ਧੁਮੱਕੜਸ਼ਾਹੀ ਕੈਲੰਡਰ ਦੀਆਂ ਪ੍ਰਾਪਤੀਆਂ

1
83

ਧੁਮੱਕੜਸ਼ਾਹੀ ਕੈਲੰਡਰ ਦੀਆਂ ਪ੍ਰਾਪਤੀਆਂ

ਸਰਵਜੀਤ ਸਿੰਘ ਸੈਕਰਾਮੈਂਟੋ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਅਕਤੂਬਰ 2009 ਵਿੱਚ ਬਣਾਈ ਗਈ ਦੋ ਮੈਂਬਰੀ ਕੈਲੰਡਰ ਵਿਗਾੜੂ ਕਮੇਟੀ ਦੇ ਮੈਂਬਰਾਂ, ਭਾਈ ਹਰਨਾਮ ਸਿੰਘ ਧੁੰਮਾ ਅਤੇ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਨਾਮ ਨਾਲ ਜਾਣਿਆ ਜਾਂਦਾ ਧੁਮੱਕੜਸ਼ਾਹੀ ਕੈਲੰਡਰ ਪਿਛਲੇ 12 ਸਾਲਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚਰਚਾ ਦੀ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸੰਬੰਧਿਤ ਦੋ ਦਿਹਾੜਿਆਂ ਦੀਆਂ ਤਾਰੀਖਾਂ ਦੀ ਚਰਚਾ ਕਰਾਂਗੇ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਸੰਮਤ 554 ਨਾਨਕਸ਼ਾਹੀ (2022-23 ਈ:) ਦੇ ਕੈਲੰਡਰ ਵਿੱਚ ਸਰਹਿੰਦ ਫ਼ਤਿਹ ਦਿਵਸ 29 ਵੈਸਾਖ (12 ਮਈ) ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 11 ਹਾੜ (25 ਜੂਨ) ਦਾ ਦਰਜ ਹੈ। ਪਿਛਲੇ ਸਾਲ ਦੇ ਕੈਲੰਡਰ (ਸੰਮਤ 553 ਨਾਨਕਸ਼ਾਹੀ) ਵਿੱਚ, ਸਰਹਿੰਦ ਫ਼ਤਿਹ ਦਿਵਸ 30 ਵੈਸਾਖ (12 ਮਈ) ਅਤੇ ਸ਼ਹੀਦੀ ਦਿਹਾੜਾ 11 ਹਾੜ (25 ਜੂਨ) ਦਾ ਦਰਜ ਸੀ। ਹੇਠਲੇ ਚਾਰਟ ਨੂੰ ਧਿਆਨ ਨਾਲ਼ ਵੇਖੋ ਜੀ।

ਸਰਹਿੰਦ ਫ਼ਤਿਹ ਦਿਵਸ ਦਾ ਪ੍ਰਵਿਸ਼ਟਾ 29 ਵੈਸਾਖ ਜਾਂ 30 ਵੈਸਾਖ ਹੈ, ਪਰ ਅੰਗਰੇਜ਼ੀ ਤਾਰੀਖ ਹਰ ਸਾਲ 12 ਮਈ ਹੀ ਹੈ। ਜਿਹੜੇ ਸਾਲ ਵਿੱਚ ਵੈਸਾਖੀ 14 ਅਪ੍ਰੈਲ ਨੂੰ ਆਉਂਦੀ ਹੈ, ਉਸ ਸਾਲ 12 ਮਈ ਨੂੰ 29 ਵੈਸਾਖ ਬਣਦਾ ਹੈ ਅਤੇ ਜਿਹੜੇ ਸਾਲ ਵੈਸਾਖੀ 13 ਅਪ੍ਰੈਲ ਨੂੰ ਆਈ ਸੀ ਉਸ ਸਾਲ 12 ਮਈ ਨੂੰ 30 ਵੈਸਾਖ ਬਣਦਾ ਹੈ। ਇਸ ਤੋਂ ਸਪਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਇਹ ਦਿਹਾੜਾ ਪ੍ਰਵਿਸ਼ਟਿਆਂ ਮੁਤਾਬਕ ਨਹੀਂ ਸਗੋਂ ਅੰਗਰੇਜ਼ੀ ਤਾਰੀਖ (12 ਮਈ) ਮੁਤਾਬਕ ਮਨਾਉਂਦੀ ਹੈ।

ਸੰਪਾਦਕੀ ਨੋਟ : ਬਾਦਸ਼ਾਹ ਨੂੰ ਭੇਜੀ ਜਾਂਦੀ ਰੋਜ਼ਾਨਾ ਡਾਇਰੀ ਰਿਪੋਰਟ ਵਿੱਚ ਸਰਹਿੰਦ ਫ਼ਤਿਹ ਦਿਵਸ ਦੀ ਤਾਰੀਖ਼ 24 ਰੱਬੀ-ਉਲ-ਅਵਲ, ਹਿਜਰੀ ਸੰਮਤ 1122 ਲਿਖੀ ਹੋਈ ਹੈ, ਜਿਸ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕਰਨ ’ਤੇ ੧੫ ਜੇਠ, ਜੇਠ ਵਦੀ ੧੧, ਦਿਨ ਸ਼ਨਿਚਰਵਾਰ, ਬਿਕ੍ਰਮੀ ਸੰਮਤ ੧੭੬੭ (ਸੂਰਜੀ ਸਿਧਾਂਤ)/ 13 ਮਈ 1710 ਬਣਦਾ ਹੈ। ਡਾ: ਗੰਡਾ ਸਿੰਘ ਨੇ ਤਾਰੀਖ਼ਾਂ ਦੀ ਤਬਦੀਲੀ ਲਈ ਸ੍ਵਾਮੀਕੰਨੂ ਪਿੱਲੇ ਦੀ ਜੰਤਰੀ ਦੀ ਵਰਤੋਂ ਕੀਤੀ ਹੈ। ਸ੍ਵਾਮੀਕੰਨੂ ਪਿੱਲੇ ਤਾਮਿਲਨਾਡੂ ਦਾ ਰਹਿਣ ਵਾਲਾ ਹੋਣ ਕਾਰਨ ਉਸ ਨੇ ਆਪਣੀ ਜੰਤਰੀ ’ਚ ਤਾਮਿਲਨਾਡੂ ’ਚ ਪ੍ਰਚਲਿਤ ਨਿਯਮਾਂ ਵਾਲੇ ਕੈਲੰਡਰ ਦੀਆਂ ਤਾਰੀਖ਼ਾਂ ਦਰਜ ਕੀਤੀਆਂ ਹਨ, ਜਿਸ ਦੀਆਂ ਕੁਝ ਸੰਗਰਾਂਦਾਂ ’ਚ ਪੰਜਾਬ ਦੀਆਂ ਸੰਗਰਾਂਦਾਂ ਨਾਲੋਂ ਇੱਕ ਦਿਨ ਦਾ ਫ਼ਰਕ ਹੋ ਸਕਦਾ ਹੈ। ਉਨ੍ਹਾਂ ਨੇ ਹੇਠਾਂ ਨੋਟ ਵੀ ਲਿਖਿਆ ਹੈ ਕਿ ਦੂਸਰੇ ਸੂਬਿਆਂ ਦੀਆਂ ਤਾਰੀਖ਼ਾਂ ਲਿਖਣ ਸਮੇਂ ਉੱਥੋਂ ਦੇ ਨਿਯਮਾਂ ਮੁਤਾਬਕ ਸੋਧ ਕਰ ਲਈ ਜਾਵੇ, ਪਰ ਡਾ: ਗੰਡਾ ਸਿੰਘ ਜੀ ਨੇ ਇਹ ਨੋਟ ਨਹੀਂ ਵੇਖਿਆ ਤੇ ਤਾਮਿਲਨਾਡੂ ਦੇ ਨਿਯਮਾਂ ਵਾਲੀ ਤਾਰੀਖ਼ 12 ਮਈ ਲਿਖ ਦਿੱਤੀ। ਉਨ੍ਹਾਂ ਤੋਂ ਵੇਖ ਕੇ ਬਾਕੀ ਦੇ ਲੇਖਕ ਅਤੇ ਇਤਿਹਾਸਕਾਰ 12 ਮਈ ਹੀ ਲਿਖਦੇ ਗਏ; ਇਉਂ 12 ਮਈ ਪ੍ਰਚਲਿਤ ਹੋ ਗਈ। ਇੱਥੋਂ ਹੀ ਸ੍ਰੋਮਣੀ ਕਮੇਟੀ ਨੇ 12 ਮਈ ਤਾਰੀਖ਼ ਲੈ ਕੇ ਆਪਣੇ ਕੈਲੰਡਰਾਂ ’ਚ ਦਰਜ ਕਰਨੀ ਸ਼ੁਰੂ ਕਰ ਦਿੱਤੀ। ਕਮੇਟੀ ਦੇ ਕੈਲੰਡਰ ਸੋਧ ਵਿਦਵਾਨਾਂ (ਭਾਈ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ) ਨੂੰ ਇਹ ਸਮਝ ਵੀ ਨਾ ਪਈ ਕਿ ਜੇ ਬਾਕੀ ਦੀਆਂ ਸਾਰੀਆਂ ਤਾਰੀਖ਼ਾਂ ਪ੍ਰਵਿਸ਼ਟਿਆ ਮੁਤਾਬਕ ਹਨ ਤਾਂ ਸਰਹਿੰਦ ਫ਼ਤਿਹ ਦਿਵਸ ਦਾ ਵੀ ਪ੍ਰਵਿਸ਼ਟਾ ਲਿਖਿਆ ਜਾਵੇ, ਜੋ 12 ਮਈ 1710 ਈ: ਦੇ ਹਿਸਾਬ ਨਾਲ ੧੪ ਜੇਠ ਬਣਦਾ ਹੈ ਅਤੇ ਜੇ ਸਹੀ ਤਾਰੀਖ਼ ਲੈਣੀ ਹੋਵੇ ਤਾਂ 24 ਰੱਬੀ-ਉਲ-ਅਵਲ, ਹਿਜਰੀ ਸੰਮਤ 1122 ਦੇ ਹਿਸਾਬ ੧੫ ਜੇਠ, ਬਿਕ੍ਰਮੀ ਸੰਮਤ ੧੭੬੭ (ਸੂਰਜੀ ਸਿਧਾਂਤ)/ 13 ਮਈ 1710 ਬਣਦਾ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ੧੫ ਜੇਠ ਦਾ ਪ੍ਰਵਿਸ਼ਟਾ ਹੀ ਦਰਜ ਹੈ, ਜੋ ਹਰ ਸਾਲ 29 ਮਈ (ਗ੍ਰੈਗੋਰੀਅਨ) ਨੂੰ ਆਉਂਦਾ ਹੈ। (ਗਿਆਨੀ ਅਵਤਾਰ ਸਿੰਘ)

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 11 ਹਾੜ ਦਾ ਦਰਜ ਹੈ, ਪਰ ਤਾਰੀਖ 24 ਜੂਨ ਜਾਂ 25 ਜੂਨ ਲਿਖੀ ਹੈ। ਜਿਹੜੇ ਸਾਲ ਜੇਠ ਦੀ ਸੰਗਰਾਂਦ 14 ਜੂਨ ਨੂੰ ਆਈ, ਉਸ ਸਾਲ 11 ਹਾੜ ਨੂੰ 24 ਜੂਨ ਹੈ ਅਤੇ ਜਿਹੜੇ ਸਾਲ ਹਾੜ ਦੀ ਸੰਗਰਾਂਦ 15 ਜੂਨ ਨੂੰ ਹੈ ਉਸ ਸਾਲ 11 ਹਾੜ ਨੂੰ 25 ਜੂਨ। ਇਸ ਤੋਂ ਇਹ ਸਪਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਇਹ ਦਿਹਾੜਾ ਪ੍ਰਵਿਸ਼ਟਿਆਂ ਮੁਤਾਬਕ (11 ਹਾੜ) ਮਨਾਉਂਦੀ ਹੈ, ਨਾ ਕਿ ਅੰਗਰੇਜ਼ੀ ਤਾਰੀਖ ਮੁਤਾਬਕ। ਸੋ ਸ਼੍ਰੋਮਣੀ ਕਮੇਟੀ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਸਰਹਿੰਦ ਫ਼ਤਿਹ ਦਿਵਸ ਤਾਂ ਤਾਰੀਖ (12 ਮਈ) ਮੁਤਾਬਕ ਮਨਾਉਂਦੀ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਪ੍ਰਵਿਸ਼ਟਿਆਂ (11 ਹਾੜ) ਮੁਤਾਬਕ। ਆਓ ਹੁਣ ਵੇਖੀਏ ਕਿ ਇਨ੍ਹਾਂ ਦੋਵਾਂ ਦਿਹਾੜਿਆਂ ਦੀ ਅਸਲ ਤਾਰੀਖ ਕੀ ਹੈ ?

ਡਾ. ਸੁਖਦਿਆਲ ਸਿੰਘ ਆਪਣੀ ਕਿਤਾਬ ‘ਚੱਪੜ-ਚਿੜੀ ਦੀ ਲੜਾਈ ਅਤੇ ਖਾਲਸਾ ਰਾਜ ਦੀ ਸਥਾਪਨਾ’ ਵਿੱਚ ਲਿਖਦੇ ਹਨ ‘ਚੱਪੜ-ਚਿੜੀ ਦੀ ਲੜਾਈ 22 ਮਈ, 1710 ਨੂੰ ਲੜੀ ਗਈ ਸੀ’। (ਪੰਨਾ 35) ਆਪਣੀ ਇਕ ਹੋਰ ਕਿਤਾਬ ‘ਖਾਲਸਾ ਰਾਜ ਦਾ ਬਾਨੀ ਬੰਦਾ ਸਿੰਘ ਬਹਾਦਰ’ ਵਿੱਚ ਡਾ. ਸੁਖਦਿਆਲ ਸਿੰਘ ਲਿਖਦੇ ਹਨ ‘ਚੱਪੜ ਚਿੜੀ ਦੀ ਲੜਾਈ ਸਿੰਘਾਂ ਅਤੇ ਮੁਗਲ ਹਕੂਮਤ ਵਿਚਕਾਰ 12 ਮਈ, 1710 ਈ: ਨੂੰ ਲੜੀ ਗਈ ਸੀ’। (ਪੰਨਾ 42) ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਤਿਹਾਸ ਦੀ ਇਕੋ ਘਟਨਾ ਦੀਆਂ ਦੋ ਤਾਰੀਖਾਂ ਕਿਵੇਂ ਹੋ ਸਕਦੀਆਂ ਹਨ ? ਭਾਵੇਂ ਡਾ. ਸੁਖਦਿਆਲ ਸਿੰਘ ਆਪਣੀਆਂ ਲਿਖਤਾਂ ਵਿੱਚ, ਤਾਰੀਖਾਂ ਦੇ ਮਾਮਲੇ ਵਿੱਚ ਬਹੁਤ ਉਲਝਿਆ ਹੋਇਆ ਹੈ, ਪਰ ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਜਦੋਂ ਇਕੋ ਘਟਨਾ ਦੀਆਂ ਦੋ ਤਾਰੀਖਾਂ ਵਿੱਚ 10-11 ਦਿਨਾਂ ਦਾ ਫਰਕ ਹੋਵੇ, ਤਾਂ ਇਹ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ਦਾ ਮਸਲਾ ਹੁੰਦਾ ਹੈ।  12 ਮਈ 1710 ਈ: ਜੂਲੀਅਨ ਕੈਲੰਡਰ ਦੀ ਤਾਰੀਖ ਹੈ ਅਤੇ 22 ਮਈ 1710 ਈ: ਗਰੈਗੋਰੀਅਨ ਕੈਲੰਡਰ ਦੀ ਤਾਰੀਖ ਹੈ। ਭਾਵੇਂ ਕਿ ਇਹ ਵੀ ਸਹੀ ਨਹੀਂ 12 ਮਈ ਜੂਲੀਅਨ ਦੀ 23 ਗਰੈਗੋਰੀਅਨ ਬਣਦੀ ਹੈ, ਪਰ ਇੱਥੇ ਸਾਡਾ ਇਹ ਵਿਸ਼ਾ ਨਹੀਂ। ਅਸੀਂ ਸ੍ਰੋਮਣੀ ਕਮੇਟੀ ਵਾਲੀ 12 ਮਈ (ਜੂਲੀਅਨ) ਨੂੰ ਸਹੀ ਮੰਨ ਕੇ ਚੱਲਦੇ ਹਾਂ। ਜੂਲੀਅਨ ਕੈਲੰਡਰ ਕਦੇ ਵੀ ਆਪਣੇ ਖਿੱਤੇ ਵਿੱਚ ਲਾਗੂ ਨਹੀਂ ਹੋਇਆ। ਆਪਣੇ ਖਿੱਤੇ ਵਿੱਚ ਲਾਗੂ ਬਿਕ੍ਰਮੀ ਕੈਲੰਡਰ ਦੇ ਮੁਤਾਬਕ 12 ਮਈ (ਜੂਲੀਅਨ) ਨੂੰ 14 ਜੇਠ ਸੀ ਭਾਵ ਚੱਪੜ-ਚਿੜੀ ਦੀ ਲੜਾਈ 14 ਜੇਠ ਸੰਮਤ 1767 ਬਿ: ਦਿਨ ਸ਼ੁਕਰਵਾਰ ਨੂੰ ਹੋਈ ਸੀ।

ਡਾ. ਸੁਖਦਿਆਲ ਸਿੰਘ ਆਪਣੀ ਇਕ ਹੋਰ ਕਿਤਾਬ ‘ਬੰਦਾ ਸਿੰਘ ਬਹਾਦਰ- ਇਤਿਹਾਸਕ ਅਧਿਐਨ’ ਵਿੱਚ ਲਿਖਦਾ ਹੈ ਕਿ ‘ਇਸੇ ਤਰ੍ਹਾਂ ਹੀ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹਿਜਰੀ ਸੰਮਤ ਅਨੁਸਾਰ 29 ਜਮਾਦੀ-ਉਸਾਨੀ 1128 ਨੂੰ ਵਿਲੀਅਮ ਇਰਵਿਨ ਨੇ 19 ਜੂਨ 1716 ਲਿਖਿਆ ਹੈ ਅਤੇ ਗੰਡਾ ਸਿੰਘ ਨੇ 9 ਜੂਨ 1716 ਲਿਖਿਆ ਹੈ। ਇਉਂ ਦੋਹਾਂ ਵੱਲੋਂ ਦਿੱਤੀਆਂ ਮਿਤੀਆਂ ਵਿੱਚ 10 ਦਿਨਾਂ ਦਾ ਫ਼ਰਕ ਹੈ। ਹੁਣ ਦੋਹਾ ਵਿੱਚੋਂ ਅਪਣਾਇਆ ਕਿਸ ਨੂੰ ਜਾਵੇ’। (ਪੰਨਾ 216) ਇੱਥੇ ਵੀ ਉਹੀ ਸਮੱਸਿਆ ਹੈ ਡਾ. ਗੰਡਾ ਸਿੰਘ ਵੱਲੋਂ ਲਿਖੀ 9 ਜੂਨ ਜੂਲੀਅਨ ਕੈਲੰਡਰ ਦੀ ਤਾਰੀਖ ਹੈ ਅਤੇ ਵਿਲੀਅਮ ਇਰਵਿਨ ਵੱਲੋਂ ਲਿਖੀ 19 ਜੂਨ ਗਰੈਗੋਰੀਅਨ ਦੀ, ਪਰ ਇਕ ਦਿਨ ਦਾ ਫ਼ਰਕ ਇੱਥੇ ਵੀ ਹੈ।  9 ਜੂਨ (ਜੂਲੀਅਨ) ਨੂੰ 20 ਜੂਨ (ਗਰੈਗੋਰੀਅਨ) ਬਣਦੀ ਹੈ। ਹਿਜਰੀ ਕੈਲੰਡਰ ਮੁਤਾਬਕ 9 ਜੂਨ ਸਹੀ ਹੈ।  9 ਜੂਨ 1716 ਈ: (ਜੂਲੀਅਨ) ਨੂੰ 11 ਹਾੜ ਸੰਮਤ 1773 ਬਿ: ਦਿਨ ਸ਼ਨਿਚਰਵਾਰ ਸੀ। ਸ਼੍ਰੋਮਣੀ ਕਮੇਟੀ ਹਰ ਸਾਲ ਆਪਣੇ ਕੈਲੰਡਰ ਵਿੱਚ ਇਹ ਦਿਹਾੜਾ 11 ਹਾੜ ਦਾ ਹੀ ਦਰਜ ਕਰਦੀ ਹੈ। ਯਾਦ ਰਹੇ ਨਾਨਕਸ਼ਾਹੀ ਕੈਲੰਡਰ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 11 ਹਾੜ ਹੀ ਲਿਖਿਆ ਹੈ।

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 11 ਹਾੜ ਦਾ ਹੈ ਅਤੇ ਸ਼੍ਰੋਮਣੀ ਕਮੇਟੀ ਵੀ 11 ਹਾੜ ਨੂੰ ਹੀ (ਭਾਵ ਪ੍ਰਵਿਸ਼ਟਿਆਂ ਮੁਤਾਬਕ ਹੀ) ਮਨਾਉਂਦੀ ਹੈ। ਸਰਹਿੰਦ ਫ਼ਤਿਹ ਦਿਵਸ ਨੂੰ ਸ਼੍ਰੋਮਣੀ ਕਮੇਟੀ ਹਰ ਸਾਲ 12 ਮਈ (ਭਾਵ ਜੂਲੀਅਨ ਕੈਲੰਡਰ ਮੁਤਾਬਕ) ਨੂੰ ਮਨਾਉਂਦੀ ਹੈ। ਆਮ ਬੰਦਾ ਜ਼ਰੂਰ ਸੋਚਦਾ ਹੈ ਕਿ ਇੱਕ ਦਿਹਾੜਾ ਪ੍ਰਵਿਸ਼ਟਿਆਂ ਮੁਤਾਬਕ ਅਤੇ ਦੂਜਾ ਜੂਲੀਅਨ ਕੈਲੰਡਰ ਮੁਤਾਬਕ   !  !  ਐਸਾ ਕਿਉਂ ? ਸਰਹਿੰਦ ਫ਼ਤਿਹ ਦਿਵਸ ਨੂੰ ਪ੍ਰਵਿਸ਼ਟਿਆਂ ਮੁਤਾਬਕ ਕਿਉ ਨਹੀਂ ਮਨਾਇਆ ਜਾਣਾ ਚਾਹੀਦਾ ? 12 ਮਈ 1710 ਈ: (ਜੂਲੀਅਨ) ਦਿਨ ਸ਼ੁਕਰਵਾਰ ਨੂੰ 14 ਜੇਠ ਸੰਮਤ 1767 ਬਿ: ਸੀ। ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 11 ਹਾੜ ਨੂੰ ਮਨਾਇਆ ਜਾ ਸਕਦਾ ਹੈ ਤਾਂ ਸਰਹਿੰਦ ਫ਼ਤਿਹ ਦਿਵਸ ਹਰ ਸਾਲ 14 ਜੇਠ ਨੂੰ ਕਿਉ ਨਹੀਂ ? ਜਿਹੜਾ ਦਿਹਾੜਾ 14 ਜੇਠ ਦਾ ਹੈ ਉਹ 29 ਜਾਂ 30 ਵੈਸਾਖ ਨੂੰ ਕਿਵੇਂ ਮਨਾਇਆ ਜਾ ਸਕਦਾ ਹੈ ? ਜਿਹੜਾ ਕੈਲੰਡਰ ਕਦੇ ਆਪਣੇ ਖਿੱਤੇ ਵਿੱਚ ਲਾਗੂ ਹੀ ਨਹੀਂ ਹੋਇਆ, ਉਸ ਕੈਲੰਡਰ ਮੁਤਾਬਕ ਇਤਿਹਾਸਿਕ ਦਿਹਾੜੇ ਕਿਉਂ ਮਨਾਏ ਜਾ ਰਹੇ ਹਨ ? ਹੁਣ ਇਤਿਹਾਸ ਨਾਲ ਖਿਲਵਾੜ ਕੌਣ ਕਰ ਰਿਹਾ ਹੈ ? ਜਿਹੜੇ ਕਹਿੰਦੇ ਹਨ ਕਿ ਗੁਰੂ ਸਾਹਿਬ ਵਾਲਾ ਕੈਲੰਡਰ ਕਿਉਂ ਛੱਡੀਏ ? (ਜਿਸ ਨੂੰ ਆਪ 1964-65 ਵਿੱਚ ਛੱਡ ਵੀ ਚੁੱਕੇ ਹਨ ਜਦ ਪੰਡਿਤਾਂ ਨੇ ਆਪਣੇ ਇਸ ਕੈਲੰਡਰ ’ਚ ਸੋਧ ਕੀਤੀ ਸੀ) ਕੀ ਉਨ੍ਹਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਧੁਮੱਕੜਸ਼ਾਹੀ ਕੈਲੰਡਰ ’ਚ ਤਾਂ ਜੂਲੀਅਨ ਕੈਲੰਡਰ ਵੀ ਸ਼ਾਮਲ ਹੈ ?

ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਵਿੱਚ ਕੁਝ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 354.37 ਦਿਨ), ਕੁਝ ਦਿਹਾੜੇ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 365.2563 ਦਿਨ), ਕੁਝ ਦਿਹਾੜੇ ਜੂਲੀਅਨ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 365.25 ਦਿਨ) ਅਤੇ ਕੁਝ ਦਿਹਾੜੇ ਗਰੈਗੋਰੀਅਨ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 365.2425 ਦਿਨ) ਦਰਜ ਕੀਤੇ ਜਾਂਦੇ ਹਨ। ਇਹ ਹਨ ਧੁਮੱਕੜਸ਼ਾਹੀ ਕੈਲੰਡਰ ਦੀਆਂ ਕੁਝ ਪ੍ਰਾਪਤੀਆਂ।

ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਸਾਰੇ ਦਿਹਾੜੇ ਇਕ ਕੈਲੰਡਰ ਮੁਤਾਬਕ ਕਿਉਂ ਨਹੀਂ ਮਨਾਏ ਜਾਣੇ ਚਾਹੀਦੇ ?

1 COMMENT

Comments are closed.