ਪੰਜਾਬੀ ਸੂਬੇ ਦੇ ਵਿਸਾਰੇ ਸ਼ਹੀਦ  !

0
51

ਪੰਜਾਬੀ ਸੂਬੇ ਦੇ ਵਿਸਾਰੇ ਸ਼ਹੀਦ  !

ਬਲਦੀਪ ਸਿੰਘ ਰਾਮੂੰਵਾਲੀਆ

ਜਨਵਰੀ 1960 ਵਿੱਚ ਮਾਸਟਰ ਤਾਰਾ ਸਿੰਘ ਦੀ ਅਗਵਾਈ ਥੱਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਅਕਾਲੀਆਂ ਨੇ ਪ੍ਰਤਾਪ ਸਿੰਘ ਕੈਰੋਂ (ਮੁੱਖ ਮੰਤਰੀ ਪੰਜਾਬ) ਦੀ ਸ਼ੈਅ ’ਤੇ ਬਣੇ ਸਾਧ ਸੰਗਤ ਬੋਰਡ ਨੂੰ ਹਰਾ ਕੇ ਜਿੱਤ ਹਾਸਲ ਕੀਤੀ । ਅਕਾਲੀਆਂ ਦੀਆਂ ਜਿੱਤੀਆਂ 136 ਸੀਟਾਂ ਦੇ ਮੁਕਾਬਲੇ ’ਤੇ ਕਾਂਗਰਸੀ ਸਾਧ ਸੰਗਤ ਬੋਰਡ ਨੂੰ 4 ਹੀ ਸੀਟਾਂ ਹਾਸਲ ਹੋਈਆਂ। ਦੂਜੇ ਬੰਨੇ ਕਮਿਊਨਿਸਟ ਪਾਰਟੀ ਆਲੇ ਦੇਸ਼ ਭਗਤ ਬੋਰਡ ਦਾ ਬਿਲਕੁਲ ਬਿਸਤਰਾ ਗੋਲ ਹੋ ਗਿਆ।

ਉਧਰ ਹੁਣ ਮਾਸਟਰ ਜੀ ਨੇ ਨਵੀਂ ਬਣੀ ਕਮੇਟੀ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁਖ 24 ਜਨਵਰੀ 1960 ਈਸਵੀ ਨੂੰ ਅਰਦਾਸ ਸੋਧੀ ਗਈ ਕਿ ਸਭ ਸੱਜਣ ‘ਪੰਜਾਬੀ ਸੂਬੇ’ ਦੀ ਪ੍ਰਾਪਤੀ ਲਈ ਆਪਣਾ ਤਨ, ਮਨ, ਧਨ ਸਭ ਕੁਝ ਨਿਛਾਵਰ ਕਰ ਦੇਣਗੇ। ਅਕਾਲੀ ਦਲ ਨੇ ਇਸ ਸਮੇਂ ਕਾਂਗਰਸ ਵਿੱਚ ਸ਼ਾਮਲ ਹੋਏ ਆਪਣੇ ਪੁਰਾਣੇ ਸਾਥੀਆਂ ਨੂੰ ਅਸਤੀਫਾ ਦੇਣ ਲਈ ਕਿਹਾ, ਪਰ ਲਾਲਚੀ ਬ੍ਰਿਤੀ ਹਾਵੀ ਹੋਣ ਕਾਰਨ ਉਸ ਵਕਤ ਅਸੈਂਬਲੀ ਦੇ 24 ’ਚੋਂ 5 ਐਮ ਐਲ ਏ ਹੀ ਬਾਹਰ ਆਏ; ਜਿਨ੍ਹਾਂ ਦੇ ਨਾਮ ਸਨ ਸ. ਸਰੂਪ ਸਿੰਘ, ਸ. ਆਤਮਾ ਸਿੰਘ, ਸ. ਹਰਗੁਰਾਨਾਦ ਸਿੰਘ, ਸ. ਊਧਮ ਸਿੰਘ ਅਤੇ ਮਾਸਟਰ ਪ੍ਰਤਾਪ ਸਿੰਘ । ਪਾਰਲੀਮੈਂਟ ਮੈਂਬਰਾਂ ਵਿੱਚੋਂ ਕਿਸੇ ਨੇ ਅਸਤੀਫਾ ਨਾ ਦਿੱਤਾ।

ਮਾਸਟਰ ਤਾਰਾ ਸਿੰਘ ਹੁਣਾ ਨੇ ਅਪ੍ਰੈਲ 1960 ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਤਾਂ ਕੇ ਉਹ ਨਿੱਠ ਕੇ ਪੰਜਾਬੀ ਸੂਬੇ ਲਈ ਕਾਰਜ ਕਰ ਸਕਣ। ਉਧਰ ਇਸੇ ਸਮੇਂ ਵਿੱਚ 1947 ਵਿੱਚ ਲਹਿੰਦੇ ਪੰਜਾਬ ਵਿੱਚੋਂ ਉਜੜ ਕੇ 20,000 ਸਿੱਖ ਪਰਵਾਰ, ਜੋ ਨੈਨੀਤਾਲ ਦੇ ਤਰਾਈ ਵਾਲ਼ੇ ਇਲਾਕੇ ਵਿੱਚ ਸਰਕਾਰ ਨੇ ਵਸਾਏ ਸਨ ਤੇ ਇਸ ਜੰਗਲੀ ਇਲਾਕੇ ਦੇ ਵਿਕਾਸ ਵਾਸਤੇ ਇਨ੍ਹਾਂ ਸਰਦਾਰਾਂ ਨੇ ਸਿਰ ਤੋੜ ਮਿਹਨਤ ਕਰ ਇਸ ਨੂੰ ਜ਼ਰਖ਼ੇਜ਼ (ਉਪਜਾਉ) ਬਣਾਇਆ । ਅਜੇ ਇਹ ਇਲਾਕਾ ਸਹੀ ਢੰਗ ਨਾਲ ਵਸਿਆ ਤੇ ਵਿਗਸਿਆ ਵੀ ਨਹੀਂ ਸੀ ਕਿ ਇਹਨਾਂ ਨੂੰ ਇੱਥੋਂ ਉਜਾੜਣ ਲਈ ਸਰਕਾਰ ਨੇ ਸਰਕੂਲਰ ਜਾਰੀ ਕੀਤਾ। ਪੰਜਾਬੋਂ ਬਾਹਰ ਦੇ ਸਿੱਖਾਂ ਨਾਲ ਵਾਪਰੀ ਇਸ ਘਟਨਾ ਨੇ ਪੰਜਾਬੀ ਸੂਬਾ ਲਹਿਰ ਨੂੰ ਕਾਫ਼ੀ ਵੱਧ ਉਲਾਰਾ ਦਿੱਤਾ।

ਇਸ ਸੂਬੇ ਦੀ ਪ੍ਰਾਪਤੀ ਪ੍ਰਤੀ ਅਕਾਲੀਆਂ ਵਿੱਚ ਦ੍ਰਿੜ੍ਹਤਾ ਭਰਨ ਦਾ ਇਹਨੀਂ ਦਿਨੀਂ ਇਕ ਕਾਰਨ ਇਹ ਵੀ ਬਣਿਆ ਕਿ ਆਰੀਆ ਸਮਾਜੀਆਂ ਦੁਆਰਾ, ਹਿੰਦੂ ਭਰਾਵਾਂ ਨੂੰ ਪੰਜਾਬੀ ਸੂਬੇ ਪ੍ਰਤੀ ਵਿਰੋਧ ਵਿੱਚ ਖੜ੍ਹਾ ਕੀਤਾ ਜਾ ਰਿਹਾ ਸੀ। ਸਨਾਤਨ ਧਰਮ ਪ੍ਰਚਾਰ ਸਭਾ ਦੀ ਐਗਜੈਕਟਿਵ ਕਮੇਟੀ ਨੇ ਮਾਰਚ 1960 ਵਿੱਚ ਅੰਮ੍ਰਿਤਸਰ ਦੇ ਕਥਾ ਭਵਨ ਵਿੱਚ 100 ਉੱਘੇ ਹਿੰਦੂ ਭਰਾਵਾਂ ਦੀ ਸਭਾ ਵਿੱਚ 26 ਮੈਂਬਰੀ ਭਾਸ਼ਾ ਕਮੇਟੀ ਵਿੱਚ ਕੰਮ ਕਰ ਰਹੇ ਦੋ ਸੱਜਣਾਂ ਨੂੰ ਇਹ ਫ਼ੁਰਮਾਨ ਜਾਰੀ ਕੀਤਾ ਕਿ ਪੰਜਾਬੀ ਸੂਬੇ ਦੀ ਵੰਡ, ਜੋ ਪੰਜਾਬੀ ਭਾਸ਼ਾ ਦੇ ਆਧਾਰ ’ਤੇ ਅਕਾਲੀ ਮੰਗ ਰਹੇ ਹਨ, ਸਿੱਧੇ ਜਾਂ ਅਸਿੱਧੇ ਢੰਗ ਨਾਲ ਬਿਲਕੁਲ ਵੀ ਪੂਰੀ ਨ ਹੋਣ ਦਿੱਤੀ ਜਾਵੇ।

ਮਾਸਟਰ ਤਾਰਾ ਸਿੰਘ ਨੇ ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਚਣੌਤੀ ਦੇ ਰੂਪ ਵਿੱਚ ਲੈਂਦਿਆਂ; ਮੰਜੀ ਸਾਹਿਬ ਦੀਵਾਨ ਹਾਲ ਤੋਂ ਇਹ ਸ਼ਬਦ ਬੋਲੇ ਗਏ ‘ਅਸੀਂ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਦ੍ਰਿੜ੍ਹ ਹਾਂ। ਅਸੀਂ ਜਿੱਤਾਂਗੇ ਜਾਂ ਮਰਾਂਗੇ। ਅਸੀਂ ਹਾਰ ਨਹੀਂ ਮੰਨਾਂਗੇ।’ ਇਸ ਸਮੇਂ ਵਿੱਚ ਹੀ 22 ਮਈ 1960 ਨੂੰ ਅੰਮ੍ਰਿਤਸਰ ਵਿੱਚ ‘ਪੰਜਾਬੀ ਸੂਬਾ ਕਨਵੈਨਸ਼ਨ’ ਹੋਈ। ਇਸ ਦਾ ਮਨੋਰਥ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਪ੍ਰਗਟਾਵਾ ਕਰਨਾ ਸੀ। ਸਭ ਤੋਂ ਖਾਸ ਗੱਲ ਇਸ ਕਨਵੈਨਸ਼ਨ ਦੀ ਪ੍ਰਧਾਨਗੀ ‘ਪੰਡਿਤ ਸੁੰਦਰ ਲਾਲ’ ਨੇ ਕੀਤੀ। ਮਸ਼ਹੂਰ ਅਜ਼ਾਦੀ ਘੁਲਾਟੀਏ ਡਾ. ਸੈਫੂਦੀਨ ਕਿਚਲੂ ਨੇ ਪੰਜਾਬੀ ਸੂਬੇ ਦੀ ਹਮਾਇਤ ਵਿੱਚ ਆਪਣੇ ਲੈਕਚਰ ਨਾਲ ਇਸ ਦਾ ਉਦਘਾਟਨ ਕੀਤਾ। ਇਸ ਤੋਂ ਬਿਨਾਂ ਸੁਤੰਤਰ ਪਾਰਟੀ, ਪਰਜਾ ਸੋਸ਼ਲਿਸਟ ਪਾਰਟੀ ਅਤੇ ਸੰਯੁਕਤ ਸੋਸ਼ਲਿਸਟ ਪਾਰਟੀ ਦੇ ਸੱਜਣ ਵੀ ਪੁੱਜੇ। ਸਭ ਤੋਂ ਵੱਡੀ ਗੱਲ ‘ਸਰਵ ਭਾਰਤ ਭਾਸ਼ਾਈ ਰਾਜ ਕਾਨਫਰੰਸ’ ਦੇ ਜਨਰਲ ਸਕੱਤਰ ਸ੍ਰੀ ਕੇ. ਜੀ. ਜੋਧ ਨੇ ਪੰਜਾਬੀ ਸੂਬੇ ਦੇ ਹੱਕ ਵਿੱਚ ਜ਼ੋਰਦਾਰ ਦਲੀਲਾਂ ਵਾਲਾ ਲੈਕਚਰ ਦਿੱਤਾ। ਇਸ ਕਨਵੈਨਸ਼ਨ ਵਿੱਚ ਹਿੰਦੂ ਅਤੇ ਮੁਸਲਿਮ ਭਰਾਵਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਪੰਜਾਬੀ ਸੂਬੇ ਪ੍ਰਤੀ ਮੁੱਖ ਮਤਾ ਗੁਰਨਾਮ ਸਿੰਘ ਹੁਣਾ ਪੇਸ਼ ਕੀਤਾ, ਜੋ ਸਰਬ ਸੰਮਤੀ ਨਾਲ ਪਾਸ ਹੋਇਆ। ਇਸ ਕਨਵੈਨਸ਼ਨ ਨੇ ਨਹਿਰੂ, ਕੈਰੋਂ, ਦਰਬਾਰਾ ਸਿੰਘ ਆਦਿ ਦੀ ਨੀਂਦ ਹਰਾਮ ਕਰ ਦਿੱਤੀ।

ਮਈ 1960 ਨੂੰ ਮਾਸਟਰ ਤਾਰਾ ਸਿੰਘ ਨੇ ਦਿੱਲੀ ਵੱਲ ਤੁਰਦਿਆਂ ਐਲਾਨ ਕੀਤਾ ਕਿ ਪੰਜਾਬੀ ਸੂਬੇ ਦੀ ਕਾਇਮੀ ਨੂੰ ਲੈ ਕੇ 12 ਜੂਨ ਨੂੰ ਦਿੱਲੀ ਵਿਖੇ ਇੱਕ ਭਾਰੀ ਰਾਜਨੀਤਕ ਜਲੂਸ ਕੱਢਿਆ ਜਾਵੇਗਾ ਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਰਾਸਤੇ ਵਿੱਚ ਪੈਂਦੇ ਗੁਰਧਾਮਾਂ ’ਤੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਇਸ ਜਲੂਸ ਵਿੱਚ ਪਹੁੰਚਣ ਲਈ ਪ੍ਰੇਰਨਾ ਦੇਣਗੇ। ਕੈਰੋਂ ਨੇ ਝੱਟ 24 ਮਈ ਨੂੰ ਮਾਸਟਰ ਤਾਰਾ ਸਿੰਘ ਸਮੇਤ ਪੂਰੇ ਪੰਜਾਬ ਵਿੱਚੋਂ ਸਿਰ ਕੱਢਵੇਂ 200 ਅਕਾਲੀ ਲੀਡਰ ਗ੍ਰਿਫ਼ਤਾਰ ਕਰ ਬਲਦੀ ’ਤੇ ਤੇਲ ਦਾ ਕੰਮ ਕੀਤਾ। ਮਾਸਟਰ ਜੀ ਨੂੰ ਪ੍ਰੀਵੈਟਿਵ ਡੀਟੈਨਸਨ ਐਕਟ ਅਧੀਨ ਤੇ ਬਾਕੀਆਂ ਨੂੰ ਜ਼ਾਬਤਾ ਫ਼ੌਜਦਾਰੀ 107/151 ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਮੈਜਿਸਟਰੇਟ ਨੇ ਜਮਾਨਤ ਵਾਸਤੇ 50 ਹਜ਼ਾਰ ਤੋਂ ਇੱਕ ਲੱਖ ਰੁਪਏ ਤੱਕ ਦੀ ਮੰਗ ਕੀਤੀ।

ਕੁਰਸੀ ਦੇ ਨਸ਼ੇ ਵਿੱਚ ਅੰਨੇ ਹੋਏ ਕੈਰੋਂ ਨੇ ਪੁਲਿਸ ਜ਼ਰੀਏ 25 ਮਈ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਅਖ਼ਬਾਰਾਂ ਅਕਾਲੀ ਅਤੇ ਪ੍ਰਭਾਤ ਨੂੰ ਬੰਦ ਕਰਨ ਲਈ ; ਉਹਨਾਂ ਦੇ ਐਡੀਟਰਾਂ ਸਮੇਤ ਸਟਾਫ਼ ਨੂੰ ਚੁਕਵਾ ਕੇ ਹਵਾਲਾਤ ਅੰਦਰ ਬੰਦ ਕਰਵਾ ਦਿੱਤਾ।  26 ਨੂੰ ਦੋਨਾਂ ਅਖ਼ਬਾਰਾਂ ਦੀਆਂ ਪ੍ਰੈਸਾਂ ਵੀ ਸੀਲ ਕਰ ਦਿੱਤੀਆਂ । ਇਸ ਵਕਤ ਜਨਰਲਸਿਟ ਯੂਨੀਅਨ ਦੇ ਰੌਲਾ ਪਾਉਣ ਕਰਕੇ ਕੈਰੋਂ ਨੂੰ ਝੁਕਣਾ ਪਿਆ ਤੇ ਹੁਕਮ ਵਾਪਸ ਲੈਣਾ ਪਿਆ । ਇਸ ਵਕਤ ਅਕਾਲੀ ਪਤ੍ਰਿਕਾ, ਸੇਵਕ, ਅੰਗਰੇਜ਼ੀ ਦੀ ਪੰਜਾਬ ਗਾਰਡੀਅਨ ਵੀ ਸੀਲ ਕੀਤੀ ਗਈ ਤੇ ਉਤੋਂ ਸਿਤਮ ਜ਼ਰੀਫੀ ਇਹ ਕਿ ਸ਼੍ਰੋਮਣੀ ਕਮੇਟੀ ਦੀ ਪ੍ਰੈਸ ਵੀ ਸੀਲ ਕੀਤੀ ਤਾਂ ਕਿ ਉਹ ਆਪਣਾ ਪੱਖ ਲੋਕਾਂ ਤੱਕ ਨਾ ਲੈ ਜਾਣ। ਇਸ ਸਾਰੇ ਕਾਸੇ ਪਿੱਛੇ ਮਨੋਰਥ ਇੱਕੋ ਸੀ ਕਿ 12 ਜੂਨ ਦਾ ਜਲਸਾ ਨਾ ਹੋ ਸਕੇ। ਇੱਧਰ ਅਕਾਲੀਆਂ ਨੇ ਵੀ ਹੋਏ ਫ਼ੈਸਲੇ ਅਨੁਸਾਰ 12 ਜੂਨ ਦੇ ਜਲਸੇ ਦੀ ਅਗਵਾਈ ਕਰਨ ਲਈ ਜੱਥਾ ਅਕਾਲ ਤਖ਼ਤ ਤੋਂ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਪ੍ਰਿੰਸੀਪਲ ਇਕਬਾਲ ਸਿੰਘ ਬੋਪਾਰਾਏ ਦੀ ਅਗਵਾਈ ਥੱਲੇ ਟੁਰਿਆ। ਨਾਲ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਸਨ। ਜਦ ਇਹ ਜੱਥਾ ਸੰਗਰਾਣਾ ਸਾਹਿਬ ਪੁਜਾ ਤਾਂ ਪੁਲਿਸ ਨੇ ਬਿਨਾਂ ਵਾਰੰਟਾਂ ਤੋਂ ਟ੍ਰੈਫਿਕ ਨਿਯਮਾਂ ਦੀ ਆੜ ਵਿੱਚ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਰ ਰੋਜ਼ ਅਕਾਲੀਆਂ ਦੇ 11 ਸਿੰਘਾਂ ਦੇ 8 ਜੱਥੇ ਵਾਰੋ ਵਾਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਕੇ ਟੁਰਦੇ ਤੇ ਪੁਲਿਸ ਉਹਨਾਂ ਨੂੰ ਗ੍ਰਿਫ਼ਤਾਰ ਕਰ ਲੈਂਦੀ।  7 ਜੂਨ ਤੱਕ 1705 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਸਨ।  8 ਜੂਨ ਨੂੰ ਪੰਜਾਬ ਬੰਦ ਦੇ ਅਕਾਲੀਆਂ ਦੇ ਸੱਦੇ ਨੂੰ ਸ਼ਹਿਰੀ ਪੱਧਰ ’ਤੇ ਵੀ ਵੱਡਾ ਹੁੰਗਾਰਾ ਪ੍ਰਾਪਤ ਹੋਇਆ। ਉਧਰ ਦਿੱਲੀ ਦੇ ਕਮਿਸ਼ਨਰ ਬੈਨਰਜੀ ਤੋਂ 15 ਦਿਨ ਪਹਿਲਾਂ ਹੀ 12 ਜੂਨ ਦੇ ਜਲਸੇ ਦੀ ਇਜ਼ਾਜਤ ਵਾਸਤੇ ਦਰਖ਼ਾਸਤ ਦਿੱਤੀ ਹੋਈ ਸੀ, ਜੋ ਉਸ ਨੇ ਪ੍ਰਧਾਨ ਮੰਤਰੀ ਨਹਿਰੂ ਦੀ ਘੁਰਕੀ ਕਰਕੇ ਨਾ ਮੰਜ਼ੂਰ ਕਰ ਦਿੱਤੀ।  9-12 ਜੂਨ ਤੱਕ ਬੱਸ ਅੱਡਿਆਂ, ਸਟੇਸ਼ਨ, ਦਿੱਲੀ ਪੰਜਾਬ ਦੀ ਸਰਹੱਦ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਅਕਾਲੀਆਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ।  10 ਜੂਨ ਨੂੰ ਦਿੱਲੀ ਦੇ ਕਮਿਸ਼ਨਰ ਬੈਨਰਜੀ ਨੇ ਕਿਸੇ ਤਰ੍ਹਾਂ ਦਾ ਵੀ ਜਲੂਸ ਕੱਢਣ ’ਤੇ ਪਾਬੰਦੀ ਲਾ ਦਿੱਤੀ।

ਹਜ਼ਾਰਾਂ ਰੁਕਾਵਟਾਂ ਦੇ ਬਾਵਜੂਦ ਵੀ 12 ਜੂਨ ਨੂੰ ਸੀਸ ਗੰਜ ਗੁਰਦੁਆਰਾ ਸਾਹਿਬ ਕੋਲ ਗਾਂਧੀ ਗਰਾਊਂਡ ਵਿੱਚ ਸਿੱਖਾਂ ਦਾ ਅਥਾਹ ਸਮੁੰਦਰ ਆਣ ਲੱਥਾ। ਜਲੂਸ ਸ਼ਾਮ 4 ਵਜੇ ਨਿਕਲਣਾ ਸੀ। ਪੁਲਿਸ ਨੇ ਚੱਲ ਰਹੇ ਧਾਰਮਿਕ ਪ੍ਰੋਗ੍ਰਾਮ ਦੌਰਾਨ ਲਾਊਡ ਸਪੀਕਰ ਕਬਜ਼ੇ ਵਿੱਚ ਲੈ ਲਿਆ ਅਤੇ ਕਿਹਾ ਕਿ ਤੁਸੀਂ ਇਸ ਦੀ ਇਜ਼ਾਜਤ ਨਹੀਂ ਲਈ। ਕੋਤਵਾਲੀ ਵਿੱਚ ਵੀ ਵੱਡੀ ਤਾਦਾਦ ਵਿੱਚ ਪੁਲੀਸ ਸੀ । ਲਾਲ ਕਿਲ੍ਹੇ ਤੋਂ ਫਤਿਹਪੁਰੀ ਤੱਕ ਦੇ ਇਲਾਕੇ ਵਿੱਚ ਪੁਲਿਸ ਹੀ ਪੁਲਿਸ ਸੀ। ਸ਼ਾਮ 4 ਵਜੇ ਹਰਬੰਸ ਸਿੰਘ ਫਰੰਟੀਅਰ ਦੀ ਅਗਵਾਈ ਥੱਲੇ 4 ਸਿੱਖ ਕਾਲੇ ਚੋਲੇ ਪਾ ਕੇ, ਪਾਠ ਕਰਦਿਆਂ ਘੰਟਾਘਰ ਵੱਲ ਟੁਰੇ। ਇਹਨਾਂ ਪਿੱਛੇ ਬਾਕੀ ਸੰਗਤ ਵੀ ਟੁਰ ਪਈ। ਇਸ ਵਕਤ ਪੁਲਿਸ ਨੇ ਇਹਨਾਂ ਸਿੱਖਾਂ ’ਤੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ। ਅੱਥਰੂ ਗੈਸ ਦੇ ਗੋਲੇ ਵੀ ਸੁਟੇ ਗਏ। ਪੁਲਿਸ ਨੇ ਕੋਈ ਸਿੱਖ ਨਾ ਬਖਸ਼ਿਆ। ਬਸ ਜਿਸ ਦੇ ਸਿਰ ’ਤੇ ਦਸਤਾਰ ਦਿੱਸੀ ਉਹ ਨੂੰ ਪਸ਼ੂਆਂ ਵਾਂਗ ਕੁੱਟਣ ਡਹਿ ਪਈ। ਇਕ ਮੌਲਵੀ ਜੀ ਵੀ ਸਿਰ ’ਤੇ ਬੰਨੀ ਪੱਗ ਕਰਕੇ ਪੁਲਿਸ ਦੀ ਕੁਟ ਦਾ ਸ਼ਿਕਾਰ ਬਣੇ। ਇਸ ਵਕਤ ਸਿੱਖ ਸਰੋਤਾਂ ਅਨੁਸਾਰ 7 ਤੋਂ 12 ਤੱਕ ਸਿੰਘਾਂ ਦੀ ਸ਼ਹਾਦਤ ਹੋਈ। ਹਜ਼ਾਰ, ਬਾਰ੍ਹਾਂ ਸੌ ਜਖ਼ਮੀ ਹੋਇਆ। ਸੀਸ ਗੰਜ ਗੁਰਦੁਆਰਾ ਸਾਹਿਬ ਦੇ ਤਿੰਨ ਕਿਲੋਮੀਟਰ ਦੇ ਏਰੀਏ ਵਿੱਚ ਹਰ ਦਸਤਾਰਧਾਰੀ ਨੂੰ ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ ਕਿਉਂਕਿ ਉਹ ਸਿੱਖ ਸੀ ਤੇ ਸਿੱਖ ਦਾ ਮਤਲਬ ਪੰਜਾਬੀ ਸੂਬੇ ਦਾ ਹਮਾਇਤੀ, ਚਾਹੇ ਉਹ ਨਾ ਵੀ ਹੋਵੇ, ਪਰ ਪੁਲਿਸ ਦੀ ਨਜ਼ਰ ਵਿੱਚ ਜ਼ਰੂਰ ਸੀ।

ਸੰਗਤ ਸਿੰਘ ਅਨੁਸਾਰ 258 ਲੋਕਾਂ ਦੀ ਲਾਪਤਾ ਹੋਣ ਦੀ ਸੂਚੀ ਵੀ ਛਪੀ ਸੀ ਤੇ ਜਿਸ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਪੁਲਿਸ ਨੇ ਉਹਨਾਂ ਲੋਕਾਂ ਦਾ, ਜਿਹੜੇ ਮਰ ਗਏ ਜਾਂ ਅਜੇ ਸਹਿਕਦੇ ਸਨ, ਨਾਲ ਭਰੇ ਟਰੱਕ ਚੋਰੀ ਚੋਰੀ ਸਾੜ ਦਿੱਤੇ ਸਨ। ਸ਼ਾਮ 7 ਵਜੇ ਪੁਲਿਸ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਨੂੰ ਸੀਲ ਕੀਤਾ; ਇਸ ਸੰਬੰਧੀ ਆਲ ਇੰਡੀਆ ਰੇਡੀਓ ’ਤੇ ਵੀ ਜਾਣਕਾਰੀ ਦਿੱਤੀ ਗਈ, ਪਰ ਫਿਰ ਸਿੱਖ ਕੌਮ ਦੇ ਰੋਹ ਤੋਂ ਡਰਦਿਆਂ ਗੁਰਦੁਆਰੇ ਦਾ ਦਰਵਾਜ਼ਾ ਖੋਲ੍ਹ ਦਿੱਤਾ। ਕਹਿੰਦੇ ਇਕ ਸਿੱਖ ਪ੍ਰੋਫੈਸਰ ਦੁਕਾਨ ਤੋਂ ਸੋਡਾ ਪੀ ਰਿਹਾ ਸੀ, ਪੁਲਿਸ ਆਲਿਆਂ ਨੇ ਉਸ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦਾ ਕਿ ਮੈਂ ਜਲੂਸ ਵਿੱਚ ਸ਼ਾਮਲ ਨਹੀਂ ਹਾਂ, ਮੈਂ ਤੇ ਇੱਕ ਪ੍ਰੋਫੈਸਰ ਹਾਂ। ਪੁਲਿਸ ਵਾਲਿਆਂ ਨੇ ਕੁੱਟਦਿਆਂ ਹੀ ਕਿਹਾ ‘ਤੁਮ ਪ੍ਰੋਫੈਸਰ ਹੋ ਜਾਂ ਕੁਛ ਔਰ, ਸਾਲੇ ਸਿੱਖ ਤੋ ਹੈ।’

ਇਸ ਤਸ਼ੱਦਦ ਬਾਰੇ ਨਿਊਯਾਰਕ ਟਾਈਮਜ਼ ਦੇ ਪੱਤਰਕਾਰ ਨੇ ਲਿਖਿਆ ‘ਮੇਰੀਆਂ ਅੱਖਾਂ ਸਾਹਮਣੇ ਬੇਗੁਨਾਹ ਸਿੱਖਾਂ ਨੂੰ ਬੇਰਹਿਮੀ ਨਾਲ ਕੁੱਟਿਆ ਮਾਰਿਆ ਗਿਆ।’

ਵਾਸ਼ਿੰਗਟਨ ਪੋਸਟ ਨੇ ਲਿਖਿਆ ‘ਪੁਲਿਸ ਨੇ ਗਰਾਉਂਡ ਵਿੱਚ ਵੜ ਕੇ ਸਿੱਖਾਂ ਨੂੰ ਕੁੱਟਿਆ ਮਾਰਿਆ।’

ਗਾਰਡੀਅਨ ਨੇ ਲਿਖਿਆ ‘12 ਜੂਨ ਦੀ ਘਟਨਾ ਪੰਡਿਤ ਨਹਿਰੂ ਦੀ ਦੇਖ ਰੇਖ ਵਿੱਚ ਹੋਈ।’

ਜਾਪਾਨ ਦੀ ਅਖ਼ਬਾਰ ਮੈਚੀਨੀ ਨੇ ਸਿੱਖਾਂ ’ਤੇ ਤਸ਼ੱਦਦ ਦੀ ਤਸਵੀਰ ਛਾਪ ਕੇ ਲਿਖਿਆ ‘ਭਾਰਤ ਦੀ ਪੁਲਿਸ ਨੇ ਸਿੱਖਾਂ ਨੂੰ ਇੰਝ ਕੁੱਟਿਆ ਜਿਵੇਂ ਅੰਗਰੇਜ਼ ਹਿੰਦੁਸਤਾਨੀਆਂ ਨੂੰ ਕੁੱਟਦਾ ਸੀ।’

ਯੂ ਐਨ ਓ ਅਤੇ ਹੋਰ ਮਨੁੱਖੀ ਅਧਿਕਾਰਾਂ ਦੇ ਮੁਹਾਫ਼ਜ਼ਾਂ (ਰੱਖਵਾਲਿਆਂ) ਨੇ ਭਾਰਤ ਸਰਕਾਰ ਦੇ ਇਸ ਐਕਸ਼ਨ ਦੀ ਆਲੋਚਨਾ ਕੀਤੀ । ਅਸਲ ਵਿੱਚ ਨਹਿਰੂ ਨੇ ਇਹ ਸਾਰਾ ਕੁਝ ਸਿੱਖਾਂ ਪ੍ਰਤੀ ਆਪਣੀ ਨਫ਼ਰਤ ਕੱਢਣ ਲਈ ਕੀਤਾ ਤੇ ਉਸ ਦੀ ਇਸ ਕਰਤੂਤ ਦੀ ਪੂਰੀ ਹਮਾਇਤ ਪੰਜਾਬ ਦੀ ਮਹਾਸ਼ਾ ਪ੍ਰੈਸ ਨੇ ਕੀਤੀ ਸੀ।

ਅਸੀਂ ਅਕਾਲੀ ਲਹਿਰ ਦੇ ਪੰਜਾਬੀ ਸੂਬੇ ਦੇ 12 ਜੂਨ 1960 ਦੇ ਸ਼ਹੀਦਾਂ ਨੂੰ ਖਾਲਸਾਈ ਸਲਾਮ ਕਰਦੇ ਹਾਂ।