ਔਰਤ ਦੀ ਸ਼ਕਤੀ

0
466

ਔਰਤ ਦੀ ਸ਼ਕਤੀ

ਇੱਕ ਸੱਚੀ ਕਹਾਣੀ 

Hardeep Khalsa

ਜਦ ਨਵਦੀਪ ਨੂੰ ਪਹਿਲੀ ਰਾਤ ਪਤਾ ਲੱਗਾ ਕਿ ਉਸ ਦਾ ਪਤੀ ਕੁਲਬੀਰ ਨਸ਼ਾ ਲੈਂਦਾ ਹੈ ਤਾਂ ਉਸ ਨੂੰ ਆਪਣੀ ਦੁਨੀਆ ਉੱਜੜ ਗਈ ਜਾਪੀ, ਉਸ ਨੇ ਸਵੇਰੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਤਾਂ ਉਹ ਵੀ ਚਿੰਤਤ ਹੋ ਗਏ। ਨਵਦੀਪ ਨੇ ਕੁਲਬੀਰ ਦੀ ਮਾਤਾ ਨੂੰ ਪੁੱਛਿਆ ਕਿ ਜੇਕਰ ਤੁਹਾਨੂੰ ਪਤਾ ਸੀ ਕਿ ਕੁਲਬੀਰ ਨਸ਼ਾ ਲੈਂਦਾ ਸੀ ਤਾਂ ਤੁਸੀਂ ਉਸ ਦਾ ਵਿਆਹ ਕਿਉਂ ਕੀਤਾ..?

ਮਾਤਾ ਬੋਲੀ, ਅਸੀਂ ਕੁਲਬੀਰ ਨੂੰ ਬਹੁਤ ਸਮਝਾਇਆ, ਉਸ ਦਾ ਕਈ ਵਾਰ ਇਲਾਜ ਵੀ ਕਰਵਾਇਆ ਪਰ ਉਹ ਨਸ਼ਾ ਲੈਣ ਤੋਂ ਨਹੀਂ ਹਟਿਆ। ਅਸੀਂ ਸੋਚਿਆ ਜੇ ਇਸ ਦਾ ਵਿਆਹ ਕਰ ਦਿਆਂਗੇ ਤਾਂ ਇਹ ਆਪਣੇ ਆਪ ਹਟ ਜਾਵੇਗਾ। ਨਵਦੀਪ ਕਹਿਣ ਲੱਗੀ, ਇਹ ਤਾਂ ਬੇਗਾਨੀਆਂ ਧੀਆਂ ਦਾ ਗਲ ਘੁੱਟਣ ਵਾਲੀ ਗੱਲ ਹੈ। ਨਵਦੀਪ ਸੋਚਾਂ ਵਿਚ ਡੁੱਬ ਗਈ। ਹੁਣ ਉਸ ਕੋਲ ਦੋ ਰਸਤੇ ਸਨ। ਕੁਲਬੀਰ ਦਾ ਇਲਾਜ ਕਰਵਾਏ ਜਾਂ ਤਲਾਕ ਦੇਵੇ। ਨਵਦੀਪ ਬਹੁਤ ਬਹਾਦਰ ਤੇ ਹੋਣਹਾਰ ਲੜਕੀ ਸੀ। ਉਸ ਨੇ ਇਲਾਜ ਕਰਵਾਉਣ ਦਾ ਰਸਤਾ ਚੁਣਿਆ।

ਨਵਦੀਪ ਨੇ ਕਈਆਂ ਕਿਤਾਬਾਂ ਤੇ ਨੈੱਟ ਤੋਂ ਨਸ਼ਿਆਂ ਦੇ ਇਲਾਜ ਬਾਰੇ ਜਾਣਕਾਰੀ ਲਈ। ਉਸ ਨੇ ਸਿਆਣੇ ਡਾਕਟਰ ਦਾ ਪਤਾ ਕਰ ਲਿਆ। ਡਾਕਟਰ ਨੇ ਕੁਲਬੀਰ ਦੇ ਟੈਸਟ ਕਰਵਾਏ। ਡਾਕਟਰ ਨੇ ਨਵਦੀਪ ਨੂੰ ਵਿਸ਼ਵਾਸ ਦਿਵਾਇਆ ਕਿ ਦੂਸਰੀਆਂ ਬਿਮਾਰੀਆਂ ਵਾਂਗ ਨਸ਼ਾ ਵੀ ਬਿਮਾਰੀ ਹੈ ਤੇ ਸੌ ਫੀਸਦੀ ਇਲਾਜਯੋਗ ਹੈ ਪਰ ਇਸ ਬਿਮਾਰੀ ਵਿਚ ਮਰੀਜ਼ ਨੂੰ ਦਵਾਈ ਦੇ ਨਾਲ ਪਰਿਵਾਰ ਦੇ ਪਿਆਰ ਤੇ ਹਮਦਰਦੀ ਦੀ ਜ਼ਰੂਰਤ ਹੁੰਦੀ ਹੈ। ਪਿਆਰ ਨਾਲ ਪੂਰੀ ਦੁਨੀਆ ਨੂੰ ਜਿੱਤਿਆ ਜਾ ਸਕਦਾ ਹੈ, ਨਸ਼ਾ ਤਾਂ ਮਾਮੂਲੀ ਚੀਜ਼ ਹੈ। ਔਰਤ ਪਿਆਰ ਦੀ ਮੂਰਤ ਹੈ, ਉਸ ਨੂੰ ਪਰਮਾਤਮਾ ਨੇ ਪਿਆਰ ਤੇ ਧੀਰਜ ਦੀ ਅਥਾਹ ਸ਼ਕਤੀ ਬਖਸ਼ਿਸ਼ ਕੀਤੀ ਹੈ। ਔਰਤ ਭਾਵੇਂ ਭੈਣ, ਪਤਨੀ ਜਾਂ ਮਾਂ ਹੋਵੇ, ਸਭ ਤੋਂ ਵੱਧ ਮਦਦਗਾਰ ਸਾਬਤ ਹੁੰਦੀ ਹੈ। ਡਾਕਟਰ ਦੀਆਂ ਗੱਲਾਂ ਦਾ ਨਵਦੀਪ ਦੇ ਮਨ ’ਤੇ ਡੂੰਘਾ ਅਸਰ ਹੋਇਆ। ਉਸ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਕੁਲਬੀਰ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਵਿਚ ਸਫਲ ਹੋ ਜਾਵੇਗੀ। ਇਲਾਜ ਸ਼ੁਰੂ ਹੋਇਆ।

ਕੁਲਬੀਰ ਨੂੰ ਹਸਪਤਾਲ ਦਾ ਕਮਰਾ ਜੇਲ੍ਹ ਦੇ ਕਮਰੇ ਵਾਂਗ ਲੱਗ ਰਿਹਾ ਸੀ। ਉਸ ਨੂੰ ਨਸ਼ੇ ਦੀ ਤੋੜ ਲੱਗ ਰਹੀ ਸੀ। ਉਸ ਨੂੰ ਨੀਂਦ ਨਹੀਂ ਸੀ ਆ ਰਹੀ ਤੇ ਇਕੱਲਾਪਣ ਮਹਿਸੂਸ ਹੋ ਰਿਹਾ ਸੀ। ਉਹ ਘਰ ਜਾਣ ਦੀ ਜ਼ਿੱਦ ਕਰ ਰਿਹਾ ਸੀ। ਨਵਦੀਪ ਹੌਂਸਲੇ ਤੋਂ ਕੰਮ ਲੈ ਰਹੀ ਸੀ। ਉਹ ਕੁਲਬੀਰ ਨੂੰ ਪਿਆਰ ਨਾਲ ਪਲੋਸਦੀ, ਉਸ ਦਾ ਮੱਥਾ ਚੁੰਮ ਕੇ ਉਸ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਵਾਉਂਦੀ ਤੇ ਪਰਮਾਤਮਾ ਅੱਗੇ ਉਸ ਦੀ ਨਸ਼ਿਆਂ ਤੋਂ ਮੁਕਤੀ ਲਈ ਹੱਥ ਜੋੜ ਕੇ ਦੁਆ ਕਰਦੀ।  ਹੌਲੀ-ਹੌਲੀ ਦੁਆ ਤੇ ਦਵਾ ਦਾ ਅਸਰ ਹੋਣ ਲੱਗਾ। ਉਹ ਠੀਕ ਮਹਿਸੂਸ ਕਰ ਰਿਹਾ ਸੀ। ਨਵਦੀਪ ਹੁਣ ਬੇਹੱਦ ਖੁਸ਼ ਸੀ ਤੇ ਪਰਮਾਤਮਾ ਦਾ ਧੰਨਵਾਦ ਕਰ ਰਹੀ ਸੀ। ਹਸਪਤਾਲ ਵਿਚ ਮਨੋਵਿਗਿਆਨੀ ਹਰ ਰੋਜ਼ ਦੋ ਘੰਟੇ ਦੀ ਬੈਠਕ ਵਿਚ ਮਰੀਜ਼ਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਉਨ੍ਹਾਂ ਦੇ ਘਰਵਾਲਿਆਂ ਨੂੰ ਮਰੀਜ਼ਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਬਾਰੇ ਸਿੱਖਿਆ ਦਿੰਦੇ ਸਨ। ਨਵਦੀਪ ਤੇ ਕੁਲਬੀਰ ਨੇ ਇਸ ਬੈਠਕ ਵਿਚ ਕਈ ਮਹੱਤਵਪੂਰਨ ਗੱਲਾਂ ਸਿੱਖੀਆਂ। ਮਰੀਜ਼ ਨਾਲ ਕਿਹੜੀ ਗੱਲ ਕਦੋਂ ਤੇ ਕਿਵੇਂ ਕਰਨੀ ਹੈ, ਉਸ ਨਾਲ ਹਮੇਸ਼ਾ ਪਿਆਰ ਨਾਲ ਪੇਸ਼ ਆਉਣਾ ਹੈ, ਉਸ ਨੂੰ ਕਦੇ ਨਸ਼ਿਆਂ ਦੇ ਮਾੜੇ ਦਿਨ ਯਾਦ ਕਰਵਾ ਕੇ ਤਾਅਨੇ-ਮਿਹਣੇ ਨਹੀਂ ਮਾਰਨੇ ਤੇ ਨਾ ਹੀ ਮਾੜੇ ਸ਼ਬਦ ਜਿਵੇਂ ਅਮਲੀ, ਨਸ਼ੇੜੀ ਆਦਿ ਬੋਲਣੇ ਹਨ, ਕਦੇ ਸ਼ੱਕ ਨਹੀਂ ਕਰਨਾ, ਨਸ਼ਿਆਂ ਨੂੰ ਉਸ ਦੀ ਮਾੜੀ ਆਦਤ ਵਜੋਂ ਨਹੀਂ ਬਲਕਿ ਬਿਮਾਰੀ ਵਜੋਂ ਸਵੀਕਾਰਨਾ ਹੈ, ਉਸ ਦੀ ਹਰ ਜਾਇਜ਼ ਗੱਲ ਮੰਨਣੀ ਹੈ, ਚੰਗੀਆਂ ਗੱਲਾਂ ਲਈ ਤਾਰੀਫ਼ ਕਰ ਕੇ ਉਸ ਦੀ ਹਮੇਸ਼ਾ ਹੌਂਸਲਾ ਅਫਜ਼ਾਈ ਕਰਨੀ ਹੈ।

ਨਵਦੀਪ ਨੇ ਡਾਕਟਰ ਕੋਲੋਂ ਘਰ ਜਾਣ ਦੀ ਇਜਾਜ਼ਤ ਮੰਗੀ। ਡਾਕਟਰ ਚਾਹੁੰਦਾ ਸੀ ਕਿ ਉਹ ਦੋਵੇਂ ਠੀਕ ਹੋਏ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਕੁਝ ਦਿਨ ਬਿਤਾਉਣ। ਕੁਲਬੀਰ ਨੂੰ ਇਨ੍ਹਾਂ ਮਰੀਜ਼ਾਂ ਨਾਲ ਰਹਿ ਕੇ ਇਹ ਅਹਿਸਾਸ ਹੋਵੇਗਾ ਕਿ ਨਸ਼ਿਆਂ ਤੋਂ ਬਗੈਰ ਜ਼ਿੰਦਗੀ ਬਹੁਤ ਜ਼ਿਆਦਾ ਖੁਸ਼ਹਾਲ ਹੈ। ਉਸ ਦਾ ਮਨੋਬਲ ਹੋਰ ਵਧੇਗਾ। ਨਵਦੀਪ ਨੂੰ ਇਨ੍ਹਾਂ ਪਰਿਵਾਰਾਂ ਕੋਲੋਂ ਹੋਰ ਜ਼ਿਆਦਾ ਸਿੱਖਣ ਦਾ ਮੌਕਾ ਮਿਲੇਗਾ। ਇਸ ਵਾਸਤੇ ਡਾਕਟਰ ਨੇ ਨਵਦੀਪ ਦੀ ਸਹਿਮਤੀ ਚਾਹੀ। ਨਵਦੀਪ ਨੇ ਤੁਰੰਤ ਸਹਿਮਤੀ ਦੇ ਦਿੱਤੀ। ਕੁਲਬੀਰ ਠੀਕ ਹੋਏ ਮਰੀਜ਼ਾਂ ਨੂੰ ਮਿਲ ਕੇ ਬਹੁਤ ਖੁਸ਼ ਹੋਇਆ। ਉਨ੍ਹਾਂ ਨਾਲ ਰਹਿ ਕੇ ਉਸ ਦਾ ਮਨੋਬਲ ਹੋਰ ਵਧ ਗਿਆ। ਜਦ ਮਰੀਜ਼ ਤੇ ਉਨ੍ਹਾਂ ਦੇ ਘਰਵਾਲੇ ਆਪਸ ਵਿਚ ਮੁਸ਼ਕਲਾਂ ਸਾਂਝੀਆਂ ਕਰਦੇ ਤਾਂ ਸਭ ਨੂੰ ਆਪੋ ਆਪਣਾ ਦਰਦ ਘੱਟ ਲੱਗਦਾ ਤੇ ਹੌਂਸਲਾ ਮਿਲਦਾ।

ਹੁਣ ਕੁਲਬੀਰ ਬਿਲਕੁਲ ਠੀਕ ਸੀ। ਡਾਕਟਰ ਨੇ ਉਨ੍ਹਾਂ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਤੇ ਹਦਾਇਤ ਕੀਤੀ ਕਿ ਉਨ੍ਹਾਂ ਨੇ ਇੱਥੇ ਰਹਿ ਕੇ ਜੋ ਸਿੱਖਿਆ ਹੈ ਉਸ ਨੂੰ ਘਰ ਜਾ ਕੇ ਵੀ ਅਮਲ ਵਿਚ ਲਿਆਉਣ ਤੇ ਜਦੋਂ ਵੀ ਉਹ ਚੈੱਕਅਪ ਵਾਸਤੇ ਆਉਣ ਤਾਂ ਮਨੋਵਿਗਿਆਨੀਆਂ ਦੀ ਬੈਠਕ ਵਿਚ ਜ਼ਰੂਰ ਹਿੱਸਾ ਲੈਣ। ਨਵਦੀਪ ਡਾਕਟਰ ਦੇ ਕਹੇ ਅਨੁਸਾਰ ਕੁਲਬੀਰ ਨੂੰ ਚੈੱਕ-ਅੱਪ ਵਾਸਤੇ ਲੈ ਕੇ ਆਉਂਦੀ। ਹੌਲੀ- ਹੌਲੀ ਉਸ ਦੀ ਦਵਾਈ ਘਟ ਕੇ ਬੰਦ ਹੋ ਗਈ ਸੀ। ਇੱਕ ਸਾਲ ਤੋਂ ਉਸ ਨੇ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਸੀ ਲਿਆ। ਨਵਦੀਪ ਨੇ ਕੁਲਬੀਰ ਦੇ ਨਸ਼ਿਆਂ ਨੂੰ ਛੱਡਣ ਵਾਲੇ ਦਿਨ ਨੂੰ ਉਸ ਦੇ ‘ਜਨਮ ਦਿਨ’ ਦੀ ਖੁਸ਼ੀ ਵਜੋਂ ਮਨਾਇਆ।

ਦੋਵੇਂ ਬੇਹੱਦ ਖੁਸ਼ ਸਨ। ਅੱਜ ਨਵਦੀਪ ਨੂੰ ਡਾਕਟਰ ਦੇ ਕਹੇ ਹੋਏ ਇਹ ਸ਼ਬਦ ਯਾਦ ਆ ਰਹੇ ਸਨ ਕਿ ਔਰਤ ਪਿਆਰ ਦੀ ਮੂਰਤ ਹੈ, ਉਸ ਨੂੰ ਪਰਮਾਤਮਾ ਨੇ ਪਿਆਰ ਤੇ ਧੀਰਜ ਦੀ ਅਥਾਹ ਸ਼ਕਤੀ ਬਖਸ਼ਿਸ਼ ਕੀਤੀ ਹੈ। ਔਰਤ ਭਾਵੇਂ ਭੈਣ, ਪਤਨੀ ਜਾਂ ਮਾਂ ਹੋਵੇ, ਸਭ ਤੋਂ ਵੱਧ ਮਦਦਗਾਰ ਸਾਬਤ ਹੁੰਦੀ ਹੈ। ਨਵਦੀਪ ਨੂੰ ਸ਼ਕਤੀਸ਼ਾਲੀ ਔਰਤ ਹੋਣ ਦਾ ਮਾਣ ਮਹਿਸੂਸ ਹੋ ਰਿਹਾ ਸੀ ਤੇ ਅੱਜ ਨਵਦੀਪ ਬਹੁਤ ਹੀ ਖੁਸ਼ਹਾਲ ਜ਼ਿੰਦਗੀ ਜੀਅ ਰਹੀ ਹੈ..

ਸੋ, ਦੋਸਤੋ ਜੇ ਚਾਹੇ ਤਾਂ ਔਰਤ ਕੀ ਨਹੀਂ ਕਰ ਸਕਦੀ, ਅੱਜ ਦੇ ਦੌਰ ਵਿਚ ਔਰਤ ਕਿਸੀ ਵੀ ਖੇਤਰ ’ਚ ਮਰਦ ਨਾਲੋਂ ਪਿੱਛੇ ਨਹੀਂ ਹੈ..ਸੋ ਕਿਸੇ ਮੁਸੀਬਤ ’ਤੇ ਘਬਰਾਉਣਾ ਨਹੀਂ ਚਾਹੀਦਾ, ਸਾਨੂੰ ਹਰ ਔਰਤ ਚਾਹੇ ਉਹ ਮਾਂ, ਭੈਣ, ਪਤਨੀ, ਬੇਟੀ ਜਾਂ ਦੋਸਤ ਹੀ ਕਿਉਂ ਨਾ ਹੋਵੇ ਸਭ ਦੀ ਇੱਜ਼ਤ ਕਰਨੀ ਚਾਹੀਦੀ ਹੈ ਤੇ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ, ਔਰਤ ਨੂੰ ਜ਼ਿੰਦਗੀ ’ਚ ਅੱਗੇ ਵਧਣ ਲਈ ਹੌਂਸਲਾ ਦੇਣਾ ਚਾਹੀਦਾ ਹੈ- ਧੰਨਵਾਦ ਜੀ।

ਇਹ ਇੱਕ ਸੱਚੀ ਕਹਾਣੀ ਹੈ।