ਗੁਰੂ ਨਾਨਕ ਦੇਵ ਜੀ ਅਤੇ ਅਸੀਂ।

0
823

ਗੁਰੂ ਨਾਨਕ ਦੇਵ ਜੀ ਅਤੇ ਅਸੀਂ।

ਅਵਤਾਰ ਸਿੰਘ ਸੋਹਲ ਪਿੰਡ/ਡਾਕ ਸੋਹਲ, ਜ਼ਿਲ੍ਹਾ ਤਰਨ ਤਾਰਨ 94783-57700

ਗੁਰੂ ਨਾਨਕ ਸਾਹਿਬ ਜੀ ਨੇ ਜੋ ਆਦਰਸ਼ਕ ਜੀਵਨ ਫ਼ਲਸਫ਼ਾ ਮਨੁੱਖਤਾ ਨੂੰ ਦਿੱਤਾ, ਉਸ ਨੂੰ ‘ਸਿੱਖ ਧਰਮ’ ਆਖਿਆ ਜਾਂਦਾ ਹੈ। ਇਹ ਫ਼ਲਸਫ਼ਾ ਰੱਬੀ ਬੰਦਗੀ ’ਤੇ ਜ਼ੋਰ ਦਿੰਦਾ ਹੈ, ਸਦਾਚਾਰਕ ਗੁਣ ਧਾਰਨ ਕਰ ਕੇ ਆਚਰਨ ਨੂੰ ਪਾਕ-ਪਵਿੱਤਰ ਰੱਖਣ ਦੀ ਪ੍ਰੇਰਨਾ ਦਿੰਦਾ ਹੈ, ਪਰ ਅਰਥਹੀਣ ਵਿਸ਼ਵਾਸਾਂ ਅਤੇ ਕਰਮਕਾਡਾਂ ਨੂੰ ਤਿਆਗਣ ਦੀ ਵਕਾਲਤ ਵੀ ਕਰਦਾ ਹੈ। ਸਿੱਖ ਧਰਮ ਦਾ ਕਾਰਜ ਖੇਤਰ ਕੇਵਲ ਪਾਠ-ਪੂਜਾ ਤੱਕ ਹੀ ਸੀਮਤ ਨਹੀਂ, ਸਗੋਂ ਇਸ ਦਾ ਮਨੋਰਥ ਮਨੁੱਖ ਨੂੰ ਜੀਵਨ ਦੇ ਧਾਰਮਕ, ਸਮਾਜਕ, ਆਰਥਕ ਅਤੇ ਰਾਜਨੀਤਕ ਖੇਤਰਾਂ ਵਿੱਚ ਸਹੀ ਸੇਧ ਦੇਣਾ ਵੀ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖੀ ਸਮਾਜ ਵਿੱਚ ਪਏ ਹੋਏ ਕੂੜੇ ਨੂੰ ਜਦ ਗਿਆਨ ਦੇ ਝਾੜੂ ਨਾਲ ਬਾਹਰ ਸੁਟਣਾ ਸ਼ੁਰੂ ਕੀਤਾ ਤਾਂ ਰੂੜੀਵਾਦੀ ਤਾਕਤਾਂ ਦਾ ਵਿਰੋਧ ਵੀ ਸਹਿਣ ਕਰਨਾ ਪਿਆ। ਗੁਰੂ ਪਾਤਸ਼ਾਹ ਜੀ ਨੇ ਸਮਾਜ ਦੇ ਸਾਰਥਕ ਵਿਚਾਰਾਂ ਵਿਚ ਕੋਈ ਸੋਧ ਨਹੀਂ ਕੀਤੀ ਸਗੋਂ ਨਵੀਂ ਵੀਚਾਰਧਾਰਾ ਪੇਸ਼ ਕਰਨ ਦੇ ਨਾਲ ਨਾਲ ਪਹਿਲੀਆਂ ਬੇਲੋੜੀਆਂ ਰਸਮਾਂ ਅਤੇ ਕਰਮਕਾਡਾਂ ਉੱਪਰ ਲਾਲ ਲਕੀਰ ਹੀ ਫੇਰ ਦਿੱਤੀ। ਗੁਰੂ ਜੀ ਨੇ ਇਸ ਨਵੀਂ, ਸਰਬਪੱਖੀ ਅਤੇ ਨਿਰੋਈ ਵਿਚਾਰਧਾਰਾ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਵੀ ਪ੍ਰਬੰਧ ਕੀਤਾ। ਇਸ ਕਾਰਜ ਲਈ ਸੰਗਤਾਂ ਥਾਪੀਆਂ, ਪ੍ਰਚਾਰਕ ਮੁਕਰਰ ਕੀਤੇ। ਗੁਰੂ ਸਾਹਿਬ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਪ੍ਰਚਾਰਕ ਦੌਰੇ ਕੀਤੇ। ਗੁਰੂ ਸਾਹਿਬ ਵੱਲੋਂ ਥਾਪੀਆ ਸਿੱਖ ਸੰਗਤਾਂ ਹੀ ਸਿੱਖ ਪੰਥ ਸਨ, ਜਿਸ ਨੂੰ ਦਸਮੇਸ਼ ਪਿਤਾ ਵੇਲੇ ਖਾਲਸਾ ਪੰਥ ਦਾ ਨਾਮ ਦਿੱਤਾ ਗਿਆ। ਗੁਰੂ ਸਾਹਿਬ ਦੇ ਆਗਮਨ ਸਮੇਂ ਧਾਰਮਕ ਦਸ਼ਾ ਦਾ ਵਰਣਨ ਗੁਰੂ ਜੀ ਨੇ ਆਪ ਇਉਂ ਕੀਤਾ, ‘‘ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥’’ (ਧਨਾਸਰੀ, ਮ: ੧, ਪੰਨਾ ੬੬੨)

ਭਾਰਤ ਵਿੱਚ ਸਮਾਜਕ ਦਸ਼ਾ ਵੀ ਉਸ ਵੇਲੇ ਅਤਿ ਨਿਵਾਣ ਵੱਲ ਸੀ। ਹਿੰਦੂ ਅਤੇ ਮੁਸਲਮਾਨ ਦੋ ਹੀ ਕੌਮਾਂ ਸਨ ਅਤੇ ਦੋਨਾਂ ਦੀ ਆਪਸੀ ਖਹਿਬਾਜ਼ੀ ਸਿਖਰਾਂ ’ਤੇ ਸੀ। ਭਾਈ ਗੁਰਦਾਸ ਜੀ ਇਸ ਬਾਰੇ ਇਉਂ ਸੇਧ ਬਖ਼ਸ਼ ਰਹੇ ਹਨ, ‘‘ਸਚੁ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ ਮਉਲਾਣੇ।’’ (ਭਾਈ ਗੁਰਦਾਸ ਜੀ, ਵਾਰ ੧, ਪਉੜੀ ੨੧)

ਚਾਰ ਵਰਨਾ ਦੇ ਸਿਧਾਂਤ ਨੇ ਸਮਾਜ ਨੂੰ ਲੀਰੋ-ਲੀਰ ਕੀਤਾ ਹੋਇਆ ਸੀ। ਨਫ਼ਰਤ ਦੇ ਭਾਂਬੜ ਜ਼ੋਰਾਂ ’ਤੇ ਸਨ। ਬੋਲੀ ਨਾਲ ਵੀ ਨਫ਼ਰਤ; ਜਿਵੇਂ ਆਪਣੀ ਬੋਲੀ ਦੇਵਤਿਆਂ ਦੀ ਅਤੇ ਦੂਜਿਆਂ ਦੇ ਬੋਲ ਮਲੇਛ, ਇਕਨਾ ਵੱਲੋਂ ਆਪਣੇ ਆਪ ਨੂੰ ਮੋਮਨ ਅਤੇ ਦੂਜਿਆਂ ਨੂੰ ਕਾਫ਼ਰ, ਦੂਸਰਿਆਂ ਦੇ ਮੰਦਿਰ ਤੇ ਧਰਮ ਗ੍ਰੰਥ ਵੀ ਅਪਵਿਤਰ।, ਇਸਤਰੀਆਂ ਪ੍ਰਤੀ ਦੋਵਾਂ ਧਿਰਾਂ ਵੱਲੋਂ ਨਫ਼ਰਤ। ਕਬੀਰ ਜੀ ਅਨੁਸਾਰ ਹਿੰਦੂ ਲੋਕ ਬੁੱਤਾਂ ਦੀ ਪੂਜਾ ਕਰ ਕੇ ਖ਼ੁਆਰ ਹੋ ਰਹੇ ਸਨ ਅਤੇ ਮੁਸਲਮਾਨ, ਰੱਬ ਨੂੰ ਕੇਵਲ ਮੱਕੇ ਵਿੱਚ ਹੀ ਸਮਝ ਕੇ ਉੱਧਰ ਸਿਜਦਾ ਕਰਦੇ ਸਨ। ਇੱਕ ਧਿਰ ਆਪਣੇ ਮੁਰਦਿਆਂ ਨੂੰ ਸਾੜ ਦਿੰਦੀ ਅਤੇ ਦੂਸਰੀ ਧਿਰ ਧਰਤੀ ਵਿੱਚ ਦੱਬ ਦਿੰਦੀ, ਇਉਂ ਸੱਚ ਬਾਰੇ ਦੋਹਾਂ ਧਿਰਾਂ ਨੂੰ ਸੋਝੀ ਨਾ ਹੋਈ। ਇਹ ਸੀ ਸਮਾਜਕ ਦਸ਼ਾ, ‘‘ਬੁਤ ਪੂਜਿ ਪੂਜਿ ਹਿੰਦੂ ਮੂਏ, ਤੁਰਕ ਮੂਏ ਸਿਰੁ ਨਾਈ ॥ ਓਇ ਲੇ ਜਾਰੇ ਓਇ ਲੇ ਗਾਡੇ, ਤੇਰੀ ਗਤਿ ਦੁਹੂ ਨ ਪਾਈ ॥’’ (ਸੋਰਠਿ, ਭਗਤ ਕਬੀਰ, ਪੰਨਾ ੬੫੪)

ਉਸ ਸਮੇਂ ਰਾਜਸੀ ਖੇਤਰ ਵਿੱਚ ਵੀ ਹਾਲਤ ਤਰਸਯੋਗ ਸੀ। ਸੰਨ ੭੧੨ ਵਿੱਚ ਹਿੰਦੋਸਤਾਨ ’ਤੇ ਮੁਹੰਮਦ-ਬਿਨ-ਕਾਸਮ ਵੱਲੋਂ ਹਮਲਿਆਂ ਦੀ ਸ਼ੁਰੂਆਤ ਕੀਤੀ ਗਈ।, ਸੰਨ ੧੦੦੧-੨੪ ਤੱਕ ਮਹਿਮੂਦ ਗ਼ਜ਼ਨਵੀ ਦੇ ਹਮਲਿਆਂ ਨੇ ਹਾਹਾਕਾਰ ਮਚਾ ਦਿੱਤੀ, ਮੰਦਿਰ ਢਾਹੇ ਗਏ।, ਸੰਨ ੧੧੯੪ ਤੋਂ ੧੨੧੦ ਤੱਕ ਕੁਤਬੁੱਦੀਨ ਐਬਕ ਨੇ ਕਲਿਜਰ ਅਤੇ ਮੇਰਠ ਵਿੱਚ ਜ਼ੁਲਮ ਢਾਏ। ‘ਕਾਇਲ’ ਸ਼ਹਿਰ ਦਾ ਨਾਮ ਅਲੀਗੜ੍ਹ ਰੱਖਿਆ ਗਿਆ।, ਸੰਨ ੧੨੯੫ ਤੋਂ ੧੩੧੬ ਤੱਕ ਇਲਾਉਦੀਨ ਖਿਲਜੀ ਨੇ ਮਨਮਰਜ਼ੀ ਨਾਲ ਜ਼ੁਰਮਾਂ ਵਿੱਚ ਵਾਧਾ ਕੀਤਾ।, ਸੰਨ ੧੩੫੧ ਤੋਂ ੧੩੮੮ ਤੱਕ ਫਿਰੋਜ਼ਸ਼ਾਹ ਤੁਗਲੱਕ ਨੇ ਮਨ-ਮਾਨੀਆਂ ਕਰਨ ਵਿੱਚ ਕੋਈ ਕਸਰ ਨਾ ਛੱਡੀ। ਇਸ ਤਰ੍ਹਾਂ ੧੨੦੬ ਤੋਂ ੧੫੨੬ ਤੱਕ ਪਠਾਣਾ ਦੇ ਪੰਜ ਖਾਨਦਾਨਾਂ ਨੇ ਹੀ ਰਾਜ ਕੀਤਾ। ਅਖੀਰਲੇ ਖਾਨਦਾਨ ਦਾ ਨਾਮ ਸੀ ਬਾਦਸ਼ਾਹ ਬਹਲੋਲ ਲੋਧੀ। ਫਿਰ ਉਸ ਦਾ ਪੁੱਤਰ ਸਕੰਦਰ ਲੋਧੀ ਜਿਸ ਨੇ ੧੪੮੯ ਤੋਂ ੧੫੧੭ ਤੱਕ ਰਾਜ ਕੀਤਾ। ਇਨ੍ਹਾਂ ਸਾਰਿਆਂ ਨੇ ਜ਼ਮੀਨੀ ਹਾਲਾਤ ਐਸੇ ਬਣਾ ਦਿੱਤੇ ਸਨ, ‘‘ਰਾਜੇ ਸੀਹ ਮੁਕਦਮ ਕੁਤੇ ॥’’ (ਮਲਾਰ ਕੀ ਵਾਰ, ਮ: ੧, ਪੰਨਾ ੧੨੮੮)

ਜਦ ‘‘ਸਚੁ ਕਿਨਾਰੇ ਰਹਿ ਗਇਆ’’ ਅਤੇ ਚਾਰੋਂ ਤਰਫ਼ ‘‘ਕੂੜੁ ਫਿਰੈ ਪਰਧਾਨੁ’’ ਤਦ ਸੱਚ ਦੇ ਸੂਰਜ ਗੁਰੂ ਨਾਨਕ ਸਾਹਿਬ ਜੀ 15-4-1469, 20 ਵੈਸਾਖ ਵਾਲੇ ਦਿਨ ਰਾਏ ਭੋਏ ਦੀ ਤਲਵੰਡੀ ਵਿੱਚ ਮਾਤਾ ਤ੍ਰਿਪਤਾ ਜੀ ਤੇ ਪਿਤਾ ਮਹਿਤਾ ਕਲਿਆਣ ਦਾਸ ਜੀ ਦੇ ਘਰ ਪ੍ਰਗਟ ਹੋਏ। ਪਤਾ ਨਹੀਂ ਸਿੱਖ ਕੌਮ ਇਸ ਦਿਨ ਨੂੰ ਕੱਤਕ ਦੀ ਪੁੰਨਿਆ ਵਾਲੇ ਦਿਨ ਕਿਉਂ ਮਨਾ ਰਹੀ ਹੈ। ਆਪ ਜੀ ਦੀ ਇੱਕ ਭੈਣ ਸੀ ਬੇਬੇ ਨਾਨਕੀ, ਜੋ ਆਪ ਜੀ ਤੋਂ 5 ਸਾਲ ਵੱਡੀ ਸੀ। 7 ਸਾਲ ਦੀ ਉਮਰ ਵਿੱਚ ਆਪ ਜੀ ਨੇ ਗੋਪਾਲ ਪੰਡਿਤ ਜੀ ਪਾਸੋਂ ਹਿੰਦੀ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। 9 ਸਾਲ ਦੀ ਉਮਰ ’ਚ ਜਨੇਊ ਦੀ ਰਸਮ ਅਦਾ ਕਰਨ ਲਈ ਪੰਡਿਤ ਹਰਦਿਆਲ ਜੀ ਨੂੰ ਸੱਦਿਆ ਗਿਆ, ਪਰ ਗੁਰੂ ਜੀ ਨੇ ਪੰਡਿਤ ਜੀ ਨੂੰ ਸੱਚ/ਝੂਠ ਜਨੇਊ ਬਾਰੇ ਇਉਂ ਸਮਝਾਇਆ, ‘‘ਦਇਆ ਕਪਾਹ ਸੰਤੋਖੁ ਸੂਤੁ, ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ, ਹਈ ਤ ਪਾਡੇ ਘਤੁ ॥’’ (ਆਸਾ ਕੀ ਵਾਰ, ਮ: ੧, ਪੰਨਾ ੪੭੧)

13 ਸਾਲ ਦੀ ਉਮਰ ਵਿੱਚ ਆਪ ਜੀ ਨੇ ਮੌਲਵੀ ਕੁੱਤਬਦੀਨ ਪਾਸੋਂ ਫਾਰਸੀ ਅਤੇ ਪੰਡਿਤ ਬ੍ਰਿਜਲਾਲ ਪਾਸੋਂ ਸੰਸਕ੍ਰਿਤ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਸੰਨ 1487 ਵਿੱਚ ਗੁਰੂ ਪਾਤਸ਼ਾਹ ਜੀ ਦਾ ਵਿਆਹ, ਬਟਾਲੇ ਦੇ ਮੂਲ ਚੰਦ ਜੀ ਦੀ ਧੀ, ਮਾਤਾ ਸੁਲੱਖਣੀ ਜੀ ਨਾਲ ਕੀਤਾ ਗਿਆ । ਆਪ ਜੀ ਦੇ ਘਰ ਦੋ ਸਪੁੱਤਰ ਹੋਏ, ਬਾਬਾ ਸ੍ਰੀ ਚੰਦ ਅਤੇ ਬਾਬਾ ਲਖਮੀਦਾਸ। ਗੁਰੂ ਜੀ ਬਚਪਨ ’ਚ ਆਪਣੀਆਂ ਮੱਝਾਂ ਚਾਰਨ ਜਾਇਆ ਕਰਦੇ ਸਨ ਤੇ ਬਾਅਦ ਵਿੱਚ ਹੱਟੀ ਦਾ ਵਪਾਰ ਵੀ ਆਪ ਕਰਦੇ ਰਹੇ। ਚੂੜ੍ਹਕਾਣੇ ਦੀ ਬਾਰ ਵਿੱਚ ਭੁੱਖੇ ਸਾਧੂਆਂ ਦੀ ਸੇਵਾ ਕਰ ਕੇ ਲੁਕਾਈ ਨੂੰ ਸੱਚਾ-ਸੌਦਾ ਕਰਨ ਦੀ ਪ੍ਰੇਰਨਾ ਦਿੱਤੀ। ਪ੍ਰਭੂ ਦਾ ਜਸ ਗਾਉਣ ਲਈ ਮੀਰ ਬਾਦਰੇ ਦੇ ਪੁੱਤਰ ਭਾਈ ਮਰਦਾਨਾ ਜੀ ਦਾ ਸਾਥ ਲਿਆ, ਜੋ ਪੰਜਾਹ ਸਾਲਾਂ ਤੱਕ ਲਗਾਤਾਰ ਨਾਲ ਨਿਭਿਆ। ਭਾਈ ਮਰਦਾਨਾ ਜੀ ਗੁਰੂ ਸਾਹਿਬ ਨਾਲੋਂ ਨੌਂ ਸਾਲ ਦੋ ਮਹੀਨੇ ਵੱਡੇ ਸਨ।

ਪ੍ਰੋਫੈਸਰ ਪੂਰਨ ਸਿੰਘ ਵਰਗੇ ਦਾਨਸਵੰਦ ਅਤੇ ਅਨੁਭਵੀ ਇਨਸਾਨ ਨੇ ਪੰਜਾਬ ਦੀ ਧਰਤੀ ਨੂੰ ਇਸ ਕਰ ਕੇ ਗੁਰੂਆਂ ਦੇ ਨਾਮ ਨਾਲ ਜੋੜਿਆ ਹੈ ਕਿਉਂਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਦਸਾਂ ਜਾਮਿਆਂ ਵਿੱਚ ‘‘ਸਾ ਧਰਤੀ ਭਈ ਹਰੀਆਵਲੀ, ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥’’ (ਗਉੜੀ ਕੀ ਵਾਰ, ਮ: ੪, ਪੰਨਾ ੩੧੦) ਨੂੰ ਹਰਾ-ਭਰਾ ਕੀਤਾ ਸੀ। ਪੰਜਾਬ ਦੇ ਇਤਿਹਾਸ ਵਿੱਚੋਂ ਜੇ ਸਤਿਗੁਰਾਂ ਦੀ ਬਖ਼ਸ਼ਸ ਨੂੰ ਨਜ਼ਰ-ਅੰਦਾਜ਼ ਕਰਨ ਦੀ ਕੋਸ਼ਿਸ ਕਰਾਂਗੇ ਤਾਂ ਬਾਕੀ ਰਹਿੰਦ-ਖੂੰਹਦ ਹੀ ਬਚੇਗਾ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਸਫਰ ਵਿੱਚ ਮਨੁੱਖ ਅੰਦਰ ਇਨਸਾਨੀਅਤ ਪੈਦਾ ਕੀਤੀ। ਮਨੱੁਖਾ ਜੀਵਨ ਦਾ ਮਕਸਦ, ਇਸਤਰੀ ਦਾ ਸਨਮਾਨ ਅਤੇ ਰਾਜਨੀਤਿਕ ਖੇਤਰ ਵਿੱਚ ਸੁਚੱਜੀ ਅਗਵਾਈ ਬਖ਼ਸ਼ੀ। ਉਹਨਾਂ ਸਚਾਈ ਦਾ ਐਲਾਨ ਕੀਤਾ ਕਿ ਧਰਮ ਦੇ ਨਾਂ ’ਤੇ ਅਧਰਮ ਕਮਾਉਣਾ ਪਾਪ ਹੈ। ਮਨ ਨੂੰ ਆਪਣੀ ਮਰਜ਼ੀ ਕਰਨ ਤੋਂ ਰੋਕ ਕੇ ਗੁਰੂ ਦੀ ਮਰਜ਼ੀ ਅਨੁਸਾਰ ਮੁਹਾਰ-ਮੋੜਨੀ ਅਤੇ ਗੁਰੂ ਉਪਦੇਸ਼ਾਂ ’ਤੇ ਅਮਲ ਕਰਨਾ ਹੀ ਧਰਮ ਹੈ। ਗੁਰੂ ਜੀ ਨੇ ਅੰਧ-ਵਿਸ਼ਵਾਸ, ਫਜੂਲ ਦੇ ਕਰਮਕਾਡਾਂ ਅਤੇ ਧਾਰਮਕ ਭੇਖਾਂ ਬਾਰੇ, ਬਾਣੀ ਰਾਹੀ ਜ਼ੋਰਦਾਰ ਖੰਡਣ ਕੀਤਾ । ਸਰੀਰ ਦੀ ਸੁੱਚ ਰੱਖਣ ਵਾਲੇ ਤਪੱਸਵੀਆਂ ਨੂੰ ਵੰਗਾਰ ਕੇ ਆਖਿਆ ਕਿ ਸਰੀਰ ਦੀ ਮੈਲ ਨਾਲੋਂ ਮਨ ਦੀ ਮੈਲ ਜ਼ਿਆਦਾ ਖਤਰਨਾਕ ਹੈ। ਫਰਕ ਇਹ ਹੈ ਕਿ ਸਰੀਰ ਦੀ ਮੈਲ ਨਜ਼ਰ ਆਉਂਦੀ ਹੈ ਪਰ ਮਨ ਦੀ ਮੈਲ ਮਨੁੱਖ ਨੂੰ ਨਜ਼ਰ ਨਹੀਂ ਆਉਂਦੀ। ਪਾਵਨ ਬਚਨ ਹਨ: – ‘‘ਵਸਤ੍ਰ ਪਖਾਲਿ ਪਖਾਲੇ ਕਾਇਆ, ਆਪੇ ਸੰਜਮਿ ਹੋਵੈ ॥ ਅੰਤਰਿ ਮੈਲੁ ਲਗੀ ਨਹੀ ਜਾਣੈ, ਬਾਹਰਹੁ ਮਲਿ ਮਲਿ ਧੋਵੈ ॥’’ (ਮਾਝ ਕੀ ਵਾਰ, ਮ: ੧, ਪੰਨਾ ੧੩੯)

ਧਾਰਮਕ ਆਗੂਆਂ ਨੂੰ ਤਾੜਨਾ ਕੀਤੀ ਕਿ ਜੇ ਆਗੂ ਹੀ ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋ ਜਾਵੇ ਤਾਂ ਐਸਾ ਆਗੂ ਕਦੇ ਵੀ ਜੀਵਨ ਸਫਰ ਵਿੱਚ ਮੰਜ਼ਲ ਪ੍ਰਾਪਤ ਨਹੀਂ ਕਰ ਸਕਦਾ, ਬੁਰਿਆਈ ਜ਼ਰੂਰ ਖੱਟ ਸਕਦਾ ਹੈ। ਉਹ ਆਪ ਵੀ ਆਚਰਣ ਪੱਖੋਂ ਲੁਟਿਆ ਜਾਂਦਾ ਹੈ ਅਤੇ ਆਪਣੇ ‘ਸੇਵਕਾਂ’ ਨੂੰ ਵੀ ਕਲੰਕਿਤ ਕਰ ਦਿੰਦਾ ਹੈ। ਇਹੋ ਜਿਹਾ ਵਰਤਾਰਾ ਹੀ ਅੱਜ ਸਿੱਖ ਕੌਮ ਵਿੱਚ ਵਰਤ ਰਿਹਾ ਹੈ। ਪਲ ਪਲ ’ਤੇ ਘੜੀ ਘੜੀ ’ਤੇ ਝੂਠ ਬੋਲਣ ਕਰ ਕੇ ਆਗੂਆ ਵਿੱਚ ਹਉਮੈ ਆਪਣੀ ਬੁਲੰਦੀਆਂ ’ਤੇ ਹੈ। ਅਕਾਲ ਤਖ਼ਤ ਦਾ ਸਤਿਕਾਰ ਨਿਵਾਣ ਵੱਲ ਜਾ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਦੇ ਨਾਂ ’ਤੇ ਝੂਠ ਬੋਲ ਕੇ ਬ੍ਰਾਹਮਣੀ ਜੂਲੇ ਵਿੱਚ ਨਰੜ ਦਿੱਤਾ ਗਿਆ ਹੈ। ਮਿਤੀ 24-9-2015 ਨੂੰ ਜਥੇਦਾਰਾਂ ਵੱਲੋਂ ‘ਦੀਰਘ ਵਿਚਾਰਾਂ ਕਰਕੇ ਗੁਰਮਤਿ ਦੀ ਰੋਸ਼ਨੀ ਵਿੱਚ’ ਸੌਦਾ ਸਾਧ ਨੂੰ ਮੁਆਫ ਕੀਤਾ ਗਿਆ ਅਤੇ ਗੁਰੂ ਦੀ ਗੋਲਕ ਵਿੱਚੋਂ 91 ਲੱਖ ਰੁਪਏ ਖਰਚ ਕੇ ਸਿੱਖ ਸੰਗਤਾਂ ਨੂੰ ਇਸ ਫੈਸਲੇ ਤੋਂ ਜਾਣੂ ਕਰਵਾਇਆ ਗਿਆ ਅਤੇ ਮਿਤੀ 16-10-2015 ਨੂੰ ਉਸੇ ਕੇਂਦਰੀ ਸਥਾਨ ਤੋਂ ਫਿਰ ‘ਦੀਰਘ ਵਿਚਾਰਾਂ ਕਰ ਕੇ ਅਤੇ ਗੁਰਮਤਿ ਦੀ ਰੋਸ਼ਨੀ ਵਿੱਚ’ ਪਹਿਲਾਂ ਕੀਤਾ ਹੋਇਆ ਫੈਸਲਾ ਰੱਦ ਕੀਤਾ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਅਤੇ ਬਰਗਾੜੀ ਕਾਂਡ ਵਿੱਚ ਸਿੱਖ ਆਗੂ ਹੀ ਦੋਸ਼ੀ ਸਾਬਤ ਹੋਏ ਹਨ। ਕੇਂਦਰ ਵੱਲੋਂ ਫ਼ਰਵਰੀ 2018 ਵਿੱਚ ਕੇਂਦਰੀ ਬਜ਼ਟ ਵਿੱਚ ਮਹਾਤਮਾ ਗਾਂਧੀ ਦੀ 150 ਸਾਲਾ ਜਯੰਤੀ ਸਮਾਗਮਾਂ ’ਤੇ 150 ਕਰੋੜ ਰੁਪਇਆ ਰਾਖਵਾਂ ਰੱਖਿਆ ਗਿਆ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਉੱਤੇ ਖ਼ਰਚ ਕਰਨ ਨੂੰ ਕੇਂਦਰੀ ਬਜ਼ਟ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਪਰ ਫਿਰ ਵੀ ਸਿੱਖ ਆਗੂਆਂ ਨੇ ਕੇਂਦਰੀ ਬਜ਼ਟ ਦੀ ਸਲਾਘਾ ਕੀਤੀ ਭਾਵੇਂ ਕਿ ਸਿੱਖ ਕੌਮ ਗੁਰ ਪੁਰਬ ਮਨਾਉਣ ਲਈ ਕੇਂਦਰੀ ਪੈਸੇ ਦੀ ਮੁਥਾਜ ਨਹੀਂ। ਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ: – ‘‘ਅੰਧਾ ਆਗੂ ਜੇ ਥੀਐ, ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ, ਕਿਉ ਰਾਹੁ ਪਛਾਣੈ ॥’’ (ਸੂਹੀ, ਮ: ੧, ਪੰਨਾ ੭੬੭)

ਗੁਰੂ ਜੀ ਨੇ ਸੇਵਾ ਅਤੇ ਸਿਮਰਨ ਦਾ ਸੁਮੇਲ ਦਰਸਾਇਆ ਹੈ। ਜੇ ਇਹਨਾਂ ਦੋਵਾਂ ਵਿੱਚੋਂ ਇੱਕ ਨਹੀਂ ਰਿਹਾ ਤਾਂ ਦੂਜਾ ਵੀ ਵਿਅਰਥ ਹੋ ਜਾਂਦਾ ਹੈ। ਗਿਆਨ ਅਤੇ ਸ਼ਰਧਾ ਇੱਕ ਦੂਜੇ ਦੇ ਪੂਰਕ ਹਨ। ਗਿਆਨ ਤੋਂ ਬਿਨਾਂ ਨਿਰੀ ਸ਼ਰਧਾ, ਕਰਮ-ਕਾਂਡਾਂ ਨੂੰ ਜਨਮ ਦਿੰਦੀ ਹੈ ਅਤੇ ਸ਼ਰਧਾ ਤੋਂ ਬਿਨਾਂ ਨਿਰਾ ਗਿਆਨ, ਹੰਕਾਰ ਦਾ ਰੂਪ ਧਾਰਨ ਕਰ ਲੈਂਦਾ ਹੈ। ਗੁਰੂ ਜੀ ਸਿੱਖਿਆ ਦਿੰਦੇ ਹਨ ਕਿ ਹੇ ਮਨੁੱਖ ! ਤੂੰ ਗਿਆਨ ਪ੍ਰਾਪਤ ਕਰ ਕੇ ਹੋਰਨਾਂ ਦੀ ਭਲਾਈ ਕਰਨ ਦਾ ਸੁਭਾਅ ਬਣਾ। ਤੂੰ ਤਾਂ ਹੀ ਗਿਆਨਵਾਨ ਹੈਂ, ਜੇ ਪਰ ਉਪਰਕਾਰੀ ਹੈਂ, ‘‘ਵਿਦਿਆ ਵੀਚਾਰੀ ਤਾਂ, ਪਰਉਪਕਾਰੀ ॥’’ (ਆਸਾ, ਮ: ੧, ਪੰਨਾ ੩੫੬) ਗੁਰਦੇਵ ਜੀ ਨੇ ਲੋਕਾਈ ਨੂੰ ਅਵਤਾਰਵਾਦ ਵੱਲੋਂ ਹਟਾ ਕੇ ਇੱਕ ਪ੍ਰਮਾਤਮਾ ਦੇ ਚਰਨੀ ਲਾਇਆ ਤੇ ਇਹ ਵੀ ਸਪਸ਼ਟ ਕੀਤਾ ਕਿ ਪ੍ਰਮਾਤਮਾ ਨਾਲ ਸਾਂਝ ਕੇਵਲ ਗੁਰੂ ਦੇ ਸ਼ਬਦ ਨਾਲ ਹੀ ਪੈ ਸਕਦੀ ਹੈ। ਗੁਰੂ ਦੇ ਸ਼ਬਦ ਰੱਬੀ ਬੋਲ ਹਨ, ਰੱਬੀ ਗਿਆਨ ਹੈ, ਇਸ ਲਈ ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ ਤਾਂ ਤੇ ਗੁਰ ਸ਼ਬਦ (ਬਾਣੀ) ਦੀ ਵੀਚਾਰ ਕਰੋ, ‘‘ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ ॥’’ (ਸੋਰਠਿ ਕੀ ਵਾਰ, ਮ: ੩, ਪੰਨਾ ੬੪੬)

 ਦਸਮੇਸ਼ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਲੈ ਕੇ ੧੦੦ ਸਾਲ ਦੇ ਲੰਮੇ ਇਤਿਹਾਸ ਵਿੱਚ ਗੁਰੂ ਸ਼ਬਦ ਦੀ ਅਗਵਾਈ ਵਿੱਚ ਸਿੱਖ ਕੌਮ ਵੱਡੀਆਂ ਵੱਡੀਆਂ ਮੁਸੀਬਤਾਂ ਦਾ ਟਾਕਰਾ ਕਰਦਿਆਂ ਆਪਣੀ ਮੰਜ਼ਲ ਵੱਲ ਵੱਧਦੀ ਗਈ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੱਖ ਰਾਜ ਕਾਇਮ ਕਰ ਲਿਆ । ਇੰਨੇ ਸਮੇਂ ਦੌਰਾਨ ਕੋਈ ਦੇਹਧਾਰੀ ਗੁਰੂ ਵਜੂਦ ’ਚ ਨਾ ਆਇਆ ਕਿਉਂਕਿ ਸਿੱਖ, ਗੁਰੂ ਦਰ ਛੱਡ ਕਿਸੇ ਹੋਰ ਦਾ ਆਸਰਾ ਤੱਕਣ ਨੂੰ ਤਿਆਰ ਹੀ ਨਹੀਂ ਸਨ, ਪਰ ਅੱਜ ਅਸੀਂ ਗੁਰੂ ਸ਼ਬਦ ਦੀ ਓਟ ਛੱਡ ਕੇ ਕੱਚ-ਪਿਚ ਬੋਲਣ ਵਾਲਿਆਂ ਦੇ ਸੇਵਕ ਬਣਦੇ ਜਾ ਰਹੇ ਹਾਂ। ਕਿੰਨਾ ਚੰਗਾ ਹੁੰਦਾ ਜੇ ਗੁਰਦੇਵ ਜੀ ਦੇ ਇਹਨਾਂ ਬੋਲਾਂ ਨੂੰ ਚੇਤੇ ਵਿੱਚ ਰੱਖਦੇ, ‘‘ਸਤਿਗੁਰ ਕੀ ਰੀਸੈ, ਹੋਰਿ ਕਚੁ ਪਿਚੁ ਬੋਲਦੇ, ਸੇ ਕੂੜਿਆਰ, ਕੂੜੇ ਝੜਿ ਪੜੀਐ ॥ ਓਨ੍ਾ ਅੰਦਰਿ ਹੋਰੁ, ਮੁਖਿ ਹੋਰੁ ਹੈ, ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥’’ (ਗਉੜੀ ਕੀ ਵਾਰ, ਮ: ੪, ਪੰਨਾ ੩੦੪)

ਗੁਰੂ ਨਾਨਕ ਪਾਤਸ਼ਾਹ ਜੀ ਨੇ ਬਨਾਰਸ ’ਚ ਪੰਡਿਤ ਚਤੁਰਦਾਸ ਨਾਲ ਵੀਚਾਰਾਂ ਦੀ ਸਾਂਝ ਕੀਤੀ। ਉਸ ਨੂੰ ਮੂਰਤੀ/ਤਸਵੀਰ ਪੂਜਾ ਵੱਲੋਂ ਵਰਜ ਕੇ ਪ੍ਰਮਾਤਮਾ ਦੇ ਲੜ ਲਾਇਆ ਤੇ ਬਚਨ ਕੀਤੇ, ‘‘ਪਾਥਰੁ ਲੇ ਪੂਜਹਿ ਮੁਗਧ ਗਵਾਰ ॥’’ (ਬਿਹਾਗੜੇ ਕੀ ਵਾਰ (ਮ: ੧, ਪੰਨਾ ੫੫੬) ਉਹਦੇ ਭਾਗ ਜਾਗੇ ਤੇ ਸਹੀ ਜੀਵਨ ਰਾਹ ’ਤੇ ਚੱਲ ਪਿਆ।

ਜਗਨਨਾਥ ਪੁਰੀ ਦੇ ਮੰਦਰ ਵਿੱਚ ਭਗਵਾਨ ਦੀ ਮੂਰਤੀ ਅੱਗੇ ਲੋਕ ਆਰਤੀ ਉਤਾਰ ਰਹੇ ਸਨ। ਗੁਰੂ ਪਾਤਸ਼ਾਹ ਜੀ ਨੇ ਉਹਨਾਂ ਵਿੱਚ ਜਾ ਕੇ ਸਮਝਾਇਆ ਕਿ ਭਗਵਾਨ/ਪ੍ਰਭੂ ਦੀ ਰਜ਼ਾ ਵਿੱਚ ਰਹਿਣਾ ਹੀ ਉਸ ਦੀ ਆਰਤੀ ਕਰਨਾ ਹੈ। ਵੇਖੋ ! ਕੁਦਰਤ ਕਿੰਨੇ ਵੱਡੇ ਅਕਾਸ਼ ਰੂਪ ਥਾਲ ਵਿੱਚ, ਸੂਰਜ ਅਤੇ ਚੰਦ ਦੋਵੇਂ ਦੀਵੇ ਜੁਗਾ ਜਗੰਤਰਾ ਤੋਂ ਭਗਵਾਨ ਦੀ ਆਰਤੀ ਉਤਾਰ ਰਹੀ ਹੈ। ਤੁਹਾਡਾ ਤਾਂ ਥਾਲ ਵੀ ਛੋਟਾ ਹੈ ਤੇ ਦੀਵੇ ਵੀ ਨਿਕੇ ਨਿੱਕੇ ਹਨ। ਇਸ ਆਰਤੀ ਦੀ ਕੀ ਪਾਇਆਂ ਹੈ ? ‘‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥’’ (ਸੋਹਿਲਾ ਧਨਾਸਰੀ, ਮ: ੧, ਪੰਨਾ ੧੩) ਇਹਨਾਂ ਮਿੱਠੇ ਬੋਲੇ ਨੇ ਬਾਣ ਵਾਂਗ ਪੰਡਤਾਂ ਦੇ ਮਨ ’ਤੇ ਅਸਰ ਕੀਤਾ, ਉਹਨਾਂ ਥਾਲੀਆਂ ਥੱਲੇ ਰੱਖ ਦਿੱਤੀਆਂ ਪਰ ਅਸੀਂ ਸਮਾਂ ਪਾ ਕੇ ਅਗਿਆਨਤਾ ਵੱਸ ਉਹ ਥਾਲੀਆਂ ਫਿਰ ਚੁੱਕ ਲਈਆਂ। ਅਸੀਂ ਗੁਰੂ ਜੀ ਦੇ ਸਾਹਮਣੇ ਖਲ੍ਹੋ ਕੇ ਗੁਰੂ ਜੀ ਵੱਲੋਂ ਦਿੱਤੇ ਗਏ ਅੰਮ੍ਰਿਤਮਈ ਉਪਦੇਸ਼ ਦੀ ਉਲੰਘਣਾ ਕਰਨੀ ਸ਼ੁਰੂ ਕਰ ਰੱਖੀ ਹੈ। ਸਾਡੇ ਲਈ ਇਹ ਉਪਦੇਸ਼ ਕਿਉਂ ਜ਼ਰੂਰੀ ਨਾ ਰਿਹਾ ਜਦਕਿ ਮਹਾਨ ਦਾਰਸ਼ਨਿਕ ਰਬਿੰਦਰਨਾਥ ਟੈਗੋਰ ਨੇ ਵੀ ਇਹਨਾਂ ਬਚਨਾਂ ਅੱਗੇ ਸਿਰ ਝੁਕਾ ਦਿੱਤਾ ਸੀ।

ਕੁਰੂਕਸ਼ੇਤਰ ਵਿਖੇ ਮੱਸਿਆ ਵਾਲੇ ਦਿਨ ਸੂਰਜ ਗ੍ਰਹਿਣ ਅਤੇ ਪੁੰਨਿਆ ਵਾਲੇ ਦਿਨ ਚੰਦ ਗ੍ਰਹਿਣ ਬਾਰੇ ਵੀ ਲੋਕਾਂ ਦੇ ਭਰਮ ਜਾਲ ਨੂੰ ਬਾਦਲੀਲ ਤੋੜਿਆ ਗਿਆ ਕਿ ਸੂਰਜ ਅਤੇ ਚੰਦਰਮਾ ਕਰਤੇ ਦੀ ਰਚਨਾ ਹਨ ਅਤੇ ਇਹਨਾਂ ਦੀ ਗਤੀ ਵੀ ਕਰਤੇ ਦੇ ਨਿਯਮ ਅਨੁਸਾਰ ਹੈ। ਇਹ ਕੋਈ ਦੇਵਤੇ ਨਹੀਂ ।ਇਸ ਵਿਚਾਰਧਾਰਾ ਬਾਰੇ ਅੱਜ ਵਿਗਿਆਨ ਨੇ ਵੀ ਹਾਮੀ ਭਰੀ ਹੈ ਕਿ ਸੂਰਜ, ਚੰਦਰਮਾ ਅਤੇ ਧਰਤੀ ਆਪਣੀ ਆਪਣੀ ਗਤੀ ਦੌਰਾਨ ਜਦ ਇੱਕ ਰੇਖਾ ਵਿੱਚ ਆ ਜਾਂਦੇ ਹਨ ਤਾਂ ਇਹਨਾਂ ’ਤੇ ਇੱਕ ਦੂਸਰੇ ਦਾ ਪਰਛਾਵਾ ਪੈਂਦਾ ਹੈ ਅਤੇ ਇਸ ਪਰਛਾਵੇ ਨੂੰ ਹੀ ਗ੍ਰਹਿਣ ਆਖਿਆ ਜਾਂਦਾ ਹੈ। ਜੇ ਚੰਦ ਵਿਚਕਾਰ ਆ ਜਾਵੇ ਤਾਂ ਸੂਰਜ ਗ੍ਰਹਿਣ ਲੱਗਦਾ ਹੈ ਅਤੇ ਜੇ ਧਰਤੀ ਵਿਚਕਾਰ ਆਵੇ ਤਾਂ ਚੰਦ ਗ੍ਰਹਿਣ ਲੱਗਦਾ ਹੈ। ਭਾਵੇਂ ਕਿ ਹੁਣ ਵਿਗਿਆਨਕ ਜੁਗ ਵਿਚ ਵੀ ਬ੍ਰਾਹਮਣ ਨੇ ਸੂਰਜ ਅਤੇ ਚੰਦਰਮਾ ਦੀ ਪੂਜਾ ਦੇ ਨਾਂ ’ਤੇ ਮੱਸਿਆ, ਪੁੰਨਿਆ ਤੇ ਸੰਗਰਾਂਦ ਦੇ ਦਿਨ ਮਿੱਥ ਰੱਖੇ ਹਨ ਅਤੇ ਲੋਕਾਂ ਪਾਸੋਂ ਦਾਨ ਲੈਣ ਦਾ ਵਿਧਾਨ ਚਾਲੂ ਕਰ ਰੱਖਿਆ ਹੈ । ਅੱਜ ਸਾਡਾ ਅਵੇਸਲਾਪਣ ਇਸ ਹੱਦ ਤੱਕ ਪਹੁੰਚ ਗਿਆ ਹੈ ਕਿ ਗੁਰਦੁਆਰਿਆ ਅੰਦਰ ਕਿਸੇ ਗੁਰ ਪੁਰਬ ਦਾ ਜ਼ਿਕਰ ਭਾਵੇਂ ਕਿਤੇ ਨਾ ਲਿਖਿਆ ਮਿਲੇ ਪਰ ਸੰਗਰਾਂਦ, ਮੱਸਿਆ ਤੇ ਪੁੰਨਿਆ ਦਾ ਵੇਰਵਾ ਹਰ ਪਾਸੇ ਲਿਖਿਆ ਮਿਲਦਾ ਹੈ, ਜਿਸ ਬਾਰੇ ਗੁਰਦੇਵ ਜੀ ਦੇ ਬਚਨ ਹਨ, ‘‘ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥’’ (ਬਿਲਾਵਲੁ ਸਤ ਵਾਰ (ਮ: ੩, ਪੰਨਾ ੮੪੩)

ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਸਫਲ ਜੀਵਨ ਵਾਸਤੇ ਤਿੰਨ ਸੁਨਹਿਰੀ ਸਿਧਾਂਤ ਬਖ਼ਸ਼ੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’। ਗੁਰੂ ਜੀ ਸੱਚੀ-ਸੁੱਚੀ ਕਿਰਤ ਨੂੰ ਹੀ ਪ੍ਰਵਾਨ ਕਰਦੇ ਹਨ। ਖੋਟੀ ਕਿਰਤ ਜਾਂ ਹੇਰਾ ਫੇਰੀ ਦੀ ਕਮਾਈ ਨਾਲ ਮਲਕ ਭਾਗੋ ਵੱਲੋਂ ਤਿਆਰ ਕੀਤਾ ਗਿਆ ਭੋਜਨ ਛਕਣ ਤੋਂ ਪਹਿਲਾਂ ਹੀ ਗੁਰੂ ਪਾਤਸ਼ਾਹ ਨੇ ਭਰੀ ਸੰਗਤ ਵਿੱਚ ਹੀ ਮਲਕ ਭਾਗੋ ਨੂੰ ਸੱਚੀ ਕਿਰਤ ਦਾ ਮਤਲਬ ਸਮਝਾ ਦਿੱਤਾ ਸੀ। ਅੱਜ ਜਦ ਅਸੀਂ ਅਖੰਡ ਪਾਠ ਦੇ ਭੋਗ ਸਮੇਂ ਥਾਲੀ ਵਿੱਚ ਭੋਜਨ ਪ੍ਰੋਸ ਕੇ ਗੁਰੂ ਸਾਹਿਬ ਅੱਗੇ ਪ੍ਰਵਾਨਗੀ ਲਈ ਭੇਟ ਕਰਦੇ ਹਾਂ ਤਾਂ ਸਾਨੂੰ ਵੀ ਯਕੀਨ ਹੋਣਾ ਚਾਹੀਦਾ ਹੈ ਕਿ ਸਾਡੇ ਭੋਜਨ ਨੂੰ ਵੀ ਗੁਰੂ ਜੀ ਪਰਖਣਗੇ ।

ਨਾਮ ਜਪਣ ਦੀ ਕਿਰਿਆ ਮਨ ’ਤੇ ਪ੍ਰਭਾਵ ਪਾਉਂਦੀ ਹੈ, ਰਸਨਾ ਤਾਂ ਇੱਕ ਸਾਧਨ ਹੈ। ਸੁਲਤਾਨਪੁਰ ਲੋਧੀ ਵਿਖੇ ਗੁਰੂ ਜੀ ਦੀ ਹਾਜ਼ਰੀ ਵਿੱਚ ਕਾਜ਼ੀ ਵੱਲੋਂ ਨਿਮਾਜ਼ ਪੜ੍ਹਨ ਵਿੱਚ ਇਕਾਗਰਤਾ ਦੀ ਰਹੀ ਘਾਟ ਸਿਮਰਨ ਦੌਰਾਨ ਇਕਾਗਰਤਾ ਨੂੰ ਗੁਣਕਾਰੀ ਬਿਆਨ ਕਰਦੀ ਹੈ । ਸਤਸੰਗਤ ਵਿੱਚੋਂ ਮਿਲਿਆ ਗਿਆਨ ਅਸੀਂ ਦੂਜਿਆਂ ਨਾਲ ਵੰਡ ਕੇ ਛਕਣਾ ਹੁੰਦਾ ਹੈ। ਗੁਰਦੇਵ ਜੀ ਨੇ ਆਪਣੀਆਂ ਪ੍ਰਚਾਰਕ ਫੇਰੀਆ ਦੌਰਾਨ ਆਪਣੀ ਵੀਚਾਰਧਾਰਾ ਨੂੰ ਲੋਕਾਂ ਵਿੱਚ ਬੇਝਿਜਕ ਹੋ ਕੇ ਬੜੇ ਮਿੱਠੇ ਬੋਲਾਂ ਨਾਲ ਪ੍ਰਚਾਰ ਕੇ ਕਰੋੜਾਂ ਲੋਕਾਂ ਨੂੰ ਜੀਵਨ ਦੇ ਸਹੀ ਮਾਰਗ ’ਤੇ ਤੋਰਿਆ। ਹਜ਼ਰਤ ਈਸਾ ਜੀ ਨੇ ਯੂਰੋਸਲਮ ਦੇ 35 ਮੀਲ ਦੇ ਅਰਧ ਵਿਆਸ ਦੇ ਘੇਰੇ ਵਿੱਚ ਹੀ ਪ੍ਰਚਾਰ ਕੀਤਾ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਮੱਕੇ ਤੋਂ ਮਦੀਨਾ ਤੇ ਮਦੀਨੇ ਤੋਂ ਮੱਕਾ ਕੁੱਲ (110+110=) 220 ਮੀਲ ਦਾ ਸਫਰ ਹੀ ਤੈਅ ਕੀਤਾ ਪਰ ਜਗਤ ਗੁਰੂ ਬਾਬੇ ਨੇ ਰੱਬੀ ਕਾਰਜ ਲਈ 58000 ਮੀਲ ਦੀ ਦੂਰੀ ਤਹਿ ਕੀਤੀ। ਸੰਸਾਰ ਦੇ ਉਹ ਪਹਿਲੇ ਐਸੇ ਧਾਰਮਕ ਰਹਿਬਰ ਹਨ, ਜਿਨ੍ਹਾਂ ਨੂੰ ਵੱਖ ਵੱਖ ਦੇਸ਼ਾਂ ਨੇ ਆਪਣੀ ਆਪਣੀ ਬੋਲੀ ਵਿੱਚ ਸਤਿਕਾਰ ਦਿੱਤਾ ਹੈ।  ਸ੍ਰੀਲੰਕਾ ਨੇ ਨਾਨਕ-ਆਚਾਰੀਆ ਦਾ ਨਾਮ ਦਿੱਤਾ।, ਤਿੱਬਤ ਨੇ ਨਾਨਕ-ਲਾਮਾ ਆਖਿਆ।, ਸਿਕਮ ਅਤੇ ਭੂਟਾਨ ਨੇ ਗੁਰੂ ਰਿਮਪੋਚੀਆ ਦੇ ਨਾਂ ਨਾਲ ਸੱਦਿਆ।, ਨੇਪਾਲ ਨੇ ਨਾਨਕ-ਰਿਸ਼ੀ ਦੇ ਨਾਮ ਨਾਲ ਸਤਿਕਾਰਿਆ ਅਤੇ ਬਗਦਾਦ ਦੇ ਲੋਕਾਂ ਨੇ ਹਜ਼ਰਤ ਨਾਨਕ ਪੀਰ ਆਖ ਕੇ ਸਨਮਾਨਿਆ ਹੈ।

ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖ਼ਾਂ ਦਾ ਸਾਲਾ ‘ਰਾਏ ਭੋਇ’ ਸੀ, ਜੋ 77 ਪਿੰਡਾਂ ਦੀ ਜ਼ਮੀਨ ਦਾ ਮਾਲਕ ਸੀ। ਇਹ ਜ਼ਮੀਨ 1500 ਮੁਰੱਬੇ (37500 ਏਕੜ) ਬਣਦੀ ਸੀ। ਗੁਰੂ ਨਾਨਕ ਪਾਤਸ਼ਾਹ ਜੀ ਪ੍ਰਤੀ ਪਿਆਰ ਦੇ ਰੂਪ ਵਿੱਚ ਉਸ ਨੇ ਆਪਣੀ ਅੱਧੀ ਜ਼ਮੀਨ ਗੁਰੂ ਪਾਤਸ਼ਾਹ ਦੇ ਨਾਮ ਇੰਤਕਾਲ ਕਰਵਾ ਦਿੱਤੀ। ਸੰਨ 1988 ਵਿੱਚ ਨਨਕਾਣਾ ਸਾਹਿਬ ਦੇ ਕੁਝ ਮੋਹਤਬਰਾਂ ਨੇ ਸ਼ਰਾਰਤੀ ਅਨਸਰਾਂ ਦੀ ਪ੍ਰੇਰਨਾ ’ਤੇ ਅਦਾਲਤ ਵਿੱਚ ਜ਼ਮੀਨ ਵਾਪਸੀ ਦਾ ਕੇਸ ਕਰ ਦਿੱਤਾ। ਦੋਸ਼ ਇਹ ਲਾਇਆ ਗਿਆ ਕਿ ਸਾਡੇ ਬਜ਼ੁਰਗ ਭੋਲੇ ਸਨ ਅਤੇ ਉਹਨਾਂ ਨੂੰ ਵਰਗਲਾ ਕੇ ਸਾਡੀ ਜ਼ਮੀਨ ਹਥਿਆਈ ਗਈ ਹੈ। ਜ਼ਿਲ੍ਹਾ ਅਦਾਲਤ ਸ਼ੇਖੂਪੁਰਾ ਤੋਂ ਉਹ ਮੁਕੱਦਮਾ ਹਾਰ ਗਏ।  ਹਾਈਕੋਰਟ ਲਾਹੌਰ ਤੋਂ ਵੀ ਹਾਰੇ। ਸੰਨ 2003 ਵਿੱਚ ਇਹ ਕੇਸ ਸੁਪਰੀਮ ਕੋਟ ਇਸਲਾਮਾਬਾਦ ਵਿੱਚ ਪਾਇਆ ਗਿਆ, ਉਸ ਵੇਲੇ ਜਨਰਲ ਮੁਸ਼ਰਫ ਦਾ ਰਾਜ ਸੀ। ਪੰਜ ਜੱਜਾਂ ਨੇ ਸੁਣਵਾਈ ਸ਼ੁਰੂ ਕੀਤੀ । ਉਹਨਾਂ ਇਲਾਕੇ ਦੇ ਮੋਹਤਬਰ ਤਲਬ ਕਰ ਲਏ। ਜੱਜਾਂ ਨੇ ਕਿਹਾ ਕਿ ਰਾਏ ਭੋਇ ਦਾ ਨਾਮ ਹਜ਼ਰਤ ਨਾਨਕ ਦੇ ਮਿਲਾਪ ਕਾਰਨ ਪ੍ਰਸਿੱਧ ਹੋਇਆ ਹੈ ਅਤੇ ਇਸੇ ਬਦੌਲਤ ਇਹ ਸਾਰੀ ਧਰਤੀ ਸੰਸਾਰ ਪ੍ਰਸਿੱਧ ਹੋਈ ਹੈ। ਤੁਸੀਂ ਇਸ ਸਾਂਝ ਨੂੰ ਖ਼ਤਮ ਕਰਨ ਲਈ ਆਪਣੀ ਆਪਣੀ ਰਾਇ ਦੇ ਸਕਦੇ ਹੋ।  ਮੋਹਤਬਰਾਂ ਦੇ ਬੁੱਲ ਸੀਤੇ ਗਏ। ਅੱਖਾਂ ਨਮ ਸਨ, ਜਵਾਬ ਕੋਈ ਨਹੀਂ, ਕੇਸ ਰੱਦ ਹੋ ਗਿਆ।

ਆਓ ! ਸੋਚੀਏ ਅਤੇ ਵੀਚਾਰੀਏ ਕਿ ਕਿਤੇ ਗੁਰੂ ਨਾਨਕ ਪਾਤਸ਼ਾਹ ਨਾਲੋਂ ਸਾਡੀ ਸਾਂਝ ਵੀ ਨਾ ਟੁੱਟ ਜਾਏ। ਸੰਸਾਰ ਪ੍ਰਸਿੱਧ ਗ਼ੈਰ ਸਿੱਖ ਵਿਦਵਾਨਾਂ ਦੇ ਮਨ ’ਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਜੋ ਅਸਰ ਹੋਇਆ ਉਹ ਉਹਨਾਂ ਨੇ ਹੇਠ ਲਿਖੇ ਅਨੁਸਾਰ ਬਿਆਨ ਕੀਤਾ ਹੈ : –

1. ਐੱਚ. ਐੱਲ. ਬਰਾਡਸ਼ਾਹ ਦਾ ਵੀਚਾਰ ਹੈ ਕਿ ਸਿੱਖਾਂ ਨੂੰ ਇਹ ਸੋਚਣਾ ਬੰਦ ਕਰ ਦੇਣਾ ਚਾਹੀਦਾ ਹੈ ਕਿ ਸਿੱਖੀ ਇੱਕ ਹੋਰ ਚੰਗਾ ਧਰਮ ਹੈ ਬਲਕਿ ਇਸ ਸੋਚਣਾ ਚਾਹੀਦਾ ਹੈ ਕਿ ਸਿੱਖੀ ਹੀ ਨਵੇਂ ਯੁੱਗ ਦਾ ਧਰਮ ਹੈ। ਇਹ ਪੂਰਨ ਤੌਰ ’ਤੇ ਪੁਰਾਣੇ ਮੱਤਾਂ ਦੀ ਥਾਂ ਮੱਲਦਾ ਹੈ ਅਤੇ ਮਨੁੱਖ ਦੀਆਂ ਸਾਰੀਆਂ ਉੱਲਝਣਾ ਦਾ ਉੱਤਰ ਹੈ।

2. ਸੀ. ਐੱਚ. ਪੇਨ ਅਨੁਸਾਰ ਗੁਰੂ ਸਾਹਿਬ ਇਹ ਜਾਣਦੇ ਸਨ ਕਿ ਧਰਮ ਉਹੋ ਜ਼ਿੰਦਾ ਰਹਿ ਸਕਦਾ ਹੈ, ਜੋ ਵਰਤੋਂ ਸਿਖਾਵੇ, ਇਹ ਨਾ ਸਿਖਾਵੇ ਕਿ ਦੁਨੀਆ ਤੋਂ ਕਿਵੇਂ ਭੱਜਣਾ ਹੈ ਬਲਕਿ ਇਹ ਸਿਖਾਏ ਕਿ ਦੁਨੀਆਂ ਵਿੱਚ ਰਹਿ ਕੇ ਚੰਗਾ ਜੀਵਨ ਕਿਵੇਂ ਗੁਜ਼ਾਰਨਾ ਹੈ।

3. ਹਿੰਦੂਸਤਾਨ ਦੇ ਸਾਬਕਾ ਰਾਸ਼ਟਰਪਤੀ ਡਾ: ਰਾਧਾ ਕ੍ਰਿਸ਼ਨਨ ਅਨੁਸਾਰ, ਮਰਦ-ਇਸਤਰੀਆਂ ਵਿੱਚ ਬਰਾਬਰਤਾ, ਸਵੈਮਾਨ ਤੇ ਸਾਂਝੀਵਾਲਤਾ ਦੇ ਗੁਣ ਗੁਰੂ ਨਾਨਕ ਸਾਹਿਬ ਜੀ ਦੀ ਹੀ ਦੇਣ ਹਨ।

4. ਰੱਸਲ ਬਰਟੰਡ ਦਾ ਮੰਨਣਾ ਹੈ ਕਿ ਗੁਰੂ ਨਾਨਕ ਦੀ ਸਿੱਖਿਆ, ਕੇਵਲ ਸਿੱਖਾਂ ਦੀ ਮਲਕੀਅਤ ਨਹੀਂ ਹੈ ਸਗੋਂ ਇਹ ਤਾਂ ਸਾਰੇ ਸੰਸਾਰ ਦੇ ਭਲੇ ਵਾਸਤੇ ਹੈ, ਪਰ ਇਸ ਦਾ ਪ੍ਰਚਾਰ ਨਾ ਕਰਨ ਲਈ ਸਿੱਖ ਹੀ ਦੋਸ਼ੀ ਹਨ। ਗੁਰੂ ਨਾਨਕ ਦੇਵ ਜੀ ਨੇ 14 ਸਤੰਬਰ 1539 ਵਿੱਚ ਭਾਈ ਲਹਿਣਾ ਜੀ ਨੂੰ ਗੁਰੂ ਥਾਪ ਕੇ ਉਹਨਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਰੱਖ ਦਿੱਤਾ । ਗੁਰੂ ਪਾਤਸ਼ਾਹ ਜੀ ਆਪ 22 ਸਤੰਬਰ 1539 ਨੂੰ ਜੋਤੀ ਜੋਤਿ ਸਮਾ ਗਏ।