ਆਜੁ ਹਮਾਰੈ ਗ੍ਰਿਹਿ ਬਸੰਤ ॥

0
414

ਆਜੁ ਹਮਾਰੈ ਗ੍ਰਿਹਿ ਬਸੰਤ ॥

ਵਾ. ਪ੍ਰਿਸੀਪਲ ਮਨਿੰਦਰਪਾਲ ਸਿੰਘ- 94175-86121

ਸਿਰਲੇਖ ਅਧੀਨ ਪਾਵਨ ਰੱਬੀ ਪੈਗ਼ਾਮ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1180 ’ਤੇ ਬਸੰਤ ਰਾਗ ਅੰਦਰ ਸੁਭਾਇਮਾਨ ਹੈ।

‘‘ਆਜੁ ਹਮਾਰੈ; ਗ੍ਰਿਹਿ ਬਸੰਤ ॥ ਗੁਨ ਗਾਏ ਪ੍ਰਭ ! ਤੁਮ੍ ਬੇਅੰਤ ॥੧॥ ਰਹਾਉ ॥’’ ਬਸੰਤ ਰੁੱਤ ਵਿੱਚ ਹਰ ਇੱਕ ਪਾਸੇ ਖੇੜਾ ਨਜ਼ਰ ਆਉਂਦਾ ਹੈ, ਹਰਿਆਵਲ ਹੀ ਹਰਿਆਵਲ ਹੁੰਦੀ ਹੈ। ਮੌਸਮ ਬੜਾ ਸੁਹਾਵਣਾ ਅਤੇ ਅਨੰਦਮਈ ਹੁੰਦਾ ਹੈ, ਗੁਰੂ ਜੀ ਇਨ੍ਹਾਂ ਪੰਕਤੀਆਂ ਵਿੱਚ ਅਕਾਲ ਪੁਰਖ ਜੀ ਨੂੰ ਸੰਬੋਧਨ ਕਰਕੇ ਆਖ ਰਹੇ ਹਨ ਕਿ ਹੇ ਬੇਅੰਤ ਪ੍ਰਭੂ ਜੀ! ਅੱਜ ਮੇਰੇ ਹਿਰਦੇ ਘਰ ਵਿੱਚ ਬਸੰਤ ਰੁੱਤ ਆ ਗਈ ਹੈ ਭਾਵ ਮੇਰੇ ਜੀਵਨ ਵਿੱਚ ਅਨੰਦ ਬਣ ਗਿਆ ਹੈ, ਖੇੜਾ ਆ ਗਿਆ ਹੈ, ਇਸ ਖੇੜੇ ਦਾ ਕਾਰਨ ਇਹ ਹੈ ਕਿ ਮੈਂ ਤੁਹਾਡੀ ਸਿਫ਼ਤ ਸਾਲਾਹ, ਤੁਹਾਡੇ ਗੁਣ ਹਿਰਦੇ ਨਾਲ ਗਾਇਨ ਕੀਤੇ ਹਨ।

ਸਰਦੀ ਤੇ ਗਰਮੀ ਬਿਲਕੁਲ ਵਿਰੋਧੀ ਪ੍ਰਭਾਵ ਰੱਖਦੀਆਂ ਹਨ ਪਰ ਇਨ੍ਹਾਂ ਦੋਹਾਂ ਵਿੱਚ ਇੱਕ ਸਾਂਝਾ ਗੁਣ ਹੈ ਕਿ ਜਿੱਥੇ ਅਤਿ ਦੀ ਸਰਦੀ ਜੀਵਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ ਉੱਥੇ ਅਤਿ ਦੀ ਗਰਮੀ ਵੀ ਜੀਵਾਂ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇਂਦੀ, ਇਹਨਾਂ ਦੋਹਾਂ ਦੇ ਪ੍ਰਕੋਪ ਕਾਰਨ ਹਰ ਸਾਲ ਕਈ ਜੀਵ ਮੌਤ ਦੀ ਬੁੱਕਲ ਵਿੱਚ ਚਲੇ ਜਾਂਦੇ ਹਨ। ਹਰ ਜੀਵ ਇਨ੍ਹਾਂ ਦੋਹਾਂ ਕੋਲੋਂ ਹੀ ਬਚਣ ਦਾ ਯਤਨ ਕਰਦਾ ਹੈ ਪਰ ਬਸੰਤ ਰੁੱਤ ਜਿਵੇਂ ਸਰਬੱਤ ਦਾ ਭਲਾ ਮੰਗਦੀ ਹੈ; ਇਹ, ਗਰਮੀ ਨੂੰ ਤੱਤੀਆਂ ਲੂਆਂ ਅਤੇ ਸਰਦੀ ਨੂੰ ਬਰਫ਼ੀਲੀਆਂ ਹਵਾਵਾਂ ਚਲਾਉਣ ਤੋਂ ਰੋਕ ਦੇਂਦੀ ਹੈ, ਇਸੇ ਕਰਕੇ ਇਹ ਰੁੱਤ ਹਰ ਜੀਵ ਨੂੰ ਭਾਉਂਦੀ ਹੈ, ਹਰ ਜੀਵ ਅਤੇ ਬਨਸਪਤੀ ਦਾ ਹਰ ਹਿੱਸਾ ਖਿਲ ਉੱਠਦਾ ਹੈ। ਸਤਿਗੁਰੂ ਰਾਮਦਾਸ ਜੀ ਨੇ ਵੀ ਇਸ ਨੂੰ ਭਲੀ ਰੁੱਤ ਕਿਹਾ ਹੈ। ਫ਼ੁਰਮਾਨ ਹੈ: ‘‘ਚੜਿ ਚੇਤੁ ਬਸੰਤੁ ਮੇਰੇ ਪਿਆਰੇ ! ਭਲੀਅ ਰੁਤੇ ॥’’ (ਮ: ੪/੪੫੨)

ਸਾਡੇ ਮਨ ਅੰਦਰ ਵੀ ਅਤਿ ਦੀ ਸਰਦੀ ਤੇ ਅਤਿ ਦੀ ਗਰਮੀ ਮੌਜੂਦ ਹੈ। ਅਤਿ ਦੀ ਸਰਦੀ ਕਰਕੇ ਮਨੁੱਖੀ ਮਨ ਸੰਸਾਰ ਤੋਂ ਉਪਰਾਮ ਹੋ ਕੇ ਇਸ ਤੋਂ ਪਾਸੇ ਹੋ ਜਾਂਦਾ ਹੈ, ਇਸ ਕਾਰਨ ਮਨੁੱਖ ਵਿੱਚੋਂ ਸ੍ਵੈ ਮਾਣ, ਉੱਦਮ ਕਰਨ ਦਾ ਸੁਭਾਅ ਆਦਿ ਉੱਚੇ ਇਖਲਾਕੀ ਗੁਣ ਅਲੋਪ ਹੋ ਜਾਂਦੇ ਹਨ ਤੇ ਮਨੁੱਖ ਨਿਰਾਸਤਾ ਦੀ ਖੱਡ ਵਿੱਚ ਡਿੱਗ ਜਾਂਦਾ ਹੈ।

ਦੂਜੇ ਪਾਸੇ ਅਤਿ ਦੀ ਗਰਮੀ ਰੂਪ ਨਿਰਦਇਤਾ, ਮੋਹ, ਲਾਲਚ ਤੇ ਕ੍ਰੋਧ ਰੂਪੀ ਅੱਗ ਦੀਆਂ ਨਦੀਆਂ ਨਾਲ ਇਸ ਦਾ ਆਪਣਾ-ਆਪ ਲੂਹਿਆ ਜਾਂਦਾ ਹੈ। ਪਾਵਨ ਫ਼ੁਰਮਾਨ ਹੈ: ‘‘ਹੰਸੁ, ਹੇਤੁ, ਲੋਭੁ, ਕੋਪੁ; ਚਾਰੇ ਨਦੀਆ ਅਗਿ ॥ ਪਵਹਿ, ਦਝਹਿ, ਨਾਨਕਾ ! ਤਰੀਐ ਕਰਮੀ ਲਗਿ ॥’’ (ਮ: ੧/੧੪੭) ਇਨ੍ਹਾਂ ਚਾਰਾਂ ਨਦੀਆਂ ਦੀ ਤਪਸ ਮਨੁੱਖੀ ਤਨ ਵਿੱਚ ਹਰ ਸਮੇਂ ਬਣੀ ਰਹਿੰਦੀ ਹੈ, ਜਿਸ ਕਾਰਨ ਇਸ ਦਾ ਖੇੜਾ ਸੜਦਾ ਰਹਿੰਦਾ ਹੈ ਤੇ ਜੀਵਨ ਵਿੱਚ ਸਾੜ ਬਣੀ ਰਹਿੰਦੀ ਹੈ। ਫ਼ੁਰਮਾਨ ਹੈ: ‘‘ਚਾਰਿ ਨਦੀਆ ਅਗਨੀ; ਤਨਿ ਚਾਰੇ ॥ ਤ੍ਰਿਸਨਾ ਜਲਤ; ਜਲੇ ਅਹੰਕਾਰੇ ॥’’ (ਮ: ੩/੧੧੭੨) ਇਹਨਾਂ ਦੇ ਕਾਰਨ ਮਨੁੱਖੀ ਹਿਰਦੇ ਵਿੱਚ ਕਦੀ ਵੀ ਖੇੜਾ ਨਹੀਂ ਆਉਂਦਾ। ਲੋੜ ਹੈ ਪ੍ਰਭੂ ਦੇ ਨਾਮ ਰੂਪੀ ਬਸੰਤ ਦੀ, ਜੋ ਹਿਰਦੇ ਵਿਚਲੀ ਗਰਮੀ ਤੇ ਸਰਦੀ ਦੇ ਮਾਰੂ ਪ੍ਰਭਾਵ ਉੱਤੇ ਰੋਕ ਲਗਾਵੇ ਪਰ ਅਫ਼ਸੋਸ ਇਹ ਮਨ ਤਾਂ ਮੇਰ ਤੇਰ ਵਿੱਚ ਸੜ ਰਿਹਾ ਹੈ, ਇਸ ਨੂੰ ਤਾਂ ਬਸੰਤ ਦੀ ਛੋਹ ਪ੍ਰਾਪਤ ਹੀ ਨਹੀਂ ਹੋਈ। ਪਾਵਨ ਫ਼ੁਰਮਾਨ ਹੈ: ‘‘ਇਸੁ ਮਨ ਕਉ; ਬਸੰਤ ਕੀ ਲਗੈ ਨ ਸੋਇ ॥ ਇਹੁ ਮਨੁ ਜਲਿਆ; ਦੂਜੈ ਦੋਇ ॥੧॥ ਰਹਾਉ ॥’’ (ਮ: ੩/੧੧੭੬)

ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ਕਿ ਇੱਕ ਜੀਵ ਹੀ ਨਹੀਂ ਬਲਕਿ ਸਾਰਾ ਸੰਸਾਰ ਹੀ ਤ੍ਰਿਸ਼ਨਾ ਦੀ ਅਗਨੀ ਵਿੱਚ ਵਾਰ ਵਾਰ ਜਲ ਰਿਹਾ ਹੈ, ਨਾਮ ਰੂਪ ਠੰਡਕ ਤੋਂ ਵਿਹੂਣਾ ਹੋਣ ਕਾਰਨ ਇਹ ਜਗ ਸੁੱਕ ਸੜ ਰਿਹਾ ਹੈ। ਪਾਵਨ ਬਚਨ ਹਨ: ‘‘ਬਿਨੁ ਨਾਵੈ; ਸੂਕਾ ਸੰਸਾਰੁ ॥ ਅਗਨਿ ਤ੍ਰਿਸਨਾ ਜਲੈ; ਵਾਰੋ ਵਾਰ ॥’’ (ਮ: ੩/੧੧੭੩) ਅਜਿਹੇ ਸੁੱਕੇ ਹਿਰਦਿਆਂ ਉੱਤੇ ਖੇੜਾ ਕਿਵੇਂ ਆਵੇ? ਸਤਿਗੁਰ ਜੀ ਸਾਨੂੰ ਰਸਤਾ ਦਿਖਾਉਂਦੇ ਹਨ ਕਿ ਸਿਮਰਨ ਰੂਪੀ ਬਸੰਤ ਨਾਲ ਤੇਰੇ ਸਰੀਰ ਰੂਪੀ ਦਰਖ਼ਤ ਨੂੰ ਰਾਮ ਨਾਮ ਰੂਪੀ ਫਲ ਲੱਗੇਗਾ ਜੋ ਸਭ ਸੁੱਖ ’ਤੇ ਅਨੰਦ ਦੇਣ ਵਾਲਾ ਹੈ। ਹੇ ਭਾਈ ! ਤਾਂ ਹੀ ਤੇਰਾ ਤਨ ਤੇ ਮਨ ਹਰਿਆਵਲੇ ਹੋਣਗੇ, ਖੇੜੇ ਵਿੱਚ ਆਉਣਗੇ। ਗੁਰੂ ਅਮਰਦਾਸ ਜੀ ਦੇ ਬਚਨ ਹਨ: ‘‘ਮਨਿ ਬਸੰਤੁ; ਤਨੁ ਮਨੁ ਹਰਿਆ ਹੋਇ ॥ ਨਾਨਕ ! ਇਹੁ ਤਨੁ ਬਿਰਖੁ; ਰਾਮ ਨਾਮੁ ਫਲੁ ਪਾਏ ਸੋਇ ॥’’ (ਮ: ੩/੧੧੭੬) ਇਹ ਬਸੰਤ ਰੁੱਤ ਸਾਡੇ ਅੰਦਰ ਪੈਦਾ ਕਿਵੇਂ ਹੋਵੇ ? ਇਸ ਦਾ ਉੱਤਰ ਵੀ ਸਾਨੂੰ ਗੁਰੂ ਅਰਜਨ ਦੇਵ ਜੀ ਦਸਦੇ ਹਨ ਕਿ ਇਸ ਰੁੱਤ ਨੂੰ ਪ੍ਰਾਪਤ ਕਰਨ ਲਈ ਲੋੜ ਹੈ ਗੁਰੂ ਦੀ ਦਇਆ ਦੀ, ਪ੍ਰਭੂ ਦੀ ਕ੍ਰਿਪਾਲਤਾ ਦੀ ਅਤੇ ਅੱਠੇ ਪਹਿਰ ਪ੍ਰਭੂ ਦੇ ਸਿਮਰਨ ਵਿੱਚ ਜੁੜਨ ਦੀ; ਪਾਵਨ ਬਚਨ ਹਨ: ‘‘ਤਿਸੁ ਬਸੰਤੁ; ਜਿਸੁ ਪ੍ਰਭੁ ਕ੍ਰਿਪਾਲੁ ॥ ਤਿਸੁ ਬਸੰਤੁ; ਜਿਸੁ ਗੁਰੁ ਦਇਆਲੁ ॥ ਮੰਗਲੁ ਤਿਸ ਕੈ ; ਜਿਸੁ ਏਕੁ ਕਾਮੁ ॥ ਤਿਸੁ ਸਦ ਬਸੰਤੁ; ਜਿਸੁ ਰਿਦੈ ਨਾਮੁ ॥’’ (ਮ: ੫/੧੧੮੦)

ਸਿਮਰਨ ਤੋਂ ਬਿਨਾ ਹਿਰਦੇ ਵਿੱਚ ਅਨੰਦ ਆ ਹੀ ਨਹੀਂ ਸਕਦਾ ਪਰ ਜਿਸ ਹਿਰਦੇ ਵਿੱਚ ਪ੍ਰਭੂ ਦੀ ਯਾਦ ਹੋਵੇ ਉੱਥੋਂ ਅਨੰਦ ਜਾ ਹੀ ਨਹੀਂ ਸਕਦਾ ਜਿਵੇਂ ਲਖ ਕੋਸ਼ਿਸ਼ ਕਰੀਏ ਪਰ ਫੁੱਲ ਖਿੜ ਨਹੀਂ ਸਕਦੇ, ਦਰਖ਼ਤ ਹਰੇ ਭਰੇ ਨਹੀਂ ਹੋ ਸਕਦੇ, ਬਨਸਪਤੀ ਹਰਿਆਵਲੀ ਨਹੀਂ ਹੋ ਸਕਦੀ ਪਰ ਜਦੋਂ ਬਸੰਤ ਰੁੱਤ ਆਉਂਦੀ ਹੈ ਤਾਂ ਕੋਈ ਯਤਨ ਕਰੇ ਭਾਵੇਂ ਨਾ ਕਰੇ, ਸਾਰੀ ਬਨਸਪਤੀ ’ਤੇ ਜੋਬਨ ਛਾ ਜਾਂਦਾ ਹੈ, ਫੁੱਲ ਖਿੜ ਉੱਠਦੇ ਹਨ, ਮਹਿਕ ਉੱਠਦੇ ਹਨ, ਹਰ ਪਾਸੇ ਹਰਿਆਵਲ ਹੀ ਹਰਿਆਵਲ ਹੋ ਜਾਂਦੀ ਹੈ ਕਿਉਂਕਿ ਬਸੰਤ ਰੁੱਤ ਦਾ ਪ੍ਰਭਾਵ ਹੀ ਐਸਾ ਹੈ; ਇਸੇ ਤਰ੍ਹਾਂ ਮਨੁੱਖ ਭਾਵੇਂ ਲਖ ਕੋਸ਼ਿਸ਼ ਕਰੇ ਪਰ ਮਨ ਹਰਿਆਵਲਾ ਨਹੀਂ ਹੋ ਸਕਦਾ ਪਰ ਜਦੋਂ ਇਹ ਸਤਿਗੁਰੂ ਦੀ ਸੰਗਤ ਵਿੱਚ ਜਾਂਦਾ ਹੈ ਤਾਂ ਉੱਥੇ ਨਾਮ ਦਾ ਪ੍ਰਭਾਵ ਹੈ, ਸਿਮਰਨ ਦਾ ਵਾਤਾਵਰਨ ਹੈ, ਬਸ ਇਸੇ ਪ੍ਰਭਾਵ ਕਾਰਨ ਜੀਵ ਦਾ ਮਨ ਆਪ ਮੁਹਾਰਾ ਖਿੜ ਕੇ ਸੁੱਖ ਪ੍ਰਾਪਤ ਕਰਦਾ ਹੈ। ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ: ‘‘ਬਨਸਪਤਿ ਮਉਲੀ; ਚੜਿਆ ਬਸੰਤੁ ॥ ਇਹੁ ਮਨੁ ਮਉਲਿਆ; ਸਤਿਗੁਰੂ ਸੰਗਿ ॥’’ (ਮ: ੩/੧੧੭੬) ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹੇ ਭਾਈ! ਬਸੰਤ ਦਾ ਮੌਸਮ ਤਾਂ ਸਮਾਂ ਪਾ ਕੇ ਹੀ ਆਏਗਾ ਅਤੇ ਆਉਣ ਤੋਂ ਬਾਦ ਕੁਝ ਕੂ ਸਮਾਂ ਹੀ ਰਹੇਗਾ, ਇਸ ਤੋਂ ਬਾਦ ਫਿਰ ਬੇਰੌਣਕੀ ਹੋ ਜਾਏਗੀ ਪਰ ਮਨ ਨੂੰ ਤਾਂ ਹਮੇਸ਼ਾਂ ਖੇੜੇ ਵਿੱਚ ਰਹਿਣਾ ਚਾਹੀਦਾ ਹੈ, ਕੇਹਾ ਚੰਗਾ ਹੋਵੇ ਜੇ ਬਸੰਤ ਸਦਾ ਰਹੇ ਅਤੇ ਮਨ ਖਿੜਿਆ ਰਹੇ, ਸਤਿਗੁਰੂ ਜੀ ਫ਼ੁਰਮਾਉਂਦੇ ਹਨ ਕਿ ਇਹ ਹੋ ਸਕਦਾ ਹੈ, ਤੈਨੂੰ ਗੁਰੂ ਦੇ ਸ਼ਬਦ ਦੀ ਵੀਚਾਰ ਕਰਨੀ ਪਵੇਗੀ, ਵਾਹਿਗੁਰੂ ਨੂੰ ਹਮੇਸ਼ਾਂ ਆਪਣੇ ਹਿਰਦੇ ਅੰਦਰ ਧਾਰਨ ਕਰਨਾ ਪਵੇਗਾ, ਫਿਰ ਦੁੱਖ ਨਹੀਂ ਆਉਣਗੇ, ਮਨ ਨੂੰ ਮੁਰਝਾਉਣਾ ਨਹੀਂ ਪਵੇਗਾ ਕਿਉਂਕਿ ਸਿਮਰਨ ਨਾਲ ਹਰ ਸਮੇਂ ਬਸੰਤ ਦਾ ਵਾਤਾਵਰਨ ਬਣਿਆ ਰਹਿੰਦਾ ਹੈ। ਪਾਵਨ ਬਚਨ ਹਨ: ‘‘ਸਦਾ ਬਸੰਤੁ; ਗੁਰ ਸਬਦੁ ਵੀਚਾਰੇ ॥ ਰਾਮ ਨਾਮੁ; ਰਾਖੈ ਉਰ ਧਾਰੇ ॥’’ (ਮ: ੩/੧੧੭੬)

ਜਦੋਂ ਗੁਰੂ ਜੀ ਦੀ ਕਿਰਪਾ ਸਦਕਾ ਭਾਈ ਨੰਦ ਲਾਲ ਜੀ ਦਾ ਹਿਰਦਾ ਰੂਪੀ ਕੌਲ ਫੁੱਲ ਖਿੜ ਉੱਠਿਆ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਸੰਬੋਧਨ ਕਰਕੇ ਫ਼ੁਰਮਾਇਆ ਕਿ ਹੇ ਭਾਈ ! ਹੋਸ਼ ਸੰਭਾਲੀਂ ਕਿਉਂਕਿ ਬਸੰਤ ਰੁੱਤ ਦਾ ਸਮਾਂ ਆ ਗਿਆ ਹੈ, ਇਹ ਬਸੰਤ ਰੁੱਤ ਇਕੱਲੀ ਨਹੀਂ ਆਈ ਸਗੋਂ ਪ੍ਰਭੂ ਮਿੱਤਰ ਵੀ ਨਾਲ ਆਇਆ ਹੈ, ਜਿਸ ਦੇ ਫਲਸਰੂਪ ਦਿਲ ਨੂੰ ਸ਼ਾਂਤੀ ਆ ਗਈ ਹੈ। ਆਪ ਜੀ ਬਚਨ ਕਰਦੇ ਹਨ: ‘ਬ-ਹੋਸ਼ ਬਾਸ਼, ਕਿ ਹੰਗਾਮਿ ਨੌ-ਬਹਾਰ ਆਮਦ। ਬਹਾਰ ਆਮਦੋ, ਯਾਰ ਆਮਦੋ, ਕਰਾਰ ਆਮਦ।’

ਇਹ ਇੱਕ ਪਰਮ ਸਚਾਈ ਹੈ ਕਿ ਜਿਹੜਾ ਵੀ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹ ਅਨੰਦਮਈ ਹੋ ਕੇ ਪੁਕਾਰ ਉੱਠਦਾ ਹੈ ਕਿ ‘‘ਆਜੁ ਹਮਾਰੈ; ਗ੍ਰਿਹਿ ਬਸੰਤ ॥ ਗੁਨ ਗਾਏ ਪ੍ਰਭ ! ਤੁਮ੍ ਬੇਅੰਤ ॥’’ (ਮ: ੫/੧੧੮੦)