30.7 C
Jalandhar
Monday, April 6, 2026
spot_img
Home Blog Page 91

ਆਓ ਪਛਾਣੀਏ ! ਪੰਜਾਬੀ ਬੋਲੀ ਤੇ ਸਭਿਆਚਾਰ ਦੇ ਦੁਸ਼ਮਣਾਂ ਨੂੰ

0

ਆਓ ਪਛਾਣੀਏ ! ਪੰਜਾਬੀ ਬੋਲੀ ਤੇ ਸਭਿਆਚਾਰ ਦੇ ਦੁਸ਼ਮਣਾਂ ਨੂੰ 

ਅਮਨਪ੍ਰੀਤ ਸਿੰਘ, ਗੁਰਸਿੱਖ ਫ਼ੈਮਲੀ ਕਲੱਬ (ਰਜਿ.) (ਲੁਧਿਆਣਾ) 094172-39495

ਸਮਾਜ ਵਿੱਚ ਜਿੱਥੇ ਅਨੇਕਾਂ ਸਮਾਜਕ ਤੇ ਧਾਰਮਕ ਸੰਸਥਾਵਾਂ ਔਰਤਾਂ ਦੇ ਸਤਿਕਾਰ/ਹੱਕਾਂ ਪ੍ਰਤੀ ਜਾਗਰੂਕ…, ਪੰਜਾਬੀ ਮਾਂ ਬੋਲੀ ਦਾ  ਬਣਦਾ ਮਾਣ…., ਨਸ਼ਿਆਂ ਦੇ ਤਿਆਗ…., ਵਾਤਾਵਰਣ ਤੇ ਕੁਦਰਤੀ ਸਾਧਨਾਂ ਦੀ ਸੰਭਾਲ ਕਰਨ…. ਵਿਚ ਆਪਣਾ ਬਣਦਾ ਯੋਗਦਾਨ ਬਾਖ਼ੂਬੀ ਨਿਭਾ ਰਹੀਆਂ ਹਨ ਉੱਥੇ ਕੁਝ ਕੁ ਨੂੰ ਛੱਡ ਕੇ ਬਹੁਤਾਤ ਅਖੌਤੀ ਪੰਜਾਬੀ ਗਾਇਕ ਅਤੇ ਲੇਖਕ ਆਪਣੀ ਅੱਤ ਦਰਜੇ ਦੀ ਘਟੀਆ ਕਿਸਮ ਦੀ ਸ਼ਬਦਾਵਲੀ  ਰਾਹੀਂ ਸਮਾਜਕ ਆਬੋ-ਹਵਾ ਨੂੰ ਗੰਧਲਾ ਕਰਨ ਅਤੇ ਨੌਜਵਾਨ ਪੀੜ੍ਹੀ ਲਈ ਗ਼ੈਰ ਕਾਨੂੰਨੀ ਮਹੌਲ ਬਣਾਉਣ ਵਿੱਚ ਕੋਈ ਕਸਰ ਬਾਕੀ ਵੀ ਨਹੀਂ ਛੱਡ ਰਹੇ ।

ਸਰਕਾਰਾਂ ਵੱਲੋਂ ਗੈਂਗਟਰਾਂ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਤਾਂ ਅਨੇਕਾਂ ਸਖ਼ਤ ਕਾਨੂੰਨ ਬਣਾਏ ਜਾ ਰਹੇ ਹਨ ਪਰ ਅਸੱਭਿਅਕ ਭਾਸ਼ਾ ਦੀ ਵਰਤੌਂ ਕਰ ਕੇ ਹਲਕੀ ਕਿਸਮ ਦੇ ਇਹਨਾਂ ਗੀਤਕਾਰਾਂ ਲਈ ਕੋਈ ਵੀ ਸਜ਼ਾ ਜਾਂ ਧਾਰਾ ਮੁਕਰਰ ਨਹੀਂ ਕੀਤੀ ਗਈ ਜਿਸ ਦੀ ਖੁੱਲ੍ਹ ਮਾਣਦਿਆਂ ਇਹ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਕੇ ਨਿਤ ਨਵੇਂ ਗੀਤਾਂ ਰਾਹੀਂ ਬੁਲੇਟ, ਬੰਦੂਕਾਂ-ਰਫਲਾਂ, ਟੋਟੇ-ਪੁਰਜੇ, ਸ਼ਰਾਬ-ਅਫੀਮ-ਭੁੱਕੀ-ਪੈਗ ਅਤੇ ਹੋਰ ਕੁਚੱਜੇ ਬੋਲਾਂ ਰਾਹੀਂ ਬਲਾਤਕਾਰ, ਲੜ੍ਹਾਈ-ਝਘੜੇ, ਨੰਗੇਜਵਾਦ, ਗੋਲੀ-ਬਾਰੀ, ਚੋਰੀਆਂ-ਡਕੈਤੀਆਂ, ਨਸ਼ੇੜੀਆਂ ਨੂੰ ਜਨਮ ਦੇ ਰਹੇ ਹਨ ।

ਅਖਾਣ ਹੈ ‘ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ’ .. ਖ਼ੈਰ ਜਿੰਨਾ ਯਤਨ ਸਮਾਜ ਸੇਵੀ ਸੰਸਥਾਵਾਂ ਜਾਂ ਸਰਕਾਰਾਂ ਸਮਾਂ ਤੇ ਧਨ ਦੀ ਵਰਤੋਂ ਕਰ ਕੇ ਮਾਹੌਲ ਨੂੰ ਸਵੱਛ ਕਰਨ ਲਈ ਲਗਾ ਰਹੀਆਂ ਹਨ…ਉਸ ਤੋਂ ਕਿਤੇ ਵੱਧ ਨਿਤ ਨਵੇਂ ਪੈਦਾ ਹੋ ਰਹੇ ਏਹ ਗਾਇਕ/ਲੇਖਕ ਆਪਣੇ ਬੇਹੁਦਾ ਗੰਦੇ ਗੀਤਾਂ ਰਾਹੀਂ ਸਮਾਜ ਨੂੰ ਗੰਧਲਾ ਕਰਨ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡ ਰਹੇ …

ਦੂਜੇ ਪੱਖ ਤੋਂ ਜੇਕਰ ਧਿਆਨ ਦਿੱਤਾ ਜਾਏ ਕਿ ਗੀਤਾਂ ਵਿੱਚ ਵਰਤੀ ਜਾਂਦੀ ਸ਼ਬਦਾਵਲੀ ਨੂੰ ਅਸੀਂ ਬਾਰ ਬਾਰ ਸੁਣਦੇ ਜਾਂ ਬੋਲ ਕੇ ਮੌਜਾਂ ਮਾਣਦੇ ਹਾਂ ਜੇਕਰ ਇਸ ਦਾ ਢੁਕਾਅ ਦੂਜੀਆਂ ਕੁੜੀਆਂ/ਕਾਕਿਆਂ ਨਾਲ ਕਰਨ ਦੀ ਬਜਾਏ ਆਪਣੀਆਂ ਧੀਆਂ/ਭੈਣਾਂ ਜਾਂ ਕਾਕਿਆਂ ਨਾਲ ਕਰ ਕੇ ਦੇਖਿਆ ਜਾਵੇ ਤਾਂ ਕੋਈ ਵੀ ਇਸ ਤਰ੍ਹਾਂ ਦੇ ਵਿਗੜੇ-ਤਿਗੜੇ ਧੀਆਂ/ਪੁੱਤ ਆਪਣੇ ਪਰਿਵਾਰ ਦਾ ਹਿੱਸਾ ਬਣਾ ਕੇ ਸਮਾਜ ਵਿੱਚ ਸਿਰ ਉੱਚਾ ਕਰ ਕੇ ਨਹੀਂ ਤੁਰ ਸਕੇਗਾ ।

ਸੋ, ਹੱਥ ਬੰਨ੍ਹ ਕੇ ਇਹਨਾਂ ਗਾਇਕਾਂ/ਲੇਖਕਾਂ ਪ੍ਰਤੀ ਵੀ ਬੇਨਤੀ ਹੈ ਕਿ ਜੇਕਰ ਉਹ ਨਰੋਆ ਸਮਾਜ ਸਿਰਜਣ ਵਿੱਚ ਆਪਣਾ ਬਣਦਾ ਯੋਗਦਾਨ ਨਹੀਂ ਪਾ ਸਕਦੇ ਤਾਂ ਰੱਬ ਦਾ ਵਾਸਤਾ ਏ ਕਿ ਕੁਝ ਚੰਦ ਛਿਲੜਾਂ ਅਤੇ ਫੋਕੀ ਵਾਹ-ਵਾਹ ਦੇ ਲਾਲਚ ਵੱਸ ਇਹੋ ਜਿਹੀ ਨੀਵੀਂ ਪੱਧਰ ਦੀ ਗਾਇਕੀ ਨਾਲ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਜਲ ਭਵਿੱਖ ’ਚ ਰੋੜ੍ਹਾ ਨਾ ਬਣਦੇ ਹੋਏ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਨ ।

ਪ੍ਰਸਾਸ਼ਨ ਤੇ ਸਰਕਾਰਾਂ ਨੂੰ ਵੀ ਇਹ ਸਲਾਹ ਹੈ ਕਿ ਜੇਕਰ ਗ਼ੈਰ ਕਾਨੂੰਨੀ ਹਰਕਤਾਂ ’ਚ ਵਾਧਾ ਕਰਨ ਤੇ ਇਸ ਦੀ ਹੌਂਸਲਾ ਅਫਜ਼ਾਈ ਕਰਨ ਦੇ ਦੋਸ਼ ਵਜੋਂ 2-4 ਸਿੰਗਰ ਜੇਲ੍ਹ ’ਚ ਡੱਕੇ ਹੋਣ ਤਾਂ ਨਿਸ਼ਚਿਤ ਤੌਰ ’ਤੇ ਆਪਣੇ ਗੀਤਾਂ ’ਚ ਵੱਡੇ ਜਿਗਰੇ ਤੇ ਜੱਟ ਦੇ ਮੁਕਾਬਲੇ ਵਾਲੇ ਏਹ ਅਖੌਤੀ ਸੂਰਮੇ ਘਰੋਂ ਬਾਹਰ ਆਉਣ ਤੋਂ ਪਹਿਲਾਂ 10 ਵਾਰ ਸੋਚਣਗੇ ।

ਅੰਤ ’ਚ ਸਾਡਾ ਸਰੋਤਿਆਂ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਆਪਣੇ ਸੰਗੀਤਕ ਸੁਆਦ ਨੂੰ ਉੱਚਾ ਚੱੁਕਦਿਆਂ ਚੰਗੀ ਗਾਇਕੀ ਤੇ ਗਾਇਕਾਂ ਨੂੰ ਮਾਣ ਸਤਿਕਾਰ ਦੇਈਏ ਤਾਂ ਜੋ ਹੋਰ ਗੀਤਕਾਰ ਵੀ ਸਾਫ਼-ਸੁਥਰੀ ਤੇ ਸੱਭਿਅਕ ਗਾਇਕੀ ਦੇ ਘੇਰੇ ’ਚ ਰਹਿ ਕੇ ਪੰਜਾਬੀ ਬੋਲੀ ਦਾ ਮਾਣ ਸਨਮਾਣ ਵਧਾਉਣ ’ਚ ਮਾਣ ਮਹਿਸੂਸ ਕਰਨ ।

-ਚਲਦਾ-     

ਐਸੀ ਲਾਲ ! ਤੁਝ ਬਿਨੁ ਕਉਨੁ ਕਰੈ ॥

0

ਐਸੀ ਲਾਲ !  ਤੁਝ ਬਿਨੁ ਕਉਨੁ ਕਰੈ ॥

ਗਿਆਨੀ ਅਵਤਾਰ ਸਿੰਘ-98140-35202

ਐਸੀ ਲਾਲ !  ਤੁਝ ਬਿਨੁ ਕਉਨੁ ਕਰੈ  ?॥  ਗਰੀਬ ਨਿਵਾਜੁ ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ॥੧॥ ਰਹਾਉ ॥

ਜਾ ਕੀ ਛੋਤਿ ਜਗਤ ਕਉ ਲਾਗੈ; ਤਾ ਪਰ ਤੁਹਂੀ ਢਰੈ ॥  ਨੀਚਹ ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਨ ਡਰੈ ॥੧॥

ਨਾਮਦੇਵ, ਕਬੀਰੁ, ਤਿਲੋਚਨੁ;  ਸਧਨਾ ਸੈਨੁ ਤਰੈ ॥  ਕਹਿ ਰਵਿਦਾਸੁ ਸੁਨਹੁ ਰੇ ਸੰਤਹੁ !  ਹਰਿ ਜੀਉ ਤੇ ਸਭੈ ਸਰੈ ॥੨॥

(ਮਾਰੂ, ਭਗਤ ਰਵਿਦਾਸ ਜੀ, ਪੰਨਾ ੧੧੦੬)

ਵਿਚਾਰ ਅਧੀਨ ਸ਼ਬਦ ਜਗਤ ਪ੍ਰਸਿੱਧ ਮਹਾਤਮਾ ਭਗਤ ਰਵੀਦਾਸ ਜੀ ਦੁਆਰਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ੧੧੦੬ ਅੰਕ ’ਤੇ ਮਾਰੂ ਰਾਗ ਵਿੱਚ ਸੁਸ਼ੋਭਿਤ ਹੈ, ਜੋ ਉਨ੍ਹਾਂ ਦੇ ਸਮਾਜਕ ਜ਼ਿੰਦਗੀ ਦੇ ਅਨੁਭਵ ਨੂੰ ਰੁਸ਼ਨਾਉਂਦਾ ਤੇ ਪ੍ਰਗਟਾਉਂਦਾ ਹੈ।  ਅਖੌਤੀ ਜਾਤ-ਪਾਤ ਵੰਡ ਮੁਤਾਬਕ ਭਗਤ ਜੀ ਦਾ ਸਮਾਜਕ ਜੀਵਨ ਚਮਿਆਰ ਸ਼੍ਰੇਣੀ ’ਚ ਆਉਂਦਾ ਸੀ, ਜੋ ਉਨ੍ਹਾਂ ਨੇ ਵੀ ਛੁਪਾ ਕਰ ਨਾ ਰੱਖਿਆ, ਸਗੋਂ ਐਲਾਨੀਆ ਕਿਹਾ ਕਿ ਨਗਰ ਵਾਸੀਓ!  ਮੇਰੀ ਜਾਤ ਮੰਨੀ ਪ੍ਰਮੰਨੀ ਜਾਂਦੀ ਚਮਿਆਰ ਹੈ : ‘‘ਨਾਗਰ ਜਨਾਂਮੇਰੀ ਜਾਤਿ ਬਿਖਿਆਤ ਚੰਮਾਰੰ ’’ (ਮਲਾਰ, ਭਗਤ ਰਵਿਦਾਸ, ਪੰਨਾ ੧੨੯੩)

ਭਗਤ ਜੀ ਦੇ ਇਸ ਦ੍ਰਿੜ੍ਹ ਭਰੋਸੇ ਦਾ ਕੀ ਕਾਰਨ ਰਿਹਾ ਹੋਏਗਾ, ਇਸ ਦਾ ਵੇਰਵਾ ਇਸ ਸ਼ਬਦ ’ਚੋਂ ਪ੍ਰਗਟ ਹੁੰਦਾ ਹੈ, ਜਿੱਥੇ ਉਨ੍ਹਾਂ ਜਾਤ-ਪਾਤ ਦੀ ਵੰਡ ਕਰਨ ਵਾਲ਼ੇ ਪੰਡਿਤਾਂ ਦੀ ਸੋਚ ਦੇ ਵਿਪਰੀਤ ਜਾ ਕੇ ਅਜਿਹੇ ਮਾਲਕ ਦਾ ਆਸਰਾ ਲਿਆ, ਜਿਸ ਦੀ ਬੰਦਗੀ ਕਰਨ ਉਪਰੰਤ ਉੱਚ ਜਾਤੀਏ ਪੰਡਿਤਾਂ ਨੂੰ ਵੀ ਭਗਤ ਜੀ ਅੱਗੇ ਨਤਮਸਤਕ ਹੋਣਾ ਪਿਆ। ਇਸ ਘਟਨਾ ਨੂੰ ਵੀ ਉਨ੍ਹਾਂ ਖ਼ੁਦ ਹੀ ਇਉਂ ਪ੍ਰਗਟ ਕੀਤਾ, ‘‘ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ..’’ (ਮਲਾਰ, ਭਗਤ ਰਵਿਦਾਸ, ਪੰਨਾ ੧੨੯੩) ਇਹ ਡੰਡਉਤ (ਨਮਸਕਾਰ) ਕੋਈ ਅਗਿਆਨੀ ਪੰਡਿਤ ਨਹੀਂ ਕਰ ਰਹੇ ਸਨ ਬਲਕਿ ਬੁਧੀਮਾਨ ਪੰਡਿਤ (ਬਿਪ੍ਰ ਪਰਧਾਨ) ਸਨ। ਮਿਸਾਲ ਵਜੋਂ ਇਹੀ ਘਟਨਾ ਮੁੜ ਫਿਰ ਇਉਂ ਦੁਹਰਾਈ ਗਈ : ‘‘ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ; ਤਿਨ ਤਨੈ ਰਵਿਦਾਸ ਦਾਸਾਨ ਦਾਸਾ ’’ (ਮਲਾਰ, ਭਗਤ ਰਵਿਦਾਸ, ਪੰਨਾ ੧੨੯੩) ‘ਆਚਾਰ ਸਹਿਤ’ ਦਾ ਮਤਲਬ ਹੈ : ‘ਪੂਰਨ ਕਰਮਕਾਂਡੀ ਵਿਚਾਰਧਾਰਾ ਨੂੰ ਸਮਰਪਿਤ ਪੜ੍ਹੇ ਲਿਖੇ ਪੰਡਿਤ’ ਵੀ ਉਨ੍ਹਾਂ ਦੀ ਕੁਲ ’ਚ ਜਨਮੇ ਰਵਿਦਾਸ ਜੀ ਨੂੰ ਨਮਸਕਾਰ ਕਰਨ ਆਏ, ਜਿਨ੍ਹਾਂ ਦੇ ਪੂਰਵਜ ਅਜੇ ਵੀ ਮਰੇ ਪਸ਼ੂ ਵਾਰਾਣਸੀ (ਬਨਾਰਸ) ਵਿੱਚ ਉਠਾਉਂਦੇ ਵੇਖੇ ਜਾ ਸਕਦੇ ਹਨ : ‘‘ਜਾ ਕੇ ਕੁਟੰਬ ਕੇ ਢੇਢ ਸਭ, ਢੋਰ ਢੋਵੰਤ ਫਿਰਹਿ; ਅਜਹੁ ਬੰਨਾਰਸੀ ਆਸ ਪਾਸਾ ’’ (ਮਲਾਰ, ਭਗਤ ਰਵਿਦਾਸ ਜੀ, ਪੰਨਾ ੧੨੯੩)

 ਵਿਚਾਰ ਅਧੀਨ ਸ਼ਬਦ-ਵਿਸ਼ਾ ਦੋ ਬੰਦਾਂ ’ਚ ਵੰਡਿਆ ਗਿਆ ਹੈ, ਜਿਨ੍ਹਾਂ ਤੋਂ ਪਹਿਲਾਂ ਰਹਾਉ ਬੰਦ ਹੈ, ਜਿਸ ਵਿੱਚ ਪੂਰੇ ਸ਼ਬਦ ਦਾ ਸਾਰੰਸ (ਸਾਰ) ਹੁੰਦਾ ਹੈ।  ਇਸ ‘ਰਹਾਉ’ ਪਦੇ ’ਚ ਭਗਤ ਜੀ ਆਪਣੀ ਜੀਵਨ ਉੱਨਤੀ ਦੌਰਾਨ ਹੋਈ ਰੱਬੀ ਬਖ਼ਸ਼ਸ਼ ਨੂੰ ਉਪਕਾਰ ਵਜੋਂ ਵੇਖਦੇ ਹੋਏ ਸ਼ੁਕਰੀਆ ਅਦਾ ਕਰਦੇ ਹਨ ਕਿ ਹੇ ਪਿਆਰ ਦੇ ਸਰੋਤ (ਲਾਲ) !  ਐਸੀ ਜੀਵਨ ਤਬਦੀਲੀ ਤੇਰੇ ਉਪਕਾਰ ਤੋਂ ਬਿਨਾਂ ਹੋਰ ਕੌਣ ਕਰ ਸਕਦਾ ਹੈ ?

ਭਗਤ ਰਵੀਦਾਸ ਜੀ ਵਾਙ ਉਕਤ ਭਾਵਨਾ ਤਦ ਬਣਨੀ ਹੈ ਜਦ ਕੋਈ ਰੂਹਾਨੀਅਤ ਮੰਜ਼ਲ ਨੂੰ ਪਾ ਚੁੱਕਿਆ ਹੋਵੇ।  ਟੀਚਾ ਸਰ ਕਰਨ ਲਈ ਗੁਰੂ ਗਿਆਨ-ਰੌਸ਼ਨੀ ਨਾਲ਼ ਪਹਿਲਾਂ ਮਨ ਦਾ ਵਿਕਾਰੀ ਸੁਭਾਅ ਸਮਝਣਾ ਪੈਂਦਾ ਹੈ, ਜਿਸ ’ਤੇ ਹੋਈ ਜਿੱਤ ਹੀ ਬੰਦੇ ਨੂੰ ਆਪਣੀ ਅਸਮਰੱਥਾ ਦਾ ਅਹਿਸਾਸ ਕਰਵਾਉਂਦੀ ਹੈ। ਬੰਦਾ; ਆਪਣੀ ਕਾਮਯਾਬੀ ਦਾ ਮਹੱਤਵ ਆਪਣੇ ਉੱਪਰ ਲੈ ਕੇ ਮਿਲੀ ਰੱਬੀ ਬਖ਼ਸ਼ਸ਼ ਵੱਲੋਂ ਅਿਤਘਣ (ਨਾਸ਼ੁਕਰਾ) ਨਹੀਂ ਹੁੰਦਾ।

ਰੱਬੀ ਮਿਹਰ ਅਤੇ ਪ੍ਰੇਮਾ ਭਗਤੀ ਨਾਲ਼ ਭਗਤਾਂ ਦੇ ਜੀਵਨ ’ਚ ਹੁੰਦੇ ਬਦਲਾਅ ਨੂੰ ਵੇਖਦਿਆਂ ਭਗਤ ਰਵੀਦਾਸ ਜੀ ਦੇ ਦਿਲ ਵਿੱਚ ਵੀ ਇੱਕ ਤਮੰਨਾ ਜਾਗੀ ਕਿ ਮੈਂ ਵੀ ਇਹ ਰੁਤਬੇ ਨੂੰ ਪ੍ਰਾਪਤ ਕਰਾਂ।  ਉਨ੍ਹਾਂ ਜੀਵਨ ਸੰਘਰਸ਼ ’ਚ ਜੂਝਦਿਆਂ ਆਮ ਮਨੁੱਖਾਂ ਨੂੰ ਮਿਲਦੀ ਅਸਫਲਤਾ ਨੂੰ ਵੇਖਿਆ ਤੇ ਆਪਣੀ ਦਿਲੀ ਫ਼ਰਿਆਦ ਪ੍ਰਭੂ ਅੱਗੇ ਇਉਂ ਕੀਤੀ, ਹੇ ਲਾਲਨ!  ਮਾਇਆ ਬੜੀ ਪ੍ਰਭਾਵਸ਼ਾਲੀ ਹੈ, ਤਾਕਤਵਰ ਹੈ।  ਅਸੀਂ ਆਖਦੇ-ਸੋਚਦੇ ਕੁਝ ਹੋਰ ਹਾਂ ਤੇ ਕਮਾਇਆ ਕੁਝ ਹੋਰ ਜਾਂਦਾ ਹੈ।  ਸਾਨੂੰ ਇਸ ਦਲਦਲ ’ਚੋਂ ਨਿਕਲਣ ਦੀ ਜਾਚ ਨਹੀਂ।  ਮੈਂ ਤੇਰਾ ਦਾਸਰਾ ਰਵਿਦਾਸ;  ਕਰੋਧ-ਅਹੰਕਾਰ ਤਿਆਗ ਕੇ ਭਾਵ ਨਿਮਰ ਤੇ ਵੈਰਾਗ ’ਚ ਆ ਕੇ ਆਖਦਾ ਹਾਂ ਕਿ ਮੇਰੀ ਨਿਮਾਣੀ ਜਿੰਦ-ਜਾਨ ਉੱਤੇ ਤਰਸ ਕਰੋ : ‘‘ਕਹੀਅਤ ਆਨ, ਅਚਰੀਅਤ ਅਨ; ਕਛੁ ਸਮਝ ਪਰੈ, ਅਪਰ ਮਾਇਆ ਕਹਿ ਰਵਿਦਾਸ; ਉਦਾਸ ਦਾਸ ਮਤਿ, ਪਰਹਰਿ ਕੋਪੁ; ਕਰਹੁ ਜੀਅ ਦਇਆ ’’ (ਸੋਰਠਿ, ਭਗਤ ਰਵਿਦਾਸ, ਪੰਨਾ ੬੫੮)

ਗੁਰਮਤਿ ਅਨੁਸਾਰ ਨਿਮਾਣਾ-ਲਾਚਾਰ ਬਣ ਕੇ ਰੱਬੀ ਦਰ ’ਤੇ ਬੇਨਤੀ ਕੀਤਿਆਂ ਉਸ ਦੀ ਬਖ਼ਸ਼ਸ਼ ਨਾਲ਼ ਰੂਹਾਨੀਅਤ ਉੱਨਤੀ ਹੁੰਦੀ ਹੈ, ਪਰ ਇਹ ਜਾਚ ਗੁਰੂ ਗਿਆਨ-ਰੌਸ਼ਨੀ ’ਚ ਆਪਣੀਆਂ ਊਣਤਾਈਆਂ ਵੇਖਣ ਉਪਰੰਤ ਆਉਂਦੀ ਹੈ, ਇਸ ਸਚਾਈ ਨੂੰ ਭਗਤ ਰਵੀਦਾਸ ਜੀ ਖ਼ੁਦ ਸਵੀਕਾਰਦੇ ਹੋਏ ਆਖਦੇ ਹਨ ਕਿ ਮੈਨੂੰ ਗੁਰੂ ਵੱਲੋਂ ਸਮਝ ਮਿਲੀ ਕਿ ਹੇ ਪ੍ਰਭੂ ਦੇ ਦਾਸ ਰਵਿਦਾਸ !  ਤੂੰ ਗੁਰੂ ਗਿਆਨ ਨੂੰ ਸਮਰਪਿਤ ਹੋ, ਭਰਮ ਨੂੰ ਛੱਡ, ਵਿਕਾਰਾਂ ਤੋਂ ਉਪਰਾਮ ਹੋ, ਭਗਤਾਂ ਦੇ ਡਰ ਦੂਰ ਕਰਨ ਵਾਲ਼ੇ ਨੂੰ ਬੇਨਤੀ ਕਰ ਕਿ ਮੈਨੂੰ ਵੀ ਆਖ਼ਿਰ ਅਨੰਦਿਤ ਕਰੋ, ਇਹੀ ਤਪਾਂ ’ਚੋਂ ਸਰਵੋਤਮ ਤਪ ਹੈ : ‘‘ਰਵਿਦਾਸ ਦਾਸਉਦਾਸ ਤਜੁ ਭ੍ਰਮੁ; ਤਪਨ ਤਪੁ, ਗੁਰ ਗਿਆਨ ਭਗਤ ਜਨ ਭੈ ਹਰਨ; ਪਰਮਾਨੰਦ ਕਰਹੁ ਨਿਦਾਨ (ਆਸਾ, ਭਗਤ ਰਵਿਦਾਸ, ਪੰਨਾ ੪੮)

ਵਿਚਾਰ ਅਧੀਨ ਸ਼ਬਦ-ਵਿਸ਼ੇ ’ਚ ਫ਼ਰਿਆਦੀ ਬਣਨ ਲਈ ਬਲ-ਸੂਝ ਮਿਲੀ : ‘‘ਪ੍ਰੇਮ ਭਗਤਿ ਕੈ ਕਾਰਣੈ; ਕਹੁ ਰਵਿਦਾਸ ਚਮਾਰ ’’ (ਗਉੜੀ, ਭਗਤ ਰਵਿਦਾਸ, ਪੰਨਾ ੩੪੬) ਅਤੇ ਆਪਣੀ ਬੇਨਤੀ ਜਾਰੀ ਰੱਖਦਿਆਂ ਕਿਹਾ ਹੇ ਲਾਲਨ ! ਅਜਿਹੀ ਰੂਹਾਨੀਅਤ ਤਬਦੀਲੀ ਤੇਰੀ ਮਿਹਰ ਬਿਨਾਂ ਕੌਣ ਕਰ ਸਕਦਾ ਹੈ ?  ਧਰਤੀ ਦਾ ਮਾਲਕ, ਗ਼ਰੀਬਾਂ ਦਾ ਸਹਾਰਾ ਮੇਰਾ ਪਿਆਰਾ, ਆਪਣੇ ਪਿਆਰਿਆਂ ਦੇ ਸਿਰ ਉੱਤੇ ਤਾਜ (ਬਾਦਸ਼ਾਹਤ) ਟਿਕਾ ਦਿੰਦਾ ਹੈ, ਅਜਿਹਾ ਮੈਂ ਸੁਣਿਆ ਹੈ : ‘‘ਐਸੀ ਲਾਲਤੁਝ ਬਿਨੁ ਕਉਨੁ ਕਰੈ  ?  ਗਰੀਬ ਨਿਵਾਜੁ ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ਰਹਾਉ ’’

ਉਕਤ ਰਹਾਉ ਤੋਂ ਬਾਅਦ ਸ਼ਬਦ ਦੇ ਪਹਿਲੇ ਬੰਦ ’ਚ ਭਗਤ ਜੀ ਨਿਮਰ ਹੋ ਕੇ ਦੁਨਿਆਵੀ ਜਾਤ-ਪਾਤ ਵਿਤਕਰੇ ਦੀ ਮਿਸਾਲ ਨਾਲ਼ ਫ਼ਰਿਆਦ ਕਰਦੇ ਹਨ ਕਿ ਹੇ ਪ੍ਰਭੂ ! ਜਿਸ ਅਖੌਤੀ ਨੀਚ ਜਾਤ (ਚਮਿਆਰ) ਦੀ ਭਿੱਟ ਨਾਲ਼ ਸਮਾਜ ਗੰਧਲ਼ਾ ਹੁੰਦਾ ਮੰਨੀਦਾ ਹੈ, ਉਸ ਗ਼ਰੀਬ ’ਤੇ ਕੇਵਲ ਤੂੰ ਹੀ ਤਰਸ ਕਰਦਾ ਹੈਂ ਕਿਉਂਕਿ ਤੇਰਾ ਸੁਭਾਅ ਹੈ, ਨੀਚਾਂ ਨੂੰ ਉੱਚੇ ਕਰਨਾ ਤੇ ਕਿਸੇ ਤੋਂ ਨਾ ਡਰਨਾ : ‘‘ਜਾ ਕੀ ਛੋਤਿ ਜਗਤ ਕਉ ਲਾਗੈ; ਤਾ ਪਰ ਤੁਹਂੀ ਢਰੈ ਨੀਚਹ ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਡਰੈ ’’

ਸ਼ਬਦ ਦੇ ਦੂਜੇ ਜਾਂ ਅੰਤਮ ਬੰਦ ’ਚ ਭਗਤ ਜੀ ਕੁਝ ਨੀਚ ਮੰਨੇ ਜਾਂਦੇ ਪ੍ਰਸਿੱਧ ਭਗਤਾਂ ਦੇ ਹਵਾਲੇ ਨਾਲ਼ ਆਪਣੇ ਸ਼ਬਦ-ਵਿਸ਼ੇ ਨੂੰ ਸੰਕੋਚਦੇ ਹੋਏ ਆਖਦੇ ਹਨ ਕਿ ਹੇ ਸੰਤੋ!  ਧਿਆਨ ਨਾਲ਼ ਸੁਣੋ ਕਿ ਹਰੀ ਦੀ ਕਿਰਪਾ ਨਾਲ ਹਰ ਨੀਚ ਵੀ ਸਿਰੇ ਚੜਦਾ ਹੈ, ਮੰਜ਼ਲ ਪਾ ਲੈਂਦਾ ਹੈ; ਜਿਵੇਂ ਕਿ ਛੀਂਬਾ ਨਾਮਦੇਵ, ਜੁਲਾਹਾ ਕਬੀਰ, ਵੈਸ਼ ਤ੍ਰਿਲੋਚਨ, ਕਸਾਈ ਸਧਨਾ ਵਾਙ ਨਾਈ ਸੈਣ ਵੀ ਉਸ ਦੀ ਕਿਰਪਾ ਨਾਲ਼ ਤਰ ਗਿਆ : ‘‘ਨਾਮਦੇਵ, ਕਬੀਰੁ, ਤਿਲੋਚਨੁਸਧਨਾ, ਸੈਨੁ ਤਰੈ   ਕਹਿ ਰਵਿਦਾਸੁ ਸੁਨਹੁ ਰੇ ਸੰਤਹੁਹਰਿ ਜੀਉ ਤੇ ਸਭੈ ਸਰੈ ’’

ਉਕਤ ਵਿਚਾਰ ਦਾ ਸਾਰੰਸ ਹੈ ਕਿ ਸਮਾਜ ਵਿੱਚ ਭਾਵੇਂ ਕਿ ਕਿਸੇ ਨੂੰ ਕੋਈ ਜਾਤ-ਪਾਤ ਦੇ ਵਿਤਕਰੇ ਅਧੀਨ ਵੰਡ ਕੇ ਅਪਮਾਣਿਤ ਦ੍ਰਿਸ਼ਟੀ ਨਾਲ਼ ਵੇਖੇ, ਪਰ ਅਜਿਹਾ ਭੇਦ-ਭਾਵ ਰੱਬ ਨਹੀਂ ਕਰਦਾ।  ਉਸ ਦੀਆਂ ਬਖ਼ਸ਼ਸ਼ਾਂ ਸਾਰਿਆਂ ਲਈ ਬਰਾਬਰ ਹਨ ਭਾਵੇਂ ਕੋਈ ਉੱਚੀ ਜਾਤ ਦਾ ਹੋਵੇ ਜਾਂ ਨੀਵੀਂ ਜਾਤ ਦਾ। ਕਰਤਾਰ ਦੀ ਦ੍ਰਿਸ਼ਟੀ ਵਾਙ ਹੀ ਗੁਰੂ ਦੀ ਦ੍ਰਿਸ਼ਟੀ ਹੁੰਦੀ ਹੈ, ਜੋ ਸਭ ਨੂੰ ਸਮਾਨੰਤਰ ਵੇਖਦੀ ਹੈ, ਇਸ ਲਈ ਹੀ ਗੁਰੂ ਅਰਜਨ ਸਾਹਿਬ ਜੀ ਨੇ ਫ਼ੁਰਮਾਇਆ : ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ   ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ’’ (ਸੂਹੀ, : , ਪੰਨਾ ੭੪੮), ਗੁਰੂ ਰਾਮਦਾਸ ਜੀ ਤਾਂ ਇੱਥੋਂ ਤੱਕ ਬਿਆਨ ਕਰ ਗਏ ਕਿ ਅਗਰ ਕੋਈ ਰੱਬੀ ਬੰਦਗੀ ਨਹੀਂ ਕਰਦਾ ਤਾਂ ਭਾਵੇਂ ਉਹ ਪੰਡਿਤ ਜਾਂ ਖੱਤਰੀ ਹੋਵੇ, ਹਰੀ ਉਸ ਵੱਲੋਂ ਮੁੱਖ ਹੀ ਮੋੜ ਲੈਂਦਾ ਹੈ : ‘‘ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ; ਲੋਕੁ ਛੀਪਾ ਕਹੈ ਬੁਲਾਇ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ; ਹਰਿ, ਨਾਮਦੇਉ ਲੀਆ ਮੁਖਿ ਲਾਇ ’’ (ਸੂਹੀ, : , ਪੰਨਾ ੭੩੩)

 ਭਾਈ ਗੁਰਦਾਸ ਜੀ; ਗੁਰੂ ਅਰਜਨ ਸਾਹਿਬ ਦੇ ਸਤਸੰਗੀ ਰਹੇ ਤੇ ਉਨ੍ਹਾਂ ਨੂੰ ਆਦਿ ਗ੍ਰੰਥ ਲਿਖਣ ਦਾ ਸੁਭਾਗ ਵੀ ਪ੍ਰਾਪਤ ਹੋਇਆ। ਉਨ੍ਹਾਂ ਗੁਰਮਤਿ ਦੇ ਕਈ ਵਿਸ਼ਿਆਂ ਨੂੰ ਬਾ-ਦਲੀਲ ਮਿਸਾਲਾਂ ਦੇ ਦੇ ਕੇ ਹੋਰ ਸਪਸ਼ਟ ਕਰਨ ’ਚ ਅਹਿਮ ਯੋਗਦਾਨ ਪਾਇਆ ਹੈ। ਹਥਲੇ ਵਿਸ਼ੇ ਦੀ ਸਪਸ਼ਟਤਾ ਲਈ ਵੀ ਉਨ੍ਹਾਂ ਨੇ ਕੁਝ ਮਿਸਾਲਾਂ ਦਿੱਤੀਆਂ ਹਨ।  ਜਿਸ ਤਰ੍ਹਾਂ ਧਰਮ ਦੇ ਨਾਂ ’ਤੇ ਮਨੁੱਖ ਜਾਤੀ ’ਚ ਵਿਤਕਰਾ ਕੀਤਾ ਗਿਆ, ਉਸੇ ਤਰ੍ਹਾਂ ਮੱਖੀਆਂ ਤੇ ਕੀੜੀਆਂ ਨੂੰ ਵੀ ਨੀਵੀਆਂ ਜੂਨਾਂ ਮੰਨਿਆ ਜਾਂਦਾ ਰਿਹਾ : ‘‘ਜੈਸੇ ਨੀਚ ਜੋਨ ਗਨੀਅਤ, ਅਤਿ ਮਾਖੀ ਕ੍ਰਿਮ..’’ (ਭਾਈ ਗੁਰਦਾਸ ਜੀਕਬਿੱਤ ੬੩੨)

ਭਾਈ ਗੁਰਦਾਸ ਜੀ ਇਨ੍ਹਾਂ ਨੀਵੀਆਂ ਜੂਨਾਂ ਦੀ ਮਨੁੱਖਤਾ ਨੂੰ ਦੇਣ ਦਾ ਜ਼ਿਕਰ ਕਰਦਿਆਂ ਸਮਝਾਉਂਦੇ ਹਨ ਕਿ ਨੀਵੀਂ ਜੂਨ ’ਚ ਮੰਨੀ ਜਾਂਦੀ ਭ੍ਰਿੰਡ ਦੇ ਛੱਤੇ ’ਚੋਂ ਮਿਸਰੀ ਮਿਲਦੀ ਹੈ, ਮੱਖੀ ਦੇ ਛੱਤੇ ’ਚੋਂ ਸ਼ਹਿਦ, ਕੀੜਿਆਂ ਤੋਂ ਰੇਸ਼ਮ, ਵੜੇਵਿਆਂ ’ਚੋਂ ਕਪਾਹ (ਮਲਮਲ, ਕੱਪੜਾ), ਚਿੱਕੜ ’ਚੋਂ ਕਵਲ ਫੁੱਲ, ਜਿਸ ’ਤੇ ਭੌਰੇ ਆਉਂਦੇ ਹਨ, ਕਾਲੇ ਸੱਪ ਦੇ ਸਿਰ ’ਚੋਂ ਮਣੀ,  ਪੱਥਰਾਂ ਵਿੱਚੋਂ ਹੀਰੇ ਮੋਤੀ ਮਿਲਦੇ ਹਨ, ਹਿਰਨ ਦੀ ਨਾਭੀ ’ਚੋਂ ਮਹਾਂ ਸੁਗੰਧੀ ਕਸਤੂਰੀ,  ਲੋਹੇ ਤੋਂ (ਮਨੁੱਖਾ ਸ਼ਕਤੀ) ਤਲਵਾਰ ਬਣਦੀ ਹੈ ਤੇ ਬਿੱਲੀ ਦੀ ਮਿੱਝ ਤੋਂ ਮੁਸ਼ਕ ਬਿਲਾਈ ਮਿਲਦੀ ਹੈ, ਜੋ ਮਹਿਫ਼ਲਾਂ ’ਚ ਸੁਗੰਧੀ ਵਿਖੇਰਦੀ ਹੈ, ਇਸੇ ਤਰ੍ਹਾਂ ਮੰਨੀਆਂ ਜਾਂਦੀਆਂ ਮਨੁੱਖੀ ਨੀਚ ਜਾਤਾਂ ’ਚੋਂ ਰੱਬੀ ਭਗਤ ਪੈਦਾ ਹੋ ਕੇ ਆਪਣੀ ਕੁੱਲ ਦਾ ਨਾਂ ਰੌਸ਼ਨ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਆਸਰਾ ਕੇਵਲ ਰੱਬ ਹੀ ਬਣਦਾ ਹੈ : ‘‘ਡੇਮੂੰ ਖਖਰਿ ਮਿਸਰੀ ਮਖੀ ਮੇਲੁ ਮਖੀਰੁ ਉਪਾਇਆ ਪਾਟ ਪਟੰਬਰਿ ਕੀੜਿਅਹੁ; ਕੁਟਿ ਕਟਿ ਸਣੁ ਕਿਰਤਾਸੁ ਬਣਾਇਆ ਮਲਮਲ ਹੋਇ ਵੜੇਵਿਅਹੁ; ਚਿਕੜਿ ਕਵਲੁ ਭਵਰੁ ਲੋਭਾਇਆ ਿਉ ਮਣਿ ਕਾਲੇ ਸਪ ਸਿਰਿ; ਪਥਰੁ ਹੀਰੇ ਮਾਣਕ ਛਾਇਆ ਜਾਣੁ ਕਥੂਰੀ ਮਿਰਗ ਤਨਿ; ਨਾਉ ਭਗਉਤੀ ਲੋਹੁ ਘੜਾਇਆ ਮੁਸਕੁ ਬਿਲੀਅਹੁ ਮੇਦੁ ਕਰਿ; ਮਜਲਸ ਅੰਦਰਿ ਮਹ ਮਹਕਾਇਆ  ਨੀਚ ਜੋਨਿ; ਉਤਮੁ ਫਲੁ ਪਾਇਆ ’’ (ਭਾਈ ਗੁਰਦਾਸ ਜੀਵਾਰ ੨੫, ਪਉੜੀ )

ਸਮਾਜ ਵਿੱਚ ਨੀਚ ਕਹੇ ਜਾਂਦੇ ਭਗਤਾਂ ਦੇ ਅੰਮ੍ਰਿਤਮਈ ਵਚਨਾਂ ਨੂੰ ਗੁਰੂ ਨਾਨਕ ਘਰ ਨੇ ਗੁਰਬਾਣੀ ਵਿੱਚ ਦਰਜ ਕਰ ਕੇਵਲ ਸਮਾਨਤਾ ਹੀ ਨਹੀਂ ਬਖ਼ਸ਼ੀ ਬਲਕਿ ਉਨ੍ਹਾਂ ਦੇ ਸਰੀਰਕ ਰੰਗ-ਰੂਪ, ਜਾਤ-ਪਾਤ ਨੂੰ ਵੇਖਣ ਦੀ ਬਜਾਇ ਕਰਣੀ ਨੂੰ ਪ੍ਰਧਾਨ ਮੰਨਦਿਆਂ ਇਉਂ ਗਵਾਹੀ ਵੀ ਭਰੀ : ‘‘ਗੋਬਿੰਦ ਗੋਬਿੰਦ ਗੋਬਿੰਦ ਸੰਗਿ; ਨਾਮਦੇਉ ਮਨੁ ਲੀਣਾ ਆਢ ਦਾਮ ਕੋ ਛੀਪਰੋ; ਹੋਇਓ ਲਾਖੀਣਾ ਰਹਾਉ ਬੁਨਨਾ ਤਨਨਾ ਤਿਆਗਿ ਕੈ; ਪ੍ਰੀਤਿ ਚਰਨ ਕਬੀਰਾ ਨੀਚ ਕੁਲਾ ਜੋਲਾਹਰਾ; ਭਇਓ ਗੁਨੀਯ ਗਹੀਰਾ ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ   ਸੈਨੁ ਨਾਈ ਬੁਤਕਾਰੀਆ; ਓਹੁ ਘਰਿ ਘਰਿ ਸੁਨਿਆ ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ ਇਹ ਬਿਧਿ ਸੁਨਿ ਕੈ ਜਾਟਰੋ; ਉਠਿ ਭਗਤੀ ਲਾਗਾ ਮਿਲੇ ਪ੍ਰਤਖਿ ਗੁਸਾਈਆ; ਧੰਨਾ ਵਡਭਾਗਾ ’’ (ਆਸਾ: , ਪੰਨਾ ੪੮੮)

ਔਰਤ ਦੀ ਸ਼ਕਤੀ

0

ਔਰਤ ਦੀ ਸ਼ਕਤੀ

ਇੱਕ ਸੱਚੀ ਕਹਾਣੀ 

Hardeep Khalsa

ਜਦ ਨਵਦੀਪ ਨੂੰ ਪਹਿਲੀ ਰਾਤ ਪਤਾ ਲੱਗਾ ਕਿ ਉਸ ਦਾ ਪਤੀ ਕੁਲਬੀਰ ਨਸ਼ਾ ਲੈਂਦਾ ਹੈ ਤਾਂ ਉਸ ਨੂੰ ਆਪਣੀ ਦੁਨੀਆ ਉੱਜੜ ਗਈ ਜਾਪੀ, ਉਸ ਨੇ ਸਵੇਰੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਤਾਂ ਉਹ ਵੀ ਚਿੰਤਤ ਹੋ ਗਏ। ਨਵਦੀਪ ਨੇ ਕੁਲਬੀਰ ਦੀ ਮਾਤਾ ਨੂੰ ਪੁੱਛਿਆ ਕਿ ਜੇਕਰ ਤੁਹਾਨੂੰ ਪਤਾ ਸੀ ਕਿ ਕੁਲਬੀਰ ਨਸ਼ਾ ਲੈਂਦਾ ਸੀ ਤਾਂ ਤੁਸੀਂ ਉਸ ਦਾ ਵਿਆਹ ਕਿਉਂ ਕੀਤਾ..?

ਮਾਤਾ ਬੋਲੀ, ਅਸੀਂ ਕੁਲਬੀਰ ਨੂੰ ਬਹੁਤ ਸਮਝਾਇਆ, ਉਸ ਦਾ ਕਈ ਵਾਰ ਇਲਾਜ ਵੀ ਕਰਵਾਇਆ ਪਰ ਉਹ ਨਸ਼ਾ ਲੈਣ ਤੋਂ ਨਹੀਂ ਹਟਿਆ। ਅਸੀਂ ਸੋਚਿਆ ਜੇ ਇਸ ਦਾ ਵਿਆਹ ਕਰ ਦਿਆਂਗੇ ਤਾਂ ਇਹ ਆਪਣੇ ਆਪ ਹਟ ਜਾਵੇਗਾ। ਨਵਦੀਪ ਕਹਿਣ ਲੱਗੀ, ਇਹ ਤਾਂ ਬੇਗਾਨੀਆਂ ਧੀਆਂ ਦਾ ਗਲ ਘੁੱਟਣ ਵਾਲੀ ਗੱਲ ਹੈ। ਨਵਦੀਪ ਸੋਚਾਂ ਵਿਚ ਡੁੱਬ ਗਈ। ਹੁਣ ਉਸ ਕੋਲ ਦੋ ਰਸਤੇ ਸਨ। ਕੁਲਬੀਰ ਦਾ ਇਲਾਜ ਕਰਵਾਏ ਜਾਂ ਤਲਾਕ ਦੇਵੇ। ਨਵਦੀਪ ਬਹੁਤ ਬਹਾਦਰ ਤੇ ਹੋਣਹਾਰ ਲੜਕੀ ਸੀ। ਉਸ ਨੇ ਇਲਾਜ ਕਰਵਾਉਣ ਦਾ ਰਸਤਾ ਚੁਣਿਆ।

ਨਵਦੀਪ ਨੇ ਕਈਆਂ ਕਿਤਾਬਾਂ ਤੇ ਨੈੱਟ ਤੋਂ ਨਸ਼ਿਆਂ ਦੇ ਇਲਾਜ ਬਾਰੇ ਜਾਣਕਾਰੀ ਲਈ। ਉਸ ਨੇ ਸਿਆਣੇ ਡਾਕਟਰ ਦਾ ਪਤਾ ਕਰ ਲਿਆ। ਡਾਕਟਰ ਨੇ ਕੁਲਬੀਰ ਦੇ ਟੈਸਟ ਕਰਵਾਏ। ਡਾਕਟਰ ਨੇ ਨਵਦੀਪ ਨੂੰ ਵਿਸ਼ਵਾਸ ਦਿਵਾਇਆ ਕਿ ਦੂਸਰੀਆਂ ਬਿਮਾਰੀਆਂ ਵਾਂਗ ਨਸ਼ਾ ਵੀ ਬਿਮਾਰੀ ਹੈ ਤੇ ਸੌ ਫੀਸਦੀ ਇਲਾਜਯੋਗ ਹੈ ਪਰ ਇਸ ਬਿਮਾਰੀ ਵਿਚ ਮਰੀਜ਼ ਨੂੰ ਦਵਾਈ ਦੇ ਨਾਲ ਪਰਿਵਾਰ ਦੇ ਪਿਆਰ ਤੇ ਹਮਦਰਦੀ ਦੀ ਜ਼ਰੂਰਤ ਹੁੰਦੀ ਹੈ। ਪਿਆਰ ਨਾਲ ਪੂਰੀ ਦੁਨੀਆ ਨੂੰ ਜਿੱਤਿਆ ਜਾ ਸਕਦਾ ਹੈ, ਨਸ਼ਾ ਤਾਂ ਮਾਮੂਲੀ ਚੀਜ਼ ਹੈ। ਔਰਤ ਪਿਆਰ ਦੀ ਮੂਰਤ ਹੈ, ਉਸ ਨੂੰ ਪਰਮਾਤਮਾ ਨੇ ਪਿਆਰ ਤੇ ਧੀਰਜ ਦੀ ਅਥਾਹ ਸ਼ਕਤੀ ਬਖਸ਼ਿਸ਼ ਕੀਤੀ ਹੈ। ਔਰਤ ਭਾਵੇਂ ਭੈਣ, ਪਤਨੀ ਜਾਂ ਮਾਂ ਹੋਵੇ, ਸਭ ਤੋਂ ਵੱਧ ਮਦਦਗਾਰ ਸਾਬਤ ਹੁੰਦੀ ਹੈ। ਡਾਕਟਰ ਦੀਆਂ ਗੱਲਾਂ ਦਾ ਨਵਦੀਪ ਦੇ ਮਨ ’ਤੇ ਡੂੰਘਾ ਅਸਰ ਹੋਇਆ। ਉਸ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਕੁਲਬੀਰ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਵਿਚ ਸਫਲ ਹੋ ਜਾਵੇਗੀ। ਇਲਾਜ ਸ਼ੁਰੂ ਹੋਇਆ।

ਕੁਲਬੀਰ ਨੂੰ ਹਸਪਤਾਲ ਦਾ ਕਮਰਾ ਜੇਲ੍ਹ ਦੇ ਕਮਰੇ ਵਾਂਗ ਲੱਗ ਰਿਹਾ ਸੀ। ਉਸ ਨੂੰ ਨਸ਼ੇ ਦੀ ਤੋੜ ਲੱਗ ਰਹੀ ਸੀ। ਉਸ ਨੂੰ ਨੀਂਦ ਨਹੀਂ ਸੀ ਆ ਰਹੀ ਤੇ ਇਕੱਲਾਪਣ ਮਹਿਸੂਸ ਹੋ ਰਿਹਾ ਸੀ। ਉਹ ਘਰ ਜਾਣ ਦੀ ਜ਼ਿੱਦ ਕਰ ਰਿਹਾ ਸੀ। ਨਵਦੀਪ ਹੌਂਸਲੇ ਤੋਂ ਕੰਮ ਲੈ ਰਹੀ ਸੀ। ਉਹ ਕੁਲਬੀਰ ਨੂੰ ਪਿਆਰ ਨਾਲ ਪਲੋਸਦੀ, ਉਸ ਦਾ ਮੱਥਾ ਚੁੰਮ ਕੇ ਉਸ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਵਾਉਂਦੀ ਤੇ ਪਰਮਾਤਮਾ ਅੱਗੇ ਉਸ ਦੀ ਨਸ਼ਿਆਂ ਤੋਂ ਮੁਕਤੀ ਲਈ ਹੱਥ ਜੋੜ ਕੇ ਦੁਆ ਕਰਦੀ।  ਹੌਲੀ-ਹੌਲੀ ਦੁਆ ਤੇ ਦਵਾ ਦਾ ਅਸਰ ਹੋਣ ਲੱਗਾ। ਉਹ ਠੀਕ ਮਹਿਸੂਸ ਕਰ ਰਿਹਾ ਸੀ। ਨਵਦੀਪ ਹੁਣ ਬੇਹੱਦ ਖੁਸ਼ ਸੀ ਤੇ ਪਰਮਾਤਮਾ ਦਾ ਧੰਨਵਾਦ ਕਰ ਰਹੀ ਸੀ। ਹਸਪਤਾਲ ਵਿਚ ਮਨੋਵਿਗਿਆਨੀ ਹਰ ਰੋਜ਼ ਦੋ ਘੰਟੇ ਦੀ ਬੈਠਕ ਵਿਚ ਮਰੀਜ਼ਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਉਨ੍ਹਾਂ ਦੇ ਘਰਵਾਲਿਆਂ ਨੂੰ ਮਰੀਜ਼ਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਬਾਰੇ ਸਿੱਖਿਆ ਦਿੰਦੇ ਸਨ। ਨਵਦੀਪ ਤੇ ਕੁਲਬੀਰ ਨੇ ਇਸ ਬੈਠਕ ਵਿਚ ਕਈ ਮਹੱਤਵਪੂਰਨ ਗੱਲਾਂ ਸਿੱਖੀਆਂ। ਮਰੀਜ਼ ਨਾਲ ਕਿਹੜੀ ਗੱਲ ਕਦੋਂ ਤੇ ਕਿਵੇਂ ਕਰਨੀ ਹੈ, ਉਸ ਨਾਲ ਹਮੇਸ਼ਾ ਪਿਆਰ ਨਾਲ ਪੇਸ਼ ਆਉਣਾ ਹੈ, ਉਸ ਨੂੰ ਕਦੇ ਨਸ਼ਿਆਂ ਦੇ ਮਾੜੇ ਦਿਨ ਯਾਦ ਕਰਵਾ ਕੇ ਤਾਅਨੇ-ਮਿਹਣੇ ਨਹੀਂ ਮਾਰਨੇ ਤੇ ਨਾ ਹੀ ਮਾੜੇ ਸ਼ਬਦ ਜਿਵੇਂ ਅਮਲੀ, ਨਸ਼ੇੜੀ ਆਦਿ ਬੋਲਣੇ ਹਨ, ਕਦੇ ਸ਼ੱਕ ਨਹੀਂ ਕਰਨਾ, ਨਸ਼ਿਆਂ ਨੂੰ ਉਸ ਦੀ ਮਾੜੀ ਆਦਤ ਵਜੋਂ ਨਹੀਂ ਬਲਕਿ ਬਿਮਾਰੀ ਵਜੋਂ ਸਵੀਕਾਰਨਾ ਹੈ, ਉਸ ਦੀ ਹਰ ਜਾਇਜ਼ ਗੱਲ ਮੰਨਣੀ ਹੈ, ਚੰਗੀਆਂ ਗੱਲਾਂ ਲਈ ਤਾਰੀਫ਼ ਕਰ ਕੇ ਉਸ ਦੀ ਹਮੇਸ਼ਾ ਹੌਂਸਲਾ ਅਫਜ਼ਾਈ ਕਰਨੀ ਹੈ।

ਨਵਦੀਪ ਨੇ ਡਾਕਟਰ ਕੋਲੋਂ ਘਰ ਜਾਣ ਦੀ ਇਜਾਜ਼ਤ ਮੰਗੀ। ਡਾਕਟਰ ਚਾਹੁੰਦਾ ਸੀ ਕਿ ਉਹ ਦੋਵੇਂ ਠੀਕ ਹੋਏ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਕੁਝ ਦਿਨ ਬਿਤਾਉਣ। ਕੁਲਬੀਰ ਨੂੰ ਇਨ੍ਹਾਂ ਮਰੀਜ਼ਾਂ ਨਾਲ ਰਹਿ ਕੇ ਇਹ ਅਹਿਸਾਸ ਹੋਵੇਗਾ ਕਿ ਨਸ਼ਿਆਂ ਤੋਂ ਬਗੈਰ ਜ਼ਿੰਦਗੀ ਬਹੁਤ ਜ਼ਿਆਦਾ ਖੁਸ਼ਹਾਲ ਹੈ। ਉਸ ਦਾ ਮਨੋਬਲ ਹੋਰ ਵਧੇਗਾ। ਨਵਦੀਪ ਨੂੰ ਇਨ੍ਹਾਂ ਪਰਿਵਾਰਾਂ ਕੋਲੋਂ ਹੋਰ ਜ਼ਿਆਦਾ ਸਿੱਖਣ ਦਾ ਮੌਕਾ ਮਿਲੇਗਾ। ਇਸ ਵਾਸਤੇ ਡਾਕਟਰ ਨੇ ਨਵਦੀਪ ਦੀ ਸਹਿਮਤੀ ਚਾਹੀ। ਨਵਦੀਪ ਨੇ ਤੁਰੰਤ ਸਹਿਮਤੀ ਦੇ ਦਿੱਤੀ। ਕੁਲਬੀਰ ਠੀਕ ਹੋਏ ਮਰੀਜ਼ਾਂ ਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਉਨ੍ਹਾਂ ਨਾਲ ਰਹਿ ਕੇ ਉਸ ਦਾ ਮਨੋਬਲ ਹੋਰ ਵਧ ਗਿਆ। ਜਦ ਮਰੀਜ਼ ਤੇ ਉਨ੍ਹਾਂ ਦੇ ਘਰਵਾਲੇ ਆਪਸ ਵਿਚ ਮੁਸ਼ਕਲਾਂ ਸਾਂਝੀਆਂ ਕਰਦੇ ਤਾਂ ਸਭ ਨੂੰ ਆਪੋ ਆਪਣਾ ਦਰਦ ਘੱਟ ਲੱਗਦਾ ਤੇ ਹੌਂਸਲਾ ਮਿਲਦਾ।

ਹੁਣ ਕੁਲਬੀਰ ਬਿਲਕੁਲ ਠੀਕ ਸੀ। ਡਾਕਟਰ ਨੇ ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਤੇ ਹਦਾਇਤ ਕੀਤੀ ਕਿ ਉਨ੍ਹਾਂ ਨੇ ਇੱਥੇ ਰਹਿ ਕੇ ਜੋ ਸਿੱਖਿਆ ਹੈ ਉਸ ਨੂੰ ਘਰ ਜਾ ਕੇ ਵੀ ਅਮਲ ਵਿਚ ਲਿਆਉਣ ਤੇ ਜਦੋਂ ਵੀ ਉਹ ਚੈੱਕਅਪ ਵਾਸਤੇ ਆਉਣ ਤਾਂ ਮਨੋਵਿਗਿਆਨੀਆਂ ਦੀ ਬੈਠਕ ਵਿਚ ਜ਼ਰੂਰ ਹਿੱਸਾ ਲੈਣ। ਨਵਦੀਪ ਡਾਕਟਰ ਦੇ ਕਹੇ ਅਨੁਸਾਰ ਕੁਲਬੀਰ ਨੂੰ ਚੈੱਕ-ਅੱਪ ਵਾਸਤੇ ਲੈ ਕੇ ਆਉਂਦੀ। ਹੌਲੀ- ਹੌਲੀ ਉਸ ਦੀ ਦਵਾਈ ਘਟ ਕੇ ਬੰਦ ਹੋ ਗਈ ਸੀ। ਇੱਕ ਸਾਲ ਤੋਂ ਉਸ ਨੇ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਸੀ ਲਿਆ। ਨਵਦੀਪ ਨੇ ਕੁਲਬੀਰ ਦੇ ਨਸ਼ਿਆਂ ਨੂੰ ਛੱਡਣ ਵਾਲੇ ਦਿਨ ਨੂੰ ਉਸ ਦੇ ‘ਜਨਮ ਦਿਨ’ ਦੀ ਖੁਸ਼ੀ ਵਜੋਂ ਮਨਾਇਆ।

ਦੋਵੇਂ ਬੇਹੱਦ ਖੁਸ਼ ਸਨ। ਅੱਜ ਨਵਦੀਪ ਨੂੰ ਡਾਕਟਰ ਦੇ ਕਹੇ ਹੋਏ ਇਹ ਸ਼ਬਦ ਯਾਦ ਆ ਰਹੇ ਸਨ ਕਿ ਔਰਤ ਪਿਆਰ ਦੀ ਮੂਰਤ ਹੈ, ਉਸ ਨੂੰ ਪਰਮਾਤਮਾ ਨੇ ਪਿਆਰ ਤੇ ਧੀਰਜ ਦੀ ਅਥਾਹ ਸ਼ਕਤੀ ਬਖਸ਼ਿਸ਼ ਕੀਤੀ ਹੈ। ਔਰਤ ਭਾਵੇਂ ਭੈਣ, ਪਤਨੀ ਜਾਂ ਮਾਂ ਹੋਵੇ, ਸਭ ਤੋਂ ਵੱਧ ਮਦਦਗਾਰ ਸਾਬਤ ਹੁੰਦੀ ਹੈ। ਨਵਦੀਪ ਨੂੰ ਸ਼ਕਤੀਸ਼ਾਲੀ ਔਰਤ ਹੋਣ ਦਾ ਮਾਣ ਮਹਿਸੂਸ ਹੋ ਰਿਹਾ ਸੀ ਤੇ ਅੱਜ ਨਵਦੀਪ ਬਹੁਤ ਹੀ ਖੁਸ਼ਹਾਲ ਜ਼ਿੰਦਗੀ ਜੀਅ ਰਹੀ ਹੈ..

ਸੋ, ਦੋਸਤੋ ਜੇ ਚਾਹੇ ਤਾਂ ਔਰਤ ਕੀ ਨਹੀਂ ਕਰ ਸਕਦੀ, ਅੱਜ ਦੇ ਦੌਰ ਵਿਚ ਔਰਤ ਕਿਸੀ ਵੀ ਖੇਤਰ ’ਚ ਮਰਦ ਨਾਲੋਂ ਪਿੱਛੇ ਨਹੀਂ ਹੈ..ਸੋ ਕਿਸੇ ਮੁਸੀਬਤ ’ਤੇ ਘਬਰਾਉਣਾ ਨਹੀਂ ਚਾਹੀਦਾ, ਸਾਨੂੰ ਹਰ ਔਰਤ ਚਾਹੇ ਉਹ ਮਾਂ, ਭੈਣ, ਪਤਨੀ, ਬੇਟੀ ਜਾਂ ਦੋਸਤ ਹੀ ਕਿਉਂ ਨਾ ਹੋਵੇ ਸਭ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ, ਔਰਤ ਨੂੰ ਜ਼ਿੰਦਗੀ ’ਚ ਅੱਗੇ ਵਧਣ ਲਈ ਹੌਂਸਲਾ ਦੇਣਾ ਚਾਹੀਦਾ ਹੈ- ਧੰਨਵਾਦ ਜੀ।

ਇਹ ਇੱਕ ਸੱਚੀ ਕਹਾਣੀ ਹੈ।

ਸਰਦੀਆਂ ਵਿਚ ਢਹਿੰਦੀ ਕਲਾ ਕਿਉਂ ਹੁੰਦੀ ਹੈ?

0

ਸਰਦੀਆਂ ਵਿਚ ਢਹਿੰਦੀ ਕਲਾ ਕਿਉਂ ਹੁੰਦੀ ਹੈ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,  ਲੋਅਰ ਮਾਲ (ਪਟਿਆਲਾ)-ਫੋਨ ਨੰ: 0175-2216783

ਭਾਰਤ ਵਿਚ ਸਰਦੀਆਂ ਵਿਚ ਇਸ ਬੀਮਾਰੀ ਵਾਲੇ ਹਰ ਸਾਲ ਇੱਕ ਕਰੋੜ ਮਰੀਜ਼ ਲੱਭ ਪੈਂਦੇ ਹਨ। ਠੀਕ ਹੋ ਸਕਣ ਵਾਲੇ ਇਸ ਰੋਗ ਦੀ ਪਛਾਣ ਨਾ ਹੋ ਸਕਣ ਕਰ ਕੇ ਹੀ, ਕਈ ਕਿਸਮਾਂ ਦੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੁੱਝ ਤੱਥ :-

  • ਸਰਦੀਆਂ ਵਿਚ ਥੋੜ੍ਹੀ ਦੇਰ ਧੁੱਪ ਦਾ ਰਹਿਣਾ ਤੇ ਠੰਡ ਕਾਰਨ ਲੇਟ ਉੱਠਣਾ ਹੀ ਇਸ ਬੀਮਾਰੀ ਦਾ ਕਾਰਨ ਬਣ ਜਾਂਦੇ ਹਨ।
  • ਸਰੀਰ ਅੰਦਰ ਰਾਤ ਵੇਲੇ ਮੈਲਾਟੋਨਿਨ ਨਿਕਲ ਪੈਂਦੀ ਹੈ, ਜੋ ਵਧੀਆ ਨੀਂਦਰ ਆਉਣ ਲਈ ਜ਼ਰੂਰੀ ਹੁੰਦੀ ਹੈ। ਰਾਤਾਂ ਲੰਮੀਆਂ ਹੋਣ ਕਾਰਨ ਇਸ ਹਾਰਮੋਨ ਦਾ ਵਾਧਾ ਜ਼ਿਆਦਾ ਦੇਰ ਤਕ ਟਿਕਿਆ ਰਹਿੰਦਾ ਹੈ।
  • ਸੂਰਜ ਦੀ ਰੌਸ਼ਨੀ ਜਿੱਥੇ ਸਰੀਰ ਲਈ ਚੰਗੀ ਹੁੰਦੀ ਹੈ, ਉੱਥੇ ਦਿਮਾਗ਼ ਨੂੰ ਚੁਸਤ ਰੱਖਣ ਵਿਚ ਵੀ ਸਹਾਈ ਹੁੰਦੀ ਹੈ।
  • ਔਰਤਾਂ ਨੂੰ ਇਹ ਬੀਮਾਰੀ ਪੁਰਸ਼ਾਂ ਨਾਲੋਂ ਦੁਗਣੀ ਵੱਧ ਹੁੰਦੀ ਹੈ।
  • ਬੱਚੇ ਛੇਤੀ ਤਣਾਓ ਨਹੀਂ ਸਹੇੜਦੇ, ਪਰ ਨੌਜਵਾਨ ਛੇਤੀ ਫੜੇ ਜਾਂਦੇ ਹਨ।
  • ਇਹ ਬੀਮਾਰੀ ਹਰ ਸਾਲ ਇੱਕੋ ਹੀ ਮਹੀਨੇ ਸ਼ੁਰੂ ਹੁੰਦੀ ਹੈ। ਕਦੇ ਕਦਾਈਂ ਗਰਮੀਆਂ ਵਿਚ ਵੀ ਹੋ ਸਕਦੀ ਹੈ।

ਲੱਛਣ :-

ਘੱਟ ਸਰਦੀ ਵਿਚ ਲੱਛਣ ਘੱਟ ਹੁੰਦੇ ਹਨ, ਪਰ ਜਿਉਂ ਹੀ ਠੰਡ ਵਧੇ, ਲੱਛਣ ਵੀ ਵੱਧ ਜਾਂਦੇ ਹਨ।

  • ਲਗਭਗ ਰੋਜ਼ ਹੀ ਦਿਨ ਵਿਚਲਾ ਜ਼ਿਆਦਾ ਸਮਾਂ ਢਹਿੰਦੀ ਕਲਾ ਮਹਿਸੂਸ ਹੁੰਦੀ ਰਹਿੰਦੀ ਹੈ।
  • ਰੋਜ਼ ਦੇ ਕਰਨ ਵਾਲੇ ਕੰਮਾਂ ਵਿਚ ਜੀਅ ਨਹੀਂ ਲੱਗਦਾ।
  • ਕਸਰਤ ਕਰਨ ਨੂੰ ਜੀਅ ਨਹੀਂ ਕਰਦਾ।
  • ਸੁਸਤੀ ਮਹਿਸੂਸ ਹੁੰਦੀ ਰਹਿੰਦੀ ਹੈ।
  • ਹਿੱਲਣ ਜੁੱਲਣ ਦੀ ਤਾਕਤ ਘੱਟ ਲੱਗਦੀ ਹੈ।
  • ਨੀਂਦਰ ਨਹੀਂ ਆਉਂਦੀ (ਗਰਮੀਆਂ ਵਿਚ) ਜਾਂ ਜ਼ਿਆਦਾ ਆਉਣ ਲੱਗ ਪੈਂਦੀ ਹੈ (ਸਰਦੀਆਂ ਵਿਚ)।
  • ਭੁੱਖ ਵਧ ਜਾਂ ਘੱਟ ਲੱਗਣ ਲੱਗ ਪਵੇ।
  • ਭਾਰ ਵਧਣ ਜਾਂ ਘੱਟਣ ਲੱਗ ਪਵੇ।
  • ਧਿਆਨ ਨਾ ਲਾਇਆ ਜਾ ਸਕੇ।
  • ਨਕਾਰਾ ਮਹਿਸੂਸ ਹੋਣਾ।
  • ਮਰਨ ਦਾ ਜੀਅ ਕਰਨਾ।
  • ਵਿਹਲੜ ਜਾਪਣਾ।
  • ਤਲੀ ਹੋਈ ਚੀਜ਼ ਵੱਧ ਖਾਣ ਨੂੰ ਜੀਅ ਕਰਨਾ।
  • ਘਬਰਾਹਟ ਹੋਣੀ ਜਾਂ ਗੁੱਸਾ ਆਉਣਾ, ਆਦਿ।

ਕਾਰਨ :-

  • ਧੁੱਪ ਦੇ ਘੱਟਣ ਨਾਲ ਸਰੀਰ ਅੰਦਰਲੀ ਘੜੀ ਦੀ ਚਾਲ ਵਿਚ ਗੜਬੜ ਹੋ ਜਾਂਦੀ ਹੈ, ਜਿਸ ਨਾਲ ਢਹਿੰਦੀ ਕਲਾ ਆ ਜਾਂਦੀ ਹੈ।
  • ਸਿਰੋਟੋਨਿਨ (ਇਹ ਹਾਰਮੋਨ ਮੂਡ ਚੰਗਾ ਰੱਖਣ ਲਈ ਸਹਾਈ ਹੁੰਦਾ ਹੈ) ਦਾ ਘੱਟਣਾ ਵੀ ਧੁੱਪ ਘੱਟ ਹੋਣ ਸਦਕਾ ਹੁੰਦਾ ਹੈ। ਇਹ ਵੀ ਢਹਿੰਦੀ ਕਲਾ ਦਾ ਕਾਰਨ ਬਣ ਜਾਂਦਾ ਹੈ।
  • ਮੈਲਾਟੋਨਿਨ ਦਾ ਵੱਧ ਦੇਰ ਟਿਕਣਾ ਤੇ ਸਵੇਰੇ ਲੇਟ ਉੱਠਣਾ ਵੀ ਢਹਿੰਦੀ ਕਲਾ ਵੱਲ ਤੋਰ ਦਿੰਦਾ ਹੈ।
  • ਜੇ ਟੱਬਰ ਵਿਚ ਪਹਿਲਾਂ ਕਿਸੇ ਨੂੰ ਹੋਵੇ ਤਾਂ ਇਸ ਬੀਮਾਰੀ ਦਾ ਖ਼ਤਰਾ ਵੱਧ ਹੁੰਦਾ ਹੈ।
  • ਪਹਿਲਾਂ ਵੀ ਢਹਿੰਦੀ ਕਲਾ ਰਹਿੰਦੀ ਹੋਵੇ ਤਾਂ ਸਰਦੀਆਂ ਵਿਚ ਬੀਮਾਰੀ ਕਾਫ਼ੀ ਵੱਧ ਸਕਦੀ ਹੈ।
  • ਵਿਟਾਮਿਨ ਡੀ ਦੀ ਘਾਟ ਵੀ ਇਸ ਬੀਮਾਰੀ ਨੂੰ ਵਧਾ ਦਿੰਦੀ ਹੈ।

ਡਾਕਟਰ ਕੋਲ ਕਦੋਂ ਜਾਣਾ ਚਾਹੀਦਾ ਹੈ ?

  • ਕਈ ਦਿਨਾਂ ਤੱਕ ਢਹਿੰਦੀ ਕਲਾ ਮਹਿਸੂਸ ਹੁੰਦੀ ਰਹੇ।
  • ਦੇਰ ਰਾਤ ਤਕ ਨੀਂਦਰ ਨਾ ਆਏ ਜਾਂ ਭੁੱਖ ਬਹੁਤ ਜ਼ਿਆਦਾ ਵੱਧ ਜਾਏ।
  • ਸਵੇਰੇ ਉੱਠਣ ਨੂੰ ਉੱਕਾ ਹੀ ਜੀਅ ਨਾ ਕਰੇ ਤੇ ਇਕੱਲੇ ਬਹਿਣ ਜਾਂ ਮਰਨ ਨੂੰ ਜੀਅ ਕਰੇ।
  • ਦੋਸਤਾਂ ਮਿੱਤਰਾਂ ਤੋਂ ਟੁੱਟੇ ਮਹਿਸੂਸ ਹੋਣਾ।
  • ਵਾਧੂ ਸ਼ਰਾਬ ਪੀਣ ਜਾਂ ਨਸ਼ਾ ਕਰਨ ਲੱਗ ਪੈਣਾ।
  • ਪੜ੍ਹਨ ਨੂੰ ਉੱਕਾ ਹੀ ਜੀਅ ਨਾ ਕਰਨਾ।
  • ਖ਼ੁਦਕੁਸ਼ੀ ਦਾ ਖ਼ਿਆਲ ਮਨ ਅੰਦਰ ਆਉਣਾ।
  • ਥਾਇਰਾਈਡ ਹਾਰਮੋਨਾਂ ਵਿਚ ਗੜਬੜੀ।

ਇਲਾਜ :-

  • ਲਾਈਟ ਥੈਰਪੀ :-ਇਸ ਵਿਚ ਇਕ ਖ਼ਾਸ ਡੱਬੇ ਤੋਂ ਕੁੱਝ ਫੁੱਟ ਦੂਰ ਸੁੱਤੇ ਉੱਠਦੇ ਬਿਠਾ ਦਿੱਤਾ ਜਾਂਦਾ ਹੈ ਜਿਸ ਵਿੱਚੋਂ ਵਾਧੂ ਰੌਸ਼ਨੀ ਆ ਰਹੀ ਹੋਵੇ। ਇਹ ਬਿਲਕੁਲ ਸੂਰਜੀ ਰੌਸ਼ਨੀ ਵਾਂਗ ਜਾਪਦੀ ਹੈ, ਜਿਸ ਨਾਲ ਸਰੀਰ ਅੰਦਰ ਸਿਰੋਟੋਨਿਨ ਬਣਨ ਲੱਗ ਪੈਂਦੀ ਹੈ ਜੋ ਢਹਿੰਦੀ ਕਲਾ ਦੂਰ ਕਰ ਦਿੰਦੀ ਹੈ ਤੇ ਸਰੀਰ ਚੁਸਤ ਹੋ ਜਾਂਦਾ ਹੈ। ਇਸ ਇਲਾਜ ਦਾ ਅਸਰ ਕੁੱਝ ਦਿਨਾਂ ਵਿਚ ਜਾਂ ਦੋ ਕੁ ਹਫ਼ਤੇ ਵਿਚ ਸ਼ੁਰੂ ਹੁੰਦਾ ਹੈ। ਇਸ ਵਿਚ ਰੌਸ਼ਨੀ ਦੇ ਡੱਬੇ ਅੱਗੇ ਦੋ ਫੁੱਟ ਪਰ੍ਹਾਂ 20-60 ਮਿੰਟ ਤੱਕ ਬੈਠਣਾ ਹੁੰਦਾ ਹੈ। ਡੱਬੇ ਵਿਚਲੀ ਰੌਸ਼ਨੀ ਆਮ ਕਮਰੇ ਵਿਚਲੀ ਰੌਸ਼ਨੀ ਤੋਂ 20 ਗੁਣਾਂ ਵੱਧ ਤੇਜ਼ ਹੁੰਦੀ ਹੈ। ਪਹਿਲੇ ਕੁੱਝ ਦਿਨ ਸਿਰਫ਼ 10 ਤੋਂ 15 ਮਿੰਟ ਹੀ ਬੈਠਣਾ ਚਾਹੀਦਾ ਹੈ।
  • ਢਹਿੰਦੀ ਕਲਾ ਦੀਆਂ ਦਵਾਈਆਂ :- ਇਹ ਸਿਰਫ਼ ਡਾਕਟਰੀ ਦੇਖ-ਰੇਖ ਹੇਠਾਂ ਹੀ ਲੈਣੀਆਂ ਚਾਹੀਦੀਆਂ ਹਨ, ਖ਼ਾਸ ਕਰ ਬੂਪਰੋਪੀਓਨ। ਕਈ ਮਰੀਜ਼ਾਂ ਵਿਚ ਇਹ ਕੁੱਝ ਸਾਲ ਸਰਦੀਆਂ ਸ਼ੁਰੂ ਹੁੰਦੇ ਸਾਰ ਦੇਣੀਆਂ ਪੈ ਜਾਂਦੀਆਂ ਹਨ।
  • ਸਾਈਕੋਥੈਰਪੀ :- ਮਨੋਵਿਗਿਆਨੀ ਡਾਕਟਰ ਨਾਲ ਗੱਲਬਾਤ ਕਰ ਕੇ ਆਪਣੇ ਆਪ ਨੂੰ ਸਹਿਜ ਕੀਤਾ ਜਾ ਸਕਦਾ ਹੈ।
  • ਯੋਗ ਜਾਂ ਰੋਜ਼ਾਨਾ ਕਸਰਤ :- ਹਫ਼ਤੇ ਵਿਚ ਪੰਜ ਦਿਨ ਰੋਜ਼ ਸਵੇਰੇ 40 ਮਿੰਟ ਦੀ ਕਸਰਤ ਕਰਨ ਨਾਲ ਢਹਿੰਦੀ ਕਲਾ ਕਾਫ਼ੀ ਹੱਦ ਤੱਕ ਠੀਕ ਹੋ ਜਾਂਦੀ ਹੈ।
  • ਗੀਤ ਸੰਗੀਤ ਵੀ ਇਲਾਜ ਵਜੋਂ ਵਰਤੇ ਜਾ ਚੁੱਕੇ ਹਨ।
  • ਧਿਆਨ ਲਾਉਣਾ (ਮੈਡੀਟੇਸ਼ਨ) ਵੀ ਕਈਆਂ ਲਈ ਠੀਕ ਰਹਿੰਦਾ ਹੈ।
  • ਘਰ ਦੇ ਆਲੇ-ਦੁਆਲੇ ਦੇ ਵੱਡੇ ਦਰਖਤ ਛਾਂਗ ਦੇਣੇ ਚਾਹੀਦੇ ਹਨ ਤਾਂ ਜੋ ਧੁੱਪ ਨਾ ਰੁਕੇ।
  • ਦਿਨ ਵੇਲੇ ਖਿੜਕੀਆਂ ਅੱਗੋਂ ਮੋਟੇ ਪਰਦੇ ਪਰ੍ਹਾਂ ਕਰ ਦੇਣੇ ਚਾਹੀਦੇ ਹਨ।
  • ਸਵੇਰੇ ਉੱਠਣ ਬਾਅਦ ਦੋ ਕੁ ਘੰਟੇ ਧੁੱਪੇ ਜ਼ਰੂਰ ਬੈਠਣਾ ਚਾਹੀਦਾ ਹੈ, ਜਾਂ ਉਸ ਖਿੜਕੀ ਕੋਲ ਜਿੱਥੋਂ ਪੂਰੀ ਰੌਸ਼ਨੀ ਅੰਦਰ ਆ ਰਹੀ ਹੋਵੇ।
  • ਬਹੁਤੀਆਂ ਤਲੀਆਂ ਚੀਜ਼ਾਂ ਤੇ ਸ਼ਰਾਬ ਤੋਂ ਪਰਹੇਜ਼ ਜ਼ਰੂਰੀ ਹੈ।
  • ਦੋਸਤਾਂ, ਮਿੱਤਰਾਂ ਜਾਂ ਗਵਾਂਢੀਆਂ ਨਾਲ ਰੋਜ਼ ਗੱਲਬਾਤ ਕਰਨੀ ਜ਼ਰੂਰੀ ਹੈ।
  • ਜੇ ਹੋ ਸਕੇ ਤਾਂ ਸਰਦੀਆਂ ਦੀਆਂ ਛੁੱਟੀਆਂ ਵਿਚ ਦੋ ਚਾਰ ਦਿਨ ਕਿਸੇ ਗਰਮ ਥਾਂ ਉੱਤੇ ਘੁੰਮ ਆਉਣਾ ਚਾਹੀਦਾ ਹੈ।
  • ਵਿਟਾਮਿਨ ਡੀ ਜ਼ਰੂਰ ਡਾਕਟਰ ਦੀ ਸਲਾਹ ਨਾਲ ਲੈਣੀ ਚਾਹੀਦੀ ਹੈ।
  • ਦਫ਼ਤਰੀ ਕੰਮ ਕਾਰ ਤੋਂ ਛੁੱਟੀ ਨਹੀਂ ਲੈਣੀ ਚਾਹੀਦੀ ਤਾਂ ਜੋ ਰੂਟੀਨ ਬਣਿਆ ਰਹੇ।
  • ਸੰਤੁਲਿਤ ਖ਼ੁਰਾਕ ਲੈਣੀ ਜ਼ਰੂਰੀ ਹੈ। ਮਿੱਠਾ ਘੱਟ ਖਾਣਾ ਚਾਹੀਦਾ ਹੈ।
  • ਸੀਲੀਨੀਅਮ ਦੀ ਘਾਟ ਸਦਕਾ ਵੀ ਢਹਿੰਦੀ ਕਲਾ ਮਹਿਸੂਸ ਹੋ ਸਕਦੀ ਹੈ। ਸੋ ਖੁੰਭਾਂ, ਸੂਰਜਮੁਖੀ ਦੇ ਬੀਜ, ਕਣਕ, ਰਾਗੀ, ਬਾਜਰਾ, ਗੰਢੇ ਆਦਿ ਖਾਂਦੇ ਰਹਿਣੇ ਚਾਹੀਦੇ ਹਨ।
  • ਸਭ ਤੋਂ ਵੱਡਾ ਨੁਕਤਾ ਹੈ-ਰੋਜ਼ 10 ਮਿੰਟ ਖਿੜਖਿੜਾ ਕੇ ਹੱਸਣਾ ਜ਼ਰੂਰ ਚਾਹੀਦਾ ਹੈ।

ਮਹਾਨ ਇਨਕਲਾਬੀ : ਸ਼ਹੀਦ ਭਗਤ ਸਿੰਘ

0

ਮਹਾਨ ਇਨਕਲਾਬੀ : ਸ਼ਹੀਦ ਭਗਤ ਸਿੰਘ

(ਵਿਸ਼ੇਸ਼ : ੨੩ ਮਾਰਚ ਸ਼ਹੀਦੀ ਦਿਵਸ )

ਅਮਨਜੋਤ ਸਿੰਘ ਸਢੌਰਾ (ਜਮਾਤ-8), ਗਲੀ ਨੰਬਰ 4, ਅਜਾਦ ਨਗਰ, ਨੀਅਰ ਸਵੇਰਾ ਆਇਸਕਰੀਮਸ,

ਯਮੁਨਾ ਨਗਰ (ਹਰਿਆਣਾ) 135001 ਮੋਬਾਈਲ ਨੰਬਰ- 9416276357

ਅੰਗ੍ਰੇਜ਼ਾਂ ਨੇ ਭਾਰਤ ਦੇਸ਼ ’ਤੇ ਤਕਰੀਬਨ 300 ਸਾਲ ਰਾਜ ਕੀਤਾ। ਅੰਗਰੇਜ਼ੀ ਰਾਜ ਖ਼ਤਮ ਕਰਨ ਲਈ ਮਹਾਨ ਇਨਕਲਾਬੀ, ਨਿਡਰ, ਕੌਮੀ ਜਜ਼ਬੇ ਨਾਲ ਭਰੇ ਹੋਏ, ਵਿਗਿਆਨਿਕ ਸੋਚ ਨਾਲ ਭਰਪੂਰ ਦੇਸ਼ ਭਗਤ ਦੀ ਲੋੜ ਸੀ। ਇਹ ਸਭ ਗੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਿੱਚ ਮੌਜੂਦ ਸਨ।

ਭਗਤ ਸਿੰਘ ਦਾ ਜਨਮ 28 ਸਤੰਬਰ 1907 ਈ. ਨੂੰ ਪਿੰਡ ਬੰਗਾ, ਜ਼ਿਲ੍ਹਾ ਫੈਸਲਾਬਾਦ (ਅਜੋਕਾ ਨਵਾਂ ਸ਼ਹਿਰ) ਵਿਖੇ ਕਿਸ਼ਨ ਸਿੰਘ ਦੇ ਘਰ ਹੋਇਆ। ਆਪ ਦੇ ਜਨਮ ਸਮੇਂ ਆਪ ਦੇ ਪਿਤਾ ਕਿਸ਼ਨ ਸਿੰਘ, ਚਾਚਾ ਅਜੀਤ ਸਿੰਘ ਤੇ ਚਾਚਾ ਸਵਰਨ ਸਿੰਘ ਜੇਲ੍ਹ ਵਿੱਚੋਂ ਛੁਟ ਕੇ ਆਏ ਸਨ। ਇਸ ਲਈ ਆਪ ਦੀ ਦਾਦੀ ਨੇ ਆਪ ਦਾ ਨਾਂ ਭਾਗਾਂਵਾਲਾ ਰੱਖਿਆ ਸੀ। ਆਪ ਦੀ ਮਾਤਾ ਜੀ ਦਾ ਨਾਂ ਵਿਦਿਆਵਤੀ ਸੀ। ਬਚਪਨ ਤੋਂ ਹੀ ਆਪ ਦੇ ਦਾਦਾ ਅਰਜਨ ਸਿੰਘ ਆਪ ਨੂੰ ਲੋਕਾਂ ਪ੍ਰਤੀ ਪਿਆਰ ਤੇ ਮੁਕਤੀ ਦੀਆਂ ਕਹਾਣੀਆਂ ਸੁਣਾਉਂਦੇ ਸਨ। ਆਪ ਲੋਕਾਂ ਦੀ ਹਮੇਸ਼ਾ ਮਦਦ ਕਰਦੇ ਸਨ। ਭਗਤ ਸਿੰਘ ਦੀਆਂ ਖੇਡਾਂ ਬੜੀਆਂ ਅਨੋਖੀਆਂ ਸਨ। ਇੱਕ ਦਿਨ ਆਪ ਦੇ ਪਿਤਾ ਆਪ ਨੂੰ ਲੈ ਕੇ ਉੱਘੇ ਦੇਸ਼ ਭਗਤ ਨੰਦ ਕਿਸ਼ੋਰ ਮਹਿਤਾ ਦੇ ਘਰ ਗਏ। ਉੱਥੇ ਆਪ ਤੇ ਮਹਿਤਾ ਜੀ ਦੀ ਗੱਲ-ਬਾਤ ਬਾਅਦ ਮਹਿਤਾ ਜੀ ਕ੍ਰਿਸ਼ਨ ਸਿੰਘ ਨੂੰ ਕਹਿਣ ਲੱਗੇ, ‘ਇਹ ਮੁੰਡਾ ਤਾਂ ਵੱਡਾ ਹੋ ਕੇ ਚਾਰ ਚੰਨ ਲਗਾਵੇਗਾ।’

ਬਚਪਨ ਤੋਂ ਹੀ ਆਪ ਆਪਣੇ ਪਿਤਾ ਨਾਲ ਗਦਰ ਪਾਰਟੀ ਦੀ ਬੈਠਕ ਵਿੱਚ ਜਾਂਦੇ ਸਨ। ਆਪ ਅਜੇ ਨੌਵੀਂ ਜਮਾਤ ਵਿੱਚ ਹੀ ਪੜ੍ਹਦੇ ਸਨ ਉਦੋਂ ਹੀ ਆਪ ਕੌਮੀ ਲਹਿਰ ਵਿੱਚ ਕੁੱਦ ਗਏ ਸਨ।

1914-15 ਵਿੱਚ ਗਦਰੀਆਂ ਅਤੇ ਕਰਤਾਰ ਸਿੰਘ ਸਰਾਭਾ ਦਾ ਆਪ ਦੇ ਘਰ ਆਣਾ-ਜਾਣਾ ਸ਼ੁਰੂ ਹੋ ਗਿਆ। ਆਪ ਸਰਾਭਾ ਦੀ ਫੋਟੋ ਹਰ ਸਮੇਂ ਅਪਣੇ ਨਾਲ ਰੱਖਦੇ ਸਨ। 16 ਨਵੰਬਰ 1915 ਦੇ ਦਿਨ ਸਰਾਭਾ ਨੂੰ ਫਾਂਸੀ ਦੀ ਸਜ਼ਾ ਮਿਲਣ ’ਤੇ ਉਹ ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਸਰਾਭਾ ਦਾ ਦੇਸ਼ ਲਈ ਕੁਰਬਾਨ ਹੋਣਾ ਭਗਤ ਸਿੰਘ ਦੇ ਮਨ ’ਤੇ ਗਹਿਰੀ ਛਾਪ ਪਾ ਗਿਆ। ਜਦੋਂ ਭਗਤ ਸਿੰਘ ਗ੍ਰਿਫ਼ਤਾਰ ਹੋਏ ਤਾਂ ਉਸ ਸਮੇਂ ਤਲਾਸ਼ੀ ਲਏ ਜਾਣ ਸਮੇਂ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਨਿਕਲੀ ਸੀ।

1919 ਈਸਵੀ ਵਿੱਚ ਅੰਗਰੇਜ਼ਾਂ ਨੇ ਭਾਰਤ ’ਤੇ ਭਾਰੀ ਜੁਲਮ ਕਰਨਾ ਸ਼ੁਰੂ ਕਰ ਦਿੱਤਾ। 13 ਅਪ੍ਰੈਲ 1919 ਨੂੰ ਜਨਰਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ ’ਤੇ ਹਮਲਾ ਕਰਵਾਇਆ। ਉਸ ਸਮੇਂ ਆਪ ਸਾਢੇ ਗਿਆਰ੍ਹਾਂ ਸਾਲਾਂ ਦੇ ਸਨ। ਆਪ ਖ਼ੂਨੀ ਸਾਕਾ ਅੱਖੀਂ ਵੇਖਣ ਲਈ ਅੰਮ੍ਰਿਤਸਰ ਗਏ। ਆਪ ਉਥੋਂ ਨਿਰਦੋਸ਼ੀ ਲੋਕਾਂ ਦੇ ਲਹੂ ਨਾਲ ਭਿੱਜੀ ਮਿੱਟੀ ਆਪਣੇ ਨਾਲ ਵੀ ਲੈ ਕੇ ਆਏ। ਆਪ ਨੇ ਉਸ ਮਿੱਟੀ ਨੂੰ ਸੰਭਾਲ ਕੇ ਰੱਖਿਆ ਤੇ ਅੰਗ੍ਰੇਜ਼ਾਂ ਦੇ ਅਤਿਆਚਾਰਾਂ ਨੂੰ ਖ਼ਤਮ ਕਰਨ ਦੀ ਕਸਮ ਖਾ ਲਈ ਸੀ।

ਨਾ-ਮਿਲਵਰਤਨ ਲਹਿਰ ਸਮੇਂ ਆਪ ਡੀ. ਏ. ਵੀ. ਸਕੂਲ ਲਾਹੌਰ ਤੋਂ ਹਟ ਗਏ ਸਨ। ਹੋਰ ਵੀ ਜਿਤਨੇ ਇਨਕਲਾਬੀ ਸਨ, ਜੋ ਸਕੂਲਾਂ-ਕਾਲਜਾਂ ਤੋਂ ਹਟ ਗਏ ਸਨ, ਉਹ ਲਾਹੌਰ ਨੈਸ਼ਨਲ ਕਾਲਜ ਵਿੱਚ ਦਾਖ਼ਲ ਹੋ ਗਏ ਸਨ। ਜਿਸ ਵਿੱਚ ਦੇਸ਼ ਭਗਤੀ ਤੇ ਇਨਕਲਾਬੀ ਵਿਦਿਆ ਦਿੱਤੀ ਜਾਂਦੀ ਸੀ। ਲਾਹੌਰ ਨੈਸ਼ਨਲ ਕਾਲਜ ਵਿੱਚ ਆਪ ਦੀ ਮੁਲਾਕਾਤ ਭਗਵੰਤ ਚਰਣ ਵੋਹਰਾ ਨਾਲ ਹੋਈ। ਇੱਥੇ ਹੀ ਆਪ ਦੀ ਮੁਲਾਕਾਤ ਸੁਖਦੇਵ, ਰਾਜਗੁਰੂ ਤੇ ਹੋਰ ਇਨਕਲਾਬੀਆਂ ਨਾਲ ਹੋਈ।

1923-24 ਵਿਚ ਆਪ ਦੇ ਮਾਪੇ ਆਪ ਦਾ ਵਿਆਹ ਕਰਨਾ ਚਾਹੁੰਦੇ ਸਨ, ਪਰ ਆਪ ਨੇ ਕਿਹਾ – ‘ਅੱਜ ਦੇਸ਼ ਨੂੰ ਮੇਰੀ ਲੋੜ ਹੈ। ਮੈਂ ਉਸ ਦੀ ਤਨ-ਮਨ ਨਾਲ ਸੇਵਾ ਕਰਾਂਗਾ।’ ਆਪ ਕਾਨਪੁਰ ਦੇ ਗਨੇਸ਼ ਸ਼ੰਕਰ ਵਿਦਿਆਰਥੀ ਕੋਲ ਚਲੇ ਗਏ। ਇੱਥੇ ਆਪ ਨੇ ਦੂਜੇ ਦੇਸ਼ਾਂ ਦਾ ਇਨਕਲਾਬੀ ਸਾਹਿਤ ਪੜ੍ਹਿਆ। ਇੱਥੇ ਹੀ ਆਪ ਨੇ ਇਨਕਲਾਬੀ ਵਿਚ ਵਿਸ਼ਵਾਸ ਰੱਖਣ ਵਾਲੇ ਨੋਜਵਾਨਾਂ ਨਾਲ ਸਾਥ ਵਧਾਇਆ। ਹਥਿਆਰਬੰਦ ਇਨਕਲਾਬ ਦੀ ਤਿਆਰੀ ਕਰਨ ਲਈ ਇਨਕਲਾਬ ਦੀ ਪ੍ਰੇਰਣਾ ਦੇ ਪਰਚੇ ਛਾਪ ਕੇ ਵੰਡੇ।  ਜਦ ਆਪ ਇਨਕਲਾਬੀ ਸਾਹਿਤ ਲੋਕਾਂ ਵਿੱਚ ਵੰਡ ਰਹੇ ਸਨ ਤਾਂ ਪੁਲਿਸ ਨੇ ਆਪ ਦੇ ਦੋ ਸਾਥੀਆਂ ਨੂੰ ਫੜ ਲਿਆ। ਗਨੇਸ਼ ਸ਼ੰਕਰ ਵਿਦਿਆਰਥੀ ਨੇ ਆਪ ਨੂੰ ਕੌਮੀ ਸਕੂਲ ਵਿੱਚ ਅਧਿਆਪਕ ਲਗਵਾ ਦਿੱਤਾ।

ਆਪ ਨੇ ਮਾਰਚ 1926 ਵਿਚ ‘ਨੌਜਵਾਨ ਭਾਰਤ ਸਭਾ’ ਬਣਾਈ, ਜਿਸ ਦੇ ਆਪ ਜਿੰਦ-ਜਾਨ ਸਨ। ਆਪ ਇਨਕਲਾਬੀਆਂ ਦੇ ਕਾਰਨਾਮੇ ਅਤੇ ਦੇਸ਼ ਦੀ ਆਜ਼ਾਦੀ ’ਤੇ ਵਿਸਥਾਰ ਨਾਲ ਚਾਨਣ ਪਾਉਂਦੇ ਸਨ। ਆਪ ਨੇ ਆਜ਼ਾਦੀ ਦੀਆਂ ਲਹਿਰਾਂ ਨੂੰ ਸਿਲਸਿਲੇ ਵਾਰ ਲਿਖਣਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾ ਸਕੇ।

1926 ਵਿਚ ਹੀ ਭਗਤ ਸਿੰਘ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਵਿਚ ਸ਼ਮੂਲੀਅਤ ਹੋ ਗਏ। ਜਿਸ ਵਿੱਚ ਆਪ ਦੀ ਮੁਲਾਕਾਤ ਚੰਦਰ ਸ਼ੇਖਰ ਆਜ਼ਾਦ, ਰਾਮ ਪ੍ਰਸਾਦ ਬਿਸਮਿਲ, ਸ਼ਾਹਿਦ ਅਸ਼ਫਾਕਲਾ ਖਾਨ ਤੇ ਹੋਰ ਉਘੇ ਨੇਤਾਵਾਂ ਨਾਲ ਹੋਈ।

17 ਨਵੰਬਰ 1928 ਦੇ ਦਿਨ ਲਾਠੀਚਾਰਜ ਰਾਹੀਂ ਪੰਜਾਬ ਕੇਸਰੀ ‘ਲਾਲਾ ਲਾਜਪਤ ਰਾਏ’ ਦੀ ਮੌਤ ਨਾਲ ਦੇਸ਼ ਭਰ ਵਿਚ ਉਦਾਸੀ ਛਾ ਗਈ। ਇਸ ਦਾ ਬਦਲਾ ਲੈਣ ਲਈ ਭਗਤ ਸਿੰਘ ਤੇ ਰਾਜਗੁਰੂ ਨੇ 17 ਦਿਸੰਬਰ 1928 ਨੂੰ ਅੰਗਰੇਜ਼ੀ ਪੁਲਿਸ ਅਧਿਕਾਰੀ ਜੌਨ ਸੈਂਡਰਸ ਨੂੰ ਗੋਲੀ ਮਾਰ ਦਿੱਤੀ ਤਾਂ ਕਿ ਲੋਕਾਂ ਦਾ ਮਾਨਸਿਕ ਡਰ ਖ਼ਤਮ ਹੋ ਸਕੇ।

ਕਾਲੇ ਕਾਨੂੰਨ ਦੇ ਵਿਰੋਧ ਵਿਚ 8 ਅਪ੍ਰੈਲ 1929 ਨੂੰ ਅੰਗਰੇਜ਼ਾਂ ਦੇ ਵਿਰੁੱਧ ਭਾਰਤੀ ਆਵਾਜ਼ ਬੁਲੰਦ ਕਰਨ ਲਈ ਭਗਤ ਸਿੰਘ ਤੇ ਬੁਟਕੇਸ਼ਵਰ ਦੱਤ ਨੇ ਅਸੈਂਬਲੀ ਹਾਲ ਵਿੱਚ ਬੰਬ ਸੁੱਟਿਆ। ਆਪ ਧੂਏਂ ਦੇ ਸਹਾਰੇ ਬਚ ਕੇ ਨਿਕਲ ਜਾਂਦੇ ਪਰ ਉਨ੍ਹਾਂ ਦਾ ਇਰਾਦਾ ਇਹ ਨਹੀਂ ਸੀ। ਧੂੰਆਂ ਹੱਟਿਆ, ਪੁਲਿਸ ਹਾਲ ਵੱਲ ਚਲੀ ਗਈ। ਦੋਹਾਂ ਨੇ ਗ੍ਰਿਫ਼ਤਾਰੀ ਦੇ ਦਿੱਤੀ।

23 ਮਾਰਚ 1931 ਦੀ ਰਾਤ ਭਗਤ ਸਿੰਘ ਨੂੰ ਉਸ ਦੇ ਸਾਥੀਆਂ (ਰਾਜਗੁਰੂ ਤੇ ਸੁਖਦੇਵ) ਸਮੇਤ ਫਾਂਸੀ ਚੜ੍ਹਾ ਦਿੱਤਾ। ਫਾਂਸੀ ’ਤੇ ਚੜ੍ਹਨ ਤੋਂ ਪਹਿਲਾਂ ਆਪ ਨੇ ਗੀਤ ਗਾਇਆ :-

‘ਦਿਲ ਸੇ ਨਿਕਲੇਗੀ ਨ ਮਰਕਰ ਭੀ ਵਤਨ ਕੀ ਉਲਫਤ,

 ਮੇਰੀ ਮਿੱਟੀ ਸੇ ਭੀ ਖੁਸ਼ਬੂ-ਏ-ਵਫ਼ਾ ਆਇਗੀ’

ਉਹ ‘ਇਨਕਲਾਬ ਜ਼ਿੰਦਾਬਾਦ’ ਤੇ ‘ਅੰਗਰੇਜੀ ਸਾਮਰਾਜ ਮੁਰਦਾਬਾਦ’ ਦੇ ਨਾਅਰੇ ਲਾਉਂਦੇ ਹੋਏ ਸ਼ਹੀਦ ਹੋ ਗਏ।

ਸਮਾਜ ਸੁਧਾਰਕ -ਗੁਰੂ ਨਾਨਕ ਦੇਵ ਜੀ

0

ਸਮਾਜ ਸੁਧਾਰਕ -ਗੁਰੂ ਨਾਨਕ ਦੇਵ ਜੀ

    ਭੁਪਿੰਦਰ ਕੌਰ ਸਾਢੋਰਾ #192, ਗਲੀ ਨੰਬਰ-4, ਆਜ਼ਾਦ ਨਗਰ, ਯਮੁਨਾ ਨਗਰ (ਹਰਿਆਣਾ)-135001, 90507-56757

ਗੁਰੂ ਨਾਨਕ ਦੇਵ ਜੀ ਬ੍ਰਹਮ ਗਿਆਨੀ, ਮਹਾਨ ਚਿੰਤਕ, ਰਹੱਸਵਾਦੀ ਸਾਹਿਤਕਾਰ ਹੋਏ ਹਨ। ਜਦੋਂ ਉਨ੍ਹਾਂ ਦਾ ਜਨਮ ਹੋਇਆ, ਉਸ ਸਮੇਂ ਦੁਨੀਆ ’ਤੇ ਅੰਧ ਵਿਸ਼ਵਾਸ, ਪਾਖੰਡ, ਵਹਿਮ ਭਰਮ ਅਤੇ ਅਡੰਬਰਾਂ ਦਾ ਬੋਲਬਾਲਾ ਸੀ। ਜਾਤ-ਪਾਤ, ਛੂਤ-ਛਾਤ ਤੇ ਅਮੀਰੀ-ਗ਼ਰੀਬੀ ਦਾ ਭੇਦ-ਭਾਵ ਬਹੁਤ ਸੀ।  ਹਾਕਮ ਅਤਿਆਚਾਰ ਤੇ ਅਨਿਆਈ ਸਨ।  ਉਸ ਸਮੇਂ ਆਮ ਜਨਤਾ ਦੁਖੀ ਸੀ। ਚਾਰੇ ਪਾਸੇ ਅੰਧਕਾਰ ਫੈਲਿਆ ਹੋਇਆ ਸੀ।

ਗੁਰੂ ਨਾਨਕ ਦੇਵ ਜੀ ਬਚਪਨ ਤੋਂ ਚਿੰਤਕ ਤੇ ਤੀਖਣ ਬੁੱਧੀ ਦੇ ਸਨ। ਉਹ ਜਾਤ-ਪਾਤ, ਛੂਆ-ਛੂਤ ਨੂੰ ਖ਼ਤਮ ਕਰਨ ਦੇ ਹਾਮੀ ਸਨ। ਉਨ੍ਹਾਂ ਨੇ ਕਿਹਾ ਜਨਮ ਤੋਂ ਕਿਸੇ ਦੀ ਜ਼ਾਤ ਉੱਚੀ ਜਾਂ ਨੀਵੀ ਨਹੀਂ ਹੁੰਦੀ। ਇਹ ਤਾਂ ਚੰਗੇ – ਮੰਦੇ ਕਰਮਾ ਕਰ ਕੇ ਹੁੰਦੀ ਹੈ। ਬਾਣੀ ਵਿੱਚ ਇਵੇਂ ਲਿਖਿਆ ਹੈ- ‘‘ਜਾਤਿ ਜਨਮੁ ਨਹ ਪੂਛੀਐ, ਸਚ ਘਰੁ ਲੇਹੁ ਬਤਾਇ ॥  ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ ॥’’ (ਪ੍ਰਭਾਤੀ, ਮ: ੧, ਪੰਨਾ ੧੩੩੦)

ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪ੍ਰਮਾਤਮਾ ਵੱਲੋਂ ਪ੍ਰਕਾਸ਼ ਹੋਇਆ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਹਾ, ‘‘ਨਾ ਹਮ ਹਿੰਦੂ, ਨ ਮੁਸਲਮਾਨ ॥’’ ਭਾਵ ਕਿ ਸਾਰੇ ਮਨੁੱਖ ਇਕ ਹਨ ਇਸੇ ਲਈ ਅਰਦਾਸ ਵਿੱਚ ‘ਸਰਬੱਤ ਦਾ ਭਲਾ’ ਮੰਗਿਆ ਜਾਂਦਾ ਹੈ। ਗੁਰੂ ਜੀ ਮੱਕੇ ਗਏ। ਉਹ ਮੱਕੇ ਵੱਲ ਪੈਰ ਕਰ ਕੇ ਲੇਟ ਗਏ। ਮੌਲਵੀ ਆਇਆ ਤਾਂ ਦੇਖ ਕੇ ਗੁੱਸੇ ਹੋਇਆ ਤਾਂ ਗੁਰੂ ਜੀ ਨੇ ਕਿਹਾ ਜਿਧਰ ਮੱਕਾ ਨਹੀਂ ਉਧਰ ਮੇਰੇ ਪੈਰ ਕਰ ਦੇਹ। ਮੌਲਵੀ ਗੁਰੂ ਜੀ ਦੇ ਪੈਰਾਂ ਵਿੱਚ ਡਿੱਗ ਪਿਆ। ਇਵੇਂ ਗੁਰੂ ਜੀ ਨੇ ਸਮਝਾਇਆ ਕਿ ਪ੍ਰਮਾਤਮਾ ਹਰ ਥਾਂ ’ਤੇ ਹੈ।

ਗੁਰੂ ਜੀ ਨੇ ਲੰਗਰ ਲਗਾਏ, ਜਿੱਥੇ ਗ਼ਰੀਬ-ਰਾਜਾ, ਊਚ-ਨੀਚ ਸਭ ਲੰਗਰ ਛਕਦੇ ਸਨ। ਆਪ ਨੇ ਮਲਕ ਭਾਗੋ ਦੀ ਦਾਵਤ ਸਵੀਕਾਰ ਨਹੀਂ ਕੀਤੀ। ਆਪ ਨੇ ਗ਼ਰੀਬ ਲਾਲੋ ਦੀ ਰੋਟੀ ਖੁਸ਼ ਹੋ ਕੇ ਖਾਧੀ। ਇੱਥੋਂ ਤੱਕ ਕਿ ਉਨ੍ਹਾਂ ਨੇ ਕਿਹਾ ਗ਼ਰੀਬਾਂ ਨੂੰ ਤੰਗ ਕਰ ਕੇ ਧਨ ਇਕੱਠਾ ਕਰਨਾ ਗ਼ਰੀਬਾਂ ਦਾ ਲਹੂ ਚੂਸਣ ਦੇ ਬਰਾਬਰ ਹੈ। ਗੁਰੂ ਜੀ ਨੇ ਮਲਕ ਭਾਗੋ ਦੀ ਰੋਟੀ ਵਿੱਚੋਂ ਹਰਾਮ ਦਾ ਲਹੂ ਤੇ ਲਾਲੋ ਦੀ ਰੋਟੀ ਵਿੱਚੋਂ ਹੱਕ-ਹਲਾਲ ਦਾ ਦੁੱਧ ਕੱਢਿਆ। ਉਨ੍ਹਾਂ ਅਨਿਆਇ ਦੇ ਖਿਲਾਫ ਆਵਾਜ਼ ਉਠਾਈ। ਇੱਥੋਂ ਤੱਕ ਕਿ ਉਨ੍ਹਾਂ ਨੇ ਉਸ ਸਮੇਂ ਦੀ ਹਕੂਮਤ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਕਿਹਾ, ‘‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥’’ (ਮਲਾਰ ਕੀ ਵਾਰ, ਮ: ੧, ਪੰਨਾ ੧੨੮੮)

ਗੁਰੂ ਜੀ ਨੇ ਗ੍ਰਹਿਸਥੀ ਜੀਵਨ ਨੂੰ ਸਭ ਤੋਂ ਉੱਚਾ ਦੱਸਿਆ ਹੈ। ਗ੍ਰਹਿਸਥੀ ਵਿਚ ਜੀਵਨ ਬਤੀਤ ਕਰਦੇ ਕਮਲ ਦੇ ਫੁੱਲ ਵਾਂਗ ਚਿਕੜ ਤੋਂ ਨਿਰਲੇਪ ਰਹਿ ਕੇ ਮਾਇਆ ਦਾ ਮੋਹ ਤਿਆਗ ਕੇ ਪ੍ਰਭੂ ਦੀ ਭਗਤੀ ਤੇ ਸਿਮਰਨ ਉੱਤੇ ਗੁਰੂ ਜੀ ਨੇ ਜੋਰ ਦਿੱਤਾ ਹੈ। ਉਨ੍ਹਾਂ ਨੇ ਗ੍ਰਹਿਸਥੀ ਜੀਵਨ ਵਿੱਚ ਰਹਿੰਦੇ ਕਿਰਤ ਕਰਨ ਦਾ ਉਪਦੇਸ਼ ਕੀਤਾ ਹੈ।, ਉਨ੍ਹਾਂ ਨੇ ਵੰਡ ਛੱਕਣ ਦਾ ਵੀ ਉਪਦੇਸ਼ ਦਿੱਤਾ ਹੈ, ਜਿਸ ਨਾਲ ਲੋੜਵੰਦਾਂ ਦੀ ਮਦਦ ਹੋਵੇਗੀ। ਇਵੇਂ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਦਸਵੰਧ ਕੱਢਣ ਦਾ ਹੁਕਮ ਵੀ ਦਿੱਤਾ, ਗੁਰੂ ਜੀ ਨੇ ਸੇਵਾ ਦੀ ਮਹੱਤਤਾ ਦੱਸੀ। ਝਾੜੂ, ਬਰਤਨ, ਜੋੜਿਆਂ, ਲੰਗਰ ਆਦਿ ਦੀ ਸੇਵਾ ਨੂੰ ਉੱਤਮ ਮੰਨਿਆ। ਇਸ ਨਾਲ ਮਨ ਨੀਵਾਂ ਰਹਿੰਦਾ ਹੈ। ਹੰਕਾਰ ਦੀ ਮੈਲ ਖ਼ਤਮ ਹੁੰਦੀ ਹੈ। ਸੱਚੇ ਮਨ ਨਾਲ ਕੀਤੀ ਸੇਵਾ ਰਾਹੀਂ ਰੱਬ ਦੀ ਪ੍ਰਾਪਤੀ ਹੁੰਦੀ ਹੈ।

ਆਪ ਨੇ ਮਨੁੱਖੀ ਮਨ ਵਿੱਚ ਸਵੈਮਾਨ ਪੈਦਾ ਕਰ ਦਿੱਤਾ ਕਿ ਗੁਲਾਮੀ ਦੀ ਜ਼ਿੰਦਗੀ ਨਾਲ ਸ਼ਾਂਤੀ ਨਹੀਂ ਮਿਲਦੀ। ਗੁਲਾਮੀ ਦੀ ਜ਼ਿੰਦਗੀ ਮਨੁੱਖ ਲਈ ਉਵੇਂ ਹੁੰਦੀ ਹੈ ਜਿਵੇਂ ਪਿੰਜਰੇ ਪਿਆ ਪੰਛੀ ਹੋਵੇ। ਉਨ੍ਹਾਂ ਨੇ ਮਨੁੱਖੀ ਮਨ ਅੰਦਰ ਅਜ਼ਾਦੀ ਦੀ ਤਮੰਨਾ ਪੈਦਾ ਕਰ ਦਿੱਤੀ।

ਇਸਤਰੀ ਨੂੰ ਉਸ ਸਮੇਂ ਮਰਦ ਤੋਂ ਨੀਵਾਂ ਤੇ ਦਾਸੀ ਸਮਝਿਆ ਜਾਂਦਾ ਸੀ। ਗੁਰੂ ਜੀ ਨੇ ਮਨੁੱਖਾਂ ਨੂੰ ਸੋਝੀ ਕਰਵਾਈ ਕਿ ਰੱਬ ਵੱਲੋਂ ਇਸਤਰੀ ਨੂੰ ਨੀਵਾਂ ਨਹੀਂ ਥਾਪਿਆ ਗਿਆ। ਆਪ ਨੇ ਇਸਤਰੀ ਵਿੱਚ ਸਵੈਮਾਨ ਜਗਾਇਆ। ਉਨ੍ਹਾਂ ਨੇ ਬਾਣੀ ਵਿੱਚ ਇਵੇਂ ਕਿਹਾ ਹੈ :-

ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ ॥ (ਆਸਾ ਕੀ ਵਾਰ, ਮ: ੧, ਪੰਨਾ ੪੭੩), ਇਵੇਂ ਗੁਰੂ ਜੀ ਨੇ ਇਸਤਰੀ ਨੂੰ ਧਰਮ ਤੇ ਸਮਾਜ ਵਿੱਚ ਬਰਾਬਰੀ ਦਾ ਦਰਜਾ ਦਵਾਇਆ।

ਆਪ ਜੀ ਨੇ ਵਹਿਮ-ਭਰਮ , ਫੋਕੇ ਆਡੰਬਰ, ਅੰਧ ਵਿਸ਼ਵਾਸ ਦਾ ਖੰਡਣ ਕੀਤਾ। ਆਪ ਨੇ ਸਰਾਧ ਕਰਨੇ, ਸੂਤਕ ਭਾਵ ਜਨਮ-ਮਰਨ ਸਮੇਂ ਦਾ ਵਹਿਮ, ਨਿਰਮੂਲ ਦੱਸਿਆ ਹੈ। ਆਪ ਨੇ ਸੂਤਕ ਨੂੰ ਕਈ ਉਦਾਹਰਣਾਂ ਦੇ ਕੇ ਸਪਸ਼ਟ ਕੀਤਾ ਹੈ, ਜਿਵੇਂ ਗੋਹੇ, ਲੱਕੜੀ, ਅਨਾਜ, ਦਾਲ, ਪਾਣੀ ਆਦਿ ਵਿੱਚ ਜੀਵ ਹੁੰਦੇ ਹਨ। ਅੱਗ ਬਾਲਣ ਨਾਲ ਜੀਵ ਸੜ ਜਾਂਦੇ ਹਨ, ਇਵੇਂ ਤਾਂ ਰਸੋਈ ਸਦਾ ਪਾਤਕ ਹੋ ਗਈ। ਆਪ ਨੇ ਸੂਤਕ ਦਾ ਵੀ ਖੰਡਨ ਕੀਤਾ ਹੈ।

ਆਪ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਵਗੁਣਾਂ ਨੂੰ ਤਿਆਗ ਕੇ ਸਦਗੁਣਾਂ (ਸਤ, ਸੰਤੋਖ, ਦਇਆ, ਧਰਮ, ਧੀਰਜ) ਨੂੰ ਅਪਣਾਉਣ ਬਾਰੇ ਦੱਸਿਆ। ਜਿਸ ਨਾਲ ਮਨੁੱਖ; ਮਨੁੱਖ ਦੇ ਨੇੜੇ ਆਉਂਦਾ ਹੈ। ਕਾਮ ਚੇਸ਼ਟਾ ਘੱਟਦੀ ਹੈ। ਵਿਅਕਤੀਆਂ ਨਾਲ ਪਿਆਰ ਭਾਵਨਾ ਪੈਦਾ ਹੁੰਦੀ ਹੈ। ਪ੍ਰਮਾਤਮਾ ਦੀ ਪ੍ਰਾਪਤੀ ਦੇ ਰਸਤੇ ਸਫਲ ਹੁੰਦੇ ਹਨ। ਗੁਰੂ ਜੀ ਨੇ ਜੰਝੂ (ਜਨੇਊ) ਪਾਣ ਤੋਂ ਇਨਕਾਰ ਕਰ ਦਿੱਤਾ।  ਉਨ੍ਹਾਂ ਨੇ ਤੀਰਥਾਂ ਦੀ ਯਾਤਰਾ ਕਰਨੀ, ਰੋਜ਼ੇ ਰੱਖਣੇ, ਆਦਿ ਨੂੰ ਇਸ ਲਈ ਵਿਅਰਥ ਦੱਸਿਆ ਕਿਉਂਕਿ ਇਨ੍ਹਾਂ ਸਰੀਰਕ ਕਰਮਾਂ ਨਾਲ ਮਨ ਪਵਿੱਤਰ ਨਹੀਂ ਹੁੰਦਾ ਹੈ। ਆਪ ਨੇ ਆਪਣੇ ਜੀਵਨ ਵਿੱਚ ਚਾਰ ਉਦਾਸੀਆਂ ਕੀਤੀਆਂ ਤੇ ਲੋਕਾਂ ਦੇ ਕਲਿਆਣ ਲਈ ਲੁਕਾਈ ਦੇ ਦੁੱਖ, ਦੂਰ ਕਰ ਕੇ ਜੀਵਨ ਨੂੰ ਸੁਧਾਰਿਆ। ਇਸੇ ਲਈ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਬਾਰੇ ਇਵੇਂ ਲਿਖਿਆ ਹੈ, ‘‘ਕਲਿਜੁਗ ਬਾਬੇ ਤਾਰਿਆ, ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ। ਕਲਿ ਤਾਰਣ ਗੁਰੁ ਨਾਨਕ ਆਇਆ ॥’’ (ਭਾਈ ਗੁਰਦਾਸ ਜੀ, ਵਾਰ ੧, ਪਉੜੀ ੨੩)

ਵਿਸਾਖੀ

0

ਵਿਸਾਖੀ

ਮਿੰਨੀ ਕਹਾਣੀ

‘ਦੇਖੋ ਅਨੰਤ !  ਮੈਂ ਘੁਮਾ ਕੇ ਗੱਲ ਨਹੀਂ ਕਰਦੀ। ਮੈਨੂੰ ਇਸ ਤੋਂ ਕੋਈ ਇਤਰਾਜ ਨਹੀਂ ਕਿ ਤੁਸੀਂ ਮੇਰੇ ਤੋਂ 9 ਸਾਲ ਵੱਡੇ ਹੋ। ਤੁਹਾਡੇ ਇਕ ਪੈਰ ਵਿਚ ਪੋਲਿਓ ਦਾ ਪ੍ਰਭਾਵ ਹੈ, ਇਸ ਤੋਂ ਇਲਾਵਾ ਮੈਂ ਤੁਹਾਡੀ ਸਰਕਾਰੀ ਨੌਕਰੀ ਦੇ ਕਾਰਨ ਇਸ ਰਿਸ਼ਤੇ ਦੇ ਲਈ ਹਾਂ, ਕਰ ਰਹੀ ਹਾਂ ਪਰ !’  ਮੀਰਾ ਦੀ ਇਹ ਗੱਲ ਤੋਂ ਮੈਂ ਪਰੇਸ਼ਾਨ ਨਹੀਂ ਹੋਇਆ। ਮੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਦੀ ਆਦਤ ਸੀ।

‘ਜੀ ਧੰਨਵਾਦ ! ਤੁਸੀਂ ਕੁਝ ਕਹਿ ਰਹੇ ਸੀ।’

‘ਹਾਂ, ਇਹ ਹੀ ਕਿ ਮੈਂ ਅੱਜ ਦੇ ਖਿਆਲਾਂ ਦੀ ਕੁੜੀ ਹਾਂ। ਛੋਟੇ ਅਤੇ ਪੜ੍ਹੇ-ਲਿਖੇ ਪਰਿਵਾਰ ’ਚ ਪਲ ਕੇ ਵੱਡੀ ਹੋਈ ਹਾਂ। ਮੈਨੂੰ ਅਨਪੜ੍ਹ ਪਸੰਦ ਨਹੀਂ, ਨਾ ਹੀ ਮੈਂ ਅਪਣੇ ਜੀਵਨ ’ਚ ਕਿਸੇ ਦੀ ਦਖਲ ਪਸੰਦ ਕਰਦੀ ਹਾਂ।’

ਮੀਰਾ, ਮੇਰੀ ਕਮੀ ਦਾ ਪੂਰਾ ਫਾਇਦਾ ਚੁੱਕ ਕੇ ਆਪਣੀ ਮਰਜ਼ੀ ਰਿਸ਼ਤੇ ’ਤੇ ਪਹਿਲਾਂ ਹੀ ਥੋਪ ਦੇਣਾ ਚਾਹੁੰਦੀ ਸੀ।

‘ਜੀ, ਮੈਂ ਸਮਝਿਆ ਨਹੀਂ।’

‘ਇਹ ਹੀ ਕਿ ਵਿਆਹ ਤੋਂ ਬਾਦ ਮੈਂ ਆਪ ਦੇ ਸਾਥ ਆਪ ਦੇ ਮਾਂ-ਬਾਪ ਦਾ ਬੋਝ ਨਹੀਂ ਚੁੱਕ ਸਕਦੀ।’

ਉਸ ਦੀ ਇਸ ਗੱਲ ਤੋਂ ਉਸ ਮਾਂ-ਬਾਪ ਦਾ ਚਿਹਰਾ ਅੱਖਾਂ ’ਚ ਨੱਚਣ ਲੱਗ ਗਿਆ, ਜਿਨ੍ਹਾਂ ਮੈਨੂੰ 36 ਸਾਲ ਤੱਕ ਕਦੀ ਬੋਝ ਨਹੀਂ ਸਮਝਿਆ।

‘ਮੀਰਾ ਜੀ  !  ਮੈਨੂੰ ਤੁਹਾਡੀ ਵਿਸਾਖੀ ਦੀ ਜ਼ਰੂਰਤ ਨਹੀਂ। ਮੈਂ ਲੰਗੜਾ ਹਾਂ ਪਰ ਉਨ੍ਹਾਂ ਗੈਰ-ਕੁਸ਼ਲ ਨਹੀਂ ਕਿ ਖੁਦ ਦੇ ਮਾਂ-ਬਾਪ ਨੂੰ ਹੀ ਵਿਕਲਾਂਗ ਕਰ ਦੇਵਾਂ।’

ਉਹਨੇ ਆਪਣੀਆਂ ਅੱਖਾਂ ਤੋਂ ਮੇਰੇ ’ਤੇ ਲਾਨਤ ਦਾ ਬੋਝ ਪਾਉਣਾ ਚਾਹਿਆ ਪਰ ਮੈਂ ਆਪਣੇ ਬੋਝ ਵਿਸਾਖੀ ’ਤੇ ਪਾ ਕੇ ਆਪਣੇ ਮਾਂ-ਬਾਪ ਵੱਲ ਚੱਲ ਪਿਆ।

ਮੂਲ ਭਾਸ਼ਾ… : ਹਿੰਦੀ

ਮੂਲ ਲੇਖਕ.. : ਵਿਨੇ ਕੁਮਾਰ ਮਿਸ਼ਰਾ

ਅਨੁਵਾਦਕ.. : ਅਮਨਜੋਤ ਸਿੰਘ ਸਢੌਰਾ, ਗਲੀ ਨੰਬਰ ੪ , ਅਜਾਦ ਨਗਰ, ਨੀਅਰ ਸਵੇਰਾ ਆਇਸਕਰੀਮਸ, ਯਮੁਨਾ ਨਗਰ-੧੩੫੦੦੧ ਮੋਬਾਈਲ ਨੰਬਰ : ੯੪੧੬੨-੭੬੩੫੭

ਰਸਤਿਆਂ ਨਾਲ ਯਾਰੀ

0

ਅਨੁਵਾਦਿਤ ਕਹਾਣੀਆਂ

ਮਿੰਨੀ ਕਹਾਣੀ  

ਰਸਤਿਆਂ ਨਾਲ ਯਾਰੀ

ਉਹ (ਦੀਦਾਰ ਸਿੰਘ ਨੂੰ) ਲੰਬੇ-ਲੰਬੇ ਕਦਮ ਭਰਦੇ ਹੋਏ ਚਲਦੇ ਪਏ ਸਨ। ਮੈਨੂੰ ਪਹਿਚਾਨਣ ਵਿਚ ਦੇਰ ਨਾ ਲੱਗੀ। ‘ਸਤਿ ਸ੍ਰੀ ਅਕਾਲ, ਸਿੰਘ ਸਾਹਿਬ  !’ ਮੈਂ ਬੁਲਾਇਆ।

ਮੇਰੇ ਵੱਲ ਮੁੜ੍ਹਦੇ ਹੋਏ ਦੇਖਦੇ ਹੀ ਉਨ੍ਹਾਂ ਦੇ ਬੁੱਲ੍ਹਾਂ ’ਤੇ ਮੀਠੀ ਜਿਹੀ ਮੁਸਕਰਾਹਟ ਆ ਗਈ। ਕੋਲ ਆਏ ਤੇ ਗਲਵਕੜੀ ਪਾ ਲਈ।

‘ਬਹੁਤ ਦਿਨਾਂ ਬਾਅਦ ਨਜ਼ਰ ਆਏ, ਸਭ ਠੀਕ ਤਾਂ ਹੈ ?’ ਮੈਂ ਪੁੱਛ ਲਿਆ।

‘ਸਭ ਵਾਹਿਗੁਰੂ ਦੀ ਕਿਰਪਾ ਹੈ, ਭਾਈ !’ ਉਨ੍ਹਾਂ ਨੇ ਮੇਰੇ ਹੱਥ ਵਿਚ ਫੜੀ ਹੋਈ ਖੁੰਡੀ ਨੂੰ ਧਿਆਨ ਨਾਲ ਦੇਖਦੇ ਹੋਏ ਕਿਹਾ ‘ਤੁਸੀਂ ਲੋਕਾਂ ਨੇ ਹੀ ਦੂਜਾ ਰਸਤਾ ਪਕੜ ਲਿਆ ਹੈ, ਮੁਲਾਕਾਤ ਹੋਵੇ ਤਾਂ ਕਿਵੇਂ ?’

 ਪਹਿਲਾਂ ਅਸੀਂ ਸਾਰੇ ਜਾਟ ਰੈਜੀਮੈਂਟ ਵੱਲ ਜਾਣ ਵਾਲੀ ਸੜਕ ’ਤੇ ਸੈਰ ਲਈ ਜਾਂਦੇ ਸੀ। ਹੌਲੀ-ਹੌਲੀ ਉਸ ਸੜਕ ’ਤੇ ਅਵਾਰਾ ਕੁੱਤੇ ਅਤੇ ਬਾਂਦਰਾਂ ਦਾ ਖ਼ੌਫ਼ ਵੱਧ ਗਿਆ ਸੀ ਤੇ ਬਚਾਅ ਲਈ ਹੱਥ ਵਿਚ ਛੜੀ, ਖੁੰਡੀ ਜਾਂ ਗੁਲੇਲ ਲੈ ਕੇ ਚੱਲਣਾ ਪੈਂਦਾ ਸੀ। ਦੀਦਾਰ ਸਿੰਘ ਵੀ ਸਾਡੇ ਨਾਲ ਹੁੰਦੇ ਸਨ, ਪਰ ਉਨ੍ਹਾਂ ਨੇ ਕਦੇ ਵੀ ਛੜੀ ਜਾਂ ਗੁਲੇਲ ਨਹੀਂ ਫੜੀ। ਉਹ ਨਿਰਭੈ ਹੋ ਕੇ ਸਾਡੇ ਅੱਗੇ-ਅੱਗੇ ਚਲਦੇ ਸਨ ਤੇ ਸਾਨੂੰ ਵੀ ਛੜੀ ਦੀ ਵਰਤੋਂ ਕਰਨ ਲਈ ਮਨ੍ਹਾ ਕਰਦੇ ਸਨ।  ਬਾਂਦਰਾਂ ਦੇ ਰਸਤੇ ਚਲਦੇ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਵੱਧ ਰਹੀਆਂ ਸਨ। ਅੰਤ ਵਿਚ ਅਸੀਂ ‘ਮਾਰਨਿੰਗ ਵਾਕ’ ਲਈ ਜਾਟ ਰੈਜੀਮੈਂਟ ਵਾਲੀ ਸੜਕ ਨੂੰ ਛੱਡ ਕੇ ਕੰਪਨੀ ਬਾਗ ਵੱਲ ਜਾਣ ਲਈ ਫ਼ੈਸਲਾ ਕੀਤਾ ਸੀ। ਉਦੋਂ ਤੋਂ ਹੀ ਸਾਡਾ ਤੇ ਦੀਦਾਰ ਸਿੰਘ ਦਾ ਸਾਥ ਛੁਟ ਗਿਆ ਸੀ।

‘ਅੱਜ-ਕੱਲ ਤੁਸੀਂ ਕਿਸ ਪਾਸੇ ਘੁੰਮਣ ਲਈ ਜਾਂਦੇ ਹੋ ?’  ਮੈਂ ਉਨ੍ਹਾਂ ਤੋਂ ਪੁੱਛ ਲਿਆ।

‘ਉਹੀ…. ਅਪਣੀ ਪੁਰਾਣੀ ਜਾਟ ਰੈਜੀਮੈਂਟ ਵਾਲੀ ਸੜਕ ’ਤੇ।’

‘ਕੀ ?’ ਮੈਂ ਹੈਰਾਨੀ ਨਾਲ ਪੁੱਛਿਆ। ‘ਉਸ ਸੜਕ ’ਤੇ ਮੱਕਾਰੀ ਕੁੱਤਿਆਂ ਤੇ ਖੂੰਖਾਰ ਬਾਂਦਰਾਂ ਦੇ ਕਾਰਨ ਕੋਈ ਨਹੀਂ ਜਾਂਦਾ। ਉਹ ਕੁਝ ਨਹੀਂ ਕਰਦੇ ?’

‘ਵੀਹ ਸਾਲ ਹੋ ਗਏ, ਹੁਣ ਤੱਕ ਤੇ ਕੋਈ ਕੁੱਤਾ ਜਾਂ ਬਾਂਦਰ ਪਿੱਛੇ ਨਹੀਂ ਪਿਆ।  ਅੱਗੇ ਰੱਬ ਰਾਖਾ ਹੈ।’ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ। ਮੈਂ ਧਿਆਨ ਕੀਤਾ, ਅੱਜ ਵੀ ਉਨ੍ਹਾਂ ਦੇ ਹੱਥ ਵਿਚ ਕੁੱਤਿਆਂ ਤੇ ਬਾਂਦਰਾਂ ਤੋਂ ਬਚਾਅ ਲਈ ਕੋਈ ਛੜੀ ਨਹੀਂ ਸੀ।

‘ਕਮਾਲ ਹੈ !’ ਮੇਰੇ ਮੂੰਹੋਂ ਨਿਕਲਿਆ। ‘ਸਾਨੂੰ ਤਾਂ ਹੁਣ ਕੰਪਨੀ ਬਾਗ ਵਾਲੀ ਸੜਕ ’ਤੇ ਜਾਂਦੇ ਡਰ ਲੱਗਦਾ ਹੈ। ਬਾਂਦਰਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਸੜਕ ਘੇਰੇ ਬੈਠੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਵੱਸ ਚੱਲੇ ਤਾਂ ਸਾਨੂੰ ਚਬਾ ਜਾਣ। ਅਸੀਂ ਸਭ ਤਾਂ ਹੁਣ ਤੀਜੀ ਸ਼ਾਂਤ ਸੜਕ ਦੀ ਭਾਲ ਵਿਚ ਹਾਂ।’  ਸੁਣਦੇ ਹੀ ਉਨ੍ਹਾਂ ਦੇ ਬੁੱਲ੍ਹਾਂ ’ਤੇ ਫਿੱਕੀ ਜਿਹੀ ਹਾਸੀ ਦਿਖਾਈ ਦਿੱਤੀ। ਮੈਂ ਉਨ੍ਹਾਂ ਨੂੰ ਕਿਹਾ ‘ਸਿੰਘ ਸਾਹਿਬ ! ਇੱਕ ਗੱਲ ਦੱਸੋ…. ਇਹ ਅਵਾਰਾ ਕੁੱਤੇ ਤੇ ਖੂੰਖਾਰ ਬਾਂਦਰ ਤੁਹਾਨੂੰ ਕੁਝ ਨਹੀਂ ਕਹਿੰਦੇ ਜਦਕਿ ਤੁਸੀਂ ਛੜੀ ਵੀ ਆਪਣੇ ਨਾਲ ਨਹੀਂ ਰੱਖਦੇ।’

ਉਹ ਜੋਰ ਨਾਲ ਹੱਸ ਪਏ ਅਤੇ ਬੋਲੇ, ‘ਇਹ ਸਵਾਲ ਤੇ ਉਨ੍ਹਾਂ ਬਾਂਦਰਾਂ ਅਤੇ ਕੁੱਤਿਆਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ।’

ਅਗਲੇ ਹੀ ਪਲ ਬਹੁਤ ਗੰਭੀਰ ਅਵਾਜ਼ ਵਿਚ ਬੋਲੇ, ‘ਇਹ ਬਾਂਦਰ ਤੇ ਕੁੱਤੇ ਤਾਂ ਅਪਣਾ ਸਥਾਨ ਬਦਲਦੇ ਰਹਿੰਦੇ ਹਨ। ਇਸ ਬਾਰੇ ਵਿਚ ਕੁਝ ਜਾਣਨਾ ਹੈ ਤੇ ਸਦੀਆਂ ਤੋਂ ਸਾਡੀ ਹਰ ਸਰਗਰਮੀ ਦੇ ਮੂਕ ਦਰਸ਼ਕ ਇਨ੍ਹਾਂ ਰਸਤਿਆਂ ਤੋਂ ਪੁੱਛੋ।’ ਕਹਿ ਕੇ ਉਨ੍ਹਾਂ ਨੇ ਮੇਰੇ ਨਾਲ ਹੱਥ ਮਿਲਾਇਆ ਅਤੇ ਆਪਣੀ ਜਾਣੀ-ਪਹਿਚਾਣੀ ਜਾਟ ਰੈਜੀਮੈਂਟ ਵਾਲੀ ਸੜਕ ’ਤੇ ਚਲੇ ਗਏ।

ਮੈਂ ਦੇਰ ਤੱਕ ਉਨ੍ਹਾਂ ਨੂੰ ਦੇਖਦਾ ਰਿਹਾ। ਇਵੇਂ ਲੱਗ ਰਿਹਾ ਸੀ ਕਿ ਕੋਈ ਛੋਟਾ ਬੱਚਾ ਬਹੁ ਕੀਮਤੀ ਅਤੇ ਮੁਲਾਇਮ ਕਾਰਪੈਟ ’ਤੇ ਨੰਗੇ ਪੈਰ ਚੱਲਦਾ ਹੋਵੇ।  ਘਣੇ ਰੁੱਖਾਂ ਨਾਲ ਢਕੀ ਹੋਈ ਸੜਕ ’ਤੇ ਹੌਲੀ-ਹੌਲੀ ਗੁੰਮ ਹੁੰਦਾ ਉਨ੍ਹਾਂ ਦਾ ਸਰੀਰ ਕੁਦਰਤ ਦਾ ਹਿੱਸਾ ਲੱਗ ਰਿਹਾ ਸੀ।

ਮੂਲ ਭਾਸ਼ਾ- ਹਿੰਦੀ

ਮੂਲ ਲੇਖਕ- ਸੁਕੇਸ਼ ਸਾਹਣੀ

ਗੁਰੂ ਅਤੇ ਸੰਗਤ ਦਾ ਰਿਸ਼ਤਾ

0

ਗੁਰੂ ਅਤੇ ਸੰਗਤ ਦਾ ਰਿਸ਼ਤਾ

-ਸੁਖਦੇਵ ਸਿੰਘ ਲੁਧਿਆਣਾ, ਫੋਨ: 8360568209

ਸਿੱਖ ਧਰਮ ਵਿੱਚ ਇਕਵਾਦ ਦੀ ਥਿਉਰੀ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨ ਨੇ ਆਪਣੇ ਜੀਵਨਕਾਲ ਵਿੱਚ ਇੱਕ ਅਕਾਲ ਪੁਰਖ ਦੀ ਬੰਦਗੀ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਨਾਨਕ ਸਾਹਿਬ ਨੇ ਜਗਤ ਨੂੰ ਸਮਝਾਇਆ ਕਿ ਅਕਾਲ ਪੁਰਖ ਇੱਕੋ ਹੀ ਸ਼ਕਤੀ ਹੈ, ਜੋ ਵੱਖ-ਵੱਖ ਰੂਪਾਂ ਵਿੱਚ ਕੰਮ ਕਰ ਰਹੀ ਹੈ ਜਦ ਕਿ ਇੱਥੇ ਪ੍ਰਚਲਿਤ ਮੱਤਾਂ ਵਿੱਚ ਰੱਬ ਦੀਆਂ ਕਈ ਸ਼ਕਤੀਆਂ ਦੀ ਪੂਜਾ ਕੀਤੀ ਜਾਂਦੀ ਰਹੀ ਹੈ। ਗੁਰਬਾਣੀ ਦੇ ਅਰੰਭ ਵਿਚ ੧ ਲਿਖਣ ਦਾ ਮਕਸਦ ਇਹੋ ਸੀ ਕਿ ਸੰਗਤ ਨੂੰ ਇੱਕ ਅਕਾਲ ਪੁਰਖ ਦੇ ਲੜ ਲਾਇਆ ਜਾਵੇ। ਸਾਰੇ ਹੀ ਗੁਰੂ ਸਾਹਿਬਾਨ ਨੇ ਆਪੋ ਆਪਣੇ ਸਮੇਂ ‘‘ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ ॥’’ (ਮ: ੩/੬੪੬) ਦਾ ਸੰਦੇਸ਼ ਦਿੱਤਾ, ਪਰ ਅੱਜ ਇਸ ੧ ਦੀ ਥਿਉਰੀ ਨੂੰ ਕਈ ਵੰਗਾਰਾਂ ਖੜ੍ਹੀਆਂ ਹੋ ਗਈਆਂ ਹਨ।

ਅੱਜ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਈ ਹੋਰ ਗ੍ਰੰਥ ਪ੍ਰਕਾਸ਼ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਖ਼ਤਮ ਕਰਨ ਲਈ ਹਜ਼ਾਰਾਂ ਰੰਗ-ਬਿਰੰਗੇ ‘ਸੰਤ’ ਤੇ ‘ਬਾਬੇ’ ਪੈਦਾ ਕਰ ਦਿੱਤੇ ਗਏ ਹਨ, ਜੋ ਆਪਣੀ ਪੂਜਾ ਕਰਵਾ ਰਹੇ ਹਨ। ਡੇਰਿਆਂ ਵਿੱਚ ਤਰ੍ਹਾਂ-ਤਰ੍ਹਾਂ ਦੇ ਪਾਠ ਤੇ ਕਰਮਕਾਂਡ ਕਰ ਕੇ ਸਿੱਖਾਂ ਨੂੰ ਗੁਰਮਤਿ ਤੋਂ ਤੋੜਨ ਦਾ ਕੋਝਾ ਯਤਨ ਕੀਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਾਰੇ ਮਹਾਂਪੁਰਖਾਂ ਦੀ ਬਾਣੀ ਲੁਕਾਈ ਨੂੰ ਇਹ ਚਾਨਣ ਬਖ਼ਸ਼ਦੀ ਹੈ ਕਿ ਇੱਕ ਅਕਾਲ ਪੁਰਖ ਹੀ ਇਸ ਜਗਤ ਨੂੰ ਜੀਵਨ ਦੇਣ ਵਾਲਾ, ਪਾਲਣ ਵਾਲਾ ਤੇ ਨਾਸ਼ ਕਰਨ ਵਾਲਾ ਹੈ। ਇਸ ਲਈ ਉਸ ਅਕਾਲ ਪੁਰਖ ਨੂੰ ਹਰ ਵੇਲੇ ਆਪਣੇ ਮਨ ਵਿੱਚ ਵਸਾ ਕੇ ਰੱਖਣਾ ਮਨੁੱਖ ਦੀ ਸਰਬੋਤਮ ਜ਼ਿੰਮੇਵਾਰੀ ਹੈ, ਪਰ 33 ਕਰੋੜ ਦੇਵੀ-ਦੇਵਤਿਆਂ ਦੇ ਪੁਜਾਰੀ ਇਸ ਨੂੰ ਆਪਣੇ ਲਈ ਵੰਗਾਰ ਸਮਝਦਿਆਂ ਆਪਣੀ ਨਫਰਤ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ’ਤੇ ਕੱਢਣ ਲੱਗੇ ਹੋਏ ਹਨ।  ਰਾਜਨੀਤਕ ਤੋਂ ਇਲਾਵਾ ਬੇਅਦਬੀਆਂ ਦਾ ਦੂਜਾ ਕਾਰਨ ਵੀ ਇਹੋ ਹੈ।

ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀ ਦਾ ਸ਼ਿਕਾਰ ਬਣਾਉਣ ਦੇ ਨਾਲ-ਨਾਲ ਪੰਥਕ ਜੁਗਤ ਨੂੰ ਵਿਗਾੜਨ ਦੇ ਵੀ ਭਰਪੂਰ ਉਪਰਾਲੇ ਹੋ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੀ ਖੰਡੇ-ਬਾਟੇ ਦੀ ਪਾਹੁਲ ਤੇ ਰਹਿਤ ਮਰਿਆਦਾ ਵਿੱਚ ਵੀ ਵੰਡੀਆਂ ਪਾ ਦਿੱਤੀਆਂ ਗਈਆਂ ਹਨ। ਵੱਖ ਵੱਖ ਸੰਪਰਦਾਵਾਂ ਤੇ ਜੱਥਿਆਂ ਦੀ ਮਰਿਆਦਾ ਵੱਖੋ-ਵੱਖਰੀ ਬਣੀ ਹੋਈ ਹੈ। ਸਾਰਿਆਂ ਦਾ ਅੰਮ੍ਰਿਤ ਛਕਾਉਣ ਦਾ ਢੰਗ ਵੱਖੋ-ਵੱਖਰਾ ਹੈ। ਨਾਨਕਸਰ ਵਾਲਿਆਂ ਦਾ ਤਾਂ ਸਾਰਿਆਂ ਤੋਂ ਹੀ ਵੱਖਰਾ ਹੈ। ਇਹ ਨਾ ਪੂਰੇ ਕਕਾਰ ਪਾਉਂਦੇ ਹਨ ਤੇ ਨਾ ਪੰਥ ਦੀ ਕੋਈ ਰਹਿਤ ਰੱਖਦੇ ਹਨ। ਰਾੜੇ ਵਾਲੇ, ਦੋਦੜੇ ਵਾਲੇ, ਨੀਲਧਾਰੀ, ਅਖੰਡ ਕੀਰਤਨੀ ਜੱਥੇ ਵਾਲੇ ਸਾਰਿਆਂ ਦੀ ਮਰਿਆਦਾ ਵੱਖੋ-ਵੱਖਰੀ ਹੈ। ਹੋਰ ਤਾਂ ਹੋਰ ਸਿੱਖਾਂ ਦੇ ਕਹੇ ਜਾਂਦੇ ਪੰਜਾਂ ਤਖ਼ਤਾਂ ਵਿੱਚੋਂ ਵੀ ਕੁਝ ਦੀ ਮਰਯਾਦਾ ਵੱਖਰੀ ਹੈ ਖ਼ਾਸਕਰ ਜੋ ਪੰਜਾਬ ਤੋਂ ਬਾਹਰ ਸਥਿਤ ਹਨ।

ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਨੂੰ ਵਡਿਆਈ ਬਖ਼ਸ਼ਣ ਲਈ ਪੰਜਾਂ ਪਿਆਰਿਆਂ ਦੀ ਰਵਾਇਤ ਚਲਾਈ ਸੀ, ਪਰ ਅੱਜ ਰਾਜਨੀਤਕਾਂ ਵੱਲੋਂ ਥਾਪੇ ਹੋਏ ਕਈ ਜਥੇਦਾਰ ਹੀ ਪੰਥ ਦੀ ਅਗਵਾਈ ਕਰਦੇ ਵੇਖੇ ਜਾ ਸਕਦੇ ਹਨ। ਪੰਜ ਪਿਆਰਿਆਂ ਨੂੰ ਆਪਣੇ ਤੋਂ ਵੱਡਾ ਦਰਜਾ ਦੇਣ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਮਕਸਦ ਇਹ ਸੀ ਕਿ ਉਹ ਸੰਗਤ ਦੇ ਨੁਮਾਇੰਦਿਆਂ ਨੂੰ ਆਪਣੇ ਤੋਂ ਉੱਚਾ ਦਰਜਾ ਦੇਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਤਾਕਤ ਸੰਗਤ ਨੂੰ ਦੇ ਦਿੱਤੀ ਪਰ ਉਨ੍ਹਾਂ ਤੋਂ ਬਾਅਦ ਪੰਜਾਬ ਵਿੱਚ ਰਾਜ ਕਰਦੇ ਰਹੇ ਹਾਕਮਾਂ ਨੂੰ ਗੁਰੂਆਂ ਦੀ ਇਹ ਰੀਤ ਰਾਸ ਨਾ ਆਈ ਤੇ ਉਨ੍ਹਾਂ ਆਪਣੇ-ਆਪਣੇ ਜਥੇਦਾਰ ਥਾਪਣੇ ਸ਼ੁਰੂ ਕਰ ਦਿੱਤੇ। ਇਹ ਜਥੇਦਾਰ ਸ਼ੁਰੂ ਤੋਂ ਹੀ ਸੰਗਤ ਨੂੰ ਸਰਕਾਰੀ ਹੁਕਮ ਸੁਣਾਉਂਦੇ ਆ ਰਹੇ ਹਨ। ਇਨ੍ਹਾਂ ਕਦੇ ਵੀ ਸਰਬੱਤ ਖਾਲਸਾ ਸੱਦ ਕੇ ‘ਪੰਥਕ ਗੁਰਮਤਾ’ ਨਹੀਂ ਕੀਤਾ। ਹੁਣ ਤਾਂ ਇਹ ਕਹਿਣ ਪ੍ਰਚਲਿਤ ਹੋ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਹੀ ‘ਸਰਬੱਤ ਖਾਲਸਾ’ ਹੈ।

ਸਰਕਾਰ ਵੱਲੋਂ ਖੜ੍ਹੀਆਂ ਕੀਤੀਆਂ ਇਨ੍ਹਾਂ ਸ਼੍ਰੇਣੀਆਂ ਕਰ ਕੇ ਅੱਜ ਗੁਰੂ ਅਤੇ ਸੰਗਤ ਦਾ ਰਿਸ਼ਤਾ ਟੁੱਟ ਰਿਹਾ ਹੈ। ਅੱਜ ਸਿੱਖਾਂ ਦਾ ਵੱਡਾ ਹਿੱਸਾ ਬਾਬਿਆਂ ਮਗਰ ਲੱਗ ਕੇ ਤਰ੍ਹਾਂ-ਤਰ੍ਹਾਂ ਦੇ ਪਾਠਾਂ ਤੇ ਕਰਮਕਾਂਡਾਂ ਵਿੱਚ ਉਲਝ ਕੇ ਰਹਿ ਗਿਆ ਹੈ। ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਬਣੇ ਹੋਏ ਇਨ੍ਹਾਂ ਦੇ ਡੇਰਿਆਂ ਵਿੱਚ ਕਈ ਅਨੈਤਿਕ ਕੰਮ ਵੀ ਹੁੰਦੇ ਹਨ। ਇਨ੍ਹਾਂ ਦਾ ਮਕਸਦ ਸਿੱਖਾਂ ਨੂੰ ਗੁਰੂਆਂ ਦੇ ਦੱਸੇ ਰਸਤੇ ਤੋਂ ਹਟਾਉਣਾ ਹੈ। ਅੱਜ ਕਈ ਅੰਮ੍ਰਿਤਧਾਰੀ ਸਿੰਘ, ਅਖੌਤੀ ਪੀਰਾਂ ਦੀਆਂ ਕਬਰਾਂ ’ਤੇ ਮੱਥੇ ਟੇਕਦੇ ਵੀ ਦੇਖੇ ਜਾ ਸਕਦੇ ਹਨ। ਪੀਰਾਂ ਦੀਆਂ ਕਬਰਾਂ ਦਾ ਵਧਣਾ ਵੀ ਸਰਕਾਰੀ ਨੀਤੀ ਦਾ ਹੀ ਹਿੱਸਾ ਹੈ ਕਿਉਂਕਿ ਇਨ੍ਹਾਂ ਦਾ ਮਕਸਦ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੀਰ ਦਾਦੂ ਦੀ ਸਮਾਧ ’ਤੇ ਤੀਰ ਨਾਲ ਨਮਸਕਾਰ ਕਰ ਕੇ ਸਿੱਖਾਂ ਨੂੰ ਜਾਗਰੂਕ ਕਰਨ ਵਾਲੀ ਘਟਨਾ ਨੂੰ ਝੂਠੀ ਸਾਬਤ ਕਰਨਾ ਹੈ।

ਅੱਜ ਸਿੱਖਾਂ ਨੂੰ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ। ਸਿੱਖੀ ਵਿੱਚ ਗੁਰੂ ਅਤੇ ਸੰਗਤ ਤੋਂ ਬਿਨਾਂ ਕਿਸੇ ਵਿਚੋਲੇ ਲਈ ਕੋਈ ਥਾਂ ਨਹੀਂ ਹੈ। ਸਿੱਖਾਂ ਵਿੱਚ ਖੜ੍ਹੇ ਕੀਤੇ ਜਾ ਰਹੇ ਤਰ੍ਹਾਂ-ਤਰ੍ਹਾਂ ਦੇ ਵਿਚੋਲੇ ਸਾਨੂੰ ਗੁਰੂ ਦੇ ਸਿਧਾਂਤ ਤੋਂ ਤੋੜਨ ਦਾ ਯਤਨ ਕਰਦੇ ਹਨ। ਬੇਸਮਝੀ ਵਿੱਚ ਡੇਰਿਆਂ ਵੱਲ ਜਾ ਰਹੇ ਕੱਚੇ-ਪਿੱਲੇ ਸਿੱਖਾਂ ਨੂੰ ਬਾਬਿਆਂ ਦੀ ਚਾਪਲੂਸੀ ਛੱਡ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਨੂੰ ਖੁਦ ਪੜ੍ਹਨ ਤੇ ਸਮਝਣ ਦੀ ਲੋੜ ਹੈ। ਇਹੀ ਸਾਡੇ ਗੁਰੂਆਂ ਨੇ ਦਸ ਜਾਮੇ ਧਾਰਨ ਕਰ ਕੇ ਤੇ ਅਣਗਿਣਤ ਕੁਰਬਾਨੀਆਂ ਕਰ ਕੇ ਸਾਨੂੰ ਸਿਖਾਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਾ ਤੇ ਬਾਣੇ ਦਾ ਧਾਰਨੀ ਹੀ ਸੱਚਾ ਸਿੱਖ ਅਖਵਾ ਸਕਦਾ ਹੈ।

ਗੁਰੂ ਨਾਨਕ ਦੇਵ ਜੀ ਅਤੇ ਅਸੀਂ।

0

ਗੁਰੂ ਨਾਨਕ ਦੇਵ ਜੀ ਅਤੇ ਅਸੀਂ।

ਅਵਤਾਰ ਸਿੰਘ ਸੋਹਲ ਪਿੰਡ/ਡਾਕ ਸੋਹਲ, ਜ਼ਿਲ੍ਹਾ ਤਰਨ ਤਾਰਨ 94783-57700

ਗੁਰੂ ਨਾਨਕ ਸਾਹਿਬ ਜੀ ਨੇ ਜੋ ਆਦਰਸ਼ਕ ਜੀਵਨ ਫ਼ਲਸਫ਼ਾ ਮਨੁੱਖਤਾ ਨੂੰ ਦਿੱਤਾ, ਉਸ ਨੂੰ ‘ਸਿੱਖ ਧਰਮ’ ਆਖਿਆ ਜਾਂਦਾ ਹੈ। ਇਹ ਫ਼ਲਸਫ਼ਾ ਰੱਬੀ ਬੰਦਗੀ ’ਤੇ ਜ਼ੋਰ ਦਿੰਦਾ ਹੈ, ਸਦਾਚਾਰਕ ਗੁਣ ਧਾਰਨ ਕਰ ਕੇ ਆਚਰਨ ਨੂੰ ਪਾਕ-ਪਵਿੱਤਰ ਰੱਖਣ ਦੀ ਪ੍ਰੇਰਨਾ ਦਿੰਦਾ ਹੈ, ਪਰ ਅਰਥਹੀਣ ਵਿਸ਼ਵਾਸਾਂ ਅਤੇ ਕਰਮਕਾਡਾਂ ਨੂੰ ਤਿਆਗਣ ਦੀ ਵਕਾਲਤ ਵੀ ਕਰਦਾ ਹੈ। ਸਿੱਖ ਧਰਮ ਦਾ ਕਾਰਜ ਖੇਤਰ ਕੇਵਲ ਪਾਠ-ਪੂਜਾ ਤੱਕ ਹੀ ਸੀਮਤ ਨਹੀਂ, ਸਗੋਂ ਇਸ ਦਾ ਮਨੋਰਥ ਮਨੁੱਖ ਨੂੰ ਜੀਵਨ ਦੇ ਧਾਰਮਕ, ਸਮਾਜਕ, ਆਰਥਕ ਅਤੇ ਰਾਜਨੀਤਕ ਖੇਤਰਾਂ ਵਿੱਚ ਸਹੀ ਸੇਧ ਦੇਣਾ ਵੀ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖੀ ਸਮਾਜ ਵਿੱਚ ਪਏ ਹੋਏ ਕੂੜੇ ਨੂੰ ਜਦ ਗਿਆਨ ਦੇ ਝਾੜੂ ਨਾਲ ਬਾਹਰ ਸੁਟਣਾ ਸ਼ੁਰੂ ਕੀਤਾ ਤਾਂ ਰੂੜੀਵਾਦੀ ਤਾਕਤਾਂ ਦਾ ਵਿਰੋਧ ਵੀ ਸਹਿਣ ਕਰਨਾ ਪਿਆ। ਗੁਰੂ ਪਾਤਸ਼ਾਹ ਜੀ ਨੇ ਸਮਾਜ ਦੇ ਸਾਰਥਕ ਵਿਚਾਰਾਂ ਵਿਚ ਕੋਈ ਸੋਧ ਨਹੀਂ ਕੀਤੀ ਸਗੋਂ ਨਵੀਂ ਵੀਚਾਰਧਾਰਾ ਪੇਸ਼ ਕਰਨ ਦੇ ਨਾਲ ਨਾਲ ਪਹਿਲੀਆਂ ਬੇਲੋੜੀਆਂ ਰਸਮਾਂ ਅਤੇ ਕਰਮਕਾਡਾਂ ਉੱਪਰ ਲਾਲ ਲਕੀਰ ਹੀ ਫੇਰ ਦਿੱਤੀ। ਗੁਰੂ ਜੀ ਨੇ ਇਸ ਨਵੀਂ, ਸਰਬਪੱਖੀ ਅਤੇ ਨਿਰੋਈ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਵੀ ਪ੍ਰਬੰਧ ਕੀਤਾ। ਇਸ ਕਾਰਜ ਲਈ ਸੰਗਤਾਂ ਥਾਪੀਆਂ, ਪ੍ਰਚਾਰਕ ਮੁਕਰਰ ਕੀਤੇ। ਗੁਰੂ ਸਾਹਿਬ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਪ੍ਰਚਾਰਕ ਦੌਰੇ ਕੀਤੇ। ਗੁਰੂ ਸਾਹਿਬ ਵੱਲੋਂ ਥਾਪੀਆ ਸਿੱਖ ਸੰਗਤਾਂ ਹੀ ਸਿੱਖ ਪੰਥ ਸਨ, ਜਿਸ ਨੂੰ ਦਸਮੇਸ਼ ਪਿਤਾ ਵੇਲੇ ਖਾਲਸਾ ਪੰਥ ਦਾ ਨਾਮ ਦਿੱਤਾ ਗਿਆ। ਗੁਰੂ ਸਾਹਿਬ ਦੇ ਆਗਮਨ ਸਮੇਂ ਧਾਰਮਕ ਦਸ਼ਾ ਦਾ ਵਰਣਨ ਗੁਰੂ ਜੀ ਨੇ ਆਪ ਇਉਂ ਕੀਤਾ, ‘‘ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥’’ (ਧਨਾਸਰੀ, ਮ: ੧, ਪੰਨਾ ੬੬੨)

ਭਾਰਤ ਵਿੱਚ ਸਮਾਜਕ ਦਸ਼ਾ ਵੀ ਉਸ ਵੇਲੇ ਅਤਿ ਨਿਵਾਣ ਵੱਲ ਸੀ। ਹਿੰਦੂ ਅਤੇ ਮੁਸਲਮਾਨ ਦੋ ਹੀ ਕੌਮਾਂ ਸਨ ਅਤੇ ਦੋਨਾਂ ਦੀ ਆਪਸੀ ਖਹਿਬਾਜ਼ੀ ਸਿਖਰਾਂ ’ਤੇ ਸੀ। ਭਾਈ ਗੁਰਦਾਸ ਜੀ ਇਸ ਬਾਰੇ ਇਉਂ ਸੇਧ ਬਖ਼ਸ਼ ਰਹੇ ਹਨ, ‘‘ਸਚੁ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ ਮਉਲਾਣੇ।’’ (ਭਾਈ ਗੁਰਦਾਸ ਜੀ, ਵਾਰ ੧, ਪਉੜੀ ੨੧)

ਚਾਰ ਵਰਨਾ ਦੇ ਸਿਧਾਂਤ ਨੇ ਸਮਾਜ ਨੂੰ ਲੀਰੋ-ਲੀਰ ਕੀਤਾ ਹੋਇਆ ਸੀ। ਨਫ਼ਰਤ ਦੇ ਭਾਂਬੜ ਜ਼ੋਰਾਂ ’ਤੇ ਸਨ। ਬੋਲੀ ਨਾਲ ਵੀ ਨਫ਼ਰਤ; ਜਿਵੇਂ ਆਪਣੀ ਬੋਲੀ ਦੇਵਤਿਆਂ ਦੀ ਅਤੇ ਦੂਜਿਆਂ ਦੇ ਬੋਲ ਮਲੇਛ, ਇਕਨਾ ਵੱਲੋਂ ਆਪਣੇ ਆਪ ਨੂੰ ਮੋਮਨ ਅਤੇ ਦੂਜਿਆਂ ਨੂੰ ਕਾਫ਼ਰ, ਦੂਸਰਿਆਂ ਦੇ ਮੰਦਿਰ ਤੇ ਧਰਮ ਗ੍ਰੰਥ ਵੀ ਅਪਵਿਤਰ।, ਇਸਤਰੀਆਂ ਪ੍ਰਤੀ ਦੋਵਾਂ ਧਿਰਾਂ ਵੱਲੋਂ ਨਫ਼ਰਤ। ਕਬੀਰ ਜੀ ਅਨੁਸਾਰ ਹਿੰਦੂ ਲੋਕ ਬੁੱਤਾਂ ਦੀ ਪੂਜਾ ਕਰ ਕੇ ਖ਼ੁਆਰ ਹੋ ਰਹੇ ਸਨ ਅਤੇ ਮੁਸਲਮਾਨ, ਰੱਬ ਨੂੰ ਕੇਵਲ ਮੱਕੇ ਵਿੱਚ ਹੀ ਸਮਝ ਕੇ ਉੱਧਰ ਸਿਜਦਾ ਕਰਦੇ ਸਨ। ਇੱਕ ਧਿਰ ਆਪਣੇ ਮੁਰਦਿਆਂ ਨੂੰ ਸਾੜ ਦਿੰਦੀ ਅਤੇ ਦੂਸਰੀ ਧਿਰ ਧਰਤੀ ਵਿੱਚ ਦੱਬ ਦਿੰਦੀ, ਇਉਂ ਸੱਚ ਬਾਰੇ ਦੋਹਾਂ ਧਿਰਾਂ ਨੂੰ ਸੋਝੀ ਨਾ ਹੋਈ। ਇਹ ਸੀ ਸਮਾਜਕ ਦਸ਼ਾ, ‘‘ਬੁਤ ਪੂਜਿ ਪੂਜਿ ਹਿੰਦੂ ਮੂਏ, ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ ਓਇ ਲੇ ਗਾਡੇ, ਤੇਰੀ ਗਤਿ ਦੁਹੂ ਨ ਪਾਈ ॥’’ (ਸੋਰਠਿ, ਭਗਤ ਕਬੀਰ, ਪੰਨਾ ੬੫੪)

ਉਸ ਸਮੇਂ ਰਾਜਸੀ ਖੇਤਰ ਵਿੱਚ ਵੀ ਹਾਲਤ ਤਰਸਯੋਗ ਸੀ। ਸੰਨ ੭੧੨ ਵਿੱਚ ਹਿੰਦੋਸਤਾਨ ’ਤੇ ਮੁਹੰਮਦ-ਬਿਨ-ਕਾਸਮ ਵੱਲੋਂ ਹਮਲਿਆਂ ਦੀ ਸ਼ੁਰੂਆਤ ਕੀਤੀ ਗਈ।, ਸੰਨ ੧੦੦੧-੨੪ ਤੱਕ ਮਹਿਮੂਦ ਗ਼ਜ਼ਨਵੀ ਦੇ ਹਮਲਿਆਂ ਨੇ ਹਾਹਾਕਾਰ ਮਚਾ ਦਿੱਤੀ, ਮੰਦਿਰ ਢਾਹੇ ਗਏ।, ਸੰਨ ੧੧੯੪ ਤੋਂ ੧੨੧੦ ਤੱਕ ਕੁਤਬੁੱਦੀਨ ਐਬਕ ਨੇ ਕਲਿਜਰ ਅਤੇ ਮੇਰਠ ਵਿੱਚ ਜ਼ੁਲਮ ਢਾਏ। ‘ਕਾਇਲ’ ਸ਼ਹਿਰ ਦਾ ਨਾਮ ਅਲੀਗੜ੍ਹ ਰੱਖਿਆ ਗਿਆ।, ਸੰਨ ੧੨੯੫ ਤੋਂ ੧੩੧੬ ਤੱਕ ਇਲਾਉਦੀਨ ਖਿਲਜੀ ਨੇ ਮਨਮਰਜ਼ੀ ਨਾਲ ਜ਼ੁਰਮਾਂ ਵਿੱਚ ਵਾਧਾ ਕੀਤਾ।, ਸੰਨ ੧੩੫੧ ਤੋਂ ੧੩੮੮ ਤੱਕ ਫਿਰੋਜ਼ਸ਼ਾਹ ਤੁਗਲੱਕ ਨੇ ਮਨ-ਮਾਨੀਆਂ ਕਰਨ ਵਿੱਚ ਕੋਈ ਕਸਰ ਨਾ ਛੱਡੀ। ਇਸ ਤਰ੍ਹਾਂ ੧੨੦੬ ਤੋਂ ੧੫੨੬ ਤੱਕ ਪਠਾਣਾ ਦੇ ਪੰਜ ਖਾਨਦਾਨਾਂ ਨੇ ਹੀ ਰਾਜ ਕੀਤਾ। ਅਖੀਰਲੇ ਖਾਨਦਾਨ ਦਾ ਨਾਮ ਸੀ ਬਾਦਸ਼ਾਹ ਬਹਲੋਲ ਲੋਧੀ। ਫਿਰ ਉਸ ਦਾ ਪੁੱਤਰ ਸਕੰਦਰ ਲੋਧੀ ਜਿਸ ਨੇ ੧੪੮੯ ਤੋਂ ੧੫੧੭ ਤੱਕ ਰਾਜ ਕੀਤਾ। ਇਨ੍ਹਾਂ ਸਾਰਿਆਂ ਨੇ ਜ਼ਮੀਨੀ ਹਾਲਾਤ ਐਸੇ ਬਣਾ ਦਿੱਤੇ ਸਨ, ‘‘ਰਾਜੇ ਸੀਹ ਮੁਕਦਮ ਕੁਤੇ ॥’’ (ਮਲਾਰ ਕੀ ਵਾਰ, ਮ: ੧, ਪੰਨਾ ੧੨੮੮)

ਜਦ ‘‘ਸਚੁ ਕਿਨਾਰੇ ਰਹਿ ਗਇਆ’’ ਅਤੇ ਚਾਰੋਂ ਤਰਫ਼ ‘‘ਕੂੜੁ ਫਿਰੈ ਪਰਧਾਨੁ’’ ਤਦ ਸੱਚ ਦੇ ਸੂਰਜ ਗੁਰੂ ਨਾਨਕ ਸਾਹਿਬ ਜੀ 15-4-1469, 20 ਵੈਸਾਖ ਵਾਲੇ ਦਿਨ ਰਾਏ ਭੋਏ ਦੀ ਤਲਵੰਡੀ ਵਿੱਚ ਮਾਤਾ ਤ੍ਰਿਪਤਾ ਜੀ ਤੇ ਪਿਤਾ ਮਹਿਤਾ ਕਲਿਆਣ ਦਾਸ ਜੀ ਦੇ ਘਰ ਪ੍ਰਗਟ ਹੋਏ। ਪਤਾ ਨਹੀਂ ਸਿੱਖ ਕੌਮ ਇਸ ਦਿਨ ਨੂੰ ਕੱਤਕ ਦੀ ਪੁੰਨਿਆ ਵਾਲੇ ਦਿਨ ਕਿਉਂ ਮਨਾ ਰਹੀ ਹੈ। ਆਪ ਜੀ ਦੀ ਇੱਕ ਭੈਣ ਸੀ ਬੇਬੇ ਨਾਨਕੀ, ਜੋ ਆਪ ਜੀ ਤੋਂ 5 ਸਾਲ ਵੱਡੀ ਸੀ। 7 ਸਾਲ ਦੀ ਉਮਰ ਵਿੱਚ ਆਪ ਜੀ ਨੇ ਗੋਪਾਲ ਪੰਡਿਤ ਜੀ ਪਾਸੋਂ ਹਿੰਦੀ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। 9 ਸਾਲ ਦੀ ਉਮਰ ’ਚ ਜਨੇਊ ਦੀ ਰਸਮ ਅਦਾ ਕਰਨ ਲਈ ਪੰਡਿਤ ਹਰਦਿਆਲ ਜੀ ਨੂੰ ਸੱਦਿਆ ਗਿਆ, ਪਰ ਗੁਰੂ ਜੀ ਨੇ ਪੰਡਿਤ ਜੀ ਨੂੰ ਸੱਚ/ਝੂਠ ਜਨੇਊ ਬਾਰੇ ਇਉਂ ਸਮਝਾਇਆ, ‘‘ਦਇਆ ਕਪਾਹ ਸੰਤੋਖੁ ਸੂਤੁ, ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ, ਹਈ ਤ ਪਾਡੇ ਘਤੁ ॥’’ (ਆਸਾ ਕੀ ਵਾਰ, ਮ: ੧, ਪੰਨਾ ੪੭੧)

13 ਸਾਲ ਦੀ ਉਮਰ ਵਿੱਚ ਆਪ ਜੀ ਨੇ ਮੌਲਵੀ ਕੁੱਤਬਦੀਨ ਪਾਸੋਂ ਫਾਰਸੀ ਅਤੇ ਪੰਡਿਤ ਬ੍ਰਿਜਲਾਲ ਪਾਸੋਂ ਸੰਸਕ੍ਰਿਤ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਸੰਨ 1487 ਵਿੱਚ ਗੁਰੂ ਪਾਤਸ਼ਾਹ ਜੀ ਦਾ ਵਿਆਹ, ਬਟਾਲੇ ਦੇ ਮੂਲ ਚੰਦ ਜੀ ਦੀ ਧੀ, ਮਾਤਾ ਸੁਲੱਖਣੀ ਜੀ ਨਾਲ ਕੀਤਾ ਗਿਆ । ਆਪ ਜੀ ਦੇ ਘਰ ਦੋ ਸਪੁੱਤਰ ਹੋਏ, ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀਦਾਸ। ਗੁਰੂ ਜੀ ਬਚਪਨ ’ਚ ਆਪਣੀਆਂ ਮੱਝਾਂ ਚਾਰਨ ਜਾਇਆ ਕਰਦੇ ਸਨ ਤੇ ਬਾਅਦ ਵਿੱਚ ਹੱਟੀ ਦਾ ਵਪਾਰ ਵੀ ਆਪ ਕਰਦੇ ਰਹੇ। ਚੂੜ੍ਹਕਾਣੇ ਦੀ ਬਾਰ ਵਿੱਚ ਭੁੱਖੇ ਸਾਧੂਆਂ ਦੀ ਸੇਵਾ ਕਰ ਕੇ ਲੁਕਾਈ ਨੂੰ ਸੱਚਾ-ਸੌਦਾ ਕਰਨ ਦੀ ਪ੍ਰੇਰਨਾ ਦਿੱਤੀ। ਪ੍ਰਭੂ ਦਾ ਜਸ ਗਾਉਣ ਲਈ ਮੀਰ ਬਾਦਰੇ ਦੇ ਪੁੱਤਰ ਭਾਈ ਮਰਦਾਨਾ ਜੀ ਦਾ ਸਾਥ ਲਿਆ, ਜੋ ਪੰਜਾਹ ਸਾਲਾਂ ਤੱਕ ਲਗਾਤਾਰ ਨਾਲ ਨਿਭਿਆ। ਭਾਈ ਮਰਦਾਨਾ ਜੀ ਗੁਰੂ ਸਾਹਿਬ ਨਾਲੋਂ ਨੌਂ ਸਾਲ ਦੋ ਮਹੀਨੇ ਵੱਡੇ ਸਨ।

ਪ੍ਰੋਫੈਸਰ ਪੂਰਨ ਸਿੰਘ ਵਰਗੇ ਦਾਨਸਵੰਦ ਅਤੇ ਅਨੁਭਵੀ ਇਨਸਾਨ ਨੇ ਪੰਜਾਬ ਦੀ ਧਰਤੀ ਨੂੰ ਇਸ ਕਰ ਕੇ ਗੁਰੂਆਂ ਦੇ ਨਾਮ ਨਾਲ ਜੋੜਿਆ ਹੈ ਕਿਉਂਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਦਸਾਂ ਜਾਮਿਆਂ ਵਿੱਚ ‘‘ਸਾ ਧਰਤੀ ਭਈ ਹਰੀਆਵਲੀ, ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥’’ (ਗਉੜੀ ਕੀ ਵਾਰ, ਮ: ੪, ਪੰਨਾ ੩੧੦) ਨੂੰ ਹਰਾ-ਭਰਾ ਕੀਤਾ ਸੀ। ਪੰਜਾਬ ਦੇ ਇਤਿਹਾਸ ਵਿੱਚੋਂ ਜੇ ਸਤਿਗੁਰਾਂ ਦੀ ਬਖ਼ਸ਼ਸ ਨੂੰ ਨਜ਼ਰ-ਅੰਦਾਜ਼ ਕਰਨ ਦੀ ਕੋਸ਼ਿਸ ਕਰਾਂਗੇ ਤਾਂ ਬਾਕੀ ਰਹਿੰਦ-ਖੂੰਹਦ ਹੀ ਬਚੇਗਾ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਸਫਰ ਵਿੱਚ ਮਨੁੱਖ ਅੰਦਰ ਇਨਸਾਨੀਅਤ ਪੈਦਾ ਕੀਤੀ। ਮਨੱੁਖਾ ਜੀਵਨ ਦਾ ਮਕਸਦ, ਇਸਤਰੀ ਦਾ ਸਨਮਾਨ ਅਤੇ ਰਾਜਨੀਤਿਕ ਖੇਤਰ ਵਿੱਚ ਸੁਚੱਜੀ ਅਗਵਾਈ ਬਖ਼ਸ਼ੀ। ਉਹਨਾਂ ਸਚਾਈ ਦਾ ਐਲਾਨ ਕੀਤਾ ਕਿ ਧਰਮ ਦੇ ਨਾਂ ’ਤੇ ਅਧਰਮ ਕਮਾਉਣਾ ਪਾਪ ਹੈ। ਮਨ ਨੂੰ ਆਪਣੀ ਮਰਜ਼ੀ ਕਰਨ ਤੋਂ ਰੋਕ ਕੇ ਗੁਰੂ ਦੀ ਮਰਜ਼ੀ ਅਨੁਸਾਰ ਮੁਹਾਰ-ਮੋੜਨੀ ਅਤੇ ਗੁਰੂ ਉਪਦੇਸ਼ਾਂ ’ਤੇ ਅਮਲ ਕਰਨਾ ਹੀ ਧਰਮ ਹੈ। ਗੁਰੂ ਜੀ ਨੇ ਅੰਧ-ਵਿਸ਼ਵਾਸ, ਫਜੂਲ ਦੇ ਕਰਮਕਾਡਾਂ ਅਤੇ ਧਾਰਮਕ ਭੇਖਾਂ ਬਾਰੇ, ਬਾਣੀ ਰਾਹੀ ਜ਼ੋਰਦਾਰ ਖੰਡਣ ਕੀਤਾ । ਸਰੀਰ ਦੀ ਸੁੱਚ ਰੱਖਣ ਵਾਲੇ ਤਪੱਸਵੀਆਂ ਨੂੰ ਵੰਗਾਰ ਕੇ ਆਖਿਆ ਕਿ ਸਰੀਰ ਦੀ ਮੈਲ ਨਾਲੋਂ ਮਨ ਦੀ ਮੈਲ ਜ਼ਿਆਦਾ ਖਤਰਨਾਕ ਹੈ। ਫਰਕ ਇਹ ਹੈ ਕਿ ਸਰੀਰ ਦੀ ਮੈਲ ਨਜ਼ਰ ਆਉਂਦੀ ਹੈ ਪਰ ਮਨ ਦੀ ਮੈਲ ਮਨੁੱਖ ਨੂੰ ਨਜ਼ਰ ਨਹੀਂ ਆਉਂਦੀ। ਪਾਵਨ ਬਚਨ ਹਨ: – ‘‘ਵਸਤ੍ਰ ਪਖਾਲਿ ਪਖਾਲੇ ਕਾਇਆ, ਆਪੇ ਸੰਜਮਿ ਹੋਵੈ ॥ ਅੰਤਰਿ ਮੈਲੁ ਲਗੀ ਨਹੀ ਜਾਣੈ, ਬਾਹਰਹੁ ਮਲਿ ਮਲਿ ਧੋਵੈ ॥’’ (ਮਾਝ ਕੀ ਵਾਰ, ਮ: ੧, ਪੰਨਾ ੧੩੯)

ਧਾਰਮਕ ਆਗੂਆਂ ਨੂੰ ਤਾੜਨਾ ਕੀਤੀ ਕਿ ਜੇ ਆਗੂ ਹੀ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋ ਜਾਵੇ ਤਾਂ ਐਸਾ ਆਗੂ ਕਦੇ ਵੀ ਜੀਵਨ ਸਫਰ ਵਿੱਚ ਮੰਜ਼ਲ ਪ੍ਰਾਪਤ ਨਹੀਂ ਕਰ ਸਕਦਾ, ਬੁਰਿਆਈ ਜ਼ਰੂਰ ਖੱਟ ਸਕਦਾ ਹੈ। ਉਹ ਆਪ ਵੀ ਆਚਰਣ ਪੱਖੋਂ ਲੁਟਿਆ ਜਾਂਦਾ ਹੈ ਅਤੇ ਆਪਣੇ ‘ਸੇਵਕਾਂ’ ਨੂੰ ਵੀ ਕਲੰਕਿਤ ਕਰ ਦਿੰਦਾ ਹੈ। ਇਹੋ ਜਿਹਾ ਵਰਤਾਰਾ ਹੀ ਅੱਜ ਸਿੱਖ ਕੌਮ ਵਿੱਚ ਵਰਤ ਰਿਹਾ ਹੈ। ਪਲ ਪਲ ’ਤੇ ਘੜੀ ਘੜੀ ’ਤੇ ਝੂਠ ਬੋਲਣ ਕਰ ਕੇ ਆਗੂਆ ਵਿੱਚ ਹਉਮੈ ਆਪਣੀ ਬੁਲੰਦੀਆਂ ’ਤੇ ਹੈ। ਅਕਾਲ ਤਖ਼ਤ ਦਾ ਸਤਿਕਾਰ ਨਿਵਾਣ ਵੱਲ ਜਾ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਦੇ ਨਾਂ ’ਤੇ ਝੂਠ ਬੋਲ ਕੇ ਬ੍ਰਾਹਮਣੀ ਜੂਲੇ ਵਿੱਚ ਨਰੜ ਦਿੱਤਾ ਗਿਆ ਹੈ। ਮਿਤੀ 24-9-2015 ਨੂੰ ਜਥੇਦਾਰਾਂ ਵੱਲੋਂ ‘ਦੀਰਘ ਵਿਚਾਰਾਂ ਕਰਕੇ ਗੁਰਮਤਿ ਦੀ ਰੋਸ਼ਨੀ ਵਿੱਚ’ ਸੌਦਾ ਸਾਧ ਨੂੰ ਮੁਆਫ ਕੀਤਾ ਗਿਆ ਅਤੇ ਗੁਰੂ ਦੀ ਗੋਲਕ ਵਿੱਚੋਂ 91 ਲੱਖ ਰੁਪਏ ਖਰਚ ਕੇ ਸਿੱਖ ਸੰਗਤਾਂ ਨੂੰ ਇਸ ਫੈਸਲੇ ਤੋਂ ਜਾਣੂ ਕਰਵਾਇਆ ਗਿਆ ਅਤੇ ਮਿਤੀ 16-10-2015 ਨੂੰ ਉਸੇ ਕੇਂਦਰੀ ਸਥਾਨ ਤੋਂ ਫਿਰ ‘ਦੀਰਘ ਵਿਚਾਰਾਂ ਕਰ ਕੇ ਅਤੇ ਗੁਰਮਤਿ ਦੀ ਰੋਸ਼ਨੀ ਵਿੱਚ’ ਪਹਿਲਾਂ ਕੀਤਾ ਹੋਇਆ ਫੈਸਲਾ ਰੱਦ ਕੀਤਾ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਅਤੇ ਬਰਗਾੜੀ ਕਾਂਡ ਵਿੱਚ ਸਿੱਖ ਆਗੂ ਹੀ ਦੋਸ਼ੀ ਸਾਬਤ ਹੋਏ ਹਨ। ਕੇਂਦਰ ਵੱਲੋਂ ਫ਼ਰਵਰੀ 2018 ਵਿੱਚ ਕੇਂਦਰੀ ਬਜ਼ਟ ਵਿੱਚ ਮਹਾਤਮਾ ਗਾਂਧੀ ਦੀ 150 ਸਾਲਾ ਜਯੰਤੀ ਸਮਾਗਮਾਂ ’ਤੇ 150 ਕਰੋੜ ਰੁਪਇਆ ਰਾਖਵਾਂ ਰੱਖਿਆ ਗਿਆ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਉੱਤੇ ਖ਼ਰਚ ਕਰਨ ਨੂੰ ਕੇਂਦਰੀ ਬਜ਼ਟ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਪਰ ਫਿਰ ਵੀ ਸਿੱਖ ਆਗੂਆਂ ਨੇ ਕੇਂਦਰੀ ਬਜ਼ਟ ਦੀ ਸਲਾਘਾ ਕੀਤੀ ਭਾਵੇਂ ਕਿ ਸਿੱਖ ਕੌਮ ਗੁਰ ਪੁਰਬ ਮਨਾਉਣ ਲਈ ਕੇਂਦਰੀ ਪੈਸੇ ਦੀ ਮੁਥਾਜ ਨਹੀਂ। ਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ: – ‘‘ਅੰਧਾ ਆਗੂ ਜੇ ਥੀਐ, ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ, ਕਿਉ ਰਾਹੁ ਪਛਾਣੈ ॥’’ (ਸੂਹੀ, ਮ: ੧, ਪੰਨਾ ੭੬੭)

ਗੁਰੂ ਜੀ ਨੇ ਸੇਵਾ ਅਤੇ ਸਿਮਰਨ ਦਾ ਸੁਮੇਲ ਦਰਸਾਇਆ ਹੈ। ਜੇ ਇਹਨਾਂ ਦੋਵਾਂ ਵਿੱਚੋਂ ਇੱਕ ਨਹੀਂ ਰਿਹਾ ਤਾਂ ਦੂਜਾ ਵੀ ਵਿਅਰਥ ਹੋ ਜਾਂਦਾ ਹੈ। ਗਿਆਨ ਅਤੇ ਸ਼ਰਧਾ ਇੱਕ ਦੂਜੇ ਦੇ ਪੂਰਕ ਹਨ। ਗਿਆਨ ਤੋਂ ਬਿਨਾਂ ਨਿਰੀ ਸ਼ਰਧਾ, ਕਰਮ-ਕਾਂਡਾਂ ਨੂੰ ਜਨਮ ਦਿੰਦੀ ਹੈ ਅਤੇ ਸ਼ਰਧਾ ਤੋਂ ਬਿਨਾਂ ਨਿਰਾ ਗਿਆਨ, ਹੰਕਾਰ ਦਾ ਰੂਪ ਧਾਰਨ ਕਰ ਲੈਂਦਾ ਹੈ। ਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਹੇ ਮਨੁੱਖ ! ਤੂੰ ਗਿਆਨ ਪ੍ਰਾਪਤ ਕਰ ਕੇ ਹੋਰਨਾਂ ਦੀ ਭਲਾਈ ਕਰਨ ਦਾ ਸੁਭਾਅ ਬਣਾ। ਤੂੰ ਤਾਂ ਹੀ ਗਿਆਨਵਾਨ ਹੈਂ, ਜੇ ਪਰ ਉਪਰਕਾਰੀ ਹੈਂ, ‘‘ਵਿਦਿਆ ਵੀਚਾਰੀ ਤਾਂ, ਪਰਉਪਕਾਰੀ ॥’’ (ਆਸਾ, ਮ: ੧, ਪੰਨਾ ੩੫੬) ਗੁਰਦੇਵ ਜੀ ਨੇ ਲੋਕਾਈ ਨੂੰ ਅਵਤਾਰਵਾਦ ਵੱਲੋਂ ਹਟਾ ਕੇ ਇੱਕ ਪ੍ਰਮਾਤਮਾ ਦੇ ਚਰਨੀ ਲਾਇਆ ਤੇ ਇਹ ਵੀ ਸਪਸ਼ਟ ਕੀਤਾ ਕਿ ਪ੍ਰਮਾਤਮਾ ਨਾਲ ਸਾਂਝ ਕੇਵਲ ਗੁਰੂ ਦੇ ਸ਼ਬਦ ਨਾਲ ਹੀ ਪੈ ਸਕਦੀ ਹੈ। ਗੁਰੂ ਦੇ ਸ਼ਬਦ ਰੱਬੀ ਬੋਲ ਹਨ, ਰੱਬੀ ਗਿਆਨ ਹੈ, ਇਸ ਲਈ ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ ਤਾਂ ਤੇ ਗੁਰ ਸ਼ਬਦ (ਬਾਣੀ) ਦੀ ਵੀਚਾਰ ਕਰੋ, ‘‘ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ ॥’’ (ਸੋਰਠਿ ਕੀ ਵਾਰ, ਮ: ੩, ਪੰਨਾ ੬੪੬)

 ਦਸਮੇਸ਼ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਲੈ ਕੇ ੧੦੦ ਸਾਲ ਦੇ ਲੰਮੇ ਇਤਿਹਾਸ ਵਿੱਚ ਗੁਰੂ ਸ਼ਬਦ ਦੀ ਅਗਵਾਈ ਵਿੱਚ ਸਿੱਖ ਕੌਮ ਵੱਡੀਆਂ ਵੱਡੀਆਂ ਮੁਸੀਬਤਾਂ ਦਾ ਟਾਕਰਾ ਕਰਦਿਆਂ ਆਪਣੀ ਮੰਜ਼ਲ ਵੱਲ ਵੱਧਦੀ ਗਈ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੱਖ ਰਾਜ ਕਾਇਮ ਕਰ ਲਿਆ । ਇੰਨੇ ਸਮੇਂ ਦੌਰਾਨ ਕੋਈ ਦੇਹਧਾਰੀ ਗੁਰੂ ਵਜੂਦ ’ਚ ਨਾ ਆਇਆ ਕਿਉਂਕਿ ਸਿੱਖ, ਗੁਰੂ ਦਰ ਛੱਡ ਕਿਸੇ ਹੋਰ ਦਾ ਆਸਰਾ ਤੱਕਣ ਨੂੰ ਤਿਆਰ ਹੀ ਨਹੀਂ ਸਨ, ਪਰ ਅੱਜ ਅਸੀਂ ਗੁਰੂ ਸ਼ਬਦ ਦੀ ਓਟ ਛੱਡ ਕੇ ਕੱਚ-ਪਿਚ ਬੋਲਣ ਵਾਲਿਆਂ ਦੇ ਸੇਵਕ ਬਣਦੇ ਜਾ ਰਹੇ ਹਾਂ। ਕਿੰਨਾ ਚੰਗਾ ਹੁੰਦਾ ਜੇ ਗੁਰਦੇਵ ਜੀ ਦੇ ਇਹਨਾਂ ਬੋਲਾਂ ਨੂੰ ਚੇਤੇ ਵਿੱਚ ਰੱਖਦੇ, ‘‘ਸਤਿਗੁਰ ਕੀ ਰੀਸੈ, ਹੋਰਿ ਕਚੁ ਪਿਚੁ ਬੋਲਦੇ, ਸੇ ਕੂੜਿਆਰ, ਕੂੜੇ ਝੜਿ ਪੜੀਐ ॥ ਓਨ੍ਾ ਅੰਦਰਿ ਹੋਰੁ, ਮੁਖਿ ਹੋਰੁ ਹੈ, ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥’’ (ਗਉੜੀ ਕੀ ਵਾਰ, ਮ: ੪, ਪੰਨਾ ੩੦੪)

ਗੁਰੂ ਨਾਨਕ ਪਾਤਸ਼ਾਹ ਜੀ ਨੇ ਬਨਾਰਸ ’ਚ ਪੰਡਿਤ ਚਤੁਰਦਾਸ ਨਾਲ ਵੀਚਾਰਾਂ ਦੀ ਸਾਂਝ ਕੀਤੀ। ਉਸ ਨੂੰ ਮੂਰਤੀ/ਤਸਵੀਰ ਪੂਜਾ ਵੱਲੋਂ ਵਰਜ ਕੇ ਪ੍ਰਮਾਤਮਾ ਦੇ ਲੜ ਲਾਇਆ ਤੇ ਬਚਨ ਕੀਤੇ, ‘‘ਪਾਥਰੁ ਲੇ ਪੂਜਹਿ ਮੁਗਧ ਗਵਾਰ ॥’’ (ਬਿਹਾਗੜੇ ਕੀ ਵਾਰ (ਮ: ੧, ਪੰਨਾ ੫੫੬) ਉਹਦੇ ਭਾਗ ਜਾਗੇ ਤੇ ਸਹੀ ਜੀਵਨ ਰਾਹ ’ਤੇ ਚੱਲ ਪਿਆ।

ਜਗਨਨਾਥ ਪੁਰੀ ਦੇ ਮੰਦਰ ਵਿੱਚ ਭਗਵਾਨ ਦੀ ਮੂਰਤੀ ਅੱਗੇ ਲੋਕ ਆਰਤੀ ਉਤਾਰ ਰਹੇ ਸਨ। ਗੁਰੂ ਪਾਤਸ਼ਾਹ ਜੀ ਨੇ ਉਹਨਾਂ ਵਿੱਚ ਜਾ ਕੇ ਸਮਝਾਇਆ ਕਿ ਭਗਵਾਨ/ਪ੍ਰਭੂ ਦੀ ਰਜ਼ਾ ਵਿੱਚ ਰਹਿਣਾ ਹੀ ਉਸ ਦੀ ਆਰਤੀ ਕਰਨਾ ਹੈ। ਵੇਖੋ ! ਕੁਦਰਤ ਕਿੰਨੇ ਵੱਡੇ ਅਕਾਸ਼ ਰੂਪ ਥਾਲ ਵਿੱਚ, ਸੂਰਜ ਅਤੇ ਚੰਦ ਦੋਵੇਂ ਦੀਵੇ ਜੁਗਾ ਜਗੰਤਰਾ ਤੋਂ ਭਗਵਾਨ ਦੀ ਆਰਤੀ ਉਤਾਰ ਰਹੀ ਹੈ। ਤੁਹਾਡਾ ਤਾਂ ਥਾਲ ਵੀ ਛੋਟਾ ਹੈ ਤੇ ਦੀਵੇ ਵੀ ਨਿਕੇ ਨਿੱਕੇ ਹਨ। ਇਸ ਆਰਤੀ ਦੀ ਕੀ ਪਾਇਆਂ ਹੈ ? ‘‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥’’ (ਸੋਹਿਲਾ ਧਨਾਸਰੀ, ਮ: ੧, ਪੰਨਾ ੧੩) ਇਹਨਾਂ ਮਿੱਠੇ ਬੋਲੇ ਨੇ ਬਾਣ ਵਾਂਗ ਪੰਡਤਾਂ ਦੇ ਮਨ ’ਤੇ ਅਸਰ ਕੀਤਾ, ਉਹਨਾਂ ਥਾਲੀਆਂ ਥੱਲੇ ਰੱਖ ਦਿੱਤੀਆਂ ਪਰ ਅਸੀਂ ਸਮਾਂ ਪਾ ਕੇ ਅਗਿਆਨਤਾ ਵੱਸ ਉਹ ਥਾਲੀਆਂ ਫਿਰ ਚੁੱਕ ਲਈਆਂ। ਅਸੀਂ ਗੁਰੂ ਜੀ ਦੇ ਸਾਹਮਣੇ ਖਲ੍ਹੋ ਕੇ ਗੁਰੂ ਜੀ ਵੱਲੋਂ ਦਿੱਤੇ ਗਏ ਅੰਮ੍ਰਿਤਮਈ ਉਪਦੇਸ਼ ਦੀ ਉਲੰਘਣਾ ਕਰਨੀ ਸ਼ੁਰੂ ਕਰ ਰੱਖੀ ਹੈ। ਸਾਡੇ ਲਈ ਇਹ ਉਪਦੇਸ਼ ਕਿਉਂ ਜ਼ਰੂਰੀ ਨਾ ਰਿਹਾ ਜਦਕਿ ਮਹਾਨ ਦਾਰਸ਼ਨਿਕ ਰਬਿੰਦਰਨਾਥ ਟੈਗੋਰ ਨੇ ਵੀ ਇਹਨਾਂ ਬਚਨਾਂ ਅੱਗੇ ਸਿਰ ਝੁਕਾ ਦਿੱਤਾ ਸੀ।

ਕੁਰੂਕਸ਼ੇਤਰ ਵਿਖੇ ਮੱਸਿਆ ਵਾਲੇ ਦਿਨ ਸੂਰਜ ਗ੍ਰਹਿਣ ਅਤੇ ਪੁੰਨਿਆ ਵਾਲੇ ਦਿਨ ਚੰਦ ਗ੍ਰਹਿਣ ਬਾਰੇ ਵੀ ਲੋਕਾਂ ਦੇ ਭਰਮ ਜਾਲ ਨੂੰ ਬਾਦਲੀਲ ਤੋੜਿਆ ਗਿਆ ਕਿ ਸੂਰਜ ਅਤੇ ਚੰਦਰਮਾ ਕਰਤੇ ਦੀ ਰਚਨਾ ਹਨ ਅਤੇ ਇਹਨਾਂ ਦੀ ਗਤੀ ਵੀ ਕਰਤੇ ਦੇ ਨਿਯਮ ਅਨੁਸਾਰ ਹੈ। ਇਹ ਕੋਈ ਦੇਵਤੇ ਨਹੀਂ ।ਇਸ ਵਿਚਾਰਧਾਰਾ ਬਾਰੇ ਅੱਜ ਵਿਗਿਆਨ ਨੇ ਵੀ ਹਾਮੀ ਭਰੀ ਹੈ ਕਿ ਸੂਰਜ, ਚੰਦਰਮਾ ਅਤੇ ਧਰਤੀ ਆਪਣੀ ਆਪਣੀ ਗਤੀ ਦੌਰਾਨ ਜਦ ਇੱਕ ਰੇਖਾ ਵਿੱਚ ਆ ਜਾਂਦੇ ਹਨ ਤਾਂ ਇਹਨਾਂ ’ਤੇ ਇੱਕ ਦੂਸਰੇ ਦਾ ਪਰਛਾਵਾ ਪੈਂਦਾ ਹੈ ਅਤੇ ਇਸ ਪਰਛਾਵੇ ਨੂੰ ਹੀ ਗ੍ਰਹਿਣ ਆਖਿਆ ਜਾਂਦਾ ਹੈ। ਜੇ ਚੰਦ ਵਿਚਕਾਰ ਆ ਜਾਵੇ ਤਾਂ ਸੂਰਜ ਗ੍ਰਹਿਣ ਲੱਗਦਾ ਹੈ ਅਤੇ ਜੇ ਧਰਤੀ ਵਿਚਕਾਰ ਆਵੇ ਤਾਂ ਚੰਦ ਗ੍ਰਹਿਣ ਲੱਗਦਾ ਹੈ। ਭਾਵੇਂ ਕਿ ਹੁਣ ਵਿਗਿਆਨਕ ਜੁਗ ਵਿਚ ਵੀ ਬ੍ਰਾਹਮਣ ਨੇ ਸੂਰਜ ਅਤੇ ਚੰਦਰਮਾ ਦੀ ਪੂਜਾ ਦੇ ਨਾਂ ’ਤੇ ਮੱਸਿਆ, ਪੁੰਨਿਆ ਤੇ ਸੰਗਰਾਂਦ ਦੇ ਦਿਨ ਮਿੱਥ ਰੱਖੇ ਹਨ ਅਤੇ ਲੋਕਾਂ ਪਾਸੋਂ ਦਾਨ ਲੈਣ ਦਾ ਵਿਧਾਨ ਚਾਲੂ ਕਰ ਰੱਖਿਆ ਹੈ । ਅੱਜ ਸਾਡਾ ਅਵੇਸਲਾਪਣ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਗੁਰਦੁਆਰਿਆ ਅੰਦਰ ਕਿਸੇ ਗੁਰ ਪੁਰਬ ਦਾ ਜ਼ਿਕਰ ਭਾਵੇਂ ਕਿਤੇ ਨਾ ਲਿਖਿਆ ਮਿਲੇ ਪਰ ਸੰਗਰਾਂਦ, ਮੱਸਿਆ ਤੇ ਪੁੰਨਿਆ ਦਾ ਵੇਰਵਾ ਹਰ ਪਾਸੇ ਲਿਖਿਆ ਮਿਲਦਾ ਹੈ, ਜਿਸ ਬਾਰੇ ਗੁਰਦੇਵ ਜੀ ਦੇ ਬਚਨ ਹਨ, ‘‘ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥’’ (ਬਿਲਾਵਲੁ ਸਤ ਵਾਰ (ਮ: ੩, ਪੰਨਾ ੮੪੩)

ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਸਫਲ ਜੀਵਨ ਵਾਸਤੇ ਤਿੰਨ ਸੁਨਹਿਰੀ ਸਿਧਾਂਤ ਬਖ਼ਸ਼ੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’। ਗੁਰੂ ਜੀ ਸੱਚੀ-ਸੁੱਚੀ ਕਿਰਤ ਨੂੰ ਹੀ ਪ੍ਰਵਾਨ ਕਰਦੇ ਹਨ। ਖੋਟੀ ਕਿਰਤ ਜਾਂ ਹੇਰਾ ਫੇਰੀ ਦੀ ਕਮਾਈ ਨਾਲ ਮਲਕ ਭਾਗੋ ਵੱਲੋਂ ਤਿਆਰ ਕੀਤਾ ਗਿਆ ਭੋਜਨ ਛਕਣ ਤੋਂ ਪਹਿਲਾਂ ਹੀ ਗੁਰੂ ਪਾਤਸ਼ਾਹ ਨੇ ਭਰੀ ਸੰਗਤ ਵਿੱਚ ਹੀ ਮਲਕ ਭਾਗੋ ਨੂੰ ਸੱਚੀ ਕਿਰਤ ਦਾ ਮਤਲਬ ਸਮਝਾ ਦਿੱਤਾ ਸੀ। ਅੱਜ ਜਦ ਅਸੀਂ ਅਖੰਡ ਪਾਠ ਦੇ ਭੋਗ ਸਮੇਂ ਥਾਲੀ ਵਿੱਚ ਭੋਜਨ ਪ੍ਰੋਸ ਕੇ ਗੁਰੂ ਸਾਹਿਬ ਅੱਗੇ ਪ੍ਰਵਾਨਗੀ ਲਈ ਭੇਟ ਕਰਦੇ ਹਾਂ ਤਾਂ ਸਾਨੂੰ ਵੀ ਯਕੀਨ ਹੋਣਾ ਚਾਹੀਦਾ ਹੈ ਕਿ ਸਾਡੇ ਭੋਜਨ ਨੂੰ ਵੀ ਗੁਰੂ ਜੀ ਪਰਖਣਗੇ ।

ਨਾਮ ਜਪਣ ਦੀ ਕਿਰਿਆ ਮਨ ’ਤੇ ਪ੍ਰਭਾਵ ਪਾਉਂਦੀ ਹੈ, ਰਸਨਾ ਤਾਂ ਇੱਕ ਸਾਧਨ ਹੈ। ਸੁਲਤਾਨਪੁਰ ਲੋਧੀ ਵਿਖੇ ਗੁਰੂ ਜੀ ਦੀ ਹਾਜ਼ਰੀ ਵਿੱਚ ਕਾਜ਼ੀ ਵੱਲੋਂ ਨਿਮਾਜ਼ ਪੜ੍ਹਨ ਵਿੱਚ ਇਕਾਗਰਤਾ ਦੀ ਰਹੀ ਘਾਟ ਸਿਮਰਨ ਦੌਰਾਨ ਇਕਾਗਰਤਾ ਨੂੰ ਗੁਣਕਾਰੀ ਬਿਆਨ ਕਰਦੀ ਹੈ । ਸਤਸੰਗਤ ਵਿੱਚੋਂ ਮਿਲਿਆ ਗਿਆਨ ਅਸੀਂ ਦੂਜਿਆਂ ਨਾਲ ਵੰਡ ਕੇ ਛਕਣਾ ਹੁੰਦਾ ਹੈ। ਗੁਰਦੇਵ ਜੀ ਨੇ ਆਪਣੀਆਂ ਪ੍ਰਚਾਰਕ ਫੇਰੀਆ ਦੌਰਾਨ ਆਪਣੀ ਵੀਚਾਰਧਾਰਾ ਨੂੰ ਲੋਕਾਂ ਵਿੱਚ ਬੇਝਿਜਕ ਹੋ ਕੇ ਬੜੇ ਮਿੱਠੇ ਬੋਲਾਂ ਨਾਲ ਪ੍ਰਚਾਰ ਕੇ ਕਰੋੜਾਂ ਲੋਕਾਂ ਨੂੰ ਜੀਵਨ ਦੇ ਸਹੀ ਮਾਰਗ ’ਤੇ ਤੋਰਿਆ। ਹਜ਼ਰਤ ਈਸਾ ਜੀ ਨੇ ਯੂਰੋਸਲਮ ਦੇ 35 ਮੀਲ ਦੇ ਅਰਧ ਵਿਆਸ ਦੇ ਘੇਰੇ ਵਿੱਚ ਹੀ ਪ੍ਰਚਾਰ ਕੀਤਾ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਮੱਕੇ ਤੋਂ ਮਦੀਨਾ ਤੇ ਮਦੀਨੇ ਤੋਂ ਮੱਕਾ ਕੁੱਲ (110+110=) 220 ਮੀਲ ਦਾ ਸਫਰ ਹੀ ਤੈਅ ਕੀਤਾ ਪਰ ਜਗਤ ਗੁਰੂ ਬਾਬੇ ਨੇ ਰੱਬੀ ਕਾਰਜ ਲਈ 58000 ਮੀਲ ਦੀ ਦੂਰੀ ਤਹਿ ਕੀਤੀ। ਸੰਸਾਰ ਦੇ ਉਹ ਪਹਿਲੇ ਐਸੇ ਧਾਰਮਕ ਰਹਿਬਰ ਹਨ, ਜਿਨ੍ਹਾਂ ਨੂੰ ਵੱਖ ਵੱਖ ਦੇਸ਼ਾਂ ਨੇ ਆਪਣੀ ਆਪਣੀ ਬੋਲੀ ਵਿੱਚ ਸਤਿਕਾਰ ਦਿੱਤਾ ਹੈ।  ਸ੍ਰੀਲੰਕਾ ਨੇ ਨਾਨਕ-ਆਚਾਰੀਆ ਦਾ ਨਾਮ ਦਿੱਤਾ।, ਤਿੱਬਤ ਨੇ ਨਾਨਕ-ਲਾਮਾ ਆਖਿਆ।, ਸਿਕਮ ਅਤੇ ਭੂਟਾਨ ਨੇ ਗੁਰੂ ਰਿਮਪੋਚੀਆ ਦੇ ਨਾਂ ਨਾਲ ਸੱਦਿਆ।, ਨੇਪਾਲ ਨੇ ਨਾਨਕ-ਰਿਸ਼ੀ ਦੇ ਨਾਮ ਨਾਲ ਸਤਿਕਾਰਿਆ ਅਤੇ ਬਗਦਾਦ ਦੇ ਲੋਕਾਂ ਨੇ ਹਜ਼ਰਤ ਨਾਨਕ ਪੀਰ ਆਖ ਕੇ ਸਨਮਾਨਿਆ ਹੈ।

ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖ਼ਾਂ ਦਾ ਸਾਲਾ ‘ਰਾਏ ਭੋਇ’ ਸੀ, ਜੋ 77 ਪਿੰਡਾਂ ਦੀ ਜ਼ਮੀਨ ਦਾ ਮਾਲਕ ਸੀ। ਇਹ ਜ਼ਮੀਨ 1500 ਮੁਰੱਬੇ (37500 ਏਕੜ) ਬਣਦੀ ਸੀ। ਗੁਰੂ ਨਾਨਕ ਪਾਤਸ਼ਾਹ ਜੀ ਪ੍ਰਤੀ ਪਿਆਰ ਦੇ ਰੂਪ ਵਿੱਚ ਉਸ ਨੇ ਆਪਣੀ ਅੱਧੀ ਜ਼ਮੀਨ ਗੁਰੂ ਪਾਤਸ਼ਾਹ ਦੇ ਨਾਮ ਇੰਤਕਾਲ ਕਰਵਾ ਦਿੱਤੀ। ਸੰਨ 1988 ਵਿੱਚ ਨਨਕਾਣਾ ਸਾਹਿਬ ਦੇ ਕੁਝ ਮੋਹਤਬਰਾਂ ਨੇ ਸ਼ਰਾਰਤੀ ਅਨਸਰਾਂ ਦੀ ਪ੍ਰੇਰਨਾ ’ਤੇ ਅਦਾਲਤ ਵਿੱਚ ਜ਼ਮੀਨ ਵਾਪਸੀ ਦਾ ਕੇਸ ਕਰ ਦਿੱਤਾ। ਦੋਸ਼ ਇਹ ਲਾਇਆ ਗਿਆ ਕਿ ਸਾਡੇ ਬਜ਼ੁਰਗ ਭੋਲੇ ਸਨ ਅਤੇ ਉਹਨਾਂ ਨੂੰ ਵਰਗਲਾ ਕੇ ਸਾਡੀ ਜ਼ਮੀਨ ਹਥਿਆਈ ਗਈ ਹੈ। ਜ਼ਿਲ੍ਹਾ ਅਦਾਲਤ ਸ਼ੇਖੂਪੁਰਾ ਤੋਂ ਉਹ ਮੁਕੱਦਮਾ ਹਾਰ ਗਏ।  ਹਾਈਕੋਰਟ ਲਾਹੌਰ ਤੋਂ ਵੀ ਹਾਰੇ। ਸੰਨ 2003 ਵਿੱਚ ਇਹ ਕੇਸ ਸੁਪਰੀਮ ਕੋਟ ਇਸਲਾਮਾਬਾਦ ਵਿੱਚ ਪਾਇਆ ਗਿਆ, ਉਸ ਵੇਲੇ ਜਨਰਲ ਮੁਸ਼ਰਫ ਦਾ ਰਾਜ ਸੀ। ਪੰਜ ਜੱਜਾਂ ਨੇ ਸੁਣਵਾਈ ਸ਼ੁਰੂ ਕੀਤੀ । ਉਹਨਾਂ ਇਲਾਕੇ ਦੇ ਮੋਹਤਬਰ ਤਲਬ ਕਰ ਲਏ। ਜੱਜਾਂ ਨੇ ਕਿਹਾ ਕਿ ਰਾਏ ਭੋਇ ਦਾ ਨਾਮ ਹਜ਼ਰਤ ਨਾਨਕ ਦੇ ਮਿਲਾਪ ਕਾਰਨ ਪ੍ਰਸਿੱਧ ਹੋਇਆ ਹੈ ਅਤੇ ਇਸੇ ਬਦੌਲਤ ਇਹ ਸਾਰੀ ਧਰਤੀ ਸੰਸਾਰ ਪ੍ਰਸਿੱਧ ਹੋਈ ਹੈ। ਤੁਸੀਂ ਇਸ ਸਾਂਝ ਨੂੰ ਖ਼ਤਮ ਕਰਨ ਲਈ ਆਪਣੀ ਆਪਣੀ ਰਾਇ ਦੇ ਸਕਦੇ ਹੋ।  ਮੋਹਤਬਰਾਂ ਦੇ ਬੁੱਲ ਸੀਤੇ ਗਏ। ਅੱਖਾਂ ਨਮ ਸਨ, ਜਵਾਬ ਕੋਈ ਨਹੀਂ, ਕੇਸ ਰੱਦ ਹੋ ਗਿਆ।

ਆਓ ! ਸੋਚੀਏ ਅਤੇ ਵੀਚਾਰੀਏ ਕਿ ਕਿਤੇ ਗੁਰੂ ਨਾਨਕ ਪਾਤਸ਼ਾਹ ਨਾਲੋਂ ਸਾਡੀ ਸਾਂਝ ਵੀ ਨਾ ਟੁੱਟ ਜਾਏ। ਸੰਸਾਰ ਪ੍ਰਸਿੱਧ ਗ਼ੈਰ ਸਿੱਖ ਵਿਦਵਾਨਾਂ ਦੇ ਮਨ ’ਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਜੋ ਅਸਰ ਹੋਇਆ ਉਹ ਉਹਨਾਂ ਨੇ ਹੇਠ ਲਿਖੇ ਅਨੁਸਾਰ ਬਿਆਨ ਕੀਤਾ ਹੈ : –

1. ਐੱਚ. ਐੱਲ. ਬਰਾਡਸ਼ਾਹ ਦਾ ਵੀਚਾਰ ਹੈ ਕਿ ਸਿੱਖਾਂ ਨੂੰ ਇਹ ਸੋਚਣਾ ਬੰਦ ਕਰ ਦੇਣਾ ਚਾਹੀਦਾ ਹੈ ਕਿ ਸਿੱਖੀ ਇੱਕ ਹੋਰ ਚੰਗਾ ਧਰਮ ਹੈ ਬਲਕਿ ਇਸ ਸੋਚਣਾ ਚਾਹੀਦਾ ਹੈ ਕਿ ਸਿੱਖੀ ਹੀ ਨਵੇਂ ਯੁੱਗ ਦਾ ਧਰਮ ਹੈ। ਇਹ ਪੂਰਨ ਤੌਰ ’ਤੇ ਪੁਰਾਣੇ ਮੱਤਾਂ ਦੀ ਥਾਂ ਮੱਲਦਾ ਹੈ ਅਤੇ ਮਨੁੱਖ ਦੀਆਂ ਸਾਰੀਆਂ ਉੱਲਝਣਾ ਦਾ ਉੱਤਰ ਹੈ।

2. ਸੀ. ਐੱਚ. ਪੇਨ ਅਨੁਸਾਰ ਗੁਰੂ ਸਾਹਿਬ ਇਹ ਜਾਣਦੇ ਸਨ ਕਿ ਧਰਮ ਉਹੋ ਜ਼ਿੰਦਾ ਰਹਿ ਸਕਦਾ ਹੈ, ਜੋ ਵਰਤੋਂ ਸਿਖਾਵੇ, ਇਹ ਨਾ ਸਿਖਾਵੇ ਕਿ ਦੁਨੀਆ ਤੋਂ ਕਿਵੇਂ ਭੱਜਣਾ ਹੈ ਬਲਕਿ ਇਹ ਸਿਖਾਏ ਕਿ ਦੁਨੀਆਂ ਵਿੱਚ ਰਹਿ ਕੇ ਚੰਗਾ ਜੀਵਨ ਕਿਵੇਂ ਗੁਜ਼ਾਰਨਾ ਹੈ।

3. ਹਿੰਦੂਸਤਾਨ ਦੇ ਸਾਬਕਾ ਰਾਸ਼ਟਰਪਤੀ ਡਾ: ਰਾਧਾ ਕ੍ਰਿਸ਼ਨਨ ਅਨੁਸਾਰ, ਮਰਦ-ਇਸਤਰੀਆਂ ਵਿੱਚ ਬਰਾਬਰਤਾ, ਸਵੈਮਾਨ ਤੇ ਸਾਂਝੀਵਾਲਤਾ ਦੇ ਗੁਣ ਗੁਰੂ ਨਾਨਕ ਸਾਹਿਬ ਜੀ ਦੀ ਹੀ ਦੇਣ ਹਨ।

4. ਰੱਸਲ ਬਰਟੰਡ ਦਾ ਮੰਨਣਾ ਹੈ ਕਿ ਗੁਰੂ ਨਾਨਕ ਦੀ ਸਿੱਖਿਆ, ਕੇਵਲ ਸਿੱਖਾਂ ਦੀ ਮਲਕੀਅਤ ਨਹੀਂ ਹੈ ਸਗੋਂ ਇਹ ਤਾਂ ਸਾਰੇ ਸੰਸਾਰ ਦੇ ਭਲੇ ਵਾਸਤੇ ਹੈ, ਪਰ ਇਸ ਦਾ ਪ੍ਰਚਾਰ ਨਾ ਕਰਨ ਲਈ ਸਿੱਖ ਹੀ ਦੋਸ਼ੀ ਹਨ। ਗੁਰੂ ਨਾਨਕ ਦੇਵ ਜੀ ਨੇ 14 ਸਤੰਬਰ 1539 ਵਿੱਚ ਭਾਈ ਲਹਿਣਾ ਜੀ ਨੂੰ ਗੁਰੂ ਥਾਪ ਕੇ ਉਹਨਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਰੱਖ ਦਿੱਤਾ । ਗੁਰੂ ਪਾਤਸ਼ਾਹ ਜੀ ਆਪ 22 ਸਤੰਬਰ 1539 ਨੂੰ ਜੋਤੀ ਜੋਤਿ ਸਮਾ ਗਏ।

Most Viewed Posts