29.3 C
Jalandhar
Saturday, April 4, 2026
spot_img
Home Blog Page 35

ਸਰਕਾਰ ਦੀ ਦਬਾਅ ਪਾਉ ਨੀਤੀ ਦੇਸ ਦੀ ਏਕਤਾ ਲਈ ਖ਼ਤਰਾ

0

ਸਰਕਾਰ ਦੀ ਦਬਾਅ ਪਾਉ ਨੀਤੀ ਦੇਸ ਦੀ ਏਕਤਾ ਲਈ ਖ਼ਤਰਾ

ਕਿਰਪਾਲ ਸਿੰਘ ਬਠਿੰਡਾ 88378-13661

ਜਿਸ ਲੋਕਤੰਤਰੀ ਦੇਸ਼ ’ਚ ਧਰਮ ਆਧਾਰਿਤ ਨਫ਼ਰਤੀ ਨੀਤੀ ਰਾਜ ਸੱਤਾ ਦੀ ਪ੍ਰਾਪਤੀ ਦਾ ਸਾਧਨ ਬਣ ਜਾਵੇ ਉਹ ਦੇਸ਼ ਕਦੀ ਵੀ ਤਰੱਕੀ ਨਹੀਂ ਕਰ ਸਕਦਾ। ਭਾਰਤ ਦੀ ਬਦਕਿਸਮਤੀ ਹੈ ਕਿ ਇੱਥੇ ਰਾਜ ਸੱਤਾ ਦੀ ਪ੍ਰਾਪਤੀ ਲਈ ਧਰਮ ਆਧਾਰਿਤ ਨਫ਼ਰਤੀ ਨੀਤੀ ਨੂੰ ਪੌੜੀ ਦੇ ਤੌਰ ’ਤੇ ਵਰਤਣਾ ਬਹੁਤ ਹੀ ਰਾਸ ਆ ਰਿਹਾ ਹੈ। ਦੇਸ਼ ਦੀ ਵੰਡ ਦਾ ਕਾਰਨ ਹੀ ਨਫ਼ਰਤੀ ਨੀਤੀ ਸੀ। ਇਸ ਵੰਡ ਦਾ ਸੇਕ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ’ਤੇ ਹੰਡਾਇਆ ਉਨ੍ਹਾਂ ਨੂੰ ਕਈ ਪੀੜ੍ਹੀਆਂ ਤੱਕ ਉਹ ਸੰਤਾਪ ਭੁੱਲ ਨਹੀਂ ਸਕਦਾ ਪਰ ਜਿਨ੍ਹਾਂ ਨੂੰ ਉਸ ਵੰਡ ਨੇ ਰਾਜ ਗੱਦੀਆਂ ਬਖ਼ਸ਼ੀਆਂ ਉਹ ਉਸ ਦਿਨ ਦੀ ਯਾਦ ’ਚ ਆਜ਼ਾਦੀ ਦੇ ਜਸ਼ਨ ਵਜੋਂ ਮਨਾ ਰਹੇ ਹੁੰਦੇ ਹਨ। ਦੇਸ਼ ਦੀ ਵੰਡ ਉਪਰੰਤ ਪਾਕਿਸਤਾਨ ਦਾ ਤਾਂ ਸੰਵਿਧਾਨ ਹੀ ਧਰਮ ਆਧਾਰਿਤ ਲਿਖਿਆ ਗਿਆ ਪਰ ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਲਿਖਿਆ ਹੈ, ਜਿਸ ’ਚ ਹਰ ਸ਼ਹਿਰੀ ਨੂੰ ਆਪਣੀ ਮਰਜ਼ੀ ਦਾ ਧਰਮ ਅਪਣਾਉਣ, ਆਪਣੀ ਮਰਜ਼ੀ ਦਾ ਜੀਵਨ ਜਿਊਣ, ਬੋਲਣ, ਲਿਖਣ ਦੀ ਆਜ਼ਾਦੀ ਤੋਂ ਇਲਾਵਾ ਜਿਊਣ ਦਾ ਹੱਕ ਹਾਸਲ ਹੈ। ਦੋਵਾਂ ਦੇਸ਼ਾਂ ਦੇ ਸੰਵਿਧਾਨ ਦਾ ਅਸਰ ਪ੍ਰਤੱਖ ਵੇਖਿਆ ਜਾ ਸਕਦਾ ਹੈ ਕਿ ਪਾਕਿਸਤਾਨ ’ਚ ਧਾਰਮਿਕ ਕੱਟੜਤਾ ਕਾਰਨ ਤਰੱਕੀ ਦੀ ਰਫ਼ਤਾਰ ਘਟੀ ਹੈ ਜਦੋਂ ਕਿ ਪਾਕਿਸਤਾਨ ਦੇ ਮੁਕਾਬਲੇ ਭਾਰਤ ਨੇ ਵੱਧ ਤਰੱਕੀ ਕੀਤੀ ਹੈ। ਪਹਿਲਾਂ ਪਹਿਲ ਭਾਵੇਂ ਭਾਰਤ ’ਚ ਰਾਜਨੀਤਕ ਚੋਣਾਂ ਸਮੇਂ ਧਰਮ ਦਾ ਸਹਾਰਾ ਲੈਣਾ ਸ਼ੁਰੂ ਹੋ ਗਿਆ ਸੀ ਪਰ ਇਸ ਦਾ ਅੱਜ ਵਾਙ ਖੁਲ੍ਹੇਆਮ ਪ੍ਰਦਰਸ਼ਨ ਨਹੀਂ ਸੀ ਹੁੰਦਾ।

ਸੱਚ ਲਿਖਿਆ ਜਾਵੇ ਤਾਂ ਸੱਚ ਇਹੀ ਹੈ ਕਿ ਭਾਰਤ ਦੀ ਵੰਡ ਦਾ ਬੀਜ ਹਿੰਦੂ ਕੱਟੜਵਾਦੀ ਜਮਾਤ ਆਰ. ਐੱਸ. ਐੱਸ ਨੇ ਬੀਜਿਆ ਜਿਸ ਨੂੰ ਵਧਣ ਫੁੱਲਣ ਲਈ ਵਾਤਾਵਰਣ ਇਸਲਾਮਿਕ ਕੱਟੜਵਾਦ ਨੇ ਮੁਹਈਆ ਕਰਵਾਇਆ। ਭਾਰਤ ’ਚ ਬਹੁਗਿਣਤੀ ਫਿਰਕੇ ਵਿੱਚ ਉੱਭਰੇ ਧਾਰਮਿਕ ਕੱਟਪੰਥੀਆਂ ਨੂੰ 1980ਵਿਆਂ ਤੱਕ ਇਹ ਗਿਆਨ ਹੋ ਗਿਆ ਸੀ ਕਿ ਉਹ ਇਸ ਰਾਹ ’ਤੇ ਚੱਲ ਕੇ ਜਲਦੀ ਸੱਤਾ ਤੱਕ ਪਹੁੰਚ ਸਕਦੇ ਹਨ। ਸਰਕਾਰੀ ਅਤੇ ਗੈਰਸਰਕਾਰੀ ਮੀਡੀਆ ਰਾਹੀਂ ਘੱਟ ਗਿਣਤੀ ਸਿੱਖਾਂ ਨੂੰ ਹਿੰਦੂਆਂ ਲਈ ਖ਼ਤਰਾ ਪ੍ਰਚਾਰਿਆ ਗਿਆ ਅਤੇ ਅੰਤ ਜੂਨ 1984 ’ਚ ਦਰਬਾਰ ਸਾਹਿਬ ਕੰਪਲੈਕਸ ਸ੍ਰੀ ਅੰਮ੍ਰਿਤਸਰ ’ਤੇ ਭਾਰਤੀ ਫ਼ੌਜਾਂ ਨੇ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਤੇ ਭਾਰਤੀ ਫ਼ੌਜਾਂ ਨੇ ਅੱਤਵਾਦੀਆਂ ਦੇ ਨਾਂ ’ਤੇ ਸਿੱਖਾਂ ’ਤੇ ਜੋ ਜੁਲਮ ਢਾਹੇ ਇਸ ਨੇ ਦੁਸ਼ਮਣ ਦੇਸ਼ ਦੀਆਂ ਫ਼ੌਜਾਂ ਵੱਲੋਂ ਕੀਤੇ ਜੁਲਮਾਂ ਨੂੰ ਵੀ ਮਾਤ ਪਾ ਦਿੱਤੀ। ਹਿੰਦੂ ਕੱਟੜਵਾਦੀਆਂ ਅਤੇ ਸਰਕਾਰੀ ਮੀਡੀਆ ਨੇ ਸਿੱਖਾਂ ਨੂੰ ਮਹਿਖਾਸੁਰ ਅਤੇ ਮੌਕੇ ਦੀ ਸਾਸ਼ਕ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਵਜੋਂ ਪ੍ਰਚਾਰਿਆ। ਸਿੱਖਾਂ ਦੇ ਜਖ਼ਮ ਇਸ ਕਦਰ ਖੁਰੇਦੇ ਗਏ ਕਿ ਦੋ ਸਿੱਖ ਅੰਗ ਰੱਖਿਅਕਾਂ ਨੇ ਹੀ ਨਵੰਬਰ 1984 ’ਚ ਉਸ ਰਿਹਾਇਸ਼ਗਾਹ ’ਤੇ ਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ। ਸਿੱਖਾਂ ਪ੍ਰਤੀ ਹਿੰਦੂਤਵੀ ਤੱਤਾਂ ’ਚ ਭਰੀ ਨਫ਼ਰਤੀ ਸੋਚ ਨਾਲ ਸਿੱਧੀ ਸਰਕਾਰੀ ਸ਼ਹਿ ਨਾਲ ਇਸ ਕਤਲ ਦਾ ਬਦਲਾ ਸਮੁੱਚੀ ਸਿੱਖ ਕੌਮ ਤੋਂ ਲਿਆ ਗਿਆ। ਦਿੱਲੀ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ’ਚ ਬੇਕਸੂਰ ਸਿੱਖਾਂ ਦਾ ਜੋ ਜਾਨੀ ਤੇ ਮਾਲੀ ਨੁਕਸਾਨ ਕੀਤਾ ਅਤੇ ਸਿੱਖ ਬੀਬੀਆਂ ਦੀ ਇੱਜ਼ਤ ਲੁੱਟ ਕੇ ਸਿੱਖਾਂ ਦਾ ਮਾਨ ਸਨਮਾਨ ਮਿੱਟੀ ’ਚ ਰੋਲ਼ਿਆ ਇਸ ਨਾਲ ਸਿੱਖ ਮਨਾ ’ਚ ਬਿਗਾਨਗੀ ਅਤੇ ਦੂਸਰੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਭਰ ਦਿੱਤਾ। ਦੂਸਰੇ ਪਾਸੇ ਹਿੰਦੂ ਮਨਾਸਿਕਤਾ ’ਚ ਇੰਦਰਾ ਗਾਂਧੀ ਦੁਰਗਾ ਦੇਵੀ ਵਜੋਂ ਉੱਭਰੀ, ਜਿਸ ਦਾ ਸਬੂਤ ਹੈ ਕਿ ਉਸ ਦੇ ਕਤਲ ਤੋਂ ਤੁਰੰਤ ਬਾਅਦ ਹੋਈ ਚੋਣ ’ਚ ਉਸ ਦੇ ਪੁੱਤਰ ਰਾਜੀਵ ਗਾਂਧੀ ਦੀ ਅਗਵਾਈ ’ਚ ਸੱਤਾ ਵਿਰੋਧੀ ਲਹਿਰ ਦੇ ਬਾਵਜੂਦ ਬਹੁ ਗਿਣਤੀ ਹਿੰਦੂ ਵੋਟਰ ਕਾਂਗਰਸ ਦੇ ਹੱਕ ’ਚ ਭੁਗਤੇ। ਕਾਂਗਰਸ ਨੇ ਕੁੱਲ 543 ਸੀਟਾਂ ’ਚੋਂ 404 ਸੀਟਾਂ ਹਾਸਲ ਕਰਕੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ, ਜੋ ਕਿ ਆਜ਼ਾਦੀ ਤੋਂ ਬਾਅਦ ਜਵਾਹਰ ਲਾਲ ਨਹਿਰੂ ਦੀ ਅਗਵਾਈ ’ਚ 498 ’ਚੋਂ 364 ਸੀਟਾਂ ’ਤੇ ਹਾਸਲ ਕੀਤੀ ਜਿੱਤ ਨੂੰ ਵੀ ਮਾਤ ਪਾ ਦਿੱਤੀ। ਦੂਸਰੇ ਪਾਸੇ 38 ਸਾਲ ਬੀਤ ਜਾਣ ’ਤੇ ਵੀ 1984 ਦੇ ਕਤਲੇਆਮ ਦੇ ਸਿੱਖ ਪੀੜਤਾਂ ਨੂੰ ਇਨਸਾਫ਼ ਨਾ ਮਿਲਣਾ ਅਖੌਤੀ ਧਰਮ ਨਿਰਪੱਖ ਭਾਰਤੀ ਸਿਸਟਮ ਦੇ ਮੱਥੇ ’ਤੇ ਕਲੰਕ ਹੈ, ਜਿਸ ਨੂੰ ਸੱਤਾਧਾਰੀ ਜਮਾਤ ਨੇ ਕਦੀ ਵੀ ਧੋਣ ਦਾ ਯਤਨ ਨਹੀਂ ਕੀਤਾ।

ਕਾਂਗਰਸ ਦੀ ਇਸ ਹੱਲਾਸ਼ੇਰੀ ਜਿੱਤ ਤੋਂ ਬਾਅਦ ਭਲਾਂ ਭਾਜਪਾ ਐਸੀ ਨੀਤੀ ਬਣਾਉਣ ਤੋਂ ਕਿਵੇਂ ਪਿੱਛੇ ਰਹਿ ਸਕਦੀ ਸੀ।  6 ਦਸੰਬਰ 1992 ਨੂੰ ਲਾਲ ਕ੍ਰਿਸ਼ਨ ਅਡਵਾਨੀ ਤੇ ਹੋਰਨਾਂ ਸੀਨੀਅਰ ਭਾਜਪਾ ਆਗੂਆਂ ਦੀ ਅਗਵਾਈ ’ਚ ਬਾਬਰੀ ਮਸਜਿਦ ਢਾਹ ਢੇਰੀ ਕੀਤ ਗਈ ਅਤੇ ਇਸ ਗ਼ੈਰ ਸੰਵਿਧਾਨਕ ਕਾਰਵਾਈ ਅਤੇ ਇਸੇ ਸਥਾਨ ’ਤੇ ਰਾਮ ਮੰਦਿਰ ਦੀ ਉਸਾਰੀ ਦੇ ਲਾਰੇ ਨਾਲ ਭਾਜਪਾ ਹਿੰਦੂ ਮਾਨਸਿਕਤਾ ਦੀਆਂ ਵੋਟਾਂ ਵਟੋਰਨ ’ਚ ਲੱਗ ਗਈ।  27 ਫ਼ਰਵਰੀ 2002 ਨੂੰ ਗੋਧਰਾ ਕਾਂਡ ਪਿੱਛੋਂ ਮੁਸਲਮਾਨ ਭਾਈਚਾਰੇ ’ਤੇ ਜੋ ਅਤਿਆਚਾਰ ਹੋਏ ਇਸ ਨੇ 1984 ’ਚ ਸਿੱਖਾਂ ਨਾਲ ਵਾਪਰੀ ਘਟਨਾ ਤਾਜ਼ੀ ਕਰਵਾ ਦਿੱਤੀ ਕਿ ਭਾਰਤ ’ਚ ਘੱਟ ਗਿਣਤੀ ਕੌਮਾਂ ਸੁਰੱਖਿਅਤ ਨਹੀਂ ਹਨ। ਗੋਧਰਾ ਕਾਂਡ ਉਪਰੰਤ ਗੁਜਰਾਤ ’ਚ ਭਾਜਪਾ ਦੇ ਪੈਰ ਇਸ ਕਦਰ ਜੰਮ ਗਏ, ਜੋ 20 ਸਾਲਾਂ ਬਾਅਦ ਅੱਜ ਤੱਕ ਵੀ ਉਖੜ ਨਾ ਸਕੇ। ਦੋ ਕੌਮਾਂ ਵਿੱਚ ਨਫ਼ਰਤ ਫੈਲਾਅ ਕੇ ਬਹੁ ਗਿਣਤੀ ਦੇ ਵੋਟ ਹਾਸਲ ਕਰਨੇ ਧਰਮ ਨਿਰਪੱਖ ਲੋਕਤੰਤਰ ਦੇ ਤਾਣੇ ਬਾਣੇ ਨੂੰ ਤਹਿਸ਼ ਨਹਿਸ਼ ਕਰਨਾ ਹੈ, ਪਰ ਜਿਨ੍ਹਾਂ ਦਾ ਟੀਚਾ ਹੀ ਸੱਤਾ ਪ੍ਰਾਪਤੀ ਹੋਵੇ ਉਨ੍ਹਾਂ ਨੂੰ ਇਸ ਦੀ ਕੀ ਪ੍ਰਵਾਹ ਹੋ ਸਕਦੀ ਹੈ ?

ਧਰਮ ਨਿਰਪੱਖ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਨਾਹਰੇ ਨਾਲ ਭਾਜਪਾ, ਜੋ ਭਾਰਤੀ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਮਿਟਾ ਰਹੀ ਹੈ ਇਸ ਦੀ ਵੀ ਹੋਰ ਕਿਧਰੇ ਮਿਸਾਲ ਨਹੀਂ ਮਿਲਦੀ। ਲੋਕਤੰਤਰ ਦੇ ਚੌਥੇ ਥੰਮ ਦੇ ਤੌਰ ’ਤੇ ਜਾਣੇ ਜਾਂਦੇ ਮੀਡੀਏ, ਖ਼ਾਸਕਰ ਇਲੈਕਟਰੋਨਿਕ ਮੀਡੀਏ ਦੀ ਹਾਲਤ ਵਿਰਲਿਆਂ ਨੂੰ ਛੱਡ ਕੇ ਬਾਕੀਆਂ ਦੀ ਭਾਜਪਾ ਨਾਲੋਂ ਵੀ ਮਾੜੀ ਹੋ ਚੁੱਕੀ ਹੈ। ਉਨ੍ਹਾਂ ਨੇ ਕਦੀ ਵੀ ਦੇਸ਼ ’ਚ ਵਧ ਰਹੀ ਬੇਰੁਜਗਾਰੀ, ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਗਿਰਾਵਟ, ਮਹਿੰਗਾਈ, ਸਿੱਖਿਆ ਅਤੇ ਸਿਹਤ ਆਦਿਕ ਮੁੱਦਿਆਂ ’ਤੇ ਉਸਾਰੂ ਵੀਚਾਰ ਚਰਚਾ ਕਰ ਆਪਣਾ ਫਰਜ ਨਹੀਂ ਨਿਭਾਇਆ। ਕਦੀ ਵੀ ਸੱਤਾਧਾਰੀ ਪਾਰਟੀ ਨੂੰ ਆਪਣੇ ਚੋਣ ਵਾਅਦੇ ਪੂਰੇ ਨਾ ਕਰਨ ਦਾ ਚੇਤਾ ਕਰਵਾ ਕੇ ਲੋਕਤੰਤਰ ਦਾ ਚੌਥਾ ਥੰਮ ਹੋਣ ਦਾ ਅਹਿਸਾਸ ਨਹੀਂ ਕਰਾਇਆ। ਹਰ ਰੋਜ਼ ਹਿੰਦੂ ਮੁਸਲਮਾਨਾਂ ’ਚ ਤ੍ਰੇੜਾਂ ਵਧਾਉਣ ਲਈ ਹੁਣ ਤੱਕ ਰਾਮ ਮੰਦਿਰ ਦੀ ਉਸਾਰੀ, ਤੀਨ ਤਲਾਕ, ਲਵ ਜ਼ਹਾਦ ਦੇ ਮੁੱਦਿਆਂ ਅਤੇ ਹੁਣ ਗਿਆਨਵਿਆਪੀ ਮੰਦਿਰ, ਕਾਂਸ਼ੀ, ਮਥੁਰਾ ਆਦਿਕ ਮੁੱਦਿਆਂ ’ਤੇ ਹਿੰਦੂ ਕੱਟੜਵਾਦੀ ਨੁੰਮਾਇੰਦਿਆਂ ਅਤੇ ਮੁਸਲਮਾਨ ਮੌਲਾਣਿਆਂ ’ਚ ਬਹਿਸ ਕਰਵਾ ਕੇ ਨਫ਼ਰਤ ਫੈਲਾਉਣ ’ਚ ਕੋਈ ਕਸਰ ਨਹੀਂ ਛੱਡੀ ਜਾਂਦੀ। ਅਜਿਹੀ ਹੀ ਬਹਿਸ ’ਚ 29 ਮਈ ਨੂੰ ਇੱਕ ਟੀਵੀ ਚੈੱਨਲ ’ਤੇ ਚੱਲ ਰਹੀ ਵੀਚਾਰ ਚਰਚਾ ਦੌਰਾਨ ਭਾਜਪਾ ਸਪੋਕਸਪਰਸਨ ਨੂਪੁਰ ਸ਼ਰਮਾ ਨੇ ਇਸਲਾਮਕ ਪੈਗ਼ੰਬਰ ਮੁਹੰਮਦ ਵਿਰੁਧ ਨਫ਼ਰਤੀ ਟਿੱਪਣੀਆਂ ਕੀਤੀਆਂ। ਭਾਜਪਾ ਦਿੱਲੀ ਇਕਾਈ ਦੇ ਮੀਡੀਆ ਸੈੱਲ ਦੇ ਮੁਖੀ ਨਵੀਨ ਕੁਮਾਰ ਜਿੰਦਲ ਨੇ ਹੋਰ ਵੀ ਸਖ਼ਤ ਭਾਸ਼ਾ ’ਚ ਟਵੀਟ ਕਰ ਨੂਪੁਰ ਸ਼ਰਮਾ ਦਾ ਪੱਖ ਪੂਰਿਆ। ਇਸਲਾਮ ਭਾਈਚਾਰੇ ’ਚ ਇਨ੍ਹਾਂ ਵਿੁਰੱਧ ਰੋਸ ਵਧਣਾ ਕੁਦਰਤੀ ਸੀ, ਜਿਸ ਕਾਰਨ ਦੇਸ਼ ਵਿਦੇਸ਼ ’ਚ ਰੋਸ ਮੁਜਾਹਰੇ ਹੋਏ।

ਪਹਿਲਾਂ ਪਹਿਲ ਤਾਂ ਭਾਜਪਾ ਦੇ ਕੰਨ ’ਤੇ ਜੂੰ ਨਹੀਂ ਸਰਕੀ ਪਰ ਜਦੋਂ ਅੰਤਰਰਾਸ਼ਟਰੀ ਦਬਾਅ ਨਾਲ਼ ਪਾਣੀ ਸਿਰ ਤੋਂ ਲੰਘਦਾ ਵੇਖਿਆ ਤਾਂ ਆਖ਼ਰ 10 ਦਿਨਾਂ ਬਾਅਦ 5 ਜੂਨ ਨੂੰ ਭਾਜਪਾ ਨੇ ਨੂਪੁਰ ਸ਼ਰਮਾਂ ਨੂੰ ਪਾਰਟੀ ’ਚੋਂ ਮੁਅਤਲ ਕਰ ਦਿੱਤਾ ਅਤੇ ਨਵੀਨ ਜਿੰਦਲ ਨੂੰ ਇਹ ਕਹਿੰਦਿਆਂ ਪਾਰਟੀ ’ਚੋਂ ਕੱਢ ਦਿੱਤਾ ਕਿ ਪਾਰਟੀ ਇਨ੍ਹਾਂ ਦੇ ਵੀਚਾਰਾਂ ਨਾਲ ਸਹਿਮਤ ਨਹੀਂ। ਜਿਸ ਪਾਰਟੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ਦੌਰਾਨ ਇਹ ਕਹਿੰਦਾ ਹੋਵੇ ਕਿ ਮੈਂ ਦੇਸ਼ ਦੇ ਦੁਸ਼ਮਣਾਂ/ਗਦਾਰਾਂ ਦੀ ਪਛਾਣ ਉਨ੍ਹਾਂ ਦੇ ਕੱਪੜਿਆਂ ਤੋਂ ਕਰ ਸਕਦਾ ਹਾਂ। ਧਰਮ ਦੇ ਆਧਾਰ ’ਤੇ ਬਣੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਮੁਸਲਿਮ ਭਾਈਚਾਰੇ ਵੱਲ ਇਸ਼ਾਰਾ ਕਰਦਿਆਂ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਕਹੇ ਕਿ ਚੋਣ ਪਾਕਿਸਤਾਨ ਅਤੇ ਹਿੰਦੁਸਤਾਨ ਵਿਚਕਾਰ ਹੋ ਰਹੀ ਹੈ। ਇਹ ਕਹੇ ਕਿ ਚੋਣਾਂ ਵਾਲੇ ਦਿਨ ਈਵੀਐੱਮ ਦਾ ਬਟਨ ਇੰਨੇ ਜ਼ੋਰ ਨਾਲ ਦਬਾਉਣਾ ਕਿ ਉਸ ਦਾ ਕਰੰਟ ਸ਼ਹੀਨ ਬਾਗ ਲੱਗੇ। ਇੱਕ ਕੇਂਦਰੀ ਮੰਤਰੀ ਚੋਣ ਜਲਸੇ ਦੌਰਾਨ ਨਾਹਰੇ ਲਗਵਾਏ ਦੇਸ਼ ਕੇ ਗਦਾਰੋਂ ਕੋ, ਗੋਲ਼ੀ ਮਾਰੋ ਸਾਲੋਂ ਕੋ। ਭਾਜਪਾ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੀ ਜ਼ਿੰਮੇਵਾਰ ਸੰਵਿਧਾਨਕ ਉੱਚ ਅਹੁਦਿਆਂ ’ਤੇ ਬੈਠੇ ਇਨ੍ਹਾਂ ਆਗੂਆਂ ਦੇ ਬਿਆਨ ਨੂਪੁਰ ਸ਼ਰਮਾ ਨੂੰ ਇਸ ਮੁਕਾਮ ’ਤੇ ਪਹੁੰਚਾਉਣ ਲਈ ਜ਼ਿੰਮੇਵਾਰ ਨਹੀਂ ? ਜਿਸ ਨੂਪੁਰ ਸ਼ਰਮਾ ਦੇ ਬਿਆਨ ਸਦਕਾ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੀ ਸ਼ਾਖ਼ ਨੂੰ ਧੱਕਾ ਲੱਗਾ ਦੇਸ਼ ਵਿੱਚ ਹਿੰਸਾ ਹੋਈ; ਉਸ ਵਿਰੁਧ ਕਾਰਵਾਈ ਕਰਨ ਨੂੰ 10 ਦਿਨ ਦਾ ਸਮਾਂ ਕਿਉਂ ਲੱਗਾ ? ਕੀ ਅੰਤਰਰਾਸ਼ਟਰੀ ਦਬਾਅ ਨੇ ਹੀ ਭਾਜਪਾ ਨੂੰ ਚੇਤਾ ਕਰਵਾਇਆ ਕਿ ਉਹ ਨੂਪੁਰ ਸ਼ਰਮਾ ਦੇ ਬਿਆਨ ਨਾਲ ਸਹਿਮਤ ਨਹੀਂ ? ਭਾਜਪਾ ਇਹ ਵੀ ਸਪਸ਼ਟ ਨਹੀਂ ਕਰਦੀ ਕਿ ਕੀ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਕੇਂਦਰੀ ਮੰਤਰੀ ਦੇ ਉਪਰੋਕਤ ਬਿਆਨ ਭਾਜਪਾ ਦੀ ਵਿਚਾਰਧਾਰਾ ਦਾ ਹਿੱਸਾ ਹਨ ਜਾਂ ਨਹੀਂ ?

ਦੂਜੇ ਪਾਸੇ 10 ਜੂਨ ਨੂੰ ਨੂਪੁਰ ਸ਼ਰਮਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਮੁਸਲਮਾਨ ਭਾਈਚਾਰੇ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਪ੍ਰਾਯਗਰਾਜ ’ਚ ਹੋਈ ਹਿੰਸਾ ਲਈ ਮੁਹੰਮਦ ਜਾਵੇਦ ਨੂੰ ਮੁੱਖ ਦੋਸ਼ੀ ਐਲਾਨ ਕੇ ਉਸ ਵਿਰੁਧ ਕੇਸ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਤੇ 12 ਜੂਨ ਨੂੰ ਉਸ ਦੇ ਘਰ ਨੂੰ ਬਿਨਾਂ ਮਨਜ਼ੂਰੀ ਪਾਇਆ ਦੱਸ ਕੇ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਗ਼ੈਰ ਹਿੰਦੂ ਕੱਟੜਵਾਦੀ ਨੇਤਾਵਾਂ ਦੇ ਬਿਆਨਾਂ ਦੀ ਗੱਲ ਨਹੀਂ ਹੋ ਰਹੀ; 14 ਜੂਨ ਨੂੰ ਸਾਬਕਾ ਜੱਜਾਂ ਅਤੇ ਸੀਨੀਅਰ ਵਕੀਲਾਂ ਨੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਕਿ ਉੱਤਰ ਪ੍ਰਦੇਸ਼ ਵਿੱਚ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਦਾ ਆਪਣੇ ਤੌਰ ’ਤੇ ਨੋਟਿਸ ਲੈਣ ਦੀ ਅਪੀਲ ਕੀਤੀ। ਇਸ ਪੱਤਰ ’ਤੇ ਦਸਤਖ਼ਤ ਕਰਨ ਵਾਲਿਆਂ ’ਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਬੀ ਸੁਦਰਸ਼ਨ ਰੈੱਡੀ, ਜਸਟਿਸ ਵੀ ਗੋਪਾਲਾ ਗੌੜਾ ਤੇ ਜਸਟਿਸ ਏ.ਕੇ. ਗਾਂਗੁਲੀ; ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਏ. ਪੀ. ਸ਼ਾਹ, ਮਦਰਾਸ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਕੇ ਚੰਦਰੂ ਅਤੇ ਕਰਨਾਟਕਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਮੁਹੰਮਦ ਅਨਵਰ ਨੇ ਦਸਤਖ਼ਤ ਕੀਤੇ ਹਨ। ਸੀਨੀਅਰ ਵਕੀਲਾਂ ’ਚੋਂ ਦਸਤਖ਼ਤ ਕਰਨ ਵਾਲਿਆਂ ’ਚ ਸੀਨੀਅਰ ਵਕੀਲ ਸ਼ਾਂਤੀ ਭੂਸ਼ਨ, ਇੰਦਰਾ ਜੈ ਸਿੰਘ, ਸੀ. ਯੂ. ਸਿੰਘ, ਸ੍ਰੀਰਾਮ ਪੰਚੂ, ਪ੍ਰਸ਼ਾਂਤ ਭੂਸ਼ਨ ਅਤੇ ਅਨੰਦ ਗਰੋਵਰ ਸ਼ਾਮਲ ਹਨ। ਇਸ ਪੱਤਰ ’ਤੇ ਭਾਵੇਂ ਦੇਰ ਨਾਲ ਹੀ ਸਹੀ ਪਰ ਦਰੁਸਤ ਫ਼ੈਸਲਾ ਲੈਂਦਿਆਂ ਚੀਫ਼ ਜਸਟਿਸ ਨੇ ਨੋਟਿਸ ਲੈ ਕੇ ਆਪਣਾ ਸੰਵਿਧਾਨਕ ਫਰਜ਼ ਨਿਭਾਇਆ। ਦਿੱਲੀ ਹਾਈ ਕੋਰਟ ਦੀ ਸਾਬਕਾ ਜੱਜ ਜਸਟਿਸ ਰੇਖਾ ਸ਼ਰਮਾ ਨੇ 18 ਜੂਨ ਨੂੰ ਇੰਡੀਅਨ ਐਕਸਪ੍ਰੈੱਸ ’ਚ ਛਪੇ ਆਪਣੇ ਲੇਖ, ਜਿਸ ਦਾ ਪੰਜਾਬੀ ਅਨੁਵਾਦ ਪੰਜਾਬੀ ਟ੍ਰਿਬਿਊਨ ਦੇ 23 ਜੂਨ 2022 ਦੇ ਅੰਕ ਵਿੱਚ ਛਪਿਆ ਹੈ; ਵਿੱਚ ਵਿਸਥਾਰ ਸਹਿਤ ਚਾਨਣਾ ਪਾਇਆ ਹੈ ਕਿ ਬੁਲਡੋਜ਼ਰ ਰਾਜ, ਸੰਵਿਧਾਨ ਅਤੇ ਕਾਨੂੰਨ ਦੇ ਰਾਜ ਲਈ ਵੰਗਾਰ ਹੈ। ਲੇਖ ’ਚ ਸਪਸ਼ਟ ਕੀਤਾ ਗਿਆ ਹੈ ਕਿ ਨਾ ਕੇਵਲ ਮੁਹੰਮਦ ਜਾਵੇਦ ਸਗੋਂ ਉਸ ਦੇ ਸਮੁੱਚੇ ਭਾਈਚਾਰੇ ਨੂੰ ਯੂ. ਪੀ. ਸਰਕਾਰ ਵੱਲੋਂ ਕਰੜਾ ਤੇ ਸਾਫ਼ ਸੰਦੇਸ਼ ਹੈ ਕਿ ਉੱਤਰ ਪ੍ਰਦੇਸ਼ ਪ੍ਰਸਾਸ਼ਨ ਦੀ ਕੋਈ ਕਾਰਵਾਈ ਭਾਵੇਂ ਉਹ ਕਿੰਨੀ ਵੀ ਗ਼ੈਰਵਾਜ਼ਬ ਹੋਵੇ; ਜੇ ਕੋਈ ਉਸ ਵਿਰੁੱਧ ਰੋਸ ਪ੍ਰਦਰਸ਼ਨ ਕਰ ਆਪਣੀ ਆਵਾਜ਼ ਉਠਾਏਗਾ ਤਾਂ ਉਸ ਦਾ ਹਸ਼ਰ ਵੀ ਮੁਹੰਮਦ ਜਾਵੇਦ ਜਿਹਾ ਹੋਵੇਗਾ। ਜਸਟਿਸ ਰੇਖਾ ਸ਼ਰਮਾ ਨੇ ਤੱਥਾਂ ਆਧਾਰਿਤ ਲਿਖਿਆ ਹੈ ਕਿ ਪ੍ਰਯਾਗਰਾਜ ਦੇ ਕਰਾਲਾ ਖੇਤਰ ਵਿਚਲੇ ਮਕਾਨ ਨੰਬਰ 39ਸੀ/2ਏ/1 ਜਿਸ ਨੂੰ ਪ੍ਰਯਾਗਰਾਜ ਮਿਉਂਸਪਲ ਅਥਾਰਟੀ ਨੇ ਗ਼ੈਰ ਕਾਨੂੰਨੀ ਦੱਸ ਕੇ ਢਾਹਿਆ ਹੈ, ਉਹ ਮੁਹੰਮਦ ਜਾਵੇਦ ਦਾ ਨਹੀਂ ਬਲਕਿ ਉਸ ਦੀ ਪਤਨੀ ਪਰਵੀਨ ਫ਼ਾਤਮਾ ਦੇ ਨਾਂ ਹੈ, ਜਿਸ ਨੂੰ ਉਸ ਦੇ ਮਾਤਾ ਪਿਤਾ ਨੇ ਇਹ ਘਰ ਤੋਹਫ਼ੇ ’ਚ ਦਿੱਤਾ ਸੀ। ਘਰ ਢਾਹੇ ਜਾਣ ਤੋਂ ਇੱਕ ਦਿਨ ਪਹਿਲਾਂ ਮੁਹੰਮਦ ਜਾਵੇਦ ਨੂੰ 10 ਜੂਨ ਦੀ ਹਿੰਸਾ ’ਚ ਕਥਿਤ ਤੌਰ ’ਤੇ ਸ਼ਮੂਲੀਅਤ ਦੇ ਦੋਸ਼ ਹੇਠ 11 ਜੂਨ ਨੂੰ ਹਿਰਾਸਤ ’ਚ ਲੈ ਲਿਆ ਗਿਆ ਤੇ ਉਸੇ ਦਿਨ ਉਸ ਦੇ ਘਰ ਅੱਗੇ ਪ੍ਰਯਾਗਰਾਜ ਡਿਵੈਲਪਮੈਂਟ ਅਥਾਰਟੀ ਨੇ, ਉਸ ਦੇ ਨਾਮ ਨੋਟਿਸ ਚਿਪਕਾ ਦਿੱਤਾ ਕਿ 12 ਜੂਨ ਸਵੇਰੇ 11 ਵਜੇ ਤੱਕ ਇਹ ਸੰਪਤੀ ਖ਼ਾਲੀ ਕਰ ਦਿੱਤੀ ਜਾਵੇ ਤੇ ਕੁਝ ਹੀ ਘੰਟਿਆਂ ਬਾਅਦ ਉਸ ਦਾ ਮਕਾਨ ਬੁਲਡੋਜ਼ਰ ਰਾਹੀਂ ਢਾਹ ਦਿੱਤਾ ਗਿਆ। ਕੀ ਇਹ ਜੰਗਲ ਰਾਜ ਨਹੀਂ (ਜਿਸ ਨੂੰ ਗੁੰਡਾ ਰਾਜ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗਾ) ਕਿ ਪਤੀ ਜਿਸ ਦਾ ਦੋਸ਼ ਅਦਾਲਤ ’ਚ ਸਿੱਧ ਵੀ ਨਹੀਂ ਹੋਇਆ; ਦੇ ਦੋਸ਼ ਦੀ ਸਜ਼ਾ ਉਸ ਦੀ ਪਤਨੀ ਦਾ ਘਰ ਢਾਹ ਕੇ ਦਿੱਤੀ ਜਾਵੇ ? ਜਿਸ ਅਥਾਰਟੀ ਨੂੰ ਇਹ ਨਹੀਂ ਪਤਾ ਕਿ ਘਰ ਮੁਹੰਮਦ ਜਾਵੇਦ ਦੇ ਨਾਂ ਹੈ ਜਾਂ ਉਸ ਦੀ ਪਤਨੀ ਪ੍ਰਵੀਨ ਫ਼ਾਤਿਮਾ ਦੇ ਨਾਂ; ਉਸ ਦੇ ਇਸ ਦਾਅਵੇ ’ਤੇ ਵੀ ਕਿਵੇਂ ਯਕੀਨ ਕਰ ਲਿਆ ਜਾਵੇ ਕਿ ਉਸਾਰੀ ਗ਼ੈਰ ਕਾਨੂੰਨੀ ਸੀ ? ਮੰਨ ਲਓ ਯਕੀਨ ਕਰ ਵੀ ਲਿਆ ਜਾਵੇ ਤਾਂ ਕੀ ਅਥਾਰਟੀ ਇਹ ਦੱਸ ਸਕਦੀ ਹੈ ਕਿ ਉਸ ਖੇਤਰ ’ਚ ਹੋਰ ਕਿੰਨੇ ਮਕਾਨਾਂ ਦੀ ਉਸਾਰੀ ਗ਼ੈਰ ਕਾਨੂੰਨੀ ਹੋਈ ਤੇ ਕਿਹੜੇ ਸਮੇਂ ਹੋਈ ਸੀ ? ਜੇ ਬਾਕੀ ਦੀਆਂ ਗ਼ੈਰ ਕਾਨੂੰਨੀ ਉਸਾਰੀਆਂ ’ਤੇ ਬੁਲਡੋਜ਼ਰ ਨਹੀਂ ਚੱਲਿਆ ਤਾਂ ਕੇਵਲ ਮੁਹੰਮਦ ਜਾਵੇਦ ਦੀ ਪਤਨੀ ਦੇ ਮਕਾਨ ’ਤੇ ਹੀ ਕਿਉਂ ? ਮਾਨਯੋਗ ਜਸਟਿਸ ਰੇਖਾ ਸ਼ਰਮਾ ਨੇ ਤਾਂ ਆਪਣੇ ਲੇਖ ’ਚ ਇਹ ਵੀ ਸਪਸ਼ਟ ਕੀਤਾ ਹੈ ਕਿ ਮੁਹੰਮਦ ਜਾਵੇਦ ਨਾਲ ਜੋ ਕੁਝ ਵਾਪਰਿਆ ਹੈ ਉਹ ਕੋਈ ਇਕੱਲਾ ਇਕਹਿਰਾ ਕੇਸ ਨਹੀਂ ਹੈ। ਜ਼ਿਲ੍ਹਾ ਪੁਲੀਸ ਨੇ ਇਸੇ ਤਰ੍ਹਾਂ ਦੀ ਕਾਰਵਾਈ ਲਈ 10 ਜੂਨ ਦੀ ਘਟਨਾ ਵਿੱਚ ਸ਼ਾਮਲ ਪਾਏ ਗਏ 85 ਮੁੱਖ ਮੁਲਜਮਾਂ ਦੇ ਨਾਂ ਮਿਉਂਸਪਲ ਅਧਿਕਾਰੀਆਂ ਨੂੰ ਭੇਜੇ ਹਨ। ਕੋਈ ਨਹੀਂ ਜਾਣਦਾ ਕਿ ਅਗਲੀ ਵਾਰ ਕਿਸ ਉੱਪਰ ਕੁਹਾੜੀ ਡਿੱਗੇਗੀ ?

ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਨੂਪੁਰ ਸ਼ਰਮਾ ਦੇ ਬਿਆਨ ਸਦਕਾ ਦੇਸ਼ ਦਾ ਇਹ ਮਾਹੌਲ ਬਣਿਆ ਹੈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੀ ਬਦਨਾਮੀ ਹੋਈ ਹੈ, ਉਸ ਨੂੰ ਮੁਹੰਮਦ ਜਾਵੇਦ ਵਰਗੀ ਸਜ਼ਾ ਕਿਉਂ ਨਹੀਂ ? ਉਸ ਨੂੰ ਜੈੱਡ ਸੁਰੱਖਿਆ ਕਿਉਂ ? ਭਾਜਪਾ ਸਰਕਾਰ ਦਾ ਇਹ ਦੂਹਰਾ ਮਿਆਰ ਦੱਸਦਾ ਹੈ ਕਿ ਨਾ ਤਾਂ ਭਾਜਪਾ ਨੂਪੁਰ ਸ਼ਰਮਾ ਦੇ ਬਿਆਨ ਨਾਲੋਂ ਕੋਈ ਵੱਖਰੀ ਧਰਮ ਨਿਰਪੱਖ ਵਿਚਾਰਧਾਰਾ ਰੱਖਦੀ ਹੈ ਅਤੇ ਨਾ ਹੀ ਉਸ ਨਾਲੋਂ ਆਪਣੇ ਸੰਬੰਧ ਤੋੜੇ ਹਨ। ਦੇਸ਼ ਦੇ ਵੱਖ ਵੱਖ ਥਾਂਵਾਂ ’ਤੇ ਉਸ ਦੇ ਹੱਕ ’ਚ ਹੋ ਰਹੇ ਪ੍ਰਦਰਸ਼ਨ ਦੱਸਦੇ ਹਨ ਕਿ ਭਾਜਪਾ ਹਾਲੀ ਵੀ ਉਸ ਨਾਲ ਪੂਰੀ ਹਮਦਰਦੀ ਰੱਖਦੀ ਹੈ। ਉਸ ਦੀ ਪਾਰਟੀ ’ਚੋਂ ਮੁਅਤਲੀ ਅੰਤਰਰਾਸ਼ਟਰੀ ਪੱਧਰ ’ਤੇ ਵਧ ਰਹੇ ਦਬਾਅ ਨੂੰ ਕੁਝ ਮੱਠਾ ਕਰਨ ਲਈ ਕੇਵਲ ਇੱਕ ਪੈਂਤੜਾ ਹੈ।

ਮਾਨਯੋਗ ਸਾਬਕਾ ਜੱਜ ਸਾਹਿਬਾਨ ਅਤੇ ਸੀਨੀਅਰ ਵਕੀਲਾਂ, ਜਿਨ੍ਹਾਂ ਨੇ ਚੀਫ਼ ਜਸਟਿਸ ਆਫ਼ ਇੰਡਿਆ ਨੂੰ ਪੱਤਰ ਲਿਖ ਕੇ ਇਸ ਰਾਜ ਗੁੰਡਾਗਰਦੀ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਅਤੇ ਮਾਨਯੋਗ ਸਾਬਕਾ ਜੱਜ ਜਸਟਿਸ ਰੇਖਾ ਸ਼ਰਮਾ, ਜਿਨ੍ਹਾਂ ਨੇ ਆਪਣੇ ਲੇਖ ’ਚ ਤੱਥਾਂ ਆਧਾਰਿਤ ਸੱਚ ਲੋਕ ਕਚਹਿਰੀ ’ਚ ਰੱਖਿਆ ਹੈ ਉਹ ਪ੍ਰਸੰਸਾ ਦੇ ਹੱਕਦਾਰ ਹਨ। ਇਨ੍ਹਾਂ ਦੀਆਂ ਲਿਖਤਾਂ ਨੇ ਸਾਬਤ ਕਰ ਦਿੱਤਾ ਕਿ ਸਾਰੇ ਹਿੰਦੂ ਆਰਐੱਸਐੱਸ ਦੀ ਕੱਟੜ ਸੋਚ ਦੀ ਰੰਗਤ ਵਿੱਚ ਰੰਗੇ ਹੋਏ ਨਹੀਂ ਹਨ। ਹਾਲੀ ਵੀ ਧਰਮ ਨਿਰਪੱਖ ਸੋਚ ਦੇ ਧਾਰਨੀ ਇਨਸਾਨ ਭਾਰਤ ’ਚ ਬਾਕੀ ਹਨ। ਇਹ ਸਨਮਾਨਯੋਗ ਹਸਤੀਆਂ ਉਨ੍ਹਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਦਾ ਇਸ਼ਾਰਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੰਝ ਹੈ (ਇਸ ਜੰਗਲ ਰੂਪੀ ਜਗਤ ਨੂੰ ਕਾਮ, ਕ੍ਰੋਧ, ਲੋਭ, ਤ੍ਰਿਸ਼ਨਾ ਤੇ ਨਫ਼ਰਤ ਦੀ ਅੱਗ ਸਾੜ ਰਹੀ ਹੈ, ਕੋਈ ਵਿਰਲਾ ਆਤਮਕ ਬਲੀ ਮਨੁੱਖ ਇਸ ਅੱਗ ਦੀ ਸੜਨ ਤੋਂ ਬਚਿਆ ਹੈ।) ਜਿਹੜਾ ਬਚਿਆ ਹੈ ਐਸੇ ਬਲੀ ਮਨੁੱਖ ਦੀ ਆਤਮਕ ਅਵਸਥਾ ਮੈਂ ਦੱਸ ਨਹੀਂ ਸਕਦਾ ਕਿ ਉਸ ਵਰਗਾ ਹੋਰ ਕੌਣ ਹੋ ਸਕਦਾ ਹੈ ‘‘ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ; ਕੋਈ ਹਰਿਆ ਬੂਟੁ ਰਹਿਓ ਰੀ   ਐਸੋ ਸਮਰਥੁ ਵਰਨਿ ਸਾਕਉ; ਤਾ ਕੀ ਉਪਮਾ ਜਾਤ ਕਹਿਓ ਰੀ (ਮਹਲਾ /੩੮੪)

ਹਿੰਦੂ ਰਾਸ਼ਟਰ ਬਣਾਉਣ ਵਾਲੇ ਅੰਧ ਭਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿੱਖਿਆ ਤੋਂ ਸੇਧ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਸਾਰੇ ਦੇਸ਼ਵਾਸੀਆਂ ਨੂੰ ਇਸਲਾਮ ਵਿੱਚ ਲਿਆਉਣ ਦੇ ਚਾਹਵਾਨ ਔਰੰਗਜ਼ੇਬ ਦੇ ਜੁਲਮਾਂ ਨੂੰ ਆਪਣਾ ਸੀਸ ਦੇ ਕੇ ਠੱਲ੍ਹ ਪਾਈ ਤੇ ਉਸ ਦੇ ਮਨਸੂਬੇ ਪੂਰੇ ਨਹੀਂ ਹੋਣ ਦਿੱਤੇ। ਇਸ ਲੇਖ ’ਚ ਵਰਣਿਤ ਉਪਰੋਕਤ ਮਾਨਯੋਗ ਜੱਜ ਸਾਹਿਬਾਨ ਤੋਂ ਜ਼ਰੂਰ ਆਸ ਬੱਝੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਸੇਧ ਲੈ ਕੇ ਉਹ ਨਿਸ਼ਟਾਵਾਨ ਤੇ ਕਾਬਲ ਵਕੀਲਾਂ ਦਾ ਪੈੱਨਲ ਬਣਾ ਕੇ ਮੁਹੰਮਦ ਜਾਵੇਦ ਦਾ ਕੇਸ ਲੜਨ। ਉਸ ਨੂੰ ਇਨਸਾਫ਼ ਦਿਵਾਉਣਗੇ ਤੇ ਫਿਰਕਾਪ੍ਰਸਤੀ ਅਤੇ ਨਫ਼ਰਤੀ ਅੱਗ ’ਚ ਸੜ ਰਹੇ ਅਤੇ ਦੇਸ਼ ਨੂੰ ਸਾੜਨ ਦੇ ਰਾਹ ਪਏ ਹੋਏ ਰਾਜਨੇਤਾਵਾਂ ਦੇ ਜੁਲਮਾਂ ਨੂੰ ਠੱਲ੍ਹ ਪਾਉਣ ਲਈ ਅੱਗੇ ਆਉਣਗੇ। ਹਿੰਦੂ ਕੱਟੜਵਾਦੀਆਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਬੇਸ਼ੱਕ ਉਨ੍ਹਾਂ ਨੂੰ ਹਿੰਦੂ ਰਾਸ਼ਟਰ ਬਣਾਉਣ ਤੋਂ ਕੋਈ ਰੋਕ ਨਹੀਂ ਸਕਦਾ ਪਰ ਦੇਸ਼ ਨੂੰ ਇਸ ਦੀ ਬਹੁਤ ਵੱਡੀ ਕੀਮਤ ਉਠਾਉਣੀ ਪਏਗੀ ਕਿਉਂਕਿ ਕੋਈ ਨਹੀਂ ਜਾਣਦਾ ਭਾਰਤ ਮੁੜ ਕਿੰਨੇ ਟੋਟਿਆਂ ’ਚ ਵੰਡਿਆ ਜਾਣਾ ਹੈ; ਜਿਵੇਂ ਕਿ ਸਿੱਖ ਖਾਲਿਸਤਾਨ, ਨਾਗੇ ਨਾਗਾਲੈਂਡ, ਤਾਮਿਲ ਤਾਮਿਲ ਦੇਸ਼ ਅਤੇ ਹੋਰ ਪਤਾ ਨਹੀਂ ਕੌਣ ਕੌਣ ਕਿਹੜੇ ਕਿਹੜੇ ਦੇਸ਼ ਦੀ ਮੰਗ ਕਰਨਗੇ ਤਾਂ ਉਨ੍ਹਾਂ ਦੀ ਮੰਗ ਨੂੰ ਦਰਕਿਨਾਰ ਕਿਸ ਤਰ੍ਹਾਂ ਕੀਤਾ ਜਾਵੇਗਾ ?

ਭਾਜਪਾ ਦੀ ਨੀਤੀ ਹੈ ਕਿ ਲੋਕਤੰਤਰੀ ਦੇਸ਼ ਵਿੱਚ ਸਾਰੇ ਫ਼ੈਸਲੇ ਘੈਰਲੋਕਤੰਤਰਿਕ ਢੰਗ ਨਾਲ ਅਚਾਨਕ ਥੋਪ ਦਿੱਤੇ ਜਾਂਦੇ ਹਨ, ਜਿਨ੍ਹਾਂ ਦਾ ਦੇਸ਼ ਨੂੰ ਲਾਭ ਕੋਈ ਨਹੀਂ ਹੁੰਦਾ ਬਲਕਿ ਇਨ੍ਹਾਂ ਫ਼ੈਸਲਿਆਂ ਕਾਰਨ ਨੁਕਸਾਨ ਬਹੁਤ ਹੁੰਦਾ ਹੈ, ਜਿਸ ਦਾ ਪੂਰਾ ਪੂਰਾ ਅੰਦਾਜ਼ਾ ਵੀ ਨਹੀਂ ਲਗ ਸਕਦਾ। ਲੋਕਤੰਤਰਿਕ ਭਾਵਨਾਂ ਦੇ ਉਲਟ ਕੀਤੇ ਫ਼ੈਸਲਿਆਂ ’ਚ ਅਚਾਨਕ ਕੀਤਾ ਨੋਟਬੰਦੀ ਦਾ ਫ਼ੈਸਲਾ, ਜਿਸ ਕਾਰਨ ਰਾਤ ਦਾ ਸਫ਼ਰ ਕਰ ਰਹੇ ਅਨੇਕਾਂ ਵਿਅਕਤੀ ਭਾਰੀ ਮੁਸ਼ਕਿਲ ’ਚ ਫਸ ਗਏ। ਕਿੰਨੇ ਹੀ ਲੋਕ ਨੋਟ ਬਦਲਾਉਣ ਲਈ ਬੈਂਕਾਂ ਅੱਗੇ ਲਾਈਨਾਂ ’ਚ ਖੜ੍ਹੇ ਆਪਣੀ ਕੀਮਤੀ ਜਾਨ ਗੁਆ ਬੈਠੇ ਅਤੇ ਦੇਸ਼ ਦੀ ਆਰਥਿਕਤ ਨੂੰ ਵੱਡੀ ਸੱਟ ਲੱਗੀ ਜਦੋਂ ਕਿ ਇਸ ਦਾ ਲਾਭ ਇੱਕ ਪੈਸੇ ਦਾ ਵੀ ਸਰਕਾਰ ਨਹੀਂ ਗਿਣਾ ਸਕੀ। ਬਿਨਾਂ ਕਿਸੇ ਸੋਚ ਵਿਚਾਰ ਦੇ ਤਿੰਨ ਖੇਤੀ ਕਾਨੂੰਨ ਦੇਸ਼ ’ਤੇ ਥੋਪ ਦਿੱਤੇ, ਜਿਸ ਵਿਰੁਧ ਕਿਸਾਨਾਂ ਵੱਲੋਂ ਇੱਕ ਸਾਲ ਦੇ ਲੰਬੇ ਸਮੇਂ ਲਈ ਦਿੱਲੀ ਦੀਆਂ ਬਰੂਹਾਂ ’ਤੇ ਧਰਨਾ ਲਾਈ ਰੱਖਿਆ। ਇੱਕ ਸਾਲ ਤੱਕ ਭਾਜਪਾ ਆਗੂ ਇਨ੍ਹਾਂ ਕਾਨੂੰਨਾਂ ਦੇ ਲਾਭ ਗਿਣਾਉਂਦੇ ਰਹੇ ਪਰ ਅਖੀਰ ਉਹੀ ਕਾਨੂੰਨ ਰੱਦ ਕਰਨ ਨੂੰ ਪ੍ਰਧਾਨ ਮੰਤਰੀ ਦੀ ਕਿਸਾਨਾਂ ’ਤੇ ਕੀਤੀ ਉਦਾਰਤਾ/ਦਿਆਲਤਾ ਦਰਸਾਉਣ ਲੱਗ ਪਏ। ਇਸੇ ਤਰ੍ਹਾਂ ਫ਼ੌਜ ’ਚ ਭਰਤੀ ਲਈ ਚਾਰ ਸਾਲਾਂ ’ਤੇ ਠੇਕੇ ’ਤੇ ਭਰਤੀ ਕਰਨ ਲਈ ਅਗਨੀਪਥ ਸਕੀਮ ਦਾ ਐਲਾਨ ਕਰ ਦਿੱਤਾ, ਜਿਸ ਦਾ ਫ਼ੌਜ ’ਚ ਭਰਤੀ ਹੋ ਕੇ ਦੇਸ਼ ਸੇਵਾ ਕਰਨ ਦੇ ਚਾਹਵਾਨ ਨੌਜਵਾਨ ਭਾਰੀ ਵਿਰੋਧ ਕਰ ਰਹੇ ਹਨ। ਚਾਰ ਸਾਲਾਂ ਬਾਅਦ ਇਨ੍ਹਾਂ ਅਗਨੀਵੀਰਾਂ ਦਾ ਭਵਿੱਖ ਕੀ ਹੋਵੇਗਾ ਕੋਈ ਨਹੀਂ ਦੱਸਦਾ। ਸਿਰਫ ਦੇਸ਼ ਹਿੱਤ ’ਚ ਲਿਆ ਵਧੀਆ ਫ਼ੈਸਲਾ ਕਹਿ ਦਿੱਤਾ ਜਾਂਦਜਾ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਅਗਨੀਵੀਰਾਂ ਲਈ ਕੇਵਲ ਤਿੰਨ ਹੀ ਰਾਹ ਹੋਣਗੇ- (1). ਮੋਦੀ ਸਰਕਾਰ ਵੱਲੋਂ ਪੈਦਾ ਕੀਤੇ ਜਾ ਰਹੇ ਕਾਰਪੋਰੇਟ ਘਰਾਣਿਆਂ ਦੇ ਗੋਦਾਮਾਂ ਦੇ ਸਕਿਉਰਟੀ ਗਾਰਡ ਬਣ ਜਾਣਾ। (2). ਹਿੰਦੂ ਰਾਸ਼ਟਰ ਬਣਾਉਣ ਵਾਲਿਆਂ ਦੀ ਅੰਧ ਭਗਤ ਫ਼ੌਜ ’ਚ ਭਰਤੀ ਹੋ ਜਾਣਾ। (3). ਗੈਂਗਸਟਰ ਬਣ ਜਾਣਾ। ਕੀ ਕਾਹਲੀ ’ਚ ਐਲਾਨੀ ਗਈ ਇਸ ਨੀਤੀ, ਜਿਸ ਦੀਆਂ ਸ਼ਰਤਾਂ ਬਾਰੇ ਸਰਕਾਰ ਅਤੇ ਫ਼ੌਜ ਮੁਖੀ ਖ਼ੁਦ ਹੀ ਸਪਸ਼ਟ ਨਹੀਂ ਤੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਅਗਨੀਵੀਰਾਂ ਲਈ ਬਹੁਤ ਸਾਰੀਆਂ ਨਵੀਆਂ ਰਿਆਇਤਾਂ ਦੇ ਐਲਾਨ ਦੱਸੇ ਜਾ ਰਹੇ ਹਨ ਕਿ ਇਹ ਫ਼ੈਸਲਾ ਵਿਰੋਧ ਅੱਗੇ ਝੁਕ ਕੇ ਨਹੀਂ ਕੀਤਾ ਬਲਕਿ ਇਨ੍ਹਾਂ ਦਾ ਫ਼ੈਸਲਾ ਪਹਿਲਾਂ ਹੀ ਹੋ ਚੁੱਕਾ ਸੀ। ਕੇਵਲ ਐਲਾਨ ਹੀ ਬਾਅਦ ’ਚ ਕੀਤਾ ਗਿਆ ਹੈ। ਭਾਵੇਂ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨ ਤਾਂ ਇਨ੍ਹਾਂ ਨਵੇਂ ਫ਼ੈਸਲਿਆਂ ਤੋਂ ਵੀ ਸਤੁੰਸ਼ਟ ਨਹੀਂ, ਪਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਫ਼ੈਸਲਾ ਪਹਿਲਾਂ ਹੀ ਹੋ ਚੁੱਕਿਆ ਸੀ ਤਾਂ ਉਸ ਨੂੰ ਗੁਪਤ ਕਿਉਂ ਰੱਖਿਆ ਗਿਆ ? ਫ਼ੈਸਲਿਆਂ ਸੰਬੰਧੀ ਜਨਤਕ ਤੌਰ ’ਤੇ ਵਿਚਾਰ ਚਰਚਾ ਕਰ ਨੌਜਵਾਨਾਂ ਦੇ ਤੌਖਲੇ ਦੂਰ ਕਰਨ ਦੇ ਯਤਨ ਕਿਉਂ ਨਹੀਂ ਕੀਤੇ ਗਏ ? ਦੋ ਸਾਲਾਂ ਤੋਂ ਜਿਹੜੇ ਨੌਜਵਾਨ ਫ਼ੌਜ ’ਚ ਭਰਤੀ ਹੋਣ ਲਈ ਸਰੀਰਕ ਟੈਸਟ ਪਾਸ ਕਰ ਚੁੱਕੇ ਹਨ, ਪਰ ਕੋਰੋਨੇ ਕਾਰਨ ਉਨ੍ਹਾਂ ਦੇ ਲਿਖਤੀ ਟੈਸਟ ਲੈ ਕੇ ਭਰਤੀ ਕਰਨ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ; ਨਵੀਂ ਨੀਤੀ ਐਲਾਨਣ ਤੋਂ ਪਹਿਲਾਂ ਉਨ੍ਹਾਂ ਦੀ ਭਰਤੀ ਪ੍ਰਕਿਰਿਆ ਪੂਰੀ ਕਿਉਂ ਨਾ ਕੀਤੀ ? ਕੀ ਸਰਕਾਰ ਦੇਸ਼ਵਾਸੀਆਂ ਨੂੰ ਖ਼ੁਦ ਪ੍ਰਦਰਸ਼ਨ ਕਰਨ ਦੇ ਰਾਹ ਨਹੀਂ ਪਾ ਰਹੀ ਤੇ ਫਿਰ ਫ਼ੌਜੀ ਮੁਖੀਆਂ ਵੱਲੋਂ ਅਜਿਹੇ ਬਿਆਨ ਦੇਣੇ ਕਿ ਭਰਤੀ ਹੋਣ ਸਮੇਂ ਉਨ੍ਹਾਂ ਤੋਂ ਸਰਟੀਫਿਕੇਟ ਲਿਆ ਜਾਵੇਗਾ, ਜਿਸ ਦੀ ਪੁਲਿਸ ਪੜਤਾਲ ਕਰਵਾਈ ਜਾਵੇਗੀ ਕਿ ਉਨ੍ਹਾਂ ਨੇ ਹਿੰਸਾ ਤੇ ਅੱਗਜ਼ਨੀ ’ਚ ਕੋਈ ਭਾਗ ਤਾਂ ਨਹੀਂ ਲਿਆ ਕਿਉਂਕਿ ਫ਼ੌਜ ’ਚ ਅਨੁਸਾਸ਼ਨਹੀਣਤਾ ਨੂੰ ਕੋਈ ਥਾਂ ਨਹੀਂ। ਕੀ ਇਹ ਨਾਦਰਸ਼ਾਹੀ ਫ਼ੁਰਮਾਨ ਨਹੀਂ, ਜਿਨ੍ਹਾਂ ਰਾਹੀਂ ਸਰਕਾਰ ਦੇ ਹਰ ਜਾਇਜ਼ ਨਜਾਇਜ਼ ਫ਼ੈਸਲੇ ਦਾ ਵਿਰੋਧ ਕਰਨ ਵਾਲਿਆਂ ਦੇ ਘਰਾਂ ’ਤੇ ਬਲਡੋਜ਼ਰ ਚਲਾਉਣ ਅਤੇ ਰੁਜ਼ਗਾਰ ਨਾ ਦੇਣ ਦੇ ਡਰਾਵੇ ਦਿੱਤੇ ਜਾਂਦੇ ਹਨ। ਸਰਕਾਰ ਦੇ ਅਜਿਹੇ ਗ਼ੈਰ ਲੋਕਤੰਤਰਕ ਢੰਗ ਨਾਲ ਕੀਤੇ ਜਾ ਰਹੇ ਨਾਦਰਸ਼ਾਹੀ ਫ਼ੈਸਲਿਆਂ ਦਾ ਧਰਮ ਦੀਆਂ ਬਲਗਣਾਂ ਤੋਂ ਉੱਪਰ ਉੱਠ ਕੇ ਵਿਰੋਧ ਕਰਨਾ ਹੀ ਅਸਲੀ ਦੇਸ਼ ਭਗਤੀ ਹੈ, ਜੋ ਸਮੁੱਚੇ ਭਾਰਤ ਨੂੰ ਏਕਤਾ ਦੀ ਲੜੀ ’ਚ ਪ੍ਰੋਅ ਸਕਦਾ ਹੈ।

ਦੀਜੈ ਬੁਧਿ ਬਿਬੇਕਾ

0

ਦੀਜੈ ਬੁਧਿ ਬਿਬੇਕਾ ॥

ਗਿਆਨ ਬਲਜੀਤ ਸਿੰਘ (ਡਾਇਰੈਕਟਰ ਐਜੁਕੇਸ਼ਨ)

ਗੁਰੂ ਨਾਨਕ ਸਾਹਿਬ ਜੀ ਨੇ ‘ਕੂੜੁ ਅਮਾਵਸ’ ਵਿੱਚ ਫਸੇ ਹੋਏ ਜਗਤ ਨੂੰ ‘ਸਚੁ ਚੰਦ੍ਰਮਾ’ ਦਾ ਪ੍ਰਕਾਸ਼ ਦੇਣ ਲਈ ਤੇ ਮਨੁੱਖਾ ਦੇਹੀ ਨੂੰ ਪਵਿਤ੍ਰਤਾ ਨਾਲ ਜਿਉਣ ਲਈ ‘ਸਬਦੁ ਗੁਰੂ’ ਦੀ ਬਖ਼ਸ਼ਸ਼ ਕੀਤੀ ‘‘ਤੀਰਥੁ ਸਬਦ ਬੀਚਾਰੁ; ਅੰਤਰਿ ਗਿਆਨੁ ਹੈ ’’ (ਮਹਲਾ /੬੮੭) ਨਾਲ ਖ਼ਾਸਕਰ ਸਿੱਖ ਜਗਤ ਨੂੰ ਬਿਪਰਨ ਰੀਤਾਂ ਤੋਂ ਮੁਕਤ ਕੀਤਾ ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥  ਨਾਨਕ   ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥’’ (ਜਪੁ) ਦਾ ਸਰਲ-ਸੁਹੇਲਾ ਮਾਰਗ ਪ੍ਰਦਾਨ ਕੀਤਾ, ਜਿਸ ਨਾਲ ਮਨੁੱਖ ਮਾਨਸਿਕ ਆਜ਼ਾਦੀ ਮਾਣਦਾ ਹੋਇਆ, ਆਤਮਿਕ ਅਨੰਦ ਦੇ ਹੁਲਾਰੇ ਲੈਂਦਾ ਹੋਇਆ, ਨਾਮ ਰਸ ਵਿੱਚ ਭਿੱਜੀ ਰਸਨਾ ਨਾਲ, ਝੂਮ-ਝੂਮ ਕੇ ਨਿਡਰਤਾ ਸਹਿਤ ਗਾ ਉੱਠੇ ‘‘ਧਰਮ ਰਾਇ ਹੈ ਹਰਿ ਕਾ ਕੀਆ; ਹਰਿ ਜਨ ਸੇਵਕ ਨੇੜਿ ਆਵੈ ’’ (ਮਹਲਾ /੫੫੫)  ਜਾਂ ‘‘ਧਰਮ ਰਾਇ ਕੀ ਕਾਣਿ ਚੁਕਾਈ; ਸਭਿ ਚੂਕੇ ਜਮ ਕੇ ਛੰਦੇ ’’ (ਮਹਲਾ /੮੦੦)

ਗੁਰੂ ਜੀ ਨੇ ਦਸ ਸਰੀਰਾਂ ਰਾਹੀਂ ‘‘ਜੋਤਿ ਓਹਾ ਜੁਗਤਿ ਸਾਇ.. ’’ (ਬਲਵੰਡ ਸਤਾ/੯੬੬) ਦੀ ਪਰਪੱਕਤਾ ਅਤੇ ਘਾਲਣਾ ਘਾਲ ਕੇ ਉਹ ਮਨੁੱਖ ਪੈਦਾ ਕੀਤਾ, ਜੋ ਮੌਤ ਦੇ ਡਰ ਤੋਂ ਮੁਕਤ ਹੋ ਕੇ ਚੜ੍ਹਦੀ ਕਲਾ ਨਾਲ ਇਹ ਕਹਿ ਸਕੇ, ਮੰਨ ਸਕੇ  ਕਿ ‘‘ਜਿਹ ਮਰਨੈ; ਸਭੁ ਜਗਤੁ ਤਰਾਸਿਆ   ਸੋ ਮਰਨਾ; ਗੁਰ ਸਬਦਿ ਪ੍ਰਗਾਸਿਆ   ਅਬ ਕੈਸੇ ਮਰਉ  ? ਮਰਨਿ ਮਨੁ ਮਾਨਿਆ   ਮਰਿ ਮਰਿ ਜਾਤੇ; ਜਿਨ ਰਾਮੁ ਜਾਨਿਆ ਰਹਾਉ ’’ (ਭਗਤ ਕਬੀਰ/੩੨੭)

ਗੁਰੂ ਨਾਨਕ ਸਾਹਿਬ ਜੀ ਨੇ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਮਹਲਾ /੯੪੩) ਦਾ ਸਿਧਾਂਤ ਮਾਨਵਤਾ ਨੂੰ ਦਿੱਤਾ, ਜਿਸ ਨੂੰ ਗੁਰੂ ਅਮਰਦਾਸ ਜੀ ਨੇ ‘‘ਸਾਚੀ ਲਿਵੈ; ਬਿਨੁ ਦੇਹ ਨਿਮਾਣੀ ’’ (ਮਹਲਾ /੯੧੭) ਦਰਸਾਉਂਦਿਆਂ ਹੋਇਆਂ ‘‘ਏਸ ਨਉ ਹੋਰੁ ਥਾਉ ਨਾਹੀ; ਸਬਦਿ ਲਾਗਿ ਸਵਾਰੀਆ (ਮਹਲਾ /੯੧੭)  ਦਾ ਹੀ ਨਿਰਣਾ ਸਿੱਖ ਜਗਤ (ਮਨੁੱਖਤਾ) ਨੂੰ ਦਿੱਤਾ।

ਚੱਲਦੀ ਪਰੰਪਰਾ ਅਨੁਸਾਰ ਹਿੰਦੂ ਘਰਾਣਿਆਂ ਵਿੱਚ ਪ੍ਰੋਹਿਤ, ਸਮੇਂ-ਸਮੇਂ ਧਾਰਮਿਕ ਰੀਤਾਂ-ਰਸਮਾਂ ਨਿਭਾਉਣ ਲਈ ਸ਼ਰਧਾਲੂਆਂ (ਜਜਮਾਨਾਂ) ਦੇ ਘਰੀਂ ਪਧਾਰਦਾ ਰਹਿੰਦਾ; ਜਿਵੇਂ ਕਿ ਜਨਮ, ਜਨੇਊ ਧਾਰਨ, ਵਿਆਹ ਤੇ ਮ੍ਰਿਤਕ ਸੰਸਕਾਰ ਆਦਿ ਸਮੇਂ, ਪਰ ਗੁਰਮਤ ਨੇ ਮਨੁੱਖਤਾ ਨੂੰ ‘‘ਸਭੋ ਸੂਤਕੁ ਭਰਮੁ ਹੈ; ਦੂਜੈ ਲਗੈ ਜਾਇ   ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ (ਮਹਲਾ /੪੭੨), ਦਇਆ ਕਪਾਹ, ਸੰਤੋਖੁ ਸੂਤੁ; ਜਤੁ ਗੰਢੀ, ਸਤੁ ਵਟੁ (ਮਹਲਾ /੪੭੧) ਆਦਿ ਦੈਵੀ ਗੁਣਾਂ ਦਾ ਧਾਰਨੀ ਬਣਾ ਕੇ ਪਹਿਲੇ ਜਾਮੇ ਵਿੱਚ ਹੀ ਪ੍ਰੋਹਿਤਵਾਦ ਦਾ ਜੂਲ਼ਾ ਸਿੱਖ ਸਮਾਜ, ਸਿੱਖ ਸਿਧਾਂਤ ਤੋਂ ਲਾਹ ਦਿੱਤਾ।

ਵਿਆਹ ਸੰਸਕਾਰ ਲਈ ਚੌਥੇ ਜਾਮੇ ਗੁਰੂ ਰਾਮਦਾਸ ਜੀ ਨੇ ‘‘ਕੀਤਾ ਲੋੜੀਐ ਕੰਮੁ; ਸੁ ਹਰਿ ਪਹਿ ਆਖੀਐ   ਕਾਰਜੁ ਦੇਇ ਸਵਾਰਿ; ਸਤਿਗੁਰ ਸਚੁ ਸਾਖੀਐ (ਮਹਲਾ /੯੧) ਦਾ ਉਪਦੇਸ਼ ਕਰ ਕੇ ਪੁਜਾਰੀ ਸ਼੍ਰੇਣੀ ਨੂੰ ਆਪਣੇ ਕਿਸੇ ਕਾਰਜ ਵਿੱਚ ਸ਼ਾਮਲ ਕਰਨ ਤੋਂ ਵਰਜ ਦਿੱਤਾ।  ਗੁਰੂ ਬਚਨ ਹਨ ‘‘ਹਰਿ ਪਹਿਲੜੀ ਲਾਵ; ਪਰਵਿਰਤੀ ਕਰਮ ਦ੍ਰਿੜਾਇਆ, ਬਲਿ ਰਾਮ ਜੀਉ , ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ, ਬਲਿ ਰਾਮ ਜੀਉ , ਹਰਿ ਤੀਜੜੀ ਲਾਵ; ਮਨਿ ਚਾਉ ਭਇਆ ਬੈਰਾਗੀਆ, ਬਲਿ ਰਾਮ ਜੀਉ , ਹਰਿ ਚਉਥੜੀ ਲਾਵ; ਮਨਿ ਸਹਜੁ ਭਇਆ ਹਰਿ ਪਾਇਆ, ਬਲਿ ਰਾਮ ਜੀਉ ’’ (ਮਹਲਾ /੭੭੪) ਆਦਿ ਗੁਰਮਤਿ ਪੜਾਵਾਂ ਵਿੱਚੋਂ ਲੰਘਦਿਆਂ ‘‘ਧਨ ਪਿਰੁ ਏਹਿ ਆਖੀਅਨਿ; ਬਹਨਿ ਇਕਠੇ ਹੋਇ  ਏਕ ਜੋਤਿ, ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ’’ (ਮਹਲਾ /੭੮੮) ਦਾ ਸੰਕਲਪ ਬਖ਼ਸ਼ਿਆ।

ਇਸ ਲੇਖ ਵਿੱਚ ਅਸੀਂ ਮ੍ਰਿਤਕ ਸੰਸਕਾਰ ਸੰਬੰਧੀ ਵਿਚਾਰਾਂ ਦੀ ਸਾਂਝ ਕਰਨ ਦਾ ਯਤਨ ਕਰਾਂਗੇ। ਤੀਜੇ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਸਮੇਂ ‘‘ਸਤਿਗੁਰਿ ਭਾਣੈ ਆਪਣੈ; ਬਹਿ ਪਰਵਾਰੁ ਸਦਾਇਆ ’’ (ਬਾਬਾ ਸੁੰਦਰ/੯੨੩) ਭਾਵ ਸਮੂਹ ਪਰਵਾਰ, ਸੰਬੰਧੀ ਤੇ ਸਿੱਖਾਂ ਨੂੰ ਸੰਗਤੀ ਰੂਪ ਵਿੱਚ ਇਕੱਤਰ ਕਰ ਕੇ, ਜੋ ਉਪਦੇਸ਼ ਦਿੱਤਾ ਉਸ ਨੂੰ ਉਨ੍ਹਾਂ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ‘ਸਦੁ’ ਬਾਣੀ ਅਧੀਨ ਕਲਮਬੰਦ ਕੀਤਾ, ਜੋ ਰਾਮਕਲੀ ਰਾਗ ਅੰਦਰ ਪੰਨਾ ਨੰਬਰ ੯੨੩-੯੨੪ ’ਤੇ ਦਰਜ ਹੈ। ਇਸ ਬਾਣੀ ਦੇ ਕੁੱਲ ਛੇ ਬੰਦ ਹਨ ਭਾਵੇਂ ਸਿੱਖ ਰਹਿਤ ਮਰਯਾਦਾ ਦੇ ਵਿਧਾਨ ਅੰਦਰ ਮ੍ਰਿਤਕ ਸੰਸਕਾਰ ਸਮੇਂ ਇਸ ਬਾਣੀ ਨੂੰ ਪੜ੍ਹਨ ਦੀ ਕੋਈ ਵਿਸ਼ੇਸ਼ ਤਾਗੀਦ (ਤਾਕੀਦ) ਨਹੀਂ ਕੀਤੀ ਪਰ ਫਿਰ ਵੀ ਸਿੱਖ ਜਗਤ ਵਿੱਚ ਅਲਾਹਣੀਆਂ ਅਤੇ ‘ਸਦੁ’ ਬਾਣੀ ਦਾ ਪਾਠ ਕਰਨ ਦੀ ਪਰੰਪਰਾ ਪ੍ਰਚਲਿਤ ਹੈ।  ‘ਸਦੁ’ ਬਾਣੀ ਦਾ ਪੰਜਵਾਂ ਬੰਦ ਵਿਚਾਰ ਕਰਨ ਲਈ ਖਾਸ ਧਿਆਨ ਮੰਗਦਾ ਹੈ ਕਿਉਂਕਿ ‘ਸਦੁ’ ਬਾਣੀ ਨੇ ਜਿਨ੍ਹਾਂ ਫੋਕਟ ਕਰਮਕਾਡਾਂ ਤੋਂ ਸਾਨੂੰ ਰੋਕਿਆ ਹੈ, ਲਗਭਗ ਓਹੀ ਕਰਮਕਾਂਡ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ  ਵਿੱਚ ਕਰੀ ਜਾਂਦੇ ਹੁੰਦੇ ਹਾਂ।

 ਕਰਤਾਰ (ਪ੍ਰਭੂ) ਦੇ ਬਣੇ ਨਿਯਮ ਅਧੀਨ ਕੋਈ ਪ੍ਰਾਣੀ (ਜੀਵ ਜੰਤੂ) ਮੌਤ ਦੇ ਚੁੰਗਲ ਤੋਂ ਬਚ ਨਹੀਂ ਸਕਦਾ, ਇਸ ਲਈ ਹਰ ਪ੍ਰਾਣੀ, ਗ਼ਰੀਬ ਅਮੀਰ, ਰਾਣਾ ਰੰਕ, ਪੜ੍ਹਿਆ ਅਣਪੜ੍ਹਿਆ ਮੌਤ ਤੋਂ ਡਰਦਾ ਹੈ, ਇਸ ਮੌਤ ਦੇ ਭੈ ਤੋਂ ਮੁਕਤ ਹੋਣ ਲਈ ਅਨੇਕਾਂ ਤਰ੍ਹਾਂ ਦੇ ਕਰਮਕਾਂਡ, ਯਤਨ ਮਨੁੱਖ ਆਦਿ ਕਾਲ ਤੋਂ ਕਰਦਾ ਆ ਰਿਹਾ ਹੈ ਤਾਂ ਕਿ ਮੌਤ ਤੋਂ ਲੁਕ-ਛਿਪ ਕੇ ਆਪਣੀ ਜਾਨ ਬਚਾਈ ਜਾ ਸਕੇ।  ਸੰਸਾਰ ਦੀ ਇਹ ਦਸ਼ਾ ਵੇਖਦਿਆਂ ਹੀ ਸਾਹਿਬ ਨੇ ਬਚਨ ਕੀਤਾ ‘‘ਜਗਿ ਮਰਣੁ ਭਾਇਆ, ਨਿਤ ਆਪੁ ਲੁਕਾਇਆ; ਮਤ ਜਮੁ ਪਕਰੈ ਲੈ ਜਾਇ ਜੀਉ ’’ (ਮਹਲਾ /੪੪੭)

ਪੁਜਾਰੀ ਸ਼੍ਰੇਣੀ ਨੇ ਮੁਕਤੀ ਲਈ ਇਹ ਸਾਧਨ ਪ੍ਰਚਲਿਤ ਕੀਤੇ ਕਿ ਮਰਨ ਲੱਗੇ ਪ੍ਰਾਣੀ ਨੂੰ ਮੰਜੇ ਜਾਂ ਬਿਸਤਰੇ ਤੋਂ ਭੁੰਜੇ ਲਾਹ ਦਿਓ। ਹੱਥ ਦੀ ਤਲੀ ’ਤੇ ਆਟੇ ਦਾ ਦੀਵਾ ਬਾਲ ਕੇ ਰੱਖ ਦਿਓ, ਜਿਸ ਵਿੱਚ ਕਿਰਿਆ ਕਰਨ ਵਾਲੇ ਪ੍ਰੋਹਿਤ ਜੀ ਹਿਤ ਯਥਾ ਸ਼ਕਤੀ ਸੋਨੇ, ਚਾਂਦੀ ਜਾਂ  ਮਾਇਆ ਦੇ ਰੂਪ ਵਿੱਚ ਕੋਈ ਸਿੱਕਾ ਪਾ ਦਿਓ। ਇਹ ਦੀਵਾ ਪ੍ਰਾਣੀ ਨੂੰ ਹਨ੍ਹੇਰੇ ਪੈਂਡਿਆਂ ’ਚੋਂ ਲੰਘਣ ਸਮੇਂ ਚਾਨਣ ਦਿੰਦਾ ਹੈ। ਸਸਕਾਰ ਤੋਂ ਪਹਿਲਾਂ ਜੌਂ ਦੇ ਆਟੇ ਦੇ ਪੇੜੇ, ਪੱਤਲਾਂ ’ਤੇ ਰੱਖ ਕੇ ਮਣਸੇ ਜਾਂਦੇ ਹਨ, ਸੂਰਜ ਵੱਲ ਮੂੰਹ ਕਰ ਕੇ ਪਾਣੀ ਦੀਆਂ ਚੂਲੀਆਂ ਕੀਤੀਆਂ ਜਾਂਦੀਆਂ ਹਨ।  ਇਹ ਵਿਛੜੀ ਹੋਈ ਰੂਹ ਨੂੰ ਖ਼ੁਰਾਕ ਭੇਜੀ ਜਾਂਦੀ ਹੈ। ਸਸਕਾਰ ਨੂੰ ਜਾਂਦੇ ਸਮੇਂ ਅਧਵਾਟਾ ਕੀਤਾ ਜਾਂਦਾ ਹੈ।  ਦਾਹ ਸਸਕਾਰ ਪਿੱਛੋਂ ਅਸਥੀਆਂ (ਹੱਡੀਆਂ) ਹਰਿਦੁਆਰ ਗੰਗਾ ਵਿੱਚ ਪਾਈਆਂ ਜਾਂਦੀਆਂ ਹਨ।  ਮਰਨ ਪਿੱਛੋਂ 13 ਦਿਨਾਂ ਤੱਕ ਪ੍ਰਾਣੀ ਦੀ ਰੂਹ ਪ੍ਰੇਤ ਬਣੀ ਰਹਿੰਦੀ ਹੈ, ਇਸ ਲਈ 13 ਦਿਨ ਲਗਾਤਾਰ ਸਵੇਰੇ ਉੱਠਦੇ ਹੀ ਭਿਆਨਕ ਡਰਾਉਣੀਆਂ ਧਾਹਾਂ ਮਾਰੀਆਂ ਜਾਂਦੀਆਂ ਹਨ, ਫਿਰ 13ਵੇਂ ਦਿਨ ਮ੍ਰਿਤਕ ਸੰਬੰਧੀ ਕਿਰਿਆ ਕੀਤੀ ਜਾਂਦੀ ਹੈ। ਕਿਰਿਆ ਦੀ ਰਸਮ ਵਿਸ਼ੇਸ਼ ਪੰਡਿਤ ਆ ਕੇ ਕਰਦਾ ਹੈ। ਗਰੁੜ ਪੁਰਾਣ ਦੀ ਕਥਾ ਸੁਣਾਈ ਜਾਂਦੀ ਹੈ ਕਿ ਪ੍ਰਾਣੀ ਨੂੰ ਪ੍ਰਲੋਕ ਤੱਕ ਪੁੱਜਣ ਲਈ 360 ਦਿਨ ਲੱਗਦੇ ਹਨ ਕਿਉਂਕਿ ਉਸ ਨੇ 88000 ਯੋਜਨ (ਜਾਂ 4 ਨਾਲ਼ ਗੁਣਾਂ ਕਰਕੇ 352000 ਮੀਲ ਜਾਂ 8,80,000 ਕਿਲੋਮੀਟਰ) ਲੰਬਾ ਰਸਤਾ, ਸਮੇਤ ਵੈਤਰਣੀ ਨਦੀ (ਜੋ ਗੰਦਗੀ ਮਿਝ ਨਾਲ ਭਰੀ, ਗਊ ਦੀ ਮਦਦ ਨਾਲ ਪਾਰ ਹੁੰਦੀ ਹੈ) ਨੂੰ ਪਾਰ ਕਰ ਕੇ ਪ੍ਰਲੋਕ ਪੁੱਜਣਾ ਹੈ, ਇਸ ਲਈ 360 ਦੀਵੇ ਬਾਲੇ ਜਾਂਦੇ ਹਨ।  ਇਸ ਤੋਂ ਇਲਾਵਾ ਸ਼ਨੀ ਦੇਵਤੇ ਦੇ ਮੰਦਿਰ ਵਿੱਚ ਸਾਲਾਂ ਬੱਧੀ ਰੋਜ਼ ਦੀਵੇ ਜਗਾਉਣ ਲਈ ਤੇਲ ਭੇਜਿਆ ਜਾਂਦਾ ਹੈ। ਕਿਰਿਆਂ ਵਾਲੇ ਦਿਨ ਵੀ ਪਿੰਡ ਭਰਾਏ ਜਾਂਦੇ ਹਨ।  ਪ੍ਰੋਹਿਤ ਨੂੰ ਛੱਤਰੀ, ਕੱਪੜੇ, ਭਾਂਡੇ ਆਦਿ ਦਾਨ ਕੀਤੇ ਜਾਂਦੇ ਹਨ।  ਫਿਰ ਸਾਲ ਪਿੱਛੋਂ ਮ੍ਰਿਤਕ ਸੰਬੰਧੀ ਵਰ੍ਹੀਣਾ (ਬਰਸੀ) ਕੀਤਾ ਜਾਂਦਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਅਜਿਹੇ ਫੋਕਟ ਧਰਮ ਦਾ ਭਾਰ ਲਾਉਂਦਿਆਂ ‘‘ਆਇਆ ਗਇਆ, ਮੁਇਆ ਨਾਉ   ਪਿਛੈ ਪਤਲਿ ਸਦਿਹੁ ਕਾਵ   ਨਾਨਕ   !  ਮਨਮੁਖਿ ਅੰਧੁ ਪਿਆਰੁ   ਬਾਝੁ ਗੁਰੂ; ਡੁਬਾ ਸੰਸਾਰੁ ’’ (ਮਹਲਾ /੧੩੮) ਦਾ ਉਪਦੇਸ਼ ਦੇ ਕੇ ਕਰਮਕਾਂਡੀ ਫੋਕਟ ਲੋਟੂ ਬ੍ਰਾਹਮਣੀ ਮਰਯਾਦਾ ਨੂੰ ਅਪ੍ਰਵਾਨ ਕਰ ਦਿੱਤਾ।

ਗਇਆ ਤੀਰਥ ’ਤੇ ਪਾਂਡਿਆਂ ਨਾਲ ਜੋ ਵੀਚਾਰ ਚਰਚਾ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ, ਉਸ ਰਾਹੀਂ ਗੁਰਮਤਿ ਸੰਬੰਧੀ ਪੱਖ ਨੂੰ ਇੰਝ ਉਜਾਗਰ ਕੀਤਾ ‘‘ਦੀਵਾ ਮੇਰਾ ਏਕੁ ਨਾਮੁ; ਦੁਖੁ, ਵਿਚਿ ਪਾਇਆ ਤੇਲੁ   ਉਨਿ ਚਾਨਣਿ, ਓਹੁ ਸੋਖਿਆ; ਚੂਕਾ ਜਮ ਸਿਉ ਮੇਲੁ   ਲੋਕਾ   ! ਮਤ ਕੋ ਫਕੜਿ ਪਾਇ   ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ਰਹਾਉ   ਪਿੰਡੁ, ਪਤਲਿ, ਮੇਰੀ ਕੇਸਉ ਕਿਰਿਆ; ਸਚੁ ਨਾਮੁ ਕਰਤਾਰੁ   ਐਥੈ ਓਥੈ, ਆਗੈ ਪਾਛੈ; ਏਹੁ ਮੇਰਾ ਆਧਾਰੁ   ਗੰਗ ਬਨਾਰਸਿ ਸਿਫਤਿ ਤੁਮਾਰੀ; ਨਾਵੈ ਆਤਮ ਰਾਉ   ਸਚਾ ਨਾਵਣੁ ਤਾਂ ਥੀਐ; ਜਾਂ ਅਹਿਨਿਸਿ ਲਾਗੈ ਭਾਉ   ਇਕ ਲੋਕੀ, ਹੋਰੁ ਛਮਿਛਰੀ; ਬ੍ਰਾਹਮਣੁ ਵਟਿ, ਪਿੰਡੁ ਖਾਇ   ਨਾਨਕ   ! ਪਿੰਡੁ ਬਖਸੀਸ ਕਾ; ਕਬਹੂੰ ਨਿਖੂਟਸਿ ਨਾਹਿ ’’ (ਮਹਲਾ /੩੫੮)

ਗੁਰੂ ਅਮਰਦਾਸ ਜੀ ਦੁਆਰਾ ਦਰਸਾਇਆ ਗਿਆ ਮਾਰਗ ‘‘ਜਗਿ ਦਾਤਾ ਸੋਇ; ਭਗਤਿ ਵਛਲੁ ਤਿਹੁ ਲੋਇ, ਜੀਉ   ਗੁਰ ਸਬਦਿ ਸਮਾਵਏ; ਅਵਰੁ ਜਾਣੈ ਕੋਇ, ਜੀਉ   ਅਵਰੋ ਜਾਣਹਿ, ਸਬਦਿ ਗੁਰ ਕੈ; ਏਕੁ ਨਾਮੁ ਧਿਆਵਹੇ   ਪਰਸਾਦਿ ਨਾਨਕ ਗੁਰੂ ਅੰਗਦ; ਪਰਮ ਪਦਵੀ ਪਾਵਹੇ ’’ (ਰਾਮਕਲੀ ਸਦ/ਬਾਬਾ ਸੁੰਦਰ/੯੨੩) ਅਪਣਾਇਆ ਤੇ ਪ੍ਰਭੂ ਦੇ ਦਰ ’ਤੇ ਬੇਨਤੀ ਕਰ ਕੇ ‘‘ਪੈਜ ਰਾਖਹੁ, ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ ਅੰਤਿ ਚਲਦਿਆ, ਹੋਇ ਬੇਲੀ; ਜਮਦੂਤ ਕਾਲੁ ਨਿਖੰਜਨੋ ’’ (ਰਾਮਕਲੀ ਸਦ/ਬਾਬਾ ਸੁੰਦਰ/੯੨੩) ਦੀ ਮੰਗ ਕੀਤੀ ‘‘ਆਇਆ ਹਕਾਰਾ, ਚਲਣਵਾਰਾ.. .’’ (ਬਾਬਾ ਸੁੰਦਰ)  ਭਾਵ ਹੇ ਪੁੱਤਰੋ  ! ਹੇ ਗੁਰਮੁਖ ਪਿਆਰਿਓ   !  ਇਸ ਗੱਲ ਨੂੰ ਸਮਝੋ ਤੇ ਚੇਤੇ ਰੱਖੋ ਕਿ ‘‘ਧੁਰਿ ਲਿਖਿਆ ਪਰਵਾਣਾ, ਫਿਰੈ ਨਾਹੀ; ਗੁਰੁ ਜਾਇ, ਹਰਿ ਪ੍ਰਭ ਪਾਸਿ ਜੀਉ ’’ (ਬਾਬਾ ਸੁੰਦਰ/੯੨੩) ਦਾ ਨਿਯਮ ਅਟੱਲ ਹੈ।  ਫਿਰ ‘‘ਸਤਿਗੁਰਿ ਭਾਣੈ ਆਪਣੈ; ਬਹਿ, ਪਰਵਾਰੁ ਸਦਾਇਆ   ਮਤ, ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ ਭਾਇਆ ’’ (ਬਾਬਾ ਸੁੰਦਰ/੯੨੩) ਕਿਉਂਕਿ ਸੰਸਾਰ ਕੇਵਲ ਸੁਆਰਥੀ ਮਤਲਬ ਕਾਰਨ ਹੀ ਰੋ ਰਿਹਾ ਹੈ, ਜੋ ‘‘ਝੂਠਾ ਰੁਦਨੁ ਹੋਆ ਦੁੋਆਲੈ; ਖਿਨ ਮਹਿ ਭਇਆ ਪਰਾਇਆ ’’ (ਮਹਲਾ /੭੫) ਵਾਲਾ ਝੂਠਾ ਵਿਖਾਵਾ ਕਰਦਾ ਹੈ ‘‘ਵਾਲੇਵੇ ਕਾਰਣਿ ਬਾਬਾ ਰੋਈਐ; ਰੋਵਣੁ ਸਗਲ ਬਿਕਾਰੋ   ਰੋਵਣੁ ਸਗਲ ਬਿਕਾਰੋ, ਗਾਫਲੁ ਸੰਸਾਰੋ; ਮਾਇਆ ਕਾਰਣਿ ਰੋਵੈ ’’ (ਅਲਾਹਣੀਆ/ਮਹਲਾ /੫੭੯) ਜਾਂ ‘‘ਬਾਲਕੁ ਮਰੈ; ਬਾਲਕ ਕੀ ਲੀਲਾ   ਕਹਿ ਕਹਿ ਰੋਵਹਿ; ਬਾਲੁ ਰੰਗੀਲਾ ਜਿਸ ਕਾ ਸਾ, ਸੋ ਤਿਨ ਹੀ ਲੀਆ; ਭੂਲਾ ਰੋਵਣਹਾਰਾ ਹੇ (ਮਹਲਾ /੧੦੨੭), ਤੁਮ ਰੋਵਹੁਗੇ ਓਸ ਨੋ; ਤੁਮ੍ ਕਉ ਕਉਣੁ ਰੋਈ  ?’’ (ਮਹਲਾ /੪੧੮) ਇਸ ਲਈ ਗੁਰੂ ਅਮਰਦਾਸ ਜੀ ਨੇ ਲੋਕ ਪ੍ਰਲੋਕ ਸੁਹੇਲਾ ਕਰਨ ਲਈ ਇਹ ਅੰਮ੍ਰਿਤ ਬਚਨ ਕਹੇ ‘‘ਅੰਤੇ ਸਤਿਗੁਰੁ ਬੋਲਿਆ; ਮੈ ਪਿਛੈ ਕੀਰਤਨੁ ਕਰਿਅਹੁ, ਨਿਰਬਾਣੁ ਜੀਉ   ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ ਹਰਿ ਕਥਾ ਪੜੀਐ; ਹਰਿ ਨਾਮੁ ਸੁਣੀਐ; ਬੇਬਾਣੁ ਹਰਿ ਰੰਗੁ; ਗੁਰ ਭਾਵਏ   ਪਿੰਡੁ, ਪਤਲਿ, ਕਿਰਿਆ, ਦੀਵਾ; ਫੁਲ ਹਰਿ ਸਰਿ ਪਾਵਏ ’’ (ਰਾਮਕਲੀ ਸਦ/ਬਾਬਾ ਸੁੰਦਰ/੯੨੩)

ਜੋਤੀ ਜੋਤੀ ਸਮਾਉਣ ਤੋਂ ਪਹਿਲਾਂ ਗੁਰੂ ਜੀ ਨੇ ਹੁਕਮ ਕੀਤਾ ਕਿ ਹੇ ਭਾਈ   !  ਮੇਰੇ ਪਿੱਛੋਂ ਨਿਰੋਲ ਕੀਰਤਨ ਕਰਨਾ ਕਿਉਂਕਿ ‘‘ਜੋ ਜਨੁ ਕਰੈ; ਕੀਰਤਨੁ ਗੋਪਾਲ ਤਿਸ ਕਉ ਪੋਹਿ ਸਕੈ; ਜਮਕਾਲੁ ’’ (ਮਹਲਾ /੮੬੭) ਜਾਂ ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ   ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ’’ (ਮਹਲਾ /੭੪੭) ਫਿਰ ਪਰਮਾਤਮਾ ਦੇ ਸਤਸੰਗੀ ਗੁਰਮੁਖਾਂ ‘‘ਕੇਸੋ ਗੋਪਾਲ ਪੰਡਿਤ ਸਦਿਅਹੁ’’ (ਬਾਬਾ ਸੁੰਦਰ/੯੨੩) ਨੂੰ ਸੱਦਣਾ ਹੈ, ਜੋ ਪ੍ਰਭੂ ਭਗਤੀ ਦੀ ਕਥਾ ਵੀਚਾਰ ਕਰਨ ‘‘ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ ’’ (ਬਾਬਾ ਸੁੰਦਰ/੯੨੩) ਭਾਵ ਹਰਿ ਨਾਮ ਰੂਪ ‘ਪੁਰਾਣੁ’ ਨੂੰ ਵੀਚਾਰਨਾ ਹੈ। (ਵਿਸਥਾਰ ਸਮਝਣ ਲਈ ‘ਸਦੁ’ ਬਾਣੀ ਟੀਕਾ ਪ੍ਰੋ: ਸਾਹਿਬ ਸਿੰਘ ਜੀ ਪੜ੍ਹੋ, ਜੀ।)

ਹਰੀ ਨਾਮ ਨੂੰ ਜਪਣਾ, ਸੁਣਨਾ ਤੇ ਹਰੀ ਪਿਆਰ ਨੂੰ ਹਿਰਦੇ ਵਿੱਚ ਪੈਦਾ ਕਰਨਾ ਹੀ ‘ਬੇਬਾਣ’ (ਵਿਮਾਨ ਦੀ ਨਕਲ ਕਰ ਲੰਬੀ ਉਮਰ ਭੋਗ ਕੇ ਗੁਜਰੇ ਬਜ਼ੁਰਗ-ਮੁਰਦੇ ਲਈ ਬਣਾਈ ਅਰਥੀ) ਹੈ ਭਾਵ ਪਰਮਾਤਮਾ ਦਾ ਪਿਆਰ ਰੂਪ ‘ਬੇਬਾਣ’ ਹੀ ਚੰਗਾ ਲੱਗਦਾ ਹੈ। ਗੁਰਮਤਿ ਨੇ ਜਿੱਥੇ ਸਾਨੂੰ ਧਾਰਮਿਕ, ਅਧਿਆਤਮਿਕ ਗਿਆਨ ਬਖ਼ਸ਼ਿਆ ਹੈ, ਉੱਥੇ ਸਮਾਜ ਪ੍ਰਤੀ ਆਪਣੇ ਮਾਤਾ ਪਿਤਾ (ਬਜ਼ੁਰਗਾਂ) ਪ੍ਰਤੀ ਫ਼ਰਜ਼ ਲਈ ਵੀ ਬੜਾ ਸੁਚੇਤ ਕੀਤਾ ਹੈ; ਜਿਵੇਂ ਕਿ ਭਗਤ ਕਬੀਰ ਜੀ ਨੇ ਫ਼ੁਰਮਾਨ ਕੀਤਾ ‘‘ਜੀਵਤ ਪਿਤਰ ਮਾਨੈ ਕੋਊ; ਮੂਏਂ ਸਿਰਾਧ ਕਰਾਹੀ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿਕਊਆ ਕੂਕਰ ਖਾਹੀ ’’ (ਭਗਤ ਕਬੀਰ/੩੩੨)

ਭਾਈ ਗੁਰਦਾਸ ਜੀ ਨੇ ਮਾਤਾ ਪਿਤਾ ਦੀ ਸੇਵਾ ਦੇ ਮਹਾਨ ਫ਼ਰਜ਼ ਨੂੰ ਸਮਝਣ ਲਈ ਇੰਜ ਬਿਆਨ ਕੀਤਾ :

ਮਾਂ ਪਿਉ ਪਰਹਰਿ, ਸੁਣੈ ਵੇਦੁ; ਭੇਦੁ ਨ ਜਾਣੈ, ਕਥਾ ਕਹਾਣੀ।

ਮਾਂ ਪਿਉ ਪਰਹਰਿ, ਕਰੈ ਤਪੁ; ਵਣਖੰਡਿ ਭੁਲਾ, ਫਿਰੈ ਬਿਬਾਣੀ।

ਮਾਂ ਪਿਉ ਪਰਹਰਿ, ਕਰੈ ਪੂਜੁ; ਦੇਵੀ ਦੇਵ ਨ ਸੇਵ ਕਮਾਣੀ।

ਮਾਂ ਪਿਉ ਪਰਹਰਿ, ਨ੍ਹਾਵਣਾ; ਅਠਸਠਿ ਤੀਰਥ ਘੁੰਮਣ ਵਾਣੀ।

ਮਾਂ ਪਿਉ ਪਰਹਰਿ, ਕਰੈ ਦਾਨ; ਬੇਈਮਾਨ ਅਗਿਆਨ ਪਰਾਣੀ।

ਮਾਂ ਪਿਉ ਪਰਹਰਿ, ਵਰਤ ਕਰਿ; ਮਰਿ ਮਰਿ ਜੰਮੈ ਭਰਮਿ ਭੁਲਾਣੀ।

ਗੁਰੁ ਪਰਮੇਸਰੁ ਸਾਰੁ ਨ ਜਾਣੀ ॥੧੩॥ (ਭਾਈ ਗੁਰਦਾਸ ਜੀ/ਵਾਰ ੩੭ ਪਉੜੀ ੧੩)

ਇਸ ਲਈ ‘ਬੇਬਾਣ’ ਆਦਿ ਵਿਖਾਵੇ ਦੇ ਕਰਮ; ਫੋਕਟ ਕਰਮ ਹਨ, ਗੁਰਮਤਿ ਨਹੀਂ, ਸਗੋਂ ਗੁਰੂ ਦਾ ਹੁਕਮ ਤਾਂ ਇਹ ਹੈ ‘‘ਜੇ ਮਿਰਤਕ ਕਉ; ਚੰਦਨੁ ਚੜਾਵੈ   ਉਸ ਤੇ ਕਹਹੁ  ? ਕਵਨ ਫਲ ਪਾਵੈ   ਜੇ ਮਿਰਤਕ ਕਉ; ਬਿਸਟਾ ਮਾਹਿ ਰੁਲਾਈ ਤਾਂ ਮਿਰਤਕ ਕਾ; ਕਿਆ ਘਟਿ ਜਾਈ  ?’’ (ਮਹਲਾ /੧੧੬੦)

‘‘ਪਿੰਡੁ, ਪਤਲਿ, ਕਿਰਿਆ, ਦੀਵਾ; ਫੁਲ ਹਰਿ ਸਰਿ ਪਾਵਏ ’’ (ਭਗਤ ਸੁੰਦਰ/੯੨੩) ਦਾ ਅਰਥ ਇਹ ਕਦਾਚਿਤ ਨਹੀਂ ਕਿ ਅਸਥੀਆਂ ਇਕੱਤਰ ਕਰ ਹਰਿਦੁਆਰ, ਕੀਰਤਪੁਰ ਸਾਹਿਬ ਜਾਂ ਗੋਦਾਵਰੀ ਕੰਢੇ ਪਾਈਆਂ ਜਾਣ ਕਿਉਂਕਿ ਮਨੁੱਖ ਦੀ ਨੇੜਤਾ ਪਰਮਾਤਮਾ ਨਾਲ ਸ਼ੁੱਭ ਅਮਲਾਂ ਕਰ ਕੇ ਹੋਣੀ ਹੈ ‘‘ਕਰਮੀ ਆਪੋ ਆਪਣੀ; ਕੇ ਨੇੜੈ, ਕੇ ਦੂਰਿ (ਜਪੁ), ਅਗੈ ਕਰਣੀ ਕੀਰਤਿ ਵਾਚੀਐ; ਬਹਿ ਲੇਖਾ ਕਰਿ ਸਮਝਾਇਆ ’’ (ਮਹਲਾ /੪੬੪) ਦਾ ਨਿਯਮ ਹਰ ਪ੍ਰਾਣੀ ਮਾਤਰ (ਅਮੀਰ ਗ਼ਰੀਬ ਸਭ) ਲਈ ਸਪੱਸ਼ਟ ਰੂਪ ਵਿਚ ਦਰਸਾਇਆ ਗਿਆ ਹੈ। ਫਿਰ ਗੁਰਬਾਣੀ ਨੇ ਇਹ ਵੀ ਸਮਝਾਇਆ ਹੈ ਕਿ ਆਪਣੇ ਆਪਣੇ ਤਰੀਕੇ ਨਾਲ ਸਸਕਾਰ ਕੀਤੇ ਜਾਣ।  ਦੇਹੀ ਨੂੰ ਸੰਭਾਲ਼ਦਿਆਂ ਕੋਈ ਵਿਤਕਰਾ ਕਰਨਾ, ਇਸ ਦਾ ਮਨੁੱਖੀ ਮੌਤ ਨਾਲ ਜਾਂ ਆਤਮਾ ਨਾਲ ਕੋਈ ਸੰਬੰਧ ਨਹੀਂ।  ਕਿਸੇ ਨੂੰ ਕੋਈ ਪਤਾ ਨਹੀਂ ਕਿ ਦਫ਼ਨਾਇਆ, ਸਾੜਿਆ, ਜਲ ਪ੍ਰਵਾਹ ਕੀਤਾ ਜਾਂ ਸ਼ਾਂਤੀ ਦੇ ਖੂਹ ਵਿੱਚ ਸੰਭਾਲ਼ਿਆ ਪ੍ਰਾਣੀ, ਆਤਮਾ ਰੂਪ ਵਿੱਚ ਨਰਕਾਂ ਵਿੱਚ ਗਿਆ ਜਾਂ ਸਵਰਗਾਂ ਵਿੱਚ  ?  ਸਭ ਮਨੋਕਲਪਿਤ ਭਰਮ ਭੁਲੇਖੇ ਹਨ।  ਗੁਰੂ ਫ਼ੁਰਮਾਨ ਹੈ ‘‘ਇਕ ਦਝਹਿ, ਇਕ ਦਬੀਅਹਿ; ਇਕਨਾ ਕੁਤੇ ਖਾਹਿ   ਇਕਿ ਪਾਣੀ ਵਿਚਿ ਉਸਟੀਅਹਿ; ਇਕਿ ਭੀ ਫਿਰਿ ਹਸਣਿ ਪਾਹਿ   ਨਾਨਕ   ! ਏਵ ਜਾਪਈ; ਕਿਥੈ ਜਾਇ ਸਮਾਹਿ  ?’’ (ਮਹਲਾ /੬੪੮)

ਪੁਰਾਤਨ ਗੁਰਸਿੱਖਾਂ ਦੇ ਜੀਵਨ ਤੋਂ (ਭਾਵ ਗੁਰੂ ਕਾਲ ਤੋਂ) ਅਜਿਹਾ ਕੋਈ ਪ੍ਰਮਾਣ ਮੌਜੂਦ ਨਹੀਂ, ਜਿੱਥੇ ਪੁਜਾਰੀਵਾਦ ਦਾ ਕਰਮਕਾਂਡ ਜਾਂ ਫੋਕਟ ਕਿਰਿਆ ਦਾ ਵਿਖਾਵਾ ਹੁੰਦਾ ਹੋਵੇ, ਓਥੇ ਸਿੱਖਾਂ ਬਾਰੇ ਜਕਰੀਆ ਖਾਂ ਨੇ ਨਾਦਰ ਸ਼ਾਹ ਨੂੰ ਇਵੇਂ ਜਾਣਕਾਰੀ ਦਿੱਤੀ ਮਿਲਦੀ ਹੈ ਕਿਰਿਆ ਕਰਮ ਕਰਾਵਤ ਨਾਹੀ ਹਡੀ ਪਾਏ ਨਾ ਗੰਗਾ ਮਾਹੀ’ (ਪ੍ਰਾਚੀਨ ਪੰਥ ਪ੍ਰਕਾਸ਼)

ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੇ ਪੇਜ ਨੰਬਰ 25-26 ’ਤੇ ਮਿਰਤਕ ਸਸਕਾਰ ਸੰਬੰਧੀ ‘ੳ’ ਤੋਂ ‘ਖ’ ਤੱਕ ਲਿਖਿਆ ਹੈ, ਜਿਨ੍ਹਾਂ ਵਿੱਚੋਂ ਭਾਵ ‘ਕ’ ਤੇ ‘ਖ’ ’ਚ ਜੋ ਹੂ-ਬਹੂ ਦਰਜ ਹੈ, ਉਹ ਇੱਥੇ ਲਿਖਿਆ ਜਾ ਰਿਹਾ ਹੈ ਤਾਂ ਜੋ ਉਪਰੋਕਤ ਵੀਚਾਰ ਦੀ ਵਧੀਕ ਪੁਸ਼ਟੀ ਹੋ ਸਕੇ।

(ਕ) ਮ੍ਰਿਤਕ ਪ੍ਰਾਣੀ ਦਾ ‘ਅੰਗੀਠਾ’ ਠੰਢਾ ਹੋਣ ’ਤੇ ਸਾਰੀ ਦੇਹ ਦੀ ਭਸਮ, ਅਸਥੀਆਂ ਸਮੇਤ ਉਠਾ ਕੇ ਜਲ ਵਿਚ ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਉੱਥੇ ਹੀ ਦੱਬ ਕੇ ਜ਼ਿਮੀਂ ਬਰਾਬਰ ਕਰ ਦਿੱਤੀ ਜਾਵੇ।  ਸਸਕਾਰ ਅਸਥਾਨ ’ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ।

(ਖ) ਅਧ ਮਾਰਗ, ਸਿਆਪਾ, ਫੂਹੜੀ, ਦੀਵਾ, ਪਿੰਡ, ਕਿਰਿਆ, ਸਰਾਧ ਆਦਿ ਕਰਨਾ ਮਨਮਤ ਹੈ। ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ, ਪਾਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਵਾਂ ਵਿੱਚ ਜਾ ਕੇ ਪਾਉਣੇ ਮਨਮਤ ਹੈ। ਇਸ ਲਈ ਗੁਰੂ ਅਮਰਦਾਸ ਜੀ ਦੁਆਰਾ ਬਖ਼ਸ਼ੇ ਉਪਦੇਸ਼ ਨੂੰ ਮੰਨਣਾ, ਗੁਰਮਤਿ ਰਹਿਣੀ ਦੀ ਪਾਲਣਾ ਕਰਨਾ, ਸਾਡਾ ਨੈਤਿਕ ਫ਼ਰਜ਼ ਹੋਣਾ ਚਾਹੀਦਾ ਹੈ ‘‘ਸੋ ਸਿਖੁ ਸਖਾ ਬੰਧਪੁ ਹੈ ਭਾਈ   ! ਜਿ, ਗੁਰ ਕੇ ਭਾਣੇ ਵਿਚਿ ਆਵੈ   ਆਪਣੈ ਭਾਣੈ, ਜੋ ਚਲੈ ਭਾਈ   ! ਵਿਛੁੜਿ, ਚੋਟਾ ਖਾਵੈ ’’  (ਮਹਲਾ /੬੦੧)

ਜੇ ਅਸੀਂ ਗੁਰਮਤਿ ਰਹਿਣੀ ਦੀ ਪਾਲਣਾ ਕਰਾਂਗੇ ਤਾਂ ਸਾਡੇ ’ਤੇ ਕਿਰਪਾ (ਬਖ਼ਸ਼ਸ਼) ਹੋਵੇਗੀ ਫਿਰ ਅਸੀਂ ਸੁਖੈਨ ਤਰੀਕੇ ਨਾਲ ਸੰਸਾਰ ਸਾਗਰ ਤੋਂ ਪਾਰ ਹੋਣ ਦੇ ਸਮਰੱਥ ਹੋਵਾਂਗੇ, ਜਿੱਥੇ ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ ’’ (ਮਹਲਾ /੭੪੭) ਓਥੇ ‘‘ਗੁਰ ਕੇ ਚਰਨ; ਜੀਅ ਕਾ ਨਿਸਤਾਰਾ ਸਮੁੰਦੁ ਸਾਗਰੁ; ਜਿਨਿ ਖਿਨ ਮਹਿ ਤਾਰਾ ’’ (ਮਹਲਾ /੬੮੪) ਸੁਖੈਨ ਮਾਰਗ ਹੈ, ‘‘.. ਨਿਮਖ ਸਿਮਰਤ ਜਿਤੁ ਛੂਟੈ ’’ (ਮਹਲਾ /੭੪੭) ਗੁਰੂ ਬਖ਼ਸ਼ਸ਼ ਦੀ ਬਰਕਤ ਹੈ। ਸਿੱਖ ਆਪਣੇ ਸ਼ਬਦ ਗੁਰੂ ’ਤੇ ਵਿਸ਼ਵਾਸ ਕਰਦਾ ਹੈ, ਜਿਸ ਨੇ ਇਹ ਉਪਦੇਸ਼ ਬਖ਼ਸ਼ਿਆ ‘‘ਸਤਿਗੁਰ ਪੂਰੈ; ਸਾਚੁ ਕਹਿਆ   ਨਾਮ ਤੇਰੇ ਕੀ ਮੁਕਤੇ ਬੀਥੀ; ਜਮ ਕਾ ਮਾਰਗੁ ਦੂਰਿ ਰਹਿਆ ’’ (ਮਹਲਾ /੩੯੩)

ਗੁਰਮਤਿ ਦੇ ਵਿਆਖਿਆਕਾਰ ਭਾਈ ਗੁਰਦਾਸ ਜੀ, ਸਿੱਖ ਜਗਤ ਨੂੰ ਗੁਰੂ ਚਰਨਾਂ ਦੀ ਸ਼ਕਤੀ (ਸਮਰੱਥਾ), ਗੁਰੂ ਦਾ ਪਿਆਰ ਇਨ੍ਹਾਂ ਸ਼ਬਦਾਂ  ਨਾਲ ਦ੍ਰਿੜ੍ਹ ਕਰਵਾਂਦੇ ਹਨ ਕਿ ਜਿਵੇਂ ਕੀੜੀ ਦਰਖ਼ਤ ’ਤੇ ਚੜ੍ਹਨ ਦਾ ਯਤਨ ਕਰਦੀ ਹੈ ਪਰ ਨਹੀਂ ਚੜ੍ਹ ਸਕਦੀ ਜਦਕਿ ਪੰਛੀ ਉੱਡ ਕੇ ਸਿੱਧਾ ਫਲ਼ ਤੱਕ ਪੁੱਜ ਜਾਂਦਾ ਹੈ।  ਸਿੱਖ ਦੀ ਆਤਮਿਕ ਉਡਾਰੀ ਚੀਟੀ ਵਰਗੀ ਨਹੀਂ, ਪੰਛੀ ਵਾਂਗ ਹੈ। ਬੈਲ ਗੱਡੀ ਕੇਵਲ ਘੁੰਮਦੀ-ਘੁੰਮਾਉਦੀ ਧੀਰੇ ਧੀਰੇ ਚੱਲ ਕੇ ਮੰਜ਼ਲ ’ਤੇ ਪੁੱਜਦੀ ਹੈ ਪਰ ਘੋੜ ਸਵਾਰ ਸੱਜਿਓ, ਖੱਬਿਓ ਨਿਕਲ ਕੇ ਮੰਜ਼ਲ ਜਲਦੀ ਸਰ ਕਰ ਲੈਂਦੇ ਹਨ।  ਮਨੁੱਖ ਪੈਦਲ ਤੁਰਦਿਆਂ ਜਲਦੀ ਥੱਕ ਜਾਂਦਾ ਹੈ ਪਰ ਆਤਮਾ (ਮਨ) ਛਿਨ ਭਰ ਵਿੱਚ ਹੀ ਚਤੁਰ ਕੁੰਟ ਦੀ ਯਾਤਰਾ ਕਰਨ ਦੇ ਸਮਰੱਥ ਹੈ; ਇਵੇਂ ਹੀ ਕਰਮਕਾਂਡ (ਵਿਖਾਵੇ ਦੇ ਧਾਰਮਿਕ ਰਿਵਾਜ) ਕੇਵਲ ਚੀਟੀ, ਬੈਲ ਗੱਡੀ ਜਾਂ ਪੈਦਲ ਤੁਰਨ ਵਾਂਗ ਹਨ ਪਰ ਸਤਿਗੁਰੂ ਦੀ ਸ਼ਰਨ ‘ਖਿਨ ਮਹਿ ਤਾਰਾ’ ਵਾਲੀ ਜੁਗਤੀ ਹੈ। ਬਚਨ ਹਨ :

ਜੈਸੇ ਚੀਟੀ ਕ੍ਰਮ ਕ੍ਰਮ ਕੈ ਬਿਰਖ ਚੜੈ; ਪੰਛੀ ਉਡਿ ਜਾਇ, ਬੈਸੇ ਨਿਕਟਿ ਹੀ ਫਲ ਕੈ।

ਜੈਸੇ ਗਾਡੀ ਚਲੀ ਜਾਤਿ, ਲੀਕਨ ਮਹਿ ਧੀਰਜ ਸੈ; ਘੋਰੋ ਦਉਰਿ ਜਾਇ, ਬਾਏ ਦਾਹਨੇ ਸਬਲ ਕੈ।

ਜੈਸੇ ਕੋਸ ਭਰਿ ਚਲਿ ਸਕੀਐ ਨ ਪਾਇਨ ਕੈ; ਆਤਮਾ ਚਤੁਰ ਕੁੰਟ, ਧਾਇ ਆਵੈ ਪਲ ਕੈ।

ਤੈਸੇ ਲੋਗ ਬੇਦ ਭੇਦ ਗਿਆਨ ਉਨਮਾਨ ਪਛ; ਗੰਮ ਗੁਰ ਚਰਨ ਸਰਨ ਅਸਥਲ ਕੈ ॥੪੦੪॥

(ਭਾਈ ਗੁਰਦਾਸ ਜੀ : ਕਬਿੱਤ ੪੦੪)

ਤਾਂ ਫਿਰ ਜ਼ਰੂਰੀ ਹੈ ਕਿ ਅਸੀਂ ‘‘ਇਤੁ ਮਾਰਗਿ ਚਲੇ ਭਾਈਅੜੇ; ਗੁਰੁ ਕਹੈ, ਸੁ ਕਾਰ ਕਮਾਇ ਜੀਉ   ਤਿਆਗੇਂ ਮਨ ਕੀ ਮਤੜੀ; ਵਿਸਾਰੇਂ ਦੂਜਾ ਭਾਉ ਜੀਉ   ਇਉ ਪਾਵਹਿ ਹਰਿ ਦਰਸਾਵੜਾ; ਨਹ ਲਗੈ ਤਤੀ ਵਾਉ ਜੀਉ ’’ (ਮਹਲਾ /੭੬੩)

ਜੇ ਅਸੀਂ ਸਿੱਖ ਕਹਾਉਣ ਵਾਲਿਆਂ ਨੇ ਹੀ ਅਨਮਤ ਜਾਂ ਬ੍ਰਾਹਮਣੀ (ਬਿਪਰਨ) ਰੀਤਾਂ ਵਿੱਚ ਗ੍ਰਸੇ ਰਹਿਣਾ ਹੈ ਤਾਂ ਫਿਰ ਕੌਮ ਦੀ ਰਾਖੀ ਕੌਣ ਕਰੇਗਾ।  ਕਬੀਰ ਜੀ ਦਾ ਬਚਨ ਬੜਾ ਭਾਵ ਅਰਥ ਰੱਖਦਾ ਹੈ ਕਿ ਜਿਸ ਬੱਚੇ ਦੀ ਮਾਤਾ ਹੀ ਉਸ ਨੂੰ ਜ਼ਹਿਰ ਦੇ ਕੇ ਮਾਰ ਦੇਵੇ ਉਸ ਨੂੰ ਕੌਣ ਬਚਾ ਸਕਦਾ ਹੈ ‘‘ਕਹੁ ਕਬੀਰ   ! ਇਕ ਬੁਧਿ ਬੀਚਾਰੀ ’’  ਕਿਆ ਬਸੁ  ? ਜਉ ਬਿਖੁ ਦੇ ਮਹਤਾਰੀ ’’ (ਭਗਤ ਕਬੀਰ/੩੨੮)

ਸੋ, ਆਓ ਪਰਮਾਤਮਾ ਅੱਗੇ ਬੇਨਤੀ ਕਰੀਏ ਕਿ ‘‘ਹਾਰਿ ਪਰਿਓ ਸੁਆਮੀ ਕੈ ਦੁਆਰੈ; ਦੀਜੈ ਬੁਧਿ ਬਿਬੇਕਾ ਰਹਾਉ ’’ (ਮਹਲਾ /੬੪੧) ਤਾਂ ਕਿ ਆਪਣੇ ਨਿਆਰੇਪਣ, ਨਿਰਮਲਤਾ, ਸਰਬਤ ਦਾ ਭਲਾ ਆਦਿ ਗੁਣਾਂ ਦੀ ਪਾਲਣਾ ਕਰਦਿਆਂ ‘‘ਕਹੈ ਨਾਨਕੁ ਚਾਲ ਭਗਤਾ; ਜੁਗਹੁ ਜੁਗੁ ਨਿਰਾਲੀ’’ (ਮਹਲਾ /੯੧੯)  ਦੇ ਸਿਧਾਂਤ ’ਤੇ ਚੱਲਣ ਦੇ ਸਮਰੱਥ ਹੋ ਸਕੀਏ।

ਗੁਰਮਤਿ ਅਨੁਸਾਰ ਰੱਬ ਦਾ ਦਰਸ਼ਨ

0

ਗੁਰਮਤਿ ਅਨੁਸਾਰ ਰੱਬ ਦਾ ਦਰਸ਼ਨ

ਗਿਆਨੀ ਅਵਤਾਰ ਸਿੰਘ

ਜੇਕਰ ਸਵਾਲ ਕਰੀਏ ਕਿ ਸਿੱਖ ਧਰਮ ’ਚ ਕਿਹੜੀ ਵਿਲੱਖਣਤਾ ਹੈ ਤਾਂ ਜਵਾਬ ਹੈ ‘ਰੱਬ ਦਾ ਦਰਸ਼ਨ ਕਰਨਾ’। ਸਤਿਗੁਰੂ ਦੀ ਕੀ ਵਿਸ਼ੇਸ਼ਤਾ ਹੈ ? ਜਵਾਬ ਹੈ ‘ਰੱਬ ਦਾ ਦਰਸ਼ਨ ਕਰਾਉਣਾ’। ਗੁਰੂ ਨਾਨਕ ਸਾਹਿਬ ਜੀ ਦੁਆਰਾ ਕੀਤੀਆਂ ਚਾਰ ਲੰਬੀਆਂ ਉਦਾਸੀਆਂ ਦਾ ਇੱਕੋ ਮਨੋਰਥ ਰਿਹਾ ਹੈ ‘ਰੱਬ ਦੇ ਦਰਸ਼ਨਾਂ ਬਾਰੇ ਸ਼ਰਧਾਵਾਨਾਂ ਨੂੰ ਸਹੀ ਰਾਹ ਦੱਸਣਾ’। ਇਹੀ ਵਿਸ਼ਾ ਹਰ ਗੋਸਟੀ/ਚਰਚਾ ਦਾ ਆਧਾਰ ਸੀ ਭਾਵੇਂ ਉਹ ਗੋਸਟੀ; ਮੁੱਲਾਂ ਨਾਲ਼ ਕੀਤੀ ਜਾਂ ਪੰਡਿਤਾਂ ਨਾਲ਼ ਜਾਂ ਜੋਗੀਆਂ ਨਾਲ਼ ਆਦਿ, ਤਾਂ ਤੇ ਹਰ ਗੁਰਸਿੱਖ ਨੂੰ ਰੱਬ ਦੇ ਗੁਰਮਤਿ ਅਨੁਸਾਰੀ ਦਰਸ਼ਨਾਂ ਬਾਰੇ ਪੂਰਨ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਹਥਲੇ ਲੇਖ ’ਚ ਇਹੀ ਵਿਸ਼ਾ ਹੈ।

ਗੁਰਬਾਣੀ ਅੰਦਰ ‘ਦਰਸਨ, ਦਰਸਨਿ, ਦਰਸਨੁ, ਦਰਸਨੰ, ਦਰਸਨਹ/ਦਰਸਨਾ, ਦਰਸਨੈ, ਦਰਸਨੋ’ ਸ਼ਬਦ; 8 ਰੂਪਾਂ ’ਚ 334 ਵਾਰ ਹੈ। ਗੁਰਬਾਣੀ ਕਾਵਿਮਈ ਰਚਨਾ ਹੋਣ ਕਾਰਨ ਕਈ ਸ਼ਬਦ; ਸੰਖੇਪ ਰੂਪ ’ਚ ਭੀ ਦਰਜ ਹਨ; ਜਿਵੇਂ ਕਿ ਕਲਿਜੁਗ ਤੋਂ ਕਲਿ, ਬਹੁਤ ਤੋਂ ਬਹੁ; ਇਉਂ ਹੀ ‘ਦਰਸਨ’ ਦਾ ਸੰਖੇਪ ਰੂਪ ‘ਦਰਸ, ਦਰਸਿ, ਦਰਸੁ’ ਕਰਮਵਾਰ 45+13+96=154 ਵਾਰ ਦਰਜ ਹੈ। ‘ਦਰਸ, ਦਰਸਿ, ਦਰਸੁ’; ਤਿੰਨਾ ਦਾ ਉਚਾਰਨ ਹੈ ‘ਦਰਸ਼’। ਗੁਰਬਾਣੀ ਅੰਦਰ ‘ਦਰਸਿ’ (13 ਵਾਰ) ਕੇਵਲ ਪੰਜਵੇਂ ਪਾਤਿਸ਼ਾਹ ਜੀ ਨੇ ਵਰਤਿਆ ਹੈ। ‘ਦਰਸਨ’ ਅਤੇ ‘ਦਰਸ’ ਕੁੱਲ 334+154=488 ਵਾਰ ਹਨ, ਜਿਨ੍ਹਾਂ ’ਚੋਂ ਭਗਤ ਸਾਹਿਬਾਨ ਨੇ 10 ਵਾਰ, ਗੁਰੂ ਨਾਨਕ ਸਾਹਿਬ ਜੀ ਨੇ 43 ਵਾਰ, ਗੁਰੂ ਅੰਗਦ ਸਾਹਿਬ ਜੀ ਨੇ 1 ਵਾਰ, ਗੁਰੂ ਅਮਰਦਾਸ ਜੀ ਨੇ 15 ਵਾਰ, ਗੁਰੂ ਰਾਮਦਾਸ ਜੀ ਨੇ 61 ਵਾਰ, ਗੁਰੂ ਅਰਜਨ ਸਾਹਿਬ ਜੀ ਨੇ 336 ਵਾਰ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 1 ਵਾਰ ਦਰਜ ਕੀਤੇ ਹਨ। ਇਨ੍ਹਾਂ ਦੇ ਅਰਥ ਹਨ ‘ਰੱਬ ਦਾ ਦਰਸ਼ਨ, ਗੁਰੂ ਦਾ ਦਰਸ਼ਨ, ਗੁਰਮੁਖ/ਸੰਗਤ ਦਾ ਦਰਸ਼ਨ, ਕਿਤੇ ਕਿਤੇ ਬੁਰੇ ਬੰਦੇ ਦੇ ਦਰਸ਼ਨਾਂ ਤੋਂ ਬਚਣਾ ਵੀ ਸ਼ਾਮਲ ਹੈ। ਚੇਤੇ ਰਹੇ ਕਿ 18 ਕੁ ਵਾਰ ‘ਦਰਸਨ’ ਦਾ ਅਰਥ ‘ਹਿੰਦੂ ਧਾਰਮਿਕ ਗ੍ਰੰਥ ਸ਼ਾਸਤਰ’ ਹੈ, ਪਰ ਉੱਥੇ ‘ਛਿਅ ਦਰਸਨ’ ਜਾਂ ‘ਖਟੁ ਦਰਸਨ’ ਸੰਯੁਕਤ ਸ਼ਬਦ ਹਨ। ਗੁਰੂ ਨਾਨਕ ਸਾਹਿਬ ਜੀ ਅਤੇ ਭਗਤ ਸਾਹਿਬਾਨ ਨੇ ‘ਦਰਸਨ/ਦਰਸ’ ਸ਼ਬਦ; ‘ਰੱਬ ਦੇ ਦਰਸ਼ਨ’ ਲਈ ਵਰਤੇ ਹਨ ਜਦਕਿ ਬਾਕੀ ਗੁਰੂ ਸਾਹਿਬਾਨ ਅਤੇ ਭੱਟ ਬਾਣੀ ’ਚ ਇਹ ਸ਼ਬਦ ਜ਼ਿਆਦਾਤਰ ਅਰਥ ‘ਗੁਰੂ ਦੇ ਦਰਸ਼ਨ’ ਜਾਂ ‘ਗੁਰਮੁਖ ਦੇ ਦਰਸ਼ਨ’ ਦਿੰਦੇ ਹਨ। ‘ਦਰਸਨ’ ਦਾ ਫ਼ਾਰਸੀ ਰੂਪ ‘ਦੀਦਾਰ’ ਹੈ, ਜੋ ਗੁਰਬਾਣੀ ’ਚ 12 ਵਾਰ ‘ਦੀਦਾਰ, ਦੀਦਾਰਿ, ਦੀਦਾਰੁ’ ਬਣਤਰ ’ਚ ਦਰਜ ਹੈ।

ਮਨੁੱਖੀ ਸਰੀਰਕ ਬਣਤਰ ਬਾਰੇ ਜਾਣੀਏ ਤਾਂ ਇਹ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਦਾ ਸੁਮੇਲ ਹੈ। ਇਨ੍ਹਾਂ ਤੱਤਾਂ ਦਾ ਪ੍ਰਭਾਵ/ਲੱਛਣ ਹੀ ਪੰਜ ਸ਼ੁਭ ਗੁਣ (ਸਤ, ਸੰਤੋਖ, ਦਇਆ, ਧਰਮ/ਜ਼ਿੰਮੇਵਾਰੀ, ਧੀਰਜ) ਜਾਂ ਪੰਜ ਵਿਕਾਰ (ਕਾਮ, ਕਰੋਧ, ਲੋਭ, ਮੋਹ, ਅਹੰਕਾਰ) ਹਨ। ਪੰਜ ਵਿਕਾਰਾਂ ਨੂੰ ਕਾਬੂ ਕਰਨਾ ਹੀ ਪੰਜ ਸ਼ੁਭ ਗੁਣੀ ਕਿਰਦਾਰ ਸਿਰਜਣਾ ਹੈ। ਗੁਰੂ ਅਰਜਨ ਸਾਹਿਬ ਜੀ ਇਸ ਯੁਕਤੀ ਨੂੰ ਪੰਜ ਵਿਕਾਰ ਰੁਸਾ ਲਏ, ਜੋ ਸਦੀਆਂ ਤੋਂ ਪਿਆਰੇ ਸਨ ਅਤੇ ਪੰਜ ਸ਼ੁਭ ਗੁਣ ਮਨਾ ਲਏ, ਰਾਜ਼ੀ ਕਰ ਲਏ, ਜੋ ਸਦੀਆਂ ਤੋਂ ਦੂਰ ਹੋ ਗਏ ਸਨ, ਬਿਆਨ ਕਰਦੇ ਹਨ ‘‘ਪੰਚ ਮਨਾਏ; ਪੰਚ ਰੁਸਾਏ ਪੰਚ ਵਸਾਏ; ਪੰਚ ਗਵਾਏ ’’ (ਮਹਲਾ /੪੩੦)

ਸਵੈ ਪੜਚੋਲ ਕਰਨ ਨਾਲ਼ ਉਪਜਦੀ ਆਤਮਕ ਸ਼ਕਤੀ (ਰੂਹਾਨੀਅਤ ਬਲ) ਨੂੰ ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੀ 36ਵੀਂ ਪਉੜੀ ‘‘ਸਰਮਖੰਡ ਕੀ ਬਾਣੀ ਰੂਪੁ ’’ ’ਚ ਚਾਰ ਭਾਗਾਂ ’ਚ ਵੰਡਿਆ ਹੈ ‘‘ਤਿਥੈ ਘੜੀਐ; ਸੁਰਤਿ, ਮਤਿ, ਮਨਿ ਬੁਧਿ .. ੩੬ (ਜਪੁ) ਸੁਰਤਿ ਤੋਂ ਭਾਵ ਯਾਦਦਾਸ਼ਤ ਸ਼ਕਤੀ ਹੈ। ਇਸ ਨੂੰ ਜਨਮ ਤੋਂ ਮੌਜੂਦਾ ਸਮੇਂ ਤੱਕ ਭੋਗਿਆ ਅਨੁਭਵ ਵੀ ਕਹਿ ਸਕਦੇ ਹਾਂ। ਮਤਿ ਤੋਂ ਭਾਵ ਮਮਤਾ ਹੈ, ਜੋ ਪਦਾਰਥਾਂ ਨਾਲ਼ ਸੰਬੰਧ ਜੋੜਦੀ ਹੈ। ਇਸ ਨੂੰ ਅਹੰਕਾਰ ਵੀ ਕਹਿ ਸਕਦੇ ਹਾਂ ਕਿਉਂਕਿ ਪਦਾਰਥਾਂ ਦੀ ਪ੍ਰਾਪਤੀ ਹੀ ਅਹੰਕਾਰ ਨੂੰ ਜਨਮ ਦਿੰਦੀ ਹੈ। ਗੁਰਬਾਣੀ ’ਚ ‘ਮਨਿ ਬੁਧਿ’ ਸੰਯੁਕਤ ਸ਼ਬਦ ਕੇਵਲ ਦੋ ਵਾਰ ਦਰਜ ਹਨ। ਇਹ ਸ਼ਬਦ ‘ਜਪੁ’ ਬਾਣੀ ’ਚ ਉੱਥੇ ਸ਼ਾਮਲ ਕੀਤੇ, ਜਿੱਥੇ ਪ੍ਰਸੰਗ ਸਵੈ ਪੜਚੋਲ ਕਰਾਉਣਾ ਸੀ; ਜਿਵੇਂ ਕਿ ਉਕਤ ਸਰਮਖੰਡ ਵਾਙ ਗੁਰੂ ਦੀ ਸਿੱਖਿਆ ਨੂੰ ‘ਮੰਨਣਾ/ਮੰਨੈ’ ਵਿਸ਼ਾ ਵੀ ਹੈ ‘‘ਮੰਨੈ; ਸੁਰਤਿ ਹੋਵੈ, ਮਨਿ ਬੁਧਿ .. ੧੩ (ਜਪੁ) ‘ਮਨਿ’ ਤੇ ‘ਬੁਧਿ’ ਨੂੰ ਇਕੱਠਾ ਲਿਖਣ ਦਾ ਮੰਤਵ ਇਨ੍ਹਾਂ ਦਾ ਇੱਕ-ਇੱਕ ਗੁਣ, ਸਮਾਨ ਹੋਣਾ ਹੈ; ਜਿਵੇਂ ਕਿ ‘ਨਵੇਂ ਵਿਚਾਰ ਪੈਦਾ ਹੋਣਾ/ਸੰਕਲਪ’ ਦੋਵਾਂ ’ਚ ਸਾਂਝਾ ਗੁਣ ਹੈ ਤੇ ਦੂਜਾ ਇੱਕ-ਇੱਕ ਗੁਣ ਦੋਵਾਂ ’ਚ ਆਪਾ ਵਿਰੋਧੀ ਹੈ; ਜਿਵੇਂ ਕਿ ‘ਮਨ’ ਦਾ ਦੂਜਾ ਗੁਣ ਹੈ ‘ਦੁਬਿਧਾ/ਵਿਕਲਪ’ ਯਾਨੀ ਕਿ ਪੈਦਾ ਹੋਏ ਨਵੇਂ ਵਿਚਾਰ ’ਤੇ ਕਾਇਮ ਨਾ ਰਹਿਣ ਦੇਣਾ ਜਦਕਿ ‘ਬੁਧਿ’ ਦਾ ਦੂਜਾ ਗੁਣ ਹੈ ‘ਦ੍ਰਿੜ੍ਹਤਾ’ ਯਾਨੀ ਪੈਦਾ ਹੋਏ ਨਵੇਂ ਵਿਚਾਰ ’ਤੇ ਕਾਇਮ ਰਹਿਣਾ। ‘ਮਨਿ ਬੁਧਿ’ ਸੰਯੁਕਤ ਸ਼ਬਦਾਂ ਦਾ ਅਰਥ ਹੈ ‘ਮਨ ਵਿੱਚ ਬੁਧਿ ਆਉਣੀ’ ਯਾਨੀ ‘ਬੁਧਿ’ ਦੀ ਦ੍ਰਿੜ੍ਹਤਾ ਨੇ ‘ਮਨ’ ਵਿੱਚ ਆ ਕੇ ਇਸ ਦੀ ਦੁਬਿਧਾ ਮਾਰ ਦਿੱਤੀ। ‘ਦੁਬਿਧਾ’ ਦਾ ਆਧਾਰ/ਸ੍ਰੋਤ; ਕੇਵਲ ਗੁਰੂ ਸਾਹਿਬਾਨ ਦੁਆਰਾ ਦਰਜ ਸ਼ਬਦ ‘ਦੂਜੈ ਭਾਇ’ ਹੈ, ਜੋ ਗੁਰਬਾਣੀ ’ਚ 151 ਵਾਰ ਦਰਜ ਹੈ। ਇਨ੍ਹਾਂ ਦਾ ਅਰਥ ਹੈ ‘ਰੱਬ ਤੋਂ ਬਿਨਾਂ ਕਿਸੇ ਹੋਰ ਨਾਲ਼ ਪ੍ਰੇਮ ਕਰਨ ਨਾਲ਼’ ਜਾਂ ‘ਹੋਰ ਨਾਲ਼ ਪਿਆਰ ਕਰਨ ਨਾਲ਼’ ਜੀਵਨ ’ਚੋਂ ਪੈਦਾ ਹੋਏ ਚਿੰਨ੍ਹ/ਲੱਛਣ ਹੀ ਦੁਬਿਧਾ ਹੈ। ਗੁਰੂ ਅਮਰਦਾਸ ਜੀ; ਇਸ ਰੋਗ ਨੂੰ ਵਧੇਰਾ ਹੰਢਾ ਚੁੱਕੇ ਸਨ, ਇਸ ਲਈ ਉਨ੍ਹਾਂ ਨੇ ਆਪਣੀ ਬਾਣੀ ’ਚ ਇਹ ਸ਼ਬਦ 126 ਵਾਰ ਦਰਜ ਕੀਤੇ। ਗੁਰੂ ਨਾਨਕ ਸਾਹਿਬ ਨੇ 10 ਵਾਰ, ਗੁਰੂ ਰਾਮਦਾਸ ਜੀ ਨੇ 14 ਵਾਰ ਅਤੇ ਪੰਜਵੇਂ ਪਾਤਿਸ਼ਾਹ ਜੀ ਨੇ 1 ਵਾਰ ਵਰਤੇ। ਸੋ ‘ਦੂਜੈ ਭਾਇ’ ਹੀ ‘ਮਨ’ ਦਾ ਵਿਕਲਪ/ਦੁਬਿਧਾ ਹੈ।

ਉਕਤ ਕੀਤੀ ਗਈ ਵਿਚਾਰ ਮੁਤਾਬਕ ਮਨੁੱਖੀ ਸਰੀਰ ਅੰਦਰ ‘ਪੰਜ ਤੱਤ, ਪੰਜ ਸ਼ੁਭ ਗੁਣ ਜਾਂ ਪੰਜ ਵਿਕਾਰ ਅਤੇ ਸੁਰਤਿ, ਮਤਿ, ਮਨਿ ਬੁਧਿ’ ਹੁੰਦੇ ਹਨ। ਸੁਰਤਿ, ਮਤਿ, ਬੁਧਿ ਦੀ ਅੰਤ ਸਿਹਾਰੀ ਮੂਲਕ ਹੈ ਅਤੇ ‘ਮਨਿ’ ਦੀ ਅੰਤ ਸਿਹਾਰੀ ਅਧਿਕਰਣ ਕਾਰਕ ਵਜੋਂ ‘ਮਨ ਵਿੱਚ’ ਅਰਥ ਦਿੰਦੀ ਹੈ ਯਾਨੀ ਕਾਰਕੀ ਹੈ, ਨਾ ਕਿ ਉਚਾਰਨ ਦਾ ਭਾਗ। ਇਨ੍ਹਾਂ ਸਭ ਨਾਲ਼ ਸੰਬੰਧਿਤ ਗਿਆਨ; ਤਰਕ ਸੰਗਤ ਦਲੀਲਾਂ ਆਧਾਰਿਤ ਹੁੰਦਾ ਹੈ ਕਿਉਂਕਿ ਇਹ, ਪੰਜ ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ/ਚਮੜੀ) ਦੀ ਪਕੜ ’ਚ ਹੁੰਦੇ ਹਨ, ਪਰ ਰੱਬ ਦੇ ਦਰਸ਼ਨ ਲਈ ਗਿਆਨ ਇੰਦ੍ਰੇ ਸਹਾਇਕ ਨਹੀਂ ਬਣਦੇ ਯਾਨੀ ਰੱਬ ਦਾ ਦਰਸ਼ਨ; ‘ਅਨੁਭਵ’ ਦਾ ਵਿਸ਼ਾ ਹੈ, ਮਹਿਸੂਸ ਕਰਨ ਦਾ ਵਿਸ਼ਾ ਹੈ’, ਜੋ ਗਿਆਨ ਇੰਦ੍ਰਿਆਂ ਦੀ ਪਕੜ ’ਚ ਨਹੀਂ ਆਉਂਦਾ, ਇਸ ਲਈ ਗੁਰਬਾਣੀ ’ਚ ਵਾਰ ਵਾਰ ‘ਅਗੰਮ, ਅਗੋਚਰ’ ਸ਼ਬਦ ਦਰਜ ਕੀਤੇ ਹਨ, ਜਿਨ੍ਹਾਂ ਦਾ ਅਰਥ ਹੈ ‘ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ’ ਹੈ ‘ਰੱਬ’।

ਗੁਰਮਤਿ ਮੁਤਾਬਕ ਰੱਬ; ਜ਼ਰਰੇ-ਜ਼ਰਰੇ ਵਿੱਚ ਜੋਤਿ ਸਰੂਪ ਵਜੋਂ ਮੌਜੂਦ ਹੈ। ਗੁਰਬਾਣੀ ਅੰਦਰ ਜੋਤਿ ਸ਼ਬਦ 295 ਵਾਰ ਹੈ, ਜਿਨ੍ਹਾਂ ’ਚੋਂ ਲਗਭਗ 95 ਵਾਰ ਇਸ ਦਾ ਅਰਥ ਹੈ ‘ਨਜ਼ਰ, ਸੂਰਜ ਆਦਿ ਦੀ ਰੌਸ਼ਨੀ’ ਹੈ ਅਤੇ 200 ਵਾਰ ‘ਜੋਤਿ’ ਦਾ ਅਰਥ ਹੈ ‘ਆਤਮਾ, ਰੂਹ, ਜਿੰਦ-ਜਾਨ, ਜੀਵਾਤਮਾ, ਆਤਮ ਸ਼ਕਤੀ, ਚੇਤਨ ਸੱਤਾ, ਜ਼ਮੀਰ’ ਆਦਿ ਹੈ, ਨਾ ਕਿ ਅੰਤਹਿਕਰਣ, ਜਿਸ ’ਤੇ ‘ਜਨਮ ਜਨਮ ਕੀ ਮਲੁ’ ਰੂਪ ਪਰਤ ਚੜ੍ਹੀ ਹੁੰਦੀ ਹੈ। ‘ਆਤਮਾ/ਆਤਮੁ’ ਸੰਸਕ੍ਰਿਤ ਭਾਸ਼ਾ ਦਾ, ‘ਰੂਹੁ’ ਅਰਬੀ ਦਾ ਅਤੇ ‘ਜਿੰਦੁ’ ਫ਼ਾਰਸੀ ਦਾ ਸ਼ਬਦ ਹੈ। ਇਨ੍ਹਾਂ ਤਿੰਨਾ ਦੇ ਅਰਥ ਇੱਕ ਸਮਾਨ ਹਨ, ਪਰ ਜ਼ਿਆਦਾਤਰ ਅਰਥ ਹੈ ‘ਰੱਬੀ ਜੋਤਿ’। ਚੇਤੇ ਰਹੇ ਕਿ ਗੁਰਬਾਣੀ ਦੇ ਕੁੱਝ ਕੁ ਵਾਕਾਂ ’ਚ, ਜਿੱਥੇ ਇਨ੍ਹਾਂ ਸ਼ਬਦਾਂ ਰਾਹੀਂ ਮਨੁੱਖ ਨੂੰ ਕੋਈ ਅਹਿਸਾਸ ਕਰਾਇਆ ਗਿਆ ਹੈ, ਉੱਥੇ ਇਨ੍ਹਾਂ ਦਾ ਅਰਥ ਹੁੰਦਾ ਹੈ ‘ਅੰਤਹਿਕਰਣ’; ਜਿਵੇਂ ਕਿ ਇਨ੍ਹਾਂ ਤਿੰਨ ਵਾਕ ’ਚ ‘ਰੂਹੁ, ਜਿੰਦੂ, ਆਤਮਾ’ ਦਰਜ ਹਨ ‘‘ਗਹਿਲਾ ਰੂਹੁ ਜਾਣਈ; ਸਿਰੁ ਭੀ ਮਿਟੀ ਖਾਇ (ਬਾਬਾ ਫਰੀਦ/੧੩੭੯), ਸਾਹੇ ਲਿਖੇ ਚਲਨੀ; ਜਿੰਦੂ ਕੂੰ ਸਮਝਾਇ (ਬਾਬਾ ਫਰੀਦ/੧੩੭੭), ਦੂਜੈ ਭਾਇ (ਕਾਰਨ) ਦੁਸਟੁ ਆਤਮਾ; ਓਹੁ ਤੇਰੀ ਸਰਕਾਰ ’’ (ਮਹਲਾ /੩੮) ਇਨ੍ਹਾਂ ਤਿੰਨੇ ਵਾਕਾਂ ’ਚ ‘ਰੂਹੁ’ ਨੂੰ ਗਹਿਲਾ/ਗਾਫ਼ਲ/ਲਾਪਰਵਾਹ ਕਿਹਾ ਹੈ, ਪਰ ਰੱਬੀ ਜੋਤਿ ਨੂੰ ਗਹਿਲਾ ਨਹੀਂ ਕਹਿ ਸਕਦੇ। ਜਿੰਦੁ ਨੂੰ ਸਮਝਾਇਆ ਗਿਐ, ਪਰ ਰੱਬੀ ਜੋਤਿ ਨੂੰ ਸਮਝਾ ਨਹੀਂ ਸਕਦੇ। ਆਤਮਾ ਨੂੰ ਦੁਸਟੁ ਕਿਹਾ ਹੈ, ਪਰ ਰੱਬੀ ਜੋਤਿ ਨੂੰ ਦੁਸਟੁ ਨਹੀਂ ਕਹਿ ਸਕਦੇ, ਇਸ ਲਈ ਇੱਥੇ ਇਨ੍ਹਾਂ ਤਿੰਨਾ ਦਾ ਅਰਥ ਹੈ ‘ਅੰਤਹਿਕਰਣ’। ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੀ ਜੋਤਿ ਨੂੰ ਪੂਰੇ ਬ੍ਰਹਿਮੰਡ (ਜ਼ੱਰੇ-ਜ਼ੱਰੇ) ’ਚ ਵਿਆਪਕ ਦਰਸਾਉਣ ਲਈ ‘ਜੋਤਿ’ ਸ਼ਬਦ ਨੂੰ 97 ਵਾਰ ਵਰਤਿਆ ਹੈ; ਜਿਵੇਂ ਕਿ

ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ; ਅਕਲ ਕਲਾ ਭਰਪੂਰਿ ਰਹਿਆ ॥ (ਮਹਲਾ ੧/੪੬੯)

ਅਰਥ : ਸਾਰੀ ਸ੍ਰਿਸ਼ਟੀ ’ਚ ਰੱਬ ਦੀ ਜੋਤਿ ਹੈ, ਇਸ ਜੋਤਿ ’ਚੋਂ ਹੀ (ਜੋਤਾਂ ਦੇ ਸਰੋਤ/ਰੱਬ ਦਾ ਦਰਸ਼ਨ ਹੁੰਦਾ ਹੈ, ਜੋ) ਇੱਕ ਰਸ ਵਿਆਪਕ ਹੈ।

ਸਰਬ ਜੋਤਿ ਤੇਰੀ; ਪਸਰਿ ਰਹੀ ॥ ਜਹ ਜਹ ਦੇਖਾ; ਤਹ ਨਰਹਰੀ ॥ (ਮਹਲਾ ੧/੮੭੬)

ਤ੍ਰਿਭਵਣ (’ਚ, ਆਪਣੀ) ਜੋਤਿ ਧਰੀ ਪਰਮੇਸਰਿ (ਨੇ); ਅਵਰੁ ਨ ਦੂਜਾ ਭਾਈ ਹੇ ॥ (ਮਹਲਾ ੧/੧੦੨੪)

ਅਗਨਿ, ਪਾਣੀ, ਜੀਉ (ਜੀਵ ’ਚ) ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ॥ (ਮਹਲਾ ੧/੧੦੩੭)

ਅੰਡਜ, ਜੇਰਜ, ਸੇਤਜ, ਉਤਭੁਜ; ਘਟਿ ਘਟਿ (’ਚ) ਜੋਤਿ ਸਮਾਣੀ ॥ (ਬਾਰਹਮਾਹਾ/ਮਹਲਾ ੧/੧੧੦੯)

ਅਰਥ : ਅੰਡਜ/ਅੰਡੇ ਤੋਂ ਪੈਦਾ ਹੋਣ ਵਾਲ਼ੇ ਜੀਵ; ਜਿਵੇਂ ਮੁਰਗੀ, ਕੱਛੂ।, ਜੇਰਜ/ਵੀਰਜ ਤੋਂ ਪੈਦਾ ਹੋਣ ਵਾਲ਼ੇ ਜੀਵ; ਜਿਵੇਂ ਮਨੁੱਖ, ਪਸ਼ੂ।, ਸੇਤਜ/ਪਸੀਨੇ ਤੋਂ ਪੈਦਾ ਹੋਣ ਵਾਲ਼ੇ ਜੀਵ; ਜਿਵੇਂ ਜੂੰ, ਚਿੱਚੜ ਅਤੇ ਉਤਭੁਜ/ਧਰਤੀ ’ਚੋਂ ਉੱਗਣ ਵਾਲ਼ੇ ਜੀਵ/ਪੌਦੇ ਯਾਨੀ ਸਾਰੀ ਬਨਸਪਤੀ ਸਮੇਤ ਜ਼ੱਰੇ ਜ਼ੱਰੇ ’ਚ ਰੱਬ ਦੀ ਜੋਤਿ ਮੌਜੂਦ ਹੈ।

ਸੂਰਜੁ ਚੰਦੁ ਉਪਾਇ (ਕੇ); ਜੋਤਿ ਸਮਾਣਿਆ (ਇਨ੍ਹਾਂ ’ਚ ਜੋਤਿ ਰੱਖੀ)॥ (ਮਹਲਾ ੧/੧੨੭੯)

ਸਗਲ ਸਰੋਵਰ (’ਚ) ਜੋਤਿ ਸਮਾਣੀ ॥ (ਮਹਲਾ ੧/੧੩੪੨) ਯਾਨੀ ਸਾਰੇ ਸਮੁੰਦਰਾਂ ’ਚ ਜੋਤਿ ਵਿਆਪਕ ਹੈ।

ਜਲ ਮਹਿ ਜੋਤਿ; ਰਹਿਆ ਭਰਪੂਰਿ ॥ (ਮਹਲਾ ੧/੪੧੧) ਇਹ ਵਿਸ਼ਾ ਇਉਂ ਵੀ ਹੈ ‘‘ਪਹਿਲਾ ਪਾਣੀ ਜੀਉ (ਜੋਤਿ) ਹੈ; ਜਿਤੁ ਹਰਿਆ ਸਭੁ ਕੋਇ ’’ (ਮਹਲਾ /੪੭੨) ਵਿਗਿਆਨਿਕ ਤੱਥ ਹੈ ਕਿ ਬੇਜਾਨ ਵਸਤੂ ’ਚੋਂ ਕਦੇ ਜੀਵਨ ਨਹੀਂ ਉਪਜਦਾ ਯਾਨੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲ਼ਾ ਪਾਣੀ; ਨਿਰਜਿੰਦ ਨਹੀਂ ਹੋ ਸਕਦਾ। ਭੋਜਨ ਵੀ ਜੀਵਨ ਦਾ ਆਧਾਰ ਹੈ ਤਾਂ ਤੇ ਭੋਜਨ ਵੀ ਨਿਰਜਿੰਦ ਨਹੀਂ ‘‘ਜੇਤੇ ਦਾਣੇ ਅੰਨ ਕੇ; ਜੀਆ ਬਾਝੁ ਕੋਇ ’’ (ਮਹਲਾ /੪੭੨) ਸੋ ਰੱਬ ਦੀ ਜੋਤਿ; ਜੋ ਮਨੁੱਖੀ ਸਰੀਰ ਅੰਤਰ ‘ਆਤਮਾ, ਰੂਹੁ, ਜਿੰਦੁ’ ਰੂਪ ’ਚ ਹੈ, ਇਸ ਤੋਂ ਇਨਕਾਰੀ ਹੋਣਾ; ਨਿਰਾਕਾਰ ਰੱਬ ਤੋਂ ਮੁਨਕਰ ਹੋਣਾ ਹੈ, ਨਾਸਤਿਕਤਾ ਹੈ। ਐਸਾ ਬੰਦਾ ਗੁਰਮਤਿ ਵਾਲ਼ੇ ਰੱਬ ਦੇ ਦਰਸ਼ਨ ਨਹੀਂ ਕਰ ਸਕੇਗਾ। ਇਸ ਟੀਚੇ ਦੀ ਪ੍ਰਾਪਤੀ ਲਈ ਸਤਿਗੁਰੂ ਦੇ ਬਚਨਾਂ ’ਤੇ ਭਰੋਸਾ ਹੀ ਕਰਨਾ ਹੈ, ਨਾ ਕਿ ਤਰਕਵਿਤਰਕ। ਦੁਬਿਧਾ ’ਚੋਂ ਤਰਕ ਵੀ ਉਪਜਦਾ ਹੈ। ਮਿਸਾਲ ਵਜੋਂ ਇੱਕ ਬੰਦ (ਹਨ੍ਹੇਰੇ) ਕਮਰੇ ’ਚ ਕੋਈ ਵਿਅਕਤੀ ਬਚਪਨ ਤੋਂ ਰਹਿੰਦਾ ਪਿਆ ਹੈ। ਉਸ ਨੇ ਕਦੇ ਬਾਹਰ ਆ ਦੁਨੀਆ ਨਹੀਂ ਵੇਖੀ। ਕਮਰੇ ਦੇ ਇੱਕ ਰੌਸ਼ਨਦਾਨ ’ਚੋਂ ਥੋੜ੍ਹੀ ਕੁ ਸੂਰਜ ਕਿਰਨ ਅੰਦਰ ਆਉਂਦੀ ਹੈ। ਇਹੀ ਉਸ ਲਈ ਸੂਰਜ ਹੈ। ਇੱਕ ਦਿਨ ਬਾਹਰੋਂ ਆ ਕਿਸੇ ਬੰਦੇ ਨੇ ਉਸ ਨੂੰ ਸੂਰਜ ਦੇ ਅਸਲ ਪ੍ਰਕਾਸ਼ ਦੀ ਜਾਣਕਾਰੀ ਦਿੱਤੀ। ਅਸਲੀਅਤ ਮੰਨਣ ਦੀ ਥਾਂ ਉਹ ਆਪਣੀ ਦਲੀਲ ’ਤੇ ਕਾਇਮ ਰਹਿੰਦੈ ਕਿਉਂਕਿ ਉਸ ਨੇ ਬਚਪਨ ਤੋਂ ਕਿਰਨ ਨੂੰ ਹੀ ਸੂਰਜ ਮੰਨਿਐ। ਹੁਣ ਇਹ ਦਲੀਲ/ਤਰਕ; ਭੁਲੇਖਾ ਹੈ, ਦੁਬਿਧਾ ਹੈ, ਮਨ ਦਾ ਵਿਕਲਪ ਹੈ। ਸੰਸਾਰਕ ਕੋਸ਼ਾਂ ’ਚ ‘ਬਿਬੇਕ’ ਦਾ ਅਰਥ ‘ਤਰਕ’ ਹੁੰਦਾ ਹੈ, ਪਰ ਧਾਰਮਿਕ ਬੋਲੀ ’ਚ ‘ਬਿਬੇਕ’ ਦਾ ਅਰਥ ‘ਚੰਗੇ ਮੰਦੇ ਦੀ ਪਛਾਣ ਕਰਨਾ’ ਹੈ ਯਾਨੀ ਸੰਸਾਰਕ ਵਸਤੂ ਦੀ ਪਛਾਣ ਕਰਨ ਲਈ ਤਰਕ ਜ਼ਰੂਰੀ ਹੈ ਅਤੇ ਰੂਹਾਨੀਅਤ ਰਮਜ਼ ਨੂੰ ਪਕੜਨ ਲਈ ਭਰੋਸਾ ਤਾਹੀਓਂ ਅਰਦਾਸ ਰਾਹੀਂ ਨਿੱਤ ‘ਭਰੋਸਾ ਦਾਨ’ ਮੰਗਿਆ ਜਾਂਦਾ ਹੈ। ਭਰੋਸਾ+ਤਰਕ=ਬਿਬੇਕ।

ਹੁਣ ਜਦ ਹਰ ਸਰੀਰ ਅੰਦਰ ਆਤਮਾ/ਰੂਹੁ ਦੇ ਰੂਪ ’ਚ ਰੱਬ ਦੀ ਜੋਤਿ ਹੈ ਤਾਂ ਸਾਰਿਆਂ ਕੋਲ਼ ਬੌਧਿਕ ਗਿਆਨ ਇੱਕ ਸਮਾਨ ਕਿਉਂ ਨਹੀਂ ? ਮੈਡੀਕਲ ਸਾਇੰਸ ਦੇ ਆਪਣੇ ਤੱਥ ਹਨ, ਪਰ ਰੂਹਾਨੀਅਤ ਸੂਝ ਰੱਖਣ ਵਾਲ਼ਿਆਂ ਮੁਤਾਬਕ ਰੱਬੀ ਜੋਤਿ ਦਾ ਪ੍ਰਕਾਸ਼; ਹਰ ਬੰਦੇ ਦੀ ਬੁੱਧੀ ’ਤੇ ਇੱਕੋ ਜਿਹਾ ਨਹੀਂ ਪੈਂਦਾ ਯਾਨੀ ਬੁੱਧੀ ਨੂੰ ਅੰਦਰੂਨੀ ਸ਼ਕਤੀ ਦਾ ਜਿੰਨਾ ਕੁ ਅਹਿਸਾਸ ਹੋਇਆ ਓਨੀ ਹੀ ਉਸ ਨੇ ਸੋਝੀ ਪ੍ਰਾਪਤ ਕੀਤੀ ਹੁੰਦੀ ਹੈ। ਭਗਤ ਕਬੀਰ ਜੀ ਇਸ ਰਮਜ਼ ਨੂੰ ਇਉਂ ਖੋਲ੍ਹਦੇ ਹਨ ‘‘ਤੇਰੀ ਨਿਰਗੁਨ ਕਥਾ, ਕਾਇ ਸਿਉ ਕਹੀਐ  ? ਐਸਾ ਕੋਇ ਬਿਬੇਕੀ ਕਹੁ ਕਬੀਰ ਜਿਨਿ ਦੀਆ ਪਲੀਤਾ; ਤਿਨਿ ਤੈਸੀ ਝਲ ਦੇਖੀ ’’ (ਭਗਤ ਕਬੀਰ/੩੩੩) ਅਰਥ : ਹੇ ਪ੍ਰਭੂ ! ਤੇਰੇ ਇਲਾਹੀ ਭੇਤ ਕਿਸ ਨਾਲ਼ ਸਾਂਝੇ ਕਰੀਏ ਯਾਨੀ ਅੰਨ੍ਹੇ (ਅਵਿਸ਼ਵਾਸੀ) ਬੰਦੇ ਨੂੰ ਕਿਵੇਂ ਸਮਝਾਈਏ। ਵੈਸੇ ਜਿਸ ਨੇ (ਆਪਣੇ ਅੰਦਰ ਤੇਰੇ ਪ੍ਰਤੀ ਲਗਨ ਦੀ) ਜਿਹੋ ਜਿਹੀ ਮਸ਼ਾਲ ਜਗਾਈ ਹੈ, ਉਸ ਨੇ ਉਸ ਤਰ੍ਹਾਂ ਦਾ ਹੀ ਲਿਸ਼ਕਾਰਾ (ਬੌਧਿਕ ਗਿਆਨ/ਰੌਸ਼ਨੀ) ਵੇਖੀ ਹੈ, ਮਾਣੀ ਹੈ। ਐਸੀ ਪਰਖ ਕਰਨ ਵਾਲ਼ਾ ਕੋਈ ਬਿਬੇਕੀ ਵਿਰਲਾ ਹੀ ਹੁੰਦਾ ਹੈ।

ਅੰਦਰੂਨੀ ਜੋਤਿ ਯਾਨੀ ਆਤਮ-ਪ੍ਰਕਾਸ਼ ਨੂੰ ਜਿਸ ਬੁੱਧੀ ਨੇ 100% ਜਾਣ ਲਿਆ, ਮਹਿਸੂਸ ਕਰ ਲਿਆ ਉਹੀ ਹਨ ‘ਰੱਬ ਦਾ ਪ੍ਰਤੱਖ ਦਰਸ਼ਨ ਕਰਨ ਵਾਲ਼ੇ ਪੂਰਨ ਸਤਿਗੁਰੂ’, ਪਰ ਹਰ ਬੰਦੇ ਨੂੰ ਇਹ ਨਸੀਬ ਨਹੀਂ ਹੁੰਦਾ ਕਿਉਂਕਿ ਆਤਮ-ਪ੍ਰਕਾਸ਼ ਅਤੇ ਬੌਧਿਕ ਗਿਆਨ ਵਿਚਕਾਰ ਅੰਤਹਿਕਰਣ ਹੁੰਦਾ ਹੈ; ਜਿਵੇਂ ਧਰਤੀ ਅਤੇ ਸੂਰਜ ਵਿਚਕਾਰ ਚੰਦਰਮਾ ਆ ਜਾਵੇ ਤਾਂ ਸੂਰਜ ਦਾ ਪੂਰਾ ਪ੍ਰਕਾਸ਼ ਧਰਤੀ ’ਤੇ ਨਹੀਂ ਆਉਂਦਾ, ਇਸੇ ਤਰ੍ਹਾਂ ਆਤਮ-ਪ੍ਰਕਾਸ਼ ਵਿਚਕਾਰ ਆਈ ਮਲ਼ੀਨ ਅੰਤਹਿਕਰਣ ਦੀ ਪਰਛਾਈ; ਘੱਟ-ਵੱਧ ਬੌਧਿਕ ਗਿਆਨ ਹੋਣ ਦਾ ਕਾਰਨ ਬਣਦੀ ਹੈ।

ਅੰਤਹਿਕਰਣ; ਅੰਦਰੂਨੀ ਇੰਦ੍ਰੀ ਹੈ, ਜਿਸ ’ਤੇ ਚੜ੍ਹੀ ਕੀਤੇ ਕਰਮ ਦੀ ਪਰਤ/ਮਲ਼ੀਨਤਾ/ਪਰਛਾਈ ਮੁਤਾਬਕ ਬਾਹਰਲੀਆਂ ਚਾਰ ਇੰਦ੍ਰੀਆਂ (ਸੁਰਤਿ, ਮਤਿ, ਮਨਿ, ਬੁਧਿ) ਵਿਹਾਰ ਕਰਦੀਆਂ ਹਨ। ਅੰਤਹਿਕਰਣ ਇੰਦ੍ਰੀ ਨੂੰ ਪਾਰਦਰਸ਼ੀ ਕਰਨਾ ਹੀ ‘ਸੁਰਤਿ ਮਤਿ ਮਨਿ ਬੁਧਿ’ ਨੂੰ ਘੜਨਾ ਹੈ। ਅੰਤਹਿਕਰਣ ’ਤੇ ‘ਜਨਮ ਜਨਮ ਕੀ ਮਲੁ’ ਰੂਪ ਪਰਤ ਚੜ੍ਹੀ ਹੁੰਦੀ ਹੈ, ਜੋ ਆਤਮ-ਪ੍ਰਕਾਸ਼ ਦਾ 100% ਚਾਨਣ ਬੁੱਧੀ ਤੱਕ ਨਹੀਂ ਜਾਣ ਦਿੰਦੀ। ਗੁਰੂ ਅਮਰਦਾਸ ਜੀ ਦਾ ਇਹ ਵਾਕ ਧਿਆਨ ਮੰਗਦਾ ਹੈ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧) ਇਸ ਵਾਕ ’ਚ ‘ਮਨ’ ਅਤੇ ‘ਮਲੁ’; ਦੋ ਵੱਖ ਵੱਖ ਸ਼ਕਤੀਆਂ ਹਨ, ਇੱਕ ਨਹੀਂ। ‘ਮਨ’ ਤੋਂ ਭਾਵ ਅੰਤਹਿਕਰਣ ਅਤੇ ‘ਮਲੁ’ ਤੋਂ ਭਾਵ ਬੰਦੇ ਦੁਆਰਾ ਕੀਤੇ ਕੰਮਾਂ ਦਾ ਫਲ਼, ਜਿਸ ਨੂੰ ਨਸੀਬ, ਭਾਗ, ਲੇਖਾ ਭੀ ਕਿਹਾ ਹੈ। ਗੁਰੂ ਨਾਨਕ ਸਾਹਿਬ ਜੀ ਇਸ ਰਾਜ਼ ਨੂੰ ਇਉਂ ਖੋਲ੍ਹਦੇ ਹਨ‘‘ਸਰਬ ਜੀਆ ਸਿਰਿ (’ਤੇ) ਲੇਖੁ ਧੁਰਾਹੂ; ਬਿਨੁ ਲੇਖੈ ਨਹੀ ਕੋਈ ਜੀਉ ਆਪਿ ਅਲੇਖੁ, ਕੁਦਰਤਿ ਕਰਿ ਦੇਖੈ; ਹੁਕਮਿ ਚਲਾਏ ਸੋਈ ਜੀਉ (ਮਹਲਾ /੫੯੮) ਅਰਥ : ਸਾਰਿਆਂ ਜੀਵਾਂ (ਜਿਵੇਂ ਕਿ ਅੰਡਜ, ਜੇਰਜ, ਸੇਤਜ, ਉਤਭੁਜ ਰੂਪ 4 ਖਾਣੀਆਂ ਹਨ) ਦੇ ਸਿਰ ’ਤੇ ਧੁਰ ਤੋਂ ਯਾਨੀ ਪੈਦਾਇਸ਼ ਤੋਂ ਨਸੀਬ ਰੂਪ ਲੇਖ ਲਿਖਿਆ ਹੁੰਦਾ ਹੈ। ਇਸ ਲੇਖ ਤੋਂ ਬਿਨਾਂ ਕੋਈ ਜੀਵ ਪੈਦਾ ਹੀ ਨਹੀਂ ਹੋਇਆ। ਰੱਬ; ਇਸ ਲੇਖੇ ਤੋਂ ਰਹਿਤ ਹੈ, ਪਰ ਆਪਣੇ ਹੁਕਮ ’ਚ (ਹਰ ਜੀਵ ਨੂੰ ਉਸ ਦੇ ਲੇਖ ਮੁਤਾਬਕ) ਕੁਦਰਤਿ ’ਚ ਪੈਦਾ ਕਰਦਾ ਹੈ ਤੇ ਉਸੇ ਲੇਖ ਮੁਤਾਬਕ ਚਲਾਉਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਹੀ ਇਹ ਬਚਨ ਹਨ ‘‘ਜਿਨਿ ਏਹਿ ਲਿਖੇ; ਤਿਸੁ ਸਿਰਿ ਨਾਹਿ .. ੧੯’’ (ਜਪੁ) ਯਾਨੀ ਜਿਸ ਰੱਬ ਨੇ (ਸਾਰੇ ਜੀਵਾਂ ਦੇ ਸਿਰ ’ਤੇ) ਇਹ ਲੇਖ ਲਿਖੇ ਹਨ ਉਸ ਦੇ ਆਪਣੇ ਸਿਰ ’ਤੇ ਕੋਈ ਲੇਖ ਨਹੀਂ। ਗੁਰੂ ਨਾਨਕ ਸਾਹਿਬ ਦੇ ਇਹ ਬਚਨ ਭੀ ਹਨ ‘‘ਮੇਰੇ ਸਾਹਿਬਾ ! ਹਉ ਆਪੇ ਭਰਮਿ ਭੁਲਾਣੀ ਅਖਰ ਲਿਖੇ ਸੇਈ ਗਾਵਾ; ਅਵਰ ਜਾਣਾ ਬਾਣੀ ਰਹਾਉ (ਮਹਲਾ /੧੧੭੧) ਧਿਆਨ ਰਹੇ ਕਿ ਇਹ ਬੇਨਤੀ ਰੂਪ ਬਚਨ; ਹਰ ਗੁਰਸਿੱਖ ਦੀ ਬੋਲੀ ਬਣਨ ਲਈ ਹਨ, ਨਾ ਕਿ ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਨੂੰ ਲੇਖੇ ਅਧੀਨ ਰੱਖਦੇ ਹਨ।

ਉਕਤ ਵਾਕ ’ਚ ‘‘ਅਖਰ ਲਿਖੇ ਸੇਈ ਗਾਵਾ’’ ਦਾ ਅਰਥ ਹੈ ‘ਜੋ ਲੇਖ ਮੇਰੇ ਸਿਰ ’ਤੇ ਲਿਖੇ ਹਨ ਮੈ ਉਨ੍ਹਾਂ ਮੁਤਾਬਕ ਹੀ ਇਸ ਜਨਮ ’ਚ ਚੱਲਦਾ ਪਿਆ ਹਾਂ’। ਲੇਖ ਦਾ ਇਹ ਨਤੀਜਾ ਨਿਕਲਿਆ ਕਿ ‘ਆਪੇ ਭਰਮਿ ਭੁਲਾਣੀ’ ਯਾਨੀ ਆਪਣੇ ਵੱਲੋਂ ਕੀਤੇ ਬੁਰੇ ਕੰਮਾਂ ਕਾਰਨ ਭਰਮ ’ਚ ਪੈ ਕੇ ਕੁਰਾਹੇ ਪੈ ਗਈ ਜਾਂ ਭਰਮ ਕਾਰਨ ਕੁਰਾਹੇ ਪਈ। ‘ਜਨਮ ਜਨਮ ਕੀ ਮਲੁ’ ਕਾਰਨ ‘ਦੂਜੈ ਭਾਇ’ ਉਪਜਿਆ ਤੇ ‘ਭਰਮਿ ਭੁਲਾਣੀ’ ਕੁਰਾਹੇ ਪਈ। ਭਾਈ ਗੁਰਦਾਸ ਜੀ ਦੇ ਸ਼ਬਦਾਂ ’ਚ ਇਹ ਧੁੰਦ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਮਿਟਾਇਆ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’) ਚਾਨਣੁ ਹੋਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੭) ਜੀਵਨ ਘਾੜਤ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਬਚਨਾਂ ਨਾਲ਼ ਹੁੰਦੀ ਹੈ ‘‘ਅੰਤਰਗਤਿ ਤੀਰਥਿ ਮਲਿ ਨਾਉ ’’ (ਜਪੁ) ਯਾਨੀ ਅੰਦਰਲੇ ਤੀਰਥ ’ਤੇ ਮਲ-ਮਲ ਕੇ ਇਸ਼ਨਾਨ ਕਰਨ ਨਾਲ਼ ‘ਸੁਰਤਿ, ਮਤਿ, ਮਨਿ ਬੁਧਿ’ ਘੜੇ ਜਾਂਦੇ ਹਨ। ਅੰਤਹਿਕਰਣ ਪਾਰਦਰਸ਼ੀ ਹੁੰਦਿਆਂ ਹੀ ਆਤਮ-ਪ੍ਰਕਾਸ਼; ਆਪਣਾ ਹੂਬਹੂ ਪ੍ਰਕਾਸ਼; ਬੌਧਿਕ ਗਿਆਨ ਵਜੋਂ ਪ੍ਰਗਟ ਕਰਦਾ ਹੈ ਯਾਨੀ ‘ਰੱਬ ਦੀ ਹੋਂਦ ਦਾ ਅਹਿਸਾਸ ਕਰਾਉਂਦਾ ਹੈ ‘‘ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ਆਤਮੁ ਚੀਨਿ੍; ਪਰਮ ਸੁਖੁ ਪਾਇਆ ’’ (ਮਹਲਾ /੩੭੫)

‘‘ਅੰਤਰਗਤਿ ਤੀਰਥਿ ਮਲਿ ਨਾਉ ॥’’ ਤੋਂ ਭਾਵ ਸਵੈ ਪੜਚੋਲ ਕਰਨਾ ਹੈ ਤਾਹੀਓਂ ‘ਮਨਿ ਬੁਧਿ’ ਸੰਯੁਕਤ ਸ਼ਬਦ ਵੀ ਸਵੈ ਪੜਚੋਲ ਲਈ ਪ੍ਰੇਰਿਤ ਕਰਦੀਆਂ ਪਉੜੀਆਂ ‘ਮੰਨੈ’ ਅਤੇ ‘ਸਰਮਖੰਡ’ ’ਚ ਸ਼ਾਮਲ ਕੀਤੇ ਹਨ। ਜਿਉਂ ਜਿਉਂ ਆਤਮ-ਪ੍ਰਕਾਸ਼ ਦਾ ਝਲਕਾਰਾ ਬੁੱਧੀ ਮਹਿਸੂਸ ਕਰਦੀ ਜਾਏਗੀ ਤਿਉਂ ਤਿਉਂ ਮਨ+ਬੁੱਧੀ ਦਾ ਸਾਂਝਾ ਗੁਣ ‘ਨਵੇਂ ਵਿਚਾਰ ਪੈਦਾ ਹੋਣੇ’ ਬਿਬੇਕ-ਸ਼ਕਤੀ ਬਣੇਗਾ। ਨਵੇਂ ਵਿਚਾਰਾਂ ਨੂੰ ਮਾਰਨ ਵਾਲ਼ੀ ਦੁਬਿਧਾ/ਭਰਮ ਦੀ ਜਗ੍ਹਾ ਦ੍ਰਿੜ੍ਹਤਾ ਸਹਿਯੋਗ ਕਰਨ ਲੱਗੇਗੀ। ਜਾਗਰੂਕ ਹੋਈ ਬੁੱਧੀ; ਪਰਉਪਕਾਰੀ, ਅਮਨਪਸੰਦ, ਸਾਂਝੀਵਾਲਤਾ, ਹੱਥੀਂ ਕਿਰਤ ਕਰਨ ਆਦਿ ਨੂੰ ਪਸੰਦ ਕਰਦੀ ਹੈ ਕਿਉਂਕਿ ਉਸ ਨੂੰ ਹਰ ਕੋਈ ਆਪਣੇ ਕਰਮਾਂ ਦਾ ਫਲ਼ ਭੋਗਦਾ/ ਰੱਬ ਦੇ ਹੁਕਮ ’ਚ ਚੱਲਦਾ, ਪ੍ਰਤੀਤ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਹੇਠਲੇ ਵਾਕ ਸਾਫ਼ ਕਰਦੇ ਹਨ ਕਿ ਆਤਮ-ਪ੍ਰਕਾਸ਼ ਹੀ ਬੌਧਿਕ ਗਿਆਨ ਬਣ ‘ਰੱਬ ਦਾ ਦਰਸ਼ਨ’ ਕਰਾਉਂਦਾ ਹੈ’, ਇਸ ਲਈ ਸਤਿਗੁਰੂ ਨੂੰ ਅਭੁੱਲ ਕਿਹਾ ਹੈ। ਉਨ੍ਹਾਂ ਨੂੰ ਜੋ ਰੱਬੀ ਨੂਰ ਮਹਿਸੂਸ ਹੋਇਆ ਉਸ ਵਿੱਚ ਗ਼ਲਤੀ ਦੀ ਸੰਭਾਵਨਾ ਨਾ ਬਚੀ :

(1). ਦਰਸਨੁ ਦੇਖਿ (ਕੇ) ਭਈ ਮਤਿ ਪੂਰੀ (ਮਹਲਾ /੨੨੪) ਭਾਵ ਜੋਤਿ ਸਰੂਪ ਰੱਬ ਨੂੰ ਅੰਦਰੋਂ ਮਹਿਸੂਸ ਕਰ ਬੁੱਧੀ ਪੂਰਨ ਹੋ ਗਈ, ਅਭੁੱਲ ਹੋ ਗਈ। ਉਪਦੇਸ਼ ਕਰਦਿਆਂ ਦੁਚਿੱਤੀ ਨਾ ਰਹੀ। ਬਿਬੇਕ ਵਿਚਾਰ ਵੀ ਪੈਦਾ ਹੋਏ ਤੇ ਉਨ੍ਹਾਂ ’ਤੇ ਦ੍ਰਿੜ੍ਹਤਾ ਵੀ ਬਣੀ। ਆਤਮ-ਪ੍ਰਕਾਸ਼; ਹੂਬਹੂ ਬੌਧਿਕ ਗਿਆਨ ਬਣ 19 ਸਾਲ ਪਹਿਲਾਂ ਸੰਨ 1521 ’ਚ ਭਵਿੱਖਬਾਣੀ ਕਰਾ ਗਿਆ ਕਿ ਮੁਗ਼ਲ ਹਿੰਦੋਸਤਾਨ ’ਤੇ ਹਮਲਾ ਕਰਨ ਸੰਮਤ 1578 ’ਚ ਆ ਰਹੇ ਹਨ ਤੇ ਸੰਮਤ 1597 (ਸੰਨ 1540) ’ਚ ਹਾਰ ਕੇ ਵਾਪਸ ਪਰਤਣਗੇ ‘‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ’’ (ਮਹਲਾ /੭੨੩) ਇਹ ਤਾਂ ਕੇਵਲ ਅਗਲੇ 19 ਕੁ ਸਾਲ ’ਚ ਵਾਪਰਨ ਵਾਲ਼ੀ ਘਟਨਾ ਬਾਰੇ ਜਾਣਕਾਰੀ ਸੀ, ਪਰ ਗੁਰੂ ਨਾਨਕ ਸਾਹਿਬ ਜੀ ਨੇ ਕੁਦਰਤਿ ਬਣਨ ਤੋਂ ਪਹਿਲਾਂ ਵੀ ‘ਰੱਬ/ਸਚੁ’ ਸੀ ਅਤੇ ਕੁਦਰਤਿ ਦੇ ਵਿਨਾਸ਼ ਉਪਰੰਤ ਵੀ ‘ਰੱਬ/ਸਚੁ’ ਰਹੇਗਾ, ਦੀ ਭਵਿੱਖਬਾਣੀ ਕਰ ਰੱਖੀ ਹੈ ‘‘ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ’’ (ਜਪੁ) ਐਸੀ ਸਮਝ ਕਿਸੇ ਸੰਸਾਰਕ ਬੰਦੇ ਨੂੰ ਨਹੀਂ ਹੋ ਸਕਦੀ ਭਾਵੇਂ ਕੋਈ ਆਪਣੇ ਆਪ ਨੂੰ ਕਿੰਨਾ ਵੀ ਤੱਤਬੇਤਾ (ਅਸਲੀਅਤ ਨੂੰ ਜਾਣਨ ਵਾਲ਼ਾ) ਸਮਝੀ ਜਾਵੇ, ਪਰ ਅਫ਼ਸੋਸ ਕਿ ਇਨ੍ਹਾਂ ਦੀ ਮਿਸਾਲ ਦੇ ਕੇ ਕੁੱਝ ਸਿੱਖ ਸਤਿਗੁਰੂ ਜੀ ਦੇ ਇਲਾਹੀ ਬਚਨਾਂ ਪ੍ਰਤੀ ਸੰਦੇਹ ਪੈਦਾ ਕਰਦੇ ਰਹਿੰਦੇ ਹਨ।

ਦੂਜੇ ਪਾਸੇ ਮਲ਼ੀਨ ਅੰਤਹਿਕਰਣ ਕਾਰਨ ਅੰਦਰ ਅਗਿਆਨ ਹੈ, ਜਿਸ ਨੂੰ ‘‘ਕੂੜੈ ਪਾਲਿ, ਹਉਮੈ ਭੀਤਿ ਕਰਾਰੀ’’ ਯਾਨੀ ਝੂਠ ਦੀ ਕੰਧ, ਅਹੰਕਾਰ ਰੂਪ ਸਖ਼ਤ ਪਰਦਾ ਕਿਹਾ ਹੈ। ਇਹ ਦਿਮਾਗ਼ ਨੂੰ ਆਤਮ-ਪ੍ਰਕਾਸ਼ ਦਾ ਅਹਿਸਾਸ ਨਹੀਂ ਹੋਣ ਦਿੰਦਾ ਤੇ ਬੰਦੇ ਦੀ ਮੱਤ/ਬੁੱਧੀ ਧੁੰਦਲ਼ੀ ਰਹਿੰਦੀ ਹੈ। ਕੁੱਝ ਵੀ ਸਪਸ਼ਟ ਨਹੀਂ ਹੁੰਦਾ। ਮਨ ’ਤੇ ਵਿਕਲਪ/ਦੁਬਿਧਾ ਭਾਰੂ ਹੁੰਦੀ ਹੈ; ਇਉਂ ਸਤਿਗੁਰੂ ਦੀ ਸਿੱਖਿਆ ’ਤੇ ਭਰੋਸਾ ਕਰਨਾ ਕਠਿਨ ਹੈ ‘‘ਅੰਤਰਿ ਅਗਿਆਨੁ; ਭਈ ਮਤਿ ਮਧਿਮ; ਸਤਿਗੁਰ ਕੀ ਪਰਤੀਤਿ ਨਾਹੀ ਅੰਦਰਿ ਕਪਟੁ; ਸਭੁ ਕਪਟੋ ਕਰਿ ਜਾਣੈ; ਕਪਟੇ ਖਪਹਿ ਖਪਾਹੀ ਸਤਿਗੁਰ ਕਾ ਭਾਣਾ ਚਿਤਿ (’) ਆਵੈ; ਆਪਣੈ ਸੁਆਇ ਫਿਰਾਹੀ ’’ (ਮਹਲਾ /੬੫੨) ਭਾਵ ਗੰਧਲ਼ੀ ਮੱਤ ਵਾਲ਼ਾ ਬੰਦਾ; ਗੁਰੂ ਉਪਦੇਸ਼ ਨੂੰ ਮਹੱਤਵ ਦੇਣ ਦੀ ਬਜਾਇ ਆਪਣੀ ਸੋਚ ਨੂੰ ਤਰਜੀਹ ਦਿੰਦਾ ਹੈ। ਆਪਣੇ ਸੁਭਾਅ ਅਨੁਸਾਰ ਵਿਚਰਦਾ ਹੈ। ਉਸ ਲਈ ਆਤਮ-ਪ੍ਰਕਾਸ਼; ਅੰਧ ਭਗਤੀ ਹੈ।

(2). ਗੁਰਬਾਣੀ ’ਚ ਰੱਬ ਦੇ ਦਰਸ਼ਨ ਨੂੰ ਭਰਮ/ਭੁਲੇਖੇ ਨਾਲ਼ ਤੁਲਨਾਤਿਕ ਵਿਚਾਰਿਆ ਗਿਆ ਹੈ। ਭਰਮ ’ਚ ਕੀਤਾ ਜਪ ਤਪ ਕਰਮਕਾਂਡ ਬਣਦਾ ਹੈ ‘‘ਰੋਗੁ ਭਰਮੁ ਭੇਦੁ; ਮਨਿ ਦੂਜਾ ਗੁਰ ਬਿਨੁ; ਭਰਮਿ ਜਪਹਿ ਜਪੁ ਦੂਜਾ ਆਦਿ ਪੁਰਖ ਗੁਰ ਦਰਸ ਦੇਖਹਿ ਵਿਣੁ ਗੁਰ ਸਬਦੈ; ਜਨਮੁ ਕਿ ਲੇਖਹਿ  ?’’ (ਮਹਲਾ /੪੧੬) ਅਰਥ : ਗੁਰੂ ਉਪਦੇਸ਼ ਬਿਨਾਂ ਮਨੁੱਖ ਸ੍ਰਿਸ਼ਟੀ ਦੇ ਮੂਲ ਪ੍ਰਭੂ ਦਾ ਦਰਸ਼ਨ ਨਹੀਂ ਕਰ ਸਕਦੇ (ਗੁਰ ਬਿਨੁ.. .. ਆਦਿ ਪੁਰਖ ਗੁਰ ਦਰਸ ਨ ਦੇਖਹਿ) ਹਿਰਦੇ ਅੰਦਰ (ਨਾਸਮਝੀ ਕਾਰਨ) ਭਰਮ, ਰੱਬ ਤੋਂ ਦੂਰੀ, ਹੋਰ ਦੀ ਪੂਜਾ ਰੂਪ ਰੋਗ ਪਨਪਦਾ ਹੈ (ਰੋਗੁ ਭਰਮੁ ਭੇਦੁ; ਮਨਿ ਦੂਜਾ)। ਭਰਮ ਵਿੱਚ ਹੋਰ ਦਾ ਜਾਪ ਕਰਦੇ ਹਨ, ਹੋਰ ਦਾ ਸਿਮਰਨ ਕਰਦੇ ਹਨ (ਭਰਮਿ ਜਪਹਿ ਜਪੁ ਦੂਜਾ) ਤਾਂ ਤੇ ਸੋਚਣਾ ਬਣਦਾ ਹੈ ਕਿ ਗੁਰੂ ਉਪਦੇਸ਼ ਤੋਂ ਬਿਨਾਂ ਕੀਮਤੀ ਮਨੁੱਖਾ ਜਨਮ ਕਿਸ ਲੇਖੇ ’ਚ ਹੈ ਯਾਨੀ ਕਿਸੇ ਲੇਖੇ ’ਚ ਨਹੀਂ (ਵਿਣੁ ਗੁਰ ਸਬਦੈ; ਜਨਮੁ ਕਿ ਲੇਖਹਿ ?)। ਲੋਕ; ਪਸ਼ੂਆਂ ਵਾਙ ਟੀਚਾ ਰਹਿਤ ਜੂਨ ਹੀ ਭੋਗ ਰਹੇ ਹਨ।

ਭਗਤ ਕਬੀਰ ਜੀ ਭੀ ਫ਼ੁਰਮਾ ਰਹੇ ਹਨ ਕਿ ਜਦ ਦਿਮਾਗ਼ੀ ਗਿਆਨ ਪ੍ਰਚੰਡ ਹੁੰਦਾ ਹੈ ਤਾਂ ਭਰਮ, ਭੁਲੇਖੇ ਮਿਟ ਜਾਂਦੇ ਹਨ ‘‘ਦੇਖੌ ਭਾਈ ! ਗੵਾਨ ਕੀ ਆਈ ਆਂਧੀ ਸਭੈ ਉਡਾਨੀ ਭ੍ਰਮ ਕੀ ਟਾਟੀ; ਰਹੈ ਮਾਇਆ ਬਾਂਧੀ ਰਹਾਉ ’’ (ਭਗਤ ਕਬੀਰ/੩੩੧)

ਸੋ ਭਰਮ; ਗੁਰੂ ਜੀ ਦੇ ਇਲਾਹੀ ਬੋਲਾਂ ’ਤੇ ਭਰੋਸਾ ਨਹੀਂ ਬਣਨ ਦਿੰਦਾ। ਇਸ ਭਰੋਸੇ ਨੂੰ ਬਣਾਏ ਰੱਖਣ ਲਈ ਨਿਤਨੇਮ ਬਣਾਇਆ ਗਿਆ ਹੈ। ਨਿਤਨੇਮ; ਰੱਬ ਅਤੇ ਸਤਿਗੁਰੂ ਨਾਲ਼ ਸੰਵਾਦ ਕਰਨਾ ਹੀ ਹੁੰਦਾ ਹੈ। ਇਹ ਸਿਮਰਨ ਹੈ, ਜਿਸ ਉਪਰੰਤ ਅਰਦਾਸ ’ਚ ਭਰੋਸਾ ਦਾਨ ਅਤੇ ਹੋਈਆਂ ਕੁਤਾਹੀਆਂ ਦੀ ਭੁੱਲ ਬਖ਼ਸ਼ਾਈ ਜਾਂਦੀ ਹੈ।

(3). ਰੱਬ ਦਾ ਦਰਸ਼ਨ; ਭਗਤੀ ਕਰਨ ਵਾਲ਼ੇ ਦਾ ਟੀਚਾ ਹੈ। ਜਦ ਤੱਕ ਇਹ ਟੀਚਾ ਹਾਸਲ ਨਹੀਂ ਹੁੰਦਾ ਉਹ ਬੇਚੈਨ ਰਹਿੰਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਹਨ :

ਜਬ ਲਗੁ ਦਰਸੁ ਨ ਪਰਸੈ ਪ੍ਰੀਤਮ (ਦਾ); ਤਬ ਲਗੁ ਭੂਖ ਪਿਆਸੀ ॥ ਦਰਸਨੁ ਦੇਖਤ ਹੀ ਮਨੁ ਮਾਨਿਆ; ਜਲ ਰਸਿ (ਨਾਲ਼ ਹਿਰਦਾ-) ਕਮਲ ਬਿਗਾਸੀ (ਖਿੜ ਗਿਆ)॥ (ਮਹਲਾ ੧/੧੧੯੭)

ਭਣਤਿ ਨਾਨਕੁ; ਅੰਦੇਸਾ ਏਹੀ ॥ ਬਿਨੁ ਦਰਸਨ; ਕੈਸੇ ਰਵਉ ਸਨੇਹੀ  ?॥ (ਮਹਲਾ ੧/੯੯੦)

ਅਰਥ : ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਇਹੀ ਚਿੰਤਾ ਹੈ ਕਿ ਰੱਬ ਦੇ ਦਰਸ਼ਨ ਤੋਂ ਬਿਨਾਂ ਕਿਵੇਂ ਪਿਆਰੇ-ਪ੍ਰਭੂ ਨੂੰ ਮਿਲਾਂ ?

ਨਾਨਕੁ ਸਾਚੁ ਕਹੈ ਬੇਨੰਤੀ; ਹਰਿ ਦਰਸਨਿ (ਨਾਲ਼) ਸੁਖੁ ਪਾਇਦਾ ॥ (ਮਹਲਾ ੧/੧੦੩੪)

ਆਵਹੁ ਸਜਣਾ ! ਹਉ ਦੇਖਾ ਦਰਸਨੁ ਤੇਰਾ ਰਾਮ ॥ ਘਰਿ ਆਪਨੜੈ ਖੜੀ ਤਕਾ; ਮੈ ਮਨਿ ਚਾਉ ਘਨੇਰਾ ਰਾਮ ॥ (ਮਹਲਾ ੧/੭੬੪)

ਅਰਥ : ਹੇ ਪਿਆਰੇ ਰਾਮ ਪ੍ਰਭੂ ਜੀ ! ਮੇਰੇ ਮਨ ਵਿੱਚ ਬੜੀ ਤਾਂਘ ਹੈ। ਮੈ ਆਪਣੇ ਹਿਰਦੇ-ਘਰ ਵਿੱਚ ਟਿਕ-ਟਿਕ ਕੇ ਤੁਹਾਨੂੰ ਉਡੀਕਦੀ ਹਾਂ ਤਾਂ ਜੋ ਤੇਰਾ ਦਰਸ਼ਨ ਕਰ ਸਕਾਂ।

ਭੋਜਨ ਗਿਆਨੁ; ਮਹਾ ਰਸੁ ਮੀਠਾ ॥ ਜਿਨਿ ਚਾਖਿਆ; ਤਿਨਿ ਦਰਸਨੁ ਡੀਠਾ ॥ (ਮਹਲਾ ੧/੧੦੩੨)

ਅਰਥ : (ਗੁਰੂ ਉਪਦੇਸ਼ ਨਾਲ਼ ਮਿਲਿਆ) ਰੱਬੀ ਗਿਆਨ-ਭੋਜਨ ਬੜਾ ਸੁਆਦਲਾ ਹੈ। ਜਿਸ ਨੇ ਇਹ ਮਾਣਿਆ ਉਸ ਨੇ ਰੱਬ ਦਾ ਦਰਸ਼ਨ ਕੀਤਾ ਹੈ।

ਕਿਆ ਮਾਗਉ ? ਕਿਆ ਕਹਿ ਸੁਣੀ (ਸੁਣਾਂ) ? ਮੈ (ਮੈਨੂੰ, ਰੱਬੀ) ਦਰਸਨ (ਦੀ) ਭੂਖ ਪਿਆਸਿ ਜੀਉ ॥ (ਮਹਲਾ ੧/੭੬੨)

ਨੋਟ : ਉਕਤ ਸਾਰੇ ਵਾਕਾਂ ’ਚ ਰੱਬੀ ਮਿਲਾਪ ਲਈ ਹਿਰਦੇ ’ਚ ਤਾਂਘ ਬਣਦੀ ਪ੍ਰਤੀਤ ਹੁੰਦੀ ਹੈ। ਇਹ ਅਵਸਥਾ ਤਦ ਬਣਦੀ ਹੈ ਜਦ ਬੌਧਿਕ ਗਿਆਨ ਨੂੰ ਆਤਮ-ਪ੍ਰਕਾਸ਼ ਦਾ ਅਹਿਸਾਸ ਹੋਣ ਲੱਗੇ। ਨਹੀਂ ਤਾਂ ਅਨੇਕਾਂ ਸਿੱਖ ਗੁਰਬਾਣੀ ਪੜ੍ਹਦੇ, ਸੁਣਦੇ ਹਨ, ਉਨ੍ਹਾਂ ਸਾਰਿਆਂ ਅੰਦਰ ਇਹ ਬੇਦਨਾ ਪ੍ਰਗਟ ਹੁੰਦੀ ਨਹੀਂ ਵੇਖੀ ਗਈ।

(4). ਗੁਰੂ ਨਾਨਕ ਸਾਹਿਬ ਜੀ ਨੇ ਵਾਰ-ਵਾਰ ਬਚਨ ਕੀਤਾ ਕਿ ਰੱਬ ਦਾ ਦਰਸ਼ਨ ਸਤਿਗੁਰੂ ਜੀ ਕਰਵਾਉਂਦੇ ਹਨ; ਜਿਵੇਂ ਕਿ

ਬਿਨੁ ਦਰਸਨ ਕੈਸੇ ਜੀਵਉ ? ਮੇਰੀ ਮਾਈ ! ॥ ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ; ਸਤਿਗੁਰਿ (ਨੇ) ਬੂਝ ਬੁਝਾਈ ॥੧॥ ਰਹਾਉ ॥ (ਮਹਲਾ ੧/੭੯੬

ਨਾਨਕ  ! ਹਉਮੈ ਸਬਦਿ (ਰਾਹੀਂ) ਜਲਾਇਆ ॥ ਸਤਿਗੁਰਿ (ਨੇ) ਸਾਚਾ ਦਰਸੁ ਦਿਖਾਇਆ ॥ (ਮਹਲਾ ੧/੧੧੮੯)

ਮੁਕਤਿ ਭਏ ਗੁਰਿ (ਨੇ) ਦਰਸੁ ਦਿਖਾਇਆ; ਜੁਗਿ ਜੁਗਿ ਭਗਤਿ ਸੁਭਾਵੀ ॥ (ਮਹਲਾ ੧/੧੨੫੫), ਇਸ ਲਈ ਹੀ ਬਾਕੀ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਅੰਦਰ ਸਤਿਗੁਰੂ ਦੇ ਦਰਸ਼ਨ ਨੂੰ ਵਧੇਰੇ ਤਰਜੀਹ ਦਿੱਤੀ ਹੈ; ਜਿਵੇਂ ਕਿ

. (ਗੁਰੂ ਅਮਰਦਾਸ ਜੀ) : ਗੁਰ ਕੈ ਦਰਸਨਿ (ਨਾਲ਼); ਮੁਕਤਿ ਗਤਿ ਹੋਇ ॥ ਸਾਚਾ ਆਪਿ; ਵਸੈ ਮਨਿ ਸੋਇ ॥੧॥ ਰਹਾਉ ॥ ਗੁਰ ਦਰਸਨਿ (ਨਾਲ਼); ਉਧਰੈ ਸੰਸਾਰਾ ॥ ਜੇ ਕੋ, ਲਾਏ ਭਾਉ ਪਿਆਰਾ ॥ ਭਾਉ ਪਿਆਰਾ ਲਾਏ; ਵਿਰਲਾ ਕੋਇ ॥ ਗੁਰ ਕੈ ਦਰਸਨਿ (ਨਾਲ਼); ਸਦਾ ਸੁਖੁ ਹੋਇ ॥੨॥ ਗੁਰ ਕੈ ਦਰਸਨਿ (ਨਾਲ਼); ਮੋਖ ਦੁਆਰੁ ॥ ਸਤਿਗੁਰੁ ਸੇਵੈ; ਪਰਵਾਰ ਸਾਧਾਰੁ ॥ ਨਿਗੁਰੇ ਕਉ, ਗਤਿ ਕਾਈ ਨਾਹੀ ॥ ਅਵਗਣਿ ਮੁਠੇ; ਚੋਟਾ ਖਾਹੀ ॥੩॥ ਗੁਰ ਕੈ ਸਬਦਿ (ਰਾਹੀਂ); ਸੁਖੁ ਸਾਂਤਿ ਸਰੀਰ ॥ ਗੁਰਮੁਖਿ, ਤਾ ਕਉ ਲਗੈ ਨ ਪੀਰ ॥ ਜਮਕਾਲੁ, ਤਿਸੁ ਨੇੜਿ ਨ ਆਵੈ ॥ ਨਾਨਕ  ! ਗੁਰਮੁਖਿ ਸਾਚਿ (’ਚ) ਸਮਾਵੈ ॥੪॥ (ਮਹਲਾ ੩/੩੬੧)

ਸਤਿਗੁਰ ਨੋ ਸਭੁ ਕੋ ਵੇਖਦਾ; ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ; ਜਿਚਰੁ ਸਬਦਿ ਨ ਕਰੇ ਵੀਚਾਰੁ ॥…. ਨਾਨਕ  ! ਇਕਿ ਦਰਸਨੁ ਦੇਖਿ (ਕੇ) ਮਰਿ ਮਿਲੇ; ਸਤਿਗੁਰ (ਦੇ) ਹੇਤਿ+ਪਿਆਰਿ (ਨਾਲ਼) ॥ (ਮਹਲਾ ੩/੫੯੪)

ਸਤਿਗੁਰ ਕਾ ਦਰਸਨੁ ਸਫਲੁ ਹੈ; ਜੇਹਾ ਕੋ ਇਛੇ; ਤੇਹਾ ਫਲੁ ਪਾਏ ॥ (ਮਹਲਾ ੩/੮੫੦)

ਅਰਥ : ਸਤਿਗੁਰੂ ਦਾ ਦਰਸ਼ਨ ਸਫਲ ਕਰਨ ਵਾਲ਼ਾ ਹੈ, ਪਰ ਜੈਸੀ ਭਾਵਨਾ ਨਾਲ਼ ਕੋਈ ਗੁਰੂ ਨੂੰ ਮਿਲਦਾ ਹੈ, ਵੈਸਾ ਹੀ ਫਲ਼ ਪਾਉਂਦਾ ਹੈ।

. (ਗੁਰੂ ਰਾਮਦਾਸ ਜੀ) : ਗੁਰ ਦਰਸੁ ਪਾਇਆ, ਅਗਿਆਨੁ ਗਵਾਇਆ; ਅੰਤਰਿ ਜੋਤਿ ਪ੍ਰਗਾਸੀ ॥ (ਮਹਲਾ ੪/੧੧੧੬)

ਮੇਰੈ ਮਨਿ (’ਚ) ਬੈਰਾਗੁ ਭਇਆ ਬੈਰਾਗੀ; ਮਿਲਿ ਗੁਰ ਦਰਸਨਿ (ਰਾਹੀਂ) ਸੁਖੁ ਪਾਏ ॥ (ਮਹਲਾ ੪/੫੭੨)

ਵਡਭਾਗੀ ਗੁਰ ਦਰਸਨੁ ਪਾਇਆ; ਧਨੁ ਧਨੁ ਸਤਿਗੁਰੂ ਹਮਾਰਾ ॥ (ਮਹਲਾ ੪/੫੭੨)

ਵਡਭਾਗੀ ਗੁਰ ਦਰਸਨੁ ਪਾਇਆ; ਗੁਰਿ ਮਿਲਿਐ ਹਰਿ ਪ੍ਰਭੁ ਜਾਤਾ (ਜਾਣਿਆ) ॥ (ਮਹਲਾ ੪/੯੮੪)

ਸਤਿਗੁਰ ਕਾ ਦਰਸਨੁ ਸਫਲੁ ਹੈ; ਜੋ ਇਛੈ, ਸੋ ਫਲੁ ਪਾਇ ॥ (ਮਹਲਾ ੪/੧੪੨੨)

ਅਰਥ : ਸਤਿਗੁਰੂ ਦਾ ਦਰਸ਼ਨ ਸਫਲ ਕਰਨ ਵਾਲ਼ਾ ਹੈ, ਪਰ ਜੈਸੀ ਭਾਵਨਾ ਨਾਲ਼ ਕੋਈ ਗੁਰੂ ਨੂੰ ਮਿਲਦਾ ਹੈ, ਵੈਸਾ ਹੀ ਫਲ਼ ਪਾਉਂਦਾ ਹੈ।

. (ਗੁਰੂ ਅਰਜਨ ਸਾਹਿਬ) : ਹਉ ਘੋਲੀ ਜੀਉ ਘੋਲਿ ਘੁਮਾਈ; ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥ (ਮਹਲਾ ੫/੯੬)

ਮਨੁ ਤਨੁ ਸੀਤਲੁ ਗੁਰ ਦਰਸ ਦੇਖੇ; ਨਾਨਕ ਨਾਮੁ ਅਧਾਰਾ ॥ (ਮਹਲਾ ੫/੧੨੩੫)

ਮੇਰਾ ਮਨੁ ਲੋਚੈ; ਗੁਰ ਦਰਸਨ ਤਾਈ (ਲਈ)॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ ਤ੍ਰਿਖਾ ਨ ਉਤਰੈ; ਸਾਂਤਿ ਨ ਆਵੈ; ਬਿਨੁ ਦਰਸਨ ਸੰਤ ਪਿਆਰੇ ਜੀਉ ॥ (ਮਹਲਾ ੫/੯੬)

ਸਤਿਗੁਰ ਦਰਸਨਿ (ਰਾਹੀਂ) ਅਗਨਿ ਨਿਵਾਰੀ ॥ ਸਤਿਗੁਰ ਭੇਟਤ ਹਉਮੈ ਮਾਰੀ ॥ ਸਤਿਗੁਰ ਸੰਗਿ; ਨਾਹੀ ਮਨੁ ਡੋਲੈ ॥ ਅੰਮ੍ਰਿਤ ਬਾਣੀ ਗੁਰਮੁਖਿ ਬੋਲੈ ॥ (ਮਹਲਾ ੫/੧੮੩)

ਜਨਮ ਮਰਣ ਕੀ ਮਲੁ ਕਟੀਐ; ਗੁਰ ਦਰਸਨੁ ਦੇਖਿ ਨਿਹਾਲ ॥ (ਮਹਲਾ ੫/੪੫)

ਗੁਰ ਦਰਸਨੁ ਦੇਖਿ ਮਨਿ (’ਚ) ਹੋਇ ਬਿਗਾਸੁ ॥ (ਸੁਖਮਨੀ/ਮਹਲਾ ੫/੨੮)

ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ; ਗੁਰ ਦਰਸਨੁ ਦੇਖਿ ਨਿਹਾਲੀ (ਪ੍ਰਸੰਨ ਚਿੱਤ)॥ (ਮਹਲਾ ੫/੯੬੪)

ਨੈਨੀ ਦੇਖਉ ਗੁਰ ਦਰਸਨੋ; ਗੁਰ ਚਰਣੀ ਮਥਾ ॥ (ਮਹਲਾ ੫/੧੧੦੧)

ਜਿਨ੍ਹਾਂ ਵੱਡੇ ਭਾਗਾਂ ਵਾਲ਼ੇ ਗੁਰੂ ਪਿਆਰਿਆਂ ਨੇ ਸਤਿਗੁਰੂ ਦੀ ਸ਼ਰਨ ਲੈ ਕੇ ਰੱਬ ਦਾ ਦਰਸ਼ਨ ਕਰ ਲਿਆ, ਉਨ੍ਹਾਂ ਨੂੰ ਰੱਬ ਖ਼ੁਦ ਇਉਂ ਬੋਲਦਾ ਪ੍ਰਤੀਤ ਹੋਇਆ :

ਸਭਿ ਘਟ ਮੇਰੇ, ਹਉ ਸਭਨਾ ਅੰਦਰਿ; ਜਿਸਹਿ ਖੁਆਈ, ਤਿਸੁ ਕਉਣੁ ਕਹੈ ॥ ਜਿਸਹਿ ਦਿਖਾਲਾ ਵਾਟੜੀ; ਤਿਸਹਿ ਭੁਲਾਵੈ ਕਉਣੁ ॥ ਜਿਸਹਿ ਭੁਲਾਈ ਪੰਧ ਸਿਰਿ; ਤਿਸਹਿ ਦਿਖਾਵੈ ਕਉਣੁ ॥ (ਮਹਲਾ ੧/੯੫੨)

ਅਰਥ : (ਰੱਬ ਜੀ ਆਖਦੇ ਹਨ ਕਿ) ਸਾਰੇ ਸਰੀਰ ਮੇਰੇ ਆਪਣੇ ਹਨ ਕਿਉਂਕਿ ਮੈ ਸਾਰਿਆਂ ਅੰਦਰ ਹਾਂ। ਜਿਸ ਨੂੰ ਮੈ ਕੁਰਾਹੇ ਪਾਵਾਂ ਉਸ ਨੂੰ ਸਹੀ ਮਾਰਗ ਬਾਰੇ ਕੌਣ ਸਮਝਾ ਸਕਦਾ ਹੈ ? ਜਿਸ ਨੂੰ ਮੈ ਸਹੀ ਰਾਹ ’ਤੇ ਪਾਵਾਂ ਉਸ ਨੂੰ ਕੁਰਾਹੇ ਕੌਣ ਪਾ ਸਕਦਾ ਹੈ ? ਜਿਸ ਨੂੰ ਜ਼ਿੰਦਗੀ ਦੇ ਆਰੰਭ ’ਚ ਹੀ ਗ਼ਲਤ ਰਾਹ ਪਾਵਾਂ ਉਸ ਨੂੰ ਸਹੀ ਰਾਹ ਕੌਣ ਵਿਖਾ ਸਕਦਾ ਹੈ ?

ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ (ਭਗਤ ਨਾਮਦੇਵ/੬੯੪)

ਅਰਥ : (ਰੱਬ ਜੀ ਆਖ ਰਹੇ ਹਨ ਕਿ) ਮੇਰੇ ਬੂਹੇ ’ਤੇ ਪੂਕਾਰ ਕਰਨ ਵਾਲ਼ਾ ਤੂੰ ਕੌਣ ਹੈ ? ਜਵਾਬ ’ਚ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਮੈ ਜੀ ਤੇਰਾ ਸੇਵਕ ਨਾਮਦੇਵ ਹਾਂ।

ਮੇਰੀ ਬਾਂਧੀ ਭਗਤੁ ਛਡਾਵੈ; ਬਾਂਧੈ ਭਗਤੁ, ਨ ਛੂਟੈ ਮੋਹਿ ॥ ਏਕ ਸਮੈ ਮੋ ਕਉ ਗਹਿ ਬਾਂਧੈ; ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥ (ਭਗਤ ਨਾਮਦੇਵ/੧੨੫੩)

ਅਰਥ : (ਰੱਬ ਜੀ ਕਹਿ ਰਹੇ ਹਨ ਕਿ) ਮੇਰੇ ਦੁਆਰਾ ਪਾਈ ਮੋਹ ਰੂਪ ਜ਼ੰਜੀਰ ਨੂੰ ਮੇਰਾ ਭਗਤ (ਭਗਤੀ ਕਰ ਕਰ) ਖੋਲ੍ਹ ਲੈਂਦਾ ਹੈ ਪਰ ਜਦ ਉਹ ਮੈਨੂੰ ਆਪਣੇ ਪ੍ਰੇਮ-ਜਾਲ ’ਚ ਫਸਾ ਲੈਂਦਾ ਹੈ ਤਾਂ ਮੈਥੋਂ ਇਹ ਪਕੜ ਛਡਾਈ ਨਹੀਂ ਜਾਂਦੀ। ਇੱਕ ਵਾਰ ਜਦ ਉਹ ਚੰਗੀ ਤਰ੍ਹਾਂ ਪਕੜ ਲਵੇ ਤਾਂ ਮੁੜ ਮੈਥੋਂ ਮਨ੍ਹਾ ਵੀ ਨਹੀਂ ਕੀਤਾ ਜਾਂਦਾ (ਕਿ ਤੂੰ ਮੈਨੂੰ ਨਾ ਪਕੜ)।

ਦਾਸ ਅਨਿੰਨ; ਮੇਰੋ ਨਿਜ ਰੂਪ ॥ (ਭਗਤ ਨਾਮਦੇਵ/੧੨੫੨)

ਅਰਥ : (ਰੱਬ ਜੀ ਆਖਦੇ ਹਨ ਕਿ ਮੇਰਾ) ਦਾਸ ਮੇਰਾ ਆਪਣਾ ਰੂਪ ਹੈ। ਉਹ ਮੇਰੇ ਬਿਨਾਂ ਕਿਸੇ ਹੋਰ ਨੂੰ ਪਿਆਰ ਨਹੀਂ ਕਰਦਾ।

ਕਹਹਿ ਤ; ਧਰਣਿ ਇਕੋਡੀ ਕਰਉ ॥ ਕਹਹਿ ਤ; ਲੇ ਕਰਿ ਊਪਰਿ ਧਰਉ ॥੧੭॥ ਕਹਹਿ ਤ; ਮੁਈ ਗਊ ਦੇਉ ਜੀਆਇ ॥ ਸਭੁ ਕੋਈ ਦੇਖੈ ਪਤੀਆਇ ॥੧੮॥ (ਭਗਤ ਨਾਮਦੇਵ/੧੧੬੬)

ਅਰਥ : (ਰੱਬ ਜੀ ਆਖਦੇ ਹਨ ਕਿ ਹੇ ਮੇਰੇ ਭਗਤ ਨਾਮਦੇਵ ਜੀ !) ਜੇ ਤੂੰ ਕਹੇਂ ਤਾਂ ਮੈ ਧਰਤੀ ਨੂੰ ਉਲ਼ਟਾ ਸਕਦਾ ਹਾਂ। ਜੇ ਕਹੇਂ ਤਾਂ ਉਤਾਂਹ ਟੰਗ ਦਿਆਂ ? (ਮਰੀ ਗਾਂ ਜਿਊਂਦੀ ਕਰਨੀ ਤਾਂ ਕੁੱਝ ਭੀ ਮੁਸ਼ਕਲ ਨਹੀਂ) ਜੇ ਕਹੇਂ ਮਰੀ ਗਾਂ ਜਿਊਂਦੀ ਕਰ ਦਿਆਂ ਤਾਂ ਜੋ ਹਰ ਕੋਈ ਤਸੱਲੀ ਕਰ ਵੇਖੇ (ਕਿ ਤੂੰ ਮੇਰਾ ਭਗਤ ਹੈਂ) ?

ਆਪੁ ਸਵਾਰਹਿ; ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ ॥ ਫਰੀਦਾ  ! ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ॥੯੫॥ (ਬਾਬਾ ਫਰੀਦ/੧੩੮੨)

ਅਰਥ : (ਰੱਬ ਜੀ ਆਖਦੇ ਹਨ ਕਿ) ਹੇ ਫ਼ਰੀਦ ਜੀ ! ਜੇ ਤੂੰ ਆਪਣੇ ਆਪ ਨੂੰ ਸੰਵਾਰ ਲਏਂ (ਅੰਤਹਿਕਰਣ ਪਾਰਦਰਸ਼ੀ ਕਰ ਲਵੇਂ ਤਾਂ) ਮੈਨੂੰ ਮਿਲ ਸਕਦਾ ਹੈਂ (ਯਾਨੀ ਆਤਮ-ਪ੍ਰਕਾਸ਼; ਬੋਧਿਕ ਗਿਆਨ ਬਣ ਮੈਨੂੰ ਮਹਿਸੂਸ ਕਰ ਸਕਦਾ ਹੈ) ਮੈਨੂੰ ਮਿਲਣ ਨਾਲ਼ ਅਨੰਦ ਮਿਲੇਗਾ। ਜੇ ਤੂੰ ਕੇਵਲ ਮੇਰਾ ਸੇਵਕ ਬਣਿਆ ਰਹੇਂ ਤਾਂ ਸਾਰਾ ਸੰਸਾਰ ਤੇਰੀ ਇੱਜ਼ਤ ਕਰੇਗਾ। ਗੁਰੂ ਨਾਨਕ ਸਾਹਿਬ ਜੀ ਦੇ ਇਸ ਸੰਬੰਧ ’ਚ ਬਚਨ ਹਨ ‘‘ਮਨਿ ਜੀਤੈ ਜਗੁ ਜੀਤੁ ’’ (ਜਪੁ), ਗੁਰੂ ਅਮਰਦਾਸ ਜੀ ਦੇ ਇਹ ਬਚਨ ਹਨ ‘‘ਜਿਨ ਗੁਰ ਪਰਸਾਦੀ ਮਨੁ ਜੀਤਿਆ; ਜਗੁ ਤਿਨਹਿ ਜਿਤਾਨਾ (ਉਨ੍ਹਾਂ ਨੇ ਜਗ ਜਿੱਤਿਆ) (ਮਹਲਾ /੧੦੮੯), ਭਗਤ ਕਬੀਰ ਜੀ ਦੇ ਬਚਨ ਹਨ ‘‘ਮਨੁ ਜੀਤੇ ਜਗੁ ਜੀਤਿਆ..’’ (ਭਗਤ ਕਬੀਰ/੧੧੦੩) ਯਾਨੀ ਅੰਤਹਿਕਰਣ ਨੂੰ ਪਾਰਦਰਸ਼ੀ ਕਰਨ ਨਾਲ਼ ਆਤਮ-ਪ੍ਰਕਾਸ਼ ਨੇ ਹੂਬਹੂ ਪ੍ਰਕਾਸ਼ ਬੁੱਧੀ ’ਚ ਕੀਤਾ ਅਤੇ ਰੱਬ ਦਾ ਦਰਸ਼ਨ ਹੋਇਆ, ਜਿਸ ਕਾਰਨ ਮਨੁੱਖਤਾ ਨੇ ਭਲਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ।

ਕੁੱਝ ਬੰਦਿਆਂ ਦਾ ਇਹ ਤਰਕ ਹੁੰਦਾ ਹੈ ਕਿ ਸੰਸਾਰ ਵਿੱਚ ਕਈ ਨਾਸਤਿਕ ਬੰਦੇ, ਜੋ ਰੱਬ ’ਤੇ ਭਰੋਸਾ ਨਹੀਂ ਰੱਖਦੇ, ਬੜੇ ਦੁਰਲੱਭ ਕੰਮ ਕਰ ਜਾਂਦੇ ਹਨ ਉਨ੍ਹਾਂ ਨੂੰ ਐਨਾ ਬੌਧਿਕ ਗਿਆਨ ਕਿਵੇਂ ਹੁੰਦਾ ਹੈ ? ਜਵਾਬ (ੳ). ਉਕਤ ਵਾਕਾਂ ’ਚ ਸਾਫ਼ ਹੈ ਕਿ ਰੱਬ ਜਿਸ ਬੰਦੇ ਤੋਂ ਜੋ ਕਰਵਾਉਣਾ ਚਾਹੇ ਉਸ ਨੂੰ ਵਿਸ਼ੇਸ਼ ਸਮਝ ਬਖ਼ਸ਼ ਦਿੰਦਾ ਹੈ। ਮਿਸਾਲ ਵਜੋਂ ਐਲਬਰਟ ਆਇਨਸਟਾਈਨ (Albert Einstein) ਦਾ ਦਿਮਾਗ਼, ਜੋ ਵਜ਼ਨ ’ਚ ਘੱਟ ਯਾਨੀ 1230 ਗ੍ਰਾਮ ਹੀ ਸੀ ਪਰ ਉਸ ਅੰਦਰ ਖ਼ਾਸ ਸ਼ਕਤੀ ਪੈਦਾਇਸ਼ ਤੋਂ ਸੀ। ਆਮ ਦਿਮਾਗ਼ ਦਾ ਵਜ਼ਨ 1400 ਗ੍ਰਾਮ ਹੁੰਦਾ ਹੈ। (2). ਐਸੇ ਖੋਜੀਆਂ ’ਚੋਂ ਕਈ ਰੱਬ ਦੀ ਹੋਂਦ ਤੋਂ ਇਨਕਾਰੀ ਨਹੀਂ ਹੁੰਦੇ ਭਾਵੇਂ ਕਿ ਉਹ ਆਪਣੀ ਭਗਤੀ ਭਾਵਨਾ ਜ਼ਾਹਰ ਨਹੀਂ ਕਰਦੇ ਭਾਵ ਆਤਮ-ਪ੍ਰਕਾਸ਼ ’ਚੋਂ ਉਨ੍ਹਾਂ ਨੇ ਭੀ ਸਮਝ ਵਧਾਈ ਹੋ ਸਕਦੀ ਹੈ, ਜਿਸ ਦਾ ਹਰ ਇੱਕ ਨੂੰ ਪਤਾ ਨਹੀਂ ਹੁੰਦਾ।

ਜ਼ਰੂਰੀ ਬੇਨਤੀ

ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਪੜਨ ਉਪਰੰਤ ਲਾਇਕ ਤੇ ਸ਼ੇਅਰ ਕਰਨਾ ਜੀ।

ਸੁਝਾਅ ਦੇਣ ਲਈ ਹੇਠਾਂ ਟਿੱਪਣੀ ਕਰਨ ਦੀ ਸੁਵਿਧਾ ਦਿੱਤੀ ਗਈ ਹੈ।

ਜਥੇਦਾਰ ਅਕਾਲ ਤਖ਼ਤ ਨੂੰ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇਣਾ ਚਾਹੀਦੈ

0

ਜਥੇਦਾਰ ਅਕਾਲ ਤਖ਼ਤ ਨੂੰ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇਣਾ ਚਾਹੀਦੈ

ਕਿਰਪਾਲ ਸਿੰਘ ਬਠਿੰਡਾ

ਸ੍ਰੋਮਣੀ ਅਕਾਲੀ ਦਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ; ਤਿੰਨੇ ਹੀ ਪੰਥ ਦੀਆਂ ਸਿਰਮੌਰ ਅਤੇ ਸ਼ਾਨਾਮਤੀ ਸੰਸਥਾਵਾਂ ਹਨ, ਪਰ ਸੰਨ 1998 ਤੋਂ ਯਾਨੀ ਕਿ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਤਾਕਤਵਰ ਨੇਤਾ ਬਣ ਕੇ ਇਨ੍ਹਾਂ ਸੰਸਥਾਵਾਂ ਨੂੰ ਆਪਣੇ ਸਿਆਸੀ ਅਤੇ ਪਰਵਾਰਕ ਹਿੱਤਾਂ ਲਈ ਵਰਤਣਾ ਸ਼ੁਰੂ ਕੀਤਾ ਓਦੋਂ ਤੋਂ ਇਨ੍ਹਾਂ ਵਿੱਚ ਲਗਾਤਾਰ ਨਿਘਾਰ ਆਉਣਾ ਸ਼ੁਰੂ ਹੋਇਆ। ਅੱਜ ਹਾਲਤ ਇਹ ਹੈ ਕਿ ਇਹ ਤਿੰਨੇ ਸਿਰਮੌਰ ਸੰਸਥਾਵਾਂ ਕੱਖੋਂ ਹੌਲ਼ੀਆਂ ਹਨ। ਇਸ ਦੇ ਅਸਲ ਦੋਸ਼ੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤਾਂ ਹੈ ਹੀ ਹਨ, ਪਰ ਘੱਟ ਦੋਸ਼ੀ ਸ੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਵੀ ਨਹੀਂ; ਜਿਨ੍ਹਾਂ ਨੇ ਪੰਥਕ ਜ਼ਿੰਮੇਵਾਰੀਆਂ ਨਿਭਾਉਣ ਦੀ ਥਾਂ ਬਾਦਲ ਪਰਵਾਰ ਦੇ ਹੱਥਾਂ ਦੇ ਖਿਡੌਣੇ ਬਣ ਕੇ ਪੰਥਕ ਮਰਿਆਦਾਵਾਂ ਅਤੇ ਸਾਡੇ ਮਾਨ ਸਨਮਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ। ਜਦੋਂ ਵਿਵਾਦਾਂ ’ਚ ਘਿਰੇ ਗਿਆਨੀ ਗੁਰਬਚਨ ਸਿੰਘ ਦਾ ਅਸਤੀਫ਼ਾ ਮਨਜੂਰ ਕਰਕੇ 22 ਅਕਤੂਬਰ 2018 ਨੂੰ ਸ੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਸੀ ਤਾਂ ਉਸ ਸਮੇਂ ਇਸ ਲੇਖਕ ਨੇ ਨਵੇਂ ਜਥੇਦਾਰ ਜੀ ਨੂੰ ਈ-ਮੇਲ ਰਾਹੀਂ ਪੱਤਰ ਲਿਖ ਕੇ ਅਤੇ ਨਿਜੀ ਹੈਸੀਅਤ ’ਚ ਮਿਲ ਕੇ ਸਲਾਹ ਦਿੱਤੀ ਸੀ ਕਿ ਜੇ ਤੁਸੀਂ ਬਾਦਲ (ਬਾਪ ਬੇਟਾ) ਜਿਨ੍ਹਾਂ ਨੇ ਤਖ਼ਤ ਸਾਹਿਬਾਨਾਂ ਦੇ ਸਤਿਕਾਰਤ ਜਥੇਦਾਰਾਂ ਨੂੰ ਆਪਣੀ ਕੋਠੀ ਚੰਡੀਗੜ੍ਹ ਸੱਦ ਕੇ ਸੌਦਾ ਸਾਧ ਨੂੰ ਮਾਫ਼ੀ ਦੇਣ ਦਾ ਹੁਕਮ ਦਿੱਤਾ; ਨੂੰ ਅਕਾਲ ਤਖ਼ਤ ਸਾਹਿਬ ਵਿਖੇ ਸੱਦ ਕੇ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਅਤੇ ਮਾਨ ਮਰਿਆਦਾ ਨੂੰ ਢਾਹ ਲਾਉਣ ਅਤੇ ਸਿਆਸੀ ਹਿੱਤਾਂ ਲਈ ਵਰਤਣ ਦੇ ਦੋਸ਼ ਹੇਠ ਉਨ੍ਹਾਂ ਦੇ ਅਹੁੱਦਿਆਂ ਤੋਂ ਅਸਤੀਫ਼ਾ ਲੈਣ, ਪੰਥਕ ਰਵਾਇਤਾਂ ਅਨੁਸਾਰ ਯੋਗ ਤਨਖ਼ਾਹ ਲਾਉਣ; ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ‘ਫ਼ਖ਼ਰ-ਏ-ਕੌਮ ਪੰਥ ਰਤਨ’ ਅਵਾਰਡ ਵਾਪਸ ਲੈਣ ਦੇ ਨਾਲ ਨਾਲ ਬਾਦਲਾਂ ਦੇ ਗ਼ੈਰ ਸਿਧਾਂਤਕ ਹੁਕਮਾਂ ਦੀ ਤਾਮੀਲ ਕਰਦੇ ਹੋਏ ਸੌਦਾ ਸਾਧ ਨੂੰ ਮਾਫ਼ ਕਰਨ ਵਾਲ਼ਾ ਹੁਕਮਨਾਮਾ ਜਾਰੀ ਕਰਨ ਵਾਲੇ ਪੰਜੇ ਜਥੇਦਾਰਾਂ ਨੂੰ ਤਨਖਾਹੀਆ ਐਲਾਨ ਦੇਵੋ ਤਾਂ ਸਿੱਖ ਇਤਿਹਾਸ ’ਚ ਤੁਸੀਂ ਦੂਸਰੇ ਅਕਾਲੀ ਫੂਲਾ ਸਿੰਘ ਵਜੋਂ ਜਾਣੇ ਜਾਵੋਗਾ ਪਰ ਜੇ ਨਾ ਕਰ ਸਕੇ ਅਤੇ ਅੱਗੋਂ ਤੋਂ ਵੀ ਇਨ੍ਹਾਂ ਸਿਆਸੀ ਆਗੂਆਂ ਦੀਆ ਹਿਦਾਇਤਾਂ ਅਨੁਸਾਰ ਕੰਮ ਕਰਦੇ ਰਹੇ ਤਾਂ ਤੁਹਾਡੀ ਹਾਲਤ ਤੁਹਾਥੋਂ ਪਹਿਲੇ ਜਥੇਦਾਰਾਂ ਖਾਸ ਕਰਕੇ ਗਿਆਨੀ ਗੁਰਬਚਨ ਸਿੰਘ ਵਰਗੀ ਹੋਵੇਗੀ।

ਜਿਸ ਤਰ੍ਹਾਂ ਬਾਦਲ ਪਰਵਾਰ ਨੇ ਪੰਥ ਦੀਆਂ ਸਿਰਮੌਰ ਸੰਸਥਾਵਾਂ ’ਤੇ ਆਪਣੀ ਪਕੜ ਬਣਾਈ ਹੋਈ ਹੈ ਤੇ ਉਨ੍ਹਾਂ ਦੇ ਹੁਕਮਾਂ ਤੋਂ ਇਨਕਾਰੀ ਹੋਣ ਵਾਲੇ ਜਥੇਦਾਰਾਂ ਨੂੰ ਰਾਤੋ ਰਾਤ ਚੱਲਦਾ ਕੀਤਾ ਜਾਂਦੈ ਉਨ੍ਹਾਂ ਨੂੰ ਵੇਖ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਲਈ ਲੇਖਕ ਦੀ ਸਲਾਹ ਮੰਨਣੀ ਬੜੀ ਔਖੀ ਸੀ, ਪਰ ਜਥੇਦਾਰ ਅਕਾਲੀ ਫੂਲਾ ਸਿੰਘ ਵਾਲਾ ਸਥਾਨ ਹਾਸਲ ਕਰਨਾ ਵੀ ਕੋਈ ਅਸਾਨ ਕੰਮ ਨਹੀਂ ਹੈ। ਇਹ ਰੁਤਬਾ ਕੇਵਲ ਨਿਯੁਕਤੀ ਦੇ ਆਧਾਰ ’ਤੇ ਜਣੇ ਖਣੇ ਨੂੰ ਨਹੀਂ ਮਿਲ ਸਕਦਾ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੁਰੂ ਸ਼ੁਰੂ ’ਚ ਆਮ ਲੋਕਾਂ ਨੂੰ ਪ੍ਰਭਾਵਤ ਕਰਨ ਵਾਲੇ ਕੁਝ ਚੰਗੇ ਬਿਆਨ ਵੀ ਦਿੱਤੇ, ਜਿਨ੍ਹਾਂ ਤੋਂ ਲੱਗਦਾ ਸੀ ਕਿ ਉਹ ਆਪਣੇ ਤੋਂ ਪਹਿਲੇ ਜਥੇਦਾਰਾਂ ਤੋਂ ਕੁਝ ਵੱਖਰਾ ਕਰਨਗੇ ਪਰ ਜਿਉਂ ਜਿਉਂ ਸਮਾਂ ਲੰਘਦਾ ਗਿਆ ਤਾਂ ਪ੍ਰਤੀਤ ਹੋਣ ਲੱਗਾ ਕਿ ਇਹ ਬਿਆਨ ਕੇਵਲ ਬਿਆਨਾਂ ਤੱਕ ਹੀ ਸੀਮਤ ਹਨ ਜਦੋਂ ਕਿ ਕਾਰਜਸ਼ੈਲੀ ਪਹਿਲੇ ਜਥੇਦਾਰਾਂ ਤੋਂ ਵੱਖਰੀ ਨਹੀਂ। ਅਸਲ ’ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਗੁਰਬਾਣੀ ਵਾਕ ‘‘ਹਰਣਾਂ ਬਾਜਾਂ ਤੈ ਸਿਕਦਾਰਾਂ; ਏਨ੍ਾ ਪੜਿ੍ਆ ਨਾਉ ਫਾਂਧੀ ਲਗੀ ਜਾਤਿ ਫਹਾਇਨਿ; ਅਗੈ ਨਾਹੀ ਥਾਉ ’’ (ਮਹਲਾ /੧੨੮੮) ਵਾਙ ਉਨ੍ਹਾਂ ਪੜ੍ਹਿਆਂ ਅਤੇ ਪੜ੍ਹਾਏ ਹੋਏ ਹਰਣਾਂ, ਬਾਜਾਂ ਵਰਗੇ ਹਨ, ਜੋ ਆਗੂ ਬਣ ਕੇ ਆਪਣੇ ਹੀ ਜਾਤੀ ਭਾਈਆਂ ਨੂੰ ਸ਼ਿਕਾਰੀ ਦੇ ਜਾਲ ’ਚ ਫਸਾਉਣ ਦਾ ਕੰਮ ਕਰਦੇ ਹਨ। ਉਸੇ ਤਰ੍ਹਾਂ ਜਥੇਦਾਰ ਦੇ ਲੁਭਾਉਣੇ ਬੋਲ ਵੀ ਪੰਥਕ ਏਕਤਾ ਦੇ ਨਾਂ ’ਤੇ ਬਾਦਲ ਪਰਵਾਰ ਦੀ ਸਿਰਮੌਰਤਾ ਕਾਇਮ ਰੱਖਣ ਤੱਕ ਹਨ। ਮਿਸਾਲ ਦੇ ਤੌਰ ’ਤੇ ਜਥੇਦਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਹੋ ਰਹੀਆਂ ਬੇਅਦਬੀਆਂ ਦੀਆਂ ਘਟਨਾਂਵਾਂ ’ਤੇ ਵੀਚਾਰ ਕਰਨ ਲਈ 26 ਜੁਲਾਈ 2021 ਨੂੰ ਪੰਥਕ ਜਥੇਬੰਦੀਆਂ ਦੀ ਮੀਟਿੰਗ ਸੱਦੀ, ਜਿਸ ਵਿੱਚ ਰਣਬੀਰ ਸਿੰਘ ਖਟੜਾ ਸਾਬਕਾ ਡੀਆਈਜੀ ਪੁਲਿਸ, ਜਿਸ ਨੇ ਅਕਤੂਬਰ 2015 ’ਚ ਹੋਈਆਂ ਬੇਅਦਬੀ ਘਟਨਾਂਵਾਂ ਦੀ ਪੜਤਾਲ ਕੀਤੀ ਸੀ; ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਸ੍ਰੀ ਖਟੜਾ ਵੱਲੋਂ ਜਿਸ ਤਰ੍ਹਾਂ ਬੇਅਦਬੀ ਦੇ ਇਨਸਾਫ ਲਈ ਕੋਟਕਪੂਰਾ ਵਿਖੇ ਮੋਰਚਾ ਲਾਉਣ ਵਾਲੇ ਸਿੱਖ ਪ੍ਰਚਾਰਕਾਂ ਨੂੰ ਤਥਾ ਕਥਿਤ (So called) ਪ੍ਰਚਾਰਕ ਕਹਿ ਕੇ ਛੁਟਿਆਉਣ ਦੀ ਕੋਸ਼ਿਸ਼ ਕੀਤੀ, ਪੁਲਿਸ ਤਸ਼ੱਦਦ ਸਹਿਣ ਵਾਲੇ ਭਾਈ ਰੁਪਿੰਦਰ ਸਿੰਘ ਪੰਜਗਰਾਂਈ ਅਤੇ ਉਸ ਦੇ ਭਰਾ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਦੇ ਵਿਵਹਾਰ ਕਰਕੇ ਬੇਅਦਬੀ ਸੰਬੰਧੀ ਪੜਤਾਲ ਦਾ ਕੰਮ ਲੇਟ ਹੋਇਆ।

ਮੀਟਿੰਗ ’ਚ ਭਾਗ ਲੈ ਰਹੀਆਂ ਪੰਥਕ ਜਥੇਬੰਦੀਆਂ ਦੇ ਬੁਲਾਰਿਆਂ ਸਮੇਤ ਕਿਸੇ ਵੱਲੋਂ ਵੀ ਉਸ ਸਮੇਂ ਦੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ/ਗ੍ਰਹਿ ਮੰਤਰੀ ਦੇ ਗ਼ੈਰਜ਼ਿੰਮੇਵਾਰ ਰੋਲ ਬਾਰੇ ਇੱਕ ਵੀ ਸ਼ਬਦ ਨਾ ਬੋਲਿਆ। (ਯਾਦ ਰਹੇ ਸ੍ਰੀ ਖਟੜਾ ਦੇ ਇਸ ਬਿਆਨ ਦੇ ਤੁਰੰਤ ਬਾਅਦ ਸੋਸ਼ਲ ਮੀਡੀਏ ਰਾਹੀਂ ਭਾਈ ਰੁਪਿੰਦਰ ਸਿੰਘ ਨੇ ਸਬੂਤਾਂ ਸਹਿਤ ਸ੍ਰੀ ਖਟੜਾ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਨੂੰ ਚੈਲੰਜ ਕੀਤਾ ਕਿ ਜੇ ਉਹ ਮੇਰੇ ’ਤੇ ਲਾਏ ਦੋਸ਼ਾਂ ਨੂੰ ਸਿੱਧ ਕਰ ਦੇਣ ਤਾਂ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਆ ਕੇ ਸ੍ਰੀ ਸਾਹਿਬ ਨਾਲ ਆਪਣਾ ਸਿਰ ਲੁਹਾਉਣ ਨੂੰ ਤਿਆਰ ਹਾਂ। ਹੈਰਾਨੀ ਤਾਂ ਉਸ ਸਮੇਂ ਹੋਈ ਜਿਸ ਸਮੇਂ ਸ੍ਰੀ ਖਟੜਾ ਭਾਈ ਰੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸ਼ਬਦਾਂ ’ਚ ਧਰਨਾ ਲਾਉਣ ਵਾਲੇ ਤਥਾ ਕਥਿਤ ਪ੍ਰਚਾਰਕਾਂ ’ਤੇ ਦੋਸ਼ ਲਾ ਰਹੇ ਸਨ ਤਾਂ ਉਨ੍ਹਾਂ ਨੂੰ ਵਿੱਚੋਂ ਹੀ ਟੋਕ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੜੀ ਉਤਸੁਕਤਾ ਨਾਲ ਸਵਾਲ ਕੀਤਾ ‘ਫਿਰ ਤਾਂ ਇਨ੍ਹਾਂ ’ਤੇ 295ਏ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ?’। ਜਥੇਦਾਰ ਦੇ ਇਸ ਵਿਵਹਾਰ ਨੇ ਕੋਈ ਸ਼ੱਕ ਨਹੀਂ ਰਹਿਣ ਦਿੱਤਾ ਕਿ ਇਹ ਮੀਟਿੰਗ ਕੇਵਲ ਤੇ ਕੇਵਲ ਬਾਦਲ ਪਰਵਾਰ ਨੂੰ ਦੋਸ਼ ਮੁਕਤ ਅਤੇ ਬੇਅਦਬੀ ਦਾ ਇਨਸਾਫ਼ ਮੰਗਣ ਵਾਲੇ ਪ੍ਰਚਾਰਕਾਂ ਨੂੰ ਦੋਸ਼ੀ ਠਹਿਰਾਅ ਕੇ ਬਾਦਲ ਦਲ ਨੂੰ ਫ਼ਰਵਰੀ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਲਾਭ ਪਹੁੰਚਾਉਣ ਲਈ ਇੱਕ ਛਲ-ਕਪਟ ਸੀ, ਜੋ ਸਫਲ ਨਾ ਹੋ ਸਕਿਆ। ਬਾਦਲ ਦਲ ਨੂੰ ਕੇਵਲ ਤਿੰਨ ਸੀਟਾਂ ਹੀ ਮਿਲੀਆਂ। ਬਾਦਲ ਬਾਪ ਬੇਟੇ ਵੀ ਹਾਰ ਗਏ। ਜਿਸ ਜਥੇਦਾਰ ਨੇ ਬਾਦਲ ਰਾਜ ਦੌਰਾਨ ਹੋਈਆਂ ਬੇਅਦਬੀਆਂ ਦੀਆਂ ਘਟਨਾਵਾਂ, ਦੋਸ਼ੀਆਂ ਨੂੰ ਫੜਨ ਲਈ ਵਰਤੀ ਲਾਪ੍ਰਵਾਹੀ, ਜਥੇਦਾਰਾਂ ਨੂੰ ਆਪਣੀ ਕੋਠੀ ਸੱਦ ਕੇ ਸੌਦਾ ਸਾਧ ਨੂੰ ਮਾਫ਼ੀ ਦਿਵਾਉਣ ਦੇ ਚਾੜ੍ਹੇ ਹੁਕਮਾਂ ’ਤੇ ਕਦੀਂ ਕੋਈ ਚਿੰਤਾ ਪ੍ਰਗਟ ਨਹੀਂ ਕੀਤੀ ਉਸ ਜਥੇਦਾਰ ਨੇ ਬਾਦਲ ਦਲ ਦੀ ਹਾਰ ’ਤੇ ਬਹੁਤ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ’ਚੋਂ ਪੰਥਕ ਰਾਜਨੀਤੀ ਦਾ ਮਨਫ਼ੀ ਹੋਣਾ; ਪੰਥ ਅਤੇ ਪੰਜਾਬ ਸਣੇ ਕੇਂਦਰ ਲਈ ਵੀ ਘਾਤਕ ਹੈ ਕਿਉਂਕਿ ਅਕਾਲੀ ਦਲ ਦਾ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਰਿਹਾ ਹੈ।

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਮੁੱਖ ਰੱਖ ਕੇ ਬਾਦਲ ਦਲ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਦੇ ਯਤਨ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ’ਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 11 ਮਈ 2022 ਨੂੰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ’ਚ ਬੰਦੀ ਸਿੰਘਾਂ ਦੀ ਰਿਹਾਈ ਵਾਲ਼ੇ ਭਾਵਕ ਮੁੱਦੇ ’ਤੇ ਪੰਥਕ ਇਕੱਠ ਸੱਦਿਆ। ਇਸ ਮੀਟਿੰਗ ’ਚ ਅਹਿਮ ਫ਼ੈਸਲਾ ਹੋਇਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਵਫਦਾਂ ਦੇ ਰੂਪ ’ਚ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਵੱਖ-ਵੱਖ ਗਵਰਨਰਾਂ ਨੂੰ ਮਿਲਿਆ ਜਾਵੇਗਾ। ਇਸ ਤੋਂ ਇਲਾਵਾ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਉਠਾਈ ਜਾਵੇਗੀ; ਲੋੜ ਪਈ ਤਾਂ ਸੰਘਰਸ਼ ਵਿੱਢਿਆ ਜਾਵੇਗਾ।  23 ਜੂਨ ਨੂੰ ਹੋਈ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ’ਚ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ’ਤੇ ਪੰਥ ਦੀ ਹਮਦਰਦੀ ਦਾ ਲਾਹਾ ਲੈਣ ਲਈ ਬਾਦਲ ਦਲ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਆਪਣਾ ਉਮੀਦਵਾਰ ਬਣਾਇਆ, ਪਰ ਅਖੌਤੀ ਭਾਵਕਤਾ ਕੰਮ ਨਾ ਆਈ।

26 ਜੂਨ 2022 ਨੂੰ ਆਏ ਨਤੀਜਿਆਂ ’ਚ ਸ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੱਤਾਧਾਰੀ ‘ਆਪ’ ਦੇ ਉਮੀਦਵਾਰ ਨੂੰ ਹਰਾ ਕੇ ਜੇਤੂ ਹੋਏ ਅਤੇ ਬਾਦਲ ਦਲ ਦੀ ਉਮੀਦਵਾਰ ਨੂੰ ਮਹਿਜ 6% ਵੋਟ ਮਿਲੇ ਤੇ ਪੰਜਵੇਂ ਨੰਬਰ ’ਤੇ ਆਈ ਸਗੋਂ ਜਮਾਨਤ ਜ਼ਬਤ ਵੀ ਹੋ ਗਈ। ਸੰਨ 2019 ਦੀਆਂ ਲੋਕ ਸਭਾ ਚੋਣਾਂ ’ਚ 24% ਵੋਟ ਹਾਸਲ ਕਰਨ ਵਾਲੀ ਪਾਰਟੀ ਨੂੰ ਤਿੰਨ ਸਾਲਾਂ ਬਾਅਦ ਕੇਵਲ 6% ਵੋਟ ਹਾਸਲ ਹੋਣੀ, ਜੋ ਭਾਜਪਾ ਤੋਂ ਵੀ ਘੱਟ ਹਨ, ਬਾਦਲ ਦਲ ਦੀ ਨਮੋਸ਼ੀਭਰੀ ਹਾਰ ਹੈ। ਅਕਾਲੀ ਦਲ ਦੀ ਪ੍ਰਧਾਨਗੀ ਅਤੇ ਪੰਥਕ ਰਾਜਨੀਤੀ ’ਚ ਸੁਖਬੀਰ ਸਿੰਘ ਬਾਦਲ ਦੀ ਅਯੋਗਤਾ ਹੈ। ਕਾਰਨ, ਲੋਕ ਸਮਝ ਚੁੱਕੇ ਹਨ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕੇਵਲ ਚੋਣਾਂ ’ਚ ਲਾਹਾ ਲੈਣ ਲਈ ਹੈ; ਜੇ ਲੋਕ ਸਭਾ ਦੀ ਇੱਕ ਸੀਟ ਬੰਦੀ ਸਿੰਘਾਂ ਦੀ ਰਿਹਾਈ ਕਰਾ ਸਕਦੀ ਹੈ ਤਾਂ ਜਿਸ ਸਮੇਂ ਇਨ੍ਹਾਂ ਦੇ 8-8 ਲੋਕ ਸਭਾ ਮੈਂਬਰ ਹੁੰਦੇ ਸਨ ਤਾਂ ਉਸ ਸਮੇਂ ਰਿਹਾਈ ਕਿਉਂ ਨਾ ਕਰਵਾਈ। ਹੁਣ ਵੀ ਦੋਵੇਂ ਪਤੀ ਪਤਨੀ ਲੋਕ ਸਭਾ ਮੈਂਬਰ ਹਨ, ਜਿਨ੍ਹਾਂ ਨੇ ਕਦੀਂ ਪਾਰਲੀਮੈਂਟ ’ਚ ਜਾਂ ਬਾਹਰ ਇਸ ਮੁੱਦੇ ’ਤੇ ਅਵਾਜ਼ ਨਹੀਂ ਉਠਾਈ। ਹੋਰ ਤਾਂ ਹੋਰ ਚੋਣ ਨਤੀਜਿਆਂ ਤੋਂ ਬਾਅਦ ਰਾਸ਼ਟਰਪਤੀ ਦੀ ਚੋਣ ਲਈ ਬੜੀ ਕਾਹਲ਼ੀ ਨਾਲ਼ ਭਾਜਪਾ ਉਮੀਦਵਾਰ ਸ੍ਰੀਮਤੀ ਮੁਰਮੂ ਦਰੋਪਦੀ ਨੂੰ ਬਿਨਾਂ ਸ਼ਰਤ ਹਿਮਾਇਤ ਦੇਣ ਦਾ ਐਲਾਨ ਵੀ ਕਰ ਦਿੱਤਾ। ਘੱਟ ਤੋਂ ਘੱਟ ਇੱਥੇ ਹੀ ਰਿਹਾਈ ਦੀ ਮੰਗ ਰੱਖ ਦਿੰਦੇ ਤਾਂ ਇਨ੍ਹਾਂ ਦੀ ਸੁਹਿਰਦਤਾ ਦਾ ਪਤਾ ਲੱਗ ਜਾਂਦਾ। ਸੁਖਬੀਰ ਬਾਦਲ ਦੇ ਰਾਜਨੀਤੀ ’ਚ ਮੁੜ ਪੈਰ ਜਮਾਉਣ ਲਈ ਸਿਰਤੋੜ ਯਤਨ ਕਰ ਰਹੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲ ਤਖ਼ਤ ਦੀ ਜਥੇਦਾਰੀ ਤੋਂ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਨੇ ਸਪਸ਼ਟ ਕਰ ਦਿੱਤਾ ਕਿ ਸੁਖਬੀਰ ਸਿੰਘ ਬਾਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਅਪੀਲਾਂ ’ਤੇ ਸਿੱਖਾਂ ਨੂੰ ਕੋਈ ਵਿਸ਼ਵਾਸ ਨਹੀਂ ਹੈ।

ਬਾਦਲ ਦਲ ਦੀ 2017, 2019 ਅਤੇ 2022 ’ਚ ਲਗਾਤਰ ਹੋ ਰਹੀ ਹਾਰ ਅਤੇ ਘਟ ਰਹੀ ਵੋਟ ਪ੍ਰਤੀਸ਼ਤ ਦਾ ਮੁੱਖ ਕਾਰਨ ਹੈ ਕਿ ਬਾਦਲ ਪਰਵਾਰ ਕੇਵਲ ਡੇਰੇਦਾਰਾਂ ਦੀਆਂ ਵੋਟਾਂ ਹਾਸਲ ਕਰਨ ਲਈ ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ, ਮਾਨ ਮਰਿਆਦਾ ਅਤੇ ਗੌਰਵ ਨੂੰ ਮਿੱਟੀ ’ਚ ਮਿਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਪਹਿਲੀ ਜੂਨ 2015 ਨੂੰ ਜ਼ਿਲ੍ਹਾ ਫ਼ਰੀਦਕੋਟ ਅਧੀਨ ਪੈਂਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਣ ਤੋਂ ਲੈ ਕੇ 12 ਅਕਤੂਬਰ 2015 ਨੂੰ ਬਰਗਾੜੀ ਵਿਖੇ ਹੋਈ ਬੇਅਦਬੀ ਅਤੇ 14 ਅਕਤੂਬਰ ਨੂੰ ਬਹਿਬਲ ਕਲਾਂ ਵਿਖੇ ਪੁਲਿਸ ਵੱਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ, ਜਿਸ ਵਿੱਚ ਦੋ ਸਿੱਖ ਪ੍ਰਦਰਸ਼ਨਕਾਰੀ ਸ਼ਹੀਦ ਹੋਏ; ਤੱਕ ਦੇ ਦੋਸ਼ੀਆਂ ’ਤੇ ਬਾਦਲ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ। ਇਸੇ ਦੌਰਾਨ ਐੱਮਐੱਸਜੀ-2 ਫ਼ਿਲਮ ਪੰਜਾਬ ’ਚ ਚਲਾੳੇਣ ਦਾ ਰਾਹ ਪੱਧਰਾ ਕਰਨ ਲਈ 24 ਸਤੰਬਰ 2015 ਨੂੰ ਬਾਦਲ ਬਾਪ ਬੇਟੇ ਦੇ ਹੁਕਮਾਂ ’ਤੇ ਪੰਜ ਸਿੰਘ ਸਾਹਿਬਾਨਾਂ ਨੇ ਸਿਰਸਾ ਡੇਰਾ ਮੁੱਖੀ ਨੂੰ ਮਾਫ਼ੀ ਦੇਣ ਵਾਲ਼ਾ ਹੁਕਮਨਾਮਾ ਜਾਰੀ ਕਰ ਦਿੱਤਾ। ਇਹ ਹੁਕਮਨਾਮਾ ਸੰਗਤਾਂ ਤੋਂ ਮਨਵਾਉਣ ਲਈ ਸ੍ਰੋਮਣੀ ਕਮੇਟੀ ਨੇ ਗੁਰੂ ਕੀ ਗੋਲਕ ’ਚੋਂ 92 ਲੱਖ ਰੁਪਏ ਇਸ਼ਤਿਹਾਰਾਂ ’ਤੇ ਖਰਚੇ। ਪੰਥਕ ਸਰਕਾਰ ਹੁੰਦਿਆਂ ਨਾ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਮਿਲਿਆ ਅਤੇ ਨਾ ਹੀ ਸ਼ਾਂਤਮਈ ਬੈਠੇ ਧਰਨਾਕਾਰੀਆਂ ’ਤੇ ਅੰਨ੍ਹੇਵਾਹ ਗੋਲ਼ੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫ਼ਸਰਾਂ ’ਤੇ ਕੋਈ ਕਾਰਵਾਈ ਹੋਈ ਸਗੋਂ ਜਿੱਥੋਂ ਤੱਕ ਵਾਹ ਲੱਗੀ ਪੜਤਾਲ ’ਚ ਸ੍ਰੋਮਣੀ ਅਕਾਲੀ ਦਲ, ਸ੍ਰੋਮਣੀ ਕਮੇਟੀ ਅਤੇ ਜਥੇਦਾਰਾਂ ਨੇ ਸਹਿਯੋਗ ਦੇਣ ਦੀ ਥਾਂ ਰੁਕਾਵਟਾਂ ਪੈਦਾ ਕੀਤੀਆਂ। ਜਾਂਚ ਕਮਿਸ਼ਨਾਂ ਦਾ ਹਮੇਸ਼ਾਂ ਬਾਈਕਾਟ ਕੀਤਾ। ਜਿਸ ਅਕਾਲੀ ਦਲ ਦੇ ਰਾਜ ’ਚ ਕੇਵਲ ਡੇਰੇਦਾਰਾਂ ਦੇ ਸ਼ਰਧਾਲੂਆਂ ਦੀਆਂ ਵੋਟਾਂ ਖਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਸ ਤਰ੍ਹਾਂ ਨਿਰਾਦਰ ਕੀਤਾ ਜਾਂਦਾ ਹੋਵੇ ਉਸ ਦਾ ਹਾਲ ਤਾਂ ਉਹੀਓ ਹੋਣਾ ਸੀ, ਜੋ 2017, 2019 ਅਤੇ 2022 ’ਚ ਵੇਖਿਆ।

ਅਕਾਲੀ ਦਲ ਬਾਦਲ ਦਾ ਪੰਜਾਬ ਦੀ ਰਾਜਨੀਤੀ ’ਚੋਂ ਮਨਫ਼ੀ ਹੋਣ ਦੇ ਇਨ੍ਹਾਂ ਮੂਲ ਕਾਰਨਾਂ ਨੂੰ ਭਲੀਭਾਂਤ ਸਮਝਦੇ ਹੋਏ ਵੀ ਉਨ੍ਹਾਂ ਨੂੰ ਦੋਸ਼ੀ ਮੰਨਣ ਦੀ ਥਾਂ 9 ਜੁਲਾਈ 2022 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਏ ਗਏ ਮੀਰੀ-ਪੀਰੀ ਦਿਵਸ ਮੌਕੇ ਦਿੱਤੇ ਆਪਣੇ ਭਾਸ਼ਣ ’ਚ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਦੁਰਦਸ਼ਾ ਲਈ ਉਨ੍ਹਾਂ ਪ੍ਰਚਾਰਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਦੋਸ਼ ਲਾਇਆ ਕਿ ਜਿਨ੍ਹਾਂ ਨੇ ਆਪਣੇ ਪ੍ਰਚਾਰ ਦੌਰਾਨ ਆਪਣੀਆਂ ਸੰਸਥਾਵਾਂ, ਇਤਿਹਾਸਕ ਸਾਖੀ ਪ੍ਰੰਪਰਾ ਅਤੇ ਮਰਿਆਦਾ ਨੂੰ ਭੰਡਿਐ। ਗਿਆਨੀ ਜੀ ਦਾ ਇਹ ਬਿਆਨ ਦੱਸਦਾ ਹੈ ਕਿ ਉਹ ਅੰਦਰੋਂ ਭਗਤ ਕਬੀਰ ਸਾਹਿਬ ਜੀ ਦੇ ਇਨ੍ਹਾਂ ਵਚਨਾਂ ਵਰਗੇ ਹਨ ‘‘ਕਬੀਰ  ! ਮਨੁ ਜਾਨੈ ਸਭ ਬਾਤਜਾਨਤ ਹੀ ਅਉਗਨੁ ਕਰੈ ਕਾਹੇ ਕੀ ਕੁਸਲਾਤ; ਹਾਥਿ ਦੀਪੁ, ਕੂਏ ਪਰੈ ’’ (੧੩੭੬)। ਪ੍ਰਚਾਰਕਾਂ ਨੂੰ ਦੋਸ਼ੀ ਠਹਿਰਾਉਣ ਵਾਲੇ ਗਿਆਨੀ ਜੀ ਨੂੰ ਹੇਠਲੇ ਸਵਾਲ ਪੁੱਛਣੇ ਬਣਦੇ ਹਨ :

(1). ਜੇ ਕੋਈ ਪ੍ਰਚਾਰਕ ਪੰਜਵੇਂ ਪਾਤਸ਼ਾਹ ਵੱਲੋਂ ਉਚਾਰਨ ਕੀਤੇ ਇਸ ਸ਼ਬਦ ‘‘ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ਧਰਮ ਸਾਲ ਅਪਾਰ ਦੈਆਰ ਠਾਕੁਰ; ਸਦਾ ਕੀਰਤਨੁ ਗਾਵਹੇ ਜਹ ਸਾਧ ਸੰਤ ਇਕਤ੍ਰ ਹੋਵਹਿ; ਤਹਾ ਤੁਝਹਿ ਧਿਆਵਹੇ ਕਰਿ ਦਇਆ ਮਇਆ ਦਇਆਲ ਸੁਆਮੀ ! ਹੋਹੁ ਦੀਨ ਕ੍ਰਿਪਾਰਾ ਬਿਨਵੰਤਿ ਨਾਨਕ ਦਰਸ ਪਿਆਸੇ; ਮਿਲਿ ਦਰਸਨ ਸੁਖੁ ਸਾਰਾ 1’’  (ਮਹਲਾ / ੨੪੮) ਦੇ ਗੁਰਮਤਿ ਅਨੁਸਾਰੀ ਅਰਥ ਕਰਕੇ ਸੰਗਤਾਂ ਨੂੰ ਦੱਸਦਾ ਹੈ ਕਿ ਇਸ ਸ਼ਬਦ ’ਚ ਵਰਤਿਆ ਗਿਆ ਸ਼ਬਦ ‘ਮੋਹਨ’ ਮਨ ਨੂੰ ਮੋਹ ਲੈਣ ਵਾਲੇ ਪ੍ਰਮਾਤਮਾ ਲਈ ਹੈ, ਨਾ ਕਿ ਗੁਰੂ ਰਾਮਦਾਸ ਜੀ ਦੇ ਪੁੱਤਰ ਬਾਬਾ ਮੋਹਨ ਜੀ ਲਈ; ਤਾਂ ਕੀ ਉਹ ਇਤਿਹਾਸ ਦੀ ਸਾਖੀ ਪ੍ਰੰਪਰਾ ਨੂੰ ਭੰਡਣਾ ਹੈ ਜਾਂ ਗੁਰੂ ਪ੍ਰਤੀ ਸੱਚੀ ਸ਼ਰਧਾ ਪ੍ਰਗਟ ਕਰਨਾ  ?

ਧੰਨ ਹੈ ਉਨ੍ਹਾਂ ਪ੍ਰਚਾਰਕਾਂ ਦੀ ਅਧਿਆਤਮਤਾ ਜਿਹੜੇ ਸਾਖੀ ਪ੍ਰੰਪਰਾ ਮੁਤਾਬਕ ਇਸ ਸ਼ਬਦ ਵਿੱਚ ਆਏ ਸ਼ਬਦ ‘ਮੋਹਨ’ ਨੂੰ ਬਾਬਾ ਮੋਹਨ ਜੀ ਦੱਸਦੇ ਹੋਏ ਕਹਿੰਦੇ ਹਨ ਕਿ ਪੋਥੀਆਂ ਲੈਣ ਪਹੁੰਚੇ ਗੁਰੂ ਅਰਜਨ ਸਾਹਿਬ ਜੀ ਨੇ ਇਹ ਸ਼ਬਦ ਬਾਬਾ ਮੋਹਨ ਜੀ ਦੀ ਪ੍ਰਸ਼ੰਸਾ ’ਚ ਗਾਇਆ। ਜਥੇਦਾਰ ਸਾਹਿਬ ਜੀ ! ਕੀ ਤੁਸੀਂ ਕਦੀ ਸੋਚਿਆ ਹੈ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਇੱਕ ਕਾਰਨ ਇਹ ਵੀ ਸੀ ਕਿ ੳਨ੍ਹਾਂ ਨੂੰ ਮੁਹੰਮਦ ਸਾਹਿਬ ਜੀ ਦੀ ਉਸਤਤਿ ਵਿੱਚ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਕਰਨ ਲਈ ਕਿਹਾ ਪਰ ਗੁਰੂ ਜੀ ਨੇ ਇਸ ਕਾਰਨ ਜਵਾਬ ਦੇ ਦਿੱਤਾ ਕਿ ਇਹ ਨਿਰੰਕਾਰ ਦੀ ਬਾਣੀ ਹੈ, ਜਿਸ ਵਿੱਚ ਇੱਕ ਪ੍ਰਮਾਤਮਾ ਤੋਂ ਬਿਨਾਂ ਹੋਰ ਕਿਸੇ ਮਨੁੱਖ ਦੀ ਉਸਤਤਿ ਵਾਲਾ ਸ਼ਬਦ ਦਰਜ ਨਹੀਂ ਹੋ ਸਕਦਾ, ਪਰ ਦੂਜੇ ਪਾਸੇ ਸੰਪ੍ਰਦਾਈ ਪ੍ਰਚਾਰਕ ਕਹਿੰਦੇ ਹਨ ਕਿ ਸਾਖੀ ਪ੍ਰੰਪਰਾ ਮੁਤਾਬਕ ਗੁਰੂ ਜੀ ਨੇ ਇਹ ਸ਼ਬਦ ਬਾਬਾ ਮੋਹਨ ਜੀ ਦੀ ਉਸਤਤਿ ’ਚ ਉਚਾਰਨ ਕੀਤਾ ਸੀ।

(2). ਜੇ ਕੋਈ ਪ੍ਰਚਾਰਕ ਇਹ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ‘‘ਗਗਨ ਮੈ ਥਾਲੁ; ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ਧੂਪੁ ਮਲਆਨਲੋ; ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ’’ (ਸੋਹਿਲਾ/ਮਹਲਾ /੧੩) ਗਾ ਕੇ ਪ੍ਰਚਲਿਤ ਦੀਵਿਆਂ ਵਾਲੀ ਆਰਤੀ ਦਾ ਖੰਡਨ ਕੀਤਾ ਅਤੇ ਭਗਤ ਕਬੀਰ ਸਾਹਿਬ ਜੀ ਦੇ ਵਚਨ ‘‘ਜੀਅ ਬਧਹੁ ਸੁ ਧਰਮੁ ਕਰਿ ਥਾਪਹੁ; ਅਧਰਮੁ ਕਹਹੁ ਕਤ ਭਾਈ ਆਪਸ ਕਉ ਮੁਨਿਵਰ ਕਰਿ ਥਾਪਹੁ; ਕਾ ਕਉ ਕਹਹੁ ਕਸਾਈ  ? (੧੧੦੩) ਦੇ ਹਵਾਲੇ ਨਾਲ਼ ਜੀਵਾਂ ਦੀ ਬਲੀ ਦੇਣ ਵਾਲੇ ਧਾਰਮਿਕ ਵਿਅਕਤੀਆਂ ਨੂੰ ਪੁੱਛਿਆ ਕਿ ਤੁਹਾਡੇ ਅਤੇ ਕਸਾਈਆਂ ’ਚ ਕੀ ਅੰਤਰ ਹੈ ? ਜਥੇਦਾਰ ਜੀ ! ਤੁਸੀਂ ਆਪਣੀ ਸਮਝ ਨਾਲ ਦੱਸੋ ਕਿ ਕੀ ਐਸਾ ਪ੍ਰਚਾਰਕ ਗੁਰਮਤਿ ਦਾ ਪ੍ਰਚਾਰ ਕਰ ਰਿਹਾ ਹੁੰਦੈ ਜਾਂ ਤੁਹਾਡੇ ਲਫ਼ਜਾਂ ’ਚ ਕਿਸੇ ਗੁਰ ਅਸਥਾਨ/ਤਖ਼ਤ ਸਾਹਿਬ ਦੀ ਮਰਿਆਦਾ ਨੂੰ ਭੰਡ ਰਿਹਾ ਹੁੰਦੈ ?

(3). ਜੇ ਕੋਈ ਪ੍ਰਚਾਰਕ ਗੱਲ ਕਰਦਾ ਹੈ ਕਿ ਸਿਆਸੀ ਲੋਕ; ਵੋਟਾਂ ਖਾਤਰ ਅਤੇ ਜਥੇਦਾਰ; ਆਪਣੇ ਅਹੁਦੇ ਬਚਾਉਣ ਲਈ ਧੜੇਵੰਦੀਆਂ ਨੂੰ ਧਿਆਨ ’ਚ ਰੱਖ ਕੇ ਇੱਕ ਪਾਸੜ ਹੁਕਮਨਾਮੇ ਜਾਰੀ ਕਰਕੇ ਅਕਾਲ ਤਖ਼ਤ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਮਿੱਟੀ ਘੱਟੇ ਰੋਲ਼ਦੇ ਹਨ; ਜਿਵੇਂ ਕਿ 2009 ’ਚ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕੀਤਾ ਅਤੇ ਮਿਤੀ 24 ਸਤੰਬਰ 2015 ਨੂੰ ਸੌਦਾ ਡੇਰਾ ਮੁਖੀ ਨੂੰ ਇੱਕ ਫਰਜੀ ਚਿੱਠੀ ਦੇ ਆਧਾਰ ’ਤੇ ਬਿਨਾਂ ਮੰਗਿਆਂ ਮਾਫ਼ੀ ਦਿੱਤੀ।

ਸ੍ਰੋਮਣੀ ਕਮੇਟੀ ਵੱਲੋਂ ਛਾਪੇ ਜਾ ਰਹੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਕੁਝ ਲਗਾਂ ਮਾਤਰਾਂ ਬਦਲ ਕੇ ਸਰੂਪ ਛਾਪਣ ਅਤੇ ਇੰਟਰਨੈੱਟ ’ਤੇ ਅਪਲੋਡ ਕੀਤੇ ਜਾਣ ਦੇ ਦੋਸ਼ ਹੇਠ ਅਮਰੀਕਾ ਨਿਵਾਸੀ ਭਾਈ ਥਮਿੰਦਰ ਸਿੰਘ ਨੂੰ 3 ਮਈ 2022 ਨੂੰ ਅਕਾਲ ਤਖ਼ਤ ਦੀ ਫ਼ਸੀਲ ਤੋਂ ਤਨਖ਼ਾਹੀਆ ਐਲਾਨ ਦਿੱਤਾ ਪਰ ਇਹ ਗੁਨਾਹ ਤਾਂ ਦਮਦਮੀ ਟਕਸਾਲ ਮਹਿਤਾ ਚੌਕ ਦਾ ਮੁਖੀ ਹਰਨਾਮ ਸਿੰਘ ਧੁੰਮਾ ਵੀ ਕਰ ਰਿਹਾ ਹੈ, ਜਿਸ ਵੱਲੋਂ ਸੰਨ 2006 ਤੋਂ ਛਾਪੀਆਂ ਜਾ ਰਹੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ’ਚ ਸੈਂਕੜੇ ਲਗਾਂ ਮਾਤਰਾਂ ਦੇ ਫ਼ਰਕ ਹਨ; ਮਹਲਾ ਸਿਰਲੇਖ ਅਤੇ ਸਬਦਾਂ ਦੇ ਪਿੱਛੇ ਲਿਖੇ ਗਏ ਸ਼ਬਦ ਜੋੜ ਅੰਕ ਵੀ ਬਦਲੇ ਗਏ ਹਨ; ਮੂਲ ਮੰਤਰ ਦਾ ਸਰੂਪ ਬਦਲ ਦਿੱਤਾ ਗਿਆ। ਇਕ ਸਮਾਨ ਗਲਤੀ ਕਰਨ ਵਾਲੇ ਨੂੰ ਬਰਾਬਰ ਦੀ ਸਜ਼ਾ ਦੇਣ ਦੀ ਗੱਲ ਕਰਨ ਵਾਲੇ ਪ੍ਰਚਾਰਕ; ਕੀ ਸਿਰਮੌਰ ਪੰਥਕ ਸੰਸਥਾਵਾਂ ਜਾਂ ਸੰਪ੍ਰਦਾਵਾਂ ਨੂੰ ਭੰਡ ਰਹੇ ਹਨ ਜਾਂ ਅਕਾਲ ਦੇ ਤਖ਼ਤ ’ਤੇ ਬੈਠੇ ਜਥੇਦਾਰਾਂ ਨੂੰ ਧੜੇਵੰਦੀਆਂ ਤੋਂ ਉੱਪਰ ਉੱਠ ਕੇ, ਸਿਆਸਤ ਤੋਂ ਮੁਕਤ ਹੋ ਗੁਰਬਾਣੀ ਤੋਂ ਸੇਧ ਲੈ ਕੇ ਸਰਬ ਸਾਂਝੇ ਫ਼ੈਸਲੇ ਕਰਨ ਲਈ ਬੇਨਤੀ ਕਰ ਰਹੇ ਹੁੰਦੇ ਹਨ ?

ਜਥੇਦਾਰ ਜੀਜੇ ਤੁਸੀਂ ਵਾਕਿਆ ਪੰਥ ਦੀਆਂ ਸਿਰਮੌਰ ਸੰਸਥਾਵਾਂ ਦਾ ਰੁਤਬਾ ਬਹਾਲ ਕਰਨਾ ਚਾਹੁੰਦੇ ਹੋ ਤਾਂ :

(ੳ) ਇਸ ਲੇਖਕ ਵੱਲੋਂ ਅਕਤੂਬਰ 2018 ਵਿੱਚ ਦਿੱਤੀ ਤੁਹਾਨੂੰ ਸਲਾਹ ’ਤੇ ਫੌਰੀ ਤੌਰ ’ਤੇ ਵੀਚਾਰ ਕਰਨਾ ਪੈਣਾ ਹੈ ਜੀ।

(ਅ) ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਹੁਕਮਨਾਮਾ ਨੰ: ਅ. 319ਏਟੀ [ਅਕਾਲ ਤਖ਼ਤ] 00 ਮਿਤੀ 29.3.2000 ਜਾਰੀ ਕੀਤਾ ਸੀ, ਜਿਸ ’ਚ ਗਿਆਨੀ ਪੂਰਨ ਸਿੰਘ ਵੱਲੋਂ 25.1.2000 ਤੋਂ 28.1.2000 ਤੱਕ ਜਾਰੀ ਕੀਤੇ ਹੁਕਮਨਾਮੇ ਰੱਦ ਕੀਤੇ ਗਏ ਸਨ। ਇਸ ਹੁਕਮਨਾਮੇ ਨੂੰ ਪੂਰਨ ਰੂਪ ’ਚ ਲਾਗੂ ਕਰਵਾਇਆ ਜਾਵੇ ਕਿਉਂਕਿ ਇਸ ਦਾ ਗਿਆਨੀ ਪੂਰਨ ਸਿੰਘ ਵਾਲੇ ਹੁਕਮਨਾਮੇ ਰੱਦ ਕੀਤੇ ਜਾਣ ਵਾਲਾ ਪਹਿਲਾ ਹਿੱਸਾ ਤਾਂ ਕਮੇਟੀ ਨੇ ਹੂਬਹੂ ਮੰਨ ਲਿਆ ਕਿਉਂਕਿ ਇਹ ਤਤਕਾਲੀਨ ਸ੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜੰਗੀਰ ਕੌਰ ਅਤੇ ਕੁਝ ਕਾਰਜਕਾਰੀ ਮੈਂਬਰਾਂ ਵਿਰੁੱਧ ਜਾਰੀ ਹੋਏ ਹੁਕਮਨਾਮੇ ਰੱਦ ਕਰਨ ਨਾਲ਼ ਸੰਬੰਧਿਤ ਸੀ, ਪਰ ਮਗਰਲਾ ਅੱਧਾ ਹਿੱਸਾ, ਜਿਸ ਵਿੱਚ ਸ੍ਰੋਮਣੀ ਕਮੇਟੀ ਨੂੰ ਹੇਠ ਲਿਖੀਆਂ ਹਿਦਾਇਤਾਂ ਕੀਤੀਆਂ ਗਈਆਂ ਸਨ, ਉਨ੍ਹਾਂ ’ਤੇ ਪੂਰਨ ਰੂਪ ’ਚ ਅਮਲ ਕਰਨਾ ਅਜੇ ਵੀ ਬਾਕੀ ਹੈ; ਜਿਵੇਂ ਕਿ

(1). ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਦੇ ਸੇਵਾ ਨਿਯਮ, ਜਿਵੇਂ ਕਿ ਨਿਯੁਕਤੀ ਲਈ ਯੋਗਤਾ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ ਅਤੇ ਜ਼ਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਿਤ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਨਿਸ਼ਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਅਕਾਲ ਤਖ਼ਤ ਸਾਹਿਬ ਦੀ ਨਿਜੀ ਹਿੱਤਾਂ ਲਈ ਵਰਤੋਂ ਕੀਤੇ ਜਾਣ ਦੀ ਸੰਭਾਵਨਾ ਹੀ ਨਾ ਰਹੇ ਅਤੇ ਖ਼ਾਲਸਾ ਪੰਥ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਤੋਂ ਜਾਰੀ ਹੁੰਦੇ ਹੁਕਮਨਾਮਿਆਂ ਦੀ ਮਹਾਨਤਾ ਅਤੇ ਪਵਿੱਤਰਤਾ ਕਾਇਮ ਰਹੇ।

(2). ਗੁਰਦੁਆਰਾ ਐਕਟ ਨੂੰ ਬਣਿਆ ਪੌਣੀ ਸਦੀ ਬੀਤ ਚੁੱਕੀ ਹੈ। ਸਮੇਂ ਦੀ ਪ੍ਰਬਲ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਪੰਥਕ ਯੁਕਤ ਦੇ ਅਨੁਸਾਰੀ ਬਣਾਉਣ ਲਈ ਇਸ ਐਕਟ ਅਧੀਨ ਬੀਤੇ ਸਮੇਂ ’ਚ ਹੋਈ ਲਾਭ ਹਾਨੀ ਦਾ ਲੇਖਾ ਜੋਖਾ ਕੀਤਾ ਜਾਵੇ ਅਤੇ ਐਕਟ ਵਿੱਚ ਪੰਥਕ ਹਿੱਤਾਂ ਦੇ ਉਲਟ ਜੇ ਕੋਈ ਧਾਰਾ ਹੈ ਤਾਂ ਉਸ ਵਿੱਚ ਸੋਧ ਕਰਨ ਲਈ ਉਪਰਾਲਾ ਕੀਤਾ ਜਾਵੇ।

(3). ਗੁਰਦੁਆਰਾ ਪ੍ਰਬੰਧ ਨੂੰ ਸਿਆਸਤ ਦੀ ਕੁਟਿਲਤਾ ਦੇ ਪ੍ਰਭਾਵ ਤੋਂ ਪਾਕ ਰੱਖਣ ਨੂੰ ਯਕੀਨੀ ਬਣਾਇਆ ਜਾਵੇ।

(4). ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਕੀ ਤਖ਼ਤ ਸਾਹਿਬਾਨ ਆਪੋ ਆਪਣੀ ਥਾਂਵੇਂ ਪੰਥ ਦੀਆਂ ਗੌਰਵਸ਼ਾਲੀ ਸੰਸਥਾਵਾਂ ਹਨ। ਇਨ੍ਹਾਂ ਸੰਸਥਾਵਾਂ ਦੇ ਸੇਵਾਦਾਰਾਂ ਨੂੰ ਗੁਰੂ ਪੰਥ ਵੱਲੋਂ ਸੌਂਪੀ ਹੋਈ ਜ਼ਿੰਮੇਵਾਰੀ ਪਰਸਪਰ ਪਿਆਰ, ਸਤਿਕਾਰ ਅਤੇ ਮਿਲਵਰਤਣ ਦੀ ਭਾਵਨਾ ਅਧੀਨ ਨਿਭਾ ਕੇ ਪੰਥ ਵੱਲੋਂ ਸੁਰਖੁਰੂ ਹੋਣਾ ਚਾਹੀਦਾ ਹੈ।

ਨੋਟ : ਜੇ ਇਹ ਹੁਕਮਨਾਮਾ ਜਾਰੀ ਕਰਨ ਵਾਲੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜਾਂ ਉਨ੍ਹਾਂ ਤੋਂ ਪਿਛਲੇ ਜਥੇਦਾਰ; ਸ੍ਰੋਮਣੀ ਕਮੇਟੀ ਨੂੰ ਮਜ਼ਬੂਰ ਕਰਦੇ ਕਿ ਜਦ ਤੱਕ ਉਹ ਇਸ ਹੁਕਮਨਾਮੇ ਦੀ ਭਾਵਨਾ ਮੁਤਾਬਕ ਕਰਵਾਈ ਨਹੀਂ ਕਰਦੀ ਉਸ ਸਮੇਂ ਤੱਕ ਉਹ ਕੋਈ ਹੁਕਮਨਾਮਾ ਜਾਰੀ ਨਹੀਂ ਕਰਨਗੇ; ਤਾਂ ਅਕਾਲੀ ਦਲ ਅਤੇ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਐਸੀ ਦੁਰਗਤੀ ਨਾ ਹੁੰਦੀ, ਜੋ ਅੱਜ ਹੋ ਰਹੀ ਹੈ।

(ੲ) ਸੰਨ 2003 ’ਚ ਲਾਗੂ ਹੋਇਆ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕੀਤਾ ਜਾਵੇ ਕਿਉਂਕਿ ਜਿਸ ਕੈਲੰਡਰ ਨੂੰ ਤੁਸੀਂ ਸੋਧਿਆ ਹੋਇਆ ਦੱਸ ਰਹੇ ਹੋ, ਉਸ ਵਿੱਚ ਵੱਡੇ ਨੁਕਸ ਹਨ; ਜਿਵੇਂ ਕਿ ਇਸ ਕੈਲੰਡਰ ’ਚ ਕੁਝ ਦਿਹਾੜੇ ਤਾਂ ਹਰ ਸਾਲ ਉਨ੍ਹਾਂ ਹੀ ਤਾਰੀਖ਼ਾਂ ਨੂੰ ਆਉਂਦੇ ਹਨ, ਜੋ ਪਿਛਲੇ ਸਾਲਾਂ ’ਚ ਆਏ ਸਨ, ਪਰ ਕਈਆਂ ਵਿੱਚ ਪਿਛਲੇ ਸਾਲਾਂ ਨਾਲੋਂ ਇਕ-ਇਕ ਦਿਨ ਦਾ ਫ਼ਰਕ ਹੁੰਦਾ ਹੈ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਵਸ ਦੇਸੀ ਤਾਰੀਖ਼ਾਂ ਮੁਤਾਬਕ ਤਾਂ ਹਰ ਸਾਲ 11 ਹਾੜ ਹੀ ਦਰਜ ਹੁੰਦਾ ਹੈ, ਪਰ ਅੰਗਰੇਜ਼ੀ ਤਾਰੀਖ਼ ਕਿਸੇ ਸਾਲ 25 ਜੂਨ ਅਤੇ ਕਿਸੇ ਸਾਲ 24 ਜੂਨ ਹੁੰਦੀ ਹੈ। ਇਸ ਦੇ ਉਲਟ ਸਰਹਿੰਦ ਫ਼ਤਹਿ ਦਿਵਸ ਦੀ ਅੰਗਰੇਜੀ ਤਾਰੀਖ਼ ਹਰ ਸਾਲ 12 ਮਈ ਹੁੰਦੀ ਹੈ, ਪਰ ਦੇਸੀ ਤਾਰੀਖ਼ ਹਰ ਸਾਲ ਬਦਲ ਕੇ ਕਦੀ 29 ਵੈਸਾਖ ਤੇ ਕਦੀ 30 ਵੈਸਾਖ ਹੋ ਜਾਂਦੀ ਹੈ ਜਦੋਂ ਕਿ ਗੁਰਦੁਆਰਾ ਸ਼ਹੀਦ ਗੰਜ ਫ਼ਤਹਿਗੜ੍ਹ ਸਾਹਿਬ ਜਿੱਥੇ ਸਰਹਿੰਦ ਫ਼ਤਿਹ ਕਰਨ ਦੌਰਾਨ ਸ਼ਹੀਦ ਹੋਏ 6000 ਸਿੰਘਾਂ ਦਾ ਸਸਕਾਰ ਕੀਤਾ ਗਿਆ ਸੀ; ਵਿਖੇ ਲੱਗੇ ਬੋਰਡ ’ਤੇ ਇਹ ਤਾਰੀਖ਼ 1 ਜੇਠ/ 14 ਜੂਨ ਲਿਖੀ ਹੈ। ਇਨ੍ਹਾਂ ਤਾਰੀਖ਼ਾਂ ਦੀ ਪਰਖ ਪੜਚੋਲ ਕਰੀਏ ਤਾਂ ਸਾਰੀਆਂ ਹੀ ਗਲਤ ਸਾਬਤ ਹੁੰਦੀਆਂ ਹਨ। ਸਾਰੇ ਗੁਰ ਪੁਰਬਾਂ ਦੀਆਂ ਤਾਰੀਖ਼ਾਂ ਪਿਛਲੇ ਸਾਲ ਨਾਲੋਂ 10 ਤੋਂ 12 ਦਿਨ ਪਹਿਲਾਂ ਜਾਂ 18-19 ਦਿਨ ਪਿੱਛੋਂ ਆਉਂਦੀਆਂ ਹਨ। ਵੱਖ ਵੱਖ ਬਦਲਵੀਆਂ ਤਾਰੀਖ਼ਾਂ ਆਉਣੀਆਂ ਦੱਸਦੀਆਂ ਹਨ ਕਿ ਸ੍ਰੋਮਣੀ ਕਮੇਟੀ ਇਤਿਹਾਸਕ ਦਿਹਾੜੇ ਨਿਸ਼ਚਿਤ ਕਰਨ ਲਈ ਇੱਕ ਮੱਤ ਨਹੀਂ ਬਲਕਿ ਚਾਰ ਵੱਖ ਵੱਖ ਲੰਬਾਈ ਵਾਲੇ ਕੈਲੰਡਰ ਵਰਤ ਰਹੀ ਹੈ। ਇਸ ਕਾਰਨ ਇਸ ਨੂੰ ਨਾਨਕਸ਼ਾਹੀ ਕੈਲੰਡਰ ਕਹਿਣਾ ਹੀ ਗਲਤ ਹੈ। ਇਹ ਮਿਲਗੋਭਾ ਕੈਲੰਡਰ ਹੈ। ਮਿਲਗੋਭਾ ਕੈਲੰਡਰ ਵਰਤਣ ਨਾਲ ਜੋ ਨੁਕਸ ਪੈ ਰਹੇ ਹਨ ਉਨ੍ਹਾਂ ਦੀ ਇੱਕ ਮਿਸਾਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜਿੱਥੇ ਬੈਠ ਕੇ ਤੁਸੀਂ ਕੌਮ ਲਈ ਹੁਕਮ ਜਾਰੀ ਕਰਦੇ ਹੋ ਉਸ ਦਾ ਸਥਾਪਨਾ ਦਿਵਸ ਹਰ ਸਾਲ 18 ਹਾੜ ਦਰਜ ਹੁੰਦਾ ਹੈ, ਪਰ ਇਸੇ ਤਖ਼ਤ ਦੀ ਸਥਾਪਨਾ ਤੋਂ 19 ਦਿਨ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸੇ ਹੀ ਤਖ਼ਤ ’ਤੇ ਬੈਠ ਕੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਸਨ, ਜਿਸ ਦਿਨ ਨੂੰ ਮੀਰੀ-ਪੀਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਤੇ ਹਰ ਸਾਲ ਇਸ ਦੀ ਤਾਰੀਖ਼ ਬਦਲ ਜਾਂਦੀ ਹੈ। ਕਈ ਵਾਰੀ ਸਥਾਪਨਾ ਦਿਵਸ ਤੋਂ ਮੀਰੀ-ਪੀਰੀ ਦਿਵਸ ਪਹਿਲਾਂ ਵੀ ਆ ਜਾਂਦਾ ਹੈ; ਜਿਵੇਂ ਕਿ ਸਾਲ 2020 ’ਚ 17 ਹਾੜ ਭਾਵ ਸਥਾਪਨਾ ਤੋਂ ਇੱਕ ਦਿਨ ਪਹਿਲਾਂ ਅਤੇ ਹੁਣ ਅਗਲੇ ਸਾਲ 2023 ’ਚ ਚਾਰ ਦਿਨ ਪਹਿਲਾਂ 14 ਹਾੜ ਨੂੰ ਆਵੇਗਾ। ਇਨ੍ਹਾਂ ਵਿਵਾਦਾਂ ਕਾਰਨ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਥਾਪਤ ਹੀ ਨਹੀਂ ਹੋਏ ਸਨ ਤਾਂ ਗੁਰੂ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਕਿਸ ਸਥਾਨ ’ਤੇ ਬੈਠ ਕੇ ਧਾਰਨ ਕੀਤੀਆਂ ? ਸੋ ਸ੍ਰੋਮਣੀ ਕਮੇਟੀ ਖ਼ੁਦ ਹੀ ਦੁਚਿੱਤੀ ਦਾ ਸ਼ਿਕਾਰ ਹੈ। ਉਸ ਦੀ ਕਮੇਟੀ ਅਤੇ ਜਥੇਦਾਰ ਸਾਹਿਬਾਨ ਨੂੰ ਖ਼ੁਦ ਸਮਝ ਨਹੀਂ ਜਦੋਂ ਕਿ ਮੂਲ ਨਾਨਕਸ਼ਾਹੀ ਕੈਲੰਡਰ ’ਚ ਇਹ ਦੋਵੇਂ ਤਾਰੀਖ਼ਾਂ ਹਰ ਸਾਲ ਕ੍ਰਮਵਾਰ 18 ਹਾੜ ਅਤੇ ਇਸ ਤੋਂ 19 ਦਿਨ ਪਿੱਛੋਂ 6 ਸਾਵਣ ਨੂੰ ਮੀਰੀ-ਪੀਰੀ ਦਿਵਸ ਦਰਜ ਹਨ। ਐਸੀਆਂ ਹੋਰ ਵੀ ਕਈ ਉਦਾਹਰਨਾਂ ਮਿਲ ਸਕਦੀਆਂ ਹਨ।

ਧੁਮੱਕੜਸ਼ਾਹੀ ਕੈਲੰਡਰ ਦੀਆਂ ਪ੍ਰਾਪਤੀਆਂ

1

ਧੁਮੱਕੜਸ਼ਾਹੀ ਕੈਲੰਡਰ ਦੀਆਂ ਪ੍ਰਾਪਤੀਆਂ

ਸਰਵਜੀਤ ਸਿੰਘ ਸੈਕਰਾਮੈਂਟੋ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਅਕਤੂਬਰ 2009 ਵਿੱਚ ਬਣਾਈ ਗਈ ਦੋ ਮੈਂਬਰੀ ਕੈਲੰਡਰ ਵਿਗਾੜੂ ਕਮੇਟੀ ਦੇ ਮੈਂਬਰਾਂ, ਭਾਈ ਹਰਨਾਮ ਸਿੰਘ ਧੁੰਮਾ ਅਤੇ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਨਾਮ ਨਾਲ ਜਾਣਿਆ ਜਾਂਦਾ ਧੁਮੱਕੜਸ਼ਾਹੀ ਕੈਲੰਡਰ ਪਿਛਲੇ 12 ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚਰਚਾ ਦੀ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸੰਬੰਧਿਤ ਦੋ ਦਿਹਾੜਿਆਂ ਦੀਆਂ ਤਾਰੀਖਾਂ ਦੀ ਚਰਚਾ ਕਰਾਂਗੇ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਸੰਮਤ 554 ਨਾਨਕਸ਼ਾਹੀ (2022-23 ਈ:) ਦੇ ਕੈਲੰਡਰ ਵਿੱਚ ਸਰਹਿੰਦ ਫ਼ਤਿਹ ਦਿਵਸ 29 ਵੈਸਾਖ (12 ਮਈ) ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 11 ਹਾੜ (25 ਜੂਨ) ਦਾ ਦਰਜ ਹੈ। ਪਿਛਲੇ ਸਾਲ ਦੇ ਕੈਲੰਡਰ (ਸੰਮਤ 553 ਨਾਨਕਸ਼ਾਹੀ) ਵਿੱਚ, ਸਰਹਿੰਦ ਫ਼ਤਿਹ ਦਿਵਸ 30 ਵੈਸਾਖ (12 ਮਈ) ਅਤੇ ਸ਼ਹੀਦੀ ਦਿਹਾੜਾ 11 ਹਾੜ (25 ਜੂਨ) ਦਾ ਦਰਜ ਸੀ। ਹੇਠਲੇ ਚਾਰਟ ਨੂੰ ਧਿਆਨ ਨਾਲ਼ ਵੇਖੋ ਜੀ।

ਸਰਹਿੰਦ ਫ਼ਤਿਹ ਦਿਵਸ ਦਾ ਪ੍ਰਵਿਸ਼ਟਾ 29 ਵੈਸਾਖ ਜਾਂ 30 ਵੈਸਾਖ ਹੈ, ਪਰ ਅੰਗਰੇਜ਼ੀ ਤਾਰੀਖ ਹਰ ਸਾਲ 12 ਮਈ ਹੀ ਹੈ। ਜਿਹੜੇ ਸਾਲ ਵਿੱਚ ਵੈਸਾਖੀ 14 ਅਪ੍ਰੈਲ ਨੂੰ ਆਉਂਦੀ ਹੈ, ਉਸ ਸਾਲ 12 ਮਈ ਨੂੰ 29 ਵੈਸਾਖ ਬਣਦਾ ਹੈ ਅਤੇ ਜਿਹੜੇ ਸਾਲ ਵੈਸਾਖੀ 13 ਅਪ੍ਰੈਲ ਨੂੰ ਆਈ ਸੀ ਉਸ ਸਾਲ 12 ਮਈ ਨੂੰ 30 ਵੈਸਾਖ ਬਣਦਾ ਹੈ। ਇਸ ਤੋਂ ਸਪਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਇਹ ਦਿਹਾੜਾ ਪ੍ਰਵਿਸ਼ਟਿਆਂ ਮੁਤਾਬਕ ਨਹੀਂ ਸਗੋਂ ਅੰਗਰੇਜ਼ੀ ਤਾਰੀਖ (12 ਮਈ) ਮੁਤਾਬਕ ਮਨਾਉਂਦੀ ਹੈ।

ਸੰਪਾਦਕੀ ਨੋਟ : ਬਾਦਸ਼ਾਹ ਨੂੰ ਭੇਜੀ ਜਾਂਦੀ ਰੋਜ਼ਾਨਾ ਡਾਇਰੀ ਰਿਪੋਰਟ ਵਿੱਚ ਸਰਹਿੰਦ ਫ਼ਤਿਹ ਦਿਵਸ ਦੀ ਤਾਰੀਖ਼ 24 ਰੱਬੀ-ਉਲ-ਅਵਲ, ਹਿਜਰੀ ਸੰਮਤ 1122 ਲਿਖੀ ਹੋਈ ਹੈ, ਜਿਸ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕਰਨ ’ਤੇ ੧੫ ਜੇਠ, ਜੇਠ ਵਦੀ ੧੧, ਦਿਨ ਸ਼ਨਿਚਰਵਾਰ, ਬਿਕ੍ਰਮੀ ਸੰਮਤ ੧੭੬੭ (ਸੂਰਜੀ ਸਿਧਾਂਤ)/ 13 ਮਈ 1710 ਬਣਦਾ ਹੈ। ਡਾ: ਗੰਡਾ ਸਿੰਘ ਨੇ ਤਾਰੀਖ਼ਾਂ ਦੀ ਤਬਦੀਲੀ ਲਈ ਸ੍ਵਾਮੀਕੰਨੂ ਪਿੱਲੇ ਦੀ ਜੰਤਰੀ ਦੀ ਵਰਤੋਂ ਕੀਤੀ ਹੈ। ਸ੍ਵਾਮੀਕੰਨੂ ਪਿੱਲੇ ਤਾਮਿਲਨਾਡੂ ਦਾ ਰਹਿਣ ਵਾਲਾ ਹੋਣ ਕਾਰਨ ਉਸ ਨੇ ਆਪਣੀ ਜੰਤਰੀ ’ਚ ਤਾਮਿਲਨਾਡੂ ’ਚ ਪ੍ਰਚਲਿਤ ਨਿਯਮਾਂ ਵਾਲੇ ਕੈਲੰਡਰ ਦੀਆਂ ਤਾਰੀਖ਼ਾਂ ਦਰਜ ਕੀਤੀਆਂ ਹਨ, ਜਿਸ ਦੀਆਂ ਕੁਝ ਸੰਗਰਾਂਦਾਂ ’ਚ ਪੰਜਾਬ ਦੀਆਂ ਸੰਗਰਾਂਦਾਂ ਨਾਲੋਂ ਇੱਕ ਦਿਨ ਦਾ ਫ਼ਰਕ ਹੋ ਸਕਦਾ ਹੈ। ਉਨ੍ਹਾਂ ਨੇ ਹੇਠਾਂ ਨੋਟ ਵੀ ਲਿਖਿਆ ਹੈ ਕਿ ਦੂਸਰੇ ਸੂਬਿਆਂ ਦੀਆਂ ਤਾਰੀਖ਼ਾਂ ਲਿਖਣ ਸਮੇਂ ਉੱਥੋਂ ਦੇ ਨਿਯਮਾਂ ਮੁਤਾਬਕ ਸੋਧ ਕਰ ਲਈ ਜਾਵੇ, ਪਰ ਡਾ: ਗੰਡਾ ਸਿੰਘ ਜੀ ਨੇ ਇਹ ਨੋਟ ਨਹੀਂ ਵੇਖਿਆ ਤੇ ਤਾਮਿਲਨਾਡੂ ਦੇ ਨਿਯਮਾਂ ਵਾਲੀ ਤਾਰੀਖ਼ 12 ਮਈ ਲਿਖ ਦਿੱਤੀ। ਉਨ੍ਹਾਂ ਤੋਂ ਵੇਖ ਕੇ ਬਾਕੀ ਦੇ ਲੇਖਕ ਅਤੇ ਇਤਿਹਾਸਕਾਰ 12 ਮਈ ਹੀ ਲਿਖਦੇ ਗਏ; ਇਉਂ 12 ਮਈ ਪ੍ਰਚਲਿਤ ਹੋ ਗਈ। ਇੱਥੋਂ ਹੀ ਸ੍ਰੋਮਣੀ ਕਮੇਟੀ ਨੇ 12 ਮਈ ਤਾਰੀਖ਼ ਲੈ ਕੇ ਆਪਣੇ ਕੈਲੰਡਰਾਂ ’ਚ ਦਰਜ ਕਰਨੀ ਸ਼ੁਰੂ ਕਰ ਦਿੱਤੀ। ਕਮੇਟੀ ਦੇ ਕੈਲੰਡਰ ਸੋਧ ਵਿਦਵਾਨਾਂ (ਭਾਈ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ) ਨੂੰ ਇਹ ਸਮਝ ਵੀ ਨਾ ਪਈ ਕਿ ਜੇ ਬਾਕੀ ਦੀਆਂ ਸਾਰੀਆਂ ਤਾਰੀਖ਼ਾਂ ਪ੍ਰਵਿਸ਼ਟਿਆ ਮੁਤਾਬਕ ਹਨ ਤਾਂ ਸਰਹਿੰਦ ਫ਼ਤਿਹ ਦਿਵਸ ਦਾ ਵੀ ਪ੍ਰਵਿਸ਼ਟਾ ਲਿਖਿਆ ਜਾਵੇ, ਜੋ 12 ਮਈ 1710 ਈ: ਦੇ ਹਿਸਾਬ ਨਾਲ ੧੪ ਜੇਠ ਬਣਦਾ ਹੈ ਅਤੇ ਜੇ ਸਹੀ ਤਾਰੀਖ਼ ਲੈਣੀ ਹੋਵੇ ਤਾਂ 24 ਰੱਬੀ-ਉਲ-ਅਵਲ, ਹਿਜਰੀ ਸੰਮਤ 1122 ਦੇ ਹਿਸਾਬ ੧੫ ਜੇਠ, ਬਿਕ੍ਰਮੀ ਸੰਮਤ ੧੭੬੭ (ਸੂਰਜੀ ਸਿਧਾਂਤ)/ 13 ਮਈ 1710 ਬਣਦਾ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ੧੫ ਜੇਠ ਦਾ ਪ੍ਰਵਿਸ਼ਟਾ ਹੀ ਦਰਜ ਹੈ, ਜੋ ਹਰ ਸਾਲ 29 ਮਈ (ਗ੍ਰੈਗੋਰੀਅਨ) ਨੂੰ ਆਉਂਦਾ ਹੈ। (ਗਿਆਨੀ ਅਵਤਾਰ ਸਿੰਘ)

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 11 ਹਾੜ ਦਾ ਦਰਜ ਹੈ, ਪਰ ਤਾਰੀਖ 24 ਜੂਨ ਜਾਂ 25 ਜੂਨ ਲਿਖੀ ਹੈ। ਜਿਹੜੇ ਸਾਲ ਜੇਠ ਦੀ ਸੰਗਰਾਂਦ 14 ਜੂਨ ਨੂੰ ਆਈ, ਉਸ ਸਾਲ 11 ਹਾੜ ਨੂੰ 24 ਜੂਨ ਹੈ ਅਤੇ ਜਿਹੜੇ ਸਾਲ ਹਾੜ ਦੀ ਸੰਗਰਾਂਦ 15 ਜੂਨ ਨੂੰ ਹੈ ਉਸ ਸਾਲ 11 ਹਾੜ ਨੂੰ 25 ਜੂਨ। ਇਸ ਤੋਂ ਇਹ ਸਪਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਇਹ ਦਿਹਾੜਾ ਪ੍ਰਵਿਸ਼ਟਿਆਂ ਮੁਤਾਬਕ (11 ਹਾੜ) ਮਨਾਉਂਦੀ ਹੈ, ਨਾ ਕਿ ਅੰਗਰੇਜ਼ੀ ਤਾਰੀਖ ਮੁਤਾਬਕ। ਸੋ ਸ਼੍ਰੋਮਣੀ ਕਮੇਟੀ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਸਰਹਿੰਦ ਫ਼ਤਿਹ ਦਿਵਸ ਤਾਂ ਤਾਰੀਖ (12 ਮਈ) ਮੁਤਾਬਕ ਮਨਾਉਂਦੀ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਪ੍ਰਵਿਸ਼ਟਿਆਂ (11 ਹਾੜ) ਮੁਤਾਬਕ। ਆਓ ਹੁਣ ਵੇਖੀਏ ਕਿ ਇਨ੍ਹਾਂ ਦੋਵਾਂ ਦਿਹਾੜਿਆਂ ਦੀ ਅਸਲ ਤਾਰੀਖ ਕੀ ਹੈ ?

ਡਾ. ਸੁਖਦਿਆਲ ਸਿੰਘ ਆਪਣੀ ਕਿਤਾਬ ‘ਚੱਪੜ-ਚਿੜੀ ਦੀ ਲੜਾਈ ਅਤੇ ਖਾਲਸਾ ਰਾਜ ਦੀ ਸਥਾਪਨਾ’ ਵਿੱਚ ਲਿਖਦੇ ਹਨ ‘ਚੱਪੜ-ਚਿੜੀ ਦੀ ਲੜਾਈ 22 ਮਈ, 1710 ਨੂੰ ਲੜੀ ਗਈ ਸੀ’। (ਪੰਨਾ 35) ਆਪਣੀ ਇਕ ਹੋਰ ਕਿਤਾਬ ‘ਖਾਲਸਾ ਰਾਜ ਦਾ ਬਾਨੀ ਬੰਦਾ ਸਿੰਘ ਬਹਾਦਰ’ ਵਿੱਚ ਡਾ. ਸੁਖਦਿਆਲ ਸਿੰਘ ਲਿਖਦੇ ਹਨ ‘ਚੱਪੜ ਚਿੜੀ ਦੀ ਲੜਾਈ ਸਿੰਘਾਂ ਅਤੇ ਮੁਗਲ ਹਕੂਮਤ ਵਿਚਕਾਰ 12 ਮਈ, 1710 ਈ: ਨੂੰ ਲੜੀ ਗਈ ਸੀ’। (ਪੰਨਾ 42) ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਤਿਹਾਸ ਦੀ ਇਕੋ ਘਟਨਾ ਦੀਆਂ ਦੋ ਤਾਰੀਖਾਂ ਕਿਵੇਂ ਹੋ ਸਕਦੀਆਂ ਹਨ ? ਭਾਵੇਂ ਡਾ. ਸੁਖਦਿਆਲ ਸਿੰਘ ਆਪਣੀਆਂ ਲਿਖਤਾਂ ਵਿੱਚ, ਤਾਰੀਖਾਂ ਦੇ ਮਾਮਲੇ ਵਿੱਚ ਬਹੁਤ ਉਲਝਿਆ ਹੋਇਆ ਹੈ, ਪਰ ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਜਦੋਂ ਇਕੋ ਘਟਨਾ ਦੀਆਂ ਦੋ ਤਾਰੀਖਾਂ ਵਿੱਚ 10-11 ਦਿਨਾਂ ਦਾ ਫਰਕ ਹੋਵੇ, ਤਾਂ ਇਹ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ਦਾ ਮਸਲਾ ਹੁੰਦਾ ਹੈ।  12 ਮਈ 1710 ਈ: ਜੂਲੀਅਨ ਕੈਲੰਡਰ ਦੀ ਤਾਰੀਖ ਹੈ ਅਤੇ 22 ਮਈ 1710 ਈ: ਗਰੈਗੋਰੀਅਨ ਕੈਲੰਡਰ ਦੀ ਤਾਰੀਖ ਹੈ। ਭਾਵੇਂ ਕਿ ਇਹ ਵੀ ਸਹੀ ਨਹੀਂ 12 ਮਈ ਜੂਲੀਅਨ ਦੀ 23 ਗਰੈਗੋਰੀਅਨ ਬਣਦੀ ਹੈ, ਪਰ ਇੱਥੇ ਸਾਡਾ ਇਹ ਵਿਸ਼ਾ ਨਹੀਂ। ਅਸੀਂ ਸ੍ਰੋਮਣੀ ਕਮੇਟੀ ਵਾਲੀ 12 ਮਈ (ਜੂਲੀਅਨ) ਨੂੰ ਸਹੀ ਮੰਨ ਕੇ ਚੱਲਦੇ ਹਾਂ। ਜੂਲੀਅਨ ਕੈਲੰਡਰ ਕਦੇ ਵੀ ਆਪਣੇ ਖਿੱਤੇ ਵਿੱਚ ਲਾਗੂ ਨਹੀਂ ਹੋਇਆ। ਆਪਣੇ ਖਿੱਤੇ ਵਿੱਚ ਲਾਗੂ ਬਿਕ੍ਰਮੀ ਕੈਲੰਡਰ ਦੇ ਮੁਤਾਬਕ 12 ਮਈ (ਜੂਲੀਅਨ) ਨੂੰ 14 ਜੇਠ ਸੀ ਭਾਵ ਚੱਪੜ-ਚਿੜੀ ਦੀ ਲੜਾਈ 14 ਜੇਠ ਸੰਮਤ 1767 ਬਿ: ਦਿਨ ਸ਼ੁਕਰਵਾਰ ਨੂੰ ਹੋਈ ਸੀ।

ਡਾ. ਸੁਖਦਿਆਲ ਸਿੰਘ ਆਪਣੀ ਇਕ ਹੋਰ ਕਿਤਾਬ ‘ਬੰਦਾ ਸਿੰਘ ਬਹਾਦਰ- ਇਤਿਹਾਸਕ ਅਧਿਐਨ’ ਵਿੱਚ ਲਿਖਦਾ ਹੈ ਕਿ ‘ਇਸੇ ਤਰ੍ਹਾਂ ਹੀ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹਿਜਰੀ ਸੰਮਤ ਅਨੁਸਾਰ 29 ਜਮਾਦੀ-ਉਸਾਨੀ 1128 ਨੂੰ ਵਿਲੀਅਮ ਇਰਵਿਨ ਨੇ 19 ਜੂਨ 1716 ਲਿਖਿਆ ਹੈ ਅਤੇ ਗੰਡਾ ਸਿੰਘ ਨੇ 9 ਜੂਨ 1716 ਲਿਖਿਆ ਹੈ। ਇਉਂ ਦੋਹਾਂ ਵੱਲੋਂ ਦਿੱਤੀਆਂ ਮਿਤੀਆਂ ਵਿੱਚ 10 ਦਿਨਾਂ ਦਾ ਫ਼ਰਕ ਹੈ। ਹੁਣ ਦੋਹਾ ਵਿੱਚੋਂ ਅਪਣਾਇਆ ਕਿਸ ਨੂੰ ਜਾਵੇ’। (ਪੰਨਾ 216) ਇੱਥੇ ਵੀ ਉਹੀ ਸਮੱਸਿਆ ਹੈ ਡਾ. ਗੰਡਾ ਸਿੰਘ ਵੱਲੋਂ ਲਿਖੀ 9 ਜੂਨ ਜੂਲੀਅਨ ਕੈਲੰਡਰ ਦੀ ਤਾਰੀਖ ਹੈ ਅਤੇ ਵਿਲੀਅਮ ਇਰਵਿਨ ਵੱਲੋਂ ਲਿਖੀ 19 ਜੂਨ ਗਰੈਗੋਰੀਅਨ ਦੀ, ਪਰ ਇਕ ਦਿਨ ਦਾ ਫ਼ਰਕ ਇੱਥੇ ਵੀ ਹੈ।  9 ਜੂਨ (ਜੂਲੀਅਨ) ਨੂੰ 20 ਜੂਨ (ਗਰੈਗੋਰੀਅਨ) ਬਣਦੀ ਹੈ। ਹਿਜਰੀ ਕੈਲੰਡਰ ਮੁਤਾਬਕ 9 ਜੂਨ ਸਹੀ ਹੈ।  9 ਜੂਨ 1716 ਈ: (ਜੂਲੀਅਨ) ਨੂੰ 11 ਹਾੜ ਸੰਮਤ 1773 ਬਿ: ਦਿਨ ਸ਼ਨਿਚਰਵਾਰ ਸੀ। ਸ਼੍ਰੋਮਣੀ ਕਮੇਟੀ ਹਰ ਸਾਲ ਆਪਣੇ ਕੈਲੰਡਰ ਵਿੱਚ ਇਹ ਦਿਹਾੜਾ 11 ਹਾੜ ਦਾ ਹੀ ਦਰਜ ਕਰਦੀ ਹੈ। ਯਾਦ ਰਹੇ ਨਾਨਕਸ਼ਾਹੀ ਕੈਲੰਡਰ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 11 ਹਾੜ ਹੀ ਲਿਖਿਆ ਹੈ।

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 11 ਹਾੜ ਦਾ ਹੈ ਅਤੇ ਸ਼੍ਰੋਮਣੀ ਕਮੇਟੀ ਵੀ 11 ਹਾੜ ਨੂੰ ਹੀ (ਭਾਵ ਪ੍ਰਵਿਸ਼ਟਿਆਂ ਮੁਤਾਬਕ ਹੀ) ਮਨਾਉਂਦੀ ਹੈ। ਸਰਹਿੰਦ ਫ਼ਤਿਹ ਦਿਵਸ ਨੂੰ ਸ਼੍ਰੋਮਣੀ ਕਮੇਟੀ ਹਰ ਸਾਲ 12 ਮਈ (ਭਾਵ ਜੂਲੀਅਨ ਕੈਲੰਡਰ ਮੁਤਾਬਕ) ਨੂੰ ਮਨਾਉਂਦੀ ਹੈ। ਆਮ ਬੰਦਾ ਜ਼ਰੂਰ ਸੋਚਦਾ ਹੈ ਕਿ ਇੱਕ ਦਿਹਾੜਾ ਪ੍ਰਵਿਸ਼ਟਿਆਂ ਮੁਤਾਬਕ ਅਤੇ ਦੂਜਾ ਜੂਲੀਅਨ ਕੈਲੰਡਰ ਮੁਤਾਬਕ   !  !  ਐਸਾ ਕਿਉਂ ? ਸਰਹਿੰਦ ਫ਼ਤਿਹ ਦਿਵਸ ਨੂੰ ਪ੍ਰਵਿਸ਼ਟਿਆਂ ਮੁਤਾਬਕ ਕਿਉ ਨਹੀਂ ਮਨਾਇਆ ਜਾਣਾ ਚਾਹੀਦਾ ? 12 ਮਈ 1710 ਈ: (ਜੂਲੀਅਨ) ਦਿਨ ਸ਼ੁਕਰਵਾਰ ਨੂੰ 14 ਜੇਠ ਸੰਮਤ 1767 ਬਿ: ਸੀ। ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 11 ਹਾੜ ਨੂੰ ਮਨਾਇਆ ਜਾ ਸਕਦਾ ਹੈ ਤਾਂ ਸਰਹਿੰਦ ਫ਼ਤਿਹ ਦਿਵਸ ਹਰ ਸਾਲ 14 ਜੇਠ ਨੂੰ ਕਿਉ ਨਹੀਂ ? ਜਿਹੜਾ ਦਿਹਾੜਾ 14 ਜੇਠ ਦਾ ਹੈ ਉਹ 29 ਜਾਂ 30 ਵੈਸਾਖ ਨੂੰ ਕਿਵੇਂ ਮਨਾਇਆ ਜਾ ਸਕਦਾ ਹੈ ? ਜਿਹੜਾ ਕੈਲੰਡਰ ਕਦੇ ਆਪਣੇ ਖਿੱਤੇ ਵਿੱਚ ਲਾਗੂ ਹੀ ਨਹੀਂ ਹੋਇਆ, ਉਸ ਕੈਲੰਡਰ ਮੁਤਾਬਕ ਇਤਿਹਾਸਿਕ ਦਿਹਾੜੇ ਕਿਉਂ ਮਨਾਏ ਜਾ ਰਹੇ ਹਨ ? ਹੁਣ ਇਤਿਹਾਸ ਨਾਲ ਖਿਲਵਾੜ ਕੌਣ ਕਰ ਰਿਹਾ ਹੈ ? ਜਿਹੜੇ ਕਹਿੰਦੇ ਹਨ ਕਿ ਗੁਰੂ ਸਾਹਿਬ ਵਾਲਾ ਕੈਲੰਡਰ ਕਿਉਂ ਛੱਡੀਏ ? (ਜਿਸ ਨੂੰ ਆਪ 1964-65 ਵਿੱਚ ਛੱਡ ਵੀ ਚੁੱਕੇ ਹਨ ਜਦ ਪੰਡਿਤਾਂ ਨੇ ਆਪਣੇ ਇਸ ਕੈਲੰਡਰ ’ਚ ਸੋਧ ਕੀਤੀ ਸੀ) ਕੀ ਉਨ੍ਹਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਧੁਮੱਕੜਸ਼ਾਹੀ ਕੈਲੰਡਰ ’ਚ ਤਾਂ ਜੂਲੀਅਨ ਕੈਲੰਡਰ ਵੀ ਸ਼ਾਮਲ ਹੈ ?

ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਵਿੱਚ ਕੁਝ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 354.37 ਦਿਨ), ਕੁਝ ਦਿਹਾੜੇ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 365.2563 ਦਿਨ), ਕੁਝ ਦਿਹਾੜੇ ਜੂਲੀਅਨ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 365.25 ਦਿਨ) ਅਤੇ ਕੁਝ ਦਿਹਾੜੇ ਗਰੈਗੋਰੀਅਨ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 365.2425 ਦਿਨ) ਦਰਜ ਕੀਤੇ ਜਾਂਦੇ ਹਨ। ਇਹ ਹਨ ਧੁਮੱਕੜਸ਼ਾਹੀ ਕੈਲੰਡਰ ਦੀਆਂ ਕੁਝ ਪ੍ਰਾਪਤੀਆਂ।

ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਸਾਰੇ ਦਿਹਾੜੇ ਇਕ ਕੈਲੰਡਰ ਮੁਤਾਬਕ ਕਿਉਂ ਨਹੀਂ ਮਨਾਏ ਜਾਣੇ ਚਾਹੀਦੇ ?

ਪੰਜਾਬੀ ਸੂਬੇ ਦੇ ਵਿਸਾਰੇ ਸ਼ਹੀਦ  !

0

ਪੰਜਾਬੀ ਸੂਬੇ ਦੇ ਵਿਸਾਰੇ ਸ਼ਹੀਦ  !

ਬਲਦੀਪ ਸਿੰਘ ਰਾਮੂੰਵਾਲੀਆ

ਜਨਵਰੀ 1960 ਵਿੱਚ ਮਾਸਟਰ ਤਾਰਾ ਸਿੰਘ ਦੀ ਅਗਵਾਈ ਥੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਅਕਾਲੀਆਂ ਨੇ ਪ੍ਰਤਾਪ ਸਿੰਘ ਕੈਰੋਂ (ਮੁੱਖ ਮੰਤਰੀ ਪੰਜਾਬ) ਦੀ ਸ਼ੈਅ ’ਤੇ ਬਣੇ ਸਾਧ ਸੰਗਤ ਬੋਰਡ ਨੂੰ ਹਰਾ ਕੇ ਜਿੱਤ ਹਾਸਲ ਕੀਤੀ । ਅਕਾਲੀਆਂ ਦੀਆਂ ਜਿੱਤੀਆਂ 136 ਸੀਟਾਂ ਦੇ ਮੁਕਾਬਲੇ ’ਤੇ ਕਾਂਗਰਸੀ ਸਾਧ ਸੰਗਤ ਬੋਰਡ ਨੂੰ 4 ਹੀ ਸੀਟਾਂ ਹਾਸਲ ਹੋਈਆਂ। ਦੂਜੇ ਬੰਨੇ ਕਮਿਊਨਿਸਟ ਪਾਰਟੀ ਆਲੇ ਦੇਸ਼ ਭਗਤ ਬੋਰਡ ਦਾ ਬਿਲਕੁਲ ਬਿਸਤਰਾ ਗੋਲ ਹੋ ਗਿਆ।

ਉਧਰ ਹੁਣ ਮਾਸਟਰ ਜੀ ਨੇ ਨਵੀਂ ਬਣੀ ਕਮੇਟੀ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁਖ 24 ਜਨਵਰੀ 1960 ਈਸਵੀ ਨੂੰ ਅਰਦਾਸ ਸੋਧੀ ਗਈ ਕਿ ਸਭ ਸੱਜਣ ‘ਪੰਜਾਬੀ ਸੂਬੇ’ ਦੀ ਪ੍ਰਾਪਤੀ ਲਈ ਆਪਣਾ ਤਨ, ਮਨ, ਧਨ ਸਭ ਕੁਝ ਨਿਛਾਵਰ ਕਰ ਦੇਣਗੇ। ਅਕਾਲੀ ਦਲ ਨੇ ਇਸ ਸਮੇਂ ਕਾਂਗਰਸ ਵਿੱਚ ਸ਼ਾਮਲ ਹੋਏ ਆਪਣੇ ਪੁਰਾਣੇ ਸਾਥੀਆਂ ਨੂੰ ਅਸਤੀਫਾ ਦੇਣ ਲਈ ਕਿਹਾ, ਪਰ ਲਾਲਚੀ ਬ੍ਰਿਤੀ ਹਾਵੀ ਹੋਣ ਕਾਰਨ ਉਸ ਵਕਤ ਅਸੈਂਬਲੀ ਦੇ 24 ’ਚੋਂ 5 ਐਮ ਐਲ ਏ ਹੀ ਬਾਹਰ ਆਏ; ਜਿਨ੍ਹਾਂ ਦੇ ਨਾਮ ਸਨ ਸ. ਸਰੂਪ ਸਿੰਘ, ਸ. ਆਤਮਾ ਸਿੰਘ, ਸ. ਹਰਗੁਰਾਨਾਦ ਸਿੰਘ, ਸ. ਊਧਮ ਸਿੰਘ ਅਤੇ ਮਾਸਟਰ ਪ੍ਰਤਾਪ ਸਿੰਘ । ਪਾਰਲੀਮੈਂਟ ਮੈਂਬਰਾਂ ਵਿੱਚੋਂ ਕਿਸੇ ਨੇ ਅਸਤੀਫਾ ਨਾ ਦਿੱਤਾ।

ਮਾਸਟਰ ਤਾਰਾ ਸਿੰਘ ਹੁਣਾ ਨੇ ਅਪ੍ਰੈਲ 1960 ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਤਾਂ ਕੇ ਉਹ ਨਿੱਠ ਕੇ ਪੰਜਾਬੀ ਸੂਬੇ ਲਈ ਕਾਰਜ ਕਰ ਸਕਣ। ਉਧਰ ਇਸੇ ਸਮੇਂ ਵਿੱਚ 1947 ਵਿੱਚ ਲਹਿੰਦੇ ਪੰਜਾਬ ਵਿੱਚੋਂ ਉਜੜ ਕੇ 20,000 ਸਿੱਖ ਪਰਵਾਰ, ਜੋ ਨੈਨੀਤਾਲ ਦੇ ਤਰਾਈ ਵਾਲ਼ੇ ਇਲਾਕੇ ਵਿੱਚ ਸਰਕਾਰ ਨੇ ਵਸਾਏ ਸਨ ਤੇ ਇਸ ਜੰਗਲੀ ਇਲਾਕੇ ਦੇ ਵਿਕਾਸ ਵਾਸਤੇ ਇਨ੍ਹਾਂ ਸਰਦਾਰਾਂ ਨੇ ਸਿਰ ਤੋੜ ਮਿਹਨਤ ਕਰ ਇਸ ਨੂੰ ਜ਼ਰਖ਼ੇਜ਼ (ਉਪਜਾਉ) ਬਣਾਇਆ । ਅਜੇ ਇਹ ਇਲਾਕਾ ਸਹੀ ਢੰਗ ਨਾਲ ਵਸਿਆ ਤੇ ਵਿਗਸਿਆ ਵੀ ਨਹੀਂ ਸੀ ਕਿ ਇਹਨਾਂ ਨੂੰ ਇੱਥੋਂ ਉਜਾੜਣ ਲਈ ਸਰਕਾਰ ਨੇ ਸਰਕੂਲਰ ਜਾਰੀ ਕੀਤਾ। ਪੰਜਾਬੋਂ ਬਾਹਰ ਦੇ ਸਿੱਖਾਂ ਨਾਲ ਵਾਪਰੀ ਇਸ ਘਟਨਾ ਨੇ ਪੰਜਾਬੀ ਸੂਬਾ ਲਹਿਰ ਨੂੰ ਕਾਫ਼ੀ ਵੱਧ ਉਲਾਰਾ ਦਿੱਤਾ।

ਇਸ ਸੂਬੇ ਦੀ ਪ੍ਰਾਪਤੀ ਪ੍ਰਤੀ ਅਕਾਲੀਆਂ ਵਿੱਚ ਦ੍ਰਿੜ੍ਹਤਾ ਭਰਨ ਦਾ ਇਹਨੀਂ ਦਿਨੀਂ ਇਕ ਕਾਰਨ ਇਹ ਵੀ ਬਣਿਆ ਕਿ ਆਰੀਆ ਸਮਾਜੀਆਂ ਦੁਆਰਾ, ਹਿੰਦੂ ਭਰਾਵਾਂ ਨੂੰ ਪੰਜਾਬੀ ਸੂਬੇ ਪ੍ਰਤੀ ਵਿਰੋਧ ਵਿੱਚ ਖੜ੍ਹਾ ਕੀਤਾ ਜਾ ਰਿਹਾ ਸੀ। ਸਨਾਤਨ ਧਰਮ ਪ੍ਰਚਾਰ ਸਭਾ ਦੀ ਐਗਜੈਕਟਿਵ ਕਮੇਟੀ ਨੇ ਮਾਰਚ 1960 ਵਿੱਚ ਅੰਮ੍ਰਿਤਸਰ ਦੇ ਕਥਾ ਭਵਨ ਵਿੱਚ 100 ਉੱਘੇ ਹਿੰਦੂ ਭਰਾਵਾਂ ਦੀ ਸਭਾ ਵਿੱਚ 26 ਮੈਂਬਰੀ ਭਾਸ਼ਾ ਕਮੇਟੀ ਵਿੱਚ ਕੰਮ ਕਰ ਰਹੇ ਦੋ ਸੱਜਣਾਂ ਨੂੰ ਇਹ ਫ਼ੁਰਮਾਨ ਜਾਰੀ ਕੀਤਾ ਕਿ ਪੰਜਾਬੀ ਸੂਬੇ ਦੀ ਵੰਡ, ਜੋ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਅਕਾਲੀ ਮੰਗ ਰਹੇ ਹਨ, ਸਿੱਧੇ ਜਾਂ ਅਸਿੱਧੇ ਢੰਗ ਨਾਲ ਬਿਲਕੁਲ ਵੀ ਪੂਰੀ ਨ ਹੋਣ ਦਿੱਤੀ ਜਾਵੇ।

ਮਾਸਟਰ ਤਾਰਾ ਸਿੰਘ ਨੇ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਚਣੌਤੀ ਦੇ ਰੂਪ ਵਿੱਚ ਲੈਂਦਿਆਂ; ਮੰਜੀ ਸਾਹਿਬ ਦੀਵਾਨ ਹਾਲ ਤੋਂ ਇਹ ਸ਼ਬਦ ਬੋਲੇ ਗਏ ‘ਅਸੀਂ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਦ੍ਰਿੜ੍ਹ ਹਾਂ। ਅਸੀਂ ਜਿੱਤਾਂਗੇ ਜਾਂ ਮਰਾਂਗੇ। ਅਸੀਂ ਹਾਰ ਨਹੀਂ ਮੰਨਾਂਗੇ।’ ਇਸ ਸਮੇਂ ਵਿੱਚ ਹੀ 22 ਮਈ 1960 ਨੂੰ ਅੰਮ੍ਰਿਤਸਰ ਵਿੱਚ ‘ਪੰਜਾਬੀ ਸੂਬਾ ਕਨਵੈਨਸ਼ਨ’ ਹੋਈ। ਇਸ ਦਾ ਮਨੋਰਥ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪ੍ਰਗਟਾਵਾ ਕਰਨਾ ਸੀ। ਸਭ ਤੋਂ ਖਾਸ ਗੱਲ ਇਸ ਕਨਵੈਨਸ਼ਨ ਦੀ ਪ੍ਰਧਾਨਗੀ ‘ਪੰਡਿਤ ਸੁੰਦਰ ਲਾਲ’ ਨੇ ਕੀਤੀ। ਮਸ਼ਹੂਰ ਅਜ਼ਾਦੀ ਘੁਲਾਟੀਏ ਡਾ. ਸੈਫੂਦੀਨ ਕਿਚਲੂ ਨੇ ਪੰਜਾਬੀ ਸੂਬੇ ਦੀ ਹਮਾਇਤ ਵਿੱਚ ਆਪਣੇ ਲੈਕਚਰ ਨਾਲ ਇਸ ਦਾ ਉਦਘਾਟਨ ਕੀਤਾ। ਇਸ ਤੋਂ ਬਿਨਾਂ ਸੁਤੰਤਰ ਪਾਰਟੀ, ਪਰਜਾ ਸੋਸ਼ਲਿਸਟ ਪਾਰਟੀ ਅਤੇ ਸੰਯੁਕਤ ਸੋਸ਼ਲਿਸਟ ਪਾਰਟੀ ਦੇ ਸੱਜਣ ਵੀ ਪੁੱਜੇ। ਸਭ ਤੋਂ ਵੱਡੀ ਗੱਲ ‘ਸਰਵ ਭਾਰਤ ਭਾਸ਼ਾਈ ਰਾਜ ਕਾਨਫਰੰਸ’ ਦੇ ਜਨਰਲ ਸਕੱਤਰ ਸ੍ਰੀ ਕੇ. ਜੀ. ਜੋਧ ਨੇ ਪੰਜਾਬੀ ਸੂਬੇ ਦੇ ਹੱਕ ਵਿੱਚ ਜ਼ੋਰਦਾਰ ਦਲੀਲਾਂ ਵਾਲਾ ਲੈਕਚਰ ਦਿੱਤਾ। ਇਸ ਕਨਵੈਨਸ਼ਨ ਵਿੱਚ ਹਿੰਦੂ ਅਤੇ ਮੁਸਲਿਮ ਭਰਾਵਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਪੰਜਾਬੀ ਸੂਬੇ ਪ੍ਰਤੀ ਮੁੱਖ ਮਤਾ ਗੁਰਨਾਮ ਸਿੰਘ ਹੁਣਾ ਪੇਸ਼ ਕੀਤਾ, ਜੋ ਸਰਬ ਸੰਮਤੀ ਨਾਲ ਪਾਸ ਹੋਇਆ। ਇਸ ਕਨਵੈਨਸ਼ਨ ਨੇ ਨਹਿਰੂ, ਕੈਰੋਂ, ਦਰਬਾਰਾ ਸਿੰਘ ਆਦਿ ਦੀ ਨੀਂਦ ਹਰਾਮ ਕਰ ਦਿੱਤੀ।

ਮਈ 1960 ਨੂੰ ਮਾਸਟਰ ਤਾਰਾ ਸਿੰਘ ਨੇ ਦਿੱਲੀ ਵੱਲ ਤੁਰਦਿਆਂ ਐਲਾਨ ਕੀਤਾ ਕਿ ਪੰਜਾਬੀ ਸੂਬੇ ਦੀ ਕਾਇਮੀ ਨੂੰ ਲੈ ਕੇ 12 ਜੂਨ ਨੂੰ ਦਿੱਲੀ ਵਿਖੇ ਇੱਕ ਭਾਰੀ ਰਾਜਨੀਤਕ ਜਲੂਸ ਕੱਢਿਆ ਜਾਵੇਗਾ ਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਰਾਸਤੇ ਵਿੱਚ ਪੈਂਦੇ ਗੁਰਧਾਮਾਂ ’ਤੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਇਸ ਜਲੂਸ ਵਿੱਚ ਪਹੁੰਚਣ ਲਈ ਪ੍ਰੇਰਨਾ ਦੇਣਗੇ। ਕੈਰੋਂ ਨੇ ਝੱਟ 24 ਮਈ ਨੂੰ ਮਾਸਟਰ ਤਾਰਾ ਸਿੰਘ ਸਮੇਤ ਪੂਰੇ ਪੰਜਾਬ ਵਿੱਚੋਂ ਸਿਰ ਕੱਢਵੇਂ 200 ਅਕਾਲੀ ਲੀਡਰ ਗ੍ਰਿਫ਼ਤਾਰ ਕਰ ਬਲਦੀ ’ਤੇ ਤੇਲ ਦਾ ਕੰਮ ਕੀਤਾ। ਮਾਸਟਰ ਜੀ ਨੂੰ ਪ੍ਰੀਵੈਟਿਵ ਡੀਟੈਨਸਨ ਐਕਟ ਅਧੀਨ ਤੇ ਬਾਕੀਆਂ ਨੂੰ ਜ਼ਾਬਤਾ ਫ਼ੌਜਦਾਰੀ 107/151 ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਮੈਜਿਸਟਰੇਟ ਨੇ ਜਮਾਨਤ ਵਾਸਤੇ 50 ਹਜ਼ਾਰ ਤੋਂ ਇੱਕ ਲੱਖ ਰੁਪਏ ਤੱਕ ਦੀ ਮੰਗ ਕੀਤੀ।

ਕੁਰਸੀ ਦੇ ਨਸ਼ੇ ਵਿੱਚ ਅੰਨੇ ਹੋਏ ਕੈਰੋਂ ਨੇ ਪੁਲਿਸ ਜ਼ਰੀਏ 25 ਮਈ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਅਖ਼ਬਾਰਾਂ ਅਕਾਲੀ ਅਤੇ ਪ੍ਰਭਾਤ ਨੂੰ ਬੰਦ ਕਰਨ ਲਈ ; ਉਹਨਾਂ ਦੇ ਐਡੀਟਰਾਂ ਸਮੇਤ ਸਟਾਫ਼ ਨੂੰ ਚੁਕਵਾ ਕੇ ਹਵਾਲਾਤ ਅੰਦਰ ਬੰਦ ਕਰਵਾ ਦਿੱਤਾ।  26 ਨੂੰ ਦੋਨਾਂ ਅਖ਼ਬਾਰਾਂ ਦੀਆਂ ਪ੍ਰੈਸਾਂ ਵੀ ਸੀਲ ਕਰ ਦਿੱਤੀਆਂ । ਇਸ ਵਕਤ ਜਨਰਲਸਿਟ ਯੂਨੀਅਨ ਦੇ ਰੌਲਾ ਪਾਉਣ ਕਰਕੇ ਕੈਰੋਂ ਨੂੰ ਝੁਕਣਾ ਪਿਆ ਤੇ ਹੁਕਮ ਵਾਪਸ ਲੈਣਾ ਪਿਆ । ਇਸ ਵਕਤ ਅਕਾਲੀ ਪਤ੍ਰਿਕਾ, ਸੇਵਕ, ਅੰਗਰੇਜ਼ੀ ਦੀ ਪੰਜਾਬ ਗਾਰਡੀਅਨ ਵੀ ਸੀਲ ਕੀਤੀ ਗਈ ਤੇ ਉਤੋਂ ਸਿਤਮ ਜ਼ਰੀਫੀ ਇਹ ਕਿ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਵੀ ਸੀਲ ਕੀਤੀ ਤਾਂ ਕਿ ਉਹ ਆਪਣਾ ਪੱਖ ਲੋਕਾਂ ਤੱਕ ਨਾ ਲੈ ਜਾਣ। ਇਸ ਸਾਰੇ ਕਾਸੇ ਪਿੱਛੇ ਮਨੋਰਥ ਇੱਕੋ ਸੀ ਕਿ 12 ਜੂਨ ਦਾ ਜਲਸਾ ਨਾ ਹੋ ਸਕੇ। ਇੱਧਰ ਅਕਾਲੀਆਂ ਨੇ ਵੀ ਹੋਏ ਫ਼ੈਸਲੇ ਅਨੁਸਾਰ 12 ਜੂਨ ਦੇ ਜਲਸੇ ਦੀ ਅਗਵਾਈ ਕਰਨ ਲਈ ਜੱਥਾ ਅਕਾਲ ਤਖ਼ਤ ਤੋਂ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਪ੍ਰਿੰਸੀਪਲ ਇਕਬਾਲ ਸਿੰਘ ਬੋਪਾਰਾਏ ਦੀ ਅਗਵਾਈ ਥੱਲੇ ਟੁਰਿਆ। ਨਾਲ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਸਨ। ਜਦ ਇਹ ਜੱਥਾ ਸੰਗਰਾਣਾ ਸਾਹਿਬ ਪੁਜਾ ਤਾਂ ਪੁਲਿਸ ਨੇ ਬਿਨਾਂ ਵਾਰੰਟਾਂ ਤੋਂ ਟ੍ਰੈਫਿਕ ਨਿਯਮਾਂ ਦੀ ਆੜ ਵਿੱਚ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਰ ਰੋਜ਼ ਅਕਾਲੀਆਂ ਦੇ 11 ਸਿੰਘਾਂ ਦੇ 8 ਜੱਥੇ ਵਾਰੋ ਵਾਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਕੇ ਟੁਰਦੇ ਤੇ ਪੁਲਿਸ ਉਹਨਾਂ ਨੂੰ ਗ੍ਰਿਫ਼ਤਾਰ ਕਰ ਲੈਂਦੀ।  7 ਜੂਨ ਤੱਕ 1705 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਸਨ।  8 ਜੂਨ ਨੂੰ ਪੰਜਾਬ ਬੰਦ ਦੇ ਅਕਾਲੀਆਂ ਦੇ ਸੱਦੇ ਨੂੰ ਸ਼ਹਿਰੀ ਪੱਧਰ ’ਤੇ ਵੀ ਵੱਡਾ ਹੁੰਗਾਰਾ ਪ੍ਰਾਪਤ ਹੋਇਆ। ਉਧਰ ਦਿੱਲੀ ਦੇ ਕਮਿਸ਼ਨਰ ਬੈਨਰਜੀ ਤੋਂ 15 ਦਿਨ ਪਹਿਲਾਂ ਹੀ 12 ਜੂਨ ਦੇ ਜਲਸੇ ਦੀ ਇਜ਼ਾਜਤ ਵਾਸਤੇ ਦਰਖ਼ਾਸਤ ਦਿੱਤੀ ਹੋਈ ਸੀ, ਜੋ ਉਸ ਨੇ ਪ੍ਰਧਾਨ ਮੰਤਰੀ ਨਹਿਰੂ ਦੀ ਘੁਰਕੀ ਕਰਕੇ ਨਾ ਮੰਜ਼ੂਰ ਕਰ ਦਿੱਤੀ।  9-12 ਜੂਨ ਤੱਕ ਬੱਸ ਅੱਡਿਆਂ, ਸਟੇਸ਼ਨ, ਦਿੱਲੀ ਪੰਜਾਬ ਦੀ ਸਰਹੱਦ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ।  10 ਜੂਨ ਨੂੰ ਦਿੱਲੀ ਦੇ ਕਮਿਸ਼ਨਰ ਬੈਨਰਜੀ ਨੇ ਕਿਸੇ ਤਰ੍ਹਾਂ ਦਾ ਵੀ ਜਲੂਸ ਕੱਢਣ ’ਤੇ ਪਾਬੰਦੀ ਲਾ ਦਿੱਤੀ।

ਹਜ਼ਾਰਾਂ ਰੁਕਾਵਟਾਂ ਦੇ ਬਾਵਜੂਦ ਵੀ 12 ਜੂਨ ਨੂੰ ਸੀਸ ਗੰਜ ਗੁਰਦੁਆਰਾ ਸਾਹਿਬ ਕੋਲ ਗਾਂਧੀ ਗਰਾਊਂਡ ਵਿੱਚ ਸਿੱਖਾਂ ਦਾ ਅਥਾਹ ਸਮੁੰਦਰ ਆਣ ਲੱਥਾ। ਜਲੂਸ ਸ਼ਾਮ 4 ਵਜੇ ਨਿਕਲਣਾ ਸੀ। ਪੁਲਿਸ ਨੇ ਚੱਲ ਰਹੇ ਧਾਰਮਿਕ ਪ੍ਰੋਗ੍ਰਾਮ ਦੌਰਾਨ ਲਾਊਡ ਸਪੀਕਰ ਕਬਜ਼ੇ ਵਿੱਚ ਲੈ ਲਿਆ ਅਤੇ ਕਿਹਾ ਕਿ ਤੁਸੀਂ ਇਸ ਦੀ ਇਜ਼ਾਜਤ ਨਹੀਂ ਲਈ। ਕੋਤਵਾਲੀ ਵਿੱਚ ਵੀ ਵੱਡੀ ਤਾਦਾਦ ਵਿੱਚ ਪੁਲੀਸ ਸੀ । ਲਾਲ ਕਿਲ੍ਹੇ ਤੋਂ ਫਤਿਹਪੁਰੀ ਤੱਕ ਦੇ ਇਲਾਕੇ ਵਿੱਚ ਪੁਲਿਸ ਹੀ ਪੁਲਿਸ ਸੀ। ਸ਼ਾਮ 4 ਵਜੇ ਹਰਬੰਸ ਸਿੰਘ ਫਰੰਟੀਅਰ ਦੀ ਅਗਵਾਈ ਥੱਲੇ 4 ਸਿੱਖ ਕਾਲੇ ਚੋਲੇ ਪਾ ਕੇ, ਪਾਠ ਕਰਦਿਆਂ ਘੰਟਾਘਰ ਵੱਲ ਟੁਰੇ। ਇਹਨਾਂ ਪਿੱਛੇ ਬਾਕੀ ਸੰਗਤ ਵੀ ਟੁਰ ਪਈ। ਇਸ ਵਕਤ ਪੁਲਿਸ ਨੇ ਇਹਨਾਂ ਸਿੱਖਾਂ ’ਤੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ। ਅੱਥਰੂ ਗੈਸ ਦੇ ਗੋਲੇ ਵੀ ਸੁਟੇ ਗਏ। ਪੁਲਿਸ ਨੇ ਕੋਈ ਸਿੱਖ ਨਾ ਬਖਸ਼ਿਆ। ਬਸ ਜਿਸ ਦੇ ਸਿਰ ’ਤੇ ਦਸਤਾਰ ਦਿੱਸੀ ਉਹ ਨੂੰ ਪਸ਼ੂਆਂ ਵਾਂਗ ਕੁੱਟਣ ਡਹਿ ਪਈ। ਇਕ ਮੌਲਵੀ ਜੀ ਵੀ ਸਿਰ ’ਤੇ ਬੰਨੀ ਪੱਗ ਕਰਕੇ ਪੁਲਿਸ ਦੀ ਕੁਟ ਦਾ ਸ਼ਿਕਾਰ ਬਣੇ। ਇਸ ਵਕਤ ਸਿੱਖ ਸਰੋਤਾਂ ਅਨੁਸਾਰ 7 ਤੋਂ 12 ਤੱਕ ਸਿੰਘਾਂ ਦੀ ਸ਼ਹਾਦਤ ਹੋਈ। ਹਜ਼ਾਰ, ਬਾਰ੍ਹਾਂ ਸੌ ਜਖ਼ਮੀ ਹੋਇਆ। ਸੀਸ ਗੰਜ ਗੁਰਦੁਆਰਾ ਸਾਹਿਬ ਦੇ ਤਿੰਨ ਕਿਲੋਮੀਟਰ ਦੇ ਏਰੀਏ ਵਿੱਚ ਹਰ ਦਸਤਾਰਧਾਰੀ ਨੂੰ ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ ਕਿਉਂਕਿ ਉਹ ਸਿੱਖ ਸੀ ਤੇ ਸਿੱਖ ਦਾ ਮਤਲਬ ਪੰਜਾਬੀ ਸੂਬੇ ਦਾ ਹਮਾਇਤੀ, ਚਾਹੇ ਉਹ ਨਾ ਵੀ ਹੋਵੇ, ਪਰ ਪੁਲਿਸ ਦੀ ਨਜ਼ਰ ਵਿੱਚ ਜ਼ਰੂਰ ਸੀ।

ਸੰਗਤ ਸਿੰਘ ਅਨੁਸਾਰ 258 ਲੋਕਾਂ ਦੀ ਲਾਪਤਾ ਹੋਣ ਦੀ ਸੂਚੀ ਵੀ ਛਪੀ ਸੀ ਤੇ ਜਿਸ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਪੁਲਿਸ ਨੇ ਉਹਨਾਂ ਲੋਕਾਂ ਦਾ, ਜਿਹੜੇ ਮਰ ਗਏ ਜਾਂ ਅਜੇ ਸਹਿਕਦੇ ਸਨ, ਨਾਲ ਭਰੇ ਟਰੱਕ ਚੋਰੀ ਚੋਰੀ ਸਾੜ ਦਿੱਤੇ ਸਨ। ਸ਼ਾਮ 7 ਵਜੇ ਪੁਲਿਸ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਨੂੰ ਸੀਲ ਕੀਤਾ; ਇਸ ਸੰਬੰਧੀ ਆਲ ਇੰਡੀਆ ਰੇਡੀਓ ’ਤੇ ਵੀ ਜਾਣਕਾਰੀ ਦਿੱਤੀ ਗਈ, ਪਰ ਫਿਰ ਸਿੱਖ ਕੌਮ ਦੇ ਰੋਹ ਤੋਂ ਡਰਦਿਆਂ ਗੁਰਦੁਆਰੇ ਦਾ ਦਰਵਾਜ਼ਾ ਖੋਲ੍ਹ ਦਿੱਤਾ। ਕਹਿੰਦੇ ਇਕ ਸਿੱਖ ਪ੍ਰੋਫੈਸਰ ਦੁਕਾਨ ਤੋਂ ਸੋਡਾ ਪੀ ਰਿਹਾ ਸੀ, ਪੁਲਿਸ ਆਲਿਆਂ ਨੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦਾ ਕਿ ਮੈਂ ਜਲੂਸ ਵਿੱਚ ਸ਼ਾਮਲ ਨਹੀਂ ਹਾਂ, ਮੈਂ ਤੇ ਇੱਕ ਪ੍ਰੋਫੈਸਰ ਹਾਂ। ਪੁਲਿਸ ਵਾਲਿਆਂ ਨੇ ਕੁੱਟਦਿਆਂ ਹੀ ਕਿਹਾ ‘ਤੁਮ ਪ੍ਰੋਫੈਸਰ ਹੋ ਜਾਂ ਕੁਛ ਔਰ, ਸਾਲੇ ਸਿੱਖ ਤੋ ਹੈ।’

ਇਸ ਤਸ਼ੱਦਦ ਬਾਰੇ ਨਿਊਯਾਰਕ ਟਾਈਮਜ਼ ਦੇ ਪੱਤਰਕਾਰ ਨੇ ਲਿਖਿਆ ‘ਮੇਰੀਆਂ ਅੱਖਾਂ ਸਾਹਮਣੇ ਬੇਗੁਨਾਹ ਸਿੱਖਾਂ ਨੂੰ ਬੇਰਹਿਮੀ ਨਾਲ ਕੁੱਟਿਆ ਮਾਰਿਆ ਗਿਆ।’

ਵਾਸ਼ਿੰਗਟਨ ਪੋਸਟ ਨੇ ਲਿਖਿਆ ‘ਪੁਲਿਸ ਨੇ ਗਰਾਉਂਡ ਵਿੱਚ ਵੜ ਕੇ ਸਿੱਖਾਂ ਨੂੰ ਕੁੱਟਿਆ ਮਾਰਿਆ।’

ਗਾਰਡੀਅਨ ਨੇ ਲਿਖਿਆ ‘12 ਜੂਨ ਦੀ ਘਟਨਾ ਪੰਡਿਤ ਨਹਿਰੂ ਦੀ ਦੇਖ ਰੇਖ ਵਿੱਚ ਹੋਈ।’

ਜਾਪਾਨ ਦੀ ਅਖ਼ਬਾਰ ਮੈਚੀਨੀ ਨੇ ਸਿੱਖਾਂ ’ਤੇ ਤਸ਼ੱਦਦ ਦੀ ਤਸਵੀਰ ਛਾਪ ਕੇ ਲਿਖਿਆ ‘ਭਾਰਤ ਦੀ ਪੁਲਿਸ ਨੇ ਸਿੱਖਾਂ ਨੂੰ ਇੰਝ ਕੁੱਟਿਆ ਜਿਵੇਂ ਅੰਗਰੇਜ਼ ਹਿੰਦੁਸਤਾਨੀਆਂ ਨੂੰ ਕੁੱਟਦਾ ਸੀ।’

ਯੂ ਐਨ ਓ ਅਤੇ ਹੋਰ ਮਨੁੱਖੀ ਅਧਿਕਾਰਾਂ ਦੇ ਮੁਹਾਫ਼ਜ਼ਾਂ (ਰੱਖਵਾਲਿਆਂ) ਨੇ ਭਾਰਤ ਸਰਕਾਰ ਦੇ ਇਸ ਐਕਸ਼ਨ ਦੀ ਆਲੋਚਨਾ ਕੀਤੀ । ਅਸਲ ਵਿੱਚ ਨਹਿਰੂ ਨੇ ਇਹ ਸਾਰਾ ਕੁਝ ਸਿੱਖਾਂ ਪ੍ਰਤੀ ਆਪਣੀ ਨਫ਼ਰਤ ਕੱਢਣ ਲਈ ਕੀਤਾ ਤੇ ਉਸ ਦੀ ਇਸ ਕਰਤੂਤ ਦੀ ਪੂਰੀ ਹਮਾਇਤ ਪੰਜਾਬ ਦੀ ਮਹਾਸ਼ਾ ਪ੍ਰੈਸ ਨੇ ਕੀਤੀ ਸੀ।

ਅਸੀਂ ਅਕਾਲੀ ਲਹਿਰ ਦੇ ਪੰਜਾਬੀ ਸੂਬੇ ਦੇ 12 ਜੂਨ 1960 ਦੇ ਸ਼ਹੀਦਾਂ ਨੂੰ ਖਾਲਸਾਈ ਸਲਾਮ ਕਰਦੇ ਹਾਂ।

ਸ਼ਹੀਦ ਤੇ ਸ਼ਹਾਦਤ

0

ਸ਼ਹੀਦ ਤੇ ਸ਼ਹਾਦਤ

ਗਿਆਨੀ ਭਜਨ ਸਿੰਘ

ਸ਼ਹੀਦ ਤੇ ਸ਼ਹਾਦਤ ਅਰਬੀ ਬੋਲੀ ਦੇ ਲਫ਼ਜ਼ ਹਨ। ਸ਼ਹਾਦਤ ਦੇ ਅੱਖਰੀ ਅਰਥ ‘ਗਵਾਹੀ’ ਹਨ ਅਤੇ ਸ਼ਹੀਦ; ਗਵਾਹੀ ਦੇਣ ਵਾਲੇ ਨੂੰ ਕਿਹਾ ਜਾਂਦਾ ਹੈ। ਦੀਨ ਦੁੱਖੀ ਦੀ ਰੱਖਿਆ ਅਤੇ ਸਤਿ ਧਰਮ ਦੇ ਪ੍ਰਕਾਸ਼ ਲਈ ਸਿਰ ’ਤੇ ਆਣ ਬਣੀ ਭੀੜ ਦਾ ਡਟ ਕੇ ਮੁਕਾਬਲਾ ਕਰਨਾ ਤੇ ਪੈਰ ਪਿੱਛੇ ਵੱਲ ਨਾ ਪੁੱਟਣਾ, ਭਾਵੇਂ ਇਹ ਸੇਵਾ ਕਰਦਿਆਂ ਬੰਦ ਬੰਦ ਕਟਾ ਕੇ ਸਰੀਰ ਤਿਆਗਣ ਦੀ ਨੌਬਤ ਆ ਜਾਵੇ, ਇਹ ਹੈ ਸੂਰਮੇ ਸ਼ਹੀਦ ਪੁਰਖ ਦਾ ਕਰਤੱਬ ਤੇ ਉਸ ਦੀ ਪਹਿਚਾਣ। ਗੁਰੂ ਨਾਨਕ ਦੇਵ ਜੀ ਨੇ ਫ਼ੁਰਮਾਇਆ ਹੈ ‘‘ਮਰਣੁ ਮੁਣਸਾ ਸੂਰਿਆ ਹਕੁ ਹੈ; ਜੋ ਹੋਇ ਮਰਨਿ ਪਰਵਾਣੋ ’’ (ਮਹਲਾ /੫੭੯) ਅਜਿਹੇ ਸੂਰਮੇ ਮੌਤ ਦੇ ਬੂਹੇ ਤੋਂ ਲੰਘ ਕੇ ਹੱਕ ਤੇ ਸੱਚ ਦੀ ਗਵਾਹੀ ਭਰਦੇ ਹਨ। ਜਿਸ ਤੋਂ ਸਤਿ ਦਾ ਪ੍ਰਕਾਸ਼ ਸਾਰੇ ਪਾਸੇ ਛਾ ਜਾਂਦਾ ਹੈ। ਅਸਲ ਵਿੱਚ ਤਾਂ ਭਾਵੇਂ ਕੋਈ ਸੂਰਮਾ ਜ਼ਿੰਦਾ ਰਹਿ ਕੇ ਇਸ ਸੱਚ ਦੀ ਗਵਾਹੀ ਦੇਵੇ ਜਾਂ ਮੌਤ ਪ੍ਰਵਾਨ ਕਰ ਕੇ, ਉਹ ਹਰ ਹਾਲਤ ਵਿੱਚ ਹੀ ਸ਼ਹੀਦ ਹੈ ਪਰ ਆਮ ਮੁਹਾਵਰੇ ਵਿੱਚ ਤੇ ਆਮ ਪ੍ਰਚਲਿਤ ਅਰਥਾਂ ਵਿੱਚ ਮੌਤ ਦੇ ਘਾਟ ਉਤਰ ਚੁੱਕੇ ਸੂਰਮੇ ਨਾਲ ਹੀ ਸ਼ਹੀਦ ਪਦ ਵਧੇਰੇ ਵਰਤਿਆ ਜਾਂਦਾ ਹੈ। ਅਸਲ ਵਿੱਚ ਸੂਰਮਾ ਹੀ ਸ਼ਹੀਦੀ ਪਾ ਸਕਦਾ ਹੈ ਤੇ ਸੂਰਮੇ ਦੀ ਪਹਿਚਾਣ ਕਬੀਰ ਜੀ ਅਨੁਸਾਰ ਇਸ ਪ੍ਰਕਾਰ ਹੈ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ   ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਭਗਤ ਕਬੀਰ/੧੧੦੫)

ਸ਼ਹੀਦ ਦੇ ਨੇੜੇ ਦੋ ਔਗੁਣ ਨਹੀਂ ਆ ਸਕਦੇ। ਇੱਕ ਭਰਮ ਤੇ ਦੂਜਾ ਡਰ। ਭਰਮ ਕਰਨ ਵਾਲਾ ਮਨੁੱਖ ਸ਼ਹਾਦਤ ਕਿਵੇਂ ਪਾ ਸਕਦਾ ਹੈ ? ਡਰਨ ਵਾਲਾ ਕਿਸੇ ਚੰਗੀ ਗੱਲ ਲਈ ਡਟ ਨਹੀਂ ਸਕਦਾ। ਇਸ ਲਈ ਸ਼ਹੀਦ ਇਨ੍ਹਾਂ ਦੋਹਾਂ ਗੱਲਾਂ ਦਾ ਤਿਆਗੀ ਹੁੰਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ  ‘‘ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ’’ (ਭਾਈ ਗੁਰਦਾਸ ਜੀ/ਵਾਰ ਪਉੜੀ ੧੮)

ਸ਼ਹੀਦ ਬੜੇ ਦ੍ਰਿੜ੍ਹ ਇਰਾਦੇ ਦਾ ਮਾਲਕ ਹੁੰਦਾ ਹੈ। ਉਹਦੇ ਜੋ ਵਿਚਾਰ ਹਨ ਉਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਹ ਨਾ ਹੋਵੇ ਤਾਂ ਮਨੁੱਖ ਸ਼ਹਾਦਤ ਹੀ ਨਾ ਪ੍ਰਾਪਤ ਕਰ ਸਕੇ। ਡਾਕਟਰੀ ਅਸੂਲ ਹੈ ਕਿ ਜਿਸ ਮਰੀਜ਼ ਦਾ ਖ਼ੂਨ ਮੁਕਦਾ ਜਾਏ ਜਾਂ ਬਹੁਤ ਖਰਾਬ ਹੋ ਜਾਏ, ਉਸ ਨੂੰ ਤਾਜ਼ਾ ਤੇ ਨਰੋਆ ਖ਼ੂਨ ਦਿੱਤਾ ਜਾਂਦਾ ਹੈ। ਇਹੋ ਹਾਲ ਕੌਮਾਂ ਦਾ ਵੀ ਹੈ। ਬੀਮਾਰ ਕੌਮ ਜਦ ਗੁਲਾਮ, ਬੇਅਣਖ, ਬੇਹਿੰਮਤੀ ਤੇ ਨਿਕੰਮੀ ਹੋ ਜਾਏ ਤਾਂ ਉਸ ਦੀਆਂ ਨਾੜੀਆਂ ਵਿੱਚ ਨਵੀਂ ਜ਼ਿੰਦਗੀ ਭਰਨ ਲਈ ਸ਼ਹੀਦਾਂ ਦਾ ਖ਼ੂਨ ਹੀ ਸਿੰਜਿਆ ਜਾਂਦਾ ਹੈ। ਮੋਈਆਂ ਹੋਈਆਂ ਕੌਮਾਂ ਸ਼ਹੀਦਾਂ ਕੋਲੋਂ ਹੀ ਜੀਵਨ ਪ੍ਰਾਪਤ ਕਰਦੀਆਂ ਹਨ। ਸ਼ਹੀਦਾਂ ਦੀਆਂ ਹੱਡੀਆਂ ਦੀ ਬੁਨਿਆਦ ’ਤੇ ਹੀ ਹਮੇਸ਼ਾ ਕੌਮੀ ਜੀਵਨ ਦੇ ਮਹੱਲ ਉਸਰਦੇ ਹਨ। ਇੱਕ ਕਵੀ ਲਿਖਦਾ ਹੈ  ਡੁੱਲੇ ਜਾਂ ਖ਼ੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੋਪਰ ਲਹਿੰਦੇ ਜਾਂ, ਤਸਵੀਰ ਬਦਲਦੀ ਕੌਮਾਂ ਦੀ

ਕੌਮਾਂ ਦੇ ਮਹੱਲ ਇੱਟਾਂ, ਚੂਨੇ ਤੇ ਸੀਮਿੰਟ ਨਾਲ ਨਹੀਂ ਬਣਦੇ। ਉਨ੍ਹਾਂ ਲਈ ਤਾਂ ਸ਼ਹੀਦਾਂ ਦੀਆਂ ਹੱਡੀਆਂ, ਲਹੂ ਤੇ ਸਰੀਰ ਚਾਹੀਦਾ ਹੁੰਦਾ ਹੈ। ਇੱਕ ਕਵੀ ਕਹਿੰਦਾ ਹੈ ‘ਕਮਜ਼ੋਰ ਨਿਰਬਲ ਖਾਵਸੀ ਖੁਰਾਕ ਤਾਂ ਬਲ ਆਏਗਾ। ਪਤਲਾ ਤੇ ਜੁੱਸਾ ਮਾੜੂਆ, ਮੱਖਣ ਨੂੰ ਖਾ ਪਲ ਜਾਏਗਾ। ਮਾੜੀਆਂ ਜੋ ਨਾੜੀਆਂ, ਮਾਲਸ਼ ਤੋਂ ਹਰੀਆਂ ਹੋਵਸਨ। ਜੋ ਕਰੰਗ ਹੈ ਦਿਸ ਆਂਵਦਾ, ਦੁੱਧ ਦਹੀਂ ਖਾ ਪਲ ਜਾਏਗਾ। ਕਮਜ਼ੋਰ ਮਾੜੀ ਕੌਮ ਪਰ, ਹੋਣਾ ਬਲੀ ਨਹੀਂ ਪਾਏਗੀ। ਚਰਬੀ ਸ਼ਹੀਦਾਂ ਦੀ ਜਦੋਂ ਤਕ ਮਲੀ ਨਹੀਂ ਜਾਏਗੀ’

ਪ੍ਰਿੰਸੀਪਲ ਗੰਗਾ ਸਿੰਘ ਨੇ ਲਿਖਿਆ ਕਿ ‘ਗੁਰੂ ਨਾਨਕ ਦੇਵ ਜੀ ਇਸ ਰੋਗੀ ਭਾਰਤ ਦੇ ਸੱਚੇ ਵੈਦ ਸਨ। ਉਨ੍ਹਾਂ ਨੇ ਮਰੀਜ਼ਾਂ ਨੂੰ ਟੀਕੇ ਕੀਤੇ ਤੇ ਟਿਊਬ ਵਿੱਚ ਸ਼ਹੀਦਾਂ ਦਾ ਖ਼ੂਨ ਭਰ ਕੇ ਇਸ ਮੁਰੀਦ ਦੀਆਂ ਨਾੜੀਆਂ ਵਿਚ ਸਿੰਜਿਆ।’

ਸ਼ਹੀਦੀ, ਸ਼ਹੀਦ ਨੂੰ ਤੇ ਉਸ ਦੇ ਆਸ਼ੇ ਨੂੰ ਅਮਰ ਕਰ ਦਿੰਦੀ ਹੈ। ਕੌਮ ਦੀ ਵੱਡੀ ਮਲਕੀਅਤ ਉਸ ਦੇ ਸ਼ਹੀਦ ਹਨ। ਉਹ ਕੌਮ ਜਿਸ ਦੀ ਬੁਨਿਆਦ ਸ਼ਹੀਦੀ ਖ਼ੂਨ ਨਾਲ ਰੱਖੀ ਗਈ ਹੋਵੇ, ਉਹ ਕਦਾਚਿਤ ਮਰ ਨਹੀਂ ਸਕਦੀ। ਸਿੱਖਾਂ ਨੂੰ ਮਾਣ ਹੈ ਕਿ ਦੁਨੀਆਂ ਦੀ ਕਿਸੇ ਅਜਿਹੀ ਘੱਟ ਗਿਣਤੀ ਵਾਲੀ ਕੌਮ ਨੇ ਐਨੇ ਉੱਚੇ ਆਸ਼ੇ ਵਾਲੇ ਤੇ ਐਨੇ ਸ਼ਹੀਦ ਪੈਦਾ ਨਹੀਂ ਕੀਤੇ, ਜਿੰਨੇ ਸਿੱਖ ਕੌਮ ਨੇ ਕੀਤੇ ਹਨ।

ਸਿੱਖ ਇਤਿਹਾਸ ਦੀ ਜਿੰਦ ਜਾਨ ਹੀ ਸ਼ਹੀਦਾਂ ਦੇ ‘‘ਸਿਰੁ ਧਰਿ ਤਲੀ ਗਲੀ ਮੇਰੀ ਆਉ ’’ (ਮਹਲਾ /੧੪੧੨)  ਦੇ ਸਾਕੇ ਹਨ। ਕੁਰਬਾਨੀ ਤਾਂ ਹੋਰ ਕਈ ਦੇਸ਼ਾਂ ਤੇ ਕੌਮਾਂ ਦੇ ਬਹਾਦਰ ਸਪੁੱਤਰਾਂ ਨੇ ਵੀ ਕੀਤੀ ਹੈ, ਪਰ ਸਿੱਖਾਂ ਵਰਗੀ ਕੁਰਬਾਨੀ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਭਾਈ ਮਨੀ ਸਿੰਘ ਵਰਗਾ ਕਿਹੜਾ ਇਨਸਾਨ ਹੋਰ ਕਿਧਰੇ ਅਜਿਹਾ ਇਤਿਹਾਸ ਪੈਦਾ ਕਰ ਸਕਿਆ ਹੈ, ਜਿਸ ਨੂੰ ਸ਼ਹੀਦ ਕਰਨ ਲਈ ਪਹਿਲਾਂ ਇੱਕ ਹੱਥ ਫੜਿਆ ਹੋਵੇ ਤੇ ਉਹਦੇ ਹਰ ਇੱਕ ਜੋੜ ਨੂੰ ਪਹਿਲਾਂ ਵੱਖ ਕੀਤਾ ਗਿਆ ਹੋਵੇ, ਫਿਰ ਦੂਜੇ ਹੱਥ ਨੂੰ ਵੱਢਿਆ ਹੋਵੇ। ਇਸ ਤਰ੍ਹਾਂ ਲੱਤਾਂ, ਬਾਹਵਾਂ ਤੇ ਸਰੀਰ ਦੇ ਟੋਟੇ-ਟੋਟੇ ਕੀਤੇ ਗਏ ਹੋਣ। ਅਨੇਕਾਂ ਵਾਰ ਟੋਕਾ ਆਪਣਾ ਵਾਰ ਕਰ ਜਾਏ, ਪਰ ਬਹਾਦਰ ਸੂਰਬੀਰ ਸਭ ਦੁੱਖ ਬਰਦਾਸ਼ਤ ਕਰ ਕੇ ਸ਼ਹਾਦਤ ਪ੍ਰਾਪਤ ਕਰ ਲਵੇ। ਇੱਥੇ ਹੀ ਬੱਸ ਨਹੀਂ, ਚਰਖੜੀਆਂ ’ਤੇ ਚੜਨ, ਦੇਗਾਂ ਵਿੱਚ ਉਬਲਣ, ਖੋਪਰੀ ਉਤਰਾਵਣ ਦੀਆਂ ਘਟਨਾਵਾਂ ਵੀ ਹੋਰ ਕਿਧਰੇ ਨਹੀਂ ਮਿਲਦੀਆਂ।

ਸੋਚ ਕੇ ਦੇਖੋ ਜਦੋਂ ਜ਼ਕਰੀਆ ਖਾਨ ਨੇ ਕਿਹਾ ਕਿ ਤਾਰੂ ਸਿੰਘਾ  ! ਜੇ ਤੂੰ ਮੁਸਲਮਾਨ ਬਣ ਜਾਵੇਂ ਤਾਂ ਤੂੰ ਬਚ ਸਕਦਾ ਏਂ ਨਹੀਂ ਤਾਂ ਤੈਨੂੰ ਮੌਤ ਪ੍ਰਵਾਨ ਕਰਨੀ ਪਵੇਗੀ। ਭਾਈ ਤਾਰੂ ਸਿੰਘ ਜੀ ਨੇ ਕਿਵੇਂ ਨਿਰਭਉ ਦਾ ਰੂਪ ਹੋ ਕੇ ਸੂਬੇ ਨੂੰ ਉੱਤਰ ਦਿੱਤਾ ‘ਕੀ ਮੁਸਲਮਾਨ ਬਣਨ ਨਾਲ ਮੈਨੂੰ ਕਦੀ ਮੌਤ ਨਹੀਂ ਆਵੇਗੀ, ਕੀ ਮੁਸਲਮਾਨ ਮਰਦੇ ਨਹੀਂ ਹਨ ? ਜੇ ਮੌਤ ਨੇ ਫਿਰ ਵੀ ਆ ਜਾਣਾ ਹੈ ਤਾਂ ਮੈਂ ਗੁਰੂ ਤੋਂ ਮੂੰਹ ਕਿਉਂ ਮੋੜਾ ? ਮੈਨੂੰ ਤਾਂ ਸਿੱਖੀ ਆਪਣੀ ਜਾਨ ਨਾਲੋਂ ਵੱਧ ਪਿਆਰੀ ਹੈ।’ ਭਾਈ ਸਾਹਿਬ ਨੂੰ ਕੇਸ ਕਤਲ ਕਰਨ ਦੀ ਸਜ਼ਾ ਸੁਣਾਈ, ਪਰ ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਕਿ ਮੈਂ ਕੇਸਾਂ ਦੀ ਬੇਅਦਬੀ ਨਹੀਂ ਹੋਣ ਦੇਵਾਂਗਾ ਭਾਵੇਂ ਮੇਰੀ ਖੋਪਰੀ ਲਹਿ ਜਾਵੇ। ਜ਼ਕਰੀਆ ਖਾਂ ਨੇ ਖੋਪਰੀ ਲਾਹੁਣ ਦਾ ਹੁਕਮ ਦੇ ਦਿੱਤਾ। ਜਾਲਮਾਂ ਨੇ ਰੰਬੀ ਨਾਲ ਭਾਈ ਸਾਹਿਬ ਜੀ ਦੀ ਖੋਪਰੀ ਉਤਾਰ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਭਾਈ ਤਾਰੂ ਜੀ ਸ਼ਹੀਦ ਹੋ ਗਏ ਪਰ ਉਹਨਾਂ ਨੇ ਆਪਣੀ ਜਾਨ ਤੋਂ ਪਿਆਰੇ ਕੇਸਾਂ ਨੂੰ ਆਂਚ ਨਹੀਂ ਆਉਣ ਦਿੱਤੀ। ਉਹ ਚਾਹੁੰਦੇ ਤਾਂ ਕੇਸ ਲੁਹਾ ਕੇ ਆਪਣੀ ਜਾਨ ਬਚਾ ਸਕਦੇ ਸਨ, ਪਰ ਗੁਰੂ ਦਾ ਸਿੰਘ ਭਾਈ ਤਾਰੂ ਸਿੰਘ ਕੇਸਾਂ ਸੁਆਸਾਂ ਸੰਗ ਸਿੱਖੀ ਨਿਭਾ ਕੇ ਸਾਡੇ ਲਈ ਪੂਰਨੇ ਪਾ ਗਿਆ।

ਅਸਲ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਹੀ ਅੰਦੋਲਨ ਸ਼ੁਰੂ ਕਰ ਕੇ ਰੱਖੀ ਤੇ ਸਮੇਂ ਦੀਆਂ ਸਾਰੀਆਂ ਜਾਬਰ ਤਾਕਤਾਂ ਨਾਲ ਟੱਕਰ ਲਈ। ਇੱਕ ਪਾਸੇ ਹਮਲਾ ਕਰ ਕੇ ਆਏ ਬਾਬਰ ਦੀ ਅਨਿਆਈ ਸ਼ਕਤੀ ਅਤੇ ਕਾਰਵਾਈ ਵਿਰੁੱਧ ਆਵਾਜ਼ ਉਠਾਈ ਤੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰ ਕੇ ਨਾਹਰਾ ਮਾਰਿਆ। ਬਾਬਰ ਨੇ ਜੇਲ੍ਹ ਵਿੱਚ ਪਾ ਦਿੱਤਾ ਤੇ ਚੱਕੀ ਪੀਹਣ ਲਾ ਦਿੱਤਾ। ਉਹਨੂੰ ਛੇਤੀ ਹੀ ਸੱਚੇ ਆਤਮਾ ਦਾ ਪਤਾ ਲੱਗ ਗਿਆ, ਨਹੀਂ ਤੇ ਹੋ ਸਕਦਾ ਸੀ ਕਿ ਉਹਦੇ ਅੱਤਿਆਚਾਰਾਂ ਨਾਲ ਗੁਰੂ ਨਾਨਕ ਦੇਵ ਜੀ ਨੂੰ ਵੀ ਮਹਾਨ ਕੁਰਬਾਨੀ ਦੇਣੀ ਪੈਂਦੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਪਿਛਾਂਹ ਖਿੱਚੂ ਤੇ ਮਾਨਵ ਵਿਰੋਧੀ ਰਿਵਾਜਾਂ ਤੇ ਰਵਾਇਤਾਂ ਦਾ ਵਿਰੋਧ ਕੀਤਾ ਤੇ ਮਾੜੀਆਂ ਤਾਕਤਾਂ ਨਾਲ ਟੱਕਰ ਲਈ। ਇਹ ਟੱਕਰ ਦਸ ਗੁਰੂ ਸਾਹਿਬਾਨ ਤੇ ਉਨ੍ਹਾਂ ਤੋਂ ਪਿੱਛੋਂ ਖਾਲਸਾ ਪੰਥ ਨੇ ਲਗਾਤਾਰ ਜਾਰੀ ਰੱਖੀ। ਮੁਗਲਾਂ ਤੇ ਅੰਗਰੇਜ਼ੀ ਰਾਜ ਵਿੱਚ ਸਿੱਖ ਕੌਮ ਨੇ ਕਈ ਅੰਦੋਲਨ ਕੀਤੇ, ਜਿਨ੍ਹਾਂ ਵਿੱਚ ਸੈਂਕੜੇ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਕੁਰਬਾਨੀ ਦਿੱਤੀ ਤੇ ਸ਼ਹੀਦ ਹੋਏ।  ਇਹ ਸਿਲਸਿਲਾ ਦੇਸ਼ ਦੇ ਆਜ਼ਾਦ ਹੋਣ ਪਿੱਛੋਂ ਵੀ ਜਾਰੀ ਹੈ ਤੇ ਜਦ ਤੱਕ ਧੱਕੇ, ਵਧੀਕੀ ਤੇ ਅੱਤਿਆਚਾਰ ਦਾ ਦੌਰ ਜਾਰੀ ਰਹੇਗਾ, ਸ਼ਹੀਦ ਰੂਹਾਂ ਬਲੀਦਾਨ ਲਈ ਨਿੱਤਰਦੀਆਂ ਰਹਿਣਗੀਆਂ।

ਆਓ ਭਾਈ ਮਨੀ ਸਿੰਘ ਜੀ ਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਯਾਦ ਕਰਦਿਆਂ ਆਪਣੇ ਆਪ ਨੂੰ ਪੁੱਛੀਏ ਕਿ ਇੰਨੇ ਮਹਾਨ ਵਿਰਸੇ ਦਾ ਵਾਰਿਸ ਹੋ ਕੇ ਤੇਰੇ ਅੰਦਰ ਦਾ ਸਿੱਖੀ ਜਜ਼ਬਾ, ਕੇਸਾਂ ਨਾਲ ਪ੍ਰੇਮ ਅਤੇ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜ੍ਹਤਾ ਕਿੱਥੇ ਗਵਾਚ ਗਈ ਹੈ ਹੋਸ਼ ਕਰ ਅਤੇ ਸੰਭਲ, ਉੱਠ, ਅਰਦਾਸ ਕਰ ਤੇ ਆਪਣੇ ਮੂਲ ਨਾਲ ਜੁੜ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਇਸ ਮਹਾਨ ਸਿਧਾਂਤ ਤੇ ਘਰ ਦੇ ਵਾਰਿਸ ਅਜੇ ਜਿਉਂਦੇ ਹਨ।

ਅੰਤ ਔਂਕੜ ਅਤੇ ਅੰਤ ਸਿਹਾਰੀ ਸ਼ਬਦਾਂ ਦੀ ਵਿਚਾਰ ਤੇ ਉਚਾਰਨ

0

ਅੰਤ ਔਂਕੜ ਅਤੇ ਅੰਤ ਸਿਹਾਰੀ ਸ਼ਬਦਾਂ ਦੀ ਵਿਚਾਰ ਤੇ ਉਚਾਰਨ

ਕਿਰਪਾਲ ਸਿੰਘ (ਬਠਿੰਡਾ) 88378-13661

ਗੁਰਬਾਣੀ ਵਿੱਚ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਹੁਕਮੀ ਭਵਿੱਖ ਕਾਲ ਕਿਰਿਆ ਸ਼ਬਦਾਂ ਦੇ ਅੰਤਲੇ ਅੱਖਰਾਂ ਨੂੰ ਲੱਗੀ ਔਂਕੜ ਅਤੇ ਸਿਹਾਰੀ ਕੇਵਲ ਅਰਥ ਸਮਝਣ ਲਈ ਹੁੰਦੀ ਹੈ, ਜਿਨ੍ਹਾਂ ਦਾ ਉਚਾਰਨ ਨਾਲ ਕੋਈ ਸੰਬੰਧ ਨਹੀਂ ਹੁੰਦਾ। ਆਮ ਤੌਰ ’ਤੇ ਨਾਂਵ ਜਾਂ ਪੜਨਾਂਵ ਸ਼ਬਦਾਂ ਦੇ ਮਗਰਲੇ ਅੱਖਰ ਨੂੰ ਲੱਗੀ ਔਂਕੜ ਇੱਕ ਵਚਨ, ਪੁਲਿੰਗ ਅਰਥਾਂ ਦੀ ਸੂਚਕ ਹੈ; ਜਿਵੇਂ ਕਿ :

‘‘ਨਾਨਕੁ ਨੀਚੁ  ਕਹੈ ਵੀਚਾਰੁ ॥’’ (ਜਪੁ, ਮਹਲਾ ੧/੪) ਇਸ ਤੁਕ ਵਿੱਚ ‘ਨਾਨਕੁ’ ਅਤੇ ‘ਵੀਚਾਰੁ’ ਇੱਕ ਵਚਨ ਪੁਲਿੰਗ ਨਾਂਵ ਹਨ ਅਤੇ ‘ਨੀਚੁ’; ਨਾਨਕੁ ਸ਼ਬਦ ਦਾ ਵਿਸ਼ੇਸ਼ਣ ਹੋਣ ਕਰਕੇ ਇੱਕ ਵਚਨ ਦਾ ਹੀ ਸੂਚਕ ਹੈ। ‘ਨਾਨਕੁ’ ਅਤੇ ‘ਨੀਚੁ’ ਦੋਵਾਂ ਸ਼ਬਦਾਂ ਦੇ ਮਗਰਲੇ ਅੱਖਰ ਨੂੰ ਲੱਗੀ ਔਂਕੜ ਦੱਸਦੀ ਹੈ ਕਿ ‘ਨੀਚੁ’; ‘ਨਾਨਕੁ’ ਦਾ ਹੀ ਵਿਸ਼ੇਸ਼ਣ ਹੈ ਅਤੇ ਇਹ ਦੋਵੇਂ ਸ਼ਬਦ ਇਕੱਠੇ ਹੀ ਬੋਲੇ ਜਾਣਗੇ ਭਾਵ ‘ਨਾਨਕੁ’ ਤੋਂ ਬਾਅਦ ਥੋੜ੍ਹਾ ਵਿਸਰਾਮ ਨਹੀਂ ਦੇਣਾ।

ਜੇ ਔਂਕੜ ਲੱਥ ਜਾਵੇ ਤਾਂ ਇਹੀ ਸ਼ਬਦ :

(1). ਬਹੁ ਵਚਨ ਹੋ ਸਕਦੇ ਹਨ; ਜਿਵੇਂ ਕਿ ‘‘ਹਰਿ ਸਿਮਰਨਿ  ਨੀਚ ਚਹੁ ਕੁੰਟ ਜਾਤੇ ॥’’ (ਸੁਖਮਨੀ, ਮਹਲਾ ੫/੨੬੩)  ਭਾਵ ਵਾਹਿਗੁਰੂ ਦਾ ਸਿਮਰਨ ਕਰਨ ਨਾਲ ‘ਨੀਚ’ ਮਨੁੱਖ ਚਾਰੇ ਦਿਸ਼ਾਵਾਂ ਭਾਵ ਸਾਰੇ ਸੰਸਾਰ ਵਿੱਚ ਜਾਣੇ ਜਾਂਦੇ ਹਨ।

‘‘ਆਪੇ ਜਾਣੈ ਸਰਬ ਵੀਚਾਰ ॥’’ (ਮਹਲਾ ੧/੧੫੦) ਸਭ ਜੀਵਾਂ ਬਾਰੇ ਵੀਚਾਰਾਂ ਨੂੰ ਉਹ ਅਕਾਲ ਪੁਰਖ ਆਪ ਹੀ ਜਾਣਦਾ ਹੈ।

(2). ਇਸਤਰੀ ਲਿੰਗ ਸ਼ਬਦ ਹੋ ਸਕਦਾ ਹੈ; ਜਿਵੇਂ ਕਿ ‘‘ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥’’ (ਮਹਲਾ ੫/੪੮੭) ਜੋ ਨੀਵੀਂ ਕੁਲ/ ਨੀਵੀਂ ਜਾਤ ਦਾ ਜੁਲਾਹਾ ਸੀ, ਹੁਣ ਗੁਣਾਂ ਦਾ ਸਮੁੰਦਰ ਹੋ ਗਿਆ।

‘‘ਸ੍ਰਵਣ ਸੋਏ  ਸੁਣਿ ਨਿੰਦ ਵੀਚਾਰ ॥’’ (ਮਹਲਾ ੫/੧੮੨) ਨਿੰਦਿਆ ਦੀ ਵੀਚਾਰ ਸੁਣ ਕੇ ਕੰਨ ਸੁੱਤੇ ਰਹਿੰਦੇ ਹਨ।

(3). ਜੇਕਰ ਇਨ੍ਹਾਂ ਸ਼ਬਦਾਂ ਨਾਲ ਸੰਬੰਧਕੀ ਪਦ ਕਾ, ਕੇ, ਕੀ, ਕਉ, ਮਹਿ ਆਦਿਕ ਆ ਜਾਣ ਤਾਂ ਵੀ ਇਨ੍ਹਾਂ ਸ਼ਬਦਾਂ ਦਾ ਔਂਕੜ ਲੱਥ ਜਾਂਦਾ ਹੈ; ਜਿਵੇਂ ਕਿ ‘‘ਨਾਨਕ ਕਾ ਪ੍ਰਭੁ  ਅਪਰ ਅਪਾਰਾ ॥’’ (ਮਹਲਾ ੫/੧੮੪) ਨਾਨਕ ਦਾ ਪ੍ਰਭੂ ਪਰ੍ਹੇ ਤੋਂ ਪਰ੍ਹੇ ਹੈ ਯਾਨੀ ਬੇਅੰਤ ਹੈ। ਨਾਨਕ ਇੱਕ ਵਚਨ ਪੁਲਿੰਗ ਹੈ ਪਰ ਇਸ ਤੋਂ ਬਾਅਦ ਸੰਬੰਧਕੀ ਸ਼ਬਦ ‘ਕਾ’ ਆਉਣ ਸਦਕਾ ‘ਨਾਨਕ’ ਦਾ ਅੰਤ ਔਂਕੜ ਲੱਥ ਗਿਆ। 

 ‘‘ਜਿਸੁ ਨੀਚ ਕਉ  ਕੋਈ ਨ ਜਾਨੈ ॥’’ (ਮਹਲਾ ੫/੩੮੬) ਜਿਸ ਨੀਚ (ਮਨੁਖ) ਨੂੰ ਕੋਈ ਨਹੀਂ ਜਾਣਦਾ। ‘ਨੀਚ’ ਇੱਕ ਵਚਨ ਹੈ, ਇਸ ਦੇ ਅੰਤ ਔਂਕੜ ਆਉਣਾ ਸੀ, ਪਰ ਇਸ ਤੋਂ ਬਾਅਦ ਸੰਬੰਧਕੀ ‘ਕਉ’ ਆਉਣ ਸਦਕਾ ‘ਨੀਚ’ ਦਾ ਅੰਤ ਔਂਕੜ ਲੱਥ ਗਿਆ।

‘‘ਕਬਹੂ ਊਚ ਨੀਚ ਮਹਿ ਬਸੈ ॥’’ (ਸੁਖਮਨੀ, ਮਹਲਾ ੫/੨੭੭)  (ਪ੍ਰਭੂ) ਕਦੇ ਉੱਚਿਆਂ ਵਿੱਚ ਅਤੇ ਕਦੇ ਨੀਵਿਆਂ ’ਚ ਬਿਰਾਜਮਾਨ ਜਾਪਦਾ ਹੈ। ‘ਊਚ’ ਅਤੇ ‘ਨੀਚ’ ਦੋਵੇਂ ਸ਼ਬਦ ਇੱਕ ਵਚਨ ਹਨ, ਇਨ੍ਹਾਂ ਦੇ ਅੰਤ ਔਂਕੜ ਚਾਹੀਦਾ ਸੀ, ਪਰ ਇਨ੍ਹਾਂ ਤੋਂ ਬਾਅਦ ਸੰਬੰਧਕੀ ਚਿੰਨ੍ਹ ‘ਮਹਿ’ ਆਉਣ ਸਦਕਾ ਇਨ੍ਹਾਂ ਦੋਵਾਂ ਦਾ ਅੰਤ ਔਂਕੜ ਲੱਥ ਗਿਆ।

ਜਦੋਂ ਲੁਪਤ ਰੂਪ ਵਿੱਚ ਸੰਬੰਧਕੀ ਅਰਥ ਨਿਕਲਦੇ ਹੋਣ ਤਾਂ ਵੀ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਦੇ ਸੰਬੰਧ ਕਾਰਕ ਦੇ ਤੌਰ ’ਤੇ ਔਂਕੜ ਲੱਥ ਜਾਂਦਾ ਹੈ; ਜਿਵੇਂ ਕਿ ‘‘ਊਚ ਨੀਚ ਕਰੇ ਪ੍ਰਤਿਪਾਲਾ ॥’’ (ਮਹਲਾ ੫/੯੯)  ਉੱਚਿਆਂ ਅਤੇ ਨੀਵਿਆਂ ਦੀ ਪਾਲਣਾ ਕਰਦਾ ਹੈ। ਇੱਕ ਵਚਨ ਸ਼ਬਦ ‘ਊਚ’ ਅਤੇ ‘ਨੀਚ’ ਦੀ ਅੰਤ ਔਂਕੜ ਲੁਪਤ ਸੰਬੰਧਕੀ ਕਾਰਨ ਲੱਥ ਜਾਣ ਸਦਕਾ ਨਹੀਂ ਹੈ। ਇਨ੍ਹਾਂ ਦੇ ਅਰਥ ਕਰਨ ਲੱਗਿਆਂ ਸੰਬੰਧਕੀ ਸ਼ਬਦ ‘ਦੀ’ ਆਪਣੇ ਕੋਲੋਂ ਲਾਉਣਾ ਪੈਂਦਾ ਹੈ।

(4). ਮੁਕਤਾ ਅੰਤ ਇੱਕ ਵਚਨ ਪੁਲਿੰਗ ਨਾਂਵ ਸੰਬੋਧਨ ਕਾਰਕ ਦੇ ਅਰਥਾਂ ’ਚ ਹੋ ਸਕਦਾ ਹੈ; ਜਿਵੇਂ ਕਿ ‘‘ਹੈ ਭੀ ਸਚੁ  ਨਾਨਕ  ਹੋਸੀ ਭੀ ਸਚੁ ॥’’ (ਜਪੁ, ਮਹਲਾ ੧) ਅਰਥ ਹੈ ‘ਹੇ ਨਾਨਕ   ! ਅਕਾਲ ਪੁਰਖ ਇਸ ਵੇਲੇ ਵੀ ਹੋਂਦ ਵਾਲਾ ਹੈ ਭਾਵ ਮੌਜੂਦ ਹੈ ਅਤੇ ਅਗਾਂਹ ਆਉਣ ਵਾਲੇ ਸਮੇਂ ’ਚ ਵੀ ਹੋਂਦ ਵਾਲਾ ਰਹੇਗਾ, ਸਦਾ ਕਾਇਮ ਰਹੇਗਾ।

(5). ਕਿਰਿਆਵਾਚੀ ਸ਼ਬਦਾਂ ’ਚੋਂ ਮਗਰਲੇ ਅੱਖਰ ਨੂੰ ਲੱਗੀ ਔਂਕੜ ਇੱਕ ਵਚਨ ਹੁਕਮੀ ਭਵਿਖਤ ਕਾਲ ਦੀ ਸੂਚਕ ਹੁੰਦੀ ਹੈ; ਜਿਵੇਂ ਕਿ ‘‘ਐਸਾ ਗਿਆਨੁ ਬਿਚਾਰੁ (ਹੁਕਮੀ ਭਵਿਖ ਕਾਲ ਕਿਰਿਆ) ਮਨਾ   !॥ ਹਰਿ ਕੀ ਨ ਸਿਮਰਹੁ ? ਦੁਖ ਭੰਜਨਾ ॥੧॥ ਰਹਾਉ ॥’’ (ਭਗਤ ਕਬੀਰ ਜੀ/੧੧੬੧) ਹੇ ਮੇਰੇ ਮਨ  ! ਕੋਈ ਅਜਿਹੀ ਉੱਚੀ ਸਮਝ ਦੀ ਬੀਚਾਰ ਕਰ (ਜਿਸ ਨਾਲ ਤੂੰ ਸਿਮਰਨ ਵੱਲ ਪਰਤ ਸਕੇਂ ਅਤੇ ਆਪਣੇ ਮਨ ਨੂੰ ਇਹ ਸਮਝਾਉਣ ਦੇ ਸਮਰਥ ਹੋ ਜਾਵੇਂ ਕਿ) ਸਭ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਤੂੰ ਕਿਉਂ ਨਹੀਂ ਸਿਮਰਦਾ ਯਾਨੀ ਯਾਦ ਕਰਿਆ ਕਰ ?

ਕੁੱਝ ਹੋਰ ਉਦਾਹਰਨਾਂ ‘‘ਮਨ (ਸੰਬੋਧਨ) ਮੇਰੇ ਸਤਿਗੁਰ ਕੈ ਭਾਣੈ ਚਲੁ ॥’’ (ਮਹਲਾ ੩/੩੭) ਹੇ ਮੇਰੇ ਮਨ   ! ਤੂੰ ਸਤਿਗੁਰੂ ਦੇ ਭਾਣੇ ’ਚ ਚੱਲ। ‘ਚੱਲੁ’ ਦਾ ਅਰਥ ਹੈ ‘ਤੂੰ ਚੱਲ’ (ਹੁਕਮੀ ਭਵਿਖ ਕਾਲ ਕਿਰਿਆ)।

‘‘ਲਿਖੁ ਨਾਮੁ,  ਸਾਲਾਹ ਲਿਖੁਲਿਖੁ ਅੰਤੁ ਨ ਪਾਰਾਵਾਰੁ ॥’’ (ਮਹਲਾ ੧/੧੬) ਪ੍ਰਭੂ ਦਾ ਨਾਮ ਤੂੰ (ਆਪਣੇ ਹਿਰਦੇ ’ਤੇ) ਲਿਖ, ਉਸ ਦੀ ਸਿਫਤ ਸਾਲਾਹ ਲਿਖ। ਇਹ ਵੀ ਤੂੰ ਲਿਖ ਕਿ ਪ੍ਰਭੂ ਦੇ ਉਰਲੇ ਪਰਲੇ ਬੰਨੇ ਦਾ ਕੋਈ ਅੰਤ ਨਹੀ।

‘‘ਤਿਸੁ ਠਾਕੁਰ ਕਉ ਰਖੁ (ਹੁਕਮੀ ਭਵਿਖ ਕਾਲ ਕਿਰਿਆ) ਮਨ ਮਾਹਿ ॥’’ (ਸੁਖਮਨੀ, ਮਹਲਾ ੫/੨੬੯) ਉਸ ਮਾਲਕ ਪ੍ਰਭੂ ਨੂੰ ਤੂੰ ਆਪਣੇ ਮਨ ਵਿੱਚ ਸਾਂਭ ਰੱਖ।

‘‘ਕਹੁ (ਹੁਕਮੀ ਭਵਿਖ ਕਾਲ ਕਿਰਿਆ) ਨਾਨਕ  ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥’’ (ਸੋ ਪੁਰਖੁ, ਮਹਲਾ ੫/੧੨) ਹੇ ਨਾਨਕ   ! ਇਉਂ ਆਖ (ਕਿ ਹੇ ਪ੍ਰਭੂ   !) ਅਸੀਂ ਜੀਵ ਮੰਦ ਕਰਮੀ ਹਾਂ ਸ਼ਰਨ ਪਿਆਂ ਦੀ ਸਾਡੀ ਲਾਜ ਰੱਖ।

‘‘ਗੁਰ ਕੀ ਚਰਣੀ ਲਗਿ ਰਹੁ (ਰਹ) ਵਿਚਹੁ ਆਪੁ ਗਵਾਇ ॥’’ (ਮਹਲਾ ੧/੬੧) (ਇਸ ਵਾਸਤੇ, ਹੇ ਭਾਈ  !) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ

‘‘ਮਨ ਮੇਰੇ  ਗਹੁ (ਗਹ = ਫੜ) ਹਰਿ ਨਾਮ ਕਾ ਓਲਾ ॥’’ (ਮਹਲਾ ੫/੧੭੯) ਹੇ ਮੇਰੇ ਮਨ   ! ਪ੍ਰਮਾਤਮਾ ਦੇ ਨਾਮ ਦਾ ਆਸਰਾ ਫੜ।

ਨੋਟ : ਜਿਵੇਂ ਇੱਕ ਵਚਨ ਹੁਕਮੀ ਭਵਿਖ ਕਾਲ ਦੀ ਕਿਰਿਆ ‘ਬੀਚਾਰੁ, ਚਲੁ, ਲਿਖੁ, ਰਖੁ’ ਆਦਿ ਦੇ ਅੰਤਲੇ ਅੱਖਰ ਨੂੰ ਲੱਗੀ ਔਂਕੜ ਦਾ ਉਚਾਰਨ ਨਹੀਂ ਕੀਤਾ ਜਾਦਾ ਉਸੇ ਤਰ੍ਹਾਂ ਕਹੁ, ਰਹੁ, ਗਹੁ ਆਦਿ ਦੇ ਅੰਤਲੇ ‘ਹੁ’ ਨੂੰ ਲੱਗੀ ਔਂਕੜ ਇੱਕ ਵਚਨ ਹੁਕਮੀ ਭਵਿਖ ਕਾਲ ਕਿਰਿਆ ਦੀ ਸੂਚਕ ਹੈ, ਜੋ ਉਚਾਰਨ ਦਾ ਹਿੱਸਾ ਨਹੀਂ, ਕੇਵਲ ਅਰਥ ਸਮਝਣ ਲਈ ਹੈ। ਇਨ੍ਹਾਂ ਸਾਰੇ ਵਾਕਾਂ ਦੇ ਅਰਥ ਕਰਨ ਲਈ ਇੱਕ ਵਚਨ ਨੂੰ ਸੰਬੋਧਨ ਕਰਨਾ ਲਾਜ਼ਮੀ ਹੈ; ਜਿਵੇਂ ਕਿ ‘ਹੇ ਪ੍ਰਭ  ! ਜਾਂ ਹੇ ਮਨ  ! ਜਾਂ ਹੈ ਭਾਈ  !’ ਆਦਿ ਇਸ ਲਈ ਹੀ ਇਸ ਨੂੰ ਇੱਕ ਵਚਨ ਹੁਕਮੀ ਭਵਿੱਖ ਕਾਲ ਕਿਰਿਆ ਕਿਹਾ ਹੈ।

(6). ਕੁਝ ਕੁ ਇੱਕ ਵਚਨ ਹੁਕਮੀ ਭਵਿਖ ਕਾਲ ਕਿਰਿਆ ਦੇ ਅੰਤ ’ਚ ਔਂਕੜ ਦੀ ਥਾਂ ਸਿਹਾਰੀ ਹੁੰਦੀ ਹੈ; ਜਿਵੇਂ ਕਿ ‘‘ਸੁਣਿ ਮਨ ਮਿਤ੍ਰ ਪਿਆਰਿਆ  ! ਮਿਲੁ ਵੇਲਾ ਹੈ ਏਹ ॥’’ (ਮਹਲਾ ੧/੨੦) ਇਸ ਵਾਕ ਵਿੱਚ ‘ਸੁਣਿ’ (ਅੰਤ ਸਿਹਾਰੀ) ਅਤੇ ‘ਮਿਲੁ’ (ਅੰਤ ਔਂਕੜ) ਦੋਵੇਂ ਹੀ ਇੱਕ ਵਚਨ ਹੁਕਮੀ ਭਵਿਖ ਕਾਲ ਕਿਰਿਆਵਾਂ ਹਨ ਤੇ ਅਰਥ ਹੈ ‘ਤੂੰ ਸੁਣ, ਤੂੰ ਮਿਲ’।

(7). ਕਿਰਿਆਵਾਚੀ ਸ਼ਬਦਾਂ ਦੇ ਧਾਤੂ (ਜੋ ਕਿ ਕਿਰਿਆ ਦਾ ਸਭ ਤੋਂ ਛੋਟਾ ਰੂਪ ਹੁੰਦੈ; ਜਿਵੇਂ ‘ਚਲਿਆ’ ਤੇ ‘ਚਲਾਇਆ’ ਦਾ ‘ਚਲ’) ਅੱਖਰਾਂ ਦੇ ਪਿਛਲੇ ਅੱਖਰ ਨੂੰ ਲੱਗੀ ਸਿਹਾਰੀ ਕਿਰਿਆ ਵਿਸ਼ੇਸ਼ਣ (ਵਰਤਮਾਨ ਕਿਰਦੰਤ) ਦੇ ਅਰਥ ਦਿੰਦੀ ਹੈ; ਜਿਵੇਂ ‘‘ਹਉ ਆਇਆ ਦੂਰਹੁ ਚਲਿ ਕੈ; ਮੈ ਤਕੀ ਤਉ ਸਰਣਾਇ ਜੀਉ ॥’’ (ਮਹਲਾ ੧/੭੬੩) ਹੇ ਮਾਲਕ  ! ਮੈਂ (ਚੌਰਾਸੀ ਲੱਖ ਜੂਨਾਂ ਦੇ) ਦੂਰ ਦੇ ਪੈਂਡੇ ਤੋਂ ਚੱਲ ਕੇ (ਮਨੁੱਖ ਜੂਨੀ ’ਚ) ਆਇਆ ਹਾਂ, ਹੁਣ ਮੈਂ ਤੇਰਾ ਆਸਰਾ ਤੱਕਿਆ ਹੈ।

‘‘ਸੁਣਿ; ਵਡਾ ਆਖੈ ਸਭੁ ਕੋਇ ॥ (ਸੋ ਦਰੁ/ਮਹਲਾ ੧/੯)

ਸੁਨਿ; ਅੰਧਾ ਕੈਸੇ ਮਾਰਗੁ ਪਾਵੈ  ?॥ (ਸੁਖਮਨੀ/ਮਹਲਾ ੫/੨੬੭)

ਉਕਤ ਵਾਕਾਂ ’ਚ ‘ਚਲਿ, ਸੁਣਿ, ਸੁਨਿ’ (ਕਿਰਿਆ ਵਿਸ਼ੇਸ਼ਣ) ਦਾ ਅਰਥ ਹੈ ‘ਚੱਲ ਕੇ, ਸੁਣ ਕੇ, ਸੁਨ ਕੇ’। ਐਸੇ ਵਾਕਾਂ ਦੀ ਪਛਾਣ ਇਹ ਹੁੰਦੀ ਹੈ ਕਿ ਇਨ੍ਹਾਂ ਵਿੱਚ ਮੂਲ ਕਿਰਿਆ ਕੋਈ ਹੋਰ ਸ਼ਬਦ ਜ਼ਰੂਰ ਹੁੰਦਾ ਹੈ; ਜਿਵੇਂ ਕਿ ‘ਚਲਿ’ ਵਾਲ਼ੇ ਵਾਕ ’ਚ ‘ਆਇਆ’।  ‘ਸੁਣਿ’ ਵਾਲ਼ੇ ਵਾਕ ’ਚ ‘ਆਖੈ’ ਅਤੇ ‘ਸੁਨਿ’ ਵਾਲ਼ੇ ਵਾਕ ਵਿੱਚ ‘ਪਾਵੈ’ ਮੂਲ ਕਿਰਿਆ ਹੈ, ਜੋ ਕਿ ਇੱਕ ਵਚਨ ਹੁਕਮੀ ਭਵਿਖ ਕਾਲ ਕਿਰਿਆ ਵਾਲ਼ੇ ਵਾਕ ਵਿੱਚ ਨਹੀਂ ਹੁੰਦੀਆਂ ਕਿਉਂਕਿ ਉਹ, ਖ਼ੁਦ ਦੀ ਮੂਲ ਕਿਰਿਆ ਹੁੰਦੀ ਹੈ।

(8). ਇੱਕ ਵਚਨ ਪੁਲਿੰਗ ਨਾਂਵ, ਜਿਸ ਦੇ ਅੰਤ ’ਚ ਔਂਕੜ ਹੋਣਾ ਚਾਹੀਦਾ ਹੈ, ਉਸ ਦਾ ‘ਕਰਣ ਕਾਰਕ’ ਰੂਪ ਅੰਤ ਸਿਹਾਰੀ ਹੁੰਦਾ ਹੈ। ਇਸ ਅੰਤ ਸਿਹਾਰੀ ’ਚੋਂ ਅਰਥ ਮਿਲਦਾ ਹੈ ‘ਨਾਲ਼, ਰਾਹੀਂ, ਦੁਆਰਾ’ ; ਜਿਵੇਂ ਕਿ ‘‘ਨਾਨਕ   ! ਬੇੜੀ ਸਚ ਕੀ, ਤਰੀਐ ਗੁਰ ਵੀਚਾਰਿ (ਨਾਲ਼ਂ)॥’’ (ਮਹਲਾ ੧/੨੦) ਹੇ ਨਾਨਕ   ! ਜੇ ਗੁਰੂ ਦੀ ਦੱਸੀ ਵਿਚਾਰ ਰਾਹੀਂ ਜਾਂ ਵਿਚਾਰ ਦੁਆਰਾ ਭਾਵ ਸਿੱਖਿਆ ’ਤੇ ਚੱਲ ਕੇ ਸੱਚ ਦੀ ਬੇੜੀ ਬਣਾ ਲਈਏ ਤਾਂ ਇਹ ਅਥਾਹ ਸੰਸਾਰ ਸਮੁੰਦਰ ਸੁਖਾਲਾ ਹੀ ਤਰਿਆ ਜਾ ਸਕਦਾ ਹੈ।

(9). ਇੱਕ ਵਚਨ ਪੁਲਿੰਗ ਨਾਂਵ ਦੇ ਕਰਤਾ ਕਾਰਕ ਰੂਪ ਨੂੰ ਵੀ ਅੰਤ ਸਿਹਾਰੀ ਹੁੰਦੀ ਹੈ, ਜਿਸ ਵਿੱਚੋਂ ਅਰਥ ਮਿਲਦਾ ਹੈ ‘ਨੇ’; ਜਿਵੇਂ ਕਿ ‘‘ਨਾਨਕਿ (ਨੇ) ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ ॥’’ (ਬਲਵੰਡ ਸਤਾ/੯੬੬) ਨਾਨਕ ਨੇ ਸੱਚ ਰੂਪ ਕਿਲ੍ਹਾ ਬਣਾ ਕੇ, ਮਜ਼ਬੂਤ ਨੀਂਵ ਰੱਖ ਕੇ ਧਰਮ ਦਾ ਰਾਜ ਸਥਾਪਿਤ ਕੀਤਾ।

ਕੁੱਝ ਹੋਰ ਉਦਾਹਰਨਾਂ : ‘‘ਬਾਹ ਪਕੜਿ (ਕੇ/ਕਿਰਿਆ ਵਿਸ਼ੇਸ਼ਣ) ਗੁਰਿ (ਨੇ/ਕਰਤਾ ਕਾਰਕ) ਕਾਢਿਆ;  ਸੋਈ ਉਤਰਿਆ ਪਾਰਿ ॥’’ (ਮਹਲਾ ੫/੪੪)

‘‘ਕਬੀਰਿ (ਨੇ/ਕਰਤਾ ਕਾਰਕ) ਧਿਆਇਓ ਏਕ ਰੰਗ ॥’’ (ਮਹਲਾ ੫/੧੧੯੨) ਕਬੀਰ ਨੇ ਇਕ-ਰਸ ਪਿਆਰ ਵਿੱਚ ਟਿਕ ਕੇ ਪਰਮਾਤਮਾ ਨੂੰ ਯਾਦ ਕੀਤਾ।

ਉਪਰੋਕਤ ਵੀਚਾਰ ਤੋਂ ਸਿੱਟਾ ਇਹੀ ਨਿਕਲਦਾ ਹੈ ਕਿ ‘ਨਾਨਕੁ, ਨਾਨਕ ਤੇ ਨਾਨਕਿ’ ਭਾਵੇਂ ਕਿਸੇ ਵੀ ਰੂਪ ’ਚ ਲਿਖੇ ਹੋਣ ਉਚਾਰਨ ਸਾਰਿਆਂ ਦਾ ਇੱਕੋ ਹੀ ਹੋਵੇਗਾ = ਨਾਨਕ । ‘ਕਬੀਰੁ, ਕਬੀਰ ਤੇ ਕਬੀਰਿ’ ਭਾਵੇਂ ਕਿਸੇ ਵੀ ਰੂਪ ’ਚ ਲਿਖੇ ਹੋਣ ਉਚਾਰਨ ਹਰ ਵਾਰ ਹੋਵੇਗਾ = ਕਬੀਰ। ‘ਗੁਰੁ, ਗੁਰ ਅਤੇ ਗੁਰਿ’ ਭਾਵੇਂ ਕਿਸੇ ਵੀ ਰੂਪ ’ਚ ਲਿਖੇ ਹੋਣ ਉਚਾਰਨ ਹਰ ਵਾਰ ਇੱਕ ਹੀ ਹੋਵੇਗਾ = ਗੁਰ। ਇਸੇ ਤਰ੍ਹਾਂ ‘ਰਾਹੁ, ਰਾਹ ਤੇ ਰਾਹਿ’ ਦਾ ਇੱਕੋ ਹੀ ੳਚਾਰਨ ਹੋਵੇਗਾ ‘ਰਾਹ’। ਰਾਹੁ ਨੂੰ ਰਾਹੋ ਅਤੇ ਰਾਹਿ ਨੂੰ ਰਾਹੇ ਉਚਾਰਨਾ ਓਨਾ ਹੀ ਗਲਤ ਹੈ ਜਿੰਨਾ ਕਿ ਨਾਨਕੁ ਨੂੰ ਨਾਨਕੋ ਅਤੇ ਨਾਨਕਿ ਨੂੰ ਨਾਨਕੇ ਉਚਾਰਨ ਕਰਨਾ ਜਾਂ ਕਬੀਰੁ ਨੂੰ ਕਬੀਰੋ ਅਤੇ ਕਬੀਰਿ ਨੂੰ ਕਬੀਰੇ ਉਚਾਰਨ ਕਰਨਾ ਜਾਂ ਗੁਰੁ ਨੂੰ ਗੁਰੋ ਅਤੇ ਗੁਰਿ ਨੂੰ ਗੁਰੇ ਉਚਾਰਨਾ। ਜਿਵੇਂ ਨਾਨਕੁ, ਕਬੀਰੁ ਤੇ ਗੁਰੁ ਇੱਕ ਵਚਨ ਪੁਲਿੰਗ ਨਾਂਵ ਹਨ ਉਸੇ ਤਰ੍ਹਾਂ ‘ਰਾਹੁ’ ਵੀ ਇਕ ਵਚਨ ਪੁਲਿੰਗ ਨਾਂਵ ਹੈ। ਅਰਥ ਹੈ ‘ਰਸਤਾ, ਮਾਰਗ’; ਜਿਵੇਂ ਕਿ ‘‘ਸੁਣਿਐ ਅੰਧੇ ਪਾਵਹਿ ਰਾਹੁ (ਰਸਤਾ) ॥’’ (ਜਪੁ, ਮਹਲਾ ੧/੩) ਅਰਥ : (ਨਾਮ) ਸੁਣਨ ਦੀ ਬਰਕਤਿ ਨਾਲ ਅੰਨ੍ਹੇ ਭਾਵ ਗਿਆਨ-ਹੀਣ ਮਨੁੱਖ ਭੀ (ਅਕਾਲ ਪੁਰਖ ਨੂੰ ਮਿਲਣ ਦਾ) ਰਾਹ ਲੱਭ ਲੈਂਦੇ ਹਨ, ਸਹੀ ਮਾਰਗ ਪਾ ਲੈਂਦੇ ਹਨ।

ਇਸ ਅਗਲੇ ਵਾਕ ’ਚ ‘ਰਾਹ’ (ਅੰਤ ਮੁਕਤ) ਹੈ, ਇਸ ਲਈ ਅਰਥ ਹੈ ‘ਬਹੁਤੇ ਰਸਤੇ’ ਯਾਨੀ ਬਹੁ ਵਚਨ ‘‘ਰਾਹ ਦੋਵੈ  ਇਕੁ ਜਾਣੈ  ਸੋਈ ਸਿਝਸੀ ॥’’ (ਮਹਲਾ ੧/੧੪੨) ਅਰਥ : (ਮਨੁੱਖਾ ਜੀਵਨ ਦੇ) ਦੋ ਰਸਤੇ ਹਨ (ਮਾਇਆ ਤੇ ਨਾਮ ਵਾਲ਼ਾ) ਉਹੀ ਕਾਮਯਾਬ ਹੁੰਦਾ ਹੈ, ਜੋ (ਦੋਹਾਂ ਰਸਤਿਆਂ ਵਿਚੋਂ ਇੱਕ ਯਾਨੀ) ਇਕ ਪਰਮਾਤਮਾ ਨੂੰ ਚੇਤੇ ਰੱਖਦਾ ਹੈ।

ਇਸੇ ਤਰ੍ਹਾਂ ‘‘ਗੰਢੇਦਿਆਂ ਛਿਅ ਮਾਹ (ਬਹੁ ਵਚਨ, ਮਹੀਨੇ) ਤੁੜੰਦਿਆ ਹਿਕੁ ਖਿਨੋ ॥’’  (ਭਗਤ ਫਰੀਦ ਜੀ/੪੮੮)

‘‘ਮਾਹੁ (ਇੱਕ ਵਚਨ, ਮਹੀਨਾ) ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥’’ (ਮਹਲਾ ੧/੧੧੦੮) ਇਸ ਤੁਕ ’ਚ ਜਿਵੇਂ ‘ਜੇਠੁ’ ਅਤੇ ‘ਪ੍ਰੀਤਮੁ’ ਦੇ ਮਗਰਲੇ ਅੱਖਰਾਂ ਨੂੰ ਲੱਗੀ ਔਂਕੜ ਦਾ ਉਚਾਰਨ ਨਹੀਂ ਕੀਤਾ ਜਾਂਦਾ ਉਸੇ ਤਰ੍ਹਾਂ ‘ਮਾਹੁ’ ਦਾ ਉਚਾਰਨ ਵੀ ਬਿਨਾਂ ਔਂਕੜ ਹੋਵੇਗਾ ‘ਮਾਹ’। ‘ਮਾਹੋ’ ਅਸ਼ੁੱਧ ਪਾਠ ਹੈ।

‘‘ਸਜਣੁ ਸਚਾ ਪਾਤਿਸਾਹੁ (ਇੱਕ ਵਚਨ, ਪਾਤਸ਼ਾਹ) ਸਿਰਿ ਸਾਹਾਂ ਦੈ ਸਾਹੁ (ਇੱਕ ਵਚਨ, ਸ਼ਾਹ)॥’’ (ਮਹਲਾ ੫/੧੪੨੬) ਇਨ੍ਹਾਂ ਦਾ ‘ਪਾਤਸਾਹੋ’ ਅਤੇ ‘ਸਾਹੋ’ ਪਾਠ ਕੀਤਾ ਜਾਣਾ ਅਸ਼ੁੱਧ ਹੈ।

‘‘ਵਾਹੁ ਵਾਹੁ ਬਾਣੀ ਸਚੁ ਹੈ, ਸਚਿ ਮਿਲਾਵਾ ਹੋਇ ॥’’ (ਮਹਲਾ ੩/੫੧੪)  ‘ਵਾਹੁ ਵਾਹੁ’ ਇੱਕ ਵਚਨ ਹੋਣ ਕਰਕੇ ਸਹੀ ਉਚਾਰਨ ਹੈ ‘ਵਾਹ, ਵਾਹ’, ਇਸ ਦਾ ‘ਵਾਹੋ ਵਾਹੋ’ ਉਚਾਰਨ ਕੀਤੇ ਜਾਣਾ ਅਸ਼ੁੱਧ ਹੈ।

‘‘ਭੰਡਿ ਜੰਮੀਐ  ਭੰਡਿ ਨਿੰਮੀਐ  ਭੰਡਿ ਮੰਗਣੁ ਵੀਆਹੁ ॥’’ (ਆਸਾ ਕੀ ਵਾਰ, ਮਹਲਾ ੧/੪੭੩) ਆਦਮੀ ਇਸਤਰੀ ਦੇ ਅੰਦਰ ਨਿਪਜਦਾ ਹੈ ਅਤੇ ਇਸਤਰੀ ਤੋਂ ਹੀ ਪੈਦਾ ਹੁੰਦਾ ਹੈ। ਇਸਤਰੀ ਨਾਲ ਹੀ ਉਸ ਦਾ ਮੰਗਣਾ ਅਤੇ ਵਿਆਹ ਹੁੰਦਾ ਹੈ। (ਜਿਵੇਂ ‘ਮੰਗਣੁ’ ਇਕ ਵਚਨ ਨਾਂਵ ਹੈ ਓਵੇਂ ‘ਵੀਆਹੁ’ ਦੇ ਅੰਤਲੇ ਅੱਖਰ ‘ਹ’ ਨੂੰ ਲੱਗੀ ਔਂਕੜ ਇਕ ਵਚਨ ਨਾਂਵ ਦੀ ਸੂਚਕ ਹੈ ਤਾਂ ਤੇ ਉਚਾਰਨ  ਬਿਨਾਂ ਔਂਕੜ ‘ਵੀਆਹ’ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ‘ਵੀਆਹੋ’। 

(10). ਜਦੋਂ ਨਾਂਵ ਅਤੇ ਕਿਰਿਆ ਸ਼ਬਦਾਂ ਦੇ ਅਸਲ ਸਰੂਪ ਨਾਲ਼ ਕਾਵਿਕ ਪੱਖੋਂ ਇੱਕ ਫਾਲਤੂ ‘ਹ’ ਸ੍ਵਰ ਦੇ ਤੌਰ ’ਤੇ ਲਗਾ ਕੇ ਉਸ ਨੂੰ ਔਂਕੜ ਲਗਾਈ ਜਾਵੇ ਤਾਂ ਇਹ ਸ਼ਬਦ ਬਹੁ ਵਚਨ ਸੰਬੋਧਨ ਕਾਰਕ ਜਾਂ ਇਕ ਵਚਨ ਅਪਾਦਾਨ ਕਾਰਕ ਹੁੰਦਾ ਹੈ ਅਤੇ ਜੇ ਸ਼ਬਦ ਕਿਰਿਆ ਹੋਵੇ ਤਾਂ ਬਹੁ ਵਚਨ ਦੀ ਕਿਰਿਆ ਬਣ ਜਾਂਦੀ ਹੈ। ਇਨ੍ਹਾਂ ਲਗਾਂ ਦਾ ਉਚਾਰਨ ਕੀਤਾ ਜਾਂਦਾ ਹੈ। ਜੇ ਸ਼ਬਦ ਬਹੁ ਵਚਨ ਦੀ ਕਿਰਿਆ ਜਾਂ ਸੰਬੋਧਨ ਰੂਪ ’ਚ ਨਾਂਵ ਹੋਵੇ ਤਾਂ ਔਂਕੜ ਦਾ ਉਚਾਰਨ ਬਿਨਾਂ ਬਿੰਦੀ ਤੋਂ ਹੋੜੇ ਵਾਙ ਕੀਤਾ ਜਾਂਦਾ ਹੈ, ਪਰ ਜੇ ਨਾਂਵ ਅਪਾਦਾਨ ਕਾਰਕ ਹੋਵੇ ਤਾਂ ਬਿੰਦੀ ਸਮੇਤ ਹੋੜੇ ਵਾਙ ਉਚਾਰਨਾ ਸਹੀ ਹੈ; ਜਿਵੇਂ ਕਿ :

 ‘‘ਸੁਖਹੁ (ਅਪਾਦਾਨ ਕਾਰਕ, ਸੁਖ ਤੋਂ, ਸੁਖੋਂ) ਉਠੇ ਰੋਗ ਪਾਪ ਕਮਾਇਆ ॥ ਹਰਖਹੁ (ਅਪਾਦਾਨ ਕਾਰਕ, ਖੁਸ਼ੀ ਤੋਂ, ਹਰਖੋਂ) ਸੋਗੁ ਵਿਜੋਗੁ ਉਪਾਇ ਖਪਾਇਆ ॥’’ (ਮਹਲਾ ੧/੧੩੯) ਅਰਥ : ਪਾਪ ਕਮਾਉਣ ਦੇ ਕਾਰਨ (ਭੋਗਾਂ) ਦੇ ਸੁਖ ਤੋਂ ਰੋਗ ਪੈਦਾ ਹੁੰਦੇ ਹਨ। (ਭੋਗਾਂ ਦੀ ਖ਼ੁਸ਼ੀ ਤੋਂ) ਚਿੰਤਾ ਅਤੇ (ਅੰਤ ਨੂੰ) ਵਿਛੋੜਾ ਪੈਦਾ ਹੁੰਦਾ ਹੈ ਅਤੇ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ।

‘‘ਹਉ ਆਇਆ ਦੂਰਹੁ (ਅਪਾਦਾਨ ਕਾਰਕ, ਦੂਰ (84 ਲੱਖ ਜੂਨ) ਤੋਂ, ਦੂਰਹੋਂ) ਚਲਿ ਕੈ  ਮੈ ਤਕੀ ਤਉ ਸਰਣਾਇ ਜੀਉ ॥’’ (ਮਹਲਾ ੧/੭੬੩)

‘‘ਪੰਥਿ ਸੁਹੇਲੈ ਜਾਵਹੁ (ਬਹੁ ਵਚਨ, ਹੁਕਮੀ ਭਵਿਖ ਕਾਲ ਕਿਰਿਆ, ਉਚਾਰਨ ਹੈ ‘ਜਾਵੋ’) ਤਾਂ ਫਲੁ ਪਾਵਹੁ (ਬਹੁ ਵਚਨ, ਹੁਕਮੀ ਭਵਿਖ ਕਾਲ ਕਿਰਿਆ,  ਪਾਵੋ) ਆਗੈ ਮਿਲੈ ਵਡਾਈ ॥’’ (ਮਹਲਾ ੧/੫੭੯)  

‘‘ਆਵਹੁ (ਬਹੁ ਵਚਨ, ਹੁਕਮੀ ਭਵਿਖ ਕਾਲ ਕਿਰਿਆ, ਆਵੋ) ਸਿਖ ਸਤਿਗੁਰੂ ਕੇ ਪਿਆਰਿਹੋ  ! ਗਾਵਹੁ (ਬਹੁ ਵਚਨ, ਹੁਕਮੀ ਭਵਿਖ ਕਾਲ ਕਿਰਿਆ, ਗਾਵੋ) ਸਚੀ ਬਾਣੀ ॥’’ (ਰਾਮਕਲੀ ਅਨੰਦ, ਮਹਲਾ ੩/੯੨੦) ਹੇ ਸਤਿਗੁਰੂ ਦੇ ਪਿਆਰੇ ਸਿੱਖੋ  ! ਆਵੋ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੋੜਨ ਵਾਲੀ ਬਾਣੀ (ਰਲ ਕੇ) ਗਾਵੋ।

‘‘ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ (ਬਹੁ ਵਚਨ, ਹੁਕਮੀ ਭਵਿਖ ਕਾਲ ਕਿਰਿਆ,  ਜਾਣੋ) ਗੁਰਸਿਖਹੁ (ਬਹੁ ਵਚਨ ਨਾਂਵ, ਸੰਬੋਧਨ ਰੂਪ, ਗੁਰਸਿਖੋ) ਹਰਿ ਕਰਤਾ ਆਪਿ ਮੁਹਹੁ (ਅਪਾਦਾਨ ਕਾਰਕ ਨਾਂਵ, ਮੁਹੋਂ) ਕਢਾਏ ॥’’ (ਮਹਲਾ ੪/੩੦੮)

(11). ਇੱਕ ਵਚਨ ਪੁਲਿੰਗ ਨਾਂਵ, ਜੋ ਅੰਤ ਔਂਕੜ ਹੋਣਾ ਚਾਹੀਦਾ ਹੈ, ਪਰ ਅਧਿਕਰਣ ਕਾਰਕ ’ਚ ਅੰਤ ਸਿਹਾਰੀ ਹੁੰਦਾ ਹੈ। ਇਸ ਅੰਤ ਸਿਹਾਰੀ ਵਿੱਚੋਂ ‘ਵਿੱਚ’ ਅਰਥ ਮਿਲਦੇ ਹਨ; ਜਿਵੇਂ ਕਿ ‘‘ਏਤੁ ਰਾਹਿ (ਰਾਹ ਵਿੱਚ) ਪਤਿ ਪਵੜੀਆ; ਚੜੀਐ ਹੋਇ ਇਕੀਸ ॥’’ (ਜਪੁ, ਮਹਲਾ ੧/੭) ਅਰਥ : (ਪਰਮਾਤਮਾ ਨਾਲੋਂ ਦੂਰੀ ਮਿਟਾਉਣ ਵਾਲ਼ੇ) ਇਸ ਰਸਤੇ ਵਿੱਚ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਮਿਟਾ ਕੇ ਹੀ ਚੜ੍ਹੀਦਾ ਹੈ।

‘‘ਅਤਿ ਪਿਆਰਾ ਪਵੈ ਖੂਹਿ (ਖੂਹ ਵਿੱਚ) ਕਿਹੁ ਸੰਜਮੁ ਕਰਣਾ ॥’’ (ਮਹਲਾ ੩/੯੫੩) ਅਰਥ : ਮਾਇਆ ਨਾਲ ਬਹੁਤਾ ਪਿਆਰ ਕਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਖੂਹ ਵਿੱਚ ਡਿੱਗਾ ਪੈਂਦਾ ਹੈ। ਉਸ ਦੇ ਬਚਾਅ ਨੂੰ ਕਿਹੜਾ ਉੱਦਮ ਕੀਤਾ ਜਾ ਸਕਦਾ ਹੈ ?

‘‘ਜਜਿ ਕਾਜਿ ਵੀਆਹਿ (ਵੀਆਹ ਵਿੱਚ) ਸੁਹਾਵੈ; ਓਥੈ ਮਾਸੁ ਸਮਾਣਾ ॥’’ (ਮਹਲਾ ੧/੧੨੯੦) ਅਰਥਜੱਗ ਵਿਚ, ਵਿਆਹ ਆਦਿਕ ਕਾਰਜ ਵਿਚ (ਮਾਸ ਦੀ ਵਰਤੋਂ) ਪ੍ਰਧਾਨ ਹੈ, ਉਹਨੀਂ ਥਾਈਂ ਮਾਸ ਵਰਤਿਆ ਜਾਂਦਾ ਹੈ। ਸੋ ਜਿਵੇਂ ‘ਜਜਿ’ ਅਤੇ ਕਾਜਿ’ ਅਧਿਕਰਨ ਕਾਰਕ ਹਨ ਇਨ੍ਹਾਂ ਦੇ ਅੰਤਲੇ ਅੱਖਰ ‘ਜ’ ਨੂੰ ਲੱਗੀ ਸਿਹਾਰੀ ਦਾ ਉਚਾਰਨ ਨਹੀਂ ਕੀਤਾ ਜਾਂਦਾ ਉਸੇ ਤਰ੍ਹਾਂ ‘ਵੀਆਹਿ’ ਵੀ ਅਧਿਕਰਣ ਕਾਰਕ ਹੈ, ਜਿਸ ਦੇ ਅੰਤਲੇ ਅੱਖਰ ‘ਹ’ ਨੂੰ ਲੱਗੀ ਸਿਹਾਰੀ ਦਾ ਉਚਾਰਨ ਨਹੀਂ ਹੋਣਾ ਚਾਹੀਦਾ। ਸਹੀ ਉਚਾਰਨ ਹੋਵੇਗਾ ਬਿਨਾਂ ਸਿਹਾਰੀ ਤੋਂ ‘ਵੀਆਹ’।

ਸਿੱਟਾ : (ੳ). ਰਾਹੁ, ਮਾਹੁ, ਵੀਆਹੁ, ਸਾਹੁ, ਪਾਤਸਾਹੁ, ਅਲਹੁ, ਕਹੁ, ਰਹੁ, ਗਹੁ ਆਦਿਕ ਸ਼ਬਦ ਇੱਕ ਵਚਨ ਨਾਂਵ ਜਾਂ ਹੁਕਮੀ ਭਵਿਖ ਕਾਲ ਕਿਰਿਆ ਹਨ, ਜਿਨ੍ਹਾਂ ਦਾ ਅੰਤਲਾ ਅੱਖਰ ‘ਹ’ ਸ਼ਬਦ ਦਾ ਮੂਲ ਅੱਖਰ ਹੈ ਭਾਵ ‘ਹ’ ਤੋਂ ਬਿਨਾਂ ਸ਼ਬਦ ਅਧੂਰਾ ਹੈ ਤੇ ਇਸ ਬਿਨਾਂ ਸ਼ਬਦ ਦਾ ਕੋਈ ਅਰਥ ਨਹੀਂ ਬਣਦਾ। ਇਸ ‘ਹੁ’ ਨੂੰ ਲੱਗੀ ਔਂਕੜ ਵਿਆਕਰਣਿਕ ਤੌਰ ’ਤੇ ਅਰਥ ਸਮਝਣ ਲਈ ਹੈ, ਨਾ ਕਿ ਉਚਾਰਨ ਲਈ ਜਦਕਿ ਆਮ ਵੇਖਣ ਨੂੰ ਮਿਲਦਾ ਹੈ ਕਿ ਬਹੁਤੀ ਸੰਗਤ ਇਨ੍ਹਾਂ ਦਾ ਉਚਾਰਨ ਕਰਨ ਤੋਂ ਰਹਿ ਨਹੀਂ ਸਕਦੀ।

(ਅ). ਬਹੁ ਬਚਨ ਨਾਂਵ, ਜੋ ਸੰਬੋਧਨ ਰੂਪ ’ਚ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਮਗਰ ਵਾਧੂ ‘ਹੁ’ ਔਂਕੜ ਸਹਿਤ ਹੁੰਦਾ ਹੈ। ਉਨ੍ਹਾਂ ਦਾ ਉਚਾਰਨ ਬਿਨਾਂ ਬਿੰਦੀ ਤੋਂ ਹੋੜੇ ਵਾਙ ਕਰਨਾ ਚਾਹੀਦਾ ਹੈ; ਜਿਵੇਂ ਕਿ ‘ਗੁਰਸਿਖਹੁ’ ਨੂੰ ‘ਗੁਰਸਿੱਖੋ’  !

(ੲ). ਕਿਰਿਆਵਾਚੀ ਸ਼ਬਦਾਂ ਦੇ ਅੰਤ ’ਚ ਵਾਧੂ ‘ਹੁ’ (ਅੰਤ ਔਂਕੜ) ਹੋਵੇ ਤਾਂ ਇਹ ਬਹੁ ਵਚਨ ਹੁਕਮੀ ਭਵਿਖ ਕਾਲ ਕਿਰਿਆ ਦਾ ਸੂਚਕ ਹੁੰਦਾ ਹੈ। ਇਸ ਔਂਕੜ ਦਾ ਉਚਾਰਨ ਬਿਨਾਂ ਬਿੰਦੀ ਤੋਂ ਪਹਿਲੇ ਅੱਖਰ ’ਤੇ ਹੋੜਾ ਲਗਾ ਕੇ ਕਰਨਾ ਹੈ; ਜਿਵੇਂ ਕਿ ਆਵਹੁ, ਗਾਵਹੁ, ਜਾਵਹੁ ਨੂੰ ਆਵੋ, ਗਾਵੋ, ਪਾਵੋ।

(ਸ). ਇੱਕ ਵਚਨ ਨਾਂਵ ਜਦ ਅਪਾਦਾਨ ਕਾਰਕ ਹੋਵੇ ਤੇ ਅੰਤ ’ਚ ਵਾਧੂ ‘ਹੁ’ (ਔਂਕੜ ਸਹਿਤ) ਹੋਵੇ ਤਾਂ ਉਚਾਰਨ ਬਿੰਦੀ ਸਹਿਤ ਹੋੜੇ ਵਾਙ ਹੋਏਗਾ; ਜਿਵੇਂ ਕਿ ਮੁਹਹੁ, ਸੁਖਹੁ, ਹਰਖਹੁ, ਧੁਰਹੁ ਨੂੰ ਮੁਹੋਂ, ਸੁਖੋਂ, ਹਰਖੋਂ, ਧੁਰੋਂ ਉਚਾਰਨਾ ਹੈ।

(ਹ). ਜਦ ਇੱਕ ਵਚਨ ਪੁਲਿੰਗ ਨਾਂਵ ‘ਹਿ’ (ਅੰਤ ਸਿਹਾਰੀ) ਹੋਵੇ ਤਾਂ ਇਹ ਅਧਿਕਰਣ ਕਾਰਕ ਵੀ ਹੁੰਦਾ ਹੈ; ਜਿਵੇਂ ਕਿ ‘ਰਾਹਿ’ = ਰਾਹ ਵਿੱਚ। ‘ਵੀਆਹਿ’= ਵੀਆਹ ਵਿਚ। ‘ਖੂਹਿ’ = ਖੂਹ ਵਿੱਚ। ਇਨ੍ਹਾਂ ਸ਼ਬਦਾਂ ਦੇ ਅੰਤ ’ਚ ਲੱਗੀ ਸਿਹਾਰੀ ਉਚਾਰਨ ਦਾ ਭਾਗ ਨਹੀਂ।

ਸੰਗਰੂਰ ਲੋਕ ਸਭਾ ਚੋਣ ਨਤੀਜਿਆਂ ਨੇ ਬਦਲੇ ਰਾਜਨੀਤਕ ਸਮੀਕਰਨ

0

ਸੰਗਰੂਰ ਲੋਕ ਸਭਾ ਚੋਣ ਨਤੀਜਿਆਂ ਨੇ ਬਦਲੇ ਰਾਜਨੀਤਕ ਸਮੀਕਰਨ

ਕਿਰਪਾਲ ਸਿੰਘ (ਬਠਿੰਡਾ)-88378-13661

ਫ਼ਰਵਰੀ 2022 ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ 117 ’ਚੋਂ 92 ਸੀਟਾਂ ਵੱਡੇ ਫਰਕ ਨਾਲ ਹੂੰਝਾ ਫੇਰੂ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਆਪਣੇ ਸਭ ਤੋਂ ਮਜ਼ਬੂਤ ਕਿਲ੍ਹੇ ਸੰਗਰੂਰ (ਲੋਕ ਸਭਾ ਹਲਕੇ) ’ਚ ਕੇਵਲ ਤਿੰਨ ਕੁ ਮਹੀਨੇ ਪਿੱਛੋਂ ਉਸ ਵਿਅਕਤੀ ਤੋਂ ਚੋਣ ਹਾਰ ਜਾਣਾ; ਜਿਸ ਨੂੰ ਜਮਾਨਤ ਜ਼ਬਤ ਕਰਵਾਉਣ ਦਾ ਰਿਕਾਰਡ ਬਣਾਉਣ ਵਾਲਾ ਕਹਿ ਕੇ ਮਖੌਲ ਕੀਤੇ ਜਾਂਦੇ ਸਨ; ਜਿੱਥੇ ਹੈਰਾਨੀਜਨਕ ਹੈ ਉੱਥੇ ਪੰਜਾਬ ਦੀ ਭਵਿੱਖ ਦੀ ਰਾਜਨੀਤੀ ’ਚ ਵੱਡੇ ਫੇਰਬਦਲ ਹੋਣ ਦੇ ਸੰਕੇਤ ਵੀ ਹਨ। ਪਹਿਲਾ ਸੰਕੇਤ ਤਾਂ ਇਹ ਹੈ ਕਿ ਪੰਜਾਬੀ ਆਜ਼ਾਦ ਵਿਰਤੀ ਦੇ ਮਾਲਕ ਹੋਣ ਕਰਕੇ ਫੈੱਡਰਲ ਢਾਂਚੇ ਦੇ ਹੱਕ ਵਿੱਚ ਅਤੇ ਕੇਂਦਰ ਸਰਕਾਰ ਦੀ ਦਖ਼ਲ ਅੰਦਾਜ਼ੀ ਦੇ ਸਖ਼ਤ ਖਿਲਾਫ਼ ਹਨ। ਪੰਜਾਬੀਆਂ ਦੀ ਇਸ ਬਣੀ ਸੋਚ ਦੇ ਠੋਸ ਕਾਰਨ ਹਨ ਕਿ ਪੰਜਾਬ ’ਚ ਬਹੁ ਗਿਣਤੀ ਸਿੱਖਾਂ ਦੀ ਹੈ ਪਰ ਪੂਰੇ ਭਾਰਤ ’ਚ ਸਿੱਖ ਅਤਿ ਘੱਟ ਗਿਣਤੀ ’ਚ ਹਨ। ਭਾਰਤ ਦਾ ਸੰਵਿਧਾਨ ਭਾਵੇਂ ਧਰਮ ਨਿਰਪੱਖ ਹੈ ਪਰ ਰਾਜਨੀਤੀ ’ਚ ਗੁਣਾਂ ਦੀ ਨਹੀਂ ਬਲਕਿ ਵੋਟਾਂ ਦੀ ਗਿਣਤੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਲਈ ਰਾਸ਼ਟਰਵਾਦੀ ਪਾਰਟੀਆਂ ਦੀ ਨੀਤੀ ਹਮੇਸ਼ਾਂ ਬਹੁ ਗਿਣਤੀ ਨੂੰ ਖੁਸ਼ ਰੱਖਣ ਕਾਰਨ ਘੱਟ ਗਿਣਤੀਆਂ ਦੇ ਹਿੱਤਾਂ ਨੂੰ ਕੇਵਲ ਅਣਗੌਲ਼ਿਆ ਹੀ ਨਹੀਂ ਕੀਤਾ ਜਾਂਦਾ ਬਲਕਿ ਵਿਤਕਰਾ ਵੀ ਕੀਤਾ ਜਾਂਦਾ ਹੈ।

ਦੂਸਰੇ ਪਾਸੇ ਸਿੱਖਾਂ ਨੂੰ ਗੁਰੂ ਸਾਹਿਬਾਨ ਨੇ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ਕਹੁ ਨਾਨਕ  ਸੁਨਿ ਰੇ ਮਨਾਗਿਆਨੀ ਤਾਹਿ ਬਖਾਨਿ ’’ (ਮਹਲਾ /੧੪੨੭ ਦੀ ਸਿੱਖਿਆ ਰਾਹੀਂ ਇੰਨਾ ਬਲਵਾਨ ਬਣਾ ਦਿੱਤਾ ਹੈ ਕਿ ਉਹ ਨਾ ਕਿਸੇ ਤੋਂ ਡਰਦੇ ਹਨ ਅਤੇ ਨਾ ਹੀ ਕਿਸੇ ਨੂੰ ਡਰਾਉਂਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਮਜ਼ਲੂਮਾਂ ’ਤੇ ਅਤਿਆਚਾਰ ਕਰਨ ਵਾਲੇ ਬਾਬਰ ਨੂੰ ਵੰਗਾਰਦੇ ਹੋਏ ਕਿਹਾ ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ (ਮਹਲਾ /੭੨੨), ਰਾਜੇ ਸੀਹ ਮੁਕਦਮ ਕੁਤੇ ਜਾਇ ਜਗਾਇਨਿ੍ ਬੈਠੇ ਸੁਤੇ ਚਾਕਰ ਨਹਦਾ ਪਾਇਨਿ੍ ਘਾਉ ਰਤੁ ਪਿਤੁ ਕੁਤਿਹੋ ਚਟਿ ਜਾਹੁ ’’ (ਮਹਲਾ /੧੨੮੮) ਇਨ੍ਹਾਂ ਉਪਦੇਸ਼ਾਂ ’ਤੇ ਪਹਿਰਾ ਦਿੰਦੇ ਹੋਏ ਰਾਜਿਆਂ ਨੂੰ ਵੰਗਾਰਨ ਦੀ ਸਿੱਖ ਹਿੰਮਤ ਰੱਖਦੇ ਹਨ। ਸਿੱਖ ਕੇਵਲ ਆਪਣੇ ਹਿੱਤਾਂ ਲਈ ਹੀ ਜਾਨ ਨਿਸ਼ਾਵਰ ਨਹੀਂ ਕਰਦੇ ਬਲਕਿ ਦੂਸਰੇ ਧਰਮਾਂ ਦੇ ਮਜਲੂਮਾਂ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਵੀ ਸ਼ਹੀਦੀਆਂ ਪ੍ਰਾਪਤ ਕਰਨ ਤੋਂ ਪਿੱਛੇ ਨਹੀਂ ਹਟਦੇ। ਤਿਲਕ ਜੰਝੂ ਜਿਸ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ, ਉਸੇ ਤਿਲਕ ਜੰਝੂ ਪਹਿਨਣ ਦੀ ਧਾਰਮਿਕ ਅਜ਼ਾਦੀ ਲਈ ਕਸ਼ਮੀਰੀ ਪੰਡਿਤਾਂ ਦੀ ਫ਼ਰਿਆਦ ’ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਆਪਣੇ ਤਿੰਨ ਸਿੱਖਾਂ ਸਮੇਤ ਸ਼ਹਾਦਤ ਪ੍ਰਾਪਤ ਕਰਨ ਦੀ ਮਿਸਾਲ ਸਾਰੀ ਦੁਨੀਆਂ ’ਚ ਅੱਜ ਤੱਕ ਕਿਧਰੇ ਨਹੀਂ ਮਿਲਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ; ਸਿੱਖ ਯੋਧਿਆਂ ਨੇ ਹਿੰਦੂਆਂ ਦੀਆਂ ਬਹੂ ਬੇਟੀਆਂ ਅਤੇ ਧਨ ਦੌਲਤ ਲੁੱਟ ਕੇ ਗਜਨੀ ਦੇ ਬਜਾਰਾਂ ਨੂੰ ਲਿਜਾਂਦੇ ਹੋਏ ਧਾੜਵੀਆਂ ਦਾ ਰਾਹ ਰੋਕ ਕੇ ਉਨ੍ਹਾਂ ਨੂੰ ਛੁਡਵਾ ਕੇ ਬਾਇੱਜ਼ਤ ਘਰੋ ਘਰੀ ਪਹੁੰਚਾਉਣ ਸਮੇਂ ਸੈਂਕੜੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਮੁਗਲ ਪਠਾਣਾਂ ਦੀ 700 ਸਾਲਾਂ ਤੋਂ ਗੁਲਾਮੀ ਤੋਂ ਛੁਟਕਾਰਾ ਪਾ ਕੇ 1710 ਈਸਵੀ ’ਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖ਼ਾਲਸਾ ਰਾਜ ਸਥਾਪਿਤ ਕੀਤਾ, ਜਿਸ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਅਤੇ ਵਾਹੀਕਾਰਾਂ ਨੂੰ ਜਮੀਨਾਂ ਦੇ ਮਾਲਕ ਬਣਾਇਆ।  12 ਅਪ੍ਰੈਲ 1801 (ਵੈਸਾਖੀ ਵਾਲੇ ਦਿਨ) ਮਹਾਰਾਜਾ ਰਣਜੀਤ ਸਿੰਘ ਨੇ ਤਖ਼ਤ ਨਸ਼ੀਨ ਹੋ ਕੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਸਲਤਨਤ (ਜਿਸ ਨੂੰ ਸਿੱਖ ਰਾਜ ਤੇ ਸਰਕਾਰ ਖ਼ਾਲਸਾ ਜਾਂ ਸਿਰਫ਼ ਪੰਜਾਬ ਵੀ ਆਖਿਆ ਜਾਂਦਾ ਸੀ) ਚੀਨ ਦੀਆਂ ਸਰਹੱਦਾਂ ਤੋਂ ਲੈ ਕੇ ਅਫ਼ਗਾਨਿਸਤਾਨ ਅਤੇ ਸਿੰਧ ਤੱਕ ਸੀ। ਭਾਰਤ ਦੀ ਕੁਲ ਅਬਾਦੀ ਦਾ 2% ਤੋਂ ਵੀ ਘੱਟ ਹੋਣ ਦੇ ਬਾਵਜੂਦ ਅਜ਼ਾਦੀ ’ਚ ਸਿੱਖਾਂ ਦਾ ਯੋਗਦਾਨ 90% ਹੈ, ਪਰ ਅਜ਼ਾਦੀ ਤੋਂ ਬਾਅਦ ਦੇਸ਼ ਦੀ ਹੋਈ ਵੰਡ ਕਾਰਨ ਸਭ ਤੋਂ ਵੱਧ ਨੁਕਸਾਨ ਵੀ ਸਿੱਖਾਂ ਦਾ ਹੀ ਹੋਇਆ। ਅੱਧੋਂ ਵੱਧ ਪੰਜਾਬ ਛੱਡ ਕੇ ਆਉਣਾ ਪਿਆ। ਜਾਨ ਨਾਲੋਂ ਪਿਆਰੇ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਿਆਂ ਤੋਂ ਵਾਂਝੇ ਹੋਏ ਅਤੇ ਲੱਖਾਂ ਲੋਕ ਮਾਰੇ ਗਏ। ਉਸ ਉਪਰੰਤ ਪੰਜਾਬ ਦੀ ਫਿਰ ਹੋਈ ਵੰਡ ਦੌਰਾਨ ਪੰਜਾਬ ਦੇ ਤਿੰਨ ਹਿੱਸੇ ਕਰਕੇ ਇਸ ਨੂੰ ਪੰਜਾਬ ਹਰਿਆਣਾ ਹਿਮਾਚਲ ’ਚ ਵੰਡ ਦਿੱਤਾ। ਪੰਜਾਂ ਦਰਿਆਵਾਂ ’ਚੋਂ ਪੰਜਾਬ ਦੇ ਹਿੱਸੇ ਕੇਵਲ ਦੋ ਦਰਿਆ ਸਤਲੁਜ ਬਿਆਸ ਹੀ ਰਹਿ ਗਏ। ਇਨ੍ਹਾਂ ਦੇ ਪਾਣੀਆਂ ਦਾ ਕੰਟਰੋਲ ਵੀ ਭਾਰਤ ਸਰਕਾਰ ਨੇ ਆਪਣੇ ਹੱਥ ਰੱਖ ਕੇ ਪੰਜਾਬ ਨੂੰ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਕਰ ਦਿੱਤਾ। ਪੰਜਾਬ ਦੇ ਪਿੰਡ ਉਜਾੜ ਕੇ ਬਣਾਈ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਖੇਤਰ ਪੰਜਾਬ ਤੋਂ ਬਾਹਰ ਰੱਖ ਕੇ ਇਸ ਨੂੰ ਲੰਗੜਾ ਪੰਜਾਬ ਬਣਾ ਦਿੱਤਾ। ਇਸ ਰਹਿੰਦੇ ਖੂੰਹਦੇ ਪੰਜਾਬ ਨਾਲ ਵੀ ਕੇਂਦਰ ਸਰਕਾਰ ਵੱਲੋਂ ਭਾਰੀ ਵਿਤਕਰੇ ਕਰਦੇ ਹੋਏ ਗੁਆਂਢੀ ਸੂਬਿਆਂ ਦੀਆਂ ਸਨਅਤਾਂ ਨੂੰ ਭਾਰੀ ਰਿਆਇਤਾਂ ਦੇ ਕੇ ਪੰਜਾਬ ਦੀਆਂ ਸਨਅਤਾਂ ਨੂੰ ਨੁਕਸਾਨ ਪਹੁੰਚਾਇਆ।

ਇਹ ਵਿਤਕਰੇ ਦੂਰ ਕਰਨ ਲਈ ਹੀ ਪੰਜਾਬ ਨੂੰ ਖੇਤਰੀ ਪਾਰਟੀ ਚਾਹੀਦੀ ਹੈ, ਜੋ ਫੈੱਡਰਲ ਢਾਂਚੇ ਅਨੁਸਾਰ ਪੰਜਾਬ ਅਤੇ ਪੰਥਕ ਮੰਗਾਂ ਦੀ ਪੂਰਤੀ ਲਈ ਕੰਮ ਕਰੇ। ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਪਾਰਟੀ ਸੀ, ਜਿਹੜੀ ਇਹ ਲੋੜਾਂ ਪੂਰੀਆਂ ਕਰ ਸਕਦੀ ਹੈ। ਸ਼ੁਰੂ ਸ਼ੁਰੂ ’ਚ ਸ਼੍ਰੋਮਣੀ ਅਕਾਲੀ ਦਲ ਖੇਤਰੀ ਮੰਗਾਂ ਲਈ ਲੜਦੀ ਰਹੀ, ਪਰ ਜਦੋਂ ਤੋਂ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ’ਚ ਆਇਆ ਉਸ ਨੇ ਆਪਣੇ ਪਰਵਾਰਕ ਹਿੱਤਾਂ ਦੀ ਪੂਰਤੀ ਲਈ ਇਸ ਪੰਥਕ ਪਾਰਟੀ ਨੂੰ ਪਰਵਾਰਕ ਪਾਰਟੀ ਬਣਾ ਕੇ ਸਿਧਾਂਤਕ ਤੌਰ ’ਤੇ ਪੰਥ ਵਿਰੋਧੀ ਭਾਜਪਾ ਦੀ ਝੋਲ਼ੀ ਪਾ ਦਿੱਤਾ, ਜੋ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਰਾਹ ਪੈ ਕੇ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਬਣੀ ਹੋਈ ਹੈ। ਕਾਂਗਰਸ ਅਤੇ ਅਕਾਲੀ ਦਲ (ਬਾਦਲ) ਦੀਆਂ ਨੀਤੀਆਂ ਅਤੇ ਕੰਮ ਕਰਨ ਦੇ ਢੰਗ ਤੋਂ ਨਰਾਜ਼ ਹੋ ਕੇ ਪੰਜਾਬੀ ਤੀਸਰੇ ਬਦਲ ਦੀ ਭਾਲ਼ ’ਚ ਸਨ, ਪਰ ਤੀਸਰੇ ਬਦਲ ਦੀ ਅਣਹੋਂਦ ਕਾਰਨ ਬੇ-ਵਸੀ ’ਚ ਵਾਰੋ ਵਾਰੀ ਕਾਂਗਰਸ ਜਾਂ ਅਕਾਲੀ-ਭਾਜਪਾ ਗਠਜੋੜ ਦੀਆਂ ਸਰਕਾਰਾਂ ਬਣਾਉਂਦੇ ਰਹੇ। ਸੰਨ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਹਿਲੀ ਵਾਰ ‘ਆਪ’ ਪੰਜਾਬ ਦੇ ਚੋਣ ਮੈਦਾਨ ’ਚ ਆਈ; ਜਿਸ ਦੌਰਾਨ ਇਸ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ।  13 ਵਿੱਚੋਂ 4 ਸੀਟਾਂ ਵੱਡੇ ਫ਼ਰਕ ਨਾਲ ਜਿੱਤੀਆਂ ਜਦੋਂ ਕਿ ਲੁਧਿਆਣਾ ਤੋਂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਬਹੁਤ ਥੋੜ੍ਹੇ ਫਰਕ ਨਾਲ ਚੋਣ ਹਾਰ ਗਏ। ਸੰਗਰੂਰ ਤੋਂ ਭਗਵੰਤ ਸਿੰਘ ਮਾਨ ਆਪ ਦੀ ਟਿਕਟ ’ਤੇ 5,33,237 ਵੋਟਾਂ ਪ੍ਰਾਪਤ ਕਰਕੇ 2,11,721 ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤੇ ਜਦੋਂ ਕਿ ਦਿੱਲੀ ਜਿੱਥੇ ਆਪ ਦੀ ਸਰਕਾਰ ਸੀ; ’ਚੋਂ ਇੱਕ ਵੀ ਸੀਟ ਹਾਸਲ ਨਾ ਕਰ ਸਕੇ। ਬਾਕੀ ਦੇਸ਼ ’ਚ ਕੁਲ ਲੜੀਆਂ 432 ਸੀਟਾਂ ’ਤੋਂ ਅਰਵਿੰਦ ਕੇਜ਼ਰੀਵਾਲ ਸਮੇਤ 414 ਆਪਣੀਆ ਜ਼ਮਾਨਤਾਂ ਵੀ ਨਾ ਬਚਾ ਸਕੇ। ਜਿੰਨਾ ਜੋਰ ਪਾਰਟੀ ਨੇ ਕੇਜ਼ਰੀਵਾਲ ਦੀ ਸੀਟ ’ਤੇ ਲਾਇਆ ਜੇ ਉਨਾਂ ਪੰਜਾਬ ’ਚ ਲਾਇਆ ਹੁੰਦਾ ਤਾਂ ਘੱਟ ਤੋਂ ਘੱਟ ਦੋ ਹੋਰ ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਸਕਦੇ ਸਨ ਕਿਉਂਕਿ ਅਕਾਲੀ ਦਲ ਬਾਦਲ ਨੇ 4, ਕਾਂਗਰਸ ਨੇ 3 ਅਤੇ ਭਾਜਪਾ ਨੇ 2 ਸੀਟਾਂ ਹੀ ਜਿੱਤੀਆਂ ਸਨ। ਪੰਜਾਬ ’ਚੋਂ ਮਿਲੇ ਵੱਡੇ ਹੁੰਗਾਰੇ ਨਾਲ ਸੰਭਾਵਨਾ ਸੀ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪ ਦੀ ਸਰਕਾਰ ਬਣੇਗੀ ਪਰ ਕੇਜਰੀਵਾਲ ਜਿਹੜੇ ਅਧਿਕਾਰਾਂ ਦੇ ਵਿਕੇਂਦਰੀਕਰਨ ਦੇ ਨਾਹਰੇ ਨਾਲ ਰਾਜਨੀਤੀ ’ਚ ਆਏ ਸਨ ਉਹ ਦਿੱਲੀ ਵਿਧਾਨ ਸਭਾ ’ਚ 70 ’ਚੋਂ 67 ਸੀਟਾਂ ਹਾਸਲ ਕਰਨ ਉਪਰੰਤ ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਕਰਕੇ ਆਪਣੇ ਹੱਥ ’ਚ ਲੈਣ ਦੇ ਰਾਹ ਪੈ ਗਏ। ਪਾਰਟੀ ਦੇ ਪ੍ਰਮੁੱਖ ਅਤੇ ਮੋਢੀ ਆਗੂ ਪਸ਼ਾਂਤ ਭੂਸ਼ਨ, ਜੋਗਿੰਦਰ ਯਾਦਵ, ਕੁਮਾਰ ਵਿਸ਼ਵਾਸ਼ ਪਾਰਟੀ ’ਚੋਂ ਕੱਢ ਦਿੱਤੇ। ਪੰਜਾਬ ’ਚ ਵੀ ਉਸੇ ਰਸਤੇ ਚੱਲਦਿਆਂ ਪੰਜਾਬ ਦੀ ਗੱਲ ਕਰਨ ਦੇ ਸਮਰੱਥ ਧਰਮਵੀਰ ਗਾਂਧੀ ਅਤੇ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਕੇਜ਼ਰੀਵਾਲ ਦੇ ਇਸ ਰਵੱਈਏ ਨੂੰ ਪੰਜਾਬੀਆਂ ਨੇ ਪਸੰਦ ਨਾ ਕੀਤਾ, ਜਿਸ ਕਾਰਨ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਥੇ ਪਾਰਟੀ 100 ਸੀਟਾਂ ਜਿੱਤਣ ਦੀ ਆਸ ਲਾਈ ਬੈਠੀ ਸੀ, ਕੇਵਲ 20 ਸੀਟਾਂ ਹੀ ਹਾਸਲ ਹੋਈਆਂ। 2019 ’ਚ ਪਾਰਟੀ ਨੇ ਪੂਰੇ ਭਾਰਤ ’ਚ 35 ਉਮੀਦਵਾਰ ਖੜ੍ਹੇ ਕੀਤੇ ਜਿਨ੍ਹਾਂ ’ਚੋਂ ਕੇਵਲ ਭਗਵੰਤ ਮਾਨ ਹੀ ਸੰਗਰੂਰ ਤੋਂ ਆਪਣੀ ਸੀਟ ਬਚਾ ਸਕਿਆ ਅਤੇ ਉਸ ਦੀ ਜਿੱਤ ਦਾ ਫ਼ਰਕ 2,11,721 ਤੋਂ ਘਟ ਕੇ 1,10,211 ਵੋਟਾਂ ਦਾ ਹੀ ਰਹਿ ਗਿਆ। 2017 ਵਿਧਾਨ ਸਭਾ ਅਤੇ 2019 ਲੋਕ ਸਭਾ ਚੋਣ ਨਤੀਜੇ ਦੱਸਦੇ ਹਨ ਕਿ ਭਾਵੇਂ ਪੰਜਾਬ ’ਚ ਆਪ ਦੇ ਆਧਾਰ ਨੂੰ 2014 ਦੇ ਮੁਕਾਬਲੇ ਬਹੁਤ ਵੱਡਾ ਖੋਰਾ ਲੱਗਾ ਹੈ ਪਰ ਫਿਰ ਵੀ ਜੇ ਆਪ ਲਈ ਆਸ ਦੀ ਕਿਰਨ ਵਿਖਾਈ ਦਿੰਦੀ ਸੀ ਤਾਂ ਉਹ ਕੇਵਲ ਪੰਜਾਬ ਹੀ ਹੈ ਜਿਸ ਨੂੰ ਪੌੜੀ ਬਣਾ ਕੇ ਕੇਜਰੀਵਾਲ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚ ਸਕਦਾ ਹੈ।

ਕਿਸਾਨ ਮੋਰਚੇ ਨੇ ਪੰਜਾਬ ਦੇ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨ ਦੀ ਚੇਤਨਾ ਅਤੇ ਹੱਕਾਂ ’ਤੇ ਡਾਕਾ ਮਾਰਨ ਵਾਲੇ ਲੁਟੇਰਿਆਂ ਦੀ ਪਛਾਣ ਕਰਵਾ ਦਿੱਤੀ। ਤੀਸਰਾ ਹੋਰ ਕੋਈ ਬਦਲ ਨਾ ਹੋਣ ਕਾਰਨ; ਹੁਣ ਤੱਕ ਰਲ ਮਿਲ ਕੇ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਟੀਆਂ ਬਾਦਲ ਦਲ ਅਤੇ ਕਾਂਗਰਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸਬਕ ਸਿਖਾਉਣ ਲਈ ਪੰਜਾਬੀਆਂ ਨੇ ਇੱਕ ਮੌਕਾ ਆਪ ਨੂੰ ਦੇਣ ਦਾ ਮਨ ਬਣਾ ਲਿਆ; ਸਿੱਟੇ ਵਜੋਂ ਆਪ ਨੇ 117 ’ਚੋਂ 92 ਸੀਟਾਂ ਭਾਰੀ ਬਹੁਮਤ ਨਾਲ ਜਿੱਤੀਆਂ। ਕੇਜ਼ਰੀਵਾਲ ਲਈ ਇਹ ਮੌਕਾ ਸੀ ਕਿ ਪੰਜਾਬ ’ਚ ਲੋਕਾਂ ਦੀਆਂ ਭਾਵਨਾਵਾਂ, ਮਾਨਸਿਕਤਾ ਅਤੇ ਲੋੜਾਂ ਨੂੰ ਸਮਝਦੇ ਹੋਏ ਉਨ੍ਹਾਂ ਦੀਆਂ ਆਸਾਂ ’ਤੇ ਪੂਰਾ ਉੱਤਰ ਕੇ ਦਿੱਲ ਜਿੱਤਦੇ, ਪਰ ਉਹ ਆਪਣੇ ਪਹਿਲੇ ਹੀ ਟੈਸਟ ਵਿੱਚ ਫੇਲ ਹੋ ਗਏ ਜਦੋਂ ਰਾਜ ਸਭਾ ਲਈ ਪੰਜਾਬ ਦੇ ਕੋਟੇ ’ਚੋਂ ਖਾਲੀ ਹੋਈਆਂ 7 ਸੀਟਾਂ ’ਚੋਂ ਇੱਕ ਵੀ ਮੈਂਬਰ ਪੰਜਾਬ ਦੇ ਹੱਕ ’ਚ ਬੋਲਣ ਵਾਲਾ ਜਾਂ ਪੰਜਾਬ ਦੀਆਂ ਲੋੜਾਂ ਤੇ ਭਾਵਨਾਵਾਂ ਨੂੰ ਸਮਝਣ ਵਾਲਾ ਨਾ ਚੁਣਿਆ। ਪੰਜਾਬ ਦੇ ਲੋਕਾਂ ਨੇ ਆਪ ਦੇ 92 ਵਿਧਾਇਕ ਜਿਤਾਏ, ਜਿਨ੍ਹਾਂ ਦੀਆਂ ਵੋਟਾਂ ਨਾਲ ਆਪ 7 ਰਾਜ ਸਭਾ ਮੈਂਬਰ ਜਿਤਾਉਣ ’ਚ ਸਫਲ ਹੋਈ ਪਰ ਉਨ੍ਹਾਂ ਵਿੱਚੋਂ ਬਹੁਤੇ ਦਰਿਆਈ ਪਾਣੀਆਂ ਦੇ ਮੁੱਦੇ ’ਤੇ ਹਰਿਆਣੇ ਦਾ ਪੱਖ ਪੂਰਦੇ ਹੋਣ ਜਾਂ ਚੁੱਪ ਰਹਿਣ ਤਾਂ ਪੰਜਾਬੀਆਂ ਨੂੰ ਠੱਗੇ ਗਏ ਹੋਣ ਦਾ ਅਹਿਸਾਸ ਹੋਇਆ।

ਪੰਜਾਬ ਦੀ ਵਿਤੀ ਹਾਲਤ ਪਹਿਲਾਂ ਹੀ ਇੰਨੀ ਨਾਜ਼ੁਕ ਹੈ ਕਿ ਚੋਣ ਵਾਅਦੇ ਪੂਰੇ ਕਰਨ ਦੇ ਸਰਕਾਰ ਕਾਬਲ ਨਹੀਂ; ਪਰ ਜਿਨ੍ਹਾਂ ਦਿੱਤੇ ਜਾਣ ਵਾਲੇ ਲਾਭਾਂ ਦਾ ਹਾਲੀ ਨੋਟੀਫਿਕੇਸ਼ਨ ਵੀ ਨਹੀਂ ਹੋਇਆ ਉਨ੍ਹਾਂ ਲਈ ਕੇਵਲ ਕੀਤੇ ਗਏ ਐਲਾਨਾਂ ਨੂੰ ਹੀ ਪੰਜਾਬ ਦੇ ਖਜ਼ਾਨੇ ’ਚੋਂ ਕਰੋੜਾਂ ਰੁਪਏ ਖਰਚ ਕੇ ਪਹਿਲੀ ਗਰੰਟੀ ਪੂਰੀ, ਪੰਜਾਂ ਵਿੱਚੋਂ ਚਾਰ ਗਰੰਟੀਆਂ ਪੂਰੀਆਂ ਆਦਿ ਦੇ ਵੱਡੇ ਵੱਡੇ ਇਸ਼ਤਿਹਾਰ ਉਨ੍ਹਾਂ ਸੂਬਿਆਂ ’ਚ ਛਪਵਾਏ ਜਾ ਰਹੇ ਹਨ ਜਿਨ੍ਹਾਂ ’ਚ ਨੇੜਲੇ ਭਵਿੱਖ ’ਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਦੇ ਲੋਕ ਹੁਣ ਇੰਨੇ ਭੋਲ਼ੇ ਨਹੀਂ ਰਹੇ ਕਿ ਇਹ ਨਾ ਸਮਝਣ ਕਿ ਆਰਥਿਕ ਤੌਰ ’ਤੇ ਪਹਿਲਾਂ ਹੀ ਲੁੱਟੇ ਪੁੱਟੇ ਪੰਜਾਬ ਦੇ ਪੈਸੇ ਨਾਲ ਆਪ ਹਿਮਾਚਲ, ਗੁਜਰਾਤ ਅਤੇ ਹਰਿਆਣਾ ’ਚ ਚੋਣਾਂ ਜਿੱਤਣਾ ਚਾਹ ਰਹੀ ਹੈ। ਪੰਜਾਬ ਚੋਣਾਂ ਤੋਂ ਪਹਿਲਾਂ ਬੜੇ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਪੰਜਾਬ ’ਚ ਵੀ.ਵੀ.ਆਈ.ਪੀ. ਕਲਚਰ ਖਤਮ ਕੀਤਾ ਜਾਵੇਗਾ। ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਸਕਿਉਰਟੀ ਘਟਾ ਕੇ ਇਸ਼ਤਿਹਾਰ ਦੇ ਦਿੱਤੇ ਜਾ ਜਾਂਦੇ ਹਨ ਕਿ ਵੀ.ਵੀ.ਆਈ.ਪੀ. ਕਲਚਰ ਖਤਮ; ਦੂਸਰੇ ਪਾਸੇ ਮੁੱਖ ਮੰਤਰੀ ਦੀ ਸਕਿਉਰਟੀ ਪਹਿਲਾਂ ਨਾਲੋਂ ਵੀ ਵਧਾਈ ਗਈ, ਮੁੱਖ ਮੰਤਰੀ ਦੀ ਮਾਤਾ ਅਤੇ ਭੈਣ ਨੂੰ ਸਕਿਉਰਟੀ ਦਿੱਤੀ ਜਿਹੜੀ ਇਸ ਤੋਂ ਪਹਿਲਾਂ ਕਿਸੇ ਵੀ ਮੁੱਖ ਮੰਤਰੀ ਦੇ ਪਰਵਾਰਕ ਮੈਂਬਰ ਨੂੰ ਨਹੀਂ ਸੀ। ਕੇਜ਼ਰੀਵਾਲ ਦੀ ਸਕਿਉਰਟੀ ਲਈ ਪੰਜਾਬ ਦੇ 60 ਜਵਾਨ ਤੇ ਅਫ਼ਸਰ ਦਿੱਲੀ ਤਾਇਨਾਤ ਕੀਤੇ। ਰਾਘਵ ਚੱਢੇ ਨਾਲ 45 ਸਕਿਉਰਟੀ ਵਾਲੇ ਲਾਏ ਗਏ। ਅੱਜ ਤੱਕ ਕਿਸੇ ਵੀ ਰਾਜ ਸਭਾ ਮੈਂਬਰ ਨੂੰ ਇਸ ਤਰ੍ਹਾਂ ਦੀ ਭਾਰੀ ਸੁਰੱਖਿਆ ਨਹੀਂ ਸੀ ਦਿੱਤੀ ਗਈ। ਪੰਜਾਬ ਦੇ ਮਾਮਲਿਆਂ ’ਚ ਦਿੱਲੀ ਦੀ ਲੋੜੋਂ ਵੱਧ ਦਖ਼ਲ ਅੰਦਾਜ਼ੀ ਸਮੇਤ ਇਨ੍ਹਾਂ ਫੈਸਲਿਆਂ ਤੋਂ ਲੋਕ ਨਰਾਜ਼ ਹੋ ਕੇ ਸਮਝਣ ਲੱਗੇ ਕਿ ਇਨ੍ਹਾਂ ਦੇ ਦੰਦ ਹਾਥੀ ਵਾਙ ਵਿਖਾਉਣ ਲਈ ਹੋਰ ਤੇ ਖਾਣ ਲਈ ਹੋਰ ਹਨ। ਲੋਕਾਂ ਦੇ ਟੈਕਸ ਦੇ ਪੈਸੇ ਨਾਲ ਆਪਣੀ ਰਾਜਨੀਤੀ ਕਰਨ ’ਚ ਇਹ ਪਹਿਲੀਆਂ ਪਾਰਟੀਆਂ ਨਾਲੋਂ ਵੀ ਦੋ ਕਦਮ ਅੱਗੇ ਜਾਂਦੇ ਦਿੱਸੇ ਤਾਂ ਲੋਕਾਂ ਨੇ ਇਨ੍ਹਾਂ ਨੂੰ ਸਬਕ ਸਿਖਾਉਣ ਦੀ ਠਾਣ ਲਈ।

ਭਗਵੰਤ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਲਗਾਤਾਰ ਦੋ ਵਾਰ ਵੱਡੇ ਫ਼ਰਕ ਨਾਲ ਜਿੱਤੀ; ਕੇਵਲ ਤਿੰਨ ਮਹੀਨੇ ਪਹਿਲਾਂ ਮਾਰਚ ਮਹੀਨੇ ’ਚ ਮੁਕੰਮਲ ਹੋਈਆਂ ਵਿਧਾਨ ਸਭਾ ਚੋਣਾਂ ’ਚ ਆਪ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ’ਚੋਂ ਹੂੰਝਾ ਫੇਰ ਜਿੱਤ ਹਾਸਲ ਕੀਤੀ। ਇਸ ਹਲਕੇ ਵਿੱਚੋਂ ਹੀ ਭਗਵੰਤ ਮਾਨ ਮੁੱਖ ਮੰਤਰੀ, ਹਰਪਾਲ ਸਿੰਘ ਚੀਮਾ ਵਿਤ ਮੰਤਰੀ ਅਤੇ ਮੀਤ ਹੇਅਰ ਸਿੱਖਿਆ ਮੰਤਰੀ ਬਣੇ। ਆਪ ਦਾਅਵਾ ਕਰਦੀ ਸੀ ਕਿ ਸੰਗਰੂਰ ਆਪ ਦੀ ਰਾਜਧਾਨੀ ਹੈ ਜਿੱਥੋਂ ਕਦੇ ਵੀ ਉਹ ਚੋਣ ਨਹੀਂ ਹਾਰਨਗੇ। ਇਸ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਆਪ ਨੂੰ ਸੀਸ਼ਾ ਵਿਖਾ ਦਿੱਤਾ ਕਿ ਪੰਜਾਬ ਦੇ ਲੋਕ ਪੰਜਾਬ ਹਿੱਤਾਂ ਸੰਬੰਧੀ ਕਿੰਨੇ ਚੇਤਨ ਹੋ ਚੁੱਕੇ ਹਨ। ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਕਮਲਜੀਤ ਕੌਰ ਰਾਜੋਆਣਾ ਦਾ ਪੰਜਵਾਂ ਸਥਾਨ ਅਤੇ ਜ਼ਮਾਨਤ ਜ਼ਬਤ ਹੋਣਾ ਸੰਕੇਤ ਦਿੰਦਾ ਹੈ ਕਿ ਉਹ ਆਪਣਾ ਖੇਤਰੀ ਅਤੇ ਪੰਥਕ ਪਾਰਟੀ ਹੋਣ ਦਾ ਦਾਅਵਾ ਗੁਆ ਚੁੱਕੇ ਹਨ। ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੇ ਵਿਖਾ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਦੀ ਪਹਿਲੀ ਤਰਜੀਹ ਖੇਤਰੀ ਪਾਰਟੀ ਹੈ ਜਿਹੜੀ ਕਿ ਮੌਜੂਦਾ ਸਮੇਂ ਕੇਵਲ ਤੇ ਕੇਵਲ ਸਿਮਰਨਜੀਤ ਸਿੰਘ ਮਾਨ ਵਿੱਚੋਂ ਹੀ ਵਿਖਾਈ ਦਿੱਤੀ। ਭਵਿੱਖ ਵਿੱਚ ਰਾਜ ਸਭਾ ’ਚ ਆਪ ਤੇ ਬਾਦਲ ਦਲ ਦੇ ਮੈਂਬਰਾਂ ਅਤੇ ਲੋਕ ਸਭਾ ’ਚ ਸੁਖਬੀਰ ਬਾਦਲ ਹਰਮਿਰਤ ਕੌਰ ਬਾਦਲ ਅਤੇ ਸਿਮਰਨਜੀਤ ਸਿੰਘ ਮਾਨ ਦੀ ਕਾਰਗੁਜਾਰੀ ਤੈਅ ਕਰੇਗੀ ਕਿ ਭਵਿੱਖ ਕਿਸ ਪਾਰਟੀ ਦਾ ਹੋਵੇਗਾ ਜਿਸ ਦਾ ਪਹਿਲਾ ਟੈਸਟ 2024 ’ਚ ਹੀ ਹੋਣ ਜਾ ਰਿਹਾ ਹੈ। ਬਾਦਲ ਦਲ ਨੇ ਸਿੱਖਾਂ ਅਤੇ ਪੰਜਾਬੀਆਂ ’ਚ ਬਣਿਆ ਆਪਣਾ ਆਧਾਰ, ਭਾਜਪਾ ਦੀ ਝੋਲ਼ੀ ’ਚ ਡੇਗ ਕੇ ਪੰਥਕ ਤੇ ਪੰਜਾਬ ਦੀਆਂ ਖੇਤਰੀ ਮੰਗਾਂ ਨੂੰ ਵਿਸਾਰਨ ਸਦਕਾ ਗੁਆ ਲਿਆ। ਭਾਵੇਂ ਕਿਸਾਨ ਅੰਦੋਲਨ ਦੇ ਦਬਾਅ ਹੇਠ ਬਾਦਲ ਦਲ ਨੇ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਕਿਸਾਨੀ ਮੰਗਾਂ ਦੀ ਆਵਾਜ਼ ਉਠਾ ਕੇ ਆਪਣੇ ਆਪ ਨੂੰ ਵੱਖ ਵਿਖਾਉਣ ਦਾ ਯਤਨ ਕੀਤਾ ਪਰ ਲੋਕਾਂ ਨੇ ਭਰੋਸਾ ਨਾ ਕੀਤਾ ਅਤੇ ਸਮਝਦੇ ਸਨ ਕਿ ਬਾਦਲ ਅੰਦਰੋ ਅੰਦਰੀ ਭਾਜਪਾ ਨਾਲ ਮਿਲੇ ਹੋਏ ਸਨ/ਹਨ। ਭਾਜਪਾ ਪ੍ਰਧਾਨ ਜੇ.ਪੀ. ਨੱਢਾ ਦੇ ਇੱਕ ਟੈਲੀਫੋਨ ਦੇ ਨਾਲ ਹੀ ਜਿਸ ਤਰ੍ਹਾਂ ਬਹੁਤ ਕਾਹਲ਼ੀ ’ਚ ਰਾਸ਼ਟਰਪਤੀ ਲਈ ਭਾਜਪਾ ਉਮੀਦਵਾਰ ਸ੍ਰੀਮਤੀ ਮੁਰਮੂ ਦਰੋਪਦੀ ਨੂੰ ਹਿਮਾਇਤ ਦੇਣ ਦਾ ਐਲਾਨ ਅਕਾਲੀ ਦਲ ਨੇ ਕਰ ਦਿੱਤਾ ਇਸ ਨੇ ਲੋਕਾਂ ਦੀ ਮਨੌਤ ’ਤੇ ਮੋਹਰ ਲਾ ਦਿੱਤੀ ਕਿ ਭਾਜਪਾ ਅਤੇ ਬਾਦਲ ਦਲ ਕੇਵਲ ਅੰਦਰੋਂ ਨਹੀਂ ਸਗੋਂ ਬਾਹਰੋਂ ਵੀ ਇੱਕ ਹਨ। ਘੱਟ ਗਿਣਤੀ ’ਚੋਂ ਅਤੇ ਔਰਤ ਹੋਣ ਦੇ ਨਾਤੇ ਮੁਰਮੂ ਦਰੋਪਦੀ ਨੂੰ ਹਿਮਾਇਤ ਦੇਣ ਦਾ ਸੁਖਬੀਰ ਬਾਦਲ ਦਾ ਇਹ ਦਾਅਵਾ ਵੀ ਲੋਕਾਂ ਨੂੰ ਹਜ਼ਮ ਨਹੀਂ ਹੋ ਰਿਹਾ ਕਿਉਂਕਿ ਜੇ ਇਹੀ ਆਧਾਰ ਹੈ ਤਾਂ ਉਨ੍ਹਾਂ ਨੇ ਰਾਸ਼ਟਰਪਤੀ ਲਈ ਗਿਆਨੀ ਜ਼ੈਲ ਸਿੰਘ ਅਤੇ ਪ੍ਰਧਾਨ ਮੰਤਰੀ ਲਈ ਡਾ: ਮਨਮੋਹਨ ਸਿੰਘ ਦਾ ਘੱਟ ਗਿਣਤੀ ਨਾਲ ਸੰਬੰਧਿਤ ਪੰਜਾਬੀ ਸਿੱਖ ਹੋਣ ਦੇ ਨਾਤੇ ਸਮਰਥਨ ਕਿਉਂ ਨਹੀਂ ਸੀ ਕੀਤਾ? ਜੇ ਘੱਟ ਗਿਣਤੀਆਂ ਦੇ ਹੱਕਾਂ ਨੂੰ ਤਰਜ਼ੀਹ ਦੇਣ ਅਤੇ ਸੰਵਿਧਾਨ ਦੀ ਰਾਖੀ ਦੀ ਗੱਲ ਹੋਵੇ ਤਾਂ ਯਸਵੰਤ ਸਿਨ੍ਹਾਂ ਦੀ ਹਿਮਾਇਤ ਕਰਨੀ ਬਣਦੀ ਸੀ ਕਿਉਂਕਿ ਉਹ ਆਪਣੇ ਪ੍ਰਚਾਰ ਮੁਹਿੰਮ ’ਚ ਇਹ ਮੁੱਦੇ ਬੜੇ ਜੋਰ ਸ਼ੋਰ ਨਾਲ ਉੱਠਾ ਰਹੇ ਹਨ ਅਤੇ ਭਾਜਪਾ ਦਾ ਘੱਟ ਗਿਣਤੀ ਵਿਰੋਧੀ ਫਿਰਕੂ ਚਿਹਰਾ ਕਿਸੇ ਤੋਂ ਛੁਪਿਆ ਹੋਇਆ ਨਹੀਂ। ਸੁਖਬੀਰ ਦਾ ਇਹ ਬਹਾਨਾ ਕਿ ਉਹ ਕਾਂਗਰਸ ਦੇ ਉਮੀਦਵਾਰ ਦੀ ਹਿਮਾਇਤ ਨਹੀਂ ਕਰ ਸਕਦੇ, ਵੀ ਸੰਘੋਂ ਹੇਠਾਂ ਨਹੀਂ ਉੱਤਰਦਾ ਕਿਉਂਕਿ ਯਸਵੰਤ ਸਿਨ੍ਹਾਂ ਪਹਿਲਾਂ ਭਾਜਪਾ ’ਚ ਸੀ ਅਤੇ ਵਾਜਪਾਈ ਦਾ ਨਿਕਟਵਰਤੀ ਅਤੇ ਉਸ ਦੀ ਕੈਬਿਨਿਟ ’ਚ ਮੰਤਰੀ ਰਿਹਾ ਹੈ। ਮੋਦੀ ਦੀਆਂ ਗ਼ਲਤ ਨੀਤੀਆਂ ਕਾਰਨ ਉਹ ਭਾਜਪਾ ਛੱਡ ਪਿਛਲੇ ਸਾਲ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਾਮੂਲ ਕਾਂਗਰਸ ’ਚ ਸ਼ਾਮਲ ਹੋ ਗਿਆ ਸੀ। ਮਮਤਾ ਬੈਨਰਜੀ ਨੇ ਹੀ ਉਸ ਦਾ ਨਾਮ ਵਿਰੋਧੀ ਦਲਾਂ ਦੇ ਸਾਂਝੇ ਉਮੀਦਵਾਰ ਵਜੋਂ ਤਜ਼ਵੀਜ ਕੀਤਾ ਜਿਸ ਨੂੰ ਸਰਬ ਸੰਮਤੀ ਨਾਲ ਸਭ ਦਲਾਂ ਨੇ ਪ੍ਰਵਾਨਗੀ ਦੇ ਦਿੱਤੀ ਜਿਸ ਵਿੱਚ ਕਾਂਗਰਸ ਵੀ ਸ਼ਾਮਲ ਹੈ। ਇਸ ਲਈ ਉਸ ਨੂੰ ਕੇਵਲ ਕਾਂਗਰਸ ਦਾ ਉਮੀਦਵਾਰ ਕਹਿਣਾ ਗੁੰਮਰਾਹਕੁਨ ਹੈ। ਜਿਸ ਤਰ੍ਹਾਂ ਭਾਜਪਾ ਨੇ ਆਂਧਰਾ ਪ੍ਰਦੇਸ਼ ’ਚ ਚੰਦਰਬਾਬੂ ਨਾਇਡੂ ਦੀ ਤੈਲਗੂ ਦੇਸਮ ਪਾਰਟੀ, ਬਿਹਾਰ ’ਚ ਨਿਤੀਸ਼ ਕੁਮਾਰ ਦੀ ਜੇਡੀਯੂ ਅਤੇ ਮਹਾਂਰਾਸ਼ਟਰ ’ਚ ਸ਼ਿਵਸੈਨਾ ਦੇ ਆਧਾਰ ਨੂੰ ਵੱਡਾ ਖੋਰਾ ਲਾਇਆ, ਉਸੇ ਤਰ੍ਹਾਂ ਪੰਜਾਬ ’ਚ ਅਕਾਲੀ ਦਲ ਬਾਦਲ ਨੂੰ ਤਬਾਹੀ ਦੇ ਕੰਢੇ ਲੈ ਆਂਦਾ ਹੈ, ਜਿਸ ਦਾ ਘੱਟੋ ਘੱਟ ਸੁਖਬੀਰ ਦੀ ਅਗਵਾਈ ’ਚ ਮੁੜ ਸੁਰਜੀਤ ਹੋਣਾ ਸੰਭਵ ਨਹੀਂ। ਇਸ ਲਈ ਭਵਿੱਖ ’ਚ ਮੁਕਾਬਲਾ ਆਪ ਅਤੇ ਸ੍ਰੋਮਣੀ ਅਕਾਲੀ ਦਲ (ਅ) ’ਚ ਹੋਣ ਦੀ ਸੰਭਾਵਨਾ ਵਧੀ ਹੈ।

ਜਿਸ ਤਰ੍ਹਾਂ 2017 ’ਚ ਕੇਜ਼ਰੀਵਾਲ ਨੇ ਪੰਜਾਬ ’ਚ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਉਸੇ ਤਰ੍ਹਾਂ 2022 ਦੀ ਜਿੱਤ ਤੋਂ ਬਾਅਦ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਅਤੇ ਪੰਜਾਬ ਦੇ ਖਜ਼ਾਨੇ ’ਚੋਂ ਹਿਮਾਚਲ, ਗੁਜਰਾਤ ਅਤੇ ਹਰਿਆਣਾ ਦੇ ਮੀਡੀਏ ’ਚ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਦੂਜੀ ਵਾਰ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ। ਇਨ੍ਹਾਂ ਸੂਬਿਆਂ ’ਚ ਹੋਣ ਜਾ ਰਹੀਆਂ ਚੋਣਾਂ ’ਚ ਲਾਭ ਮਿਲਣ ਦੀ ਬਜਾਏ ਉਲਟਾ ਨੁਕਸਾਨ ਹੋ ਸਕਦਾ ਹੈ ਕਿ ਜਿਹੜੀ ਪਾਰਟੀ ਪੰਜਾਬ ’ਚ ਤਿੰਨ ਮਹੀਨਿਆਂ ਪਿੱਛੋਂ ਹੀ ਆਪਣਾ ਵਿਸ਼ਵਾਸ ਗੁਆ ਚੁੱਕੀ ਹੈ ਉਹ ਸਾਡੇ ਸੂਬੇ ’ਚ ਜਿੱਤ ਕੇ ਕੀ ਗੁਲ ਖਿਲਾਰੇਗੀ? ਬਾਕੀ ਲੋਕ ਹੁਣ ਇੰਨੇ ਕੁ ਸਿਆਣੇ ਹੋ ਗਏ ਜਾਪਦੇ ਹਨ ਕਿ ਮੁਫਤਖੋਰੀ ਦੇ ਲਾਭਾਂ ਤੋਂ ਉੱਪਰ ਉੱਠ ਕੇ ਸਮੇਂ ਸਮੇਂ ’ਤੇ ਆਪਣੇ ਕੌਮੀ ਅਤੇ ਖੇਤਰੀ ਮੁੱਦਿਆਂ ’ਤੇ ਵੀਚਾਰ ਕਰ ਕੇ ਫੈਸਲੇ ਲੈਣਗੇ।

ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ

0

ਪੂਰਨ ਸਤਿਗੁਰੂ; ਗੁਰੂ ਨਾਨਕ ਸਾਹਿਬ ਜੀ

ਗਿਆਨੀ ਅਵਤਾਰ ਸਿੰਘ

ਅਕਸਰ ਦੋ ਸਵਾਲ ਕੀਤੇ ਜਾਂਦੇ ਹਨ। ਪਹਿਲਾ ਇਹ ਕਿ ਗੁਰਬਾਣੀ ਅੰਦਰ ਗੁਰੂ ਨੂੰ ਪੂਰਨ-ਗੁਰੂ ਮੰਨਿਆ ਹੈ। ਕੀ ਫਿਰ ਇਸ ਪੂਰੇ ਸ਼ਬਦ-ਗੁਰੂ (ਗਿਆਨ) ਤੋਂ ਬਾਹਰ ਹੋਰ ਕੋਈ ਗਿਆਨ ਨਹੀਂ ਬਚਦਾ ? ਦੂਜਾ ਇਹ ਸਵਾਲ ਕਿ ਗੁਰਬਾਣੀ ਅੰਦਰ ਭਗਤ ਸਾਹਿਬਾਨ ਦੀ ਰਚਨਾ ਨੂੰ ਭੀ ਗੁਰੂ ਸਾਹਿਬਾਨ ਦੀ ਰਚਨਾ ਦੇ ਬਰਾਬਰ ਦਰਜਾ ਮਿਲਿਆ ਹੋਇਆ ਹੈ। ਸਾਰੀ ਗੁਰਬਾਣੀ ਨੂੰ ਸ਼ਬਦ-ਗੁਰੂ ਹੋਣ ਦਾ ਸੁਭਾਗ ਪ੍ਰਾਪਤ ਹੈ ਤਾਂ ਫਿਰ ਭਗਤ ਸਾਹਿਬਾਨ ਨੂੰ ਵੀ ਸਤਿਗੁਰੂ ਜਾਂ ਪੂਰਾ ਗੁਰੂ; ਕਿਉਂ ਨਹੀਂ ਕਹਿ ਸਕਦੇ ? ਇਨ੍ਹਾਂ ਦੋਵੇਂ ਸਵਾਲਾਂ ਅੰਦਰ ਰੂਹਾਨੀਅਤ ਦਾ ਸੂਖਮ ਰਾਜ਼ ਛੁਪਿਆ ਹੈ। ਹਥਲੇ ਲੇਖ ਰਾਹੀਂ ਇਸ ਦੀ ਵਿਚਾਰ ਕਰਨੀ ਹੈ।

ਗੁਰੂ ਅਰਜਨ ਸਾਹਿਬ ਜੀ ਨੇ ਪੂਰਨ ਮਨੁੱਖ ਅੰਦਰ ਇਹ ਛੇ ਗੁਣ ਦੱਸੇ ਹਨ (1). ਪੂਰਾ ਧਿਆਨ ਇਕਾਗਰ ਕਰਕੇ ਕਣ-ਕਣ ’ਚ ਵਿਆਪਕ ਰਾਮ ਦਾ ਨਾਮ ਵਾਰ-ਵਾਰ ਜਪਣਾ ‘‘ਮੰਤ੍ਰੰ ਰਾਮ ਰਾਮ ਨਾਮੰ; ਾਨੰ ਸਰਬਤ੍ਰ ਪੂਰਨਹ ’’, (2). ਨਿਰਵੈਰ ਅਤੇ ਨਿਰਮਲ ਭਾਵਨਾ ਨਾਲ਼ ਸੁੱਖ ਦੁੱਖ ਨੂੰ ਇੱਕ ਸਮਾਨ ਜਾਣਨਾ ‘‘ਾਨੰ ਸਮ ਦੁਖ ਸੁਖੰ; ਜੁਗਤਿ ਨਿਰਮਲ ਨਿਰਵੈਰਣਹ ’’, (3). ਪੰਜ ਵਿਕਾਰਾਂ ਨੂੰ ਕਾਬੂ ਰੱਖ ਕੇ ਸਾਰਿਆਂ ਨਾਲ਼ ਪਿਆਰ ਕਰਨਾ ‘‘ਦਯਾਲੰ ਸਰਬਤ੍ਰ ਜੀਆ; ਪੰਚ ਦੋਖ ਬਿਵਰਜਿਤਹ ’’, (4). ਜਿਵੇਂ ਕਮਲ/ਕੰਵਲ ਫੁੱਲ ਪਾਣੀ ਤੋਂ ਅਭਿੱਜ ਰਹਿੰਦਾ ਹੈ; ਇਉਂ ਮਾਇਆ ਤੋਂ ਉਪਰਾਮ/ਵਿਰਕਤ ਰਹਿ ਕੇ ਰੱਬ ਦੀ ਮਹਿਮਾ ਗਾਉਣ ਨੂੰ ਭੋਜਨ ਬਣਾਉਣਾ ‘‘ਭੋਜਨੰ ਗੋਪਾਲ ਕੀਰਤਨੰ; ਅਲਪ ਮਾਯਾ ਜਲ ਕਮਲ ਰਹਤਹ ’’, (5). ਪ੍ਰੇਮ ਭਾਵਨਾ ਨਾਲ਼ ਰੱਬ ਦੀ ਭਗਤੀ ਕਰਦਿਆਂ ਦੁਸ਼ਮਣ ਅਤੇ ਦੋਸਤ ਨਾਲ਼ ਇੱਕ ਸਮਾਨ ਵਿਵਹਾਰ ਕਰਨਾ ‘‘ਉਪਦੇਸੰ ਸਮ ਮਿਤ੍ਰ ਸਤ੍ਰਹ; ਭਗਵੰਤ ਭਗਤਿ ਭਾਵਨੀ ’’ ਅਤੇ (6). ਵੈਰੀ ਦੇ ਔਗੁਣਾਂ ਨੂੰ ਵਧਾ ਕੇ ਕੀਤੀ ਕੋਈ ਗੱਲ; ਕੰਨਾਂ ਨਾਲ਼ ਨਾ ਸੁਣਨਾ ਅਤੇ ਅਹੰਕਾਰ ਤਿਆਗ ਕੇ ਸਭ ਨਾਲ਼ ਨਿਮਰਤਾ ਰੱਖਣੀ ‘‘ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ; ਆਪੁ ਤਿਾਗਿ, ਸਗਲ ਰੇਣੁਕਹ ’’ ਸੋ ਇਨ੍ਹਾਂ ਛੇ ਲੱਛਣਾਂ ਵਾਲ਼ਾ ਮਨੁੱਖ; ਪੂਰਨ ਮਨੁੱਖ ਅਖਵਾ ਸਕਦਾ ਹੈ। ਉਸ ਨੂੰ ‘ਸਾਧ ਸੱਜਣ’ ਯਾਨੀ ਮਨ ਨੂੰ ਜਿੱਤ ਚੁੱਕਿਆ ਮਨੁੱਖ; ਕਹਿਣਾ ਬਣਦਾ ਹੈ ‘‘ਖਟ ਲਖ ਪੂਰਨੰ ਪੁਰਖਹ; ਨਾਨਕ  ! ਨਾਮ ਸਾਧ ਸ੍ਵਜਨਹ ੪੦’’ (ਸਹਸਕ੍ਰਿਤੀ/ਮਹਲਾ /੧੩੫੭)

ਕੀ ਉਕਤ ਬਿਆਨ ਕੀਤੇ ਛੇ ਗੁਣਾਂ ਵਾਲ਼ੇ ਪੂਰਨ ਮਨੁੱਖ ਨੂੰ ‘ਪੂਰਨ ਸਤਿਗੁਰੂ’ ਕਹਿ ਸਕਦੇ ਹਾਂ ? ਜਵਾਬ ਹੈ: ਨਹੀਂ ਕਿਉਂਕਿ

(1). ਪੂਰਨ ਸਤਿਗੁਰੂ; ਪੈਦਾਇਸ਼ ਤੋਂ ਇਨ੍ਹਾਂ ਛੇ ਗੁਣਾਂ ਦਾ ਧਾਰਨੀ ਹੁੰਦਾ ਹੈ ਕਿਉਂਕਿ ਉਹ, ਰੱਬ ਦਾ ਰੂਪ ਹੈ; ਜਿਵੇਂ ਕਿ ਭੱਟ ਮਥੁਰਾ ਜੀ ਦੇ ਬਚਨ ਹਨ ਕਿ ਨਿਰਾਕਾਰ ਦੀ ਨਿਰਮਲ-ਜੋਤਿ ਦਾ ਨਾਂ ਹੀ ‘ਗੁਰੂ ਨਾਨਕ’ ਪਿਆ ਹੈ ‘‘ਜੋਤਿ ਰੂਪਿ (’) ਹਰਿ ਆਪਿ; ਗੁਰੂ ਨਾਨਕੁ ਕਹਾਯਉ ’’ (ਭਟ ਮਥੁਰਾ/੧੪੦੮)

(2). ਸਤਿਗੁਰੂ ਅੰਦਰ ਇਹ ਛੇ ਗੁਣ ਪੈਦਾਇਸ਼ ਤੋਂ ਹੁੰਦੇ ਹਨ। ਸਤਿਗੁਰੂ ਦੀ ਇਹ ਰੂਹਾਨੀਅਤ ਸ਼ਕਤੀ; ਸ਼ਰਧਾਵਾਨ ਅੰਦਰ ਇਉਂ ਤਬਦੀਲੀ ਲਿਆ ਦਿੰਦੀ ਹੈ ‘‘ਪਿੰਗੁਲ ਪਰਬਤ ਪਾਰਿ ਪਰੇ; ਖਲ ਚਤੁਰ ਬਕੀਤਾ ਅੰਧੁਲੇ ਤ੍ਰਿਭਵਣ ਸੂਝਿਆ; ਗੁਰ ਭੇਟਿ ਪੁਨੀਤਾ ਮਹਿਮਾ ਸਾਧੂ ਸੰਗ ਕੀ; ਸੁਨਹੁ ਮੇਰੇ ਮੀਤਾ  ! ਮੈਲੁ ਖੋਈ, ਕੋਟਿ ਅਘ ਹਰੇ; ਨਿਰਮਲ ਭਏ ਚੀਤਾ ਰਹਾਉ (ਮਹਲਾ /੮੧੦) ਅਰਥ : ਹੇ ਮੇਰੇ ਮਿੱਤਰ ! ਪੂਰੇ ਸਤਿਗੁਰੂ ਦੀ ਕੀਤੀ ਸੰਗਤ ਦਾ ਮਹੱਤਵ ਸੁਣ। ਸਤਿਗੁਰੂ ਨੂੰ ਮਿਲ ਕੇ ਪਵਿੱਤਰ ਹੋ ਜਾਈਦਾ ਹੈ (ਗੁਰ ਭੇਟਿ ਪੁਨੀਤਾ)। ਗੁਰੂ; ਜਨਮ-ਜਨਮ ਦੀ ਮੈਲ਼ ਉਤਾਰ ਦਿੰਦਾ ਹੈ (ਮੈਲੁ ਖੋਈ)। ਕ੍ਰੋੜਾਂ ਪਾਪ ਮਿਟ ਜਾਂਦੇ ਹਨ (ਕੋਟਿ ਅਘ ਹਰੇ)। ਮਨ; ਨਿਰਮਲ ਹੋ ਜਾਂਦਾ ਹੈ (ਨਿਰਮਲ ਭਏ ਚੀਤਾ)। ਲੂਲ੍ਹਾ (ਅਪਾਹਜ) ਮਨੁੱਖ ਯਾਨੀ ਕਿ ਚੱਲਣ ਤੋਂ ਅਸਮਰੱਥ ਬੰਦਾ ਵੀ ਮਾਨੋ ਹਿਮਾਲਿਆ ਪਰਬਤ ਪਾਰ ਕਰ ਲੈਂਦਾ ਹੈ (ਪਿੰਗੁਲ ਪਰਬਤ ਪਾਰਿ ਪਰੇ)। ਮੂਰਖ ਮਨੁੱਖ; ਸਿਆਣਾ ਅਤੇ ਚੰਗਾ ਵਕਤਾ ਬਣ ਜਾਂਦਾ ਹੈ (ਖਲ ਚਤੁਰ ਬਕੀਤਾ)। ਨੇਤਰਹੀਣ ਮਨੁੱਖ ਨੂੰ ਮਾਨੋ ਤ੍ਰਿਲੋਕ (ਸੁਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ) ਵਿਖਾਈ ਦੇਣ ਲੱਗ ਜਾਂਦਾ ਹੈ (ਅੰਧੁਲੇ ਤ੍ਰਿਭਵਣ ਸੂਝਿਆ)ਸੋ ‘ਪੂਰਨ ਸਤਿਗੁਰੂ’ ਤੋਂ ਭਾਵ ਹੈ ‘ਨਿਰਾਕਾਰ ਅਤੇ ਆਕਾਰ (ਯਾਨੀ ਕਿ ਕੁਦਰਤਿ) ਦੀ ਸਚਾਈ ਨੂੰ ਹੂ-ਬਹੂ ਪ੍ਰਗਟ ਕਰਨ ਵਾਲ਼ੀ ਮਹਾਨ ਸ਼ਖ਼ਸੀਅਤ।

ਪੂਰਨ ਮਨੁੱਖ ਦੁਆਰਾ ਉਕਤ ਛੇ ਗੁਣ ਗ੍ਰਹਿਣ ਕਰਨ ਤੋਂ ਭਾਵ ਹੈ ‘ਨਿਰਾਕਾਰ ਵਿੱਚ ਲੀਨ ਹੋਣਾ’। ਰੱਬ ’ਚ ਲੀਨ ਹੋਣਾ ਅਤੇ ਰੱਬ ਦਾ ਰੂਪ ਹੋਣਾ; ਦੋਵਾਂ ’ਚ ਫ਼ਰਕ ਹੁੰਦਾ ਹੈ; ਜਿਵੇਂ ਕਿ ਪਾਰਸ ਅਤੇ ਪਾਰਸ ਹੋਣਾ, ਚੰਦਨ ਅਤੇ ਚੰਦਨ ਬਣਨਾ ਆਦਿ। ਨਿਰਾਕਾਰ ਦਾ ਰੂਪ ਹੋਣ ਕਾਰਨ ਪੂਰਨ ਸਤਿਗੁਰੂ ਜੀ; ਪਾਰਸ ਅਤੇ ਚੰਦਨ ਹਨ ਤਾਹੀਓਂ ਜਨਮ ਮਰਨ ਦੇ ਗੇੜ ’ਚ ਨਹੀਂ ਆਉਂਦੇ ਸਗੋਂ ਜਨਮ ਮਰਨ ਦੇ ਚੱਕਰ ’ਚ ਭਟਕਦਿਆਂ ਨੂੰ ਆਪਣੇ ਵਾਙ ਨਿਰਾਕਾਰ ’ਚ ਅਭੇਦ ਕਰ ਲੈਂਦੇ ਹਨ ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ’’ (ਮਹਲਾ /੭੪੯) ਅਰਥ : ਪੂਰਨ ਸਤਿਗੁਰੂ; ਜਨਮ ਮਰਨ ਦੇ ਗੇੜ ’ਚ ਨਹੀਂ ਹੁੰਦੇ ਉਹ ਤਾਂ ਸੇਵਕਾਂ ਦੇ ਉਧਾਰ ਲਈ (ਸੰਸਾਰ ’ਚ) ਆਏ ਹੁੰਦੇ ਹਨ। ਗੁਰੂ ਉੱਤੇ ਭਰੋਸਾ ਰੱਖਣ ਵਾਲ਼ਿਆਂ ਨੂੰ ਰੂਹ/ਜਿੰਦ ਦੀ ਖ਼ੁਰਾਕ (ਯਾਨੀ ਕਿ ਉਹ ਅੰਮ੍ਰਿਤ-ਬੂਟੀ ਦਿੰਦੇ ਹਨ, ਜਿਸ ਨਾਲ਼ ਰੂਹ/ਆਤਮਾ; ਪ੍ਰਫੁਲਿਤ ਹੋਵੇ) ਦੇ ਕੇ ਹਰੀ ਦੀ ਭਗਤੀ ’ਚ ਜੋੜ ਲੈਂਦੇ ਹਨ, ਹਰੀ ਨਾਲ਼ ਮਿਲਾ ਲੈਂਦੇ ਹਨ।

‘ਪੂਰਨ ਸਤਿਗੁਰੂ’ ਆਪਣੇ ਅੰਦਰ ਵੱਸਦੇ ‘ੴ’ ਨੂੰ ਅਨੁਭਵ ਕਰਕੇ, ਉਸ ਦਾ ਆਪ ਦਰਸ਼ਨ ਕਰਕੇ ‘ਪੂਰਨ ਮਨੁੱਖ’ ਨੂੰ ਵੀ ਵੈਸਾ ਹੀ ਅਹਿਸਾਸ ਕਰਾ ਦਿੰਦਾ ਹੈ। ਇਸ ਸੂਖਮ ਰਾਜ਼ ਤੱਕ ਪਕੜ ਕਰਾਉਣ ਲਈ ਗੁਰਬਾਣੀ ਅੰਦਰ ਸੰਯੁਕਤ ਸ਼ਬਦ ‘ਦੇਖਿ+ਦਿਖਾਵੈ’ ਦਰਜ ਕੀਤੇ ਗਏ ਹਨ, ਜਿਨ੍ਹਾਂ ਦਾ ਅਰਥ ਹੈ ‘(ਹਿਰਦੇ/ਅਨੁਭਵ ’ਚੋਂ ਆਪ) ਵੇਖ ਕੇ ਹੋਰਾਂ ਨੂੰ ਵਿਖਾਉਣਾ’। ਇਹ ਸ਼ਬਦ; ਗੁਰਬਾਣੀ ਅੰਦਰ ਕੇਵਲ ਗੁਰੂ ਨਾਨਕ ਸਾਹਿਬ ਜੀ ਨੇ 4 ਵਾਰ ਦਰਜ ਕੀਤੇ ਹਨ। ਇਨ੍ਹਾਂ ਚਾਰੇ ਸ਼ਬਦਾਂ ਦੇ ਕੇਵਲ ਇੱਕ-ਇੱਕ ਬੰਦ ਨੂੰ ਗਹੁ ਨਾਲ਼ ਵਿਚਾਰਿਆਂ ਸਪਸ਼ਟ ਹੋ ਜਾਂਦਾ ਹੈ ਕਿ ਕਿਵੇਂ ਹਰ ਬੰਦ ਦੀ ਸਮਾਪਤੀ ’ਚ ਪੂਰਨ ਸਤਿਗੁਰੂ ਅੰਦਰ ਇਹ ਗੁਣ ਸਾਬਤ ਕਰਨ ਲਈ ਪਹਿਲਾਂ; ਅਦ੍ਰਿਸ਼/ ਨਿਰਾਕਾਰ-ਸ਼ਕਤੀ ਦਾ ਚਿਤਰਨ ਉਲੀਕਿਆ ਗਿਆ ਤਾਂ ਜੋ ਸਾਫ਼ ਹੋ ਸਕੇ ਕਿ ਉਹ ਦੈਬੀ-ਸ਼ਕਤੀ ਅਨੁਭਵ ਨਾਲ਼ ਸੰਬੰਧਿਤ ਹੈ, ਨਾ ਕਿ ਦਿਮਾਗ਼ੀ ਗਿਆਨ ਨਾਲ਼ :

ਪਹਿਲਾ ਸ਼ਬਦ : ਏਕਮ ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥ ਅਗਮ ਅਗੋਚਰੁ; ਰੂਪੁ ਨ ਰੇਖਿਆ ॥ ਖੋਜਤ ਖੋਜਤ; ਘਟਿ ਘਟਿ ਦੇਖਿਆ ॥ ਜੋ ਦੇਖਿ+ਦਿਖਾਵੈ; ਤਿਸ ਕਉ ਬਲਿ ਜਾਈ (ਜਾਈਂ) ॥ ਗੁਰ ਪਰਸਾਦਿ; ਪਰਮ ਪਦੁ ਪਾਈ (ਪਾਈਂ) ॥੧॥ (ਮਹਲਾ ੧/੮੩੯) ਅਰਥ : ਚੰਦ੍ਰਮਾ ਮਹੀਨੇ ਦੀ ਪਹਿਲੀ ਤਿਥ (ਏਕਮ) ਦੀ ਤਰ੍ਹਾਂ ਇੱਕ ਓਅੰਕਾਰ (ਏਕੰਕਾਰੁ) ਪ੍ਰਭੂ; ਅਦੁੱਤੀ (ਪ੍ਰਕਾਸ਼ ਰੂਪ) ਹੈ ਭਾਵ ਉਸ ਵਰਗਾ ਕੋਈ ਹੋਰ ਨਹੀਂ (ਏਕਮ ਏਕੰਕਾਰੁ ਨਿਰਾਲਾ)। ਅਟੱਲ ਹੈ, ਜੂਨਾਂ ’ਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤ ਨਹੀਂ ਭਾਵ ਸਾਰੀਆਂ ਹੀ ਜਾਤਾਂ-ਨਸਲਾਂ ’ਚ ਵੱਸਦਾ ਹੈ, ਫਿਰ ਵੀ ਉਸ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ (ਅਮਰੁ ਅਜੋਨੀ ਜਾਤਿ ਨ ਜਾਲਾ)। ਪੰਜ ਗਿਆਨ ਇੰਦ੍ਰਿਆਂ ਦੀ ਪਕੜ ਤੋਂ ਪਰੇ ਹੈ ਕਿਉਂਕਿ ਉਸ ਦਾ ਰੂਪ-ਰੰਗ ਜਾਂ ਰੇਖਾ-ਚਿੰਨ੍ਹ ਨਹੀਂ (ਅਗਮ ਅਗੋਚਰੁ; ਰੂਪੁ ਨ ਰੇਖਿਆ)। ਅੰਦਰਲੇ ਤੀਰਥ ’ਤੇ ਇਸ਼ਨਾਨ ਕੀਤਿਆਂ ਭਾਵ ਸਵੈ ਪੜਚੋਲ ਕੀਤਿਆਂ (ਅੰਤਹਿਕਰਣ ਨੂੰ ਪਾਰਦਰਸ਼ੀ ਕਰਕੇ) ਹਿਰਦੇ ’ਚੋਂ ਪ੍ਰਗਟ ਹੁੰਦਾ ਹੈ (ਖੋਜਤ ਖੋਜਤ; ਘਟਿ ਘਟਿ ਦੇਖਿਆ)। ਜਿਹੜਾ (ਪੂਰਨ ਸਤਿਗੁਰੂ) ਐਸੀ ਅਦ੍ਰਿਸ਼, ਅਪਹੁੰਚ ਸ਼ਕਤੀ ਨੂੰ ਆਪ ਵੇਖ ਕੇ, ਮਹਿਸੂਸ ਕਰਕੇ; ਹੋਰਾਂ ਨੂੰ ਭੀ ਦਰਸ਼ਨ ਕਰਾਉਂਦਾ ਹੈ, ਮੈ ਉਸ ਤੋਂ ਕੁਰਬਾਨ ਹਾਂ (ਜੋ ਦੇਖਿ ਦਿਖਾਵੈ; ਤਿਸ ਕਉ ਬਲਿ ਜਾਈ)। ਐਸੇ ‘ਪੂਰਨ ਸਤਿਗੁਰੂ’ ਦੀ ਮਿਹਰ ਨਾਲ਼ ਮੈਂ ਸਰਬੋਤਮ ਪਦ ਪਾ ਸਕਦਾ ਹਾਂ, ਪੂਰਨ ਮਨੁੱਖ ਬਣ ਸਕਦਾ ਹਾਂ (ਗੁਰ ਪਰਸਾਦਿ; ਪਰਮ ਪਦੁ ਪਾਈ)। ਸਰਬੋਤਮ ਪਦ ਜਾਂ ਪੂਰਨ ਮਨੁੱਖ ਤੋਂ ਭਾਵ ਹੈ ‘ਸਚਖੰਡ ਦਾ ਨਿਵਾਸੀ ਹੋਣਾ, ਬੇਗ਼ਮਪੁਰੇ ਦਾ ਸ਼ਹਿਰੀ ਬਣਨਾ’।

ਦੂਜਾ ਸ਼ਬਦ : ਘਰਿ (’ਚ) ਆਉ ਪਿਆਰੇ  ! ਦੁਤਰ ਤਾਰੇ; ਤੁਧੁ ਬਿਨੁ, ਅਢੁ ਨ ਮੋਲੋ ॥ ਕੀਮਤਿ ਕਉਣ ਕਰੇ, ਤੁਧੁ ਭਾਵਾਂ; ਦੇਖਿ+ਦਿਖਾਵੈ ਢੋਲੋ ॥ (ਬਾਰਹਮਾਹਾ/ਮਹਲਾ ੧/੧੧੦੮) ਅਰਥ : ਹੇ ਪਿਆਰੇ ਪ੍ਰਭੂ ! ਮੇਰੇ ਹਿਰਦੇ ’ਚ ਆਓ ਯਾਨੀ ਆਪਣੀ ਹੋਂਦ ਦਾ ਅਹਿਸਾਸ ਕਰਾਓ (ਘਰਿ ਆਉ ਪਿਆਰੇ  !)। ਇਹੀ ਅਹਿਸਾਸ ਬਿਖੜਾ ਸੰਸਾਰ-ਸਮੁੰਦਰ ਪਾਰ ਲੰਘਾਏਗਾ (ਦੁਤਰ ਤਾਰੇ)। ਤੇਰੇ ਦਰਸ਼ਨ ਬਿਨਾਂ ਜੀਵਨ ਦਾ ਅੱਧੀ ਕੌਡੀ ਮੁੱਲ ਨਹੀਂ (ਤੁਧੁ ਬਿਨੁ, ਅਢੁ ਨ ਮੋਲੋ)(ਜੋ ਭੀ ਤੇਰੇ) ਪਿਆਰੇ ਦਾ ਆਪ ਦਰਸ਼ਨ ਕਰਦਾ ਹੋਇਆ ਮੈਨੂੰ ਭੀ ਦਰਸ਼ਨ ਕਰਾ ਦੇਵੇ (ਦੇਖਿ ਦਿਖਾਵੈ ਢੋਲੋ/ ਤਾਂ ਜੋ) ਮੈ ਭੀ ਤੈਨੂੰ ਪਸੰਦ ਆ ਜਾਵਾਂ (ਤੁਧੁ ਭਾਵਾਂ/ ਤਦ ਮੇਰੇ) ਕੀਮਤੀ ਬਣ ਚੁੱਕੇ ਜੀਵਨ ਦਾ ਕੌਣ ਅੰਦਾਜ਼ਾ ਲਗਾ ਸਕਦਾ ਹੈ (ਕੀਮਤਿ ਕਉਣ ਕਰੇ) ? ਸੋ ਐਸਾ ਹੀ ਭਾਵ ‘ਜਪੁ’ ਬਾਣੀ ਦੇ ਇਸ ਵਾਕ ਵਿੱਚ ਹੈ ‘‘ਮੰਨੇ ਕੀ ਗਤਿ; ਕਹੀ ਜਾਇ ’’ (ਜਪੁ) ਭਾਵ ਗੁਰੂ ਸਿੱਖਿਆ ਮੰਨਣ ਵਾਲ਼ੇ ਦੇ ਬਣੇ ਕੀਮਤੀ ਜੀਵਨ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਸਕਦੀ ਭਾਵ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।

ਨੋਟ : ਧਿਆਨ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਸ਼ਬਦਾਂ ਵਾਲ਼ੇ ਬੋਲ; ਭਾਵੇਂ ਗੁਰੂ ਸਾਹਿਬ ਜੀ ਦੇ ਦਿਲੋਂ ਪ੍ਰਗਟ ਹੋਏ ਹਨ, ਪਰ ਹਰ ਸਿੱਖ ਨੇ ਆਪਣੇ ਦਿਲੋਂ ਉੱਠੇ ਇਹ ਬੋਲ, ਸਮਝ ਕੇ ਪਾਠ ਕਰਨਾ ਹੈ ਭਾਵ ਇਸ ਵਾਕ ‘‘ਕੀਮਤਿ ਕਉਣ ਕਰੇ, ਤੁਧੁ ਭਾਵਾਂ; ਦੇਖਿ ਦਿਖਾਵੈ ਢੋਲੋ’’ ਨੂੰ ਪੜ੍ਹਦਿਆਂ ਸਿੱਖ ਨੂੰ ਮਹਿਸੂਸ ਹੋਣਾ ਚਾਹੀਦਾ ਹੈ ਕਿ ‘ਹੇ ਪਿਆਰੇ ਪ੍ਰਭੂ ! (ਜਿਹੜਾ ਪੂਰਨ ਸਤਿਗੁਰੂ; ਤੇਰਾ) ਦਰਸ਼ਨ ਆਪ ਕਰਦਿਆਂ ਮੈਨੂੰ (ਯਾਨੀ ਕਿ ਸਿੱਖ ਨੂੰ ਭੀ ਤੇਰੀ ਮੌਜੂਦਗੀ ਦਾ) ਅਹਿਸਾਸ ਕਰਾ ਦੇਵੇ ਤਾਂ ਜੋ ਮੈਂ ਵੀ ਤੈਨੂੰ ਪਸੰਦ ਆ ਸਕਾਂ (ਮੈਂ ਉਸ ਸਤਿਗੁਰੂ ਤੋਂ ਕੁਰਬਾਨ ਹਾਂ)। ਫਿਰ ਮੇਰੇ ਐਸੇ ਪੂਰਨ ਸਿੱਖੀ ਕਿਰਦਾਰ ਦਾ ਕੌਣ ਅੰਦਾਜ਼ਾ ਲਗਾ ਸਕਦਾ ਹੈ ? ਸੋ ਇਸ ਭਾਵਨਾ ਨਾਲ਼ ਹੀ ਐਸੇ ‘‘ਦੇਖਿ+ਦਿਖਾਵੈ’’ ਗੁਣਾਂ ਭਰਪੂਰ ‘ਪੂਰਨ ਸਤਿਗੁਰੂ’ ਤੋਂ ਆਪਣੇ ਆਪ ਨੂੰ ਕੁਰਬਾਨ ਕਰਨ ਵਾਲ਼ਾ ਅਹਿਸਾਸ ਪੈਦਾ ਹੋਣਾ ਹੈ।

ਤੀਜਾ ਸ਼ਬਦ : ਸਭ ਊਤਮ; ਕਿਸੁ ਆਖਉ (ਆਖਉਂ) ਹੀਨਾ ਹਰਿ ਭਗਤੀ; ਸਚਿ+ਨਾਮਿ (’) ਪਤੀਨਾ ਰਹਾਉ ਅਉਖਧ ਕਰਿ ਥਾਕੀ ਬਹੁਤੇਰੇ ਕਿਉ ਦੁਖੁ ਚੂਕੈ; ਬਿਨੁ ਗੁਰ ਮੇਰੇ ਰੋਗੁ ਵਡੋ; ਕਿਉ ਬਾਂਧਉ ਧੀਰਾ  ? ਰੋਗੁ ਬੁਝੈ, ਸੋ ਕਾਟੈ ਪੀਰਾ ਗੁਰ ਕਾ ਸਬਦੁ; ਦਾਰੂ, ਹਰਿ ਨਾਉ ਜਿਉ ਤੂ ਰਾਖਹਿ; ਤਿਵੈ ਰਹਾਉ (ਰਹਾਉਂ) ਜਗੁ ਰੋਗੀ; ਕਹ ਦੇਖਿ ਦਿਖਾਉ (ਦਿਖਾਉਂ) ਹਰਿ ਨਿਰਮਾਇਲੁ; ਨਿਰਮਲੁ ਨਾਉ ਘਰ ਮਹਿ ਘਰੁ; ਜੋ ਦੇਖਿ+ਦਿਖਾਵੈ ਗੁਰ ਮਹਲੀ; ਸੋ ਮਹਲਿ (ਅੰਦਰ) ਬੁਲਾਵੈ (ਮਹਲਾ /੧੧੮੯) ਅਰਥ : (ਸੰਸਾਰ ’ਚ) ਹਰ ਕੋਈ ਚੰਗਾ ਹੈ (ਕਿਉਂਕਿ ਸਾਰਿਆਂ ’ਚ ਪ੍ਰਭੂ ਵੱਸਦਾ ਹੈ)। ਮੈ ਕਿਸੇ ਨੂੰ ਮਾੜਾ ਨਹੀਂ ਕਹਾਂਗਾ (ਸਭ ਊਤਮ; ਕਿਸੁ ਆਖਉ ਹੀਨਾ), ਪਰ ਇਹ ਭਰੋਸਾ ਹਰੀ ਦੀ ਭਗਤੀ ਨਾਲ਼, ਉਸ ਦੇ ਸਥਿਰ ਨਾਮ ’ਚ ਜੁੜ ਕੇ ਹੀ ਬਣਦਾ ਹੈ (ਹਰਿ ਭਗਤੀ; ਸਚਿ+ਨਾਮਿ ਪਤੀਨਾ)॥ ਰਹਾਉ॥ (ਪੂਰਨ ਮਨੁੱਖ ਬਣਨ ਲਈ) ਬੜੇ ਇਲਾਜ ਕਰ ਕੇ ਵੇਖ ਲਏ (ਜਿਵੇਂ ਕਿ ਬਚਨ ਹਨ ‘‘ਪਾਠੁ ਪੜਿਓ ਅਰੁ ਬੇਦੁ ਬੀਚਾਰਿਓ; ਨਿਵਲਿ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗੁ ਛੁਟਕਿਓ; ਅਧਿਕ ਅਹੰਬੁਧਿ (ਹੰਕਾਰ) ਬਾਧੇ ’’ (ਮਹਲਾ /੬੪੧) ਹੁਣ) ਪੂਰਨ ਸਤਿਗੁਰੂ ਤੋਂ ਬਿਨਾਂ ਕਿਵੇਂ ਇਹ ਦੁੱਖ ਦੂਰ ਹੋਵੇ ਭਾਵ ਨਹੀਂ ਹੋ ਸਕਦਾ (ਅਉਖਧ ਕਰਿ ਥਾਕੀ ਬਹੁਤੇਰੇ॥ ਕਿਉ ਦੁਖੁ ਚੂਕੈ; ਬਿਨੁ ਗੁਰ ਮੇਰੇ)..।੨। ਜਦ ਰੋਗ ਭਾਰੀ ਹੋਵੇ ਤਾਂ ਮਨ ਸ਼ਾਂਤ ਕਿਵੇਂ ਹੋ ਸਕਦਾ ਹੈ (ਰੋਗੁ ਵਡੋ; ਕਿਉ ਬਾਂਧਉ ਧੀਰਾ  ?)। ਜਿਹੜਾ (ਪੂਰਨ ਸਤਿਗੁਰੂ; ਇਸ) ਰੋਗ ਨੂੰ ਸਮਝਦਾ ਹੈ, ਉਹੀ ਮੇਰੀ ਪੀੜਾ ਦੂਰ ਕਰੇਗਾ (ਰੋਗੁ ਬੁਝੈ, ਸੋ ਕਾਟੈ ਪੀਰਾ)। ਗੁਰੂ ਦਾ ਉਪਦੇਸ਼ ਹੀ ਹਰੀ ਦਾ ਨਾਮ (ਨਾਮਣਾ/ਵਡਿਆਈ) ਹੈ ਤੇ ਦਵਾ ਹੈ (ਗੁਰ ਕਾ ਸਬਦੁ; ਦਾਰੂ, ਹਰਿ ਨਾਉ)। ਹੇ ਪ੍ਰਭੂ ! ਜਿਧਰ ਤੂੰ ਰੱਖਦਾ ਹੈਂ, ਓਧਰ ਹੀ ਮੇਰਾ ਚਿਤ ਡੋਲਦਾ ਹੈ (‘‘ਜਿਉ ਤੂ ਰਾਖਹਿ; ਤਿਵੈ ਰਹਾਉ॥’’ ਕਿਉਂਕਿ ਮੈ ਤੇਰੇ ਹੁਕਮ ’ਚ ਬੱਝਿਆ ਹਾਂ । ਮੇਰੇ ਵਾਙ ਸਾਰਾ ਸੰਸਾਰ ਰੋਗੀ ਹੈ; ਜਿਵੇਂ ਕਿ ਬਚਨ ਹਨ ‘‘ਜੋ ਜੋ ਦੀਸੈ; ਸੋ ਸੋ ਰੋਗੀ ॥’’) ਮੈ ਕਿਹੜੇ (ਰੋਗ ਰਹਿਤ; ਮੇਰਾ ਸਤਿਗੁਰੁ ਜੋਗੀ ॥’’ ਮਹਲਾ ੫/੧੧੪੦) ਨੂੰ ਲੱਭ ਕੇ ਆਪਣਾ ਰੋਗ ਦੱਸਾਂ (‘‘ਜਗੁ ਰੋਗੀ; ਕਹ ਦੇਖਿ ਦਿਖਾਉ ॥’’ ਸਤਿਗੁਰੂ ਦਾ ਉਪਦੇਸ਼, ਜੋ ਹਰੀ ਦਾ ਨਾਮ ਹੈ ਓਹੀ) ਇਸ ਰੋਗ ਤੋਂ ਮੁਕਤ ਹੈ (ਹਰਿ ਨਿਰਮਾਇਲੁ; ਨਿਰਮਲੁ ਨਾਉ)।੪। ਰੱਬੀ ਦਰਬਾਰ ’ਚ ਜਿਹੜਾ (ਪੂਰਨ) ਸਤਿਗੁਰੂ ਆਪ ਵੱਸਦਾ ਹੈ (ਗੁਰ ਮਹਲੀ), ਓਹੀ ਹਰੀ ਦਾ ਦਰਸ਼ਨ ਆਪ ਕਰਦਾ ਹੋਇਆ ਮੈਨੂੰ ਕਰਾ ਸਕਦਾ ਹੈ ਯਾਨੀ ਰੱਬੀ ਦਰਗਾਹ ’ਚ ਬੁਲਾ ਸਕਦਾ ਹੈ (ਘਰ ਮਹਿ ਘਰੁ; ਜੋ ਦੇਖਿ+ਦਿਖਾਵੈ; ਸੋ ਮਹਲਿ (’ਚ) ਬੁਲਾਵੈ..॥੫॥) ਧਿਆਨ ਰਹੇ ਕਿ ਗੁਰਮਤਿ; ‘ਹਰੀ ਦੀ ਦਰਗਾਹ, ਉਸ ਦਾ ਨਿਵਾਸ ਸਥਾਨ’ ਸਾਰੇ ਸਰੀਰਾਂ ਦੇ ਅੰਦਰ ਮੰਨਦੀ ਹੈ।

ਚੌਥਾ ਸ਼ਬਦ : ‘ਪੂਰਨ ਸਤਿਗੁਰੂ’ ਅੰਦਰ ਰੱਬ ਵਰਗੀ ਅਥਾਹ ਸਮਰੱਥਾ ਹੋਣ ਦੇ ਬਾਵਜੂਦ ਵੀ ਸਤਿਗੁਰੂ; ਆਪਣੇ ਆਪ ਨੂੰ ਕੋਈ ਮਹੱਤਵ ਨਹੀਂ ਲੈਣਾ ਚਾਹੁੰਦਾ। ਸਦਾ ਇਹੀ ਬਚਨ ਕੀਤੇ ‘‘ਆਪੇ ਦੇਖਿ ਦਿਖਾਵੈ ਆਪੇ ਆਪੇ ਥਾਪਿ, ਉਥਾਪੇ ਆਪੇ ਆਪੇ ਜੋੜਿ, ਵਿਛੋੜੇ ਕਰਤਾ; ਆਪੇ ਮਾਰਿ ਜੀਵਾਇਦਾ ੧੫’’ (ਮਹਲਾ /੧੦੩੪) ਅਰਥ : ਅਕਾਲ ਪੁਰਖ ਆਪ ਹੀ ‘ਪੂਰਨ ਸਤਿਗੁਰੂ’ ਦੇ ਰੂਪ ’ਚ ਆਪਣਾ ਦਰਸ਼ਨ ਕਰਦਾ ਹੋਇਆ ਹੋਰਾਂ ਨੂੰ (ਆਪਣਾ) ਦਰਸ਼ਨ ਕਰਾਉਂਦਾ ਹੈ (ਆਪੇ ਦੇਖਿ, ਦਿਖਾਵੈ ਆਪੇ)। ਆਪ ਹੀ ਸਭ ਨੂੰ ਪੈਦਾ ਕਰ-ਕਰ ਕੇ ਆਪ ਹੀ ਸਭ ਨੂੰ ਮਾਰਦਾ ਹੈ ਯਾਨੀ ਜਨਮ ਮਰਨ (ਆਵਾਗਮਣ) ਦੇ ਚੱਕਰ ’ਚ ਪਾਉਂਦਾ ਹੈ (ਆਪੇ ਥਾਪਿ, ਉਥਾਪੇ ਆਪੇ)। ਕਰਤਾਰ; ਆਪ ਹੀ (ਸਾਰਿਆਂ ਦੇ ਪਰਵਾਰਿਕ) ਮੇਲ਼ ਕਰਾ ਕੇ ਮੁੜ ਵਿਛੋੜਦਾ/ਵੱਖ-ਵੱਖ ਜੂਨਾਂ ’ਚ ਭੇਜਦਾ ਹੈ (ਆਪੇ ਜੋੜਿ, ਵਿਛੋੜੇ ਕਰਤਾ/ ਕੋਈ ਭਾਗਾਂ ਭਰਿਆ ਪਰਵਾਰ ਵੀ ਹੁੰਦਾ ਹੈ, ਜੋ ਸਤਿਗੁਰੂ ਸਿੱਖਿਆ ਅਨੁਸਾਰੀ ਜੀਵਨ ਬਤੀਤ ਕਰਦਾ ਹੋਇਆ ਇਕੱਠਾ ਕਰਤਾਰ ’ਚ ਲੀਨ ਹੁੰਦਾ ਹੈ, ਲੀਨ ਰਹਿੰਦਾ ਹੈ। ਮੁੜ ਕਦੇ ਪਰਵਾਰਿਕ ਵਿਛੋੜਾ ਨਹੀਂ ਹੁੰਦਾ; ਜਿਵੇਂ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸਾਰਾ ਪਰਵਾਰ (ਸਾਹਿਬਜ਼ਾਦਿਆਂ ਸਮੇਤ) ਅੱਜ ਭੀ ਕਰਤਾਰ ’ਚ ਲੀਨ ਹੈ, ਜੂਨਾਂ ਦੇ ਚੱਕਰ ’ਚ ਪੈ ਕੇ ਵਿਛੜਿਆ ਨਹੀਂ), ਆਪ ਹੀ ਸਾਰਿਆਂ ਨੂੰ ਮਾਰਦਾ ਤੇ ਮੁੜ ਜਨਮ ਦਿੰਦਾ ਹੈ (ਆਪੇ ਮਾਰਿ ਜੀਵਾਇਦਾ)। ਇਸ ਲਈ ਕਰਤਾਰ ਚਿਤ ਆਵੇ’, ਦਾ ਸੁਨੇਹਾ ਹੀ ਗੁਰੂ ਨਾਨਕ ਸਾਹਿਬ ਜੀ ਨੇ ਚਾਰੇ ਉਦਾਸੀਆਂ ਸਮੇਂ ਹਰ ਜਗ੍ਹਾ ਦਿੱਤਾ ਹੈ।

ਸੋ ਉਕਤ ਚਾਰੇ ਸ਼ਬਦਾਂ ’ਚ ‘ਦੇਖਿ ਦਿਖਾਵੈ’ ਸ਼ਬਦ ਕੇਵਲ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਗਏ ਹਨ। ਗੁਰੂ ਨਾਨਕ ਸਾਹਿਬ ਨੇ ਹੀ ਰੱਬ ਦੀ ਸਰਬ ਵਿਆਪਕਤਾ ਨੂੰ ਜੋਤਿ ਰੂਪ ਵਜੋਂ ਪੂਰੇ ਬ੍ਰਹਿਮੰਡ, ਜੀਵ-ਜੰਤ, ਬਨਸਪਤੀ, ਪਾਣੀ ਆਦਿ ’ਚ ਇਉਂ ਬਿਆਨ ਕੀਤਾ ਹੈ :

ਸਰਬ ਜੋਤਿ ਤੇਰੀ ਪਸਰਿ ਰਹੀ ॥ ਜਹ ਜਹ ਦੇਖਾ ਤਹ ਨਰਹਰੀ (ਓਥੇ ਹੀ ਪ੍ਰਭੂ)(ਮਹਲਾ ੧/੮੭੬)

ਤ੍ਰਿਭਵਣ ਜੋਤਿ ਧਰੀ ਪਰਮੇਸਰਿ (ਨੇ); ਅਵਰੁ ਨ ਦੂਜਾ ਭਾਈ ਹੇ ॥ (ਮਹਲਾ ੧/੧੦੨੪)

ਅਗਨਿ, ਪਾਣੀ, ਜੀਉ (ਜਿੰਦ ’ਚ) ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ॥ (ਮਹਲਾ ੧/੧੦੩੭)

ਅੰਡਜ, ਜੇਰਜ, ਸੇਤਜ, ਉਤਭੁਜ (ਚਾਰੇ ਖਾਣੀਆਂ ਅੰਦਰ); ਘਟਿ ਘਟਿ (’ਚ) ਜੋਤਿ ਸਮਾਣੀ ॥ (ਬਾਰਹਮਾਹਾ/ਮਹਲਾ ੧/੧੧੦੯)

ਸੂਰਜੁ ਚੰਦੁ ਉਪਾਇ; ਜੋਤਿ ਸਮਾਣਿਆ ॥ (ਮਹਲਾ ੧/੧੨੭੯)

ਸਗਲ ਸਰੋਵਰ ਜੋਤਿ ਸਮਾਣੀ ॥ (ਮਹਲਾ ੧/੧੩੪੨)

ਪਹਿਲਾ ਪਾਣੀ ਜੀਉ (ਜਿੰਦ/ਜੋਤਿ) ਹੈ; ਜਿਤੁ ਹਰਿਆ ਸਭੁ ਕੋਇ ॥ (ਮਹਲਾ ੧/੪੭੨)

ਜੇਤੇ ਦਾਣੇ ਅੰਨ ਕੇ; ਜੀਆ (ਜਿੰਦ/ਜੋਤਿ) ਬਾਝੁ ਨ ਕੋਇ ॥ (ਮਹਲਾ ੧/੪੭੨)

ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ (ਨਾਲ਼); ਸਭ ਮਹਿ ਚਾਨਣੁ ਹੋਇ ॥ (ਮਹਲਾ ੧/੧੩)

ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਗਏ ਉਕਤ ਸਾਰੇ ਸ਼ਬਦਾਂ ਤੋਂ ਪਹਿਲਾਂ ਭਗਤ ਸਾਹਿਬਾਨ ਨੇ ਨਿਰਾਕਾਰ ਨੂੰ ਸਰਬ ਵਿਆਪਕ ਅਤੇ ‘ਜੋਤਿ ਰੂਪ’ ’ਚ ਸੰਖੇਪ ਜਿਹਾ ਇਉਂ ਵਰਣਨ ਕੀਤਾ ਹੈ :

ਵਸੀ ਰਬੁ ਹਿਆਲੀਐ (ਦਿਲ ’ਚ); ਜੰਗਲੁ ਕਿਆ ਢੂਢੇਹਿ  ?॥ (ਬਾਬਾ ਫ਼ਰੀਦ ਜੀ/੧੩੭੮)

ਜਹਾ ਜਾਈਐ; ਤਹ ਜਲ ਪਖਾਨ (ਪੱਥਰ) ॥ ਤੂ, ਪੂਰਿ ਰਹਿਓ ਹੈ ਸਭ ਸਮਾਨ ॥ (ਭਗਤ ਰਾਮਾਨੰਦ/੧੧੯੫)

ਘਟ ਘਟ ਅੰਤਰਿ ਸਰਬ ਨਿਰੰਤਰਿ; ਕੇਵਲ ਏਕ ਮੁਰਾਰੀ ॥ (ਭਗਤ ਨਾਮਦੇਵ/੪੮੫)

ਜੀਅ ਕੀ ਜੋਤਿ (ਜੀਵ ਅੰਦਰਲੀ ਜੋਤਿ); ਨ ਜਾਨੈ ਕੋਈ ॥ ਤੈ ਮੈ ਕੀਆ; ਸੁ ਮਾਲੂਮੁ ਹੋਈ ॥੧॥ ਰਹਾਉ ॥ (ਭਗਤ ਨਾਮਦੇਵ/੧੩੫੧)

ਜਬ ਲਗੁ ਜੋਤਿ (ਭਾਵ ਪ੍ਰਾਣ) ਕਾਇਆ ਮਹਿ ਬਰਤੈ; ਆਪਾ ਪਸੂ ਨ ਬੂਝੈ ॥ (ਭਗਤ ਕਬੀਰ/੬੯੨)

ਚੰਦੁ ਸੂਰਜੁ ਦੁਇ; ਜੋਤਿ ਸਰੂਪੁ ॥ ਜੋਤੀ ਅੰਤਰਿ; ਬ੍ਰਹਮੁ ਅਨੂਪੁ ॥ (ਭਗਤ ਕਬੀਰ/੯੭੨)

ਹਰਿ ਮਹਿ ਤਨੁ ਹੈ; ਤਨ ਮਹਿ ਹਰਿ ਹੈ; ਸਰਬ ਨਿਰੰਤਰਿ ਸੋਇ ਰੇ ॥ (ਭਗਤ ਕਬੀਰ/੮੭੦)

ਸਰਬੇ ਏਕੁ ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ॥ ਕਹਿ ਰਵਿਦਾਸ ! ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥ (ਭਗਤ ਰਵਿਦਾਸ/੬੫੮)

ਜੋਤਿ (ਯਾਦ) ਸਮਾਇ ਸਮਾਨੀ ਜਾ ਕੈ; ਅਛਲੀ ਪ੍ਰਭੁ ਪਹਿਚਾਨਿਆ ॥ (ਭਗਤ ਧੰਨਾ/੪੮੭) ਭਾਵ ਜਿਸ ਦੇ ਹਿਰਦੇ ਅੰਦਰ ਪ੍ਰਭੂ ਦੀ ਜੋਤਿ (ਯਾਦ) ਟਿਕ ਗਈ, ਉਸ ਨੇ ਧੋਖਾ ਨਾ ਖਾਣ ਵਾਲ਼ੇ ਰੱਬ ਨੂੰ ਪਛਾਣ ਲਿਆ।

ਭਗਤ ਸਾਹਿਬਾਨ ਦੇ ਉਕਤ ਸਾਰੇ ਬਚਨਾਂ ਵਿੱਚ ਰੱਬੀ ਜੋਤਿ ਦੀ ਕਣ-ਕਣ ਵਿੱਚ ਵਿਆਪਕਤਾ ਬਾਰੇ ਪੂਰਨ ਵਿਸਥਾਰ ਸਹਿਤ ਨਹੀਂ; ਜਿਵੇਂ ਕਿ ਉਕਤ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚ ਪੂਰਨ ਵਿਸਥਾਰ ਸਹਿਤ ਹੈ। ਸੋ ‘ਦੇਖਿ ਦਿਖਾਵੈ’ ਦਾ ਦਮ ਭਰਨ ਵਾਲ਼ੀ ਮਹਾਨ ਸ਼ਖ਼ਸੀਅਸ; ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹਨ, ਨਾ ਕਿ ਪੂਰਨ ਮਨੁੱਖ। ਪਰ ਹਾਂ, ਜੇ ਪੂਰਨ ਸਤਿਗੁਰੂ ਚਾਹੇ ਤਾਂ ਪੂਰਨ ਮਨੁੱਖ ਅੰਦਰ ਆਪਣੀ ਇਹ ਰੂਹਾਨੀਅਤ ਸ਼ਕਤੀ (ਜੋਤਿ) ਟਿਕਾ ਕੇ ਉਸ ਨੂੰ ਆਪਣਾ ਉੱਤਰਾਧਿਕਾਰੀ (ਪੂਰਨ ਸਤਿਗੁਰੂ) ਬਣਾ ਸਕਦੇ ਹਨ। ਸਾਰੇ ਹੀ ਉੱਤਰਾਧਿਕਾਰੀ ਗੁਰੂ ਸਾਹਿਬਾਨ ਨੇ ਆਪਣੇ ਅਨੁਭਵ; ਗੁਰਬਾਣੀ ਰਾਹੀਂ ਸਾਂਝੇ ਕਰਦਿਆਂ ਆਪਣੇ ਅਤੀਤ ਦੀ ਮੈਲ਼ ਵਿੱਚੋਂ ਪੂਰਨ ਸਤਿਗੁਰੂ ਦੀ ਕਿਰਪਾ ਨਾਲ਼ ਮਿਲੀ ਰੌਸ਼ਨੀ ਨੂੰ ਵਾਰ-ਵਾਰ ਬਿਆਨ ਕੀਤਾ ਹੈ। ਐਸੀ ਝਲਕ ਪੈਦਾਇਸ਼ੀ ਪੂਰਨ ਸਤਿਗੁਰੂ; ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਬਿਲਕੁਲ ਨਹੀਂ ਮਿਲਦੀ।

ਗੁਰਬਾਣੀ ਨੂੰ ਥੋੜ੍ਹਾ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਸ਼ਬਦ-ਸੰਖਿਆ ਦੀ ਮਿਸਾਲ ਨਾਲ਼ ਸਮਝਣਾ ਜ਼ਰੂਰੀ ਹੈ; ਜਿਵੇਂ ਕਿ ਗੁਰਬਾਣੀ ’ਚ ਕੁੱਲ 5870 ਸ਼ਬਦ ਹਨ, ਜਿਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ 977 ਸ਼ਬਦ ਹਨ ਯਾਨੀ ਕਿ 16.7% । ‘ਜੋਤਿ’ ਸ਼ਬਦ (ਜਿਸ ਦਾ ਅਰਥ ਰੱਬੀ ਜੋਤਿ/ਰੂਹ ਹੈ); ਗੁਰਬਾਣੀ ਅੰਦਰ 200 ਕੁ ਵਾਰ ਹੈ। ਇਨ੍ਹਾਂ ’ਚੋਂ 97 ਵਾਰ ਯਾਨੀ 50% ਕੇਵਲ ਗੁਰੂ ਨਾਨਕ ਸਾਹਿਬ ਜੀ ਨੇ ਵਰਤਿਆ ਹੈ ਅਤੇ ਜ਼ਰਰੇ-ਜ਼ਰਰੇ ’ਚ ਵਿਆਪਕ ਰੱਬੀ ਜੋਤਿ ਬਿਆਨ ਕੀਤੀ, ਜੋ ਬੜਾ ਹੀ ਸੂਖਮ ਭੇਦ ਬਣਿਆ ਹੋਇਆ ਸੀ।

ਦੂਜੇ ਪਾਸੇ ਗੁਰਬਾਣੀ ਅੰਦਰ ਹਿਰਦੇ ਦੀ ਦਸ਼ਾ ਬਿਆਨ ਕਰਨ ਲਈ ‘ਕਮਲੁ’ (53 ਵਾਰ) ਅਤੇ ‘ਕਾਸਟ’ (ਭਾਵ ਲੱਕੜ/21 ਵਾਰ) ਦਰਜ ਹੈ। ਸੁੱਕਾ ਕਾਸਟ-ਹਿਰਦਾ ਹਰਾ ਹੋ ਗਿਆ (ਹਰਿਆ 57 ਵਾਰ) ਅਤੇ ਕਮਲੁ; ਖਿੜ ਗਿਆ/ਪ੍ਰਗਾਸ ਹੋ ਗਿਆ (ਪਰਗਾਸ/ਖਿੜਿਆ 242 ਵਾਰ) ਦਰਜ ਹੈ। ਇਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਨੇ ‘ਹਰਿਆ’ ਸ਼ਬਦ ਮਾਤਰ 4 ਵਾਰ ਯਾਨੀ ਕਿ ਕੁੱਲ ਸੰਖਿਆ ਦਾ 8% ਅਤੇ ਪਰਗਾਸ 22 ਵਾਰ (ਕੇਵਲ 9%) ਦਰਜ ਕੀਤਾ ਹੈ। ਉਹ ਵੀ ਆਪਣੇ ਉੱਤੇ ਢੁਕਾਅ ਕੇ ਨਹੀਂ ਬਲਕਿ ਰਾਮ ਦਾ ਨਾਮ ਜਪਣ ਵਾਲ਼ਿਆਂ ਦੇ ਹਿਰਦੇ ਅੰਦਰ ਹੁੰਦੇ ਪ੍ਰਕਾਸ਼ ਲਈ ਜਾਂ ਕੁੱਝ ਹੋਰ ਅਰਥਾਂ ਵਿੱਚ; ਜਿਵੇਂ ਕਿ ‘‘ਨਾਨਕ  ! ਸਿਫਤੀ ਰਤਿਆ; ਮਨੁ ਤਨੁ ਹਰਿਆ ਹੋਇ (ਮਹਲਾ /੧੨੪੦), ਅੰਤਰਿ ਨਾਮੁ; ਕਮਲੁ ਪਰਗਾਸਾ (ਮਹਲਾ /੪੧੨), ਨਾਨਕ  ! ਗਿਆਨ ਰਤਨੁ ਪਰਗਾਸਿਆ; ਹਰਿ ਮਨਿ (’) ਵਸਿਆ ਨਿਰੰਕਾਰੀ ਜੀਉ (ਮਹਲਾ /੫੯੮), ਦੀਪਕ ਤੇ ਦੀਪਕੁ ਪਰਗਾਸਿਆ; ਤ੍ਰਿਭਵਣ ਜੋਤਿ ਦਿਖਾਈ (ਮਹਲਾ /੯੦੭), ਪੰਚ ਤਤੁ; ਸੁੰਨਹੁ (ਰੱਬ ਤੋਂ) ਪਰਗਾਸਾ ’’ (ਮਹਲਾ /੧੦੩੮) ਅਰਥ : ਅਫੁਰ ਅਵਸਥਾ (ਜਿੱਥੇ ਕੋਈ ਮਾਇਕ ਫੁਰਨਾ ਨਾ ਉੱਠੇ) ਵਿੱਚ ਬਿਰਾਜਮਾਨ ਪ੍ਰਭੂ ਤੋਂ ਪੰਜ ਤੱਤ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਬਣੇ ਹਨ।

ਧਿਆਨ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਉਕਤ ਸਾਰੇ ਵਾਕਾਂ ਵਿੱਚ ‘ਗੁਰੂ, ਗੁਰੂ ਦਾ ਸ਼ਬਦ ਜਾਂ ਗੁਰਮਖਿ’ ਆਦਿ ਸ਼ਬਦ ਦਰਜ ਨਹੀਂ ਹਨ; ਜਿਵੇਂ ਕਿ ਉੱਤਰਾਧਿਕਾਰੀ ਸਤਿਗੁਰੂ (ਤੀਜੇ, ਚੌਥੇ ਅਤੇ ਪੰਜਵੇਂ ਪਾਤਿਸ਼ਾਹ) ਜੀ ਦੀ ਹੇਠਲੀ ਬਾਣੀ ’ਚ ਦਰਜ ਹਨ।

ਗੁਰੂ ਅਮਰਦਾਸ ਜੀ

ਨਾਨਕ  ! ਘਟਿ ਘਟਿ (’ਚ) ਏਕੋ ਵਰਤਦਾ; ਸਬਦਿ (ਰਾਹੀਂ) ਕਰੇ ਪਰਗਾਸ(ਮਹਲਾ ੩/੧੪੨੦)

ਅਰਥ : ਭਾਵੇਂ ਕਿ ਹਰ ਸਰੀਰ ਅੰਦਰ ਰੱਬ ਵੱਸਦਾ ਹੈ, ਤਾਂ ਵੀ ਗੁਰੂ-ਸ਼ਬਦ ਰਾਹੀਂ ਇਹ ਸੋਝੀ ਹੁੰਦੀ ਹੈ, ਮਹਿਸੂਸ ਹੁੰਦਾ ਹੈ।

ਗੁਰ ਕੈ ਸਬਦਿ (ਨਾਲ਼) ਕਮਲੁ ਪਰਗਾਸਿਆ; ਹਉਮੈ ਦੁਰਮਤਿ ਖੋਈ ॥ (ਮਹਲਾ ੩/੧੩੩੪)

ਅਰਥ : ਸਤਿਗੁਰੂ ਦੇ ਉਪਦੇਸ਼ ਰਾਹੀਂ ਅਹੰਕਰ ਅਤੇ ਭੈੜੀ ਮਤਿ ਦੂਰ ਹੋ ਕੇ ਹਿਰਦਾ-ਕੰਵਲ ਖਿੜਿਆ ਹੈ।

ਗੁਰੂ ਰਾਮਦਾਸ ਜੀ

ਕਮਲ ਪ੍ਰਗਾਸੁ ਭਇਆ ਗੁਰੁ ਪਾਇਆ; ਹਰਿ ਜਪਿਓ ਭ੍ਰਮੁ ਭਉ ਭਾਗਾ ॥੧॥ ਰਹਾਉ ॥ (ਮਹਲਾ ੪/੯੮੫)

ਅਰਥ : ਜਦੋਂ ਸਤਿਗੁਰੂ ਮਿਲਿਆ ਤਾਂ ਹਰੀ ਦਾ ਨਾਮ ਜਪ-ਜਪ ਕੇ ਡਰ ਅਤੇ ਭੁਲੇਖਾ ਦੂਰ ਹੋ ਗਿਆ। ਹਿਰਦਾ-ਕਮਲ ਖਿੜ ਗਿਆ।

ਸਤਿਗੁਰੁ ਸੰਤੁ ਮਿਲੈ, ਸਾਂਤਿ ਪਾਈਐ; ਕਿਲਵਿਖ ਦੁਖ ਕਾਟੇ, ਸਭਿ ਦੂਰਿ ॥ ਆਤਮ ਜੋਤਿ ਭਈ ਪਰਫੂਲਿਤ; ਪੁਰਖੁ ਨਿਰੰਜਨੁ ਦੇਖਿਆ ਹਜੂਰਿ ॥ (ਮਹਲਾ ੪/੧੧੯੮)

ਅਰਥ : (ਜਦੋਂ) ਸਤਿਗੁਰੂ-ਸੰਤ ਮਿਲਿਆ (ਤਾਂ ਮਨ) ਅਡੋਲ ਹੋ ਗਿਆ। (ਗੁਰੂ ਨੇ) ਸਾਰੇ ਪਾਪ ਕੱਟ ਦਿੱਤੇ। ਸਾਰੇ ਦੁੱਖ; ਦੂਰ ਕਰ ਦਿੱਤੇ।

ਗੁਰੂ ਅਰਜਨ ਸਾਹਿਬ ਜੀ

ਗੁਰਮੁਖਿ ਕਮਲੁ ਪ੍ਰਗਾਸੀਐ, ਭਾਈ ! ਰਿਦੈ ਹੋਵੈ ਪਰਗਾਸੁ(ਮਹਲਾ ੫/੬੪੦)

ਅਰਥ : ਹੇ ਭਾਈ  ! ਮੁਖੀ ਗੁਰੂ ਦੀ ਰਾਹੀਂ ਹਿਰਦਾ-ਕੰਵਲ ਖਿੜਦਾ ਹੈ। ਹਿਰਦੇ ਅੰਦਰ ਚਾਨਣ ਹੋ ਜਾਂਦਾ ਹੈ ਭਾਵ ਬਿਬੇਕ-ਬੁਧਿ ਪ੍ਰਗਟ ਹੋ ਜਾਂਦੀ ਹੈ।

ਨੇਤ੍ਰ ਪ੍ਰਗਾਸੁ ਕੀਆ, ਗੁਰਦੇਵ ॥ (ਮਹਲਾ ੫/੨੦੦)

ਅਰਥ : (ਪੂਰਨ) ਪ੍ਰਕਾਸ਼ਮਈ ਸਤਿਗੁਰੂ ਨੇ (ਮੇਰੇ) ਨੇਤਰਾਂ ਵਿੱਚ ਚਾਨਣ ਕਰ ਦਿੱਤਾ।

ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥ (ਸੋ ਦਰੁ ਗੂਜਰੀ/ਮਹਲਾ ੫/੧੦)

ਅਰਥ : ਸਤਿਗੁਰੂ ਦੀ ਕਿਰਪਾ ਨਾਲ਼ ਸਰਬੋਤਮ ਪਦ (ਬੇਗ਼ਮਪੁਰਾ) ਪ੍ਰਾਪਤ ਹੋ ਗਿਆ। ਮਾਨੋ ਸੁੱਕੀ ਲੱਕੜ ਵਰਗਾ ਖ਼ੁਸ਼ਕ ਹਿਰਦਾ (ਗੁਣਾਂ ਨਾਲ਼) ਹਰਾ ਭਰਾ ਹੋ ਗਿਆ।

ਉੱਤਰਾਧਿਕਾਰੀ ਗੁਰੂ ਸਾਹਿਬਾਨ ਦੇ ਕੁੱਝ ਕੁ ਹੋਰ ਸ਼ਬਦ ਵੀ ਧਿਆਨ ਮੰਗਦੇ ਹਨ; ਜਿਵੇਂ ਕਿ ‘‘ਮਨੁ ਤਨੁ ਹਰਿਆ; ਸਤਿਗੁਰ ਭਾਏ (ਗੁਰੂ ਦੇ ਪ੍ਰੇਮ ਨਾਲ਼) (ਮਹਲਾ /੧੧੭੩), ਇਹੁ ਜਗੁ ਹਰਿਆ; ਸਤਿਗੁਰ ਭਾਏ (ਮਹਲਾ /੧੧੭੭), ਰਾਮ ਨਾਮੁ ਗੁਰਿ (ਨੇ) ਉਦਕੁ (ਅੰਮ੍ਰਿਤਜਲ) ਚੁਆਇਆ; ਫਿਰਿ ਹਰਿਆ ਹੋਆ ਰਸਿਆ (ਮਹਲਾ /੧੧੯੧), ਮੇਰਾ ਮਨੁ; ਸਾਧ ਜਨਾਂ ਮਿਲਿ ਹਰਿਆ (ਮਹਲਾ /੧੨੯੪), ਸਾਧ ਕ੍ਰਿਪਾ ਤੇ ਸੂਕਾ ਹਰਿਆ (ਮਹਲਾ /੧੦੨), ਗੁਰਿ (ਨੇ) ਵਣੁ ਤਿਣੁ ਹਰਿਆ ਕੀਤਿਆ; ਨਾਨਕ  ! ਕਿਆ ਮਨੁਖ  ?’’ (ਮਹਲਾ /੯੫੮) ਅਰਥ : ਪੂਰਨ ਸਤਿਗੁਰੂ ਨੇ ਤਾਂ ਜੰਗਲ਼, ਘਾਹ-ਫੁਸ ਹਰੇ ਭਰੇ ਕਰ ਦਿੱਤੇ। ਚੇਤਨ ਬੁੱਧੀ ਮਨੁੱਖ ਉਸ ਲਈ ਕਿਹੜੀ ਵੱਡੀ ਸ਼ੈ ਹੈ ?

ਧਿਆਨ ਰਹੇ ਕਿ ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ਗੁਰੂ ਦਾ ਉਪਦੇਸ਼; ਹਰਿ ਦਾ ਨਾਮ ਹੈ ਤਾਹੀਓਂ ਗੁਰੂ ਅਰਜਨ ਸਾਹਿਬ ਜੀ ਦੇ ਉਕਤ ਸ਼ਬਦ ਵਾਙ ਭਗਤ ਕਬੀਰ ਜੀ ਨੇ ਵੀ ਫ਼ੁਰਮਾਇਆ ਕਿ ਜਿਸ ਮੂੰਹ (ਰਸਨਾ) ਨਾਲ਼ ਰਾਮ-ਰਾਮ ਜਪਿਆ ਜਾਏ। ਉਹ ਰਸਨਾ ਸਲਾਹੁਣਯੋਗ ਹੈ, ਉਸ ਦੀ ਤਾਰੀਫ਼ ਕਰਨੀ ਬਣਦੀ ਹੈ। ਰਾਮ-ਰਾਮ ਕਹਿਣ ਨਾਲ਼ ਤਾਂ ਸਾਰਾ ਪਿੰਡ, ਪਵਿੱਤਰ ਹੋ ਜਾਂਦਾ ਹੈ, ਸਰੀਰ ਕਿਵੇਂ ਪਵਿੱਤਰ ਨਹੀਂ ਹੋਏਗਾ ‘‘ਕਬੀਰ ! ਸੁੋਈ ਮੁਖੁ ਧੰਨਿ ਹੈ; ਜਾ ਮੁਖਿ (ਨਾਲ਼) ਕਹੀਐ ਰਾਮੁ ਦੇਹੀ ਕਿਸ ਕੀ ਬਾਪੁਰੀ; ਪਵਿਤ੍ਰੁ ਹੋਇਗੋ ਗ੍ਰਾਮੁ ’’ (ਭਗਤ ਕਬੀਰ/੧੩੭੦)

‘ਆਸਾ ਕੀ ਵਾਰ’ ਦੀ ਹੀ ਪਹਿਲੀ ਪਉੜੀ ਨਾਲ਼ ਦੋ ਸਲੋਕ ਦਰਜ ਹਨ, ਜਿਨ੍ਹਾਂ ਦਾ ਸਿਧਾਂਤਿਕ ਅੰਤਰ ਵਿਚਾਰ ਮੰਗਦਾ ਹੈ। ਦੂਜਾ ਸਲੋਕ ਗੁਰੂ ਅੰਗਦ ਸਾਹਿਬ ਜੀ ਦਾ ਇਉਂ ਹੈ ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ਏਤੇ ਚਾਨਣ ਹੋਦਿਆਂ; ਗੁਰ ਬਿਨੁ, ਘੋਰ ਅੰਧਾਰ ’’ (ਮਹਲਾ /੪੬੩) ਅਰਥ : ਅਗਰ ਅਕਾਸ਼ ’ਚ 100 ਚੰਦ ਤੇ 1000 ਸੂਰਜ ਚੜ੍ਹ ਜਾਣ, ਉੱਗ ਪੈਣ; (ਫਿਰ ਵੀ) ਪੂਰਨ ਸਤਿਗੁਰੂ ਤੋਂ ਬਿਨਾਂ ਹਿਰਦੇ ਅੰਦਰ ਘੁੱਪ ਹਨ੍ਹੇਰਾ ਬਣਿਆ ਰਹਿੰਦਾ ਹੈ। ਦੂਜੇ ਪਾਸੇ ਪੂਰਨ ਸਤਿਗੁਰੂ; ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਸਲੋਕ ਇਉਂ ਹੈ ‘‘ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ ਜਿਨਿ ਮਾਣਸ ਤੇ ਦੇਵਤੇ ਕੀਏ; ਕਰਤ ਲਾਗੀ ਵਾਰ ’’ (ਮਹਲਾ /੪੬੨) ਅਰਥ : ਆਪਣੇ ਗੁਰੂ ਤੋਂ 100 ਵਾਰ ਪ੍ਰਤੀ ਦਿਨ ਬਲਿਹਾਰ ਜਾਣਾ ਬਣਦਾ ਹੈ, ਜਿਸ ਨੇ ਆਮ ਮਨੁੱਖ ਤੋਂ ਦੇਵਤੇ (ਪੂਰਨ ਮਨੁੱਖ) ਬਣਾ ਦਿੱਤੇ। ਐਸਾ ਕਰਦਿਆਂ ਸਤਿਗੁਰੂ ਨੂੰ ਕੋਈ ਦੇਰ ਭੀ ਨਾ ਲੱਗੀ।

ਇਤਿਹਾਸ ਗਵਾਹ ਹੈ ਕਿ ਪੂਰਨ ਸਤਿਗੁਰੂ (ਗੁਰੂ ਨਾਨਕ ਸਾਹਿਬ) ਦੀ ਸ਼ਰਨ ਲੈਣ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਲੰਬਾ ਸਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਪਹਾੜਾਂ (ਕਟਰਾ ਨਗਰ, ਜੰਮੂ) ਦੀਆਂ ਯਾਤਰਾਵਾਂ ਕਰਦੇ ਰਹੇ ਸਨ। ਉਕਤ ਦੂਜੇ ਸਲੋਕ ’ਚ ਉਨ੍ਹਾਂ ਨੇ ਆਪਣੇ ਉੱਤੇ ਢੁਕਾਅ ਕੇ ਕਿਹਾ ‘‘ਗੁਰ ਬਿਨੁ, ਘੋਰ ਅੰਧਾਰ ’’ ਜਦਕਿ ਗੁਰੂ ਨਾਨਕ ਸਾਹਿਬ ਜੀ; ਅਨ੍ਯ ਪੂਰਖ ਬਹੁ ਵਚਨ ’ਚ ਆਪਣੇ ਵਿਚਾਰ ਉਲਥਾਉਂਦੇ ਫ਼ੁਰਮਾਉਂਦੇ ਹਨ ਕਿ ਸਤਿਗੁਰੂ ਨੇ ਮਨੁੱਖ ਤੋਂ ਕਈ ਦੇਵਤੇ ਬਣਾ ਦਿੱਤੇ। ਜੇਕਰ ਆਪ ਨੇ ਵੀ ਆਪਣੇ ਉੱਤੇ ਢੁਕਾਅ ਕੇ ਗੱਲ ਕੀਤੀ ਹੁੰਦੀ ਤਾਂ ਵਾਕ ਇਉਂ ਹੁੰਦਾ ‘‘ਮਾਣਸ ਤੇ ਦੇਵਤਾ ਕੀਆ’’

ਗੁਰੂ ਨਾਨਕ ਸਾਹਿਬ ਜੀ ਨੇ ਜੋਗੀਆਂ ਨਾਲ਼ ਚਰਚਾ ਕਰਦਿਆਂ ਵੀ ਇਹੀ ਕਿਹਾ ਕਿ ਸਤਿਗੁਰੂ ਮਿਲਣ ਨਾਲ਼ ਅੰਦਰਲਾ ਅੰਨ੍ਹੇਰਾ ਦੂਰ ਹੁੰਦਾ ਹੈ ‘‘ਸਤਿਗੁਰੁ ਮਿਲੈ; ਅੰਧੇਰਾ ਜਾਇ ਨਾਨਕ  ! ਹਉਮੈ ਮੇਟਿ, ਸਮਾਇ ੧੫ (ਗੋਸਟਿ/ਮਹਲਾ /੯੩੯), ਕਈ ਹੋਰਾਂ ਵਾਕਾਂ ਵਿੱਚ ਵੀ ਇਹੀ ਬਚਨ ਕੀਤੇ ‘‘ਸਤਗੁਰੁ ਮਿਲੈ ਅੰਧੇਰਾ ਜਾਇ ਜਹ ਦੇਖਾ; ਤਹ ਰਹਿਆ ਸਮਾਇ ’’ (ਮਹਲਾ /੮੭੭) ਤਾਹੀਓਂ ਗੁਰੂ ਅਰਜਨ ਸਾਹਿਬ ਜੀ ਨੇ ਫ਼ੁਰਮਾਇਆ ਹੈ ਕਿ ਪੂਰਨ ਸਤਿਗੁਰੂ; ਬੰਦੇ ਦੀ ਰੂਹ ਨੂੰ ਖ਼ੁਰਾਕ ਦੇ ਕੇ ਹਰੀ ਨਾਲ਼ ਜੋੜਦਾ ਹੈ ‘‘ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ’’ (ਮਹਲਾ /੭੪੯) ਕਿਉਂਕਿ ਹਨ੍ਹੇਰਾ ਅੰਦਰਲਾ ਹੀ ਹੈ। ਗੁਰੂ ਅਮਰਦਾਸ ਜੀ ਵੀ ਇਹੀ ਕਹਿ ਰਹੇ ਹਨ ‘‘ਨਾਨਕ  ! ਸਤਿਗੁਰਿ (ਨੇ) ਸੋ ਧਨੁ ਸਉਪਿਆ; ਜਿ ਜੀਅ ਮਹਿ ਰਹਿਆ ਸਮਾਇ ’’ (ਮਹਲਾ /੫੧੦) ਅਰਥ : ਸਤਿਗੁਰੂ ਨੇ ਮੈਨੂੰ ਉਹ ਨਾਮ-ਧਨ ਦਿੱਤਾ, ਜਿਹੜਾ ਜਿੰਦ ਨਾਲ਼ ਸੰਬੰਧਿਤ ਹੈ ਭਾਵ ਜੋ ਰੂਹ ਦੀ ਖ਼ੁਰਾਕ ਹੈ, ਨਾ ਕਿ ਸਰੀਰਕ ਭੋਜਨ।

ਗੁਰੂ ਅਮਰਦਾਸ ਜੀ ਦੇ ਕੁੱਲ 869 ਸ਼ਬਦ ਹਨ ਯਾਨੀ 14.8%। ਗੁਰਬਾਣੀ ਅੰਦਰ ‘ਗੁਰ’ ਤੇ ‘ਸਤਿਗੁਰ’ ਸ਼ਬਦ; 7306 ਵਾਰ (19 ਰੂਪਾਂ ’ਚ) ਹਨ। ਜਿਨ੍ਹਾਂ ਵਿੱਚੋਂ ਕੇਵਲ ਆਪ ਜੀ ਨੇ ਹੀ 3000 ਤੋਂ ਵੱਧ (40%) ਵਾਰ ਦਰਜ ਕਰ ਰੂਹਾਨੀਅਤ ਮਾਰਗ ’ਚ ਸਤਿਗੁਰੂ ਦੀ ਲੋੜ ਨੂੰ ਬੜੇ ਵਿਸਥਾਰ ਸਹਿਤ ਬਿਆਨ ਕੀਤਾ ਹੈ; ਜਿਵੇਂ ਕਿ

(ੳ). ਧੁਰ ਦਰਗਾਹ (ਮਾਲਕ) ਵੱਲੋਂ ਉਸ ਦਾ ਹੁਕਮ ਹੈ ਕਿ ਸਤਿਗੁਰੂ ਤੋਂ ਬਿਨਾਂ ਮਾਲਕ ਨੂੰ ਯਾਦ ਨਹੀਂ ਕੀਤਾ ਜਾ ਸਕਦਾ ‘‘ਧੁਰਿ (ਤੋਂ) ਖਸਮੈ ਕਾ ਹੁਕਮੁ ਪਇਆ; ਵਿਣੁ ਸਤਿਗੁਰ ਚੇਤਿਆ ਜਾਇ ’’ (ਮਹਲਾ /੫੫੬) ਨਿਰਾਕਾਰ-ਪਤੀ ਤੋਂ ਵਿਛੁੜੀਆਂ ਰੂਹਾਂ ਨੂੰ ਅਕਾਲ ਪੁਰਖ; ਸਤਿਗੁਰੂ ਦੇ ਚਰਨੀਂ ਲਾ ਕੇ ਹੀ ਆਪਣੇ ਨਾਲ਼ ਜੋੜਦਾ ਹੈ ‘‘ਪਿਰਹੁ ਵਿਛੁੰਨੀਆ ਭੀ ਮਿਲਹ; ਜੇ ਸਤਿਗੁਰ ਲਾਗਹ ਸਾਚੇ ਪਾਏ (ਪਾਏਂ/ਚਰਨੀਂ)’’ (ਮਹਲਾ /੫੮੩) ਕਿਉਂਕਿ ਮਾਲਕ ਨੂੰ ਮਿਲਣ ਦੀ ਚਾਬੀ/ਰਾਜ਼ ਕੇਵਲ ਸਤਿਗੁਰੂ ਕੋਲ਼ ਹੈ। ਕਿਸੇ ਹੋਰ ਤੋਂ ਇਹ ਰਾਜ਼ ਨਹੀਂ ਖੁੱਲ੍ਹਦਾ ‘‘ਸਤਿਗੁਰ ਹਥਿ (’) ਕੁੰਜੀ; ਹੋਰਤੁ ਦਰੁ ਖੁਲੈ ਨਾਹੀ’’ (ਮਹਲਾ /੧੨੪), ਪਰ ਸਤਿਗੁਰੂ ਨੂੰ ਜੈਸਾ ਕੋਈ ਸਮਝਦਾ ਹੈ ਵੈਸਾ ਹੀ ਫਲ਼ ਪਾਉਂਦਾ ਹੈ ‘‘ਜੇਹਾ ਸਤਗੁਰੁ ਕਰਿ ਜਾਣਿਆ; ਤੇਹੋ ਜੇਹਾ ਸੁਖੁ ਹੋਇ (ਮਹਲਾ /੩੦), ਜੇਹਾ ਸਤਿਗੁਰ ਨੋ ਜਾਣੈ, ਤੇਹੋ ਹੋਵੈ’’ (ਮਹਲਾ /੫੯੦) ਸੋ ਸਿੱਖ ਨੂੰ ਚਾਹੀਦਾ ਹੈ ਕਿ ਉਹ, ਸਤਿਗੁਰੂ ਨੂੰ ਰੱਬ ਦਾ ਰੂਪ ਜਾਣੇ, ਨਾ ਕਿ ਮਨੁੱਖ ਦਾ ਰੂਪ।

ਇੱਕ ਵਾਰ ਗੰਗਾ ਇਸ਼ਨਾਨ ਕਰਨ ਤੋਂ ਵਾਪਸ ਪਰਤਦਿਆਂ ਕੁੱਝ ਤੀਰਥ ਯਾਤ੍ਰੀ; ਰਾਤ ਨੂੰ ਇੱਕ ਆਸ਼ਰਮ ’ਚ ਠਹਿਰੇ, ਜਿੱਥੇ (ਗੁਰੂ) ਅਮਰਦਾਸ ਜੀ ਨੇ ਉਨ੍ਹਾਂ ਸਾਧੂਆਂ ਨੂੰ ਭੋਜਨ ਛਕਾਇਆ। ਭੋਜਨ ਛਕਣ ਤੋਂ ਬਾਅਦ ਇੱਕ ਸਾਧੂ ਨੇ ਆਪ ਜੀ ਤੋਂ ਆਪਣੇ ਗੁਰੂ ਦਾ ਨਾਂ ਪੁੱਛ ਲਿਆ ਤਾਂ ਬਾਬਾ ਅਮਰਦਾਸ ਜੀ ਨੇ ਕਿਹਾ ਕਿ ਮੈ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ। ਇਹ ਜਵਾਬ ਸੁਣ ਕੇ ਕ੍ਰੋਧਿਤ ਹੋਏ ਸਾਧੂ ਨੇ ਕਿਹਾ ਕਿ ਮੈਂ ਇੱਕ ਨਿਗੁਰੇ ਦੇ ਹੱਥੋਂ ਭੋਜਨ ਛਕ ਲਿਆ ਹੈ, ਇਸ ਲਈ ਮੈਨੂੰ ਮੁੜ ਗੰਗਾ ਇਸ਼ਨਾਨ ਕਰਨ ਜਾਣਾ ਪੈਣਾ ਹੈ। ਇਸ ਘਟਨਾ ਤੋਂ ਬਾਅਦ ਆਪ; ਸਤਿਗੁਰੂ ਦੀ ਤਲਾਸ਼ ਕਰਨ ਲੱਗੇ। ਓਧਰੋਂ ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ, ਜੋ ਆਪ ਜੀ ਦੇ ਭਤੀਜੇ ਨਾਲ਼ ਵਿਆਹੀ ਸੀ, ਉਨ੍ਹਾਂ ਨੇ ਪਾਠ ਕਰਦਿਆਂ ਪੂਰਨ ਸਤਿਗੁਰੂ; ਗੁਰੂ ਨਾਨਕ ਸਾਹਿਬ ਜੀ ਦੀ ਇਹ ਬਾਣੀ ਪੜ੍ਹੀ ‘‘ਭਇਆ ਮਨੂਰੁ, ਕੰਚਨੁ ਫਿਰਿ ਹੋਵੈ; ਜੇ ਗੁਰੁ ਮਿਲੈ ਤਿਨੇਹਾ ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ; ਤਉ ਨਾਨਕ ਤ੍ਰਿਸਟਸਿ ਦੇਹਾ ’’ (ਮਹਲਾ /੯੯੦) ਅਰਥ : ਅਗਰ ਐਸਾ ਗੁਰੂ ਮਿਲ ਜਾਵੇ, ਜੋ ਅਮਰ ਕਰਨ ਵਾਲ਼ਾ ਹਰੀ ਨਾਮ ਦੇ ਦੇਵੇ ਤਾਂ ਮਨ; ਟਿਕ ਜਾਂਦਾ ਹੈ (ਇੱਧਰ ਓਧਰ ਨਹੀਂ ਭਟਕਦਾ ਕਿਉਂਕਿ ਓਦੋਂ) ਸੜਿਆ ਲੋਹਾ (ਵਿਕਾਰੀ ਮਨ); ਸੋਨਾ ਬਣ ਚੁੱਕਾ ਹੁੰਦਾ ਹੈ। ਇਨ੍ਹਾਂ ਬਚਨ ’ਤੇ ਅਮਲ ਕਰਦਿਆਂ ਆਪ ਸੱਚੇ ਸਤਿਗੁਰੂ (ਗੁਰੂ ਅੰਗਦ ਸਾਹਿਬ) ਦੀ ਸ਼ਰਨ ਵਿੱਚ ਗਏ ਅਤੇ ਅਣਥੱਕ ਸੇਵਾ-ਭਗਤੀ ਕਰਨ ਉਪਰੰਤ ਆਪ ਵੀ ਪੂਰਨ ਸਤਿਗੁਰੂ ਬਣੇ। ਗੁਰਬਾਣੀ ਉਚਾਰਦਿਆਂ ਆਪ ਨੇ ਉਸ ਸਾਧੂ ਦੇ ਬੋਲ ਨੂੰ ਆਪਣੀ ਬਾਣੀ ’ਚ ਇਉਂ ਸ਼ਾਮਲ ਕੀਤਾ ‘‘ਸਤਿਗੁਰ ਬਾਝਹੁ ਗੁਰੁ ਨਹੀ ਕੋਈ; ਨਿਗੁਰੇ ਕਾ ਹੈ ਨਾਉ ਬੁਰਾ ’’ (ਪਟੀ/ਮਹਲਾ /੪੩੫), ਇਸ ਲਈ ਪਿੱਛੇ ਕਿਹਾ ਗਿਆ ਹੈ ਕਿ ਉੱਤਰਾਧਿਕਾਰੀ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿੱਚ ਆਪਣੇ ਅਤੀਤ ਦੇ ਅਨੁਭਵ ਨੂੰ ਮਿਸਾਲ ਵਜੋਂ ਵਰਤਿਆ ਹੈ।

(ਅ). ਗੁਰੂ ਅਮਰਦਾਸ ਜੀ ਨੇ ਸਤਿਗੁਰੂ ਨੂੰ ਵਾਰ-ਵਾਰ ‘ਪੂਰਨ ਸਤਿਗੁਰੂ’ ਕਿਹਾ ਹੈ; ਜਿਵੇਂ ਕਿ ‘‘ਹਰਿ ਜੀਉ ! ਆਪੇ ਬਖਸਿ ਮਿਲਾਇ ਗੁਣਹੀਣ ਹਮ ਅਪਰਾਧੀ ਭਾਈ ! ਪੂਰੈ+ਸਤਿਗੁਰਿ (ਨੇ) ਲਏ ਰਲਾਇ ਰਹਾਉ (ਮਹਲਾ /੬੩੮), ਅਰਦਾਸਿ ਕਰਂੀ ਗੁਰ+ਪੂਰੇ ਆਗੈ; ਰਖਿ ਲੇਵਹੁ ਦੇਹੁ ਵਡਾਈ ਰਾਮ (ਮਹਲਾ /੫੭੧), ਸੰਤ ਸਾਜਨ ਭਏ +ਰਸੇ; ਪੂਰੇ+ਗੁਰ ਤੇ ਜਾਣੀ ’’ (ਅਨੰਦ/ਮਹਲਾ /੯੨੨) ਆਦਿ।

ਗੁਰਬਾਣੀ ਅੰਦਰ ‘ਗੁਰਾ’ ਸ਼ਬਦ 3 ਵਾਰ ਹੈ। ਜਿਨ੍ਹਾਂ ਵਿੱਚੋਂ ਗੁਰੂ ਨਾਨਕ ਸਾਹਿਬ ਨੇ 2 ਵਾਰ ਤੇ ਭਗਤ ਸਧਨਾ ਜੀ ਨੇ 1 ਵਾਰ ਦਰਜ ਕੀਤਾ ਹੈ। ‘ਸਤਿਗੁਰਾ’ ਸ਼ਬਦ 6 ਵਾਰ ਹੈ, ਜਿਨ੍ਹਾਂ ਵਿੱਚੋਂ ਗੁਰੂ ਰਾਮਦਾਸ ਜੀ ਨੇ 5 ਵਾਰ ਤੇ ਗੁਰੂ ਅਰਜਨ ਸਾਹਿਬ ਜੀ ਨੇ 1 ਵਾਰ ਦਰਜ ਕੀਤਾ ਹੈ। ‘ਗੁਰਾ’ ਅਤੇ ਸਤਿਗੁਰਾ’ ਸ਼ਬਦ ਸੰਬੋਧਨ ਕਾਰਕ ਹਨ ਭਾਵ ਇਨ੍ਹਾਂ ਰਾਹੀਂ ਪੂਰਨ ਸਤਿਗੁਰੂ ਅੱਗੇ ਬੇਨਤੀ ਕਰਦਿਆਂ ਆਪਣੀ ਦਿਲੀ ਪੀੜਾ ਪ੍ਰਗਟ ਕੀਤੀ ਗਈ ਹੈ; ਜਿਵੇਂ ਕਿ

ਗੁਰੂ ਰਾਮਦਾਸ ਜੀ (5 ਵਾਰ)

ਮੇਰੇ ਸਤਿਗੁਰਾ ! ਮੈ ਤੁਝ ਬਿਨੁ, ਅਵਰੁ ਨ ਕੋਇ ॥ ਹਮ ਮੂਰਖ ਮੁਗਧ ਸਰਣਾਗਤੀ; ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥ (ਮਹਲਾ ੪/੩੯)

ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ! ਜਬ ਗੁਰੁ ਬੋਲਹ; ਤਬ ਬਿਸਮੁ (ਹੈਰਾਨ) ਹੋਇ ਜਾਇ ॥ ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ, ਜੈਸੇ ਹਮ ਸਤਿਗੁਰਿ (ਨੇ) ਰਾਖਿ ਲੀਏ ਛਡਾਇ ॥ (ਮਹਲਾ ੪/੧੬੭)

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ! ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ ਹਮ ਰੁਲਤੇ ਫਿਰਤੇ; ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ, ਕੀਰੇ ਹਮ ਥਾਪੇ (ਕੀੜਿਆਂ ਨੂੰ ਮਾਨ ਬਖ਼ਸ਼ਿਆ)॥ ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ (ਦਾ); ਜਿਤੁ ਮਿਲਿਐ, ਚੂਕੇ ਸਭਿ ਸੋਗ ਸੰਤਾਪੇ ॥ (ਮਹਲਾ ੪/੧੬੭)

ਮੇਰੇ ਸਤਿਗੁਰਾ ! ਮੈ (ਮੈਨੂੰ) ਹਰਿ ਹਰਿ ਨਾਮੁ ਦ੍ਰਿੜਾਇ ॥ ਮੇਰਾ ਮਾਤ ਪਿਤਾ ਸੁਤ ਬੰਧਪੋ; ਮੈ (ਮੇਰਾ) ਹਰਿ ਬਿਨੁ ਅਵਰੁ ਨ ਮਾਇ ॥੧॥ ਰਹਾਉ ॥ (ਮਹਲਾ ੪/੯੯੬)

ਨੋਟ : ਚੇਤੇ ਰਹੇ ਕਿ ਗੁਰੂ ਰਾਮਦਾਸ ਜੀ ਦਾ ਜਨਮ ਆਰਥਿਕ ਤੰਗੀ ’ਚ ਹੋਇਆ ਸੀ, ਜੋ ਇਨ੍ਹਾਂ ਬਚਨਾਂ ’ਚੋਂ ਪ੍ਰਗਟ ਵੀ ਹੁੰਦਾ ਪਿਆ ਹੈ।

ਗੁਰੂ ਅਰਜਨ ਸਾਹਿਬ ਜੀ (1 ਵਾਰ)

ਮੇਰੇ ਸਤਿਗੁਰਾ ! ਹਉ ਤੁਧੁ ਵਿਟਹੁ ਕੁਰਬਾਣੁ ॥ ਤੇਰੇ ਦਰਸਨ ਕਉ ਬਲਿਹਾਰਣੈ; ਤੁਸਿ (ਖ਼ੁਸ਼ ਹੋ ਕੇ) ਦਿਤਾ ਅੰਮ੍ਰਿਤ ਨਾਮੁ ॥੧॥ ਰਹਾਉ ॥ (ਮਹਲਾ ੫/੫੨)

ਭਗਤ ਸਧਨਾ ਜੀ (1 ਵਾਰ)

ਤਵ ਗੁਨ ਕਹਾ ਜਗਤ ਗੁਰਾ ! ਜਉ ਕਰਮੁ ਨ ਨਾਸੈ ॥ ਸਿੰਘ ਸਰਨ ਕਤ ਜਾਈਐ; ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥ (ਭਗਤ ਸਧਨਾ/੮੫੮) ਅਰਥ : ਹੇ ਮਾਨਵਤਾ ਦੇ ਰਹਿਬਰ ਜਗਤ ਗੁਰੂ (ਪੂਰਨ ਸਤਿਗੁਰੂ) ! ਤੇਰੇ ਗੁਣ ਕਿੱਥੇ ਰਹਿ ਗਏ ਜੇ ਮੇਰੇ ਅਤੀਤ ਦਾ ਮਾੜਾ ਨਸੀਬ ਹੀ ਨਾ ਖ਼ਤਮ ਹੋਇਆ ? ਤੇਰੇ ਸ਼ੇਰ ਦੀ ਸ਼ਰਨ ਕਾਹਦੇ ਲਈ ਆਈਏ ਭਾਵ ਤੇਰੀ ਸ਼ਰਨ ਆਉਣ ਦਾ ਕੀ ਲਾਭ, ਜੇ ਪਿਛਲੇ ਮਾੜੇ ਕਰਮ ਰੂਪ ਗਿੱਦੜ ਹੀ ਤੰਗ ਕਰੀ ਜਾਣ  ?

ਗੁਰੂ ਨਾਨਕ ਸਾਹਿਬ (2 ਵਾਰ)

ਆਪ ਨੇ ‘ਜਪੁ’ ਬਾਣੀ ਦੀ 5ਵੀਂ ਤੇ 6ਵੀਂ ਪਉੜੀ ’ਚ ਦੋ ਵਾਰ ‘ਗੁਰਾ’ ਸ਼ਬਦ ਇਉਂ ਦਰਜ ਕੀਤਾ ‘‘ਗੁਰਾ  ! ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਜਾਈ ’’ (ਜਪੁ/ਮਹਲਾ /) ਅਰਥ : ਹੇ ਪੂਰਨ ਸਤਿਗੁਰੂ ! ਮੈਨੂੰ ਇੱਕ ਐਸੀ ਸੂਝ ਦੇਹ ਤਾਂ ਕਿ ਜੋ ਸਾਰਿਆਂ ਜੀਵਾਂ ਨੂੰ ਦਾਤਾਂ ਦੇਣ ਵਾਲ਼ਾ ਇੱਕੋ ਇੱਕ ਦਾਤਾਰ ਪਿਤਾ ਹੈ, ਉਸ ਦੀ ਯਾਦ ਮੈਨੂੰ ਕਦੇ ਨਾ ਭੁੱਲੇ।

ਵਿਚਾਰ : ਗੁਰੂ ਨਾਨਕ ਸਾਹਿਬ ਜੀ ਦੇ ਉਕਤ ਵਾਕ ’ਚ ਤਿੰਨ ਪਾਤਰ ਹਨ (1). ਬੇਨਤੀ ਕਰਤਾ/ਬਾਣੀਕਾਰ। (2). ਗੁਰਾ। (3). ਸਭਨਾ ਜੀਆ ਕਾ ਇਕੁ ਦਾਤਾ। ਹੁਣ ਜੇ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਲਾ ਪਾਤਰ (ਬੇਨਤੀ ਕਰਤਾ) ਮੰਨੀਏ ਤਾਂ ਦੂਜੇ ਪਾਤਰ ‘ਗੁਰਾ’ ਨੂੰ ਅਕਾਲ ਪੁਰਖ ਮੰਨਣਾ ਪੈਣਾ ਹੈ ਤਾਂ ਫਿਰ ਤੀਸਰਾ ਪਾਤਰ ‘ਸਭਨਾ ਜੀਆ ਕਾ ਇਕੁ ਦਾਤਾ’ ਕੌਣ ਹੋਇਆ ? ਇਸ ਲਈ ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਸਿੱਖ ਨੇ ਆਪਣੇ ਬੋਲ ਸਮਝਣਾ ਹੈ; ਇਸ ਤਰ੍ਹਾਂ ਫਿਰ ਪਹਿਲਾ ਪਾਤਰ ਬੇਨਤੀ ਕਰਤਾ ਵਜੋਂ ‘ਸਿੱਖ’ ਹੈ, ਜੋ ਦੂਸਰੇ ਪਾਤਰ ‘ਗੁਰਾ’ ਯਾਨੀ ਕਿ ਪੂਰਨ ਸਤਿਗੁਰੂ; ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ ਕਿ ਤੀਸਰਾ ਪਾਤਰ (ਅਕਾਲ ਪੁਰਖ ਭਾਵ ‘‘ਸਭਨਾ ਜੀਆ ਕਾ ਇਕੁ ਦਾਤਾ॥’’) ਮੈਨੂੰ ਕਦੇ ਨਾ ਭੁੱਲੇ।

ਹੁਣ ਜੇਕਰ ‘ਗੁਰਾ’; ਕੇਵਲ ਸ਼ਬਦ-ਗਿਆਨ ਹੈ ਤਾਂ ਇਸ ਨੂੰ ਪੜ੍ਹਨਾ ਅਤੇ ਸਮਝਣਾ ਹੀ ਕਾਫ਼ੀ ਹੈ। ਨਿਤਨੇਮ ਕਰਦਿਆਂ ਹਰ ਦਿਨ ‘ਗੁਰਾ !’ ਨੂੰ ਸੰਬੋਧਨ ਕਰ ਕੇ ਮਦਦ ਲਈ ਪੁਕਾਰ ਕਰਨਾ ਕਿ ‘‘ਸਭਨਾ ਜੀਆ ਕਾ ਇਕੁ ਦਾਤਾ॥’’ ਮੈਨੂੰ ਕਦੇ ਨਾ ਭੁੱਲੇ; ਕੇਵਲ ਤੋਤਾ ਰਟਣੀ ਹੀ ਬਣ ਜਾਣਾ ਹੈ। ਇਸ ਲਈ ਸ਼ਬਦ-ਗਿਆਨ ਦੇ ਨਾਲ਼-ਨਾਲ਼ ਅੱਜ ਵੀ ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਨੂੰ ਹਾਜ਼ਰ ਨਾਜ਼ਰ ਜਾਣਨਾ ਹੈ। ਗੁਰਬਾਣੀ ਦੇ ਵੀ ਬਚਨ ਹਨ ‘‘ਸਤਿਗੁਰੁ ਮੇਰਾ ਸਦਾ ਸਦਾ; ਨਾ ਆਵੈ ਨਾ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ; ਸਭ ਮਹਿ ਰਹਿਆ ਸਮਾਇ ॥ (ਮਹਲਾ ੪/੭੫੯), ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥ (ਭਗਤ ਕਬੀਰ/੪੭੯) ਅਰਥ : (ਫੁੱਲ ਤੋੜ ਕੇ ਪੱਥਰ-ਮੂਰਤੀ ’ਤੇ ਚੜ੍ਹਾਉਣ ਵਾਲ਼ੀ) ਮਾਲਣੀ ਅਜੇ ਭੀ ਕੁਰਾਹੇ ਪਈ ਹੈ ਜਦਕਿ ਪ੍ਰਕਾਸ਼ਮਈ (ਆਤਮ ਪ੍ਰਕਾਸ਼ ਰੂਪ) ਸਤਿਗੁਰੂ ਹਰ ਸਮੇਂ ਜਿਉਂਦਾ-ਜਾਗਦਾ ਹਰ ਥਾਂ ਮੌਜੂਦ ਹੈ। ਗੁਰੂ ਅਰਜਨ ਸਾਹਿਬ ਜੀ ਦੇ ਵੀ ਬਚਨ ਹਨ ਕਿ ‘‘ਗੁਰੁ ਮੇਰੈ ਸੰਗਿ; ਸਦਾ ਹੈ ਨਾਲੇ ॥ ਸਿਮਰਿ ਸਿਮਰਿ (ਕੇ); ਤਿਸੁ ਸਦਾ ਸਮ੍ਹਾਲੇ ॥੧॥ ਰਹਾਉ ॥’’ (ਮਹਲਾ ੫/ ੩੯੪)

ਸੋ ਤਰਕ ਵਿਤਰਕ ਦੇ ਆਦੀ ਸਿੱਖਾਂ ਨੂੰ ਆਪਣੇ ਮਨ ਤੋਂ ਪੁੱਛਣਾ ਬਣਦਾ ਹੈ ਕਿ ਜਿਸ ਗੁਰੂ ਨਾਨਕ ਸਾਹਿਬ ਜੀ ਨੂੰ ਭੱਟ ਕਲਸਹਾਰ ਜੀ ਆਦਿ ਕਾਲ ਤੋਂ ਜਿਉਂਦਾ-ਜਾਗਦਾ ਮੰਨਦੇ ਹਨ; ਜਿਵੇਂ ਕਿ ਵਾਕ ਹੈ ‘‘ਸਤਜੁਗਿ ਤੈ ਮਾਣਿਓ; ਛਲਿਓ ਬਲਿ ਬਾਵਨ ਭਾਇਓ ॥ ਤ੍ਰੇਤੈ ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ॥ ਦੁਆਪੁਰਿ, ਕ੍ਰਿਸਨ ਮੁਰਾਰਿ; ਕੰਸੁ ਕਿਰਤਾਰਥੁ ਕੀਓ ॥ ਉਗ੍ਰਸੈਣ ਕਉ ਰਾਜੁ; ਅਭੈ ਭਗਤਹ ਜਨ ਦੀਓ ॥ ਕਲਿਜੁਗਿ (’ਚ), ਪ੍ਰਮਾਣੁ ਨਾਨਕ ਗੁਰੁ; ਅੰਗਦੁ ਅਮਰੁ ਕਹਾਇਓ ॥’’ (ਸਵਈਏ ਮਹਲੇ ਪਹਿਲੇ ਕੇ/ਭਟ ਕਲੵ/੧੩੯੦) ਉਹ ਜੋਤਿ ਸਰੂਪ ‘ਚ ਬਿਰਾਜਮਾਨ ਹੁਣ ਕਿਵੇਂ ਅਲੋਪ ਹੋ ਸਕਦੇ ?

ਸੋ ਐਸਾ ਕਹਿਣਾ ਭੀ ਠੀਕ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਕੋਈ ਪੂਰਨ ਸਤਿਗੁਰੂ; ਜਗਤ ’ਚ ਪੈਦਾ ਨਹੀਂ ਹੋਇਆ, ਨਹੀਂ ਤਾਂ ਭਗਤ ਕਬੀਰ ਜੀ ਅਤੇ ਭਗਤ ਸਧਨਾ ਜੀ ਦੇ ਉਕਤ ਵਾਕਾਂ ਦਾ ਅਰਥ; ਗੁਰਮਤਿ ਅਨੁਸਾਰੀ ਨਹੀਂ ਹੋਣਾ। ਗੁਰੂ ਨਾਨਕ ਸਾਹਿਬ (ਪੂਰਨ ਸਤਿਗੁਰੂ) ਅਤੇ ਭਗਤ ਕਬੀਰ ਜੀ (ਪੂਰਨ ਮਨੁੱਖ) ਦੀ ਬਾਣੀ ਦਾ ਅੰਤਰ ਜਾਣਨ ਲਈ ਭਗਤ ਕਬੀਰ ਜੀ ਦਾ ਚਾਰ ਬੰਦਾਂ ਵਾਲ਼ਾ ਹੇਠਲਾ ਇੱਕੋ ਸ਼ਬਦ ਵਿਚਾਰਨਾ ਸਹਾਇਤਾ ਕਰ ਸਕਦਾ ਹੈ :

ਗੁਰ ਚਰਣ ਲਾਗਿ ਹਮ ਬਿਨਵਤਾ; ਪੂਛਤ ਕਹ ਜੀ ਉਪਾਇਆ ॥

ਕਵਨ ਕਾਜਿ ਜਗੁ ਉਪਜੈ ਬਿਨਸੈ; ਕਹਹੁ ਮੋਹਿ ਸਮਝਾਇਆ ॥੧॥

ਅਰਥ : ਸਤਿਗੁਰੂ ਦੇ ਚਰਨੀਂ ਲੱਗ ਕੇ ਮੈਂ ਬੇਨਤੀ ਕਰਦਾ ਹਾਂ, ਪੁੱਛਦਾ ਹਾਂ ਕਿ ਕਾਹਦੇ ਲਈ ਜੀਵ ਪੈਦਾ ਕੀਤਾ ਹੈ ? ਕਿਹੜੇ ਕੰਮ ਨਾਲ਼ ਜਗਤ ਜੰਮਦਾ ਮਰਦਾ ਹੈ ? ਮੈਨੂੰ ਦੱਸੋ ਅਤੇ ਸਮਝਾਓ।

ਦੇਵ  ! ਕਰਹੁ ਦਇਆ, ਮੋਹਿ ਮਾਰਗਿ (’ਤੇ) ਲਾਵਹੁ; ਜਿਤੁ ਭੈ ਬੰਧਨ ਤੂਟੈ ॥

ਜਨਮ ਮਰਨ ਦੁਖ, ਫੇੜ ਕਰਮ ਸੁਖ; ਜੀਅ ਜਨਮ ਤੇ ਛੂਟੈ ॥੧॥ ਰਹਾਉ ॥

ਅਰਥ : ਹੇ ਸਤਿਗੁਰੂ ! ਮਿਹਰ ਕਰ। ਮੈਨੂੰ ਚੰਗੇ ਰਾਹ ਪਾਓ। ਜਿਸ ’ਤੇ ਚੱਲਦਿਆਂ ਸਾਰੇ ਡਰ ਅਤੇ ਸੰਸਾਰਿਤ ਬੰਧਨ ਟੁੱਟ ਜਾਣ। ਕੀਤੇ ਹੋਏ ਕੰਮਾਂ ਅਨੁਸਾਰ ਜਨਮ ਮਰਨ ਦੇ ਦੁੱਖ-ਸੁੱਖ, ਜੀਵ ਦੇ ਜਨਮ ਤੋਂ ਹੀ ਯਾਨੀ ਉੱਕਾ ਹੀ ਮੁੱਕ ਜਾਣ।

ਮਾਇਆ ਫਾਸ, ਬੰਧ ਨਹੀ ਫਾਰੈ; ਅਰੁ ਮਨ ਸੁੰਨਿ (’ਚ) ਨ ਲੂਕੇ ॥

ਆਪਾ ਪਦੁ ਨਿਰਬਾਣੁ ਨ ਚੀਨਿ੍ਆ; ਇਨ ਬਿਧਿ ਅਭਿਉ ਨ ਚੂਕੇ ॥੨॥

ਅਰਥ : ਮੇਰਾ ਮਨ ਮਾਇਆ ਦੀ ਫਾਹੀ/ਬੰਧਨ ਤੋੜਦਾ ਨਹੀਂ ਅਤੇ ਅਫੁਰ-ਪ੍ਰਭੂ ’ਚ ਟਿਕਦਾ ਨਹੀਂ। ਵਾਸ਼ਨਾ ਤੋਂ ਮੁਕਤ ਹੋਣਾ ਹੀ ਅਸਲ ਸਥਾਈ ਟਿਕਾਣਾ ਹੈ, ਪਰ ਫਿਰ ਵੀ ਉਸ ਨੂੰ ਪਛਾਣਦਾ ਨਹੀਂ। ਇਸ ਹਾਲਤ ਕਾਰਨ ਰੁੱਖਾਪਣ ਨਹੀਂ ਮਰਦਾ।

ਕਹੀ ਨ ਉਪਜੈ, ਉਪਜੀ ਜਾਣੈ; ਭਾਵ ਅਭਾਵ ਬਿਹੂਣਾ ॥

ਉਦੈ ਅਸਤ ਕੀ ਮਨ ਬੁਧਿ ਨਾਸੀ; ਤਉ ਸਦਾ ਸਹਜਿ (’ਚ) ਲਿਵ ਲੀਣਾ ॥੩॥

ਅਰਥ : (ਹੇ ਸਤਿਗੁਰੂ !) ਚੰਗੇ-ਮੰਦੇ ਦੀ ਪਛਾਣ ਕਰਨ ਤੋਂ ਅਸਮਰੱਥ ਮੇਰਾ ਮਨ; (ਮਾਇਆ ਨੂੰ ਰੱਬ ਤੋਂ ਵੱਖਰੀ ਸ਼ੈ ਵਜੋਂ) ਪੈਦਾ ਹੋਈ ਮੰਨਦਾ ਹੈ, ਜੋ ਕਿ ਅਸਲ ’ਚ ਕਿਤੇ ਵੱਖਰੀ ਸ਼ੈ ਪੈਦਾ ਹੋਈ ਨਹੀਂ ਹੈ ਭਾਵ ਰੱਬ ਦੀ ਰਜ਼ਾ ਅੰਦਰ ਹੀ ਮਾਇਆ ਹੈ। (ਜਦੋਂ ਤੋਂ ਤੇਰੀ ਮਿਹਰ ਹੋਈ) ਜਨਮ ਮਰਨ ’ਚ ਪਾਉਣ ਵਾਲ਼ੀ ਮਨ ਦੀ ਮੱਤ; ਨਾਸ ਹੋ ਗਈ ਤਦੋਂ (ਮਨ ਵੀ) ਅਡੋਲਤਾ ’ਚ ਟਿਕ ਗਿਆ।

ਜਿਉ ਪ੍ਰਤਿਬਿੰਬੁ, ਬਿੰਬ ਕਉ ਮਿਲੀ ਹੈ; ਉਦਕ ਕੁੰਭੁ ਬਿਗਰਾਨਾ ॥

ਕਹੁ ਕਬੀਰ ! ਐਸਾ ਗੁਣ ਭ੍ਰਮੁ ਭਾਗਾ; ਤਉ ਮਨੁ ਸੁੰਨਿ (’ਚ) ਸਮਾਨਾਂ ॥੪॥ (ਭਗਤ ਕਬੀਰ/੪੭੫)

ਅਰਥ : ਜਿਵੇਂ ਪਾਣੀ ਦੇ ਭਰੇ ਘੜੇ ਦੇ ਟੁੱਟਣ ਨਾਲ਼ ਅਕਸ/ਪਰਛਾਈ; ਉਸ ਦੇ ਨਾਲ਼ ਹੀ ਖ਼ਤਮ ਹੋ ਜਾਂਦੀ ਹੈ; (ਓਵੇਂ ਸ੍ਰਿਸ਼ਟੀ; ਨਾਸ ਹੋ ਕੇ ਪ੍ਰਭੂ ’ਚ ਲੀਨ ਹੋ ਜਾਂਦੀ ਹੈ) ਕਬੀਰ ਜੀ ਆਖਦੇ ਹਨ ਕਿ ਜਦ ਸ੍ਰਿਸ਼ਟੀ ਵੱਖਰੀ ਹਸਤੀ ਹੈ, ਵਾਲ਼ਾ ਭਰਮ ਮਿਟ ਗਿਆ ਤਦੋਂ ਮਨ ਅਡੋਲ ਹੋ ਕੇ ਕਰਤਾਰ ’ਚ ਲੀਨ ਹੋ ਗਿਆ।

ਵਿਚਾਰ : ਭਗਤ ਕਬੀਰ ਜੀ ਦੇ ਉਕਤ ਸ਼ਬਦ ਦੇ ਪਹਿਲੇ ਬੰਦ ’ਚ ਸਵਾਲ ਸੀ ਕਿ ਜੀਵ ਪੈਦਾ ਕਿਉਂ ਹੁੰਦਾ ਹੈ ? ਮੈਨੂੰ ਦੱਸੋ, ਸਮਝਾਓ, ਜਿਸ ਦਾ ਜਵਾਬ ਪੂਰੇ ਸ਼ਬਦ ’ਚ ਅਸਪਸ਼ਟ ਹੈ। ਇਸ ਦੀ ਥਾਂ ਇਹ ਪ੍ਰਸੰਗ ਭਾਰੂ ਰਿਹਾ ਕਿ ਸੰਸਾਰ ਨਾਸ਼ਵਾਨ ਹੈ, ਜੋ ਇੱਕ ਦਿਨ ਅਕਾਲ ਪੁਰਖ ’ਚ ਲੀਨ ਹੋਣਾ ਹੈ। ਮਾਇਆ ਵੀ ਉਸੇ ਪ੍ਰਭੂ ਦੇ ਹੁਕਮ ’ਚ ਹੈ।

ਉਕਤ ਸਵਾਲ ਹੀ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛਿਆ ਹੈ ‘‘ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ! ਕਿਤੁ ਕਿਤੁ ਦੁਖਿ (’) ਬਿਨਸਿ ਜਾਈ  ?’’, ਇਸ ਦਾ ਜਵਾਬ ਪੂਰਨ ਸਤਿਗੁਰੂ ਜੀ ਨੇ ਇਉਂ ਦਿੱਤਾ ‘‘ਹਉਮੈ ਵਿਚਿ ਜਗੁ ਉਪਜੈ ਪੁਰਖਾ ! ਨਾਮਿ+ਵਿਸਰਿਐ (ਨਾਲ਼) ਦੁਖੁ ਪਾਈ ’’ (ਗੋਸਟਿ/ਮਹਲਾ /੯੪੬) ਭਾਵ ਵਾਰ-ਵਾਰ ਜਗਤ ਉਤਪਤਿ ਹੋਣ ਦਾ ਕਾਰਨ ਅਹੰਕਾਰ ਹੈ ਕਿਉਂਕਿ ਅਹੰਕਾਰ ’ਚ ਬੰਦਾ; ਮਾਲਕ ਦੇ ਹੁਕਮ ’ਚ ਹਾਂ, ਨੂੰ ਭੁਲਾ ਕੇ ਆਪ ਹੀ ਸਭ ਕੁੱਝ ਕਰਨ/ਕਰਾਉਣ ਵਾਲ਼ਾ ਬਣ ਬੈਠਦਾ ਹੈ; ਇਉਂ (ਮਾਲਕ ਦੇ) ਨਾਮ ਨੂੰ ਵਿਸਾਰਨ ਨਾਲ਼ ਜਗਤ ਦੁਖੀ ਹੁੰਦਾ ਹੈ, ਜੰਮਦਾ ਮਰਦਾ ਹੈ।

ਭਾਰਤ ’ਚ ਸਦੀਆਂ ਤੋਂ ਪ੍ਰਚਲਿਤ ਭਗਤੀ ਲਹਿਰ ਦਾ ਤੱਤ-ਸਾਰ ਭਗਤ ਸਾਹਿਬਾਨ ਦੀ ਬਾਣੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਦਰਜ ਹੈ। ਸਮੁੱਚੀ ਗੁਰਬਾਣੀ ਨੂੰ ਗਹੁ ਨਾਲ਼ ਵਾਚਣ ਤੋਂ ਬਾਅਦ ਪ੍ਰਤੀਤ ਹੁੰਦਾ ਹੈ ਕਿ ਭਗਤ ਸਾਹਿਬਾਨ ਦੀ ਬਾਣੀ ਅੰਦਰ ਸੱਚੇ ਧਰਮ ਦੇ ਕਈ ਸੂਖਮ ਰਾਜ਼; ਇਸ਼ਾਰਾ ਮਾਤਰ ਹਨ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਵਿਸਥਾਰ ਸਹਿਤ ਸਪਸ਼ਟ ਕੀਤਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੀ ਕਣ-ਕਣ ’ਚ ਜੋਤਿ ਰੂਪ ਵਜੋਂ ਵਿਆਪਕਤਾ, ਉਸ ਦਾ ਹੁਕਮ, ਬ੍ਰਹਿਮੰਡ ਰਚਨ ਦਾ ਢੰਗ ਅਤੇ ਕਾਰਨ, ਮਨ ਦੀ ਬਣਤਰ ਆਦਿ ਵਿਸ਼ਿਆਂ ਉੱਤੇ ਬਹੁਤ ਹੀ ਖੋਜ ਭਰਪੂਰ ਤੱਥ; ਮਾਨਵਤਾ ਸਾਮ੍ਹਣੇ ਰੱਖੇ ਹਨ। ਐਸੀ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਰਨ ਵਾਸਤੇ ਵੀ ਬੜਾ ਖੋਜੀ ਦਿਮਾਗ਼ ਅਤੇ ਉੱਚਾ ਕਿਰਦਾਰ ਹੋਣਾ; ਬੜਾ ਲਾਜ਼ਮੀ ਹੈ।

ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ‘ਪੂਰਨ ਸਤਿਗੁਰੂ’; ਜਨਮ-ਮਰਨ ਦੇ ਗੇੜ ’ਚ ਨਹੀਂ ਹੁੰਦਾ, ਪਰ ਭਗਤ ਰਵਿਦਾਸ ਜੀ (ਪੂਰਨ ਮਨੁੱਖ) ਦੇ ਬਚਨ ਹਨ ‘‘ਬਹੁਤ ਜਨਮ ਬਿਛੁਰੇ ਥੇ ਮਾਧਉ  ! ਇਹੁ ਜਨਮੁ ਤੁਮ੍ਹਾਰੇ ਲੇਖੇ ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ’’ (ਭਗਤ ਰਵਿਦਾਸ/੬੯੪) ਪੂਰਨ ਸਤਿਗੁਰੂ ਦੀ ਕਿਰਪਾ ਨਾਲ਼ ਮਿਲੀ ਸਫਲਤਾ ਬਾਰੇ ਵੀ ਆਪ ਜੀ ਦੇ ਬਚਨ ਹਨ ‘‘ਜਨ ਰਵਿਦਾਸ ਰਾਮ ਰੰਗਿ (’) ਰਾਤਾ ਇਉ ਗੁਰ ਪਰਸਾਦਿ (ਨਾਲ਼) ਨਰਕ ਨਹੀ ਜਾਤਾ ’’ (ਭਗਤ ਰਵਿਦਾਸ/੪੮੭)

(ੲ). ਹੇਠਲੇ ਵਾਕਾਂ ’ਚ ਭਗਤ ਸਾਹਿਬਾਨ ਅਤੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਦੀ ਰਚਨਾ ਵਿੱਚ; ‘ਪੂਰਨ ਸਤਿਗੁਰੂ’ ਦੀ ਲੋੜ ਨੂੰ ਇੱਕੋ ਜਿਹਾ ਬਿਆਨ ਕੀਤਾ ਗਿਆ ਹੈ :

ਸਫਲ ਜਨਮੁ ਮੋ ਕਉ; ਗੁਰਿ (ਨੇ) ਕੀਨਾ ॥ ਦੁਖ ਬਿਸਾਰਿ, ਸੁਖ ਅੰਤਰਿ ਲੀਨਾ ॥ (ਭਗਤ ਨਾਮਦੇਵ/੮੫੮)

ਘਰਿ ਘਰਿ (’ਚ) ਖਾਇਆ; ਪਿੰਡੁ (ਸਰੀਰ) ਬਧਾਇਆ; ਖਿੰਥਾ ਮੁੰਦਾ ਮਾਇਆ ॥ ਭੂਮਿ ਮਸਾਣ ਕੀ ਭਸਮ ਲਗਾਈ; ਗੁਰ ਬਿਨੁ ਤਤੁ ਨ ਪਾਇਆ ॥ (ਭਗਤ ਤ੍ਰਿਲੋਚਨ/੫੨੬)

ਸਤਿਗੁਰ  ! ਮੈ ਬਲਿਹਾਰੀ ਤੋਰ ॥ ਜਿਨਿ, ਸਕਲ ਬਿਕਲ ਭ੍ਰਮ; ਕਾਟੇ ਮੋਰ (ਮੇਰੇ) ॥ ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ; ਕਾਟੈ ਕੋਟਿ ਕਰਮ ॥ (ਭਗਤ ਰਾਮਾਨੰਦ/੧੧੯੫) ਅਰਥ : ਹੇ ਪੂਰਨ ਸਤਿਗੁਰੂ ! ਮੈ ਤੇਰੇ ਤੋਂ ਕੁਰਬਾਨ ਹਾਂ, ਜਿਸ ਨੇ ਮੇਰੇ ਭਾਰੀ ਭਰਮ-ਭੁਲੇਖੇ ਦੂਰ ਕਰ ਦਿੱਤੇ। ਪੂਰਨ ਸਤਿਗੁਰੂ ਦਾ ਉਪਦੇਸ਼ ਜਦ ਕ੍ਰੋੜਾਂ ਬੁਰੇ ਐਬ ਖ਼ਤਮ ਕਰ ਦਿੰਦਾ ਹੈ ਤਾਂ ਰਾਮਾਨੰਦ ਦਾ ਮਾਲਕ ਪ੍ਰਭੂ; ਹਰ ਥਾਂ ਨਜ਼ਰ ਆਉਂਦਾ ਹੈ।

ਕਹੁ ਬੇਣੀ ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ; ਬਾਟ ਨ ਪਾਵੈ ॥ (ਭਗਤ ਬੇਣੀ/੧੩੫੧) ਆਦਿ।

ਉਕਤ ਸਾਰੇ ਹੀ ਵਾਕਾਂ ਵਿੱਚ ਭਗਤ ਸਾਹਿਬਾਨ; ਪੂਰਨ ਸਤਿਗੁਰੂ (ਪਾਰਸ/ਚੰਦਨ) ਨੂੰ ਛੂਹ ਕੇ ਪਾਰਸ ਬਣੇ, ਚੰਦਨ ਬਣੇ ਪ੍ਰਤੀਤ ਹੁੰਦੇ ਹਨ। ਇਹੀ ਗਵਾਹੀ; ਪੂਰਨ ਸਤਿਗੁਰੂ ਨੂੰ ਛੂਹ ਕੇ ਖ਼ੁਦ ਚੰਦਨ ਬਣੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਨੇ ਇਉਂ ਭਰੀ ਹੈ ‘‘ਨਾਮਾ ਛੀਬਾ ਕਬੀਰੁ ਜੁੋਲਾਹਾ; ਪੂਰੇ+ਗੁਰ ਤੇ ਗਤਿ ਪਾਈ (ਮਹਲਾ /੬੭), ਤ੍ਰਿਲੋਚਨ (ਨੂੰ) ਗੁਰ ਮਿਲਿ ਭਈ ਸਿਧਿ ਬੇਣੀ ਕਉ ਗੁਰਿ (ਨੇ) ਕੀਓ ਪ੍ਰਗਾਸੁ (ਮਹਲਾ /੧੧੯੨), ਨਾਮਾ ਜੈਦੇਉ ਕੰਬੀਰੁ ਤ੍ਰਿਲੋਚਨੁ; ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤਿ; ਧਨੁ ਧੰਨਾ ਜਟੁ ਸੈਣੁ ਮਿਲਿਆ ਹਰਿ ਦਈਆ ’’ (ਮਹਲਾ /੮੩੫) ਭਗਤ ਰਵਿਦਾਸ ਜੀ ਨੇ ਗੁਰੂ ਦੇ ਸਹਿਯੋਗ ਨਾਲ਼ ਚੰਦਨ ਬਣਨ ਦਾ ਖ਼ੁਦ ਵੀ ਜ਼ਿਕਰ ਕੀਤਾ ਹੈ; ਜਿਵੇਂ ਕਿ ‘‘ਸਾਧਸੰਗਤਿ ਬਿਨਾ ਭਾਉ ਨਹੀ ਊਪਜੈ; ਭਾਵ ਬਿਨੁ, ਭਗਤਿ ਨਹੀ ਹੋਇ ਤੇਰੀ ’’ (ਭਗਤ ਰਵਿਦਾਸ/੬੯੪) ਗੁਰੂ ਅਰਜਨ ਸਾਹਿਬ ਜੀ ਭਗਤ ਸਾਹਿਬਾਨ ਨੂੰ ਜਿੱਥੇ ਨਿਰਾਕਾਰ ਨਾਲ਼ ਇੱਕ-ਮਿੱਕ ਹੋਏ (ਪੂਰਨ ਮਨੁੱਖ) ਕਹਿ ਰਹੇ ਹਨ ਓਥੇ ਗੁਰੂ ਨਾਨਕ ਸਾਹਿਬ ਜੀ ਨੂੰ ਨਿਰਾਕਾਰ ਦਾ ਰੂਪ ਕਿਹਾ ਹੈ; ਜਿਵੇਂ ਕਿ ‘‘ਕਬੀਰਿ (ਨੇ) ਧਿਆਇਓ ਏਕ ਰੰਗ ਨਾਮਦੇਵ; ਹਰਿ ਜੀਉ ਬਸਹਿ ਸੰਗਿ ਰਵਿਦਾਸ ਧਿਆਏ ਪ੍ਰਭ ਅਨੂਪ ਗੁਰ ਨਾਨਕ ਦੇਵ; ਗੋਵਿੰਦ ਰੂਪ ’’ (ਮਹਲਾ /੧੧੯੨)

ਹਥਲੇ ਲੇਖ ਦਾ ਮਕਸਦ ਕੋਈ ਐਸਾ ਭਰਮ ਪੈਦਾ ਕਰਨਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ 35 ਬਾਣੀਕਾਰ ਮਹਾਂ ਪੁਰਖਾਂ ਦੇ ਰੂਹਾਨੀਅਤ ਜੀਵਨ ’ਚ ਕੋਈ ਅੰਤਰ ਰਿਹਾ ਸੀ ਬਲਕਿ ਇਹ ਵਿਚਾਰਨਾ ਹੈ ਕਿ ‘ਪੂਰਨ ਸਤਿਗੁਰੂ’ ਅਤੇ ‘ਪੂਰਨ ਮਨੁੱਖ’ ਦੇ ਦੁਨਿਆਵੀ ਸਫ਼ਰ ’ਚ ਕੀ ਕੀ ਅੰਤਰ ਹੁੰਦਾ ਹੈ। ਵੈਸੇ ਦੋਵੇਂ ਹੀ ਜੀਵਨ ਰੂਹਾਨੀਅਤ ਮਾਰਗ ’ਤੇ ਚੱਲਣ ਕਾਰਨ ਬਹੁਮੁੱਲੇ ਹੁੰਦੇ ਹਨ, ਜਿਨ੍ਹਾਂ ਨੂੰ ਕ੍ਰੋੜਾਂ ’ਚੋਂ ਕੋਈ ਇੱਕ ਅੱਧਾ ਹੀ ਪ੍ਰਾਪਤ ਕਰਦਾ ਹੈ। ਇਹੀ ਨਿਚੋੜ; ਜਗਤ ਵਿੱਚ ਸਭ ਤੋਂ ਲੰਬੀਆਂ ਯਾਤਰਾਵਾਂ ਕਰਨ ਵਾਲ਼ੇ ‘ਗੁਰੂ ਨਾਨਕ ਸਾਹਿਬ’ ਅਤੇ ‘ਗੁਰੂ ਤੇਗ਼ ਬਹਾਦਰ ਸਾਹਿਬ’ ਨੇ ਕੱਢਿਆ ਹੈ ‘‘ਹੈਨਿ ਵਿਰਲੇ, ਨਾਹੀ ਘਣੇ; ਫੈਲ ਫਕੜੁ ਸੰਸਾਰੁ (ਮਹਲਾ /੧੪੧੧), ਕੋਟਨ ਮੈ ਨਾਨਕ ਕੋਊ; ਨਾਰਾਇਨੁ ਜਿਹ ਚੀਤਿ (ਜਿਸ ਦੇ ਚਿੱਤ ਪ੍ਰਭੂ ਹੁੰਦੈ)’’ (ਮਹਲਾ /੧੪੨੭) ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵਾਲ਼ੇ ਗੁਰੂ ਅਰਜਨ ਸਾਹਿਬ ਜੀ ਨੇ ਵਾਰ-ਵਾਰ ਕਿਹਾ ਕਿ ਨਿਰਾਕਾਰ-ਅਦ੍ਰਿਸ਼ ਰੱਬ ਨੂੰ ਜਾਨਣ ਵਾਲ਼ੇ ਕ੍ਰੋੜਾਂ ਵਿੱਚੋਂ ਵਿਰਲੇ ਹੀ ਹੁੰਦੇ ਹਨ; ਜਿਵੇਂ ਕਿ ਬਚਨ ਹਨ ‘‘ਕੋਟਿ ਮਧੇ ਕਿਨੈ ਬਿਰਲੈ (ਨੇ) ਚੀਨਾ (ਪਛਾਣਿਆ) (ਸੁਖਮਨੀ/ਮਹਲਾ /੨੭੯), ਕੋਟਿ ਮਧੇ ਕੋ ਵਿਰਲਾ ਸੇਵਕੁ; ਹੋਰਿ ਸਗਲੇ ਬਿਉਹਾਰੀ ਰਹਾਉ (ਮਹਲਾ /੪੯੫), ਕੋਟਿ ਮਧੇ ਕੋਊ ਬਿਰਲਾ ਸੇਵਕੁ; ਪੂਰਨ ਭਗਤੁ ਚਿਰਾਨੋ ਰਹਾਉ (ਮਹਲਾ /੧੨੬੯), ਕੋਟਿ ਮਧੇ ਕੋ ਵਿਰਲਾ ਦਾਸੁ ’’ (ਮਹਲਾ /੧੩੪੦)

ਸੋ ਸੰਖੇਪ ’ਚ ਇਹੀ ਕਹਿਣਾ ਬਣਦਾ ਹੈ ਕਿ ਗੁਰਬਾਣੀ ਅੰਦਰ ਕੇਵਲ ਗੁਰੂ ਨਾਨਕ ਸਾਹਿਬ ਜੀ ਨੂੰ ਸ੍ਰਿਸ਼ਟੀ ਦੇ ਆਦਿ ਤੋਂ; ਨਿਰਾਕਾਰ ਦੀ ਜੋਤਿ ਰੂਪ ‘ਚ ਬਿਆਨ ਕੀਤਾ ਹੈ, ਜਿਨ੍ਹਾਂ ਨੇ ਅਗਾਂਹ ਆਪਣੇ ਉੱਤਰਾਧਿਕਾਰੀਆਂ ’ਚ ਆਪਣੀ ਜੋਤਿ (ਜੋ ਨਿਰਾਕਾਰੀ ਜੋਤਿ ਸੀ) ਨੂੰ ਸਥਾਪਿਤ ਕੀਤਾ; ਜਿਵੇਂ ਕਿ ਪਾਵਨ ਬਚਨ ਹਨ ‘‘ਜੋਤਿ ਓਹਾ ਜੁਗਤਿ ਸਾਇ; ਸਹਿ (ਨਾਨਕ ਪਾਤਿਸ਼ਾਹ ਨੇ) ਕਾਇਆ ਫੇਰਿ ਪਲਟੀਐ (ਬਲਵੰਡ ਸਤਾ/੯੬੬) ਭਾਵ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਅੰਦਰ ਜੋਤਿ ਅਤੇ ਜੀਵਨ ਰਹਿਣੀ; ਇੱਕ ਸਮਾਨ ਹੈ। ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਰੂਪ ’ਚ ਕੇਵਲ ਸਰੀਰ ਹੀ ਬਦਲਿਆ ਹੈ ‘‘ਜੋਤਿ ਸਮਾਣੀ ਜੋਤਿ ਮਾਹਿ; ਆਪੁ ਆਪੈ ਸੇਤੀ ਮਿਕਿਓਨੁ (ਆਪਣੇ ਆਪ ਨਾਲ਼ ਉਸ ਨੇ ਇੱਕ ਮਿੱਕ ਕੀਤਾ)’’ (ਬਲਵੰਡ ਸਤਾ/੯੬੭), ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ ਤਿਨਿ (ਉਸ ਨੇ) ਲਹਣਾ ਥਾਪਿ; ਜੋਤਿ ਜਗਿ (’) ਧਾਰੀ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੧) ਅਤੇ ਅਗਾਂਹ ਗੁਰੂ ਰਾਮਦਾਸ ਜੀ ਨੇ ਆਪਣੀ ਇਲਾਹੀ ਜੋਤਿ ਗੁਰੂ ਅਰਜਨ ਸਾਹਿਬ ਅੰਦਰ ਟਿਕਾ ਦਿੱਤੀ ‘‘ਰਾਮਦਾਸਿ ਗੁਰੂ (ਨੇ) ਜਗ ਤਾਰਨ ਕਉ; ਗੁਰ (ਨਾਨਕ) ਜੋਤਿ ਅਰਜੁਨ ਮਾਹਿ ਧਰੀ ’’ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੯) ਜਦਕਿ ਭਗਤ ਸਾਹਿਬਾਨ ਦੀ ਬਾਣੀ ਵਿੱਚੋਂ ਕੋਈ ਐਸਾ ਸੰਕੇਤ ਨਹੀਂ ਮਿਲਦਾ, ਜਿਸ ਤੋਂ ਪ੍ਰਤੀਤ ਹੋਵੇ ਕਿ ਉਨ੍ਹਾਂ ਅੰਦਰ ਕਿਸੇ ਪੂਰਨ ਸਤਿਗੁਰੂ ਦੀ ਜੋਤਿ ਜਾਂ ਨਿਰਾਕਾਰ ਦੀ ਇਲਾਹੀ ਜੋਤਿ ਸੀ/ਹੈ, ਜਿਸ ਨੂੰ ਉਨ੍ਹਾਂ ਆਪਣੇ ਉੱਤਰਾਧਿਕਾਰੀ ਵਜੋਂ ਦੂਜੇ-ਤੀਜੇ ਸਰੀਰ ’ਚ ਤਬਦੀਲ ਕੀਤਾ ਹੈ, ਇਸ ਲਈ ਪੂਰਨ ਸਤਿਗੁਰੂ; ਗੁਰੂ ਨਾਨਕ ਸਾਹਿਬ ਜੀ ਦੇ ਉੱਤਰਾਧਿਕਾਰੀ ਗੁਰੂ ਸਾਹਿਬਾਨ ਵਾਙ ਭਗਤ ਸਾਹਿਬਾਨ ਜਾਂ ਭੱਟ ਸਾਹਿਬਾਨ ਨੂੰ ‘ਸਤਿਗੁਰੂ’ ਜਾਂ ‘ਪੂਰਨ ਸਤਿਗੁਰੂ’ ਕਹਿਣਾ ਸਹੀ ਨਹੀਂ। ਵੈਸੇ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਇੱਕ ਕਬੀਲੇ ਦੇ ਮਹਾਂ ਪੁਰਖ ਸਮਝ ਕੇ ਪੂਜਣ ਵਾਲ਼ੇ ਸ਼ਰਧਾਵਾਨ ਭਾਵੇਂ ‘ਸਤਿਗੁਰੂ’ ਕਹਿ ਕੇ ਇਨ੍ਹਾਂ ਨੂੰ ਸਤਿਕਾਰ ਦੇਣ; ਸਿੱਖ ਨੂੰ ਉਨ੍ਹਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰਸਿੱਖ ਲਈ ਸਿਧਾਂਤ ਸਰਬੋਤਮ ਹੈ, ਨਾ ਕਿ ਕੋਈ ਸਰੀਰ।

ਦੂਜਾ ਸਵਾਲ ਕਿ ਜੇਕਰ ਸਤਿਗੁਰੂ; ਪੂਰਨ ਹੈ ਤਾਂ ਕੀ ਗੁਰੂ ਸ਼ਬਦ-ਗਿਆਨ ਤੋਂ ਬਾਹਰ ਕੁੱਝ ਹੋਰ ਗਿਆਨ ਨਹੀਂ ਬਚਦਾ ? ਇਸ ਦਾ ਜਵਾਬ ਇਹੀ ਹੈ ਕਿ ਨਿਰਾਕਾਰ-ਅਦ੍ਰਿਸ਼ ਸ਼ਕਤੀ ਦੀ ਹੋਂਦ ਨੂੰ ਆਪਣੇ ਅੰਦਰੋਂ ਪ੍ਰਗਟ ਕਰਨ ਕਾਰਨ ਹੀ ਗੁਰੂ ਨਾਨਕ ਸਾਹਿਬ ਜੀ ਨੂੰ ‘ਪੈਦਾਇਸ਼ੀ ਪੂਰਨ ਸਤਿਗੁਰੂ’ ਆਖਿਆ ਗਿਆ, ਨਾ ਕਿ ਨਿਰਾਕਾਰ ਦਾ ਅੰਤ ਪਾਉਣ ਕਾਰਨ। ਜੇ ਗੁਰਮਤਿ ਅਨੁਸਾਰੀ ਪ੍ਰਭੂ ਬਾਰੇ ਕਿਸੇ ਹੋਰ ਗ੍ਰੰਥ ’ਚ ਵੀ ਸ਼ਬਦ-ਗਿਆਨ ਮਿਲਿਆ ਤਾਂ ਗੁਰੂ ਸਾਹਿਬਾਨ ਨੇ ਉਨ੍ਹਾਂ ਅਮੋਲਕ ਰਚਨਾਵਾਂ ਨੂੰ ਵੀ ਆਪਣੇ ਸ਼ਬਦ-ਸੰਗ੍ਰਹਿ ’ਚ ਸ਼ਾਮਲ ਕੀਤਾ ਹੈ, ਨਾ ਕਿ ਉਨ੍ਹਾਂ ਨੂੰ ਅਣਡਿੱਠ ਕੀਤਾ ਜਾਂ ਉਨ੍ਹਾਂ ਦਾ ਵਿਰੋਧ ਕੀਤਾ ਹੈ। ਗੁਰਬਾਣੀ ਅੰਦਰ ਇੱਕ ਤੋਂ ਵੱਧ ਲਿਖਾਰੀ ਹੋਣਾ ਅਤੇ ਇੱਕ ਤੋਂ ਵੱਧ ਭਾਸ਼ਾਵਾਂ ਨੂੰ ਸ਼ਾਮਲ ਕਰਨਾ ਹੀ ਇਹ ਸਾਬਤ ਕਰਦਾ ਹੈ ਕਿ ਨਿਰਾਕਾਰ, ਆਕਾਰ (ਕੁਦਰਤਿ) ਅਤੇ ਮਨ ਬਾਰੇ ਪ੍ਰਗਟਾਇਆ ਤੱਥਾਂ ਆਧਾਰਿਤ ਗਿਆਨ; ਅਸੀਮ ਹੈ। ਜਿਸ ਨੂੰ ਅਣਗਿਣਤ ਗ੍ਰੰਥਾਂ ’ਚ ਜਾਂ ਅਣਗਿਣਤ ਲਿਖਤਾਂ ਰਾਹੀਂ ਪੂਰਨ ਕਲਮਬੰਦ ਨਹੀਂ ਕੀਤਾ ਜਾ ਸਕਦਾ। ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨ ਦੇ ਹੀ ਬਚਨ ਹਨ ਕਿ ਜਿਵੇਂ ਨਦੀਆਂ ਅਤੇ ਨਾਲੇ; ਸਮੁੰਦਰ ’ਚ ਪੈ ਕੇ ਸਮੁੰਦਰ ਦਾ ਅੰਤ ਨਹੀਂ ਜਾਣ ਸਕਦੇ; ਇਉਂ ਨਿਰਾਕਾਰ ਦਾ ਭੀ ਅੰਤ ਨਹੀਂ ਪੈ ਸਕਦਾ ‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ (’), ਜਾਣੀਅਹਿ (ਜਪੁ/ਮਹਲਾ ), ਹਰਿ ਕੀ ਕੀਮਤਿ ਨਾ ਪਵੈ; ਹਰਿ ਜਸੁ ਲਿਖਣੁ ਜਾਇ (ਮਹਲਾ /੭੫੬), ਕਬੀਰ  ! ਸਾਤ ਸਮੁੰਦਹਿ ਮਸੁ ਕਰਉ; ਕਲਮ ਕਰਉ ਬਨਰਾਇ ਬਸੁਧਾ ਕਾਗਦੁ ਜਉ ਕਰਉ; ਹਰਿ ਜਸੁ ਲਿਖਨੁ ਜਾਇ ੮੧’’ (ਭਗਤ ਕਬੀਰ/੧੩੬੮) ਅਰਥ : ਹੇ ਕਬੀਰ ਜੀ ! ਆਖ ਕਿ ਜੇ ਸੱਤੇ ਸਮੁੰਦਰਾਂ ਨੂੰ ਸਿਆਹੀ ਬਣਾ ਲਵਾਂ ਅਤੇ ਸਾਰੀ ਬਨਸਪਤੀ ਨੂੰ ਕਲਮ; ਤਾਂ ਭੀ ਨਿਰਾਕਾਰ ਦੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ, ਲਿਖੇ ਨਹੀਂ ਜਾ ਸਕਦੇ।

ਅੰਤ ’ਚ ਭਾਈ ਗੁਰਦਾਸ ਜੀ ਦੀ ਹੇਠਲੀ ਪਉੜੀ ਵਿਚਾਰਨਯੋਗ ਹੈ, ਜਿਸ ਵਿੱਚ ‘ਸਤਿਗੁਰ’ ਸ਼ਬਦ ਕੇਵਲ ਗੁਰੂ ਨਾਨਕ ਸਾਹਿਬ ਲਈ ਹੈ, ਬਾਕੀ ਉੱਤਰਾਧਿਕਾਰੀ ਗੁਰੂ ਸਾਹਿਬਾਨ ਲਈ; ਕੇਵਲ ‘ਗੁਰ’ ਜਾਂ ‘ਸਿੱਖ’ ਸ਼ਬਦ ਵਰਤੇ ਗਏ ਹਨ :

ਸਤਿਗੁਰ ਨਾਨਕ ਦੇਉ; ਆਪੁ ਉਪਾਇਆ। ਗੁਰ ਅੰਗਦੁ; ਗੁਰਸਿਖੁ ਬਬਾਣੇ ਆਇਆ।

ਗੁਰਸਿਖੁ ਹੈ ਗੁਰ ਅਮਰੁ; ਸਤਿਗੁਰ ਭਾਇਆ। ਰਾਮਦਾਸੁ ਗੁਰਸਿਖੁ; ਗੁਰ ਸਦਵਾਇਆ।

ਗੁਰੁ, ਅਰਜਨੁ ਗੁਰਸਿਖੁ; ਪਰਗਟੀ ਆਇਆ। ਗੁਰਸਿਖੁ ਹਰਿਗੋਵਿੰਦੁ; ਨ ਲੁਕੈ ਲੁਕਾਇਆ ॥੧॥

(ਭਾਈ ਗੁਰਦਾਸ ਜੀ/ਵਾਰ ੨੦ ਪਉੜੀ ੧)

ਅਰਥ : ਅਕਾਲ ਪੁਰਖ ਨੇ ਆਪ (ਆਪਣੀ ਜੋਤਿ ਪਾ ਕੇ) ਸਤਿਗੁਰੂ ਨਾਨਕ ਸਾਹਿਬ ਜੀ ਨੂੰ ਜਗਤ ’ਚ ਪੈਦਾ ਕੀਤਾ। ਬਾਬੇ (ਨਾਨਕ ਜੀ) ਦੀ ਸ਼ਰਨ ’ਚ ਗੁਰਸਿੱਖ ਬਣ ਕੇ ਆਏ ਅੰਗਦ ਜੀ; ਆਪ ਵੀ ਗੁਰੂ ਬਣੇ। ਗੁਰਸਿੱਖ ਬਣ ਕੇ ਸ਼ਰਨ ’ਚ ਆਏ ਅਮਰਦਾਸ ਜੀ; ਸਤਿਗੁਰੂ (ਅੰਗਦ ਸਾਹਿਬ) ਨੂੰ ਗੁਰੂ ਰੂਪ ’ਚ ਪਸੰਦ ਆਏ। (ਗੁਰੂ ਅਮਰਦਾਸ ਜੀ ਦੀ) ਸ਼ਰਨ ’ਚ ਗੁਰਸਿੱਖ ਬਣ ਕੇ ਆਏ ਰਾਮਦਾਸ ਜੀ; ਗੁਰੂ ਅਖਵਾਏ। (ਗੁਰੂ ਰਾਮਦਾਸ ਜੀ ਦੀ) ਸ਼ਰਨ ’ਚ ਗੁਰਸਿੱਖ ਬਣ ਕੇ ਆਏ ਅਰਜਨ ਜੀ; ਆਪ ਵੀ ਗੁਰੂ ਬਣ ਗਏ। (ਗੁਰੂ ਅਰਜਨ ਸਾਹਿਬ ਦੀ) ਸ਼ਰਨ ’ਚ ਗੁਰਸਿੱਖ ਬਣ ਕੇ ਆਏ ਹਰਗੋਵਿੰਦ ਜੀ, ਜੋ ਛੁਪ ਨਹੀਂ ਸਕਦੇ ਯਾਨੀ ਜਗਤ ਗੁਰੂ, ਪ੍ਰਸਿੱਧ ਹੋਏ।

ਸੋ ਰੂਹਾਨੀਅਤ ਮਾਰਗ ਦੇ ਚਾਹਵਾਨਾਂ ਸਿੱਖਾਂ ਨੂੰ ਸਦਾ ਆਪਣੇ ‘ਪੂਰਨ ਸਤਿਗੁਰੂ’ ਉੱਤੇ ਭਰੋਸਾ ਹੋਣਾ ਚਾਹੀਦਾ ਹੈ ਅਤੇ ਰਸਨਾ ਨਾਲ਼ ਇਹੀ ਅਰਦਾਸ ਕਰਨੀ ਫਬਦੀ ਹੈ ‘‘ਗੁਰੁ ਦਾਤਾ ਸਮਰਥੁ ਗੁਰੁ; ਗੁਰੁ ਸਭ ਮਹਿ ਰਹਿਆ ਸਮਾਇ ਗੁਰੁ ਪਰਮੇਸਰੁ ਪਾਰਬ੍ਰਹਮੁ; ਗੁਰੁ ਡੁਬਦਾ ਲਏ ਤਰਾਇ ’’ (ਮਹਲਾ /੪੯)

Most Viewed Posts