ਸਾਧੂ ਸੰਗਿ ਤਰੀਜੈ ਸਾਗਰੁ
ਪ੍ਰਿੰਸੀਪਲ ਹਰਭਜਨ ਸਿੰਘ ਜੀ
ਮਾਝ ਮਹਲਾ ੫ ॥
ਮਨੁ ਤਨੁ ਰਤਾ ਰਾਮ ਪਿਆਰੇ ॥ ਸਰਬਸੁ ਦੀਜੈ ਅਪਨਾ ਵਾਰੇ ॥
ਆਠ ਪਹਰ ਗੋਵਿੰਦ ਗੁਣ ਗਾਈਐ; ਬਿਸਰੁ ਨ ਕੋਈ ਸਾਸਾ ਜੀਉ ॥੧॥
ਸੋਈ ਸਾਜਨ ਮੀਤੁ ਪਿਆਰਾ ॥ ਰਾਮ ਨਾਮੁ ਸਾਧਸੰਗਿ ਬੀਚਾਰਾ ॥
ਸਾਧੂ ਸੰਗਿ ਤਰੀਜੈ ਸਾਗਰੁ; ਕਟੀਐ ਜਮ ਕੀ ਫਾਸਾ ਜੀਉ ॥੨॥
ਚਾਰਿ ਪਦਾਰਥ; ਹਰਿ ਕੀ ਸੇਵਾ ॥ ਪਾਰਜਾਤੁ; ਜਪਿ ਅਲਖ ਅਭੇਵਾ ॥
ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ; ਪੂਰਨ ਹੋਈ ਆਸਾ ਜੀਉ ॥੩॥
ਪੂਰਨ ਭਾਗ; ਭਏ ਜਿਸੁ ਪ੍ਰਾਣੀ ॥ ਸਾਧਸੰਗਿ ਮਿਲੇ ਸਾਰੰਗਪਾਣੀ ॥
ਨਾਨਕ ! ਨਾਮੁ ਵਸਿਆ ਜਿਸੁ ਅੰਤਰਿ; ਪਰਵਾਣੁ ਗਿਰਸਤ ਉਦਾਸਾ ਜੀਉ ॥੪॥ (ਮਹਲਾ ੫/੧੦੮)
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ‘ਮਾਝ ਰਾਗ’ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 108 ਉੱਤੇ ਸੁਭਾਇਮਾਨ ਹੈ। ਇਸ ਸ਼ਬਦ ਦੁਆਰਾ ਗੁਰਦੇਵ ਪਿਤਾ ਜੀ ਸਮਸਤ ਲੁਕਾਈ ਦੇ ਹਰ ਜੀਵ ਨੂੰ ਸਮਝਾ ਰਹੇ ਹਨ ਕਿ ਅਕਾਲ ਪੁਰਖ ਨੇ ਜੋ ਤੈਨੂੰ ਮਨੁੱਖਾ ਸਰੀਰ ਦਿੱਤਾ ਹੈ, ਇਹ ਤਾਂ ਹੀ ਸਫਲ ਹੈ ਜੇ ਤੂੰ ਇਸ ਸਰੀਰ ਰਾਹੀਂ ਗੁਰੂ ਦੀ ਸੇਵਾ ਅਤੇ ਪ੍ਰਮਾਤਮਾ ਦੀ ਭਗਤੀ ਕਰਦਾ ਹੈਂ। ਭਗਤ ਕਬੀਰ ਜੀ ਦੇ ਵੀ ਭੈਰਉ ਰਾਗ ਵਿਚਲੇ ਸ਼ਬਦ ਦੀਆਂ ਇਹ ਪੰਕਤੀਆਂ ਸਮੁੱਚੀ ਮਨੁੱਖਤਾ ਨੂੰ ਪ੍ਰਭੂ ਸਿਮਰਨ ਲਈ ਪ੍ਰੇਰਤ ਕਰਦੀਆਂ ਹਨ ‘‘ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥’’ (ਭਗਤ ਕਬੀਰ/੧੧੫੯)
ਗਉੜੀ ਰਾਗ ਦੇ ਇਕ ਸ਼ਬਦ ਦੀ ਇਹ ਪੰਕਤੀ ‘‘ਭਲੋ ਸਮੋ ਸਿਮਰਨ ਕੀ ਬਰੀਆ ॥’’ (ਮਹਲਾ ੫/੧੯੦) ਜੋ ਕਿ ਗੁਰੂ ਅਰਜਨ ਸਾਹਿਬ ਜੀ ਦੀ ਹੀ ਉਚਾਰਨ ਕੀਤੀ ਹੋਈ ਹੈ, ਇਹ ਵੀ ਮਨੁੱਖ ਨੂੰ ਸੁਚੇਤ ਕਰਦੀ ਹੈ ਕਿ ਕੇਵਲ ਮਨੁੱਖੀ ਜਾਮਾ ਹੀ ਪ੍ਰਭੂ ਬੰਦਗੀ ਲਈ ਸਭ ਤੋਂ ਵਧੀਆ ਸਮਾਂ ਹੈ। ਪਰ ਵੇਖਣ ਵਿਚ ਐਸਾ ਆਉਂਦਾ ਹੈ ਕਿ ਅਗਿਆਨਤਾ ਵੱਸ ਹੋ ਕੇ ਇਸ ਜੀਵ ਨੇ ਇਸ ਮਨੁੱਖਾ ਦੇਹੀ ਦੀ ਕਦਰ ਹੀ ਨਹੀਂ ਜਾਣੀ। ਜੇ ਇਹ ਕਦਰਦਾਨ ਹੁੰਦਾ ਤਾਂ ਕੁਕਰਮਾਂ ਅਤੇ ਝੂਠੇ ਨਸ਼ਿਆਂ ਦੀ ਥਾਂ ਅਕਾਲ ਪੁਰਖ ਦੇ ਪਿਆਰ ਵਿਚ ਰੰਗਿਆ ਹੁੰਦਾ। ਜੇ ਇਸ ਦਾ ਆਪਣਾ ਮਨ ਅਤੇ ਤਨ; ਸੱਚੇ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਏ ਤਾਂ ਇਹ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ॥’’ (ਸੋਹਿਲਾ/ਮਹਲਾ ੧/੧੩) ਦੇ ਅਨੁਸਾਰ ਮਨੁੱਖਤਾ ਨਾਲ ਪਿਆਰ ਕਰੇਗਾ। ਕਦੀ ਵੀ ਧਰਮ ਦੇ ਨਾਂ ਤੇ ਮਨੁੱਖਤਾ ਵਿੱਚ ਵੰਡੀਆਂ ਨਹੀਂ ਪਾਏਗਾ। ਗੁਰਮਤਿ ਅਨੁਸਾਰ ਜੇ ਦੇਖਿਆ ਜਾਏ ਤਾਂ ਦੁਨੀਆਂ ਵਿੱਚ ਧਰਮ ਉਹ ਹੀ ਲਾਭਕਾਰੀ ਹੈ ਜਿਸ ਵਿੱਚ ਪ੍ਰਮਾਤਮਾ ਦੀ ਬੰਦਗੀ ਕੀਤੀ ਜਾਵੇ। ਸੁਖਮਨੀ ਸਾਹਿਬ ਵਿੱਚ ਗੁਰਦੇਵ ਜੀ ਦੇ ਬਚਨ ਹਨ ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥’’ (ਸੁਖਮਨੀ/ਮਹਲਾ ੫/੨੬੬)
ਨਾਮ ਜਪਣ ਤੋਂ ਭਾਵ ਹੀ ਇਹ ਹੈ ਕਿ ਆਪਣਾ ਆਪ; ਆਪਣੇ ਪਿਆਰੇ ਨੂੰ ਹੀ ਸਮਰਪਿਤ ਕਰ ਦੇਣਾ। ਸਮਰਪਿਤ ਕਰਨ ਨੂੰ ਹੀ ਦੂਜੇ ਅਰਥਾਂ ਵਿਚ ਮਨ ਤਨ ਨੂੰ ਰੰਗਣਾ ਕਹਿੰਦੇ ਹਨ, ਤਾਂ ਹੀ ਗੁਰੂ ਅਰਜਨ ਦੇਵ ਜੀ ਇਸ ਸ਼ਬਦ ਦੇ ਪਹਿਲੇ ਪਦੇ ਦੁਆਰਾ ਸਮਝਾ ਰਹੇ ਹਨ ‘‘ਮਨੁ ਤਨੁ ਰਤਾ ਰਾਮ ਪਿਆਰੇ ॥ ਸਰਬਸੁ ਦੀਜੈ ਅਪਨਾ ਵਾਰੇ ॥ ਆਠ ਪਹਰ ਗੋਵਿੰਦ ਗੁਣ ਗਾਈਐ; ਬਿਸਰੁ ਨ ਕੋਈ ਸਾਸਾ ਜੀਉ ॥੧॥’’ ਭਾਵ ਹੇ ਭਾਈ ! ਜੇ ਤੂੰ ਇਹ ਚਾਹੁੰਦਾ ਹੈਂ ਕਿ ਤੇਰਾ ਮਨ, ਤੇਰਾ ਤਨ ਪਿਆਰੇ ਪ੍ਰਭੂ ਦੇ ਪ੍ਰੇਮ ਵਿਚ ਰੰਗਿਆ ਰਹੇ, ਤਾਂ ਆਪਣਾ ਸਭ ਕੁੱਝ ਉਸ ਦੇ ਪ੍ਰੇਮ ਬਦਲੇ ਦੇ ਦੇਣਾ ਚਾਹੀਦਾ ਹੈ। ਅੱਠੇ ਪਹਿਰ ਗੋਬਿੰਦ ਦੇ ਗੁਣ ਗਾਣੇ ਚਾਹੀਦੇ ਹਨ। ਹੇ ਭਾਈ ! ਕੋਈ ਇਕ ਸਾਹ ਲੈਂਦਿਆਂ ਵੀ ਪ੍ਰਮਾਤਮਾ ਨੂੰ ਨਾ ਭੁੱਲ। ਗੱਲ ਪ੍ਰਭੂ ਦੇ ਰੰਗ ਦੀ ਚੱਲ ਰਹੀ ਹੈ। ਸੋ ਇੱਥੇ ਰੰਗ ਦਾ ਅਰਥ ਪ੍ਰੇਮ ਹੈ ਮਤਾਂ ਕਿਤੇ ਅਸੀਂ ਦੂਜੇ ਰੰਗਾਂ ਦੇ ਚੱਕਰਾਂ ਵਿੱਚ ਪੈ ਕੇ ਅਸਲ ਨਾਮ ਰੰਗ ਤੋਂ ਬਾਂਝੇ ਰਹਿ ਜਾਈਏ। ਗੁਰਬਾਣੀ ਵਿਚ ਆਮ ਕਰਕੇ ਦੋ ਰੰਗਾਂ ਦੇ ਨਾਮਾਂ ਦਾ ਜ਼ਿਕਰ ਹੈ (1). ਪ੍ਰਭੂ ਪ੍ਰੇਮ ਵਾਸਤੇ ਅਤੇ (2). ਮਾਇਆ ਵਾਸਤੇ। ਪ੍ਰਭੂ ਪ੍ਰੇਮ ਵਾਸਤੇ ਲਾਲ ਜਾਂ ਮਜੀਠ ਸ਼ਬਦ ਵਰਤੇ ਗਏ ਹਨ ਅਤੇ ਮਾਇਆ ਵਾਸਤੇ ਸੂਜਾ ਅਤੇ ਕਸੁੰਭਾ; ਜਿਵੇਂ ਕਿ ‘‘ਲਾਲ ਰੰਗੁ ਤਿਸ ਕਉ ਲਗਾ; ਜਿਸ ਕੇ ਵਡਭਾਗਾ ॥’’ (ਮਹਲਾ ੫/੮੦੮) ਜਾਂ ‘‘ਕਾਇਆ ਰੰਙਣਿ ਜੇ ਥੀਐ ਪਿਆਰੇ ! ਪਾਈਐ ਨਾਉ ‘ਮਜੀਠ’ ॥’’ (ਮਹਲਾ ੧/੭੨੨) ਇਹ ਪ੍ਰਭੂ ਪ੍ਰੇਮ ਦੇ ਰੰਗ ਦੀ ਗੱਲ ਹੈ, ਪਰ ਜਿੱਥੇ ਮਾਇਆ ਦੇ ਰੰਗ ਦੀ ਗੱਲ ਆਈ ਹੈ ਉੱਥੇ ਸਤਿਗੁਰੂ ਫ਼ੁਰਮਾਨ ਕਰਦੇ ਹਨ ‘‘ਕਚਾ ਰੰਗੁ ਕਸੁੰਭ ਕਾ; ਥੋੜੜਿਆ ਦਿਨ ਚਾਰਿ ਜੀਉ ॥’’ (ਮਹਲਾ ੧/੭੫੧) ਸੋ ਇਸ ਲਈ ਮਨ ਅਤੇ ਤਨ ਨੂੰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਣ ਲਈ ਸਤਿਗੁਰੂ ਜੀ ਨੂੰ ਤਨ, ਮਨ ਸੌਂਪਣਾ ਪਵੇਗਾ। ਜਿਵੇਂ ਅਸੀਂ ਕਿਸੇ ਕੱਪੜੇ ਨੂੰ ਕੋਈ ਵੀ ਰੰਗ ਚੜ੍ਹਾਉਣਾ ਹੈ ਤਾਂ ਸਾਨੂੰ ਉਹ ਕੱਪੜਾ ਲਲਾਰੀ ਨੂੰ ਦੇਣਾ ਪਵੇਗਾ, ਨਹੀਂ ਤਾਂ ਅਸੀਂ ਕਹੀ ਜਾਈਏ ਕਿ ਮਨ ਤਨ ਨੂੰ ਪ੍ਰਭੂ ਦੇ ਪ੍ਰੇਮ ਵਿੱਚ ਰੰਗਣਾ ਹੈ ਤਾਂ ਕਹਿਣ ਨਾਲ ਰੰਗਿਆ ਨਹੀਂ ਜਾਣਾ, ਇਸ ਲਈ ਗੁਰੂ ਅਤੇ ਗੁਰਮੁਖਾਂ ਦੀ ਸੰਗਤ ਕਰਨੀ ਜ਼ਰੂਰੀ ਹੈ ਕਿਉਂਕਿ ਉਹ ਆਪ ਵੀ ਰੰਗੇ ਹੋਏ ਹਨ। ਦੂਜਿਆਂ ਨੂੰ ਰੰਗਣ ਦੀ ਉਹਨਾਂ ਵਿੱਚ ਸਮਰੱਥਾ ਹੈ। ਇਸੇ ਲਈ ਸਤਿਗੁਰੂ ਜੀ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਵਿੱਚ ਫ਼ੁਰਮਾ ਰਹੇ ਹਨ ‘‘ਸੋਈ ਸਾਜਨ ਮੀਤੁ ਪਿਆਰਾ ॥ ਰਾਮ ਨਾਮੁ ਸਾਧਸੰਗਿ ਬੀਚਾਰਾ ॥ ਸਾਧੂ ਸੰਗਿ ਤਰੀਜੈ ਸਾਗਰੁ; ਕਟੀਐ ਜਮ ਕੀ ਫਾਸਾ ਜੀਉ ॥੨॥ ਭਾਵ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਟਿਕ ਕੇ ਪ੍ਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ, ਉਹ ਹੀ ਸੱਜਣ ਪ੍ਰਭੂ ਦਾ ਪਿਆਰਾ ਮਿੱਤਰ ਹੈ। ਸਾਧਸੰਗਤਿ ਵਿੱਚ ਰਿਹਾਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਤੇ ਜਮਾ ਵਾਲੀ ਫਾਹੀ ਕੱਟੀ ਜਾਂਦੀ ਹੈ। ਭਾਵੇਂ ਕਿ ਦੁਨੀਆਂ ਵਿਚ ਹਰ ਪ੍ਰਕਾਰ ਦੇ ਮਿਲਾਪ ਤੇ ਇਕੱਠ ਨੂੰ ਵੀ ਸੰਗਤ ਕਹਿੰਦੇ ਹਨ, ਪਰ ਇਹਨਾਂ ਵਿਚੋਂ ਪ੍ਰਭੂ ਸਰੂਪ ਗੁਰੂ ਜੀ ਦਾ ਜਸ ਕਰਨ ਵਾਲੀ ਸੰਗਤ ਦਾ ਨਾਮ ਹੀ ਸਤਿਸੰਗਤ ਹੈ। ਉਸੇ ਸੰਗਤ ਵਿਚ ਹੀ ਗੁਰੂ ਜੀ ਨੇ ਪ੍ਰਭੂ ਦਾ ਵਾਸਾ ਦੱਸਿਆ ਹੈ; ਜਿਵੇਂ ਫ਼ੁਰਮਾਨ ਹੈ ‘‘ਵਿਚਿ ਸੰਗਤਿ, ਹਰਿ ਪ੍ਰਭੁ ਵਸੈ ਜੀਉ ॥ (ਮਹਲਾ ੪/੯੪), ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ; ਬੁਝਹੁ ਸਬਦ ਵੀਚਾਰਿ ॥’’ (ਮਹਲਾ ੪/੧੩੧੪) ਸਤਿਸੰਗਤਿ ਵਿੱਚ ਜਾਣ ਕਰਕੇ ਹੀ ਪ੍ਰਭੂ ਨੂੰ ਮਿਲਣ ਦੀ ਜੁਗਤੀ ਪ੍ਰਾਪਤ ਹੁੰਦੀ ਹੈ। ਸਤਿਸੰਗਤਿ ਹੀ ਸਤਿਗੁਰੂ ਰੂਪੀ ਲਲਾਰੀ ਦਾ ਇੱਕ ਐਸਾ ਬਰਤਨ ਹੈ, ਜਿਸ ਵਿੱਚ ਜਗਿਆਸੂ ਆਪਣੇ ਮਨ ਅਤੇ ਤਨ ਨੂੰ ਰੰਗ ਸਕਦਾ ਹੈ। ਐਸੀ ਸਤਿਸੰਗਤਿ ਕਰਨ ਨਾਲ ਅਨੇਕਾਂ ਪਾਪੀਆਂ ਦਾ ਉਧਾਰ ਹੋ ਗਿਆ; ਜਿਵੇਂ ਕਿ ਸਤਿਗੁਰੂ ਜੀ ਦੇ ਬਚਨ ਹਨ ‘‘ਮੇਰੇ ਮਾਧਉ ਜੀ ! ਸਤਸੰਗਤਿ ਮਿਲੇ ਸੁ ਤਰਿਆ ॥ ਗੁਰ ਪਰਸਾਦਿ ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥’’ (ਸੋ ਦਰੁ ਗੂਜਰੀ/ਮਹਲਾ ੫/੧੦) ਜਾਂ ‘‘ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ; ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥ ਧਨੁ ਧੰਨੁ ਸਤਸੰਗਤਿ, ਜਿਤੁ ਹਰਿ ਰਸੁ ਪਾਇਆ; ਮਿਲਿ ਜਨ ਨਾਨਕ ਨਾਮੁ ਪਰਗਾਸਿ ॥੪॥੪॥’’ (ਸੋ ਦਰੁ/ਮਹਲਾ ੪/੧੦)
ਸਤਿਸੰਗਤਿ ਵਿਚ ਹੀ ਪ੍ਰਭੂ ਦੇ ਨਾਮ ਨਾਲ ਮਿਤਰਤਾ ਪੈਂਦੀ ਹੁੰਦੀ ਹੈ। ਜੇ ਸਤਿਗੁਰੂ ਨਾਲ ਮਿਤਰਤਾ ਬਣ ਜਾਏ ਤਾਂ ਸਤਿਗੁਰੂ ਜੀ ਦੇ ਕਥਨ ਅਨੁਸਾਰ ਇੱਕ ਸਜਣ, ਸਭ ਸੱਜਣਾ ਵਾਲੀ ਅਵਸਥਾ ਬਣ ਜਾਂਦੀ ਹੈ। ਸਤਿਸੰਗਤਿ ਵਿੱਚ ਆ ਕੇ ਪ੍ਰਭੂ ਦਾ ਨਾਮ ਜਪਣ ਨਾਲ ਇਹ ਹਾਲਤ ਹੋ ਜਾਂਦੀ ਹੈ ਕਿ ਉਸ ਨੂੰ ਨਾਮ ਦੇ ਤੁਲ ਬਾਕੀ ਹੋਰ ਕੁਝ ਚੰਗਾ ਨਹੀਂ ਲੱਗਦਾ। ਸਤਿਗੁਰੂ ਜੀ ਸ਼ਬਦ ਦੇ ਤੀਸਰੇ ਪਦੇ ਅਤੇ ਅੰਤਲੇ ਪਦੇ ਰਾਹੀਂ ਸਮਝਾਉਂਦੇ ਹੋਏ ਫ਼ੁਰਮਾ ਰਹੇ ਹਨ ‘‘ਚਾਰਿ ਪਦਾਰਥ ਹਰਿ ਕੀ ਸੇਵਾ ॥ ਪਾਰਜਾਤੁ ਜਪਿ ਅਲਖ ਅਭੇਵਾ ॥ ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ; ਪੂਰਨ ਹੋਈ ਆਸਾ ਜੀਉ ॥੩॥ ਪੂਰਨ ਭਾਗ; ਭਏ ਜਿਸੁ ਪ੍ਰਾਣੀ ॥ ਸਾਧਸੰਗਿ ਮਿਲੇ ਸਾਰੰਗਪਾਣੀ ॥ ਨਾਨਕ ! ਨਾਮੁ ਵਸਿਆ ਜਿਸੁ ਅੰਤਰਿ; ਪਰਵਾਣੁ ਗਿਰਸਤ ਉਦਾਸਾ ਜੀਉ ॥੪॥ ਭਾਵ ਹੇ ਭਾਈ ! ਪ੍ਰਮਾਤਮਾ ਦੀ ਸੇਵਾ ਭਗਤੀ ਹੀ ਚਾਰ ਪਦਾਰਥ ਹਨ। ਪ੍ਰਭੂ ਦਾ ਨਾਮ ਜਪੁ, ਇਹੀ ਮਨੋਕਾਮਨਾ ਪੂਰੀਆਂ ਕਰਨ ਵਾਲਾ ਪਾਰਜਾਤ ਰੁੱਖ ਹੈ, ਜਿਸ ਮਨੁੱਖ ਦੇ ਅੰਦਰੋਂ ਗੁਰੂ ਜੀ ਨੇ ਕਾਮ ਅਤੇ ਕ੍ਰੋਧ ਮਿਟਾ ਦਿੱਤਾ। ਜਿਸ ਦੇ ਸਾਰੇ ਪਾਪ ਗੁਰੂ ਜੀ ਨੇ ਕੱਟ ਦਿੱਤੇ, ਉਸ ਦੀ ਹਰ ਤਰ੍ਹਾਂ ਦੀ ਆਸਾ ਪੂਰੀ ਹੋ ਗਈ, ਪਰ ਹੇ ਭਾਈ ! ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਣ ਉਸ ਨੂੰ ਹੀ ਸਾਧਸੰਗਤਿ ਵਿਚੋਂ ਪ੍ਰਭੂ ਮਿਲਦਾ ਹੈ। ਹੇ ਨਾਨਕ ! ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਉਹ ਘਰ-ਬਾਰੀ ਹੁੰਦਿਆਂ ਵੀ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਤੇ ਪ੍ਰਭੂ ਦੇ ਦਰ ’ਤੇ ਕਬੂਲ ਹੋ ਜਾਂਦਾ ਹੈ।