ਗੁਰਬਾਣੀ ਉਚਾਰਨ ਅਤੇ ਵਿਸਰਾਮ ਦਾ ਮਹੱਤਵ

0
650

ਗੁਰਬਾਣੀ ਉਚਾਰਨ ਅਤੇ ਵਿਸਰਾਮ ਦਾ ਮਹੱਤਵ

ਕਿਰਪਾਲ ਸਿੰਘ ਬਠਿੰਡਾ 88378-13661

ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਗੁਰਬਾਣੀ ਉਚਾਰਨ ਅਤੇ ਵਿਆਖਿਆ ਸੰਬੰਧੀ ਕਈ ਤਰ੍ਹਾਂ ਦੀਆਂ ਵਿਆਖਿਆ ਪਰਣਾਲੀਆਂ ਪ੍ਰਚਲਿਤ ਰਹੀਆਂ ਹਨ; ਜਿਵੇਂ ਕਿ (1) ਸਹਿਜ ਪਰਣਾਲੀ- ਭਾਵ ਗੁਰਬਾਣੀ ਵਿੱਚੋਂ ਹੀ ਉਚਾਰਨ ਦੀ ਸੇਧ ਲੈਣੀ। (2) ਭਾਈ ਪਰਣਾਲੀ- ਭਾਈ ਗੁਰਦਾਸ ਜੀ ਵਾਲੀ। (3) ਪਰਮਾਰਥੀ ਪਰਣਾਲੀ- ਭਾਈ ਮਿਹਰਬਾਨ, ਭਾਈ ਹਰਿ ਜੀ ਸੋਢੀ, ਸੋਢੀ ਚਤੁਰਭੁਜ। (4) ਉਦਾਸੀ ਪਰਣਾਲੀ- ਸਾਧੂ ਅਨੰਦਘਨ ਤੇ ਸੁਆਮੀ ਸਦਾਨੰਦ। (5) ਨਿਰਮਲਾ ਪਰਣਾਲੀ, ਜਿਸ ’ਚ ਕਵੀ ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਪੰਡਿਤ ਤਾਰਾ ਸਿੰਘ ਨਰੋਤਮ, ਪੰਡਿਤ ਗੁਲਾਬ ਸਿੰਘ, ਗਿਆਨੀ ਦਲ ਸਿੰਘ, ਸੰਤ ਸੰਪੂਰਨ ਸਿੰਘ ਆਦਿ ਸ਼ਾਮਲ ਹਨ। (6) ਸੰਪਰਦਾਈ ਪਰਣਾਲੀ-ਭਾਈ ਮਨੀ ਸਿੰਘ, ਗਿਆਨੀ ਬਦਨ ਸਿੰਘ, ਸੰਤ ਅਮੀਰ ਸਿੰਘ, ਭਾਈ ਭਗਵਾਨ ਸਿੰਘ, ਸੋਢੀ ਬੁੱਢਾ ਸਿੰਘ, ਭਾਈ ਜੋਧ ਸਿੰਘ, ਗਿਆਨੀ ਸੰਤ ਰਾਮ, ਭਾਈ ਬਖ਼ਸ਼ੀਸ਼ ਸਿੰਘ, ਸੰਤ ਗੁਲਾਬ ਸਿੰਘ, ਗਿਆਨੀ ਬਿਸ਼ਨ ਸਿੰਘ ਲੱਖੂਵਾਲ, ਅਕਾਲੀ ਨਿਹਾਲ ਸਿੰਘ ਸੂਰੀ, ਪੰਡਿਤ ਨਰੈਣ ਸਿੰਘ ਗਿਆਨੀ, ਪੰਡਿਤ ਕਰਤਾਰ ਸਿੰਘ ਦਾਖਾ। (7) ਸਿੰਘ ਸਭਾਈ ਪਰਣਾਲੀ, ਜਿਸ ’ਚ ਪ੍ਰਿੰ. ਤੇਜਾ ਸਿੰਘ, ਪ੍ਰੋ. ਸਾਹਿਬ ਸਿੰਘ, ਭਾਈ ਵੀਰ ਸਿੰਘ, ਡਾ. ਮੋਹਨ ਸਿੰਘ ਦੀਵਾਨਾ,  ਡਾ. ਸ਼ੇਰ ਸਿੰਘ, ਪ੍ਰੋ. ਗੰਗਾ ਸਿੰਘ, ਸੋਢੀ ਹਜ਼ਾਰਾ ਸਿੰਘ, ਬੇਦੀ ਬ੍ਰਿਜ ਬੱਲਭ ਸਿੰਘ ਊਨਾ ਆਦਿਕ ਵਿਦਵਾਨ ਸ਼ਾਮਲ ਹਨ। (8) ਕੋਸ਼ਕਾਰੀ, ਜਿਸ ਵਿੱਚ ਭਾਈ ਕਾਹਨ ਸਿੰਘ ਨਾਭਾ ਤੇ ਪ੍ਰੋ. ਪਿਆਰਾ ਸਿੰਘ ਪਦਮ ਸ਼ਾਮਲ ਹਨ, ਪਰ ਮੌਜੂਦਾ ਸਮੇਂ ਦੋ ਵੀਚਾਰਧਾਰਾ ਮੁੱਖ ਤੌਰ ’ਤੇ ਪ੍ਰਚਲਿਤ ਹਨ-ਇੱਕ ਸੰਪਰਦਾਈ ਪਰਣਾਲੀ, ਜੋ ਗੁਰਬਾਣੀ ਲਿਖਤ ਰੂਪ ’ਚ ਲੱਗੀਆਂ ਸਾਰੀਆਂ ਲਗਾਂ ਮਾਤਰਾਵਾਂ ਉਚਾਰਨ ਦੇ ਪੱਖ ਵਿੱਚ ਹਨ ਅਤੇ ਦੂਸਰੀ ਸਿੰਘ ਸਭਾਈ, ਜਿਸ ਨੂੰ ਆਮ ਤੌਰ ’ਤੇ ਮਿਸ਼ਨਰੀ ਪਰਣਾਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਵੀਚਾਰਧਾਰਾ ਨੂੰ ਪ੍ਰਮੁੱਖ ਤੌਰ ’ਤੇ ਸਿੱਖ ਮਿਸ਼ਨਰੀ ਕਾਲਜ ਪ੍ਰਚਾਰ ਰਹੇ ਹਨ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਮਿਸ਼ਨਰੀ ਕਾਲਜ਼/ ਵਿਦਿਆਲੇ ਅਤੇ ਪਰਾਈਵੇਟ ਸੰਸਥਾਵਾਂ ਹੇਠ ਚੱਲ ਰਹੇ ਮਿਸ਼ਨਰੀ ਕਾਲਜ਼ ਸ਼ਾਮਲ ਹਨ। ਇਸ ਵੀਚਾਰਧਾਰਾ ਵਾਲਿਆਂ ਦਾ ਪੱਖ ਹੈ ਕਿ ਗੁਰਬਾਣੀ ’ਚ ਖ਼ਾਸ ਤੌਰ ’ਤੇ ਮਗਰਲੇ ਅੱਖਰਾਂ ਨੂੰ ਵਿਆਕਰਣਿਕ ਤੌਰ ’ਤੇ ਲੱਗੀ ਔਂਕੜ ਅਤੇ ਸਿਹਾਰੀ ਦਾ ਸੰਬੰਧ ਉਚਾਰਨ ਨਾਲ ਨਾਂ ਹੋ ਕੇ ਅਰਥ ਸਮਝਣ ਲਈ ਹੈ ਅਤੇ ਬਾਕੀ ਦੀਆਂ ਸਾਰੀਆਂ ਮਾਤਰਾਵਾਂ ਉਚਾਰੀਆਂ ਜਾਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਕੁਝ ਕਿਰਿਆਵਾਚੀ ਸ਼ਬਦਾਂ ਅਤੇ ਕਾਰਕੀ ਅਰਥ ਦੇਣ ਵਾਲੇ ਨਾਂਵ, ਪੜਨਾਂਵ ਸ਼ਬਦਾਂ ਨੂੰ ਗੁਰਬਾਣੀ ਵਿੱਚ ਹੀ ਵਰਤੇ ਅਜਿਹੇ ਸ਼ਬਦਾਂ ਤੋਂ ਸੇਧ ਲੈ ਕੇ ਨਾਸਕੀ ਉਚਾਰਨ ਕੀਤੇ ਜਾਣ ਦੇ ਪੱਖ ’ਚ ਹਨ ਜਿਸ ਦਾ ਸੰਪ੍ਰਦਾਈ ਪ੍ਰਣਾਲੀ ਦੇ ਮੌਜੂਦਾ ਪ੍ਰਚਾਰਕ ਸਖ਼ਤ ਵਿਰੋਧ ਕਰਦੇ ਹਨ। ਇਸ ਵਖਰੇਵੇਂ ਕਾਰਨ ਪੰਥ ’ਚ ਵੀਚਾਰਧਾਰਕ ਅਤੇ ਸਿਧਾਂਤਕ ਤੌਰ ’ਤੇ ਵਖਰੇਵੇਂ ਦਿਨੋ ਦਿਨ ਵਧ ਰਹੇ ਹਨ; ਜਿਸ ਕਾਰਨ ਪੰਥਕ ਸ਼ਕਤੀ ਕਮਜ਼ੋਰ ਹੁੰਦੀ ਜਾ ਰਹੀ ਹੈ। ਇਸ ਵਖਰੇਵੇਂ ਨੂੰ ਘਟਾਉਣ ਲਈ ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪੰਥ ਦੀਆਂ ਦੋ ਸਿਰਮੌਰ ਸੰਸਥਾਵਾਂ ਹੋਣ ਦੇ ਨਾਤੇ; ਦੋਵੇਂ ਧਿਰਾਂ ਦੇ ਸਾਂਝੇ ਸੰਵਾਦ ਸਮਾਗਮ ਰਚਾ ਕੇ ਉਚਾਰਨ ਸੰਬੰਧੀ ਡੂੰਘੇ ਹੋ ਰਹੇ ਮਤਭੇਦ ਘਟਾਉਣ ਅਤੇ ਅਰਥਾਂ/ ਸਿਧਾਂਤ ਨੂੰ ਉਜਾਗਰ ਕਰਨ ਅਤੇ ਪ੍ਰਚਾਰਨ ਦੇ ਕੰਮ ਕਰਨ, ਪਰ ਇਸ ਸਮੇਂ ਸ਼੍ਰੋਮਣੀ ਕਮੇਟੀ ਦਾ ਨਿਸ਼ਾਨਾ ਧਾਰਮਿਕ ਘੱਟ ਅਤੇ ਸਿਆਸੀ ਵੱਧ ਬਣ ਚੁੱਕਾ ਹੈ। ਇਸ ਤੋਂ ਵੱਧ ਦੁਰਭਾਗ ਇਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਮਤਿ ਅਨੁਸਾਰ ਫ਼ੈਸਲੇ ਲੈਣ ਦੀ ਥਾਂ ਅਕਾਲੀ ਦਲ ਦੇ ਬੁਲਾਰੇ ਵਜੋਂ ਵਿਚਰ ਰਹੇ ਹਨ। ਪਿਛਲੇ ਸਾਲ ਅਕਤੂਬਰ ਮਹੀਨੇ ’ਚ ਪਟਿਆਲੇ ਵਿਖੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਗੁਰਮਤਿ ਇੰਸਟੀਚੂਟ ’ਚ ਸੰਪਰਦਾਈ ਸੋਚ ਨਾਲ ਖੜ੍ਹੇ, ਪੰਜਾਬੀ ਯੂਨੀਵਰਸਿਟੀ ਦੇ ਇੱਕ ਗਰੁੱਪ ਦੇ ਸਕਾਲਰਾਂ ਨੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਕਰਵਾਇਆ ਜਿਸ ਵਿੱਚ ਗਿਆਨੀ ਹਰਪਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਿਸ਼ੇਸ਼ ਤੌਰ ’ਤੇ ਆਪਣੇ ਭਾਸ਼ਣ ’ਚ ‘ਗੁਰਬਾਣੀ ਜਿਵੇਂ ਲਿਖੀ ਉਵੇਂ ਪੜ੍ਹੀ ਜਾਵੇ’ ’ਤੇ ਜ਼ੋਰ ਦਿੱਤਾ। ਭਾਵੇਂ ਵੀਚਾਰਧਾਰਕ/ ਉਚਾਰਨ ਸੰਬੰਧੀ ਮਤਭੇਦ ਤਾਂ ਚਿਰਾਂ ਤੋਂ ਚੱਲ ਰਹੇ ਹਨ ਪਰ ਦੁਖਦਾਇਕ ਇਹ ਹੈ ਕਿ ਜਥੇਦਾਰ ਦੇ ਦਸਤਖ਼ਤਾਂ ਵਾਲਾ ਕਿਤਾਬਚਾ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਗਿਆ, ਜਿਸ ਵਿੱਚ ਗੁਰਬਾਣੀ ਜਿਵੇਂ ਲਿਖੀ ਹੈ ਉਵੇਂ ਪੜ੍ਹੀ ਜਾਣ ਦੀ ਵਕਾਲਤ ਕਰਨ ਤੋਂ ਇਲਾਵਾ ਅਕਾਲ ਤਖ਼ਤ ਤੋਂ ਇਹ ਮੰਗ ਕੀਤੀ ਗਈ ਕਿ ਸਾਰੀਆਂ ਮਾਤਰਾਵਾਂ ਉਚਾਰੇ ਜਾਣ ਤੋਂ ਇਨਕਾਰੀ ਅਤੇ ਆਪਣੇ ਵੱਲੋਂ ਬਿੰਦੀ ਟਿੱਪੀ ਲਾ ਕੇ ਉਚਾਰਨ ਕਰਨ ਦੀ ਸੇਧ ਦੇਣ ਵਾਲੀ ਖੋਜ ਅਤੇ ਪ੍ਰਚਾਰ ਸਮੱਗਰੀ ਛਾਪੇ ਜਾਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰੋਕ ਲਾਈ ਜਾਵੇ। ਇਸ ਕਿਤਾਬਚੇ ਨੂੰ ਮਿਸ਼ਨਰੀ ਵੀਚਾਰਧਾਰਾ ਵਾਲੇ ਤਾਂ ਆਪਣੇ ਵਿਰੋਧ ’ਚ ਮੰਨਦੇ ਹੀ ਹਨ; ਇਹ ਕਿਤਾਬਚਾ ਸੰਪਰਦਾਈ/ ਦਮਦਮੀ ਟਕਸਾਲ ਦੇ ਭਾਵੇਂ ਹੱਕ ’ਚ ਭੁਗਤ ਰਿਹਾ ਜਾਪਦਾ ਹੈ ਪਰ ਜੇ ਇਸ ’ਤੇ ਦੀਰਘ ਵੀਚਾਰ ਕੀਤੀ ਜਾਵੇ ਤਾਂ ਸੰਪਰਦਾਈ ਪਰਣਾਲੀ ਅਤੇ ਦਮਦਮੀ ਟਕਸਾਲ ਦੋਵਾਂ ਦੇ ਵਿਰੋਧ ’ਚ ਭੀ ਭੁਗਤ ਰਿਹਾ ਹੈ।

ਨਿਰਮਲਾ ਪਰਣਾਲੀ ਦੇ ਸਿਰਕੱਢ ਵਿਦਵਾਨ ਚੂੜਾਮਨੀ ਕਵੀ ਸੰਤੋਖ ਸਿੰਘ ਨੇ ੧੮੨੯ ਈ: ’ਚ ਲਿਖੀ ਜਪੁ ਜੀ ਸਾਹਿਬ ਗਰਬ ਗੰਜਨੀ ਸਟੀਕ ’ਚ ਲਿਖਿਆ ਹੈ ‘ਗੁਰੂ ਅਰਜਨ ਜੀ ਕੋ ਭੀ ਬਚਨ ਹੈ, ਜਿਸ ਸਮੇਂ ਗ੍ਰੰਥ ਸਾਹਿਬ ਪੂਰੋ ਲਿਖ੍ਯੋ ਗਯੋ ਹੈ, ਤਬ ਕਿਸੀ ਸਿਖ ਨੇ ਅਰਦਾਸ ਕਰੀ ਹਜ਼ੂਰ, ਬਿੰਦਾ ਔਰ ਅਧਿਕ ਇਨ ਕੋ ਘਾਟੋ ਰਹ੍ਯੋ ਗ੍ਰੰਥ ਸਾਹਿਬ ਮੇਂ । ਸਾਹਿਬ ਜੀ ਨੇ ਕਹ੍ਯੋ : ਅਬ ਨਹੀਂ ਲਗਤ ਹੈ, ਸਿਖ੍ਯ ਬੁਧਿਵਾਨ ਅਗਾਰੀ ਆਪ ਹੀ ਤਿਸੀ ਰੀਤਿ ਪਠ ਕਰਿ ਅਰਥ ਕੋ ਕਰੈਂਗੇ ।’ (ਪੰਨਾ ੧੩੬)   

 ਸ੍ਰੀ ਮਾਨ ਪੰਡਿਤ ਕਰਤਾਰ ਸਿੰਘ ‘ਦਾਖਾ’ ਜੀ ਰਚਿਤ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਵੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਵਾਲੀ ਉਪਰੋਕਤ ਉਚਾਰਨ ਪੱਧਤੀ ਦੀ ਹੀ ਪ੍ਰੋੜ੍ਹਤਾ ਕਰਦੀ ਹੈ। ਉਨ੍ਹਾਂ ਤਾਂ ਇੱਥੋਂ ਤੱਕ ਲਿਖਿਆ ਕਿ ਬਾਣੀ ਦੇ ਕਿਸੇ ਵੀ ਸ਼ਬਦ ਦਾ ਉਚਾਰਨ ਉਸ ਦੇ ਅਰਥ ਨੂੰ ਮੁੱਖ ਰੱਖ ਕੇ ਸ਼੍ਰੋਤੇ ਦੀ ਸਮਝ ਦੇ ਅਨੁਕੂਲ ਕਰੋ ਤਾਂ ਕਿ ਉਸ ਨੂੰ ਸੁਖਾਲਾ ਸਮਝ ਪਵੇ ਕਿਉਂਕਿ ਗੁਰਬਾਣੀ ਕੇਵਲ ਕੋਈ ਪੜ੍ਹਨ ਮਾਤ੍ਰ ਵੇਦ-ਮੰਤ੍ਰ ਨਹੀਂ, ਗੁਰ ਉਪਦੇਸ਼ ਹੈ, ਜੋ ਪਾਠ ਸੁਣਨ ਵਾਲਿਆਂ ਨੂੰ ਸੌਖੇ ਹੀ ਸਮਝ ਆਉਣਾ ਚਾਹੀਦਾ ਹੈ। ਇਸ ਲਈ ਪਾਠ ਕਰਨ ਮੌਕੇ ‘ਬਿੰਦੀ ਟਿੱਪੀ’,  ਤੇ ‘ਅੱਧਕ’ ਆਦਿਕ ਲੋੜੀਂਦੇ ਚਿੰਨ੍ਹਾਂ ਦਾ ਵੱਖ ਵੱਖ ਦੇਸ਼ਾਂ ਦੀ ਭਾਸ਼ਾਈ ਰੀਤ ਤੇ ਵਿਸ਼ੇਸ ਧੁਨੀ ਅਨੁਸਾਰ ਉਚਾਰਨ ਕਰਨਾ ਦੋਸ਼ ਨਹੀਂ। ਇਸ ਤੋਂ ਇਲਾਵਾ ਸੰਪ੍ਰਦਾਈ ਪਰਣਾਲੀ ਦੀ ਸ਼ਾਖ਼ਾ ਦਮਦਮੀ ਟਕਸਾਲ ’ਚ ਸਭ ਤੋਂ ਵੱਡੇ ਵਿਦਿਆ ਮਾਰਤੰਡ ਸਮਝੇ ਜਾਂਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਵੱਲੋਂ ਲਿਖੀ ਪੁਸਤਕ ‘ਗੁਰਬਾਣੀ ਪਾਠ ਦਰਸ਼ਨ’ ’ਚ ਬਹੁਤ ਸਾਰੇ ਥਾਵਾਂ ’ਤੇ ਬਿੰਦੀ ਟਿੱਪੀ ਲਾ ਕੇ ਨਾਸਕੀ ਅਤੇ ਅੱਧਕ ਲਾ ਕੇ ਦੁੱਤ ਉਚਾਰਨ ਕੀਤੇ ਜਾਣ ਦੀਆਂ ਹਦਾਇਤਾਂ ਦਰਜ ਹਨ। ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਛਾਪਿਆ ਗਿਆ ਨਵਾਂ ਕਿਤਾਬਚਾ ਜਿੱਥੇ ਦਮਦਮੀ ਟਕਸਾਲ ਦੇ ਵਿਰੋਧ ’ਚ ਹੈ ਉੱਥੇ ਸ਼੍ਰੋਮਣੀ ਕਮੇਟੀ ਖ਼ੁਦ ਆਪਣੇ ਵਿਰੁੱਧ ਵੀ ਭੁਗਤ ਰਹੀ ਹੈ ਕਿਉਂਕਿ ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਪ੍ਰਚਾਰ/ ਪ੍ਰਸਾਰ ਦੇ ਹਿੱਸੇ ਵਜੋਂ ਉਹ ਖ਼ੁਦ ਪ੍ਰਿੰ. ਤੇਜਾ ਸਿੰਘ ਵੱਲੋਂ ਲਿਖਿਆ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ ਨਾਮ ਦਾ ਕਿਤਾਬਚਾ ਛਾਪ ਕੇ ਵੱਡੀ ਗਿਣਤੀ ’ਚ ਮੁਫਤ ਵੰਡ ਰਹੀ ਹੈ ਅਤੇ ਇਸੇ ਕਿਤਾਬਚੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ‘ਸ਼ਬਦਾਰਥ ਪੋਥੀਆਂ’ ਭਾਗ ਪਹਿਲਾ ਦੀ ਭੂਮਿਕਾ ’ਚ ਗੁਰਬਾਣੀ ਪੜ੍ਹਨ ਅਤੇ ਅਰਥ ਸਮਝਣ ਲਈ ਹਿਦਾਇਤਾਂ ਛਾਪ ਰਹੀ ਹੈ। ਇਸ ਦਾ ਭਾਵ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਆਪਣੇ ਵੱਲੋਂ ਹੀ ਛਪਵਾਈਆਂ ਜਾ ਰਹੀਆਂ ਪੁਸਤਕਾਂ ਖ਼ੁਦ ਆਪ ਨਹੀਂ ਪੜ੍ਹਦੇ। ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾ ਰਹੇ ਦੋਵੇਂ ਕਿਤਾਬਚੇ ਆਮ ਸਿੱਖਾਂ ਦੇ ਹੱਥਾਂ ਵਿੱਚ ਜਾਣਗੇ ਤਾਂ ਸਗੋਂ ਦੁਬਿਧਾ ਹੋਰ ਵਧੇਗੀ ਕਿ ਇਨ੍ਹਾਂ ਦੋਵਾਂ ਕਿਤਾਬਚਿਆਂ ’ਚੋਂ ਕਿਸ ਨੂੰ ਠੀਕ ਮੰਨਿਆ ਜਾਵੇ !

ਗੁਰਬਾਣੀ ’ਚ ਕੇਵਲ ਪੜ੍ਹਨ ਅਤੇ ਉਚਾਰਨ ਨੂੰ ਮਹੱਤਤਾ ਨਹੀਂ ਦਿੱਤੀ ਸਗੋਂ ਸ਼ਬਦ ਵੀਚਾਰ ਅਤੇ ਗੁਰ ਉਪੇਦਸ਼ਾਂ ਮੁਤਾਬਕ ਅਮਲਾਂ ’ਤੇ ਵੱਧ ਜ਼ੋਰ ਦਿੱਤਾ ਗਿਆ ਹੈ ‘‘ਪੜਿਐ ਨਾਹੀ; ਭੇਦੁ ਬੁਝਿਐ ਪਾਵਣਾ (ਮਹਲਾ /੧੪੮), ਪੜਿਆ ਅਣਪੜਿਆ; ਪਰਮ ਗਤਿ ਪਾਵੈ (ਮਹਲਾ /੧੯੭), ਪੜਿ ਪੜਿ ਗਡੀ ਲਦੀਅਹਿ; ਪੜਿ ਪੜਿ ਭਰੀਅਹਿ ਸਾਥ ਪੜਿ ਪੜਿ ਬੇੜੀ ਪਾਈਐ; ਪੜਿ ਪੜਿ ਗਡੀਅਹਿ ਖਾਤ ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ ਨਾਨਕ  ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ’’ (ਮਹਲਾ /੪੬੭) ਆਸਾ ਕੀ ਵਾਰ ਦੀ ਇਸ ਪਉੜੀ ’ਚ ਲੇਖੇ ’ਚ ਕੰਮ ਆਉਣ ਵਾਲੀ, ਜਿਸ ਇੱਕ ਗੱਲ ਵੱਲ ਇਸ਼ਾਰਾ ਹੈ ਉਹ ਸ਼ਬਦ ਦੀ ਵੀਚਾਰ ਨਾਲ ਹੀ ਬੁਝੀ ਅਤੇ ਸਮਝੀ ਜਾ ਸਕਦੀ ਹੈ; ਇਸੇ ਕਾਰਨ ਗੁਰੂ ਸਾਹਿਬ ਜੀ ਨੇ ਸ਼ਬਦ ਵੀਚਾਰ ਨੂੰ ਸਭ ਤੋਂ ਉੱਪਰ ਦੱਸਿਆ ਹੈ ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ ਹੋਰ ਕਥਨੀ ਬਦਉ ; ਸਗਲੀ ਛਾਰ (ਮਹਲਾ /੯੦੪), ਸੇਵਕ ਸਿਖ ਪੂਜਣ ਸਭਿ ਆਵਹਿ; ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ; ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ’’ (ਮਹਲਾ /੬੬੯) ਗੁਰੂ ਦੇ ਹੁਕਮਾਂ ਨੂੰ ਸਤਿ ਸਤਿ ਕਰ ਮੰਨਣਾ ਵੀ ਤਾਂ ਹੀ ਸੰਭਵ ਹੈ, ਜੇ ਪਹਿਲਾਂ ਗੁਰੂ ਹੁਕਮਾਂ ਦੀ ਸਮਝ ਪਵੇਗੀ ਕਿ ਗੁਰੂ ਸਾਹਿਬ ਦੇ ਹੁਕਮ ਜਾਂ ਆਗਿਆ ਹੈ ਕੀ ? ਨਹੀਂ ਤਾਂ ਬਿਨਾਂ ਸੋਝੀ ਤੋਂ ਪੜ੍ਹਨਾ ‘ਪੜ੍ਹ ਪੜ੍ਹ ਗੱਡੇ ਲੱਦਣ’ ਅਤੇ ‘ਖੂਹ ਖਾਤੇ ਭਰਨ’ ਦੇ ਬਰਾਬਰ ਹੈ, ਜਿਸ ਨੂੰ ਗੁਰੂ ਸਾਹਿਬ ਜੀ ਨੇ ‘ਝਖਣਾ ਝਾਖ’ ਤੇ ‘ਸਗਲੀ ਛਾਰ’ ਕਿਹਾ ਹੈ। ਇਸ ਲਈ ‘ਸਿੰਘ ਸਭਾਈ’/ ਮਿਸ਼ਨਰੀ ਵੀਚਾਰਧਾਰਾ ਦਾ ਮੰਨਣਾ ਹੈ ਕਿ ਗੁਰਬਾਣੀ ਦਾ ਉਚਾਰਨ ਇਸ ਤਰ੍ਹਾਂ ਦਾ ਹੋਵੇ ਕਿ ਪੜ੍ਹਨ ਅਤੇ ਸੁਣਨ ਵਾਲਿਆਂ ਦੇ ਗੁਰਬਾਣੀ ਦੇ ਅਰਥ, ਨਾਲੋਂ ਨਾਲ ਸਮਝ ’ਚ ਆਉਂਦੇ ਜਾਣ ਤਾਂ ਕਿ ਅਣਪੜ੍ਹ ਵਿਅਕਤੀ ਵੀ ਸੁਣ ਕੇ ਪਰਮ ਗਤੀ ਪ੍ਰਾਪਤ ਕਰ ਸਕੇ।

ਇਸ ਉਪਰੰਤ ਦੋ ਸੈਮੀਨਾਰ ਹੋਰ ਹੋਏ, ਜਿਨ੍ਹਾਂ ਵਿੱਚੋਂ ਪਹਿਲਾ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਿਖੇ ਹੋਇਆ ਜਿਸ ਵਿੱਚ ਪ੍ਰੋ. ਬਲਕਾਰ ਸਿੰਘ ਨੇ ਮੁੱਖ ਪਰਚਾ ਪੜ੍ਹਿਆ ਅਤੇ ਮਿਸ਼ਨਰੀ ਵੀਚਾਰਧਾਰਾ ਨਾਲ ਸੰਬੰਧਿਤ ਵਿਦਵਾਨ ਪ੍ਰੋ. ਮਨਜੀਤ ਸਿੰਘ, ਗਿਆਨੀ ਕੇਵਲ ਸਿੰਘ, ਪ੍ਰਿੰ. ਨਰਿੰਦਰ ਸਿੰਘ ਦਿੱਲੀ, ਗਿਆਨੀ ਅਵਤਾਰ ਸਿੰਘ ਜਲੰਧਰ ਸੰਪਾਦਕ ਮਿਸ਼ਨਰੀ ਸੇਧਾਂ, ਪ੍ਰਿੰ. ਗੁਰਜਿੰਦਰ ਸਿੰਘ ਗੁਰਮਤਿ ਕਾਲਜ਼ ਮਸਤੂਆਣਾ, ਪ੍ਰੋ. ਕੇਹਰ ਸਿੰਘ, ਐਡਵੋਕੇਟ ਜਸਵਿੰਦਰ ਸਿੰਘ ਅਕਾਲ ਪੁਰਖ ਕੀ ਫੌਜ, ਸ਼੍ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਮੋਹਾਲੀ ਆਦਿਕ ਵਿਦਵਾਨਾਂ ਨੇ ਆਪਣੇ ਵੀਚਾਰ ਤੱਥਾਂ ਸਹਿਤ ਪੇਸ਼ ਕਰਦਿਆਂ ਗੁਰਬਾਣੀ ਨੂੰ ਵਿਆਕਰਣਿਕ ਨਿਯਮਾਂ ਅਤੇ ਅਰਥਾਂ ਨੂੰ ਵਿਚਾਰ ਅਧੀਨ ਰੱਖ ਕੇ ਪੜ੍ਹਨ ਦੀ ਵਕਾਲਤ ਕੀਤੀ। ਗਿਆਨੀ ਜਗਤਾਰ ਸਿੰਘ ਜਾਚਕ ਨੇ ਦੱਸਿਆ ਗੁਰੂ ਗ੍ਰੰਥ ਸਾਹਿਬ ’ਚ ਤਕਰੀਬਨ 46 ਭਾਸ਼ਾਵਾਂ ਅਤੇ ਉਪ ਭਾਸ਼ਾਵਾਂ ਵਿੱਚ ਗੁਰਬਾਣੀ ਉਚਾਰੀ ਗਈ ਹੈ, ਜਿਸ ਵਿੱਚ ਤਤਸਮ ਅਤੇ ਤਦਭਵ ਦੋਵੇਂ ਤਰ੍ਹਾਂ ਦੇ ਸ਼ਬਦ ਦਰਜ ਹਨ। ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ 12 ਕੋਹ ’ਤੇ ਬੋਲੀ ਬਦਲ ਜਾਂਦੀ ਹੈ। ਇੱਥੋਂ ਤੱਕ ਕਿ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਵਸਨੀਕਾਂ ਦੇ ਉਚਾਰਨ ਦਾ ਫ਼ਰਕ ਹੁੰਦਾ ਹੈ; ਪੜ੍ਹੇ ਲਿਖੇ ਅਤੇ ਅਨਪੜ੍ਹ ਵਿਅਕਤੀਆਂ ਦੇ ਉਚਾਰਨ ’ਚ ਫ਼ਰਕ ਹੁੰਦਾ ਹੈ, ਇਸ ਲਈ ਜਿਵੇਂ ਲਿਖੀ ਹੈ ਓਵੇਂ ਇੱਕ ਸਾਰ ਉਚਾਰਨ ਹੋ ਹੀ ਨਹੀਂ ਸਕਦਾ; ਉਚਾਰਨ ਵਿੱਚ ਫ਼ਰਕ ਰਹੇਗਾ ਹੀ ਰਹੇਗਾ। ਸਾਨੂੰ ਚਾਹੀਦਾ ਤਾਂ ਇਹ ਹੈ ਕਿ ਗੁਰਬਾਣੀ ਨੂੰ ਵੱਖ ਵੱਖ ਭਾਸ਼ਾਵਾਂ ’ਚ ਉਲੱਥਾ ਕਰਵਾ ਕੇ ਦੁਨੀਆਂ ਦੇ ਕੋਨੇ ਕੋਨੇ ’ਚ ਪਹੁੰਚਾਇਆ ਜਾਵੇ ਤਾਂ ਕਿ ਹਰ ਵਿਅਕਤੀ ਇਸ ਤੋਂ ਲਾਭ ਉਠਾ ਸਕੇ। ਦੂਸਰੀਆਂ ਭਾਸ਼ਾਵਾਂ ’ਚ ਕੀਤੇ ਉਲੱਥਿਆਂ ਨੂੰ ਵੀ ਇਕਸਾਰ ਪੜ੍ਹਨਾ ਇਸ ਤੋਂ ਵੀ ਮੁਸ਼ਕਲ ਹੈ ਕਿਉਂਕਿ ਹਰ ਭਾਸ਼ਾ ਦੀ ਲਿੱਪੀ ਦਾ ਉਚਾਰਨ ਵੱਖਰਾ ਹੁੰਦਾ ਹੈ। ਇਸ ਲਈ ਇਕਸਾਰ ਉੁਚਾਰਨ ’ਤੇ ਜ਼ੋਰ ਦੇਣ ਦੀ ਥਾਂ ਉਚਾਰਨ ਐਸਾ ਹੋਵੇ ਕਿ ਪਾਠ ਕਰਨ ਵਾਲੇ ਪਾਠੀ ਅਤੇ ਸੁਣਨ ਵਾਲੇ ਸਰੋਤੇ ਨੂੰ ਅਰਥ ਭਾਵਾਂ ਦੀ ਨਾਲੋਂ ਨਾਲ ਸਮਝ ਪੈਂਦੀ ਜਾਏ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਉਸ ਨਵੇਂ ਕਿਤਾਬਚੇ ’ਚ ਇੱਕ ਗੱਲ ਸਿਧਾਂਤਕ ਤੌਰ ’ਤੇ ਮੁੱਢੋਂ ਗਲਤ ਲਿਖੀ ਹੈ ਕਿ ‘ਆਦਿ ਸਚੁ,  ਜੁਗਾਦਿ ਸਚੁ ॥ ’ਚ 16 ਚਿੰਨ੍ਹਾਂ ਰਾਹੀਂ 9 ਧੁਨੀਆਂ ਪੇਸ਼ ਕੀਤੀਆਂ ਗਈਆਂ ਹਨ। ਇਸ ਦਾ ਪੂਰਾ ਲਾਭ ਤਾਂ ਹੀ ਮਿਲੇਗਾ ਜੇ ਇਨ੍ਹਾਂ ਸਭਨਾਂ ਦਾ ਉਚਾਰਨ ਕੀਤਾ ਜਾਵੇ। ਜੇ ਅਖੀਰਲੇ ਅੱਖਰਾਂ ਨੂੰ ਲੱਗੀ ਔਂਕੜ ਅਤੇ ਸਿਹਾਰੀ ਨਾ ਬੋਲੀ ਜਾਵੇ ਤਾਂ ਇਸ ਦੀਆਂ 4 ਮਾਤਰਾਂ ਉਚਾਰਨ ਤੋਂ ਰਹਿ ਜਾਣਗੀਆਂ ਜਿਸ ਕਾਰਨ ਇਸ ਦਾ ਪ੍ਰਭਾਵ ਘਟ ਜਾਵੇਗਾ ਅਤੇ ਪੂਰਾ ਲਾਭ ਨਹੀਂ ਮਿਲੇਗਾ। ਕਿਸੇ ਮੰਤਰ ਦਾ ਅਸਰ ਘੱਟ ਜਾਂ ਵੱਧ ਹੋਣਾ; ਗੁਰਮਤਿ ਨਹੀਂ ਬਲਕਿ ਵੈਦਿਕ ਵੀਚਾਰਧਾਰਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ 38ਵੀਂ ਪੳੜੀ ’ਚ ਅਥਰਬਣੀ ਭਾਰ ਦੱਸ ਕੇ ਰੱਦ ਕੀਤਾ ਹੈ “ਗੁਰਮਖਿ ਭਾਰ ਅਥਰਬਣਿ ਤਾਰਾ॥ ੩੮॥” ਕਿਉਂਕਿ ਗੁਰਬਾਣੀ ਵੇਦ ਮੰਤਰ ਨਹੀਂ, ਜਿਸ ਦੀਆਂ ਲਗਾਂ ਮਾਤਰਾਵਾਂ ਦਾ ਉਚਾਰਨ ਰਹਿ ਜਾਣ ਕਾਰਨ ਇਸ ਦਾ ਅਸਰ ਘਟ ਜਾਣਾ ਹੈ; ਸਗੋਂ ਸਾਨੂੰ ਜੀਵਨ ਜਾਚ ਦੀ ਸੇਧ ਦਿੰਦੀ ਹੈ, ਅਕਾਲ ਪੁਰਖ ਬਾਰੇ ਸੋਝੀ ਦਿੰਦੀ ਹੈ ਅਤੇ ਸਭਨਾਂ ਜੀਵਾਂ ’ਚ ਪਰਮਾਤਮਾਂ ਦੀ ਜੋਤ ਵੇਖਣ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਇਸ ਨਵੇਂ ਕਿਤਾਬਚੇ ’ਤੇ ਪਾਬੰਦੀ ਲਾਈ ਜਾਵੇ ਅਤੇ ਦੋਵੇਂ ਧਿਰਾਂ ਦੇ ਧਾਰਮਿਕ ਅਤੇ ਅਕੈਡਮਿਕ ਖੇਤਰ ਦੇ ਵਿਦਵਾਨਾਂ; ਜਿਨ੍ਹਾਂ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਵੀਚਾਰਧਾਰਾ ਦਾ ਗਿਆਨ ਹੋਵੇ; ਦੀ ਸ਼ਮੂਲੀਅਤ ਨਾਲ ਸਾਂਝੇ ਸੰਵਾਦ ਰਚਾ ਕੇ ਗੁਰਬਾਣੀ ਦੇ ਉਚਾਰਨ ਸੰਬੰਧੀ ਮਤਭੇਦ ਘਟਾਏ ਜਾਣ।

ਇਸ ਉਪਰੰਤ ਦੂਸਰਾ ਸੈਮੀਨਾਰ ਪਟਿਆਲੇ ਵਿਖੇ ਹੋਇਆ, ਜਿਸ ਵਿੱਚ ਮੁੱਖ ਬੁਲਾਰਾ ਡਾ. ਹਰਿਭਜਨ ਸਿੰਘ ਦੇਹਰਾਦੂਨ ਵਾਲੇ ਸਨ। ਇਸ ਵਿੱਚ ਤਕਰੀਬਨ ਦੋਵੇਂ ਵੀਚਾਰਧਾਰਾਵਾਂ ਦੇ ਵਿਦਵਾਨ ਸ਼ਾਮਲ ਸਨ। ਡਾ. ਹਰਿਭਜਨ ਸਿੰਘ ਨੇ ਨਵਾਂ ਹੀ ਵੀਚਾਰ ਪੇਸ਼ ਕੀਤਾ ਕਿ ਪਹਿਲਾਂ ਲੰਡੇ ਅੱਖਰ ਹੀ ਸਨ ਫਿਰ ਲਘੂ ਮਾਤਰਾਵਾਂ ਬਣੀਆਂ, ਜੋ ਬਾਅਦ ’ਚ ਦੀਰਘ ਮਾਤਰਾਵਾਂ ਬਣੀਆਂ ਹਨ, ਇਸ ਲਈ ਲਘੂ ਮਾਤਰਾ ਨੂੰ ਜੇਕਰ ਦੀਰਘ ਮਾਤਰਾ ਕਰਕੇ ਪੜ੍ਹ ਲਿਆ ਜਾਵੇ ਤਾਂ ਇਸ ਵਿੱਚ ਕੋਈ ਹਰਜ ਨਹੀਂ ਸਗੋਂ ਇਸ ਨਾਲ ਅਰਥ ਹੋਰ ਸਪਸ਼ਟ ਹੋ ਜਾਂਦੇ ਹਨ। ਆਪਣਾ ਪੱਖ ਪੂਰਨ ਲਈ ਉਨ੍ਹਾਂ ‘‘ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ; ਜਿਸੁ ਤੂੰ ਆਪਿ ਕਰਾਇਹਿ ॥’’ (ਮਹਲਾ ੫/੭੪੯) ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਇੱਥੇ ‘‘ਮੁਕਤ ਭੁਗਤ ਜੁਗਤ’’ ਪੜ੍ਹਨ ਦੀ ਕੋਈ ਤੁਕ ਨਹੀਂ ਕਿਉਂਕਿ ਜੇ ਬਾਅਦ ’ਚ ਇਨ੍ਹਾਂ ਦੇ ਅਰਥ ‘ਮੁਕਤੀ, ਜੁਗਤੀ’ ਹੀ ਕਰਨੇ ਹਨ ਤਾਂ ਕਿਉਂ ਨਾ ਪਹਿਲਾਂ ਹੀ ਪਾਠ ਮੁਕਤੀ, ਜੁਗਤੀ ਕਰ ਲਿਆ ਜਾਵੇ ਤਾਂ ਅਰਥ ਕਰਨ ਦੀ ਲੋੜ ਹੀ ਨਹੀਂ ਪਵੇਗੀ। ਓਪਰੀ ਨਿਗ੍ਹਾ ਨਾਲ ਡਾ. ਹਰਿਭਜਨ ਸਿੰਘ ਦਾ ਇਹ ਸੁਝਾਅ ਬਹੁਤ ਠੀਕ ਲਗਦਾ ਹੈ, ਪਰ ਗੁਰਬਾਣੀ ਵਿਆਕਰਣ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਵੀਚਾਰਧਾਰਾ ਨੂੰ ਸਮਝਣ ਵਾਲੇ ਗਿਆਨੀ ਅਵਤਾਰ ਸਿੰਘ ਸੰਪਾਦਕ ਮਿਸ਼ਨਰੀ ਸੇਧਾਂ ਨੇ ਸਵਾਲ ਕੀਤਾ ਕਿ ਤੁਸੀਂ ਕੇਵਲ ਸੰਸਕ੍ਰਿਤ ਦੇ ਉਨ੍ਹਾਂ ਨਾਂਵ ਸ਼ਬਦਾਂ ਦੀ ਉਦਾਹਰਨ ਦੇ ਰਹੇ ਹੋ, ਜਿਹੜੇ ਸੰਸਕ੍ਰਿਤ ਲਿਖਣਸ਼ੈਲੀ ਵਿੱਚ ਲਿਖੇ ਸਿਹਾਰੀ ਨਾਲ ਜਾਂਦੇ ਹਨ ਪਰ ਪੜ੍ਹੇ ਬਿਹਾਰੀ ਸਹਿਤ ਜਾਂਦੇ ਹਨ। ਜਦੋਂ ਕਿ ਜਿਹੜੇ ਨਾਂਵ ਕਰਤਾ ਕਾਰਕ ਅਤੇ ਪੂਰਨ ਪੂਰਬ ਕਾਰਦੰਤਕ ਦੇ ਅਰਥ ਦੇਣ ਲਈ ਅੰਤ ਸਿਹਾਰੀ ਨਾਲ ਲਿਖੇ ਜਾਂਦੇ ਹਨ ਉਨ੍ਹਾਂ ਨੂੰ ਬਿਹਾਰੀ ਸਹਿਤ ਨਹੀਂ ਪੜ੍ਹਿਆ ਜਾ ਸਕਦਾ; ਜਿਵੇਂ ਕਿ ‘‘ਗੁਰਿ ਨਾਨਕਿ (ਨੇ) ਮੇਰੀ ਪੈਜ ਸਵਾਰੀ ’’ (ਮਹਲਾ /੮੦੬) ਦੇ ਅਰਥ ਹਨ ‘ਗੁਰੂ ਨਾਨਕ ਨੇ ਮੇਰੀ ਇੱਜਤ ਰੱਖ ਲਈ ਹੈ। ਇੱਥੇ ਉਚਾਰਨ ‘ਗੁਰੀ ਨਾਨਕੀ’ ਨਹੀਂ ਕੀਤਾ ਜਾ ਸਕਦਾ’। ਇਸੇ ਤਰ੍ਹਾਂ  ‘‘ਇਕਿ, ਘਰਿ ਆਵਹਿ ਆਪਣੈ; ਇਕਿ, ਮਿਲਿ ਮਿਲਿ ਪੁਛਹਿ ਸੁਖ ’’ (ਮਹਲਾ /੪੧੭) ਤੁਕ ’ਚ ‘ਇਕਿ’ ਸ਼ਬਦ ਦੇ ਅੰਤਲੇ ‘ਕ’ ਨੂੰ ਲੱਗੀ ਸਿਹਾਰੀ ਬਹੁ ਵਚਨ ਦੇ ਅਰਥ ਦਿੰਦੀ ਹੈ; ‘ਘਰਿ’ ਦੇ ‘ਰ’ ਨੂੰ ਲੱਗੀ ਸਿਹਾਰੀ ਅਧਿਕਰਣ ਕਾਰਕ ਦੇ ਤੌਰ ’ਤੇ ਵਰਤੀ ਗਈ ਹੈ, ਜਿਸ ਦਾ ਅਰਥ ਹੈ ‘ਘਰ ਵਿੱਚ’ ਅਤੇ ‘ਮਿਲਿ ਮਿਲਿ’ ਸ਼ਬਦਾਂ ਦੇ ਅੰਤਲੇ ‘ਲ’ ਨੂੰ ਲਗੀ ਸਿਹਾਰੀ ਪੂਰਬ ਪੂਰਨ ਕਾਰਦੰਤਕ ਦੇ ਤੌਰ ’ਤੇ ਅਰਥ ਦਿੰਦੀ ਹੈ ‘ਮਿਲ ਮਿਲ ਕੇ’ ਇਸ ਲਈ ਇਸ ਤੁਕ ਵਿੱਚ ਨਾ ਹੀ ਇਕਿ ਨੂੰ ਇਕੀ ਪੜ੍ਹਿਆ ਜਾ ਸਕਦਾ ਹੈ; ਨਾ ‘ਘਰਿ’ ਨੂੰ ‘ਘਰੀ’ ਅਤੇ ਨਾ ਹੀ ‘ਮਿਲਿ ਮਿਲਿ’ ਨੂੰ ‘ਮਿਲੀ ਮਿਲੀ’।

ਜਵਾਬ ’ਚ ਡਾ. ਹਰਿਭਜਨ ਸਿੰਘ ਨੇ ਕਿਹਾ ਇਨ੍ਹਾਂ ਅੱਖਰਾਂ ਨੂੰ ਹਲਕੀ ‘ਲਾਂ’ ਵਾਙ ਪੜ੍ਹਿਆ ਜਾਵੇ। ਇਸ ਦਾ ਭਾਵ ਇਹ ਹੋਇਆ ਕਿ ਜਿਵੇਂ ਲਿਖਿਆ ਓਵੇਂ ਪੜ੍ਹੇ ਜਾਣ ਦੀ ਰੱਟ ਲਾਉਣ ਵਾਲੇ ਡਾ. ਹਰਿਭਜਨ ਸਿੰਘ ਦੀ ਸਲਾਹ ਵੀ ਨਹੀਂ ਮੰਨਣਗੇ ਕਿਉਂਕਿ ਇਹ ਵੀ ‘ਸਿਹਾਰੀ’ ਨੂੰ ਪ੍ਰਸੰਗ ਅਤੇ ਅਰਥਾਂ ਮੁਤਾਬਕ ਪੜ੍ਹਨ ਦੀ ਸਲਾਹ ਦੇ ਰਹੇ ਹਨ। ਦੂਸਰਾ ਸਵਾਲ ਇਹ ਹੈ ਕਿ ਜੇ ਡਾ. ਹਰਿਭਜਨ ਸਿੰਘ ਲਘੂ ਮਾਤਰਾ ਨੂੰ ਦੀਰਘ ਮਾਤਰਾ ਵਜੋਂ ਪੜ੍ਹੇ ਜਾਣਾ ਦਰੁਸਤ ਮੰਨਦੇ ਹਨ ਤਾਂ ‘ਸਿਹਾਰੀ ਨੂੰ ਬਿਹਾਰੀ’ ’ਚ ਬਦਲੇ ਜਾਣਾ ਤਾਂ ਠੀਕ ਦੀਰਘ ਮਾਤਰਾ ਬਣ ਗਈ ਪਰ ‘ਸਿਹਾਰੀ’ ਦੀ ਦੀਰਘ ਮਾਤਰਾ ‘ਲਾਂ’ ਤਾਂ ਕਦਾਚਿਤ ਨਹੀਂ ਹੈ। ਇਸੇ ਤਰ੍ਹਾਂ ਔਂਕੜ ਦੀ ਦੀਰਘ ਮਾਤਰਾ ਦੁਲੈਂਕੜ ਹੈ, ਨਾ ਕਿ ਹੋੜਾ। ਫਿਰ ਸਾਰੀਆਂ ਮਾਤਰਾਵਾਂ ਬੋਲੇ ਜਾਣ ਦੇ ਹਾਮੀ ‘ਵੀਆਹੁ ਨੂੰ ਵੀਆਹੋ, ਰਾਹੁ ਨੂੰ ਰਾਹੋ, ਮਾਹੁ ਨੂੰ ਮਾਹੋ’ ਕਿਹੜੇ ਨਿਯਮ ਅਧੀਨ ਪੜ੍ਹ ਰਹੇ ਹਨ ਕਿਉਂਕਿ ਇਨ੍ਹਾਂ ਦੇ ਅਰਥ ਤਾਂ ਕਰਮਵਾਰ ‘ਵੀਆਹ, ਰਾਹ, ਮਾਹ’ ਹੀ ਹਨ। ਇਨ੍ਹਾਂ ਦੇ ਅਖੀਰਲੇ ਅੱਖਰ ਨੂੰ ਲੱਗੀ ਔਂਕੜ ਤਾਂ ਇੱਕ ਵਚਨ ਪੁਲਿੰਗ ਸ਼ਬਦਾਂ ਦੇ ਅਰਥ ਦੇਣ ਲਈ ਵਿਆਕਰਣਿਕ ਨਿਯਮਾਂ ਅਨੁਸਾਰ ਲੱਗੀ ਹੈ ਤਾਂ ਇਨ੍ਹਾਂ ਨੂੰ ਬਿਨਾਂ ਔਂਕੜ ਉਚਾਰੇ ਜਾਣ ’ਚ ਕੀ ਹਰਜ਼ ਹੈ ? ਜਿਵੇਂ ਕਿ ‘ਸੁਣਿਐ ਅੰਧੇ ਪਾਵਹਿ ਰਾਹੁ ॥’  (ਜਪੁ) ਵਿੱਚ ਔਂਕੜ ਸਹਿਤ ‘ਰਾਹੁ’ ਇੱਕ ਵਚਨ ਹੈ। ਤੁਕ ਦੇ ਅਰਥ ਹਨ ‘ਨਾਮ ਸੁਣਨ ਨਾਲ ਅੰਧੇ (ਗਿਆਨਹੀਣ) ਮਨੁੱਖ ਵੀ ਪ੍ਰਮਾਤਮਾ ਨੂੰ ਮਿਲਣ ਦਾ ਰਾਹ (ਤਰੀਕਾ) ਲੱਭ ਲੈਂਦੇ ਹਨ’, ਪਰ ‘‘ਰਾਹ ਦੋਵੈ; ਇਕੁ ਜਾਣੈ, ਸੋਈ ਸਿਝਸੀ ’’ (ਮਹਲਾ /੧੪੨) ਵਿੱਚ ਔਂਕੜ ਰਹਿਤ ‘ਰਾਹ’ ਬਹੁ ਵਚਨ ਅਰਥ ਦੇਣ ਲਈ ਹੈ। ਤੁਕ ਦੇ ਅਰਥ ਹਨ (ਮਨੁੱਖ ਜੂਨੀ ਲਈ ਮਾਇਆ ਤੇ ਨਾਮ ਰੂਪੀ) ਦੋ ਰਸਤੇ ਹਨ; (ਇਸ ਜੀਵਨ ’ਚ) ਸਫਲ ਉਹੀ ਹੁੰਦਾ ਹੈ ਜਿਹੜਾ ਦੋਵਾਂ ’ਚੋਂ ਇੱਕ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਰੱਖਣ ਦਾ ਤਰੀਕਾ (ਰਸਤਾ) ਲੱਭ ਲੈਂਦਾ ਹੈ।

ਗੁਰਬਾਣੀ ਜਿਵੇਂ ਲਿਖੀ ਹੈ ਤਿਵੇਂ ਪੜ੍ਹੀ ਜਾਵੇ ਦਾ ਰੌਲ਼ਾ ਪਾ ਰਹੇ ਵਿਦਵਾਨ ਅਸਲ ਵਿੱਚ ਗੁਰਬਾਣੀ ਵਿਆਕਰਨ ਅਤੇ ਗੁਰਬਾਣੀ ਲਿਖੇ ਜਾਣ ਦੀ ਸ਼ੈਲੀ ਤੋਂ ਅਣਜਾਣ ਹਨ। ਹੋਰਨਾਂ ਦੀ ਤਾਂ ਗੱਲ ਹੀ ਛੱਡੋ ਸਿੱਖੀ ਦੇ ਕੇਂਦਰ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਦਮਦਮੀ ਟਕਸਾਲ ਦਾ ਵਿਦਿਆਰਥੀ ਹੋਣ ਕਾਰਨ ਉਸ ਨੇ ਸਾਰੇ ਗ੍ਰੰਥੀਆਂ ਨੂੰ ਗਸ਼ਤੀ ਪੱਤਰ ਜਾਰੀ ਕਰ ਵਾਧੂ ਬਿੰਦੀ ਟਿੱਪੀ ਲਾਉਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਗੁਰਬਾਣੀ ਜਿਵੇਂ ਲਿਖੀ ਹੈ ਉਵੇਂ ਹੀ ਸ਼ੁੱਧ ਪਾਠ ਕੀਤਾ ਜਾਵੇ। ਇਸ ਲਈ ਟੀਵੀ ਚੈੱਨਲ ’ਤੇ ਪਰਸਾਰਤ ਹੋਣ ਵਾਲੇ ਪ੍ਰੋਗਰਾਮਾਂ ’ਚ ਬਿੰਦੀ ਟਿੱਪੀ ਲਾਉਣ ਤੋਂ ਬਹੁਤ ਸੰਕੋਚ ਕਰਦੇ ਗ੍ਰੰਥੀ ‘‘ਸਿਧਾ ਪੁਰਖਾ ਕੀਆ ਵਡਿਆਈਆ ’’ (ਸੋ ਦਰੁ/ਮਹਲਾ /) ਨੂੰ ਅੰਤਲਾ ਕੰਨਾ ਬਿਨਾਂ ਬਿੰਦੀ ਬੜਾ ਘੋਟ ਘੋਟ ਕੇ ਪਾਠ ਕਰਦੇ ਆਪਣੇ ਜਣੇ ਸ਼ੁੱਧ ਪਾਠ ਕਰ ਰਹੇ ਹੁੰਦੇ ਹਨ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹੀ ਸ਼ਬਦ ਮੁੜ ਆਸਾ ਰਾਗ ’ਚ ਪਾਵਨ ਅੰਕ ੩੪੯ ’ਤੇ ਦਰਜ ਹੈ; ਜਿਸ ਵਿੱਚ ‘ਵਡਿਆਈਆਂ’ ਦਾ ਅੰਤਲਾ ਅੱਖਰ ‘ਆ’ ਕੰਨਾਂ ਬਿੰਦੀ ਸਹਿਤ ਆਇਆ ਹੈ। ਇਸੇ ਸ਼ਬਦ ਨੂੰ ਰਹਰਾਸਿ ’ਚ ਬਿਨਾਂ ਬਿੰਦੀ ਪਾਠ ਕਰਨ ਵਾਲੇ ਪਾਠੀ ਦੱਸਣ ਕਿ ਇਨ੍ਹਾਂ ਦੋਵਾਂ ’ਚੋਂ ਕਿਹੜੀ ਤੁਕ ਦਾ ਅਸਰ ਉਹ ਵੱਧ ਜਾਂ ਘੱਟ ਸਮਝਦੇ ਹਨ। ਗੁਰਦੁਆਰਾ ਕਰਮਸਰ ਰਾੜਾ, ਜ਼ਿਲ੍ਹਾ ਲੁਧਿਆਣਾ ਵੱਲੋਂ ‘ਈਸ਼ਰ ਮਾਈਕਰੋ ਮੀਡਿਆ’ ਗੁਰਬਾਣੀ ਸਰਚਰ ਨਾਮ ਦਾ ਇੱਕ ਤਾਕਤਵਰ ਇੰਜਨ ਤਿਆਰ ਕੀਤਾ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਦੀ ਪਰਵਾਨਗੀ ਹੈ। ਇਸ ਵਿੱਚ ‘ਪਾਠ ਬੋਧ’ ਸਿਰਲੇਖ ਹੇਠ ਅੰਕ ੯ ਅਤੇ ੩੪੯ ਦੋਵਾਂ ਥਾਵਾਂ ’ਤੇ ਇਸ ਤੁਕ ਦੇ ਤਿੰਨੇ ਸ਼ਬਦਾਂ ‘ਸਿਧਾਂ, ਪੁਰਖਾਂ, ਵਡਿਆਈਆਂ’ ਨੂੰ ਅੰਤ ਕੰਨਾ; ਬਿੰਦੀ ਸਹਿਤ ਉਚਾਰਨ ਦੀ ਸੇਧ ਦਿੱਤੀ ਹੈ। ਇਸ ਦਾ ਭਾਵ ਹੈ ਕਿ ਉਚਾਰਨ ਪੱਖੋਂ ‘ਰਾੜਾ ਸੰਸਥਾ’ ਵਾਲੇ ਵੀ ਮਿਸ਼ਨਰੀ ਪ੍ਰਚਾਰਕਾਂ ਨਾਲ ਲਗਭਗ ਸਹਿਮਤ ਹਨ।

ਲੋੜ ਅਨੁਸਾਰ ‘ਬਿੰਦੀ, ਟਿੱਪੀ’ ਸਹਿਤ ਨਾਸਕੀ ਉਚਾਰਨ ਕਰਨ ਵਾਲਿਆਂ ਨੂੰ ਸਾਕਤ, ਗੁਰੂ ਨਿੰਦਕ ਅਤੇ ਕਾਮਰੇਡ ਆਦਿਕ ਲਕਬ ਦੇਣ ਵਾਲੇ ਵਿਦਵਾਨ ਅਤੇ ਦਰਬਾਰ ਸਾਹਿਬ ਦੇ ਮੌਜੂਦਾ ਮੁੱਖ ਗ੍ਰੰਥੀ ਨੂੰ ਕਦੀ ਨਹੀਂ ਵੇਖਿਆ ਗਿਆ ਕਿ ਉਹ ਗਲਤ ਥਾਵਾਂ ’ਤੇ ਵਿਸਰਾਮ ਦੇ ਕੇ ਅਰਥਾਂ ਦੇ ਅਨਰਥ ਕਰਨ ਵਾਲਿਆਂ ਨੂੰ ਅਜਿਹੇ ਲਕਬ ਦਿੰਦੇ ਹੋਣ। ਦਰਬਾਰ ਸਾਹਿਬ ਤੋਂ ਚੈੱਨਲ ’ਤੇ ਪ੍ਰਸਾਰਤ ਹੋ ਰਹੇ ਪਾਠ ਅਤੇ ਸ਼ਬਦ ਕੀਰਤਨ ’ਚੋਂ ਹੇਠਾਂ ਕੁਝ ਉਦਾਹਰਣਾਂ ਦਿੱਤੀਆਂ ਜਾ ਰਹੀਆਂ ਹਨ, ਜਿੱਥੇ ਉਹ ਗਲਤ ਥਾਵਾਂ ’ਤੇ ਵਿਸਰਾਮ ਲਾ ਕੇ ਅਰਥਾਂ ਦੇ ਅਨਰਥ ਕਰ ਰਹੇ ਹਨ :

  1. ਹਰਿ ਬੁਝਨਿ ਨਾਹੀ; ਹਾਰਿਆ ॥ ਪ੍ਰਸੰਗ ਅਨੁਸਾਰ ਅਰਥ ਬਣਦੇ ਹਨ: ਜੋ ਮਨੁੱਖ ਹਰੀ ਪ੍ਰਮਾਤਮਾ ਨੂੰ ਨਹੀਂ ਸਮਝਦੇ ਉਹ ਜੀਵਨ ਬਾਜ਼ੀ ਹਾਰ ਜਾਂਦੇ ਹਨ ਇਸ ਲਈ ਵਿਸਰਾਮ ਚਾਹੀਦਾ ਹੈ ‘ਨਾਹੀ’ ਤੋਂ ਬਾਅਦ, ਪਰ ਵਿਸਰਾਮ ਅਯੋਗ ਥਾਂ ਭਾਵ ‘ਬੁਝਨਿ’ ਤੋਂ ਬਾਅਦ ਲਾ ਕੇ ਅਰਥਾਂ ਦੇ ਅਨਰਥ ਬਣ ਜਾਣਗੇ: ਜੋ ਹਰੀ ਨੂੰ ਬੁਝਦੇ ਹਨ; ਉਹ ਆਪਣੇ ਜੀਵਨ ਦੀ ਬਾਜ਼ੀ ਨਹੀਂ ਹਾਰਦੇ ਜਦੋਂ ਕਿ ਸਾਰੀ ਪਉੜੀ ਦੇ ਅਰਥ ਵੀਚਾਰਨ ਤੋਂ ਸਮਝ ਲੱਗ ਜਾਂਦੀ ਹੈ ਕਿ ਇਹ ਅਰਥ ਢੁੱਕਵੇਂ ਨਹੀਂ ਹਨ।
  2. ਗੋਹੇ ਅਤੈ ਲਕੜੀ ਅੰਦਰਿ; ਕੀੜਾ ਹੋਇ ॥ ਕੀੜਾ ਕਿੱਥੇ ਹੁੰਦਾ ਹੈ ? ਗੋਹੇ ਅਤੇ ਲਕੜੀ ਅੰਦਰ। ਇਸ ਲਈ ਵਿਸਰਾਮ ‘ਅੰਦਰਿ’ ਤੋਂ ਬਾਅਦ ਚਾਹੀਦਾ ਹੈ ਪਰ ਬਹੁਤੇ ਰਾਗੀ ਸਿੰਘ ‘ਲਕੜੀ’ ਤੋਂ ਬਾਅਦ ਵਿਸਰਾਮ ਲਾ ਕੇ ‘ਅੰਦਰਿ ਕੀੜਾ ਹੋਇ॥’ ਇਕੱਠਾ ਪਾਠ ਕਰਦੇ ਹਨ, ਜਿਸ ਨਾਲ ਸਰੋਤੇ ਨਹੀਂ ਸਮਝ ਸਕਦੇ ਕਿ ਕੀੜਾ ਕਿਸ ਅੰਦਰ ਹੁੰਦਾ ਹੈ ?
  3. ਮਨ ਮਹਿ, ਰਾਮ ਨਾਮਾ ਜਾਪਿ ॥ ‘ਮਨ’ ਤੋਂ ਬਾਅਦ ਸੰਬੰਧਕੀ ਸ਼ਬਦ ‘ਮਹਿ’ ਆਉਣ ਸਦਕਾ ‘ਮਨ’ ਅੰਤ ਮੁਕਤਾ ਆਇਆ ਹੈ। ਇਸੇ ਤਰ੍ਹਾਂ ‘ਰਾਮ’ ਦਾ ‘ਮ’ ਮੁਕਤਾ ਹੋਣ ਤੋਂ ਸੰਕੇਤ ਇਹੀ ਮਿਲਦਾ ਹੈ ਕਿ ਇਸ ਤੋਂ ਬਾਅਦ ਲੁਪਤ ਰੂਪ ’ਚ ਸੰਬੰਧਕੀ ਸ਼ਬਦ ‘ਦਾ’ ਆਵੇਗਾ, ਜੋ ‘ਨਾਮਾ’ ਦਾ ਸੰਬੰਧ ‘ਰਾਮ’ ਨਾਲ ਜੋੜੇਗਾ ਭਾਵ ‘ਰਾਮ ਦਾ ਨਾਮ’। ਇਸ ਕਾਰਨ ਵਿਸਰਾਮ ‘ਰਾਮ’ ਤੋਂ ਬਾਅਦ ਦੇਣਾ ਗਲਤ ਹੈ। ਜੇ ‘ਰਾਮ’ ਤੋਂ ਬਾਅਦ ਵਿਸਰਾਮ ਆਉਣਾ ਹੁੰਦਾ ਤਾਂ ਇਹ ਅੰਤ ਮੁਕਤਾ ਹੋਣ ਦੀ ਬਜਾਏ ਔਂਕੜ ਸਹਿਤ ਹੁੰਦਾ (ਮਨ ਮਹਿ ਰਾਮੁ)। ਸਹੀ ਥਾਂ ’ਤੇ ਵਿਸਰਾਮ ਦੇ ਕੇ ਅਰਥ ਬਣਦੇ ਹਨ ‘ਮਨ ਤੋਂ ਰਾਮ ਦਾ ਨਾਮ ਜਪ’, ਪਰ ‘ਰਾਮ’ ਤੋਂ ਬਾਅਦ ਵਿਸਰਾਮ ਦੇਣ ਨਾਲ ਇਸ ਦਾ ਸਬੰਧ ‘ਨਾਮਾ’ ਨਾਲੋਂ ਟੁੱਟ ਗਿਆ ਇਸ ਲਈ ਪਤਾ ਨਹੀਂ ਚੱਲੇਗਾ ਕਿ ‘ਨਾਮ’ ਕਿਸ ਦਾ ਜਪਣਾ ਹੈ ?
  4. ਨਾਨਕ ! ਤੇ ਮੁਖ ਉਜਲੇ ; ਕੇਤੀ ਛੁਟੀ ਨਾਲਿ ॥ ਇਸ ਤੁਕ ’ਚ ‘ਨਾਨਕ’ ਪਦ ਗੁਰਬਾਣੀ ਰਚਨਹਾਰ ਦੀ ਮੋਹਰਛਾਪ ਵਜੋਂ ਵਰਤਿਆ ਗਿਆ ਹੈ, ਜਿਸ ਦਾ ਅੰਤਲਾ ‘ਕ’ ਮੁਕਤਾ ਹੋਣ ਕਰਕੇ ਇਹ ਸੰਬੋਧਨ ਰੂਪ ’ਚ ਹੈ ਭਾਵ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਿੱਖਿਆ ਦੇਣ ਲਈ ਆਪਣੇ ਆਪ ਨੂੰ ਸੰਬੋਧਨ ਕਰ ਲਿਖ ਰਹੇ ਹਨ ਕਿ ‘ਹੇ ਨਾਨਕ ! ਜਿਨ੍ਹਾਂ ਨੇ ਨਾਮ ਧਿਆਇਆ ਉਨ੍ਹਾਂ ਦੇ ਮੂੰਹ ਰੱਬੀ ਦਰਗਾਹ ’ਚ ਰੌਸ਼ਨ ਹੋ ਗਏ ਅਤੇ ਉਨ੍ਹਾਂ ਨਾਲ ਕਿੰਨੇ ਹੋਰ ਭੀ ਮਾਇਆ ਬੰਧਨਾ ਤੋਂ ਛੁੱਟ ਗਏ।’ ਸੰਬੋਧਨ ’ਚ ਹੋਣ ਕਰਕੇ ‘ਨਾਨਕ’ ਤੋਂ ਬਾਅਦ ਵਿਸਰਾਮ ਚਾਹੀਦਾ ਹੈ, ਪਰ ਬਹੁਤੇ ਪਾਠੀ ਅਤੇ ਕੀਰਤਨੀਏ ਪਾਠ ਕਰਦੇ ਹਨ ‘‘ਨਾਨਕ ਤੇ ਮੁਖ ਉਜਲੇ’’ ਜਦਕਿ ਇਉਂ ਅਰਥ ਬਣ ਜਾਂਦਾ ਹੈ ਕਿ ‘ਨਾਨਕ ਨਾਲੋਂ ਮੁੱਖ ਰੌਸ਼ਨ ਹੋ ਗਏ।’ ਇਹ ਅਰਥਾਂ ਦਾ ਅਨਰਥ ਹੈ।
  5. ਏਹ ਵੈਰੀ, ਮਿਤ੍ਰ ਸਭਿ ਕੀਤਿਆ; ਨਹ ਮੰਗਹਿ ਮੰਦਾ ॥ ਯਾਨੀ ਸਭ ਵੈਰੀ; ਮੇਰੇ ਮਿੱਤਰ ਬਣਾ ਦਿੱਤੇ, ਇਸ ਲਈ ਹੁਣ ਇਹ ਮੇਰਾ ਬੁਰਾ ਨਹੀਂ ਲੋਚਦੇ, ਪਰ ਜਦੋਂ ਵਿਸਰਾਮ ‘ਵੈਰੀ’ ’ਤੇ ਲਗਾਉਣ ਦੀ ਬਜਾਏ ‘ਵੈਰੀ ਮਿਤ੍ਰ’ ਇਕੱਠਾ ਪਾਠ ਕਰ ਦਿੱਤਾ ਜਾਂਦਾ ਹੈ ਤਾਂ ਕੁਝ ਪਤਾ ਨਹੀਂ ਲੱਗਦਾ ਕਿ ਕਿਸ ਨੂੰ ਕੀ ਬਣਾ ਦਿੱਤਾ ?
  6. ਭਗਤ, ਤੇਰੈ ਮਨਿ ਭਾਵਦੇ ; ਦਰਿ ਸੋਹਨਿ ਕੀਰਤਿ ਗਾਵਦੇ ॥ ਇਸ ਤੁਕ ’ਚ ‘ਭਗਤ’ ਸ਼ਬਦ ਬਹੁ ਵਚਨ ਹੋਣ ਕਰਕੇ ਮੁਕਤਾ ਅੰਤ ਆਇਆ ਹੈ, ਨਾ ਕਿ ਲੁਪਤ ਸੰਬੰਧਕੀ ਕਾਰਕ ਹੋਣ ਕਰਕੇ। ਜਦੋਂ ਇੱਕ ਨਾਂਵ ਸ਼ਬਦ ਦੂਸਰੇ ਨਾਂਵ ਜਾਂ ਪੜਨਾਂਵ ਦੇ ਬਿਲਕੁਲ ਨਾਲ ਹੀ ਆਵੇ ਅਤੇ ਉਹ ਦੋਵੇਂ ਨਾਂਵ ਜਾਂ ਪੜਨਾਂਵ ਅੰਤ ‘ਸਿਹਾਰੀ’ ਜਾਂ ਅੰਤ ‘ਦੁਲਾਵਾਂ’ ਸਹਿਤ ਹੋਣ ਜਾਂ ਉਨ੍ਹਾਂ ਦੋਵਾਂ ’ਚੋਂ ਇੱਕ ਦੁਲਾਵਾਂ ਨਾਲ ਤੇ ਦੂਜਾ ਅੰਤ ਸਿਹਾਰੀ ਨਾਲ ਹੋਵੇ ਤਾਂ ਉਹ ਦੋਵੇਂ ਅਧਿਕਰਣ ਕਾਰਕ ’ਚ ਹੁੰਦੇ ਹਨ; ਜਿਵੇਂ ਕਿ ‘ਤੇਰੈ ਮਨਿ’ ਅਰਥ ਬਣਨਗੇ ‘ਤੇਰੇ ਮਨ ਵਿੱਚ’ ਇਨ੍ਹਾਂ ਦੋਵਾਂ ਦਾ ਇਕੱਠਾ ਪਾਠ ਹੋਵੇਗਾ। ਕਦੀ ਵੀ ਦੋਵਾਂ ਦੇ ਵਿਚਕਾਰ ਵਿਸਰਾਮ ਨਹੀਂ ਲੱਗ ਸਕਦਾ। ਸੋ ਇੱਥੇ ਬਿਨਾਂ ਵਿਸਰਾਮ ਪਾਠ ਕੀਤਿਆਂ ਪੂਰੀ ਤੁਕ ਦੇ ਅਰਥ ਹੋਣਗੇ ‘ਹੇ ਪ੍ਰਭੂ ! (ਜਿਹੜੇ) ਭਗਤ ਤੇਰੇ ਦਰ ’ਤੇ ਤੇਰੀ ਸਿਫਤ ਸਲਾਹ ਕਰ ਰਹੇ ਹਨ; (ਉਹ) ਤੈਨੂੰ ਤੇਰੇ ਮਨ ਵਿੱਚ ਚੰਗੇ ਲਗਦੇ ਹਨ’। ਪਰ ਆਮ ਦੇਖਿਆ ਗਿਆ ਹੈ ਕਿ ਪਾਠੀ/ਰਾਗੀ ‘ਤੇਰੈ’ ਤੋਂ ਬਾਅਦ ਵਿਸਰਾਮ ਲਾ ਕੇ ਪਾਠ ਕਰਦੇ ਹਨ ਫਿਰ ਕੋਈ ਪਤਾ ਨਹੀਂ ਲੱਗਦਾ ਕਿ ‘ਤੇਰੇ ਭਗਤ’ ਹੈ ਜਾਂ ‘ਤੇਰੇ ਮਨ’ ਹੈ ਯਾਨੀ ਕਿਸ ਦੇ ਮਨ ਵਿੱਚ ਚੰਗੇ ਲੱਗਦੇ ਹਨ, ਭੁਲੇਖਾ ਪੈਦਾ ਹੋ ਜਾਂਦਾ ਹੈ।
  7. ਜਿਉ ਭਾਵੈ, ਤਿਉ ਰਾਖਿ ਲੈ; ਹਮ, ਸਰਣਿ, ਪ੍ਰਭ ! ਆਏ ਰਾਮ ਰਾਜੇ ॥ ਇਸ ਤੁਕ ’ਚ ‘ਪ੍ਰਭ’ ਅੰਤ ਮੁਕਤਾ ਹੋਣ ਕਰਕੇ ਸੰਬੋਧਨ ਕਾਰਕ ’ਚ ਹੈ ਅਤੇ ਇੱਥੇ ਸੰਬੋਧਨੀ ਵਿਸਰਾਮ ਦੇਣਾ ਜ਼ਰੂਰੀ ਹੈ। ਇਸ ਤੁਕ ਦੇ ਅਨਵੈ ਅਰਥ ਹੋਣ ਕਰਕੇ ਇਸ ਤੋਂ ਪਹਿਲਾਂ ਵੀ ਵਿਸਰਾਮ ਲੱਗਣਾ ਜ਼ਰੂਰੀ ਹੈ। ਉਪਰੋਕਤ ਦੀ ਤਰ੍ਹਾਂ ਸਾਰੇ ਵਿਸਰਾਮ ਦੇ ਕੇ ਸਹੀ ਅਰਥ ਬਣਨਗੇ : ਹੇ ਪ੍ਰਭੂ ! ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਰੱਖ ਲੈ। ਪਰ ਅਣਗਹਿਲੀ ’ਚ ‘ਹਮ’ ਅਤੇ ‘ਪ੍ਰਭ’ ਤੋਂ ਬਾਅਦ ਵਿਸਰਾਮ ਦੇਣ ਦੀ ਬਜਾਏ ‘ਹਮ ਸਰਣਿ’ ਇਕੱਠਾ ਪਾਠ ਕੀਤਾ ਜਾਂਦਾ ਹੈ। ਇਸ ਤਰ੍ਹਾਂ ਗਲਤ ਵਿਸਰਾਮ ਦੇਣ ਨਾਲ ਅਰਥਾਂ ਦੇ ਅਨਰਥ ਹੋ ਜਾਂਦੇ ਹਨ ਕਿਉਂਕਿ ਸਾਰੀ ਤੁਕ ਦੇ ਅਰਥ ਬਣ ਜਾਣਗੇ ‘ਸਾਡੀ ਸ਼ਰਨ ਵਿੱਚ ਪ੍ਰਭੂ ਜੀ ਆ ਗਏ।’
  8. ਕਪੜੁ ਰੂਪੁ ਸੁਹਾਵਣਾ; ਛਡਿ ਦੁਨੀਆ ਅੰਦਰਿ, ਜਾਵਣਾ ॥ ਇਸ ਤੁਕ ਵਿੱਚ ਵਿਖਾਏ ਗਏ ਸਹੀ ਥਾਂ ਵਿਸਰਾਮ ਦੇਣ ਨਾਲ ਅਰਥ ਬਣ ਜਾਣਗੇ ਇਹ ‘ਸੋਹਣਾ ਸਰੀਰ, ਸੋਹਣਾ ਰੂਪ (ਇਸੇ ਜਗਤ ਵਿਚ) ਛੱਡ ਕੇ (ਜੀਵਾਂ ਨੇ) ਤੁਰ ਜਾਣਾ ਹੈ।’, ਪਰ ਜੇ ‘ਸੁਹਾਵਣਾ ਅਤੇ ‘ਅੰਦਰਿ’ ਤੋਂ ਬਾਅਦ ਵਿਸਰਾਮ ਨਾ ਦੇ ਕੇ ਪਾਠ ਕਰੀਏ ‘ਦੁਨੀਆ ਅੰਦਰਿ ਜਾਵਣਾ ॥’; ਇਸ ਦੇ ਅਰਥ ਬਣ ਜਾਣਗੇ ‘ਇਹ ਸੋਹਣਾ ਸਰੀਰ ਤੇ ਸੋਹਣਾ ਰੂਪ ਛੱਡ ਕੇ (ਜੀਵਾਂ ਨੇ) ਦੁਨੀਆਂ ਅੰਦਰ ਤੁਰ ਜਾਣਾ ਹੈ। ਇਹ ਗੁਰਮਤਿ ਅਤੇ ਕੁਦਰਤੀ ਨਿਯਮਾਂ ਦੇ ਵਿਰੁੱਧ ਅਰਥ ਹਨ ਕਿਉਂਕਿ ਦੁਨੀਆਂ ਵਿੱਚ ਤਾਂ ਜੀਵ ਵਿਚਰ ਹੀ ਰਹੇ ਹੁੰਦੇ ਹਨ ਅਗਾਂਹ ਤਾਂ ਮਰਨਾ ਹੀ ਹੋਣਾ ਹੈ।
  9. ਹਰਿ ਸੁਜਾਣੁ, ਨ ਭੁਲਈ ; ਮੇਰੇ ਗੋਵਿੰਦਾ ! ਆਪੇ ਸਤਿਗੁਰੁ ਜੋਗੀ ਜੀਉ ॥ ਦਰਸਾਏ ਗਏ ਸਹੀ ਵਿਸਰਾਮ ਨਾਲ ਅਰਥ ਬਣਦੇ ਹਨ ‘ਹੇ ਮੇਰੇ ਗੋਬਿੰਦ ! ਤੂੰ ਸਿਆਣਾ ਹੈ, ਨਾ ਕਿ ਭੁੱਲਣਹਾਰ। ਆਪ ਹੀ ਸਭ ਨੂੰ ਆਪਣੇ ਨਾਲ ਜੋੜਨ ਵਾਲ਼ਾ ਸੱਚਾ ਸਤਿਗੁਰੂ ਰੂਪ ਹੋ। ਪਰ ਜੇ ਵਿਸਰਾਮ ‘ਸੁਜਾਣੁ ਦੀ ਥਾਂ ‘ਨ’ ’ਤੇ ਲਾ ਦਿੱਤਾ ਜਾਵੇ ਤਾਂ ਅਰਥ ਬਣਨਗੇ ‘ਪ੍ਰਭੂ ਸਿਆਣਾ ਨਹੀਂ, ਭੁੱਲਣਹਾਰ ਹੈ’; ਇਹ ਅਰਥਾਂ ਦਾ ਅਨਰਥ ਹੋਵੇਗਾ, ਜੋ ਅਕਸਰ ਗਲਤ ਪਾਠ ਕਰਦਿਆਂ ਵੇਖਣ ਨੂੰ ਮਿਲਦਾ ਹੈ।

ਸੋ ਉਪਰੋਕਤ ਕੇਵਲ ਨਾ ਮਾਤਰ ਉਦਾਹਰਨਾਂ ਹਨ, ਵੈਸੇ ਇਸ ਤਰ੍ਹਾਂ ਦੀਆਂ ਸੈਂਕੜੇ ਗਲਤੀਆਂ ਰੋਜ਼ਾਨਾ ਹੁੰਦੀਆਂ ਵੇਖੀਦੀਆਂ ਹਨ। ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਮੇਤ ਸ਼੍ਰੋਮਣੀ ਕਮੇਟੀ ਨੂੰ ਭੀ ਚਾਹੀਦਾ ਹੈ ਕਿ ਨਾਸਕੀ ਉਚਾਰਨ ਕਰਨ ਵਾਲਿਆਂ ਨੂੰ ਕੇਵਲ ਸਾਕਤ, ਗੁਰੂ ਨਿੰਦਕ, ਅਸ਼ੁੱਧ ਪਾਠੀ, ਅਵਿਗਿਆਨੀ ਆਦਿ ਕਹਿਣ ਦੀ ਬਜਾਇ ਗੁਰਬਾਣੀ ਵਿਆਕਰਨ ਨਿਯਮਾਂ ਨੂੰ ਸਮਝ ਕੇ ਕੀਤੇ ਜਾ ਰਹੇ ਸ਼ੁੱਧ ਉਚਾਰਨ ਦੀ ਮਹੱਤਤਾ ਨੂੰ ਸਮਝਣ, ਨਾ ਕਿ ਸ਼ੁੱਧ ਪਾਠ ਕਰਨ ਵਾਲਿਆਂ ਦਾ ਵਿਰੋਧ ਕਰਨ। ਸ਼ੁੱਧ ਪਾਠ ਹੀ ਗੁਰਬਾਣੀ ਦੇ ਭਾਵਾਰਥਾਂ ਨੂੰ ਸਪਸ਼ਟ ਕਰਦਾ ਹੈ ਤਾਂ ਜੋ ਅਯੋਗ ਥਾਂਵਾਂ ’ਤੇ ਵਿਸਰਾਮ ਲਗਾ ਕੇ ਆਪਣੇ ਆਪ ਨੂੰ ਅਗਿਆਨੀ ਪ੍ਰਤੀਤ ਨਾ ਹੋਣਾ ਪਵੇ।