32.3 C
Jalandhar
Monday, May 18, 2026
spot_img
Home Blog Page 90

ਸਭ ਜੂਠੀਆਂ ਚੀਜ਼ਾਂ ਨੇ

0

 (ਬਾਬਾ ਰਵੀਦਾਸ ਜੀ ਦੀ ਬਾਣੀ ’ਤੇ ਆਧਾਰਿਤ ਕਵਿਤਾ)

ਸਭ ਜੂਠੀਆਂ ਚੀਜ਼ਾਂ ਨੇ

ਸਭ ਜੂਠੀਆਂ ਚੀਜ਼ਾਂ ਨੇ, ਕੀ ਮੈਂ ਭੇਟ ਚੜ੍ਹਾਵਾਂ ਤੇਰੀ ?

ਕੀਤਾ ਤਨ ਮਨ ਅਰਪਣ ਮੈਂ, ਇਹ ਭੇਟ ਕਬੂਲੋ ਮੇਰੀ।

ਦੁੱਧ ਤਾਂ ਵਛੜੇ ਨੇ ਜੂਠਾ ਕੀਤਾ,

ਕਿੰਝ ਤੈਨੂੰ ਭੋਗ ਲਗਾਵਾਂ ਮੀਤਾ!

ਦੁੱਧ ਸੁੱਚਮ ਸੁੱਚਾ ਦੇ, ਨਹੀਂ ਲੱਭਦੀ ਕੋਈ ਲਵੇਰੀ।

ਕੀਤਾ ਤਨ ਮਨ ਅਰਪਣ ਮੈਂ, ਇਹ ਭੇਟ ਕਬੂਲੋ ਮੇਰੀ।

ਭੰਵਰੇ ਮਾਣ ਲਈ ਛੋਹ ਫੁੱਲਾਂ ਦੀ,

ਬਾਸ ਗਈ ਹੈ ਖ਼ੁਸ਼ਬੋਅ ਫੁੱਲਾਂ ਦੀ।

ਰਹੀ ਕਾਇਮ ਤਾਜ਼ਗੀ ਨਾ, ਫੁੱਲ ਨੇ ਲਾਈ ਵਾਹ ਬਥੇਰੀ।

ਕੀਤਾ ਤਨ ਮਨ ਅਰਪਣ ਮੈਂ, ਇਹ ਭੇਟ ਕਬੂਲੋ ਮੇਰੀ।

ਜਲ ਨੂੰ ਮੱਛਲੀ ਨੇ ਗੰਧਲਾਇਆ,

ਚੰਦਨ ਨੂੰ ਵੱਲ ਨਾਗਾਂ ਪਾਇਆ।

ਬਿੱਖ ਅੰਮ੍ਰਿਤ ਸੰਗ ਵੱਸਦਾ, ਦੋਹਾਂ ਵਿੱਚ ਹੈ ਸਾਂਝ ਪਕੇਰੀ।

ਕੀਤਾ ਤਨ ਮਨ ਅਰਪਣ ਮੈਂ, ਇਹ ਭੇਟ ਕਬੂਲੋ ਮੇਰੀ।

ਪੂਜਣ ਯੋਗ ਸਮੱਗਰੀ ਸਾਰੀ,

ਪਹਿਲਾਂ ਤੋਂ ਹੋ ਗਈ ਵਿਕਾਰੀ।

‘ਚੋਹਲੇ’ ਵਾਲਾ ‘ਬੱਗਾ’ ਤਾਂ ਤਾਹੀਉਂ, ਢਾਹੀ ਬੈਠਾ ਢੇਰੀ।

ਸਭ ਜੂਠੀਆਂ ਚੀਜਾਂ ਨੇ, ਕੀ ਮੈਂ ਭੇਟ ਚੜ੍ਹਾਵਾਂ ਤੇਰੀ ?

 ——੦—–               

-ਰਮੇਸ਼ ਬੱਗਾ ਚੋਹਲਾ #੧੩੪੮/੧੭/੧ ਗਲੀ ਨੰ :੮  ਰਿਸ਼ੀ ਨਗਰ ਅੇਕਸਟੈਂਸ਼ਨ (ਲੁਧਿਆਣਾ) ਮੋਬ: ੯੪੬੩੧-੩੨੭੧੯

ਛਲ-ਕਪਟ ਤੋਂ ਸੁਚੇਤ

0

ਛਲ-ਕਪਟ ਤੋਂ ਸੁਚੇਤ

ਛੱਡੋ ਗੁਰੂਆਂ ਦੇ ਨਾਂ ’ਤੇ ਪਾਖੰਡ ਕਰਨੇ,

ਸਿਖਿਆ ਕਮਾਉਣ ’ਤੇ ਲਾਓ ਜੋਰ ਭਾਈ !

ਸਿੱਖੀ ਸਰੂਪ ਨਿਕਲਣ ਕਰਮਕਾਂਡਾਂ ’ਚੋਂ,

ਤਰਕ ਕਸੌਟੀ ’ਤੇ ਹੁੰਦੀ ਬੜੀ ਲੋੜ ਭਾਈ!

ਰਲ਼ਿਆ ਇਤਿਹਾਸ ’ਚ ਮਿਥਿਹਾਸ ਬਹੁਤਾ,

ਪੜ੍ਹ-ਸਮਝ ਕੇ ਕਰਿਓ ਜ਼ਰਾ ਗੌਰ ਭਾਈ!

ਛਲ-ਕਪਟੀ ਸੋਚ ਤੋਂ ‘ਮੇਜਰ’ ਸੁਚੇਤ ਰਹਿਓ,

ਜੋ ਰਹੀ ਹੈ ਸਾਨੂੰ ਆਪਸ ਵਿਚ ਤੋੜ ਭਾਈ!

ਮੇਜਰ ਸਿੰਘ ‘ਬੁਢਲਾਡਾ’ 94176-42327

ਸਿੱਖ ਜਰਨੈਲ ਬਾਬਾ ਬਘੇਲ ਸਿੰਘ ਜੀ

0

ਸਿੱਖ ਜਰਨੈਲ ਬਾਬਾ ਬਘੇਲ ਸਿੰਘ ਜੀ

– ਡਾ. ਦਲਬੀਰ ਸਿੰਘ ਢਿੱਲੋਂ

ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਸਾਮਰਾਜ ਦਾ ਪਤਨ ਹੋਣਾ ਸ਼ੁਰੂ ਹੋਣ ਨਾਲ ਭਾਰਤ ਵਿੱਚ ਵੱਖ-ਵੱਖ ਤਾਕਤਾਂ ਨੇ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਬਹਾਦਰ ਸ਼ਾਹ ਜ਼ਫਰ (੧੭੦੭-੧੭੧੨) ਉਤਰਾਧਿਕਾਰੀ ਬਣਿਆ। ਰਾਜਗੱਦੀ ਪ੍ਰਾਪਤ ਕਰਨ ਸਮੇਂ ਉਹ ਵਡੇਰੀ ਉਮਰ ਦਾ ਸੀ ਅਤੇ ਰਾਜ ਸਬੰਧੀ ਫੈਸਲੇ ਲੈਣ, ਪ੍ਰਸ਼ਾਸਨ ਚਲਾਉਣ ਵਿੱਚ ਢਿੱਲਾ ਅਤੇ ਆਲਸੀ ਮੰਨਿਆ ਜਾਂਦਾ ਸੀ। ਇਸ ਕਰ ਕੇ ਹੀ ਲੋਕ ਉਸ ਨੂੰ ਸ਼ਾਹ-ਏ-ਬੇਖਬਰ ਆਖਦੇ ਸਨ। ਯੂਰਪੀਅਨ ਇਤਿਹਾਸਕਾਰ ਅਨੁਸਾਰ ਇਸ ਬਾਦਸ਼ਾਹ ਸਮੇਂ ਮੁਗਲ ਸਾਮਰਾਜ ਦੇ ਪਤਨ ਵਿੱਚ ਹੋਰ ਤੇਜ਼ੀ ਆ ਗਈ ਅਤੇ ਵੱਖ-ਵੱਖ ਤਾਕਤਾਂ ਨੇ ਰਾਜ ਸਥਾਪਤ ਕਰਨ ਦੀਆਂ ਤਿਆਰੀਆਂ ਹੋਰ ਤੇਜ਼ ਕਰ ਦਿੱਤੀਆਂ। ਇਸੇ ਕਾਰਨ ਹੀ ਮੱਧਕਾਲੀਨ ਭਾਰਤ ਦੇ ਨਾਮੀ ਇਤਿਹਾਸਕਾਰ ਜਾਦੂਨਾਥ ਸਰਕਾਰ ‘੧੮ਵੀਂ ਸਦੀ ਦੇ ਪਹਿਲੇ ਅੱਧ ਦੇ ਅੰਤ ਨੂੰ ਭਾਰਤ ਵਿੱਚ ਵਿਦੇਸ਼ੀ ਅਤੇ ਅੰਦਰੂਨੀ ਤਾਕਤਾਂ ਦੀ ਆਪਸੀ ਲੜਾਈ ਦਾ ਘੋਲ ਦੱਸਦੇ ਹਨ।’

ਬਹਾਦਰ ਸ਼ਾਹ ਦੇ ਉਤਰਾਧਿਕਾਰੀਆਂ ਸਮੇਂ ਤਾਂ ਮੁਗਲ ਬਾਦਸ਼ਾਹੀ ਦਿਨ-ਬ-ਦਿਨ ਢਹਿੰਦੀਆਂ ਕਲਾਵਾਂ ਵੱਲ ਨੂੰ ਵਧੀ ਅਤੇ ਭਾਰਤ ਵਿੱਚ ਵੱਖਰੇ-ਵੱਖਰੇ ਪ੍ਰਾਂਤਾਂ ਦੀ ਹੋਂਦ ਕਾਇਮ ਹੋ ਗਈ।  ੧੮ਵੀਂ ਸਦੀ ਦੇ ਦੂਜੇ ਅੱਧ ਤੋਂ ਬਾਅਦ ਪੂਰਬੀ ਭਾਰਤ ਵੱਲ ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਦੱਖਣੀ ਭਾਰਤ ਵੱਲ ਨੂੰ ਮਰਾਠੇ ਅਤੇ ਉੱਤਰੀ ਭਾਰਤ ਵੱਲ ਸਿੱਖ ਮਿਸਲਦਾਰਾਂ ਨੇ ਆਪਣੀ ਹੋਂਦ ਨੂੰ ਸਪਸ਼ਟ ਰੂਪ ਵਿੱਚ ਕਾਇਮ ਕਰ ਲਿਆ। ਭਾਵੇਂ ਅਫਗਾਨਾਂ ਨੇ ਮੁਗਲਾਂ ਦੀ ਤਾਕਤ ਨੂੰ ਖੇਰੂ-ਖੇਰੂ ਕਰ ਦਿੱਤਾ ਸੀ ਪ੍ਰੰਤੂ ੧੮ਵੀਂ ਸਦੀ ਦੇ ਅੰਤ ਸਮੇਂ ਅਫਗਾਨਾਂ ਦੀ ਆਪਣੀ ਤਾਕਤ ਵੀ ਡਾਵਾਂਡੋਲ ਹੋ ਗਈ ਸੀ। ਮੁਗਲਾਂ ਅਤੇ ਅਫਗਾਨਾਂ ਦੀ ਤਾਕਤ ਦੇ ਪਤਨ ਨਾਲ ਪੰਜਾਬ ਵਿੱਚ ਸਿੱਖਾਂ ਨੇ ਆਪਣੀ ਕਰ ਵਸੂਲੀ (ਰਾਖੀ) ਨੂੰ ਸਿਰਫ ਪੰਜਾਬ ਵਿੱਚ ਹੀ ਨਹੀਂ ਰੱਖਿਆ ਸਗੋਂ ਉੱਤਰੀ ਭਾਰਤ ਵੱਲ ਵੀ ਕਾਇਮ ਕਰ ਲਿਆ। ਪ੍ਰੋ. ਹਰੀ ਰਾਮ ਗੁਪਤਾ ਦੇ ਕਥਨ ਅਨੁਸਾਰ ‘੧੮ਵੀਂ ਸਦੀ ਦੇ ਪਿੱਛਲੇ ਅੱਧ ਦੇ ਅਖੀਰ ਵੱਲ ਨੂੰ ਪੰਜਾਬ ਦੀ ਰਾਜਨੀਤਕ ਅਵਸਥਾ ਲਗਪਗ ਇਹੋ ਜਿਹੀ ਸੀ ਜਿਹੋ ਜਿਹੀ ਬਾਕੀ ਭਾਰਤ ਦੀ ਸੀ। ਸਾਰਾ ਭਾਰਤ ਛੋਟੇ ਵੱਡੇ ਪ੍ਰਾਂਤਾਂ ਵਿੱਚ ਸਵਤੰਤਰ ਰਾਜਾਂ ਦੀ ਤਰ੍ਹਾਂ ਵੰਡਿਆ ਹੋਇਆ ਸੀ।’ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਇੱਕ ਕਮਜ਼ੋਰ ਅਤੇ ਬੇਵੱਸ ਬਾਦਸ਼ਾਹ ਸੀ।  ਸਾਰੀ ਤਾਕਤ ਦੀ ਵਰਤੋਂ ਉਸ ਦਾ ਵਜ਼ੀਰ ਨਜੀਬ-ਉਦ-ਦਾਉਲਾ ਕਰਦਾ ਸੀ। ਸਿੱਖਾਂ ਦੀ ਵੱਧ ਰਹੀ ਤਾਕਤ ਤੋਂ ਉਹ ਵੀ ਡਰ ਮਹਿਸੂਸ ਕਰਨ ਲੱਗਿਆ। ਅਜਿਹੀ ਸਥਿਤੀ ਵਿੱਚ ਸਿੱਖ ਮਿਸਲਦਾਰ ਆਪਣੀ ਤਾਕਤ ਨੂੰ ਪੰਜਾਬ ਤੋਂ ਬਾਹਰ ਅਜ਼ਮਾਉਣ ਲੱਗੇ। ਜੇਮਜ਼ ਫੋਸਟਰ ਲਿਖਦੇ ਹਨ ਕਿ ‘ਸਿੱਖਾਂ ਦੇ ਜਥੇ ਜੋ ਮਿਸਲਾਂ ਦੇ ਰੂਪ ਵਿੱਚ ਪ੍ਰਫੁਲਿਤ ਹੋਏ, ਉਹ ਆਪਣੀ ਹੱਦਬੰਦੀ ਤੋਂ ਮੁਕਤ ਸਨ ਅਤੇ ਜਿੱਥੇ ਉਨ੍ਹਾਂ ਦਾ ਦਾਅ ਲਗਦਾ ਸੀ, ਲੁੱਟਮਾਰ ਕਰਦੇ ਰਹਿੰਦੇ ਅਤੇ ਅੰਤ ਵਿੱਚ ਉਸ ਇਲਾਕੇ ਦੇ ਲੋਕਾਂ ਦੇ ਬਚਾਓ ਤੇ ਸ਼ਾਂਤੀ ਲਈ ਕਰ ਵਸੂਲੀ (ਰਾਖੀ) ਪ੍ਰਾਪਤ ਕਰਨ ਲਈ ਲੋਕਾਂ ਨੂੰ ਸਹਿਮਤ ਕਰ ਲੈਂਦੇ। ਉਹ ਛੋਟੇ ਆਜ਼ਾਦ ਰਾਜਾਂ ਦੀ ਤਰ੍ਹਾਂ ਕਰ ਵਸੂਲਦੇ ਅਤੇ ਆਪਣਾ ਪ੍ਰਸ਼ਾਸਨ ਚਲਾਉਂਦੇ ਭਾਵੇਂ ਕਿ ਉਹ ਪ੍ਰਸ਼ਾਸਨ ਸਥਾਈ ਨਹੀਂ ਹੁੰਦਾ ਸੀ।’ ਅਲੈਗਜ਼ੈਂਡਰ ਡਾਅ ਅਨੁਸਾਰ ‘੧੭੬੮ ਈਸਵੀ ਵਿੱਚ ਛੋਟੇ-ਵੱਡੇ ਮਿਸਲਦਾਰਾਂ ਦੀ ਅਤੇ ਸਮੁੱਚੇ ਤੌਰ ’ਤੇ ਘੋੜ ਸਵਾਰਾਂ ਦੀ ਗਿਣਤੀ ਤਕਰੀਬਨ ੬੦,੦੦੦ ਦੇ ਲਗਪਗ ਸੀ’। ਬਹੁ ਗਿਣਤੀ ਇਤਿਹਾਸਕਾਰਾਂ ਦਾ ਕਥਨ ਹੈ ਕਿ ੧੭੭੦ ਈਸਵੀ ਨੂੰ ਸਿੱਖ ਮਿਸਲਦਾਰਾਂ ਨੇ ਜਿਨ੍ਹਾਂ ਵਿੱਚ ਜੱਸਾ ਸਿੰਘ ਆਹਲੂਵਾਲੀਆ, ਖੁਸ਼ਹਾਲ ਸਿੰਘ, ਬਘੇਲ ਸਿੰਘ, ਸ਼ਾਮ ਸਿੰਘ, ਤਾਰਾ ਸਿੰਘ, ਕਰੋੜਾ ਸਿੰਘ, ਰਾਏ ਸਿੰਘ ਆਦਿ ਨੇ ੪੦,੦੦੦ ਤੋਂ ਵੱਧ ਫੌਜ ਲੈ ਕੇ ਦਿੱਲੀ ਦੀ ਹੱਦ ਵੱਲ ਨੂੰ ਵਧਦੇ ਹੋਏ ਗੰਗਾ-ਯਮੁਨਾ ਦੁਆਬ ਵੱਲ ਧਾੜਵੀ ਹਮਲਾ ਕਰ ਦਿੱਤਾ। ਪ੍ਰੋ. ਹਰੀ ਰਾਮ ਗੁਪਤਾ ਅਨੁਸਾਰ ‘ਯਮੁਨਾ ਪਾਰ ਕਰ ਕੇ ਗੰਗਾ ਦੁਆਬ ਵੱਲ ਨੂੰ ਆਪਣੀ ਫ਼ਤਿਹ ਕਰਦੇ ਹੋਏ ਸਹਾਰਨਪੁਰ, ਮੇਰਠ, ਬਿਜ਼ਨੌਰ, ਸਾਮਲੀ, ਕਾਂਧਲਾ, ਅੰਮਬਨੀ, ਮਿਆਂਪੁਰ, ਦਿਊਬੰਦ, ਮੁਜ਼ੱਫਰਨਗਰ, ਜਵਾਲਾਪੁਰ, ਕਣਖਲ, ਨੰਧੋਅਰਾ, ਨਜ਼ੀਬਾਬਾਦ, ਮੁਰਾਦਾਬਾਦ, ਚੰਦੇਰੀ, ਅਨੂਪ ਸ਼ਹਿਰ, ਗੜਮੁਕਤੇਸਰ ਆਦਿ ਥਾਵਾਂ ਦੇ ਸਿੱਖ ਲੁੱਟਮਾਰ ਕਰਦੇ ਹੋਏ ਆਪਣੀ ਕਰ ਵਸੂਲੀ (ਰਾਖੀ) ਦੀ ਅਧੀਨਤਾ ਸਵੀਕਰ ਕਰਵਾਉਂਦੇ ਹੋਏ ਵਾਪਸ ਪੰਜਾਬ ਪਰਤ ਆਏ’।  ਇਨ੍ਹਾਂ ਜਿੱਤਾਂ ਨੇ ਸਿੱਖ ਮਿਸਲਦਾਰਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਅਤੇ ਉਹ ਸਾਰੇ ਉੱਤਰ ਪੱਛਮੀ ਭਾਰਤ ਦੇ ਮਾਲਕ ਬਣਨ ਦੀ ਸੋਚਣ ਲੱਗੇ। ਭਾਵੇਂ ਉਨ੍ਹਾਂ ਦੀ ਇਹ ਸੋਚ ਮੁਕੰਮਲ ਰੂਪ ਵਿੱਚ ਪੂਰੀ ਨਹੀਂ ਹੋਈ ਕਿਉਂਕਿ ਸਿੱਖ ਮਿਸਲਦਾਰਾਂ ਦੀ ਆਪਸੀ ਫੁੱਟ, ਰੰਜ਼ਿਸ਼ ਅਤੇ ਇੱਕ ਦੂਜੇ ਤੋਂ ਆਪਣੇ-ਆਪ ਨੂੰ ਵੱਡਾ ਸਾਬਤ ਕਰਨ ਦੀ ਪਰੰਪਰਾ ਨੇ ਉਨ੍ਹਾਂ ਨੂੰ ਸਾਂਝੀ ਕੜੀ ਵਿੱਚ ਬੱਝਣ ਨਹੀਂ ਦਿੱਤਾ। ਉਹ ਆਪਣੀਆਂ ਵੱਖਰੀਆਂ-ਵੱਖਰੀਆਂ ਜਿੱਤਾਂ ਨੂੰ ਮੁੱਖ ਰੱਖਦੇ ਸਨ ਅਤੇ ਇਸੇ ਕਾਰਨ ਹੀ ਉਹ ਸਮੁੱਚੇ ਤੌਰ ’ਤੇ ਸਥਾਈ ਰੂਪ ਵਿੱਚ ਉੱਤਰ ਪੱਛਮੀ ਭਾਰਤ ਦੇ ਸ਼ਾਸਕ ਨਾ ਬਣ ਸਕੇ।

੧੭੭੪ ਈਸਵੀ ਦੀ ਗਰਮੀ ਰੁੱਤ ਸਮੇਂ ਸਿੱਖ ਮਿਸਲਦਾਰਾਂ ਨੇ ਮੁੜ ਦਿੱਲੀ ਵੱਲ ਨੂੰ ਧਾੜਵੀ ਹਮਲਾ ਕਰ ਦਿੱਤਾ। ਦਿੱਲੀ ਲਾਗਲੇ ਇਲਾਕੇ-ਸ਼ਾਹਦਰਾ, ਵਜ਼ੀਰਾਬਾਦ, ਪਾਲਮਪੁਰ, ਨਜ਼ੱਫਰਗੜ੍ਹ, ਬਾਦਸ਼ਾਹਪੁਰ ਨੂੰ ਲੁੱਟਦੇ ਹੋਏ ਗੰਗਾ-ਦੁਆਬ ਨੂੰ ਪਾਰ ਕਰ ਕੇ ਮੁੜ ਉਨ੍ਹਾਂ ਸਾਰੇ ਇਲਾਕਿਆਂ ਵਿੱਚੋਂ ਕਰ ਵਸੂਲੀ ਕੀਤੀ ਅਤੇ ਆਪਣੇ ਸਰਦਾਰਾਂ ਨੂੰ ਕਰ ਵਸੂਲੀ (ਰਾਖੀ) ਅਤੇ ਸ਼ਾਸਨ ਪ੍ਰਬੰਧ ਦੀਆਂ ਹਦਾਇਤਾਂ ਦਿੱਤੀਆਂ। ਮੁਗਲ ਬਾਦਸ਼ਾਹ ਆਪਣੀ ਬੇਬਸੀ, ਅਮੀਰਾਂ ਦੀ ਆਪਸੀ ਲੜਾਈ, ਮਰਾਠਿਆਂ ਦੁਆਰਾ ਦਿੱਲੀ ਉੱਤੇ ਰਾਜ ਕਰਨ ਦੀ ਲਾਲਸਾ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ ਸਾਰੇ ਭਾਰਤ ’ਤੇ ਰਾਜ ਪ੍ਰਬੰਧ ਸਥਾਪਤ ਕਰਨ ਦਾ ਮੰਤਵ ਅਤੇ ਦਿੱਲੀ ਦੀ ਗੰਭੀਰ ਰਾਜਨੀਤਕ ਅਵਸਥਾ ਨੂੰ ਸਮਝਦਾ ਹੋਇਆ ਸਿੱਖਾਂ ਨਾਲ ਸਮਝੌਤਾ ਕਰਨ ਲਈ ਸੋਚਣ ਲੱਗਿਆ। ਇਸ ਮੰਤਵ ਦੀ ਪੂਰਤੀ ਲਈ ਬਾਦਸ਼ਾਹ ਨੇ ਅਬਦੁਲ ਅਹਿਦ ਖਾਨ ਨੂੰ ਦਿਸ਼ਾ ਨਿਰਦੇਸ਼ ਦਿੱਤੇ ਅਤੇ ਰਾਜ ਭਾਗ ਦਾ ਕੁਝ ਉੱਤਰੀ ਭਾਗ ਸਿੱਖਾਂ ਨੂੰ ਹਿੱਸੇ ਵਿੱਚ ਸਮਝੌਤੇ ਵਜੋਂ ਦੇਣ ਲਈ ਭੇਜਿਆ।  ਉਸ ਨੇ ਮੁਗਲ ਬਾਦਸ਼ਾਹ ਵੱਲੋਂ ਹਰ ਸਰਦਾਰ ਨੂੰ ੧੦੦੦ ਘੋੜ ਸਵਾਰ, ੫੦੦ ਪੈਦਲ ਸੈਨਿਕ ਰੱਖਣ ਲਈ ਕਿਹਾ ਅਤੇ ਹਰ ਘੋੜ ਸਵਾਰ ਨੂੰ ੩੦ ਰੁਪਏ ਮਹੀਨਾ ਤਨਖਾਹ ਅਤੇ ਪੈਦਲ ਸੈਨਿਕ ਨੂੰ ੫ ਰੁਪਏ ਮਹੀਨਾ ਤਨਖਾਹ ਦੇਣ ਦੀ ਪੇਸ਼ਕਸ਼ ਕੀਤੀ, ਪ੍ਰੰਤੂ ਇਹ ਸਮਝੌਤਾ ਸਿਰੇ ਨਾ ਚੜ੍ਹ ਸਕਿਆ ਕਿਉਂਕਿ ਇਸ ਸਮੇਂ ਸਿੱਖ ਮਿਸਲਦਾਰ ਦਿੱਲੀ ਦੇ ਨੇੜੇ ਸ਼ਾਹਜਹਾਨਾਬਾਦ ਵਿੱਚ ਆਪਣੇ ਡੇਰੇ ਲਾਈ ਬੈਠੇ ਸਨ ਅਤੇ ਦਿੱਲੀ ਨੂੰ ਜਿੱਤ ਕੇ ਲੁੱਟਣ ਦੇ ਮਨਸੂਬੇ ਬਣਾ ਰਹੇ ਸਨ। ਜੇਮਜ਼ ਫੋਸਟਰ ਅਤੇ ਜੇਮਜ਼ ਬਰਾਊਨ ਆਪਣੀਆਂ ਲਿਖਤਾਂ ਵਿੱਚ ਲਿਖਦੇ ਹਨ ਕਿ ‘੧੭੭੪ ਈਸਵੀ ਤੋਂ ਲੈ ਕੇ ਅਗਲੇ ੧੦ ਸਾਲਾਂ ਤੱਕ ਸਿੱਖ ਮਿਸਲਦਾਰ ਇਸੇ ਤਰ੍ਹਾਂ ਦੀ ਦਿੱਲੀ ਲਾਲ ਕਿਲੇ ਦੇ ਲਾਗਲੇ ਹਿੱਸੇ ਅਤੇ ਗੰਗਾ-ਯਮੁਨਾ ਦੁਆਬ ਤੋਂ ਆਪਣੀ ਕਰ ਵਸੂਲੀ ਕਰਦੇ ਰਹੇ’।

ਪਾਣੀਪਤ ਦੇ ਤੀਸਰੇ ਯੁੱਧ (੧੭੬੧) ਵਿੱਚ ਭਾਵੇਂ ਮਰਾਠੇ ਅਫਗਾਨਾਂ ਤੋਂ ਹਾਰ ਚੁੱਕੇ ਸਨ ਪ੍ਰੰਤੂ ਉਨ੍ਹਾਂ ਨੇ ਦੁਬਾਰਾ ਤੋਂ ਆਪਣੀ ਸ਼ਕਤੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦਿੱਲੀ ਨੂੰ ਜਿੱਤਣ ਦੇ ਮਨਸੂਬੇ ਘੜਣ ਲੱਗੇ। ਦੂਸਰੇ ਪਾਸੇ ਅੰਗਰੇਜ਼ ਵੀ ਦਿੱਲੀ ਵਿੱਚ ਆਪਣਾ ਪੜਾਅ ਪਾਉਣ ਦੀਆਂ ਵਿਊਂਤਾਂ ਬਣਾ ਰਹੇ ਸਨ। ਰੁਹੇਲਾ ਜਾਟ ਅਤੇ ਸਿੱਖ ਮਿਸਲਦਾਰ ਵੀ ਦਿੱਲੀ ’ਤੇ ਕਾਬਜ਼ ਹੋਣ ਲਈ ਤਿਆਰੀਆਂ ਕਰ ਰਹੇ ਸਨ। ਅਜਿਹੀ ਸਥਿਤੀ ਵਿੱਚ ਸਿੱਖ ਮਿਸਲਦਾਰ ਮੌਕੇ ਦੀ ਤਾਕ ਵਿੱਚ ਸਨ ਕਿ ਕਦੋਂ ਦਿੱਲੀ ਉੱਤੇ ਹਮਲਾ ਕਰ ਕੇ ਲਾਲ ਕਿਲ੍ਹੇ ਅੰਦਰ ਉਹ ਆਪਣੀ ਪ੍ਰਭੂਸੱਤਾ ਕਾਇਮ ਕਰ ਸਕਣ। ਯੂਰਪੀਅਨ ਲਿਖਾਰੀ ਫਰੈਕਲੀਨ ਆਪਣੀ ਲਿਖਤ ‘ਸ਼ਾਹ ਆਲਮ’ (੧੭੯੮) ਵਿੱਚ ਲਿਖਦੇ ਹਨ ਕਿ ‘੧੭੮੦ ਤੋਂ ਬਾਅਦ ਮੁਗਲ ਬਾਦਸ਼ਾਹ ਸਿਰਫ ਨਾਂ ਵਜੋਂ ਹੀ ਰਹਿ ਗਿਆ ਸੀ’। ਉਸ ਦੇ ਰਾਜ ਦੀ ਸੀਮਾ ਦਿੱਲੀ ਤੋਂ ਪਾਲਮਪੁਰ ਪਿੰਡ ਤੱਕ ਹੀ ਰਹਿ ਗਈ ਸੀ। ਅਜਿਹੀ ਸਥਿਤੀ ਦਾ ਲਾਭ ਉਠਾਉਂਦੇ ਹੋਏ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ ਅਤੇ ਕੁਝ ਹੋਰ ਸਰਦਾਰਾਂ ਨੇ ਰਲ ਕੇ ਦਿੱਲੀ ਦੇ ਲਾਲ ਕਿਲੇ ’ਤੇ ਹਮਲਾ ਕਰ ਦਿੱਤਾ। ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਆਪਣੀ ਜਾਨ ਬਚਾਉਂਦਾ ਹੋਇਆ ਜ਼ਨਾਨ-ਖਾਨੇ ਵਿੱਚ ਜਾ ਲੁਕਿਆ। ਸਿੱਖ ਦੀਵਾਨ-ਏ-ਆਮ ਵਿੱਚ ਦਾਖਲ ਹੋਏ। ਸਰਦਾਰ ਬਘੇਲ ਸਿੰਘ ਨੇ ਜੱਸਾ ਸਿੰਘ ਆਹਲੂਵਾਲੀਏ ਨੂੰ ਦਿੱਲੀ ਦੇ ਤਖ਼ਤ ਉੱਪਰ ੧੧ ਮਾਰਚ ੧੭੮੩ ਈ. ਨੂੰ ਬਿਠਾਇਆ ਅਤੇ ਮੋਰ ਪੰਖੜਿਆਂ ਵਾਲਾ ਚੌਰ ਜੋ ਤਖ਼ਤ ਕੋਲ ਪਿਆ ਸੀ, ਨੂੰ ਉਠਾ ਕੇ ਸਿੱਖ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਸਿਰ ਉੱਪਰ ਫੇਰ ਕੇ ਉਸ ਨੂੰ ਨਿਵਾਜਿਆਂ। ਬੋਲੇ ਸੋ ਨਿਹਾਲ ਦੇ ਜੈਕਾਰਿਆ ਨਾਲ ਦਿੱਲੀ ਦਾ ਲਾਲ ਕਿਲ੍ਹਾ ਗੂੰਜ ਉਠਿਆ ਅਤੇ ਦਿੱਲੀ ਉੱਪਰ ਸਿੱਖਾਂ ਦੀ ਹਕੂਮਤ ਦੇ ਦਿਨ ਸ਼ੁਰੂ ਹੋ ਗਏ।

ਪ੍ਰੰਤੂ ਕੁਝ ਸਰਦਾਰਾਂ ਨੂੰ ਖਾਸ ਤੌਰ ’ਤੇ ਜੱਸਾ ਸਿੰਘ ਰਾਮਗੜ੍ਹੀਏ ਨੂੰ ਜੱਸਾ ਸਿੰਘ ਆਹਲੂਵਾਲੀਆ ਦਾ ਰਾਜ ਸਿੰਘਾਸਣ ਉੱਤੇ ਬੈਠਣਾ ਚੰਗਾ ਨਾ ਲੱਗਾ ਜਿਸ ਕਾਰਨ ਸਿੱਖਾਂ ਵਿੱਚ ਆਪਸੀ ਫੁੱਟ ਦੀਆਂ ਤਰੇੜਾਂ ਸਾਹਮਣੇ ਆਉਣ ਲੱਗੀਆਂ। ਇਸ ਨੂੰ ਮਹਿਸੂਸ ਕਰਦੇ ਹੋਏ ਜੱਸਾ ਸਿੰਘ ਆਹਲੂਵਾਲੀਆ ਨੇ ਤਖ਼ਤ ਤੋਂ ਉੱਤਰ ਕੇ ਸਿੱਖ ਕੌਮ ਦੀ ਏਕਤਾ ਦਾ ਪ੍ਰਤੀਕ ਬਣਦੇ ਹੋਏ ਕਿਹਾ ਕਿ ‘ਇਹ ਤਖ਼ਤ ਮੇਰਾ ਨਹੀਂ ਸਗੋਂ ਸਾਰੀ ਸਿੱਖ ਕੌਮ ਖਾਲਸਾ ਪੰਥ ਦਾ ਹੈ’। ਇਸ ਕਾਰਨ ਜੱਸਾ ਸਿੰਘ ਰਾਮਗੜ੍ਹੀਆ ਜੋ ਵਿਰੋਧਤਾ ਕਰਦਾ ਸੀ, ਸ਼ਾਂਤ ਹੋ ਗਿਆ ਤੇ ਦਿੱਲੀ ਵਿੱਚੋਂ ਕੁਝ ਛੋਟੀਆਂ ਤੋਪਾਂ ਅਤੇ ਸਾਮਾਨ ਲੁੱਟਦਾ ਹੋਇਆ ਲਾਲ ਕਿਲੇ ’ਚੋਂ ਬਾਹਰ ਪੰਜਾਬ ਵੱਲ ਨੂੰ ਪਰਤ ਆਇਆ। ਅਜਿਹੀ ਸਥਿਤੀ ਵਿੱਚ ਸਿੱਖ ਮਿਸਲਦਾਰ ਬਘੇਲ ਸਿੰਘ ਨੇ ਦਿੱਲੀ ਦੇ ਰਾਜ ਭਾਗ ਦੀ ਵਾਗਡੋਰ ਸੰਭਾਲੀ ਅਤੇ ਕਰ ਵਸੂਲੀ ਦੇ ਸਿੱਧੇ ਹੁਕਮ ਸਿੱਖਾਂ ਨੂੰ ਕਰਨ ਲਈ ਦਿੱਤੇ। ਇਸ ਤਰ੍ਹਾਂ ਦੇ ਵਿਚਾਰ ਤਹਿਮਸ ਖਾਨ ਮਸਕੀਨ ਆਪਣੀ ਲਿਖਤ ‘ਤਾਜਕੀਰਾਹ-ਏ-ਤਹਿਮਸ ਖਾਨ ਮਸਕੀਨ’ (੧੭੮੦) ਵਿੱਚ ਲਿਖਦੇ ਹਨ।

ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੇ ਸਿੱਖਾਂ ਨੂੰ ਦਿੱਲੀ ’ਚੋਂ ਬਾਹਰ ਕੱਢਣ ਵਿਚ ਆਪਣੇ ਆਪ ਨੂੰ ਅਸਮਰਥ ਸਮਝਦੇ ਹੋਏ ਆਪਣੀ ਇੱਕ ਵਫਾਦਾਰ ਔਰਤ ਬੇਗਮ ਸਮਰੋ ਨੂੰ ਦਿੱਲੀ ਦੇ ਲਾਲ ਕਿਲ੍ਹੇ ਅੰਦਰ ਜਾ ਕੇ ਸਿੱਖਾਂ ਨਾਲ ਸਮਝੌਤਾ ਕਰਨ ਲਈ ਸੁਨੇਹਾ ਭੇਜਿਆ। ਬੇਗਮ ਸਮਰੋ ਨੇ ਬਾਦਸ਼ਾਹ ਦੇ ਪੱਖ ਤੋਂ ਸਿੱਖਾਂ ਨੂੰ ਅਪੀਲ ਕਰਦੇ ਹੋਏ ਬੇਨਤੀ ਕੀਤੀ, ਜੋ ਕਿ ਸਿੱਖ ਸਰਦਾਰ ਬਘੇਲ ਸਿੰਘ ਨੇ ਕੁਝ ਸ਼ਰਤਾਂ ਰੱਖ ਕੇ ਮੰਨ ਲਈ। ਸਰਦਾਰ ਬਘੇਲ ਸਿੰਘ ਨੇ ਕਿਹਾ ਕਿ ਦਿੱਲੀ ਦੀ ਹਕੂਮਤ ਉਦੋਂ ਤੱਕ ਸਿੱਖ ਕਰਦੇ ਰਹਿਣਗੇ ਜਦੋਂ ਤੱਕ ਉਹ ਸਿੱਖਾਂ ਦੇ ਗੁਰਦੁਆਰਿਆਂ ਦੀ ਦਿੱਲੀ ਵਿੱਚ ਉਸਾਰੀ ਨਹੀਂ ਕਰਵਾ ਲੈਂਦੇ। ਇਸ ਤਰ੍ਹਾਂ ਸਰਦਾਰ ਬਘੇਲ ਸਿੰਘ ਨੇ ੧੧ ਮਾਰਚ ੧੭੮੩ ਤੋਂ ਜਨਵਰੀ ੧੭੮੪ ਈਸਵੀ ਤੱਕ ਦਿੱਲੀ ਦੇ ਲਾਲ ਕਿਲ੍ਹੇ ’ਤੇ ਹਕੂਮਤ ਕਰ ਕੇ ਦਿੱਲੀ ਵਾਸੀਆਂ ਨੂੰ ਬਾਹਰਲੇ ਹਮਲਿਆਂ ਤੋਂ ਬਚਾਇਆ। ਸਿੱਖਾਂ ਦੇ ਗਸ਼ਤੀ ਟੋਲੇ ਰਾਤ ਨੂੰ ਦਿੱਲੀ ਵਿੱਚ ਗਸ਼ਤ ਕਰਦੇ ਅਤੇ ਅਮਨੋ-ਅਮਾਨ ਦੀ ਰਾਖੀ ਕਰਦੇ, ਜਿਸ ਦੇ ਫਲਸਰੂਪ ਦਿੱਲੀ ਵਿੱਚ ਮੁੜ ਸੁਖ-ਸ਼ਾਂਤੀ ਦੀ ਸ਼ੁਰੂਆਤ ਹੋਈ।

ਸਰਦਾਰ ਬਘੇਲ ਸਿੰਘ ਨੇ ਆਪਣੇ ਬਾਦਸ਼ਾਹੀ ਸਮੇਂ ਦੌਰਾਨ ਦਿੱਲੀ ਵਿਚ ਗੁਰਦੁਆਰਿਆਂ ਦੀ ਉਸਾਰੀ ਲਈ ‘ਚੂੰਗੀ ਵਸੂਲੀ’ ਦਾ ੩੭.੫ ਪ੍ਰਤੀਸ਼ਤ ਭਾਗ ਸਿੱਖਾਂ ਨੂੰ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ। ਕੋਤਵਾਲੀ, ਚਾਂਦਨੀ ਚੌਕ ਅਤੇ ਸ਼ਹਿਰ ਦੀਆਂ ਸਾਰੀਆਂ ਚੂੰਗੀਆਂ ਦਾ ਅਧਿਕਾਰ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ। ਸਿੱਖ ਸਰਦਾਰਾਂ ਨੇ ਆਪਣਾ ਵੱਖਰਾ ਮੁੱਖ ਦਫਤਰ ਸਬਜ਼ੀ ਮੰਡੀ ਵਿਚ ਬਣਾ ਲਿਆ ਤਾਂ ਜੋ ਉਨ੍ਹਾਂ ਦੁਆਰਾ ਬਣਾਈਆਂ ਜਾਂਦੀਆਂ ਯੋਜਨਾਵਾਂ ਬਾਰੇ ਲਾਲ ਕਿਲ੍ਹੇ ਦੇ ਛੜਯੰਤਰੀ ਅਫਸਰ ਨਾ ਭਾਂਪ ਸਕਣ। ਇਸੇ ਕਰ ਕੇ ਸਿੱਖ ਸਰਦਾਰਾਂ ਨੇ ਲਾਲ ਕਿਲ੍ਹੇ ਤੋਂ ਹਟਵੀਂ ਅਤੇ ਨਿਵੇਕਲੀ ਥਾਂ ’ਤੇ ੩੦ ਹਜ਼ਾਰ ਫੌਜ ਨਾਲ ਆਪਣਾ ਪੜਾਅ ਪਾਇਆ ਇਸ ਥਾਂ ਨੂੰ ਹੁਣ ਦਿੱਲੀ ਵਿਖੇ ੩੦ ਹਜ਼ਾਰੀ ਨਾਂ ਨਾਲ ਜਾਣਿਆ ਜਾਂਦਾ ਹੈ।  ਬਘੇਲ ਸਿੰਘ ਨੇ ੪੦੦੦ ਦੀ ਸੈਨਾ ਸਮੇਤ ਦਿੱਲੀ ਵਿਚ ਹੀ ਡੇਰੇ ਲਗਾਈ ਰੱਖੇ। ਬਾਕੀ ਸੈਨਾ ਅਤੇ ਸਰਦਾਰਾਂ ਨੂੰ ਹੁਕਮ ਦਿੱਤਾ ਕਿ ਉਹ ਦਿੱਲੀ ਨੂੰ ਛੱਡ ਕੇ ਦਿੱਲੀ ਦੇ ਬਾਹਰਲੇ ਇਲਾਕਿਆਂ ਅਤੇ ਗੰਗਾ-ਯਮੁਨਾ ਦੁਆਬ ਵੱਲ ਆਪਣੀ ਪ੍ਰਭੂਸੱਤਾ ਕਾਇਮ ਰੱਖਣ ਤਾਂ ਜੋ ਦਿੱਲੀ ਦੇ ਲਾਲ ਕਿਲ੍ਹੇ ਅੰਦਰ ਬਗਾਵਤ ਕਰਨ ਵਾਲਿਆਂ ਦੇ ਮਨ ਵਿੱਚ ਡਰ ਭੈਅ ਪੈਦਾ ਰਹੇ। ਬੇਗਮ ਸਮਰੋ ਨੇ ਸਰਦਾਰ ਬਘੇਲ ਸਿੰਘ ਨੂੰ ਆਦਰ ਤੇ ਸਤਿਕਾਰ ਸਾਹਿਤ ਇਸ ਗੱਲ ਲਈ ਵੀ ਮੰਨਵਾ ਲਿਆ ਕਿ ਗੁਰਦੁਆਰਿਆਂ ਦੀ ਉਸਾਰੀ ਤੋਂ ਬਾਅਦ ਸਿੱਖ ਫ਼ੌਜਾਂ ਦਿੱਲੀ ਨੂੰ ਵਾਪਸ ਮੁਗਲ ਬਾਦਸ਼ਾਹ ਦੇ ਹਵਾਲੇ ਕਰ ਕੇ ਪੰਜਾਬ ਵੱਲ ਨੂੰ ਪਰਤ ਜਾਣਗੀਆਂ।

ਸ਼ਾਹ ਆਲਮ ਦੂਜੇ ਨੇ ਸਿੱਖ ਸਰਦਾਰਾਂ ਨੂੰ ਤਿੰਨ ਲੱਖ ਰੁਪਏ ਕੜਾਹ ਪ੍ਰਸ਼ਾਦ ਲਈ ਭੇਟਾ ਦਿੱਤੀ, ਜੋ ਰਕਮ ਉਸ ਸਮੇਂ ਸ਼ਾਹ ਆਲਮ ਦੂਜੇ ਲਈ ਬਹੁਤ ਵੱਡੀ ਸੀ। ਸਰਦਾਰ ਬਘੇਲ ਸਿੰਘ ਨੇ ਦਿੱਲੀ ਵਿੱਚ ਸਭ ਤੋਂ ਪਹਿਲਾਂ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਦੀ ਯਾਦ ਵਿੱਚ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ।  ਦੂਸਰਾ ਗੁਰਦੁਆਰਾ ਮਹਾਰਾਜੇ ਜੈ ਸਿੰਘ ਦੇ ਜੈ ਸਿੰਘਪੁਰੇ ਵਿਖੇ ਬਣਵਾਇਆ ਜਿਸ ਨੂੰ ਅੱਜ ਕੱਲ੍ਹ ਗੁਰਦੁਆਰਾ ‘ਬੰਗਲਾ ਸਾਹਿਬ’ ਕਿਹਾ ਜਾਂਦਾ ਹੈ ਅਤੇ ਯਮਨਾ ਨਦੀ ਦੇ ਕੰਢੇ ’ਤੇ ਗੁਰੂ ਹਰਕ੍ਰਿਸ਼ਨ ਸਾਹਿਬ, ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਦੇ ਅੰਗੀਠੇ ਦੀਆਂ ਯਾਦਗਾਰਾਂ ਵੀ ਕਾਇਮ ਕੀਤੀਆਂ। ਤੀਸਰਾ ਗੁਰਦੁਆਰਾ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਵਾਲੀ ਥਾਂ ਚਾਂਦਨੀ ਚੌਕ ਵਿਖੇ ਬਣਵਾਇਆ। ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਵਾਲੀ ਥਾਂ ’ਤੇ ਅਤੇ ਜਿੱਥੇ ਉਨ੍ਹਾਂ ਦਾ ਦਾਹ ਸਸਕਾਰ ਕੀਤਾ ਗਿਆ ਉਨ੍ਹਾਂ ਥਾਵਾਂ ’ਤੇ ਗੁਰਦੁਆਰਿਆਂ ਦੇ ਨਿਰਮਾਣ ਦੀ ਯੋਜਨਾ ਤਿਆਰ ਕੀਤੀ ਗਈ। ਉਸ ਸਮੇਂ ਉਪਰੋਕਤ ਦੋਵੇਂ ਥਾਵਾਂ ’ਤੇ ਮਸਜਿਦਾਂ ਬਣੀਆਂ ਹੋਣ ਕਾਰਨ ਸਮੱਸਿਆਵਾਂ ਆ ਰਹੀਆਂ ਸਨ। ਸਭ ਤੋਂ ਪਹਿਲਾਂ ਸਿੱਖਾਂ ਨੇ ਮਸਜਿਦ ਨੂੰ ਢਾਹ ਕੇ ‘ਰਕਾਬ ਗੰਜ’ ਗੁਰਦੁਆਰੇ ਦੀ ਨੀਂਹ ਰੱਖੀ ਜਿਸ ਕਾਰਨ ਦਿੱਲੀ ਦੇ ਮੁਸਲਮਾਨਾਂ ਨੇ ਬਾਦਸ਼ਾਹ ਸ਼ਾਹ ਆਲਮ ਦੂਜੇ ਪ੍ਰਤੀ ਹੀ ਨਹੀਂ, ਸਗੋਂ ਸਿੱਖਾਂ ਵਿਰੁੱਧ ਵੀ ਆਪਣਾ ਵਿਰੋਧ ਪ੍ਰਗਟ ਕੀਤਾ। ਬਾਦਸ਼ਾਹ ਨੇ ਇਹ ਕਹਿੰਦੇ ਹੋਏ ਮੁਸਲਮਾਨਾਂ ਨੂੰ ਸ਼ਾਂਤ ਕੀਤਾ ਕਿ ਜੇਕਰ ਇਸ ਵਿਰੁੱਧ ਲੜਾਈ ਝਗੜਾ ਕੀਤਾ ਤਾਂ ਸਿੱਖਾਂ ਨੇ ਦਿੱਲੀ ਵਿੱਚੋਂ ਲੁੱਟ-ਖਸੁੱਟ ਦੇ ਨਾਲ ਨਾਲ ਕਤਲ-ਏ-ਆਮ ਵੀ ਕਰਨਾ ਹੈ। ਜਦੋਂ ਬਘੇਲ ਸਿੰਘ ਦੁਆਰਾ ਗੁਰਦੁਆਰਾ ਸ਼ੀਸ਼ ਗੰਜ ਦੀ ਨੀਂਹ ਰੱਖਣੀ ਚਾਹੀ ਤਾਂ ਮੁਸਲਮਾਨਾਂ ਵੱਲੋਂ ਸਖਤ ਵਿਰੋਧ ਹੋਣਾ ਸ਼ੁਰੂ ਹੋ ਗਿਆ। ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ‘ਸਰਦਾਰ ਬਘੇਲ ਸਿੰਘ ਨੇ ਇੱਕ ਬੁੱਢੀ ਤੀਵੀਂ, ਜਿਸ ਦਾ ਖਾਵੰਦ ਉਸ ਸਮੇਂ ਮਸ਼ਕ ਲੈ ਕੇ ਗੁਰੂ ਤੇਗ ਬਹਾਦਰ ਪਾਸ ਖਲੋਤਾ ਸੀ, ਤੋਂ ਪੁੱਛਿਆ ਕਿ ਦੱਸ ਸ਼ਹਾਦਤ ਵਾਲੀ ਥਾਂ ਕਿਹੜੀ ਹੈ, ਇਸ ਉਪਰੰਤ ਉਸ ਨੇ ਦੱਸਿਆ ਕਿ ਬੋਹੜ ਦੇ ਦਰਖ਼ਤ ਪਾਸ ਹੈ, ਜਿੱਥੇ ਮਸਜਿਦ ਬਣੀ ਹੋਈ ਹੈ ਇੱਥੇ ਉਹ ਘਟਨਾ ਵਾਪਰੀ ਸੀ’। ਵਾਕਿਆ-ਏ-ਸ਼ਾਹ ਆਲਮ ਸਾਨੀ ਦੇ ਲਿਖਾਰੀ ਅਨੁਸਾਰ ‘ਮੁਗਲ ਬਾਦਸ਼ਾਹ ਸ਼ਾਹ ਆਲਮ ਦੀ ਦਖਲਅੰਦਾਜ਼ੀ ਨਾਲ ਦਿੱਲੀ ਦੇ ਮੁਸਲਮਾਨਾਂ ਦੀ ਸਹਿਮਤੀ ਲੈ ਕੇ ਇਹ ਗੁਰਦੁਆਰਾ ਮਸਜਿਦ ਦੇ ਨਾਲ ਵਾਲੀ ਦੀਵਾਰ ਨੂੰ ਢਾਹ ਕੇ ਬਣਾਇਆ ਗਿਆ ਅਤੇ ਇਸ ਦਾ ਨਾਂ ਗੁਰਦੁਆਰਾ ਸ਼ੀਸ਼ ਗੰਜ ਰੱਖਿਆ ਗਿਆ’।

੧੮੫੭ ਈ. ਦੇ ਗਦਰ ਦੌਰਾਨ ਜੀਂਦ ਦੇ ਰਾਜਾ ਸਰੂਪ ਸਿੰਘ ਨੇ ਅੰਗਰੇਜ਼ਾਂ ਦੀ ਸਲਾਹ ਨਾਲ ਇਸ ਮਸਜਿਦ ਨੂੰ ਢਾਹ ਕੇ ਇਸ ਗੁਰਦੁਆਰੇ ਦੇ ਚਾਰ-ਚੁਫੇਰੇ ਵਧੇਰੀ ਥਾਂ ਮਲ ਲਈ। ਛੇਵਾਂ ਗੁਰਦੁਆਰਾ ਮਜ਼ਨੂ ਦਾ ਟਿੱਲਾ ਵਾਲੀ ਥਾਂ ’ਤੇ ਬਣਵਾਇਆ ਗਿਆ, ਜਿੱਥੇ ਗੁਰੂ ਨਾਨਕ ਤੇ ਭਾਈ ਮਰਦਾਨਾ ਅਤੇ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਠਹਿਰੇ ਸਨ। ਸੱਤਵਾਂ ਗੁਰਦੁਆਰਾ ਮੋਤੀ ਬਾਗ ਵਿਖੇ ਬਣਾਇਆ ਗਿਆ ਜਿੱਥੇ ਗੁਰੂ ਗੋਬਿੰਦ ਸਿੰਘ ਠਹਿਰੇ ਸਨ। ਸਰਦਾਰ ਬਘੇਲ ਸਿੰਘ ਨੇ ਉਨ੍ਹਾਂ ਸਾਰੀਆਂ ਥਾਵਾਂ ’ਤੇ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ ਜਿਹੜੀਆਂ ਗੁਰੂ ਸਾਹਿਬਾਨ ਦੀ ਯਾਦ ਨਾਲ ਜੁੜੀਆਂ ਹੋਈਆਂ ਸਨ। ਜੀ. ਡਬਲਿਊ. ਫੌਰੈਸਟ ਜਿਸ ਨੇ ਚਿੱਠੀਆਂ, ਲਿਖਤਾਂ ਅਤੇ ਹੋਰ ਸਰਕਾਰੀ ਚਿੱਠੀਆਂ ੧੭੭੨ ਤੋਂ ੧੭੮੫ ਦੇ ਸਮੇਂ ਦੀਆਂ ਨੂੰ ਤਿੰਨ ਜਿਲਦਾਂ ਵਿੱਚ ਕਲਮਬੰਦ ਕੀਤਾ। ਤੀਸਰੀ ਜਿਲਦ ਵਿੱਚ ਉਨ੍ਹਾਂ ਵਰਣਨ ਕੀਤਾ ਹੈ ਕਿ ‘ਇਨ੍ਹਾਂ ਗੁਰਦੁਆਰਿਆਂ ਦੇ ਨਾਂ ’ਤੇ ਬਹੁਤ ਸਾਰੀਆਂ ਧਰਮ-ਅਰਥ ਗ੍ਰਾਂਟਾਂ ਅਤੇ ਮਾਇਕ ਰੂਪ ਲੋਕਾਂ ਨੇ ਖੁੱਲ੍ਹੇ ਦਿਲ ਨਾਲ ਸਹਾਇਤਾ ਕੀਤੀ’। ਇਸੇ ਤਰ੍ਹਾਂ ਦੇ ਵਿਚਾਰ ਬਾਅਦ ਵਿੱਚ ਰਤਨ ਸਿੰਘ ਭੰਗੂ ਨੇ ਵੀ ਦਿੱਤੇ। ਮੱਧਕਾਲੀਨ ਭਾਰਤ ਦੇ ਇਤਿਹਾਸਕਾਰਾਂ ਅਨੁਸਾਰ ੧੭੮੪ ਈਸਵੀ ਦੇ ਅਖੀਰਲੇ ਮਹੀਨੇ ਤੱਕ ਸਿੱਖਾਂ ਨੇ ਗੁਰਦੁਆਰਿਆਂ ਦੀ ਉਸਾਰੀ ਦਾ ਕੰਮ ਲਗਪਗ ਪੂਰਾ ਕਰ ਲਿਆ ਸੀ। ਦਸੰਬਰ ਮਹੀਨੇ ਦੇ ਅੰਤ ਸਮੇਂ ਸਿੱਖ ਸਰਦਾਰ ਬਘੇਲ ਸਿੰਘ ਆਪਣੇ ਮੁੱਖ ਦਫਤਰ ਸਬਜ਼ੀ ਮੰਡੀ ਤੋਂ ਇੱਕ ਵੱਡੇ ਜਲੂਸ ਦੀ ਸ਼ਕਲ ਵਿੱਚ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਸ਼ਾਹ ਆਲਮ ਨੂੰ ਮਿਲਣ ਗਏ।  ਗਿਆਨੀ ਗਿਆਨ ਸਿੰਘ ਦੇ ਅਨੁਸਾਰ, ‘ਮੁਸਲਮਾਨ ਮਸ਼ਾਲਚੀ ਅੱਗੇ-ਅੱਗੇ, ਸਿੱਖ ਸਰਦਾਰ ਸਜੇ ਹੋਏ ਘੋੜਿਆਂ ਉੱਪਰ ਅਤੇ ਬਘੇਲ ਸਿੰਘ ਇੱਕ ਖੂਬਸੂਰਤ ਸ਼ਿੰਗਾਰੇ ਹੋਏ ਹਾਥੀ ਉੱਪਰ ਬੈਠ ਕੇ ਸਿੱਖ ਫੌਜਾਂ ਨਾਲ ਲਾਲ ਕਿਲ੍ਹੇ ਅੰਦਰ ਦਾਖਲ ਹੋਏ। ਇਸ ਸਮੇਂ ਬੋਲੇ-ਸੋ-ਨਿਹਾਲ ਦੇ ਗੂੰਜਦੇ ਜੈਕਾਰਿਆਂ ਨੇ ਲਾਲ ਕਿਲ੍ਹੇ ਦੀਆਂ ਕੰਧਾਂ ਨੂੰ ਵੀ ਕੰਬਣੀ ਛੇੜ ਦਿੱਤੀ’। ਸ਼ਾਹ ਆਲਮ ਬਘੇਲ ਸਿੰਘ ਦੇ ਸਵਾਗਤ ਲਈ ਦੀਵਾਨ-ਏ-ਆਮ ਵਿੱਚ ਖਲੋਤਾ ਸੀ। ਸਿੱਖ ਫੋਜਦਾਰਾਂ ਨੂੰ ਤੋਹਫਿਆਂ ਨਾਲ ਨਿਵਾਜਿਆ ਗਿਆ। ਬਘੇਲ ਸਿੰਘ ਨੇ ੧੨.੫ ਪ੍ਰਤੀਸ਼ਤ ਚੂੰਗੀ ਕਰ ਆਪਣੇ ਕੋਲ ਰੱਖਣ ਦਾ ਹੁਕਮ ਦਿੱਤਾ ਜੋ ਸ਼ਾਹ ਆਲਮ ਨੇ ਪ੍ਰਵਾਨ ਕਰ ਲਿਆ। ਇਸ ਤਰ੍ਹਾਂ ਸਿੱਖ ਸਰਦਾਰ ਬਘੇਲ ਸਿੰਘ ਨੇ ੧੧ ਮਾਰਚ ੧੭੮੩ ਈ. ਤੋਂ ਜਨਵਰੀ ੧੭੮੪ ਈਸਵੀ ਤੱਕ ਦਿੱਲੀ ਦੇ ਸਿੰਘਾਸਣ ’ਤੇ ਆਪਣਾ ਅਧਿਕਾਰ ਸਥਾਪਤ ਰੱਖਿਆ ਅਤੇ ਆਪਣੇ ਵਾਅਦੇ ਮੁਤਾਬਕ ਜਨਵਰੀ ੧੭੮੪ ਈਸਵੀ ਵਿੱਚ ਸ਼ਾਹ ਆਲਮ ਨੂੰ ਦਿੱਲੀ ਦੀ ਬਾਦਸ਼ਾਹੀ ਵਾਪਸ ਕਰਦੇ ਹੋਏ ਆਪ ਪੰਜਾਬ ਪਰਤ ਆਏ।

ਕੌਮਾਂਤਰੀ ਔਰਤ ਦਿਵਸ ਦਾ ਸੁਨੇਹਾ : ਔਰਤਾਂ ਦੀ ਗੁਲਾਮੀ ਦਾ ਖ਼ਾਤਮਾ ਵਿਸ਼ਾਲ ਔਰਤ ਮੁਕਤੀ ਲਹਿਰ ਤੋਂ ਬਿਨਾਂ ਸੰਭਵ ਨਹੀਂ

0

ਕੌਮਾਂਤਰੀ ਔਰਤ ਦਿਵਸ ਦਾ ਸੁਨੇਹਾ : ਔਰਤਾਂ ਦੀ ਗੁਲਾਮੀ ਦਾ ਖ਼ਾਤਮਾ ਵਿਸ਼ਾਲ ਔਰਤ ਮੁਕਤੀ ਲਹਿਰ ਤੋਂ ਬਿਨਾਂ ਸੰਭਵ ਨਹੀਂ

ਲਖਵਿੰਦਰ ਸਿੰਘ

ਕੌਮਾਂਤਰੀ ਔਰਤ ਦਿਵਸ (8 ਮਾਰਚ) ਦਾ ਦਿਨ ਲੁੱਟ, ਦਾਬੇ, ਅਨਿਆਂ ਦਾ ਸਭ ਤੋਂ ਵੱਧ ਸ਼ਿਕਾਰ ਅਬਾਦੀ ਦੇ ਅੱਧੇ ਹਿੱਸੇ –  ਔਰਤਾਂ ਦੇ ਹੱਕਾਂ, ਅਜ਼ਾਦੀ ਤੇ ਬਰਾਬਰੀ ਲਈ ਅਰੁੱਕ ਜਾਰੀ ਮਹਾਨ ਸੰਘਰਸ਼ ਦਾ ਪ੍ਰਤੀਕ ਦਿਨ ਹੈ। ਕੌਮਾਂਤਰੀ ਔਰਤ ਦਿਵਸ ਇਹ ਐਲਾਨ ਕਰਦਾ ਹੈ ਕਿ ਔਰਤਾਂ ਨੂੰ ਹਮੇਸ਼ਾਂ ਲਈ ਗੁਲਾਮ ਬਣਾ ਕੇ ਨਹੀਂ ਰੱਖਿਆ ਜਾ ਸਕਦਾ। ਇਸ ਦਿਨ ਦਾ ਇਹ ਸਬਕ ਹੈ ਕਿ ਔਰਤਾਂ ਦੀ ਬੇਹਤਰੀ ਖੁਦ ਔਰਤਾਂ ਦੀ ਜੁਝਾਰੂ ਲਹਿਰ ਤੋਂ ਬਿਨਾਂ ਸੰਭਵ ਨਹੀਂ ਹੈ ਅਤੇ ਇਹ ਕਿ ਜਦ ਤੱਕ ਸਮੁੱਚੀ ਮਨੁੱਖਤਾ ਨੂੰ ਲੁੱਟ ਆਧਾਰਿਤ ਸਰਮਾਏਦਾਰਾ ਪ੍ਰਬੰਧ ਤੋਂ ਛੁਟਕਾਰਾ ਹਾਸਲ ਨਹੀਂ ਹੋ ਜਾਂਦਾ ਉਦੋਂ ਤੱਕ ਔਰਤਾਂ ਵੀ ਪੂਰੀ ਤਰ੍ਹਾਂ ਅਜ਼ਾਦ ਨਹੀਂ ਹੋ ਸਕਣਗੀਆਂ। ਨਾਲ਼ ਹੀ ਇਸ ਦਿਨ ਦਾ ਇਹ ਵੀ ਸਬਕ ਹੈ ਕਿ ਔਰਤਾਂ ਦੀ ਗੁਲਾਮੀ ਦੇ ਖਾਤਮੇ ਤੋਂ ਬਿਨਾਂ, ਮਰਦ ਕਿਰਤੀ ਵੀ ਸਰਮਾਏ ਦੀ ਗੁਲਾਮੀ ਤੋਂ ਛੁਟਕਾਰਾ ਹਾਸਲ ਨਹੀਂ ਕਰ ਸਕਣਗੇ। ਇਹ ਦਿਨ ਸਮੁੱਚੀ ਮਨੁੱਖਤਾ ਨੂੰ ਲੁੱਟ-ਖਸੁੱਟ ਦੇ ਬੋਝ ਤੋਂ ਮੁਕਤੀ ਲਈ ਜਾਰੀ ਸੰਘਰਸ਼ ਵਿੱਚ ਔਰਤਾਂ ਵੱਲੋਂ ਕੀਤੀ ਗਈ ਸ਼ਮੂਲੀਅਤ ਦਾ ਗਵਾਹ ਤੇ ਪ੍ਰਤੀਕ ਦਿਨ ਵੀ ਹੈ। ਇਸ ਦਿਨ ਦਾ ਇਹ ਸਬਕ ਹੈ ਕਿ ਕਿਰਤੀ ਜਮਾਤਾਂ ਦੀ ਸਰਮਾਏਦਾਰਾ ਪ੍ਰਬੰਧ ਖਿਲਾਫ਼ ਲਹਿਰ ਔਰਤਾਂ ਦੀ ਬਰਾਬਰ ਦੀ ਜੁਝਾਰੂ ਹਿਸੇਦਾਰੀ ਤੋਂ ਬਿਨਾਂ ਅੱਗੇ ਨਹੀਂ ਵਧ ਸਕਦੀ।

ਕੌਮਾਂਤਰੀ ਔਰਤ ਦਿਵਸ ਦੀ ਸ਼ੁਰੂਆਤ ਮਜ਼ਦੂਰ ਜਮਾਤੀ ਔਰਤਾਂ ਦੇ ਸੰਘਰਸ਼ ਨਾਲ਼ ਹੋਈ ਸੀ।  8 ਮਾਰਚ 1857 ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਔਰਤ ਕੱਪੜਾ ਮਜ਼ਦੂਰਾਂ ਨੇ 10 ਘੰਟੇ ਦੀ ਕੰਮ ਦਿਹਾੜੀ, ਬਿਹਤਰ ਮਜ਼ਦੂਰੀ, ਕੰਮ ਦੀਆਂ ਬਿਹਤਰ ਹਾਲਤਾਂ ਤੇ ਔਰਤਾਂ ਲਈ ਮਰਦਾਂ ਬਰਾਬਰ ਹੱਕਾਂ ਲਈ ਵਿਸ਼ਾਲ ਮੁਜ਼ਾਹਰੇ ਦਾ ਆਯੋਜਨ ਕੀਤਾ ਸੀ। ਸਰਕਾਰ ਨੇ ਪੁਲਿਸ ਰਾਹੀਂ ਔਰਤਾਂ ਦੇ ਇਸ ਸੰਘਰਸ਼ ’ਤੇ ਬਰਬਰ ਜ਼ਬਰ ਢਾਹਿਆ।  ਦੋ ਸਾਲ ਬਾਅਦ ਔਰਤ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਲੜਨ ਵਾਸਤੇ ਆਪਣੀ ਪਹਿਲੀ ਯੂਨੀਅਨ ਕਾਇਮ ਕੀਤੀ।  ਇਸ ਤੋਂ 51 ਸਾਲ ਬਾਅਦ 8 ਮਾਰਚ 1908 ਦੇ ਦਿਨ ਹੀ ਨਿਊਯਾਰਕ ਦੀਆਂ ਲਗਭਗ 20 ਹਜ਼ਾਰ ਮਜ਼ਦੂਰ ਔਰਤਾਂ ਨੇ ਕੰਮ ਦੀਆਂ ਬਿਹਤਰ ਹਾਲਤਾਂ, ਵੋਟ ਦੇਣ ਦੇ ਹੱਕ ਅਤੇ ਬਿਹਤਰ ਮਜ਼ਦੂਰੀ ਲਈ ਮੁਜ਼ਾਹਰਾ ਕੀਤਾ।  ਦੋ ਸਾਲਾਂ ਬਾਅਦ 1910 ਵਿੱਚ ਕੋਪਨਹੇਗੇਨ ਵਿੱਚ ਸੰਸਾਰ ਭਰ ਦੀਆਂ ਮਜ਼ਦੂਰ ਜਮਾਤੀ ਪਾਰਟੀਆਂ ਦੇ ਕੌਮਾਂਤਰੀ ਮੰਚ ਨੇ ਕੌਮਾਂਤਰੀ ਔਰਤ ਸੰਮੇਲਨ ਦਾ ਆਯੋਜਨ ਕੀਤਾ। ਇਸ ਸੰਮੇਲਨ ਵਿੱਚ ਜਰਮਨ ਪਾਰਟੀ ਦੀ ਇਨਕਲਾਬੀ ਆਗੂ ਕਲਾਰਾ ਜੈਟਕਿਨ ਨੇ ਇਹ ਮਤਾ ਪੇਸ਼ ਕੀਤਾ ਕਿ 8 ਮਾਰਚ ਦਾ ਦਿਨ ਹਰ ਵਰ੍ਹੇ ਕੌਮਾਂਤਰੀ ਔਰਤ ਦਿਵਸ ਦੇ ਰੂਪ ਵਿੱਚ ਸਾਰੇ ਸੰਸਾਰ ਵਿੱਚ ਮਨਾਇਆ ਜਾਵੇ। ਇਸ ਮਤੇ ਨੂੰ ਸਰਬਸੰਮਤੀ ਨਾਲ਼ ਪਾਸ ਕੀਤਾ ਗਿਆ। ਉਦੋਂ ਤੋਂ ਹੀ ਸਾਰੇ ਸੰਸਾਰ ਵਿੱਚ ਕੌਮਾਂਤਰੀ ਔਰਤ ਦਿਵਸ ਮਨਾਇਆ ਜਾਂਦਾ ਹੈ।

ਸਾਡੇ ਦੇਸ਼ ਵਿੱਚ ਕੌਮਾਂਤਰੀ ਔਰਤ ਦਿਵਸ ਦੇ ਇਤਿਹਾਸ, ਇਸ ਦੇ ਇਤਿਹਾਸਕ ਮਹੱਤਵ ਅਤੇ ਵਰਤਮਾਨ ਸਮੇਂ ਵਿੱਚ ਇਸ ਦੀ ਅਸਲ ਪ੍ਰਸੰਗਿਕਤਾ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇੱਕ ਗਿਣੀ-ਮਿਥੀ ਸਾਜ਼ਸ਼ ਤਹਿਤ ਲੁਟੇਰੀਆਂ ਜਮਾਤਾਂ ਨੇ ਆਪਣੇ ਵਿਸ਼ਾਲ ਪ੍ਰਚਾਰ-ਪ੍ਰਸਾਰ ਸਾਧਨਾਂ ਰਾਹੀਂ ਇਸ ਦਿਨ ਦੇ ਅਸਲ ਅਰਥਾਂ ਦੇ ਅਨਰਥ ਕਰ ਦਿੱਤੇ ਹਨ। ਇਸ ਨੂੰ ਮਹਿਜ ਧਨਾਢ-ਮੱਧ ਵਰਗੀ ਔਰਤਾਂ ਦੇ ਤਿਉਹਾਰ, ਪਾਰਟੀਆਂ, ਜਸ਼ਨਾਂ, ਖਰੀਦਦਾਰੀ ਕਰਨ, ਕਾਰਡ ਤੇ ਤੋਹਫੇ ਵੰਡਣ ਆਦਿ ਤਰ੍ਹਾਂ ਨਾਲ਼ ਬੋਰੀਅਤ-ਇਕੱਲਤਾ ਦੂਰ ਕਰਨ ਦੇ ਸਾਧਨ ਵਿੱਚ ਬਦਲ ਦਿੱਤਾ ਗਿਆ ਹੈ। ਕੌਸਮੈਟਿਕ ਕੰਪਨੀਆਂ ਇਸ ਦਿਨ ’ਤੇ ਔਰਤਾਂ ਲਈ ਵਿਸ਼ੇਸ਼ ਤੋਹਫਿਆਂ ਦਾ ਐਲਾਨ ਕਰਦੀਆਂ ਹਨ। ਅਜਿਹਾ ਹੀ ਹੋਰ ਬਹੁਤ ਕੁਝ ਕੌਮਾਂਤਰੀ ਔਰਤ ਦਿਵਸ ਦੇ ਮਹੱਤਵ ਨੂੰ ਧੁੰਦਲਾ ਕਰਨ ਲਈ ਕੀਤਾ ਜਾਂਦਾ ਰਿਹਾ ਹੈ। ਵੋਟ-ਵਟੋਰੂ ਪਾਰਟੀਆਂ (ਸਮੇਤ ਸੰਸਦ ਮਾਰਗੀ ਲਾਲ ਝੰਡੇ ਵਾਲ਼ੀਆਂ ਪਾਰਟੀਆਂ), ਇਹਨਾਂ ਨਾਲ਼ ਜੁੜੀਆਂ ਔਰਤਾਂ, ਨੌਜਵਾਨਾਂ, ਵਿਦਿਆਰਥੀਆਂ ਦੀਆਂ ਜੱਥੇਬੰਦੀਆਂ ਨੇ ਵੀ ਇਸ ਮਹਾਨ ਦਿਨ ਅਤੇ ਔਰਤਾਂ ਦੇ ਮੁਕਤੀ ਸੰਘਰਸ਼ ਨਾਲ਼ ਖਿਲ਼ਵਾੜ ਕਰਨ ਵਿੱਚ ਕੋਈ ਕਸਰ ਨਹੀਂ ਰਹਿਣ ਦਿੱਤੀ ਹੈ। ਆਪਣਾ ਵੋਟ ਬੈਂਕ ਅਤੇ ਆਧਾਰ ਮਜ਼ਬੂਤ ਕਰਨ ਲਈ ਇਹਨਾਂ ਪਾਰਟੀਆਂ-ਜੱਥੇਬੰਦੀਆਂ ਨੂੰ ਬਹੁਤ ਸਾਰੇ ਪਖੰਡ ਕਰਨੇ ਪੈਂਦੇ ਹਨ। ਕੌਮਾਂਤਰੀ ਔਰਤ ਦਿਵਸ ਦੇ ਦਿਨ ਇਹਨਾਂ ਵੱਲੋਂ ਕੀਤੀਆਂ ਜਾਂਦੀਆਂ ਰੈਲੀਆਂ, ਜਲਸੇ, ਮੋਟਰਸਾਈਕਲ-ਕਾਰ ਮਾਰਚ, ਮੀਟਿੰਗਾਂ, ਅਖਬਾਰਾਂ-ਟੀ. ਵੀ. ਚੈਨਲਾਂ ਰਾਹੀਂ ਦਿੱਤੇ ਜਾਂਦੇ ਔਰਤਾਂ ਦੇ ਨਾਂ ਵਧਾਈ ਸੰਦੇਸ਼ ਪਖੰਡ ਤੋਂ ਸਿਵਾ ਹੋਰ ਕੁਝ ਨਹੀਂ ਹੁੰਦੇ। ਅਜਿਹੀਆਂ ਪਾਰਟੀਆਂ-ਜੱਥੇਬੰਦੀਆਂ ਔਰਤਾਂ ਸਾਹਮਣੇ ਵੱਧ ਤੋਂ ਵੱਧ ਸੰਸਦ-ਵਿਧਾਨ ਸਭਾਵਾਂ ਵਿੱਚ ਰਿਜ਼ਰਵੇਸ਼ਨ ਹਾਸਲ ਕਰਨ ਦਾ ਟੀਚਾ ਪੇਸ਼ ਕਰਦੇ ਹੋਏ ਔਰਤਾਂ ਦੀ ਅਜ਼ਾਦੀ ਦੀ ਗੱਲ ਕਰਦੀਆਂ ਹਨ। ਇਹਨਾਂ ਦੀ ਕੋਸ਼ਿਸ਼ ਵੱਧ ਤੋਂ ਵੱਧ ਇਹੋ ਰਹਿੰਦੀ ਹੈ ਕਿ ਔਰਤਾਂ ਦੀ ਮੁਕਤੀ ਦੀ ਤਾਂਘ, ਉਹਨਾਂ ਦੇ ਸੰਘਰਸ਼ ਸਰਮਾਏਦਾਰਾ ਸੰਸਦੀ ਢਾਂਚੇ ਦੇ ਚੌਖਟੇ ਤੋਂ ਬਾਹਰ ਨਾ ਜਾਣ। ਦਿਨ-ਰਾਤ ਸਰਮਾਏਦਾਰਾ ਲੋਟੂ ਢਾਂਚੇ ਦੀ ਚਿੰਤਾ ਵਿੱਚ ਡੁੱਬੀਆਂ, ਭ੍ਰਿਸ਼ਟ, ਪਤਿਤ, ਗਰਕ ਚੁੱਕੀਆਂ, ਲੋਕ-ਵਿਰੋਧੀ ਇਹ ਸਾਰੀਆਂ ਪਾਰਟੀਆਂ-ਜੱਥੇਬੰਦੀਆਂ ਘੋਰ ਔਰਤ-ਵਿਰੋਧੀ ਵੀ ਹਨ। ਇਹਨਾਂ ਤੋਂ ਔਰਤ ਮੁਕਤੀ ਲਈ ਕਿਸੇ ਇਮਾਨਦਾਰ ਕਦਮ ਦੀ ਉਮੀਦ ਤੱਕ ਨਹੀਂ ਕੀਤੀ ਜਾ ਸਕਦੀ। ਸਮਾਜ ਵਿੱਚੋਂ ਲੁੱਟ-ਖਸੁੱਟ, ਦਾਬੇ, ਜ਼ਬਰ, ਅਨਿਆਂ, ਗ਼ੈਰਬਰਾਬਰੀ ਦੇ ਸਭ ਤਰ੍ਹਾਂ ਦੇ ਰੂਪਾਂ ਦੇ ਖਾਤਮੇ ਦੇ ਚਾਹਵਾਨ, ਇਸ ਮਕਸਦ ਨੂੰ ਪੂਰਾ ਕਰਨ ਲਈ ਅਮਲੀ ਪੱਧਰ ’ਤੇ ਸਰਗਰਮ ਅਗਾਂਹਵਧੂ, ਇਨਸਾਫ਼ਪੰਸਦ, ਇਨਕਲਾਬੀ ਜੱਥੇਬੰਦੀਆਂ ਤੇ ਕਾਰਕੁੰਨਾਂ ਸਾਹਮਣੇ ਕੌਮਾਂਤਰੀ ਔਰਤ ਦਿਵਸ ਦੇ ਅਸਲ ਇਤਿਹਾਸ, ਇਤਿਹਾਸਕ ਮਹੱਤਵ, ਇਸ ਦਿਨ ਦੇ ਅਸਲ ਅਰਥਾਂ ਨੂੰ ਲੋਕ ਮਨਾਂ, ਖਾਸ ਤੌਰ ’ਤੇ ਔਰਤਾਂ ਦੇ ਮਨਾਂ ਵਿੱਚ ਸਥਾਪਤ ਕਰਨਾ ਬੇਹੱਦ ਜ਼ਰੂਰੀ ਤੇ ਚੁਣੌਤੀ ਭਰਿਆ ਕਾਰਜ ਹੈ।

ਅੱਜ ਸਾਡੇ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਮਨੁੱਖ ਹੋਣ ਦਾ ਦਰਜਾ ਪ੍ਰਾਪਤ ਨਹੀਂ ਹੈ। ਅੱਜ ਸਾਡੇ ਸਮਾਜ ਵਿੱਚ ਕਿੰਨੀ ਵੀ ਆਧੁਨਿਕਤਾ ਆ ਗਈ ਹੋਵੇ, ਔਰਤ ਸਚ ਮੁੱਚ ਵਿੱਚ ਅੱਜ ਵੀ ਮਰਦ ਦੀ ਦਾਸੀ ਹੀ ਹੈ। ਉਹ ਮਹਿਜ ਬੱਚੇ (ਪੁੱਤਰ) ਪੈਦਾ ਕਰਨ ਤੇ ਪੀੜ੍ਹੀ ਅੱਗੇ ਵਧਾਉਣ ਦਾ ਸਾਧਨ ਹੈ। ਉਹ ਮਰਦ ਦੀ ਸਰੀਰਕ ਭੁੱਖ ਮਿਟਾਉਣ ਦਾ ਇੱਕ ਜ਼ਰੀਆ ਹੈ। ਬਾਪ ਹੋਵੇ ਜਾਂ ਭਰਾ, ਪਤੀ ਹੋਵੇ ਜਾਂ ਸਹੁਰਾ, ਹਰ ਮਰਦ ਦੀ ਉਹ ਗੁਲਾਮ ਹੈ। ਪਤੀ ਨੂੰ ਉਸ ਲਈ ਪ੍ਰਮੇਸ਼ਵਰ ਦੱਸਿਆ ਜਾਂਦਾ ਹੈ। ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਹੈ। ਪ੍ਰੇਮ ਕਰਨਾ ਤਾਂ ਉਸ ਲਈ ਮੌਤ ਨੂੰ ਗਲ਼ੇ ਲਗਾਉਣਾ ਹੈ। ਸਰਮਾਏਦਾਰਾ ਵਿਕਾਸ ਨੇ ਔਰਤਾਂ ਦੇ ਇੱਕ ਵੱਡੇ ਹਿੱਸੇ ਨੂੰ ਘਰਾਂ ਤੋਂ ਬਾਹਰ ਕੱਢ ਕੇ ਕਿਰਤ ਸ਼ਕਤੀ ਦੀ ਮੰਡੀ ਵਿੱਚ ਲੈ ਆਂਦਾ ਹੈ। ਔਰਤਾਂ ਦੀ ਮਰਦ ਦੀ ਜਗੀਰੂ-ਮੱਧਯੁੱਗੀ ਢੰਗ ਦੀ ਗੁਲਾਮੀ ਵਿੱਚ ਇਸ ਨਾਲ਼ ਕਮੀ ਜ਼ਰੂਰ ਆਈ ਹੈ ਪਰ ਕੁੱਝ ਹੱਦ ਤੱਕ ਹੀ। ਔਰਤ ਦੀ ਸਸਤੀ ਕਿਰਤ ਸ਼ਕਤੀ ਤੇ ਉਸ ਦਾ ਸੁਹੱਪਣ ਸਰਮਾਏਦਾਰਾ ਜਮਾਤ ਲਈ ਮੁਨਾਫ਼ੇ ਦਾ ਇੱਕ ਵੱਡਾ ਸ੍ਰੋਤ ਬਣ ਗਿਆ ਹੈ। ਉਹ ਹੁਣ ਮਰਦ ਦੀ ਗੁਲਾਮੀ ਦੇ ਨਾਲ਼-ਨਾਲ਼ ਉਜ਼ਰਤੀ ਗੁਲਾਮੀ ਭਾਵ ਸਰਮਾਏ ਦੀ ਗੁਲਾਮੀ ਦਾ ਵੀ ਸ਼ਿਕਾਰ ਹੈ। ਸਰਮਾਏਦਾਰਾ ਮੰਡੀ ਵਿੱਚ ਹਰ ਮਜ਼ਦੂਰ ਹੀ, ਹਰ ਕਿਰਤੀ ਹੀ ਭਿਅੰਕਰ ਰੂਪ ਵਿੱਚ ਲੁੱਟ ਦਾ ਸ਼ਿਕਾਰ ਹੈ ਪਰ ਮਜ਼ਦੂਰ-ਕਿਰਤੀ ਔਰਤਾਂ ਮਰਦ ਮਜ਼ਦੂਰਾਂ ਤੋਂ ਕਿਤੇ ਵੱਧ ਇਸ ਲੁੱਟ ਦਾ ਸ਼ਿਕਾਰ ਹਨ। ਔਰਤਾਂ ਜੋ ਕਮਾਊ ਹਨ, ਉਹਨਾਂ ਨੂੰ ਘਰ ਦਾ ਵੀ ਕੰਮ ਕਰਨਾ ਪੈਂਦਾ ਹੈ। ਔਰਤਾਂ ਨੂੰ ਮਰਦਾਂ ਤੋਂ ਕਿਤੇ ਵੱਧ ਕਿਰਤ ਕਰਨੀ ਪੈਂਦੀ ਹੈ ਪਰ ਉਹਨਾਂ ਨੂੰ ਜੋ ਹਾਸਲ ਹੁੰਦਾ ਹੈ ਉਹ ਕਿਤੇ ਘੱਟ ਹੈ। ਕੰਮ ਦੀ ਥਾਂ ’ਤੇ ਔਰਤਾਂ ਨੂੰ ਸਰੀਰਕ ਛੇੜਛਾੜ, ਅਸ਼ਲੀਲ ਟਿੱਪਣੀਆਂ ਅਤੇ ਇੱਥੋਂ ਤੱਕ ਕਿ ਬਲਾਤਕਾਰ ਜਿਹੇ ਅਪਰਾਧਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਔਰਤਾਂ ਖਿਲਾਫ਼ ਅਪਰਾਧਾਂ ਵਿੱਚ ਪਿਛਲੇ ਸਮੇਂ ਵਿੱਚ ਜੋ ਵੱਡੇ ਪੱਧਰ ’ਤੇ ਵਾਧਾ ਹੋਇਆ ਹੈ ਉਸ ਦਾ ਕਾਰਨ ਪ੍ਰਤੱਖ ਰੂਪ ਵਿੱਚ ਸਰਮਾਏਦਾਰਾ ਪ੍ਰਬੰਧ ਹੈ। ਔਰਤਾਂ ਨੂੰ ਉਤਪਾਦਾਂ ਦੀ ਵੱਧ ਤੋਂ ਵੱਧ ਵਿਕਰੀ ਲਈ ਇਸ਼ਤਿਹਾਰਾਂ ਵਿੱਚ ਅਸ਼ਲੀਲ ਢੰਗ ਨਾਲ਼ ਪੇਸ਼ ਕੀਤਾ ਜਾ ਰਿਹਾ ਹੈ। ਮੁਨਾਫ਼ੇ ਖਾਤਰ ਹੀ ਔਰਤਾਂ ਦੀ ਅਖਬਾਰਾਂ, ਰਸਾਲਿਆਂ, ਟੀ.ਵੀ. ਚੈਨਲਾਂ, ਇੰਟਰਨੈਟ ਆਦਿ ਥਾਵਾਂ ’ਤੇ ਅਸ਼ਲੀਲ ਪੇਸ਼ਕਾਰੀ ਹੋ ਰਹੀ ਹੈ। ਵੱਧ ਤੋਂ ਵੱਧ ਮੁਨਾਫ਼ੇ ਲਈ ਨੰਗੇਜ਼ਵਾਦ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਨੰਗੇਜ਼ਵਾਦੀ-ਖਪਤਵਾਦੀ ਸਰਮਾਏਦਾਰਾ-ਸਾਮਰਾਜਵਾਦੀ ਗਲੇ-ਸੜੇ ਸੱਭਿਆਚਾਰ ਅਤੇ ਸਮਾਜ ਵਿੱਚ ਵੱਡੇ ਪੱਧਰ ’ਤੇ ਮੌਜੂਦ ਜਗੀਰੂ ਪ੍ਰਬੰਧ ਦੀ ਰਹਿੰਦ ਖੂੰਹਦ ਰੂੜੀਵਾਦੀ, ਪਿਛਾਂਹ ਖੜੀ, ਘੋਰ ਔਰਤ-ਵਿਰੋਧੀ ਮੱਧਯੁੱਗੀ, ਪਿੱਤਰ ਸੱਤ੍ਹਾਵਾਦੀ ਸੱਭਿਆਚਾਰ ਦੇ ਆਪਸ ਵਿੱਚ ਘਿਉ-ਖਿਚੜੀ ਹੋਣ ਨਾਲ਼ ਜੋ ਜ਼ਹਿਰੀਲੀਆਂ ਕਦਰਾਂ-ਕੀਮਤਾਂ ਸਮਾਜ ਵਿੱਚ ਫੈਲੀਆਂ ਹਨ ਉਹਨਾਂ ਦਾ ਹੀ ਨਤੀਜਾ ਹੈ ਕਿ ਅੱਜ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ।  ਘਰ-ਪਰਿਵਾਰ ਤੋਂ ਲੈ ਕੇ ਪੂਰੇ ਸਮਾਜਕ ਤਾਣੇ ਬਾਣੇ ਵਿੱਚ ਹਰ ਥਾਂ ’ਤੇ ਔਰਤਾਂ ਭਿਅੰਕਰ ਰੂਪ ਵਿੱਚ ਅਸੁਰੱਖਿਅਤ ਹਨ। ਔਰਤਾਂ ਨਾਲ਼ ਛੇੜਖਾਨੀ, ਅਗਵਾ, ਬਲਾਤਕਾਰ, ਤੇਜ਼ਾਬ ਸੁੱਟਣ ਆਦਿ ਜਿਹੇ ਭਿਆਨਕ ਅਪਰਾਧ ਲਗਾਤਾਰ ਵੱਧਦੇ ਜਾ ਰਹੇ ਹਨ।

ਜੇਕਰ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਔਰਤਾਂ ਦੀ ਹਾਲਤ ਦੀ ਇੱਕ ਬੇਹੱਦ ਭਿਅੰਕਰ ਤਸਵੀਰ ਸਾਹਮਣੇ ਆਉਂਦੀ ਹੈ। ਕੌਮੀ ਜ਼ੁਰਮ ਰਿਕਾਰਡ ਬਿਊਰੋ ਵੱਲੋਂ ਜਾਰੀ ਹੋਈ ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ ਹਰ 3.5 ਮਿੰਟ ਵਿੱਚ ਔਰਤਾਂ ਖਿਲਾਫ਼ ਇੱਕ ਜੁਰਮ ਹੁੰਦਾ ਹੈ। ਔਰਤਾਂ ਖਿਲਾਫ਼ ਹੁੰਦੇ ਜੁਰਮਾਂ ਵਿੱਚ ਘਰੇਲੂ ਹਿੰਸਾ ਦਾ ਹਿੱਸਾ 33.3 ਫੀਸਦੀ ਹੈ।  1997 ਤੋਂ 2002 ਵਿਚਕਾਰ ਘਰੇਲੂ ਹਿੰਸਾ ਵਿੱਚ 34.5 ਫੀਸਦੀ ਵਾਧਾ ਹੋਇਆ ਹੈ। ‘ਦ ਸਟੇਟ ਆਫ਼ ਵਰਲਡ ਪਾਪੂਲੇਸ਼ਨ ਰਿਪੋਰਟ’ ਮੁਤਾਬਕ ਭਾਰਤ ਵਿੱਚ ਹਰ 54 ਮਿੰਟ ਵਿੱਚ ਇੱਕ ਬਲਾਤਕਾਰ, ਹਰ 26 ਮਿੰਟ ਵਿੱਚ ਛੇੜਛਾੜ, 43 ਮਿੰਟ ਵਿੱਚ ਇੱਕ ਔਰਤ ਅਗਵਾ, ਇੱਕ ਘੰਟਾ 42 ਮਿੰਟ ਬਾਅਦ ਦਾਜ ਕਾਰਨ ਮੌਤ ਅਤੇ ਹਰ 7 ਮਿੰਟ ਬਾਅਦ ਔਰਤਾਂ ਨਾਲ਼ ਕਿਸੇ ਨਾ ਕਿਸੇ ਕਿਸਮ ਦੀ ਅਪਰਾਧਕ ਘਟਨਾ ਵਾਪਰਦੀ ਹੈ। ਇੱਕ ਹੋਰ ਰਿਪੋਰਟ ਮੁਤਾਬਕ ਦੇਸ਼ ਵਿੱਚ ਹਰ ਰੋਜ਼ ਬਲਾਤਕਾਰ ਦੀਆਂ 19 ਘਟਨਾਵਾਂ ਵਾਪਰ ਰਹੀਆਂ ਹਨ। ਇਹਨਾਂ ਅੰਕੜਿਆਂ ਵਿੱਚ ਜੋ ਵਿਖਾਈ ਦੇ ਰਿਹਾ ਹੈ ਉਹ ਤਾਂ ਅਸਲ ਤਸਵੀਰ ਦਾ ਇੱਕ ਅੰਸ਼ ਹੀ ਹੈ। ਔਰਤਾਂ ਨੂੰ ਹਰ ਪਲ ਜੋ ਲੁੱਟ, ਦਾਬਾ, ਗੁਲਾਮੀ ਝੱਲਣੀ ਪੈਂਦੀ ਹੈ ਉਹ ਸ਼ਬਦਾਂ ਵਿੱਚ ਜਾਂ ਅੰਕੜਿਆਂ ਵਿੱਚ ਜ਼ਾਹਰ ਨਹੀਂ ਹੋ ਸਕਦੀ। ਨਾਲ਼ੇ ਔਰਤਾਂ ਨਾਲ਼ ਹੁੰਦੇ ਜੁਰਮਾਂ ਦੇ ਇਹ ਅੰਕੜੇ ਬਹੁਤ ਹੀ ਅਧੂਰੇ ਹਨ। ਜ਼ਿਆਦਾਤਰ ਮਾਮਲੇ ਬੇਇੱਜ਼ਤੀ, ਡਰ, ਦਾਬੇ, ਖੱਜਲ-ਖੁਆਰੀ, ਇਨਸਾਫ਼ ਦੀ ਨਾ-ਉਮੀਦੀ ਆਦਿ ਅਨੇਕਾਂ ਕਾਰਨਾਂ ਕਰ ਕੇ ਦਬ ਕੇ ਰਹਿ ਜਾਂਦੇ ਹਨ। ਉਂਝ ਔਰਤਾਂ ਦੀ ਭਿਅੰਕਰ ਹਾਲਤ ਨੂੰ ਜਾਣਨ, ਸਮਝਣ, ਮਹਿਸੂਸ ਕਰਨ ਲਈ ਕਿਸੇ ਵੀ ਇਨਸਾਫ਼ ਪਸੰਦ, ਸੰਵੇਦਨਸ਼ੀਲ ਵਿਅਕਤੀ ਨੂੰ ਅੰਕੜਿਆਂ ਦੀ ਬਹੁਤੀ ਲੋੜ ਹੈ ਵੀ ਨਹੀਂ। ਸਮਾਜ ਵਿੱਚ ਵਿਚਰਦੇ ਹੋਏ ਔਰਤਾਂ ਦੀ ਹਾਲਤ ਨੂੰ ਕਾਫ਼ੀ ਹੱਦ ਤੱਕ ਜਾਣਿਆ ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਔਰਤਾਂ ਖਿਲਾਫ਼ ਜੁਰਮਾਂ ਬਾਰੇ ਅਸੀਂ ਜੋ ਅੰਕੜੇ ਇੱਥੇ ਦਿੱਤੇ ਹਨ, ਇਹ ਭਾਰਤ ਬਾਰੇ ਹਨ, ਪਰ ਔਰਤਾਂ ਨੂੰ ਪੂਰੇ ਸੰਸਾਰ ਵਿੱਚ ਹੀ ਇਹਨਾਂ ਜੁਰਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਧੁਨਿਕ ਤੋਂ ਆਧੁਨਿਕ ਦੇਸ਼ ਵਿੱਚ ਵੀ ਔਰਤਾਂ ਦੀ ਸਥਿਤੀ ਦੋਮ ਦਰਜੇ ਦੀ ਹੀ ਹੈ ਭਾਵ ਉਹ ਮਰਦ ਪ੍ਰਧਾਨਤਾ ਦਾ ਸ਼ਿਕਾਰ ਹਨ। ਵੱਖ ਵੱਖ ਦੇਸ਼ਾਂ ਦੇ ਸਮਾਜਾਂ ਦੇ ਪਿਛੋਕੜ, ਲੋਕਾਂ ਦੀ ਜਮਹੂਰੀ ਚੇਤਨਾ ਆਦਿ ਵਜੋਂ ਮਰਦ ਪ੍ਰਧਾਨਤਾ ਅਤੇ ਔਰਤਾਂ ਖਿਲਾਫ਼ ਹੁੰਦੇ ਜੁਰਮਾਂ ਦੇ ਰੂਪਾਂ ਅਤੇ ਪੱਧਰ ਵਿੱਚ ਫ਼ਰਕ ਜ਼ਰੂਰ ਆਏ ਹਨ ਪਰ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਔਰਤਾਂ ਅਜ਼ਾਦ ਨਹੀਂ ਹਨ। ਸਮੁੱਚੇ ਸੰਸਾਰ ਵਿੱਚ ਔਰਤਾਂ ਦੀ ਸਥਿਤੀ ਬਾਰੇ ਕੁਝ ਅੰਕੜੇ ਵੀ ਸਾਡੇ ਸਾਹਮਣੇ ਹਨ।  ਸਭ ਤੋਂ ਗਰੀਬ 120 ਕਰੋੜ ਲੋਕਾਂ ਵਿੱਚ 70 ਫ਼ੀਸਦੀ ਔਰਤਾਂ ਹਨ। ਸੰਸਾਰ ਵਿੱਚ ਕੁੱਲ ਕੀਤੀ ਜਾਂਦੀ ਕਿਰਤ (ਘੰਟਿਆਂ ਵਿੱਚ) ਦਾ 67 ਫੀਸਦੀ ਔਰਤਾਂ ਦੇ ਹਿੱਸੇ ਆਉਂਦਾ ਹੈ ਪਰ ਕੁਲ ਆਮਦਨ ਵਿੱਚ ਉਹਨਾਂ ਦਾ ਹਿੱਸਾ ਮਹਿਜ 10 ਫੀਸਦੀ ਹੀ ਹੈ। ਸੰਸਾਰ ਦੀ ਕੁੱਲ ਸੰਪੱਤੀ ਵਿੱਚ ਤਾਂ ਉਨ੍ਹਾਂ ਦਾ ਹਿੱਸਾ ਸਿਰਫ਼ 1 ਫੀਸਦੀ ਹੀ ਹੈ। ਸੰਸਾਰ ਵਿੱਚ ਬਿਨਾਂ ਭੁਗਤਾਨ ਤੋਂ ਕੀਤੇ ਜਾਣ ਵਾਲ਼ੇ ਕੰਮ ਦੀ ਕਦਰ ਲਗਭਗ 1600 ਕਰੋੜ ਡਾਲਰ ਹੈ ਜਿਸ ਵਿੱਚ ਔਰਤਾਂ ਵੱਲੋਂ ਪਾਇਆ ਜਾਂਦਾ ਹਿੱਸਾ 1100 ਕਰੋੜ ਡਾਲਰ ਹੈ। ਔਰਤਾਂ ਨੂੰ ਮਰਦਾਂ ਨਾਲ਼ੋਂ 30-40 ਫੀਸਦੀ ਘੱਟ ਤਨਖਾਹ ਦਿੱਤੀ ਜਾਂਦੀ ਹੈ। ਇੱਥੇ ਵੀ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਹ ਅੰਕੜੇ ਵੀ ਅਧੂਰੇ ਹਨ, ਹਕੀਕਤ ਇਸ ਤੋਂ ਕਿਤੇ ਵੱਧ ਦਿਲ ਕੰਬਾਊ ਹੋਵੇਗੀ।

ਸਵਾਲ ਇਹ ਪੈਦਾ ਹੁੰਦਾ ਹੈ ਕਿ ਔਰਤਾਂ ਦੀ ਇਹ ਮਾੜੀ ਹਾਲਤ ਕਿਵੇਂ ਬਦਲੀ ਜਾ ਸਕਦੀ ਹੈ ? ਉਹ ਕਿਹੜੇ ਢੰਗ-ਤਰੀਕੇ, ਉਹ ਕਿਹੜਾ ਰਾਹ ਹੋ ਸਕਦਾ ਹੈ ਜਿਸ ਰਾਹੀਂ ਮਰਦ ਪ੍ਰਧਾਨਤਾ ਖ਼ਤਮ ਹੋਵੇਗੀ ? ਭਾਰਤ ਵਿੱਚ ਇਹ ਆਮ ਧਾਰਨਾ ਹੈ ਕਿ ਔਰਤਾਂ ਦੇ ਪੜ੍ਹ-ਲਿਖ ਜਾਣ ਨਾਲ਼ ਅਤੇ ਕਮਾਊ ਬਣ ਜਾਣ ਨਾਲ਼ ਔਰਤਾਂ ਸਮਾਜ ਵਿੱਚ ਮਰਦਾਂ ਦੇ ਬਰਾਬਰ ਦਾ ਦਰਜਾ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਣਗੀਆਂ। ਇਹ ਸਹੀ ਹੈ ਕਿ ਇਸ ਨਾਲ਼ ਔਰਤਾਂ ਦੀ ਸਥਿਤੀ ਵਿੱਚ ਬਦਲਾਅ ਆਉਂਦਾ ਹੈ, ਪਰ ਇਹ ਵੀ ਸੋਚਣਾ ਬਣਦਾ ਹੈ ਕਿ ਯੂਰਪ-ਅਮਰੀਕਾ ਦੇ ਵਿਕਸਿਤ ਸਰਮਾਏਦਾਰਾ ਦੇਸ਼ਾਂ ਵਿੱਚ ਜਿੱਥੇ ਔਰਤਾਂ ਦੀ ਸਾਖਰਤਾ ਅਤੇ ਕਮਾਊ ਹੋਣ ਦੀ ਦਰ ਬਹੁਤ ਉੱਚੀ ਹੈ ਉੱਥੇ ਵੀ ਔਰਤਾਂ ਮਰਦ ਪ੍ਰਧਾਨਤਾ ਦਾ ਸ਼ਿਕਾਰ ਕਿਉਂ ਹਨ ? ਉੱਥੇ ਵੀ ਕਿਉਂ ਔਰਤਾਂ ਨੂੰ ਬਰਾਬਰ ਦੀ ਸਮਾਜਕ, ਆਰਥਕ ਤੇ ਸਿਆਸੀ ਹੈਸੀਅਤ ਹਾਸਲ ਨਹੀਂ ਹੋ ਸਕੀ ਹੈ ? ਸਾਡੇ ਦੇਸ਼ ਵਿੱਚ ਵੀ ਔਰਤਾਂ ਦਾ ਜੋ ਹਿੱਸਾ ਸਾਖ਼ਰ ਹੋ ਚੁੱਕਾ ਹੈ ਤੇ ਕਮਾਊ ਹੈ ਉਹ ਮਰਦਾਂ ਦੀ ਗੁਲਾਮੀ ਤੋਂ ਛੁਟਕਾਰਾ ਹਾਸਲ ਨਹੀਂ ਕਰ ਸਕਿਆ। ਔਰਤਾਂ ਦੀ ਹਾਲਤ ਸੁਧਾਰਨ ਲਈ ਔਰਤਾਂ ਨੂੰ ਪਾਰਲੀਮੈਂਟ-ਵਿਧਾਨ ਸਭਾਵਾਂ ਵਿੱਚ 33 ਫੀਸਦੀ ਰਿਜ਼ਰਵੇਸ਼ਨ ਦੇਣ ਦਾ ਨੀਮ ਹਕੀਮੀ ਨੁਸਖਾ ਵੀ ਬਹੁਤ ਪ੍ਰਚਾਰਿਆ ਜਾਂਦਾ ਹੈ। ਕਹਿਣ ਦੀ ਲੋੜ ਨਹੀਂ ਕਿ ਜੇਕਰ ਔਰਤਾਂ ਲਈ ਰਿਜ਼ਰਵੇਸ਼ਨ ਦਾ ਅਜਿਹਾ ਕਨੂੰਨ ਬਣ ਜਾਂਦਾ ਹੈ ਉਸ ਦਾ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ, ਪਰ ਸੋਚਣਾ ਇਹ ਬਣਦਾ ਹੈ ਕਿ ਜੇਕਰ ਕੁਝ ਔਰਤਾਂ ਪਾਰਲੀਮੈਂਟ ਵਿਧਾਨ ਸਭਾਵਾਂ ਵਿੱਚ ਬੈਠੇ ਲੁਟੇਰੇ ਟੋਲੇ ਵਿੱਚ ਸ਼ਾਮਲ ਹੋ ਵੀ ਜਾਂਦੀਆਂ ਹਨ ਤਾਂ ਉਸ ਨਾਲ਼ ਦੇਸ਼ ਦੀਆਂ ਔਰਤਾਂ ਦੀ ਗੁਲਾਮੀ ਦੀ ਹਾਲਤ ਵਿੱਚ ਕੀ ਸੁਧਾਰ ਹੋ ਜਾਵੇਗਾ ? ਇਸ ਨਾਲ਼ ਦੇਸ਼ ਦੇ ਕਾਰਖਾਨਿਆਂ, ਖੇਤਾਂ, ਦੁਕਾਨਾਂ, ਸ਼ੋ-ਰੂਮਾਂ, ਸਕੂਲਾਂ, ਘਰਾਂ, ਉਸਾਰੀ ਕੰਮਾਂ ’ਚ ਬੇਹੱਦ ਘੱਟ ਆਮਦਨ ਅਤੇ ਬੇਹੱਦ ਭੈੜੀਆਂ ਹਾਲਤਾਂ ਵਿੱਚ ਕੰਮ ਕਰ ਰਹੀ ਔਰਤਾਂ ਦੀ ਅਬਾਦੀ ਦੀ ਹਾਲਤ ਵਿੱਚ ਕੀ ਸੁਧਾਰ ਹੋ ਜਾਵੇਗਾ ? ਇਸ ਤਰ੍ਹਾਂ ਘਰੇਲੂ ਹਿੰਸਾ ਕਿਵੇਂ ਖਤਮ ਹੋ ਜਾਵੇਗੀ ? ਇਸ ਨਾਲ਼ ਜਗੀਰੂ ਸੱਭਿਆਚਾਰ ਅਤੇ ਨੰਗੇਜ਼ਵਾਦੀ, ਕਾਮੁਕਤਾਵਾਦੀ, ਖਪਤਵਾਦੀ ਗਲੇ-ਸੜੇ ਸਰਮਾਏਦਾਰਾ ਸੱਭਿਆਚਾਰ ਦਾ ਖਾਤਮਾ ਕਿਵੇਂ ਹੋ ਜਾਵੇਗਾ ਜਾਂ ਔਰਤਾਂ ਖਿਲਾਫ਼ ਵੱਡੇ ਪੱਧਰ ’ਤੇ ਹੋ ਰਹੇ ਅਪਰਾਧ ਕਿਵੇਂ ਬੰਦ ਹੋ ਜਾਣਗੇ ? ਔਰਤਾਂ ਖਿਲਾਫ਼ ਜੁਰਮਾਂ ਦੀਆਂ ਪਿਛਲੇ ਸਮੇਂ ਵਿੱਚ ਹੋਈਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਔਰਤਾਂ ਖਿਲਾਫ਼ ਜੁਰਮ ਕਰਨ ਵਾਲ਼ਿਆਂ ਖਿਲਾਫ਼ ਸਖ਼ਤ ਕਨੂੰਨੀ ਕਦਮ ਚੁੱਕੇ ਜਾਣ, ਪੁਖਤਾ ਕਾਰਵਾਈ ਲਈ ਪੁਲਸ-ਪ੍ਰਸ਼ਾਨਿਕ ਢਾਂਚਾ ਚੁਸਤ-ਦਰੁਸਤ ਕੀਤੇ ਜਾਣ ਅਤੇ ਬਲਾਤਕਾਰ ਦੇ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀਆਂ ਮੰਗਾਂ ਜ਼ੋਰਦਾਰ ਢੰਗ ਨਾਲ਼ ਉੱਠੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਜਿਹੇ ਸਾਰੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਇਸ ਵਾਸਤੇ ਜ਼ੋਰਦਾਰ ਸੰਘਰਸ਼ ਛੇੜਿਆ ਜਾਣਾ ਚਾਹੀਦਾ ਹੈ, ਪਰ ਇਸ ਨਾਲ਼ ਔਰਤਾਂ ਦੀ ਸਥਿਤੀ ਵਿੱਚ ਬਹੁਤ ਜ਼ਿਆਦਾ ਫਰਕ ਨਹੀਂ ਆਉਣ ਵਾਲ਼ਾ। ਪਹਿਲਾਂ ਵੀ ਗਰੀਬਾਂ, ਔਰਤਾਂ, ਬੱਚਿਆਂ ਦੇ ਹੱਕ ਵਿੱਚ ਜੋ ਕਨੂੰਨ ਮੌਜੂਦ ਹਨ ਉਹ ਕਿੰਨੇ ਕੁ ਲਾਗੂ ਹੋ ਰਹੇ ਹਨ ?  ਸੰਸਦ-ਵਿਧਾਨ ਸਭਾਵਾਂ, ਪੰਚਾਇਤਾਂ, ਨਗਰ ਪਾਲਿਕਾਵਾਂ, ਅਦਾਲਤਾਂ, ਅਫ਼ਸਰਸ਼ਾਹੀ, ਪੁਲਸ, ਫੌਜ – ਇਹ ਪੂਰਾ ਤਾਣਾ-ਬਾਣਾ ਹੀ ਲੋਕ-ਵਿਰੋਧੀ ਅਤੇ ਇਸ ਤੋਂ ਵੀ ਕਿਤੇ ਵਧ ਕੇ ਔਰਤ-ਵਿਰੋਧੀ ਹੈ। ਦੇਸ਼ ਦਾ ਸਾਰਾ ਸਿਆਸੀ-ਪ੍ਰਸ਼ਾਸਨਿਕ ਪ੍ਰਬੰਧ ਏਨਾ ਗਲ ਸੜ ਚੁੱਕਾ ਹੈ ਕਿ ਇਸ ਨੂੰ ਲੋਕ ਹਿੱਤਾਂ ਮੁਤਾਬਕ ਢਾਲਣ ਦੀ ਗੱਲ ਸੋਚਣਾ, ਇਸ ਤੋਂ ਔਰਤਾਂ ਦੀ ਸੁਰੱਖਿਆ, ਹੱਕਾਂ, ਅਜ਼ਾਦੀ, ਬਰਾਬਰੀ, ਇਨਸਾਫ਼ ਦੀ ਉਮੀਦ ਕਰਨਾ ਸਿਰੇ ਦੀ ਮੂਰਖਤਾ ਹੋਵੇਗੀ।

ਮਨੁੱਖੀ ਸਮਾਜ ਵਿੱਚ ਹਜ਼ਾਰਾਂ ਸਾਲ ਪਹਿਲਾਂ ਜਦ ਕਿਰਤ ਵੰਡ ਦੇ ਨਤੀਜੇ ਵਜੋਂ ਨਿੱਜੀ ਜਾਇਦਾਦ ਦੀ ਉਤਪਤੀ ਹੋਈ ਉਦੋਂ ਸਮਾਜ ਲੋਟੂ ਅਤੇ ਲੁਟੀਂਦੀਆਂ ਜਮਾਤਾਂ ਵਿੱਚ ਵੰਡਿਆ ਗਿਆ ਸੀ। ਨਿੱਜੀ ਜਾਇਦਾਦ ਹੀ ਸਮਾਜ ਵਿੱਚ ਔਰਤਾਂ ਦੇ ਦੋਮ ਦਰਜੇ ਦਾ ਕਾਰਨ ਬਣੀ। ਹੁਣ ਨਿੱਜੀ ਜਾਇਦਾਦ ਦੇ ਖਾਤਮੇ ਨਾਲ਼ ਹੀ ਔਰਤਾਂ ਦੀ ਗੁਲਾਮੀ ਦਾ ਖਾਤਮਾ ਹੋਵੇਗਾ। ਜਦੋਂ ਤੱਕ ਕਿਰਤ ਵੰਡ, ਨਿੱਜੀ ਜਾਇਦਾਦ, ਜਿਣਸ ਪੈਦਾਵਾਰ ਅਤੇ ਮੁਨਾਫ਼ੇ ਖਾਤਰ ਕਿਰਤ ਦੀ ਲੁੱਟ ’ਤੇ ਆਧਾਰਤ ਇਹ ਲੋਟੂ ਸਰਮਾਏਦਾਰਾ ਪ੍ਰਬੰਧ ਕਾਇਮ ਰਹੇਗਾ ਉਦੋਂ ਤੱਕ ਮਰਦ ਪ੍ਰਧਾਨਤਾ ਵੀ ਕਾਇਮ ਰਹੇਗੀ। ਇਸ ਲਈ ਸਰਮਾਏਦਾਰਾ ਪ੍ਰਬੰਧ ਦੇ ਇਨਕਲਾਬੀ ਢੰਗ ਨਾਲ਼ ਖਾਤਮੇ ਅਤੇ ਇਸ ਦੀ ਥਾਂ ਸਮਾਜਵਾਦੀ ਪ੍ਰਬੰਧ ਦੀ ਕਾਇਮੀ ਅਤੇ ਸਮਾਜਵਾਦੀ ਪ੍ਰਬੰਧ ਵਿੱਚੋਂ ਹੁੰਦੇ ਹੋਏ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਸਮਾਜ, ਜਮਾਤ ਰਹਿਤ ਸਮਾਜ – ਕਮਿਊਨਿਜ਼ਮ – ਦੀ ਕਾਇਮੀ ਦਾ ਰਾਹ ਹੀ ਔਰਤ ਦੀ ਗੁਲਾਮੀ ਦੇ ਖਾਤਮੇ ਦਾ ਰਾਹ ਹੋਵੇਗਾ, ਪਰ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਹੈ ਕਿ ਕਮਿਊਨਿਜ਼ਮ ਸਥਾਪਿਤ ਹੋਣ ਤੱਕ ਔਰਤਾਂ ਹੱਥ ’ਤੇ ਹੱਥ ਧਰ ਕੇ ਬੈਠੀਆਂ ਰਹਿਣਗੀਆਂ। ਨਿੱਜੀ ਮਾਲਕੀ ਦੇ ਖਾਤਮੇ ਦੇ ਇਨਕਲਾਬੀ ਸੰਘਰਸ਼ ਵਿੱਚ ਬਰਾਬਰ ਦੀ ਹਿੱਸੇਦਾਰੀ ਤਾਂ ਹੋਵੇਗੀ ਹੀ ਪਰ ਇਸ ਸੰਘਰਸ਼ ਦੇ ਇੱਕ ਅੰਗ ਦੇ ਤੌਰ ’ਤੇ ਔਰਤਾਂ ਨੂੰ ਆਪਣੀ ਲੁੱਟ-ਦਾਬੇ ਦੇ ਹਰ ਰੂਪ ਖਿਲਾਫ਼, ਅਜ਼ਾਦੀ, ਬਰਾਬਰੀ, ਹੱਕਾਂ ਲਈ ਔਰਤਾਂ ਦੀ ਖੁਦਮੁਖਤਾਰ ਜੁਝਾਰੂ ਲਹਿਰ ਵੀ ਉਸਾਰਨੀ ਹੋਵੇਗੀ। ਔਰਤਾਂ ਨੂੰ ਵੱਡੇ ਪੱਧਰ ’ਤੇ ਆਪਣੇ ਹੱਕਾਂ, ਅਜ਼ਾਦੀ, ਬਰਾਬਰੀ ਲਈ ਜਾਗਰੂਕ ਹੋਣਾ ਹੋਵੇਗਾ ਅਤੇ ਜੁਝਾਰੂ ਸੰਘਰਸ਼ ਚਲਾਉਣੇ ਹੋਣਗੇ। ਅੱਜ ਸੰਸਾਰ ਵਿੱਚ ਔਰਤਾਂ ਨੂੰ ਜਿਸ ਹੱਦ ਤੱਕ ਵੀ ਹੱਕ ਹਾਸਿਲ ਹਨ ਉਹ ਕਿਸੇ ਨੇ ਤੋਹਫੇ ਵਿੱਚ ਨਹੀਂ ਦਿੱਤੇ।  ਸੰਸਾਰ ਭਰ ਵਿੱਚ ਔਰਤਾਂ ਨੇ ਇਹ ਹੱਕ ਲੋਕ ਲਹਿਰਾਂ ਵਿੱਚ ਜੁਝਾਰੂ ਹਿੱਸੇਦਾਰੀ ਕਰਦੇ ਹੋਏ ਅਤੇ ਆਪਣੀਆਂ ਖੁਦਮੁਖਤਾਰ ਲਹਿਰਾਂ ਉਸਾਰਨ ਰਾਹੀਂ ਹੀ ਹਾਸਲ ਕੀਤੇ ਹਨ। ਇਹ ਭਾਵੇਂ ਜਗੀਰੂ ਦਾਬਾ ਹੋਵੇ ਜਾਂ ਸਰਮਾਏ ਦਾ ਦਾਬਾ, ਔਰਤਾਂ ਨੇ ਇਸ ਤੋਂ ਜਿਸ ਹੱਦ ਤੱਕ ਵੀ ਰਾਹਤ ਹਾਸਲ ਕੀਤੀ ਹੈ ਉਹ ਵਿਆਪਕ, ਜਾਗਰੂਕ ਅਤੇ ਜਨਤਕ ਸੰਘਰਸ਼ਾਂ ਰਾਹੀਂ ਹੀ ਹਾਸਲ ਕੀਤੀ ਹੈ।

ਇਸ ਰਾਹ ਤੋਂ ਸਿਵਾ ਹੋਰ ਕੋਈ ਰਾਹ ਨਹੀਂ ਹੈ ਜੋ ਔਰਤਾਂ ਨੂੰ ਮੁਕੰਮਲ ਰੂਪ ਵਿੱਚ ਲੁੱਟ, ਦਾਬੇ, ਗੁਲਾਮੀ ਤੋਂ ਮੁਕਤ ਕਰ ਸਕੇ। ਔਰਤ ਮੁਕਤੀ ਦੇ ਇਸ ਰਾਹ ਨੂੰ ਸਮਝਣ ਅਤੇ ਅਪਣਾਉਣ ਦਾ ਹੀ ਸੰਸਾਰ ਭਰ ਦੀਆਂ ਅਜ਼ਾਦੀ-ਬਰਾਬਰੀ-ਨਿਆਂ ਦੀ ਤਾਂਘ ਰੱਖਣ ਵਾਲ਼ੀਆਂ ਔਰਤਾਂ ਨੂੰ ਕੌਮਾਂਤਰੀ ਔਰਤ ਦਿਵਸ ਇਨਕਲਾਬੀ ਸੱਦਾ ਦਿੰਦਾ ਹੈ। ਉੱਠੋ! ਜਾਗੋ!! ਹੱਕ, ਬਰਾਬਰੀ ਤੇ ਅਜ਼ਾਦੀ ਲਈ, ਲੁੱਟ, ਦਾਬੇ ਤੇ ਗੁਲਾਮੀ ਦੇ ਹਰ ਰੂਪ ਖਿਲਾਫ਼ ਲਹਿਰਾਂ ਬਣ ਅੱਗੇ ਵਧੋ! ਕੌਮਾਂਤਰੀ ਔਰਤ ਦਿਵਸ ਦਾ ਇਹੋ ਸੁਨੇਹਾ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 49, 1 ਮਾਰਚ 2016 ਵਿਚ ਪਰ੍ਕਾਸ਼ਤ

ਹੋਲਾ ਮਹੱਲਾ-ਆਤਮਿਕ ਵਿਸ਼ਵਾਸ

0

ਹੋਲਾ ਮਹੱਲਾ-ਆਤਮਿਕ ਵਿਸ਼ਵਾਸ

 ਪ੍ਰਿੰਸੀਪਲ ਸਤਬੀਰ ਸਿੰਘ

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਿਰੇ ਆਤਮਿਕ ਸ਼ਕਤੀ ਦੇ ਪੁੰਜ ਹੀ ਨਹੀਂ ਸਗੋਂ ਐਟਾਮਿਕ ਸ਼ਕਤੀ ਦੇ ਵੀ ਭੰਡਾਰ ਸਨ, ਜਿਵੇਂ ਵਿਗਿਆਨੀਆਂ ਨੇ ਅਣਡਿੱਠ ਐਟਮ ਨੂੰ ਤੋੜ ਕੇ ਉਸ ਵਿੱਚੋਂ ਅਥਾਹ ਬਲ ਹਾਸਲ ਕਰ ਲਿਆ ਹੈ ਤੇ ਉਸ ਹਾਸਲ ਕੀਤੇ ਹੋਏ ਬਲ ਤੋਂ ਸਾਰਾ ਸੰਸਾਰ ਥਰ-ਥਰ ਕੰਬ ਰਿਹਾ ਹੈ। ਕੁਝ ਇਸੇ ਹੀ ਤਰ੍ਹਾਂ ਮਨੋਵਿਗਿਆਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਸਾਰ ਦੇ ਨਿਮਾਣੇ, ਨਿਤਾਣੇ ਤੇ ਲਿਤਾੜੇ ਜਾ ਰਹੇ ਜਨ-ਸਾਧਾਰਨ ਵਿੱਚ ਆਤਮ ਵਿਸ਼ਵਾਸ ਭਰ ਕੇ, ਉਸ ਨੂੰ ਪਰੰਪਰਾ ਨਾਲੋਂ ਤੋੜ ਕੇ, ਸੁਤੰਤਰ ਕਰ ਕੇ ਅਮਿਟ ਸ਼ਕਤੀ ਨੂੰ ਜਨਮ ਦੇ ਦਿੱਤਾ, ‘‘ਫੂਟੋ ਆਂਡਾ ਭਰਮ ਕਾ, ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ, ਗੁਰਿ ਕੀਨੀ ਬੰਦਿ ਖਲਾਸੁ ॥’’ (ਮਾਰੂ, ਮ: ੫, ਪੰਨਾ ੧੦੦੨) ਦੇ ਮਹਾਂਵਾਕ ਅਨੁਸਾਰ ਕੈਦ ਰੱਖੀ ਜਨਤਾ ਖੁੱਲ੍ਹੇ ਆਕਾਸ਼ ਵਿੱਚ ਤਾਰੀਆਂ ਲਾਉਣ ਲੱਗੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਸ ਤਰ੍ਹਾਂ ਇਹ ਮਾਨਵ ਬਲ ਹਾਸਲ ਕੀਤਾ ਤੇ ਜਿਵੇਂ ਮੁਰਦਾ ਹੋ ਚੁੱਕੇ ਦਿਲਾਂ ਵਿੱਚ ਜਾਨ ਪਾ ਕੇ ਸੁਰਜੀਤ ਕੀਤਾ, ਉਹ ਹਿੰਦੁਸਤਾਨ ਦੇ ਇਤਿਹਾਸ ਵਿੱਚ ਪੜ੍ਹੇ ਜਾਣ ਵਾਲੀ ਰੁਮਾਂਟਿਕ ਦਾਸਤਾਨ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਇਸ ਊਣਤਾਈ ਵੱਲ ਸੰਕੇਤ ਕਰਦਿਆਂ ਹੋਇਆਂ ਆਵਾਜ਼ ਬੁਲੰਦ ਕੀਤੀ ਸੀ ਕਿ ਆਮ ਲੁਕਾਈ ਮੁਰਦਿਆਂ ਵਾਂਗ ਹਕੂਮਤ ਦੀ ਵਫ਼ਾਦਾਰੀ ਰਹਿ ਕੇ, ਬੇਅਣਖ ਹੋ ਕੇ, ਗ਼ੁਲਾਮਾਂ ਵਾਲਾ ਜੀਵਨ ਬਤੀਤ ਕਰ ਰਹੀ ਹੈ, ‘‘ਅੰਧੀ ਰਯਤਿ ਗਿਆਨ ਵਿਹੂਣੀ, ਭਾਹਿ ਭਰੇ ਮੁਰਦਾਰੁ ॥’’ (ਆਸਾ ਕੀ ਵਾਰ, ਮ: ੧, ਪੰਨਾ ੪੬੯), ਇਸ ਤਰ੍ਹਾਂ ਦਾ ਜੀਵਨ ਜਿਊਣ ਸਦਕਾ ਲੋਕਾਂ ਦੀ ਨਾ ਰਹਿਣੀ ਕਾਇਮ ਰਹੀ ਤੇ ਨਾ ਹੀ ਬਹਿਣੀ। ਗੁਰੂ ਨਾਨਕ ਸਾਹਿਬ ਜੀ ਨੇ ਰਹਿਣੀ ਸੁਤੰਤਰ ਤੇ ਬਹਿਣੀ ਸਾਫ਼-ਸੁਥਰੀ ਕੀਤੀ। ਉਨ੍ਹਾਂ ਨਵੇਂ ਵਿਚਾਰਾਂ ਸਦਕਾ ਐਸਾ ਲੋਕ ਸਮੂਹ ਸੰਗਤ ਦੇ ਰੂਪ ਵਿੱਚ ਬਣਾ ਕੇ ਉਭਾਰਿਆ, ਜਿਸ ਵਿੱਚ ਮਰਦ ਘਾਲਾਂ ਘਾਲਦੇ, ਗੁਰੂ ਦਰ ਮਨਜ਼ੂਰ ਹੁੰਦੇ ਰਹੇ।  ਭਾਈ ਲਹਿਣਾ ਜੀ ਨੇ ਇੱਕ ਐਸੀ ਹੀ ਤਾਂ ਘਾਲਣਾ ਘਾਲੀ ਸੀ ਕਿ ਉਹ ਖ਼ਸਮ ਨੂੰ ਕਬੂਲ ਹੋਏ ਤੇ ਗੁਰੂ ਪਾਤਸ਼ਾਹ ਨੇ ਆਪਣਾ ਅੰਗ ਬਣਾ ਕੇ ਨਿਵਾਜਿਆ। ਬਾਣੀ ਵਿੱਚ ਆਉਂਦੀ ਇਹ ਪੰਕਤੀ ‘‘ਪਏ ਕਬੂਲੁ ਖਸੰਮ ਨਾਲਿ, ਜਾਂ ਘਾਲ ਮਰਦੀ ਘਾਲੀ ॥’’ (ਰਾਮਕਲੀ ਕੀ ਵਾਰ, ਬਲਵੰਡ ਸਤਾ, ੯੬੭) ਇਸੇ ਖ਼ਿਆਲ ਦੀ ਹੀ ਵਿਆਖਿਆ ਤੇ ਤਰਜਮਾਨੀ ਕਰਦੀ ਹੈ।

ਫਿਰ ਦੀਪ ਨਾਲ ਦੀਪ ਜਗੇ ਤੇ ਸਿੱਖੀ ਲਹਿਰ ਵਾਧੇ ਵਿੱਚ ਹੁੰਦੀ ਹੋਈ ਇੱਕ ਤਗੜੀ ਜਥੇਬੰਦੀ ਹੋ ਨਿਬੜੀ। ਨਿਸ਼ਚੇ ਤੇ ਯਕੀਨ ਦੀ ਆਜ਼ਾਦੀ ਲਈ ਗੁਰੂ ਅਰਜੁਨ ਸਾਹਿਬ ਜੀ ਨੇ ਸ਼ਹਾਦਤ ਦੇ ਕੇ ਕੌਮ ਵਿੱਚ ਇਹ ਵਿਚਾਰ ਦ੍ਰਿੜ੍ਹ ਕਰਾ ਦਿੱਤਾ ਕਿ ਸਰੀਰਕ ਤਲ ਤੋਂ ਉੱਪਰ ਉੱਠ ਕੇ ਜੀਵਨ ਜਿਊਣਾ ਹੀ ਸਿੱਖੀ ਹੈ। ਇਹਨਾਂ ਲੀਹਾਂ ’ਤੇ ਚੱਲਦੇ ਹੋਏ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਸੰਭਾਲ਼ਦਿਆਂ ਹੀ ਪਹਿਲਾ ਬਚਨ ਇਹ ਕੀਤਾ ਕਿ ‘‘ਅੱਜ ਤੋਂ ਮੇਰੀ ਪਿਆਰੀ ਭੇਟਾ ਚੰਗੇ ਸ਼ਸਤਰ ਅਤੇ ਚੰਗੀ ਜਵਾਨੀ ਹੈ। ਜੇ ਮੇਰੀ ਖੁਸ਼ੀ ਲੈਣੀ ਚਾਹੁੰਦੇ ਹੋ ਤਾਂ ਕਸਰਤਾਂ ਕਰੋ, ਜੰਗਲਾਂ ਵਿੱਚ ਜਾਓ, ਸ਼ਿਕਾਰ ਖੇਡੋ। ਕਮਜ਼ੋਰੀ ਇੱਕ ਕੌਮੀ ਗੁਨਾਹ ਹੈ, ਜੋ ਕਿਸੇ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ।  ਤੁਸੀਂ ਤਲਵਾਰ ਇਸੇ ਲਈ ਫੜਨੀ ਹੈ ਅਤੇ ਮੈਂ ਵੀ ਤਾਂ ਹੀ ਪਹਿਨੀ ਹੈ ਕਿ ਜ਼ਾਲਮ; ਜ਼ੁਲਮ ਦੀ ਤਲਵਾਰ ਅੱਗੇ ਤੋਂ ਚਲਾਉਣੀ ਬੰਦ ਕਰ ਦੇਣ।’’

ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੇ ਕੌਮ ਵਿੱਚ ਨਵਾਂ ਉਤਸ਼ਾਹ ਭਰ ਦਿੱਤਾ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨਿਰੋਲ ਪਰਉਪਕਾਰ ਲਈ ਸੀ।  ਸੋ ਸਿੱਖ ਭੀ ਪਰਉਪਕਾਰ ਦੀ ਮੂਰਤ ਕਰ ਕੇ ਸਤਿਕਾਰੇ ਜਾਣ ਲੱਗੇ। ਰਣਜੀਤ ਨਗਾਰੇ ਵੱਜਣ ਲੱਗੇ ਤੇ ਘੋੜਿਆਂ ਦੀ ਸਵਾਰੀ ਸਿੱਖਾਂ ਦਾ ਨਿਤ ਕਰਮ ਬਣ ਗਿਆ। ਜੁਆਨੀਆਂ ਉਸੇ ਤਰ੍ਹਾਂ ਭੇਟ ਹੋਈਆਂ; ਜਿਵੇਂ ਛੇਵੇਂ ਪਾਤਿਸ਼ਾਹ ਦੇ ਸਮੇਂ ਭੇਟ ਹੁੰਦੀਆਂ ਰਹੀਆਂ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ ਰਿਵਾਜ ਨੂੰ ਹੋਰ ਉਤਸ਼ਾਹ ਬਖ਼ਸ਼ਣ ਲਈ ਇੱਕ ਖ਼ਾਸ ਦਿਨ ਨਿਯਤ ਕਰ ਦਿੱਤਾ। ਉਸ ਦਿਨ ਹੋਲਗੜ੍ਹ ਦੇ ਕਿਲ੍ਹੇ ਵਿੱਚ ਮੇਲਾ ਲੱਗਣਾ ਸ਼ੁਰੂ ਹੋਇਆ। ਪਹਿਲਾ ਤਾਰੀਖੀ ਮੇਲਾ ਦਸਮ ਪਿਤਾ ਨੇ ਚੇਤ ਵਦੀ ਪਹਿਲੀ ਸੰਨ ੧੬੮੦ ਨੂੰ ਕੀਤਾ ਤੇ ਫਿਰ ਤਾਂ ਇਸ ਨੂੰ ਮਨਾਉਣ ਦੀ ਪਰਪਾਟੀ ਪੈ ਗਈ। ਹੋਲਾ ਮਹੱਲਾ; ਉਤਸ਼ਾਹ ਦਾ ਦਿਹਾੜਾ ਤੇ ਸ਼ਕਤੀਆਂ ਦਾ ਪ੍ਰਤੀਕ ਬਣ ਗਿਆ । ਹੋਲਾ ਮਹੱਲਾ ਦੇ ਅਰਥ ਹਨ : ‘ਹਮਲਾ, ਜਾਇ ਹਮਲਾ ਜਾਂ ਹੱਲਾ ਤੇ ਹੱਲਾ ਕਰਨ ਦੀ ਥਾਂ’। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਸਤਰ ਵਿਦਿਆ ਵਿੱਚ ਨਿਪੁੰਨ ਕਰਨ ਲਈ ਇਹ ਰੀਤ ਚਲਾਈ, ਜੋ ਦੋ ਦਲ ਬਣਾ ਕੇ ਪ੍ਰਧਾਨ ਸਿੱਖ ਜਰਨੈਲਾਂ ਦੀ ਕਮਾਂਡ ਹੇਠ ਇੱਕ ਖਾਸ ਥਾਂ ’ਤੇ ਕਬਜ਼ਾ ਕਰਨਾ, ਹੁੰਦਾ ਸੀ।

ਹੋਲਾ ਮਹੱਲਾ- ਆਤਮ ਵਿਸ਼ਵਾਸ ਪੈਦਾ ਕਰਨ ਲਈ ਨਕਲੀ ਹਮਲਾ ਕਰਨਾ :

ਕਲਗ਼ੀਧਰ ਪਾਤਸ਼ਾਹ ਆਪ ਇਸ ਮਸਨੂਈ (ਬਣਾਉਟੀ) ਜੰਗ ਦੇ ਕਰਤੱਬ ਦੇਖਦੇ ਅਤੇ ਦੋਵੇਂ ਦਲਾਂ ਨੂੰ ਸ਼ੁੱਭ ਸਿੱਖਿਆ ਦੇਂਦੇ ਅਤੇ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖ਼ਸ਼ਦੇ। ਗ਼ੁਲਾਮੀ ਵਿੱਚ ਮਸਤ, ਪਰ ਹੋਲੀ ਦੇ ਨਾਂ ’ਤੇ ਖਰੂਦ (ਖ਼ਰਮਸਤੀ) ਮਚਾਉਣ ਵਾਲਿਆਂ ’ਚ ਅਣਖੀ ਖ਼ੂਨ ਭਰ ਕੇ ਹੋਲਾ ਮਹੱਲਾ ਖੇਡਣ ਦਾ ਚਾਅ ਉਤੇਜਿਤ ਕੀਤਾ। ਜਿੱਥੇ ਸਭ ਕੁਝ ਦੇ ਦਿੱਤਾ ਜਾਏ ਉੱਥੇ ਹੀ ਅਨੰਦ ਹੈ ਤੇ ਜਿੱਥੇ ਸਭ ਕੁਝ ਨਿੱਜ ਲਈ ਰੱਖਿਆ ਜਾਏ ਉੱਥੇ ਤਾਂ ਅਸ਼ਾਂਤੀ ਹੈ, ਦੁੱਖ ਹੈ, ਬਖੇੜੇ ਹਨ, ਝੇੜੇ ਹਨ।

ਹੋਲੀ ਤਿਉਹਾਰ ਸੀ ਸ਼ੂਦਰ ਅਖਵਾਏ ਜਾਂਦੇ ਵਰਗ ਦਾ, ਪਰ ਗੁਰੂ ਮਾਲਕ ਨੇ ਜਾਣ ਬੁਝ ਕੇ ਇਸ ਨੂੰ ਚੁਣਿਆ ਤੇ ਜੀਵਨ ਭੇਟ ਦਾ ਦਿਨ ਬਣਾ ਦਿੱਤਾ। ਖਤਰੀ ਵਰਗ ਦੇ ਲੋਕ ਦੁਸਹਿਰੇ ਵਾਲੇ ਦਿਨ ਹਥਿਆਰਾਂ ਦੇ ਕਰਤੱਬ ਦਿਖਾਉਂਦੇ ਸਨ, ਪਰ ਗੁਰੂ ਜੀ ਨੇ ਹਥਿਆਰਾਂ ਦੀ ਵਰਤੋਂ ਕਿਸੇ ਸ਼ਰੇਣੀ ਲਈ ਰਾਖਵੀਂ ਨਾ ਬਣਾ ਕੇ ਹੋਲਾ ਮਹੱਲਾ ਨੂੰ ਕਰਤੱਬ ਦਾ ਦਿਨ ਨਿਯਤ ਕਰ ਦਿੱਤਾ। ਉਨ੍ਹਾਂ ਆਪਣਾ ਮਿਸ਼ਨ ਬਣਾਇਆ ਕਿ ਆਮ ਲੋਕਾਂ, ਮਰਦਾਂ ਤੀਵੀਆਂ ਦੀ ਸਮਾਜੀ, ਇਖ਼ਲਾਕੀ ਗਿਰਾਵਟ ਤੇ ਮਜ਼ਹਬੀ ਵੱਢੀ-ਖੋਰੀ ਦੇ ਬਾਵਜੂਦ ਕੁਝ ਐਸੇ ਬੰਦੇ ਚੁਣ ਕੇ ਢਾਲ ਲਈਏ, ਜਿਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਬਖ਼ਸ਼ਿਆ ਜੀਵਨ ਆਦਰਸ਼ ਵਿਖਾਈ ਦੇਵੇ, ਜਿਨ੍ਹਾਂ ਦੇ ਸਿੱਧੇ ਸਾਦੇ ਜੀਵਨ ਢੰਗ ਹੋਣ ਤੇ ਜਿਨ੍ਹਾਂ ਦੇ ਦਿਲ ਵਿੱਚ ਜੋਸ਼ ਲਹਿਰਾਉਂਦਾ ਹੋਵੇ। ਗੁਰੂ ਸਾਹਿਬ ਨੇ ਇਤਨਾ ਹੌਂਸਲਾ ਬਖ਼ਸ਼ ਦਿੱਤਾ ਕਿ ਕੌਮ ਹਰ ਮੁਸ਼ਕਲ ਵਿਰੁੱਧ ਤੱਤਪਰ ਦਿੱਸਣ ਲੱਗੀ। ਮਹਾਰਾਜ ਨੇ ਲੁਕੀਆਂ ਤੇ ਸੁੱਤੀਆਂ ਪਈਆਂ ਕਲਾਂ ਜਗਾਈਆਂ।  ਆਮ ਲੋਕਾਈ ਦਾ ਮੂੰਹ ਠੀਕ ਲੀਹ ਵੱਲ ਮੋੜ ਦਿੱਤਾ ਅਤੇ ਸਿੱਖਾਂ ਨੂੰ ਇੱਕ ਧਾਰਮਕ ਸਾਂਝੀਵਾਲਤਾ ਵਿੱਚ ਗੁੰਦ ਲਿਆ। ਗੁਰੂ ਜੀ ਨੇ ਹੋਲਾ ਮਹੱਲਾ ਚਾੜ੍ਹ ਕੇ ਦੱਸਿਆ ਕਿ ਜ਼ਾਲਮਾਂ ਦੀ ਬੇਰਹਿਮੀ ਦਾ ਟਾਕਰਾ ਹੋ ਸਕਦਾ ਹੈ। ਗੁਰੂ ਜੀ ਨੇ ਸਫਲਤਾ ਨਾਲ ਦਿਖਾ ਦਿੱਤਾ ਕਿ ਇਸ ਤਰ੍ਹਾਂ (ਬਣਾਉਟੀ ਹੋਲਾ ਮਹੱਲੇ ਵਾਂਗ ਨਿਜ ਜੀਵਨ ’ਚ ਵੀ) ਸੁਆਰਥੀ ਜੰਗ ਛੱਡ ਕੇ ਇੱਕ ਮੁੱਠ ਹੋ ਕੇ ਕੌਮ ਦੀ ਬੇਹਤਰੀ ਤੇ ਖੁਸ਼ਹਾਲੀ ਵਾਸਤੇ ਲੜਨਾ ਹੁੰਦਾ ਹੈ। ਇਹ ਕੰਮ ਕੋਈ ਪਰਮ ਮਨੁੱਖ ਹੀ ਕਰ ਸਕਦਾ ਸੀ ਤੇ ਉਹ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਰ ਵਿਖਾਇਆ। ਗਾਂਧੀ ਜੀ ਨੂੰ ਵੀ ਆਖ਼ਰ ਮੰਨਣਾ ਪਿਆ ਕਿ ਗੁਰੂ ਤੇਗ਼ ਬਹਾਦਰ ਸਾਹਿਬ ਵਰਗੇ ਗੁਰੂ ਕੋਲੋਂ ਪਿਆਰ ਲੈ ਕੇ ਜਨਮੇ ਸਿੱਖਾਂ ਨੂੰ ਹੱਕ ਹੈ ਕਿ ਉਹ ਤਲਵਾਰ ਫੜਨ। ਅਜਿਹੇ ਪਿਆਰ ਤੋਂ ਬਿਨਾਂ ਆਪਣੇ ਬੁਰੇ ਤੋਂ ਬੁਰੇ ਵੈਰੀ ਦੇ ਖ਼ਿਲਾਫ਼ ਵੀ ਤਲਵਾਰ ਚੁੱਕਣਾ ਇਖ਼ਲਾਕੀ ਜੁਰਮ (ਅਪਰਾਧ) ਹੈ।

ਨਕਲੀ ਗੁਰੂਆਂ ਦੀਆਂ ਅਖੌਤੀ ਕਰਾਮਾਤਾਂ ਤੋਂ ਪ੍ਰਭਾਵ ਹੁੰਦੀ ਲੁਕਾਈ, ਸੱਚੇ ਰਹਿਬਰਾਂ ਪਾਸੋਂ ਵੀ ਅਲੌਕਿਕ ਕਰਾਮਾਤ ਦੀ ਉਮੀਦ ਰੱਖਦੀ ਰਹੀ, ‘‘ਸਿਧਿ ਬੋਲਨਿ ਸੁਣਿ ਨਾਨਕਾ !  ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ  ?। ਕੁਝ ਵਿਖਾਲੇਂ ਅਸਾ ਨੋ, ਤੁਹਿ ਕਿਉ ਢਿਲ ਅਵੇਹੀ ਲਾਈ  ?।’’ (ਭਾਈ ਗੁਰਦਾਸ ਜੀ, ਵਾਰ ੧, ਪਉੜੀ ੪੨), ਪਰ ਜਿਸ ਰੂਹਾਨੀਅਤ ‘‘ਬਾਝੋ ਸਚੇ ਨਾਮ ਦੇ, ਹੋਰੁ ਕਰਾਮਾਤਿ ਅਸਾਂ ਤੇ ਨਾਹੀ।’’ (ਭਾਈ ਗੁਰਦਾਸ ਜੀ, ਵਾਰ ੧, ਪਉੜੀ ੪੩) ਗੁਰੂ ਸ਼ਕਤੀ ਨੇ ਬਗਦਾਦ ਵਿੱਚ ਮੌਲਵੀ, ਪੀਰਾਂ ਨੂੰ ਸਚਾਈ ਤੋਂ ਵਾਕਫ਼ ਕਰਵਾਇਆ, ‘‘ਪੁਛੇ ਪੀਰ ਤਕਰਾਰ ਕਰਿ, ਏਹ ਫਕੀਰ ਵਡਾ ਅਤਾਈ !।’’ (ਭਾਈ ਗੁਰਦਾਸ ਜੀ, ਵਾਰ ੧ ਪਉੜੀ ੩੬) ਉਸੇ ਨਾਨਕ ਜੀ ਦੀ ਦਸਵੀਂ ਜੋਤਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵੀ ਕੀ ਇਹ ਕਰਾਮਾਤ ਨਹੀਂ ਕਿ ਭੰਗਾਣੀ ਦੇ ਯੁੱਧ ਵਿੱਚ ਭਾਈ ਲਾਲ ਚੰਦ ਹਲਵਾਈ ਵਰਗੇ ਸਾਧਾਰਨ ਸਿੱਖ ਨੂੰ ਵੀ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਟਾਕਰੇ ਉੱਤੇ ਖੜ੍ਹਾ ਕਰ ਜਿੱਤ ਪ੍ਰਾਪਤ ਕਰ ਲੈਣੀ ਤੇ ਮੁਖੋਂ ਉਚਾਰਨਾ, ‘‘ਜੁੱਧ ਜਿਤੇ ਇਨਹੀ ਕੇ ਪ੍ਰਸਾਦਿ, ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ॥ .. ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ, ਨਹੀ ਮੋ ਸੇ ਗਰੀਬ ਕਰੋਰ ਪਰੇ ॥’’ (ਖਾਲਸਾ ਮਹਿਮਾ, ਗੁਰੂ ਗੋਬਿੰਦ ਸਿੰਘ ਜੀ)

ਜਿਤੁ ਪੀਤੈ ਮਤਿ ਦੂਰਿ ਹੋਇ

0

ਜਿਤੁ ਪੀਤੈ ਮਤਿ ਦੂਰਿ ਹੋਇ

ੴ ਸਤਿ ਗੁਰ ਪ੍ਰਸਾਦਿ

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ,

ਹੈਡਮਾਸਟਰ (ਸੇਵਾ ਮੁਕਤ), 105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-੯੯੧੫੫-੧੫੪੩੬

ਮਨੁੱਖਾ ਜੂਨ ਸਾਰੀਆਂ ਜੂਨਾਂ ਵਿੱਚੋਂ ਸਰਵੋਤਮ ਜੂਨ ਹੈ। ਪ੍ਰਮਾਤਮਾ ਵੱਲੋਂ ਬਖਸ਼ੇ ਹੋਏ ਪੂਰਨ ਵਿਕਸਤ ਦਿਮਾਗ਼ ਕਾਰਨ ਮਨੁੱਖ ਵਿੱਦਿਆ ਹਾਸਲ ਕਰ ਕੇ ਪੱਥਰ ਯੁੱਗ ਤੋਂ ਅੱਜ ਦੇ ਕੰਪਿਊਟਰ ਅਤੇ ਸਪੇਸ ਯੁੱਗ ਤੱਕ ਤਰੱਕੀ ਕਰ ਚੁੱਕਾ ਹੈ ਅਤੇ ਕੁਦਰਤ ਦੇ ਡੂੰਘੇ ਭੇਦਾਂ ਨੂੰ ਲੱਭਣ ਵਿੱਚ ਲੱਗਿਆ ਹੋਇਆ ਹੈ, ਪ੍ਰੰਤੂ ਜੇ ਪ੍ਰਮਾਤਮਾ ਵੱਲੋਂ ਬਖਸ਼ਸ਼ ਕੀਤੇ ਹੋਏ ਦਿਮਾਗ਼ ਦੀ ਠੀਕ ਵਰਤੋਂ ਨਾ ਕਰੇ ਅਤੇ ਗੁਰ ਉਪਦੇਸ਼ ਅਨੁਸਾਰ ਆਪਣਾ ਜੀਵਨ ਨਾ ਢਾਲੇ ਤਾਂ ਇਸ ਦਾ ਜੀਵਨ ਪਸ਼ੂਆਂ ਦੀ ਨਿਆਈਂ ਹੋ ਜਾਵੇਗਾ ਅਤੇ ਕਈ ਵਾਰ ਤਾਂ ਪਸ਼ੂਆਂ ਤੋਂ ਵੀ ਨੀਵੇਂ ਦਰਜੇ ਦਾ ਜੀਵਨ ਜਿਊਣ ਲਈ ਮਜਬੂਰ ਹੋ ਜਾਂਦਾ ਹੈ।

ਮਨੁੱਖੀ ਸਰੀਰ ਪ੍ਰਮਾਤਮਾ ਵੱਲੋਂ ਸਾਜਿਆ ਹੋਇਆ ਹਰਿ ਮੰਦਰ ਹੈ, ਜਿਸ ਵਿੱਚ ਪ੍ਰਮਾਤਮਾ ਦਾ ਵਾਸਾ ਹੈ, ਪਰ ਇਸ ਦੀ ਸੋਝੀ ਗੁਰੂ ਦੇ ਗਿਆਨ ਨਾਲ ਹੀ ਹੁੰਦੀ ਹੈ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ :

ਹਰਿ ਮੰਦਰੁ ਏਹੁ ਸਰੀਰੁ ਹੈ; ਗਿਆਨਿ ਰਤਨਿ ਪਰਗਟੁ ਹੋਇ (: /੧੩੪੬)

ਇਸ ਸਰੀਰ ਰੂਪੀ ਮੰਦਰ ਵਿੱਚ ਨਾਮ ਦਾ ਖਜ਼ਾਨਾ ਭਰਿਆ ਪਿਆ ਹੈ, ਜਿਸ ਨੂੰ ਮੂਰਖ ਮਨੁੱਖ ਨਹੀਂ ਸਮਝਦਾ। ਗੁਰਬਾਣੀ ਦਾ ਫ਼ੁਰਮਾਨ ਹੈ :

ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ; ਨਾ ਬੂਝਹਿ ਮੁਗਧ ਗਵਾਰ (: /੧੩੪੬)

ਜੇ ਇਹ ਸਰੀਰ ਏਨਾ ਉੱਤਮ ਹੈ ਤਾਂ ਇਸ ਨੂੰ ਅਰੋਗ ਰੱਖਣਾ ਮਨੁੱਖ ਦਾ ਮੁੱਢਲਾ ਫ਼ਰਜ਼ ਹੈ। ਸਰੀਰ ਨੂੰ ਅਰੋਗ ਰੱਖਣ ਲਈ ਇਸ ਨੂੰ ਪੌਸ਼ਟਿਕ ਖ਼ੁਰਾਕ ਮਿਲਣੀ ਚਾਹੀਦੀ ਹੈ। ਇਸ ਸਰੀਰ ਰੂਪੀ ਮੰਦਰ ਵਿੱਚ ਕੋਈ ਅਜਿਹੀ ਖ਼ੁਰਾਕ ਨਹੀਂ ਜਾਣੀ ਚਾਹੀਦੀ, ਜੋ ਇਸ ਦਾ ਰੂਪ ਵਿਗਾੜ ਦੇਵੇ। ਮਨੁੱਖ ਤੋਂ ਬਿਨਾ ਬਾਕੀ ਸਾਰੇ ਜੀਵ ਵੀ ਉਹੀ ਖ਼ੁਰਾਕ ਲੱਭਦੇ ਹਨ, ਜੋ ਉਹਨਾਂ ਦੇ ਸਰੀਰ ਦੇ ਅਨੁਕੂਲ ਹੋਵੇ, ਪ੍ਰੰਤੂ ਮਨੁੱਖ ਨੂੰ ਪੂਰਨ ਸੋਝੀ ਹੁੰਦਿਆਂ ਹੋਇਆਂ ਵੀ ਉਹ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਆਹਾਰ ਦਾ ਆਦੀ ਹੋ ਜਾਂਦਾ ਹੈ। ਸਿਹਤ ਸੰਭਾਲ਼ ਲਈ ਸੰਸਾਰ ਭਰ ਦੇ ਸਾਰੇ ਧਰਮ ਕਿਸੇ ਵੀ ਕਿਸਮ ਦਾ ਨਸ਼ਾ ਨਾ ਕਰਨ ਦਾ ਹੀ ਉਪਦੇਸ਼ ਦਿੰਦੇ ਹਨ। ਜਿੰਨੇ ਵੀ ਰਿਸ਼ੀ ਮੁਨੀ, ਪੀਰ ਪੈਗ਼ੰਬਰ ਹੋਏ ਹਨ, ਉਹ ਨਸ਼ਿਆਂ ਦਾ ਸੇਵਨ ਨਹੀਂ ਕਰਦੇ ਸਨ ਸਗੋਂ ਮਨੁੱਖਤਾ ਨੂੰ ਇਸ ਤੋਂ ਬਚਣ ਦਾ ਉਪਦੇਸ਼ ਦਿੰਦੇ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜੋ ਸਮੁੱਚੀ ਮਾਨਵਤਾ ਦੀ ਸਮਾਜਕ, ਆਰਥਕ, ਰਾਜਨੀਤਕ ਅਤੇ ਇੱਥੋਂ ਤੱਕ ਕਿ ਸਿਹਤ ਸੰਬੰਧੀ ਵੀ ਅਗਵਾਈ ਕਰਦੀ ਹੈ, ਹਰ ਪ੍ਰਕਾਰ ਦੇ ਨਸ਼ਿਆਂ ਤੋਂ ਬਚਣ ਲਈ ਉਪਦੇਸ਼ ਦਿੰਦੀ ਹੈ। ਇਹ ਉਪਦੇਸ਼ ਸਰਬ ਸਾਂਝਾ ਹੈ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ :

ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ (: /੭੪੭)

ਸ਼ਰਾਬ, ਤੰਮਾਕੂ ਜਾਂ ਕਿਸੇ ਹੋਰ ਨਸ਼ੇ ਦਾ ਵਪਾਰ ਕਰਨਾ ਜਾਂ ਸੇਵਨ ਕਰਨਾ ਗੁਰਮਤਿ ਦੇ ਵਿਰੁੱਧ ਹੈ ਕਿਉਂਕਿ ਅਜਿਹੇ ਨਸ਼ੇ ਪਸ਼ੂ ਬਿਰਤੀ ਵਾਲੇ ਅਤੇ ਵਿਭਚਾਰੀ ਲੋਕਾਂ ਦੀ ਖ਼ੁਰਾਕ ਹੈ। ਨਸ਼ੇ ਕਰਨ ਵਾਲੇ ਮਨੁੱਖ ਨੂੰ ਆਪਣੇ ਤੇ ਪਰਾਏ ਦੀ ਪਛਾਣ ਨਹੀਂ ਰਹਿੰਦੀ। ਇਹਨਾਂ ਦੇ ਪ੍ਰਭਾਵ ਅਧੀਨ ਮਨੁੱਖ ਹਰ ਕਿਸਮ ਦੇ ਵਿਕਾਰਾਂ ਵਿੱਚ ਗ੍ਰਸਤ ਹੋ ਜਾਂਦਾ ਹੈ ਅਤੇ ਪਸ਼ੂ ਬਿਰਤੀ ਵੱਲ ਧੱਕਿਆ ਜਾਂਦਾ ਹੈ। ਉਸ ਦੀ ਹਾਲਤ ਨੂੰ ਬਿਆਨ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫ਼ੁਰਮਾਉਂਦੇ ਹਨ :

ਕਰਤੂਤਿ ਪਸੂ ਕੀ; ਮਾਨਸ ਜਾਤਿ   ਲੋਕ ਪਚਾਰਾ; ਕਰੈ ਦਿਨੁ ਰਾਤਿ (: /੨੬੭)

ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਚਿਤਾਵਨੀ ਦਿੰਦੀ ਹੈ ਕਿ ਹੇ ਮਨੁੱਖ ! ਤੂੰ ਅਜਿਹੇ ਨਸ਼ਿਆਂ ਵਿੱਚ ਗਲਤਾਨ ਹੋ ਕੇ ਆਪਣਾ ਜੀਵਨ ਅਜਾਈਂ ਨਾ ਗੁਆ।  ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ :

ਮਾਣਸੁ ਭਰਿਆ ਆਣਿਆ; ਮਾਣਸੁ ਭਰਿਆ ਆਇ  

ਜਿਤੁ ਪੀਤੈ, ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ  

ਆਪਣਾ ਪਰਾਇਆ ਪਛਾਣਈ; ਖਸਮਹੁ ਧਕੇ ਖਾਇ  

ਜਿਤੁ ਪੀਤੈ, ਖਸਮੁ ਵਿਸਰੈ; ਦਰਗਹ ਮਿਲੈ ਸਜਾਇ  

ਝੂਠਾ ਮਦੁ, ਮੂਲਿ ਪੀਚਈ; ਜੇ ਕਾ ਪਾਰਿ ਵਸਾਇ

(: /੫੫੪)

ਨਸ਼ਾ ਭਾਵੇਂ ਕੋਈ ਵੀ ਕੀਤਾ ਜਾਵੇ ਉਸ ਦਾ ਪ੍ਰਭਾਵ ਜਿੱਥੇ ਸਾਡੇ ਤਨ ’ਤੇ ਪੈਂਦਾ ਹੈ ਉੱਥੇ ਮਨ ਦੇ ਉੱਤੇ ਵੀ ਭੈੜਾ ਅਸਰ ਕਰਦਾ ਹੈ, ਜਿਸ ਨਾਲ ਮਨੁੱਖ ਮਾਨਸਿਕ ਰੋਗੀ ਹੋ ਜਾਂਦਾ ਹੈ। ਨਸ਼ੇ ਸਾਡੇ ਸਰੀਰ ਦੀ ਪਾਚਨ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੇ ਹਨ ਜਿਸ ਕਾਰਨ ਖ਼ੁਰਾਕ ਵੀ ਠੀਕ ਤਰੀਕੇ ਨਾਲ ਹਜ਼ਮ ਨਹੀਂ ਹੁੰਦੀ ਅਤੇ ਸਾਡਾ ਲਿਵਰ ਤੇ ਗੁਰਦੇ ਵੀ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। ਸਰੀਰ ਦੀਆਂ ਨਾੜਾਂ ਨਸ਼ੇ ਕਾਰਨ ਸੁੰਗੜ ਜਾਂਦੀਆਂ ਹਨ, ਜਿਸ ਨਾਲ ਖ਼ੂਨ ਦੀ ਪ੍ਰਕਿਰਿਆ ਵੀ ਘਟਣ ਲੱਗ ਜਾਂਦੀ ਹੈ। ਕਈ ਵਾਰ ਤਾਂ ਨਸ਼ੇ ਦੀ ਆਦਤ ਏਨੀ ਵਧ ਜਾਂਦੀ ਹੈ ਕਿ ਮਨੁੱਖ ਨੂੰ ਰੋਟੀ ਭਾਵੇਂ ਨਾ ਮਿਲੇ ਪਰ ਨਸ਼ਾ ਜ਼ਰੂਰ ਮਿਲਣਾ ਚਾਹੀਦਾ ਹੈ। ਇਸ ਤਰ੍ਹਾਂ ਨਸ਼ਿਆਂ ਨਾਲ ਮਨੁੱਖ ਆਪਣਾ ਪਰਿਵਾਰਕ ਜੀਵਨ ਵੀ ਆਮ ਤੌਰ ’ਤੇ ਬਰਬਾਦ ਕਰ ਲੈਂਦਾ ਹੈ ਅਤੇ ਨਾਲ ਹੀ ਮਾਨਸਿਕ ਰੋਗੀ ਵੀ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਨੁੱਖ ਨੂੰ ਸਮਝਾਉਂਦੇ ਹੋਏ ਫ਼ੁਰਮਾਉਂਦੇ ਹਨ ਕਿ ਜੇ ਅਮਲ ਕਰਨਾ ਹੀ ਹੈ ਤਾਂ ਸੱਚੇ ਨਾਮ ਦਾ ਕਰੋ, ਜਿਸ ਨਾਲ ਤਨ ਤੇ ਮਨ ਵਿਕਾਰਾਂ ਤੋਂ ਬਚੇ ਰਹਿੰਦੇ ਹਨ। ਆਪ ਜੀ ਦਾ ਫ਼ੁਰਮਾਨ ਹੈ ਕਿ ਭੈੜੀ ਮੱਤ ਦਾ ਨਸ਼ਾ ਤਿਆਗ ਕੇ ਨਾਮ ਅੰਮ੍ਰਿਤ ਪੀ ਕੇ ਸੱਚੇ ਅਮਲੀ ਬਣੋ :

ਦੁਰਮਤਿ ਮਦੁ ਜੋ ਪੀਵਤੇ; ਬਿਖਲੀ ਪਤਿ ਕਮਲੀ  

ਰਾਮ ਰਸਾਇਣਿ ਜੋ ਰਤੇ; ਨਾਨਕ ਸਚ ਅਮਲੀ (: /੩੯੯)

ਸ਼ਰਾਬ ਇੱਕ ਐਸੀ ਅਪਵਿੱਤਰ ਚੀਜ਼ ਹੈ ਕਿ ਜੇਕਰ ਗੰਗਾ ਜਲ, ਜਿਸ ਨੂੰ ਹਿੰਦੂ ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ, ਵੀ ਇਸ ਵਿੱਚ ਮਿਲਾ ਦਿੱਤਾ ਜਾਵੇ ਫਿਰ ਵੀ ਇਹ ਪੀਣ ਯੋਗ ਨਹੀਂ ਰਹਿੰਦੀ ਤੇ ਨਾ ਹੀ ਪਵਿੱਤਰ ਹੋ ਸਕਦੀ ਹੈ : ‘‘ਸੁਰਾ ਅਪਵਿਤ੍ਰ, ਨਤ ਅਵਰ ਜਲ ਰੇ ! ਸੁਰਸਰੀ ਮਿਲਤ, ਨਹਿ ਹੋਇ ਆਨੰ ’’ (ਮਲਾਰ, ਭਗਤ ਰਵਿਦਾਸ ਜੀ, ਪੰਨਾ ੧੨੯੩), ਸੋ ਸ਼ਰਾਬ ਤੇ ਹੋਰ ਕਈ ਪ੍ਰਕਾਰ ਦੇ ਰਸਾਂ ਕਸਾਂ ਦੀ ਵਰਤੋਂ ਕਰਨ ਨਾਲ ਮਨੁੱਖ ਨੂੰ ਕਈ ਪ੍ਰਕਾਰ ਦੇ ਰੋਗ ਲੱਗ ਜਾਂਦੇ ਹਨ ਤੇ ਮਨੁੱਖ ਵਿਕਾਰੀ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ :

ਖਸਮੁ ਵਿਸਾਰਿ; ਕੀਏ ਰਸ ਭੋਗ    ਤਾਂ, ਤਨਿ ਉਠਿ ਖਲੋਏ ਰੋਗ (: /੧੨੫੬)

ਭਾਈ ਦੇਸਾ ਸਿੰਘ ਜੀ ਰਹਿਤਨਾਮੇ ਵਿੱਚ ਲਿਖਦੇ ਹਨ :

ਕੁੱਠਾ ਹੁੱਕਾ ਚਰਸ ਤਮਾਕੂ। ਗਾਂਜਾ ਟੋਪੀ ਤਾੜੀ ਖਾਕੂ

ਇਨ ਕੀ ਓਰ ਨਾ ਕਬਹੂੰ ਦੇਖੇ  ਰਹਿਤਵੰਤ ਜੋ ਸਿੰਘ ਵਿਸੇਖੇ

                         ਅਤੇ

ਪਰ ਨਾਰੀ, ਜੂਆ, ਅਸਤਿ, ਚੋਰੀ, ਮਦਰਾ ਜਾਨ

ਪਾਂਚ ਐਬ ਯਿਹ ਜਗਤ ਮੈ, ਤਜੈ ਸੁ ਸਿੰਘ ਸੁਜਾਨ

ਨਸ਼ਿਆਂ ਤੋਂ ਬਚਣ ਦੇ ਉਪਾਅ ਤੇ ਵਿਚਾਰ ਕਰਨ ਤੋਂ ਪਹਿਲਾਂ ਵੇਖੀਏ ਕਿ ਨਸ਼ੇ ਕਿਉਂ ਕੀਤੇ ਜਾਂਦੇ ਹਨ, ਇਸ ਦੇ ਕੀ ਕਾਰਨ ਹਨ। ਕੁੱਝ ਲੋਕ ਭੁਲੇਖੇ ਵਿੱਚ ਜਾਂ ਸ਼ੌਂਕ ਵਿੱਚ ਵੀ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। ਨੌਜਵਾਨ ਲੜਕੇ ਤੇ ਲੜਕੀਆਂ ਆਪਣੇ ਦੋਸਤਾਂ ਮਿੱਤਰਾਂ ਦੇ ਉਕਸਾਉਣ ’ਤੇ ਨਸ਼ੇ ਦਾ ਸੁਆਦ ਚੱਖਣ ਲਈ ਇਹਨਾਂ ਦੀ ਗ੍ਰਿਫ਼ਤ ਵਿੱਚ ਆ ਜਾਂਦੇ ਹਨ ਤੇ ਹੌਲੀ ਹੌਲੀ ਇਸ ਦੇ ਆਦੀ ਹੋ ਜਾਂਦੇ ਹਨ। ਮਜਦੂਰੀ ਆਦਿ ਦਾ ਭਾਰੀ ਕੰਮ ਕਰਨ ਵਾਲੇ ਲੋਕਾਂ ਵਿੱਚ ਇਹ ਭਰਮ ਫੈਲਾਇਆ ਗਿਆ ਹੈ ਕਿ ਨਸ਼ਾ ਕਰਨ ਨਾਲ ਥਕਾਵਟ ਨਹੀਂ ਹੁੰਦੀ ਤੇ ਕੰਮ ਵੱਧ ਹੁੰਦਾ ਹੈ। ਕਈ ਵਾਰ ਮਾਲਕ ਵੱਧ ਕੰਮ ਲੈਣ ਦੇ ਲਾਲਚ ਵਿੱਚ ਆਪ ਹੀ ਮਜਦੂਰਾਂ ਨੂੰ ਨਸ਼ਿਆਂ ਵੱਲ ਲਾ ਦਿੰਦੇ ਹਨ। ਸਮਾਂ ਪਾ ਕੇ ਉਹ ਇਸ ਬਿਨਾਂ ਰਹਿ ਹੀ ਨਹੀਂ ਸਕਦੇ। ਨਸ਼ਿਆਂ ਦੇ ਵਪਾਰੀ ਆਪਣਾ ਮਾਲ ਵੇਚਣ ਲਈ ਨੌਜਵਾਨਾਂ ਨੂੰ ਪਹਿਲਾਂ ਮੁਫ਼ਤ ਨਸ਼ਾ ਦਿੰਦੇ ਹਨ। ਜਦੋਂ ਉਹ ਆਦੀ ਹੋ ਜਾਂਦੇ ਹਨ ਤਾਂ ਹੱਥ ਖਿੱਚ ਲੈਂਦੇ ਹਨ ਤੇ ਫਿਰ ਉਹ ਆਪਣੀ ਕਮਾਈ ਨਸ਼ਿਆਂ ਵਿੱਚ ਰੋੜਨੀ ਸ਼ੁਰੂ ਕਰ ਦਿੰਦੇ ਹਨ।

ਮਾਂ ਬਾਪ ਦੀ ਰੁਝੇਵਿਆਂ ਭਰੀ ਜ਼ਿੰਦਗੀ ਵੀ ਕਈ ਵਾਰ ਬੱਚਿਆਂ ਨੂੰ ਨਸ਼ਿਆਂ ਵੱਲ ਧਕੇਲ ਦਿੰਦੀ ਹੈ। ਜੇਕਰ ਘਰ ਵਿੱਚ ਬਜੁਰਗ ਜਾਂ ਮਾਂ ਬਾਪ ਨਸ਼ਾ ਕਰਦੇ ਹੋਣ ਤਾਂ ਵੇਖਾ ਵੇਖੀ ਬੱਚੇ ਵੀ ਇਸ ਪਾਸੇ ਲੱਗ ਜਾਂਦੇ ਹਨ। ਨਕਲੀ ਡਾਕਟਰ, ਨੀਮ ਹਕੀਮ ਤੇ ਦਵਾਈ ਵਿਕ੍ਰੇਤਾ ਵੀ ਆਪਣੇ ਨਿੱਜੀ ਲਾਭ ਲਈ ਨਸ਼ੇ ਦੇ ਟੀਕੇ ਤੇ ਕੈਪਸੂਲ ਵੇਚ ਕੇ ਆਪਣੀ ਕਮਾਈ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੰਦੇ ਹਨ। ਬਗੈਰ ਧਰਮ ਦੀ ਕਿਰਤ ਤੋਂ ਸੌਖੇ ਤਰੀਕੇ ਨਾਲ ਪ੍ਰਾਪਤ ਹੋਇਆ ਧਨ ਵੀ ਬਰਬਾਦੀ ਦਾ ਕਾਰਨ ਬਣਦਾ ਹੈ। ਨੌਜਵਾਨ ਅਜਿਹੀ ਕਮਾਈ ਨਸ਼ਿਆਂ ਵਿੱਚ ਰੋੜ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ। ਸਾਡਾ ਰਾਜਨੀਤਕ ਤੇ ਪ੍ਰਸ਼ਾਸਨੀ ਢਾਂਚਾ ਵੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਲੋਕਾਂ ਨੂੰ ਨਸ਼ਿਆਂ ਵਿੱਚ ਲਾਉਣ ਲਈ ਜ਼ਿੰਮੇਵਾਰ ਹੈ। ਵੋਟਾਂ ਦੇ ਦਿਨਾਂ ਵਿੱਚ ਇਸ ਦੀ ਖੁੱਲ੍ਹੇ ਆਮ ਵਰਤੋਂ ਹੁੰਦੀ ਹੈ।

ਗੁਰੂ ਗੋਬਿੰਦ ਸਿੰਘ ਜੀ ਨੇ ਦੰਪਤੀ (ਪਤੀ-ਪਤਨੀ ਦੀ ਜੋੜੀ) ਲਈ ਅਨੰਦ ਕਾਰਜ ਸਮੇਂ ਹੀ ਅੰਮ੍ਰਿਤ ਦੇ ਧਾਰਨੀ ਹੋਣਾ ਜ਼ਰੂਰੀ ਕਰਾਰ ਦਿੱਤਾ ਸੀ। ਇਸ ਪਿੱਛੇ ਉਹਨਾਂ ਦੀ ਦੂਰ ਦਰਸ਼ੀ ਤੇ ਵਿਗਿਆਨਕ ਸੋਚ ਕੰਮ ਕਰਦੀ ਸੀ। ਜੇਕਰ ਮਾਂ ਬਾਪ ਨਸ਼ਾ ਰਹਿਤ ਹੋਣਗੇ ਤਾਂ ਉਹਨਾਂ ਦੀ ਔਲਾਦ ਵੀ ਪੂਰੀ ਤਰ੍ਹਾਂ ਸਿਹਤਯਾਬ ਤੇ ਨਸ਼ਾ ਮੁਕਤ ਹੋਵੇਗੀ। ਨਸ਼ਾ ਰਹਿਤ ਕੌਮ ਦੀ ਸਿਰਜਣਾ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਤਿਆਰ ਕੀਤੀ ਸੀ। ਇਸੇ ਕਰ ਕੇ ਖ਼ਾਲਸਾ ਕੌਮ ’ਤੇ ਕਿੰਨੇ ਵੀ ਝੱਖੜ ਤੇ ਹਨੇਰੀਆਂ ਝੂਲਦੇ ਰਹੇ ਤੇ ਘੋਰ ਸੰਕਟ ਦੇ ਸਮੇਂ ਵਿੱਚ ਵੀ ਕਿਸੇ ਸਿੱਖ ਨੇ ਨਸ਼ੇ ਨੂੰ ਹੱਥ ਤੱਕ ਨਾ ਲਾਇਆ।  ਗੁਰੂ ਸਾਹਿਬ ਦੇ ਪਾਏ ਪੂਰਨਿਆਂ ’ਤੇ ਚੱਲਣ ਨਾਲ ਮਨੁੱਖ ਵਿੱਚ ਪੂਰਨ ਸੋਝੀ ਆਉਂਦੀ ਹੈ ਕਿਉਂਕਿ ਅਜਿਹੇ ਵਿਅਕਤੀ ਮਾਨਸਕ, ਆਰਥਕ, ਸਮਾਜਕ ਤੇ ਰਾਜਨੀਤਕ ਤੌਰ ’ਤੇ ਅਜ਼ਾਦ ਹੁੰਦੇ ਹਨ। ਅਮਲੀ ਤੌਰ ’ਤੇ ਅੱਜ ਅਸੀਂ ਇਹਨਾਂ ਅਸੂਲਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਜਿਸ ਕਰ ਕੇ ਕੌਮ ਗਿਰਾਵਟ ਵੱਲ ਜਾ ਰਹੀ ਹੈ। ਗੁਰੂ ਸਾਹਿਬ ਦੇ ਇਹ ਬਚਨ ਅੱਜ ਸਾਡੇ ’ਤੇ ਇੰਨ-ਬਿੰਨ ਲਾਗੂ ਹੋ ਰਹੇ ਹਨ।

ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ਼ ਦੀਉ ਮੈ ਸਾਰਾ

ਜਬ ਇਹ ਗਹੇਂ ਬਿਪਰਣ ਕੀ ਰੀਤ ਮੈ ਨਾ ਕਰੂੰ ਇਨ ਕੀ ਪਰਤੀਤ

ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ :

ਅੰਮ੍ਰਿਤ ਕਾ ਵਾਪਾਰੀ ਹੋਵੈ; ਕਿ ਮਦਿ ਛੂਛੈ ਭਾਉ ਧਰੇ  ? (: /੩੬੦)

ਕੌਮ ਨੂੰ ਚੜ੍ਹਦੀ ਕਲਾ ਵੱਲ ਲੈ ਜਾਣ ਲਈ ਨੌਜਵਾਨਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਜੇਕਰ ਨੌਜਵਾਨ ਪੀੜ੍ਹੀ ਹੀ ਕਿਸੇ ਵੀ ਕਾਰਨ ਗੁਮਰਾਹ ਹੋ ਕੇ ਨਸ਼ਿਆਂ ਵਿੱਚ ਗਲਤਾਨ ਹੋ ਗਈ ਤਾਂ ਕੌਮ ਦਾ ਭਵਿੱਖ ਖ਼ਤਰੇ ਵਿੱਚ ਪੈ ਜਾਵੇਗਾ। ਡਾ. ਇਕਬਾਲ ਨੇ ਠੀਕ ਹੀ ਕਿਹਾ ਹੈ :

ਖੁਦਾ ਨੇ ਆਜ ਤੱਕ ਉਸ ਕੌਮ ਕੀ ਤਕਦੀਰ ਨਹੀਂ ਬਦਲੀਨਾ ਹੋ ਅਹਿਸਾਸ ਜਿਸ ਕੋ ਆਪਣੇ ਹਾਲਾਤ ਬਦਲਣੇ ਕਾ

ਇਸ ਲਈ ਆਪਣੇ ਹਾਲਾਤਾਂ ਨੂੰ ਬਦਲਣ ਲਈ ਨੌਜਵਾਨ ਵਰਗ ਨੂੰ ਹੰਭਲਾ ਮਾਰਨਾ ਪਵੇਗਾ ਤੇ ਨਸ਼ਿਆਂ ਦਾ ਪੂਰਨ ਤਿਆਗ ਕਰ ਕੇ ਉਸ ਖ਼ੁਰਾਕ ਖਾਣ ਵੱਲ ਧਿਆਨ ਦੇਣਾ ਪਵੇਗਾ, ਜੋ ਸਰੀਰ ਨੂੰ ਅਰੋਗ ਰੱਖ ਸਕੇ ਤੇ ਤਨ ਵਿੱਚ ਵਿਕਾਰ ਪੈਦਾ ਨਾ ਕਰੇ। ਗੁਰੂ ਨਾਨਕ ਦੇਵ ਜੀ ਇਸ ਸਬੰਧੀ ਮਨੁੱਖ ਨੂੰ ਅਗਵਾਈ ਦਿੰਦੇ ਹੋਏ ਫ਼ੁਰਮਾਉਂਦੇ ਹਨ :

ਬਾਬਾਹੋਰੁ ਖਾਣਾ, ਖੁਸੀ ਖੁਆਰੁ   ਜਿਤੁ ਖਾਧੈ, ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ਰਹਾਉ (: /੧੬)

ਸਾਂਈ ਬੁੱਲੇ ਸ਼ਾਹ ਦਾ ਇਹ ਕਹਿਣਾ ਕਿ ਬੁੱਲ੍ਹਿਆ ਰਬ ਦਾ ਕੀ ਪਾਉਣਾ। ਏਧਰੋਂ ਪੁਟਣਾ ਉਧਰ ਲਾਉਣਾ॥ ਦੇ ਸਿਧਾਂਤ ’ਤੇ ਅਮਲ ਕਰ ਕੇ ਮਾਰੂ ਨਸ਼ਿਆਂ ਦਾ ਤਿਆਗ ਕਰ ਕੇ ਉਸਾਰੂ ਨਸ਼ਿਆਂ ਨੂੰ ਅਪਣਾਅ ਲਈਏ। ਚੰਗੇ ਕੰਮਾਂ ਦਾ ਨਸ਼ਾ, ਸੇਵਾ ਦਾ ਨਸ਼ਾ, ਸਿਮਰਨ ਦਾ ਨਸ਼ਾ ਅਤੇ ਜੀਵਨ ਵਿੱਚ ਤਰੱਕੀ ਕਰਨ ਦਾ ਨਸ਼ਾ ਅਪਣਾਅ ਕੇ ਆਪਣਾ ਜੀਵਨ ਗੁਰੂ ਦੇ ਦੱਸੇ ਰਾਹ ਅਨੁਸਾਰ ਸਫਲ ਕਰੀਏ।

ਚੀਨ ਦੀ ਉਦਾਹਰਨ ਸਾਡੇ ਸਾਹਮਣੇ ਹੈ। ਚੀਨੀ ਲੋਕ ਅਫੀਮ ਦਾ ਨਸ਼ਾ ਕਰਨ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸਨ ਤੇ ਉਹਨਾਂ ਦੀਆਂ ਔਰਤਾਂ ਖੇਤਾਂ ਵਿੱਚ ਕੰਮ ਕਰਦੀਆਂ ਸਨ। ਜਦੋਂ ਚੀਨ ਅਜ਼ਾਦ ਹੋਇਆ ਤਾਂ ਸਰਕਾਰ ਨੇ ਸਖ਼ਤੀ ਨਾਲ ਨਸ਼ਿਆਂ ਅਤੇ ਅਬਾਦੀ ’ਤੇ ਕੰਟਰੋਲ ਕੀਤਾ। ਬੱਚਿਆਂ ਨੂੰ ਸਕੂਲਾਂ ਕਾਲਜਾਂ ਰਾਹੀਂ ਵਿੱਦਿਆ ਦਾ ਨਸ਼ਾ ਦੇ ਕੇ ਕੌਮ ਦੇ ਅਨਮੋਲ ਹੀਰੇ ਬਣਾ ਦਿੱਤਾ। ਉਦਯੋਗਾਂ ਵਿੱਚ ਤਰੱਕੀ ਕਰ ਕੇ ਸੰਸਾਰ ਵਿੱਚ ਕ੍ਰਾਂਤੀ ਲੈ ਆਂਦੀ।  ਸੰਸਾਰਭਰ ਵਿੱਚ ਚੀਨੀ ਲੋਕ ਮਹਿੰਗੇ ਤੋਂ ਮਹਿੰਗਾ ਅਤੇ ਸਸਤੇ ਤੋਂ ਸਸਤਾ ਸਮਾਨ ਵੇਚਣ ਵਿੱਚ ਕਾਮਯਾਬ ਹੋ ਗਏ ਹਨ।  ਅਸੀਂ ਵੀ ਇਹਨਾਂ ਲੋਕਾਂ ਦੇ ਪਦ ਚਿੰਨ੍ਹਾਂ ’ਤੇ ਚੱਲ ਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰੀਏ।

ਮਨੁੱਖ ਦਾ ਬਚਾਓ ਕੇਵਲ ਬਿਬੇਕ ਬੁੱਧੀ ਵਿੱਚ ਹੀ ਹੈ। ਅਸੀਂ ਹਰ ਰੋਜ ਅਰਦਾਸ ਵਿੱਚ ਵੀ ਮਨ ਨੀਵਾਂ ਤੇ ਮੱਤ ਉੱਚੀ ਦੀ ਮੰਗ ਕਰਦੇ ਹਾਂ। ਉੱਚੀ ਮੱਤ ਦੇ ਨਾਲ ਹੀ ਨਸ਼ਿਆਂ ਵਰਗੀ ਜਿੱਲ੍ਹਣ ਤੋਂ ਮਨੁੱਖ ਅਜ਼ਾਦ ਹੋ ਸਕਦਾ ਹੈ। ਕਿਸੇ ਛੋਟੇ ਮੋਟੇ ਘਰਾਣੇ ਜਾਂ ਕੌਮ ਦੀ ਗੱਲ ਕੀ ਕਰੀਏ, ਸਮੇਂ ਨੇ ਵੱਡੇ ਵੱਡੇ ਰਾਜਿਆਂ ਦੇ ਰਾਜ ਭਾਗ ਨਸ਼ਿਆਂ ਦੀ ਭੱਠੀ ਵਿੱਚ ਸਾੜ ਕੇ ਸੁਆਹ ਕਰ ਦਿੱਤੇ।  ਮੁਗਲ ਹਕੂਮਤ ਦੇ ਆਖਰੀ ਬਾਦਸ਼ਾਹ ਸ਼ਰਾਬ ਦੇ ਪਿਆਲੇ ਵਿੱਚ ਆਪਣਾ ਰਾਜ ਭਾਗ ਡੋਬ ਗਏ। ਹੋਰ ਤਾਂ ਹੋਰ ਸਿੱਖ ਇਤਿਹਾਸ ਵੱਲ ਹੀ ਨਜ਼ਰ ਮਾਰੀਏ ਕਿ ਕਿਵੇਂ ਸਿੱਖਾਂ ਨੇ ਖ਼ੂਨੀ ਦਰਿਆ ਨੂੰ ਪਾਰ ਕਰ ਕੇ ਖਾਲਸਾ ਰਾਜ ਸਥਾਪਤ ਕੀਤਾ, ਪਰ ਜਦੋਂ ਸਿੱਖ ਐਸ਼ ਪ੍ਰਸਤੀ ਦੀ ਜ਼ਿੰਦਗੀ ਵਿੱਚ ਪੈ ਗਏ ਅਤੇ ਸ਼ਰਾਬ-ਕਬਾਬ ਦੇ ਅਯਾਸ਼ੀ ਹੋ ਗਏ ਤਾਂ ਸਿੱਖ ਘਰਾਣਿਆਂ ਨੂੰ ਖ਼ਤਮ ਕਰ ਕੇ ਕਿਵੇਂ ਅੰਗਰੇਜ਼ਾਂ ਨੇ ਆਪਣਾ ਕਬਜ਼ਾ ਜਮਾ ਲਿਆ।  ਮੁਗਲ, ਪਠਾਣਾ ਅਤੇ ਅੰਗਰੇਜ਼ਾਂ ਦੇ ਛੱਕੇ ਛੁਡਾ ਦੇਣ ਵਾਲੇ ਤੇ ਬਜੁਰਗੀ ਦੀ ਉਮਰ ਵਿੱਚ 18-18 ਸੇਰ ਪੱਕੇ ਦੇ ਖੰਡੇ ਵਾਹੁਣ ਵਾਲੇ ਸਿੱਖਾਂ ਦੀ ਔਲਾਦ ਅੱਜ ਸ਼ਰਾਬ ਤੇ ਹੋਰ ਨਸ਼ਿਆਂ ਵਿੱਚ ਗਲਤਾਨ ਹੋਈ ਪਈ ਹੈ, ਪ੍ਰੰਤੂ ਜਿਹੜੇ ਪਰਿਵਾਰ ਧਾਰਮਕ ਬਿਰਤੀ ਵਾਲੇ ਹਨ ਉਹਨਾਂ ਪਰਿਵਾਰਾਂ ਦੇ ਬੱਚੇ ਅਜਿਹੀ ਨਰਕ ਭਰੀ ਜ਼ਿੰਦਗੀ ਤੋਂ ਮੁਕਤ ਹਨ। ਧਰਮ ਦੀ ਸਿੱਖਿਆ ਹੀ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਸਹਾਇਕ ਹੋ ਸਕਦੀ ਹੈ।

ਧਰਮ ਦੀ ਸਿੱਖਿਆ ਤੋਂ ਇਲਾਵਾ ਅਧਿਆਪਕ ਵਰਗ ਨਸ਼ੇ ਛਡਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦਾ ਹੈ। ਅਧਿਆਪਕ ਨੇ ਹੀ ਬੱਚੇ ਦੀ ਸ਼ਖ਼ਸੀਅਤ ਦੀ ਉਸਾਰੀ ਕਰਨੀ ਹੁੰਦੀ ਹੈ। ਉਸ ਨੇ ਕੇਵਲ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਹੀ ਨਹੀਂ ਦੇਣਾ ਹੁੰਦਾ ਸਗੋਂ ਜਿਹੋ ਜਿਹਾ ਬੱਚਾ ਉਹ ਘੜਨਾ ਚਾਹੁੰਦਾ ਹੈ, ਉਹ ਉਸ ਦੀ ਸਮਰੱਥਾ ਰੱਖਦਾ ਹੈ। ਪ੍ਰਸਿੱਧ ਫ਼ਿਲਾਸਫਰ ਰੂਸੋ ਨੇ ਕਿਹਾ ਸੀ ਕਿ ਮੈਨੂੰ ਬੱਚੇ ਦੇ ਪਹਿਲੇ ਸੱਤ ਸਾਲ ਦੇ ਦਿਓ, ਜਿਹੋ ਜਿਹਾ ਇਨਸਾਨ ਤੁਸੀਂ ਚਾਹੁੰਦੇ ਹੋ ਉਹ ਮੈਂ ਬਣਾ ਦੇਵਾਂਗਾ। ਅਧਿਆਪਕ ਹੀ ਖੁੱਲ੍ਹੇ ਵਿਚਾਰਾਂ ਰਾਹੀਂ ਵਿਦਿਆਰਥੀਆਂ ਨੂੰ ਅਹਿਸਾਸ ਕਰਵਾ ਸਕਦਾ ਹੈ ਕਿ ਉਹਨਾਂ ਦੀ ਮਾਨਸਕ ਪੀੜਾ ਨੂੰ ਮੇਰੇ (ਅਧਿਆਪਕ) ਤੋਂ ਵੱਧ ਹੋਰ ਕੋਈ ਨਹੀਂ ਸਮਝਦਾ ਤੇ ਨਾ ਹੀ ਕੋਈ ਹੋਰ ਇਸ ਦਾ ਹੱਲ ਕੱਢ ਸਕਦਾ ਹੈ।  ਸਮੇਂ ਸਮੇਂ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਇਸ ਤੋਂ ਮੁਕਤ ਕਰਨ ਦੀ ਸਮਰੱਥਾ ਰੱਖਦਾ ਹੈ। ਬੱਚਿਆਂ ਦਾ ਵਿਹਲਾ ਸਮਾਂ ਅਤੇ ਛੁੱਟੀਆਂ ਖੇਡਾਂ, ਵਿਗਿਆਨਕ ਖੋਜਾਂ, ਲਾਇਬ੍ਰੇਰੀਆਂ ਅਤੇ ਜਨਤਕ ਥਾਵਾਂ ’ਤੇ ਸੇਵਾ ਵਿੱਚ ਲਾ ਕੇ ਉਹਨਾਂ ਦੀ ਵਾਧੂ ਊਰਜਾ ਨੂੰ ਉਸਾਰੂ ਕੰਮਾਂ ਵਿੱਚ ਲਾ ਕੇ ਨਸ਼ਿਆਂ ਵੱਲੋਂ ਮੁਕਤ ਕਰ ਸਕਦਾ ਹੈ। ਨਸ਼ਿਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਕੇ ਨੇੜੇ ਦੇ ਨਸ਼ਾ ਛਡਾਊ ਕੇਂਦਰਾਂ ਵਿੱਚ ਬੱਚਿਆਂ ਨੂੰ ਸੇਵਾ ਲਈ ਉਤਸ਼ਾਹਿਤ ਅਧਿਆਪਕ ਹੀ ਕਰ ਸਕਦਾ ਹੈ।

ਨਸ਼ਿਆਂ ਦੀ ਜਿੱਲ੍ਹਣ ਵਿੱਚ ਪੈਣ ਤੋਂ ਰੋਕਣ ਲਈ ਮਾਂ ਬਾਪ ਦੀ ਜ਼ਿੰਮੇਵਾਰੀ ਕਿਸੇ  ਹੋਰ ਨਾਲੋਂ ਘੱਟ ਨਹੀਂ। ਬਚਪਨ ਤੋਂ ਦਿੱਤੀ ਹੋਈ ਮਾਂ ਦੀ ਸਿੱਖਿਆ ਬੱਚੇ ਨੂੰ ਨੇਕ ਇਨਸਾਨ ਬਣਾ ਸਕਦੀ ਹੈ। ਅਬਦੁਲ ਸਿਤਾਰੂ ਈਦੀ ਦੀ ਮਾਂ ਉਸ ਨੂੰ ਸਕੂਲ ਜਾਣ ਸਮੇਂ ਦੋ ਪੈਸੇ ਦੇ ਕੇ ਇਹ ਸਿੱਖਿਆ ਦਿੰਦੀ ਸੀ ਕਿ ਇੱਕ ਪੈਸਾ ਆਪਣੇ ਲਈ ਖ਼ਰਚ ਕਰੀਂ ਤੇ ਦੂਜਾ ਕਿਸੇ ਲੋੜਵੰਦ ’ਤੇ ਖ਼ਰਚ ਕਰ ਦੇਵੀਂ।  ਨਾਲ ਇਹ ਵੀ ਸਿੱਖਿਆ ਦਿੰਦੀ ਸੀ ਕਿ ਜੇ ਚੰਗੇ ਕੰਮ ਲਈ ਕੁੱਟ ਵੀ ਖਾਣੀ ਪਵੇ ਤਾਂ ਪਿੱਛੇ ਨਾ ਹਟੀਂ। ਇੱਕ ਆਦਰਸ਼ਕ ਮਾਂ ਹੀ ਬੱਚੇ ਨੂੰ ਨਸ਼ੇ ਅਤੇ ਹੋਰ ਬੁਰੀਆਂ ਆਦਤਾਂ ਤੋਂ ਬਚਾ ਸਕਦੀ ਹੈ।  ਮਾਵਾਂ ਨੂੰ ਚਾਹੀਦਾ ਹੈ ਕਿ ਉਹ ਸੁਨਹਿਰੀ ਇਤਿਹਾਸ ਦੇ ਪੰਨੇ ਆਪਣੇ ਬੱਚਿਆਂ ਨੂੰ ਪੜਾਉਣ। ਉਹਨਾਂ ਦਾ ਇਖਲਾਕੀ ਪੱਧਰ ਇੰਨਾ ਉੱਚਾ ਹੋ ਜਾਵੇ ਕਿ ਉਹਨਾਂ ਦੇ ਜੀਵਨ ਦੀ ਕਿਸ਼ਤੀ ਨਸ਼ੇ ਵਰਗੇ ਮਾਰੂ ਤੁਫਾਨਾਂ ਦੀ ਮਾਰ ਹੇਠ ਵੀ ਨਾ ਡੋਲੇ ਸਗੋਂ ਸਿੱਦਕ ਤੇ ਕਿਰਤ ਦੇ ਸਹਾਰੇ ਬਾਕੀ ਸਾਥੀਆਂ ਨੂੰ ਵੀ ਪਾਰ ਲਾਵੇ।  ਮਾਂ ਬਾਪ ਦਾ ਫ਼ਰਜ਼ ਹੈ ਕਿ ਬੱਚੇ ਦੀ ਸੰਗਤ ’ਤੇ ਵੀ ਬਾਜ਼ ਅੱਖ ਰੱਖੀ ਜਾਵੇ। ਉਸ ਦੇ ਨਾਲ ਨੇੜਤਾ ਰੱਖੋ। ਉਸ ਨਾਲ ਦੁੱਖ ਸੁੱਖ ਸਾਂਝਾ ਕਰੋ ਤਾਂ ਕਿ ਉਸ ਨੂੰ ਕਿਸੇ ਝੂਠੇ ਨਸ਼ੇ ਦਾ ਸਹਾਰਾ ਨਾ ਲੈਣਾ ਪਵੇ। ਉਸ ਦੇ ਵਿਹਲੇ ਸਮੇਂ ਦੀ ਸੁਯੋਗ ਵਰਤੋਂ ਕਰੋ। ਆਪਣੀ ਆਦਰਸ਼ਕ ਉਦਾਹਰਨ ਆਪਣੇ ਬੱਚੇ ਦੇ ਸਾਹਮਣੇ ਜ਼ਰੂਰ ਰੱਖੋ। ਨਸ਼ਿਆਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਕੇ ਆਪਣੇ ਬੱਚੇ ਨੂੰ ਇਹਨਾਂ ਤੋਂ ਬਚਣ ਲਈ ਪ੍ਰੇਰਦੇ ਰਹੋ।

ਸੋ ਨਸ਼ਿਆਂ ਦੇ ਹੜ੍ਹ ਨੂੰ ਰੋਕਣ ਲਈ ਸਕੂਲੀ ਪਾਠ-ਕ੍ਰਮ ਵਿੱਚ ਨਸ਼ਿਆਂ ਦੇ ਨੁਕਸਾਨ ਬਾਰੇ ਇੱਕ ਲੇਖ ਜ਼ਰੂਰ ਹੋਵੇ। ਸਕੂਲਾਂ, ਕਾਲਜਾਂ ਵਿੱਚ ਨਸ਼ਿਆਂ ਦੇ ਵਿਰੋਧ ਵਿੱਚ ਭਾਸ਼ਨ ਮੁਕਾਬਲੇ, ਗੋਸ਼ਟੀਆਂ, ਨਾਟਕ ਤੇ ਹੋਰ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ। ਨਸ਼ਿਆਂ ਦੇ ਹੜ੍ਹ ਵਿੱਚ ਰੁੜ੍ਹੇ ਜਾਂਦੇ ਪੰਜਾਬ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਕਾਰਜ ਲਈ ਅਧਿਆਪਕ, ਮਾਂ-ਬਾਪ, ਧਾਰਮਕ ਪ੍ਰਚਾਰਕ, ਸਮਾਜ ਸੇਵੀ ਸੰਸਥਾਵਾਂ ਆਪਣਾ ਯੋਗਦਾਨ ਪਾ ਕੇ ਸਮਾਜ ਪ੍ਰਤੀ ਬਹੁਤ ਵੱਡੀ ਸੇਵਾ ਨਿਭਾ ਸਕਦੀਆਂ ਹਨ।

ਭਾਰਤ-ਪਾਕਿ ਜ਼ੰਗੀ ਮਾਹੌਲ ਨੂੰ ਠੱਲਣਾ ਸਮੁੱਚੀ ਮਾਨਵਤਾ ਤੇ ਵਾਤਾਵਰਣ ਦੇ ਹਿਤ ਵਿਚ : ਪੰਥਕ ਤਾਲਮੇਲ ਸੰਗਠਨ

0

ਭਾਰਤ-ਪਾਕਿ ਜ਼ੰਗੀ ਮਾਹੌਲ ਨੂੰ ਠੱਲਣਾ ਸਮੁੱਚੀ ਮਾਨਵਤਾ ਤੇ ਵਾਤਾਵਰਣ ਦੇ ਹਿਤ ਵਿਚ : ਪੰਥਕ ਤਾਲਮੇਲ ਸੰਗਠਨ

ਮਾਰਚ : ਸਿੱਖ ਸੰਸਥਾਵਾਂ ਅਤੇ ਸ਼ਖ਼ਸੀਅਤਾਂ ਦੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਭਾਰਤ-ਪਾਕਿ ਜ਼ੰਗੀ ਮਾਹੌਲ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੇ ਅਮਲ ਮਾਨਵਤਾ, ਬਨਸਪਤੀ ਅਤੇ ਸਮੁੱਚੇ ਵਾਤਾਵਰਣ ਲਈ ਅਤਿ ਖਤਰਨਾਕ ਹਨ। ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਤਬਾਹੀ ਦੇ ਲੂੰ-ਕੰਡੇ ਖੜ੍ਹੇ ਕਰਦੇ ਤਜ਼ਰਬੇ ਸੰਸਾਰ ਦੇ ਸਾਹਮਣੇ ਹਨ। ਦਿਲ-ਦਿਮਾਗ ਤੋਂ

ਉਹਨਾਂ ਕਿਹਾ ਕਿ ਇਸ ਖਿੱਤੇ ਦੇ ਹੱਕ ਵਿਚ ਹੈ ਕਿ ਲੋਕਾਂ ਦੀਆਂ ਅੰਦਰੂਨੀ ਭਾਵਨਾਵਾਂ ਦੇ ਸਨਮੁਖ ਸੰਵਾਦ ਰਚਾਇਆ ਜਾਵੇ ਅਤੇ ਹੱਲ ਵੱਲ ਵਧਿਆ ਜਾਵੇ। ਮਨੁੱਖ ਮਾਰੂ ਅਤੇ ਫਿਰਕੂ ਸੋਚ ਨੂੰ ਬਦਲਣ ਲਈ ਸਰਕਾਰੀ ਪੱਧਰ ’ਤੇ ਨੀਤੀਆਂ ਅਪਣਾਈਆਂ ਜਾਣ।

ਪੰਥਕ ਤਾਲਮੇਲ ਸੰਗਠਨ ਨੇ ਭਾਰਤੀ ਹਵਾਈ ਫੌਜ ਦੇ ਚਾਲਕ ਅਭਿਨੰਦਨ ਦੀ ਵਾਪਸੀ ਸਬੰਧੀ ਪਾਕਿ ਦੇ ਕਦਮ ਨੂੰ ਸਹੀ ਠਹਿਰਾਇਆ।  ਉਚੇਚੇ ਤੌਰ ’ਤੇ ਮੀਡੀਏ ਵੱਲੋਂ ਪਲ਼ ਪਲ਼ ਦੀ ਖ਼ਬਰ ਦੇਣ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਅਪੀਲ ਕੀਤੀ ਕਿ ਮੀਡੀਏ ਦਾ ਉਹ ਹਿੱਸਾ ਜੋ ਸਨਸਨੀਖੇਜ਼ ਪ੍ਰਗਟਾਵੇ ਕਰਨ ਲਈ ਭੜਕਾਹਟੀ ਤਕਰੀਰਾਂ ਪੇਸ਼ ਕਰਦਾ ਹੈ ਅਤੇ ਸੁਰੱਖਿਆ ਭੇਦਾਂ ਨੂੰ ਜਨਤਕ ਕਰ ਰਿਹਾ ਹੈ, ਉਹ ਆਪਣੀ ਸਮੀਖਿਆ ਜ਼ਰੂਰ ਕਰੇ। ਜਦੋਂ ਸੀਮਾ ’ਤੇ ਜਵਾਨ ਅਤੇ ਆਮ ਨਾਗਰਿਕ ਮਰ ਰਹੇ ਹਨ ਤਾਂ ਉਸ ਵੇਲੇ ਜਸ਼ਨ ਮਨਾਉਣ ਵਾਲੇ ਲੋਕ ਜਮਹੂਰੀਅਤ ਪਸੰਦ ਲੋਕਾਂ ਦੇ ਜ਼ਖਮਾਂ ’ਤੇ ਲੂਣ ਨਾ ਛਿੜਕਣ ਬਲਕਿ ਸੁਨਹਿਰੀ ਭਵਿੱਖ ਸਿਰਜਣ ਲਈ ਪੂਰੇ ਸੰਜਮ ਨਾਲ ਦਿਲ-ਦਿਮਾਗ ਤੋਂ ਭੂਮਿਕਾ ਨਿਭਾਉਣ।

ਪੰਜਾਬ ਜੰਗ ਨਹੀਂ, ਅਮਨ ਚਾਹੁੰਦਾ ਹੈ।

0

ਪੰਜਾਬ ਜੰਗ ਨਹੀਂ, ਅਮਨ ਚਾਹੁੰਦਾ ਹੈ।

ਕਿਰਪਾਲ ਸਿੰਘ ਬਠਿੰਡਾ 88378-13661

26 ਫਰਵਰੀ ਨੂੰ ਜਦੋਂ ਤੋਂ ਭਾਰਤੀ ਹਵਾਈ ਸੈਨਾ ਨੇ ਸਰਹੱਦੋਂ ਪਾਰ ਕੀਤੀ ਕਰਵਾਈ ਦੌਰਾਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ਦੇ 350 ਅੱਤਵਾਦੀ ਮਾਰੇ ਜਾਣ ਅਤੇ ਇਸ ਵੱਡੀ ਪ੍ਰਾਪਤੀ ਦੇ ਮਨਾਏ ਜਾ ਰਹੇ ਜਸ਼ਨਾਂ ਦੀਆਂ ਖ਼ਬਰਾਂ ਆ ਰਹੀਆਂ ਸਨ ਜਿਨ੍ਹਾਂ ਵਿੱਚ ਫੌਜ ਤੋਂ ਵੱਧ ਮੋਦੀ ਨੂੰ ਲਾਮਿਸਾਲ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਸੇ ਸਮੇਂ ਤੋਂ ਮੇਰੇ ਮਨ ’ਚ ਸ਼ੰਕੇ ਉਪਜ ਰਹੇ ਸਨ। ਪੰਜਾਬ ਵਿੱਚ ਕਾਲ਼ੇ ਦੌਰ ਸਮੇਂ ਪੱਟੀ ਇਲਾਕੇ ਦੇ ਇਕ ਦਲਿਤ ਨੌਜਵਾਨ ਦਾ ਮੈਨੂੰ ਚੇਤਾ ਆ ਰਿਹਾ ਸੀ ਜਿਸ ਨੂੰ ਕਥਿਤ ਮੁਕਾਬਲੇ ’ਚ ਮਰਿਆ ਦੱਸ ਕੇ ਹਸਪਤਾਲ ਵਿੱਚ ਪੋਸਟ ਮਾਰਟਮ ਲਈ ਲਿਆਂਦਾ ਗਿਆ। ਪੋਸਟ ਮਾਰਟਮ ਕਰਨ ਵਾਲੇ ਡਾਕਟਰ ਨੇ ਲਿਆਂਦੀ ਗਈ ਲਾਸ਼ ’ਚ ਹਿੱਲਜੁਲ ਵੇਖੀ ਤੇ ਪੁਲਿਸ ਨੂੰ ਦੱਸਿਆ ਕਿ ਇਸ ਦਾ ਪੋਸਟ ਮਾਰਟਮ ਨਹੀਂ ਬਲਕਿ ਇਲਾਜ਼ ਕਰਨ ਦੀ ਲੋੜ ਹੈ। ਪੁਲਿਸ ਵਾਲੇ ਉਸ ਬਦਨਸੀਬ ਨੂੰ ਜ਼ਬਰਦਸਤੀ ਉਥੋਂ ਚੁੱਕ ਕੇ ਲੈ ਗਏ ਤੇ ਕੁਝ ਸਮੇਂ ਬਾਅਦ ਉਸ ਨੂੰ ਲਾਸ਼ ਬਣਾ ਕੇ ਲੈ ਆਏ। ਬਹੁਤ ਸਾਰੇ ਕਥਿਤ ਅੱਤਵਾਦੀ ਜਿਨ੍ਹਾਂ ਦੇ ਸਿਰਾਂ ’ਤੇ ਇਨਾਮ ਰੱਖੇ ਗਏ ਸਨ ਉਨ੍ਹਾਂ ਨੂੰ ਮੁਕਾਬਿਲਆਂ ਵਿੱਚ ਮਾਰਿਆ ਦੱਸ ਕੇ ਪੁਲਿਸ ਮੁਲਾਜਮਾਂ ਨੇ ਇਨਾਮ ਤੇ ਤਰੱਕੀਆਂ ਹਾਸਲ ਕੀਤੀਆਂ ਪਰ ਉਹ ਵਿਅਕਤੀ ਹਾਲੀ ਵੀ ਜੀਵਤ ਹਨ। ਇਹ ਯਾਦਾਂ ਹੀ ਮੇਰੇ ਸ਼ੰਕਿਆਂ ਵਿੱਚ ਵਾਧਾ ਕਰ ਰਹੀਆਂ ਸਨ ਕਿ ਜਿੱਥੋਂ ਦੀਆਂ ਸਰਕਾਰਾਂ ਜਿਉਂਦਿਆਂ ਨੂੰ ਮਾਰੇ ਦੱਸ ਕੇ ਇਨਾਮ ਵੰਡ ਰਹੀ ਹੋਵੇ, ਰੇਲ ਹਾਦਸੇ ’ਚ ਮਰੇ ਮੁਸਾਫਿਰਾਂ ਦੀ ਤਿੰਨ ਦਿਨਾਂ ਤੱਕ ਸਹੀ ਗਿਣਤੀ ਨਹੀਂ ਦੱਸ ਸਕਦੀ, ਨੋਟਬੰਦੀ ਤੋਂ ਢਾਈ ਸਾਲ ਪਿੱਛੋਂ ਤੱਕ ਵੀ ਇਸ ਰਾਹੀਂ ਇਕੱਤਰ ਹੋਈ ਬਲੈਕ-ਮਨੀ ਦੀ ਰਕਮ ਨਹੀਂ ਦੱਸ ਸਕੀ ਉੱਥੋਂ ਦੀ ਸਰਕਾਰ ਨੇ ਹਵਾਈ ਸੈਨਾ ਵੱਲੋਂ ਸਰਹੱਦੋਂ ਪਾਰ 17 ਮਿੰਟਾਂ ਦੀ ਕੀਤੀ ਕਾਰਵਾਈ ਦੌਰਾਨ ਮਾਰੇ 350 ਅੱਤਵਾਦੀਆਂ ਦੀ ਗਿਣਤੀ ਅਤੇ ਅਜ਼ਹਰ ਮਸੂਦ ਦੇ ਮਾਰੇ ਗਏ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਦੀ ਸ਼ਿਨਾਖਤ ਕਿਵੇਂ ਕਰ ਲਈ ? ਵੱਡੀ ਹੈਰਾਨੀ ਇਹ ਹੈ ਕਿ ਇੱਕ ਪਾਸੇ ਤਾਂ ਸਰਹੱਦੋਂ ਪਾਰ ਕੀਤੀ ਵੱਡੀ ਕਾਰਵਾਈ ਦਾ ਢੋਲ ਪਿੱਟ ਕੇ ਗੋਦੀ ਮੀਡੀਆ ਰਾਹੀਂ ਵੋਟਾਂ ਦਾ ਧਰੁਵੀਕਾਰਨ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ ਤੇ ਦੂਸਰੇ ਪਾਸੇ ਇਸ ਕਾਰਵਾਈ ਦੇ ਸਬੂਤ ਮੰਗਣ ਵਾਲੇ ਵਿਰੋਧੀ ਧਿਰ ਦੇ ਆਗੂਆਂ ਦੀ ਦੇਸ਼ ਭਗਤੀ ’ਤੇ ਸਵਾਲ ਉਠਾਏ ਜਾ ਰਹੇ ਹਨ ਕਿ ਸਬੂਤ ਮੰਗ ਕੇ ਇਹ ਦੇਸ਼ ਦੀ ਬਦਨਾਮੀ ਕਰ ਰਹੇ ਹਨ। ਹੈਰਾਨੀ ਹੈ ਕਿ ਜਿਸ ਕਾਰਵਾਈ ਦੇ ਸਬੂਤ ਦੇਣ ਨਾਲ ਦੇਸ਼ ਦੀ ਬਦਨਾਮੀ ਹੁੰਦੀ ਹੈ ਉਸ ਕਾਰਵਾਈ ਦੀ ਪ੍ਰਾਪਤੀ ਦਾ ਢੋਲ ਪਿੱਟਣ ਦੀ ਕੀ ਲੋੜ ਹੈ ? ਕੇਵਲ ਵੋਟਾਂ ਦੇ ਧਰੁਵੀਕਰਨ ਲਈ ?

ਇਹ ਵੀ ਚੇਤੇ ਰੱਖਣਯੋਗ ਹੈ ਕਿ 1984 ’ਚ ਜਿਸ ਤਰ੍ਹਾਂ ਸਰਕਾਰ ਤੇ ਇਸ ਦੇ ਗੋਦੀ ਮੀਡੀਏ ਨੇ ਸਿੱਖਾਂ ਨੂੰ ਦੇਸ਼ ਦੇ ਦੁਸ਼ਮਣ ਤੇ ਪਾਕਿਸਤਾਨ ਪੱਖੀ ਹੋਣਾ, ਪ੍ਰਚਾਰ ਕੇ ਬੇਕਸੂਰ ਸਿੱਖਾਂ ਦਾ ਘਾਣ ਕੀਤਾ, ਠੀਕ ਉਸੇ ਤਰ੍ਹਾਂ ਹੁਣ ਕਸ਼ਮੀਰੀਆਂ ਨੂੰ ਦੇਸ਼ ਵਿਰੋਧੀ ਪ੍ਰਚਾਰਿਆ ਜਾ ਰਿਹਾ ਹੈ। ਅਜਿਹਾ ਝੂਠਾ ਪ੍ਰਚਾਰ ਕਦੀ ਵੀ ਅੱਤਵਾਦ ਦੇ ਖਾਤਮੇ ਲਈ ਸਹਾਇਕ ਨਹੀਂ ਹੋਵੇਗਾ ਸਗੋਂ ਘੱਟ ਗਿਣਤੀਆਂ ਵਿੱਚ ਤੋਖਲਾ ਵਧੇਗਾ ਕਿ ਜਿਸ ਦੇਸ਼ ਵਿੱਚ ਹਰ ਚੋਣਾਂ ਸਮੇਂ ਰਾਮ ਮੰਦਰ ਦੀ ਉਸਾਰੀ ਅਤੇ ਅੱਤਵਾਦ ਦੇ ਨਾਮ ’ਤੇ ਪਾਕਿਸਤਾਨ ਨਾਲ ਜੰਗ ਦਾ ਹਊਆ ਖੜ੍ਹਾ ਕਰਕੇ ਫਿਰਕਾਪ੍ਰਸਤੀ ਨੂੰ ਵਡਾਵਾ ਦੇ ਕੇ ਘੱਟ ਗਿਣਤੀਆਂ ਵਿਰੁੱਧ ਨਫਰਤ ਫੈਲਾ ਕੇ ਬਹੁ ਗਿਣਤੀ ਦੀਆਂ ਵੋਟਾਂ ਹਾਸਲ ਕਰਨ ਦੀ ਨੀਤੀ ਅਪਣਾਈ ਜਾਂਦੀ ਹੋਵੇ, ਗਊ ਮਾਸ ਦੇ ਨਾਮ ’ਤੇ ਦਲਿਤਾਂ ਤੇ ਘੱਟ ਗਿਣਤੀਆਂ ਨਾਲ ਸਬੰਧਤ ਲੋਕਾਂ ਦੇ ਹਜੂਮੀ ਹਿੰਸਾ ਰਾਹੀਂ ਮਿੰਟਾਂ ਵਿੱਚ ਹੀ ਕਤਲ ਕੀਤੇ ਜਾਣ ਨੂੰ ਜਾਇਜ ਠਹਿਰਾਇਆ ਜਾਂਦਾ ਹੋਵੇ ਉਸ ਦੇਸ਼ ਵਿੱਚ ਭਲਾਂ ਅਮਨ ਸ਼ਾਂਤੀ ਕਿਵੇਂ ਰੱਖੀ ਜਾ ਸਕਦੀ ਹੈ ? ਘੱਟ ਗਿਣਤੀਆਂ ਸੋਚਣ ਲਈ ਮਜਬੂਰ ਹੋਣਗੀਆਂ ਕਿ ਪਲ ਪਲ ਸਹਿਮ ਦੇ ਡਰ ਹੇਠ ਜਿਉਣ ਨਾਲੋਂ ਚੰਗਾ ਹੈ ਕਿ ਲੜ ਮਰ ਜਾਵੋ ਇਸ ਲਈ ਕਦੀ ਵੀ ਅੱਤਵਾਦ ਖਤਮ ਨਹੀਂ ਹੋਵੇਗਾ। ਸਰਕਾਰ ਦੀ ਪ੍ਰਾਪਤੀ ਇਸ ਵਿੱਚ ਨਹੀਂ ਹੈ ਕਿ ਉਸ ਨੇ ਕਿੰਨੇ ਅੱਤਵਾਦੀ ਮਾਰੇ ਹਨ ਸਗੋਂ ਪ੍ਰਾਪਤੀ ਇਸ ਵਿੱਚ ਹੈ ਕਿ ਉਸ ਨੇ ਆਪਣੇ ਫੌਜੀਆਂ ਅਤੇ ਸ਼ਹਿਰੀਆਂ ਦੇ ਘੱਟ ਤੋਂ ਘੱਟ ਜਾਨ ਮਾਲ ਦੇ ਨੁਕਸਾਨ ਨਾਲ ਵੱਧ ਤੋਂ ਵੱਧ ਅਮਨ ਅਮਾਨ ਕਿਸ ਤਰ੍ਹਾਂ ਰੱਖਣਾ ਹੈ। ਇਸ ਪੱਖੋਂ ਮੋਦੀ ਸਰਕਾਰ ਪਿਛਲੀਆਂ ਸਾਰੀਆਂ ਸਾਰਕਾਰਾਂ ਨਾਲੋਂ ਫੇਲ ਸਾਬਤ ਹੋਈ ਹੈ ਕਿਉਂਕਿ ਸਰਕਾਰੀ ਅੰਕੜੇ ਹੀ ਦੱਸ ਰਹੇ ਹਨ ਕਿ ਫੌਜੀ ਤੇ ਅਰਧ ਫੌਜੀ ਸੁਰੱਖਿਆ ਕਰਮਚਾਰੀਆਂ ਤੇ ਆਮ ਨਾਗਰਿਕਾਂ ਦਾ ਜਾਨੀ ਮਾਲੀ ਨੁਕਸਾਨ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਸਮੇਂ ਨਾਲੋਂ ਕਿਤੇ ਵੱਧ ਹੈ। ਆਮ ਕਸ਼ਮੀਰੀ ਲੋਕ ਜਿਸ ਤਰ੍ਹਾਂ ਹੁਣ ਅੱਤਵਾਦੀ ਦੇ ਹੱਕ ਵਿੱਚ ਅਤੇ ਸੁਰੱਖਿਆ ਦਸਤਿਆਂ ਦੇ ਵਿਰੋਧ ਵਿੱਚ ਲਾਮਬੰਦ ਹੋ ਰਹੇ ਹਨ ਪਹਿਲਾਂ ਕਦੀ ਨਹੀਂ ਹੋਏ ਸਨ। ਇਹ ਸਭ ਮੋਦੀ-ਅਮਿਤਸ਼ਾਹ ਜੋੜੀ ਦੀਆਂ ਨੀਤੀਆਂ ਕਾਰਨ ਹੀ ਹੋ ਰਿਹਾ ਹੈ। ਅੱਤਵਾਦ ਘਟਾਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਸਦਭਾਵਨਾ ਦਾ ਮਹੌਲ ਸਿਰਜ ਕੇ ਕਸ਼ਮੀਰੀਆਂ ਸਮੇਤ ਭਾਰਤ ਵਿੱਚ ਵਸਣ ਵਾਲੀਆਂ ਸਮੁੱਚੀਆਂ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਬਰਾਬਰ ਦੇ ਭਾਈਵਾਲ ਹੋਣ ਦਾ ਮਾਨ ਸਨਮਾਨ ਦਿੱਤਾ ਜਾਵੇ ਜਿਸ ਦੀ ਆਸ ਰੱਖਣੀ ਮੋਦੀ-ਅਮਿਤ ਸ਼ਾਹ ਦੀ ਜੋੜੀ ਤੋਂ ਅਸੰਭਵ ਜਾਪਦੀ ਹੈ।

ਹੁਣ ਤੱਕ ਸੋਸ਼ਿਲ ਮੀਡੀਏ ਰਾਹੀਂ ਮਿਲੀ ਜਾਣਕਾਰੀ ਅਤੇ 3 ਮਾਰਚ ਦੇ ਪੰਜਾਬੀ ਟ੍ਰਿਬਿਊਨ ਦੇ ਅੰਕ ਵਿੱਚ ਸ਼੍ਰੀ ਸਵਰਾਜਬੀਰ ਵੱਲੋਂ ‘ਗ਼ੈਰ-ਜਿੰਮੇਵਾਰ ਪ੍ਰਚਾਰ’ ਸਿਰਲੇਖ ਹੇਠ ਲਿਖੀ ਸੰਪਾਦਕੀ, ਸੰਪਾਦਕੀ ਪੰਨੇ ’ਤੇ ਸ਼੍ਰੀ ਰਾਮਚੰਦਰ ਗੁਹਾ ਦਾ ਲੇਖ ‘ਦੇਸ਼ ਭਗਤੀ ਦੇ ਬਦਲਦੇ ਮਾਅਨੇ’ ਅਤੇ ਪੰਨਾ ਨੰ: 4 ਉੱਪਰ ‘ਵਿਚਲੀ ਗੱਲ’ ਨਾਮ ਦੀ ਲੇਖ ਲੜੀ ਹੇਠ ‘ਕੋਠੇ ਚੜ੍ਹ ਕੇ ਵੇਖਿਓ, ਅਸੀਂ ਖੜ੍ਹਾਂਗੇ ਕੰਧ ਬਣ ਕੇ …..’ ਪੜ੍ਹਨ ਉਪ੍ਰੰਤ ਮੇਰੇ ਸ਼ੰਕੇ ਯਕੀਨ ਵਿੱਚ ਬਦਲ ਗਏ ਕਿ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਹੋਣ ਕਰਕੇ ਬੇਰੁਜ਼ਗਾਰੀ, ਬੀਮਾਰੀ ਅਤੇ ਭੁੱਖਮਰੀ ਨਾਲ ਜੂਝ ਰਹੇ ਲੋਕਾਂ ਦੀਆਂ ਅਹਿਮ ਸਮੱਸਿਆਵਾਂ ਵੱਲੋਂ ਵੋਟਰਾਂ ਦਾ ਧਿਆਨ ਹਟਾਉਣ ਲਈ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਵੱਲੋਂ ਅੱਤਵਾਦ ਦੇ ਖਾਤਮੇ ਦੇ ਨਾਮ ’ਤੇ ਪਾਕਿਸਤਾਨ ਨਾਲ ਜੰਗ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ ਅਤੇ ਬਹੁ ਗਿਣਤੀ ਨੂੰ ਦੇਸ਼ ਭਗਤੀ ਦੇ ਅਖੌਤੀ ਰੰਗ ’ਚ ਰੰਗ ਕੇ ਬਹੁਗਿਣਤੀ ਵੋਟਰਾਂ ਦਾ ਆਪਣੇ ਪੱਖ ਵਿੱਚ ਧਰੁਵੀਕਰਨ ਕਰਨ ਲਈ ਪੂਰੀ ਵਾਹ ਲਾਈ ਜਾ ਰਹੀ ਹੈ। ਸੱਤਾ ਪ੍ਰਾਪਤੀ ਦੀ ਹੋੜ ਵਿੱਚ ਦੋਵੇਂ ਗੁਆਂਢੀ ਦੇਸ਼ਾਂ ਦੇ ਵਾਸੀਆਂ ਵਿਚਕਾਰ ਅਤੇ ਆਪਣੇ ਹੀ ਦੇਸ਼ ਦੇ ਮੁਸਲਮਾਨਾਂ ਵਿਰੁੱਧ ਘੋਲੀ ਜਾ ਰਹੀ ਜ਼ਹਿਰ ਤੋਂ ਇਹ ਬਿਲਕੁਲ ਬੇਫਿਕਰ ਹਨ ਜਿਸ ਨਾਲ ਅੱਤਵਾਦ ਘਟੇਗਾ ਨਹੀਂ ਬਲਕਿ ਵਧੇਗਾ। ਪਾਕਿਸਤਾਨ ਤੇ ਹਿੰਦੁਸਤਾਨ ਦੋਵੇਂ ਹੀ ਐਟਮੀ ਹਥਿਆਰਾਂ ਨਾਲ ਲੈਸ ਹਨ ਇਸ ਲਈ ਜੰਗ ਦੀ ਸੂਰਤ ਵਿੱਚ ਹੋਣ ਵਾਲੇ ਨੁਕਸਾਨ ਤੋਂ ਕੋਈ ਵੀ ਨਾ-ਵਾਕਫ ਨਹੀਂ ਹੈ। ਫਿਰਕੂ ਸੋਚ ਵਾਲੇ ਆਗੂਆਂ ਦੀਆਂ ਨੀਤੀਆਂ ਕਾਰਨ ਪੰਜਾਬ ਨੇ ਪਹਿਲਾਂ ਹੀ 1947 ਦੀ ਵੰਡ ਦਾ ਸੰਤਾਪ ਭੋਗਿਆ ਹੈ। ਪੰਜਾਬ ਨੂੰ ਆਪਣੇ ਜਾਇਜ ਹੱਕਾਂ ਤੋਂ ਵਾਂਝਾ ਰੱਖ ਕੇ ਕੇਂਦਰ ਸਰਕਾਰ ਦੇ ਮਤਰੇਈ ਮਾਂ ਵਾਲੇ ਸਲੂਕ ਕਾਰਨ ਪੰਜਾਬ ਵਿੱਚ ਆਏ ਅੱਤਵਾਦ ਦੇ ਦੌਰ ਦੌਰਾਨ ਭੋਗੇ ਸੰਤਾਪ ਦੀਆਂ ਚੀਸਾਂ ਹੁਣ ਤੱਕ ਸੁਣਾਈ ਦੇ ਰਹੀਆਂ ਹਨ।  ਪਾਕਿ ਨਾਲ ਹਰ ਜੁਧ ਸਮੇਂ ਸਰਹੱਦੀ ਖੇਤਰ ਦੇ ਪਿੰਡਾਂ ਦੇ ਉਜਾੜੇ ਦੇ ਰੂਪ ਵਿੱਚ ਆਪਣੇ ਹੀ ਦੇਸ਼ ਵਿੱਚ ਰਿਫੂਜੀਆਂ ਦੀ ਤਰ੍ਹਾਂ ਅਣਮਿਥੇ ਸਮੇਂ ਲਈ ਟੈਂਟਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਲਈ ਦੇਸ਼ ਤੇ ਖਾਸ ਕਰਕੇ ਪੰਜਾਬ ਜੰਗ ਬਿਲਕੁਲ ਨਹੀਂ ਚਾਹੁੰਦਾ ਸਗੋਂ ਨਾ ਕੋ ਬੈਰੀ, ਨਹੀ ਬਿਗਾਨਾ;   ਸਗਲ ਸੰਗਿ ਹਮ ਕਉ ਬਨਿ ਆਈ ਦੀ ਸਿੱਖਿਆ ’ਤੇ ਅਮਲ ਕਰਦਾ ਹੋਇਆ ਆਪਸੀ ਭਾਈਚਾਰਕ ਸਾਂਝ ਵਧਾ ਕੇ ਅਮਨ ਅਮਾਨ ਨਾਲ ਰਹਿਣਾ ਚਾਹੁੰਦਾ ਹੈ।  ਇਸ ਲਈ ਨਵੇਂ ਜੁੱਧ ਦਾ ਹਰ ਪੰਜਾਬੀ ਵਿਰੋਧ ਕਰਦਾ ਹੈ।

ਮੀਡੀਏ ਨੂੰ ਲੋਕਤੰਤਰ ਦਾ ਚੌਥਾ ਥੰਮ ਕਰ ਕੇ ਜਾਣਿਆ ਜਾਂਦਾ ਹੈ ਜਿਸ ਨੇ ਲੋਕਾਂ ਦੀਆਂ ਸਮੱਸਿਆਵਾਂ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਉਨ੍ਹਾਂ ਦੇ ਹੱਲ ਲਈ ਦਬਾਅ ਪਾਉਣਾ ਹੁੰਦਾ ਹੈ ਪਰ ਭਾਰਤੀ ਮੀਡੀਏ ਦਾ ਵੱਡਾ ਹਿੱਸਾ ਜਿਸ ਤਰ੍ਹਾਂ ਸਰਕਾਰ ਦੇ ਪ੍ਰਚਾਰਕ ਵਿੰਗ ਦੀ ਤਰ੍ਹਾਂ ਰੋਲ ਨਿਭਾ ਰਿਹਾ ਹੈ ਇਹ ਹੋਰ ਵੀ ਦੁੱਖਦਾਇਕ ਹੈ, ਪਰ ਸੁੱਖ ਦਾ ਸਾਹ ਆਇਆ ਜਦੋਂ 3 ਮਾਰਚ ਦੇ ਪੰਜਾਬੀ ਟ੍ਰਿਬਿਊਨ ਦੇ ਅੰਕ ਨੇ ਸਿੱਧ ਕਰ ਦਿੱਤਾ ਕਿ ਸਾਰੇ ਦਾ ਸਾਰਾ ਗੋਦੀ ਮੀਡੀਆ ਨਹੀਂ ਬਲਕਿ ਲੋਕਾਂ ਦੇ ਮਨਾਂ ਦੀ ਤਰਜਮਾਨੀ ਕਰਨ ਲਈ ਸੱਚੀ ਸੁੱਚੀ ਤੇ ਨਿਰਪੱਖ ਪੱਤਰਕਾਰੀ ਕਰਨ ਵਾਲੇ ਲੇਖਕ ਅਤੇ ਉਨ੍ਹਾਂ ਨੂੰ ਢੁਕਵੀਂ ਜਗ੍ਹਾ ਦੇਣ ਵਾਲੇ ਮੀਡੀਏ ਦੀ ਹੋਂਦ ਪ੍ਰਗਟਾਉਣ ਲਈ ਕੁਝ ਅੰਸ਼ ਹਾਲੀ ਬਾਕੀ ਬਚੇ ਹਨ: ਦਾਵਾ ਅਗਨਿ, ਬਹੁਤੁ ਤ੍ਰਿਣ ਜਾਲੇ;   ਕੋਈ ਹਰਿਆ ਬੂਟੁ, ਰਹਿਓ ਰੀ! ਤਿੰਨੇ ਲੇਖਾਂ ਦਾ ਇੱਕ ਇੱਕ ਸ਼ਬਦ ਆਪਣੀ ਵਿਆਖਿਆ ਆਪ ਕਰਦੇ ਮਹਿਸੂਸ ਹੋ ਰਹੇ ਹਨ; ਇਨ੍ਹਾਂ ਦੀ ਹੋਰ ਵਿਆਖਿਆ ਕਰਨ ਦੀ ਲੋੜ ਨਹੀਂ ਰਹੀ ਇਸ ਲਈ ਪੰਜਾਬੀ ਟ੍ਰਿਬਿਊਨ ਵਧਾਈ ਦਾ ਹੱਕਦਾਰ ਹੈ ਸੋ ਮੇਰੇ ਵੱਲੋਂ ਅਦਾਰਾ ਪੰਜਾਬੀ ਟ੍ਰਿਬਿਊਨ ਅਤੇ ਲੇਖਕਾਂ ਨੂੰ ਵਧਾਈਆਂ।

ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ।

0

ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਨਾ ਕੋਇ।

ਪ੍ਰਿੰਸੀਪਲ ਗੰਗਾ ਸਿੰਘ

ਕੌਮਾਂ ਦੀਆਂ ਬਣਾਵਟਾਂ ਸਦਾ ਹੀ ਜ਼ਿਹਨੀ (ਦਿਮਾਗ਼ੀ) ਤਬਦੀਲੀ ਨਾਲ ਬਦਲਦੀਆਂ ਰਹਿੰਦੀਆਂ ਹਨ। ਜਿਹੋ ਜਿਹੀ ਮਾਨਸਿਕ ਅਵਸਥਾ ਕਿਸੇ ਕੌਮ ਦੀ ਹੁੰਦੀ ਹੈ, ਉਹੋ ਜਿਹਾ ਵਿਵਹਾਰ ਕਰਨ ਕਰ ਕੇ ਹੀ ਉਹ ਸਹਿਜੇ-ਸਹਿਜੇ ਉਸ ਰੂਪ ਵਿੱਚ ਢਲ ਜਾਂਦੀ ਹੈ। ਇਸ ਕਰ ਕੇ ਹੀ ਆਗੂ ਜੋ ਚਲਨ (ਚਾਲ-ਚਲਣ/ਕਿਰਦਾਰ) ਤੇ ਜੀਵਨ; ਕੌਮਾਂ ਦਾ ਬਣਾਉਣਾ ਚਾਹੁੰਣ, ਉਹਨਾਂ ਭਾਵਾਂ ਨੂੰ ਦ੍ਰਿੜ੍ਹ ਕਰਾਉਣ ਲਈ ਉਹ ਖ਼ਾਸ-ਖ਼ਾਸ ਗੱਲਾਂ ਦੇ ਸ੍ਵਾਧਿਆਇ (ਕੌਮੀ ਪਾਠ) ਤੇ ਅਭਿਆਸ ਨੂੰ ਰਿਵਾਜ ਦੇਂਦੇ ਹਨ ਤੇ ਕਈ ਚਿਰਾਂ ਦੇ ਅਭਿਆਸ ਮਗਰੋਂ ਜ਼ਿਹਨ-ਨਸ਼ੀਨ (ਦਿਮਾਗ਼ ’ਚ ਬੈਠੀਆਂ) ਹੋਈਆਂ ਗੱਲਾਂ ਕੌਮਾਂ ਦੇ ਜੀਵਨ-ਵਿਵਹਾਰ ਦਾ ਇੱਕ ਅੰਗ ਬਣ ਜਾਂਦੀਆਂ ਹਨ।

ਉੱਪਰ ਦੱਸਿਆ ਨਿਯਮ ਭਾਵੇਂ ਕੌਮਾਂ ਵਿੱਚ ਆਮ ਕਰ ਕੇ ਵਰਤਿਆ ਜਾਂਦਾ ਹੈ, ਪਰ ਖ਼ਾਲਸੇ ਦਾ ਜੀਵਨ ਤਾਂ ਸਤਿਗੁਰਾਂ ਨੇ ਖ਼ਾਸ ਤੌਰ ’ਤੇ ਇਸੇ ਹੀ ਸਾਂਚੇ ਵਿੱਚ ਢਾਲਿਆ ਹੈ। ਹਰ ਇੱਕ ਖ਼ਾਲਸੇ ਦੇ ਨਾਮ ਦੇ ਮਗਰ ‘ਸਿੰਘ’ ਸ਼ਬਦ ਆਉਣਾ, ਸਿੰਘ ਦਾ ਆਪਣੇ ਆਪ ਨੂੰ ‘ਸਵਾ ਲੱਖ’ ਕਹਿਣਾ ਤੇ ‘ਫ਼ੌਜ’ ਸਮਝਣਾ, ਦੋ ਸਿੰਘਾਂ ਦਾ ਮਿਲ ਕੇ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।’ ਬੁਲਾਉਣਾ, ਅਰਦਾਸੇ ਤੋਂ ਬਾਅਦ ‘ਸਤਿ ਸ੍ਰੀ ਅਕਾਲ’ ਦਾ ਜੈਕਾਰਾ ਛੱਡਣਾ ਤੇ ਗੜਗੱਜ ਬੋਲਿਆਂ ਦੀ ਵਰਤੋਂ ਕਰਨੀ, ਇਹ ਸਭ ਗੱਲਾਂ ਸਾਡੀ ਇਸ ਸੋਚ ਦੀ ਪੁਸ਼ਟੀ ਕਰਦੀਆਂ ਹਨ ਕਿ ਖ਼ਾਲਸੇ ਜੀ ਦਾ ਪ੍ਰਭਾਵਸ਼ਾਲੀ ਤੇ ਬਰਕਤ ਵਾਲਾ ਸੁਭਾਅ ਬਣਾਉਣ ਲਈ ਹੀ ਉਸ ਦੀ ਨਿਤ ਵਰਤੋਂ ਦੇ ‘ਬੋਲੇ’ ਉਤਸ਼ਾਹਜਨਕ ਬਣਾਏ ਗਏ ਹਨ। ਇਹੀ ਕਾਰਨ ਹੈ ਕਿ ਥੋੜ੍ਹੇ ਸਮੇਂ ਵਿੱਚ ਹੀ ਖ਼ਾਲਸਾ ਇੱਕ ਪ੍ਰਸਿੱਧ ਤਿਆਰ-ਬਰ-ਤਿਆਰ ਜਥਾ ਸਜ ਗਿਆ। ਜੇ ਅਸੀਂ ਗਹੁ ਕਰ ਕੇ ਤੱਕੀਏ ਤਾਂ ਖ਼ਾਲਸਈ ਵਰਤੋਂ ਦਾ ਹਰ ਇਕ ਫ਼ਿਕਰਾ, ਕੋਈ ਨਾ ਕੋਈ ਤਅੱਲੁਕ ਇਸ ਕੌਮ ਉਸਾਰੀ ਨਾਲ ਰੱਖਦਾ ਹੈ, ਨਿਰਾਰਥ ਕੋਈ ਵੀ ਨਹੀਂ। ਇਹ ਗੱਲ ਅੱਡਰੀ ਹੈ ਕਿ ਅਸੀਂ ਉਸ ਦਾ ਸਹੀ ਮਤਲਬ ਸਮਝਣ ਵਿੱਚ ਟਪਲਾ ਖਾ ਗਏ ਹੋਈਏ।

ਖ਼ਾਲਸਾ ਜੋ ਸ਼ਬਦ ਰੋਜ਼ਾਨਾ ਵਰਤੋਂ ਵਿੱਚ ਦੁਹਰਾਉਂਦਾ ਹੈ, ਉਹਨਾਂ ਵਿੱਚੋਂ ਆਮ ਤੌਰ ’ਤੇ ਅਰਦਾਸ ਮਗਰੋਂ ਤਿੰਨ ਦੋਹਰੇ ਪੜ੍ਹੇ ਜਾਂਦੇ ਹਨ। ਪਹਿਲਿਆਂ ਦੋਹਾਂ ਵਿੱਚ ‘ਸ੍ਰੀ ਅਕਾਲ ਪੁਰਖ ਦੀ ਆਗਿਆ ਨਾਲ ਪੰਥ ਦਾ ਕਾਇਮ ਹੋਣਾ ਤੇ ਸ੍ਰੀ ਗੁਰੂ ਜੀ ਦੀ ਅਰਸ਼ੀ (ਇਲਾਹੀ) ਬਾਣੀ ਦੀ ਤਾਬਿਆਦਾਰੀ ਕਰਨ ਦਾ ਈਮਾਨ (ਵਿਸ਼ਵਾਸ)’ ਰੋਜ਼ ਦੁਹਰਾਇਆ ਜਾਂਦਾ ਹੈ ਤੇ ਅਗਲੇ (ਤੀਜੇ ਸ਼ਬਦ) ਵਿੱਚ ‘ਖ਼ਾਲਸੇ ਦਾ ਬ੍ਰਹਿਮੰਡੀ ਰਾਜ ਕਾਇਮ ਹੋਣ ਦਾ ਤੇ ਪ੍ਰਾਣੀ ਮਾਤ੍ਰ ਦੇ ਉਹਦੀ ਸ਼ਰਨ ਆਉਣ ਦਾ’ ਨਿਸ਼ਚਾ ਰੋਜ਼ ਯਾਦ ਕੀਤਾ ਜਾਂਦਾ ਹੈ। ਇਸ ਪਿਛਲੇ ਦੋਹਰੇ ਤੋਂ ਬਹੁਤ ਲੋਕਾਂ ਨੂੰ ਟਪਲਾ ਲਗਦਾ ਹੈ, ਕਈ ਤਾਂ ਇਹ ਸਮਝਦੇ ਹਨ ਕਿ ਇਸ ਦਾ ਪੜ੍ਹਨਾ ਮੌਜੂਦਾ ਰਾਜ ਦੇ ਕਰਮਚਾਰੀਆਂ ਨੂੰ ਨਰਾਜ਼ ਕਰਨਾ ਹੈ ਤੇ ਕਈ ਇਹ ਸਮਝਦੇ ਹਨ ਕਿ ਇਹ ਫ਼ਿਰਕਾਦਾਰਾਨਾ ਰਾਜ ਦਾ ਨਿਸ਼ਚਾ ਹੋਣ ਕਰ ਕੇ ਦੇਸ਼ ਦੀ ਕੌਮੀ ਲਹਿਰ ਨੂੰ ਸੱਟ ਮਾਰਦਾ ਹੈ, ਇਸ ਲਈ ਇਹਨੂੰ ਨਹੀਂ ਪੜ੍ਹਨਾ ਚਾਹੀਦਾ। ਕਈਆਂ ਦਾ ਇਹ ਖ਼ਿਆਲ ਹੈ ਕਿ ਅਸੀਂ ਜਿਹੜੇ 60ਕੁ ਲੱਖ ਆਪਣੇ ਆਪ ਨੂੰ ਖ਼ਾਲਸਾ ਕਹਿਣ ਵਾਲੇ ਤੁਰੇ ਫਿਰਦੇ ਹਾਂ, ਸਾਡਾ ਰਾਜ ਕਿੱਥੇ ਹੋਣਾ ਹੈ ? ਤੇ ਜੇ ਸਾਡੇ ਵਿੱਚ ਬਲ ਹੁੰਦਾ ਤਾਂ ਖ਼ਾਲਸਾ ਸਲਤਨਤ (ਮਹਾਰਾਜਾ ਰਣਜੀਤ ਸਿੰਘ ਦੁਆਰਾ ਮਿਲੀ ਬਾਦਸ਼ਾਹੀ) ਹੀ ਕਿਉਂ ਹੱਥੋਂ ਜਾਂਦੀ ? ਇਸ ਲਈ ਇਸ ਸ਼ੇਖ-ਚਿਲੀ ਵਾਲੀ ਮਨੌਤ ਨੂੰ ਦੁਹਰਾਉਣ ਦਾ ਕੋਈ ਲਾਭ ਨਹੀਂ।

ਸੋ, ਅਸੀਂ ਅੱਜ ਇਸ ਗੱਲ ’ਤੇ ਵਿਚਾਰ ਕਰਨੀ ਹੈ ਕਿ ਕੀ ਸਾਨੂੰ ਇਹਨਾਂ ਦੋਹਾਂ ਖ਼ਿਆਲਾਂ ਵਿੱਚੋਂ ਕਿਸੇ ਇੱਕ ਦੇ ਮਗਰ ਲੱਗ ਕੇ ਇਹ ਦੋਹਰਾ ਪੜ੍ਹਨਾ ਚਾਹੀਦਾ ਹੈ ? ਇਸ ਦਾ ਜਵਾਬ ਨਿਸ਼ਚੇ ਹੀ ‘ਨਹੀਂ’ ਮਿਲੇਗਾ ਕਿਉਂਕਿ ਖ਼ਾਲਸੇ ਨੇ ਮੁੱਢ ਤੋਂ ਹੀ ਪੂਰਨ ਸਾਂਤੀ ਵਰਤਾਉਣ ਦਾ ਦਾਅਵਾ ਕੀਤਾ ਹੋਇਆ ਹੈ ਤੇ ਕਲਗੀਧਰ ਪਿਤਾ ਨੇ ਇਸ ਨਾਦੀ ਪੁੱਤਰ ਦੀ ਰਾਹੀਂ ਜਗਤ ਦਾ ਨਕਸ਼ਾ ਇਸ ਤਰ੍ਹਾਂ ਬੰਨ੍ਹਣ ਦਾ ਐਲਾਨ ਕੀਤਾ ਸੀ, ‘‘ਦਾਨਵ ਦੇਵ ਫਨਿੰਦ ਨਿਸਾਚਰ, ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈ ਥਲ ਮੈ, ਪਲ ਹੀ ਪਲ ਮੈ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਢਿ ਜੈਤ ਧੁਨਿ, ਪਾਪਨ ਕੈ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗਿ, ਸਤ੍ਰ ਸਭੈ ਅਵਿਲੋਕਿ ਚਪੈਂਗੇ ’’ (ਤ੍ਵ ਪ੍ਰਸਾਦਿ ਸਵੱਯੇ, ਪਾ: ੧੦)

ਇਹ ਲੋਕ-ਸ਼ਾਂਤੀ ਦਾ ਨਕਸ਼ਾ ਤਦ ਹੀ ਕਾਇਮ ਹੋ ਸਕਦਾ ਹੈ ਜੇ ਧਾਰਮਕ, ਭਾਈਚਾਰਕ ਤੇ ਰਾਜਨੀਤਿਕ ਅਵਸਥਾ; ਧਰਮ ਮਰਯਾਦਾ ਅਨੁਸਾਰ ਕਾਇਮ ਕੀਤੀ ਜਾਏ। ਜਦ ਤੱਕ ਇਹ ਕਿਸੇ ਅਧਰਮ ਦੇ ਆਸਰੇ ’ਤੇ ਕਾਇਮ ਹਨ, ਚਾਹੇ ਉਹ ਮਾਇਕੀ ਤਾਣ ਹੋਵੇ ਤੇ ਚਾਹੇ ਆਸੁਰੀ ਸ਼ਸਤਰ ਬਲ; ਜਗਤ ਵਿੱਚ ਕਦੇ ਸ਼ਾਂਤੀ ਕਾਇਮ ਨਹੀਂ ਹੋ ਸਕਦੀ। ਇਹੀ ਕਾਰਨ ਹੈ ਕਿ ਜਗਤ ਵਿੱਚ ਰੋਜ਼ ਰਾਜਨੀਤਿਕ ਤਬਦੀਲੀਆਂ ਹੋ ਰਹੀਆਂ ਹਨ, ਯੁੱਧ ਦੇ ਬੱਦਲ ਜਗਤ ਦੇ ਅਮਨ ਦੇ ਅਕਾਸ਼ ’ਤੇ ਹਰ ਵੇਲੇ ਘਿਰੇ ਰਹਿੰਦੇ ਹਨ। ਮਨੁੱਖ ਨੇ ਪਹਿਲੇ ਕਬੀਲਿਆਂ ਦੇ ਲੋਕ-ਰਾਜ ਤੋਂ ਅਰੰਭ ਕਰ ਕੇ ਇੱਕ ਸ਼ਹਿਨਸ਼ਾਹੀ ਰਾਜ ਕਾਇਮ ਕਰਨ ਤੱਕ ਅਤੇ ਫਿਰ ਉਸ ਤੋਂ ਉਪਰਾਮ ਹੋ ਕੇ, ਮੁੜ ਕੇ ਲੋਕ-ਰਾਜ ਤੱਕ ਹਰ ਕਿਸਮ ਦੇ ਰਾਜ-ਪ੍ਰਬੰਧ ਦਾ ਤਰੀਕਾ ਅਜ਼ਮਾ ਦੇਖਿਆ ਹੈ, ਸ਼ਾਂਤੀ ਕਿਧਰੇ ਭੀ ਨਹੀਂ ਆਈ ਤੇ ਨਾ ਆਉਣੀ ਹੈ, ਕਿਉਂਜੋ ਹਰ ਇੱਕ ਪ੍ਰਬੰਧ ਵਿੱਚ ਦਵੈਸ਼ ਤੇ ਈਰਖਾ ਕੰਮ ਕਰਦੀ ਹੈ। ਜਿੱਥੇ ਰਾਜਾ ਤੇ ਸ਼ਹਿਨਸ਼ਾਹ ਹੈ, ਉਸ ਨੂੰ ਆਪਣੇ ਗੌਰਵ ਤੇ ਮਾਣ ਦਾ ਖ਼ਬਤ (ਪਾਗਲਪੁਣਾ) ਹੁੰਦਾ ਹੈ ਅਤੇ ਜਿੱਥੇ ਗ਼ਰੀਬਾਂ ਦਾ ਇਕੱਠ ਹੁੰਦਾ ਹੈ, ਉਹ ਅਮੀਰਾਂ ਨਾਲ ਈਰਖਾ ਤੇ ਵਿਵਾਦ ਕਰਦੇ ਹਨ। ਜੇ ਕਿਸੇ ਇੱਕ ਪਾਤਿਸ਼ਾਹ ਦੇ ਹੱਥ ਸੈਨਾ ਦਾ ਬਲ ਆ ਜਾਂਦਾ ਹੈ ਤਾਂ ਉਹ ਰਿਆਇਆਂ (ਲੋਕਾਂ) ਨੂੰ ਟੈਕਸਾਂ ਤੇ ਉਗਰਾਹੀਆਂ ਦੇ ਪੱਜ (ਬਹਾਨੇ) ਨਾਲ ਲੁੱਟ ਲੈਂਦਾ ਹੈ। ਜੇ ਆਮ ਜਨਤਾ ਜਾ ਜ਼ੋਰ ਪੈਂਦਾ ਹੈ ਤਾਂ ਉਹ ਲੋਕ-ਵੰਡ ਦੇ ਬਹਾਨੇ ਅਮੀਰਾਂ ਨੂੰ ਲੱਟ ਲੈਂਦੇ ਹਨ। ਗੱਲ ਕੀ, ਹਰ ਤਰ੍ਹਾਂ ਹੀ ਕਲੇਸ਼ ਹੈ। ਹੋਵੇ ਵੀ ਕਿਉਂ ਨਾ ?  ਧੁਰੋਂ ਹੁਕਮ ਹੈ : ‘‘ਅੰਧਕਾਰ, ਸੁਖਿ ਕਬਹਿ ਸੋਈ ਹੈ ਰਾਜਾ ਰੰਕੁ ਦੋਊ ਮਿਲਿ ਰੋਈ ਹੈ ’’ (ਗਉੜੀ, ਭਗਤ ਕਬੀਰ, ਪੰਨਾ ੩੨੫)

ਸੁੱਖ ਤਾਂ ਪ੍ਰਕਾਸ਼ ਵਿੱਚ ਹੋਣਾ ਹੈ ਤੇ ਪ੍ਰਕਾਸ਼ ‘ਜਾਗਤਿ ਜੋਤਿ’ ਦੇ ਪੁਜਾਰੀਆਂ ਦੇ ਹਿਰਦੇ ਵਿੱਚ ਹੀ ਆਉਣਾ ਹੈ। ਜੋ ‘ਜੋਤਿ’ ਦੇ ਉਪਾਸ਼ਕ ਨਹੀਂ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਜਾਗਤਿ ਜੋਤਿ ਦੇ ਚਾਨਣੇ ਦੇ ਸਾਹਮਣੇ ਮਾਇਆ ਦੀ ਭੀਤ ਆਈ ਹੋਈ ਹੈ, ਉਹ ਤਾਂ ਹਨੇਰੇ ਵਿੱਚ ਹਨ ਭਾਵੇਂ ਉਹਨਾਂ ਦਾ ਜ਼ਾਹਿਰਾ ਭੇਖ ਸਿੱਖਾਂ ਵਾਲਾ ਹੀ ਕਿਉਂ ਨਾ ਹੋਵੇ। ਬਿਨਾਂ ਸੱਚੇ ਖ਼ਾਲਸੇ ਦੇ, ਜਗਤ ਹਨੇਰੇ ਵਿੱਚ ਹੈ ਤੇ ਹਨੇਰੇ ਦੇ ਰਾਜ-ਪ੍ਰਬੰਧ ਵਿੱਚ ਸੁੱਖ ਦੀ ਤਲਾਸ਼; ਅਕਾਸ਼ ਵਿੱਚੋਂ ਫੁੱਲ ਤੋੜਨੇ ਵਾਂਗ ਹੁੰਦੀ ਹੈ।

ਖ਼ਾਲਸੇ ਦੀ ਸਕੀਮ ਵਿੱਚ ਤਾਂ ਜੋ ਰਾਜ-ਪ੍ਰਬੰਧ ਲਿਖਿਆ ਹੈ, ਉਸ ਦਾ ਪਹਿਲਾ ਫ਼ਿਕਰਾ (ਵਾਕ) ਹੀ ਇਹ ਹੈ ਕਿ ਜਿਸ ਦਿਨ ਖ਼ਾਲਸਈ ਰਾਜ-ਪ੍ਰਬੰਧ ਹੋਵੇਗਾ, ਉਸ ਦਿਨ ਦੁਨੀਆ ਦਾ ਨਾਮ ਬਦਲ ਕੇ ‘ਬੇਗ਼ਮਪੁਰਾ’ ਰੱਖ ਦਿੱਤਾ ਜਾਏਗਾ ਤੇ ਦਸਤੂਰ ਇਹ ਵਰਤੇਗਾ : ‘‘ਬੇਗਮ ਪੁਰਾ ਸਹਰ ਕੋ ਨਾਉ   ਦੂਖੁ ਅੰਦੋਹੁ ਨਹੀ, ਤਿਹਿ ਠਾਉ   ਨਾਂ ਤਸਵੀਸ ਖਿਰਾਜੁ ਮਾਲੁ   ਖਉਫੁ ਖਤਾ, ਤਰਸੁ ਜਵਾਲੁ ’’ (ਗਉੜੀ ਭਗਤ ਰਵਿਦਾਸ, ਪੰਨਾ ੩੪੫)

ਦੁਨੀਆ ਗਈ ਤਾਂ, ਲਾਲਚ ਮੋਇਆ, ਜਿੱਥੇ ਲਾਲਚ ਨਹੀਂ ਉੱਥੇ ਖੋਹਣ-ਖਿੱਚਣ ਤੇ ਚੋਰੀ-ਧਾੜੇ ਕਾਹਦੇ ? ਜੇ ਚੋਰੀ ਨਹੀਂ ਤਾਂ ਰਾਖੀ ਕਿਉਂ ? ਜੇ ਰਖਵਾਲੀ ਨਹੀਂ ਤਾਂ ਖ਼ਰਾਜ (ਟੈਕਸ) ਕਿਉਂ ? ਇਹ ਤਾਂ ਸਾਰਾ ਢਾਂਚਾ ਹੀ ਲਾਲਚ ਦੇ ਸਿਰ ’ਤੇ ਖਲੋਤਾ ਹੋਇਆ ਹੈ। ਜਦੋਂ ਖ਼ਲਕਤ ਵਿੱਚ ਖ਼ਾਲਿਕ ਨੂੰ ਸਮਝ ਕੇ ਪੂਜਿਆ ਗਿਆ, ਤਦੋਂ ਲਾਲਚ ਨਾਲ ਇਕੱਤਰ ਕੀਤੀ ਸਮੱਗਰੀ ਇੱਕ ਦੂਜੇ ਨੂੰ ਚਾੜ੍ਹੀ ਜਾਏਗੀ। ਆਪਾ ਧਾਪੀ ਤਾਂ ਰਹਿਣੀ ਨਹੀਂ, ਉਸ ਬੇਗ਼ਮਪੁਰੇ ਵਿੱਚ ਹੀ ਸਮੂਹ ਸੰਤ, ਪ੍ਰਸੰਨ ਫਿਰਨਗੇ। ਸੋ, ਸਤਿਗੁਰਾਂ ਦੇ ਇਸ ਦਾਅਵੇ ਨੂੰ ਪੂਰਨ ਕਰਨ ਲਈ ਖ਼ਾਲਸੇ ਨੇ ਸਦਾ ਤਿਆਰ ਰਹਿਣਾ ਹੈ ਤੇ ਉੱਚ ਭਾਵਾਂ ਨੂੰ ਅੰਦਰ ਵਸਾਉਣਾ ਹੈ, ਪਰ ਇਹ ਸਕੀਮ, ਪੂਰਨ ਭੀ ਗੁਰਮਤਿ ਦੀ ਰੌਸ਼ਨੀ ਵਿੱਚ ਹੀ ਹੋ ਸਕਦੀ ਹੈ। ਜਿਹੜੇ ਲੋਕਾਂ ਦਾ ਇਹ ਖ਼ਿਆਲ ਹੈ ਕਿ ਪੰਜਾਬ ਵਿੱਚ ਪਿਛਲੀ ਹਕੂਮਤ, ਜੋ ਸਿੱਖ ਰਾਜ ਕਹੀ ਜਾਂਦੀ ਸੀ, ਜੇ ਸੱਚਮੁੱਚ ਹੀ ਖ਼ਾਲਸਈ ਰਾਜ-ਪ੍ਰਬੰਧ ਅਮਨ ਦਾ ਜ਼ਾਮਨ (ਗਵਾਹ) ਹੈ ਤਾਂ ਉਹ ਕਿਉਂ ਬਦਲੀ ? ਇਸ ਦਾ ਉੱਤਰ ਇਹ ਹੈ ਕਿ ਬੜੇ ਬੜੇ ਆਲੀਸ਼ਾਨ ਮਹਿਲ ਬਣਾਉਣ ਲਈ ਪਹਿਲਾਂ ਛੋਟੇ ਛੋਟੇ ਮਾਡਲ ਤਿਆਰ ਕੀਤੇ ਜਾਂਦੇ ਹਨ। ਜੇ ਮਾਡਲ ਵਿੱਚ ਕੋਈ ਗ਼ਲਤੀ ਆ ਜਾਵੇ ਤਾਂ ਉਸ ਨੂੰ ਤੋੜ ਘੱਤੀਦਾ ਹੈ, ਪਰ ਮਾਡਲ ਦਾ ਟੁੱਟਣਾ ਮਹਿਲ ਦਾ ਢਹਿਣਾ ਨਹੀਂ ਹੈ। ਖ਼ਾਲਸੇ ਵਿੱਚ ਭਜਨ-ਬਲ ਕਰ ਕੇ ਤੇਜ ਆਇਆ ਸੀ, ਉਸ ਆਸਰੇ ਥੋੜ੍ਹੇ ਜਿਹੇ ਹਿੱਸੇ ਵਿੱਚ ਬੇਗ਼ਮਪੁਰੇ ਦੀ ਤਹਰੀਕ ਚਲਾਈ ਗਈ ਸੀ, ਪਰ ਛੇਤੀ ਹੀ ਭੇਖੀਆਂ ਵਿੱਚ ਸ਼ਾਮਲ ਹੋ ਜਾਣ ਕਰ ਕੇ, ਰਾਜ-ਮਦ ਅਤੇ ਅਯਾਸ਼ੀ ਨੇ ਉਸ ਮਾਡਲ ਟਾਊਨ (ਨਮੂਨੇ ਦੇ ਸ਼ਹਿਰ) ਵਿੱਚ ਡੇਰਾ ਜਮਾ ਲਿਆ। ਸੋ ਸਤਿਗੁਰ ਨੇ ਉਹ ਮਾਡਲ ਭੰਨ ਘੱਤਿਆ। ਜੇ ਉਹ ਸਹੀ ਤੌਰ ’ਤੇ ਖ਼ਾਲਸਈ ਰਾਜ-ਪ੍ਰਬੰਧ ਹੁੰਦਾ ਤਾਂ ਕਦੀ ਨਾ ਟੁੱਟਦਾ, ਸਗੋਂ ਵਧੇਰੇ ਫੈਲਦਾ।

ਬੱਸ, ਉੱਪਰ ਲਿਖੀ ਸਾਰੀ ਵਾਰਤਾ ਤੋਂ ਸਾਡਾ ਭਾਵ ਇਹ ਹੈ ਕਿ ‘ਜਾਗਤਿ ਜੋਤਿ ਉਪਾਸ਼ਕਾਂ ਤੋਂ ਬਿਨਾਂ’ ਕਿਸੇ ਕਿਸਮ ਦਾ ਪ੍ਰਬੰਧ ਸੁਖਦਾਈ ਨਹੀਂ ਹੋ ਸਕਦਾ। ਰਾਜ-ਪ੍ਰਬੰਧ ਦੇ ਮੌਜੂਦਾ ਤਰੀਕੇ ਇੱਕ-ਇੱਕ ਕਰ ਕੇ ਅਜ਼ਮਾਏ ਜਾ ਰਹੇ ਹਨ।

ਮੁਸਲਮਾਨਾਂ ਦੀਆਂ ਕੁੱਲ ਰਾਜਧਾਨੀਆਂ ਵਿੱਚ ਖ਼ੁਦ-ਮੁਖ਼ਤਾਰ ਬਾਦਸ਼ਾਹ ਹਨ, ਅੰਗਰੇਜ਼ਾਂ ਤੇ ਜਾਪਾਨ ਦੇ ਰਾਜ ਵਿੱਚ ਬਾਦਸ਼ਾਹਾਂ ਨਾਲ ਕਾਨੂੰਨੀ ਪਾਰਲੀਮੈਂਟਾਂ ਹਨ, ਫ਼ਰਾਂਸ ਤੇ ਜਰਮਨੀ ਦੇ ਰਾਜ ਵਿੱਚ ਜਮਹੂਰੀ ਹਕੂਮਤ ਤੇ ਰੂਸ ਵਿੱਚ ਮਜ਼ਦੂਰ ਕਿਸਾਨ ਰਾਜ ਹੈ, ਪਰ ਇਹਨਾਂ ਸਾਰਿਆਂ ਪ੍ਰਬੰਧਾਂ ਵਿੱਚੋਂ ਕਿਸੇ ਨੂੰ ਭੀ ਆਦਰਸ਼ਕ ਪ੍ਰਬੰਧ ਨਹੀਂ ਕਿਹਾ ਜਾ ਸਕਦਾ, ਹਰ ਥਾਂ ਗੜਬੜੀ ਤੇ ਬੇਚੈਨੀ ਹੈ। ਇਹ ਕਿਉਂ ? ਇਸ ਲਈ ਕਿ ਰਾਜ ਕਰਮਚਾਰੀ ‘ਜਾਗਤਿ ਜੋਤਿ ਦੇ ਉਪਾਸ਼ਕ’ ਨਹੀਂ, ਬਲਕਿ ਆਤਮ ਚਾਨਣ ਤੋਂ ਖ਼ਾਲੀ ਫੋਕੇ ਦਿਮਾਗ਼ਾਂ ਵਿੱਚ ਬੈਠ ਕੇ ਘਾੜਤਾਂ ਘੜਦੇ ਹਨ। ਦਿਮਾਗ਼ ਪੰਜ ਤੱਤਾਂ ਦੀ ਅੰਸ਼ ਹੈ ਤੇ ਉਹਨਾਂ ਤੱਤਾਂ ਦਾ ਅਮਲ ਹੀ (ਜੀਵਨ ’ਚ) ਵਾਪਰਦਾ ਹੈ। ਇਸ ਲਈ ਜਗਤ ਨੂੰ ਸੁੱਖ ਕਦੇ ਨਹੀਂ ਹੋ ਸਕਦਾ, ਜਦ ਤੱਕ ਕਿ ਸੱਚਾ ਖ਼ਾਲਸਾ ਰਾਜ-ਪ੍ਰਬੰਧ ਸਾਰੇ ਜਗਤ ਵਿੱਚ ਕਾਇਮ ਨਾ ਕੀਤਾ ਜਾਵੇ।

ਹੁਣ ਉਹ ਹੋਵੇ ਕਿੱਦਾਂ ? ਇਸ ਦਾ ਉੱਤਰ ਇਹੀ ਹੈ ਕਿ ਜਿਸ ਤਰ੍ਹਾਂ ਅਜੇ ਅਸੀਂ ਪੂਰਨ ਖ਼ਾਲਸੇ ਨਹੀਂ, ਪਰ ਖ਼ਾਲਸਾ ਬਣਨ ਲਈ ਉਸ ਦੀ ਕਰਨੀ ਦਾ ਕਥਨ ਪੜ੍ਹਦੇ ਤੇ ਦੁਹਰਾਉਂਦੇ ਹੋਏ ਗੁਰਾਂ ਕੋਲੋਂ ਖ਼ਾਲਸਾ ਹੋਣ ਦੀ ਮੰਗ ਮੰਗਦੇ ਹਾਂ, ਓਦਾਂ ਹੀ ਜਦ ਤੱਕ ਸਰਬੱਤ ਜਗਤ ਉੱਤੇ ਸਾਧੂਆਂ ਦੇ ਪ੍ਰਸੰਨ ਫਿਰਕੇ ਵਾਲਾ ਤੇ ਸਤਰੂਆਂ ਦੇ ਅਵਲੋਕ ਚਪਣ ਵਾਲਾ ਧਰਮ-ਰਾਜ (ਸਾਧ ਸਮੂਹ ਪ੍ਰਸੰਨ ਫਿਰੈ ਜਗਿ, ਸਤ੍ਰ ਸਭੈ ਅਵਿਲੋਕਿ ਚਪੈਂਗੇ ) ਕਾਇਮ ਨਹੀਂ ਹੋ ਜਾਂਦਾ।  ਸਾਨੂੰ ਵਾਜਬ ਹੈ ਕਿ ਅਸੀਂ ਖ਼ਾਲਸੇ ਬਣਨਾ ਹੈ ਤਾਂ ਅਸਾਂ ਸਤਿਗੁਰਾਂ ਦੇ ਐਲਾਨ ਕੀਤੇ ਹੋਏ ਗੁਰਸਿੱਖਾਂ ਦੇ ਇਸ ਬਚਨ ਨੂੰ ਪੂਰਨ ਕਰਨ ਦਾ ਯਤਨ ਕਰਦੇ ਰਹਿਣਾ ਹੈ ਕਿ ਰਾਜ ਕਰੇਗਾ ਖ਼ਾਲਸਾ, ਆਕੀ ਰਹੇ ਕੋਇ ਖ਼ਵਾਰ ਹੋਇ ਸਭ ਮਿਲੈਂਗੇ, ਬਚੇ ਸ਼ਰਨ ਜੋ ਹੋਇ

ਵਿਖਾਵੇ ਮਾਤਰ ਸ਼ਤਾਬਦੀਆਂ ਮਨਾਉਣ ਦੀ ਥਾਂ ਕੁਝ ਸਿੱਟੇ ਕੱਢਣੇ ਜ਼ਰੂਰੀ।

0

ਵਿਖਾਵੇ ਮਾਤਰ ਸ਼ਤਾਬਦੀਆਂ ਮਨਾਉਣ ਦੀ ਥਾਂ ਕੁਝ ਸਿੱਟੇ ਕੱਢਣੇ ਜ਼ਰੂਰੀ।

ਕਿਰਪਾਲ ਸਿੰਘ (ਬਠਿੰਡਾ) 88378-13661, 98554-80797

ਜਿਸ ਸਮੇਂ ਮੈਂ ਜਵਾਨ ਸੀ ਤਦ 1969 ਈ: ’ਚ ਗੁਰੂ ਨਾਨਕ ਸਾਹਿਬ ਜੀ ਦੀ 500 ਸਾਲਾ ਸ਼ਤਾਬਦੀ ਮਨਾਈ ਜਾਂਦੀ ਆਪਣੇ ਅੱਖੀਂ ਵੇਖੀ ਸੀ ਅਤੇ ਹੁਣ ਜਦੋਂ ਮੈਂ ਬੁਢੇਪੇ ਵਿੱਚ ਪਹੁੰਚ ਚੁੱਕਿਆ ਹਾਂ ਤਾਂ ਇਸ ਸਾਲ ਸਾਢੇ ਪੰਜ ਸੌ ਸਾਲਾ ਦੇ ਉਲੀਕੇ ਪ੍ਰੋਗਰਾਮ ਵੀ ਵੇਖ ਰਿਹਾ ਹਾਂ। ਇਨ੍ਹਾਂ ਦੋ ਤੋਂ ਇਲਾਵਾ ਅਨੇਕਾਂ ਹੋਰ ਸ਼ਤਾਬਦੀਆਂ ਤੇ ਅਰਧ ਸ਼ਤਾਬਦੀਆਂ ਵੀ ਕੌਮ ਵੱਲੋਂ ਮਨਾਈਆਂ ਗਈਆਂ। ਹਰ ਸਮੇਂ ਲੰਬੇ ਲੰਬੇ ਨਗਰ ਕੀਰਤਨਾਂ ਅਤੇ ਕੀਰਤਨ ਦਰਬਾਰਾਂ ਰਾਹੀਂ ਸ਼ਤਾਬਦੀਆਂ ਬਹੁਤ ਹੀ ਧੂੰਮ-ਧਾਮ ਨਾਲ ਮਨਾਏ ਜਾਣ ਦਾ ਪ੍ਰਚਾਰ ਤੇ ਨਵੇਂ ਨਵੇਂ ਨਾਹਰਿਆਂ ਦਾ ਰੌਲ਼ਾ-ਰੱਪਾ ਵੀ ਬਹੁਤ ਸੁਣਿਆ ਹੈ; ਜਿਨ੍ਹਾਂ ਸਾਰਿਆਂ ਦਾ ਇਕੱਲੇ ਇਕੱਲੇ ਕਰ ਕੇ ਵੇਰਵਾ ਦੇਣ ਦੀ ਥਾਂ ਉਦਾਹਰਣ ਵਜੋਂ ਮੈਂ ਕੇਵਲ ਦੋ ਸ਼ਤਾਬਦੀਆਂ, 1999 ’ਚ ਖ਼ਾਲਸਾ ਸਾਜਨਾ ਦਿਵਸ ਦੀ ਤੀਜੀ ਸ਼ਤਾਬਦੀ ਅਤੇ 2008 ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਤੀਜੀ ਗੁਰਗੱਦੀ ਸ਼ਤਾਬਦੀ ਦੌਰਾਨ ਕਰਮਵਾਰ ਇਹ ਨਾਹਰੇ 1999 ਦੀ ਵੈਸਾਖੀ, ਸਮੁੱਚੀ ਕੌਮ ਅੰਮ੍ਰਿਤਧਾਰੀ ਅਤੇ 300 ਸਾਲ, ਗੁਰੂ ਦੇ ਨਾਲ ਖ਼ੂਬ ਪ੍ਰਚਾਰੇ ਗਏ।  ਦੋਵੇਂ ਸ਼ਤਾਬਦੀਆਂ ਆਮ ਚੋਣ ਸਮਾਗਮਾਂ ਵਾਙ ਹੀ ਲੰਘ ਗਈਆਂ ਪਰ ਇਨ੍ਹਾਂ ਦੌਰਾਨ ਲਾਏ ਗਏ ਨਾਹਰਿਆਂ ਦਾ ਅਸਰ ਬਿਲਕੁਲ ਉਲਟਾ ਵੇਖਿਆ ਜਾ ਸਕਦਾ ਹੈ; ਜਿਵੇਂ ਕਿ 1999 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਅਹੁਦੇਦਾਰ ਭਾਵੇਂ ਸਾਰੇ ਦੇ ਸਾਰੇ ਅੰਮ੍ਰਿਤਧਾਰੀ ਨਹੀਂ ਸਨ ਪਰ ਘੱਟ ਤੋਂ ਘੱਟ ਸਾਬਤ ਸੂਰਤ ਕੇਸਾਧਾਰੀ ਅਤੇ ਪਗੜੀਧਾਰੀ ਤਾਂ ਜ਼ਰੂਰ ਸਨ; ਜਦੋਂ ਕਿ ਅੱਜ ਦੇ ਅਕਾਲੀ ਦਲ ’ਚੋਂ ਪਗੜੀਧਾਰੀ ਸਿੱਖ ਵੀ ਬੜੀ ਮੁਸ਼ਕਲ ਨਾਲ ਲੱਭਦੇ ਹਨ। ਬਾਕੀ ਕੌਮ ਦੇ ਸਰੂਪ ਦਾ ਅੰਦਾਜ਼ਾ ਪੰਥਕ ਕਹੇ ਜਾਂਦੇ ਬਾਦਲ ਦਲ ਦੇ ਸਰੂਪ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ। ਇਸੇ ਤਰ੍ਹਾਂ 2008 ਤੋਂ ਪਹਿਲਾਂ ਦੇਸ਼ ਵਿਦੇਸ਼ਾਂ ’ਚ ਸਥਿਤ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਬਹੁਤ ਹੀ ਘੱਟ ਵੇਖਣ/ਸੁਣਨ ਵਿੱਚ ਆਉਂਦਾ ਸੀ ਪਰ ਸ਼ਤਾਬਦੀ ਤਾਂ ਮਨਾਈ ਜਾ ਰਹੀ ਸੀ ‘ਗੁਰੂ ਗ੍ਰੰਥ ਸਾਹਿਬ ਜੀ’ ਦੀ, ਜਦੋਂ ਕਿ ਬਹੁਤਾ ਪ੍ਰਚਾਰ ਵਧਿਆ ਹੈ ਦਸਮ ਗ੍ਰੰਥ ਦਾ; ਜਿਸ ਦਾ ਅਸਰ ਇਹ ਹੋ ਰਿਹਾ ਹੈ ਕਿ ਵੱਡੀ ਗਿਣਤੀ ਦੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇਸ ਦਾ ਪ੍ਰਕਾਸ਼ ਬਕਾਇਦਾ ਤੌਰ ’ਤੇ ਕੀਤੇ ਜਾਣ ਨਾਲ ਆਮ ਸਿੱਖਾਂ ਵਿੱਚ ਇਹ ਦੁਬਿਧਾ ਘਰ ਕਰਦੀ ਜਾ ਰਹੀ ਹੈ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗ੍ਰੰਥ ਦੇ ਲੜ ਲਾਇਆ ਸੀ ਜਾਂ ਦੋ ਦੇ। ਇਸ ਦੁਬਿਧਾ ਕਾਰਨ ਹੀ ਗੁਰਦੁਆਰਿਆਂ ਵਿੱਚ ਦਸਮ ਗ੍ਰੰਥ ਮੁੱਦੇ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਪੱਗਾਂ ਉੱਤਰਨ ਨਾਲ ਬੇਅਦਬੀ ਹੋਣ ਦੀਆਂ ਘਟਨਾਵਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ।

ਇਸ ਤੋਂ ਪਹਿਲਾਂ 1995 ’ਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਮਨਾਈ ਗਈ ਤਾਂ ਗੁਰਬਿਲਾਸ ਪਾਤਸ਼ਾਹੀ 6ਵੀਂ ਅਤੇ ਸਿੱਖ ਇਤਿਹਾਸ (ਹਿੰਦੀ) ਦੀਆਂ ਪੁਸਤਕਾਂ ਸ਼੍ਰੋਮਣੀ ਕਮੇਟੀ ਵੱਲੋਂ ਹੀ ਛਾਪ ਕੇ ਗੁਰੂ ਸਾਹਿਬਾਨਾਂ ਦੇ ਜੀਵਨ ਇਤਿਹਾਸ ਅਤੇ ਗੁਰਮਤਿ ਸਿਧਾਂਤ ਨੂੰ ਕਲੰਕਿਤ ਕਰਨ ਦਾ ਪਾਪ ਕਮਾਇਆ ਗਿਆ।

ਪਿਛੋਕੜ ਰਿਜ਼ਲਟ ਨੂੰ ਵੇਖਦਿਆਂ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਸ਼ਤਾਬਦੀ ਮਨਾਉਣੀ ਤਾਂ ਹੀ ਸਫਲ ਹੋਵੇਗੀ ਜੇ ਸਾਡੀ ਕੌਮ ਲਈ ਹੁਕਮਨਾਮੇ ਜਾਰੀ ਕਰਨ ਵਾਲੇ ਤਖ਼ਤਾਂ ’ਤੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ’ਤੇ ਪਹਿਰਾ ਦੇਣਾ ਸ਼ੁਰੂ ਹੋ ਜਾਵੇ ਪਰ ਜੇ ਤਖ਼ਤਾਂ ਦੇ ਜਥੇਦਾਰ ਖ਼ੁਦ ਹੀ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ ; ਤਾਰਿਕਾ ਮੰਡਲ, ਜਨਕ ਮੋਤੀ’’ (ਪੰਨਾ ੧੩/੩੬੩) ਪੜ੍ਹਦੇ ਹੋਏ ਵੀ ਥਾਲ ਵਿੱਚ ਦੀਵੇ ਰੱਖ ਕੇ ਹੀ ਘੁਮਾਉਣੋ ਨਾ ਹਟਣ ਜਾਂ ਗੁਰਦੁਆਰਿਆਂ ਵਿੱਚ ਦੀਵੇ ਘੁਮਾ ਕੇ ਹੁੰਦੀ ਆਰਤੀ ਨੂੰ ਵੇਖ ਕੇ ਵੀ ਮੂੰਹ ਖੋਲ੍ਹਣ ਦੀ ਹਿੰਮਤ ਨਾ ਜੁਟਾ ਸਕਣ ਜਾਂ ‘‘ਜੀਅ ਬਧਹੁ, ਸੁ ਧਰਮੁ ਕਰਿ ਥਾਪਹੁ ; ਅਧਰਮੁ ਕਹਹੁ ਕਤ ਭਾਈ ’’ (ਪੰਨਾ ੧੧੦੩) ਸ਼ਬਦ ਪੜ੍ਹਨ ਵਾਲੇ ਵੀ ਗੁਰਦੁਆਰਿਆਂ ਵਿੱਚ ਹੀ ਬੱਕਰਿਆਂ ਦੀਆਂ ਬਲੀਆਂ ਦੇ ਕੇ ਉਨ੍ਹਾਂ ਦੇ ਖ਼ੂਨ ਦੇ ਟਿੱਕੇ ਗੁਰੂ ਸਾਹਿਬ ਜੀ ਦੇ ਪਾਵਨ ਅੰਗਾਂ ਅਤੇ ਸ਼ਸਤਰਾਂ ਨੂੰ ਲਾਉਣੋ ਨਾ ਹਟਣ ਤਾਂ ਸ਼ਤਾਬਦੀ ਦੇ ਬਹਾਨੇ ਲੰਬੇ ਲੰਬੇ ਨਗਰ ਕੀਰਤਨਾਂ ਦੁਆਰਾ ਕੌਮ ਨੂੰ ਧੂੜ ਫਕਾਉਣ ਦਾ ਕੀ ਫਾਇਦਾ ਹੋਏਗਾ। 

ਦੇਸ਼ ਵਿਦੇਸ਼ਾਂ ਵਿੱਚ ਨਾਨਕ ਫ਼ਲਸਫ਼ੇ ਦੇ ਪ੍ਰਚਾਰ ਪਾਸਾਰ ਦੇ ਥਾਂ ਗੁਰ ਬਿਲਾਸ ਪਾਤਸ਼ਾਹੀ 6ਵੀਂ ਅਤੇ ਸਿੱਖ ਇਤਿਹਾਸ (ਹਿੰਦੀ) ਦੀਆਂ ਗੁਰੂ ਨਿੰਦਕ ਪੁਸਤਕਾਂ ਵਾਂਗ ਕੁਝ ਹੋਰ ਅਜਿਹੀਆਂ ਪੁਸਤਕਾਂ ਛਾਪ ਕੇ ਨਵਾਂ ਹੀ ਚੰਦ ਨਾ ਚਾੜ੍ਹ ਦਿੱਤਾ ਜਾਵੇ, ਇਸ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਵੱਲੋਂ ਨਿਯੁਕਤ ਕੀਤੇ ਗਏ ਜਥੇਦਾਰ ਸਾਹਿਬਾਨ ਨੂੰ ਆਗਾਹ ਕਰਨਾ ਚਾਹੁੰਦਾ ਹਾਂ ਕਿ ਲੰਬੇ ਲੰਬੇ ਨਗਰ ਕੀਰਤਨਾਂ ਵਿੱਚ ਸਮਾਂ ਗੁਆਉਣ ਦੀ ਥਾਂ ਪੰਥ ਵਿੱਚ ਘੱਟ ਤੋਂ ਘੱਟ ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ ਦੇ ਵਿਵਾਦਤ ਮੁੱਦੇ ਹੀ ਸੁਲਝਾਅ ਲਏ ਜਾਣ ਤਾਂ ਪੰਥ ਵਿੱਚ ਕੁਝ ਏਕਤਾ ਆਉਂਦੀ ਵੇਖ ਉਲੀਕੇ ਜਾਂਦੇ ਪ੍ਰੋਗਰਾਮਾਂ ਦਾ ਮਨੋਰਥ ਕਾਫ਼ੀ ਹੱਦ ਤੱਕ ਸਫਲ ਹੋ ਸਕਦਾ ਹੈ।

ਇੱਥੇ ਇਹ ਜਾਣਕਾਰੀ ਦੇਣੀ ਵੀ ਜ਼ਰੂਰੀ ਹੈ ਕਿ ਸਮੁੱਚੇ ਭਾਰਤ ਵਿੱਚ ਇਕਸਾਰ ਕੈਲੰਡਰ ਲਾਗੂ ਕਰਨ ਲਈ ਭਾਰਤ ਸਰਕਾਰ ਵੱਲੋਂ ਸੰਨ 1952 ’ਚ ਨਿਯੁਕਤ ਕੀਤੀ ਗਈ ਕੈਲੰਡਰ ਸੁਧਾਰ ਕਮੇਟੀ ਦੀ ਰਿਪੋਰਟ ਅਨੁਸਾਰ ਦੇਸ਼ ਵਿੱਚ ਵੱਖ ਵੱਖ 30 ਕੈਲੰਡਰ ਪ੍ਰਚਲਿਤ ਹਨ। ਇਕੱਲੇ ਬਨਾਰਸ ਸ਼ਹਿਰ ਵਿੱਚ ਹੀ 4 ਕੈਲੰਡਰ ਲਾਗੂ ਹਨ। ਵੱਖ ਵੱਖ ਕੈਲੰਡਰਾਂ ਕਾਰਨ ਕਲਕੱਤੇ ਵਿੱਚ 1952 ਦੀ ਦੁਰਗਾਪੂਜਾ (ਦੁਸਹਿਰਾ) ਅਤੇ 1953 ਦੀ ਸਰਸਵਤੀ ਪੂਜਾ ਲਗਾਤਾਰ (ਉਤੋੜਿਤੀ) ਦੋ ਦਿਨ ਨਿਸ਼ਚਿਤ ਕੀਤੀ ਗਈ; 1953 ’ਚ ਬੰਗਾਲ ਵਿੱਚ ਰਾਮਨੌਮੀ 24 ਮਾਰਚ ਜਦ ਕਿ ਉੱਤਰੀ ਭਾਰਤ ’ਚ 23 ਮਾਰਚ; 1954 ਵਿੱਚ ਜਨਮ ਅਸ਼ਟਮੀ ਉੱਤਰੀ ਭਾਰਤ ਵਿੱਚ 21 ਅਗਸਤ ਜਦ ਕਿ ਬਾਕੀ ਦੇ ਭਾਰਤ ਵਿੱਚ  20, 21, 22 ਅਗਸਤ; ਪੁਰੀ ਦੇ ਰਥ ਉਤਸਵ ਦੀ ਸੂਰਤ ਵਿੱਚ ਕਈ ਵਾਰ ਬੰਗਾਲ ਅਤੇ ਉੜੀਸਾ ਦੇ ਕੈਲੰਡਰਾਂ ਵਿੱਚ ਇੱਕ ਮਹੀਨੇ ਤੱਕ ਦਾ ਫ਼ਰਕ ਵੀ ਹੁੰਦਾ ਹੈ। ਰਿਪੋਰਟ ਵਿੱਚ ਇਹ ਵੀ ਦਰਜ ਹੈ ਕਿ ਸਾਡੇ ਪੰਚਾਂਗਕਾਰਾਂ ਦੁਆਰਾ ਸਮਰਾਤਾਂ ਦੇ ਪੂਰਬਾਇਣੀ ਤੋਂ ਅਣਗਹਿਲੀ ਕਾਰਨ ਤਿਉਹਾਰਾਂ ਦੀਆਂ ਤਰੀਖਾਂ ਪਹਿਲਾਂ ਹੀ ਉਨ੍ਹਾਂ ਮੌਸਮਾਂ ਤੋਂ 23 ਦਿਨ ਨਿੱਖੜ ਚੁੱਕੀਆਂ ਹਨ, ਜਿਨ੍ਹਾਂ ਵਿੱਚ ਇਹ ਲਗਭਗ 1400 ਸਾਲ ਪਹਿਲਾਂ ਮਨਾਏ ਜਾਂਦੇ ਸਨ।

ਰੁੱਤਾਂ ਨਾਲੋਂ ਪੈ ਰਹੇ ਉਕਤ ਫਰਕ ਨੂੰ ਪੰਡਿਤ ਦੇਵੀ ਦਿਆਲ ਜੋਤਸ਼ੀ ਲਹੌਰ ਦੀ ਅੰਮ੍ਰਿਤਸਰ ਤੋਂ ਛਪਣ ਵਾਲੀ ਅਸਲੀ ਤਿੱਥ ਪੱਤ੍ਰਿਕਾ ਤੋਂ ਵੀ ਵੇਖਿਆ ਜਾ ਸਕਦਾ ਹੈ। ਇਸ ਜੰਤਰੀ ਅਨੁਸਾਰ 1 ਅਪ੍ਰੈਲ 2019 ਈ: ਨੂੰ ਅਯਨਾਂਸ਼ (ਅਯਨ+ਅੰਸ਼) 24-07-17 ਹੋਵੇਗਾ, ਜੋ ਹੁਣ ਤੱਕ ਦੇ ਤਕਰੀਬਨ 24 ਦਿਨਾਂ ਦੇ ਫਰਕ ਨੂੰ ਦਰਸਾਉਂਦੀ ਹੈ [ਭਾਵ ਧਰਤੀ ਸੂਰਜ ਦੇ ਦੁਆਲੇ ਇੱਕ ਪੂਰਾ ਚੱਕਰ (360 ਡਿਗਰੀ ਦਾ ਸਫਰ) ਇੱਕ ਰੁੱਤੀ ਸਾਲ = 365.2422 ਦਿਨਾਂ ਵਿੱਚ ਪੂਰਾ ਕਰਦੀ ਹੈ; ਪਰ ਹੁਣ 24-07-17 ਦਾ ਸਫਰ ਪੂਰਾ ਕਰਨ ਲਈ ਲਗਭਗ 24 ਦਿਨਾਂ ਦਾ ਸਮਾਂ ਹੋਰ ਲੱਗੇਗਾ।]

ਸੰਨ 2000 ’ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੋਹ ਸੁਦੀ 7; ਪੰਜਾਬ ਵਿੱਚ 14 ਜਨਵਰੀ; ਪਟਨੇ ਵਿੱਚ 13 ਜਨਵਰੀ ਨੂੰ ਸੀ ਅਤੇ ਇਸ ਸਾਲ 2019 ’ਚ ਬਸੰਤ ਪੰਚਮੀ, ਭਾਰਤ (ਜਿਸ ਵਿੱਚ ਪੰਜਾਬ ਵੀ ਹੈ) ’ਚ 9 ਫ਼ਰਵਰੀ ਜਦੋਂ ਕਿ ਪੂਰਬੀ ਭਾਰਤ (ਜਿਸ ਵਿੱਚ ਪਟਨਾ ਸਾਹਿਬ ਆਉਂਦਾ ਹੈ) ’ਚ 10 ਫ਼ਰਵਰੀ ਨੂੰ ਸੀ।

ਰੁੱਤਾਂ ਨਾਲੋਂ ਮੌਸਮੀ ਤਿਉਹਾਰਾਂ ਦੇ ਪੈ ਰਹੇ ਇਸ ਵਖਰੇਵੇ ਨੂੰ ਅੱਗੇ ਤੋਂ ਰੋਕਣ ਲਈ ਅਤੇ ਸਾਰੇ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਹਮੇਸ਼ਾਂ ਲਈ ਪੱਕੇ ਤੌਰ ’ਤੇ ਨਿਸ਼ਚਿਤ ਤਰੀਖਾਂ ’ਤੇ ਆਉਣਾ ਯਕੀਨੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ 2003 ਈ: ਵਿੱਚ ਬਹੁਤ ਲੰਬੀ ਸੋਚ ਵੀਚਾਰ ਪਿੱਛੋਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ ਪਰ ਵੋਟਾਂ ਦੇ ਲਾਲਚ ਅਧੀਨ ਸਾਡੇ ਆਗੂਆਂ ਨੇ ਮੱਸਿਆ, ਪੂਰਨਮਾਸ਼ੀਆਂ ਅਤੇ ਸੰਗਰਾਂਦਾਂ ਦੇ ਪੁਜਾਰੀਆਂ ਨੂੰ ਖ਼ੁਸ਼ ਕਰਨ ਲਈ; ਵਿਗਿਆਨ, ਇਤਿਹਾਸ ਅਤੇ ਗੁਰਬਾਣੀ ’ਤੇ ਪੂਰਾ ਉੱਤਰਨ ਵਾਲੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰ ਕੇ ਕੌਮ ਨੂੰ ਫਿਰ ਤਰੀਖਾਂ ਦੇ ਅੱਗੇ ਪਿੱਛੇ ਹੋਣ ਦੇ ਚੱਕਰ ਵਿੱਚ ਫਸਾ ਦਿੱਤਾ। ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਵਿੱਚ ਸਭ ਤੋਂ ਵੱਡਾ ਰੋਲ ਸੰਤ ਸਮਾਜ ਦਾ ਹੈ।  ਸੰਤ ਸਮਾਜ ਦੇ ਮੈਂਬਰਾਂ ਨੂੰ ਤਾਂ ਮੰਨਿਆ ਕਿ ਖੁਗੋਲ ਵਿਗਿਆਨ ਅਤੇ ਗਣਿਤ ਵਿਦਿਆ ਦੀ ਬਹੁਤੀ ਸੂਝ ਨਾ ਹੋਵੇ ਪਰ ਹੈਰਾਨੀ ਇਹ ਹੈ ਕਿ ਗਣਿਤ ਵਿਦਿਆ ਅਤੇ ਖੁਗੋਲ ਵਿਗਿਆਨ (ਦੋਵਾਂ) ’ਚ ਮਾਹਰ ਲੈਫ. ਕਰਨਲ ਸੁਰਜੀਤ ਸਿੰਘ ਨਿਸ਼ਾਨ (M.Sc. Math, Astronomy) ਸੰਤ ਸਮਾਜ ਤੋਂ ਵਾਹ ਵਾਹ ਖੱਟਣ ਜਾਂ ਕਿਸੇ ਹੋਰ ਅਣਜਾਣੇ ਕਾਰਨਾ ਕਰ ਕੇ ਨਾਨਕਸ਼ਾਹੀ ਕੈਲੰਡਰ ਦੀਆਂ ਸਾਰੀਆਂ ਤਰੀਖਾਂ ਨੂੰ ਗਲਤ ਦੱਸ ਰਿਹਾ ਹੈ ਅਤੇ ਆਪਣੇ ਵੱਲੋਂ ਇੱਕ ਪੁਸਤਕ ‘ਗੁਰਪੁਰਬ ਦਰਪਣ’ ਜਿਸ ਵਿੱਚ 2015 ਤੋਂ 2085 ਤੱਕ 86 ਸਾਲਾਂ ਦੌਰਾਨ ਆਉਣ ਵਾਲੇ ਸਾਰੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜਿਆਂ ਦੀਆਂ ਤਰੀਖਾਂ ਦਿੱਤੀਆਂ ਹੋਈਆਂ ਹਨ; ਛਪਵਾ ਕੇ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਆਉਣ ਵਾਲੇ ਦਿਹਾੜਿਆਂ ਲਈ ਪ੍ਰੋਗਰਾਮ ਉਲੀਕਣ ’ਚ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਹੈ। ਨਿਸ਼ਾਨ ਸਾਹਿਬ ਦੀ ਇਸ ਕਿਤਾਬ ਨੇ ਤਾਂ ਉਸ ਦੀ ਵਿਦਵਤਾ ਦਾ ਪਾਜ ਹੀ ਉਘੇੜ ਦਿੱਤਾ ਹੈ ਕਿਉਂਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਆਮ ਧਾਰਨਾ ਦੇ ਉਲਟ ਦੀਵਾਲੀ (ਜਿਸ ਨਾਲ ਸਿੱਖਾਂ ਨੇ ਆਪਣਾ ਬੰਦੀਛੋੜ ਦਿਵਸ ਜੋੜ ਰੱਖਿਆ ਹੈ) ਹਰ ਸਾਲ ਕੱਤਕ ਦੀ ਮੱਸਿਆ ਨੂੰ ਨਹੀਂ ਆਉਂਦੀ ਬਲਕਿ ਕਦੀ ਕਦੀ ਕੱਤਕ ਵਦੀ ਚਉਦਸ ਨੂੰ ਵੀ ਆ ਜਾਂਦੀ ਹੈ। ਇਸ ਨਿਯਮ ਤੋਂ ਅਣਜਾਣ ਹੋਣ ਕਰ ਕੇ ਉਸ ਨੇ 86 ਦੇ 86 ਬੰਦੀਛੋੜ ਦਿਵਸਾਂ ਦੀਆਂ ਤਰੀਖਾਂ ਕੱਤਕ ਦੀ ਮੱਸਿਆ ਨੂੰ ਮਿਥ ਲਈਆਂ ਜਿਸ ਕਾਰਨ ਇਨ੍ਹਾਂ ਵਿੱਚੋਂ ਤਕਰੀਬਨ 50% ਤਰੀਖਾਂ ਗਲਤ ਸਾਬਤ ਹੋਣਗੀਆਂ। ਉਦਾਹਰਣ ਵਜੋਂ ਇਸੇ ਸਾਲ 2019 ’ਚ ਹੀ ਦੀਵਾਲੀ 27 ਅਕਤੂਬਰ ਨੂੰ ਹੈ ਜਦੋਂ ਕਿ ਨਿਸ਼ਾਨ ਸਾਹਿਬ ਨੇ ਆਪਣੀ ਪੁਸਤਕ ਵਿੱਚ ਇਸ ਦੀ ਤਰੀਖ 28 ਅਕਤੂਬਰ ਦਰਜ ਕੀਤੀ ਹੋਈ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸੁਝਾਅ ਹੈ ਕਿ ਜੇ ਅਜੇ ਵੀ ਮਸਲਾ ਹੱਲ ਕਰ ਲਿਆ ਜਾਵੇ ਤਾਂ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਨਹੀਂ ਤਾਂ ਸਮਝੋ ਪਹਿਲਾਂ ਵਾਙ ਇਹ ਸ਼ਤਾਬਦੀ ਵੀ ਨਗਰ ਕੀਰਤਨਾਂ ਤੱਕ ਸਿਮਟ ਕੇ ਰਹਿ ਜਾਏਗੀ।

Most Viewed Posts