ਤੂੰ ਮੇਰੋ ਪਿਆਰੋ, ਤਾ ਕੈਸੀ ਭੂਖਾ ? ॥

0
843

ਤੂੰ ਮੇਰੋ ਪਿਆਰੋ, ਤਾ ਕੈਸੀ ਭੂਖਾ ? ॥

ਵਾ. ਪ੍ਰਿਸੀਪਲ ਮਨਿੰਦਰਪਾਲ ਸਿੰਘ- 94175-86121

ਇਹ ਰੱਬੀ ਸੁਨੇਹਾ ਪੰਚਮ ਪਿਤਾ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਮੁਖਾਰਬਿੰਦ ਤੋਂ ਪ੍ਰਗਟ ਹੋਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਸਾ ਰਾਗ ’ਚ 378 ਅੰਕ ਉੱਤੇ ਸੁਭਾਇਮਾਨ ਹੈ।

‘‘ਤੂੰ ਮੇਰੋ ਪਿਆਰੋ, ਤਾ ਕੈਸੀ ਭੂਖਾ ? ॥ ਤੂੰ ਮਨਿ ਵਸਿਆ, ਲਗੈ ਨ ਦੂਖਾ ॥੧॥ ਰਹਾਉ ॥’’ ਵਾਲੀ ਪੰਕਤੀ ’ਚ ਗੁਰੂ ਜੀ ਅਕਾਲ ਪੁਰਖ ਜੀ ਨੂੰ ਸੰਬੋਧਨ ਕਰਕੇ ਆਖ ਰਹੇ ਹਨ ਕਿ ਹੇ ਪ੍ਰਭੂ ਜੀ! ਜਦੋਂ ਤੁਸੀਂ ਮੇਰੇ ਨਾਲ ਪਿਆਰ ਕਰਨ ਵਾਲੇ ਹੋ, ਮੈਨੂੰ ਸਭ ਕੁਝ ਦੇਣ ਵਾਲੇ ਹੋ ਤਾਂ ਮੈਨੂੰ ਕੋਈ ਵੀ ਲਾਲਸਾ ਨਹੀਂ ਰਹਿ ਸਕਦੀ; ਜੇ ਤੁਸੀਂ ਮੇਰੇ ਮਨ ਵਿੱਚ ਟਿੱਕੇ ਰਹੋ ਤਾਂ ਕੋਈ ਵੀ ਦੁੱਖ ਮੈਨੂੰ ਪੋਹ ਨਹੀਂ ਸਕਦਾ।

ਜਿੱਥੇ ਇਸ ਪੰਕਤੀ ਰਾਹੀਂ ਸਰਬ ਸ਼ਕਤੀਮਾਨ ਪ੍ਰਭੂ ਦੀ ਸਮਰੱਥਾ ਦੀ ਝਲਕ ਪੈਂਦੀ ਹੈ, ਉੱਥੇ ਇਸ ਵਿੱਚੋਂ ਪ੍ਰਭੂ ਦੇ ਸੇਵਕ ਦਾ ਪ੍ਰਭੂ ਉੱਤੇ ਭਰੋਸਾ ਵੀ ਡੁੱਲ੍ਹ ਡੁੱਲ੍ਹ ਪੈਂਦਾ ਹੈ ਕਿਉਂਕਿ ਇਸ ਅਸਲੀਅਤ ਦਾ ਪਤਾ ਲਗ ਗਿਆ ਹੈ ਕਿ ‘‘ਸਭਿ ਨਿਧਾਨ, ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥’’ (ਮ: ੫/੧੦) ਭਾਵ ਆਪਣੀ ਲੋੜ ਵਾਸਤੇ, ਕਿਸੇ ਹੋਰ ਅੱਗੇ ਹੱਥ ਅੱਡਣ ਦੀ ਜ਼ਰੂਰਤ ਨਹੀਂ ਕਿਉਂਕਿ ਸਾਰੇ ਖਜ਼ਾਨੇ ਅਤੇ ਹਰ ਪ੍ਰਕਾਰ ਦੀਆਂ ਸਿੱਧੀਆਂ ਅਕਾਲ ਪੁਰਖ ਦੇ ਹੱਥ ਦੀ ਤਲੀ ਉੱਤੇ ਰੱਖੀਆਂ ਹੋਈਆਂ ਹਨ, ਹੁਣ ਤਾਂ ‘‘ਤਿਨ ਚੂਕੀ ਮੁਹਤਾਜੀ ਲੋਕਨ ਕੀ; ਹਰਿ ਪ੍ਰਭੁ, ਅੰਗੁ ਕਰਿ ਬੈਠਾ ਪਾਸਿ ॥’’ (ਮ: ੪/੩੦੫) ਦੇ ਮਹਾਂਵਾਕ ਅਨੁਸਾਰ ਜਦੋਂ ਪ੍ਰਭੂ ਹੀ ਆਪਣੇ ਪੱਖ ਵਿੱਚ ਹੋ ਗਿਆ, ਫਿਰ ਕਿਸੇ ਦੀ ਮੁਹਤਾਜੀ ਨਹੀਂ ਰਹਿ ਜਾਂਦੀ। ਜਿਸ ਨੂੰ ਅਟੱਲ ਪ੍ਰਭੂ ਦਾ ਸਹਾਰਾ ਮਿਲ ਜਾਂਦਾ ਹੈ ਤਾਂ ਉਹ ਪੁਕਾਰ ਉੱਠਦਾ ਹੈ ਕਿ ਹੇ ਭਾਈ!ਇਸ ਨੇ ਤਾਂ ਮੇਰੀਆਂ ਸਭ ਖ਼ਾਹਸ਼ਾਂ ਹੀ ਮਿਟਾ ਦਿੱਤੀਆਂ ਹਨ, ਜਦੋਂ ਦਾ ਇਹ ਮੇਰੇ ਮਨ ਵਿੱਚ ਆ ਕੇ ਵਸਿਆ ਹੈ, ਉਦੋਂ ਤੋਂ ਮੇਰੇ ਮਨ ਦੀ ਭਟਕਣਾ ਮੁੱਕ ਗਈ ਹੈ, ਮਨ ਸ਼ਾਂਤ ਹੋ ਗਿਆ ਹੈ, ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਸਾਰੀਆਂ ਇਛਾਵਾਂ ਹੀ ਪੂਰੀਆਂ ਹੋ ਗਈਆਂ ਹਨ। ਸਤਿਗੁਰੂ ਅਮਰਦਾਸ ਜੀ ਦੇ ਬਚਨ ਹਨ: ‘‘ਸਾਚਾ ਨਾਮੁ ਮੇਰਾ ਆਧਾਰੋ ॥ ਸਾਚੁ ਨਾਮੁ ਅਧਾਰੁ ਮੇਰਾ, ਜਿਨਿ ਭੁਖਾ ਸਭਿ ਗਵਾਈਆ ॥ ਕਰਿ ਸਾਂਤਿ ਸੁਖ, ਮਨਿ ਆਇ ਵਸਿਆ; ਜਿਨਿ, ਇਛਾ ਸਭਿ ਪੁਜਾਈਆ ॥’’ (ਮ:੩/੯੧੭) ਪਿਤਾ ਦੇ ਹੁੰਦਿਆਂ ਪੁੱਤਰ ਭੁੱਖਾ ਕਿਵੇਂ ਰਹਿ ਸਕਦਾ ਹੈ ਤੇ ਪਿਤਾ ਵੀ ਉਹ, ਜਿਸ ਕੋਲ ਕਿਸੇ ਚੀਜ਼ ਦੀ ਘਾਟ ਨਾ ਹੋਵੇ, ਨੌ ਖਜ਼ਾਨਿਆਂ ਨਾਲ ਜਿਸ ਦਾ ਮਹਿਲ ਭਰਿਆ ਹੋਵੇ। ਸਤਿਗੁਰੂ ਅਰਜੁਨ ਦੇਵ ਜੀ ਫ਼ੁਰਮਾਉਂਦੇ ਹਨ ਕਿ ਹੇ ਅਕਾਲ ਪੁਰਖ ਜੀ ! ਤੁਹਾਡਾ ਹੀ ਘਰ ਇਨ੍ਹਾਂ ਰਿੱਧੀਆਂ-ਸਿੱਧੀਆਂ ਨਾਲ ਭਰਪੂਰ ਹੈ, ਇਸ ਕਰਕੇ ਜਿਸ ਦੇ ਤੁਸੀਂ ਪਿਤਾ ਬਣ ਗਏ, ਉਸ ਨੂੰ ਫਿਰ ਕਿਸ ਚੀਜ਼ ਦੀ ਭੁੱਖ ਬਾਕੀ ਰਹਿ ਸਕਦੀ ਹੈ ? ਫ਼ੁਰਮਾਨ ਹੈ: ‘‘ਜਿਸ ਕਾ ਪਿਤਾ, ਤੂ ਹੈ ਮੇਰੇ ਸੁਆਮੀ ! ਤਿਸੁ ਬਾਰਿਕ ਭੂਖ ਕੈਸੀ ? ॥ ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ ਤੇਰੈ; ਮਨਿ ਬਾਂਛੈ, ਸੋ ਲੈਸੀ ॥’’ (ਮ: ੫/੧੨੬੬)

ਹਰੀ ਜੀ ਹੀ ਮਾਤਾ ਹਨ, ਹਰੀ ਜੀ ਹੀ ਪਿਤਾ ਹਨ, ਪ੍ਰਤਿਪਾਲਕ ਹਨ: ‘‘ਹਰਿ ਜੀ ਮਾਤਾ, ਹਰਿ ਜੀ ਪਿਤਾ; ਹਰਿ ਜੀਉ ਪ੍ਰਤਿਪਾਲਕ ॥’’ (ਮ: ੫/੧੧੦੧) ਮੂੰਹ ’ਚੋਂ ਮੰਗ ਨਿਕਲਣੀ ਚਾਹੀਦੀ ਹੈ; ਬਸ, ਉਸੇ ਵੇਲੇ ਹੀ ਪੂਰੀ ਕਰ ਦਿੰਦੇ ਹਨ: ‘‘ਮੁਹਿ ਮੰਗਾਂ ਸੋਈ ਦੇਵਦਾ; ਹਰਿ ਪਿਤਾ ਸੁਖਦਾਇਕ ॥ (ਮ: ੫/੧੧੦੧)

ਬਾਬਾ ਫਰੀਦ ਜੀ ਤਾਂ ਸਮਝਾਉਂਦੇ ਹਨ ਕਿ ਹੇ ਭਾਈ! ਅਕਾਲ ਪੁਰਖ ਜੀ ਤਾਂ ਆਵਾਜ਼ ਮਾਰ ਕੇ ਆਖ ਰਹੇ ਹਨ ਕਿ ਹੇ ਜੀਵ! ਜੇ ਤੂੰ ਸਾਰੇ ਸੁਖ ਲੈਣਾ ਚਾਹੁੰਦਾ ਹੈਂ ਨਾ, ਤਾਂ ਇੰਝ ਕਰ, ਮੇਰੇ ਨਾਲ ਮਿਲ ਜਾ, ਬਸ ਫਿਰ ਕੀ, ਸਾਰਾ ਜਗਤ ਹੀ ਤੇਰਾ ਹੋ ਜਾਵੇਗਾ ਭਾਵ ਜਗਤ ਦੇ ਸਭ ਸੁਖ ਤੇਰੇ ਹੋ ਜਾਣਗੇ ਪਰ ਮੇਰੇ ਨਾਲ ਮਿਲਣ ਦਾ ਤਰੀਕਾ ਹੈ, ਕਿ ਤੂੰ ਆਪਣੇ ਆਪ ਨੂੰ ਸੰਵਾਰ ਲਵੇਂ। ਪਾਵਨ ਬਚਨ ਹਨ: ‘‘ਆਪੁ ਸਵਾਰਹਿ ਮੈ ਮਿਲਹਿ; ਮੈ ਮਿਲਿਆ, ਸੁਖੁ ਹੋਇ ॥ ਫਰੀਦਾ ! ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ॥’’ (ਬਾਬਾ ਫਰੀਦ/੧੩੮੨)

ਪ੍ਰਭੂ ਜੀ ਦੁਨਿਆਵੀ ਪਦਾਰਥਾਂ ਨਾਲ ਹੀ ਆਪਣੇ ਪਿਆਰੇ ਨੂੰ ਮਾਲਾਮਾਲ ਨਹੀਂ ਕਰਦੇ ਸਗੋਂ ਅਧਿਆਤਮਕ ਤੌਕ ’ਤੇ ਵੀ ਇਤਨਾ ਰਜਾ ਦਿੰਦੇ ਹਨ ਕਿ ਕੋਈ ਭੁੱਖ ਨਹੀਂ ਰਹਿ ਜਾਂਦੀ, ਅਨੰਦ ਹੀ ਅਨੰਦ ਬਣ ਜਾਂਦਾ ਹੈ। ਮਨੁੱਖ ਦੇ ਦੁੱਖ ਦਾ ਕਾਰਨ ਪਦਾਰਥ ਨਹੀਂ ਸਗੋਂ ਪਦਾਰਥਾਂ ਦੀ ਭੁੱਖ ਹੈ, ਜੋ ਪਦਾਰਥ ਭੋਗਣ ਨਾਲ ਘਟਦੀ ਨਹੀਂ ਸਗੋਂ ਵਧਦੀ ਹੈ, ਇਸੇ ਕਰਕੇ ਤਾਂ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਹੈ ਕਿ ‘‘ਭੁਖਿਆ ਭੁਖ ਨ ਉਤਰੀ; ਜੇ, ਬੰਨਾ ਪੁਰੀਆ ਭਾਰ ॥’’ (ਜਪੁ /ਮ: ੧)ਭਾਵ ਤ੍ਰਿਸ਼ਨਾ ਦੇ ਅਧੀਨ ਰਿਹਾਂ, ਸੰਸਾਰ ਦੇ ਸਾਰੇ ਪਦਾਰਥ ਵੀ ਲਾਲਸਾ ਨੂੰ ਮਿਟਾ ਨਹੀਂ ਸਕਦੇ, ਜਿਸ ਕਾਰਨ ਦੁੱਖ ਬਣਿਆ ਰਹਿੰਦਾ ਹੈ। ਪ੍ਰਭੂ ਜੀ ਆਪਣੇ ਪਿਆਰੇ ਨੂੰ ਇਸ ਤ੍ਰਿਸ਼ਨਾ ਰੂਪੀ ਭੁੱਖ ਤੋਂ ਉਭਾਰ ਲੈਂਦੇ ਹਨ ਤੇ ਉਹ ਪੁਕਾਰ ਉੱਠਦਾ ਹੈ ਕਿ ਹੇ ਭਾਈ! ਮੈਂ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਗਿਆ ਹਾਂ, ਮੈਂ ਆਪਣੇ ਮਨ ਵਿੱਚ ਪ੍ਰਭੂ ਰੂਪੀ ਲਾਲ ਲੱਭ ਲਿਆ ਹੈ, ਮੇਰਾ ਸਰੀਰ ਸ਼ਾਂਤ ਹੋ ਗਿਆ ਹੈ, ਮਨ ਠੰਡਾ ਹੋ ਗਿਆ ਹੈ, ਪੂਰੇ ਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਰੱਖਿਆ ਹੈ ਜਿਸ ਦੀ ਬਰਕਤ ਨਾਲ ਮੈਂ ਆਪਣਾ ਮਨ ਕਾਬੂ ਕਰ ਲਿਆ ਹੈ, ਮਾਨੋ ਮੈਂ ਸਾਰਾ ਜਗਤ ਜਿੱਤ ਲਿਆ ਹੈ, ਮੇਰੀ ਮਾਇਆ ਦੀ ਭੁੱਖ ਲਹਿ ਗਈ ਹੈ, ਪਦਾਰਥਾਂ ਦੀ ਸਾਰੀ ਤ੍ਰੇਹ ਮੁੱਕ ਗਈ ਹੈ, ਮੈਂ ਚਿੰਤਾ-ਫਿਕਰ ਭੁਲਾ ਦਿੱਤੇ ਹਨ। ਗੁਰੂ ਅਰਜੁਨ ਦੇਵ ਜੀ ਦੇ ਬਚਨ ਹਨ: ‘‘ਪਾਇਆ ਲਾਲੁ ਰਤਨੁ; ਮਨਿ ਪਾਇਆ ॥ ਤਨੁ ਸੀਤਲੁ, ਮਨੁ ਸੀਤਲੁ ਥੀਆ; ਸਤਗੁਰ ਸਬਦਿ ਸਮਾਇਆ ॥੧॥ ਰਹਾਉ ॥ ਲਾਥੀ ਭੂਖ, ਤ੍ਰਿਸਨ ਸਭ ਲਾਥੀ; ਚਿੰਤਾ ਸਗਲ ਬਿਸਾਰੀ ॥ ਕਰੁ ਮਸਤਕਿ, ਗੁਰਿ ਪੂਰੈ ਧਰਿਓ; ਮਨੁ ਜੀਤੋ ਜਗੁ ਸਾਰੀ ॥੧॥’’ (ਮ: ੫/੨੧੫)

ਭਾਈ ਗੁਰਦਾਸ ਜੀ ਵੀ ਫ਼ੁਰਮਾਉਂਦੇ ਹਨ ਕਿ ਪ੍ਰਭੂ ਪਿਆਰੇ ਨੂੰ ਕੋਈ ਭੁੱਖ ਨਹੀਂ ਰਹਿੰਦੀ ਕਿਉਂਕਿ ਅਕਾਲ-ਪੁਰਖ ਵਾਹਿਗੁਰੂ ਜੀ ਵੀ ਉਸ ਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਹਨ। ਆਪ ਅਚਿੰਤ ਹਨ, ਆਪਣੇ ਪਿਆਰੇ ਦੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਦਿੰਦੇ ਹਨ। ਆਪ ਅਜੂਨੀ ਹਨ, ਆਪਣੇ ਭਗਤਾਂ ਨੂੰ ਵੀ ਆਵਾਗਵਨ ਦੇ ਚੱਕਰ ’ਚੋਂ ਕੱਢ ਲੈਂਦੇ ਹਨ। ਪ੍ਰਭੂ ਜੀ ਅਕਾਲ ਹਨ, ਪ੍ਰਭੂ ਪਿਆਰੇ ਦਾ ਵੀ ਮੌਤ ਰੂਪੀ ਕੰਡਾ ਨਾਸ਼ ਹੋ ਜਾਂਦਾ ਹੈ ਭਾਵ ਦੁਖਦਾਈ ਨਹੀਂ ਰਹਿੰਦਾ। ਪ੍ਰਭੂ ਜੀ ਆਪ ਨਿਰਭਉ ਹਨ, ਇਨ੍ਹਾਂ ਦਾ ਭਜਨ ਕਰਨ ਵਾਲੇ ਦੇ ਵੀ ਡਰਾਂ ਦੇ ਸਮੂਹਾਂ ਦੇ ਸਮੂਹ ਦੌੜ ਜਾਂਦੇ ਹਨ। ਨਿਰਵੈਰ ਪ੍ਰਭੂ ਆਪਣੇ ਪਿਆਰੇ ਨੂੰ ਵੀ ਨਿਰਵੈਰ ਬਣਾ ਦਿੰਦੇ ਹਨ। ਆਪ ਨਿਰਭੇਦ ਹਨ ਤੇ ਜਿਹੜਾ ਇਨ੍ਹਾਂ ਨਾਲ ਜੁੜਦਾ ਹੈ ਉਸ ਵਿੱਚੋਂ ਵੀ ਮੇਰ-ਤੇਰ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ। ਅਕੁੱਲ ਪ੍ਰਭੂ ਦਾ ਪੱਲਾ ਪਕੜਨ ਵਾਲਾ ਆਪ ਵੀ ਜ਼ਾਤ ਤੇ ਕੁੱਲ ਦੇ ਅਭਿਮਾਨ ’ਚੋਂ ਨਿਕਲ ਜਾਂਦਾ ਹੈ। ਅਟੱਲ ਅਕਾਲ-ਪੁਰਖ ਜੀ ਦੀ ਸ਼ਰਨ ਵਿੱਚ ਜਾਣ ਵਾਲਾ ਆਵਾਗਵਨ ਤੋਂ ਮੁਕਤ ਹੋ ਕੇ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਪਾਵਨ ਬਚਨ ਹਨ: ‘‘ਚਿੰਤਾਮਨਿ ਚਿਤਵਤ, ਚਿੰਤਾ ਚਿਤ ਤੇ ਚੁਰਾਈ; ਅਜੋਨੀ ਅਰਾਧੇ, ਜੋਨਿ ਸੰਕਟਿ ਕਟਾਏ ਹੈ। ਜਪਤ ਅਕਾਲ, ਕਾਲ ਕੰਟਕ ਕਲੇਸ ਨਾਸੇ; ਨਿਰਭੈ ਭਜਨ, ਭ੍ਰਮ ਭੈ ਦਲ ਭਜਾਏ ਹੈ। ਸਿਮਰਤ ਨਾਥ, ਨਿਰਵੈਰ ਬੈਰ ਭਾਉ ਤਿਆਗਿਓ; ਭਾਗਿਓ ਭੇਦੁ ਖੇਦੁ, ਨਿਰਭੇਦ ਗੁਨ ਗਾਏ ਹੈ। ਅਕੁਲ ਅੰਚਲ ਗਹੇ, ਕੁਲ ਨ ਬਿਚਾਰੈ ਕੋਊ; ਅਟਲ ਸਰਨਿ, ਆਵਾਗਵਨ ਮਿਟਾਏ ਹੈ ॥੪੦੮॥’’ (ਭਾਈ ਗੁਰਦਾਸ ਜੀ / ਕਬਿੱਤ ੪੦੮)

ਜਿਹੜਾ ਪ੍ਰਭੂ ਦਾ ਰੂਪ ਹੀ ਹੋ ਗਿਆ ਉਸ ਦੇ ਜੀਵਨ ਵਿੱਚ ਪ੍ਰਭੂ ਦੀ ਯਾਦ ਤੋਂ ਇਲਾਵਾ ਕੋਈ ਭੁੱਖ ਜਾਂ ਲਾਲਸਾ ਬਾਕੀ ਨਹੀਂ ਰਹਿ ਜਾਂਦੀ ਹੈ। ਉਹ ਤਾਂ ਭਾਈ ਨੰਦ ਲਾਲ ਸਿੰਘ ਜੀ ਵਾਂਗ ਪੁਕਾਰ ਉੱਠਦਾ ਹੈ ਕਿ ਹੇ ਵਾਹਿਗੁਰੂ ਜੀ! ਹਰ ਕੋਈ ਸੰਸਾਰ ਵਿੱਚ ਵਧਣ-ਫੁੱਲਣ ਦੀ ਲਾਲਸਾ ਰੱਖਦਾ ਹੈ, ਉਸ ਨੂੰ ਘੋੜੇ, ਊਠ, ਹਾਥੀ, ਸੋਨੇ ਆਦਿ ਦੀ ਭੁੱਖ ਹੁੰਦੀ ਹੈ। ਹਰ ਕੋਈ ਆਪਣੇ ਲਈ ਦੁਨਿਆਵੀ ਵਸਤੂਆਂ ਦੀ ਚਾਹਨਾ ਰੱਖਦਾ ਹੈ ਪ੍ਰੰਤੂ ਗੋਇਆ ਨੂੰ ਕਿਸੇ ਚੀਜ਼ ਦੀ ਭੁੱਖ ਨਹੀਂ, ਉਹ ਤਾਂ ਪ੍ਰਭੂ ਜੀਪਾਸੋਂ ਸਿਮਰਨ ਦੀ ਲਾਲਸਾ ਹੀ ਰੱਖਦਾ ਹੈ। ਆਪ ਜੀ ਦੇ ਬਚਨ ਹਨ: ‘ਹਰ ਕਸ, ਬ-ਜਹਾਂ, ਨਸ਼ਵੋ ਨੁਮਾ ਮੇ ਖ਼ਾਹਦ। ਅਸਪੋ, ਸ਼ੁਤਰੋ, ਫ਼ੀਲੋ, ਤਿਲਾ ਮੇ ਖ਼ਾਹਦ।ਹਰ ਕਸ, ਜ਼ਿ ਬਰਾਏ ਖ਼ੇਸ਼, ਚੀਜ਼ੇ ਖ਼ਾਹਦ। ਗੋਇਆ, ਜ਼ਿ ਖ਼ੁਦਾ, ਯਾਦਿ ਖ਼ੁਦਾ ਮੇ ਖ਼ਾਹਦ।’ ਇਸ ਤਰ੍ਹਾਂ ਹੀ ਪ੍ਰਭੂ ਪਿਆਰਾ ਪ੍ਰਭੂ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ ਤੇ ਪੂਰਨ ਭਰੋਸੇ ਨਾਲ ਆਖਦਾ ਹੈ ਕਿ ‘‘ਤੂੰ ਮੇਰੋ ਪਿਆਰੋ, ਤਾ ਕੈਸੀ ਭੂਖਾ ? ॥ ਤੂੰ ਮਨਿ ਵਸਿਆ; ਲਗੈ ਨ ਦੂਖਾ ॥੧॥ ਰਹਾਉ ॥’’