ਗੁਰੂ ਗੋਬਿੰਦ ਸਿੰਘ ਜੀ ਬਾਰੇ ਵਿਦਵਾਨਾਂ ਦੀ ਰਾਇ

0
186

ਗੁਰੂ ਗੋਬਿੰਦ ਸਿੰਘ ਜੀ ਬਾਰੇ ਵਿਦਵਾਨਾਂ ਦੀ ਰਾਇ

ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ, ਵਹੁ ਕਮ ਹੈ

ਇਕਵਾਕ ਸਿੰਘ ਪੱਟੀ-

ਗੁਰੂ ਗੋਬਿੰਦ ਸਿੰਘ ਜੀ ਅਜਿਹੀ ਸ਼ਖ਼ਸੀਅਤ ਦੇ ਮਾਲਕ ਸਨ, ਜਿਨ੍ਹਾਂ ਬਾਰੇ ਬਿਆਨ ਕਰਨਾ ਸ਼ਬਦਾਂ ਤੋਂ ਕਿਤੇ ਪਰ੍ਹੇ ਹੈ। ਆਪ ਇੱਕ ਮਹਾਨ ਵਿਦਵਾਨ/ਦਾਰਸ਼ਨਿਕ, ਮਹਾਨ ਬੁਧੀਜੀਵੀ, ਮਹਾਨ ਲੇਖਕ, ਕਵੀ, ਕੌਮੀ ਉਸਰਈਏ, ਮਹਾਨ ਸੰਗੀਤਕਾਰ, ਸੰਤ-ਸਿਪਾਹੀ, ਮਨੋਵਿਗਿਆਨੀ, ਦੂਰ-ਅੰਦੇਸ਼ੀ, ਦੀਨ-ਦੁਖੀ ਦੀ ਬਾਂਹ ਫੜ੍ਹਨ ਵਾਲੇ ਇੱਕ ਮਹਾਨ ਇਨਕਲਾਬੀ ਯੋਧੇ ਆਦਿ ਸਨ। ਅਜਿਹੀਆਂ ਸਿਫ਼ਤਾਂ ਦੇ ਮਾਲਕ ਸਨ ਕਿ ਸਤਿਗੁਰੂ ਪਾਤਸ਼ਾਹ ਨੂੰ ‘ਸਾਹਿਬ ਏ ਕਮਾਲ’ ਹੀ ਕਹਿਣਾ ਬਣਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਯੋਗੀ ਅੱਲ੍ਹਾ ਯਾਰ ਖਾਂ ਲਿਖਦਾ ਹੈ :

ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ।

ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ, ਵਹੁ ਕਮ ਹੈ।

ਇਸੇ ਤਰ੍ਹਾਂ ਇੱਕ ਹੋਰ ਕਵੀ ਨੇ ਬੜਾ ਕਮਾਲ ਲਿਖਿਆ ਹੈ ਕਿ

‘ਕਿਆ ਦਸਮੇਸ਼ ਪਿਤਾ ਤੇਰੀ ਬਾਤ ਕਹੂੰ, ਜੋ ਤੁਮਨੇ ਪਰਉਪਕਾਰ ਕੀਏ।

ਇੱਕ ਖ਼ਾਲਸ, ਖ਼ਾਲਸਾ ਪੰਥ ਸਜਾ, ਜਾਤੋਂ ਕੇ ਭੇਦ ਨਿਕਾਲ ਦੀਏ।

ਇਸ ਤੇਗ਼ (ਗੁਰੂ ਤੇਗ ਬਹਾਦਰ ਜੀ) ਕੇ ਬੇਟੇ ਤੇਗ਼ (ਤਲਵਾਰ/ਕ੍ਰਿਪਾਨ) ਪਕੜ, ਦੁਖੀਓਂ ਕੇ ਕਾਟ ਜੰਜਾਲ ਦੀਏ।

ਇਸ ਵਤਨ ਔਰ ਮੁਲਕ ਕੀ ਖਿਦਮਤ ਮੇਂ, ਕਹੀ ਬਾਪ ਦੀਆ, ਕਹੀਂ ਲਾਲ ਦੀਏ।’

ਸੰਸਾਰ ਦੇ ਅਨੇਕਾਂ ਵਿਦਵਾਨਾਂ ਨੇ ਵੱਖ ਵੱਖ ਪੱਖਾਂ ਤੋਂ ਆਪ ਜੀ ਦੀ ਸ਼ਖ਼ਸੀਅਤ ਦੀ ਵਡਿਆਈ ਕੀਤੀ ਹੈ, ਪਰ ਕਨਿੰਘਮ ਦੇ ਹੇਠ ਲਿਖੇ ਵਿਚਾਰ ਬਹੁਤ ਢੁੱਕਵੇਂ ਹਨ। ਆਪ ਲਿਖਦੇ ਹਨ ‘‘ਗੁਰੂ ਗੋਬਿੰਦ ਸਿੰਘ ਜੀ ਦੇ ਬਹੁਪੱਖੀ ਜੀਵਨ ਨੂੰ ਸਮਝਣ ਲਈ ਸਾਨੂੰ ਇੱਕ ਤੇਜ਼ ਰਫ਼ਤਾਰ ਘੋੜੇ ਉੱਤੇ ਸਵਾਰ ਹੋਣਾ ਪਵੇਗਾ। ਮੁਕਾਬਲਤਨ ਇਤਨੀ ਛੋਟੀ ਆਯੂ ਵਿੱਚ ਇਤਨੇ ਮਹਾਨ ਕੰਮ ਕਰ ਜਾਣੇ ਇੱਕ ਕਰਾਮਾਤ ਹੀ ਲੱਗਦੀ ਹੈ। ਸਾਰਾ ਗੁਰੂ ਜੀਵਨ ਇੱਕ ਜੱਦੋ-ਜਹਿਦ ਦਾ ਜੀਵਨ ਹੈ। ਇਕੋ ਹੀ ਸ਼ਖ਼ਸੀਅਤ ਵਿੱਚ ਇਤਨੇ ਗੁਣ ਜਿਤਨੇ ਕਿ ਗੁਰੂ ਜੀ ਵਿੱਚ ਸਨ, ਮਿਲਣੇ ਅਸੰਭਵ ਗੱਲ ਜਾਪਦੀ ਹੈ।’

ਬਤੌਰ ਇੱਕ ਮਹਾਨ ਜਰਨੈਲ ਗੱਲ ਕਰੀਏ ਤਾਂ ਸ਼ਾਇਦ ਹੀ ਕੋਈ ਅਜਿਹਾ ਜਰਨੈਲ ਹੋਵੇ ਜਿਸ ਨੂੰ ਇੰਨੀਆਂ ਔਕੁੜਾਂ ਦਾ ਸਾਹਮਣਾ ਕਰਨਾ ਪਿਆ ਹੋਵੇ, ਜਿੰਨੀਆਂ ਦਾ ਦਸਮੇਸ਼ ਪਿਤਾ ਜੀ ਨੂੰ ਕਰਨਾ ਪਿਆ। ਦਬੇ-ਕੁਚਲੇ ਹੋਏ ਲੋਕਾਂ ਨੂੰ ਜਥੇਬੰਦ ਕਰਕੇ ‘ਫ਼ੌਜ ਬਣਾਈ’ ਤੇ ਉਸ ਫ਼ੌਜ ਨਾਲ ਸਮੇਂ ਦੀ ਸਭ ਤੋਂ ਵੱਡੀ ਤਾਕਤ ਨਾਲ ਟਾਕਰਾ ਕਰਨ ਦੇ ਕਾਬਲ ਬਣਾ ਕੇ ਜਿੱਤ ਪ੍ਰਾਪਤ ਕੀਤੀ। ਉਸ ਸਮੇਂ ਸਿੱਖਾਂ ਦੀਆਂ ਸੱਭ ਜਿੱਤਾਂ ਦਾ ਕਾਰਨ ਗੁਰੂ ਜੀ ਦੀ ਸੁਲਝੀ ਹੋਈ ਅਗਵਾਈ ਹੀ ਸੀ। ਕਨਿੰਘਮ ਲਿਖਦਾ ਹੈ ਕਿ ‘ਜਿਸ ਸਿਆਣਪ ਨਾਲ ਕਿਲ੍ਹਿਆਂ ਦੀ ਉਸਾਰੀ ਕੀਤੀ, ਉਹ ਹੀ ਉਨ੍ਹਾਂ (ਗੁਰੂ ਜੀ) ਨੂੰ ਜਰਨੈਲ ਸਥਾਪਤ ਕਰਨ ਲਈ ਕਾਫੀ ਹੈ। ਅਨੰਦਪੁਰ ਦੀ ਪੰਜਵੀਂ ਲੜਾਈ ਸਮੇਂ ਆਪ ਨੇ ਜਿਸ ਤਰ੍ਹਾਂ ਅੋਰੰਗਜੇਬ ਦੀ ਭੇਜੀ ਹੋਈ ਫੌਜ ਅਤੇ ਪਹਾੜੀਆਂ ਦੇ ਟਿੱਡੀ ਦਲ ਨਾਲ ਅੱਠ ਮਹੀਨੇ ਟਾਕਰਾ ਕੀਤਾ ਅਤੇ ਰਸਦ ਪਾਣੀ ਦੀ ਅਣਹੋਂਦ ਅਤੇ ਬੀਮਾਰੀਆਂ ਦੇ ਬਾਵਜੂਦ ਭੁੱਖੇ-ਭਾਣੇ ਸਿੰਘਾਂ ਦੇ ਹੌਂਸਲੇ ਬੁਲੰਦ ਰੱਖੇ, ਇਹ ਗੁਰੂ ਪਾਤਸ਼ਾਹ ਵਰਗਾ ਜਰਨੈਲ ਹੀ ਕਰ ਸਕਦਾ ਸੀ। ਚਮਕੌਰ ਦੀ ਲੜਾਈ ਸਮੇਂ ਥੱਕੇ ਹਾਰੇ ਸਿੰਘਾਂ ਨੂੰ ਲੱਖਾਂ ਦੀ ਫ਼ੌਜ ਨਾਲ ਲੜਾਉਣ ਦੀ ਕਰਾਮਾਤ ਵੀ ਆਪ ਵਰਗਾ ਜਰਨੈਲ ਹੀ ਕਰ ਸਕਦਾ ਸੀ।’

ਲਤੀਫ ਲਿਖਦਾ ਹੈ ‘ਇਹ ਸਭ ਉਨ੍ਹਾਂ (ਗੁਰੂ ਗੋਬਿੰਦ ਸਿੰਘ) ਦੀ ਬਰਕਤ ਹੀ ਹੈ ਕਿ ਮੁਰਦਾ ਤੇ ਲਿਤਾੜੇ ਹੋਏ ਲੋਕ ਜਥੇਬੰਦ ਹੋਏ। ਉਨ੍ਹਾਂ ਲਿਤਾੜੇ ਹੋਏ ਪੁਰਸ਼ਾਂ ਨੇ ਹੀ ਰਾਜਨੀਤਿਕ ਪ੍ਰਭਤਾ ਅਤੇ ਅਜ਼ਾਦੀ ਪ੍ਰਾਪਤ ਕੀਤੀ।’

ਕਨਿੰਘਮ ਲਿਖਦਾ ਹੈ ‘ਸਿੱਖਾਂ ਵਿੱਚ ਅਥਾਹ ਜਜ਼ਬਾ (ਪਹਿਲੇ ਸਤਿਗੁਰਾਂ ਦੀ ਕ੍ਰਿਪਾ ਸਦਕਾ) ਭਰਿਆ ਜਾ ਚੁੱਕਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਐਸੀ ਰੂਹ ਫੂਕੀ ਕਿ ਨਾ ਸਿਰਫ ਸਿੱਖਾਂ ਦੇ ਮਨਾਂ ਨੂੰ ਹੀ ਬਦਲਿਆ, ਸਗੋਂ ਹਰ ਪੱਖੋਂ ਬਲਵਾਨ ਤੇ ਤਕੜਾ ਕਰ ਦਿੱਤਾ। ਅਕਲ ਤੇ ਸ਼ਕਲ ਦੋਵੇਂ ਹੀ ਬਦਲ ਦਿੱਤੀਆਂ। ਸਿੱਖ ਦੀ ਨੁਹਾਰ ਸੰਸਾਰ ਭਰ ਤੋਂ ਵੱਖਰੀ ਹੋ ਗਈ ਅਤੇ ਉਸ ਨੇ ਉਹ ਕਾਰਨਾਮੇ ਕਰ ਵਿਖਾਏ ਜੋ ਕਿਸੇ ਹੋਰ ਵਿਅਕਤੀ ਕੋਲੋਂ ਨਾ ਹੋ ਸਕੇ।’

ਮੈਕਾਲਫ ਨੇ ਬਹੁਤ ਹੀ ਸੁੰਦਰ ਲਿਖਿਆ ਹੈ ‘ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਨ੍ਹਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ, ਜਿਨ੍ਹਾਂ ਨੂੰ ਜਨਮ ਤੋਂ ਹੀ ਦੁਰੇ ਦੁਰੇ ਕੀਤਾ ਜਾਂਦਾ ਸੀ, ਪਰ ਇਸ (ਗੁਰੂ ਗੋਬਿੰਦ ਸਿੰਘ ਜੀ) ਨੇ, ਜਿਨ੍ਹਾਂ ਨੂੰ ਸੰਸਾਰ ਦੀ ਰਹਿੰਦ ਖੂੰਹਦ ਕਿਹਾ ਜਾਂਦਾ ਸੀ, ਉਨ੍ਹਾਂ ਵਿਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਵੀ ਐਸੇ, ਜਿਨ੍ਹਾਂ ਦੀ ਦ੍ਰਿੜਤਾ, ਦਲੇਰੀ ਤੇ ਵਫ਼ਾਦਾਰੀ ਨੂੰ ਆਗੂ ਨੇ ਕਦੇ ਮਾਯੂਸ ਨਾ ਕੀਤਾ।’

ਗੋਕਲ ਚੰਦ ਨਾਰੰਗ ਨੇ ਬਹੁਤ ਠੀਕ ਆਖਿਆ ਹੈ ‘ਗੁਰੂ ਗੋਬਿੰਦ ਸਿੰਘ ਦੇ ਅਸਰ ਹੇਠ ਅਜਿਹੇ ਮਨੁੱਖ ਵੀ ਰਣ ਖੇਤਰ ਦੇ ਸੂਰਮੇ ਬਣ ਗਏ, ਜਿਨ੍ਹਾਂ ਕਦੀ ਤਲਵਾਰ ਨੂੰ ਹੱਥ ਵੀ ਨਹੀਂ ਸੀ ਪਾਇਆ’।

ਇੰਦੂਭੂਸਨ ਬੈਨਰਜੀ ਲਿਖਦਾ ਹੈ ‘ਗੁਰੂ ਗੋਬਿੰਦ ਸਿੰਘ ਭਾਰਤ ਦੀਆਂ ਉਨ੍ਹਾਂ ਕੁਝ ਮਹਾਨ ਹਸਤੀਆਂ ਵਿੱਚੋਂ ਹਨ, ਜਿਨ੍ਹਾਂ ਦੀ ਸ਼ਖ਼ਸੀਅਤ ਸਦੀਵੀ ਹੈ। ਉਨ੍ਹਾਂ ਨੇ ਭਾਰਤ ਦੇ ਇਤਿਹਾਸ ਵਿੱਚ ਨਵੀਆਂ ਤਾਕਤਾਂ ਨੂੰ ਜਨਮ ਦਿੱਤਾ। ਉਨ੍ਹਾਂ ਨੇ ਹਾਰੀਆਂ ਹੋਈਆਂ ਸ਼੍ਰੇਣੀਆਂ ਵਿੱਚੋਂ ਇੱਕ ਨਵੇਂ ਜੀਵਨ ਤੇ ਨਵੀਂ ਸ਼ਕਤੀਸ਼ਾਲੀ ਕੌਮ ਬਣਾਈ। ਉਹ ਲੋਕ ਜੋ ਪਹਿਲਾਂ ਨੀਚ ਤੇ ਅਪਵਿੱਤਰ ਸਮਝੇ ਜਾਂਦੇ ਸਨ ਤੇ ਦੁਰਕਾਰੇ ਜਾਂਦੇ ਸਨ, ਹੁਣ ਸਨਮਾਨੇ ਜਾਣ ਲੱਗ ਪਏ।’

ਸਰ ਚਾਰਲਸ ਗਫ਼ ਲਿਖਦਾ ਹੈ ‘ਗੁਰੂ ਗੋਬਿੰਦ ਸਿੰਘ ਸੰਸਾਰ ਦਾ ਇੱਕ ਅਤਿ ਸਿਆਣਾ, ਹਮੇਸ਼ਾ ਚੜ੍ਹਦੀ ਕਲਾ ਵਿੱਚ ਵਿਚਰਨ ਵਾਲਾ, ਪਵਿੱਤਰ ਜਜ਼ਬਿਆਂ ਨਾਲ ਭਰਪੂਰ, ਆਸ਼ਾਵਾਦੀ ਤੇ ਧਾਰਮਕ ਰੰਗਣ ਵਿੱਚ ਰੰਗਿਆ ਹੋਇਆ ਉਹ ਮਹਾਨ ਆਗੂ ਸੀ, ਜਿਸ ਨੇ ਅੰਮ੍ਰਿਤ ਦੀ ਰਸਮ ਦੁਆਰਾ ਕੌਮ ਦੀ ਨਵੇਂ ਸਿਰਿਓਂ ਉਸਾਰੀ ਕੀਤੀ।’

ਗਾਰਡਨ ਕਹਿੰਦਾ ਹੈ ‘ਗੁਰੂ ਗੋਬਿੰਦ ਸਿੰਘ ਨੇ ਆਪ-ਹੁਦਰੇ ਲੋਕਾਂ ਨੂੰ ਸੰਜਮ ਵਿੱਚ ਲਿਆਂਦਾ, ਉਨ੍ਹਾਂ ਵਿੱਚ ਧਾਰਮਕ ਭਾਵ ਭਰੇ, ਯੋਧੇ ਬਣਾਏ। ਅੰਮ੍ਰਿਤ ਛਕਾ ਕੇ ਇੱਕ ਵਖਰੀ ਖਾਲਸਾ ਕੌਮ ਸਾਜੀ, ਜੋ ਇੱਕ ਦੂਜੇ ਨਾਲ ਜੁੜ ਗਈ ਅਤੇ ਉਸ ਦਿਨ ਤੱਕ ਲੜਦੀ ਰਹੀ ਜਦ ਤੱਕ ਉਹ ਕਾਮਯਾਬ ਨਾ ਹੋਈ।’

ਲਾਲਾ ਦੌਲਤ ਰਾਇ ਆਰੀਯਾ ਲਿਖਦੇ ਹਨ ‘ਖਾਲਸਾ ਧਰਮ ਉਸ (ਗੁਰੂ ਗੋਬਿੰਦ ਸਿੰਘ) ਦੀ ਕਰਾਮਾਤ ਹੈ, ਜਿਸਮੇਂ ਉਸ ਨੇ ਵੋਹ ਕ੍ਰਿਸ਼ਮੇਂ ਕੀਏ ਹੈਂ ਕਿ ਸਾਰਾ ਆਲਮ ਦੰਗ ਹੈ-ਨਾਮਰਦੋਂ ਕੋ ਮਰਦ ਬਨਾਯਾ ਹੈ, ਲੂਮੜੀਓਂ ਸੇ ਸ਼ੇਰ ਉਠਾਇਆ ਹੈ। ਕੌਮ ਕੀ ਕਾਯਾ ਪਲਟ ਦੀ ਹੈ। ਖਾਲਸਾ ਉਸ ਕੀ ਜਿੰਦਾ ਕਰਾਮਾਤ ਹਰ ਵਕਤ ਸਾਮਨੇ ਹੈ, ਕਿਸੀ ਅੋਰ ਕਰਾਮਾਤ ਕੇ ਦਿਖਾਨੇ ਯਾ ਤਲਾਸ਼ ਕਰਨੇ ਕੀ ਜ਼ਰੂਰਤ ਨਹੀਂ ਹੈ।

‘ਇਬਟਸਨ’ ਦੇ ਅਨੁਸਾਰ, ‘ਹਿੰਦੁਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਧਰਮ ਸਿਆਸੀ ਤਾਕਤ ਬਣਿਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇੱਕ ਵਖਰੀ ਕਿਸਮ ਦੀ ਸੀ। ਹਿੰਦੋਸਤਾਨ ਨੇ ਐਸੀ ਕੌਮ ਨਹੀਂ ਦੇਖੀ ਸੀ। ਨੀਂਵੀਂ ਜਾਤ ਵਾਲੇ ਜਿਨ੍ਹਾਂ ਨੇ ਕਦੀ ਸ਼ਸਤਰਾਂ ਨੂੰ ਹੱਥ ਤੱਕ ਨਹੀਂ ਸੀ ਲਾਇਆ ਅਤੇ ਜੋ ਉੱਚੀਆਂ ਜਾਤਾਂ ਦੇ ਪੈਰਾਂ ਥੱਲੇ ਲਿਤਾੜੇ ਜਾਂਦੇ ਰਹੇ ਸਨ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਨਿਰੇ ਬਹਾਦਰੀ ਦੇ ਗੁਣ ਹੀ ਨਾ ਗ੍ਰਹਿਣ ਕੀਤੇ ਸਗੋਂ ਉਹ ਦੁੱਖੀ ਇਨਸਾਨ ਵਾਸਤੇ ਆਪਾ ਵਾਰਨ ਲਈ ਤਿਆਰ ਹੋਏ। ਇਹ ਕਿਉਂ  ? ਕਿਉਂਕਿ ਗੁਰੂ ਜੀ ਨੇ ਸਿੱਖਾਂ ਵਿਚੋਂ ਵਿਅਕਤੀਗਤ ਗਰਜ ਖ਼ਤਮ ਕਰਕੇ ਦੂਜੇ ਲਈ ਮਰਨ ਦਾ ਚਾਅ ਪੈਦਾ ਕੀਤਾ।’

ਪ੍ਰਿੰਸੀਪਲ ਸਤਿਬੀਰ ਸਿੰਘ ਲਿਖਦੇ ਹਨ ਕਿ ‘ਰੋਂਦੂ, ਮੁਰਦਾ ਤੇ ਨਿਰਾਸ਼ਾਵਾਦੀ ਪੁਰਸ਼ਾਂ ਨੂੰ ਗੁਰੂ ਜੀ ਨੇ ਖੁਸ਼ ਰਹਿਣਾ, ਆਸ਼ਾਵਾਦੀ ਤੇ ਜੁਰਅੱਤ ਵਾਲਾ ਪੁਰਸ਼ ਬਣਾ ਦਿੱਤਾ। ਸਿੱਖਾਂ ਵਿੱਚ ਐਸਾ ਗੁਣ ਪੈਦਾ ਕੀਤਾ ਕਿ ਉਹ ਮਰ ਭਾਵੇਂ ਜਾਵੇ ਪਰ ਝੁਕੇਗਾ ਨਹੀਂ। ਜੋ ਜ਼ੁਲਮ ਦੀ ਵਧਦੀ ਲਹਿਰ ਅੱਗੇ ਚਟਾਨ ਬਣ ਕੇ ਖੜ੍ਹਾ ਹੋ ਜਾਵੇਗਾ, ਬੰਦ ਬੰਦ ਕਟਵਾ ਲਵੇਗਾ ਪਰ ਆਦਰਸ਼ ਤੋਂ ਕਦੀ ਨਹੀਂ ਡਿੱਗੇਗਾ।’

ਲੈਪਲ ਗ੍ਰਿਫਨ ਦੇ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਉਹ ਲਿਖਦਾ ਹੈ ਕਿ ‘ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ, ਜੁਪੀਟਰ ਵਾਂਗੂ ਆਪਣੇ ਸਰੀਰ ਵਿਚੋਂ ਪੈਦਾ ਕੀਤਾ। ਖਾਲਸੇ ਦੀ ਸਾਜਨਾ ਆਪਣੀ ਮਿਸਾਲ ਆਪ ਹੈ।’

ਗਾਰਡਨ ਦੇ ਵਿਚਾਰਾਂ ਅਨੁਸਾਰ ‘ਗੁਰੂ ਜੀ ਨੇ ਸਿੱਖਾਂ ਨੂੰ ਇੱਕ ਪਹਿਰਾਵਾ ਅਤੇ ਇਕੋ ਨਾਂ ਦਿੱਤਾ। ਇਕੋ ਨਾਹਰਾ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ’ ਅਤੇ ਮੁਕਤੀ ਲਈ ਇਕੋ ਪੰਥ ਦੱਸਿਆ।’

ਸਾਧੂ ਟੀ. ਐਲ. ਵਾਸਵਾਨੀ ਦਸਮੇਸ਼ ਪਿਤਾ ਜੀ ਦੀ ਸ਼ਖ਼ਸੀਅਤ ਨੂੰ ਸਤਰੰਗੀ ਨਾਲ ਤੁਲਨਾ ਦਿੰਦੇ ਹੋਏ ਲਿਖਦੇ ਹਨ ਕਿ ‘ਕਲਗੀਆਂ ਵਾਲੇ ਦੁਨੀਆਂ ਵਿੱਚ ਹੋ ਚੁੱਕੇ ਪਹਿਲੇ ਸਾਰੇ ਪੈਗੰਬਰਾਂ ਵਿੱਚ ਪਾਏ ਜਾਣ ਵਾਲੇ ਸ਼ੁਭ ਗੁਣਾਂ ਦਾ ਸੰਗ੍ਰਹਿ ਸਨ ਕਿਉਂਕਿ ਜੋ ਕੰਮ ਹਜ਼ਾਰਾਂ ਰਲ ਕੇ ਵੀ ਨਾ ਕਰ ਸਕੇ ਉਹ ਇਕੋ (ਗੁਰੂ ਗੋਬਿੰਦ ਸਿੰਘ ਜੀ) ਨੇ ਹੀ ਕਰ ਵਿਖਾਇਆ।’

ਅਰਬਿੰਦੂ ਘੋਸ਼ ਆਪਣੀ ਪੁਸਤਕ ‘ਫਾਊਂਡੇਸ਼ਨ ਆਫ ਇੰਡੀਅਨ ਕਲਚਰ’ ਵਿੱਚ ਲਿਖਦਾ ਹੈ ਕਿ ‘ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਅਸਚਰਜਮਈ ਅਨੋਖੀ ਤੇ ਨਿਰਾਲੀ ਸਿਰਜਨਾ ਸੀ ਅਤੇ ਇਸ ਦਾ ਮੂੰਹ ਪਿਛੇ ਵੱਲ ਨਾ ਹੋ ਕੇ ਅਗਾਂਹ ਵੱਲ ਸੀ।’

ਸੀ. ਐਚ. ਪੇਨ ਲਿਖਦਾ ਹੈ ਕਿ ‘ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਜਿਹਨਾਂ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ। ਵਾਹਿਗੁਰੂ ਜੀ ਦੀ ਨਜ਼ਰ ਵਿੱਚ ਸਾਰੇ ਇਕੋ ਜਿਹੇ ਹਨ, ਇਸ ਖਿਆਲ ਉੱਤੇ ਮੋਹਰ ਲਗਾਈ। ਇਸ ਕਦਮ ਨੇ ਉਹਨਾਂ ਲੋਕਾਂ ਨੂੰ ਦੁੱਖੀ ਕੀਤਾ ਜੋ ਅਜੇ ਭੀ ਜਾਤ ਅਭਿਮਾਨ ਵਿੱਚ ਰਹਿੰਦੇ ਸਨ।’

ਸਕਾਟ ਦੇ ਅਨੁਸਾਰ ‘ਗੁਰੂ ਨਾਨਕ ਦੀ ਜੋਤ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੋਤ ਨੂੰ ਉਸੇ ਤਰ੍ਹਾਂ (ਪ੍ਰਚੰਡ) ਕੀਤਾ ਜਿਵੇਂ ਇੱਕ ਸ਼ਮ੍ਹਾ ਦੂਜੀ ਸ਼ਮ੍ਹਾ ਨੂੰ ਕਰਦੀ ਹੈ।’

ਮੈਕਰੈਗਰ ਨੇ ਲਿਖਿਆ ਹੈ ‘ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਵਾਚੀਏ, ਉਹਨਾਂ ਦੇ ਧਾਰਮਿਕ ਸੁਧਾਰਾਂ ਅਤੇ ਕੌਮੀ ਕੰਮਾਂ ਨੂੰ ਦੇਖੀਏ, ਨਾਲ ਹੀ ਉਹਨਾਂ ਦੀ ਨਿੱਜੀ ਬਹਾਦਰੀ ਅਤੇ ਦੁੱਖਾਂ ਵਿੱਚ ਇਸਤਕਬਾਲ (ਰਹਿਨੁਮਾਈ) ਦੀ ਕਹਾਣੀ ਪੜ੍ਹੀਏ, ਉਹਨਾਂ ਨੂੰ ਦੁੱਖਾਂ ਦਾ ਟਾਕਰਾ ਕਰਦੇ ਦੇਖੀਏ ਅਤੇ ਅੰਤ ਵਿੱਚ ਦੁਸ਼ਮਣਾਂ ਦੇ ਮੁਕਾਬਲੇ ਉੱਤੇ ਉਹਨਾਂ ਨੂੰ ਜਿੱਤ ਪ੍ਰਾਪਤ ਕਰਦੇ ਦੇਖੀਏ ਤਾਂ ਸਾਨੂੰ ਗੁਰੂ ਜੀ ਨੂੰ ਉੱਚਾ ਗਿਣਨ ਤੇ ਮੰਨਣ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ। ਅਸੀਂ ਸਮਝ ਜਾਵਾਂਗੇ ਕਿ ਸਿੱਖ ਕਿਉਂ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਸਨਮਾਨ ਵਜੋਂ ਯਾਦ ਮਨਾਉਂਦੇ ਹਨ।’

ਐਡਮੰਡ ਚੈਂਡਲਰ ਦੇ ਲਿਖਣ ਅਨੁਸਾਰ ‘ਗੁਰੂ ਗੋਬਿੰਦ ਸਿੰਘ ਜੀ ਫ਼ਿਲਾਸਫ਼ਰ ਅਤੇ ਮਨੋਵਿਗਿਆਨੀ ਸਨ। ਹਿੰਦੋਸਤਾਨ ਵਿੱਚ ਇਹ ਪਹਿਲੇ ਅਤੇ ਅਖੀਰਲੇ ਗੁਰੂ ਸਨ ਜਿਹਨਾਂ ਨੇ ਫ਼ੌਲਾਦ (ਤਲਵਾਰ) ਦੀ ਠੀਕ ਵਰਤੋਂ ਕੀਤੀ।’

ਮੁਗਲ ਜਰਨੈਲ ਸੈਦ ਖਾਨ ਗੁਰੂ ਜੀ ਦੇ ਦਰਸ਼ਨ ਕਰਕੇ ਪਪੀਹੇ ਵਾਂਗ ਪੁਕਾਰ ਉਠਿਆ ਤੇ ਬੋਲਿਆ ‘ਲੋਕੋ ਰੱਬ ਆਇਆ ਹੈ, ਕਿ ਰੱਬ ਦਾ ਬੰਦਾ ਆਇਆ ਹੈ, ਰੱਬੀ ਨੂਰ ਸਰੀਰਕ ਜਾਮੇ ਵਿੱਚ ਆ ਗਿਆ ਹੈ ਜਿਸ ਨੇ ਮੈਨੂੰ ਮੁਰਦੇ ਨੂੰ ਜਿਵਾਲ ਦਿੱਤਾ ਹੈ।’

ਹਰੀ ਰਾਮ ਗੁਪਤਾ ਲਿਖਦੇ ਹਨ ਕਿ ‘ਗੁਰੂ ਗੋਬਿੰਦ ਸਿੰਘ ਜੀ ਨੇ ਲਿਤਾੜੇ ਲੋਕਾਂ ਨੂੰ ਸਰਦਾਰ ਤੇ ਸੂਰਮੇ ਬਣਾ ਦਿੱਤਾ।’

ਆਓ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ, ਉਹਨਾਂ ਦੇ ਜੀਵਣ ਦੀਆ ਮਹਾਨ ਸਿੱਖਿਆਵਾਂ ਨੂੰ ਆਪਣੇ ਜੀਵਣ ਦਾ ਆਧਾਰ ਬਣਾਈਏ।

ਇਕਵਾਕ ਸਿੰਘ ਪੱਟੀ-ispatti@gmail.com