ਅੰਤ ਔਂਕੜ ਅਤੇ ਅੰਤ ਸਿਹਾਰੀ ਸ਼ਬਦਾਂ ਦੀ ਵਿਚਾਰ ਤੇ ਉਚਾਰਨ

0
287

ਅੰਤ ਔਂਕੜ ਅਤੇ ਅੰਤ ਸਿਹਾਰੀ ਸ਼ਬਦਾਂ ਦੀ ਵਿਚਾਰ ਤੇ ਉਚਾਰਨ

ਕਿਰਪਾਲ ਸਿੰਘ (ਬਠਿੰਡਾ) 88378-13661

ਗੁਰਬਾਣੀ ਵਿੱਚ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਹੁਕਮੀ ਭਵਿੱਖ ਕਾਲ ਕਿਰਿਆ ਸ਼ਬਦਾਂ ਦੇ ਅੰਤਲੇ ਅੱਖਰਾਂ ਨੂੰ ਲੱਗੀ ਔਂਕੜ ਅਤੇ ਸਿਹਾਰੀ ਕੇਵਲ ਅਰਥ ਸਮਝਣ ਲਈ ਹੁੰਦੀ ਹੈ, ਜਿਨ੍ਹਾਂ ਦਾ ਉਚਾਰਨ ਨਾਲ ਕੋਈ ਸੰਬੰਧ ਨਹੀਂ ਹੁੰਦਾ। ਆਮ ਤੌਰ ’ਤੇ ਨਾਂਵ ਜਾਂ ਪੜਨਾਂਵ ਸ਼ਬਦਾਂ ਦੇ ਮਗਰਲੇ ਅੱਖਰ ਨੂੰ ਲੱਗੀ ਔਂਕੜ ਇੱਕ ਵਚਨ, ਪੁਲਿੰਗ ਅਰਥਾਂ ਦੀ ਸੂਚਕ ਹੈ; ਜਿਵੇਂ ਕਿ :

‘‘ਨਾਨਕੁ ਨੀਚੁ  ਕਹੈ ਵੀਚਾਰੁ ॥’’ (ਜਪੁ, ਮਹਲਾ ੧/੪) ਇਸ ਤੁਕ ਵਿੱਚ ‘ਨਾਨਕੁ’ ਅਤੇ ‘ਵੀਚਾਰੁ’ ਇੱਕ ਵਚਨ ਪੁਲਿੰਗ ਨਾਂਵ ਹਨ ਅਤੇ ‘ਨੀਚੁ’; ਨਾਨਕੁ ਸ਼ਬਦ ਦਾ ਵਿਸ਼ੇਸ਼ਣ ਹੋਣ ਕਰਕੇ ਇੱਕ ਵਚਨ ਦਾ ਹੀ ਸੂਚਕ ਹੈ। ‘ਨਾਨਕੁ’ ਅਤੇ ‘ਨੀਚੁ’ ਦੋਵਾਂ ਸ਼ਬਦਾਂ ਦੇ ਮਗਰਲੇ ਅੱਖਰ ਨੂੰ ਲੱਗੀ ਔਂਕੜ ਦੱਸਦੀ ਹੈ ਕਿ ‘ਨੀਚੁ’; ‘ਨਾਨਕੁ’ ਦਾ ਹੀ ਵਿਸ਼ੇਸ਼ਣ ਹੈ ਅਤੇ ਇਹ ਦੋਵੇਂ ਸ਼ਬਦ ਇਕੱਠੇ ਹੀ ਬੋਲੇ ਜਾਣਗੇ ਭਾਵ ‘ਨਾਨਕੁ’ ਤੋਂ ਬਾਅਦ ਥੋੜ੍ਹਾ ਵਿਸਰਾਮ ਨਹੀਂ ਦੇਣਾ।

ਜੇ ਔਂਕੜ ਲੱਥ ਜਾਵੇ ਤਾਂ ਇਹੀ ਸ਼ਬਦ :

(1). ਬਹੁ ਵਚਨ ਹੋ ਸਕਦੇ ਹਨ; ਜਿਵੇਂ ਕਿ ‘‘ਹਰਿ ਸਿਮਰਨਿ  ਨੀਚ ਚਹੁ ਕੁੰਟ ਜਾਤੇ ॥’’ (ਸੁਖਮਨੀ, ਮਹਲਾ ੫/੨੬੩)  ਭਾਵ ਵਾਹਿਗੁਰੂ ਦਾ ਸਿਮਰਨ ਕਰਨ ਨਾਲ ‘ਨੀਚ’ ਮਨੁੱਖ ਚਾਰੇ ਦਿਸ਼ਾਵਾਂ ਭਾਵ ਸਾਰੇ ਸੰਸਾਰ ਵਿੱਚ ਜਾਣੇ ਜਾਂਦੇ ਹਨ।

‘‘ਆਪੇ ਜਾਣੈ ਸਰਬ ਵੀਚਾਰ ॥’’ (ਮਹਲਾ ੧/੧੫੦) ਸਭ ਜੀਵਾਂ ਬਾਰੇ ਵੀਚਾਰਾਂ ਨੂੰ ਉਹ ਅਕਾਲ ਪੁਰਖ ਆਪ ਹੀ ਜਾਣਦਾ ਹੈ।

(2). ਇਸਤਰੀ ਲਿੰਗ ਸ਼ਬਦ ਹੋ ਸਕਦਾ ਹੈ; ਜਿਵੇਂ ਕਿ ‘‘ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ॥’’ (ਮਹਲਾ ੫/੪੮੭) ਜੋ ਨੀਵੀਂ ਕੁਲ/ ਨੀਵੀਂ ਜਾਤ ਦਾ ਜੁਲਾਹਾ ਸੀ, ਹੁਣ ਗੁਣਾਂ ਦਾ ਸਮੁੰਦਰ ਹੋ ਗਿਆ।

‘‘ਸ੍ਰਵਣ ਸੋਏ  ਸੁਣਿ ਨਿੰਦ ਵੀਚਾਰ ॥’’ (ਮਹਲਾ ੫/੧੮੨) ਨਿੰਦਿਆ ਦੀ ਵੀਚਾਰ ਸੁਣ ਕੇ ਕੰਨ ਸੁੱਤੇ ਰਹਿੰਦੇ ਹਨ।

(3). ਜੇਕਰ ਇਨ੍ਹਾਂ ਸ਼ਬਦਾਂ ਨਾਲ ਸੰਬੰਧਕੀ ਪਦ ਕਾ, ਕੇ, ਕੀ, ਕਉ, ਮਹਿ ਆਦਿਕ ਆ ਜਾਣ ਤਾਂ ਵੀ ਇਨ੍ਹਾਂ ਸ਼ਬਦਾਂ ਦਾ ਔਂਕੜ ਲੱਥ ਜਾਂਦਾ ਹੈ; ਜਿਵੇਂ ਕਿ ‘‘ਨਾਨਕ ਕਾ ਪ੍ਰਭੁ  ਅਪਰ ਅਪਾਰਾ ॥’’ (ਮਹਲਾ ੫/੧੮੪) ਨਾਨਕ ਦਾ ਪ੍ਰਭੂ ਪਰ੍ਹੇ ਤੋਂ ਪਰ੍ਹੇ ਹੈ ਯਾਨੀ ਬੇਅੰਤ ਹੈ। ਨਾਨਕ ਇੱਕ ਵਚਨ ਪੁਲਿੰਗ ਹੈ ਪਰ ਇਸ ਤੋਂ ਬਾਅਦ ਸੰਬੰਧਕੀ ਸ਼ਬਦ ‘ਕਾ’ ਆਉਣ ਸਦਕਾ ‘ਨਾਨਕ’ ਦਾ ਅੰਤ ਔਂਕੜ ਲੱਥ ਗਿਆ। 

 ‘‘ਜਿਸੁ ਨੀਚ ਕਉ  ਕੋਈ ਨ ਜਾਨੈ ॥’’ (ਮਹਲਾ ੫/੩੮੬) ਜਿਸ ਨੀਚ (ਮਨੁਖ) ਨੂੰ ਕੋਈ ਨਹੀਂ ਜਾਣਦਾ। ‘ਨੀਚ’ ਇੱਕ ਵਚਨ ਹੈ, ਇਸ ਦੇ ਅੰਤ ਔਂਕੜ ਆਉਣਾ ਸੀ, ਪਰ ਇਸ ਤੋਂ ਬਾਅਦ ਸੰਬੰਧਕੀ ‘ਕਉ’ ਆਉਣ ਸਦਕਾ ‘ਨੀਚ’ ਦਾ ਅੰਤ ਔਂਕੜ ਲੱਥ ਗਿਆ।

‘‘ਕਬਹੂ ਊਚ ਨੀਚ ਮਹਿ ਬਸੈ ॥’’ (ਸੁਖਮਨੀ, ਮਹਲਾ ੫/੨੭੭)  (ਪ੍ਰਭੂ) ਕਦੇ ਉੱਚਿਆਂ ਵਿੱਚ ਅਤੇ ਕਦੇ ਨੀਵਿਆਂ ’ਚ ਬਿਰਾਜਮਾਨ ਜਾਪਦਾ ਹੈ। ‘ਊਚ’ ਅਤੇ ‘ਨੀਚ’ ਦੋਵੇਂ ਸ਼ਬਦ ਇੱਕ ਵਚਨ ਹਨ, ਇਨ੍ਹਾਂ ਦੇ ਅੰਤ ਔਂਕੜ ਚਾਹੀਦਾ ਸੀ, ਪਰ ਇਨ੍ਹਾਂ ਤੋਂ ਬਾਅਦ ਸੰਬੰਧਕੀ ਚਿੰਨ੍ਹ ‘ਮਹਿ’ ਆਉਣ ਸਦਕਾ ਇਨ੍ਹਾਂ ਦੋਵਾਂ ਦਾ ਅੰਤ ਔਂਕੜ ਲੱਥ ਗਿਆ।

ਜਦੋਂ ਲੁਪਤ ਰੂਪ ਵਿੱਚ ਸੰਬੰਧਕੀ ਅਰਥ ਨਿਕਲਦੇ ਹੋਣ ਤਾਂ ਵੀ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਦੇ ਸੰਬੰਧ ਕਾਰਕ ਦੇ ਤੌਰ ’ਤੇ ਔਂਕੜ ਲੱਥ ਜਾਂਦਾ ਹੈ; ਜਿਵੇਂ ਕਿ ‘‘ਊਚ ਨੀਚ ਕਰੇ ਪ੍ਰਤਿਪਾਲਾ ॥’’ (ਮਹਲਾ ੫/੯੯)  ਉੱਚਿਆਂ ਅਤੇ ਨੀਵਿਆਂ ਦੀ ਪਾਲਣਾ ਕਰਦਾ ਹੈ। ਇੱਕ ਵਚਨ ਸ਼ਬਦ ‘ਊਚ’ ਅਤੇ ‘ਨੀਚ’ ਦੀ ਅੰਤ ਔਂਕੜ ਲੁਪਤ ਸੰਬੰਧਕੀ ਕਾਰਨ ਲੱਥ ਜਾਣ ਸਦਕਾ ਨਹੀਂ ਹੈ। ਇਨ੍ਹਾਂ ਦੇ ਅਰਥ ਕਰਨ ਲੱਗਿਆਂ ਸੰਬੰਧਕੀ ਸ਼ਬਦ ‘ਦੀ’ ਆਪਣੇ ਕੋਲੋਂ ਲਾਉਣਾ ਪੈਂਦਾ ਹੈ।

(4). ਮੁਕਤਾ ਅੰਤ ਇੱਕ ਵਚਨ ਪੁਲਿੰਗ ਨਾਂਵ ਸੰਬੋਧਨ ਕਾਰਕ ਦੇ ਅਰਥਾਂ ’ਚ ਹੋ ਸਕਦਾ ਹੈ; ਜਿਵੇਂ ਕਿ ‘‘ਹੈ ਭੀ ਸਚੁ  ਨਾਨਕ  ਹੋਸੀ ਭੀ ਸਚੁ ॥’’ (ਜਪੁ, ਮਹਲਾ ੧) ਅਰਥ ਹੈ ‘ਹੇ ਨਾਨਕ   ! ਅਕਾਲ ਪੁਰਖ ਇਸ ਵੇਲੇ ਵੀ ਹੋਂਦ ਵਾਲਾ ਹੈ ਭਾਵ ਮੌਜੂਦ ਹੈ ਅਤੇ ਅਗਾਂਹ ਆਉਣ ਵਾਲੇ ਸਮੇਂ ’ਚ ਵੀ ਹੋਂਦ ਵਾਲਾ ਰਹੇਗਾ, ਸਦਾ ਕਾਇਮ ਰਹੇਗਾ।

(5). ਕਿਰਿਆਵਾਚੀ ਸ਼ਬਦਾਂ ’ਚੋਂ ਮਗਰਲੇ ਅੱਖਰ ਨੂੰ ਲੱਗੀ ਔਂਕੜ ਇੱਕ ਵਚਨ ਹੁਕਮੀ ਭਵਿਖਤ ਕਾਲ ਦੀ ਸੂਚਕ ਹੁੰਦੀ ਹੈ; ਜਿਵੇਂ ਕਿ ‘‘ਐਸਾ ਗਿਆਨੁ ਬਿਚਾਰੁ (ਹੁਕਮੀ ਭਵਿਖ ਕਾਲ ਕਿਰਿਆ) ਮਨਾ   !॥ ਹਰਿ ਕੀ ਨ ਸਿਮਰਹੁ ? ਦੁਖ ਭੰਜਨਾ ॥੧॥ ਰਹਾਉ ॥’’ (ਭਗਤ ਕਬੀਰ ਜੀ/੧੧੬੧) ਹੇ ਮੇਰੇ ਮਨ  ! ਕੋਈ ਅਜਿਹੀ ਉੱਚੀ ਸਮਝ ਦੀ ਬੀਚਾਰ ਕਰ (ਜਿਸ ਨਾਲ ਤੂੰ ਸਿਮਰਨ ਵੱਲ ਪਰਤ ਸਕੇਂ ਅਤੇ ਆਪਣੇ ਮਨ ਨੂੰ ਇਹ ਸਮਝਾਉਣ ਦੇ ਸਮਰਥ ਹੋ ਜਾਵੇਂ ਕਿ) ਸਭ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਤੂੰ ਕਿਉਂ ਨਹੀਂ ਸਿਮਰਦਾ ਯਾਨੀ ਯਾਦ ਕਰਿਆ ਕਰ ?

ਕੁੱਝ ਹੋਰ ਉਦਾਹਰਨਾਂ ‘‘ਮਨ (ਸੰਬੋਧਨ) ਮੇਰੇ ਸਤਿਗੁਰ ਕੈ ਭਾਣੈ ਚਲੁ ॥’’ (ਮਹਲਾ ੩/੩੭) ਹੇ ਮੇਰੇ ਮਨ   ! ਤੂੰ ਸਤਿਗੁਰੂ ਦੇ ਭਾਣੇ ’ਚ ਚੱਲ। ‘ਚੱਲੁ’ ਦਾ ਅਰਥ ਹੈ ‘ਤੂੰ ਚੱਲ’ (ਹੁਕਮੀ ਭਵਿਖ ਕਾਲ ਕਿਰਿਆ)।

‘‘ਲਿਖੁ ਨਾਮੁ,  ਸਾਲਾਹ ਲਿਖੁਲਿਖੁ ਅੰਤੁ ਨ ਪਾਰਾਵਾਰੁ ॥’’ (ਮਹਲਾ ੧/੧੬) ਪ੍ਰਭੂ ਦਾ ਨਾਮ ਤੂੰ (ਆਪਣੇ ਹਿਰਦੇ ’ਤੇ) ਲਿਖ, ਉਸ ਦੀ ਸਿਫਤ ਸਾਲਾਹ ਲਿਖ। ਇਹ ਵੀ ਤੂੰ ਲਿਖ ਕਿ ਪ੍ਰਭੂ ਦੇ ਉਰਲੇ ਪਰਲੇ ਬੰਨੇ ਦਾ ਕੋਈ ਅੰਤ ਨਹੀ।

‘‘ਤਿਸੁ ਠਾਕੁਰ ਕਉ ਰਖੁ (ਹੁਕਮੀ ਭਵਿਖ ਕਾਲ ਕਿਰਿਆ) ਮਨ ਮਾਹਿ ॥’’ (ਸੁਖਮਨੀ, ਮਹਲਾ ੫/੨੬੯) ਉਸ ਮਾਲਕ ਪ੍ਰਭੂ ਨੂੰ ਤੂੰ ਆਪਣੇ ਮਨ ਵਿੱਚ ਸਾਂਭ ਰੱਖ।

‘‘ਕਹੁ (ਹੁਕਮੀ ਭਵਿਖ ਕਾਲ ਕਿਰਿਆ) ਨਾਨਕ  ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥’’ (ਸੋ ਪੁਰਖੁ, ਮਹਲਾ ੫/੧੨) ਹੇ ਨਾਨਕ   ! ਇਉਂ ਆਖ (ਕਿ ਹੇ ਪ੍ਰਭੂ   !) ਅਸੀਂ ਜੀਵ ਮੰਦ ਕਰਮੀ ਹਾਂ ਸ਼ਰਨ ਪਿਆਂ ਦੀ ਸਾਡੀ ਲਾਜ ਰੱਖ।

‘‘ਗੁਰ ਕੀ ਚਰਣੀ ਲਗਿ ਰਹੁ (ਰਹ) ਵਿਚਹੁ ਆਪੁ ਗਵਾਇ ॥’’ (ਮਹਲਾ ੧/੬੧) (ਇਸ ਵਾਸਤੇ, ਹੇ ਭਾਈ  !) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ

‘‘ਮਨ ਮੇਰੇ  ਗਹੁ (ਗਹ = ਫੜ) ਹਰਿ ਨਾਮ ਕਾ ਓਲਾ ॥’’ (ਮਹਲਾ ੫/੧੭੯) ਹੇ ਮੇਰੇ ਮਨ   ! ਪ੍ਰਮਾਤਮਾ ਦੇ ਨਾਮ ਦਾ ਆਸਰਾ ਫੜ।

ਨੋਟ : ਜਿਵੇਂ ਇੱਕ ਵਚਨ ਹੁਕਮੀ ਭਵਿਖ ਕਾਲ ਦੀ ਕਿਰਿਆ ‘ਬੀਚਾਰੁ, ਚਲੁ, ਲਿਖੁ, ਰਖੁ’ ਆਦਿ ਦੇ ਅੰਤਲੇ ਅੱਖਰ ਨੂੰ ਲੱਗੀ ਔਂਕੜ ਦਾ ਉਚਾਰਨ ਨਹੀਂ ਕੀਤਾ ਜਾਦਾ ਉਸੇ ਤਰ੍ਹਾਂ ਕਹੁ, ਰਹੁ, ਗਹੁ ਆਦਿ ਦੇ ਅੰਤਲੇ ‘ਹੁ’ ਨੂੰ ਲੱਗੀ ਔਂਕੜ ਇੱਕ ਵਚਨ ਹੁਕਮੀ ਭਵਿਖ ਕਾਲ ਕਿਰਿਆ ਦੀ ਸੂਚਕ ਹੈ, ਜੋ ਉਚਾਰਨ ਦਾ ਹਿੱਸਾ ਨਹੀਂ, ਕੇਵਲ ਅਰਥ ਸਮਝਣ ਲਈ ਹੈ। ਇਨ੍ਹਾਂ ਸਾਰੇ ਵਾਕਾਂ ਦੇ ਅਰਥ ਕਰਨ ਲਈ ਇੱਕ ਵਚਨ ਨੂੰ ਸੰਬੋਧਨ ਕਰਨਾ ਲਾਜ਼ਮੀ ਹੈ; ਜਿਵੇਂ ਕਿ ‘ਹੇ ਪ੍ਰਭ  ! ਜਾਂ ਹੇ ਮਨ  ! ਜਾਂ ਹੈ ਭਾਈ  !’ ਆਦਿ ਇਸ ਲਈ ਹੀ ਇਸ ਨੂੰ ਇੱਕ ਵਚਨ ਹੁਕਮੀ ਭਵਿੱਖ ਕਾਲ ਕਿਰਿਆ ਕਿਹਾ ਹੈ।

(6). ਕੁਝ ਕੁ ਇੱਕ ਵਚਨ ਹੁਕਮੀ ਭਵਿਖ ਕਾਲ ਕਿਰਿਆ ਦੇ ਅੰਤ ’ਚ ਔਂਕੜ ਦੀ ਥਾਂ ਸਿਹਾਰੀ ਹੁੰਦੀ ਹੈ; ਜਿਵੇਂ ਕਿ ‘‘ਸੁਣਿ ਮਨ ਮਿਤ੍ਰ ਪਿਆਰਿਆ  ! ਮਿਲੁ ਵੇਲਾ ਹੈ ਏਹ ॥’’ (ਮਹਲਾ ੧/੨੦) ਇਸ ਵਾਕ ਵਿੱਚ ‘ਸੁਣਿ’ (ਅੰਤ ਸਿਹਾਰੀ) ਅਤੇ ‘ਮਿਲੁ’ (ਅੰਤ ਔਂਕੜ) ਦੋਵੇਂ ਹੀ ਇੱਕ ਵਚਨ ਹੁਕਮੀ ਭਵਿਖ ਕਾਲ ਕਿਰਿਆਵਾਂ ਹਨ ਤੇ ਅਰਥ ਹੈ ‘ਤੂੰ ਸੁਣ, ਤੂੰ ਮਿਲ’।

(7). ਕਿਰਿਆਵਾਚੀ ਸ਼ਬਦਾਂ ਦੇ ਧਾਤੂ (ਜੋ ਕਿ ਕਿਰਿਆ ਦਾ ਸਭ ਤੋਂ ਛੋਟਾ ਰੂਪ ਹੁੰਦੈ; ਜਿਵੇਂ ‘ਚਲਿਆ’ ਤੇ ‘ਚਲਾਇਆ’ ਦਾ ‘ਚਲ’) ਅੱਖਰਾਂ ਦੇ ਪਿਛਲੇ ਅੱਖਰ ਨੂੰ ਲੱਗੀ ਸਿਹਾਰੀ ਕਿਰਿਆ ਵਿਸ਼ੇਸ਼ਣ (ਵਰਤਮਾਨ ਕਿਰਦੰਤ) ਦੇ ਅਰਥ ਦਿੰਦੀ ਹੈ; ਜਿਵੇਂ ‘‘ਹਉ ਆਇਆ ਦੂਰਹੁ ਚਲਿ ਕੈ; ਮੈ ਤਕੀ ਤਉ ਸਰਣਾਇ ਜੀਉ ॥’’ (ਮਹਲਾ ੧/੭੬੩) ਹੇ ਮਾਲਕ  ! ਮੈਂ (ਚੌਰਾਸੀ ਲੱਖ ਜੂਨਾਂ ਦੇ) ਦੂਰ ਦੇ ਪੈਂਡੇ ਤੋਂ ਚੱਲ ਕੇ (ਮਨੁੱਖ ਜੂਨੀ ’ਚ) ਆਇਆ ਹਾਂ, ਹੁਣ ਮੈਂ ਤੇਰਾ ਆਸਰਾ ਤੱਕਿਆ ਹੈ।

‘‘ਸੁਣਿ; ਵਡਾ ਆਖੈ ਸਭੁ ਕੋਇ ॥ (ਸੋ ਦਰੁ/ਮਹਲਾ ੧/੯)

ਸੁਨਿ; ਅੰਧਾ ਕੈਸੇ ਮਾਰਗੁ ਪਾਵੈ  ?॥ (ਸੁਖਮਨੀ/ਮਹਲਾ ੫/੨੬੭)

ਉਕਤ ਵਾਕਾਂ ’ਚ ‘ਚਲਿ, ਸੁਣਿ, ਸੁਨਿ’ (ਕਿਰਿਆ ਵਿਸ਼ੇਸ਼ਣ) ਦਾ ਅਰਥ ਹੈ ‘ਚੱਲ ਕੇ, ਸੁਣ ਕੇ, ਸੁਨ ਕੇ’। ਐਸੇ ਵਾਕਾਂ ਦੀ ਪਛਾਣ ਇਹ ਹੁੰਦੀ ਹੈ ਕਿ ਇਨ੍ਹਾਂ ਵਿੱਚ ਮੂਲ ਕਿਰਿਆ ਕੋਈ ਹੋਰ ਸ਼ਬਦ ਜ਼ਰੂਰ ਹੁੰਦਾ ਹੈ; ਜਿਵੇਂ ਕਿ ‘ਚਲਿ’ ਵਾਲ਼ੇ ਵਾਕ ’ਚ ‘ਆਇਆ’।  ‘ਸੁਣਿ’ ਵਾਲ਼ੇ ਵਾਕ ’ਚ ‘ਆਖੈ’ ਅਤੇ ‘ਸੁਨਿ’ ਵਾਲ਼ੇ ਵਾਕ ਵਿੱਚ ‘ਪਾਵੈ’ ਮੂਲ ਕਿਰਿਆ ਹੈ, ਜੋ ਕਿ ਇੱਕ ਵਚਨ ਹੁਕਮੀ ਭਵਿਖ ਕਾਲ ਕਿਰਿਆ ਵਾਲ਼ੇ ਵਾਕ ਵਿੱਚ ਨਹੀਂ ਹੁੰਦੀਆਂ ਕਿਉਂਕਿ ਉਹ, ਖ਼ੁਦ ਦੀ ਮੂਲ ਕਿਰਿਆ ਹੁੰਦੀ ਹੈ।

(8). ਇੱਕ ਵਚਨ ਪੁਲਿੰਗ ਨਾਂਵ, ਜਿਸ ਦੇ ਅੰਤ ’ਚ ਔਂਕੜ ਹੋਣਾ ਚਾਹੀਦਾ ਹੈ, ਉਸ ਦਾ ‘ਕਰਣ ਕਾਰਕ’ ਰੂਪ ਅੰਤ ਸਿਹਾਰੀ ਹੁੰਦਾ ਹੈ। ਇਸ ਅੰਤ ਸਿਹਾਰੀ ’ਚੋਂ ਅਰਥ ਮਿਲਦਾ ਹੈ ‘ਨਾਲ਼, ਰਾਹੀਂ, ਦੁਆਰਾ’ ; ਜਿਵੇਂ ਕਿ ‘‘ਨਾਨਕ   ! ਬੇੜੀ ਸਚ ਕੀ, ਤਰੀਐ ਗੁਰ ਵੀਚਾਰਿ (ਨਾਲ਼ਂ)॥’’ (ਮਹਲਾ ੧/੨੦) ਹੇ ਨਾਨਕ   ! ਜੇ ਗੁਰੂ ਦੀ ਦੱਸੀ ਵਿਚਾਰ ਰਾਹੀਂ ਜਾਂ ਵਿਚਾਰ ਦੁਆਰਾ ਭਾਵ ਸਿੱਖਿਆ ’ਤੇ ਚੱਲ ਕੇ ਸੱਚ ਦੀ ਬੇੜੀ ਬਣਾ ਲਈਏ ਤਾਂ ਇਹ ਅਥਾਹ ਸੰਸਾਰ ਸਮੁੰਦਰ ਸੁਖਾਲਾ ਹੀ ਤਰਿਆ ਜਾ ਸਕਦਾ ਹੈ।

(9). ਇੱਕ ਵਚਨ ਪੁਲਿੰਗ ਨਾਂਵ ਦੇ ਕਰਤਾ ਕਾਰਕ ਰੂਪ ਨੂੰ ਵੀ ਅੰਤ ਸਿਹਾਰੀ ਹੁੰਦੀ ਹੈ, ਜਿਸ ਵਿੱਚੋਂ ਅਰਥ ਮਿਲਦਾ ਹੈ ‘ਨੇ’; ਜਿਵੇਂ ਕਿ ‘‘ਨਾਨਕਿ (ਨੇ) ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ ॥’’ (ਬਲਵੰਡ ਸਤਾ/੯੬੬) ਨਾਨਕ ਨੇ ਸੱਚ ਰੂਪ ਕਿਲ੍ਹਾ ਬਣਾ ਕੇ, ਮਜ਼ਬੂਤ ਨੀਂਵ ਰੱਖ ਕੇ ਧਰਮ ਦਾ ਰਾਜ ਸਥਾਪਿਤ ਕੀਤਾ।

ਕੁੱਝ ਹੋਰ ਉਦਾਹਰਨਾਂ : ‘‘ਬਾਹ ਪਕੜਿ (ਕੇ/ਕਿਰਿਆ ਵਿਸ਼ੇਸ਼ਣ) ਗੁਰਿ (ਨੇ/ਕਰਤਾ ਕਾਰਕ) ਕਾਢਿਆ;  ਸੋਈ ਉਤਰਿਆ ਪਾਰਿ ॥’’ (ਮਹਲਾ ੫/੪੪)

‘‘ਕਬੀਰਿ (ਨੇ/ਕਰਤਾ ਕਾਰਕ) ਧਿਆਇਓ ਏਕ ਰੰਗ ॥’’ (ਮਹਲਾ ੫/੧੧੯੨) ਕਬੀਰ ਨੇ ਇਕ-ਰਸ ਪਿਆਰ ਵਿੱਚ ਟਿਕ ਕੇ ਪਰਮਾਤਮਾ ਨੂੰ ਯਾਦ ਕੀਤਾ।

ਉਪਰੋਕਤ ਵੀਚਾਰ ਤੋਂ ਸਿੱਟਾ ਇਹੀ ਨਿਕਲਦਾ ਹੈ ਕਿ ‘ਨਾਨਕੁ, ਨਾਨਕ ਤੇ ਨਾਨਕਿ’ ਭਾਵੇਂ ਕਿਸੇ ਵੀ ਰੂਪ ’ਚ ਲਿਖੇ ਹੋਣ ਉਚਾਰਨ ਸਾਰਿਆਂ ਦਾ ਇੱਕੋ ਹੀ ਹੋਵੇਗਾ = ਨਾਨਕ । ‘ਕਬੀਰੁ, ਕਬੀਰ ਤੇ ਕਬੀਰਿ’ ਭਾਵੇਂ ਕਿਸੇ ਵੀ ਰੂਪ ’ਚ ਲਿਖੇ ਹੋਣ ਉਚਾਰਨ ਹਰ ਵਾਰ ਹੋਵੇਗਾ = ਕਬੀਰ। ‘ਗੁਰੁ, ਗੁਰ ਅਤੇ ਗੁਰਿ’ ਭਾਵੇਂ ਕਿਸੇ ਵੀ ਰੂਪ ’ਚ ਲਿਖੇ ਹੋਣ ਉਚਾਰਨ ਹਰ ਵਾਰ ਇੱਕ ਹੀ ਹੋਵੇਗਾ = ਗੁਰ। ਇਸੇ ਤਰ੍ਹਾਂ ‘ਰਾਹੁ, ਰਾਹ ਤੇ ਰਾਹਿ’ ਦਾ ਇੱਕੋ ਹੀ ੳਚਾਰਨ ਹੋਵੇਗਾ ‘ਰਾਹ’। ਰਾਹੁ ਨੂੰ ਰਾਹੋ ਅਤੇ ਰਾਹਿ ਨੂੰ ਰਾਹੇ ਉਚਾਰਨਾ ਓਨਾ ਹੀ ਗਲਤ ਹੈ ਜਿੰਨਾ ਕਿ ਨਾਨਕੁ ਨੂੰ ਨਾਨਕੋ ਅਤੇ ਨਾਨਕਿ ਨੂੰ ਨਾਨਕੇ ਉਚਾਰਨ ਕਰਨਾ ਜਾਂ ਕਬੀਰੁ ਨੂੰ ਕਬੀਰੋ ਅਤੇ ਕਬੀਰਿ ਨੂੰ ਕਬੀਰੇ ਉਚਾਰਨ ਕਰਨਾ ਜਾਂ ਗੁਰੁ ਨੂੰ ਗੁਰੋ ਅਤੇ ਗੁਰਿ ਨੂੰ ਗੁਰੇ ਉਚਾਰਨਾ। ਜਿਵੇਂ ਨਾਨਕੁ, ਕਬੀਰੁ ਤੇ ਗੁਰੁ ਇੱਕ ਵਚਨ ਪੁਲਿੰਗ ਨਾਂਵ ਹਨ ਉਸੇ ਤਰ੍ਹਾਂ ‘ਰਾਹੁ’ ਵੀ ਇਕ ਵਚਨ ਪੁਲਿੰਗ ਨਾਂਵ ਹੈ। ਅਰਥ ਹੈ ‘ਰਸਤਾ, ਮਾਰਗ’; ਜਿਵੇਂ ਕਿ ‘‘ਸੁਣਿਐ ਅੰਧੇ ਪਾਵਹਿ ਰਾਹੁ (ਰਸਤਾ) ॥’’ (ਜਪੁ, ਮਹਲਾ ੧/੩) ਅਰਥ : (ਨਾਮ) ਸੁਣਨ ਦੀ ਬਰਕਤਿ ਨਾਲ ਅੰਨ੍ਹੇ ਭਾਵ ਗਿਆਨ-ਹੀਣ ਮਨੁੱਖ ਭੀ (ਅਕਾਲ ਪੁਰਖ ਨੂੰ ਮਿਲਣ ਦਾ) ਰਾਹ ਲੱਭ ਲੈਂਦੇ ਹਨ, ਸਹੀ ਮਾਰਗ ਪਾ ਲੈਂਦੇ ਹਨ।

ਇਸ ਅਗਲੇ ਵਾਕ ’ਚ ‘ਰਾਹ’ (ਅੰਤ ਮੁਕਤ) ਹੈ, ਇਸ ਲਈ ਅਰਥ ਹੈ ‘ਬਹੁਤੇ ਰਸਤੇ’ ਯਾਨੀ ਬਹੁ ਵਚਨ ‘‘ਰਾਹ ਦੋਵੈ  ਇਕੁ ਜਾਣੈ  ਸੋਈ ਸਿਝਸੀ ॥’’ (ਮਹਲਾ ੧/੧੪੨) ਅਰਥ : (ਮਨੁੱਖਾ ਜੀਵਨ ਦੇ) ਦੋ ਰਸਤੇ ਹਨ (ਮਾਇਆ ਤੇ ਨਾਮ ਵਾਲ਼ਾ) ਉਹੀ ਕਾਮਯਾਬ ਹੁੰਦਾ ਹੈ, ਜੋ (ਦੋਹਾਂ ਰਸਤਿਆਂ ਵਿਚੋਂ ਇੱਕ ਯਾਨੀ) ਇਕ ਪਰਮਾਤਮਾ ਨੂੰ ਚੇਤੇ ਰੱਖਦਾ ਹੈ।

ਇਸੇ ਤਰ੍ਹਾਂ ‘‘ਗੰਢੇਦਿਆਂ ਛਿਅ ਮਾਹ (ਬਹੁ ਵਚਨ, ਮਹੀਨੇ) ਤੁੜੰਦਿਆ ਹਿਕੁ ਖਿਨੋ ॥’’  (ਭਗਤ ਫਰੀਦ ਜੀ/੪੮੮)

‘‘ਮਾਹੁ (ਇੱਕ ਵਚਨ, ਮਹੀਨਾ) ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥’’ (ਮਹਲਾ ੧/੧੧੦੮) ਇਸ ਤੁਕ ’ਚ ਜਿਵੇਂ ‘ਜੇਠੁ’ ਅਤੇ ‘ਪ੍ਰੀਤਮੁ’ ਦੇ ਮਗਰਲੇ ਅੱਖਰਾਂ ਨੂੰ ਲੱਗੀ ਔਂਕੜ ਦਾ ਉਚਾਰਨ ਨਹੀਂ ਕੀਤਾ ਜਾਂਦਾ ਉਸੇ ਤਰ੍ਹਾਂ ‘ਮਾਹੁ’ ਦਾ ਉਚਾਰਨ ਵੀ ਬਿਨਾਂ ਔਂਕੜ ਹੋਵੇਗਾ ‘ਮਾਹ’। ‘ਮਾਹੋ’ ਅਸ਼ੁੱਧ ਪਾਠ ਹੈ।

‘‘ਸਜਣੁ ਸਚਾ ਪਾਤਿਸਾਹੁ (ਇੱਕ ਵਚਨ, ਪਾਤਸ਼ਾਹ) ਸਿਰਿ ਸਾਹਾਂ ਦੈ ਸਾਹੁ (ਇੱਕ ਵਚਨ, ਸ਼ਾਹ)॥’’ (ਮਹਲਾ ੫/੧੪੨੬) ਇਨ੍ਹਾਂ ਦਾ ‘ਪਾਤਸਾਹੋ’ ਅਤੇ ‘ਸਾਹੋ’ ਪਾਠ ਕੀਤਾ ਜਾਣਾ ਅਸ਼ੁੱਧ ਹੈ।

‘‘ਵਾਹੁ ਵਾਹੁ ਬਾਣੀ ਸਚੁ ਹੈ, ਸਚਿ ਮਿਲਾਵਾ ਹੋਇ ॥’’ (ਮਹਲਾ ੩/੫੧੪)  ‘ਵਾਹੁ ਵਾਹੁ’ ਇੱਕ ਵਚਨ ਹੋਣ ਕਰਕੇ ਸਹੀ ਉਚਾਰਨ ਹੈ ‘ਵਾਹ, ਵਾਹ’, ਇਸ ਦਾ ‘ਵਾਹੋ ਵਾਹੋ’ ਉਚਾਰਨ ਕੀਤੇ ਜਾਣਾ ਅਸ਼ੁੱਧ ਹੈ।

‘‘ਭੰਡਿ ਜੰਮੀਐ  ਭੰਡਿ ਨਿੰਮੀਐ  ਭੰਡਿ ਮੰਗਣੁ ਵੀਆਹੁ ॥’’ (ਆਸਾ ਕੀ ਵਾਰ, ਮਹਲਾ ੧/੪੭੩) ਆਦਮੀ ਇਸਤਰੀ ਦੇ ਅੰਦਰ ਨਿਪਜਦਾ ਹੈ ਅਤੇ ਇਸਤਰੀ ਤੋਂ ਹੀ ਪੈਦਾ ਹੁੰਦਾ ਹੈ। ਇਸਤਰੀ ਨਾਲ ਹੀ ਉਸ ਦਾ ਮੰਗਣਾ ਅਤੇ ਵਿਆਹ ਹੁੰਦਾ ਹੈ। (ਜਿਵੇਂ ‘ਮੰਗਣੁ’ ਇਕ ਵਚਨ ਨਾਂਵ ਹੈ ਓਵੇਂ ‘ਵੀਆਹੁ’ ਦੇ ਅੰਤਲੇ ਅੱਖਰ ‘ਹ’ ਨੂੰ ਲੱਗੀ ਔਂਕੜ ਇਕ ਵਚਨ ਨਾਂਵ ਦੀ ਸੂਚਕ ਹੈ ਤਾਂ ਤੇ ਉਚਾਰਨ  ਬਿਨਾਂ ਔਂਕੜ ‘ਵੀਆਹ’ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ‘ਵੀਆਹੋ’। 

(10). ਜਦੋਂ ਨਾਂਵ ਅਤੇ ਕਿਰਿਆ ਸ਼ਬਦਾਂ ਦੇ ਅਸਲ ਸਰੂਪ ਨਾਲ਼ ਕਾਵਿਕ ਪੱਖੋਂ ਇੱਕ ਫਾਲਤੂ ‘ਹ’ ਸ੍ਵਰ ਦੇ ਤੌਰ ’ਤੇ ਲਗਾ ਕੇ ਉਸ ਨੂੰ ਔਂਕੜ ਲਗਾਈ ਜਾਵੇ ਤਾਂ ਇਹ ਸ਼ਬਦ ਬਹੁ ਵਚਨ ਸੰਬੋਧਨ ਕਾਰਕ ਜਾਂ ਇਕ ਵਚਨ ਅਪਾਦਾਨ ਕਾਰਕ ਹੁੰਦਾ ਹੈ ਅਤੇ ਜੇ ਸ਼ਬਦ ਕਿਰਿਆ ਹੋਵੇ ਤਾਂ ਬਹੁ ਵਚਨ ਦੀ ਕਿਰਿਆ ਬਣ ਜਾਂਦੀ ਹੈ। ਇਨ੍ਹਾਂ ਲਗਾਂ ਦਾ ਉਚਾਰਨ ਕੀਤਾ ਜਾਂਦਾ ਹੈ। ਜੇ ਸ਼ਬਦ ਬਹੁ ਵਚਨ ਦੀ ਕਿਰਿਆ ਜਾਂ ਸੰਬੋਧਨ ਰੂਪ ’ਚ ਨਾਂਵ ਹੋਵੇ ਤਾਂ ਔਂਕੜ ਦਾ ਉਚਾਰਨ ਬਿਨਾਂ ਬਿੰਦੀ ਤੋਂ ਹੋੜੇ ਵਾਙ ਕੀਤਾ ਜਾਂਦਾ ਹੈ, ਪਰ ਜੇ ਨਾਂਵ ਅਪਾਦਾਨ ਕਾਰਕ ਹੋਵੇ ਤਾਂ ਬਿੰਦੀ ਸਮੇਤ ਹੋੜੇ ਵਾਙ ਉਚਾਰਨਾ ਸਹੀ ਹੈ; ਜਿਵੇਂ ਕਿ :

 ‘‘ਸੁਖਹੁ (ਅਪਾਦਾਨ ਕਾਰਕ, ਸੁਖ ਤੋਂ, ਸੁਖੋਂ) ਉਠੇ ਰੋਗ ਪਾਪ ਕਮਾਇਆ ॥ ਹਰਖਹੁ (ਅਪਾਦਾਨ ਕਾਰਕ, ਖੁਸ਼ੀ ਤੋਂ, ਹਰਖੋਂ) ਸੋਗੁ ਵਿਜੋਗੁ ਉਪਾਇ ਖਪਾਇਆ ॥’’ (ਮਹਲਾ ੧/੧੩੯) ਅਰਥ : ਪਾਪ ਕਮਾਉਣ ਦੇ ਕਾਰਨ (ਭੋਗਾਂ) ਦੇ ਸੁਖ ਤੋਂ ਰੋਗ ਪੈਦਾ ਹੁੰਦੇ ਹਨ। (ਭੋਗਾਂ ਦੀ ਖ਼ੁਸ਼ੀ ਤੋਂ) ਚਿੰਤਾ ਅਤੇ (ਅੰਤ ਨੂੰ) ਵਿਛੋੜਾ ਪੈਦਾ ਹੁੰਦਾ ਹੈ ਅਤੇ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ।

‘‘ਹਉ ਆਇਆ ਦੂਰਹੁ (ਅਪਾਦਾਨ ਕਾਰਕ, ਦੂਰ (84 ਲੱਖ ਜੂਨ) ਤੋਂ, ਦੂਰਹੋਂ) ਚਲਿ ਕੈ  ਮੈ ਤਕੀ ਤਉ ਸਰਣਾਇ ਜੀਉ ॥’’ (ਮਹਲਾ ੧/੭੬੩)

‘‘ਪੰਥਿ ਸੁਹੇਲੈ ਜਾਵਹੁ (ਬਹੁ ਵਚਨ, ਹੁਕਮੀ ਭਵਿਖ ਕਾਲ ਕਿਰਿਆ, ਉਚਾਰਨ ਹੈ ‘ਜਾਵੋ’) ਤਾਂ ਫਲੁ ਪਾਵਹੁ (ਬਹੁ ਵਚਨ, ਹੁਕਮੀ ਭਵਿਖ ਕਾਲ ਕਿਰਿਆ,  ਪਾਵੋ) ਆਗੈ ਮਿਲੈ ਵਡਾਈ ॥’’ (ਮਹਲਾ ੧/੫੭੯)  

‘‘ਆਵਹੁ (ਬਹੁ ਵਚਨ, ਹੁਕਮੀ ਭਵਿਖ ਕਾਲ ਕਿਰਿਆ, ਆਵੋ) ਸਿਖ ਸਤਿਗੁਰੂ ਕੇ ਪਿਆਰਿਹੋ  ! ਗਾਵਹੁ (ਬਹੁ ਵਚਨ, ਹੁਕਮੀ ਭਵਿਖ ਕਾਲ ਕਿਰਿਆ, ਗਾਵੋ) ਸਚੀ ਬਾਣੀ ॥’’ (ਰਾਮਕਲੀ ਅਨੰਦ, ਮਹਲਾ ੩/੯੨੦) ਹੇ ਸਤਿਗੁਰੂ ਦੇ ਪਿਆਰੇ ਸਿੱਖੋ  ! ਆਵੋ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੋੜਨ ਵਾਲੀ ਬਾਣੀ (ਰਲ ਕੇ) ਗਾਵੋ।

‘‘ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ (ਬਹੁ ਵਚਨ, ਹੁਕਮੀ ਭਵਿਖ ਕਾਲ ਕਿਰਿਆ,  ਜਾਣੋ) ਗੁਰਸਿਖਹੁ (ਬਹੁ ਵਚਨ ਨਾਂਵ, ਸੰਬੋਧਨ ਰੂਪ, ਗੁਰਸਿਖੋ) ਹਰਿ ਕਰਤਾ ਆਪਿ ਮੁਹਹੁ (ਅਪਾਦਾਨ ਕਾਰਕ ਨਾਂਵ, ਮੁਹੋਂ) ਕਢਾਏ ॥’’ (ਮਹਲਾ ੪/੩੦੮)

(11). ਇੱਕ ਵਚਨ ਪੁਲਿੰਗ ਨਾਂਵ, ਜੋ ਅੰਤ ਔਂਕੜ ਹੋਣਾ ਚਾਹੀਦਾ ਹੈ, ਪਰ ਅਧਿਕਰਣ ਕਾਰਕ ’ਚ ਅੰਤ ਸਿਹਾਰੀ ਹੁੰਦਾ ਹੈ। ਇਸ ਅੰਤ ਸਿਹਾਰੀ ਵਿੱਚੋਂ ‘ਵਿੱਚ’ ਅਰਥ ਮਿਲਦੇ ਹਨ; ਜਿਵੇਂ ਕਿ ‘‘ਏਤੁ ਰਾਹਿ (ਰਾਹ ਵਿੱਚ) ਪਤਿ ਪਵੜੀਆ; ਚੜੀਐ ਹੋਇ ਇਕੀਸ ॥’’ (ਜਪੁ, ਮਹਲਾ ੧/੭) ਅਰਥ : (ਪਰਮਾਤਮਾ ਨਾਲੋਂ ਦੂਰੀ ਮਿਟਾਉਣ ਵਾਲ਼ੇ) ਇਸ ਰਸਤੇ ਵਿੱਚ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਮਿਟਾ ਕੇ ਹੀ ਚੜ੍ਹੀਦਾ ਹੈ।

‘‘ਅਤਿ ਪਿਆਰਾ ਪਵੈ ਖੂਹਿ (ਖੂਹ ਵਿੱਚ) ਕਿਹੁ ਸੰਜਮੁ ਕਰਣਾ ॥’’ (ਮਹਲਾ ੩/੯੫੩) ਅਰਥ : ਮਾਇਆ ਨਾਲ ਬਹੁਤਾ ਪਿਆਰ ਕਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਖੂਹ ਵਿੱਚ ਡਿੱਗਾ ਪੈਂਦਾ ਹੈ। ਉਸ ਦੇ ਬਚਾਅ ਨੂੰ ਕਿਹੜਾ ਉੱਦਮ ਕੀਤਾ ਜਾ ਸਕਦਾ ਹੈ ?

‘‘ਜਜਿ ਕਾਜਿ ਵੀਆਹਿ (ਵੀਆਹ ਵਿੱਚ) ਸੁਹਾਵੈ; ਓਥੈ ਮਾਸੁ ਸਮਾਣਾ ॥’’ (ਮਹਲਾ ੧/੧੨੯੦) ਅਰਥਜੱਗ ਵਿਚ, ਵਿਆਹ ਆਦਿਕ ਕਾਰਜ ਵਿਚ (ਮਾਸ ਦੀ ਵਰਤੋਂ) ਪ੍ਰਧਾਨ ਹੈ, ਉਹਨੀਂ ਥਾਈਂ ਮਾਸ ਵਰਤਿਆ ਜਾਂਦਾ ਹੈ। ਸੋ ਜਿਵੇਂ ‘ਜਜਿ’ ਅਤੇ ਕਾਜਿ’ ਅਧਿਕਰਨ ਕਾਰਕ ਹਨ ਇਨ੍ਹਾਂ ਦੇ ਅੰਤਲੇ ਅੱਖਰ ‘ਜ’ ਨੂੰ ਲੱਗੀ ਸਿਹਾਰੀ ਦਾ ਉਚਾਰਨ ਨਹੀਂ ਕੀਤਾ ਜਾਂਦਾ ਉਸੇ ਤਰ੍ਹਾਂ ‘ਵੀਆਹਿ’ ਵੀ ਅਧਿਕਰਣ ਕਾਰਕ ਹੈ, ਜਿਸ ਦੇ ਅੰਤਲੇ ਅੱਖਰ ‘ਹ’ ਨੂੰ ਲੱਗੀ ਸਿਹਾਰੀ ਦਾ ਉਚਾਰਨ ਨਹੀਂ ਹੋਣਾ ਚਾਹੀਦਾ। ਸਹੀ ਉਚਾਰਨ ਹੋਵੇਗਾ ਬਿਨਾਂ ਸਿਹਾਰੀ ਤੋਂ ‘ਵੀਆਹ’।

ਸਿੱਟਾ : (ੳ). ਰਾਹੁ, ਮਾਹੁ, ਵੀਆਹੁ, ਸਾਹੁ, ਪਾਤਸਾਹੁ, ਅਲਹੁ, ਕਹੁ, ਰਹੁ, ਗਹੁ ਆਦਿਕ ਸ਼ਬਦ ਇੱਕ ਵਚਨ ਨਾਂਵ ਜਾਂ ਹੁਕਮੀ ਭਵਿਖ ਕਾਲ ਕਿਰਿਆ ਹਨ, ਜਿਨ੍ਹਾਂ ਦਾ ਅੰਤਲਾ ਅੱਖਰ ‘ਹ’ ਸ਼ਬਦ ਦਾ ਮੂਲ ਅੱਖਰ ਹੈ ਭਾਵ ‘ਹ’ ਤੋਂ ਬਿਨਾਂ ਸ਼ਬਦ ਅਧੂਰਾ ਹੈ ਤੇ ਇਸ ਬਿਨਾਂ ਸ਼ਬਦ ਦਾ ਕੋਈ ਅਰਥ ਨਹੀਂ ਬਣਦਾ। ਇਸ ‘ਹੁ’ ਨੂੰ ਲੱਗੀ ਔਂਕੜ ਵਿਆਕਰਣਿਕ ਤੌਰ ’ਤੇ ਅਰਥ ਸਮਝਣ ਲਈ ਹੈ, ਨਾ ਕਿ ਉਚਾਰਨ ਲਈ ਜਦਕਿ ਆਮ ਵੇਖਣ ਨੂੰ ਮਿਲਦਾ ਹੈ ਕਿ ਬਹੁਤੀ ਸੰਗਤ ਇਨ੍ਹਾਂ ਦਾ ਉਚਾਰਨ ਕਰਨ ਤੋਂ ਰਹਿ ਨਹੀਂ ਸਕਦੀ।

(ਅ). ਬਹੁ ਬਚਨ ਨਾਂਵ, ਜੋ ਸੰਬੋਧਨ ਰੂਪ ’ਚ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਮਗਰ ਵਾਧੂ ‘ਹੁ’ ਔਂਕੜ ਸਹਿਤ ਹੁੰਦਾ ਹੈ। ਉਨ੍ਹਾਂ ਦਾ ਉਚਾਰਨ ਬਿਨਾਂ ਬਿੰਦੀ ਤੋਂ ਹੋੜੇ ਵਾਙ ਕਰਨਾ ਚਾਹੀਦਾ ਹੈ; ਜਿਵੇਂ ਕਿ ‘ਗੁਰਸਿਖਹੁ’ ਨੂੰ ‘ਗੁਰਸਿੱਖੋ’  !

(ੲ). ਕਿਰਿਆਵਾਚੀ ਸ਼ਬਦਾਂ ਦੇ ਅੰਤ ’ਚ ਵਾਧੂ ‘ਹੁ’ (ਅੰਤ ਔਂਕੜ) ਹੋਵੇ ਤਾਂ ਇਹ ਬਹੁ ਵਚਨ ਹੁਕਮੀ ਭਵਿਖ ਕਾਲ ਕਿਰਿਆ ਦਾ ਸੂਚਕ ਹੁੰਦਾ ਹੈ। ਇਸ ਔਂਕੜ ਦਾ ਉਚਾਰਨ ਬਿਨਾਂ ਬਿੰਦੀ ਤੋਂ ਪਹਿਲੇ ਅੱਖਰ ’ਤੇ ਹੋੜਾ ਲਗਾ ਕੇ ਕਰਨਾ ਹੈ; ਜਿਵੇਂ ਕਿ ਆਵਹੁ, ਗਾਵਹੁ, ਜਾਵਹੁ ਨੂੰ ਆਵੋ, ਗਾਵੋ, ਪਾਵੋ।

(ਸ). ਇੱਕ ਵਚਨ ਨਾਂਵ ਜਦ ਅਪਾਦਾਨ ਕਾਰਕ ਹੋਵੇ ਤੇ ਅੰਤ ’ਚ ਵਾਧੂ ‘ਹੁ’ (ਔਂਕੜ ਸਹਿਤ) ਹੋਵੇ ਤਾਂ ਉਚਾਰਨ ਬਿੰਦੀ ਸਹਿਤ ਹੋੜੇ ਵਾਙ ਹੋਏਗਾ; ਜਿਵੇਂ ਕਿ ਮੁਹਹੁ, ਸੁਖਹੁ, ਹਰਖਹੁ, ਧੁਰਹੁ ਨੂੰ ਮੁਹੋਂ, ਸੁਖੋਂ, ਹਰਖੋਂ, ਧੁਰੋਂ ਉਚਾਰਨਾ ਹੈ।

(ਹ). ਜਦ ਇੱਕ ਵਚਨ ਪੁਲਿੰਗ ਨਾਂਵ ‘ਹਿ’ (ਅੰਤ ਸਿਹਾਰੀ) ਹੋਵੇ ਤਾਂ ਇਹ ਅਧਿਕਰਣ ਕਾਰਕ ਵੀ ਹੁੰਦਾ ਹੈ; ਜਿਵੇਂ ਕਿ ‘ਰਾਹਿ’ = ਰਾਹ ਵਿੱਚ। ‘ਵੀਆਹਿ’= ਵੀਆਹ ਵਿਚ। ‘ਖੂਹਿ’ = ਖੂਹ ਵਿੱਚ। ਇਨ੍ਹਾਂ ਸ਼ਬਦਾਂ ਦੇ ਅੰਤ ’ਚ ਲੱਗੀ ਸਿਹਾਰੀ ਉਚਾਰਨ ਦਾ ਭਾਗ ਨਹੀਂ।