ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥

0
1195

ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥

ਪ੍ਰਿੰ. ਹਰਭਜਨ ਸਿੰਘ- 94170-20961

ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਗ੍ਰੰਥ ਦੇ ਪੰਨਾ ਨੰਬਰ 374 ਤੇ ‘ਖਾਲਸਾ’ ਸ਼ਬਦ ਦੇ ਅਰਥ ਕੁਝ ਇਸ ਤਰ੍ਹਾਂ ਕੀਤੇ ਹਨ- ਇਹ ਸ਼ਬਦ ਅਰਬੀ ਭਾਸ਼ਾ ਦਾ ਹੈ 1. ਖ਼ਾਲਿਸਹ ਸ਼ੁੱਧ 2. ਬਿਨਾ ਮਿਲਾਵਟ, ਨਿਰੋਲ 3. ਉਹ ਜ਼ਮੀਨ ਜਾਂ ਮੁਲਕ ਜੋ ਬਾਦਸ਼ਾਹ ਦਾ ਹੈ, ਜਿਸ ਉੱਤੇ ਕਿਸੇ ਜਾਗੀਰਦਾਰ ਅਥਵਾ ਜਿਮੀਂਦਾਰ ਦੀ ਮਲਕੀਅਤ ਨਹੀਂ 4. ਅਕਾਲੀ ਧਰਮ, ਵਾਹਗੁਰੂ ਜੀ ਕਾ ਖ਼ਾਲਸਾ, ਸਿੰਘ ਪੰਥ 5. ਖਾਲਸਾ ਧਰਮਧਾਰੀ ਗੁਰੂ ਨਾਨਕ ਪੰਥੀ।

ਗੁਰਬਾਣੀ ਨੂੰ ਧਿਆਨ ਨਾਲ ਪੜ੍ਹਿਆਂ ਅਤੇ ਵੀਚਾਰਿਆਂ ਇਹ ਗੱਲ ਤਾਂ ਸਪੱਸ਼ਟ ਹੋ ਜਾਂਦੀ ਹੈ ਕਿ ਇਕ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਆਪ ਵਿੱਚ ਸ਼ੁੱਧ ਹੈ, ਬਿਨਾ ਮਿਲਾਵਟ ਤੋਂ ਹੈ ਅਤੇ ਇਸ ਉੱਤੇ ਕਿਸੇ ਇਕ ਵਿਸ਼ੇਸ਼ ਵਿਅਕਤੀ ਜਾਂ ਵੱਖ-ਵੱਖ ਮਜਹਬਾਂ ਨੂੰ ਮੰਨਣ ਵਾਲਿਆਂ ਦਾ ਖਾਸ ਅਧਿਕਾਰ ਨਹੀਂ ਬਲਕਿ ‘‘ਤੂੰ ਸਾਂਝਾ ਸਾਹਿਬ, ਬਾਪੁ ਹਮਾਰਾ॥’’ (ਮ:੫/੯੭) ਕਿਹਾ ਗਿਆ ਹੈ। ਭਗਤ ਰਵਿਦਾਸ ਜੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ‘‘ਆਪਨ ਬਾਪੈ ਨਾਹੀਂ ਕਿਸੀ ਕੋ, ਭਾਵਨ ਕੋ ਹਰਿ ਰਾਜਾ॥’’ (ਭਗਤ ਰਵਿਦਾਸ/੬੫੮) ਇਸ ਦਾ ਭਾਵ ਇਹ ਹੋਇਆ ਕਿ ਜੋ ਵੀ ਮਨੁੱਖ ਇਕ ਪਵਿੱਤਰ ਹਸਤੀ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ, ਨਾ ਕਿ ਕਿਸੇ ਅਖੌਤੀ ਜਾਤ ਵਿੱਚ ਜਨਮ ਲੈਣ ਵਾਲਾ ਹੀ ਪਵਿੱਤਰ ਹੁੰਦਾ ਹੈ। ਜਿਵੇਂ ਕਿ ਗੁਰਬਾਣੀ ਦਾ ਫੁਰਮਾਣ ਹੈ ‘‘ਬਾਮਣੁ ਬਿਰਥਾ ਗਇਓ ਜਨੰਮੁ, ਜਿਨਿ ਕੀਤੋ ਸੋ ਵਿਸਰੇ॥’’ (ਮ:੫/੧੪੨੫) ਸਭ ਤੋਂ ਵੱਡਾ ਦੁਖਾਂਤ ਹੀ ਇਹ ਹੈ ਕਿ ਰੱਬ ਦਾ ਬਨਾਇਆ ਹੋਇਆ ਇਨਸਾਨ ਹੀ ਇਨਸਾਨ ਤੋਂ ਇਸ ਲਈ ਨਫ਼ਰਤ ਕਰਦਾ ਆ ਰਿਹਾ ਹੈ ਕਿ ਉਹ ਉਸ ਦੀ ਜਾਤ ਵਿੱਚੋਂ ਨਹੀਂ ਹਾਲਾਂਕਿ ਗੁਰਮਤਿ ਸਿਧਾਂਤ ਇਸ ਗੱਲ ਨੂੰ ਮੂਲੋਂ ਹੀ ਰੱਦ ਕਰਦਾ ਹੈ। ਗੁਰਬਾਣੀ ਰਾਹੀਂ ਸਤਿਗੁਰਾਂ ਨੇ ਸਾਨੂੰ ਸਾਂਝਾ ਉਪਦੇਸ਼ ਦਿ੍ਰੜ੍ਹ ਕਰਵਾਇਆ ਹੈ ਕਿ

ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥ (ਮ:੧/੩੪੯)

ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ॥ (ਮ:੧/੧੩੩੦)

ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ (ਮ:੧/੪੬੯)

ਜਿਸ ਇਨਸਾਨ ਦੇ ਅੰਦਰ ਜਾਤ-ਪਾਤ ਵਾਲਾ ਭਰਮ ਭੁਲੇਖਾ ਹੈ ਉਹ ਸ਼ੁੱਧ, ਨਿਰਮਲ ਜਾਂ ਪਵਿੱਤਰ ਕਿਵੇਂ ਹੋ ਸਕਦਾ ਹੈ। ਜਿਸ ਦੇ ਅਸੀਂ ਸਾਰੇ ਜੀਵ ਪੈਦਾ ਕੀਤੇ ਹੋਏ ਹਾਂ ਉਸ ਦੀ ਤਾਂ ਕੋਈ ਜਾਤ ਗੁਰਬਾਣੀ ਨੇ ਦੱਸੀ ਨਹੀਂ ਸਗੋ ਇਹ ਦੱਸਿਆ ਹੈ ‘‘ਜਨ ਨਾਨਕ ਕਉ ਗੁਰਿ ਕਿਰਪਾ ਧਾਰੀ, ਸਭੁ ਅਕੁਲ ਨਿਰੰਜਨੁ ਡੀਠਾ॥ (ਮ:੫/੬੧੨), ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ॥’’ (ਭਗਤ ਕਬੀਰ/੧੩੪੯) ਉਹ ਤਾਂ ਇਕ ਹੋਣ ਦੇ ਬਾਵਜੂਦ ਵੀ ਓਅੰਕਾਰ ਹੈ ਭਾਵ ਸਰਬ ਵਿਆਪਕ ਹੈ। ਆਪਣੇ ਆਪ ਨੂੰ ਉੱਚਾ ਜਾਂ ਦੂਸਰਿਆਂ ਨੂੰ ਨੀਵਾਂ ਸਮਝਣ ਵਾਲਾ ਇਹ ਕਿਉਂ ਭੁੱਲ ਜਾਂਦਾ ਹੈ ਕਿ ‘‘ਤੁਮ ਮਾਤ ਪਿਤਾ, ਹਮ ਬਾਰਿਕ ਤੇਰੇ॥’’ (ਮ:੫/੨੬੮) ਜੇ ਥੋੜੀ ਦੇਰ ਲਈ ਇਹ ਗੱਲ ਮੰਨ ਵੀ ਲਿਆ ਜਾਏ ਕਿ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਉਸ ਸਮੇਂ ਪ੍ਰਚੱਲਤ ਅਖੌਤੀ ਉੱਚੀਆਂ ਜਾਂ ਨੀਵੀਆਂ ਜਾਤਾਂ ਵਿੱਚੋਂ ਸਨ ਤਾਂ ਵੀ ਕੀ ਉਹਨਾਂ ਦੀ ਬਾਣੀ ਨੂੰ ਜਾਤਾਂ-ਪਾਤਾਂ ਨਾਲ ਜੋੜਿਆਂ ਜਾ ਸਕਦਾ ਹੈ ? ਹਰਗਿਜ ਨਹੀਂ। ਇਸ ਵਖਰੇਵੇਂ ਨੂੰ ਦੂਰ ਕਰਨ ਲਈ ਹੀ ਤਾਂ ਸਮੁੱਚੀ ਬਾਣੀ ਨੂੰ ਇਕ ਥਾਂ ’ਤੇ ਇਕਤ੍ਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕੀਤੀ। ਕੋਈ ਵੀ ਸ਼ਬਦ ਨ ਬੇਦੀ ਹੈ, ਨ ਤ੍ਰੇਹਣ ਹੈ, ਨ ਸੋਢੀ ਹੈ, ਨ ਬ੍ਰਾਹਮਣ ਹੈ, ਨ ਖਤਰੀ ਹੈ, ਨ ਸ਼ੂਦ ਹੈ, ਨ ਵੈਸ਼ ਹੈ। ਸ਼ਬਦ ਤਾਂ ਅਕਾਲਪੁਰਖ ਦਾ ਹੁਕਮ ਹੈ ਜੋ ਕਿ ਗੁਰੂ ਸਾਹਿਬਾਨਾਂ ਰਾਹੀਂ ਅਤੇ ਭਗਤ ਸਾਹਿਬਾਨਾਂ ਰਾਹੀਂ ਸਾਡੇ ਤੱਕ ਪਹੁੰਚਿਆ। ਜੋ ਮਨੁੱਖ ਇਸ ਪਵਿੱਤਰ ਸ਼ਬਦ (ਹੁਕਮ) ਰਾਹੀਂ ਆਪਣੇ ਸ਼ਰੀਰ ਨੂੰ ਪਵਿੱਤਰ ਕਰ ਲੈਂਦਾ ਹੈ ਉਹ ਖਾਲਸਾ ਹੈ। ਗੁਰਵਾਕ ਹੈ ‘‘ਏਸ ਨਉ ਹੋਰੁ ਥਾਉ ਨਾਹੀ, ਸਬਦਿ ਲਾਗਿ ਸਵਾਰੀਆ॥’’ (ਮ:੩/੯੧੭) ਸ਼ਬਦ ਦੁਆਰਾ ਸਵਾਰੀ ਹੋਈ ਦੇਹੀ, ਅੰਦਰੋਂ ਵੀ ਨਿਰਮਲ ਅਤੇ ਬਾਹਰੋਂ ਵੀ ਨਿਰਮਲ ਹੋ ਜਾਂਦੀ ਹੈ। ਅੰਦਰਲੀ ਨਿਰਮਲਤਾ‘‘ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ॥’’ (ਮ:੫/੨੭੯) ਦੇ ਅਨੁਸਾਰ ਹੀ ਹੋ ਸਕਦੀ ਹੈ।

ਜਿਸ ਭਾਂਡੇ ਵਿੱਚ ਕੋਈ ਕੀਮਤੀ ਵਸਤੂ ਜਿਵੇਂ ਕਿ ਦੁੱਧ ਆਦਿ ਰੱਖਣਾ ਹੋਵੇ ਤਾਂ ਅਸੀਂ ਉਸ ਨੂੰ ਅੰਦਰੋਂ ਤੇ ਬਾਹਰੋਂ ਸਾਫ ਰੱਖਦੇ ਹਨ ਤਾਂ ਕਿ ਉਸ ਵਿੱਚ ਪਈ ਵਸਤੂ ਠੀਕ ਰਹੇ। ਗੁਰ ਬਚਨ ਹਨ ‘‘ਭਾਂਡਾ ਧੋਇ ਬੈਸਿ ਧੂਪੁ ਦੇਵਹੁ, ਤਉ ਦੂਧੈ ਕਉ ਜਾਵਹੁ॥’’ (ਮ:੧/੭੨੮) ਇਸੇ ਤਰ੍ਹਾਂ ਅੰਮ੍ਰਿਤ ਬਾਣੀ ਜਾਂ ਅੰਮ੍ਰਿਤ ਨਾਮ ਨੂੰ ਜਿਸ ਹਿਰਦੇ ਵਿੱਚ ਟਿਕਾਣਾ ਹੋਵੇ ਤਾਂ ਉਹ ਕਿੰਨਾ ਸਾਫ ਸੁਥਰਾ ਚਾਹੀਦਾ ਹੈ ਅਤੇ ਜਿਸ ਹਿਰਦੇ ਦੀ ਮਾਲਕ ਦੇਹੀ ਹੈ ਉਹ ਕਿੰਨੀ ਪਵਿੱਤਰ ਹੋਣੀ ਚਾਹੀਦੀ ਹੈ? ਸਤਿਗੁਰੂ ਜੀ ਨੇ ਬਾਣੀ ਰਾਹੀਂ ਇਹ ਸਮਝਾਇਆ ਹੈ ਕਿ ਇਹ ਨਿਰਮਲਤਾ ‘‘ਬਾਹਰਹੁ ਤ ਨਿਰਮਲ ਜੀਅਹੁ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ॥’’ (ਮ:੩/੯੧੯) ਰਾਹੀਂ ਹੀ ਹੋ ਸਕਦੀ ਹੈ। ਇਸ ਗੱਲ ਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਬਾਣੀ ਨੇ ਸਾਨੂੰ ਆਤਮਿਕ ਤੌਰ ’ਤੇ ਬਲਵਾਨ ਕਰਨਾ ਹੈ ਅਤੇ ਬਾਣੇ (ਕਕਾਰਾਂ) ਨੇ ਬਾਹਰ ਮੁੱਖੀ ਜਥੇਬੰਦੀ ਦੇ ਤੌਰ ’ਤੇ। ਜਿੱਥੇ ਸਾਨੂੰ ਏਕਤਾ ਦੀ ਲੜੀ ਵਿੱਚ ਪਰੋਣਾ ਹੈ ਉੱਥੇ ਇਕ ਨਿਸ਼ਾਨ ਥੱਲੇ ਵੀ ਇਕਤ੍ਰ ਕਰਨਾ ਹੈ। ਪਰ ਇਹ ਗੱਲ ਦੁਖ ਨਾਲ ਲਿਖਣੀ ਪੈ ਰਹੀ ਹੈ ਕਿ ਇਕ ਬਾਣੀ ਨੂੰ ਮੱਥਾ ਟੇਕਣ ਵਾਲੇ, ਇਕ ਖੰਡੇ ਬਾਟੇ ਦੀ ਪਾਹੁਲ ਲੈਣ ਵਾਲੇ ਇਹ ਸਾਰੇ ਆਪਣੇ ਆਪ ਨੂੰ ਗੁਰੂ ਕੇ ਸਿੱਖ ਜਾਂ ਖਾਲਸਾ ਮੰਨਦੇ ਹਨ ਪਰ ਰਹਿਤ ਮਰਯਾਦਾ ਜੋ ਕਿ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਤ ਹੈ ਉਸ ਨੂੰ ਮੰਨਣ ਤੋਂ ਇਨਕਾਰੀ ਕਿਉਂ ਹਨ? ਜੇ ਐਸਾ ਹੈ ਤਾਂ ਫਿਰ ਕੀ ਅਸੀਂ ‘‘ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥’’ ਵਾਲੀ ਅਵਸਥਾ ਦੇ ਧਾਰਨੀ ਹੋ ਸਕਦੇ ਹਾਂ ?