ਸ਼ਹੀਦ ਤੇ ਸ਼ਹਾਦਤ
ਗਿਆਨੀ ਭਜਨ ਸਿੰਘ
ਸ਼ਹੀਦ ਤੇ ਸ਼ਹਾਦਤ ਅਰਬੀ ਬੋਲੀ ਦੇ ਲਫ਼ਜ਼ ਹਨ। ਸ਼ਹਾਦਤ ਦੇ ਅੱਖਰੀ ਅਰਥ ‘ਗਵਾਹੀ’ ਹਨ ਅਤੇ ਸ਼ਹੀਦ; ਗਵਾਹੀ ਦੇਣ ਵਾਲੇ ਨੂੰ ਕਿਹਾ ਜਾਂਦਾ ਹੈ। ਦੀਨ ਦੁੱਖੀ ਦੀ ਰੱਖਿਆ ਅਤੇ ਸਤਿ ਧਰਮ ਦੇ ਪ੍ਰਕਾਸ਼ ਲਈ ਸਿਰ ’ਤੇ ਆਣ ਬਣੀ ਭੀੜ ਦਾ ਡਟ ਕੇ ਮੁਕਾਬਲਾ ਕਰਨਾ ਤੇ ਪੈਰ ਪਿੱਛੇ ਵੱਲ ਨਾ ਪੁੱਟਣਾ, ਭਾਵੇਂ ਇਹ ਸੇਵਾ ਕਰਦਿਆਂ ਬੰਦ ਬੰਦ ਕਟਾ ਕੇ ਸਰੀਰ ਤਿਆਗਣ ਦੀ ਨੌਬਤ ਆ ਜਾਵੇ, ਇਹ ਹੈ ਸੂਰਮੇ ਸ਼ਹੀਦ ਪੁਰਖ ਦਾ ਕਰਤੱਬ ਤੇ ਉਸ ਦੀ ਪਹਿਚਾਣ। ਗੁਰੂ ਨਾਨਕ ਦੇਵ ਜੀ ਨੇ ਫ਼ੁਰਮਾਇਆ ਹੈ ‘‘ਮਰਣੁ ਮੁਣਸਾ ਸੂਰਿਆ ਹਕੁ ਹੈ; ਜੋ ਹੋਇ ਮਰਨਿ ਪਰਵਾਣੋ ॥’’ (ਮਹਲਾ ੧/੫੭੯) ਅਜਿਹੇ ਸੂਰਮੇ ਮੌਤ ਦੇ ਬੂਹੇ ਤੋਂ ਲੰਘ ਕੇ ਹੱਕ ਤੇ ਸੱਚ ਦੀ ਗਵਾਹੀ ਭਰਦੇ ਹਨ। ਜਿਸ ਤੋਂ ਸਤਿ ਦਾ ਪ੍ਰਕਾਸ਼ ਸਾਰੇ ਪਾਸੇ ਛਾ ਜਾਂਦਾ ਹੈ। ਅਸਲ ਵਿੱਚ ਤਾਂ ਭਾਵੇਂ ਕੋਈ ਸੂਰਮਾ ਜ਼ਿੰਦਾ ਰਹਿ ਕੇ ਇਸ ਸੱਚ ਦੀ ਗਵਾਹੀ ਦੇਵੇ ਜਾਂ ਮੌਤ ਪ੍ਰਵਾਨ ਕਰ ਕੇ, ਉਹ ਹਰ ਹਾਲਤ ਵਿੱਚ ਹੀ ਸ਼ਹੀਦ ਹੈ ਪਰ ਆਮ ਮੁਹਾਵਰੇ ਵਿੱਚ ਤੇ ਆਮ ਪ੍ਰਚਲਿਤ ਅਰਥਾਂ ਵਿੱਚ ਮੌਤ ਦੇ ਘਾਟ ਉਤਰ ਚੁੱਕੇ ਸੂਰਮੇ ਨਾਲ ਹੀ ਸ਼ਹੀਦ ਪਦ ਵਧੇਰੇ ਵਰਤਿਆ ਜਾਂਦਾ ਹੈ। ਅਸਲ ਵਿੱਚ ਸੂਰਮਾ ਹੀ ਸ਼ਹੀਦੀ ਪਾ ਸਕਦਾ ਹੈ ਤੇ ਸੂਰਮੇ ਦੀ ਪਹਿਚਾਣ ਕਬੀਰ ਜੀ ਅਨੁਸਾਰ ਇਸ ਪ੍ਰਕਾਰ ਹੈ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫)
ਸ਼ਹੀਦ ਦੇ ਨੇੜੇ ਦੋ ਔਗੁਣ ਨਹੀਂ ਆ ਸਕਦੇ। ਇੱਕ ਭਰਮ ਤੇ ਦੂਜਾ ਡਰ। ਭਰਮ ਕਰਨ ਵਾਲਾ ਮਨੁੱਖ ਸ਼ਹਾਦਤ ਕਿਵੇਂ ਪਾ ਸਕਦਾ ਹੈ ? ਡਰਨ ਵਾਲਾ ਕਿਸੇ ਚੰਗੀ ਗੱਲ ਲਈ ਡਟ ਨਹੀਂ ਸਕਦਾ। ਇਸ ਲਈ ਸ਼ਹੀਦ ਇਨ੍ਹਾਂ ਦੋਹਾਂ ਗੱਲਾਂ ਦਾ ਤਿਆਗੀ ਹੁੰਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ ‘‘ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ।’’ (ਭਾਈ ਗੁਰਦਾਸ ਜੀ/ਵਾਰ ੩ ਪਉੜੀ ੧੮)
ਸ਼ਹੀਦ ਬੜੇ ਦ੍ਰਿੜ੍ਹ ਇਰਾਦੇ ਦਾ ਮਾਲਕ ਹੁੰਦਾ ਹੈ। ਉਹਦੇ ਜੋ ਵਿਚਾਰ ਹਨ ਉਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਹ ਨਾ ਹੋਵੇ ਤਾਂ ਮਨੁੱਖ ਸ਼ਹਾਦਤ ਹੀ ਨਾ ਪ੍ਰਾਪਤ ਕਰ ਸਕੇ। ਡਾਕਟਰੀ ਅਸੂਲ ਹੈ ਕਿ ਜਿਸ ਮਰੀਜ਼ ਦਾ ਖ਼ੂਨ ਮੁਕਦਾ ਜਾਏ ਜਾਂ ਬਹੁਤ ਖਰਾਬ ਹੋ ਜਾਏ, ਉਸ ਨੂੰ ਤਾਜ਼ਾ ਤੇ ਨਰੋਆ ਖ਼ੂਨ ਦਿੱਤਾ ਜਾਂਦਾ ਹੈ। ਇਹੋ ਹਾਲ ਕੌਮਾਂ ਦਾ ਵੀ ਹੈ। ਬੀਮਾਰ ਕੌਮ ਜਦ ਗੁਲਾਮ, ਬੇਅਣਖ, ਬੇਹਿੰਮਤੀ ਤੇ ਨਿਕੰਮੀ ਹੋ ਜਾਏ ਤਾਂ ਉਸ ਦੀਆਂ ਨਾੜੀਆਂ ਵਿੱਚ ਨਵੀਂ ਜ਼ਿੰਦਗੀ ਭਰਨ ਲਈ ਸ਼ਹੀਦਾਂ ਦਾ ਖ਼ੂਨ ਹੀ ਸਿੰਜਿਆ ਜਾਂਦਾ ਹੈ। ਮੋਈਆਂ ਹੋਈਆਂ ਕੌਮਾਂ ਸ਼ਹੀਦਾਂ ਕੋਲੋਂ ਹੀ ਜੀਵਨ ਪ੍ਰਾਪਤ ਕਰਦੀਆਂ ਹਨ। ਸ਼ਹੀਦਾਂ ਦੀਆਂ ਹੱਡੀਆਂ ਦੀ ਬੁਨਿਆਦ ’ਤੇ ਹੀ ਹਮੇਸ਼ਾ ਕੌਮੀ ਜੀਵਨ ਦੇ ਮਹੱਲ ਉਸਰਦੇ ਹਨ। ਇੱਕ ਕਵੀ ਲਿਖਦਾ ਹੈ ‘ਡੁੱਲੇ ਜਾਂ ਖ਼ੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲਹਿੰਦੇ ਜਾਂ, ਤਸਵੀਰ ਬਦਲਦੀ ਕੌਮਾਂ ਦੀ।’
ਕੌਮਾਂ ਦੇ ਮਹੱਲ ਇੱਟਾਂ, ਚੂਨੇ ਤੇ ਸੀਮਿੰਟ ਨਾਲ ਨਹੀਂ ਬਣਦੇ। ਉਨ੍ਹਾਂ ਲਈ ਤਾਂ ਸ਼ਹੀਦਾਂ ਦੀਆਂ ਹੱਡੀਆਂ, ਲਹੂ ਤੇ ਸਰੀਰ ਚਾਹੀਦਾ ਹੁੰਦਾ ਹੈ। ਇੱਕ ਕਵੀ ਕਹਿੰਦਾ ਹੈ ‘ਕਮਜ਼ੋਰ ਨਿਰਬਲ ਖਾਵਸੀ ਖੁਰਾਕ ਤਾਂ ਬਲ ਆਏਗਾ। ਪਤਲਾ ਤੇ ਜੁੱਸਾ ਮਾੜੂਆ, ਮੱਖਣ ਨੂੰ ਖਾ ਪਲ ਜਾਏਗਾ। ਮਾੜੀਆਂ ਜੋ ਨਾੜੀਆਂ, ਮਾਲਸ਼ ਤੋਂ ਹਰੀਆਂ ਹੋਵਸਨ। ਜੋ ਕਰੰਗ ਹੈ ਦਿਸ ਆਂਵਦਾ, ਦੁੱਧ ਦਹੀਂ ਖਾ ਪਲ ਜਾਏਗਾ। ਕਮਜ਼ੋਰ ਮਾੜੀ ਕੌਮ ਪਰ, ਹੋਣਾ ਬਲੀ ਨਹੀਂ ਪਾਏਗੀ। ਚਰਬੀ ਸ਼ਹੀਦਾਂ ਦੀ ਜਦੋਂ ਤਕ ਮਲੀ ਨਹੀਂ ਜਾਏਗੀ’
ਪ੍ਰਿੰਸੀਪਲ ਗੰਗਾ ਸਿੰਘ ਨੇ ਲਿਖਿਆ ਕਿ ‘ਗੁਰੂ ਨਾਨਕ ਦੇਵ ਜੀ ਇਸ ਰੋਗੀ ਭਾਰਤ ਦੇ ਸੱਚੇ ਵੈਦ ਸਨ। ਉਨ੍ਹਾਂ ਨੇ ਮਰੀਜ਼ਾਂ ਨੂੰ ਟੀਕੇ ਕੀਤੇ ਤੇ ਟਿਊਬ ਵਿੱਚ ਸ਼ਹੀਦਾਂ ਦਾ ਖ਼ੂਨ ਭਰ ਕੇ ਇਸ ਮੁਰੀਦ ਦੀਆਂ ਨਾੜੀਆਂ ਵਿਚ ਸਿੰਜਿਆ।’
ਸ਼ਹੀਦੀ, ਸ਼ਹੀਦ ਨੂੰ ਤੇ ਉਸ ਦੇ ਆਸ਼ੇ ਨੂੰ ਅਮਰ ਕਰ ਦਿੰਦੀ ਹੈ। ਕੌਮ ਦੀ ਵੱਡੀ ਮਲਕੀਅਤ ਉਸ ਦੇ ਸ਼ਹੀਦ ਹਨ। ਉਹ ਕੌਮ ਜਿਸ ਦੀ ਬੁਨਿਆਦ ਸ਼ਹੀਦੀ ਖ਼ੂਨ ਨਾਲ ਰੱਖੀ ਗਈ ਹੋਵੇ, ਉਹ ਕਦਾਚਿਤ ਮਰ ਨਹੀਂ ਸਕਦੀ। ਸਿੱਖਾਂ ਨੂੰ ਮਾਣ ਹੈ ਕਿ ਦੁਨੀਆਂ ਦੀ ਕਿਸੇ ਅਜਿਹੀ ਘੱਟ ਗਿਣਤੀ ਵਾਲੀ ਕੌਮ ਨੇ ਐਨੇ ਉੱਚੇ ਆਸ਼ੇ ਵਾਲੇ ਤੇ ਐਨੇ ਸ਼ਹੀਦ ਪੈਦਾ ਨਹੀਂ ਕੀਤੇ, ਜਿੰਨੇ ਸਿੱਖ ਕੌਮ ਨੇ ਕੀਤੇ ਹਨ।
ਸਿੱਖ ਇਤਿਹਾਸ ਦੀ ਜਿੰਦ ਜਾਨ ਹੀ ਸ਼ਹੀਦਾਂ ਦੇ ‘‘ਸਿਰੁ ਧਰਿ ਤਲੀ ਗਲੀ ਮੇਰੀ ਆਉ ॥’’ (ਮਹਲਾ ੧/੧੪੧੨) ਦੇ ਸਾਕੇ ਹਨ। ਕੁਰਬਾਨੀ ਤਾਂ ਹੋਰ ਕਈ ਦੇਸ਼ਾਂ ਤੇ ਕੌਮਾਂ ਦੇ ਬਹਾਦਰ ਸਪੁੱਤਰਾਂ ਨੇ ਵੀ ਕੀਤੀ ਹੈ, ਪਰ ਸਿੱਖਾਂ ਵਰਗੀ ਕੁਰਬਾਨੀ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਭਾਈ ਮਨੀ ਸਿੰਘ ਵਰਗਾ ਕਿਹੜਾ ਇਨਸਾਨ ਹੋਰ ਕਿਧਰੇ ਅਜਿਹਾ ਇਤਿਹਾਸ ਪੈਦਾ ਕਰ ਸਕਿਆ ਹੈ, ਜਿਸ ਨੂੰ ਸ਼ਹੀਦ ਕਰਨ ਲਈ ਪਹਿਲਾਂ ਇੱਕ ਹੱਥ ਫੜਿਆ ਹੋਵੇ ਤੇ ਉਹਦੇ ਹਰ ਇੱਕ ਜੋੜ ਨੂੰ ਪਹਿਲਾਂ ਵੱਖ ਕੀਤਾ ਗਿਆ ਹੋਵੇ, ਫਿਰ ਦੂਜੇ ਹੱਥ ਨੂੰ ਵੱਢਿਆ ਹੋਵੇ। ਇਸ ਤਰ੍ਹਾਂ ਲੱਤਾਂ, ਬਾਹਵਾਂ ਤੇ ਸਰੀਰ ਦੇ ਟੋਟੇ-ਟੋਟੇ ਕੀਤੇ ਗਏ ਹੋਣ। ਅਨੇਕਾਂ ਵਾਰ ਟੋਕਾ ਆਪਣਾ ਵਾਰ ਕਰ ਜਾਏ, ਪਰ ਬਹਾਦਰ ਸੂਰਬੀਰ ਸਭ ਦੁੱਖ ਬਰਦਾਸ਼ਤ ਕਰ ਕੇ ਸ਼ਹਾਦਤ ਪ੍ਰਾਪਤ ਕਰ ਲਵੇ। ਇੱਥੇ ਹੀ ਬੱਸ ਨਹੀਂ, ਚਰਖੜੀਆਂ ’ਤੇ ਚੜਨ, ਦੇਗਾਂ ਵਿੱਚ ਉਬਲਣ, ਖੋਪਰੀ ਉਤਰਾਵਣ ਦੀਆਂ ਘਟਨਾਵਾਂ ਵੀ ਹੋਰ ਕਿਧਰੇ ਨਹੀਂ ਮਿਲਦੀਆਂ।
ਸੋਚ ਕੇ ਦੇਖੋ ਜਦੋਂ ਜ਼ਕਰੀਆ ਖਾਨ ਨੇ ਕਿਹਾ ਕਿ ਤਾਰੂ ਸਿੰਘਾ ! ਜੇ ਤੂੰ ਮੁਸਲਮਾਨ ਬਣ ਜਾਵੇਂ ਤਾਂ ਤੂੰ ਬਚ ਸਕਦਾ ਏਂ ਨਹੀਂ ਤਾਂ ਤੈਨੂੰ ਮੌਤ ਪ੍ਰਵਾਨ ਕਰਨੀ ਪਵੇਗੀ। ਭਾਈ ਤਾਰੂ ਸਿੰਘ ਜੀ ਨੇ ਕਿਵੇਂ ਨਿਰਭਉ ਦਾ ਰੂਪ ਹੋ ਕੇ ਸੂਬੇ ਨੂੰ ਉੱਤਰ ਦਿੱਤਾ ‘ਕੀ ਮੁਸਲਮਾਨ ਬਣਨ ਨਾਲ ਮੈਨੂੰ ਕਦੀ ਮੌਤ ਨਹੀਂ ਆਵੇਗੀ, ਕੀ ਮੁਸਲਮਾਨ ਮਰਦੇ ਨਹੀਂ ਹਨ ? ਜੇ ਮੌਤ ਨੇ ਫਿਰ ਵੀ ਆ ਜਾਣਾ ਹੈ ਤਾਂ ਮੈਂ ਗੁਰੂ ਤੋਂ ਮੂੰਹ ਕਿਉਂ ਮੋੜਾ ? ਮੈਨੂੰ ਤਾਂ ਸਿੱਖੀ ਆਪਣੀ ਜਾਨ ਨਾਲੋਂ ਵੱਧ ਪਿਆਰੀ ਹੈ।’ ਭਾਈ ਸਾਹਿਬ ਨੂੰ ਕੇਸ ਕਤਲ ਕਰਨ ਦੀ ਸਜ਼ਾ ਸੁਣਾਈ, ਪਰ ਉਨ੍ਹਾਂ ਨੇ ਸਾਫ਼ ਕਹਿ ਦਿੱਤਾ ਕਿ ਮੈਂ ਕੇਸਾਂ ਦੀ ਬੇਅਦਬੀ ਨਹੀਂ ਹੋਣ ਦੇਵਾਂਗਾ ਭਾਵੇਂ ਮੇਰੀ ਖੋਪਰੀ ਲਹਿ ਜਾਵੇ। ਜ਼ਕਰੀਆ ਖਾਂ ਨੇ ਖੋਪਰੀ ਲਾਹੁਣ ਦਾ ਹੁਕਮ ਦੇ ਦਿੱਤਾ। ਜਾਲਮਾਂ ਨੇ ਰੰਬੀ ਨਾਲ ਭਾਈ ਸਾਹਿਬ ਜੀ ਦੀ ਖੋਪਰੀ ਉਤਾਰ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੀ। ਭਾਈ ਤਾਰੂ ਜੀ ਸ਼ਹੀਦ ਹੋ ਗਏ ਪਰ ਉਹਨਾਂ ਨੇ ਆਪਣੀ ਜਾਨ ਤੋਂ ਪਿਆਰੇ ਕੇਸਾਂ ਨੂੰ ਆਂਚ ਨਹੀਂ ਆਉਣ ਦਿੱਤੀ। ਉਹ ਚਾਹੁੰਦੇ ਤਾਂ ਕੇਸ ਲੁਹਾ ਕੇ ਆਪਣੀ ਜਾਨ ਬਚਾ ਸਕਦੇ ਸਨ, ਪਰ ਗੁਰੂ ਦਾ ਸਿੰਘ ਭਾਈ ਤਾਰੂ ਸਿੰਘ ਕੇਸਾਂ ਸੁਆਸਾਂ ਸੰਗ ਸਿੱਖੀ ਨਿਭਾ ਕੇ ਸਾਡੇ ਲਈ ਪੂਰਨੇ ਪਾ ਗਿਆ।
ਅਸਲ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਹੀ ਅੰਦੋਲਨ ਸ਼ੁਰੂ ਕਰ ਕੇ ਰੱਖੀ ਤੇ ਸਮੇਂ ਦੀਆਂ ਸਾਰੀਆਂ ਜਾਬਰ ਤਾਕਤਾਂ ਨਾਲ ਟੱਕਰ ਲਈ। ਇੱਕ ਪਾਸੇ ਹਮਲਾ ਕਰ ਕੇ ਆਏ ਬਾਬਰ ਦੀ ਅਨਿਆਈ ਸ਼ਕਤੀ ਅਤੇ ਕਾਰਵਾਈ ਵਿਰੁੱਧ ਆਵਾਜ਼ ਉਠਾਈ ਤੇ ਲੋਕਾਂ ਦੇ ਦਰਦ ਨੂੰ ਮਹਿਸੂਸ ਕਰ ਕੇ ਨਾਹਰਾ ਮਾਰਿਆ। ਬਾਬਰ ਨੇ ਜੇਲ੍ਹ ਵਿੱਚ ਪਾ ਦਿੱਤਾ ਤੇ ਚੱਕੀ ਪੀਹਣ ਲਾ ਦਿੱਤਾ। ਉਹਨੂੰ ਛੇਤੀ ਹੀ ਸੱਚੇ ਆਤਮਾ ਦਾ ਪਤਾ ਲੱਗ ਗਿਆ, ਨਹੀਂ ਤੇ ਹੋ ਸਕਦਾ ਸੀ ਕਿ ਉਹਦੇ ਅੱਤਿਆਚਾਰਾਂ ਨਾਲ ਗੁਰੂ ਨਾਨਕ ਦੇਵ ਜੀ ਨੂੰ ਵੀ ਮਹਾਨ ਕੁਰਬਾਨੀ ਦੇਣੀ ਪੈਂਦੀ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਪਿਛਾਂਹ ਖਿੱਚੂ ਤੇ ਮਾਨਵ ਵਿਰੋਧੀ ਰਿਵਾਜਾਂ ਤੇ ਰਵਾਇਤਾਂ ਦਾ ਵਿਰੋਧ ਕੀਤਾ ਤੇ ਮਾੜੀਆਂ ਤਾਕਤਾਂ ਨਾਲ ਟੱਕਰ ਲਈ। ਇਹ ਟੱਕਰ ਦਸ ਗੁਰੂ ਸਾਹਿਬਾਨ ਤੇ ਉਨ੍ਹਾਂ ਤੋਂ ਪਿੱਛੋਂ ਖਾਲਸਾ ਪੰਥ ਨੇ ਲਗਾਤਾਰ ਜਾਰੀ ਰੱਖੀ। ਮੁਗਲਾਂ ਤੇ ਅੰਗਰੇਜ਼ੀ ਰਾਜ ਵਿੱਚ ਸਿੱਖ ਕੌਮ ਨੇ ਕਈ ਅੰਦੋਲਨ ਕੀਤੇ, ਜਿਨ੍ਹਾਂ ਵਿੱਚ ਸੈਂਕੜੇ ਨਹੀਂ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਕੁਰਬਾਨੀ ਦਿੱਤੀ ਤੇ ਸ਼ਹੀਦ ਹੋਏ। ਇਹ ਸਿਲਸਿਲਾ ਦੇਸ਼ ਦੇ ਆਜ਼ਾਦ ਹੋਣ ਪਿੱਛੋਂ ਵੀ ਜਾਰੀ ਹੈ ਤੇ ਜਦ ਤੱਕ ਧੱਕੇ, ਵਧੀਕੀ ਤੇ ਅੱਤਿਆਚਾਰ ਦਾ ਦੌਰ ਜਾਰੀ ਰਹੇਗਾ, ਸ਼ਹੀਦ ਰੂਹਾਂ ਬਲੀਦਾਨ ਲਈ ਨਿੱਤਰਦੀਆਂ ਰਹਿਣਗੀਆਂ।
ਆਓ ਭਾਈ ਮਨੀ ਸਿੰਘ ਜੀ ਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਯਾਦ ਕਰਦਿਆਂ ਆਪਣੇ ਆਪ ਨੂੰ ਪੁੱਛੀਏ ਕਿ ਇੰਨੇ ਮਹਾਨ ਵਿਰਸੇ ਦਾ ਵਾਰਿਸ ਹੋ ਕੇ ਤੇਰੇ ਅੰਦਰ ਦਾ ਸਿੱਖੀ ਜਜ਼ਬਾ, ਕੇਸਾਂ ਨਾਲ ਪ੍ਰੇਮ ਅਤੇ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜ੍ਹਤਾ ਕਿੱਥੇ ਗਵਾਚ ਗਈ ਹੈ ਹੋਸ਼ ਕਰ ਅਤੇ ਸੰਭਲ, ਉੱਠ, ਅਰਦਾਸ ਕਰ ਤੇ ਆਪਣੇ ਮੂਲ ਨਾਲ ਜੁੜ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਇਸ ਮਹਾਨ ਸਿਧਾਂਤ ਤੇ ਘਰ ਦੇ ਵਾਰਿਸ ਅਜੇ ਜਿਉਂਦੇ ਹਨ।