ਰਸਤਿਆਂ ਨਾਲ ਯਾਰੀ

0
332

ਅਨੁਵਾਦਿਤ ਕਹਾਣੀਆਂ

ਮਿੰਨੀ ਕਹਾਣੀ  

ਰਸਤਿਆਂ ਨਾਲ ਯਾਰੀ

ਉਹ (ਦੀਦਾਰ ਸਿੰਘ ਨੂੰ) ਲੰਬੇ-ਲੰਬੇ ਕਦਮ ਭਰਦੇ ਹੋਏ ਚਲਦੇ ਪਏ ਸਨ। ਮੈਨੂੰ ਪਹਿਚਾਨਣ ਵਿਚ ਦੇਰ ਨਾ ਲੱਗੀ। ‘ਸਤਿ ਸ੍ਰੀ ਅਕਾਲ, ਸਿੰਘ ਸਾਹਿਬ  !’ ਮੈਂ ਬੁਲਾਇਆ।

ਮੇਰੇ ਵੱਲ ਮੁੜ੍ਹਦੇ ਹੋਏ ਦੇਖਦੇ ਹੀ ਉਨ੍ਹਾਂ ਦੇ ਬੁੱਲ੍ਹਾਂ ’ਤੇ ਮੀਠੀ ਜਿਹੀ ਮੁਸਕਰਾਹਟ ਆ ਗਈ। ਕੋਲ ਆਏ ਤੇ ਗਲਵਕੜੀ ਪਾ ਲਈ।

‘ਬਹੁਤ ਦਿਨਾਂ ਬਾਅਦ ਨਜ਼ਰ ਆਏ, ਸਭ ਠੀਕ ਤਾਂ ਹੈ ?’ ਮੈਂ ਪੁੱਛ ਲਿਆ।

‘ਸਭ ਵਾਹਿਗੁਰੂ ਦੀ ਕਿਰਪਾ ਹੈ, ਭਾਈ !’ ਉਨ੍ਹਾਂ ਨੇ ਮੇਰੇ ਹੱਥ ਵਿਚ ਫੜੀ ਹੋਈ ਖੁੰਡੀ ਨੂੰ ਧਿਆਨ ਨਾਲ ਦੇਖਦੇ ਹੋਏ ਕਿਹਾ ‘ਤੁਸੀਂ ਲੋਕਾਂ ਨੇ ਹੀ ਦੂਜਾ ਰਸਤਾ ਪਕੜ ਲਿਆ ਹੈ, ਮੁਲਾਕਾਤ ਹੋਵੇ ਤਾਂ ਕਿਵੇਂ ?’

 ਪਹਿਲਾਂ ਅਸੀਂ ਸਾਰੇ ਜਾਟ ਰੈਜੀਮੈਂਟ ਵੱਲ ਜਾਣ ਵਾਲੀ ਸੜਕ ’ਤੇ ਸੈਰ ਲਈ ਜਾਂਦੇ ਸੀ। ਹੌਲੀ-ਹੌਲੀ ਉਸ ਸੜਕ ’ਤੇ ਅਵਾਰਾ ਕੁੱਤੇ ਅਤੇ ਬਾਂਦਰਾਂ ਦਾ ਖ਼ੌਫ਼ ਵੱਧ ਗਿਆ ਸੀ ਤੇ ਬਚਾਅ ਲਈ ਹੱਥ ਵਿਚ ਛੜੀ, ਖੁੰਡੀ ਜਾਂ ਗੁਲੇਲ ਲੈ ਕੇ ਚੱਲਣਾ ਪੈਂਦਾ ਸੀ। ਦੀਦਾਰ ਸਿੰਘ ਵੀ ਸਾਡੇ ਨਾਲ ਹੁੰਦੇ ਸਨ, ਪਰ ਉਨ੍ਹਾਂ ਨੇ ਕਦੇ ਵੀ ਛੜੀ ਜਾਂ ਗੁਲੇਲ ਨਹੀਂ ਫੜੀ। ਉਹ ਨਿਰਭੈ ਹੋ ਕੇ ਸਾਡੇ ਅੱਗੇ-ਅੱਗੇ ਚਲਦੇ ਸਨ ਤੇ ਸਾਨੂੰ ਵੀ ਛੜੀ ਦੀ ਵਰਤੋਂ ਕਰਨ ਲਈ ਮਨ੍ਹਾ ਕਰਦੇ ਸਨ।  ਬਾਂਦਰਾਂ ਦੇ ਰਸਤੇ ਚਲਦੇ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਵੱਧ ਰਹੀਆਂ ਸਨ। ਅੰਤ ਵਿਚ ਅਸੀਂ ‘ਮਾਰਨਿੰਗ ਵਾਕ’ ਲਈ ਜਾਟ ਰੈਜੀਮੈਂਟ ਵਾਲੀ ਸੜਕ ਨੂੰ ਛੱਡ ਕੇ ਕੰਪਨੀ ਬਾਗ ਵੱਲ ਜਾਣ ਲਈ ਫ਼ੈਸਲਾ ਕੀਤਾ ਸੀ। ਉਦੋਂ ਤੋਂ ਹੀ ਸਾਡਾ ਤੇ ਦੀਦਾਰ ਸਿੰਘ ਦਾ ਸਾਥ ਛੁਟ ਗਿਆ ਸੀ।

‘ਅੱਜ-ਕੱਲ ਤੁਸੀਂ ਕਿਸ ਪਾਸੇ ਘੁੰਮਣ ਲਈ ਜਾਂਦੇ ਹੋ ?’  ਮੈਂ ਉਨ੍ਹਾਂ ਤੋਂ ਪੁੱਛ ਲਿਆ।

‘ਉਹੀ…. ਅਪਣੀ ਪੁਰਾਣੀ ਜਾਟ ਰੈਜੀਮੈਂਟ ਵਾਲੀ ਸੜਕ ’ਤੇ।’

‘ਕੀ ?’ ਮੈਂ ਹੈਰਾਨੀ ਨਾਲ ਪੁੱਛਿਆ। ‘ਉਸ ਸੜਕ ’ਤੇ ਮੱਕਾਰੀ ਕੁੱਤਿਆਂ ਤੇ ਖੂੰਖਾਰ ਬਾਂਦਰਾਂ ਦੇ ਕਾਰਨ ਕੋਈ ਨਹੀਂ ਜਾਂਦਾ। ਉਹ ਕੁਝ ਨਹੀਂ ਕਰਦੇ ?’

‘ਵੀਹ ਸਾਲ ਹੋ ਗਏ, ਹੁਣ ਤੱਕ ਤੇ ਕੋਈ ਕੁੱਤਾ ਜਾਂ ਬਾਂਦਰ ਪਿੱਛੇ ਨਹੀਂ ਪਿਆ।  ਅੱਗੇ ਰੱਬ ਰਾਖਾ ਹੈ।’ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਕਿਹਾ। ਮੈਂ ਧਿਆਨ ਕੀਤਾ, ਅੱਜ ਵੀ ਉਨ੍ਹਾਂ ਦੇ ਹੱਥ ਵਿਚ ਕੁੱਤਿਆਂ ਤੇ ਬਾਂਦਰਾਂ ਤੋਂ ਬਚਾਅ ਲਈ ਕੋਈ ਛੜੀ ਨਹੀਂ ਸੀ।

‘ਕਮਾਲ ਹੈ !’ ਮੇਰੇ ਮੂੰਹੋਂ ਨਿਕਲਿਆ। ‘ਸਾਨੂੰ ਤਾਂ ਹੁਣ ਕੰਪਨੀ ਬਾਗ ਵਾਲੀ ਸੜਕ ’ਤੇ ਜਾਂਦੇ ਡਰ ਲੱਗਦਾ ਹੈ। ਬਾਂਦਰਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਸੜਕ ਘੇਰੇ ਬੈਠੀਆਂ ਰਹਿੰਦੀਆਂ ਹਨ। ਉਨ੍ਹਾਂ ਦਾ ਵੱਸ ਚੱਲੇ ਤਾਂ ਸਾਨੂੰ ਚਬਾ ਜਾਣ। ਅਸੀਂ ਸਭ ਤਾਂ ਹੁਣ ਤੀਜੀ ਸ਼ਾਂਤ ਸੜਕ ਦੀ ਭਾਲ ਵਿਚ ਹਾਂ।’  ਸੁਣਦੇ ਹੀ ਉਨ੍ਹਾਂ ਦੇ ਬੁੱਲ੍ਹਾਂ ’ਤੇ ਫਿੱਕੀ ਜਿਹੀ ਹਾਸੀ ਦਿਖਾਈ ਦਿੱਤੀ। ਮੈਂ ਉਨ੍ਹਾਂ ਨੂੰ ਕਿਹਾ ‘ਸਿੰਘ ਸਾਹਿਬ ! ਇੱਕ ਗੱਲ ਦੱਸੋ…. ਇਹ ਅਵਾਰਾ ਕੁੱਤੇ ਤੇ ਖੂੰਖਾਰ ਬਾਂਦਰ ਤੁਹਾਨੂੰ ਕੁਝ ਨਹੀਂ ਕਹਿੰਦੇ ਜਦਕਿ ਤੁਸੀਂ ਛੜੀ ਵੀ ਆਪਣੇ ਨਾਲ ਨਹੀਂ ਰੱਖਦੇ।’

ਉਹ ਜੋਰ ਨਾਲ ਹੱਸ ਪਏ ਅਤੇ ਬੋਲੇ, ‘ਇਹ ਸਵਾਲ ਤੇ ਉਨ੍ਹਾਂ ਬਾਂਦਰਾਂ ਅਤੇ ਕੁੱਤਿਆਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ।’

ਅਗਲੇ ਹੀ ਪਲ ਬਹੁਤ ਗੰਭੀਰ ਅਵਾਜ਼ ਵਿਚ ਬੋਲੇ, ‘ਇਹ ਬਾਂਦਰ ਤੇ ਕੁੱਤੇ ਤਾਂ ਅਪਣਾ ਸਥਾਨ ਬਦਲਦੇ ਰਹਿੰਦੇ ਹਨ। ਇਸ ਬਾਰੇ ਵਿਚ ਕੁਝ ਜਾਣਨਾ ਹੈ ਤੇ ਸਦੀਆਂ ਤੋਂ ਸਾਡੀ ਹਰ ਸਰਗਰਮੀ ਦੇ ਮੂਕ ਦਰਸ਼ਕ ਇਨ੍ਹਾਂ ਰਸਤਿਆਂ ਤੋਂ ਪੁੱਛੋ।’ ਕਹਿ ਕੇ ਉਨ੍ਹਾਂ ਨੇ ਮੇਰੇ ਨਾਲ ਹੱਥ ਮਿਲਾਇਆ ਅਤੇ ਆਪਣੀ ਜਾਣੀ-ਪਹਿਚਾਣੀ ਜਾਟ ਰੈਜੀਮੈਂਟ ਵਾਲੀ ਸੜਕ ’ਤੇ ਚਲੇ ਗਏ।

ਮੈਂ ਦੇਰ ਤੱਕ ਉਨ੍ਹਾਂ ਨੂੰ ਦੇਖਦਾ ਰਿਹਾ। ਇਵੇਂ ਲੱਗ ਰਿਹਾ ਸੀ ਕਿ ਕੋਈ ਛੋਟਾ ਬੱਚਾ ਬਹੁ ਕੀਮਤੀ ਅਤੇ ਮੁਲਾਇਮ ਕਾਰਪੈਟ ’ਤੇ ਨੰਗੇ ਪੈਰ ਚੱਲਦਾ ਹੋਵੇ।  ਘਣੇ ਰੁੱਖਾਂ ਨਾਲ ਢਕੀ ਹੋਈ ਸੜਕ ’ਤੇ ਹੌਲੀ-ਹੌਲੀ ਗੁੰਮ ਹੁੰਦਾ ਉਨ੍ਹਾਂ ਦਾ ਸਰੀਰ ਕੁਦਰਤ ਦਾ ਹਿੱਸਾ ਲੱਗ ਰਿਹਾ ਸੀ।

ਮੂਲ ਭਾਸ਼ਾ- ਹਿੰਦੀ

ਮੂਲ ਲੇਖਕ- ਸੁਕੇਸ਼ ਸਾਹਣੀ