29.3 C
Jalandhar
Saturday, April 4, 2026
spot_img
Home Blog Page 34

ਧਰਮ ਨਿਰਪੱਖਤਾ ਅਤੇ ਮਨੁੱਖੀ ਅਧਿਕਾਰਾਂ ਦੇ ਹਿਮਾਇਤੀ ਗੁਰੂ ਗ੍ਰੰਥ ਸਾਹਿਬ ਜੀ

0

ਧਰਮ ਨਿਰਪੱਖਤਾ ਅਤੇ ਮਨੁੱਖੀ ਅਧਿਕਾਰਾਂ ਦੇ ਹਿਮਾਇਤੀ ਗੁਰੂ ਗ੍ਰੰਥ ਸਾਹਿਬ ਜੀ

ਕਿਰਪਾਲ ਸਿੰਘ ਬਠਿੰਡਾ

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਦੇਸ਼ ਦੀ ਧਾਰਮਿਕ, ਸਮਾਜਿਕ ਅਤੇ ਆਰਥਿਕ ਹਾਲਤ ਇਹ ਸੀ ਕਿ ਸ਼ਨਾਤਨੀ ਧਰਮ ਦੇ ਫਿਰਕੇ ਉਦਾਸੀ ਮੱਠ, ਜੋਗਮੱਤ ਤੋਂ ਇਲਾਵਾ ਜੈਨ ਮੱਤ ਦਾ ਪ੍ਰਚਾਰ ਸੀ। ਸ਼ਨਾਤਨੀ ਧਰਮ ਦੇ ਧਾਰਮਿਕ ਗ੍ਰੰਥਾਂ ਨੇ ਮਨੁੱਖ ਨੂੰ ਚਾਰ ਵਰਨਾਂ (ਬ੍ਰਾਹਮਣ, ਖੱਤਰੀ, ਵੈਸ, ਸੂਦ) ’ਚ ਵੰਡ ਕੇ ਇਹ ਪ੍ਰਚਾਰਿਆ ਕਿ ਬ੍ਰਾਹਮਣ ਬ੍ਰਹਮਾਂ ਦੇ ਮੂੰਹ ਤੋਂ, ਖੱਤਰੀ ਬਾਂਹਾਂ ਤੋਂ, ਵੈਸ ਪੇਟ ’ਚੋਂ ਅਤੇ ਸ਼ੂਦਰ ਪੈਰਾਂ ਤੋਂ ਪੈਦਾ ਹੋਇਆ ਹੈ, ਇਸ ਕਰਕੇ ਬ੍ਰਹਮਣ ਸਭ ਤੋਂ ਉੱਤਮ ਤੇ ਪੂਜਣਯੋਗ ਹੈ ਅਤੇ ਦਰਜਾਬਦਰਜਾ ਸ਼ੂਦਰ ਸਭ ਤੋਂ ਨੀਵਾਂ ਹੈ ਜਿਸ ਦਾ ਧਰਮ ਹੈ ਬਾਕੀ ਤਿੰਨਾ ਵਰਨਾਂ ਦੀ ਸੇਵਾ ਕਰਨੀ। ਵੈਸ ਦਾ ਕੰਮ ਵਣਜ ਵਾਪਾਰ ਕਰਨਾ ਅਤੇ ਉੱਪਰਲੇ ਦੋਵੇਂ ਵਰਨਾਂ ਦੀ ਸੇਵਾ ਕਰਨੀ ਅਤੇ ਖੱਤਰੀ ਦਾ ਕੰਮ ਦੇਸ਼ ਅਤੇ ਬ੍ਰਹਮਣ ਦੀ ਰੱਖਿਆ ਕਰਨੀ ਮਿੱਥ ਦਿੱਤਾ। ਇਸ ਵਰਣ ਵੰਡ ਨੇ ਸ਼ੂਦਰਾਂ ਦੀ ਜ਼ਿੰਦਗੀ ਪਸ਼ੂਆਂ ਨਾਲੋਂ ਵੀ ਬਦਤਰ ਅਤੇ ਸਾਰੇ ਦੇਸ਼/ਸਮਾਜ ਨੂੰ ਇਤਨਾ ਨਿਰਬਲ ਬਣਾ ਦਿੱਤਾ ਕਿ ਮੁੱਠੀ ਭਰ ਵਿਦੇਸ਼ੀ ਧਾੜਵੀ ਆਉਂਦੇ ਤੇ ਹਿੰਦੁਸਤਾਨ ਦੀ ਧਨ ਦੌਲਤ ਅਤੇ ਇੱਜ਼ਤ ਲੁੱਟ ਕੇ ਵਾਪਸ ਆਪਣੇ ਦੇਸ਼ ਇਸ ਨਾਲ ਐਸ਼ੋ ਇਸ਼ਰਤ ਕਰਦੇ। ਖ਼ਤਮ ਹੋ ਜਾਣ ’ਤੇ ਅਗਲੀ ਲੁੱਟ ਲਈ ਮੁੜ ਹਮਲਾਵਰ ਬਣ ਕੇ ਆ ਜਾਂਦੇ। ਸੰਮਤ 1578 (1521 ਈਸਵੀ) ’ਚ ਮੁਗਲ ਬਾਬਰ ਆਇਆ ਤੇ ਉਸ ਨੇ ਪੱਕੇ ਤੌਰ ’ਤੇ ਆਪਣੀ ਬਾਦਸ਼ਾਹਤ ਕਾਇਮ ਕਰ ਲਈ ਜਿਸ ਦੀਆਂ 7 ਪੀੜ੍ਹੀਆਂ ਨੇ ਭਾਰਤ ਦੇਸ਼ ’ਤੇ ਰਾਜ ਕੀਤਾ। ਹਿੰਦੂ-ਮੁਸਲਮਾਨਾਂ ਵਿਚਕਾਰ ਆਪਸੀ ਫੁੱਟ ਦਾ ਲਾਭ ਉਠਾਉਂਦਿਆਂ ਇੰਗਲੈਂਡ ਤੋਂ ਵਾਪਾਰ ਕਰਨ ਆਈ ਈਸਟ ਇੰਡੀਆਂ ਕੰਪਨੀ ਨੇ ਹੌਲ਼ੀ ਹੌਲ਼ੀ ਵੰਡੋ ਤੇ ਰਾਜ ਕਰੋ ਦੀ ਨੀਤੀ ਨਾਲ਼ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਤੋਂ ਇਲਾਵਾ ਬਾਕੀ ਪੂਰੇ ਭਾਰਤ ’ਤੇ 1757 ’ਚ ਕਬਜ਼ਾ ਕਰ ਲਿਆ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਡੋਗਰਿਆਂ ਦੀ ਗਦਾਰੀ ਅਤੇ ਅੰਗਰੇਜ਼ਾਂ ਦੀ ਕੁਟਿਲ ਨੀਤੀ ਕਾਰਨ ਖ਼ਾਲਸਾ ਰਾਜ ਵੀ 1849 ’ਚ ਆਪਣੇ ਰਾਜ ’ਚ ਮਿਲਾ ਲਿਆ। ਕਾਂਗਰਸ ਦੀ ਨਾ-ਮਿਲਵਰਤਣ ਲਹਿਰ; ਪੰਜਾਬ ’ਚ ਉੱਠੀਆਂ ਗਦਰ ਲਹਿਰ, ਬੱਬਰ ਲਹਿਰ ਅਤੇ ਅਕਾਲੀ ਲਹਿਰਾਂ ਦੇ ਮਿਲਵੇਂ ਸਹਿਯੋਗ ਸਦਕਾ 1947 ’ਚ ਭਾਰਤ ਨੇ ਤਾਂ ਅੰਗਰੇਜ਼ੀ ਰਾਜ ਤੋਂ ਅਜ਼ਾਦੀ ਪ੍ਰਾਪਤ ਕਰ ਲਈ ਪਰ ਆਜ਼ਾਦੀ ’ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਅਤੇ ਪੰਜਾਬ ਨੇ ਸਭ ਤੋਂ ਵੱਧ ਨੁਕਸਾਨ ਉਠਾਇਆ ਜਿਸ ਦਾ ਜ਼ਿਕਰ ਇਸ ਲੇਖ ਨੂੰ ਵਧਾ ਦੇਵੇਗਾ। ਸਿੱਖ ਕੌਮ ਦੇ ਵੱਧ ਨੁਕਸਾਨ ਹੋਣ ਦਾ ਮੁੱਖ ਕਾਰਨ ਸੀ ਦੇਸ਼ ਦੀ ਆਬਾਦੀ ’ਚ ਇਸ ਦਾ ਘੱਟ ਗਿਣਤੀ ’ਚ ਹੋਣਾ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਦੇਸ਼ ਦੀ ਧਾਰਮਿਕ, ਸਮਾਜਿਕ ਅਤੇ ਆਰਥਿਕ ਹਾਲਤ ਦਾ ਵਰਣਨ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ’ਚ ਬੜੇ ਹੀ ਭਾਵ ਪੂਰਵਕ ਢੰਗ ਨਾਲ ਬਿਆਨ ਕੀਤਾ ਹੈ। ਕੇਵਲ ਪਹਿਲੀ ਵਾਰ ਦੀ 12ਵੀਂ ਪਉੜੀ ਨੂੰ ਹੀ ਵੇਖਿਆ ਜਾ ਸਕਦਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਸੱਚ ਦੀ ਕਦਰ ਘਟ ਗਈ। ਬ੍ਰਾਹਮਣ ਤੇ ਮੌਲਵੀ ਆਪਸ ਵਿੱਚ (ਕੁੱਕੜਾਂ ਵਾਙ) ਖਹਿ ਖਹਿ ਮਰਣ ਲੱਗ ਪਏ। ਜਗਤ ਵਿੱਚ ਹਿੰਦੂਆਂ ਦੇ ਚਾਰ ਵਰਣ ਤੇ ਮੁਸਲਮਾਨਾਂ ਦੇ ਚਾਰ ਮਜ਼੍ਹਬ (ਏਹ ਸਭੇ) ਖ਼ੁਦੀ, ਬਖ਼ੀਲੀ, ਹੰਕਾਰ ਤੇ ਖਿੱਚਾ ਖਿੱਚੀ ਅਰ ਧੱਕੇ ਕਰਨ ਲੱਗ ਪਏ। ਹਿੰਦੂਆਂ ਨੇ ਗੰਗਾ ਤੇ ਕਾਂਸ਼ੀ ਆਪਣੇ ਧਾਰਮਿਕ ਸਥਾਨ (ਮਿਥ ਲਏ) ਤੇ ਮੱਕਾ ਕਾਬਾ ਮੁਸਲਮਾਨਾਂ ਨੇ ਪੂਜਾ ਦਾ ਥਾਂ ਮੰਨ ਲਿਆ। ਮੁਸਲਮਾਨਾਂ ਨੇ ਸੁੰਨਤ ਨੂੰ ਆਪਣੇ ਧਰਮ ਦੀ ਨਿਸ਼ਾਨੀ ਮੰਨਿਆ ਤੇ ਤਿਲਕ ਜੰਞੂ ਹਿੰਦੂਆਂ ਨੇ। ਹਿੰਦੂਆਂ ਦਾ ਰਾਮ ਤੇ ਮੁਸਲਮਾਨਾਂ ਦਾ ਰਹੀਮ ਏਹ ਨਾਮ ਜੋ ਇਕੋ ਹੈ, ਪਰ ਵੱਖਰੇ ਵੱਖਰੇ ਸੱਦੇ ਜਾਣ ਲੱਗੇ। ਦੋ ਅੱਡ ਅੱਡ ਰਸਤੇ ਬਣਾ ਲਏ। ਦੋਵੇਂ ਫਿਰਕੇ ਬੇਦਾਂ ਤੇ ਕਤੇਬਾਂ ਨੂੰ ਭੁਲਾ ਕੇ ਸ਼ੈਤਾਨ ਬਣ ਦੁਨੀਆਂ ਦੇ ਲਾਲਚ ਵਿੱਚ ਫਸ ਗਏ। ਇਕੁਰ (ਚਉਰਾਸੀ ਦਾ) ਆਵਾਗਉਣ ਕਿਸੇ ਦੇ ਸਿਰੋਂ ਨਾ ਮਿਟਿਆ ‘‘ਚਾਰਿ ਵਰਨ ਚਾਰਿ ਮਜਹਬਾ; ਜਗ ਵਿਚਿ ਹਿੰਦੂ ਮੁਸਲਮਾਣੇ ਖੁਦੀ ਬਖੀਲਿ ਤਕਬਰੀ; ਖਿੰਚੋਤਾਣ ਕਰੇਨਿ ਧਿਙਾਣੇ ਗੰਗ ਬਨਾਰਸਿ ਹਿੰਦੂਆਂ; ਮਕਾ ਕਾਬਾ ਮੁਸਲਮਾਣੇ ਸੁੰਨਤਿ ਮੁਸਲਮਾਣ ਦੀ; ਤਿਲਕ ਜੰਞੂ ਹਿੰਦੂ ਲੋਭਾਣੇ ਰਾਮ ਰਹੀਮ ਕਹਾਇਦੇ; ਇਕੁ ਨਾਮੁ, ਦੁਇ ਰਾਹ ਭੁਲਾਣੇ ਬੇਦ ਕਤੇਬ ਭੁਲਾਇ ਕੈ; ਮੋਹੇ ਲਾਲਚ ਦੁਨੀ ਸੈਤਾਣੇ ਸਚੁ ਕਿਨਾਰੇ ਰਹਿ ਗਇਆ; ਖਹਿ ਮਰਦੇ ਬਾਹਮਣ ਮਉਲਾਣੇ ਸਿਰੋਂ ਨਾ ਮਿਟੇ; ਆਵਣ ਜਾਣ’’ (ਵਾਰ ਪਉੜੀ ੨੧) ਇਸ ਪਉੜੀ ’ਚ ਹਿੰਦੂ ਮੁਸਲਮਾਨਾਂ ਦਾ ਵਖਰੇਵਿਆਂ ਅਤੇ ਝਗੜਿਆਂ ਵਿੱਚ ਫਸ ਜਾਣਾ ਤੇ ਸੱਚ ਦਾ ਹੱਥੋਂ ਗੁਆ ਬੈਠਣਾ ਦਰਸਾਇਆ ਹੈ। ਭਾਵ ਇਹ ਹੈ ਕਿ ਪ੍ਰੇਮਾ ਭਗਤੀ ਨਹੀਂ ਰਹੀ, ਕੇਵਲ ਵਾਦ ਵਿਵਾਦ ਤੇ ਪਾਖੰਡ ਹੀ ਰਹਿ ਗਏ ਹਨ। ਹਿੰਦੂ ਮੁਸਲਮਾਨ ਦੇ ਪਰਸਪਰ ਐਸੇ ਸਲੂਕ ਦਾ ਰੂਪ ਦੱਸ ਕੇ ਸੰਸਾਰ ਦੀ ਗਿਲਾਨੀ ਪ੍ਰਗਟ ਕੀਤੀ ਹੈ ਕਿ ਇਸ ਤਰ੍ਹਾਂ ਦੋਵੇਂ ਧਿਰਾਂ ਆਪਸੀ ਟਕਰਾਅ ਤੇ ਦਿਖਾਵੇ ਦੇ ਕੰਮਾਂ ਵਿੱਚ ਲੱਗ ਗਈਆਂ ਹਨ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨ ਤੋਂ ਇਲਾਵਾ ਵੱਖ ਵੱਖ ਧਰਮਾਂ ਅਤੇ ਜਾਤਾਂ ਇੱਥੋਂ ਤੱਕ ਕਿ ਹਿੰਦੂ ਸ਼ਾਸਤਰਾਂ ਮੁਤਾਬਕ ਨੀਚ/ਅਛੂਤ ਮੰਨੀਆਂ ਗਈਆਂ ਅਤੇ ਉੱਚੀਆਂ ਜਾਤਾਂ ਵਾਲ਼ੇ 15 ਭਗਤ ਸਾਹਿਬਾਨ, 11 ਭੱਟਾਂ ਅਤੇ ਤਿੰਨ ਗੁਰਸਿੱਖਾਂ ਦੀ ਬਾਣੀ ਦਰਜ ਹੈ। ਵੱਖਰੇ ਧਰਮ ਅਤੇ ਜਾਤਾਂ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਸਾਰਿਆਂ ਦੀ ਵੀਚਾਰਧਾਰਾ ਇਕ ਸਮਾਨ ਹੈ, ਜੋ ਧਰਮ, ਵਰਣ, ਜਾਤ ਲਿੰਗ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਬਰਾਬਰਤਾ, ਧਰਮ ਨਿਰਪੱਖਤਾ ਅਤੇ ਏਕਤਾ ਦਾ ਸੰਦੇਸ਼ ਦਿੰਦੀ ਹੈ। ਸ਼ੂਦਰਾਂ ਤੇ ਨੀਚਾਂ, ਜਿਨ੍ਹਾਂ ਨੂੰ ਛੂਹਣਾ ਵੀ ਧਰਮ ਭ੍ਰਿਸ਼ਟ ਹੋਣਾ ਮੰਨਿਆ ਜਾਂਦਾ ਸੀ, ਨੂੰ ਮਾਣ ਬਖ਼ਸ਼ਦਿਆਂ ਗੁਰੂ ਗ੍ਰੰਥ ਸਾਹਿਬ ਜੀ ’ਚ ਉਪਦੇਸ਼ਮਈ ਬਚਨ ਦਰਜ ਹਨ :

(1). ਹੇ ਮਿਹਰ ਕਰਨ ਵਾਲ਼ੇ ਦਇਆਲੂ ਪਿਤਾ ! ਮੇਰਾ ਸੰਗ ਸਾਥ ਨੀਵੀਆਂ ਤੋਂ ਨੀਵੀਆਂ, ਅਤਿ ਨੀਵੀਆਂ ’ਚੋਂ ਨੀਵੀ ਜਾਤ ਨਾਲ਼ ਹੈ। ਮੈਨੂੰ ਵੱਡੇ ਮਾਇਆਧਾਰੀ ਲੋਕਾਂ ਦੇ ਰਾਹ ਤੁਰਨ ਦੀ ਕੋਈ ਤਾਂਘ ਨਹੀਂ ਕਿਉਂਕਿ ਤੇਰੀ ਮਿਹਰ ਭਰੀ ਨਜ਼ਰ ਸਦਾ ਉੱਥੇ ਹੁੰਦੀ ਹੈ ਜਿੱਥੇ ਗ਼ਰੀਬਾਂ ਨੂੰ ਸਹਾਰਾ ਮਿਲਦਾ ਹੋਵੇ ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ ’’ (ਮਹਲਾ /੧੫)

(2). ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ। ਉੱਚੀ ਜਾਤਿ ’ਚ ਜਨਮ ਲਿਆਂ ਬ੍ਰਾਹਮਣ ਨਹੀਂ ਬਣੀਦਾ। ਅਸਲ ’ਚ ਉਹ ਮਨੁੱਖ ਬ੍ਰਾਹਮਣ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾਉਂਦਾ ਹੈ। ਹੇ ਮੂਰਖ ! ਹੇ ਗੰਵਾਰ ! (ਉੱਚੀ) ਜਾਤਿ ਦਾ ਮਾਣ ਨਾ ਕਰ। ਇਸ ਮਾਣ-ਅਹੰਕਾਰ ਤੋਂ ਭਾਈਚਾਰਕ ਜੀਵਨ ਵਿੱਚ ਕਈ ਵਿਗਾੜ ਪੈਂਦੇ ਹਨ। ਹੇ ਭਾਈ ! ਹਰੇਕ ਮਨੁੱਖ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ’ਤੇ ਇਹੀ ਆਖਦਾ ਹੈ ਕਿ ਚਾਰ ਵਰਣ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ) ਹਨ, ਪਰ ਇਹ ਨਹੀਂ ਸਮਝਦੇ ਕਿ ਰੱਬੀ ਜੋਤਿ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਜਿਵੇਂ ਘੁਮਿਆਰ ਇੱਕੋ ਮਿੱਟੀ ਤੋਂ ਕਈ ਤਰ੍ਹਾਂ ਦੇ ਭਾਂਡੇ ਘੜ ਲੈਂਦਾ ਹੈ; ਤਿਵੇਂ ਇਹ ਸਾਰਾ ਸੰਸਾਰ ਪਰਮਾਤਮਾ ਨੇ ਆਪਣੀ ਜੋਤਿ ਤੋਂ ਬਣਾਇਆ ਹੈ ‘‘ਜਾਤਿ ਕਾ ਗਰਬੁ; ਕਰੀਅਹੁ ਕੋਈ ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ਜਾਤਿ ਕਾ ਗਰਬੁ; ਕਰਿ ਮੂਰਖ ਗਵਾਰਾ  ! ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ਰਹਾਉ ਚਾਰੇ ਵਰਨ; ਆਖੈ ਸਭੁ ਕੋਈ ਬ੍ਰਹਮੁ ਬਿੰਦ ਤੇ; ਸਭ ਓਪਤਿ ਹੋਈ ਮਾਟੀ ਏਕ ਸਗਲ ਸੰਸਾਰਾ ਬਹੁ ਬਿਧਿ ਭਾਂਡੇ; ਘੜੈ ਕੁਮ੍ਾਰਾ ’’ (ਮਹਲਾ /੧੧੨੮)

(3). ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ ਹੁੰਦੀ ਹੈ ਭਾਵ ਸਭ ਦਾ ਮੂਲ; ਪਰਮਾਤਮਾ ਆਪ ਹੈ। ਮਾਂ ਦੇ ਪੇਟ ’ਚ ਤਾਂ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕਿਸ ਕੁੱਲ ’ਚ ਹਾਂ। ਫਿਰ ਸਮਝਾਓ ਹੇ ਪੰਡਿਤ ! ਤੁਸੀਂ ਬ੍ਰਾਹਮਣ ਕਦੋਂ ਤੋਂ ਬਣੇ ਹੋ ? ਬ੍ਰਾਹਮਣ ਬ੍ਰਾਹਮਣ ਆਖ ਕੇ ਮਨੁੱਖਾ ਜਨਮ ਅਹੰਕਾਰ ’ਚ ਅਜਾਈਂ ਨਾ ਗਵਾਓ। ਜੇ ਤੂੰ ਇਸ ਲਈ ਬ੍ਰਾਹਮਣ ਅਖਵਾਉਂਦਾ ਹੈਂ ਕਿਉਂਕਿ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ ਤਾਂ ਦੱਸ ਕਿ ਤੂੰ (ਮਾਤਾ ਦੇ ਗਰਭ ਤੋਂ ਬਿਨਾਂ) ਕਿਸੇ ਹੋਰ ਰਸਤੇ ਕਿਉਂ ਨਾ ਜਨਮ ਲਿਆ ? ਇੱਕੋ ਗਰਭ ’ਚੋਂ ਜਨਮ ਲੈਣ ਕਾਰਨ ਤੁਸੀਂ ਕਿਵੇਂ ਬ੍ਰਾਹਮਣ (ਬਣ ਗਏ) ? ਤੇ ਅਸੀਂ ਕਿਵੇਂ ਸ਼ੂਦਰ (ਰਹਿ ਗਏ) ? ਸਾਡੇ ਸਰੀਰ ’ਚ ਲਹੂ ਤੇ ਤੁਹਾਡੇ ਸਰੀਰ ’ਚ ਕਿਵੇਂ ਲਹੂ ਦੀ ਥਾਂ ਦੁੱਧ ਹੈ ? ਅਸੀਂ ਬ੍ਰਾਹਮਣ ਸ਼ਬਦ ਜਾਂ ਉੱਚੀ ਜਾਤੀ ਦੇ ਵਿਰੋਧੀ ਨਹੀਂ, ਪਰ ਅਸੀਂ ਉਸ ਨੂੰ ਬ੍ਰਾਹਮਣ ਮੰਨਦੇ ਹਾਂ ਜੋ ਬ੍ਰਹਮ (ਰੱਬ) ਨੂੰ ਸਿਮਰਦਾ ਹੈ ‘‘ਗਰਭ ਵਾਸ ਮਹਿ ਕੁਲੁ ਨਹੀ ਜਾਤੀ ਬ੍ਰਹਮ ਬਿੰਦੁ ਤੇ; ਸਭ ਉਤਪਾਤੀ ਕਹੁ ਰੇ ਪੰਡਿਤ ! ਬਾਮਨ ਕਬ ਕੇ ਹੋਏ  ? ਬਾਮਨ ਕਹਿ ਕਹਿ; ਜਨਮੁ ਮਤ ਖੋਏ ਰਹਾਉ ਜੌ ਤੂੰ ਬ੍ਰਾਹਮਣੁ; ਬ੍ਰਹਮਣੀ ਜਾਇਆ ਤਉ ਆਨ ਬਾਟ; ਕਾਹੇ ਨਹੀ ਆਇਆ  ? ਤੁਮ ਕਤ ਬ੍ਰਾਹਮਣ ? ਹਮ ਕਤ ਸੂਦ  ? ਹਮ ਕਤ ਲੋਹੂ  ? ਤੁਮ ਕਤ ਦੂਧ  ?3 ਕਹੁ ਕਬੀਰ, ਜੋ ਬ੍ਰਹਮੁ ਬੀਚਾਰੈ ਸੋ ਬ੍ਰਾਹਮਣੁ; ਕਹੀਅਤੁ ਹੈ ਹਮਾਰੈ ’’ (ਭਗਤ ਕਬੀਰ/੩੨੪)

ਪੰਡਿਤ ਨੂੰ ਉਪਦੇਸ਼ : ਅਸਲ ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਸਮਝਾਵੇ ਅਤੇ ਜੋਤਿ ਸਰੂਪ ਪ੍ਰਭੂ ਨੂੰ ਮਨ ਅੰਦਰੋਂ ਭਾਲੇ। ਉਸ ਪੰਡਿਤ ਦੇ ਉਪਦੇਸ਼ ਨਾਲ ਪੂਰਾ ਸੰਸਾਰ ਰੂਹਾਨੀ ਮਾਰਗ ਪਾਉਂਦਾ ਹੈ, ਜੋ ਪ੍ਰਭੂ-ਨਾਮ ਦਾ ਮਿੱਠਾ ਸੁਆਦ ਚੱਖਦਾ ਹੈ। ਉਹ ਪੰਡਿਤ ਮੁੜ ਜਨਮ ਮਰਨ ’ਚ ਨਹੀਂ ਆਉਂਦਾ, ਜੋ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ’ਚ ਵਸਾਉਂਦਾ ਹੈ। ਜੋ ਵੇਦ ਪੁਰਾਣ ਸਿਮ੍ਰਿਤੀਆਂ ਆਦਿ ਸਭ ਧਰਮ-ਪੁਸਤਕਾਂ ਦਾ ਮੁੱਢ (ਪ੍ਰਭੂ ਨੂੰ) ਸਮਝਦਾ ਹੈ, ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ; ਜੋ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਵਰਣਾਂ ਨੂੰ ਬਰਾਬਰ ਸਮਝਦਾ ਹੈ, ਉਸ ਪੰਡਿਤ ਅੱਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ ‘‘ਸੋ ਪੰਡਿਤੁ, ਜੋ ਮਨੁ ਪਰਬੋਧੈ ਰਾਮ ਨਾਮੁ ਆਤਮ ਮਹਿ ਸੋਧੈ ਰਾਮ ਨਾਮ ਸਾਰੁ ਰਸੁ ਪੀਵੈ ਉਸੁ ਪੰਡਿਤ ਕੈ ਉਪਦੇਸਿ; ਜਗੁ ਜੀਵੈ ਹਰਿ ਕੀ ਕਥਾ, ਹਿਰਦੈ ਬਸਾਵੈ ਸੋ ਪੰਡਿਤੁ, ਫਿਰਿ ਜੋਨਿ ਆਵੈ ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ਸੂਖਮ ਮਹਿ ਜਾਨੈ ਅਸਥੂਲੁ ਚਹੁ ਵਰਨਾ ਕਉ, ਦੇ ਉਪਦੇਸੁ ਨਾਨਕ  ! ਉਸੁ ਪੰਡਿਤ ਕਉ ਸਦਾ ਅਦੇਸੁ 4’’ (ਸੁਖਮਨੀ/ ਮਹਲਾ /੨੭੪)

(4). ਮੁਸਲਮਾਨ ਨੂੰ ਉਪਦੇਸ਼ : ਆਪਣੇ ਧਰਮ ਨੂੰ ਚੰਗਾ ਅਤੇ ਦੂਸਰੇ ਧਰਮ ਨੂੰ ਭੰਡ ਕੇ ਝਗੜੇ ਖੜ੍ਹੇ ਕਰਨ ਵਾਲੇ ਧਾਰਮਿਕ ਮੁਖੀਆਂ ਨੂੰ ਬੇਲੋੜੇ ਝਗੜੇ ਛੱਡ ਕੇ ਆਪਣੇ ਧਰਮ ’ਚ ਪ੍ਰਪੱਕ ਰਹਿਣ ਬਾਰੇ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਅਸਲ ਮੁਸਲਮਾਨ ਅਖਵਾਣਾ ਬੜਾ ਔਖਾ ਹੈ। (ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ ਮਜ਼੍ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ; ਤਿਵੇਂ (ਆਪਣਾ ਕਮਾਇਆ) ਧਨ (ਲੋੜਵੰਦਾਂ ਲਈ) ਵੰਡਦਾ ਹੋਇਆ ਵਰਤੇ (ਤਾਂ ਜੋ ਦੌਲਤ ਦਾ ਅਹੰਕਾਰ ਦੂਰ ਹੋਵੇ)। ਮਜ਼੍ਹਬ ਦੀ ਰੌਸ਼ਨੀ ’ਚ ਤੁਰ ਕੇ ਸੱਚਾ ਮੁਸਲਮਾਨ ਬਣੇ। ਸਾਰੀ ਉਮਰ ਦੀ ਭਟਕਣਾ ਮੁਕਾਵੇ ਭਾਵ ਸਾਰੀ ਉਮਰ ਮਜ਼੍ਹਬ ਤੋਂ ਨਾ ਭਟਕੇ। ਰੱਬ ਦੇ ਕੀਤੇ ਨੂੰ ਸਿਰ ਮੱਥੇ ਮੰਨੇ। ਕਾਦਰ ਨੂੰ ਸਭ ਕੁਝ ਕਰਨ ਵਾਲਾ ਸਮਝੇ ਤੇ ਖ਼ੁਦੀ ਮਿਟਾ ਦੇਵੇ; ਇਉਂ ਰੱਬ ਦੇ ਪੈਦਾ ਕੀਤੇ ਸਾਰੇ ਬੰਦਿਆਂ ਨਾਲ ਪਿਆਰ ਕਰੇ। ਐਸਾ ਮੁਸਲਮਾਨ ਅਖਵਾਉਣ ਸਹੀ ਹੈ ‘‘ਮੁਸਲਮਾਣੁ ਕਹਾਵਣੁ ਮੁਸਕਲੁ; ਜਾ ਹੋਇ, ਤਾ ਮੁਸਲਮਾਣੁ ਕਹਾਵੈ ਅਵਲਿ ਅਉਲਿ, ਦੀਨੁ ਕਰਿ ਮਿਠਾ; ਮਸਕਲ ਮਾਨਾ ਮਾਲੁ ਮੁਸਾਵੈ ਹੋਇ ਮੁਸਲਿਮੁ, ਦੀਨ ਮੁਹਾਣੈ; ਮਰਣ ਜੀਵਣ ਕਾ ਭਰਮੁ ਚੁਕਾਵੈ ਰਬ ਕੀ ਰਜਾਇ ਮੰਨੇ ਸਿਰ ਉਪਰਿ; ਕਰਤਾ ਮੰਨੇ, ਆਪੁ ਗਵਾਵੈ ਤਉ ਨਾਨਕ  ! ਸਰਬ ਜੀਆ ਮਿਹਰੰਮਤਿ ਹੋਇ; ਮੁਸਲਮਾਣੁ ਕਹਾਵੈ ’’  (ਮਹਲਾ /੧੪੧)

ਸੋ ਪੰਡਿਤ ਆਪਣੇ ਮੱਤ ਨੂੰ ਸਹੀ ਸਾਬਤ ਕਰਨ ਲਈ ਉਲਝਣ ਦੀ ਥਾਂ ਅਸਲੀਅਤ ਨੂੰ ਜਾਣੇ ਕਿ ਹਿੰਦੂ ਮੁਸਲਿਮ (ਰੱਬ ਤੋਂ ਬਿਨਾਂ ਹੋਰ) ਕਿਥੋਂ ਪੈਦਾ ਹੋਏ ਹੋਣਗੇ ? ਕਿਸ ਨੇ ਇਹ ਉਤਪਤੀ ਰਸਤੇ ਚਲਾਏ ਹਨ ? ਜਦ ਸਾਰੇ ਮੱਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ ਤਾਂ ਕਿਸ ਨਾਲ ਵਿਤਕਰਾ ਕੀਤਾ ਜਾ ਸਕਦਾ ਹੈ ? ਆਪਸੀ ਟਕਰਾਅ ਪੈਦਾ ਕਰ ਕਿਸ ਨੇ ਬਹਿਸ਼ਤ ਪਾਇਐ ਤੇ ਕਿਸ ਨੇ ਦੋਜ਼ਕ ? ਭਾਵ ਕੇਵਲ ਮੁਸਲਮਾਨ ਜਾਂ ਹਿੰਦੂ ਅਖਵਾਉਣ ਨਾਲ ਬਹਿਸ਼ਤ, ਦੋਜ਼ਕ ਨਹੀਂ ਮਿਲਦੇ ‘‘ਹਿੰਦੂ ਤੁਰਕ ਕਹਾ ਤੇ ਆਏ ? ਕਿਨਿ ਏਹ ਰਾਹ ਚਲਾਈ  ? ਦਿਲ ਮਹਿ ਸੋਚਿ ਬਿਚਾਰਿ ਕਵਾਦੇ; ਭਿਸਤ ਦੋਜਕ ਕਿਨਿ ਪਾਈ  ?’’ (ਭਗਤ ਕਬੀਰ ਜੀ/੪੭੭)

ਗੁਰਬਾਣੀ ਅੰਦਰ ਜਿੱਥੇ ਹਿੰਦੂ ਭਗਤਾਂ ਦੀ ਪਾਵਨ ਬਾਣੀ ਦਰਜ ਹੈ, ਉੱਥੇ ਮੁਸਲਮਾਨ ਸੂਫ਼ੀ ਫ਼ਕੀਰ ਬਾਬਾ ਸ਼ੇਖ਼ ਫ਼ਰੀਦ ਜੀ ਦੀ ਬਾਣੀ ਵੀ ਦਰਜ ਹੈ। ਉਸ ਵਿੱਚ ਇਸਲਾਮੀ ਸ਼ਰਹਾ ਨਿਭਾਉਣ ਦੀ ਤਾਕੀਦ ਹੈ ‘‘ਫਰੀਦਾ ਬੇ ਨਿਵਾਜਾ ਕੁਤਿਆ  ! ਏਹ ਭਲੀ ਰੀਤਿ ਕਬਹੀ ਚਲਿ ਆਇਆ; ਪੰਜੇ ਵਖਤ ਮਸੀਤਿ ੭੦ ਉਠੁ ਫਰੀਦਾ, ਉਜੂ ਸਾਜਿ, ਸੁਬਹ ਨਿਵਾਜ ਗੁਜਾਰਿ ਜੋ ਸਿਰੁ, ਸਾਂਈ ਨਾ ਨਿਵੈ; ਸੋ ਸਿਰੁ ਕਪਿ ਉਤਾਰਿ ੭੧’’ (ਸਲੋਕ ਬਾਬਾ ਫਰੀਦ ਜੀ/੧੩੮੧)

(5). ਇਸਤਰੀ ਨੂੰ ਸਮਾਜ ’ਚ ਪੈਰ ਦੀ ਜੁੱਤੀ ਸਮਝਿਆ ਤੇ ਉਸ ਨਾਲ਼ ਘਟੀਆ ਵਿਹਾਰ ਕੀਤਾ ਜਾਂਦਾ ਸੀ। ਗੁਰੂ ਜੀ ਨੇ ਉਸ ਨੂੰ ਮਾਣ ਬਖ਼ਸ਼ਦੇ ਹੋਏ ਸਮਝਾਇਆ ਕਿ ਇਸਤ੍ਰੀ ਤੋਂ ਜਨਮ ਲਈਦਾ ਹੈ। ਇਸਤ੍ਰੀ ਦੇ ਪੇਟ ’ਚ ਮਨੁੱਖ ਦਾ ਸਰੀਰ ਬਣਦਾ ਹੈ। ਇਸਤ੍ਰੀ ਨਾਲ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤ੍ਰੀ ਕਾਰਨ ਹੀ ਸਮਾਜਿਕ ਸੰਬੰਧ ਬਣਦਾ ਹੈ ਯਾਨੀ ਇਸਤ੍ਰੀ ਤੋਂ ਜਗਤ ਦੀ ਉਤਪਤੀ ਵਾਲ਼ਾ ਰਾਹ ਚੱਲਦਾ ਹੈ। ਜੇ ਇਸਤ੍ਰੀ ਮਰ ਜਾਏ ਤਾਂ ਦੂਜੀ ਇਸਤ੍ਰੀ ਭਾਲਣੀ ਪੈਂਦੀ ਹੈ ਕਿਉਂਕਿ ਇਸਤ੍ਰੀ ਕਾਰਨ ਰਿਸ਼ਤੇਦਾਰੀ ਬਣਦੀ ਹੈ। ਸੋ ਜਦ ਇਸਤ੍ਰੀ ਤੋਂ ਰਾਜੇ-ਮਹਾਰਾਜੇ ਜਨਮ ਲੈਂਦੇ ਹਨ ਤਾਂ ਉਸ ਨੂੰ ਮੰਦਾ ਨਹੀਂ ਆਖਣਾ ਚਾਹੀਦਾ। ਇਸਤ੍ਰੀ ਤੋਂ ਤਾਂ ਇਸਤ੍ਰੀ ਵੀ ਪੈਦਾ ਹੁੰਦੀ ਹੈ। ਜਗਤ ’ਚ ਇਸਤ੍ਰੀ ਤੋਂ ਬਿਨਾਂ ਕੋਈ ਪੈਦਾ ਨਹੀਂ ਹੋ ਸਕਦਾ, ਪਰ ਹਾਂ ਇੱਕ ਸੱਚਾ ਪ੍ਰਭੂ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ। ਜੋ ਇਸ ਇਸਤ੍ਰੀ-ਮਰਦ ਅਸਮਾਨਤਾ (ਵਿਤਕਰੇ) ਤੋਂ ਉੱਪਰ ਉੱਠ ਪ੍ਰਭੂ ਦੇ ਸਦਾ ਗੁਣ ਗਾਉਂਦਾ ਹੈ, ਉਸ ਦੇ ਮੱਥੇ ’ਤੇ ਭਾਗਾਂ ਭਰੀ ਮਣੀ ਹੈ, ਚਮਕ ਹੈ ਯਾਨੀ ਉਹ ਭਾਗਾਂ ਵਾਲਾ ਹੈ। ਐਸੇ ਭਾਗਾਂ ਵਾਲ਼ੇ ਮੁੱਖ ਉਸ ਸੱਚੇ ਪ੍ਰਭੂ ਦੇ ਦਰ ’ਤੇ ਸ਼ੋਭਦੇ ਹਨ ‘‘ਭੰਡਿ ਜੰਮੀਐ, ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ ਭੰਡੁ ਮੁਆ, ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ਭੰਡਹੁ ਹੀ ਭੰਡੁ ਊਪਜੈ; ਭੰਡੈ ਬਾਝੁ ਕੋਇ ਨਾਨਕ  ! ਭੰਡੈ ਬਾਹਰਾ; ਏਕੋ ਸਚਾ ਸੋਇ ਜਿਤੁ ਮੁਖਿ ਸਦਾ ਸਾਲਾਹੀਐ; ਭਾਗਾ ਰਤੀ ਚਾਰਿ ਨਾਨਕ  ! ਤੇ ਮੁਖ ਊਜਲੇ; ਤਿਤੁ ਸਚੈ ਦਰਬਾਰਿ 2’’ (ਆਸਾ ਕੀ ਵਾਰ/ ਮਹਲਾ /੪੭੩)

  ਸੋ ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ, ਜਿਸ ਨੇ ਜਗਤ ਪੈਦਾ ਕੀਤਾ ਹੈ। ਇਹ ਸਾਰੇ ਜੀਅ ਜੰਤ ਰੱਬ ਦੁਆਰਾ ਬਣਾਏ ਹੋਏ ਹਨ। ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। ਤਾਂ ਫਿਰ ਕਿਸੇ ਜਾਤ ਮਜ਼੍ਹਬ ਦੇ ਭੁਲੇਖੇ ’ਚ ਪੈ ਕੇ ਕਿਸੇ ਨੂੰ ਚੰਗਾ ਜਾਂ ਮੰਦਾ ਨਹੀਂ ਸਮਝਣਾ ਚਾਹੀਦਾ। (ਰੱਬ ਦੀ ਹੋਂਦ ਤੋਂ ਮੁਨਕਰ ਹੋ) ਕਿਸੇ ਭੁਲੇਖੇ ’ਚ ਪੈ ਕੇ ਖ਼ੁਆਰ ਹੋਣਾ ਠੀਕ ਨਹੀਂ। ਉਹ ਰੱਬ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ। ਸਾਰੀ ਖ਼ਲਕਤ ’ਚ ਮੌਜੂਦ ਹੈ। ਉਹ ਹਰ ਥਾਂ ਭਰਪੂਰ ਹੈ। ਸਿਰਜਨਹਾਰ ਨੇ ਇੱਕੋ ਮਿੱਟੀ ਤੋਂ ਕਈ ਕਿਸਮਾਂ ਦੇ ਜੀਆ ਜੰਤ ਪੈਦਾ ਕੀਤੇ ਹਨ। ਇਨ੍ਹਾਂ ਮਿੱਟੀ ਦੇ ਭਾਂਡਿਆਂ (ਜੀਵਾਂ) ’ਚ ਕੋਈ ਊਣਤਾ ਨਹੀਂ। ਨਾ ਹੀ ਭਾਂਡਿਆਂ ਨੂੰ ਬਣਾਣ ਵਾਲੇ ਘੁਮਿਆਰ ’ਚ। ਉਹ ਸਦਾ ਕਾਇਮ ਰਹਿਣ ਵਾਲਾ ਮਾਲਕ ਸਭ ਜੀਵਾਂ ’ਚ ਵੱਸਦਾ ਹੈ। ਜੋ ਕੁਝ ਜਗਤ ’ਚ ਹੋ ਰਿਹਾ ਹੈ, ਉਸੇ ਦਾ ਕੀਤਾ ਕਰਾਇਆ ਹੈ। ਸੋ ਉਹੀ ਮਨੁੱਖ ਰੱਬ ਦਾ ਪਿਆਰਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣ ਕੇ ਉਸ ਇੱਕ ਨਾਲ ਸਾਂਝ ਪਾਵੇ। ਰੱਬ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ। ਉਸ ਦੇ ਸਾਰੇ ਗੁਣ ਦੱਸੇ ਨਹੀਂ ਜਾ ਸਕਦੇ। ਕਬੀਰ ਸਾਹਿਬ ਆਖਦੇ ਹਨ ਕਿ ਮੇਰੇ ਗੁਰੂ ਨੇ (ਰੱਬੀ ਸੂਝ ਰੂਪ) ਮਿੱਠਾ ਗੁੜ ਮੈਨੂੰ ਦਿੱਤਾ ਹੈ (ਜਿਸ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ, ਪਰ) ਮੈਂ ਉਸ ਮਾਇਆ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਰਿਹਾ ਤਾਂ ਜੋ ਉੱਚਤਾ ਜਾਂ ਨੀਚਤਾ ਵੇਖੀਏ ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ, ਸਭੁ ਜਗੁ ਉਪਜਿਆ; ਕਉਨ ਭਲੇ, ਕੋ ਮੰਦੇ ਲੋਗਾ  ! ਭਰਮਿ ਭੂਲਹੁ ਭਾਈ ਖਾਲਿਕੁ ਖਲਕ, ਖਲਕ ਮਹਿ ਖਾਲਿਕੁ; ਪੂਰਿ ਰਹਿਓ ਸ੍ਰਬ ਠਾਂਈ ਰਹਾਉ ਮਾਟੀ ਏਕ, ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ਨਾ ਕਛੁ ਪੋਚ ਮਾਟੀ ਕੇ ਭਾਂਡੇ; ਨਾ ਕਛੁ ਪੋਚ ਕੁੰਭਾਰੈ ਸਭ ਮਹਿ ਸਚਾ ਏਕੋ ਸੋਈ; ਤਿਸ ਕਾ ਕੀਆ ਸਭੁ ਕਛੁ ਹੋਈ ਹੁਕਮੁ ਪਛਾਨੈ ਸੁ ਏਕੋ ਜਾਨੈ; ਬੰਦਾ ਕਹੀਐ ਸੋਈ ਅਲਹੁ ਅਲਖੁ, ਜਾਈ ਲਖਿਆ; ਗੁਰਿ, ਗੁੜੁ ਦੀਨਾ ਮੀਠਾ ਕਹਿ ਕਬੀਰ  ! ਮੇਰੀ ਸੰਕਾ ਨਾਸੀ; ਸਰਬ ਨਿਰੰਜਨੁ ਡੀਠਾ ’’ (ਭਗਤ ਕਬੀਰ ਜੀ/੧੩੫੦)

ਭਗਤ ਨਾਮਦੇਵ ਜੀ ਮੁਤਾਬਕ ਭੀ ਸਾਰੇ ਸਰੀਰਾਂ ’ਚੋਂ ਪਰਮਾਤਮਾ ਹੀ ਬੋਲਦਾ ਹੈ। ਪਰਮਾਤਮਾ ਤੋਂ ਬਿਨਾਂ ਕੋਈ ਹੋਰ ਨਹੀਂ ਬੋਲਦਾ। ਜਿਵੇਂ ਇੱਕ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਦੇ ਹਨ, ਓਵੇਂ ਕੀੜੀ ਤੋਂ ਹਾਥੀ ਤੱਕ, ਨਿਰਜਿੰਦ ਪਦਾਰਥ ਤੇ ਸਜਿੰਦ ਜੀਵ, ਕੀੜੇ-ਪਤੰਗੇ ਆਦਿ ਹਰ ਘਟ ’ਚ ਪਰਮਾਤਮਾ ਹੀ ਸਮਾਇਆ ਹੈ ‘‘ਸਭੈ ਘਟ ਰਾਮੁ ਬੋਲੈ; ਰਾਮਾ ਬੋਲੈ ਰਾਮ ਬਿਨਾ; ਕੋ ਬੋਲੈ ਰੇ ਰਹਾਉ ਏਕਲ ਮਾਟੀ, ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ; ਘਟਿ ਘਟਿ ਰਾਮੁ ਸਮਾਨਾ ਰੇ ’’ (ਭਗਤ ਨਾਮਦੇਵ ਜੀ/੯੮੮)

ਸੋ ਗੁਰਬਾਣੀ ’ਚ ਜਿੱਥੇ ਸਭ ਦੇ ਮੂਲ ਪ੍ਰਮਾਤਮਾ ਲਈ ੴ , ਓਅੰਕਾਰ, ਕਰਤਾ ਪੁਰਖੁ, ਅਕਾਲ ਪੁਰਖੁ, ਕਾਦਰੁ, ਰਾਮੁ, ਰਹੀਮੁ, ਨਿਰੰਜਨੁ, ਨਾਰਾਇਣੁ, ਬੀਠਲੁ, ਮਾਧੋ, ਬਿਸ਼ੰਭਰ, ਗੋਬਿੰਦ, ਗੋਪਾਲ, ਮੁਰਾਰੀ ਆਦਿ ਅਨੇਕਾਂ ਕਿਰਤਮ ਨਾਮ ਵਰਤੇ ਹਨ ਉੱਥੇ ਵੱਖ ਵੱਖ ਰੂਪਾਂ ’ਚ ਅਲਹੁ, ਕਰੀਮੁ ਸ਼ਬਦ ਵੀ ਦਰਜਨਾਂ ਵਾਰ ਵਰਤੇ ਹਨ; ਜਿਵੇਂ ਕਿ ‘‘ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ਸਭ ਦੁਨੀ ਆਵਣ ਜਾਵਣੀ; ਮੁਕਾਮੁ ਏਕੁ ਰਹੀਮੁ ’’ (ਮਹਲਾ ੧/੬੪) ਭਾਵ ਸਾਰੀ ਦੁਨੀਆਂ ਆਵਣ ਜਾਵਣ ਵਾਲੀ ਹੈ (ਨਾਸਵੰਤ ਹੈ), ਸਦਾ ਕਾਇਮ ਰਹਿਣ ਵਾਲਾ ਸਿਰਫ਼ ਇਕ ਅੱਲ੍ਹਾ ਹੈ, ਜੋ ਅਲੱਖ ਹੈ, ਅਪਹੁੰਚ ਹੈ, ਸਾਰੀ ਕੁਦਰਤ ਦਾ ਮਾਲਕ ਹੈ, ਸਾਰੇ ਜਗਤ ਦਾ ਰਚਨਹਾਰ ਹੈ ਤੇ ਸਭ ਜੀਵਾਂ ਉੱਤੇ ਰਹਿਮ ਕਰਨ ਵਾਲਾ ਹੈ।

ਗੁਰਬਾਣੀ ’ਚ ਅਕਾਲ ਪੁਰਖ ਲਈ ਵੱਖ ਵੱਖ ਨਾਉਂ ਲਿਖੇ ਜਾਣਾ ਸਾਬਤ ਕਰਦਾ ਹੈ ਕਿ ਸਾਡੇ ਲਈ ਰਾਮ ਅਤੇ ਅੱਲ੍ਹਾ ਇੱਕ ਸਮਾਨ ਹਨ, ਕੋਈ ਭੇਦ ਨਹੀਂ। ਹਿੰਦੂ ਦਾ ਗੁਸਾਈਂ ਅਤੇ ਮੁਸਲਮਾਨ ਦਾ ਅੱਲ੍ਹਾ ਇਕੋ ਹੈ ‘‘ਏਕੁ ਗੁਸਾਈ ਅਲਹੁ ਮੇਰਾ ਹਿੰਦੂ ਤੁਰਕ ਦੁਹਾਂ ਨੇਬੇਰਾ ’’ (ਮਹਲਾ /੧੧੩੬)

ਗੁਰਬਾਣੀ ਜਿੱਥੇ ਹਰ ਵਿਅਕਤੀ ਨੂੰ ਆਪੋ ਆਪਣੇ ਧਾਰਮਿਕ ਨਿਯਮਾਂ ਨੂੰ ਪੜਚੋਲਣ ਲਈ ਪ੍ਰੇਰਦੀ ਹੈ ਉੱਥੇ ਅਰਥਹੀਣ ਰਹੁ ਰੀਤਾਂ ਨੂੰ ਦੂਸਰਿਆਂ ਉੱਪਰ ਠੋਸਣ ਦੇ ਸਖ਼ਤ ਖਿਲਾਫ਼ ਹੈ। ਸੁਤੰਤਰਤਾ ਤੇ ਡਰ ਰਹਿਤ ਜ਼ਿੰਦਗੀ ਜਿਉਣ ਦੀ ਵਕਾਲਤ ਕਰਦੀ ਹੈ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ਕਹੁ ਨਾਨਕ  ! ਸੁਨਿ ਰੇ ਮਨਾ  ! ਗਿਆਨੀ ਤਾਹਿ ਬਖਾਨਿ ’’ (ਮਹਲਾ /੧੪੨੭) ਇਸ ਸਿੱਖਿਆ ’ਤੇ ਪਹਿਰਾ ਦਿੰਦਿਆਂ ਹਿੰਦੂਆਂ ਦੇ ਜੰਞੂ ਜਿਸ ਵਿੱਚ ਗੁਰੂ ਸਾਹਿਬਾਨ ਦਾ ਆਪਣਾ ਕੋਈ ਯਕੀਨ ਨਹੀਂ; ਉਸ ਨੂੰ ਪਹਿਨਣ ਦਾ ਹੱਕ ਦਿਵਾਉਣ ਲਈ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਖ਼ੁਦ ਦਿੱਲੀ ਪਹੁੰਚ ਕੇ ਸ਼ਹੀਦੀ ਦਿੱਤੀ। ਜੇ ਅਮਨ ਪਸੰਦ ਧਾਰਮਿਕ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪਦ ਚਿੰਨ੍ਹਾਂ ’ਤੇ ਚੱਲਦਿਆਂ ਮਾਨਵਤਾ ਦੀ ਅਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਅਵਾਜ਼ ਉਠਾਉਣੀ ਸ਼ੁਰੂ ਕਰ ਦੇਣ ਤਾਂ ਸਾਰੀ ਦੁਨੀਆਂ ’ਚੋਂ ਫਿਰਕੂ ਦੰਗੇ ਫਸਾਦ ਅਤੇ ਧਰਮ ਆਧਾਰਿਤ ਸਮਾਜਿਕ ਵੰਡਾਂ ਖ਼ਤਮ ਹੋ ਜਾਣਗੀਆਂ, ਕਿਸੇ ਨੂੰ ਵੀ ਦੇਸ਼ ਦੀ ਵੰਡ ਦਾ ਉਸ ਤਰ੍ਹਾਂ ਦੁੱਖ ਨਹੀਂ ਭੋਗਣਾ ਪਵੇਗਾ ਜਿਸ ਤਰ੍ਹਾਂ ਪੰਜਾਬ ਅਤੇ ਬੰਗਾਲ ਦੇ ਲੋਕਾਂ ਨੂੰ 1947 ’ਚ ਝਲਣਾ ਪਿਆ ਸੀ।

ਸਮਾਜਿਕ ਵਿਤਕਰੇ ਦੇਸ਼ ਦੀ ਤਰੱਕੀ ਅਤੇ ਸਮਾਜਿਕ ਸਾਂਝ ’ਤੇ ਸੱਟ ਮਾਰਦੇ ਹਨ। ਲੋਕਤੰਤਰੀ ਪ੍ਰਣਾਲੀ ’ਚ ਬਹੁਗਿਣਤੀ ਸਟੇਟਾਂ ’ਚ ਸਮਾਜਿਕ ਅਤੇ ਕਾਨੂੰਨੀ ਇਨਸਾਫ਼ ਖੰਭ ਲਾ ਕੇ ਉੱਡ ਜਾਂਦਾ ਹੈ। ਭਾਰਤ ਸੰਵਿਧਾਨਕ ਤੌਰ ’ਤੇ ਤਾਂ ਧਰਮ ਨਿਰਪੱਖ ਦੇਸ਼ ਹੈ। ਇਸ ਦੇ ਸੰਵਿਧਾਨ ’ਚ ਹਰ ਮਨੁੱਖ ਨੂੰ ਬੋਲਣ, ਲਿਖਣ ਅਤੇ ਆਪਣੀ ਮਰਜ਼ੀ ਦਾ ਧਰਮ ਅਪਣਾਉਣ ਦੀ ਅਜ਼ਾਦੀ ਹੈ। ਧਰਮ, ਜਾਤ ਅਤੇ ਲਿੰਗ ਆਧਾਰਿਤ ਵਿਤਕਰਾ ਕਰਨ ਵਾਲੇ ਅਤੇ ਉਨ੍ਹਾਂ ਵਿਰੁੱਧ ਸ਼ਬਦੀ ਹਮਲੇ ਕਰਨ ਵਾਲਿਆਂ ਲਈ ਕਾਨੂੰਨ ਮੁਤਾਬਕ ਭਾਵੇਂ ਸਜ਼ਾ ਦੀ ਵਿਵਸਥਾ ਹੈ, ਪਰ ਅਮਲੀ ਰੂਪ ’ਚ ਸੰਵਿਧਾਨ ਮੌਨ ਧਾਰੀ ਬੈਠਾ ਰਹਿੰਦਾ ਹੈ। ਲੋਕਤੰਤਰ ’ਚ ਵੋਟ ਗਿਣਤੀ ਦੇ ਆਧਾਰ ’ਤੇ ਰਾਜ ਸੱਤਾ ਹਥਿਆਈ ਜਾਂਦੀ ਹੈ। ਇਸ ਭੁੱਖ ਕਾਰਨ ਫਿਰਕੂ ਪਾਰਟੀਆਂ ਸਮਾਜ ’ਚ ਨਫ਼ਤਰ ਪੈਦਾ ਕਰ, ਭਾਈਚਾਰਕ ਸਾਂਝ ਮਿਟਾ ਕੇ ਬਹੁ ਗਿਣਤੀ ਵੋਟਾਂ ਨਾਲ਼ ਸੱਤਾ ’ਤੇ ਕਾਬਜ਼ ਹੁੰਦੀਆਂ ਹਨ।

ਵਿਖਾਵੇ ਮਾਤਰ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜਿਆਂ ’ਤੇ ਐਲਾਨ ਕਰਦੇ ਹਨ ਕਿ ਸਾਨੂੰ ਗੁਰੂ ਸਾਹਿਬ ਜੀ ਦੀ ਸਿੱਖਿਆ ’ਤੇ ਚੱਲਦੇ ਹੋਏ ਆਪਸੀ ਭਾਈਚਾਰਕ ਸਾਂਝ ਬਣਾਉਣੀ ਚਾਹੀਦੀ ਹੈ। ਕਹਿਣ ਨੂੰ ਤਾਂ ਇਹ ਆਖਦੇ ਹਨ ਕਿ ਅੰਗਰੇਜ਼ਾਂ ਨੇ ਵੰਡੋ ਅਤੇ ਰਾਜ ਕਰੋ ਦੀ ਨੀਤੀ ਅਧੀਨ ਭਾਰਤ ’ਤੇ ਰਾਜ ਕੀਤਾ, ਪਰ ਇਨ੍ਹਾਂ ਦੀ ਆਪਣੀ ਕਰਨੀ ਅੰਗਰੇਜ਼ਾਂ ਨਾਲੋਂ ਕਿਤੇ ਵੱਧ ਮਾੜੀ ਸਿੱਧ ਹੋ ਰਹੀ ਹੈ। ਪਾਰਟੀ ਦੇ ਬੁਲਾਰਿਆਂ ਤੋਂ ਲੈ ਕੇ ਉੱਚ ਸੰਵਿਧਾਨਿਕ ਪਦਾਂ ’ਤੇ ਬੈਠੇ ਆਕਾ ਜਿਹੜੇ ਸੰਵਿਧਾਨ ਦੀ ਸਹੁੰ ਵੀ ਚੁੱਕਦੇ ਹਨ ਅਤੇ ਹਰ ਚੋਣ ਤੋਂ ਪਹਿਲਾਂ ਧਾਰਮਿਕ ਮੁੱਦੇ ਭਟਕਾਅ ਹਿੰਦੂ-ਮੁਸਲਮਾਨਾਂ ’ਚ ਨਫ਼ਰਤ ਅਤੇ ਦੰਗੇ ਫਸਾਦ ਕਰਵਾ ਵੋਟਾਂ ਦਾ ਧਰੁਵੀਕਰਨ ਵੀ ਕਰਦੇ ਹਨ। ਹੋਰ ਤਾਂ ਹੋਰ ਧਾਰਮਿਕ ਆਦਾਰਿਆਂ ’ਚੋਂ ਆਉਂਦੀ ਸਪੀਕਰਾਂ ਦੀ ਅਵਾਜ਼ ਨੂੰ ਵੀ ਮੁੱਦਾ ਬਣਾ ਵੋਟ ਵਟੋਰੀ ਜਾਂਦੀ ਹੈ। ਜੇਕਰ ਚਾਹੁਣ ਤਾਂ ਧਾਰਮਿਕ ਆਦਾਰਿਆਂ ਦੀ ਆਵਾਜ਼ ਚਾਰ ਦਿਵਾਰੀ ਤੱਕ ਰੱਖਣ ਲਈ ਕਈ ਵਾਰ ਸੁਪਰੀਮ ਕੋਰਟ ਵੀ ਕਹਿ ਚੁੱਕੀ ਹੈ, ਉਸ ਨੂੰ ਸਾਰੇ ਧਰਮਾਂ ’ਤੇ ਸਖ਼ਤੀ ਨਾਲ਼ ਲਾਗੂ ਕੀਤਾ ਜਾ ਸਕਦਾ ਹੈ, ਪਰ ਨਹੀਂ ਕਰਨਾ। ਵਿਸ਼ੇਸ਼ ਫਿਰਕੇ ਦੀਆਂ ਔਰਤਾਂ ਦਾ ਧਾਰਮਿਕ ਲਿਬਾਸ ਵੀ ਨਫ਼ਰਤ ਪੈਦਾ ਕਰਨ ਵਾਲ਼ਾ ਹਥਿਆਰ ਬਣਾ ਲਿਆ ਗਿਆ। ਕੀ ਇਹ ਔਰੰਗਜ਼ੇਬ ਵੱਲੋਂ ਜੰਞੂ ਉਤਰਾਉਣ ਦੇ ਤੁਲ ਨਹੀਂ ? ਇਸ ਤਰ੍ਹਾਂ ਸਿਆਸੀ ਪਾਰਟੀ ਰਾਜਨੀਤਿਕ ਲਾਭ ਉੱਠਾ ਕੇ ਜਨਤਾ ਦੇ ਆਮ ਮੁੱਦਿਆਂ ਤੋਂ ਧਿਆਨ ਭਟਕਾਉਣ ’ਚ ਕਾਮਯਾਬ ਹੁੰਦੀ ਆ ਰਹੀ ਹੈ। ਹੁਣ 15 ਅਗਸਤ ਨੂੰ 26 ਕਰੋੜ ਘਰਾਂ ’ਤੇ 1300 ਕਰੋੜ ਦੇ ਤਰੰਗੇ ਲਹਿਰਾਅ ਕੇ ਰਾਸ਼ਟਰੀ ਭਾਵਨਾ ਪੈਦਾ ਕਰਨ ਦਾ ਟੀਚਾ ਹੈ ਤਾਂ ਜੋ 2024 ਚੁਣਾਵ ਤੱਕ ਲੋਕ ਬੁਨਿਆਦੀ ਲੋੜਾਂ ਦੀ ਅਸਫਲਤਾ ਲਈ ਸਰਕਾਰ ਨੂੰ ਜ਼ਿੰਮੇਦਾਰ ਨਾ ਠਹਿਰਾਅ ਸਕਣ; ਇਉਂ ਅਤਿ ਗੰਭੀਰ ਮੁੱਦੇ ਮਹਿੰਗਾਈ, ਬੇਰੁਜ਼ਗਾਰੀ, ਸਿਹਤ ਅਤੇ ਸਿੱਖਿਆ ਫਿਰਕੂ ਮੁੱਦਿਆਂ ਹੇਠ ਦਫ਼ਨ ਕਰ ਦਿੱਤੇ ਗਏ। ਹਿੰਦੂ ਭਰਾਵਾਂ ਨੂੰ ਸੋਚਣਾ ਪਏਗਾ ਕਿ ਮੰਨ ਲਓ ਹਿੰਦੂ ਰਾਸ਼ਟਰ ਬਣ ਗਿਆ ਤਾਂ ਉਨ੍ਹਾਂ ਨੂੰ ਕੀ ਲਾਭ ਮਿਲੇਗਾ ? ਪਾਕਿਸਤਾਨ, ਬੰਗਲਾ ਦੇਸ਼, ਅਫ਼ਗਾਨਿਸਤਾਨ ਆਦਿ ਕਿੰਨੇ ਹੀ ਇਸਲਾਮਿਕ ਦੇਸ਼ ਹਨ ਉੱਥੋਂ ਦੇ ਮੁਸਲਮਾਨਾਂ ਭਰਾਵਾਂ ਨੂੰ ਕਿੰਨਾ ਕੁ ਲਾਭ ਮਿਲਿਆ ਹੈ ? ਉਨ੍ਹਾਂ ਦੀ ਆਰਥਿਕਤਾ ਭਾਰਤ ਨਾਲੋਂ ਵੀ ਕਮਜ਼ੋਰ ਹੈ।

ਸੋ ਜੇਕਰ ਸਾਰੀ ਹੀ ਦੁਨੀਆਂ ਦੇ ਲੋਕ; ਧਰਮ ਨਿਰਪੱਖਤਾ ਅਤੇ ਮਨੁੱਖੀ ਅਧਿਕਾਰਾਂ ਦੇ ਹਿਮਾਇਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਪਣਾਅ ਲੈਣ ਤਾਂ ਕਿਸੇ ਵੀ ਖੇਤਰ ’ਚ ਸਮਾਜਿਕ ਫੁੱਟ ਦਾ ਬੀਜ ਨਹੀਂ ਬੀਜਿਆ ਜਾ ਸਕੇਗਾ। ਅਜਿਹਾ ਫਿਰਕੂ ਸਿਆਸੀ ਲੋਕ ਨਹੀਂ ਹੋਣ ਦੇਣਗੇ, ਇਸ ਲਈ ਪਹਿਲਾਂ ਇਨ੍ਹਾਂ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਇਨ੍ਹਾਂ ਵਿੱਚ ਕਿਸੇ ਵੀ ਧਰਮ, ਸਮਾਜ ਤੇ ਰਾਸ਼ਟਰ ਦਾ ਭਲਾ ਨਹੀਂ।

ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼; ਸਮੁੱਚੀ ਮਾਨਵਤਾ ਲਈ ਲਾਹੇਵੰਦ

0

ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼; ਸਮੁੱਚੀ ਮਾਨਵਤਾ ਲਈ ਲਾਹੇਵੰਦ

ਗਿਆਨੀ ਅਵਤਾਰ ਸਿੰਘ

ਗਿਆਨ; ਮਨੁੱਖ ਜਾਤੀ ਲਈ ਸਾਫ਼-ਸੁਥਰਾ ਅਤੇ ਪ੍ਰਤੱਖ ਨਜ਼ਰ ਆਉਣ ਵਾਲ਼ਾ ਮਾਰਗ ਹੈ, ਜਿਸ ’ਤੇ ਚੱਲਦਿਆਂ ਉਹ ਆਪਣੀ ਜ਼ਿੰਦਗੀ ਨੂੰ ਬੜਾ ਅਰਾਮ ਦਾਇਕ ਬਣਾ ਬਣਾ ਭੋਗਦਾ ਹੈ। ਬਾਕੀ ਜੂਨਾਂ (ਪਸ਼ੂ/ਪੰਛੀਆਂ) ਕੋਲ਼ ਸੀਮਤ ਗਿਆਨ ਹੋਣ ਕਾਰਨ ਜੀਵਨ ’ਚ ਵਧੇਰੇ ਪੀੜਾ ਸਹਿਣੀ ਪੈਂਦੀ ਹੈ। ਮੋਟੇ ਤੌਰ ’ਤੇ ਗਿਆਨ ਤਿੰਨ ਤਰ੍ਹਾਂ ਦਾ ਹੁੰਦਾ ਹੈ (1). ਆਪਣੇ ਸਰੀਰ ਬਾਰੇ ਗਿਆਨ। ਇਹ ਬੰਦੇ ਦੇ ਖਾਣ ਪਾਣ (ਪੀਣ), ਰਹਿਣੀ-ਬਹਿਣੀ ਤੇ ਪਰਿਵਾਰਿਕ ਜੀਵਨ ਨਾਲ਼ ਸੰਬੰਧਿਤ ਹੈ, ਜੋ ਸਰੀਰਕ ਤੰਦਰੁਸਤੀ, ਸਾਫ਼-ਸਫ਼ਾਈ ਤੇ ਕਿਰਤ ਕਰਨ ’ਚ ਮਦਦ ਕਰਦਾ ਹੈ। (2). ਸਮਾਜ ਤੇ ਕੁਦਰਤਿ ਬਾਰੇ ਗਿਆਨ। ਇਸ ਗਿਆਨ ਤੋਂ ਸੱਖਣਾ ਮਨੁੱਖ ਸਮਾਜਿਕ ਜ਼ਿੰਦਗੀ ’ਚ ਅਤੇ ਕੁਦਰਤੀ ਆਫ਼ਤਾਂ ਦਾ ਸਾਮ੍ਹਣਾ ਕਰਦਿਆਂ ਧੋਖਾ ਖਾਏਗਾ। (3). ਰੂਹਾਨੀਅਤ ਗਿਆਨ। ਇਹ ਗਿਆਨ; ਮਨੁੱਖੀ ਜ਼ਿੰਦਗੀ ਨੂੰ ਸ਼ਾਂਤ (ਅਡੋਲ), ਗੰਭੀਰ ਅਤੇ ਪਿਆਰ ਭਰਪੂਰ ਬਣਾਉਂਦਾ ਹੈ।

ਬੌਧਿਕਤਾ ਪੱਖੋਂ ਵੇਖਿਆ ਜਾਏ ਤਾਂ ਉਕਤ ਨੰਬਰ 3 ਵਾਲ਼ਾ ਗਿਆਨ; ਪਹਿਲੇ ਅਤੇ ਦੂਜੇ ਨੰਬਰ ਵਾਲ਼ੇ ਗਿਆਨ ਦੀ ਨੀਂਹ (ਬੁਨਿਆਦ) ਹੈ ਯਾਨੀ ਜਿਸ ਮਨੁੱਖ ਅੰਦਰ ਸ਼ਾਂਤੀ, ਗੰਭੀਰਤਾ ਤੇ ਪਿਆਰ ਹੈ ਉਹ, ਸਰੀਰਕ ਗਿਆਨ ਅਤੇ ਸਮਾਜਿਕ/ਕੁਦਰਤਿ ਗਿਆਨ ਪੱਖੋਂ ਵੀ ਸੁਚੇਤ ਹੁੰਦਾ ਹੈ, ਇਸ ਲਈ ‘ਜਪੁ’ ਬਾਣੀ ’ਚ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਹਨ ‘‘ਨਾ ਓਹਿ ਮਰਹਿ; ਠਾਗੇ ਜਾਹਿ ਜਿਨ ਕੈ, ਰਾਮੁ ਵਸੈ ਮਨ ਮਾਹਿ੩੭’’ (ਜਪ) ਅਰਥ : ਜਿਨ੍ਹਾਂ ਦੇ ਮਨ ’ਚ ਰਾਮ-ਰਾਮ (ਦੀ ਹੋਂਦ ਬਾਰੇ ਖ਼ਿਆਲ) ਵੱਸਦਾ ਹੈ, ਉਪਜਦਾ ਹੈ। ਉਹ ਨਾ ਆਤਮਕ ਪੱਖੋਂ ਮਰਦੇ ਹਨ ਅਤੇ ਨਾ ਹੀ ਸਮਾਜ ’ਚ ਵਿਚਰਦਿਆਂ ਕੋਈ ਧੋਖਾ ਖਾਂਦੇ ਹਨ; ਤਾਂ ਤੇ ਸਪਸ਼ਟ ਹੈ ਕਿ ਜਿਨ੍ਹਾਂ ਦੇ ਹਿਰਦੇ ’ਚ ਅਕਾਲ ਪੁਰਖ ਦੀ ਯਾਦ ਹੈ ਉਹ; ਸਰੀਰਕ ਅਤੇ ਸਮਾਜਿਕ/ਕੁਦਰਤਿ ਗਿਆਨ ਪੱਖੋਂ ਵੀ ਮਜ਼ਬੂਤ/ਪਰਿਪੱਕ ਹੁੰਦੇ ਹਨ ਤਾਹੀਓਂ ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ’ਚ ਬਚਨ ਕੀਤੇ ‘‘ਸਰਬ ਰੋਗ ਕਾ ਅਉਖਦੁ ਨਾਮੁ ’’ (ਸੁਖਮਨੀ/ ਮਹਲਾ /੨੭੪) ਅਰਥ : ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ਼ ਦੀ ਦਵਾ (ਜੜ੍ਹ) ਰਾਮ ਦਾ ਨਾਮ ਜਪਣਾ ਹੈ। ਇਸ ਨੂੰ ਹੀ ਮਨੁੱਖਾਂ ਨੇ ‘ਧਰਮ’ (ਅਸਲ ਫ਼ਰਜ਼) ਨਾਂ ਦਿੱਤਾ।

ਸਦੀਆਂ ਤੋਂ ‘ਧਰਮ’ ਦੀ ਵਿਆਖਿਆ ਭਿੰਨ ਭਿੰਨ ਨਜ਼ਰੀਏ ਤੋਂ (ਯਾਨੀ ਆਪਣੀ ਆਪਣੀ ਮੱਤ ਨਾਲ਼) ਹੁੰਦੀ ਆਈ ਹੈ। ਆਪਣਾ ਆਪਣਾ ਮੱਤ (ਨਜ਼ਰੀਆ); ਅਸਲ ਧਰਮ ਨਹੀਂ ਸੀ, ਪਰ ਹਰ ਕਬੀਲੇ/ਵਰਗ ਨੇ ਉਸ ਨੂੰ ਹੀ ਸੱਚਾ ਧਰਮ ਮੰਨਿਆ, ਜਿਸ ਕਾਰਨ ‘ਧਰਮ’ ਦੇ ਅਰਥ ਇੱਕ ਤੋਂ ਵੱਧ ਮੱਤਾਂ ’ਚ ਟਕਰਾਅ ਦਾ ਕਾਰਨ ਬਣੇ ਅਤੇ ਮਨੁੱਖੀ ਮਨਾਂ ਅੰਦਰ ਸ਼ਾਂਤੀ, ਗੰਭੀਰਤਾ ਤੇ ਪਿਆਰ ਦੀ ਥਾਂ ਨਫ਼ਰਤ, ਹੋਛੇਪਣ ਅਤੇ ਸੁਆਰਥ ਨੇ ਜਨਮ ਲੈ ਲਿਆ। ਆਪਣਾ ਮੱਤ ਹੀ ਅਸਲ ਧਰਮ ਹੈ, ਸੱਚਾ ਮਜ਼੍ਹਬ ਹੈ; ਕਹਿ ਕਹਿ ਉਪਜੀ ਇਸ ਬਿਮਾਰੀ ਨੇ ਮਨੁੱਖਤਾ ਨੂੰ ਰੰਗ ਭੇਦ, ਨਸਲ ਭੇਦ, ਜਾਤੀ ਭੇਦ, ਭਾਸ਼ਾਈ ਭੇਦ, ਲਿਬਾਸ/ਪਹਿਰਾਵਾ ਭੇਦ ਵਰਗੇ ਵਿਤਕਰਿਆਂ ’ਚ ਵੀ ਵੰਡ ਦਿੱਤਾ ਅਤੇ ਚੌਧਰੀ ਜਮਾਤ (ਰਾਜਸੀ ਲੋਕਾਂ) ਦੀ ਸੱਤਾ ਭੁੱਖ-ਨੀਤੀ ਨੇ ਇਸ ਬਲਦੀ ’ਤੇ ਹੋਰ ਤੇਲ ਪਾਇਆ।

ਗੁਰੂ ਨਾਨਕ ਸਾਹਿਬ ਜੀ ਦੇ ਜਨਮ ਧਾਰਨ ਸਮੇਂ ਇੱਕ ਕਬੀਲੇ ਅੰਦਰ ਹੀ ਮਨੁੱਖ ਨੂੰ ਮਨੁੱਖ ਤੋਂ ਦੂਰ ਰੱਖਣ ਲਈ ਕਈ ਕਈ ਰੀਤੀ-ਰਿਵਾਜ ਸਨ। ਸਾਰਿਆਂ ਨੂੰ ਧਰਮ ਦੇ ਹੀ ਨਾਂ ਦਿੱਤੇ ਹੋਏ ਸਨ; ਇਉਂ ਆਪਸੀ ਫੁੱਟ; ਰੂਹਾਨੀਅਤ ਗਿਆਨ (ਖੋਜ) ’ਤੇ ਭਾਰੂ ਪੈਂਦੀ ਗਈ। ਜਿਸ ਜਿਸ ਨੇ ਰੂਹਾਨੀਅਤ ਗਿਆਨ ਬਾਰੇ ਚਾਨਣਾ ਪਾਇਆ ਉਸ ਦਾ ਵਿਰੋਧ ਹੋਇਆ। ਰੂੜ੍ਹੀਵਾਦੀ ਮਨਹੱਠ ਨੇ ਉਨ੍ਹਾਂ ਨੂੰ ਸਰੀਰਕ ਤਸੀਹੇ ਦਿੱਤੇ। ਉਨ੍ਹਾਂ ਅੰਦਰ ਮਾਨਸਿਕ ਮਜ਼ਬੂਤੀ (ਰੂਹਾਨੀਅਤ ਸੱਚਾ ਪ੍ਰਕਾਸ਼) ਹੀ ਕਹੀਏ ਕਿ ਉਨ੍ਹਾਂ ਨੇ ਆਪਣਾ ਉਪਦੇਸ਼ ਦੇਣਾ ਜਾਰੀ ਰੱਖਿਆ।

ਜ਼ਰਾ ਸੋਚਣਾ ਬਣਦਾ ਹੈ ਕਿ ਸਿੱਖ ਧਰਮ ਦੇ ਤਿੰਨ ਮੁੱਢਲੇ ਅਸੂਲ ਹਨ ‘ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛੱਕਣਾ’; ਇਨ੍ਹਾਂ ਪਰਉਪਕਾਰੀ ਅਤੇ ਸ਼ਾਂਤਮਈ ਉਪਦੇਸ਼ਾਂ ਦਾ ਕੋਈ ਰੂੜ੍ਹੀਵਾਦੀ ਮਨਮੱਠੀ ਅੰਨ੍ਹਾ ਮਨੁੱਖ ਹੀ ਵਿਰੋਧ ਕਰੇਗਾ, ਪਰ ਵਿਰੋਧ ਹੋਇਆ ਤੇ ਸਭ ਤੋਂ ਵੱਧ ਨਫ਼ਰਤ ਰੱਖ ਤਸੀਹੇ ਦਿਵਾਏ ਗਏੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਨਵ ਜਾਤੀ ਨੂੰ ਧਰਮ ਦੇ ਨਾਂ ’ਤੇ ਕਿੰਨਾ ਗੁੰਮਰਾਹ ਕੀਤਾ ਗਿਆ ਸੀ/ਹੈ, ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ‘‘ਆਖਣਿ ਅਉਖਾ; ਸਾਚਾ ਨਾਉ ’’ (ਸੋ ਦਰੁ/ਮਹਲਾ /) ਯਾਨੀ ਸਚਾਈ ਬਿਆਨ ਕਰਨੀ ਅਤੇ ਸੁਣਨੀ; ਬੜੀ ਮੁਸ਼ਕਲ ਹੈ, ਫਿਰ ਵੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਮੂੰਹ ’ਤੇ ਜਾਬਰ (ਜ਼ੁਲਮ ਕਰਨ ਵਾਲ਼ਾ) ਤੱਕ ਕਿਹਾ ਹੈ।

ਜਦ ਅੰਨ੍ਹਾ ਮਨੁੱਖ ਵੀ ਆਪਣੇ ਆਪ ਨੂੰ ‘‘ਇਕ ਦੂ ਇਕੁ ਸਿਆਣਾ ’’ (ਜਪੁ) ਸਮਝ ਬੈਠੇ ਤਾਂ ਸਮਝਦਾਰੀ ਇਸ ਵਿੱਚ ਹੀ ਹੈ ਕਿ ਉਸ ਨੂੰ ਪਹਿਲਾਂ ਅਕਲ-ਦਵਾ ਦੇਣ ਦੀ ਥਾਂ ਉਸ ਦੀ ਕਥਨੀ ਅਤੇ ਕਰਨੀ (ਬੋਲਾਂ ਅਤੇ ਰਹਿਣੀ-ਬਹਿਣੀ) ’ਚੋਂ ਊਣਤਾਈ ਲੈ ਕੇ ਉਸ ਅੱਗੇ ਰੱਖ ਜਵਾਬ ਮੰਗਿਆ ਜਾਵੇ। ਗੁਰੂ ਨਾਨਕ ਸਾਹਿਬ ਜੀ ਨੇ ਇਸੇ ਨੀਤੀ ਨੂੰ ਆਪਣਾ ਹਥਿਆਰ ਬਣਾਇਆ। ਆਪ; ਮੱਕੇ ਪਹੁੰਚ ਕੇ ਕਾਬੇ ਵੱਲ ਪੈਰ ਕਰਕੇ ਸੌਂ ਗਏ। ਹਰਿਦੁਆਰ ਪਹੁੰਚ ਕੇ ਗੰਗਾ ’ਚੋਂ ਪਾਣੀ ਪੱਛਮ ਵੱਲ ਸੁੱਟਣ ਲੱਗ ਪਏ। ਸੁਲਤਾਨਪੁਰ ਲੋਧੀ ਵਿਖੇ ਨਮਾਜ਼ ਪੜ੍ਹਦੇ ਕਾਜ਼ੀਆਂ ਦੇ ਨਾਲ਼ ਝੁਕ ਕੇ ਨਮਾਜ਼ ਪੜ੍ਹਨ ਦੀ ਥਾਂ ਖੜ੍ਹੇ ਉਨ੍ਹਾਂ ਵੱਲ ਵੇਖਦੇ ਰਹੇ। ਐਸਾ ਹੀ ਵਿਵਹਾਰ ਆਪ ਨੇ ਜਗਨਨਾਥ ਪੁਰੀ ਵਿਖੇ ਹੁੰਦੀ ਆਰਤੀ ਸਮੇਂ ਕੀਤਾ। ਸੂਰਜ ਗ੍ਰਹਿਣ ਸਮੇਂ ਕੁਰੂਕਸ਼ੇਤਰ (ਹਰਿਆਣਾ) ਵਿਖੇ ਪਹੁੰਚ ਹਿਰਨ ਦਾ ਮਾਸ ਜਾ ਪਕਾਇਆ/ਰਿੰਨ੍ਹਿਆ। ਰੂੜ੍ਹੀਵਾਦੀ ਧਰਮੀ ਲੋਕਾਂ ਨੂੰ ਇਹ ਸਾਰੇ ਕਰਮ ਅਧਰਮੀ ਬੰਦੇ ਦੇ ਜਾਪੇ, ਪਰ ਜਿਉਂ ਜਿਉਂ ਇਨ੍ਹਾਂ ਹਰਕਤਾਂ ਦਾ ਕਾਰਨ ਪੁੱਛਦੇ ਗਏ ਤਾਂ ਆਪਣੇ ਅੰਨ੍ਹੇਪਣ ਅਤੇ ਸੌੜੀ ਸੋਚ ਦਾ ਅਹਿਸਾਸ ਹੁੰਦਿਆਂ ਦੇਰ ਨਾ ਲੱਗੀ।

ਗੁਰੂ ਨਾਨਕ ਸਾਹਿਬ ਜੀ; ਸਰੀਰਕ ਰੂਪ ਵਿੱਚ ਮਨੁੱਖਤਾ ਦੀ ਕਿਆਮਤ ਤੱਕ ਅਗਵਾਈ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਇਸ ਤਰ੍ਹਾਂ ਮਨੁੱਖ ਜਾਤੀ ਕਦੇ ਵੀ ਆਪਣੇ ਪੈਰਾਂ ’ਤੇ ਖੜ੍ਹੀ ਨਹੀਂ ਹੋ ਸਕਦੀ ਸੀ। ਆਪ ਨੇ 10 ਜਾਮਿਆਂ ’ਚ ਕੇਵਲ 239 ਸਾਲ (ਸੰਨ 1469-1708) ਹੀ ਮਨੁੱਖਤਾ ਦੀ ਸਰੀਰ ਰੂਪ ’ਚ ਅਗਵਾਈ ਕੀਤੀ ਹੈ। ਉਨ੍ਹਾਂ ਨੇ ਆਪਣੇ ਇਲਾਹੀ ਬਚਨਾਂ ਨੂੰ ਰੂੜ੍ਹੀਵਾਦੀ ਰਹੁ-ਰੀਤਾਂ ਅਤੇ ਸਮਾਜਿਕ ਦੰਦ ਕਥਾਵਾਂ ਦੀਆਂ ਮਿਸਾਲਾਂ ਦੇ ਦੇ ਕੇ ਸਮਝਾਇਆ ਅਤੇ ਉਨ੍ਹਾਂ ਨੂੰ ਲਿਖਤੀ ਰੂਪ ਦਿੰਦੇ ਗਏ। ਆਪ ਨੇ ਹਮਖ਼ਿਆਲੀ ਭਗਤਾਂ ਦੀ ਬਾਣੀ ਵੀ ਇਕੱਤਰ ਕੀਤੀ ਤਾਂ ਕਿ ਵੱਧ ਤੋਂ ਵੱਧ ਰੂਹਾਨੀਅਤ ਅਨੁਭਵ ਨੂੰ ਇੱਕ ਗ੍ਰੰਥ ਦਾ ਰੂਪ ਦਿੱਤਾ ਜਾ ਸਕੇ, ਜੋ ਮਨੁੱਖ ਜਾਤੀ ਦੀ ਰਹਿਨੁਮਾਈ ਕਿਆਮਤ ਤੱਕ ਕਰੇ। ਐਸਾ ਕਰਦਿਆਂ ਆਪ ਨੇ ਭਾਸ਼ਾਈ ਭੇਦ ਭਾਵ, ਜਾਤੀ ਵਖਰੇਵੇਂ, ਰੰਗ ਤੇ ਨਸਲ ਆਦਿ ਵਿਤਕਰਿਆਂ ਦੀਆਂ ਬੰਦਿਸ਼ਾਂ ਤੋੜ ਦਿੱਤੀਆਂ। ਅੱਜ ਸਿੱਖ ਬੜੇ ਮਾਣ ਨਾਲ਼ ਕਹਿ ਸਕਦੇ ਹਨ ਕਿ ਦੁਨੀਆ ਵਿੱਚ ਇੱਕੋ ਇੱਕ ਧਾਰਮਿਕ ਗ੍ਰੰਥ ‘ਗੁਰੂ ਗ੍ਰੰਥ ਸਾਹਿਬ ਜੀ’ ਹਨ, ਜਿਨ੍ਹਾਂ ਅੰਦਰ 35 ਮਹਾਂ ਪੁਰਸ਼ਾਂ ਦੇ ਅੰਮ੍ਰਿਤਮਈ ਬੋਲ; ਦਰਜਨ ਤੋਂ ਵੱਧ ਭਾਸ਼ਾਵਾਂ ਵਿੱਚ ਦਰਜ ਹਨ। ਅਜਿਹਾ ਕੋਈ ਹੋਰ ਧਾਰਮਿਕ ਗ੍ਰੰਥ ਦੁਨੀਆ ਵਿੱਚ ਨਹੀਂ। ਰੂਹਾਨੀਅਤ ਗਿਆਨ ਨੂੰ ਗੁਰੂ ਦਾ ਸਦੀਵੀ ਦਰਜਾ ਦੇਣਾ ਵੀ ਸਿੱਖ ਕੌਮ ਦੀ ਨਿਵੇਕਲੀ ਪਹਿਚਾਣ ਹੈ। ਇਸ ਵਿੱਚ ਹੇਠ ਲਿਖੇ ਕੁੱਝ ਰੂਹਾਨੀਅਤ ਤੱਥ ਦਰਜ ਹਨ :

(1). ਮਨੁੱਖ ਜਾਤੀ ਵੀ ਬਾਕੀ ਜੂਨਾਂ ਵਾਙ ਇੱਕ ਜੂਨ ਹੈ, ਜਿਸ ਦਾ ਸਰੂਪ ਕਰਤਾਰ ਦੀ ਮਰਜ਼ੀ ਅਨੁਸਾਰ ਬਣਾਇਆ ਗਿਆ ਹੈ। ਇਸ ਨੂੰ ਹੂਬਹੂ ਸੰਭਾਲਣਾ; ਸਿੱਖ ਦਾ ਮੁੱਢਲਾ ਧਾਰਮਿਕ ਕਾਰਜ ਹੈ ‘‘ਸਾਬਤ ਸੂਰਤਿ; ਦਸਤਾਰ ਸਿਰਾ ’’ (ਮਹਲਾ /੧੦੮੪), ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ  ?’’ (ਭਗਤ ਕਬੀਰ/੪੭੭), ਇਨ੍ਹਾਂ ਦੋਵੇਂ ਵਾਕਾਂ ’ਚ ਸਪਸ਼ਟ ਹੈ ਕਿ ਮਨੁੱਖ ਨੇ ਆਪਣੀ ਸ਼ਕਲ, ਜੋ ਪੈਦਾਇਸ਼ ਤੋਂ ਮਿਲੀ ਹੈ ਉਸ ਨੂੰ ਜਿਉਂ ਦਾ ਤਿਉਂ ਬਣਾਈ ਰੱਖਣਾ ਹੈ। ਨਾ ਬਾਲ ਕੱਟਣੇ ਹਨ ਅਤੇ ਨਾ ਸੁੰਨਤ ਕਰਵਾਉਣੀ ਹੈ, ਪਰ ਹਾਂ ਕੇਸਾਂ ਦੀ ਸੰਭਾਲ਼ ਲਈ ਸਿਰ ’ਤੇ ਪਗੜੀ ਜ਼ਰੂਰ ਬੰਨ੍ਹਣੀ ਹੈ। ਰੂੜ੍ਹੀਵਾਦੀ ਸੋਚ ’ਤੇ ਤਰਕ ਵੀ ਕੀਤੈ ਕਿ ਜੇਕਰ ਸੁੰਨਤ ਕੀਤਿਆਂ ਕੋਈ ਮੁਸਲਮਾਨ ਬਣਦਾ ਹੈ ਤਾਂ ਔਰਤ ਦੀ ਸੁੰਨਤ ਕਿਵੇਂ ਕਰੋਗੇ ?

(2). ਕਰਤਾਰ ਦੁਆਰਾ ਰਚੀ ਕੁਦਰਤਿ ਵਿੱਚ ਸਾਰੇ ਹੀ ਜੀਵ-ਜੰਤ, ਮਨੁੱਖ ਆਦਿ ਇੱਕੋ ਪਿਤਾ ਦੀ ਸੰਤਾਨ ਹਨ। ਓਹੀ ਸਭ ਨੂੰ ਪਾਲ਼ਦਾ ਹੈ, ਸਭ ਨੂੰ ਦਾਤਾਂ ਦਿੰਦਾ ਹੈ, ਨਾ ਕਿ ਕੋਈ ਮਨੁੱਖ ਕਿਸੇ ਨੂੰ ਦਾਤ ਦਿੰਦਾ ਹੈ, ਇਸ ਲਈ ਆਪਸੀ ਵਖਰੇਵੇਂ ਪੈਦਾ ਕਰ ਨਫ਼ਰਤ ਕਰਨਾ; ਆਪਣੇ ਮਾਲਕ ਦੀ ਰਜ਼ਾ ਵਿਰੁੱਧ ਹੈ ‘‘ਸਭਨਾ ਦਾਤਾ ਏਕੁ ਤੂ; ਮਾਣਸ ਦਾਤਿ ਹੋਇ (ਮਹਲਾ /੫੯੫), ਤੂ ਦਾਤਾ ਸਭਿ ਮੰਗਤੇ; ਇਕੋ ਦੇਵਣਹਾਰੁ (ਮਹਲਾ /੧੨੮੬), ਏਕੁ ਪਿਤਾ; ਏਕਸ ਕੇ ਹਮ ਬਾਰਿਕ (ਮਹਲਾ /੬੧੧), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ (ਮਹਲਾ /੯੭), ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ (ਮਹਲਾ /੭੪੭), ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ  ? ਕੋ ਮੰਦੇ  ?’’ (ਭਗਤ ਕਬੀਰ/੧੩੪੯)

(3). ਸਮੁੱਚੀ ਮਨੁੱਖ ਜਾਤੀ ਨੇ ਗ੍ਰਹਿਸਤੀ ਜੀਵਨ ਅਪਣਾਉਣਾ ਹੈ ਤਾਂ ਕਿ ਪਤੀ-ਪਤਨੀ ਦੇ ਰਿਸ਼ਤਿਆਂ ਰਾਹੀਂ ਕੁਦਰਤੀ ਵਿਕਾਸ ਵਿੱਚ ਯੋਗਦਾਨ ਪਾਇਆ ਜਾਵੇ, ਜੋ ਕਰਤਾਰ ਦੀ ਇੱਕ ਖੇਡ ਹੈ। ਹੱਕ ਹਲਾਲ ਦੀ ਹੱਥੀਂ ਮਿਹਨਤ ਕਰਨੀ ਹੈ। ਕਿਸੇ ਦੂਸਰੇ ਉੱਤੇ ਬੋਝ ਨਹੀਂ ਬਣਨਾ; ਜਿਵੇਂ ਕਿ ਧਰਮੀ ਬੰਦੇ ਅਕਸਰ ਇਹ ਕਹਿ ਕੇ ਹੋਰਾਂ ’ਤੇ ਬੋਝ ਬਣ ਜਾਂਦੇ ਹਨ ਕਿ ਸਾਡਾ ਕੰਮ ਤਾਂ ਧਰਮ ਕਮਾਉਣਾ ਤੇ ਧਰਮ ਦਾ ਸੰਦੇਸ਼ ਦੇਣਾ ਹੈ, ਨਾ ਕਿ ਕਿਰਤ ਕਰਨੀ। ਇਸ ਤੋਂ ਉਲ਼ਟ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਵੀ ਕਰਨੀ ਹੈ ‘‘ਗੁਰੁ ਪੀਰੁ ਸਦਾਏ; ਮੰਗਣ ਜਾਇ ਤਾ ਕੈ; ਮੂਲਿ ਲਗੀਐ ਪਾਇ (ਪਾਂਇ) ਘਾਲਿ ਖਾਇ; ਕਿਛੁ ਹਥਹੁ ਦੇਇ ਨਾਨਕ  ! ਰਾਹੁ ਪਛਾਣਹਿ ਸੇਇ (ਮਹਲਾ /੧੨੪੫), ਹਕੁ ਪਰਾਇਆ ਨਾਨਕਾ ! ਉਸੁ ਸੂਅਰ ਉਸੁ ਗਾਇ ’’ (ਮਹਲਾ /੧੪੧) ਯਾਨੀ ਪਰਾਇਆ ਹੱਕ ਮਾਰਨਾ ਤਾਂ ਮੁਸਲਮਾਨ ਲਈ ਸੂਅਰ ਖਾਣਾ ਅਤੇ ਬ੍ਰਾਹਮਣ ਲਈ ਗਾਂ ਖਾਣ ਵਾਙ ਅਪਵਿੱਤਰ ਹੋਣਾ ਚਾਹੀਦਾ ਹੈ।

(4). ਇੱਕ ਅਕਾਲ ਪੁਰਖ ਦੀ ਹੋਂਦ/ਵਜੂਦ ਨੂੰ ਮੰਨਣਾ ਹੈ। ਵਾਰ ਵਾਰ ਉਸ ਨੂੰ ਯਾਦ ਕਰਨਾ ਹੈ, ਜੋ ਸਾਰਿਆਂ ਵਿੱਚ ਜੋਤਿ ਸਰੂਪ ਵਜੋਂ ਬਿਰਾਜਮਾਨ ਹੈ ‘‘ਘਟ ਘਟ ਮੈ ਹਰਿ ਜੂ ਬਸੈ; ਸੰਤਨ ਕਹਿਓ ਪੁਕਾਰਿ ਕਹੁ ਨਾਨਕਤਿਹ ਭਜੁ ਮਨਾ  ! ਭਉ ਨਿਧਿ ਉਤਰਹਿ ਪਾਰਿ (ਮਹਲਾ /੧੪੨੭), ਸਭ ਮਹਿ ਜੋਤਿ; ਜੋਤਿ ਹੈ ਸੋਇ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ’’ (ਮਹਲਾ /੧੩)

(5). ਕਰਤਾਰ ਦੀ ਕੁਦਰਤਿ; ਕਰਤਾਰ ਦੀ ਆਰਤੀ ਨਿਰੰਤਰ ਕਰ ਰਹੀ ਹੈ। ਮਨੁੱਖ ਨੇ ਆਪਣੇ ਆਪ ਨੂੰ ਉਸ ਵਿੱਚ ਸ਼ਾਮਲ ਕਰਨਾ ਹੈ ਕਿਉਂਕਿ ਮਨੁੱਖ ਵੀ ਕੁਦਰਤਿ ਦਾ ਹੀ ਭਾਗ ਹੈ ਯਾਨੀ ਆਪਣੇ ਆਪ ਨੂੰ ਕਰਤਾਰ ਦੀ ਰਜ਼ਾ ’ਚ ਵਿਚਰਦਾ, ਸਵੀਕਾਰਨਾ ਹੈ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ ਧੂਪੁ ਮਲਆਨਲੋ ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ਕੈਸੀ ਆਰਤੀ ਹੋਇ ਭਵ ਖੰਡਨਾ ! ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ’’ (ਸੋਹਿਲਾ/ਮਹਲਾ /੧੩)

(6). ਅਕਾਲ ਪੁਰਖ ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ) ਨਾਲ਼ ਨਹੀਂ ਪਛਾਣਿਆ ਜਾ ਸਕਦਾ, ਇਸ ਲਈ ਸਤਿਗੁਰੂ ਦੀ ਕਿਰਪਾ-ਦ੍ਰਿਸ਼ਟੀ ਦਾ ਪਾਤਰ ਬਣਨਾ ਹੈ ਤਾਂ ਤੇ ਸਤਿਗੁਰੂ ਅੱਗੇ ਅਰਦਾਸ ਕਰਨੀ ਜ਼ਰੂਰੀ ਹੈ ‘‘ਗੁਰੂ ਗੁਰੂ; ਗੁਰੁ ਕਰਿ ਮਨ ! ਮੋਰ (ਮੇਰੇ) ਗੁਰੂ ਬਿਨਾ; ਮੈ ਨਾਹੀ ਹੋਰ ਗੁਰ ਕੀ ਟੇਕ; ਰਹਹੁ ਦਿਨੁ ਰਾਤਿ ਜਾ ਕੀ ਕੋਇ; ਮੇਟੈ ਦਾਤਿ (ਮਹਲਾ /੮੬੪), ਗੁਰੁ ਜਹਾਜੁ, ਖੇਵਟੁ (ਮਲਾਹ) ਗੁਰੂ; ਗੁਰ ਬਿਨੁ ਤਰਿਆ ਕੋਇ ਗੁਰ ਪ੍ਰਸਾਦਿ ਪ੍ਰਭੁ ਪਾਈਐ; ਗੁਰ ਬਿਨੁ ਮੁਕਤਿ ਹੋਇ ’’ (ਸਵਈਏ ਮਹਲੇ ਚਉਥੇ ਕੇ (ਭਟ ਗਯੰਦ/੧੪੦੧)

ਗੁਰੂ ਗ੍ਰੰਥ ਸਾਹਿਬ ਵਿੱਚੋਂ ਲਏ ਉਕਤ ਅੰਮ੍ਰਿਤਮਈ ਸੰਦੇਸ਼ ਨਾਮ ਮਾਤਰ ਹਨ। ਅਜਿਹੇ ਹੋਰ ਵੀ ਅਨੇਕਾਂ ਇਲਾਹੀ ਫ਼ੁਰਮਾਨ ਹਨ, ਜੋ ਮਨੁੱਖ ਦਾ ਮਾਰਗ ਰੌਸ਼ਨ ਕਰਦੇ ਹਨ, ਜਿਸ ’ਤੇ ਚੱਲ ਕੇ ਇਸ ਨੇ ਆਪਣੀ ਮੰਜ਼ਲ ਪਾਉਣੀ ਹੈ। ਇਹ ਰੂਹਾਨੀਅਤ ਮਾਰਗ ਸਚਖੰਡਿ, ਬੇਗਮਪੁਰੇ ਨੂੰ ਜਾਂਦਾ ਹੈ। ਜਿੱਥੇ ਪਹੁੰਚਿਆਂ ਮੌਤ ਦਾ ਡਰ, ਪਰਵਾਰਿਕ ਮੋਹ, ਅਹੰਕਾਰ ਬਿਰਤੀ, ਸਰੀਰਕ ਪਕੜ ਆਦਿ ਤੋਂ ਅਛੋਹ ਹੋ ਜਾਈਦਾ ਹੈ ‘‘ਬੇਗਮਪੁਰਾ ਸਹਰ ਕੋ ਨਾਉ ਦੂਖੁ ਅੰਦੋਹੁ ਨਹੀ; ਤਿਹਿ ਠਾਉ ਨਾਂ ਤਸਵੀਸ ਖਿਰਾਜੁ ਮਾਲੁ ਖਉਫੁ ਖਤਾ; ਤਰਸੁ ਜਵਾਲੁ ਅਬ ਮੋਹਿ ਖੂਬ ਵਤਨ ਗਹ ਪਾਈ ਊਹਾਂ ਖੈਰਿ ਸਦਾ; ਮੇਰੇ ਭਾਈ  ! ਰਹਾਉ ’’ (ਭਗਤ ਰਵਿਦਾਸ/੩੪੫) ਅਰਥ : ਹੇ ਭਾਈ ! ਬੇਗ਼ਮ ਨਗਰ-ਸ਼ਹਰ ਵਿੱਚ ਕੋਈ ਦੁੱਖ, ਚਿੰਤਾ, ਘਬਰਾਹਟ ਨਹੀਂ। ਸੰਪੱਤੀ ਨੂੰ ਕੋਈ ਟੈਕਸ/ਨੁਕਸਾਨ ਨਹੀਂ ਯਾਨੀ ਨਫ਼ੇ-ਨੁਕਸਾਨ ਤੋਂ ਉੱਪਰ ਉੱਠ ਜਾਂਦਾ ਹੈ। ਕਿਸੇ ਪਾਪ, ਕਿਸੇ ਘਾਟੇ ਆਦਿ ਦਾ ਡਰ ਨਹੀਂ। ਹੁਣ ਮੈ ਰਹਿਣ ਲਈ ਸੋਹਣੀ ਜਗ੍ਹਾ ਲੱਭ ਲਈ ਹੈ। ਉੱਥੇ ਸਦਾ ਅਨੰਦ ਹੀ ਅਨੰਦ ਹੈ।

‘ਗੁਰੂ ਗ੍ਰੰਥ ਸਾਹਿਬ’ ਰੂਪ ਸ਼ਬਦ ਸੰਗਿਹ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 3 ਵਾਰਾਂ ਸਮੇਤ 19 ਰਾਗਾਂ ’ਚ 977 ਸ਼ਬਦ ਹਨ।, ਗੁਰੂ ਅੰਗਦ ਸਾਹਿਬ ਜੀ ਦੇ 63 ਸ਼ਬਦ।, ਗੁਰੂ ਅਮਰਦਾਸ ਜੀ ਦੇ 4 ਵਾਰਾਂ ਸਮੇਤ 17 ਰਾਗਾਂ ’ਚ 869 ਸ਼ਬਦ।, ਗੁਰੂ ਰਾਮਦਾਸ ਜੀ ਦੇ 8 ਵਾਰਾਂ ਸਮੇਤ 30 ਰਾਗਾਂ ’ਚ 638 ਸ਼ਬਦ।, ਗੁਰੂ ਅਰਜਨ ਸਾਹਿਬ ਜੀ ਦੇ 6 ਵਾਰਾਂ ਸਮੇਤ 30 ਰਾਗਾਂ ’ਚ 2312 ਸ਼ਬਦ।, ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 15 ਰਾਗਾਂ ’ਚ 116 ਸ਼ਬਦ।, ਭਗਤ ਕਬੀਰ ਜੀ ਦੇ 16 ਰਾਗਾਂ ’ਚ 532 ਸ਼ਬਦ।, ਭਗਤ ਨਾਮਦੇਵ ਜੀ ਦੇ 18 ਰਾਗਾਂ ’ਚ 61 ਸ਼ਬਦ।, ਭਗਤ ਰਵੀਦਾਸ ਜੀ ਦੇ 16 ਰਾਗਾਂ ’ਚ 40 ਸ਼ਬਦ।, ਭਗਤ ਜੈਦੇਵ ਜੀ ਦੇ 2 ਰਾਗਾਂ ’ਚ 2 ਸ਼ਬਦ।, ਭਗਤ ਤ੍ਰਿਲੋਚਨ ਜੀ ਦੇ 3 ਰਾਗਾਂ ’ਚ 4 ਸ਼ਬਦ।, ਭਗਤ ਧੰਨਾ ਜੀ ਦੇ 2 ਰਾਗਾਂ ’ਚ 3 ਸ਼ਬਦ।, ਭਗਤ ਭੀਖਨ ਜੀ ਦੇ 2 ਰਾਗਾਂ ’ਚ 2 ਸ਼ਬਦ।, ਭਗਤ ਬੇਣੀ ਜੀ ਦੇ 3 ਰਾਗਾਂ ’ਚ 3 ਸ਼ਬਦ।, ਬਾਬਾ ਫ਼ਰੀਦ ਜੀ ਦੇ 2 ਰਾਗਾਂ ’ਚ 4 ਸ਼ਬਦ, 112 ਸਲੋਕ ਹਨ।, ਭਗਤ ਰਾਮਾਨੰਦ ਜੀ, ਭਗਤ ਸੈਨ ਜੀ, ਭਗਤ ਪੀਪਾ ਜੀ, ਭਗਤ ਸਧਨਾ ਜੀ, ਭਗਤ ਪਰਮਾਨੰਦ ਜੀ ਅਤੇ ਭਗਤ ਸੂਰਦਾਸ ਜੀ ਦਾ 1-1 ਸ਼ਬਦ ਹੈ। ਤਿੰਨ ਗੁਰਸਿੱਖਾਂ (ਸੱਤਾ, ਬਲਵੰਡ ਅਤੇ ਬਾਬਾ ਸੁੰਦਰ ਜੀ) ਦੇ 3 ਸ਼ਬਦ ਹਨ ਅਤੇ 11 ਭੱਟਾਂ (ਕਲਸਹਾਰ/ਕਲ੍ਹ/ਟਲ ਜੀ, ਜਾਲਪ ਜੀ, ਕੀਰਤ ਜੀ, ਭਿਖਾ ਜੀ, ਸਲ੍ਹ ਜੀ, ਭਲ੍ਹ ਜੀ, ਨਲ੍ਹ ਜੀ, ਗਯੰਦ ਜੀ, ਮਥੁਰਾ ਜੀ, ਬਲ੍ਹ ਜੀ ਅਤੇ ਹਰਿਬੰਸ ਜੀ) ਦੇ 123 ਸ਼ਬਦ ਹਨ ਯਾਨੀ 22 ਵਾਰਾਂ ਸਮੇਤ ਕੁੱਲ 5870 ਸ਼ਬਦਾਂ ਦਾ ਸੰਗ੍ਰਹਿ ਹਨ ‘ਗੁਰੂ ਗ੍ਰੰਥ ਸਾਹਿਬ ਜੀ’।

ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਹਨ, ਜਿਨ੍ਹਾਂ ਦੇ ਨਾਂ ਹਨ ‘ਸਿਰੀ ਰਾਗ, ਮਾਝ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸੁ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਬਲ, ਗੋਂਡ, ਰਾਮਕਲੀ, ਨਟ ਨਾਰਾਇਨ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤੁ, ਸਾਰੰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ’। ਨੋਟ : ਅੰਤਮ ਰਾਗ ਜੈਜਾਵੰਤੀ ’ਚ ਕੇਵਲ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਹੈ। ਇਹ 31ਵਾਂ ਰਾਗ; 1604 ਤੋਂ 74 ਸਾਲ ਬਾਅਦ ਸੰਨ 1678 ’ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ’ਚ ਨਾਵੇਂ ਪਾਤਿਸ਼ਾਹ ਜੀ ਦੀ ਬਾਣੀ ਦਰਜ ਕਰਦਿਆਂ ਜੋੜਿਆ ਹੈ।

ਗੁਰੂ ਗ੍ਰੰਥ ਸਾਹਿਬ ਜੀ ਦਾ ਅਰੰਭਕ ਨਾਮ ‘ਆਦਿ ਗ੍ਰੰਥ’ ਸੀ, ਜਿਸ ਦੀ ਸੰਪੂਰਨਤਾ ਉਪਰੰਤ ਪਹਿਲਾ ਪ੍ਰਕਾਸ਼; 16 ਅਗਸਤ 1604 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ ਸੀ। ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੇ ਜਦ ਪਹਿਲਾ ਹੇਠਲਾ ਵਾਕ ਲਿਆ ਤਾਂ ਇਸ ਸ਼ਬਦ ਨੂੰ ਰਚਨਹਾਰ ਗੁਰੂ ਅਰਜਨ ਸਾਹਿਬ ਜੀ ਸੰਗਤ ਵਿੱਚ ਸਾਮ੍ਹਣੇ ਬੈਠੇ ਸਨ ‘‘ਸੂਹੀ ਮਹਲਾ ੫ ॥ ਸੰਤਾ ਕੇ ਕਾਰਜਿ (’ਚ, ਗੁਰੂ) ਆਪਿ ਖਲੋਇਆ; ਹਰਿ ਕੰਮੁ ਕਰਾਵਣਿ ਆਇਆ ਰਾਮ ॥ ਧਰਤਿ ਸੁਹਾਵੀ ਤਾਲੁ ਸੁਹਾਵਾ; ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ ਅੰਮ੍ਰਿਤ ਜਲੁ ਛਾਇਆ; ਪੂਰਨ ਸਾਜੁ ਕਰਾਇਆ; ਸਗਲ ਮਨੋਰਥ ਪੂਰੇ ॥ ਜੈ ਜੈ ਕਾਰੁ ਭਇਆ ਜਗ ਅੰਤਰਿ; ਲਾਥੇ ਸਗਲ ਵਿਸੂਰੇ (ਚਿੰਤਾ)॥ ਪੂਰਨ ਪੁਰਖ ਅਚੁਤ ਅਬਿਨਾਸੀ; ਜਸੁ ਵੇਦ ਪੁਰਾਣੀ ਗਾਇਆ ॥ ਅਪਨਾ ਬਿਰਦੁ ਰਖਿਆ ਪਰਮੇਸਰਿ (ਨੇ); ਨਾਨਕ ਨਾਮੁ ਧਿਆਇਆ ॥੧॥ ਨਵ ਨਿਧਿ ਸਿਧਿ ਰਿਧਿ ਦੀਨੇ ਕਰਤੇ (ਕਰਤਾਰ ਨੇ); ਤੋਟਿ ਨ ਆਵੈ ਕਾਈ (ਕੋਈ) ਰਾਮ ॥ ਖਾਤ ਖਰਚਤ ਬਿਲਛਤ (ਮਾਣਦਿਆਂ) ਸੁਖੁ ਪਾਇਆ; ਕਰਤੇ ਕੀ ਦਾਤਿ ਸਵਾਈ ਰਾਮ ॥ ਦਾਤਿ ਸਵਾਈ ਨਿਖੁਟਿ (ਮੁਕ) ਨ ਜਾਈ; ਅੰਤਰਜਾਮੀ ਪਾਇਆ ॥ ਕੋਟਿ ਬਿਘਨ ਸਗਲੇ ਉਠਿ ਨਾਠੇ; ਦੂਖੁ ਨ ਨੇੜੈ ਆਇਆ ॥ ਸਾਂਤਿ ਸਹਜ ਆਨੰਦ ਘਨੇਰੇ; ਬਿਨਸੀ ਭੂਖ ਸਬਾਈ (ਸਾਰੀ) ॥ ਨਾਨਕ  ! ਗੁਣ ਗਾਵਹਿ ਸੁਆਮੀ ਕੇ; ਅਚਰਜੁ ਜਿਸੁ ਵਡਿਆਈ ਰਾਮ ॥੨॥ ਜਿਸ ਕਾ ਕਾਰਜੁ ਤਿਨ ਹੀ ਕੀਆ; ਮਾਣਸੁ ਕਿਆ ਵੇਚਾਰਾ ਰਾਮ ? ॥ ਭਗਤ ਸੋਹਨਿ ਹਰਿ ਕੇ ਗੁਣ ਗਾਵਹਿ; ਸਦਾ ਕਰਹਿ ਜੈਕਾਰਾ ਰਾਮ ॥ ਗੁਣ ਗਾਇ (ਕੇ) ਗੋਬਿੰਦ (ਦੇ), ਅਨਦ ਉਪਜੇ; ਸਾਧਸੰਗਤਿ ਸੰਗਿ ਬਨੀ (ਪ੍ਰੀਤ ਲੱਗੀ) ॥ ਜਿਨਿ ਉਦਮੁ ਕੀਆ ਤਾਲ ਕੇਰਾ (ਅੰਮ੍ਰਿਤ ਸਰੋਵਰ ਦਾ); ਤਿਸ ਕੀ ਉਪਮਾ ਕਿਆ ਗਨੀ  ?॥ ਅਠਸਠਿ ਤੀਰਥ ਪੁੰਨ ਕਿਰਿਆ; ਮਹਾ ਨਿਰਮਲ ਚਾਰਾ (ਸੁੰਦਰ)॥ ਪਤਿਤ ਪਾਵਨੁ ਬਿਰਦੁ (ਸੁਭਾਅ) ਸੁਆਮੀ (ਦਾ); ਨਾਨਕ ਸਬਦ ਅਧਾਰਾ ॥੩॥ ਗੁਣ ਨਿਧਾਨ ਮੇਰਾ ਪ੍ਰਭੁ ਕਰਤਾ; ਉਸਤਤਿ ਕਉਨੁ ਕਰੀਜੈ ਰਾਮ  ?॥ ਸੰਤਾ ਕੀ ਬੇਨੰਤੀ ਸੁਆਮੀ ! ਨਾਮੁ ਮਹਾ ਰਸੁ ਦੀਜੈ ਰਾਮ ॥ ਨਾਮੁ ਦੀਜੈ, ਦਾਨੁ ਕੀਜੈ; ਬਿਸਰੁ ਨਾਹੀ ਇਕ ਖਿਨੋ ॥ ਗੁਣ ਗੋਪਾਲ ਉਚਰੁ ਰਸਨਾ; ਸਦਾ ਗਾਈਐ ਅਨਦਿਨੋ ॥ ਜਿਸੁ ਪ੍ਰੀਤਿ ਲਾਗੀ ਨਾਮ ਸੇਤੀ (ਨਾਲ਼); ਮਨੁ ਤਨੁ ਅੰਮ੍ਰਿਤ ਭੀਜੈ ॥ ਬਿਨਵੰਤਿ ਨਾਨਕ ਇਛ ਪੁੰਨੀ; ਪੇਖਿ ਦਰਸਨੁ ਜੀਜੈ (ਰੂਹਾਨੀਅਤ ਜੀਵਨ ਮਿਲਦਾ ਹੈ)॥੪॥’’ (ਮਹਲਾ ੫/੭੮੪)

ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ੧੭ ਭਾਦੋਂ, ਬਿਕ੍ਰਮੀ ਸੰਮਤ ੧੬੬੧; ਜੋ ਕਿ ਨਾਨਕਸ਼ਾਹੀ ਕੈਲੰਡਰ ੧੩੬/16 ਅਗਸਤ 1604 ਈਸਵੀ ਬਣਦਾ ਹੈ, ਨੂੰ ਕੀਤਾ ਗਿਆ ਸੀ, ਪਰ ਅੱਜ ਕੱਲ੍ਹ ਹਰ ਸਾਲ 16 ਦਿਨ ਬਾਅਦ ਯਾਨੀ 1 ਸਤੰਬਰ ਨੂੰ ਮਨਾਇਆ ਜਾਂਦਾ ਹੈ ਕਿਉਂਕਿ ਅੰਗਰੇਜ਼ਾਂ ਨੇ ਸੰਨ 1604 ਤੋਂ 148 ਸਾਲ ਬਾਅਦ ਯਾਨੀ 2 ਸਤੰਬਰ 1752, ਦਿਨ ਬੁੱਧਵਾਰ ਤੋਂ ਅਗਲਾ ਦਿਨ ਵੀਰਵਾਰ; 11 ਦਿਨ ਵਧਾ 14 ਸਤੰਬਰ 1752 ਕਰ ਦਿੱਤਾ ਸੀ, ਜਿਨ੍ਹਾਂ ਦੀ ਭਾਰਤ ’ਚ ਸਰਕਾਰ ਹੋਣ ਕਾਰਨ ਇੱਥੇ ਵੀ 1752 ਤੋਂ ਇਹ ਕੈਲੰਡਰ ਲਾਗੂ ਹੋ ਗਿਆ ਤਾਂ ਜੋ ਸੂਰਜੀ ਕੈਲੰਡਰ ਨੂੰ ਰੁੱਤੀ ਕੈਲੰਡਰ ਦੇ ਨੇੜੇ ਰੱਖਿਆ ਜਾਵੇ। ਇਨ੍ਹਾਂ 11 ਦਿਨਾਂ ਦੇ ਜੰਪ ਵਿੱਚ ਜੇਕਰ 1752 ਤੋਂ 2022 ਤੱਕ ਦੇ ਅੰਤਰ ਯਾਨੀ 270 ਸਾਲ ਦੇ 5 ਦਿਨ ਹੋਰ ਵਧਾ ਦੇਈਏ ਤਾਂ 16 ਦਿਨ ਬਣ ਜਾਂਦੇ ਹਨ ਤਾਹੀਓਂ 16 ਅਗਸਤ ਦਾ ਦਿਨ; ਅੱਜ ਕੱਲ੍ਹ 1 ਸਤੰਬਰ ਬਣ ਗਿਆ। ਜੇਕਰ ਅਜੇ ਵੀ ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਨਾ ਕੀਤਾ ਤਾਂ ਇਹ ਅੰਤਰ ਅਗਾਂਹ ਹੋਰ ਵਧਦਾ ਜਾਏਗਾ।

ਅੰਤ ’ਚ ਸਿੱਖਾਂ ਨੂੰ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਡੇਰੇਦਾਰ ਸਾਧਾਂ ਦੀਆਂ ਬਰਸੀਆਂ ਮਨਾਉਣ ਦੀ ਥਾਂ ਜੇਕਰ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਬਿਰਾਜਮਾਨ ਸਾਰੇ ਮਹਾਂ ਪੁਰਸ਼ਾਂ ਨਾਲ਼ ਸੰਬੰਧਿਤ ਹਰ ਇਤਿਹਾਸਕ ਦਿਹਾੜਾ ਮਨਾਉਣਾ ਸ਼ੁਰੂ ਕਰ ਦੇਵੇ ਤਾਂ ਮਨੁੱਖ ਜਾਤੀ ’ਚੋਂ ਹਰ ਭੇਦ ਭਾਵ ਮਿਟੇਗਾ ਅਤੇ ਸ਼ਾਂਤੀ, ਗੰਭੀਰਤਾ, ਪਿਆਰ ਆਦਿ ਗੁਣਾਂ ਕਰਕੇ ਸਰਬ ਸਾਝੀਵਾਲਤਾ ਦਾ ਸੰਦੇਸ਼; ਸਮੁੱਚੀ ਮਾਨਵਤਾ ਨੂੰ ਵਧੇਰੇ ਆਕਰਸ਼ਕ ਕਰੇਗਾ।

ਪੂਜਾਰੀ-ਪੂਜਾਰੀ-ਪੂਜਾਰੀ…….

0

ਪੂਜਾਰੀ-ਪੂਜਾਰੀ-ਪੂਜਾਰੀ…….

ਗਿਆਨੀ ਅਵਤਾਰ ਸਿੰਘ

ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ, ਸੋਸ਼ਲ ਮੀਡੀਆ (ਯਾਨੀ ਆਡੀਓ/ਵੀਡੀਓ) ਰਾਹੀਂ ਅਤੇ ਆਪਣੀ ਲਿਖਤ ਰਾਹੀਂ ਸ਼ਬਦ ਦੀ ਵਿਚਾਰ ਕਰਦਿਆਂ ਜਾਂ ਸਿੱਖ ਇਤਿਹਾਸ ਸੁਣਾਉਂਦਿਆਂ ਅੱਜ ਕੱਲ੍ਹ ਸਿੱਖਾਂ ਦੇ ਮੂੰਹੋਂ ਪੂਜਾਰੀ ਦੀ ਸੋਚ ਨੂੰ ਨਖਿੱਧ ਸਾਬਤ ਕਰਨ ’ਤੇ ਜ਼ੋਰ ਦਿੱਤਾ ਜਾਂਦਾ ਹੈ। ‘ਪੂਜਾਰੀ ਸੋਚ’ ’ਤੇ ਕੁੱਝ ਕਿਤਾਬਾਂ ਵੀ ਲਿਖ ਦਿੱਤੀਆਂ ਹਨ। ਅਜਿਹਾ ਜਾਪਦਾ ਹੈ ਕਿ ਸਿੱਖਾਂ ਨੇ ਗੁਰਮਤਿ ਮਾਰਗ ’ਚ ਸਭ ਤੋਂ ਵੱਡੀ ਰੁਕਾਵਟ; ਪੂਜਾਰੀ ਸੋਚ ਨੂੰ ਮੰਨ ਲਿਆ ਹੈ। ਐਸੇ ਸਿੱਖਾਂ ਮੁਤਾਬਕ ਇਹ ਸੋਚ; ਕਿਸੇ ਇੱਕ ਦੋ ਵਿਅਕਤੀਆਂ ਦੀ ਨਹੀਂ ਬਲਕਿ ਇੱਕ ਖ਼ਾਸ ਵਰਗ ਦੀ ਹੈ ਯਾਨੀ ਸਮਾਜ ’ਚ ਇੱਕ ਪੂਰੇ ਵਰਗ ਨੂੰ ਬਹੁਤਾਤ ਸਿੱਖ ਵਕਤਾ; ਨਖਿੱਧ ਸੋਚ ਵਾਲ਼ਾ ਮੰਨਦੇ ਹਨ ਭਾਵੇਂ ਕਿ ਗੁਰਬਾਣੀ ਐਸੇ ਕਿਸੇ ਇੱਕ ਪੂਰੇ ਵਰਗ ਨੂੰ ਨਖਿੱਧ ਸੋਚ ਵਾਲ਼ਾ ਨਹੀਂ ਮੰਨਦੀ। ਮਨ ’ਚ ਐਸੀ ਭਾਵਨਾ ਰੱਖਣ ਨਾਲ਼ ਉਸ ਪੂਰੇ ਵਰਗ ਪ੍ਰਤੀ ਨਫ਼ਰਤ ਉਪਜਦੀ ਹੈ, ਜਿਸ ਦੀ ਝਲਕ; ਪੂਜਾਰੀ-ਪੂਜਾਰੀ ਸ਼ਬਦ ਵਾਰ-ਵਾਰ ਬੋਲਣ/ਲਿਖਣ ਨਾਲ਼ ਪੈਂਦੀ ਹੈ। ਰੂਹਾਨੀਅਤ ਅਨੁਭਵ ਤੋਂ ਸੱਖਣੇ ਸਰੋਤੇ ਉਤੇਜਿਤ ਹੁੰਦੇ ਹਨ ਅਤੇ ਐਸੇ ਬੋਲਾਂ ਨੂੰ ਗੁਰਮਤਿ ਅਨੁਸਾਰੀ ਠਹਿਰਾਉਂਦੇ ਹਨ ਤਾਹੀਓਂ ਐਸੀ ਨਫ਼ਰੀ ਨਿਰੰਤਰ ਵਧ ਰਹੀ ਹੈ। ਐਸਾ ਕਿਉਂ  ? ਇਸ ਦੀ ਵਿਚਾਰ; ਹਥਲਾ ਲੇਖ ਹੈ।

ਗੁਰਬਾਣੀ ’ਚ ‘ਪੂਜਾਰੀ’ ਸ਼ਬਦ 6 ਵਾਰ ਦਰਜ ਹੈ, ਜੋ ਕੇਵਲ ਗੁਰੂ ਅਰਜਨ ਸਾਹਿਬ ਜੀ ਦੁਆਰਾ ਵਰਤਿਆ ਗਿਆ ਹੈ ਯਾਨੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਇਮਾਨ 34 ਬਾਣੀਕਾਰਾਂ ਨੇ ਪੂਜਾਰੀ ਸ਼ਬਦ ਨੂੰ ਆਪਣੀ ਲਿਖਤ ’ਚ ਇੱਕ ਵਾਰ ਭੀ ਸ਼ਾਮਲ ਨਹੀਂ ਕੀਤਾ। ਆਖ਼ਿਰ ਕਿਉਂ ? ਇਸ ਦਾ ਜਵਾਬ ਜਾਣਨ ਤੋਂ ਪਹਿਲਾਂ ‘ਪੂਜਾਰੀ’ ਸ਼ਬਦ ਦੇ ਗੁਰੂ ਅਰਜਨ ਸਾਹਿਬ ਜੀ ਦੁਆਰਾ ਲਏ ਅਰਥ ਜਾਣਨੇ ਜ਼ਰੂਰੀ ਹਨ, ਜੋ ਕਿ ਤਿੰਨ ਤਰ੍ਹਾਂ ਦੇ ਹਨ (ੳ). ਮੰਦਿਰ ’ਚ ਪੂਜਾ ਕਰਨ ਵਾਲ਼ਾ/ਪੰਡਿਤ; ਜਿਵੇ ਕਿ ‘‘ਕੋਟਿ ਪੂਜਾਰੀ; ਕਰਤੇ ਪੂਜਾ ’’ (ਮਹਲਾ /੧੧੫੬), (ਅ). ਪੂਜਣਯੋਗ ਬੰਦਾ; ਜਿਵੇਂ ਕਿ ‘‘ਠਾਕੁਰ ਕਾ ਸੇਵਕੁ; ਸਦਾ ਪੂਜਾਰੀ ’’ (ਸੁਖਮਨੀ/ਮਹਲਾ /੨੮੫), (ੲ). ਰੱਬ/ਨਿਰਾਕਾਰ ਨੂੰ ਪਿਆਰ ਕਰਨ ਵਾਲ਼ਾ/ਭਗਤ; ਜਿਵੇਂ ਕਿ ‘‘ਸਹਜਿ (’) ਸਮਾਇਓ; ਦੇਵ ! ਮੋ ਕਉ ਸਤਿਗੁਰ ਭਏ ਦਇਆਲ, ਦੇਵ ! ਰਹਾਉ ਕਾਟਿ ਜੇਵਰੀ ਕੀਓ ਦਾਸਰੋ; ਸੰਤਨ ਟਹਲਾਇਓ ਏਕ ਨਾਮ ਕੋ ਥੀਓ ਪੂਜਾਰੀ; ਮੋ ਕਉ ਅਚਰਜੁ ਗੁਰਹਿ (ਨੇ) ਦਿਖਾਇਓ ’’ (ਮਹਲਾ /੨੦੯) ਅਰਥ : ਹੇ ਪ੍ਰਕਾਸ਼ ਰੂਪ (ਨੂਰ ਹੀ ਨੂਰ) ਪ੍ਰਭੂ! (ਤੇਰੀ ਮਿਹਰ ਨਾਲ਼ ਜਦ ਤੋਂ) ਸਤਿਗੁਰੂ ਜੀ ਮੇਰੇ ਉੱਤੇ ਮਿਹਰਵਾਨ ਹੋਏ ਹਨ ਮੈ (ਭੀ ਮਲ਼ੀਨਤਾ/ਅੰਧਕਾਰ ਤੋਂ ਉੱਪਰ ਉੱਠ ਯਾਨੀ ਤੇਰੇ ਵਰਗਾ ਨੂਰ ਹੀ ਨੂਰ ਹੋ ਕੇ) ਅਡੋਲਤਾ ’ਚ ਲੀਨ ਰਹਿੰਦਾ ਹਾਂ। ਰਹਾਉ। ਜਦ ਤੋਂ ਤੈਂ ਮੈਨੂੰ ਸੰਤਨ-ਗੁਰੂ ਦੀ ਦੱਸੀ ਸੇਵਾ-ਭਗਤੀ ’ਚ ਲਾਇਆ ਹੈ ਤਦ ਤੋਂ ਮਾਇਆ ਦੀ ਫਾਹੀ ਕੱਟ ਕੇ ਤੇਰਾ ਨਿਮਾਣਾ ਜਿਹਾ ਦਾਸ ਬਣ ਗਿਆ ਹਾਂ। ਸਤਿਗੁਰੂ ਨੇ ਮੈਨੂੰ ਤੇਰਾ ਅਲੌਕਿਕ ਦਰਸ਼ਨ ਕਰਾ ਦਿੱਤਾ ਅਤੇ ਹੁਣ ਮੈ ਸਦਾ ਤੇਰੇ ਨਾਮ ਦਾ ਪੂਜਾਰੀ ਬਣ ਗਿਆ ਯਾਨੀ ਕਿ ਤੇਰੇ ਨਾਮ ਨੂੰ ਸਦਾ ਚੇਤੇ ਰੱਖਣ ਵਾਲ਼ਾ ਭਗਤ ਬਣ ਗਿਆ। ਸੋ ਇੱਥੇ ਪੁਜਾਰੀ ਦਾ ਅਰਥ ਹੈ ਰੱਬੀ ਭਗਤ, ਸੱਚਾ ਸੇਵਕ; ਨਾ ਕਿ ਪੱਥਰ-ਮੂਰਤੀ ਦੀ ਪੂਜਾ ਕਰਨ ਵਾਲ਼ਾ ਪੰਡਿਤ।

ਭਾਈ ਗੁਰਦਾਸ ਜੀ ਨੇ ਬਹੁਤਾਤ ਸਮਾਂ ਪ੍ਰਸਿੱਧ ਹਿੰਦੂ ਪੂਜਨੀਕ ਨਗਰੀਆਂ (ਬਨਾਰਸ ਆਦਿ) ਵਿੱਚ ਗੁਰਮਤਿ ਦਾ ਪ੍ਰਚਾਰ ਕੀਤਾ ਹੈ। ਉਨ੍ਹਾਂ ਨੇ ਵੀ ਆਪਣੀ ਰਚਨਾ ’ਚ 2 ਵਾਰ ‘ਪੁਜਾਰੀ’ ਸ਼ਬਦ ਦੀ ਵਰਤੋਂ ਕੀਤੀ ਹੈ; ਜਿਵੇਂ ਕਿ (ੳ). ‘‘ਦੇਵੀ ਦੇਵਲ ਦੇਹੁਰੇ; ਲਖ ਪੁਜਾਰੀ ਪੂਜ ਕਰੰਦੇ’’ (ਭਾਈ ਗੁਰਦਾਸ ਜੀ/ਵਾਰ ੨੮ ਪਉੜੀ ੧੮), ਇਸ ਤੁਕ ’ਚ ‘ਪੁਜਾਰੀ’ ਦਾ ਅਰਥ ਵੀ ਉਕਤ ਪੰਕਤੀ ‘‘ਕੋਟਿ ਪੂਜਾਰੀ; ਕਰਤੇ ਪੂਜਾ ’’ (ਮਹਲਾ /੧੧੫੬) ਵਾਲ਼ਾ ਹੀ ਹੈ। ਐਸੇ ਪੁਜਾਰੀ-ਕਰਮ ਨੂੰ ਅਰਥਹੀਣ ਸਾਬਤ ਕਰਨ ਲਈ ਆਪਣੀ ਪਉੜੀ ਦੇ ਅੰਤ ’ਚ ਭਾਈ ਸਾਹਿਬ ਜੀ ਨੇ ਇੱਕ ਗੁਰਸਿੱਖ ਦੇ ਅਨੰਦਮਈ ਜੀਵਨ ਦੀ ਤੁਲਨਾਤਮਿਕ ਮਿਸਾਲ ਦੇ ਕੇ ਸਮਝਾਇਆ ਹੈ‘‘ਗੁਰੁ ਸਿਖੀ ਸੁਖੁ; ਤਿਲੁ ਲਹੰਦੇ ੧੮’’ ਯਾਨੀ ਪੱਥਰ-ਦੇਵ ਮੂਰਤੀ ਦੀ ਪੂਜਾ ਕਰਨ ਵਾਲ਼ੇ ਪੁਜਾਰੀ (ਅਸ਼ਾਂਤ ਪੰਡਿਤ); ਨਿਰਾਕਾਰ ਰੱਬ ਦੀ ਭਗਤੀ ਕਰਨ ਵਾਲ਼ੇ ਸੱਚੇ ਸਿੱਖ (ਪੁਜਾਰੀ) ਦੇ ਅਨੰਦਮਈ ਜੀਵਨ ਦੀ ਤਿਲ ਮਾਤਰ ਭੀ ਬਰਾਬਰੀ ਨਹੀਂ ਕਰ ਸਕਦੇ। ਦੋਵੇਂ ਪੁਜਾਰੀਆਂ ਦੇ ਕਿਰਦਾਰਾਂ ’ਚ ਪਏ ਇਸ ਅੰਤਰ ਦਾ ਅਸਲ ਕਾਰਨ ਭੀ ਭਾਈ ਸਾਹਿਬ ਜੀ ਆਪਣੇ ਇੱਕ ਕਬਿੱਤ ਰਾਹੀਂ ਇਉਂ ਸਪਸ਼ਟ ਕਰਦੇ ਹਨ (ਅ). ‘‘ਪਾਹਨ ਕੀ ਪ੍ਰਤਿਮਾ ਕੇ ਅੰਧ ਕੰਧ ਹੈ ਪੁਜਾਰੀ; ਅੰਤਰਿ ਅਗਿਆਨ ਮਤ, ਗਿਆਨ ਗੁਰ ਹੀਨੋ ਹੈ ੪੮੫’’ (ਭਾਈ ਗੁਰਦਾਸ ਜੀ/ਕਬਿੱਤ ੪੮੫) ਅਰਥ : ਪੱਥਰ-ਮੂਰਤੀ/ਕ੍ਰਿਸ਼ਨ (ਨੂੰ ਅਸਲ ਰੱਬ ਜਾਣ ਕੇ ਉਸ) ਨਾਲ਼ ਪਾਇਆ ਪਿਆਰ; ਪੁਜਾਰੀ ਦੇ ਅੰਦਰ ਕੰਧ ਵਾਙ ਪਰਦਾ (ਹਨ੍ਹੇਰਾ) ਕਰ ਦਿੰਦਾ ਹੈ। ਇਸ ਅੰਦਰਲੇ ਹਨ੍ਹੇਰੇ (ਅਗਿਆਨ) ਕਾਰਨ ਪੁਜਾਰੀ ਦੀ ਅਕਲ; ਗੁਰੂ ਗਿਆਨ ਤੋਂ ਸੱਖਣੀ ਰਹਿ ਜਾਂਦੀ ਹੈ (ਤਾਹਓਂ ਗੁਰਸਿੱਖ ਵਾਙ ਅਨੰਦਮਈ ਜੀਵਨ ਨਹੀਂ ਭੋਗ ਸਕਦੇ)।

ਗੁਰਬਾਣੀ ਵਿੱਚ ਸ਼ਬਦ ਬਣਤਰ ‘ਪੂਜਾਰੀ’ ਹੈ ਅਤੇ ਭਾਈ ਗੁਰਦਾਸ ਜੀ ਦੀ ਰਚਨਾ ’ਚ ‘ਪੁਜਾਰੀ’। ਦੋਵਾਂ ਦੇ ਅਰਥਾਂ ’ਚ ਕੋਈ ਅੰਤਰ ਨਹੀਂ। ਹੁਣ ਇਹ ਸਵਾਲ ਵੀ ਪੈਦਾ ਹੋਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਵਾਲ਼ੀਆਂ ਇਨ੍ਹਾਂ ਦੋ ਮਹਾਨ ਸ਼ਖ਼ਸੀਅਤਾਂ (ਗੁਰੂ ਅਰਜਨ ਸਾਹਿਬ ਅਤੇ ਭਾਈ ਗੁਰਦਾਸ ਜੀ) ਨੇ ਇਸ ਸ਼ਬਦ ਨੂੰ ਕਿਸ ਸੰਦਰਭ (ਪ੍ਰਸੰਗ/ਪਰਿਪੇਖ) ’ਚ ਵਰਤਣਾ ਜ਼ਰੂਰੀ ਸਮਝਿਆ ਹੈ।

ਗੁਰੂ ਅਰਜਨ ਸਾਹਿਬ ਜੀ ਨੇ ਕਰਤਾਰ ਦੁਆਰਾ ਰਚੀ ਵਿਸ਼ਾਲ ਕੁਦਰਤ ’ਚ ਆਪਣੇ-ਆਪਣੇ ਮੱਤ/ਧਰਮ ਨਾਲ਼ ਭਗਤੀ ਕਰਨ ਵਾਲ਼ਿਆਂ ਦੀ ਗਿਣਤੀ ਨੂੰ ਉਜਾਗਰ ਕਰਦਿਆਂ ‘ਪੂਜਾਰੀ’ ਸ਼ਬਦ ਨੂੰ ਵਰਤਿਆ ਹੈ; ਜਿਵੇਂ ਕਿ ‘‘ਕਈ ਕੋਟਿ (ਕ੍ਰੋੜਾਂ); ਹੋਏ ਪੂਜਾਰੀ ਕਈ ਕੋਟਿ; ਆਚਾਰ ਬਿਉਹਾਰੀ ਕਈ ਕੋਟਿ; ਭਏ ਤੀਰਥ ਵਾਸੀ ਕਈ ਕੋਟਿ; ਬਨ (ਜੰਗਲ਼) ਭ੍ਰਮਹਿ ਉਦਾਸੀ (ਬਣ ਕੇ) ਕਈ ਕੋਟਿ; ਬੇਦ ਕੇ ਸ੍ਰੋਤੇ (ਸੁਣਨ ਵਾਲ਼ੇ) ਕਈ ਕੋਟਿ; ਤਪੀਸੁਰ ਹੋਤੇ ਕਈ ਕੋਟਿ; ਆਤਮ ਧਿਆਨੁ ਧਾਰਹਿ ਕਈ ਕੋਟਿ ਕਬਿ (ਕਵੀ); ਕਾਬਿ ਬੀਚਾਰਹਿ ਕਈ ਕੋਟਿ; ਨਵਤਨ (ਹਰ ਦਿਨ ਨਵਾਂ) ਨਾਮ ਧਿਆਵਹਿ (ਫਿਰ ਵੀ) ਨਾਨਕ ! ਕਰਤੇ ਕਾ ਅੰਤੁ ਪਾਵਹਿ ’’ (ਸੁਖਮਨੀ/ਮਹਲਾ /੨੭੫)

ਭਾਈ ਗੁਰਦਾਸ ਜੀ ਉਕਤ ਸ਼੍ਰੇਣੀ ਭਗਤਾਂ ਦੀ ਗਿਣਤੀ ਨੂੰ ਸਿੱਖ-ਭਗਤ ਦੇ ਜੀਵਨ ਨਾਲ਼ ਤੁਲਨਾਤਿਕ ਪੱਖੋਂ ਉਜਾਗਰ ਕਰਦੇ ਹਨ ‘‘ਲਖ ਜਪ ਤਪ, ਲਖ ਸੰਜਮਾ; ਹੋਮ ਜਗ ਲਖ ਵਰਤ ਕਰੰਦੇ ਲਖ ਤੀਰਥ ਲਖ ਊਲਖਾ (ਦਾਨੀ); ਲਖ ਪੁਰੀਆ, ਲਖ ਪੁਰਬ ਲਗੰਦੇ ਦੇਵੀ ਦੇਵਲ ਦੇਹੁਰੇ (ਦੇਵਮੰਦਿਰ); ਲਖ ਪੁਜਾਰੀ ਪੂਜ ਕਰੰਦੇ ਜਲ ਥਲ ਮਹੀਅਲ (ਯਾਨੀ ਇੱਧਰ ਉੱਧਰ) ਭਰਮਦੇ; ਕਰਮ ਧਰਮ ਲਖ ਫੇਰਿ ਫਿਰੰਦੇ ਲਖ ਪਰਬਤ, ਵਣਖੰਡ (ਜੰਗਲ਼) ਲਖ; ਲਖ ਉਦਾਸੀ ਹੋਇ ਭਵੰਦੇ ਅਗਨੀ (ਅੱਗ) ਅੰਗੁ ਜਲਾਇਂਦੇ; ਲਖ ਹਿਮੰਚਲਿ (ਬਰਫ਼) ਜਾਇ ਗਲੰਦੇ (ਫਿਰ ਵੀ) ਗੁਰੁ ਸਿਖੀ ਸੁਖੁ (ਸਿੱਖ ਦੇ ਅਨੰਦ ਮੁਕਾਬਲੇ); ਤਿਲੁ ਲਹੰਦੇ (ਤਿਲ ਮਾਤਰ ਨਾ ਅਨੰਦ ਲੈ ਸਕਦੇ)੧੮’’ (ਭਾਈ ਗੁਰਦਾਸ ਜੀ/ਵਾਰ ੨੮ ਪਉੜੀ ੧੮)

ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਦੇ ਸਿੱਖ ਉੱਤੇ ਹੁੰਦੀ ਰੱਬ ਦੀ ਮਿਹਰ ਅਤੇ ਉਸ ਦਾ ਰੱਬ ਨਾਲ਼ ਜੁੜਨਾ, ਹੀ ਅਨੰਦਮਈ ਜੀਵਨ ਜਿਊਣ ਦਾ ਕਾਰਨ ਮੰਨਿਆ ਹੈ ‘‘ਠਾਕੁਰ ਕਾ ਸੇਵਕੁ; ਆਗਿਆਕਾਰੀ ਠਾਕੁਰ ਕਾ ਸੇਵਕੁ; ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨਿ (’) ਪਰਤੀਤਿ (ਭਰੋਸਾ) ਠਾਕੁਰ ਕੇ ਸੇਵਕ ਕੀ ਨਿਰਮਲ ਰੀਤਿ ਠਾਕੁਰ ਕਉ, ਸੇਵਕੁ ਜਾਨੈ ਸੰਗਿ (ਅੰਗਸੰਗ) ਪ੍ਰਭ ਕਾ ਸੇਵਕੁ; ਨਾਮ ਕੈ ਰੰਗਿ (’) ਸੇਵਕ ਕਉ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ (ਪਰ) ਸੋ ਸੇਵਕੁ; ਜਿਸੁ (’ਤੇ) ਦਇਆ ਪ੍ਰਭੁ ਧਾਰੈ ਨਾਨਕ! ਸੋ ਸੇਵਕੁ; ਸਾਸਿ ਸਾਸਿ (ਨਾਲ਼ ਕਰਤੇ ਨੂੰ) ਸਮਾਰੈ (ਯਾਦ ਰੱਖਦੈ) ’’ (ਸੁਖਮਨੀ/ਮਹਲਾ /੨੮੫)

ਭਾਈ ਗੁਰਦਾਸ ਜੀ ਨੇ ਅੱਖੀਂ ਵੇਖਿਆ ਕਿ ਗੁਰੂ ਗਿਆਨ ਤੋਂ ਸੱਖਣੇ ਅਗਿਆਨੀ ਪੁਜਾਰੀ/ਪੰਡਿਤ; ਕਿਵੇਂ ਵਿਸ਼ਾਲ ਕਰਤਾਰ ਨੂੰ ਕ੍ਰਿਸ਼ਨ ਜੀ ਮੰਨੀ ਬੈਠੇ ਹਨ। ਭਾਈ ਸਾਹਿਬ ਨੇ ਗੁਰਮਤਿ ਦਾ ਪ੍ਰਚਾਰ ਕਰਦਿਆਂ ਉਨ੍ਹਾਂ ਨੂੰ ਸੱਚੇ ਮਾਲਕ ਦੀ ਵਿਸ਼ਾਲਤਾ ਤੋਂ ਇਉਂ ਜਾਣੂ ਕਰਵਾਇਆ ‘‘ਜਾ ਕੋ ਨਾਮੁ ਹੈ ਅਜੋਨੀ; ਕੈਸੇ ਕੈ ਜਨਮੁ ਲੈ ?; ਕਹਾ ਜਾਨ ਬ੍ਰਤ ਜਨਮਾਸਟਮੀ ਕੋ ਕੀਨੋ ਹੈ ? ਜਾ ਕੋ ਜਗਜੀਵਨ ਅਕਾਲ ਅਬਿਨਾਸੀ ਨਾਮੁ; ਕੈਸੇ ਕੈ ਬਧਿਕ ਮਾਰਿਓ ਅਪਜਸੁ ਲੀਨੋ ਹੈ ? ਨਿਰਮਲ ਨਿਰਦੋਖ ਮੋਖ ਪਦੁ ਜਾ ਕੇ ਨਾਮਿ (ਰਾਹੀਂ); ਗੋਪੀਨਾਥ ਕੈਸੇ ਹੁਇ ਬਿਰਹ ਦੁਖ ਦੀਨੋ ਹੈ ? ਪਾਹਨ ਕੀ ਪ੍ਰਤਿਮਾ ਕੇ ਅੰਧ ਕੰਧ ਹੈ ਪੁਜਾਰੀ; ਅੰਤਰਿ ਅਗਿਆਨ ਮਤ, ਗਿਆਨ ਗੁਰ ਹੀਨੋ ਹੈ ੪੮੫’’ (ਭਾਈ ਗੁਰਦਾਸ ਜੀ/ਕਬਿੱਤ ੪੮੫) ਅਰਥ : ਜਿਸ ਕਰਤਾਰ ਦਾ ਨਾਂ ਹੀ ਅਜੂਨੀ ਹੈ ਯਾਨੀ ਜੋ ਜੂਨਾਂ ’ਚ ਆਉਂਦਾ ਹੀ ਨਹੀਂ, ਉਸ ਨੇ ਕਿਵੇਂ ਜਨਮ ਲਿਆ ਤੇ ਕੀ ਸਮਝ ਕੇ ਜਨਮ-ਅਸ਼ਟਮੀ ਦਾ ਬ੍ਰਤ ਰੱਖਿਆ ਜਾਂਦਾ ਹੈ ? (ਜਾ ਕੋ ਨਾਮੁ ਹੈ ਅਜੋਨੀ; ਕੈਸੇ ਕੈ ਜਨਮੁ ਲੈ ?; ਕਹਾ ਜਾਨ ਬ੍ਰਤ ਜਨਮਾਸਟਮੀ ਕੋ ਕੀਨੋ ਹੈ ?)  ਜਿਸ ਕਰਤਾਰ ਦਾ ਨਾਂ ਹੀ ਸਾਰੇ ਸੰਸਾਰ ਨੂੰ ਜੀਵਨ ਦੇਣ ਵਾਲ਼ਾ, ਮੌਤ ਰਹਿਤ ਤੇ ਸਦੀਵੀ ਸਥਿਰ ਹੈ, ਉਸ ਨੂੰ (ਕ੍ਰਿਸ਼ਨ ਰੂਪ ’ਚ) ਕਿਵੇਂ ਇੱਕ ਸ਼ਿਕਾਰੀ ਨੇ ਤੀਰ ਨਾਲ਼ ਮਾਰ ਕੇ ਬਦਨਾਮੀ ਖੱਟੀ (ਕਿ ਤੈਂ ਰੱਬ ਨੂੰ ਮਾਰ ਦਿੱਤਾ/ਜਾ ਕੋ ਜਗਜੀਵਨ ਅਕਾਲ ਅਬਿਨਾਸੀ ਨਾਮੁ; ਕੈਸੇ ਕੈ ਬਧਿਕ ਮਾਰਿਓ ਅਪਜਸੁ ਲੀਨੋ ਹੈ) ? (ਚੇਤੇ ਰਹੇ ਕਿ ਕ੍ਰਿਸ਼ਨ ਜੀ ਦੇ ਪੈਰ ’ਚ ਪਦਮ ਚਿੰਨ੍ਹ ਸੀ, ਜਿਸ ਨੂੰ ਇੱਕ ਸ਼ਿਕਾਰੀ ਨੇ ਹਿਰਨ ਦੀ ਅੱਖ ਸਮਝ ਕੇ ਤੀਰ ਮਾਰਿਆ। ਉਸ ਨਾਲ਼ ਕ੍ਰਿਸ਼ਨ ਦੀ ਮੌਤ ਹੋਈ ਸੀ।) ਜਿਸ ਕਰਤਾਰ ਦੇ ਨਾਮ (ਜਪਣ) ਨਾਲ਼ ਅਨੇਕਾਂ ਵਿਕਾਰ ਰਹਿਤ ਹੋ ਕੇ ਮੁਕਤੀ ਪਾ ਗਏ। ਉਹ (ਖ਼ੁਦ) ਗੋਪੀਆਂ ਦਾ ਸੁਆਮੀ (ਰੰਗ-ਰਲ਼ੀਆਂ ਮਨਾਉਣ ਵਾਲ਼ਾ/ ਵਿਕਾਰੀ ਜੀਵਨ ਵਾਲ਼ਾ) ਕਿਵੇਂ ਹੋ ਸਕਦਾ ਹੈ। ਜਿਸ ਦੇ ਅੱਖੋਂ ਦੂਰ ਹੋਣ ਨਾਲ਼ ਗੋਪੀਆਂ ਦੁਖੀ ਹੁੰਦੀਆਂ ਹਨ (ਨਿਰਮਲ ਨਿਰਦੋਖ ਮੋਖ ਪਦੁ ਜਾ ਕੇ ਨਾਮਿ (ਰਾਹੀਂ); ਗੋਪੀਨਾਥ ਕੈਸੇ ਹੁਇ ਬਿਰਹ ਦੁਖ ਦੀਨੋ ਹੈ ?)। ਪੱਥਰ-ਮੂਰਤੀ/ਕ੍ਰਿਸ਼ਨ (ਨੂੰ ਅਸਲ ਰੱਬ ਜਾਣ ਕੇ ਉਸ) ਨਾਲ਼ ਪਾਇਆ ਪਿਆਰ; ਪੁਜਾਰੀ ਦੇ ਅੰਦਰ ਕੰਧ ਵਾਙ ਪਰਦਾ (ਹਨ੍ਹੇਰਾ) ਕਰ ਦਿੰਦਾ ਹੈ। ਇਸ ਅੰਦਰਲੇ ਹਨ੍ਹੇਰੇ ਕਾਰਨ ਪੁਜਾਰੀ ਦੀ ਅਕਲ; ਗੁਰੂ ਗਿਆਨ ਤੋਂ ਸੱਖਣੀ ਰਹਿ ਜਾਂਦੀ ਹੈ (ਪਾਹਨ ਕੀ ਪ੍ਰਤਿਮਾ ਕੇ ਅੰਧ ਕੰਧ ਹੈ ਪੁਜਾਰੀ; ਅੰਤਰਿ ਅਗਿਆਨ ਮਤ, ਗਿਆਨ ਗੁਰ ਹੀਨੋ ਹੈਤਾਹਓਂ ਗੁਰਸਿੱਖ ਵਾਙ ਅਨੰਦਮਈ ਜੀਵਨ ਨਹੀਂ ਭੋਗ ਸਕਦੇ)।

ਭਾਈ ਗੁਰਦਾਸ ਜੀ ਦੇ ਉਕਤ ਕਬਿੱਤ ’ਚ ਗੁਰੂ ਗਿਆਨ ਤੋਂ ਸੱਖਣੇ, ਪਰ ਪੂਜਾ ਭਗਤੀ ਨਿਰੰਤਰ ਕਰਨ ਵਾਲ਼ੇ (ਪੁਜਾਰੀ) ਲੋਕ; ਵਿਸ਼ਾਲ ਕਰਤਾਰ ਨੂੰ ਮਨੁੱਖ ਰੂਪ ’ਚ ਕ੍ਰਿਸ਼ਨ ਜੀ ਸਮਝ ਬੈਠੇ ਹਨ ਜਦਕਿ ਉਸ ਦੀ ਵਿਸ਼ਾਲਤਾ ਨੂੰ ਗੁਰੂ ਅਰਜਨ ਸਾਹਿਬ ਜੀ ‘ਪੂਜਾਰੀ’ ਸ਼ਬਦ ਦੀ ਵਰਤੋਂ ਕਰਦਿਆਂ ਇਉਂ ਰੂਪਮਾਨ ਕਰਦੇ ਹਨ ‘‘ਕੋਟਿ ਤੀਰਥ; ਜਾ ਕੇ ਚਰਨ ਮਝਾਰ ਕੋਟਿ ਪਵਿਤ੍ਰ; ਜਪਤ ਨਾਮ ਚਾਰ ਕੋਟਿ ਪੂਜਾਰੀ; ਕਰਤੇ ਪੂਜਾ ਕੋਟਿ ਬਿਸਥਾਰਨੁ; ਅਵਰੁ ਦੂਜਾ ’’ (ਮਹਲਾ /੧੧੫੬) ਅਰਥ : ਜਿਸ ਦੇ ਚਰਨਾਂ ’ਚ ਕ੍ਰੋੜਾਂ ਤੀਰਥ ਹਨ (ਯਾਨੀ ਕ੍ਰੋੜਾਂ ਤੀਰਥ-ਇਸ਼ਨਾਨ ਕਰਨ ਉਪਰੰਤ ਮੰਨੀ ਜਾਂਦੀ ਪਵਿੱਤਰਤਾ; ਕਰਤਾਰ ਦੇ ਗੁਣ ਗਾਉਣ ’ਚ ਹੀ ਆ ਜਾਂਦੀ ਹੈ, ਬਾਹਰ ਭਟਕਣ ਦੀ ਲੋੜ ਨਹੀਂ ਰਹਿੰਦੀ)। ਜਿਸ ਦਾ ਸੁੰਦਰ ਨਾਮ ਜਪਦਿਆਂ ਕੋ੍ਰੜਾਂ ਭਗਤ ਪਵਿੱਤਰ ਹੋ ਜਾਂਦੇ ਹਨ। ਜਿਸ ਦੀ ਪੂਜਾ ਕਿਸੇ ਨਾ ਕਿਸੇ ਰੂਪ ’ਚ ਕ੍ਰੋੜਾਂ ਸ਼ਰਧਾਲੂ ਕਰਦੇ ਹਨ। ਉਸ ਮਾਲਕ ਨੇ ਕ੍ਰੋੜਾਂ ਜੀਵਾਂ ਦਾ ਖਿਲਾਰਾ ਖਿਲਾਰਿਆ ਹੈ। ਇਸ ਖਿਲਾਰੇ ’ਚੋਂ ਉਸ ਵਿਸ਼ਾਲ ਵਰਗਾ ਕੋਈ ਹੋਰ ਨਹੀਂ ਹੈ।

ਉਕਤ ਕਬਿੱਤ ’ਚ ਕ੍ਰਿਸ਼ਨ ਜੀ ਦੇ ਵਿਛੋੜੇ ’ਚ ਗੋਪੀਆਂ ਦੁਖੀ ਹੋਈਆਂ ਹਨ ਜਦਕਿ ਅਸਲ ਕਰਤਾਰ ਦੀ ਮਿਹਰ ਨਾਲ਼ ਕੋਈ ਦੁਖੀ ਨਹੀਂ ਹੁੰਦਾ; ਜਿਵੇ ਕਿ ‘ਪੂਜਾਰੀ’ ਸ਼ਬਦ ਦੀ ਵਰਤੋਂ ਕਰ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਹਨ ‘‘ਜਾ ਕੀ ਦ੍ਰਿਸਟਿ; ਦੁਖ ਡੇਰਾ ਢਹੈ ਅੰਮ੍ਰਿਤ ਨਾਮੁ ਸੀਤਲੁ; ਮਨਿ (’) ਗਹੈ ਅਨਿਕ ਭਗਤ; ਜਾ ਕੇ ਚਰਨ ਪੂਜਾਰੀ ਸਗਲ ਮਨੋਰਥ ਪੂਰਨਹਾਰੀ ’’ (ਮਹਲਾ /੧੧੪੨) ਅਰਥ : ਜਿਸ ਦੀ ਮਿਹਰ ਨਾਲ਼ ਦੁੱਖਾਂ ਦੀ ਗਠੜੀ ਲਹਿੰਦੀ ਹੈ ਕਿਉਂਕਿ ਸ਼ਾਂਤੀ ਦੇਣ ਵਾਲਾ ਅੰਮ੍ਰਿਤਮਈ ਨਾਮ ਹਿਰਦੇ ’ਚ ਵੱਸ ਜਾਂਦਾ ਹੈ। ਜਿਸ ਦੇ ਚਰਨਾਂ ’ਚ ਅਨੇਕਾਂ ਭਗਤ; ਪੂਜਾਰੀ ਬਣ ਕੇ ਰਹਿੰਦੇ ਹਨ ਕਿਉਂਕਿ ਸਭ ਦੀਆਂ ਮਨੋ ਕਾਮਨਾਵਾਂ ਉਹ ਪੂਰੀਆਂ ਕਰ ਦਿੰਦਾ ਹੈ।

ਗੁਰਬਾਣੀ ਦੀ ਇਹ ਖ਼ਾਸੀਅਤ ਹੈ ਕਿ ਇਸ ਨੇ ਕੋਈ ਵੀ ਸਮਾਜਿਕ ਪੱਖ; ਮਿਸਾਲ ਵਜੋਂ ਲਿਆ, ਉਸ ਨੂੰ ਕਰਤਾਰ ਦੀ ਖੇਡ ਦਰਸਾਉਣਾ ਹੀ ਹੁੰਦਾ ਹੈ ਤਾਂ ਜੋ ਮਨੁੱਖ ਕੁਦਰਤਿ ਨਾਲ਼ੋਂ ਸੰਬੰਧ ਤੋੜੇ ਅਤੇ ਸਮਾਜ ’ਚ ਆਪਸੀ ਦ੍ਵੈਤ-ਭਾਵਨਾ ਨਾ ਰਹੇ। ‘ਪੂਜਾਰੀ’ ਸ਼ਬਦ ਰਾਹੀਂ ਵੀ ਸਚਖੰਡ/ਬੇਗ਼ਮਪੁਰੇ ਨਜ਼ਰੀਏ ਤੋਂ ਇਹੀ ਸੰਦੇਸ਼ ਦਿੱਤਾ ਗਿਆ ਹੈ ‘‘ਆਪ ਹੀ ਮੰਦਰੁ; ਆਪਹਿ ਸੇਵਾ ਆਪ ਹੀ ਪੂਜਾਰੀ; ਆਪ ਹੀ ਦੇਵਾ ’’ (ਮਹਲਾ /੮੦੩) ਅਰਥ : ਕਰਤਾਰ ਆਪ ਹੀ (ਆਪਣੇ ਦੁਆਰਾ ਰਚੀ ਕੁਦਰਤਿ ’ਚ) ਮੰਦਿਰ ਹੈ। ਆਪ ਹੀ (ਮੰਦਿਰ ’ਚ) ਦੇਵਤਾ ਬਣਿਆ ਬੈਠਾ ਹੈ। ਆਪ ਹੀ (ਗੁਰੂ ਤੋਂ ਸੱਖਣਾ ਓਥੇ) ਪੂਜਾਰੀ ਹੈ ਤੇ ਆਪ ਹੀ (ਪੱਥਰ ਰੂਪ ’ਚ ਦੇਵਤਿਆਂ ਦੀ) ਪੂਜਾ ਕਰਦਾ ਪਿਆ ਹੈ।

ਉਕਤ ਕੀਤੀ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਗੁਰਬਾਣੀ; ਸਮਾਜ ’ਚ ਕਿਸੇ ਵਿਸ਼ੇਸ਼ ਵਰਗ ਪ੍ਰਤੀ ਨਫ਼ਰਤ ਨਹੀਂ ਰੱਖਣ ਦਿੰਦੀ, ਪਰ ਫਿਰ ਵੀ ਇੱਕ ਸਮੁੱਚੇ ਪੂਜਾਰੀ ਵਰਗ ਪ੍ਰਤੀ ਕਈ ਸਿੱਖ ਨਖਿੱਧ ਭਾਵਨਾ ਰੱਖਦੇ ਹਨ, ਜੋ ‘‘ਸਭੇ ਸਾਝੀਵਾਲ ਸਦਾਇਨਿ’’ (ਮਹਲਾ /੯੭) ਸਿਧਾਂਤ ਵਿਰੁੱਧ ਹੈ। ਆਪਹੁਂ ਬਣੇ ਜਾਗਰੂਕ ਸਿੱਖ; ‘ਪੂਜਾਰੀ’ ਦਾ ਅਰਥ ਕਰਦੇ ਹਨ ‘ਜੋ ਧਰਮ ਪ੍ਰਚਾਰ ਦੀ ਕਮਾਈ ਨਾਲ਼ ਆਪਣੀ ਉਪਜੀਵਕਾ (ਰੋਜ਼ੀ-ਰੋਟੀ) ਚਲਾਉਂਦਾ ਹੈ, ਉਹ ਪੁਜਾਰੀ ਹੈ’। ਇਹ ਅਰਥ ਬਿਲਕੁਲ ਨਾਸਤਿਕ ਸੋਚ ’ਚੋਂ ਉਪਜੇ ਹਨ ਤਾਂ ਜੋ ਸਿੱਖ ਆਪਣੇ ਧਰਮ ਦਾ ਪ੍ਰਚਾਰ ਨਾ ਕਰਨ। ਇਹ ਲੋਕ ਆਪਣੇ ਆਪ ਨੂੰ ਅਪੁਜਾਰੀ ਵਰਗ ਮੰਨਦੇ ਹਨ ਯਾਨੀ ਕਿਸੇ ਦੀ ਵੀ ਪੂਜਾ/ਭਗਤੀ ਨਾ ਕਰਨ ਵਾਲ਼ੇ ਮਨੁੱਖ। ਨਾਸਤਿਕਾਂ ਦੁਆਰਾ ‘ਪੁਜਾਰੀ’ ਸ਼ਬਦ ਦੇ ਕੀਤੇ ਗਏ ਐਸੇ ਗ਼ਲਤ ਅਰਥ ਨੂੰ ਜਾਣਦੇ-ਬੁੱਝਦੇ ਹੋਏ ਗੁਰਮਤਿ ਪ੍ਰਚਾਰਕ (ਜੋ ਸੰਗਤਾਂ ਦੀ ਮਾਇਆ ਨਾਲ਼ ਆਪਣੇ ਖ਼ਰਚ ਚਲਾਉਂਦੇ ਹਨ) ਭੀ ਦੇਖਾ ਦੇਖੀ ’ਚ ਆਪਣੇ ਆਪ ਨੂੰ ਅਪੁਜਾਰੀ ਸਾਬਤ ਕਰਨ ਲਈ ‘ਪੁਜਾਰੀ ਸੋਚ’ ਨੂੰ ਨਖਿੱਧ ਕਹਿਣ ਲੱਗ ਪਏ, ਜੋ ਹਾਸੋ-ਹੀਣੀ ਗੱਲ ਹੈ ਯਾਨੀ ਕਿ ਹੋ ਰਹੇ ਗ਼ਲਤ ਅਰਥ ਨੂੰ ਤੱਥਾਂ ਆਧਾਰਿਤ ਸਹੀ ਸਾਬਤ ਕਰਨ ਦਾ ਦਾਅਵਾ ਕਰਨ ਵਾਲ਼ੇ (ਪ੍ਰਚਾਰਕ) ਭੀ ‘‘ਫਰੀਦਾ ਦੁਨੀ ਵਜਾਈ ਵਜਦੀ; ਤੂੰ ਭੀ ਵਜਹਿ ਨਾਲਿ ’’ (ਮਹਲਾ /੧੩੮੩) ਦੀ ਭੂਮਿਕਾ ’ਚ ਨਜ਼ਰ ਆਉਂਦੇ ਪਏ ਹਨ।

ਕੁੱਝ ਸਿੱਖਾਂ ਦਾ ਮੰਨਣਾ ਹੈ ਕਿ ਜਿਸ ਸਿੱਖ ਕੋਲ਼ ਆਪਣਾ ਕੋਈ ਰੁਜ਼ਗਾਰ/ਕਿੱਤਾ ਹੋਵੇ ਓਹੀ ਧਰਮ ਪ੍ਰਚਾਰ ਲਈ ਅੱਗੇ ਆਵੇ। ਸੁਝਾਅ ਚੰਗਾ ਹੈ ਪਰ ਇਸ ਤਰ੍ਹਾਂ ਸਿੱਖ ਕੌਮ; ਵਿਦਵਾਨ ਵਕਤਾ/ਬੁਲਾਰਾ, ਸੁਹਿਰਦ ਲਿਖਾਰੀ, ਖੋਜੀ ਇਤਿਹਾਸਕਾਰ, ਚੰਗੇ ਰਾਗੀ ਪੈਦਾ ਨਹੀਂ ਕਰ ਸਕਦੀ। ਗੁਰਬਾਣੀ ਇੱਕ ਸਰਬੋਤਮ ਸਿਲੇਬਸ ਹੀ ਹੈ। ਜਿਸ ਨੂੰ ਜਾਣਨ, ਅਪਣਾਉਣ, ਪ੍ਰਚਾਰਨ ਲਈ ਅਤੇ ਬਾਕੀ ਧਰਮਾਂ (ਮੱਤਾਂ) ਦੇ ਤੁਲਨਾਤਮਿਕ ਅਧਿਐਨ ਲਈ ਚੰਗੇ ਅਧਿਆਪਕ ਅਤੇ ਵਿਸ਼ੇਸ਼ ਤਿਆਰੀ ਦੀ ਬੜੀ ਜ਼ਰੂਰਤ ਹੁੰਦੀ ਹੈ। ਨਿਰਾ ਇਹ ਕਹਿਣਾ ਕਿ ਗੁਰਮਤਿ ਦਾ ਪ੍ਰਚਾਰ; ਸੰਗਤਾਂ ਤੋਂ ਮਾਇਆ ਲੈਣ ਤੋਂ ਬਿਨਾਂ ਕੀਤਾ ਜਾਵੇ ਜਾਂ ਅਗਿਆਨੀ ਹਿੰਦੂ ਪੂਜਾਰੀ/ਪੰਡਿਤ ਵਾਙ ਬੇਲੋੜਾ ਪੁਜਾਰੀ-ਪੁਜਾਰੀ (ਹਲਕਾ/ਅਰਥਹੀਣ) ਰਾਗ ਅਲਾਪਣਾ; ਆਪਣੇ ਗੁਰਮਤਿ ਫ਼ਲਸਫ਼ੇ ਦੀ ਵਿਸ਼ੇਸ਼ਤਾ ਅਤੇ ਵਿਸ਼ਾਲ ਸਿੱਖ ਇਤਿਹਾਸ ਦੀ ਗਹਿਰੀ ਖੋਜ ਨੂੰ ਹਲਕੇ ’ਚ ਲੈਣਾ ਹੈ।

ਸਚਾਈ ਇਹ ਵੀ ਹੈ ਕਿ ਇਹ ਇੱਕ ਅਹੰਕਾਰ ਬਿਰਤੀ ਹੈ, ਜੋ ‘‘ਇਕ ਦੂ ਇਕੁ ਸਿਆਣਾ ’’ (ਜਪੁ) ਬਿਮਾਰੀ ’ਚੋਂ ਉਪਜੀ ਹੈ। ਗੁਰਮਤਿ ਪ੍ਰਚਾਰਕਾਂ ਦਾ ਫ਼ਰਜ਼ ਗੁਰੂ ਉਪਦੇਸ਼ ਰਾਹੀਂ ਸਵੈ ਪੜਚੋਲ ਕਰਨਾ ਅਤੇ ਹੋਰਾਂ ਨੂੰ ਸਵੈ ਪੜਚੋਲ ਕਰਨ ਵੱਲ ਪ੍ਰੇਰਨਾ ਹੈ ਭਾਵੇਂ ਕੋਈ ਪੁਜਾਰੀ ਹੋਵੇ ਜਾਂ ਅਪੁਜਾਰੀ। ਐਸਾ ਕਰਦਿਆਂ ਕਿਸੇ ਫਲ਼ (ਬਦਲਾਅ) ਦੀ ਉਮੀਦ ਨਹੀਂ ਰੱਖਣੀ ਕਿਉਂਕਿ ਐਸੀ ਉਮੀਦ ਬੇਚੈਨ ਕਰਦੀ ਹੈ; ਜਿਵੇਂ ਪੂਜਾਰੀ ਵਰਗ ਪ੍ਰਤੀ ਆਪਣੇ ਮਨ ’ਚ ਨਖਿੱਧ ਭਾਵਨਾ ਬਣਾ ਬੈਠੇ, ਬੇਚੈਨ ਜਾਪਦੇ ਹਨ। ਧਰਮ ਦਾ ਮੁੱਢਲਾ ਫ਼ਰਜ਼; ਮਨੁੱਖ ਨੂੰ ਆਪਣੇ ਆਪ ਦਾ ਦਰਸ਼ਨ ਕਰਾਉਣਾ ਹੁੰਦਾ ਹੈ। ਜਿਸ ਨੇ ਇਹ ਪੜਾਅ ਪਾਰ ਨਾ ਕੀਤਾ ਉਹ ਸਰੋਤੇ ਦੀ ਬਿਰਤੀ ਨੂੰ ਭਾਂਪ ਕੇ ਉਸ ਨੂੰ ਯੋਗ ਸੇਧ ਵੀ ਨਹੀਂ ਦੇ ਸਕਦਾ।  ਆਪਣੇ ਮਨ ਨੂੰ ਕਾਬੂ ਕਰਨ ’ਚ ਅਸਮਰੱਥ ਹਰ ਕੋਈ ਹੋਰਾਂ ਅੰਦਰ ਊਣਤਾਈਆਂ ਵੇਖ ਪ੍ਰਸੰਨ ਹੁੰਦਾ ਹੈ। ਮਨੁੱਖ ਦੀ ਇਸ ਕਮਜ਼ੋਰੀ ਨੂੰ ਧਿਆਨ ’ਚ ਰੱਖਦਿਆਂ ਸਵੈ ਪੜਚੋਲ ਤੋਂ ਸੱਖਣੇ ਵਕਤਾ ਵੀ ਬਾਹਰਮੁੱਖੀ ਨਖਿੱਧ ਬੋਲ ਬੋਲਣ ਨੂੰ ਤਰਜੀਹ ਦਿੰਦੇ ਹਨ।

ਭਾਈ ਗੁਰਦਾਸ ਜੀ ਦੁਆਰਾ ਲੰਬਾ ਸਮਾਂ ਉੱਤਰ ਭਾਰਤ ਅਤੇ ਮੱਧ ਭਾਰਤ ’ਚ ਕੀਤੇ ਗੁਰਮਤਿ ਪ੍ਰਚਾਰ ਕਾਰਨ ‘ਪੁਜਾਰੀ’ ਸ਼ਬਦ ਉਨ੍ਹਾਂ ਦੀ ਰਚਨਾ ’ਚ 2 ਕੁ ਵਾਰ ਦਰਜ ਹੋਇਆ, ਪ੍ਰਤੀਤ ਹੁੰਦਾ ਹੈ। ਭਾਈ ਗੁਰਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ; ਦੋਵੇਂ ਸਮਕਾਲੀ ਲਿਖਾਰੀ ਹੋਣ ਕਾਰਨ ਪੰਜਵੇਂ ਪਾਤਿਸ਼ਾਹ ਜੀ ਦੀ ਬਾਣੀ ’ਚ ਵੀ ‘ਪੂਜਾਰੀ’ ਸ਼ਬਦ ਨੂੰ ਤਿੰਨ ਅਰਥਾਂ ’ਚ ਵਿਚਾਰਿਆ ਗਿਆ ਹੈ। ਬਾਕੀ 34 ਬਾਣੀਕਾਰਾਂ ਦੁਆਰਾ ‘ਪੂਜਾਰੀ’ ਸ਼ਬਦ ਨੂੰ ਆਪਣੀ ਰਚਨਾ ’ਚ ਇੱਕ ਵਾਰ ਵੀ ਸ਼ਾਮਲ ਕਿਉਂ ਨਾ ਕੀਤਾ ਭਾਵੇਂ ਕਿ ਉਸ ਸਮੇਂ ਵੀ ਧਾਰਮਿਕ ਅਦਾਰਿਆਂ ’ਚ ਪੂਜਾਰੀ ਵਰਗ ਮੌਜੂਦ ਸੀ ? ਇਸ ਦੇ ਦੋ ਕਾਰਨ ਜਾਪਦੇ ਹਨ (1). ਗੁਰਬਾਣੀ ਕਿਸੇ ਵਰਗ ਵਿਸ਼ੇਸ਼ ਨੂੰ ਸੰਬੋਧਨ ਕਰਕੇ ਨਹੀਂ ਰਚੀ, ਵਿਅਕਤੀ ਵਿਸ਼ੇਸ਼ ਨੂੰ ਸੰਬੋਧਨ ਕਰਕੇ ਰਚੀ ਹੈ; ਜਿਵੇਂ ‘ਪੰਡਿਤ, ਮੂਰਖ, ਕੁਲਖਣੀ, ਸੁਲਖਣੀ, ਇਆਨੜੀਏ, ਮਨ, ਭਾਈ, ਬਾਬਾ’ ਆਦਿ। (2). ਪੂਜਾਰੀ ਇੱਕ ਸਨਮਾਨਯੋਗ ਸ਼ਬਦ ਹੈ। ਸਨਮਾਨਯੋਗ ਸ਼ਬਦ ਨੂੰ ਆਧਾਰ ਬਣਾ ਕੇ ਮਨੁੱਖ ਨੂੰ ਵਿਕਾਰੀ ਜੀਵਨ ਦਾ ਦਰਸ਼ਨ ਨਹੀਂ ਕਰਾਇਆ ਜਾ ਸਕਦਾ।

ਹੁਣ ਸਵਾਲ ਇਹ ਵੀ ਪੈਦਾ ਹੋਏਗਾ ਕਿ ਫਿਰ ਸਨਮਾਨਯੋਗ ਪੂਜਾਰੀ ਸ਼ਬਦ ਪ੍ਰਤੀ ਸਿੱਖਾਂ ਨੇ ਕਿਉਂ ਨਖਿੱਧ ਭਾਵਨਾ ਬਣਾ ਰੱਖੀ ਹੈ। ਇਸ ਨੂੰ ਸਮਝਣਾ ਬੜਾ ਜ਼ਰੂਰੀ ਹੈ। ਸਦੀਆਂ ਤੋਂ ਮਨੁੱਖ ਨੇ ਆਪਣੇ ਆਪ ਨੂੰ ਚੰਗਾ ਦਰਸਾਉਣ ਲਈ ਸਨਮਾਨਯੋਗ ਸ਼ਬਦਾਂ ਨੂੰ ਆਪਣੇ ਨਾਂ ਦੇ ਨਾਲ਼ ਰੁਤਬੇ ਵਜੋਂ ਵਰਤਿਆ ਹੈ, ਪਰ ਮਨੁੱਖ ਦੀਆਂ ਨਾਕਾਮੀਆਂ ਕਾਰਨ ਬਦਨਾਮ ਸਨਮਾਨਯੋਗ ਸ਼ਬਦ ਹੀ ਹੁੰਦੇ ਰਹੇ। ਚਾਲਾਕ ਮਨੁੱਖ ਨੇ ਤਾਂ ਆਪਣੇ ਆਪ ਨੂੰ ਨਿਵੇਕਲਾ ਸਾਬਤ ਕਰਨ ਲਈ ਮੁੜ ਕਿਸੇ ਹੋਰ ਸਨਮਾਨਯੋਗ ਸ਼ਬਦ ਨੂੰ ਵਰਤ ਲਿਆ। ਇਸ ਤਰ੍ਹਾਂ ਮਨੁੱਖ ਆਪਣੇ ਐਬ ਛੁਪਾਉਂਦਾ ਰਿਹਾ ਅਤੇ ਮੂਰਖ ਸਮਾਜ; ਸਨਮਾਨਯੋਗ ਸ਼ਬਦਾਂ ਪ੍ਰਤੀ ਈਰਖਾ ਕਰਦਾ ਰਹਿ ਗਿਆ। ਵਿਗਿਆਨਿਕ ਯੁੱਗ ਵਿੱਚ ‘ਪੂਜਾਰੀ’ ਸ਼ਬਦ ਪ੍ਰਤੀ ਬਣੀ ਨਖਿੱਧ ਭਾਵਨਾ ਵੀ ਇਸੇ ਕੜੀ ਦਾ ਹਿੱਸਾ ਹੈ, ਜਿਸ ਦਾ ਫ਼ਾਇਦਾ ਕਈ ਸਿੱਖ ਪ੍ਰਚਾਰਕ ਉੱਠਾ ਰਹੇ ਹਨ। ਵੈਸੇ ਹਰ ਸਿੱਖ ਨੂੰ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਸਿੱਖ ਪ੍ਰਚਾਰਕ/ਇਤਿਹਾਸਕਾਰ; ਇਸ ਸ਼ਬਦ ਨੂੰ ਕਿਸ ਸੰਦਰਭ ਵਿੱਚ, ਕਿਸ ਵਰਗ ਲਈ ਅਤੇ ਕਿਉਂ ਵਰਤਦੇ ਪਏ ਹਨ ਕਿਉਂਕਿ ਜੇ ਬੁਲਾਰਿਆਂ ਦਾ ਇੱਕ ਇੱਕ ਸ਼ਬਦ ਹੀ ਸਪਸ਼ਟ ਸੰਕੇਤ ਨਾ ਦੇਵੇ ਤਾਂ ਸੰਗਤਾਂ ਦਾ ਕੀਮਤੀ ਸਮਾਂ ਕਿਉਂ ਬਰਬਾਦ ਕੀਤਾ ਜਾਵੇ ?

ਇਹ ਵੀ ਸੱਚ ਹੈ ਕਿ ਸਿੱਖ ਇਤਿਹਾਸ ਅਤੇ ਗੁਰਮਤਿ ਸਿਧਾਂਤ ਨੂੰ ਜਿੰਨਾ ਨੁਕਸਾਨ ਬ੍ਰਾਹਮਣ ਸਿਧਾਂਤ ਨਾਲ਼ ਨੇੜਤਾ ਰੱਖਣ ਵਾਲ਼ੇ ਅਖੌਤੀ ਸਾਧ ਅਤੇ ਨਿਰਾਕਾਰ ਦੀ ਹੋਂਦ ਤੋਂ ਇਨਕਾਰੀ ਸਿੱਖ ਪਹੁੰਚਾ ਰਹੇ ਹਨ ਓਨਾ ਗੁਰੂ ਘਰ ਦੇ ਦੋਖੀ ਵੀ ਨਹੀਂ ਪਹੁੰਚਾ ਸਕੇ। ਇਨ੍ਹਾਂ ਅਕ੍ਰਿਤਘਣਾਂ ਲਈ ਸਨਮਾਨਯੋਗ ਸ਼ਬਦ ਪੁਜਾਰੀ ਵਰਤ ਕੇ ਇਸ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰਬਾਣੀ ’ਚ ਇਸ ਦਾ ਅਰਥ ‘ਰੱਬ ਦਾ ਸੱਚਾ ਸੇਵਕ’ ਅਤੇ ‘ਪੂਜਣਯੋਗ ਵਿਅਕਤੀ’ ਵੀ ਹੈ।

ਨਾਨਕਸ਼ਾਹੀ ਕੈਲੰਡਰ ਦੇ ਹੱਕ ’ਚ ਅਵਾਜ਼ ਉੱਠਣ ਲੱਗੀ

0

ਨਾਨਕਸ਼ਾਹੀ ਕੈਲੰਡਰ ਦੇ ਹੱਕ ’ਚ ਅਵਾਜ਼ ਉੱਠਣ ਲੱਗੀ

ਬਠਿੰਡਾ, 18 ਅਗਸਤ : ਬਠਿੰਡਾ ਸ਼ਹਿਰ ਅਤੇ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ’ਚ ਗੁਰ ਪੁਰਬ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਤਾਂ ਪਹਿਲਾਂ ਹੀ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਏ ਜਾਂਦੇ ਸਨ ਪਰ ਹੁਣ ਸੰਗਤ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਗਈ ਕਿ ਜਦ ਤੱਕ ਰਾਸ਼ੀ ਪ੍ਰਵੇਸ਼ ਵਾਲੀਆਂ ਸੰਗਰਾਂਦਾਂ ਦਾ ਖਹਿੜਾ ਛੱਡ ਕੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਹੀਨੇ ਦੀ ਆਰੰਭਤਾ ਵਾਲੇ ਦਿਨ ਮਨਾਉਣੇ ਸ਼ੁਰੂ ਨਹੀਂ ਹੋਣਗੇ ਤਦ ਤੱਕ ਨਾਨਕਸ਼ਾਹੀ ਕੈਲੰਡਰ ਸ਼ੁੱਧ ਰੂਪ ’ਚ ਲਾਗੂ ਨਹੀਂ ਹੋ ਸਕਦਾ। ਇਸ ਆਸ਼ੇ ਨੂੰ ਮੁੱਖ ਰੱਖ ਕੇ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਧੋਬੀਆਨਾ ਨਗਰ ਦੇ ਪ੍ਰਬੰਧਕਾਂ ਨੇ ਭਾਦੋਂ ਮਹੀਨੇ ਦੀ ਅਰੰਭਤਾ ਵਾਲੇ ਦਿਨ 16 ਅਗਸਤ ਨੂੰ ਗੁਰਮਤਿ ਸਮਾਗਮ ਕੀਤਾ ਜਦੋਂ ਕਿ ਰਾਸ਼ੀ ਪ੍ਰਵੇਸ਼ ਵਾਲੇ ਬਿਕ੍ਰਮੀ ਕੈਲੰਡਰ ਦੀ ਸੰਗਰਾਂਦ 17 ਅਗਸਤ ਦੀ ਸੀ।

ਅਗਲਾ ਗੁਰਮਤਿ ਸਮਾਗਮ ਗੁਰਦੁਆਰਾ ਕੋਠੇ ਅਮਰਪੁਰਾ ਨੇੜੇ ਥਰਮਲ ਕਲੋਨੀ ਵਿਖੇ ਸੰਗਰਾਂਦ ਦੇ ਦਿਨ 17 ਅਗਸਤ ਨੂੰ ਕੀਤਾ ਗਿਆ ਜਿੱਥੇ ਆਸ ਪਾਸ ਦੇ ਗੁਰਦੁਆਰਾ ਪ੍ਰਬੰਧਕ ਅਤੇ ਗ੍ਰੰਥੀ ਸਿੰਘਾਂ ਦੀ ਸ਼ਮੂਲੀਅਤ ਵੀ ਸੀ। ਦੋਵੇਂ ਗੁਰਦੁਆਰਾ ਸਾਹਿਬਾਨ ਵਿਖੇ ਕੈਲੰਡਰ ਸਬੰਧੀ ਤੱਥਾਂ ਆਧਾਰਤ ਜਾਣਕਾਰੀ ਦਿੰਦੇ ਹੋਏ ਕਿਰਪਾਲ ਸਿੰਘ ਨੇ ਦੱਸਿਆ ਕਿ ਨਾ ਤਾਂ ਗੁਰਮਤਿ ਅਨੁਸਾਰ ਕਿਸੇ ਸੰਗਰਾਂਦ ਦਾ ਦਿਹਾੜਾ ਪਵਿੱਤਰ ਹੈ ਅਤੇ ਨਾ ਹੀ ਇਹ ਕੁਦਰਤੀ ਹੈ, ਜੋ ਅੱਗੇ ਪਿੱਛੇ ਨਹੀਂ ਹੋ ਸਕਦਾ ਸਗੋਂ ਇਹ ਪੰਚਾਂਗਕਾਰਾਂ ਵੱਲੋਂ ਘੜੇ ਵੱਖ ਵੱਖ ਨਿਯਮਾਂ ਅਤੇ ਵੱਖ ਵੱਖ ਸਥਾਨਾਂ ’ਤੇ ਸੂਰਜ ਚੜ੍ਹਨ ਦੇ ਵੱਖਰੋ ਵੱਖਰੇ ਸਮੇਂ ਹੋਣ ਕਾਰਨ ਹਰ ਪ੍ਰਾਂਤ ਅਤੇ ਹਰ ਸਥਾਨ ਵਿਖੇ ਵੱਖਰੀ ਹੋ ਸਕਦੀ ਹੈ। ਮਿਸਾਲ ਵਜੋਂ ਲੈਹਰੀ’ਜ਼ ਇੰਡੀਅਨ ਅਫੈਮਰੀਜ਼-2021 ਦੇ ਪੰਨਾਂ 11 ਤੋਂ ਪੜ੍ਹ ਕੇ ਦੱਸਿਆ ਕਿ ਭਾਦੋਂ ਮਹੀਨੇ ਦੀ ਸੰਗਰਾਂਦ ਕੌਮੀ ਕੈਲੰਡਰ ਮੁਤਾਬਕ 23 ਅਗਸਤ, ਬੰਗਾਲ ਤੇ ਅਸਾਮ ’ਚ 18 ਅਗਸਤ, ਤਾਮਿਲਨਾਡੂ ਅਤੇ ਕੇਰਲਾ ’ਚ 17 ਅਗਸਤ, ਪੰਜਾਬ ਹਰਿਆਣਾ ਅਤੇ ਉਡੀਸਾ ’ਚ 16 ਅਗਸਤ 2021 ਸੀ ਤਾਂ ਦੱਸੋਂ ਇਨ੍ਹਾਂ ਵਿੱਚੋਂ ਕਿਹੜੀ ਸੰਗਰਾਂਦ ਕੁਦਰਤੀ ਤੇ ਕਿਹੜੀ ਗੈਰ ਕੁਦਰਤੀ ਹੈ ?

ਸ੍ਰੋਮਣੀ ਕਮੇਟੀ ਵੱਲੋਂ ਬਿਕ੍ਰਮੀ ਕੈਲੰਡਰ ਮੁਤਾਬਕ ਛਾਪੇ ਜਾਂਦੇ ਕੈਲੰਡਰਾਂ ਦੀਆਂ ਪਿਛਲੇ ਸਾਲਾਂ ਦੀਆਂ ਕਾਪੀਆਂ ਵਿਖਾਉਂਦੇ ਹੋਏ ਕਿਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਤਾਬਕ ਵੈਸਾਖੀ ਤਾਂ ਹਰ ਸਾਲ ਕ੍ਰਮਵਾਰ ਨਿਸ਼ਚਿਤ ਤਾਰੀਖ 1 ਵੈਸਾਖ ਨੂੰ ਹੈ, ਜਿਸ ਦੀ ਅੰਗਰੇਜ਼ੀ ਤਰੀਖ ਕਦੀ 13 ਅਪ੍ਰੈਲ ਕਦੀ 14 ਅਪ੍ਰੈਲ ਹੋ ਜਾਂਦੀ ਹੈ ਪਰ ਸਰਹਿੰਦ ਫਤਿਹ ਦਿਵਸ ਦੀ ਅੰਗਰੇਜ਼ੀ ਤਾਰੀਖ ਹਰ ਸਾਲ 12 ਮਈ ਹੈ, ਜਿਸ ਦੀ ਦੇਸੀ ਤਾਰੀਖ ਕਦੀ 29 ਵੈਸਾਖ ਕਦੀ 30 ਵੈਸਾਖ ਬਦਲ ਬਦਲ ਕੇ ਆਉਂਦੀ ਹੈ। ਸ੍ਰੋਮਣੀ ਕਮੇਟੀ ਦੀ ਹੋਰ ਇਤਿਹਾਸਕਾਰੀ ਵੇਖੋ, ਗੁਰਦੁਆਰਾ ਸ਼ਹੀਦ ਗੰਜ ਫਤਹਿਗੜ੍ਹ ਸਾਹਿਬ ਵਿਖੇ ਲੱਗੇ ਬੋਰਡ ’ਤੇ ਤਾਰੀਖ 1 ਜੇਠ 14 ਜੂਨ ਲਿਖਿਆ ਪਿਆ ਹੈ ।

ਸੋ ਇਹ ਸਾਰੀਆਂ ਹੀ ਤਾਰੀਖਾਂ ਗਲਤ ਹਨ ਕਿਉਂਕਿ ਅਸਲੀ ਤਾਰੀਖ 24 ਰੱਬੀ-ਉਲ-ਅੱਵਲ 1122 ਹਿਜ਼ਰੀ ਹੈ, ਜਿਸ ਨੂੰ ਤਬਦੀਲ ਕਰ ਕੇ 15 ਜੇਠ/13 ਮਈ ਬਣਦਾ ਹੈ ਅਤੇ ਅੱਜ ਕੱਲ੍ਹ 15 ਜੇਠ; 28 ਜਾਂ 29 ਮਈ ਨੂੰ ਹੁੰਦਾ ਹੈ। ਜ਼ਰਾ ਅੰਦਾਜ਼ਾ ਲਗਾਓ ਕਿ ਜਿਹੜੀ 1 ਵੈਸਾਖ 1699 ’ਚ 29 ਮਾਰਚ ਨੂੰ ਸੀ, ਉਹ ਅੱਜ ਕੱਲ੍ਹ 13 ਜਾਂ 14 ਅਪ੍ਰੈਲ ਨੂੰ ਆਉਂਦੀ ਹੈ ਅਤੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਅੱਜ ਤੋਂ ਇਕ ਹਜ਼ਾਰ ਸਾਲ ਬਾਅਦ 27/28 ਅਪ੍ਰੈਲ ਨੂੰ ਆਵੇਗੀ ਜਦੋਂ ਕਿ 29/30 ਵੈਸਾਖ ਨੂੰ ਆਉਣ ਵਾਲਾ ਸਰਹਿੰਦ ਫਤਿਹ ਦਿਵਸ ਉਸ ਸਮੇਂ ਵੀ 12 ਮਈ ਨੂੰ ਹੀ ਹੋਵੇਗਾ ਜਿਸ ਨਾਲ ਸੰਬੰਧਿਤ ਤਾਰੀਖ 15/16 ਵੈਸਾਖ ਹੋਵੇਗੀ ਤਾਂ ਅੱਜ ਵਾਲੇ ਲਿਖੇ ਇਤਿਹਾਸ ਅਤੇ ਬੋਰਡਾਂ ਦਾ ਕੀ ਬਣੇਗਾ ? ਕੈਲੰਡਰਾਂ ਸਬੰਧੀ ਇਹ ਜਾਣਕਾਰੀ ਦੇਣ ਉਪਰੰਤ ਜਦੋਂ ਸੰਗਤ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਹੜੇ ਕੈਲੰਡਰ ਦਾ ਸਮਰਥਨ ਕਰਦੇ ਹੋ ਤਾਂ ਸਭ ਨੇ ਨਾਨਕਸ਼ਾਹੀ ਕੈਲੰਡਰ ਦੇ ਹੱਕ ’ਚ ਹੱਥ ਖੜ੍ਹੇ ਕਰ ਕੇ ਸਮਰਥਨ ਦਿੱਤਾ।

Jap Bani, Pauree 22&23 Paataalaa Paataal & Saalaahee Saallaah

0

Jap Bani, Pauree 21 Teerath Tap Diaa Dat Daan di Vaikhyaa

0

Jap Bani, Pauree 19 & 20 Asankh Naav & Bhareeaai hath di Vaikhyaa

0

Jap Bani, Pauree 18, Asankh Moorakh Andh Ghor di Vaikhyaa

0

Jap Bani Pauree no 17 Asankh Jap di Vaikhyaa

0

ਕ੍ਰਾਂਤੀਕਾਰੀ ਭਗਤ ਕਬੀਰ ਜੀ ਦਾ ਜੀਵਨ ਅਤੇ ਉਪਦੇਸ਼

0

ਕ੍ਰਾਂਤੀਕਾਰੀ ਭਗਤ ਕਬੀਰ ਜੀ ਦਾ ਜੀਵਨ ਅਤੇ ਉਪਦੇਸ਼

ਅਵਤਾਰ ਸਿੰਘ ਮਿਸ਼ਨਰੀ (5104325827)

14-15ਵੀਂ ਸਦੀ ਵੇਲੇ ਦਾ ਭਾਰਤੀ ਸਮਾਜ ਧਾਰਮਿਕ ਕੱਟੜਵਾਦ, ਪਾਖੰਡੀ ਪੁਜਾਰੀਵਾਦ ਅਤੇ ਜਾਤੀ ਊਚ-ਨੀਚ ਜਿਹੀ ਗੰਭੀਰ ਬੀਮਾਰੀ ’ਚ ਜਕੜਿਆ ਹੋਇਆ ਸੀ, ਜਿੱਥੇ ਦਲਿਤ ਲੋਕਾਂ ਨੂੰ ਨਾ ਤਾਂ ਪ੍ਰਭੂ ਦੀ ਭਗਤੀ ਕਰਨ ਦੀ ਤੇ ਨਾ ਮੰਦਿਰਾਂ ਵਿੱਚ ਜਾਣ ਦੀ ਆਗਿਆ ਸੀ। ਐਸੀ ਤਰਸਯੋਗ ਹਾਲਤ ਨੂੰ ਸੁਧਾਰਨ ਦੀ ਵਿਸ਼ੇਸ਼ ਜ਼ਰੂਰਤ ਸੀ। ਕਿਸੇ ਐਸੇ ਮਹਾਂ ਪੁਰਖ ਦੀ, ਜੋ ਇਸ ਗੰਧਲ਼ ਚੁੱਕੇ ਸਮਾਜਿਕ ਸਿਸਟਮ ਵਿਰੁੱਧ ਬੁਲੰਦ ਭਰੀ ਬੇਖ਼ੌਫ ਆਵਾਜ਼ ਨਾਲ ਸੱਚ ਅਤੇ ਸਮੁੱਚੀ ਮਨੁੱਖਤਾ ਦੀ ਬਰਾਬਰੀ ਦਾ ਹੋਕਾ ਦੇ ਸਕੇ। ਅਜਿਹੇ ਹਾਲਾਤ ਸਮੇਂ ਇੱਥੇ ਭਗਤੀ ਲਹਿਰ ਦਾ ਆਗਮਨ ਹੋਣਾ ਇੱਕ ਬਹੁਤ ਵੱਡਾ ਕ੍ਰਿਸ਼ਮਾ ਅਤੇ ਭਾਰਤੀ ਸਮਾਜ ਵਿੱਚ ਸੰਜੀਵਨੀ ਬੂਟੀ ਦੇ ਬਰਾਬਰ ਸੀ। ਇਸ ਭਗਤੀ ਲਹਿਰ ਦੇ ਨਾਇਕ ਮਹਾਂ ਪੁਰਖਾਂ ਵਿੱਚੋਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਭਗਤ ਨਾਮਦੇਵ ਜੀ ਹੋਰਾਂ ਦਾ ਯੋਗਦਾਨ ਨਾ ਭੁੱਲਣਯੋਗ ਹੈ।

ਭਗਤ ਕਬੀਰ ਜੀ ਭਾਰਤ ਦੀ ਭਗਤੀ ਪਰੰਪਰਾ ਦੇ ਉੱਘੇ ਕ੍ਰਾਂਤੀਕਾਰੀ ਭਗਤ ਪ੍ਰਚਾਰਕ ਤੇ ਸੁਧਾਰਕ ਹੋਏ ਹਨ, ਜਿਨ੍ਹਾਂ ਨੇ ਪ੍ਰਭੂ-ਪ੍ਰੇਮ ਅਤੇ ਲੋਕਾਈ ਦੀ ਭਲਾਈ ਹਿਤ ਆਪਣਾ ਸੰਪੂਰਨ ਜੀਵਨ ਅਰਪਨ ਕਰ ਦਿੱਤਾ। ਰੱਬ ਦਾ ਸੰਦੇਸ਼ ਲੋਕਾਂ ਤੱਕ ਲੈ ਜਾਣ ਅਤੇ ਮਾਨਵਤਾ ਦੀ ਸੇਵਾ ਕਰਦੇ ਹੋਏ ਇਨ੍ਹਾਂ ਨੇ ਜਿਹੜੀ ਬਾਣੀ ਦੀ ਰਚਨਾ ਕੀਤੀ ਸੀ ਉਹ ਮੌਜੂਦਾ ਸਮੇਂ ਵਿੱਚ ਵੀ ਲੋਕ-ਮਨਾਂ ’ਤੇ ਅਸਰਦਾਰ ਸਾਬਤ ਹੋ ਰਹੀ ਹੈ। ਇਸ ਬਾਣੀ ਵਿੱਚੋਂ 243 ਸਲੋਕ ਅਤੇ 17 ਰਾਗਾਂ ਅਧੀਨ 227 ਪਦੇ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ’ਚ ਦਰਜ ਹਨ। ਸਲੋਕਾਂ ਵਿੱਚੋਂ 6 ਸਲੋਕ ਗੁਰੂ ਸਾਹਿਬਾਨ ਦੁਆਰਾ ਭਗਤ ਜੀ ਦੀ ਬਾਣੀ ਦੀ ਸਪਸ਼ਟਤਾ ਲਈ ਰਚੇ ਗਏ। ਗੁਰੂ ਅਮਰਦਾਸ ਜੀ ਦਾ ਇੱਕ ਅਤੇ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਪੰਜ ਸਲੋਕ ਇਹ ਸਪਸ਼ਟ ਕਰਦੇ ਹਨ ਕਿ ਭਗਤ ਜੀ ਦੀ ਬਾਣੀ ਪਹਿਲਾਂ ਤੋਂ ਹੀ ਗੁਰੂ ਸਾਹਿਬਾਨ ਕੋਲ ਮੌਜੂਦ ਸੀ, ਜਿਸ ਨੂੰ ਗੁਰੂ ਨਾਨਕ ਸਾਹਿਬ ਦੁਆਰਾ ਉਦਾਸੀਆਂ ਸਮੇਂ ਇਕੱਤਰ ਕੀਤੀ ਮੰਨਿਆ ਜਾਂਦਾ ਹੈ।

ਭਗਤ ਕਬੀਰ ਜੀ (1440-1518); ਗੁਰੂ ਨਾਨਕ ਸਾਹਿਬ (1469-1539) ਦੇ ਸਮਕਾਲੀ ਮੰਨੇ ਜਾਂਦੇ ਹਨ। ਭਗਤ ਕਬੀਰ ਜੀ ਬਨਾਰਸ ਵਿਖੇ ਰਹਿੰਦੇ ਸਨ, ਜਿੱਥੇ ਜਾਤ-ਪਾਤ ਦਾ ਬਹੁਤ ਬੋਲ ਬਾਲਾ ਸੀ। ਨੀਵੀਂ ਜਾਤ ’ਚ ਪੈਦਾ ਹੋਣ ਵਾਲੇ ਨੂੰ ਹੀਣ-ਭਾਵਨਾ ਨਾਲ਼ ਦੇਖਿਆ ਜਾਂਦਾ ਸੀ। ਸਮਾਜਿਕ ਰੁਤਬੇ ਕਾਰਨ ਨੀਵੀਂ ਜਾਤ ਵਾਲਿਆਂ ਨੂੰ ਉੱਚ-ਸ਼੍ਰੇਣੀਆਂ ਅਧੀਨ ਆਪਣਾ ਜੀਵਨ ਬਸਰ ਕਰਨ ਲਈ ਮਜਬੂਰ ਹੋਣਾ ਪੈਂਦਾ ਸੀ। ਸ਼ੂਦਰ ਸਮਝੀਆਂ ਜਾਣ ਵਾਲੀਆਂ ਸਮੂਹ ਜਾਤਾਂ ਨੂੰ ਧਾਰਮਿਕ ਅਸਥਾਨਾਂ ਵਿੱਚ ਪ੍ਰਵੇਸ਼ ਕਰਨ ਅਤੇ ਧਾਰਮਿਕ ਗ੍ਰੰਥ ਪੜ੍ਹਨ ਦੀ ਸਖ਼ਤ ਮਨਾਹੀ ਸੀ। ਇੱਥੋਂ ਤੱਕ ਕਿ ਉਨ੍ਹਾਂ ਦੇ ਪਾਣੀ ਪੀਣ ਵਾਲੇ ਖੂਹ ਵੀ ਵੱਖੋ-ਵੱਖਰੇ ਸਨ। ਸਮਾਜਿਕ ਬਰਾਬਰੀ ਹੋਣਾ ਤਾਂ ਦੂਰ ਦੀ ਗੱਲ, ਸੋਚਣਾ ਵੀ ਪਾਪ ਸਮਝਿਆ ਜਾਂਦਾ ਸੀ। ਭਗਤ ਜੀ ਸਮਾਜ ਨੂੰ ਦੁਨਿਆਵੀ ਵਰਗ-ਵੰਡ ਅਤੇ ਵਰਣ-ਵੰਡ ਤੋਂ ਮੁਕਤ ਕਰ ਕੇ ਅਧਿਆਤਮਿਕ ਵਿਕਾਸ ’ਤੇ ਜ਼ੋਰ ਦਿੰਦੇ ਸਨ। ਇਹ ਸਮਝਦੇ ਸਨ ਕਿ ਕਿਸੇ ਵੀ ਜਾਤ ਜਾਂ ਵਰਣ ਵਿੱਚ ਪੈਦਾ ਹੋਣ ਵਾਲਾ ਮਨੁੱਖ ਆਪਣੇ ਕਰਮਾਂ ਕਰ ਕੇ ਸ੍ਰੇਸ਼ਟ ਹੋ ਸਕਦਾ ਹੈ। ਇਸ ਕਰ ਕੇ ਇਹ ਆਪਣੀ ਜਾਤ ਜੁਲਾਹਾ ਦੱਸਦੇ ਹਨ ‘‘ਜਾਤਿ ਜੁਲਾਹਾ ਮਤਿ ਕਾ ਧੀਰੁ ’’ (ਭਗਤ ਕਬੀਰ/੩੨੮) ਪਰ ਨਾਲ ਹੀ ਭਗਤ ਜੀ ਲੁਕਾਈ ਦਾ ਮਾਰਗ ਦਰਸ਼ਨ ਕਰਦੇ ਹੋਏ ਕਹਿੰਦੇ ਹਨ ਕਿ ਨੀਵੀਂ ਜਾਤ ’ਚ ਜਨਮ ਲੈਣ ਵਾਲਾ ਵਿਅਕਤੀ ਪ੍ਰਭੂ ਦੀ ਬਖ਼ਸ਼ਿਸ਼ ਦੁਆਰਾ ਉੱਚਾ ਹੋ ਜਾਂਦਾ ਹੈ।

ਕਬੀਰ ਜੀ ਦੱਸਦੇ ਹਨ ਕਿ ਮਨੁੱਖ ਦਾ ਜਨਮ ਭਾਵੇਂ ਕਿਸੇ ਵੀ ਜਾਤ ’ਚ ਹੋਇਆ ਹੋਵੇ ਪਰ ਪ੍ਰਭੂ ਦੀ ਬਖ਼ਸ਼ਸ਼ਿ ਨਾਲ਼ ਉਹ ਸਮੂਹ ਦੁਨਿਆਵੀ ਜੰਜਾਲਾਂ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ ‘‘ਓਛੀ ਮਤਿ ਮੇਰੀ ਜਾਤਿ ਜੁਲਾਹਾ   ਹਰਿ ਕਾ ਨਾਮੁ ਲਹਿਓ ਮੈ ਲਾਹਾ (ਭਗਤ ਕਬੀਰ/੫੨੪), ਕਬੀਰ   ! ਜਾਤਿ ਜੁਲਾਹਾ ਕਿਆ ਕਰੈ ? ਹਿਰਦੈ ਬਸੇ ਗੁਪਾਲ   ਕਬੀਰ   ! ਰਮਈਆ ਕੰਠਿ ਮਿਲੁ, ਚੂਕਹਿ ਸਰਬ ਜੰਜਾਲ ’’ (ਭਗਤ ਕਬੀਰ/੧੩੬੮) ਭਗਤ ਕਬੀਰ ਜੀ ਨੀਵੀਆਂ ਜਾਤਾਂ ’ਚ ਜਨਮ ਲੈਣ ਵਾਲਿਆਂ ਨੂੰ ਹੀ ਪ੍ਰਭੂ-ਭਗਤੀ ਕਰਨ ਲਈ ਪ੍ਰੇਰਨਾ ਪੈਦਾ ਨਾ ਕਰਦੇ ਬਲਕਿ ਉੱਚ-ਜਾਤਾਂ ’ਚ ਜਨਮ ਲੈਣ ਵਾਲਿਆਂ ਨੂੰ ਵੀ ਪ੍ਰਭੂ-ਭਗਤੀ ਤੋਂ ਵਗ਼ੈਰ ਖੋਖਲਾ ਦੱਸਦੇ ਹਨ।

ਭਗਤ ਜੀ ਜਨਮ ਨੂੰ ਸਮਾਜਿਕ ਵਰਗ-ਵੰਡ ਦੀ ਥਾਂ ਪ੍ਰਭੂ-ਭਗਤੀ ਅਤੇ ਬਖ਼ਸ਼ਿਸ਼ ਨੂੰ ਉਹ ਇਸ ਦਾ ਆਧਾਰ ਮੰਨਦੇ ਹਨ। ਭਗਤ ਜੀ ਇਹ ਸਮਝਦੇ ਸਨ ਕਿ ਪ੍ਰਭੂ-ਬੰਦਗੀ ਨਾਲ ਜੁੜੇ ਹੋਏ ਮਨੁੱਖ ਸ੍ਰ੍ਰੇਸ਼ਟ ਅਤੇ ਜਿਹੜੇ ਮਨੁੱਖ ਜਾਤ ਦਾ ਹੰਕਾਰ ਕਰਦੇ ਹਨ ਉਹ ਨੀਵੇਂ ਹਨ। ਤਤਕਾਲੀ ਸਮੇਂ ਦੀ ਸਰਬਉੱਚ ਮੰਨੀ ਜਾਂਦੀ ਸ਼੍ਰੇਣੀ ਬ੍ਰਾਹਮਣ ਵਰਗ ’ਚ ਸ਼ਾਮਲ ਮਨੁੱਖਾਂ ਨੂੰ ਉਹ ਬਹੁਤ ਸਖ਼ਤ ਸ਼ਬਦਾਂ ’ਚ ਝੰਜੋੜਦੇ ਹਨ।

ਭਗਤ ਜੀ ਦੱਸਦੇ ਹਨ ਕਿ ਰੱਬ ਦੀ ਜੋਤ ਨਾਲ ਹੀ ਬੱਚੇ ਦਾ ਜਨਮ ਹੁੰਦੈ ਅਤੇ ਜਨਮ ਲੈਣ ਤੋਂ ਪਹਿਲਾਂ ਬੱਚੇ ਦੀ ਕੋਈ ਜਾਤ ਨਹੀਂ ਹੁੰਦੀ। ਬ੍ਰਾਹਮਣ ਜਾਤ-ਅਭਿਮਾਨੀਆਂ ਪ੍ਰਤੀ ਸਖ਼ਤ ਟਿੱਪਣੀਆਂ ਕਰਦੇ ਹੋਏ ਉਹ ਕਹਿੰਦੇ ਹਨ ‘‘ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ   ਤਉ ਆਨ ਬਾਟ ਕਾਹੇ ਨਹੀ ਆਇਆ ’’ (ਭਗਤ ਕਬੀਰ/੩੨੪) ਜਾਤ-ਪਾਤ, ਊਚ-ਨੀਚ, ਵਹਿਮਾਂ-ਭਰਮਾਂ, ਪਾਖੰਡਾਂ ਆਦਿ ਪ੍ਰਤੀ ਭਗਤ ਕਬੀਰ ਜੀ ਮਨੁੱਖਤਾ ਨੂੰ ਸੁਚੇਤ ਕਰਦੇ ਰਹਿੰਦੇ। ਉਨ੍ਹਾਂ ਦੇ ਸਮੇਂ ਬਨਾਰਸ ਹਿੰਦੂਆਂ ਦਾ ਪ੍ਰਮੁੱਖ ਤੀਰਥ ਅਸਥਾਨ ਸੀ ਅਤੇ ਆਮ ਲੋਕ ਬ੍ਰਾਹਮਣ ਦੀ ਪੂਜਾ-ਭੇਟਾ ਰਾਹੀਂ ਮੁਕਤੀ ਲਈ ਆਸਵੰਦ ਸਨ। ਲੁਕਾਈ ਦੀ ਭਲਾਈ ਵਾਲਾ ਮਾਰਗ ਧਾਰਨ ਕਰਨ ਕਰ ਕੇ ਬਹੁਤ ਸਾਰੀਆਂ ਉੱਚ ਜਾਤੀਆਂ ਵਾਲੇ ਲੋਕ ਭਗਤ ਜੀ ਦੇ ਸਖ਼ਤ ਵਿਰੋਧੀ ਹੋ ਗਏ। ਉਹਨਾਂ ਨੇ ਭਗਤ ਜੀ ਨੂੰ ਮਾਰਨ ਦਾ ਅਸਫ਼ਲ ਯਤਨ ਵੀ ਕੀਤਾ, ਪਰ ਭਗਤ ਜੀ ਆਪਣੇ ਮਾਰਗ ਤੋਂ ਨਾ ਤਾਂ ਕਦੇ ਡੋਲੇ ਅਤੇ ਨਾ ਹੀ ਉਨ੍ਹਾਂ ਨੇ ਪ੍ਰਭੂ ’ਤੇ ਕੋਈ ਗਿਲਾ ਕੀਤਾ। ਰੱਬ ’ਚ ਅਟੁੱਟ ਵਿਸ਼ਵਾਸ ਅਤੇ ਉਸ ਦੀ ਰਜ਼ਾ ’ਚ ਜੀਵਨ ਬਸਰ ਕਰਨ ਦੀ ਚੇਸ਼ਟਾ ਪ੍ਰਗਟ ਕਰਦੇ ਆਪ ਆਖਦੇ ਹਨ ‘‘ਹਮ ਤੁਅ ਪਰਸਾਦਿ ਸੁਖੀ ਸਦ ਹੀ ਰਹਾਉ ’’ (ਭਗਤ ਕਬੀਰ/੯੬੯)

ਪ੍ਰਭੂ ਰਜ਼ਾ ’ਚ ਰਹਿੰਦੇ ਹੋਏ ਭਗਤ ਜੀ ਨੇ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਦਾ ਕਾਰਜ ਅਰੰਭ ਕੀਤਾ । ਭੇਦ ਭਾਵ ਅਤੇ ਕਰਮਕਾਂਡ ਦਾ ਜਿਹੜਾ ਮੱਕੜਜਾਲ ਪ੍ਰੋਹਿਤ ਸ਼੍ਰੇਣੀ ਵੱਲੋਂ ਬੁਨਿਆ ਗਿਆ ਭਗਤ ਜੀ ਨੇ ਉਸ ਨੂੰ ਤੋੜਨ ’ਚ ਮਹੱਤਵ ਪੂਰਨ ਭੂਮਿਕਾ ਨਿਭਾਈ।

ਬਨਾਰਸ ਦੀ ਪ੍ਰੋਹਿਤ ਸ਼੍ਰੇਣੀ ਨੇ ਲੋਕਾਂ ਦੀ ਲੁੱਟ-ਖਸੁੱਟ ਕਰਨ ਲਈ ਜਦੋਂ ਇਹ ਐਲਾਨ ਕੀਤਾ ਕਿ ਜਿਹੜਾ ਮਨੁੱਖ ਬਨਾਰਸ ’ਚ ਨਹੀਂ ਮਰਦਾ ਉਸ ਦੀ ਮੁਕਤੀ ਨਹੀਂ ਹੁੰਦੀ ਤੇ ਜਿਹੜਾ ਉਥੋਂ ਕੁੱਝ ਦੂਰੀ ’ਤੇ ਸਥਿਤ ਨਗਰ ਮਗਹਰ ’ਚ ਪ੍ਰਾਣ ਤਿਆਗਦਾ ਹੈ ਉਹ ਖੋਤੇ ਦੀ ਜੂਨ ’ਚ ਪੈਂਦਾ ਹੈ। ਭਗਤ ਜੀ ਨੇ ਇਸ ਐਲਾਨ ਦਾ ਗੰਭੀਰ ਨੋਟਿਸ ਲਿਆ ਅਤੇ ਉਹ ਲੁਕਾਈ ਨੂੰ ਇਸ ਭਰਮਜਾਲ ’ਚੋਂ ਸਦੀਵੀ ਤੌਰ ’ਤੇ ਬਾਹਰ ਕੱਢਣ ਲਈ ਆਪਣੇ ਜੀਵਨ ਦੇ ਅੰਤਿਮ ਸਮੇਂ ਬਨਾਰਸ ਛੱਡ ਕੇ ਮਗਹਰ ਚਲੇ ਗਏ ਕਿਉਂਕਿ ਉਹ ਸਮਝਦੇ ਸਨ ਕਿ ਸਮੁੱਚੀ ਧਰਤੀ ਕਰਤੇ ਨੇ ਪੈਦਾ ਕੀਤੀ ਹੈ ‘‘ਤੋਰੇ ਭਰੋਸੇ ਮਗਹਰ ਬਸਿਓ; ਮੇਰੇ ਤਨ ਕੀ ਤਪਤਿ ਬੁਝਾਈ   ਪਹਿਲੇ ਦਰਸਨੁ ਮਗਹਰ ਪਾਇਓ; ਫੁਨਿ ਕਾਸੀ ਬਸੇ ਆਈ   ਜੈਸਾ ਮਗਹਰੁ ਤੈਸੀ ਕਾਸੀ; ਹਮ ਏਕੈ ਕਰਿ ਜਾਨੀ ’’ (ਭਗਤ ਕਬੀਰ/੯੬੯)

ਭਗਤ ਜੀ ਆਮ ਲੋਕਾਂ ਨੂੰ ਪ੍ਰਭੂ-ਮੁਖੀ ਜੀਵਨਜਾਚ ਧਾਰਨ ਕਰਨ ਦੀ ਪ੍ਰੇਰਨਾ ਪੈਦਾ ਕਰਨ ਦੇ ਨਾਲ-ਨਾਲ ਅਜਿਹੀ ਜੀਵਨਜਾਚ ਧਾਰਨ ਕਰਨ ’ਤੇ ਜ਼ੋਰ ਦਿੰਦੇ, ਜਿਸ ’ਚੋਂ ਸਤ, ਸੰਤੋਖ, ਦਇਆ, ਧਰਮ, ਧੀਰਜ ਅਤੇ ਪਰਉਪਕਾਰ ਜਿਹੇ ਗੁਣ ਪੈਦਾ ਹੁੰਦੇ ਅਤੇ ਜਿਨ੍ਹਾਂ ਨੂੰ ਧਾਰਨ ਕਾਰਨ ਨਾਲ ਮਨ ’ਚੋਂ ਵਿਕਾਰਾਂ ਦਾ ਨਾਸ਼ ਹੁੰਦਾ। ਭਗਤ ਜੀ ਦੀ ਸਮੁੱਚੀ ਬਾਣੀ ਲੋਕਾਈ ਦਾ ਮਾਰਗ ਦਰਸ਼ਨ ਕਰਦੀ ਹੈ ਤੇ ਉਨ੍ਹਾਂ ਦੁਆਰਾ ਰਚੇ ਗਏ ਸਲੋਕ ਮਨ ’ਤੇ ਗੰਭੀਰ ਅਸਰ ਪਾਉਂਦੇ ਹਨ।

ਭਗਤ ਜੀ ਦੀ ਬਾਣੀ ਰੂੜ੍ਹੀਵਾਦੀ ਵਿਚਾਰਾਂ ਨੂੰ ਤਿਆਗ ਕੇ ਸਦਾਚਾਰੀ ਜੀਵਨਜਾਚ ਗ੍ਰਹਿਣ ਕਰਨ ’ਤੇ ਜ਼ੋਰ ਦਿੰਦੀ ਹੈ। ਮਨੁੱਖ ਨੂੰ ਮਿੱਟੀ ਦਾ ਪੁਤਲਾ ਮੰਨ ਕੇ ਉਹ ਇਸ ਦੀ ਨਾਸ਼ਮਾਨਤਾ ਵੱਲ ਸੰਕੇਤ ਕਰਦੇ ਹਨ। ਇਸ ਨਾਸ਼ਵਾਨ ਸਰੀਰ ਦੀ ਸਾਰਥਕਤਾ ਸ਼ੁਭ ਕਾਰਜਾਂ ਰਾਹੀਂ ਪ੍ਰਗਟ ਹੁੰਦੀ ਹੈ ਜਿਸ ’ਚੋਂ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੁੰਦਾ ਅਤੇ ਮਨ ਦਵੈਤ ’ਚ ਭਟਕਣ ਦੀ ਬਜਾਏ ਅਦ੍ਵੈਤ ਨਾਲ ਇਕਸੁਰ ਹੋ ਜਾਂਦਾ ਹੈ।

ਕਬੀਰ ਜੀ ਦਾ ਭਾਰਤੀ ਮਾਨਸਿਕਤਾ ’ਤੇ ਕਿੰਨਾ ਪ੍ਰਭਾਵ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦੈ ਕਿ ਇਨ੍ਹਾਂ ਦੀ ਬਾਣੀ ਲੋਕ ਮੁਹਾਵਰੇ ਵਾਂਗ ਵਰਤੀ ਜਾਂਦੀ ਹੈ ਜਿਵੇਂ ‘‘ਭੂਖੇ ਭਗਤਿ ਕੀਜੈ   ਯਹ ਮਾਲਾ ਅਪਨੀ ਲੀਜੈ (ਭਗਤ ਕਬੀਰ/੬੫੬), ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ   ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਭਗਤ ਕਬੀਰ/੧੧੦੫) ਭਾਰਤ ਦੀ ਭਗਤੀ ਪਰੰਪਰਾ ਅਤੇ ਮੱਧਕਾਲੀ ਚਿੰਤਨ ਨਾਲ ਸੰਬੰਧਿਤ ਕੋਈ ਵੀ ਕਾਰਜ ਭਗਤ ਕਬੀਰ ਜੀ ਦੇ ਜੀਵਨ ਅਤੇ ਵਿਚਾਰਧਾਰਾ ਨੂੰ ਸਮਝੇ ਵਗ਼ੈਰ ਅਧੂਰਾ ਹੈ। ਭਾਰਤ ਦੀ ਪ੍ਰਚਾਰਕ ਸ਼੍ਰੇਣੀ, ਅਕਾਦਮਿਕ ਕਾਰਜਾਂ ਵਿੱਚ ਰੁਚੀ ਰੱਖਣ ਵਾਲੇ ਵਿਦਵਾਨ ਅਤੇ ਆਮ ਲੋਕ ਭਗਤ ਜੀ ਦੀ ਬਾਣੀ ਅਤੇ ਕਾਰਜਾਂ ਦੀ ਆਮ ਵਰਤੋਂ ਕਰਦੇ ਦੇਖੇ ਜਾ ਸਕਦੇ ਹਨ।

ਭਾਰਤ ਦੀ ਧਰਤੀ ਉੱਪਰ ਕਈ ਬਹੁਤ ਸਾਰੀਆਂ ਮਹਾਨ ਸ਼ਖ਼ਸੀਅਤਾਂ ਨੇ ਜਨਮ ਲਿਆ ਅਤੇ ਉਨ੍ਹਾਂ ਦੇ ਕੁਝ ਮਹਾਨ ਕਰਮਾਂ ਦੀ ਬਦੌਲਤ ਉਨ੍ਹਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਰਹਿ ਜਾਂਦਾ ਹੈ। ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ, ਗੁਰੂਆਂ ਤੇ ਸਿੱਖਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦਾ ਜਨਮ; ਗੁਰੂ ਨਾਨਕ ਦੇਵ ਜੀ ਤੋਂ 29 ਸਾਲ ਪੂਰਵ ਮੰਨਿਆਂ ਜਾਂਦਾ ਹੈ।

ਅਰਬੀ ਭਾਸ਼ਾ ’ਚ ‘ਕਬੀਰ’ ਦਾ ਸ਼ਾਬਦਿਕ ਅਰਥ ‘ਵੱਡਾ, ਮਹਾਨ’ ਅਤੇ ‘ਦਾਸ’ ਸ਼ਬਦ ਦਾ ਸੰਸਕ੍ਰਿਤ ਭਾਸ਼ਾ ’ਚ ਅਰਥ ਹੈ ‘ਸੇਵਕ’। ਉਨ੍ਹਾਂ ਦੀ ਬਾਣੀ ਧਾਰਮਿਕ ਪਵਿੱਤਰ ਗ੍ਰੰਥ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ’ਚ ਦਰਜ ਹੈ। ਉਨ੍ਹਾਂ ਦੀ ਬਾਣੀ ਨੂੰ ਇੱਕ ਖ਼ਾਸ ਸਥਾਨ ਪ੍ਰਾਪਤ ਹੈ। ਉਨ੍ਹਾਂ ਨੇ 17 ਰਾਗਾਂ ’ਚ 227 ਪਦਾਂ ਦੀ ਰਚਨਾ ਕੀਤੀ ਅਤੇ 243 ਸਲੋਕ ਵੀ ਉਨ੍ਹਾਂ ਦੀ ਬਾਣੀ ’ਚ ਦਰਜ ਹਨ। ਸੱਚੇ ਹਿੰਦੂ ਤੇ ਮੁਸਲਿਮ ਦੋਨੋਂ ਹੀ ਉਨ੍ਹਾਂ ਦੀ ਬਾਣੀ ਨੂੰ ਮਹਾਨਤਾ ਦਿੰਦੇ ਹਨ। ਕਬੀਰ ਜਾਤ ਪਾਤ ਤੋਂ ਮੁਕਤ ਹਨ। ਨਾ ਉਹ ਆਪਣੇ ਆਪ ਨੂੰ ਹਿੰਦੂ ਦੱਸਦੇ ਤੇ ਨਾ ਹੀ ਮੁਸ਼ਲਮਾਨ, ਨਾ ਹੀ ਸੂਫ਼ੀ। ਕਬੀਰ ਜੀ ਇਸ ਵਿਚਾਰਧਾਰਾ ਨੂੰ ਧਿਆਨ ’ਚ ਰੱਖਦੇ ਹਨ ਕਿ ਸਾਰੇ ਬੰਦੇ ਇਕ ਹਨ ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ’’ (ਭਗਤ ਕਬੀਰ/੧੩੪੯)

ਕਬੀਰ ਜੀ ਨੇ ਫਿਰਕਾਪ੍ਰਸਤੀ ਦਾ ਖੁੱਲ੍ਹੇ ਸ਼ਬਦਾਂ ’ਚ ਖੰਡਨ ਕੀਤਾ ਤੇ ਭਾਰਤੀ ਵਿਚਾਰਧਾਰਾ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਵਿਖਾਵੇ ਮਾਤਰ ਥੋਥੇ ਕਰਮਕਾਂਡਾਂ ’ਚੋਂ ਨਿਕਲ ਕੇ ਮਨੁੱਖ ਨੂੰ ਪ੍ਰਭੂ ਦੀ ਭਗਤੀ, ਸੱਚੇ ਦਿਲੋਂ ਕਰਨ ਲਈ ਪ੍ਰੇਰਨਾ ਦਿੱਤੀ। ਉਹ ਮਨੁੱਖ ਨੂੰ ਜੀਵਨ-ਮਰਨ ਦੇ ਚੱਕਰ ਤੋਂ ਮੁਕਤ ਹੋ ਕੇ ਪ੍ਰਭੂ ਜੀ ਦੀ ਭਗਤੀ ਵੱਲ ਪ੍ਰੇਰਦੇ ਹਨ।  ਕਬੀਰ ਜੀ ਨੂੰ ਮਰਨ ਦਾ ਕੋਈ ਭੈਅ ਨਹੀਂ ਸਤਾਉਂਦਾ ‘‘ਕਬੀਰ   ! ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ   ਮਰਨੇ ਹੀ ਤੇ ਪਾਈਐ; ਪੂਰਨੁ ਪਰਮਾਨੰਦੁ (ਭਗਤ ਕਬੀਰ/੧੩੬੫), ਕਬੀਰ   ! ਮੁਹਿ ਮਰਨੇ ਕਾ ਚਾਉ ਹੈ; ਮਰਉ, ਹਰਿ ਕੈ ਦੁਆਰ   ਮਤ ਹਰਿ ਪੂਛੈ ਕਉਨੁ ਹੈ; ਪਰਾ ਹਮਾਰੈ ਬਾਰ ’’ (ਭਗਤ ਕਬੀਰ/੧੩੬੭)

ਅੱਗੇ ਕਬੀਰ ਜੀ ਜਨਮ ਤੇ ਮਰਨ ’ਚ ਅੰਤਰ ਵੀ ਸਮਝਾਂਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਚੰਗੇ ਕਰਮਾਂ ਵਾਲੇ ਜੀਵ ਜਨਮ ਮਰਨ ਦੇ ਚੱਕਰ ’ਚੋਂ ਨਿਕਲ ਜਾਂਦੇ ਹਨ ‘‘ਕਬੀਰਾ  ! ਮਰਤਾ ਮਰਤਾ ਜਗੁ ਮੁਆ; ਮਰਿ ਭਿ ਜਾਨੈ ਕੋਇ   ਐਸੀ ਮਰਨੀ ਜੋ ਮਰੈ; ਬਹੁਰਿ ਮਰਨਾ ਹੋਇ ’’ (ਕਬੀਰ/੫੫੫)

ਕਬੀਰ ਜੀ ਆਪਣੀ ਰਚਨਾ ’ਚ ਇਹ ਵੀ ਸਮਝਾਉਂਦੇ ਹਨ ਕਿ ਜੋ ਕੁਝ ਵੀ ਇਸ ਦੁਨੀਆਂ ’ਤੇ ਹੁੰਦੈ ਉਹ ਕਰਤੇ ਦੀ ਰਜ਼ਾ ’ਚ ਹੁੰਦਾ ਹੈ। ਉਹ ਲਿਖਦੇ ਹਨ ‘‘ਕਬੀਰ  ! ਕਾਰਨੁ ਸੋ ਭਇਓ; ਜੋ ਕੀਨੋ ਕਰਤਾਰਿ (ਨੇ)  ਤਿਸੁ ਬਿਨੁ ਦੂਸਰੁ ਕੋ ਨਹੀ; ਏਕੈ ਸਿਰਜਨਹਾਰੁ ’’ (ਭਗਤ ਕਬੀਰ/੧੩੭੧)

ਉਹ ਆਪਣੀ ਰਚਨਾ ’ਚ ਇਹ ਹੀ ਫ਼ੁਰਮਾਂਦੇ ਹਨ ਕਿ ‘‘ਕਬੀਰ  ! ਸੰਤ ਮੂਏ ਕਿਆ ਰੋਈਐ ? ਜੋ ਅਪੁਨੇ ਗ੍ਰਿਹਿ ਜਾਇ   ਰੋਵਹੁ ਸਾਕਤ ਬਾਪੁਰੇ; ਜੁ ਹਾਟੈ ਹਾਟ ਬਿਕਾਇ ’’ (ਭਗਤ ਕਬੀਰ/੧੩੬੫)

ਕਬੀਰ ਜੀ ਜਿੱਥੇ ਪ੍ਰਭੂ ਭਗਤੀ ’ਚ ਲੀਨ ਰਹਿੰਦੇ ਸਨ ਉੱਥੇ ਆਪਣਾ ਗ੍ਰਹਿਸਤੀ ਜੀਵਨ ਵੀ ਆਪਣੇ ਪਿਤਾ ਪੁਰਖੀ ਧੰਦੇ ਕੱਪੜਾ ਬੁਣਨਾ (ਜੁਲਾਹਾ) ਕੰਮ ਨਾਲ਼ ਜੀਵਨ ਬਸਰ ਕਰਦੇ ਹਨ। ਪ੍ਰਭੂ ਭਗਤੀ ’ਚ ਉਹ ਐਨੇ ਰੰਗੇ ਰਹਿੰਦੇ ਹਨ ਕਿ ਰੱਬ ਨੂੰ ਆਪਣੇ ਅੰਗ-ਸੰਗ ਜਾਣਦੇ ਹਨ ਜਿਵੇਂ ਕਿ ਉਨ੍ਹਾਂ ਦੀ ਬਾਣੀ ਹੈ ‘‘ਕਬੀਰ  ! ਜਾਤਿ ਜੁਲਾਹਾ ਕਿਆ ਕਰੈ ? ਹਿਰਦੈ ਬਸੇ ਗੁਪਾਲ   ਕਬੀਰ   ! ਰਮਈਆ ਕੰਠਿ ਮਿਲੁ; ਚੂਕਹਿ ਸਰਬ ਜੰਜਾਲ ’’ (ਭਗਤ ਕਬੀਰ/੧੩੬੮)

ਗੁਰੂ ਅਰਜਨ ਦੇਵ ਜੀ ਨੇ ਵੀ ਆਪਣੀ ਬਾਣੀ ’ਚ ਫ਼ੁਰਮਾਇਆ ਹੈ ‘‘ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ   ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ’’ (ਮਹਲਾ /੪੮੭)

ਕਬੀਰ ਸਾਹਿਬ ਦੀ ਬਾਣੀ ਨੂੰ ਗਹੁ ਨਾਲ ਵਾਚਣ ’ਤੇ ਇਹ ਗੱਲ ਪ੍ਰਤੱਖ ਹੁੰਦੀ ਹੈ ਕਿ ਉਹ ਇਕ ਮਹਾਨ ਪ੍ਰਭੂ ਭਗਤ, ਬਾਣੀਕਾਰ ਤਾਂ ਸਨ ਹੀ, ਪਰ ਨਾਲ ਹੀ ਇਕ ਬਹੁਤ ਵੱਡੇ ਕ੍ਰਾਂਤੀਕਾਰੀ ਸਮਾਜ ਸੁਧਾਰਕ ਵੀ ਸਨ। ਉਹ ਜਬਰ ਜ਼ੁਲਮ, ਬ੍ਰਾਹਮਣਵਾਦ, ਪਾਖੰਡਵਾਦ ਦੇ ਵਿਰੁੱਧ ਡਟ ਕੇ ਖੜ੍ਹੇ ਹੋਣ ਦਾ ਜਜ਼ਬਾ ਰੱਖਦੇ ਹਨ, ਜਿਸ ਨਾਲ ਤਤਕਾਲੀ ਨੀਵੀਂ ਜਾਤ ਅਖਵਾਉਣ ਵਾਲੇ ਲੋਕਾਂ ’ਚ ਆਤਮ ਵਿਸ਼ਵਾਸ ਪੈਦਾ ਹੋਇਆ। ਇੱਥੇ ਇਹ ਗੱਲ ਵੀ ਵਿਸ਼ੇਸ਼ ਜ਼ਿਕਰਯੋਗ ਹੈ ਕਿ ਬੇਸ਼ੱਕ ਗੁਰੂ ਨਾਨਕ ਸਾਹਿਬ ਨੇ ਸਮਾਜ ਦੇ ਦਬੇ-ਕੁਚਲੇ ਲੋਕਾਂ ਅਤੇ ਨਾਰੀ ਜਾਤੀ ਦੇ ਹੱਕਾਂ ਦੀ ਰਾਖੀ ਲਈ ਉਸ ਵੇਲੇ ਦੇ ਜਰਵਾਨੇ ਹਾਕਮਾਂ, ਪਾਖੰਡੀ ਪੁਜਾਰੀਆਂ ਵਿਰੁੱਧ ਪੂਰੇ ਸੰਸਾਰ ਦਾ ਸਫ਼ਰ ਕਰਕੇ ਲੋਕਾਂ ਨੂੰ ਸੱਚ ਨਾਲ਼ ਜੋੜਿਆ, ਪਰ ਇਹ ਤੱਥ ਇੱਥੇ ਵਿਚਾਰਨਯੋਗ ਹੈ ਕਿ ਇੱਕ ਸ਼ੂਦਰ ਭਗਤ ਵੱਲੋਂ ਉੱਚੇ ਲੋਕਾਂ ਵਿਰੁੱਧ ਬੋਲਣ ਨੂੰ ਉਹ ਲੋਕ ਆਪਣੇ ਹੰਕਾਰੀ ਰੁਤਬੇ ਵਿਰੁੱਧ ਸਖ਼ਤ ਚੈਲੰਜ ਸਮਝਦੇ ਸਨ। ਕਬੀਰ ਜੀ ਦੀ ਇਸੇ ਹਿੰਮਤ ਨੇ ਸ਼ਾਂਤਮਈ ਇਨਕਲਾਬ ਦੀ ਪਹਿਲੀ ਨੀਂਹ ਰੱਖੀ। ਇੱਥੇ ਇਹ ਗੱਲ ਵੀ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਬੇਸ਼ੱਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਹਥਿਆਰਬੰਦ ਇਨਕਲਾਬ ਦੀ ਨੀਂਹ ਰੱਖੀ, ਜਿਸ ਉਪਰੰਤ ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਨ੍ਹਾਂ ਗਰੀਬ ਨੀਵੇਂ ਕਹੇ ਜਾਂਦੇ ਲੋਕਾਂ, ਜਿਨ੍ਹਾਂ ਨੂੰ ਜੰਗੀ ਹਥਿਆਰ ਰੱਖਣ ਦੀ ਆਗਿਆ ਨਹੀਂ ਸੀ, ਉਨ੍ਹਾਂ  ਨੂੰ ਜੰਗੀ ਬਸਤਰਾਂ-ਸ਼ਸਤਰਾਂ ਤੇ ਘੋੜ ਸਵਾਰੀਆਂ ਨਾਲ ਲੈਸ ਕਰ ਦਿੱਤਾ ਤੇ ਕਿਹਾ ‘‘ਜਿਨ ਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨਹੀਂ ਪਈ ਕਦਾਹੀਂ ਤਿਨਹੀ ਕੋ ਸਰਦਾਰ ਬਣਾਊਂ, ਤਬਹਿ ਗੋਬਿੰਦ ਸਿੰਘ ਨਾਮ ਕਹਾਊ’’  ਪਰ ਇਹ ਤੱਥ ਜ਼ਰੂਰ ਵਿਚਾਰਨਯੋਗ ਹੈ ਕਿ ਕਿਸੇ ਕਮਜ਼ੋਰ ਇਨਸਾਨ ਦੇ ਡਿੱਗ ਚੁੱਕੇ ਮਨੋਬਲ ਨੂੰ ਜੋ ਹੀਣ ਭਾਵਨਾ ਦਾ ਸ਼ਿਕਾਰ ਹੋਵੇ, ਉਸ ਨੂੰ ਉਸਾਰੂ ਵਿਚਾਰਾਂ ਰਾਹੀਂ ਅਜਿਹੇ ਜਜ਼ਬੇ ਨਾਲ ਭਰ ਦੇਣਾ ਕਿ ਉਹ ਜ਼ੁਲਮ ਵਿਰੁੱਧ ਹਥਿਆਰ ਚੁੱਕਣ ਦੀ ਹਿੰਮਤ ਕਰ ਸਕੇ, ਇਹ ਵੀ ਇਕ ਮਹੱਤਵ ਪੂਰਨ ਗੱਲ ਹੈ ਅਤੇ ਇਹੋ ਇਨਕਲਾਬੀ ਕਾਰਨਾਮਾ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਨੇ ਕੀਤਾ। ਵੇਖਿਆ ਜਾਵੇ ਤਾਂ ਪੁਰਾਤਨ ਅਤੇ ਅਜੋਕੇ ਸਮਾਜ ’ਚ ਇਹ ਮਿਸਾਲਾਂ ਵੀ ਮਿਲਦੀਆਂ ਹਨ ਕਿ ਕੋਈ ਲੜਾਕੂ ਏਨਾ ਭੈਅ-ਭੀਤ ਅਤੇ ਹੀਣ ਭਾਵਨਾ ਗ੍ਰਸਤ ਹੋ ਗਿਆ ਕਿ ਉਹ ਹਥਿਆਰ ਹੱਥ ’ਚ ਹੁੰਦਿਆਂ ਵੀ ਚੁੱਕਣ ਦੀ ਹਿੰਮਤ ਨਾ ਕਰ ਸਕਿਆ। ਕਬੀਰ ਜੀ ਦੀ ਬਾਣੀ ਜੋ ਸਭ ਤੋਂ ਵੱਡੀ ਉਨ੍ਹਾਂ ਦੀ ਹਿੰਮਤ ਬ੍ਰਾਹਮਣਵਾਦੀ ਵਿਚਾਰਧਾਰਾ ਵਿਰੁੱਧ ਬੋਲਣ ਦਾ ਜਜ਼ਬਾ ਰੱਖਦੀ ਹੈ ‘‘ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ   ਤਉ ਆਨ ਬਾਟ ਕਾਹੇ ਨਹੀ ਆਇਆ  ?  ਤੁਮ ਕਤ ਬ੍ਰਾਹਮਣਹਮ ਕਤ ਸੂਦ  ?  ਹਮ ਕਤ ਲੋਹੂ  ? ਤੁਮ ਕਤ ਦੂਧ  ?’’ (ਭਗਤ ਕਬੀਰ/੩੨੪)

ਕਬੀਰ ਜੀ ਦੀ ਜੋ ਬਾਣੀ ਸਵੈ ਤਿਆਗ ਅਤੇ ਰਣ ਭੂਮੀ ’ਚ ਜ਼ੁਲਮ ਵਿਰੁੱਧ ਜੂਝਦੇ ਹੋਏ ਕੁਰਬਾਨ ਹੋਣ ਦਾ ਜਜ਼ਬਾ ਭਰਦੀ ਹੈ ਅਤੇ ਰਣ ਭੂਮੀ ’ਚ ਜੂਝਣ ਵਾਲੀ ਬਾਣੀ ਇੰਝ ਹੈ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ   ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਭਗਤ ਕਬੀਰ/੧੧੦੫)

ਸੋ ਉਪਰੋਕਤ ਵਰਣਨ ਕੀਤੇ ਤੱਥਾਂ ਤੋਂ ਇਹ ਪ੍ਰਤੱਖ ਹੁੰਦਾ ਹੈ ਕਿ ਭਗਤ ਕਬੀਰ ਜੀ ਸੱਚੀ ਪ੍ਰਭੂ ਭਗਤੀ, ਸਮਾਜ ਸੁਧਾਰਕ ਭਾਵਨਾ, ਸ਼ਾਂਤਮਈ ਕ੍ਰਾਂਤੀ ਤੇ ਤਰਕਸ਼ੀਲਤਾ ਭਰੀ ਰਚਨਾ ਉਚਾਰਨ ਵਾਲੇ ਪਹਿਲੇ ਭਗਤ ਹੋਏ ਹਨ। ਇਸ ਲਈ ਅੱਜ ਲੋੜ ਹੈ ਕਿ ਜੋ ਸਾਡੇ ਸ਼ਰਧਾਲੂ ਭੈਣ-ਭਰਾ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਨੂੰ ਨਤਮਸਤਕ ਹੁੰਦੇ ਹਨ ਉਹ ਇਹ ਜ਼ਰੂਰ ਸੋਚਣ ਕਿ ਭਗਤ ਕਬੀਰ ਜੀ ਦੀ ਬਾਣੀ ਨੂੰ ਗੁਰੂ ਸਾਹਿਬਾਨ ਨੇ ਜੇ ਆਦਰ ਸਹਿਤ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ’ਚ ਦਰਜ ਕੀਤੈ ਤਾਂ ਸਮੁੱਚੀ ਲੋਕਾਈ ਆਪਣੇ ਮਨਾਂ ’ਚੋਂ ਵੱਡੇ-ਛੋਟੇ ਹੋਣ ਦਾ ਫ਼ਰਕ ਮਿਟਾ ਕੇ ਕਬੀਰ ਜੀ ਦੀ ਬਾਣੀ ’ਤੇ ਅਮਲ ਕਰਨ ਦੀ ਜ਼ਰੂਰ ਖੇਚਲ ਕਰੇ, ਜਿਸ ਦੀ ਅਜੋਕੇ ਹਾਲਾਤਾਂ ’ਚ ਸਖ਼ਤ ਲੋੜ ਹੈ।

ਕਾਸ਼ੀ ਵਿਦਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਸਿਧਾਂਤ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧੀ ਹੋਣ ਕਰਕੇ ਇਹ ਖੰਡਨ ਮੰਡਨ ਵਿੱਚ ਬਹੁਤ ਨਿਪੁੰਨ ਹੋ ਗਏ। ਬਹੁਤ ਚਿਰ ਰਾਮਾਨੰਦ ਵਰਗੇ ਪੂਰਨ ਗ੍ਯਾਨੀਆਂ ਦੀ ਸੰਗਤ ਕਰਕੇ ਆਪ ਤੱਤ ਗਿਆਨ ਨੂੰ ਪ੍ਰਾਪਤ ਹੋਏ।

ਸਿਕੰਦਰ ਲੋਦੀ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂ ਦੇ ਮੁਸਲਮਾਨਾਂ ਕਾਰਨ ਬਹੁਤ ਕਲੇਸ਼ ਪਹੁੰਚਿਆ, ਜਿਸ ਦਾ ਜ਼ਿਕਰ ਕਬੀਰ ਜੀ ਨੇ ਆਪਣੇ ਸ਼ਬਦ ‘‘ਭੁਜਾ ਬਾਂਧਿ ਭਿਲਾ ਕਰਿ ਡਾਰਿਓ ’’ (ਭਗਤ ਕਬੀਰ/੮੭੦) ਸ਼ਬਦ ਵਿੱਚ ਕੀਤਾ, ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਤੇ ਤੱਤ ਗਿਆਨ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ। ਕਬੀਰ ਜੀ ਆਪਣਾ ਇਹ ਬਚਨ ਸਿੱਧ ਕਰਨ ਲਈ ਕਿ ਕਾਸ਼ੀ ਮਰਨ ਤੋਂ ਮੁਕਤੀ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ। ਦੇਹਾਂਤ ਤੋਂ ਕੁੱਝ ਸਮਾਂ ਪਹਿਲਾਂ ਮਗਹਰ, ਜੋ ਗੋਰਖਪੁਰ ਤੋਂ ਪੱਛਮ ਵੱਲ 15 ਮੀਲ ਹੈ ਚਲੇ ਗਏੇ। ਆਪ ਸੰਮਤ ੧੫੭੫ (1518 ਈ:) ਵਿੱਚ ਸੰਸਾਰ ਤੋਂ ਕੂਚ ਕਰ ਗਏ। ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ ‘ਕਬੀਰ ਚੌਰਾ’ ਨਾਂ ਤੋਂ ਪ੍ਰਸਿੱਧ ਹੈ ਅਤੇ ਲਹਿਰ ਤਲਾਉ ’ਤੇ ਭੀ ਆਪ ਦਾ ਅਸਥਾਨ ਹੈ।

‘ਸ਼ਬਦ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਬਾਣੀ ’ਚ ਜ਼ਿਕਰ ਹੈ  ‘‘ਜਿਉ ਜਲ ਛੋਡਿ; ਬਾਹਰਿ ਭਇਓ ਮੀਨਾ   ਪੂਰਬ ਜਨਮ ਹਉ ਤਪ ਕਾ ਹੀਨਾ   ਅਬ ਕਹੁ ਰਾਮ  ! ਕਵਨ ਗਤਿ ਮੋਰੀ   ਤਜੀ ਲੇ ਬਨਾਰਸ; ਮਤਿ ਭਈ ਥੋਰੀ ਰਹਾਉ   ਸਗਲ ਜਨਮੁ; ਸਿਵ ਪੁਰੀ ਗਵਾਇਆ   ਮਰਤੀ ਬਾਰ; ਮਗਹਰਿ ਉਠਿ ਆਇਆ   ਬਹੁਤੁ ਬਰਸ; ਤਪੁ ਕੀਆ ਕਾਸੀ   ਮਰਨੁ ਭਇਆ; ਮਗਹਰ ਕੀ ਬਾਸੀ   ਕਾਸੀ ਮਗਹਰ ਸਮ ਬੀਚਾਰੀ   ਓਛੀ ਭਗਤਿ; ਕੈਸੇ ਉਤਰਸਿ ਪਾਰੀ   ਕਹੁ ਗੁਰ ਗਜ ਸਿਵ; ਸਭੁ ਕੋ ਜਾਨੈ   ਮੁਆ ਕਬੀਰੁ; ਰਮਤ ਸ੍ਰੀ ਰਾਮੈ ’’ (ਭਗਤ ਕਬੀਰ/੩੨੬)

ਡਾ. ਰਤਨ ਸਿੰਘ ਜੱਗੀ ਅਨੁਸਾਰ ਕਬੀਰ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਦੱਸਿਆ ਹੈ ਕਿ ਪ੍ਰਭੂ ਦਾ ਸਿਮਰਨ ਮਨੁੱਖ ਲਈ ਬਹੁਤ ਜ਼ਰੂਰੀ ਹੈ। ਇਸ ਵਿੱਚ ਰੁਚੀ ਰੱਖਣ ਦੀ ਦਾਤ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ। ਉੱਚ ਕੋਟੀ ਦੇ ਭਗਤ ਹੋਣ ਦੇ ਬਾਵਜੂਦ ਵੀ ਆਪ ਬਹੁਤ ਨਿਮਰਤਾ ਰੱਖਦੇ ਸਨ ਤੇ ਆਪਣਾ ਸਭ ਕੁਝ ਬੜੀ ਨਿਮਰਤਾ ਸਹਿਤ ਪ੍ਰਭੂ ਦੇ ਚਰਨਾਂ ਵਿੱਚ ਅਰਪਿਤ ਕਰ ਦਿੰਦੇ ‘‘ਕਬੀਰ   ! ਮੇਰਾ ਮੁਝ ਮਹਿ ਕਿਛੁ ਨਹੀ; ਜੋ ਕਿਛੁ ਹੈ ਸੋ ਤੇਰਾ   ਤੇਰਾ ਤੁਝ ਕਉ ਸਉਪਤੇ; ਕਿਆ ਲਾਗੈ ਮੇਰਾ  ?’’ (ਭਗਤ ਕਬੀਰ/੧੩੭੫)

ਕਬੀਰ-ਫ਼ਿਲਾਸਫ਼ੀ ਦਾ ਗੁਰਮਤਿ ਵਿਚਾਰਧਾਰਾ ਨਾਲ ਬਹੁਤ ਸੁਮੇਲ ਹੈ। ਇਹੀ ਕਾਰਨ ਹੈ ਕਿ ਆਪ ਦੀ ਬਾਣੀ ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਵਿੱਚ ਦਰਜ ਹੈ। ਕਬੀਰ ਸਾਹਿਬ ਜੀ ਦੀ ਬਾਣੀ 17 ਰਾਗਾਂ ’ਚ ਕੁੱਲ 225 ਸ਼ਬਦ, 3 ਅਸਟਪਦੀਆਂ,1 ਬਾਵਨ ਅੱਖਰੀ, 1 ਥਿਤੀ, 1 ਸਤ ਵਾਰ ਤੇ 243 ਸਲੋਕ ਦਰਜ ਹਨ। ਕਬੀਰ ਜੀ ਦੀ ਬਾਣੀ ਸੱਚ ’ਤੇ ਪਹਿਰਾ ਅਤੇ ਝੂਠੇ (ਕਰਮਕਾਂਡਾਂ) ਦਾ ਵਿਰੋਧ ਕਰਦੀ ਹੈ। ਗੁਰਮਤਿ ਨਾਲ ਏਨਾ ਜ਼ਿਆਦਾ ਮੇਲ ਹੋਣ ਕਾਰਨ ਆਮ ਮਨੁੱਖ ਨਹੀਂ ਪਛਾਣ ਸਕਦਾ ਕਿ ਇਸ ਦੇ ਕਰਤਾ ਗੁਰੂ ਨਾਨਕ ਸਾਹਿਬ ਹਨ ਜਾਂ ਭਗਤ ਕਬੀਰ ਜੀ; ਜਿਵੇਂ ‘‘ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ   ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ ’’ (ਭਗਤ ਕਬੀਰ/੧੧੦੫) ਅਤੇ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਨ ਹੈ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ   ਸਿਰੁ ਧਰਿ ਤਲੀ; ਗਲੀ ਮੇਰੀ ਆਉ   ਇਤੁ ਮਾਰਗਿ; ਪੈਰੁ ਧਰੀਜੈ   ਸਿਰੁ ਦੀਜੈ; ਕਾਣਿ ਕੀਜੈ ’’ (ਮਹਲਾ /੧੪੧੨) ਇਸ ਲਈ ਆਮ ਗ੍ਰੰਥੀ, ਪ੍ਰਚਾਕ ਤੇ ਪ੍ਰਬੰਧਕ ਵੀ ਭਰਮ ਜਾਂਦੇ ਹਨ ਕਿ ਉਕਤ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਜਾਂ ਭਗਤ ਕਬੀਰ ਜੀ ਦਾ ?

ਕਬੀਰ ਜੀ ਨੇ ਪਾਖੰਡੀ ਪੁਜਾਰੀ ਵਰਗ, ਜੋ ਪ੍ਰਭੂ ਨੂੰ ਵਿਸਾਰ ਕੇ ਉਪਰੋਂ ਸਾਧੂਆਂ ਦੇ ਭੇਖ ’ਚ ਆਪਣੇ ਲੋਭ-ਲਾਲਚ ਖਾਤਰ ਲੋਕਾਂ ਨੂੰ ਕਰਮਕਾਂਡਾਂ ’ਚ ਪਾ ਗੁੰਮਰਾਹ ਕਰਦੇ ਸਨ, ਦਾ ਕਰੜਾ ਵਿਰੋਧ ਕੀਤਾ। ਆਪ ਫ਼ੁਰਮਾਉਂਦੇ ਹਨ ਕਿ ਲੋਕਾਂ ਨੇ ਰੱਬ ਨੂੰ ਖਿਡੌਣਾ ਸਮਝ ਲਿਆ ‘‘ਮਾਥੇ ਤਿਲਕੁ, ਹਥਿ ਮਾਲਾ ਬਾਨਾਂ   ਲੋਗਨ, ਰਾਮੁ ਖਿਲਉਨਾ ਜਾਨਾਂ ’’ (ਭਗਤ ਕਬੀਰ/੧੧੫੮)

ਕਬੀਰ ਜੀ ਆਖਦੇ ਹਨ ਕਿ ਸਾਰਿਆਂ ਜੀਵਾਂ ਦੀ ਉਤਪਤੀ ਰਾਮ ਜੀ ਦੇ ਅੰਸ਼ ਤੋ ਹੋਈ ਹੈ ਫਿਰ ਕੋਈ ਬ੍ਰਾਹਮਣ ਤੇ ਕੋਈ ਸ਼ੂਦਰ ਕਿਵੇਂ ਹੋ ਸਕਦਾ ਹੈ ? ਉਹ ਬ੍ਰਾਹਮਣ ਨੂੰ ਆਪਣੀ ਬਾਣੀ ਰਾਹੀਂ ਵੰਗਾਰਦੇ ਹਨ ਕਿ ਜਦ ਅਸੀਂ ਦੋਨੋਂ ਹੀ ਮਾਂ ਦੇ ਪੇਟ ’ਚੋਂ ਪੈਦਾ ਹੋਏ ਹਾਂ ਫਿਰ ਸਾਡੇ ਅੰਦਰ ਲਹੂ ਹੈ ਤੇ ਤੇਰੇ ਅੰਦਰ ਕਿਹੜਾ ਦੁਧ ਹੈ ? ਫਿਰ ਤੂੰ ਬ੍ਰਾਹਮਣ ਤੇ ਅਸੀਂ ਸ਼ੂਦਰ ਕਿਵੇਂ ਹੋਏ ? ਆਖਦੇ ਹਨ ਕਿ ਅਸਲ ਬ੍ਰਾਹਮਣ ਉਹੀ ਹੈ, ਜੋ ਬ੍ਰਹਮ ਨੂੰ ਵਿਚਾਰਦਾ ਤੇ ਧਾਰਦਾ ਹੈ ‘‘ਗਰਭ ਵਾਸ ਮਹਿ; ਕੁਲੁ ਨਹੀ ਜਾਤੀ   ਬ੍ਰਹਮ ਬਿੰਦੁ ਤੇ; ਸਭ ਉਤਪਾਤੀ …. ਕਹੁ ਕਬੀਰ  ! ਜੋ ਬ੍ਰਹਮੁ ਬੀਚਾਰੈ   ਸੋ ਬ੍ਰਾਹਮਣੁ; ਕਹੀਅਤੁ ਹੈ ਹਮਾਰੈ ’’ (ਭਗਤ ਕਬੀਰ/੩੨੪)

ਬਰਾਬਰਤਾ ਦਾ ਉਪਦੇਸ਼ ‘‘ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ   ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ ’’ (ਭਗਤ ਕਬੀਰ/੧੩੫੦) ਉੱਥੇ ਉਹ ਆਮ ਜੀਵਾਂ ਵਿੱਚ ਵੀ ਉਹੀ ਰੱਬ ਦੇਖਦੇ ਹਨ, ਜੋ ਕਿ ਇੱਕ ਆਮ ਇਨਸਾਨ ਅੰਦਰ ‘‘ਬੇਦ ਕਤੇਬ ਕਹਹੁ ਮਤ ਝੂਠੇ, ਝੂਠਾ ਜੋ ਬਿਚਾਰੈ   ਜਉ ਸਭ ਮਹਿ ਏਕੁ ਖੁਦਾਇ ਕਹਤ ਹਉ, ਤਉ ਕਿਉ ਮੁਰਗੀ ਮਾਰੈ  ?  ਮੁਲਾਂ   ! ਕਹਹੁ ਨਿਆਉ ਖੁਦਾਈ   ਤੇਰੇ ਮਨ ਕਾ ਭਰਮੁ, ਜਾਈ ਰਹਾਉ ’’ (ਭਗਤ ਕਬੀਰ/੧੩੫੦)

ਮਨੁੱਖ ਨੂੰ ਜੀਵਨ-ਮਰਨ ਦੇ ਚੱਕਰ ਦੀ ਚਿੰਤਾ ਤੋਂ ਮੁਕਤ ਹੋਣ ਲਈ ਸੱਚੀ ਸਿਧਾਂਤਕ ਭਗਤੀ ਵੱਲ ਪ੍ਰੇਰਦੇ ਹਨ ਕਿ ਜੋ ਵਿਕਾਰ ਛੱਡਣ ਅਤੇ ਮੌਤ ਤੋਂ ਡਰਦੇ ਹਨ, ਨਾਮ ਜਪਣ ਕਰਕੇ ਉਹੀ ਵਿਕਾਰਾਂ ਤੋ ਮੁਕਤ ਹੋ ਅਸਲ ਮੁਕਤੀ ਪ੍ਰਾਪਤ ਕਰ ਲੈਂਦੇ ਹਨ ‘‘ਕਬੀਰ   ! ਜਿਸੁ ਮਰਨੇ ਤੇ ਜਗੁ ਡਰੈ; ਮੇਰੇ ਮਨਿ ਆਨੰਦੁ   ਮਰਨੇ ਹੀ ਤੇ ਪਾਈਐ; ਪੂਰਨੁ ਪਰਮਾਨੰਦੁ ’’ (ਭਗਤ ਕਬੀਰ/੧੩੬੫)

ਆਪ ਜੀ ਦੇ ਬਚਨ ਹਨ ਕਿ ਅਗਰ ਪਾਣੀ ’ਚ ਚੁੱਭੀ ਲਾਇਆਂ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਰਹਿੰਦੇ ਹਨ। ਨਾਮ ਤੋਂ ਬਿਨਾਂ ਜੋ ਕੇਵਲ ਤੀਰਥ ਇਸ਼ਨਾਨਾਂ ’ਚ ਸਮਾਂ ਬਰਬਾਦ ਕਰਦੇ ਹਨ, ਸਦਾ ਜੂਨਾਂ ’ਚ ਪਏ ਰਹਿੰਦੇ ਹਨ ‘‘ਜਲ ਕੈ ਮਜਨਿ, ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ   ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ’’ (ਭਗਤ ਕਬੀਰ/੪੮੪)

ਕਰਮਕਾਂਡਾਂ ਦੀ ਜਨਮ ਦਾਤੀ ਮਨੂੰ ਸਿੰਮ੍ਰਿਤੀ ਤੋਂ ਸੁਚੇਤ ਕਰਦੇ ਹਨ ਕਿ ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ’ਤੇ ਬਣੀ ਹੈ, ਆਪਣੇ ਸ਼ਰਧਾਲੂਆਂ ਵਾਸਤੇ ਵਰਣ ਆਸ਼ਰਮ ਦੇ ਸੰਗਲ ਤੇ ਕਰਮਕਾਂਡਾਂ ਦੀਆਂ ਰੱਸੀਆਂ ਲੈ ਕੇ ਆਈ ਹੈ ‘‘ਬੇਦ ਕੀ ਪੁਤ੍ਰੀ; ਸਿੰਮ੍ਰਿਤਿ ਭਾਈ  !   ਸਾਂਕਲ ਜੇਵਰੀ; ਲੈ ਹੈ ਆਈ ’’ (ਭਗਤ ਕਬੀਰ/੩੨੯) ਲੋਕਾਈ ਨੂੰ ਵਿਕਾਰਾਂ ਵੱਲੋਂ ਸੁਚੇਤ ਕਰਦੇ ਹਨ ਹੇ ਜਗਤ ਦੇ ਲੋਕੋ  ! ਸੁਚੇਤ ਰਹੋ, ਜਾਗਦੇ ਰਹੋ, ਤੁਸੀਂ ਤਾਂ ਆਪਣੇ ਵੱਲੋਂ ਜਾਗਦਿਆਂ ਮਤਲਬ ਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਹੁੰਦਿਆਂ ਹੀ ਲੁਟੇ ਜਾ ਰਹੇ, ਜਨਮ ਮਰਨ ਦੇ ਗੇੜ ਤੋਂ ਅਜ਼ਾਦ ਨਹੀਂ ਹੋਏ ‘‘ਦੁਨੀਆ   ! ਹੁਸੀਆਰ ਬੇਦਾਰ; ਜਾਗਤ ਮੁਸੀਅਤ ਹਉ ਰੇ ਭਾਈ  !   ਨਿਗਮ ਹੁਸੀਆਰ ਪਹਰੂਆ; ਦੇਖਤ ਜਮੁ ਲੇ ਜਾਈ ਰਹਾਉ ’’ (ਭਗਤ ਕਬੀਰ/੯੭੨)

ਕਬੀਰ ਸਾਹਿਬ ਜਦ ਸੁਰਗ ਨਰਕ ਦੀ ਗੱਲ ਕਰਦੇ ਹਨ ਤਾਂ ਆਖਦੇ ਹਨ ਕਿ ਮੈ ਆਪਣੇ ਸਤਿਗੁਰੂ ਦੀ ਕ੍ਰਿਪਾ ਸਦਕਾ ਸੁਰਗ ਦੀ ਲਾਲਸਾ ਅਤੇ ਨਰਕ ਦੇ ਡਰ ਤੋਂ ਬਚ ਗਿਆ ਹਾਂ ‘‘ਕਬੀਰ  ! ਸੁਰਗ ਨਰਕ ਤੇ ਮੈ ਰਹਿਓ; ਸਤਿਗੁਰ ਕੇ ਪਰਸਾਦਿ   ਚਰਨ ਕਮਲ ਕੀ ਮਉਜ ਮਹਿ; ਰਹਉ ਅੰਤਿ ਅਰੁ ਆਦਿ ’’ (ਭਗਤ ਕਬੀਰ/੧੩੭੦) ਮਤਲਬ ਕਿ ਸਿੱਖ ਦੇ ਮਨ ਅੰਦਰ ਵੀ ਸਵਰਗ ਦੀ ਲਾਲਸਾ ਜਾਂ ਨਰਕ ਦਾ ਡਰ ਨਹੀਂ ਸਿਰਫ ਗੁਰੂ ਮਿਲਾਪ ਦੀ ਤਾਂਘ ਹੋਣੀ ਚਾਹੀਦੀ ਹੈ।

ਸਿਧਾਂਤਕ ਨਾਮ ਸਿਮਰਨ ਨੂੰ ਛੱਡ ਕੇ ਕੇਵਲ ਕਰਮਕਾਂਡਾਂ ਦੀ ਸਿੱਖਿਆ ਦੇਣ ਵਾਲੇ ਪੁਜਾਰੀ, ਪੰਡਿਤਾਂ ਤੇ ਮੌਲਾਣਿਆਂ ਤੋਂ ਸੁਚੇਤ ਕਰਦੇ ਆਖਦੇ ਹਨ ਕਿ ਮੈਂ ਜਿਉਂ ਜਿਉਂ ਗਿਆਂਨ ਰੂਪ ਨਾਮ ਸਿਮਰਨ ਦੀ ਤਾਣੀ ਬੁਣ ਰਿਹਾ ਹਾਂ ਪੰਡਿਤ ਅਤੇ ਮੁੱਲਾਂ ਦੋਵੇਂ ਹੀ ਛੱਡ ਦਿੱਤੇ ਹਨ ‘‘ਹਮਰਾ ਝਗਰਾ ਰਹਾ ਕੋਊ   ਪੰਡਿਤ ਮੁਲਾਂ ਛਾਡੇ ਦੋਊ ਰਹਾਉ ’’ (ਭਗਤ ਕਬੀਰ/੧੧੫੯)  ਸੋ ਇਸ ਤਰ੍ਹਾ ਭਗਤ ਜੀ ਨੇ ਵਿਚਲੇ ਪੁਜਾਰੀਵਾਦ ਨੂੰ ਰੱਦ ਕਰਦਿਆਂ ਸਿੱਧੇ ਅਕਾਲ ਪੁਰਖ ਨਾਲ ਜੋੜਨ ਦੀ ਗੱਲ ਕੀਤੀ ਹੈ।

ਭਗਤ ਕਬੀਰ ਜੀ ਦੇ ਆਗਮਨ ਵੇਲੇ ਭਾਰਤੀ ਸਮਾਜ ਵਿੱਚ ਕਰਮਕਾਂਡ, ਪਾਖੰਡ, ਅੰਧ-ਵਿਸ਼ਵਾਸ, ਊਚ-ਨੀਚ ਦੀ ਨਫ਼ਰਤ ਅਤੇ ਤਰ੍ਹਾਂ ਤਰ੍ਹਾਂ ਦੇ ਧਾਰਮਿਕ ਭੇਖਾਂ ਦੇ ਜਨਮਦਾਤਾ ਮਨੂਵਾਦ ਦਾ ਬੋਲਬਾਲਾ ਸੀ। ਭਗਤ ਕਬੀਰ ਜੀ ਨੇ ਬੜੀ ਦਲੇਰੀ ਨਾਲ ਇਨ੍ਹਾਂ ਕਰਮਕਾਂਡਾ ਤੇ ਜਾਤ-ਪਾਤ ਦੇ ਵਿਤਕਰਿਆਂ ਨੂੰ ਖ਼ਤਮ ਕਰਨ ਦਾ ਯਤਨ ਵੀ ਕੀਤਾ ਅਤੇ ਪ੍ਰਭੂ ਭਗਤੀ ਦੇ ਸਹੀ ਮਾਰਗ ਦਾ ਪ੍ਰਚਾਰ ਵੀ ਕੀਤਾ। ਭਗਤੀ ਲਹਿਰ ਵਿੱਚ ਭਗਤ ਕਬੀਰ ਜੀ ਦਾ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਦੀ ਬਾਣੀ ’ਚੋਂ ਥੋਥੇ ਕਰਮਕਾਂਡਾਂ, ਭਰਮ ਭੁਲੇਖਿਆ ਦੀਆਂ ਕੁਝ ਵੰਨਗੀਆਂ ਇਸ ਪ੍ਰਕਾਰ ਹਨ :

(ੳ) ਕਰਮਕਾਂਡਾਂ ਤੇ ਵਰਤ ਵਿਰੁੱਧ ਉਨ੍ਹਾਂ ਆਖਿਆ ‘‘ਛੋਡਹਿ ਅੰਨੁ, ਕਰਹਿ ਪਾਖੰਡ   ਨਾ ਸੋਹਾਗਨਿ, ਨਾ ਓਹਿ ਰੰਡ ’’ (ਭਗਤ ਕਬੀਰ/੮੭੩) (ਅ) ਤੀਰਥ ਇਸ਼ਨਾਨਾਂ ਬਾਰੇ ‘‘ਅੰਤਰਿ ਮੈਲੁ ਜੇ ਤੀਰਥ ਨਾਵੈ; ਤਿਸੁ ਬੈਕੁੰਠ ਜਾਨਾਂ   ਲੋਕ ਪਤੀਣੇ ਕਛੂ ਹੋਵੈ; ਨਾਹੀ ਰਾਮੁ ਅਯਾਨਾ ’’ (ਭਗਤ ਕਬੀਰ/੪੮੪) (ੲ) ਮੂਰਤੀ-ਪੱਥਰ ਪੂਜਾ ਬਾਰੇ ‘‘ਕਬੀਰ  ! ਠਾਕੁਰੁ ਪੂਜਹਿ ਮੋਲਿ ਲੇ; ਮਨਹਠਿ ਤੀਰਥ ਜਾਹਿ   ਦੇਖਾ ਦੇਖੀ ਸ੍ਵਾਂਗੁ ਧਰਿ; ਭੂਲੇ ਭਟਕਾ ਖਾਹਿ ’’ (ਭਗਤ ਕਬੀਰ/੧੩੭੧) (ਸ) ਧਾਰਮਿਕ ਭੇਖਾਂ ਬਾਰੇ ‘‘ਨਗਨ ਫਿਰਤ; ਜੌ ਪਾਈਐ ਜੋਗੁ   ਬਨ ਕਾ ਮਿਰਗੁ; ਮੁਕਤਿ ਸਭੁ ਹੋਗੁ ’’ (ਭਗਤ ਕਬੀਰ/੩੨੪) (ਹ) ਪਿਤਰਾਂ ਬਾਰੇ ‘‘ਜੀਵਤ ਪਿਤਰ ਮਾਨੈ ਕੋਊ; ਮੂਏਂ ਸਿਰਾਧ ਕਰਾਹੀ   ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ; ਕਊਆ ਕੂਕਰ ਖਾਹੀ ’’ (ਭਗਤ ਕਬੀਰ/੩੩੨) (ਕ) ਸੁੰਨਤ ਸ਼ਰਾ ਬਾਰੇ ‘‘ਹਿੰਦੂ ਤੁਰਕ ਕਹਾ ਤੇ ਆਏ ? ਕਿਨਿ ਏਹ ਰਾਹ ਚਲਾਈ   ਦਿਲ ਮਹਿ ਸੋਚਿ ਬਿਚਾਰਿ ਕਵਾਦੇ; ਭਿਸਤ ਦੋਜਕ ਕਿਨਿ ਪਾਈ  ?  ਕਾਜੀ  ! ਤੈ ਕਵਨ ਕਤੇਬ ਬਖਾਨੀ   ਪੜ੍ਹਤ ਗੁਨਤ ਐਸੇ ਸਭ ਮਾਰੇ; ਕਿਨਹੂੰ ਖਬਰਿ ਜਾਨੀ ਰਹਾਉ   ਸਕਤਿ ਸਨੇਹੁ ਕਰਿ ਸੁੰਨਤਿ ਕਰੀਐ; ਮੈ ਬਦਉਗਾ ਭਾਈ   !  ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ; ਆਪਨ ਹੀ ਕਟਿ ਜਾਈ   ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ  ?  ਅਰਧ ਸਰੀਰੀ ਨਾਰਿ ਛੋਡੈ; ਤਾ ਤੇ ਹਿੰਦੂ ਹੀ ਰਹੀਐ   ਛਾਡਿ ਕਤੇਬ, ਰਾਮੁ ਭਜੁ ਬਉਰੇ; ਜੁਲਮ ਕਰਤ ਹੈ ਭਾਰੀ   ਕਬੀਰੈ (ਨੇ) ਪਕਰੀ ਟੇਕ ਰਾਮ ਕੀ; ਤੁਰਕ ਰਹੇ ਪਚਿਹਾਰੀ ’’ (ਭਗਤ ਕਬੀਰ/੪੭੭)

ਆਪ ਜੀ ਨੇ ਜਾਤ ਪਾਤ ਦਾ ਖੰਡਨ ਕਰਦੇ ਹੋਏ ਬ੍ਰਾਹਮਣਵਾਦ ਲਈ ਕਰੜੇ ਸ਼ਬਦ ਵਰਤੇ, ਜਿਨ੍ਹਾਂ ਨਾਲ਼ ਉਨ੍ਹਾਂ ਦੀ ਸਮਾਜ ਸੁਧਾਰਕ ਵਜੋਂ ਉੱਚ ਕੋਟਿ ਦੀ ਦਲੇਰਆਨਾ ਤੇ ਕ੍ਰਾਂਤੀਕਾਰੀ ਵਿਚਾਰਧਾਰਾ ਦਾ ਪਤਾ ਲੱਗਦਾ ਹੈ; ਜਿਵੇਂ ਕਿ ‘‘ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ   ਤਉ ਆਨ ਬਾਟ ਕਾਹੇ ਨਹੀ ਆਇਆ  ?’’ (ਭਗਤ ਕਬੀਰ/੩੨੪) ਭਾਵ ਸਾਰੇ ਜੀਵਾਂ ਦੀ ਉਤਪਤੀ ਪਿਤਾ ਦੇ ਵੀਰਜ ਤੇ ਮਾਤਾ ਦੇ ਪੇਟ ’ਚੋਂ ਹੀ ਹੁੰਦੀ ਹੈ। ਤਦ ਕਿਸੇ ਦੀ ਕੋਈ ਜਾਤ ਨਹੀਂ ਹੁੰਦੀ। ਜੇ ਬ੍ਰਾਹਮਣ ਦੂਜੇ ਮਨੁੱਖਾਂ ਤੋਂ ਉੱਚਾ ਅਖਵਾਉਂਦਾ ਹੈ ਤਾਂ ਉਸ ਨੇ ਕਿਸੇ ਹੋਰ ਰਸਤੇ ਜਨਮ ਕਿਉਂ ਨਾ ਲਿਆ ?

ਸਾਡਾ ਸਮਾਜ ਹਾਲੇ ਵੀ ਜਾਤ-ਪਾਤ, ਊਚ-ਨੀਚ ਦਾ ਵਿਤਕਰਾ, ਸਵਰਗਾਂ-ਨਰਕਾਂ, ਥੋਥੇ ਅੰਧਵਿਸ਼ਵਾਸੀ ਕਰਮਕਾਂਡਾਂ ਅਤੇ ਮਨੁੱਖਤਾ ਵਿਰੋਧੀ ਗਲਤ ਰੀਤੀ ਰਿਵਾਜ਼ਾਂ ਵਿੱਚ ਬੁਰੀ ਤਰ੍ਹਾਂ ਉਲਝਿਆ ਪਿਐ। ਇਸ ਦੇ ਸੁਧਾਰ ਲਈ ਅੱਜ ਸਾਨੂੰ ਇਹ ਵਿਚਾਰਨ ਦੀ ਸਖ਼ਤ ਲੋੜ ਹੈ ਕਿ ਅਜਿਹੀਆਂ ਕੁਰੀਤੀਆਂ ਵਿਰੁੱਧ ਭਗਤ ਕਬੀਰ ਜੀ ਨੇ ਸਦੀਆਂ ਪਹਿਲਾਂ ਹੀ ਬਾਣੀ ਰਾਹੀਂ ਦੱਸ ਦਿੱਤਾ ਸੀ, ਫਿਰ ਵੀ ਅਸੀਂ ਸਿਰਫ ਮੱਥੇ ਟੇਕਣਾ ਹੀ ਕਾਫ਼ੀ ਸਮਝਿਆ ਹੈ। ਉਨ੍ਹਾਂ ’ਤੇ ਅਮਲ ਕਰਨਾ ਵੀ ਸਾਡੇ ਲਈ ਅਤਿ ਜ਼ਰੂਰੀ ਹੈ।

Most Viewed Posts