ਚਮਰਟਾ ਗਾਂਠਿ ਨ ਜਨਈ ॥ ਲੋਗੁ ਗਠਾਵੈ ਪਨਹੀ॥
ਬੀਬੀ ਮਨਿੰਦਰ ਕੌਰ (ਔਰੰਗਾਬਾਦ, ਗੁਜਰਾਤ)-93261-83934
ਚਮਰਟਾ ਗਾਂਠਿ ਨ ਜਨਈ ॥ ਲੋਗੁ ਗਠਾਵੈ ਪਨਹੀ ॥੧॥ ਰਹਾਉ ॥
ਆਰ ਨਹੀ ਜਿਹ ਤੋਪਉ ॥ ਨਹੀ ਰਾਂਬੀ ਠਾਉ ਰੋਪਉ ॥੧॥
ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥ ਹਉ ਬਿਨੁ ਗਾਂਠੇ; ਜਾਇ ਪਹੂਚਾ ॥੨॥
ਰਵਿਦਾਸੁ ਜਪੈ; ਰਾਮ ਨਾਮਾ ॥ ਮੋਹਿ, ਜਮ ਸਿਉ ਨਾਹੀ ਕਾਮਾ ॥੩॥ (ਭਗਤ ਰਵਿਦਾਸ/੬੫੯)
ਭਗਤ ਰਵਿਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 40 ਸ਼ਬਦ 16 ਰਾਗਾਂ ਵਿੱਚ ਦਰਜ ਹਨ। ਸੋਰਠ ਰਾਗ ਵਿੱਚ ਰਵਿਦਾਸ ਜੀ ਦੇ 7 ਸ਼ਬਦ ਹਨ, ਜਿਨ੍ਹਾਂ ਵਿੱਚੋਂ ਇਹ 7ਵਾਂ ਸ਼ਬਦ ਹੈ। ਇਸ ਦੇ ਤਿਨ ਬੰਦ ਹਨ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੬੫੯ ਅੰਗ ’ਤੇ ਦਰਜ ਹੈ।
ਭਗਤ ਰਵਿਦਾਸ ਜੀ ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਅਖੌਤੀ ਸ਼ੂਦਰ ਵਰਗ ਵਿੱਚੋਂ ਮੰਨਿਆ ਜਾਂਦਾ ਸੀ। ਵੈਸੇ ਉਹ ਉੱਚ ਕੋਟਿ ਦੇ ਸੰਤ ਸਨ, ਜਿਨ੍ਹਾਂ ਨੇ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਬਾਣੀ ਰਚੀ। ਆਪ ਜੀ ਨੇ ਫੋਕਟ ਕਰਮਕਾਂਡਾਂ ਦੀ ਵੀ ਨਿੰਦਿਆ ਕੀਤੀ। ਜਿਹੜੇ ਮਨੁੱਖ ਨੂੰ ਪਰਮਾਤਮਾ ਨਾਲ ਜੋੜਨ ਦੀ ਥਾਂ ਦੂਰ ਲੈ ਕੇ ਜਾ ਰਹੇ ਸਨ। ਉਨ੍ਹਾਂ ਦੀ ਬਾਣੀ ਦਾ ਕੇਂਦਰੀ ਨੁਕਤਾ ਨਾਮ ਸਿਮਰਨ ਹੈ ਤੇ ਗੱਲ ਵੀ ਗੂੜ੍ਹ ਕਰਦੇ ਹਨ। ਇਸ ਸ਼ਬਦ ਵਿੱਚ ਰਵਿਦਾਸ ਜੀ ਨੇ ਗਾਂਠਿ ਦੀ ਗੱਲ ਕੀਤੀ ਹੈ। ਉਹ ਕਿਹੜੀ ਗਾਂਠਿ ਹੈ, ਜਿਸ ਦੀ ਗੱਲ ਰਵਿਦਾਸ ਜੀ ਨੇ ਅਰੰਭਕ ਰਹਾਉ ਦੀ ਤੁਕ ਵਿੱਚ ਕੀਤੀ ਹੈ। ਕਿਸੇ ਵੀ ਸ਼ਬਦ ਦੇ ਪ੍ਰਕਰਣ ਮੁਤਾਬਕ ਵੱਖਰੇ ਵੱਖਰੇ ਅਰਥ ਨਿਕਲਦੇ ਹਨ।
‘ਗਾਂਠਿ’ ਦੇ ਕਈ ਭਾਵਾਰਥ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਗੰਡ, ਜਿਸ ਨੂੰ ਅਸੀਂ ਗੰਢਣਾ ਜਾਂ ਜੋੜਨਾ ਕਹਾਂਗੇ। ਜੋ ਦੋ ਰਸੀਆ ਜਾਂ ਧਾਗੇ ਵਰਗੀਆਂ ਚੀਜ਼ਾਂ ਨੂੰ ਜੋੜਨ ਲਈ ਲਾਈ ਜਾਂਦੀ ਹੈ, ਪਰ ਭਗਤ ਰਵਿਦਾਸ ਜੀ ਉਸ ਗੰਢ ਦੀ ਗੱਲ ਨਹੀਂ ਕਰ ਰਹੇ। ਜੇ ਸ਼ਾਬਦਿਕ ਅਰਥ ਦੇਖਦੇ ਹਾਂ ਤਾਂ ਇਵੇਂ ਜਾਪਦਾ ਹੈ ਕਿ ਉਹ ਜੁੱਤੀ ਗੰਢਣ ਦੀ ਗੱਲ ਕਰ ਰਹੇ ਹਨ। ਸ਼ਬਦ ਦੀਆਂ ਅਗਲੀਆਂ ਪੰਗਤੀਆਂ ਵਿਚਾਰਦੇ ਹਾਂ ਤਾਂ ਫਿਰ ਜਾਪਦਾ ਹੈ ਕਿ ਨਹੀਂ, ਇੱਥੇ ਜੁੱਤੀ ਗੰਢਣ ਦੀ ਵੀ ਗੱਲ ਵੀ ਨਹੀਂ ਕਰ ਰਹੇ। ਫਿਰ ਉਹ ਕਿਹੜੀ ਗੰਡ ਹੈ, ਜਿਸ ਦੀ ਗੱਲ ਕਰ ਰਹੇ ਹਨ। ਉਹ ਗੱਲ ਕਰ ਰਹੇ ਹਨ, ਰਸਾਂ ਵਾਲੀ, ਵਿਕਾਰਾਂ ਵਾਲੀ ਬਿਰਤੀ ਜਾਂ ਵਿਕਾਰਾਂ ਵਾਲੇ ਜੀਵਨ ਦੀ। ਇੱਥੇ ਭਗਤ ਰਵਿਦਾਸ ਜੀ ਵਿਕਾਰਾਂ ਵਾਲੇ ਜੀਵਨ ਦੀ ਗੱਲ ਕਰ ਰਹੇ ਹਨ। ਆਪ ਦੀ ਕਹਿੰਦੇ ਹਨ ਕਿ ਮੈਨੂੰ ਉਹ ਗੰਢ ਨਹੀਂ ਗੰਢਣੀ ਆਉਂਦੀ। ਬਾਣੀ ਵਿੱਚ ਰਸਾਂ ਦੇ ਚਾਰ ਪੱਖ ਦੇਖੇ ਹਨ। ਇੱਕ ਜਗ੍ਹਾ ਸਤਿਗੁਰ ਪਾਤਿਸ਼ਾਹ ਨੇ ਕੱਪੜ ਨੂੰ ਕੂੜਾ ਕਿਹਾ ਹੈ। ਕੂੜਾ ਜੀਵਨ ਨੂੰ ਵੀ ਕਿਹਾ ਹੈ। ਇੱਕ ਜਗ੍ਹਾ ਅਹਾਰ ਨੂੰ ਵੀ ਕੂੜਾ ਕਿਹਾ ਹੈ। ਇੱਕ ਜਗ੍ਹ ਧਰਮ ਨੂੰ ਵੀ ਕੂੜਾ ਕਿਹਾ ਹੈ। ਪਹਿਲਾਂ ਦੇਖਦੇ ਹਾਂ ਕਿ ਕੂੜਾ ਕੱਪੜ ਕਿਹੜਾ ਹੈ।
ਹੇ ਭਾਈ ! ਜੋ ਤੂੰ ਕੱਪੜਾ ਪਾ ਰਿਹਾ ਹੈਂ। ਉਹ ਕੂੜਾ ਹੀ ਹੈ ਭਾਵ ਕੁੜੀ ਜੀਵਣਸ਼ੈਲੀ ਹੈ। ਜਿਹੋ ਜਿਹੀ ਜੀਵਣਸ਼ੈਲੀ ਹੋਵੇਗੀ, ਫਲ਼ ਵੀ ਉਹੋ ਜਿਹਾ ਮਿਲਣਾ ਹੈ। ਜਿਹੋ ਜਿਹਾਂ ਨਾਲ ਸਾਡਾ ਉਠਣਾ ਬੈਠਣਾ ਹੋਵੇਗਾ, ਉਹੋ ਜਿਹਾ ਮਾਨ ਮਿਲਦਾ ਹੈ। ਜੇ ਚੰਗਿਆਂ ਨਾਲ ਮੁਹੱਬਤ ਹੈ ਤਾਂ ਸ਼ੋਭਾ ਵੀ ਚੰਗੀ ਹੋਵੇਗੀ। ਜੇ ਮਾੜੇ ਨਾਲ ਉਠਣਾ ਬੈਠਣਾ ਹੋਵੇਗਾ ਤਾਂ ਸਾਡੀ ਪਛਾਣ ਵੀ ਉਨ੍ਹਾਂ ਵਰਗੀ ਹੋਣੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਨਾਨਕ ! ਕੂੜੈ ਕਤਿਐ; ਕੂੜਾ ਤਣੀਐ ਤਾਣੁ ॥ ਕੂੜਾ ਕਪੜੁ ਕਛੀਐ; ਕੂੜਾ ਪੈਨਣੁ ਮਾਣੁ ॥’’ (ਮਹਲਾ ੧/੭੯੦)
ਮਾੜੀ ਬਿਰਤੀ ਦੀ ਉਪਮਾ ਖੋਤੇ ਨਾਲ ਵੀ ਕੀਤੀ ਹੈ। ਖੋਤੇ ਨੂੰ ਜੇ ਚੰਦਨ ਵੀ ਮਲ ਦੇਈਏ ਫਿਰ ਵੀ ਉਸ ਨੇ ਮਿੱਟੀ ਵਿੱਚ ਲਿਬੜਨਾ ਹੈ ਕਿਉਂਕਿ ਉਸ ਦੀ ਸਾਂਝ ਸੁਆਹ ਨਾਲ ਹੈ ਭਾਵ ਮਿੱਟੀ ਨਾਲ ਹੈ, ਇਸ ਲਈ ਮਿੱਟੀ ਵਿੱਚ ਹੀ ਰੁਲਣਾ ਹੈ ‘‘ਚੰਦਨ ਲੇਪੁ ਉਤਾਰੈ ਧੋਇ ॥ ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥’’ (ਸੁਖਮਨੀ/ਮਹਲਾ ੫/੨੬੭)
ਸੋ ਜੇ ਕੂੜੀ ਜੀਵਣ ਸ਼ੈਲੀ ਅਪਣਾਉਂਦੇ ਹਾਂ ਤਾਂ ਵਡਿਆਈ ਵੀ ਕੁੜੀ ਮਿਲਦੀ ਹੈ। ਜੋ ਮਨਮੁਖ ਹੈ ਭਾਵ ਆਪਣੇ ਮਨ ਦੀ ਕਰਦਾ ਹੈ, ਮਨ ਆਸੇ ਤੁਰਦਾ ਹੈ ਤੇ ਉਸ ਦਾ ਮੋਹ ਮਾਇਆ ਨਾਲ ਹੈ, ਇਸ ਲਈ ਸੱਚੇ ਨਾਮ ਨਾਲ ਉਸ ਦਾ ਪਿਆਰ ਨਹੀਂ ਬਣਦਾ। ਜੋ ਉਹ ਖਾ ਪੀ ਰਿਹਾ ਹੈ। ਜੋ ਇਕੱਠਾ ਕਰ ਰਿਹਾ ਹੈਂ। ਉਹ ਸਾਰਾ ਕੂੜਾ ਜੀਵਨ ਹੈ, ਜਿਸ ਨੇ ਨਾਲ ਨਹੀਂ ਜਾਣਾ। ਮਨ ਦੇ ਅਧੀਨ ਜੋ ਵੀ ਅਸੀਂ ਕਰਦੇ ਹਾਂ, ਉਹ ਰੱਬ ਦੀ ਕਚਹਿਰੀ ਵਿੱਚ ਪ੍ਰਵਾਨ ਨਹੀਂ ਹੁੰਦਾ ਕਿਉਂਕੀ ਮਨ ਤਾਂ ਮਾਈਆ ਦੇ ਅਧੀਨ ਕੰਮ ਕਰਦਾ ਹੈ। ਉਹ ਕਬੂਲ ਨਹੀਂ ਹੁੰਦਾ, ਜਿਸ ਕਾਰਨ ਪ੍ਰਭੂ ਦੀ ਹਜ਼ੂਰੀ ਵਿੱਚ ਖੁਆਰ ਹੁੰਦਾ ਹੈ ‘‘ਮਨਮੁਖ ਮਾਇਆ ਮੋਹੁ ਹੈ; ਨਾਮਿ (’ਚ) ਨ ਲਗੋ ਪਿਆਰੁ ॥ ਕੂੜੁ ਕਮਾਵੈ ਕੂੜੁ ਸੰਗ੍ਰਹੈ; ਕੂੜੁ ਕਰੇ ਆਹਾਰੁ ॥’’ (ਮਹਲਾ ੩/੫੫੨)
ਗੁਰੂ ਅਰਜਨ ਸਾਹਿਬ ਜੀ ਨੇ ਵੀ ਇਹੀ ਸਮਝਾਇਆ ਕਿ ਹਰਿ ਦੇ ਭਗਤ ਅਤੇ ਸਾਕਤ ਦਾ ਜੋੜ ਇਸ ਤਰ੍ਹਾਂ ਹੈ, ਜਿਵੇਂ ਕੋਈ ਕਾਮਧੇਨ ਗਾਂ ਜੋ ਕਿ ਸ੍ਵਰਗ ਵਿੱਚ ਰਹਿੰਦੀ ਮੰਨੀ ਜਾਂਦੀ ਹੈ, ਗਵਾਂਡੀ ਮੱਤ ਵਿੱਚ ਉਸ ਨੂੰ ਇੱਛਾ ਪੂਰਨ ਕਰਨ ਵਾਲੀ ਮੰਨਿਆ ਜਾਂਦਾ ਹੈ ਤੇ ਲੋਕ ਉਸ ਦੀ ਪੂਜਾ ਕਰਦੇ ਹਨ, ਪਰ ਜੇ ਕੋਈ ਉਸ ਦੀ ਜਗ੍ਹਾ ਭੇਡ ਨੂੰ ਪੂਜਨ ਲੱਗ ਜਾਵੇ ‘‘ਗਾਡਰ ਲੇ ਕਾਮਧੇਨੁ ਕਰਿ ਪੂਜੀ ॥ ਸਉਦੇ ਕਉ ਧਾਵੈ; ਬਿਨੁ ਪੂੰਜੀ ॥’’ (ਮਹਲਾ ੫/੧੯੮), ਇਸ ਵਾਕ ’ਚ ਇੱਕ ਜਗ੍ਹਾ ਸ਼ਬਦ ‘ਪੂਜੀ’ ਹੈ ਤੇ ਦੂਜੀ ਪੰਗਤੀ ਵਿੱਚ ‘ਪੂੰਜੀ’ ਹੈ। ਇੱਕ ਟਿੱਪੀ ਦੇ ਲੱਗਣ ਨਾਲ ਅਰਥ ਕਿਵੇਂ ਬਦਲ ਜਾਂਦੇ ਹਨ, ਪਹਿਲੀ ਪੰਗਤੀ ਵਿੱਚ ‘ਪੂਜੀ’ ਦਾ ਅਰਥ ਪੂਜਾ ਕਰਨਾ ਹੈ, ਪਰ ਜੇ ਟਿੱਪੀ ਲਗ ਗਈ ਤਾਂ ‘ਪੂੰਜੀ’ ਦਾ ਅਰਥ ਹੋ ਗਿਆ ‘ਰਾਸੀ ਪੂੰਜੀ, ਧਨ ਦੌਲਤ’। ‘ਗਾਡਰ’ ਦਾ ਅਰਥ ਹੈ ‘ਭੇਡ’।
ਦੂਜਾ ਉਦਾਹਰਨ ਦਿੰਦੇ ਹਨ, ਜਿਵੇਂ ਕੋਈ ਖਾਲੀ ਹੱਥ, ਸੌਦਾ ਲੈਣ ਲਈ ਤੁਰ ਪਵੇ। ਬਿਨਾਂ ਰਾਸੀ ਪੂੰਜੀ ਦੇ ਉਸ ਨੂੰ ਸੌਦਾ ਕਿਵੇਂ ਪ੍ਰਾਪਤ ਹੋਵੇਗਾ। ਇੱਥੇ ਭਾਵ ਹੈ ‘ਜਿਸ ਕੰਮ ਦਾ ਕੋਈ ਲਾਭ ਨਹੀਂ, ਉਹ ਕੀਤਾ ਜਾਵੇ ਤਾਂ ਉਸ ਨਾਲ ਕਿਹੜੀ ਪ੍ਰਾਪਤੀ ਹੋਣੀ ਹੈ ?, ਇਸੇ ਤਰ੍ਹਾਂ ਜੇ ਉਸ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੂਜੇ ਪਾਸੇ ਵੱਲ ਤੁਰਦੇ ਹਾਂ ਤਾਂ ਖੁਆਰ ਹੋਣਾ ਹੀ ਹੈ, ਇਸ ਲਈ ਬਚਨ ਕੀਤੇ ਹਨ ‘‘ਸਾਕਤ ਸੰਗੁ ਨ ਕੀਜਈ ਪਿਆਰੇ ! ਜੇ ਕਾ ਪਾਰਿ ਵਸਾਇ ॥’’ (ਮਹਲਾ ੫/੬੪੧) ਭਾਵ ਜਿੱਥੋਂ ਤੱਕ ਹੋ ਸਕੇ ਪਿਆਰੇ ਜਨ ! ਰੱਬ ਤੋਂ ਟੁੱਟੇ ਹੋਏ ਬੰਦੇ ਦਾ ਸਾਥ ਨਾ ਕਰਨਾ, ਜੇਕਰ ਭਲਾ ਚਾਹੁੰਦਾ ਹੈਂ।
ਸਾਕਤ ਤੋਂ ਦੂਰ ਰਹਿ ਕੇ ਚਿੱਤ ਵਿੱਚ ਹਮੇਸ਼ਾ ਅਸਲ ਪਿਆਰੇ ਪਰਮਾਤਮਾ ਦਾ ਨਾਮ ਵੱਸਦਾ ਹੈ ‘‘ਨਾਨਕ ! ਰਾਮ ਨਾਮੁ ਜਪਿ ਚੀਤ ॥ ਸਿਮਰਿ ਸੁਆਮੀ ਹਰਿ ਸਾ (ਭਾਵ ਵਰਗਾ) ਮੀਤ ॥’’ (ਮਹਲਾ ੫/੧੯੮)
ਇੱਕ ਜਗ੍ਹਾ ਕਿਹਾ ਇਹ ਜੀਵਨ ਨਿਸਕਾਮ ਹੋਣਾ ਚਾਹਿਦਾ ਹੈ, ਕਾਮਨਾਵਾਂ ਵਾਸ਼ਨਾਵਾਂ ਤੋਂ ਰਹਿਤ, ਪਰ ਹੇ ਭਾਈ ! ਤੂੰ ਆਪਣਾ ਜੀਵਨ ਪਾਖੰਡ ਤੇ ਕੂੜ ਵਾਲਾ ਕਰ ਲਿਆ ਹੈ। ਧਰਮ ਸਮਝ ਕੇ ਜੀ ਰਿਹਾ ਹੈ, ਪਰ ਉਹ ਕੂੜ ਹੈ। ਜੀਵਨ ਕਿਹੋ ਜਿਹਾ ਹੈ, ਵਰਤੋਂ ਵਿਹਾਰ ਕਿਹੋ ਜਿਹਾ ਹੈ, ਪਰ ਕਰਦਾ ਕੀ ਪਿਆ ਹੈਂ ? ਦਿੱਖਦਾ ਕੀ ਪਿਆ ਹੈਂ ਤੇ ਤੂੰ ਹੈਂ ਕੀ ?
ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਇੱਕ ਬੰਦਾ ਜੁੱਤੀ ਪੈਰਾਂ ਚ ਪਾਉਂਦਾ ਹੈ ਤੇ ਦੂਜੀ ਜੁੱਤੀ ਬੰਦੇ ਨੇ ਵਿਕਾਰਾਂ ਦੀ ਪਾਈ ਹੋਈ ਹੈ। ਇਹ ਵਿਕਾਰਾਂ ਵਾਲੀ ਜੁੱਤੀ ਪਾ ਕੇ ਬੰਦਾ ਰੱਬ ਨੂੰ ਮਿਲਣ ਆ ਜਾਂਦਾ ਹੈ ਭਾਵ ਰੱਬ ਨਾਲ਼ ਮਿਲਾਪ ਕਰਨਾ ਚਾਹੁੰਦਾ ਹੈ, ਜੋ ਕਿ ਨਹੀਂ ਹੋ ਸਕਦਾ।
ਅਸੀਂ ਇਸ ਤਰ੍ਹਾਂ ਸਮਝਣਾ ਹੈ ਕਿ ਜੀਵਣਸ਼ੈਲੀ ਕਿਸ ਤਰ੍ਹਾਂ ਦੀ ਹੈ ਤੇ ਕਰਦਾ ਕੀ ਪਿਆ ਹੈ ? ਹਥਲੇ ਸ਼ਬਦ ਦਾ ਪਹਿਲਾ ਹੀ ਬੰਦ ਰਹਾਉ ਦਾ ਇਸ ਤਰ੍ਹਾਂ ਹੈ ‘‘ਚਮਰਟਾ ਗਾਂਠਿ ਨ ਜਨਈ ॥ ਲੋਗੁ ਗਠਾਵੈ ਪਨਹੀ ॥੧॥ ਰਹਾਉ ॥’’
ਚਮਰਟਾ – ਇੱਥੇ ਗਰੀਬ ਚਮਿਆਰ ਲਈ ਆਇਆ ਹੈ। ਗਾਂਠਿ ਨ ਜਨਈ ਭਾਵ ਗੰਢਣਾ ਨਹੀਂ ਜਾਣਦਾ।
ਲੋਗੁ- ਲੋਕੀ। ਗਠਾਵੈ- ਗੰਢਾਉਂਦੇ ਹਨ। ਪਨਹੀ- ਜੁੱਤੀ।
ਮੈਨੂੰ ਇਹ ਵਿਕਾਰਾਂ ਵਾਲੀ ਗੰਡ ਆਪਣੇ ਜੀਵਨ ਵਿੱਚ ਦੇਣੀ ਨਹੀਂ ਆਈ। ਮੈਂ ਨਹੀਂ ਜਾਣਦਾ ਕਿ ਇਨ੍ਹਾਂ ਵਿਕਾਰਾਂ ਨੂੰ ਗੰਢ ਕਿਵੇਂ ਦੇਣੀ ਹੈ ਭਾਵ ਇਨ੍ਹਾਂ ਨਾਲ਼ ਪਿਆਰ ਕਿਵੇਂ ਕਰਨਾ ਹੈ। ਗੁਰੂ ਅਮਰਦਾਸ ਸਾਹਿਬ ਜੀ ਵੀ ਇੱਕ ਸਲੋਕ ਵਿੱਚ ਫ਼ੁਰਮਾਉਂਦੇ ਹਨ ‘‘ਲੋਕੁ ਅਵਗਣਾ ਕੀ ਬੰਨ੍ਹੈ ਗੰਠੜੀ; ਗੁਣ ਨ ਵਿਹਾਝੈ ਕੋਇ ॥’’ (ਮਹਲਾ ੩/੧੦੯੨) ਭਾਵ ਬੰਦਾ ਜਗਤ ਵਿੱਚ ਰਹਿਣ ਲਈ ਔਗੁਣਾਂ ਦੀਆਂ ਪੋਟਲੀਆਂ ਬੰਨ੍ਹੀ ਜਾ ਰਿਹਾ ਹੈ। ਗੁਣਾਂ ਦਾ ਸੌਦਾ ਤਾਂ ਕੋਈ ਕਰ ਹੀ ਨਹੀਂ ਰਿਹਾ। ਫਿਰ ਅੱਗੇ ਕਹਿੰਦੇ ਹਨ ‘‘ਗੁਣ ਕਾ ਗਾਹਕੁ ਨਾਨਕਾ ! ਵਿਰਲਾ ਕੋਈ ਹੋਇ ॥’’ (ਮਹਲਾ ੩/੧੦੯੨), ਇਸ ਨਾਲ ਅਗਾਂਹ ਇਹ ਵੀ ਕਹਿ ਦਿੱਤਾ ਕਿ ਗੁਣ ਮਿਲਦੇ ਹਨ ਗੁਰੂ ਦੀ ਕਿਰਪਾ ਨਾਲ ‘‘ਗੁਰ ਪਰਸਾਦੀ ਗੁਣ ਪਾਈਅਨਿ੍; ਜਿਸ ਨੋ ਨਦਰਿ ਕਰੇਇ ॥’’ (ਮਹਲਾ ੩/੧੦੯੨)
ਸਿਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਹੈ, ਜਿਸ ਵਿੱਚ ਆਪ ਨੇ ਕਿਹਾ ‘‘ਏਕੁ ਸੁਆਨੁ; ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ; ਸਦਾ ਬਇਆਲਿ ॥’’ (ਮਹਲਾ ੧/੨੪), ਸੁਆਨ ਤੋਂ ਭਾਵ ਕੁੱਤਾ ਹੈ, ਜੋ ਲੋਭ ਵਜੋਂ ਹਿਰਦੇ ਵਿੱਚ ਆਉਂਦਾ ਹੈ। ਦੁਇ ਸੁਆਨੀ ਤੋਂ ਭਾਵ ਮਾਇਆ ਤੇ ਤ੍ਰਿਸ਼ਨਾ, ਜੋ ਸਵੇਰ ਤੋਂ ਹੀ, ਦਿਨ ਚੜ੍ਹੇ ਤੋਂ ਹੀ ਭੌਂਕਣ ਲੱਗ ਪੈਂਦੀਆਂ ਹਨ। ਕੋਈ ਨਾ ਕੋਈ ਡਿਮਾਂਡ ਕਰਨ ਲੱਗ ਪੈਂਦੀਆਂ ਹਨ। ਇਹ ਸਾਰੀ ਬਾਹਰਲੀ ਦਿੱਖ, ਬਾਹਰਲਾ ਦਿਖਾਵਾ ਵੇ ਧਰਮੀ ਹੋਣ ਦਾ ਪਰਦਾ ਪਾਇਆ ਹੋਇਆ ਹੈ, ਪਰ ਇੱਕ ਅੰਦਰਲੀ ਜੀਵਣ ਸ਼ੈਲੀ ਹੈ, ਜੋ ਨਿਰੀ ਵਿਕਾਰਾਂ ਵਾਲੀ ਹੈ। ਬਾਣੀ ਵਿੱਚ ਸਤਿਗੁਰ ਪਾਤਸ਼ਾਹ ਨੇ ਕਿਹਾ ਹੈ ‘‘ਮਨਿ ਨਹੀ ਪ੍ਰੀਤਿ; ਮੁਖਹੁ ਗੰਢ ਲਾਵਤ ॥’’ (ਸੁਖਮਨੀ/ਮਹਲਾ ੫/੨੬੯) ਭਾਵ ਅੰਦਰ ਤਾਂ ਪਿਆਰ ਹੈ ਹੀ ਨਹੀਂ, ਕੋਰੀਆਂ ਗੱਲਾਂ ਨਾਲ ਹੀ ਗੰਢਾਂ ਮਾਰਦਾ ਪਿਆ ਹੈ। ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਲੋਕ ਇਸ ਤਰ੍ਹਾਂ ਦੀਆਂ ਗੰਡਾ ਮਾਰਦੇ ਫਿਰਦੇ ਹਨ, ਪਰ ਮੈਨੂੰ ਐਸੀ ਗੰਡ ਮਾਰਨੀ ਨਹੀਂ ਆਉਂਦੀ। ਗੁਰੂ ਨਾਨਕ ਸਾਹਿਬ ਜੀ ਵੀ ਇਹੀ ਫਡੁਰਮਾ ਰਹੇ ਹਨ ਕਿ ਹੇ ਕਰਤਾਰ ! ਮੇਰਾ ਰੂਪ ਵਿਕਾਰਾਂ ਕਾਰਨ ਡਰਾਵਨਾ ਬਣਿਆ ਪਿਆ ਹੈ ‘‘ਧਾਣਕ ਰੂਪਿ ਰਹਾ; ਕਰਤਾਰ ! ॥’’ (ਮਹਲਾ ੧/੨੪) ਵਾਰ ਵਾਰ ਕਿਹਾ ਹੈ ਕਿ ਸਾਰੀਆਂ ਸ਼ਿਕਾਰੀ ਵਾਲੀਆਂ ਹਰਕਤਾਂ ਹਨ। ਜਿਵੇਂ ਦੀ ਜੁੱਤੀ ਭਗਤ ਜੀ ਕਹਿੰਦੇ ਹਨ, ਜੋ ਦੁਨੀਆਂ ਨੇ ਪਾਈ ਹੈ, ਮੈਂ ਇਦਾਂ ਦੀ ਘੜਨਾ ਨਹੀਂ ਜਾਣਦਾ। ਪਹਿਲੇ ਬੰਦ ਵਿੱਚ ਗੱਲ ਕੀਤੀ ਹੈ ‘‘ਆਰ ਨਹੀ; ਜਿਹ ਤੋਪਉ ॥ ਨਹੀ ਰਾਂਬੀ; ਠਾਉ ਰੋਪਉ ॥੧॥’’ ਭਾਵ ਮੇਰੇ ਕੋਲ ਮੋਹ ਰੂਪ ਆਰ ਨਹੀਂ, ਜਿਸ ਨਾਲ਼ ਸਰੀਰ-ਜੁੱਤੀ ਨੂੰ ਤੋਪੇ ਲਾਵਾਂ, ਗੰਢਾਂ ਅਤੇ ਨਾ ਹੀ ਮੇਰੇ ਕੋਲ਼ ਲੋਭ-ਲਾਲਚ ਵਾਲ਼ੀ ਰੰਬੀ ਹੈ, ਜਿਸ ਨਾਲ ਜੁੱਤੀ ਨੂੰ ਟਾਕੀਆਂ ਲਾਵਾਂ ਯਾਨੀ ਮੇਰੇ ਅੰਦਰ ਕੋਈ ਮੋਹ ਜਾਂ ਲੋਭ ਨਹੀਂ ਤਾਂ ਜੋ ਆਪਣੀ ਸੁਰਤਿ ਨੂੰ ਹਰੀ ਦਾ ਸਿਮਰਨ ਕਰਨ ਤੋਂ ਹਟਾਵਾਂ, ਰੋਕਾਂ। ‘ਆਰ’ ਇੱਕ ਲੰਬਾ ਜਿਹਾ ਸੂਆ ਹੁੰਦਾ ਹੈ, ਜਿਸ ਨਾਲ ਉਹ ਧਾਗਾ ਖਿੱਚਦੇ ਹਨ। ਧਾਗਾ ਚਮੜੇ ਵਿੱਚੋਂ ਆਰ ਪਾਰ ਕਰਦੇ ਹਨ ਤੇ ‘ਰੰਬੀ’ ਇੱਕ ਬੜਾ ਤਿੱਖਾ ਜਿਹਾ ਔਜ਼ਾਰ ਹੈ, ਜਿਸ ਨਾਲ ਚਮੜੇ ਨੂੰ ਕੱਟਿਆ ਜਾਂਦਾ ਹੈ।
ਭਗਤ ਰਵਿਦਾਸ ਜੀ ਫ਼ੁਰਮਾਉਂਦੇ ਹਨ ਕਿ ਮੈਂ ਵਿਕਾਰਾਂ ਵਾਲੀ ਜੁੱਤੀ ਗੰਡਣਾ ਨਹੀਂ ਜਾਣਦਾ ਭਾਵੇਂ ਕਿ ਲੋਕ ਆਪਣੀ ਸਰੀਰ-ਜੁੱਤੀ ਨੂੰ ਹੀ ਗੰਢਦੇ ਫਿਰਦੇ ਹਨ। ਟਾਕੀਆਂ ਲਾਉਂਦੇ ਰਹਿੰਦੇ ਹਨ, ਜਿਸ ਕਾਰਨ ਪ੍ਰਮਾਤਮਾ ਦਾ ਨਾਮ ਜਪਣਾ ਭੁੱਲ ਜਾਂਦੇ ਹਨ। ਹਿੰਦੂ ਜਮਾਤ ਅੰਦਰ ਇਨ੍ਹਾਂ ਫੌਕਟ ਧਾਰਮਕ ਕਰਮਾਂ ਦਾ ਹੰਕਾਰ ਵੀ ਹੈ। ਸਿਆਣਪਾਂ ਤੇ ਚਤੁਰਾਈਆਂ ਵੀ ਹਨ ਤਾਹੀਓਂ ਮਾਨਵਤਾ ਵਿੱਚ ਵੰਡੀਆਂ ਪਾਈਆਂ ਜਾਂਦੀਆਂ ਹਨ । ਭਗਤ ਰਵਿਦਾਸ ਜੀ ਜਿਸ ਬਨਾਰਸ ਵਿੱਚ ਰਹਿੰਦੇ ਸਨ, ਓਥੇ ਤਾਂ ਬ੍ਰਾਹਮਣੀ ਕਰਮਕਾਂਡਾਂ ਦੇ ਚਸ਼ਮੇ ਹਨ।
ਭਗਤ ਨਾਮਦੇਵ ਜੀ ਸਰੀਰ-ਜੁੱਤੀ ਦੀ ਥਾਂ ਆਪਣੀ ਸੁਰਤਿ ਨੂੰ ਇਉਂ ਅਕਾਲ ਪੁਰਖ ਨਾਲ਼ ਗੰਢਦੇ ਹਨ ‘‘ਸੁਇਨੇ ਕੀ ਸੂਈ; ਰੁਪੇ ਕਾ ਧਾਗਾ ॥ ਨਾਮੇ ਕਾ ਚਿਤੁ; ਹਰਿ ਸਉ ਲਾਗਾ ॥’’ (ਭਗਤ ਨਾਮਦੇਵ/੪੮੫) ਭਾਵ ਮੇਰੇ ਕੋਲ ਗੁਰੂ ਦਾ ਸ਼ਬਦ ਰੂਪ ਸੋਨੇ ਦੀ ਸੂਈ ਹੈ ਅਤੇ ਨਿਰਮਲ ਯਾਨੀ ਵਿਕਾਰ ਰਹਿਤ ਸੁਰਤਿ; ਚਾਂਦੀ ਦਾ ਧਾਗਾ ਹੈ। ਜਿਸ ਦੀ ਮਦਦ ਨਾਲ਼ ਨਾਮਦੇਵ ਜੀ ਦਾ ਮਨ; ਹਰੀ ਨਾਲ਼ ਗੰਢਿਆ ਰਹਿੰਦਾ ਹੈ।
ਵਿਕਾਰ ਰਹਿਤ ਸੁਰਤਿ ਵਿੱਚ ਅਭਿਮਾਨ ਤੇ ਚਲਾਕੀਆਂ ਨਹੀਂ ਹੁੰਦੀਆਂ। ਸਰੀਰ-ਜੁੱਤੀ ਗੰਢਣ ਲਈ ਆਰੀ ਤੇ ਰੰਬੀ ਮੇਰੇ ਕੋਲ ਨਹੀਂ ਹੈ। ਮੇਰੇ ਕੋਲ ਤੇ ਗੁਰੂ ਦੇ ਸ਼ਬਦ ਅਤੇ ਉੱਚੀ ਸੁਰਤ ਵਾਲੇ ਔਜ਼ਾਰ ਹਨ, ਇਸ ਲਈ ‘‘ਕਹਾ ਕਰਉ ਜਾਤੀ ? ਕਹ ਕਰਉ ਪਾਤੀ ?॥ ਰਾਮ ਕੋ ਨਾਮੁ ਜਪਉ; ਦਿਨ ਰਾਤੀ ॥੧॥ ਰਹਾਉ ॥’’ (ਭਗਤ ਨਾਮਦੇਵ/੪੮੫) ਭਾਵ ਹੁਣ ਮੇਰੇ ਲਈ ਉੱਚੀ-ਨੀਵੀਂ ਜਾਤੀ ਵਾਲ਼ਾ ਵਿਤਕਰਾ ਕੀ ਕਰ ਸਕਦਾ ਹੈ। ਮੈ ਦਿਨ ਰਾਤ ਰਾਮ ਦਾ ਨਾਮ ਜਪਦਾ ਰਹਿੰਦਾ ਹਾਂ। ਮੈਂ ਹੁਣ ਕਿਸੇ ਜਾਤ ਪਾਤ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਮੇਰਾ ਸੰਬੰਧ ਸਿੱਧਾ ਰਾਮ ਨਾਲ਼ ਹੋ ਗਿਆ ਹੈ। ਹੁਣ ਤਾਂ ‘‘ਮਨੁ ਮੇਰੋ ਗਜੁ; ਜਿਹਬਾ ਮੇਰੀ ਕਾਤੀ ॥ ਮਪਿ ਮਪਿ ਕਾਟਉ; ਜਮ ਕੀ ਫਾਸੀ ॥’’ (ਭਗਤ ਨਾਮਦੇਵ/੪੮੫) ਯਾਨੀ ਪ੍ਰਭੂ ਦੇ ਨਾਮ ਨੂੰ ਮਨ ਵਿੱਚ ਵਸਾ ਕੇ, ਨਾਮ ਜਪ ਜਪ ਕੇ, ਮੌਤ ਦੇ ਦਰ ਦੀ ਫਾਹੀ ਕੱਟੀ ਜਾ ਰਿਹਾ ਹਾਂ ‘‘ਰਾਂਗਨਿ ਰਾਂਗਉ; ਸੀਵਨਿ ਸੀਵਉ ॥ ਰਾਮ ਨਾਮ ਬਿਨੁ; ਘਰੀਅ ਨ ਜੀਵਉ ॥’’ (ਭਗਤ ਨਾਮਦੇਵ/੪੮੫) ਭਾਵ ਮੈਂ ਤਾਂ ਸ਼ਰੀਰ ਰੂਪੀ ਮਿੱਟੀ ਨੂੰ ਨਾਮ ਦੇ ਰੰਗ ਨਾਲ ਰੰਗਦਾ ਪਿਆ ਹਾਂ ਕਿਉਂਕਿ ਉਸ ਤੋਂ ਬਿਨਾਂ ਮੈਂ ਇੱਕ ਛਿਨ ਵੀ ਨਹੀਂ ਰਹਿ ਸਕਦਾ।
ਲੋਕੀ ਰਸਾਂ ਦੀ ਚਸਕੀਆਂ ਦੀਆਂ ਗੰਢਾਂ ਲਗਾ ਕੇ ਵਿਕਾਰਾਂ ਵਾਲੀ ਜੁੱਤੀ ਗੰਢ ਰਹੇ ਹਨ, ਪਰ ਮੇਰੇ ਕੋਲ਼ ਵਿਕਾਰਾਂ ਵਾਲੀ ਬੁੱਧੀ ਨਹੀਂ, ਨਾ ਸੁਰਤਿ ਹੈ, ਜਿਸ ਨਾਲ਼ ਵਿਕਾਰਾਂ ਵਾਲੀ ਸਰੀਰ-ਜੁੱਤੀ ਗੰਢੀ ਜਾ ਸਕੇ। ਅਭਿਮਾਨ ਦਾ ਆਸਰਾ ਲੈ ਕੇ, ਵਿਕਾਰਾਂ ਦੇ ਟਾਂਕੇ ਲਾਉਣੇ ਜੁੱਤੀ ਨੂੰ, ਮੈਨੂੰ ਆਉਂਦੇ ਹੀ ਨਹੀਂ, ਮੇਰੇ ਕੋਲ ਤਾਂ ‘‘ਸੁਇਨੇ ਕੀ ਸੂਈ; ਰੁਪੇ ਕਾ ਧਾਗਾ ॥’’ ਹੈ।
ਜਦੋਂ ਅਸੀਂ ‘‘ਕੂੜੁ ਕਮਾਵੈ ਕੂੜੁ ਸੰਗ੍ਰਹੈ; ਕੂੜੁ ਕਰੇ ਆਹਾਰੁ ॥’’ (ਮਹਲਾ ੩/੫੫੨) ਤਾਂ ਫਿਰ ਜੀਵਣ ਕੂੜ ਵਾਲਾ ਹੀ ਹੋਏਗਾ। ਇੱਕ ਜਗ੍ਹਾ ਭਗਤ ਕਬੀਰ ਜੀ ਦੇ ਬਚਨ ਹਨ ‘‘ਜੋਇ ਖਸਮੁ ਹੈ ਜਾਇਆ ॥ ਪੂਤਿ (ਨੇ) ਬਾਪੁ ਖੇਲਾਇਆ ॥’’ (ਭਗਤ ਕਬੀਰ/੧੧੯੪) ਭਾਵ ਇਸਤ੍ਰੀ ਨੇ ਪੁਰਸ਼ ਨੂੰ ਜਨਮ ਦਿੱਤਾ ਹੈ, ਪਰ ਪੁਰਸ਼ ਹੀ ਇਸਤ੍ਰੀ ਨੂੰ ਭੋਗਣਹਾਰ ਬਣ ਜਾਂਦਾ ਹੈ ਭਾਵ ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਹੈ, ਉਹੀ ਇਸ ਨੂੰ ਭੋਗਣ ਵਾਲ਼ਾ ਬਣ ਜਾਂਦੀ ਹੈ। ਮਨ ਮਾਇਆ ਦੇ ਅਧੀਨ ਤੁਰਦਾ ਹੈ। ‘ਪੂਤਿ’ ਮਨ ਲਈ ਆਇਆ ਹੈ। ਮਨ ਰੂਪੀ ਪੁੱਤਰ ਨੇ ਜੀਵਾਤਮਾ ਰੂਪੀ ਪਿਤਾ ਨੂੰ ਖੇਡਣ ਲਾਇਆ ਹੋਇਆ ਹੈ ‘‘ਬਿਨੁ ਸ੍ਰਵਣਾ ਖੀਰੁ ਪਿਲਾਇਆ ॥’’ (ਭਗਤ ਕਬੀਰ/੧੧੯੪) ਭਾਵ ਮਨ; ਥਣਾਂ ਤੋਂ ਬਿਨਾਂ ਹੀ ਜੀਵਾਤਮਾ ਨੂੰ ਦੁੱਧ ਪਿਲਾ ਰਿਹਾ ਹੈ ਯਾਨੀ ਨਾਸ਼ਵੰਤ ਪਦਾਰਥਾਂ ਦੇ ਸੁਆਦ ਵਿੱਚ ਮਨ; ਜੀਵਾਤਮਾ ਨੂੰ ਭਟਕਾ ਰਿਹਾ ਹੈ ਭਾਵ ਪੱਲੇ ਕੁਝ ਹੈ ਨਹੀਂ ਪਰ ਦਿਖਾਵੇ ਕਰਾ ਰਿਹਾ ਹੈ। ਇੱਥੇ ਵੀ ਇਹੀ ਕਿਹਾ ਹੈ ਕਿ ਤੂੰ ਜਿੰਨਾ ਵੀ ਧਰਮ ਕਰਮ ਕਰ ਲਹਿ, ਪਰ ਉਹ ਨਿਰਾ ਪਾਖੰਡ ਤੇ ਕੂੜ ਹੈ।
ਇੱਕ ਜੁੱਤੀ ਉਹ ਹੈ, ਜੋ ਪੈਰਾਂ ਵਿੱਚ ਪਾਈਦੀ ਹੈ ਅਤੇ ਦੂਜੀ ਵਿਕਾਰ ਰੂਪ ਜੁੱਤੀ ਬਾਰੇ ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਉਹ ਸਾਰਿਆਂ ਨੇ ਪਹਿਨੀ ਵੀ ਹੈ, ਪਰ ਸਵੀਕਾਰ ਵੀ ਨਹੀਂ ਕਰਦੇ। ਮੰਨਦੇ ਵੀ ਨਹੀਂ ਕਿ ਅਸੀਂ ਸਰੀਰ-ਜੁੱਤੀ ਨੂੰ ਗੰਢ ਰਹੇ ਹਾਂ, ਪਰ ਮੈਨੂੰ ਇਹ ਵਿਕਾਰਾਂ-ਜੁੱਤੀ ਪਾਉਣੀ ਨਹੀਂ ਆਉਂਦੀ। ਇਨ੍ਹਾਂ ’ਤੇ ਜੋੜ ਲਾਉਣਾ ਨਹੀਂ ਆਉਂਦਾ।
ਫਿਰ ਦੂਸਰੇ ਬੰਦ ਵਿੱਚ ਆਪ ਜੀ ਕਹਿੰਦੇ ਹਨ ਕਿ ‘‘ਲੋਗੁ ਗੰਠਿ ਗੰਠਿ; ਖਰਾ ਬਿਗੂਚਾ ॥ ਹਉ ਬਿਨੁ ਗਾਂਠੇ; ਜਾਇ ਪਹੂਚਾ ॥੨॥’’ ਭਾਵ ਲੋਕ ਆਪਣੀ ਸਰੀਰ-ਜੁੱਤੀ ਨੂੰ ਗੰਢ ਗੰਢ ਕੇ ਸਦਾ ਦੁਖੀ ਰਹਿੰਦੇ ਹਨ। ਖੱਜਲ ਖੁਆਰ ਹੁੰਦੇ ਹਨ, ਪਰ ਮੈ ਬਿਨਾਂ ਇਹ ਜੁੱਤੇ ਗੰਢੇ ਆਪਣੀ ਮੰਜ਼ਲ ਉੱਤੇ ਪਹੁੰਚ ਗਿਆ। ਹਰੀ ਵਿੱਚ ਲੀਨ ਹੋ ਗਿਆ।
ਇੱਦਾਂ ਦਿਆਂ ਗੰਢਾਂ ਮਾਰ ਮਾਰ ਕੇ ਲੋਕ ਆਪਣਾ ਜੀਵਨ ਸਿਰਫ਼ ਤੇ ਸਿਰਫ਼ ਖੁਆਰ ਹੀ ਕਰਦੇ ਹਨ ‘‘ਮਨਹਠਿ ਕਰਮ ਕਮਾਵਦੇ; ਨਿਤ ਨਿਤ ਹੋਹਿ ਖੁਆਰੁ ॥’’ (ਮਹਲਾ ੩/੬੬)
ਜੋ ਗੁਰੂ ਦਾ ਆਸਰਾ ਛੱਡ ਕੇ ਮਨ ਦੇ ਅਧੀਨ ਕਰਮ ਕਰਦੇ ਹਨ ਭਾਵੇਂ ਕਹੇ ਜਾਂਦੇ ਧਾਰਮਿਕ ਕਰਮ ਹੀ ਹੋਣ, ਉਨ੍ਹਾਂ ਦਾ ਲਾਭ ਕੋਈ ਨਹੀਂ ਹੁੰਦਾ ਕਿਉਂਕਿ ਗੁਰੂ ਦਾ ਉਪਦੇਸ਼ ਨਹੀਂ ਮੰਨਿਆ ਬਲਕਿ ਆਪਣੇ ਮਨ ਦੇ ਪਿੱਛੇ ਲੱਗ ਕੇ ਫੌਕਟ ਕਰਮ ਕਰੀ ਗਏ, ਜਿਸ ਨਾਲ਼ ‘‘ਅੰਤਰਿ ਸਾਂਤਿ ਨ ਆਵਈ; ਨਾ ਸਚਿ (’ਚ) ਲਗੈ ਪਿਆਰੁ ॥’’ (ਮਹਲਾ ੩/੬੬) ਭਾਵ ਨਾ ਮਨ ਸ਼ਾਂਤ ਹੁੰਦਾ ਹੈ ਤੇ ਨਾ ਸੱਚੇ ਪਰਮਾਤਮਾ ਨਾਲ ਪਿਆਰ ਬਣਦਾ ਹੈ, ਪਰ ਜਿਹੜੇ ਗੁਰੂ ਦੇ ਦੱਸੇ ਰਾਹ ’ਤੇ ਤੁਰਦੇ ਹਨ, ਉਨ੍ਹਾਂ ਦਾ ਪਿਆਰ ਗੁਰੂ ਨਾਲ ਬਣਿਆ ਰਹਿੰਦਾ ਹੈ ‘‘ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥’’ (ਮਹਲਾ ੩/੬੬), ਉਨ੍ਹਾਂ ਦਾ ਹੀ ਜਗਤ ਵਿੱਚ ਆਉਣਾ ਸਫਲ ਹੁੰਦਾ ਹੈ। ਉਹੀ ਹਰੀ ਦੇ ਦਰ ਉੱਤੇ ਪ੍ਰਵਾਨ ਹੁੰਦੇ ਹਨ ‘‘ਸਚੀ ਭਗਤੀ ਸਚਿ ਰਤੇ; ਦਰਿ ਸਚੈ ਸਚਿਆਰ ॥ ਆਏ ਸੇ ਪਰਵਾਣੁ ਹੈ; ਸਭ ਕੁਲ ਕਾ ਕਰਹਿ ਉਧਾਰੁ ॥’’ (ਮਹਲਾ ੩/੬੬)
ਭਗਤ ਜੀ ਵੀ ਆਪਣੇ ਤੀਜੇ ਅਤੇ ਅੰਤਮ ਬੰਦ ਰਾਹੀਂ ਸਮਝਾ ਰਹੇ ਹਨ ਕਿ ‘‘ਰਵਿਦਾਸੁ ਜਪੈ ਰਾਮ ਨਾਮਾ ॥ ਮੋਹਿ ਜਮ ਸਿਉ ਨਾਹੀ ਕਾਮਾ ॥੩॥ ਭਾਵ ਮੈਂ ਤਾਂ ਰਾਮ ਦਾ ਨਾਮ ਜਪਦਾ ਹਾਂ, ਇਸ ਲਈ ਮੇਰਾ ਜਮਰਾਜ (ਆਤਮਿਕ ਮੌਤ) ਨਾਲ ਕੋਈ ਸਰੋਕਾਰ ਹੀ ਨਹੀਂ ਰਿਹਾ ਹੈ। ਮੈਨੂੰ ਸਰੀਰ-ਜੁੱਤੀ ਗੰਢਣ ਵਾਲ਼ੇ ਉਨ੍ਹਾਂ ਨਾਲ ਕੀ ਰਿਸ਼ਤਾ ਹੈ। ਮੇਰੀ ਕੋਈ ਉਨ੍ਹਾਂ ਨਾਲ਼ ਜਾਣ ਪਛਾਣ ਨਹੀਂ ਰਹੀ। ਗੱਲ ਸਾਰੀ ਇੱਥੇ ਜਮਾਂ ’ਤੇ ਯਾਨੀ ਵਿਕਾਰਾਂ ਤੇ ਲਿਆ ਕੇ ਨਬੇੜੀ ਹੈ। ਇਸ ਦਾ ਮਤਲਬ ਹੈ ਜਿਹੜੀ ਗੰਢ ਦੀ ਗੱਲ ਸਾਰੇ ਸ਼ਬਦ ਵਿੱਚ ਹੋ ਰਹੀ ਸੀ, ਉਹ ਵਿਕਾਰਾਂ ਵਾਲੀ ਹੈ।
ਭਗਤ ਕਬੀਰ ਜੀ ਕਹਿੰਦੇ ਹਨ ਕਿ ਜੇ ਗ੍ਰਿਹਸਤ ਦਾ ਤਿਆਗ ਕਰ ਜੰਗਲਾਂ ਵਿੱਚ ਚਲੇ ਜਾਈਏ ਤੇ ਕੰਦ ਮੁੱਲ ਆਦਿ ਖਾ ਕੇ ਗੁਜ਼ਾਰਾ ਕਰੀਏ ਤਾਂ ਵੀ ਕੀ ਫ਼ਾਇਦਾ, ਜੇ ਮਨ ਵਿੱਚੋਂ ਵਿਕਾਰ ਹੀ ਨਾ ਗਏ ‘‘ਗ੍ਰਿਹੁ ਤਜਿ, ਬਨ ਖੰਡ ਜਾਈਐ; ਚੁਨਿ ਖਾਈਐ ਕੰਦਾ ॥ ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥’’ (ਭਗਤ ਕਬੀਰ/੮੫੫) ਭਾਵ ਧਰਮਿਕ ਕਾਰਜ ਕਰਨ ਨਾਲ ਕੀ ਲਾਭ ਹੈ, ਜੇ ਮਨ ਨੇ ਵਿਕਾਰ ਹੀ ਨਾ ਛੱਡੇ।
ਮੈ ਤਾਂ ਪਰਮਾਤਮਾ ਤੱਕ ਪਹੁੰਚ ਗਿਆ ਹਾਂ। ਹੁਣ ਮੇਰਾ ਇੱਕੋ ਕੰਮ ਹੈ ਨਾਮ ਸਿਮਰਨ ਕਰਕੇ ਜੋੜ ਪੱਕਾ ਕਰਦੇ ਰਹਿਣਾ। ‘ਜਮ’ ਦਾ ਮਤਲਬ ਆਤਮਕ ਮੌਤ ਹੈ, ਜਿਸ ਕਰਕੇ ਅਹੰਕਾਰ ਹਿਰਦੇ ਵਿੱਚ ਜਨਮ ਲੈਂਦਾ ਹੈ।
ਅੱਜ ਅਸੀਂ ਦੇਖਦੇ ਹਾਂ ਕਿ ਜਿਹੜੇ ਗੁਰੂ, ਮਹਾਤਮਾ ਅਖਵਾਉਂਦੇ ਸਨ, ਪਰ ਜੇਲ੍ਹਾਂ ਵਿੱਚ ਬੈਠੇ ਹਨ। ਉਨ੍ਹਾਂ ਦੇ ਕਈ ਸਾਧਕ ਵੀ ਬਣੇ ਰਹਿੰਦੇ ਹਨ, ਪਰ ਰਵਿਦਾਸ ਜੀ ਕਹਿੰਦੇ ਹਨ ਕਿ ਮੇਰੀ ਅਵਸਥਾ ਉੱਚੀ ਹੋ ਚੁੱਕੀ ਹੈ, ਜਿਸ ਕਾਰਨ ਡੋਲਣ ਦਾ ਡਰ ਨਹੀਂ ਹੈ।
ਜਿਵੇਂ ਅਸੀਂ ਹੁਣ ਤਕ ਗੱਲ ਕੀਤੀ ਹੈ ਕਿ ਗੁਰਬਾਣੀ ਨੇ ਕੂੜ ਕਿਸ ਨੂੰ ਕਿਹਾ ਹੈ। ਕੱਪੜੇ ਨੂੰ ਵੀ ਕੂੜ ਕਿਹਾ ਹੈ। ਆਹਾਰ ਨੂੰ ਵੀ ਕੂੜ ਕਿਹਾ ਹੈ। ਇੱਥੋਂ ਤੱਕ ਕਿ ਨਿਭਾਈਆਂ ਜਾਣ ਵਾਲੀਆ ਅਰਥਹੀਣ ਰਹੁ ਰੀਤਾਂ ਨੂੰ ਵੀ ਕੂੜ ਕਿਹਾ ਹੈ।
ਅਸੀਂ ਜਾਣਦੇ ਹਾਂ ਕਿ ਰਵਿਦਾਸ ਜੀ ਬਨਾਰਸ ਦੇ ਰਹਿਣ ਵਾਲੇ ਸਨ, ਜੋ ਵਿਦਵਾਨ ਬ੍ਰਾਹਮਣਾਂ ਦਾ ਕੇਂਦਰ ਮੰਨਿਆ ਜਾਂਦਾ ਹੈ। ਉਹ ਪੱਥਰ ਦੀ ਮੂਰਤੀ ਪੂਜਾ ’ਤੇ ਜ਼ੋਰ ਦਿੰਦੇ ਹਨ। ਉੱਥੇ ਇੱਕ ਪਾਸੇ ਉੱਚੀ ਕੁੱਲ ਦੇ ਕਹੇ ਜਾਂਦੇ ਵਿਦਵਾਨ ਮੂਰਤੀਆਂ ਦੀ ਪੂਜਾ ਕਰ ਰਹੇ ਹਨ ਤੇ ਦੂਜੇ ਪਾਸੇ ਬੜੀ ਨੀਵੀਂ ਜਾਤ ਦੇ ਮੰਨੇ ਜਾਂਦੇ ਭਗਤ ਰਵਿਦਾਸ ਜੀ; ਮੂਰਤੀ ਪੂਜਾ ਨੂੰ ਛੱਡ ਕੇ ਇੱਕ ਅਕਾਲ ਪੁਰਖ ਪਰਮਾਤਮਾ ਨਾਲ ਜੁੜਨ ਲਈ ਆਵਾਜ਼ ਬੁਲੰਦ ਕਰਦੇ ਹਨ। ਐਸੇ ਹਲਾਤਾਂ ਵਿੱਚ ਜਾਤ ਅਭਿਮਾਨੀਆਂ ਵੱਲੋਂ ਰਵਿਦਾਸ ਜੀ ਨੀਵੀਂ ਮੰਨੀ ਜਾਂਦੀ ਜਾਤ ਦਾ ਚਮਿਆਰ ਹੋਣ ਦਾ ਚੇਤਾ ਕਰਵਾਉਂਦੇ ਰਹਿਣਾ ਅਤੇ ਚਮਿਆਰ ਕਹਿ ਕਹਿ ਕੇ ਮਖੌਲ ਕਰਨਾ ਵੀ ਆਮ ਜਿਹੀ ਗੱਲ ਸੀ। ਇਨ੍ਹਾਂ ਗੱਲਾਂ ਦਾ ਹੀ ਉੱਤਰ ਦਿੰਦੇ ਹੋਏ ਭਗਤ ਜੀ ਨੇ ਕਿਹਾ ਹੈ ਕਿ ਮੈਂ ਚਮਿਆਰ ਹਾਂ। ਮੇਰਾ ਕਿੱਤਾ ਹੀ ਜੁੱਤੀਆਂ ਗੰਢਣਾ ਹੈ, ਪਰ ਕਹੀਆਂ ਜਾਂਦੀਆਂ ਉੱਚੀਆਂ ਕੁਲਾਂ ਵਿੱਚ ਜਨਮ ਲੈ ਕੇ ਵੀ ਲੋਕ; ਚਮਿਆਰ ਬਣੇ ਹੋਏ ਹਨ। ਸਰੀਰ ਨੂੰ ਜੁੱਤੀ ਕਿਹਾ ਤੇ ਸਮਝਾਇਆ ਕਿ ਗਰੀਬ ਬੰਦਾ ਜੁੱਤੀ ਘੜਾਉਂਦਾ ਹੈ। ਅਮੀਰ ਨੇ ਤਾਂ ਸੁੱਟ ਦੇਣੀ ਹੈ ਤੇ ਨਵੀਂ ਲੈ ਲੈਣੀ ਹੈ, ਪਰ ਇਸ ਸਰੀਰ ਰੂਪੀ ਜੁੱਤੀ ਨੂੰ ਤੇ ਉੱਚੀ ਕੁੱਲ ਵਾਲੇ, ਜਿਹੜੇ ਮਾਇਆ ਵਿੱਚ ਗਲਤਾਨ ਹੋਏ ਪਏ ਹਨ, ਉਹ ਵੀ ਗੰਢਣ ਲਈ ਭਾਵ ਨਿਰੋਗ ਰੱਖਣ ਲਈ ਜਾਂ ਕਹਿ ਲਈਏ ਉਮਰ ਵਧਾਉਣ ਲਈ, ਚੰਗੀ ਖੁਰਾਕ, ਦਵਾਈਆਂ ਆਦਿ ਨਾਲ ਤਰੋਪੇ ਲਾਉਂਦੇ ਰਹਿੰਦੇ ਹਨ। ਇਸ ਤਰ੍ਹਾਂ ਦੇਖਿਆ ਜਾਏ ਤੇ ਸਾਰਾ ਜਗਤ ਹੀ ਚਮਿਆਰ ਬਣਿਆ ਹੋਇਆ ਹੈ, ਪਰ ਰਵਿਦਾਸ ਜੀ ਕਹਿੰਦੇ ਹਨ ਕਿ ਮੇਰਾ ਮੋਹ ਸਰੀਰ ਨਾਲੋਂ ਟੁੱਟ ਗਿਆ ਹੈ ਕਿਉਂਕਿ ਮੈਂ ਦਿਨ ਰਾਤ ਪ੍ਰਭੂ ਦਾ ਸਿਮਰਨ ਕਰਦਾ ਹਾਂ। ਉਸ ਨੂੰ ਚੇਤੇ ਰੱਖਦਾ ਹਾਂ। ਕੇਵਲ ਸਰੀਰ ਦੇ ਆਹਰ ਵਿੱਚ ਨਹੀਂ ਲੱਗਿਆ ਰਹਿੰਦਾ, ਇਸ ਲਈ ਮੈਨੂੰ ਕਿਸੇ ਜਮ ਦਾ ਡਰ ਨਹੀਂ ਰਿਹਾ।