ਤੇਰਾ ਕੀਆ ਮੀਠਾ ਲਾਗੈ ॥

0
881

ਤੇਰਾ ਕੀਆ ਮੀਠਾ ਲਾਗੈ ॥

ਵਾ. ਪ੍ਰਿਸੀਪਲ ਮਨਿੰਦਰਪਾਲ ਸਿੰਘ- 94175-86121

ਹੁਕਮ ਨੂੰ ਮੰਨਣ ਤਥਾ ਰਜ਼ਾ ਵਿੱਚ ਰਹਿਣ ਦੇ ਗੁਰ (ਫ਼ਾਰਮੂਲੇ) ਨਾਲੋਂ ਸੰਸਾਰ ਵਿੱਚ ਹੋਰ ਕੋਈ ਵੀ ਚੰਗਾ ਗੁਰ (ਜਾਦੂ) ਨਹੀਂ ਹੈ। ਇਹ ਅਜਿਹਾ ਜਾਦੂ ਹੈ ਜਿਸ ਦੀਵਰਤੋਂ ਕਰਕੇ ਇੱਕ ਪਤਨੀ ਆਪਣੇ ਪਤੀ ਨੂੰ ਵਸ ਵਿੱਚ ਕਰ ਸਕਦੀ ਹੈ, ਇਹ ਇੱਕ ਅਜਿਹਾ ਢੰਗ ਹੈ ਜਿਸ ਨਾਲ਼ ਇੱਕ ਨੌਕਰ ਆਪਣੇ ਮਾਲਕ ਦੀ ਪ੍ਰਸੰਨਤਾ ਹਾਸਲ ਕਰ ਸਕਦਾ ਹੈ, ਇਹ ਇੱਕ ਅਜਿਹਾ ਰਾਜ਼ ਹੈ ਜਿਸ ਨਾਲ਼ ਇੱਕ ਚੇਲਾ ਆਪਣੇ ਗੁਰੂ ਨੂੰ ਤਥਾ ਪੁੱਤਰ ਆਪਣੇ ਪਿਤਾ ਨੂੰ ਖੁਸ਼ ਕਰਕੇ, ਉਸ ਦੀ ਗੱਦੀ, ਉਸ ਦੀਹੱਟੀ, ਉਸ ਦੇ ਕਾਰ-ਵਿਹਾਰ ਦੀਆਂ ਚਾਬੀਆਂ ਸਾਂਭ ਲੈਂਦਾ ਹੈ। ਇਸੇ ਤਰ੍ਹਾਂ ਜਿਹੜਾ ਜੀਵ ਪ੍ਰਭੂ ਦੀ ਆਗਿਆ ਨੂੰ ਖ਼ੁਸ਼ੀ-ਖ਼ੁਸ਼ੀ ਪ੍ਰਵਾਨ ਕਰਦਾ ਹੈ, ਉਸ ਨੂੰ ਦਿਆਲੂ ਪ੍ਰਭੂ ਜੀ ਚੌਗੁਣਾ ਨਿਹਾਲ ਕਰ ਦਿੰਦੇ ਹਨ। ਸਤਿਗੁਰੂ ਜੀ ਫ਼ੁਰਮਾਨ ਕਰਦੇ ਹਨ: ‘‘ਜਿਸ ਕੀ ਬਸਤੁ, ਤਿਸੁ ਆਗੈ ਰਾਖੈ ॥ ਪ੍ਰਭ ਕੀ ਆਗਿਆ, ਮਾਨੈ ਮਾਥੈ ॥ ਉਸ ਤੇ ਚਉਗੁਨ, ਕਰੈ ਨਿਹਾਲੁ ॥ ਨਾਨਕ ! ਸਾਹਿਬੁ, ਸਦਾ ਦਇਆਲੁ ॥’’ (ਮ: ੫/੨੬੮)

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਪਹਿਲੀ ਬਾਣੀ ‘ਜਪੁ’ ਸਾਹਿਬ ਦੀ ਪਹਿਲੀ ਪਉੜੀ ਵਿੱਚ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਸਮਝਾਉਂਦੇ ਹਨ ਕਿ ਪ੍ਰਭੂ ਜੀ ਦੇ ਨਾਲ਼ ਮਿਲਾਪ ਓਦੋਂ ਹੀ ਹੋ ਸਕਦਾ ਹੈ ਜਦੋਂ ਝੂਠ ਦੀ ਕੰਧ ਟੁੱਟ ਜਾਵੇ ਪਰ ਇਹ ਤਾਂ ਹੀ ਹੋ ਸਕੇਗਾ ਜੇ ਅਕਾਲ-ਪੁਰਖ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਉਸ ਦੀ ਰਜ਼ਾ ਵਿੱਚ ਖ਼ੁਸ਼ੀ-ਖ਼ੁਸ਼ੀ ਜੀਵਨ ਪੰਧ ਤਯ ਕਰੀਏ। ਪਾਵਨ ਬਚਨ ਹਨ: ‘‘ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ  ? ॥ ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ॥’’ (ਜਪੁ)

ਦੂਸਰੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਵੀ ਸਾਨੂੰ ਸੰਦੇਸ਼ ਦਿੰਦੇ ਹਨ ਕਿ ਪ੍ਰਭੂ ਜੀ ਨੂੰ ਮਿਲਣ ਦਾ, ਉਨ੍ਹਾਂ ਨਾਲ ਮਿਲਾਪ ਕਰਨ ਦਾ ਇਹੋ ਤਰੀਕਾ ਹੈ ਕਿਵਾਹਿਗੁਰੂ ਜੀ ਦੇ ਹੁਕਮ ਨੂੰ ਪਹਿਚਾਣਦੇ ਹੋਏ, ਪ੍ਰਭੂ ਭਾਣੇ ਵਿੱਚ ਚੱਲੀਏ। ਸਤਿਗੁਰੂ ਜੀ ਬਖ਼ਸ਼ਸ਼ ਕਰਦੇ ਹਨ ਕਿ ‘‘ਨਾਨਕ  ! ਹੁਕਮੁ ਪਛਾਣਿ ਕੈ, ਤਉ ਖਸਮੈ ਮਿਲਣਾ ॥’’ (ਮ: ੨/੧੩੯)

ਜ਼ਰਾ ਸੋਚੀਏ ! ਗੁਰੂ ਸਾਹਿਬਾਨ ਨਾਲੋਂ ਵੱਧ ਸਚਿਆਰ ਕੌਣ ਹੋ ਸਕਦਾ ਹੈ ? ਗੁਰੂ ਜੀ ਅਤੇ ਪ੍ਰਭੂ ਜੀ ਵਿੱਚ ਤਾਂ ਕੋਈ ਭੇਦ ਹੀ ਨਹੀਂ ਰਿਹਾ ਇਹ ਤਾਂ ਇੱਕਮਿਕਤਾਵਾਲ਼ੀ ਅਵਸਥਾ ਹੈ। ਅੱਠੇ ਪਹਿਰ ਗੁਰੂ ਜੀ ਦੇ ਜੀਵਨ ਦਾ ਸਿਧਾਂਤ ਤੇ ਸੋਚ ਇਹ ਰਹੀ ਹੈ ਕਿ ‘‘ਜੇ ਸੁਖੁ ਦੇਹਿ, ਤ ਤੁਝਹਿ ਅਰਾਧੀ; ਦੁਖਿ ਭੀ, ਤੁਝੈ ਧਿਆਈ ॥’’ (ਮ: ੪/੭੫੭)

ਜਦੋਂ ਅਸੀਂ ਗੁਰੂ ਇਤਿਹਾਸ ਨੂੰ ਵਾਚਦੇ ਹਾਂ ਤਾਂ ਇੱਕ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਗੁਰੂ ਘਰ ਵਿੱਚ ਅਕਾਲ-ਪੁਰਖ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਅਤੇ ਇਸੇ ਸਿਧਾਂਤ ਨੂੰ ਪ੍ਰਚਾਰਨ ਦੀ ਰੀਤ ਰਹੀ ਹੈ। ਭਾਵੇਂ ਗੁਰਮਤਿ ਉੱਤੇ ਚਲਦਿਆਂ ਰੇਤਾ ਅੱਕ ਆਦਿ ਹੀ ਫੱਕਣਾ ਪਿਆ, ਪੁੱਤਰ ਵਾਰਨੇ ਪਏ, ਘਰੋਂ ਬੇਘਰ ਹੋਣਾ ਪਿਆ, ਸੀਸ ਵਾਰਨਾ ਪਿਆ, ਤੱਤੀ ਤਵੀ ਦੇ ਉੱਤੇ ਬੈਠਣਾ ਪਿਆ ਪਰ ਵਿਚਾਰ ਇਹ ਹੀ ਰਹੇ, ਹਰ ਹਾਲਤ ਵਿੱਚ ਪ੍ਰਭੂ ਜੀ ਦਾ ਧੰਨਵਾਦ ਇਹ ਕਹਿ ਕੇ ਕੀਤਾ ਗਿਆ ਕਿ ‘‘ਤੇਰਾ ਕੀਆ, ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ, ਨਾਨਕੁ ਮਾਂਗੈ ॥’’ (ਮ: ੫/੩੯੪) ਇਨ੍ਹਾਂ ਹਾਲਤਾਂ ਨੂੰ ਵੇਖਦਿਆਂ ਭਾਵੇਂ ਕਈ ਧਾਰਮਿਕ ਰਾਜਸੀ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਹਾ ਦੇ ਨਾਹਰੇ ਮਾਰੇ, ਕੀਰਨੇ ਪਾਏ ਪਰ ਜਿਨ੍ਹਾਂ ਉੱਤੇ ਇਹ ਘਟਨਾਵਾਂ ਵਾਪਰੀਆਂ ਉਹ ਮਹਾਨ ਸਤਿਗੁਰ ਰੂਹਾਂ ਦੇ ਚਿਹਰਿਆਂ ਉੱਤੇ ਖੇੜਾ, ਜਲਾਲ, ਸ਼ਾਂਤੀ ਤੇ ਸਕੂਨ ਬਣਿਆ ਰਿਹਾ ਕਿਉਂਕਿ ਉਹ ਤਾਂ ਭਾਣੇ ਵਿੱਚ ਰਹਿਣ ਵਾਲ਼ੇ ਰੱਬੀ ਪਿਆਰੇ ਸਨ। ਪੁੱਛਣ ’ਤੇ ਸਤਿਗੁਰ ਜੀ ਨੇ ਉਪਦੇਸ਼ ਦਿੱਤਾ ਕਿ ‘‘ਭਾਣੇਜੇਵਡ, ਹੋਰ ਦਾਤਿ ਨਾਹੀ; ਸਚੁ ਆਖਿ ਸੁਣਾਇਆ ॥’’ (ਮ: ੩/੧੦੯੩) ਗੁਰੂ ਸਾਹਿਬ ਨੇ ਭਾਣੇ ਨੂੰ ਉਤਮ ਦਾਤ ਦੀ ਪਦਵੀ ਦਿੱਤੀ, ਇਸ ਨੂੰ ਤੀਜੇ ਪਾਤਿਸ਼ਾਹ ਹੋਰ ਖੋਲ੍ਹ ਕੇ ਸਮਝਾਉਂਦੇ ਹਨ ਕਿ ‘‘ਭਾਣਾ ਮੰਨੇ, ਸੋ ਸੁਖੁ ਪਾਏ; ਭਾਣੇ ਵਿਚਿ ਸੁਖੁ ਪਾਇਦਾ ॥’’ (ਮ: ੩/੧੦੬੩) ਅਸਲ ਪਰਮ ਸੁੱਖ, ਅਨੰਦ ਤਾਂ ਭਾਣਾ ਮੰਨਣ ਵਿੱਚ ਹੀ ਹੈ, ਭਾਣੇ ਵਿੱਚ ਤਾਂ ਅਨੰਦ ਹੀ ਅਨੰਦ ਹੈ। ਐ ਦੁਨੀਆ ਦੇ ਲੋਕੋ ! ਅਸਲ ਦੁੱਖ ਦਾ ਕਾਰਨ ਵੀ ਭਾਣੇ ਤੋਂ ਬਾਹਰ ਹੋ ਕੇ ਚੱਲਣਾ ਹੈ। ਸਤਿਗੁਰੂ ਜੀ ਬਖ਼ਸ਼ਸ਼ ਕਰਦੇ ਹਨ: ‘‘ਮਨਮੁਖੁ ਅੰਧੁ, ਕਰੇ ਚਤੁਰਾਈ ॥ ਭਾਣਾ ਨ ਮੰਨੇ, ਬਹੁਤੁ ਦੁਖੁ ਪਾਈ ॥’’ (ਮ: ੩/੧੦੬੪)

ਅੱਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਗੁਰ ਪੁਰਬ ਹੈ, ਹੋਰ ਗੁਰੂ ਸਾਹਿਬਾਨਾਂ ਵਾਂਗੂ ਇਨ੍ਹਾਂ ਦੇ ਜੀਵਨ ਵਿੱਚੋਂ ਵੀ ਭਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਖ਼ੁਸ਼ਬੂ ਆਉਂਦੀ ਹੈ ਕਿਉਂਕਿ ਗੁਰੂ ਸਾਹਿਬ ਜੀ ਦੇ ਆਪਣੇ ਬਚਨ ਹਨ ਕਿ ‘‘ਮੀਤੁ ਕਰੈ, ਸੋਈ ਹਮ ਮਾਨਾ ॥ ਮੀਤ ਕੇ ਕਰਤਬ, ਕੁਸਲ ਸਮਾਨਾ ॥’’ (ਮ: ੫/੧੮੭)ਭਾਵ ਮੀਤ ਪ੍ਰਭੂ ਜੀ ਜੋ ਕਰਦੇ ਹਨ ਉਸ ਵਿੱਚ ਕੁਸ਼ਲਤਾ ਹੀ ਹੁੰਦੀ ਹੈ, ਉਸ ਵਿੱਚ ਅਨੰਦ ਤੇ ਸੁੱਖ ਹੁੰਦਾ ਹੈ। ਸਤਿਗੁਰ ਜੀ ਨੇ ਸਿਰਫ਼ ਕਿਹਾ ਹੀ ਨਹੀਂ ਹੈ ਸਗੋਂ ਇਸ ਨੂੰ ਅਮਲੀ ਪਹਿਰਾਵਾ ਵੀ ਪਹਿਨਾਇਆ ਹੈ ਕਿਉਂਕਿ ਕਥਨੀ ਤੇ ਕਰਣੀ ਦੇ ਸੂਰੇ ਹਨ ‘ਗੁਰੂ ਸਾਹਿਬ ਜੀ’। ‘‘ਕਲਜੁਗਿ ਜਹਾਜੁ ਅਰਜੁਨੁ ਗੁਰੂ..॥’’ (ਭਟ ਮਥੁਰਾ) ਤੇ ਬਾਣੀ ਦੇ ਬੋਹਿਥ ਸਤਿਗੁਰੂ ਜੀ ਦੇ ਸਮੁੱਚੇ ਜੀਵਨ ਵਿੱਚੋਂ ਸੰਤੋਖ ਅਤੇ ਭਾਣੇ ਵਿੱਚ ਖ਼ੁਸ਼ੀ-ਖ਼ੁਸ਼ੀ ਰਹਿਣਾ ਹੀ ਦਿਸ ਪੈਂਦਾ ਹੈ। ਭਾਵੇਂ ਪ੍ਰਿਥੀ ਚੰਦ ਦੀਆਂ ਕੋਝੀਆਂਹਰਕਤਾਂ ਕਾਰਨ ਮਾਇਆ ਦੀ ਥੁੜ ਹੋ ਗਈ, ਲੰਗਰ ਮਸਤਾਨੇ ਹੋ ਗਏ, ਭਾਵੇਂ ਸੱਤਾ ਬਲਵੰਡ ਰਬਾਬੀਆਂ ਨੇ ਵੀ ਮਾਇਕ ਕਮਜ਼ੋਰੀ ਕਾਰਨ ਕੀਰਤਨ ਕਰਨ ਤੋਂ ਇਨਕਾਰ ਕੀਤਾ, ਭਾਵੇਂ ਬਾਬਾ ਪ੍ਰਿਥੀ ਚੰਦ ਜੀ ਨੇ ਦਾਈ ਦੀ ਰਾਹੀਂ, ਸਪੇਰੇ ਦੀ ਰਾਹੀਂ, ਖਿਡਾਵੇ ਦੀ ਰਾਹੀਂ ਤਿੰਨ ਵਾਰੀ ਇਨ੍ਹਾਂ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿੰਦ ਉੱਤੇ ਵਾਰ ਕੀਤੇ, ਭਾਵੇਂ ਸੁਲਹੀ ਖਾਂ ਨੂੰ ਗੁਰੂ ਸਾਹਿਬ ਜੀ ਦੇ ਉੱਤੇ ਹਮਲਾ ਕਰਨ ਲਈ ਭੇਜਿਆ ਗਿਆ ਪਰ ਗੁਰੂ ਜੀ ਨੇ ਸ਼ਾਂਤ-ਅਡੋਲ ਚਿੱਤ ਵਾਹਿਗੁਰ ਜੀ ਦੇ ਭਾਣੇ ਵਿੱਚ ਰਹਿੰਦਿਆਂ ਕਦੇ ਵੀ ਕਿਸੇ ਨੂੰ ਬੁਰਾ ਨਾ ਆਖਿਆ ਸਗੋਂ ਸਰਬੱਤ ਦਾ ਭਲਾ ਹੀ ਮੰਗਿਆ ਸਗੋਂ ਜਦੋਂ ਕਿਸੇ ਨੇ ਕਿਹਾ ਕਿ ਬੜਾ ਮਾੜਾ ਹੋਇਆ ਹੈ, ਮਾੜਾ ਕੀਤਾ ਹੈ, ਤੁਹਾਨੂੰ ਕੋਈ ਯੋਗ ਕਾਰਵਾਈ ਕਰਨੀ ਚਾਹੀਦੀ ਹੈ: ‘‘ਪ੍ਰਥਮੇ ਮਤਾ, ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ, ਦੁਇ ਮਾਨੁਖ ਪਹੁਚਾਵਉ ॥ ਤ੍ਰਿਤੀਏ ਮਤਾ, ਕਿਛੁ ਕਰਉ ਉਪਾਇਆ ॥’’ (ਮ: ੫/੩੭੧) ਤਾਂ ਸਤਿਗੁਰ ਜੀ ਨੇ ਇਨ੍ਹਾਂ ਬਚਨਾਂ ਰਾਹੀਂ ਸ਼ਾਂਤੀ ਬਖ਼ਸ਼ਸ਼ ਕੀਤੀ ਕਿ ‘‘ਮੈ ਸਭੁ ਕਿਛੁ ਛੋਡਿ ਪ੍ਰਭ ! ਤੁਹੀ ਧਿਆਇਆ ॥’’ (ਮ: ੫/੩੭੧), ‘‘ਜਿਉ ਜਿਉ ਤੇਰਾ ਹੁਕਮੁ, ਤਿਵੈ ਤਿਉ ਹੋਵਣਾ ॥ ਜਹ ਜਹ ਰਖਹਿ ਆਪਿ, ਤਹ ਜਾਇ ਖੜੋਵਣਾ ॥’’ (ਮ: ੫/੫੨੩)

ਜਦੋਂ ਸਤਿਗੁਰ ਜੀ ਨੂੰ ਦੇਗ਼ ਵਿੱਚ ਉਬਾਲਿਆ ਗਿਆ, ਤੱਤੀ ਤਵੀ ਉੱਤੇ ਬਿਠਾਇਆ ਗਿਆ, ਸੀਸ ਉੱਤੇ ਤੱਤਾ ਰੇਤਾ ਪਾਇਆ ਗਿਆ, ਤੱਤੇ ਬੋਲ ਵੀ ਬੋਲੇ ਗਏ ਪਰ ਵੇਖਣ ਵਾਲ਼ੀ ਗੱਲ ਹੈ ਕਿ ਤਵੀ ਵੀ ਤੱਤੀ, ਪਾਣੀ ਵੀ ਤੱਤਾ, ਰੇਤ ਵੀ ਤੱਤਾ, ਮੌਸਮ ਵੀ ਤੱਤਾ, ਅੱਗ ਵੀ ਤੱਤੀ, ਬਚਨ ਵੀ ਤੱਤੇ ਬੋਲੇ ਜਾ ਰਹੇ ਹਨ ਪਰ ਸਤਿਗੁਰ ਜੀ ਦਾ ਹਿਰਦਾ ਸ਼ਾਂਤ ਹੈ। ਸਾਂਈ ਮੀਆ ਮੀਰ ਜੀ ਵੀ ਇਸ ਦ੍ਰਿਸ਼ ਨੂੰ ਵੇਖ ਕੇ ਤੱਤੇ ਹੋ ਗਏ ਸਨ, ਕ੍ਰੋਧ ਵਿੱਚ ਆ ਗਏ ਸਨ ਪਰ ਸ਼ਾਂਤੀ ਦੇ ਪੁੰਜ ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਵੀ ਠੰਢਕ ਬਖ਼ਸ਼ੀ ਤੇ ਕਿਹਾ ਸਾਂਈ ਜੀ ਮਿੱਠਾ ਖਾਣ ਲੱਗਿਆਂ ਕਦੇ ਵੀ ਕ੍ਰੋਧ ਨਹੀਂ ਆਉਂਦਾ, ਪ੍ਰਭੂ ਜੀ ਦਾ ਭਾਣਾ ਬਹੁਤ ਹੀ ਮਿੱਠਾ ਹੈ, ਮੈਨੂੰ ਕੋਈ ਤਕਲੀਫ਼ ਨਹੀਂ ਹੈ। ਇਸ ਸਮੇਂ ਵੀ ਜਦੋਂ ਸਤਿਗੁਰੂ ਜੀ ਨੇ ਆਪਣੇ ਸੁਭਾਅ ਮੁਤਾਬਕ ਅਰਦਾਸ ਕੀਤੀ ਤਾਂ ਤੀਜੇ ਪਾਤਿਸ਼ਾਹ ਦੇ ਬਚਨ ਹੀ ਦੁਹਰਾਏ ਕਿ ‘‘ਜਗਤੁ ਜਲੰਦਾ ਰਖਿ ਲੈ, ਆਪਣੀ ਕਿਰਪਾ ਧਾਰਿ ॥ ਜਿਤੁ ਦੁਆਰੈ ਉਬਰੈ, ਤਿਤੈ ਲੈਹੁ ਉਬਾਰਿ ॥’’ (ਮ: ੩/੮੫੩) ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲ਼ਾ ਹੀ ਇੰਝ ਆਖ ਸਕਦਾ ਹੈ, ਸਤਿਗੁਰ ਜੀ ਆਪਣੇ ਸਰੀਰ ਦੀ ਜਲਣ ਨੂੰ ਨਹੀਂ ਦੇਖਦੇ ਸਗੋਂ ਆਮ ਲੋਕਾਂ ਦੇ ਮਨਾਂ ਵਿੱਚ ਜੋ ਤ੍ਰਿਸ਼ਨਾ ਦੀ ਈਰਖਾ ਦੀ ਅੱਗ ਬਲ਼ ਰਹੀ ਹੈ ਉਸ ਦੀ ਸ਼ਾਂਤੀ ਵਾਸਤੇ ਹੀ ਅਰਦਾਸ ਕਰਦੇ ਹਨ।

ਧਰਮ ਤੇ ਇਤਿਹਾਸ ਵਿੱਚ ਪਹਿਲਾਂ ਵੀ ਕਈ ਵਾਰੀ ਪ੍ਰਭੂ-ਪ੍ਰੇਮੀਆਂ ਨੂੰ ਅੱਗ ਰਾਹੀਂ ਮੌਤ ਦੇਣ ਦੇ ਫ਼ੈਸਲੇ ਕੀਤੇ ਗਏ, ਪ੍ਰਹਿਲਾਦ ਜੀ ਨੂੰ ਆਪਣੀ ਭੂਆ ਹੋਲਿਕਾ ਨਾਲ਼ ਅੱਗ ਵਿੱਚ ਬੈਠਣ ਲਈ ਕਿਹਾ ਗਿਆ, ਤੱਤੇ ਥੰਮ ਨੂੰ ਗਲ ਨਾਲ਼ ਲਾਉਣ ਲਈ ਕਿਹਾ ਗਿਆ, ਭਗਤ ਪ੍ਰਹਿਲਾਦ ਜੀ ਹਸਦਿਆਂ-ਹਸਦਿਆਂ ਪ੍ਰਭੂ ਦਾ ਭਾਣਾ ਮੰਨ ਕੇਅੱਗ ਨਾਲ਼ ਖੇਡ ਗਏ ਪਰ ਉੱਥੇ ਪ੍ਰਭੂ ਜੀ ਦੀ ਰਜ਼ਾ ਵਿੱਚ ਅੱਗ ਦਾ ਸੁਭਾਅ ਹੀ ਬਦਲਿਆ ਦਿਸ ਪੈਂਦਾ ਹੈ। ਨਮਰੂਦ ਦੀ ਕਚਹਿਰੀ ਵਿੱਚ ਹਜ਼ਰਤ ਇਬਰਾਹੀਮ ਨੂੰਭੱਖਦੇ ਅੰਗਾਰਿਆਂ ਉੱਤੋਂ ਲੰਘਣ ਦਾ ਹੁਕਮ ਹੋਇਆ, ਵਾਹਿਗੁਰੂ ਜੀ ਦੀ ਰਜ਼ਾ ਮੰਨਦੇ ਹੋਏ ਜਦੋਂ ਹਜ਼ਰਤ ਜੀ ਨੇ ਖ਼ੁਸ਼ੀ-ਖ਼ੁਸ਼ੀ ਅੰਗਾਰਿਆਂ ਉੱਤੇ ਪੈਰ ਧਰਿਆ ਤਾਂ ਭੱਖਦੇ ਅੰਗਾਰੇ ਫੁੱਲ ਬਣ ਗਏ, ਦੱਸਿਆ ਜਾਂਦਾ ਹੈ ਪਰ ਇਸ ਵਾਰੀ ਕਾਦਰ ਦੀ ਇਹ ਆਪਣੀ ਰਜ਼ਾ ਸੀ ਕਿ ਉਸ ਨੇ ਇਹ ਸਭ ਤੋਂ ਉੱਚਾ ਤੇ ਸੁੱਚਾ ਭਾਣਾ ਮਿੱਠਾ ਕਰਕੇ ਮੰਨਣ ਦਾ ਚਾਨਣ-ਮੁਨਾਰਾ ਕਾਇਮ ਕਰਨਾ ਸੀ। ਇਸ ਵਾਰੀ ਅੱਗ ਨਾ ਠੰਡੀ ਯਖ਼ (ਬਰਫ਼) ਬਣੀ, ਨਾ ਗੁਲਾਬ ਦੇ ਫੁੱਲ ਬਣੀ ਸਗੋਂ ਭੱਠੀ ਵਿੱਚ ਦਾਣੇ ਭੁੰਨਣ ਵਾਲ਼ੀ ਤੇ ਦੇਗ਼ ਵਿੱਚ ਚੌਲ਼ ਉਬਾਲਣ ਵਾਲ਼ੀ ਅੱਗ ਹੀ ਬਣੀ ਰਹੀ ਤਾਂ ਕਿ ਜਗਤ ਦਾ ਇਹ ਭਰਮ ਵੀ ਮਿਟ ਜਾਏ ਤੇ ਸਮਝ ਆ ਜਾਏ ਕਿ ਸੱਚਾ ਆਸ਼ਕ ਭਾਣੇ ਵਿੱਚਵਿਚਰਦਿਆਂ ਆਪਣੇ ਸਿਦਕ ਵਿੱਚ ਕਾਇਮ ਰਹਿੰਦਾ ਹੈ।

ਕੁੱਝ ਅੰਦਰੋਂ ਸੜੇ ਹੋਏ ਲੋਕਾਂ ਨੇ ਜਹਾਂਗੀਰ ਨੂੰ ਭੜਕਾਇਆ, ਜਹਾਂਗੀਰ ਨੇ ਯਾਸ਼ਾ ਦੇ ਕਾਨੂੰਨ ਮੁਤਾਬਕ ਸਤਿਗੁਰ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਗੁਰੂ ਜੀ ਨੂੰ ਦੇਗ਼ ਵਿੱਚ ਉਬਾਲਿਆ ਗਿਆ, ਤੱਤੀ-ਤੱਤੀ ਰੇਤ ਦੇ ਕੜਛੇ ਸਿਰ ਉੱਤੇ ਪਾਏ ਗਏ, ਤੱਤੀ ਤਵੀ ਉੱਤੇ ਵੀ ਆਸਣ ਲਗਵਾਏ, ਸਤਿਗੁਰੂ ਜੀ ਦਾ ਸਰੀਰ ਛਾਲੇ-ਛਾਲੇ ਹੋ ਗਿਆ, ਇੰਝ ਜਾਪਦਾ ਸੀ ਕਿ ਸਬਰ ਤੇ ਜਬਰ (ਤਸ਼ੱਦਦ) ਦਾ ਯੁੱਧ ਹੋ ਰਿਹਾ ਹੈ। ਕਈ ਵੇਖਣ ਵਾਲ਼ਿਆਂ ਨੇ ਹੰਝੂ ਗੇਰੇ ਪਰ ਜ਼ਾਲਮ, ਜ਼ੁਲਮ ਕਰਦੇ ਗਏ, ਸ਼ਾਂਤੀ ਦੀ ਮੂਰਤ ਸਤਿਗੁਰੂ ਜੀ ਦੇ ਸਾਹਮਣੇ ਜ਼ਾਲਮਾਂ ਦੀ ਪੇਸ਼ ਨਾ ਗਈ ਆਖ਼ਿਰ ਉਹ ਕ੍ਰੋਧ ਦੀ ਅੱਗ ਵਿੱਚ ਸੜ ਉੱਠੇ, ਸਤਿਗੁਰੂ ਜੀ ਦੇ ਉੱਤੇ ਪੱਥਰਾਂ ਨਾਲ਼ ਪ੍ਰਹਾਰ ਕੀਤਾ, ਵੱਟੇ ਲੱਗਣ ’ਤੇ ਖ਼ੂਨ ਦੀ ਫੁਹਾਰ ਵਗ ਟੁਰੀ, ਯਾਸਾ ਕਾਨੂੰਨ ਦਾ ਨਿਯਮ ਭੰਗ ਹੋ ਗਿਆ ਕਿਉਂਕਿ ਇਸ ਤਹਿਤ ਦਿੱਤੀ ਗਈ ਸਜ਼ਾ ਅਨੁਸਾਰ ਖ਼ੂਨ ਦਾ ਇਕ ਕਤਰਾ ਵੀ ਧਰਤੀ ’ਤੇ ਨਹੀਂ ਡਿੱਗਣਾ ਚਾਹੀਦਾ, ਜ਼ਾਲਮ ਡਰ ਗਏ, ਘਾਬਰ ਗਏ ਸਤਿਗੁਰੂ ਜੀ ਦੇ ਸਰੀਰ ਨੂੰ ਪਾਣੀ ਵਿੱਚ ਰੋੜ੍ਹ ਦਿੱਤਾ ਗਿਆ ਪਰ ਭਾਣੇ ਵਿੱਚ ਰਹਿਣ ਵਾਲ਼ੇ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਅਖ਼ੀਰ ਤੱਕ ਠੰਢਕ ਹੀ ਵੰਡਦੇ ਰਹੇ, ਸਰਬੱਤ ਦਾ ਭਲਾ ਹੀ ਮੰਗਦੇ ਰਹੇ ਅਤੇ ਉਚਾਰਨ ਕਰਦੇ ਰਹੇ ਕਿ ‘‘ਤੇਰੈ ਭਾਣੈ, ਸਦਾ ਸੁਖੁ ਪਾਇਆ; ਗੁਰਿ, ਤ੍ਰਿਸਨਾ ਅਗਨਿ ਬੁਝਾਈ ॥’’ (ਮ: ੩/੧੩੩੩) ਅਤੇ ਪੂਰੇ ਬ੍ਰਹਿਮੰਡ ਨੂੰ ਅਨੰਦ ਦੀ ਪਰਿਭਾਸ਼ਾ ਅਮਲੀ ਰੂਪ ਵਿੱਚ ਸਮਝਾ ਕੇ ਗਏ ਕਿ ‘‘ਹਰਿ ਕਾ ਨਾਮੁ, ਰਿਦੈ ਨਿਤ ਧਿਆਈ ॥ ਸੰਗੀ ਸਾਥੀ, ਸਗਲ ਤਰਾਂਈ ॥੧॥ ਗੁਰੁ ਮੇਰੈ ਸੰਗਿ, ਸਦਾ ਹੈ ਨਾਲੇ ॥ ਸਿਮਰਿ ਸਿਮਰਿ, ਤਿਸੁ ਸਦਾ ਸਮ੍ਾਲੇ ॥੧॥ ਰਹਾਉ ॥ ਤੇਰਾ ਕੀਆ, ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ, ਨਾਨਕੁ ਮਾਂਗੈ ॥’’ (ਮ: ੫/੩੯੪)

22130cookie-checkਤੇਰਾ ਕੀਆ ਮੀਠਾ ਲਾਗੈ ॥