ਮੇਰੀ ਮੇਰੀ ਕਰਤੇ ਜਨਮੁ ਗਇਓ॥

0
1407

ਮੇਰੀ ਮੇਰੀ ਕਰਤੇ ਜਨਮੁ ਗਇਓ॥

ਵਾ. ਪ੍ਰਿਸੀਪਲ ਮਨਿੰਦਰਪਾਲ ਸਿੰਘ- 94175-86121

ਹਥਲੇ ਲੇਖ ਦਾ ਵਿਸ਼ਾ ‘‘ਮੇਰੀ ਮੇਰੀ ਕਰਤੇ ਜਨਮੁ ਗਇਓ॥’’ ਰੂਪ ਰੱਬੀ ਸੁਨੇਹਾ ਭਗਤ ਕਬੀਰ ਜੀ ਦਾ ਆਸਾ ਰਾਗ ਅੰਦਰ ਉਚਾਰਨ ਕੀਤਾ ਹੋਇਆ ਹੈ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 479 ’ਤੇ ਸੁਭਾਇਮਾਨ ਹੈ। ਸ਼ਬਦ ਦੇ ਸਾਰ (ਰਹਾਉ) ‘‘ਮੇਰੀ ਮੇਰੀ ਕਰਤੇ ਜਨਮੁ ਗਇਓ ॥ ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥’’ ਤੁਕ ਰਾਹੀਂ ਭਗਤ ਜੀ ਸਮਝਾਉਂਦੇ ਹਨ ਕਿ ਮੇਰੀ ਮੇਰੀ ਕਰਦਿਆਂ ਹੀ ਜਨਮ ਬਤੀਤ ਹੋ ਗਿਆ ਹੈ, ਜਵਾਨੀ ਅਤੇ ਸਰੀਰਕ ਸ਼ਕਤੀ ਦਾ ਸਮੁੰਦਰ ਸੁਕਣ ਕਰਕੇ ਬਾਂਹਵਾਂ ਦਾ ਬਲ ਵੀ ਰਹਿ ਗਿਆ ਹੈ।

ਜੀਵ, ਪ੍ਰਭੂ ਨਾਲੋਂ ਵਿਛੜਿਆ ਹੋਇਆ ਹੈ ਅਤੇ ਇਸ ਦਾ ਜੀਵਨ ਮਨੋਰਥ ਪ੍ਰਭੂ ਨਾਲ ਦੁਬਾਰਾ ਮਿਲਾਪ ਕਰਨਾ ਹੀ ਹੈ। ਧਰਮ ਨਾਲ ਸਾਂਝ, ਪ੍ਰਭੂ ਦੀ ਗੋਦ ਦਾ ਅਨੰਦ, ਪ੍ਰਭੂ ਨਾਲ ਮਿਲਾਪ ਕੇਵਲ ਤੇ ਕੇਵਲ ਮਨੁੱਖਾ ਜਾਮੇ ਵਿੱਚ ਹੀ ਹੋ ਸੰਭਵ ਹੈ, ਇਹੀ ਪਹਿਲਾ ਅਤੇ ਅਖੀਰਲਾ ਮੌਕਾ ਹੈ। ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਵਚਨ ਹਨ: ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥’’ (ਮ: ੫/੧੨)

ਜਿਸ ਜੀਵ ਉੱਤੇ ਪ੍ਰਭੂ ਜੀ ਦਇਆਵਾਨ ਹੋਣ ਉਸੇ ਨੂੰ ਹੀ ਇਹ ਮਨੁੱਖਾ ਜਾਮਾ ਮਿਲਦਾ ਹੈ, ਇਹ ਪਰਮ ਸਚਾਈ ਹੈ ਕਿ: ‘‘ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ..॥’’ (ਮ: ੫/੨੦੭) ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਇਹ ਜਾਮਾ ਇੰਨਾ ਦੁਰਲਭ ਤੇ ਅਨਮੋਲ ਹੈ ਕਿ ਇਸ ਦੀ ਲੋਚਾ (ਅਭਿਲਾਸ਼ਾ) ਤਾਂ ਦੇਵਤੇ ਵੀ ਕਰਦੇ ਹਨ। ਪਾਵਨ ਵਚਨ ਹਨ: ‘‘ਇਸ ਦੇਹੀ ਕਉ ਸਿਮਰਹਿ ਦੇਵ ॥’’ (ਭਗਤ ਕਬੀਰ/੧੧੫੯)

ਮਨੁੱਖਾ ਜਨਮ ਹੀ ਉੱਤਮ ਕਿਉਂ ਹੈ ?, ਇਸ ਦੀ ਵਿਆਖਿਆ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ ਤੀਜੀ ਪਉੜੀ ਵਿੱਚ ਇਸ ਤਰ੍ਹਾਂ ਕਰਦੇ ਹਨ ਕਿ ਧਰਮ ਦੀ ਕਮਾਈ ਨਾਲ ਹੀ ਪ੍ਰਭੂ ਦੀ ਗੋਦ ਦਾ ਅਨੰਦ ਮਾਣਿਆ ਜਾ ਸਕਦਾ ਹੈ, ਪਰ ਧਰਮ ਕੇਵਲ ਮਨੁੱਖਾ ਜਾਮੇ ਵਿੱਚ ਹੀ ਕਮਾਇਆ ਜਾ ਸਕਦਾ ਹੈ। ਅੱਖਾਂ ਤਾਂ ਪਸ਼ੂ, ਪੰਛੀਆਂ ਦੀਆਂ ਵੀ ਹਨ, ਪਰ ਉਹ ਕੁਦਰਤ ਵਿੱਚੋਂ ਕਾਦਰ ਦੀ ਝਲਕ ਨਹੀਂ ਦੇਖ ਸਕਦੀਆਂ, ਗੁਰੂ ਦਾ ਦੀਦਾਰ ਨਹੀਂ ਕਰ ਸਕਦੀਆਂ, ਕੰਨ ਤੇ ਜੀਭ ਉਨ੍ਹਾਂ ਕੋਲ ਵੀ ਹੈ, ਪਰ ਨਾ ਤਾਂ ਉਹ ਗੁਰਬਾਣੀ ਉਪਦੇਸ਼ ਸੁਣ ਸਕਦੇ ਹਨ ਅਤੇ ਨਾ ਹੀ ਇਸ ਨੂੰ ਗਾ ਸਕਦੇ ਹਨ, ਲੱਤਾਂ ਤਾਂ ਉਨ੍ਹਾਂ ਕੋਲ ਵੀ ਹਨ, ਪਰ ਉਹ ਸਤਿ ਸੰਗਤ ਵਿੱਚ ਨਹੀਂ ਜਾ ਸਕਦੇ, ਹੱਥਾਂ ਨਾਲ ਪਰਉਪਕਾਰ ਨਹੀਂ ਕਰ ਸਕਦੇ। ਦਿਮਾਗ ਹੈ, ਪਰ ਉਸ ਵਿੱਚ ਪ੍ਰਭੂ ਹਸਤੀ ਸੰਬੰਧੀ ਸੂਝ ਨਹੀਂ ਹੈ। ਮਨੁੱਖ ਅੱਖਾਂ ਰਾਹੀਂ ਗੁਰੂ ਤੇ ਪ੍ਰਭੂ ਦੇ ਦਰਸ਼ਨ ਕਰ ਸਕਦਾ ਹੈ, ਕੰਨਾਂ ਨਾਲ ਇਲਾਹੀ ਬਾਣੀ ਸੁਣ ਸਕਦਾ ਹੈ, ਜੀਭ ਨਾਲ ਪ੍ਰਭੂ ਦੀ ਸਿਫ਼ਤ-ਸਲਾਹ ਕਰ ਸਕਦਾ ਹੈ, ਪੈਰਾਂ ਨਾਲ ਚੱਲ ਕੇ ਸਤਿ ਸੰਗਤ ਵਿੱਚ ਮਿਲਾਪ ਕਰ ਸਕਦਾ ਹੈ, ਹੱਥਾਂ ਨਾਲ ਧਰਮ ਦੀ ਭਾਵਨਾ ਅਧੀਨ ਕਿਰਤ ਕਰਕੇ ਲੋੜਵੰਦਾਂ ਦੀ ਸੇਵਾ ਕਰ ਸਕਦਾ ਹੈ, ਵੰਡ ਛਕਦਾ ਹੈ, ਮਨੁੱਖਾ ਜਾਮੇ ’ਚ ਹੀ ਗੁਰੂ ਵਾਲੇ ਬਣ ਕੇ ਜੀਵ ਗੁਰਮੁਖ ਬਣ ਸਕਦਾ ਹੈ, ਗੁਰੂ ਦੀ ਬਾਣੀ ਨੂੰ ਪੜ੍ਹ ਸਕਦਾ ਹੈ, ਸੁਣ ਸਕਦਾ ਹੈ, ਸਮਝ ਸਕਦਾ ਹੈ ਅਤੇ ਹੋਰਨਾਂ ਨੂੰ ਇਹ ਦਾਤ ਵੰਡ ਸਕਦਾ ਹੈ। ਨਿਮਰਤਾ ਨੂੰ ਧਾਰਨ ਕਰਨਾ ਤੇ ਕਲਿਯੁਗ ਦੇ ਸਮੇਂ ਵਿੱਚ ਪ੍ਰੇਮ ਭਾਵਨਾ ਦਾ ਸਾਥ ਨਾ ਛੱਡਣਾ, ਆਪ ਤਰਨਾ ਅਤੇ ਹੋਰਨਾਂ ਨੂੰ ਤਾਰਨਾ ਗੁਰਮੁਖ ਦੇ ਹੀ ਲੱਛਣ ਹਨ ਜਿਨ੍ਹਾਂ ਦੀ ਪ੍ਰਾਪਤੀ ਲਈ ਮਨੁੱਖਾ ਦੇਹੀ ਮੁੱਢਲਾ ਸਾਧਨ ਹੈ। ਪਾਵਨ ਵਚਨ ਹਨ: ‘‘ਚਉਰਾਸੀਹ ਲਖ ਜੋਨਿ ਵਿਚਿ; ਉਤਮੁ ਜਨਮੁ, ਸੁ ਮਾਣਸਿ ਦੇਹੀ। ਅਖੀ ਵੇਖਣੁ, ਕਰਨਿ ਸੁਣਿ; ਮੁਖਿ ਸੁਭ ਬੋਲਣੁ; ਬਚਨ ਸਨੇਹੀ। ਹਥੀ ਕਾਰ ਕਮਾਵਣੀ, ਪੈਰੀ ਚਲਿ ਸਤਿਸੰਗਿ ਮਿਲੇਹੀ। ਕਿਰਤਿ ਵਿਰਤਿ ਕਰਿ ਧਰਮ ਦੀ; ਖਟਿ ਖਵਾਲਣੁ ਕਾਰਿ ਕਰੇਹੀ। ਗੁਰਮੁਖਿ ਜਨਮੁ ਸਕਾਰਥਾ; ਗੁਰਬਾਣੀ ਪੜਿ ਸਮਝਿ ਸੁਣੇਹੀ। ਗੁਰਭਾਈ ਸੰਤੁਸਟਿ ਕਰਿ; ਚਰਣਾਮਿਤੁ ਲੈ ਮੁਖਿ ਪਿਵੇਹੀ। ਪੈਰੀ ਪਵਣੁ, ਨ ਛੋਡੀਐ; ਕਲੀ ਕਾਲਿ ਰਹਰਾਸਿ ਕਰੇਹੀ। ਆਪਿ ਤਰੇ; ਗੁਰ ਸਿਖ ਤਰੇਹੀ ॥’’ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੩)

ਮਨੁੱਖਾ ਜੀਵਨ ਦੀਆਂ ਤਿੰਨ ਅਵਸਥਾਵਾਂ (ਬਾਲ, ਜਵਾਨੀ ਤੇ ਬੁਢੇਪਾ) ਪ੍ਰਮੁੱਖ ਹੁੰਦੀਆਂ ਹਨ, ਜਿਨ੍ਹਾਂ ’ਚੋਂ ਜਵਾਨੀ ਬੜੀ ਸੁੰਦਰ ਤੇ ਕੀਮਤੀ ਹੈ ਕਿਉਂਕਿ ਇਸ ਵਿੱਚ ਭਰਪੂਰ ਸ਼ਕਤੀ ਤੇ ਸਮਰੱਥਾ ਹੁੰਦੀ ਹੈ, ਜਿਸ ਦਾ ਸਦਉਪਯੋਗ ਕਰਕੇ ਮਨੁੱਖ ਧਰਮ ਦਾ ਬੇੜਾ ਬੰਨ੍ਹ (ਬਣਾ) ਸਕਦਾ ਹੈ, ਪਰ ਅਫ਼ਸੋਸ ਕਿ ਮਨੁੱਖ; ਮਾਇਆ ਤੇ ਵਿਕਾਰਾਂ ਵਿੱਚ ਫਸੇ ਹੋਣ ਕਾਰਨ ਆਪਣੀ ਸਮਰੱਥਾ ਮੈਂ ਮੈਂ ਕਰਨ ਵਿੱਚ ਹੀ ਨਸ਼ਟ ਕਰ ਦਿੰਦੇ ਹਨ। ਰਾਮ ਨੂੰ ਭੁੱਲ ਹੀ ਜਾਂਦੇ ਹਨ, ਜਿਸ ਦਾ ਕਦੇ ਕਾਰਨ ਇਹ ਬਣਦਾ ਹੈ: ‘‘ਮੇਰਾ ਮੇਰਾ ਕਰਿ ਪਾਲੀਐ ਵਣਜਾਰਿਆ ਮਿਤ੍ਰਾ ! ਲੇ ਮਾਤ ਪਿਤਾ ਗਲਿ ਲਾਇ ॥’’ (ਮ: ੪/੭੬) ਅਨੁਸਾਰ ਮੇਰੀ ਮੇਰੀ ਕਰਦਾ ਹੈ, ਕਦੇ ਲੋਭ ਤੇ ਕਦੇ ਕਾਮ ਦੇ ਅਧੀਨ ਮੇਰੀ ਮੇਰੀ ਦੀ ਰੱਟ ਲਾਉਂਦਾ ਫਿਰਦਾ ਹੈ, ਇਹ ਇਸ ਸਚਾਈ ਨੂੰ ਜਾਣਦਾ ਹੀ ਨਹੀਂ ਕਿ ‘‘ਮੇਰੀ ਮੇਰੀ ਕਰਿ ਗਏ, ਤਨੁ ਧਨੁ ਕਲਤੁ ਨ ਸਾਥਿ ॥’’ (ਮ: ੧/੫੯)

ਕਦੇ ਇਹ ਕਰੋਧ ਤੇ ਅਹੰਕਾਰ ਦੇ ਕਾਰਨ ‘‘ਮੇਰੀ ਮੇਰੀ ਕੈਰਉ ਕਰਤੇ, ਦੁਰਜੋਧਨ ਸੇ ਭਾਈ ॥’’ (ਭਗਤ ਨਾਮਦੇਵ/੬੯੩) ਵਾਙ ਮੈਂ ਮੇਰੀ ਦੀ ਬੋਲੀ ਬੋਲਦਾ ਹੈ। ਪੰਚਮ ਪਾਤਿਸ਼ਾਹ ਜੀ ਫ਼ੁਰਮਾਉਂਦੇ ਹਨ ਕਿ ਇਸ ਦੇ ਤਮਾਮ ਦਿਨ ਹੀ ਮੇਰੀ ਮੇਰੀ ਕਰਦਿਆਂ ਬਤੀਤ ਹੁੰਦੇ ਹਨ: ‘‘ਮੇਰੀ ਮੇਰੀ ਕਰਤ, ਦਿਨੁ ਰੈਨਿ ਬਿਹਾਵੈ; ਪਲੁ ਖਿਨੁ ਛੀਜੈ ਅਰਜਾਧੇ ॥’’ (ਮ: ੫/੪੦੨) ਪਦ ਅਰਥ: ਰੈਨਿ-ਰਾਤ, ਛੀਜੈ-ਘਟਦੀ, ਅਰਜਾਧੇ-ਉਮਰ। 

ਚਾਹੀਦਾ ਤਾਂ ਇਹ ਸੀ ਕਿ ਜੇ ਇਸ ਵਿੱਚ ਬਲ ਹੈ ਤਾਂ ‘‘ਗਾਵੈ ਕੋ ਤਾਣੁ, ਹੋਵੈ ਕਿਸੈ ਤਾਣੁ ॥’’ (ਜਪੁ) ਦਾ ਅਨੁਸਾਰੀ ਹੋ ਕੇ ਪ੍ਰਭੂ ਦੇ ਬਲ ਨੂੰ ਹੀ ਗਾਏ ਤੇ ਜੇ ਕਿਧਰੇ ਦਾਤੇ ਦੀ ਮਿਹਰ ਹੋ ਗਈ ਤੇ ਇਸ ਦੇ ਘਰ ਧਨ-ਪਦਾਰਥਾਂ ਨਾਲ ਭਰ ਗਏ ਤਾਂ ਇਹ ਦਾਤਾਂ ਹੀ ਦਾਤੇ ਨਾਲ ਜੋੜਨ ਦਾ ਵਸੀਲਾ ਬਣ ਜਾਵਣ ਭਾਵ ‘‘ਗਾਵੈ ਕੋ ਦਾਤਿ, ਜਾਣੈ ਨੀਸਾਣੁ ॥’’ ਦਾ ਅਨੁਸਾਰੀ ਹੋ ਜਾਏ, ਜੇ ਇਸ ਕੋਲ ਗਿਆਨ ਹੈ, ਤਾਂ ਇਹ ਵਿੱਦਿਆ ਦਾ ਪੰਡਿਤ ਹੈ ਤਾਂ ਇਹ ਵਿਦਿਆ ਦੇ ਦਾਤੇ ਨੂੰ ਗਾਵੇ, ਪ੍ਰਭੂ ਦੀ ਵਿਚਾਰ ਕਰਕੇ ਇਹ ਆਪਣਾ ਨਾਮ ‘‘ਗਾਵੈ ਕੋ, ਵਿਦਿਆ ਵਿਖਮੁ ਵੀਚਾਰੁ ॥’’ ਸ਼੍ਰੇਣੀ ਵਿੱਚ ਸ਼ਾਮਲ ਕਰਵਾ ਲਏ, ਪਰ ਹੋ ਉਲਟਾ ਰਿਹਾ ਹੈ ਜੇ ਇਹ ਬਲਸਾਲੀ ਹੋ ਗਿਆ, ਧਨਵਾਨ ਹੋ ਗਿਆ, ਗਿਆਨਵਾਨ ਹੋ ਗਿਆ, ਇਸ ਦੇ ਅੰਦਰ ਇਹ ਸੁਧ-ਬੁਧ ਪ੍ਰਗਟ ਹੋ ਗਈ ਕਿ ‘‘ਹਉ ਬੰਧਉ, ਹਉ ਸਾਧਉ ਬੈਰੁ ॥ ਹਮਰੀ ਭੂਮਿ, ਕਉਣੁ ਘਾਲੈ ਪੈਰੁ ? ॥ ਹਉ ਪੰਡਿਤੁ, ਹਉ ਚਤੁਰੁ ਸਿਆਣਾ ॥ ਕਰਣੈਹਾਰੁ ਨ ਬੁਝੈ, ਬਿਗਾਨਾ ॥’’ (ਮ: ੫/੧੭੮) ਪਦ ਅਰਥ: ਬਿਗਾਨਾ-ਅਗਿਆਨੀ। ਜਾਂ ‘‘ਹਮ ਬਡ ਕਬਿ, ਕੁਲੀਨ ਹਮ ਪੰਡਿਤ; ਹਮ ਜੋਗੀ ਸੰਨਿਆਸੀ ॥ ਗਿਆਨੀ ਗੁਨੀ ਸੂਰ ਹਮ ਦਾਤੇ; ਇਹ ਬੁਧਿ ਕਬਹਿ ਨ ਨਾਸੀ ॥’’ (ਭਗਤ ਰਵਿਦਾਸ/੯੭੪)

ਮਿਲਣਾ ਤਾਂ ਪ੍ਰਭੂ ਨੂੰ ਸੀ, ਪਰ ਪੰਚਮ ਪਾਤਿਸ਼ਾਹ ਜੀ ਫ਼ੁਰਮਾਉਂਦੇ ਹਨ ਕਿ ਇਸ ਦੀ ਮੇਰੀ ਮੇਰੀ ਨੇ ਮਿਲਣ ਨਹੀਂ ਦਿੱਤਾ ਕਿਉਂਕਿ ਇਹ ਤਾਂ ਉਹ ਸੰਗਲ ਹੈ, ਜੋ ਇਸ ਦੇ ਪੈਰਾਂ ਨੂੰ ਹੀ ਬੰਨ੍ਹ ਲੈਂਦਾ ਹੈ ਅਤੇ ਅਸਲ ਦਾਤੇ (ਮਾਲਕ) ਵੱਲ ਤੁਰਨ ਨਹੀਂ ਦਿੰਦਾ। ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਵਚਨ ਹਨ: ‘‘ਮੇਰੀ ਮੇਰੀ ਧਾਰੀ ॥ ਓਹਾ ਪੈਰਿ ਲੋਹਾਰੀ ॥’’ (ਮ: ੫/੧੦੦੪)

ਪਾਤਿਸ਼ਾਹ ਸਮਝਾਉਂਦੇ ਹਨ ਕਿ ਵੇਖੋ ਪਦਾਰਥ ਭੋਗਦੇ ਭੋਗਦੇ ਜੀਵ ਦਾ ਮੂੰਹ ਵੀ ਘਸ ਗਿਆ ਤੇ ਦੰਦ ਵੀ ਪਰ ਫਿਰ ਵੀ ਇਹ ਮੇਰੀ ਮੇਰੀ ਕਰਦਾ ਫਿਰਦਾ ਹੈ, ਪਾਪ ਕਮਾਉਂਦਾ ਹੈ। ਫ਼ੁਰਮਾਨ ਹੈ: ‘‘ਅਨਿਕ ਪ੍ਰਕਾਰ ਭੋਜਨ ਨਿਤ ਖਾਤੇ, ਮੁਖ ਦੰਤਾ ਘਸਿ ਖੀਨ ਖਇਆ ॥ ਮੇਰੀ ਮੇਰੀ ਕਰਿ ਕਰਿ ਮੂਠਉ, ਪਾਪ ਕਰਤ ਨਹ ਪਰੀ ਦਇਆ ॥’’ (ਮ: ੫/੮੨੬) ਪਦ ਅਰਥ: ਖੀਨ ਖਇਆ-ਕਮਜੋਰ ਹੋ ਗਏ, ਮੂਠਉ- ਲੁਟਿਆ ਗਿਆ, ਪਰੀ-ਹੋਈ ਭਾਵ ਧਾਰੀ।

ਇੱਕ ਪਾਪੀ ਕੋਲ ਕੀ ਹੋ ਸਕਦਾ ਹੈ ? ਉਸ ਦੇ ਜੀਵਨ ਦੀ ਪੂੰਜੀ ਕੀ ਹੋਵੇਗੀ ?, ਪਹਿਲੇ ਪਾਤਿਸ਼ਾਹ ਸਮਝਾਉਂਦੇ ਹਨ ਕਿ ਮੇਰੀ ਮੇਰੀ ਕਰਨ ਵਾਲੇ ਦੀ ਜੀਵਨ-ਪੂੰਜੀ ਹੈ: ‘ਸੁਆਹ (ਰਾਖ), ਜ਼ਹਿਰ ਤੇ ਵਿਕਾਰ’, ਸਾਰੀ ਉਮਰ ਬਸ ਇਹੀ ਇਕੱਠਾ ਹੋਇਆ। ਪਾਵਨ ਵਚਨ ਹਨ: ‘‘ਮੇਰੀ ਮੇਰੀ ਕਰਤ, ਕਿਆ ਲੇ ਚਾਲੇ ? ਬਿਖੁ ਲਾਦੇ ਛਾਰ, ਬਿਕਾਰਾ ਹੇ ॥’’ (ਮ: ੧/੧੦੩੧) ਪਦ ਅਰਥ: ਬਿਖੁ-ਜ਼ਹਿਰ, ਛਾਰ-ਸੁਆਹ, ਬਿਕਾਰਾ-ਕਾਮਾਦਿਕ। 

‘‘ਅਮੁਲ ਗੁਣ, ਅਮੁਲ ਵਾਪਾਰ ॥ ਅਮੁਲ ਵਾਪਾਰੀਏ, ਅਮੁਲ ਭੰਡਾਰ ॥’’ ਤੋਂ ਸਿੱਖਿਆ ਲੈ ਕੇ ਬਣਨਾ ਤਾਂ ਅਨਮੋਲ ਵਪਾਰੀ ਸੀ, ਆਪਣੇ ਪੱਲੇ ਵਿੱਚ ‘‘ਹਰਿ ਹਰਿ ਨਾਮੁ ਅਮੋਲਾ ॥’’ (ਮ: ੫/੪੦੭) ਇਕੱਠਾ ਕਰਨਾ ਸੀ ਪਰ ਤੀਜੇ ਪਾਤਿਸ਼ਾਹ ਫ਼ੁਰਮਾਉਂਦੇ ਹਨ ਕਿ ਦੇਖੋ ਇਹ ਮੈਂ ਮੇਰੀ ਵਾਲੇ ਦਾ ਪੱਲਾ ਖਾਲੀ ਹੀ ਹੈ, ਇਸ ਨੂੰ ਪ੍ਰਭੂ ਦਾ ਮਹਲ ਨਹੀਂ ਨਸੀਬ ਹੋਏਗਾ, ਪਛੁਤਾਉਣਾ ਪਵੇਗਾ। ਫੁਰਮਾਨ ਹੈ: ‘‘ਮੇਰੀ ਮੇਰੀ ਕਰਿ ਗਏ, ਪਲੈ ਕਿਛੁ ਨ ਪਾਇ ॥ ਮਹਲੁ ਨਾਹੀ ਡੋਹਾਗਣੀ, ਅੰਤਿ ਗਈ ਪਛੁਤਾਇ ॥’’ (ਮ: ੩/੪੨੮)

ਮੈ ਮੇਰੀ ਕਰਨ ਵਾਲੇ ਦਾ ਜਨਮ ਤਾਂ ਕੀ ਸਫਲ ਹੋਣਾ ਹੈ, ਉਹ ਤਾਂ ਗੁਰੂ ਨਾਲ ਵੀ ਮੁਕਾਬਲਾ ਕਰਨ ਲੱਗ ਪੈਂਦਾ ਹੈ। ਇਤਿਹਾਸਕ ਸਾਖੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਭਾਈ ਲਾਲ ਸਿੰਘ ਜੀ ਇੱਕ ਢਾਲ਼ ਲੈ ਕੇ ਆਏ, ਸਾਰਿਆਂ ਨੇ ਉਸ ਢਾਲ਼ ਦੀ ਬੜੀ ਸ਼ਲਾਘਾ ਕੀਤੀ, ਗੁਰੂ ਜੀ ਵੀ ਕਾਰੀਗਰੀ ਤੋਂ ਪ੍ਰਸੰਨ ਹੋਏ, ਬਸ ਮੈਂ ਮੇਰੀ ਦੀ ਆਵਾਜ਼ ਆਉਣ ਸ਼ੁਰੂ ਹੋ ਗਈ। ਹਰ ਇੱਕ ਨੂੰ ਕਹਿੰਦੇ ਫਿਰਨ ‘ਮੇਰੀ ਹੈ, ਮੈਂ ਬਣਾਈ ਹੈ, ਮੇਰੇ ਵਰਗਾ ਕਾਰੀਗਰ ਹੀ ਬਣਾ ਸਕਦਾ ਹੈ।’

ਗੁਰੂ ਜੀ ਨੇ ਇਨ੍ਹਾਂ ਦਾ ਹੰਕਾਰ ਦੂਰ ਕਰਨ ਲਈ ਕਿਹਾ, ਲਾਲ ਸਿੰਘ ਜੀ ! ਹੈ ਤਾਂ ਬੜੀ ਸੋਹਣੀ ਪਰ ਗੋਲੀ ਦੇ ਵਾਰ ਨਾਲ ਟੁੱਟ ਜਾਏਗੀ। ਫੌਰਨ ਜਵਾਬ ਦਿੱਤਾ ਕਿ ਨਹੀਂ ਟੁੱਟੇਗੀ, ਮੈ ਬਣਾਈ ਹੈ, ਮੈਨੂੰ ਪਤਾ ਹੈ, ਤੁਸੀਂ ਚਲਾਓ ਗੋਲੀ, ਇਹ ਨਹੀਂ ਟੁੱਟੇਗੀ। ਅਗਲੇ ਦਿਨ ਪਰੀਖਿਆ ਦਾ ਸਮਾਂ ਰੱਖਿਆ ਗਿਆ, ਆਪਣੇ ਘਰ ਗਏ, ਘਰਵਾਲੀ ਨੂੰ ਪਤਾ ਲੱਗਾ। ਉਹ ਸਿਆਣੀ ਸੀ, ਆਖਣ ਲੱਗੀ ਕਿ ਇਹ ਕੀ ਕੀਤਾ ? ਗੁਰੂ ਨੂੰ ਚਣੌਤੀ ਦੇ ਆਏ ਹੋ, ਤੁਹਾਡੀ ਹਾਰ ਹੋਏਗੀ। ਤੁਹਾਡੀ ਮੈ ਮੇਰੀ ਤੁਹਾਨੂੰ ਲਾਹਨਤ ਪਵਾਏਗੀ। ਗੁਰੂ ਦੇ ਮੁਕਾਬਲੇ ’ਚ ਖੜ੍ਹਨ ਵਾਲੇ ਨੂੰ ਰੱਬ ਵੀ ਢੋਈ ਨਹੀਂ ਦੇਵੇਗਾ। ਭਾਈ ਜੀ ਨੂੰ ਹੋਸ਼ ਆ ਗਈ, ਅਗਲੇ ਦਿਨ ਬੜੀ ਨਿਮਰਤਾ ਵਿੱਚ ਅਰਜ਼ ਕੀਤੀ ਕਿ ਐ ਮੇਰੇ ਮਾਲਕ ! ਇਹ ਢਾਲ਼ ਗੋਲੀ ਦਾ ਵਾਰ ਸਹਿ ਲਏਗੀ ਪਰ ਤਾਂ, ਜੇ ਇਹ ਮੇਰੇ ਹੱਥ ਵਿੱਚ ਨਾ ਹੋਵੇ, ਤੁਹਾਡੇ ਹੱਥ ਵਿੱਚ ਹੋਵੇ। ਮੈਂ ਮੈਂ, ਤੂੰ ਤੂੰ ਵਿੱਚ ਬਦਲ ਗਈ ਤੇ ਕਿਹਾ ਮੇਰੇ ਪਾਤਿਸ਼ਾਹ  ! ਮੈਨੂੰ ਸਮਝ ਆ ਗਈ ਹੈ ਕਿ ਮੇਰੀ ਮੇਰੀ ਕਰਨ ਵਾਲਾ ਸਦਾ ਘਾਟੇ ਵਿੱਚ ਹੀ ਰਹਿੰਦਾ ਹੈ, ਉਸ ਦੇ ਹੱਥ ਪੱਲੇ ਕੁਝ ਨਹੀਂ ਆਉਂਦਾ। ਮੈਂ ਤੀਜੇ ਪਾਤਿਸ਼ਾਹ ਦੇ ਉਪਦੇਸ਼ ਨੂੰ ਸਮਝ ਲਿਆ ਹੈ ਕਿ ‘‘ਮੇਰੀ ਮੇਰੀ ਕਰਦੇ ਘਟਿ ਗਏ, ਤਿਨਾ ਹਥਿ ਕਿਹੁ ਨ ਆਇਆ ॥’’ (ਮ: ੩/੫੫੯) ਮੈਨੂੰ ਸਮਝ ਆ ਗਈ ਹੈ ਕਿ ਉਨ੍ਹਾਂ ਦੇ ਜੀਵਨ ਦੀ ਸਚਾਈ ਇਹ ਵਚਨ ਦੱਸਦੇ ਹਨ: ‘‘ਮੇਰੀ ਮੇਰੀ ਕਰਤੇ, ਜਨਮੁ ਗਇਓ ॥ ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥’’ (ਭਗਤ ਕਬੀਰ/੪੭੯) ਭਾਵ ਮੇਰੀ ਮੇਰੀ ਕਰਦਿਆਂ ਸਮੁੰਦਰ-ਸਰੀਰ ਸੁੱਕ ਗਿਆ, ਜਿਸ ਕਾਰਨ ਬਾਹਾਂ ਦੀ ਤਾਕਤ ਵੀ ਖ਼ਤਮ ਹੋ ਗਈ; ਹੁਣ ਮਾਨੋ ਸਾਰਾ ਜਨਮ ਹੀ ਵਿਅਰਥ ਗਿਆ।