33 C
Jalandhar
Thursday, April 2, 2026
spot_img
Home Blog Page 40

ਬੇਗ਼ਮ ਮੁਗ਼ਲਾਨੀ ਨਸਲ ਦੀਆਂ ਵਾਰਸਾਂ ਹੱਥੀਂ ਦਿੱਲੀ ਗੋਦ ਵਿਚ ਹੀ ਇੱਜ਼ਤਾਂ ਦੀ ਲੁੱਟ

0

ਬੇਗ਼ਮ ਮੁਗ਼ਲਾਨੀ ਨਸਲ ਦੀਆਂ ਵਾਰਸਾਂ ਹੱਥੀਂ ਦਿੱਲੀ ਗੋਦ ਵਿਚ ਹੀ ਇੱਜ਼ਤਾਂ ਦੀ ਲੁੱਟ

ਰਸ਼ਪਾਲ ਸਿੰਘ  (ਹੁਸ਼ਿਆਰਪੁਰ)-98554-40151

ਰਾਜਧਾਨੀ ਅਤੇ ਦਿੱਲੀ ਦੋਵੇਂ ਸ਼ਬਦ ਇਸਤਰੀ ਲਿੰਗ ਹਨ। ਇਸਤਰੀ ਲਿੰਗ ਦਿੱਲੀ ਦੀ ਗੋਦ ਵਿਚ ਹੀ ਇਸਤਰੀਆਂ ਹੱਥੋਂ ਇੱਜ਼ਤਾਂ ਲੁੱਟੀਆਂ ਜਾਣ, ਤਾਂ ਦਿਲ ਧੜਕਦੇ ਹਨ ਕਿਉਂਕਿ ਇਸਤਰੀ ਸ਼ਬਦ ਕੋਮਲਤਾ ਤੇ ਸੂਖਮਤਾ ਦਾ ਪ੍ਰਭਾਵ ਛੱਡਦਾ ਹੈ, ਪਰ ਜਦੋਂ ਕਦੇ ਕਿਸੇ ਦੌਲਤ ਤੇ ਸ਼ੋਹਰਤ ਹਿਤ ਔਰਤ ਆਪਣੀ ਜ਼ਾਲਮਾਨਾ ਔਕਾਤ ਦਿਖਾਉਂਦੀ ਹੈ ਤਾਂ ਸੰਸਾਰ ਚਿੰਤਤ ਹੁੰਦਾ ਹੈ। ਔਰਤ ਨੂੰ ਤਾਂ ਇਮਾਨ ਦਾ ਦਰਜਾ ਪ੍ਰਾਪਤ ਹੈ।

26 ਜਨਵਰੀ 2022 ਨੂੰ ਭਾਰਤ ਗਣਤੰਤਰ ਦਿਵਸ ਮਨਾ ਰਿਹਾ ਸੀ ਤਾਂ ਭਾਰਤ ਦੀ ਰਾਜਧਾਨੀ ਦਿੱਲੀ ਵਿਚ 20 ਸਾਲ ਦੀ ਇਕ ਔਰਤ ਨੂੰ ਅਗਵਾ ਕਰਕੇ ਉਸ ਦੀ ਇੱਜ਼ਤ ਨੂੰ ਤਾਰਤਾਰ ਕੀਤਾ ਜਾ ਰਿਹਾ ਸੀ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ, ਸਰੀਰਕ ਤਸ਼ੱਦਦ ਢਾਹਿਆ ਗਿਆ, ਕੇਸ ਕਤਲ ਕੀਤੇ ਗਏ, ਮੂੰਹ ਕਾਲਾ ਕੀਤਾ ਗਿਆ ਅਤੇ ਸ਼ਰੇਬਾਜ਼ਾਰ ਸੜਕਾਂਤੇ ਘੁੰਮਾਇਆ ਗਿਆ ਇਨਸਾਨੀਅਤ ਕੰਬ ਗਈ ਕਿ ਇਸ ਜ਼ਾਲਮਾਨਾ ਕਾਰੇ ਵਿਚ ਵੱਡੀ ਭਾਗੀਦਾਰੀ ਔਰਤਾਂ ਦੀ ਸੀ ਇਹ ਹਿਰਦੇਵਲੂੰਧਰ ਦੀ ਘਟਨਾ ਨਾਲ ਇਸਤਰੀ ਹੀ ਨਹੀਂ ਬਲਕਿ ਇਨਸਾਨੀਅਤ ਸ਼ਰਮਸਾਰ ਹੋਈ

ਜਿੱਥੋਂ ਸਰਕਾਰਾਂ ਦੇਸ਼ ਨੂੰ ਚਲਾਉਂਦੀਆਂ ਹੋਣ ਉੱਥੇ ਇਹ ਇਕ ਘਟਨਾ ਨਹੀਂ ਬਲਕਿ ਸਮੇਂ-ਸਮੇਂ ਵੱਖ-ਵੱਖ ਰੂਪਾਂ ਵਿਚ ਘਟਨਾਵਾਂ ਵਾਪਰਦੀਆਂ ਹਨ। ਅਜਿਹੀਆਂ ਘਟਨਾਵਾਂ ਉਸ ਇਤਿਹਾਸ ਨੂੰ ਅੱਖਾਂ ਸਾਹਮਣੇ ਘੁੰਮਾਉਂਦੀਆਂ ਹਨ ਜਦ ਬੇਗ਼ਮ ਮੁਗ਼ਲਾਨੀ ਹੱਥੀਂ ਵੀ ਦਿੱਲੀ ਅੰਦਰ ਇੱਜ਼ਤਾਂ ਲੁੱਟੀਆਂ ਗਈਆਂ।

ਮੀਰ ਮੰਨੂ ਵੱਲੋਂ ਸਖ਼ਤੀ ਦੇ ਸਿਖਰ ਕਾਰਨ 26 ਅਕਤੂਬਰ 1753 ਦੀ ਦੀਵਾਲੀ ਮੌਕੇ ਸਿੱਖ ਅੰਮ੍ਰਿਤਸਰ ਇਕੱਠੇ ਹੋਣ ਤੋਂ ਅਸਮਰੱਥ ਸਨ। ਇਸ ਦੇ ਬਾਵਜੂਦ ਸਿੱਖ ਇਕੱਲੇ-ਦੁਕੱਲੇ ਗੁਰੂ ਕੀ ਨਗਰੀ ਨਤਮਸਤਕ ਹੋਣ ਦੇ ਯਤਨ ਰੱਖਦੇ। ਮੀਰ ਮੰਨੂ ਨੇ ਮੁਕੰਮਲ ਪਾਬੰਦੀ ਲਈ ਲਾਹੌਰ ਅਤੇ ਗੁਰੂ ਕੇ ਚੱਕ ਵਿਚਕਾਰ ਪੈਂਦੇ ਪਿੰਡ ਵਿਚ ਇਕ ਚੌਂਕੀ ਕਾਇਮ ਕਰ ਦਿੱਤੀ। ਚੌਂਕੀ ਇੰਚਾਰਜ ਖਵਾਜਾ ਮਿਰਜ਼ਾ ਦੀ ਫ਼ੌਜ ਸੌ ਕਿਲੋਮੀਟਰ ਦੇ ਘੇਰੇ ਤੱਕ ਸਿੱਖਾਂ ’ਤੇ ਨਜ਼ਰ ਰੱਖਦੀ। ਹੱਥ ਆਏ ਸਿੱਖਾਂ ਨੂੰ ਬੇਰਹਿਮੀ ਨਾਲ ਮਾਰ ਮੁਕਾ ਦਿੱਤਾ ਜਾਂਦਾ।  2 ਨਵੰਬਰ 1753 ਨੂੰ ਪਿੰਡ ਮਲਿਕਪੁਰ ਨੇੜੇ ਕਮਾਦ ਵਿਚ ਛੁਪੇ ਬੈਠੇ ਵੱਡੇ ਜੱਥੇ ਨੂੰ ਘੇਰਾ ਪਾ ਲਿਆ। ਸਿੱਖਾਂ ਨੇ ਸੁਰੱਖਿਆ ਵਜੋਂ ਗੋਲੀਬਾਰੀ ਕੀਤੀ ਤਾਂ ਮੀਰ ਮੰਨੂ ਦਾ ਘੋੜਾ ਡਰ ਕੇ ਬੇਲਗਾਮ ਹੋ ਗਿਆ। ਘੋੜੇ ਦੀ ਰਕਾਬ ਵਿਚ ਫਸੇ ਇਕ ਪੈਰ ਕਾਰਨ ਮੀਰ ਮੰਨੂ ਬਹੁਤ ਦੂਰ ਤੱਕ ਘਸੀਟਿਆ ਗਿਆ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਕ ਦੋ ਦਿਨਾਂ ਵਿਚ ਹੀ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਕਾਰਨ ਦਾ ਹੋਰ ਹਵਾਲਾ ਵੀ ਮਿਲਦਾ ਹੈ। ਇਹ ਦਰੁਸਤ ਹੈ ਕਿ ਸਿੱਖਾਂ ਦਾ ਸ਼ਿਕਾਰ ਕਰਨ ਚੜ੍ਹਿਆ ਮਰਿਆ, ਪਰ ਸਿੱਖਾਂ ਹੱਥੋਂ ਨਹੀਂ ਮਰਿਆ। ਮੀਰ ਮੰਨੂ ਜਿਉਂ ਹੀ ਮਰਿਆ ਤਾਂ ਸਿੱਖਾਂ ਨੇ ਮੰਨੂ ਦੇ ਜ਼ੇਲ੍ਹ ’ਤੇ ਹਮਲਾ ਕਰ ਕੇ ਸਿੱਖ ਬੀਬੀਆਂ ਅਤੇ ਬੱਚਿਆਂ ਨੂੰ ਬਾਹਰ ਕੱਢ ਲਿਆ।

ਮੀਰ ਮੰਨੂ ਮਰਿਆ ਤਾਂ 10 ਅਪ੍ਰੈਲ 1754 ਨੂੰ ਲੰਬੇ ਸਮੇਂ ਤੋਂ ਬਾਅਦ ਅਕਾਲ ਤਖ਼ਤ ਸਾਹਿਬ ’ਤੇ ਸਰਬੱਤ ਖ਼ਾਲਸਾ ਜੁੜਿਆ ਤੇ ਲੋਕਾਂ ਨੂੰ ਰਾਖੀ ਦੇਣ ਦਾ ਗੁਰਮਤਾ ਪਾਸ ਕੀਤਾ। ਮਤਲਬ ਕਿ ਹੁਣ ਕਿਸਾਨਾਂ ਅਤੇ ਵਪਾਰੀਆਂ ਨੇ ਮਾਲੀਆ ਸਿੱਖਾਂ ਨੂੰ ਦੇਣਾ ਸੀ ਤੇ ਸਿੱਖਾਂ ਨੇ ਅਫ਼ਗਾਨ ਧਾੜਵੀਆਂ ਅਤੇ ਮੁਗ਼ਲ ਸਰਕਾਰ ਤੋਂ ਲੋਕਾਂ ਦੀ ਰਾਖੀ ਕਰਨ ਦਾ ਫਰਜ਼ ਅਦਾ ਕਰਨਾ ਸੀ। ਲੋਕਾਂ ਨੇ ਇਸ ਮਤੇ ਨੂੰ ਰੱਬੀ ਤੋਹਫ਼ੇ ਵਜੋਂ ਕਬੂਲਿਆ ਕਿਉਂਕਿ ਜੋ ਹਾਲਾਤ ਸਨ ਉਸ ਦੀ ਗਵਾਹੀ ਇਕ ਅਖਾਣ ਭਰਦਾ ਹੈ ਕਿ ‘ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ’।

ਉੱਧਰ ਦਿੱਲੀ ਦੇ ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਨੇ ਮੀਰ ਮੰਨੂ ਦੇ ਤਿੰਨ ਸਾਲ ਦੇ ਪੁੱਤ ਮੁਹੰਮਦ ਅਮੀਨ ਖ਼ਾਨ ਨੂੰ ਲਾਹੌਰ ਦਾ ਸੂਬੇਦਾਰ ਐਲਾਨ ਦਿੱਤਾ ਤੇ ਮੁਗ਼ਲਾਨੀ ਬੇਗ਼ਮ ਨੂੰ ਉਸ ਦੀ ਸਰਪ੍ਰਸਤ ਬਣਾ ਦਿੱਤਾ, ਪਰ ਬੇਗ਼ਮ, ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਵਲੋਂ ਗੱਦੀ ਦੀ ਥਾਂ ਅਹਿਮਦ ਸ਼ਾਹ ਦੁਰਾਨੀ ਨਾਲ ਨੇੜਤਾ ਬਣਾਉਣਾ ਚਾਹੁੰਦੀ ਸੀ। ਲਾਹੌਰ ਦੀ ਸੂਬੇਦਾਰੀ ’ਤੇ ਦੁਰਾਨੀ ਦੀ ਮੋਹਰ ਲੁਆਉਣ ਵਾਸਤੇ ਉਸ ਨੂੰ ਪੱਤਰ ਭੇਜਿਆ। ਬੇਗ਼ਮ ਦੇ ਫ਼ੌਜਦਾਰ ਮੋਮਿਨ ਖ਼ਾਨ ਨੇ ਜਨਵਰੀ 1754 ਵਿਚ ਦੁਰਾਨੀ ਤੋਂ ਇਹ ਇੱਛਾ ਪੂਰੀ ਕਰਵਾ ਦਿੱਤੀ। ਰੱਬ ਦਾ ਭਾਣਾ ਕਿ ਮਈ 1754 ਵਿਚ ਬੇਗ਼ਮ ਦੇ ਬੱਚੇ ਮੁਹੰਮਦ ਅਮੀਨ ਖ਼ਾਨ ਦੀ ਮੌਤ ਹੋ ਗਈ। ਸ਼ਾਇਦ ਮੀਰ ਮੰਨੂ ਦੇ ਵਫ਼ਾਦਾਰ ਜਰਨੈਲ ਭਿਖਾਰੀ ਖ਼ਾਨ ਨੇ ਜ਼ਹਿਰ ਦੇ ਕੇ ਮਰਵਾ ਦਿੱਤਾ। ਇਸੇ ਜਰਨੈਲ ਨੇ ਬੇਗ਼ਮ ਨੂੰ ਸਤਾਇਆ ਸੀ ਕਿ ਮੀਰ ਮੰਨੂ ਦੀ ਲਾਸ਼ ਨੂੰ ਦਿੱਲੀ ਦਫ਼ਨਾਉਣਾ ਹੈ। ਬੇਗ਼ਮ ਨੇ ਆਪਣੀ ਹੀ ਫ਼ੌਜ ਨੂੰ ਵੱਡੀ ਵੱਢੀ ਦੇ ਕੇ ਤੇ ਕਾਸਿਮ ਖ਼ਾਨ ਦੀ ਸਹਾਇਤਾ ਨਾਲ ਲਾਹੌਰ ਵਿਚ ਦਫ਼ਨਾਇਆ ਸੀ ਚੇਤੇ ਰਹੇ ਕਿ ਸਿੱਖਾਂ ਨੇ ਲਾਹੌਰਤੇ ਕਬਜ਼ਾ ਕਰਨ ਉਪਰੰਤ ਮੀਰ ਮੰਨੂ ਦੀ ਲਾਸ਼ ਨੂੰ ਕਬਰ ਵਿਚੋਂ ਕੱਢ ਸਾੜ ਕੇ ਉਸ ਦਾ ਨਿਸ਼ਾਨ ਹੀ ਮਿਟਾ ਦਿੱਤਾ ਸੀ ਬੇਗ਼ਮ ਨੇ ਭਿਖਾਰੀ ਖ਼ਾਨ ਨੂੰ ਗ਼੍ਰਿਫ਼ਤਾਰ ਵੀ ਕੀਤਾ ਤੇ ਕਤਲ ਵੀ ਕਰਾਇਆ। ਕਾਸਿਮ ਖ਼ਾਨ ਨੂੰ ਸਹਾਇਤਾ ਦੇ ਸ਼ੁਕਰਾਨੇ ਵਜੋਂ ਪੱਟੀ ਦਾ ਫ਼ੌਜਦਾਰ ਲਾ ਦਿੱਤਾ। ਇਹ ਉਹੀ ਕਾਸਿਮ ਖ਼ਾਨ ਹੈ ਜਿਸ ਨੇ ਸਿੱਖਾਂ ਨਾਲ ਟੱਕਰ ਲੈ ਕੇ ਨਤੀਜਾ ਕੱਢਿਆ ਕਿ ਇਹਨਾਂ ਨਾਲ ਸਮਝੌਤਾ ਕਰਨਾ ਤੇ ਇਹਨਾਂ ਤੋਂ ਰਾਜ ਵਿਸਥਾਰ ਵਾਸਤੇ ਮਦਦ ਲੈਣੀ ਹੀ ਲਾਹੇਵੰਦ ਹੈ, ਪਰ ਸਿੱਖਾਂ ਨੇ ਨਾ ਮਦਦ ਦਿੱਤੀ ਤੇ ਨਾ ਹੀ ਉਹ ਦਿੱਲੀ ਦਾ ਬਾਦਸ਼ਾਹ ਬਣ ਸਕਿਆ। ਅਖ਼ੀਰ ਇਕ ਦਿਨ ਉਸ ਦਾ ਖ਼ਜ਼ਾਨਾ ਵੀ ਖ਼ਾਲੀ ਹੋ ਗਿਆ ਤੇ ਉਸ ਨੂੰ ਆਪਣੇ ਸਿਪਾਹੀਆਂ ਹੱਥੀਂ ਹੀ ਬੇਗ਼ਮ ਕੋਲ ਨਜ਼ਰਬੰਦ ਹੋਣਾ ਪਿਆ।

ਹੁਣ ਬੇਗ਼ਮ ਨੇ ਆਪਣੇ ਆਪ ਨੂੰ ਲਾਹੌਰ ਦੀ ਸੂਬੇਦਾਰ ਐਲਾਨਿਆ ਹੋਇਆ ਸੀ, ਪਰ ਦਿੱਲੀ ਦੇ ਬਾਦਸ਼ਾਹ ਨੇ ਬੇਗ਼ਮ ਦੇ ਫ਼ੌਜਦਾਰ ਮੋਮਿਨ ਖ਼ਾਨ ਨੂੰ ਪੱਟ ਲਿਆ।  2 ਜੂਨ 1754 ਨੂੰ ਬਾਲ-ਸੂਬੇਦਾਰ ਦੀ ਮੌਤ ਹੋਈ ਸੀ ਤੇ 25 ਅਕਤੂਬਰ 1754 ਨੂੰ ਮੋਮਿਨ ਖ਼ਾਨ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ। ਮੁਗ਼ਲਾਨੀ ਬੇਗ਼ਮ ਦਾ ਗ਼ਾਜ਼ੀ ਬੇਗ ਖ਼ਾਨ ਨਾਲ ਇਸ਼ਕ ਵੀ ਚੱਲ ਰਿਹਾ ਸੀ ਇਸ ਤੋਂ ਇਲਾਵਾ ਘਰੇਲੂ ਨੌਕਰ ਮਿਸਕਿਨ (ਤਹਿਮਾਸ ਨਾਮਾ ਦਾ ਲੇਖਕ ਹੈ) ਨਾਲ ਇਸ਼ਕ ਦੀ ਚਰਚਾ ਸੀ ਦਿੱਲੀ ਦਰਬਾਰ ਅਤੇ ਦੁਰਾਨੀ ਵਿਚਕਾਰ ਕਸ਼ਮਕਸ਼ ਦੌਰਾਨ ਬੇਗ਼ਮ ਦਾ ਸਿੰਘਾਸਣ ਡੋਲਦਾ ਰਿਹਾ ਤਿੰਨ ਸਾਲਾਂ ਵਿਚ ਨੌਂ ਵਾਰੀ ਲਾਹੌਰ ਦੀ ਸੂਬੇਦਾਰੀ ਅਦਲ ਬਦਲ ਹੁੰਦੀ ਰਹੀ ਕਦੇ ਦਿੱਲੀ ਤੋਂ ਤੇ ਕਦੇ ਕਾਬੁਲ ਤੋਂ ਲਾਹੌਰ ਸੂਬੇਦਾਰ ਲੱਗਦੇ ਰਹੇ ਲਾਹੌਰ ਦਰਬਾਰ ਦੀ ਇਸ ਡਾਵਾਂਡੋਲ ਸਥਿਤੀ ਵਿਚ ਸਿੱਖਾਂ ਨੂੰ ਕਾਫ਼ੀ ਰਾਹਤ ਮਿਲੀ ਅਤੇ ਜਥੇਬੰਦ ਵੀ ਹੋਏ। ਸਿੱਖਾਂ ਨੇ ਜੋ ਕਿਸਾਨਾਂ ਅਤੇ ਵਾਪਾਰੀਆਂ ਨੂੰ ਰਾਖੀ ਦਿੱਤੀ ਉਸ ਦੀ ਬਦੌਲਤ ਸਿੱਖ ਹੋਮਲੈਂਡ ਦਾ ਉਭਾਰ ਹੋਇਆ।  1756 ਤੱਕ ਪੰਜਾਬ ਦੇ ਵੱਡੇ ਹਿੱਸੇ ਵਿਚ ਸਿੱਖ ਅਸਲ ਹਾਕਮ ਬਣ ਚੁੱਕੇ ਸਨ।

ਅਫ਼ਗ਼ਾਨਾਂ ਦੀ ਵਫ਼ਾਦਾਰ ਮੁਗ਼ਲਾਨੀ ਬੇਗ਼ਮ ਕੇਵਲ ਲਾਹੌਰ ਸ਼ਹਿਰ ਅੰਦਰ ਹੀ ਸੂਬੇਦਾਰਨੀ ਸੀ। ਜਿਸ ਕਾਰਨ ਹੁਣ ਬੇਗ਼ਮ ਦਾ ਖਜ਼ਾਨਾ ਖਾਲੀ ਰਹਿ ਰਿਹਾ ਸੀ ਤੇ ਉਸ ਨੇ ਪੰਜਾਬਤੇ ਹਮਲਾ ਕਰਨ ਵਾਸਤੇ ਅਹਿਮਦ ਸ਼ਾਹ ਦੁਰਾਨੀ ਨੂੰ ਉਕਸਾਇਆ ਬੇਗਮ ਦੀ ਇਸ ਕੂੜੀ ਕਰਤੂਤ ਨੂੰ ਵੇਖਦਿਆਂ ਦਿੱਲੀ ਸਰਕਾਰ ਦੇ ਵਜ਼ੀਰ ਗ਼ਾਜ਼ੀਓੱਦੀਨ ਨੇ ਬੇਗਮ ਮੁਗ਼ਲਾਨੀ ਨੂੰ ਅਤੇ ਉਸ ਦੀ ਧੀ ਉਮੀਂਦਾ ਬੇਗਮ ਨੂੰ ਗ੍ਰਿਫ਼ਤਾਰ ਕਰ ਲਿਆ ਅਦੀਨਾ ਬੇਗ਼ ਨੂੰ ਲਾਹੌਰ ਦਾ ਸੂਬੇਦਾਰ ਲਾ ਦਿੱਤਾ।

ਉਮੀਂਦਾ ਬੇਗਮ ਦੀ ਮੰਗਣੀ ਮੀਰ ਮੰਨੂ ਦੇ ਜੀਊਂਦਿਆਂ ਹੀ ਇਮਾਦ-ਉਲ-ਮੁਲਕ ਨਾਲ ਹੋਈ ਪਈ ਸੀ ਜੋ ਕਿ ਦਿੱਲੀ ਵਾਲੇ ਅਹਿਮਦ ਸ਼ਾਹ ਦਾ ਵਜ਼ੀਰ ਸੀ। ਇਸ ਰਿਸ਼ਤੇ ਦੀ ਆੜ ਵਿਚ ਬੇਗ਼ਮ ਦਿੱਲੀ ਨੂੰ ਭਰਮਾ ਲੈਣਾ ਚਾਹੁੰਦੀ ਸੀ ਪਰ ਵਿਰੋਧੀਆਂ ਨੇ ਅਫਵਾਹ ਉਡਾ ਦਿੱਤੀ ਕਿ ਬੇਗ਼ਮ ਆਪਣੀ ਧੀ ਦਾ ਵਿਆਹ ਅਹਿਮਦ ਸ਼ਾਹ ਦੁਰਾਨੀ ਦੇ ਮੁੰਡੇ ਨਾਲ ਕਰਨਾ ਚਾਹੁੰਦੀ ਹੈ। ਇਸੇ ਕਰਕੇ ਉਮੀਂਦਾ ਬੇਗ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਬਾਵਜੂਦ ਦਾਜ ਦੇ ਲਾਲਚ ਵਸ ਵਜ਼ੀਰ ਇਮਾਦ-ਉਲ-ਮੁਲਕ ਨੇ ਉਮੀਂਦਾ ਬੇਗ਼ਮ ਨਾਲ ਸ਼ਾਦੀ ਕਰਵਾ ਲਈ। ਉਮੀਂਦਾ ਬੇਗ਼ਮ ਬਹੁਤ ਹੀਰੇ ਤੇੇ ਗਹਿਣੇ ਲੈ ਕੇ ਦਿੱਲੀ ਆਈ, ਪਰ ਵਜ਼ੀਰ ਨੇ ਉਸ ਦੀ ਮਾਂ ਨੂੰ ਦਿੱਲੀ ਵਿਚ ਨਜ਼ਰਬੰਦ ਕਰ ਲਿਆ।

ਹੁਣ ਬੇਗ਼ਮ ਮੁਗ਼ਲਾਨੀ ਨੇ ਕੈਦ ਵਿਚ ਹੁੰਦਿਆਂ ਅਹਿਮਦ ਸ਼ਾਹ ਦੁਰਾਨੀ ਨਾਲ ਸੰਪਰਕ ਸਾਧਿਆ ਦੁਰਾਨੀ ਨੇ ਵੀ ਇਸ ਨਜ਼ਰਬੰਦੀ ਦਾ ਬੁਰਾ ਮਨਾਇਆ ਦੁਰਾਨੀ ਨੇ ਦਿੱਲੀ ਸਰਕਾਰ ਨੂੰ ਖ਼ਤ ਲਿਖਿਆ ਤੇ ਬੇਗ਼ਮ ਦੀ ਰਿਹਾਈ ਕਰਨ ਨੂੰ ਕਿਹਾ ਜਦ ਦਿੱਲੀ ਨੇ ਕੋਈ ਹੁੰਗਾਰਾ ਨਾ ਭਰਿਆ ਤਾਂ ਦੁਰਾਨੀ ਨੇ ਹਮਲਾ ਕਰਨ ਦਾ ਫ਼ੈਸਲਾ ਲੈ ਲਿਆ ਹਮਲੇ ਤੋਂ ਪਹਿਲਾਂ ਅਹਿਮਦ ਸ਼ਾਹ ਦੁਰਾਨੀ ਵੱਲੋਂ ਭੇਜੇ ਜੰਗਬਾਜ਼ ਖ਼ਾਨ ਨੇ ਆਪਣੀ ਫ਼ੌਜ ਰਾਹੀਂ 25 ਨਵੰਬਰ ਨੂੰ ਲਾਹੌਰ ’ਤੇ ਕਬਜ਼ਾ ਕਰ ਲਿਆ। ਦੁਰਾਨੀ ਆਪ ਵੀ 20 ਦਸੰਬਰ 1756 ਨੂੰ ਲਾਹੌਰ ਪੁੱਜ ਗਿਆ। ਜਨਵਰੀ 1757 ਵਿਚ ਉਹ ਦਿੱਲੀ ਆ ਵੜਿਆ।

ਮੁਗ਼ਲਾਂ ਨੇ ਉਸ ਦਾ ਟਾਕਰਾ ਕਰਨ ਦੀ ਥਾਂ ਉਸ ਅੱਗੇ ਲੰਮੇ ਪੈ ਪੈ ਪੂਛ ਹਿਲਾਈ। ਬਾਦਸ਼ਾਹ ਆਲਮਗੀਰ ਦੂਜਾ ਆਪ ਦੁਰਾਨੀ ਨੂੰ ਫ਼ਤਹਿਪੁਰੀ ਤੋਂ ਲਾਲ ਕਿਲ੍ਹੇ ਤੱਕ ਲੈ ਕੇ ਗਿਆ। ਅਹਿਮਦ ਸ਼ਾਹ ਦੁਰਾਨੀ ਨੇ ਮੁਗ਼ਲ ਬਾਦਸ਼ਾਹ ਦੀ ਬੁਜ਼ਦਿਲੀ ’ਤੇ ਤਰਸ ਖਾਧਾ ਤਾਂ ਉਸ ਨੂੰ ਕੁਝ ਨਾ ਕਿਹਾ, ਪਰ ਉਸ ਨੇ ਜਿਸ ਹਿਸਾਬ ਦਿੱਲ ਲੁੱਟੀ ਤੇ ਕੁੱਟੀ ਉਹ ਲੂੰ ਕੰਡੇ ਖੜ੍ਹੇ ਕਰਦੀ ਦਾਸਤਾਨ ਹੈ।

ਮੁਗ਼ਲਾਨੀ ਬੇਗ਼ਮ ਨੇ ਦਿੱਲੀ ਦੇ ਹਰ ਅਮੀਰ ਵਜ਼ੀਰ ਦੀ ਦੌਲਤ ਤੇ ਦਿੱਲੀ ਦੀ ਹਰ ਖ਼ੂਬਸੂਰਤ ਔਰਤ ਦੀ ਸੂਹ ਦਿੱਤੀ ਦੁਰਾਨੀ ਦੀ ਫ਼ੌਜ ਨੇ ਘਰਾਂ ਦੇ ਤਹਿਖ਼ਾਨੇ ਪੁੱਟ ਪੁੱਟ ਕੇ ਦੌਲਤ ਲੁੱਟੀ ਮੁਗ਼ਲਾਨੀ ਬੇਗ਼ਮ ਨੇ ਆਪਣੇ ਸਹੁਰੇ ਕਮਰਉਦਦੀਨ ਦੇ ਘਰ ਨੂੰ ਵੀ ਲੁਟਵਾਇਆ ਔਰਤਾਂ ਦੇ ਗਹਿਣੇ ਉਤਰਾ ਲਏ ਅਤੇ ਦਿੱਲੀ ਦੀਆਂ ਜਵਾਨ ਕੁੜੀਆਂ ਨੂੰ ਦੁਰਾਨੀ ਨੇ ਕਬਜ਼ੇ ਵਿਚ ਲੈ ਲਿਆ ਦਿੱਲੀ ਹਾਲੋਂ ਬੇਹਾਲ ਤੇ ਕੰਗਾਲ ਕਰ ਛੱਡੀ

ਦਿੱਲੀ ਤੋਂ ਬਾਅਦ ਭਰਤਪੁਰ ਤਬਾਹ ਕੀਤਾ। ਮਥਰਾ ਵਿਚ ਹੋਲੀ ਤਿਉਹਾਰ ਮੌਕੇ ਪੁੱਜੇ ਇਕ ਲੱਖ ਤੋਂ ਉੱਪਰ ਹਿੰਦੂਆਂ ਦਾ ਕਤਲੇਆਮ ਕੀਤਾ। ਕੀਮਤੀ ਮੂਰਤੀਆਂ ਨੂੰ ਵੀ ਲੁੱਟਿਆ ਤੇ ਬੇਇੱਜ਼ਤ ਕੀਤਾ। ਅਮੀਰ ਮੁਗ਼ਲਾਂ ਨੂੰ ਵੀ ਲੁੱਟਿਆ। ਐਸੀ ਤਬਾਹੀ ਬਿੰਦਰਾਬਨ ਅਤੇ ਗੋਕੁਲ ਵਿਚ ਵੀ ਮਚਾਈ।

ਫਿਰ ਦਿੱਲੀ ਮੁੜਿਆ ਤੇ ਆਪਣੇ ਪੁੱਤ ਤੈਮੂਰ ਦੀ ਸ਼ਾਦੀ ਬਾਦਸ਼ਾਹ ਆਲਮਗੀਰ ਦੀ ਧੀ ਅਫ਼ਰੋਜ਼ ਬਾਨੋ ਬੇਗ਼ਮ ਨਾਲ ਕੀਤੀ। ਦੁਰਾਨੀ ਨੇ ਆਪ ਗੱਦੀਓਂ ਲਾਹੇ ਅਹਿਮਦ ਸ਼ਾਹ ਦੀ 16 ਸਾਲਾ ਧੀ ਹਜ਼ਰਤ ਬੇਗ਼ਮ ਨਾਲ ਸ਼ਾਦੀ ਕਰਵਾ ਲਈ। ਅਫ਼ਗ਼ਾਨਿਸਤਾਨ ਦੀ ਵਾਪਸੀ ਵੇਲੇ ਉਸ ਕੋਲ ਜਿੱਥੇ ਕਰੋੜਾਂ ਦੀ ਦੌਲਤ ਸੀ ਉੱਥੇ ਦੋ ਮੁਗ਼ਲ ਬਾਦਸ਼ਾਹਾਂ ਦੀਆਂ ਧੀਆਂ, ਬਾਦਸ਼ਾਹ ਦੇ ਹਰਮ ਦੀਆਂ 17 ਔਰਤਾਂ ਅਤੇ ਚਾਰ ਸੌ ਤੋਂ ਵੱਧ ਗੋਲੀਆਂ ਸਨ

ਹਾਂ ਮੁਗ਼ਲਾਨੀ ਬੇਗ਼ਮ ਦੀ ਭੂਮਿਕਾ ਨਿਭਾਉਣ ਵਾਲੀਆਂ ਔਰਤਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅੰਤ ਉਸ ਦੇ ਪੱਲੇ ਅੱਤ ਦੀ ਕੰਗਾਲੀ ਸੀ ਤੇ ਬੁਰੀ ਤਰ੍ਹਾਂ ਰੁਲੀ ਸੀ। ਇਕ ਗਰੀਬੜੀ ਵਾਂਗੂ 22 ਸਾਲ ਜੰਮੂ ਵਿਚ ਗੁਜ਼ਾਰੇ।

  • ਚੇਅਰਮੈਨ ਸ਼ੁਭ ਕਰਮਨ ਸੁਸਾਇਟੀ
  • ਵਿਜ਼ਟਿੰਗ ਸੋਸ਼ਿਆਲੋਜਿਸਟ ਐਨ. ਜੀ. ਓ. ਜ਼

ਭਗਤ ਰਵਿਦਾਸ ਜੀ ਦਾ ਜੀਵਨ ਅਤੇ ਫ਼ਲਸਫ਼ਾ

0

ਭਗਤ ਰਵਿਦਾਸ ਜੀ ਦਾ ਜੀਵਨ ਅਤੇ ਫ਼ਲਸਫ਼ਾ

ਸਤਿੰਦਰ ਸਿੰਘ ਓਠੀ ਮਜੀਠਾ ਰੋਡ, ਅੰਮ੍ਰਿਤਸਰ ਸਾਹਿਬ।

ਭਾਰਤ ਆਦਿ ਕਾਲ ਤੋਂ ਹੀ ਧਰਮ ਪ੍ਰਧਾਨ ਦੇਸ਼ ਰਿਹਾ ਹੈ। ਇਸ ਪਵਿੱਤਰ ਧਰਤੀ ’ਤੇ ਬਹੁਤ ਸਾਰੇ ਮਹਾਨ ਗੁਰੂਆਂ, ਪੀਰਾਂ ,ਪੈਗ਼ੰਬਰਾਂ ਅਤੇ ਮਹਾਂਪੁਰਸ਼ਾਂ ਨੇ ਜਨਮ ਲਿਆ ਹੈ। ਜਿਨ੍ਹਾਂ ਨੇ ਵੱਖ-ਵੱਖ ਧਰਮਾਂ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਸਮੂਹ ਜਨਤਾ ਨੂੰ ਪਿਆਰ, ਸ਼ਾਂਤੀ ਤੇ ਭਾਈਚਾਰੇ ਦਾ ਉਪਦੇਸ਼ ਦਿੱਤਾ। ਗੁਰੂਆਂ-ਪੀਰਾਂ ਦੀ ਇਸ ਧਰਤੀ ਦੇ ਇਤਿਹਾਸ ਦੇ ਪੰਨਿਆਂ ’ਤੇ ਸ਼੍ਰੋਮਣੀ ਮਹਾਂ-ਰਿਸ਼ੀ ਭਗਤ ਰਵਿਦਾਸ ਜੀ ਦਾ ਨਾਮ ਵੀ ਸੁਨਹਿਰੀ ਅੱਖਰਾਂ ’ਚ ਉੱਕਰਿਆ ਹੋਇਆ ਹੈ। ਜਿਨ੍ਹਾਂ ਦੀ ਵਿਚਾਰਧਾਰਾ ਉਨ੍ਹਾਂ ਦੇ ਆਪਣੇ ਸਮੇਂ ਦੇ ਵੱਖ-ਵੱਖ ਧਰਮਾਂ ਤੇ ਵਿਚਾਰਾਂ ਤੋਂ ਵਿਲੱਖਣ ਸੀ। ਉਨ੍ਹਾਂ ਨੇ ਜਾਤ-ਪਾਤ, ਧਰਮ ਅਤੇ ਸੰਸਾਰਕ ਮਾਇਆ ਦੇ ਆਧਾਰ ’ਤੇ ਮਨੁੱਖ-ਮਨੁੱਖ ’ਚ ਕੀਤੇ ਜਾਣ ਵਾਲੇ ਭੇਦ-ਭਾਵ ਨੂੰ ਅਰਥਹੀਣ ਅਤੇ ਅਣਉੱਚਿਤ ਦੱਸਿਆ ਅਤੇ ਆਪਣੇ ਭਗਤਾਂ ਜਿਨ੍ਹਾਂ ਨੂੰ ਆਮ ਕਰਕੇ ਰਵਿਦਾਸੀਏ ਕਿਹਾ ਜਾਂਦਾ ਹੈ, ਨੂੰ ਵਰਗ ਅਤੇ ਜਾਤੀ ਭੇਦ ਤੋਂ ਰਹਿਤ ਸਮਾਜ ਸਿਰਜਣ ਲਈ ਪ੍ਰੇਰਿਆ। ਰਵਿਦਾਸ ਜੀ ਦਾ ਜਨਮ ਉਸ ਕਾਲ ਵਿੱਚ ਹੋਇਆ ਜਿਸ ਵੇਲੇ ਛੂਤ-ਛਾਤ ਅਤੇ ਜਾਤ-ਪਾਤ ਦੇ ਭਿੰਨ-ਭੇਦਾਂ ਦਾ ਬੋਲਬਾਲਾ ਸੀ ਅਤੇ ਬ੍ਰਾਹਮਣ ਦੁਆਰਾ ਵੰਡੇ ਸਮਾਜ ਵਿੱਚ ਸ਼ੂਦਰਾਂ ਨੂੰ ਰੱਬ ਦਾ ਨਾਂ ਤੱਕ ਨਹੀਂ ਸੀ ਲੈਣ ਦਿੱਤਾ ਜਾਂਦਾ। ਰਵਿਦਾਸ ਜੀ ਦਾ ਜਨਮ ਉੱਤਰ ਪ੍ਰਦੇਸ਼ ਦੇ ਸ਼ਹਿਰ ਬਨਾਰਸ ਦੇ ਕੋਲ ਇਕ ਪਿੰਡ ਮਡੂਆਡੀਹ ਦੇ ਕੁਟ ਬਾਂਢਲਾ ਕਬੀਲੇ ਵਿੱਚ 15 ਫ਼ਰਵਰੀ, 1376 ਈਸਵੀ ਵਾਲੇ ਦਿਨ ਐਤਵਾਰ ਨੂੰ ਹੋਇਆ। ਇਹਨਾਂ ਦੇ ਪਿਤਾ, ਜਿਨ੍ਹਾਂ ਦਾ ਨਾਂ ਰਘੂ ਜਾਂ ਸੰਤੋਖਾ ਸੀ ਅਤੇ ਮਾਤਾ ਕਰਮਾਂ ਦੇਵੀ ਦੇ ਘਰ ਚੰਨ ਵਰਗਾ ਖਿੜਿਆ ਨੂਰੀ ਮੁੱਖੜਾ ਰਵਿਦਾਸ, ਜਿਸ ਦਿਆਂ ਨੈਣਾਂ ਵਿੱਚ ਰੱਬੀ ਨੂਰ ਵੱਸਦਾ ਸੀ, ਨੂੰ ਪ੍ਰਾਪਤ ਕਰਕੇ ਬੇਹੱਦ ਪ੍ਰਸੰਨ ਹੋਏ । ਇਨ੍ਹਾਂ ਦੇ ਕਬੀਲੇ ਕੁਟਬਾਂਢਲਾਂ ਦੇ ਲੋਕ ਉੱਤਰ ਪ੍ਰਦੇਸ਼ ਵਿੱਚ ਚਮੜਾ ਰੰਗਣ ਤੇ ਚਮੜੇ ਦੀਆਂ ਵਸਤਾਂ ਤਿਆਰ ਕਰਨ ਦਾ ਕਾਰੋਬਾਰ ਕਰਦੇ ਸਨ। ਇਸ ਬਾਰੇ ਆਪ ਲਿਖਦੇ ਹਨ ‘‘ਮੇਰੀ ਜਾਤਿ ਕੁਟ ਬਾਂਢਲਾ, ਢੋਰ ਢੋਵੰਤਾ; ਨਿਤਹਿ ਬਾਨਾਰਸੀ ਆਸ ਪਾਸਾ ’’ (ਭਗਤ ਰਵਿਦਾਸ/੧੨੯੩)

ਰਵਿਦਾਸ ਜੀ ਦੇ ਮਾਤਾ-ਪਿਤਾ ਤੇ ਪਰਿਵਾਰ ਦੇ ਜੀਅ ਪ੍ਰਭੂ-ਭਗਤੀ ਵਾਲੇ ਸਨ। ਇਹੋ ਜਿਹੇ ਵਾਤਾਵਰਨ ਵਿੱਚ ਬਾਲਕ ਰਵਿਦਾਸ ਦਾ ਪ੍ਰਭੂ-ਭਗਤੀ ਵੱਲ ਝੁਕਾਅ ਹੋਣਾ ਸੁਭਾਵਕ ਸੀ। ਉਹ ਰਾਤ-ਦਿਨ ਭਜਨ ਪੂਜਾ ਅਤੇ ਸਾਧਾਂ-ਸੰਤਾਂ ਦੀ ਸੇਵਾ ਅਤੇ ਸਤਿਕਾਰ ਵਿੱਚ ਲੱਗੇ ਰਹਿੰਦੇ ਸਨ। ਸੰਸਾਰਕਤਾ ਤੋਂ ਉਪਰਾਮ ਵੇਖ ਕੇ ਮਾਤਾ-ਪਿਤਾ ਨੇ ਉਨ੍ਹਾਂ ਦਾ ਵਿਆਹ ਲੂਣਾ ਨਾਂ ਦੀ ਲੜਕੀ ਨਾਲ ਕਰ ਦਿੱਤਾ। ਜਿਸ ਨੇ ਆਪਣੇ ਪਤੀ ਦੇ ਆਦਰਸ਼ ਦੀ ਸਫਲਤਾ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ। ਜਨਮ ਜਾਤ ਭਗਤ ਹੋਣ ਕਰ ਕੇ ਆਪ ਵਿਵਾਹਿਕ ਬੰਧਨ ਵਿੱਚ ਬੱਝ ਕੇ ਵੀ ਭਗਤੀ ਮਾਰਗ ਤੋਂ ਬੇਮੁੱਖ ਨਹੀਂ ਹੋਏ। ਪਿਤਾ ਨਾਲ ਕੁੱਝ ਵਿਚਾਰਕ ਅੰਤਰ ਹੋਣ ਕਰਕੇ ਰਵਿਦਾਸ ਜੀ ਆਪਣੇ ਪਿਤਾ ਨਾਲੋਂ ਅਲੱਗ ਝੌਂਪੜੀ ਬਣਾ ਕੇ ਰਹਿਣ ਲੱਗੇ ਤੇ ਪ੍ਰੇਮ ਭਾਵਨਾ ਨਾਲ ਸਾਧਾਂ-ਸੰਤਾਂ ਦੀ ਸੇਵਾ ਕਰ ਪ੍ਰਭੂ ਭਗਤੀ ਵਾਲਾ ਜੀਵਨ ਬਿਤਾਉਣ ਲੱਗੇ। ਰਵਿਦਾਸ ਜੀ ਉਹ ਉੱਚ ਹਸਤੀ ਸਨ, ਜਿਨ੍ਹਾਂ ਅੰਦਰ ਆਤਮ ਪ੍ਰਕਾਸ਼ ਸੀ, ਨਿਰੰਕਾਰ ਦੀ ਮਿਹਰ ਸੀ, ਸੱਚੀ ਗੱਲ ਕਹਿਣ ਦੀ ਸ਼ਕਤੀ ਸੀ, ਪਰ ਉਨ੍ਹਾਂ ਦਾ ਸਮਕਾਲੀ ਹਾਕਮ ਸਮਾਜ ਉਨ੍ਹਾਂ ਦੇ ਅਧਿਕਾਰਾਂ ਦੀ ਪਛਾਣ ਨਹੀਂ ਸੀ ਕਰਦਾ ਬਲਕਿ ਆਪਣੀ ਪ੍ਰਭੂ ਸੱਤਾ ਕਾਇਮ ਰੱਖਣ ਲਈ ਰੱਬ ਦੀ ਭਗਤੀ ’ਤੇ ਵੀ ਆਪਣਾ ਪ੍ਰਭਾਵ ਜਮਾਈ ਬੈਠਾ ਸੀ।

ਇਸ ਸਮੇਂ ਦੌਰਾਨ ਮੱਧ ਕਾਲ ਦਾ ਸਮਾਜ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ (ਚਾਰ ਵਰਗਾਂ) ਵਿੱਚ ਵੰਡਿਆ ਹੋਇਆ ਸੀ । ਸ਼ੂਦਰਾਂ ਨੂੰ ਨਾ ਵਿੱਦਿਆ ਹਾਸਲ ਕਰਨ ਦਾ ਤੇ ਨਾ ਹੀ ਸੁਚੱਜੀ ਸ੍ਰੇਣੀ ਵਿੱਚ ਰਹਿਣ ਸਹਿਣ ਦਾ ਅਧਿਕਾਰ ਦਿੱਤਾ ਜਾਂਦਾ ਸੀ। ਆਪ ਦੀ ਬਰਾਦਰੀ ਵਾਲਿਆਂ ਨੂੰ ਨੀਚ, ਦੁਸ਼ਟ ਅਤੇ ਸ਼ੂਦਰ ਕਹਿ ਕੇ ਦੁਰਕਾਰਿਆ ਜਾਂਦਾ ਸੀ। ਉਨ੍ਹਾਂ ਦੀਆਂ ਬਸਤੀਆਂ; ਸ਼ਹਿਰੋਂ ਬਾਹਰ ਹੁੰਦੀਆਂ ਸਨ, ਇਸ ਲਈ ਭਗਤ ਰਵਿਦਾਸ ਜੀ ਦੇ ਮਨ ਅੰਦਰ ਇਸ ਬੇਇਨਸਾਫ਼ੀ ਤੇ ਨਾ ਬਰਾਬਰੀ ਵਿਰੁੱਧ ਅੱਗ ਦਾ ਭਾਂਬੜ ਬਲਦਾ ਸੀ। ਜਿਸ ਨੂੰ ਉਹ ਸਮਾਜਿਕ ਵਾਤਾਵਰਨ ਦੇ ਦ੍ਰਿਸ਼ਟੀਗਤ ਧਾਰਮਿਕ ਰੰਗ ਵਿੱਚ ਪ੍ਰਗਟਾਉਣਾ ਚਾਹੁੰਦੇ ਸਨ। ਉਨ੍ਹਾਂ ਆਪਣੀ ਹਿੰਮਤ ਨਾਲ ਵਿੱਦਿਆ ਤੇ ਪ੍ਰਭੂ ਕਿਰਪਾ ਪ੍ਰਾਪਤ ਕੀਤੀ ਅਤੇ ਆਪਣੇ ਸਮਾਜਿਕ ਸੰਘਰਸ਼ ਦੇ ਟੀਚੇ ਦੀ ਪ੍ਰਾਪਤੀ ਹਿੱਤ ਆਪਣਾ ਸਾਰਾ ਜੀਵਨ ਲਗਾ ਦਿੱਤਾ। ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਲੋਕ ਚੰਗੇ ਨਾਗਰਿਕ ਬਣਨ ਦਾ ਮੌਕਾ ਪ੍ਰਾਪਤ ਕਰਨ, ਵਿੱਦਿਆ ਹਾਸਲ ਕਰਨ ਅਤੇ ਸਮਕਾਲੀ ਸਮਾਜ ਦਾ ਬਿਹਤਰੀਨ ਅੰਸ਼ ਬਣ ਕੇ ਦੇਸ਼ ਲਈ ਗੌਰਵ ਬਣਨ। ਆਪ ਐਸੀ ਦੁਨੀਆਂ ਦੇ ਚਾਹਵਾਨ ਸਨ, ਜਿੱਥੇ ਸਭ ਲੋਕ ਬਰਾਬਰ ਹੋਣ ਅਤੇ ਕੋਈ ਕਿਸੇ ਨੂੰ ਨਾਜਾਇਜ਼ ਤੰਗ ਨਾ ਕਰੇ ‘‘ਬੇਗਮਪੁਰਾ ਸਹਰ ਕੋ ਨਾਉ ਦੂਖੁ ਅੰਦੋਹੁ ਨਹੀ, ਤਿਹਿ ਠਾਉ ਨਾਂ ਤਸਵੀਸ ਖਿਰਾਜੁ ਮਾਲੁ ਖਉਫੁ ਖਤਾ, ਤਰਸੁ ਜਵਾਲੁ ’’ (ਭਗਤ ਰਵਿਦਾਸ/੩੪੫)

ਰਵਿਦਾਸ ਜੀ ਨੇ ਸੰਸਾਰਕ ਅਸਮਾਨਤਾ ਦਾ ਜ਼ੋਰਦਾਰ ਖੰਡਨ ਕਰਦੇ ਹੋਏ ਕਿਹਾ ਕਿ ਸ਼ੂਦਰ ਅਸਲ ਵਿੱਚ ਉਹ ਵਿਅਕਤੀ ਹੈ, ਜੋ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਿੱਚ ਗ੍ਰਸਿਆ ਪਿਆ ਹੈ। ਉਹ ਭਾਵੇਂ ਬ੍ਰਾਹਮਣ ਹੋਵੇ ਜਾਂ ਮੁਸਲਮਾਨ। ਪ੍ਰਭੂ ਦੀ ਪ੍ਰਾਪਤੀ ਵਿੱਚ ਕੋਈ ਧਰਮ ਅਤੇ ਜਾਤੀ; ਨਾ ਸਹਾਇਕ ਹਨ ਅਤੇ ਨਾ ਬਾਧਿਕ। ਉਸ ਨਾਲ ਮਿਲਾਪ ਕਰਨ ਲਈ ਪ੍ਰੇਮ, ਉਤਸ਼ਾਹ ਅਤੇ ਲਗਨ ਦੀ ਜ਼ਰੂਰਤ ਹੈ। ਬ੍ਰਾਹਮਣ ਹਰ ਵਕਤ ਰਵਿਦਾਸ ਜੀ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਸਨ।

ਮੰਨਿਆ ਜਾਂਦਾ ਹੈ ਕਿ ਇੱਕ ਵਾਰ ਰਾਣੀ ਮੀਰਾ ਬਾਈ ਦੁਆਰਾ ਬ੍ਰਹਮ ਭੋਜ ਦਾ ਪ੍ਰਬੰਧ ਕੀਤਾ ਗਿਆ। ਉਸ ਨੇ ਰਵਿਦਾਸ ਜੀ ਨੂੰ ਵੀ ਬੁਲਾਇਆ, ਪਰ ਬ੍ਰਾਹਮਣਾਂ ਨੂੰ ਬਹੁਤ ਕਸ਼ਟ ਹੋਇਆ ਅਤੇ ਕਹਿਣ ਲੱਗੇ ‘ਚਮਾਰ ਨੂੰ ਗੁਰੂ ਬਣਨ ਦਾ ਕੋਈ ਅਧਿਕਾਰ ਨਹੀਂ ਹੈ।’ ਬ੍ਰਾਹਮਣਾਂ ਨੇ ਕਿਹਾ ਕਿ ਇਨ੍ਹਾਂ ਦੀ ਪਰੀਖਿਆ ਹੋਣੀ ਚਾਹੀਦੀ ਹੈ। ਸ਼ਰਤ ਇਹ ਰੱਖੀ ਗਈ ਕਿ ਇਹ ਠਾਕੁਰ, ਰੋਜ਼ ਗੰਗਾ ਇਸ਼ਨਾਨ ਕਰਕੇ ਭੋਗ ਲਾਉਂਦੇ ਹਨ। ਇਸ ਲਈ ਰਵਿਦਾਸ ਆਪਣੇ ਯਤਨਾਂ ਨਾਲ ਇਹਨਾਂ ਠਾਕੁਰਾਂ ਨੂੰ ਆਪਣੇ ਪਾਸ ਬੁਲਾਏਗਾ ਤੇ ਭੋਗ ਲਵਾਏਗਾ। ਪਹਿਲਾਂ ਬ੍ਰਾਹਮਣ ਨੇ ਸਿਰਤੋੜ ਯਤਨ ਕੀਤੇ ਪਰ ਠਾਕੁਰ ਦੀ ਮੂਰਤੀ ਗੰਗਾ ਵਿੱਚੋਂ ਨਾ ਨਿਕਲੀ। ਕਹਿੰਦੇ ਹਨ ਕਿ ਫਿਰ ਰਵਿਦਾਸ ਜੀ ਨੇ ਪ੍ਰਭੂ-ਭਗਤੀ ਰਾਹੀਂ ਠਾਕੁਰ ਨੂੰ ਆਵਾਜ਼ ਦਿੱਤੀ ਤੇ ਭੋਗ ਲਵਾਇਆ। ਇਸ ਨਾਲ ਰਵਿਦਾਸ ਜੀ ਦੀ ਜੈ ਜੈਕਾਰ ਹੋਣ ਲੱਗੀ ਤੇ ਪੰਡਿਤ ਬਹੁਤ ਸ਼ਰਮਸਾਰ ਹੋਏ। ਇਸ ਸੰਬੰਧ ਵਿੱਚ ਆਪ ਨੇ ਫ਼ੁਰਮਾਇਆ ‘‘ਐਸੀ ਲਾਲ ! ਤੁਝ ਬਿਨੁ ਕਉਨੁ ਕਰੈ ਗਰੀਬ ਨਿਵਾਜੁ ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ਰਹਾਉ ਜਾ ਕੀ ਛੋਤਿ ਜਗਤ ਕਉ ਲਾਗੈ; ਤਾ ਪਰ ਤੁਹਂੀ ਢਰੈ ਨੀਚਹ ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਡਰੈ ’’ (ਭਗਤ ਰਵਿਦਾਸ/੧੧੦੬)

ਰਵਿਦਾਸ ਜੀ ਨੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਅਤੇ ਕਿਸੇ ਯੋਗ ਜਗ੍ਹਾ ’ਤੇ ਜਾ ਕੇ ਪੂਜਾ ਸਥਾਨ ਬਣਾ ਕੇ ਸੀਮਤ ਭਗਤੀ ਕਰਨ ਵਾਲਿਆਂ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਬਾਬਾ ਫ਼ਰੀਦ ਜੀ ਦੇ ਵਚਨ  ‘‘ਫਰੀਦਾ ਜੰਗਲੁ ਜੰਗਲੁ ਕਿਆ ਭਵਹਿ; ਵਣਿ ਕੰਡਾ ਮੋੜੇਹਿ ॥  ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ ?॥’’ (ਬਾਬਾ ਫਰੀਦ ਜੀ/੧੩੭੮) ਵਿਚਾਰਧਾਰਾ ਨੂੰ ਹੀ ਸੁਰਜੀਤ ਕੀਤਾ ਕਿ ਰੱਬ; ਮਨੁੱਖ ਦੇ ਹਿਰਦੇ ਅੰਦਰ ਨਿਵਾਸ ਕਰਦਾ ਹੈ, ਬਾਹਰ ਭਟਕਣ ਦੀ ਕੋਈ ਲੋੜ ਨਹੀਂ ਹੈ।

ਭਗਤ ਰਵਿਦਾਸ ਜੀ ਦੁਨਿਆਵੀ ਚੱਕਰ ਪੂਰਾ ਕਰਦੇ ਹੋਏ ਅੰਤ 13 ਜੂਨ, 1527 ਈਸਵੀ ਨੂੰ 151 ਸਾਲ ਦੀ ਲੰਮੀ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜੋ ਅੱਜ ਵੀ ਹਰ ਜਗਿਆਸੂ ਲਈ ਮਾਰਗ ਦਰਸ਼ਨ ਦਾ ਕੰਮ ਕਰਦੀ ਹੈ। ਆਓ ! ਭਗਤ ਰਵਿਦਾਸ ਜੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਕਰੀਏ।

ਪਾਰੁ ਕੈਸੇ ਪਾਇਬੋ ਰੇ

0

ਪਾਰੁ ਕੈਸੇ ਪਾਇਬੋ ਰੇ

ਗਿ. ਅਮਰੀਕ ਸਿੰਘ ਜੀ

ਗਉੜੀ ਬੈਰਾਗਣਿ  ੴ ਸਤਿਗੁਰ ਪ੍ਰਸਾਦਿ ॥ 

ਸਤਜੁਗਿ ਸਤੁ, ਤੇਤਾ ਜਗੀ; ਦੁਆਪਰਿ ਪੂਜਾਚਾਰ ॥  ਤੀਨੌ ਜੁਗ ਤੀਨੌ ਦਿੜੇ; ਕਲਿ ਕੇਵਲ ਨਾਮ ਅਧਾਰ ॥੧॥  ਪਾਰੁ ਕੈਸੇ ਪਾਇਬੋ ? ਰੇ  !॥  ਮੋ ਸਉ ਕੋਊ ਨ ਕਹੈ ਸਮਝਾਇ ॥  ਜਾ ਤੇ; ਆਵਾ ਗਵਨੁ ਬਿਲਾਇ ॥੧॥ ਰਹਾਉ ॥  ਬਹੁ ਬਿਧਿ ਧਰਮ ਨਿਰੂਪੀਐ; ਕਰਤਾ ਦੀਸੈ, ਸਭ ਲੋਇ ॥  ਕਵਨ ਕਰਮ ਤੇ ਛੂਟੀਐ; ਜਿਹ ਸਾਧੇ ਸਭ ਸਿਧਿ ਹੋਇ ॥੨॥  ਕਰਮ ਅਕਰਮ ਬੀਚਾਰੀਐ; ਸੰਕਾ ਸੁਨਿ ਬੇਦ ਪੁਰਾਨ ॥  ਸੰਸਾ ਸਦ ਹਿਰਦੈ ਬਸੈ; ਕਉਨੁ ਹਿਰੈ ਅਭਿਮਾਨੁ ॥੩॥  ਬਾਹਰੁ ਉਦਕਿ ਪਖਾਰੀਐ; ਘਟ ਭੀਤਰਿ ਬਿਬਿਧਿ ਬਿਕਾਰ ॥  ਸੁਧ ਕਵਨ ਪਰ ਹੋਇਬੋ ? ਸੁਚ ਕੁੰਚਰ ਬਿਧਿ ਬਿਉਹਾਰ ॥੪॥  ਰਵਿ ਪ੍ਰਗਾਸ ਰਜਨੀ ਜਥਾ; ਗਤਿ ਜਾਨਤ ਸਭ ਸੰਸਾਰ ॥  ਪਾਰਸ ਮਾਨੋ ਤਾਬੋ ਛੁਏ; ਕਨਕ ਹੋਤ ਨਹੀ ਬਾਰ ॥੫॥  ਪਰਮ ਪਰਸ ਗੁਰੁ ਭੇਟੀਐ; ਪੂਰਬ ਲਿਖਤ ਲਿਲਾਟ ॥  ਉਨਮਨ ਮਨ, ਮਨ ਹੀ ਮਿਲੇ; ਛੁਟਕਤ ਬਜਰ ਕਪਾਟ ॥੬॥  ਭਗਤਿ ਜੁਗਤਿ ਮਤਿ ਸਤਿ ਕਰੀ; ਭ੍ਰਮ ਬੰਧਨ ਕਾਟਿ ਬਿਕਾਰ ॥  ਸੋਈ ਬਸਿ ਰਸਿ ਮਨ ਮਿਲੇ; ਗੁਨ ਨਿਰਗੁਨ ਏਕ ਬਿਚਾਰ ॥੭॥  ਅਨਿਕ ਜਤਨ ਨਿਗ੍ਰਹ ਕੀਏ; ਟਾਰੀ ਨ ਟਰੈ, ਭ੍ਰਮ ਫਾਸ ॥  ਪ੍ਰੇਮ ਭਗਤਿ ਨਹੀ ਊਪਜੈ; ਤਾ ਤੇ ਰਵਿਦਾਸ ਉਦਾਸ ॥੮॥ (ਭਗਤ ਰਵਿਦਾਸ/੩੪੬)

ਜਗੀ-ਯੁੱਗ। ਪੂਜਾ ਚਾਰ-ਪੂਜਾ ਆਚਾਰ, ਪੂਜਾ ਆਦਿ ਕਰਮ । ਕਰਤਾ ਦੀਸੈ-ਕਰਦਾ ਦਿਸਦਾ ਹੈ। ਸਭ ਲੋਇ-ਸਾਰਾ ਜਗਤ। ਬਿਲਾਇ-ਦੂਰ ਹੋ ਜਾਏ। ਪਖਾਰੀਐ-ਧੋਈਐ। ਲੋਇ-ਲੋਕ, ਸੰਸਾਰ। ਕੁੰਚਰ ਬਿਧਿ-ਹਾਥੀ ਦੇ ਇਸ਼ਨਾਨ ਵਾਂਗ (ਹਾਥੀ ਨਹਾ ਕੇ ਮੁੜ ਪਿੰਡੇ ਉੱਪਰ ਧੁੜ ਪਾ ਲੈਂਦਾ ਹੈ; ਇਉਂ ਹੀ ਜੋ ਅੰਦਰੋਂ ਮੈਲੇ ਤੇ ਬਾਹਰੋਂ ਇਸ਼ਨਾਨ ਕਰਦੇ ਹਨ, ਉਹਨਾਂ ਦਾ ਵਿਵਹਾਰ ਹੁੰਦਾ ਹੈ)। ਰਵਿ-ਸੁਰਜ। ਰਜਨੀ-ਰਾਤ। ਲਿਲਾਟ-ਮੱਥਾ। ਉਨਮਨ-ਤੁਰੀਆ ਯਾਨੀ ਚੌਥੀ ਅਵਸਥਾ। ਬਜਰ ਕਪਾਟ-ਸਖ਼ਤ ਦਰਵਾਜ਼ਾ। ਨਿਗ੍ਰਹ-ਰੋਕਣ ਦੇ, ਇਕਾਗਰ ਕਰਨ ਦੇ।

ਜਿਸ ਰਾਹੀ ਨੂੰ ਆਪਣੀ ਯਾਤਰਾ ਦੀ ਦੁੱਖਾਂ ਭਰੀ ਕਹਾਣੀ ਦਾ ਪੂਰਨ ਅਹਿਸਾਸ ਹੈ, ਉਹ ਫਿਰ ਕਦੇ ਆਪਣੀ ਯਾਤਰਾ ਦਾ ਮਕਸਦ ਨਹੀਂ ਭੁੱਲਦਾ। ਉਸ ਅੰਦਰ ਤਾਂ ਬਲਕਿ ਜਲਦੀ ਤੋਂ ਜਲਦੀ ਆਪਣੇ ਮਕਸਦ ਦੀ ਪੂਰਤੀ ਕਰ ਲੈਣ ਦਾ ਚਾਅ ਉਪਜਦਾ ਹੁੰਦਾ ਹੈ। ਇਸ ਕਰਕੇ ਹੀ ਹਰ ਇੱਕ ਨੂੰ ਆਪਣੀ ਮਨਸ਼ਾ ਤੋਂ ਜਾਣੂ ਵੀ ਕਰਵਾਉਂਦਾ ਹੈ ਕਿ ਮੈਂ ਇਸ ਦੀ ਪੂਰਤੀ ਕਿਸ ਢੰਗ ਨਾਲ ਕਰ ਸਕਦਾ ਹਾਂ। ਬਸ, ਇਸ ਤਰ੍ਹਾਂ ਹੀ ਜਿਸ ਨੇ ਪ੍ਰਭੂ ਵਿਛੋੜੇ ਤੋਂ ਪੈਦਾ ਹੋਏ ਦੁੱਖਾਂ ਦੀ ਸਾਰੀ ਵੀਚਾਰ ਦਾ ਅਹਿਸਾਸ ਆਪਣੇ ਅੰਦਰ ਮਹਿਸੂਸ ਕਰ ਲਿਆ, ਉਹ ਇਸ ਜਨਮ ਨੂੰ ਮਿਲਾਪ ਲਈ ਵਰਤ ਕੇ ਸਾਰੇ ਦੁੱਖਾਂ ਦਾ ਅੰਤ ਕਰਨਾ ਚਾਹੁੰਦਾ ਹੈ। ਹਰ ਇਕ ਦੇ ਸਾਹਮਣੇ ਇੱਕੋ ਸਵਾਲ ਹੈ ਕਿ ‘‘ਪਾਰੁ ਕੈਸੇ ਪਾਇਬੋ ? ਰੇ  !’’

ਆਮ ਜਿਹੀ ਗੱਲ ਹੈ ਕਿ ਜਿਸ ਤਰ੍ਹਾਂ ਪਹਿਲਾਂ ਲੋਕ ਕਰ ਰਹੇ ਹੋਣ, ਉਸੇ ਤਰ੍ਹਾਂ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ, ਪਰ ਅੱਗੇ ਜਾ ਕੇ ਕੁਝ ਲੋਕ ਦੇਖਾ ਦੇਖੀ ਕਰੀ ਜਾਂਦੇ ਹੁੰਦੇ ਹਨ। ਜਿਹਨਾਂ ਨੇ ਨਾਲ ਹੀ ਆਪਣਾ ਮਕਸਦ ਪੂਰਾ ਨਾ ਹੁੰਦਾ ਵੇਖਿਆ ਤਾਂ ਉਹਨਾਂ ਨੇ ਉਹ ਸਾਰੇ ਕਰਮ ਧਰਮ ਤਿਆਗ ਕੇ ਫਿਰ ਉਸ ਸੱਚ ਦਾ ਰਾਹ ਲੱਭਿਆ, ਜਿਹੜਾ ਪ੍ਰਭੁ ਪਿਤਾ ਜੀ ਨਾਲ ਮਿਲਾ ਦਿੰਦਾ ਹੈ।

ਇੱਕ ਕਰਮ ਧਰਮ ਉਹ ਹਨ ਜਿਹੜੇ ਲੋਕਾਂ ਨੂੰ ਖ਼ੁਸ਼ ਕਰਨ ਲਈ ਹਨ। ਦੂਜੇ ਉਹ ਹਨ, ਜਿਹੜੇ ਪ੍ਰਮੇਸ਼ਰ ਦੀ ਖ਼ੁਸ਼ੀ ਲੈਣ ਲਈ ਹਨ। ਲੋਕਾਂ ਲਈ ਕੀਤੇ ਕਰਮ ਧਰਮ ਕੇਵਲ ਰੀਤ ਤੱਕ ਹੀ ਰੁੱਕ ਜਾਂਦੇ ਹਨ, ਪਰ ਵਾਹਿਗੁਰੂ ਜੀ ਲਈ ਕੀਤੇ ਕਰਮ ਧਰਮ ਪ੍ਰੀਤ ਬਣ ਜਾਂਦੇ ਹਨ। ਇਸ ਲਈ ਹੀ ਤਾਂ ਜ਼ਬਾਨ ’ਤੇ ਬੇਨਤੀ ਆ ਜਾਂਦੀ ਹੈ ਕਿ ‘‘ਸਾਚੀ ਪ੍ਰੀਤਿ ਹਮ; ਤੁਮ ਸਿਉ ਜੋਰੀ   ਤੁਮ ਸਿਉ ਜੋਰਿ; ਅਵਰ ਸੰਗਿ ਤੋਰੀ ’’ (ਭਗਤ ਰਵਿਦਾਸ/੬੫੯) ਇਸ ਅੰਮ੍ਰਿਤ ਬਚਨ ਵਿੱਚ ਸਤਿਗੁਰੂ ਜੀ ਜੀਵ ਨੂੰ ਜੁਗਾਂ ਦੇ ਧਰਮ ਕਰਮਾਂ ਦੀ ਸੋਝੀ ਦੇ ਕੇ, ਧਾਰਮਿਕ ਗ੍ਰੰਥਾਂ ਦਾ ਨਿਚੋੜ ਦੱਸ ਕੇ ਅਤੇ ਦੇਖਾ-ਦੇਖੀ ਦੇ ਸਾਰੇ ਕਰਮਾਂ ਧਰਮਾਂ ਵਿੱਚੋਂ ਕੱਢ ਕੇ ਅਸਲ ਵਿੱਚ ਆਤਮਾ ਅਤੇ ਪਰਮਾਤਮਾ ਦੇ ਮੇਲ ਦੀ ਜੁਗਤ ਦਾ ਬਿਆਨ ਕਰਦੇ ਹਨ। ‘ਰਹਾਉ’ ਵਾਲੇ ਬੰਦ ਅੰਦਰ ਆਪਣੀ ਜਗਿਆਸਾ ਨੂੰ ਪ੍ਰਗਟ ਕੀਤਾ ਹੋਇਆ ਹੈ ਕਿ ਜੀਵ ਭਵਸਾਗਰ ਤੋਂ ਪਾਰ ਕਿਵੇਂ ਹੋ ਸਕਦਾ ਹੈ ?

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਕਸਦ ਦੀ ਪੂਰਤੀ ਲਈ ਇਸੇ ਰਾਹ ਦੇ ਅਨੇਕਾਂ ਰਾਹੀਆਂ ਨੂੰ ਪੁੱਛਿਆ ਹੈ, ਪਰ ਮੈਨੂੰ ਕੋਈ ਵੀ ਅਜਿਹਾ ਨਹੀਂ ਮਿਲਿਆ, ਜਿਹੜਾ ਮੇਰੀ ਤਸੱਲੀ ਕਰਾ ਸਕੇ, ਜਿਸ ਨਾਲ ਆਵਾਗਵਨ ਦਾ ਚੱਕਰ ਖ਼ਤਮ ਹੋ ਕੇ ਜੀਵ ਬੇਗਮਪੂਰੇ ਸ਼ਹਿਰ ਦਾ ਵਾਸੀ ਹੋ ਸਕੇ ਅਤੇ ਆਪਣੇ ਹਰ ਤਰ੍ਹਾਂ ਦੇ ਦੁੱਖਾਂ ਗ਼ਮਾਂ ਤੋਂ ਮੁਕਤੀ ਪਾ ਸਾਈਂ ਦਾ ਰੂਪ ਹੋ ਸਕੇ । ਪਾਵਨ ਬਚਨ ਹਨ ਕਿ ‘‘ਪਾਰੁ ਕੈਸੇ ਪਾਇਬੋ ? ਰੇ  !  ਮੋ ਸਉ, ਕੋਊ ਕਹੈ ਸਮਝਾਇ   ਜਾ ਤੇ, ਆਵਾ ਗਵਨੁ ਬਿਲਾਇ ਰਹਾਉ ’’

ਧਾਰਮਿਕ ਗ੍ਰੰਥਾਂ ਦੀ ਖੋਜ ਇੱਥੇ ਲਿਆ ਕੇ ਛੱਡ ਦਿੰਦੀ ਹੈ ਕਿ ਪ੍ਰਭੂ ਮਿਲਾਪ ਲਈ ਲੋਕਾਂ ਨੇ ਸਤਿਜੁਗ ਵਿੱਚ ਸੱਚ ਕਮਾਇਆ। ਤ੍ਰੇਤੇੇ ਜੁੱਗ ਵਿੱਚ ਯੱਗ ਆਦਿ ਕਰਮ ਕਰਕੇ। ਦੁਆਪਰ ਵਿੱਚ ਪੂਜਾ ਦੀ ਪ੍ਰਧਾਨਗੀ ਰਹੀ। ਕਲਿਯੁਗ ਵਿੱਚ ਬਦਲ ਕੇ ਨਾਮ ਆਧਾਰ ਬਣ ਗਿਆ। ਜਦੋਂ ਪ੍ਰਮੇਸ਼ਰ ਸਦੀਵ ਸੱਚ ਹੈ, ਉਹ ਬਦਲਦਾ ਨਹੀਂ, ਆਤਮਾ ਹੀ ਚੋਲਾ ਬਦਲਦੀ ਹੈ, ਪਰਮਾਤਮਾ ਨਹੀਂ, ਫਿਰ ਉਹ ਧਰਮ ਕਰਮ ਕਿਉਂ ਬਦਲਦੇ ਰਹੇ, ਮੇਰੀ ਤਸੱਲੀ ਨਾ ਹੋਈ ਕਿ ਇਹ ਮੈਨੂੰ ਪ੍ਰਮੇਸ਼ਰ ਨਾਲ ਮਿਲਾ ਦੇਣਗੇ ‘‘ਸਤਜੁਗਿ ਸਤੁ, ਤੇਤਾ ਜਗੀ; ਦੁਆਪਰਿ ਪੂਜਾਚਾਰ   ਤੀਨੌ ਜੁਗ ਤੀਨੌ ਦਿੜੇ; ਕਲਿ ਕੇਵਲ ਨਾਮ ਅਧਾਰ ’’

ਲੋਕ ਧਰਮ ਦੀਆਂ ਗੱਲਾਂ ਕਰਦੇ ਹਨ। ਇਹਨਾਂ ਗੱਲਾਂ ਵਾਲਾ ਧਰਮ; ਜਗਤ ਕਮਾਉਂਦਾ ਵੀ ਦਿਸ ਰਿਹਾ ਹੈ, ਪਰ ਗੱਲ ਜਿਹੜੀ ਮਿਲਾਪ ਦੀ ਹੈ ਉਹ ਫਿਰ ਵੀ ਸਪੱਸ਼ਟ ਨਹੀਂ ਹੋ ਪਾ ਰਹੀ, ਪਾਵਨ ਬਚਨ ਹੈ ਕਿ ‘‘ਬਹੁ ਬਿਧਿ ਧਰਮ ਨਿਰੂਪੀਐ; ਕਰਤਾ ਦੀਸੈ ਸਭ ਲੋਇ   ਕਵਨ ਕਰਮ ਤੇ ਛੂਟੀਐ ? ਜਿਹ ਸਾਧੇ ਸਭ ਸਿਧਿ ਹੋਇ ’’

ਜੀਵ ਦੇ ਅੰਦਰ ਸ਼ੰਕਿਆਂ ਦਾ ਹਨ੍ਹੇਰਾ ਅਤੇ ਹਉਮੈ ਦੀ ਰੁਕਾਵਟ ਹੈ। ਇਹਨਾਂ ਦੇ ਮਿਟਾਉਣ ਲਈ ਅਸਲ ਵਿੱਚ ਧਰਮ ਦੀ ਕਮਾਈ ਕਰਨੀ ਹੈ, ਪਰ ਜੇਕਰ ਇਹ ਆਪਣੀ ਥਾਂ ’ਤੇ ਹੀ ਖਲੋਤੇ ਹਨ, ਫਿਰ ਮਿਲਾਪ ਕਿਵੇਂ ਹੋ ਸਕਦਾ ਹੈ। ਜੇਕਰ ਧਰਮ ਹੀ ਇਹਨਾਂ ਨੂੰ ਨੇੜੇ ਨਹੀਂ ਕਰ ਸਕਿਆ ਸਗੋਂ ਹੋਰ ਕਰਮਾਂ ਧਰਮਾਂ ਦਾ ਹੰਕਾਰ ਪੈਦਾ ਹੋ ਗਿਆ, ਫਿਰ ਇਸ ਨੂੰ ਕਮਾਉਣ ਦਾ ਕੀ ਲਾਭ ? ‘‘ਕਰਮ ਅਕਰਮ ਬੀਚਾਰੀਐ; ਸੰਕਾ ਸੁਨਿ ਬੇਦ ਪੁਰਾਨ   ਸੰਸਾ ਸਦ ਹਿਰਦੈ ਬਸੈ; ਕਉਨੁ ਹਿਰੈ ਅਭਿਮਾਨੁ ?’’

ਹਾਥੀ ਦੇ ਇਸ਼ਨਾਨ ਕਰਨ ਮਗਰੋਂ ਫਿਰ ਦੁਬਾਰਾ ਮਿੱਟੀ ਪੁੱਟ ਕੇ ਆਪਣੇ ਉੱਪਰ ਪਾ ਲੈਣੀ; ਜਗਤ ਪ੍ਰਸਿੱਧ ਸਚਾਈ ਹੈ, ਇਸੇ ਤਰ੍ਹਾਂ ਦੇ ਇਹ ਦਿਖਾਵੇ ਦੇ ਕਰਮ ਧਰਮ ਹਨ, ਜਿਹੜੇ ਬਾਹਰੀ ਤੌਰ ’ਤੇ ਤਾਂ ਬੰਦੇ ਨੂੰ ਧਰਮੀ ਪ੍ਰਗਟ ਕਰਦੇ ਹਨ, ਪਰ ਅੰਦਰ ਉਹ ਧਰਮ ਪੈਦਾ ਨਹੀਂ ਕਰਦੇ, ਜਿਸ ਨਾਲ ਸਾਈਂ ਜੀ ਦੇ ਨਾਲ ਗੂੜੀਆਂ ਪੀਘਾਂ ਪੈ ਜਾਣ ਤੇ ਆਵਾਗਵਨ ਮਿੱਟ ਜਾਵੇ ‘‘ਬਾਹਰੁ ਉਦਕਿ ਪਖਾਰੀਐ; ਘਟ ਭੀਤਰਿ ਬਿਬਿਧਿ ਬਿਕਾਰ   ਸੁਧ ਕਵਨ ਪਰ ਹੋਇਬੋ ? ਸੁਚ ਕੁੰਚਰ ਬਿਧਿ ਬਿਉਹਾਰ ’’

ਸਤਿਗੁਰੂ ਜੀ ਬੜੇ ਹੀ ਪਿਆਰ ਭਿੱਜੀ ਰਸਨਾ ਨਾਲ ਹੋਕਾ ਦਿੰਦੇ ਹਨ ਕਿ ਹੇ ਭੁੱਲੜੇ ਲੋਕੋ  ! ਧਰਮ ਸੰਸਾਰ ਦੀਆਂ ਖੁਸ਼ੀਆਂ ਲਈ ਨਹੀਂ ਬਲਕਿ ਧਰਮ ਤਾਂ ਨਿਰੰਕਾਰ ਦੀਆਂ ਖ਼ੁਸ਼ੀਆਂ ਲੈਣ ਲਈ ਕਮਾਇਆ ਜਾਂਦਾ ਹੈ। ਜਿਹੜਾ ਧਰਮ ਰੱਬੀ ਖ਼ੁਸ਼ੀਆਂ ਬਖ਼ਸ਼ ਦੇਵੇ ਅਤੇ ਆਤਮਾ ਦਾ ਪ੍ਰਮਾਤਮਾ ਨਾਲ ਮੇਲ ਕਰਵਾ ਦੇਵੇ, ਹੁਣ ਮੈਂ ਉਹ ਧਰਮ ਤੁਹਾਨੂੰ ਦੱਸਦਾ ਹਾਂ। ਜਿਵੇਂ ਸੂਰਜ ਦਾ ਪ੍ਰਕਾਸ਼ ਹੋਣ ਨਾਲ ਹਨ੍ਹੇਰੇ ਦਾ ਆਪਣੇ ਆਪ ਖ਼ਾਤਮਾ ਹੋ ਜਾਂਦਾ ਹੈ। ਤਾਂਬਾ ਕਿਧਰੇ ਪਾਰਸ ਦੀ ਛੋਹ ਪ੍ਰਾਪਤ ਕਰ ਲਵੇ ਤਾਂ ਸੋਨੇ ਵਿੱਚ ਬਦਲ ਜਾਂਦਾ ਹੈ, ਬਸ ਇਸ ਤਰ੍ਹਾਂ ਹੀ ਜੇਕਰ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਜਾਵੇ ਤਾਂ ਸਾਰੇ ਸ਼ੰਕਿਆਂ ਦਾ ਹਨ੍ਹੇਰਾ ਅਤੇ ਤਾਂਬੇ ਵਰਗੇ ਗੁਣ ਬਦਲ ਕੇ ਸੋਨੇ ਵਰਗੇ ਸ਼ੁਭ ਤੇ ਕੀਮਤੀ ਗੁਣ ਪ੍ਰਗਟ ਹੋ ਜਾਂਦੇ ਹਨ। ਪੂਰਬਲੇ ਕਰਮ ਜਾਗ ਕੇ ਮਨ ਨੂੰ ਹਰ ਤਰ੍ਹਾਂ ਦੀ ਰੁਕਾਵਟ ਦੇ ਬਜਰ ਕਪਾਟ ਖੋਲ੍ਹ ਕੇ ਸੱਚਾ ਮਿਲਾਪ ਕਰਵਾ ਦਿੰਦਾ ਹੈ ‘‘ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ   ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ   ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ   ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ’’

ਸਤਿਗੁਰੂ ਅਤੇ ਪ੍ਰਮੇਸ਼ਰ ਵਿੱਚ ਅੰਤਰ ਨਹੀਂ। ਦੋਵੇਂ ਇੱਕੋ ਨਿਰਗੁਣ ਤੇ ਸਰਗੁਣ ਰੂਪ ਵਿੱਚ ਹਨ, ਇਸ ਲਈ ਗੁਰੂ ਜੀ ਨੂੰ ਹਰ ਰੱਬੀ ਭੇਤ ਦਾ ਗਿਆਨ ਹੈ, ਫਿਰ ਅਜਿਹਾ ਸਤਿਗੁਰੁ ਹੀ ਅਜਿਹੀ ਮਤਿ ਦੇ ਸਕਦਾ ਹੈ, ਜਿਸ ਨਾਲ ਭਰਮਾਂ ਦੇ ਬੰਧਨ ਟੁੱਟ ਕੇ ਸੱਚੀ ਭਗਤੀ ਪੈਦਾ ਹੋ ਜਾਵੇ, ਤਦ ਫਿਰ ਸੁਤੇ ਸਿਧ ਹੀ ਉਹ ਵੀਚਾਰ ਪੈਦਾ ਹੋ ਜਾਂਦੀ ਹੈ, ਜਿਸ ਨਾਲ ਵਾਹਿਗੁਰੂ ਜੀ ਦਾ ਮਿਲਾਪ ਹੋ ਜਾਂਦਾ ਹੈ ‘‘ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ   ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ

ਜਦੋਂ ਜਿਹੜੇ ਕਰਮ ਧਰਮ ਕੀਤਿਆਂ ਮਕਸਦ ਦੀ ਪੂਰਤੀ ਹੀ ਨਹੀਂ ਹੋਣੀ, ਫਿਰ ਉਹਨਾਂ ਨੂੰ ਕਮਾਉਣ ਦਾ ਵੀ ਕੀ ਲਾਭ, ਇਸ ਲਈ ਮੈਂ ਤਾਂ ਇਹਨਾਂ ਸਾਰਿਆਂ ਦਾ ਤਿਆਗ ਕਰਕੇ ਸੱਚੀ ਪ੍ਰਭੂ-ਭਗਤੀ ਵਾਲਾ ਧਰਮ ਧਾਰਨ ਕੀਤਾ ਹੈ, ਜਿਸ ਨਾਲ ਮੇਰੇ ਅੰਦਰੋਂ ਭਰਮਾਂ ਦਾ ਨਾਸ਼ ਹੋ ਗਿਆ ਅਤੇ ਪ੍ਰੇਮਾ-ਭਗਤੀ ਉਪਜ ਪਈ, ਹੁਣ ‘‘ਤੋਹੀ ਮੋਹੀ, ਮੋਹੀ ਤੋਹੀ; ਅੰਤਰੁ ਕੈਸਾ ?’’ (ਭਗਤ ਰਵਿਦਾਸ/੯੩) ਵਾਲੀ ਅਵਸਥਾ ਬਣ ਗਈ, ਜਿਸ ਨਾਲ ਆਤਮਾ; ਪ੍ਰਮਾਤਮਾ ਦਾ ਰੂਪ ਹੋ ਗਿਆ।

ਤੱਤਸਾਰ

ਪਹਿਲਾਂ ਧਰਮ ਕਮਾਉਣ ਵਾਲਿਆਂ ਤੋਂ ਧਰਮ ਬਾਰੇ ਪੁੱਛਿਆ, ਜਦੋਂ ਕੋਈ ਵੀ ਮੈਨੂੰ ਆਤਮਾ; ਪ੍ਰਮਾਤਮਾ ਨਾਲ ਮਿਲਾਉਣ ਦੀ ਜੁਗਤਿ ਨਾ ਦੱਸ ਸਕਿਆ ਤਾਂ ਮੈਂ ਇਹ ਸਾਰੇ ਦਿਖਾਵੇ ਦੇ ਕਰਮ ਧਰਮ ਤਿਆਗ ਕੇ ਸੱਚੀ ਪ੍ਰੀਤ ਰੂਪ ਭਗਤੀ ਵਾਲਾ ਧਰਮ ਧਾਰਨ ਕੀਤਾ, ਜਿਸ ਨਾਲ ਮੈਂ ਆਪ ਹੀ ਆਪਣੇ ਮਕਸਦ ਦੀ ਪੂਰਤੀ ਨਹੀਂ ਕੀਤੀ ਬਲਕਿ ਭੁੱਲੜ ਲੋਕਾਂ ਨੂੰ ਵੀ ਹੋਕਾ ਦੇ ਕੇ ਸਮਝਾ ਰਿਹਾ ਹਾਂ ਕਿ ਪ੍ਰਭੁ ਪ੍ਰਾਪਤੀ ਦਾ ਕੇਵਲ ਤੇ ਕੇਵਲ ਇੱਕੋ ਹੀ ਸਾਚੀ ਪ੍ਰੀਤ ਵਾਲਾ ਰਾਹ ਅਪਣਾਅ ਕੇ ਹੀ ਪਾਰ ਪਾਇਆ ਜਾ ਸਕਦਾ ਹੈ।

ਹੋਲੀ ਤੇ ਗੁਰਮਤਿ

0

ਹੋਲੀ ਤੇ ਗੁਰਮਤਿ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਦਿੱਲੀ

ਹੋਲੀ ਤੇ ਗੁਰਮਤਿ-ਪਹਿਲੇ ਤੋਂ ਲੈ ਕੇ ਦਸਵੇਂ ਜਾਮੇਂ ਤੀਕ ਯਾਨੀ 239 ਵਰ੍ਹਿਆਂ ਦੌਰਾਨ ਸਿੱਖ ਇਤਿਹਾਸ ’ਚ ਇੱਕ ਵੀ ਮਿਸਾਲ ਨਹੀਂ ਮਿਲੇਗੀ, ਜਦੋਂ ਗੁਰੂ ਸਾਹਿਬਾਨ ਨੇ ਆਪ ਜਾਂ ਸਿੱਖਾਂ ਨੇ ਕਦੇ ਵੀ ਰੰਗ ਪਾਉਣ ਵਾਲੀ ਹੋਲੀ ਖੇਡੀ ਹੋਵੇ। ਜਿਹੜੇ ਸਿੱਖ ਆਪਣੀ ਹੂੜ੍ਹਮੱਤ ਜਾਂ ਅਗਿਆਨਤਾ ਵਸ ਹੋਲੀਆਂ ਦੇ ਹੁੜਦੰਗ ’ਚ ਸ਼ਾਮਲ ਹੋ ਕੇ, ਆਪਣੇ ਸਿੱਖੀ ਸਰੂਪ ਦੀ ਬੇਅਦਬੀ ਕਰਦੇ ਹਨ, ਉਹਨਾਂ ਨੂੰ ਆਪਣੀ ਕਰਨੀ ਵਲ ਧਿਆਨ ਦੇਣ ਦੀ ਲੋੜ ਹੈ ਬਲਕਿ ਲੁਕਾਈ ਨੂੰ ਵੀ ਇਹਨਾਂ ਅੱਧਮੂਲਾਂ ’ਚੋਂ ਕੱਢ ਕੇ ਪਭੂ ਦੇ ਰੰਗ ’ਚ ਰੰਗਿਆ ਜਾਵੇ। ਅਸਲ ’ਚ ਹੋਲੀਆਂ ਬਾਰੇ ਗੁਰਬਾਣੀ ਦਾ ਇਹੀ ਸੰਦੇਸ਼ ਹੈ ‘‘ਹੋਲੀ ਕੀਨੀ ਸੰਤ ਸੇਵ   ਰੰਗੁ ਲਾਗਾ ਅਤਿ ਲਾਲ ਦੇਵ ’’ (ਮਹਲਾ /੧੧੮੦) ਪੂਰੇ ਸ਼ਬਦ ਦਾ ਅਰੰਭ ਹੈ ‘‘ਗੁਰੁ ਸੇਵਉ ਕਰਿ ਨਮਸਕਾਰ   ਆਜੁ ਹਮਾਰੈ ਮੰਗਲਚਾਰ   ਆਜੁ ਹਮਾਰੈ ਮਹਾ ਅਨੰਦ   ਚਿੰਤ ਲਥੀ, ਭੇਟੇ ਗੋਬਿੰਦ   ਆਜੁ ਹਮਾਰੈ+ਗ੍ਰਿਹਿ (’); ਬਸੰਤ   ਗੁਨ ਗਾਏ ਪ੍ਰਭ ! ਤੁਮ੍ ਬੇਅੰਤ ਰਹਾਉ   ਆਜੁ ਹਮਾਰੈ; ਬਨੇ ਫਾਗ   ਪ੍ਰਭ ਸੰਗੀ ਮਿਲਿ ਖੇਲਨ ਲਾਗ ’’ (ਮਹਲਾ /੧੧੮੦) ਭਾਵ ਮਨੁੱਖ ਲਈ ਹਮੇਸ਼ਾਂ ਕਰਤੇ ਦੇ ਰੰਗ ’ਚ ਰੰਗੇ ਰਹਿਣਾ ਹੀ ਹੋਲੀ ਦਾ ਖੇਡਣਾ ਹੈ, ਨਾ ਕਿ ਰੰਗ ਗੁਲਾਲ ਆਦਿ ਉਡਾਉਣਾ। ਕਮਾਲ ਇਹ ਕਿ ਪਾਤਸ਼ਾਹ ਨੇ ਇੱਥੇ ਹੋਲੀ ਦੇ ਲਫ਼ਜ਼ ਦਾ ਵਿਰੋਧ ਨਹੀਂ ਕੀਤਾ ਬਲਕਿ ਹੋਲੀ ਦੇ ਅਰਥ ਨਰੋਏ ਕਰ ਦਿੱਤੇ। ਦੂਜੇ ਸ਼ਬਦਾਂ ’ਚ ਗੁਰੂ ਆਸ਼ੇ ’ਤੇ ਚੱਲਣ ਵਾਲਿਆਂ ਨੂੰ ਰੰਗ-ਗੁਲਾਲਾਂ, ਚਿੱਕੜਾਂ ਵਾਲੀ ਹੋਲੀ ਤੋਂ ਪੂਰੀ ਤਰ੍ਹਾਂ ਮਨ੍ਹਾ ਕੀਤਾ ਤੇ ਨਾਮ ਬਾਣੀ ਵਾਲੇ ਰੰਗ ’ਚ ਰੰਗੇ ਰਹਿਣ ਦੀ ਸੇਧ ਦਿੱਤੀ। ਉਂਝ ਵੀ ‘ਹੋਲੀ’ ਤੇ ‘ਹੋਲਾ ਮਹੱਲਾ’ ਦੋਵੇਂ ਵੱਖ-ਵੱਖ ਤਿਉਹਾਰ ਹਨ। ਇਹਨਾਂ ਦੀ ਆਪਸ ’ਚ ਕੋਈ ਸਾਂਝ ਨਹੀਂ। ਹੋਲੀ ਬ੍ਰਾਹਮਣੀ ਤਿਉਹਾਰ ਹੈ ਤੇ ਦੂਜਾ ਸਿੱਖ ਤਿਉਹਾਰ ਹੈ। ਇਹ ਕਹਿਣਾ ਗ਼ਲਤ ਹੈ ਕਿ ਗੁਰਦੇਵ ਨੇ ਹੋਲੀਆਂ ਬਦਲੇ ‘ਹੋਲੇ ਮਹੱਲੇ’ ਦਾ ਆਰੰਭ ਕੀਤਾ। ਵੱਡਾ ਸਬੂਤ ਹੈ ਕਿ ਪਾਤਸ਼ਾਹ ਨੇ ‘ਹੋਲੇ ਮਹੱਲੇ’ ਦੀ ਸਥਾਪਨਾ; ਹੋਲੀ ਦੇ ਦਿਨਾਂ ’ਚ ਨਹੀਂ ਬਲਿਕ ਹੋਲੀ ਮੁੱਕਣ ਤੋਂ ਬਾਅਦ ਕੀਤੀ। ਜੇ ਬਦਲਣਾ ਹੁੰਦਾ ਤਾਂ ਉਹਨਾਂ ਦਿਨਾਂ ’ਚ ਹੀ ਆਰੰਭਦੇ। ਦੂਜਾ ਗੁਰਦੇਵ ਨੇ ਜਦੋਂ ਜੰਜੂ ਵਾਲਾ ਰਸਤਾ ਹੀ ਬੰਦ ਕਰ ਦਿੱਤਾ ਭਾਵ ਰੱਖੜੀ, ਟਿੱਕਾ, ਲੋਹੜੀ, ਦਿਵਾਲੀ ਆਦਿ ਬ੍ਰਾਹਮਣੀ ਤਿਉਹਾਰ ਹੀ ਮਨਜ਼ੂਰ ਨਹੀਂ ਕੀਤੇ ਤਾਂ ਹੋਲੀ ਲਈ ਦੂਜਾ ਮਾਪਦੰਡ ਕਿਵੇਂ ? ਹਾਂ ! ਜਿਨ੍ਹਾਂ ਦਾ ਤਿਉਹਾਰ ਹੈ, ਜਮ-ਜਮ ਮਨਾਉਣ ਇਸ ਨਾਲ ਸਾਡਾ ਲੈਣਾ ਦੇਣਾ ਨਹੀਂ, ਪਰ ਹੋਲੀ ਸਿੱਖ ਤਿਉਹਾਰ ਨਹੀਂ ਹੈ।

ਹੋਲੀ ਦਾ ਪਿਛੋਕੜ- ਹੋਲੀ, ਭਾਰਤ ਦਾ ਮਿਥਿਹਾਸਕ ਪੁਰਾਣਿਕ ਤਿਉਹਾਰ ਹੈ। ਇਸ ਦਾ ਮੂਲ ਬ੍ਰਾਹਮਣ ਦੀ ਵਰਣਵੰਡ ਹੈ। ਉਸ ਅਨੁਸਾਰ ਬ੍ਰਾਹਮਣ ਲਈ ਵਿਸਾਖੀ, ਖ੍ਰਤੀ ਲਈ ਦੁਸਹਿਰਾ, ਵੈਸ਼ਾਂ ਲਈ ਦਿਵਾਲੀ ਤੇ ਅਖੌਤੀ ਸ਼ੂਦਰਾਂ ਲਈ ਹੋਲੀ ਹੈ। ਇਸ ਤੋਂ ਉਪਰੰਤ ਜਿਵੇਂ ਹੋਰ ਬ੍ਰਾਹਮਣੀ ਤਿਉਹਾਰਾਂ ’ਚ ਦੂਜਿਆਂ ਨੂੰ ਉਲਝਾਉਣ ਲਈ ਕੁੱਝ ਇਤਿਹਾਸਕ, ਮਿਥਿਹਾਸਕ ਘਟਨਾਵਾਂ, ਮੌਸਮਾਂ-ਰੀਤਾਂ ਰਿਵਾਜਾਂ ਦਾ ਨਾਮ ਦਿੱਤਾ ਗਿਆ, ਉਸੇ ਤਰ੍ਹਾਂ ਹੋਲੀ ਨਾਲ ਪ੍ਰਹਿਲਾਦ ਦੀ ਘਟਨਾ ਨੂੰ ਜੋੜਿਆ ਗਿਆ। ਠੀਕ ਹੈ, ਗੁਰਬਾਣੀ ’ਚ ਬਹੁਤ ਵਾਰੀ ਪ੍ਰਹਿਲਾਦ ਵਾਲੀ ਘਟਨਾ ਦਾ ਜ਼ਿਕਰ ਆਇਆ ਹੈ, ਪਰ ਉਹ ਵੀ ਬਾਕੀ ਮਿਥਿਹਾਸਕ ਮਿਸਾਲਾਂ ਦੀ ਤਰ੍ਹਾਂ ਹੀ, ਇਸ ਤੋਂ ਵੱਧ ਨਹੀਂ। ਗੁਰਬਾਣੀ ਰਾਹੀਂ ਪ੍ਰਹਿਲਾਦ ਦੀ ਘਟਨਾ ਤੋਂ ਗੁਰਮਤਿ ਦੇ ਤਿੰਨ ਸਿਧਾਂਤ ਦ੍ਰਿੜ੍ਹ ਕਰਵਾਏ ਹਨ (ੳ). ਸਿੱਖਾਂ ਨੇ ਪ੍ਰਭੂ ਭਗਤੀ ਨਾਲ ਨਿਡੱਰ ਤੇ ਇੱਕ ਮਨ ਹੋ ਕੇ ਦ੍ਰਿੜ੍ਹ ਇਰਾਦੇ ਨਾਲ ਜੁੜਨਾ ਹੈ। (ਅ). ਸਦੀਵੀ ਹਸਤੀ, ਕੇਵਲ ਕਰਤਾਰ ਹੀ ਹੈ, ਦੂਜਾ ਕੋਈ ਨਹੀਂ; ਜਿਵੇਂ ‘‘ਰਾਮੁ ਗਇਓ ਰਾਵਨੁ ਗਇਓ..’’ (ਮਹਲਾ /੧੪੨੯) ਬਾਕੀ ਤਾਂ ਸਭ ਆਵਣ-ਜਾਣੇ ਹੀ ਹਨ (ਇੱਥੇ ਹੋਲਿਕਾ, ਹਰਨਾਖਸ਼)। (ੲ). ‘‘ਹਰਿ ਜੁਗੁ ਜੁਗੁ ਭਗਤ ਉਪਾਇਆ; ਪੈਜ ਰਖਦਾ ਆਇਆ ਰਾਮ ਰਾਜੇ ’’ (ਮਹਲਾ /੪੫੧) ਰੂਪ ਅਕਾਲ ਪੁਰਖ ਦਾ ਮੁੱਢ ਕਦੀਮੀ ਸੁਭਾਅ ਹੈ ਕਿ ਸ਼ਰਨ ’ਚ ਆਉਣ ਵਾਲਿਆਂ (ਭਗਤਾਂ, ਇੱਥੇ ਪ੍ਰਹਿਲਾਦ) ਦੀ ਬਹੁੜੀ ਕਰਦਾ ਹੈ।

ਇਸੇ ਤਰ੍ਹਾਂ ਭਾਰਤ ’ਚ ਮਹਾਭਾਰਤ, ਪੁਰਾਣਾਂ ਵਿਚਲੀ ਕ੍ਰਿਸ਼ਨ ਵਾਲੀ ਘਟਨਾ ਨੂੰ ਆਧਾਰ ਅਤੇ ਹੋਲੀ ਨੂੰ ਧਾਰਮਕ ਤਿਉਹਾਰ ਮੰਨ ਕੇ, ਸਭ ਤੋਂ ਵੱਧ ਮਥੁਰਾ, ਗੋਕੁਲ, ਬਿੰਦ੍ਰਾਬਨ ’ਚ ਹੀ ਖੇਡੀ ਜਾਂਦੀ ਹੈ, ਪਰ ਉੱਥੇ ਇਸ ਰਸਤੇ ਅਨੇਕ ਕਾਮ-ਉਕਸਾਊ, ਅਸ਼ਲੀਲ, ਲੱਜਾਹੀਣ ਖੇਡਾਂ ਵੀ ਖੇਡੀਆਂ ਜਾਂਦੀਆਂ ਹਨ। ਗੁਰੂ ਨਾਨਕ ਪਾਤਸ਼ਾਹ, ਹੋਲੀ ਦੇ ਦਿਨਾਂ ’ਚ ਉਚੇਚੇ ਮਥੁਰਾ ਪੁੱਜੇ। ਪਾਤਸ਼ਾਹ ਨੇ ਧਰਮ ਤਿਉਹਾਰ ਦੇ ਪੱਜ ਖੇਡੀਆਂ ਜਾ ਰਹੀਆਂ ਅਸਭਯ ਖੇਡਾਂ ਤੋਂ ਵਰਜਿਆ, ਪਰ ਪਾਂਡਿਆਂ ਨੇ ਇਸ ਨੂੰ ਕਲਜੁਗ ਦਾ ਪ੍ਰਭਾਵ ਦੱਸਿਆ। ਪਾਤਸ਼ਾਹ ਨੇ ਉੱਥੇ ‘‘ਸੋਈ ਚੰਦੁ ਚੜਹਿ, ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ   ਸਾ ਧਰਤੀ ਸੋ ਪਉਣੁ ਝੁਲਾਰੇ; ਜੁਗ ਜੀਅ ਖੇਲੇ ਥਾਵ ਕੈਸੇ ?’’ (ਮਹਲਾ /੯੦੨) ਵਾਲੇ ਸ਼ਬਦ ਰਾਹੀਂ ਦੱਸਿਆ ਕਿ ਪ੍ਰਭੂ ਰਚਨਾ ’ਚ ਸਤਿਜੁਗ, ਤ੍ਰੇਤਾ, ਦੁਆਪਰ, ਕਲਜੁਗ ਆਦਿ ਸਮੇਂ ਦੀ ਕੋਈ ਵੰਡ ਨਹੀਂ ਤੇ ਨਾ ਹੀ ਇੱਕੋ ਸਮੇਂ ਸਾਰੇ ਲੋਕਾਂ ਦੇ ਸੁਭਾਅ ਬਦਲਦੇ ਹਨ। ਤਾਂ ਤੇ ਅਖੌਤੀ ਕਲਜੁਗ ਦਾ ਪਰਦਾ ਪਾ ਕੇ ਧਾਰਮਕ ਆਗੂ ਜਾਂ ਲੁਕਾਈ ਆਪਣੇ ਦੋਸ਼ਾਂ ਤੋਂ ਬਰੀ ਨਹੀਂ ਹੋ ਸਕਦੀ। ਇੱਥੇ ਤਾਂ ‘‘ਨਾਨਕ ! ਨਾਮੁ ਮਿਲੈ ਵਡਿਆਈ; ਏਦੂ ਉਪਰਿ ਕਰਮੁ ਨਹੀ ’’ (ਮਹਲਾ /੯੦੩) ਵਾਲ਼ੇ ਕਰਮ ਕਰਨ ਦੀ ਲੋੜ ਹੈ ਤਾਂ ਕਿ ਮਨੁੱਖ, ਨੇਕ ਪਰਉਪਕਾਰੀ ਬਣੇ ਅਤੇ ਆਪਣੇ ਜਨਮ ਨੂੰ ਪ੍ਰਭੂ ਰੰਗ ’ਚ ਸਫਲਾ ਕਰੇ।

ਕੁਝ ‘ਹੋਲੇ ਮਹੱਲੇ’ ਬਾਰੇ- ਪਹਿਲੀ ਗੱਲ, ਇਸ ਨੂੰ ਕੇਵਲ ‘ਹੋਲਾ’ ਕਹਿ ਕੇ ਬੁਲਾਉਣਾ ਵੱਡੀ ਭੁਲ ਤੇ ਅਗਿਆਨਤਾ ਹੈ, ਇਸ ਦਾ ਨਾਂ ਹੈ ‘ਹੋਲਾ ਮਹੱਲਾ’। ਦੂਜਾ-ਗੁਰਬਾਣੀ ਵਿਚਾਰਧਾਰਾ ਦੇ ਅਮੋਘ ਬਾਣਾਂ (ਤੀਰਾਂ) ਨਾਲ ਸੰਸਾਰ ’ਚੋਂ ਬੁਰਾਈਆਂ, ਗੁਣਾਹਾਂ, ਜੁਰਮਾਂ, ਐਬਾਂ ਆਦਿ ਧਰਮ ਦੇ ਪਰਦੇ ਹੇਠ ਫੈਲਾਏ ਜਾ ਰਹੇ ਪਾਖੰਡਾਂ ਨਾਲ ਜੂਝਣਾ ਤੇ ਗੁਰਬਾਣੀ ਸੇਧ ’ਚ ਚੱਲ ਕੇ ਵਿਕਾਰਾਂ ਨਾਲ ਹਰ ਸਮੇਂ ਜੰਗ ਕਰਨੀ, ਇਹੀ ਹੈ ਸਿੱਖ ਦੀ ਨਿੱਤ ਦੀ ਜੰਗ, ਨਾ ਕਿ ਉਸੇ ਗੰਦਗੀ ’ਚ ਆਪ ਡੁੱਬਣਾ, ਜਿੱਥੋਂ ਸਿੱਖਾਂ ਨੂੰ ਕੱਢਿਆ ਹੈ; ਜਿਵੇਂ ਕਿ ਅੱਜ ਹੋਇਆ ਪਿਆ ਹੈ।

ਦੂਜਾ-ਗੁਰਬਾਣੀ ਸੱਚ ਦੇ ਪ੍ਰਸਾਰ ਲਈ ਲੋੜ ਪਵੇ ਤਾਂ ਜਾਨ ’ਤੇ ਖੇਡ ਕੇ ਕੁਰਬਾਨੀ ਤੀਕ ਦੇ ਦੇਣੀ, ਪਰ ਰੱਬੀ ਸਚਾਈ ਨੂੰ ਆਂਚ ਨਹੀਂ ਆਉਣ ਦੇਣੀ। ਸਿੱਖਾਂ ਨੇ ਆਪਣੇ ਜੀਵਨ ’ਚ ਜੰਗ ਦੇ ਇਹਨਾਂ ਦੋਨਾਂ ਢੰਗਾਂ ਨੂੰ ਨਿੱਤ ਚਾਲੂ ਰੱਖਣਾ ਹੈ। ਸ਼ੱਕ ਨਹੀਂ, ਜ਼ਿੰਦਗੀ ਦੀ ਇਸ ਦੂਜੀ ਜੰਗ ਲਈ ਹਥਿਆਰਾਂ ਦੀ ਵੀ ਲੋੜ ਪੈ ਸਕਦੀ ਹੈ, ਪਰ ਸਿੱਖ ਲਈ ‘‘ਮੂਰਖ ਗੰਢੁ ਪਵੈ; ਮੁਹਿ ਮਾਰ ’’ ( ਮਹਲਾ /੧੪੩) ਅਨੁਸਾਰ ਇਸ ਦੇ ਲਈ ਇਹ ਜੰਗ ਦਾ ਆਖਰੀ ਢੰਗ ਹੈ, ਪਹਿਲਾ ਨਹੀਂ। ਇਹੀ ਕਾਰਨ ਹੈ ਕਿ ਪਹਿਲੇ ਪੰਜ ਜਾਮਿਆਂ ਤੀਕ ਬਾਣੀ ਦੀ ਸੇਧ ’ਚ ਵਿਚਾਰਾਂ ਦੀ ਜੰਗ ਦੀ ਜਾਚ ਸਿਖਾਈ। ਦੂਜੇ ਨੰਬਰ ’ਤੇ ਇਲਾਹੀ ਸੱਚ ਦੀ ਰਾਖੀ ਲਈ ਕੁਰਬਾਨੀ ਤੀਕ ਦੇ ਦਿੱਤੀ, ਪਰ ਇਸ ਰੱਬੀ ਸੱਚ ’ਤੇ ਆਂਚ ਨਹੀਂ ਆਉਣ ਦਿੱਤੀ। ਅੰਤ ਛੇਵੇਂ ਤੇ ਦਸਵੇਂ ਜਾਮੇ ਸਮੇਂ ਹਥਿਆਰਾਂ ਦੀ ਜੰਗ ਲੜੀ ਤਾਂ ਵੀ ਕਿਸੇ ’ਤੇ ਹਮਲੇ ਲਈ ਨਹੀਂ ਤੇ ਨਾ ਹੀ ਜ਼ਰ-ਜ਼ੋਰੂ-ਜ਼ਮੀਨ ਲਈ। ਹਥਿਆਰ ਵਰਤੇ ਵੀ ਤਾਂ ਕੇਵਲ ਉਹਨਾਂ ’ਤੇ ਜਿਹੜੇ ਹਮਲਾਵਰ ਹੋ ਕੇ ਆਏ। ਇਸ ਤੋਂ ਉਪਰੰਤ, ਜੰਗ ਦੇ ਮੈਦਾਨ ’ਚ ਡਿੱਗੇ ਵੈਰੀ ਨੂੰ ਵੀ ਉਹੀ ਪਿਆਰ, ਸਤਿਕਾਰ, ਹਮਦਰਦੀ ਮਿਲੀ, ਜਿਹੜੀ ਆਪਣੇ ਵੱਲੋਂ ਹੋ ਕੇ ਲੜਣ ਵਾਲਿਆਂ ਨੂੰ । ਭਾਈ ਘਨਈਆ ਸਿੰਘ ਦੀ ਮਿਸਾਲ, ਸਾਡੇ ਸਾਹਮਣੇ ਹੈ ਤੇ ਇਸੇ ਤੋਂ ਜਨਮ ਹੁੰਦਾ ਹੈ ‘ਅਜੋਕੀ ਰੈਡ-ਕਰਾਸ ਦਾ’।

ਇਸ ਤਰ੍ਹਾਂ ਜਦੋਂ ਸੰਨ 1699 ’ਚ ਹਰ ਸਮੇਂ ਸ਼ਸਤ੍ਰਧਾਰੀ ਰਹਿਣ ਦਾ ਹੁਕਮ ਕੀਤਾ ਤਾਂ ਉੱਥੇ ਵੀ ਲਫ਼ਜ਼ ਤਲਵਾਰ, ਸ਼ਮਸ਼ੀਰ ਆਦਿ ਨਹੀਂ ਬਲਕਿ ਲਫ਼ਜ਼ ਦਿੱਤਾ ‘ਕ੍ਰਿਪਾਨ’। ਲਫ਼ਜ਼ ਕ੍ਰਿਪਾਨ, ਦੋ ਲਫ਼ਜ਼ਾਂ ਦੀ ਸੰਧੀ ਕ੍ਰਿਪਾ+ਆਨ ਤੋਂ ਹੈ। ਭਾਵ ਹਰ ਸਮੇਂ ਗਲ਼ ’ਚ ਪਈ ਕ੍ਰਿਪਾਨ ਸਿੱਖ ਨੂੰ ਚੇਤਾਵਨੀ ਦੇਂਦੀ ਹੈ-ਬੇਸ਼ਕ ਉਸ ਨੇ ਆਧੁਨਿਕ ਤੋਂ ਆਧੁਨਿਕ ਹਥਿਆਰ ਵੀ ਵਰਤਣੇ ਹੋਣ ਤਾਂ ਵੀ ਉਸ ਨੇ ਕ੍ਰਿਪਾਨ ਵਾਲੇ ਸਿਧਾਂਤ ਨੂੰ ਭੁਲਾ ਕੇ ਨਹੀਂ ਵਰਤਣੇ। ਸਿੱਖਾਂ ਨੇ ਦੋਨਾਂ ’ਚੋਂ ਕਿਸੇ ਇੱਕ ਕਾਰਨ ਲਈ ਹੀ ਹਥਿਆਰ ਦੀ ਵਰਤੋਂ ਕਰਨੀ ਹੈ, ਉਸ ਤੋਂ ਬਾਹਰ ਨਹੀਂ, (1). ਮਜ਼ਲੂਮ, ਅਸਹਾਇ ਦੀ ਮਦਦ ਲਈ। (2). ਪੰਥ ਤੇ ਮਨੁੱਖਤਾ ਦੀ ਆਣ-ਸ਼ਾਨ ਕਾਇਮ ਰੱਖਣ ਲਈ। ਸਿੱਖਾਂ ਨੇ ਹਥਿਆਰ ਨੂੰ ਕਿਸੇ ’ਤੇ ਜ਼ੁਲਮ-ਧੱਕਾ, ਖੋਹਾ-ਖੁਹਾਈ, ਹੱਕ ਮਾਰਨ, ਜ਼ਾਤੀ ਦੁਸ਼ਮਣੀ, ਨਿਜੀ ਵੈਰ ਵਿਰੋਧ ਆਦਿ ਲਈ ਨਹੀਂ ਵਰਤਣਾ। ਇਸ ਤਰ੍ਹਾਂ ਹਜ਼ੂਰ ਨੇ ਜਦੋਂ ਕ੍ਰਿਪਾਨ ਨੂੰ ਪੰਜ ਕਕਾਰਾਂ ਨਾਲ ਜੋੜਨ ਦਾ ਮਨ ਬਣਾਇਆ ਤਾਂ ਇਸ ਤੋਂ ਪਹਿਲਾਂ ਹੀ ਸੰਨ 1698 ’ਚ ਸਿੱਖਾਂ ਦੇ ਹਥਿਆਰਾਂ ਦੇ ਸਦੀਵੀ ਅਭਿਆਸ ਦਾ ਸੂਚਕ, ‘ਹੋਲਾ ਮਹੱਲਾ’ ਵੀ ਕਾਇਮ ਕਰ ਦਿੱਤਾ। ਠੀਕ ਉਸੇ ਤਰ੍ਹਾਂ ਜਿਵੇਂ ਹਰੇਕ ਦੇਸ਼ ਜੰਗ ਤਾਂ ਹਰ ਸਮੇਂ ਨਹੀਂ ਲੜਦਾ, ਪਰ ਸ਼ਸਤਰਾਂ ਫ਼ੌਜਾਂ ਦੇ ਅਭਿਆਸ ਕਦੇ ਵੀ ਬੰਦ ਨਹੀਂ ਹੁੰਦੇ। ਇਸੇ ਤਰ੍ਹਾਂ ਸਿੱਖਾਂ ਨੇ ਵੀ ਹਰ ਸਮੇਂ ਸ਼ਸਤਰ ਦੀ ਵਰਤੋਂ ਤਾਂ ਨਹੀਂ ਕਰਨੀ, ਪਰ ਉਸ ਦੇ ਅਭਿਆਸ ਸਦਾ ਚੱਲਦੇ ਰਹਿਣੇ ਚਾਹੀਦੇ ਹਨ, ਨਾ ਕਿ ਅੱਜ ਦੀ ਤਰ੍ਹਾਂ ਸਾਲ ਬਾਅਦ ਰੀਤ ਪੂਰੀ ਕੀਤੀ ਤੇ ਵਿਹਲੇ ਹੋਏ।

ਹੋਲਾ ਮਹੱਲਾ

0

ਹੋਲਾ ਮਹੱਲਾ

ਕਿਰਪਾਲ ਸਿੰਘ ਬਠਿੰਡਾ

ਸਿੱਖ ਇਤਿਹਾਸ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿੰਦੂਆਂ ਦੀ ਹੋਲ਼ੀ ਤੋਂ ਇੱਕ ਦਿਨ ਪਿੱਛੋਂ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ, ਜੋ ਬਾਅਦ ’ਚ ਸਿੱਖਾਂ ਦੇ ਕੌਮੀ ਤਿਉਹਾਰ ਵਿੱਚ ਬਦਲ ਗਿਆ। ‘ਮਹੱਲਾ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਮਹਾਨ ਕੋਸ਼ ਅਨੁਸਾਰ ਅਰਥ ਹਨ : ‘ਜਿਸ ਨੂੰ ਫਤੇ ਕਰ ਕੇ ਉਤਰੀਏ, ਹਲੂਲ ਦੀ ਥਾਂ ਅਥਵਾ ਦੌੜਨ ਦਾ ਅਸਥਾਨ। ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਬਦੀ ੧ ਨੂੰ ਮਨਸੂਈ ਜੰਗ ਦੇ ਤਿਉਹਾਰ ਦਾ ਦਿਨ ਠਹਿਰਾਇਆ। ਇਸ ਦਿਨ ਇੱਕ ਥਾਂ ਹਮਲੇ ਲਈ ਨਿਸ਼ਚਿਤ ਕਰ ਕੇ ਦੋ ਦਲ ਬਣਾਏ ਜਾਂਦੇ ਸਨ, ਜਿਨ੍ਹਾਂ ਦੇ ਸਰਦਾਰ ਚੁਣਵੇਂ ਸਿੰਘ ਹੋਇਆ ਕਰਦੇ ਸਨ। ਜੋ ਇੱਕ ਦਲ ਦਾ ਵਾਰ ਰੋਕ ਕੇ ਬੜੀ ਚਤੁਰਾਈ ਨਾਲ ਖ਼ਾਸ ਥਾਂ ’ਤੇ ਕਬਜ਼ਾ ਕਰ ਲੈਂਦੇ, ਉਹ ਜਿੱਤੇ ਸਮਝੇ ਜਾਂਦੇ’। ਇਸ ਸਮੇਂ ਅਨੰਦਪੁਰ ਸਾਹਿਬ ਜੀ ਦਾ ਹੋਲਾ ਮਹੱਲਾ ਵਿਸ਼ੇਸ਼ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ ਬਾਕੀ ਸਥਾਨਾਂ ’ਤੇ ਇਸ ਦਾ ਰਿਵਾਜ਼ ਬਹੁਤ ਘਟਦਾ ਜਾ ਰਿਹਾ ਹੈ ਹਾਲਾਂਕਿ ਹੁਣ ਵੀ ਕੁਝ ਗੁਰਦੁਆਰਿਆਂ ’ਚ ਹੋਲੇ ਮਹੱਲੇ ਦੀ ਰੀਤ ਕੁੱਝ ਬਾਕੀ ਰਹਿ ਗਈ ਹੈ ਅਤੇ ਖ਼ਾਸ ਕਰਕੇ ਵਿਦੇਸ਼ਾਂ ’ਚ ਸਥਿਤ ਗੁਰਦੁਆਰਿਆਂ ਵਿੱਚ ਇਸ ਤਿਉਹਾਰ ਨੂੰ ਨਵੇਂ ਸਾਲ ਅਤੇ ਹੋਲੇ ਮਹੱਲੇ ਦੇ ਰੂਪ ’ਚ ਬੜੇ ਹੀ ਉਤਸ਼ਾਹ ਨਾਲ ਖ਼ਾਲਸੇ ਦੇ ਜਾਹੋ ਜਲਾਲ ਦੇ ਪੁਰਬ ਵਜੋਂ ਮਨਾਉਣ ਦੀ ਰੀਤ ਬੜੀ ਤੇਜ਼ੀ ਨਾਲ ਮਨਾਉਣੀ ਪ੍ਰਚਲਿਤ ਹੋ ਰਹੀ ਹੈ।

ਭਾਰਤੀ ਸਭਿਆਚਾਰ ਵਿੱਚ ਤਿਉਹਾਰ ਕਿਸੇ ਖ਼ਾਸ ਰੁੱਤਾਂ ਵਿੱਚ ਮਨਾਏ ਜਾਂਦੇ ਹਨ; ਉਸ ਹਿਸਾਬ ਨਾਲ ਹੋਲੀ ਹਿਮਕਰ (ਬਰਫਾਨੀ) ਰੁੱਤ ਦੀ ਸਮਾਪਤੀ ਅਤੇ ਬਸੰਤ ਰੁੱਤ ਦੀ ਆਮਦ ਦਾ ਸੁਨੇਹਾ ਦੇਣ ਵਾਲਾ ਤਿਉਹਾਰ ਹੈ। ਦੂਸਰਾ ਇਹ ਬਿਕਰਮੀ ਚੰਦਰ ਸਾਲ ਦੇ ਅਖੀਰਲੇ ਦਿਨ ਮਨਾਈ ਜਾਂਦੀ ਹੈ। ‘ਹਿੰਦੀ ਕਲੰਡਰ ਵਿੱਚ ਨਾਗਰਿਕ ਮਨੋਰਥਾਂ ਲਈ ਪੁੰਨਿਆਂ ਨੂੰ ਖ਼ਤਮ ਹੋਣ ਵਾਲੇ ਮਹੀਨੇ ਵਰਤੇ ਜਾਂਦੇ ਹਨ; ਕਿਉਂਕਿ ਇਹ ਮਹੀਨੇ ਗੌਣਮਾਨ ਹਨ, ਇਸ ਲਈ ਮਹੀਨੇ ਦਾ ‘ਵਦੀ’ ਵਾਲਾ ਅੱਧਾ ਭਾਗ ਪਹਿਲੋਂ ਆਉਂਦਾ ਹੈ ਇਸ ਪਿੱਛੋਂ ਸੁਦੀ ਵਾਲਾ ਅੱਧ ਭਾਗ ਆਉਂਦਾ ਹੈ। ਇਸ ਲਈ ਸਾਲ ਦਾ ਆਖ਼ਰੀ ਦਿਨ ਪੁੰਨਿਆਂ ਦਾ ਹੁੰਦਾ ਹੈ ਅਤੇ ਪ੍ਰਾਚੀਨ ਭਾਰਤੀ ਰਵਾਇਤ ਅਨੁਸਾਰ ਇਹ ਫਾਲਗੁਨੀ ਪੂਰਣਿਮਾਂ (ਜਾਂ ਹਿੰਦੂਆਂ ਦੀ ਹੋਲੀ) ਹੁੰਦੀ ਹੈ ਅਤੇ ਇਸ ਤੋਂ ਇੱਕ ਦਿਨ ਪਿੱਛੋਂ ਭਾਵ ਚੇਤ ਵਦੀ ੧ ਨੂੰ ਸਿੱਖਾਂ ਦਾ ਹੋਲਾ ਮਹੱਲਾ।’

ਤੁਜ਼ਕ-ਏ-ਜਹਾਂਗੀਰੀ ਵਿੱਚ ਅੰਕਿਤ ਹੈ ਕਿ ਸਾਲ ਦੇ ਆਖ਼ਰੀ ਦਿਨ ਹੋਲੀ ਹੁੰਦੀ ਹੈ :- “Thursday is the Holi, which in their belief is the last day of the year.” – Tuuzk-I-Jahangiri or Memoirs of Jahangir, Translated by Alexander Rogers and Henry Beveridge, first published 1909-1914, reprint 1989 Low Price Publications, Delhi.

ਗੁਰੂ ਸਾਹਿਬ ਜੀ ਨੇ ਹੋਲਾ ਮਹੱਲਾ ਕੌਮੀ ਤਿਉਹਾਰ ਵਜੋਂ ਮਨਾਉਣ ਦੀ ਰੀਤ ਕਦੋਂ ਅਤੇ ਕਿੱਥੇ ਸ਼ੁਰੂ ਕੀਤੀ ਇਸ ਦੀ ਸਾਡੇ ਪਾਸ ਕੋਈ ਪ੍ਰਮਾਣਿਕ ਤਾਰੀਖ਼ ਨਹੀਂ ਹੈ। ਜਿਵੇਂ ਕਿ

  1. ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਮਹਾਨ ਕੋਸ਼ ਵਿੱਚ (ਹੋਲਗੜ੍ਹ ਸਿਰਲੇਖ ਹੇਠ) ਦਰਜ ਹੈ : ਅਨੰਦਪੁਰ ਦਾ ਇੱਕ ਕਿਲਾ ਇਸੇ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਲਾ ਕੇ ਸੰਮਤ ੧੭੫੭, ਚੇਤ ਬਦੀ (ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂਸ਼ੁੱਕਰਵਾਰ, ੧੭ ਚੇਤ ਸੰਮਤ ੧੭੫੭; 14 ਮਾਰਚ 1701 ਜੂਲੀਅਨ) ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ

ਬਹੁਤੇ ਲੇਖਕ ਆਪਣੀਆਂ ਲਿਖਤਾਂ ਵਿੱਚ ਇਹੀ ਤਰੀਖ਼ਾਂ ਲਿਖਦੇ ਹਨ। (ਇਸ ਤਾਰੀਖ਼ ’ਤੇ ਸੰਦੇਹ ਕੀਤਾ ਜਾ ਸਕਦਾ ਹੈ ਕਿ ਕਿਲ੍ਹੇ ਦਾ ਨਾਮ ਹੋਲਗੜ੍ਹ ਰੱਖੇ ਜਾਣਾ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਉਸ ਸਥਾਨ ’ਤੇ ਹੋਲਾ ਮਹੱਲਾ ਪਹਿਲਾਂ ਹੀ ਖੇਡਿਆ ਜਾਂਦਾ ਸੀ।) ਮਹਾਨ ਕੋਸ਼ ਵਿੱਚ ਹੀ ਦਰਜ ਹੈ ਕਿ ਸੰਮਤ ੧੭੪੬ ਵਿੱਚ ਕਲਗੀਧਰ ਨੇ ਇਸ ਨਗਰ (ਅਨੰਦਪੁਰ) ਦੀ ਰੱਖਯਾ ਲਈ ਪੰਜ ਕਿਲ੍ਹੇ (ੳ) ਅਨੰਦਗੜ੍ਹ (ਅ) ਲੋਹਗੜ੍ਹ (ੲ) ਫ਼ਤਹਿਗੜ੍ਹ (ਸ) ਕੇਸਗੜ੍ਹ (ਹ) ਹੋਲਗੜ੍ਹ ਦੀ ਉਸਾਰੀ ਕੀਤੀ ਸੀ। ਇਸ ਦਾ ਭਾਵ ਹੈ ਕਿ ਹੋਲਾ ਮਹੱਲਾ ਖੇਡਣ ਦੀ ਰੀਤ ਸੰਮਤ ੧੭੪੬ ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਸੀ।) 2. ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ’ਚ (ਮਹੱਲਾ ਸਿਰਲੇਖ ਹੇਠ) ਅਤੇ ਗੁਰਮਤਿ ਮਾਰਤੰਡ (ਭਾਗ ਪਹਿਲਾ ਪੰਨਾ 110 ਉੱਪਰ ਸ਼ਸਤਰ ਵਿੱਦਿਆ ਸਿਰਲੇਖ ਦੇ ਫੁੱਟ ਨੋਟ) ਦੋਵਾਂ ਹੀ ਪੁਸਤਕਾਂ ਵਿੱਚ ਕੇਵਲ ਚੇਤ ਵਦੀ ੧ ਨੂੰ ਹੋਲਾ ਮਹੱਲਾ ਹੁੰਦਾ ਹੈ, ਦਰਜ ਕਰਨ ਤੋਂ ਇਲਾਵਾ ਹੋਰ ਕੋਈ ਵੀ ਸੰਨ ਜਾਂ ਸੰਮਤ ਨਹੀਂ ਲਿਖਿਆ।

  1. ਡਾ: ਵਣਜਾਰਾ ਬੇਦੀ ਅਨੁਸਾਰ ਹੋਲੇ ਮਹੱਲੇ ਦਾ ਤਿਉਹਾਰ ਚੇਤ ਵਦੀ ੧, ਸੰਮਤ ੧੭੪੨/ 1 ਮਾਰਚ 1686 ਤੋਂ ਪਾਉਂਟਾ ਸਾਹਿਬ ਵਿਖੇ ਮਨਾਉਣਾ ਸ਼ੁਰੂ ਕਰ ਦਿੱਤਾ ਸੀ।
  2. ਸਿੱਖ ਤਵਾਰੀਖ਼ ਭਾਗ ਪਹਿਲਾ ਦੇ ਪੰਨਾਂ ਨੰ: 301 ’ਤੇ ਡਾ: ਹਰਜਿੰਦਰ ਸਿੰਘ ਦਿਲਗੀਰ ਲਿਖਦੇ ਹਨ ‘3 ਮਾਰਚ 1683 ਦੇ ਦਿਨ ਗੁਰੂ ਸਾਹਿਬ ਨੇ ਚੱਕ ਨਾਨਕੀ ਵਿੱਚ ਹੋਲਾ ਮਹੱਲਾ ਮਨਾਇਆ। ਇਸ ਮੌਕੇ ’ਤੇ ਘੋੜ-ਦੌੜ, ਕੁਸ਼ਤੀਆਂ, ਗਤਕਾ ਅਤੇ ਮਸਨੂਹੀ ਲੜਾਈਆਂ ਦੇ ਮੁਕਾਬਲੇ ਕਰਵਾਏ ਗਏ। ਇਸ ਰਸਮ ਨੂੰ ਹਿੰਦੂ ਤਿਉਹਾਰ ਹੋਲੀ ਦੇ ਦਿਨਾਂ ਵਿੱਚ ਸ਼ੁਰੂ ਕਰਨਾ ਇੱਕ ਪਾਸੇ ਤਾਂ ਲੋਕਾਂ ਨੂੰ ਹੋਲੀ ਵਿੱਚ ਰੰਗ ਪਾਉਣ ਦੀ ਬੇਹੂਦਾ ਤੇ ਬੇਮਾਅਨਾ ਰਸਮ ਤੋਂ ਹਟਾਉਣਾ ਅਤੇ ਦੂਜੇ ਪਾਸੇ ਸਿੱਖਾਂ ਨੂੰ ਜਿਸਮਾਨੀ ਤੇ ਫ਼ੌਜੀ ਪੱਖੋਂ ਤਕੜੇ ਕਰਨਾ ਵੀ ਸੀ।’

ਨੋਟ : ਭਾਵੇਂ ਡਾ: ਦਿਲਗੀਰ ਜੀ ਨੇ ਕਿਸੇ ਸੋਮੇ ਦਾ ਹਵਾਲਾ ਨਹੀਂ ਦਿੱਤਾ ਪਰ ਗੁਰੂ ਕੀਆਂ ਸਾਖੀਆਂ ਸੰਪਾਦਨਾ ਪ੍ਰੋ: ਪਿਆਰਾ ਸਿੰਘ ਪਦਮ ਨੇ ਸਾਖੀ ਨੰ: 37 (ਪੰਨਾ ਨੰ: 92) ਵਿੱਚ ਕੇਵਲ ਚੇਤ ਵਦੀ ੧ ਲਿਖਿਆ ਹੈ, ਕੋਈ ਸੰਮਤ ਨਹੀਂ ਲਿਖਿਆ। ਇਸ ਦੀਆਂ ਅਗਲੀਆਂ ਪਿਛਲੀਆਂ ਸਾਖੀਆਂ ਦੇ ਹਿਸਾਬ ਸੰਮਤ ੧੭੩੯ ਬਣਦਾ ਹੈ (ਜਿਸ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ ਚੇਤ ਵਦੀ ੧, ਚੇਤ ੫ ਸੰਮਤ 1੭੩੯; 3 ਮਾਰਚ 1683 ਬਣਦਾ ਹੈ।) ਇਸ ਸਾਖੀ ਵਿੱਚ ਲਿਖਿਆ ਹੈ ‘ਹੋਲੀਆਂ ਤੋਂ ਅਗਲੇ ਦਿਨ ਚੇਤਰ ਵਦੀ ਏਕਮ ਕੇ ਦਿਹੁੰ ਪਿਛਲੇ ਪਹਰ ਸ਼ਸਤਰ ਵਿਦਿਆ ਦੇ ਕਰਤੱਵ ਅਤੇ ਘੋੜ-ਦੌੜ ਹੋਈ। ਸਿੱਖਾਂ ਕੇ ਪੂਛਨੇ ਸੇ ਇਸ ਦਿਹੁੰ ਕਾ ਨਾਮ ‘ਹੋਲਾ ਮਹੱਲਾ’ ਰੱਖਾ। ਇਹ ਦਿਹੁੰ ਹਰ ਸਾਲ ਚੱਕ ਨਾਨਕੀ ਮੇਂ ਮਨਾਇਆ ਜਾਨਾ ਲਾਗਾ।37।’

  1. ਅੱਗੇ ਜਾ ਕੇ ਪੰਨਾ ਨੰ: 326 ’ਤੇ ਡਾ: ਦਿਲਗੀਰ ਲਿਖਦੇ ਹਨ: ਗੁਰੂ ਸਾਹਿਬ ਨੇ 3 ਮਾਰਚ ਸੰਨ 1702 ਦੇ ਦਿਨ ਇੱਕ ਨਵਾਂ ਤਿਉਹਾਰ ‘ਹੋਲਾ ਮਹੱਲਾ’ ਮਨਾਇਆ।

ਨੋਟ : 1. (3 ਮਾਰਚ 1702 ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ ਮੰਗਲਵਾਰ, ਫ਼ੱਗਣ ਸੁਦੀ ਪੂਰਨਮਾਸ਼ੀ, ਚੇਤ ਸੰਮਤ ੧੭੫੮ ਫੱਗਣ ਦੀ ਪੂਰਨਮਾਸ਼ੀ ਨੂੰ ਹਿੰਦੂਆਂ ਦੀ ਹੋਲੀ ਦਾ ਤਿਉਹਾਰ ਹੁੰਦਾ ਹੈ ਇਸ ਤੋਂ ਅਗਲੇ ਦਿਨ 4 ਮਾਰਚ ਨੂੰ ਤਬਦੀਲ ਕੀਤਿਆਂ ਬੁੱਧਵਾਰ, ਚੇਤ ਵਦੀ , ਚੇਤ ੧੭੫੮ ਭਾਵ ਉਸ ਸਾਲ ਚੇਤ ਵਦੀ ਖ਼ੈ ਹੋ ਗਈ ਸੀ ਜਿਵੇਂ ਕਿ 2019 ਵਿੱਚ ਹੋਈ ਸੀ ਜਿਸ ਕਾਰਨ ਨਿਹੰਗ ਸਿੰਘਾਂ ਨੇ ਹੋਲਾ ਮਹੱਲਾ 22 ਮਾਰਚ, ਚੇਤ ਵਦੀ ਨੂੰ ਮਨਾਇਆ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਕੈਲੰਡਰ (ਬਿਕਰਮੀ ਕੈਲੰਡਰ) ਮੁਤਾਬਕ ਫੱਗਣ ਦੀ ਪੂਰਨਮਾਸ਼ੀ ਨੂੰ 21 ਮਾਰਚ ਵਾਲੇ ਦਿਨ ਮਨਾਇਆ ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਪਹਿਲੀ ਵਾਰ 3 ਮਾਰਚ 1702 ਨੂੰ ਪੂਰਨਮਾਸ਼ੀ ਵਾਲੇ ਦਿਨ ਹੀ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ ਹੁੰਦੀ ਤਾਂ ਉਸ ਦਿਨ ਹਿੰਦੂਆਂ ਦੀ ਹੋਲੀ ਹੋਣ ਕਰਕੇ ਹੋਲੇ ਮਹੱਲੇ ਨੂੰ ਹੋਲੀ ਤੋਂ ਇੱਕ ਦਿਨ ਪਿੱਛੋਂ ਨਹੀਂ ਕਹਿ ਸਕਦੇ; ਫਿਰ ਤਾਂ ਇਹੀ ਕਹਿਣਾ ਪਵੇਗਾ ਕਿ ਹੋਲੀ ਵਾਲੇ ਦਿਨ ਸਿੱਖ ਹੋਲਾ ਮਹੱਲਾ ਮਨਾਉਂਦੇ ਹਨ, ਪਰ ਜੇ ਮੰਨ ਲਿਆ ਜਾਵੇ ਕਿ ਡਾ: ਦਿਲਗੀਰ ਤੋਂ ਤਾਰੀਖ਼ਾਂ ਦੀ ਤਬਦੀਲੀ ਕਰਦੇ ਸਮੇਂ ਗਲਤੀ ਨਾਲ 3 ਮਾਰਚ ਲਿਖਿਆ ਗਿਆ ਅਸਲ ਵਿੱਚ ਉਹ 4 ਮਾਰਚ ਲਿਖਣਾ ਚਾਹੁੰਦੇ ਸਨ ਤਾਂ ਉਸ ਸਾਲ 4 ਮਾਰਚ ਨੂੰ ਚੇਤ ਵਦੀ ਨਹੀਂ ਬਲਕਿ ਚੇਤ ਵਦੀ ਸੀ ਇਸ ਲਈ ਇਹ ਕਹਿਣਾ ਅਤੇ ਲਿਖਣਾ ਗਲਤ ਹੋਵੇਗਾ ਕਿ ਹੋਲੀ ਤੋਂ ਇੱਕ ਦਿਨ ਬਾਅਦ ਚੇਤ ਵਦੀ ਨੂੰ ਸਿੱਖਾਂ ਦਾ ਹੋਲਾ ਮਹੱਲਾ ਹੁੰਦਾ ਹੈ ਕਿਉਂਕਿ ਪਹਿਲੀ ਵਾਰ ਤਾਂ ਇਹ ਚੇਤ ਵਦੀ ਨੂੰ ਮਨਾਇਆ ਗਿਆ ਸੀ ਇਸ ਲਈ ਹੋਲਾ ਮਹੱਲੇ ਦੀ ਤਾਰੀਖ਼ ਚੇਤ ਵਦੀ ਹੀ ਨਿਸ਼ਚਿਤ ਕਰਨੀ ਪਵੇਗੀ)

ਨੋਟ: 2. ਭਾਵੇਂ ਇੱਥੇ ਵੀ ਡਾ: ਦਿਲਗੀਰ ਨੇ ਕਿਸੇ ਸੋਮੇ ਦਾ ਹਵਾਲਾ ਨਹੀਂ ਦਿੱਤਾ ਪਰ ਗੁਰੂ ਕੀਆਂ ਸਾਖੀਆਂ ਦੀ ਪੁਸਤਕ ਦੇ ਪੰਨਾ ਨੰ: 143, ਸਾਖੀ ਨੰ: 93 ‘ਸਾਖੀ ਕਿਲ੍ਹਾ ਅਨੰਦਗੜ੍ਹ ਸੇ ਹੋਲਾ ਮਹੱਲਾ ਚਢਨੇ ਕੀ ਚਾਲੀ’ ਸਿਰਲੇਖ ਹੇਠ ਬਹੁਤ ਲੰਬਾ ਚੌੜਾ ਪ੍ਰਸੰਗ ਲਿਖਿਆ ਹੈ ਜਿਸ ਵਿੱਚੋਂ ਕੇਵਲ ਟੂਕ ਮਾਤਰ ਕੁਝ ਸਤਰਾਂ ਇਸ ਤਰ੍ਹਾਂ ਹਨ ‘ਇਸੀ ਵਰਖ (ਇਸ ਸਾਖੀ ਤੋਂ ਪਹਿਲੀ ਸਾਖੀ ਨੰ: 92 ਵਿੱਚ ਸੰਮਤ ਸਤਰਾਂ ਸੈ ਅਠਾਵਨ ਲਿਖਿਆ ਹੈ ਇਸ ਲਈ ਇਸੀ ਵਰਖ ਦਾ ਭਾਵ ਸੰਮਤ ੧੭੫੮ ਹੈ।) ਪਿਛਲੇ ਸਾਲ ਕੀ ਤਰਹ ਹੋਲੀਆਂ ਕੇ ਦਿਹੁੰ ਮੇਂ ਕਿਲਾ ਹੋਲਗੜ੍ਹ ਕੇ ਨਜਦੀਕ ਬੜੀ ਚਹਿਲ ਪਹਿਲ ਹੋਈ। ਖ਼ਾਲਸਾ ਆਪਸ ਮੇਂ ਟੋਲੀਆਂ ਬਨਾਏ ਫਲਗੁਨ ਸੁਦੀ ਅਸ਼ਟਮੀ ਸੇ ਪੂਰਨਮਾ ਤੱਕ ਹੋਲੀ ਖੇਲਨੇ ਲਾਗਾ। ……. ਅਗਲੇ ਦਿਵਸ ਚੇਤ ਵਦੀ ਏਕਮ ਕੇ ਦਿਹੁੰ ਤੀਜੇ ਪਹਰ ਗੁਰੂ ਜੀ ਕਾ ਬਚਨ ਪਾਇ ਸਾਰੇ ਸਿੱਖ ਕਿਲਾ ਅਨੰਦਗੜ੍ਹ ਕੇ ਸਾਮ੍ਹਣੇ ਆਏ।’ (ਸੰਮਤ ੧੭੫੮ ਵਿੱਚ ਹੋਲੀ ਫ਼ੱਗਣ ਸੁਦੀ ਪੂਰਨਮਾਸ਼ੀ, 3 ਮਾਰਚ 1702 ਨੂੰ ਸੀ। ਜਿਸ ਤਰ੍ਹਾਂ ਉੱਪਰ ਦੱਸਿਆ ਗਿਆ ਹੈ ਸੰਮਤ 1758 ਵਿੱਚ ਚੇਤ ਵਦੀ ੧ ਵੀ 3 ਮਾਰਚ 1702 ਨੂੰ ਹੀ ਸੀ। ਅਗਲੇ ਦਿਨ 4 ਮਾਰਚ ਨੂੰ ਚੇਤ ਵਦੀ ੧ ਨਹੀਂ ਬਲਕਿ ਚੇਤ ਵਦੀ ੨ ਸੀ। ਇਸ ਲਈ ਅਗਲਾ ਦਿਨ ਲਿਖਿਆ ਜਾਣਾ ਢੁੱਕਵਾਂ ਨਹੀਂ ਹੈ।

ਇਸ ਤੋਂ ਸਿੱਧ ਹੁੰਦਾ ਹੈ ਕਿ ਡਾ: ਦਿਲਗੀਰ ਨੇ ਭਾਵੇਂ ਹਵਾਲਾ ਨਹੀਂ ਦਿੱਤਾ ਪਰ ਉਨ੍ਹਾਂ ਨੇ ਹੋਲੇ ਮਹੱਲੇ ਦੀਆਂ ਦੋਵੇਂ ਤਾਰੀਖ਼ਾਂ 3 ਮਾਰਚ 1683 ਅਤੇ 3 ਮਾਰਚ 1702 ਗੁਰੂ ਕੀਆਂ ਸਾਖੀਆਂ ਪੁਸਤਕਾਂ ਵਿੱਚੋਂ ਹੀ ਲਈਆਂ ਹਨ। ਇੱਕੋ ਹੀ ਲੇਖਕ ਵੱਲੋਂ ਇੱਕ ਹੀ ਤਿਉਹਾਰ ਸ਼ੁਰੂ ਹੋਣ ਦੇ ਦੋ ਵੱਖ ਵੱਖ ਸਾਲ ਲਿਖੇ ਜਾਣਾ ਸਿੱਧ ਕਰਦਾ ਹੈ ਕਿ ਹੋਲਾ ਮਹੱਲਾ ਸ਼ੁਰੂ ਹੋਣ ਦੀ ਤਾਰੀਖ਼ ਅਤੇ ਸਾਲ ਸੰਬੰਧੀ ਉਨ੍ਹਾਂ ਨੂੰ ਪੂਰਨ ਜਾਣਕਾਰੀ ਨਹੀਂ ਹੈ।

  1. ਸੂਰਜ ਪ੍ਰਕਾਸ਼ ਦੀ ਰੁੱਤ 3 ਅੰਸੂ 2 ਵਿੱਚ ਹੋਲੇ ਮਹੱਲੇ ਦਾ ਜ਼ਿਕਰ ਇੰਝ ਕੀਤਾ ਹੈ: ਆਯੋ ਫਾਗੁਣ ਮਾਸ ਸੁਹਾਵਤਿ। ਗਾਵਤਿ ਰਿਦੈ ਪ੍ਰਮੋਦ ਬਧਾਵਤਿ। ਸਭ ਮਹਿਂ ਕਰਿ ਬਸੰਤ ਪਰਧਾਨ। ਅਪਰ ਰਾਗ ਸਭਿ ਗਾਇਂ ਸੁਜਾਨ ॥2॥ ਪੁਰਿ ਅਨੰਦ ਆਨੰਦ ਬਿਲੰਦ੍ਯੋ । ਜਹਿਂ ਕਹਿਂ ਗਾਵਹਿਂ ਗੁਰ ਪਦ ਬੰਦ੍ਯੋ । ਚਲਿ ਆਯਹੁ ਹੋਲੇ ਕਾ ਮੇਲਾ ਚਹੁਂ ਦਿਸ਼ਿ ਤੇ ਨਰ ਭਏ ਸਕੇਲਾ ॥3॥

ਨੋਟ : ‘ਚਲਿ ਆਯਹੁ ਹੋਲੇ ਕਾ ਮੇਲਾ (ਇਸ ਤੁਕ ਦਾ ਭਾਵ ਹੈ ਕਿ ਹੋਲੇ ਦਾ ਮੇਲਾ ਪਹਿਲਾਂ ਹੀ ਪ੍ਰਚਲਤ ਸੀ ਜਿਸ ਮੇਲੇ ’ਤੇ ਸਿੱਖ ਚਹੁੰ ਦਿਸ਼ਾਵਾਂ ਤੋਂ ਆ ਕੇ ਇਕੱਠੇ ਹੋਏ। ਭਾਵੇਂ ਇੱਥੇ ਸੰਮਤ ਦਾ ਜ਼ਿਕਰ ਨਹੀਂ ਕੀਤਾ ਪਰ ਇਸ ਤੋਂ ਪਿਛਲੀ ਰੁੱਤ 2, ਦਾ (ਆਖਰੀ) ਅੰਸੂ 50 ਵਿੱਚ ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਜਨਮ ਸੰਮਤ ੧੭੫੫ (ਸੰਨ 1698), ਲਿਖਿਆ ਹੈ। ਅੰਮ੍ਰਿਤ ਛਕਾਉਣ ਦਾ ਜ਼ਿਕਰ ਇਸ ਤੋਂ ਪਿੱਛੋਂ ਰੁੱਤ 3, ਅੰਸੂ 19 ਵਿੱਚ ਦਰਜ ਹੈ। ਇਸ ਲਈ ਇਨ੍ਹਾਂ ਦੋਵਾਂ ਤਾਰੀਖ਼ਾਂ ਦੇ ਵਿਚਕਾਰ ਚੇਤ ਵਦੀ ੧, ਸੰਮਤ ੧੭੫੫ ਦੀ ਹੀ ਹੋ ਸਕਦੀ ਹੈ। ਇਸ ਨੂੰ ਜੂਲੀਅਨ ਤਾਰੀਖ਼ਾਂ ਵਿੱਚ ਬਦਲਣ ’ਤੇ ਇਹ 6 ਮਾਰਚ 1699 ਬਣਦਾ ਹੈ। ਜਿਸ ਦਾ ਸਾਫ ਭਾਵ ਹੈ ਕਿ ਹੋਲਾ ਮਹੱਲਾ 1699 ਦੀ ਵੈਸਾਖੀ ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ।)

  1. ‘ਜੀਵਨ- ਬ੍ਰਿਤਾਂਤ ਸ੍ਰੀ ਗੁਰੂ ਗੋਬਿੰਦ ਸਿੰਘ’ ’ਚ ਸਭ ਤੋਂ ਪਹਿਲਾਂ ਹੋਲਾ ਮਹੱਲਾ ਮਨਾਏ ਜਾਣ ਦਾ ਭਾਵੇਂ ਪ੍ਰੋ: ਸਾਹਿਬ ਸਿੰਘ ਨੇ ਵੀ ਕੋਈ ਸੰਮਤ ਨਹੀਂ ਲਿਖਿਆ ਪਰ ਚੱਲ ਰਹੇ ਪ੍ਰਸੰਗਾਂ ਦੀ ਲੜੀ ਵਿੱਚ ਉਨ੍ਹਾਂ ਨੇ ਵੀ ਹੋਲੇ ਦਾ ਪ੍ਰਸੰਗ 1699 ਦੀ ਵੈਸਾਖੀ ਤੋਂ ਪਹਿਲਾਂ ਹੀ ਦਰਜ ਕੀਤਾ ਹੈ।

ਨੋਟ : ਦੂਸਰਾ ਨੁਕਤਾ ਇਹ ਹੈ ਕਿ ਉਨ੍ਹਾਂ ਮੁਤਾਬਕ ਅਨੰਦਪੁਰ ਦੀ ਪਹਿਲੀ ਲੜਾਈ 1701 ਦੇ ਸ਼ੁਰੂ ਵਿੱਚ; ਦੂਸਰੀ ਲੜਾਈ ਨਵੰਬਰ 1701 ਵਿੱਚ ਹੋਈ। ਸੰਨ 1704 ਤੱਕ ਤਿੰਨ ਹੋਰ ਵੱਡੀਆਂ ਲੜਾਈਆਂ ਹੋਣ ਤੋਂ ਇਲਾਵਾ ਇਸ ਸਮੇਂ ਦੌਰਾਨ ਹੋਰ ਛੋਟੀਆਂ ਮੋਟੀਆਂ ਝੜਪਾਂ ਵੀ ਹੁੰਦੀਆਂ ਰਹੀਆਂ। ਲੜਾਈਆਂ ਦਾ ਇਹ ਸਮਾਂ ਸਿੱਧ ਕਰਦਾ ਹੈ ਕਿ ਜਦੋਂ ਇਸ ਸਮੇਂ ਤਾਂ ਅਸਲੀ ਲੜਾਈਆਂ ਹੀ ਚੱਲ ਰਹੀਆਂ ਸਨ ਤਾਂ ਇਸ ਸਮੇਂ ਦੌਰਾਨ ਮਨਸੂਹੀ ਲੜਾਈਆਂ ਦੇ ਅਭਿਆਸ ਲਈ ਕਿਸੇ ਵੱਡੇ ਮੇਲੇ ਦਾ ਆਜੋਯਨ ਕਰਨਾ ਫਬਦਾ ਨਹੀਂ। ਸੋ ਲਾਜ਼ਮੀ ਤੌਰ ’ਤੇ ਮਨਸੂਈ ਯੁੱਧਾਂ ਦੇ ਅਭਿਆਸ ਲਈ ਹੋਲੇ ਮਹੱਲੇ ਦਾ ਤਿਉਹਾਰ 1699 ਦੀ ਵੈਸਾਖੀ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਹੋਵੇਗਾ, ਜੋ ਪ੍ਰਵਿਸ਼ਟਾ ੧ ਚੇਤ, ਚੇਤ ਵਦੀ ੧ ਸੰਮਤ ੧੭੫੩; 26 ਫ਼ਰਵਰੀ 1697 ਵੀ ਹੋ ਸਕਦਾ ਹੈ।

ਉਪਰੋਕਤ ਸਾਰਿਆਂ ਤੱਥਾਂ ਨੂੰ ਵੇਖ ਕੇ ਸਾਡੇ ਪਾਸ, ਜੋ ਸੰਨ ਅਤੇ ਸੰਮਤ ਮਿਲਦੇ ਹਨ ਉਹ ਇਸ ਤਰ੍ਹਾਂ ਹਨ :

ਸੰਮਤ ੧੭੩੯ ਬਿਕਰਮੀ/ ਸੰਨ 1683 ਜੂਲੀਅਨ (ਅ) ਸੰਮਤ ੧੭੪੨ ਬਿਕਰਮੀ/ ਸੰਨ 1686 (ੲ) ਸੰਮਤ ੧੭੫੬/ ਸੰਨ 1699 ਦੀ ਵੈਸਾਖੀ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ (ਸ) ਸੰਮਤ ੧੭੫੭ ਬਿਕਰਮੀ/ ਸੰਨ 1701 ਜੂਲੀਅਨ (ਹ) ਸੰਮਤ ੧੭੫੮ ਬਿਕਰਮੀ/ ਸੰਨ 1702 ਜੂਲੀਅਨ।

ਨੋਟ : ਭਾਵੇਂ ਡਾ: ਦਿਲਗੀਰ ਨੇ ਹੋਲਾ ਮਹੱਲਾ ਦੀਆਂ ਆਪਣੇ ਵੱਲੋਂ ਦਰਜ ਕੀਤੀਆਂ ਦੋਵੇਂ ਹੀ ਤਾਰੀਖ਼ਾਂ ਦੇ ਸਮਰਥਨ ਵਿੱਚ ਕੋਈ ਸੋਮਾ ਨਹੀਂ ਦਿੱਤਾ ਪਰ ਉਨ੍ਹਾਂ ਦੇ ਇਤਿਹਾਸ ਦਾ ਮੂਲ ਸੋਮਾ ਭੱਟ ਵਹੀਆਂ ਹਨ। ਜੇਕਰ ਉਨ੍ਹਾਂ ਇਹ ਤਾਰੀਖ਼ਾਂ ਭੱਟ ਵਹੀਆਂ ਵਿੱਚੋਂ ਲਿਖੀਆਂ ਹਨ ਤਾਂ ਇਸ ਦਾ ਭਾਵ ਹੈ ਕਿ ਭੱਟ ਵਹੀਆਂ ਕਈ ਪ੍ਰਕਾਰ ਦੀਆਂ ਹਨ, ਜਿਨ੍ਹਾਂ ਵਿੱਚ ਇੱਕ ਹੀ ਘਟਨਾ ਦੀਆਂ ਵੱਖ ਵੱਖ ਤਾਰੀਖ਼ਾਂ ਲਿਖੀਆਂ ਹਨ। ਜੇ ਐਸਾ ਹੈ ਤਾਂ ਕਿਸ ਵਹੀ ਨੂੰ ਸਹੀ ਮੰਨਿਆ ਜਾਵੇ ਇਹ ਇੱਕ ਵੱਡੀ ਸਮੱਸਿਆ ਹੈ।

ਸਿੱਟਾ : ਚੰਦਰ ਸਾਲ ਦੇ ਅਖੀਰਲੇ ਦਿਨ ਫੱਗਣ ਸੁਦੀ ਪੁੰਨਿਆਂ ਨੂੰ ਹਿੰਦੂ; ਹੋਲੀ ਮਨਾਉਂਦੇ ਹਨ। ਹੋਲੀ ਹਿਮਕਰ ਰੁੱਤ ਦੀ ਸਮਾਪਤੀ ਦਾ ਪ੍ਰਤੀਕ ਹੈ। ਹੋਲਾ ਮਹੱਲਾ ਕਿਉਂਕਿ ਹੋਲੀ ਤੋਂ ਇਕ ਦਿਨ ਬਾਅਦ ਵਿੱਚ ਮਨਾਇਆ ਜਾਂਦਾ ਹੈ, ਇਸ ਲਈ ਕੁਦਰਤੀ ਹੈ ਕਿ ਹੋਲਾ ਮਹੱਲਾ ਚੇਤ ਵਦੀ ੧ ਭਾਵ ਨਵੇਂ ਚੰਦਰ ਸਾਲ ਦੇ ਸ਼ੁਰੂ ਵਿੱਚ ਮਨਾਇਆ ਜਾਂਦਾ ਸੀ। ਦੂਸਰਾ ਨੁਕਤਾ ਹੈ ਕਿ ਗੁਰੂ ਗਰੰਥ ਸਾਹਿਬ ਜੀ ’ਚ ਦਰਜ ਦੋਵੇਂ ਬਾਰਹ ਮਾਹਾ; ‘ਬਾਰਹ ਮਾਹਾ ਮਾਂਝ ਮਹਲਾ ੫’ ਅਤੇ ‘ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ’ ਵਿੱਚ ਪਹਿਲਾ ਮਹੀਨਾ ਚੇਤ ਅਤੇ ਆਖਰੀ ਮਹੀਨਾ ਫੱਗਣ ਦਾ ਦਰਜ ਹੈ; ‘ਰਾਮਕਲੀ ਮਹਲਾ ੫ ਰੁਤੀ ਸਲੋਕੁ’ ਮੁਤਾਬਕ ਮਾਘ-ਫੱਗਣ ਹਿਮਕਰ (ਬਰਫਾਨੀ) ਰੁੱਤ ਅਤੇ ਚੇਤ ਵੈਸਾਖ ਬਸੰਤ ਰੁੱਤ ਦੇ ਮਹੀਨੇ ਹਨ। ਇਸ ਨੂੰ ਆਧਾਰ ਮੰਨ ਕੇ ਸਿੱਖ ਕੌਮ ਦਾ ਕੈਲੰਡਰ ਵੀ ਚੇਤ ਮਹੀਨੇ ਦੀ ਪਹਿਲੀ ਤਾਰੀਖ਼ ਤੋਂ ਅਰੰਭ ਹੋ ਕੇ ੩੦ ਫੱਗਣ ’ਤੇ ਸਮਾਪਤ ਹੁੰਦਾ ਹੈ; ਇਸ ਹਿਸਾਬ ਨਾਲ ਸਿੱਖ ਕੈਲੰਡਰ ’ਚ ਹੋਲੇ ਮਹੱਲੇ ਦੀ ਅਸਲੀ ਤਾਰੀਖ਼ ੧ ਚੇਤ ਹੋਣੀ ਚਾਹੀਦੀ ਹੈ। ਇਸੇ ਆਧਾਰ ’ਤੇ ਨਾਨਕਸ਼ਾਹੀ ਕੈਲੰਡਰ ਵਿੱਚ ਹੋਲਾ ਮਹੱਲਾ ਚੇਤ ਵਦੀ ੧ ਦੀ ਥਾਂ ਪ੍ਰਵਿਸ਼ਟਾ ੧ ਚੇਤ/ 14 ਮਾਰਚ ਨਿਸ਼ਚਿਤ ਕੀਤੀ ਗਈ ਹੈ, ਜਿਸ ਪਿੱਛੇ ਹੇਠ ਲਿਖੇ ਕੁਝ ਕਾਰਨ ਹਨ :

(1) ਕਿਉਂਕਿ ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ ੧ ਚੇਤ ਤੋਂ ਸ਼ੁਰੂ ਹੁੰਦਾ ਹੈ, ਇਸ ਲਈ ਹੋਲਾ ਮਹੱਲਾ ਨਵੇਂ ਸਾਲ ਦੀ ਆਰੰਭਤਾ ਵਾਲੇ ਦਿਨ ੧ ਚੇਤ/ 14 ਮਾਰਚ ਨੂੰ ਹੀ ਮਨਾਇਆ ਜਾਣਾ ਢੁੱਕਵਾਂ ਹੈ।

(2) ਦਿਲਚਸਪ ਇਤਫ਼ਾਕ ਹੈ ਕਿ 1697 ਜੂਲੀਅਨ ਵਿੱਚ ਚੇਤ ਵਦੀ ੧ ਅਤੇ ਪ੍ਰਵਿਸ਼ਟਾ ਚੇਤ ੧, ਸੰਮਤ ੧੭੫੩ ’ਚ ਇੱਕ ਹੀ ਤਾਰੀਖ਼ 26 ਫ਼ਰਵਰੀ ਨੂੰ ਆਏ ਸਨ ਅਤੇ 1998 ਈਸਵੀ ਵਿੱਚ, ਜਿਸ ਸਾਲ ਬਿਕਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਹੋਇਆ ਉਸ ਤੋਂ ਬਾਅਦ ਪਹਿਲੀ ਵਾਰ 1999 ਦੀ ਵੈਸਾਖੀ ਤੋਂ ਲਾਗੂ ਕਰਨ ਲਈ ਨਾਨਕਸ਼ਾਹੀ ਕੈਲੰਡਰ ਪ੍ਰਕਾਸ਼ਤ ਕੀਤਾ ਗਿਆ ਸੀ, ਉਸ ਸਾਲ ਵੀ ਹੋਲਾ ਮਹੱਲਾ ਚੇਤ ਵਦੀ ੧ ਅਤੇ ਚੇਤ ੧ ਸੰਮਤ ੨੦੫੫ ਨੂੰ ਇੱਕੋ ਹੀ ਦਿਨ 14 ਮਾਰਚ ਨੂੰ ਆਏ ਸਨ।

(3) ਇਹ ਇਕ ਹੋਰ ਇਤਫ਼ਾਕ ਹੈ ਕਿ ਪ੍ਰਚਲਿਤ ਧਾਰਨਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਪਹਿਲਾ ਹੋਲਾ ਮਹੱਲਾ ਮਨਾਇਆ ਗਿਆ, ਉਸ ਦਿਨ ਵੀ ਚੇਤ ਵਦੀ ੧, ਸੰਮਤ ੧੭੫੭ ਬਿਕਰਮੀ ਵਾਲੇ ਦਿਨ 14 ਮਾਰਚ, 1701 ਜੂਲੀਅਨ ਹੀ ਸੀ।

(4) ਜਿਸ ਤਰ੍ਹਾਂ ਕਿ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਹੋਲੀ ਇੱਕ ਮੌਸਮੀ ਤਿਉਹਾਰ ਹੈ, ਜੋ ਹਿਮਕਰ ਰੁੱਤ ਦੀ ਸਮਾਪਤੀ ਅਤੇ ਬਸੰਤ ਰੁੱਤ ਦੀ ਸ਼ੁਰੂਆਤ ਦਾ ਇੱਕ ਸੁਨੇਹਾ ਹੈ। ਗੁਰਬਾਣੀ ਵਿੱਚ ਦਰਜ ਰੁੱਤੀ ਸਲੋਕ ਅਨੁਸਾਰ ਵੀ ਚੇਤ ਅਤੇ ਵੈਸਾਖ ਦੋ ਮਹੀਨੇ ਬਸੰਤ ਰੁੱਤ ਦੇ ਹੁੰਦੇ ਹਨ: ‘‘ਰੁਤਿ ਸਰਸ ਬਸੰਤ; ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ (ਰਾਮਕਲੀ ਰੁਤੀ ਸਲੋਕ ਮਹਲਾ /੯੨੭), ਚੇਤੁ ਬਸੰਤੁ ਭਲਾ; ਭਵਰ ਸੁਹਾਵੜੇ ’’ (ਤੁਖਾਰੀ ਬਾਰਹਮਾਹਾ /੧੧੦੭) ਨਾਨਕਸ਼ਾਹੀ ਕੈਲੰਡਰ ਵਿੱਚ ਹੋਲਾ ਮਹੱਲਾ ੧ ਚੇਤ ਨੂੰ ਮਨਾਏ ਜਾਣ ਦਾ ਭਾਵ ਹੈ ਕਿ ਇਹ ਹਮੇਸ਼ਾਂ ਹੀ ਬਸੰਤ ਰੁੱਤ ਦੀ ਅਰੰਭਤਾ ਵਾਲੇ ਦਿਨ ਮਨਾਇਆ ਜਾਇਆ ਕਰੇਗਾ।

(5) ਬੀਤੇ ਸਮੇਂ ਦੇ ਰਿਸ਼ੀ ਅਤੇ ਪੁਰਾਤਨ ਵਿਦਵਾਨ, ਜਿਨ੍ਹਾਂ ਨੇ ਬਿਕਰਮੀ ਕੈਲੰਡਰ ਵਿੱਚ ਰੁੱਤਾਂ ਮੁਤਾਬਕ ਤਿਉਹਾਰ ਨਿਸ਼ਚਿਤ ਕੀਤੇ ਸਨ ਉਨ੍ਹਾਂ ਅਨੁਸਾਰ ਇਨ੍ਹਾਂ ਤਿਉਹਾਰਾਂ ਦਾ ਕਦੇ ਵੀ ਦੂਜੀਆਂ ਰੁੱਤਾਂ ਵਿੱਚ ਜਾਣ ਦਾ ਅਰਥ ਨਹੀਂ ਸੀ; ਜਿਵੇਂ ਕਿ ਲੋਹੜੀ ਇੱਕ ਅਜਿਹਾ ਤਿਉਹਾਰ ਹੈ, ਜੋ ਮਾਘੀ-ਮਕਰ ਸੰਕਰਾਂਤੀ ਤੋਂ ਇਕ ਦਿਨ ਪਹਿਲਾਂ ਮਾਘੀ ਦੀ ਪੂਰਵ ਸੰਧਿਆ ’ਤੇ ਮਨਾਈ ਜਾਂਦੀ ਹੈ। ਵਿਦਵਾਨਾਂ ਨੇ ਮਕਰ ਸੰਕ੍ਰਾਂਤੀ ਨੂੰ ਉਸ ਦਿਨ ਹੋਣ ਲਈ ਨਿਸ਼ਚਿਤ ਕੀਤਾ ਜਦੋਂ ਸੂਰਜ ਆਪਣੀ (ਉੱਤਰਾਯਣ) ਉੱਤਰ-ਪੂਰਬ ਯਾਤਰਾ ਆਰੰਭ ਕਰਦਾ ਹੈ, ਜਿਸ ਤੋਂ ਬਾਅਦ ਦਿਨ ਲੰਬੇ ਹੋਣੇ ਸ਼ੁਰੂ ਹੋਣਗੇ। ਇਹ ਦਿਨ ਪੂਰੀ ਦੁਨੀਆ ਦੇ ਭਾਈਚਾਰਿਆਂ ਵਿੱਚ ਮਨਾਇਆ ਜਾਂਦਾ ਹੈ। ਲੋਕ ਸੂਰਜ ਦੀ ਦੱਖਣ ਵੱਲ ਯਾਤਰਾ ਤੋਂ ਵਾਪਸੀ ਦੀ ਸ਼ੁਰੂਆਤ ਦਾ ਜਸ਼ਨ ਮਨਾਉਣ ਲਈ ਅੱਗ ਦੇ ਨੇੜੇ ਬੈਠ ਜਾਂਦੇ ਸਨ।  532 ਈ: ਜੂਲੀਅਨ ਵਿੱਚ ਜਦੋਂ 18 ਦਸੰਬਰ ਨੂੰ ਲੋਹੜੀ ਅਤੇ 19 ਦਸੰਬਰ ਨੂੰ ਮਾਘੀ ਸੀ, ਉਸ ਸਮੇਂ ‘ਉੱਤਰਾਇਣ’ ਵੀ 19 ਦਸੰਬਰ ਨੂੰ ਸ਼ੁਰੂ ਹੋਇਆ ਸੀ। ਬਿਕਰਮੀ ਕੈਲੰਡਰ ਦਾ ਰੁੱਤੀ ਸਾਲ ਨਾਲੋਂ ਅੰਤਰ ਹੋਣ ਕਰਕੇ, ਅੱਜ ਕੱਲ੍ਹ ਲੋਹੜੀ 12 ਜਾਂ 13 ਜਨਵਰੀ ਅਤੇ ਮਾਘੀ 13/14 ਜਨਵਰੀ ਨੂੰ ਆ ਰਹੀ ਹੈ ਜਦੋਂ ਕਿ ‘ਉੱਤਰਾਇਣ’ ਅਜੇ ਵੀ 21/22 ਦਸੰਬਰ ਦੇ ਆਸ ਪਾਸ ਸ਼ੁਰੂ ਹੁੰਦਾ ਹੈ ਭਾਵ ਲਗਭਗ 24-25 ਦਿਨਾਂ ਦਾ ਅੰਤਰ ਪੈ ਗਿਆ ਹੈ। ਸੰਨ 3000 ਈ: ਵਿੱਚ ਲੋਹੜੀ 27 ਜਨਵਰੀ ਨੂੰ ਅਤੇ ਮਾਘੀ 28 ਜਨਵਰੀ ਨੂੰ ਆਵੇਗੀ। ਇਸ ਹਿਸਾਬ ਨਾਲ਼ ਜਦੋਂ ਭਵਿੱਖ ਵਿੱਚ ਲੋਹੜੀ ਮਈ ਵਿੱਚ ਹੋਣ ਲੱਗ ਪਏਗੀ ਤਾਂ ਅਸਚਰਜ ਲੱਗੇਗਾ। ਕੀ ਮਈ ’ਚ ਲੋਹੜੀ ਮਨਾਉਣ ਲਈ ਅੱਗ ਦੇ ਨੇੜੇ ਇਕੱਠ ਹੋਣਗੇ ਜਾਂ ਏਅਰ-ਕੰਡੀਸ਼ਨਡ ਛੱਤਾਂ ਦੇ ਹੇਠਾਂ ?

ਹਰਿ ਜਨ ਸਿਮਰਹੁ ਹਿਰਦੈ ਰਾਮ

0

ਹਰਿ ਜਨ ਸਿਮਰਹੁ ਹਿਰਦੈ ਰਾਮ

ਪ੍ਰਿੰਸੀਪਲ ਹਰਭਜਨ ਸਿੰਘ (ਰੋਪੜ)

ਜੈਤਸਰੀ ਮਹਲਾ ੫ ॥

ਹਰਿ ਜਨ ! ਸਿਮਰਹੁ ਹਿਰਦੈ ਰਾਮ ॥ 

ਹਰਿ ਜਨ ਕਉ ਅਪਦਾ ਨਿਕਟਿ ਨ ਆਵੈ; ਪੂਰਨ ਦਾਸ ਕੇ ਕਾਮ ॥੧॥ ਰਹਾਉ ॥

ਕੋਟਿ ਬਿਘਨ ਬਿਨਸਹਿ ਹਰਿ ਸੇਵਾ; ਨਿਹਚਲੁ ਗੋਵਿਦ ਧਾਮ ॥ 

ਭਗਵੰਤ ਭਗਤ ਕਉ ਭਉ ਕਿਛੁ ਨਾਹੀ; ਆਦਰੁ ਦੇਵਤ ਜਾਮ ॥੧॥

ਤਜਿ ਗੋਪਾਲ, ਆਨ ਜੋ ਕਰਣੀ; ਸੋਈ ਸੋਈ ਬਿਨਸਤ ਖਾਮ ॥ 

ਚਰਨ ਕਮਲ ਹਿਰਦੈ ਗਹੁ, ਨਾਨਕ ! ਸੁਖ ਸਮੂਹ ਬਿਸਰਾਮ ॥੨॥ (ਮਹਲਾ ੫/੭੦੨)

ਵੀਚਾਰ ਅਧੀਨ ਪਾਵਨ ਸ਼ਬਦ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤਾ ਹੋਇਆ ਜੈਤਸਰੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 702 ਉੱਤੇ ਅੰਕਿਤ ਹੈ। ਇਸ ਸ਼ਬਦ ਰਾਹੀਂ ਸਤਿਗੁਰੂ ਜੀ ਨਾਮ ਦੀ ਵਡਿਆਈ ਦਰਸਾਉਂਦੇ ਹੋਏ ਸਮਝਾ ਰਹੇ ਹਨ ਕਿ ਹਰੇਕ ਪ੍ਰਾਣੀ ਨੂੰ ਕੇਵਲ ਅਕਾਲ ਪੁਰਖ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ; ਜਿਵੇਂ ਕਿ ਗੁਰਵਾਕ ਹੈ ‘‘ਸਦਾ ਸਦਾ ਸੋ ਸੇਵੀਐ; ਜੋ ਸਭ ਮਹਿ ਰਹੈ ਸਮਾਇ   ਅਵਰੁ ਦੂਜਾ ਕਿਉ ਸੇਵੀਐਜੰਮੈ ਤੈ ਮਰਿ ਜਾਇ ’’ (ਮਹਲਾ /੫੦੯)

ਗੁਰਮਤਿ ਅੰਦਰ ਕੇਵਲ ਕਰਤਾਰ ਦੀ ਉਪਾਸ਼ਨਾ ਕਰਨ ਦਾ ਹੀ ਵਿਧਾਨ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ’ਚ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਵਿੱਚ ਕੇਵਲ ਇੱਕ ਦੀ ਹੀ ਵਿਆਖਿਆ ਕੀਤੀ ਹੈ। ਕਈ ਵਿਦਵਾਨ ਸੱਜਣ ਤਾਂ ਇਹ ਮੰਨਦੇ ਹਨ ਕਿ ਮੂਲ ਮੰਤਰ ਦੀ ਵਿਆਖਿਆ ‘ਜਪੁ’ ਬਾਣੀ ਹੈ ਅਤੇ ‘ਜਪੁ’ ਦੀ ਵਿਆਖਿਆ; ਸਮੁੱਚੀ ਬਾਣੀ ਹੈ। ਇਹ ਗੱਲ ਹੈ ਵੀ ਠੀਕ ਕਿ ਸਤਿਗੁਰੂ ਜੀ ਇੱਕ ਨਾਮ ਤੋਂ ਗੱਲ ਸ਼ੁਰੂ ਕਰਦੇ ਹਨ ਅਤੇ ਸਮਾਪਤੀ (ਰਾਗਮਾਲਾ ਤੋਂ ਪਹਿਲਾਂ) ‘‘ਨਾਨਕ  ! ਨਾਮੁ ਮਿਲੈ ਤਾਂ ਜੀਵਾਂ; ਤਨੁ ਮਨੁ ਥੀਵੈ ਹਰਿਆ ’’ (ਮਹਲਾ /੧੪੨੯) ਪੰਕਤੀ ਨਾਲ਼ ਕਰਦੇ ਹਨ।

‘‘ਨਾਨਕ ਕੈ ਘਰਿ; ਕੇਵਲ ਨਾਮੁ ’’ (ਮਹਲਾ /੧੧੩੬) ਮਹਾਂਵਾਕ ਅਨੁਸਾਰ ਨਾਮ ਹੀ ਸਾਰਿਆਂ ਨਾਲੋਂ ਸ਼ਿਰੋਮਣੀ ਵਸਤੂ ਹੈ। ਇਸ ਨਾਮ ਨੂੰ ਭਾਵੇਂ ਰਾਮ ਰਾਮ ਕਹਿ ਕੇ ਜਪ ਲਵੋ, ਪਰ ਸ਼ਰਤ ਇਹ ਹੈ ਕਿ ਜਪਿਆ ਪ੍ਰੇਮ ਨਾਲ ਜਾਏ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਨਾਮ ਨੂੰ ਪ੍ਰੇਮ ਨਾਲ ਜਪਿਆ ਜਾਏ ਤਾਂ ਕੀ ਕੁਝ ਪ੍ਰਾਪਤ ਹੁੰਦਾ ਹੈ ? ਇਸ ਸਵਾਲ ਦਾ ਜਵਾਬ ਸਤਿਗੁਰੂ ਜੀ ਵੀਚਾਰ ਅਧੀਨ ਸ਼ਬਦ ਦੀਆਂ ‘ਰਹਾਉ’ ਵਾਲੀ ਪੰਕਤੀ ਵਿੱਚ ਦਿੰਦੇ ਹੋਏ ਫ਼ੁਰਮਾਉਂਦੇ ਹਨ ‘‘ਹਰਿ ਜਨ ! ਸਿਮਰਹੁ ਹਿਰਦੈ ਰਾਮ   ਹਰਿ ਜਨ ਕਉ ਅਪਦਾ ਨਿਕਟਿ ਆਵੈ; ਪੂਰਨ ਦਾਸ ਕੇ ਕਾਮ ਰਹਾਉ ’’  ਅਰਥ : ਹੇ ਪ੍ਰਭੂ ਦੇ ਪਿਆਰਿਓ ! ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ, ਫਿਰ ਕੋਈ ਵੀ ਬਿਪਤਾ ਪ੍ਰਭੂ ਦੇ ਸੇਵਕਾਂ ਦੇ ਨੇੜੇ ਨਹੀਂ ਆਉਂਦੀ। ਸੇਵਕਾਂ ਦੇ ਸਾਰੇ ਕਾਰਜ ਸਿਰੇ ਚੜ੍ਹਦੇ ਰਹਿੰਦੇ ਹਨ। ਪ੍ਰਭੂ ਪਿਆਰਿਆਂ ਵਾਸਤੇ ਸਭ ਤੋਂ ਵੱਡੀ ਬਿਪਤਾ ਜਾਂ ਦੁੱਖ, ਪ੍ਰਭੂ ਦੇ ਨਾਮ ਨੂੰ ਭੁਲਾਉਣਾ ਹੀ ਹੈ; ਜਿਵੇਂ ਕਿ ਫ਼ੁਰਮਾਨ ਹੈ ‘‘ਦੁਖੁ ਤਦੇ ਜਾ ਵਿਸਰਿ ਜਾਵੈ ’’ (ਮਹਲਾ /੯੮) ਇਸ ਲਈ ਜੇ ‘‘ਸਭ ਸੁਖ ਦਾਤਾ ਰਾਮੁ ਹੈ; ਦੂਸਰ ਨਾਹਿਨ ਕੋਇ ’’ (ਮਹਲਾ /੧੪੨੬) ਉਹਨਾਂ ਦੇ ਚੇਤੇ ਹੈ ਤਾਂ ਬਿਪਤਾ ਆ ਹੀ ਨਹੀਂ ਸਕਦੀ।

ਆਮ ਸੰਸਾਰੀ ਮਨੁੱਖ ਦੀ ਸੋਚ ਇਹ ਹੈ ਕਿ ਪ੍ਰਭੂ ਦਾ ਸਿਮਰਨ ਕਰਨ ਵਾਲਿਆਂ ਨੂੰ ਸਰੀਰਕ ਤੌਰ ’ਤੇ ਦੁੱਖ ਆਉਂਦੇ ਹੀ ਨਹੀਂ, ਪਰ ਏਥੇ ਸਮਝਣ ਵਿੱਚ ਫ਼ਰਕ ਹੈ। ਦੁੱਖਾਂ ਦਾ ਆਉਣਾ ਹੋਰ ਗੱਲ ਹੈ ਅਤੇ ਦੁੱਖਾਂ ਨੂੰ ਮਹਿਸੂਸ ਕਰਨਾ ਹੋਰ ਗੱਲ; ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ’’ (ਮਹਲਾ /੬੩੩), ਯਾਨੀ ਨਾਮ ਸਿਮਰਨ ਵਿੱਚ ਇਤਨੀ ਬਰਕਤ ਹੈ ਕਿ ਦੁੱਖ ਆਤਮਕ ਸੁੱਖ ਵਿੱਚ ਤਬਦੀਲ ਹੋ ਜਾਂਦੇ ਹਨ ਫਿਰ ਤਾਂ ਨਾਮ ਰੰਗ ਵਿੱਚ ਰੰਗੀਆਂ ਰੂਹਾਂ ਦੇ ਮੁੱਖ ਤੋਂ ਸਦਾ ਇਹੀ ਸੁਣਨ ਨੂੰ ਮਿਲਦੈ ‘‘ਦੁਖੁ ਨਾਹੀ, ਸਭੁ ਸੁਖੁ ਹੀ ਹੈ ਰੇ.. ’’ (ਮਹਲਾ /੧੩੦੨)

ਧਨਾਸਰੀ ਰਾਗ ਵਿਚਲੇ ਸ਼ਬਦ ਦੁਆਰਾ ਗੁਰੂ ਰਾਮਦਾਸ ਸਾਹਿਬ ਜੀ ਵੀ ਨਾਮ ਸਿਮਰਨ ਦੀ ਮਹਿਮਾ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ ‘‘ਜਹ ਹਰਿ ਸਿਮਰਨੁ ਭਇਆ; ਤਹ ਉਪਾਧਿ ਗਤੁ ਕੀਨੀ; ਵਡਭਾਗੀ ਹਰਿ ਜਪਨਾ   ਜਨ ਨਾਨਕ ਕਉ ਗੁਰਿ (ਨੇ) ਇਹ ਮਤਿ ਦੀਨੀ; ਜਪਿ ਹਰਿ, ਭਵਜਲੁ ਤਰਨਾ ’’ (ਮਹਲਾ /੬੭੦) ਉਹ ਮਤਿ ਜਿਸ ਸਦਕਾ ਸਾਰੇ ਗਿਆਨ ਅਤੇ ਕਰਮ ਇੰਦ੍ਰੇ ਨਾਮ ਵਿੱਚ ਪਰਵਿਰਤ ਰਹਿਣ; ਗੁਰੂ ਪਾਸੋਂ ਪ੍ਰਾਪਤ ਹੋਣੀ ਹੈ। ‘‘ਬਾਣੀ ਗੁਰੂ ਗੁਰੂ ਹੈ ਬਾਣੀ ..’’ (ਮਹਲਾ /੯੮੨) ਦੇ ਵਾਕ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਹੀ ਗੁਰਸਿੱਖਾਂ ਲਈ ਗੁਰੂ ਰੂਪ ਹੈ। ਇਸ ਲਈ ਨਾਮ ਭਗਤੀ ਕੀ ਹੈ ? ਕਿਵੇਂ ਕੀਤੀ ਜਾਂਦੀ ਹੈ ? ਕਿਉਂ ਕਰਨੀ ਚਾਹੀਦੀ ਹੈ ? ਇਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਗੁਰਬਾਣੀ ਦੇਂਦੀ ਹੈ। ਹੁਣ ਵੀਚਾਰ ਅਧੀਨ ਸ਼ਬਦ ਦੀਆਂ ਪਹਿਲੇ ਪਦੇ ਵਾਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇਵ ਜੀ ਫ਼ੁਰਮਾ ਰਹੇ ਹਨ ‘‘ਕੋਟਿ ਬਿਘਨ ਬਿਨਸਹਿ ਹਰਿ ਸੇਵਾ; ਨਿਹਚਲੁ ਗੋਵਿਦ ਧਾਮ ਭਗਵੰਤ ਭਗਤ ਕਉ ਭਉ ਕਿਛੁ ਨਾਹੀ; ਆਦਰੁ ਦੇਵਤ ਜਾਮ ’’  ਅਰਥ : ਹੇ ਹਰੀ ਜਨੋ ! ਪਰਮਾਤਮਾ ਦੀ ਭਗਤੀ ਦੀ ਬਰਕਤ ਨਾਲ ਜ਼ਿੰਦਗੀ ਦੇ ਰਾਹ ਵਿੱਚੋਂ ਕ੍ਰੋੜਾਂ ਔਕੜਾਂ ਨਾਸ਼ ਹੋ ਜਾਂਦੀਆਂ ਹਨ ਅਤੇ ਪਰਮਾਤਮਾ ਦਾ ਸਦਾ ਹੀ ਸਥਿਰ ਰਹਿਣ ਵਾਲਾ ਘਰ ਵੀ ਮਿਲ ਜਾਂਦਾ ਹੈ। ਭਗਵਾਨ ਦੇ ਭਗਤਾਂ ਨੂੰ ਕੋਈ ਵੀ ਡਰ ਪੋਹ ਨਹੀਂ ਸਕਦਾ ਜਮਰਾਜ ਵੀ ਉਹਨਾਂ ਦਾ ਸਤਿਕਾਰ ਕਰਦਾ ਹੈ। ਪਰਮਾਤਮਾ ਦੀ ਭਗਤੀ ਕਰਨ ਤੋਂ ਭਾਵ ਉਸ ਦੇ ਭਾਣੇ ਵਿੱਚ ਚਲਣਾ ਹੈ, ਨਾਮ ਨੂੰ ਜਪਣਾ ਹੈ, ਇਸ ਤਰ੍ਹਾਂ ਕੋਈ ਵੀ ਰੁਕਾਵਟ ਜੀਵਨ ’ਚ ਨਹੀਂ ਆ ਸਕਦੀ ਅਤੇ ਸਿਧੇ ਤੌਰ ’ਤੇ ਧਰਮ ਨਾਲ ਸੰਬੰਧ ਕਾਇਮ ਹੋ ਜਾਂਦਾ ਹੈ। ਜਪੁ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸਾਨੂੰ ਸੇਧ ਬਖ਼ਸ਼ਦੇ ਹਨ ‘‘ਮੰਨੈ; ਮਾਰਗਿ ਠਾਕ ਪਾਇ   ਮੰਨੈ; ਪਤਿ ਸਿਉ ਪਰਗਟੁ ਜਾਇ   ਮੰਨੈ; ਮਗੁ ਚਲੈ ਪੰਥੁ   ਮੰਨੈ; ਧਰਮ ਸੇਤੀ ਸਨਬੰਧੁ   ਐਸਾ ਨਾਮੁ ਨਿਰੰਜਨੁ ਹੋਇ   ਜੇ ਕੋ; ਮੰਨਿ ਜਾਣੈ ਮਨਿ, ਕੋਇ ੧੪ (ਜਪੁ)

ਇਤਿਹਾਸ ਅਤੇ ਗੁਰਬਾਣੀ ਨੇ ਨਾਮ ਸਿਮਰਨ ਦੇ ਅਸੂਲ ਨੂੰ ਸਿੱਧ ਕਰ ਦਿੱਤਾ ਹੈ ਕਿ ਇਹ ਤਰੀਕਾ ਆਤਮਕ ਉੱਨਤੀ ਲਈ ਬਿਲਕੁਲ ਠੀਕ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਦੇ ਅਨੇਕਾਂ ਸਬੂਤ ਮਿਲਦੇ ਹਨ। ਸੁਖਮਨੀ ਸਾਹਿਬ ਵਾਲੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ‘‘ਹਰਿ ਸਿਮਰਨੁ ਕਰਿ, ਭਗਤ ਪ੍ਰਗਟਾਏ   ਹਰਿ ਸਿਮਰਨਿ ਲਗਿ, ਬੇਦ ਉਪਾਏ   ਹਰਿ ਸਿਮਰਨਿ, ਭਏ ਸਿਧ ਜਤੀ ਦਾਤੇ   ਹਰਿ ਸਿਮਰਨਿ, ਨੀਚ ਚਹੁ ਕੁੰਟ ਜਾਤੇ (ਸੁਖਮਨੀ/ਮਹਲਾ /੨੬੩) ਹਰੀ ਆਪ ਨਿਰਭਉ ਹੈ। ਉਸ ਨੂੰ ਸਿਮਰਨ ਵਾਲਾ ਵੀ ਉਸੇ ਦਾ ਹੀ ਰੂਪ ਹੋ ਜਾਂਦਾ ਹੈ। ਫਿਰ ਡਰ ਕਾਹਦਾ ‘‘ਜੋ ਜੋ ਕੀਨੋ ਆਪਨੋ; ਤਿਸੁ ਅਭੈ ਦਾਨੁ ਦੀਤਾ ’’ (ਮਹਲਾ /੮੦੯) ਦੇ ਵਾਕ ਅਨੁਸਾਰ ਨਿਰਭੈਤਾ ਵਾਲਾ ਗੁਣ ਉਸ ਵਿੱਚ ਆ ਜਾਂਦਾ ਹੈ। ਹੁਣ ਉਸ ਨੂੰ ਯਮਰਾਜ ਤੋਂ ਵੀ ਡਰ ਨਹੀਂ ਲੱਗਦਾ ‘‘ਪ੍ਰਭ ਕੈ ਸਿਮਰਨਿ, ਦੂਖੁ ਜਮੁ ਨਸੈ ’’ (ਮਹਲਾ /੨੬੨) ਜਾਂ ‘‘ਧਰਮ ਰਾਇ ਦਰਿ ਕਾਗਦ ਫਾਰੇ; ਜਨ ਨਾਨਕ ਲੇਖਾ ਸਮਝਾ ’’ (ਮਹਲਾ /੬੯੮) ਵਾਲੀ ਪਦਵੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ।

ਸ਼ਬਦ ਦੇ ਦੂਸਰੇ ਅਤੇ ਅਖੀਰਲੇ ਪਦੇ ਵਿੱਚ ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਤਜਿ ਗੋਪਾਲ, ਆਨ ਜੋ ਕਰਣੀ; ਸੋਈ ਸੋਈ ਬਿਨਸਤ ਖਾਮ   ਚਰਨ ਕਮਲ ਹਿਰਦੈ ਗਹੁ, ਨਾਨਕ  ! ਸੁਖ ਸਮੂਹ ਬਿਸਰਾਮ ’’ ਅਰਥ : ਪਰਮਾਤਮਾ ਦਾ ਸਿਮਰਨ ਭੁਲਾ ਕੇ ਹੋਰ ਜਿਹੜਾ ਵੀ ਕੰਮ ਕਰੀਦਾ ਹੈ ਉਹ ਨਾਸ਼ਵਾਤ ਹੈ ਅਤੇ ਕੱਚਾ ਹੈ। ਇਸ ਵਾਸਤੇ ਗੁਰੂ ਅਰਜਨ ਦੇਵ ਜੀ ਫ਼ੁਰਮਾ ਰਹੇ ਹਨ ਕਿ ਪਰਮਾਤਮਾ ਦੇ ਸੁੰਦਰ ਚਰਨ ਆਪਣੇ ਹਿਰਦੇ ਵਿੱਚ ਵਸਾਈ ਰੱਖ; ਇਹੀ ਸਾਰੇ ਸੁੱਖਾਂ ਦਾ ਘਰ ਹਨ। ਹੋਰ ਕੰਮਾਂ ਤੋਂ ਭਾਵ ਇੱਥੇ ਧਰਮ ਦੇ ਨਾਮ ਥੱਲੇ ਕੀਤੇ ਜਾਂਦੇ ਕਰਮਕਾਂਡਾਂ ਵੱਲ ਇਸ਼ਾਰਾ ਹੈ। ਗੁਰਮਤਿ ਉਹਨਾਂ ਕਰਮਕਾਂਡਾਂ ਤੋਂ ਜਗਿਆਸੂ ਨੂੰ ਰੋਕ ਕੇ ਸੱਚੇ ਨਾਮ ਨਾਲ ਜੋੜਦੀ ਹੈ। ਗੁਰਬਾਣੀ ਵਿੱਚ ਇਸ ਸੰਬੰਧੀ ਅਨੇਕਾਂ ਫ਼ੁਰਮਾਨ ਹਨ; ਜਿਵੇਂ ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ   ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ (ਮਹਲਾ /੭੪੭), ਜੀਅਰੇ ! ਓਲ੍ਾ ਨਾਮ ਕਾ   ਅਵਰੁ ਜਿ ਕਰਨ ਕਰਾਵਨੋ; ਤਿਨ ਮਹਿ ਭਉ ਹੈ ਜਾਮ ਕਾ ਰਹਾਉ ’’ (ਮਹਲਾ /੨੧੧) ਤਾਂ ਤੇ ਇਸ ਹਥਲੇ ਸ਼ਬਦ ਦਾ ਸਮੁੱਚਾ ਭਾਵ ਇਹੋ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਤੋਂ ਸੇਧ ਲੈ ਕੇ ਉਸ ਕਰਤੇ ਅਕਾਲ ਪੁਰਖ ਨਾਲ ਜੁੜ ਜਾਈਏ।

ਐ ਮੇਰੇ ਸੋਹਣੇ ਪੁੱਤ ਭਰਾਵੋ। ਸਿਰ ਸੋਹਣੀ ਦਸਤਾਰ ਜਾਵੋ।

0

ਐ ਮੇਰੇ ਸੋਹਣੇ ਪੁੱਤ ਭਰਾਵੋ। ਸਿਰ ਸੋਹਣੀ ਦਸਤਾਰ ਜਾਵੋ।

ਗਿਆਨੀ ਅੰਮ੍ਰਿਤਪਾਲ ਸਿੰਘ, ਲੁਧਿਆਣੇ ਵਾਲੇ।

Giani Amritpal Singh from Ludhiana

ਅੱਜ ਕੁੱਝ ਯੋਰਪੀਨ ਦੇਸ਼ਾਂ ਵਿੱਚ ਸਿੱਖਾਂ ਦੀਆਂ ਦਸਤਾਰਾਂ ’ਤੇ ਪਾਬੰਦੀ ਲਗਾਈ ਜਾ ਰਹੀ ਹੈ। ਕੁੱਝ ਦੇਸ਼ਾਂ ਵਿੱਚ ਸਿੱਖਾਂ ਨੇ ਆਪਣੀ ਦਸਤਾਰ ਦੀ ਅਹਿਮੀਅਤ ਸਰਕਾਰਾਂ ਨੂੰ ਦੱਸੀ ਅਤੇ ਆਪਣੇ ਧਾਰਮਿਕ ਹੱਕਾਂ ਦੀ ਰਖਵਾਲੀ ਕੀਤੀ ਹੈ। ਭਵਿੱਖ ਵਿੱਚ ਅਜਿਹੀਆਂ ਦਸਤਾਰ ਪਾਬੰਦੀ ਦੀਆਂ ਘਟਨਾਵਾਂ ਸਿਰਫ਼ ਯੂਰੋਪ ਤੱਕ ਸੀਮਤ ਨਹੀਂ ਰਹਿਣਗੀਆਂ ਸਗੋਂ ਹੋਰ ਦੇਸ਼ਾਂ ਵਿੱਚ ਵੀ ਹੋ ਸਕਦੀਆਂ ਹਨ। ਇਸ ਲਈ ਸਾਨੂੰ ਅੱਜ ਤੋਂ ਹੀ ਦੂਰ ਦੀ ਸੋਚ ਕੇ ਚੱਲਣਾ ਪਵੇਗਾ ਅਤੇ ਆਪਣੀ ਕੌਮ ਦੇ ਭਵਿੱਖ ਦੀ ਨਵੀਂ ਰੂਪ-ਰੇਖਾ ਤਿਆਰ ਕਰਨੀ ਪਵੇਗੀ।

ਅਜੇ ਵੀ ਕਈ ਦੇਸ਼ਾਂ ਵਿੱਚ ਸਿੱਖਾਂ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ, ਸਰਕਾਰਾਂ ਨੂੰ ਮੈਮੋਰੰਡਮ ਦਿੱਤੇ ਜਾ ਰਹੇ ਹਨ। ਕਿਉਂ ? ਕਾਰਨ ਇਹ ਕਿ ਵਿਦੇਸ਼ੀ ਸਰਕਾਰਾਂ ਨੂੰ ਆਪਣੀ ਦਸਤਾਰ ਦੀ ਅਹਿਮੀਅਤ ਦੱਸੀ ਜਾਵੇ ਤਾਂ ਕਿ ਉਹ ਸਿੱਖ ਦੀ ਦਸਤਾਰ ’ਤੇ ਪਾਬੰਦੀ ਨਾ ਲਗਾਉਣ, ਪਰ ਮੈਂ ਕਈ ਵਾਰ ਸੋਚਦਾ ਹਾਂ ਕਿ ਜੇ ਕਿਤੇ ਵਿਦੇਸ਼ੀ ਸਰਕਾਰਾਂ ਸਿੱਖ ਨੌਜਵਾਨਾਂ ਦਾ ਸਰਵੇ ਕਰਨ ਲੱਗ ਜਾਣ ਤਾਂ ਅਸੀਂ ਕਿਤੇ ਵੀ ਮੂੰਹ ਲੁਕਾਉਣ ਜੋਗੇ ਨਹੀਂ ਰਹਾਂਗੇ ? ਵਿਦੇਸ਼ੀ ਸਰਕਾਰਾਂ ਇਹ ਕਹਿਣਗੀਆਂ ਕਿ ਤੁਸੀਂ ਕਿਹੜੇ ਮੂੰਹ ਨਾਲ ਸਾਡੇ ਤੋਂ ਦਸਤਾਰ ਦਾ ਹੱਕ ਮੰਗ ਰਹੇ ਹੋ ? ਤੁਹਾਡੇ ਬੱਚੇ ਤਾਂ ਦਸਤਾਰਾਂ ਸਜਾਉਣ ਨੂੰ ਤਿਆਰ ਹੀ ਨਹੀਂ ? ਤੁਸੀਂ ਆਪਣੇ ਬੱਚਿਆਂ ਨੂੰ ਤਾਂ ਦਸਤਾਰਾਂ ਦਿੱਤੀਆਂ ਹੀ ਨਹੀਂ, ਨਾ ਹੀ ਦਸਤਾਰਾਂ ਦੀ ਅਹਿਮੀਅਤ ਦੱਸੀ ਹੈ ? ਉਹ ਤਾਂ ਕੇਸ ਵੀ ਕਤਲ ਕਰਾਈ ਬੈਠੇ ਹਨ। ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਤਾਂ ਦਸਤਾਰਾਂ ਦੀ ਅਹਿਮੀਅਤ ਦੱਸੋ, ਫਿਰ ਸਾਨੂੰ ਆਪਣੀ ਦਸਤਾਰ ਦੀ ਅਹਿਮੀਅਤ ਦੱਸਣਾ। ਯਾਦ ਰੱਖਿਓ ! ਉਸ ਸਮੇਂ ਸ਼ਰਮਿੰਦਗੀ ਤੋਂ ਬਿਨਾਂ ਸਾਡੇ ਕੋਲ ਇਸ ਗੱਲ ਦਾ ਹੋਰ ਕੋਈ ਜਵਾਬ ਨਹੀਂ ਹੋਣਾ।

ਸਿਆਣਿਆਂ ਦਾ ਕਥਨ ਹੈ ਕਿ ਕਿਸੇ ਘਰ ਦੇ ਭਾਗ; ਘਰ ਦੀ ਡਿਉਢੀ (ਮੁੱਖ ਦਰਵਾਜ਼ਾ) ਤੋਂ ਪਛਾਣੇ ਜਾਂਦੇ ਹਨ। ਲੋਕ ਆਪਣੀ ਦੌਲਤ ਦੀ ਨੁਮਾਇਸ਼ ਨਹੀਂ ਕਰਦੇ ਬਲਕਿ ਤਿਜੌਰੀ ਵਿੱਚ ਜਾਂ ਬੈਂਕ ਵਿੱਚ ਸੰਭਾਲ ਕੇ ਰੱਖਦੇ ਹਨ। ਅਮੀਰੀ ਜ਼ਾਹਰ ਕਰਨ ਲਈ ਘਰ ਦੇ ਦਰਵਾਜ਼ੇ ਖ਼ੂਬਸੂਰਤ ਤੇ ਮਜ਼ਬੂਤ ਬਣਾਏ ਜਾਂਦੇ ਹਨ। ਜਿਸ ਘਰ ਦਾ ਦਰਵਾਜ਼ਾ ਕਮਜ਼ੋਰ ਤੇ ਟੁੱਟਿਆ ਹੋਇਆ ਹੋਵੇ ਤਾਂ ਇਹ ਸਮਝਿਆ ਜਾਂਦਾ ਹੈ ਕਿ ਘਰ ਵਿੱਚ ਕੋਈ ਕੀਮਤੀ ਚੀਜ਼ ਨਹੀਂ ਹੈ। ਜੇ ਘਰ ਦਾ ਦਰਵਾਜ਼ਾ ਖ਼ੂਬਸੂਰਤ ਤੇ ਮਜ਼ਬੂਤ ਹੋਵੇ ਤਾਂ ਇਹ ਜ਼ਾਹਰ ਕਰਦਾ ਹੈ ਕਿ ਇਸ ਘਰ ਵਿੱਚ ਕੋਈ ਕੀਮਤੀ ਚੀਜ਼ ਹੈ। ਘਰ ਦੇ ਭਾਗ; ਘਰ ਦੇ ਦਰਵਾਜ਼ੇ ਤੋਂ ਪਛਾਣੇ ਜਾਂਦੇ ਹਨ ‘‘ਮੰਦਰਿ ਭਾਗੁ ਸੋਭ ਦੁਆਰੈ; ਅਨਹਤ ਰੁਣੁ ਝੁਣੁ ਲਾਏ ਕਹੁ ਨਾਨਕ  ! ਸਦਾ ਰੰਗੁ ਮਾਣੇ; ਗ੍ਰਿਹ ਪ੍ਰਿਅ ਥੀਤੇ ਸਦ ਥਾਏ ’’ (ਮਹਲਾ /੫੩੩)

ਇਸੇ ਤਰ੍ਹਾਂ ਸਿੱਖੀ ਰੂਪੀ ਘਰ ਦਾ ਦਰਵਾਜ਼ਾ ਸਿੱਖ ਦਾ ਚਿਹਰਾ ਹੈ। ਜੇ ਕਿਸੇ ਸਿੱਖ ਦੇ ਸਿਰ ’ਤੇ ਦਸਤਾਰ ਨਹੀਂ ਹੈ, ਸਿਰ ’ਤੇ ਕੇਸ ਨਹੀਂ ਹਨ, ਦਾਹੜਾ ਤੇ ਮੁਛਹਿਰੇ ਕਤਲ ਕੀਤੇ ਹੋਏ ਹਨ ਤਾਂ ਸਮਝੋ ਕਿ ਘਰ ਦਾ ਦਰਵਾਜ਼ਾ ਤਿੜਕਿਆ ਹੋਇਆ ਤੇ ਕਮਜ਼ੋਰ ਹੈ। ਹੁਣ ਇਸ ਘਰ ਵਿੱਚ ਸਿੱਖੀ ਦੀ ਦੌਲਤ ਨਹੀਂ ਰਹੀ। ਕੇਸਗੜ੍ਹ ਦੇ ਦਰਵਾਜ਼ੇ ਵਿੱਚ ਆਈ ਹੋਈ ਤਰੇੜ ਹੀ ਦੱਸ ਦਿੰਦੀ ਹੈ ਕਿ ਸਿੱਖੀ ਦਾ ਕਿਲ੍ਹਾ ਮਜ਼ਬੂਤ ਨਹੀਂ ਰਿਹਾ, ਕਮਜ਼ੋਰ ਹੋ ਗਿਆ ਹੈ। ਜੇ ਕਿਸੇ ਸਿੱਖ ਦੇ ਚਿਹਰੇ ਦਾ ਦਰਵਾਜ਼ਾ ਸਾਬਤ ਤੇ ਖ਼ੂਬਸੂਰਤ ਨਜ਼ਰ ਆਏ ਤਾਂ ਲੋਕ ਸਮਝਦੇ ਹਨ ਕਿ ਇਸ ਦੇ ਜੀਵਨ ਵਿੱਚ ਘਰ ਵਿੱਚ ਜ਼ਰੂਰ ਸਿੱਖੀ ਦਾ ਖ਼ਜ਼ਾਨਾ ਹੋਵੇਗਾ। ਕੇਸ ਅਤੇ ਦਸਤਾਰ ਸਿੱਖੀ ਦੀ ਦੌਲਤ ਹੋਣ ਦੀ ਪਹਿਲੀ ਨਿਸ਼ਾਨੀ ਹੈ, ਪਰ ਇਸ ਦੇ ਨਾਲ ਹੀ ਇਹ ਵੀ ਯਾਦ ਰੱਖੋ ਕਿ ਜੇ ਦਰਵਾਜ਼ਾ ਸਾਬਤ ਹੈ ਤਾਂ ਅੰਦਰ ਸਿੱਖੀ ਦੀ ਦੌਲਤ ਹੋਣੀ ਵੀ ਬਹੁਤ ਜ਼ਰੂਰੀ ਹੈ।

ਕਦੀ ਨਾਦਿਰ ਸ਼ਾਹ ਨੇ ਹੰਕਾਰ ਵਿੱਚ ਭਰ ਕੇ ਜ਼ਕਰੀਆ ਖਾਨ ਨੂੰ ਕਿਹਾ ਸੀ ਕਿ ਮੈਂ ਭਾਰਤ ਦਾ ਬਾਦਸ਼ਾਹ ਹਾਂ। ਮੇਰੇ ਵਿੱਚ ਇੰਨੀ ਤਾਕਤ ਹੈ ਕਿ ਮੈਂ ਇਹਨਾਂ ਸਿੱਖਾਂ ਨੂੰ ਦਬਾ ਲਵਾਂਗਾ। ਜ਼ਕਰੀਆ ਖਾਨ ਕਹਿਣ ਲੱਗਾ ਕਿ ਰਹਿਣ ਦੇ ਨਾਦਿਰ ਸ਼ਾਹ। ਤੂੰ ਇੱਕ ਬਾਦਸ਼ਾਹ ਹੈਂ, ਇਹ ਸਿੱਖ ਸਾਰੇ ਹੀ ਬਾਦਸ਼ਾਹ ਨੇ। ਨਾਦਿਰ ਸ਼ਾਹ ਬੜਾ ਹੈਰਾਨ ਹੋਇਆ। ਕਹਿਣ ਲੱਗਾ ਕਿ ਜੇ ਸਿੱਖ ਬਾਦਸ਼ਾਹ ਨੇ ਤਾਂ ਇਹਨਾਂ ਦੇ ਵੱਡੇ-ਵੱਡੇ ਮਹਿਲ ਹੋਣਗੇ। ਇਹਨਾਂ ਕੋਲ ਵਧੀਆ ਘੋੜੇ ਤੇ ਆਧੁਨਿਕ ਹਥਿਆਰ ਹੋਣਗੇ। ਇਹ ਸਿੱਖ ਤਾਂ ਕੀਮਤੀ ਰੇਸ਼ਮੀ ਬਸਤਰ ਪਹਿਨਦੇ ਹੋਣਗੇ। ਇਹਨਾਂ ਦੀਆਂ ਖੁਰਾਕਾਂ ਬਹੁਤ ਵਧੀਆ ਹੋਣਗੀਆਂ। ਇਹ ਤਾਂ ਘਿਉ-ਬਦਾਮ ਖਾਂਦੇ ਹੋਣਗੇ।

ਜ਼ਕਰੀਆ ਖਾਨ ਕਹਿਣ ਲੱਗਾ ਕਿ ਨਹੀਂ। ਇਹ ਮਹਿਲਾਂ ਵਿੱਚ ਨਹੀਂ ਰਹਿੰਦੇ ਸਗੋਂ ਜੰਗਲ਼ਾਂ ਤੇ ਪਹਾੜਾਂ ਵਿੱਚ ਰਹਿੰਦੇ ਹਨ। ਇਹਨਾਂ ਕੋਲ ਵਧੀਆ ਨਸਲ ਦੇ ਘੋੜੇ ਤੇ ਆਧੁਨਿਕ ਹਥਿਆਰ ਵੀ ਨਹੀਂ ਹਨ ਸਗੋਂ ਇਹ ਲੋਕ ਕਮਜ਼ੋਰ ਖੱਚਰਾਂ ਤੇ ਬੈਠ ਕੇ ਸਿਰਫ਼ ਆਪਣੀਆਂ ਕਿਰਪਾਨਾਂ ਨਾਲ ਹੀ ਸਾਡੇ ਨਾਲ ਲੜੀ ਜਾਂਦੇ ਹਨ। ਇਹ ਰੇਸ਼ਮੀ ਬਸਤਰ ਨਹੀਂ ਪਹਿਨਦੇ ਸਗੋਂ ਸਰੀਰ ’ਤੇ ਇਕ ਚਾਦਰ ਤੇ ਕਛਹਿਰੇ ਨਾਲ ਹੀ ਸਰਦੀ-ਗਰਮੀ ਲੰਘਾ ਲੈਂਦੇ ਹਨ।

ਨਾਦਿਰ ਹੋਰ ਹੈਰਾਨ ਹੋ ਕੇ ਕਹਿਣ ਲੱਗਾ ਕਿ ਜੇ ਇਹ ਲੋਕ ਇੰਨੇ ਗਰੀਬ ਤੇ ਇੰਨੀਆਂ ਮੁਸ਼ਕਲਾਂ ਵਿੱਚ ਘਿਰੇ ਹੋਏ ਮੁਸੀਬਤਾਂ ਦੇ ਮਾਰੇ ਹਨ ਤਾਂ ਫਿਰ ਇਹ ਆਪਣੇ ਆਪ ਨੂੰ ਬਾਦਸ਼ਾਹ ਕਿਉਂ ਅਖਵਾਉਂਦੇ ਹਨ ?

ਜ਼ਕਰੀਆ ਖਾਨ ਕਹਿਣ ਲੱਗਾ ਕਿ ਐ ਨਾਦਿਰ ਸ਼ਾਹ ! ਧਿਆਨ ਨਾਲ ਸੁਣ। ਇਹ ਮੁਸ਼ਕਲਾਂ ਤੋਂ ਘਬਰਾਉਂਦੇ ਨਹੀਂ ਹਨ ਸਗੋਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ, ਇਸ਼ਨਾਨ ਕਰਕੇ ਨਿੱਤਨੇਮ ਦਾ ਪਾਠ ਕਰਦਾ ਹੈ। ਫਿਰ ਇੱਕ-ਇੱਕ ਲੜ ਸੋਹਣਾ ਚਿਣ-ਚਿਣ ਕੇ ਦਸਤਾਰ ਸਜਾਉਂਦਾ ਹੈ ਤੇ ਆਪਣਾ ਰੋਅਬਦਾਰ ਸਰੂਪ ਵੇਖ ਕੇ ਆਖਦਾ ਹੈ ਕਿ ਬਾਦਸ਼ਾਹ ਨੇ ਸਿਰ ’ਤੇ ਤਾਜ ਸਜਾ ਲਿਆ ਹੈ। ਇਹਨਾਂ ਦੇ ਸਿਰ ਦੀ ਦਸਤਾਰ ਇਹਨਾਂ ਦੇ ਸਿਰ ਦਾ ਤਾਜ ਹੈ। ਸਿਰ ’ਤੇ ਦਸਤਾਰ ਸਜਾ ਕੇ ਇਹ ਆਪਣੇ ਆਪ ਨੂੰ ਬਾਦਸ਼ਾਹ ਤੋਂ ਘੱਟ ਨਹੀਂ ਸਮਝਦੇ। ਐ ਨਾਦਿਰ ਸ਼ਾਹ ! ਤੂੰ ਤਾਂ ਇਕ ਬਾਦਸ਼ਾਹ ਹੈਂ, ਇਹ ਸਿਰ ’ਤੇ ਦਸਤਾਰ ਸਜਾਉਣ ਵਾਲੇ ਸਾਰੇ ਹੀ ਬਾਦਸ਼ਾਹ ਨੇ।

ਨਾਦਿਰ ਸ਼ਾਹ ਨੇ ਬੜੇ ਵਿਸ਼ਵਾਸ ਨਾਲ ਕਿਹਾ ਕਿ ਜੇ ਇਹ ਗੱਲ ਹੈ ਤਾਂ ਇਕ ਸਮਾਂ ਐਸਾ ਆਵੇਗਾ ਕਿ ਇਹ ਦਸਤਾਰ ਸਜਾਉਣ ਵਾਲੇ ਕਦੀ ਇਸ ਦੇਸ ’ਤੇ ਰਾਜ ਕਰਨਗੇ।

ਸੱਚ ਮੁਚ  ! ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਨੂੰ ਦਸਤਾਰ ਦੀ ਦਾਤ ਬਖ਼ਸ਼ਸ਼ ਕਰਕੇ ਬਾਦਸ਼ਾਹੀ ਬਖ਼ਸ਼ੀ ਹੈ। ਸਿੱਖ ਨੂੰ ਹੁਕਮ ਹੈ ਕਿ ਸਿੱਖ ਦੋਨੋਂ ਵਕਤ ਕੰਘਾ ਕਰਕੇ, ਇੱਕ-ਇੱਕ ਲੜ ਚੁਣ ਕੇ ਸੋਹਣੀ ਦਸਤਾਰ ਸਜਾਏ ਅਤੇ ਨਾਲ ਹੀ ਹਰ ਵਕਤ ਇਸ ਦੀ ਸੰਭਾਲ ਵੀ ਕਰੇ। ਸਾਡੇ ਰਹਿਤਨਾਮਿਆਂ ਵਿੱਚ ਇਸ ਤਰ੍ਹਾਂ ਦੇ ਅਨੇਕ ਬਚਨ ਮਿਲਦੇ ਹਨ। ਜਿਵੇਂ ਭਾਈ ਨੰਦ ਲਾਲ ਜੀ ਦੀ ਬਾਣੀ ਵਿੱਚ ਇਕ ਬਚਨ ਹੈ ‘‘ਕੰਘਾ ਦੋਨੋ ਵਕਤ ਕਰ, ਪਾਗ ਚੁਨੈ ਕਰ ਬਾਂਧਈ ਦਾਤਨ ਨੀਤ ਕਰੇਇ, ਨਾ ਦੁਖ ਪਾਵੇ ਲਾਲ ਜੀ’’ ਇਕ ਹੋਰ ਰਹਿਤਨਾਮੇ ਦਾ ਕਥਨ ਹੈ ‘ਦੁਇ ਵੇਲੇ ਬੰਧਯੋ ਦਸਤਾਰੰ ਆਠ ਪਹਰ ਰਖਯੋ ਸੰਭਾਰੰ

ਭਗਤ ਨਾਮਦੇਵ ਜੀ ਦਾ ਬਚਨ ਯਾਦ ਆ ਜਾਂਦਾ ਹੈ ਕਿ ਅਕਾਲ ਪੁਰਖ ਨੇ ਵੀ ਸੀਸ ’ਤੇ ਦਸਤਾਰ ਸਜਾਈ ਹੋਈ ਹੈ। ਨਿਰੀ ਦਸਤਾਰ ਹੀ ਨਹੀਂ ਬਲਕਿ ਉਸ ਦੀ ਦਸਤਾਰ ਖ਼ੂਬਸੂਰਤ ਵੀ ਹੈ। ਐ ਮੇਰੇ ਪ੍ਰਭੂ ! ਤੇਰੇ ਸੀਸ ’ਤੇ ਸਜੀ ਹੋਈ ਦਸਤਾਰ ਬਹੁਤ ਹੀ ਖ਼ੂਬਸੂਰਤ ਹੈ ਤੇ ਤੇਰੇ ਬੋਲ ਵੀ ਬਹੁਤ ਮਿੱਠੇ ਹਨ ‘‘ਖੂਬੁ ਤੇਰੀ ਪਗਰੀ; ਮੀਠੇ ਤੇਰੇ ਬੋਲ ’’ (ਭਗਤ ਨਾਮਦੇਵ/੭੨੭)

ਸਿੱਖ ਵੀ ਜਦੋਂ ਆਪਣੇ ਸੀਸ ’ਤੇ ਖ਼ੂਬਸੂਰਤ ਦਸਤਾਰ ਸਜਾਉਂਦਾ ਹੈ ਤਾਂ ਅਤਿ ਸੁੰਦਰ, ਮਨ ਨੂੰ ਮੋਹ ਲੈਣ ਵਾਲੇ ਰੱਬ ਦਾ ਹੀ ਰੂਪ ਨਜ਼ਰ ਆਉਂਦਾ ਹੈ। ਕਿਸੇ ਨੌਜਵਾਨ ਵੀਰ ਨੇ ਬੜੀ ਖ਼ੂਬਸੂਰਤ ਇਹ ਗੱਲ ਕਹੀ ਕਿ ‘ਸਵੇਰੇ ਉੱਠ ਕੇ ਤਿਆਰ ਹੁੰਦਿਆਂ ਪਹਿਲਾਂ ਮੈਂ ਆਪਣੀ ਦਸਤਾਰ ਸਜਾਉਂਦਾ ਹਾਂ, ਫਿਰ ਦਸਤਾਰ ਮੈਨੂੰ ਸਾਰਾ ਦਿਨ ਸਜਾ ਕੇ ਰੱਖਦੀ ਹੈਇਸ ਲਈ ਅੱਜ ਸਭ ਤੋਂ ਪਹਿਲਾਂ ਗੁਰਸਿੱਖ ਮਾਤਾ-ਪਿਤਾ, ਫਿਰ ਸਾਰੀਆਂ ਸਿੱਖ ਸੰਸਥਾਵਾਂ, ਗੁਰਦੁਆਰਿਆਂ, ਪ੍ਰਬੰਧਕਾਂ ਤੇ ਪ੍ਰਚਾਰਕਾਂ ਦਾ ਫ਼ਰਜ਼ ਬਣਦਾ ਹੈ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਅਕਾਲ ਪੁਰਖ ਦੀ ਦਾਤ ਕੇਸਾਂ ਦੀ ਅਤੇ ਦਸਤਾਰ ਦੀ ਅਹਿਮੀਅਤ ਦੱਸ ਕੇ ਆਪਣਾ ਕੌਮੀ ਫ਼ਰਜ਼ ਪੂਰਾ ਕੀਤਾ ਜਾਵੇ।

ਇਸ ਕੌਮੀ ਫ਼ਰਜ਼ ਨੂੰ ਨਿਭਾਉਣ ਲਈ ਮਾਤਾ-ਪਿਤਾ ਵੱਲੋਂ ਬਚਪਨ ਤੋਂ ਹੀ ਬੱਚਿਆਂ ਨੂੰ ਕੇਸਾਂ ਅਤੇ ਦਸਤਾਰ ਦੀ ਮਹੱਤਤਾ ਸੰਬੰਧੀ ਸੁਚੇਤ ਕਰ ਦੇਣਾ ਚਾਹੀਦਾ ਹੈ। ਛੋਟੇ-ਛੋਟੇ ਪਟਕੇ ਬੰਨਣ ਦੇ ਰੁਝਾਨ ਨੂੰ ਖਤਮ ਕਰ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਸਿੱਖ ਸੰਸਥਾਵਾਂ ਨੂੰ ਇਸ ਕਾਰਜ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ, ਜਿਹਨਾਂ ਵਿੱਚ ਕੇਸਾਂ ਅਤੇ ਦਸਤਾਰ ਦੀ ਮਹੱਤਤਾ ਬਾਰੇ ਲਿਟਰੇਚਰ ਛਪਵਾ ਕੇ ਵੰਡਣਾ ਚਾਹੀਦਾ ਹੈ। ਘਰ-ਘਰ ਜਾ ਕੇ ਬੱਚਿਆਂ ਦੇ ਸ਼ੰਕਿਆਂ ਦੇ ਜਵਾਬ ਦੇਣੇ ਚਾਹੀਦੇ ਹਨ। ਰੋਜ਼ਾਨਾ ਦਸਤਾਰ ਸਜਾਉਣ ਵਾਲਿਆਂ ਨੂੰ ਢੁੱਕਵੇਂ ਇਨਾਮ ਦੇ ਕੇ ਹੋਰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਤਾਂ ਜੋ ਹੋਰ ਬੱਚੇ ਵੀ ਆਕਰਸ਼ਿਤ ਹੋ ਸਕਣ।

ਗੁਰਦੁਆਰਿਆਂ ਵਿੱਚ ਕੇਸਾਂ ਅਤੇ ਦਸਤਾਰ ਦੀ ਅਹਿਮੀਅਤ ਸੰਬੰਧੀ ਗੁਰਮਤਿ ਕੈਂਪ ਲੱਗਣੇ ਚਾਹੀਦੇ ਹਨ। ਸਕੂਲ, ਕਾਲਜ ਤੋਂ ਛੁੱਟੀ ਵਾਲੇ ਦਿਨ ਆਕਰਸ਼ਕ ਤਰੀਕਿਆਂ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਬਾਣੀ ਅਤੇ ਇਤਿਹਾਸ ਦੀ ਵੀਚਾਰ ਦ੍ਰਿੜ੍ਹ ਕਰਾਉਣੀ ਚਾਹੀਦੀ ਹੈ। ਕੇਸਾਂ ਦੀ ਸੰਭਾਲ ਦੇ ਅਤੇ ਦਸਤਾਰ ਸਜਾਉਣ ਦੇ ਯੋਗ ਤਰੀਕੇ ਸਮਝਾਉਣੇ ਚਾਹੀਦੇ ਹਨ।

ਜੇ ਹਰ ਇਕ ਗੁਰਸਿੱਖ ਆਪਣਾ ਕੌਮ ਪ੍ਰਤੀ ਫ਼ਰਜ਼ ਨਿਭਾਉਣਾ ਸ਼ੁਰੂ ਕਰ ਦੇਵੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਗੁਰੂ ਨਾਨਕ ਦੀ ਸਿੱਖੀ ਘਰ-ਘਰ ਪਹੁੰਚ ਜਾਵੇਗੀ। ਭਾਈ ਗੁਰਦਾਸ ਜੀ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦਾ ਇਕ ਸੁਫਨਾ ਹੈ ਕਿ ਹਰ ਘਰ ਧਰਮ ਦਾ ਘਰ ਬਣ ਜਾਏ। ਹਰ ਘਰ ਵਿੱਚ ਅਕਾਲ ਪੁਰਖ ਦੀ ਸਿਫ਼ਤ ਗਾਈ ਜਾਵੇ। ਫਿਰ ਇਹ ਸੁਫਨਾ ਵੀ ਪੂਰਾ ਹੋ ਜਾਵੇਗਾ ‘‘ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੭)

ਬੀਬੀ ਮਾਲੀ

0

ਬੀਬੀ ਮਾਲੀ

ਡਾ. ਹਰਸ਼ਿੰਦਰ ਕੌਰ, ਐਮ.ਡੀ., ਬੱਚਿਆਂ ਦੀ ਮਾਹਿਰ, 28,

ਪ੍ਰੀਤ ਨਗਰ, ਲੋਅਰ ਮਾਲ,  ਪਟਿਆਲਾ। ਫੋਨ ਨੰ: 0175-2216783

ਇਹ ਮਰਦ ਪ੍ਰਧਾਨ ਸਮਾਜ ਹੈ, ਇਸੇ ਲਈ ਦੇਸ਼ ਵਾਸਤੇ ਜਾਨ ਵਾਰਨ ਵਾਲ਼ੀਆਂ ਔਰਤਾਂ ਜਾਂ ਜਾਨ ਜੋਖ਼ਮ ਵਿੱਚ ਪਾ ਕੇ ਮੁਲਕ ਬਚਾਉਣ ਵਾਲ਼ੀਆਂ ਔਰਤਾਂ ਨੂੰ ਬਹੁਤਾ ਉਘਾੜਿਆ ਨਹੀਂ ਜਾਂਦਾ। ਅਜਿਹੀ ਹੀ ਇੱਕ ਸਾਧਾਰਨ ਬੀਬੀ ਮਾਲੀ ਨੇ ਅਸਾਧਾਰਨ ਬਹਾਦਰੀ ਦੀ ਮਿਸਾਲ ਕਾਇਮ ਕੀਤੀ, ਪਰ ਇਤਿਹਾਸ ਵਿੱਚ ਕਿਤੇ ਗੁੰਮ ਹੋ ਗਈ।

ਪੂੰਛ ਦੇ ਅਰਾਈ ਪਿੰਡ ਵਿੱਚ ਸੰਨ 1930 ਵਿੱਚ ਇੱਕ ਗ਼ਰੀਬ ਗੁੱਜਰ ਟੱਬਰ ਵਿੱਚ ਪੈਦਾ ਹੋਈ ਮਾਲੀ ਨੂੰ ਬਹੁਤ ਛੋਟੀ ਉਮਰੇ ਅਬਦੁਲ ਗੱਫਾਰ ਨਾਲ਼ ਵਿਆਹ ਦਿੱਤਾ ਗਿਆ। ਪਹਿਲਾਂ ਗ਼ਰੀਬ ਉੱਤੋਂ ਕੁੜੀ, ਫਿਰ ਪੜ੍ਹਾਈ ਤੋਂ ਸੱਖਣੀ ਅਤੇ ਸਭ ਤੋਂ ਵੱਡੀ ਮਾਰ ਇਹ ਕਿ ਪਤੀ ਮਾਨਸਿਕ ਰੋਗੀ ਨਿਕਲਿਆ। ਸ਼ੁਕਰ ਹੈ ਕਿ ਮਾਲੀ ਦੇ ਵੱਡੇ ਭਰਾ ਜਲਾਲੁਦੀਨ ਦੇ ਮਨ ਵਿੱਚ ਦਯਾ ਭਾਵਨਾ ਜਾਗ ਪਈ ਅਤੇ ਉਹ ਮਾਲੀ ਨੂੰ ਵਾਪਸ ਪੇਕੇ ਘਰ ਲੈ ਆਇਆ।

ਮਾਲੀ ਲਈ ਜ਼ਿੰਦਗੀ ਕਾਫੀ ਔਖੀ ਹੋ ਗਈ ਕਿਉਂਕਿ ਅਜਿਹੀਆਂ ਔਰਤਾਂ ਜੋ ‘ਛੁੱਟੜ’ ਵੱਲੋਂ ਮਿਹਣੇ ਸਹਿੰਦੀਆਂ ਹਨ, ਆਪ ਵੀ ਮਾਨਸਿਕ ਰੋਗੀ ਹੀ ਬਣ ਜਾਂਦੀਆਂ ਹਨ। ਸਾਡਾ ਸਮਾਜ ਕਸੂਰ ਸਿਰਫ਼ ਔਰਤ ਵਿੱਚ ਹੀ ਕੱਢਣਾ ਜਾਣਦਾ ਹੈ। ਪੇਕੇ ਘਰ ਕੋਈ ਜ਼ਮੀਨ ਨਹੀਂ ਸੀ। ਖ਼ਰਚਾ ਔਖਾ ਹੋ ਗਿਆ। ਏਸੇ ਲਈ ਮਾਲੀ ਦਿਨੇ ਦਿਹਾੜੀ ਦਾ ਕੰਮ ਕਰਨ ਲੱਗ ਪਈ ਅਤੇ ਸਵਖਤੇ ਭੇਡਾਂ ਬੱਕਰੀਆਂ ਚਾਰਨ ਚਲੀ ਜਾਂਦੀ।

ਇਕੱਲੀ ਜਵਾਨ ਅਨਪੜ੍ਹ ਛੁੱਟੜ ਔਰਤ ਵਜੋਂ ਲਗਾਤਾਰ ਮਿਹਣੇ ਸਹਿੰਦੀ ਮਾਲੀ ਸਵੇਰ ਤੋਂ ਰਾਤ ਤਕ ਚੁੱਪ ਚਾਪ ਕੰਮ ਵਿੱਚ ਜੁਟੀ ਰਹਿੰਦੀ। ਜਦੋਂ ਬਰਫ਼ ਬਹੁਤ ਪੈ ਜਾਂਦੀ ਤਾਂ ਅਰਾਈ ਪਿੰਡ ਅੰਦਰ ਹੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ। ਗਰਮੀਆਂ ਵਿੱਚ ਉਹ ਬੱਕਰੀਆਂ ਲੈ ਕੇ ਜੱਬੀ ਤੇ ਪਿੱਲਾਂਵਾਲੀ ਦੇ ਉੱਚੇ ਪਹਾੜਾਂ ਵੱਲ ਲੰਘ ਜਾਂਦੀ। ਆਖ਼ਰ ਕਿੰਨੀ ਦੇਰ ਲੋਕਾਂ ਦੀਆਂ ਭੈੜੀਆਂ ਨਜ਼ਰਾਂ ਤੋਂ ਬਚਦੀ। ਇਸੇ ਲਈ ਉਸ ਨੇ ਆਪਣੇ ਵੱਡੇ ਭਰਾ ਦੇ ਪੁੱਤਰ ਨੂੰ, ਜੋ ਲਗਭਗ ਉਸ ਤੋਂ 10 ਕੁ ਸਾਲ ਛੋਟਾ ਹੀ ਸੀ, ਨੂੰ ਆਪਣਾ ਪੁੱਤਰ ‘ਬਸ਼ੀਰ’ ਬਣਾ ਲਿਆ ਤੇ ਪਾਲਣਾ ਸ਼ੁਰੂ ਕੀਤਾ।

ਸੰਨ 1971 ਦੀ ਹਿੰਦ ਪਾਕ ਜੰਗ ਲੱਗੀ ਤਾਂ ਪੂੰਛ ਦੇ ਇਲਾਕੇ ਵਿੱਚ ਤਕੜੀ ਹਲਚਲ ਸੀ। ਸੰਨ 1965 ਵਿੱਚ ਹਾਜੀਪੁਰ ਪਾਸ ਖੁੱਸ ਜਾਣ ਸਦਕਾ ਪਾਕਿਸਤਾਨ ਹੁਣ ਪੂੰਛ ਇਲਾਕੇ ਉੱਤੇ ਹੱਲਾ ਬੋਲਣਾ ਚਾਹੁੰਦਾ ਸੀ। ਪੂੰਛ ਵਿੱਚ ਹੌਲ਼ੀ ਹੌਲ਼ੀ ਪਾਕਿਸਤਾਨ ਨੇ ਆਪਣੇ ਬੰਦੇ ਭੇਜ ਕੇ ਇਲਾਕੇ ਦੀ ਜਾਣਕਾਰੀ ਲੈਣੀ ਸੀ।

ਇਸੇ ਸਕੀਮ ਤਹਿਤ ਪਾਕਿਸਤਾਨ ਨੇ ਇੱਕ ਐਡਵਾਂਸ ਫ਼ੌਜੀ ਪਾਰਟੀ ਨੂੰ ਪੂੰਛ ਦੇ ਪਛੜੇ ਇਲਾਕੇ ਵਿੱਚ ਛੋਟੀਆਂ ਟੁਕੜੀਆਂ ਬਣਾ ਕੇ ਭੇਜ ਦਿੱਤਾ। ਉਹਨਾਂ ਟੁਕੜੀਆਂ ਨੇ ਪੂਰੀ ਜਾਣਕਾਰੀ ਇਕੱਠੀ ਕੀਤੀ ਤੇ ‘ਬੇਸ ਕੈਂਪ’ ਬਣਾਉਣਾ ਸ਼ੁਰੂ ਕਰ ਦਿੱਤਾ।

ਗੱਲ 13 ਦਸੰਬਰ 1971 ਦੀ ਹੈ। ਓਦੋਂ ਅਰਾਈ ਪਿੰਡ ਦੀ ਪਹਾੜੀ ਦੀ ਸਿਖਰ ਅਤੇ ਪਿੱਲਾਂਵਾਲੀ ਦੀ ਚੋਟੀ ਪੂਰੀ ਬਰਫ਼ ਨਾਲ਼ ਢੱਕ ਚੁੱਕੀ ਸੀ। ਬੀਬੀ ਮਾਲੀ ਓਦੋਂ 41 ਕੁ ਸਾਲਾਂ ਦੀ ਸੀ। ਉਸ ਨੇ ਹਰ ਹਾਲ ਬਕਰੀਆਂ ਲਈ ਪੱਤੇ ਲੱਭਣੇ ਸਨ ਤੇ ਅੱਗ ਬਾਲਣ ਲਈ ਲਕੜਾਂ ਵੀ। ਇਸੇ ਲਈ ਮੂੰਹ ਸਿਰ ਚੰਗੀ ਤਰ੍ਹਾਂ ਲਪੇਟ ਕੇ ਜਿੰਨੇ ਵੀ ਕੱਪੜੇ ਸਨ, ਸਰੀਰ ਨੂੰ ਨਿੱਘਾ ਰੱਖਣ ਲਈ ਪਾ ਕੇ ਉਹਨਾਂ ਪਹਾੜੀਆਂ ਵੱਲ ਹੋ ਤੁਰੀ। ਜਦੋਂ ਪਿੱਲਾਂਵਾਲੀ ਪਹੁੰਚੀ ਤਾਂ ਉਸ ਨੂੰ ਦੂਰੋਂ ਹਲਕੇ ਧੂੰਏਂ ਦਾ ਝੌਲਾ ਪਿਆ। ਉਹ ਹੈਰਾਨ ਹੋ ਗਈ ਕਿਉਂਕਿ ਉਸ ਨੇ ਕਦੇ ਇੱਧਰ ਕੋਈ ਵਸਦਾ ਵੇਖਿਆ ਨਹੀਂ ਸੀ।

ਬਹੁਤ ਧਿਆਨ ਨਾਲ਼ ਲੁਕ ਲੁਕ ਕੇ ਤੇ ਕਈ ਥਾਂਈਂ ਰੀਂਗ ਕੇ ਉਹ ਉਸ ਥਾਂ ਦੇ ਨੇੜੇ ਪਹੁੰਚ ਗਈ, ਜਿੱਥੋਂ ਧੂੰਆਂ ਨਿਕਲ ਰਿਹਾ ਸੀ। ਧੂੰਆਂ ਨਿਕਲਣ ਦੇ ਨਾਲ ਹੀ ਇੱਕ ਬਰੀਕ ਵਿਰਲ ਵਿੱਚੋਂ ਜਦ ਉਸ ਨੇ ਅੰਦਰ ਝਾਕਿਆ ਤਾਂ ਬਹੁਤ ਘਬਰਾ ਗਈ। ਓਥੇ ਕੁਝ ਫ਼ੌਜੀ ਬੰਦੂਕਾਂ ਸਾਫ਼ ਕਰ ਰਹੇ ਸਨ ਪਰ ਉਹਨਾਂ ਦੀ ਵਰਦੀ ਭਾਰਤੀ ਨਹੀਂ ਸੀ।

ਰੱਤਾ ਕੁ ਧੜਕਨ ਠੀਕ ਹੋਈ ਤਾਂ ਉਸ ਨੇ ਸੋਚਿਆ ਕਿ ਕੁੱਝ ਗੜਬੜ ਹੈ ਜਿਸ ਬਾਰੇ ਪਿੰਡ ਵਾਸੀਆਂ ਨੂੰ ਦੱਸਣਾ ਚਾਹੀਦਾ ਹੈ। ਬਰਫ਼ ਬਹੁਤ ਜ਼ਿਆਦਾ ਸੀ ਤੇ ਠੰਢ ਵੀ ਆਖ਼ਰਾਂ ਦੀ। ਗੋਡੇ ਗੋਡੇ ਤਕ ਬਰਫ਼ ਵਿੱਚ ਦੱਬੀ ਉਹ ਛੋਟੇ ਰਾਹ ਵੱਲੋਂ ਤੇਜ਼ੀ ਨਾਲ਼ ਅਰਾਈ ਪਿੰਡ ਵੱਲ ਹੋ ਤੁਰੀ। ਏਨੀ ਠੰਢ ਵਿੱਚ ਵੀ ਪਸੀਨੋ ਪਸੀਨੇ ਹੋ ਕੇ ਉਹ ਘਰ ਪਹੁੰਚੀ ਤਾਂ ਭਰਾ ਉਸ ਨੂੰ ਵੇਖ ਕੇ ਹੈਰਾਨ ਹੋ ਗਿਆ। ਉਸ ਨੇ ਇੱਕ ਸਾਹੇ ਸਾਰਾ ਕੁੱਝ ਆਪਣੇ ਭਰਾ ਨੂੰ ਦੱਸਿਆ ਤਾਂ ਭਰਾ ਨੇ ਉਸ ਨੂੰ ਤਾੜਨਾ ਕੀਤੀ ਕਿ ਹੁਣ ਚੁੱਪ ਕਰ ਕੇ ਘਰ ਅੰਦਰ ਬਹਿ ਜਾਹ ਤੇ ਕਿਸੇ ਨੂੰ ਕੰਨੋਂ ਕੰਨੀਂ ਖ਼ਬਰ ਨਾ ਨਿਕਲੇ। ਫਿਰ ਵੀ ਮਾਲੀ ਰੁਕੀ ਨਹੀਂ ਤੇ ਝੱਟ ਪਿੰਡ ਦੇ ਸਰਪੰਚ ਮੀਰ ਹੁਸੈਨ ਨੂੰ ਜਾ ਦੱਸਿਆ ਪਰ ਉਹ ਵੀ ਪਾਸਾ ਵੱਟ ਗਿਆ।

ਹੁਣ ਮਾਲੀ ਵਿਚਾਰੀ ਕੀ ਕਰਦੀ  ! ਉਸ ਨੂੰ ਸਮਝ ਸੀ ਕਿ ਜੇ ਪਾਕਿਸਤਾਨੀ ਫ਼ੌਜੀਆਂ ਨੇ ਹੱਲਾ ਬੋਲ ਦਿੱਤਾ ਤਾਂ ਅਨੇਕ ਬੇਦੋਸੇ ਮਾਰੇ ਜਾਣਗੇ ਤੇ ਭਾਰਤ ਦੇ ਇਸ ਹਿੱਸੇ ਉੱਤੇ ਪਾਕਿਸਤਾਨ ਦਾ ਕਬਜ਼ਾ ਹੋ ਜਾਵੇਗਾ। ਉਸੇ ਵੇਲ਼ੇ ਹੀ ਚੁੱਪ ਚੁਪੀਤੇ ਉਹ ਘਰ ਦੇ ਪਿਛਲੇ ਪਾਸਿਓਂ ਕਲਾਈ ਵਾਲੇ ਪਾਸੇ ਤੁਰ ਪਈ। ਰਸਤਾ ਬਹੁਤ ਔਖਾ ਸੀ। ਉਸ ਨੂੰ ਏਨੀ ਕੁ ਖ਼ਬਰ ਸੀ ਕਿ ਉਸ ਪਾਸੇ ਭਾਰਤੀ ਫ਼ੌਜੀ ਪੋਸਟ ਹੈ। ਲੰਮਾ ਪਹਾੜੀ ਰਸਤਾ ਤੇ ਉੱਤੋਂ ਬਰਫ਼ ਨਾਲ਼ ਭਰਿਆ। ਇਕੱਲੀ ਨਿਹੱਥੀ ਔਰਤ ਪਰ ਦਿਲ ਵਿੱਚ ਦੇਸ਼ ਪ੍ਰਤੀ ਮੁਹੱਬਤ ਠਾਠਾਂ ਮਾਰਦੀ ਸੀ। ਸਿਰਫ਼ ਇਹ ਹੀ ਨਹੀਂ, ਉਸ ਵਿਚਾਰੀ ਨੂੰ ਸਿਵਾਏ ਆਪਣੀ ਮਾਂ ਬੋਲੀ ਗੁੱਜਰੀ ਦੇ ਹੋਰ ਕੋਈ ਬੋਲੀ ਆਉਂਦੀ ਹੀ ਨਹੀਂ ਸੀ। ਇਸ ਬਾਰੇ ਸੋਚੇ ਬਗੈਰ ਉਹ ਬਰਫ਼ ਸਦਕਾ ਨੀਲੇ ਪੈ ਚੁੱਕੇ ਹੱਥ ਪੈਰਾਂ ਨਾਲ਼ ਗੋਡਿਆਂ ਤਕ ਡੂੰਘੀ ਬਰਫ਼ ਵਿੱਚ ਵਾਹੋ-ਦਾਹੀ ਤੁਰੀ ਗਈ। ਪਤਾ ਹੀ ਨਹੀਂ ਕਿ ਕਿੰਨੇ ਘੰਟਿਆਂ ਬਾਅਦ ਉਹ ਭਾਰਤੀ ਫ਼ੌਜੀ ਪੋਸਟ ਉੱਤੇ ਪਹੁੰਚੀ ਪਰ ਪਹੁੰਚਦੇ ਸਾਰ ਉਹ ਝਟਪਟ ਬੋਲਣਾ ਸ਼ੁਰੂ ਹੋ ਗਈ। ਕਿਸੇ ਨੂੰ ਉਸ ਦੀ ਗੱਲ ਸਮਝ ਹੀ ਨਹੀਂ ਆਈ। ਅਖ਼ੀਰ ਉਸ ਦੇ ਚਿਹਰੇ ਦੀ ਘਬਰਾਹਟ ਵੇਖ ਫ਼ੌਜੀਆਂ ਨੇ ਸਮਝਿਆ ਕਿ ਸ਼ਾਇਦ ਇਹ ਗੁੰਮ ਗਈ ਹੈ। ਹੇਠਲੇ ਪਿੰਡ ਵਿੱਚੋਂ ਇੱਕ ਬੰਦਾ ਬੁਲਾਉਣ ਭੇਜਿਆ ਗਿਆ ਤਾਂ ਜੋ ਮਾਲੀ ਦੀ ਬੋਲੀ ਦੀ ਸਮਝ ਆਵੇ। ਉਸ ਦੀ ਹਾਲਤ ਵੇਖਦਿਆਂ ਫ਼ੌਜੀਆਂ ਨੇ ਚਾਹ ਦੇਣੀ ਚਾਹੀ ਪਰ ਮਾਲੀ ਤਾਂ ਪੂਰਾ ਜ਼ੋਰ ਸਿਰਫ਼ ਉਹਨਾਂ ਨੂੰ ਸਮਝਾਉਣ ਉੱਤੇ ਲਾ ਰਹੀ ਸੀ। ਨਾ ਉਹ ਬੈਠੀ ਤੇ ਨਾ ਹੀ ਉਸ ਨੂੰ ਆਪਣੇ ਸਰੀਰ ਉੱਤੇ ਠੰਢ ਨਾਲ਼ ਹੋ ਚੁੱਕੇ ਮਾੜੇ ਅਸਰ ਦਿਸ ਰਹੇ ਸਨ।

ਜਦ ਪਿੰਡ ਵਿੱਚੋਂ ਬੰਦਾ ਪਹੁੰਚਿਆ ਅਤੇ ਪੂਰੀ ਗੱਲ ਦੱਸੀ ਤਾਂ ਉਹ ਛੇ ਫ਼ੌਜੀ ਉਸ ਦੀ ਗੱਲ ਸੁਣ ਕੇ ਇਕਦਮ ਘਬਰਾ ਗਏ ਤੇ ਝਟਪਟ ਉਸ ਨੂੰ ਪੂੰਛ ਵਿਖੇ ਵੱਡੀ ਸਿੱਖ ਬਟਾਲੀਅਨ ਤੇ ਕਮਾਂਡਰ ਨਾਲ਼ ਗੱਲ ਕਰਨ ਲਈ ਦੋ ਫ਼ੌਜੀਆਂ ਨਾਲ਼ ਅਗਾਂਹ ਤੋਰ ਦਿੱਤਾ।

ਓਥੇ ਮਾਲੀ ਨੂੰ ਪੂਰੀ ਇੱਜ਼ਤ ਨਾਲ਼ ਬਿਠਾ ਕੇ ਸਾਰੀ ਗੱਲ ਸੁਣਨ ਬਾਅਦ ਕਮਾਂਡਰ ਨੇ ਕਿਹਾ ਕਿ ਖ਼ਬਰ ਬਹੁਤ ਗੰਭੀਰ ਹੈ ਪਰ ਮਾਲੀ ਦੀ ਹਾਲਤ ਹੁਣ ਹੋਰ ਤੁਰਨ ਯੋਗ ਨਹੀਂ। ਘੁਸਪੈਠੀਆਂ ਕੋਲ ਪਹੁੰਚਣ ਲਈ ਵਾਪਸ ਕਈ ਕਿੱਲੋਮੀਟਰ ਗੋਡੇ ਗੋਡੇ ਬਰਫ਼ ਵਿੱਚ ਚੜ੍ਹਾਈ ਕਰਕੇ ਪਹੁੰਚਣਾ ਸੀ। ਉਸ ਥਾਂ ਬਾਰੇ ਸਿਰਫ਼ ਮਾਲੀ ਨੂੰ ਹੀ ਪਤਾ ਸੀ। ਮਾਲੀ ਨੇ ਸਭ ਕੁਝ ਸਮਝਦਿਆਂ ਝੱਟ ਕਿਹਾ ‘ਮੇਰੀ ਪਰਵਾਹ ਨਾ ਕਰੋ। ਜੋ ਮੈਂ ਜੀਅ ਰਹੀ ਹਾਂ, ਉਸ ਨੂੰ ਜ਼ਿੰਦਗੀ ਥੋੜ੍ਹਾ ਕਹਿੰਦੇ ਹਨ। ਮੈਂ ਦੇਸ ਦੇ ਕਿਸੇ ਕੰਮ ਆ ਸਕਾਂ ਤਾਂ ਇਸ ਤੋਂ ਵੱਡੀ ਮੇਰੇ ਲਈ ਹੋਰ ਕਿਹੜੀ ਗੱਲ ਹੋ ਸਕਦੀ ਹੈ ? ਜੇ ਮੈਂ ਮਰ ਵੀ ਗਈ ਤਾਂ ਕੋਈ ਫ਼ਿਕਰ ਦੀ ਗੱਲ ਨਹੀਂ।’ ਇਸ ਤੋਂ ਬਾਅਦ ਵੀ ਫ਼ੌਜੀਆਂ ਦੀ ਹਿਚਕਿਚਾਹਟ ਵੇਖਦਿਆਂ ਮਾਲੀ ਨੇ ਫਿਰ ਕਿਹਾ ‘ਮੇਰੇ ਵਰਗੀਆਂ ਨੂੰ ਰੱਬ ਵੀ ਛੇਤੀ ਨਹੀਂ ਬੁਲਾਉਂਦਾ। ਮੇਰੀ ਫ਼ਿਕਰ ਛੱਡ ਕੇ ਮੁਲਕ ਦੀ ਫ਼ਿਕਰ ਕਰੋ।’ ਏਨਾ ਸੁਣਦਿਆਂ ਹੀ ਝੱਟ ਇੱਕ ਟੁਕੜੀ ਮਾਲੀ ਦੇ ਪਿੱਛੇ ਹੋ ਤੁਰੀ।

ਰਾਤ ਪੈ ਚੱਲੀ ਸੀ ਤੇ ਉੱਤੋਂ ਬਰਫ਼ ਵੀ ਪੈਣੀ ਸ਼ੁਰੂ ਹੋ ਗਈ। ਦਸ ਘੰਟੇ ਤਕ ਸਵੇਰ ਤੋਂ ਲਗਾਤਾਰ ਭੁੱਖੀ ਭਾਣੀ ਮਾਲੀ ਤੁਰ ਕੇ ਥੱਕੀ ਨਹੀਂ ਸੀ। ਅੱਗੋਂ ਹੋਰ ਚਾਰ ਘੰਟੇ ਤੁਰ ਕੇ ਮਾਲੀ ਨੇ ਫ਼ੌਜੀਆਂ ਦੀ ਅਗਵਾਈ ਕੀਤੀ ਤੇ ਅਖ਼ੀਰ ਉਸ ਥਾਂ ਪਹੁੰਚਾ ਦਿੱਤਾ।

ਓਥੇ ਉਸ ਸਮੇਂ ਅੱਧ ਰਾਤ 30 ਹੋਰ ਪਾਕਿਸਤਾਨੀ ਫ਼ੌਜੀ ਪਹੁੰਚ ਚੁੱਕੇ ਹੋਏ ਸਨ ਤੇ ਹਥਿਆਰਾਂ ਨਾਲ਼ ਲੈਸ ਵੱਖੋ ਵੱਖ ਥਾਂਵਾਂ ਵੱਲ ਕੂਚ ਕਰਨ ਵਾਲ਼ੇ ਸਨ। ਉਹਨਾਂ ਨੂੰ ਕੈਦ ਵਿੱਚ ਲੈ ਕੇ ਪੁੱਛਗਿੱਛ ਕਰਨ ਬਾਅਦ ਪਤਾ ਲੱਗਿਆ ਕਿ ਘੱਟੋ ਘੱਟ ਛੇ ਹੋਰ ਥਾਂਵਾਂ ਤੋਂ ਪਾਕਿਸਤਾਨੀ ਫ਼ੌਜੀ ਅੰਦਰ ਲੰਘ ਆਏ ਹੋਏ ਸਨ। ਉਹ ਸਾਰੇ ਨਾਲਿਆਂ ਤੇ ਜੰਗਲ਼ਾਂ ਰਾਹੀਂ ਵੜ ਰਹੇ ਸਨ। ਦੋਦਾ ਤੇ ਸੌਜੀਆਂ ਰਾਹੀਂ ਵੜ ਕੇ ਸਭ ਨੇ ਪੂੰਛ ਨੂੰ ਪਿਛਲੇ ਪਾਸਿਓਂ ਘੇਰ ਕੇ ਹੱਲਾ ਬੋਲਣਾ ਸੀ।

ਸਾਰੇ ਬ੍ਰਿਗੇਡ ਨੂੰ ਤੁਰੰਤ ਉਹਨਾਂ ਥਾਂਵਾਂ ਉੱਤੇ ਤੋਰ ਦਿੱਤਾ ਗਿਆ ਤੇ ਸਾਰੇ ਘੁਸਪੈਠੀ ਮਾਰ ਮੁਕਾ ਦਿੱਤੇ ਗਏ। ਇਸ ਦੌਰਾਨ ਮਾਲੀ ਬਾਰੇ ਸਾਰੇ ਭੁੱਲ ਗਏ ਤੇ ਮਾਲੀ ਆਪਣੇ ਘਰ ਅਰਦਾਸਾਂ ਕਰਦੀ ਵਾਪਸ ਮੁੜ ਗਈ ਕਿ ਰੱਬ ਭਾਰਤ ਉੱਤੇ ਖ਼ੈਰ ਕਰੇ।

ਉਸ ਵੇਲੇ ਮਾਲੀ ਵਰਗੀ ਕਮਜ਼ੋਰ ਮੰਨੀ ਗਈ ਔਰਤ ਦੀ ਹਿੰਮਤ ਸਦਕਾ ਭਾਰਤ ਹੱਥੋਂ ਪੂੰਛ ਦਾ ਇਲਾਕਾ ਨਿਕਲ ਕੇ ਪਾਕਿਸਤਾਨ ਵਿੱਚ ਸ਼ਾਮਲ ਹੋਣੋ ਬਚ ਗਿਆ। ਇਸ ਤੋਂ ਬਾਅਦ ਬਟਾਲੀਅਨ ਨੇ ਵਧਾਈ ਦਾ ਸਿਹਰਾ ਮਾਲੀ ਨੂੰ ਦਿੱਤਾ। ਉਸੇ ਸਦਕਾ ਮਾਲੀ ਨੂੰ ‘ਵੀਰ ਚੱਕਰ’ ਨਾਲ ਸਨਮਾਨਿਤ ਕੀਤੇ ਜਾਣ ਦੀ ਗੱਲ ਉੱਠੀ। ਫ਼ੌਜੀ ਨਾ ਹੋਣ ਕਾਰਨ ਸੰਨ 1972, 25 ਮਾਰਚ ਨੂੰ ਮਾਲੀ ਨੂੰ ‘ਪਦਮ ਸ੍ਰੀ’ ਨਾਲ ਸਨਮਾਨਿਤ ਕੀਤਾ ਗਿਆ। ਵੀ. ਵੀ. ਗਿਰੀ ਜੀ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਸਨ। ਮਾਲੀ ਨੂੰ 10,000 ਰੁਪੈ ਦੇ ਨਾਲ ਇੱਕ ਮੈਡਲ ਤੇ ਇੱਕ ਸਰਟੀਫਿਕੇਟ ਦਿੱਤਾ ਗਿਆ।

ਇਸ ਤੋਂ ਬਾਅਦ ਮਾਲੀ ਦਾ ਕਦੇ ਕਿਸੇ ਨੇ ਜ਼ਿਕਰ ਨਹੀਂ ਕੀਤਾ। ਸੰਨ 1999 ਵਿੱਚ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਬਹੁਤ ਹੀ ਔਖੇ ਰਾਹ ਰਾਹੀਂ ਪਹੁੰਚਣ ਵਾਲ਼ੀ ਥਾਂ ਗੰਡੋਹ ਤੋਂ ਪੂੰਛ ਜ਼ਿਲ੍ਹੇ ਦੇ ਸੂਰਨਕੋਟ ਵਿਖੇ ਕਰਨਲ ਲਲਿਤ ਚਮੋਲਾ ਦੀ ਬਦਲੀ ਹੋਈ। ਇਹ ਥਾਂ ਪਾਕਿਸਤਾਨੋਂ ਆਏ ਅੱਤਵਾਦੀਆਂ ਦਾ ਡੇਰਾ ਬਣ ਚੁੱਕੀ ਹੋਈ ਸੀ। ਇੱਥੇ ਉਹਨਾਂ ਕਈ ਕੈਂਪ ਬਣਾ ਲਏ ਹੋਏ ਸਨ। ਪੀਰ ਪੰਜਾਲ ਦੀਆਂ ਪਹਾੜੀਆਂ ਰਾਹੀਂ ਪੂੰਛ ਤੋਂ ਕਸ਼ਮੀਰ ਜਾਣ ਦੀਆਂ ਗਲੀਆਂ ਅਤੇ ਮੰਡੀ, ਲੋਰਾਂ, ਤੱਤਾਕੁਟੀ ਤੋਂ ਹਿਲਕਾਕਾ ਤਕ ਚੁਫੇਰੇ ਦੁਸ਼ਮਣਾਂ ਵੱਲੋਂ ਤੱਕੜਾ ਖ਼ਤਰਾ ਸੀ। ਇਹਨਾਂ ਰਾਹਾਂ ਨੂੰ ਚੰਗੀ ਤਰ੍ਹਾਂ ਪਛਾਨਣ ਦੀ ਲੋੜ ਸੀ। ਇਸੇ ਲਈ ਕਰਨਲ ਲਲਿਤ ਚਮੋਲਾ ਨੇ ਓਥੋਂ ਦੇ ਲੋਕਾਂ ਦੀ ਮਦਦ ਲਈ।

ਲਲਿਤ ਚਮੋਲਾ ਨੂੰ ਪਤਾ ਸੀ ਕਿ ਓਥੋਂ ਦੇ ਲੋਕਾਂ ਦੇ ਮਨਾਂ ਵਿੱਚ ਪਹਿਲਾਂ ਡਿਊਟੀ ਕਰ ਚੁੱਕੇ ਮੇਜਰ ਰਣਜੀਤ ਸਿੰਘ ਦੀ ਕਿੰਨੀ ਇੱਜ਼ਤ ਸੀ ਜਿਨ੍ਹਾਂ ਦੇ ਦ੍ਰਿੜ੍ਹ ਇਰਾਦੇ ਅਤੇ ਬਹਾਦਰੀ ਸਦਕਾ ਹੀ ਹਾਜੀਪੁਰ ਪਾਸ ਉੱਤੇ ਕਬਜ਼ਾ ਹੋ ਸਕਿਆ ਸੀ, ਜਿਸ ਸਦਕਾ ਪਾਕਿਸਤਾਨੀ ਫ਼ੌਜ ਦਾ ਰਾਹ ਬੰਦ ਹੋਇਆ ਸੀ। ਇਸੇ ਲਈ ਲਲਿਤ ਚਮੋਲਾ ਜੀ ਦਾ ਕੰਮ ਆਸਾਨ ਹੋ ਗਿਆ। ਲੋਕਾਂ ਨੇ ਵੱਧ ਚੜ੍ਹ ਕੇ ਉਹਨਾਂ ਦੀ ਮਦਦ ਕੀਤੀ ਅਤੇ ਸਾਰੇ ਓਥੋਂ ਦੇ ਲੁਕੇ ਰਾਹਾਂ ਬਾਰੇ ਜਾਣਕਾਰੀ ਦਿੱਤੀ।

ਇੰਝ ਹੀ ਪਿੰਡਾਂ ਵਿੱਚ ਘੁੰਮਦਿਆਂ ਇੱਕ ਦਿਨ ਅਰਾਈ ਦੇ ਪਿੰਡ ਵੱਲ ਲਲਿਤ ਨੇ ਮੂੰਹ ਕੀਤਾ। ਓਥੇ ਇੱਕ ਢੱਠਾ ਹੋਇਆ ਘਰ ਸੀ ਜਿਸ ਬਾਰੇ ਦੱਸਿਆ ਗਿਆ ਕਿ ਓਥੇ ਇੱਕ 78 ਕੁ ਸਾਲਾਂ ਦੀ ਬਜ਼ੁਰਗ ਔਰਤ ਇਕੱਲੀ ਰਹਿੰਦੀ ਹੈ। ਜਦੋਂ ਲਲਿਤ ਨੇ ਅੱਧ ਟੁੱਟਿਆ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਇੱਕ ਬਜ਼ੁਰਗ ਔਰਤ ਨੇ ਅਵਾਜ਼ ਦਿੱਤੀ ‘ਲੰਘ ਆਓ।’ ਲਲਿਤ ਨੂੰ ਉਹ ਜ਼ਬਾਨ ਸਮਝ ਨਹੀਂ ਆਈ। ਜਦੋਂ ਨਾਲ਼ ਖੜ੍ਹੇ ਬੰਦੇ ਨੇ ਮਤਲਬ ਦੱਸਿਆ ਤਾਂ ਲਲਿਤ ਅੰਦਰ ਲੰਘ ਗਿਆ।

ਸਾਮ੍ਹਣੇ ਕੰਧ ਉੱਤੇ ਇੱਕ ਪਦਮ ਸ੍ਰੀ ਦਾ ਮੈਡਲ ਤੇ ਸਰਟੀਫਿਕੇਟ ਟੰਗੇ ਹੋਏ ਸਨ ਜੋ ਮਿੱਟੀ ਨਾਲ਼ ਭਰ ਚੁੱਕੇ ਹੋਏ ਸਨ। ਲਲਿਤ ਨੇ ਹੈਰਾਨੀ ਨਾਲ਼ ਉਹ ਪੜ੍ਹਿਆ ਤਾਂ ਉਸ ਉੱਤੇ ‘ਮਾਲੀ’ ਦਾ ਨਾਂ ਲਿਖਿਆ ਸੀ। ਹੈਰਾਨ ਪ੍ਰੇਸ਼ਾਨ ਹੋ ਚੁਫੇਰੇ ਵੇਖ ਜਦੋਂ ਕੁਝ ਪੁੱਛਣਾ ਚਾਹਿਆ ਤਾਂ ਔਰਤ ਦੀ ਬੋਲੀ ਸਮਝ ਨਾ ਆਵੇ।

ਨਾਲ ਖੜ੍ਹੇ ਬੰਦੇ ਨੇ ਲਲਿਤ ਨੂੰ ਸਾਰੀ ਕਹਾਣੀ ਦੱਸੀ ਕਿ ਇਹੀ ਉਹ ਮਾਲੀ ਹੈ ਜਿਸ ਸਦਕਾ 1971 ਦੀ ਜੰਗ ਜਿੱਤੀ ਜਾ ਸਕੀ ਸੀ। ਏਨੀ ਦੇਰ ਨੂੰ ਉਸ ਦਾ ਗੋਦ ਲਿਆ ਪੁੱਤਰ (ਬਸ਼ੀਰ) ਮੁਹੰਮਦ ਆਜ਼ਮ ਪਹੁੰਚ ਗਿਆ। ਮਾਲੀ ਘਰੋਂ ਬਾਹਰ ਨਿਕਲਣ ਨੂੰ ਤਿਆਰ ਹੀ ਨਹੀਂ ਸੀ।  70 ਕੁ ਸਾਲ ਦੀ ਉਮਰ ਟੱਪ ਚੁੱਕੀ ਮਾਲੀ ਦੀ ਕੰਬਦੀ ਦੇਹ ਵੇਖ ਕੇ ਲਲਿਤ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਔਰਤ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਗੋਡਿਆਂ ਤਕ ਬਰਫ਼ ਵਿੱਚ ਧਸ ਕੇ ਕਈ ਘੰਟੇ ਆਪਣੇ ਮੁਲਕ ਨੂੰ ਬਚਾਉਣ ਲਈ ਭੁੱਖੀ ਭਾਣੀ ਪਹਾੜੀ ਚੋਟੀਆਂ ਉੱਤੇ ਤੁਰਦੀ ਰਹੀ ਸੀ।

ਮੁਹੰਮਦ ਆਜ਼ਮ ਨੇ ਦੱਸਿਆ ਕਿ ਜਦੋਂ ਮਾਲੀ ਇਨਾਮ ਲੈਣ ਦਿੱਲੀ ਗਈ ਸੀ ਤਾਂ ਇਹ ਉਸ ਦੀ ਜ਼ਿੰਦਗੀ ਦਾ ਪਹਿਲਾ ਤੇ ਆਖ਼ਰੀ ਗੇੜਾ ਪੂੰਛ ਤੋਂ ਬਾਹਰ ਸੀ। ਉਸ ਲਈ ਉਹ ਦੁਨੀਆਂ ਹੀ ਵੱਖ ਸੀ। ਸਾਰੀ ਉਮਰ 60 ਰੁਪੈ ਮਹੀਨਾ ਦੀ ਪੈਨਸ਼ਨ ਨਾਲ਼ ਗੁਜ਼ਾਰਾ ਕਰਨ ਵਾਲੀ ਮਾਲੀ ਨੂੰ ਕਿਸੇ ਕਿਸਮ ਦੀ ਕੋਈ ਲੋੜ ਹੀ ਨਹੀਂ ਸੀ।

ਲਲਿਤ ਹੈਰਾਨ ਸੀ ਕਿ ਇਹ ਕਿਸ ਕਿਸਮ ਦੀ ਔਰਤ ਸੀ। ਕਰਨਲ ਲਲਿਤ ਚਮੋਲਾ ਨੇ ਉਸੇ ਵੇਲੇ ਓਥੋਂ ਦੇ ਐਮ.ਐਲ.ਏ. ਮੁਹੰਮਦ ਜਾਨ ਨੂੰ ਕਹਿ ਕੇ ਮਾਲੀ ਦੀ ਪੈਨਸ਼ਨ ਵਧਾਈ ਅਤੇ ਥੋੜ੍ਹੀ ਜਿਹੀ ਜ਼ਮੀਨ ਵੀ ਉਸ ਦੇ ਨਾਂ ਲੁਆਈ। ਉਸ ਤੋਂ ਪੰਜ ਕੁ ਸਾਲ ਬਾਅਦ ਮਾਲੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ।

ਉਸ ਦੀ ਜ਼ਿੰਦਗੀ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਹੈ ਕਿ ਅਸਲੋਂ ਕਮਜ਼ੋਰ ਤੇ ਨਕਾਰਾ ਮੰਨੀ ਇਕੱਲੀ ਔਰਤ ਮਾਲੀ ਸਦਕਾ ਭਾਰਤ ਦਾ ਪੂੰਛ ਇਲਾਕਾ ਅੱਜ ਵੀ ਭਾਰਤ ਕੋਲ਼ ਹੈ।

ਸਾਕਾ ਨਨਕਾਣਾ ਸਾਹਿਬ ਤੇ 21 ਫਰਵਰੀ ਨੂੰ ਸਿੱਖਾਂ ਹੱਥ ਪ੍ਰਬੰਧ

0

ਸਿੰਘ ਸਭਾ ਲਹਿਰ ਦੇ 150 ਸਾਲਾ ਸਥਾਪਨਾ ਦਿਵਸ ਨੂੰ ਸਮਰਪਤਿ

ਸਾਕਾ ਨਨਕਾਣਾ ਸਾਹਿਬ ਤੇ 21 ਫਰਵਰੀ ਨੂੰ ਸਿੱਖਾਂ ਹੱਥ ਪ੍ਰਬੰਧ

ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ)-95920-93472

(ਗੁਰੂ ਗ੍ਰੰਥ-ਗੁਰੂ ਪੰਥ ਨੂੰ ਸਮਰਪਤਿ ਸੰਸਥਾਵਾਂ ਤੇ ਸੰਗਤਾਂ ਦੇ ਸਾਂਝੇ ਮੰਚ ‘ਪੰਥਕ ਤਾਲਮੇਲ ਸੰਗਠਨ’ ਵਲੋਂ 21 ਫਰਵਰੀ 2022 ਨੂੰ ਗੁ: ਅਕਾਲ ਬੁੰਗਾ, ਸਾਹਮਣੇ: ਖੰਡ ਮਿੱਲ ਬੁੱਢੇਵਾਲ, ਲੁਧਿਆਣਾ ਵਿਖੇ ਸਾਕਾ ਨਨਕਾਣਾ ਸਾਹਿਬ ਨੂੰ ਸਮਰਪਤਿ ਸਮਾਗਮ ਮੌਕੇ )

ਅਠਾਰਵੀਂ ਸਦੀ ਦੇ ਅੰਤ ਤੱਕ ਸਿੱਖ ਪੰਜਾਬ ਵਿੱਚ ਆਪਣੀ ਰਾਜਨੀਤਕ ਪੈਂਠ ਬਣਾ ਚੁੱਕੇ ਸਨ। 19ਵੀਂ ਸਦੀ ਦੇ ਆਰੰਭ ਵਿੱਚ ਹੀ ਸਾਰੀਆਂ ਸਿੱਖ ਰਿਆਸਤਾਂ ਮਹਾਰਾਜਾ ਰਣਜੀਤ ਸਿੰਘ ਅਧੀਨ ਹੋ ਚੁੱਕੀਆਂ ਸਨ। ਮੁਗਲ ਸੂਬਾ ਲਾਹੌਰ, ਸੂਬਾ ਮੁਲਤਾਨ, ਸੂਬਾ ਕਸ਼ਮੀਰ ਅਤੇ ਸਤਲੁਜ ਤੋਂ ਪਾਰ ਵੀ ਮਹਾਰਾਜੇ ਨੇ ਮੱਲ ਮਾਰੀ ਹੋਈ ਸੀ ਪਰੰਤੂ ਸਿੱਖਾਂ ਦੀ ਇਸ ਰਾਜਨੀਤਕ ਪ੍ਰਾਪਤੀ ਦਾ ਧਾਰਮਿਕ ਹਾਲਾਤਾਂ ਨਾਲ ਤਸੱਲੀਬਖਸ਼ ਵਾਸਤਾ ਨਹੀਂ ਸੀ। ਧਾਰਮਿਕ ਹਾਲਤ ਤਰਸਯੋਗ ਬਣੀ ਪਈ ਸੀ। ਗੁਰੂ ਸਾਹਿਬਾਨ ਨੇ ਜਿਨ੍ਹਾਂ ਬੁਰਾਈਆਂ ’ਚੋਂ ਬਾਹਰ ਕੱਢਿਆ ਸੀ, ਸਿੱਖ ਸਮਾਜ ਉਨ੍ਹਾਂ ਵਿੱਚ ਹੀ ਧੱਸ ਰਿਹਾ ਸੀ।

ਮਹਾਰਾਜੇ ਨੂੰ ਸਿੱਖ ਪੰਥ ਦਾ ਸੇਵਕ ਮੰਨਿਆ ਜਾਂਦਾ ਹੈ। ਉਸ ਨੇ ਸਿੱਖ ਗੁਰਦੁਆਰਿਆਂ ਦੀ ਉਸਾਰੀ ਤੇ ਸੁੰਦਰਤਾ ਨਾਲ ਸੰਬੰਧਿਤ ਸੇਵਾਵਾਂ ਹੀ ਨਹੀਂ ਨਿਭਾਈਆਂ ਬਲਕਿ ਸਮੂਹ ਧਾਰਮਿਕ ਅਸਥਾਨਾਂ ਦੇ ਨਾਮ ਜਾਇਦਾਦਾਂ ਵੀ ਕਰਾਈਆਂ ਸਨ, ਪਰ ਉਸ ਦੇ ਜੀਵਨ ਉੱਪਰ ਵੀ ਬ੍ਰਾਹਮਣਵਾਦ ਭਾਰੂ ਸੀ। ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਮਾਈ ਸਤਨਾਮੋ ਦਾ ਬਿਆਨ ਦਰਜ ਕੀਤਾ ਹੋਇਆ ਹੈ। ਮਾਈ ਦੱਸਦੀ ਹੈ ਕਿ ਮੇਰਾ ਸਹੁਰਾ ਮਹਾਰਾਜਾ ਦਾ ਅੰਗੀਠੀਆ ਸੀ। ਕਹਿੰਦੀ ਅੰਗੀਠੀਆ ਉਹ ਹੁੰਦਾ ਹੈ, ਜੋ ਸਰਦੀਆਂ ਵਿੱਚ ਸੋਨੇ ਦੀ ਬਣੀ ਅੰਗੀਠੀ ਅਤੇ ਗਰਮੀਆਂ ਵਿੱਚ ਚਾਂਦੀ ਦੀ ਘੜੀ ਅੰਗੀਠੀ ਅੰਮ੍ਰਿਤ ਵੇਲੇ ਬਾਲ, ਹਰ ਰੋਜ਼ ਮਹਾਰਾਜੇ ਪਾਸ ਲੈ ਜਾਵੇ ਅਤੇ ਜਾਗਦੇ ਸਾਰ ਉਸ ਨੂੰ ਬੈਸੰਤਰ ਦੇਵਤਾ ਦੇ ਦਰਸ਼ਨ ਕਰਾ ਕੇ ਪ੍ਰਕਰਮਾ ਕਰਵਾ ਕੇ ਪੂਜਾ ਹਾਸਲ ਕਰੇ।

ਮਹਾਰਾਜੇ ਦੇ ਰਾਜ ਸਮੇਂ ਹੀ ਅਜਿਹੀਆਂ ਕੁਰੀਤੀਆਂ ਵਿਰੁੱਧ ਬਾਬਾ ਦਇਆਲ ਨੇ ਪੇਸ਼ਾਵਰ ਤੇ ਰਾਵਲਪਿੰਡੀ ਵਿੱਚ ਆਵਾਜ਼ ਉਠਾਈ। ਭਾਈ ਬਾਲਕ ਸਿੰਘ ਨੇ ਫਜ਼ੂਲ ਰਸਮਾਂ ਵਿਰੁੱਧ ਡਟਵਾਂ ਪ੍ਰਚਾਰ ਆਰੰਭਿਆ, ਪਰ ਜਦ ਇਹ ਵੀ ਪੈਗੰਬਰੀ ਹੋਣ ਦੇ ਦਾਅਵੇਦਾਰ ਬਣ ਗਏ ਤਾਂ ਸਿੱਖੀ ਸਾਗਰ ਨਾਲੋਂ ਟੁੱਟ ਗਏ। ਜੋ ਸਿੰਘ ਸਭਾ ਲਹਿਰ 1 ਅਕਤੂਬਰ 1873 ਨੂੰ ਉੱਠੀ ਉਸ ਦਾ ਜਨਮ ਸਮਾਂ ਨਿਰੰਕਾਰੀ ਤੇ ਨਾਮਧਾਰੀ ਲਹਿਰ ਵੇਲੇ ਦਾ ਮੰਨਿਆ ਜਾਣਾ ਸੀ, ਜੇ ਸ਼ਖ਼ਸੀ ਪੂਜਾ ਨਾ ਉੱਭਰਦੀ। ਨਿਰੰਕਾਰੀ ਅਤੇ ਨਾਮਧਾਰੀ ਲਹਿਰ ਦੀ ਮੁੱਢਲੀ ਦੇਣ ਦੇ ਪੰਨੇ ਸੁਨਹਿਰੀ ਅੱਖਰਾਂ ਵਿੱਚ ਹਨ।

ਸਿੰਘ ਸਭਾ ਲਹਿਰ ਦੀ ਸਿਫ਼ਤ ਹੈ ਕਿ ਇਹ ਸ਼ਖ਼ਸੀ ਪੂਜਾ ਤੇ ਪ੍ਰਭਾਵਾਂ ਨੂੰ ਪਛਾੜਦੀ ਸਮੂਹ ਪੰਥ ਤੇ ਗੁਰੂ-ਗ੍ਰੰਥ ਸਾਹਿਬ ਦੀ ਹੋ ਨਿਬੜੀ। ਸਬੂਤ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਾਲੋਂ ਟੁੱਟ ਕੇ ਕੋਈ ਆਪਣੀ ਡਫਲੀ ਨਹੀਂ ਵਜਾਈ। ਸਿੰਘ ਸਭਾ ਲਹਿਰ ਦੇ ਆਰੰਭ ਹੋਣ ਦਾ ਤਤਕਾਲੀਨ ਕਾਰਨ ਬਣਿਆ ਕਿ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਦੇ ਚਾਰ ਸਿੱਖ ਵਿਦਿਆਰਥੀਆਂ (ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ ਤੇ ਸੰਤੋਖ ਸਿੰਘ) ਨੇ ਈਸਾਈ ਹੋਣ ਦੀ ਇੱਛਾ ਦਾ ਪ੍ਰਗਟਾਵਾ ਕਰ ਦਿੱਤਾ ਸੀ। ਸ਼ਰਧਾ ਰਾਮ ਫਿਲੌਰੀ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਸਿੱਖ ਧਰਮ ਵਿਰੁੱਧ ਬੋਲ ਕੇ ਬਲਦੀ ’ਤੇ ਤੇਲ ਪਾਇਆ। ਸਿੰਘ ਸਭਾਵਾਂ ਦੇ ਤਾਲਮੇਲ ਹਿਤ ਸੰਨ 1880 ਵਿੱਚ ਕੇਂਦਰੀ ਕਮੇਟੀ ਬਣਾਈ ਗਈ, ਜੋ ਕਿ ਇਕ ਮਹਾਨ ਸੰਸਥਾ ਖ਼ਾਲਸਾ ਦੀਵਾਨ ਦੇ ਨਾਂ ਨਾਲ ਪ੍ਰਸਿੱਧ ਹੋਈ। ਆਪਸੀ ਧੜੇਬੰਦੀਆਂ ਦੇ ਬਾਵਜੂਦ 30 ਅਕਤੂਬਰ 1902 ਵਿੱਚ ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਕੀਤੀ ਗਈ। ਮਤਭੇਦਾਂ ਦੇ ਚੱਲਦਿਆਂ ਸੰਨ 1906 ਵਿੱਚ ਪੰਚ ਖ਼ਾਲਸਾ ਦੀਵਾਨ ਬਣਿਆ। ਇਸ ਸਾਰੇ ਸਿਲਸਲੇ  ’ਚੋਂ ਖ਼ਾਲਸਾ ਕਾਲਜ ਅਤੇ ਸਿੱਖ ਵਿੱਦਿਅਕ ਕਾਨਫ਼ਰੰਸਾਂ ਵਰਗੇ ਕਈ ਇਤਿਹਾਸਕ ਕਾਰਜ ਕੌਮ ਲਈ ਮਾਣ ਬਣੇ। ਸਿੱਖ ਕੌਮ ਦਾ ਹਰ ਅੰਗ ਜਿੱਥੇ ਕਿਤੇ ਵੀ ਬੈਠਾ ਸੀ, ਉਹ ਜਾਗ ਗਿਆ ਤੇ ਉੱਠ ਪਿਆ।

19 ਵੀਂ ਸਦੀ ਦੇ ਅਖ਼ੀਰ ਤੱਕ ਅੰਗਰੇਜ਼ਾਂ ਦੁਆਰਾ ਪੰਜਾਬ ਦੇ ਹਰ ਗੁਰਦੁਆਰੇ ਉੱਤੇ ਕਬਜ਼ੇ ਨੂੰ ਬਰਦਾਸ਼ਤ ਨਾ ਕਰਨ ਦਾ ਅਹਿਸਾਸ ਹੋ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅੰਗਰੇਜ਼ਾਂ ਦੇ ਸਰਬਰਾਹ ਦਾ ਨਿਯੁਕਤ ਹੋ ਕੇ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ੀ ਸਰਕਾਰ ਦੇ ਵਫ਼ਾਦਾਰ ਰਹਿਣ ਦਾ ਹੁਕਮਨਾਮਾ ਜਾਰੀ ਹੋਣਾ, ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਤਨਖਾਹੀਏ ਕਰਾਰ ਦੇਣਾ ਅਤੇ ਆਜ਼ਾਦੀ ਦੇ ਪਰਵਾਨੇ ਗਦਰੀ ਸਿੱਖਾਂ ਨੂੰ ਪਤਿਤ ਕਰਾਰ ਦੇਣ ਦੇ ਵਰਤਾਰੇ ਨੇ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ। ਜਲ੍ਹਿਆਂ ਵਾਲੇ ਬਾਗ ਦੇ ਸਾਕੇ ’ਚ ਖ਼ੂਨੀ ਦੋਸ਼ੀ ਜਨਰਲ ਡਾਇਰ ਨੂੰ ਸਰਬਰਾਹ ਅਰੂੜ ਸਿੰਘ ਵੱਲੋਂ ਸਿਰੋਪਾਓ ਦੇਣਾ ਅਸਹਿ ਕਾਰਾ ਸੀ। ਪੁਜਾਰੀ ਮਹੰਤਾਂ ਨੇ ਅਖੌਤੀ ਮਰਯਾਦਾ ਬਣਾਈ ਹੋਈ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮਜ਼ਹਬੀ ਸਿੰਘਾਂ ਦਾ ਪ੍ਰਸ਼ਾਦ ਵੀ ਸਵੀਕਾਰ ਨਹੀਂ ਕਰਨਗੇ। ਮੱਥਾ ਟੇਕਣ ਲਈ, ਸਮੇਂ ਦੀਆਂ ਬੰਦਸ਼ਾਂ ਵੀ ਲਾਈਆਂ ਹੋਈਆਂ ਸਨ। ਸਰਕਾਰੀ ਕਾਨੂੰਨ ਕਾਰਨ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੇ ਮਾਲਕ ਬਣ ਬੈਠੇ ਪੁਜਾਰੀਆਂ ਅਤੇ ਮਹੰਤਾਂ ਵੱਲੋਂ ਗੁਰਦੁਆਰੇ ਵਿਭਚਾਰ ਤੇ ਦੁਰਾਚਾਰ ਦੇ ਬਣੇ ਅੱਡੇ ਹੁਣ ਸਿੱਖ ਸਹਿਣ ਨਹੀਂ ਕਰ ਸਕਦਾ ਸੀ। ਸਿੱਖਾਂ ਨੇ ਫ਼ੈਸਲਾ ਕਰ ਲਿਆ ਕਿ ਜਥੇਬੰਦ ਹੋ ਗੁਰਦੁਆਰੇ ਆਜ਼ਾਦ ਕਰਵਾਉਣੇ ਹਨ।  ਮਈ 1920 ਵਿੱਚ ਲਾਹੌਰ ਤੋੋਂ ਸ਼ੁਰੂ ਹੋਏ ‘ਅਕਾਲੀ’ ਅਖ਼ਬਾਰ ਨੇ ਅੰਗਰੇਜ਼ਾਂ ਅਤੇ ਮਹੰਤਾਂ ਦੀਆਂ ਮਾੜੀਆਂ ਕਰਤੂਤਾਂ ਵਿਰੁੱਧ ਸਿੱਖ ਜਗਤ ਵਿੱਚ ਰੋਸ ਦਾ ਭਾਂਬੜ ਬਾਲ ਦਿੱਤਾ।

6 ਅਕਤੂਬਰ 1920 ਨੂੰ ਸਿੰਘਾਂ ਨੇ ਸਭ ਤੋਂ ਪਹਿਲਾਂ ‘ਬਾਬੇ ਦੀ ਬੇਰ’ ਸਿਆਲਕੋਟ ਦੇ ਇਤਿਹਾਸਕ ਗੁਰਦੁਆਰੇ ਦੀ ਸੇਵਾ ਸੰਭਾਲੀ।  12 ਅਕਤੂਬਰ 1920 ਦਾ ਦਿਨ ਸਿੰਘ-ਸ਼ਕਤੀ ਦੇ ਸੂਰਜ ਚੰਦਰਮਾ ਦੀ ਤਰ੍ਹਾਂ ਚੜ੍ਹਿਆ। ਜਿਨ੍ਹਾਂ ਨੂੰ ਨਿਮਨ ਜਾਤਾਂ ਕਿਹਾ ਜਾਂਦਾ ਸੀ ਉਹਨਾਂ ਨੇ ਪ੍ਰਸ਼ਾਦ ਵੀ ਸਵੀਕਾਰ ਕਰਵਾਇਆ ਤੇ ਅਰਦਾਸਾ ਵੀ ਸੋਧਿਆ। 15-16 ਨਵੰਬਰ 1920 ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਇਕ ਪੰਥਕ ਇਕੱਠ ਕਰਕੇ 175 ਮੈਂਬਰਾਂ ਦੀ ਕਮੇਟੀ ਬਣਾਈ ਗਈ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮ ਮਿਲਿਆ। 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਨਾਮ ਦੀ ਜਥੇਬੰਦੀ ਵੀ ਹੋਂਦ ਵਿੱਚ ਆ ਗਈ। ਇਹਨਾਂ ਜਥੇਬੰਦੀਆਂ ਦੀ ਬਦੌਲਤ ਪੰਜਾ ਸਾਹਿਬ, ਤਰਨਤਾਰਨ, ਗੁਰੂ ਕੇ ਬਾਗ, ਗੁਰਦੁਆਰਾ ਭਾਈ ਜੋਗਾ ਸਿੰਘ ਪਿਸ਼ਾਵਰ ਤੋਂ ਇਲਾਵਾ ਬਹੁਤ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਿਆ।

ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਦਰਜਨਾਂ ਥਾਈਂ ਖ਼ੂਨੀ ਸਾਕੇ ਹੋਏ। ਸ੍ਰੀ ਨਨਕਾਣਾ ਸਾਹਿਬ ਦਾ ਦਰਦਨਾਕ ਸਾਕਾ 20 ਫਰਵਰੀ 1921 ਨੂੰ ਵਾਪਰਿਆ ਅਤੇ ਸਾਕੇ ਦੀ ਗਾਥਾ ਲੂੰ-ਕੰਡੇ ਖੜ੍ਹੇ ਕਰ ਦਿੰਦੀ ਹੈ। ਗੁਰਦੁਆਰਾ ਨਨਕਾਣਾ ਸਾਹਿਬ ਦੀ ਜ਼ਮੀਨ ਜਾਇਦਾਦ ਤੋਂ ਸਾਲਾਨਾ ਦੋ ਤਿੰਨ ਲੱਖ ਦੀ ਆਮਦਨ ਕਾਰਨ ਮਹੰਤ ਸ਼ਰਾਬੀ ਤੇ ਵਿਭਚਾਰੀ ਬਣੇ ਹੋਏ ਸਨ। ਕੁਕਰਮੀ ਮਹੰਤ ਸਾਧੂ ਦਾਸ ਦੀ ਮੌਤ ਤੋਂ ਬਾਅਦ ਬਣੇ ਕਿਸ਼ਨ ਦਾਸ ਨੇ ਤਾਂ ਭਤੀਜੇ ਦੇ ਵਿਆਹ ਮੌਕੇ ਗੁਰਦੁਆਰੇ ਦੀ ਹਦੂਦ ਅੰਦਰ ਕੰਜਰੀਆਂ ਦੇ ਨਾਚ ਤੱਕ ਕਰਵਾਏ। ਕਿਸ਼ਨ ਦਾਸ ਜਦ ਅਸਾਧ ਰੋਗ ਦੇ ਇਲਾਜ਼ ਵਾਸਤੇ ਲਾਹੌਰ ਹਸਪਤਾਲ ਵਿੱਚ ਦਾਖ਼ਲ ਸੀ ਤਾਂ ਚੇਲੇ ਨਰੈਣ ਦਾਸ ਨੇ ਉਸ ਦੀ ਜੇਬ੍ਹ ਵਿੱਚੋਂ ਗੁਰਦੁਆਰਾ ਜਨਮ ਅਸਥਾਨ ਦੀਆਂ ਚਾਬੀਆਂ ਖਿਸਕਾ ਲਈਆਂ ਤੇ ਆਪਣਾ ਕਬਜ਼ਾ ਕਰ ਲਿਆ। ਨਰੈਣੂ ਨੇ ਵੀ ਬਦਚਲਨ ਔਰਤ ਘਰ ਰੱਖ ਲਈ ਅਤੇ 1917 ਵਿੱਚ ਗੁਰਦੁਆਰੇ ਵਿੱਚ ਮੁਜਰਾ ਕਰਵਾਇਆ।  ਸਿੰਘ ਸਭਾਵਾਂ ਨੇ ਕੁਕਰਮ ਰੋਕਣ ਲਈ ਮਤੇ ਪਾ ਕੇ ਸਰਕਾਰ ਨੂੰ ਭੇਜੇ, ਪਰ ਸਰਕਾਰ ਦੇ ਕੰਨ ’ਤੇ ਜੂੰ ਨਾ ਸਰਕੀ। ਨਵੰਬਰ 1920 ਦੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਦੇ ਸੰਭਾਵੀ ਰੋਸ ਦੇ ਡਰ ਵਜੋਂ ਮਹੰਤ ਨੇ ਕ੍ਰਿਪਾਨਧਾਰੀ ਸਿੱਖਾਂ ਦੇ ਦਾਖ਼ਲੇ ’ਤੇ ਰੋਕ ਲਗਾ ਦਿੱਤੀ। ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਰੋਕਿਆ ਤਾਂ ਹਾਜ਼ਰ ਪੁਲਿਸ ਨੇ ਮਾਮਲਾ ਸ਼ਾਂਤ ਕਰਵਾਇਆ। ਦਸੰਬਰ 1920 ਵਿੱਚ ਧਾਰੋਵਾਲੀ ਪਿੰਡ ਵਿੱਚ ਦੀਵਾਨ ਹੋਇਆ ਅਤੇ ਮਤਾ ਪਾਇਆ ਕਿ ਮਹੰਤ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਕਰੇ, ਪਰ ਮਹੰਤ ਨੂੰ ਸਰਕਾਰ ਅਤੇ ਬਾਬਾ ਕਰਤਾਰ ਸਿੰਘ ਬੇਦੀ ਵਰਗਿਆਂ ਦੀ ਸ਼ਹਿ ਸੀ।

ਮਹੰਤ ਨਰੈਣੂ ਨੇ ਨਨਕਾਣਾ ਸਾਹਿਬ ਵਿੱਚ ਉਦਾਸੀ ਮਹੰਤਾਂ ਦੀ ਇਕੱਤਰਤਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਕਾਬਲੇ ਆਪਣੀ ਕਮੇਟੀ ਬਣਾ ਲਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 24 ਜਨਵਰੀ 1921 ਦੀ ਇਕੱਤਰਤਾ ਵਿੱਚ 4, 5 ਅਤੇ 6 ਮਾਰਚ ਨੂੰ ਨਨਕਾਣਾ ਸਾਹਿਬ ਵਿਖੇ ਵੱਡਾ ਸਿੱਖ ਇਕੱਠ ਕਰਨ ਦਾ ਫ਼ੈਸਲਾ ਲਿਆ। ਗੁਰਦੁਆਰਾ ਪ੍ਰਬੰਧ ਸਿੱਖ ਪੰਥ ਨੂੰ ਸੌਂਪ ਦੇਣ ਲਈ ਬੇਨਤੀ ਇਸ਼ਤਿਹਾਰ; ਸਰਕਾਰ ਅਤੇ ਮੋਹਤਬਰਾਂ ਨੂੰ ਭੇਜਿਆ। ਮਹੰਤ ਨੇ ਸਰਦਾਰ ਕਰਤਾਰ ਸਿੰਘ ਝੱਬਰ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਵੀ ਬਣਾਇਆ ਤੇ ਦੂਜੇ ਪਾਸੇ ਬਦਮਾਸ਼ਾਂ ਅਤੇ ਹਥਿਆਰਾਂ ਦਾ ਪ੍ਰਬੰਧ ਵੀ ਕਰ ਲਿਆ। ਮਹੰਤ ਦੀਆਂ ਮੰਦੀਆਂ ਵਿਉਂਤਾਂ ਦੇ ਮੱਦੇ-ਨਜ਼ਰ ਸਰਦਾਰ ਕਰਤਾਰ ਸਿੰਘ ਝੱਬਰ, ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਭਾਈ ਬੂਟਾ ਸਿੰਘ ਨੇ 17 ਫ਼ਰਵਰੀ ਨੂੰ ਸਲਾਹ ਕੀਤੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਿਥੀ ਮਿਤੀ ਤੋਂ ਪਹਿਲਾਂ, ਬਿਨਾਂ ਦੇਰੀ ਨਨਕਾਣਾ ਸਾਹਿਬ ਦੀ ਸੇਵਾ ਸੰਭਾਲ ਲਈ ਜਾਵੇ। ਭਾਈ ਝੱਬਰ ਅਤੇ ਧਾਰੋਵਾਲੀ ਦੇ ਜਥਿਆਂ ਨੇ 19 ਫ਼ਰਵਰੀ ਦੀ ਰਾਤ ਨੂੰ ਨਨਕਾਣਾ ਸਾਹਿਬ ਤੋਂ ਕੁਝ ਮੀਲ ਦੂਰ ਇਕੱਠੇ ਹੋਣ ਦਾ ਫ਼ੈਸਲਾ ਕੀਤਾ। ਸ: ਤੇਜਾ ਸਿੰਘ ਸਮੁੰਦਰੀ, ਸ: ਹਰਚੰਦ ਸਿੰਘ ਅਤੇ ਮਾਸਟਰ ਤਾਰਾ ਸਿੰਘ ਨੂੰ ਲਾਹੌਰ ਅਕਾਲੀ ਦਫ਼ਤਰ ਵਿੱਚ ਇਸ ਵਿਉਂਤਬੰਦੀ ਦਾ ਪਤਾ ਲੱਗਾ ਤਾਂ ਉਹਨਾਂ ਖ਼ਤਰਾ ਮਹਿਸੂਸ ਕੀਤਾ। ਸ: ਸਰਦੂਲ ਸਿੰਘ ਕਵਿਸ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਸ: ਜਸਵੰਤ ਸਿੰਘ ਝਬਾਲ ਅਤੇ ਭਾਈ ਦਲੀਪ ਸਿੰਘ ਸਾਂਗਲਾ ਦੀ ਸਹਿਮਤੀ ਨਾਲ ਜਥਿਆਂ ਨੂੰ ਰੋਕਣ ਵਾਸਤੇ ਸੁਨੇਹੇ ਭੇਜ ਦਿੱਤੇ। ਸਰਦਾਰ ਝਬਾਲ ਤੇ ਸਾਂਗਲਾ ਰਾਤ ਨੂੰ ਜਥੇਦਾਰ ਝੱਬਰ ਨੂੰ ਮਿਲ ਗਏ ਅਤੇ ਉਹਨਾਂ ਨੂੰ ਸਹਿਮਤ ਕਰਨ ਵਿੱਚ ਸਫ਼ਲ ਹੋ ਗਏ। ਭਾਈ ਲਛਮਣ ਸਿੰਘ ਧਾਰੋਵਾਲੀ ਦਾ ਲਗਭਗ 200 ਸਿੰਘਾਂ ਦਾ ਜਥਾ ਚੰਦਰਕੋਟ ਤੋਂ ਅੱਗੇ ਨਨਕਾਣਾ ਸਾਹਿਬ ਨੇੜੇ ਭੱਠਿਆਂ ਉੱਤੇ ਪੁੱਜ ਚੁੱਕਾ ਸੀ। ਇਕ ਘੋੜ ਸਵਾਰ ਭਾਈ ਦਲੀਪ ਸਿੰਘ ਦਾ ਪੱਤਰ ਲੈ ਕੇ ਜਥੇ ਪਾਸ ਪੁੱਜਾ ਤੇ ਭਾਈ ਦਲੀਪ ਸਿੰਘ ਪ੍ਰਤੀ ਸਤਿਕਾਰ ਕਰਦਿਆਂ ਸਹਿਮਤੀ ਬਣ ਰਹੀ ਸੀ, ਪਰ ਜਥੇ ਦੇ ਮੈਂਬਰ ਭਾਈ ਟਹਿਲ ਸਿੰਘ ਨੇ ਕੀਤੀ ਅਰਦਾਸ ਨੂੰ ਮੁੱਖ ਰੱਖਦਿਆਂ ਸ਼ਾਂਤਮਈ ਮੱਥਾ ਟੇਕ ਕੇ ਮੁੜਣ ਲਈ ਜ਼ੋਰ ਪਾਇਆ ਤੇ ਚਾਲੇ ਪਾ ਦਿੱਤੇ। ਜਥੇ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ। ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਉਪਰੰਤ ਭਾਈ ਲਛਮਣ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਕੀਰਤਨ ਸ਼ੁਰੂ ਕੀਤਾ। ਮਹੰਤ ਨੂੰ ਮੌਕਾ ਮਿਲ ਗਿਆ 20  ਫ਼ਰਵਰੀ ਨੂੰ ਗੋਲ਼ੀਆਂ ਦੀਆਂ ਬੁਛਾੜਾਂ ਨਾਲ ਸਿੰਘ ਸ਼ਹੀਦ ਕਰ ਦਿੱਤੇ ਅਤੇ ਗੁਰੂ ਗਰੰਥ ਸਾਹਿਬ ਜੀ ਨੂੰ ਵੀ ਗੋਲ਼ੀਆਂ ਵੱਜੀਆਂ। ਸੰਗਤਾਂ ’ਤੇ ਕਹਿਰ ਢਾਹੁਣ ਦੀ ਦਰਦਨਾਕ ਦਾਸਤਾਨ ਵੱਖਰੀ ਹੈ।

ਨਨਕਾਣਾ ਸਾਹਿਬ ਸਾਕੇ ਦੀ ਖ਼ਬਰ ਸੁਣਦਿਆਂ ਹੀ ਸਿੱਖ ਸੰਗਤਾਂ ਨੇ ਚਾਲੇ ਪਾ ਦਿੱਤੇ। ਜਥੇਦਾਰ ਕਰਤਾਰ ਸਿੰਘ ਝੱਬਰ 2200 ਸਿੰਘਾਂ ਦੇ ਜਥੇ ਨਾਲ ਪੁੱਜੇ। ਜਥੇਦਾਰ ਝੱਬਰ ਸਰਕਾਰੀ ਰੋਕਾਂ ਤੋੜ ਕੇ ਗੁਰਦੁਆਰੇ ਅੰਦਰ ਦਾਖ਼ਲ ਹੋਣ ਲਈ ਅੜ ਗਏ। ਅੰਤ ਨੂੰ ਸਰਕਾਰ ਨੇ ਸਿੱਖ ਜਥੇ ਦੇ ਰੋਹ ਅੱਗੇ ਝੁਕਦਿਆਂ 21 ਫ਼ਰਵਰੀ 1921 ਨੂੰ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਦੀਆਂ ਚਾਬੀਆਂ ਸਿੱਖ ਆਗੂਆਂ ਨੂੰ ਸੌਂਪ ਦਿੱਤੀਆਂ।

ਵਿਰਲੇ ਦਰਸ਼ਨ ਪਾਇਆ

0

ਵਿਰਲੇ ਦਰਸ਼ਨ ਪਾਇਆ

ਪੰਜੇ ਤੱਤ ਖ਼ੁਦਾ ਨੇ ਜੋੜੇ, ਸੁੰਦਰ ਬੁੱਤ ਬਣਾਇਆ।

ਆਪਣੀ ਸੱਤਿਆ ਵਿੱਚ ਟਿਕਾ ਕੇ ਜੀਵਨ ਖੇਲ ਰਚਾਇਆ।

ਨੱਕ ਕੰਨ ਹੱਥ ਜੀਭਾ ਦੇ ਕੇ, ਇਹ ਜੱਗ ਕਾਰੇ ਲਾਇਆ।

ਸੁਰਤ ਮੱਤ ਮਨ ਬੁੱਧੀ ਦਿੱਤੀ, ਮਾਇਆ ਸੰਗ ਭਰਮਾਇਆ।

ਰਾਹ ਕੁਰਾਹੇ ਆਪੇ ਪਾ ਕੇ ਹੁਕਮੀਂ ਨੱਥ ਚਲਾਇਆ।

ਇਕਨਾਂ ਨੂੰ ਸਭ ਸੋਝੀ ਬਖ਼ਸ਼ੀ, ਇਕਿ ਆਪੇ ਉਲਝਾਇਆ।

ਇਕਨਾਂ ਉੱਪਰ ਕਰ ਕੇ ਕਿਰਪਾ, ਆਪਣਾ ਘਰ ਦਿਖਲਾਇਆ।

ਖ਼ਾਲਕ ਖ਼ਲਕਤ ਤੂੰ ਹੀ ਤੂੰ ਹੀ, ਆਪੇ ਖਸਮ ਕਹਾਇਆ।

ਨੇੜਿਉਂ ਨੇੜੇ ਨਜ਼ਰ ਨਾ ਆਵੇਂ, ਆਪਣਾ ਆਪ ਛੁਪਾਇਆ।

ਰਹੇ ਅਲੇਪਾ ‘ਸਹਿਜ’ ਅਗੋਚਰ, ਅੰਤ ਕਿਸੇ ਨਾ ਪਾਇਆ।

ਅਰਸ਼ ਪਤਾਲਾਂ ਤੇਰਾ ਜਲਵਾ, ਵਿਰਲੇ ਦਰਸ਼ਨ ਪਾਇਆ।

ਸ. ਹਰਮਿੰਦਰ ਸਿੰਘ ਸਹਿਜ ਹੁਸ਼ਿਆਰਪੁਰ-97819-93037

Most Viewed Posts