ਗੁਰੂ ਅਤੇ ਸੰਗਤ ਦਾ ਰਿਸ਼ਤਾ

0
451

ਗੁਰੂ ਅਤੇ ਸੰਗਤ ਦਾ ਰਿਸ਼ਤਾ

-ਸੁਖਦੇਵ ਸਿੰਘ ਲੁਧਿਆਣਾ, ਫੋਨ: 8360568209

ਸਿੱਖ ਧਰਮ ਵਿੱਚ ਇਕਵਾਦ ਦੀ ਥਿਉਰੀ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨ ਨੇ ਆਪਣੇ ਜੀਵਨਕਾਲ ਵਿੱਚ ਇੱਕ ਅਕਾਲ ਪੁਰਖ ਦੀ ਬੰਦਗੀ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਨਾਨਕ ਸਾਹਿਬ ਨੇ ਜਗਤ ਨੂੰ ਸਮਝਾਇਆ ਕਿ ਅਕਾਲ ਪੁਰਖ ਇੱਕੋ ਹੀ ਸ਼ਕਤੀ ਹੈ, ਜੋ ਵੱਖ-ਵੱਖ ਰੂਪਾਂ ਵਿੱਚ ਕੰਮ ਕਰ ਰਹੀ ਹੈ ਜਦ ਕਿ ਇੱਥੇ ਪ੍ਰਚਲਿਤ ਮੱਤਾਂ ਵਿੱਚ ਰੱਬ ਦੀਆਂ ਕਈ ਸ਼ਕਤੀਆਂ ਦੀ ਪੂਜਾ ਕੀਤੀ ਜਾਂਦੀ ਰਹੀ ਹੈ। ਗੁਰਬਾਣੀ ਦੇ ਅਰੰਭ ਵਿਚ ੧ ਲਿਖਣ ਦਾ ਮਕਸਦ ਇਹੋ ਸੀ ਕਿ ਸੰਗਤ ਨੂੰ ਇੱਕ ਅਕਾਲ ਪੁਰਖ ਦੇ ਲੜ ਲਾਇਆ ਜਾਵੇ। ਸਾਰੇ ਹੀ ਗੁਰੂ ਸਾਹਿਬਾਨ ਨੇ ਆਪੋ ਆਪਣੇ ਸਮੇਂ ‘‘ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ ॥’’ (ਮ: ੩/੬੪੬) ਦਾ ਸੰਦੇਸ਼ ਦਿੱਤਾ, ਪਰ ਅੱਜ ਇਸ ੧ ਦੀ ਥਿਉਰੀ ਨੂੰ ਕਈ ਵੰਗਾਰਾਂ ਖੜ੍ਹੀਆਂ ਹੋ ਗਈਆਂ ਹਨ।

ਅੱਜ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਈ ਹੋਰ ਗ੍ਰੰਥ ਪ੍ਰਕਾਸ਼ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਖ਼ਤਮ ਕਰਨ ਲਈ ਹਜ਼ਾਰਾਂ ਰੰਗ-ਬਿਰੰਗੇ ‘ਸੰਤ’ ਤੇ ‘ਬਾਬੇ’ ਪੈਦਾ ਕਰ ਦਿੱਤੇ ਗਏ ਹਨ, ਜੋ ਆਪਣੀ ਪੂਜਾ ਕਰਵਾ ਰਹੇ ਹਨ। ਡੇਰਿਆਂ ਵਿੱਚ ਤਰ੍ਹਾਂ-ਤਰ੍ਹਾਂ ਦੇ ਪਾਠ ਤੇ ਕਰਮਕਾਂਡ ਕਰ ਕੇ ਸਿੱਖਾਂ ਨੂੰ ਗੁਰਮਤਿ ਤੋਂ ਤੋੜਨ ਦਾ ਕੋਝਾ ਯਤਨ ਕੀਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਾਰੇ ਮਹਾਂਪੁਰਖਾਂ ਦੀ ਬਾਣੀ ਲੁਕਾਈ ਨੂੰ ਇਹ ਚਾਨਣ ਬਖ਼ਸ਼ਦੀ ਹੈ ਕਿ ਇੱਕ ਅਕਾਲ ਪੁਰਖ ਹੀ ਇਸ ਜਗਤ ਨੂੰ ਜੀਵਨ ਦੇਣ ਵਾਲਾ, ਪਾਲਣ ਵਾਲਾ ਤੇ ਨਾਸ਼ ਕਰਨ ਵਾਲਾ ਹੈ। ਇਸ ਲਈ ਉਸ ਅਕਾਲ ਪੁਰਖ ਨੂੰ ਹਰ ਵੇਲੇ ਆਪਣੇ ਮਨ ਵਿੱਚ ਵਸਾ ਕੇ ਰੱਖਣਾ ਮਨੁੱਖ ਦੀ ਸਰਬੋਤਮ ਜ਼ਿੰਮੇਵਾਰੀ ਹੈ, ਪਰ 33 ਕਰੋੜ ਦੇਵੀ-ਦੇਵਤਿਆਂ ਦੇ ਪੁਜਾਰੀ ਇਸ ਨੂੰ ਆਪਣੇ ਲਈ ਵੰਗਾਰ ਸਮਝਦਿਆਂ ਆਪਣੀ ਨਫਰਤ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ’ਤੇ ਕੱਢਣ ਲੱਗੇ ਹੋਏ ਹਨ।  ਰਾਜਨੀਤਕ ਤੋਂ ਇਲਾਵਾ ਬੇਅਦਬੀਆਂ ਦਾ ਦੂਜਾ ਕਾਰਨ ਵੀ ਇਹੋ ਹੈ।

ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀ ਦਾ ਸ਼ਿਕਾਰ ਬਣਾਉਣ ਦੇ ਨਾਲ-ਨਾਲ ਪੰਥਕ ਜੁਗਤ ਨੂੰ ਵਿਗਾੜਨ ਦੇ ਵੀ ਭਰਪੂਰ ਉਪਰਾਲੇ ਹੋ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੀ ਖੰਡੇ-ਬਾਟੇ ਦੀ ਪਾਹੁਲ ਤੇ ਰਹਿਤ ਮਰਿਆਦਾ ਵਿੱਚ ਵੀ ਵੰਡੀਆਂ ਪਾ ਦਿੱਤੀਆਂ ਗਈਆਂ ਹਨ। ਵੱਖ ਵੱਖ ਸੰਪਰਦਾਵਾਂ ਤੇ ਜੱਥਿਆਂ ਦੀ ਮਰਿਆਦਾ ਵੱਖੋ-ਵੱਖਰੀ ਬਣੀ ਹੋਈ ਹੈ। ਸਾਰਿਆਂ ਦਾ ਅੰਮ੍ਰਿਤ ਛਕਾਉਣ ਦਾ ਢੰਗ ਵੱਖੋ-ਵੱਖਰਾ ਹੈ। ਨਾਨਕਸਰ ਵਾਲਿਆਂ ਦਾ ਤਾਂ ਸਾਰਿਆਂ ਤੋਂ ਹੀ ਵੱਖਰਾ ਹੈ। ਇਹ ਨਾ ਪੂਰੇ ਕਕਾਰ ਪਾਉਂਦੇ ਹਨ ਤੇ ਨਾ ਪੰਥ ਦੀ ਕੋਈ ਰਹਿਤ ਰੱਖਦੇ ਹਨ। ਰਾੜੇ ਵਾਲੇ, ਦੋਦੜੇ ਵਾਲੇ, ਨੀਲਧਾਰੀ, ਅਖੰਡ ਕੀਰਤਨੀ ਜੱਥੇ ਵਾਲੇ ਸਾਰਿਆਂ ਦੀ ਮਰਿਆਦਾ ਵੱਖੋ-ਵੱਖਰੀ ਹੈ। ਹੋਰ ਤਾਂ ਹੋਰ ਸਿੱਖਾਂ ਦੇ ਕਹੇ ਜਾਂਦੇ ਪੰਜਾਂ ਤਖ਼ਤਾਂ ਵਿੱਚੋਂ ਵੀ ਕੁਝ ਦੀ ਮਰਯਾਦਾ ਵੱਖਰੀ ਹੈ ਖ਼ਾਸਕਰ ਜੋ ਪੰਜਾਬ ਤੋਂ ਬਾਹਰ ਸਥਿਤ ਹਨ।

ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਨੂੰ ਵਡਿਆਈ ਬਖ਼ਸ਼ਣ ਲਈ ਪੰਜਾਂ ਪਿਆਰਿਆਂ ਦੀ ਰਵਾਇਤ ਚਲਾਈ ਸੀ, ਪਰ ਅੱਜ ਰਾਜਨੀਤਕਾਂ ਵੱਲੋਂ ਥਾਪੇ ਹੋਏ ਕਈ ਜਥੇਦਾਰ ਹੀ ਪੰਥ ਦੀ ਅਗਵਾਈ ਕਰਦੇ ਵੇਖੇ ਜਾ ਸਕਦੇ ਹਨ। ਪੰਜ ਪਿਆਰਿਆਂ ਨੂੰ ਆਪਣੇ ਤੋਂ ਵੱਡਾ ਦਰਜਾ ਦੇਣ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਮਕਸਦ ਇਹ ਸੀ ਕਿ ਉਹ ਸੰਗਤ ਦੇ ਨੁਮਾਇੰਦਿਆਂ ਨੂੰ ਆਪਣੇ ਤੋਂ ਉੱਚਾ ਦਰਜਾ ਦੇਂਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਤਾਕਤ ਸੰਗਤ ਨੂੰ ਦੇ ਦਿੱਤੀ ਪਰ ਉਨ੍ਹਾਂ ਤੋਂ ਬਾਅਦ ਪੰਜਾਬ ਵਿੱਚ ਰਾਜ ਕਰਦੇ ਰਹੇ ਹਾਕਮਾਂ ਨੂੰ ਗੁਰੂਆਂ ਦੀ ਇਹ ਰੀਤ ਰਾਸ ਨਾ ਆਈ ਤੇ ਉਨ੍ਹਾਂ ਆਪਣੇ-ਆਪਣੇ ਜਥੇਦਾਰ ਥਾਪਣੇ ਸ਼ੁਰੂ ਕਰ ਦਿੱਤੇ। ਇਹ ਜਥੇਦਾਰ ਸ਼ੁਰੂ ਤੋਂ ਹੀ ਸੰਗਤ ਨੂੰ ਸਰਕਾਰੀ ਹੁਕਮ ਸੁਣਾਉਂਦੇ ਆ ਰਹੇ ਹਨ। ਇਨ੍ਹਾਂ ਕਦੇ ਵੀ ਸਰਬੱਤ ਖਾਲਸਾ ਸੱਦ ਕੇ ‘ਪੰਥਕ ਗੁਰਮਤਾ’ ਨਹੀਂ ਕੀਤਾ। ਹੁਣ ਤਾਂ ਇਹ ਕਹਿਣ ਪ੍ਰਚਲਿਤ ਹੋ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਹੀ ‘ਸਰਬੱਤ ਖਾਲਸਾ’ ਹੈ।

ਸਰਕਾਰ ਵੱਲੋਂ ਖੜ੍ਹੀਆਂ ਕੀਤੀਆਂ ਇਨ੍ਹਾਂ ਸ਼੍ਰੇਣੀਆਂ ਕਰ ਕੇ ਅੱਜ ਗੁਰੂ ਅਤੇ ਸੰਗਤ ਦਾ ਰਿਸ਼ਤਾ ਟੁੱਟ ਰਿਹਾ ਹੈ। ਅੱਜ ਸਿੱਖਾਂ ਦਾ ਵੱਡਾ ਹਿੱਸਾ ਬਾਬਿਆਂ ਮਗਰ ਲੱਗ ਕੇ ਤਰ੍ਹਾਂ-ਤਰ੍ਹਾਂ ਦੇ ਪਾਠਾਂ ਤੇ ਕਰਮਕਾਂਡਾਂ ਵਿੱਚ ਉਲਝ ਕੇ ਰਹਿ ਗਿਆ ਹੈ। ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਬਣੇ ਹੋਏ ਇਨ੍ਹਾਂ ਦੇ ਡੇਰਿਆਂ ਵਿੱਚ ਕਈ ਅਨੈਤਿਕ ਕੰਮ ਵੀ ਹੁੰਦੇ ਹਨ। ਇਨ੍ਹਾਂ ਦਾ ਮਕਸਦ ਸਿੱਖਾਂ ਨੂੰ ਗੁਰੂਆਂ ਦੇ ਦੱਸੇ ਰਸਤੇ ਤੋਂ ਹਟਾਉਣਾ ਹੈ। ਅੱਜ ਕਈ ਅੰਮ੍ਰਿਤਧਾਰੀ ਸਿੰਘ, ਅਖੌਤੀ ਪੀਰਾਂ ਦੀਆਂ ਕਬਰਾਂ ’ਤੇ ਮੱਥੇ ਟੇਕਦੇ ਵੀ ਦੇਖੇ ਜਾ ਸਕਦੇ ਹਨ। ਪੀਰਾਂ ਦੀਆਂ ਕਬਰਾਂ ਦਾ ਵਧਣਾ ਵੀ ਸਰਕਾਰੀ ਨੀਤੀ ਦਾ ਹੀ ਹਿੱਸਾ ਹੈ ਕਿਉਂਕਿ ਇਨ੍ਹਾਂ ਦਾ ਮਕਸਦ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੀਰ ਦਾਦੂ ਦੀ ਸਮਾਧ ’ਤੇ ਤੀਰ ਨਾਲ ਨਮਸਕਾਰ ਕਰ ਕੇ ਸਿੱਖਾਂ ਨੂੰ ਜਾਗਰੂਕ ਕਰਨ ਵਾਲੀ ਘਟਨਾ ਨੂੰ ਝੂਠੀ ਸਾਬਤ ਕਰਨਾ ਹੈ।

ਅੱਜ ਸਿੱਖਾਂ ਨੂੰ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ। ਸਿੱਖੀ ਵਿੱਚ ਗੁਰੂ ਅਤੇ ਸੰਗਤ ਤੋਂ ਬਿਨਾਂ ਕਿਸੇ ਵਿਚੋਲੇ ਲਈ ਕੋਈ ਥਾਂ ਨਹੀਂ ਹੈ। ਸਿੱਖਾਂ ਵਿੱਚ ਖੜ੍ਹੇ ਕੀਤੇ ਜਾ ਰਹੇ ਤਰ੍ਹਾਂ-ਤਰ੍ਹਾਂ ਦੇ ਵਿਚੋਲੇ ਸਾਨੂੰ ਗੁਰੂ ਦੇ ਸਿਧਾਂਤ ਤੋਂ ਤੋੜਨ ਦਾ ਯਤਨ ਕਰਦੇ ਹਨ। ਬੇਸਮਝੀ ਵਿੱਚ ਡੇਰਿਆਂ ਵੱਲ ਜਾ ਰਹੇ ਕੱਚੇ-ਪਿੱਲੇ ਸਿੱਖਾਂ ਨੂੰ ਬਾਬਿਆਂ ਦੀ ਚਾਪਲੂਸੀ ਛੱਡ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਨੂੰ ਖੁਦ ਪੜ੍ਹਨ ਤੇ ਸਮਝਣ ਦੀ ਲੋੜ ਹੈ। ਇਹੀ ਸਾਡੇ ਗੁਰੂਆਂ ਨੇ ਦਸ ਜਾਮੇ ਧਾਰਨ ਕਰ ਕੇ ਤੇ ਅਣਗਿਣਤ ਕੁਰਬਾਨੀਆਂ ਕਰ ਕੇ ਸਾਨੂੰ ਸਿਖਾਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਾ ਤੇ ਬਾਣੇ ਦਾ ਧਾਰਨੀ ਹੀ ਸੱਚਾ ਸਿੱਖ ਅਖਵਾ ਸਕਦਾ ਹੈ।