ਸਾਧ ਸੰਗਤ ਜੀ
ਪੰਚਮ ਪਾਤਸ਼ਾਹ ਦੇ ਉਪਦੇਸ਼ “ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ“ ਵਾਲੀ ਅਵਸਥਾ ਨੂੰ ਪ੍ਰਾਪਤ ਕਰਣ ਵਾਸਤੇ ਸਾਨੂੰ ਦੁਰਜਨ ਅਤੇ ਹਊਮੈ ਨੂੰ ਮਾਰਨਾ ਪਵੇਗਾ ॥ ਪੁਰਾ ੳਪਦੇਸ਼ ਸਮਝਣ ਵਾਸਤੇ ਇਸ ਵੀਡਿਓ ਨੂੰ ਗਹੁ ਨਾਲ ਸੁਣਨਾ ਜ਼ਰੂਰੀ ਹੈ, ਜੀ ॥
ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ
ਸੁਣਿ, ਵਡਾ ਆਖੈ ਸਭੁ ਕੋਇ ॥
ਸੁਣਿ, ਵਡਾ ਆਖੈ ਸਭੁ ਕੋਇ ॥
ਆਸਾ ਮਹਲਾ ੧ ॥ ਸੁਣਿ, ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ, ਡੀਠਾ ਹੋਇ ॥ ਕੀਮਤਿ ਪਾਇ; ਨ ਕਹਿਆ ਜਾਇ ॥ ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥ ਵਡੇ ਮੇਰੇ ਸਾਹਿਬਾ ! ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਇ ਨ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥ ਸਭਿ ਸੁਰਤੀ ਮਿਲਿ; ਸੁਰਤਿ ਕਮਾਈ ॥ ਸਭ ਕੀਮਤਿ ਮਿਲਿ; ਕੀਮਤਿ ਪਾਈ ॥ ਗਿਆਨੀ ਧਿਆਨੀ ਗੁਰ ਗੁਰਹਾਈ ॥ ਕਹਣੁ ਨ ਜਾਈ; ਤੇਰੀ ਤਿਲੁ ਵਡਿਆਈ ॥੨॥ ਸਭਿ ਸਤ ਸਭਿ ਤਪ; ਸਭਿ ਚੰਗਿਆਈਆ ॥ ਸਿਧਾ ਪੁਰਖਾ ਕੀਆ ਵਡਿਆਈਆ ॥ਤੁਧੁ ਵਿਣੁ; ਸਿਧੀ ਕਿਨੈ ਨ ਪਾਈਆ ॥ ਕਰਮਿ ਮਿਲੈ, ਨਾਹੀ ਠਾਕਿ ਰਹਾਈਆ ॥੩॥ਆਖਣ ਵਾਲਾ ਕਿਆ ਵੇਚਾਰਾ ॥ ਸਿਫਤੀ ਭਰੇ ਤੇਰੇ ਭੰਡਾਰਾ ॥ ਜਿਸੁ ਤੂ ਦੇਹਿ; ਤਿਸੈ ਕਿਆ ਚਾਰਾ ॥ ਨਾਨਕ ! ਸਚੁ ਸਵਾਰਣਹਾਰਾ ॥੪॥੨॥ (ਸੋ ਦਰੁ/ ਆਸਾ/ ਮਹਲਾ ੧/੯)
ਇਸ ਹਥਲੇ ਸ਼ਬਦ ਦੇ ਚਾਰ ਬੰਦ ਹਨ। ਇੱਕ ਰਹਾਉ ਦਾ ਪਦਾ ਹੈ। ‘ਸੋ ਦਰੁ’ ਸਿਰਲੇਖ ਹੇਠਾਂ ਇਹ ਦੂਜਾ ਸ਼ਬਦ ਹੈ। ਮਹਾਰਾਜ ਜੀ ਕਹਿੰਦੇ ਹਨ ‘ਰਹਾਉ’ ਦੀ ਤੁਕ ਤੋਂ ਅਸੀਂ ਸ਼ੁਰੂ ਕਰਦੇ ਹਾਂ। ਵਡੇ ਮੇਰੇ ਸਾਹਿਬਾ ! ਇਹ ਸੰਬੋਧਨ ਰੂਪ ਵਿੱਚ ਹੈ ‘ਹੇ ਮੇਰੇ ਵੱਡੇ ਸਾਹਿਬ ! ਹੇ ਮੇਰੇ ਬੇਅੰਤ ਪਿਤਾ ! ਹੇ ਮੇਰੇ ਗੁਣਾਂ ਦੇ ਮਾਲਕ ਵਾਹਿਗੁਰੂ !’ ਗਹਿਰ ਗੰਭੀਰਾ ਗੁਣੀ ਗਹੀਰਾ ਯਾਨੀ ਤੂੰ ਗੁਣਾਂ ਦਾ ਖ਼ਜ਼ਾਨਾ ਹੈਂ। ਗੁਣਾਂ ਦਾ ਮਾਲਕ ਹੈਂ। ਗੁਣਾਂ ਦਾ ਸ੍ਰੋਤ ਹੈਂ। ਤੂੰ ਅਥਾਹ ਗੰਭੀਰ ਹੈਂ। ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ਇਸ ਦਾ ਅਰਥ ਕੀਤਾ ਹੈ ਕਿ ਤੂੰ ਗੁਣਾਂ ਦਾ ਸਮੁੰਦਰ ਹੈਂ। ਇਸ ਦੁਨੀਆਂ ਵਿੱਚ ਸਭ ਤੋਂ ਗਹਿਰ ਅਤੇ ਗੰਭੀਰ ਚੀਜ਼ ਜੋ ਹੈ ਉਸ ਦੀ ਤੁਲਨਾ ਸਮੁੰਦਰ ਨਾਲ ਕੀਤੀ ਜਾਂਦੀ ਹੈ। ਤੂੰ ਗੁਣਾਂ ਦਾ ਸਮੁੰਦਰ ਹੈਂ, ਗੁਣਾਂ ਦਾ ਖ਼ਜ਼ਾਨਾ ਹੈਂ, ਗੁਣਾਂ ਦਾ ਸ੍ਰੋਤ ਹੈਂ। ‘‘ਕੋਇ ਨ ਜਾਣੈ; ਤੇਰਾ ਕੇਤਾ ਕੇਵਡੁ ਚੀਰਾ’’; ਚੀਰਾ ਦਾ ਅਰਥ ਹੁੰਦਾ ਹੈ ‘ਲੰਬਾਈ, ਚੌੜਾਈ, ਵਿਸਥਾਰ’ ਹੇ ਮਹਾਰਾਜ ਜੀ ! ਤੇਰੀ ਇਸ ਲੰਬਾਈ ਚੌੜਾਈ ਨੂੰ ਕੋਈ ਨਹੀਂ ਜਾਣ ਸਕਦਾ ਕਿ ਤੂੰ ਕਿੰਨਾ ਵੱਡਾ ਹੈਂ। ਪਾਵਨ ਵਚਨ ਹਨ ‘‘ਵਡੇ ਮੇਰੇ ਸਾਹਿਬਾ ! ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਇ ਨ ਜਾਣੈ, ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥’’
‘ਜਪੁ’ ਬਾਣੀ ਦੀ 24ਵੀਂ ਪਉੜੀ ਵਿੱਚ ਸਮਝਾਇਆ ਗਿਆ ਹੈ ਕਿ ਤੇਰੇ ਗੁਣਾਂ ਦਾ ਅੰਤ ਕਿਉਂ ਨਹੀਂ ਪਾਇਆ ਜਾ ਸਕਦਾ। ਗੁਰੂ ਮਹਾਰਾਜ ਜੀ ਕਹਿੰਦੇ ਹਨ ‘‘ਅੰਤੁ ਨ ਸਿਫਤੀ, ਕਹਣਿ ਨ ਅੰਤੁ ॥ ਅੰਤੁ ਨ ਕਰਣੈ; ਦੇਣਿ ਨ ਅੰਤੁ ॥ ਅੰਤੁ ਨ ਵੇਖਣਿ; ਸੁਣਣਿ ਨ ਅੰਤੁ ॥’’ ਯਾਨੀ ਤੈਨੂੰ ਸੁਣਨ ਵਿੱਚ, ਤੈਨੂੰ ਵੇਖਣ ਵਿੱਚ ਕੋਈ ਅੰਤ ਹੀ ਨਹੀਂ ਹੈ ‘‘ਅੰਤੁ ਨ ਜਾਪੈ; ਕਿਆ ਮਨਿ ਮੰਤੁ ?॥ ਅੰਤੁ ਨ ਜਾਪੈ; ਕੀਤਾ ਆਕਾਰੁ ॥੨੪॥’’, ਜਿਹੜਾ ਤੂੰ ਇਹ ਜਗਤ ਪਾਸਾਰ ਬਣਾਇਆ ਹੈ ਨਾ, ਜਿਹੜੀ ਤੂੰ ਆਪਣੀ ਕੁਦਰਤਿ ਪੈਦਾ ਕੀਤੀ ਹੈ ‘‘ਆਪੀਨ੍ੈ ਆਪੁ ਸਾਜਿਓ; ਆਪੀਨ੍ੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ॥’’ (ਆਸਾ ਕੀ ਵਾਰ/ ਮਹਲਾ ੧/੪੬੩) ਤੇਰੇ ਇਸ ਜਗਤ ਪਾਸਾਰੇ ਦਾ ਕਿਸੇ ਨੇ ਅੰਤ ਨਹੀਂ ਪਾਇਆ ਹੈ ‘‘ਅੰਤੁ ਨ ਜਾਪੈ ਪਾਰਾਵਾਰੁ ॥’’ ਪਾਰਾਵਾਰ ਦਾ ਅਰਥ ਹੁੰਦਾ ਹੈ ਜਿਸ ਦਾ ਉਰਲਾ ਅਤੇ ਪਰਲਾ ਕਿਨਾਰਾ ਨਾ ਲੱਭਿਆ ਜਾ ਸਕੇ ਯਾਨੀ ਤੇਰੇ ਗੁਣਾਂ ਦਾ ਉਰਲਾ ਪਰਲਾ ਕਿਨਾਰਾ ਨਹੀਂ ਮਿਲਦਾ। ਭਾਈ ਗੁਰਦਾਸ ਜੀ ਦੇ ਬਚਨ ਹਨ ‘‘ਬ੍ਰਹਮਾ ਬਿਸਨੁ ਮਹੇਸੁ; ਅੰਤੁ ਨ ਜਾਣਿਆ।’’ (ਭਾਈ ਗੁਰਦਾਸ ਜੀ/ਵਾਰ ੩ ਪਉੜੀ ੧)
‘‘ਅੰਤ ਕਾਰਣਿ; ਕੇਤੇ ਬਿਲਲਾਹਿ ॥’’ ਤੇਰਾ ਅੰਤ ਪਾਉਂਦੇ ਪਾਉਂਦੇ ਕਿੰਨੇ ਥੱਕ ਗਏ। ਅੰਤ ਕਿਉਂ ਨਹੀਂ ਪਾਇਆ ਜਾ ਸਕਦਾ ਕਿਉਂਕਿ ‘‘ਤਾ ਕੇ ਅੰਤ; ਨ ਪਾਏ ਜਾਹਿ ॥ ਏਹੁ ਅੰਤੁ; ਨ ਜਾਣੈ ਕੋਇ ॥ ਬਹੁਤਾ ਕਹੀਐ; ਬਹੁਤਾ ਹੋਇ ॥’’ ਜੈਸੇ ਜੈਸੇ ਉਸ ਦੇ ਗੁਣ ਗੁਰਸਿੱਖ ਗਾ ਕੇ ਉਸ ਵਿੱਚ ਲੀਨ ਹੁੰਦਾ ਹੈ। ਆਪਣੇ ਮਨ ਵਿੱਚ ਉਸ ਦੇ ਗੁਣਾਂ ਨੂੰ ਵਸਾਂਦਾ ਹੈ। ਉਸ ਦੇ ਬਚਨਾਂ ਨੂੰ ਘਾਲਦਾ ਹੈ ਅਤੇ ਉਸ ਦੇ ਗੁਣਾਂ ਨੂੰ ਆਪਣੇ ਕਰਮਾਂ ਵਿੱਚ ਲਿਆਉਂਦਾ ਹੈ ਵੈਸਾ ਵੈਸਾ ਉਸ ਮਾਲਕ ਨਾਲ਼ ਨੇੜਤਾ ਬਣਦੀ ਜਾਂਦੀ ਹੈ। ਫਿਰ ਉਸ ਨੂੰ ‘‘ਬਹੁਤਾ ਕਹੀਐ; ਬਹੁਤਾ ਹੋਇ ॥’’ ਯਾਨੀ ਉਸ ਨੂੰ ਬਹੁਤ ਵੱਡਾ ਕਹਿਣ ਤੋਂ ਬਾਅਦ ਹੋਰ ਵੀ ਬਹੁਤਾ ਵੱਡਾ ਪ੍ਰਤੀਤ ਹੁੰਦਾ ਜਾਂਦਾ ਹੈ। ਇਸ ਕਰਕੇ ਗੁਰੂ ਨਾਨਕ ਪਾਤਿਸ਼ਾਹ ਜੀ ਕਹਿੰਦੇ ਹਨ ਕਿ ਭਾਈ ! ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ‘‘ਵਡਾ ਸਾਹਿਬੁ’’ ਹੈ ਅਤੇ ਉਸ ਦਾ ‘‘ਊਚਾ ਥਾਉ ॥’’ ਹੈ। ਇਸ ਊਚੇ ਥਾਉ ਦੀ ਪਰਿਭਾਸ਼ਾ ਬਾਰੇ ਅਸੀਂ ‘ਸੋ ਦਰੁ’ ਦੇ ਪਹਿਲੇ ਸ਼ਬਦ ਵਿੱਚ ਜਾਣਿਆ ਹੈ। ਇਸ ‘‘ਵਡਾ ਸਾਹਿਬੁ; ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥’’ ਨੂੰ ਉਹੀ ਸਮਝ ਸਕਦਾ ਹੈ ਜਿਹੜਾ ‘‘ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥’’ ਇਸ ਲਈ ਓਹਦੇ ਜਿੰਨਾ ਊਚਾ ਕੋਈ ਹੋ ਹੀ ਨਹੀਂ ਸਕਦਾ, ਜਿਸ ਕਾਰਨ ਉਸ ਦਾ ਕੋਈ ਅੰਤ ਨਹੀਂ ਪਾ ਸਕਦਾ। ਗੁਰੂ ਮਹਾਰਾਜ ਜੀ ਇਸ ਲਈ ਪਉੜੀ ਦੇ ਅੰਤ ’ਚ ਕਹਿੰਦੇ ਹਨ ‘‘ਜੇਵਡੁ ਆਪਿ; ਜਾਣੈ ਆਪਿ ਆਪਿ ॥ ਨਾਨਕ ! ਨਦਰੀ ਕਰਮੀ ਦਾਤਿ ॥੨੪॥ (ਜਪੁ) ਨਾਨਕ ਇੱਥੇ ਸੰਬੋਧਨ ਰੂਪ ਵਿੱਚ ਹੈ। ਅਰਥ ਹੈ ਹੇ ਨਾਨਕ ! ਆਖ ਕਿ ਉਸ ਬਖ਼ਸ਼ਸ਼ਾਂ ਵਾਲੇ ਪ੍ਰਭੂ ਦੀ ਮਿਹਰ ਦ੍ਰਿਸ਼ਟੀ ਦੁਆਰਾ ਹੀ ਕਿਸੇ ਜਗਿਆਸੂ ਦੇ, ਕਿਸੇ ਗੁਰਸਿੱਖ ਦੇ ਮਨ ਵਿੱਚ, ਬਚਨਾਂ ਵਿੱਚ ਕਰਮ ਕਰਕੇ ਉਸ ਨੂੰ ਊਚਿਓਂ ਊਚਾ, ਵੱਡਿਓਂ ਵੱਡਾ ਮੰਨਣ ਵਾਲ਼ੀ ਦਾਤ ਵੀ ਉਸ ਦੀ ਬਖ਼ਸ਼ਸ਼ ਨਾਲ ਮਿਲਦੀ ਹੈ। ਇਸ ਲਈ ਇਹ ਜੋ ‘ਰਹਾਉ’ ਦੀ ਤੁਕ ਹੈ ਇਸ ਵਿੱਚ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੈ। ਇਸ ਵਿੱਚ ਇਹੀ ਕਿਹਾ ਗਿਆ ਹੈ ਕਿ ਕੋਈ ਵੀ ਤੇਰੇ ਗੁਣਾਂ ਨੂੰ ਪੂਰਨ ਤੌਰ ’ਤੇ ਵਰਣਨ ਨਹੀਂ ਕਰ ਸਕਦਾ। ਜਿਵੇਂ ਜਿਵੇਂ ਤੁਸੀਂ ਰੱਬ ਦੇ ਗੁਣਾਂ ਦੀ ਗਾਹ ਕਰੋਗੇ ‘‘ਸੁਣਿਐ ਸਰਾ ਗੁਣਾ ਕੇ ਗਾਹ ॥’’ (ਜਪੁ) ਪਕੜਨ ਦੀ ਕੋਸ਼ਿਸ਼ ਕਰੋਗੇ ਓਨਾ ਓਨਾ ਹੀ ਉਹ ਵੱਡਾ ਪ੍ਰਤੀਤ ਹੋਵੇਗਾ। ਉਸ ਦੇ ਗੁਣ ਗਾ ਗਾ ਕੇ ਉਸ ਦੀ ਬੇਅੰਤਤਾ ਨੂੰ ਮਨ ਵਿੱਚ ਮਹਿਸੂਸ ਕਰਨਾ ਵੀ ਉਸ ਦੀ ਬਖ਼ਸ਼ਸ਼ ਨਾਲ਼ ਹੁੰਦਾ ਹੈ। ਤੁਹਾਡੀ ਆਪਣੀ ਕੋਈ ਸਮਰੱਥਾ ਨਹੀਂ, ਹਸਤੀ ਨਹੀਂ।
ਹੁਣ ਪਹਿਲਾ ਪਦਾ ਹੈ ‘‘ਸੁਣਿ, ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ, ਡੀਠਾ ਹੋਇ ॥ ਕੀਮਤਿ ਪਾਇ; ਨ ਕਹਿਆ ਜਾਇ ॥ ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥’’ ‘ਸੁਣਿ’ ਦੇ ‘ਣ’ ਨੂੰ ਜੋ ਸਿਹਾਰੀ ਹੈ, ਉਹ ਕਹਿੰਦੀ ਹੈ ‘ਸੁਣ ਕੇ’, ਇਸ ਦਾ ਅਰਥ ਬਣਦਾ ਹੈ, ਇਹ ਕੰਮ ਕਰਕੇ, ਇਹ ਚੀਜ਼ ਕਰਕੇ। ਵਿਆਕਰਣਿਕ ਨਿਯਮਾਂ ’ਚ ਇਸ ਨੂੰ ‘ਪੂਰਬ ਪੂਰਣ ਕਾਰਦੰਤ’ ਕਹਿੰਦੇ ਹਨ। ਤੁਕ ਦੇ ਅਰਥ ਹਨ ਹੇ ਪਰਮਾਤਮਾ ! ਤੇਰੇ ਬਾਰੇ ਸੁਣ ਕੇ ‘‘ਵਡਾ ਆਖੈ ਸਭੁ ਕੋਇ॥’’ ਅਸੀਂ ਕਿੱਥੋਂ ਸੁਣਦੇ ਹਾਂ ? ਗੁਰੂ ਦੀ ਬਾਣੀ ’ਚੋਂ। ਗੁਰਬਾਣੀ ਵਿੱਚ ‘ਸੁਣਿ’ ਦੀ ਇੱਕ ਹੋਰ ਮਿਸਾਲ ਹੈ ‘‘ਸੁਣਿ ਸੁਣਿ ਨਾਮੁ ਤੁਮਾਰਾ ਪ੍ਰੀਤਮ ! ਪ੍ਰਭੁ ਪੇਖਨ ਕਾ ਚਾਉ ॥’’ (ਮਹਲਾ ੫/੪੦੫) ਇੱਥੇ ‘ਸੁਣਿ ਸੁਣਿ’ ਦਾ ਅਰਥ ਹੈ ਹੇ ਪ੍ਰੀਤਮ ਵਾਹਿਗੁਰੂ ਜੀ ! ਤੁਮਾਰਾ ਨਾਮੁ ‘ਸੁਣ ਸੁਣ ਕੇ’ ਤੇਰੇ ਦਰਸ਼ਨ ਕਰਨ ਦਾ ਮਨ ਵਿੱਚ ਚਾਅ ਪੈਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਪੰਜਵੇਂ ਪਾਤਿਸ਼ਾਹ ਦਾ ਸ਼ਬਦ ਹੈ ‘‘ਡਰਿ ਡਰਿ ਪਚੇ ਮਨਮੁਖ ਵੇਚਾਰੇ ॥’’ (ਮਹਲਾ ੫/੬੭੭), ਇੱਥੇ ‘ਡਰਿ ਡਰਿ’ ਦਾ ਅਰਥ ਹੈ ‘ਡਰ ਡਰ ਕੇ’ ਮਨਮੁਖ ਵਿਚਾਰੇ ਵਿਕਾਰਾਂ ਵਿੱਚ ਖਚਿਤ ਰਹਿੰਦੇ ਹਨ; ਇਉਂ ਹੀ ਆਸਾ ਕੀ ਵਾਰ ਵਿੱਚ ਵਾਕ ਹੈ ‘‘ਕੂੜੁ ਬੋਲਿ ਕਰਹਿ ਆਹਾਰੁ ॥’’ (ਮਹਲਾ ੧/੪੭੧) ਇੱਥੇ ਵੀ ‘ਬੋਲਿ’ ਦੇ ‘ਲ’ ਨੂੰ ਸਿਹਾਰੀ ਹੈ, ਜਿਸ ਦਾ ਅਰਥ ਹੈ ‘ਬੋਲ ਕੇ’ ਯਾਨੀ ਝੂਠ ਬੋਲ ਬੋਲ ਕੇ ਮਨਮੁਖ ਲੋਕ ਸਾਰੇ ਗ਼ਲਤ ਕੰਮ ਕਰਦੇ ਹਨ।
ਪਰਮਾਤਮਾ ਦੇ ਗੁਣਾਂ ਨੂੰ ਸੁਣ ਕੇ ਹਰ ਕੋਈ ਉਸ ਨੂੰ ਵੱਡਾ ਆਖਦਾ ਹੈ ਪਰ ਉਹ ਕਿੰਨਾ ਵੱਡਾ ਹੈ ਇਹ ਉਸ ਨੂੰ ਦੇਖ ਕੇ ਭਾਵ ਮਹਿਸੂਸ ਕਰਕੇ ਹੀ ਪਤਾ ਲੱਗਦਾ ਹੈ। ‘ਜਾਪ ਸਾਹਿਬ’ ਦੇ ਪਹਿਲੇ ਪਦੇ ਵਿੱਚ ਵੀ ਉਸ ਦੇ ਆਕਾਰ ਬਾਰੇ ਵਖਿਆਨ ਹੈ ਕਿ ਉਸ ਇੱਕ ਦਾ ਕੋਈ ਚੱਕਰ ਚਿੰਨ੍ਹ ਨਹੀਂ, ਕੋਈ ਰੰਗ ਨਹੀਂ, ਕੋਈ ਤਸ਼ਵੀਰ ਨਹੀਂ ਬਣਾਈ ਜਾ ਸਕਦੀ ‘‘ਚਕ੍ਰ ਚਿਹਨ ਅਰੁ ਬਰਨ, ਜਾਤਿ ਅਰੁ ਪਾਤਿ ਨਹਿਨ ਜਿਹ ॥ ਰੂਪ ਰੰਗ ਅਰੁ ਰੇਖ ਭੇਖ; ਕੋਊ ਕਹਿ ਨ ਸਕਤਿ ਕਿਹ ॥’’ (ਜਾਪੁ) ਯਾਨੀ ਤੇਰਾ ਰੰਗ ਰੂਪ, ਚੱਕਰ ਚਿੰਨ੍ਹ ਕੋਈ ਬਣਾ ਨਹੀਂ ਸਕਦਾ ਕਿਉਂਕਿ ਤੇਰਾ ‘‘ਚਕ੍ਰ ਚਿਹਨ ਅਰੁ ਬਰਨ, ਜਾਤਿ ਅਰੁ ਪਾਤਿ ਨਹਿਨ ਜਿਹ ॥’’ ਕੋਈ ਨਹੀਂ ਹੈ।
ਇੱਥੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਉਸ ਨੂੰ ਦੇਖਣਾ ਕਿਵੇਂ ਹੈ ? ਜਵਾਬ ਹੈ ਕਿ ਉਸ ਦੇ ਗੁਣਾਂ ਨੂੰ ਮਨ ਵਿੱਚ ਧਾਰਨ ਕਰਕੇ, ਉਸ ਦੀਆਂ ਵਡਿਆਈਆਂ ਨੂੰ ਗਾ ਕੇ, ਅਪਣਾਅ ਕੇ ਉਸ ਵਰਗੇ ਬਣਨਾ ਹੈ ਫਿਰ ਆਪਣੇ ਆਪ ਵਿੱਚੋਂ ਹੀ ਉਸ ਦੇ ਦਰਸ਼ਨ ਹੋਣੇ ਹਨ। ਕੇਵਲ ਜ਼ਰੂਰਤ ਹੈ ਆਪਣੇ ਮਨ ਨੂੰ ਸਮਝਾਉਣ ਦੀ, ਇਸ ਲਈ ਵਾਕ ਹੈ ‘‘ਮਨ ! ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥’’ (ਮਹਲਾ ੩/੪੪੧) ਅਰਥ ਹਨ ਕਿ ਹੇ ਮੇਰੇ ਮਨ ! ਤੂੰ ਆਪਣੇ ਮੂਲ ਨੂੰ ਪਹਿਚਾਣ, ਤੂੰ ਪਰਮਾਤਮਾ ਦੀ ਹੀ ਅੰਸ਼ ਹੈਂ ‘‘ਗੁਰ ਕੈ ਸਬਦਿ; ਬਨਾਵਹੁ ਇਹੁ ਮਨੁ ॥ ਗੁਰ ਕਾ ਦਰਸਨੁ; ਸੰਚਹੁ ਹਰਿ ਧਨੁ ॥’’ (ਮਹਲਾ ੫/੩੭੭) ਯਾਨੀ ਗੁਰੂ ਦਾ ਦੀਦਾਰ ਗੁਰੂ ਦੇ ਨਾਮ-ਧਨ ਨਾਲ਼ ਹੀ ਪ੍ਰਗਟ ਹੋਣਾ ਹੈ।
ਗੁਰੂ ਨਾਨਕ ਸਾਹਿਬ ਜੀ ਇਸ ਸ਼ਬਦ ਵਿੱਚ ਬਿਆਨ ਕਰਦੇ ਹਨ ਕਿ ਤੇਰੀ ਉਪਮਾ ਕਹੀ ਨਹੀਂ ਜਾ ਸਕਦੀ ‘‘ਕੀਮਤਿ ਪਾਇ; ਨ ਕਹਿਆ ਜਾਇ ॥ ਕਹਣੈ ਵਾਲੇ; ਤੇਰੇ ਰਹੇ ਸਮਾਇ ॥੧॥’’ ਕੀਮਤ ਪਾਉਣ ਦੇ ਦੋ ਤਰ੍ਹਾਂ ਅਰਥ ਹੁੰਦੇ ਹਨ :
(1). ਇੱਕ ਹੈ ਉਸ ਦੀ ਵਡਿਆਈ ਦਾ ਮੁਲਾਂਕਣ ਕਰਨਾ ਕਿ ਉਹ ਕਿੰਨਾ ਵੱਡਾ ਹੈ।
(2). ਜਿਸ ਦੀ ਵਡਿਆਈ ਕਰਨੀ ਹੋਵੇ ਉਸ ਦੇ ਬਰਾਬਰ ਦਾ ਕੋਈ ਹੋਰ ਲੱਭਦੇ ਹਨ ਫਿਰ ਉਸ ਦੀ ਮਿਸਾਲ ਦੇ ਦਿੰਦੇ ਹਨ ਕਿ ਉਹ, ਇਹਦੇ ਜਿੰਨਾ ਵੱਡਾ ਹੈ।
ਪਰ ਗੁਰੂ ਪਾਤਿਸ਼ਾਹ ਜੀ ਦੱਸਦੇ ਹਨ ਕਿ ਤੇਰੇ ਗੁਣਾਂ ਨੂੰ ਗਾਉਣ ਵਾਲੇ, ਤੇਰੀ ਕੀਮਤ ਦੱਸਣ ਵਾਲੇ, ਤੇਰਾ ਅੰਤ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਤੇਰੇ ਵਿੱਚ ਹੀ ਲਿਵ ਲੀਨ ਹੋ ਜਾਂਦੇ ਹਨ, ਤੇਰੇ ਵਿੱਚ ਹੀ ਸਮਾ ਜਾਂਦੇ ਹਨ।
ਕਬੀਰ ਜੀ ਬਹੁਤ ਉੱਚੀ ਅਵਸਥਾ ਵਿੱਚੋਂ ਕਹਿੰਦੇ ਹਨ ਕਿ ਮੈਂ ਤੈਨੂੰ ਯਾਦ ਕਰਦੇ ਕਰਦੇ ਆਪਣੇ ਆਪ ਨੂੰ ਮਿਟਾ ਲਿਆ ਹੁਣ ਮੈਨੂੰ ਤੇਰੇ ਤੋਂ ਬਿਨ੍ਹਾਂ ਹੋਰ ਕੋਈ ਨਹੀਂ ਦਿੱਸਦਾ; ਕੋਈ ਵੀ ਪਰਾਇਆ ਨਹੀਂ ਲੱਗਦਾ ‘‘ਕਬੀਰ ਤੂੰ ਤੂੰ ਕਰਤਾ ਤੂ ਹੂਆ ; ਮੁਝ ਮਹਿ ਰਹਾ ਨ ਹੂੰ ॥ ਜਬ ਆਪਾ ਪਰ ਕਾ ਮਿਟਿ ਗਇਆ; ਜਤ ਦੇਖਉ ਤਤ ਤੂ ॥’’ (ਕਬੀਰ ਜੀ/੩੭੫) ਯਾਨੀ ਮੈ ਆਪਣਾ ਆਪ ਮਿਟਾ ਲਿਆ ਹੁਣ ਜਿੱਧਰ ਵੀ ਵੇਖਦਾ ਹਾਂ ਮੈਨੂੰ ਤੂੰ ਹੀ ਚਾਰੋਂ ਤਰਫ਼ ਨਜ਼ਰ ਆਉਂਦਾ ਹੈਂ।
‘ਜਪੁ’ ਬਾਣੀ ਵਿੱਚ ਗੁਰੂ ਨਾਨਕ ਪਾਤਿਸ਼ਾਹ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਗੰਗਾ, ਜਮਨਾ ਆਦਿ ਨਦੀਆਂ, ਨਹਿਰਾਂ ਦਾ ਪਾਣੀ; ਸਮੁੰਦਰ ਵਿੱਚ ਜਾ ਕੇ ਸਮੁੰਦਰ ਹੀ ਬਣ ਜਾਂਦਾ ਹੈ, ਫਿਰ ਉਸ ਪਾਣੀ ਨੂੰ ਸਮੁੰਦਰ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ; ਉਸੇ ਤਰ੍ਹਾਂ ਤੂੰ-ਤੂੰ ਕਰਦਾ ਮਨੁੱਖ ਵੀ ਤੇਰਾ ਹੀ ਰੂਪ ਹੋ ਗਿਆ; ਉਸ ਦਾ ਆਪਣਾ ਕੋਈ ਵਜੂਦ ਨਾ ਰਿਹਾ ‘‘ਸਾਲਾਹੀ ਸਾਲਾਹਿ; ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥੨੩॥’’ (ਜਪੁ)
ਇੱਕ ਮੱਛੀ ਸਮੁੰਦਰ ਵਿੱਚ ਰਹਿੰਦੀ ਹੋਈ ਸਮੁੰਦਰ ਦੀ ਲੰਬਾਈ, ਚੌੜਾਈ ਜਾਂ ਗਹਿਰਾਈ ਬਾਰੇ ਨਹੀਂ ਦੱਸ ਸਕਦੀ ਉਸੇ ਹੀ ਤਰ੍ਹਾਂ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਮਨੁੱਖ ਪਰਮਾਤਮਾ ਦੇ ਆਕਾਰ ਬਾਰੇ ਕੋਈ ਵਖਿਆਨ ਨਹੀਂ ਕਰ ਸਕਦਾ; ਕੇਵਲ ਉਸ ਦਾ ਰੂਪ ਹੋ ਸਕਦਾ ਹੈ, ਉਸ ਦੀ ਬੇਅੰਤਤਾ ਦਾ ਅੰਤ ਨਹੀਂ ਪਾ ਸਕਦਾ। ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੂੰਜੀ ਆਖਿਆ ਜਾਂਦਾ ਹੈ। ਇਸ ਵਿਸ਼ੇ ਦੇ ਸੰਬੰਧ ਵਿੱਚ ਉਨ੍ਹਾਂ ਨੇ ਬਹੁਤ ਹੀ ਸੋਹਣੇ ਢੰਗ ਨਾਲ ਆਪਣੀ 22ਵੀਂ ਵਾਰ ਦੀ ਤੀਜੀ ਪਉੜੀ ਵਿੱਚ ਵਿਆਖਿਆ ਕੀਤੀ ਹੈ; ਜਿਵੇਂ ਕਿ ‘‘ਓੜਕੁ ਓੜਕੁ ਭਾਲਿ; ਨ ਓੜਕੁ ਪਾਇਆ। ਓੜਕ ਭਾਲਣਿ ਗਏ; ਸਿ ਫੇਰ ਨ ਆਇਆ। ਓੜਕ ਲਖ ਕਰੋੜ; ਭਰਮਿ ਭੁਲਾਇਆ। ਆਦੁ ਵਡਾ ਵਿਸਮਾਦੁ, ਨ ਅੰਤੁ ਸੁਣਾਇਆ।’’ (ਭਾਈ ਗੁਰਦਾਸ ਜੀ/ਵਾਰ ੨੨ ਪਉੜੀ ੩) ਓੜਕ ਦਾ ਅਰਥ ਹੈ ‘ਅੰਤ’। ਉਸ ਵਾਹਿਗੁਰੂ ਦਾ ਆਦਿ ਅੰਤ ਲੱਭਣ ਵਾਲਿਆਂ ਨੇ ਉਸ ਦਾ ਅੰਤ ਨਹੀਂ ਲੱਭਿਆ। ਇਹ ਬਚਨ ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਜਪੁ’ ਬਾਣੀ ਦੀ 16ਵੀਂ ਪਉੜੀ ਵਿੱਚ ਦਰਜ ਬਚਨਾਂ ਨਾਲ ਹੂਬਹੂ ਮਿਲਦੇ ਹਨ। ਜਿੱਥੇ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਪਰਮਾਤਮਾ ਨੇ ਆਪਣੇ ਹੁਕਮ ਵਿੱਚ ਸਾਰਾ ਸੰਸਾਰ ਬਣਾਇਆ ਹੈ; ਇਹ ਸਾਰੀ ਖੇਡ ਬਣਾਈ ਹੈ; ਉਸ ਤੋਂ ਹੀ ਜ਼ਿੰਦਗੀ ਰੌ ਰੂਪ ਸਾਰੇ ਦਰਿਆ ਬਣੇ ਹਨ; ਜੀਵਨ ਬਣਿਆ ਹੈ ‘‘ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥’’ ਨਾਲ ਹੀ ਗੁਰੂ ਨਾਨਕ ਪਾਤਿਸ਼ਾਹ ਜੀ ਕਹਿ ਰਹੇ ਹਨ ਕਿ ਹੇ ਪ੍ਰਭੂ ! ਤੇਰੇ ਇਸ ਪਸਾਰੇ ਨੂੰ ਬਿਆਨ ਕਰਨ ਦੀ ਮੇਰੇ ’ਚ ਕੋਈ ਸਮਰੱਥਾ ਨਹੀਂ ਹੈ ‘‘ਕੁਦਰਤਿ ਕਵਣ ? ਕਹਾ ਵੀਚਾਰੁ ॥ ਵਾਰਿਆ ਨ ਜਾਵਾ; ਏਕ ਵਾਰ ॥ ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ; ਨਿਰੰਕਾਰ ! ॥੧੬॥’’ (ਜਪੁ) ਗੁਰੂ ਨਾਨਕ ਪਾਤਿਸ਼ਾਹ ਜੀ ਆਪਣੇ ਆਪ ’ਤੇ ਗੱਲ ਲਿਆ ਕੇ ਕਹਿ ਰਹੇ ਹਨ ਕਿ ਹੇ ਨਿਰਾਕਾਰ ! ਮੈ ਤਾਂ ਇੱਕ ਵਾਰ ਵੀ ਤੇਰੀ ਕੁਦਰਤਿ ਤੋਂ ਬਲਿਹਾਰ ਨਹੀਂ ਜਾ ਸਕਦਾ। ਜੋ ਤੁਸੀਂ ਬਣਾ ਰਹੇ ਹੋ, ਵਿਗਾੜ ਰਹੇ ਹੋ ਯਾਨੀ ਤੇਰੇ ਕੀਤੇ ਉੱਤੇ ਮੈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਇਹ ਬਚਨ ਸਤਿਗਰੁੂ ਜੀ ਨੇ ਅਗਲੀ 17ਵੀਂ ਪਉੜੀ ਵਿੱਚ ਵੀ ਕਿਹਾ ਹੈ। 18ਵੀਂ ਪਉੜੀ ਵਿੱਚ ਕਹਿ ਰਹੇ ਹਨ ਕਿ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਮੈ ਨਿਮਾਣਾ ਜਿਹਾ ਜੀਵ ਕੀ ਕਰ ਸਕਦਾ ਹਾਂ। ਇਹ ਗੁਰਮੁਖਤਾ ਦੀ ਅੱਤ ਹੈ ‘‘ਨਾਨਕੁ ਨੀਚੁ ਕਹੈ ਵੀਚਾਰੁ ॥ ਵਾਰਿਆ ਨ ਜਾਵਾ; ਏਕ ਵਾਰ ॥ ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ; ਨਿਰੰਕਾਰ ॥੧੮॥’’ (ਜਪੁ)
ਭਾਈ ਗੁਰਦਾਸ ਜੀ ਵੀ ਇਹੀ ਕਹਿ ਰਹੇ ਹਨ ਕਿ ‘‘ਆਦੁ ਵਡਾ ਵਿਸਮਾਦੁ, ਨ ਅੰਤੁ ਸੁਣਾਇਆ। ਹਾਥਿ ਨ ਪਾਰਾਵਾਰੁ, ਲਹਰੀ ਛਾਇਆ। ਇਕੁ ਕਵਾਉ ਪਸਾਉ, ਨ ਅਲਖੁ ਲਖਾਇਆ। ਕਾਦਰ ਨੋ ਕੁਰਬਾਣੁ, ਕੁਦਰਤਿ ਮਾਇਆ। ਆਪੇ ਜਾਣੈ ਆਪੁ, ਗੁਰ ਸਮਝਾਇਆ ॥੩॥’’ (ਭਾਈ ਗੁਰਦਾਸ ਜੀ/ਵਾਰ ੨੨ ਪਉੜੀ ੩) ਯਾਨੀ ਹੇ ਗੁਣਾਂ ਦੇ ਖ਼ਜ਼ਾਨੇ ਵਾਹਿਗੁਰੂ ! ਨਾ ਤਾਂ ਕੋਈ ਤੇਰੇ ਗੁਣਾਂ ਦੀ ਡੂੰਘਾਈ ਲੱਭ ਸਕਦਾ ਹੈ ਅਤੇ ਨਾ ਹੀ ਕੋਈ ਤੇਰਾ ਸਿਰਾ-ਬੰਨਾ ਲੱਭ ਸਕਦਾ ਹੈ, ਪਰ ਜੋ ਤੇਰੇ ਅੰਦਰ ਲਹਿਰਾਂ ਛਾਈਆਂ ਹੋਈਆਂ ਹਨ, ਉਹਨਾਂ ਨੂੰ ਦੇਖ ਕੇ ਕਹਿ ਸਕਦੇ ਹਾਂ ਕਿ ਕਿੰਨਾ ਵਿਸ਼ਾਲ ਸਮੁੰਦਰ ਹੈ। ਜਿਸ ਨੂੰ ਲਖਿਆ ਨਹੀਂ ਜਾ ਸਕਦਾ। ਕੁਦਰਤਿ ਨੂੰ ਰਚਨ ਵਾਲੇ ਕਾਦਰ ਤੋਂ ਮੈਂ ਬਲਿਹਾਰ ਜਾਂਦਾ ਹਾਂ, ਜਿਸ ਨੇ ਕੁਦਰਤਿ ਵਿੱਚ ਮਾਇਆ ਬਣਾਈ ਹੈ। ਭਾਈ ਗੁਰਦਾਸ ਜੀ ਕਹਿ ਰਹੇ ਹਨ ਕਿ ਸਤਿਗੁਰੂ ਜੀ ਨੇ ਮੈਨੂੰ ਸਮਝਾ ਦਿੱਤਾ ਕਿ ਜੋ ਵੀ ਤੇਰੇ ਕੌਤਕ ਤੂੰ ਕਰ ਰਿਹਾ ਹੈਂ, ਉਹਨ੍ਹਾਂ ਬਾਰੇ ਕੇਵਲ ਤੂੰ ਹੀ ਜਾਣਦਾ ਹੈਂ।
ਵਿਚਾਰ ਅਧੀਨ ਸ਼ਬਦ ਦਾ ਦੂਜਾ ਬੰਦ ਹੈ ‘‘ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ ਸਭ ਕੀਮਤਿ ਮਿਲਿ ਕੀਮਤਿ ਪਾਈ ॥ ਗਿਆਨੀ ਧਿਆਨੀ ਗੁਰ ਗੁਰਹਾਈ ॥ ਕਹਣੁ ਨ ਜਾਈ; ਤੇਰੀ ਤਿਲੁ ਵਡਿਆਈ ॥੨॥’’ ‘ਸੁਰਤੀ’ ਹੁੰਦੇ ਹਨ ਜਿਨ੍ਹਾਂ ਦੀ ਸੁਰਤਿ ਬਹੁਤ ਉੱਚੀ ਹੋ ਜਾਂਦੀ ਹੈ। ਜਿਹਨਾਂ ਦੀ ਮਾਨਸਿਕ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ। ਉਨ੍ਹਾਂ ਦੀ ਸੁਰਤਿ ਪ੍ਰਭੂ ਦੇ ਚਰਨਾਂ ’ਚ ਜੁੜੀ ਰਹਿੰਦੀ ਹੈ। ਜਿਹਨਾਂ ਕੋਲ ਬਹੁਤ ਗਿਆਨ ਹੁੰਦਾ ਹੈ, ਸਮਝ ਹੁੰਦੀ ਹੈ। ਗੁਰੂ ਨਾਨਕ ਸਾਹਿਬ ਇਨ੍ਹਾਂ ਪੰਕਤੀਆਂ ਵਿੱਚ ਸਮਝਾ ਰਹੇ ਹਨ ਕਿ ਸਾਰੇ ਹੀ ਸੁਰਤੀਵਾਨਾਂ ਨੇ ਮਿਲ ਕੇ ਪਰਮਾਤਮਾ ਦੀ ਗਹਿਰ-ਗੰਭੀਰਤਾ ਅਤੇ ਗੁਣਾਂ ਦੀ ਕੀਮਤ ਪਾਉਣ ਦੀ ਕੋਸ਼ਿਸ਼ ਕੀਤੀ; ਸਾਰਿਆਂ ਨੇ ਅੰਦਾਜ਼ੇ ਲਗਾਏ, ਆਪਣੀ-ਆਪਣੀ ਰਾਇ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਉਹਨਾਂ ਉੱਘੇ ਗਿਆਨੀਆਂ ਅਤੇ ਧਿਆਨੀਆਂ ਨੇ ਮਿਲ ਕੇ ਪ੍ਰਭੂ ਦੀ ਕੀਮਤ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੰਤ ਇਹ ਕਹਿ ਉੱਠੇ ਕਿ ‘‘ਕਹਣੁ ਨ ਜਾਈ; ਤੇਰੀ ਤਿਲੁ ਵਡਿਆਈ॥’’ ਹੇ ਪਰਮਾਤਮਾ ! ਤੇਰੀ ਤਿਲ-ਮਾਤਰ ਵਡਿਆਈ ਵੀ ਨਹੀਂ ਕਹੀ ਜਾ ਸਕਦੀ। ਹੇ ਭਾਈ ! ਜਿਨ੍ਹਾਂ ਸਿਆਣੇ ਸੂਝਵਾਨਾਂ ਗਿਆਨੀਆਂ ਧਿਆਨੀਆਂ ਨੂੰ ੴ ਮਾਲਕ ਨੇ ਵਡਿਆਈਆਂ ਬਖ਼ਸ਼ੀਆਂ ਹਨ ਉਹ ਕਿਵੇਂ ਉਸ ਅਕਾਲ ਪੁਰਖ ਦੀ ਪੂਰਨ ਵਡਿਆਈ ਕਰ ਸਕਦੇ ਹਨ ?
‘‘ਸਭਿ ਸਤ ਸਭਿ ਤਪ; ਸਭਿ ਚੰਗਿਆਈਆ ॥ ਸਿਧਾ ਪੁਰਖਾ ਕੀਆ ਵਡਿਆਈਆ ॥ ਤੁਧੁ ਵਿਣੁ; ਸਿਧੀ ਕਿਨੈ ਨ ਪਾਈਆ ॥ ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥’’ ਸਾਰੇ ਹੀ ਸਤੀਆਂ, ਸਾਰੇ ਤਪੀਆਂ ਦੀਆਂ ਚੰਗਿਆਈਆਂ ਭਾਵ ਕੀਤੇ ਹੋਏ ਚੰਗੇ ਕੰਮ, ਕਮਾਏ ਹੋਏ ਚੰਗੇ ਗੁਣ, ਸਿੱਧਾਂ (ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕਰ ਲਈਆਂ ਹਨ) ਪੁਰਖਾਂ ਦੀਆਂ ਵਡਿਆਈਆਂ ਨੂੰ ਮਿਲਾ ਕੇ ਵੀ ਤੇਰੀ ਵਡਿਆਈ ਦਾ ਤਿਲ-ਮਾਤਰ ਵੀ ਨਹੀਂ ਬਣਦਾ। ਇੱਥੇ ਸਵਾਲ ਹੈ ਕਿ ਸਾਰੇ ਸਤੀਆਂ ਦੀਆਂ, ਸਾਰੇ ਤਪੀਆਂ ਦੀਆਂ, ਸਾਰੇ ਸਿੱਧਾਂ ਪੁਰਖਾਂ ਦੀਆਂ ਵਡਿਆਈਆਂ ਕੀ ਹਨ ?
ਜਵਾਬ ਹੈ : ਉਹਨਾਂ ਦੀਆਂ ਵਡਿਆਈਆਂ ਹਨ ਜੋ ਪਰਮਾਤਮਾ ਦੇ ਕਰਮ ਨਾਲ਼, ਮਿਹਰ ਦੀ ਨਦਰ ਨਾਲ ਉਹਨਾਂ ਨੂੰ ਪ੍ਰਾਪਤ ਹੋਈਆਂ ਹਨ। ਕਿਸੇ ਦੀ ਆਪਣੀ ਪਾਇਆਂ ਨਹੀਂ ਕੋਈ ਸਫਲਤਾ ਪਾ ਲੈਂਦਾ। ਜਿਨ੍ਹਾਂ ’ਤੇ ਪਰਮਾਤਮਾ ਦੀ ਬਖ਼ਸ਼ਿਸ਼ ਹੁੰਦੀ ਹੈ ਉਹਨਾਂ ਦੇ ਧਰਮ ਦੇ ਰਸਤੇ ਵਿੱਚ ਕਦੇ ਰੁਕਾਵਟ ਨਹੀਂ ਆਉਂਦੀ; ਉਹਨਾਂ ਨੂੰ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ; ਉਹਨਾਂ ਦੀਆਂ ਚੰਗਿਆਈਆਂ ਪੱਕੀਆਂ ਹੋ ਜਾਂਦੀਆਂ ਹਨ।
ਭਾਈ ਗੁਰਦਾਸ ਜੀ ਆਪਣੀ 22ਵੀਂ ਵਾਰ ਦੀ 15ਵੀਂ ਪਉੜੀ ’ਚ ਪਰਮਾਤਮਾ ਦੇ ਵਡੱਪਣ ਬਾਰੇ ਆਖਦੇ ਹਨ ‘‘ਕਾਦਰ ਨੋ ਕੁਰਬਾਣੁ; ਕੀਮ ਨ ਜਾਣੀਐ। ਕੇਵਡੁ ਵਡਾ ਹਾਣੁ; ਆਖਿ ਵਖਾਣੀਐ।’’ ਕੁਦਰਤਿ ਦੇ ਕਾਦਰ ਦੀ ਵਡਿਆਈ ਕਹੀ ਨਹੀਂ ਜਾ ਸਕਦੀ; ਕੇਵਲ ਉਸ ਤੋਂ ਕੁਰਬਾਨ ਜਾਇਆ ਜਾ ਸਕਦਾ ਹੈ। ਉਸ ਦੇ ਰੂਪ, ਰੰਗ, ਆਕਾਰ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਭਾਈ ਸਾਹਿਬ ਜੀ ਅੱਗੇ ਆਖਦੇ ਹਨ ‘‘ਕੇਵਡੁ ਆਖਾ ਤਾਣੁ; ਮਾਣੁ ਨਿਮਾਣੀਐ। ਲਖ ਜਿਮੀ ਅਸਮਾਣ; ਤਿਲੁ ਨ ਤੁਲਾਣੀਐ।’’ ਉਸ ਦਾ ਜੋਰ ਕਿੰਨਾ ਵੱਡਾ ਹੈ, ਇਹ ਵੀ ਨਹੀਂ ਦੱਸਿਆ ਜਾ ਸਕਦਾ। ਸਾਰਿਆਂ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਪਰਮਾਤਮਾ ਹੈ। ‘‘ਸਿਧਾ ਪੁਰਖਾ ਕੀਆ ਵਡਿਆਈਆ ॥ ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥’’ ਯਾਨੀ ਸਾਰੇ ਨਿਮਾਣੇ ਹਨ ਕਿਉਂਕਿ ਉਸ ਕਾਦਰ ਦੀ ਕੁਦਰਤਿ ਬਾਰੇ ‘‘ਕੁਦਰਤਿ ਲਖ ਜਹਾਨੁ; ਹੋਇ ਹੈਰਾਣੀਐ। ਸੁਲਤਾਨਾ ਸੁਲਤਾਨ; ਹੁਕਮੁ ਨੀਸਾਣੀਐ। ਲਖ ਸਾਇਰ ਨੈਸਾਣ; ਬੂੰਦ ਸਮਾਣੀਐ।’’ ਲੱਖਾਂ ਧਰਤੀਆਂ, ਲੱਖਾਂ ਅਕਾਸ਼ ਯਾਨੀ ‘‘ਧਰਤੀ ਹੋਰੁ ਪਰੈ ਹੋਰੁ ਹੋਰੁ॥’’, ਇਹ ਸਾਰੇ ਜੇਕਰ ਮਿਲ ਵੀ ਜਾਣ ਤਾਂ ਵੀ ਉਸ ਦੀਆਂ ਵਡਿਆਈਆਂ ਨਾਲ਼ ਇਨ੍ਹਾਂ ਸਭ ਨੂੰ ਤੋਲਿਆ ਨਹੀਂ ਜਾ ਸਕਦਾ। ਅਸੀਂ ਉਸ ਦੀ ਕੁਦਰਤ ਦੇਖ ਕੇ ਕੇਵਲ ਹੈਰਾਨ ਹੀ ਹੋ ਸਕਦੇ ਹਾਂ। ਉਹ ਪੂਰੀ ਕਾਇਨਾਤ ’ਤੇ ਆਪਣਾ ਹੁਕਮ ਚਲਾ ਰਿਹਾ ਹੈ। ਭਾਈ ਸਾਹਿਬ ਜੀ ਨੇ ਕਿਹਾ ਹੈ ‘‘ਲਖ ਸਾਇਰ ਨੈਸਾਣ’’। ਸਾਇਰ ਕੀ ਹੁੰਦਾ ਹੈ। ਇਹ ਸਮਝਣਾ ਜ਼ਰੂਰੀ ਹੈ।
ਗੁਰਬਾਣੀ ਵਿੱਚ ‘ਸਾਇਰ’ ਹੀ ਲਿਖਿਆ ਹੁੰਦਾ ਹੈ, ਪਰ ਜਿੱਥੇ ‘‘ਨਾਨਕੁ ਸਾਇਰੁ ਏਵ ਕਹਤੁ ਹੈ’’ ਲਿਖਿਆ ਹੈ ਓਥੇ ‘ਸ਼ਾਇਰ’ ਪੜ੍ਹਨਾ ਹੈ ਕਿਉਂਕਿ ਅਰਥ ਹੈ ‘ਕਵੀ’ ਅਤੇ ਜਿੱਥੇ ਇਸ ਦਾ ਅਰਥ ਸਮੁੰਦਰ ਹੋਵੇ ਓਥੇ ‘ਸਾਇਰ’ ਹੀ ਪੜ੍ਹਨਾ ਹੈ। ਜਿਵੇਂ ਲਿਖਿਆ ਹੈ ‘‘ਸਾਇਰ ਸਪਤ ਭਰੇ ਜਲ ਨਿਰਮਲਿ; ਉਲਟੀ ਨਾਵ ਤਰਾਵੈ ॥’’ (ਮਹਲਾ ੧/੧੩੩੨)
ਭਾਈ ਸਾਹਿਬ ਕਹਿੰਦੇ ਹਨ ਕਿ ਪਰਮਾਤਮਾ ਦੀ ਤੁਲਨਾ ਵਿੱਚ ਲੱਖਾਂ ਸਮੁੰਦਰਾਂ ਦਾ ਪਾਣੀ ਵੀ ਬੂੰਦ-ਮਾਤਰ ਹੀ ਹੈ। ਅੰਤ ’ਚ ਕਮਾਲ ਦੀ ਗੱਲ ਕਰਦੇ ਹਨ ‘‘ਕੂੜ ਅਖਾਣ ਵਖਾਣ; ਅਕਥ ਕਹਾਣੀਐ ॥’’ ਅਕੱਥ ਦੀ ਕਥਾ ਕਹਿਣ ਵਾਲੇ ਜਿੰਨਾ ਵੀ ਵਖਿਆਨ ਕਰ ਲੈਣ, ਉਹਨਾਂ ਦਾ ਵਖਿਆਨ ਕਰਨਾ ਕੂੜ ਮਾਤਰ ਹੀ ਹੈ।
ਗੁਰੂ ਨਾਨਕ ਸਾਹਿਬ ਜੀ ਵੀ ਆਪਣੇ ਸ਼ਬਦ ਦੇ ਅੰਤ ’ਚ ਅਤਿ ਦੀ ਨਿਮਰਤਾ ਦਾ ਜ਼ਿਕਰ ਕਰਦੇ ਹਨ ‘‘ਆਖਣ ਵਾਲਾ ਕਿਆ ਵੇਚਾਰਾ ॥’’ ਆਖਣ ਵਾਲੇ ਕੀ ਹਸਤੀ ਹੈ ਕਿਉਂਕਿ ਤੇਰੇ ‘‘ਸਿਫਤੀ ਭਰੇ ਤੇਰੇ ਭੰਡਾਰਾ ॥’’ ਤੇਰੀਆਂ ਸਿਫ਼ਤਾਂ ਦੇ ਭੰਡਾਰ ਭਰੇ ਪਏ ਹਨ ਉਨ੍ਹਾਂ ਦੀਆਂ ਸਾਰੀਆਂ ਸਿਫ਼ਤਾਂ ਕੋਈ ਕਰ ਹੀ ਨਹੀਂ ਸਕਦਾ, ਪਰ ਹਾਂ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਅਤੇ ਅਸੀਂ ਉਸ ਦੇ ਗੁਣਾਂ ਨੂੰ ‘‘ਖਾਵਹਿ ਖਰਚਹਿ; ਰਲਿ ਮਿਲਿ ਭਾਈ ! ॥ ਤੋਟਿ ਨ ਆਵੈ; ਵਧਦੋ ਜਾਈ ॥’’ (ਮਹਲਾ ੫/੧੮੬) ਅਸੀਂ ਉਹਦੇ ਗੁਣਾਂ ਨੂੰ ਮਿਲ ਜੁਲ ਕੇ ਵੰਡ ਸਕਦੇ ਹਾਂ। ਇਹ ਉਹ ਖ਼ਜ਼ਾਨਾ ਹੈ ਕਿ ਜਿਨ੍ਹਾਂ ਇਸ ਨੂੰ ਵੰਡਿਆ ਜਾਵੇ, ਭੁੰਚਿਆ ਜਾਵੇ, ਖਾਧਾ ਜਾਵੇ ਇਹ ਵਧਦਾ ਹੀ ਰਹਿੰਦਾ ਹੈ। ਅਸੀਂ ਧਨਵੰਤ ਹਾਂ, ਬੜੇ ਅਮੀਰ ਹਾਂ। ਖ਼ਾਲਸੇ ਦਾ ਵਿਰਸਾ ਬੜਾ ਅਮੀਰ ਹੈ। ਇਹਨਾਂ ਗੁਣਾਂ ਦੀ ਗਾਹ ਕਰਨ ਵਾਲੇ ਧਨਵੰਤ ਹਨ ‘‘ਹਮ ਧਨਵੰਤ ਭਾਗਠ ਸਚ ਨਾਇ ॥ ਹਰਿ ਗੁਣ ਗਾਵਹ; ਸਹਜਿ ਸੁਭਾਇ ॥੧॥ ਰਹਾਉ ॥’’ (ਮਹਲਾ ੫/੧੮੫) ਅਸੀਂ ਬਹੁਤ ਅਮੀਰ ਹਾਂ, ਭਾਗਾਂ ਵਾਲੇ ਹਾਂ ਜੋ ਧਨਵੰਤ ਬਣ ਨਾਮ ਜਪਦੇ-ਜਪਦੇ ਉਸ ਵਿੱਚ ਲੀਨ ਹੋ ਕੇ ਉਸ ਦਾ ਰੂਪ ਹੋ ਜਾਂਦੇ ਹਾਂ।
‘‘ਸੁਣਿਐ; ਸਰਾ ਗੁਣਾ ਕੇ ਗਾਹ ॥’’ ਕਿਵੇਂ ਹੋਈਦਾ ਹੈ। ਜਵਾਬ ਹੈ ‘‘ਹਰਿ ਗੁਣ ਗਾਵਹ; ਸਹਜਿ ਸੁਭਾਇ ॥’’ ਇੱਥੇ ਸਹਜਿ ਦੇ ‘ਜ’ ਨੂੰ ਸਿਹਾਰੀ ਹੈ, ਜਿਸ ਦਾ ਅਰਥ ਹੈ ‘ਸਹਿਜ ਵਿੱਚ, ਅਡੋਲਤਾ ਵਿੱਚ’ ਯਾਨੀ ਜਿਹਨਾਂ ਨੇ ਹਰੀ ਦੇ ਗੁਣ ਸਹਿਜ ਅਵਸਥਾ ਵਿੱਚ ਆ ਕੇ ਗਾਉਣੇ ਸ਼ੁਰੂ ਕੀਤੇ ਹਨ, ਉਹਨਾਂ ਦੇ ਰਸਤੇ ਵਿੱਚ ਭਾਵੇਂ ਕਿੰਨੀਆਂ ਵੀ ਔਕੁੜਾਂ ਆ ਜਾਣ, ਉਹਨਾਂ ਦੇ ਮਨ ਸਹਿਜ ਅਵਸਥਾ ਵਿੱਚ ਟਿਕੇ ਰਹਿੰਦੇ ਹਨ।
ਸੋ ਜਿਹੜੇ ਗੁਰਸਿੱਖਾਂ ਨੇ ‘‘ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ; ਭਇਆ ਨਿਧਾਨਾ ॥’’ (ਮਹਲਾ ੫/੧੮੬) ਜਿਹੜੇ ਗੁਰਸਿੱਖਾਂ ਨੇ ਆਪਣੇ ਪਿਉ-ਦਾਦੇ ਦੇ ਦਿੱਤੇ ਹੋਏ ਗੁਰਬਾਣੀ ਰੂਪੀ ਖ਼ਜ਼ਾਨੇ ਨੂੰ ਖੋਲ੍ਹ ਕੇ ਡਿੱਠਾ ਭਾਵ ਪੜ੍ਹ ਕੇ ਵਿਚਾਰਿਆ ਹੈ, ਉਹ ਧਨਵੰਤ ਹੋ ਗਏ ਹਨ। ਜਿਨ੍ਹਾਂ ਨੇ ਇਹ ਕੰਮ ਹਾਲੇ ਤੱਕ ਨਹੀਂ ਕੀਤਾ ਉਹ ਭਿਖਾਰੀਆਂ ਵਾਂਗ ਥਾਂ-ਥਾਂ ’ਤੇ ਧੱਕੇ ਖਾਂਦੇ ਪਏ ਹਨ।
‘‘ਖੋਲਿ ਡਿਠਾ ਖਜਾਨਾ’’ ਦਾ ਮਤਲਬ ਹੈ ਜਿਨ੍ਹਾਂ ਨੇ ਆਪ ਗੁਰਬਾਣੀ ਨੂੰ ਪੜ੍ਹਿਆ, ਵਿਚਾਰਿਆ; ਅਸੀਂ ਅਖੰਡ-ਪਾਠ ਤਾਂ ਬਹੁਤ ਕਰਾਏ ਹਨ। ਸੁਖਮਨੀ ਸਾਹਿਬ ਦੇ ਅਣਗਿਣਤ ਪਾਠ ਵੀ ਕਰਾਏ ਹਨ। ਮਹਿੰਗੇ ਚੰਦੋਏ ਅਤੇ ਰੁਮਾਲੇ ਵੀ ਬਹੁਤ ਚੜ੍ਹਾਏ ਹਨ ਪਰ ਆਪ ਇਸ ਨੂੰ ਖੋਲ੍ਹ ਕੇ ਯਾਨੀ ਇੱਕ ਵਾਰ ਵੀ ਇਸ ਖ਼ਜ਼ਾਨੇ ਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੀਆਂ ਅੱਖਾਂ ਨਾਲ਼ ਦਰਸ਼ਨ ਕੀਤੇ ਹਨ। ਮੈਨੂੰ ਨਹੀਂ ਪਤਾ ਕਿ ਪੂਰੀ ਦੁਨੀਆਂ ’ਚ ਕਿੰਨੇ ਪ੍ਰਤੀਸ਼ਤ ਸਿੱਖ ਹਨ ਜਿਨਾਂ ਨੇ ਆਪ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਵਾਰੀ ਵੀ ਦਰਸ਼ਨ ਕੀਤੇ ਹੋਣ। ਪੰਜਵੇਂ ਪਾਤਿਸ਼ਾਹ ਕਹਿੰਦੇ ਹਨ ਕਿ ਜਦੋਂ ‘‘ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥’’ ਤਾਂ, ਤਾਂ ਹੀ ‘‘ਤਾ ਮੇਰੈ ਮਨਿ; ਭਇਆ ਨਿਧਾਨਾ ॥’’ ਇੱਥੇ ‘ਮਨਿ’ ਦੇ ‘ਨ’ ਨੂੰ ਸਿਹਾਰੀ ਹੈ। ਜਿਸ ਦਾ ਅਰਥ ਹੈ ‘ਮੇਰੇ ਮਨ ਵਿੱਚ’ ਖ਼ਜ਼ਾਨਾ ਆ ਗਿਆ। ਇਸ ਖ਼ਜ਼ਾਨੇ ਦੇ ਬਰਾਬਰ ‘‘ਰਤਨ ਲਾਲ; ਜਾ ਕਾ ਕਛੂ ਨ ਮੋਲੁ ॥’’ (ਮਹਲਾ ੫/੧੮੬) ਯਾਨੀ ਰਤਨ ਲਾਲਾਂ ਦਾ ਵੀ ਤਿਲ ਮਾਤਰ ਮੁੱਲ ਨਹੀਂ ਹੈ। ਕੀ ਇਹ ਖ਼ਜ਼ਾਨਾ ਵੰਡਣ ਨਾਲ਼ ਖ਼ਤਮ ਹੋ ਜਾਏਗਾ। ਨਹੀਂ ਜੀ, ਇਹ ਆਪਾਂ ਸਾਰੇ ਰਲ ਮਿਲ ਕੇ ਖਾ ਰਹੇ ਹਾਂ ਅਤੇ ਵਧਦਾ ਜਾਂਦਾ ਹੈ ‘‘ਰਤਨ ਲਾਲ ਜਾ ਕਾ ਕਛੂ ਨ ਮੋਲੁ ॥ ਭਰੇ ਭੰਡਾਰ ਅਖੂਟ ਅਤੋਲ ॥੨॥ ਖਾਵਹਿ ਖਰਚਹਿ; ਰਲਿ ਮਿਲਿ ਭਾਈ ! ॥ ਤੋਟਿ ਨ ਆਵੈ; ਵਧਦੋ ਜਾਈ ॥੩॥’’ ਅੰਤ ’ਚ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਨ੍ਹਾਂ ਉੱਤੇ ਪਰਮਾਤਮਾ ਦੀ ਮਿਹਰ ਹੈ ਓਹੀ ਇਸ ਖ਼ਜ਼ਾਨੇ ਨੂੰ ਮਾਣ ਸਕਦੇ ਹਨ ‘‘ਨਾਨਕ ! ਜਿਸੁ ਮਸਤਕਿ ਲੇਖੁ ਲਿਖਾਇ ॥ ਸੁ ਏਤੁ ਖਜਾਨੈ; ਲਇਆ ਰਲਾਇ ॥੪॥’’
ਗੁਰਬਾਣੀ ਦਾ ਗਿਆਨ ਰੂਪੀ ਖ਼ਜ਼ਾਨਾ ਜਿਸ ਨੇ ਆਪਣੇ ਹਿਰਦੇ ਵਿੱਚ ਵਸਾ ਲਿਆ, ਫਿਰ ਉਸ ਲਈ ਹੀਰੇ, ਰਤਨ, ਲਾਲ ਦੀ ਵੀ ਕੋਈ ਕੀਮਤ ਨਹੀਂ ਭਾਵ ਗੁਰਬਾਣੀ ਦੇ ਮੁਕਾਬਲੇ ਇਹ ਰਤਨ ਆਦਿ ਬੇਕਾਰ ਹਨ। ਖ਼ਜ਼ਾਨੇ ਦੇ ਭਰੇ ਭੰਡਾਰਾਂ ਨੂੰ ਸਾਧ-ਸੰਗਤ ਵਿੱਚ ਬੈਠ ਕੇ ਵਿਚਾਰਨਾ ਹੀ ਉਸ ਨੂੰ ਖਰਚਣਾ ਹੈ। ਜਿਸ ਉੱਪਰ ਪਰਮਾਤਮਾ ਦੀ ਕਿਰਪਾ ਹੈ, ਮਿਹਰ ਦੀ ਨਜ਼ਰ ਹੈ, ਓਹੀ ਇਸ ਖ਼ਜ਼ਾਨੇ ਨੂੰ ਖੋਲ੍ਹ ਕੇ ਖਰਚ ਸਕਦਾ ਹੈ। ਅਸੀਂ ਪਰਮਾਤਮਾ ਦੇ ਦਿੱਤੇ ਖ਼ਜ਼ਾਨੇ ਦੀ ਵਿਚਾਰ ਨਹੀਂ ਦੱਸ ਸਕਦੇ, ਕੇਵਲ ਉਸ ਨੂੰ ਖਾਣ ਅਤੇ ਖਰਚਣ ਭਾਵ ਪੜ੍ਹ ਕੇ ਵਿਚਾਰਨ ਵਿੱਚ ਹਿੱਸਾ ਪਾ ਸਕਦੇ ਹਾਂ। ਹੇ ਪਰਮਾਤਮਾ ਜੀ ! ਜਿਸ ਭਾਗਾਂ ਵਾਲੇ ਨੂੰ ਤੂੰ ਇਹ ਸਿਫਤ ਰੂਪੀ ਭੰਡਾਰਾ ਬਖ਼ਸ਼ ਦਿੰਦਾ ਹੈਂ ਫਿਰ ਉਸ ਦੇ ਜੀਵਨ ’ਚ ਹੋਰ ਕੋਈ ਰੁਕਾਵਟ ਨਹੀਂ ਪਾ ਸਕਦਾ ‘‘ਆਖਣ ਵਾਲਾ ਕਿਆ ਵੇਚਾਰਾ ॥ ਸਿਫਤੀ ਭਰੇ ਤੇਰੇ ਭੰਡਾਰਾ ॥ ਜਿਸੁ ਤੂ ਦੇਹਿ; ਤਿਸੈ ਕਿਆ ਚਾਰਾ ॥ ਨਾਨਕ ! ਸਚੁ ਸਵਾਰਣਹਾਰਾ ॥੪॥’’ ‘ਚਾਰਾ’ ਦਾ ਅਰਥ ਜੋਰ ਵੀ ਹੁੰਦਾ ਹੈ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਨੇ ਦੱਸਿਆ ਹੈ ਕਿ ‘‘ਜਿਸ ਠਾਕੁਰ ਸਿਉ ਨਾਹੀ ਚਾਰਾ॥’’ ਜਿਸ ਅੱਗੇ ਕੋਈ ਜੋਰ ਨਹੀਂ ਉਸ ਨੂੰ ਨਮਸਕਾਰ ਕਰਨੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਅੰਤ ’ਚ ਕਿਹਾ ‘‘ਨਾਨਕ ! ਸਚੁ ਸਵਾਰਣਹਾਰਾ ॥੪॥’’ ਇੱਥੇ ਨਾਨਕ ਦਾ ‘ਕ’ ਮੁਕਤਾ ਹੈ। ਇਸ ਦਾ ਅਰਥ ਹੈ ਹੇ ਨਾਨਕ ! ਉਸ ਦੇ ਜੀਵਨ ਨੂੰ ‘ਸਚੁ ਸਵਾਰਨਹਾਰਾ॥’’ ਪਰਮਾਤਮਾ ਮਿਹਰ ਦੀ ਨਜ਼ਰ ਨਾਲ਼ ਸੰਵਾਰ ਦਿੰਦਾ ਹੈ ਤਾਂ ਤੇ ‘‘ਤਾ ਕਉ ਕੀਜੈ ਸਦ ਨਮਸਕਾਰਾ ॥’’ (ਸੁਖਮਨੀ/ ਮਹਲਾ ੫/੨੬੮)
ਹੇ ਨਾਨਕ ! ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਵਾਰਣਹਾਰ ਹੈ। ਉਹਦੇ ਗੁਣਾਂ ਨੂੰ ਮਨ ਵਿੱਚ ਵਸਾਉਣਾ ਹੈ, ਵਿਵਹਾਰ ਵਿੱਚ, ਬਚਨਾਂ ਵਿੱਚ ਉਸ ਦੇ ਗੁਣ ਪ੍ਰਗਟ ਹੋਣੇ ਚਾਹੀਦੇ ਹਨ। ਉਸ ਦੀ ਕ੍ਰਿਪਾ ਨਾਲ ਬਚਨ ਮਿੱਠੇ ਹੋ ਜਾਣੇ ਹਨ। ਉਸ ਜੀਵ ਦਾ ਜੀਵਨ ਸੰਵਰ ਸਕਦਾ ਹੈ ਜੋ ਉਸ ਦੀਆਂ ਸਿਫਤਾਂ ਦੇ ਭੰਡਾਰ ਵਿੱਚ ਹਿੱਸਾ ਪਾਏਗਾ ‘‘ਨਾਨਕ ! ਸਚੁ ਸਵਾਰਣਹਾਰਾ ॥੪॥’’
ਇਸ ਪੂਰੇ ਸ਼ਬਦ ਵਿੱਚ ਗੁਰੂ ਜੀ ਨੇ ਸਮਝਾਇਆ ਹੈ ਕਿ ਪਰਮਾਤਮਾ ਦੇ ਗੁਣ ਬੇਅੰਤ ਹਨ, ਉਸ ਦੇ ਗੁਣਾਂ ਨੂੰ ਦੇਖਣ ਲਈ ਉਸ ਨੂੰ ਮਹਿਸੂਸ ਕਰਨਾ ਪਏਗਾ; ਉਸ ਨੂੰ ਆਪਣੇ ਹਿਰਦੇ-ਘਰ ਵਿੱਚ ਵਸਾਉਣਾ ਪਏਗਾ; ਤਾਂ ਉਸ ਦੀਆਂ ਵਡਿਆਈਆਂ ਪਤਾ ਲੱਗਣਗੀਆਂ। ਉਸ ਦੀਆਂ ਵਡਿਆਈਆਂ ਦੇਖਣ ਵਾਸਤੇ ਉਸ ਦੀ ਕੁਦਰਤਿ ’ਚ ਫਸਣਾ ਨਹੀਂ ਹੈ, ਕੁਰਬਾਨ ਜਾਣਾ ਹੈ। ਅਸੀਂ ਉਸ ਦੀ ਰਚੀ ਹੋਈ ਮਾਇਆ ਵਿੱਚ ਰਹਿੰਦੇ ਹੋਏ ਉਸ ਤੋਂ ਨਿਰਲੇਪ ਰਹਿਣਾ ਹੈ।
ਭਗਤ ਕਬੀਰ ਜੀ ਦਾ ਬਹੁਤ ਹੀ ਪਿਆਰਾ ਸ਼ਬਦ ਹੈ ‘‘ਚਚਾ; ਰਚਿਤ ਚਿਤ੍ਰ ਹੈ ਭਾਰੀ ॥ ਤਜਿ ਚਿਤ੍ਰੈ; ਚੇਤਹੁ ਚਿਤਕਾਰੀ ॥’’ (ਬਾਵਨ ਅਖਰੀ, ਕਬੀਰ ਜੀ/੩੪੦) ਪਰਮਾਤਮਾ ਦੁਆਰਾ ਰਚੀ ਹੋਈ ਸਾਰੀ ਰਚਨਾ ਬਹੁਤ ਵੱਡਾ ਚਿੱਤਰ ਹੈ, ਇਸ ਚਿੱਤਰ ਦੇ ਰਸ-ਕਸ ਵਿੱਚ ਫੱਸਣਾ ਨਹੀਂ। ਇਸ ਚਿੱਤਰ ਵਿੱਚ ਖਚਿਤ ਹੋਣ ਦੀ ਬਜਾਏ, ਇਸ ਦੇ ਚਿੱਤਰਕਾਰ ਭਾਵ ਪਰਮਾਤਮਾ ਨੂੰ ਵਡਿਆਉਣਾ ਹੈ; ਉਸ ਦੀ ਸਿਫਤ-ਸਾਲਾਹ ਕਰਨੀ ਹੈ। ਉਸ ਬੇਅੰਤ ਪਰਮਾਤਮਾ ਨੇ ਬਹੁਤ ਹੀ ਸੋਹਣੀਆਂ ਅਤੇ ਲੁਭਾਵਣੀਆਂ ਚੀਜ਼ਾਂ ਬਣਾਈਆਂ ਹਨ।
ਅਗਲੀ ਤੁੱਕ ਵਿੱਚ ਕਬੀਰ ਜੀ ਕਹਿੰਦੇ ਹਨ ਕਿ ਇਹ ਚਿੱਤਰ ਬਹੁਤ ਹੀ ਸੋਹਣਾ ਹੈ, ਬਚਿੱਤਰ ਹੈ; ਇਸ ਵਿੱਚ ਇੰਨੇ ਰਸ-ਕਸ ਹਨ ਕਿ ਜੀਵ ਇਹਨਾਂ ਵਿੱਚ ਫਸ ਜਾਂਦਾ ਹੈ। ਝਮੇਲਾ ਇਹੀ ਹੈ ਕਿ ਅਸੀਂ ਇਸ ਵਿੱਚ ਫਸੇ ਰਹਿੰਦੇ ਹਾਂ, ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ, ਪਰ ਹੇ ਜੀਵ ! ਤੂੰ ਉਸ ਨਾਲ ਮਨ ਜੋੜ, ਜਿਸ ਨੇ ਇਹ ਸਾਰਾ ਚਿੱਤਰ ਬਣਾਇਆ ਹੈ ‘‘ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥ ਤਜਿ ਚਿਤ੍ਰੈ; ਚਿਤੁ ਰਾਖਿ ਚਿਤੇਰਾ ॥੧੨॥’’
ਗੁਰੂ ਨਾਨਕ ਸਾਹਿਬ ਜੀ ਰਾਗ ਬਿਲਾਵਲ ਵਿੱਚ ਬਹੁਤ ਸੋਹਣਾ ਪਰਮਾਤਮਾ ਦੀਆਂ ਸਿਫ਼ਤਾਂ ਬਾਰੇ ਬਿਆਨ ਕਰਦੇ ਹਨ ਕਿ ‘‘ਤੂ ਸੁਲਤਾਨੁ; ਕਹਾ ਹਉ ਮੀਆ; ਤੇਰੀ ਕਵਨ ਵਡਾਈ ?॥ ਜੋ ਤੂ ਦੇਹਿ; ਸੁ ਕਹਾ ਸੁਆਮੀ ! ਮੈ ਮੂਰਖ ਕਹਣੁ ਨ ਜਾਈ ॥੧॥’’ (ਮਹਲਾ ੧/੭੯੫) ਯਾਨੀ ਹੇ ਪਾਤਸ਼ਾਹ ! ਤੂੰ ਸੁਲਤਾਨ ਹੈਂ, ਵੱਡਾ ਸ਼ਾਹਿ-ਸ਼ਹਿਨਸ਼ਾਹ ਹੈਂ, ਪਰ ਮੈ ਤੈਨੂੰ ਚੌਧਰੀ ਕਹਿ ਕੇ ਬੁਲਾਵਾਂ, ਇਹ ਤੇਰੀ ਕਾਹਦੀ ਵਡਿਆਈ ਹੋਈ ? ਤੂੰ ਜਿੰਨੀ ਮੈਨੂੰ ਸਮਰੱਥਾ ਦਿੱਤੀ ਹੈ ਉਸ ਦੇ ਮੁਤਾਬਕ ਹੀ ਮੈਂ ਕਹਿ ਰਿਹਾ ਹਾਂ; ਮੈਂ ਮੂਰਖ ਹਾਂ; ਤੇਰੀ ਮਿਹਰ ਤੋਂ ਬਿਨਾਂ ਮੈਂ ਤੇਰੀਆਂ ਵਡਿਆਈਆਂ ਨਹੀਂ ਕਹਿ ਸਕਦਾ। ਗੁਰੂ ਸਾਹਿਬ ਅੱਗੇ ਕਹਿੰਦੇ ਹਨ ਕਿ ‘‘ਤੇਰੇ ਗੁਣ ਗਾਵਾ; ਦੇਹਿ ਬੁਝਾਈ ॥ ਜੈਸੇ ਸਚ ਮਹਿ; ਰਹਉ ਰਜਾਈ ॥੧॥ ਰਹਾਉ ॥’’ ਹੇ ਪਾਤਸ਼ਾਹ ! ਮੈਨੂੰ ਸਮਝ ਬਖ਼ਸ਼ ਕਿ ਮੈਂ ਤੇਰੇ ਗੁਣ ਗਾ ਸਕਾਂ; ਤੇਰੇ ਵਿੱਚ ਲੀਨ ਹੋ ਸਕਾਂ; ਇਹ ਸਭ ਤੇਰੀ ਹੀ ਵਡਿਆਈ ਹੈ ‘‘ਆਖਣ ਵਾਲਾ ਕਿਆ ਵੇਚਾਰਾ ?॥ ਸਿਫਤੀ ਭਰੇ ਤੇਰੇ ਭੰਡਾਰਾ ॥ ਜਿਸੁ ਤੂ ਦੇਹਿ; ਤਿਸੈ ਕਿਆ ਚਾਰਾ ॥ ਨਾਨਕ ! ਸਚੁ ਸਵਾਰਣਹਾਰਾ ॥੪॥’’
ਜਦ ਭਗਤ ਕਬੀਰ ਜੀ ਨੇ ‘‘ਕਬੀਰ ! ਤੂੰ ਤੂੰ ਕਰਤਾ ਤੂ ਹੂਆ; ਮੁਝ ਮਹਿ ਰਹਾ ਨ ਹੂੰ ॥ ਜਬ ਆਪਾ ਪਰ ਕਾ ਮਿਟਿ ਗਇਆ; ਜਤ ਦੇਖਉ ਤਤ ਤੂ ॥’’ ਆਖਿਆ ਭਾਵ ਮੇਰੇ ਸਰੀਰ ਵਿੱਚ ਕੋਈ ਪਾਇਆਂ ਨਹੀਂ ਕਿ ਮੈਂ ਕੁਝ ਕਰ ਸਕਾਂ; ਨਾ ਹੀ ਕੀਤਾ ਹੈ; ਨਾ ਹੀ ਅੱਗੇ ਮੇਰੇ ਕੋਲੋਂ ਕੁਝ ਹੋਵੇਗਾ; ਜੋ ਵੀ ਕੀਤਾ ਤੂੰ ਹੀ ਕੀਤਾ ਤਾਂ ਫਿਰ ਲੋਕਾਂ ਨੇ ਕਬੀਰ ਜੀ ਨੂੰ ਵੀ ਵੱਡਾ ਕਹਿਣਾ ਸ਼ੁਰੂ ਕਰ ਦਿੱਤਾ ‘‘ਕਬੀਰ ਨਾ ਹਮ ਕੀਆ; ਨ ਕਰਹਿਗੇ; ਨਾ ਕਰਿ ਸਕੈ ਸਰੀਰੁ ॥ ਕਿਆ ਜਾਨਉ ਕਿਛੁ ਹਰਿ ਕੀਆ; ਭਇਓ ਕਬੀਰੁ ਕਬੀਰੁ ॥’’ (ਭਗਤ ਕਬੀਰ ਜੀ/੧੩੬੭) ਇੱਥੇ ਦੋ ਵਾਰ ਕਬੀਰ ਆਇਆ ਹੈ। ਪਹਿਲੇ ਕਬੀਰ ਦਾ ਅਰਥ ਹੈ ‘ਕਬੀਰ ਜੀ’ ਅਤੇ ਦੂਜੇ ‘ਕਬੀਰ’ ਦਾ ਅਰਥ ਹੈ ‘ਵੱਡਾ’।
ਹੇ ਪਾਤਸ਼ਾਹ ! ਜੋ ਵੀ ਹੋਇਆ ਤੇਰੇ ਤੋਂ ਹੋਇਆ ਹੈ; ਮੈਂ ਤੇਰਾ ਅੰਤ ਨਹੀਂ ਜਾਣ ਸਕਦਾ, ਮੈਂ ਅੰਨ੍ਹੇ ਦੀ ਕੀ ਚਤੁਰਾਈ ਹੈ; ਮੈਂ ਗਿਆਨਹੀਣ ਹਾਂ; ਮੈਂ ਤੇਰੀ ਕਦੇ ਨਾ ਕਹੀ ਜਾ ਸਕਣ ਵਾਲੀ ਅਕੱਥ ਕਥਾ ਨਹੀਂ ਕਹਿ ਸਕਦਾ ‘‘ਜੋ ਕਿਛੁ ਹੋਆ, ਸਭੁ ਕਿਛੁ ਤੁਝ ਤੇ; ਤੇਰੀ ਸਭ ਅਸਨਾਈ ॥ ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ! ਮੈ ਅੰਧੁਲੇ, ਕਿਆ ਚਤੁਰਾਈ ॥’’ (ਮਹਲਾ ੧/੭੯੫) ਗੁਰੂ ਸਾਹਿਬਾਨ ਨੇ ਪਹਿਲਾਂ ਆਪਣੇ ਆਪ ਨੂੰ ਮੂਰਖ ਕਿਹਾ ਹੈ। ਇੱਥੇ ਅੰਧੁਲੇ ਕਿਹਾ ਹੈ। ਗੁਰਬਾਣੀ ਵਿੱਚ ਅਤਿ ਦਰਜੇ ਜੀ ਨਿਮਰਤਾ ਸਮੋਈ ਹੋਈ ਹੈ। ਗੁਰੂ ਸਾਹਿਬ ਜੀ ਬਚਨ ਕਰਦੇ ਹਨ ‘‘ਕਿਆ ਹਉ ਕਥੀ; ਕਥੇ ਕਥਿ ਦੇਖਾ; ਮੈ ਅਕਥੁ, ਨ ਕਥਨਾ ਜਾਈ ॥ ਜੋ ਤੁਧੁ ਭਾਵੈ ਸੋਈ ਆਖਾ; ਤਿਲੁ ਤੇਰੀ ਵਡਿਆਈ ॥੩॥ ਏਤੇ ਕੂਕਰ ਹਉ ਬੇਗਾਨਾ; ਭਉਕਾ ਇਸੁ ਤਨ ਤਾਈ ॥ ਭਗਤਿ ਹੀਣੁ ਨਾਨਕੁ ਜੇ ਹੋਇਗਾ; ਤਾ ਖਸਮੈ ਨਾਉ ਨ ਜਾਈ ॥੪॥ (ਮਹਲਾ ੧/੭੯੫)
ਇੱਥੇ ਗੁਰੂ ਜੀ ਅਤਿ ਨਿਮਰਤਾ ਵਿੱਚ ਆ ਕੇ ਆਪਣੇ ਆਪ ਨੂੰ ਵਫ਼ਾਦਾਰ ਕੁੱਤਾ ਕਹਿ ਰਹੇ ਹਨ ਅਤੇ ਫ਼ੁਰਮਾਉਂਦੇ ਹਨ ਕਿ ਤੇਰੇ ਦਰ ’ਤੇ ਅਨੇਕਾਂ ਕੁੱਤੇ ਹਨ। ਮੈ ਉਨ੍ਹਾਂ ਵਿੱਚੋਂ ਇੱਕ ਓਪਰਾ ਜਿਹਾ ਕੁੱਤਾ ਆਪਣੀ ਮੁਕਤੀ ਲਈ ਭੌਂਕ ਰਿਹਾ ਹਾਂ। ਤੇਰਾ ਨਾਨਕ ਜੇ ਤੇਰੇ ਗੁਣਾਂ ਨੂੰ ਪੂਰੀ ਤਰ੍ਹਾਂ ਗਾਇਨ ਨਾ ਵੀ ਕਰ ਸਕੇ ਤਾਂ ਵੀ ਮੈਨੂੰ ਭਰੋਸਾ ਹੈ ਕਿ ਮੇਰਾ ਖਸਮ (ਮਾਲਕ) ਆਪਣੇ ਮੁੱਢ ਕਦੀਮਾਂ ਵਾਲ਼ੇ ਸੁਭਾਉ ਅਨੁਸਾਰ ਮੈਨੂੰ ਬਖ਼ਸ਼ ਲਏਗਾ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਸਾਧੂ ਸੰਗਿ ਤਰੀਜੈ ਸਾਗਰੁ
ਸਾਧੂ ਸੰਗਿ ਤਰੀਜੈ ਸਾਗਰੁ
ਪ੍ਰਿੰਸੀਪਲ ਹਰਭਜਨ ਸਿੰਘ ਜੀ
ਮਾਝ ਮਹਲਾ ੫ ॥
ਮਨੁ ਤਨੁ ਰਤਾ ਰਾਮ ਪਿਆਰੇ ॥ ਸਰਬਸੁ ਦੀਜੈ ਅਪਨਾ ਵਾਰੇ ॥
ਆਠ ਪਹਰ ਗੋਵਿੰਦ ਗੁਣ ਗਾਈਐ; ਬਿਸਰੁ ਨ ਕੋਈ ਸਾਸਾ ਜੀਉ ॥੧॥
ਸੋਈ ਸਾਜਨ ਮੀਤੁ ਪਿਆਰਾ ॥ ਰਾਮ ਨਾਮੁ ਸਾਧਸੰਗਿ ਬੀਚਾਰਾ ॥
ਸਾਧੂ ਸੰਗਿ ਤਰੀਜੈ ਸਾਗਰੁ; ਕਟੀਐ ਜਮ ਕੀ ਫਾਸਾ ਜੀਉ ॥੨॥
ਚਾਰਿ ਪਦਾਰਥ; ਹਰਿ ਕੀ ਸੇਵਾ ॥ ਪਾਰਜਾਤੁ; ਜਪਿ ਅਲਖ ਅਭੇਵਾ ॥
ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ; ਪੂਰਨ ਹੋਈ ਆਸਾ ਜੀਉ ॥੩॥
ਪੂਰਨ ਭਾਗ; ਭਏ ਜਿਸੁ ਪ੍ਰਾਣੀ ॥ ਸਾਧਸੰਗਿ ਮਿਲੇ ਸਾਰੰਗਪਾਣੀ ॥
ਨਾਨਕ ! ਨਾਮੁ ਵਸਿਆ ਜਿਸੁ ਅੰਤਰਿ; ਪਰਵਾਣੁ ਗਿਰਸਤ ਉਦਾਸਾ ਜੀਉ ॥੪॥ (ਮਹਲਾ ੫/੧੦੮)
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ‘ਮਾਝ ਰਾਗ’ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 108 ਉੱਤੇ ਸੁਭਾਇਮਾਨ ਹੈ। ਇਸ ਸ਼ਬਦ ਦੁਆਰਾ ਗੁਰਦੇਵ ਪਿਤਾ ਜੀ ਸਮਸਤ ਲੁਕਾਈ ਦੇ ਹਰ ਜੀਵ ਨੂੰ ਸਮਝਾ ਰਹੇ ਹਨ ਕਿ ਅਕਾਲ ਪੁਰਖ ਨੇ ਜੋ ਤੈਨੂੰ ਮਨੁੱਖਾ ਸਰੀਰ ਦਿੱਤਾ ਹੈ, ਇਹ ਤਾਂ ਹੀ ਸਫਲ ਹੈ ਜੇ ਤੂੰ ਇਸ ਸਰੀਰ ਰਾਹੀਂ ਗੁਰੂ ਦੀ ਸੇਵਾ ਅਤੇ ਪ੍ਰਮਾਤਮਾ ਦੀ ਭਗਤੀ ਕਰਦਾ ਹੈਂ। ਭਗਤ ਕਬੀਰ ਜੀ ਦੇ ਵੀ ਭੈਰਉ ਰਾਗ ਵਿਚਲੇ ਸ਼ਬਦ ਦੀਆਂ ਇਹ ਪੰਕਤੀਆਂ ਸਮੁੱਚੀ ਮਨੁੱਖਤਾ ਨੂੰ ਪ੍ਰਭੂ ਸਿਮਰਨ ਲਈ ਪ੍ਰੇਰਤ ਕਰਦੀਆਂ ਹਨ ‘‘ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥’’ (ਭਗਤ ਕਬੀਰ/੧੧੫੯)
ਗਉੜੀ ਰਾਗ ਦੇ ਇਕ ਸ਼ਬਦ ਦੀ ਇਹ ਪੰਕਤੀ ‘‘ਭਲੋ ਸਮੋ ਸਿਮਰਨ ਕੀ ਬਰੀਆ ॥’’ (ਮਹਲਾ ੫/੧੯੦) ਜੋ ਕਿ ਗੁਰੂ ਅਰਜਨ ਸਾਹਿਬ ਜੀ ਦੀ ਹੀ ਉਚਾਰਨ ਕੀਤੀ ਹੋਈ ਹੈ, ਇਹ ਵੀ ਮਨੁੱਖ ਨੂੰ ਸੁਚੇਤ ਕਰਦੀ ਹੈ ਕਿ ਕੇਵਲ ਮਨੁੱਖੀ ਜਾਮਾ ਹੀ ਪ੍ਰਭੂ ਬੰਦਗੀ ਲਈ ਸਭ ਤੋਂ ਵਧੀਆ ਸਮਾਂ ਹੈ। ਪਰ ਵੇਖਣ ਵਿਚ ਐਸਾ ਆਉਂਦਾ ਹੈ ਕਿ ਅਗਿਆਨਤਾ ਵੱਸ ਹੋ ਕੇ ਇਸ ਜੀਵ ਨੇ ਇਸ ਮਨੁੱਖਾ ਦੇਹੀ ਦੀ ਕਦਰ ਹੀ ਨਹੀਂ ਜਾਣੀ। ਜੇ ਇਹ ਕਦਰਦਾਨ ਹੁੰਦਾ ਤਾਂ ਕੁਕਰਮਾਂ ਅਤੇ ਝੂਠੇ ਨਸ਼ਿਆਂ ਦੀ ਥਾਂ ਅਕਾਲ ਪੁਰਖ ਦੇ ਪਿਆਰ ਵਿਚ ਰੰਗਿਆ ਹੁੰਦਾ। ਜੇ ਇਸ ਦਾ ਆਪਣਾ ਮਨ ਅਤੇ ਤਨ; ਸੱਚੇ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਏ ਤਾਂ ਇਹ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ॥’’ (ਸੋਹਿਲਾ/ਮਹਲਾ ੧/੧੩) ਦੇ ਅਨੁਸਾਰ ਮਨੁੱਖਤਾ ਨਾਲ ਪਿਆਰ ਕਰੇਗਾ। ਕਦੀ ਵੀ ਧਰਮ ਦੇ ਨਾਂ ਤੇ ਮਨੁੱਖਤਾ ਵਿੱਚ ਵੰਡੀਆਂ ਨਹੀਂ ਪਾਏਗਾ। ਗੁਰਮਤਿ ਅਨੁਸਾਰ ਜੇ ਦੇਖਿਆ ਜਾਏ ਤਾਂ ਦੁਨੀਆਂ ਵਿੱਚ ਧਰਮ ਉਹ ਹੀ ਲਾਭਕਾਰੀ ਹੈ ਜਿਸ ਵਿੱਚ ਪ੍ਰਮਾਤਮਾ ਦੀ ਬੰਦਗੀ ਕੀਤੀ ਜਾਵੇ। ਸੁਖਮਨੀ ਸਾਹਿਬ ਵਿੱਚ ਗੁਰਦੇਵ ਜੀ ਦੇ ਬਚਨ ਹਨ ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥’’ (ਸੁਖਮਨੀ/ਮਹਲਾ ੫/੨੬੬)
ਨਾਮ ਜਪਣ ਤੋਂ ਭਾਵ ਹੀ ਇਹ ਹੈ ਕਿ ਆਪਣਾ ਆਪ; ਆਪਣੇ ਪਿਆਰੇ ਨੂੰ ਹੀ ਸਮਰਪਿਤ ਕਰ ਦੇਣਾ। ਸਮਰਪਿਤ ਕਰਨ ਨੂੰ ਹੀ ਦੂਜੇ ਅਰਥਾਂ ਵਿਚ ਮਨ ਤਨ ਨੂੰ ਰੰਗਣਾ ਕਹਿੰਦੇ ਹਨ, ਤਾਂ ਹੀ ਗੁਰੂ ਅਰਜਨ ਦੇਵ ਜੀ ਇਸ ਸ਼ਬਦ ਦੇ ਪਹਿਲੇ ਪਦੇ ਦੁਆਰਾ ਸਮਝਾ ਰਹੇ ਹਨ ‘‘ਮਨੁ ਤਨੁ ਰਤਾ ਰਾਮ ਪਿਆਰੇ ॥ ਸਰਬਸੁ ਦੀਜੈ ਅਪਨਾ ਵਾਰੇ ॥ ਆਠ ਪਹਰ ਗੋਵਿੰਦ ਗੁਣ ਗਾਈਐ; ਬਿਸਰੁ ਨ ਕੋਈ ਸਾਸਾ ਜੀਉ ॥੧॥’’ ਭਾਵ ਹੇ ਭਾਈ ! ਜੇ ਤੂੰ ਇਹ ਚਾਹੁੰਦਾ ਹੈਂ ਕਿ ਤੇਰਾ ਮਨ, ਤੇਰਾ ਤਨ ਪਿਆਰੇ ਪ੍ਰਭੂ ਦੇ ਪ੍ਰੇਮ ਵਿਚ ਰੰਗਿਆ ਰਹੇ, ਤਾਂ ਆਪਣਾ ਸਭ ਕੁੱਝ ਉਸ ਦੇ ਪ੍ਰੇਮ ਬਦਲੇ ਦੇ ਦੇਣਾ ਚਾਹੀਦਾ ਹੈ। ਅੱਠੇ ਪਹਿਰ ਗੋਬਿੰਦ ਦੇ ਗੁਣ ਗਾਣੇ ਚਾਹੀਦੇ ਹਨ। ਹੇ ਭਾਈ ! ਕੋਈ ਇਕ ਸਾਹ ਲੈਂਦਿਆਂ ਵੀ ਪ੍ਰਮਾਤਮਾ ਨੂੰ ਨਾ ਭੁੱਲ। ਗੱਲ ਪ੍ਰਭੂ ਦੇ ਰੰਗ ਦੀ ਚੱਲ ਰਹੀ ਹੈ। ਸੋ ਇੱਥੇ ਰੰਗ ਦਾ ਅਰਥ ਪ੍ਰੇਮ ਹੈ ਮਤਾਂ ਕਿਤੇ ਅਸੀਂ ਦੂਜੇ ਰੰਗਾਂ ਦੇ ਚੱਕਰਾਂ ਵਿੱਚ ਪੈ ਕੇ ਅਸਲ ਨਾਮ ਰੰਗ ਤੋਂ ਬਾਂਝੇ ਰਹਿ ਜਾਈਏ। ਗੁਰਬਾਣੀ ਵਿਚ ਆਮ ਕਰਕੇ ਦੋ ਰੰਗਾਂ ਦੇ ਨਾਮਾਂ ਦਾ ਜ਼ਿਕਰ ਹੈ (1). ਪ੍ਰਭੂ ਪ੍ਰੇਮ ਵਾਸਤੇ ਅਤੇ (2). ਮਾਇਆ ਵਾਸਤੇ। ਪ੍ਰਭੂ ਪ੍ਰੇਮ ਵਾਸਤੇ ਲਾਲ ਜਾਂ ਮਜੀਠ ਸ਼ਬਦ ਵਰਤੇ ਗਏ ਹਨ ਅਤੇ ਮਾਇਆ ਵਾਸਤੇ ਸੂਜਾ ਅਤੇ ਕਸੁੰਭਾ; ਜਿਵੇਂ ਕਿ ‘‘ਲਾਲ ਰੰਗੁ ਤਿਸ ਕਉ ਲਗਾ; ਜਿਸ ਕੇ ਵਡਭਾਗਾ ॥’’ (ਮਹਲਾ ੫/੮੦੮) ਜਾਂ ‘‘ਕਾਇਆ ਰੰਙਣਿ ਜੇ ਥੀਐ ਪਿਆਰੇ ! ਪਾਈਐ ਨਾਉ ‘ਮਜੀਠ’ ॥’’ (ਮਹਲਾ ੧/੭੨੨) ਇਹ ਪ੍ਰਭੂ ਪ੍ਰੇਮ ਦੇ ਰੰਗ ਦੀ ਗੱਲ ਹੈ, ਪਰ ਜਿੱਥੇ ਮਾਇਆ ਦੇ ਰੰਗ ਦੀ ਗੱਲ ਆਈ ਹੈ ਉੱਥੇ ਸਤਿਗੁਰੂ ਫ਼ੁਰਮਾਨ ਕਰਦੇ ਹਨ ‘‘ਕਚਾ ਰੰਗੁ ਕਸੁੰਭ ਕਾ; ਥੋੜੜਿਆ ਦਿਨ ਚਾਰਿ ਜੀਉ ॥’’ (ਮਹਲਾ ੧/੭੫੧) ਸੋ ਇਸ ਲਈ ਮਨ ਅਤੇ ਤਨ ਨੂੰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਣ ਲਈ ਸਤਿਗੁਰੂ ਜੀ ਨੂੰ ਤਨ, ਮਨ ਸੌਂਪਣਾ ਪਵੇਗਾ। ਜਿਵੇਂ ਅਸੀਂ ਕਿਸੇ ਕੱਪੜੇ ਨੂੰ ਕੋਈ ਵੀ ਰੰਗ ਚੜ੍ਹਾਉਣਾ ਹੈ ਤਾਂ ਸਾਨੂੰ ਉਹ ਕੱਪੜਾ ਲਲਾਰੀ ਨੂੰ ਦੇਣਾ ਪਵੇਗਾ, ਨਹੀਂ ਤਾਂ ਅਸੀਂ ਕਹੀ ਜਾਈਏ ਕਿ ਮਨ ਤਨ ਨੂੰ ਪ੍ਰਭੂ ਦੇ ਪ੍ਰੇਮ ਵਿੱਚ ਰੰਗਣਾ ਹੈ ਤਾਂ ਕਹਿਣ ਨਾਲ ਰੰਗਿਆ ਨਹੀਂ ਜਾਣਾ, ਇਸ ਲਈ ਗੁਰੂ ਅਤੇ ਗੁਰਮੁਖਾਂ ਦੀ ਸੰਗਤ ਕਰਨੀ ਜ਼ਰੂਰੀ ਹੈ ਕਿਉਂਕਿ ਉਹ ਆਪ ਵੀ ਰੰਗੇ ਹੋਏ ਹਨ। ਦੂਜਿਆਂ ਨੂੰ ਰੰਗਣ ਦੀ ਉਹਨਾਂ ਵਿੱਚ ਸਮਰੱਥਾ ਹੈ। ਇਸੇ ਲਈ ਸਤਿਗੁਰੂ ਜੀ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਫ਼ੁਰਮਾ ਰਹੇ ਹਨ ‘‘ਸੋਈ ਸਾਜਨ ਮੀਤੁ ਪਿਆਰਾ ॥ ਰਾਮ ਨਾਮੁ ਸਾਧਸੰਗਿ ਬੀਚਾਰਾ ॥ ਸਾਧੂ ਸੰਗਿ ਤਰੀਜੈ ਸਾਗਰੁ; ਕਟੀਐ ਜਮ ਕੀ ਫਾਸਾ ਜੀਉ ॥੨॥ ਭਾਵ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ, ਉਹ ਹੀ ਸੱਜਣ ਪ੍ਰਭੂ ਦਾ ਪਿਆਰਾ ਮਿੱਤਰ ਹੈ। ਸਾਧਸੰਗਤਿ ਵਿੱਚ ਰਿਹਾਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਤੇ ਜਮਾ ਵਾਲੀ ਫਾਹੀ ਕੱਟੀ ਜਾਂਦੀ ਹੈ। ਭਾਵੇਂ ਕਿ ਦੁਨੀਆਂ ਵਿਚ ਹਰ ਪ੍ਰਕਾਰ ਦੇ ਮਿਲਾਪ ਤੇ ਇਕੱਠ ਨੂੰ ਵੀ ਸੰਗਤ ਕਹਿੰਦੇ ਹਨ, ਪਰ ਇਹਨਾਂ ਵਿਚੋਂ ਪ੍ਰਭੂ ਸਰੂਪ ਗੁਰੂ ਜੀ ਦਾ ਜਸ ਕਰਨ ਵਾਲੀ ਸੰਗਤ ਦਾ ਨਾਮ ਹੀ ਸਤਿਸੰਗਤ ਹੈ। ਉਸੇ ਸੰਗਤ ਵਿਚ ਹੀ ਗੁਰੂ ਜੀ ਨੇ ਪ੍ਰਭੂ ਦਾ ਵਾਸਾ ਦੱਸਿਆ ਹੈ; ਜਿਵੇਂ ਫ਼ੁਰਮਾਨ ਹੈ ‘‘ਵਿਚਿ ਸੰਗਤਿ, ਹਰਿ ਪ੍ਰਭੁ ਵਸੈ ਜੀਉ ॥ (ਮਹਲਾ ੪/੯੪), ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ; ਬੁਝਹੁ ਸਬਦ ਵੀਚਾਰਿ ॥’’ (ਮਹਲਾ ੪/੧੩੧੪) ਸਤਿਸੰਗਤਿ ਵਿੱਚ ਜਾਣ ਕਰਕੇ ਹੀ ਪ੍ਰਭੂ ਨੂੰ ਮਿਲਣ ਦੀ ਜੁਗਤੀ ਪ੍ਰਾਪਤ ਹੁੰਦੀ ਹੈ। ਸਤਿਸੰਗਤਿ ਹੀ ਸਤਿਗੁਰੂ ਰੂਪੀ ਲਲਾਰੀ ਦਾ ਇੱਕ ਐਸਾ ਬਰਤਨ ਹੈ, ਜਿਸ ਵਿੱਚ ਜਗਿਆਸੂ ਆਪਣੇ ਮਨ ਅਤੇ ਤਨ ਨੂੰ ਰੰਗ ਸਕਦਾ ਹੈ। ਐਸੀ ਸਤਿਸੰਗਤਿ ਕਰਨ ਨਾਲ ਅਨੇਕਾਂ ਪਾਪੀਆਂ ਦਾ ਉਧਾਰ ਹੋ ਗਿਆ; ਜਿਵੇਂ ਕਿ ਸਤਿਗੁਰੂ ਜੀ ਦੇ ਬਚਨ ਹਨ ‘‘ਮੇਰੇ ਮਾਧਉ ਜੀ ! ਸਤਸੰਗਤਿ ਮਿਲੇ ਸੁ ਤਰਿਆ ॥ ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥’’ (ਸੋ ਦਰੁ ਗੂਜਰੀ/ਮਹਲਾ ੫/੧੦) ਜਾਂ ‘‘ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ; ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥ ਧਨੁ ਧੰਨੁ ਸਤਸੰਗਤਿ, ਜਿਤੁ ਹਰਿ ਰਸੁ ਪਾਇਆ; ਮਿਲਿ ਜਨ ਨਾਨਕ ਨਾਮੁ ਪਰਗਾਸਿ ॥੪॥੪॥’’ (ਸੋ ਦਰੁ/ਮਹਲਾ ੪/੧੦)
ਸਤਿਸੰਗਤਿ ਵਿਚ ਹੀ ਪ੍ਰਭੂ ਦੇ ਨਾਮ ਨਾਲ ਮਿਤਰਤਾ ਪੈਂਦੀ ਹੁੰਦੀ ਹੈ। ਜੇ ਸਤਿਗੁਰੂ ਨਾਲ ਮਿਤਰਤਾ ਬਣ ਜਾਏ ਤਾਂ ਸਤਿਗੁਰੂ ਜੀ ਦੇ ਕਥਨ ਅਨੁਸਾਰ ਇੱਕ ਸਜਣ, ਸਭ ਸੱਜਣਾ ਵਾਲੀ ਅਵਸਥਾ ਬਣ ਜਾਂਦੀ ਹੈ। ਸਤਿਸੰਗਤਿ ਵਿੱਚ ਆ ਕੇ ਪ੍ਰਭੂ ਦਾ ਨਾਮ ਜਪਣ ਨਾਲ ਇਹ ਹਾਲਤ ਹੋ ਜਾਂਦੀ ਹੈ ਕਿ ਉਸ ਨੂੰ ਨਾਮ ਦੇ ਤੁਲ ਬਾਕੀ ਹੋਰ ਕੁਝ ਚੰਗਾ ਨਹੀਂ ਲੱਗਦਾ। ਸਤਿਗੁਰੂ ਜੀ ਸ਼ਬਦ ਦੇ ਤੀਸਰੇ ਪਦੇ ਅਤੇ ਅੰਤਲੇ ਪਦੇ ਰਾਹੀਂ ਸਮਝਾਉਂਦੇ ਹੋਏ ਫ਼ੁਰਮਾ ਰਹੇ ਹਨ ‘‘ਚਾਰਿ ਪਦਾਰਥ ਹਰਿ ਕੀ ਸੇਵਾ ॥ ਪਾਰਜਾਤੁ ਜਪਿ ਅਲਖ ਅਭੇਵਾ ॥ ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ; ਪੂਰਨ ਹੋਈ ਆਸਾ ਜੀਉ ॥੩॥ ਪੂਰਨ ਭਾਗ; ਭਏ ਜਿਸੁ ਪ੍ਰਾਣੀ ॥ ਸਾਧਸੰਗਿ ਮਿਲੇ ਸਾਰੰਗਪਾਣੀ ॥ ਨਾਨਕ ! ਨਾਮੁ ਵਸਿਆ ਜਿਸੁ ਅੰਤਰਿ; ਪਰਵਾਣੁ ਗਿਰਸਤ ਉਦਾਸਾ ਜੀਉ ॥੪॥ ਭਾਵ ਹੇ ਭਾਈ ! ਪ੍ਰਮਾਤਮਾ ਦੀ ਸੇਵਾ ਭਗਤੀ ਹੀ ਚਾਰ ਪਦਾਰਥ ਹਨ। ਪ੍ਰਭੂ ਦਾ ਨਾਮ ਜਪੁ, ਇਹੀ ਮਨੋਕਾਮਨਾ ਪੂਰੀਆਂ ਕਰਨ ਵਾਲਾ ਪਾਰਜਾਤ ਰੁੱਖ ਹੈ, ਜਿਸ ਮਨੁੱਖ ਦੇ ਅੰਦਰੋਂ ਗੁਰੂ ਜੀ ਨੇ ਕਾਮ ਅਤੇ ਕ੍ਰੋਧ ਮਿਟਾ ਦਿੱਤਾ। ਜਿਸ ਦੇ ਸਾਰੇ ਪਾਪ ਗੁਰੂ ਜੀ ਨੇ ਕੱਟ ਦਿੱਤੇ, ਉਸ ਦੀ ਹਰ ਤਰ੍ਹਾਂ ਦੀ ਆਸਾ ਪੂਰੀ ਹੋ ਗਈ, ਪਰ ਹੇ ਭਾਈ ! ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਣ ਉਸ ਨੂੰ ਹੀ ਸਾਧਸੰਗਤਿ ਵਿਚੋਂ ਪ੍ਰਭੂ ਮਿਲਦਾ ਹੈ। ਹੇ ਨਾਨਕ ! ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਉਹ ਘਰ-ਬਾਰੀ ਹੁੰਦਿਆਂ ਵੀ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਤੇ ਪ੍ਰਭੂ ਦੇ ਦਰ ’ਤੇ ਕਬੂਲ ਹੋ ਜਾਂਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਬਾਰੇ ਵਿਦਵਾਨਾਂ ਦੀ ਰਾਇ
ਗੁਰੂ ਗੋਬਿੰਦ ਸਿੰਘ ਜੀ ਬਾਰੇ ਵਿਦਵਾਨਾਂ ਦੀ ਰਾਇ
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ, ਵਹੁ ਕਮ ਹੈ
ਇਕਵਾਕ ਸਿੰਘ ਪੱਟੀ-
ਗੁਰੂ ਗੋਬਿੰਦ ਸਿੰਘ ਜੀ ਅਜਿਹੀ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਬਾਰੇ ਬਿਆਨ ਕਰਨਾ ਸ਼ਬਦਾਂ ਤੋਂ ਕਿਤੇ ਪਰ੍ਹੇ ਹੈ। ਆਪ ਇੱਕ ਮਹਾਨ ਵਿਦਵਾਨ/ਦਾਰਸ਼ਨਿਕ, ਮਹਾਨ ਬੁਧੀਜੀਵੀ, ਮਹਾਨ ਲੇਖਕ, ਕਵੀ, ਕੌਮੀ ਉਸਰਈਏ, ਮਹਾਨ ਸੰਗੀਤਕਾਰ, ਸੰਤ-ਸਿਪਾਹੀ, ਮਨੋਵਿਗਿਆਨੀ, ਦੂਰ-ਅੰਦੇਸ਼ੀ, ਦੀਨ-ਦੁਖੀ ਦੀ ਬਾਂਹ ਫੜ੍ਹਨ ਵਾਲੇ ਇੱਕ ਮਹਾਨ ਇਨਕਲਾਬੀ ਯੋਧੇ ਆਦਿ ਸਨ। ਅਜਿਹੀਆਂ ਸਿਫ਼ਤਾਂ ਦੇ ਮਾਲਕ ਸਨ ਕਿ ਸਤਿਗੁਰੂ ਪਾਤਸ਼ਾਹ ਨੂੰ ‘ਸਾਹਿਬ ਏ ਕਮਾਲ’ ਹੀ ਕਹਿਣਾ ਬਣਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਯੋਗੀ ਅੱਲ੍ਹਾ ਯਾਰ ਖਾਂ ਲਿਖਦਾ ਹੈ :
ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ, ਵਹੁ ਕਮ ਹੈ।
ਇਸੇ ਤਰ੍ਹਾਂ ਇੱਕ ਹੋਰ ਕਵੀ ਨੇ ਬੜਾ ਕਮਾਲ ਲਿਖਿਆ ਹੈ ਕਿ
‘ਕਿਆ ਦਸਮੇਸ਼ ਪਿਤਾ ਤੇਰੀ ਬਾਤ ਕਹੂੰ, ਜੋ ਤੁਮਨੇ ਪਰਉਪਕਾਰ ਕੀਏ।
ਇੱਕ ਖ਼ਾਲਸ, ਖ਼ਾਲਸਾ ਪੰਥ ਸਜਾ, ਜਾਤੋਂ ਕੇ ਭੇਦ ਨਿਕਾਲ ਦੀਏ।
ਇਸ ਤੇਗ਼ (ਗੁਰੂ ਤੇਗ ਬਹਾਦਰ ਜੀ) ਕੇ ਬੇਟੇ ਤੇਗ਼ (ਤਲਵਾਰ/ਕ੍ਰਿਪਾਨ) ਪਕੜ, ਦੁਖੀਓਂ ਕੇ ਕਾਟ ਜੰਜਾਲ ਦੀਏ।
ਇਸ ਵਤਨ ਔਰ ਮੁਲਕ ਕੀ ਖਿਦਮਤ ਮੇਂ, ਕਹੀ ਬਾਪ ਦੀਆ, ਕਹੀਂ ਲਾਲ ਦੀਏ।’
ਸੰਸਾਰ ਦੇ ਅਨੇਕਾਂ ਵਿਦਵਾਨਾਂ ਨੇ ਵੱਖ ਵੱਖ ਪੱਖਾਂ ਤੋਂ ਆਪ ਜੀ ਦੀ ਸ਼ਖ਼ਸੀਅਤ ਦੀ ਵਡਿਆਈ ਕੀਤੀ ਹੈ, ਪਰ ਕਨਿੰਘਮ ਦੇ ਹੇਠ ਲਿਖੇ ਵਿਚਾਰ ਬਹੁਤ ਢੁੱਕਵੇਂ ਹਨ। ਆਪ ਲਿਖਦੇ ਹਨ ‘‘ਗੁਰੂ ਗੋਬਿੰਦ ਸਿੰਘ ਜੀ ਦੇ ਬਹੁਪੱਖੀ ਜੀਵਨ ਨੂੰ ਸਮਝਣ ਲਈ ਸਾਨੂੰ ਇੱਕ ਤੇਜ਼ ਰਫ਼ਤਾਰ ਘੋੜੇ ਉੱਤੇ ਸਵਾਰ ਹੋਣਾ ਪਵੇਗਾ। ਮੁਕਾਬਲਤਨ ਇਤਨੀ ਛੋਟੀ ਆਯੂ ਵਿੱਚ ਇਤਨੇ ਮਹਾਨ ਕੰਮ ਕਰ ਜਾਣੇ ਇੱਕ ਕਰਾਮਾਤ ਹੀ ਲੱਗਦੀ ਹੈ। ਸਾਰਾ ਗੁਰੂ ਜੀਵਨ ਇੱਕ ਜੱਦੋ-ਜਹਿਦ ਦਾ ਜੀਵਨ ਹੈ। ਇਕੋ ਹੀ ਸ਼ਖ਼ਸੀਅਤ ਵਿੱਚ ਇਤਨੇ ਗੁਣ ਜਿਤਨੇ ਕਿ ਗੁਰੂ ਜੀ ਵਿੱਚ ਸਨ, ਮਿਲਣੇ ਅਸੰਭਵ ਗੱਲ ਜਾਪਦੀ ਹੈ।’
ਬਤੌਰ ਇੱਕ ਮਹਾਨ ਜਰਨੈਲ ਗੱਲ ਕਰੀਏ ਤਾਂ ਸ਼ਾਇਦ ਹੀ ਕੋਈ ਅਜਿਹਾ ਜਰਨੈਲ ਹੋਵੇ ਜਿਸ ਨੂੰ ਇੰਨੀਆਂ ਔਕੁੜਾਂ ਦਾ ਸਾਹਮਣਾ ਕਰਨਾ ਪਿਆ ਹੋਵੇ, ਜਿੰਨੀਆਂ ਦਾ ਦਸਮੇਸ਼ ਪਿਤਾ ਜੀ ਨੂੰ ਕਰਨਾ ਪਿਆ। ਦਬੇ-ਕੁਚਲੇ ਹੋਏ ਲੋਕਾਂ ਨੂੰ ਜਥੇਬੰਦ ਕਰਕੇ ‘ਫ਼ੌਜ ਬਣਾਈ’ ਤੇ ਉਸ ਫ਼ੌਜ ਨਾਲ ਸਮੇਂ ਦੀ ਸਭ ਤੋਂ ਵੱਡੀ ਤਾਕਤ ਨਾਲ ਟਾਕਰਾ ਕਰਨ ਦੇ ਕਾਬਲ ਬਣਾ ਕੇ ਜਿੱਤ ਪ੍ਰਾਪਤ ਕੀਤੀ। ਉਸ ਸਮੇਂ ਸਿੱਖਾਂ ਦੀਆਂ ਸੱਭ ਜਿੱਤਾਂ ਦਾ ਕਾਰਨ ਗੁਰੂ ਜੀ ਦੀ ਸੁਲਝੀ ਹੋਈ ਅਗਵਾਈ ਹੀ ਸੀ। ਕਨਿੰਘਮ ਲਿਖਦਾ ਹੈ ਕਿ ‘ਜਿਸ ਸਿਆਣਪ ਨਾਲ ਕਿਲ੍ਹਿਆਂ ਦੀ ਉਸਾਰੀ ਕੀਤੀ, ਉਹ ਹੀ ਉਨ੍ਹਾਂ (ਗੁਰੂ ਜੀ) ਨੂੰ ਜਰਨੈਲ ਸਥਾਪਤ ਕਰਨ ਲਈ ਕਾਫੀ ਹੈ। ਅਨੰਦਪੁਰ ਦੀ ਪੰਜਵੀਂ ਲੜਾਈ ਸਮੇਂ ਆਪ ਨੇ ਜਿਸ ਤਰ੍ਹਾਂ ਅੋਰੰਗਜੇਬ ਦੀ ਭੇਜੀ ਹੋਈ ਫੌਜ ਅਤੇ ਪਹਾੜੀਆਂ ਦੇ ਟਿੱਡੀ ਦਲ ਨਾਲ ਅੱਠ ਮਹੀਨੇ ਟਾਕਰਾ ਕੀਤਾ ਅਤੇ ਰਸਦ ਪਾਣੀ ਦੀ ਅਣਹੋਂਦ ਅਤੇ ਬੀਮਾਰੀਆਂ ਦੇ ਬਾਵਜੂਦ ਭੁੱਖੇ-ਭਾਣੇ ਸਿੰਘਾਂ ਦੇ ਹੌਂਸਲੇ ਬੁਲੰਦ ਰੱਖੇ, ਇਹ ਗੁਰੂ ਪਾਤਸ਼ਾਹ ਵਰਗਾ ਜਰਨੈਲ ਹੀ ਕਰ ਸਕਦਾ ਸੀ। ਚਮਕੌਰ ਦੀ ਲੜਾਈ ਸਮੇਂ ਥੱਕੇ ਹਾਰੇ ਸਿੰਘਾਂ ਨੂੰ ਲੱਖਾਂ ਦੀ ਫ਼ੌਜ ਨਾਲ ਲੜਾਉਣ ਦੀ ਕਰਾਮਾਤ ਵੀ ਆਪ ਵਰਗਾ ਜਰਨੈਲ ਹੀ ਕਰ ਸਕਦਾ ਸੀ।’
ਲਤੀਫ ਲਿਖਦਾ ਹੈ ‘ਇਹ ਸਭ ਉਨ੍ਹਾਂ (ਗੁਰੂ ਗੋਬਿੰਦ ਸਿੰਘ) ਦੀ ਬਰਕਤ ਹੀ ਹੈ ਕਿ ਮੁਰਦਾ ਤੇ ਲਿਤਾੜੇ ਹੋਏ ਲੋਕ ਜਥੇਬੰਦ ਹੋਏ। ਉਨ੍ਹਾਂ ਲਿਤਾੜੇ ਹੋਏ ਪੁਰਸ਼ਾਂ ਨੇ ਹੀ ਰਾਜਨੀਤਿਕ ਪ੍ਰਭਤਾ ਅਤੇ ਅਜ਼ਾਦੀ ਪ੍ਰਾਪਤ ਕੀਤੀ।’
ਕਨਿੰਘਮ ਲਿਖਦਾ ਹੈ ‘ਸਿੱਖਾਂ ਵਿੱਚ ਅਥਾਹ ਜਜ਼ਬਾ (ਪਹਿਲੇ ਸਤਿਗੁਰਾਂ ਦੀ ਕ੍ਰਿਪਾ ਸਦਕਾ) ਭਰਿਆ ਜਾ ਚੁੱਕਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਰੂਹ ਫੂਕੀ ਕਿ ਨਾ ਸਿਰਫ ਸਿੱਖਾਂ ਦੇ ਮਨਾਂ ਨੂੰ ਹੀ ਬਦਲਿਆ, ਸਗੋਂ ਹਰ ਪੱਖੋਂ ਬਲਵਾਨ ਤੇ ਤਕੜਾ ਕਰ ਦਿੱਤਾ। ਅਕਲ ਤੇ ਸ਼ਕਲ ਦੋਵੇਂ ਹੀ ਬਦਲ ਦਿੱਤੀਆਂ। ਸਿੱਖ ਦੀ ਨੁਹਾਰ ਸੰਸਾਰ ਭਰ ਤੋਂ ਵੱਖਰੀ ਹੋ ਗਈ ਅਤੇ ਉਸ ਨੇ ਉਹ ਕਾਰਨਾਮੇ ਕਰ ਵਿਖਾਏ ਜੋ ਕਿਸੇ ਹੋਰ ਵਿਅਕਤੀ ਕੋਲੋਂ ਨਾ ਹੋ ਸਕੇ।’
ਮੈਕਾਲਫ ਨੇ ਬਹੁਤ ਹੀ ਸੁੰਦਰ ਲਿਖਿਆ ਹੈ ‘ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਨ੍ਹਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ, ਜਿਨ੍ਹਾਂ ਨੂੰ ਜਨਮ ਤੋਂ ਹੀ ਦੁਰੇ ਦੁਰੇ ਕੀਤਾ ਜਾਂਦਾ ਸੀ, ਪਰ ਇਸ (ਗੁਰੂ ਗੋਬਿੰਦ ਸਿੰਘ ਜੀ) ਨੇ, ਜਿਨ੍ਹਾਂ ਨੂੰ ਸੰਸਾਰ ਦੀ ਰਹਿੰਦ ਖੂੰਹਦ ਕਿਹਾ ਜਾਂਦਾ ਸੀ, ਉਨ੍ਹਾਂ ਵਿਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਵੀ ਐਸੇ, ਜਿਨ੍ਹਾਂ ਦੀ ਦ੍ਰਿੜਤਾ, ਦਲੇਰੀ ਤੇ ਵਫ਼ਾਦਾਰੀ ਨੂੰ ਆਗੂ ਨੇ ਕਦੇ ਮਾਯੂਸ ਨਾ ਕੀਤਾ।’
ਗੋਕਲ ਚੰਦ ਨਾਰੰਗ ਨੇ ਬਹੁਤ ਠੀਕ ਆਖਿਆ ਹੈ ‘ਗੁਰੂ ਗੋਬਿੰਦ ਸਿੰਘ ਦੇ ਅਸਰ ਹੇਠ ਅਜਿਹੇ ਮਨੁੱਖ ਵੀ ਰਣ ਖੇਤਰ ਦੇ ਸੂਰਮੇ ਬਣ ਗਏ, ਜਿਨ੍ਹਾਂ ਕਦੀ ਤਲਵਾਰ ਨੂੰ ਹੱਥ ਵੀ ਨਹੀਂ ਸੀ ਪਾਇਆ’।
ਇੰਦੂਭੂਸਨ ਬੈਨਰਜੀ ਲਿਖਦਾ ਹੈ ‘ਗੁਰੂ ਗੋਬਿੰਦ ਸਿੰਘ ਭਾਰਤ ਦੀਆਂ ਉਨ੍ਹਾਂ ਕੁਝ ਮਹਾਨ ਹਸਤੀਆਂ ਵਿੱਚੋਂ ਹਨ, ਜਿਨ੍ਹਾਂ ਦੀ ਸ਼ਖ਼ਸੀਅਤ ਸਦੀਵੀ ਹੈ। ਉਨ੍ਹਾਂ ਨੇ ਭਾਰਤ ਦੇ ਇਤਿਹਾਸ ਵਿੱਚ ਨਵੀਆਂ ਤਾਕਤਾਂ ਨੂੰ ਜਨਮ ਦਿੱਤਾ। ਉਨ੍ਹਾਂ ਨੇ ਹਾਰੀਆਂ ਹੋਈਆਂ ਸ਼੍ਰੇਣੀਆਂ ਵਿੱਚੋਂ ਇੱਕ ਨਵੇਂ ਜੀਵਨ ਤੇ ਨਵੀਂ ਸ਼ਕਤੀਸ਼ਾਲੀ ਕੌਮ ਬਣਾਈ। ਉਹ ਲੋਕ ਜੋ ਪਹਿਲਾਂ ਨੀਚ ਤੇ ਅਪਵਿੱਤਰ ਸਮਝੇ ਜਾਂਦੇ ਸਨ ਤੇ ਦੁਰਕਾਰੇ ਜਾਂਦੇ ਸਨ, ਹੁਣ ਸਨਮਾਨੇ ਜਾਣ ਲੱਗ ਪਏ।’
ਸਰ ਚਾਰਲਸ ਗਫ਼ ਲਿਖਦਾ ਹੈ ‘ਗੁਰੂ ਗੋਬਿੰਦ ਸਿੰਘ ਸੰਸਾਰ ਦਾ ਇੱਕ ਅਤਿ ਸਿਆਣਾ, ਹਮੇਸ਼ਾ ਚੜ੍ਹਦੀ ਕਲਾ ਵਿੱਚ ਵਿਚਰਨ ਵਾਲਾ, ਪਵਿੱਤਰ ਜਜ਼ਬਿਆਂ ਨਾਲ ਭਰਪੂਰ, ਆਸ਼ਾਵਾਦੀ ਤੇ ਧਾਰਮਕ ਰੰਗਣ ਵਿੱਚ ਰੰਗਿਆ ਹੋਇਆ ਉਹ ਮਹਾਨ ਆਗੂ ਸੀ, ਜਿਸ ਨੇ ਅੰਮ੍ਰਿਤ ਦੀ ਰਸਮ ਦੁਆਰਾ ਕੌਮ ਦੀ ਨਵੇਂ ਸਿਰਿਓਂ ਉਸਾਰੀ ਕੀਤੀ।’
ਗਾਰਡਨ ਕਹਿੰਦਾ ਹੈ ‘ਗੁਰੂ ਗੋਬਿੰਦ ਸਿੰਘ ਨੇ ਆਪ-ਹੁਦਰੇ ਲੋਕਾਂ ਨੂੰ ਸੰਜਮ ਵਿੱਚ ਲਿਆਂਦਾ, ਉਨ੍ਹਾਂ ਵਿੱਚ ਧਾਰਮਕ ਭਾਵ ਭਰੇ, ਯੋਧੇ ਬਣਾਏ। ਅੰਮ੍ਰਿਤ ਛਕਾ ਕੇ ਇੱਕ ਵਖਰੀ ਖਾਲਸਾ ਕੌਮ ਸਾਜੀ, ਜੋ ਇੱਕ ਦੂਜੇ ਨਾਲ ਜੁੜ ਗਈ ਅਤੇ ਉਸ ਦਿਨ ਤੱਕ ਲੜਦੀ ਰਹੀ ਜਦ ਤੱਕ ਉਹ ਕਾਮਯਾਬ ਨਾ ਹੋਈ।’
ਲਾਲਾ ਦੌਲਤ ਰਾਇ ਆਰੀਯਾ ਲਿਖਦੇ ਹਨ ‘ਖਾਲਸਾ ਧਰਮ ਉਸ (ਗੁਰੂ ਗੋਬਿੰਦ ਸਿੰਘ) ਦੀ ਕਰਾਮਾਤ ਹੈ, ਜਿਸਮੇਂ ਉਸ ਨੇ ਵੋਹ ਕ੍ਰਿਸ਼ਮੇਂ ਕੀਏ ਹੈਂ ਕਿ ਸਾਰਾ ਆਲਮ ਦੰਗ ਹੈ-ਨਾਮਰਦੋਂ ਕੋ ਮਰਦ ਬਨਾਯਾ ਹੈ, ਲੂਮੜੀਓਂ ਸੇ ਸ਼ੇਰ ਉਠਾਇਆ ਹੈ। ਕੌਮ ਕੀ ਕਾਯਾ ਪਲਟ ਦੀ ਹੈ। ਖਾਲਸਾ ਉਸ ਕੀ ਜਿੰਦਾ ਕਰਾਮਾਤ ਹਰ ਵਕਤ ਸਾਮਨੇ ਹੈ, ਕਿਸੀ ਅੋਰ ਕਰਾਮਾਤ ਕੇ ਦਿਖਾਨੇ ਯਾ ਤਲਾਸ਼ ਕਰਨੇ ਕੀ ਜ਼ਰੂਰਤ ਨਹੀਂ ਹੈ।
‘ਇਬਟਸਨ’ ਦੇ ਅਨੁਸਾਰ, ‘ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਧਰਮ ਸਿਆਸੀ ਤਾਕਤ ਬਣਿਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇੱਕ ਵਖਰੀ ਕਿਸਮ ਦੀ ਸੀ। ਹਿੰਦੋਸਤਾਨ ਨੇ ਐਸੀ ਕੌਮ ਨਹੀਂ ਦੇਖੀ ਸੀ। ਨੀਂਵੀਂ ਜਾਤ ਵਾਲੇ ਜਿਨ੍ਹਾਂ ਨੇ ਕਦੀ ਸ਼ਸਤਰਾਂ ਨੂੰ ਹੱਥ ਤੱਕ ਨਹੀਂ ਸੀ ਲਾਇਆ ਅਤੇ ਜੋ ਉੱਚੀਆਂ ਜਾਤਾਂ ਦੇ ਪੈਰਾਂ ਥੱਲੇ ਲਿਤਾੜੇ ਜਾਂਦੇ ਰਹੇ ਸਨ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਨਿਰੇ ਬਹਾਦਰੀ ਦੇ ਗੁਣ ਹੀ ਨਾ ਗ੍ਰਹਿਣ ਕੀਤੇ ਸਗੋਂ ਉਹ ਦੁੱਖੀ ਇਨਸਾਨ ਵਾਸਤੇ ਆਪਾ ਵਾਰਨ ਲਈ ਤਿਆਰ ਹੋਏ। ਇਹ ਕਿਉਂ ? ਕਿਉਂਕਿ ਗੁਰੂ ਜੀ ਨੇ ਸਿੱਖਾਂ ਵਿਚੋਂ ਵਿਅਕਤੀਗਤ ਗਰਜ ਖ਼ਤਮ ਕਰਕੇ ਦੂਜੇ ਲਈ ਮਰਨ ਦਾ ਚਾਅ ਪੈਦਾ ਕੀਤਾ।’
ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ ‘ਰੋਂਦੂ, ਮੁਰਦਾ ਤੇ ਨਿਰਾਸ਼ਾਵਾਦੀ ਪੁਰਸ਼ਾਂ ਨੂੰ ਗੁਰੂ ਜੀ ਨੇ ਖੁਸ਼ ਰਹਿਣਾ, ਆਸ਼ਾਵਾਦੀ ਤੇ ਜੁਰਅੱਤ ਵਾਲਾ ਪੁਰਸ਼ ਬਣਾ ਦਿੱਤਾ। ਸਿੱਖਾਂ ਵਿੱਚ ਐਸਾ ਗੁਣ ਪੈਦਾ ਕੀਤਾ ਕਿ ਉਹ ਮਰ ਭਾਵੇਂ ਜਾਵੇ ਪਰ ਝੁਕੇਗਾ ਨਹੀਂ। ਜੋ ਜ਼ੁਲਮ ਦੀ ਵਧਦੀ ਲਹਿਰ ਅੱਗੇ ਚਟਾਨ ਬਣ ਕੇ ਖੜ੍ਹਾ ਹੋ ਜਾਵੇਗਾ, ਬੰਦ ਬੰਦ ਕਟਵਾ ਲਵੇਗਾ ਪਰ ਆਦਰਸ਼ ਤੋਂ ਕਦੀ ਨਹੀਂ ਡਿੱਗੇਗਾ।’
ਲੈਪਲ ਗ੍ਰਿਫਨ ਦੇ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਉਹ ਲਿਖਦਾ ਹੈ ਕਿ ‘ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ, ਜੁਪੀਟਰ ਵਾਂਗੂ ਆਪਣੇ ਸਰੀਰ ਵਿਚੋਂ ਪੈਦਾ ਕੀਤਾ। ਖਾਲਸੇ ਦੀ ਸਾਜਨਾ ਆਪਣੀ ਮਿਸਾਲ ਆਪ ਹੈ।’
ਗਾਰਡਨ ਦੇ ਵਿਚਾਰਾਂ ਅਨੁਸਾਰ ‘ਗੁਰੂ ਜੀ ਨੇ ਸਿੱਖਾਂ ਨੂੰ ਇੱਕ ਪਹਿਰਾਵਾ ਅਤੇ ਇਕੋ ਨਾਂ ਦਿੱਤਾ। ਇਕੋ ਨਾਹਰਾ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਅਤੇ ਮੁਕਤੀ ਲਈ ਇਕੋ ਪੰਥ ਦੱਸਿਆ।’
ਸਾਧੂ ਟੀ. ਐਲ. ਵਾਸਵਾਨੀ ਦਸਮੇਸ਼ ਪਿਤਾ ਜੀ ਦੀ ਸ਼ਖ਼ਸੀਅਤ ਨੂੰ ਸਤਰੰਗੀ ਨਾਲ ਤੁਲਨਾ ਦਿੰਦੇ ਹੋਏ ਲਿਖਦੇ ਹਨ ਕਿ ‘ਕਲਗੀਆਂ ਵਾਲੇ ਦੁਨੀਆਂ ਵਿੱਚ ਹੋ ਚੁੱਕੇ ਪਹਿਲੇ ਸਾਰੇ ਪੈਗੰਬਰਾਂ ਵਿੱਚ ਪਾਏ ਜਾਣ ਵਾਲੇ ਸ਼ੁਭ ਗੁਣਾਂ ਦਾ ਸੰਗ੍ਰਹਿ ਸਨ ਕਿਉਂਕਿ ਜੋ ਕੰਮ ਹਜ਼ਾਰਾਂ ਰਲ ਕੇ ਵੀ ਨਾ ਕਰ ਸਕੇ ਉਹ ਇਕੋ (ਗੁਰੂ ਗੋਬਿੰਦ ਸਿੰਘ ਜੀ) ਨੇ ਹੀ ਕਰ ਵਿਖਾਇਆ।’
ਅਰਬਿੰਦੂ ਘੋਸ਼ ਆਪਣੀ ਪੁਸਤਕ ‘ਫਾਊਂਡੇਸ਼ਨ ਆਫ ਇੰਡੀਅਨ ਕਲਚਰ’ ਵਿੱਚ ਲਿਖਦਾ ਹੈ ਕਿ ‘ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਅਸਚਰਜਮਈ ਅਨੋਖੀ ਤੇ ਨਿਰਾਲੀ ਸਿਰਜਨਾ ਸੀ ਅਤੇ ਇਸ ਦਾ ਮੂੰਹ ਪਿਛੇ ਵੱਲ ਨਾ ਹੋ ਕੇ ਅਗਾਂਹ ਵੱਲ ਸੀ।’
ਸੀ. ਐਚ. ਪੇਨ ਲਿਖਦਾ ਹੈ ਕਿ ‘ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਜਿਹਨਾਂ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ। ਵਾਹਿਗੁਰੂ ਜੀ ਦੀ ਨਜ਼ਰ ਵਿੱਚ ਸਾਰੇ ਇਕੋ ਜਿਹੇ ਹਨ, ਇਸ ਖਿਆਲ ਉੱਤੇ ਮੋਹਰ ਲਗਾਈ। ਇਸ ਕਦਮ ਨੇ ਉਹਨਾਂ ਲੋਕਾਂ ਨੂੰ ਦੁੱਖੀ ਕੀਤਾ ਜੋ ਅਜੇ ਭੀ ਜਾਤ ਅਭਿਮਾਨ ਵਿੱਚ ਰਹਿੰਦੇ ਸਨ।’
ਸਕਾਟ ਦੇ ਅਨੁਸਾਰ ‘ਗੁਰੂ ਨਾਨਕ ਦੀ ਜੋਤ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੋਤ ਨੂੰ ਉਸੇ ਤਰ੍ਹਾਂ (ਪ੍ਰਚੰਡ) ਕੀਤਾ ਜਿਵੇਂ ਇੱਕ ਸ਼ਮ੍ਹਾ ਦੂਜੀ ਸ਼ਮ੍ਹਾ ਨੂੰ ਕਰਦੀ ਹੈ।’
ਮੈਕਰੈਗਰ ਨੇ ਲਿਖਿਆ ਹੈ ‘ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਵਾਚੀਏ, ਉਹਨਾਂ ਦੇ ਧਾਰਮਿਕ ਸੁਧਾਰਾਂ ਅਤੇ ਕੌਮੀ ਕੰਮਾਂ ਨੂੰ ਦੇਖੀਏ, ਨਾਲ ਹੀ ਉਹਨਾਂ ਦੀ ਨਿੱਜੀ ਬਹਾਦਰੀ ਅਤੇ ਦੁੱਖਾਂ ਵਿੱਚ ਇਸਤਕਬਾਲ (ਰਹਿਨੁਮਾਈ) ਦੀ ਕਹਾਣੀ ਪੜ੍ਹੀਏ, ਉਹਨਾਂ ਨੂੰ ਦੁੱਖਾਂ ਦਾ ਟਾਕਰਾ ਕਰਦੇ ਦੇਖੀਏ ਅਤੇ ਅੰਤ ਵਿੱਚ ਦੁਸ਼ਮਣਾਂ ਦੇ ਮੁਕਾਬਲੇ ਉੱਤੇ ਉਹਨਾਂ ਨੂੰ ਜਿੱਤ ਪ੍ਰਾਪਤ ਕਰਦੇ ਦੇਖੀਏ ਤਾਂ ਸਾਨੂੰ ਗੁਰੂ ਜੀ ਨੂੰ ਉੱਚਾ ਗਿਣਨ ਤੇ ਮੰਨਣ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ। ਅਸੀਂ ਸਮਝ ਜਾਵਾਂਗੇ ਕਿ ਸਿੱਖ ਕਿਉਂ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਸਨਮਾਨ ਵਜੋਂ ਯਾਦ ਮਨਾਉਂਦੇ ਹਨ।’
ਐਡਮੰਡ ਚੈਂਡਲਰ ਦੇ ਲਿਖਣ ਅਨੁਸਾਰ ‘ਗੁਰੂ ਗੋਬਿੰਦ ਸਿੰਘ ਜੀ ਫ਼ਿਲਾਸਫ਼ਰ ਅਤੇ ਮਨੋਵਿਗਿਆਨੀ ਸਨ। ਹਿੰਦੋਸਤਾਨ ਵਿੱਚ ਇਹ ਪਹਿਲੇ ਅਤੇ ਅਖੀਰਲੇ ਗੁਰੂ ਸਨ ਜਿਹਨਾਂ ਨੇ ਫ਼ੌਲਾਦ (ਤਲਵਾਰ) ਦੀ ਠੀਕ ਵਰਤੋਂ ਕੀਤੀ।’
ਮੁਗਲ ਜਰਨੈਲ ਸੈਦ ਖਾਨ ਗੁਰੂ ਜੀ ਦੇ ਦਰਸ਼ਨ ਕਰਕੇ ਪਪੀਹੇ ਵਾਂਗ ਪੁਕਾਰ ਉਠਿਆ ਤੇ ਬੋਲਿਆ ‘ਲੋਕੋ ਰੱਬ ਆਇਆ ਹੈ, ਕਿ ਰੱਬ ਦਾ ਬੰਦਾ ਆਇਆ ਹੈ, ਰੱਬੀ ਨੂਰ ਸਰੀਰਕ ਜਾਮੇ ਵਿੱਚ ਆ ਗਿਆ ਹੈ ਜਿਸ ਨੇ ਮੈਨੂੰ ਮੁਰਦੇ ਨੂੰ ਜਿਵਾਲ ਦਿੱਤਾ ਹੈ।’
ਹਰੀ ਰਾਮ ਗੁਪਤਾ ਲਿਖਦੇ ਹਨ ਕਿ ‘ਗੁਰੂ ਗੋਬਿੰਦ ਸਿੰਘ ਜੀ ਨੇ ਲਿਤਾੜੇ ਲੋਕਾਂ ਨੂੰ ਸਰਦਾਰ ਤੇ ਸੂਰਮੇ ਬਣਾ ਦਿੱਤਾ।’
ਆਓ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ, ਉਹਨਾਂ ਦੇ ਜੀਵਣ ਦੀਆ ਮਹਾਨ ਸਿੱਖਿਆਵਾਂ ਨੂੰ ਆਪਣੇ ਜੀਵਣ ਦਾ ਆਧਾਰ ਬਣਾਈਏ।
ਇਕਵਾਕ ਸਿੰਘ ਪੱਟੀ-ispatti@gmail.com
ਸੂਰਬੀਰਤਾ ਦੇ ਪੁੰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਸੂਰਬੀਰਤਾ ਦੇ ਪੁੰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਡਾ. ਸ਼ੁਭਕਰਨ ਸਿੰਘ, ਰਿਸਰਚ ਸਕਾਲਰ, ਗੁਰੂ ਗੋਬਿੰਦ ਸਿੰਘ ਚੇਅਰ,
ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ (ਪਟਿਆਲਾ)-9463136265
ਸੂਰਬੀਰਤਾ ਦੇ ਸਿਧਾਂਤ ਅਤੇ ਵਿਹਾਰ ਨੇ ਸਿੱਖ ਧਰਮ ਨੂੰ ਵਿਲੱਖਣ ਬਣਾਈ ਰੱਖਿਆ ਹੈ। ਇਸ ਦੀ ਅਦੁੱਤੀ ਦੇਣ ਨੇ ਜੀਵਨ ਦੇ ਹਰ ਖੇਤਰ ’ਚ ਇਨਸਾਨ ਦੀ ਸਹੀ ਰਹਿਨੁਮਾਈ ਕੀਤੀ ਅਤੇ ਲੋਕਹਿੱਤਾਂ ਦੀ ਰਾਖੀ ਲਈ ਸੂਰਬੀਰਾਂ ਦੀ ਉੱਤਪਤੀ ਕੀਤੀ, ਜੋ ਕਿਸੇ ਵੀ ਖੇਤਰ ’ਚ ਹੋ ਰਹੇ ਜਬਰ ਜੁਲਮ, ਬੇ-ਇਨਸਾਫ਼ੀ, ਅੱਤਿਆਚਾਰ, ਲੁੱਟ-ਖਸੁੱਟ ਅਤੇ ਹੋਰ ਬੁਰਿਆਈਆਂ ਵਿਰੁੱਧ ਡਟ ਕੇ ਮੁਕਾਬਲਾ ਕਰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਸੂਰਮਿਆਂ ਅੰਦਰ ਪੈਦਾ ਹੋਈ ਸੂਰਬੀਰਤਾ ਦੀ ਭਾਵਨਾ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਇਨਕਲਾਬੀ ਸੂਰਬੀਰ ਹੋਏ ਹਨ, ਜਿਨ੍ਹਾਂ ਨੇ ਸਦੀਆਂ ਤੋਂ ਜਬਰ ਜ਼ੁਲਮ ਦੀਆਂ ਮਾਰਾਂ ਸਹਿ ਰਹੇ ਸਮਾਜ ਵਿੱਚ ਨਵੀਂ ਚੇਤਨਾ ਪੈਦਾ ਕੀਤੀ। ਉਨ੍ਹਾਂ ਨੇ ਲੋਕਾਂ ਦੇ ਮਨਾਂ ’ਚੋਂ ਹਕੂਮਤੀ ਜਬਰ ਤੇ ਸਹਿਮ ਨੂੰ ਦੂਰ ਕਰਨ ਲਈ ਹਥਿਆਰਬੰਦ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ। ਲੋਕਾਂ ਦੀ ਸੁੱਤੀ ਹੋਈ ਆਤਮਾ ਨੂੰ ਹਲੂਣਿਆ ਅਤੇ ਇੱਜ਼ਤ ਸਵੈਮਾਣ ਨਾਲ ਜ਼ਿੰਦਗੀ ਜਿੳੂਣ ਲਈ ਪ੍ਰੇਰਿਆ। ਗੁਰੂ ਜੀ ਦੇ ਇਸ ਇਨਕਲਾਬੀ ਮਿਸ਼ਨ ਨੂੰ ਕੱਟੜ ਮੁਗ਼ਲ ਹਕੂਮਤ ਸਹਾਰ ਨਾ ਸਕੀ। ਜ਼ੁਲਮ ਕਰਨ ਵਾਲੀ ਹਕੂਮਤ ਦੇ ਖ਼ਿਲਾਫ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਹਾਦਰ ਸਿੱਖਾਂ ਨਾਲ ਚੌਦਾਂ ਜੰਗ ਕੀਤੇ ਅਤੇ ਸਾਰੀਆਂ ਜੰਗਾਂ ਵਿੱਚ ਫਤਿਹ ਹਾਸਲ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਆਮ ਜਨਤਾ ਨੂੰ ਸੂਰਮਾ ਬਣਾਉਣਾ ਅਤੇ ਅੱਤਿਆਚਾਰੀਆਂ ਨੂੰ ਮਾਰ ਮੁਕਾਉਣ ਦਾ ਸੀ, ਜਿਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਵਿੱਚ ਸੂਰਬੀਰਤਾ ਭਰਨ ਲਈ ਖ਼ਾਲਸਾ ਪੰਥ ਸਾਜਿਆ।
ਅਜੋਕੇ ਸੰਸਾਰ ’ਚ ਸੂਰਬੀਰਤਾ ਅਤਿ ਲੋੜੀਂਦਾ ਤੱਤ ਹੈ, ਜੋ ਕਿ ਹਰ ਖੇਤਰ ’ਚ ਵਿਦਮਾਨ ਹੈ। ਮਨੁੱਖ ਇਸ ਤੋਂ ਬਗੈਰ ਸੁਚੱਜਾ ਜੀਵਨ ਨਹੀਂ ਜੀਅ ਸਕਦਾ। ਸੂਰਬੀਰਤਾ ਦਾ ਘੇਰਾ ਬਹੁਤ ਵਿਸ਼ਾਲ ਹੈ। ਇਸ ਦੇ ਅਰਥਾਂ, ਸਮਾਨਅਰਥੀ ਸ਼ਬਦਾਂ ਤੋਂ ਇਲਾਵਾ ਪਰਿਭਾਸ਼ਾਵਾਂ ਬਾਰੇ ਜਾਣਨਾ ਅਤਿ ਜ਼ਰੂਰੀ ਹੈ ਤਾਂ ਜੋ ਇਸ ਵਿਸ਼ੇ ਸੰਬੰਧੀ ਯੋਗ ਜਾਣਕਾਰੀ ਹੋ ਸਕੇ। ਗੁਰਬਾਣੀ ’ਚ ਸੂਰੱਤਣ ਸ਼ਬਦ ਬਹਾਦਰੀ ਲਈ ਵਰਤਿਆ ਗਿਆ ਹੈ ‘‘ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥ (ਮਹਲਾ ੧/੪੬੭), ਖਤ੍ਰੀ ਕਰਮ ਕਰੇ ਸੂਰਤਣੁ ਪਾਵੈ ॥ (ਮਹਲਾ ੪/੧੬੪), ਮਨੂਆ ਜੀਤੈ ਹਰਿ ਮਿਲੈ; ਤਿਹ ਸੂਰਤਣ ਵੇਸ ॥’’ (ਮਹਲਾ ੫/੨੫੬)
ਭਾਈ ਕਾਨ੍ਹ ਸਿੰਘ ਨਾਭਾ ਸੂਰਬੀਰਤਾ ਬਾਰੇ ਲਿਖਦਾ ਹੈ, ‘ਜੋ ਪੁਰਸ਼ ਕਾਯਰਤਾ ਨੂੰ ਮਨ ’ਚ ਕਦੇ ਨਹੀਂ ਆਉਣ ਦਿੰਦੇ ਅਤੇ ਜੰਗ ’ਚ ਸ਼ਤ੍ਰੂ ਨੂੰ ਪਿੱਠ ਨਹੀਂ ਦਿਖਾਉਂਦੇ ਔਰ ਵਿਸ਼ਯ ਵਿਕਾਰਾਂ ਉੱਤੇ ਫਤਿਹ ਪਾਉਂਦੇ ਹਨ ਉਹ ਸਭ ਤੋਂ ਸਨਮਾਨ ਯੋਗ ਸੂਰਬੀਰ ਹਨ।’ ਸੂਰਬੀਰਤਾ ਲਈ ‘ਸੂਰਤਣ’ ਸ਼ਬਦ ਵੀ ਮਿਲਦਾ ਹੈ। ਸੂਰਬੀਰਤਾ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਸ਼ੋਰਯਮ’ ਤੋਂ ਬਣਿਆ ਹੈ, ਜਿਸ ਦੇ ਅਰਥ ‘ਬਹਾਦਰੀ, ਦਲੇਰੀ, ਨਿਡਰਤਾ, ਤਾਕਤ, ਬਲ, ਸ਼ਕਤੀ’ ਆਦਿ ਹਨ। ਅੰਗਰੇਜ਼ੀ ’ਚ ਸੂਰਮਗਤੀ ਦੇ ‘Bravery, Courage, Valor, Heroism’ ਸਮਾਨ ਅਰਥੀ ਸ਼ਬਦ ਹਨ। Aristotle ਅਨੁਸਾਰ “Courage as the mean (meson) with regard to feeling of fear and confidence describing as ‘rash’ the person who exceeds in Confidence and as ‘Cowardly’ he who exceeds in fear and falls short in confi.” ਇਸੇ ਤਰ੍ਹਾਂ ਇਕ ਹੋਰ ਵਿਦਵਾਨ Alich Hardener ਆਖਦਾ ਹੈ, “Courage which seems especially to belong to a highly civilzed society – intellectual courage. By this is to be understood the power and determination to follow loyally and reasonably one’s own belief and principles, irrespective not only of the disapproval of neighbor, but also of painful disturbance in one’s own mind.”
ਉਪਰੋਕਤ ਵਿਦਵਾਨਾਂ ਦੇ ਆਧਾਰਿਤ ਅਸੀਂ ਇਹ ਕਹਿ ਸਕਦੇ ਹਾਂ ਕਿ ਸੂਰਬੀਰਤਾ ਮਨੁੱਖ ਦੇ ਸਦਾਚਾਰਕ ਗੁਣਾਂ ਦਾ ਕੇਂਦਰੀ ਤੱਤ ਹੈ। ਜਿਸ ਕਰਕੇ ਇਨ੍ਹਾਂ ਗੁਣਾਂ ਦੀ ਹੋਂਦ ਸਦੀਵੀ ਕਾਇਮ ਰਹਿੰਦੀ ਹੈ। ਗੁਰਬਾਣੀ ਅਨੁਸਾਰ ਸੂਰਬੀਰਤਾ ਦਾ ਮੂਲ ਤੱਤ ‘ਸੱਚ’ ਹੈ। ਸੋ ਸਭ ਤੋਂ ਪਹਿਲਾਂ ਆਪਣੇ ਅੰਦਰਲੇ ਵੈਰੀ (ਪੰਜ ਵਿਕਾਰਾਂ) ਨੂੰ ਕਾਬੂ ਕਰਨਾ ਹੈ ਅਤੇ ਸੱਚ ਦੀ ਗਵਾਹੀ ਭਰਨੀ, ਜਬਰ ਜ਼ੁਲਮ ਖ਼ਿਲਾਫ਼ ਆਵਾਜ਼ ਉਠਾਣੀ/ਲੜਨਾ ਹੀ ਸੂਰਬੀਰਤਾ ਦਾ ਵਿਹਾਰ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੂਰਬੀਰਤਾ ਦੀ ਨਿਰੰਤਰਤਾ ਅਤੇ ਪਵਿਤਰਤਾ ਲਈ ਠੋਸ ਪਰਿਵਰਤਨ ਕੀਤਾ। ਸਿੱਖ ਧਰਮ ’ਚ ਪ੍ਰਵੇਸ਼ ਕਰਨ ਲਈ ਚਰਣ ਪਾਹੁਲ ਦਾ ਨਿਯਮ ਗੁਰੂ ਨਾਨਕ ਪਾਤਸ਼ਾਹ ਤੋਂ ਪ੍ਰਚਲਿਤ ਸੀ। ਇਸ ਅਧੀਨ ਗੁਰੂ ਪਾਤਸ਼ਾਹ ਜਾਂ ਅਧਿਕਾਰੀ ਸੱਜਣਾਂ ਵੱਲੋਂ ਬਾਣੀ ਪੜ੍ਹ ਕੇ ਜਗਿਆਸੂ ਨੂੰ ਬਾਣੀ ਦੇ ਚਰਨਾਂ ਨਾਲ ਜੋੜਨਾ ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਈ. ਵਿਸਾਖੀ ਵਾਲੇ ਦਿਨ ਚਰਨ ਪਾਹੁਲ ਦੀ ਮਰਿਆਦਾ ਨੂੰ ਖੰਡੇ ਦੀ ਪਾਹੁਲ ਵਿੱਚ ਬਦਲ ਦਿੱਤਾ। ਸਿੱਖਾਂ ਦੇ ਵਿਸ਼ਾਲ ਇੱਕਠ ਵਿੱਚੋਂ ਗੁਰੂ ਜੀ ਨੇ ਪੂਰੇ ਜਲਾਲ ’ਚ ਆ ਕੇ ਪੰਜ ਸਿਰਾਂ ਦੀ ਮੰਗ ਕੀਤੀ। ਸਾਰੀ ਖਲਕਤ ਵਿੱਚ ਸੰਨਾਟਾ ਛਾ ਗਿਆ। ਅਜਿਹਾ ਕਰਨ ਦਾ ਮਨੋਰਥ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥’’ (ਮਹਲਾ ੧/੧੪੧੨) ਵਾਲੇ ਉਪਦੇਸ਼ ਨੂੰ ਅਮਲੀ ਜਾਮਾ ਪਹਿਨਾਉਣ ਦਾ ਸੀ। ਗੁਰੂ ਜੀ ਦੀ ਮੰਗ ’ਤੇ ਪੰਜ ਸੂਰਬੀਰ ਇੱਕ-ਇੱਕ ਕਰਕੇ ਆਪਣੇ ਸੀਸ ਭੇਂਟ ਕਰਨ ਲਈ ਹਾਜ਼ਰ ਹੋਏ, ਜਿਨ੍ਹਾਂ ਨੂੰ ਪੰਜ ਪਿਆਰੇ ਆਖ ਕੇ ਸਤਿਕਾਰਿਆ ਗਿਆ। ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ। ਖੰਡੇ ਦੀ ਪਾਹੁਲ ਸਦਕਾ ਸਿੱਖਾਂ ਵਿੱਚ ਬੀਰਤਾ ਦਾ ਵਿਕਾਸ ਹੋਇਆ। ਜੂਝਾਰੂ, ਮਰਜੀਵੜੇ, ਉੱਤਮ ਪੁਰਖ, ਸੂਰਬੀਰ ਯੋਧੇ ਸਿੱਖ ਕੌਮ ਦੀ ਸ਼ਾਨ ਬਣਨ ਲੱਗੇ ਤੇ ਗੁਰੂ ਦੇ ਸਿਧਾਂਤਾ ’ਤੇ ਚੱਲਣ ਲਈ ਤਿਆਰ-ਬਰ-ਤਿਆਰ ਹੋਏ। ਖਾਲਸੇ ਨੂੰ ਆਦੇਸ਼ ਦਿੱਤਾ ‘‘ਜਹਾ ਤਹਾ ਤੁਮ ਧਰਮ ਬਿਥਾਰੋ ॥ ਦੁਸਟ ਦੋਖਯਨਿ ਪਕਰਿ ਪਛਾਰੋ ॥੪੨॥’’ (ਬਚਿਤ੍ਰ ਨਾਟਕ)
ਖਾਲਸੇ ਦੀ ਸਿਰਜਨਾ ਜ਼ੁਲਮ ਖਿਲਾਫ਼ ਇਕ ਜੰਗੀ ਐਲਾਨ ਸੀ। ਜਿਸ ਬਾਰੇ ਡਾ. ਸ਼ੇਰ ਸਿੰਘ ਲਿਖਦਾ ਹੈ ‘ਇਹ ਸਿਰ-ਲੱਥ ਸੂਰਬੀਰਾਂ ਦੀ ਜਥੇਬੰਦੀ ਜੋ ਖਾਲਸਾ ਪੰਥ ਦੇ ਨਾਉਂ ਨਾਲ ਪ੍ਰਸਿੱਧ ਹੋਈ। ਇਸ ਅੰਮ੍ਰਿਤ ਨੇ ਸਿੰਘਾਂ ਦਾ ਹੁਲੀਆ ਅੰਦਰੋਂ ਮਨ ਦਾ ਅਤੇ ਬਾਹਰੋਂ ਸਰੀਰ ਦਾ ਬਿਲਕੁਲ ਬਦਲ ਦਿੱਤਾ। ਉਨ੍ਹਾਂ ਦਾ ਨਵਾਂ ਜਨਮ ਹੋਇਆ। ਕਾਇਰਤਾ ਭਰਮਾਂ-ਵਹਿਮਾਂ ਤੇ ਨਿਰਾਸ਼ਤਾ ਭਰਿਆ ਜੀਵਨ ਖਤਮ ਕੀਤਾ ਤੇ ਨਵਾਂ ਜੀਵਨ ਨਵੇਂ ਸੁਪਨੇ ਨਵੇਂ ਨਿਸ਼ਾਨ ਤੇ ਨਵੇਂ ਸਰੂਪ ਨਾਲ ਹੀ ਆ ਗਏ। ਗਿਦੜਾਂ ਤੋਂ ਸ਼ੇਰ ਬਣ ਗਏ ਚਿੜੀਆਂ ਬਾਜਾਂ ਵਿੱਚ ਬਦਲ ਗਈਆਂ।’ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ ਮੁਰਦਾ ਹੋ ਚੁੱਕੀ ਮਨੁੱਖਤਾ ਅੰਦਰ ਜਾਨ ਪਾ ਕੇ ਬੇਮਿਸਾਲ ਤਾਕਤ ਵਾਲੇ ਸੂਰਮਿਆਂ ਦੀ ਜੱਥੇਬੰਦੀ ਨੂੰ ਹੋਂਦ ’ਚ ਲਿਆਂਦਾ। ਇਹ ਸੂਰਮੇ ਦੇਖਣ ਨੂੰ ਤਾਂ ਗਰੀਬ, ਨਿਮਾਣੇ, ਕਮਜੋਰ ਲੱਗਦੇ ਹਨ, ਪਰ ਇਨ੍ਹਾਂ ਦਾ ਬਲ ਸ਼ੇਰ ਤੋਂ ਵੀ ਕਿਤੇ ਜਿਆਦਾ ਹੁੰਦਾ ਹੈ, ਜਿਸ ਬਾਰੇ ਕੁਇਰ ਸਿੰਘ ‘ਗੁਰਸ਼ੋਭਾ’ ’ਚ ਲਿਖਦੇ ਹਨ ‘ਮੈ ਅਸਿਪਾਨਿਜ ਤਬ ਲਖੋ, ਕਰੋ ਐਸ ਯੌ ਕਾਮ। ਚਿੜੀਅਨ ਬਾਜ ਤੁਰਾਯ ਹੌ, ਸਸੇ ਕਰੋ ਸਿੰਘ ਸਾਮ। ਬਾਜ ਚਿੜੀ ਕਹੁ ਮਾਰ ਹੈ, ਏ ਪ੍ਰਭਤਾ ਕਛ ਨਾਹ। ਤਾਤੈ ਕਾਲ ਕੀਓ ਇਹੈ, ਬਾਜ ਹਨੈ ਚਿੜੀਆਹ॥’
ਇਸ ਐਲਾਨ ਨਾਲ ਸਿੱਖਾਂ ਵਿੱਚ ਸੂਰਮਗਤੀ ਦਾ ਜੋਸ਼ ਹੋਰ ਪ੍ਰਚੰਡ ਹੋਇਆ, ਜਿਸ ਦੀਆਂ ਸਿੱਖ ਇਤਿਹਾਸ ’ਚੋਂ ਅਨੇਕਾਂ ਮਿਸਾਲਾਂ ਮਿਲ ਸਕਦੀਆਂ ਹਨ। ਇੱਥੇ ਅਸੀਂ ਦ੍ਰਿਸ਼ਟਾਂਤ ਵਜੋਂ ਭਾਈ ਬਚਿੱਤਰ ਸਿੰਘ ਦੀ ਸਾਖੀ ਲੈ ਰਹੇ ਹਾਂ। ਬਚਿੱਤਰ ਸਿੰਘ ਅਤੇ ਭਾਈ ਦੁਨੀ ਚੰਦ ਵਾਲੀ ਘਟਨਾ ਵਿੱਚ ਸੂਰਮੇ ਅਤੇ ਡਰਪੋਕ ਵਿਚਲਾ ਅੰਤਰ ਸਪਸ਼ਟ ਨਜ਼ਰ ਆਉਂਦਾ ਹੈ। ਅਨੰਦਪੁਰ ਸਾਹਿਬ ਵਿਖੇ ਮੁਗ਼ਲਾਂ ਦੀ ਭਾਰੀ ਫੌਜ ਨੇ ਹਮਲਾ ਕੀਤਾ। ਕਿਲ੍ਹਾ ਲੋਹਗੜ੍ਹ ਦੇ ਜੰਗ ਵਿੱਚ ਤਾਂ ਰਾਜਿਆਂ ਨੇ ਇਥੋਂ ਤੱਕ ਅੱਡੀ ਚੋਟੀ ਦਾ ਜ਼ੋਰ ਲਾਇਆ ਕਿ ‘ਇਕ ਹਾਥੀ ਨੂੰ ਸ਼ਰਾਬ ਪਿਲਾ ਕੇ ਮਸਤ ਕਰਕੇ ਅਨੰਦਪੁਰ ’ਤੇ ਹਮਲੇ ਲਈ ਤਿਆਰ ਕੀਤਾ ਗਿਆ।’ ਜਿਸ ’ਤੇ ਫੌਲਾਦੀ ਤਵੇ ਬੰਨੇ ਹੋਏ ਸਨ ਤੇ ਸੁੰਡ ਦੇ ਨਾਲ ਨੰਗੀਆਂ ਤੇਜ਼ਧਾਰ ਤਲਵਾਰਾਂ ਦੀ ਨਸਬ ਕੀਤੀ। ਉਸ ਨੂੰ ਸ਼ਰਾਬ ਪਿਲਾ ਕੇ ਕਿਲ੍ਹੇ ਦਾ ਬੂਹਾ ਤੋੜਨ ਲਈ ਬੜੇ ਜ਼ੋਰ-ਸ਼ੋਰ ਨਾਲ ਅੱਗੇ ਵਧਾਇਆ। ਅਨੇਕਾਂ ਬਹਾਦਰ ਸਿੱਖ ਵੈਰੀਆਂ ਵਿਰੁੱਧ ਦ੍ਰਿੜਤਾ ਨਾਲ ਡਟੇ ਰਹੇ ਤੇ ਮੁਗਲਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।
ਗੁਰੂ ਜੀ ਨੇ ਪਹਿਲਾਂ ਦੁਨੀ ਚੰਦ ਨੂੰ ਹਾਥੀ ਦਾ ਮੁਕਾਬਲਾ ਕਰਨ ਤੇ ਬੀਰਤਾ ਵਿਖਾਉਣ ਲਈ ਕਿਹਾ, ਪਰ ਦੁਨੀ ਚੰਦ ਡਰ ਕਾਰਨ ਭੱਜ ਨਿਕਲਿਆ ਤੇ ਕਿਲ੍ਹੇ ਦੀ ਦੀਵਾਰ ਟੱਪਣ ਸਮੇਂ ਆਪਣੀ ਲੱਤ ਤੁੜਵਾ ਬੈਠਾ ‘ਯੌਂ ਸੁਨ ਦੁਨੀ ਚੰਦ ਘਰ ਆਯੋ। ਨਿਜ ਸੰਗਤ ਮਨ ਮਤਾ ਪਕਾਯੋ। ਚਲਾ ਭਾਜ ਕੈ ਬਿਲਮ ਨ ਕਈ। ਗਿਰਿ ਤੇ ਖਿਸਕ ਟਾਂਗ ਟੁਟ ਗਈ।’ ਫਿਰ ਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਥਾਪੜਾ ਦੇ ਕੇ ਆਪਣੀ ਤਰਫੋਂ ਹਾਥੀ ਦਾ ਮੁਕਾਬਲਾ ਕਰਨ ਲਈ ਕਿਹਾ। ਜਿਵੇਂ ਹੀ ਗੁਰੂ ਜੀ ਨੇ ਹੁਕਮ ਦਿੱਤਾ ਸੁਣਦੇ ਸਾਰ ਹੀ ਗੁਰੂ ਦਾ ਯੋਧਾ ਨਿਰਭੈ ਹੋ ਕੇ ਗੁਰੂ ਕੋਲੋਂ ਆਗਿਆ ਲੈਣ ਲਈ ਖਤਰਨਾਕ ਹਾਥੀ ਦੇ ਮੁਕਾਬਲੇ ਲਈ ਖੁਸ਼ੀ ਮਹਿਸੂਸ ਕਰ ਰਿਹਾ ਸੀ ਕਿਉਕਿ ਗੁਰੂ ਜੀ ਨੇ ਆਪ ਉਸ ਅੰਦਰ ਅਥਾਹ ਬਲ ਦੇ ਕੇ ਬੀਰਤਾ ਵਿਖਾਉਣ ਲਈ ਕਿਲ੍ਹੇ ਤੋਂ ਬਾਹਰ ਭੇਜਿਆ, ਜਿਸ ਬਾਰੇ ਕੁਇਰ ਸਿੰਘ ਲਿਖਦਾ ਹੈ ‘ਤਾਹਿ ਭਾਗ ਜਾਗੇ ਜਾਨੀਐ। ਗੁਰ ਬੋਲ ਲੀਨਾ ਤਾਹਿ। ਸਭ ਕਹੀ ਤਾਕੋ ਬਾਨੀਆ, ਬਲ ਦੀਨ ਤਾ ਬਪੁ ਮਾਹਿ। ਕਹਯੋ ਬਿਜੈ ਕੋ ਪਧਾਰੀਐ, ਜਿਹ ਪੌਰ ਕੋ ਗਜ ਆਹਿ। ਨਿਰਭੈ ਹਨੋ ਤਿਹ ਭਾਲ ਭੱਲਾ ਤੁਰਕ ਨਾਸ ਪਲਾਹਿ।’
ਕਿਲ੍ਹੇ ’ਚੋਂ ਭਾਈ ਬਚਿੱਤਰ ਸਿੰਘ ਜੀ, ਜੋ ਹੱਦ ਦਰਜੇ ਦਾ ਫੁਰਤੀਲਾ ਸੂਰਬੀਰ ਯੋਧਾ ਸੀ, ਨੂੰ ਗੁਰੂ ਜੀ ਨੇ ਆਪ ਨਾਗਣੀ ਫੜਾ ਕੇ ਭੇਜਿਆ। ਘੋੜੇ ਉੱਤੇ ਚੜ੍ਹ ਕੇ ਭਾਈ ਸਾਹਿਬ ਨੇ ਨਾਗਣੀ ਦਾ ਅਜਿਹਾ ਭਰਪੂਰ ਤੇ ਤੁਲਵਾਂ ਵਾਰ ਕੀਤਾ ਕਿ ਉਹ ਹਾਥੀ; ਸਿੱਖਾਂ ਨੂੰ ਕੁਲਚਣ ਦੀ ਬਜਾਇ ਜ਼ਾਲਮਾਂ ਤੇ ਅੱਤਿਆਚਾਰੀ ਸੈਨਿਕਾਂ ਨੂੰ ਕੁਚਲਦਾ ਹੋਇਆ ਪਿੱਛੇ ਮੁੜ ਗਿਆ। ਜਿਸ ਦਾ ਜ਼ਿਕਰ ਸੰਤੋਖ ਸਿੰਘ ਚੂੜਾਮਣੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਰਦੇ ਹਨ ‘ਪ੍ਰੇਰਤਿ ਘਨੇ ਮੋਰਿਬੋ ਗਜ ਕੋ ਜਹਿਂ ਦੇਖਤਿ ਨਿਜ ਨੇਰੇ। ਰਿਸ ਤੇ ਸੁੰਡ ਫੇਰਤੋ ਮਾਰਤਿ ਸੈਫ ਸਾਥ ਗਨ ਗੇਰੇ। ਰਹਯੋ ਖਾਲਸਾ ਮਾਰਨ ਤੇ ਕਿਤ, ਇਕ ਮਤੰਗ ਹੀ ਮਾਰੈ।’ ਇਸ ਤਰ੍ਹਾਂ ਭਾਈ ਬਚਿੱਤਰ ਸਿੰਘ ਜੀ ਨੇ ਗੁਰੂ ਦਾ ਥਾਪੜਾ ਲੈ ਕੇ ਭਿਆਨਕ ਤੇ ਖ਼ਤਰਨਾਕ ਹਾਥੀ ਨੂੰ ਮੁਗਲ ਫੌਜਾਂ ਵਿਰੁੱਧ ਭਜਾ ਕੇ ਸੂਰਬੀਰਤਾ ਦੀ ਅਦੁੱਤੀ ਮਿਸਾਲ ਸੰਸਾਰ ਸਾਹਮਣੇ ਰੱਖੀ। ਬਚਿੱਤਰ ਸਿੰਘ ਜੀ ਦੀ ਸੂਰਬੀਰਤਾ ਪਿੱਛੇ ਦਸਮੇਸ਼ ਪਿਤਾ ਦੇ ਉਪਦੇਸ਼ ਕੰਮ ਕਰਦੇ ਸਨ।
ਗੁਰੂ ਗੋਬਿੰਦ ਸਿੰਘ ਜੀ ਦੇ ਯੁੱਧਾਂ ’ਤੇ ਡੂੰਘੀ ਵਿਚਾਰ ਕਰਨ ਤੋਂ ਇਹ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ ਕਿ ਗੁਰੂ ਗੋਬਿੰਦ ਜੀ ਦੇ ਸਮੁੱਚੇ ਜੀਵਨ ਸੰਘਰਸ਼ ਦਾ ਉਦੇਸ਼ ਸੱਚ, ਧਰਮ ਦੀ ਸਥਾਪਨਾ ਲਈ, ਮਜ਼ਲੂਮਾਂ, ਨਿਤਾਣਿਆਂ ਦੀ ਰਾਖੀ ਅਤੇ ਹਰ ਤਰ੍ਹਾਂ ਦੇ ਜ਼ਬਰ ਜ਼ੁਲਮ ਦਾ ਟਾਕਰਾ ਕਰਨਾ ਸੀ। ਉਨ੍ਹਾਂ ਦੀਆਂ ਜੰਗਾਂ ਦਾ ਮਨੋਰਥ ਵੀ ਲੋਕਾਂ ਨਾਲ ਹੋ ਰਹੇ ਜ਼ਬਰ ਧੱਕੇਸ਼ਾਹੀ ਤੇ ਅਨਿਆਂ ਨੂੰ ਠੱਲ੍ਹ ਪਾਉਣਾ ਸੀ, ਜੋ ਕਿ ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਦੇ ਅਸੂਲ ’ਤੇ ਆਧਾਰਤ ਸੀ ਅਤੇ ਇਹੀ ਸਿੱਖ ਸੂਰਬੀਰਤਾ ਦੇ ਮੁੱਖ ਲੱਛਣ ਹਨ। ਇਸੇ ਸੂਰਬੀਰਤਾ ਨੂੰ ਸਿੱਖਾਂ ਵਿੱਚ ਹਮੇਸ਼ਾ ਭਰਨ ਲਈ ਲੋਕਾਂ ਦੀ ਗੁਲਾਮ ਮਾਨਸਿਕਤਾ ਨੂੰ ਅਜ਼ਾਦ ਕਰਨ ਲਈ ਅਤੇ ਸੁੱਤੀ ਹੋਈ ਅਣਖ ਨੂੰ ਜਗਾਉਣ ਲਈ, ਮਨਾਂ ਅੰਦਰ ਚੜ੍ਹਦੀ ਕਲਾ ਦਾ ਅਹਿਸਾਸ ਭਰਨ ਲਈ ਖ਼ਾਲਸੇ ਦੀ ਸਾਜਣਾ ਕੀਤੀ। ਜਿਹੜੇ ਲੋਕ ਹਕੂਮਤੀ ਕਰਿੰਦਿਆਂ ਦੇ ਸਾਹਮਣੇ ਵੀ ਜ਼ੁਬਾਨ ਖੋਲ੍ਹਣ ਦੀ ਹਿੰਮਤ ਨਹੀਂ ਰੱਖਦੇ ਸਨ, ਉਨ੍ਹਾਂ ਦੇ ਹੱਥਾਂ ਵਿੱਚ ਤੇਗਾਂ, ਖੰਡੇ ਫੜਾ ਕੇ ਯੋਧੇ ਬਣਾ ਦਿੱਤਾ। ਆਪਣੀ ਦੂਰ ਅੰਦੇਸ਼ ਅਗਵਾਈ ਦੁਆਰਾ ਹੋਲੇ ਮੁਹੱਲੇ ਦੀ ਪਰੰਪਰਾ ਸ਼ੁਰੂ ਕਰਕੇ ਦਬੇ-ਕੁਚਲੇ ਅਤੇ ਸਾਹਸਹੀਣ ਲੋਕਾਂ ਨੂੰ ਜ਼ਬਰ ਜ਼ੁਲਮ ਦੇ ਖ਼ਿਲਾਫ ਜੂਝਣ ਦੇ ਸਮਰੱਥ ਬਣਾ ਦਿੱਤਾ।
ਸਿੱਖਾਂ ਵਿੱਚ ਬੀਰਤਾ ਭਰਨ ਅਤੇ ਜ਼ੁਲਮੀ ਦਾ ਅੰਦਰ ਹਿਲਾਉਣ ਲਈ ਗੁਰੂ ਜੀ ਨੇ ਰਣਜੀਤ ਨਗਾਰਾ ਤਿਆਰ ਕੀਤਾ। ਗੁਰੂ ਦਰਬਾਰ ਵਿੱਚ ਇਸ ’ਤੇ ਚੋਟ ਲਗਾਉਣੀ ਸ਼ੁਰੂ ਕੀਤੀ, ਜੋ ਕਿ ਮਹਾਨ ਯੋਧੇ ਦੀ ਬੀਰਤਾ ਦਾ ਪ੍ਰਤੀਕ ਹੁੰਦਾ ਹੈ।
ਰਣਜੀਤ ਨਗਾਰੇ ਤੋਂ ਇਲਾਵਾ ਪ੍ਰਸਾਦੀ ਹਾਥੀ ਰੱਖਣਾ, ਕਿਲ੍ਹੇ ਬਣਾਉਣੇ, ਸਿਰ ’ਤੇ ਸੁਨਹਿਰੀ ਕਲਗ਼ੀ ਸਜਾਉਣੀ, ਅਤਿ ਕੀਮਤੀ ਸਿੰਘਾਸਣ ਤਿਆਰ ਕਰਨਾ, ਉਸ ਸਮੇਂ ਅਤਿ ਕਠਿਨ ਕਾਰਜ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਅਜਿਹੇ ਕਾਰਜ ਆਮ ਕਾਰਜਾਂ ਵਾਂਗ ਹੀ ਲੱਗਦੇ ਸਨ, ਜੋ ਕਿ ਸੂਰਬੀਰ ਯੋਧੇ ਦੀ ਬੀਰਤਾ ਦਾ ਪੂਰਨ ਪ੍ਰਗਟਾਅ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਯੁੱਧ; ਮੁਗ਼ਲਾਂ ਦੀ ਦਸ ਗੁਣੀ ਫੌਜ ਦੇ ਮੁਕਾਬਲੇ ਕੁੱਝ ਕੁ ਬਹਾਦਰ ਸਿੰਘਾਂ ਦੇ ਨਾਲ ਹੀ ਹੁੰਦੇ ਰਹੇ ਹਨ। ਸੰਸਾਰ ਦਾ ਅਨੋਖਾ ਯੁੱਧ ਚਮਕੌਰ ਸਾਹਿਬ ਦਾ ਯੁੱਧ ਸੀ, ਜਿੱਥੇ ਇਕ ਪਾਸੇ ਚਾਲ਼ੀ ਭੁੱਖੇ ਤਿਹਾਏ ਸਿੰਘ ਸਨ ਤੇ ਦੂਜੇ ਪਾਸੇ ਦਸ ਲੱਖ ਦੀ ਫੌਜ। ਪਰ ਬੀਰਤਾ ਐਸੀ ਦ੍ਰਿੜ੍ਹ ਹੋ ਚੁੱਕੀ ਸੀ ਕਿ ਗਿਣਤੀ ਤੇ ਸ਼ਕਤੀ; ਡਰਾ ਨਹੀਂ ਸੀ ਸਕਦੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਚੜ੍ਹਦੀ ਕਲਾ ’ਚ ਰੱਖਣ ਲਈ ਨਾਮ ਦਾ ਸਹਾਰਾ ਦਿੱਤਾ। ਕੱਚੀ ਗੜ੍ਹੀ ਦੇ ਅੰਦਰ ਸਿਰਫ਼ ਗੁਰੂ ਸਾਹਿਬ ਤੇ ਉਨ੍ਹਾਂ ਦੇ ਵੱਡੇ ਦੋ ਸਹਿਬਜ਼ਾਦਿਆਂ ਤੋਂ ਇਲਾਵਾ ਗੁਰੂ ਕੇ ਬਹਾਦਰ ਸਿੰਘ ਸਨ। ਇੱਥੇ ਗੁਰੂ ਜੀ ਨੇ ਸਵਾ ਲੱਖ ਨਾਲ ਇੱਕ ਨੂੰ ਲੜਾਉਣ ਵਾਲੀ ਗੱਲ ਸਿੱਧ ਕਰਕੇ ਵਿਖਾਈ। ਅੰਦਰੋਂ ਬੜੀ ਦਲੇਰੀ ਨਾਲ ਦੁਸ਼ਮਣ ਦਾ ਮੁਕਬਲਾ ਕਰਨ ਲੱਗੇ। ਇਸ ਮੁਕਾਬਲੇ ਦੌਰਾਨ ਉਨ੍ਹਾਂ ਨੇ ਬੜੀ ਅਮੋਘ ਤੀਰਾਂ ਦੇ ਨਿਸਾਨਿਆਂ ਦੀ ਐਸੀ ਝੜੀ ਲਗਾਈ ਕਿ ਵਿਰੋਧੀ ਸਰਦਾਰ ਨਾਹਰ ਖ਼ਾਨ ਆਦਿ ਵਰਗੇ ਅਨੇਕਾਂ ਹੀ ਧਰਤੀ ’ਤੇ ਹਮੇਸ਼ਾ ਲਈ ਸੌਂ ਗਏ। ਇਧਰੋਂ ਗੁਰੂ ਸਾਹਿਬ ਦੇ ਦੋ ਪੁੱਤਰ ਅਜਿਹੀ ਬੀਰਤਾ ਨਾਲ ਦੁਸ਼ਮਣਾਂ ਦੇ ਆਹੂ ਲਾਉਂਦੇ ਗਏ ਅਤੇ ਬੇਅੰਤ ਜ਼ਾਲਮਾਂ ਨੂੰ ਮਾਰਦੇ ਹੋਏ ਆਪਣੇ ਸਰੀਰ ’ਤੇ ਅਨੇਕਾਂ ਫੱਟ ਖਾ ਕੇ ਸ਼ਹੀਦ ਹੁੰਦੇ ਗਏ। ਗੁਰੂ ਜੀ ਨੇ ਇਹ ਨਜ਼ਾਰਾ ਆਪ ਆਪਣੇ ਅੱਖੀਂ ਵੇਖਿਆ ਤੇ ਗੜ੍ਹੀ ਵਿੱਚੋਂ ਜੈਕਾਰਾ ਛੱਡਿਆ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ। ‘‘ਤੇਰਾ ਤੁਝ ਕਉ ਸਉਪਤੇ; ਕਿਆ ਲਾਗੈ ਮੇਰਾ ?॥’’ (ਭਗਤ ਕਬੀਰ/੧੩੭੫) ਵਾਲੀ ਸਚਾਈ ਪ੍ਰਗਟ ਕਰ ਵਿਖਾਈ। ਇਸ ਜੰਗ ਵਿੱਚ ਤੀਹ ਸਿੰਘ, ਸ਼ਹੀਦੀ ਜਾਮ ਪੀ ਗਏ ਸਨ। ਫਿਰ ਸਿੰਘਾਂ ਨੇ ਪੰਜ ਪਿਆਰਿਆਂ ਦਾ ਰੂਪ ਲੈ ਕੇ ਗੁਰੂ ਸਾਹਿਬ ਨੂੰ ਗੜ੍ਹੀ ਵਿੱਚੋਂ ਬਾਹਰ ਨਿਕਲਣ ਲਈ ਆਖਿਆ ਕਿਉਂਕਿ ‘ਕਈ ਵਾਰ ਤਾਂ ਜੀਵਨ ਦੀ ਚੰਗਿਆੜੀ ਨੂੰ ਬਚਾ ਲੈਣਾ ਵੀ ਸਭ ਤੋਂ ਵੱਡੀ ਨਿੱਜੀ ਕੁਰਬਾਨੀ ਹੁੰਦੀ ਹੈ। ਅਜਿਹੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਅੱਕ ਦੇ ਪੱਤੇ ਖਾ ਕੇ ਝੱਟ ਲੰਘਾਉਣਾ ਤੇ ਮੌਤ ਦੀ ਥਾਂ ਆਪਣੇ ਆਪ ਨੂੰ ਜੀਵਤ ਰੱਖ ਸਕਣਾ ਹੀ ਸਭ ਤੋਂ ਪਵਿੱਤਰ ਤੇ ਸ਼ੁੱਧ ਮਨੁੱਖੀ ਕਾਰਜ ਸੀ।’
ਸਿੱਖ ਸੂਰਮਿਆਂ ਲਈ ਚਮਕੌਰ ਸਾਹਿਬ ਦੇ ਘਮਸਾਨ ਯੁੱਧ ’ਚ ਸ਼ਹਾਦਤ ਦਾ ਜਾਮ ਪੀਣਾ ਸੌਖਾ ਸੀ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪੁੱਤਰਾਂ ਅਤੇ ਸਿੰਘਾਂ ਦੇ ਸ਼ਹੀਦ ਹੋਣ ਤੋਂ ਬਾਅਦ ਆਪਣੇ ਆਪ ਨੂੰ ਜੀਵਤ ਰੱਖਣਾ ਵੱਡੀ ਸੂਰਬੀਰਤਾ ਸੀ ਕਿਉਂਕਿ ਅਜਿਹੀ ਅਵਸਥਾ ’ਚ ਵਿਚਰਨਾ ਆਮ ਇਨਸਾਨ ਦੇ ਵੱਸ ਤੋਂ ਬਾਹਰ ਦੀ ਗੱਲ ਹੈ। ਗੁਰੂ ਜੀ ‘ਆਪੇ ਗੁਰ ਚੇਲਾ’ ਦੀ ਮਰਿਆਦਾ ਨੂੰ ਨਿਭਾਉਂਦੇ ਹੋਏ ਗੜ੍ਹੀ ’ਚੋਂ ਬਾਹਰ ਆ ਗਏ, ਤਾਂ ਜੋ ਸਿੱਖ ਪੰਥ ਦਾ ਮੁੜ ਵਿਕਾਸ ਕੀਤਾ ਜਾ ਸਕੇ। ਸਿੱਖੀ ਖੰਡੇ ਦੀ ਧਾਰ ਉੱਪਰ ਚੱਲਣ ਸਮਾਨ ਹੈ ਭਾਵ ਇਸ ਮਾਰਗ ਉੱਪਰ ਪੈਰ ਪੈਰ ’ਤੇ ਅਸਹਿ ਅਤੇ ਅਕਹਿ ਕਸ਼ਟ ਤੂਫਾਨ ਦੀ ਰਫ਼ਤਾਰ ਨਾਲ ਆ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵੱਲ ਰਵਾਨਾ ਹੋਣ ਦੇ ਬਿਰਤਾਂਤ ਨੂੰ ਤੇਜਾ ਸਿੰਘ, ਗੰਡਾ ਸਿੰਘ ਇਸ ਤਰਾਂ ਲਿਖਦੇ ਹਨ ‘‘ਗੁਰੂ ਜੀ ਦੇ ਥਾਂ ਥਾਂ ਘੁੰਮਣ ਦੀ ਕਹਾਣੀ ਰੌਂਗਟੇ ਖੜੇ ਕਰ ਦੇਣ ਵਾਲਾ ਇਕ ਸਾਕਾ ਹੈ। ਇਨ੍ਹਾਂ ਦਿਨਾਂ ਵਿੱਚ ਗੁਰੂ ਜੀ ਮਾਛੀਵਾੜੇ ਦੇ ਕੰਡਿਆਲੇ ਜੰਗਲ ਵਿੱਚ ਨੰਗੇ ਪੈਰੀ ਘੁੰਮਦੇ ਫਿਰੇ ਅਤੇ ਉਨ੍ਹਾਂ ਨੇ ਦਸੰਬਰ ਦੀਆਂ ਠੰਡੀਆਂ ਰਾਤਾਂ ਅਕਾਸ਼ ਦੇ ਥੱਲੇ ਟਿਮਟਮਾਉਂਦੇ ਤਾਰਿਆਂ ਵੇਖਦਿਆਂ ਲੰਘਾਈਆਂ। ਕਈ ਦਿਨਾਂ ਤੱਕ ਉਨ੍ਹਾਂ ਨੂੰ ਖਾਣ ਨੂੰ ਕੁਝ ਨਹੀਂ ਮਿਲਿਆ ਅਤੇ ਉਨ੍ਹਾਂ ਨੇ ਅੱਕ ਦੇ ਪੱਤਿਆਂ ਨੂੰ ਖਾ ਕੇ ਹੀ ਗੁਜਾਰਾ ਕੀਤਾ ਅਤੇ ਅਣਹੋਣੀ ਦਸ਼ਾ ਵਿੱਚ ਮਿੱਟੀ ਦੇ ਢੇਲੇ ਨੂੰ ਆਪਣਾ ਸਰ੍ਹਾਣਾ ਅਤੇ ਨੰਗੀ ਧਰਤੀ ਨੂੰ ਆਪਣਾ ਬਿਸਤਰ ਬਣਾਇਆ।’
ਗੁਰੂ ਜੀ ਦੁਸ਼ਮਣਾਂ ਨੂੰ ਲਲਕਾਰਦੇ ਚਮਕੌਰ ਸਾਹਿਬ ਤੋਂ ਮਾਛੀਵਾੜੇ ਨੂੰ ਰਵਾਨਾ ਹੋਏ। ਇਸ ਜੰਗ ਵਿੱਚ ਦਸਮੇਸ਼ ਪਿਤਾ ਦੀ ਸੂਰਬੀਰਤਾ ਇਹ ਸੀ ਕਿ ਇੱਕ ਤਾਂ ਗੁਰੂ ਜੀ ਨੇ ਵੱਡੀ ਭਾਰੀ ਫੌਜ ਵਿਰੁੱਧ ਡਟ ਕੇ ਹਮਲਾ ਕੀਤਾ ਤੇ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾ ਕੇ ਅਨੰਦ ਮਹਿਸੂਸ ਕੀਤਾ ਅਤੇ ਪੰਥ ਦੇ ਭਲੇ ਲਈ ਜੰਗ ’ਚ ਲਲਕਾਰਦੇ ਹੋਏ ਸਹੀ ਸਲਾਮਤ ਨਿਕਲ ਗਏ। ਉਧਰ ਗੁਰੂ ਜੀ ਦੇ ਛੋਟੇ ਲਾਲਾਂ ਨੇ ਜ਼ੁਲਮੀ ਹਕੂਮਤ ਸਾਹਮਣੇ ਅਣਖ ਨਾਲ ਸ਼ਹੀਦੀ ਪ੍ਰਾਪਤ ਕਰ ਲਈ। ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਜਿਸ ਨੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਕਿਲ੍ਹੇ ਦੇ ਬੁਰਜ ਵਿੱਚ ਕੈਦ ਕਰ ਦਿੱਤਾ। ਵਜ਼ੀਰ ਖਾਂ ਨੇ ਕਈ ਤਰ੍ਹਾਂ ਦੇ ਲਾਲਚ ਤੇ ਡਰਾਵੇ ਦੇ ਕੇ ਮਾਸੂਮ ਬੱਚਿਆਂ ਨੂੰ ਇਸਲਾਮ ਕਬੂਲ ਕਰਨ ਲਈ ਪ੍ਰੇਰਿਆ। ਪ੍ਰੰਤੂ ਸ਼ੇਰ ਦੇ ਬੱਚਿਆਂ ਨੇ ਗੱਜ ਕੇ ਉਸ ਨੂੰ ਨਾਹ ਵਿੱਚ ਜਵਾਬ ਦਿੱਤਾ। ਉਸ ਵੇਲੇ ਬਾਬਾ ਜ਼ੋਰਾਵਰ ਸਿੰਘ ਦੀ ਉਮਰ ਲਗਭਗ 9 ਸਾਲ ਤੇ ਬਾਬਾ ਫ਼ਤਿਹ ਸਿੰਘ ਦੀ 7 ਕੁ ਸਾਲ ਸੀ ‘ਨਉ ਸਾਲ ਅਵਸਥਾ ਜ਼ੋਰਾਵਰ ਸਿੰਘ ਜੀ ਭਏ। ਸਾਢੇ ਸੱਤ ਸਾਲ ਅਵਸਥਾ ਫਤੇ ਸਿੰਘ ਜੀ ਭਏ।’
‘ਵਜ਼ੀਰ ਖਾਂ ਪਹਿਲਾਂ ਹੀ ਇਸ ਗੱਲੋਂ ਖਿੱਝਿਆ ਹੋਇਆ ਸੀ ਕਿ ਉਸ ਦੇ ਅਨੇਕਾਂ ਜਤਨਾਂ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਜੀ ਬਚ ਕੇ ਨਿਕਲ ਗਏ ਸਨ। ਹੁਣ ਛੋਟੇ ਬੱਚਿਆਂ ਦੇ ਮੂੰਹੋਂ ਕਰਾਰੇ ਜੁਆਬ ਸੁਣ ਕੇ ਉਸ ਨੂੰ ਰੋਹ ਚੜ੍ਹ ਗਿਆ ਤੇ ਉਹਨੇ ਮਾਸੂਮ ਬੱਚਿਆਂ ਨੂੰ ਜੀਉਂਦਿਆਂ ਨੀਹਾਂ ਵਿੱਚ ਚਿਣਨ ਦਾ ਹੁਕਮ ਦਿੱਤਾ। ਸੂਬੇਦਾਰ ਅੰਤ ਤੱਕ ਉਨ੍ਹਾਂ ਨੂੰ ਇਸਲਾਮ ਕਬੂਲ ਕਰ ਲੈਣਾ ਦੀ ਯੋਜਨਾ ਬਣਾਉਂਦਾ ਰਿਹਾ, ਪਰ ਸ਼ੇਰ ਦੇ ਬੱਚਿਆਂ ਨੇ ਧਰਮ ਛੱਡਣਾ ਪਰਵਾਨ ਨਾ ਕੀਤਾ ਤੇ ਖਿੜੇ ਮੱਥੇ ਕੁਰਬਾਨ ਹੋ ਗਏ। ਜਿਸ ਵੇਲੇ ਕੰਧ ਸਿਰ ਤੱਕ ਪਹੁੰਚੀ, ਬੱਚੇ ਬੇਹੋਸ਼ ਹੋ ਗਏ, ਤਾਂ ਕਤਲ ਕਰ ਦਿੱਤੇ ਗਏ। ਮਾਤਾ ਗੁਜਰੀ ਜੀ ਨੂੰ ਵੀ ਠੰਡੇ ਬੁਰਜ ’ਚੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਤੇ ਮੌਤ ਦੇ ਘਾਟ ਉਤਾਰ ਦਿੱਤਾ।’
ਛੋਟੇ ਛੋਟੇ ਬੱਚਿਆਂ ਦੀ ਸ਼ਹੀਦੀ ਨਾਲ ਲੋਕਾਂ ਵਿੱਚ ਬੀਰਤਾ ਦੀ ਨਵੀਂ ਭਾਵਨਾ ਜਾਗ ਪਈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਣਨ ਕਰਦੇ ਹੋਇਆ ਭਾਰਤ ਦੇ ਰਾਸ਼ਟਰ-ਕਵੀ ਮੈਥਲੀ ਸ਼ਰਨ ਗੁਪਤ ਨੇ ਕਿੰਨਾ ਸੋਹਣਾ ਲਿਖਿਆ ਹੈ ‘ਜਿਸ ਕੁਲ, ਜਾਤ, ਕੌਮ ਕੇ ਬੱਚੇ, ਯੂੰ ਦੇ ਸਕਤੇ ਬਲੀਦਾਨ। ਉਸ ਕਾ ਵਰਤਮਾਨ ਹੋ ਕੁਛ ਭੀ, ਭਵਿਸ਼ ਹੈ ਬੜਾ ਮਹਾਨ।’
ਗੁਰੂ ਅਧਿਆਤਮਕ ਗਿਆਨ ਦੀ ਪ੍ਰਾਪਤੀ ਲਈ ਮਾਰਗ ਪ੍ਰਦਰਸ਼ਕ ਦੀ ਅਵੱਸ਼ਕਤਾ ਹੁੰਦੀ ਹੈ ਤੇ ਗੁਰਬਾਣੀ ਅਨੁਸਾਰ ਗੁਰੂ ਹੀ ਇਹ ਮਾਰਗ ਪ੍ਰਦਰਸ਼ਕ ਹੈ। ਗੁਰੂ ਪਦ ਦੇ ਸ਼ਾਬਦਿਕ ਅਰਥ ਹਨ, ਹਨ੍ਹੇਰਾ ਦੂਰ ਕਰਕੇ ਰੌਸ਼ਨੀ (ਪ੍ਰਕਾਸ਼) ਕਰਨ ਵਾਲਾ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, ‘ਧਰਮ ਉਪਦੇਸ, ਧਾਰਮਿਕ ਸਿਖਯਾ ਦੇਣ ਵਾਲਾ ਆਚਾਰਯ, ਮਤ ਦਾ ਆਚਾਰਯਾ, ਕਿਸੇ ਮਤ ਦਾ ਚਲਾਉਣ ਵਾਲਾ, ਪਤਿ (ਭਰਤਾ) ਅੰਤਹਿਕਰਣ (ਮਨ) ਪੂਜਯ ਤੇ ਵੱਡਾ (ਪ੍ਰਧਾਨ) ਗੁਰੂ ਹੈ।’ ਜਿਸ ਦਾ ਪ੍ਰਕਾਸ਼ ਅੰਧਕਾਰ ਨੂੰ ਦੂਰ ਕਰਦਾ ਹੈ ਅਤੇ ਗੁਰੂ ਮਨੁੱਖੀ ਜੀਵਨ ਦੇ ਅਗਿਆਨ ਨੂੰ ਦੂਰ ਕਰਦਾ ਹੈ ‘‘ਗੁਰ ਬਿਨੁ ਘੋਰੁ ਅੰਧਾਰੁ; ਗੁਰੂ ਬਿਨੁ, ਸਮਝ ਨ ਆਵੈ ॥ (ਸਵਈਏ ਮਹਲੇ ਚਉਥੇ ਕੇ/ਭਟ ਨਲੵ/੧੩੯੯), ਗਿਆਨ ਅੰਜਨੁ ਗੁਰਿ ਦੀਆ; ਅਗਿਆਨ ਅੰਧੇਰ ਬਿਨਾਸੁ ॥’’ (ਸੁਖਮਨੀ/ਮਹਲਾ ੫/੨੯੩)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦਾ ਸਰੂਪ ਬਿਆਨ ਕੇ ਉਸ ਦੀ ਪ੍ਰਾਪਤੀ ਦਾ ਸਾਧਨ ਮੁੱਖ ਰੂਪ ’ਚ ਸਤਿਗੁਰੂ ਨੂੰ ਸਰਬੋਤਮ ਦਰਜਾ ਦਿੱਤਾ ਇਸੇ ਲਈ ਮੂਲਮੰਤਰ ਦੇ ਅਖੀਰ ’ਚ ‘ਗੁਰ ਪ੍ਰਸਾਦਿ’ ਲਿਖਿਆ ਹੈ ਤਾਂ ਜੋ ਪਰਮਾਤਮਾ ਨਾਲ ਇਕਸੁਰ ਹੋਇਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ’ਚ ਹੀ ਗੁਰੂ ਜੀ ਦੀ ਪ੍ਰਮੁੱਖਤਾ ਬਾਰੇ ਸੇਧ ਮਿਲਦੀ ਹੈ। ਗੁਰੂ ਤੋਂ ਬਿਨਾਂ ਸ੍ਰੇਸ਼ਟ ਬੁੱਧੀ ਨਹੀਂ ਮਿਲ ਸਕਦੀ। ਸੱਚਾ ਗੁਰੂ ਆਪਣੇ ਸਿੱਖ ਨੂੰ ਪਰਮਾਤਮਾ ’ਚ ਵਿਸ਼ਵਾਸ ਦੀ ਐਸੀ ਜੁਗਤਿ ਸਮਝਾਉਂਦਾ ਹੈ, ਜਿਸ ਸਦਕਾ ਉਹ ਬਹਾਦਰੀ ਦੀ ਅਜਿਹੀ ਮਿਸਾਲ ਪੈਦਾ ਕਰਦਾ ਹੈ, ਜੋ ਪਹਿਲਾਂ ਕਦੇ ਨਾ ਵਾਪਰੀ ਹੋਵੇ। ਇਹੀ ਵਿਸ਼ਵਾਸ ਬਹਾਦਰੀ ਨੂੰ ਜਨਮ ਦਿੰਦਾ ਹੈ ਜਿਸ ਬਾਰੇ ਨਿਰਮਲ ਕੁਮਾਰ ਜੈਨ ਲਿਖਦਾ ਹੈ ‘ਪਰਮਾਤਮਾ ਵਿਚ ਡੂੰਘਾ ਵਿਸ਼ਵਾਸ ਉਸ ਨੂੰ ਕਠਿਨ ਪਰਸਥਿਤੀਆਂ ਵਿਚੋਂ ਬਚਾ ਸਕਦਾ ਹੈ। ਸੱਚੇ ਵਿਸ਼ਵਾਸ਼ ਵਿਚੋਂ ਬਹਾਦਰੀ ਅਤੇ ਨਿਡਰਤਾ ਉਤਪੰਨ ਹੁੰਦੀ ਹੈ।’ ਸਿੱਖ ਸੂਰਮਿਆਂ ਦੀ ਗਾਥਾ ਤੋਂ ਪਤਾ ਚੱਲਦਾ ਹੈ ਕਿ ਸਿੱਖ ਕਦੇ ਵੀ ‘ੴ’ ਤੋਂ ਵੱਖ ਨਹੀਂ ਹੁੰਦੇ ਭਾਵ ਉਹ ਸਰਬ ਸ਼ਕਤੀਮਾਨ ਅਕਾਲ ਪੁਰਖ ਨਾਲ ਰੋਜ਼ਾਨਾ ਸਾਂਝ ਪਾਉਂਦੇ ਹਨ। ਇਸੇ ਸਾਂਝ ’ਚੋਂ ਸਿੱਖ ਸੂਰਬੀਰਤਾ ਦਾ ਬੀਜ ਫੁੱਟਦਾ ਅਤੇ ਵਿਗਸਦਾ ਹੈ। ਗੁਰੂ ਦਾ ਰੁਤਬਾ ਸਿਰਮੌਰ ਹੈ। ‘ੴ’ ਅਤੇ ਸਿੱਖ ਦੀ ਆਪਸੀ ਸਾਂਝ ਦੀ ਮੁਖ ਕੜੀ ‘ਗੁਰੂ’ ਹੈ। ਇਸ ਲਈ ਸਿੱਖ ਸੂਰਮਗਤੀ ਦੇ ਮੁੱਖ ਸ੍ਰੋਤ ਵਜੋਂ ਗੁਰੂ ਹੀ ਸਾਰਥਕ ਹੁੰਦਾ ਹੈ। ਸੂਰਬੀਰਤਾ ਦਾ ਜਜ਼ਬਾ ਉਸ ਵਿਚੋਂ ਹੀ ਪੈਦਾ ਹੋਵੇਗਾ ਜੋ ਖੁਦ ਸੂਰਮਾ ਹੋਵੇ। ਗੁਰਬਾਣੀ ਇਹ ਗੱਲ ਸਿੱਧ ਕਰਦੀ ਹੈ ਕਿ ਗੁਰੂ ਅਕਾਲ ਪੁਰਖ ਦੀ ਤਰ੍ਹਾਂ ਹੀ ਸੂਰਬੀਰ ਹੈ ‘‘ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ ॥’’ (ਮਹਲਾ ੩/੧੬੩) ਗੁਰੂ ਸੂਰਮਾ ਇਸ ਕਰਕੇ ਹੈ ਕਿਉਂਕਿ ਗੁਰੂ ਨੇ ਵਿਕਾਰ ਰੂਪੀ ਸਤਰੂਆਂ ਉੱਪਰ ਚਿਰੰਕਾਲ ਲਈ ਜਿੱਤ ਪ੍ਰਾਪਤ ਕੀਤੀ ਹੁੰਦੀ ਹੈ। ਉਹ ਕਰਨੀ ਅਤੇ ਕਥਨੀ ਵਿੱਚ ਪੱਕੇ ਰਹਿੰਦੇ ਹਨ, ਜਿਨ੍ਹਾਂ ਤੋਂ ਸਿੱਖ ਹਮੇਸ਼ਾ ਬਲਿਹਾਰ ਜਾਂਦਾ ਹੈ ‘‘ਹਉ ਬਲਿਹਾਰੀ ਸਤਿਗੁਰ ਪੂਰੇ ॥ ਸਰਣਿ ਕੇ ਦਾਤੇ ਬਚਨ ਕੇ ਸੂਰੇ ॥’’ (ਮਹਲਾ ੫/੧੦੭੩)
ਗੁਰੂ ਸੂਰਬੀਰਤਾ ਲਈ ਪਥ-ਪ੍ਰਦਰਸ਼ਕ ਹੈ। ਗੁਰੂ ਤੋਂ ਬਿਨਾਂ ਨਾ ਤਾਂ ਭਗਤੀ ਦੀ ਜਾਚ ਆਉਂਦੀ ਹੈ ਅਤੇ ਨਾ ਸ਼ਕਤੀ ਨੂੰ ਵਿਹਾਰਕ ਰੂਪ ਵਿੱਚ ਲਿਆਂਦਾ ਜਾ ਸਕਦਾ ਹੈ। ਸਿੱਖ ਚਿੰਤਨ ਵਿੱਚ ਗੁਰੂ ਅਤੇ ਅਕਾਲ ਪੁਰਖ ਇਕਮਿਕ ਰਹਿੰਦੇ ਹਨ। ਇਸ ਤੋਂ ਮਗਰੋਂ ਗੁਰੂ ਅਤੇ ਸਿੱਖ ਦੇ ਆਪਣੇ ਆਪਸੀ ਦੁਵੱਲੇ ਪ੍ਰੇਮ ਸਦਕਾ ਇਕਮਿਕ ਹੋ ਕੇ ਵਿਚਰਦੇ ਹਨ। ਜਦੋਂ ਗੁਰੂ ਆਪਣੇ ਸਿੱਖ ਨੂੰ ਅਵਾਜ਼ ਮਾਰਦਾ ਹੈ ਤਾਂ ਸਿੱਖ ਪੂਰੇ ਉਤਸ਼ਾਹ ਨਾਲ ਗੁਰੂ ਵੱਲ ਦੌੜਦਾ ਹੈ। ਗੁਰੂ ਦੇ ਹੁਕਮ ਨੂੰ ਮੰਨ ਲੈਣ ਵਿੱਚ ਸਿੱਖ ਦੀ ਬਹਾਦਰੀ ਪ੍ਰਗਟ ਹੁੰਦੀ ਰਹੀ ਹੈ। ਉਦਾਹਰਨ ਵਜੋਂ ਕੁਝ ਦ੍ਰਿਸ਼ਟਾਂਤ ਸਿੱਖ ਇਤਿਹਾਸ ’ਚੋਂ ਲੈ ਸਕਦੇ ਹਾਂ; ਜਿਵੇਂ ਕਿ ਭਾਈ ਜੋਗਾ ਸਿੰਘ ਗੁਰੂ ਦੇ ਲਾਡਲੇ ਸਿੱਖ ਨੇ ਬੜੀ ਦਲੇਰੀ ਨਾਲ ਗੁਰੂ ਦਾ ਹੁਕਮ ਪੂਰਾ ਕੀਤਾ। ‘ਭਾਈ ਜੋਗੇ ਨੂੰ ਗੁਰੂ ਨੇ ਵਾਪਸ ਬੁਲਾਇਆ ਹੈ ਇਹ ਹੁਕਮ ਉਦੋਂ ਮਿਲਿਆ ਜਦੋਂ ਜੋਗਾ ਸਿੰਘ ਆਪਣੀਆਂ ਆਨੰਦ ਕਾਰਜ ਦੀਆਂ ਰਸਮਾਂ ਨਿਭਾ ਰਿਹਾ ਸੀ। ਲਾਵਾਂ ਲੈਂਦਿਆਂ ਹੀ ਇੱਕ ਸਿੰਘ ਹਲਕਾਰੇ ਰਾਹੀਂ ਅਨੰਦਪੁਰ ਵਾਪਸ ਮੁੜਨ ਦਾ ਹੁਕਮ ਪਹੁੰਚ ਗਿਆ। ਕਲਗੀਧਰ ਦੇ ਲਿਖੇ ਅੱਖਰ ਵੇਖ ਕੇ ਜੋਗਾ ਸਿੰਘ ਵਿਆਹ ਨੂੰ ਅੱਧ-ਵਿਚਕਾਰੇ ਛੱਡ ਕੇ ਅਨੰਦਪੁਰ ਵੱਲ ਚੱਲ ਪਿਆ।’ ਭਾਈ ਜੋਗੇ ਨੇ ਇਹ ਗੱਲ ਸਿੱਧ ਕੀਤੀ ਕਿ ਗੁਰੂ ਦੇ ਹੁਕਮ ਨੂੰ ਪੂਰਾ ਕਰਨ ਲਈ ਜ਼ਰਾ ਵੀ ਆਲਸ ਨਹੀਂ ਕਰਨੀ ਚਾਹੀਦੀ। ਸੁਖ ਦੁਖ ਦੀ ਪਰਵਾਹ ਕੀਤੇ ਬਿਨ੍ਹਾਂ ਗੁਰੂ ਦੇ ਸਨਮੁੱਖ ਹੋਣਾ ਹੀ ਸੂਰਬੀਰਤਾ ਦੀ ਮਿਸਾਲ ਹੈ। ਸਿੱਖ ਸੂਰਬੀਰਤਾ ਦੀ ਅਸਚਰਜਤਾ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਗੁਰੂ ਨੇ ਆਪਣੀ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਪਰਖਣ ਲਈ ਵੀ ਸਿੱਖ ਨੂੰ ਬੰਦੂਕ ਅੱਗੇ ਹੋਣ ਲਈ ਆਖਿਆ ਤਾਂ ਸਿੱਖ ਮੌਤ ਤੋਂ ਬੇਪਰਵਾਹ ਹੋ ਕੇ ਇੱਕ ਦੂਸਰੇ ਤੋਂ ਪਹਿਲਾਂ ਗੋਲੀ ਅੱਗੇ ਖੜ੍ਹਨ ਨੂੰ ਤਵੱਜੋ ਦਿੰਦੇ ਹਨ। ਸੂਰਬੀਰਤਾ ਦੀ ਪਰਖ ਉਦੋਂ ਹੁੰਦੀ ਹੈ ਜਦੋਂ ਡੱਲੇ ਨੂੰ ਆਵਾਜ਼ ਮਾਰ ਕੇ ਗੁਰੂ ਗੋਬਿੰਦ ਸਿੰਘ ਜੀ ਬੋਲੇ ‘ਡੱਲਿਆ ! ਤੂੰ ਆਪਣੇ ਸੂਰਬੀਰਾਂ ਵਿੱਚੋਂ ਚੁਣੇ ਹੋਏ ਯੋਧੇ ਮੇਰੇ ਸਾਹਮਣੇ ਖੜ੍ਹੇ ਕਰ, ਉਨ੍ਹਾਂ ਪਰ ਇਹ ਬੰਦੂਕ ਚਲਾ ਕੇ ਪਰਖਣੀ ਹੈ। ਦੇਖੀਏ ਗੋਲੀ ਦੋਹਾਂ ਵਿੱਚੋਂ ਨਿਕਲਦੀ ਹੈ ਕਿ ਨਹੀਂ ? ਇਹ ਸੁਣ ਕੇ ਡੱਲੇ ਦੇ ਸਭ ਸੂਰਮੇ ਭੱਜ ਨਿਕਲੇ। ਦੂਜੇ ਪਾਸੇ ਜਦੋਂ ਗੁਰੂ ਨੇ ਮੇਵੜੇ ਨੂੰ ਹੁਕਮ ਦਿੱਤਾ ਕਿ ਜਾ ਕੇ ਬਾਹਰੋਂ ਸਿੱਖਾਂ ਨੂੰ ਇਸ ਪਰਖ ਲਈ ਬੁਲਾਵੋ ਉਦੋਂ ਇਹ ਹੁਕਮ ਸੁਣਦੇ ਸਾਰ ਦੋ ਮਜ਼ਬੀ ਸਿੱਖ ਦਸਤਾਰ ਸਜਾਉਂਦੇ ਅੱਧ ਵਿੱਚੋਂ ਹੀ ਦੋੜ ਆਏ। ਗੁਰੂ ਜੀ ਕੇ ਸਨਮੁਖ ਆ ਖੜੇ ਹੋਏ। ਇੱਕ ਦੂਜੇ ਨੂੰ ਧੱਕਾ ਮਾਰ ਕੇ ਪਿਛਾਂਹ ਨੂੰ ਕਰੇ ਤੇ ਆਪ ਅੱਗੇ ਹੋ ਕੇ ਆਖੇ ਕਿ ਗੁਰੂ ਜੀ ਮੈਂ ਪਹਿਲਾਂ ਆਇਆ ਮੈਨੂੰ ਪਹਿਲੇ ਆਪਣੀ ਬੰਦੂਕ ਦਾ ਨਿਸ਼ਾਨਾ ਬਣਾਓ।’ ਸੋ ਗੁਰੂ ਅਤੇ ਸਿੱਖਾਂ ਦਾ ਆਪਸੀ ਦੁਵੱਲਾ ਪ੍ਰੇਮ ਬੇਮਿਸਾਲ ਨਿਧੱੜਕ ਮਰਜੀਵੜੀਆਂ ਦੀ ਉੱਤਪਤੀ ਦਾ ਰਹੱਸ ਹੈ। ਅਜਿਹੇ ਵਿਸ਼ਵਾਸ ਧਾਰਨੀਆਂ ਦੀ ਸਿੱਖ ਇਤਿਹਾਸ ’ਚ ਗਿਣਤੀ ਬੇਅੰਤ ਹੈ। ਪੂਰਨ ਵਿਸ਼ਵਾਸ ਅੰਤਮ ਸਚਾਈ ਨਾਲ ਇਕਮਿਕ ਹੋਣ ਦਾ ਸਰਵਉਚ ਮਾਧਿਅਮ ਹੈ ਅਤੇ ਸਿੱਖਾਂ ’ਚ ਦ੍ਰਿੜ੍ਹ ਵਿਸ਼ਵਾਸ ਹੁੰਦਾ ਹੈ ਕਿ ਗੁਰੂ ਹਰ ਮੁਸੀਬਤ ’ਚ ਉਸ ਦੇ ਅੰਗ-ਸੰਗ ਹੋ ਕੇ ਰੱਖਿਆ ਕਰਦਾ ਹੈ ਜਿਸ ਦੀ ਟੇਕ ਉਸ ਨੂੰ ਜ਼ੁਲਮ ਖ਼ਤਮ ਕਰਨ ਲਈ ਲੱਖਾਂ ਵੈਰੀਆਂ ਸਾਹਮਣੇ ਚਾਉ ਨਾਲ ਉੱਠ ਖੜ੍ਹਨ ਦਾ ਬਲ ਬਖ਼ਸ਼ਦਾ ਹੈ। ਉਸ ਦਾ ਇਹ ਨਿਸ਼ਚਾ ਹੁੰਦਾ ਹੈ ਕਿ ਜੇ ਗੁਰੂ ਉਸ ਦੇ ਵੱਲ ਹੈ ਤਾਂ ਲੱਖਾਂ ਬਾਹਾਂ ਹਥਿਆਰ ਫੜ ਕੇ ਮੇਰਾ ਮੁਕਾਬਲਾ ਕਰਨ ਤਾਂ ਵੀ ਉਸ ਦਾ ਵਾਲ ਵਿੰਗਾ ਨਹੀਂ ਹੋ ਸਕਦਾ ‘‘ਜਾਮਿ ਗੁਰੂ ਹੋਇ ਵਲਿ; ਲਖ ਬਾਹੇ ਕਿਆ ਕਿਜਇ ?॥’’ (ਸਵਈਏ ਮਹਲੇ ਚਉਥੇ ਕੇ/ਭਟ ਨਲੵ/੧੩੯੯) ਭਾਵ ਗੁਰੂ ਆਪਣੇ ਸਿੱਖ ਨੂੰ ਆਤਮਿਕ ਬਲ ਬਖਸ਼ ਕੇ ਮਾਨਸਿਕ ਪੱਖੋਂ ਉੱਚਾ ਚੁੱਕਦਾ ਹੈ, ਜਿਸ ਸਦਕਾ ਸਰੀਰ ’ਚ ਕਈ ਗੁਣਾਂ ਤਾਕਤ ਆਪਣਾ ਵੇਗ ਵਹਾਅ ਜਾਂਦੀ ਹੈ। ਗੁਰੂ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਸਰੀਰ ਦੇ ਰਸਾਇਣ ਬਦਲ ਦਿੰਦਾ ਹੈ। ਚਿੜੀਆਂ ਬਾਜ਼ ਨਾਲ ਟੱਕਰ ਲੈਣ ਲਈ ਸਮਰੱਥ ਹੋ ਜਾਂਦੀਆਂ ਹਨ। ਸਾਕਾ ਚਮਕੌਰ ’ਚ ਅਜਿਹਾ ਹੀ ਵਾਪਰਿਆ ਹੈ। ਉਪਰੋਕਤ ਚਰਚਾ ’ਚ ਧਰਮ ਅਤੇ ਸੂਰਬੀਰਤਾ ਦੇ ਆਪਸੀ ਸੰਬੰਧ ਦੇ ਮੁੱਖ ਸਾਧਨ ਪਰਮਾਤਮਾ, ਗੁਰੂ ਅਧਿਆਤਮਿਕਤਾ, ਨੈਤਿਕਤਾ, ਵਿਸ਼ਵਾਸ ਹਨ, ਜਿਨ੍ਹਾਂ ਰਾਹੀਂ ਪਰਮ ਸੱਚ ਨੂੰ ਪਾਉਣਾ ਸਿੱਖ ਦਾ ਮਨੋਰਥ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੈਵੀ ਸਰਪਰਸਤੀ ਨੇ ਸਿੱਖਾਂ ਅੰਦਰ ਸੂਰਬੀਰਤਾ ਦੀ ਭਾਵਨਾ ਨੂੰ ਦ੍ਰਿੜ੍ਹਤਾ ਬਖ਼ਸ਼ੀ। ਸੰਨ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਨਾਂਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ-ਗੱਦੀ ਹਮੇਸ਼ਾ ਲਈ ਬਖ਼ਸ਼ ਦਿੱਤੀ। ਗੁਰੂ ਜੀ ਸਿੱਖਾਂ ਨੂੰ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਜੋੜ ਕੇ ਗੁਰੂ ਨਾਨਕ ਜੀ ਦੇ ਮਿਸ਼ਨ ਨੂੰ ਨੇਪਰੇ ਚਾੜ੍ਹ ਗਏ ਅਤੇ ਸੂਰਬੀਰਤਾ ਦੇ ਅਰਥ ਬਦਲਦਿਆਂ ਪਵਿੱਤਰਤਾ ਪ੍ਰਾਪਤ ਹੋਈ।
ਡਾ. ਸ਼ੁਭਕਰਨ ਸਿੰਘ* ਦਸਮੇਸ਼ ਗੁਰਮਤਿ ਵਿਦਿਆਲਾ, ਟਾਰਨੇਟ, ਅਸਟ੍ਰੇਲੀਆ
ਮਾਦਾ ਭਰੂਣ ਹੱਤਿਆ-ਸੰਨ 2021 ਦੀ ਰਿਪੋਰਟ
ਮਾਦਾ ਭਰੂਣ ਹੱਤਿਆ–ਸੰਨ 2021 ਦੀ ਰਿਪੋਰਟ
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783
ਮੈਨੂੰ ਇਕ ਸਮਾਗਮ ਉੱਤੇ ਬੁਲਾਇਆ ਗਿਆ ਸੀ, ਜਿੱਥੇ ਇਕ ਥ੍ਰੀਵੀਲ੍ਹਰ ਚਲਾਉਣ ਵਾਲੇ ਦੀ ਬੇਟੀ ਦਾ ਸਨਮਾਨ ਹੋਣਾ ਸੀ। ਉਸ ਦੀ ਬੇਟੀ ਜੱਜ ਚੁਣੀ ਗਈ ਸੀ। ਚੁਫ਼ੇਰੇ ਖ਼ੁਸ਼ੀ ਦਾ ਮਾਹੌਲ ਸੀ। ਮੈਨੂੰ ਮੌਕਾ ਮਿਲਿਆ ਉਸ ਦੇ ਪਿਤਾ ਨਾਲ ਗੱਲ ਕਰਨ ਦਾ। ਉਸ ਦੀ ਹਿੰਮਤ ਦੀ ਦਾਦ ਦਿੰਦਿਆਂ ਮੈਂ ਪੁੱਛਿਆ ਕਿ ਉਸ ਨੂੰ ਧੀ ਦੇ ਪਰਵਰਿਸ਼ ਵੇਲੇ ਕਿੰਨੀਆਂ ਕੁ ਔਕੁੜਾਂ ਦਾ ਸਾਹਮਣਾ ਕਰਨਾ ਪਿਆ !
ਜੋ ਉਸ ਦਾ ਜਵਾਬ ਸੀ, ਉਸ ਨੇ ਮੈਨੂੰ ਬਹੁਤ ਕੁੱਝ ਸੋਚਣ ਉੱਤੇ ਮਜਬੂਰ ਕਰ ਦਿੱਤਾ। ਉਸ ਨੇ ਦੱਸਿਆ ‘ਮੈਂ ਹਾਲੇ ਤੱਕ ਇਹ ਗੱਲ ਕਿਸੇ ਨਾਲ ਸਾਂਝੀ ਨਹੀਂ ਕੀਤੀ ਤੇ ਨਾ ਹੀ ਅੱਗੋਂ ਕਰਨ ਵਾਲਾ ਹਾਂ। ਤੁਸੀਂ ਇਸ ਵਿਸ਼ੇ ਉੱਤੇ ਕੰਮ ਕੀਤਾ ਹੈ, ਇਸੇ ਲਈ ਤੁਹਾਨੂੰ ਦੱਸ ਦਿੰਦਾ ਹਾਂ। ਮੇਰੀ ਆਪਣੀ ਕੋਈ ਔਲਾਦ ਨਹੀਂ ਸੀ। ਇਹ ਬੇਟੀ ਮੈਨੂੰ ਝਾੜੀਆਂ ’ਚ ਸੁੱਟੀ ਮਿਲੀ ਸੀ। ਮੈਂ ਸਾਰੀ ਉਮਰ ਇਸ ਨੂੰ ਆਪਣੀ ਸਮਝ ਕੇ ਪਾਲ਼ਦਾ ਰਿਹਾ ਹਾਂ। ਆਪਣਾ ਢਿੱਡ ਕੱਟ ਕੇ ਵੀ ਮੈਂ ਇਸ ਨੂੰ ਪੜ੍ਹਾਉਂਦਾ ਰਿਹਾ ਤਾਂ ਜੋ ਇਹ ਵੱਡੀ ਅਫ਼ਸਰ ਲੱਗ ਸਕੇ। ਮੇਰੀ ਇੱਛਾ ਸੀ ਕਿ ਮੈਂ ਇਸ ਦੇ ਅਸਲ ਮਾਪਿਆਂ ਵੱਲੋਂ ਕੀਤੀ ਗ਼ਲਤੀ ਸੁਧਾਰ ਸਕਾਂ।
ਇਹੋ ਜਿਹੇ ਨੇਕ ਇਨਸਾਨਾਂ ਸਦਕਾ ਹੀ ਔਰਤ ਦਾ ਵਜੂਦ ਹਾਲੇ ਤੱਕ ਕਾਇਮ ਹੈ।
ਰੱਤਾ ਧਿਆਨ ਕਰੀਏ ਸੰਨ 2020 ਵਿਚ ਯੂਨਾਈਟਿਡ ਪੌਪੂਲੇਸ਼ਨ ਫੰਡ ਵੱਲੋਂ ਰੀਲੀਜ਼ ਕੀਤੇ ਅੰਕੜਿਆਂ ਵੱਲ ! ਕੀ ਕਿਸੇ ਨੂੰ ਅੰਦਾਜ਼ਾ ਹੈ ਕਿ ਭਾਰਤ ਦੀ ਪਿਛਲੇ 50 ਸਾਲਾਂ ਦੀ ਕਾਰਗੁਜ਼ਾਰੀ ਅਨੁਸਾਰ ਧੀਆਂ ਮਾਰਨ ਦੀ ਰਿਵਾਇਤ ਵਿਚ ਕਿਸ ਹੱਦ ਤੱਕ ਵਾਧਾ ਹੋਇਆ ਹੈ ?
ਸੰਨ 1970 ਵਿਚ ਇਸ ਧਰਤੀ ਉੱਤੇ 6 ਕਰੋੜ 10 ਲੱਖ ਕੁੜੀਆਂ ਘੱਟ ਲੱਭੀਆਂ ਸਨ। ਇਸ ਦਾ ਮਤਲਬ ਇਹ ਕੱਢਿਆ ਗਿਆ ਕਿ ਸਾਰੀਆਂ ਜੰਮਣ ਤੋਂ ਬਾਅਦ ਮਾਰ ਮੁਕਾ ਦਿੱਤੀਆਂ ਗਈਆਂ ਸਨ। ਸੰਨ 2020 ਦੇ ਅੰਕੜੇ ਹੋਰ ਵੀ ਦਿਲ ਕੰਬਾਊ ਸਨ। ਹੁਣ ਇਹ ਗਿਣਤੀ ਇੱਕ ਅਰਬ 42 ਕਰੋੜ 60 ਲੱਖ ਤੋਂ ਉਤਾਂਹ ਟੱਪ ਚੁੱਕੀ ਹੈ।
ਅਸੀਂ ਭਾਰਤੀ, ਭਾਰਤ ਦੇ ਅੰਦਰ ਹੋਈਏ ਜਾਂ ਬਾਹਰ, ਦੁਨੀਆ ਭਰ ਵਿਚਲੀਆਂ ਔਰਤਾਂ ਦੀ ਘਟਦੀ ਜਾਂਦੀ ਗਿਣਤੀ ਵਿੱਚੋਂ ਲਗਭਗ 46 ਕਰੋੜ ਬੇਟੀਆਂ ਮਾਰਨ ਦੇ ਜ਼ਿੰਮੇਵਾਰ ਮੰਨੇ ਜਾ ਚੁੱਕੇ ਹਾਂ।
ਸੰਨ 2013 ਤੋਂ 2017 ਤੱਕ ਹਰ ਸਾਲ ਚਾਰ ਲੱਖ 60 ਹਜ਼ਾਰ ਬੇਟੀਆਂ ਕੁੱਖ ਵਿਚ ਜਾਂ ਜੰਮਦੇ ਸਾਰ ਭਾਰਤ ਵਿਚ ਮਾਰੀਆਂ ਗਈਆਂ ਤੇ ਸਰਵੇਖਣ ਅਨੁਸਾਰ (ਯੂਨਾਈਟਿਡ ਨੇਸ਼ਨਜ਼ ਵੱਲੋਂ ਸੰਨ 2020 ਵਿਚ ਰੀਲੀਜ਼ ਕੀਤੇ ਗਏ ਅੰਕੜੇ) ਬਾਕੀ ਬੱਚੀਆਂ ਵਿੱਚੋਂ 26.8 ਫੀਸਦੀ ਕੁੜੀਆਂ ਬਲਾਤਕਾਰਾਂ ਤੋਂ ਬਚਾਉਣ ਤੇ ਆਪਣੀ ਮਰਜ਼ੀ ਦਾ ਵਰ ਨਾ ਚੁਣ ਲੈਣ ਦੇ ਡਰੋਂ 18 ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਵਿਆਹ ਦਿੱਤੀਆਂ ਗਈਆਂ।
ਇਸ ਸਰਵੇਖਣ ਵਿਚ ਸਪਸ਼ਟ ਕੀਤਾ ਗਿਆ ਕਿ ਜਿੰਨੇ ਜ਼ਿਆਦਾ ਅਮੀਰ ਘਰਾਣੇ ਸਨ, ਓਨੇ ਹੀ ਵੱਧ ਉਹ ਕੁੜੀਮਾਰ ਸਨ। ਗ਼ਰੀਬ ਲੋਕਾਂ ਵਿਚ ਕੁੜੀਆਂ ਮਾਰਨ ਦਾ ਰੁਝਾਨ ਘੱਟ ਸੀ।
ਭਾਰਤ ਦੇ ਹੋਮ ਅਫੇਅਰਜ਼ ਮੰਤਰਾਲੇ ਨੇ ਸੰਨ 2018 ਵਿਚ ਰਿਪੋਰਟ ਜਾਰੀ ਕੀਤੀ ਸੀ ਕਿ ਸੰਨ 2016 ਤੋਂ 2018 ਤੱਕ ਭਾਰਤ ਵਿੱਚ ਹਰ 1000 ਮੁੰਡਿਆਂ ਪਿੱਛੇ ਸਿਰਫ਼ 899 ਬੇਟੀਆਂ ਜੰਮੀਆਂ। ਇਨ੍ਹਾਂ ਕਤਲਾਂ ਵਿਚ ਮੁੱਖ ਹਿੱਸੇਦਾਰ ਸੂਬੇ ਸਨ ‘ਹਰਿਆਣਾ, ਉੱਤਰਾਖੰਡ, ਦਿੱਲੀ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ, ਮਹਾਰਾਸ਼ਟਰ, ਪੰਜਾਬ ਤੇ ਬਿਹਾਰ’।
ਭਾਰਤ ਦੇ ਨੈਸ਼ਨਲ ਫੈਮਿਲੀ ਹੈਲਥ ਸਰਵੇਖਣ, ਜੋ ਸੰਨ 2015-16 ਵਿਚ ਕਰਵਾਇਆ ਗਿਆ, ਅਨੁਸਾਰ 26.8 ਫੀਸਦੀ ਭਾਰਤੀ ਕੁੜੀਆਂ ਦਾ ਵਿਆਹ 18 ਸਾਲ ਤੋਂ ਘੱਟ ਉਮਰ ਵਿਚ ਕੀਤਾ ਜਾ ਰਿਹਾ ਸੀ।
ਬਿਹਾਰ ਤੇ ਬੰਗਾਲ ਵਿਚ ਹਰ ਪੰਜਾਂ ਵਿੱਚੋਂ ਦੋ ਕੁੜੀਆਂ ਦਾ ਵਿਆਹ 10 ਤੋਂ 13 ਸਾਲਾਂ ਦੀ ਉਮਰ ਵਿਚ ਹੀ ਕੀਤਾ ਜਾ ਰਿਹਾ ਹੈ। ਕਿਤੇ ਕਿਤੇ ਤਾਂ 8 ਸਾਲਾਂ ਦੀ ਕੁੜੀ ਹੀ ਵਿਆਹ ਕੇ ਤੋਰ ਦਿੱਤੀ ਜਾਂਦੀ ਹੈ।
ਝਾਰਖੰਡ, ਰਾਜਸਥਾਨ, ਆਂਧਰ ਪ੍ਰਦੇਸ ਤੇ ਮੱਧ ਪ੍ਰਦੇਸ ਵਿਚਲੀ ਰਿਪੋਰਟ ਅਨਸਾਰ ਤਿੰਨਾਂ ਵਿੱਚੋਂ ਇੱਕ ਕੁੜੀ ਦਾ ਵਿਆਹ 13 ਸਾਲਾਂ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਕੀਤਾ ਜਾ ਰਿਹਾ ਹੈ।
ਦੁਨੀਆ ਭਰ ਦੇ ਅੰਕੜਿਆਂ ਅਨੁਸਾਰ ਹਰ ਪੰਜਾਂ ਵਿੱਚੋਂ ਇੱਕ ਬੇਟੀ; ਬਾਲ ਵਿਆਹ ਵਿਚ ਨੜ ਦਿੱਤੀ ਜਾਂਦੀ ਹੈ। ਜਦੋਂ ਕਾਰਨ ਲੱਭਣ ਦੀ ਕੋਸ਼ਸ਼ ਕੀਤੀ ਗਈ ਤਾਂ ਪ੍ਰਮੁੱਖ ਕਾਰਨ ਸਰੀਰਕ ਸ਼ੋਸ਼ਣ ਤੋਂ ਬਚਾਉਣਾ ਸੀ। ਬਲਾਤਕਾਰ ਦੇ ਵਧਦੇ ਕੇਸਾਂ ਨੂੰ ਵੇਖਦਿਆਂ ਮਾਪੇ ਆਪਣੀਆਂ ਧੀਆਂ ਨੂੰ ਛੋਟੇ ਹੁੰਦਿਆਂ ਹੀ ਵਿਆਹੁਣ ਉੱਤੇ ਮਜਬੂਰ ਹੋ ਚੁੱਕੇ ਸਨ।
ਬਾਕੀ ਕਾਰਨ :-1. ਗਰੀਬੀ, ਪੜ੍ਹਾਈ ਨਾ ਕਰਵਾ ਸਕਣਾ, ਕੰਮ ਕਾਰ ਦੀ ਘਾਟ ਸਦਕਾ ਬੇਟੀ ਨੂੰ ਭਾਰ ਮੰਨਣਾ।
- ਦਾਜ ਤੋਂ ਬਚਣ ਲਈ ਵਡੇਰੀ ਉਮਰ ਵਾਲੇ ਨਾਲ ਵਿਆਹ ਦੇਣਾ।
- ਬੇਟੀ ਦੀ ਮਰਜ਼ੀ ਨਾਲ ਵਿਆਹ ਹੋਣ ਤੋਂ ਰੋਕਣਾ।
ਨੈਸ਼ਨਲ ਫੈਮਲੀ ਹੈਲਥ ਸਰਵੇਖਣ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਸੰਨ 2015-16 ਵਿਚ ਸਭ ਤੋਂ ਵੱਧ ਉਨ੍ਹਾਂ ਨਾਬਾਲਗ ਬੇਟੀਆਂ ਦੇ ਵਿਆਹ ਹੋਏ ਜਿਨ੍ਹਾਂ ਦੇ ਘਰ ਅਤਿ ਦੀ ਗ਼ਰੀਬੀ ਸੀ। ਨਾ ਉਨ੍ਹਾਂ ਬੇਟੀਆਂ ਨੂੰ ਪੜ੍ਹਾਇਆ ਗਿਆ ਸੀ ਤੇ ਨਾ ਹੀ ਘਰ ਖਾਣ ਨੂੰ ਕੁੱਝ ਦਿੱਤਾ ਜਾ ਰਿਹਾ ਸੀ। ਉਨ੍ਹਾਂ ਨੂੰ ਭਾਰ ਤੇ ਪਰਾਇਆ ਧਨ ਮੰਨਦਿਆਂ ਛੇਤੀ ਤੋਰ ਦਿੱਤਾ ਗਿਆ ਸੀ। ਇਨ੍ਹਾਂ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਕਿ ਜੇ ਬੇਟੀਆਂ ਦੀ ਪੜ੍ਹਾਈ ਸ਼ੁਰੂ ਹੋ ਜਾਏ ਤੇ ਘੱਟੋ-ਘੱਟ ਅੱਠਵੀਂ ਤੱਕ ਲਾਜ਼ਮੀ ਕਰ ਦਿੱਤੀ ਜਾਏ ਤਾਂ ਇਨ੍ਹਾਂ ਵਿੱਚੋਂ ਅੱਧੀਆਂ ਤੋਂ ਵੱਧ 14 ਸਾਲ ਦੀ ਉਮਰ ਜ਼ਰੂਰ ਟੱਪ ਜਾਣਗੀਆਂ।
ਇਹ ਤੱਥ ਇਸ ਲਈ ਬਹੁਤ ਤਕੜੇ ਤਰੀਕੇ ਉਘਾੜੇ ਗਏ ਕਿਉਂਕਿ ਵਿਸ਼ਵ ਪੱਧਰ ਉੱਤੇ ਇਹ ਅੰਕੜੇ ਪਰੇਸ਼ਾਨ ਕਰਨ ਵਾਲੇ ਸਨ :-
- ਜਿਹੜੀਆਂ ਭਾਰਤੀ ਬੇਟੀਆਂ 18 ਸਾਲਾਂ ਤੋਂ ਘੱਟ ਉਮਰ ਵਿਚ ਵਿਆਹੀਆਂ ਗਈਆਂ, ਉਨ੍ਹਾਂ ਵਿੱਚੋਂ 32 ਫੀਸਦੀ ਆਪਣੇ ਪਤੀਆਂ ਹੱਥੋਂ, ਜੋ ਕਿ ਉਮਰ ਵਿਚ ਲਗਭਗ ਦੁਗਣੀ ਵੱਡੀ ਉਮਰ ਦੇ ਸਨ, ਬੇਤਹਾਸ਼ਾ ਮਾਰ ਕੁਟਾਈ ਸਹਿ ਰਹੀਆਂ ਸਨ।
- ਇਹੀ ਅੰਕੜੇ ਸਿਰਫ਼ 17 ਫੀਸਦੀ ਵੇਖੇ ਗਏ ਜਦੋਂ ਬਾਲਗ ਔਰਤਾਂ ਦੇ ਵਿਆਹ ਕੀਤੇ ਗਏ। ਇਹ ਸਰਵੇਖਣ 8000 ਔਰਤਾਂ ਵਿਚ ਅਤੇ ਪੰਜ ਸੂਬਿਆਂ ਵਿਚ ਕੀਤਾ ਗਿਆ ਸੀ ‘ਆਂਧਰ ਪ੍ਰਦੇਸ, ਬਿਹਾਰ, ਝਾਰਖੰਡ, ਮਹਾਰਾਸ਼ਟਰ ਅਤੇ ਰਾਜਸਥਾਨ’।
ਦੱਖਣੀ ਭਾਰਤ ਵਿਚ ਸੰਨ 2015-16 ਵਿਚ ਲਗਾਤਾਰ ਜਾਗਰੂਕਤਾ ਫੈਲਾਉਣ ਤੋਂ ਬਾਅਦ ਸੰਨ 2005-06 ਦੇ ਅੰਕੜਿਆਂ ਨਾਲੋਂ ਬਾਲ ਵਿਆਹਾਂ ਵਿਚ 47 ਫੀਸਦੀ ਘਾਟਾ ਦਿਸਿਆ। ਇਸ ਸਭ ਦੇ ਬਾਵਜੂਦ 2.39 ਲੱਖ ਕੁੜੀਆਂ ਪੰਜ ਸਾਲ ਦੀ ਉਮਰ ਪੂਰੀ ਹੋਣ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਜਾ ਰਹੀਆਂ ਲੱਭੀਆਂ। ਕਾਰਨ- ਕੁੜੀਆਂ ਨੂੰ ਭਾਰ ਮੰਨਣਾ ਤੇ ਪਰਾਈ ਅਮਾਨਤ ਸਮਝ ਕੇ ਇਲਾਜ ਖੁਣੋਂ ਮਰਨ ਲਈ ਛੱਡ ਦੇਣਾ ਤੇ ਕੁਦਰਤੀ ਮੌਤ ਦਾ ਨਾਂ ਦੇ ਦੇਣਾ। ਇਹ ਅੰਕੜੇ ਉੱਤਰ ਪ੍ਰਦੇਸ, ਬਿਹਾਰ, ਰਾਜਸਥਾਨ ਤੇ ਮੱਧ ਪ੍ਰਦੇਸ ਦੇ ਸਨ।
ਆਸਟ੍ਰੀਆ ਦੇ ਅੰਤਰਰਾਸ਼ਟਰੀ ਇੰਸਟੀਚਿਊਟ ਫਾਰ ਐਪਲਾਈਡ ਸਿਸਟਮ ਅਨੈਲਿਸਿਸ ਵੱਲੋਂ ਕੀਤੀ ਖੋਜ ਅਨੁਸਾਰ ਸੰਨ 2015-16 ਵਿਚ 2.39 ਲੱਖ ਬੱਚੀਆਂ ਜੰਮਣ ਤੋਂ ਬਾਅਦ ਤੇ ਇਨ੍ਹਾਂ ਤੋਂ ਕਿਤੇ ਵੱਧ ਜੰਮਣ ਤੋਂ ਪਹਿਲਾਂ ਭਾਰਤ ਵਿਚ ਮਾਰੀਆਂ ਜਾ ਰਹੀਆਂ ਸਨ।
ਖੋਜੀ ਕਰਿਸਟੌਫ ਗਿਲਮੋਟੋ ਅਨੁਸਾਰ ਭਾਰਤ ਵਿਚ ਜੰਮਣ ਤੋਂ ਬਾਅਦ ਮਾਰੀਆਂ ਜਾ ਰਹੀਆਂ ਬੇਟੀਆਂ ਵਿੱਚੋਂ 90 ਫੀਸਦੀ ਨੂੰ ਘੱਟ ਖਾਣਾ ਖਾਣ ਨੂੰ ਦਿੱਤਾ ਜਾਂਦਾ ਹੈ, ਮੁਫ਼ਤ ਟੀਕਾਕਰਨ ਵੀ ਨਹੀਂ ਕਰਵਾਇਆ ਜਾਂਦਾ, ਪੂਰੇ ਕੱਪੜੇ ਵੀ ਪਾਉਣ ਨੂੰ ਨਹੀਂ ਦਿੱਤੇ ਜਾਂਦੇ ਤੇ ਲੋੜੋਂ ਵੱਧ ਕੰਮ ਕਰਵਾ ਕੇ ਇਲਾਜ ਖੁਣੋਂ ਮਰਨ ਲਈ ਛੱਡ ਦਿੱਤਾ ਜਾਂਦਾ ਹੈ। ਇਹ ਤੱਥ ਵੀ ਉੱਤਰ ਪ੍ਰਦੇਸ, ਬਿਹਾਰ, ਰਾਜਸਥਾਨ ਤੇ ਮੱਧ ਪ੍ਰਦੇਸ ਦੇ ਹੀ ਸਨ ਜਿੱਥੇ ਪੂਰੇ ਭਾਰਤ ਵਿਚ ਨਾਬਾਲਗ ਬੇਟੀਆਂ ਦੀਆਂ ਹੋ ਰਹੀਆਂ ਮੌਤਾਂ ਦੇ ਦੋ ਤਿਹਾਈ ਕੇਸ ਲੱਭੇ। ਯੋਗਦਾਨ ਵਜੋਂ ਵੇਖੀਏ ਕਿ ਕਿੰਨੇ ਫੀਸਦੀ ਉੱਥੋਂ ਦੇ ਲੋਕ ਅਜਿਹੀ ਸੋਚ ਰੱਖਦੇ ਸਨ-ਉੱਤਰ ਪ੍ਰਦੇਸ਼ (30.5 ਫੀਸਦੀ), ਬਿਹਾਰ (28.5 ਫੀਸਦੀ), ਰਾਜਸਥਾਨ (22.1 ਫੀਸਦੀ) ਤੇ ਮੱਧ ਪ੍ਰਦੇਸ (25.4 ਫੀਸਦੀ)। ਇਨ੍ਹਾਂ ਵਿੱਚੋਂ 74.6 ਫੀਸਦੀ ਪੇਂਡੂ, ਗਰੀਬ, ਘੱਟ ਪੜ੍ਹੀਆਂ ਲਿਖੀਆਂ ਤੇ ਅਨੇਕ ਬੱਚੇ ਜੰਮ ਚੁੱਕੀਆਂ ਮਾਵਾਂ ਦੀਆਂ ਬੇਟੀਆਂ ਸਨ।
ਨੰਦਿਤਾ ਸਾਈਕਿਆ, ਜੋ ਇਨ੍ਹਾਂ ਪਹਿਲੂਆਂ ਉੱਤੇ ਕੰਮ ਕਰਦੀ ਰਹੀ ਸੀ, ਨੇ ਵੀ ਸਪਸ਼ਟ ਕੀਤਾ ਸੀ ਕਿ ਇਨ੍ਹਾਂ ਸੂਬਿਆਂ ਵਿਚ ਬੇਟੀਆਂ ਦੀ ਬਹੁਤ ਬੇਕਦਰੀ ਕੀਤੀ ਜਾਂਦੀ ਸੀ ਤੇ ਹੁਣ ਤੱਕ ਵੀ ਜਾਰੀ ਹੈ। ਉੱਤਰੀ ਭਾਰਤ ਵਿਚ ਵੀ ਬੇਟੇ ਦੀ ਚਾਹਤ ਨੇ ਬੇਟੀਆਂ ਦੀ ਵੱਡੀ ਘਾਟ ਕਰ ਦਿੱਤੀ ਹੈ ਜੋ ਔਰਤਾਂ ਉੱਤੇ ਵਧਦੇ ਤਸ਼ੱਦਦ ਅਤੇ ਬਲਾਤਕਾਰਾਂ ਦਾ ਕਾਰਨ ਬਣਦਾ ਜਾ ਰਿਹਾ ਹੈ।
ਯੂਨਾਈਟਿਡ ਨੇਸ਼ਨਜ਼ ਅਨੁਸਾਰ ਚੀਨ ਤੋਂ ਬਾਅਦ ਭਾਰਤ ਹੀ ਹੈ, ਜੋ ਕੁੜੀਆਂ ਮਾਰਨ ਵਿਚ ਮੋਹਰੀ ਬਣਦਾ ਜਾ ਰਿਹਾ ਹੈ। ਚੀਨ ਵਿਚ 72 ਕਰੋੜ 30 ਲੱਖ ਕੁੜੀਆਂ ਸੰਨ 2020 ਵਿਚ ਘੱਟ ਲੱਭੀਆਂ ਤੇ ਭਾਰਤ ਵਿਚ 45 ਕਰੋੜ 80 ਲੱਖ। ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਯੂਨਾਈਟਿਡ ਨੇਸ਼ਨਜ਼ ਅਨੁਸਾਰ ਸੰਨ 2013 ਤੋਂ 2017 ਤੱਕ ਹਰ ਸਾਲ ਚਾਰ ਲੱਖ 60 ਹਜ਼ਾਰ ਬੇਟੀਆਂ ਭਾਰਤ ਵਿਚ ਜੰਮਦੇ ਸਾਰ ਮਾਰੀਆਂ ਗਈਆਂ। ਉਸੇ ਰਿਪੋਰਟ ਅਨੁਸਾਰ ਇਨ੍ਹਾਂ ਵਿੱਚੋਂ ਦੋ ਤਿਹਾਈ ਜੰਮਣ ਤੋਂ ਪਹਿਲਾਂ ਤੇ ਇੱਕ ਤਿਹਾਈ ਜੰਮਣ ਤੋਂ ਬਾਅਦ ਮਾਰ ਮੁਕਾਈਆਂ ਗਈਆਂ। ਇਸ ਰਿਪੋਰਟ ਵਿਚ ਅੱਗੇ ਲਿਖਿਆ ਹੈ ਕਿ ਚੀਨ ਅਤੇ ਭਾਰਤ ਨੇ ਮਿਲ ਕੇ ਦੁਨੀਆ ਭਰ ਦੀਆਂ ਮਾਦਾ ਭਰੂਣ ਹੱਤਿਆਵਾਂ ਦਾ 95 ਫੀਸਦੀ ਹਿੱਸਾ ਆਪਣੇ ਸਿਰ ਲਿਆ ਹੋਇਆ ਹੈ। ਇਨ੍ਹਾਂ ਹੱਤਿਆਵਾਂ ਦੀ ਗਿਣਤੀ ਹਰ ਸਾਲ ਇੱਕ ਕਰੋੜ 50 ਲੱਖ ਤੱਕ ਪਹੁੰਚ ਜਾਂਦੀ ਹੈ।
ਲੈਨਸਟ ਰਿਸਾਲੇ ਵਿਚ ਛਪੀ ਰਿਪੋਰਟ ਅਨੁਸਾਰ ਇਨ੍ਹਾਂ ਦੋਨਾਂ ਮੁਲਕਾਂ ਵਿਚ ਜਨਮ ਦਰ ਵੀ ਦੁਨੀਆ ਭਰ ਵਿੱਚੋਂ ਸਭ ਤੋਂ ਵੱਧ ਹੈ। ਨਤੀਜੇ ਵਜੋਂ ਕੁੜੀਆਂ ਦੀ ਦਿਨੋ ਦਿਨ ਘਟਦੀ ਗਿਣਤੀ ਸਦਕਾ ਅਣਵਿਆਹੇ ਮੁੰਡਿਆਂ ਦੀ ਭਰਮਾਰ, ਜੋ ਹੋਰਨਾਂ ਮੁਲਕਾਂ ਵਿੱਚੋਂ ਪਤਨੀਆਂ ਭਾਲਦੇ ਹਨ ਜਾਂ ਜਬਰ ਜ਼ਨਾਹ ਕਰ ਕੇ ਸਰੀਰਕ ਭੁੱਖ ਮਿਟਾਉਂਦੇ ਹਨ।
ਇਸ ਸਾਲ ਭਾਰਤ ਕੁੜੀਆਂ ਦੀ ਮਾਰਨ ਦੀ ਗਿਣਤੀ ਵਿਚ ਮੋਹਰੀ ਹੋ ਗਿਆ ਹੈ ਤੇ ਹੁਣ ਹਰ ਜੰਮਣ ਵਾਲੀਆਂ 9 ਵਿੱਚੋਂ ਇੱਕ ਭਾਰਤੀ ਧੀ ਕੁੱਖ ਵਿਚ ਮਾਰੀ ਜਾਣ ਲੱਗ ਪਈ ਹੈ। ਇਸ ਦਾ ਮਤਲਬ ਹੈ ਹਰ ਹਜ਼ਾਰ ਬੇਟੀਆਂ ਵਿੱਚੋਂ 13.5 ਫੀਸਦੀ ਜਨਮ ਹੀ ਨਹੀਂ ਲੈ ਰਹੀਆਂ।
ਭਾਰਤ ਤੇ ਵੀਅਤਨਾਮ ਵਿਚ ਬੇਟੀਆਂ ਪ੍ਰਤੀ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ। ‘ਪਰਾਇਆ ਧਨ’ ਦੀ ਥਾਂ ‘ਆਪਣਾ ਧਨ’ ਕਹਿਣ ਉੱਤੇ ਜ਼ੋਰ ਪਾਇਆ ਜਾਣ ਲੱਗਾ। ਔਰਤਾਂ ਲਈ ਰੈਜ਼ਰਵੇਸ਼ਨ ਤੇ ਉਨ੍ਹਾਂ ਦੀਆਂ ਹਾਸਲ ਕੀਤੀਆਂ ਸਫਲਤਾਵਾਂ ਉਜਾਗਰ ਕੀਤੀਆਂ ਜਾਣ ਲੱਗ ਪਈਆਂ ਹਨ। ਇੰਜ ਹੀ ਇਕੱਲੀਆਂ ਬੇਟੀਆਂ ਵਾਲੇ ਟੱਬਰ ਲਈ ਵੀ ਮਾਣ ਸਨਮਾਨ ਜਾਂ ਸਰਕਾਰੀ ਸਹੂਲਤਾਂ ਐਲਾਨ ਕੀਤੀਆਂ ਗਈਆਂ ਹਨ। ਮੁਫ਼ਤ ਵਿਦਿਆ, ਕਿਤਾਬਾਂ, ਵਰਦੀਆਂ, ਸਕੂਲੀ ਖਾਣਾ ਆਦਿ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ‘ਅਪਨੀ ਬੇਟੀ ਅਪਨਾ ਧਨ’ ਭਾਰਤ ਵਿਚ ਐਲਾਨਿਆ ਗਿਆ ਹੈ। ਇਸ ਸਭ ਦੇ ਬਾਵਜੂਦ ਧੀਆਂ ਦਾ ਕੁੱਖ ਵਿਚ ਮਾਰਿਆ ਜਾਣਾ ਜਾਂ ਜੰਮਣ ਤੋਂ ਬਾਅਦ ਮਾਰਿਆ ਜਾਣਾ ਜਾਰੀ ਹੈ।
ਇਸੇ ਲਈ ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਵੱਲੋਂ ਹੁਣ ਜਾਰੀ ਕੀਤੀ ਚੇਤਾਵਨੀ ਅਨੁਸਾਰ ਗਰੀਬ ਘਰਾਂ ਲਈ ਨੂੰਹਾਂ ਮਿਲਣੀਆਂ ਔਖੀਆਂ ਹੋ ਜਾਣਗੀਆਂ। ਅਮੀਰ ਘਰ ਹੋਰਨਾਂ ਦੀਆਂ ਬੇਟੀਆਂ ਦੇ ਬਾਲ ਵਿਆਹ ਕਰਵਾਉਣ ਉੱਤੇ ਜ਼ੋਰ ਪਾਉਣਗੇ ਜਾਂ ਨੂੰਹਾਂ ਖ਼ਰੀਦ ਲਿਆਉਣਗੇ। ਨਤੀਜੇ ਵਜੋਂ ਸੰਨ 2050 ਤੱਕ 50 ਸਾਲਾ ਅਣਵਿਆਹੇ ਭਾਰਤੀ ਨੌਜਵਾਨਾਂ ਵਿਚ 10 ਫੀਸਦੀ ਹੋਰ ਵਾਧਾ ਹੋ ਜਾਣ ਵਾਲਾ ਹੈ।
ਇਸ ਦਾ ਸਪਸ਼ਟ ਮਤਲਬ ਇਹ ਹੈ ਕਿ ਗਰੀਬ ਘਰਾਂ ਦੇ ਬੇਰੁਜ਼ਗਾਰ ਜਾਂ ਘੱਟ ਕਮਾਈ ਵਾਲੇ ਨੌਜਵਾਨਾਂ ਕੋਲ ਸਰੀਰਕ ਭੁੱਖ ਮਿਟਾਉਣ ਦੇ ਦੋ ਹੀ ਰਾਹ ਬਚਣਗੇ-ਸਮੂਹਕ ਜਬਰਜ਼ਨਾਹ ਜਾਂ ਘਰ ਵਿਚਲੇ ਭਰਾਵਾਂ ਵਿੱਚ ਇੱਕੋ ਭਰਜਾਈ ਵੰਡ ਲਈ ਜਾਵੇ !
ਮੌਜੂਦਾ ਭਿਆਨਕ ਤਰੀਕੇ ਹੋ ਰਹੇ ਜਬਰਜ਼ਨਾਹਾਂ ਵਿਚ ਵਾਧੇ ਦਾ ਇਹੋ ਕਾਰਨ ਮੰਨਦਿਆਂ ਯੂਨਾਈਟਿਡ ਨੇਸ਼ਨਜ਼ ਨੇ ਬੇਟੀਆਂ ਉੱਤੇ ਹੋ ਰਹੇ ਹੋਰ ਵੀ ਅਣਮਨੁੱਖੀ ਵਰਤਾਰਿਆਂ ਨੂੰ ਉਜਾਗਰ ਕੀਤਾ ਹੈ-ਬੇਟੀਆਂ ਦਾ ਖ਼ਤਨਾ, ਉਨ੍ਹਾਂ ਦੀਆਂ ਛਾਤੀਆਂ ਉੱਤੇ ਗਰਮ ਪ੍ਰੈਸ ਫੇਰਨੀ, ਅੰਦਰੂਨੀ ਅੰਗਾਂ ਦੀ ਕੱਟ ਵੱਢ !
ਇਹ ਅਣਮਨੁੱਖੀ ਤਸੀਹੇ ਧੀਆਂ ਨੂੰ ਚੁਫ਼ੇਰੇ ਫਿਰਦੇ ਬਘਿਆੜਾਂ ਤੋਂ ਬਚਾਉਣ ਲਈ ਮਾਪੇ ਹੀ ਕਰਨ ਲੱਗ ਪਏ ਹਨ। ਸੰਨ 2021 ਦੇ ਅੰਤ ਤੱਕ ਅਜਿਹੇ ਅਣਮਨੁੱਖੀ ਵਰਤਾਰਿਆਂ ਦੀ ਭੇਂਟ ਚੜ੍ਹਨ ਵਾਲੀਆਂ ਬੇਟੀਆਂ ਦੀ ਗਿਣਤੀ ਯੂਨਾਈਟਿਡ ਨੇਸ਼ਨਜ਼ ਅਨੁਸਾਰ 41 ਲੱਖ ਪਹੁੰਚੇਗੀ ਤੇ 33,000 ਦੇ ਕਰੀਬ ਬੇਟੀਆਂ ਬਾਲ ਵਿਆਹਾਂ ਵੱਲ ਧੱਕੀਆਂ ਜਾਣਗੀਆਂ ਜਿਨ੍ਹਾਂ ਵਿੱਚੋਂ ਬਥੇਰੀਆਂ ਆਪਣੇ ਤੋਂ ਤਿੰਨ ਗੁਣਾਂ ਵਡੇਰੀ ਉਮਰ ਵਾਲਿਆਂ ਨਾਲ ਨਰਕ ਭੋਗਣ ਉੱਤੇ ਮਜਬੂਰ ਕਰ ਦਿੱਤੀਆਂ ਜਾਣਗੀਆਂ। ਸਭ ਤੋਂ ਭਿਆਨਕ ਅੰਕੜੇ ਇਹ ਦਰਸਾਏ ਗਏ ਹਨ ਕਿ ਕੁੱਖ ਵਿਚ ਮਾਰੇ ਜਾਣ ਵਾਲੀਆਂ ਧੀਆਂ ਦੀ ਗਿਣਤੀ ਇਸ ਸਾਲ 14 ਕਰੋੜ ਪਹੁੰਚੇਗੀ !
ਕੋਵਿਡ ਮਹਾਂਮਾਰੀ ਦੌਰਾਨ ਲਗਭਗ ਇੱਕ ਕਰੋੜ 30 ਲੱਖ ਬੇਟੀਆਂ ਨੌਕਰੀਆਂ ਛੁਟ ਜਾਣ ਅਤੇ ਗਰੀਬੀ ਦੀ ਮਾਰ ਝੱਲਦੀਆਂ ਜਬਰੀ ਵਿਆਹੀਆਂ ਗਈਆਂ ਅਤੇ 20 ਲੱਖ ਦੇ ਕਰੀਬ ਨੂੰ ਜਬਰਜ਼ਨਾਹ ਤੋਂ ਬਚਾਉਣ ਲਈ ਅੰਦਰੂਨੀ ਅੰਗਾਂ ਦੇ ਵੱਢੇ ਜਾਣ ਦੀ ਪੀੜ ਸਹਿਣੀ ਪਈ। ਸਿਰਫ਼ ਇਹੀ ਨਹੀਂ, ਘਰਾਂ ਵਿਚ ਕੈਦ ਬਾਲੜੀਆਂ ਵਿੱਚੋਂ ਵੀ 41 ਤੋਂ 47 ਫੀਸਦੀ ਘਰੇਲੂ ਹਿੰਸਾ ਜਾਂ ਆਪਣਿਆਂ ਵੱਲੋਂ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਹੋਈਆਂ।
ਸੰਨ 2021 ਜਨਵਰੀ ਵਿਚ ਯੂਨਾਈਟਿਡ ਨੇਸ਼ਨਜ ਪਾਪੂਲੇਸ਼ਨ ਫੰਡ ਵੱਲੋਂ ਜਾਰੀ ਪਰਚੇ ਅਨੁਸਾਰ ਜੇ ਹੁਣ 3.4 ਬਿਲੀਅਨ ਅਮਰੀਕਨ ਡਾਲਰ ਸੰਨ 2030 ਤੱਕ ਸਿਰਫ਼ ਧੀਆਂ ਦੀ ਸਕੂਲੀ ਪੜ੍ਹਾਈ, ਚੰਗੀ ਮਾੜੀ ਛੋਹ ਬਾਰੇ ਦੱਸਣ, ਬੇਟੀਆਂ ਦੀ ਸਰੀਰਕ ਤਾਕਤ ਵਧਾਉਣ ਅਤੇ ਉਨ੍ਹਾਂ ਨੂੰ ਕਮਾਈ ਯੋਗ ਬਣਾਉਣ ਉੱਤੇ ਲਾਏ ਜਾਣ, ਤਾਂ ਹੀ ਆਉਣ ਵਾਲੇ ਸਮੇਂ ਵਿਚ ਬੇਟੀਆਂ ਪ੍ਰਤੀ ਸੋਚ ਵਿਚ ਕੁੱਝ ਤਬਦੀਲੀ ਨਜ਼ਰ ਆ ਸਕਦੀ ਹੈ, ਪਰ ਸਭ ਤੋਂ ਅਹਿਮ ਨੁਕਤਾ ਜੋ ਇਸੇ ਪਰਚੇ ਵਿਚ ਉਜਾਗਰ ਕੀਤਾ ਗਿਆ ਹੈ, ਉਹ ਹੈ-ਪੁੱਤਰਾਂ ਤੇ ਆਦਮੀਆਂ ਨੂੰ ਸਕੂਲਾਂ ਕਾਲਜਾਂ ਵਿਚ ਸਿਰਫ਼ ਆਮਦਨ ਕਮਾਉਣ ਦੇ ਸਾਧਨ ਹੀ ਨਾ ਸਿਖਾਏ ਜਾਣ ਬਲਕਿ ਔਰਤ ਜ਼ਾਤ ਦਾ ਆਦਰ ਕਰਨ ਅਤੇ ਉਸ ਨੂੰ ਬਰਾਬਰੀ ਦਾ ਦਰਜਾ ਦੇਣ ਉੱਤੇ ਜ਼ੋਰ ਪਾਉਣ ਬਾਰੇ ਵੀ ਸਮਝਾਇਆ ਜਾਵੇ।
ਇਸੇ ਦੇ ਨਾਲ ਹੀ ਇੱਕ ਹੋਰ ਬਹੁਤ ਅਹਿਮ ਗੱਲ ਉੱਤੇ ਜ਼ੋਰ ਪਾਇਆ ਗਿਆ ਹੈ-ਘਰੇਲੂ ਹਿੰਸਾ ਉੱਤੇ ਸੰਪੂਰਨ ਰੂਪ ਵਿਚ ਰੋਕ ! ਇੰਜ ਜਿੱਥੇ ਘਰ ਵਿਚਲੇ ਪੁੱਤਰਾਂ ਨੂੰ ਇੱਕ ਉਦਾਹਰਨ ਮਿਲੇਗੀ ਕਿ ਔਰਤਾਂ ਦੀ ਇੱਜ਼ਤ ਕਿਵੇਂ ਕਰਨੀ ਹੁੰਦੀ ਹੈ, ਉੱਥੇ ਪੁੱਤਰਾਂ ਨੂੰ ਘਰੇਲੂ ਕੰਮਾਂ, ਖ਼ਾਸਕਰ ਮਾਂ ਦਾ ਹੱਥ ਵਟਾਉਣਾ ਸਿਖਾਇਆ ਜਾਣਾ ਲਾਜ਼ਮੀ ਕਰ ਦੇਣਾ ਚਾਹੀਦਾ ਹੈ।
ਇਨ੍ਹਾਂ ਸਾਰੇ ਅੰਕੜਿਆਂ, ਖੋਜਾਂ, ਅਗਾਊਂ ਕਰਨ ਵਾਲੇ ਕੰਮਾਂ ਅਤੇ ਨੁਕਤਿਆਂ ਉੱਤੇ ਮੈਂ ਵੇਲੇ ਸਿਰ ਚਾਨਣਾ ਪਾ ਦਿੱਤਾ ਹੈ। ਵੇਖੀਏ ਹੁਣ ਆਉਣ ਵਾਲਾ ਸਮਾਂ ਚੰਗਾ ਹੋਣ ਵਾਲਾ ਹੈ ਜਾਂ ਦਰਿੰਦਗੀ ਕਰਨ ਵਾਲੇ ਰਾਖ਼ਸ਼ਾਂ ਵਿਚ ਵਾਧਾ ਹੋਣ ਵਾਲਾ ਹੈ !
ਬਾਬਾ ਜੈ ਸਿੰਘ ਖਾਲਕਟ
ਬਾਬਾ ਜੈ ਸਿੰਘ ਖਾਲਕਟ
ਰਣਜੀਤ ਸਿੰਘ,B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ),
105, ਮਾਇਆ ਨਗਰ, ਸਿਵਲ ਲਾਈਨਜ਼, (ਲੁਧਿਆਣਾ)- 99155-15436
ੴ ਸਤਿ ਗੁਰ ਪ੍ਰਸਾਦਿ
ਗੁਰੂ ਨਾਨਕ ਦੇਵ ਜੀ ਨੇ ਜਿਸ ਧਰਮ ਦੀ ਨੀਂਹ ਰੱਖੀ ਅਤੇ ਆਪਣੇ ਅਨੁਯਾਈ ਪੈਦਾ ਕੀਤੇ ਉਹਨਾਂ ਵਿੱਚੋਂ ਕਿਸੇ ਇੱਕ ਨੇ ਭੀ ਕਿਸੇ ਲੋਭ ਲਾਲਚ ਕਾਰਨ ਗੁਰੂ ਨਾਨਕ ਦੇ ਧਰਮ ਨੂੰ ਨਹੀਂ ਅਪਣਾਇਆ। ਸਗੋਂ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਸੱਦਾ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ (’ਤੇ); ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥’’ (ਮਹਲਾ ੧/੧੪੧੨) ਬਚਨਾਂ ਨੂੰ ਕਬੂਲ ਕਰਦੇ ਹੋਏ ਉਹਨਾਂ ਦੇ ਸਿੱਖ ਬਣਨ ਲਈ ਤਿਆਰ ਹੋਏ। ਇਸ ਸਿਧਾਂਤ ’ਤੇ ਪਹਿਰਾ ਦਿੰਦੇ ਹੋਏ ਬਾਬਾ ਜੈ ਸਿੰਘ ਜੀ ਖਾਲਕਟ ਨੇ ਹੋਰ ਮਹਾਨ ਸ਼ਹੀਦਾਂ ਦੀ ਤਰ੍ਹਾਂ ਆਪਣਾ ਜੀਵਨ ਧਰਮ ਦੇ ਲੇਖੇ ਲਾ ਦਿੱਤਾ।
ਭਾਈ ਜੈ ਸਿੰਘ ਪਟਿਆਲੇ ਜ਼ਿਲ੍ਹੇ ਦੇ ਪਿੰਡ ਮੁਗਲ ਮਾਜਰੀ ਦੇ ਰਹਿਣ ਵਾਲੇ ਸਨ। ਆਪ ਦੇ ਪਿਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਮ੍ਰਿਤਪਾਨ ਕੀਤਾ ਸੀ। ਇਸ ਲਈ ਜੈ ਸਿੰਘ ਜੀ ਆਪਣੇ ਪਿਤਾ ਦੇ ਨਾਲ ਅਨੰਦਪੁਰ ਸਾਹਿਬ ਅਕਸਰ ਜਾਂਦੇ ਰਹਿੰਦੇ ਸਨ। ਬਾਬਾ ਜੈ ਸਿੰਘ ਦੀ ਪਤਨੀ ਦਾ ਨਾਂ ਧੰਨ ਕੌਰ ਸੀ ਤੇ ਉਹਨਾ ਦੇ ਦੋ ਪੁੱਤਰ ਕੜਾਕਾ ਸਿੰਘ ਤੇ ਖੜਕ ਸਿੰਘ ਸਨ। ਕੁੱਝ ਇਤਿਹਾਸਕਾਰਾਂ ਨੇ ਵੱਡੇ ਪੁੱਤਰ ਦਾ ਨਾਂ ਕੜਕ ਸਿੰਘ ਲਿਖਿਆ ਹੈ।
ਜਦੋਂ ਅਹਿਮਦਸ਼ਾਹ ਅਬਦਾਲੀ ਨੇ ਸੰਨ 1753 ਵਿੱਚ ਹਿੰਦੋਸਤਾਨ ’ਤੇ ਹਮਲਾ ਕੀਤਾ ਤਾਂ ਲਹੌਰ ’ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅਬਦਾਲੀ ਨੇ ਅਬਦੁਲ ਸੱਯਦ ਖ਼ਾਨ ਨੂੰ ਸਰਹਿੰਦ ਦਾ ਫੌਜਦਾਰ ਨਿਯੁਕਤ ਕਰ ਦਿੱਤਾ। ਇਹ ਅੱਤ ਦਾ ਜ਼ਾਲਮ ਫੌਜਦਾਰ ਸੀ। ਹਰ ਇੱਕ ਵਿਅਕਤੀ ਇਸ ਦੇ ਬੇਰਹਿਮ ਅਤੇ ਵਹਿਸ਼ੀ ਵਿਵਹਾਰ ਤੋਂ ਦੁਖੀ ਸੀ। ਸੰਨ 1757 ਵਿੱਚ ਮਾਰਚ ਦੇ ਮਹੀਨੇ ਇੱਕ ਦਿਨ ਉਹ ਪਟਿਆਲੇ ਤੋਂ ਚੱਲ ਕੇ ਪਿੰਡ ਮੁਗਲ ਮਾਜਰੀ ਵਿੱਚੋਂ ਲੰਘਿਆ ਤਾਂ ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਪਿੰਡ ਵਿੱਚ ਕਿਸੇ ਬੰਦੇ ਨੂੰ ਲੈ ਕੇ ਆਓ ਤਾਂ ਜੋ ਸਾਡੇ ਸਮਾਨ ਵਾਲੀ ਇਹ ਗਠੜੀ ਚੁੱਕ ਕੇ ਅਗਲੇ ਪੜਾਅ ’ਤੇ ਪਹੁੰਚਾਵੇ। ਇਹ ਉਸ ਸਮੇਂ ਦੀ ਪ੍ਰੰਪਰਾ ਹੀ ਸੀ ਕਿ ਜਦੋਂ ਕੋਈ ਵੀ ਨਵਾਬ ਕਿਸੇ ਇਲਾਕੇ ਵਿੱਚੋਂ ਲੰਘਦਾ ਸੀ ਉਥੋਂ ਦੇ ਵਸਨੀਕ ਉਸ ਨੂੰ ਝੁਕ ਕੇ ਸਲਾਮ ਕਰਦੇ ਸਨ ਅਤੇ ਉਸ ਦਾ ਸਮਾਨ ਅਗਲੇ ਪਿੰਡ ਤੱਕ ਪਹੁੰਚਾਉਂਦੇ ਸਨ। ਸਿਪਾਹੀ ਪਿੰਡ ਵਿੱਚੋਂ ਬਾਬਾ ਜੈ ਸਿੰਘ ਨੂੰ ਫੜ ਕੇ ਲੈ ਆਏ। ਜੈ ਸਿੰਘ ਨੇ ਨਵਾਬ ਨੂੰ ਗੁਰ ਫ਼ਤਹਿ ਬੁਲਾਈ, ਪਰ ਅੱਗੋਂ ਕਾਜ਼ੀ ਕੜਕ ਕੇ ਬੋਲਿਆ ਕਿ ਤੈਨੂੰ ਪਤਾ ਨਹੀਂ ਤੂੰ ਕਿਸ ਦੇ ਅੱਗੇ ਖੜ੍ਹਾ ਹੈਂ। ਇਹਨਾਂ ਨੂੰ ਝੁਕ ਕੇ ਸਲਾਮ ਕਰ। ਬਾਬਾ ਜੈ ਸਿੰਘ ਨੇ ਜੁਆਬ ਦਿੱਤਾ ਕਿ ਜਿਵੇਂ ਤੁਹਾਡੇ ਮੁਰਸ਼ਦ ਦਾ ਹੁਕਮ ਸਲਾਮ ਕਰਨਾ ਹੈ ਇਸੇ ਤਰ੍ਹਾਂ ਮੇਰੇ ਗੁਰੂ ਦਾ ਹੁਕਮ ਫ਼ਤਹਿ ਬਲਾਉਣ ਦਾ ਹੈ। ਗੁੱਸੇ ਵਿੱਚ ਆ ਕੇ ਨਵਾਬ ਅਬਦੁੱਲ ਸਯੱਦ ਖਾਨ ਨੇ ਗਠੜੀ ਚੁੱਕਣ ਲਈ ਕਿਹਾ ਕਿ ਇਸ ਨੂੰ ਲੈ ਕੇ ਪਟਿਆਲੇ ਤੱਕ ਸਾਡੇ ਨਾਲ ਚੱਲ। ਭਾਈ ਜੈ ਸਿੰਘ ਕਹਿਣ ਲੱਗਾ ਪਹਿਲਾਂ ਇਹ ਦੱਸੋ ਇਸ ਗਠੜੀ ਵਿੱਚ ਕੀ ਹੈ ? ਸਿਪਾਹੀ ਕਹਿਣ ਲੱਗਾ ਕਿ ਇਸ ਵਿੱਚ ਨਵਾਬ ਦਾ ਹੁੱਕਾ ਤੇ ਤਮਾਕੂ ਹੈ। ਇਹ ਸੁਣ ਕੇ ਭਾਈ ਜੈ ਸਿੰਘ ਨੇ ਕਿਹਾ ਕਿ ਮੈਂ ਇਸ ਗਠੜੀ ਨੂੰ ਹੱਥ ਤੱਕ ਨਹੀਂ ਲਾਵਾਂਗਾ ਕਿਉਂਕਿ ਮੇਰੇ ਗੁਰੂ ਦਾ ਹੁਕਮ ਹੈ :
ਗਾਂਜਾ ਟੋਪੀ ਤਾੜੀ ਖਾਕੂ।
ਇਨਕੀ ਓਰ ਨਾ ਕਬਹੂੰ ਦੇਖੈ।
ਰਹਿਤਵੰਤ ਜੋ ਸਿੰਘ ਵਿਸੇਖੈ।
ਇਹ ਸੁਣ ਕੇ ਕਾਜ਼ੀ ਗੁੱਸੇ ਵਿੱਚ ਬੋਲਿਆ ਕਿ ਤੂੰ ਜਾਣਦਾ ਨਹੀਂ ਕਿ ਕਿਸ ਨਾਲ ਗੱਲ ਕਰ ਰਿਹਾ ਹੈਂ। ਇਸ ਲਈ ਚੁੱਪ ਕਰਕੇ ਇਹ ਗਠੜੀ ਚੁੱਕ ਤੇ ਸਾਡੇ ਨਾਲ ਚੱਲ। ਭਾਈ ਜੈ ਸਿੰਘ ਨੇ ਫਿਰ ਦਲੀਲ ਦਿੱਤੀ ਕਿ ਕਾਜ਼ੀ ਜੀ ! ਜਿਵੇਂ ਤੁਹਾਡੇ ਧਰਮ ਵਿੱਚ ਸੂਰ ਖਾਣਾ ਹਰਾਮ ਹੈ, ਇਸ ਤਰ੍ਹਾਂ ਸਾਡੇ ਧਰਮ ਵਿੱਚ ਹਰ ਤਰ੍ਹਾਂ ਦਾ ਨਸ਼ਾ ਵਰਤਣ ਦੀ ਮਨਾਹੀ ਹੈ। ਸਾਡੇ ਗੁਰੂ ਦਾ ਹੁਕਮ ਹੈ ‘‘ਪਾਨ ਸੁਪਾਰੀ ਖਾਤੀਆ; ਮੁਖਿ ਬੀੜੀਆ ਲਾਈਆ ॥ ਹਰਿ ਹਰਿ ਕਦੇ ਨ ਚੇਤਿਓ; ਜਮਿ ਪਕੜਿ ਚਲਾਈਆ ॥’’ (ਮਹਲਾ ੪/੭੨੬)
ਕੋਤਵਾਲ ਗੁੱਸੇ ਵਿੱਚ ਆ ਗਿਆ ਤੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਸ ਨੂੰ ਬੈਂਤ ਦੀ ਸੋਟੀ ਨਾਲ ਕੁੱਟ ਕੇ ਚਮੜੀ ਉਧੇੜ ਦਿੱਤੀ ਜਾਵੇ ਅਤੇ ਇਸ ਦੇ ਪਰਿਵਾਰ ਦੇ ਸਾਰੇ ਜੀਆਂ ਨੂੰ ਫੜ ਕੇ ਲਿਆਂਦਾ ਜਾਵੇ। ਖਾਨ ਨੇ ਇਹ ਸੁਝਾਅ ਦਿੱਤਾ ਕਿ ਜੇ ਇਸ ਦੇ ਪਰਿਵਾਰ ਦਾ ਕੋਈ ਹੋਰ ਮੈਂਬਰ ਗਠੜੀ ਚੁੱਕ ਲਵੇ ਤਾਂ ਉਸ ਦੀ ਸਜ਼ਾ ਮੁਆਫ਼ ਕਰ ਦਿੱਤੀ ਜਾਵੇ। ਬਾਬਾ ਜੈ ਸਿੰਘ ਨੇ ਜੁਆਬ ਦਿੱਤਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ ਅਸੀਂ ਗੁਰੂ ਦੇ ਦੱਸੇ ਰਾਹ ਤੋਂ ਉਲਟ ਨਹੀਂ ਜਾ ਸਕਦੇ ਅਤੇ ਅਸੀਂ ਮੌਤ ਤੋਂ ਨਹੀਂ ਡਰਦੇ। ਬਾਬਾ ਜੀ ਦੇ ਪਰਿਵਾਰ ਦੇ ਸਾਰੇ ਮੈਂਬਰਾਂ (ਪਤਨੀ ਦੋਵੇਂ ਪੁੱਤਰ ਤੇ ਇੱਕ ਨੂੰਹ) ਆਪਣੀ ਧਾਰਮਿਕ ਦ੍ਰਿੜ੍ਹਤਾ ਉੱਤੇ ਅੜੇ ਰਹੇ ਅਤੇ ਸਮਾਨ ਚੁੱਕਣ ਤੋਂ ਇਨਕਾਰ ਕਰ ਦਿੱਤਾ।
ਆਪਣੀ ਹੱਤਕ ਹੁੰਦੀ ਵੇਖ ਕੇ ਨਵਾਬ ਨੇ ਦੋ ਕਸਾਈ ਬੁਲਾਏ ਤੇ ਬਾਬਾ ਜੀ ਨੂੰ ਖੂਹ ਦੇ ਬੋਹੜ ਦੇ ਨੇੜਲੇ ਦਰਖ਼ਤ ਨਾਲ ਪੁੱਠਾ ਲਟਕਾ ਕੇ ਚਮੜੀ ਉਧੇੜਨ ਦਾ ਹੁਕਮ ਦਿੱਤਾ। ਦੋਹਾਂ ਕਸਾਈਆਂ ਨੇ ਕਛਿਹਰੇ ਤੋਂ ਛੁੱਟ ਬਾਬਾ ਜੈ ਸਿੰਘ ਦੇ ਸਾਰੇ ਕੱਪੜੇ ਲਾਹ ਸੁੱਟੇ ਤੇ ਉਹਨਾਂ ਨੂੰ ਬੋਹੜ ਦੇ ਦਰਖ਼ਤ ਨਾਲ ਪੁੱਠਾ ਲਟਕਾ ਦਿੱਤਾ। ਕਸਾਈਆਂ ਨੇ ਰੰਬੀਆਂ ਨਾਲ ਬਾਬਾ ਜੀ ਦੇ ਸਾਰੇ ਸਰੀਰ ਦਾ ਮਾਸ ਉਤਾਰਨਾ ਸ਼ੁਰੂ ਕਰ ਦਿੱਤਾ। ਪੈਰ ਦੇ ਅੰਗੂਠੇ ਤੋਂ ਸ਼ੁਰੂ ਕਰਕੇ ਬਾਬਾ ਜੀ ਦੀ ਸਾਰੀ ਚਮੜੀ ਉਧਾੜ ਕੇ ਸ਼ਹੀਦ ਕਰ ਦਿੱਤਾ। ਬਾਬਾ ਜੀ ਲਗਾਤਾਰ ਅਕਾਲ ਪੁਰਖ ਨਾਲ ਜੁੜ ਕੇ ਜਪੁ ਜੀ ਸਾਹਿਬ ਦਾ ਪਾਠ ਕਰਦੇ ਹੋਏ ਸ਼ਹੀਦੀ ਪਾ ਗਏ। ਉਸ ਤੋਂ ਬਾਅਦ ਉਹਨਾ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਪਤਨੀ ਧੰਨ ਕੌਰ, ਵੱਡਾ ਪੁੱਤਰ ਕੜਾਕਾ ਸਿੰਘ, ਉਸ ਦੀ ਪਤਨੀ ਅਮਰ ਕੌਰ ਤੇ ਛੋਟੇ ਪੁੱਤਰ ਖੜਕ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਖੜਕ ਸਿੰਘ ਦੀ ਪਤਨੀ ਗਰਭਵਤੀ ਸੀ ਤੇ ਉਹ ਰਿਸ਼ਤੇਦਾਰਾਂ ਕੋਲ ਅੰਬਾਲੇ ਗਈ ਹੋਣ ਕਰਕੇ ਬਚ ਗਈ। ਬਾਅਦ ਵਿੱਚ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜਿੱਥੋਂ ਅੱਜ ਤੱਕ ਉਹਨਾਂ ਦੀ ਵੰਸ ਚੱਲ ਰਹੀ ਹੈ, ਜੋ ਅੰਬਾਲੇ ਤੇ ਮੋਹਾਲੀ ਵਿਖੇ ਰਹਿ ਰਹੀ ਹੈ।
ਅਬਦੁਲ ਸਯੱਦ ਖ਼ਾਨ ਦੇ ਪਿੰਡ ਛੱਡਣ ਤੋਂ ਬਾਅਦ ਪਿੰਡ ਵਾਸੀਆਂ ਨੇ ਸਾਰੀਆਂ ਲਾਸ਼ਾਂ ਦਾ ਇਕੱਠੇ ਸਸਕਾਰ ਕਰ ਦਿੱਤਾ ਤੇ ਉਹਨਾਂ ਦੀ ਯਾਦ ਵਿੱਚ ਇੱਕ ਮਟੀ ਵੀ ਬਣਾ ਦਿੱਤੀ। ਇੰਜਨੀਅਰ ਹਰਦੀਪ ਸਿੰਘ ਚੁੰਬਰ ਦੇ ਮੁਤਾਬਕ ਜਦੋਂ ਇਲਾਕੇ ਦੇ ਮੁਖੀ ਸਿੱਖਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹਨਾ ਨੇ ਮੁਗਲ ਮਾਜਰਾ ਦੇ ਸਾਰੇ ਪਿੰਡ ਨੂੰ ਢਹਿ ਢੇਰੀ ਕਰ ਦਿੱਤਾ। ਬਾਅਦ ਵਿੱਚ ਪਿੰਡ ਦੇ ਖੰਡਰਾਤ ’ਤੇ ਉਹਨਾ ਸ਼ਹੀਦਾਂ ਦੀ ਸਮਾਧੀ ਨੇੜੇ ਇੱਕ ਪਿੰਡ ਦੀ ਸਥਾਪਨਾ ਕੀਤੀ, ਜਿਸ ਦਾ ਨਾਂ ਬਾਰਨ ਰੱਖਿਆ। ਇੱਕ ਵਿਚਾਰ ਇਹ ਵੀ ਪ੍ਰਚਲਿਤ ਹੈ ਕਿ ਬਾਰਨ ਨਾਮ ਬਾਬਾ ਜੀ ਦੇ ਸਿਰ ‘ਵਾਰਨ’ ਕਰਕੇ ਹੀ ਰੱਖਿਆ ਗਿਆ ਹੈ। ਉਹਨਾਂ ਦੇ ਨਾਂ ਨਾਲ ‘ਖਾਲਕਟ’ ਲਫ਼ਜ਼ ਉਹਨਾਂ ਦੀ ਖਲ ਕੱਟਨ ਕਰਕੇ ਹੀ ਪ੍ਰਸਿੱਧ ਹੋਇਆ ਹੈ। ਅੱਜ ਕੱਲ੍ਹ ਇਸ ਅਸਥਾਨ ’ਤੇ ਇੱਕ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਹੈ, ਜਿੱਥੇ ਹਰ ਸਾਲ ਫੱਗਣ ਦੇ ਮਹੀਨੇ ਵਿੱਚ ਜੋੜ ਮੇਲਾ ਲੱਗਦਾ ਹੈ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਬਾਬਾ ਜੀ ਦਾ ਗੁਰਸਿੱਖੀ ਵਾਲਾ ਉੱਚਾ ਤੇ ਸੁੱਚਾ ਜੀਵਨ ਆਉਣ ਵਾਲੀਆਂ ਪੀੜੀਆਂ ਲਈ ਚਾਨਣ ਮੁਨਾਰਾ ਬਣਿਆ ਰਹੇਗਾ।
ਨਾ ਰੱਖਿਆ ਲੁਕੋ ਪਰਵਾਰ
ਨਾ ਰੱਖਿਆ ਲੁਕੋ ਪਰਵਾਰ
ਚਾਲੀ ਸਿੰਘ ਸੀ ਚਮਕੌਰ ਦੀ ਗੜ੍ਹੀ ਅੰਦਰ,
ਬਾਹਰ ਬੈਠੇ ਸੀ ਦੁਸ਼ਮਣ ਬੇਸ਼ੁਮਾਰ ਲੋਕੋ !
ਸਿੰਘ ਜਥੇ ਬਣਾ ਪੂਰੇ ਜੋਸ਼ ਖਰੋਸ਼ ਦੇ ਵਿੱਚ,
ਆਉਣ ਰਣ ਵਿੱਚ ਗੜ੍ਹੀ ’ਚੋ ਬਾਹਰ ਲੋਕੋ !
ਦੁਸ਼ਮਣ ਪ੍ਰੇਸ਼ਾਨ ਸਾਰੇ, ਵੇਖ ਸਿੱਖ ਯੋਧਿਆਂ ਨੂੰ।
ਐਸੀ ਕਰਦੇ ਪਏ ਸੀ ਮਾਰੋ ਮਾਰ ਲੋਕੋ !
ਨਾ ਕਿਸੇ ਦੀ ਜ਼ਮੀਨ ਨਾ ਰਾਜ-ਭਾਗ ਖੋਹਿਆ,
ਗੁਰੂ ਨੇ ਨਾ ਰੱਖਿਆ ਲੁਕੋ ਪਰਵਾਰ ਲੋਕੋ !
ਤਾਹੀਂ ਸੱਚੇ ਸਿੱਖਾਂ ਨੇ ਗੁਰੂ ਦਾ ਸਾਥ ਦੇ ਕੇ,
ਦਿੱਤਾ ਸਭ ਕੁੱਝ ਆਪਣਾ ਵਾਰ ਲੋਕੋ !
‘ਮੇਜਰ’ ਜੈਸਾ ਚਮਕੌਰ ’ਚ ਯੁੱਧ ਹੋਇਆ,
ਨਹੀਂ ਹੋਇਆ ਹੋਣਾ ਵਿੱਚ ਸੰਸਾਰ ਲੋਕੋ !
ਮੇਜਰ ਸਿੰਘ ਬੁਢਲਾਡਾ-94176-42327










