਿਆ ਕਿੰਨੀ ਕੁ ਸਹੀ ਹੈ; ਗੁਰਮਤਿ ਦੀ ਕਸੌਟੀ ’ਤੇ ਲਗਾ ਕੇ ਪਰਖਣਾ ਹੈ। ਗੁਰਮਤਿ; ਆਪ ਭੀ ਆਪਣੇ ਆਪ ਨੂੰ ਧਰਮ ਨਹੀਂ ਸਗੋਂ ਮੱਤ (ਨਵੇਕਲੀ ਵਿਚਾਰਧਾਰਾ) ਮੰਨਦੀ ਹੈ‘‘ਇਕਿ ਆਪਣੀ ਸਿਫਤੀ ਲਾਇਅਨੁ; ਦੇ ਸਤਿਗੁਰ ਮਤੀ ’’ (ਮਹਲਾ /੯੪੮) ਅਰਥ : ਉਸ (ਨਿਰਾਕਾਰ ਰੱਬ) ਨੇ ਸਤਿਗੁਰ ਦੀ ਮੱਤ ਦੇ ਕੇ ਕਈਆਂ ਨੂੰ (ਆਪਣੇ ਬਾਰੇ ਸੋਝੀ ਬਖ਼ਸ਼ ਕਰ) ਆਪਣੀ ਸਿਫ਼ਤ ਸਲਾਹ ਕਰਨ ਵਿੱਚ ਲਗਾ ਲਿਆ।

ਗੁਰਮਤਿ ਦੁਆਰਾ ਕੀਤੀ ਗਈ ਮੂਲ ਧਰਮ ਦੀ ਵਿਆਖਿਆ ਅਨੁਸਾਰ ਰੱਬ ਦੇ ਗੁਣ ਗਾਉਣੇ, ਉਸ ਦਾ ਨਾਮ ਜਪਣਾ ਹੀ ਮੂਲ ਧਰਮ ਹੈ; ਜਿਵੇਂ ‘‘ਸਭ ਮਹਿ; ਪੂਰਿ ਰਹੇ ਪਾਰਬ੍ਰਹਮ ਨਾਨਕ ! ਹਰਿ ਕੀਰਤਨੁ ਕਰਿ; ਅਟਲ ਏਹੁ ਧਰਮ (ਮਹਲਾ /੨੯੯), ਤਜਿ ਸਭਿ ਭਰਮ; ਭਜਿਓ ਪਾਰਬ੍ਰਹਮੁ ਕਹੁ ਨਾਨਕ! ਅਟਲ ਇਹੁ ਧਰਮੁ (ਮਹਲਾ /੧੯੬), ਸਰਬ ਧਰਮ ਮਾਨੋ ਤਿਹ ਕੀਏ; ਜਿਹ ਪ੍ਰਭ ਕੀਰਤਿ ਗਾਈ ’’ (ਮਹਲਾ /੯੦੨) ਪਦ ਅਰਥ : ਪੂਰਿ ਰਹੇ- ਜੋ ਸਰਬ ਵਿਆਪਕ ਹੈ।, ਕੀਰਤਨੁ-ਸਿਫ਼ਤ।, ਤਜਿ-ਛੱਡ ਕੇ।, ਭਜਿਓ-ਸਿਮਰੋ।, ਤਿਹ-ਉਸ ਨੇ।, ਜਿਹ-ਜਿਸ ਨੇ; ਪਰ ਜੇ ਇਨਸਾਨੀਅਤ ਨੂੰ ਧਰਮ ਕਹੀਏ ਤਾਂ ਇਸ ਦਾ ਸੰਬੰਧ; ਬੰਦੇ ਦੇ ਸੰਸਾਰਕ ਜੀਵਨ ਤੱਕ ਹੈ। ਧਰਮ ਨੂੰ ਸਮਾਜਿਕ ਸੰਬੰਧਾਂ ਤੱਕ ਵੇਖਣ ਵਾਲ਼ੇ ਦੀ ਸੋਚ; ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ, ਤ੍ਵਚਾ) ਤੱਕ ਹੁੰਦੀ ਹੈ, ਨਾ ਕਿ ਅਨੁਭਵ ਗਿਆਨ ਤੱਕ। ਗੁਰੂ ਅਰਜਨ ਸਾਹਿਬ ਜੀ ਦੇ ਵਚਨ ਹਨ ਕਿ ਰੱਬ ਨੂੰ ਵੇਖਣ ਵਾਲ਼ੇ ਨੈਣ; ਦੁਨਿਆਵੀ ਅੱਖਾਂ ਨਹੀਂ; ਹੋਰ ਹਨ ‘‘ਨਾਨਕ ! ਸੇ ਅਖੜੀਆਂ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ (ਮਹਲਾ /੫੭੭) ਅਰਥ : ਹੇ ਨਾਨਕ! ਜਿਨ੍ਹਾਂ ਅੱਖਾਂ ਨਾਲ਼ ਮੇਰੇ ਪਿਆਰੇ-ਪ੍ਰਭੂ ਦਾ ਦੀਦਾਰ ਹੁੰਦੈ ਉਹ ਹੋਰ ਯਾਨੀ ਅਨਭਵੀ ਅੱਖਾਂ ਹੁੰਦੀਆਂ ਹਨ। ਸੋ ਗੁਰਮਤਿ-ਧਰਮ ਨੂੰ ਕੇਵਲ ਇਨਸਾਨੀਅਤ-ਧਰਮ ਕਹਿਣਾ; ਨਾਸਤਕ ਸੋਚ ਦਾ ਪ੍ਰਤੀਕ ਹੈ ਕਿਉਂਕਿ ਮੂਲ ਧਰਮ ’ਚੋਂ ਇਨਸਾਨੀਅਤ ਨਿਕਲਦੀ ਹੈ, ਨਾ ਕਿ ਇਨਸਾਨੀਅਤ ’ਚੋਂ ਮੂਲ ਧਰਮ; ਜਿਵੇਂ ਕਿ ਰੱਬ ਦਾ ਨਾਮ ਜਪਿਆਂ ਚੰਗਾ ਕਿਰਦਾਰ ਬਣਦੈ, ਜੋ ਇਨਸਾਨੀਅਤ ਪੁਗਾਉਂਦੈ ‘‘ਰਾਮ ਰਾਮ; ਬੋਲਿ ਰਾਮ ਰਾਮ   ਤਿਆਗਹੁ ਮਨ ਕੇ ਸਗਲ ਕਾਮ ਰਹਾਉ … (ਇਹੀ) ਸਗਲ ਧਰਮ ਮਹਿ; ਊਤਮ ਧਰਮ ਕਰਮ ਕਰਤੂਤਿ ਕੈ ਊਪਰਿ, ਕਰਮ (ਮਹਲਾ /੧੧੮੨), ਸਰਬ ਧਰਮ ਮਹਿ; ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ; (ਹੁੰਦਾ) ਨਿਰਮਲ ਕਰਮੁ (ਯਾਨੀ ਇਨਸਾਨੀਅਤ ਪੁਗਦੀ)’’ (ਸੁਖਮਨੀ/ਮਹਲਾ /੨੬੬) ਸੋ ਇਨਸਾਨੀਅਤ; ਕੇਵਲ ਮਨੁੱਖੀ ਜਾਮੇ ਨਾਲ਼ ਸੰਬੰਧਿਤ ਹੈ ਜਦਕਿ ਧਰਮ ਦਾ ਸੰਬੰਧ; ਜਨਮ ਲੈਣ ਤੋਂ ਪਹਿਲਾਂ ਯਾਨੀ ਚੰਗੇ ਭਾਗ ਵਜੋਂ ਅਤੇ ਮਰਨ ਉਪਰੰਤ ਭੀ ਹੁੰਦੈ।

ਉਕਤ ਕੀਤੀ ਗਈ ਵਿਚਾਰ ਕਿ ਰੱਬ ਨਾਲ਼ ਜੁੜਨਾ ਹੀ ਮੂਲ ਧਰਮ ਹੈ, ਨੂੰ ਵਾਚਣ ਉਪਰੰਤ ਇਹ ਜਾਣ ਲੈਣਾ ਭੀ ਜ਼ਰੂਰੀ ਹੈ ਕਿ ਬਾਕੀ ਸਾਰੇ ਰਵਾਇਤੀ ਧਰਮਾਂ ਨੇ ਰੱਬ ਦੀ ਹੋਂਦ ਨੂੰ ਗੁਰਮਤਿ ਵਾਙ ਕਣ-ਕਣ ’ਚ ਵਿਆਪਕ ਨਹੀਂ ਮੰਨਿਆ ਕਿਉਂਕਿ ਜਦ ਰੱਬ ਦੀ ਸਿਫ਼ਤ ਕਰਨਾ ਹੀ ਮੂਲ ਧਰਮ ਹੈ ਤਾਂ ਰੱਬ ਦੀ ਮੌਜੂਦਗੀ ਨੂੰ ਦਰਸਾਉਂਦੀ ਕਿਰਿਆ ਹੀ ਸਾਰੇ ਧਰਮਾਂ ਨੂੰ ਅਖੌਤੀ ਧਰਮ; ਸਿਧ ਕਰ ਦਿੰਦੀ ਹੈ। ਮੌਲਵੀ (ਮਸਜਿਦ ਦਾ ਇਮਾਮ); ਅੱਲ੍ਹਾ ਨੂੰ ਸੱਤਵੇਂ ਅਕਾਸ਼ ਉੱਪਰ ਬੈਠਾ, ਬਿਆਨ ਕਰਦਾ ਹੈ ਅਤੇ ਮੱਕੇ (ਖ਼ਾਨਾ-ਕਾਅਬਾ) ਨੂੰ ਉਸ ਦਾ ਘਰ ਮੰਨਦੈ ਤਾਹੀਓਂ ਓਥੇ ਸਾਰੇ ਮੁਸਲਮਾਨ ਹੱਜ ਕਰਨ ਜਾਂਦੇ ਹਨ। ਧਰਮ ਦੀ ਇਸ ਵਿਆਖਿਆ ਮੁਤਾਬਕ ਤਾਂ ਅੱਲ੍ਹਾ; ਗੁਰਦੁਆਰੇ, ਮੰਦਿਰ ਆਦਿ ਥਾਂਵਾਂ ’ਤੇ ਭੀ ਨਹੀਂ ਹੋ ਸਕਦਾ ਤਾਹੀਓਂ ਮੌਲਵੀ ਨੇ ਇਨ੍ਹਾਂ ਸਾਰਿਆਂ ਨੂੰ ਕਾਫ਼ਰ ਯਾਨੀ ਨਾਸਤਕ ਮੰਨਿਐ, ਇਸੇ ਕਾਰਨ ਇਸਲਾਮ ਧਰਮ ’ਚ ਕੱਟੜਤਾ ਨੇ ਜਨਮ ਲਿਆ। ਗੁਰੂ ਅਰਜਨ ਸਾਹਿਬ ਨੇ ਵਚਨ ਕੀਤੇ ਕਿ ਸੱਚਾ ਮੁਸਲਮਾਨ ਮੋਮ ਦੀ ਤਰ੍ਹਾਂ ਨਰਮ ਹੁੰਦੈ ‘‘ਮੁਸਲਮਾਣੁ ਮੋਮ ਦਿਲਿ (ਤੋਂ) ਹੋਵੈ ’’ (ਮਹਲਾ /੧੦੮੪) ਗੁਰਬਾਣੀ ਅਨੁਸਾਰ ਰੱਬ; ਹਰ ਥਾਂ ਮੌਜੂਦ ਹੈ ਤਾਹੀਓਂ ਉਹ ਸਭ ਦੀ ਸੰਭਾਲ਼ ਕਰ ਸਕਦਾ ਹੈ। ਜੇਕਰ ਮੌਲਵੀ ਦੀ ਤਰ੍ਹਾਂ ਰੱਬ ਨੂੰ ਕੇਵਲ ਮਸਜਿਦ ’ਚ ਮੰਨੀਏ ਤਾਂ ਬਾਕੀ ਜਨਤਾ ਨੂੰ ਕੌਣ ਪਾਲ਼ੇਗਾ ‘‘ਅਲਹੁ ਏਕੁ ਮਸੀਤਿ (’) ਬਸਤੁ ਹੈ; ਅਵਰੁ ਮੁਲਖੁ ਕਿਸੁ ਕੇਰਾ ’’ (ਭਗਤ ਕਬੀਰ/੧੩੪੯) ਅਰਥ : ਜਦ ਅੱਲ੍ਹਾ ਕੇਵਲ ਮਸਜਿਦ ’ਚ ਵੱਸਦਾ ਹੈ ਤਾਂ ਬਾਕੀ ਸਾਰਾ ਜਹਾਨ ਕਿਸ ਦੇ ਆਸਰੇ ਜਿਊਂਦੈ ? ਸੋ ਇਸਲਾਮ ਮੱਤ ਦੁਆਰਾ ਕੀਤੀ ਮੂਲ ਧਰਮ ਦੀ ਵਿਆਖਿਆ; ਗੁਰਬਾਣੀ ਦੁਆਰਾ ਕੀਤੀ ਮੂਲ ਧਰਮ ਦੀ ਵਿਆਖਿਆ ਤੋਂ ਭਿੰਨ ਹੈ, ਇਸ ਲਈ ਗੁਰੂ ਨਾਨਕ ਸਾਹਿਬ ਨੇ ਅਸਲ ਧਰਮ ਮਨੁੱਖਤਾ ਸਾਮ੍ਹਣੇ ਲਿਆਂਦਾ।

ਸਨਾਤਨੀ ਮੱਤ ਦੁਆਰਾ ਕੀਤੀ ਧਰਮ ਦੀ ਵਿਆਖਿਆ ਮੁਤਾਬਕ ਇੱਕ ਮਾਤਾ ਦੀ ਕੁੱਖ ਤੋਂ ਕਿਸੇ ਯੁਕਤੀ ਨਾਲ਼ ਤਿੰਨ ਦੇਵਤੇ (ਬ੍ਰਹਮਾ, ਵਿਸ਼ਨੂੰ ਤੇ ਸ਼ਿਵ) ਪੈਦਾ ਹੋਏ, ਇਨ੍ਹਾਂ ’ਚੋਂ ਇੱਕ ਬ੍ਰਹਮਾ; ਸੰਸਾਰ ਨੂੰ ਪੈਦਾ ਕਰਦਾ ਹੈ, ਵਿਸ਼ਨੂੰ ਸਭ ਨੂੰ ਰਿਜ਼ਕ ਦਿੰਦਾ ਹੈ ਅਤੇ ਸ਼ਿਵ; ਸਾਰਿਆਂ ਨੂੰ ਮਾਰਦਾ ਹੈ ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ   ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ’’ (ਜਪੁ) ਇਸ ਮੱਤ ਦੇ ਪੈਰੋਕਾਰ-ਹਿੰਦੂਆਂ ਨੇ ਵਿਸ਼ਨੂੰ ਅਤੇ ਸ਼ਿਵ ਦੀ ਪੂਜਾ ਕੀਤੀ ਕਿਉਂਕਿ ਵਿਸ਼ਨੂੰ ਤੋਂ ਪਦਾਰਥ ਚਾਹੀਦੇ ਹਨ ਅਤੇ ਸ਼ਿਵ ਪਾਸੋਂ ਮੌਤ ਦਾ ਡਰ ਹੈ। ਬ੍ਰਹਮਾ, ਜਿਸ ਨੇ ਸਭ ਨੂੰ ਪੈਦਾ ਕੀਤਾ, ਮੰਨਿਆ ਗਿਆ, ਉਸ ਦੀ ਹੁਣ (ਯਾਨੀ ਜਨਮ ਹੋ ਜਾਣ ਤੋਂ ਬਾਅਦ) ਬਹੁਤੀ ਲੋੜ ਨਾ ਰਹੀ, ਇਸ ਲਈ ਉਸ ਦੇ ਮੰਦਿਰ ਭੀ ਨਹੀਂ ਬਣਾਏ ਗਏ। ਸੋ ਗੁਰਮਤਿ-ਧਰਮ ਅਤੇ ਸਨਾਤਨੀ-ਧਰਮ ’ਚ ਇੱਕ ਨਿਰਾਕਾਰ ਰੱਬ ਦੀ ਵਿਆਖਿਆ ’ਤੇ ਹੀ ਅੰਤਰ ਹੈ ਤਾਹੀਓਂ ਗੁਰੂ ਸਾਹਿਬ ਨੇ ਆਪਣੀ ਮੱਤ ਨਾਲ਼ ਮੂਲ ਧਰਮ ਦੀ ਅਰੰਭਤਾ ਤੋਂ ਕੀਤੀ, ਜਿਸ ਦੇ ਅਰਥ ਹੀ ਇਨ੍ਹਾਂ ਤਿੰਨੇ ਦੇਵਤਿਆਂ ਦੇ ਵਜੂਦ ਨੂੰ ਰੱਦ ਕਰ ਕੇਵਲ ਇੱਕ ਮਾਲਕ ਹੈ, ਜੋ ਕਣ-ਕਣ ’ਚ ਵਿਆਪਕ ਹੈ, ਸਭ ਨੂੰ ਪੈਦਾ ਕਰਦਾ, ਪਾਲ਼ਦਾ ਤੇ ਨਾਸ਼ ਕਰਦਾ ਹੈ, ਬਾਰੇ ਸੰਖੇਪ ’ਚ ਸਪਸ਼ਟ ਕੀਤਾ। ਭਾਈ ਗੁਰਦਾਸ ਜੀ ਨੇ ਇਸ ਵਿਲੱਖਣਤਾ ਨੂੰ ਇਉਂ ਪ੍ਰਗਟਾਇਆ ‘‘ਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕਿ (ਨੇ) ਨਿਰਮਲ ਪੰਥ ਚਲਾਇਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੪੫)

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਜੋਗੀਆਂ ਦੀ ਮੱਤ ਨੂੰ ਭੀ ਧਰਮ ਕਿਹਾ ਜਾਂਦਾ ਸੀ। ‘ਸਿਧ ਗੋਸਟਿ’ ਬਾਣੀ ’ਚ ਗੁਰੂ ਨਾਨਕ ਸਾਹਿਬ ਜੀ ਨੇ ਜੋਗੀਆਂ ਨਾਲ਼ ਕੀਤੇ ਸਵਾਲ-ਜਵਾਬ ਰਾਹੀਂ ਆਪਣੇ ਮੱਤ ਦੀ ਵਿਲੱਖਣਤਾ ਨੂੰ ਉਜਾਗਰ ਕੀਤਾ। ਜੋਗੀ; ਗ੍ਰਹਿਸਤ ਤਿਆਗ ਜੰਗਲ਼ਾਂ ’ਚ ਧਰਮ ਕਮਾਉਣ ਚਲੇ ਗਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡੇ ਨਾਲ਼ੋਂ ਗ੍ਰਹਿਸਤੀ ਲੋਕ ਚੰਗੇ ਹਨ, ਜੋ ਦੂਸਰਿਆਂ ’ਤੇ ਬੋਝ ਤਾਂ ਨਹੀਂ; ਤੁਸੀਂ ਆਪ ਗ੍ਰਹਿਸਤ ਤਿਆਗ ਕੇ ਫਿਰ ਉਨ੍ਹਾਂ ਗ੍ਰਹਿਸਤੀਆਂ ਪਾਸੋਂ ਮੰਗਣ ਜਾਂਦੇ ਹੋ। ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਪ੍ਰਚਲਿਤ ਮੱਤਾਂ (ਧਰਮਾਂ) ਦੀਆਂ ਊਣਤਾਈਆਂ ਉਜਾਗਰ ਕਰ ਜਿੱਥੇ ਉਹ ਰੱਦ ਕੀਤੀਆਂ; ਜਿਵੇਂ ਕਿ ‘‘ਕਾਦੀ, ਕੂੜੁ ਬੋਲਿ ਮਲੁ ਖਾਇ   ਬ੍ਰਾਹਮਣੁ ਨਾਵੈ ਜੀਆ ਘਾਇ   ਜੋਗੀ; ਜੁਗਤਿ ਜਾਣੈ ਅੰਧੁ   ਤੀਨੇ; ਓਜਾੜੇ ਕਾ ਬੰਧੁ (ਮਹਲਾ /੬੬੨), ਪੰਡਿਤੁ; ਸਾਸਤ ਸਿਮ੍ਰਿਤਿ ਪੜਿਆ   ਜੋਗੀ; ਗੋਰਖੁ ਗੋਰਖੁ ਕਰਿਆ   ਮੈ ਮੂਰਖਿ (ਨੇ) ਹਰਿ ਹਰਿ ਜਪੁ ਪੜਿਆ (ਮਹਲਾ /੧੬੩), ਜੋਗੀ; ਗੋਰਖੁ ਗੋਰਖੁ ਕਰੈ   ਹਿੰਦੂ; ਰਾਮ ਨਾਮੁ ਉਚਰੈ   ਮੁਸਲਮਾਨ ਕਾ ਏਕੁ ਖੁਦਾਇ   ਕਬੀਰ ਕਾ ਸੁਆਮੀ; ਰਹਿਆ ਸਮਾਇ ’’ (ਭਗਤ ਕਬੀਰ/੧੧੬੦) ਐਨੀ ਸਿਧਾਂਤਿਕ ਭਿੰਨਤਾ ਹੋਣ ਕਾਰਨ ਹੀ ਭਗਤ ਕਬੀਰ ਜੀ ਨੂੰ ਕਹਿਣਾ ਪਿਆ ‘‘ਪੰਡਿਤ ਮੁਲਾਂ; ਜੋ ਲਿਖਿ ਦੀਆ   ਛਾਡਿ ਚਲੇ ਹਮ; ਕਛੂ ਲੀਆ ’’ (ਭਗਤ ਕਬੀਰ/ ੧੧੫੯) ਪਦ ਅਰਥ : ਜੀਆ ਘਾਇ-ਅੱਤਿਆਚਾਰ ਕਰਕੇ।, ਅੰਧੁ-ਅਗਿਆਨੀ।, ਓਜਾੜੇ ਕਾ ਬੰਧੁ-ਰੂਹਾਨੀਅਤ ਤੋਂ ਸੱਖਣੇ।, ਹਿੰਦੂ; ਰਾਮ ਨਾਮੁ ਉਚਰੈ-ਹਿੰਦੂ; ਦਸ਼ਰਥ ਦੇ ਪੁੱਤਰ (ਰਾਮ) ਦਾ ਨਾਮ ਜਪਦੈ।, ਰਹਿਆ ਸਮਾਇ-ਕਣ ਕਣ ’ਚ ਵਿਆਪਕ। ਦੂਸਰੇ ਪਾਸੇ ਆਪਣਾ ਨਵਾਂ ਮੱਤ ਭੀ ਸਪਸ਼ਟ ਕੀਤਾ ਕਿ ਜੋ ਸਰਬ ਵਿਆਪਕ ਰੱਬ ਹੈ, ਕੇਵਲ ਉਸ ਦਾ ਨਾਮ ਜਪਣਾ, ਉਸ ਦੀ ਸਿਫ਼ਤਿ-ਸਲਾਹ ਕਰਨੀ ਹੀ ਸੱਚਾ ਧਰਮ ਹੈ, ਮੂਲ ਧਰਮ ਹੈ।

ਪ੍ਰਚਲਿਤ ਧਰਮਾਂ ਦੇ ਉਕਤ ਸਿਧਾਂਤਿਕ ਅੰਤਰ ਨੂੰ ਪ੍ਰਚਾਰਕਾਂ ਦੁਆਰਾ ਸਿੱਖ-ਸੰਗਤਾਂ ਸਾਮ੍ਹਣੇ ਨਾ ਖੋਲ੍ਹ ਕੇ ਰੱਖ ਸਕਣ ਕਾਰਨ ਹੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਮਨਾਂ ਅੰਦਰ ਧਰਮ ਪ੍ਰਤੀ ਸੰਦੇਹ ਉਪਜਦੇ ਵੇਖੇ ਗਏ ਹਨ। ਇਸ ਦਾ ਇਹ ਬਦਲ ਨਹੀਂ ਹੋ ਸਕਦਾ ਕਿ ਗੁਰੂ ਸਾਹਿਬਾਨ ਦੁਆਰਾ ਕੀਤੀ ਧਰਮ ਦੀ ਵਿਆਖਿਆ ਨੂੰ ਸਰਲ ਸ਼ਬਦਾਂ ’ਚ ਇਨਸਾਨੀਅਤ-ਧਰਮ ਕਹਿ ਦੇਈਏ। ਇਨਸਾਨੀਅਤ ਦਾ ਅਰਥ; ਹਰ ਬੰਦੇ ਦੀ ਨਜ਼ਰ ’ਚ ਆਪਣਾ-ਆਪਣਾ ਹੁੰਦੈ। ਇੱਕ ਸਮਾਜ ਸੇਵੀ ਲਈ ਇਨਸਾਨੀਅਤ; ‘ਮਨੁੱਖਤਾ ਨੂੰ ਪਿਆਰ ਕਰਨਾ’ ਹੈ, ਨਾ ਕਿ ਰੱਬ ਦੀ ਸਿਫ਼ਤ ਕਰਨਾ। ਇੱਕ ਨਾਸਤਕ ਬੰਦੇ ਲਈ ਇਨਸਾਨੀਅਤ; ‘ਹਰ ਧਰਮ ਦਾ ਵਿਰੋਧ ਕਰਨਾ’ ਹੈ ਕਿਉਂਕਿ ਉਸ ਮੁਤਾਬਕ ਧਰਮ; ਇੱਕ ਪਖੰਡ ਹੈ, ਭਰਮ ਹੈ। ਗੁਰਮਤਿ ਮੁਤਾਬਕ ਇਨਸਾਨੀਅਤ; ‘ਹਰ ਇੱਕ ਦੀ ਅਜ਼ਾਦੀ ਤੇ ਸਭ ਨੂੰ ਇੱਕ ਸਮਾਨ ਸਮਝਣਾ’ ਹੈ ਆਦਿ।

ਇਨਸਾਨੀਅਤ ਪੁਗਾਉਣ ਲਈ ਬੰਦੇ ਅੰਦਰ ਦੋ ਗੁਣ ਹੋਣੇ ਜ਼ਰੂਰੀ ਹਨ (ੳ). ਹਾਂ ਪੱਖੀ ਸੋਚ (ਅ). ਸਬਰ-ਸੰਤੋਖ। ਹਾਂ ਪੱਖੀ ਸੋਚ; ਹੋਰਾਂ ਦੀ ਭਾਵਨਾ ਸਮਝ ਕੇ ਉਸ ਦੀ ਕਦਰ ਕਰਦੀ ਹੈ ਅਤੇ ਸਬਰ-ਸੰਤੋਖ; ਉਨ੍ਹਾਂ ਦੀ ਮਦਦ ਕਰਾਉਂਦੇ ਹਨ। ਹੁਣ ਸਵਾਲ ਪੈਦਾ ਹੁੰਦੈ ਕਿ ਇਨ੍ਹਾਂ ਦੋਵੇਂ ਗੁਣਾਂ ਨੂੰ ਮਨੁੱਖ; ਆਪਣੇ ਅੰਦਰ ਵਿਕਸਿਤ ਕਿਵੇਂ ਕਰੇ ? ਜਵਾਬ ਹੈ ‘ਧਰਮ ਕਮਾ ਕੇ’ ਯਾਨੀ ‘ਕੁਦਰਤਿ ਨੂੰ ਬਣਾਨ ਵਾਲ਼ੇ ਨਿਯਮਾਂ ਨੂੰ ਸਮਝਦਿਆਂ ਇਨ੍ਹਾਂ ਦੇ ਰਚੇਤਾ (ਰੱਬ) ਨਾਲ਼ ਪਿਆਰ ਪਾ ਕੇ’। ਜੇ ਅੱਗ ਦਾ ਧਰਮ; ਸਾੜਨਾ ਹੈ ਤਾਂ ਬੰਦੇ ਦਾ ਧਰਮ ਭੀ ਕੁਦਰਤਿ ਨੂੰ ਬਣਾਨ ਵਾਲ਼ੇ ਦੀ ਹੋਂਦ ਤੋਂ ਇਨਕਾਰੀ ਹੋਣਾ ਜਾਂ ਉਸ ਦੀ ਪਰਜਾ ਨਾਲ਼ ਭੇਦ-ਭਾਵ ਕਰਨਾ ਨਹੀਂ ਹੋ ਸਕਦਾ, ਪਰ ਬੰਦਾ ਇਹ ਦੋਵੇਂ ਕੰਮ ਕਰਦੈ ਕਿਉਂਕਿ ਧਾਰਮਿਕ ਗੁਣਾਂ ਤੋਂ ਉਲ਼ਟ ਸਭ ਦੇ ਮਨਾਂ ਅੰਦਰ ਔਗੁਣ ਹਨ, ਹਨ੍ਹੇਰਾ ਹੈ ਤਾਂ ਤੇ ਧਰਮ ਦੀ ਕਸੌਟੀ ’ਤੇ ਆਪਣੇ ਆਪ ਨੂੰ ਪਰਖਣਾ ਹੀ ਧਰਮ ਦਾ ਮੁੱਢਲਾ ਕਾਰਜ ਹੈ। ਇਸ ਨੂੰ ਸਵੈ-ਪੜਚੋਲ ਜਾਂ ਅੰਦਰਲੇ ਤੀਰਥ ’ਤੇ ਇਸ਼ਨਾਨ ਕਰਨਾ ਕਿਹਾ ਹੈ ‘‘ਸੁਣਿਆ ਮੰਨਿਆ ਮਨਿ ਕੀਤਾ ਭਾਉ   ਅੰਤਰਗਤਿ ਤੀਰਥਿ ਮਲਿ ਨਾਉ ..੨੧ (ਜਪੁ) ਅਰਥ : ਰੱਬ ਦੀ ਸਿਫ਼ਤ ਸੁਣ ਕੇ ਉਸ ਨੂੰ ਮੰਨਣਾ ਹੈ ਯਾਨੀ ਯਕੀਨ ਧਾਰਨਾ ਹੈ ਅਤੇ ਦਿਲੋਂ (ਰੱਬ ਨੂੰ) ਪਿਆਰ ਕਰਨਾ ਹੈ ‘‘ਦਿਲਹੁ ਮੁਹਬਤਿ ਜਿੰਨ੍; ਸੇਈ ਸਚਿਆ ’’ (ਬਾਬਾ ਫਰੀਦ ਜੀ/੪੮੮); ਇਉਂ ਅੰਦਰਲੇ ਤੀਰਥ ’ਤੇ ਰਗੜ-ਰਗੜ ਇਸ਼ਨਾਨ ਕਰਨਾ ਅਖਵਾਉਂਦਾ ਹੈ। ਅੰਦਰਲਾ ਹਨ੍ਹੇਰਾ ਦੂਰ ਹੁੰਦਿਆਂ ਹੀ ਬੰਦਾ ਸੱਚੀ ਇਨਸਾਨੀਅਤ ਭੀ ਪੁਗਾਉਣ ਲੱਗਦਾ ਹੈ, ਪਰ ਕੇਵਲ ਇਨਸਾਨੀਅਤ ਨੂੰ ਧਰਮ ਮੰਨ ਕੇ ਹਉਮੈ ਗ੍ਰਸਤ ਬੰਦਾ; ਸਵੈ ਪੜਚੋਲ ਨਹੀਂ ਕਰਦਾ। ਇਸ ਰੋਗ ਨਾਲ਼ ਉਹ ਸਮਝ ਬੈਠੈ ਕਿ ਅਸਲ ਇਨਸਾਨੀਅਤ ਉਸ ਕੋਲ਼ ਹੀ ਹੈ। ਮੂਲ ਧਰਮ ਤੋਂ ਟੁਟਿਆ ਆਪਣੇ ਆਪ ਨੂੰ ਦਿਲੋਂ ਇਉਂ ਮਹਿਸੂਸ ਨਹੀਂ ਕਰੇਗਾ ‘‘ਹਮ ਰੁਲਤੇ ਫਿਰਤੇ ਕੋਈ ਬਾਤ ਪੂਛਤਾ; ਗੁਰ ਸਤਿਗੁਰ ਸੰਗਿ ਕੀਰੇ (ਕੀੜੇ) ਹਮ ਥਾਪੇ (ਮਹਲਾ /੧੬੭), ਤੂ ਸਮਰਥੁ ਵਡਾਮੇਰੀ ਮਤਿ ਥੋਰੀ, ਰਾਮ ! (ਮਹਲਾ /੫੪੭), ਹਮ ਅਪਰਾਧੀ ਸਦ ਭੂਲਤੇ; ਤੁਮ੍ ਬਖਸਨਹਾਰੇ ਰਹਾਉ (ਮਹਲਾ /੮੦੯), ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ; ਕਿਉ (ਕਿਵੇਂ) ਚਾਲਹ ਗੁਰ ਚਾਲੀ  ? ਸਤਗੁਰੁ ਦਇਆ ਕਰੇ ਸੁਖਦਾਤਾ; ਹਮ ਲਾਵੈ ਆਪਨ ਪਾਲੀ (ਚਰਨੀਂ) (ਮਹਲਾ /੬੬੭), ਹਮ ਮੈਲੇ, ਤੁਮ ਊਜਲ ਕਰਤੇ (ਹੇ ਕਰਤਾਰ!) ਹਮ ਨਿਰਗੁਨ, ਤੂ ਦਾਤਾ   ਹਮ ਮੂਰਖ, ਤੁਮ ਚਤੁਰ ਸਿਆਣੇ; ਤੂ ਸਰਬ ਕਲਾ ਕਾ ਗਿਆਤਾ   ਮਾਧੋ ! ਹਮ ਐਸੇ; ਤੂ ਐਸਾ (ਮਹਲਾ /੬੧੩)

ਗੁਰਬਾਣੀ ’ਚ ਕੋਈ ਭਾਵਨਾਤਮਿਕ ਸ਼ਬਦ ਜਿਵੇਂ ਕਿ ਮਨੁੱਖਤਾ, ਮਾਨਵਤਾ, ਇਨਸਾਨੀਅਤ ਆਦਿ ਦਰਜ ਨਹੀਂ ਕਿਉਂਕਿ ਇਨ੍ਹਾਂ ਰਾਹੀਂ ਵਿਅਕਤੀ ਵਿਸ਼ੇਸ਼ ਨੂੰ ਗ਼ਲਤੀ ਦਾ ਅਹਿਸਾਸ ਨਹੀਂ ਕਰਾਇਆ ਜਾ ਸਕਦਾ। ਜੀਵਨ ਬਦਲਾਅ ਕਰਾਉਣ ਲਈ ਇਹੀ ਨਾਮ ਲੈਣੇ ਪੈਂਦੇ ਹਨ ‘ਪੰਡਿਤ, ਮੂਰਖ, ਗਾਵਾਰ, ਇਆਣਾ, ਨਿਰਲਜ, ਮਨਮੁਖ, ਅੰਧੇ (ਅੰਨ੍ਹੇ), ਕੁੱਤੇ, ਕੂੜਿਆਰ’ ਆਦਿ। ਜੋ ਇਸ ਹਲੂਣੇ ਨਾਲ਼ ਜਾਗ ਪਿਆ ਉਹ, ਗੁਰੂ ਦੀ ਕਿਰਪਾ ਨਾਲ਼ ਦੁਨੀਆ ’ਚ ਨਿਰਸੁਆਰਥ ਇਨਸਾਨੀਅਤ ਕਮਾਉਂਦਾ ਹੋਇਆ ਅੰਤ ਨੂੰ ਰੱਬੀ ਦਰਗਾਹ ’ਚ ਕਬੂਲ ਹੁੰਦਾ ਹੈ, ਪਰ ਜੋ ਫਿਰ ਭੀ ਨਾ ਜਾਗੇ ਉਹ ਅਹੰਕਾਰ ਗ੍ਰਸਤ; ਮੌਕਾਪ੍ਰਸਤ ਬਣ ਪਸ਼ੂ ਪੰਛੀਆਂ ਵਾਙ ਟੀਚਾ ਰਹਿਤ ਜੂਨ ਭੋਗਦੇ ਹੋਏ ਅੰਤ ਨੂੰ ਆਵਾਗਮਣ ਵਾਲ਼ਾ ਦੁਖਦਾਈ ਮਾਰਗ ਅਪਣਾਉਂਦੇ ਹਨ।

ਗੁਰਬਾਣੀ ’ਚ ‘ਧਰਮ’ ਸ਼ਬਦ ਦੇ ਮਿਲਦੇ ਜੁਲਦੇ ਕੁੱਝ ਹੋਰ ਅਰਥ ਭੀ ਹਨ। ਮਤਾਂ ਕਿਤੇ ਭੁਲੇਖਾ ਲੱਗੇ ਉਨ੍ਹਾਂ ਨੂੰ ਵਿਚਾਰਨਾ ਭੀ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਜੀ ਮੁਤਾਬਕ ਸੰਸਾਰਕ ਝਮੇਲਿਆਂ ’ਚ ਖਚਿਤ ਹੋਣਾ; ਪਰਵਿਰਤਿ ਹੈ ਤੇ ਇਨ੍ਹਾਂ ਤੋਂ ਨਿਰਲੇਪ ਹੋਣਾ; ਨਿਰਵਿਰਤਿ। ਇਨ੍ਹਾਂ ਦੋਵੇਂ ਪਾਸਿਆਂ ਵਿਚਕਾਰ ਧਰਮ; ਵਿਚੋਲਾ ਹੈ ‘‘ਪਰਵਿਰਤਿ ਨਿਰਵਿਰਤਿ ਹਾਠਾ ਦੋਵੈ; ਵਿਚਿ ਧਰਮੁ ਫਿਰੈ ਰੈਬਾਰਿਆ (ਵਿਚੋਲਾ) ’’ (ਮਹਲਾ /੧੨੮੦) ਦੂਜੇ ਪਾਸੇ ਸਤਿਗੁਰੂ ਨੂੰ ਭੀ ਵਿਚੋਲਾ ਮੰਨਿਐ ‘‘ਜੈਸਾ ਸਤਿਗੁਰੁ ਸੁਣੀਦਾ; ਤੈਸੋ ਹੀ ਮੈ ਡੀਠੁ (ਵੇਖ ਲਿਆ) ਵਿਛੁੜਿਆ, ਮੇਲੇ ਪ੍ਰਭੂ (ਨਾਲ਼); ਹਰਿ ਦਰਗਹ ਕਾ ਬਸੀਠੁ (ਵਿਚੋਲਾ)’’ (ਮਹਲਾ /੯੫੭) ਉਕਤ ਕੀਤੀ ਗਈ ਵਿਚਾਰ ਕਿ ਧਰਮ ਦਾ ਅਰਥ ‘ਰੱਬ ਦੀ ਸਿਫ਼ਤ-ਸਲਾਹ ਹੈ, ਰੱਬ ਦਾ ਨਾਮ’ ਹੈ; ਉਸੇ ਤਰ੍ਹਾਂ ਸ਼ਬਦ-ਗੁਰੂ ਦਾ ਅਰਥ ਭੀ ‘ਰੱਬ ਦੀ ਸਿਫ਼ਤ-ਸਲਾਹ ਹੈ, ਰੱਬ ਦਾ ਨਾਮ’ ਹੈ; ਜਿਵੇਂ ਕਿ ‘‘ਧੁਰ ਕੀ ਬਾਣੀ ਆਈ ਤਿਨਿ, ਸਗਲੀ ਚਿੰਤ ਮਿਟਾਈ ’’ (ਮਹਲਾ /੬੨੮) ਅਰਥ : (ਸੰਸਾਰ ਇੱਕ ਦਰਖ਼ਤ ਹੈ, ਇਸ ਦਾ ਮੂਲ-ਧੁਰਾ; ਨਿਰਾਕਾਰ ਰੱਬ ਹੈ) ਮੇਰੇ ਹਿਰਦੇ ’ਚੋਂ ਜਗਤ ਦੇ ਧੁਰੇ-ਨਿਰਾਕਾਰ ਦੀ ਸਿਫ਼ਤ-ਸਲਾਹ ਪ੍ਰਗਟ ਹੋਈ ਹੈ (ਨਾ ਕਿ ਆਕਾਰ ਦੀ) ਉਸ ਨੇ ਮੇਰੀ ਸਾਰੀ ਸੰਸਾਰਕ ਚਿੰਤਾ ਦੂਰ ਕਰ ਦਿੱਤੀ (ਕਿ ਮੈ ਆਹ ਕਰਨੈ ਜਾਂ ਓਹ ਕਰ ਸਕਦਾ ਹਾਂ; ਇਹ ਸਭ ਛੱਡ ਕੇ ਰੱਬੀ ਆਸਰੇ ਰਹਿਣਾ ਸਿੱਖ ਲਿਆ। ਇਹੀ ਹੈ ਚਿੰਤਾ ਮੁਕਤ ਹੋਣਾ।)

ਭਗਤੀ ਭਾਵਨਾ ਵਾਲ਼ੇ ਬੰਦੇ ਲਈ ਰੱਬ ਦਾ ਮਿਲਾਪ; ਇੱਕ ਮੰਜ਼ਲ ਹੈ। ਉਸ ਵੱਲ ਜਾਂਦਾ ਮਾਰਗ ਧਰਮ ਹੈ, ਸਤਿਗੁਰੂ ਹੈ ‘‘ਸਤਿਗੁਰੁ ਧਰਤੀ ਧਰਮ ਹੈ; ਤਿਸੁ ਵਿਚਿ ਜੇਹਾ ਕੋ ਬੀਜੇ; ਤੇਹਾ ਫਲੁ ਪਾਏ ਗੁਰਸਿਖੀ ਅੰਮ੍ਰਿਤੁ ਬੀਜਿਆ; ਤਿਨ ਅੰਮ੍ਰਿਤ ਫਲੁ ਹਰਿ ਪਾਏ ’’ (ਮਹਲਾ /੩੦੨) ਅਰਥ : ਸਤਿਗੁਰੂ ਹੀ ਧਰਮ ਰੂਪ ਧਰਤੀ (ਅਡੋਲ ਹਿਰਦੇ ਦਾ ਪ੍ਰਤੀਕ) ਹੈ ਯਾਨੀ ਰੱਬ ਦੀ ਸਿਫ਼ਤ-ਸਲਾਹ ਰੂਪ ਮਾਰਗ ਹੀ ਸਤਿਗੁਰੂ ਹੈ, ਧਰਮ ਹੈ। ਇਸ ਵਿੱਚ ਜਿਹੋ ਜਿਹੀ ਭਾਵਨਾ ਬੀਜੀ ਜਾਂਦੀ ਹੈ ਯਾਨੀ ਜੈਸੀ ਭਾਵਨਾ ਨਾਲ਼ ਇਸ ਮਾਰਗ ’ਤੇ ਤੁਰੀਦਾ ਹੈ ਵੈਸਾ ਹੀ ਫਲ਼ ਪੈਂਦਾ ਹੈ, ਫਲ਼ ਲੱਗਦਾ ਹੈ। ਸ਼ਰਧਾਵਾਨ ਨੇ ਹਰੀ ਦਾ ਅਮਰ ਕਰ ਦੇਣ ਵਾਲ਼ਾ ਨਾਮ ਬੀਜਿਆ ਯਾਨੀ ਮਾਰਗ ’ਤੇ ਚੱਲਦਿਆਂ ਉਹ, ਹਰੀ ਦਾ ਅੰਮ੍ਰਿਤ ਨਾਮ ਜਪਦੇ ਗਏ ਤਾਹੀਓਂ ਗੁਣ ਦਾਇਕ ਫਲ਼ ਲੱਗਿਆ ਯਾਨੀ ਰੱਬ ਨਾਲ਼ ਸਾਂਝ ਬਣ ਗਈ, ਮੰਜ਼ਲ ਮਿਲ ਗਈ। ਭੱਟ ਗਯੰਦ ਜੀ ਨੇ ਭੀ ਪੰਥੁ (ਮਾਰਗ) ਨੂੰ ਧਰਮ ਕਿਹੈ ‘‘ਲਹਣੈ (ਨੇ) ਪੰਥੁ ਧਰਮ ਕਾ ਕੀਆ ਅਮਰਦਾਸ ਭਲੇ (ਭੱਲੇ) ਕਉ ਦੀਆ ’’ (ਭਟ ਗਯੰਦ/੧੪੦੧) ਗੁਰਬਾਣੀ ’ਚ ਹਰ ਵਾਰ ਧਰਮ ਨੂੰ ਫਲ਼ ਨਹੀਂ; ਫੁੱਲ ਕਿਹੈ ‘‘ਕਰਮ ਪੇਡੁ, ਸਾਖਾ ਹਰੀ; ਧਰਮੁ ਫੁਲੁ, ਫਲੁ ਗਿਆਨੁ (ਮਹਲਾ /੧੧੬੮), ਨਾਨਕ ! ਗੁਰੁ ਸੰਤੋਖੁ ਰੁਖੁ; ਧਰਮੁ ਫੁਲੁ, ਫਲ ਗਿਆਨੁ ’’ (ਮਹਲਾ /੧੪੭), ਫੁੱਲ ਤੋਂ ਬਾਅਦ ਫਲ਼ ਬਣਦੈ ਯਾਨੀ ਕਿ ਫੁੱਲ; ਮਾਰਗ ਹੈ, ਧਰਤੀ ਹੈ, ਸਤਿਗੁਰੂ ਹੈ, ਧਰਮ ਹੈ ਅਤੇ ਫਲ਼; ਮੰਜ਼ਲ ਹੈ, ਰੱਬ ਨਾਲ਼ ਸਾਂਝ ਹੈ। ਬੰਦੇ ਨੇ ਧਰਮ-ਫੁੱਲ ਤੱਕ ਇੱਕ ਕਦਮ ਚੱਲਣਾ ਹੁੰਦੈ; ਅਗਾਂਹ ਸਤਿਗੁਰੂ ਜੀ ਨੇ ਮਿਹਰ ਕਰਦਿਆਂ-ਕਰਦਿਆਂ ਫਲ਼ (ਯਾਨੀ ਮੰਜ਼ਲ) ਤੱਕ ਲੈ ਜਾਣਾ ਹੁੰਦਾ ਹੈ ‘‘ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ; ਸਤਿਗੁਰ ਕੋਟਿ ਪੈਡਾ ਆਗੇ ਹੋਇ ਲੇਤ ਹੈ।’’ (ਭਾਈ ਗੁਰਦਾਸ ਜੀ/ਕਬਿੱਤ ੧੧੧)

ਗੁਰਬਾਣੀ ਦਾ ਟੀਕਾ ਕਰਦਿਆਂ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ‘ਬ੍ਰਹਮ ਗਿਆਨੀ’ ਦੇ ਅਰਥ ਕੀਤੇ ਹਨ ‘ਰੱਬ ਨਾਲ਼ ਸਾਂਝ ਪਾ ਚੁੱਕਿਆ ਮਨੁੱਖ’ ਯਾਨੀ ‘ਬ੍ਰਹਮ’ ਦਾ ਅਰਥ ਹੈ ‘ਰੱਬ’ ਤੇ ‘ਗਿਆਨੀ’ ਦਾ ਅਰਥ ਹੈ ‘ਸਾਂਝ ਪਾ ਲਈ’ ਤਾਂ ਤੇ ‘ਗਿਆਨ’ ਦਾ ਅਰਥ ਹੈ ‘ਸਾਂਝ ਪਾਉਣੀ’ ਯਾਨੀ ਕਿ ਫ਼ਲ ਜਾਂ ਮੰਜ਼ਲ’। ਗੁਰੂ ਨਾਨਕ ਸਾਹਿਬ ਜੀ; ਜ਼ਿੰਦਗੀ ਦਾ ਗਹਿਰਾ ਰਾਜ਼ ਸਮਝਾਉਂਦੇ ਹਨ ਕਿ ਬੰਦੇ ਦੁਆਰਾ ਕੀਤੇ ਜਾਂਦੇ ਕੰਮ; ਮਾਨੋ ਇੱਕ ਦਰਖ਼ਤ (ਕਰਮ ਪੇਡੁ) ਹੈ। ਉਸ ਦੀਆਂ ਟਹਿਣੀਆਂ; ਹਰੀ ਦਾ ਨਾਮ ਹੈ (ਸਾਖਾ ਹਰੀ) ਯਾਨੀ ਕੰਮ ਕਰਦਿਆਂ ਹਰੀ ਨੂੰ ਯਾਦ ਰੱਖਣਾ; ਹਰਾ ਭਰਿਆ ਦਰਖ਼ਤ ਹੋਣੈ। ਰੱਬ ਨਾਲ਼ ਸਾਂਝ (ਫਲੁ-ਗਿਆਨੁ) ਬਣਨ ਤੋਂ ਪਹਿਲਾਂ ਧਰਮੁ-ਫੁਲੁ ਲੱਗਣੈ ਯਾਨੀ ਸਤਿਗੁਰੂ (ਜੋ ਰੱਬੀ ਮਾਰਗ ਹੈ) ਨੂੰ ਆਪਣੇ ਹਿਰਦੇ ’ਚ ਦ੍ਰਿੜ੍ਹ ਕਰਨੈ ‘‘ਕਰਮ ਪੇਡੁ, ਸਾਖਾ ਹਰੀ; ਧਰਮੁ ਫੁਲੁ, ਫਲੁ ਗਿਆਨੁ ’’ (ਮਹਲਾ /੧੧੬੮) ਗੁਰੂ ਰਾਮਦਾਸ ਜੀ ਦੇ ਵਚਨ ਹਨ ਕਿ ਧਰਮੁ-ਫੁਲੁ (ਹਿਰਦੇ ’ਚ) ਪੁੰਗਰਨ ਤੋਂ ਬਾਅਦ (ਯਾਨੀ ਰੱਬੀ ਸਿਫ਼ਤ ਕਰਦਿਆਂ) ਪੱਕੇ ਹੋਏ ਗਿਆਨੁ-ਫਲੁ ਦੀ ਮਹਿਕ (ਯਾਨੀ ਰੱਬ ਨਾਲ਼ ਬਣੀ ਸਾਂਝ); ਸਾਰੇ ਜਗਤ ’ਚ ਫੈਲਦੀ ਹੈ ‘‘ਧਰਮੁ ਫੁਲੁ, ਫਲੁ ਗੁਰਿ (ਰਾਹੀਂ) ਗਿਆਨੁ ਦ੍ਰਿੜਾਇਆ; ਬਹਕਾਰ ਬਾਸੁ ਜਗਿ (’) ਦੀਜੈ ’’ (ਮਹਲਾ /੧੩੨੫) ਇਸ ਨੂੰ ਗੁਰੂ ਨਾਨਕ ਜੀ ‘‘ਮਨਿ ਜੀਤੈ ਜਗੁ ਜੀਤੁ’’ (ਜਪੁ) ਆਖਦੇ ਹਨ। ਗੁਰੂ ਨਾਨਕ ਸਾਹਿਬ ਜੀ; ਆਪਣੇ ਇੱਕ ਹੋਰ ਸ਼ਬਦ ’ਚ ਐਨਾ ਕੁ ਵਾਧਾ ਕਰਦੇ ਹਨ ਕਿ ਧਰਮੁ-ਫੁਲੁ (ਹਿਰਦੇ ’ਚ) ਲੱਗਣ ਤੋਂ ਬਾਅਦ ਗਿਆਨੁ-ਫਲੁ ਪਕਦਾ ਹੈ; ਧਿਆਨ ਦੀ ਇਕਾਗਰਤਾ ਉੱਤੇ ਹੁੰਦੀ ਰੱਬ ਦੀ ਮਿਹਰ ਨਾਲ਼ ‘‘ਨਾਨਕ ! ਗੁਰੁ ਸੰਤੋਖੁ ਰੁਖੁ; ਧਰਮੁ ਫੁਲੁ, ਫਲ ਗਿਆਨੁ   ਰਸਿ ਰਸਿਆ ਹਰਿਆ ਸਦਾ; ਪਕੈ ਕਰਮਿ ਧਿਆਨਿ ਪਤਿ ਕੇ ਸਾਦ ਖਾਦਾ ਲਹੈ; ਦਾਨਾ ਕੈ ਸਿਰਿ, ਦਾਨੁ ’’ (ਮਹਲਾ /੧੪੭) ਅਰਥ : ਸਤਿਗੁਰੂ; (ਅਡੋਲ ਧਰਤੀ ਵਾਙ) ਸਬਰ-ਸੰਤੋਖ ਭਰਪੂਰ ਦਰਖ਼ਤ ਹੈ (ਗੁਰੁ ਸੰਤੋਖੁ ਰੁਖੁ)। ਇਸ ਉੱਤੇ ਗਿਆਨੁ-ਫਲੁ ਪੱਕਣ ਤੋਂ ਪਹਿਲਾਂ ਭਾਵੇਂ ਧਰਮੁ-ਫੁਲੁ ਲੱਗਦਾ ਹੈ, ਪਰ ਉਹ ਪੱਕਦਾ ਹੈ ਯਾਨੀ ਫਲ਼ ਬਣਦਾ ਹੈ; ਸ਼ਬਦ-ਸੁਰਤਿ ਦੇ ਧਿਆਨ ਦੀ ਇਕਾਗਰਤਾ ਉੱਤੇ ਹੁੰਦੀ ਰੱਬ ਦੀ ਮਿਹਰ ਨਾਲ਼ (ਪਕੈ ਕਰਮਿ ਧਿਆਨਿ)। ਜਦ ਉਹ ਫਲ਼ ਪੱਕ ਜਾਂਦੈ ਤਾਂ ਸਦਾ ਹਰਾ ਭਰਾ ਰਹਿੰਦਾ ਹੈ, ਰਸ ਨਾਲ਼ ਭਰਿਆ ਰਹਿੰਦਾ ਹੈ (ਰਸਿ ਰਸਿਆ ਹਰਿਆ ਸਦਾ)। ਭਗਤ; ਆਪਣੇ ਮਾਲਕ ਨਾਲ਼ ਬਣੀ ਇਸ ਸਾਂਝ (ਗਿਆਨੁ-ਫਲੁ) ਦਾ ਅਨੰਦ ਮਾਣਦਾ ਹੈ (ਪਤਿ ਕੇ ਸਾਦ ਖਾਦਾ ਲਹੈ)। ਰੱਬ ਦੀ ਮਿਹਰ ਵਾਲ਼ਾ ਦਾਨ (ਕਰਮਿ); ਮਨੁੱਖ ਨੂੰ ਮਿਲੀਆਂ ਸਾਰੀਆਂ ਦਾਤਾਂ ’ਚੋਂ ਸਰਵੋਤਮ ਦਾਨ ਹੁੰਦਾ ਹੈ (ਦਾਨਾ ਕੈ ਸਿਰਿ, ਦਾਨੁ)। ਗੁਰੂ ਨਾਨਕ ਸਾਹਿਬ ਜੀ; ‘ਜਪੁ’ ਬਾਣੀ ਦੀ 25ਵੀਂ ਪਉੜੀ ’ਚ ਰੱਬ ਵੱਲੋਂ ਬੰਦੇ ਨੂੰ ਮਿਲਣ ਵਾਲ਼ੀਆਂ ਸਮੂਹ ਦਾਤਾਂ ਦਾ ਜ਼ਿਕਰ ਕਰਦੇ-ਕਰਦੇ ਅੰਤ ’ਚ ਇਸ ਵਿਸ਼ੇਸ਼ ਦਾਤ ਦਾ ਇਉਂ ਜ਼ਿਕਰ ਕਰਦੇ ਹਨ ‘‘ਜਿਸ ਨੋ ਬਖਸੇ ਸਿਫਤਿ ਸਾਲਾਹ   ਨਾਨਕ ! ਪਾਤਿਸਾਹੀ ਪਾਤਿਸਾਹੁ ੨੫’’ (ਜਪੁ) ਅਰਥ : (ਰੱਬ ਵੱਲੋਂ ਮਨੁੱਖ ਨੂੰ ਮਿਲਦੀਆਂ ਬੇਅੰਤ ਦਾਤਾਂ ਤੋਂ ਇਲਾਵਾ) ਜਿਸ ਨੂੰ (ਆਪਣੀ) ਸਿਫ਼ਤ ਸਲਾਹ ਕਰਨ ਵਾਲ਼ੀ ਦਾਤ ਭੀ ਬਖ਼ਸ਼ਦਾ ਹੈ ਉਹ ਦੁਨਿਆਵੀ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ ਯਾਨੀ ਦੁਨਿਆਵੀ ਬਾਦਸ਼ਾਹ ਭੀ ਉਸ ਅੱਗੇ ਸਿਰ ਝੁਕਾਉਂਦੇ ਹਨ।

ਸੋ ਗੁਰਮਤਿ ਅਨੁਸਾਰ ਰੱਬ ਨੂੰ ਯਾਦ ਕਰਨਾ ਹੀ ਧਰਮ ਹੈ ‘‘ਬਲਿਓ ਚਰਾਗੁ ਅੰਧੵਾਰ ਮਹਿ; ਸਭ ਕਲਿ ਉਧਰੀ ਇਕ ਨਾਮ ਧਰਮ ਪ੍ਰਗਟੁ ਸਗਲ ਹਰਿ ਭਵਨ ਮਹਿ; ਜਨੁ ਨਾਨਕੁ ਗੁਰੁ, ਪਾਰਬ੍ਰਹਮ !’’ (ਮਹਲਾ /੧੩੮੭) ਅਰਥ : ਹੇ ਜਗਤ ਦੇ ਮਾਲਕ ਪਾਰਬ੍ਰਹਮ! (ਤੇਰਾ ਰੂਪ) ਦਾਸ ਗੁਰੁ ਨਾਨਕੁ; ਸੰਸਾਰਕ ਹਨ੍ਹੇਰੇ ’ਚ ਦੀਵੇ ਵਾਙ ਜਗ ਪਿਐ, ਸਾਰੇ ਸੰਸਾਰ ’ਚ ਪ੍ਰਗਟ ਹੋ ਗਿਐ (ਕਿਉਂਕਿ ਭਰੋਸਾ ਧਾਰ ਮੇਰੇ ਕੋਲ਼ ਆਈ) ਸਾਰੀ ਲੁਕਾਈ (ਤੇਰੇ) ਇੱਕ ਨਾਮ-ਧਰਮ (ਕੇਵਲ ਸਿਫ਼ਤ-ਸਾਲਾਹ) ਦੇ ਆਸਰੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਈ।

ਉਕਤ ਕੀਤੀ ਵਿਚਾਰ ਕਿ ਗੁਰਮਤਿ ਅਨੁਸਾਰ ‘ਧਰਮ’ ਦਾ ਅਰਥ ਹੈ ‘ਰੱਬ ਦੀ ਸਿਫ਼ਤ-ਸਲਾਹ ਕਰਨਾ, ਉਸ ਦਾ ਨਾਮ ਜਪਣਾ’ ਤਾਂ ਜੋ ਰੱਬ ਦੀ ਮਿਹਰ ਹੋਵੇ। ਉਸ ਨਾਲ਼ ਸਾਂਝ/ਮਿਲਾਪ ਹੋਵੇ। ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ’ਚ ਜ਼ਿਕਰ ਕਰਦੇ ਹਨ ਕਿ ਧਰਮ (ਜੋ ਰੱਬ ਦਾ ਬੱਝਵਾਂ ਨਿਯਮ ਹੈ) ਹੀ ਦਰਅਸਲ ਸਫ਼ੈਦ ਬਲ਼ਦ ਹੈ (ਜਿਸ ਦੇ ਆਸਰੇ ਧਰਤੀ ਖੜ੍ਹੀ ਹੈ) ਅਤੇ ਰੱਬ ਦੀ ਦਇਆ-ਦ੍ਰਿਸ਼ਟੀ ਨਾਲ਼ (ਇਹ ਧਰਮ; ਮਨੁੱਖ ਦੇ ਹਿਰਦੇ ’ਚ) ਜਨਮ ਲੈਂਦੈ, ਪੁੰਗਰਦਾ ਹੈ ‘‘ਧੌਲੁ ਧਰਮੁ; ਦਇਆ ਕਾ ਪੂਤੁ ’’ (ਜਪੁ)

ਨੋਟ : ਸਨਾਤਨ ਮੱਤ ਨੇ ਕੀਤੀ ਧਰਮ ਦੀ ਵਿਆਖਿਆ ਅਨੁਸਾਰ ਧਰਤੀ ਨੂੰ ਇੱਕ ਬਲ਼ਦ ਨੇ ਚੁੱਕਿਐ, ਪਰ ਗੁਰਮਤਿ-ਧਰਮ ਅਨੁਸਾਰ ਰੱਬ ਦਾ ਬੱਝਵਾਂ ਨਿਯਮ (ਯਾਨੀ ਕਿ ਧਰਮ; ਚੇਤੇ ਰਹੇ ਕਿ ਧਰਮ ਦਾ ਅਰਥ ‘ਸੰਸਾਰ ਨੂੰ ਧਾਰਨ ਕਰਨਾ’ ਹੈ) ਹੀ ਬ੍ਰਹਿਮੰਡ ਨੂੰ ਬੰਨ੍ਹੀ ਖੜ੍ਹਾ ਹੈ ‘‘ਓਇ ਜੁ ਦੀਸਹਿ; ਅੰਬਰਿ ਤਾਰੇ   ਕਿਨਿ ਓਇ ਚੀਤੇ; ਚੀਤਨਹਾਰੇ   ਕਹੁ ਰੇ ਪੰਡਿਤ! ਅੰਬਰੁ ਕਾ ਸਿਉ ਲਾਗਾ  ? ਬੂਝੈ; ਬੂਝਨਹਾਰੁ ਸਭਾਗਾ ਰਹਾਉ   ਸੂਰਜ ਚੰਦੁ ਕਰਹਿ ਉਜੀਆਰਾ   ਸਭ ਮਹਿ ਪਸਰਿਆ; ਬ੍ਰਹਮ ਪਸਾਰਾ   ਕਹੁ ਕਬੀਰ ! ਜਾਨੈਗਾ ਸੋਇ  (ਜਿਸ ਦੇ) ਹਿਰਦੈ ਰਾਮੁ; ਮੁਖਿ (’ ਭੀ) ਰਾਮੈ ਹੋਇ ’’ (ਭਗਤ ਕਬੀਰ ਜੀ/੩੨੯) ਪਦ ਅਰਥ : ਅੰਬਰਿ-ਅਕਾਸ਼ ਵਿੱਚ।, ਚੀਤੇ-ਬਣਾਏ ਯਾਨੀ ਚਿਤਰਕਾਰੀ ਕੀਤੀ।, ਚੀਤਨਹਾਰੇ- ਕਾਰੀਗਰ-ਰੱਬ ਨੇ।, ਕਾ ਸਿਉ ਲਾਗਾ-ਕਿਸ ਆਸਰੇ ਖੜ੍ਹੈ।, ਸਭਾਗਾ-ਵੱਡੇ ਭਾਗਾਂ ਵਾਲ਼ਾ।, ਸੋਇ-ਉਹੀ।

ਧਰਮ; ਰੱਬ ਦੀ ਮਿਹਰ ਨਾਲ਼ ਹਿਰਦੇ ’ਚ ਪ੍ਰਗਟ ਹੁੰਦੈ, ਇਸ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਭੀ ਕਰਦੇ ਹਨ ‘‘ਭੈ ਅਟਵੀਅੰ, ਮਹਾ ਨਗਰ ਬਾਸੰ; ਧਰਮ ਲਖੵਣ ਪ੍ਰਭ ਮਇਆ ’’ (ਮਹਲਾ /੧੩੫੮) ਅਰਥ : ਧਰਮ ਦੇ ਲੱਛਣ (ਹਿਰਦੇ ’ਚ) ਪ੍ਰਭੂ ਦੀ ਮਿਹਰ ਨਾਲ਼ ਪ੍ਰਗਟ ਹੁੰਦੇ ਹਨ ਫਿਰ ਡਰਾਉਣਾ ਸੰਸਾਰ-ਜੰਗਲ਼ ਭੀ ਵੱਸਦਾ ਵੱਡਾ ਸ਼ਹਿਰ ਪ੍ਰਤੀਤ ਹੁੰਦੈ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਰੱਬ ਵੱਲੋਂ ਹੁੰਦੀ ਮਿਹਰ ਉਪਰੰਤ ਧਰਮ ਹਿਰਦੇ ’ਚ ਜਨਮ ਲੈਂਦਾ ਹੈ, ਇਹ ਸਮਝਾਉਣ ਲਈ ਰੱਬ ਨੂੰ ‘ਕਿਰਪਾ ਨਿਧਿ’ ਕਿਹਾ ਹੈ। ਇਹ ਭੀ ਸਪਸ਼ਟ ਕੀਤਾ ਕਿ ਇਹ ਗਹਿਰਾ ਰਾਜ਼; ਬੇਦੁ (ਯਾਨੀ ਗੁਰੂ ਦਾ ਗਿਆਨ) ਦੱਸਦਾ ਹੈ ‘‘ਕਲਿ ਮੈ ਏਕੁ ਨਾਮੁ ਕਿਰਪਾ ਨਿਧਿ; ਜਾਹਿ ਜਪੈ ਗਤਿ ਪਾਵੈ ਅਉਰ ਧਰਮ ਤਾ ਕੈ ਸਮ (ਬਰਾਬਰ) ਨਾਹਨਿ; ਇਹ ਬਿਧਿ ਬੇਦੁ ਬਤਾਵੈ ’’ (ਮਹਲਾ /੬੩੨) ਸੋ ਜਗਤ ਵਿੱਚ ਰੱਬ ਦੇ ਗੁਣ ਗਾਉਣੇ ਸਰਵੋਤਮ ਧਰਮ ਹੈ ਅਤੇ ਰੱਬ ਦੀ ਮਿਹਰ ਹੋਣੀ; ਸਰਬ ਸ੍ਰੇਸ਼ਟ ਦਾਤ ਹੈ ਤਾਂ ਹੀ ਸਰਵੋਤਮ ਕਿਰਦਾਰ ਸਿਰਜੀਦੈ, ਜੋ ਸੱਚੀ ਇਨਸਾਨੀਅਤ ਪੁਗਾ ਸਕਦੈ ‘‘ਰਾਮ ਕੇ ਗੁਨ ਗਾਉ   ਹਲਤੁ ਪਲਤੁ ਹੋਹਿ ਦੋਵੈ ਸੁਹੇਲੇ; ਅਚਰਜ ਪੁਰਖੁ ਧਿਆਉ ਰਹਾਉ ਸਭ ਤੇ ਊਤਮ ਇਹੁ ਕਰਮੁ ਸਗਲ ਧਰਮ ਮਹਿ, ਸ੍ਰੇਸਟ ਧਰਮੁ ’’ (ਮਹਲਾ /੮੯੫)

ਸੋ ਇਹ ਕਹਿਣਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਨਵਾਂ ਧਰਮ ਨਹੀਂ ਚਲਾਇਆ ਤਾਂ ਮੰਨਣਾ ਪੈਣੈ ਕਿ ਗੁਰੂ ਜੀ ਨੇ ਪ੍ਰਚਲਿਤ ਧਰਮਾਂ ਦੀ ਪਾਲਣਾ ਕੀਤੀ ਅਤੇ ਹੋਰਾਂ ਤੋਂ ਕਰਾਉਣ ਲਈ ਚਾਰੋਂ ਦਿਸ਼ਾਵਾਂ ’ਚ ਯਾਤਰਾਵਾਂ ਕੀਤੀਆਂ। ਸਭ ਧਰਮਾਂ ਦੇ ਪੈਰੋਕਾਰਾਂ ਨੂੰ ਦੱਸਿਆ ਕਿ ਤੁਹਾਡੀਆਂ ਪ੍ਰਚਲਿਤ ਰਵਾਇਤਾਂ ਤਾਂ ਠੀਕ ਹਨ, ਪਰ ਇਨ੍ਹਾਂ ਵਿੱਚ ਇਨਸਾਨੀਅਤ ਨੂੰ ਭੀ ਸ਼ਾਮਲ ਕਰੋ। ਸਵਾਲ ਪੈਦਾ ਹੁੰਦਾ ਹੈ ਕਿ ਕੀ ਪ੍ਰਚਲਿਤ ਧਰਮਾਂ ’ਚ ਐਨਾ ਕੁ ਹੀ ਵਾਧਾ ਕਰਨ ਲਈ ਗੁਰੂ ਸਾਹਿਬਾਨ ਨੂੰ ਤਸੀਹੇ ਝੱਲਣੇ ਪਏ ? ਇਸ ਦਾ ਜਵਾਬ ਹੇਠਲੀ ਗੁਰਮਤਿ ਵਿਲੱਖਣਤਾ ’ਚੋਂ ਮਿਲਣਾ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਹਰ ਬੰਦਾ ਮੁਗ਼ਲਾਂ ਤੋਂ ਡਰਿਆ ਉਨ੍ਹਾਂ ਦੀ ਬੋਲੀ ਬੋਲ ਰਿਹਾ ਸੀ। ਸਾਰੇ ਮੁਸਲਮਾਨੀ ਲਿਬਾਸ ਪਹਿਨਣ ਲੱਗੇ ਮਾਨੋ ਇਹੀ ਮੂਲ ਧਰਮ ਹੋਵੇ ‘‘ਸ੍ਰਿਸਟਿ ਸਭ ਇਕ ਵਰਨ ਹੋਈ; ਧਰਮ ਕੀ ਗਤਿ ਰਹੀ ’’ (ਮਹਲਾ /੬੬੩) ਨਵੇਂ ਧਾਰਮਿਕ ਕਿਰਦਾਰ ਸਿਰਜਣੇ ਰੁਕ ਗਏ। ਅੰਦਰੋਂ ਹਿੰਦੂ; ਬਾਹਰੋਂ ਮੁਸਲਮਾਨ ਪ੍ਰਤੀਤ ਹੁੰਦਾ; ਇਸ ਪਖੰਡ ਕਾਰਨ ਰੂਹਾਨੀਅਤ ਜੀਵਨ ਨੂੰ ਪੰਜ ਵਿਕਾਰ ਹੋਰ ਮਾਰਦੇ ਗਏ ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ ’’ (ਮਹਲਾ /੭੪੭) ਧਰਮ ਰਾਹੀਂ ਕੀਤੀ ਸਵੈ ਪੜਚੋਲ ਰੂਹਾਨੀਅਤ ਬਲ ਭਰਦੀ ਹੈ, ਪਰ ‘‘ਜਿਨਿ ਆਤਮ ਤਤੁ ਚੀਨਿ੍ਆ ਸਭ ਫੋਕਟ ਧਰਮ ਅਬੀਨਿਆ ’’ (ਭਗਤ ਬੇਣੀ/੧੩੫੧) ਅਰਥ : ਜਿਸ ਨੇ ਆਪਣੇ ਆਪ ਨੂੰ ਨਾ ਪਛਾਣਿਆ ਅਜਿਹੇ ਅੰਨ੍ਹਿਆਂ ਦੇ ਧਾਰਮਿਕ ਕਰਮ; ਕਰਮਕਾਂਡ ਹਨ ਯਾਨੀ ਵਿਖਾਵੇ ਮਾਤਰ ਹਨ। ਭਗਤ ਰਵੀਦਾਸ ਜੀ ਨੇ ਵਚਨ ਕੀਤੇ ‘‘ਪਾਰੁ ਕੈਸੇ ਪਾਇਬੋ ਰੇ !  ਮੋ ਸਉ; ਕੋਊ ਕਹੈ ਸਮਝਾਇ   ਜਾ ਤੇ; ਆਵਾਗਵਨੁ ਬਿਲਾਇ (ਮੁੱਕੇ) ਰਹਾਉ ਬਹੁ ਬਿਧਿ ਧਰਮ ਨਿਰੂਪੀਐ; ਕਰਤਾ ਦੀਸੈ ਸਭ ਲੋਇ   ਕਵਨ ਕਰਮ ਤੇ ਛੂਟੀਐ; ਜਿਹ ਸਾਧੇ, ਸਭ ਸਿਧਿ ਹੋਇ ’’ (ਭਗਤ ਰਵਿਦਾਸ/੩੪੬) ਅਰਥ : ਹੇ ਪੰਡਿਤ! ਭਿਆਨਕ ਸੰਸਾਰ ਸਮੁੰਦਰ ਨੂੰ ਕਿਵੇਂ ਪਾਰ ਕਰੋਗੇ  ? ਕਿਹੜਾ ਕਰਮ-ਧਰਮ; ਆਵਾਗਮਣ ਖ਼ਤਮ ਕਰਦਾ ਹੈ ? ਕਿਸ ਕਰਮ-ਧਰਮ ਦੇ ਕੀਤਿਆਂ ਸਫਲਤਾ ਮਿਲਦੀ ਹੈ ? ਮੈਨੂੰ ਕੋਈ ਸਮਝਾ ਦਿਓ ਤਾਂ ਜੋ ਮੇਰਾ ਆਵਾਗਮਣ ਚੱਕਰ ਖ਼ਤਮ ਹੋਵੇ; ਵੈਸੇ ਤੁਸੀਂ ਧਰਮ ਦੀ ਕਈ ਤਰ੍ਹਾਂ ਵਿਆਖਿਆ ਪਏ ਕਰਦੇ ਹੋ ਤੇ ਉਨ੍ਹਾਂ ਅਸੂਲਾਂ ਨੂੰ ਸਾਰੇ ਮੰਨਦੇ ਭੀ ਹੋ ?

ਭਗਤ ਕਬੀਰ ਜੀ ਦੇ ਵਚਨ ਹਨ ਕਿ ਮੌਲਵੀ, ਪੰਡਿਤ ਆਦਿ ਨੇ ਆਪਣੇ ਚੇਲੇ ਤਾਂ ਬਹੁਤ ਬਣਾ ਲਏ, ਪਰ ਕੁਦਰਤਿ ਨੂੰ ਰਚਨਹਾਰ ਅੱਲ੍ਹਾ ਜਾਂ ਰਾਮ ਨਾਲ਼ ਨਾ ਜੋੜ ਸਕੇ ‘‘ਕਬੀਰ ! ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਮੀਤੁ   ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ’’ (ਭਗਤ ਕਬੀਰ/੧੩੬੯)

ਗੁਰਮਤਿ-ਧਰਮ ਤੋਂ ਉਲ਼ਟ ਪ੍ਰਚਲਿਤ ਮਨਹੱਠੀ ਰਸਮਾਂ ਕਰਨ ਵਾਲ਼ੇ ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਉਂਦਿਆਂ ਕਿਹਾ ਕਿ ਤੁਹਾਡਾ ਧਰਮ (ਯਾਨੀ ਕਿ ਮੱਤ) ਪਖੰਡ ਹੈ। ਤੁਸੀਂ ਸੁਆਸਾਂ ਨਾਲ਼ ਪੇਟ ਹਿਲਾਉਂਦੇ ਹੋ। ਸੁਆਸ ਅੰਦਰ ਬਾਹਰ ਕਰਦੇ ਹੋ ਤੇ ਦੋਵੇਂ ਅੱਖਾਂ ਵਿਚਕਾਰ ਸੁਆਸ ਰੋਕਦੇ ਹੋ; ਇਉਂ ਹਰੀ ਨਾਲ਼ ਪ੍ਰੀਤ ਨਹੀਂ ਉਪਜੇਗੀ ‘‘ਨਿਉਲੀ ਕਰਮ ਭੁਇਅੰਗਮ ਭਾਠੀ ਰੇਚਕ ਕੁੰਭਕ ਪੂਰਕ; ਮਨ ਹਾਠੀ ਪਾਖੰਡ ਧਰਮੁ, ਪ੍ਰੀਤਿ ਨਹੀ ਹਰਿ ਸਉ; ਗੁਰ ਸਬਦ ਮਹਾ ਰਸੁ ਪਾਇਆ ’’ (ਮਹਲਾ /੧੦੪੩) ਗੁਰੂ ਤੇਗ਼ ਬਹਾਦਰ ਸਾਹਿਬ ਜੀ ਆਪਣਾ ਅਨੁਭਵ ਬਿਆਨ ਕਰਦਿਆਂ ਆਖਦੇ ਹਨ ਕਿ ਤੀਰਥ ਇਸ਼ਨਾਨ, ਵਰਤ ਆਦਿਕ ਧਰਮ-ਕਰਮ ਨਿਹਫਲ ਹਨ ਕਿਉਂਕਿ ਇਨ੍ਹਾਂ ਨੂੰ ਕੀਤਿਆਂ ਮਨ; ਕਾਬੂ ਨਹੀਂ ਹੁੰਦਾ ‘‘ਤੀਰਥ ਕਰੈ ਬ੍ਰਤ ਫੁਨਿ (ਭੀ) ਰਾਖੈ; ਨਹ ਮਨੂਆ ਬਸਿ (’) ਜਾ ਕੋ ਨਿਹਫਲ ਧਰਮੁ ਤਾਹਿ ਤੁਮ ਮਾਨਹੁ; ਸਾਚੁ ਕਹਤ ਮੈ ਯਾ ਕਉ ’’ (ਮਹਲਾ /੮੩੧)

ਗੁਰੂ ਨਾਨਕ ਸਾਹਿਬ ਨੇ ਮੌਲਵੀਆਂ ਨੂੰ ਕਿਹਾ ਕਿ ਤੁਸੀਂ ਮਿਰਤਕ ਸਰੀਰ ਨੂੰ ਇਸ ਲਈ ਨਹੀਂ ਅੱਗ ’ਚ ਜਲਾਉਂਦੇ ਕਿਉਂਕਿ ਉਸ ਨੇ ਕਿਆਮਤ ਤੋਂ ਬਾਅਦ ਮੁਕਤ ਹੋਣਾ ਹੁੰਦੈ, ਪਰ ਸ਼ਮਸ਼ਾਨ ਦੀ ਮਿੱਟੀ ਚੀਕਣੀ ਹੋਣ ਕਾਰਨ ਕਈ ਵਾਰ ਘੁਮਿਆਰ ਬਰਤਨ ਬਣਾਉਣ ਲਈ ਲੈ ਆਉਂਦਾ ਹੈ ਤੇ ਆਵੀ ਦੀ ਅੱਗ ’ਚ ਓਹੀ ਮਿਰਤਕ-ਦੇਹ ਵਾਲ਼ੀ ਮਿੱਟੀ ਨੂੰ ਸਾੜਦਾ ਹੈ ਤਾਂ ਫਿਰ ਤੁਹਾਡੀ ਕਿਆਮਤ ਉਪਰੰਤ ਮੁਕਤੀ ਦਾ ਕੀ ਬਣਿਆ ‘‘ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮਿ੍ਆਰ   ਘੜਿ ਭਾਂਡੇ ਇਟਾ ਕੀਆ; ਜਲਦੀ ਕਰੇ ਪੁਕਾਰ ’’ (ਮਹਲਾ /੪੬੬)

ਸੋ ਉਕਤ ਅਨਮੱਤ ਦੁਆਰਾ ਕੀਤੀ ਮੂਲ ਧਰਮ ਦੀ ਵਿਆਖਿਆ ਅਰਥਹੀਣ ਹੈ ਤਾਹੀਓਂ ਗੁਰਮਤਿ; ਸਹਿਮਤ ਨਹੀਂ ਤੇ ਇਸ ਨੇ ਵੱਖਰੀ ਤੇ ਨਿਵੇਕਲੀ ਮੱਤ ਨਾਲ਼ ਮੂਲ ਧਰਮ ਦੀ ਵਿਆਖਿਆ ਕੀਤੀ। ਜਿਸ ਦੇ ਪ੍ਰਚਾਰ-ਪ੍ਰਸਾਰ ਦੇ ਵਿਰੋਧ ਵਜੋਂ ਗੁਰੂ ਸਾਹਿਬਾਨ ਨੂੰ ਤਸੀਹੇ ਝੱਲਣੇ ਪਏ, ਜੋ ਹੁਣ ਤੱਕ ਸਿੱਖਾਂ ’ਤੇ ਤਸੱਦਦ ਜਾਰੀ ਹੈ ਕਿਉਂਕਿ ਕੱਟੜ ਅੰਧਵਿਸ਼ਵਾਸੀ ਸੱਚ ਸੁਣਨ ਨੂੰ ਤਿਆਰ ਨਹੀਂ ‘‘ਸਾਚ ਧਰਮ ਸਿਉ ਰੁਚਿ ਨਹੀ ਆਵੈ; ਸਤਿ ਸੁਨਤ ਛੋਹਾਇਆ (ਮਹਲਾ /੪੦੨) ਅਰਥ : ਹੇ ਮੂਰਖ ਬੰਦੇ! ਸੱਚੇ ਧਰਮ ਬਾਰੇ ਸੁਣਨ ਨੂੰ ਤੂੰ ਤਿਆਰ ਨਹੀਂ। ਸਚਾਈ ਸੁਣਦਿਆਂ ਹੀ ਤੈਨੂੰ ਖਿੱਝ ਚੜ੍ਹਦੀ ਹੈ। ਇਸ ਸ਼ਬਦ ਦੀ ‘ਰਹਾਉ’ ਪੰਕਤੀ ’ਚ ਮੂਲ ਧਰਮ ਦੀ ਵਿਆਖਿਆ ਇਉਂ ਦਰਜ ਹੈ ‘‘ਸਤਿਗੁਰ ਤੇਰੀ ਆਸਾਇਆ ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ! ਮੈ ਏਹਾ ਓਟਾਇਆ ਰਹਾਉ ’’ (ਮਹਲਾ /੪੦੨) ਅਰਥ : ਹੇ ਸਤਿਗੁਰੂ! ਹੇ ਪਾਰਬ੍ਰਹਮ! ਮੈਨੂੰ ਤੇਰੀ ਹੀ ਆਸ ਹੈ। ਤੇਰੀ ਹੀ ਟੇਕ ਹੈ ਕਿ ਤੇਰਾ ਨਾਮ ਰੂਹਾਨੀਅਤ ਪੱਖੋਂ ਡਿੱਗੇ ਹੋਏ ਨੂੰ ਪਵਿੱਤਰ ਕਰਨ ਵਾਲ਼ਾ ਹੈ, ਜੀਵਤ ਕਰ ਦਿੰਦਾ ਹੈ।

ਸਨਾਤਨੀ ਧਰਮ ਅਨੁਸਾਰ ਹਰ ਯੁੱਗ ਦਾ ਧਰਮ ਵੱਖਰਾ-ਵੱਖਰਾ ਹੈ, ਪਰ ਗੁਰਬਾਣੀ ਅਨੁਸਾਰ ਹਰ ਯੁਗ ’ਚ ਰੱਬ ਨੂੰ ਯਾਦ ਕਰਨਾ ਹੀ ਅਸਲ ਧਰਮ ਹੈ‘‘ਏਕੋ ਧਰਮੁ; ਦ੍ਰਿੜੈ ਸਚੁ ਕੋਈ ਗੁਰਮਤਿ ਪੂਰਾ ਜੁਗਿ+ਜੁਗਿ (’) ਸੋਈ (ਮਹਲਾ /੧੧੮੮), ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ ! ਪੂਰੈ+ਗੁਰਿ (ਨੇ); ਸਭ ਸੋਝੀ ਪਾਈ ਐਥੈ ਅਗੈ; ਹਰਿ ਨਾਮੁ ਸਖਾਈ ’’ (ਮਹਲਾ /੨੩੦) ਤਾਂ ਤੇ ਹਰ ਮਨੁੱਖ ਨੂੰ ਚਾਹੀਦੈ ਕਿ ‘‘ਨਹ ਬਿਲੰਬ ਧਰਮੰ; ਬਿਲੰਬ ਪਾਪੰ ’’ (ਮਹਲਾ /੧੩੫੪) ਯਾਨੀ ਧਰਮ ਕਮਾਉਣ ’ਚ ਦੇਰੀ ਨਾ ਕਰ (ਸਗੋਂ ਧਰਮ ਦਾ ਵਿਰੋਧ ਕਰਨ ਵਾਲ਼ੇ) ਪਾਪ ਤੋਂ ਬਚ।

ਸੋ ਗੁਰਮਤਿ-ਧਰਮ ਨੂੰ ਕੇਵਲ ਇਨਸਾਨੀਅਤ-ਧਰਮ ਕਹਿਣਾ; ਨਾਸਮਝੀ ਦਾ ਪ੍ਰਤੀਕ ਹੈ। ਅਜਿਹੇ ਬੰਦੇ ਸਵੈ ਪੜਚੋਲ ਤੋਂ ਸੱਖਣੇ ਅਤੇ ਰੱਬ ਦੀ ਹੋਂਦ ਤੋਂ ਇਨਕਾਰੀ ਹੁੰਦੇ ਹਨ। ਉਹ ਕਦੇ ਭੀ ਸਰੋਤਿਆਂ ਨੂੰ ਗੁਰਮਤਿ ਅਨੁਸਾਰੀ ਸਵੈ ਪੜਚੋਲ ਕਰਨ ਅਤੇ ਨਿਰਾਕਾਰ-ਰੱਬ, ਜੋ ਕਣ-ਕਣ ’ਚ ਵਿਆਪਕ ਭੀ ਹੈ; ਉੱਤੇ ਭਰੋਸਾ ਰੱਖਣ ਲਈ ਨਹੀਂ ਕਹਿਣਗੇ। ਜਿਸ ਬੱਚੇ ਅੰਦਰੋਂ ਸਵਾਲ ਉਪਜਿਆ ਕਿ ਗੁਰੂ ਜੀ ਨੇ ਇੱਕ ਹੋਰ ਧਰਮ ਕਾਹਦੇ ਲਈ ਚਲਾਇਐ ? ਉਹ, ਇਸ ਜਵਾਬ ਤੋਂ ਕਿ ਗੁਰੂ ਨਾਨਕ ਜੀ ਦਾ ਧਰਮ; ਇਨਸਾਨੀਅਤ ਹੈ, ਸੰਤੁਸ਼ਟ ਨਹੀਂ ਕਿਉਂਕਿ ਇਨਸਾਨੀਅਤ ਸ਼ਬਦ ਹਰ ਇੱਕ ਬੰਦੇ ਲਈ ਵੱਖਰੇ-ਵੱਖਰੇ ਅਰਥ ਰੱਖਦਾ ਹੈ। ਉਸ ਨੂੰ ਸਮਝਾਉਣਾ ਚਾਹੀਦਾ ਸੀ ਕਿ ਅਸਲ ਧਰਮ ਇੱਕ ਹੀ ਹੈ ਤੇ ਉਹ ਹੈ ਰੱਬ ਦੇ ਗੁਣ ਗਾਉਣੇ। ਰੱਬ ਦੇ ਗੁਣਾਂ ਨਾਲ਼ ਤੁਲਨਾਤਮਿਕ ਪੱਖੋਂ ਆਪਣੇ ਔਗੁਣਾਂ ਨੂੰ ਪਰਖ-ਪਰਖ ਦੂਰ ਕਰਨਾ। ਅਜਿਹੀ ਵਿਚਾਰਧਾਰਾ ਰਵਾਇਤੀ ਧਰਮਾਂ ’ਚ ਦਰਜ ਨਾ ਹੋਣ ਕਾਰਨ ਗੁਰੂ ਨਾਨਕ ਸਾਹਿਬ ਜੀ ਨੂੰ ਜਨਮ ਲੈਣਾ ਪਿਆ ਅਤੇ ਸਾਨੂੰ ਮੂਲ ਧਰਮ ਬਾਰੇ ਸਪਸ਼ਟ ਕੀਤਾ।

ਗੁਰਬਾਣੀ; ਸੰਸਾਰ ਦਾ ਪਹਿਲਾ ਧਾਰਮਿਕ ਗ੍ਰੰਥ ਹੈ ਜਿਸ ਦੀ ਸੰਪਾਦਨਾ ਕਰਨ ਵਾਲ਼ੇ ਪੰਜਵੇਂ ਪਾਤਿਸ਼ਾਹ ਜੀ ਨੇ ਇਸ ਵਿੱਚ ਇਹ ਤਾੜਨਾ ਭੀ ਦਰਜ ਕੀਤੀ ਕਿ ਗੁਰਮਤਿ ਪ੍ਰਚਾਰਕ ਸਿੱਖ; ਗੁਰਮਤਿ ਅਨੁਸਾਰ ਪਹਿਲਾਂ ਆਪਣਾ ਮਨ ਕਾਬੂ ਕਰਨਾ ਸਿੱਖਣ ਤਾਂ ਜੋ ਹੋਰਾਂ ਨੂੰ ਲਾਗ ਲਗਾਉਂਦਿਆਂ ਦੁਬਿਧਾ ਨਾ ਰਹੇ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ’’ (ਮਹਲਾ /੩੮੧) ਗੁਰੂ ਅੰਗਦ ਸਾਹਿਬ ਜੀ ਭੀ ਕੁੱਝ ਅਜਿਹਾ ਹੀ ਫ਼ੁਰਮਾ ਰਹੇ ਹਨ ‘‘ਨਾਨਕ ! ਪਰਖੇ ਆਪ ਕਉ; ਤਾ ਪਾਰਖੁ ਜਾਣੁ   ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ (ਮਹਲਾ /੧੪੮) ਅਰਥ : ਹੇ ਨਾਨਕ! ਆਖ ਕਿ ਜੋ ਸਿੱਖ (ਗੁਰਮਤਿ ਅਨੁਸਾਰੀ) ਸਵੈ ਪੜਚੋਲ ਕਰਨਾ ਜਾਣਦਾ ਹੈ ਦਰਅਸਲ ਉਹੀ ਹੋਰਾਂ ਦੀ ਭਾਵਨਾ ਨੂੰ ਸਮਝ ਸਕੇਗਾ, ਕਦਰ ਕਰੇਗਾ (ਇਹੀ ਹੈ ਸੱਚੀ ਇਨਸਾਨੀਅਤ)। ਸਰੋਤੇ ਦਾ ਮਾਨਸਿਕ ਰੋਗ ਅਤੇ ਉਸ ਮੁਤਾਬਕ ਗੁਰਮਤਿ ’ਚੋਂ ਢੁੱਕਵੀਂ ਦਵਾ ਦੇਣ ਵਾਲ਼ਾ ਹੀ ਅਸਲ ਵੈਦ ਹੈ। ਸਿਆਣਾ ਵਕਤਾ ਹੈ। ਉੱਚੇ-ਸੁੱਚੇ ਤੇ ਨਿਰਮਲ ਵਿਚਾਰਾਂ ਵਾਲ਼ਾ ਬੁਲਾਰਾ ਹੈ। ਓਹੀ ਗੁਰਬਾਣੀ ਦੇ ਅਨੁਭਵੀ ਗਿਆਨ ਨੂੰ ਸਮਝਣ ਯੋਗ ਹੈ।