ਗੁਰਮਤਿ ਅਨੁਸਾਰ ਰੱਬ ਦਾ ਦਰਸ਼ਨ

0
411

ਗੁਰਮਤਿ ਅਨੁਸਾਰ ਰੱਬ ਦਾ ਦਰਸ਼ਨ

ਗਿਆਨੀ ਅਵਤਾਰ ਸਿੰਘ

ਜੇਕਰ ਸਵਾਲ ਕਰੀਏ ਕਿ ਸਿੱਖ ਧਰਮ ’ਚ ਕਿਹੜੀ ਵਿਲੱਖਣਤਾ ਹੈ ਤਾਂ ਜਵਾਬ ਹੈ ‘ਰੱਬ ਦਾ ਦਰਸ਼ਨ ਕਰਨਾ’। ਸਤਿਗੁਰੂ ਦੀ ਕੀ ਵਿਸ਼ੇਸ਼ਤਾ ਹੈ ? ਜਵਾਬ ਹੈ ‘ਰੱਬ ਦਾ ਦਰਸ਼ਨ ਕਰਾਉਣਾ’। ਗੁਰੂ ਨਾਨਕ ਸਾਹਿਬ ਜੀ ਦੁਆਰਾ ਕੀਤੀਆਂ ਚਾਰ ਲੰਬੀਆਂ ਉਦਾਸੀਆਂ ਦਾ ਇੱਕੋ ਮਨੋਰਥ ਰਿਹਾ ਹੈ ‘ਰੱਬ ਦੇ ਦਰਸ਼ਨਾਂ ਬਾਰੇ ਸ਼ਰਧਾਵਾਨਾਂ ਨੂੰ ਸਹੀ ਰਾਹ ਦੱਸਣਾ’। ਇਹੀ ਵਿਸ਼ਾ ਹਰ ਗੋਸਟੀ/ਚਰਚਾ ਦਾ ਆਧਾਰ ਸੀ ਭਾਵੇਂ ਉਹ ਗੋਸਟੀ; ਮੁੱਲਾਂ ਨਾਲ਼ ਕੀਤੀ ਜਾਂ ਪੰਡਿਤਾਂ ਨਾਲ਼ ਜਾਂ ਜੋਗੀਆਂ ਨਾਲ਼ ਆਦਿ, ਤਾਂ ਤੇ ਹਰ ਗੁਰਸਿੱਖ ਨੂੰ ਰੱਬ ਦੇ ਗੁਰਮਤਿ ਅਨੁਸਾਰੀ ਦਰਸ਼ਨਾਂ ਬਾਰੇ ਪੂਰਨ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਹਥਲੇ ਲੇਖ ’ਚ ਇਹੀ ਵਿਸ਼ਾ ਹੈ।

ਗੁਰਬਾਣੀ ਅੰਦਰ ‘ਦਰਸਨ, ਦਰਸਨਿ, ਦਰਸਨੁ, ਦਰਸਨੰ, ਦਰਸਨਹ/ਦਰਸਨਾ, ਦਰਸਨੈ, ਦਰਸਨੋ’ ਸ਼ਬਦ; 8 ਰੂਪਾਂ ’ਚ 334 ਵਾਰ ਹੈ। ਗੁਰਬਾਣੀ ਕਾਵਿਮਈ ਰਚਨਾ ਹੋਣ ਕਾਰਨ ਕਈ ਸ਼ਬਦ; ਸੰਖੇਪ ਰੂਪ ’ਚ ਭੀ ਦਰਜ ਹਨ; ਜਿਵੇਂ ਕਿ ਕਲਿਜੁਗ ਤੋਂ ਕਲਿ, ਬਹੁਤ ਤੋਂ ਬਹੁ; ਇਉਂ ਹੀ ‘ਦਰਸਨ’ ਦਾ ਸੰਖੇਪ ਰੂਪ ‘ਦਰਸ, ਦਰਸਿ, ਦਰਸੁ’ ਕਰਮਵਾਰ 45+13+96=154 ਵਾਰ ਦਰਜ ਹੈ। ‘ਦਰਸ, ਦਰਸਿ, ਦਰਸੁ’; ਤਿੰਨਾ ਦਾ ਉਚਾਰਨ ਹੈ ‘ਦਰਸ਼’। ਗੁਰਬਾਣੀ ਅੰਦਰ ‘ਦਰਸਿ’ (13 ਵਾਰ) ਕੇਵਲ ਪੰਜਵੇਂ ਪਾਤਿਸ਼ਾਹ ਜੀ ਨੇ ਵਰਤਿਆ ਹੈ। ‘ਦਰਸਨ’ ਅਤੇ ‘ਦਰਸ’ ਕੁੱਲ 334+154=488 ਵਾਰ ਹਨ, ਜਿਨ੍ਹਾਂ ’ਚੋਂ ਭਗਤ ਸਾਹਿਬਾਨ ਨੇ 10 ਵਾਰ, ਗੁਰੂ ਨਾਨਕ ਸਾਹਿਬ ਜੀ ਨੇ 43 ਵਾਰ, ਗੁਰੂ ਅੰਗਦ ਸਾਹਿਬ ਜੀ ਨੇ 1 ਵਾਰ, ਗੁਰੂ ਅਮਰਦਾਸ ਜੀ ਨੇ 15 ਵਾਰ, ਗੁਰੂ ਰਾਮਦਾਸ ਜੀ ਨੇ 61 ਵਾਰ, ਗੁਰੂ ਅਰਜਨ ਸਾਹਿਬ ਜੀ ਨੇ 336 ਵਾਰ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 1 ਵਾਰ ਦਰਜ ਕੀਤੇ ਹਨ। ਇਨ੍ਹਾਂ ਦੇ ਅਰਥ ਹਨ ‘ਰੱਬ ਦਾ ਦਰਸ਼ਨ, ਗੁਰੂ ਦਾ ਦਰਸ਼ਨ, ਗੁਰਮੁਖ/ਸੰਗਤ ਦਾ ਦਰਸ਼ਨ, ਕਿਤੇ ਕਿਤੇ ਬੁਰੇ ਬੰਦੇ ਦੇ ਦਰਸ਼ਨਾਂ ਤੋਂ ਬਚਣਾ ਵੀ ਸ਼ਾਮਲ ਹੈ। ਚੇਤੇ ਰਹੇ ਕਿ 18 ਕੁ ਵਾਰ ‘ਦਰਸਨ’ ਦਾ ਅਰਥ ‘ਹਿੰਦੂ ਧਾਰਮਿਕ ਗ੍ਰੰਥ ਸ਼ਾਸਤਰ’ ਹੈ, ਪਰ ਉੱਥੇ ‘ਛਿਅ ਦਰਸਨ’ ਜਾਂ ‘ਖਟੁ ਦਰਸਨ’ ਸੰਯੁਕਤ ਸ਼ਬਦ ਹਨ। ਗੁਰੂ ਨਾਨਕ ਸਾਹਿਬ ਜੀ ਅਤੇ ਭਗਤ ਸਾਹਿਬਾਨ ਨੇ ‘ਦਰਸਨ/ਦਰਸ’ ਸ਼ਬਦ; ‘ਰੱਬ ਦੇ ਦਰਸ਼ਨ’ ਲਈ ਵਰਤੇ ਹਨ ਜਦਕਿ ਬਾਕੀ ਗੁਰੂ ਸਾਹਿਬਾਨ ਅਤੇ ਭੱਟ ਬਾਣੀ ’ਚ ਇਹ ਸ਼ਬਦ ਜ਼ਿਆਦਾਤਰ ਅਰਥ ‘ਗੁਰੂ ਦੇ ਦਰਸ਼ਨ’ ਜਾਂ ‘ਗੁਰਮੁਖ ਦੇ ਦਰਸ਼ਨ’ ਦਿੰਦੇ ਹਨ। ‘ਦਰਸਨ’ ਦਾ ਫ਼ਾਰਸੀ ਰੂਪ ‘ਦੀਦਾਰ’ ਹੈ, ਜੋ ਗੁਰਬਾਣੀ ’ਚ 12 ਵਾਰ ‘ਦੀਦਾਰ, ਦੀਦਾਰਿ, ਦੀਦਾਰੁ’ ਬਣਤਰ ’ਚ ਦਰਜ ਹੈ।

ਮਨੁੱਖੀ ਸਰੀਰਕ ਬਣਤਰ ਬਾਰੇ ਜਾਣੀਏ ਤਾਂ ਇਹ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਦਾ ਸੁਮੇਲ ਹੈ। ਇਨ੍ਹਾਂ ਤੱਤਾਂ ਦਾ ਪ੍ਰਭਾਵ/ਲੱਛਣ ਹੀ ਪੰਜ ਸ਼ੁਭ ਗੁਣ (ਸਤ, ਸੰਤੋਖ, ਦਇਆ, ਧਰਮ/ਜ਼ਿੰਮੇਵਾਰੀ, ਧੀਰਜ) ਜਾਂ ਪੰਜ ਵਿਕਾਰ (ਕਾਮ, ਕਰੋਧ, ਲੋਭ, ਮੋਹ, ਅਹੰਕਾਰ) ਹਨ। ਪੰਜ ਵਿਕਾਰਾਂ ਨੂੰ ਕਾਬੂ ਕਰਨਾ ਹੀ ਪੰਜ ਸ਼ੁਭ ਗੁਣੀ ਕਿਰਦਾਰ ਸਿਰਜਣਾ ਹੈ। ਗੁਰੂ ਅਰਜਨ ਸਾਹਿਬ ਜੀ ਇਸ ਯੁਕਤੀ ਨੂੰ ਪੰਜ ਵਿਕਾਰ ਰੁਸਾ ਲਏ, ਜੋ ਸਦੀਆਂ ਤੋਂ ਪਿਆਰੇ ਸਨ ਅਤੇ ਪੰਜ ਸ਼ੁਭ ਗੁਣ ਮਨਾ ਲਏ, ਰਾਜ਼ੀ ਕਰ ਲਏ, ਜੋ ਸਦੀਆਂ ਤੋਂ ਦੂਰ ਹੋ ਗਏ ਸਨ, ਬਿਆਨ ਕਰਦੇ ਹਨ ‘‘ਪੰਚ ਮਨਾਏ; ਪੰਚ ਰੁਸਾਏ ਪੰਚ ਵਸਾਏ; ਪੰਚ ਗਵਾਏ ’’ (ਮਹਲਾ /੪੩੦)

ਸਵੈ ਪੜਚੋਲ ਕਰਨ ਨਾਲ਼ ਉਪਜਦੀ ਆਤਮਕ ਸ਼ਕਤੀ (ਰੂਹਾਨੀਅਤ ਬਲ) ਨੂੰ ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ਦੀ 36ਵੀਂ ਪਉੜੀ ‘‘ਸਰਮਖੰਡ ਕੀ ਬਾਣੀ ਰੂਪੁ ’’ ’ਚ ਚਾਰ ਭਾਗਾਂ ’ਚ ਵੰਡਿਆ ਹੈ ‘‘ਤਿਥੈ ਘੜੀਐ; ਸੁਰਤਿ, ਮਤਿ, ਮਨਿ ਬੁਧਿ .. ੩੬ (ਜਪੁ) ਸੁਰਤਿ ਤੋਂ ਭਾਵ ਯਾਦਦਾਸ਼ਤ ਸ਼ਕਤੀ ਹੈ। ਇਸ ਨੂੰ ਜਨਮ ਤੋਂ ਮੌਜੂਦਾ ਸਮੇਂ ਤੱਕ ਭੋਗਿਆ ਅਨੁਭਵ ਵੀ ਕਹਿ ਸਕਦੇ ਹਾਂ। ਮਤਿ ਤੋਂ ਭਾਵ ਮਮਤਾ ਹੈ, ਜੋ ਪਦਾਰਥਾਂ ਨਾਲ਼ ਸੰਬੰਧ ਜੋੜਦੀ ਹੈ। ਇਸ ਨੂੰ ਅਹੰਕਾਰ ਵੀ ਕਹਿ ਸਕਦੇ ਹਾਂ ਕਿਉਂਕਿ ਪਦਾਰਥਾਂ ਦੀ ਪ੍ਰਾਪਤੀ ਹੀ ਅਹੰਕਾਰ ਨੂੰ ਜਨਮ ਦਿੰਦੀ ਹੈ। ਗੁਰਬਾਣੀ ’ਚ ‘ਮਨਿ ਬੁਧਿ’ ਸੰਯੁਕਤ ਸ਼ਬਦ ਕੇਵਲ ਦੋ ਵਾਰ ਦਰਜ ਹਨ। ਇਹ ਸ਼ਬਦ ‘ਜਪੁ’ ਬਾਣੀ ’ਚ ਉੱਥੇ ਸ਼ਾਮਲ ਕੀਤੇ, ਜਿੱਥੇ ਪ੍ਰਸੰਗ ਸਵੈ ਪੜਚੋਲ ਕਰਾਉਣਾ ਸੀ; ਜਿਵੇਂ ਕਿ ਉਕਤ ਸਰਮਖੰਡ ਵਾਙ ਗੁਰੂ ਦੀ ਸਿੱਖਿਆ ਨੂੰ ‘ਮੰਨਣਾ/ਮੰਨੈ’ ਵਿਸ਼ਾ ਵੀ ਹੈ ‘‘ਮੰਨੈ; ਸੁਰਤਿ ਹੋਵੈ, ਮਨਿ ਬੁਧਿ .. ੧੩ (ਜਪੁ) ‘ਮਨਿ’ ਤੇ ‘ਬੁਧਿ’ ਨੂੰ ਇਕੱਠਾ ਲਿਖਣ ਦਾ ਮੰਤਵ ਇਨ੍ਹਾਂ ਦਾ ਇੱਕ-ਇੱਕ ਗੁਣ, ਸਮਾਨ ਹੋਣਾ ਹੈ; ਜਿਵੇਂ ਕਿ ‘ਨਵੇਂ ਵਿਚਾਰ ਪੈਦਾ ਹੋਣਾ/ਸੰਕਲਪ’ ਦੋਵਾਂ ’ਚ ਸਾਂਝਾ ਗੁਣ ਹੈ ਤੇ ਦੂਜਾ ਇੱਕ-ਇੱਕ ਗੁਣ ਦੋਵਾਂ ’ਚ ਆਪਾ ਵਿਰੋਧੀ ਹੈ; ਜਿਵੇਂ ਕਿ ‘ਮਨ’ ਦਾ ਦੂਜਾ ਗੁਣ ਹੈ ‘ਦੁਬਿਧਾ/ਵਿਕਲਪ’ ਯਾਨੀ ਕਿ ਪੈਦਾ ਹੋਏ ਨਵੇਂ ਵਿਚਾਰ ’ਤੇ ਕਾਇਮ ਨਾ ਰਹਿਣ ਦੇਣਾ ਜਦਕਿ ‘ਬੁਧਿ’ ਦਾ ਦੂਜਾ ਗੁਣ ਹੈ ‘ਦ੍ਰਿੜ੍ਹਤਾ’ ਯਾਨੀ ਪੈਦਾ ਹੋਏ ਨਵੇਂ ਵਿਚਾਰ ’ਤੇ ਕਾਇਮ ਰਹਿਣਾ। ‘ਮਨਿ ਬੁਧਿ’ ਸੰਯੁਕਤ ਸ਼ਬਦਾਂ ਦਾ ਅਰਥ ਹੈ ‘ਮਨ ਵਿੱਚ ਬੁਧਿ ਆਉਣੀ’ ਯਾਨੀ ‘ਬੁਧਿ’ ਦੀ ਦ੍ਰਿੜ੍ਹਤਾ ਨੇ ‘ਮਨ’ ਵਿੱਚ ਆ ਕੇ ਇਸ ਦੀ ਦੁਬਿਧਾ ਮਾਰ ਦਿੱਤੀ। ‘ਦੁਬਿਧਾ’ ਦਾ ਆਧਾਰ/ਸ੍ਰੋਤ; ਕੇਵਲ ਗੁਰੂ ਸਾਹਿਬਾਨ ਦੁਆਰਾ ਦਰਜ ਸ਼ਬਦ ‘ਦੂਜੈ ਭਾਇ’ ਹੈ, ਜੋ ਗੁਰਬਾਣੀ ’ਚ 151 ਵਾਰ ਦਰਜ ਹੈ। ਇਨ੍ਹਾਂ ਦਾ ਅਰਥ ਹੈ ‘ਰੱਬ ਤੋਂ ਬਿਨਾਂ ਕਿਸੇ ਹੋਰ ਨਾਲ਼ ਪ੍ਰੇਮ ਕਰਨ ਨਾਲ਼’ ਜਾਂ ‘ਹੋਰ ਨਾਲ਼ ਪਿਆਰ ਕਰਨ ਨਾਲ਼’ ਜੀਵਨ ’ਚੋਂ ਪੈਦਾ ਹੋਏ ਚਿੰਨ੍ਹ/ਲੱਛਣ ਹੀ ਦੁਬਿਧਾ ਹੈ। ਗੁਰੂ ਅਮਰਦਾਸ ਜੀ; ਇਸ ਰੋਗ ਨੂੰ ਵਧੇਰਾ ਹੰਢਾ ਚੁੱਕੇ ਸਨ, ਇਸ ਲਈ ਉਨ੍ਹਾਂ ਨੇ ਆਪਣੀ ਬਾਣੀ ’ਚ ਇਹ ਸ਼ਬਦ 126 ਵਾਰ ਦਰਜ ਕੀਤੇ। ਗੁਰੂ ਨਾਨਕ ਸਾਹਿਬ ਨੇ 10 ਵਾਰ, ਗੁਰੂ ਰਾਮਦਾਸ ਜੀ ਨੇ 14 ਵਾਰ ਅਤੇ ਪੰਜਵੇਂ ਪਾਤਿਸ਼ਾਹ ਜੀ ਨੇ 1 ਵਾਰ ਵਰਤੇ। ਸੋ ‘ਦੂਜੈ ਭਾਇ’ ਹੀ ‘ਮਨ’ ਦਾ ਵਿਕਲਪ/ਦੁਬਿਧਾ ਹੈ।

ਉਕਤ ਕੀਤੀ ਗਈ ਵਿਚਾਰ ਮੁਤਾਬਕ ਮਨੁੱਖੀ ਸਰੀਰ ਅੰਦਰ ‘ਪੰਜ ਤੱਤ, ਪੰਜ ਸ਼ੁਭ ਗੁਣ ਜਾਂ ਪੰਜ ਵਿਕਾਰ ਅਤੇ ਸੁਰਤਿ, ਮਤਿ, ਮਨਿ ਬੁਧਿ’ ਹੁੰਦੇ ਹਨ। ਸੁਰਤਿ, ਮਤਿ, ਬੁਧਿ ਦੀ ਅੰਤ ਸਿਹਾਰੀ ਮੂਲਕ ਹੈ ਅਤੇ ‘ਮਨਿ’ ਦੀ ਅੰਤ ਸਿਹਾਰੀ ਅਧਿਕਰਣ ਕਾਰਕ ਵਜੋਂ ‘ਮਨ ਵਿੱਚ’ ਅਰਥ ਦਿੰਦੀ ਹੈ ਯਾਨੀ ਕਾਰਕੀ ਹੈ, ਨਾ ਕਿ ਉਚਾਰਨ ਦਾ ਭਾਗ। ਇਨ੍ਹਾਂ ਸਭ ਨਾਲ਼ ਸੰਬੰਧਿਤ ਗਿਆਨ; ਤਰਕ ਸੰਗਤ ਦਲੀਲਾਂ ਆਧਾਰਿਤ ਹੁੰਦਾ ਹੈ ਕਿਉਂਕਿ ਇਹ, ਪੰਜ ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ ਤੇ ਤ੍ਵਚਾ/ਚਮੜੀ) ਦੀ ਪਕੜ ’ਚ ਹੁੰਦੇ ਹਨ, ਪਰ ਰੱਬ ਦੇ ਦਰਸ਼ਨ ਲਈ ਗਿਆਨ ਇੰਦ੍ਰੇ ਸਹਾਇਕ ਨਹੀਂ ਬਣਦੇ ਯਾਨੀ ਰੱਬ ਦਾ ਦਰਸ਼ਨ; ‘ਅਨੁਭਵ’ ਦਾ ਵਿਸ਼ਾ ਹੈ, ਮਹਿਸੂਸ ਕਰਨ ਦਾ ਵਿਸ਼ਾ ਹੈ’, ਜੋ ਗਿਆਨ ਇੰਦ੍ਰਿਆਂ ਦੀ ਪਕੜ ’ਚ ਨਹੀਂ ਆਉਂਦਾ, ਇਸ ਲਈ ਗੁਰਬਾਣੀ ’ਚ ਵਾਰ ਵਾਰ ‘ਅਗੰਮ, ਅਗੋਚਰ’ ਸ਼ਬਦ ਦਰਜ ਕੀਤੇ ਹਨ, ਜਿਨ੍ਹਾਂ ਦਾ ਅਰਥ ਹੈ ‘ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ’ ਹੈ ‘ਰੱਬ’।

ਗੁਰਮਤਿ ਮੁਤਾਬਕ ਰੱਬ; ਜ਼ਰਰੇ-ਜ਼ਰਰੇ ਵਿੱਚ ਜੋਤਿ ਸਰੂਪ ਵਜੋਂ ਮੌਜੂਦ ਹੈ। ਗੁਰਬਾਣੀ ਅੰਦਰ ਜੋਤਿ ਸ਼ਬਦ 295 ਵਾਰ ਹੈ, ਜਿਨ੍ਹਾਂ ’ਚੋਂ ਲਗਭਗ 95 ਵਾਰ ਇਸ ਦਾ ਅਰਥ ਹੈ ‘ਨਜ਼ਰ, ਸੂਰਜ ਆਦਿ ਦੀ ਰੌਸ਼ਨੀ’ ਹੈ ਅਤੇ 200 ਵਾਰ ‘ਜੋਤਿ’ ਦਾ ਅਰਥ ਹੈ ‘ਆਤਮਾ, ਰੂਹ, ਜਿੰਦ-ਜਾਨ, ਜੀਵਾਤਮਾ, ਆਤਮ ਸ਼ਕਤੀ, ਚੇਤਨ ਸੱਤਾ, ਜ਼ਮੀਰ’ ਆਦਿ ਹੈ, ਨਾ ਕਿ ਅੰਤਹਿਕਰਣ, ਜਿਸ ’ਤੇ ‘ਜਨਮ ਜਨਮ ਕੀ ਮਲੁ’ ਰੂਪ ਪਰਤ ਚੜ੍ਹੀ ਹੁੰਦੀ ਹੈ। ‘ਆਤਮਾ/ਆਤਮੁ’ ਸੰਸਕ੍ਰਿਤ ਭਾਸ਼ਾ ਦਾ, ‘ਰੂਹੁ’ ਅਰਬੀ ਦਾ ਅਤੇ ‘ਜਿੰਦੁ’ ਫ਼ਾਰਸੀ ਦਾ ਸ਼ਬਦ ਹੈ। ਇਨ੍ਹਾਂ ਤਿੰਨਾ ਦੇ ਅਰਥ ਇੱਕ ਸਮਾਨ ਹਨ, ਪਰ ਜ਼ਿਆਦਾਤਰ ਅਰਥ ਹੈ ‘ਰੱਬੀ ਜੋਤਿ’। ਚੇਤੇ ਰਹੇ ਕਿ ਗੁਰਬਾਣੀ ਦੇ ਕੁੱਝ ਕੁ ਵਾਕਾਂ ’ਚ, ਜਿੱਥੇ ਇਨ੍ਹਾਂ ਸ਼ਬਦਾਂ ਰਾਹੀਂ ਮਨੁੱਖ ਨੂੰ ਕੋਈ ਅਹਿਸਾਸ ਕਰਾਇਆ ਗਿਆ ਹੈ, ਉੱਥੇ ਇਨ੍ਹਾਂ ਦਾ ਅਰਥ ਹੁੰਦਾ ਹੈ ‘ਅੰਤਹਿਕਰਣ’; ਜਿਵੇਂ ਕਿ ਇਨ੍ਹਾਂ ਤਿੰਨ ਵਾਕ ’ਚ ‘ਰੂਹੁ, ਜਿੰਦੂ, ਆਤਮਾ’ ਦਰਜ ਹਨ ‘‘ਗਹਿਲਾ ਰੂਹੁ ਜਾਣਈ; ਸਿਰੁ ਭੀ ਮਿਟੀ ਖਾਇ (ਬਾਬਾ ਫਰੀਦ/੧੩੭੯), ਸਾਹੇ ਲਿਖੇ ਚਲਨੀ; ਜਿੰਦੂ ਕੂੰ ਸਮਝਾਇ (ਬਾਬਾ ਫਰੀਦ/੧੩੭੭), ਦੂਜੈ ਭਾਇ (ਕਾਰਨ) ਦੁਸਟੁ ਆਤਮਾ; ਓਹੁ ਤੇਰੀ ਸਰਕਾਰ ’’ (ਮਹਲਾ /੩੮) ਇਨ੍ਹਾਂ ਤਿੰਨੇ ਵਾਕਾਂ ’ਚ ‘ਰੂਹੁ’ ਨੂੰ ਗਹਿਲਾ/ਗਾਫ਼ਲ/ਲਾਪਰਵਾਹ ਕਿਹਾ ਹੈ, ਪਰ ਰੱਬੀ ਜੋਤਿ ਨੂੰ ਗਹਿਲਾ ਨਹੀਂ ਕਹਿ ਸਕਦੇ। ਜਿੰਦੁ ਨੂੰ ਸਮਝਾਇਆ ਗਿਐ, ਪਰ ਰੱਬੀ ਜੋਤਿ ਨੂੰ ਸਮਝਾ ਨਹੀਂ ਸਕਦੇ। ਆਤਮਾ ਨੂੰ ਦੁਸਟੁ ਕਿਹਾ ਹੈ, ਪਰ ਰੱਬੀ ਜੋਤਿ ਨੂੰ ਦੁਸਟੁ ਨਹੀਂ ਕਹਿ ਸਕਦੇ, ਇਸ ਲਈ ਇੱਥੇ ਇਨ੍ਹਾਂ ਤਿੰਨਾ ਦਾ ਅਰਥ ਹੈ ‘ਅੰਤਹਿਕਰਣ’। ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੀ ਜੋਤਿ ਨੂੰ ਪੂਰੇ ਬ੍ਰਹਿਮੰਡ (ਜ਼ੱਰੇ-ਜ਼ੱਰੇ) ’ਚ ਵਿਆਪਕ ਦਰਸਾਉਣ ਲਈ ‘ਜੋਤਿ’ ਸ਼ਬਦ ਨੂੰ 97 ਵਾਰ ਵਰਤਿਆ ਹੈ; ਜਿਵੇਂ ਕਿ

ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ; ਅਕਲ ਕਲਾ ਭਰਪੂਰਿ ਰਹਿਆ ॥ (ਮਹਲਾ ੧/੪੬੯)

ਅਰਥ : ਸਾਰੀ ਸ੍ਰਿਸ਼ਟੀ ’ਚ ਰੱਬ ਦੀ ਜੋਤਿ ਹੈ, ਇਸ ਜੋਤਿ ’ਚੋਂ ਹੀ (ਜੋਤਾਂ ਦੇ ਸਰੋਤ/ਰੱਬ ਦਾ ਦਰਸ਼ਨ ਹੁੰਦਾ ਹੈ, ਜੋ) ਇੱਕ ਰਸ ਵਿਆਪਕ ਹੈ।

ਸਰਬ ਜੋਤਿ ਤੇਰੀ; ਪਸਰਿ ਰਹੀ ॥ ਜਹ ਜਹ ਦੇਖਾ; ਤਹ ਨਰਹਰੀ ॥ (ਮਹਲਾ ੧/੮੭੬)

ਤ੍ਰਿਭਵਣ (’ਚ, ਆਪਣੀ) ਜੋਤਿ ਧਰੀ ਪਰਮੇਸਰਿ (ਨੇ); ਅਵਰੁ ਨ ਦੂਜਾ ਭਾਈ ਹੇ ॥ (ਮਹਲਾ ੧/੧੦੨੪)

ਅਗਨਿ, ਪਾਣੀ, ਜੀਉ (ਜੀਵ ’ਚ) ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ॥ (ਮਹਲਾ ੧/੧੦੩੭)

ਅੰਡਜ, ਜੇਰਜ, ਸੇਤਜ, ਉਤਭੁਜ; ਘਟਿ ਘਟਿ (’ਚ) ਜੋਤਿ ਸਮਾਣੀ ॥ (ਬਾਰਹਮਾਹਾ/ਮਹਲਾ ੧/੧੧੦੯)

ਅਰਥ : ਅੰਡਜ/ਅੰਡੇ ਤੋਂ ਪੈਦਾ ਹੋਣ ਵਾਲ਼ੇ ਜੀਵ; ਜਿਵੇਂ ਮੁਰਗੀ, ਕੱਛੂ।, ਜੇਰਜ/ਵੀਰਜ ਤੋਂ ਪੈਦਾ ਹੋਣ ਵਾਲ਼ੇ ਜੀਵ; ਜਿਵੇਂ ਮਨੁੱਖ, ਪਸ਼ੂ।, ਸੇਤਜ/ਪਸੀਨੇ ਤੋਂ ਪੈਦਾ ਹੋਣ ਵਾਲ਼ੇ ਜੀਵ; ਜਿਵੇਂ ਜੂੰ, ਚਿੱਚੜ ਅਤੇ ਉਤਭੁਜ/ਧਰਤੀ ’ਚੋਂ ਉੱਗਣ ਵਾਲ਼ੇ ਜੀਵ/ਪੌਦੇ ਯਾਨੀ ਸਾਰੀ ਬਨਸਪਤੀ ਸਮੇਤ ਜ਼ੱਰੇ ਜ਼ੱਰੇ ’ਚ ਰੱਬ ਦੀ ਜੋਤਿ ਮੌਜੂਦ ਹੈ।

ਸੂਰਜੁ ਚੰਦੁ ਉਪਾਇ (ਕੇ); ਜੋਤਿ ਸਮਾਣਿਆ (ਇਨ੍ਹਾਂ ’ਚ ਜੋਤਿ ਰੱਖੀ)॥ (ਮਹਲਾ ੧/੧੨੭੯)

ਸਗਲ ਸਰੋਵਰ (’ਚ) ਜੋਤਿ ਸਮਾਣੀ ॥ (ਮਹਲਾ ੧/੧੩੪੨) ਯਾਨੀ ਸਾਰੇ ਸਮੁੰਦਰਾਂ ’ਚ ਜੋਤਿ ਵਿਆਪਕ ਹੈ।

ਜਲ ਮਹਿ ਜੋਤਿ; ਰਹਿਆ ਭਰਪੂਰਿ ॥ (ਮਹਲਾ ੧/੪੧੧) ਇਹ ਵਿਸ਼ਾ ਇਉਂ ਵੀ ਹੈ ‘‘ਪਹਿਲਾ ਪਾਣੀ ਜੀਉ (ਜੋਤਿ) ਹੈ; ਜਿਤੁ ਹਰਿਆ ਸਭੁ ਕੋਇ ’’ (ਮਹਲਾ /੪੭੨) ਵਿਗਿਆਨਿਕ ਤੱਥ ਹੈ ਕਿ ਬੇਜਾਨ ਵਸਤੂ ’ਚੋਂ ਕਦੇ ਜੀਵਨ ਨਹੀਂ ਉਪਜਦਾ ਯਾਨੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲ਼ਾ ਪਾਣੀ; ਨਿਰਜਿੰਦ ਨਹੀਂ ਹੋ ਸਕਦਾ। ਭੋਜਨ ਵੀ ਜੀਵਨ ਦਾ ਆਧਾਰ ਹੈ ਤਾਂ ਤੇ ਭੋਜਨ ਵੀ ਨਿਰਜਿੰਦ ਨਹੀਂ ‘‘ਜੇਤੇ ਦਾਣੇ ਅੰਨ ਕੇ; ਜੀਆ ਬਾਝੁ ਕੋਇ ’’ (ਮਹਲਾ /੪੭੨) ਸੋ ਰੱਬ ਦੀ ਜੋਤਿ; ਜੋ ਮਨੁੱਖੀ ਸਰੀਰ ਅੰਤਰ ‘ਆਤਮਾ, ਰੂਹੁ, ਜਿੰਦੁ’ ਰੂਪ ’ਚ ਹੈ, ਇਸ ਤੋਂ ਇਨਕਾਰੀ ਹੋਣਾ; ਨਿਰਾਕਾਰ ਰੱਬ ਤੋਂ ਮੁਨਕਰ ਹੋਣਾ ਹੈ, ਨਾਸਤਿਕਤਾ ਹੈ। ਐਸਾ ਬੰਦਾ ਗੁਰਮਤਿ ਵਾਲ਼ੇ ਰੱਬ ਦੇ ਦਰਸ਼ਨ ਨਹੀਂ ਕਰ ਸਕੇਗਾ। ਇਸ ਟੀਚੇ ਦੀ ਪ੍ਰਾਪਤੀ ਲਈ ਸਤਿਗੁਰੂ ਦੇ ਬਚਨਾਂ ’ਤੇ ਭਰੋਸਾ ਹੀ ਕਰਨਾ ਹੈ, ਨਾ ਕਿ ਤਰਕਵਿਤਰਕ। ਦੁਬਿਧਾ ’ਚੋਂ ਤਰਕ ਵੀ ਉਪਜਦਾ ਹੈ। ਮਿਸਾਲ ਵਜੋਂ ਇੱਕ ਬੰਦ (ਹਨ੍ਹੇਰੇ) ਕਮਰੇ ’ਚ ਕੋਈ ਵਿਅਕਤੀ ਬਚਪਨ ਤੋਂ ਰਹਿੰਦਾ ਪਿਆ ਹੈ। ਉਸ ਨੇ ਕਦੇ ਬਾਹਰ ਆ ਦੁਨੀਆ ਨਹੀਂ ਵੇਖੀ। ਕਮਰੇ ਦੇ ਇੱਕ ਰੌਸ਼ਨਦਾਨ ’ਚੋਂ ਥੋੜ੍ਹੀ ਕੁ ਸੂਰਜ ਕਿਰਨ ਅੰਦਰ ਆਉਂਦੀ ਹੈ। ਇਹੀ ਉਸ ਲਈ ਸੂਰਜ ਹੈ। ਇੱਕ ਦਿਨ ਬਾਹਰੋਂ ਆ ਕਿਸੇ ਬੰਦੇ ਨੇ ਉਸ ਨੂੰ ਸੂਰਜ ਦੇ ਅਸਲ ਪ੍ਰਕਾਸ਼ ਦੀ ਜਾਣਕਾਰੀ ਦਿੱਤੀ। ਅਸਲੀਅਤ ਮੰਨਣ ਦੀ ਥਾਂ ਉਹ ਆਪਣੀ ਦਲੀਲ ’ਤੇ ਕਾਇਮ ਰਹਿੰਦੈ ਕਿਉਂਕਿ ਉਸ ਨੇ ਬਚਪਨ ਤੋਂ ਕਿਰਨ ਨੂੰ ਹੀ ਸੂਰਜ ਮੰਨਿਐ। ਹੁਣ ਇਹ ਦਲੀਲ/ਤਰਕ; ਭੁਲੇਖਾ ਹੈ, ਦੁਬਿਧਾ ਹੈ, ਮਨ ਦਾ ਵਿਕਲਪ ਹੈ। ਸੰਸਾਰਕ ਕੋਸ਼ਾਂ ’ਚ ‘ਬਿਬੇਕ’ ਦਾ ਅਰਥ ‘ਤਰਕ’ ਹੁੰਦਾ ਹੈ, ਪਰ ਧਾਰਮਿਕ ਬੋਲੀ ’ਚ ‘ਬਿਬੇਕ’ ਦਾ ਅਰਥ ‘ਚੰਗੇ ਮੰਦੇ ਦੀ ਪਛਾਣ ਕਰਨਾ’ ਹੈ ਯਾਨੀ ਸੰਸਾਰਕ ਵਸਤੂ ਦੀ ਪਛਾਣ ਕਰਨ ਲਈ ਤਰਕ ਜ਼ਰੂਰੀ ਹੈ ਅਤੇ ਰੂਹਾਨੀਅਤ ਰਮਜ਼ ਨੂੰ ਪਕੜਨ ਲਈ ਭਰੋਸਾ ਤਾਹੀਓਂ ਅਰਦਾਸ ਰਾਹੀਂ ਨਿੱਤ ‘ਭਰੋਸਾ ਦਾਨ’ ਮੰਗਿਆ ਜਾਂਦਾ ਹੈ। ਭਰੋਸਾ+ਤਰਕ=ਬਿਬੇਕ।

ਹੁਣ ਜਦ ਹਰ ਸਰੀਰ ਅੰਦਰ ਆਤਮਾ/ਰੂਹੁ ਦੇ ਰੂਪ ’ਚ ਰੱਬ ਦੀ ਜੋਤਿ ਹੈ ਤਾਂ ਸਾਰਿਆਂ ਕੋਲ਼ ਬੌਧਿਕ ਗਿਆਨ ਇੱਕ ਸਮਾਨ ਕਿਉਂ ਨਹੀਂ ? ਮੈਡੀਕਲ ਸਾਇੰਸ ਦੇ ਆਪਣੇ ਤੱਥ ਹਨ, ਪਰ ਰੂਹਾਨੀਅਤ ਸੂਝ ਰੱਖਣ ਵਾਲ਼ਿਆਂ ਮੁਤਾਬਕ ਰੱਬੀ ਜੋਤਿ ਦਾ ਪ੍ਰਕਾਸ਼; ਹਰ ਬੰਦੇ ਦੀ ਬੁੱਧੀ ’ਤੇ ਇੱਕੋ ਜਿਹਾ ਨਹੀਂ ਪੈਂਦਾ ਯਾਨੀ ਬੁੱਧੀ ਨੂੰ ਅੰਦਰੂਨੀ ਸ਼ਕਤੀ ਦਾ ਜਿੰਨਾ ਕੁ ਅਹਿਸਾਸ ਹੋਇਆ ਓਨੀ ਹੀ ਉਸ ਨੇ ਸੋਝੀ ਪ੍ਰਾਪਤ ਕੀਤੀ ਹੁੰਦੀ ਹੈ। ਭਗਤ ਕਬੀਰ ਜੀ ਇਸ ਰਮਜ਼ ਨੂੰ ਇਉਂ ਖੋਲ੍ਹਦੇ ਹਨ ‘‘ਤੇਰੀ ਨਿਰਗੁਨ ਕਥਾ, ਕਾਇ ਸਿਉ ਕਹੀਐ  ? ਐਸਾ ਕੋਇ ਬਿਬੇਕੀ ਕਹੁ ਕਬੀਰ ਜਿਨਿ ਦੀਆ ਪਲੀਤਾ; ਤਿਨਿ ਤੈਸੀ ਝਲ ਦੇਖੀ ’’ (ਭਗਤ ਕਬੀਰ/੩੩੩) ਅਰਥ : ਹੇ ਪ੍ਰਭੂ ! ਤੇਰੇ ਇਲਾਹੀ ਭੇਤ ਕਿਸ ਨਾਲ਼ ਸਾਂਝੇ ਕਰੀਏ ਯਾਨੀ ਅੰਨ੍ਹੇ (ਅਵਿਸ਼ਵਾਸੀ) ਬੰਦੇ ਨੂੰ ਕਿਵੇਂ ਸਮਝਾਈਏ। ਵੈਸੇ ਜਿਸ ਨੇ (ਆਪਣੇ ਅੰਦਰ ਤੇਰੇ ਪ੍ਰਤੀ ਲਗਨ ਦੀ) ਜਿਹੋ ਜਿਹੀ ਮਸ਼ਾਲ ਜਗਾਈ ਹੈ, ਉਸ ਨੇ ਉਸ ਤਰ੍ਹਾਂ ਦਾ ਹੀ ਲਿਸ਼ਕਾਰਾ (ਬੌਧਿਕ ਗਿਆਨ/ਰੌਸ਼ਨੀ) ਵੇਖੀ ਹੈ, ਮਾਣੀ ਹੈ। ਐਸੀ ਪਰਖ ਕਰਨ ਵਾਲ਼ਾ ਕੋਈ ਬਿਬੇਕੀ ਵਿਰਲਾ ਹੀ ਹੁੰਦਾ ਹੈ।

ਅੰਦਰੂਨੀ ਜੋਤਿ ਯਾਨੀ ਆਤਮ-ਪ੍ਰਕਾਸ਼ ਨੂੰ ਜਿਸ ਬੁੱਧੀ ਨੇ 100% ਜਾਣ ਲਿਆ, ਮਹਿਸੂਸ ਕਰ ਲਿਆ ਉਹੀ ਹਨ ‘ਰੱਬ ਦਾ ਪ੍ਰਤੱਖ ਦਰਸ਼ਨ ਕਰਨ ਵਾਲ਼ੇ ਪੂਰਨ ਸਤਿਗੁਰੂ’, ਪਰ ਹਰ ਬੰਦੇ ਨੂੰ ਇਹ ਨਸੀਬ ਨਹੀਂ ਹੁੰਦਾ ਕਿਉਂਕਿ ਆਤਮ-ਪ੍ਰਕਾਸ਼ ਅਤੇ ਬੌਧਿਕ ਗਿਆਨ ਵਿਚਕਾਰ ਅੰਤਹਿਕਰਣ ਹੁੰਦਾ ਹੈ; ਜਿਵੇਂ ਧਰਤੀ ਅਤੇ ਸੂਰਜ ਵਿਚਕਾਰ ਚੰਦਰਮਾ ਆ ਜਾਵੇ ਤਾਂ ਸੂਰਜ ਦਾ ਪੂਰਾ ਪ੍ਰਕਾਸ਼ ਧਰਤੀ ’ਤੇ ਨਹੀਂ ਆਉਂਦਾ, ਇਸੇ ਤਰ੍ਹਾਂ ਆਤਮ-ਪ੍ਰਕਾਸ਼ ਵਿਚਕਾਰ ਆਈ ਮਲ਼ੀਨ ਅੰਤਹਿਕਰਣ ਦੀ ਪਰਛਾਈ; ਘੱਟ-ਵੱਧ ਬੌਧਿਕ ਗਿਆਨ ਹੋਣ ਦਾ ਕਾਰਨ ਬਣਦੀ ਹੈ।

ਅੰਤਹਿਕਰਣ; ਅੰਦਰੂਨੀ ਇੰਦ੍ਰੀ ਹੈ, ਜਿਸ ’ਤੇ ਚੜ੍ਹੀ ਕੀਤੇ ਕਰਮ ਦੀ ਪਰਤ/ਮਲ਼ੀਨਤਾ/ਪਰਛਾਈ ਮੁਤਾਬਕ ਬਾਹਰਲੀਆਂ ਚਾਰ ਇੰਦ੍ਰੀਆਂ (ਸੁਰਤਿ, ਮਤਿ, ਮਨਿ, ਬੁਧਿ) ਵਿਹਾਰ ਕਰਦੀਆਂ ਹਨ। ਅੰਤਹਿਕਰਣ ਇੰਦ੍ਰੀ ਨੂੰ ਪਾਰਦਰਸ਼ੀ ਕਰਨਾ ਹੀ ‘ਸੁਰਤਿ ਮਤਿ ਮਨਿ ਬੁਧਿ’ ਨੂੰ ਘੜਨਾ ਹੈ। ਅੰਤਹਿਕਰਣ ’ਤੇ ‘ਜਨਮ ਜਨਮ ਕੀ ਮਲੁ’ ਰੂਪ ਪਰਤ ਚੜ੍ਹੀ ਹੁੰਦੀ ਹੈ, ਜੋ ਆਤਮ-ਪ੍ਰਕਾਸ਼ ਦਾ 100% ਚਾਨਣ ਬੁੱਧੀ ਤੱਕ ਨਹੀਂ ਜਾਣ ਦਿੰਦੀ। ਗੁਰੂ ਅਮਰਦਾਸ ਜੀ ਦਾ ਇਹ ਵਾਕ ਧਿਆਨ ਮੰਗਦਾ ਹੈ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧) ਇਸ ਵਾਕ ’ਚ ‘ਮਨ’ ਅਤੇ ‘ਮਲੁ’; ਦੋ ਵੱਖ ਵੱਖ ਸ਼ਕਤੀਆਂ ਹਨ, ਇੱਕ ਨਹੀਂ। ‘ਮਨ’ ਤੋਂ ਭਾਵ ਅੰਤਹਿਕਰਣ ਅਤੇ ‘ਮਲੁ’ ਤੋਂ ਭਾਵ ਬੰਦੇ ਦੁਆਰਾ ਕੀਤੇ ਕੰਮਾਂ ਦਾ ਫਲ਼, ਜਿਸ ਨੂੰ ਨਸੀਬ, ਭਾਗ, ਲੇਖਾ ਭੀ ਕਿਹਾ ਹੈ। ਗੁਰੂ ਨਾਨਕ ਸਾਹਿਬ ਜੀ ਇਸ ਰਾਜ਼ ਨੂੰ ਇਉਂ ਖੋਲ੍ਹਦੇ ਹਨ‘‘ਸਰਬ ਜੀਆ ਸਿਰਿ (’ਤੇ) ਲੇਖੁ ਧੁਰਾਹੂ; ਬਿਨੁ ਲੇਖੈ ਨਹੀ ਕੋਈ ਜੀਉ ਆਪਿ ਅਲੇਖੁ, ਕੁਦਰਤਿ ਕਰਿ ਦੇਖੈ; ਹੁਕਮਿ ਚਲਾਏ ਸੋਈ ਜੀਉ (ਮਹਲਾ /੫੯੮) ਅਰਥ : ਸਾਰਿਆਂ ਜੀਵਾਂ (ਜਿਵੇਂ ਕਿ ਅੰਡਜ, ਜੇਰਜ, ਸੇਤਜ, ਉਤਭੁਜ ਰੂਪ 4 ਖਾਣੀਆਂ ਹਨ) ਦੇ ਸਿਰ ’ਤੇ ਧੁਰ ਤੋਂ ਯਾਨੀ ਪੈਦਾਇਸ਼ ਤੋਂ ਨਸੀਬ ਰੂਪ ਲੇਖ ਲਿਖਿਆ ਹੁੰਦਾ ਹੈ। ਇਸ ਲੇਖ ਤੋਂ ਬਿਨਾਂ ਕੋਈ ਜੀਵ ਪੈਦਾ ਹੀ ਨਹੀਂ ਹੋਇਆ। ਰੱਬ; ਇਸ ਲੇਖੇ ਤੋਂ ਰਹਿਤ ਹੈ, ਪਰ ਆਪਣੇ ਹੁਕਮ ’ਚ (ਹਰ ਜੀਵ ਨੂੰ ਉਸ ਦੇ ਲੇਖ ਮੁਤਾਬਕ) ਕੁਦਰਤਿ ’ਚ ਪੈਦਾ ਕਰਦਾ ਹੈ ਤੇ ਉਸੇ ਲੇਖ ਮੁਤਾਬਕ ਚਲਾਉਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਹੀ ਇਹ ਬਚਨ ਹਨ ‘‘ਜਿਨਿ ਏਹਿ ਲਿਖੇ; ਤਿਸੁ ਸਿਰਿ ਨਾਹਿ .. ੧੯’’ (ਜਪੁ) ਯਾਨੀ ਜਿਸ ਰੱਬ ਨੇ (ਸਾਰੇ ਜੀਵਾਂ ਦੇ ਸਿਰ ’ਤੇ) ਇਹ ਲੇਖ ਲਿਖੇ ਹਨ ਉਸ ਦੇ ਆਪਣੇ ਸਿਰ ’ਤੇ ਕੋਈ ਲੇਖ ਨਹੀਂ। ਗੁਰੂ ਨਾਨਕ ਸਾਹਿਬ ਦੇ ਇਹ ਬਚਨ ਭੀ ਹਨ ‘‘ਮੇਰੇ ਸਾਹਿਬਾ ! ਹਉ ਆਪੇ ਭਰਮਿ ਭੁਲਾਣੀ ਅਖਰ ਲਿਖੇ ਸੇਈ ਗਾਵਾ; ਅਵਰ ਜਾਣਾ ਬਾਣੀ ਰਹਾਉ (ਮਹਲਾ /੧੧੭੧) ਧਿਆਨ ਰਹੇ ਕਿ ਇਹ ਬੇਨਤੀ ਰੂਪ ਬਚਨ; ਹਰ ਗੁਰਸਿੱਖ ਦੀ ਬੋਲੀ ਬਣਨ ਲਈ ਹਨ, ਨਾ ਕਿ ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਨੂੰ ਲੇਖੇ ਅਧੀਨ ਰੱਖਦੇ ਹਨ।

ਉਕਤ ਵਾਕ ’ਚ ‘‘ਅਖਰ ਲਿਖੇ ਸੇਈ ਗਾਵਾ’’ ਦਾ ਅਰਥ ਹੈ ‘ਜੋ ਲੇਖ ਮੇਰੇ ਸਿਰ ’ਤੇ ਲਿਖੇ ਹਨ ਮੈ ਉਨ੍ਹਾਂ ਮੁਤਾਬਕ ਹੀ ਇਸ ਜਨਮ ’ਚ ਚੱਲਦਾ ਪਿਆ ਹਾਂ’। ਲੇਖ ਦਾ ਇਹ ਨਤੀਜਾ ਨਿਕਲਿਆ ਕਿ ‘ਆਪੇ ਭਰਮਿ ਭੁਲਾਣੀ’ ਯਾਨੀ ਆਪਣੇ ਵੱਲੋਂ ਕੀਤੇ ਬੁਰੇ ਕੰਮਾਂ ਕਾਰਨ ਭਰਮ ’ਚ ਪੈ ਕੇ ਕੁਰਾਹੇ ਪੈ ਗਈ ਜਾਂ ਭਰਮ ਕਾਰਨ ਕੁਰਾਹੇ ਪਈ। ‘ਜਨਮ ਜਨਮ ਕੀ ਮਲੁ’ ਕਾਰਨ ‘ਦੂਜੈ ਭਾਇ’ ਉਪਜਿਆ ਤੇ ‘ਭਰਮਿ ਭੁਲਾਣੀ’ ਕੁਰਾਹੇ ਪਈ। ਭਾਈ ਗੁਰਦਾਸ ਜੀ ਦੇ ਸ਼ਬਦਾਂ ’ਚ ਇਹ ਧੁੰਦ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਮਿਟਾਇਆ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’) ਚਾਨਣੁ ਹੋਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੭) ਜੀਵਨ ਘਾੜਤ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਬਚਨਾਂ ਨਾਲ਼ ਹੁੰਦੀ ਹੈ ‘‘ਅੰਤਰਗਤਿ ਤੀਰਥਿ ਮਲਿ ਨਾਉ ’’ (ਜਪੁ) ਯਾਨੀ ਅੰਦਰਲੇ ਤੀਰਥ ’ਤੇ ਮਲ-ਮਲ ਕੇ ਇਸ਼ਨਾਨ ਕਰਨ ਨਾਲ਼ ‘ਸੁਰਤਿ, ਮਤਿ, ਮਨਿ ਬੁਧਿ’ ਘੜੇ ਜਾਂਦੇ ਹਨ। ਅੰਤਹਿਕਰਣ ਪਾਰਦਰਸ਼ੀ ਹੁੰਦਿਆਂ ਹੀ ਆਤਮ-ਪ੍ਰਕਾਸ਼; ਆਪਣਾ ਹੂਬਹੂ ਪ੍ਰਕਾਸ਼; ਬੌਧਿਕ ਗਿਆਨ ਵਜੋਂ ਪ੍ਰਗਟ ਕਰਦਾ ਹੈ ਯਾਨੀ ‘ਰੱਬ ਦੀ ਹੋਂਦ ਦਾ ਅਹਿਸਾਸ ਕਰਾਉਂਦਾ ਹੈ ‘‘ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ਆਤਮੁ ਚੀਨਿ੍; ਪਰਮ ਸੁਖੁ ਪਾਇਆ ’’ (ਮਹਲਾ /੩੭੫)

‘‘ਅੰਤਰਗਤਿ ਤੀਰਥਿ ਮਲਿ ਨਾਉ ॥’’ ਤੋਂ ਭਾਵ ਸਵੈ ਪੜਚੋਲ ਕਰਨਾ ਹੈ ਤਾਹੀਓਂ ‘ਮਨਿ ਬੁਧਿ’ ਸੰਯੁਕਤ ਸ਼ਬਦ ਵੀ ਸਵੈ ਪੜਚੋਲ ਲਈ ਪ੍ਰੇਰਿਤ ਕਰਦੀਆਂ ਪਉੜੀਆਂ ‘ਮੰਨੈ’ ਅਤੇ ‘ਸਰਮਖੰਡ’ ’ਚ ਸ਼ਾਮਲ ਕੀਤੇ ਹਨ। ਜਿਉਂ ਜਿਉਂ ਆਤਮ-ਪ੍ਰਕਾਸ਼ ਦਾ ਝਲਕਾਰਾ ਬੁੱਧੀ ਮਹਿਸੂਸ ਕਰਦੀ ਜਾਏਗੀ ਤਿਉਂ ਤਿਉਂ ਮਨ+ਬੁੱਧੀ ਦਾ ਸਾਂਝਾ ਗੁਣ ‘ਨਵੇਂ ਵਿਚਾਰ ਪੈਦਾ ਹੋਣੇ’ ਬਿਬੇਕ-ਸ਼ਕਤੀ ਬਣੇਗਾ। ਨਵੇਂ ਵਿਚਾਰਾਂ ਨੂੰ ਮਾਰਨ ਵਾਲ਼ੀ ਦੁਬਿਧਾ/ਭਰਮ ਦੀ ਜਗ੍ਹਾ ਦ੍ਰਿੜ੍ਹਤਾ ਸਹਿਯੋਗ ਕਰਨ ਲੱਗੇਗੀ। ਜਾਗਰੂਕ ਹੋਈ ਬੁੱਧੀ; ਪਰਉਪਕਾਰੀ, ਅਮਨਪਸੰਦ, ਸਾਂਝੀਵਾਲਤਾ, ਹੱਥੀਂ ਕਿਰਤ ਕਰਨ ਆਦਿ ਨੂੰ ਪਸੰਦ ਕਰਦੀ ਹੈ ਕਿਉਂਕਿ ਉਸ ਨੂੰ ਹਰ ਕੋਈ ਆਪਣੇ ਕਰਮਾਂ ਦਾ ਫਲ਼ ਭੋਗਦਾ/ ਰੱਬ ਦੇ ਹੁਕਮ ’ਚ ਚੱਲਦਾ, ਪ੍ਰਤੀਤ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਹੇਠਲੇ ਵਾਕ ਸਾਫ਼ ਕਰਦੇ ਹਨ ਕਿ ਆਤਮ-ਪ੍ਰਕਾਸ਼ ਹੀ ਬੌਧਿਕ ਗਿਆਨ ਬਣ ‘ਰੱਬ ਦਾ ਦਰਸ਼ਨ’ ਕਰਾਉਂਦਾ ਹੈ’, ਇਸ ਲਈ ਸਤਿਗੁਰੂ ਨੂੰ ਅਭੁੱਲ ਕਿਹਾ ਹੈ। ਉਨ੍ਹਾਂ ਨੂੰ ਜੋ ਰੱਬੀ ਨੂਰ ਮਹਿਸੂਸ ਹੋਇਆ ਉਸ ਵਿੱਚ ਗ਼ਲਤੀ ਦੀ ਸੰਭਾਵਨਾ ਨਾ ਬਚੀ :

(1). ਦਰਸਨੁ ਦੇਖਿ (ਕੇ) ਭਈ ਮਤਿ ਪੂਰੀ (ਮਹਲਾ /੨੨੪) ਭਾਵ ਜੋਤਿ ਸਰੂਪ ਰੱਬ ਨੂੰ ਅੰਦਰੋਂ ਮਹਿਸੂਸ ਕਰ ਬੁੱਧੀ ਪੂਰਨ ਹੋ ਗਈ, ਅਭੁੱਲ ਹੋ ਗਈ। ਉਪਦੇਸ਼ ਕਰਦਿਆਂ ਦੁਚਿੱਤੀ ਨਾ ਰਹੀ। ਬਿਬੇਕ ਵਿਚਾਰ ਵੀ ਪੈਦਾ ਹੋਏ ਤੇ ਉਨ੍ਹਾਂ ’ਤੇ ਦ੍ਰਿੜ੍ਹਤਾ ਵੀ ਬਣੀ। ਆਤਮ-ਪ੍ਰਕਾਸ਼; ਹੂਬਹੂ ਬੌਧਿਕ ਗਿਆਨ ਬਣ 19 ਸਾਲ ਪਹਿਲਾਂ ਸੰਨ 1521 ’ਚ ਭਵਿੱਖਬਾਣੀ ਕਰਾ ਗਿਆ ਕਿ ਮੁਗ਼ਲ ਹਿੰਦੋਸਤਾਨ ’ਤੇ ਹਮਲਾ ਕਰਨ ਸੰਮਤ 1578 ’ਚ ਆ ਰਹੇ ਹਨ ਤੇ ਸੰਮਤ 1597 (ਸੰਨ 1540) ’ਚ ਹਾਰ ਕੇ ਵਾਪਸ ਪਰਤਣਗੇ ‘‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ’’ (ਮਹਲਾ /੭੨੩) ਇਹ ਤਾਂ ਕੇਵਲ ਅਗਲੇ 19 ਕੁ ਸਾਲ ’ਚ ਵਾਪਰਨ ਵਾਲ਼ੀ ਘਟਨਾ ਬਾਰੇ ਜਾਣਕਾਰੀ ਸੀ, ਪਰ ਗੁਰੂ ਨਾਨਕ ਸਾਹਿਬ ਜੀ ਨੇ ਕੁਦਰਤਿ ਬਣਨ ਤੋਂ ਪਹਿਲਾਂ ਵੀ ‘ਰੱਬ/ਸਚੁ’ ਸੀ ਅਤੇ ਕੁਦਰਤਿ ਦੇ ਵਿਨਾਸ਼ ਉਪਰੰਤ ਵੀ ‘ਰੱਬ/ਸਚੁ’ ਰਹੇਗਾ, ਦੀ ਭਵਿੱਖਬਾਣੀ ਕਰ ਰੱਖੀ ਹੈ ‘‘ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ’’ (ਜਪੁ) ਐਸੀ ਸਮਝ ਕਿਸੇ ਸੰਸਾਰਕ ਬੰਦੇ ਨੂੰ ਨਹੀਂ ਹੋ ਸਕਦੀ ਭਾਵੇਂ ਕੋਈ ਆਪਣੇ ਆਪ ਨੂੰ ਕਿੰਨਾ ਵੀ ਤੱਤਬੇਤਾ (ਅਸਲੀਅਤ ਨੂੰ ਜਾਣਨ ਵਾਲ਼ਾ) ਸਮਝੀ ਜਾਵੇ, ਪਰ ਅਫ਼ਸੋਸ ਕਿ ਇਨ੍ਹਾਂ ਦੀ ਮਿਸਾਲ ਦੇ ਕੇ ਕੁੱਝ ਸਿੱਖ ਸਤਿਗੁਰੂ ਜੀ ਦੇ ਇਲਾਹੀ ਬਚਨਾਂ ਪ੍ਰਤੀ ਸੰਦੇਹ ਪੈਦਾ ਕਰਦੇ ਰਹਿੰਦੇ ਹਨ।

ਦੂਜੇ ਪਾਸੇ ਮਲ਼ੀਨ ਅੰਤਹਿਕਰਣ ਕਾਰਨ ਅੰਦਰ ਅਗਿਆਨ ਹੈ, ਜਿਸ ਨੂੰ ‘‘ਕੂੜੈ ਪਾਲਿ, ਹਉਮੈ ਭੀਤਿ ਕਰਾਰੀ’’ ਯਾਨੀ ਝੂਠ ਦੀ ਕੰਧ, ਅਹੰਕਾਰ ਰੂਪ ਸਖ਼ਤ ਪਰਦਾ ਕਿਹਾ ਹੈ। ਇਹ ਦਿਮਾਗ਼ ਨੂੰ ਆਤਮ-ਪ੍ਰਕਾਸ਼ ਦਾ ਅਹਿਸਾਸ ਨਹੀਂ ਹੋਣ ਦਿੰਦਾ ਤੇ ਬੰਦੇ ਦੀ ਮੱਤ/ਬੁੱਧੀ ਧੁੰਦਲ਼ੀ ਰਹਿੰਦੀ ਹੈ। ਕੁੱਝ ਵੀ ਸਪਸ਼ਟ ਨਹੀਂ ਹੁੰਦਾ। ਮਨ ’ਤੇ ਵਿਕਲਪ/ਦੁਬਿਧਾ ਭਾਰੂ ਹੁੰਦੀ ਹੈ; ਇਉਂ ਸਤਿਗੁਰੂ ਦੀ ਸਿੱਖਿਆ ’ਤੇ ਭਰੋਸਾ ਕਰਨਾ ਕਠਿਨ ਹੈ ‘‘ਅੰਤਰਿ ਅਗਿਆਨੁ; ਭਈ ਮਤਿ ਮਧਿਮ; ਸਤਿਗੁਰ ਕੀ ਪਰਤੀਤਿ ਨਾਹੀ ਅੰਦਰਿ ਕਪਟੁ; ਸਭੁ ਕਪਟੋ ਕਰਿ ਜਾਣੈ; ਕਪਟੇ ਖਪਹਿ ਖਪਾਹੀ ਸਤਿਗੁਰ ਕਾ ਭਾਣਾ ਚਿਤਿ (’) ਆਵੈ; ਆਪਣੈ ਸੁਆਇ ਫਿਰਾਹੀ ’’ (ਮਹਲਾ /੬੫੨) ਭਾਵ ਗੰਧਲ਼ੀ ਮੱਤ ਵਾਲ਼ਾ ਬੰਦਾ; ਗੁਰੂ ਉਪਦੇਸ਼ ਨੂੰ ਮਹੱਤਵ ਦੇਣ ਦੀ ਬਜਾਇ ਆਪਣੀ ਸੋਚ ਨੂੰ ਤਰਜੀਹ ਦਿੰਦਾ ਹੈ। ਆਪਣੇ ਸੁਭਾਅ ਅਨੁਸਾਰ ਵਿਚਰਦਾ ਹੈ। ਉਸ ਲਈ ਆਤਮ-ਪ੍ਰਕਾਸ਼; ਅੰਧ ਭਗਤੀ ਹੈ।

(2). ਗੁਰਬਾਣੀ ’ਚ ਰੱਬ ਦੇ ਦਰਸ਼ਨ ਨੂੰ ਭਰਮ/ਭੁਲੇਖੇ ਨਾਲ਼ ਤੁਲਨਾਤਿਕ ਵਿਚਾਰਿਆ ਗਿਆ ਹੈ। ਭਰਮ ’ਚ ਕੀਤਾ ਜਪ ਤਪ ਕਰਮਕਾਂਡ ਬਣਦਾ ਹੈ ‘‘ਰੋਗੁ ਭਰਮੁ ਭੇਦੁ; ਮਨਿ ਦੂਜਾ ਗੁਰ ਬਿਨੁ; ਭਰਮਿ ਜਪਹਿ ਜਪੁ ਦੂਜਾ ਆਦਿ ਪੁਰਖ ਗੁਰ ਦਰਸ ਦੇਖਹਿ ਵਿਣੁ ਗੁਰ ਸਬਦੈ; ਜਨਮੁ ਕਿ ਲੇਖਹਿ  ?’’ (ਮਹਲਾ /੪੧੬) ਅਰਥ : ਗੁਰੂ ਉਪਦੇਸ਼ ਬਿਨਾਂ ਮਨੁੱਖ ਸ੍ਰਿਸ਼ਟੀ ਦੇ ਮੂਲ ਪ੍ਰਭੂ ਦਾ ਦਰਸ਼ਨ ਨਹੀਂ ਕਰ ਸਕਦੇ (ਗੁਰ ਬਿਨੁ.. .. ਆਦਿ ਪੁਰਖ ਗੁਰ ਦਰਸ ਨ ਦੇਖਹਿ) ਹਿਰਦੇ ਅੰਦਰ (ਨਾਸਮਝੀ ਕਾਰਨ) ਭਰਮ, ਰੱਬ ਤੋਂ ਦੂਰੀ, ਹੋਰ ਦੀ ਪੂਜਾ ਰੂਪ ਰੋਗ ਪਨਪਦਾ ਹੈ (ਰੋਗੁ ਭਰਮੁ ਭੇਦੁ; ਮਨਿ ਦੂਜਾ)। ਭਰਮ ਵਿੱਚ ਹੋਰ ਦਾ ਜਾਪ ਕਰਦੇ ਹਨ, ਹੋਰ ਦਾ ਸਿਮਰਨ ਕਰਦੇ ਹਨ (ਭਰਮਿ ਜਪਹਿ ਜਪੁ ਦੂਜਾ) ਤਾਂ ਤੇ ਸੋਚਣਾ ਬਣਦਾ ਹੈ ਕਿ ਗੁਰੂ ਉਪਦੇਸ਼ ਤੋਂ ਬਿਨਾਂ ਕੀਮਤੀ ਮਨੁੱਖਾ ਜਨਮ ਕਿਸ ਲੇਖੇ ’ਚ ਹੈ ਯਾਨੀ ਕਿਸੇ ਲੇਖੇ ’ਚ ਨਹੀਂ (ਵਿਣੁ ਗੁਰ ਸਬਦੈ; ਜਨਮੁ ਕਿ ਲੇਖਹਿ ?)। ਲੋਕ; ਪਸ਼ੂਆਂ ਵਾਙ ਟੀਚਾ ਰਹਿਤ ਜੂਨ ਹੀ ਭੋਗ ਰਹੇ ਹਨ।

ਭਗਤ ਕਬੀਰ ਜੀ ਭੀ ਫ਼ੁਰਮਾ ਰਹੇ ਹਨ ਕਿ ਜਦ ਦਿਮਾਗ਼ੀ ਗਿਆਨ ਪ੍ਰਚੰਡ ਹੁੰਦਾ ਹੈ ਤਾਂ ਭਰਮ, ਭੁਲੇਖੇ ਮਿਟ ਜਾਂਦੇ ਹਨ ‘‘ਦੇਖੌ ਭਾਈ ! ਗੵਾਨ ਕੀ ਆਈ ਆਂਧੀ ਸਭੈ ਉਡਾਨੀ ਭ੍ਰਮ ਕੀ ਟਾਟੀ; ਰਹੈ ਮਾਇਆ ਬਾਂਧੀ ਰਹਾਉ ’’ (ਭਗਤ ਕਬੀਰ/੩੩੧)

ਸੋ ਭਰਮ; ਗੁਰੂ ਜੀ ਦੇ ਇਲਾਹੀ ਬੋਲਾਂ ’ਤੇ ਭਰੋਸਾ ਨਹੀਂ ਬਣਨ ਦਿੰਦਾ। ਇਸ ਭਰੋਸੇ ਨੂੰ ਬਣਾਏ ਰੱਖਣ ਲਈ ਨਿਤਨੇਮ ਬਣਾਇਆ ਗਿਆ ਹੈ। ਨਿਤਨੇਮ; ਰੱਬ ਅਤੇ ਸਤਿਗੁਰੂ ਨਾਲ਼ ਸੰਵਾਦ ਕਰਨਾ ਹੀ ਹੁੰਦਾ ਹੈ। ਇਹ ਸਿਮਰਨ ਹੈ, ਜਿਸ ਉਪਰੰਤ ਅਰਦਾਸ ’ਚ ਭਰੋਸਾ ਦਾਨ ਅਤੇ ਹੋਈਆਂ ਕੁਤਾਹੀਆਂ ਦੀ ਭੁੱਲ ਬਖ਼ਸ਼ਾਈ ਜਾਂਦੀ ਹੈ।

(3). ਰੱਬ ਦਾ ਦਰਸ਼ਨ; ਭਗਤੀ ਕਰਨ ਵਾਲ਼ੇ ਦਾ ਟੀਚਾ ਹੈ। ਜਦ ਤੱਕ ਇਹ ਟੀਚਾ ਹਾਸਲ ਨਹੀਂ ਹੁੰਦਾ ਉਹ ਬੇਚੈਨ ਰਹਿੰਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਇਹ ਬਚਨ ਹਨ :

ਜਬ ਲਗੁ ਦਰਸੁ ਨ ਪਰਸੈ ਪ੍ਰੀਤਮ (ਦਾ); ਤਬ ਲਗੁ ਭੂਖ ਪਿਆਸੀ ॥ ਦਰਸਨੁ ਦੇਖਤ ਹੀ ਮਨੁ ਮਾਨਿਆ; ਜਲ ਰਸਿ (ਨਾਲ਼ ਹਿਰਦਾ-) ਕਮਲ ਬਿਗਾਸੀ (ਖਿੜ ਗਿਆ)॥ (ਮਹਲਾ ੧/੧੧੯੭)

ਭਣਤਿ ਨਾਨਕੁ; ਅੰਦੇਸਾ ਏਹੀ ॥ ਬਿਨੁ ਦਰਸਨ; ਕੈਸੇ ਰਵਉ ਸਨੇਹੀ  ?॥ (ਮਹਲਾ ੧/੯੯੦)

ਅਰਥ : ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਇਹੀ ਚਿੰਤਾ ਹੈ ਕਿ ਰੱਬ ਦੇ ਦਰਸ਼ਨ ਤੋਂ ਬਿਨਾਂ ਕਿਵੇਂ ਪਿਆਰੇ-ਪ੍ਰਭੂ ਨੂੰ ਮਿਲਾਂ ?

ਨਾਨਕੁ ਸਾਚੁ ਕਹੈ ਬੇਨੰਤੀ; ਹਰਿ ਦਰਸਨਿ (ਨਾਲ਼) ਸੁਖੁ ਪਾਇਦਾ ॥ (ਮਹਲਾ ੧/੧੦੩੪)

ਆਵਹੁ ਸਜਣਾ ! ਹਉ ਦੇਖਾ ਦਰਸਨੁ ਤੇਰਾ ਰਾਮ ॥ ਘਰਿ ਆਪਨੜੈ ਖੜੀ ਤਕਾ; ਮੈ ਮਨਿ ਚਾਉ ਘਨੇਰਾ ਰਾਮ ॥ (ਮਹਲਾ ੧/੭੬੪)

ਅਰਥ : ਹੇ ਪਿਆਰੇ ਰਾਮ ਪ੍ਰਭੂ ਜੀ ! ਮੇਰੇ ਮਨ ਵਿੱਚ ਬੜੀ ਤਾਂਘ ਹੈ। ਮੈ ਆਪਣੇ ਹਿਰਦੇ-ਘਰ ਵਿੱਚ ਟਿਕ-ਟਿਕ ਕੇ ਤੁਹਾਨੂੰ ਉਡੀਕਦੀ ਹਾਂ ਤਾਂ ਜੋ ਤੇਰਾ ਦਰਸ਼ਨ ਕਰ ਸਕਾਂ।

ਭੋਜਨ ਗਿਆਨੁ; ਮਹਾ ਰਸੁ ਮੀਠਾ ॥ ਜਿਨਿ ਚਾਖਿਆ; ਤਿਨਿ ਦਰਸਨੁ ਡੀਠਾ ॥ (ਮਹਲਾ ੧/੧੦੩੨)

ਅਰਥ : (ਗੁਰੂ ਉਪਦੇਸ਼ ਨਾਲ਼ ਮਿਲਿਆ) ਰੱਬੀ ਗਿਆਨ-ਭੋਜਨ ਬੜਾ ਸੁਆਦਲਾ ਹੈ। ਜਿਸ ਨੇ ਇਹ ਮਾਣਿਆ ਉਸ ਨੇ ਰੱਬ ਦਾ ਦਰਸ਼ਨ ਕੀਤਾ ਹੈ।

ਕਿਆ ਮਾਗਉ ? ਕਿਆ ਕਹਿ ਸੁਣੀ (ਸੁਣਾਂ) ? ਮੈ (ਮੈਨੂੰ, ਰੱਬੀ) ਦਰਸਨ (ਦੀ) ਭੂਖ ਪਿਆਸਿ ਜੀਉ ॥ (ਮਹਲਾ ੧/੭੬੨)

ਨੋਟ : ਉਕਤ ਸਾਰੇ ਵਾਕਾਂ ’ਚ ਰੱਬੀ ਮਿਲਾਪ ਲਈ ਹਿਰਦੇ ’ਚ ਤਾਂਘ ਬਣਦੀ ਪ੍ਰਤੀਤ ਹੁੰਦੀ ਹੈ। ਇਹ ਅਵਸਥਾ ਤਦ ਬਣਦੀ ਹੈ ਜਦ ਬੌਧਿਕ ਗਿਆਨ ਨੂੰ ਆਤਮ-ਪ੍ਰਕਾਸ਼ ਦਾ ਅਹਿਸਾਸ ਹੋਣ ਲੱਗੇ। ਨਹੀਂ ਤਾਂ ਅਨੇਕਾਂ ਸਿੱਖ ਗੁਰਬਾਣੀ ਪੜ੍ਹਦੇ, ਸੁਣਦੇ ਹਨ, ਉਨ੍ਹਾਂ ਸਾਰਿਆਂ ਅੰਦਰ ਇਹ ਬੇਦਨਾ ਪ੍ਰਗਟ ਹੁੰਦੀ ਨਹੀਂ ਵੇਖੀ ਗਈ।

(4). ਗੁਰੂ ਨਾਨਕ ਸਾਹਿਬ ਜੀ ਨੇ ਵਾਰ-ਵਾਰ ਬਚਨ ਕੀਤਾ ਕਿ ਰੱਬ ਦਾ ਦਰਸ਼ਨ ਸਤਿਗੁਰੂ ਜੀ ਕਰਵਾਉਂਦੇ ਹਨ; ਜਿਵੇਂ ਕਿ

ਬਿਨੁ ਦਰਸਨ ਕੈਸੇ ਜੀਵਉ ? ਮੇਰੀ ਮਾਈ ! ॥ ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ; ਸਤਿਗੁਰਿ (ਨੇ) ਬੂਝ ਬੁਝਾਈ ॥੧॥ ਰਹਾਉ ॥ (ਮਹਲਾ ੧/੭੯੬

ਨਾਨਕ  ! ਹਉਮੈ ਸਬਦਿ (ਰਾਹੀਂ) ਜਲਾਇਆ ॥ ਸਤਿਗੁਰਿ (ਨੇ) ਸਾਚਾ ਦਰਸੁ ਦਿਖਾਇਆ ॥ (ਮਹਲਾ ੧/੧੧੮੯)

ਮੁਕਤਿ ਭਏ ਗੁਰਿ (ਨੇ) ਦਰਸੁ ਦਿਖਾਇਆ; ਜੁਗਿ ਜੁਗਿ ਭਗਤਿ ਸੁਭਾਵੀ ॥ (ਮਹਲਾ ੧/੧੨੫੫), ਇਸ ਲਈ ਹੀ ਬਾਕੀ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਅੰਦਰ ਸਤਿਗੁਰੂ ਦੇ ਦਰਸ਼ਨ ਨੂੰ ਵਧੇਰੇ ਤਰਜੀਹ ਦਿੱਤੀ ਹੈ; ਜਿਵੇਂ ਕਿ

. (ਗੁਰੂ ਅਮਰਦਾਸ ਜੀ) : ਗੁਰ ਕੈ ਦਰਸਨਿ (ਨਾਲ਼); ਮੁਕਤਿ ਗਤਿ ਹੋਇ ॥ ਸਾਚਾ ਆਪਿ; ਵਸੈ ਮਨਿ ਸੋਇ ॥੧॥ ਰਹਾਉ ॥ ਗੁਰ ਦਰਸਨਿ (ਨਾਲ਼); ਉਧਰੈ ਸੰਸਾਰਾ ॥ ਜੇ ਕੋ, ਲਾਏ ਭਾਉ ਪਿਆਰਾ ॥ ਭਾਉ ਪਿਆਰਾ ਲਾਏ; ਵਿਰਲਾ ਕੋਇ ॥ ਗੁਰ ਕੈ ਦਰਸਨਿ (ਨਾਲ਼); ਸਦਾ ਸੁਖੁ ਹੋਇ ॥੨॥ ਗੁਰ ਕੈ ਦਰਸਨਿ (ਨਾਲ਼); ਮੋਖ ਦੁਆਰੁ ॥ ਸਤਿਗੁਰੁ ਸੇਵੈ; ਪਰਵਾਰ ਸਾਧਾਰੁ ॥ ਨਿਗੁਰੇ ਕਉ, ਗਤਿ ਕਾਈ ਨਾਹੀ ॥ ਅਵਗਣਿ ਮੁਠੇ; ਚੋਟਾ ਖਾਹੀ ॥੩॥ ਗੁਰ ਕੈ ਸਬਦਿ (ਰਾਹੀਂ); ਸੁਖੁ ਸਾਂਤਿ ਸਰੀਰ ॥ ਗੁਰਮੁਖਿ, ਤਾ ਕਉ ਲਗੈ ਨ ਪੀਰ ॥ ਜਮਕਾਲੁ, ਤਿਸੁ ਨੇੜਿ ਨ ਆਵੈ ॥ ਨਾਨਕ  ! ਗੁਰਮੁਖਿ ਸਾਚਿ (’ਚ) ਸਮਾਵੈ ॥੪॥ (ਮਹਲਾ ੩/੩੬੧)

ਸਤਿਗੁਰ ਨੋ ਸਭੁ ਕੋ ਵੇਖਦਾ; ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ; ਜਿਚਰੁ ਸਬਦਿ ਨ ਕਰੇ ਵੀਚਾਰੁ ॥…. ਨਾਨਕ  ! ਇਕਿ ਦਰਸਨੁ ਦੇਖਿ (ਕੇ) ਮਰਿ ਮਿਲੇ; ਸਤਿਗੁਰ (ਦੇ) ਹੇਤਿ+ਪਿਆਰਿ (ਨਾਲ਼) ॥ (ਮਹਲਾ ੩/੫੯੪)

ਸਤਿਗੁਰ ਕਾ ਦਰਸਨੁ ਸਫਲੁ ਹੈ; ਜੇਹਾ ਕੋ ਇਛੇ; ਤੇਹਾ ਫਲੁ ਪਾਏ ॥ (ਮਹਲਾ ੩/੮੫੦)

ਅਰਥ : ਸਤਿਗੁਰੂ ਦਾ ਦਰਸ਼ਨ ਸਫਲ ਕਰਨ ਵਾਲ਼ਾ ਹੈ, ਪਰ ਜੈਸੀ ਭਾਵਨਾ ਨਾਲ਼ ਕੋਈ ਗੁਰੂ ਨੂੰ ਮਿਲਦਾ ਹੈ, ਵੈਸਾ ਹੀ ਫਲ਼ ਪਾਉਂਦਾ ਹੈ।

. (ਗੁਰੂ ਰਾਮਦਾਸ ਜੀ) : ਗੁਰ ਦਰਸੁ ਪਾਇਆ, ਅਗਿਆਨੁ ਗਵਾਇਆ; ਅੰਤਰਿ ਜੋਤਿ ਪ੍ਰਗਾਸੀ ॥ (ਮਹਲਾ ੪/੧੧੧੬)

ਮੇਰੈ ਮਨਿ (’ਚ) ਬੈਰਾਗੁ ਭਇਆ ਬੈਰਾਗੀ; ਮਿਲਿ ਗੁਰ ਦਰਸਨਿ (ਰਾਹੀਂ) ਸੁਖੁ ਪਾਏ ॥ (ਮਹਲਾ ੪/੫੭੨)

ਵਡਭਾਗੀ ਗੁਰ ਦਰਸਨੁ ਪਾਇਆ; ਧਨੁ ਧਨੁ ਸਤਿਗੁਰੂ ਹਮਾਰਾ ॥ (ਮਹਲਾ ੪/੫੭੨)

ਵਡਭਾਗੀ ਗੁਰ ਦਰਸਨੁ ਪਾਇਆ; ਗੁਰਿ ਮਿਲਿਐ ਹਰਿ ਪ੍ਰਭੁ ਜਾਤਾ (ਜਾਣਿਆ) ॥ (ਮਹਲਾ ੪/੯੮੪)

ਸਤਿਗੁਰ ਕਾ ਦਰਸਨੁ ਸਫਲੁ ਹੈ; ਜੋ ਇਛੈ, ਸੋ ਫਲੁ ਪਾਇ ॥ (ਮਹਲਾ ੪/੧੪੨੨)

ਅਰਥ : ਸਤਿਗੁਰੂ ਦਾ ਦਰਸ਼ਨ ਸਫਲ ਕਰਨ ਵਾਲ਼ਾ ਹੈ, ਪਰ ਜੈਸੀ ਭਾਵਨਾ ਨਾਲ਼ ਕੋਈ ਗੁਰੂ ਨੂੰ ਮਿਲਦਾ ਹੈ, ਵੈਸਾ ਹੀ ਫਲ਼ ਪਾਉਂਦਾ ਹੈ।

. (ਗੁਰੂ ਅਰਜਨ ਸਾਹਿਬ) : ਹਉ ਘੋਲੀ ਜੀਉ ਘੋਲਿ ਘੁਮਾਈ; ਗੁਰ ਦਰਸਨ ਸੰਤ ਪਿਆਰੇ ਜੀਉ ॥੧॥ ਰਹਾਉ ॥ (ਮਹਲਾ ੫/੯੬)

ਮਨੁ ਤਨੁ ਸੀਤਲੁ ਗੁਰ ਦਰਸ ਦੇਖੇ; ਨਾਨਕ ਨਾਮੁ ਅਧਾਰਾ ॥ (ਮਹਲਾ ੫/੧੨੩੫)

ਮੇਰਾ ਮਨੁ ਲੋਚੈ; ਗੁਰ ਦਰਸਨ ਤਾਈ (ਲਈ)॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥ ਤ੍ਰਿਖਾ ਨ ਉਤਰੈ; ਸਾਂਤਿ ਨ ਆਵੈ; ਬਿਨੁ ਦਰਸਨ ਸੰਤ ਪਿਆਰੇ ਜੀਉ ॥ (ਮਹਲਾ ੫/੯੬)

ਸਤਿਗੁਰ ਦਰਸਨਿ (ਰਾਹੀਂ) ਅਗਨਿ ਨਿਵਾਰੀ ॥ ਸਤਿਗੁਰ ਭੇਟਤ ਹਉਮੈ ਮਾਰੀ ॥ ਸਤਿਗੁਰ ਸੰਗਿ; ਨਾਹੀ ਮਨੁ ਡੋਲੈ ॥ ਅੰਮ੍ਰਿਤ ਬਾਣੀ ਗੁਰਮੁਖਿ ਬੋਲੈ ॥ (ਮਹਲਾ ੫/੧੮੩)

ਜਨਮ ਮਰਣ ਕੀ ਮਲੁ ਕਟੀਐ; ਗੁਰ ਦਰਸਨੁ ਦੇਖਿ ਨਿਹਾਲ ॥ (ਮਹਲਾ ੫/੪੫)

ਗੁਰ ਦਰਸਨੁ ਦੇਖਿ ਮਨਿ (’ਚ) ਹੋਇ ਬਿਗਾਸੁ ॥ (ਸੁਖਮਨੀ/ਮਹਲਾ ੫/੨੮)

ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ; ਗੁਰ ਦਰਸਨੁ ਦੇਖਿ ਨਿਹਾਲੀ (ਪ੍ਰਸੰਨ ਚਿੱਤ)॥ (ਮਹਲਾ ੫/੯੬੪)

ਨੈਨੀ ਦੇਖਉ ਗੁਰ ਦਰਸਨੋ; ਗੁਰ ਚਰਣੀ ਮਥਾ ॥ (ਮਹਲਾ ੫/੧੧੦੧)

ਜਿਨ੍ਹਾਂ ਵੱਡੇ ਭਾਗਾਂ ਵਾਲ਼ੇ ਗੁਰੂ ਪਿਆਰਿਆਂ ਨੇ ਸਤਿਗੁਰੂ ਦੀ ਸ਼ਰਨ ਲੈ ਕੇ ਰੱਬ ਦਾ ਦਰਸ਼ਨ ਕਰ ਲਿਆ, ਉਨ੍ਹਾਂ ਨੂੰ ਰੱਬ ਖ਼ੁਦ ਇਉਂ ਬੋਲਦਾ ਪ੍ਰਤੀਤ ਹੋਇਆ :

ਸਭਿ ਘਟ ਮੇਰੇ, ਹਉ ਸਭਨਾ ਅੰਦਰਿ; ਜਿਸਹਿ ਖੁਆਈ, ਤਿਸੁ ਕਉਣੁ ਕਹੈ ॥ ਜਿਸਹਿ ਦਿਖਾਲਾ ਵਾਟੜੀ; ਤਿਸਹਿ ਭੁਲਾਵੈ ਕਉਣੁ ॥ ਜਿਸਹਿ ਭੁਲਾਈ ਪੰਧ ਸਿਰਿ; ਤਿਸਹਿ ਦਿਖਾਵੈ ਕਉਣੁ ॥ (ਮਹਲਾ ੧/੯੫੨)

ਅਰਥ : (ਰੱਬ ਜੀ ਆਖਦੇ ਹਨ ਕਿ) ਸਾਰੇ ਸਰੀਰ ਮੇਰੇ ਆਪਣੇ ਹਨ ਕਿਉਂਕਿ ਮੈ ਸਾਰਿਆਂ ਅੰਦਰ ਹਾਂ। ਜਿਸ ਨੂੰ ਮੈ ਕੁਰਾਹੇ ਪਾਵਾਂ ਉਸ ਨੂੰ ਸਹੀ ਮਾਰਗ ਬਾਰੇ ਕੌਣ ਸਮਝਾ ਸਕਦਾ ਹੈ ? ਜਿਸ ਨੂੰ ਮੈ ਸਹੀ ਰਾਹ ’ਤੇ ਪਾਵਾਂ ਉਸ ਨੂੰ ਕੁਰਾਹੇ ਕੌਣ ਪਾ ਸਕਦਾ ਹੈ ? ਜਿਸ ਨੂੰ ਜ਼ਿੰਦਗੀ ਦੇ ਆਰੰਭ ’ਚ ਹੀ ਗ਼ਲਤ ਰਾਹ ਪਾਵਾਂ ਉਸ ਨੂੰ ਸਹੀ ਰਾਹ ਕੌਣ ਵਿਖਾ ਸਕਦਾ ਹੈ ?

ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ (ਭਗਤ ਨਾਮਦੇਵ/੬੯੪)

ਅਰਥ : (ਰੱਬ ਜੀ ਆਖ ਰਹੇ ਹਨ ਕਿ) ਮੇਰੇ ਬੂਹੇ ’ਤੇ ਪੂਕਾਰ ਕਰਨ ਵਾਲ਼ਾ ਤੂੰ ਕੌਣ ਹੈ ? ਜਵਾਬ ’ਚ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਮੈ ਜੀ ਤੇਰਾ ਸੇਵਕ ਨਾਮਦੇਵ ਹਾਂ।

ਮੇਰੀ ਬਾਂਧੀ ਭਗਤੁ ਛਡਾਵੈ; ਬਾਂਧੈ ਭਗਤੁ, ਨ ਛੂਟੈ ਮੋਹਿ ॥ ਏਕ ਸਮੈ ਮੋ ਕਉ ਗਹਿ ਬਾਂਧੈ; ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥ (ਭਗਤ ਨਾਮਦੇਵ/੧੨੫੩)

ਅਰਥ : (ਰੱਬ ਜੀ ਕਹਿ ਰਹੇ ਹਨ ਕਿ) ਮੇਰੇ ਦੁਆਰਾ ਪਾਈ ਮੋਹ ਰੂਪ ਜ਼ੰਜੀਰ ਨੂੰ ਮੇਰਾ ਭਗਤ (ਭਗਤੀ ਕਰ ਕਰ) ਖੋਲ੍ਹ ਲੈਂਦਾ ਹੈ ਪਰ ਜਦ ਉਹ ਮੈਨੂੰ ਆਪਣੇ ਪ੍ਰੇਮ-ਜਾਲ ’ਚ ਫਸਾ ਲੈਂਦਾ ਹੈ ਤਾਂ ਮੈਥੋਂ ਇਹ ਪਕੜ ਛਡਾਈ ਨਹੀਂ ਜਾਂਦੀ। ਇੱਕ ਵਾਰ ਜਦ ਉਹ ਚੰਗੀ ਤਰ੍ਹਾਂ ਪਕੜ ਲਵੇ ਤਾਂ ਮੁੜ ਮੈਥੋਂ ਮਨ੍ਹਾ ਵੀ ਨਹੀਂ ਕੀਤਾ ਜਾਂਦਾ (ਕਿ ਤੂੰ ਮੈਨੂੰ ਨਾ ਪਕੜ)।

ਦਾਸ ਅਨਿੰਨ; ਮੇਰੋ ਨਿਜ ਰੂਪ ॥ (ਭਗਤ ਨਾਮਦੇਵ/੧੨੫੨)

ਅਰਥ : (ਰੱਬ ਜੀ ਆਖਦੇ ਹਨ ਕਿ ਮੇਰਾ) ਦਾਸ ਮੇਰਾ ਆਪਣਾ ਰੂਪ ਹੈ। ਉਹ ਮੇਰੇ ਬਿਨਾਂ ਕਿਸੇ ਹੋਰ ਨੂੰ ਪਿਆਰ ਨਹੀਂ ਕਰਦਾ।

ਕਹਹਿ ਤ; ਧਰਣਿ ਇਕੋਡੀ ਕਰਉ ॥ ਕਹਹਿ ਤ; ਲੇ ਕਰਿ ਊਪਰਿ ਧਰਉ ॥੧੭॥ ਕਹਹਿ ਤ; ਮੁਈ ਗਊ ਦੇਉ ਜੀਆਇ ॥ ਸਭੁ ਕੋਈ ਦੇਖੈ ਪਤੀਆਇ ॥੧੮॥ (ਭਗਤ ਨਾਮਦੇਵ/੧੧੬੬)

ਅਰਥ : (ਰੱਬ ਜੀ ਆਖਦੇ ਹਨ ਕਿ ਹੇ ਮੇਰੇ ਭਗਤ ਨਾਮਦੇਵ ਜੀ !) ਜੇ ਤੂੰ ਕਹੇਂ ਤਾਂ ਮੈ ਧਰਤੀ ਨੂੰ ਉਲ਼ਟਾ ਸਕਦਾ ਹਾਂ। ਜੇ ਕਹੇਂ ਤਾਂ ਉਤਾਂਹ ਟੰਗ ਦਿਆਂ ? (ਮਰੀ ਗਾਂ ਜਿਊਂਦੀ ਕਰਨੀ ਤਾਂ ਕੁੱਝ ਭੀ ਮੁਸ਼ਕਲ ਨਹੀਂ) ਜੇ ਕਹੇਂ ਮਰੀ ਗਾਂ ਜਿਊਂਦੀ ਕਰ ਦਿਆਂ ਤਾਂ ਜੋ ਹਰ ਕੋਈ ਤਸੱਲੀ ਕਰ ਵੇਖੇ (ਕਿ ਤੂੰ ਮੇਰਾ ਭਗਤ ਹੈਂ) ?

ਆਪੁ ਸਵਾਰਹਿ; ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ ॥ ਫਰੀਦਾ  ! ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ॥੯੫॥ (ਬਾਬਾ ਫਰੀਦ/੧੩੮੨)

ਅਰਥ : (ਰੱਬ ਜੀ ਆਖਦੇ ਹਨ ਕਿ) ਹੇ ਫ਼ਰੀਦ ਜੀ ! ਜੇ ਤੂੰ ਆਪਣੇ ਆਪ ਨੂੰ ਸੰਵਾਰ ਲਏਂ (ਅੰਤਹਿਕਰਣ ਪਾਰਦਰਸ਼ੀ ਕਰ ਲਵੇਂ ਤਾਂ) ਮੈਨੂੰ ਮਿਲ ਸਕਦਾ ਹੈਂ (ਯਾਨੀ ਆਤਮ-ਪ੍ਰਕਾਸ਼; ਬੋਧਿਕ ਗਿਆਨ ਬਣ ਮੈਨੂੰ ਮਹਿਸੂਸ ਕਰ ਸਕਦਾ ਹੈ) ਮੈਨੂੰ ਮਿਲਣ ਨਾਲ਼ ਅਨੰਦ ਮਿਲੇਗਾ। ਜੇ ਤੂੰ ਕੇਵਲ ਮੇਰਾ ਸੇਵਕ ਬਣਿਆ ਰਹੇਂ ਤਾਂ ਸਾਰਾ ਸੰਸਾਰ ਤੇਰੀ ਇੱਜ਼ਤ ਕਰੇਗਾ। ਗੁਰੂ ਨਾਨਕ ਸਾਹਿਬ ਜੀ ਦੇ ਇਸ ਸੰਬੰਧ ’ਚ ਬਚਨ ਹਨ ‘‘ਮਨਿ ਜੀਤੈ ਜਗੁ ਜੀਤੁ ’’ (ਜਪੁ), ਗੁਰੂ ਅਮਰਦਾਸ ਜੀ ਦੇ ਇਹ ਬਚਨ ਹਨ ‘‘ਜਿਨ ਗੁਰ ਪਰਸਾਦੀ ਮਨੁ ਜੀਤਿਆ; ਜਗੁ ਤਿਨਹਿ ਜਿਤਾਨਾ (ਉਨ੍ਹਾਂ ਨੇ ਜਗ ਜਿੱਤਿਆ) (ਮਹਲਾ /੧੦੮੯), ਭਗਤ ਕਬੀਰ ਜੀ ਦੇ ਬਚਨ ਹਨ ‘‘ਮਨੁ ਜੀਤੇ ਜਗੁ ਜੀਤਿਆ..’’ (ਭਗਤ ਕਬੀਰ/੧੧੦੩) ਯਾਨੀ ਅੰਤਹਿਕਰਣ ਨੂੰ ਪਾਰਦਰਸ਼ੀ ਕਰਨ ਨਾਲ਼ ਆਤਮ-ਪ੍ਰਕਾਸ਼ ਨੇ ਹੂਬਹੂ ਪ੍ਰਕਾਸ਼ ਬੁੱਧੀ ’ਚ ਕੀਤਾ ਅਤੇ ਰੱਬ ਦਾ ਦਰਸ਼ਨ ਹੋਇਆ, ਜਿਸ ਕਾਰਨ ਮਨੁੱਖਤਾ ਨੇ ਭਲਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ।

ਕੁੱਝ ਬੰਦਿਆਂ ਦਾ ਇਹ ਤਰਕ ਹੁੰਦਾ ਹੈ ਕਿ ਸੰਸਾਰ ਵਿੱਚ ਕਈ ਨਾਸਤਿਕ ਬੰਦੇ, ਜੋ ਰੱਬ ’ਤੇ ਭਰੋਸਾ ਨਹੀਂ ਰੱਖਦੇ, ਬੜੇ ਦੁਰਲੱਭ ਕੰਮ ਕਰ ਜਾਂਦੇ ਹਨ ਉਨ੍ਹਾਂ ਨੂੰ ਐਨਾ ਬੌਧਿਕ ਗਿਆਨ ਕਿਵੇਂ ਹੁੰਦਾ ਹੈ ? ਜਵਾਬ (ੳ). ਉਕਤ ਵਾਕਾਂ ’ਚ ਸਾਫ਼ ਹੈ ਕਿ ਰੱਬ ਜਿਸ ਬੰਦੇ ਤੋਂ ਜੋ ਕਰਵਾਉਣਾ ਚਾਹੇ ਉਸ ਨੂੰ ਵਿਸ਼ੇਸ਼ ਸਮਝ ਬਖ਼ਸ਼ ਦਿੰਦਾ ਹੈ। ਮਿਸਾਲ ਵਜੋਂ ਐਲਬਰਟ ਆਇਨਸਟਾਈਨ (Albert Einstein) ਦਾ ਦਿਮਾਗ਼, ਜੋ ਵਜ਼ਨ ’ਚ ਘੱਟ ਯਾਨੀ 1230 ਗ੍ਰਾਮ ਹੀ ਸੀ ਪਰ ਉਸ ਅੰਦਰ ਖ਼ਾਸ ਸ਼ਕਤੀ ਪੈਦਾਇਸ਼ ਤੋਂ ਸੀ। ਆਮ ਦਿਮਾਗ਼ ਦਾ ਵਜ਼ਨ 1400 ਗ੍ਰਾਮ ਹੁੰਦਾ ਹੈ। (2). ਐਸੇ ਖੋਜੀਆਂ ’ਚੋਂ ਕਈ ਰੱਬ ਦੀ ਹੋਂਦ ਤੋਂ ਇਨਕਾਰੀ ਨਹੀਂ ਹੁੰਦੇ ਭਾਵੇਂ ਕਿ ਉਹ ਆਪਣੀ ਭਗਤੀ ਭਾਵਨਾ ਜ਼ਾਹਰ ਨਹੀਂ ਕਰਦੇ ਭਾਵ ਆਤਮ-ਪ੍ਰਕਾਸ਼ ’ਚੋਂ ਉਨ੍ਹਾਂ ਨੇ ਭੀ ਸਮਝ ਵਧਾਈ ਹੋ ਸਕਦੀ ਹੈ, ਜਿਸ ਦਾ ਹਰ ਇੱਕ ਨੂੰ ਪਤਾ ਨਹੀਂ ਹੁੰਦਾ।

ਜ਼ਰੂਰੀ ਬੇਨਤੀ

ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਪੜਨ ਉਪਰੰਤ ਲਾਇਕ ਤੇ ਸ਼ੇਅਰ ਕਰਨਾ ਜੀ।

ਸੁਝਾਅ ਦੇਣ ਲਈ ਹੇਠਾਂ ਟਿੱਪਣੀ ਕਰਨ ਦੀ ਸੁਵਿਧਾ ਦਿੱਤੀ ਗਈ ਹੈ।

103470cookie-checkਗੁਰਮਤਿ ਅਨੁਸਾਰ ਰੱਬ ਦਾ ਦਰਸ਼ਨ