ਸਮਾਜ ਸੁਧਾਰਕ -ਗੁਰੂ ਨਾਨਕ ਦੇਵ ਜੀ

0
1147

ਸਮਾਜ ਸੁਧਾਰਕ -ਗੁਰੂ ਨਾਨਕ ਦੇਵ ਜੀ

    ਭੁਪਿੰਦਰ ਕੌਰ ਸਾਢੋਰਾ #192, ਗਲੀ ਨੰਬਰ-4, ਆਜ਼ਾਦ ਨਗਰ, ਯਮੁਨਾ ਨਗਰ (ਹਰਿਆਣਾ)-135001, 90507-56757

ਗੁਰੂ ਨਾਨਕ ਦੇਵ ਜੀ ਬ੍ਰਹਮ ਗਿਆਨੀ, ਮਹਾਨ ਚਿੰਤਕ, ਰਹੱਸਵਾਦੀ ਸਾਹਿਤਕਾਰ ਹੋਏ ਹਨ। ਜਦੋਂ ਉਨ੍ਹਾਂ ਦਾ ਜਨਮ ਹੋਇਆ, ਉਸ ਸਮੇਂ ਦੁਨੀਆ ’ਤੇ ਅੰਧ ਵਿਸ਼ਵਾਸ, ਪਾਖੰਡ, ਵਹਿਮ ਭਰਮ ਅਤੇ ਅਡੰਬਰਾਂ ਦਾ ਬੋਲਬਾਲਾ ਸੀ। ਜਾਤ-ਪਾਤ, ਛੂਤ-ਛਾਤ ਤੇ ਅਮੀਰੀ-ਗ਼ਰੀਬੀ ਦਾ ਭੇਦ-ਭਾਵ ਬਹੁਤ ਸੀ।  ਹਾਕਮ ਅਤਿਆਚਾਰ ਤੇ ਅਨਿਆਈ ਸਨ।  ਉਸ ਸਮੇਂ ਆਮ ਜਨਤਾ ਦੁਖੀ ਸੀ। ਚਾਰੇ ਪਾਸੇ ਅੰਧਕਾਰ ਫੈਲਿਆ ਹੋਇਆ ਸੀ।

ਗੁਰੂ ਨਾਨਕ ਦੇਵ ਜੀ ਬਚਪਨ ਤੋਂ ਚਿੰਤਕ ਤੇ ਤੀਖਣ ਬੁੱਧੀ ਦੇ ਸਨ। ਉਹ ਜਾਤ-ਪਾਤ, ਛੂਆ-ਛੂਤ ਨੂੰ ਖ਼ਤਮ ਕਰਨ ਦੇ ਹਾਮੀ ਸਨ। ਉਨ੍ਹਾਂ ਨੇ ਕਿਹਾ ਜਨਮ ਤੋਂ ਕਿਸੇ ਦੀ ਜ਼ਾਤ ਉੱਚੀ ਜਾਂ ਨੀਵੀ ਨਹੀਂ ਹੁੰਦੀ। ਇਹ ਤਾਂ ਚੰਗੇ – ਮੰਦੇ ਕਰਮਾ ਕਰ ਕੇ ਹੁੰਦੀ ਹੈ। ਬਾਣੀ ਵਿੱਚ ਇਵੇਂ ਲਿਖਿਆ ਹੈ- ‘‘ਜਾਤਿ ਜਨਮੁ ਨਹ ਪੂਛੀਐ, ਸਚ ਘਰੁ ਲੇਹੁ ਬਤਾਇ ॥  ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ ॥’’ (ਪ੍ਰਭਾਤੀ, ਮ: ੧, ਪੰਨਾ ੧੩੩੦)

ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪ੍ਰਮਾਤਮਾ ਵੱਲੋਂ ਪ੍ਰਕਾਸ਼ ਹੋਇਆ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਹਾ, ‘‘ਨਾ ਹਮ ਹਿੰਦੂ, ਨ ਮੁਸਲਮਾਨ ॥’’ ਭਾਵ ਕਿ ਸਾਰੇ ਮਨੁੱਖ ਇਕ ਹਨ ਇਸੇ ਲਈ ਅਰਦਾਸ ਵਿੱਚ ‘ਸਰਬੱਤ ਦਾ ਭਲਾ’ ਮੰਗਿਆ ਜਾਂਦਾ ਹੈ। ਗੁਰੂ ਜੀ ਮੱਕੇ ਗਏ। ਉਹ ਮੱਕੇ ਵੱਲ ਪੈਰ ਕਰ ਕੇ ਲੇਟ ਗਏ। ਮੌਲਵੀ ਆਇਆ ਤਾਂ ਦੇਖ ਕੇ ਗੁੱਸੇ ਹੋਇਆ ਤਾਂ ਗੁਰੂ ਜੀ ਨੇ ਕਿਹਾ ਜਿਧਰ ਮੱਕਾ ਨਹੀਂ ਉਧਰ ਮੇਰੇ ਪੈਰ ਕਰ ਦੇਹ। ਮੌਲਵੀ ਗੁਰੂ ਜੀ ਦੇ ਪੈਰਾਂ ਵਿੱਚ ਡਿੱਗ ਪਿਆ। ਇਵੇਂ ਗੁਰੂ ਜੀ ਨੇ ਸਮਝਾਇਆ ਕਿ ਪ੍ਰਮਾਤਮਾ ਹਰ ਥਾਂ ’ਤੇ ਹੈ।

ਗੁਰੂ ਜੀ ਨੇ ਲੰਗਰ ਲਗਾਏ, ਜਿੱਥੇ ਗ਼ਰੀਬ-ਰਾਜਾ, ਊਚ-ਨੀਚ ਸਭ ਲੰਗਰ ਛਕਦੇ ਸਨ। ਆਪ ਨੇ ਮਲਕ ਭਾਗੋ ਦੀ ਦਾਵਤ ਸਵੀਕਾਰ ਨਹੀਂ ਕੀਤੀ। ਆਪ ਨੇ ਗ਼ਰੀਬ ਲਾਲੋ ਦੀ ਰੋਟੀ ਖੁਸ਼ ਹੋ ਕੇ ਖਾਧੀ। ਇੱਥੋਂ ਤੱਕ ਕਿ ਉਨ੍ਹਾਂ ਨੇ ਕਿਹਾ ਗ਼ਰੀਬਾਂ ਨੂੰ ਤੰਗ ਕਰ ਕੇ ਧਨ ਇਕੱਠਾ ਕਰਨਾ ਗ਼ਰੀਬਾਂ ਦਾ ਲਹੂ ਚੂਸਣ ਦੇ ਬਰਾਬਰ ਹੈ। ਗੁਰੂ ਜੀ ਨੇ ਮਲਕ ਭਾਗੋ ਦੀ ਰੋਟੀ ਵਿੱਚੋਂ ਹਰਾਮ ਦਾ ਲਹੂ ਤੇ ਲਾਲੋ ਦੀ ਰੋਟੀ ਵਿੱਚੋਂ ਹੱਕ-ਹਲਾਲ ਦਾ ਦੁੱਧ ਕੱਢਿਆ। ਉਨ੍ਹਾਂ ਅਨਿਆਇ ਦੇ ਖਿਲਾਫ ਆਵਾਜ਼ ਉਠਾਈ। ਇੱਥੋਂ ਤੱਕ ਕਿ ਉਨ੍ਹਾਂ ਨੇ ਉਸ ਸਮੇਂ ਦੀ ਹਕੂਮਤ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਕਿਹਾ, ‘‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥’’ (ਮਲਾਰ ਕੀ ਵਾਰ, ਮ: ੧, ਪੰਨਾ ੧੨੮੮)

ਗੁਰੂ ਜੀ ਨੇ ਗ੍ਰਹਿਸਥੀ ਜੀਵਨ ਨੂੰ ਸਭ ਤੋਂ ਉੱਚਾ ਦੱਸਿਆ ਹੈ। ਗ੍ਰਹਿਸਥੀ ਵਿਚ ਜੀਵਨ ਬਤੀਤ ਕਰਦੇ ਕਮਲ ਦੇ ਫੁੱਲ ਵਾਂਗ ਚਿਕੜ ਤੋਂ ਨਿਰਲੇਪ ਰਹਿ ਕੇ ਮਾਇਆ ਦਾ ਮੋਹ ਤਿਆਗ ਕੇ ਪ੍ਰਭੂ ਦੀ ਭਗਤੀ ਤੇ ਸਿਮਰਨ ਉੱਤੇ ਗੁਰੂ ਜੀ ਨੇ ਜੋਰ ਦਿੱਤਾ ਹੈ। ਉਨ੍ਹਾਂ ਨੇ ਗ੍ਰਹਿਸਥੀ ਜੀਵਨ ਵਿੱਚ ਰਹਿੰਦੇ ਕਿਰਤ ਕਰਨ ਦਾ ਉਪਦੇਸ਼ ਕੀਤਾ ਹੈ।, ਉਨ੍ਹਾਂ ਨੇ ਵੰਡ ਛੱਕਣ ਦਾ ਵੀ ਉਪਦੇਸ਼ ਦਿੱਤਾ ਹੈ, ਜਿਸ ਨਾਲ ਲੋੜਵੰਦਾਂ ਦੀ ਮਦਦ ਹੋਵੇਗੀ। ਇਵੇਂ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਦਸਵੰਧ ਕੱਢਣ ਦਾ ਹੁਕਮ ਵੀ ਦਿੱਤਾ, ਗੁਰੂ ਜੀ ਨੇ ਸੇਵਾ ਦੀ ਮਹੱਤਤਾ ਦੱਸੀ। ਝਾੜੂ, ਬਰਤਨ, ਜੋੜਿਆਂ, ਲੰਗਰ ਆਦਿ ਦੀ ਸੇਵਾ ਨੂੰ ਉੱਤਮ ਮੰਨਿਆ। ਇਸ ਨਾਲ ਮਨ ਨੀਵਾਂ ਰਹਿੰਦਾ ਹੈ। ਹੰਕਾਰ ਦੀ ਮੈਲ ਖ਼ਤਮ ਹੁੰਦੀ ਹੈ। ਸੱਚੇ ਮਨ ਨਾਲ ਕੀਤੀ ਸੇਵਾ ਰਾਹੀਂ ਰੱਬ ਦੀ ਪ੍ਰਾਪਤੀ ਹੁੰਦੀ ਹੈ।

ਆਪ ਨੇ ਮਨੁੱਖੀ ਮਨ ਵਿੱਚ ਸਵੈਮਾਨ ਪੈਦਾ ਕਰ ਦਿੱਤਾ ਕਿ ਗੁਲਾਮੀ ਦੀ ਜ਼ਿੰਦਗੀ ਨਾਲ ਸ਼ਾਂਤੀ ਨਹੀਂ ਮਿਲਦੀ। ਗੁਲਾਮੀ ਦੀ ਜ਼ਿੰਦਗੀ ਮਨੁੱਖ ਲਈ ਉਵੇਂ ਹੁੰਦੀ ਹੈ ਜਿਵੇਂ ਪਿੰਜਰੇ ਪਿਆ ਪੰਛੀ ਹੋਵੇ। ਉਨ੍ਹਾਂ ਨੇ ਮਨੁੱਖੀ ਮਨ ਅੰਦਰ ਅਜ਼ਾਦੀ ਦੀ ਤਮੰਨਾ ਪੈਦਾ ਕਰ ਦਿੱਤੀ।

ਇਸਤਰੀ ਨੂੰ ਉਸ ਸਮੇਂ ਮਰਦ ਤੋਂ ਨੀਵਾਂ ਤੇ ਦਾਸੀ ਸਮਝਿਆ ਜਾਂਦਾ ਸੀ। ਗੁਰੂ ਜੀ ਨੇ ਮਨੁੱਖਾਂ ਨੂੰ ਸੋਝੀ ਕਰਵਾਈ ਕਿ ਰੱਬ ਵੱਲੋਂ ਇਸਤਰੀ ਨੂੰ ਨੀਵਾਂ ਨਹੀਂ ਥਾਪਿਆ ਗਿਆ। ਆਪ ਨੇ ਇਸਤਰੀ ਵਿੱਚ ਸਵੈਮਾਨ ਜਗਾਇਆ। ਉਨ੍ਹਾਂ ਨੇ ਬਾਣੀ ਵਿੱਚ ਇਵੇਂ ਕਿਹਾ ਹੈ :-

ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ ॥ (ਆਸਾ ਕੀ ਵਾਰ, ਮ: ੧, ਪੰਨਾ ੪੭੩), ਇਵੇਂ ਗੁਰੂ ਜੀ ਨੇ ਇਸਤਰੀ ਨੂੰ ਧਰਮ ਤੇ ਸਮਾਜ ਵਿੱਚ ਬਰਾਬਰੀ ਦਾ ਦਰਜਾ ਦਵਾਇਆ।

ਆਪ ਜੀ ਨੇ ਵਹਿਮ-ਭਰਮ , ਫੋਕੇ ਆਡੰਬਰ, ਅੰਧ ਵਿਸ਼ਵਾਸ ਦਾ ਖੰਡਣ ਕੀਤਾ। ਆਪ ਨੇ ਸਰਾਧ ਕਰਨੇ, ਸੂਤਕ ਭਾਵ ਜਨਮ-ਮਰਨ ਸਮੇਂ ਦਾ ਵਹਿਮ, ਨਿਰਮੂਲ ਦੱਸਿਆ ਹੈ। ਆਪ ਨੇ ਸੂਤਕ ਨੂੰ ਕਈ ਉਦਾਹਰਣਾਂ ਦੇ ਕੇ ਸਪਸ਼ਟ ਕੀਤਾ ਹੈ, ਜਿਵੇਂ ਗੋਹੇ, ਲੱਕੜੀ, ਅਨਾਜ, ਦਾਲ, ਪਾਣੀ ਆਦਿ ਵਿੱਚ ਜੀਵ ਹੁੰਦੇ ਹਨ। ਅੱਗ ਬਾਲਣ ਨਾਲ ਜੀਵ ਸੜ ਜਾਂਦੇ ਹਨ, ਇਵੇਂ ਤਾਂ ਰਸੋਈ ਸਦਾ ਪਾਤਕ ਹੋ ਗਈ। ਆਪ ਨੇ ਸੂਤਕ ਦਾ ਵੀ ਖੰਡਨ ਕੀਤਾ ਹੈ।

ਆਪ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਵਗੁਣਾਂ ਨੂੰ ਤਿਆਗ ਕੇ ਸਦਗੁਣਾਂ (ਸਤ, ਸੰਤੋਖ, ਦਇਆ, ਧਰਮ, ਧੀਰਜ) ਨੂੰ ਅਪਣਾਉਣ ਬਾਰੇ ਦੱਸਿਆ। ਜਿਸ ਨਾਲ ਮਨੁੱਖ; ਮਨੁੱਖ ਦੇ ਨੇੜੇ ਆਉਂਦਾ ਹੈ। ਕਾਮ ਚੇਸ਼ਟਾ ਘੱਟਦੀ ਹੈ। ਵਿਅਕਤੀਆਂ ਨਾਲ ਪਿਆਰ ਭਾਵਨਾ ਪੈਦਾ ਹੁੰਦੀ ਹੈ। ਪ੍ਰਮਾਤਮਾ ਦੀ ਪ੍ਰਾਪਤੀ ਦੇ ਰਸਤੇ ਸਫਲ ਹੁੰਦੇ ਹਨ। ਗੁਰੂ ਜੀ ਨੇ ਜੰਝੂ (ਜਨੇਊ) ਪਾਣ ਤੋਂ ਇਨਕਾਰ ਕਰ ਦਿੱਤਾ।  ਉਨ੍ਹਾਂ ਨੇ ਤੀਰਥਾਂ ਦੀ ਯਾਤਰਾ ਕਰਨੀ, ਰੋਜ਼ੇ ਰੱਖਣੇ, ਆਦਿ ਨੂੰ ਇਸ ਲਈ ਵਿਅਰਥ ਦੱਸਿਆ ਕਿਉਂਕਿ ਇਨ੍ਹਾਂ ਸਰੀਰਕ ਕਰਮਾਂ ਨਾਲ ਮਨ ਪਵਿੱਤਰ ਨਹੀਂ ਹੁੰਦਾ ਹੈ। ਆਪ ਨੇ ਆਪਣੇ ਜੀਵਨ ਵਿੱਚ ਚਾਰ ਉਦਾਸੀਆਂ ਕੀਤੀਆਂ ਤੇ ਲੋਕਾਂ ਦੇ ਕਲਿਆਣ ਲਈ ਲੁਕਾਈ ਦੇ ਦੁੱਖ, ਦੂਰ ਕਰ ਕੇ ਜੀਵਨ ਨੂੰ ਸੁਧਾਰਿਆ। ਇਸੇ ਲਈ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਬਾਰੇ ਇਵੇਂ ਲਿਖਿਆ ਹੈ, ‘‘ਕਲਿਜੁਗ ਬਾਬੇ ਤਾਰਿਆ, ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ। ਕਲਿ ਤਾਰਣ ਗੁਰੁ ਨਾਨਕ ਆਇਆ ॥’’ (ਭਾਈ ਗੁਰਦਾਸ ਜੀ, ਵਾਰ ੧, ਪਉੜੀ ੨੩)