ਸੁਣਿ, ਵਡਾ ਆਖੈ ਸਭੁ ਕੋਇ ॥
ਆਸਾ ਮਹਲਾ ੧ ॥ ਸੁਣਿ, ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ, ਡੀਠਾ ਹੋਇ ॥ ਕੀਮਤਿ ਪਾਇ; ਨ ਕਹਿਆ ਜਾਇ ॥ ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥ ਵਡੇ ਮੇਰੇ ਸਾਹਿਬਾ ! ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਇ ਨ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥ ਸਭਿ ਸੁਰਤੀ ਮਿਲਿ; ਸੁਰਤਿ ਕਮਾਈ ॥ ਸਭ ਕੀਮਤਿ ਮਿਲਿ; ਕੀਮਤਿ ਪਾਈ ॥ ਗਿਆਨੀ ਧਿਆਨੀ ਗੁਰ ਗੁਰਹਾਈ ॥ ਕਹਣੁ ਨ ਜਾਈ; ਤੇਰੀ ਤਿਲੁ ਵਡਿਆਈ ॥੨॥ ਸਭਿ ਸਤ ਸਭਿ ਤਪ; ਸਭਿ ਚੰਗਿਆਈਆ ॥ ਸਿਧਾ ਪੁਰਖਾ ਕੀਆ ਵਡਿਆਈਆ ॥ਤੁਧੁ ਵਿਣੁ; ਸਿਧੀ ਕਿਨੈ ਨ ਪਾਈਆ ॥ ਕਰਮਿ ਮਿਲੈ, ਨਾਹੀ ਠਾਕਿ ਰਹਾਈਆ ॥੩॥ਆਖਣ ਵਾਲਾ ਕਿਆ ਵੇਚਾਰਾ ॥ ਸਿਫਤੀ ਭਰੇ ਤੇਰੇ ਭੰਡਾਰਾ ॥ ਜਿਸੁ ਤੂ ਦੇਹਿ; ਤਿਸੈ ਕਿਆ ਚਾਰਾ ॥ ਨਾਨਕ ! ਸਚੁ ਸਵਾਰਣਹਾਰਾ ॥੪॥੨॥ (ਸੋ ਦਰੁ/ ਆਸਾ/ ਮਹਲਾ ੧/੯)
ਇਸ ਹਥਲੇ ਸ਼ਬਦ ਦੇ ਚਾਰ ਬੰਦ ਹਨ। ਇੱਕ ਰਹਾਉ ਦਾ ਪਦਾ ਹੈ। ‘ਸੋ ਦਰੁ’ ਸਿਰਲੇਖ ਹੇਠਾਂ ਇਹ ਦੂਜਾ ਸ਼ਬਦ ਹੈ। ਮਹਾਰਾਜ ਜੀ ਕਹਿੰਦੇ ਹਨ ‘ਰਹਾਉ’ ਦੀ ਤੁਕ ਤੋਂ ਅਸੀਂ ਸ਼ੁਰੂ ਕਰਦੇ ਹਾਂ। ਵਡੇ ਮੇਰੇ ਸਾਹਿਬਾ ! ਇਹ ਸੰਬੋਧਨ ਰੂਪ ਵਿੱਚ ਹੈ ‘ਹੇ ਮੇਰੇ ਵੱਡੇ ਸਾਹਿਬ ! ਹੇ ਮੇਰੇ ਬੇਅੰਤ ਪਿਤਾ ! ਹੇ ਮੇਰੇ ਗੁਣਾਂ ਦੇ ਮਾਲਕ ਵਾਹਿਗੁਰੂ !’ ਗਹਿਰ ਗੰਭੀਰਾ ਗੁਣੀ ਗਹੀਰਾ ਯਾਨੀ ਤੂੰ ਗੁਣਾਂ ਦਾ ਖ਼ਜ਼ਾਨਾ ਹੈਂ। ਗੁਣਾਂ ਦਾ ਮਾਲਕ ਹੈਂ। ਗੁਣਾਂ ਦਾ ਸ੍ਰੋਤ ਹੈਂ। ਤੂੰ ਅਥਾਹ ਗੰਭੀਰ ਹੈਂ। ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ਇਸ ਦਾ ਅਰਥ ਕੀਤਾ ਹੈ ਕਿ ਤੂੰ ਗੁਣਾਂ ਦਾ ਸਮੁੰਦਰ ਹੈਂ। ਇਸ ਦੁਨੀਆਂ ਵਿੱਚ ਸਭ ਤੋਂ ਗਹਿਰ ਅਤੇ ਗੰਭੀਰ ਚੀਜ਼ ਜੋ ਹੈ ਉਸ ਦੀ ਤੁਲਨਾ ਸਮੁੰਦਰ ਨਾਲ ਕੀਤੀ ਜਾਂਦੀ ਹੈ। ਤੂੰ ਗੁਣਾਂ ਦਾ ਸਮੁੰਦਰ ਹੈਂ, ਗੁਣਾਂ ਦਾ ਖ਼ਜ਼ਾਨਾ ਹੈਂ, ਗੁਣਾਂ ਦਾ ਸ੍ਰੋਤ ਹੈਂ। ‘‘ਕੋਇ ਨ ਜਾਣੈ; ਤੇਰਾ ਕੇਤਾ ਕੇਵਡੁ ਚੀਰਾ’’; ਚੀਰਾ ਦਾ ਅਰਥ ਹੁੰਦਾ ਹੈ ‘ਲੰਬਾਈ, ਚੌੜਾਈ, ਵਿਸਥਾਰ’ ਹੇ ਮਹਾਰਾਜ ਜੀ ! ਤੇਰੀ ਇਸ ਲੰਬਾਈ ਚੌੜਾਈ ਨੂੰ ਕੋਈ ਨਹੀਂ ਜਾਣ ਸਕਦਾ ਕਿ ਤੂੰ ਕਿੰਨਾ ਵੱਡਾ ਹੈਂ। ਪਾਵਨ ਵਚਨ ਹਨ ‘‘ਵਡੇ ਮੇਰੇ ਸਾਹਿਬਾ ! ਗਹਿਰ ਗੰਭੀਰਾ ਗੁਣੀ ਗਹੀਰਾ ॥ ਕੋਇ ਨ ਜਾਣੈ, ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ ॥’’
‘ਜਪੁ’ ਬਾਣੀ ਦੀ 24ਵੀਂ ਪਉੜੀ ਵਿੱਚ ਸਮਝਾਇਆ ਗਿਆ ਹੈ ਕਿ ਤੇਰੇ ਗੁਣਾਂ ਦਾ ਅੰਤ ਕਿਉਂ ਨਹੀਂ ਪਾਇਆ ਜਾ ਸਕਦਾ। ਗੁਰੂ ਮਹਾਰਾਜ ਜੀ ਕਹਿੰਦੇ ਹਨ ‘‘ਅੰਤੁ ਨ ਸਿਫਤੀ, ਕਹਣਿ ਨ ਅੰਤੁ ॥ ਅੰਤੁ ਨ ਕਰਣੈ; ਦੇਣਿ ਨ ਅੰਤੁ ॥ ਅੰਤੁ ਨ ਵੇਖਣਿ; ਸੁਣਣਿ ਨ ਅੰਤੁ ॥’’ ਯਾਨੀ ਤੈਨੂੰ ਸੁਣਨ ਵਿੱਚ, ਤੈਨੂੰ ਵੇਖਣ ਵਿੱਚ ਕੋਈ ਅੰਤ ਹੀ ਨਹੀਂ ਹੈ ‘‘ਅੰਤੁ ਨ ਜਾਪੈ; ਕਿਆ ਮਨਿ ਮੰਤੁ ?॥ ਅੰਤੁ ਨ ਜਾਪੈ; ਕੀਤਾ ਆਕਾਰੁ ॥੨੪॥’’, ਜਿਹੜਾ ਤੂੰ ਇਹ ਜਗਤ ਪਾਸਾਰ ਬਣਾਇਆ ਹੈ ਨਾ, ਜਿਹੜੀ ਤੂੰ ਆਪਣੀ ਕੁਦਰਤਿ ਪੈਦਾ ਕੀਤੀ ਹੈ ‘‘ਆਪੀਨ੍ੈ ਆਪੁ ਸਾਜਿਓ; ਆਪੀਨ੍ੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ॥’’ (ਆਸਾ ਕੀ ਵਾਰ/ ਮਹਲਾ ੧/੪੬੩) ਤੇਰੇ ਇਸ ਜਗਤ ਪਾਸਾਰੇ ਦਾ ਕਿਸੇ ਨੇ ਅੰਤ ਨਹੀਂ ਪਾਇਆ ਹੈ ‘‘ਅੰਤੁ ਨ ਜਾਪੈ ਪਾਰਾਵਾਰੁ ॥’’ ਪਾਰਾਵਾਰ ਦਾ ਅਰਥ ਹੁੰਦਾ ਹੈ ਜਿਸ ਦਾ ਉਰਲਾ ਅਤੇ ਪਰਲਾ ਕਿਨਾਰਾ ਨਾ ਲੱਭਿਆ ਜਾ ਸਕੇ ਯਾਨੀ ਤੇਰੇ ਗੁਣਾਂ ਦਾ ਉਰਲਾ ਪਰਲਾ ਕਿਨਾਰਾ ਨਹੀਂ ਮਿਲਦਾ। ਭਾਈ ਗੁਰਦਾਸ ਜੀ ਦੇ ਬਚਨ ਹਨ ‘‘ਬ੍ਰਹਮਾ ਬਿਸਨੁ ਮਹੇਸੁ; ਅੰਤੁ ਨ ਜਾਣਿਆ।’’ (ਭਾਈ ਗੁਰਦਾਸ ਜੀ/ਵਾਰ ੩ ਪਉੜੀ ੧)
‘‘ਅੰਤ ਕਾਰਣਿ; ਕੇਤੇ ਬਿਲਲਾਹਿ ॥’’ ਤੇਰਾ ਅੰਤ ਪਾਉਂਦੇ ਪਾਉਂਦੇ ਕਿੰਨੇ ਥੱਕ ਗਏ। ਅੰਤ ਕਿਉਂ ਨਹੀਂ ਪਾਇਆ ਜਾ ਸਕਦਾ ਕਿਉਂਕਿ ‘‘ਤਾ ਕੇ ਅੰਤ; ਨ ਪਾਏ ਜਾਹਿ ॥ ਏਹੁ ਅੰਤੁ; ਨ ਜਾਣੈ ਕੋਇ ॥ ਬਹੁਤਾ ਕਹੀਐ; ਬਹੁਤਾ ਹੋਇ ॥’’ ਜੈਸੇ ਜੈਸੇ ਉਸ ਦੇ ਗੁਣ ਗੁਰਸਿੱਖ ਗਾ ਕੇ ਉਸ ਵਿੱਚ ਲੀਨ ਹੁੰਦਾ ਹੈ। ਆਪਣੇ ਮਨ ਵਿੱਚ ਉਸ ਦੇ ਗੁਣਾਂ ਨੂੰ ਵਸਾਂਦਾ ਹੈ। ਉਸ ਦੇ ਬਚਨਾਂ ਨੂੰ ਘਾਲਦਾ ਹੈ ਅਤੇ ਉਸ ਦੇ ਗੁਣਾਂ ਨੂੰ ਆਪਣੇ ਕਰਮਾਂ ਵਿੱਚ ਲਿਆਉਂਦਾ ਹੈ ਵੈਸਾ ਵੈਸਾ ਉਸ ਮਾਲਕ ਨਾਲ਼ ਨੇੜਤਾ ਬਣਦੀ ਜਾਂਦੀ ਹੈ। ਫਿਰ ਉਸ ਨੂੰ ‘‘ਬਹੁਤਾ ਕਹੀਐ; ਬਹੁਤਾ ਹੋਇ ॥’’ ਯਾਨੀ ਉਸ ਨੂੰ ਬਹੁਤ ਵੱਡਾ ਕਹਿਣ ਤੋਂ ਬਾਅਦ ਹੋਰ ਵੀ ਬਹੁਤਾ ਵੱਡਾ ਪ੍ਰਤੀਤ ਹੁੰਦਾ ਜਾਂਦਾ ਹੈ। ਇਸ ਕਰਕੇ ਗੁਰੂ ਨਾਨਕ ਪਾਤਿਸ਼ਾਹ ਜੀ ਕਹਿੰਦੇ ਹਨ ਕਿ ਭਾਈ ! ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ‘‘ਵਡਾ ਸਾਹਿਬੁ’’ ਹੈ ਅਤੇ ਉਸ ਦਾ ‘‘ਊਚਾ ਥਾਉ ॥’’ ਹੈ। ਇਸ ਊਚੇ ਥਾਉ ਦੀ ਪਰਿਭਾਸ਼ਾ ਬਾਰੇ ਅਸੀਂ ‘ਸੋ ਦਰੁ’ ਦੇ ਪਹਿਲੇ ਸ਼ਬਦ ਵਿੱਚ ਜਾਣਿਆ ਹੈ। ਇਸ ‘‘ਵਡਾ ਸਾਹਿਬੁ; ਊਚਾ ਥਾਉ ॥ ਊਚੇ ਉਪਰਿ ਊਚਾ ਨਾਉ ॥’’ ਨੂੰ ਉਹੀ ਸਮਝ ਸਕਦਾ ਹੈ ਜਿਹੜਾ ‘‘ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥’’ ਇਸ ਲਈ ਓਹਦੇ ਜਿੰਨਾ ਊਚਾ ਕੋਈ ਹੋ ਹੀ ਨਹੀਂ ਸਕਦਾ, ਜਿਸ ਕਾਰਨ ਉਸ ਦਾ ਕੋਈ ਅੰਤ ਨਹੀਂ ਪਾ ਸਕਦਾ। ਗੁਰੂ ਮਹਾਰਾਜ ਜੀ ਇਸ ਲਈ ਪਉੜੀ ਦੇ ਅੰਤ ’ਚ ਕਹਿੰਦੇ ਹਨ ‘‘ਜੇਵਡੁ ਆਪਿ; ਜਾਣੈ ਆਪਿ ਆਪਿ ॥ ਨਾਨਕ ! ਨਦਰੀ ਕਰਮੀ ਦਾਤਿ ॥੨੪॥ (ਜਪੁ) ਨਾਨਕ ਇੱਥੇ ਸੰਬੋਧਨ ਰੂਪ ਵਿੱਚ ਹੈ। ਅਰਥ ਹੈ ਹੇ ਨਾਨਕ ! ਆਖ ਕਿ ਉਸ ਬਖ਼ਸ਼ਸ਼ਾਂ ਵਾਲੇ ਪ੍ਰਭੂ ਦੀ ਮਿਹਰ ਦ੍ਰਿਸ਼ਟੀ ਦੁਆਰਾ ਹੀ ਕਿਸੇ ਜਗਿਆਸੂ ਦੇ, ਕਿਸੇ ਗੁਰਸਿੱਖ ਦੇ ਮਨ ਵਿੱਚ, ਬਚਨਾਂ ਵਿੱਚ ਕਰਮ ਕਰਕੇ ਉਸ ਨੂੰ ਊਚਿਓਂ ਊਚਾ, ਵੱਡਿਓਂ ਵੱਡਾ ਮੰਨਣ ਵਾਲ਼ੀ ਦਾਤ ਵੀ ਉਸ ਦੀ ਬਖ਼ਸ਼ਸ਼ ਨਾਲ ਮਿਲਦੀ ਹੈ। ਇਸ ਲਈ ਇਹ ਜੋ ‘ਰਹਾਉ’ ਦੀ ਤੁਕ ਹੈ ਇਸ ਵਿੱਚ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੈ। ਇਸ ਵਿੱਚ ਇਹੀ ਕਿਹਾ ਗਿਆ ਹੈ ਕਿ ਕੋਈ ਵੀ ਤੇਰੇ ਗੁਣਾਂ ਨੂੰ ਪੂਰਨ ਤੌਰ ’ਤੇ ਵਰਣਨ ਨਹੀਂ ਕਰ ਸਕਦਾ। ਜਿਵੇਂ ਜਿਵੇਂ ਤੁਸੀਂ ਰੱਬ ਦੇ ਗੁਣਾਂ ਦੀ ਗਾਹ ਕਰੋਗੇ ‘‘ਸੁਣਿਐ ਸਰਾ ਗੁਣਾ ਕੇ ਗਾਹ ॥’’ (ਜਪੁ) ਪਕੜਨ ਦੀ ਕੋਸ਼ਿਸ਼ ਕਰੋਗੇ ਓਨਾ ਓਨਾ ਹੀ ਉਹ ਵੱਡਾ ਪ੍ਰਤੀਤ ਹੋਵੇਗਾ। ਉਸ ਦੇ ਗੁਣ ਗਾ ਗਾ ਕੇ ਉਸ ਦੀ ਬੇਅੰਤਤਾ ਨੂੰ ਮਨ ਵਿੱਚ ਮਹਿਸੂਸ ਕਰਨਾ ਵੀ ਉਸ ਦੀ ਬਖ਼ਸ਼ਸ਼ ਨਾਲ਼ ਹੁੰਦਾ ਹੈ। ਤੁਹਾਡੀ ਆਪਣੀ ਕੋਈ ਸਮਰੱਥਾ ਨਹੀਂ, ਹਸਤੀ ਨਹੀਂ।
ਹੁਣ ਪਹਿਲਾ ਪਦਾ ਹੈ ‘‘ਸੁਣਿ, ਵਡਾ ਆਖੈ ਸਭੁ ਕੋਇ ॥ ਕੇਵਡੁ ਵਡਾ, ਡੀਠਾ ਹੋਇ ॥ ਕੀਮਤਿ ਪਾਇ; ਨ ਕਹਿਆ ਜਾਇ ॥ ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥’’ ‘ਸੁਣਿ’ ਦੇ ‘ਣ’ ਨੂੰ ਜੋ ਸਿਹਾਰੀ ਹੈ, ਉਹ ਕਹਿੰਦੀ ਹੈ ‘ਸੁਣ ਕੇ’, ਇਸ ਦਾ ਅਰਥ ਬਣਦਾ ਹੈ, ਇਹ ਕੰਮ ਕਰਕੇ, ਇਹ ਚੀਜ਼ ਕਰਕੇ। ਵਿਆਕਰਣਿਕ ਨਿਯਮਾਂ ’ਚ ਇਸ ਨੂੰ ‘ਪੂਰਬ ਪੂਰਣ ਕਾਰਦੰਤ’ ਕਹਿੰਦੇ ਹਨ। ਤੁਕ ਦੇ ਅਰਥ ਹਨ ਹੇ ਪਰਮਾਤਮਾ ! ਤੇਰੇ ਬਾਰੇ ਸੁਣ ਕੇ ‘‘ਵਡਾ ਆਖੈ ਸਭੁ ਕੋਇ॥’’ ਅਸੀਂ ਕਿੱਥੋਂ ਸੁਣਦੇ ਹਾਂ ? ਗੁਰੂ ਦੀ ਬਾਣੀ ’ਚੋਂ। ਗੁਰਬਾਣੀ ਵਿੱਚ ‘ਸੁਣਿ’ ਦੀ ਇੱਕ ਹੋਰ ਮਿਸਾਲ ਹੈ ‘‘ਸੁਣਿ ਸੁਣਿ ਨਾਮੁ ਤੁਮਾਰਾ ਪ੍ਰੀਤਮ ! ਪ੍ਰਭੁ ਪੇਖਨ ਕਾ ਚਾਉ ॥’’ (ਮਹਲਾ ੫/੪੦੫) ਇੱਥੇ ‘ਸੁਣਿ ਸੁਣਿ’ ਦਾ ਅਰਥ ਹੈ ਹੇ ਪ੍ਰੀਤਮ ਵਾਹਿਗੁਰੂ ਜੀ ! ਤੁਮਾਰਾ ਨਾਮੁ ‘ਸੁਣ ਸੁਣ ਕੇ’ ਤੇਰੇ ਦਰਸ਼ਨ ਕਰਨ ਦਾ ਮਨ ਵਿੱਚ ਚਾਅ ਪੈਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਪੰਜਵੇਂ ਪਾਤਿਸ਼ਾਹ ਦਾ ਸ਼ਬਦ ਹੈ ‘‘ਡਰਿ ਡਰਿ ਪਚੇ ਮਨਮੁਖ ਵੇਚਾਰੇ ॥’’ (ਮਹਲਾ ੫/੬੭੭), ਇੱਥੇ ‘ਡਰਿ ਡਰਿ’ ਦਾ ਅਰਥ ਹੈ ‘ਡਰ ਡਰ ਕੇ’ ਮਨਮੁਖ ਵਿਚਾਰੇ ਵਿਕਾਰਾਂ ਵਿੱਚ ਖਚਿਤ ਰਹਿੰਦੇ ਹਨ; ਇਉਂ ਹੀ ਆਸਾ ਕੀ ਵਾਰ ਵਿੱਚ ਵਾਕ ਹੈ ‘‘ਕੂੜੁ ਬੋਲਿ ਕਰਹਿ ਆਹਾਰੁ ॥’’ (ਮਹਲਾ ੧/੪੭੧) ਇੱਥੇ ਵੀ ‘ਬੋਲਿ’ ਦੇ ‘ਲ’ ਨੂੰ ਸਿਹਾਰੀ ਹੈ, ਜਿਸ ਦਾ ਅਰਥ ਹੈ ‘ਬੋਲ ਕੇ’ ਯਾਨੀ ਝੂਠ ਬੋਲ ਬੋਲ ਕੇ ਮਨਮੁਖ ਲੋਕ ਸਾਰੇ ਗ਼ਲਤ ਕੰਮ ਕਰਦੇ ਹਨ।
ਪਰਮਾਤਮਾ ਦੇ ਗੁਣਾਂ ਨੂੰ ਸੁਣ ਕੇ ਹਰ ਕੋਈ ਉਸ ਨੂੰ ਵੱਡਾ ਆਖਦਾ ਹੈ ਪਰ ਉਹ ਕਿੰਨਾ ਵੱਡਾ ਹੈ ਇਹ ਉਸ ਨੂੰ ਦੇਖ ਕੇ ਭਾਵ ਮਹਿਸੂਸ ਕਰਕੇ ਹੀ ਪਤਾ ਲੱਗਦਾ ਹੈ। ‘ਜਾਪ ਸਾਹਿਬ’ ਦੇ ਪਹਿਲੇ ਪਦੇ ਵਿੱਚ ਵੀ ਉਸ ਦੇ ਆਕਾਰ ਬਾਰੇ ਵਖਿਆਨ ਹੈ ਕਿ ਉਸ ਇੱਕ ਦਾ ਕੋਈ ਚੱਕਰ ਚਿੰਨ੍ਹ ਨਹੀਂ, ਕੋਈ ਰੰਗ ਨਹੀਂ, ਕੋਈ ਤਸ਼ਵੀਰ ਨਹੀਂ ਬਣਾਈ ਜਾ ਸਕਦੀ ‘‘ਚਕ੍ਰ ਚਿਹਨ ਅਰੁ ਬਰਨ, ਜਾਤਿ ਅਰੁ ਪਾਤਿ ਨਹਿਨ ਜਿਹ ॥ ਰੂਪ ਰੰਗ ਅਰੁ ਰੇਖ ਭੇਖ; ਕੋਊ ਕਹਿ ਨ ਸਕਤਿ ਕਿਹ ॥’’ (ਜਾਪੁ) ਯਾਨੀ ਤੇਰਾ ਰੰਗ ਰੂਪ, ਚੱਕਰ ਚਿੰਨ੍ਹ ਕੋਈ ਬਣਾ ਨਹੀਂ ਸਕਦਾ ਕਿਉਂਕਿ ਤੇਰਾ ‘‘ਚਕ੍ਰ ਚਿਹਨ ਅਰੁ ਬਰਨ, ਜਾਤਿ ਅਰੁ ਪਾਤਿ ਨਹਿਨ ਜਿਹ ॥’’ ਕੋਈ ਨਹੀਂ ਹੈ।
ਇੱਥੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਉਸ ਨੂੰ ਦੇਖਣਾ ਕਿਵੇਂ ਹੈ ? ਜਵਾਬ ਹੈ ਕਿ ਉਸ ਦੇ ਗੁਣਾਂ ਨੂੰ ਮਨ ਵਿੱਚ ਧਾਰਨ ਕਰਕੇ, ਉਸ ਦੀਆਂ ਵਡਿਆਈਆਂ ਨੂੰ ਗਾ ਕੇ, ਅਪਣਾਅ ਕੇ ਉਸ ਵਰਗੇ ਬਣਨਾ ਹੈ ਫਿਰ ਆਪਣੇ ਆਪ ਵਿੱਚੋਂ ਹੀ ਉਸ ਦੇ ਦਰਸ਼ਨ ਹੋਣੇ ਹਨ। ਕੇਵਲ ਜ਼ਰੂਰਤ ਹੈ ਆਪਣੇ ਮਨ ਨੂੰ ਸਮਝਾਉਣ ਦੀ, ਇਸ ਲਈ ਵਾਕ ਹੈ ‘‘ਮਨ ! ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ ॥’’ (ਮਹਲਾ ੩/੪੪੧) ਅਰਥ ਹਨ ਕਿ ਹੇ ਮੇਰੇ ਮਨ ! ਤੂੰ ਆਪਣੇ ਮੂਲ ਨੂੰ ਪਹਿਚਾਣ, ਤੂੰ ਪਰਮਾਤਮਾ ਦੀ ਹੀ ਅੰਸ਼ ਹੈਂ ‘‘ਗੁਰ ਕੈ ਸਬਦਿ; ਬਨਾਵਹੁ ਇਹੁ ਮਨੁ ॥ ਗੁਰ ਕਾ ਦਰਸਨੁ; ਸੰਚਹੁ ਹਰਿ ਧਨੁ ॥’’ (ਮਹਲਾ ੫/੩੭੭) ਯਾਨੀ ਗੁਰੂ ਦਾ ਦੀਦਾਰ ਗੁਰੂ ਦੇ ਨਾਮ-ਧਨ ਨਾਲ਼ ਹੀ ਪ੍ਰਗਟ ਹੋਣਾ ਹੈ।
ਗੁਰੂ ਨਾਨਕ ਸਾਹਿਬ ਜੀ ਇਸ ਸ਼ਬਦ ਵਿੱਚ ਬਿਆਨ ਕਰਦੇ ਹਨ ਕਿ ਤੇਰੀ ਉਪਮਾ ਕਹੀ ਨਹੀਂ ਜਾ ਸਕਦੀ ‘‘ਕੀਮਤਿ ਪਾਇ; ਨ ਕਹਿਆ ਜਾਇ ॥ ਕਹਣੈ ਵਾਲੇ; ਤੇਰੇ ਰਹੇ ਸਮਾਇ ॥੧॥’’ ਕੀਮਤ ਪਾਉਣ ਦੇ ਦੋ ਤਰ੍ਹਾਂ ਅਰਥ ਹੁੰਦੇ ਹਨ :
(1). ਇੱਕ ਹੈ ਉਸ ਦੀ ਵਡਿਆਈ ਦਾ ਮੁਲਾਂਕਣ ਕਰਨਾ ਕਿ ਉਹ ਕਿੰਨਾ ਵੱਡਾ ਹੈ।
(2). ਜਿਸ ਦੀ ਵਡਿਆਈ ਕਰਨੀ ਹੋਵੇ ਉਸ ਦੇ ਬਰਾਬਰ ਦਾ ਕੋਈ ਹੋਰ ਲੱਭਦੇ ਹਨ ਫਿਰ ਉਸ ਦੀ ਮਿਸਾਲ ਦੇ ਦਿੰਦੇ ਹਨ ਕਿ ਉਹ, ਇਹਦੇ ਜਿੰਨਾ ਵੱਡਾ ਹੈ।
ਪਰ ਗੁਰੂ ਪਾਤਿਸ਼ਾਹ ਜੀ ਦੱਸਦੇ ਹਨ ਕਿ ਤੇਰੇ ਗੁਣਾਂ ਨੂੰ ਗਾਉਣ ਵਾਲੇ, ਤੇਰੀ ਕੀਮਤ ਦੱਸਣ ਵਾਲੇ, ਤੇਰਾ ਅੰਤ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਤੇਰੇ ਵਿੱਚ ਹੀ ਲਿਵ ਲੀਨ ਹੋ ਜਾਂਦੇ ਹਨ, ਤੇਰੇ ਵਿੱਚ ਹੀ ਸਮਾ ਜਾਂਦੇ ਹਨ।
ਕਬੀਰ ਜੀ ਬਹੁਤ ਉੱਚੀ ਅਵਸਥਾ ਵਿੱਚੋਂ ਕਹਿੰਦੇ ਹਨ ਕਿ ਮੈਂ ਤੈਨੂੰ ਯਾਦ ਕਰਦੇ ਕਰਦੇ ਆਪਣੇ ਆਪ ਨੂੰ ਮਿਟਾ ਲਿਆ ਹੁਣ ਮੈਨੂੰ ਤੇਰੇ ਤੋਂ ਬਿਨ੍ਹਾਂ ਹੋਰ ਕੋਈ ਨਹੀਂ ਦਿੱਸਦਾ; ਕੋਈ ਵੀ ਪਰਾਇਆ ਨਹੀਂ ਲੱਗਦਾ ‘‘ਕਬੀਰ ਤੂੰ ਤੂੰ ਕਰਤਾ ਤੂ ਹੂਆ ; ਮੁਝ ਮਹਿ ਰਹਾ ਨ ਹੂੰ ॥ ਜਬ ਆਪਾ ਪਰ ਕਾ ਮਿਟਿ ਗਇਆ; ਜਤ ਦੇਖਉ ਤਤ ਤੂ ॥’’ (ਕਬੀਰ ਜੀ/੩੭੫) ਯਾਨੀ ਮੈ ਆਪਣਾ ਆਪ ਮਿਟਾ ਲਿਆ ਹੁਣ ਜਿੱਧਰ ਵੀ ਵੇਖਦਾ ਹਾਂ ਮੈਨੂੰ ਤੂੰ ਹੀ ਚਾਰੋਂ ਤਰਫ਼ ਨਜ਼ਰ ਆਉਂਦਾ ਹੈਂ।
‘ਜਪੁ’ ਬਾਣੀ ਵਿੱਚ ਗੁਰੂ ਨਾਨਕ ਪਾਤਿਸ਼ਾਹ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਗੰਗਾ, ਜਮਨਾ ਆਦਿ ਨਦੀਆਂ, ਨਹਿਰਾਂ ਦਾ ਪਾਣੀ; ਸਮੁੰਦਰ ਵਿੱਚ ਜਾ ਕੇ ਸਮੁੰਦਰ ਹੀ ਬਣ ਜਾਂਦਾ ਹੈ, ਫਿਰ ਉਸ ਪਾਣੀ ਨੂੰ ਸਮੁੰਦਰ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ; ਉਸੇ ਤਰ੍ਹਾਂ ਤੂੰ-ਤੂੰ ਕਰਦਾ ਮਨੁੱਖ ਵੀ ਤੇਰਾ ਹੀ ਰੂਪ ਹੋ ਗਿਆ; ਉਸ ਦਾ ਆਪਣਾ ਕੋਈ ਵਜੂਦ ਨਾ ਰਿਹਾ ‘‘ਸਾਲਾਹੀ ਸਾਲਾਹਿ; ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥੨੩॥’’ (ਜਪੁ)
ਇੱਕ ਮੱਛੀ ਸਮੁੰਦਰ ਵਿੱਚ ਰਹਿੰਦੀ ਹੋਈ ਸਮੁੰਦਰ ਦੀ ਲੰਬਾਈ, ਚੌੜਾਈ ਜਾਂ ਗਹਿਰਾਈ ਬਾਰੇ ਨਹੀਂ ਦੱਸ ਸਕਦੀ ਉਸੇ ਹੀ ਤਰ੍ਹਾਂ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਮਨੁੱਖ ਪਰਮਾਤਮਾ ਦੇ ਆਕਾਰ ਬਾਰੇ ਕੋਈ ਵਖਿਆਨ ਨਹੀਂ ਕਰ ਸਕਦਾ; ਕੇਵਲ ਉਸ ਦਾ ਰੂਪ ਹੋ ਸਕਦਾ ਹੈ, ਉਸ ਦੀ ਬੇਅੰਤਤਾ ਦਾ ਅੰਤ ਨਹੀਂ ਪਾ ਸਕਦਾ। ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੂੰਜੀ ਆਖਿਆ ਜਾਂਦਾ ਹੈ। ਇਸ ਵਿਸ਼ੇ ਦੇ ਸੰਬੰਧ ਵਿੱਚ ਉਨ੍ਹਾਂ ਨੇ ਬਹੁਤ ਹੀ ਸੋਹਣੇ ਢੰਗ ਨਾਲ ਆਪਣੀ 22ਵੀਂ ਵਾਰ ਦੀ ਤੀਜੀ ਪਉੜੀ ਵਿੱਚ ਵਿਆਖਿਆ ਕੀਤੀ ਹੈ; ਜਿਵੇਂ ਕਿ ‘‘ਓੜਕੁ ਓੜਕੁ ਭਾਲਿ; ਨ ਓੜਕੁ ਪਾਇਆ। ਓੜਕ ਭਾਲਣਿ ਗਏ; ਸਿ ਫੇਰ ਨ ਆਇਆ। ਓੜਕ ਲਖ ਕਰੋੜ; ਭਰਮਿ ਭੁਲਾਇਆ। ਆਦੁ ਵਡਾ ਵਿਸਮਾਦੁ, ਨ ਅੰਤੁ ਸੁਣਾਇਆ।’’ (ਭਾਈ ਗੁਰਦਾਸ ਜੀ/ਵਾਰ ੨੨ ਪਉੜੀ ੩) ਓੜਕ ਦਾ ਅਰਥ ਹੈ ‘ਅੰਤ’। ਉਸ ਵਾਹਿਗੁਰੂ ਦਾ ਆਦਿ ਅੰਤ ਲੱਭਣ ਵਾਲਿਆਂ ਨੇ ਉਸ ਦਾ ਅੰਤ ਨਹੀਂ ਲੱਭਿਆ। ਇਹ ਬਚਨ ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਜਪੁ’ ਬਾਣੀ ਦੀ 16ਵੀਂ ਪਉੜੀ ਵਿੱਚ ਦਰਜ ਬਚਨਾਂ ਨਾਲ ਹੂਬਹੂ ਮਿਲਦੇ ਹਨ। ਜਿੱਥੇ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਪਰਮਾਤਮਾ ਨੇ ਆਪਣੇ ਹੁਕਮ ਵਿੱਚ ਸਾਰਾ ਸੰਸਾਰ ਬਣਾਇਆ ਹੈ; ਇਹ ਸਾਰੀ ਖੇਡ ਬਣਾਈ ਹੈ; ਉਸ ਤੋਂ ਹੀ ਜ਼ਿੰਦਗੀ ਰੌ ਰੂਪ ਸਾਰੇ ਦਰਿਆ ਬਣੇ ਹਨ; ਜੀਵਨ ਬਣਿਆ ਹੈ ‘‘ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ ਲਖ ਦਰੀਆਉ ॥’’ ਨਾਲ ਹੀ ਗੁਰੂ ਨਾਨਕ ਪਾਤਿਸ਼ਾਹ ਜੀ ਕਹਿ ਰਹੇ ਹਨ ਕਿ ਹੇ ਪ੍ਰਭੂ ! ਤੇਰੇ ਇਸ ਪਸਾਰੇ ਨੂੰ ਬਿਆਨ ਕਰਨ ਦੀ ਮੇਰੇ ’ਚ ਕੋਈ ਸਮਰੱਥਾ ਨਹੀਂ ਹੈ ‘‘ਕੁਦਰਤਿ ਕਵਣ ? ਕਹਾ ਵੀਚਾਰੁ ॥ ਵਾਰਿਆ ਨ ਜਾਵਾ; ਏਕ ਵਾਰ ॥ ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ; ਨਿਰੰਕਾਰ ! ॥੧੬॥’’ (ਜਪੁ) ਗੁਰੂ ਨਾਨਕ ਪਾਤਿਸ਼ਾਹ ਜੀ ਆਪਣੇ ਆਪ ’ਤੇ ਗੱਲ ਲਿਆ ਕੇ ਕਹਿ ਰਹੇ ਹਨ ਕਿ ਹੇ ਨਿਰਾਕਾਰ ! ਮੈ ਤਾਂ ਇੱਕ ਵਾਰ ਵੀ ਤੇਰੀ ਕੁਦਰਤਿ ਤੋਂ ਬਲਿਹਾਰ ਨਹੀਂ ਜਾ ਸਕਦਾ। ਜੋ ਤੁਸੀਂ ਬਣਾ ਰਹੇ ਹੋ, ਵਿਗਾੜ ਰਹੇ ਹੋ ਯਾਨੀ ਤੇਰੇ ਕੀਤੇ ਉੱਤੇ ਮੈ ਕਿੰਤੂ ਪ੍ਰੰਤੂ ਨਹੀਂ ਕਰ ਸਕਦਾ। ਇਹ ਬਚਨ ਸਤਿਗਰੁੂ ਜੀ ਨੇ ਅਗਲੀ 17ਵੀਂ ਪਉੜੀ ਵਿੱਚ ਵੀ ਕਿਹਾ ਹੈ। 18ਵੀਂ ਪਉੜੀ ਵਿੱਚ ਕਹਿ ਰਹੇ ਹਨ ਕਿ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਮੈ ਨਿਮਾਣਾ ਜਿਹਾ ਜੀਵ ਕੀ ਕਰ ਸਕਦਾ ਹਾਂ। ਇਹ ਗੁਰਮੁਖਤਾ ਦੀ ਅੱਤ ਹੈ ‘‘ਨਾਨਕੁ ਨੀਚੁ ਕਹੈ ਵੀਚਾਰੁ ॥ ਵਾਰਿਆ ਨ ਜਾਵਾ; ਏਕ ਵਾਰ ॥ ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ; ਨਿਰੰਕਾਰ ॥੧੮॥’’ (ਜਪੁ)
ਭਾਈ ਗੁਰਦਾਸ ਜੀ ਵੀ ਇਹੀ ਕਹਿ ਰਹੇ ਹਨ ਕਿ ‘‘ਆਦੁ ਵਡਾ ਵਿਸਮਾਦੁ, ਨ ਅੰਤੁ ਸੁਣਾਇਆ। ਹਾਥਿ ਨ ਪਾਰਾਵਾਰੁ, ਲਹਰੀ ਛਾਇਆ। ਇਕੁ ਕਵਾਉ ਪਸਾਉ, ਨ ਅਲਖੁ ਲਖਾਇਆ। ਕਾਦਰ ਨੋ ਕੁਰਬਾਣੁ, ਕੁਦਰਤਿ ਮਾਇਆ। ਆਪੇ ਜਾਣੈ ਆਪੁ, ਗੁਰ ਸਮਝਾਇਆ ॥੩॥’’ (ਭਾਈ ਗੁਰਦਾਸ ਜੀ/ਵਾਰ ੨੨ ਪਉੜੀ ੩) ਯਾਨੀ ਹੇ ਗੁਣਾਂ ਦੇ ਖ਼ਜ਼ਾਨੇ ਵਾਹਿਗੁਰੂ ! ਨਾ ਤਾਂ ਕੋਈ ਤੇਰੇ ਗੁਣਾਂ ਦੀ ਡੂੰਘਾਈ ਲੱਭ ਸਕਦਾ ਹੈ ਅਤੇ ਨਾ ਹੀ ਕੋਈ ਤੇਰਾ ਸਿਰਾ-ਬੰਨਾ ਲੱਭ ਸਕਦਾ ਹੈ, ਪਰ ਜੋ ਤੇਰੇ ਅੰਦਰ ਲਹਿਰਾਂ ਛਾਈਆਂ ਹੋਈਆਂ ਹਨ, ਉਹਨਾਂ ਨੂੰ ਦੇਖ ਕੇ ਕਹਿ ਸਕਦੇ ਹਾਂ ਕਿ ਕਿੰਨਾ ਵਿਸ਼ਾਲ ਸਮੁੰਦਰ ਹੈ। ਜਿਸ ਨੂੰ ਲਖਿਆ ਨਹੀਂ ਜਾ ਸਕਦਾ। ਕੁਦਰਤਿ ਨੂੰ ਰਚਨ ਵਾਲੇ ਕਾਦਰ ਤੋਂ ਮੈਂ ਬਲਿਹਾਰ ਜਾਂਦਾ ਹਾਂ, ਜਿਸ ਨੇ ਕੁਦਰਤਿ ਵਿੱਚ ਮਾਇਆ ਬਣਾਈ ਹੈ। ਭਾਈ ਗੁਰਦਾਸ ਜੀ ਕਹਿ ਰਹੇ ਹਨ ਕਿ ਸਤਿਗੁਰੂ ਜੀ ਨੇ ਮੈਨੂੰ ਸਮਝਾ ਦਿੱਤਾ ਕਿ ਜੋ ਵੀ ਤੇਰੇ ਕੌਤਕ ਤੂੰ ਕਰ ਰਿਹਾ ਹੈਂ, ਉਹਨ੍ਹਾਂ ਬਾਰੇ ਕੇਵਲ ਤੂੰ ਹੀ ਜਾਣਦਾ ਹੈਂ।
ਵਿਚਾਰ ਅਧੀਨ ਸ਼ਬਦ ਦਾ ਦੂਜਾ ਬੰਦ ਹੈ ‘‘ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ ਸਭ ਕੀਮਤਿ ਮਿਲਿ ਕੀਮਤਿ ਪਾਈ ॥ ਗਿਆਨੀ ਧਿਆਨੀ ਗੁਰ ਗੁਰਹਾਈ ॥ ਕਹਣੁ ਨ ਜਾਈ; ਤੇਰੀ ਤਿਲੁ ਵਡਿਆਈ ॥੨॥’’ ‘ਸੁਰਤੀ’ ਹੁੰਦੇ ਹਨ ਜਿਨ੍ਹਾਂ ਦੀ ਸੁਰਤਿ ਬਹੁਤ ਉੱਚੀ ਹੋ ਜਾਂਦੀ ਹੈ। ਜਿਹਨਾਂ ਦੀ ਮਾਨਸਿਕ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ। ਉਨ੍ਹਾਂ ਦੀ ਸੁਰਤਿ ਪ੍ਰਭੂ ਦੇ ਚਰਨਾਂ ’ਚ ਜੁੜੀ ਰਹਿੰਦੀ ਹੈ। ਜਿਹਨਾਂ ਕੋਲ ਬਹੁਤ ਗਿਆਨ ਹੁੰਦਾ ਹੈ, ਸਮਝ ਹੁੰਦੀ ਹੈ। ਗੁਰੂ ਨਾਨਕ ਸਾਹਿਬ ਇਨ੍ਹਾਂ ਪੰਕਤੀਆਂ ਵਿੱਚ ਸਮਝਾ ਰਹੇ ਹਨ ਕਿ ਸਾਰੇ ਹੀ ਸੁਰਤੀਵਾਨਾਂ ਨੇ ਮਿਲ ਕੇ ਪਰਮਾਤਮਾ ਦੀ ਗਹਿਰ-ਗੰਭੀਰਤਾ ਅਤੇ ਗੁਣਾਂ ਦੀ ਕੀਮਤ ਪਾਉਣ ਦੀ ਕੋਸ਼ਿਸ਼ ਕੀਤੀ; ਸਾਰਿਆਂ ਨੇ ਅੰਦਾਜ਼ੇ ਲਗਾਏ, ਆਪਣੀ-ਆਪਣੀ ਰਾਇ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਉਹਨਾਂ ਉੱਘੇ ਗਿਆਨੀਆਂ ਅਤੇ ਧਿਆਨੀਆਂ ਨੇ ਮਿਲ ਕੇ ਪ੍ਰਭੂ ਦੀ ਕੀਮਤ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੰਤ ਇਹ ਕਹਿ ਉੱਠੇ ਕਿ ‘‘ਕਹਣੁ ਨ ਜਾਈ; ਤੇਰੀ ਤਿਲੁ ਵਡਿਆਈ॥’’ ਹੇ ਪਰਮਾਤਮਾ ! ਤੇਰੀ ਤਿਲ-ਮਾਤਰ ਵਡਿਆਈ ਵੀ ਨਹੀਂ ਕਹੀ ਜਾ ਸਕਦੀ। ਹੇ ਭਾਈ ! ਜਿਨ੍ਹਾਂ ਸਿਆਣੇ ਸੂਝਵਾਨਾਂ ਗਿਆਨੀਆਂ ਧਿਆਨੀਆਂ ਨੂੰ ੴ ਮਾਲਕ ਨੇ ਵਡਿਆਈਆਂ ਬਖ਼ਸ਼ੀਆਂ ਹਨ ਉਹ ਕਿਵੇਂ ਉਸ ਅਕਾਲ ਪੁਰਖ ਦੀ ਪੂਰਨ ਵਡਿਆਈ ਕਰ ਸਕਦੇ ਹਨ ?
‘‘ਸਭਿ ਸਤ ਸਭਿ ਤਪ; ਸਭਿ ਚੰਗਿਆਈਆ ॥ ਸਿਧਾ ਪੁਰਖਾ ਕੀਆ ਵਡਿਆਈਆ ॥ ਤੁਧੁ ਵਿਣੁ; ਸਿਧੀ ਕਿਨੈ ਨ ਪਾਈਆ ॥ ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥’’ ਸਾਰੇ ਹੀ ਸਤੀਆਂ, ਸਾਰੇ ਤਪੀਆਂ ਦੀਆਂ ਚੰਗਿਆਈਆਂ ਭਾਵ ਕੀਤੇ ਹੋਏ ਚੰਗੇ ਕੰਮ, ਕਮਾਏ ਹੋਏ ਚੰਗੇ ਗੁਣ, ਸਿੱਧਾਂ (ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕਰ ਲਈਆਂ ਹਨ) ਪੁਰਖਾਂ ਦੀਆਂ ਵਡਿਆਈਆਂ ਨੂੰ ਮਿਲਾ ਕੇ ਵੀ ਤੇਰੀ ਵਡਿਆਈ ਦਾ ਤਿਲ-ਮਾਤਰ ਵੀ ਨਹੀਂ ਬਣਦਾ। ਇੱਥੇ ਸਵਾਲ ਹੈ ਕਿ ਸਾਰੇ ਸਤੀਆਂ ਦੀਆਂ, ਸਾਰੇ ਤਪੀਆਂ ਦੀਆਂ, ਸਾਰੇ ਸਿੱਧਾਂ ਪੁਰਖਾਂ ਦੀਆਂ ਵਡਿਆਈਆਂ ਕੀ ਹਨ ?
ਜਵਾਬ ਹੈ : ਉਹਨਾਂ ਦੀਆਂ ਵਡਿਆਈਆਂ ਹਨ ਜੋ ਪਰਮਾਤਮਾ ਦੇ ਕਰਮ ਨਾਲ਼, ਮਿਹਰ ਦੀ ਨਦਰ ਨਾਲ ਉਹਨਾਂ ਨੂੰ ਪ੍ਰਾਪਤ ਹੋਈਆਂ ਹਨ। ਕਿਸੇ ਦੀ ਆਪਣੀ ਪਾਇਆਂ ਨਹੀਂ ਕੋਈ ਸਫਲਤਾ ਪਾ ਲੈਂਦਾ। ਜਿਨ੍ਹਾਂ ’ਤੇ ਪਰਮਾਤਮਾ ਦੀ ਬਖ਼ਸ਼ਿਸ਼ ਹੁੰਦੀ ਹੈ ਉਹਨਾਂ ਦੇ ਧਰਮ ਦੇ ਰਸਤੇ ਵਿੱਚ ਕਦੇ ਰੁਕਾਵਟ ਨਹੀਂ ਆਉਂਦੀ; ਉਹਨਾਂ ਨੂੰ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ; ਉਹਨਾਂ ਦੀਆਂ ਚੰਗਿਆਈਆਂ ਪੱਕੀਆਂ ਹੋ ਜਾਂਦੀਆਂ ਹਨ।
ਭਾਈ ਗੁਰਦਾਸ ਜੀ ਆਪਣੀ 22ਵੀਂ ਵਾਰ ਦੀ 15ਵੀਂ ਪਉੜੀ ’ਚ ਪਰਮਾਤਮਾ ਦੇ ਵਡੱਪਣ ਬਾਰੇ ਆਖਦੇ ਹਨ ‘‘ਕਾਦਰ ਨੋ ਕੁਰਬਾਣੁ; ਕੀਮ ਨ ਜਾਣੀਐ। ਕੇਵਡੁ ਵਡਾ ਹਾਣੁ; ਆਖਿ ਵਖਾਣੀਐ।’’ ਕੁਦਰਤਿ ਦੇ ਕਾਦਰ ਦੀ ਵਡਿਆਈ ਕਹੀ ਨਹੀਂ ਜਾ ਸਕਦੀ; ਕੇਵਲ ਉਸ ਤੋਂ ਕੁਰਬਾਨ ਜਾਇਆ ਜਾ ਸਕਦਾ ਹੈ। ਉਸ ਦੇ ਰੂਪ, ਰੰਗ, ਆਕਾਰ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਭਾਈ ਸਾਹਿਬ ਜੀ ਅੱਗੇ ਆਖਦੇ ਹਨ ‘‘ਕੇਵਡੁ ਆਖਾ ਤਾਣੁ; ਮਾਣੁ ਨਿਮਾਣੀਐ। ਲਖ ਜਿਮੀ ਅਸਮਾਣ; ਤਿਲੁ ਨ ਤੁਲਾਣੀਐ।’’ ਉਸ ਦਾ ਜੋਰ ਕਿੰਨਾ ਵੱਡਾ ਹੈ, ਇਹ ਵੀ ਨਹੀਂ ਦੱਸਿਆ ਜਾ ਸਕਦਾ। ਸਾਰਿਆਂ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਪਰਮਾਤਮਾ ਹੈ। ‘‘ਸਿਧਾ ਪੁਰਖਾ ਕੀਆ ਵਡਿਆਈਆ ॥ ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥’’ ਯਾਨੀ ਸਾਰੇ ਨਿਮਾਣੇ ਹਨ ਕਿਉਂਕਿ ਉਸ ਕਾਦਰ ਦੀ ਕੁਦਰਤਿ ਬਾਰੇ ‘‘ਕੁਦਰਤਿ ਲਖ ਜਹਾਨੁ; ਹੋਇ ਹੈਰਾਣੀਐ। ਸੁਲਤਾਨਾ ਸੁਲਤਾਨ; ਹੁਕਮੁ ਨੀਸਾਣੀਐ। ਲਖ ਸਾਇਰ ਨੈਸਾਣ; ਬੂੰਦ ਸਮਾਣੀਐ।’’ ਲੱਖਾਂ ਧਰਤੀਆਂ, ਲੱਖਾਂ ਅਕਾਸ਼ ਯਾਨੀ ‘‘ਧਰਤੀ ਹੋਰੁ ਪਰੈ ਹੋਰੁ ਹੋਰੁ॥’’, ਇਹ ਸਾਰੇ ਜੇਕਰ ਮਿਲ ਵੀ ਜਾਣ ਤਾਂ ਵੀ ਉਸ ਦੀਆਂ ਵਡਿਆਈਆਂ ਨਾਲ਼ ਇਨ੍ਹਾਂ ਸਭ ਨੂੰ ਤੋਲਿਆ ਨਹੀਂ ਜਾ ਸਕਦਾ। ਅਸੀਂ ਉਸ ਦੀ ਕੁਦਰਤ ਦੇਖ ਕੇ ਕੇਵਲ ਹੈਰਾਨ ਹੀ ਹੋ ਸਕਦੇ ਹਾਂ। ਉਹ ਪੂਰੀ ਕਾਇਨਾਤ ’ਤੇ ਆਪਣਾ ਹੁਕਮ ਚਲਾ ਰਿਹਾ ਹੈ। ਭਾਈ ਸਾਹਿਬ ਜੀ ਨੇ ਕਿਹਾ ਹੈ ‘‘ਲਖ ਸਾਇਰ ਨੈਸਾਣ’’। ਸਾਇਰ ਕੀ ਹੁੰਦਾ ਹੈ। ਇਹ ਸਮਝਣਾ ਜ਼ਰੂਰੀ ਹੈ।
ਗੁਰਬਾਣੀ ਵਿੱਚ ‘ਸਾਇਰ’ ਹੀ ਲਿਖਿਆ ਹੁੰਦਾ ਹੈ, ਪਰ ਜਿੱਥੇ ‘‘ਨਾਨਕੁ ਸਾਇਰੁ ਏਵ ਕਹਤੁ ਹੈ’’ ਲਿਖਿਆ ਹੈ ਓਥੇ ‘ਸ਼ਾਇਰ’ ਪੜ੍ਹਨਾ ਹੈ ਕਿਉਂਕਿ ਅਰਥ ਹੈ ‘ਕਵੀ’ ਅਤੇ ਜਿੱਥੇ ਇਸ ਦਾ ਅਰਥ ਸਮੁੰਦਰ ਹੋਵੇ ਓਥੇ ‘ਸਾਇਰ’ ਹੀ ਪੜ੍ਹਨਾ ਹੈ। ਜਿਵੇਂ ਲਿਖਿਆ ਹੈ ‘‘ਸਾਇਰ ਸਪਤ ਭਰੇ ਜਲ ਨਿਰਮਲਿ; ਉਲਟੀ ਨਾਵ ਤਰਾਵੈ ॥’’ (ਮਹਲਾ ੧/੧੩੩੨)
ਭਾਈ ਸਾਹਿਬ ਕਹਿੰਦੇ ਹਨ ਕਿ ਪਰਮਾਤਮਾ ਦੀ ਤੁਲਨਾ ਵਿੱਚ ਲੱਖਾਂ ਸਮੁੰਦਰਾਂ ਦਾ ਪਾਣੀ ਵੀ ਬੂੰਦ-ਮਾਤਰ ਹੀ ਹੈ। ਅੰਤ ’ਚ ਕਮਾਲ ਦੀ ਗੱਲ ਕਰਦੇ ਹਨ ‘‘ਕੂੜ ਅਖਾਣ ਵਖਾਣ; ਅਕਥ ਕਹਾਣੀਐ ॥’’ ਅਕੱਥ ਦੀ ਕਥਾ ਕਹਿਣ ਵਾਲੇ ਜਿੰਨਾ ਵੀ ਵਖਿਆਨ ਕਰ ਲੈਣ, ਉਹਨਾਂ ਦਾ ਵਖਿਆਨ ਕਰਨਾ ਕੂੜ ਮਾਤਰ ਹੀ ਹੈ।
ਗੁਰੂ ਨਾਨਕ ਸਾਹਿਬ ਜੀ ਵੀ ਆਪਣੇ ਸ਼ਬਦ ਦੇ ਅੰਤ ’ਚ ਅਤਿ ਦੀ ਨਿਮਰਤਾ ਦਾ ਜ਼ਿਕਰ ਕਰਦੇ ਹਨ ‘‘ਆਖਣ ਵਾਲਾ ਕਿਆ ਵੇਚਾਰਾ ॥’’ ਆਖਣ ਵਾਲੇ ਕੀ ਹਸਤੀ ਹੈ ਕਿਉਂਕਿ ਤੇਰੇ ‘‘ਸਿਫਤੀ ਭਰੇ ਤੇਰੇ ਭੰਡਾਰਾ ॥’’ ਤੇਰੀਆਂ ਸਿਫ਼ਤਾਂ ਦੇ ਭੰਡਾਰ ਭਰੇ ਪਏ ਹਨ ਉਨ੍ਹਾਂ ਦੀਆਂ ਸਾਰੀਆਂ ਸਿਫ਼ਤਾਂ ਕੋਈ ਕਰ ਹੀ ਨਹੀਂ ਸਕਦਾ, ਪਰ ਹਾਂ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਅਤੇ ਅਸੀਂ ਉਸ ਦੇ ਗੁਣਾਂ ਨੂੰ ‘‘ਖਾਵਹਿ ਖਰਚਹਿ; ਰਲਿ ਮਿਲਿ ਭਾਈ ! ॥ ਤੋਟਿ ਨ ਆਵੈ; ਵਧਦੋ ਜਾਈ ॥’’ (ਮਹਲਾ ੫/੧੮੬) ਅਸੀਂ ਉਹਦੇ ਗੁਣਾਂ ਨੂੰ ਮਿਲ ਜੁਲ ਕੇ ਵੰਡ ਸਕਦੇ ਹਾਂ। ਇਹ ਉਹ ਖ਼ਜ਼ਾਨਾ ਹੈ ਕਿ ਜਿਨ੍ਹਾਂ ਇਸ ਨੂੰ ਵੰਡਿਆ ਜਾਵੇ, ਭੁੰਚਿਆ ਜਾਵੇ, ਖਾਧਾ ਜਾਵੇ ਇਹ ਵਧਦਾ ਹੀ ਰਹਿੰਦਾ ਹੈ। ਅਸੀਂ ਧਨਵੰਤ ਹਾਂ, ਬੜੇ ਅਮੀਰ ਹਾਂ। ਖ਼ਾਲਸੇ ਦਾ ਵਿਰਸਾ ਬੜਾ ਅਮੀਰ ਹੈ। ਇਹਨਾਂ ਗੁਣਾਂ ਦੀ ਗਾਹ ਕਰਨ ਵਾਲੇ ਧਨਵੰਤ ਹਨ ‘‘ਹਮ ਧਨਵੰਤ ਭਾਗਠ ਸਚ ਨਾਇ ॥ ਹਰਿ ਗੁਣ ਗਾਵਹ; ਸਹਜਿ ਸੁਭਾਇ ॥੧॥ ਰਹਾਉ ॥’’ (ਮਹਲਾ ੫/੧੮੫) ਅਸੀਂ ਬਹੁਤ ਅਮੀਰ ਹਾਂ, ਭਾਗਾਂ ਵਾਲੇ ਹਾਂ ਜੋ ਧਨਵੰਤ ਬਣ ਨਾਮ ਜਪਦੇ-ਜਪਦੇ ਉਸ ਵਿੱਚ ਲੀਨ ਹੋ ਕੇ ਉਸ ਦਾ ਰੂਪ ਹੋ ਜਾਂਦੇ ਹਾਂ।
‘‘ਸੁਣਿਐ; ਸਰਾ ਗੁਣਾ ਕੇ ਗਾਹ ॥’’ ਕਿਵੇਂ ਹੋਈਦਾ ਹੈ। ਜਵਾਬ ਹੈ ‘‘ਹਰਿ ਗੁਣ ਗਾਵਹ; ਸਹਜਿ ਸੁਭਾਇ ॥’’ ਇੱਥੇ ਸਹਜਿ ਦੇ ‘ਜ’ ਨੂੰ ਸਿਹਾਰੀ ਹੈ, ਜਿਸ ਦਾ ਅਰਥ ਹੈ ‘ਸਹਿਜ ਵਿੱਚ, ਅਡੋਲਤਾ ਵਿੱਚ’ ਯਾਨੀ ਜਿਹਨਾਂ ਨੇ ਹਰੀ ਦੇ ਗੁਣ ਸਹਿਜ ਅਵਸਥਾ ਵਿੱਚ ਆ ਕੇ ਗਾਉਣੇ ਸ਼ੁਰੂ ਕੀਤੇ ਹਨ, ਉਹਨਾਂ ਦੇ ਰਸਤੇ ਵਿੱਚ ਭਾਵੇਂ ਕਿੰਨੀਆਂ ਵੀ ਔਕੁੜਾਂ ਆ ਜਾਣ, ਉਹਨਾਂ ਦੇ ਮਨ ਸਹਿਜ ਅਵਸਥਾ ਵਿੱਚ ਟਿਕੇ ਰਹਿੰਦੇ ਹਨ।
ਸੋ ਜਿਹੜੇ ਗੁਰਸਿੱਖਾਂ ਨੇ ‘‘ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ; ਭਇਆ ਨਿਧਾਨਾ ॥’’ (ਮਹਲਾ ੫/੧੮੬) ਜਿਹੜੇ ਗੁਰਸਿੱਖਾਂ ਨੇ ਆਪਣੇ ਪਿਉ-ਦਾਦੇ ਦੇ ਦਿੱਤੇ ਹੋਏ ਗੁਰਬਾਣੀ ਰੂਪੀ ਖ਼ਜ਼ਾਨੇ ਨੂੰ ਖੋਲ੍ਹ ਕੇ ਡਿੱਠਾ ਭਾਵ ਪੜ੍ਹ ਕੇ ਵਿਚਾਰਿਆ ਹੈ, ਉਹ ਧਨਵੰਤ ਹੋ ਗਏ ਹਨ। ਜਿਨ੍ਹਾਂ ਨੇ ਇਹ ਕੰਮ ਹਾਲੇ ਤੱਕ ਨਹੀਂ ਕੀਤਾ ਉਹ ਭਿਖਾਰੀਆਂ ਵਾਂਗ ਥਾਂ-ਥਾਂ ’ਤੇ ਧੱਕੇ ਖਾਂਦੇ ਪਏ ਹਨ।
‘‘ਖੋਲਿ ਡਿਠਾ ਖਜਾਨਾ’’ ਦਾ ਮਤਲਬ ਹੈ ਜਿਨ੍ਹਾਂ ਨੇ ਆਪ ਗੁਰਬਾਣੀ ਨੂੰ ਪੜ੍ਹਿਆ, ਵਿਚਾਰਿਆ; ਅਸੀਂ ਅਖੰਡ-ਪਾਠ ਤਾਂ ਬਹੁਤ ਕਰਾਏ ਹਨ। ਸੁਖਮਨੀ ਸਾਹਿਬ ਦੇ ਅਣਗਿਣਤ ਪਾਠ ਵੀ ਕਰਾਏ ਹਨ। ਮਹਿੰਗੇ ਚੰਦੋਏ ਅਤੇ ਰੁਮਾਲੇ ਵੀ ਬਹੁਤ ਚੜ੍ਹਾਏ ਹਨ ਪਰ ਆਪ ਇਸ ਨੂੰ ਖੋਲ੍ਹ ਕੇ ਯਾਨੀ ਇੱਕ ਵਾਰ ਵੀ ਇਸ ਖ਼ਜ਼ਾਨੇ ਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੀਆਂ ਅੱਖਾਂ ਨਾਲ਼ ਦਰਸ਼ਨ ਕੀਤੇ ਹਨ। ਮੈਨੂੰ ਨਹੀਂ ਪਤਾ ਕਿ ਪੂਰੀ ਦੁਨੀਆਂ ’ਚ ਕਿੰਨੇ ਪ੍ਰਤੀਸ਼ਤ ਸਿੱਖ ਹਨ ਜਿਨਾਂ ਨੇ ਆਪ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਇੱਕ ਵਾਰੀ ਵੀ ਦਰਸ਼ਨ ਕੀਤੇ ਹੋਣ। ਪੰਜਵੇਂ ਪਾਤਿਸ਼ਾਹ ਕਹਿੰਦੇ ਹਨ ਕਿ ਜਦੋਂ ‘‘ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥’’ ਤਾਂ, ਤਾਂ ਹੀ ‘‘ਤਾ ਮੇਰੈ ਮਨਿ; ਭਇਆ ਨਿਧਾਨਾ ॥’’ ਇੱਥੇ ‘ਮਨਿ’ ਦੇ ‘ਨ’ ਨੂੰ ਸਿਹਾਰੀ ਹੈ। ਜਿਸ ਦਾ ਅਰਥ ਹੈ ‘ਮੇਰੇ ਮਨ ਵਿੱਚ’ ਖ਼ਜ਼ਾਨਾ ਆ ਗਿਆ। ਇਸ ਖ਼ਜ਼ਾਨੇ ਦੇ ਬਰਾਬਰ ‘‘ਰਤਨ ਲਾਲ; ਜਾ ਕਾ ਕਛੂ ਨ ਮੋਲੁ ॥’’ (ਮਹਲਾ ੫/੧੮੬) ਯਾਨੀ ਰਤਨ ਲਾਲਾਂ ਦਾ ਵੀ ਤਿਲ ਮਾਤਰ ਮੁੱਲ ਨਹੀਂ ਹੈ। ਕੀ ਇਹ ਖ਼ਜ਼ਾਨਾ ਵੰਡਣ ਨਾਲ਼ ਖ਼ਤਮ ਹੋ ਜਾਏਗਾ। ਨਹੀਂ ਜੀ, ਇਹ ਆਪਾਂ ਸਾਰੇ ਰਲ ਮਿਲ ਕੇ ਖਾ ਰਹੇ ਹਾਂ ਅਤੇ ਵਧਦਾ ਜਾਂਦਾ ਹੈ ‘‘ਰਤਨ ਲਾਲ ਜਾ ਕਾ ਕਛੂ ਨ ਮੋਲੁ ॥ ਭਰੇ ਭੰਡਾਰ ਅਖੂਟ ਅਤੋਲ ॥੨॥ ਖਾਵਹਿ ਖਰਚਹਿ; ਰਲਿ ਮਿਲਿ ਭਾਈ ! ॥ ਤੋਟਿ ਨ ਆਵੈ; ਵਧਦੋ ਜਾਈ ॥੩॥’’ ਅੰਤ ’ਚ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਨ੍ਹਾਂ ਉੱਤੇ ਪਰਮਾਤਮਾ ਦੀ ਮਿਹਰ ਹੈ ਓਹੀ ਇਸ ਖ਼ਜ਼ਾਨੇ ਨੂੰ ਮਾਣ ਸਕਦੇ ਹਨ ‘‘ਨਾਨਕ ! ਜਿਸੁ ਮਸਤਕਿ ਲੇਖੁ ਲਿਖਾਇ ॥ ਸੁ ਏਤੁ ਖਜਾਨੈ; ਲਇਆ ਰਲਾਇ ॥੪॥’’
ਗੁਰਬਾਣੀ ਦਾ ਗਿਆਨ ਰੂਪੀ ਖ਼ਜ਼ਾਨਾ ਜਿਸ ਨੇ ਆਪਣੇ ਹਿਰਦੇ ਵਿੱਚ ਵਸਾ ਲਿਆ, ਫਿਰ ਉਸ ਲਈ ਹੀਰੇ, ਰਤਨ, ਲਾਲ ਦੀ ਵੀ ਕੋਈ ਕੀਮਤ ਨਹੀਂ ਭਾਵ ਗੁਰਬਾਣੀ ਦੇ ਮੁਕਾਬਲੇ ਇਹ ਰਤਨ ਆਦਿ ਬੇਕਾਰ ਹਨ। ਖ਼ਜ਼ਾਨੇ ਦੇ ਭਰੇ ਭੰਡਾਰਾਂ ਨੂੰ ਸਾਧ-ਸੰਗਤ ਵਿੱਚ ਬੈਠ ਕੇ ਵਿਚਾਰਨਾ ਹੀ ਉਸ ਨੂੰ ਖਰਚਣਾ ਹੈ। ਜਿਸ ਉੱਪਰ ਪਰਮਾਤਮਾ ਦੀ ਕਿਰਪਾ ਹੈ, ਮਿਹਰ ਦੀ ਨਜ਼ਰ ਹੈ, ਓਹੀ ਇਸ ਖ਼ਜ਼ਾਨੇ ਨੂੰ ਖੋਲ੍ਹ ਕੇ ਖਰਚ ਸਕਦਾ ਹੈ। ਅਸੀਂ ਪਰਮਾਤਮਾ ਦੇ ਦਿੱਤੇ ਖ਼ਜ਼ਾਨੇ ਦੀ ਵਿਚਾਰ ਨਹੀਂ ਦੱਸ ਸਕਦੇ, ਕੇਵਲ ਉਸ ਨੂੰ ਖਾਣ ਅਤੇ ਖਰਚਣ ਭਾਵ ਪੜ੍ਹ ਕੇ ਵਿਚਾਰਨ ਵਿੱਚ ਹਿੱਸਾ ਪਾ ਸਕਦੇ ਹਾਂ। ਹੇ ਪਰਮਾਤਮਾ ਜੀ ! ਜਿਸ ਭਾਗਾਂ ਵਾਲੇ ਨੂੰ ਤੂੰ ਇਹ ਸਿਫਤ ਰੂਪੀ ਭੰਡਾਰਾ ਬਖ਼ਸ਼ ਦਿੰਦਾ ਹੈਂ ਫਿਰ ਉਸ ਦੇ ਜੀਵਨ ’ਚ ਹੋਰ ਕੋਈ ਰੁਕਾਵਟ ਨਹੀਂ ਪਾ ਸਕਦਾ ‘‘ਆਖਣ ਵਾਲਾ ਕਿਆ ਵੇਚਾਰਾ ॥ ਸਿਫਤੀ ਭਰੇ ਤੇਰੇ ਭੰਡਾਰਾ ॥ ਜਿਸੁ ਤੂ ਦੇਹਿ; ਤਿਸੈ ਕਿਆ ਚਾਰਾ ॥ ਨਾਨਕ ! ਸਚੁ ਸਵਾਰਣਹਾਰਾ ॥੪॥’’ ‘ਚਾਰਾ’ ਦਾ ਅਰਥ ਜੋਰ ਵੀ ਹੁੰਦਾ ਹੈ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਨੇ ਦੱਸਿਆ ਹੈ ਕਿ ‘‘ਜਿਸ ਠਾਕੁਰ ਸਿਉ ਨਾਹੀ ਚਾਰਾ॥’’ ਜਿਸ ਅੱਗੇ ਕੋਈ ਜੋਰ ਨਹੀਂ ਉਸ ਨੂੰ ਨਮਸਕਾਰ ਕਰਨੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਅੰਤ ’ਚ ਕਿਹਾ ‘‘ਨਾਨਕ ! ਸਚੁ ਸਵਾਰਣਹਾਰਾ ॥੪॥’’ ਇੱਥੇ ਨਾਨਕ ਦਾ ‘ਕ’ ਮੁਕਤਾ ਹੈ। ਇਸ ਦਾ ਅਰਥ ਹੈ ਹੇ ਨਾਨਕ ! ਉਸ ਦੇ ਜੀਵਨ ਨੂੰ ‘ਸਚੁ ਸਵਾਰਨਹਾਰਾ॥’’ ਪਰਮਾਤਮਾ ਮਿਹਰ ਦੀ ਨਜ਼ਰ ਨਾਲ਼ ਸੰਵਾਰ ਦਿੰਦਾ ਹੈ ਤਾਂ ਤੇ ‘‘ਤਾ ਕਉ ਕੀਜੈ ਸਦ ਨਮਸਕਾਰਾ ॥’’ (ਸੁਖਮਨੀ/ ਮਹਲਾ ੫/੨੬੮)
ਹੇ ਨਾਨਕ ! ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਵਾਰਣਹਾਰ ਹੈ। ਉਹਦੇ ਗੁਣਾਂ ਨੂੰ ਮਨ ਵਿੱਚ ਵਸਾਉਣਾ ਹੈ, ਵਿਵਹਾਰ ਵਿੱਚ, ਬਚਨਾਂ ਵਿੱਚ ਉਸ ਦੇ ਗੁਣ ਪ੍ਰਗਟ ਹੋਣੇ ਚਾਹੀਦੇ ਹਨ। ਉਸ ਦੀ ਕ੍ਰਿਪਾ ਨਾਲ ਬਚਨ ਮਿੱਠੇ ਹੋ ਜਾਣੇ ਹਨ। ਉਸ ਜੀਵ ਦਾ ਜੀਵਨ ਸੰਵਰ ਸਕਦਾ ਹੈ ਜੋ ਉਸ ਦੀਆਂ ਸਿਫਤਾਂ ਦੇ ਭੰਡਾਰ ਵਿੱਚ ਹਿੱਸਾ ਪਾਏਗਾ ‘‘ਨਾਨਕ ! ਸਚੁ ਸਵਾਰਣਹਾਰਾ ॥੪॥’’
ਇਸ ਪੂਰੇ ਸ਼ਬਦ ਵਿੱਚ ਗੁਰੂ ਜੀ ਨੇ ਸਮਝਾਇਆ ਹੈ ਕਿ ਪਰਮਾਤਮਾ ਦੇ ਗੁਣ ਬੇਅੰਤ ਹਨ, ਉਸ ਦੇ ਗੁਣਾਂ ਨੂੰ ਦੇਖਣ ਲਈ ਉਸ ਨੂੰ ਮਹਿਸੂਸ ਕਰਨਾ ਪਏਗਾ; ਉਸ ਨੂੰ ਆਪਣੇ ਹਿਰਦੇ-ਘਰ ਵਿੱਚ ਵਸਾਉਣਾ ਪਏਗਾ; ਤਾਂ ਉਸ ਦੀਆਂ ਵਡਿਆਈਆਂ ਪਤਾ ਲੱਗਣਗੀਆਂ। ਉਸ ਦੀਆਂ ਵਡਿਆਈਆਂ ਦੇਖਣ ਵਾਸਤੇ ਉਸ ਦੀ ਕੁਦਰਤਿ ’ਚ ਫਸਣਾ ਨਹੀਂ ਹੈ, ਕੁਰਬਾਨ ਜਾਣਾ ਹੈ। ਅਸੀਂ ਉਸ ਦੀ ਰਚੀ ਹੋਈ ਮਾਇਆ ਵਿੱਚ ਰਹਿੰਦੇ ਹੋਏ ਉਸ ਤੋਂ ਨਿਰਲੇਪ ਰਹਿਣਾ ਹੈ।
ਭਗਤ ਕਬੀਰ ਜੀ ਦਾ ਬਹੁਤ ਹੀ ਪਿਆਰਾ ਸ਼ਬਦ ਹੈ ‘‘ਚਚਾ; ਰਚਿਤ ਚਿਤ੍ਰ ਹੈ ਭਾਰੀ ॥ ਤਜਿ ਚਿਤ੍ਰੈ; ਚੇਤਹੁ ਚਿਤਕਾਰੀ ॥’’ (ਬਾਵਨ ਅਖਰੀ, ਕਬੀਰ ਜੀ/੩੪੦) ਪਰਮਾਤਮਾ ਦੁਆਰਾ ਰਚੀ ਹੋਈ ਸਾਰੀ ਰਚਨਾ ਬਹੁਤ ਵੱਡਾ ਚਿੱਤਰ ਹੈ, ਇਸ ਚਿੱਤਰ ਦੇ ਰਸ-ਕਸ ਵਿੱਚ ਫੱਸਣਾ ਨਹੀਂ। ਇਸ ਚਿੱਤਰ ਵਿੱਚ ਖਚਿਤ ਹੋਣ ਦੀ ਬਜਾਏ, ਇਸ ਦੇ ਚਿੱਤਰਕਾਰ ਭਾਵ ਪਰਮਾਤਮਾ ਨੂੰ ਵਡਿਆਉਣਾ ਹੈ; ਉਸ ਦੀ ਸਿਫਤ-ਸਾਲਾਹ ਕਰਨੀ ਹੈ। ਉਸ ਬੇਅੰਤ ਪਰਮਾਤਮਾ ਨੇ ਬਹੁਤ ਹੀ ਸੋਹਣੀਆਂ ਅਤੇ ਲੁਭਾਵਣੀਆਂ ਚੀਜ਼ਾਂ ਬਣਾਈਆਂ ਹਨ।
ਅਗਲੀ ਤੁੱਕ ਵਿੱਚ ਕਬੀਰ ਜੀ ਕਹਿੰਦੇ ਹਨ ਕਿ ਇਹ ਚਿੱਤਰ ਬਹੁਤ ਹੀ ਸੋਹਣਾ ਹੈ, ਬਚਿੱਤਰ ਹੈ; ਇਸ ਵਿੱਚ ਇੰਨੇ ਰਸ-ਕਸ ਹਨ ਕਿ ਜੀਵ ਇਹਨਾਂ ਵਿੱਚ ਫਸ ਜਾਂਦਾ ਹੈ। ਝਮੇਲਾ ਇਹੀ ਹੈ ਕਿ ਅਸੀਂ ਇਸ ਵਿੱਚ ਫਸੇ ਰਹਿੰਦੇ ਹਾਂ, ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ, ਪਰ ਹੇ ਜੀਵ ! ਤੂੰ ਉਸ ਨਾਲ ਮਨ ਜੋੜ, ਜਿਸ ਨੇ ਇਹ ਸਾਰਾ ਚਿੱਤਰ ਬਣਾਇਆ ਹੈ ‘‘ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥ ਤਜਿ ਚਿਤ੍ਰੈ; ਚਿਤੁ ਰਾਖਿ ਚਿਤੇਰਾ ॥੧੨॥’’
ਗੁਰੂ ਨਾਨਕ ਸਾਹਿਬ ਜੀ ਰਾਗ ਬਿਲਾਵਲ ਵਿੱਚ ਬਹੁਤ ਸੋਹਣਾ ਪਰਮਾਤਮਾ ਦੀਆਂ ਸਿਫ਼ਤਾਂ ਬਾਰੇ ਬਿਆਨ ਕਰਦੇ ਹਨ ਕਿ ‘‘ਤੂ ਸੁਲਤਾਨੁ; ਕਹਾ ਹਉ ਮੀਆ; ਤੇਰੀ ਕਵਨ ਵਡਾਈ ?॥ ਜੋ ਤੂ ਦੇਹਿ; ਸੁ ਕਹਾ ਸੁਆਮੀ ! ਮੈ ਮੂਰਖ ਕਹਣੁ ਨ ਜਾਈ ॥੧॥’’ (ਮਹਲਾ ੧/੭੯੫) ਯਾਨੀ ਹੇ ਪਾਤਸ਼ਾਹ ! ਤੂੰ ਸੁਲਤਾਨ ਹੈਂ, ਵੱਡਾ ਸ਼ਾਹਿ-ਸ਼ਹਿਨਸ਼ਾਹ ਹੈਂ, ਪਰ ਮੈ ਤੈਨੂੰ ਚੌਧਰੀ ਕਹਿ ਕੇ ਬੁਲਾਵਾਂ, ਇਹ ਤੇਰੀ ਕਾਹਦੀ ਵਡਿਆਈ ਹੋਈ ? ਤੂੰ ਜਿੰਨੀ ਮੈਨੂੰ ਸਮਰੱਥਾ ਦਿੱਤੀ ਹੈ ਉਸ ਦੇ ਮੁਤਾਬਕ ਹੀ ਮੈਂ ਕਹਿ ਰਿਹਾ ਹਾਂ; ਮੈਂ ਮੂਰਖ ਹਾਂ; ਤੇਰੀ ਮਿਹਰ ਤੋਂ ਬਿਨਾਂ ਮੈਂ ਤੇਰੀਆਂ ਵਡਿਆਈਆਂ ਨਹੀਂ ਕਹਿ ਸਕਦਾ। ਗੁਰੂ ਸਾਹਿਬ ਅੱਗੇ ਕਹਿੰਦੇ ਹਨ ਕਿ ‘‘ਤੇਰੇ ਗੁਣ ਗਾਵਾ; ਦੇਹਿ ਬੁਝਾਈ ॥ ਜੈਸੇ ਸਚ ਮਹਿ; ਰਹਉ ਰਜਾਈ ॥੧॥ ਰਹਾਉ ॥’’ ਹੇ ਪਾਤਸ਼ਾਹ ! ਮੈਨੂੰ ਸਮਝ ਬਖ਼ਸ਼ ਕਿ ਮੈਂ ਤੇਰੇ ਗੁਣ ਗਾ ਸਕਾਂ; ਤੇਰੇ ਵਿੱਚ ਲੀਨ ਹੋ ਸਕਾਂ; ਇਹ ਸਭ ਤੇਰੀ ਹੀ ਵਡਿਆਈ ਹੈ ‘‘ਆਖਣ ਵਾਲਾ ਕਿਆ ਵੇਚਾਰਾ ?॥ ਸਿਫਤੀ ਭਰੇ ਤੇਰੇ ਭੰਡਾਰਾ ॥ ਜਿਸੁ ਤੂ ਦੇਹਿ; ਤਿਸੈ ਕਿਆ ਚਾਰਾ ॥ ਨਾਨਕ ! ਸਚੁ ਸਵਾਰਣਹਾਰਾ ॥੪॥’’
ਜਦ ਭਗਤ ਕਬੀਰ ਜੀ ਨੇ ‘‘ਕਬੀਰ ! ਤੂੰ ਤੂੰ ਕਰਤਾ ਤੂ ਹੂਆ; ਮੁਝ ਮਹਿ ਰਹਾ ਨ ਹੂੰ ॥ ਜਬ ਆਪਾ ਪਰ ਕਾ ਮਿਟਿ ਗਇਆ; ਜਤ ਦੇਖਉ ਤਤ ਤੂ ॥’’ ਆਖਿਆ ਭਾਵ ਮੇਰੇ ਸਰੀਰ ਵਿੱਚ ਕੋਈ ਪਾਇਆਂ ਨਹੀਂ ਕਿ ਮੈਂ ਕੁਝ ਕਰ ਸਕਾਂ; ਨਾ ਹੀ ਕੀਤਾ ਹੈ; ਨਾ ਹੀ ਅੱਗੇ ਮੇਰੇ ਕੋਲੋਂ ਕੁਝ ਹੋਵੇਗਾ; ਜੋ ਵੀ ਕੀਤਾ ਤੂੰ ਹੀ ਕੀਤਾ ਤਾਂ ਫਿਰ ਲੋਕਾਂ ਨੇ ਕਬੀਰ ਜੀ ਨੂੰ ਵੀ ਵੱਡਾ ਕਹਿਣਾ ਸ਼ੁਰੂ ਕਰ ਦਿੱਤਾ ‘‘ਕਬੀਰ ਨਾ ਹਮ ਕੀਆ; ਨ ਕਰਹਿਗੇ; ਨਾ ਕਰਿ ਸਕੈ ਸਰੀਰੁ ॥ ਕਿਆ ਜਾਨਉ ਕਿਛੁ ਹਰਿ ਕੀਆ; ਭਇਓ ਕਬੀਰੁ ਕਬੀਰੁ ॥’’ (ਭਗਤ ਕਬੀਰ ਜੀ/੧੩੬੭) ਇੱਥੇ ਦੋ ਵਾਰ ਕਬੀਰ ਆਇਆ ਹੈ। ਪਹਿਲੇ ਕਬੀਰ ਦਾ ਅਰਥ ਹੈ ‘ਕਬੀਰ ਜੀ’ ਅਤੇ ਦੂਜੇ ‘ਕਬੀਰ’ ਦਾ ਅਰਥ ਹੈ ‘ਵੱਡਾ’।
ਹੇ ਪਾਤਸ਼ਾਹ ! ਜੋ ਵੀ ਹੋਇਆ ਤੇਰੇ ਤੋਂ ਹੋਇਆ ਹੈ; ਮੈਂ ਤੇਰਾ ਅੰਤ ਨਹੀਂ ਜਾਣ ਸਕਦਾ, ਮੈਂ ਅੰਨ੍ਹੇ ਦੀ ਕੀ ਚਤੁਰਾਈ ਹੈ; ਮੈਂ ਗਿਆਨਹੀਣ ਹਾਂ; ਮੈਂ ਤੇਰੀ ਕਦੇ ਨਾ ਕਹੀ ਜਾ ਸਕਣ ਵਾਲੀ ਅਕੱਥ ਕਥਾ ਨਹੀਂ ਕਹਿ ਸਕਦਾ ‘‘ਜੋ ਕਿਛੁ ਹੋਆ, ਸਭੁ ਕਿਛੁ ਤੁਝ ਤੇ; ਤੇਰੀ ਸਭ ਅਸਨਾਈ ॥ ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ! ਮੈ ਅੰਧੁਲੇ, ਕਿਆ ਚਤੁਰਾਈ ॥’’ (ਮਹਲਾ ੧/੭੯੫) ਗੁਰੂ ਸਾਹਿਬਾਨ ਨੇ ਪਹਿਲਾਂ ਆਪਣੇ ਆਪ ਨੂੰ ਮੂਰਖ ਕਿਹਾ ਹੈ। ਇੱਥੇ ਅੰਧੁਲੇ ਕਿਹਾ ਹੈ। ਗੁਰਬਾਣੀ ਵਿੱਚ ਅਤਿ ਦਰਜੇ ਜੀ ਨਿਮਰਤਾ ਸਮੋਈ ਹੋਈ ਹੈ। ਗੁਰੂ ਸਾਹਿਬ ਜੀ ਬਚਨ ਕਰਦੇ ਹਨ ‘‘ਕਿਆ ਹਉ ਕਥੀ; ਕਥੇ ਕਥਿ ਦੇਖਾ; ਮੈ ਅਕਥੁ, ਨ ਕਥਨਾ ਜਾਈ ॥ ਜੋ ਤੁਧੁ ਭਾਵੈ ਸੋਈ ਆਖਾ; ਤਿਲੁ ਤੇਰੀ ਵਡਿਆਈ ॥੩॥ ਏਤੇ ਕੂਕਰ ਹਉ ਬੇਗਾਨਾ; ਭਉਕਾ ਇਸੁ ਤਨ ਤਾਈ ॥ ਭਗਤਿ ਹੀਣੁ ਨਾਨਕੁ ਜੇ ਹੋਇਗਾ; ਤਾ ਖਸਮੈ ਨਾਉ ਨ ਜਾਈ ॥੪॥ (ਮਹਲਾ ੧/੭੯੫)
ਇੱਥੇ ਗੁਰੂ ਜੀ ਅਤਿ ਨਿਮਰਤਾ ਵਿੱਚ ਆ ਕੇ ਆਪਣੇ ਆਪ ਨੂੰ ਵਫ਼ਾਦਾਰ ਕੁੱਤਾ ਕਹਿ ਰਹੇ ਹਨ ਅਤੇ ਫ਼ੁਰਮਾਉਂਦੇ ਹਨ ਕਿ ਤੇਰੇ ਦਰ ’ਤੇ ਅਨੇਕਾਂ ਕੁੱਤੇ ਹਨ। ਮੈ ਉਨ੍ਹਾਂ ਵਿੱਚੋਂ ਇੱਕ ਓਪਰਾ ਜਿਹਾ ਕੁੱਤਾ ਆਪਣੀ ਮੁਕਤੀ ਲਈ ਭੌਂਕ ਰਿਹਾ ਹਾਂ। ਤੇਰਾ ਨਾਨਕ ਜੇ ਤੇਰੇ ਗੁਣਾਂ ਨੂੰ ਪੂਰੀ ਤਰ੍ਹਾਂ ਗਾਇਨ ਨਾ ਵੀ ਕਰ ਸਕੇ ਤਾਂ ਵੀ ਮੈਨੂੰ ਭਰੋਸਾ ਹੈ ਕਿ ਮੇਰਾ ਖਸਮ (ਮਾਲਕ) ਆਪਣੇ ਮੁੱਢ ਕਦੀਮਾਂ ਵਾਲ਼ੇ ਸੁਭਾਉ ਅਨੁਸਾਰ ਮੈਨੂੰ ਬਖ਼ਸ਼ ਲਏਗਾ। ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।