37.3 C
Jalandhar
Monday, June 23, 2025
spot_img
Home Blog Page 78

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪੰਜਵਾਂ)

0

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪੰਜਵਾਂ)

ਗੁਰਪ੍ਰੀਤ ਸਿੰਘ (USA)

(43). ਮੋਹ (ਲਗਾਅ) : ਸਾਰੇ ਜੀਵ ਤਿੰਨਾਂ ਗੁਣਾਂ (ਰਜੋ, ਤਮੋ, ਸਤੋ) ਦੇ ਪ੍ਰਭਾਵ ਹੇਠ ਹੋਣ ਕਰਕੇ ਮਾਇਆ ਦੇ ਮੋਹ ਅੰਦਰ ਖਚਤ ਹੋ ਜਾਂਦੇ ਹਨ ਪਰ ਇਹ ਸਭ ਕੁਝ ਕਰਤਾਰ ਨੇ ਆਪ ਹੀ ਰਚਿਆ ਹੈ (ਮਾਇਆ ਮੋਹੁ ਸਭੁ ਆਪੇ ਕੀਨਾ ॥ ਮਾਰੂ ਸੋਲਹੇ/ਮ: ੩/੧੦੫੦) ਤੇ ਇਸ ਮੋਹ ਕਾਰਨ ਹੀ ਗੁਣਾਂ ਦਾ ਖ਼ਜ਼ਾਨਾ (ਰਚਨਹਾਰ) ਰੱਬ ਵਿਸਰ ਜਾਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਤੁਧੁ ਆਪੇ ਜਗਤੁ ਉਪਾਇ ਕੈ; ਆਪਿ ਖੇਲੁ ਰਚਾਇਆ॥ ਤ੍ਰੈ ਗੁਣ ਆਪਿ ਸਿਰਜਿਆ; ਮਾਇਆ ਮੋਹੁ ਵਧਾਇਆ ॥ (ਮ : ੩/੬੪੩), ਮਾਇਆ ਮੋਹੁ, ਜਗਤੁ ਸਬਾਇਆ॥ ਤ੍ਰੈ ਗੁਣ ਦੀਸਹਿ, ਮੋਹੇ ਮਾਇਆ॥ ਗੁਰ ਪਰਸਾਦੀ, ਕੋ ਵਿਰਲਾ ਬੂਝੈ; ਚਉਥੈ ਪਦਿ (’ਤੇ),  ਲਿਵ ਲਾਵਣਿਆ॥’’ (ਮਾਝ/ਮ : ੩/੧੨੯)

ਨਿਰਦਈਪੁਣਾ, ਸੰਸਾਰੀ ਮੋਹ, ਲੋਭ ਤੇ ਕ੍ਰੋਧ; ਇਹ ਚਾਰੇ ਅੱਗ ਦੀਆਂ ਨਦੀਆਂ ਹਨ ਜਿਨ੍ਹਾਂ ’ਚ ਡਿੱਗ ਪੈਣ ਨਾਲ਼ ਜੀਵ ਸੜ ਜਾਂਦਾ ਹੈ : ‘‘ਹੰਸੁ (ਨਿਰਦੈਤਾ), ਹੇਤੁ (ਮੋਹ), ਲੋਭੁ, ਕੋਪੁ (ਗੁੱਸਾ); ਚਾਰੇ ਨਦੀਆ ਅਗਿ ॥ ਪਵਹਿ ਦਝਹਿ ਨਾਨਕਾ ! ਤਰੀਐ ਕਰਮੀ (ਰੱਬੀ ਮਿਹਰ ਨਾਲ਼) ਲਗਿ॥ (ਮ : ੧/੧੪੭), ਜੀਵ ਨੂੰ ਇਹ ਸੰਸਾਰ ਮਿੱਠਾ ਲੱਗਦਾ ਹੈ ਪਰ ਅੰਤ ਵੇਲ਼ੇ ਇਹ ਭੁਲੇਖਾ ਦੂਰ ਹੁੰਦਾ ਹੈ, ਜਦ ਸਾਰੇ ਸਾਥ ਛੱਡ ਜਾਂਦੇ ਹਨ। ਸਾਡੀਆਂ ਅੱਖਾਂ ਤੋਂ ਭਰਮ ਦੀ ਕਾਈ (ਕਾਹੀ) ਲਾਹੁਣ ਲਈ ਆਤਮਾ ਨੂੰ ਟੁੰਬ ਜਾਣ ਵਾਲੇ, ਕੁਝ ਗੁਰ ਬਚਨ ਇਸ ਤਰ੍ਹਾਂ ਹਨ : ‘‘ਮਛੁਲੀ ਵਿਛੁੰਨੀ, ਨੈਣ ਰੁੰਨੀ; ਜਾਲੁ ਬਧਿਕਿ (ਨੇ) ਪਾਇਆ॥ ਸੰਸਾਰੁ ਮਾਇਆ ਮੋਹੁ ਮੀਠਾ; ਅੰਤਿ ਭਰਮੁ ਚੁਕਾਇਆ॥ (ਆਸਾ/ਮ : ੧/੪੩੯), ਭਾਈ ਰੇ ! ਮੈ ਮੀਤੁ ਸਖਾ ਪ੍ਰਭੁ ਸੋਇ ॥ ਪੁਤੁ ਕਲਤੁ ਮੋਹੁ ਬਿਖੁ ਹੈ; ਅੰਤਿ ਬੇਲੀ, ਕੋਇ ਨ ਹੋਇ ॥ (ਸਿਰੀਰਾਗ/ਮ : ੪/੪੧-੪੨), ਘਰ ਕੀ ਨਾਰਿ, ਬਹੁਤੁ ਹਿਤੁ ਜਾ ਸਿਉ; ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ; ਪ੍ਰੇਤ ਪ੍ਰੇਤ ਕਰਿ ਭਾਗੀ॥ ਇਹ ਬਿਧਿ ਕੋ ਬਿਉਹਾਰੁ ਬਨਿਓ ਹੈ; ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ  ! ਬਿਨੁ ਹਰਿ ਜੀ; ਕੋਊ ਕਾਮਿ (’ਚ) ਨ ਆਇਓ ॥’’ (ਸੋਰਠਿ/ਮ : ੯/੬੩੪), ਇਸ ਲਈ ਗੁਰੂ ਸਾਹਿਬ ਜੀ ਸਾਨੂੰ ਸੁਚੇਤ ਕਰਦੇ ਹਨ ਕਿ ਹੇ ਮਨੁੱਖ ! ਹੇ ਮਨ ! ਸੁਚੇਤ ਹੋ, ਹੋਸ਼ ਕਰ ! ਤੂੰ ਕਿਉਂ ਬੇਪਰਵਾਹ ਹੋ ਕੇ ਸੌਂ ਰਿਹਾ ਹੈਂ ? ਯਾਦ ਰੱਖ ! ਦੇਹ, ਜੋ ਕਿ ਤੇਰੇ ਨਾਲ਼ ਪੈਦਾ ਹੋਈ ਹੈ, ਉਹ ਵੀ ਅੰਤ ਤੇਰੇ ਨਾਲ਼ ਨਹੀਂ ਜਾਣੀ : ‘‘ਜਾਗ ਲੇਹੁ ਰੇ ਮਨਾ ! ਜਾਗ ਲੇਹੁ; ਕਹਾ ਗਾਫਲ ਸੋਇਆ ?॥ ਜੋ ਤਨੁ ਉਪਜਿਆ ਸੰਗ ਹੀ; ਸੋ ਭੀ ਸੰਗਿ ਨ ਹੋਇਆ॥ ਮਾਤ, ਪਿਤਾ, ਸੁਤ, ਬੰਧ ਜਨ; ਹਿਤੁ ਜਾ ਸਿਉ ਕੀਨਾ॥ ਜੀਉ ਛੂਟਿਓ ਜਬ ਦੇਹ ਤੇ; ਡਾਰਿ ਅਗਨਿ ਮੈ ਦੀਨਾ॥’’ (ਤਿਲੰਗ/ਮ : ੯/੭੨੬), ਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਸੰਸਾਰੀ ਮਮਤਾ ਭਾਵ ਮਾਇਆ ਦਾ ਮੋਹ ਸਾੜ ਸੁੱਟ; ਇਸ ਨੂੰ ਘਸਾ ਕੇ ਸਿਆਹੀ ਤੇ ਆਪਣੀ ਅਕਲ ਨੂੰ ਵਧੀਆ ਕਾਗਜ਼ ਬਣਾ। ਆਪਣੇ ਮਨ ਨੂੰ ਲਿਖਾਰੀ ਬਣਾ ਕੇ, ਪ੍ਰੇਮ ਦੀ ਕਲਮ ਨਾਲ਼, ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਨੀ ਭਾਵ ਪ੍ਰਮਾਤਮਾ ਨਾਲ਼ ਪ੍ਰੀਤ ਪਾਇਆਂ ਹੀ ਜੀਵਨ ਸੋਹਣਾ ਬਣਦਾ ਹੈ : ‘‘ਜਾਲਿ ਮੋਹੁ, ਘਸ ਮਸੁ ਕਰਿ; ਮਤਿ ਕਾਗਦੁ ਕਰਿ ਸਾਰੁ ॥ ਭਾਉ ਕਲਮ ਕਰਿ, ਚਿਤੁ ਲੇਖਾਰੀ; ਗੁਰ ਪੁਛਿ ਲਿਖੁ ਬੀਚਾਰੁ ॥ ਲਿਖੁ ਨਾਮੁ, ਸਾਲਾਹ ਲਿਖੁ; ਲਿਖੁ, ਅੰਤੁ ਨ ਪਾਰਾਵਾਰੁ ॥ (ਸਿਰੀਰਾਗੁ/ਮ : ੧/੧੬), ਦ੍ਰਿਸਟਉ ਕਛੁ ਸੰਗਿ ਨ ਜਾਇ; ਮਾਨੁ ਤਿਆਗਿ ਮੋਹਾ ॥ ਏਕੈ ਹਰਿ ਪ੍ਰੀਤਿ ਲਾਇ; ਮਿਲਿ ਸਾਧਸੰਗਿ ਸੋਹਾ॥’’ (ਸਾਰੰਗ/ਮ : ੫/੧੨੩੦) ਗ੍ਰਹਿਸਤ ’ਚ ਰਹਿੰਦਿਆਂ ਹੀ ਮੋਹ ਨੂੰ ਚੰਗੀ ਤਰ੍ਹਾਂ ਸਾੜਨ ਲਈ (ਮਾਇਆ ਤੋਂ ਉਪਰਾਮਤਾ) ਸਤਿਗੁਰੂ ਦੀ ਸੇਵਾ ਭਾਵ ਗੁਰ ਸ਼ਬਦ ਦੀ ਕਮਾਈ ਕਰਨੀ ਜ਼ਰੂਰੀ ਹੈ। ਗੁਰੂ ਦੇ ਸ਼ਬਦ ਨਾਲ਼ ਜੀਵਨ ਲਈ ਸਹੀ ਰਾਹ ਲੱਭ ਪੈਂਦਾ ਹੈ ਤੇ ਮਮਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਮੇਰੇ ਮਨ ! ਅਹਿਨਿਸਿ ਪੂਰਿ ਰਹੀ ਨਿਤ ਆਸਾ ॥ ਸਤਗੁਰੁ ਸੇਵਿ, ਮੋਹੁ ਪਰਜਲੈ; ਘਰ ਹੀ ਮਾਹਿ ਉਦਾਸਾ ॥ (ਸ੍ਰੀ ਰਾਗੁ/ਮ : ੩/੨੯), ਗੁਰ ਤੇ ਮਾਰਗੁ ਪਾਈਐ; ਚੂਕੈ ਮੋਹੁ ਗੁਬਾਰੁ ॥ ਸਬਦਿ ਮਰੈ, ਤਾ ਉਧਰੈ; ਪਾਏ ਮੋਖ ਦੁਆਰੁ ॥ ਗੁਰ ਪਰਸਾਦੀ ਮਿਲਿ ਰਹੈ;  ਸਚੁ ਨਾਮੁ ਕਰਤਾਰੁ॥’’ (ਸਿਰੀਰਾਗੁ/ਮ : ੩/੩੩)

ਜੀਵਨ ਦਾ ਸਹੀ ਰਸਤਾ (ਜੀਵਨ ਜਾਚ) ਦਿਖਾਉਂਦੇ ਹੋਏ ਗੁਰੂ ਸਾਹਿਬਾਨ ਕਮਲ ਦੇ ਫੁੱਲ, ਮੁਰਗਾਬੀ ਅਤੇ ਕਾਂ ਆਦਿ ਦੀ ਉਦਾਹਰਨ ਦੇ ਕੇ ਸਾਨੂੰ ਨਿਰਲੇਪ ਰਹਿਣ ਦੀ ਜੁਗਤ ਇਉਂ ਸਿਖਾਉਂਦੇ ਹਨ : ‘‘ਜੈਸੇ ਜਲ ਮਹਿ, ਕਮਲੁ ਨਿਰਾਲਮੁ; ਮੁਰਗਾਈ, ਨੈ ਸਾਣੇ (ਭਾਵ ਨਦੀ ਸਣੇ/ਵਾਙ)॥ ਸੁਰਤਿ ਸਬਦਿ, ਭਵ ਸਾਗਰੁ ਤਰੀਐ; ਨਾਨਕ  ! ਨਾਮੁ ਵਖਾਣੇ ॥’’ (ਰਾਮਕਲੀ ਸਿਧ ਗੋਸਟਿ/ਮ : ੧/੯੩੮)

ਧਿਆਨ ਰਹੇ ਕਿ ਮੋਹ ਦੇ ਅੰਸ਼ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਣਾ ਮੁਮਕਿਨ ਨਹੀਂ।  ਸੋ, ਮਨ (ਸੁਰਤ) ਦੀ ਮੁਹਾਰ ਮੋੜਨ ’ਚ ਹੀ ਅਕਲਮੰਦੀ ਹੈ ਭਾਵ ਕਿ ਸੰਸਾਰ ਦੀ ਝੂਠੀ ਪ੍ਰੀਤ ਦੀ ਬਜਾਇ ਅਕਾਲ ਪੁਰਖ ਨਾਲ਼ ਸੱਚੀ ਪ੍ਰੀਤ ਪਾਇਆਂ ਹੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ; ਜਿਵੇਂ ਕਿ ‘‘ਸਾਚਿ ਨਾਮਿ, ਮੇਰਾ ਮਨੁ ਲਾਗਾ॥ ਲੋਗਨ ਸਿਉ, ਮੇਰਾ ਠਾਠਾ ਬਾਗਾ ॥੧॥ ਬਾਹਰਿ ਸੂਤੁ, ਸਗਲ ਸਿਉ ਮਉਲਾ॥ ਅਲਿਪਤੁ ਰਹਉ, ਜੈਸੇ ਜਲ ਮਹਿ ਕਉਲਾ॥ (ਆਸਾ/ਮ : ੫/੩੮੫), ਸਾਚੀ ਪ੍ਰੀਤਿ, ਹਮ ਤੁਮ ਸਿਉ ਜੋਰੀ ॥ ਤੁਮ ਸਿਉ ਜੋਰਿ, ਅਵਰ ਸੰਗਿ ਤੋਰੀ ॥’’ (ਸੋਰਠਿ/ਭਗਤ ਰਵਿਦਾਸ ਜੀ/੬੫੮-੫੯)

ਇੰਞ ਮੋਹ ਦੇ ਵਹਾਅ ਦੀ ਦਿਸ਼ਾ ਨੂੰ ਪ੍ਰਮਾਤਮਾ ਵੱਲ ਮੋੜਿਆਂ ਹੀ ਮਨੁੱਖ; ਸੰਸਾਰੀ ਮੁਹੱਬਤਾਂ (ਖਿੱਚਾਂ) ’ਚ ਗ਼ਲਤਾਨ ਨਹੀਂ ਹੁੰਦਾ। ਪ੍ਰਮਾਤਮਾ ਦੀ ਯਾਦ ’ਚ ਮਨ ਵਿੰਨ੍ਹਿਆ ਹੋਣ ਕਰਕੇ ਸਾਰੇ ਭਰਮ ਮੁੱਕ ਜਾਂਦੇ ਹਨ। ਤਦ ਮਨੁੱਖ ਤੇ ਪ੍ਰਮਾਤਮਾ ’ਚ ਕੋਈ ਅੰਤਰ ਨਹੀਂ ਰਹਿ ਜਾਂਦਾ; ਜਿਵੇਂ ਕਿ ਗੁਰ ਵਾਕ ਹਨ : ‘‘ਮੋਹ ਕੁਟੰਬ ਸਿਉ, ਪ੍ਰੀਤਿ ਨ ਹੋਇ ॥ ਜਾ ਹਿਰਦੈ ਵਸਿਆ,  ਸਚੁ ਸੋਇ ॥ ਗੁਰਮੁਖਿ ਮਨੁ ਬੇਧਿਆ, ਅਸਥਿਰੁ ਹੋਇ ॥ ਹੁਕਮੁ ਪਛਾਣੈ, ਬੂਝੈ ਸਚੁ ਸੋਇ ॥ (ਗਉੜੀ/ਮ : ੩/੨੩੨), ਜਬ ਇਨਿ ਅਪੁਨੋ, ਬਾਧਿਓ ਮੋਹਾ ॥ ਆਵੈ ਜਾਇ, ਸਦਾ ਜਮਿ (ਨੇ) ਜੋਹਾ (ਤੱਕਿਆ)॥ ਜਬ ਇਸ ਤੇ, ਸਭ ਬਿਨਸੇ ਭਰਮਾ ॥ ਭੇਦੁ ਨਾਹੀ ਹੈ, ਪਾਰਬ੍ਰਹਮਾ ॥’’ (ਗਉੜੀ ਗੁਆਰੇਰੀ/ਮ : ੫/੨੩੫), ਆਦਿ।

ਆਓ ! ਗੁਰ ਸ਼ਬਦ ਰਾਹੀਂ ਬੇਨਤੀ ਕਰੀਏ ਕਿ ਸੁਤ, ਦਾਰਾ (ਪੁੱਤਰ, ਇਸਤ੍ਰੀ) ਦੀ ਪ੍ਰੀਤ ਤੋਂ ਉੱਪਰ ਉੱਠ ਕੇ ਸਾਡਾ ਮਨ, ਗੁਰੂ ਦੇ ਸ਼ਬਦ ’ਚ ਜੁੜਿਆ ਰਹੇ ਤੇ ਅਸੀਂ ਸੰਸਾਰੀ ਮਮਤਾ ਦੇ ਚਿੱਕੜ ’ਚ ਫਸਣ ਦੀ ਬਜਾਇ ਉੱਤਮ ਮੱਤ (ਬਿਬੇਕ) ਗ੍ਰਹਿਣ ਕਰ ਕੇਵਲ ਪ੍ਰਭੂ ਦੀ ਯਾਦ ਨੂੰ ਹੀ ਆਪਣੇ ਹਿਰਦਿਆਂ ’ਚ ਵਸਾਈਏ : ‘‘ਅਸੰਖ ਅਵਗਣ ਖਤੇ ਫੇਰੇ; ਨਿਤਪ੍ਰਤਿ ਸਦ ਭੂਲੀਐ॥ ਮੋਹ ਮਗਨ ਬਿਕਰਾਲ ਮਾਇਆ; ਤਉ ਪ੍ਰਸਾਦੀ ਘੂਲੀਐ॥ ਲੂਕ ਕਰਤ ਬਿਕਾਰ ਬਿਖੜੇ; ਪ੍ਰਭ, ਨੇਰ ਹੂ ਤੇ ਨੇਰਿਆ॥ ਬਿਨਵੰਤਿ ਨਾਨਕ, ਦਇਆ ਧਾਰਹੁ; ਕਾਢਿ ਭਵਜਲ ਫੇਰਿਆ॥ (ਜੈਤਸਰੀ/ਮ : ੫/੭੦੪), ਹਰਿ ਦਇਆ ਪ੍ਰਭ ! ਧਾਰਹੁ, ਪਾਖਣ ਹਮ ਤਾਰਹੁ; ਕਢਿ ਲੇਵਹੁ ਸਬਦਿ ਸੁਭਾਇ ਜੀਉ !॥ ਮੋਹ ਚੀਕੜਿ ਫਾਥੇ !  ਨਿਘਰਤ ਹਮ ਜਾਤੇ, ਹਰਿ ਬਾਂਹ ਪ੍ਰਭੂ !  ਪਕਰਾਇ ਜੀਉ !॥’’ (ਆਸਾ/ਮ : ੪/੪੪੬-੪੭)

(44). ਰਿਸ਼ਵਤ (ਵੱਢੀ) ਲੈਣੀ : ਸਤਿਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਇੱਜ਼ਤ ਨਾਲ਼ ਜਿਊਂਣ ਲਈ ਭਾਵ ਕਿ ਜ਼ਿੰਦਗੀ ਦਾ ਸਹੀ ਰਸਤਾ ਦਰਸਾਉਣ ਲਈ ਬਹੁਤ ਹੀ ਪਿਆਰੇ, ਅਨਮੋਲਕ ਬਚਨ ਉਚਾਰੇ ਹਨ : ‘‘ਘਾਲਿ ਖਾਇ, ਕਿਛੁ ਹਥਹੁ ਦੇਇ॥ ਨਾਨਕ  ! ਰਾਹੁ ਪਛਾਣਹਿ ਸੇਇ॥ (ਮ : ੧/੧੨੪੫), ਪਰ ਮਿਹਨਤ ਨਾਲ਼ ਕਮਾ ਕੇ, ਆਪਣਾ ਜੀਵਨ ਨਿਰਬਾਹ ਕਰਨ ਦੀ ਬਜਾਇ ਮਨੁੱਖ ਦੂਸਰੇ ਦਾ ਹੱਕ ਮਾਰਨ ’ਤੇ ਨਿਗਾਹ ਰੱਖਦਾ ਹੈ ਤੇ ਅਨੇਕਾਂ ਪਰਪੰਚ (ਠੱਗੀਆਂ, ਛਲ ਕਪਟ) ਕਰ ਕੇ ਪਰਾਇਆ ਧਨ ਇਕੱਠਾ ਕਰਦਾ ਹੈ; ਜਿਵੇਂ ਕਿ ਭਗਤ ਕਬੀਰ ਜੀ ਦੇ ਵਚਨ ਹਨ : ‘‘ਬਹੁ ਪਰਪੰਚ ਕਰਿ, ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ ਆਨਿ ਲੁਟਾਵੈ ॥’’ (ਸੋਰਠਿ/ਭਗਤ ਕਬੀਰ ਜੀ/੬੫੬), ਮਾਇਆ ਮੋਹ ’ਚ ਗ਼ਲਤਾਨ ਮਨੁੱਖ ਇਹ ਵੀ ਭੁੱਲ ਜਾਂਦਾ ਹੈ ਕਿ ਅੰਤ ਇਸ ਸੰਸਾਰ ਤੋਂ ਖ਼ਾਲੀ ਹੱਥ ਹੀ ਜਾਣਾ ਪਵੇਗਾ ਤੇ ‘‘ਕਰਮੀ ਆਪੋ ਆਪਣੀ’’ ਦੇ ਅਟੱਲ ਨਿਯਮ ਤਹਿਤ ਲੇਖਾ ਭਾਵ ਉਸ ਦੀ ਆਪਣੀ ਜਿੰਦ ਨੂੰ ਹੀ ਨਤੀਜਾ ਭੁਗਤਣਾ ਪੈਣਾ ਹੈ। ਗੁਰੂ ਨਾਨਕ ਪਾਤਸ਼ਾਹ; ਮਾਯਾ ਧਨ ਖ਼ਾਤਰ ਮਨੁੱਖ ਦੀ ਹੁੰਦੀ ਖ਼ੁਆਰੀ ਦਾ ਜ਼ਿਕਰ ਇੰਞ ਕਰਦੇ ਹਨ : ‘‘ਇਸੁ ਜਰ (ਮਾਯਾ ਧਨ) ਕਾਰਣਿ ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਨ ਜਾਈ॥’’ (ਆਸਾ/ਮ : ੧/੪੧੭) ਰਿਸ਼ਵਤ ਲੈ ਕੇ ਝੂਠੀਆਂ ਗਵਾਹੀਆਂ ਦੇਣ ਵਾਲ਼ਿਆਂ ਦਾ ਜ਼ਿਕਰ ਕਰਦਿਆਂ ਗੁਰੂ ਜੀ ਫ਼ੁਰਮਾਉਂਦੇ ਹਨ ਕਿ ਅਜਿਹੇ ਲੋਕਾਂ ਦੇ ਗਲ਼ ’ਚ ਕੁਮੱਤ ਦੀ ਫਾਹੀ ਪਈ ਹੁੰਦੀ ਹੈ, ਜਿਸ (ਲਾਲਚ) ਕਾਰਨ ਚੋਰਾਂ ਦੀ ਵੀ ਹਾਮੀ (ਗਵਾਹੀ) ਭਰਨ ਨੂੰ ਬੁਰਾ ਨਹੀਂ ਮਨਾਉਂਦੇ, ਆਪ ਹਾਮੀ ਭਰਨ ਵੀ ਚਲੇ ਜਾਂਦੇ ਹਨ : ‘‘ਲੈ ਕੈ ਵਢੀ, ਦੇਨਿ ਉਗਾਹੀ; ਦੁਰਮਤਿ ਕਾ ਗਲਿ ਫਾਹਾ ਹੇ॥’’ (ਮਾਰੂ ਸੋਲਹੇ/ਮ : ੧/੧੦੩੨), ਪਰ ਧਰਮੀ ਬੰਦੇ ਇਸ ਝੂਠ ਨੂੰ ਸਮਝਦੇ ਹੋਏ ‘‘ਚੋਰ ਕੀ ਹਾਮਾ, ਭਰੇ ਨ ਕੋਇ ॥ ਚੋਰੁ ਕੀਆ, ਚੰਗਾ ਕਿਉ ਹੋਇ ?॥’’ (ਧਨਾਸਰੀ/ਮ : ੧/੬੬੨) ਸਿਧਾਂਤ ਦੇ ਪਾਰਖੂ (ਧਾਰਨੀ) ਹੁੰਦੇ ਹਨ।

ਗੁਰੂ ਜੀ ਫ਼ੁਰਮਾਉਂਦੇ ਹਨ ਕਿ ਗੁਰੂ ਪੈਗ਼ੰਬਰ ਵੱਲੋਂ ਤਾਂ ਹੀ ਬਖ਼ਸ਼ਸ਼ ਦਾ ਥਾਪੜਾ ਮਿਲਦਾ ਹੈ ਜੇਕਰ ਮਨੁੱਖ ਪਰਾਇਆ ਹੱਕ ਮਾਰਨ ਬਾਰੇ ਨਹੀਂ ਸੋਚਦਾ : ‘‘ਗੁਰੁ ਪੀਰੁ ਹਾਮਾ ਤਾ ਭਰੇ; ਜਾ ਮੁਰਦਾਰੁ ਨ ਖਾਇ॥’’ (ਮਾਝ ਕੀ ਵਾਰ/ਮ : ੧/੧੪੧) ਸੋ ਫ਼ੈਸਲਾ ਸਾਡੇ ਆਪਣੇ ਹੱਥ ਹੀ ਹੁੰਦਾ ਹੈ ਕਿ ਅਸੀਂ ਗੁਰੂ ਜੀ ਦੀ ਮਿਹਰ ਦਾ ਪਤਰ ਬਣਨਾ ਹੈ ਜਾਂ ਗੁਰੂ ਜੀ ਤੋਂ ਬੇਮੁੱਖ ਹੋ ਕੇ ਆਪਣੇ ਭਾਣੇ (ਮਨਮਤ) ਅਨੁਸਾਰ ਹੀ ਚੱਲਦੇ ਰਹਿਣਾ ਹੈ।

ਨੋਟ : ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਮਨ ਦੀਆਂ ਚਤੁਰਾਈਆਂ ਨਾਲ਼ ਭਾਵ ਕਿ ਪਰਾਏ ਹੱਕ ਨੂੰ ਮਾਰਨ ਉਪਰੰਤ ਉਸ ’ਚੋਂ ਕੁਝ ਦਾਨ ਆਦਿ ਦੇਣ ਨਾਲ਼ ਹਰਾਮ ਦੀ ਕਮਾਈ, ਹੱਕ ਹਲਾਲ ਦੀ ਨਹੀਂ ਹੋ ਨਿਬੜਦੀ; ਗੁਰੂ ਜੀ ਦੇ ਵਾਕ ਵਾਕਿਆ ਈ ਮਨ ਨੂੰ ਟੁੰਬ ਜਾਂਦੇ ਹਨ ਤੇ ਸੱਚ ਕਮਾਉਣ ਲਈ ਪ੍ਰੇਰਿਤ ਕਰਦੇ ਹਨ : ‘‘ਮਾਰਣ ਪਾਹਿ ਹਰਾਮ ਮਹਿ; ਹੋਇ ਹਲਾਲੁ ਨ ਜਾਇ॥ ਨਾਨਕ ! ਗਲੀ ਕੂੜੀਈ; ਕੂੜੋ ਪਲੈ ਪਾਇ ॥’’ (ਮਾਝ ਕੀ ਵਾਰ/ਮ : ੧/੧੪੧)

(45). ਰੀਤੀ ਰਿਵਾਜ : ਸਮਾਜਿਕ ਦਬਾਅ (ਲੋਕ ਲਾਜ) ਅਤੇ ਆਪਣੇ ਝੂਠੇ ਅਹੰਕਾਰ ਕਰਕੇ ਅੱਜ ਅਸੀਂ ਥੋਥੀਆਂ ਰਸਮਾਂ ’ਚ ਐਨਾ ਗ਼ਲਤਾਨ ਹੋ ਚੁੱਕੇ ਹਾਂ ਕਿ ਅਨਮੋਲਕ ਜਿੰਦ (ਰੂਹ/ਸਰੀਰ) ਨੂੰ ਖ਼ੁਦਕੁਸ਼ੀਆਂ ਕਰ ਕੇ ਖ਼ਤਮ ਕਰਨ ਦੀ ਨੌਬਤ ਆਣ ਪੁੱਜੀ ਹੈ। ਰੀਤ ਦਾ ਅਰਥ ਤਰੀਕਾ, ਢੰਗ ਭਾਵ ਮਰਯਾਦਾ ਹੈ ਤੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਅਜਿਹੀ ਰੀਤ ਤੇ ਰਸਮ ਨੂੰ ਸਾੜ ਦੇਣਾ ਹੀ ਬਿਹਤਰ ਹੈ ਜਿਸ ਕਰਕੇ ਰੱਬ ਹੀ ਭੁੱਲ ਜਾਵੇ : ‘‘ਜਾਲਉ ਐਸੀ ਰੀਤਿ; ਜਿਤੁ ਮੈ ਪਿਆਰਾ ਵੀਸਰੈ ॥ ਨਾਨਕ ! ਸਾਈ ਭਲੀ ਪਰੀਤਿ; ਜਿਤੁ, ਸਾਹਿਬ ਸੇਤੀ ਪਤਿ ਰਹੈ ॥’’ (ਮ : ੧/੫੯੦)

ਬਹੁਤਾਤ ਸੰਸਾਰੀ ਰਸਮਾਂ; ਰੱਬ ਤੋਂ ਦੂਰ ਕਰਦੀਆਂ ਹਨ, ਖ਼ਾਸ ਕਰਕੇ ਆਪਣੇ ਮਨ ’ਚੋ ਰੱਬ ਦਾ ਭਉ (ਡਰ ਅਦਬ) ਵਿਸਾਰ ਚੁੱਕੇ ਮਨੁੱਖ (ਬੇਮੁੱਖ) ਦੀ ਜੀਵਨਸ਼ੈਲੀ ਹੀ ਐਸੀ ਬਣ ਜਾਂਦੀ ਹੈ ਕਿ ਉਹ ਸਾਰਾ ਕੁਝ ਬੇਮੁਖਤਾ ਅਨੁਸਾਰ ਕਰਦਾ ਜਾਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਸਾਕਤ ਕੀ, ਐਸੀ ਹੈ ਰੀਤਿ ॥ ਜੋ ਕਿਛੁ ਕਰੈ, ਸਗਲ ਬਿਪਰੀਤਿ॥’’ (ਗਉੜੀ/ਮ : ੫/੧੯੫), ਪਰ ਦੂਜੇ ਪਾਸੇ ਗੁਰੂ ਵੱਲੋਂ ਬਖ਼ਸ਼ੀ ਰੀਤ ਮਨੁੱਖ ਨੂੰ ਰੱਬ ਦੇ ਨੇੜੇ ਕਰਨ ’ਚ ਸਹਾਇਕ ਹੁੰਦੀ ਹੈ। ਗੁਰੂ ਦੀ ਸਿੱਖਿਆ ਮੰਨ ਕੇ ਜਦ ਗੁਰੂ ਕਿਰਪਾ ਸਦਕਾ ਮਨ ’ਚੋ ਅਹੰਕਾਰ ਦੂਰ ਹੋਣ ਲੱਗੇ ਤਾਂ ਮਨ ਸਹਿਜੇ ਹੀ ਗਾ ਉੱਠਦਾ ਹੈ : ‘‘ਪ੍ਰਥਮੇ ਤਿਆਗੀ, ਹਉਮੈ ਪ੍ਰੀਤਿ ॥ ਦੁਤੀਆ ਤਿਆਗੀ, ਲੋਗਾ ਰੀਤਿ ॥’’ (ਆਸਾ/ਮ : ੫/੩੭੦)

ਹੁਣ ਗੁਰ ਸ਼ਬਦ ਨਾਲ਼ ਜੁੜੇ ਮਨੁੱਖ ਨੂੰ ਲੋਕ ਲਾਜ ਤੇ ਲੋਕਾਚਾਰੀ ਰਸਮਾਂ ਦੀ ਕੋਈ ਪ੍ਰਵਾਹ ਨਹੀਂ ਰਹਿੰਦੀ ਕਿਉਂਕਿ ਪ੍ਰਭੂ ਨਾਲ਼ ਪਿਆਰ ਹੀ ਉਸ ਦੀ ਜੀਵਨ ਜੁਗਤ ਬਣ ਜਾਂਦੀ ਹੈ : ‘‘ਹਰਿ ਮੇਰੀ ਪ੍ਰੀਤਿ, ਰੀਤਿ ਹੈ ਹਰਿ ਮੇਰੀ; ਹਰਿ ਮੇਰੀ ਕਥਾ ਕਹਾਨੀ ਜੀ॥ ਗੁਰ ਪ੍ਰਸਾਦਿ ਮੇਰਾ ਮਨੁ ਭੀਜੈ; ਏਹਾ ਸੇਵ ਬਨੀ ਜੀਉ॥’’ (ਗੂਜਰੀ/ਮ : ੩/੪੯੦), ਫ਼ੈਸਲਾ ਸਾਡੇ ਆਪਣੇ ਹੀ ਹੱਥ ਹੈ ਕਿ ਅਸੀਂ ਕਿਹੜੀ ਰੀਤ ਨੂੰ ਧਾਰਨ ਕਰਨਾ ਹੈ।

(46). ਰੱਖੜੀ : ਰੱਖੜੀ, ਟਿੱਕਾ (ਭਾਈ ਦੂਜ) ਗਾਨੇ ਬੰਨ੍ਹਣਾ ਤੇ ਮੌਲ਼ੀਆਂ ਬੰਨ੍ਹਣਾ ਆਦਿ ਰਸਮਾਂ; ਬ੍ਰਾਹਮਣੀ ਸੋਚ ਦੀ ਕਾਢ (ਉਪਜ) ਹਨ, ਜਿਨ੍ਹਾਂ ਨੂੰ ਬੜੀ ਚਲਾਕੀ ਨਾਲ਼ ਤਿਉਹਾਰ ਬਣਾ ਦਿੱਤਾ ਗਿਆ ਹੈ। ਰੱਖੜੀ ਦੇ ਤਿਉਹਾਰ ਰਾਹੀਂ ਬ੍ਰਾਹਮਣ ਵੱਲੋਂ ਔਰਤ ਨੂੰ ਇਹ ਸੁਨੇਹਾ ਦਿੱਤਾ ਜਾਂਦਾ ਹੈ ਕਿ ਉਹ ਕਮਜ਼ੋਰ ਹੈ ਤੇ ਆਪਣੀ ਰੱਖਿਆ ਆਪ ਕਰਨ ਤੋਂ ਅਸਮਰਥ ਹੈ।  ਸਮਾਜ ’ਚ ਜੇਕਰ ਉਸ ਨੇ ਜਿਊਂਦੀ ਰਹਿਣਾ ਹੈ ਤਾਂ ਮਰਦ ਦੀ ਅਧੀਨਗੀ ’ਚ ਰਹਿਣਾ ਹੀ ਪਵੇਗਾ, ਪਰ ਸਿੱਖ ਧਰਮ; ਔਰਤ ਨੂੰ ਅਬਲਾ (ਬਲਹੀਣ) ਤੇ ਗ਼ੁਲਾਮ ਬਣਾਉਣ ਦੀ ਬਜਾਇ ਸ਼ਸਤਰਧਾਰੀ ਹੋ ਕੇ, ਆਪਣੀ ਰੱਖਿਆ ਆਪ ਹੀ ਕਰਨ ਦੀ ਜਾਚ ਸਿਖਾਉਂਦਾ ਹੈ। ਕੇਵਲ ਸਿੱਖ ਧਰਮ ਹੀ ਹੈ ਜਿੱਥੇ ਮਾਤਾ ਭਾਗ ਕੌਰ ਵਰਗੀ ਜੁਝਾਰੂ ਔਰਤ ਇੱਕ ਜਰਨੈਲ ਵਜੋਂ ਅਗਵਾਈ ਕਰ ਸਕਦੀ ਹੈ ਤੇ ਅਜਿਹੀ ਅਗਵਾਈ ਨੂੰ ਸਤਿਕਾਰ ਸਹਿਤ ਕਬੂਲਿਆ ਵੀ ਜਾਂਦਾ ਹੈ।

ਮਰਦਾਂ ਨਾਲ਼ ਪੂਰਨ ਬਰਾਬਰੀ ਦਾ ਅਧਿਕਾਰ ਰੱਖਦੀ, ਸੁਤੰਤਰ ਹਸਤੀ ਦੀ ਮਾਲਕ ਸਿੱਖ ਔਰਤ ਗੁਰ ਉਪਦੇਸ਼ ਨੂੰ ਵੀ ਭਲੀ ਭਾਂਤ ਸਮਝਦੀ ਹੈ ਤੇ ਆਪਣੀ ਅਖੌਤੀ ਰੱਖਿਆ ਦਾ ਬੋਝ ਕਿਸੇ ਮਨੁੱਖ ’ਤੇ ਪਾਉਣ ਦੀ ਬਜਾਇ, ਗੁਰੂ ਸਾਹਿਬਾਨ ਦੇ ਇਹ ਬਚਨ ਹਮੇਸ਼ਾ ਦ੍ਰਿੜ੍ਹ ਕਰ ਲੈਂਦੀ ਹੈ : ‘‘ਜਹ ਮਾਤ ਪਿਤਾ ਸੁਤ ਭਾਈ ਨ ਪਹੁਚੈ; ਤਹਾ ਤਹਾ ਤੂ ਰਖਾ ॥’’ (ਸਾਰੰਗ/ਮ : ੫/੧੨੧੨)

ਯਕੀਨਨ  ! ਜਦ ਇਹ ਦ੍ਰਿੜ੍ਹ ਹੋ ਜਾਏ ਕਿ ‘‘ਹਰਿ ਬਿਨੁ, ਕੋਈ ਮਾਰਿ ਜੀਵਾਲਿ ਨ ਸਕੈ; ਮਨ  ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ॥’’ (ਮ : ੩/੫੯੪) ਤਾਂ ਮਨੁੱਖ ‘‘ਰਾਖਾ ਏਕੁ ਹਮਾਰਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥’’ (ਭੈਰਉ/ਮ: ੫/੧੧੩੬) ਦੀ ਧੁਨ ’ਚ ਟਿਕਿਆ, ਹਮੇਸ਼ਾਂ ਨਿਰਭਉ ਰੱਬ ’ਤੇ ਨਿਰਵੈਰ ਹੋ ਕੇ ਵਿਚਰਦਾ ਹੈ। ਰਹੀ ਗੱਲ ਭੈਣ ਭਰਾ ਦੇ ਪਿਆਰ ਦੀ ਤਾਂ ਯਾਦ ਰੱਖੀਏ ਕਿ ਪਿਆਰ ਕਿਸੇ ਕੱਚੇ ਧਾਗੇ ਦਾ ਮੁਥਾਜ ਨਹੀਂ ਹੁੰਦਾ। ਗੁਰਮਤਿ ’ਚ ਕੇਵਲ ਗੁਰੂ ਤੇ ਪ੍ਰਮਾਤਮਾ ਨਾਲ਼ ਮੋਹ ਪਾਉਣ ਨੂੰ ਹੀ ਜਾਇਜ਼ ਮੰਨਿਆ ਗਿਆ ਹੈ। ਸੰਸਾਰੀ ਰਿਸ਼ਤਿਆਂ ਬਾਰੇ ਗੁਰ ਬਚਨ ਇਸ ਤਰ੍ਹਾਂ ਹਨ : ‘‘ਕਾ ਕੀ ਮਾਈ  ? ਕਾ ਕੋ ਬਾਪ ? ॥ ਨਾਮ ਧਾਰੀਕ, ਝੂਠੇ ਸਭਿ ਸਾਕ ॥ (ਗਉੜੀ/ਮ : ੫/੧੮੮), ਹੋਰੁ ਸਭ ਪ੍ਰੀਤਿ, ਮਾਇਆ ਮੋਹੁ ਕਾਚਾ ॥ ਬਿਨਸਿ ਜਾਇ, ਕੂਰਾ ਕਚੁ ਪਾਚਾ ॥ ਜਨ ਨਾਨਕ ਪ੍ਰੀਤਿ, ਤ੍ਰਿਪਤਿ ਗੁਰੁ ਸਾਚਾ॥’’ (ਗਉੜੀ ਗੁਆਰੇਰੀ/ਮ : ੪/੧੬੪)

ਸੋ, ਯਾਦ ਰੱਖੀਏ ਕਿ ਰੱਖੜੀ ਪੰਜਾਬੀ ਸਭਿਆਚਾਰ ਦਾ ਹਿੱਸਾ ਨਹੀਂ ਹੈ ਤੇ ਰੱਖੜੀ ਦੇ ਵਪਾਰ (ਤਿਉਹਾਰ) ਦਾ ਸਿੱਖੀ ਨਾਲ਼ ਕੋਈ ਲੈਣਾ ਦੇਣਾ ਵੀ ਨਹੀਂ ਹੈ। ਇਹ ਵੀ ਵਿਚਾਰਨਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜ੍ਹੇ, ਪਾਲਕੀ ਆਦਿ ਨੂੰ ਰੱਖੜੀਆਂ ਬੰਨ੍ਹਣੀਆਂ ਸਰਾਸਰ ਮੂਰਖਤਾ ਦੀ ਨਿਸ਼ਾਨੀ ਹੈ। ਆਓ ! ਰੱਖੜੀ ਤੇ ਹੋਰ ਅਨਮਤੀ ਤਿਉਹਾਰ ਮਨਾਉਣ ਤੋਂ ਤੋਬਾ ਕਰੀਏ, ਨਹੀਂ ਤਾਂ ਹਰ ਇੱਕ ਲਈ ਇਹ ਕਹਿਣਾ ਆਸਾਨ ਹੁੰਦਾ ਚਲਾ ਜਾਵੇਗਾ ਕਿ ਸਿੱਖ, ਹਿੰਦੂ ਹੀ ਹੁੰਦੇ ਹਨ।

(47). ਰੁੱਖਾ/ਖਰਵਾ (ਕੌੜਾ) ਬੋਲਣਾ : ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਫ਼ੁਰਮਾਨ ਹੈ ਕਿ ਰੁੱਖਾ ਬੋਲਣ ਵਾਲੇ ਮਨੁੱਖ ਦਾ ਤਨ ਮਨ ਰੁੱਖਾ ਹੋ ਜਾਂਦਾ ਹੈ ਤੇ ਪ੍ਰੇਮ ਤੋਂ ਸੱਖਣੇ ਅਜਿਹੇ ਮੂਰਖ ਨੂੰ ਫਿਟਕਾਰਾਂ ਪੈਂਦੀਆਂ ਹਨ, ਜਿਸ ਕਾਰਨ ਉਹ ਰੱਬ ਦੀ ਦਰਗਾਹ ਤੋਂ ਵੀ ਫਿਟਕਾਰਿਆ ਜਾਂਦਾ ਹੈ : ‘‘ਨਾਨਕ  ! ਫਿਕੈ ਬੋਲਿਐ; ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ; ਫਿਕੇ ਫਿਕੀ ਸੋਇ ॥ ਫਿਕਾ ਦਰਗਹ ਸਟੀਐ; ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ; ਪਾਣਾ ਲਹੈ ਸਜਾਇ ॥’’ (ਆਸਾ ਕੀ ਵਾਰ/ਮ : ੧/੪੭੩)

ਅਸਲ ਵਿੱਚ ਜਿਸ ਮਨੁੱਖ ਦਾ ਪ੍ਰਭੂ ਦੇ ਨਾਮ (ਗੁਣਾਂ/ਸਿਫ਼ਤ) ਨਾਲ਼ ਪਿਆਰ ਨਹੀਂ ਪੈਂਦਾ ਤੇ ਨਾ ਹੀ ਜਿਸ ਦਾ ਮਨ ਸਤਿਗੁਰੂ ਦੇ ਸ਼ਬਦ ’ਚ ਭਿੱਜਦਾ ਹੈ, ਉਹ ਮਨੁੱਖ ਰਸਨਾ ਨਾਲ਼ ਫਿੱਕਾ ਬੋਲ ਕੇ, ਸਦਾ ਖ਼ੁਆਰੀ ਹੀ ਖੱਟਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਸਬਦੈ ਸਾਦੁ ਨ ਆਇਓ; ਨਾਮਿ (’ਚ) ਨ ਲਗੋ ਪਿਆਰੁ॥ ਰਸਨਾ ਫਿਕਾ ਬੋਲਣਾ; ਨਿਤ ਨਿਤ ਹੋਇ ਖੁਆਰੁ॥’’ (ਮ : ੩/੫੯੪) ਅਕਾਲ ਪੁਰਖ ਦੀ ਇਹ ਵਡਿਆਈ ਹੈ ਕਿ ਉਹ ਸਾਡੇ ਔਗੁਣਾਂ ਨੂੰ ਚੇਤੇ ਨਹੀਂ ਰੱਖਦਾ, ਇਸ ਲਈ ਉਹ ਕੌੜਾ ਬੋਲਣਾ ਵੀ ਨਹੀਂ ਜਾਣਦਾ ਹੈ : ‘‘ਮਿਠ ਬੋਲੜਾ ਜੀ ! ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ! ਓਹੁ ਕਦੇ ਨ ਬੋਲੈ ਕਉਰਾ ॥’’ (ਸੂਹੀ/ਮ : ੫/੭੮੪), ਪਰ ਦਿਲਾਸਾ ਦੇਣ ਵਾਲੀ ਹਕੀਕਤ ਹੈ ਕਿ ਗੁਰੂ ਦੇ ਸ਼ਬਦ ਦੀ ਰਾਹੀਂ ਉੱਚਾ ਆਚਰਨ ਬਣਾਉਣ ਨਾਲ਼ ਮਨੁੱਖ ਵੀ ਉੱਚੀ ਸੋਚਣੀ ਦਾ ਮਾਲਕ ਬਣ ਜਾਂਦਾ ਹੈ ਤੇ ਉਹ ਵੀ ਰੱਬ ਵਾਙ ਵਿਗੜੇ ਬੋਲ ਬੋਲਣ ਤੋਂ ਬਚਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਅਸੀ ਬੋਲਵਿਗਾੜ, ਵਿਗਾੜਹ ਬੋਲ ॥ ਤੂ ਨਦਰੀ ਅੰਦਰਿ, ਤੋਲਹਿ ਤੋਲ ॥ ਜਹ ਕਰਣੀ, ਤਹ ਪੂਰੀ ਮਤਿ ॥ ਕਰਣੀ ਬਾਝਹੁ, ਘਟੇ ਘਟ ॥’’ (ਸਿਰੀਰਾਗੁ/ਮ : ੧/੨੫)

ਸ਼ੇਖ ਫ਼ਰੀਦ ਜੀ ਤਾਂ ਸਾਨੂੰ ਇੱਕ ਵੀ ਫਿੱਕਾ ਬਚਨ ਨਾ ਬੋਲਣ ਦੀ ਹਿਦਾਇਤ ਕਰਦੇ ਹਨ। ਜੇ ਕਰ ਅਸੀਂ ਨਿਮਰਤਾ (ਹਲੀਮੀ), ਮਿੱਠਾ ਬੋਲਣ ਅਤੇ ਦੂਜੇ ਦੀ ਵਧੀਕੀ ਨੂੰ ਕੁਝ ਸਹਾਰਨ ਦੀ ਜਾਚ ਸਿੱਖ ਲਈਏ ਤਾਂ ਸਹਿਜੇ ਹੀ ਰੱਬੀ ਬਖ਼ਸ਼ਸ਼ ਵਾਲ਼ੀ ਦਾਤ ਪ੍ਰਾਪਤ ਕੀਤੀ ਜਾ ਸਕਦੀ ਹੈ। ਸ਼ੇਖ ਜੀ ਦੇ ਬਚਨ ਹਨ : ‘‘ਇਕੁ, ਫਿਕਾ ਨ ਗਾਲਾਇ; ਸਭਨਾ ਮੈ ਸਚਾ ਧਣੀ ॥ ਹਿਆਉ, ਨ ਕੈਹੀ ਠਾਹਿ; ਮਾਣਕ, ਸਭ ਅਮੋਲਵੇ॥ (ਸ਼ੇਖ ਫਰੀਦ ਜੀ/੧੩੮੪), ਨਿਵਣੁ ਸੁ ਅਖਰੁ, ਖਵਣੁ ਗੁਣੁ; ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ! ਵੇਸ ਕਰਿ; ਤਾਂ ਵਸਿ ਆਵੀ ਕੰਤੁ॥’’ (ਸ਼ੇਖ ਫਰੀਦ ਜੀ/੧੩੮੪), ਯਾਦ ਰੱਖੀਏ ਕਿ ਮਿੱਠੇ ਬਚਨਾਂ ਨਾਲ਼ ਦੂਜੇ ਨਾਲ਼ ਪਿਆਰ ਦੀ ਗੰਢ ਪੈਂਦੀ ਹੈ (ਗੰਢੁ ਪਰੀਤੀ, ਮਿਠੇ ਬੋਲ ॥ ਮ : ੧/੧੪੩) ਪਰ ਮੰਦੇ ਬੋਲ ਬੋਲਿਆਂ ਦੂਜੇ ਦੀ ਪ੍ਰੀਤ ਟੁੱਟ ਵੀ ਜਾਂਦੀ ਹੈ (ਟੂਟਿ ਪਰੀਤਿ ਗਈ, ਬੁਰ ਬੋਲਿ (ਕੇ)॥ ਮ : ੧/੯੩੩) ਤਾਂ ਫਿਰ ਕਿਉਂ ਨਾ ਆਪਣੇ ਮਨ ਨੂੰ ਸਮਝਾ ਲਈਏ ਕਿ ਪ੍ਰਮਾਤਮਾ ਦੀ ਯਾਦ ਤੋਂ ਸੱਖਣੇ ਬੋਲ ਭਾਵ ਫਿੱਕਾ ਬੋਲਣ ਦੀ ਬਜਾਇ ਉਹੀ ਭਲੇ ਬੋਲ ਬੋਲਣੇ ਚਾਹੀਦੇ ਹਨ ਜਿਨ੍ਹਾਂ ਸਦਕਾ ਪ੍ਰਭੂ ਦੇ ਦਰ ’ਤੇ ਪ੍ਰਵਾਨ ਹੋਈਦਾ ਹੈ : ‘‘ਜਿਤੁ ਬੋਲਿਐ ਪਤਿ ਪਾਈਐ; ਸੋ ਬੋਲਿਆ ਪਰਵਾਣੁ ॥ ਫਿਕਾ ਬੋਲਿ (ਕੇ) ਵਿਗੁਚਣਾ; ਸੁਣਿ ਮੂਰਖ ਮਨ ਅਜਾਣ  !॥ ਜੋ ਤਿਸੁ ਭਾਵਹਿ, ਸੇ ਭਲੇ; ਹੋਰਿ ਕਿ ਕਹਣ ਵਖਾਣ ? ॥’’ (ਸਿਰੀਰਾਗੁ/ਮ : ੧/੧੫)

(48). ਲੋਭ : ਮਨੁੱਖੀ ਸਮਾਜ ਅੰਦਰ ਵਿਤਕਰਾ, ਅਸਮਾਨਤਾ ਤੇ ਜਿਹੜੀਆਂ ਮੁਸ਼ਕਲਾਂ, ਮੁਸੀਬਤਾਂ ਆਦਿ ਵਾਪਰਦੀਆਂ ਹਨ, ਉਨ੍ਹਾਂ ’ਚੋਂ ਬਹੁਤਾਤ ਦਾ ਮੂਲ ਕੇਵਲ ਲੋਭ ਹੀ ਹੁੰਦਾ ਹੈ। ਧਨਵਾਨ; ਆਪਣੇ ਲੋਭ ਕਰਕੇ, ਦੂਸਰੇ ਦਾ ਹੱਕ ਮਾਰ ਕੇ ਹੋਰ ਵੀ ਧਨਵਾਨ ਬਣਨਾ ਚਾਹੁੰਦਾ ਹੈ, ਸੱਤਾ ’ਚ ਬਣੇ ਰਹਿਣ ਲਈ ਗੱਦਾਰੀ ਬਿਰਤੀ ਵਾਲੇ ਲੋਭੀ ਲੀਡਰ; ਗੁਰੂ ਸਤਿਕਾਰ ਨੂੰ ਵੀ ਦਾਅ ’ਤੇ ਲਗਾਉਣ ਤੋਂ ਨਹੀਂ ਝਿਜਕਦੇ। ਮਾਇਆ ਦੇ ਪ੍ਰਭਾਵ ਅਧੀਨ, ਧਨ ਦੀ ਖ਼ਾਤਰ ਸਾਰੀ ਦੁਨੀਆ ਨੂੰ ਠੱਗਣ ਵਾਲਾ ਅਖੀਰ ਆਪ ਹੀ ਠੱਗਿਆ ਜਾਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਬਿਆਪਤ, ਧਨ ਨਿਰਧਨ ਪੇਖਿ ਸੋਭਾ॥ ਮੂਲੁ ਬਿਆਧੀ (ਅਸਲ ਰੋਗ), ਬਿਆਪਸਿ ਲੋਭਾ (ਪ੍ਰਭਾਵ ਪਾਉਂਦਾ ਲੋਭ)॥’’ (ਗਉੜੀ ਗੁਆਰੇਰੀ/ਮ : ੫/੧੮੨), ਮੋਹਨੀ, ਮੋਹਿ (ਨੇ) ਲੀਏ ਤ੍ਰੈ ਗੁਨੀਆ॥ ਲੋਭਿ ਵਿਆਪੀ, ਝੂਠੀ ਦੁਨੀਆ ॥ ਮੇਰੀ ਮੇਰੀ ਕਰਿ ਕੈ ਸੰਚੀ; ਅੰਤ ਕੀ ਬਾਰ ਸਗਲ ਲੇ ਛਲੀਆ ॥’’ (ਮਾਰੂ/ਮ : ੫/੧੦੦੪), ਸੰਸਾਰੀ ਜੀਵਾਂ ਦੇ ਲੋਭੀ ਕਾਰ ਵਿਹਾਰ (ਸੁਭਾਅ) ਨੂੰ ਉਜਾਗਰ ਕਰਨ ਲਈ ਲੋਭ ਨੂੰ ਮੁਖ਼ਾਤਬ ਹੁੰਦਿਆਂ ਹੋਇਆਂ ਪੰਚਮ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਹੇ ਲੋਭ ! ਤੇਰੇ ਪ੍ਰਭਾਵ ਨਾਲ਼ ਤਾਂ ਵੱਡੇ-ਵੱਡੇ ਵੀ ਅਨੇਕਾਂ ਤਰੀਕਿਆਂ ਨਾਲ਼ ਡੋਲ ਜਾਂਦੇ ਹਨ। ਤੇਰੇ ਵੱਸ ’ਚ ਆਉਣ ਕਰਕੇ ਜੀਵਾਂ ਨੂੰ ਕਿਸੇ ਵੀ ਮਿੱਤਰ, ਮਾਤਾ ਪਿਤਾ, ਸੰਬੰਧੀਆਂ ਤੇ ਇੱਥੋਂ ਤੱਕ ਕਿ ਗੁਰੂ ਦੀ ਵੀ ਕੋਈ ਸ਼ਰਮ ਨਹੀਂ ਰਹਿੰਦੀ। ਤੇਰੀਆਂ ਲਹਿਰਾਂ ’ਚ ਫਸਿਆ ਮਨੁੱਖ ਸਮਾਜ ’ਚ ਰਹਿ ਕੇ, ਅਜਿਹੇ ਕਲੋਲ (ਕੰਮ) ਕਰਦਾ ਹੈ, ਜੋ ਅਤਿ ਨਿੰਦਣਯੋਗ ਹੁੰਦੇ ਹਨ। ਇਸ ਲੋਭ ਤੋਂ ਪ੍ਰਮਾਤਮਾ ਦਾ ਆਸਰਾ ਲੈ ਕੇ ਹੀ ਬਚਿਆ ਜਾ ਸਕਦਾ ਹੈ : ‘‘ਹੇ ਲੋਭਾ  ! ਲੰਪਟ ਸੰਗ ਸਿਰਮੋਰਹ; ਅਨਿਕ ਲਹਰੀ ਕਲੋਲਤੇ ॥ ਧਾਵੰਤ ਜੀਆ ਬਹੁ ਪ੍ਰਕਾਰੰ; ਅਨਿਕ ਭਾਂਤਿ ਬਹੁ ਡੋਲਤੇ ॥  ਨਚ ਮਿਤ੍ਰੰ, ਨਚ ਇਸਟੰ, ਨਚ ਬਾਧਵ; ਨਚ ਮਾਤ ਪਿਤਾ ਤਵ ਲਜਯਾ ॥  ਅਕਰਣੰ ਕਰੋਤਿ ਅਖਾਦ੍ਹਿ ਖਾਦ੍ਹੰ; ਅਸਾਜ੍ਹੰ ਸਾਜਿ ਸਮਜਯਾ ॥  ਤ੍ਰਾਹਿ ਤ੍ਰਾਹਿ ਸਰਣਿ ਸੁਆਮੀ !  ਬਿਗ੍ਹਾਪਿ੍ਤ ਨਾਨਕ  ! ਹਰਿ ਨਰਹਰਹ ॥੪੮॥’’ (ਸਲੋਕ ਸਹਸਕ੍ਰਿਤ/ਮ: ੫/੧੩੫੮)

ਮਨੁੱਖ ਤਾਂ ਸੱਚੀ ਪ੍ਰੀਤ ਦੀ ਬਜਾਇ ਅਕਾਲ ਪੁਰਖ ਨਾਲ਼ ਆਪਣੀ ਸਾਂਝ ਵੀ ਲੋਭ ਕਰ ਕੇ ਹੀ ਪਾਉਂਦਾ ਹੈ, ਭਾਵੇਂ ਕਿ ਸਾਡੀ ਲੋਭੀ ਬਿਰਤੀ ਦੇ ਬਾਵਜੂਦ ਮਿਹਰਬਾਨ ਕਰਤਾ ਸਾਡੀ ਹਰ ਮੁਰਾਦ ਪੂਰੀ ਵੀ ਕਰਦਾ ਹੈ। ਪੰਚਮ ਪਾਤਸ਼ਾਹ ਜੀ ਦੇ ਵਚਨ ਹਨ : ‘‘ਅਪਨੇ ਲੋਭ ਕਉ, ਕੀਨੋ ਮੀਤੁ॥ ਸਗਲ ਮਨੋਰਥ, ਮੁਕਤਿ ਪਦੁ ਦੀਤੁ॥… ਅਪੁਨੈ ਸੁਆਇ (ਸੁਆਰਥ), ਰਿਦੈ ਲੈ ਧਾਰਿਆ ॥ ਦੂਖ ਦਰਦ ਰੋਗ, ਸਗਲ ਬਿਦਾਰਿਆ॥’’ (ਗਉੜੀ/ਮ : ੫/੧੯੫), ਮੇਰ ਤੇਰ ਜਾਂ ਲੋਭ ਦੀ ਫਾਹੀ ’ਚ ਫਸੇ ਰਹਿਣ ਕਰਕੇ ਮਨੁੱਖ ਨੂੰ ਕਦੀ ਵੀ ‘‘ਕਿਆ ਲੈ ਆਵਹਿ ? ਕਿਆ ਲੇ ਜਾਹਿ  ?॥’’ (ਬਿਲਾਵਲੁ ਥਿਤੀ/ਮ: ੧/੮੩੯) ਭਾਵ ਇੱਥੇ ਖ਼ਾਲੀ ਹੱਥ ਆਉਣ ਅਤੇ ਇੱਥੋਂ ਖ਼ਾਲੀ ਹੱਥ ਹੀ ਚਲੇ ਜਾਣ ਦੀ ਸਚਾਈ ਸਮਝ ਨਹੀਂ ਪੈਂਦੀ ਤੇ ਅੰਤ ਪਛਤਾਵੇ ਤੋਂ ਇਲਾਵਾ ਹੋਰ ਕੁਝ ਵੀ ਪੱਲੇ ਨਹੀਂ ਪੈਂਦਾ; ਜਿਵੇਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ : ‘‘ਕਰਣੋ ਹੁਤੋ, ਸੁ ਨਾ ਕੀਓ; ਪਰਿਓ, ਲੋਭ ਕੈ ਫੰਧ॥ ਨਾਨਕ !  ਸਮਿਓ ਰਮਿ ਗਇਓ; ਅਬ ਕਿਉ ਰੋਵਤ ? ਅੰਧ !॥’’ (ਸਲੋਕ/ਮ : ੯/੧੪੨੮), ਇਸ ਲਈ ਗੁਰ ਉਪਦੇਸ਼ ਵਜੋਂ ਗੁਰੂ ਸਾਹਿਬ ਜੀ ਸਾਨੂੰ ਲਾਲਚ ਨੂੰ ਛੱਡ ਦੇਣ ਦਾ ਹੁਕਮ ਕਰਦੇ ਹਨ ਕਿਉਂਕਿ ਕੱਲਰ ਵਿੱਚ ਖੇਤੀ ਬੀਜਣ ਨਾਲ਼ ਕੋਈ ਫ਼ਾਇਦਾ ਨਹੀਂ ਹੋਣ ਵਾਲ਼ਾ। ਝੂਠੇ ਲੋਭ ਨੂੰ ਤਿਆਗ ਦੇਣ ਨਾਲ਼ ਹੀ ਪ੍ਰਮਾਤਮਾ ਦੀ ਹੋਂਦ (ਹਸਤੀ, ਵਜੂਦ) ਦਾ ਅਨੁਭਵ ਹੁੰਦਾ ਹੈ ਤੇ ਹਿਰਦੇ ’ਚ ਸੱਚਾ ਸਾਹਿਬ ਵਸਣ ਨਾਲ਼ ਹਉਮੈ (ਮੈ-ਮੇਰੀ) ਦਾ ਰੋਗ ਮਿਟ ਜਾਂਦਾ ਹੈ। ਗੁਰ ਉਪਦੇਸ਼ ਇੰਞ ਹੈ : ‘‘ਕੂੜਾ ਲਾਲਚੁ ਛੋਡੀਐ; ਤਉ ਸਾਚੁ ਪਛਾਣੈ॥ ਗੁਰ ਕੈ ਸਬਦਿ ਸਮਾਈਐ; ਪਰਮਾਰਥੁ ਜਾਣੈ॥ ਇਹੁ ਮਨੁ ਰਾਜਾ ਲੋਭੀਆ; ਲੁਭਤਉ ਲੋਭਾਈ॥ ਗੁਰਮੁਖਿ ਲੋਭੁ ਨਿਵਾਰੀਐ; ਹਰਿ ਸਿਉ ਬਣਿ ਆਈ॥ ਕਲਰਿ ਖੇਤੀ ਬੀਜੀਐ; ਕਿਉ ਲਾਹਾ ਪਾਵੈ ?॥ ਮਨਮੁਖੁ ਸਚਿ ਨ ਭੀਜਈ; ਕੂੜੁ ਕੂੜਿ ਗਡਾਵੈ॥ ਲਾਲਚੁ ਛੋਡਹੁ ਅੰਧਿਹੋ ! ਲਾਲਚਿ (’ਚ) ਦੁਖੁ ਭਾਰੀ॥ ਸਾਚੌ ਸਾਹਿਬੁ ਮਨਿ ਵਸੈ; ਹਉਮੈ ਬਿਖੁ ਮਾਰੀ ॥’’ (ਆਸਾ/ਮ : ੧/੪੧੯) ਲੋਭ ਦੇ ਵਿਕਾਰ ਤੋਂ ਨਜਾਤ ਪਾਉਣਾ ਕਿੰਨਾ ਜ਼ਰੂਰੀ ਹੈ ! ਇਸ ਗੱਲ ਦਾ ਅੰਦਾਜ਼ਾ ਗੁਰੂ ਅਮਰਦਾਸ ਜੀ ਦੇ ਹੇਠਲੇ ਵਾਕ ਤੋਂ ਲਗਾਇਆ ਜਾ ਸਕਦਾ ਹੈ, ਜਿਸ ਰਾਹੀਂ ਗੁਰੂ ਜੀ ਸਾਨੂੰ ਸਾਵਧਾਨ ਕਰਦੇ ਹਨ ਕਿ ਕਿਸੇ ਲਾਲਚੀ ਇਨਸਾਨ ’ਤੇ ਕਦੀ ਵੀ ਯਕੀਨ ਨਾ ਕਰਨਾ ਕਿਉਂਕਿ ਅਜਿਹਾ ਲੋਭੀ ਮਨੁੱਖ ਉਸ ਥਾਂ ’ਤੇ ਧੋਖਾ ਦੇ ਜਾਂਦਾ ਹੈ, ਜਿੱਥੇ ਕੋਈ ਸਹਾਇਤਾ ਵੀ ਨਾ ਕਰ ਸਕੇ। ਅਜਿਹੇ ਲਾਲਚੀ ਮਨੁੱਖ; ਆਪ ਤਾਂ ਭਾਵੇਂ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਕੇ (ਇਸ ਸੰਸਾਰ ਤੋਂ) ਚਲੇ ਜਾਂਦੇ ਹਨ ਪਰ ਉਨ੍ਹਾਂ ਦੀ ਸੰਗਤ ਕਰਨ ਵਾਲੇ ਦੇ ਮੂੰਹ ’ਤੇ ਬਾਅਦ ’ਚ ਵੀ ਬਦਨਾਮੀ ਦਾ ਦਾਗ਼ ਹੀ ਲੱਗਦਾ ਹੈ : ‘‘ਲੋਭੀ ਕਾ, ਵੇਸਾਹੁ ਨ ਕੀਜੈ; ਜੇ ਕਾ ਪਾਰਿ ਵਸਾਇ ॥ ਅੰਤਿ ਕਾਲਿ, ਤਿਥੈ ਧੁਹੈ; ਜਿਥੈ ਹਥੁ ਨ ਪਾਇ ॥ ਮਨਮੁਖ ਸੇਤੀ ਸੰਗੁ ਕਰੇ; ਮੁਹਿ, ਕਾਲਖ ਦਾਗੁ ਲਗਾਇ ॥ ਮੁਹ ਕਾਲੇ, ਤਿਨ੍ਹ ਲੋਭੀਆਂ; ਜਾਸਨਿ ਜਨਮੁ ਗਵਾਇ॥’’ (ਸਲੋਕ ਵਾਰਾਂ ਤੇ ਵਧੀਕ/ਮ : ੩/੧੪੧੭)

ਸਿਰਫ਼ ਗੁਰੂ ਦੇ ਸ਼ਬਦ ਦੀ ਬਰਕਤ ਨਾਲ਼ ਹੀ ਲੋਭ ਦੇ ਵਿਕਾਰ ਨੂੰ ਦੂਰ (ਗੁਰ ਵਿਣੁ ਸਹਜੁ ਨ ਆਵਈ; ਲੋਭੁ ਮੈਲੁ ਨ ਵਿਚਹੁ ਜਾਇ॥ ਮ : ੩/੮੭) ਕੀਤਾ ਜਾ ਸਕਦਾ ਹੈ। ਸੋ, ਆਓ ! ਆਪਣੇ ਅਮੋੜ ਮਨ ਨੂੰ ਸਮਝਾਈਏ ਕਿ ਗੁਰ ਸ਼ਬਦ ਦੇ ਲੋਭ ਤੋਂ ਇਲਾਵਾ ਬਾਕੀ ਹੋਰ ਕਿਸੇ ਲੋਭ ਦੀ ਬੂਟੀ ਲਈ ਹੁਣ ਸਾਡੇ ਹਿਰਦੇ ਦੀ ਜ਼ਮੀਨ ’ਚ ਕੋਈ ਜਗ੍ਹਾ ਨਹੀਂ ਹੈ : ‘‘ਮਨ ਕਰਹਲਾ ! ਤੂੰ ਮੀਤੁ ਮੇਰਾ; ਪਾਖੰਡੁ ਲੋਭੁ ਤਜਾਇ॥ ਪਾਖੰਡਿ (ਕਰਕੇ) ਲੋਭੀ ਮਾਰੀਐ; ਜਮ ਡੰਡੁ ਦੇਇ ਸਜਾਇ॥ ਮਨ ਕਰਹਲਾ ! ਮੇਰੇ ਪ੍ਰਾਨ ਤੂੰ; ਮੈਲੁ ਪਾਖੰਡੁ ਭਰਮੁ ਗਵਾਇ॥ ਹਰਿ ਅੰਮ੍ਰਿਤ ਸਰੁ ਗੁਰਿ (ਨੇ) ਪੂਰਿਆ; ਮਿਲਿ ਸੰਗਤੀ ਮਲੁ ਲਹਿ ਜਾਇ ॥’’ (ਗਉੜੀ ਪੂਰਬੀ/ਮ : ੪/੨੩੪)

(49). ਵਹਿਮ ਭਰਮ : ਇਹ ਇੱਕ ਕੌੜਾ ਸੱਚ ਅਤੇ ਮਨੁੱਖ ਦੀ ਤ੍ਰਾਸਦੀ ਹੈ ਕਿ ਧਰਮੀ ਅਖਵਾਉਣ ਵਾਲ਼ਾ ਬੰਦਾ ਆਪਣਾ ਸਾਰਾ ਜਨਮ ਪਾਖੰਡਵਾਦ ਤੇ ਵਹਿਮਾਂ ਭਰਮਾਂ ਦੀ ਭਟਕਣਾ ’ਚ ਹੀ ਨਸ਼ਟ ਕਰ ਲੈਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਪਾਖੰਡ ਭਰਮ ਉਪਾਵ ਕਰਿ ਥਾਕੇ; ਰਿਦ ਅੰਤਰਿ ਮਾਇਆ ਮਾਇਆ ॥ (ਬਸੰਤੁ ਹਿੰਡੋਲ/ਮ : ੪/੧੧੭੮), ਸਗਲ ਜਨਮ ਭਰਮ ਹੀ ਭਰਮ ਖੋਇਓ; ਨਹ ਅਸਥਿਰੁ ਮਤਿ ਪਾਈ ॥ ਬਿਖਿਆਸਕਤ ਰਹਿਓ, ਨਿਸ ਬਾਸੁਰ; ਨਹ ਛੂਟੀ ਅਧਮਾਈ ॥’’ (ਸੋਰਠਿ/ਮ : ੯/੬੩੨)

ਕੀ ਕਾਰਨ ਹੈ ਕਿ ਸ਼ੇਰ ਦੇ ਜਬਾੜੇ ਨੂੰ ਆਪਣੇ ਹੱਥਾਂ ਨਾਲ਼ ਪਾੜਨ ਵਾਲ਼ਿਆਂ ਦੀ ਔਲਾਦ ਕਹਾਉਣ ਵਾਲੇ ਅਸੀਂ ਸਿੱਖ ਸੂਰਮੇ, ਅੱਜ ਬਿੱਲੀ ਨੂੰ ਦੇਖ ਕੇ ਹੀ ਡਰ ਜਾਂਦੇ ਹਾਂ ਕਿ ਪਿੱਛੇ ਮੁੜ ਚਲੀਏ ਭਾਈ ਜੀ ! ਬਿੱਲੀ ਰਸਤਾ ਕੱਟ ਗਈ ਹੈ ! ਕਿੱਧਰੇ ਜ਼ਰੂਰੀ ਕੰਮ ’ਤੇ ਜਾਣ ਲੱਗਿਆਂ ਭਾਵੇਂ ਆਪਣੇ ਪਰਵਾਰ ਦਾ ਹੀ ਕੋਈ ਮੈਂਬਰ ਜੇਕਰ ਛਿੱਕ ਮਾਰ ਦੇਵੇ ਤਾਂ ਵੀ ਸਾਨੂੰ ਝੱਟ ਹੀ ਨਿਰਾਸ਼ਾ ਹੋ ਜਾਂਦੀ ਹੈ ?

ਅਜਿਹੇ ਹੀ ਅਨੇਕਾਂ ਹੋਰ ਵਹਿਮਾਂ ਨੂੰ ਪਾਲ਼ਨ ਕਰਕੇ, ਅਸੀਂ ਖ਼ੁਆਰ ਹੋ ਰਹੇ ਹਾਂ ਕਿਉਂਕਿ ਸਾਡੀ ਆਪਣੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰੀ ਵਧ ਚੁੱਕੀ ਹੈ। ਗੁਰੂ ਅਰਜਨ ਦੇਵ ਜੀ ਉਪਦੇਸ਼ ਕਰਦੇ ਹਨ : ‘‘ਭਰਮੁ ਕੋਟੁ, ਮਾਇਆ ਖਾਈ; ਕਹੁ, ਕਿਤੁ ਬਿਧਿ ਤੋੜੀਐ ?॥ ਗੁਰੁ ਪੂਰਾ ਆਰਾਧਿ, ਬਿਖਮ ਦਲੁ ਫੋੜੀਐ॥’’ (ਗੂਜਰੀ ਕੀ ਵਾਰ/ਮ : ੫/੫੨੨)

ਗੁਰੂ ਭਰਮ ਦਾ ਕਿਲ੍ਹਾ ਤੋੜਨ ’ਚ ਪੂਰਨ ਸਮਰੱਥ ਹੈ (ਸੋ ਸਤਿਗੁਰੁ ਧਨੁ ਧੰਨੁ; ਜਿਨਿ ਭਰਮ ਗੜੁ ਤੋੜਿਆ॥ ਮ : ੫/੫੨੨) ਜੇ ਅਸੀਂ ਤਨ ਦੇਹੀ ਨਾਲ਼ ਸ਼ਬਦ ਗੁਰੂ ਨੂੰ ਅਪਣਾਵਾਂਗੇ ਤਾਂ ਗੁਰੂ ਦੀ ਬਖ਼ਸ਼ਸ਼ ਜ਼ਰੂਰ ਹੋਵੇਗੀ, ਫਿਰ ਉਹ ਦਿਨ ਦੂਰ ਨਹੀਂ ਜਦ ਸਾਡਾ ਮਨ ਗੁਰੂ ਦੇ ਪਿਆਰ ’ਚ ਆ ਕੇ, ਇਨ੍ਹਾਂ ਗੁਰ ਵਚਨਾਂ ਨੂੰ ਮਸਤੀ ’ਚ ਆ ਕੇ ਗਾ ਰਿਹਾ ਹੋਵੇਗਾ : ‘‘ਭਨਤਿ ਨਾਨਕ, ਭਰਮ ਪਟ ਖੂਲ੍ੇ; ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ; ਸਤਿਗੁਰ ਸਿਉ ਮਨੁ ਮਾਨਿਆ ॥’’ (ਧਨਾਸਰੀ/ਮ : ੩/੬੬੬)

(50). ਵਰਤ ਰੱਖਣੇ : ਮਹਾਨ ਇਨਕਲਾਬੀ ਭਗਤ ਕਬੀਰ ਜੀ; ਆਪਣੇ ਤੇਜ਼ ਤਰਾਰ ਅੰਦਾਜ਼ ’ਚ ਅੰਨ ਛੱਡਣ ਵਾਲੇ ਪਖੰਡੀਆਂ ਦੀ ਦਸ਼ਾ ਬਿਆਨ ਕਰਦਿਆਂ ਬਚਨ ਕਰਦੇ ਹਨ : ‘‘ਅੰਨੈ ਬਾਹਰਿ ਜੋ ਨਰ ਹੋਵਹਿ॥ ਤੀਨਿ ਭਵਨ ਮਹਿ ਅਪਨੀ ਖੋਵਹਿ ॥ ਛੋਡਹਿ ਅੰਨੁ, ਕਰਹਿ ਪਾਖੰਡ ॥ ਨਾ ਸੋਹਾਗਨਿ, ਨਾ ਓਹਿ ਰੰਡ ॥… ਅੰਨੈ ਬਿਨਾ, ਨ ਹੋਇ ਸੁਕਾਲੁ ॥ ਤਜਿਐ ਅੰਨਿ, ਨ ਮਿਲੈ ਗੁਪਾਲੁ ॥’’ (ਗੋਂਡ/ਭਗਤ ਕਬੀਰ ਜੀ/੮੭੩) ਗੁਰਮਤਿ ਅਨੁਸਾਰ ਕਿਸੇ ਵੀ ਤਰ੍ਹਾਂ ਦਾ ਵਰਤ; ਜਿਵੇਂ ਕਿ ਇਕਾਦਸ਼ੀ, ਕਰਵਾ ਚੌਥ, ਆਦਿ ਕੋਈ ਆਤਮਕ ਲਾਭ ਨਹੀਂ ਪਹੁੰਚਾ ਸਕਦਾ। ਕੁਝ ਗੁਰ ਬਚਨ ਇਸ ਤਰ੍ਹਾਂ ਹਨ : ‘‘ਵਰਤ ਕਰਹਿ ਚੰਦ੍ਰਾਇਣਾ; ਸੇ ਕਿਤੈ ਨ ਲੇਖੰ ॥ (ਮ : ੫/੧੦੯੯), ਬਰਤ ਨੇਮ ਸੰਜਮ ਮਹਿ ਰਹਤਾ; ਤਿਨ ਕਾ ਆਢੁ ਨ ਪਾਇਆ॥ ਆਗੈ ਚਲਣੁ ਅਉਰੁ ਹੈ ਭਾਈ !  ਊਂਹਾ ਕਾਮਿ ਨ ਆਇਆ ॥ (ਗਉੜੀ/ਮ : ੫/੨੧੬), ਏਕਾਦਸੀ, ਨਿਕਟਿ ਪੇਖਹੁ; ਹਰਿ ਰਾਮੁ ॥ ਇੰਦ੍ਰੀ ਬਸਿ ਕਰਿ,  ਸੁਣਹੁ ਹਰਿ ਨਾਮੁ ॥ ਮਨਿ ਸੰਤੋਖੁ, ਸਰਬ ਜੀਅ ਦਇਆ ॥ ਇਨ ਬਿਧਿ ਬਰਤੁ, ਸੰਪੂਰਨ ਭਇਆ ॥’’ (ਗਉੜੀ ਥਿਤੀ/ਮ : ੫/੨੯੯), ਆਦਿ।

ਉਕਤ ਗੁਰ ਵਾਕਾਂ ਦਾ ਸਾਰੰਸ ਹੈ ਕਿ ਪ੍ਰਮਾਤਮਾ ਨੂੰ ਹਮੇਸ਼ਾ ਆਪਣੇ ਨੇੜੇ ਵਸਦਾ ਵੇਖਣਾ ਚਾਹੀਦਾ ਹੈ। ਆਪਣੇ ਇੰਦ੍ਰਿਆਂ ਨੂੰ ਕਾਬੂ ’ਚ ਰੱਖ ਕੇ ਪ੍ਰਮਾਤਮਾ ਦਾ ਨਾਮ ਸੁਣਨਾ ਹੀ ਅਸਲੀ ਵਰਤ ਹੈ। ਜਿਹੜਾ ਮਨੁੱਖ ਸੰਤੋਖੀ ਹੋ ਕੇ ਸਾਰੇ ਜੀਵਾਂ ਨਾਲ਼ ਪਿਆਰ, ਦਇਆ ਵਾਲਾ ਸਲੂਕ ਕਰਦਾ ਹੋਇਆ ਆਪਣਾ ਜੀਵਨ ਗੁਜ਼ਾਰਦਾ ਹੈ ਤਾਂ ਸਮਝੋ ਕਿ ਉਸ ਦਾ ਵਰਤ ਸਫਲ ਹੈ। ਭਾਵਾਰਥ ਕਿ ਜੀਅ ਦਇਆ, ਪ੍ਰੇਮ ਪਿਆਰ ਹੀ ਅਸਲੀ ਵਰਤ ਹੈ; ਇਸੇ ਲਈ ਗੁਰਮਤਿ ਨਿਰਣਾਇਕ ਸੇਧ ਪ੍ਰਦਾਨ ਕਰਦੀ ਹੈ : ‘‘ਕਰਮ, ਧਰਮ, ਨੇਮ, ਬ੍ਰਤ, ਪੂਜਾ॥ ਪਾਰਬ੍ਰਹਮ ਬਿਨੁ, ਜਾਨੁ ਨ ਦੂਜਾ॥ (ਗਉੜੀ/ਮ : ੫/੧੯੯), ਪੂਜਾ ਵਰਤ ਤਿਲਕ ਇਸਨਾਨਾ; ਪੁੰਨ ਦਾਨ ਬਹੁ ਦੈਨ ॥ ਕਹੂੰ ਨ ਭੀਜੈ ਸੰਜਮ ਸੁਆਮੀ; ਬੋਲਹਿ ਮੀਠੇ ਬੈਨ॥ ਪ੍ਰਭ ਜੀ ਕੋ ਨਾਮੁ ਜਪਤ, ਮਨ ਚੈਨ॥ ਬਹੁ ਪ੍ਰਕਾਰ, ਖੋਜਹਿ ਸਭਿ ਤਾ ਕਉ; ਬਿਖਮੁ ਨ ਜਾਈ ਲੈਨ॥’’ (ਧਨਾਸਰੀ/ਮ : ੫/੬੭੪), ਆਦਿ।

ਗੁਰ ਉਪਦੇਸ਼ ਦਾ ਪ੍ਰਵਾਹ ਸਾਡੇ ਜੀਵਨ ’ਚ ਨਿਰੰਤਰ ਚੱਲਦਾ ਰਹਿਣਾ ਚਾਹੀਦਾ ਹੈ। ਗੁਰੂ ਵੀ ਗਿਆਨ ਦੀ ਦਾਤ ਦਿੰਦਿਆਂ ਕਦੀ ਅੱਕਦੇ ਨਹੀਂ (ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ॥ ਧਨਾਸਰੀ/ਮ : ੧/੬੬੦), ਜਿਵੇਂ-ਜਿਵੇਂ ਗੁਰ ਸ਼ਬਦ ’ਚ ਭਿੱਜ ਕੇ ਸਾਡੀ ਸੁਰਤ ਇਕਾਗਰ ਭਾਵ ਇੱਕ ਰਸ ’ਚ ਲੀਨ ਹੁੰਦੀ ਜਾਵੇਗੀ, ਬ੍ਰਹਮ ਗਿਆਨ ਦੀਆਂ ਨਵੀਆਂ ਪਰਤਾਂ ਆਪਣੇ ਆਪ ਅੰਦਰੋਂ ਖੁੱਲ੍ਹਦੀਆਂ ਰਹਿਣਗੀਆਂ। ਪਰ ਧਿਆਨ ਰਹੇ ਕਿ ਦੁਬਿਧਾ ਮਾਰੇ ਬਿਨਾਂ ਗਿਆਨ ਦਾ ਚਾਨਣ ਨਹੀਂ ਹੋਣ ਵਾਲ਼ਾ; ਜਿਵੇਂ ਕਿ ਗੁਰ ਵਾਕ ਹਨ : ‘‘ਇਸੁ (ਦੁਬਿਧਾ) ਮਾਰੀ ਬਿਨੁ, ਗਿਆਨੁ ਨ ਹੋਈ ॥’’ (ਗਉੜੀ/ਮ : ੫/੨੩੮), ਇਸੇ ਲਈ ਮਿਹਰਬਾਨ ਗੁਰੂ ਜੀ ਸਾਨੂੰ ਸੱਦਾ ਦਿੰਦੇ ਹਨ ਕਿ ਹੇ ਭਾਈ  ! ਆਓ, ਗੁਰੂ ਦੀ ਸ਼ਰਨ ਪਵੋ, ਭਾਵ ਕਿ ਗੁਰ ਉਪਦੇਸ਼ ਦੀ ਰੌਸ਼ਨੀ ਨਾਲ਼ ਆਪਣਾ ਮਨ, ਅਕਾਲ ਪੁਰਖ ਦੇ ਨਾਮ ਨੂੰ ਸਿਮਰਨ ’ਚ ਟਿਕਾ ਕੇ ਹਰ ਦੁਚਿੱਤੀ ਦਾ ਹਨੇਰਾ ਦੂਰ ਕੀਤਾ ਜਾ ਸਕਦਾ ਹੈ : ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ, ਲਿਵ ਲਾਇ॥’’ (ਬਸੰਤੁ/ਮ : ੫/੧੧੮੫), ਸਾਡੇ ਕੋਲ਼ ਜਦ ਤੱਕ ਸਾਹਾਂ ਦੀ ਪੂੰਜੀ ਹੈ ਤੇ ਅਸੀਂ ਉਮਰ ਦੇ ਭਾਵੇਂ ਕਿਸੇ ਵੀ ਦੌਰ ’ਚੋਂ ਗੁਜ਼ਰ ਰਹੇ ਹੋਈਏ, ਸਾਨੂੰ ਆਪਣੇ ਜੀਵਨ ਨੂੰ ਹੋਰ ਵੀ ਉੱਤਮ ਬਣਾਉਣ ਲਈ ਸਦਾ ਉੱਦਮ ਕਰਦੇ ਰਹਿਣਾ ਚਾਹੀਦਾ ਹੈ। ਅਧਿਆਤਮਕ ਮਾਰਗ ’ਤੇ ਅਗਾਂਹ ਵਧਣ ਲਈ ਹਮੇਸ਼ਾ ਤਾਂਘ ਰੱਖਣੀ ਚਾਹੀਦੀ ਹੈ ਕਿਉਂਕਿ ਮਨੁੱਖਾ ਜਨਮ ਮੁੜ ਮਿਲਣਾ ਦੁਰਲੱਭ ਹੈ ਤੇ ਇਸ ਲਈ ਇਸੇ ਜਨਮ ’ਚ ਕਾਮਯਾਬ ਹੋਣਾ, ਸਾਡਾ ਅਸਲੀ ਜੀਵਨ ਮਨੋਰਥ ਹੋਣਾ ਚਾਹੀਦਾ ਹੈ। ਗੁਰ ਉਪਦੇਸ਼ ਵੀ ਪਿਛਾਂਹ ਨੂੰ ਮੋਢਾ ਮੋੜਨ ਨੂੰ ਨਹੀਂ ਕਹਿੰਦੇ: ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ॥ ਨਾਨਕ ! ਸਿਝਿ ਇਵੇਹਾ ਵਾਰ; ਬਹੁੜਿ ਨ ਹੋਵੀ ਜਨਮੜਾ॥’’ (ਡਖਣੇ ਮ :੫/੧੦੯੬)

ਬਖ਼ਸ਼ਣਹਾਰ ਗੁਰੂ, ਭੁੱਲੇ ਹੋਏ ਸਿੱਖ ਨੂੰ ਸਹੀ ਜੀਵਨ ਮਾਰਗ ਦੀ ਸੂਝ ਬਖ਼ਸ਼ਦਾ ਹੈ ਤੇ ਕੁਰਾਹੇ ਜਾਂਦੇ ਨੂੰ ਸਿੱਧੇ ਰਾਹ ’ਤੇ ਪਾਉਂਦਾ ਹੈ। ਅਜਿਹੇ ਸਮਰੱਥ ਗੁਰੂ ਜੀ ਦੀ ਸੇਵਾ ਭਾਵ ਕਿ ਗੁਰੂ ਦੀ ਦੱਸੀ ਹੋਈ ਕਾਰ (ਸਿੱਖਿਆ) ਨੂੰ ਦਿਨ, ਰਾਤ ਕਮਾਉਣਾ ਹੀ ਇੱਕ ਉੱਤਮ ਜੀਵਨ ਜਾਚ ਹੈ; ਜਿਵੇਂ ਕਿ ਗੁਰ ਬਚਨ ਹਨ : ‘‘ਭੂਲੇ ਸਿਖ, ਗੁਰੂ ਸਮਝਾਏ॥ ਉਝੜਿ ਜਾਦੇ, ਮਾਰਗਿ ਪਾਏ॥ ਤਿਸੁ ਗੁਰ ਸੇਵਿ, ਸਦਾ ਦਿਨੁ ਰਾਤੀ; ਦੁਖ ਭੰਜਨ ਸੰਗਿ ਸਖਾਤਾ ਹੇ॥’’ (ਮਾਰੂ/ਮ :੧/੧੦੩੧-੩੨) ਸੋ, ਆਓ ! ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ ਦਾ ਪ੍ਰਣ ਕਰੀਏ। ਸਾਰ ਵਜੋਂ; ਇਸ ਗੁਰ ਉਪਦੇਸ਼ ਨਾਲ਼ ਲੇਖ ਸਮਾਪਤ ਕਰਦੇ ਹਾਂ ਕਿ ਰੱਬ ਦੀ ਸਿਫ਼ਤ ਸਾਲਾਹ ਕਰਨਾ ਹੀ ਇੱਕੋ ਇੱਕ ਅਸਲ ਗਿਆਨ ਤੇ ਧਰਮ ਹੈ। ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੀ ਮੱਤ ਅਨੁਸਾਰ ਜੀਵਨ ਢਾਲ਼ ਕੇ, ਇੱਕ ਸਾਰ ਅਕਾਲ ਪੁਰਖ ’ਚ ਸੁਰਤ ਜੋੜਨ ਵਾਲੇ ਨੂੰ ਹੀ ਅਦ੍ਰਿਸ਼ਟ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ : ‘‘ਏਕੋ ਗਿਆਨੁ, ਧਿਆਨੁ ਧੁਨਿ ਬਾਣੀ ॥ ਏਕੁ ਨਿਰਾਲਮੁ, ਅਕਥ ਕਹਾਣੀ ॥ ਏਕੋ ਸਬਦੁ, ਸਚਾ ਨੀਸਾਣੁ ॥ ਪੂਰੇ ਗੁਰ ਤੇ, ਜਾਣੈ ਜਾਣੁ ॥ ਏਕੋ ਧਰਮੁ, ਦ੍ਰਿੜੈ ਸਚੁ ਕੋਈ ॥ ਗੁਰਮਤਿ ਪੂਰਾ, ਜੁਗਿ ਜੁਗਿ ਸੋਈ ॥ ਅਨਹਦਿ ਰਾਤਾ, ਏਕ ਲਿਵ ਤਾਰ ॥ ਓਹੁ ਗੁਰਮੁਖਿ ਪਾਵੈ, ਅਲਖ ਅਪਾਰ ॥’’ (ਬਸੰਤੁ/ਮ : ੧/੧੧੮੮)

ਅੰਤ ’ਚ ਇਹ ਪੱਖ ਵਿਚਾਰਨਾ ਵੀ ਅਤਿ ਮਹੱਤਵਪੂਰਨ ਹੈ ਕਿ ਜਿਸ ਗੁਰੂ ਗਿਆਨ, ਗੁਰੂ ਬਖ਼ਸ਼ਸ਼ ਨੇ ਮਨੁੱਖਾ ਜੀਵਨ ਨੂੰ ਅੰਧਕਾਰ ’ਚੋਂ ਕੱਢ ਕੇ ਇੱਕ ਸਫਲ ਅਤੇ ਅਲੌਕਿਕ ਜੀਵਨ ਯਾਤਰਾ ਕਰਵਾਉਣੀ ਹੁੰਦੀ ਹੈ, ਉਸ ਦੀ ਚੋਣ, ਉਸ ਦੀ ਭਾਲ, ਉਸ ’ਤੇ ਵਿਸ਼ਵਾਸ ਅਤੇ ਉਸ ਦਾ ਅਨੁਆਈ ਬਣ ਕੇ ਚੱਲਣ ਦੀ ਜਾਚ, ਮਾਨਵਤਾ ਲਈ ਇੱਕ ਅਹਿਮ ਪੜਾਅ ਤੇ ਬਿਬੇਕਤਾ ਭਰਪੂਰ ਨਿਰਣਾ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਨਕਲੀ ਗੁਰੂਆਂ ਦੀਆਂ ਫਿਰਦੀਆਂ ਡਾਰਾਂ ਨੇ ਮਨੁੱਖਤਾ ਨੂੰ ਕੁਰਾਹੇ ਪਾ ਕੇ ਕੀਮਤੀ ਜਨਮ ਨੂੰ ਅਜਾਈਂ ਗੁਆਉਣ ’ਚ ਅਹਿਮ ਰੋਲ ਅਦਾ ਕੀਤਾ ਹੈ।  ਸਦਕੇ ਜਾਈਏ ਗੁਰੂ ਨਾਨਕ ਸਾਹਿਬ ਜੀ ਤੋਂ, ਜਿਨ੍ਹਾਂ ਨੇ ਸਿੱਖਾਂ ਲਈ ਕਿਆਮਤ ਤੱਕ ਗੁਰੂ ਜੀ ਦੀ ਭਾਲ ਲਈ ਇੱਧਰ ਉੱਧਰ ਭਟਕਣ ਤੋਂ ਸਾਨੂੰ ‘ਸਬਦੁ ਗੁਰੂ’ ਦੇ ਲੜ ਲਾ ਕੇ ਮੁਕਤ ਕਰ ਦਿੱਤਾ ਹੈ, ਤਾਂ ਤੇ ਮਾਨਵਤਾ ਹਿਤਕਾਰੀ ਅਜਿਹੇ ਸਤਿਗੁਰੂ ਤੋਂ ਸਦਾ ਬਲਿਹਾਰ ਜਾਣਾ ਚਾਹੀਦਾ ਹੈ ਤੇ ਸਦਾ ਇਹ ਬੋਲ ਦਿੱਲੋਂ ਪੁਕਾਰ-ਪੁਕਾਰ ਜ਼ਾਹਰ ਕਰਨੇ ਚਾਹੀਦੇ ਹਨ, ‘‘ਗੁਰੂ ਗੁਰੂ; ਗੁਰੁ ਕਰਿ ਮਨ ਮੋਰ  ! ॥  ਗੁਰੂ ਬਿਨਾ; ਮੈ ਨਾਹੀ ਹੋਰ ॥  ਗੁਰ ਕੀ ਟੇਕ ਰਹਹੁ; ਦਿਨੁ ਰਾਤਿ ॥ ਜਾ ਕੀ; ਕੋਇ ਨ ਮੇਟੈ ਦਾਤਿ ॥’’ (ਗੋਂਡ/ਮ: ੫/੮੬੪), ਗੁਰੂ ਨਾਨਕ ਸਾਹਿਬ ਜੀ ਸਾਡੇ ਉੱਤੇ ਕਿਰਪਾ ਕਰਨ ਤਾਂ ਜੋ ਸਾਡੇ ਵੱਲੋਂ ਗੁਰੂ ਜੀ ਦਾ 550ਵਾਂ ਦਿਹਾੜਾ ਮਨਾਉਣਾ, ਸਮੁੱਚੀ ਮਾਨਵਤਾ ਲਈ ਪ੍ਰੇਰਨਾਦਾਇਕ ਬਣ ਜਾਵੇ।

——ਸਮਾਪਤ—–

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪਹਿਲਾਂ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਦੂਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਤੀਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਚੌਥਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਚੌਥਾ)

0

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਚੌਥਾ)

ਗੁਰਪ੍ਰੀਤ ਸਿੰਘ (USA)

(33). ਧਾਰਮਕ ਅਸਥਾਨ : ਕੀ ਇਹ ਮੰਨਣਯੋਗ ਨਹੀਂ ਕਿ ਅੱਜ ਅਸੀਂ ਆਪਣੇ ਧਾਰਮਕ ਅਸਥਾਨਾਂ ’ਤੇ ਖਾਨਾ ਪੂਰਤੀ ਭਾਵ ਸਿਰਫ਼ ਦਿਖਾਵੇ ਲਈ ਹੀ ਜਾ ਰਹੇ ਹੁੰਦੇ ਹਾਂ ਤੇ ਇਉਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ ? ਸਾਡੇ ਗੁਰਦੁਆਰਿਆਂ ’ਚ ਹੁੰਦੀਆਂ ਨਿੱਤ ਨਵੀਆਂ ਲੜਾਈਆਂ ਵੀ ਲੋਕਾਈ ਨੂੰ ਪ੍ਰੇਮ ਤੇ ਸਦਭਾਵਨਾ ਦੀ ਬਜਾਇ ਸਾਡੀ ਅਸਹਿਣਸ਼ੀਲਤਾ ਦਾ ਸੁਨੇਹਾ ਦੇ ਰਹੀਆਂ ਹੁੰਦੀਆਂ ਹਨ। ਸਿਆਸੀ ਹਿੱਤਾਂ ਲਈ ਗੁਰੂ ਘਰਾਂ ਦੀ ਹੁੰਦੀ ਦੁਰਵਰਤੋਂ ਲਈ ਕੌਣ ਜ਼ਿੰਮੇਵਾਰ ਹੈ ?

ਕਿਸੇ ਵੀ ਧਾਰਮਕ ਅਸਥਾਨ ਤੇ ਕੇਵਲ ਚਲੇ ਜਾਣ ਜਾਂ ਉੱਥੇ ਪਹੁੰਚ ਕੇ ਕੁਝ ਰਸਮਾਂ ਨਿਭਾਉਣ ਨਾਲ਼ ਹੀ ਧਰਮੀ ਨਹੀਂ ਬਣਿਆ ਜਾ ਸਕਦਾ; ਜਿਵੇਂ ਕਿ ਭਗਤ ਕਬੀਰ ਜੀ ਦਾ ਵਾਕ ਹੈ : ‘‘ਕਬੀਰ ਮੁਲਾਂ ! ਮੁਨਾਰੇ ਕਿਆ ਚਢਹਿ ? ਸਾਂਈ ਨ ਬਹਰਾ ਹੋਇ ॥ ਜਾ ਕਾਰਨਿ ਤੂੰ ਬਾਂਗ ਦੇਹਿ; ਦਿਲ ਹੀ ਭੀਤਰਿ ਜੋਇ ॥’’ (ਸਲੋਕ ਕਬੀਰ ਜੀ/੧੩੭੪) ਸਾਰਾ ਸੰਸਾਰ ਹੀ ਸਾਡੇ ਵਾਸਤੇ ਧਰਮ ਅਸਥਾਨ ਭਾਵ ਧਰਮ ਕਮਾਉਣ ਦੀ ਥਾਂ ਹੋਣਾ ਚਾਹੀਦਾ ਹੈ (ਕੋਟਿ ਬ੍ਰਹਮੰਡ, ਜਾ ਕੇ ਧ੍ਰਮਸਾਲ॥ ਮ : ੫/੧੧੫੬) ਭਾਵੇਂ ਸਾਰੇ ਸੰਸਾਰ ਦੇ ਧਾਰਮਕ ਅਸਥਾਨਾਂ ਦਾ ਭ੍ਰਮਨ ਹੀ ਕਿਉਂ ਨਾ ਕਰ ਲਿਆ ਜਾਵੇ, ਮਨ ਦੀ ਸ਼ਾਂਤੀ ਕੇਵਲ ਸਤਿਗੁਰੂ ਦੀ ਮਿਹਰ ਨਾਲ਼ ਹੀ ਨਸੀਬ ਹੋ ਸਕਦੀ ਹੈ; ਜਿਵੇਂ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ : ‘‘ਭਰਮਿ ਭੁਲਾਈ ਸਭੁ ਜਗੁ ਫਿਰੀ; ਫਾਵੀ ਹੋਈ ਭਾਲਿ॥ ਸੋ ਸਹੁ ਸਾਂਤਿ ਨ ਦੇਵਈ; ਕਿਆ ਚਲੈ ਤਿਸੁ ਨਾਲਿ ?॥ ਗੁਰ ਪਰਸਾਦੀ ਹਰਿ ਧਿਆਈਐ; ਅੰਤਰਿ ਰਖੀਐ ਉਰ ਧਾਰਿ ॥ ਨਾਨਕ ! ਘਰ ਬੈਠਿਆ ਸਹੁ ਪਾਇਆ; ਜਾ ਕਿਰਪਾ ਕੀਤੀ ਕਰਤਾਰਿ ॥’’ (ਸਲੋਕੁ ਮ : ੩/੯੪੮) ਇਕ ਵਾਰ ਫਿਰ ਇਹ ਦ੍ਰਿੜ੍ਹ ਕਰ ਲਈਏ ਕਿ ਗੁਰਮਤਿ ਅਨੁਸਾਰ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਧਰਮ ਹੈ ਤੇ ਰੱਬੀ ਬਖ਼ਸ਼ਸ਼ ਲਈ ਮਨ ਦੀ ਪਵਿੱਤਰਤਾ ਹੀ ਸਹਾਈ ਹੁੰਦੀ ਹੈ; ਹੋਰ ਕਿਸੇ ਅਡੰਬਰ, ਭੇਖ, ਪਹਿਰਾਵੇ ਜਾਂ ਧਾਰਮਕ ਅਸਥਾਨ ਨੇ ਕਿਤੇ ਕੰਮ ਨਹੀਂ ਆਉਣਾ : ‘‘ਕਾਇ ਪਟੋਲਾ ਪਾੜਤੀ ? ਕੰਬਲੜੀ ਪਹਿਰੇਇ ?॥ ਨਾਨਕ ! ਘਰ ਹੀ ਬੈਠਿਆ ਸਹੁ ਮਿਲੈ; ਜੇ ਨੀਅਤਿ ਰਾਸਿ ਕਰੇਇ॥’’ (ਮ : ੩/੧੩੮੩)

(34). ਨਿੰਦਾ ਚੁਗ਼ਲੀ, ਈਰਖਾ ਅਤੇ ਖ਼ੁਸ਼ਾਮਦ : ਨਿੰਦਾ ਕਰਨਾ ਆਤਮਘਾਤ ਕਰਨ ਦੀ ਨਿਆਈਂ ਹੈ ਪਰ ਨਿੰਦਾ ਕਰਨਾ ਮਨੁੱਖ ਦੇ ਸੁਭਾਅ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕਾ ਹੈ ਕਿਉਂਕਿ ਮਨੁੱਖ ਇਹ ਅਹਿਸਾਸ ਵੀ ਨਹੀਂ ਕਰ ਪਾ ਰਿਹਾ ਕਿ ਕਿਸੇ ਦੀ ਨਿੰਦਾ ਕਰਨਾ ਇੱਕ ਕੁਕਰਮ (ਐਬ, ਵਿਕਾਰ) ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਮਨਮੁਖਿ ਅੰਧੇ, ਸੁਧਿ ਨ ਕਾਈ ॥ ਆਤਮ ਘਾਤੀ ਹੈ, ਜਗਤ ਕਸਾਈ ॥ ਨਿੰਦਾ ਕਰਿ ਕਰਿ, ਬਹੁ ਭਾਰੁ ਉਠਾਵੈ; ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥’’ (ਮਾਝ/ਮ : ੩/੧੧੮) ਹਿਰਦੇ ’ਚ ਈਰਖਾ ਰੱਖ ਕੇ, ਨਿੰਦਾ ਚੁਗ਼ਲੀ ਕਰਨ ਵਾਲੇ ਮਨੁੱਖ ਦਾ ਆਪਣਾ ਵੀ ਕਦੀ ਭਲਾ ਨਹੀਂ ਹੁੰਦਾ ਬਲਕਿ ਚੁਗ਼ਲਖ਼ੋਰ ਦੇ ਨਾਮ ਨਾਲ਼ ਮਸ਼ਹੂਰ ਹੋ ਜਾਂਦੇ ਅਜਿਹੇ ਪ੍ਰਾਣੀ ਦੀ ਗੱਲ ਤੇ ਕੋਈ ਇਤਬਾਰ ਵੀ ਨਹੀਂ ਕਰਦਾ ਤੇ ਉਸ ਦੀ ਕੀਤੀ ਜੇ ਕੋਈ ਚੰਗਿਆਈ ਹੈ ਤਾਂ ਉਹ ਵੀ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਸਚਾਈ ਨੂੰ ਗੁਰੂ ਰਾਮਦਾਸ ਜੀ, ਇੰਞ ਬਿਆਨ ਕਰਦੇ ਹਨ : ‘‘ਜਿਸੁ ਅੰਦਰਿ ਤਾਤਿ (ਈਰਖਾ) ਪਰਾਈ ਹੋਵੈ; ਤਿਸ ਦਾ ਕਦੇ ਨ ਹੋਵੀ ਭਲਾ॥ ਓਸ ਦੈ ਆਖਿਐ ਕੋਈ ਨ ਲਗੈ; ਨਿਤ ਓਜਾੜੀ ਪੂਕਾਰੇ ਖਲਾ॥ ਜਿਸੁ ਅੰਦਰਿ ਚੁਗਲੀ ਚੁਗਲੋ ਵਜੈ; ਕੀਤਾ ਕਰਤਿਆ ਓਸ ਦਾ ਸਭੁ ਗਇਆ॥’’ (ਮ : ੪/੩੦੮)

ਮਾਇਆ ’ਚ ਮਸਤ ਹੋਏ ਪ੍ਰਾਣੀ ਨੂੰ ਹਲੂਣਾ ਦਿੰਦੇ ਹੋਏ ਪੰਚਮ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਹੇ ਮੂਰਖ ! ਦੂਜਿਆਂ ਨਾਲ਼ ਈਰਖਾ ਕਰਨੀ ਛੱਡ ਦੇ ਕਿਉਂਕਿ ਇਹ ਦੁਨੀਆਂ ਇੱਕ ਸੁਪਨੇ ਦੀ ਨਿਆਈਂ ਹੈ ਤੇ ਰਾਤ ਬੀਤਣ ’ਤੇ ਭਾਵ ਅੰਤ ਕਾਲ ਤੂੰ ਇੱਥੋਂ ਚਲੇ ਹੀ ਜਾਣਾ ਹੈ : ‘‘ਛਾਡਿ, ਵਿਡਾਣੀ ਤਾਤਿ ਮੂੜੇ !॥ ਈਹਾ ਬਸਨਾ, ਰਾਤਿ ਮੂੜੇ !॥ ਮਾਇਆ ਕੇ ਮਾਤੇ ! ਤੈ ਉਠਿ ਚਲਨਾ॥ ਰਾਚਿ ਰਹਿਓ ਤੂ, ਸੰਗਿ ਸੁਪਨਾ॥’’ (ਰਾਮਕਲੀ/ਮ : ੫/੮੮੯-੯੦)

ਗੁਰਮਤਿ ’ਚ ਨਿੰਦਾ ਨੂੰ ਅਜਿਹਾ ਘਾਤਕ ਮੰਨਿਆ ਗਿਆ ਹੈ ਕਿ ਨਿੰਦਾ ਕਰਨ ਦੇ ਭੈੜੇ ਸੁਭਾਅ ਵਾਲੇ ਦੀ ਸੰਗਤ ਤੋਂ ਬਚਣ ਲਈ ਪਰਮਾਤਮ ਅੱਗੇ ਜੋਦੜੀ ਕੀਤੀ ਜਾਂਦੀ ਹੈ : ‘‘ਜਿਨ ਅੰਦਰਿ ਨਿੰਦਾ ਦੁਸਟੁ ਹੈ; ਨਕ ਵਢੇ ਨਕ ਵਢਾਇਆ॥ ਮਹਾ ਕਰੂਪ ਦੁਖੀਏ ਸਦਾ; ਕਾਲੇ ਮੁਹ ਮਾਇਆ॥ ਭਲਕੇ ਉਠਿ ਨਿਤ, ਪਰ ਦਰਬੁ ਹਿਰਹਿ; ਹਰਿ ਨਾਮੁ ਚੁਰਾਇਆ॥ ਹਰਿ ਜੀਉ ! ਤਿਨ ਕੀ ਸੰਗਤਿ ਮਤ ਕਰਹੁ; ਰਖਿ ਲੇਹੁ, ਹਰਿ ਰਾਇਆ !॥’’ (ਮ : ੧/੧੨੪੪) ਗੁਰਮਤਿ ’ਚ ਨਿੰਦਾ ਕਰਨ ਵਾਲੇ ਨੂੰ ਮਹਾਂ ਮੁਰਖ ਮੰਨਿਆ ਗਿਆ ਹੈ। ਨਿੰਦਕ ਨੂੰ ਪ੍ਰਮਾਤਮਾ ਵੀ ਮੁਆਫ਼ ਨਹੀਂ ਕਰਦਾ ਤੇ ਅਜਿਹੇ ਦੋਖੀਆਂ ਨੂੰ ਆਪਣੀ ਕਰਤੂਤ ਕਰਕੇ ਦੁੱਖ ਭੋਗਣਾ ਪੈਂਦਾ ਹੈ; ਜਿਵੇਂ ਕਿ ਗੁਰ ਬਚਨ ਹਨ : ‘‘ਨਿੰਦਾ, ਭਲੀ ਕਿਸੈ ਕੀ ਨਾਹੀ; ਮਨਮੁਖ ਮੁਗਧ ਕਰੰਨਿ ॥ ਮੁਹ ਕਾਲੇ ਤਿਨ ਨਿੰਦਕਾ; ਨਰਕੇ ਘੋਰਿ ਪਵੰਨਿ ॥ (ਸੂਹੀ/ਮ : ੩/੭੫੫), ਨਿੰਦਕ ਕਾ ਕਹਿਆ, ਕੋਇ ਨ ਮਾਨੈ॥ ਨਿੰਦਕ, ਝੂਠੁ ਬੋਲਿ ਪਛੁਤਾਨੇ ॥ ਹਾਥ ਪਛੋਰਹਿ, ਸਿਰੁ ਧਰਨਿ ਲਗਾਹਿ ॥ ਨਿੰਦਕ ਕਉ ਦਈ (ਰੱਬ), ਛੋਡੈ ਨਾਹਿ॥ ਹਰਿ ਕਾ ਦਾਸੁ, ਕਿਛੁ ਬੁਰਾ ਨ ਮਾਗੈ॥ ਨਿੰਦਕ ਕਉ, ਲਾਗੈ ਦੁਖ ਸਾਂਗੈ ॥’’ (ਭੈਰਉ/ਮ : ੫/੧੧੫੧-੧੧੫੨)

ਇੱਥੇ ਇਹ ਵੀ ਧਿਆਨ ਰੱਖਣਯੋਗ ਹੈ ਕਿ ਗੁਰਮਤਿ ’ਚ ਨਿੰਦਾ ਦੇ ਨਾਲ਼ ਹੀ ਆਪਣੀ ਜਾਂ ਕਿਸੇ ਹੋਰ ਦੀ ਉਸਤਤ (ਖ਼ੁਸ਼ਾਮਦ) ਕਰਨ ਨੂੰ ਵੀ ਮਾੜਾ ਮੰਨਿਆ ਗਿਆ ਹੈ ਤੇ ਦੋਨੋਂ ਹੀ ਕੁਕਰਮਾਂ ਤੋਂ ਬਚਦੇ ਹੋਏ ਦੁਨੀਆਂ ਦੀਆਂ ਝੂਠੀਆਂ ਵਡਿਆਈਆਂ ਨੂੰ ਅੱਗ ਨਾਲ਼ ਸਾੜ ਦੇਣ ਦਾ ਉਪਦੇਸ਼ ਹੈ, ਕੁਝ ਗੁਰ ਵਾਕ ਇਸ ਤਰ੍ਹਾਂ ਹਨ : ‘‘ਉਸਤਤਿ ਨਿੰਦਾ ਦੋਊ ਬਿਬਰਜਿਤ; ਤਜਹੁ ਮਾਨੁ ਅਭਿਮਾਨਾ॥ (ਕੇਦਾਰਾ/ਭਗਤ ਕਬੀਰ ਜੀ/੧੧੨੩), ਨਾਨਕ ! ਦੁਨੀਆ ਕੀਆਂ ਵਡਿਆਈਆਂ; ਅਗੀ ਸੇਤੀ ਜਾਲਿ ॥ ਏਨੀ ਜਲੀਈਂ ਨਾਮੁ ਵਿਸਾਰਿਆ; ਇਕ ਨ ਚਲੀਆ ਨਾਲਿ ॥ (ਮ : ੨/੧੨੯੦), ਮੇਰੇ ਮਨ ! ਤਜਿ ਨਿੰਦਾ, ਹਉਮੈ ਅਹੰਕਾਰੁ ॥ ਹਰਿ ਜੀਉ ਸਦਾ ਧਿਆਇ ਤੂ; ਗੁਰਮੁਖਿ ਏਕੰਕਾਰੁ ॥’’ (ਸਿਰੀਰਾਗੁ/ਮ : ੩/੩੦)

ਉੁਕਤ ਗੁਰ ਉਪਦੇਸ਼ਾਂ ਨੂੰ ਹਿਰਦੇ ’ਚ ਵਸਾ ਕੇ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਪਣੇ ਗੁਰੂ ਦੇ ਕਹੇ ’ਤੇ ਤੁਰਾਂਗੇ ਤਾਂ ਇਸ ਦੁਨੀਆ ਦਾ ਆਦਰ ਵੀ ਆਪਣੇ ਆਪ ਹੀ ਮਿਲ ਜਾਵੇਗਾ ਕਿਉਂਕਿ ਤਦ ਰੱਬ ਦਾ ਨਾਮ ਹੀ ਸਾਡੀ ਜ਼ਿੰਦਗੀ ਦਾ ਆਸਰਾ ਹੋਵੇਗਾ ਤੇ ਇਹ ਹੀ ਭਗਤਾਂ ਲਈ ਸਭ ਤੋਂ ਵੱਡਾ ਆਦਰ ਮਾਣ ਹੈ : ‘‘ਜਿ ਸਤਿਗੁਰੁ ਸੇਵੇ ਆਪਣਾ; ਤਿਸ ਨੋ ਪੂਜੇ ਸਭੁ ਕੋਇ ॥ ਸਭਨਾ ਉਪਾਵਾ ਸਿਰਿ ਉਪਾਉ ਹੈ; ਹਰਿ ਨਾਮੁ ਪਰਾਪਤਿ ਹੋਇ॥ ਅੰਤਰਿ ਸੀਤਲ ਸਾਤਿ ਵਸੈ; ਜਪਿ ਹਿਰਦੈ ਸਦਾ ਸੁਖੁ ਹੋਇ॥ ਅੰਮ੍ਰਿਤੁ ਖਾਣਾ ਅੰਮ੍ਰਿਤੁ ਪੈਨਣਾ; ਨਾਨਕ  ! ਨਾਮੁ ਵਡਾਈ ਹੋਇ॥ (ਮ : ੩/੫੧੧), ਨਾਨਕ ! ਤਾ ਪਤਿ ਜਾਣੀਐ; ਜਾ ਪਤਿ ਰਖੈ ਸੋਇ ॥’ (ਮ : ੧/੧੫੦)

ਸੋ, ਗੁਰਮਤਿ ਅਨੁਸਾਰ ਕਿਸੇ ਦੇ ਗੁਣਾਂ ਨੂੰ ਘਟਾ ਕੇ ਬਿਆਨ ਕਰਨਾ, ਨਿੰਦਾ ਹੈ ਅਤੇ ਵਧਾ ਕੇ ਬਿਆਨ ਕਰਨ ਨੂੰ ਖ਼ੁਸ਼ਾਮਦ ਕਿਹਾ ਗਿਆ ਹੈ, ਜੋ ਕਿ ਦੋਨੋਂ ਗ਼ਲਤ ਹਨ।  ਚੋਰ ਦੀ ਬੇਈਮਾਨੀ ਤੋਂ ਪਹਿਲਾਂ ਕਿਸੇ ਨੂੰ ਸੁਚੇਤ ਕਰਨਾ ਪਾਪ ਜਾਂ ਨਿੰਦਾ ਨਹੀਂ ਹੁੰਦਾ। ਵੇਖਣ ’ਚ ਆ ਰਿਹਾ ਹੈ ਕਿ ਅਸੀਂ ਸੱਚ ਬੋਲਣ ਨੂੰ ਵੀ ਨਿੰਦਾ ਦਾ ਨਾਂ ਦੇ ਕੇ ਆਪਣੀ ਬੁਝਦਿਲੀ ਵਿਖਾ ਰਹੇ ਹੁੰਦੇ ਹਾਂ, ਜਿਸ ਦਾ ਫ਼ਾਇਦਾ ਦੁਰਾਚਾਰੀ ਨੂੰ ਹੀ ਮਿਲਦਾ ਹੈ।

(35). ਪੀਰ : ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ਕਿ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਭਾਵ ਗੁਰੂ ਦੀ ਸ਼ਰਨ ’ਚ ਆ ਕੇ ਹਰ ਵੇਲੇ ਆਤਮਕ ਆਨੰਦ ’ਚ ਲੀਨ ਰਹਿੰਦੇ ਹਨ; ਅਜਿਹੇ ਮਨੁੱਖਾਂ ਦੀਆਂ ਦਾੜ੍ਹੀਆਂ ਵੀ ਸਤਿਕਾਰਯੋਗ ਹੁੰਦੀਆਂ ਹਨ ਭਾਵ ਕਿ ਅਜਿਹੇ ਮਨੁੱਖਾਂ ਦੇ ਮੂੰਹ ਸਦਾ ਥਿਰ ਪ੍ਰਮਾਤਮਾ ਦੇ ਦਰ ’ਤੇ ਸੋਹਣੇ ਦਿੱਸਦੇ ਹਨ; ਗੁਰ ਵਾਕ ਹਨ : ‘‘ਸੇ ਦਾੜੀਆਂ ਸਚੀਆ; ਜਿ ਗੁਰ ਚਰਨੀ ਲਗੰਨਿ੍ ॥ ਅਨਦਿਨੁ ਸੇਵਨਿ ਗੁਰੁ ਆਪਣਾ; ਅਨਦਿਨੁ ਅਨਦਿ ਰਹੰਨਿ੍ ॥ ਨਾਨਕ ! ਸੇ ਮੁਹ ਸੋਹਣੇ; ਸਚੈ ਦਰਿ ਦਿਸੰਨਿ੍ ॥’’ (ਸਲੋਕ ਵਾਰਾਂ ਤੇ ਵਧੀਕ/ਮ : ੩/੧੪੧੯)

ਸਤਿਗੁਰੂ ਤਾਂ ਗਿਆਨ ਦੀ ਜਗਦੀ ਲੋਅ ਹੈ (ਸਤਿਗੁਰੁ ਜਾਗਤਾ ਹੈ ਦੇਉ॥), ਪਰ ਮਿੱਟੀ ਹੋ ਚੁੱਕਾ ਇੱਕ ਮੁਰਦਾ ਸਰੀਰ ਕਿਸੇ ਨੂੰ ਕੀ ਦੇ ਸਕਦਾ ਹੈ ? ਕੀ ਅਸੀਂ ਪੀਰਾਂ ਦੀਆਂ ਸਮਾਧਾਂ ’ਤੇ ਚਾਦਰਾਂ ਚੜ੍ਹਾ ਕੇ ਮੱਥੇ ਟੇਕਿਆਂ ਭਾਵ ਆਪਣੀਆਂ ਦਾੜ੍ਹੀਆਂ ਨਾਲ਼ ਪੀਰਾਂ ਦੀਆਂ ਕਬਰਾਂ ਤੋਂ ਮਿੱਟੀ ਝਾੜ ਕੇ, ਰੱਬੀ ਬਖ਼ਸ਼ਸ਼ ਦੇ ਪਾਤਰ ਬਣ ਸਕਦੇ ਹਾਂ ? ਯਕੀਨਨ ਨਹੀਂ, ਅਗਿਆਨਤਾ ਨਾਲ਼ ਭਰਪੂਰ ਅਜਿਹੀ ਸਾਰੀ ਮਿਹਨਤ ਵਿਅਰਥ ਚਲੀ ਜਾਂਦੀ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਭਰਮਿ ਭੂਲੇ ਅਗਿਆਨੀ ਅੰਧੁਲੇ; ਭ੍ਰਮਿ ਭ੍ਰਮਿ ਫੂਲ ਤੋਰਾਵੈ ॥ ਨਿਰਜੀਉ ਪੂਜਹਿ, ਮੜਾ ਸਰੇਵਹਿ; ਸਭ ਬਿਰਥੀ ਘਾਲ ਗਵਾਵੈ ॥’’ (ਮਲਾਰ/ਮ : ੪/੧੨੬੩), ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਹਨ ਕਿ ਸਾਰੇ ਪੀਰ, ਸ਼ੇਖ, ਆਦਿ ਚਿੰਤਾ ’ਚ ਰੋਂਦੇ ਹੀ ਇਸ ਸੰਸਾਰ ਤੋਂ ਵਿਦਾ ਹੋ ਜਾਂਦੇ ਹਨ : ‘‘ਰੋਵਹਿ ਸੇਖ, ਮਸਾਇਕ ਪੀਰ ॥ ਅੰਤਿ ਕਾਲਿ, ਮਤੁ ਲਾਗੈ ਭੀੜ ॥ (ਮ : ੧/੯੪੩), ਪੀਰ ਪੈਕਾਬਰ ਅਉਲੀਏ; ਕੋ ਥਿਰੁ ਨ ਰਹਾਸੀ ॥ ਰੋਜਾ ਬਾਗ ਨਿਵਾਜ ਕਤੇਬ; ਵਿਣੁ ਬੁਝੇ, ਸਭ ਜਾਸੀ ॥ ਲਖ ਚਉਰਾਸੀਹ ਮੇਦਨੀ; ਸਭ ਆਵੈ ਜਾਸੀ ॥ ਨਿਹਚਲੁ ਸਚੁ ਖੁਦਾਇ ਏਕੁ; ਖੁਦਾਇ ਬੰਦਾ ਅਬਿਨਾਸੀ ॥’’ (ਮ : ੫/੧੧੦੦)

ਸੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਮੇਰੇ ਵੀਰ ਪਿਆਰਿਓ ! ਸਾਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਅਸੀਂ ਕਿਸੇ ਜਾਦੂ ਟੂਣੇ ਜਾਂ ਅੰਧਵਿਸ਼ਵਾਸ ’ਚ ਫਸ ਕੇ ਆਪਣੇ ਗਲ਼ਾਂ ’ਚ ਤਵੀਤ ਪਾਈਏ ਤੇ  ਬੇਵਜ੍ਹਾ ਮੜ੍ਹੀਆਂ ’ਤੇ ਜਾ ਕੇ ਖ਼ੁਆਰ ਹੋਈਏ। ਸਾਨੂੰ ਪੰਚਮ ਪਾਤਸ਼ਾਹ ਦੇ ਇਹ ਬਚਨ ਯਾਦ ਰੱਖਣੇ ਚਾਹੀਦੇ ਹਨ : ‘‘ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨੁ ॥ ਦੇਵਨ ਕਉ, ਏਕੈ ਭਗਵਾਨੁ ॥ ਜਿਸ ਕੈ ਦੀਐ, ਰਹੈ ਅਘਾਇ ॥ ਬਹੁਰਿ ਨ,  ਤ੍ਰਿਸਨਾ ਲਾਗੈ ਆਇ ॥ ਮਾਰੈ, ਰਾਖੈ, ਏਕੋ ਆਪਿ ॥ ਮਾਨੁਖ ਕੈ,  ਕਿਛੁ ਨਾਹੀ ਹਾਥਿ ॥’’ (ਗਉੜੀ ਸੁਖਮਨੀ/ਮ : ੫/੨੮੧)

(36). ਪਾਠ ਕਰਨਾ : ਸਾਡੀ ਬਹੁਤਾਤ ਸਿੱਖ ਸੰਗਤ ਗੁਰਬਾਣੀ ਦੇ ਗਿਆਨ ਨੂੰ ਸਮਝਣ ਤੇ ਅਪਣਾਉਣ ’ਚ ਅਸਫਲ ਸਾਬਤ ਹੋ ਰਹੀ ਹੈ, ਜਿਸ ਦਾ ਮੁੱਖ ਕਾਰਨ ਗੁਰਬਾਣੀ ਦਾ ਪਾਠ ਆਪ ਕਰਨ ਦੀ ਰੁਚੀ ਦਾ ਨਾ ਦੇ ਬਰਾਬਰ ਹੋਣਾ ਹੈ। ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਗੁਰਬਾਣੀ ਦਾ ਪਾਠ ਆਪ ਕਰਨ ਦੀ ਬਜਾਇ ਭੇਟਾ ਦੇ ਕੇ ਹੋਰਨਾਂ ਪਾਠੀਆਂ ਤੋਂ ਪਾਠ ਕਰਵਾਉਣਾ ਇਸ ਤੱਥ ਦੀ ਗਵਾਹੀ ਭਰਦਾ ਹੈ, ਪਰ ਯਾਦ ਰੱਖੀਏ ਕਿ ਵਿਚਾਰ ਤੋਂ ਬਿਨਾਂ ਪਾਠ ਆਪ ਕਰਨ ਜਾ ਭੇਟਾ ਦੇ ਕੇ ਕਰਵਾਉਣ ਵਰਗੇ ਕਰਮ ਨੂੰ, ਗੁਰਬਾਣੀ ’ਚ ਇੱਕ ਧਾਰਮਕ ਭੇਖ ਵਜੋਂ ਹੀ ਮੰਨਿਆ ਗਿਆ ਹੈ ਜੋ ਕਿ ਮਨੁੱਖ ਨੂੰ ਕੁਰਾਹੇ ਪਾਈ ਰੱਖਦਾ ਹੈ; ਜਿਵੇਂ ਕਿ ਗੁਰ ਬਚਨ ਹਨ : ‘‘ਪਾਠੁ ਪੜੈ, ਨਾ ਬੂਝਈ; ਭੇਖੀ ਭਰਮਿ ਭੁਲਾਇ॥ ਗੁਰਮਤੀ ਹਰਿ ਸਦਾ ਪਾਇਆ; ਰਸਨਾ ਹਰਿ ਰਸੁ ਸਮਾਇ॥’’ (ਸਿਰੀਰਾਗੁ/ਮ : ੩/੬੬-੬੭) ਨਿਰਾ ਪਾਠ ਤਾਂ ਇੱਕ ਦੁਨਿਆਵੀ ਵਿਹਾਰ ਹੀ ਹੈ ਤੇ ਕਈਆਂ ਲਈ ਪਾਠ ਕਰਨਾ ਕੇਵਲ ਰੋਜ਼ੀ ਕਮਾਉਣ ਦੇ ਇੱਕ ਸਾਧਨ ਤੋਂ ਵੱਧ ਕੁਝ ਵੀ ਨਹੀਂ ਹੈ। ਇਸ ਸਚਾਈ ਨੂੰ ਗੁਰੂ ਸਾਹਿਬਾਨ ਆਪਣੇ ਬਚਨਾਂ ਰਾਹੀਂ ਇੰਞ ਬਿਆਨ ਕਰਦੇ ਹਨ : ‘‘ਬੇਦ ਪਾਠ, ਸੰਸਾਰ ਕੀ ਕਾਰ॥ (ਮ : ੧/੭੯੧), ਅੰਦਰਿ ਕਪਟੁ ਉਦਰੁ ਭਰਣ ਕੈ ਤਾਈ; ਪਾਠ ਪੜਹਿ ਗਾਵਾਰੀ ॥ ਸਤਿਗੁਰੁ ਸੇਵੇ, ਸੋ ਸੁਖੁ ਪਾਏ; ਜਿਨ ਹਉਮੈ ਵਿਚਹੁ ਮਾਰੀ॥ ਨਾਨਕ ! ਪੜਣਾ ਗੁਨਣਾ ਇਕੁ ਨਾਉ ਹੈ; ਬੂਝੈ ਕੋ ਬੀਚਾਰੀ॥’’ (ਮ : ੩/੧੨੪੬)

ਇੱਥੇ ਇਹ ਵੀ ਧਿਆਨ ਰੱਖਣ ਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਚ ਕਿੱਧਰੇ ਵੀ ਅਖੰਡ ਪਾਠ ਕਰਨ ਦੀ ਪ੍ਰੋੜ੍ਹਤਾ ਨਹੀਂ ਕੀਤੀ ਗਈ। ਇਸ ਦੇ ਉਲਟ ਬਾਰ-ਬਾਰ ਸਾਨੂੰ ਸਹਿਜ ਭਾਵ ਨਾਲ਼ ਬਾਣੀ ਪੜ੍ਹਨ ਦਾ ਉਪਦੇਸ਼ ਜ਼ਰੂਰ ਦਿੱਤਾ ਮਿਲਦਾ ਹੈ; ਜਿਵੇਂ ਕਿ ‘‘ਸਹਜੇ ਗਾਵਿਆ ਥਾਇ ਪਵੈ; ਬਿਨੁ ਸਹਜੈ ਕਥਨੀ ਬਾਦਿ॥ (ਸਿਰੀਰਾਗੁ/ਮ : ੩/੬੮), ਬਾਬੀਹਾ ! ਤੂੰ ਸਹਜਿ ਬੋਲਿ; ਸਚੈ ਸਬਦਿ ਸੁਭਾਇ ॥ ਸਭੁ ਕਿਛੁ ਤੇਰੈ ਨਾਲਿ ਹੈ; ਸਤਿਗੁਰਿ ਦੀਆ ਦਿਖਾਇ॥ (ਸਲੋਕ ਵਾਰਾਂ ਤੇ ਵਧੀਕ/ਮ : ੩/੧੪੨੦), ਸਹਜਿ ਸੁਭਾਇ, ਬੋਲੈ ਹਰਿ ਬਾਣੀ॥ ਆਠ ਪਹਰ, ਪ੍ਰਭ ਸਿਮਰਹੁ ਪ੍ਰਾਣੀ ॥’’ (ਗਉੜੀ/ਮ : ੫/੧੯੧)

ਸੋ, ਸਾਨੂੰ ਬਹੁਤ ਸ਼ਿੱਦਤ ਨਾਲ਼ ਚੇਤੇ ਰੱਖਣਾ ਪਵੇਗਾ ਕਿ ਅਖੰਡ ਪਾਠ ਵੀ ਬਿਪਰਵਾਦ ਦੀ ਹੀ ਇੱਕ ਕਾਢ ਹੈ ਤੇ ਗੁਰਬਾਣੀ ਸਿਖਿਆ ਦੇ ਵਿਪਰੀਤ ਇੱਕ ਫੋਕਟ ਕਰਮ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਅੰਮ੍ਰਿਤ ਬਾਣੀ ਨੂੰ ਮਨ ’ਚ ਵਸਾ ਕੇ) ਸਹਿਜ ਭਾਵ ਨਾਲ਼ ਰੱਬ ਦੇ ਗੁਣ ਗਾਉਣਾ ਹੀ ਇੱਕ ਉੱਤਮ ਜੀਵਨ ਜਾਚ ਹੈ। ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਵਾਂਗੇ ਭਾਵ ਕਿ ਸਹਿਜ ਨਾਲ਼ ਵਿਚਾਰ ਕੇ ਪੜ੍ਹਾਂਗੇ ਤਾਂ ਹੀ ਨਿਰੰਕਾਰ ਦੇ ਗੁਣਾਂ ’ਚ ਮਗਨ ਰਹਿਣਾ ਬਹੁਤ ਆਸਾਨ ਹੋਏਗਾ; ਜਿਵੇਂ ਕਿ ਗੁਰੂ ਸਾਹਿਬਾਨ ਦੇ ਬਚਨ ਹਨ : ‘‘ਅਤੁਲੁ ਕਿਉ ਤੋਲੀਐ ? ਵਿਣੁ ਤੋਲੇ ਪਾਇਆ ਨ ਜਾਇ॥ ਗੁਰ ਕੈ ਸਬਦਿ ਵੀਚਾਰੀਐ; ਗੁਣ ਮਹਿ ਰਹੈ ਸਮਾਇ॥ (ਮ : ੩/੧੨੮੨), ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ; ਬਾਣੀ ਬੀਚਾਰੀਐ ਜੀਉ॥’’ (ਮ : ੫/੮੦) ਧਿਆਨ ਰਹੇ ਕਿ ਅਖੰਡਪਾਠ ਦਾ ਵਿਧਾਨ ਉਨ੍ਹਾਂ ਮੁਸੀਬਤਾਂ ਸਮੇਂ ਗੁਰੂ ਪਿਆਰਿਆਂ ਨੇ ਅਪਣਾਇਆ ਸੀ ਜਦ ਸਿੱਖਾਂ ਨੂੰ ਵਕਤੀ ਹਕੂਮਤ ਨਾਲ਼ ਆਏ ਦਿਨ ਜੰਗ ਕਰਨੀ ਪੈਂਦੀ ਸੀ ਅਤੇ ਫਿਰ ਵੀ ਉਹ ਸਿੱਦਕੀ ਸਿੱਖ; ਸਮੁੱਚੀ ਬਾਣੀ (ਗੁਰੂ) ਤੋਂ ਦੂਰ ਨਹੀਂ ਹੋਣਾ ਚਾਹੁੰਦੇ ਸਨ, ਪਰ ਅੱਜ ਸਾਡੇ ਕੋਲ਼ ਕਿਸੇ ਸਮੇਂ ਦੀ ਘਾਟ ਨਹੀਂ ਹੈ ਤਾਂ ਜੋ ਅਸੀਂ ਗੁਰਬਾਣੀ ਦਾ ਸਹਿਜਪਾਠ ਕਰਨ ਦੀ ਬਜਾਇ ਅਖੰਡਪਾਠ ਕਰਨ ਨੂੰ ਤਰਜੀਹ ਦੇਈਏ।

ਨੋਟ : ਨਿਤਨੇਮੀ ਗੁਰੂ ਪਿਆਰਿਆਂ ਨੂੰ ਵੀ ਬੇਨਤੀ ਹੈ ਕਿ ਨਿਤਨੇਮ ਦੀਆਂ ਬਾਣੀਆਂ ਨੂੰ ਹਰ ਰੋਜ਼ ਪੜ੍ਹਨਾ ਤਾਂ ਹੀ ਲਾਹੇਵੰਦ ਹੋਵੇਗਾ ਜੇ ਕਰ ਅਸੀਂ ਬਾਣੀ ਦੇ ਅਰਥ ਭਾਵ ਸਮਝਣ ਦਾ ਉਪਰਾਲਾ ਕਰਾਂਗੇ। ਜੇ ਹੋਰ ਨਹੀਂ ਤਾਂ ‘ ਜਪੁ’ ਬਾਣੀ ਦੀ ਇੱਕ-ਇੱਕ ਤੁਕ ਦੇ ਅਰਥ ਤਾਂ ਹਰ ਇੱਕ ਗੁਰਸਿੱਖ ਦੇ ਦਿਲ ’ਤੇ ਜ਼ਰੂਰ ਹੀ ਉਕਰਨੇ ਚਾਹੀਦੇ ਹਨ। ਇਸ ਮੰਤਵ ਲਈ ਗਿਆਨੀ ਅਵਤਾਰ ਸਿੰਘ, ਜਲੰਧਰ ਦੁਆਰਾ ‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ’ ਖ਼ਾਸ ਕਰਕੇ 2019 ਵਾਲੀ ਐਡੀਸ਼ਨ ਇੱਕ ਸ਼ਲਾਘਾਯੋਗ ਲਿਖਤ ਹੈ, ਜੋ ਕਿ ‘ਜਪੁ’ ਬਾਣੀ ਦੇ ਨਾਲ਼ ਹੀ ਗੁਰਮਤਿ ਦਾ ਕੇਂਦਰੀ ਭਾਵ ਸਮਝਣ ’ਚ ਵੀ ਕਾਫ਼ੀ ਸਹਾਈ ਹੋ ਸਕਦੀ ਹੈ।

(37). ਫੁੱਲ ਚਾੜ੍ਹਨਾ : ਸਾਡੇ ਗੁਰੂ ਘਰਾਂ ’ਚ ਇਹ ਅਰਦਾਸ ਆਮ ਹੀ  ਸੁਣਨ ਨੂੰ ਮਿਲ ਸਕਦੀ ਹੈ; ‘ਜਿਹੜੇ ਵੀ ਮਾਈ ਭਾਈ ਨੇ ਤਿਲ਼ ਫੁੱਲ ਭੇਟਾ ਕੀਤਾ ਹੈ, ਉਨ੍ਹਾਂ ਦੀ ਭੇਟਾ ਪਰਵਾਨ ਕਰਨੀ ਜੀ’, ਪਰ ‘ਤਿਲ਼ ਫੁੱਲ’ ਨੂੰ ਨਿਮਾਣੀ ਭੇਟਾ ਦੇ ਤੌਰ ’ਤੇ ਅਖਾਣ ਵਜੋਂ ਵਰਤਣ ਦੀ ਥਾਂ ਅਸੀਂ ਤਾਂ ਵਾਕਿਆ ਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਫੁੱਲਾਂ ਦੇ ਢੇਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇੱਥੋਂ ਤੱਕ ਕਿ ਅਜੋਕੇ ਨਗਰ ਕੀਰਤਨਾਂ ’ਚ ਹੈਲੀਕਾਪਟਰ ਰਾਹੀਂ ਗੁਰੂ ਸਾਹਿਬ ਜੀ ਦੀ ਪਾਲਕੀ ਅਤੇ ਸੰਗਤਾਂ ’ਤੇ ਫੁੱਲਾਂ ਦੀ ਵਰਖਾ ਕਰ ਕੇ, ਜਿਹੜਾ ਅਸੀਂ ਆਪਣੀ ਮੱਤ ਦਾ ਜਲੂਸ ਕੱਢ ਰਹੇ ਹੁੰਦੇ ਹਾਂ, ਉਸ ਦੀ ਮਿਸਾਲ ਦੇਣੀ ਵੀ ਅਸੰਭਵ ਹੈ।

ਭਗਤ ਰਵਿਦਾਸ ਜੀ ਬਖਿਆਨ ਕਰਦੇ ਹਨ ਕਿ ਇਹ ਸਾਰੀ ਕੁਦਰਤ ਹੀ ਮਾਲਕ ਦੀ ਬਣਾਈ ਹੋਈ ਹੈ, ਇਸ ਲਈ ਉਸ ਦੀ ਪੈਦਾ ਕੀਤੀ ਕੁਦਰਤ ’ਚੋਂ ਹੀ ਉਸ ਦੇ ਅੱਗੇ ਕੀ ਰੱਖਿਆ ਜਾ ਸਕਦਾ ਹੈ। ਸੋ ਮਾਲਕ ਦਾ ਨਾਮ ਸਿਮਰਨਾ ਹੀ ਸਭ ਤੋਂ ਉੱਤਮ ਭੇਟਾ (ਭੇਂਟ) ਹੈ : ‘‘ਨਾਮੁ ਤੇਰੋ ਤਾਗਾ, ਨਾਮੁ ਫੂਲ ਮਾਲਾ; ਭਾਰ ਅਠਾਰਹ ਸਗਲ ਜੂਠਾਰੇ॥ ਤੇਰੋ ਕੀਆ, ਤੁਝਹਿ ਕਿਆ ਅਰਪਉ ? ਨਾਮੁ ਤੇਰਾ ਤੁਹੀ, ਚਵਰ ਢੋਲਾਰੇ ॥’’ (ਧਨਾਸਰੀ/ਭਗਤ ਰਵਿਦਾਸ/੬੯੪)

ਗੁਰੂ ਨਾਨਕ ਪਾਤਸ਼ਾਹ ਮਨੁੱਖੀ ਸਰੀਰ ਦੀ ਤੁਲਨਾ ਫੁੱਲਾਂ ਵਾਲੇ ਬੂਟੇ ਨਾਲ਼ ਕਰਦੇ ਹਨ ਤੇ ਇਸ ਕੋਮਲ ਟਾਹਣੀ (ਟਹਿਣੀ) ’ਤੇ ਪ੍ਰਮਾਤਮਾ ਦੇ ਗੁਣਾਂ ਨੂੰ ਫੁੱਲ ਮੰਨਿਆ ਗਿਆ ਹੈ। ਗੁਰ ਉਪਦੇਸ਼ ਵਜੋਂ ਫ਼ੁਰਮਾਉਂਦੇ ਹਨ : ‘‘ਕਾਇਆ ਕੂਮਲ, ਫੁਲ ਗੁਣ; ਨਾਨਕ  ! ਗੁਪਸਿ ਮਾਲ॥ ਏਨੀ ਫੁਲੀ ਰਉ ਕਰੇ; ਅਵਰ, ਕਿ ਚੁਣੀਅਹਿ ਡਾਲ॥’’ (ਮ : ੧/੭੯੧) ਭਾਵ ਜੇ ਮਨੁੱਖ ਇਨ੍ਹਾਂ ਫੁੱਲਾਂ ’ਚ (ਗੁਣਾਂ ’ਚ/ਤੱਤ-ਸਾਰ ’ਚ) ਧਿਆਨ ਲਗਾਏ ਤਾਂ ਹੋਰ ਡਾਲੀਆਂ; ਜਿਵੇਂ ਕਿ ਫੁੱਲ ਰਹਿਤ ਦਰਖ਼ਤ ਦੀਆਂ ਟਹਿਣੀਆਂ (ਭਾਵ ਨਿਰਮੂਲ ਦੇਵ/ਪੱਥਰ ਭਗਤੀ), ਚੁਣਨ ਦੀ ਕੀ ਲੋੜ ਰਹਿ ਜਾਂਦੀ ਹੈ ?

ਸੋ, ਗੁਰਮਤਿ ’ਚ ਕੇਵਲ ਗੁਣਾਂ ਦੇ ਫੁੱਲਾਂ ਦੀ ਮਾਲਾ ਹੀ ਪਰਵਾਨ ਹੈ। ਜੇ, ਕੁਝ ਭੇਂਟ ਕਰਨਾ ਹੀ ਹੈ ਤਾਂ ਕਿਉਂ ਨਾ ਆਪਣਾ ਸੀਸ ਭੇਂਟ ਕਰੀਏ ਤਾਂ ਕਿ ਗੁਰੂ ਮਿਹਰ ਸਦਕਾ, ਸਾਡੀ ਸੁਰਤ ਹਮੇਸ਼ਾ ਰੱਬੀ ਯਾਦ ’ਚ ਟਿਕੀ ਰਹੇ : ‘‘ਸਤਿਗੁਰ ਆਗੈ ਸੀਸੁ ਭੇਟ ਦੇਉ; ਜੇ ਸਤਿਗੁਰ ਸਾਚੇ ਭਾਵੈ ॥ ਆਪੇ ਦਇਆ ਕਰਹੁ ਪ੍ਰਭ ਦਾਤੇ !  ਨਾਨਕ ਅੰਕਿ ਸਮਾਵੈ ॥’’ (ਤੁਖਾਰੀ/ਮ : ੪/੧੧੧੪)

(38). ਬਾਦ ਵਿਵਾਦ/ਝਗੜਾ ਕਰਨਾ : ਹਰ ਝਗੜੇ ਦਾ ਮੂਲ ਕਾਰਨ ਕਿਸੇ ਨਾ ਕਿਸੇ ਰੂਪ ’ਚ ਹਉਮੈ (ਅਹੰਕਾਰ) ਹੁੰਦਾ ਹੈ, ਖ਼ਾਸ ਕਰਕੇ ਆਪਣੇ ਮਨ ਦੀ ਮੱਤ ਮਗਰ ਲੱਗਣ ਵਾਲੇ ਦਾ ਹਰ ਕੰਮ, ਝਗੜਾ ਪੈਦਾ ਕਰਦਾ ਹੈ ਕਿਉਂਕਿ ਮਨ ਦੀ ਮੱਤ ਹਮੇਸ਼ਾਂ ਝੂਠ ਵਾਲੇ ਪਾਸੇ ਹੀ ਲਿਜਾਂਦੀ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਝੂਠੀ ਮਨ ਕੀ ਮਤਿ ਹੈ; ਕਰਣੀ ਬਾਦਿ ਬਿਬਾਦੁ॥ ਝੂਠੇ ਵਿਚਿ ਅਹੰਕਰਣੁ ਹੈ; ਖਸਮ ਨ ਪਾਵੈ ਸਾਦੁ ॥ ਬਿਨੁ ਨਾਵੈ, ਹੋਰੁ ਕਮਾਵਣਾ; ਫਿਕਾ ਆਵੈ ਸਾਦੁ ॥ ਦੁਸਟੀ ਸਭਾ ਵਿਗੁਚੀਐ; ਬਿਖੁ ਵਾਤੀ ਜੀਵਣ ਬਾਦਿ॥’’ (ਪ੍ਰਭਾਤੀ/ਮ : ੧/੧੩੪੩)

ਮਨੁੱਖ ਓਨਾ ਚਿਰ ਹੀ ਕਿਸੇ ਨੂੰ ਮਾੜਾ ਬੋਲਦਾ ਹੈ, ਜਿੰਨਾ ਚਿਰ ਦੁਬਿਧਾ (ਅਹੰਕਾਰ) ਭਾਵ ਮੇਰ ਤੇਰ ’ਚ ਰਹਿੰਦਾ ਹੈ ਪਰ ਜਦ ਗੁਰੂ ਦੇ ਦੱਸੇ ਮਾਰਗ ’ਤੇ ਤੁਰਦਾ ਹੈ ਤਾਂ ਸਭ ਅੰਦਰ ਹੀ ਪ੍ਰਮਾਤਮਾ ਦੀ ਜੋਤਿ ਨਜ਼ਰ ਆਉਣ ਲੱਗ ਜਾਂਦੀ ਹੈ। ਗੁਰ ਅਮਰਦਾਸ ਦੀ ਦੇ ਬਚਨ ਹਨ : ‘‘ਬੁਰਾ ਭਲਾ ਤਿਚਰੁ ਆਖਦਾ; ਜਿਚਰੁ ਹੈ ਦੁਹੁ (ਦੁਬਿਧਾ) ਮਾਹਿ॥ ਗੁਰਮੁਖਿ ਏਕੋ ਬੁਝਿਆ; ਏਕਸੁ ਮਾਹਿ ਸਮਾਇ ॥’’ (ਮ : ੩/੭੫੭)

ਜੀਅ ਜੰਤ ਸਭਿ ਤਿਸ ਦੇ; ਸਭਨਾ ਕਾ ਸੋਈ॥ ਮੰਦਾ ਕਿਸ ਨੋ ਆਖੀਐ ? ਜੇ ਦੂਜਾ ਹੋਈ॥ (ਆਸਾ/ਮ : ੩/੪੨੫), ਗੁਰੂ ਨਾਨਕ ਸਾਹਿਬ ਜੀ ਰੱਬੀ ਗਿਆਨ ਦੀ ਬਖ਼ਸ਼ਸ਼ ਕਰਦਿਆਂ ਫ਼ੁਰਮਾਉਂਦੇ ਹਨ ਕਿ ਸਾਰਿਆਂ ’ਚ ਇੱਕੋ ਰੱਬੀ ਜੋਤਿ ਹੈ ਤਾਂ ਕਿਸੇ ਨਾਲ਼ ਵੀ ਝਗੜਾ ਕਰਨਾ ਮਾਨੋ ਰੱਬ ਨਾਲ਼ ਝਗੜਾ ਕਰਨਾ ਹੈ ਤੇ ਰੱਬ ਨਾਲ਼ ਝਗੜਾ ਨਹੀਂ ਪਾਉਣਾ ਚਾਹੀਦਾ ਕਿਉਂਕਿ ਅਜਿਹਾ ਝਗੜਾ ਸਾਡੀ ਖ਼ੁਆਰੀ ਦਾ ਕਾਰਨ ਬਣਦਾ ਹੈ : ‘‘ਵਾਰੀ ਖਸਮੁ ਕਢਾਏ, ਕਿਰਤੁ ਕਮਾਵਣਾ॥ ਮੰਦਾ ਕਿਸੈ ਨ ਆਖਿ, ਝਗੜਾ ਪਾਵਣਾ ॥ ਨਹ ਪਾਇ ਝਗੜਾ, ਸੁਆਮਿ ਸੇਤੀ; ਆਪਿ ਆਪੁ ਵਞਾਵਣਾ ॥’’ (ਵਡਹੰਸੁ/ਮ : ੧/੫੬੬), ਇਨ੍ਹਾਂ ਗੁਰੂ ਰਮਜ਼ਾਂ ਨੂੰ ਸਮਝ ਲਿਆ ਜਾਵੇ ਤਾਂ ਸਾਰੇ ਵੈਰ ਵਿਰੋਧ ਮੁੱਕ ਜਾਂਦੇ ਹਨ ਤੇ ਭਾਵੇਂ ਕੋਈ ਨਿੰਦਾ ਵੀ ਕਿਉਂ ਨਾ ਕਰੇ, ਝਗੜਾ ਕਰਨ ਦੀ ਲੋੜ ਜਾਂ ਆਦਤ ਹੀ ਨਹੀਂ ਰਹਿ ਜਾਂਦੀ; ਜਿਵੇਂ ਕਿ ਭਗਤ ਸਾਹਿਬਾਨ ਜੀ ਦੇ ਬਚਨ ਹਨ : ‘‘ਸਰਬ ਭੂਤ ਏਕੈ ਕਰਿ ਜਾਨਿਆ; ਚੂਕੇ ਬਾਦ ਬਿਬਾਦਾ ॥ ਕਹਿ ਕਬੀਰ  ! ਮੈ ਪੂਰਾ ਪਾਇਆ; ਭਏ ਰਾਮ ਪਰਸਾਦਾ ॥ (ਆਸਾ/ਭਗਤ ਕਬੀਰ ਜੀ/੪੮੩), ਬਾਦੁ ਬਿਬਾਦੁ, ਕਾਹੂ ਸਿਉ ਨ ਕੀਜੈ ॥ ਰਸਨਾ, ਰਾਮ ਰਸਾਇਨੁ ਪੀਜੈ ॥’’ (ਭਗਤ ਨਾਮਦੇਵ ਜੀ/੧੧੬੪)

ਹਾਂ, ਗੁਰਮਤਿ ਸਾਨੂੰ ਆਪਣੇ ਮਨ ਨਾਲ਼ ਝਗੜਾ ਕਰਨ ਦੀ ਪ੍ਰਵਾਨਗੀ ਜ਼ਰੂਰ ਦਿੰਦੀ ਹੈ। ਮਨ ਵਿੱਚ ਆਈ ਵਿਕਾਰੀ ਸੋਚ ਨਾਲ਼ ਲੜਨਾ ਤੇ ਜੇਤੂ ਬਣ ਕੇ ਗੁਰਮੁਖਾਂ ਵਾਲੀ ਕਾਰ ਕਰਨ ਵਾਲ਼ਾ ਗੁਰੂ ਪਿਆਰਾ, ਮਨੁੱਖੀ ਜੀਵਨ ਸਫਲਾ ਕਰਾ ਜਾਂਦਾ ਹੈ : ‘‘ਮਨ ਹੀ ਨਾਲਿ ਝਗੜਾ, ਮਨ ਹੀ ਨਾਲਿ ਸਥ; ਮਨ ਹੀ ਮੰਝਿ ਸਮਾਇ ॥ ਮਨੁ ਜੋ ਇਛੇ, ਸੋ ਲਹੈ; ਸਚੈ ਸਬਦਿ ਸੁਭਾਇ ॥ ਅੰਮ੍ਰਿਤ ਨਾਮੁ ਸਦ ਭੁੰਚੀਐ; ਗੁਰਮੁਖਿ ਕਾਰ ਕਮਾਇ ॥ ਵਿਣੁ ਮਨੈ, ਜਿ ਹੋਰੀ ਨਾਲਿ ਲੁਝਣਾ (ਝਗੜਨਾ); ਜਾਸੀ ਜਨਮੁ ਗਵਾਇ ॥’’ (ਮ : ੩/੮੭)

ਸਤਿਗੁਰੂ ਦੀ ਕ੍ਰਿਪਾ ਨਾਲ਼ ਮਨ ਨੂੰ ਜਿੱਤਣ ਵਾਲੇ ਗੁਰਮੁਖਾਂ ਦੇ ਹਿਰਦੇ ’ਚ ਪ੍ਰਮਾਤਮਾ ਦਾ ਪ੍ਰੇਮ ਪ੍ਰਭਾਵ ਪਾਈ ਰੱਖਦਾ ਹੈ। ਅੰਦਰੋਂ ਪ੍ਰੇਮ ’ਚ ਰੱਤੇ ਹੋਏ ਅਜਿਹੇ ਗੁਰਮੁਖ, ਜੇ ਕਿਸੇ ਭੁੱਲ ਕਾਰਨ ਕੋਈ ਮਾੜਾ ਬੋਲ ਵੀ ਉਚਾਰ ਜਾਣ ਤਾਂ ਵੀ ਉਹ ਪ੍ਰਮਾਤਮਾ ਨੂੰ ਚੰਗੇ ਲੱਗਦੇ ਹਨ; ਜਿਵੇਂ ਕਿ ਗੁਰ ਬਚਨ ਹਨ : ‘‘ਜਿਨ ਅੰਤਰਿ, ਹਰਿ ਹਰਿ ਪ੍ਰੀਤਿ ਹੈ; ਤੇ ਜਨ ਸੁਘੜ ਸਿਆਣੇ, ਰਾਮ ਰਾਜੇ ! ॥ ਜੇ ਬਾਹਰਹੁ ਭੁਲਿ ਚੁਕਿ ਬੋਲਦੇ; ਭੀ ਖਰੇ ਹਰਿ ਭਾਣੇ ॥’’ (ਆਸਾ/ਮ : ੪/੪੫੦-੫੧)

ਨੋਟ : ਕਿੰਨਾ ਚੰਗਾ ਹੋਵੇ ਜੇ ਸਾਡੇ ਅਜੋਕੇ ਵਿਦਵਾਨ ਵੀ ਵਾਦ ਵਿਵਾਦ ਦਾ ਪੱਲਾ ਛੱਡ ਦੇਣ ਤੇ ਖੁੱਲ੍ਹੇ ਪੱਤਰਾਂ ਰਾਹੀਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਬਜਾਇ ਆਪਸ ’ਚ ਮਿਲ ਬੈਠ ਕੇ ਗੁਰ ਉਪਦੇਸ਼ ਦੇ ਚਾਨਣ ’ਚ ਹੀ ਸੰਵਾਦ ਕਰਕੇ ਹਰ ਦੁਚਿੱਤੀ ਨੂੰ ਹੱਲ ਕਰਨ ਦਾ ਯਤਨ ਕਰਨ !

(39). ਬਾਹਰੀ ਭੇਖ (ਵੇਸ) : ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਨੌਜਵਾਨਾਂ ’ਚੋਂ ਬਹੁਤਾਤ ਨੇ ਆਪਣੀ ਸਾਬਤ ਸੂਰਤ ਨੂੰ ਕਾਇਮ ਨਹੀਂ ਰੱਖਿਆ ਹੈ। ਆਟੇ ’ਚ ਲੂਣ ਦੀ ਮਾਤਰਾ ਵਾਙ ਜੇ ਕੋਈ ਬਾਣੇ ਦਾ ਧਾਰਨੀ ਹੈ ਤਾਂ ਉਸ ਦਾ ਸਾਰਾ ਧਿਆਨ ਵੀ ਕੇਵਲ ਬਾਣੇ ’ਤੇ ਹੀ ਕੇਂਦਰਿਤ ਵਿਖਾਈ ਦੇ ਰਿਹਾ ਹੈ। ਦਿਖਾਵੇ ਮਾਤਰ ਕੇਵਲ ਬਾਹਰਲੇ ਧਾਰਮਕ ਲਿਬਾਸ ਭਾਵ ਬਾਹਰਲੇ ਭੇਖ ਦੀ ਗੁਰਮਤਿ ’ਚ ਕੋਈ ਕਦਰ ਨਹੀਂ ਹੈ। ਬਾਣੇ ਦੇ ਧਾਰਨੀ, ਪਰ ਬਾਣੀ (ਗੁਰੂ ਸਬਦੁ, ਗੁਰੂ ਦੇ ਗਿਆਨ) ਤੋਂ ਸੱਖਣੇ ਜੀਵਨ ਵਾਲ਼ਿਆਂ ਲਈ ਗੁਰੂ ਜੀ ਬਚਨ ਕਰਦੇ ਹਨ : ‘‘ਚੜਿ ਕੈ ਘੋੜੜੈ, ਕੁੰਦੇ ਪਕੜਹਿ; ਖੂੰਡੀ ਦੀ ਖੇਡਾਰੀ॥ ਹੰਸਾ ਸੇਤੀ ਚਿਤੁ ਉਲਾਸਹਿ, ਕੁਕੜ ਦੀ ਓਡਾਰੀ॥’’ (ਮ : ੫/੩੨੨)

ਨਿਰੇ ਧਾਰਮਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲੇ ਮਨੁੱਖ ਦੀ ਅੰਦਰਲੀ ਭਟਕਣਾ ਬਰਕਰਾਰ ਰਹਿੰਦੀ ਹੈ ਤੇ ਉਹ ਝੂਠੇ ਅਹੰਕਾਰ ’ਚ ਹੀ ਆਪਣਾ ਜੀਵਨ ਗੁਆ ਬੈਠਦਾ ਹੈ। ਸਾਡੇ ਲੰਬੇ-ਲੰਬੇ ਚੋਲ਼ੇ ਤੇ ਵੱਡੇ-ਵੱਡੇ ਗੋਲ਼ ਦੁਮਾਲਿਆਂ ਦੀ ਸੋਹਣੀ ਬਾਹਰੀ ਦਿੱਖ ਦੇ ਨਾਲ਼ ਉਪਜ ਰਹੇ ਅਹੰਕਾਰ ਨੂੰ ਸੰਬੋਧਿਤ ਕਰਨ ਲਈ ਹੀ ਸ਼ਾਇਦ ਗੁਰੂ ਅਮਰਦਾਸ ਜੀ ਨੇ ਇਹ ਵਾਕ ਉਚਾਰੇ ਹਨ : ‘‘ਬਹੁਤੇ ਭੇਖ ਕਰੈ, ਭੇਖਧਾਰੀ॥ ਅੰਤਰਿ ਤਿਸਨਾ, ਫਿਰੈ ਅਹੰਕਾਰੀ॥ ਆਪੁ ਨ ਚੀਨੈ, ਬਾਜੀ ਹਾਰੀ ॥’’ (ਗਉੜੀ/ਮ : ੩/੨੩੦) ਨਿਰੇ ਧਾਰਮਕ ਪਹਿਰਾਵੇ ਕਰਕੇ ਚਤੁਰਾਈ (ਕਾਪੜ ਪਹਿਰਿ, ਕਰੇ ਚਤੁਰਾਈ॥) ਦੀਆਂ ਗੱਲਾਂ ਕਰਨ ਵਾਲ਼ਿਆਂ ਨੂੰ ਗੁਰ ਉਪਦੇਸ਼ ਚੇਤੇ ਰੱਖਣਾ ਚਾਹੀਦਾ ਹੈ : ‘‘ਛੋਡਹੁ ਵੇਸੁ, ਭੇਖ ਚਤੁਰਾਈ; ਦੁਬਿਧਾ, ਇਹੁ ਫਲੁ ਨਾਹੀ ਜੀਉ॥’’ (ਸੋਰਠਿ/ਮ : ੧/੫੯੮) ਬਾਬਾ ਫ਼ਰੀਦ ਜੀ ਵੇਸ ਸੰਬੰਧੀ ਸਵਾਲ ਪੁੱਛਦੇ/ਕਰਦੇ ਹਨ ਕਿ ਤਾਂ ਫਿਰ ਅਜਿਹਾ ਕਿਹੜਾ ਵੇਸ ਹੋਵੇ, ਜਿਸ ਸਦਕਾ ਪ੍ਰਭੂ ਨਾਲ਼ ਮਿਲਾਪ ਸੰਭਵ ਹੋ ਸਕੇ : ‘‘ਕਵਣੁ ਸੁ ਅਖਰੁ ? ਕਵਣੁ ਗੁਣੁ ? ਕਵਣੁ ਸੁ ਮਣੀਆ ਮੰਤੁ  ?॥ ਕਵਣੁ ਸੁ ਵੇਸੋ ਹਉ ਕਰੀ ? ਜਿਤੁ ਵਸਿ ਆਵੈ ਕੰਤੁ॥’’ (ਸਲੋਕ ਫਰੀਦ ਜੀ/੧੩੮੪) ਅਗਲੇ ਸਲੋਕ ’ਚ ਹੀ ਬਾਬਾ ਜੀ ਆਪ ਉੱਤਰ ਵਜੋਂ ਫ਼ੁਰਮਾਉਂਦੇ ਹਨ : ‘‘ਨਿਵਣੁ ਸੁ ਅਖਰੁ, ਖਵਣੁ ਗੁਣੁ; ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ! ਵੇਸ ਕਰਿ; ਤਾਂ ਵਸਿ ਆਵੀ ਕੰਤੁ॥’’ (ਸਲੋਕ ਫਰੀਦ ਜੀ/੧੩੮੪)

ਸੋ, ਸਤਿਗੁਰੂ ਦੇ ਉਪਦੇਸ਼ (ਸਿੱਖਿਆ) ਨੂੰ ਮੰਨੀਏ ਤਾਂ ਧਾਰਮਕ ਭੇਖ ’ਚ ਫਸੇ ਰਹਿਣ ਦੀ ਰੁਚੀ ਆਪਣੇ ਆਪ ਹੀ ਘਟਦੀ ਚਲੀ ਜਾਂਦੀ ਹੈ ਭਾਵ ਬੰਦਾ; ਹਰ ਕੰਮ ਵਿਖਾਵੇ ਮਾਤਰ ਕਰਨਾ ਛੱਡਦਾ ਜਾਂਦਾ ਹੈ ਤੇ ਅਹੰਕਾਰ ਦੀ ਬਜਾਇ ਸਾਦਗੀ ਤੇ ਨਿਮਰਤਾ ’ਚ ਰੱਤਿਆ ਮਨ, ਗੁਰ ਬਚਨ ਨੂੰ ਕਮਾਉਣ ’ਚ ਹੀ ਮਸਤ ਰਹਿਣ ਲੱਗ ਪੈਂਦਾ ਹੈ : ‘‘ਜਾ ਕੈ ਰਾਸਿ, ਸਰਬ ਸੁਖ ਸੁਆਮੀ; ਆਨ ਨ ਮਾਨਤ ਭੇਖਾ॥ ਨਾਨਕ ! ਦਰਸ ਮਗਨ ਮਨੁ ਮੋਹਿਓ; ਪੂਰਨ ਅਰਥ ਬਿਸੇਖਾ॥’’ (ਸਾਰੰਗ/ਮ : ੫/੧੨੨੧)

(40). ਮੁਕਤੀ : ਸਾਰੀ ਲੁਕਾਈ ਵੱਲੋਂ ਸੁਰਗ ਦੀ ਹੀ ਆਸ ਕੀਤੀ ਜਾਂਦੀ ਹੈ ਤੇ ਸਾਰੇ ਲੋਕ ਸਦਾ ਮੁਕਤੀ ਹੀ ਮੰਗਦੇ ਰਹਿੰਦੇ ਹਨ; ਜਿਵੇਂ ਕਿ ਗੁਰੂ ਵਾਕ ਹਨ : ‘‘ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ; ਨਿਤਿ ਆਸਾ ਆਸ ਕਰੀਜੈ॥’’ (ਕਲਿਆਨ/ਮ : ੪/੧੩੨੪), ਪਰ ਪ੍ਰਮਾਤਮਾ ਦੇ ਪਿਆਰ ’ਚ ਭਿੱਜੀਆਂ ਹੋਈਆਂ ਰੂਹਾਂ; ਕਿਸੇ ਕਲਪਿਤ (ਖ਼ਿਆਲੀ) ਸਵਰਗ ਦੀ ਆਸ ਰੱਖਣ ਦੀ ਬਜਾਇ ਗੁਰਮਤਿ ਅਨੁਸਾਰੀ ਹੋ ਕੇ, ਵਿਕਾਰਾਂ ਅਤੇ ਬੰਧਨਾਂ ਤੋਂ ਖ਼ਲਾਸੀ ਨੂੰ ਹੀ ਅਸਲ ਮੁਕਤੀ ਮੰਨਦੀਆਂ ਹਨ। ਅਸਲ ’ਚ ਗੁਰਮੁਖ ਦੀ ਤਾਂ ਪਹਿਚਾਣ ਹੀ ਇੱਥੋਂ ਆਰੰਭ ਹੁੰਦੀ ਹੈ ਕਿ ਉਹ ਗੁਰੂ ਦਾ ਆਸਰਾ ਲੈ ਕੇ, ਵਿਕਾਰਾਂ ਨਾਲ਼ ਲੜਨ ਦਾ ਪ੍ਰਣ ਕਰਦਾ ਹੈ ਤੇ ਗੁਰੂ ਬਖ਼ਸ਼ਸ਼ ਸਦਕਾ ਫ਼ਤਿਹ ਵੀ ਪਾ ਲੈਂਦਾ ਹੈ; ਜਿਵੇਂ ਕਿ ਗੁਰ ਬਚਨ ਹਨ : ‘‘ਨਿਹਤੇ ਪੰਜਿ ਜੁਆਨ ਮੈ; ਗੁਰ, ਥਾਪੀ ਦਿਤੀ ਕੰਡਿ ਜੀਉ ॥ (ਸਿਰੀ ਰਾਗੁ/ਮ : ੫/੭੪), ਗੁਰਮੁਖਿ ਹੋਵਹਿ, ਸੇ ਬੰਧਨ ਤੋੜਹਿ; ਮੁਕਤੀ ਕੈ ਘਰ ਪਾਇਦਾ ॥’’ (ਮਾਰੂ ਸੋਲਹੇ/ਮ : ੩/੧੦੬੨)

ਗੁਰੂ ਨਾਨਕ ਪਾਤਸ਼ਾਹ ਮੁਕਤੀ ਦੇ ਨੁਕਤੇ ਨੂੰ ਸਮਝਾਉਂਦਿਆਂ ਪਹਿਲਾਂ ਇੱਕ ਸਵਾਲ ਪੈਦਾ ਕਰ ਇਸ ਵਿਸ਼ੇ ਨੂੰ ਜ਼ਰੂਰੀ ਹੋਣਾ ਪ੍ਰਗਟਾਉਂਦੇ ਹਨ ਕਿ ਮਨੁੱਖ ਕਿਵੇਂ ਵਿਕਾਰਾਂ ਦੀ ਵਾਸਨਾ ’ਚ ਬੱਝ ਜਾਂਦਾ ਹੈ ਤੇ ਕਿਵੇਂ ਇਸ ਤੋਂ ਆਜ਼ਾਦੀ ਹਾਸਲ ਕਰਦਾ ਹੈ ਭਾਵ ਕਿ ਕਿਵੇਂ ਅਡੋਲ ਅਵਸਥਾ ’ਚ ਟਿਕ ਜਾਂਦਾ ਹੈ ? : ‘‘ਕਿਉ ਬਾਧਿਓ ? ਕਿਉ ਮੁਕਤੀ ਪਾਵੈ ?॥ ਕਿਉ, ਅਬਿਨਾਂਸੀ ਸਹਜਿ ਸਮਾਵੈ ?॥’’ (ਗਉੜੀ/ਮ : ੧/੧੫੨) ਫਿਰ ਦਇਆ ਦੇ ਘਰ ’ਚ ਆ ਕੇ, ਆਪ ਹੀ ਉੱਤਰ ਦੀ ਬਖ਼ਸ਼ਸ਼ ਕਰਦੇ ਹਨ ਕਿ ਕੁਦਰਤੀ ਨਿਯਮ ਸਦਕਾ ਵਿਕਾਰਾਂ ਦਾ ਬੰਧਨ (ਗੁਰੂ ਤੋਂ ਬੇਮੁਖ ਹੋਇਆਂ) ਮਨ ਤੋਂ ਪੈਦਾ ਹੁੰਦਾ ਹੈ ਤੇ ਮਨ ’ਚ ਹੀ (ਗੁਰੂ ਦੇ ਸਨਮੁਖ ਹੋਇਆਂ) ਖ਼ਤਮ ਹੋ ਜਾਂਦਾ ਹੈ। ਅਸਲ ਭਾਵ ਹੈ ਕਿ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ, ਗੁਰੂ ਦੇ ਸਨਮੁਖ ਰਹਿਣ ਵਾਲਾ ਪ੍ਰਾਣੀ ਇਸ ਸਾਰੇ ਜਾਲ਼ ’ਚੋਂ ਬਚ ਨਿਕਲਦਾ ਹੈ : ‘‘ਸਹਜੇ ਆਵੈ, ਸਹਜੇ ਜਾਇ॥ ਮਨ ਤੇ ਉਪਜੈ, ਮਨ ਮਾਹਿ ਸਮਾਇ॥ ਗੁਰਮੁਖਿ ਮੁਕਤੋ, ਬੰਧੁ ਨ ਪਾਇ॥ ਸਬਦੁ ਬੀਚਾਰਿ, ਛੁਟੈ ਹਰਿ ਨਾਇ॥’’ (ਗਉੜੀ/ਮ : ੧/੧੫੩)

ਸੋ, ਗੁਰਮਤਿ ਅਨੁਸਾਰ ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਨੂੰ ਮਾਰ ਕੇ (ਮਨ ਨੂੰ ਜਿੱਤ ਕੇ ‘ਮਨਿ+ਜੀਤੈ’), ਮਨ ਦੇ ਅਹੰਕਾਰ ਅਤੇ ਮੋਹ ਆਦਿ ਵਿਕਾਰਾਂ ਤੋਂ ਆਜ਼ਾਦੀ ਭਾਵ ਨਿਰਲੇਪ ਰਹਿਣਾ ਹੀ ਅਸਲ ਮੁਕਤੀ ਹੈ : ‘‘ਸਬਦਿ ਮਰੈ, ਮਨੁ ਮਾਰੈ ਅਪੁਨਾ;  ਮੁਕਤੀ ਕਾ ਦਰੁ ਪਾਵਣਿਆ ॥’’ (ਮਾਝ/ਮ : ੩/੧੧੭)

ਇੱਕ ਗੱਲ ਹੋਰ ਵੀ ਧਿਆਨ ਰੱਖਣਯੋਗ ਹੈ ਕਿ ਇੱਕ ਗੁਰਸਿੱਖ ਨੂੰ ਕਦੀ ਵੀ ਕਿਸੇ ਵਿਚੋਲੇ ਦੀ ਜਾਂ ਦੂਸਰੇ ਪਾਸੋਂ ਕੋਈ ਪ੍ਰਮਾਣ ਪੱਤਰ ਲੈਣ ਦੀ ਲੋੜ ਨਹੀਂ ਰਹਿੰਦੀ। ਗੁਰੂ ਸਾਹਿਬਾਨ ਨੇ ਆਪਣੇ ਗੁਰਸਿੱਖ ਨੂੰ ਹਰ ਪੱਖੋਂ ਆਤਮ ਨਿਰਭਰ ਬਣਾਇਆ ਹੈ ਤੇ ਉਹ ਕਿਸੇ ਵੀ ਸਮੇਂ ਆਪਣੀ ਆਤਮਕ ਅਵਸਥਾ ਦੀ ਪੜਚੋਲ, ਗੁਰੂ ਦੀ ਬਾਣੀ ਰਾਹੀਂ ਆਪ ਹੀ ਭਲੀ ਭਾਂਤ ਕਰ ਸਕਦਾ ਹੈ। ਗੁਰੂ ਦੀ ਬਖ਼ਸ਼ਸ਼, ਗੁਰੂ ਵੱਲੋਂ ਦਰਸਾਈ ਅਨਮੋਲਕ ਜੀਵਨ ਜਾਚ ਤੇ ਅਮਲ ਸਦਕਾ ਅਸੀਂ ਆਪਣੀ ਮੁਕਤੀ ਭਾਵ ਨਿਰਲੇਪਤਾ ’ਤੇ ਵੀ ਆਪ ਹੀ ਮੋਹਰ ਲਗਾ ਸਕਦੇ ਹਾਂ; ਜਿਵੇਂ ਕਿ ਗੁਰ ਵਾਕ ਹਨ : ‘‘ਉਸਤਤਿ ਨਿੰਦਿਆ ਨਾਹਿ ਜਿਹਿ; ਕੰਚਨ ਲੋਹ ਸਮਾਨਿ ॥ ਕਹੁ ਨਾਨਕ !  ਸੁਨਿ ਰੇ ਮਨਾ ! ਮੁਕਤਿ ਤਾਹਿ ਤੈ ਜਾਨਿ॥’’ (ਸਲੋਕ ਵਾਰਾਂ ਤੇ ਵਧੀਕ/ਮ : ੯/੧੪੨੭)

(41). ਮੂਰਤੀ/ਤਸਵੀਰ ਪੂਜਾ, ਧੂਪ ਆਦਿ : ਗੁਰ ਸ਼ਬਦ ਨੂੰ ਵਿਚਾਰਨ ਦੀ ਬਜਾਇ ਗੁਰੂ ਸਾਹਿਬਾਨ ਦੀਆਂ ਕਲਪਿਤ ਤਸਵੀਰਾਂ ਅੱਗੇ ਸੀਸ ਨਿਵਾਉਣਾ, ਮੂਰਤੀ ਪੂਜਾ ਦਾ ਹੀ ਇੱਕ ਰੂਪ (ਅੰਗ) ਹੈ, ਜਿਸ ਦਾ ਗੁਰਮਤਿ ’ਚ ਕੋਈ ਸਥਾਨ ਨਹੀਂ ਹੈ। ਗੁਰੂ ਨੂੰ ਅਗਰਬੱਤੀ ਦੀ ਕੋਈ ਲੋੜ ਨਹੀਂ ਹੁੰਦੀ ਕਿਉਂਕਿ ਗੁਰੂ ਤਾਂ ਪਹਿਲਾਂ ਹੀ ਗੁਣਾਂ ਦੀ ਸੁਗੰਧੀ ਨਾਲ਼ ਭਰਪੂਰ ਹੈ। ਹਾਂ, ਗੁਰਬਾਣੀ ’ਚ ‘ਗੁਰ ਮੂਰਤਿ’ ਸ਼ਬਦ ਦੀ ਵਰਤੋਂ ਜ਼ਰੂਰ ਕੀਤੀ ਗਈ ਹੈ; ਹਵਾਲੇ ਵਜੋਂ ਕੁਝ ਗੁਰ ਵਾਕ ਇੰਞ ਹਨ : ‘‘ਜੋ ਚਿਤੁ ਲਾਇ ਪੂਜੇ ਗੁਰ ਮੂਰਤਿ; ਸੋ, ਮਨ ਇਛੇ ਫਲ ਪਾਵੈ ॥ (ਮ : ੪/੩੦੪), ਗੁਰ ਮੂਰਤਿ ਸਿਉ, ਲਾਇ ਧਿਆਨੁ ॥ ਈਹਾ ਊਹਾ, ਪਾਵਹਿ ਮਾਨੁ ॥ (ਗਉੜੀ/ਮ : ੫/੧੯੨), ਗੁਰ ਕੀ ਮੂਰਤਿ, ਮਨ ਮਹਿ ਧਿਆਨੁ ॥ ਗੁਰ ਕੈ ਸਬਦਿ, ਮੰਤ੍ਰੁ ਮਨੁ ਮਾਨ ॥’’ (ਗੌਂਡ/ਮ : ੫/੮੬੪), ਆਦਿ।

ਪਰ ਧਿਆਨ ਰਹੇ ਕਿ ਹਰ ਥਾਂ ‘ਗੁਰ ਮੂਰਤਿ’ ਦਾ ਮਤਲਬ ‘ਗੁਰ ਸ਼ਬਦ’ ਹੀ ਹੈ; ਜਿਵੇਂ ਕਿ ਗੁਰੂ ਜਾਂ ਪ੍ਰਭੂ ਦੇ ਚਰਨ ਸਿਮਰਨ ਤੋਂ ਭਾਵ ਗੁਰੂ ਤੇ ਪ੍ਰਭੂ ਦੀ ਸ਼ਰਨ ’ਚ ਆਉਣਾ ਹੈ। ਪੂਰੇ ਸ਼ਬਦ ਨੂੰ ਪੜ੍ਹਿਆਂ ਇਹ ਨੁਕਤਾ ਸਹਿਜੇ ਹੀ ਪਕੜ ’ਚ ਆ ਜਾਂਦਾ ਹੈ। ਫਿਰ ਵੀ ਸ਼ੱਕ ਦੀ ਕੋਈ ਗੁੰਜਾਇਸ਼ ਨਾ ਰਹੇ, ਇਸ ਲਈ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ’ਚ ਕਈ ਥਾਂਵਾਂ ’ਤੇ ਸਪੱਸ਼ਟ ਕੀਤਾ ਹੈ ਕਿ ਗੁਰੂ ਦਾ ਸ਼ਬਦ ਹੀ, ਗੁਰੂ ਦੀ ਮੂਰਤ ਹੈ : ‘‘ਗੁਰ ਮੂਰਤਿ ਗੁਰ ਸਬਦੁ ਹੈ; ਸਾਧਸੰਗਤਿ (ਨੇ) ਸਮਸਰਿ (ਇੱਕ ਸਮਾਨ) ਪਰਵਾਣਾ (ਮੰਨਿਆ)। ਇਕ ਮਨਿ ਇਕੁ ਅਰਾਧਣਾ; ਦੁਤੀਆ ਨਾਸਤਿ ਭਾਵੈ ਭਾਣਾ। ਗੁਰਮੁਖਿ ਹੋਦੈ ਤਾਣ ਨਿਤਾਣਾ ॥’’ (ਭਾਈ ਗੁਰਦਾਸ ਜੀ/ਵਾਰ ੩੨ ਪਉੜੀ ੨)

ਇੰਞ, ਗੁਰਮਤਿ ਅਨੁਸਾਰ ਗੁਰੂ ਦੇ ਸ਼ਬਦ ਨਾਲ਼ ਸੁਰਤ ਜੋੜਨਾ ਹੀ ਅਸਲੀ ਪੂਜਾ ਹੈ। ਇਸ ਦੇ ਨਾਲ਼ ਹੀ ਘਰ ਅੰਦਰ ਧੂਪ ਆਦਿ ਦੇਣਾ ਵਿਅਰਥ ਹੈ ਕਿਉਂਕਿ ਅਜਿਹੇ ਉੱਦਮ ਪ੍ਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰਦੇ; ਜਿਵੇਂ ਕਿ ਗੁਰ ਵਾਕ ਹਨ :  ‘‘ਧੂਪ ਦੀਪ ਕਰਤੇ; ਹਰਿ ਨਾਮ ਤੁਲਿ ਨ ਲਾਗੇ॥’’ (ਸਾਰੰਗ/ਮ : ੫/੧੨੨੯), ਜੇ ਫਿਰ ਵੀ ਧੂਪ ਦੇਣੀ ਹੀ ਹੈ ਤਾਂ ਆਓ ! ਆਪਣੇ ਹਿਰਦੇ ਰੂਪ ਭਾਂਡੇ ਨੂੰ ਧੂਪ ਦੇਈਏ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਬਚਨ ਕਮਾਏ ਜਾ ਸਕਣ : ‘‘ਭਾਂਡਾ ਧੋਇ, ਬੈਸਿ ਧੂਪੁ ਦੇਵਹੁ; ਤਉ, ਦੂਧੈ ਕਉ ਜਾਵਹੁ॥ ਦੂਧੁ ਕਰਮ, ਫੁਨਿ ਸੁਰਤਿ ਸਮਾਇਣੁ; ਹੋਇ ਨਿਰਾਸ ਜਮਾਵਹੁ॥ ਜਪਹੁ, ਤ ਏਕੋ ਨਾਮਾ॥ ਅਵਰਿ ਨਿਰਾਫਲ ਕਾਮਾ॥’’ (ਸੂਹੀ/ਮ : ੧/੭੨੮)

(42). ਮਾਸ ਖਾਣਾ ਚਾਹੀਦਾ ਹੈ ਜਾਂ ਨਹੀਂ : ਪਾਤਸ਼ਾਹਾਂ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਖਾਣਾ ਤੇ ਪੀਣਾ ਪਵਿੱਤਰ ਹਨ ਕਿਉਂਕਿ ਦਾਤੇ ਨੇ ਆਪ ਹੀ ਇਕੱਠੇ ਕਰ ਕੇ, ਸਾਨੂੰ ਜੀਵਾਂ ਨੂੰ ਰਿਜ਼ਕ ਵਜੋਂ ਦਿੱਤੇ ਹੁੰਦੇ ਹਨ : ‘‘ਖਾਣਾ ਪੀਣਾ ਪਵਿਤ੍ਰੁ ਹੈ; ਦਿਤੋਨੁ ਰਿਜਕੁ ਸੰਬਾਹਿ॥’’ (ਮ : ੧/੪੭੨) ਸਾਡੇ ਜੀਵਾਂ ਦਾ ਖਾਣਾ, ਪੀਣਾ, ਪਹਿਨਣਾ ਸਭ ਉਸ ਦੀ ਕੁਦਰਤ ਹੈ ਤੇ ‘‘ਜੇਤੇ ਦਾਣੇ ਅੰਨ ਕੇ; ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ॥’’ (ਮ : ੧/੫੭੨) ਅਨੁਸਾਰ ਸਭ ਕੁਝ ਇੱਕ ਇਕਾਈ ਹੈ ਭਾਵ ਜੀਵ ਹੀ ਜੀਵਾਂ ਨੂੰ ਖਾਂਦੇ ਹਨ (ਜੀਆ ਕਾ ਆਹਾਰੁ, ਜੀਅ; ਖਾਣਾ ਏਹੁ ਕਰੇਇ ॥ ਮ : ੨/੯੫੫)

ਅਜਿਹੇ ਵਿੱਚ ਸਾਡਾ ‘ਮਾਸ ਖਾਣਾ ਚਾਹੀਦਾ ਹੈ ਕਿ ਨਹੀਂ !’  ਦੇ ਵਹਿਮ ਭਰਮ ’ਚ ਫਸ ਜਾਣਾ ਬਹੁਤ ਮੰਦਭਾਗਾ ਹੈ ਤੇ ਅਸਲ ’ਚ ਇਸ ਵਿਸ਼ੇ ’ਤੇ ਵਹਿਸ ਕਰਨਾ ਕੇਵਲ ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰਨਾ ਹੀ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਮਾਸੁ ਮਾਸੁ ਕਰਿ ਮੂਰਖੁ ਝਗੜੇ; ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ? ਕਉਣੁ ਸਾਗੁ ਕਹਾਵੈ ? ਕਿਸੁ ਮਹਿ ਪਾਪ ਸਮਾਣੇ ?॥’’ (ਮ : ੧/੧੨੮੯-੯੦) ਇਹ ਵੀ ਸੱਚ ਹੈ ਕਿ ਮਨੁੱਖ ਹਉਮੈਂ ’ਚ ਹੱਸਦਾ ਤੇ ਰੋਂਦਾ ਹੈ ਤੇ ਅਹੰਕਾਰ ਅਧੀਨ ਹੀ ਕਿਤੇ ਖਾਂਦਾ ਹੈ ਜਾਂ ਫਿਰ ਕਿਸੇ ਪਦਾਰਥ ਦਾ ਤਿਆਗ ਕਰ ਪਾਖੰਡ ਵੀ (ਹਉਂ ’ਚ ਹੀ) ਕਰਦਾ ਹੈ। ਇਸ ਲਈ ਮਾਸ ਨਾ ਖਾਣ ਕਰਕੇ, ਆਪਣੇ ਆਪ ਨੂੰ ਧਰਮੀ ਸਮਝਣ ਵਾਲੇ ਪ੍ਰਾਣੀਆਂ ਨੂੰ ਸਮਝਾਉਣ ਲਈ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ : ‘‘ਪਾਂਡੇ ! ਤੂ ਜਾਣੈ ਹੀ ਨਾਹੀ; ਕਿਥਹੁ ਮਾਸੁ ਉਪੰਨਾ ॥ ਤੋਇਅਹੁ (ਪਾਣੀ ਤੋਂ), ਅੰਨੁ ਕਮਾਦੁ ਕਪਾਹਾਂ; ਤੋਇਅਹੁ, ਤ੍ਰਿਭਵਣੁ ਗੰਨਾ ॥ ਤੋਆ (ਪਾਣੀ) ਆਖੈ, ਹਉ ਬਹੁ ਬਿਧਿ ਹਛਾ; ਤੋਐ ਬਹੁਤੁ ਬਿਕਾਰਾ ॥ ਏਤੇ ਰਸ ਛੋਡਿ (ਕੇ), ਹੋਵੈ ਸੰਨਿਆਸੀ; ਨਾਨਕੁ ਕਹੈ ਵਿਚਾਰਾ॥’’ (ਮ : ੧/੧੨੮੯-੯੦) ਯਕੀਨਨ ! ਤਿਆਗੀ ਬਣਨ ਭਾਵ ਵਿਕਾਰ ਰਹਿਤ ਜੀਵਨ ਬਣਾਉਣ ਲਈ ਪਦਾਰਥ ਤਿਆਗਣ ਦੀ ਬਜਾਇ ਪਦਾਰਥਾਂ ਦਾ ਚਸਕਾ (ਰਸ) ਤਿਆਗਣਾ ਜ਼ਰੂਰੀ ਹੁੰਦਾ ਹੈ। ਜਦ ਮਨੁੱਖ; ਰੱਬ ਨੂੰ ਵਿਸਾਰ ਕੇ ਰਸਾਂ ਦੇ ਭੋਗ ’ਚ ਮਗਨ ਹੋ ਜਾਂਦਾ ਹੈ ਤਾਂ ਉਸ ਦੇ ਸਰੀਰ ’ਚ ਅਨੇਕਾਂ ਰੋਗ ਪੈਦਾ ਹੋਣੇ ਲਾਜ਼ਮੀ ਹਨ; ਜਿਵੇਂ ਕਿ ਗੁਰ ਵਾਕ ਹਨ :  ‘‘ਖਸਮੁ ਵਿਸਾਰਿ, ਕੀਏ ਰਸ ਭੋਗ ॥ ਤਾਂ ਤਨਿ (’ਚ), ਉਠਿ ਖਲੋਏ ਰੋਗ ॥ ਮਨ ਅੰਧੇ ਕਉ, ਮਿਲੈ ਸਜਾਇ ॥ ਵੈਦ ਨ ਭੋਲੇ ! ਦਾਰੂ ਲਾਇ ॥ (ਮਲਾਰ/ਮ : ੧/੧੨੫੬), ਰਸੁ ਸੁਇਨਾ, ਰਸੁ ਰੁਪਾ, ਕਾਮਣਿ; ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ, ਰਸੁ ਸੇਜਾ ਮੰਦਰ; ਰਸੁ ਮੀਠਾ, ਰਸੁ ਮਾਸੁ ॥ ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ ? ॥’’ (ਸਿਰੀਰਾਗੁ/ਮ : ੧/੧੫)

ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਮਨ ਦੀ ਮੱਤ ਸਦਕਾ ਅੰਨ੍ਹੇ ਹੋਏ, ਸਮਝ ਤੋਂ ਸੱਖਣੇ ਮਨੁੱਖ ਸਮਝਾਉਣ ਦੇ ਬਾਵਜੂਦ ਵੀ ਅੰਨ੍ਹਿਆਂ ਵਾਲੇ ਕਰਮ ਕਰਦੇ ਹਨ। ਮਾਤਾ ਪਿਤਾ ਦੇ ਸਾਂਝੇ ਮਾਸ ਤੋਂ ਹੀ ਬੱਚੇ ਦਾ ਸਰੀਰ ਪਲ਼ਿਆ ਹੈ ਤਾਂ ਫਿਰ ਵੱਡਾ ਹੋ ਕੇ ਧਰਮ ਹਿਤ ਮਾਸ ਤੋਂ ਪਰਹੇਜ਼ ਕਰਨਾ ਕੇਵਲ ਇੱਕ ਪਖੰਡ ਹੀ ਹੈ : ‘‘ਅੰਧਾ ਸੋਇ, ਜਿ ਅੰਧੁ ਕਮਾਵੈ; ਤਿਸੁ ਰਿਦੈ, ਸਿ ਲੋਚਨ ਨਾਹੀ ॥ ਮਾਤ ਪਿਤਾ ਕੀ ਰਕਤੁ ਨਿਪੰਨੇ; ਮਛੀ ਮਾਸੁ, ਨ ਖਾਂਹੀ ॥’’ (ਮ : ੧/੧੨੮੯-੯੦)

ਮੁੱਕਦੀ ਗੱਲ ਕਿ ਨਾ ਤਾਂ ਗੁਰਮਤਿ ’ਚ ਮਾਸ ਖਾਣ (ਜਾਂ ਪੀਣ ਦੀ ਜਿਵੇਂ ਕਿ ਦੁੱਧ ਜੋ ਕਿ ਇੱਕ ਤਰਲ ਮਾਸ ਹੈ) ਦੀ ਕੋਈ ਮਨਾਹੀ ਹੈ ਤੇ ਨਾ ਹੀ ਮਾਸ ਖਾਣ ਜਾਂ ਨਾ ਖਾਣ ਦਾ ਧਰਮ ਨਾਲ਼ ਕੋਈ ਸੰਬੰਧ ਹੈ। ਖਾਣਾ ਜਾਂ ਨਹੀਂ ਖਾਣਾ ਸਾਡੀ ਆਪਣੀ ਮਰਜ਼ੀ, ਸਰੀਰਕ ਲੋੜ, ਆਦਿ ’ਤੇ ਨਿਰਭਰ ਕਰਦਾ ਹੈ, ਪਰ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਰੱਬ ਦੀ ਯਾਦ ਵਿਸਾਰ ਕੇ, ਜੇ ਮਨੁੱਖ ਮਾਸ ਆਦਿ ਖਾਣ ਪੀਣ ਸਮੇਤ ਕੋਈ ਹੋਰ ਵੀ ਜੋ ਚਸਕਾ ਪਾਲ਼ਦਾ ਹੈ, ਉਹੀ ਚਸਕਾ ਰੋਗ ਬਣ ਕੇ ਸਰੀਰ ਨੂੰ ਗ੍ਰਸ ਲੈਂਦਾ ਹੈ। ਸੋ, ਅਨੇਕਾਂ ਤਰ੍ਹਾਂ ਦੇ ਚਸਕਿਆਂ ’ਚ ਸਰੀਰ ਨੂੰ ਮਗਨ ਕਰਨ ਦੀ ਬਜਾਇ ਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਦੀ ਸਿਫ਼ਤ ਸਾਲਾਹ ਦੇ ਰਸ ਨੂੰ ਅਪਣਾਉਣਾ ਹੀ ਉੱਤਮ ਰਸ ਹੈ : ‘‘ਬਿਨੁ ਨਾਵੈ, ਜਿ ਹੋਰੁ ਖਾਣਾ; ਤਿਤੁ ਰੋਗੁ ਲਗੈ ਤਨਿ ਧਾਇ ॥ ਨਾਨਕ ! ਰਸ ਕਸ ਸਬਦੁ ਸਲਾਹਣਾ; ਆਪੇ ਲਏ ਮਿਲਾਇ ॥’’ (ਮ : ੩/੧੨੫੦)

ਨੋਟ : ਇਸ ਵਿਸ਼ੇ ਤੇ ਮਲਾਰ ਕੀ ਵਾਰ ’ਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਿਆ ‘‘ਪਹਿਲਾਂ ਮਾਸਹੁ ਨਿੰਮਿਆ; ਮਾਸੈ ਅੰਦਰਿ ਵਾਸੁ॥’’ (੧੨੮੯-੯੦) ਸੰਪੂਰਨ ਸ਼ਬਦ ਪੜ੍ਹ ਕੇ ਵਿਚਾਰਨਾ ਇਸ ਵਿਸ਼ੇ ਦੀ ਹੋਰ ਸਪੱਸ਼ਟਤਾ ਲਈ ਲਾਭਕਾਰੀ ਰਹੇਗਾ।

—–ਚਲਦਾ—–

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪਹਿਲਾਂ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਦੂਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਤੀਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪੰਜਵਾਂ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਤੀਜਾ)

0

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਤੀਜਾ)

ਗੁਰਪ੍ਰੀਤ ਸਿੰਘ (USA)

(21). ਚੋਰੀ ਅਤੇ ਛਲ ਕਪਟ ਕਰਨਾ : ਭਗਤ ਕਬੀਰ ਜੀ ਮਨੁੱਖੀ ਜੀਵਨ ਦੀ ਸਚਾਈ ਬਿਆਨ ਕਰਦੇ ਹਨ ਕਿ ਮਨੁੱਖ ਕਿਵੇਂ ਭਾਂਤ-ਭਾਂਤ ਦੀਆਂ ਠੱਗੀਆਂ, ਝੂਠ ਫ਼ਰੇਬ ਨਾਲ਼ ਪਰਾਇਆ ਧਨ ਲਿਆ ਕੇ ਆਪਣੇ ਪਰਵਾਰ ਦੇ ਜੀਆਂ ’ਤੇ ਲੁਟਾਉਂਦਾ ਹੈ ਪਰ ਇਹ ਭੁੱਲ ਜਾਂਦਾ ਹੈ ਕਿ ਅਜਿਹੇ ਮੰਦੇ ਕਰਮਾਂ ਦਾ ਲੇਖਾ ਉਸ ਦੀ ਆਪਣੀ ਜ਼ਿੰਦ ਨੂੰ ਹੀ ਦੇਣਾ ਪੈਂਦਾ ਹੈ : ‘‘ਬਹੁ ਪਰਪੰਚ ਕਰਿ, ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥ ਮਨ ਮੇਰੇ ਭੂਲੇ  ! ਕਪਟੁ ਨ ਕੀਜੈ ॥ ਅੰਤਿ ਨਿਬੇਰਾ, ਤੇਰੇ ਜੀਅ ਪਹਿ ਲੀਜੈ ॥’’ (ਭਗਤ ਕਬੀਰ ਜੀ/੬੫੬) ਮਾਇਆ ਦੇ ਨਸ਼ੇ ’ਚ ਮਸਤ ਹੋ ਕੇ ਕੁਰਾਹੇ ਪਏ ਹੋਏ ਮੂਰਖ ਮਨੁੱਖ ਨੂੰ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਇਸ ਕੱਚੇ ਧਨ ਨਾਲ਼ ਕਦੀ ਸੰਤੋਖ ਪ੍ਰਾਪਤ ਨਹੀਂ ਹੋ ਸਕਦਾ; ਜਿਵੇਂ ਕਿ ਗੁਰ ਵਾਕ ਹਨ : ‘‘ਕਾਚਾ ਧਨੁ ਸੰਚਹਿ, ਮੂਰਖ ਗਾਵਾਰ॥ ਮਨਮੁਖ ਭੂਲੇ, ਅੰਧ ਗਾਵਾਰ॥ ਬਿਖਿਆ ਕੈ ਧਨਿ, ਸਦਾ ਦੁਖੁ ਹੋਇ॥ ਨਾ ਸਾਥਿ ਜਾਇ, ਨ ਪਰਾਪਤਿ (ਸੰਤੋਖ) ਹੋਇ॥’’ (ਧਨਾਸਰੀ/ਮ : ੩/੬੬੫)

ਮਨੁੱਖ; ਚੋਰੀ ਕਰਨ ਲਈ ਆਲਾ ਦੁਆਲਾ ਵੇਖ ਕੇ ਸ਼ਹਿਰ ਦੀਆਂ ਹੱਟੀਆਂ ਅਤੇ ਪੱਕੇ ਘਰ ਤੱਕ ਭੰਨਦਾ ਹੈ ਪਰ ਹਿਰਦੇ ’ਚ ਵੱਸਦਾ ਪ੍ਰਮਾਤਮਾ ਤਾਂ ਸਾਡਾ ਹਰੇਕ ਕੰਮ ਵੇਖਦਾ ਹੈ, ਸਾਡਾ ਹਰ ਬੋਲ ਤੇ ਸੋਚ ਵੀ ਸੁਣਦਾ ਹੈ। ਇੰਞ ਕਪਟ ਕੀਤਿਆਂ ਪ੍ਰਮਾਤਮਾ ਨੂੰ ਪ੍ਰਸੰਨ ਨਹੀਂ ਕੀਤਾ ਜਾ ਸਕਦਾ, ਗੁਰੂ ਸਾਹਿਬਾਨ ਜੀ ਦੇ ਬਚਨ ਹਨ : ‘‘ਹਟ ਪਟਣ, ਬਿਜ ਮੰਦਰ ਭੰਨੈ; ਕਰਿ ਚੋਰੀ, ਘਰ ਆਵੈ ॥ ਅਗਹੁ ਦੇਖੈ, ਪਿਛਹੁ ਦੇਖੈ; ਤੁਝ ਤੇ, ਕਹਾ ਛਪਾਵੈ ? ॥ (ਗਉੜੀ ਚੇਤੀ/ਮ : ੧/੧੫੬), ਅੰਤਰਿ ਕਪਟੁ ਮਨਮੁਖ ਅਗਿਆਨੀ; ਰਸਨਾ ਝੂਠੁ ਬੋਲਾਇ॥ ਕਪਟਿ ਕੀਤੈ, ਹਰਿ ਪੁਰਖੁ ਨ ਭੀਜੈ; ਨਿਤ ਵੇਖੈ ਸੁਣੈ ਸੁਭਾਇ॥’’ (ਮ : ੩/੫੧੨)

ਚੋਰੀ ਕਰਨ ਦੀ ਭੈੜੀ ਆਦਤ ਕਰਕੇ ਕੀਮਤੀ ਮਨੁੱਖਾ ਜਨਮ ਅਜਾਈਂ ਹੀ ਚਲਿਆ ਜਾਂਦਾ ਹੈ। ਵਿਕਾਰਾਂ ਨਾਲ਼ ਗ੍ਰਸੇ ਹੋਏ ਮਨ ਨੂੰ ਚੋਰੀ ਦਾ ਮਾਲ ਲੈਣਾ ਚੰਗਾ ਲੱਗਦਾ ਹੈ, ਇੰਞ ਸਾਰੀ ਉਮਰ ਮਾਇਆ ਦੀ ਨੀਂਦ ’ਚ ਬੇਪਰਵਾਹ ਹੋ ਕੇ, ਸੁੱਤਿਆਂ ਹੀ ਬੀਤ ਜਾਂਦੀ ਹੈ ਤੇ ਰੱਬੀ ਗੁਣਾਂ ਦੀ ਵਿਚਾਰ ਲਈ ਸਮਾਂ ਨਹੀਂ ਕੱਢ ਸਕਦਾ। ਵੇਖੋ ! ਗੁਰ ਬਚਨ ਹਿਰਦੇ ਨੂੰ ਕਿਵੇਂ ਧੂਹ ਪਾਉਂਦੇ ਹਨ : ‘‘ਤੂੰ ਕਾਇਆ ! ਰਹੀਅਹਿ ਸੁਪਨੰਤਰਿ; ਤੁਧੁ, ਕਿਆ ਕਰਮ ਕਮਾਇਆ ? ॥ ਕਰਿ ਚੋਰੀ ਮੈ ਜਾ ਕਿਛੁ ਲੀਆ; ਤਾ ਮਨਿ ਭਲਾ ਭਾਇਆ ॥ ਹਲਤਿ ਨ ਸੋਭਾ, ਪਲਤਿ ਨ ਢੋਈ; ਅਹਿਲਾ ਜਨਮੁ ਗਵਾਇਆ ॥ (ਗਉੜੀ ਚੇਤੀ/ਮ : ੧/੧੫੪-੫੫), ਕਲਿ ਹੋਈ ਕੁਤੇ ਮੁਹੀ; ਖਾਜੁ ਹੋਆ ਮੁਰਦਾਰੁ ॥ ਕੂੜੁ ਬੋਲਿ ਬੋਲਿ ਭਉਕਣਾ; ਚੂਕਾ ਧਰਮੁ ਬੀਚਾਰੁ ॥’’ (ਮ : ੧/੧੨੪੨)

ਸਰੀਰ ਨੂੰ ਬਾਹਰੋਂ ਭਾਵੇਂ ਜਿੰਨਾ ਮਰਜ਼ੀ ਧੋ ਲਿਆ ਜਾਵੇ ਪਰ ਝੂਠ ਤੇ ਧੋਖਾ ਕਰਨ ਵਾਲੇ ਦੇ ਮਨ ਦਾ ਅੰਦਰਲਾ ਝੂਠ ਉੱਘੜ ਹੀ ਆਉਂਦਾ ਹੈ ਤੇ ਅਜਿਹੇ ਪ੍ਰਾਣੀ ਝੂਠ, ਲਾਲਚ ਜਿਹੇ ਵਿਕਾਰੀ ਕਰਮਾਂ ਦੇ ਕੋਹਲੂ ’ਚ (Oil-Mill) ਲਗਾਤਾਰ ਪੀੜੇ ਚਲੇ ਜਾਂਦੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦੇ ਫ਼ੁਰਮਾਨ ਕਰਦੇ ਹਨ : ‘‘ਜਿਨ ਕੈ ਹਿਰਦੈ ਮੈਲੁ ਕਪਟੁ ਹੈ; ਬਾਹਰੁ ਧੋਵਾਇਆ॥ ਕੂੜੁ ਕਪਟੁ ਕਮਾਵਦੇ; ਕੂੜੁ ਪਰਗਟੀ ਆਇਆ॥ ਅੰਦਰਿ ਹੋਇ ਸੁ ਨਿਕਲੈ; ਨਹ ਛਪੈ ਛਪਾਇਆ॥ ਕੂੜੈ ਲਾਲਚਿ ਲਗਿਆ; ਫਿਰਿ ਜੂਨੀ ਪਾਇਆ॥ ਨਾਨਕ ! ਜੋ ਬੀਜੈ ਸੋ ਖਾਵਣਾ; ਕਰਤੈ ਲਿਖਿ ਪਾਇਆ॥ (ਮ : ੧/੧੨੪੩), ਚੋਰ ਜਾਰ ਜੂਆਰ; ਪੀੜੇ ਘਾਣੀਐ॥ ਨਿੰਦਕ ਲਾਇਤਬਾਰ; ਮਿਲੇ ਹੜ੍ਵਾਣੀਐ॥ ਗੁਰਮੁਖਿ ਸਚਿ ਸਮਾਇ; ਸੁ ਦਰਗਹ ਜਾਣੀਐ॥’’ (ਮ : ੧/੧੨੮੭-੮੮) ਸੋ, ਵਿਕਾਰਾਂ ਦੀਆਂ ਇਨ੍ਹਾਂ ਜ਼ੰਜੀਰਾਂ ’ਚੋਂ ਛੁੱਟਣ ਲਈ ਗੁਰੂ ਵੱਲੋਂ ਦੱਸੀ ਕਾਰ (ਗੁਰ ਉਪਦੇਸ਼) ਨੂੰ ਕਮਾਉਣਾ ਬਹੁਤ ਜ਼ਰੂਰੀ ਹੈ (ਬਧੇ ਛੁਟਹਿ ਸਚਿ; ਸਚੁ ਪਛਾਣੀਐ॥), ਗੁਰੂ ਦੇ ਸਨਮੁਖ ਰਹਿਣ ਵਾਲੇ ਭਾਵ ਗੁਰੂ ਦੇ ਸ਼ਬਦ ਦੀ ਰਾਹੀਂ ਆਪਾ ਸੁਆਰਨ ਵਾਲੇ ਹੀ ਪ੍ਰਮਾਤਮਾ ਦੀ ਹਜ਼ੂਰੀ ’ਚ ਆਦਰ ਪਾਉਂਦੇ ਹਨ।

(22). ਚਿੰਤਾ (ਫ਼ਿਕਰ) ਕਰਨਾ : ਜ਼ਿੰਦਗੀ ਦੀ ਅਜੋਕੀ ਤੇਜ਼ ਰਫ਼ਤਾਰ ਸਦਕਾ ਅੱਜ ਅਸੀਂ ਭਾਂਤ-ਭਾਂਤ ਦੀਆਂ ਬਿਮਾਰੀਆਂ ਤੋਂ ਪੀੜਿਤ ਹੋ ਰਹੇ ਹਾਂ ਜਿਸ ਦਾ ਮੁੱਖ ਕਾਰਨ ਸਾਡੇ ਵੱਲੋਂ ਕੀਤੀ ਜਾ ਰਹੀ ਚਿੰਤਾ ਹੈ, ਮਾਨਸਿਕ ਤਣਾਅ ਹੈ। ਅਸੀਂ ਇਸ ਨਾਸ਼ਵਾਨ ਦੁਨੀਆਂ ਦੀਆਂ ਵਡਿਆਈਆਂ, ਧਨ ਦੌਲਤ, ਰੁਤਬੇ ਆਦਿ ਲਈ ਅਨੇਕਾਂ ਯਤਨ ਕਰ ਕੇ, ਦੁਨੀਆਂ ਦੀਆਂ ਨਜ਼ਰਾਂ ’ਚ ਵੱਡੇ ਬਣਨਾ ਚਾਹੁੰਦੇ ਹਾਂ ਪਰ ਪੰਚਮ ਪਿਤਾ ਦਾ ਬਚਨ ਹੈ : ‘‘ਵਡੇ ਵਡੇ, ਜੋ ਦੀਸਹਿ ਲੋਗ ॥ ਤਿਨ ਕਉ ਬਿਆਪੈ; ਚਿੰਤਾ ਰੋਗ ॥੧॥ ਕਉਨ ਵਡਾ ? ਮਾਇਆ ਵਡਿਆਈ ॥ ਸੋ ਵਡਾ, ਜਿਨਿ ਰਾਮ ਲਿਵ ਲਾਈ ॥’’ (ਗਉੜੀ/ਮ : ੫/੧੮੮) ਵੇਖੋ ! ਗੁਰਮਤਿ ਕਿੰਨੀ ਅਗਾਂਹਵਧੂ ਸੋਚ ਹੈ ਤੇ ਅਸੀਂ ਕਿੰਨੇ ਵਡਭਾਗੀ ਹਾਂ ਕਿ ਗੁਰੂ ਸਾਹਿਬਾਨ ਨੇ ਸਾਨੂੰ ਪਹਿਲਾਂ ਹੀ ਸਾਵਧਾਨ ਕਰ ਦਿੱਤਾ ਸੀ ਕਿ ਚਿੰਤਾ ਕਰਨਾ ਇੱਕ ਬਹੁਤ ਵੱਡਾ ਰੋਗ ਹੈ ਪਰ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਮਨ ਜਿੱਤ ਕੇ ਇਸ ਰੋਗ ਤੋਂ ਸਦਾ ਲਈ ਮੁਕਤ ਹੋਇਆ ਜਾ ਸਕਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਧੁਰ ਕੀ ਬਾਣੀ, ਆਈ ॥ ਤਿਨਿ, ਸਗਲੀ ਚਿੰਤ ਮਿਟਾਈ ॥ (ਸੋਰਠਿ/ਮ : ੫/੬੨੮), ਲਾਥੀ ਭੂਖ, ਤ੍ਰਿਸਨ ਸਭ ਲਾਥੀ; ਚਿੰਤਾ ਸਗਲ ਬਿਸਾਰੀ ॥ ਕਰੁ ਮਸਤਕਿ ਗੁਰਿ ਪੂਰੈ ਧਰਿਓ; ਮਨੁ ਜੀਤੋ ਜਗੁ ਸਾਰੀ ॥ ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ; ਡੋਲਨ ਤੇ ਅਬ ਚੂਕੇ॥ ਅਖੁਟੁ ਖਜਾਨਾ ਸਤਿਗੁਰਿ ਦੀਆ; ਤੋਟਿ ਨਹੀ ਰੇ ਮੂਕੇ ॥’’ (ਗਉੜੀ/ਮ : ੫/੨੧੫)

ਮਨੁੱਖ ਫਿਰ ਵੀ ਚਿੰਤਾ ਦੇ ਜਾਲ਼ ’ਚ ਫਸਿਆ ਰਹਿੰਦਾ ਹੈ;  ਖ਼ਾਸ ਕਰ ਕੇ ਆਪਣੀ ਆਜੀਵਕਾ ਤੇ ਆਰਥਕ ਖ਼ੁਸ਼ਹਾਲੀ ਲਈ ਹੱਥ ਪੈਰ ਮਾਰਨ ਦੇ ਨਾਲ਼ ਹੀ ਉਸ ਦੇ ਮਨ ਨੂੰ ਵੀ ਤਣਾਅ ਦੀ ਚੱਕੀ ’ਚ ਲਗਾਤਾਰ ਪਿਸਣਾ ਪੈਂਦਾ ਹੈ, ਪਰ ਗੁਰੂ ਜੀ ਆਪਣੀ ਬਾਣੀ ਰਾਹੀਂ ਸਾਨੂੰ ਧਰਵਾਸ ਦਿੰਦੇ ਹਨ ਕਿ ਮਿਹਰਬਾਨ ਅਕਾਲ ਪੁਰਖ ਨੂੰ ਆਪ ਹੀ ਆਪਣੇ ਜੀਵਾਂ ਦੀ ਸੰਭਾਲ਼ ਕਰਨ ਦੀ ਚਿੰਤਾ ਹੁੰਦੀ ਹੈ : ‘‘ਨਾਨਕ ! ਜੰਤ ਉਪਾਇ ਕੈ; ਸੰਮਾਲੇ ਸਭਨਾਹ॥ ਜਿਨਿ ਕਰਤੈ ਕਰਣਾ ਕੀਆ; ਚਿੰਤਾ ਭਿ ਕਰਣੀ ਤਾਹ॥ ਸੋ ਕਰਤਾ ਚਿੰਤਾ ਕਰੇ;  ਜਿਨਿ ਉਪਾਇਆ ਜਗੁ ॥ ਤਿਸੁ ਜੋਹਾਰੀ, ਸੁਅਸਤਿ ਤਿਸੁ; ਤਿਸੁ ਦੀਬਾਣੁ ਅਭਗੁ॥’’ (ਮ : ੧/੪੬੭)

ਇਸ ਲਈ ਗੁਰ ਉਪਦੇਸ਼ ਵਜੋਂ ਗੁਰੂ ਸਾਹਿਬਾਨ ਸਾਨੂੰ ਬੜੇ ਪ੍ਰੇਮ ਨਾਲ਼ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਪਾਣੀ ਅਤੇ ਪੱਥਰਾਂ ’ਚ ਉਪਜਾਏ ਗਏ ਜੰਤਾਂ ਨੂੰ ਵੀ ਰਿਜ਼ਕ ਦੀ ਦਾਤ; ਰੱਬ ਵੱਲੋਂ ਨਸੀਬ ਹੁੰਦੀ ਹੈ ਭਾਵੇਂ ਕਿ ਉੱਥੇ ਨਾ ਤਾਂ ਕੋਈ ਖੇਤੀ ਜਾਂ ਲੈਣ ਦੇਣ ਆਦਿ ਦਾ ਵਪਾਰ ਕਰਦਾ ਹੈ : ‘‘ਨਾਨਕ ! ਚਿੰਤਾ ਮਤਿ ਕਰਹੁ; ਚਿੰਤਾ ਤਿਸ ਹੀ ਹੇਇ॥ ਜਲ ਮਹਿ ਜੰਤ ਉਪਾਇਅਨੁ; ਤਿਨਾ ਭਿ ਰੋਜੀ ਦੇਇ॥ (ਮ : ੨/੯੫੫), ਨਾ ਕਰਿ ਚਿੰਤ, ਚਿੰਤਾ ਹੈ ਕਰਤੇ ॥ ਹਰਿ ਦੇਵੈ, ਜਲਿ ਥਲਿ, ਜੰਤਾ ਸਭਤੈ॥ ਅਚਿੰਤ ਦਾਨੁ ਦੇਇ ਪ੍ਰਭੁ ਮੇਰਾ; ਵਿਚਿ ਪਾਥਰ, ਕੀਟ ਪਖਾਣੀ ਹੇ॥’’ (ਮਾਰੂ/ਮ : ੪/੧੦੭੦)

ਸੋ, ਗੁਰ ਉਪਦੇਸ਼ ਅਨੁਸਾਰ ਸਾਨੂੰ ਨਿਸ਼ਚਿੰਤ ਰਹਿਣਾ ਚਾਹੀਦਾ ਹੈ ਕਿਉਂਕਿ ਨਿਰੰਕਾਰ ਨੂੰ ਆਪਣੇ ਮਨ ਵਿੱਚ ਸਾਰਿਆਂ ਦੇ ਰਿਜ਼ਕ ਦਾ ਫ਼ਿਕਰ ਹੈ ਤੇ ਉਸ ਦੇ ਦਰ ਤੋਂ ਕਿਸੇ ਵੀ ਜੀਵ ਨੂੰ ਖ਼ਾਲੀ ਹੱਥੀਂ ਨਹੀਂ ਮੋੜਿਆ ਜਾਂਦਾ; ਜਿਵੇਂ ਕਿ ਪੰਚਮ ਪਾਤਸ਼ਾਹ ਦੇੇ ਬਚਨ ਹਨ : ‘‘ਸਗਲ ਕੀ ਚਿੰਤਾ, ਜਿਸੁ ਮਨ ਮਾਹਿ ॥ ਤਿਸ ਤੇ ਬਿਰਥਾ, ਕੋਈ ਨਾਹਿ ॥’’ (ਗਉੜੀ/ਮ : ੫/੨੮੨)

ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਹੇ ਮਨੁੱਖ ! ਜੇ ਫਿਰ ਵੀ ਤੂੰ ਚਿੰਤਾ ਕਰਨੀ ਹੈ ਤਾਂ ਆਪਣੇ ਅਸਲੀ ਘਰ ਜਾਣ ਦੀ ਚਿੰਤਾ ਕਰ ਕਿਉਂਕਿ ਤੇਰੇ ਮਨ ਨੂੰ ਇਸ ਸੰਸਾਰ ਦਾ ਹੀ ਮੋਹ ਹੈ, ਪਰ ਇਸ ਫਾਹੀ ਤੋਂ ਉਹੀ ਛੁਟਕਾਰਾ ਪਾਉਂਦੇ ਹਨ ਜਿਹੜੇ ਗੁਰੂ ਦੀ ਸ਼ਰਣੀ ਪੈਂਦੇ ਹਨ : ‘‘ਜੋ ਘਰੁ ਛਡਿ ਗਵਾਵਣਾ; ਸੋ ਲਗਾ ਮਨ ਮਾਹਿ ॥ ਜਿਥੈ ਜਾਇ ਤੁਧੁ ਵਰਤਣਾ; ਤਿਸ ਕੀ ਚਿੰਤਾ ਨਾਹਿ ॥ ਫਾਥੇ ਸੇਈ ਨਿਕਲੇ; ਜਿ ਗੁਰ ਕੀ ਪੈਰੀ ਪਾਹਿ ॥’’ (ਸਿਰੀਰਾਗੁ/ਮ : ੫/੪੩)

ਗੁਰੂ ਤਾਂ ਸਾਡੇ ਮਨਾਂ ’ਚੋਂ ਮੌਤ ਦਾ ਡਰ ਵੀ ਕੱਢ ਦਿੰਦਾ ਹੈ, ਫਿਰ ਫ਼ਿਕਰ ਕਿਸ ਗੱਲ ਦਾ ਰਹਿ ਜਾਂਦਾ ਹੈ ? ਗੁਰੂ ਤੇਗ਼ ਬਹਾਦਰ ਜੀ ਦੇ ਫ਼ੁਰਮਾਨ ਹਨ : ‘‘ਚਿੰਤਾ, ਤਾ ਕੀ ਕੀਜੀਐ ! ਜੋ ਅਨਹੋਨੀ ਹੋਇ॥ ਇਹੁ ਮਾਰਗੁ ਸੰਸਾਰ ਕੋ; ਨਾਨਕ ! ਥਿਰੁ ਨਹੀ ਕੋਇ॥’’ (ਮ : ੯/੧੪੨੯) ਜੇਕਰ ਹਿਰਦੇ ’ਚ ਵਿਸ਼ਵਾਸ ਤੇ ਪੂਰਨ ਆਤਮ ਸਮਰਪਣ ਨਾਲ਼ ਸੁਕਿਰਤ ਕਰੀਏ ਤਾਂ ਇਸ ਕੁਠਾਲ਼ੀ ’ਚੋ ਰੱਬੀ ਮਿਹਰ ਨਾਲ਼ ਸੰਤੋਖ ਰੂਪੀ ਗਹਿਣਾ ਚਮਕੇਗਾ, ਜਿਸ ਨੂੰ ਬੇਨਤੀ ਦੇ ਨਗ ਨਾਲ਼ ਸ਼ਿੰਗਾਰ ਕੇ, ਸਦਾ ਲਈ ਚਿੰਤਾ ਮੁਕਤ ਹੋਇਆ ਜਾ ਸਕਦਾ ਹੈ : ‘‘ਸਤਿਗੁਰ ! ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ, ਨਾਮੁ ਹਰਿ, ਸੋਭਾ; ਚਿੰਤਾ ਲਾਹਿ ਹਮਾਰੀ ॥… ਸਦ ਬਖਸਿੰਦੁ, ਸਦਾ ਮਿਹਰਵਾਨਾ; ਸਭਨਾ ਦੇਇ ਅਧਾਰੀ ॥ ਨਾਨਕ ਦਾਸ ! ਸੰਤ ਪਾਛੈ ਪਰਿਓ; ਰਾਖਿ ਲੇਹੁ ਇਹ ਬਾਰੀ ॥’’ (ਟੋਡੀ/ਮ : ੫/੭੧੩)

(23). ਜਾਤ ਪਾਤ : ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮਨੁੱਖ ਨੂੰ ਵਾਰ-ਵਾਰ ਅਖੌਤੀ ਉੱਚੀ ਜ਼ਾਤ ਦਾ ਹੰਕਾਰ ਕਰਨ ਤੋਂ ਵਰਜਿਆ ਗਿਆ ਹੈ। ਜਾਤ ਅਭਿਮਾਨੀਆਂ ਨੂੰ ਮੂਰਖ ਤੇ ਗਵਾਰ ਤੱਕ ਵੀ ਕਿਹਾ ਗਿਆ ਹੈ : ‘‘ਜਾਤਿ ਕਾ ਗਰਬੁ, ਨ ਕਰਿ; ਮੂਰਖ ਗਵਾਰਾ !॥ ਇਸੁ ਗਰਬ ਤੇ;  ਚਲਹਿ ਬਹੁਤੁ ਵਿਕਾਰਾ॥’’ (ਭੈਰਉ/ਮ : ੩/੧੧੨੮) ਗੁਰੂ ਨਾਨਕ ਸਾਹਿਬ ਜੀ ਨੇ ‘‘ਫਕੜ ਜਾਤੀ, ਫਕੜੁ ਨਾਉ॥ ਸਭਨਾ ਜੀਆ, ਇਕਾ ਛਾਉ॥’’ (ਮ : ੧/੮੩) ਅਤੇ ‘‘ਜਾਣਹੁ ਜੋਤਿ, ਨ ਪੂਛਹੁ ਜਾਤੀ; ਆਗੈ ਜਾਤਿ ਨ ਹੇ॥’’ (ਮ : ੧/੩੪੯) ਉਚਾਰ ਕੇ ਸਾਨੂੰ ਪਿਆਰ ਨਾਲ਼ ਵੀ ਸਮਝਾਇਆ ਹੈ ਪਰ ਗੁਰੂ ਦੇ ਉਪਦੇਸ਼ ਦੀ ਪ੍ਰਵਾਹ ਨਾ ਕਰਕੇ ਅਸੀਂ ਅਹੰਕਾਰ ਦੀ ਇਸ ਝੂਠੀ ਦਲਦਲ ’ਚ ਹੋਰ ਵੀ ਧਸਦੇ ਚਲੇ ਜਾ ਰਹੇ ਹਾਂ। ਮਿਹਰਬਾਨ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਵੀ ਕਿਹਾ ਹੈ ਕਿ ਜੋ ਨੀਵੀਂ ਤੋਂ ਨੀਵੀਂ ਜਾਤ ਦੇ ਮੰਨੇ ਜਾਂਦੇ ਹਨ ਅਤੇ ਨੀਵਿਆਂ ਤੋਂ ਵੀ ਅਤਿ ਨੀਵੇਂ ਅਖਵਾਉਂਦੇ ਹਨ; ਨਾਨਕ ਉਨ੍ਹਾਂ ਦੇ ਨਾਲ਼ ਹੈ ਕਿਉਂਕਿ ਜਿੱਥੇ ਅਜਿਹੇ ਅਖੌਤੀ ਨੀਵੀਂ ਜਾਤ ਵਾਲੇ ਗ਼ਰੀਬਾਂ ਦੀ ਸਾਰ ਲਈ ਜਾਂਦੀ ਹੈ, ਉੱਥੇ ਤੇਰੀ (ਹੇ ਅਕਾਲ ਪੁਰਖ !) ਮਿਹਰ ਵਰਤਦੀ ਹੈ : ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ?॥ ਜਿਥੈ ਨੀਚ ਸਮਾਲੀਅਨਿ;  ਤਿਥੈ ਨਦਰਿ ਤੇਰੀ, ਬਖਸੀਸ !॥’’ (ਸਿਰੀਰਾਗੁ/ਮ : ੧/੧੫), ਪਰ ਕੀ ਅੱਜ ਸਾਨੂੰ ਗੁਰੂ ਜੀ ਦੇ ਸਾਥ ਤੇ ਅਸ਼ੀਰਵਾਦ ਦੀ ਕੋਈ ਲੋੜ ਨਹੀਂ  ? ਗੁਰੂ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ’ਤੇ ਹੀ ਸਹੀ, ਘੱਟੋ ਘੱਟ ਇਹ ਅਹਿਦ ਤਾਂ ਕਰੀਏ ਕਿ ਅਸੀਂ ਬੰਦੇ ਨੂੰ ਬੰਦਾ ਕਰ ਕੇ ਜਾਣਾਂਗੇ। ਆਪਣਾ ਆਪ; ਗੁਰੂ ਨੂੰ ਅਰਪਣ ਕਰਾਂਗੇ ਤਾਂ ਮਿਹਰ ਰੂਪੀ ਅੰਮ੍ਰਿਤ ਧਾਰਾ ਦਾ ਬਰਸਣਾ ਯਕੀਨੀ ਹੈ, ਤਦ ਮਨ ਸਹਿਜੇ ਹੀ ਅਰਦਾਸ ਭਾਵਨਾ ’ਚ ਵਿਚਰਦਿਆਂ ਗੁਰੂ ਦੀਆਂ ਇਹ ਅਨਮੋਲ ਪੰਕਤੀਆਂ ਦੁਹਰਾ ਛੱਡੇਗਾ : ‘‘ਹਮਰੀ ਜਾਤਿ ਪਾਤਿ, ਗੁਰੁ ਸਤਿਗੁਰੁ;  ਹਮ ਵੇਚਿਓ ਸਿਰੁ, ਗੁਰ ਕੇ॥ ਜਨ ਨਾਨਕ ! ਨਾਮੁ ਪਰਿਓ ਗੁਰ ਚੇਲਾ; ਗੁਰ  ! ਰਾਖਹੁ ਲਾਜ ਜਨ ਕੇ॥’’ (ਸੂਹੀ/ਮ : ੪/੭੩੧)

(24). ਜਨਮ ਪੱਤ੍ਰੀਆਂ (ਟੇਵੇ) : ਬਹੁਤ ਹੈਰਾਨੀ ਤੇ ਸ਼ਰਮਿੰਦਗੀ ਵੀ ਹੁੰਦੀ ਹੈ ਜਦ ਦਸਤਾਰਧਾਰੀ ਲੋਕਾਂ ਨੂੰ ਪੰਡਿਤਾਂ ਦੇ ਅੱਗੇ ਧੋਣਾਂ ਨੀਵੀਆਂ ਕਰ ਕੇ, ਪੱਤ੍ਰੀ ਵਾਚਦਿਆਂ ਵੇਖੀਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਣ ਵਾਲੇ ਸਿੱਖ ਨੂੰ ਕੀ ਇਹ ਸੋਭਦਾ ਹੈ ਕਿ ਉਹ; ‘ਗੁਰੂ ਸ਼ਬਦੁ’ ਨੂੰ ਛੱਡ ਕੇ ਝੂਠੀਆਂ ਪੱਤਰੀਆਂ ’ਚ ਗੁਆਚਿਆ ਫਿਰੇ ?

ਮਨੁੱਖ ਨੂੰ ਬੇਲੋੜੇ ਭਰਮ ਭੁਲੇਖਿਆਂ ’ਚ ਉਲਝਾਉਣ ਵਾਲ਼ੀਆਂ ਜਨਮ ਪੱਤ੍ਰੀਆਂ ਦੀ ਪੋਲ ਖੋਲ੍ਹਦਿਆਂ, ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਗੁਰ ਸ਼ਬਦ ਦੇ ਮੁਕਾਬਲੇ ’ਤੇ ਕਿਸੇ ਵੀ ਹੋਰ ਗੱਲ; ਜਿਵੇਂ ਕਿ ਪੰਡਿਤ ਦੁਆਰਾ ਜੋਤਿਸ਼ ਦੇ ਲੇਖੇ ਗਿਣ-ਗਿਣ ਕੇ ਤਿਆਰ ਕੀਤੀ ਜਨਮ ਪੱਤ੍ਰੀ ਆਦਿਕ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਕਿਉਂਕਿ ਹੋਰ ਸਾਰੀਆਂ ਵਿਚਾਰਾਂ ਵਿਅਰਥ ਹਨ : ‘‘ਗਣਿ ਗਣਿ ਜੋਤਕੁ, ਕਾਂਡੀ (ਜਨਮ ਪੱਤਰੀ) ਕੀਨੀ॥ ਪੜੈ ਸੁਣਾਵੈ, ਤਤੁ ਨ ਚੀਨੀ ॥ ਸਭਸੈ ਊਪਰਿ, ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ, ਸਗਲੀ ਛਾਰੁ॥’’ (ਰਾਮਕਲੀ/ਮ : ੧/੯੦੪), ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਹੈ ਕਿ ਜੇ ਕਿਸੇ ਪਤ੍ਰੀ ਨੂੰ ਵਾਚਣਾ (ਪੜ੍ਹਨਾ) ਹੀ ਹੈ ਤਾਂ ਉਹ ਮਨ ਦੀ ਪਤ੍ਰੀ ਨੂੰ ਪੜ੍ਹੇ ਭਾਵ ਗੁਰੂ ਰੌਸ਼ਨੀ ’ਚ ਆਪਣੇ ਮਨ ਦੀ ਪੜਚੋਲ ਕਰੇ, ਆਪਣੀਆਂ ਅੰਦਰੂਨੀ ਕਮਜ਼ੋਰੀਆਂ ਨੂੰ ਵੇਖ ਕੇ ਦੂਰ ਕਰੇ ਤਾਂ ਸਦੀਵੀ ਸੁਖ ਮਿਲਦਾ ਹੈ : ‘‘ਮਨ ਕੀ ਪਤ੍ਰੀ ਵਾਚਣੀ; ਸੁਖੀ ਹੂ ਸੁਖੁ ਸਾਰੁ ॥ ਸੋ ਬ੍ਰਾਹਮਣੁ ਭਲਾ ਆਖੀਐ; ਜਿ ਬੂਝੈ ਬ੍ਰਹਮੁ ਬੀਚਾਰੁ॥ ਹਰਿ ਸਾਲਾਹੇ ਹਰਿ ਪੜੈ;  ਗੁਰ ਕੈ ਸਬਦਿ ਵੀਚਾਰਿ ॥ ਆਇਆ ਓਹੁ ਪਰਵਾਣੁ ਹੈ; ਜਿ ਕੁਲ ਕਾ ਕਰੇ ਉਧਾਰੁ॥’’ (ਮਾਰੂ ਕੀ ਵਾਰ/ਮ : ੩/੧੦੯੩-੯੪)

ਗੁਰੂ ਰਾਮਦਾਸ ਸਾਹਿਬ ਜੀ ਵੀ ਫ਼ੁਰਮਾਉਂਦੇ ਹਨ ਕਿ ਉਹੀ ਸਮਾਂ ਭਾਗਾਂ ਵਾਲਾ ਹੈ, ਜਦੋਂ ਪਿਆਰਾ ਪ੍ਰਭੂ ਮਨ ਵਿੱਚ ਆ ਵਸਦਾ ਹੈ, ਗੁਰ ਵਾਕ ਹਨ : ਸਾ ਵੇਲਾ, ਸੋ ਮੂਰਤੁ, ਸਾ ਘੜੀ, ਸੋ ਮੁਹਤੁ ਸਫਲੁ ਹੈ, ਮੇਰੀ ਜਿੰਦੁੜੀਏ ! ਜਿਤੁ ਹਰਿ ਮੇਰਾ ਚਿਤਿ ਆਵੈ ਰਾਮ॥ ਜਨ ਨਾਨਕ,  ਨਾਮੁ ਧਿਆਇਆ, ਮੇਰੀ ਜਿੰਦੁੜੀਏ ! ਜਮਕੰਕਰੁ ਨੇੜਿ ਨ ਆਵੈ ਰਾਮ ॥ (ਬਿਹਾਗੜਾ/ਮ : ੪/੫੪੧)

ਸੋ, ਗੁਰ ਉਪਦੇਸ਼ ਨੂੰ ਮਨ ’ਚ ਵਸਾ ਲਈਏ ਕਿ ਜਨਮ ਪੱਤਰੀਆਂ, ਟੇਵੇ ਆਦਿ ਬਣਵਾਉਣਾ ਗੁਰਮਤਿ ਅਨੁਸਾਰੀ ਨਹੀਂ ਹਨ। ਸਿੱਖ ਦਾ ਕਿਰਦਾਰ ਤਾਂ ਇਹੀ ਹੈ ਕਿ ਉਹ ਆਪਣੇ ਕਿਸੇ ਕਾਰਜ ਤੋਂ ਪਹਿਲਾਂ ਗੁਰੂ ਜੀ ਤੋਂ ‘ਹੁਕਮਨਾਮਾ’ ਲੈ ਸਕਦਾ ਹੈ; ਜਿਵੇਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਵਾਕ ਹੈ : ‘‘ਹਉ ਗੁਰ ਪੂਛਉ ਆਪਣੇ; ਗੁਰ ਪੁਛਿ, ਕਾਰ ਕਮਾਉ ॥ ਸਬਦਿ ਸਲਾਹੀ ਮਨਿ ਵਸੈ; ਹਉਮੈ ਦੁਖੁ, ਜਲਿ ਜਾਉ ॥ ਸਹਜੇ ਹੋਇ ਮਿਲਾਵੜਾ; ਸਾਚੇ ਸਾਚਿ ਮਿਲਾਉ ॥’’ (ਸਿਰੀਰਾਗੁ/ਮ : ੧/੫੮)

(25). ਜਨਮ ਦਿਨ : ਪੱਛਮੀ ਸੱਭਿਆਚਾਰ ਦੀ ਨਕਲ ਕਰਦਿਆਂ ਅਸੀਂ ਵੀ ਆਪਣੇ ਬੱਚਿਆਂ ਦੇ ਜਨਮ ਦਿਨ ਬੜੇ ਅਜੀਬੋ ਗ਼ਰੀਬ ਢੰਗ ਨਾਲ਼ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ ਕੇਕ (Cake) ’ਤੇ ਮੋਮਬੱਤੀਆਂ ਲਗਾ ਕੇ ਜਲ਼ਾਈਆਂ ਜਾਂਦੀਆਂ ਹਨ ਤੇ ਫਿਰ ਬੱਚੇ ਕੋਲ਼ੋਂ ਫੂਕ ਮਰਵਾ ਕੇ, ਬੁਝਾ ਦਿੱਤੀਆਂ ਜਾਂਦੀਆਂ ਹਨ। ਇਸ ਸਭ ਕੁਝ ਦਾ ਕੀ ਮਤਲਬ ਹੋਇਆ ? ਸ਼ਾਇਦ ਇਹ ਤਾਂ ਇਸ ਢੰਗ ਨਾਲ਼ ਜਨਮ ਦਿਨ ਮਨਾਉਣ ਵਾਲ਼ਿਆਂ ਨੂੰ ਵੀ ਪਤਾ ਨਹੀਂ ਹੋਣਾ ! ਬਾਹਰਮੁਖੀ ਹੋ ਚੁੱਕੇ ਸਾਡੇ ਸਿੱਖ ਪਰਵਾਰਾਂ ਦਾ ਹਾਲ ਤਾਂ ਸਭ ਹੱਦ ਬੰਨੇ ਪਾਰ ਕਰ ਚੁੱਕਾ ਹੈ; ਨਵਜਨਮੇ ਬੱਚੇ ਦਾ ਹਾਲੇ ਨਾੜੂ ਵੀ ਨਹੀਂ ਸੁਕਿਆ ਹੁੰਦਾ ਕਿ ਘਰ ਦੇ ਜੀਅ (ਖ਼ਾਸ ਕਰਕੇ ਬੀਬੀਆਂ) ਬੱਚੇ ਦੇ ਜਨਮ ਦੀ ਖ਼ੁਸ਼ੀ ’ਚ ਪਾਰਟੀ ਰੱਖਣ ਲਈ ਉਤਾਵਲੇ ਹੋ ਜਾਂਦੇ ਹਨ। ਭਗਤ ਕਬੀਰ ਜੀ ਵਿਅੰਗ ਕਰਦਿਆਂ ਫ਼ੁਰਮਾਉਂਦੇ ਹਨ : ‘‘ਜਨਨੀ ਜਾਨਤ, ਸੁਤੁ ਬਡਾ ਹੋਤੁ ਹੈ; ਇਤਨਾ ਕੁ ਨ ਜਾਨੈ, ਜਿ ਦਿਨ ਦਿਨ ਅਵਧ ਘਟਤੁ ਹੈ॥  ਮੋਰ ਮੋਰ ਕਰਿ, ਅਧਿਕ ਲਾਡੁ ਧਰਿ; ਪੇਖਤ ਹੀ ਜਮਰਾਉ ਹਸੈ॥ (ਸਿਰੀਰਾਗੁ/ਭਗਤ ਕਬੀਰ ਜੀ/੯੨)

ਮਾਤਾ ਪਿਤਾ ਦੇ ਸਰੀਰਕ ਸੰਜੋਗ ਨਾਲ਼ ਹੀ ਪ੍ਰਮਾਤਮਾ ਜੀਵ ਪੈਦਾ ਕਰਦਾ ਹੈ। ਪ੍ਰਮਾਤਮਾ ਆਪ ਹੀ ਸਰੀਰ ’ਚ ਜੋਤ ਧਰਦਾ ਹੈ ਤੇ ਮਾਤਾ ਦੇ ਗਰਭ ’ਚ ਜੀਵ ਦੀ ਸੰਭਾਲ਼ ਵੀ ਆਪ ਹੀ ਕਰਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਮਾਤ ਪਿਤਾ ਸੰਜੋਗਿ ਉਪਾਏ; ਰਕਤੁ ਬਿੰਦੁ ਮਿਲਿ, ਪਿੰਡੁ ਕਰੇ॥ ਅੰਤਰਿ ਗਰਭ ਉਰਧਿ ਲਿਵ ਲਾਗੀ,  ਸੋ ਪ੍ਰਭੁ ਸਾਰੇ ਦਾਤਿ ਕਰੇ ॥’’ (ਮਾਰੂ/ਮ : ੧/੧੦੧੩)

ਸੋ, ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਅਕਿਰਤਘਣ ਨਾ ਬਣੀਏ ਤੇ ਅਜਿਹਾ ਕਰਮ ਕਰੀਏ ਜਿਸ ਦਾ ਸਕਾਰਾਤਮਕ ਅਸਰ ਸਾਡੇ ਬੱਚਿਆਂ ਦੇ ਚਿੱਤ ’ਤੇ ਬਣਿਆ ਰਹੇ ਭਾਵ ਉਹ ਆਪਣੇ ਸਿਰਜਣਹਾਰੇ ਨੂੰ ਚੇਤੇ ਰੱਖਣ। ਜੇਕਰ ਅਸੀਂ ਆਪਣੇ ਬੱਚਿਆਂ ਦਾ ਜਨਮ ਦਿਨ ਜ਼ਰੂਰ ਮਨਾਉਣਾ ਹੀ ਹੈ ਤਾਂ ਗੁਰੂ ਘਰ ਜਾ ਕੇ, ਗੁਰ ਸ਼ਬਦ ਰਾਹੀਂ ਪ੍ਰਮਾਤਮਾ ਦਾ ਸ਼ੁਕਰਾਨਾ ਤੇ ਅਰਦਾਸ ਕੀਤੀ ਜਾ ਸਕਦੀ ਹੈ : ‘‘ਪੂਤਾ ! ਮਾਤਾ ਕੀ ਆਸੀਸ॥ ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ॥’’ (ਗੂਜਰੀ/ਮ : ੫/੪੯੬)

(26). ਜੋਤਾਂ ਜਗਾਉਣੀਆਂ : ਮੈਨੂੰ ਇਹ ਲਿਖਦਿਆਂ ਸ਼ਰਮਿੰਦਗੀ ਦਾ ਅਹਿਸਾਸ ਹੋ ਰਿਹਾ ਹੈ ਕਿ ਕਿਵੇਂ ਅੱਜ ਸਾਡੇ ਕਈ ਗੁਰੂ ਘਰਾਂ (ਜਿਵੇਂ ਕਿ ਹਜ਼ੂਰ ਸਾਹਿਬ, ਨੰਦੇੜ ਆਦਿ) ਵਿਖੇ ਜੋਤਾਂ ਜਗਾ ਕੇ ਆਰਤੀਆਂ ਕੀਤੀਆਂ ਜਾ ਰਹੀਆਂ ਹਨ !, ਕਿੰਨੀ ਹੈਰਾਨੀ ਦੀ ਗੱਲ ਹੈ ਕਿ ਬਾਣੀ ਦੇ ਜਿਹੜੇ ਸ਼ਬਦ ਬਾਹਰੀ ਜੋਤਾਂ ਜਗਾਉਣ ਦਾ ਖੰਡਨ ਕਰਦੇ ਹੋਣ; ਉਨ੍ਹਾਂ ਦੀ ਹੀ ਟੇਕ ਲੈਂਦਿਆਂ ਭਾਵ ਉਨ੍ਹਾਂ ਹੀ ਸ਼ਬਦਾਂ ਦਾ ਗਾਇਨ ਕਰਦਿਆਂ, ਜੋਤਾਂ ਜਗਾ ਕੇ ਆਰਤੀ ਕਰਨੀ; ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਹੈ ?

ਸੱਚੀ ਗੱਲ ਤਾਂ ਇਹ ਹੈ ਕਿ ਅਕਾਲ ਪੁਰਖ ਨੇ ਹਰ ਜੀਅ ਦੇ ਅੰਦਰ ਹੀ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ ਪਰ ਮਨੁੱਖ; ਸਾਰੇ ਜੀਵਾਂ ਵਿੱਚ ਵਸਦੀ ਰੱਬੀ ਜੋਤਿ ਨੂੰ ਕਦੀ ਜਾਣ ਹੀ ਨਾ ਸਕਿਆ। ਇੱਥੋਂ ਤੱਕ ਕਿ ਆਪਣੇ ਅੰਦਰ ਵਸ ਰਹੀ ਜੋਤਿ ਨੂੰ ਉਜਾਗਰ ਕਰਨ ਦੀ ਬਜਾਇ ਬਾਹਰਮੁਖੀ ਹੋ ਕੇ, ਹੋਰਨਾਂ ਹੀ ਜੰਜਾਲ਼ਾਂ ’ਚ ਫਸ ਜਾਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਅਕੁਲ ਪੁਰਖ, ਇਕੁ ਚਲਿਤੁ ਉਪਾਇਆ ॥ ਘਟ ਘਟ ਅੰਤਰਿ,  ਬ੍ਰਹਮੁ ਲੁਕਾਇਆ ॥ ਜੀਅ ਕੀ ਜੋਤਿ, ਨ ਜਾਨੈ ਕੋਈ ॥ ਤੈ ਮੈ ਕੀਆ,  ਸੁ ਮਾਲੂਮੁ ਹੋਈ ॥’’ (ਪ੍ਰਭਾਤੀ/ਭਗਤ ਨਾਮਦੇਵ ਜੀ/੧੩੫੧)

ਬਾਹਰੀ ਤੌਰ ’ਤੇ ਜੋਤਾਂ ਜਗਾਉਣ, ਘੰਟੀਆਂ ਤੇ ਟੱਲ ਆਦਿ ਖੜਕਾਉਣ ਵਾਲ਼ਿਆਂ ਨੂੰ ਪੰਚਮ ਪਾਤਸ਼ਾਹ ਉਪਦੇਸ਼ ਕਰਦੇ ਹਨ : ‘‘ਘੰਟਾ ਜਾ ਕਾ, ਸੁਨੀਐ ਚਹੁ ਕੁੰਟ॥ ਆਸਨੁ ਜਾ ਕਾ, ਸਦਾ ਬੈਕੁੰਠ॥ ਜਾ ਕਾ ਚਵਰੁ, ਸਭ ਊਪਰਿ ਝੂਲੈ॥ ਤਾ ਕਾ ਧੂਪੁ, ਸਦਾ ਪਰਫੁਲੈ॥’’ (ਆਸਾ/ਮ : ੫/੩੯੩) ਇੰਞ ਗੁਰਬਾਣੀ ਤਾਂ ਮਨੁੱਖ ਨੂੰ ਹਮੇਸ਼ਾ ਹੀ ਅੰਤਰਮੁਖੀ ਹੋ ਕੇ ਗਿਆਨਵਾਨ ਬਣਨ ਦੀ ਪ੍ਰੇਰਣਾ ਦਿੰਦੀ ਹੈ ਪਰ ਗੁਰੂ ਦੇ ਦੱਸੇ ਰਾਹ ’ਤੇ ਤੁਰਿਆ ਕੋਈ ਵਿਰਲਾ ਹੀ ਪ੍ਰਮਾਤਮਾ ਦੀ ਆਰਤੀ ਦਾ ਰਹੱਸ ਸਮਝਦਾ ਹੈ; ਜਿਵੇਂ ਕਿ ਭਗਤ ਕਬੀਰ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਤਤੁ ਤੇਲੁ ਨਾਮੁ ਕੀਆ ਬਾਤੀ; ਦੀਪਕੁ ਦੇਹ ਉਜੵਾਰਾ ॥  ਜੋਤਿ ਲਾਇ ਜਗਦੀਸ ਜਗਾਇਆ; ਬੂਝੈ ਬੂਝਨਹਾਰਾ ॥’’ (ਪ੍ਰਭਾਤੀ/ਭਗਤ ਕਬੀਰ ਜੀ/੧੩੫੦)

ਗੁਰੂ ਦੇ ਸਨਮੁਖ ਹੋ ਕੇ ਕਮਾਈ ਕਰਨ ਵਾਲੇ ਗੁਰਮੁਖ (ਭਾਵ ਆਪਣੇ ਅੰਦਰ ਗੁਰੂ ਦੀ ਬਾਣੀ ਰੂਪ ਜੋਤਿ ਜਗਾਉਣ ਵਾਲ਼ੇ) ਅਤੇ ਆਪਣੇ ਮਨ ਦੇ ਪਿੱਛੇ ਤੁਰ ਕੇ ਬਾਹਰੀ ਕਰਮਕਾਂਡ; ਜਿਵੇਂ ਕਿ ਜੋਤਾਂ ਜਗਾਉਣਾ, ਗੁਰੂ ਘਰ ਦੇ ਫ਼ਰਸ਼ ਨੂੰ ਦੁੱਧ ਨਾਲ਼ ਧੌਣਾ ਆਦਿ ਭਾਵ ਕਿ ਕੂੜ ਦਾ ਵਪਾਰ ਕਰਨ ਵਾਲੇ ਮਨਮੁਖ ਦੀ ਤੁਲਨਾ ਕਰਦਿਆਂ ਹੋਇਆਂ ਗੁਰੂ ਜੀ ਬਚਨ ਕਰਦੇ ਹਨ : ‘‘ਸਚਾ ਸਤਿਗੁਰੁ ਸੇਵਿ; ਸਚੁ ਸਮ੍ਾਲਿਆ॥ ਅੰਤਿ ਖਲੋਆ ਆਇ; ਜਿ ਸਤਿਗੁਰ ਅਗੈ ਘਾਲਿਆ॥ ਪੋਹਿ ਨ ਸਕੈ ਜਮਕਾਲੁ; ਸਚਾ ਰਖਵਾਲਿਆ॥ ਗੁਰ ਸਾਖੀ ਜੋਤਿ ਜਗਾਇ; ਦੀਵਾ ਬਾਲਿਆ॥ ਮਨਮੁਖ ਵਿਣੁ ਨਾਵੈ ਕੂੜਿਆਰ; ਫਿਰਹਿ ਬੇਤਾਲਿਆ॥ ਪਸੂ, ਮਾਣਸ ਚੰਮਿ ਪਲੇਟੇ; ਅੰਦਰਹੁ ਕਾਲਿਆ॥’’ (ਮ : ੫/੧੨੮੪) ਜੇ ਗੁਰੂ ਸਾਹਿਬ ਜੀ ਦੇ ਇਹ ਬਚਨ ਦਿਲ ਨੂੰ ਟੁੰਬਦੇ ਹਨ ! ਤਾਂ ਆਓ ਫਿਰ ਆਪਣਾ ਨਿਆਰਾਪਨ ਕਾਇਮ ਰੱਖਦਿਆਂ ਹੋਇਆਂ ਆਪਣੇ ਘਰਾਂ ਤੇ ਗੁਰਦੁਆਰਿਆਂ ’ਚ ਜੋਤਾਂ ਜਗਾਉਣ ਤੋਂ ਤੋਬਾ ਕਰੀਏ ਤੇ ਗੁਰੂ ਦੇ ਪਿਆਰੇ, ਮਿੱਠੇ ਸ਼ਬਦ ਦੀ ਰਾਹੀਂ ਆਪਣੇ ਅੰਦਰ ਰੱਬੀ ਜੋਤ ਜਗਾਈਏ : ‘‘ਦਿਨੁ ਰੈਣਿ ਘੜੀ ਨ ਚਸਾ ਵਿਸਰੈ; ਸਾਸਿ ਸਾਸਿ ਨਿਰੰਜਨੋ॥ ਸਬਦਿ ਜੋਤਿ ਜਗਾਇ ਦੀਪਕੁ; ਨਾਨਕਾ ਭਉ ਭੰਜਨੋ॥’’ (ਬਿਲਾਵਲ/ਮ : ੧/੮੪੩)

(27). ਝੂਠ ਬੋਲਣਾ : ਸਾਨੂੰ ਸਾਰਿਆਂ ਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਝੂਠ ਬੋਲਣਾ ਪਾਪ ਹੈ।  ਗੁਰਮਤਿ ਵੀ ਮਨੁੱਖ ਨੂੰ ਕੇਵਲ ਸੱਚ ਹੀ ਬੋਲਣ ਦਾ ਉਪਦੇਸ਼ ਤੇ ਗੁਰੂ ਵੱਲੋਂ ਦੱਸੇ ਰਸਤੇ ’ਤੇ ਮੁਰੀਦਾਂ ਵਾਂਗ ਤੁਰਨ ਦੀ ਪ੍ਰੇਰਣਾ ਕਰਦੀ ਹੈ : ‘‘ਬੋਲੀਐ ਸਚੁ ਧਰਮੁ, ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ, ਮੁਰੀਦਾ ਜੋਲੀਐ॥’’ (ਭਗਤ ਫਰੀਦ ਜੀ/੪੮੮), ਭਗਤ ਕਬੀਰ ਜੀ ਫ਼ੁਰਮਾਉਂਦੇ ਹਨ ਕਿ ਜਿਸ ਮਨੁੱਖ ਦੇ ਅੰਦਰ ਝੂਠ ਤੇ ਲੋਭ ਦਾ ਜ਼ੋਰ ਹੋਵੇ, ਉੱਥੇ ਧਰਮ ਦੀ ਥਾਂ ਪਾਪ ਤੇ ਆਤਮਕ ਮੌਤ ਦਾ ਹੋਣਾ ਯਕੀਨੀ ਹੈ : ‘‘ਕਬੀਰਾ ਜਹਾ ਗਿਆਨੁ, ਤਹ ਧਰਮੁ ਹੈ; ਜਹਾ ਝੂਠੁ, ਤਹ ਪਾਪੁ ॥ ਜਹਾ ਲੋਭੁ, ਤਹ ਕਾਲੁ ਹੈ; ਜਹਾ ਖਿਮਾ, ਤਹ ਆਪਿ ॥’’ (ਭਗਤ ਕਬੀਰ ਜੀ/੧੩੭੨)

ਮਾਇਆ ਦੇ ਲਾਲਚ ਕਾਰਨ ਮਨੁੱਖ ਅਕਸਰ ਭੈੜੇ ਕਰਮ ਕਰਦਾ ਹੈ ਤੇ ਝੂਠ ਬੋਲ-ਬੋਲ ਕੇ ਦੁੱਖ ਸਹਿੰਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਅੰਤਰਿ ਲੋਭੁ; ਮਨਿ ਮੈਲੈ, ਮਲੁ ਲਾਏ॥ ਮੈਲੇ ਕਰਮ ਕਰੇ, ਦੁਖੁ ਪਾਏ ॥ ਕੂੜੋ ਕੂੜੁ ਕਰੇ ਵਾਪਾਰਾ; ਕੂੜੁ ਬੋਲਿ ਦੁਖੁ ਪਾਇਦਾ॥’’ (ਮਾਰੂ/ਮ : ੩/੧੦੬੨), ਪਰ ਆਜੀਵਕਾ ਦੀ ਖ਼ਾਤਰ ਝੂਠ ਬੋਲਣ (ਝੂਠੁ ਨ ਬੋਲਿ ਪਾਡੇ ! ਸਚੁ ਕਹੀਐ॥ ਮ : ੧/੯੦੪) ਦੀ ਬਜਾਇ ਗੁਰਮਤਿ ਕੇਵਲ ਭਲੇ ਕਰਮ ਹੀ ਪ੍ਰਵਾਨ ਕਰਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਇਹੀ ਸਿੱਖਿਆ ਦੇ ਰਹੇ ਹਨ ਕਿ ਸਿਰਫ਼ ਕੀਤੀ ਹੋਈ ਨੇਕ ਕਮਾਈ ਹੀ ਸਾਡੇ ਨਾਲ਼ ਨਿਭੇਗੀ : ‘‘ਲਬੁ ਲੋਭੁ ਮੁਚੁ ਕੂੜੁ ਕਮਾਵਹਿ; ਬਹੁਤੁ ਉਠਾਵਹਿ ਭਾਰੋ ॥ ਤੂੰ ਕਾਇਆ ! ਮੈ ਰੁਲਦੀ ਦੇਖੀ; ਜਿਉ ਧਰ ਉਪਰਿ ਛਾਰੋ ॥ ਸੁਣਿ ਸੁਣਿ ਸਿਖ ਹਮਾਰੀ ॥ ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ! ਬਹੁੜਿ ਨ ਆਵੈ ਵਾਰੀ ॥’’ (ਗਉੜੀ ਚੇਤੀ/ਮ : ੧/੧੫੪-੧੫੫)

ਮਾਲਕ ਦੇ ਦਰਬਾਰ ’ਚ ਕੂੜ ਦੀ ਰਾਹੀਂ ਕਦੀ ਵੀ ਨਹੀਂ ਪਹੁੰਚਿਆ ਜਾ ਸਕਦਾ; ਇਹ ਮੰਜ਼ਲ ਵੀ ਸੱਚੇ ਸ਼ਬਦ ਦੀ ਰਾਹੀਂ ਰੱਬ ਦਾ ਨਾਮ ਸੁਣ ਸਮਝ ਕੇ ਅਤੇ ਸੱਚ ਬੋਲਿਆਂ ਹੀ ਪ੍ਰਾਪਤ ਹੁੰਦੀ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਸਚੈ ਦੈ ਦੀਬਾਣਿ, ਕੂੜਿ ਨ ਜਾਈਐ ॥ ਝੂਠੋ ਝੂਠੁ ਵਖਾਣਿ, ਸੁ ਮਹਲੁ ਖੁਆਈਐ॥ ਸਚੈ ਸਬਦਿ ਨੀਸਾਣਿ, ਠਾਕ ਨ ਪਾਈਐ॥ ਸਚੁ ਸੁਣਿ ਬੁਝਿ ਵਖਾਣਿ, ਮਹਲਿ ਬੁਲਾਈਐ॥’’ (ਮ : ੨/੧੪੬) ਇਸ ਲਈ ਆਓ, ਅਰਦਾਸ ਕਰੀਏ ਕਿ ਹੇ ਮਾਲਕ ! ਤੂੰ ਕ੍ਰਿਪਾ ਕਰ ਤੇ ਸਾਨੂੰ ਆਪ ਹੀ ਝੂਠ ਆਦਿਕ ਵਿਕਾਰਾਂ ਤੋਂ ਬਚਾ ਕੇ, ਆਪਣੀ ਸ਼ਰਨ ’ਚ ਆਉਣ ਦਾ ਬਲ ਬਖ਼ਸ਼ : ‘‘ਕਾਮ, ਕ੍ਰੋਧ, ਲੋਭ, ਝੂਠ, ਨਿੰਦਾ; ਇਨ ਤੇ ਆਪਿ ਛਡਾਵਹੁ ॥ ਇਹ ਭੀਤਰ ਤੇ ਇਨ ਕਉ ਡਾਰਹੁ; ਆਪਨ ਨਿਕਟਿ ਬੁਲਾਵਹੁ ॥’’ (ਸੋਰਠਿ/ਮ : ੫/੬੧੭)

(28). ਤੀਰਥ ਯਾਤਰਾ : ‘‘ਤੀਰਥਿ ਨਾਵਾ, ਜੇ ਤਿਸੁ ਭਾਵਾ, ਵਿਣੁ ਭਾਣੇ, ਕਿ ਨਾਇ ਕਰੀ ? ॥’’ ਵਰਗੇ ਬਚਨਾਂ ਦੁਆਰਾ ਗੁਰੂ ਨਾਨਕ ਪਾਤਸ਼ਾਹ ਨੇ ‘ਜਪੁ’ ਬਾਣੀ ਵਿੱਚ ਤੀਰਥਾਂ ਦੇ ਇਸ਼ਨਾਨ ਨਾਲ਼ ਸਰੀਰਕ ਪਵਿੱਤਰਤਾ ਨੂੰ ਹੀ ਧਰਮ ਮੰਨਣ ਵਾਲ਼ਿਆਂ ਲਈ ਇੱਕ ਲਾਜਵਾਬ ਸਵਾਲ ਖੜ੍ਹਾ ਕੀਤਾ ਕਿ ਅਜਿਹੇ ਇਸ਼ਨਾਨ ਕਰ ਕੇ ਮੈਂ ਕੀ ਕਰਾਂ ? ਜਿਸ ਨਾਲ਼ ਮਾਲਕ ਹੀ ਖੁਸ਼ ਨਹੀਂ ਹੁੰਦਾ। ਅਗਲੀ ਤੁਕ ਰਾਹੀਂ ਉਪਦੇਸ਼ ਵੀ ਦਿੰਦੇ ਹਨ ਕਿ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿੰਨੀ ਵੀ ਸ੍ਰਿਸ਼ਟੀ ਮੈਂ ਵੇਖਦਾ ਹਾਂ, ਇਸ ਵਿੱਚ ਮਾਲਕ ਦੀ ਕ੍ਰਿਪਾ ਤੋਂ ਬਿਨਾਂ ਕਿਸੇ ਨੂੰ ਵੀ ਕੁਝ ਨਹੀਂ ਮਿਲਦਾ ‘‘ਜੇਤੀ ਸਿਰਠਿ ਉਪਾਈ ਵੇਖਾ, ਵਿਣੁ ਕਰਮਾ, ਕਿ ਮਿਲੈ ਲਈ ?॥’’; ਸੋ ‘ਤੀਰਥ, ਤਪ’ ਆਦਿ ਦੀ ਗੁਰਮਤਿ ’ਚ ਕੋਈ ਮਹੱਤਤਾ ਨਹੀਂ ਹੈ, ਪਰ ਜਿਹੜਾ ਪ੍ਰਾਣੀ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨਦਾ ਹੈ ਤੇ ਮਨ ’ਤੇ ਵਿਕਾਰਾਂ ਦੀ ਚੜ੍ਹੀ ਮੈਲ ਨੂੰ ਧੋਂਦਾ ਹੈ (ਆਪਣੀ ਪੜਚੋਲ ਕਰਦਾ ਹੈ) ਉਸ ਨੇ ਸਮਝੋ ਕਿ ਆਪਣੇ ਅੰਦਰਲੇ ਤੀਰਥ ’ਤੇ ਇਸ਼ਨਾਨ ਕਰ ਲਿਆ ਹੈ। ਗੁਰੂ ਨਾਨਕ ਪਾਤਸ਼ਾਹ ਦੇ ਬਚਨ ਹਨ : ‘‘ਸੁਣਿਆ, ਮੰਨਿਆ; ਮਨਿ ਕੀਤਾ ਭਾਉ॥ ਅੰਤਰਗਤਿ ਤੀਰਥਿ, ਮਲਿ ਨਾਉ॥ (ਜਪੁ/ਮ : ੧/੫), ਸਚੁ ਤਾਂ ਪਰੁ ਜਾਣੀਐ; ਜਾ ਆਤਮ ਤੀਰਥਿ ਕਰੇ ਨਿਵਾਸੁ॥’’ (ਆਸਾ ਕੀ ਵਾਰ/ਮ : ੧/੪੬੮) ਗੁਰਮਤਿ ਅਨੁਸਾਰ ਸਾਧਕ ਦਾ ਅਜਿਹਾ ਇਸ਼ਨਾਨ ਹੀ ਧਰਮ ਨਾਲ਼ ਸਿੱਧਾ ਸੰਬੰਧ ਬਣਾਉਣ ’ਚ ਸਹਾਈ ਹੁੰਦਾ ਹੈ, ਨਾ ਕਿ ਕੇਵਲ ਸਰੀਰਕ ਮੈਲ਼ ਧੋਣਾ; ਜਿਵੇਂ ਕਿ ਭਗਤ ਕਬੀਰ ਜੀ ਬਚਨ ਕਰਦੇ ਹਨ : ‘‘ਅੰਤਰਿ ਮੈਲੁ, ਜੇ ਤੀਰਥ ਨਾਵੈ; ਤਿਸੁ ਬੈਕੁੰਠ ਨ ਜਾਨਾਂ॥ ਲੋਕ ਪਤੀਣੇ ਕਛੂ ਨ ਹੋਵੈ; ਨਾਹੀ ਰਾਮੁ ਅਯਾਨਾ ॥… ਜਲ ਕੈ ਮਜਨਿ, ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ॥’’ (ਆਸਾ/ਭਗਤ ਕਬੀਰ ਜੀ/੪੮੪)

ਯਕੀਨਨ ! ਗੁਰੂ ਸਮਾਨ ਕੋਈ ਤੀਰਥ ਨਹੀਂ ਹੈ, ਇਸ ਲਈ ਆਓ ! ਹੇਠਲੇ ਗੁਰ ਵਾਕਾਂ ਨੂੰ ਆਪਣੇ ਹਿਰਦਿਆਂ ’ਤੇ ਅੰਕਿਤ ਕਰੀਏ ਤਾਂ ਕਿ ਗੁਰ ਸ਼ਬਦ ਰਾਹੀਂ ਅੰਦਰਲਾ ਇਸ਼ਨਾਨ ਕਰ ਕੇ, ਅਸੀਂ ਆਪਣੇ ਸੁੱਤੇ ਹੋਏ ਮਨ ਨੂੰ ਜਗਾ ਸਕੀਏ : ‘‘ਤੀਰਥਿ ਨਾਵਣ ਜਾਉ; ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ; ਅੰਤਰਿ ਗਿਆਨੁ ਹੈ ॥ (ਧਨਾਸਰੀ/ਮ : ੧/੬੮੭), ਸੰਤ ਜਨਹੁ ! ਸੁਣਿ ਭਾਈਹੋ ! ਛੂਟਨੁ ਸਾਚੈ ਨਾਇ॥ ਗੁਰ ਕੇ ਚਰਣ ਸਰੇਵਣੇ; ਤੀਰਥ ਹਰਿ ਕਾ ਨਾਉ ॥ (ਸਿਰੀਰਾਗੁ/ਮ : ੫/੫੩), ਸਚੁ ਤੀਰਥਿ ਨਾਵਹੁ, ਹਰਿ ਗੁਣ ਗਾਵਹੁ ॥ ਤਤੁ ਵੀਚਾਰਹੁ, ਹਰਿ ਲਿਵ ਲਾਵਹੁ ॥’’ (ਮਾਰੂ/ਮ : ੧/੧੦੩੧)

(29). ਥਿੱਤ ਵਾਰ :  ਇਸ ਨੁਕਤੇ ਨੂੰ ਸਮਝਾਉਂਦਿਆਂ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ : ‘‘ਆਪੇ ਪੂਰਾ ਕਰੇ, ਸੁ ਹੋਇ ॥ ਏਹਿ ਥਿਤੀ ਵਾਰ,  ਦੂਜਾ ਦੋਇ ॥ ਸਤਿਗੁਰ ਬਾਝਹੁ, ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ ॥’’ (ਮ : ੩/੮੪੩) ਭਾਵ ਗੁਰੂ ਦਾ ਆਸਰਾ ਛੱਡ ਕੇ ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਉਂਦੇ ਹਨ ਤੇ ਇਹ ਥਿੱਤ ਵਾਰ ਮਨਾਉਣੇ ਹੀ ਮਾਇਆ ਦਾ ਮੋਹ ਪੈਦਾ ਕਰਨ ਦਾ ਕਾਰਨ ਬਣਦੇ ਹਨ। ਗੁਰੂ ਜੀ ਇਸੇ ਨੁਕਤੇ ’ਤੇ ਹੀ ਅਗਾਂਹ ਹੋਰ ਉਪਦੇਸ਼ ਕਰਦਿਆਂ ਸਾਨੂੰ ਦ੍ਰਿੜ੍ਹ ਕਰਵਾਉਂਦੇ ਹਨ ਕਿ ਗੁਰੂ ਦਾ ਸ਼ਬਦ ਹੀ ਅਟੱਲ ਰਹਿਣ ਵਾਲਾ ਸਾਥੀ ਹੈ। ਇਹ ਥਿੱਤ ਵਾਰ ਤਾਂ ਆਉਂਦੇ ਅਤੇ ਲੰਘ ਜਾਂਦੇ ਹਨ। ਇਹ ਸਭ ਵੀ ਤਾਂ ਹੀ ਸੋਹਣਾ ਤੇ ਭਲਾ ਹੈ ਜੇਕਰ ਮਨੁੱਖ ਗੁਰੂ ਦੇ ਸ਼ਬਦ ਨਾਲ਼ ਜੁੜਿਆ ਰਹੇ। ਪੂਰਨ ਪ੍ਰਭੂ ਆਪ ਹੀ ਜੋ ਕੁਝ ਕਰਦਾ ਹੈ, ਉਹ ਹੀ ਹੁੰਦਾ ਹੈ।  ਸੋ, ਮਨੁੱਖ ਨੂੰ ਸਦਾ ਥਿਰ ਪ੍ਰਮਾਤਮਾ ਦੇ ਪ੍ਰੇਮ ਪਿਆਰ ’ਚ ਰੱਤਿਆਂ ਰਹਿਣਾ ਚਾਹੀਦਾ ਹੈ : ‘‘ਥਿਤੀ ਵਾਰ, ਸਭਿ ਸਬਦਿ ਸੁਹਾਏ ॥ ਸਤਿਗੁਰੁ ਸੇਵੇ, ਤਾ ਫਲੁ ਪਾਏ ॥ ਥਿਤੀ ਵਾਰ, ਸਭਿ ਆਵਹਿ ਜਾਹਿ ॥ ਗੁਰ ਸਬਦੁ ਨਿਹਚਲੁ, ਸਦਾ ਸਚਿ ਸਮਾਹਿ ॥ ਥਿਤੀ ਵਾਰ ਤਾ, ਜਾ ਸਚਿ ਰਾਤੇ ॥ ਬਿਨੁ ਨਾਵੈ, ਸਭਿ ਭਰਮਹਿ ਕਾਚੇ ॥’’ (ਬਿਲਾਵਲੁ/ਮ : ੩/੮੪੨)

(30). ਦੇਵੀ ਦੇਵਤੇ :  ਇਸ ਨੁਕਤੇ ਨੂੰ ਵਿਚਾਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਵੱਲੋਂ ਦੇਵੀ ਦੇਵਤਿਆਂ ਦੀ ਪੂਜਾ ਹੀ ਅੱਜ ਸਾਡੇ ਨਿਘਾਰ ਦਾ ਮੁੱਖ ਕਾਰਨ ਬਣਦੀ ਜਾ ਰਹੀ ਹੈ। ‘ਜਪੁ’ ਬਾਣੀ ਅੰਦਰ ਹੀ ਗੁਰੂ ਸਾਹਿਬ ਜੀ ਨੇ ਨਿਤਾਰਾ ਕਰ ਦਿੱਤਾ ਸੀ ਕਿ ਸਿੱਖ ਲਈ ਕੇਵਲ ਗੁਰੂ ਹੀ ਸਭ ਕੁਝ ਹੈ : ‘‘ਗੁਰੁ ਈਸਰੁ, ਗੁਰੁ ਗੋਰਖੁ, ਬਰਮਾ ਗੁਰੁ; ਪਾਰਬਤੀ ਮਾਈ ॥’’ ਮਾਰੂ ਰਾਗ ’ਚ ਵੀ ਫ਼ੁਰਮਾਉਂਦੇ ਹਨ : ‘‘ਈਸਰੁ, ਬ੍ਰਹਮਾ, ਦੇਵੀ, ਦੇਵਾ ॥ ਇੰਦ੍ਰ, ਤਪੇ, ਮੁਨਿ, ਤੇਰੀ ਸੇਵਾ॥’’ (ਮਾਰੂ/ਮ : ੧/੧੦੩੪) ਭਾਵ ਕਿ ਇਹ ਦੇਵੀ ਦੇਵਤੇ ਅਕਾਲ ਪੁਰਖ ਦੀ ਸੇਵਾ, ਚਾਕਰੀ ਹੀ ਕਰਦੇ ਹਨ। ਅਸਲ ਭਾਵ ਕਿ ਦੇਵੀ ਦੇਵਤਿਆਂ (ਕਿਸੇ ਵਿਚੋਲੇ) ਦੀ ਪੂਜਾ ਦਾ ਕੋਈ ਫ਼ਾਇਦਾ ਨਹੀਂ ਹੈ। ਇਨ੍ਹਾਂ ਗੁਰ ਉਪਦੇਸ਼ਾਂ ਤੋਂ ਉਲਟ ਕਰਮ ਕਰਨ ਵਾਲ਼ਿਆਂ ਦੀ ਦਸ਼ਾ ਨੂੰ ਭਗਤ ਕਬੀਰ ਜੀ ਬਹੁਤ ਬਾਖ਼ੂਬੀ ਬਿਆਨ ਕਰਦੇ ਹਨ : ‘‘ਦੇਵੀ ਦੇਵਾ ਪੂਜਹਿ ਡੋਲਹਿ; ਪਾਰਬ੍ਰਹਮੁ ਨਹੀ ਜਾਨਾ ॥ ਕਹਤ ਕਬੀਰ, ਅਕੁਲੁ ਨਹੀ ਚੇਤਿਆ; ਬਿਖਿਆ ਸਿਉ ਲਪਟਾਨਾ ॥’’ (ਭਗਤ ਕਬੀਰ ਜੀ/੩੩੨)

ਅਸਲ ਵਿੱਚ ਮਨੁੱਖ ਦੀ ਸੁੱਖਾਂ ਪ੍ਰਤੀ ਲਾਲਸਾ ਤੇ ਦੁੱਖਾਂ ਤੋਂ ਡਰ ਦੇ ਜਜ਼ਬੇ ਨੇ ਹੀ ਸ਼ਾਸਤ੍ਰਾਂ ਰਾਹੀਂ ਕਰਮਕਾਂਡਾਂ ਨੂੰ ਜਨਮ ਦਿੱਤਾ ਭਾਵ ਕਿ ਇਹ ਮਾਇਆ ਹੀ ਦੇਵੀ ਦੇਵਤੇ ਰਚੇ ਜਾਣ ਦਾ ਕਾਰਨ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਦੇਵੀ ਦੇਵਾ, ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ, ਜਿੰਨਿ ਉਪਾਇਆ॥’’ (ਮਾਝ/ਮ : ੩/੧੨੯) ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੮੭੪ ਤੇ ਗੋਂਡ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਸ਼ਬਦ : ‘‘ਭੈਰਉ ਭੂਤ, ਸੀਤਲਾ ਧਾਵੈ ॥ ਖਰ ਬਾਹਨੁ, ਉਹੁ ਛਾਰੁ ਉਡਾਵੈ॥’’ ਹੈ, ਜੋ ਇੱਕ ਨਿਵੇਕਲੇ ਅੰਦਾਜ਼ ’ਚ ਮਨੁੱਖਤਾ ਨੂੰ ਭੈਰਉ, ਸ਼ਿਵ, ਮਹਾਂ ਮਾਈ ਆਦਿਕ ਦੀ ਪੂਜਾ ਤੋਂ ਵਰਜਦਾ ਹੈ ਤੇ ਇੱਕ ਅਕਾਲ ਪੁਰਖ ’ਤੇ ਟੇਕ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਗੁਰਮਤਿ ਰਾਹੀਂ ਨਿਰਣਾ ਕਰਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਦੇਵੀ ਦੇਵਾ ਪੂਜੀਐ ਭਾਈ ! ਕਿਆ ਮਾਗਉ ?  ਕਿਆ ਦੇਹਿ ?॥ ਪਾਹਣੁ ਨੀਰਿ ਪਖਾਲੀਐ ਭਾਈ ! ਜਲ ਮਹਿ ਬੂਡਹਿ ਤੇਹਿ ॥ ਗੁਰ ਬਿਨੁ, ਅਲਖੁ ਨ ਲਖੀਐ ਭਾਈ ! ਜਗੁ ਬੂਡੈ ਪਤਿ ਖੋਇ॥ ਮੇਰੇ ਠਾਕੁਰ ਹਾਥਿ ਵਡਾਈਆ ਭਾਈ ! ਜੈ ਭਾਵੈ, ਤੈ ਦੇਇ ॥ (ਸੋਰਠਿ/ਮ : ੧/੬੩੭), ਮਾਇਆ ਮੋਹੇ, ਦੇਵੀ ਸਭਿ ਦੇਵਾ ॥ ਕਾਲੁ ਨ ਛੋਡੈ, ਬਿਨੁ ਗੁਰ ਕੀ ਸੇਵਾ॥’’ (ਗਉੜੀ/ਮ : ੧/੨੨੭)

ਯਾਦ ਰੱਖੀਏ ਕਿ ਦੇਵੀ, ਦੇਵਤੇ (ਮਨ ਘੜਤ ਜਾਂ ਅਸਲ) ਸੁਰ ਆਦਿ ਵੀ ਮਨੁੱਖਾ ਸਰੀਰ ਨੂੰ ਲੋਚਦੇ ਹਨ ਤਾਂ ਕਿ ਗੁਰੂ ਦੀ ਸੇਵਾ ਰਾਹੀਂ ਬੰਦਗੀ ਦੀ ਕਮਾਈ ਕੀਤੀ ਜਾ ਸਕੇ : ‘‘ਇਸ ਦੇਹੀ ਕਉ ਸਿਮਰਹਿ, ਦੇਵ॥ ਸੋ ਦੇਹੀ, ਭਜੁ ਹਰਿ ਕੀ ਸੇਵ॥’’ (ਭੈਰਉ/ਭਗਤ ਕਬੀਰ ਜੀ/੧੧੫੯) ਸੋ, ਇਹ ਮਨੁੱਖਾ ਜਨਮ ਪ੍ਰਾਪਤ ਕਰ ਕੇ ਅਸੀਂ ਦੇਵਤਿਆਂ ਦੇ ਮੁਕਾਬਲੇ ਪਹਿਲਾਂ ਹੀ ਖੁਸ਼ਕਿਸਮਤ ਹਾਂ ਪਰ ਇੱਕ ਗੁਰਸਿੱਖ ਹੋਰ ਵੀ ਵਡਭਾਗੀ ਹੋ ਨਿਬੜਦਾ ਹੈ ਕਿਉਂਕਿ ਉਸ ਨੂੰ ਮਨੁੱਖਾ ਜਨਮ ਦੇ ਨਾਲ਼, ਗੁਰੂ ਅਤੇ ਗੁਰੂ ਦੀ ਬਾਣੀ ਦੀ ਦਾਤ ਵੀ ਨਸੀਬ ਹੁੰਦੀ ਹੈ। ਪੂਰਨ ਗੁਰੂ ਸਾਨੂੰ ਆਪਣੇ ਉਪਦੇਸ਼ ਰਾਹੀਂ ਸੋਝੀ ਦੇ ਰਿਹਾ ਹੈ ਕਿ ਮਨੁੱਖ ਸਣੇ ਸਾਰੇ ਦੇਵੀ ਦੇਵਤੇ ਅਤੇ ਸੁਰਗੀ ਜੀਵ ਵੀ ਮਾਇਆ ਪਿੱਛੇ ਭਟਕ ਕੇ ਖ਼ੁਆਰ ਹੋ ਰਹੇ ਹਨ, ਇਸ ਲਈ ਕੇਵਲ ਗੁਰੂ ਦੀ ਸ਼ਰਨ ਪੈਣਾ ਤੇ ਮਾਲਕ ਦੀ ਟੇਕ ਰੱਖਣਾ ਹੀ ਸਭ ਤੋਂ ਉੱਤਮ ਜੀਵਨ ਜਾਚ ਹੈ। ਗੁਰੂ ਵਾਕ ਹਨ : ‘‘ਭਰਮੇ ਸੁਰਿ ਨਰ, ਦੇਵੀ ਦੇਵਾ ॥ ਭਰਮੇ ਸਿਧ ਸਾਧਿਕ, ਬ੍ਰਹਮੇਵਾ ॥ ਭਰਮਿ ਭਰਮਿ, ਮਾਨੁਖ ਡਹਕਾਏ ॥ ਦੁਤਰ, ਮਹਾ ਬਿਖਮ ਇਹ ਮਾਏ ॥ ਗੁਰਮੁਖਿ, ਭ੍ਰਮ ਭੈ ਮੋਹ ਮਿਟਾਇਆ ॥ ਨਾਨਕ !  ਤੇਹ ਪਰਮ ਸੁਖ ਪਾਇਆ ॥ (ਮ : ੫/੨੫੮), ਸੰਕਰਾ ਨਹੀ ਜਾਨਹਿ, ਭੇਵ ॥ ਖੋਜਤ ਹਾਰੇ, ਦੇਵ ॥ ਦੇਵੀਆ ਨਹੀ ਜਾਨੈ, ਮਰਮ ॥ ਸਭ ਊਪਰਿ, ਅਲਖ ਪਾਰਬ੍ਰਹਮ॥’’ (ਰਾਮਕਲੀ/ਮ : ੫/੮੯੪)

ਗੁਰ ਉਪਦੇਸ਼ ਨੂੰ ਯਾਦ ਰੱਖੀਏ ਕਿ ਇੱਕ ਅਕਾਲ ਪੁਰਖ ਦਾ ਸਿਮਰਨ ਕਰ ਕੇ, ਸਿਰਫ਼ ਉਸੇ ਪਾਸੋਂ ਹੀ ਮੰਗਣਾ ਚਾਹੀਦਾ ਹੈ। ਕਿਸੇ ਹੋਰ ਕੋਲ਼ੋਂ ਮੰਗਣ ਨਾਲ਼ੋਂ ਤਾਂ ਸ਼ਰਮ ਨਾਲ਼ ਮਰ ਜਾਣਾ ਹੀ ਬਿਹਤਰ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਹਰਿ ਇਕੋ ਦਾਤਾ ਸੇਵੀਐ; ਹਰਿ ਇਕੁ ਧਿਆਈਐ ॥ ਹਰਿ ਇਕੋ ਦਾਤਾ ਮੰਗੀਐ; ਮਨ ਚਿੰਦਿਆ ਪਾਈਐ ॥ ਜੇ ਦੂਜੇ ਪਾਸਹੁ ਮੰਗੀਐ; ਤਾ ਲਾਜ ਮਰਾਈਐ ॥’’ (ਮ : ੧/੫੯੦)

(31). ਦਾਜ : ਗੁਰਮਤਿ; ਮਨੁੱਖ ਨੂੰ ਹੱਕ ਦੀ ਕਮਾਈ ਕਰ ਕੇ ਖਾਣ ਦਾ ਉਪਦੇਸ਼ ਦਿੰਦੀ ਹੈ, ਜੋ ਕਿ ਦਿਲਾਂ ’ਚੋਂ ਵਿਕਾਰਾਂ ਦੀ ਮੈਲ਼ ਧੋਣ ’ਚ ਸਹਾਈ ਹੁੰਦੀ ਹੈ। ਪੰਚਮ ਪਾਤਸ਼ਾਹ ਦਾ ਉਪਦੇਸ਼ ਹੈ : ‘‘ਹਕੁ ਹਲਾਲੁ, ਬਖੋਰਹੁ ਖਾਣਾ ॥ ਦਿਲ ਦਰੀਆਉ, ਧੋਵਹੁ ਮੈਲਾਣਾ ॥’’ (ਮਾਰੂ ਸੋਲਹੇ/ਮ : ੫/੧੦੮੪), ਪਰ ਅੱਜ ਅਸੀਂ ਗੁਰ ਉਪਦੇਸ਼ ਨੂੰ ਵਿਸਾਰ ਦਿੱਤਾ ਹੈ ਤੇ ਆਪਣੇ ਦਿਲਾਂ ਨੂੰ ਦਰਿਆ ਬਣਾਉਣ ਦਾ ਯਤਨ ਕਰਨ ਤੇ ਵਿਕਾਰਾਂ ਦੀ ਮੈਲ਼ ਧੋਣ ਦੀ ਬਜਾਇ ਬਾਹਰੀ ਵਿਖਾਵਿਆਂ ਦੀ ਘਾਤਕ ਦੋੜ ’ਚ ਸ਼ਾਮਲ ਹੋ ਗਏ ਹਾਂ। ਦਾਜ ਲੈਣਾ ਜਾਂ ਦੇਣਾ, ਦਰਿਆ ਦਿਲੀ ਦੀ ਬਜਾਇ ਸਾਡੀ ਚੰਦਰੀ ਨੀਅਤ ਨੂੰ ਉਜਾਗਰ ਕਰਦਾ ਹੈ ਤੇ ਮਨ ਦੇ ਅਹੰਕਾਰ ’ਚ ਵਾਧਾ ਕਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰ ਕੇ ਦਾਜ ਦਾ ਦਿਖਾਵਾ ਕਰਨ ਵਾਲੇ ਅਤੇ ਦਾਜ ਦੇ ਲੋਭ ਦੀ ਦਲਦਲ ’ਚ ਧਸਣ ਵਾਲ਼ੇ ਲੋਭੀਆਂ ਦਾ ਪਾਜ ਉਘੇੜਦੇ ਹੋਏ, ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ : ‘‘ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ॥’’ (ਸਿਰੀਰਾਗੁ/ਮ : ੪/੭੯) ਸਾਨੂੰ ਇਹ ਸਮਝਣਾ ਹੀ ਪੈਣਾ ਹੈ ਕਿ ਮਾਇਆ ਦੇ ਮੋਹ ’ਚ ਫਸੇ ਰਹਿਣ ਨਾਲ਼ ਕਦੀ ਵੀ ਬਰਕਤ ਨਹੀਂ ਹੋ ਸਕਦੀ ਤੇ ਹਰ ਵੇਲ਼ੇ ਉਮਰ ਸੜਦਿਆਂ ਹੀ ਗੁਜ਼ਰਦੀ ਹੈ; ਜਿਵੇਂ ਕਿ ਗੁਰ ਵਾਕ ਹੈ : ‘‘ਪੰਡਿਤ ! ਦੂਜੈ ਭਾਇ, ਬਰਕਤਿ ਨ ਹੋਵਈ; ਨਾ ਧਨੁ ਪਲੈ ਪਾਇ ॥ ਪੜਿ ਥਕੇ, ਸੰਤੋਖੁ ਨ ਆਇਓ; ਅਨਦਿਨੁ ਜਲਤ ਵਿਹਾਇ॥’’ (ਮ : ੩/੬੪੭)

ਮਨ ਅਤੇ ਨੀਅਤ ਨੂੰ ਸਾਫ਼ ਰੱਖਣਾ ਭਾਵ ਕਿ ਸਬਰ ਸੰਤੋਖ ਤਾਂ ਹੀ ਉਪਜੇਗਾ ਜੇਕਰ ਪਰਾਏ ਧਨ ਦੀ ਆਸ ਛੱਡ ਕੇ, ਗੁਰੂ ਦੀ ਬਾਣੀ ਨੂੰ ਮਨ ’ਚ ਵਸਾਵਾਂਗੇ ਤੇ ਪੂਰੀ ਪ੍ਰਤੀਤ ਨਾਲ਼ ਯਕੀਨ ਕਰਾਂਗੇ ਕਿ ਪੱਥਰਾਂ ’ਚ ਪੈਦਾ ਕੀਤੇ ਜੰਤਾਂ ਨੂੰ ਵੀ ਰਿਜ਼ਕ ਦੀ ਦਾਤ ਦੇਣ ਵਾਲਾ ਦਾਤਾਰ ਪਿਤਾ ਸਭ ਕੁਝ ਸੁਣਦਾ ਤੇ ਵੇਖਦਾ ਹੈ ਤੇ ਸਾਨੂੰ ਹਰੇਕ ਨੂੰ ਬਿਨਾਂ ਮੰਗਿਆ ਹੀ ਬੇਅੰਤ ਦਾਤਾਂ ਦਿੰਦਾ ਹੈ ਭਾਵ ਕਿ ਸਭ ਦੀ ਸਾਰ ਆਪ ਹੀ ਕਰਦਾ ਹੈ : ‘‘ਸੁਣੇ ਦੇਖੇ, ਬਾਝੁ ਕਹਿਐ; ਦਾਨੁ ਅਣਮੰਗਿਆ ਦਿਵੈ ॥ ਦਾਨੁ ਦੇਇ ਦਾਤਾ ਜਗਿ ਬਿਧਾਤਾ; ਨਾਨਕਾ ਸਚੁ ਸੋਈ ॥ ਆਪਿ ਕਰੇ, ਕਿਸੁ ਆਖੀਐ ? ਹੋਰੁ ਕਰੇ ਨ ਕੋਈ ॥’’ (ਸੂਹੀ/ਮ : ੧/੭੬੫-੬੬), ਆਓ, ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਤੇ ਗੁਰ ਉਪਦੇਸ਼ ਤਹਿਤ ਪਰਾਏ ਧਨ ਦੀ ਝਾਕ ਰੱਖਣ ਦੀ ਬਜਾਇ ਕੇਵਲ ਪ੍ਰਭੂ ਦੇ ਨਾਮ ਦਾ ਦਾਨ ਹੀ ਮੰਗੀਏ : ‘‘ਹਰਿ ਪ੍ਰਭੁ ਮੇਰੇ ਬਾਬੁਲਾ ! ਹਰਿ ਦੇਵਹੁ ਦਾਨੁ ਮੈ ਦਾਜੋ ॥ ਹਰਿ ਕਪੜੋ, ਹਰਿ ਸੋਭਾ ਦੇਵਹੁ; ਜਿਤੁ ਸਵਰੈ ਮੇਰਾ ਕਾਜੋ॥’’ (ਸਿਰੀਰਾਗੁ/ਮ : ੪/੭੯)

(32). ਦੀਵਾਲੀ : ਦੀਵਾਲੀ ਦੀ ਰਾਤ ਨੂੰ ਸਾਡੇ ਗੁਰੂ ਘਰਾਂ ’ਚ ਅਕਸਰ ਹੀ ਭਾਈ ਗੁਰਦਾਸ ਜੀ ਦੀ ਵਾਰ : ‘‘ਦੀਵਾਲੀ ਦੀ ਰਾਤਿ, ਦੀਵੇ ਬਾਲੀਅਨਿ। ਤਾਰੇ ਜਾਤਿ ਸਨਾਤਿ, ਅੰਬਰਿ ਭਾਲੀਅਨਿ। ਫੁਲਾਂ ਦੀ ਬਾਗਾਤਿ, ਚੁਣਿ ਚੁਣਿ ਚਾਲੀਅਨਿ।’’ (ਵਾਰ ੧੯, ਪਉੜੀ ੬) ਦਾ ਗਾਇਨ  ਕੀਤਾ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਇਸ ਵਾਰ ’ਚ ਕਈ ਉਦਾਹਰਨਾਂ ਦੇ ਕੇ ਸਮਝਾਇਆ ਹੈ ਕਿ ਇਹ ਸੰਸਾਰ ਕੇਵਲ ਥੋੜ੍ਹੇ ਸਮੇਂ ਦਾ ਮੇਲਾ ਹੈ (ਜਿਵੇਂ ਕਿ ਭਗਤ ਕਬੀਰ ਜੀ ਦਾ ਵੀ ਬਚਨ ਹੈ : ‘‘ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ॥’’), ਪਰ ਗੁਰਮੁਖਾਂ ਨੂੰ ਸਦੀਵੀ ਆਨੰਦ ਦੀ ਦਾਤ ਮਿਲਦੀ ਹੈ ਕਿਉਂਕਿ ਉਹ ਗੁਰੂ ਦੇ ਸ਼ਬਦ ਨਾਲ਼ ਜੁੜੇ ਰਹਿੰਦੇ ਹਨ। ਧਿਆਨ ਰਹੇ ਕਿ ਭਾਈ ਗੁਰਦਾਸ ਜੀ ਨੇ ਕੇਵਲ ਇੱਕ ਉਦਾਹਰਨ ਵਰਤੀ ਹੈ; ਜਿਵੇਂ ਕਿ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ਼ੇ ਜਾਂਦੇ ਹਨ, ਨਾ ਕਿ ਦੀਵੇ ਬਾਲ਼ਨ ਦੀ ਕੋਈ ਪ੍ਰੋੜ੍ਹਤਾ ਕੀਤੀ ਹੈ, ਪਰ ‘‘ਰੋਟੀਆ ਕਾਰਣਿ ਪੂਰਹਿ ਤਾਲ ॥’’ (ਆਸਾ ਕੀ ਵਾਰ/ਮ: ੧/੪੬੫), ਭਾਵ ਸਾਡੇ ਰਾਗੀ ਸਿੰਘਾਂ ਤੇ ਕਥਾਵਾਚਕਾਂ ਵੱਲੋਂ ਗੁਰਬਾਣੀ ਦੇ ਕੀਤੇ ਜਾ ਰਹੇ ਮਨ ਘੜਤ ਅਰਥ ਤੇ ਅਖੌਤੀ ਗੁਰ ਸਾਖੀਆਂ ਸਦਕਾ ਪਾਈ ਜਾ ਰਹੀ ਦੁਬਿਧਾ ਕਾਰਨ ਅਸੀਂ ਆਪਣੀ ਸੋਚਣ ਤੇ ਨਿਖੇੜਾ ਕਰਨ ਦੀ ਸਮਰੱਥਾ ਲਗਭਗ ਗੁਆ ਚੁੱਕੇ ਹਾਂ। ਸਾਡੀ ਅਗਿਆਨਤਾ ਕਰਕੇ ਹੀ ਬਿਪਰ ਦੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਰਲ਼ਗੱਡ ਕਰਨ ਦੀ ਸੋਚੀ ਸਮਝੀ ਸਾਜ਼ਸ਼ ਕਾਮਯਾਬ ਹੋਈ ਹੈ। ਇਹੀ ਕਾਰਨ ਹੈ ਕਿ ਦਰਬਾਰ ਸਾਹਿਬ (ਅੰਮ੍ਰਿਤਸਰ) ਵਰਗੇ ਅਸਥਾਨ ’ਤੇ ਅੱਜ ਕਰੋੜਾਂ ਰੁਪਈਆਂ ਦੀ ਆਤਿਸ਼ਬਾਜੀ ਤੇ ਵੱਧ ਤੋਂ ਵੱਧ ਦੀਵੇ ਬਾਲ਼ਣ ਦਾ ਦਾਅਵਾ ਕਰ ਕੇ, ਉਲਟੀ ਗੰਗ ਵਹਾਈ ਜਾ ਰਹੀ ਹੈ।

ਗੁਰ ਉਪਦੇਸ਼ ਕੀ ਹੈ ?  ਗੁਰਬਾਣੀ ਮਨੁੱਖ ਨੂੰ ਬਾਹਰੀ ਦੀਵੇ ਜਗਾਉਣ ਦੀ ਬਜਾਇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਜੀਵਨ ’ਚ ਗਿਆਨ ਦਾ ਦੀਵਾ ਜਗਾਉਣ ਦੀ ਪ੍ਰੇਰਣਾ ਕਰਦੀ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਸਤਿਗੁਰ ਸਬਦਿ, ਉਜਾਰੋ ਦੀਪਾ॥ ਬਿਨਸਿਓ ਅੰਧਕਾਰ ਤਿਹ ਮੰਦਰਿ; ਰਤਨ ਕੋਠੜੀ ਖੁਲ੍ੀ ਅਨੂਪਾ॥’’ (ਬਿਲਾਵਲ/ਮ : ੫/੮੨੧) ਇਸ ਗੁਰੂ ਸ਼ਬਦ ਨਾਲ਼ ਜੁੜਨ ਸਦਕਾ ਹੀ ਸੰਭਵ ਹੁੰਦਾ ਹੈ ਕਿ ਮਨ ਬਾਹਰੀ ਭਰਮ ਭੁਲੇਖਿਆਂ ’ਚੋਂ ਨਿਕਲ਼ ਕੇ, ਕੇਵਲ ਪ੍ਰਭੂ ਦੇ ਨਾਮ ਨੂੰ (ਨਾਮੈ ਹੀ ਤੇ ਸਭੁ ਕਿਛੁ ਹੋਆ॥) ਆਪਣੇ ਜੀਵਨ ਦਾ ਆਧਾਰ ਮੰਨਦਾ ਹੈ; ਤਾਂ ਹੀ ਭਗਤ ਰਵਿਦਾਸ ਜੀ ਫ਼ੁਰਮਾਉਂਦੇ ਹਨ : ‘‘ਨਾਮੁ ਤੇਰਾ ਦੀਵਾ, ਨਾਮੁ ਤੇਰੋ ਬਾਤੀ; ਨਾਮੁ ਤੇਰੋ ਤੇਲੁ; ਲੇ ਮਾਹਿ ਪਸਾਰੇ॥ ਨਾਮ ਤੇਰੇ ਕੀ ਜੋਤਿ ਲਗਾਈ; ਭਇਓ ਉਜਿਆਰੋ, ਭਵਨ ਸਗਲਾਰੇ॥’’ (ਭਗਤ ਰਵਿਦਾਸ ਜੀ/੬੯੪)

ਸੋ, ਅਸੀਂ ਸਰੀਰ ਅਤੇ ਮਨ ਨੂੰ ਵਿਕਾਰਾਂ ਤੋਂ ਬਚਾ ਕੇ ਆਪਣੀ ਅੰਦਰਲੀ ਰੱਬੀ ਜੋਤਿ ਨੂੰ ਸੰਭਾਲ਼ ਕੇ ਰੱਖਣਾ ਹੈ, ਇੰਞ ਕੀਤਿਆਂ ਸਾਡੇ ਅੰਦਰ ਗਿਆਨ ਦਾ ਦੀਵਾ ਲਗਾਤਾਰ ਬਲ਼ਿਆ ਰਹੇਗਾ : ‘‘ਅੰਤਰਿ ਭਾਹਿ, ਤਿਸੈ ਤੂ ਰਖੁ॥ ਅਹਿਨਿਸਿ, ਦੀਵਾ ਬਲੈ ਅਥਕੁ॥ ਐਸਾ ਦੀਵਾ, ਨੀਰਿ ਤਰਾਇ॥ ਜਿਤੁ ਦੀਵੈ, ਸਭ ਸੋਝੀ ਪਾਇ॥’’ (ਰਾਮਕਲੀ/ਮ : ੧/੮੭੮)

—–ਚਲਦਾ—–

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪਹਿਲਾਂ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਦੂਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਚੌਥਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪੰਜਵਾਂ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਦੂਜਾ)

0

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਦੂਜਾ)

ਗੁਰਪ੍ਰੀਤ ਸਿੰਘ (USA)

(9). ਸੰਗਰਾਂਦ/ਮੱਸਿਆ/ਪੂਰਨਮਾਸ਼ੀ :  ਸਿੱਖ ਸੂਰਜ ਦੀ ਨਹੀਂ ਬਲਕਿ ਇੱਕ ਅਕਾਲ ਪੁਰਖ ਦੀ ਆਰਾਧਨਾ ਕਰਦੇ ਹਨ ਫਿਰ ਸਾਨੂੰ ਕੀ ਲੋੜ ਹੈ ਕਿ ਅਸੀਂ ਆਪਣੇ ਗੁਰੂ ਘਰਾਂ ’ਚ ਸੰਗਰਾਂਦ (ਸੰਕ੍ਰਾਂਤ) ਜਾਂ ਪੂਰਨਮਾਸ਼ੀ ਆਦਿ ਮਨਾਈਏ ? ਪੰਚਮ ਪਿਤਾ ਦੇ ਪਾਵਨ ਬਚਨ ਹਨ :  ‘‘ਪੂਰਨਮਾ, ਪੂਰਨ ਪ੍ਰਭ ਏਕੁ; ਕਰਣ ਕਾਰਣ ਸਮਰਥੁ ॥ ਜੀਅ ਜੰਤ ਦਇਆਲ ਪੁਰਖੁ; ਸਭ ਊਪਰਿ ਜਾ ਕਾ ਹਥੁ ॥’’ (ਗਉੜੀ ਥਿਤੀ/ਮ : ੫/੩੦੦) ਸਿਰਫ਼ ਪ੍ਰਮਾਤਮਾ ਹੀ ਸਾਰੇ ਗੁਣਾਂ ਨਾਲ਼ ਭਰਪੂਰ ਹੈ ਭਾਵ ਕਿ ਪੂਰਨ ਹੈ ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ। ਸਭ ਜੀਵਾਂ ’ਤੇ ਉਸ ਦਇਆਵਾਨ ਪ੍ਰਭੂ ਦਾ ਹੀ ਹੱਥ ਹੈ। ਸੋ, ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਸਿੱਖ ਨੂੰ ਕਿਸ ਦੀ ਅਰਾਧਨਾ ਕਰਨੀ ਚਾਹੀਦੀ ਹੈ ! ਮੁੱਕਦੀ ਗੱਲ ਕਿ ਜਿਨ੍ਹਾਂ ਉੱਤੇ ਪ੍ਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ, ਉਨ੍ਹਾਂ ਨੂੰ ਸੰਗਰਾਂਦ ਆਦਿ ਦੀ ਫ਼ਰਜ਼ੀ ਪਵਿੱਤਰਤਾ ਦਾ ਭਰਮ ਨਹੀਂ ਪੈਦਾ ਹੋਣਾ ਚਾਹੀਦਾ ਤੇ ਉਨ੍ਹਾਂ ਵਾਸਤੇ ਸਾਰੇ ਦਿਹਾੜੇ ਹੀ ਸ਼ੁੱਭ ਹਨ; ਜਿਵੇਂ ਕਿ ਗੁਰ ਵਾਕ ਹਨ : ‘‘ਮਾਹ, ਦਿਵਸ , ਮੂਰਤ ਭਲੇ; ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ, ਦਰਸ ਦਾਨੁ; ਕਿਰਪਾ ਕਰਹੁ ਹਰੇ !॥’’ (ਮਾਝ ਬਾਰਹਮਾਹਾ/ਮ : ੫/੧੩੬)

ਇੰਞ ਹੀ ਕੰਜਕਾਂ ਬਿਠਾਉਣਾ, ਨਵਰਾਤੇ (ਨਰਾਤੇ), ਲੋੜ੍ਹੀ ਆਦਿ ਦਾ ਸਿੱਖੀ ਨਾਲ਼ ਦੂਰ ਦਾ ਵੀ ਰਿਸ਼ਤਾ ਨਹੀਂ ਹੈ। ਗੁਰੂ ਜੀ ਦਾ ਉਪਦੇਸ਼ ਹੈ ਕਿ ‘ਸੁਖੀ ਜੀਵਨ ਵਾਲੇ ਸਿਰਫ਼ ਉਹੀ ਹਨ, ਜਿਹੜੇ ਇੱਕ ਪ੍ਰਮਾਤਮਾ ਦੀ ਉਸਤਤ ਕਰਦੇ ਹਨ। ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ’ਚ ਪਿਆਰ ਪਾਉਣਾ ਜਾਂ ਆਸਥਾ ਰੱਖਣ ਨਾਲ਼ ਭਾਵ ਦੁਬਿਧਾ ’ਚ ਪੈਣ ਕਾਰਨ; ਕੀਮਤੀ ਜੀਵਨ ਬਰਬਾਦ ਹੋ ਜਾਂਦੇ ਹਨ : ‘‘ਦੂਜੈ ਭਾਇ, ਬਹੁਤੁ ਘਰ ਗਾਲੇ ॥ ਰਾਮ ਭਗਤ ਹੈ, ਸਦਾ ਸੁਖਾਲੇ ॥’’ (ਮ : ੫/੧੧੬੦)

(10). ਸੰਪਰਦਾਵਾਂ/ਧੜੇਬੰਦੀ : ਮਨੁੱਖ ਸੰਸਾਰ ’ਚ ਮਾਇਆ ਅਤੇ ਆਪਣੀ ਗ਼ਰਜ਼ ਖ਼ਾਤਰ ਅਨੇਕਾਂ ਸਾਥ ਗੰਢਦਾ ਹੈ; ਜਿਵੇਂ ਕਿ ਗੁਰ ਵਾਕ ਹਨ :  ‘‘ਕਿਸ ਹੀ ਧੜਾ ਕੀਆ; ਮਿਤ੍ਰ ਸੁਤ ਨਾਲਿ ਭਾਈ ॥ ਕਿਸ ਹੀ ਧੜਾ ਕੀਆ, ਕੁੜਮ ਸਕੇ ਨਾਲਿ ਜਵਾਈ ॥ ਕਿਸ ਹੀ ਧੜਾ ਕੀਆ, ਸਿਕਦਾਰ ਚਉਧਰੀ ਨਾਲਿ; ਆਪਣੈ ਸੁਆਈ ॥’’ (ਆਸਾ/ਮ : ੪/੩੬੬) ਇੱਥੋ ਤੱਕ ਕਿ ਤਵਾਰੀਖ ’ਚ ਆਪਣਾ ਥਾਂ ਬਣਾਉਣ ਲਈ ਗੁਰਮਤਿ ਵਿਰੋਧੀ ਸੰਪਰਦਾਵਾਂ/ਜਥੇਬੰਦੀਆਂ ਨਾਲ਼ ਵੀ ਗੰਢ ਤੁੱਪ ਕਰ ਲਈ ਜਾਂਦੀ ਹੈ। ਸੰਪਰਦਾਈ ਜਾਂ ਡੇਰੇਦਾਰ ਸਿੱਖ ਭਾਵ ਕਿ ਧੜੇ ਬਣਾਉਣ ਵਾਲੇ ਮੂਰਖ ਲੋਕ ਮਾਇਆ ਦੀ ਖ਼ਾਤਰ ਹੀ ਆਪਸ ’ਚ ਲੜਦੇ ਰਹਿੰਦੇ ਹਨ। ਅਨੇਕਾਂ ਧੜਿਆਂ ’ਚ ਵੰਡ ਹੋ ਕੇ ਆਪਣੀ ਸ਼ਕਤੀ ਨੂੰ ਖੇਰੂੰ-ਖੇਰੂੰ ਕਰਨ ਦੀ ਬਜਾਇ ਸਾਨੂੰ ਚਾਹੀਦਾ ਹੈ ਕਿ ਕੇਵਲ ‘ਸਬਦੁ ਗੁਰੂ’ ਨਾਲ਼ ਜੁੜ ਕੇ, ਇੱਕ ਅਕਾਲ ਪੁਰਖ ਦੀ ਅਰਾਧਨਾ ਕਰੀਏ। ਗੁਰੂ ਜੀ ਵੀ ਸਿੱਖ ਨੂੰ ਇਹੀ ਉਪਦੇਸ਼ ਦੇ ਰਹੇ ਹਨ : ‘‘ਹਮ ਹਰਿ ਸਿਉ ਧੜਾ ਕੀਆ; ਮੇਰੀ ਹਰਿ ਟੇਕ ॥ ਮੈ ਹਰਿ ਬਿਨੁ, ਪਖੁ ਧੜਾ ਅਵਰੁ ਨ ਕੋਈ; ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥’’ (ਆਸਾ/ਮ : ੪/੩੬੬)

(11). ਸਵਰਗ ਨਰਕ :  ਗੁਰਮਤਿ ਕਿਸੇ ਕਾਲਪਨਿਕ ਸਵਰਗ ਜਾਂ ਨਰਕ ਦੀ ਵਕਾਲਤ ਕਰਨ ਦੀ ਬਜਾਇ ਇਸ ਨੂੰ ਮੁੱਢੋਂ ਹੀ ਰੱਦ ਕਰਦੀ ਹੈ : ‘‘ਕਵਨੁ ਨਰਕੁ ? ਕਿਆ ਸੁਰਗੁ ਬਿਚਾਰਾ ? ਸੰਤਨ ਦੋਊ ਰਾਦੇ ॥ ਹਮ ਕਾਹੂ ਕੀ ਕਾਣਿ ਨ ਕਢਤੇ; ਅਪਨੇ ਗੁਰ ਪਰਸਾਦੇ ॥’’ (ਭਗਤ ਕਬੀਰ ਜੀ/੯੬੯) ਗੁਰਮਤਿ ਦਾ ਸਵਰਗ ਕਿਸੇ ਸੱਤਵੇਂ ਅਸਮਾਨ ’ਤੇ ਸਥਿਤ ਨਹੀਂ ਹੈ ਬਲਕਿ ਮਨੁੱਖ ਦੁਆਰਾ ਪ੍ਰਚਲਿਤ ਸਵਰਗ/ਨਰਕ ਦੇ ਖ਼ਿਆਲ ਨੂੰ ਵਰਤਦਿਆਂ ਦੁੱਖ ਦੀ ਤੁਲਨਾ ਨਰਕ ਨਾਲ਼ ਅਤੇ ਸੁੱਖ ਦੀ ਸਵਰਗ ਨਾਲ਼ ਕੀਤੀ ਗਈ ਹੈ। ਧਿਆਨ ਰਹੇ ਕਿ ਇੱਥੇ ਕਿਸੇ ਸਰੀਰਕ ਦੁੱਖ ਜਾਂ ਸੰਸਾਰੀ ਸੁੱਖ ਦੀ ਗੱਲ ਨਹੀਂ ਹੋ ਰਹੀ ਬਲਕਿ ਪ੍ਰਭੂ ਦੀ ਯਾਦ ਤੋਂ ਬਿਨਾਂ ਜਨਮ ਮਰਨ ਦੇ ਗੇੜ ਭਾਵ ਗਰਭ ਜੂਨ ’ਚ ਪੈਣਾ ਨਰਕ ਹੈ ਤੇ ਰੱਬ ਦੀ ਯਾਦ ਨੂੰ ਹਿਰਦੇ ’ਚ ਸਾਂਭ ਕੇ ਰੱਖਣਾ ਹੀ ਸਦੀਵੀ ਖ਼ੁਸ਼ੀ ਭਾਵ ਸਵਰਗ ਨਿਆਈਂ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਬਿਨੁ ਸਿਮਰਨ, ਆਵਹਿ ਫੁਨਿ ਜਾਵਹਿ; ਗ੍ਰਭ ਜੋਨੀ ਨਰਕ ਮਝਾਰਾ ਹੇ ॥’’ (ਮਾਰੂ ਸੋਲਹੇ/ਮ : ੧/੧੦੩੧)

ਵੈਸੇ ਵੀ ਗੁਰ ਉਪਦੇਸ਼ ਹੈ ਕਿ ਸਾਰੀ ਹੀ ਸ੍ਰਿਸ਼ਟੀ ਮਾਇਆ ਦੇ ਮੋਹ ’ਚ ਫਸੀ ਹੋਈ ਹੈ। ਜਿੰਦ ਨੂੰ ਮਾਇਆ ਦੇ ਪ੍ਰਭਾਵ ਤੋਂ ਬਚਾਉਣ ਵਾਲਾ ਸਿਰਫ਼ ਪ੍ਰਮਾਤਮਾ ਦਾ ਨਾਮ ਹੀ ਹੈ : ‘‘ਸੁਰਗ, ਮਿਰਤ, ਪਇਆਲ, ਭੂ ਮੰਡਲ, ਸਗਲ ਬਿਆਪੇ ਮਾਇ ॥ ਜੀਅ ਉਧਾਰਨ, ਸਭ ਕੁਲ ਤਾਰਨ; ਹਰਿ ਹਰਿ ਨਾਮੁ ਧਿਆਇ ॥’’ (ਧਨਾਸਰੀ/ਮ : ੫/੬੭੬)

ਇਸੇ ਲਈ ਭਗਤ ਕਬੀਰ ਜੀ ਸਵਰਗ/ਨਰਕ ਦੇ ਸੰਕਲਪ ਨੂੰ ਰੱਦ ਕਰਦਿਆਂ ਨਸੀਹਤ ਕਰਦੇ ਹਨ ਕਿ ਗੁਰਸਿੱਖ ਨੂੰ ਮਰਨ ਪਿੱਛੋਂ, ਨਾ ਤਾਂ ਕਿਸੇ ਨਰਕ ਦਾ ਡਰ ਹੋਣਾ ਚਾਹੀਦਾ ਹੈ ਤੇ ਨਾ ਹੀ ਇਹ ਤਾਂਘ ਰੱਖਣੀ ਚਾਹੀਦੀ ਹੈ ਕਿ ਮੈਨੂੰ ਕਿਸੇ ਸਵਰਗ ’ਚ ਵਸੇਬਾ ਮਿਲੇ : ‘‘ਸੁਰਗ ਬਾਸੁ ਨ ਬਾਛੀਐ; ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ; ਮਨਹਿ ਨ ਕੀਜੈ ਆਸ ॥’’ (ਗਉੜੀ ਪੂਰਬੀ/ਭਗਤ ਕਬੀਰ/੩੩੭)

(12). ਸੁੱਚ ਸੰਜਮ : ਸਿੱਖ ਧਰਮ ’ਚ ਅੱਜ ਅਖੌਤੀ ਸੁੱਚ (ਸ਼ੁੱਧਤਾ, ਪਵਿੱਤਰਤਾ) ਨੂੰ ਕਾਫ਼ੀ ਹਵਾ ਮਿਲ ਰਹੀ ਹੈ, ਜਿਸ ਦਾ ਮੁੱਖ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਟੁੱਟੇ ਹੋਏ ਸੰਪਰਦਾਈ ਸੱਜਣਾਂ (ਨਾਨਕਸਰੀਏ, ਨਾਮਧਾਰੀਏ ਆਦਿ) ਵੱਲੋਂ ਦੁਰਮਤ ਦਾ ਪ੍ਰਚਾਰ ਕਰਨਾ ਹੈ। ਕਿਧਰੇ ਅਤਿ ਸੁੱਚਮ ਨਾਲ਼ ਸੁਖਮਨੀ, ਸੰਪਟ ਜਾਂ ਅਖੰਡ ਪਾਠ ਆਦਿ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਤੇ ਕੋਈ ਅੱਗ ਦੁਆਲੇ ਹਵਨ ਕਰ ਕੇ ਹੀ ਆਤਮਾ ਨੂੰ ਸ਼ੁੱਧ ਕਰੀ ਜਾ ਰਿਹਾ ਹੈ ਜਦੋਂ ਕਿ ਗੁਰੂ ਸਾਹਿਬ ਜੀ ਦੇ ਸਰੀਰਕ ਪਵਿੱਤਰਤਾ ਆਦਿ ਬਾਰੇ ਇਹ ਫ਼ੁਰਮਾਨ ਹਨ : ‘‘ਜਾਪ, ਤਾਪ, ਨੇਮ, ਸੁਚਿ, ਸੰਜਮ; ਨਾਹੀ, ਇਨ ਬਿਧੇ ਛੁਟਕਾਰ ॥ (ਕਾਨੜਾ/ਮ : ੫/੧੩੦੧), ਵਰਤ, ਨੇਮੁ, ਸੁਚ, ਸੰਜਮੁ, ਪੂਜਾ; ਪਾਖੰਡਿ, ਭਰਮੁ ਨ ਜਾਇ ॥ ਅੰਤਰਹੁ ਕੁਸੁਧੁ, ਮਾਇਆ ਮੋਹਿ ਬੇਧੇ; ਜਿਉ ਹਸਤੀ ਛਾਰੁ ਉਡਾਏ ॥’’ (ਸਲੋਕ ਵਾਰਾਂ ਤੇ ਵਧੀਕ/ਮ : ੪/੧੪੨੩) ਸੰਖੇਪ ’ਚ ਭਾਵ ਹੈ ਕਿ ਸੁੱਚ ਸੰਜਮ ਆਦਿ ਕੇਵਲ ਪਾਖੰਡ ਹੀ ਹਨ ਤੇ ਅਜਿਹੇ ਵਿਖਾਵਿਆਂ ਨਾਲ਼ ਮਨ ਦੀ ਭਟਕਣਾ ਦੂਰ ਨਹੀਂ ਹੋ ਸਕਦੀ।  ਮਨੁੱਖ ਨੂੰ ਅਜਿਹੀ ਦੁਬਿਧਾ ’ਚੋਂ ਕੱਢਣ ਲਈ ਗੁਰੂ ਜੀ ਹੇਠਲੇ ਕੁਝ ਹੋਰ ਵਾਕਾਂ ਰਾਹੀਂ ਸੱਚੀ ਜੀਵਨ ਜਾਚ ਦਰਸਾਉਂਦੇ ਹਨ : ‘‘ਹੁਕਮੁ ਵਰਤੁ, ਨੇਮੁ, ਸੁਚ, ਸੰਜਮੁ; ਮਨ ਚਿੰਦਿਆ ਫਲੁ ਪਾਏ ॥ ਸਦਾ ਸੁਹਾਗਣਿ, ਜਿ ਹੁਕਮੈ ਬੁਝੈ; ਸਤਿਗੁਰੁ ਸੇਵੈ, ਲਿਵ ਲਾਏ ॥ (ਸਲੋਕ ਵਾਰਾਂ ਤੇ ਵਧੀਕ/ਮ : ੪/੧੪੨੩), ਸਗਲੇ ਕਰਮ ਧਰਮ ਸੁਚਿ ਸੰਜਮ; ਜਪ ਤਪ ਤੀਰਥ, ਸਬਦਿ ਵਸੇ ॥ ਨਾਨਕ !  ਸਤਿਗੁਰ ਮਿਲੈ ਮਿਲਾਇਆ; ਦੂਖ ਪਰਾਛਤ ਕਾਲ ਨਸੇ ॥’’ (ਪ੍ਰਭਾਤੀ/ਮ : ੧/੧੩੩੨)

ਗੁਰੂ ਦੇ ਸਨਮੁਖ ਰਹਿਣ ਵਾਲੇ ਲਈ ਰੱਬ ਦਾ ਹੁਕਮ ਮੰਨਣਾ ਹੀ ਸਭ ਕੁਝ ਹੈ। ਇਹ ਬਾਹਰਲੀ ਸੁੱਚ, ਜਪ ਤਪ ਆਦਿ ਸਾਰੇ ਹੀ ਗੁਰੂ ਦੇ ਸ਼ਬਦ ’ਚ ਵਸਦੇ ਹਨ। ਅਸਲ ਭਾਵ ਹੈ ਕਿ ਰੱਬ ਦੇ ਗੁਣ ਗਾਉਣ ਵਾਲੇ ਨੂੰ ਇਨ੍ਹਾਂ ਕਰਮਾਂ ਧਰਮਾਂ ਦੀ ਲੋੜ ਹੀ ਨਹੀਂ ਪੈਂਦੀ, ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਇਸ ਲਈ ਸਾਨੂੰ ਸਤਿਗੁਰੂ ਜੀ ਦੇ ਇਹ ਬਚਨ ਹਿਰਦੇ ’ਚ ਵਸਾ ਲੈਣੇ ਚਾਹੀਦੇ ਹਨ : ‘‘ਸੂਚੇ ਏਹਿ ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ! ਜਿਨ ਮਨਿ ਵਸਿਆ ਸੋਇ॥’’ (ਆਸਾ ਕੀ ਵਾਰ/ਮ : ੧/੪੭੨)

(13). ਸੂਤਕ ਪਾਤਕ : ਸੂਤਕ ਦਾ ਅਰਥ ਹੈ ‘ਅਪਵਿੱਤਰਤਾ’ ਭਾਵ ਕਿ ਸੂਤ (ਪ੍ਰਸੂਤ) ਸਮੇਂ ਦੀ ਅਸ਼ੁੱਧੀ, ਪਰ ਸੂਤਕ ਦੇ ਵਹਿਮ ਭਰਮ ਨੂੰ ਗੁਰਮਤਿ ਮੁੱਢੋਂ ਹੀ ਰੱਦ ਕਰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ’ਚ ਇਸ ਵਿਸ਼ੇ ਨੂੰ ਬੜੇ ਵਿਸਥਾਰ ਨਾਲ਼ ਛੋਹ ਕੇ ਫ਼ੁਰਮਾਇਆ : ‘‘ਸਭੋ ਸੂਤਕੁ ਭਰਮੁ ਹੈ; ਦੂਜੈ ਲਗੈ ਜਾਇ ॥ ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ॥’’ (ਮ : ੧/੪੭੨) ਪਰ ਗੁਰੂ ਜੀ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਕਿ ਪਾਂਡਿਆਂ ਵੱਲੋਂ ਪਾਇਆ ਸੂਤਕ ਪਾਤਕ ਦਾ ਭਰਮ (ਡਰ) ਬਹੁਤਾਤ ਲੋਕਾਂ ਦੇ ਕਮਜ਼ੋਰ ਮਨਾਂ ’ਚ ਬੜਾ ਡੂੰਘਾ ਉਤਰ ਚੁੱਕਾ ਹੈ, ਇਸ ਲਈ ਗੁਰੂ ਜੀ ਨੇ ਸਮਝਾਇਆ ਕਿ ਆਤਮਕ ਗਿਆਨ ਭਾਵ ਕਿ ਰੱਬ ਦੇ ਨਾਮ ਦੀ ਸੋਝੀ ਨਾਲ਼ ਹੀ ਸੂਤਕ ਭਰਮ ਨੂੰ ਮਨ ਤੋਂ ਉਤਾਰਿਆ ਜਾ ਸਕਦਾ ਹੈ : ‘‘ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ॥ ਸੂਤਕੁ ਕਿਉ ਕਰਿ ਰਖੀਐ ? ਸੂਤਕੁ ਪਵੈ ਰਸੋਇ॥ ਨਾਨਕ !  ਸੂਤਕੁ ਏਵ ਨ ਉਤਰੈ; ਗਿਆਨੁ ਉਤਾਰੇ ਧੋਇ॥’’ (ਆਸਾ ਕੀ ਵਾਰ/ਮ : ੧/੪੭੨) ਭਗਤ ਕਬੀਰ ਜੀ ਵੀ ਪੰਡੀਏ (ਪੰਡਿਤ) ਨੂੰ ਮੁਖ਼ਾਤਬ ਹੁੰਦਿਆਂ (ਆਮ ਮਨੁੱਖ ਨੂੰ) ਸੂਤਕ ਬਾਰੇ ਗੁਰਮਤਿ ਸਮਝਾਉਂਦੇ ਹਨ ਕਿ ਜੇ ਜੀਵਾਂ ਦੇ ਜੰਮਣ ਮਰਨ ਨਾਲ਼ ਘਰ ਭਿੱਟੇ ਜਾਣ ਤਾਂ ਸੰਸਾਰ ’ਚ ਕੋਈ ਵੀ ਥਾਂ ਸੁੱਚੀ ਨਹੀਂ ਰਹਿ ਸਕਦੀ ਕਿਉਂਕਿ ਜਨਮ ਮਰਨ ਦਾ ਦਸਤੂਰ ਤਾਂ ਸਾਰੇ ਜਗਤ ’ਚ ਹੀ ਲਗਾਤਾਰ ਜਾਰੀ ਹੈ। ਜਿਹੜੇ ਰੱਬ ਦੇ ਪਿਆਰੇ, ਇਸ ਰੱਬੀ ਨਿਯਮ ਨੂੰ ਸਮਝ ਕੇ ਆਪਣੇ ਹਿਰਦੇ ’ਚ ਸਿਰਜਣਹਾਰ ਨੂੰ ਸਿਮਰਦੇ ਹਨ; ਉਨ੍ਹਾਂ ਨੂੰ ਸੂਤਕ ਦੀ ਅਖੌਤੀ ਭਿੱਟ ਨਹੀਂ ਲੱਗ ਸਕਦੀ : ‘‘ਜਲਿ ਹੈ ਸੂਤਕੁ, ਥਲਿ ਹੈ ਸੂਤਕੁ; ਸੂਤਕ ਓਪਤਿ ਹੋਈ ॥ ਜਨਮੇ ਸੂਤਕੁ, ਮੂਏ ਫੁਨਿ ਸੂਤਕੁ; ਸੂਤਕ ਪਰਜ ਬਿਗੋਈ ॥… ਨੈਨਹੁ ਸੂਤਕੁ, ਬੈਨਹੁ ਸੂਤਕੁ; ਸੂਤਕੁ ਸ੍ਰਵਨੀ ਹੋਈ ॥ ਊਠਤ ਬੈਠਤ ਸੂਤਕੁ ਲਾਗੈ; ਸੂਤਕੁ ਪਰੈ ਰਸੋਈ॥ ਫਾਸਨ ਕੀ ਬਿਧਿ, ਸਭੁ ਕੋਊ ਜਾਨੈ; ਛੂਟਨ ਕੀ ਇਕੁ ਕੋਈ॥ ਕਹਿ ਕਬੀਰ, ਰਾਮੁ ਰਿਦੈ ਬਿਚਾਰੈ; ਸੂਤਕੁ ਤਿਨੈ ਨ ਹੋਈ ॥’’ (ਗਉੜੀ/ਭਗਤ ਕਬੀਰ ਜੀ/੩੩੧)

(14). ਹਉਮੈ (ਅਹੰਕਾਰ) : ਆਸਾ ਕੀ ਵਾਰ ’ਚ ਗੁਰੂ ਸਾਹਿਬਾਨ ਨੇ ਹਉਮੈ ਸੰਬੰਧੀ ਕਮਾਲ ਦਾ ਵੇਰਵਾ ਦਿੱਤਾ ਹੈ ਕਿ ਮਨੁੱਖ ਕਿਵੇਂ (ਰੱਬ ਨਾਲ਼ੋਂ ਵਿਛੋੜੇ ਨੂੰ) ਆਪਣੀ ਵੱਖਰੀ ਹਸਤੀ ਮੰਨ ਕੇ, ਹਉਮੈਂ (ਮੈ-ਮੇਰੀ ਦੇ ਅਹਿਸਾਸ) ਅਧੀਨ ਇਸ ਸੰਸਾਰ ’ਚ ਆਉਂਦਾ ਹੈ ਤੇ ਇਸੇ ਵੱਖਰੀ ਹੋਂਦ ਦੇ ਭਰਮ ’ਚ ਹੀ, ਅਨੇਕਾਂ ਮੰਦੇ ਚੰਗੇ ਕੰਮ ਕਰ ਕੇ ਇਸ ਜਗ ਤੋਂ ਤੁਰ ਜਾਂਦਾ ਹੈ : ‘‘ਹਉ ਵਿਚਿ ਆਇਆ, ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ, ਹਉ ਵਿਚਿ ਮੁਆ ॥ ਹਉ ਵਿਚਿ ਦਿਤਾ, ਹਉ ਵਿਚਿ ਲਇਆ ॥ ਹਉ ਵਿਚਿ ਖਟਿਆ, ਹਉ ਵਿਚਿ ਗਇਆ ॥ ਹਉ ਵਿਚਿ; ਸਚਿਆਰੁ, ਕੂੜਿਆਰੁ ॥ ਹਉ ਵਿਚਿ, ਪਾਪ ਪੁੰਨ ਵੀਚਾਰੁ ॥’’ (ਮ : ੧/੪੬੬) ਹਉਮੈਂ ਦੀ ਇਹੀ ਖ਼ਸਲਤ (ਸੁਭਾਅ) ਹੈ ਤੇ ਇਸ ਵੱਖਰੀ ਹੋਂਦ ਦੇ ਫੰਧੇ (ਬੰਧਨ) ਕਾਰਨ ਹੀ ਜੀਵ ਮੁੜ-ਮੁੜ ਕੇ ਜੂਨਾਂ ’ਚ ਪੈਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਹਉਮੈ ਏਹਾ ਜਾਤਿ ਹੈ; ਹਉਮੈ ਕਰਮ ਕਮਾਹਿ॥ ਹਉਮੈ ਏਈ ਬੰਧਨਾ; ਫਿਰਿ ਫਿਰਿ ਜੋਨੀ ਪਾਹਿ ॥’’ (ਮ : ੨/੪੬੬) ਅਗਲੀ ਹੀ ਪੰਕਤੀ ’ਚ ਪ੍ਰਸ਼ਨ ਕਰਦੇ ਹਨ ਕਿ ਤਾਂ ਫਿਰ ਹੰਕਾਰ (ਗ਼ਰੂਰ) ਭਾਵ ਕਿ ਮੈਂ-ਮੇਰਾ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਜੁਗਤੀ (ਤਰੀਕੇ) ਨਾਲ਼ ਇਹ ਦੂਰ ਹੋ ਸਕਦਾ ਹੈ ? (ਹਉਮੈ ਕਿਥਹੁ ਊਪਜੈ ? ਕਿਤੁ ਸੰਜਮਿ ਇਹ ਜਾਇ  ?॥) ਇਸ ਦੇ ਉੱਤਰ ਦੀ ਦਾਤ ਬਖ਼ਸ਼ਦੇ ਹੋਏੇ ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਹਉਮੈ ਏਹੋ ਹੁਕਮੁ ਹੈ; ਪਇਐ ਕਿਰਤਿ ਫਿਰਾਹਿ ॥ ਹਉਮੈ ਦੀਰਘ ਰੋਗੁ ਹੈ; ਦਾਰੂ ਭੀ, ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ; ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕੁ ਕਹੈ, ਸੁਣਹੁ ਜਨਹੁ ! ਇਤੁ ਸੰਜਮਿ ਦੁਖ ਜਾਹਿ ॥’’ (ਮ : ੨/੪੬੬) ਯਕੀਨਨ ! ਹਉਮੈ ਇੱਕ ਡਾਢਾ ਪੁਰਾਣਾ ਰੋਗ ਹੈ, ਜਿਸ ਵਿੱਚ ਮਨੁੱਖ ਨੂੰ ਦਹਿਲ (ਡਰ) ਵਿਆਪਦਾ ਹੈ। ਮਨ ਅੰਦਰ ਅਸ਼ਾਂਤੀ ਬਣੀ ਰਹਿੰਦੀ ਹੈ ਤੇ ਸਾਰਾ ਜੀਵਨ ਘਬਰਾਹਟ ’ਚ ਹੀ ਗੁਜ਼ਰਦਾ ਹੈ। (ਕਰੈ ਗੁਮਾਨੁ, ਚੁਭਹਿ ਤਿਸੁ ਸੂਲਾ; ਕੋ ਕਾਢਨ ਕਉ ਨਾਹੀ ॥ ਅਜੈ ਸੁ ਚੋਭ ਕਉ ਬਿਲਲ ਬਿਲਾਤੇ; ਨਰਕੇ ਘੋਰ ਪਚਾਹੀ॥ ਰਾਮਕਲੀ/ਭਗਤ ਕਬੀਰ ਜੀ/੯੬੯) ਪਰ ਇਹ ਰੋਗ ਲਾਇਲਾਜ ਵੀ ਨਹੀਂ ਹੈ; ਜਿਨ੍ਹਾਂ ਦੇ ਹਿਰਦੇ ’ਚ ਰੱਬੀ ਬਖ਼ਸ਼ਸ਼ ਸਦਕਾ ਸਤਿਗੁਰੂ ਦੇ ਸ਼ਬਦ ਦੀ ਕਮਾਈ ਦਾ ਲੇਖ ਲਿਖਿਆ ਹੁੰਦਾ ਹੈ, ਉਹ ਸਤਿਗੁਰੂ ਦੀ ਮਿਹਰ ਨਾਲ਼ ਹਉਮੈ ਦੇ ਰੋਗ ਤੋਂ ਬਚ ਜਾਂਦੇ ਹਨ; ਜਿਵੇਂ ਕਿ ਗੁਰ ਵਾਕ ਹਨ : ‘‘ਹੰਉਮੈ ਅੰਦਰਿ ਖੜਕੁ ਹੈ; ਖੜਕੇ ਖੜਕਿ ਵਿਹਾਇ ॥ ਹੰਉਮੈ ਵਡਾ ਰੋਗੁ ਹੈ; ਮਰਿ ਜੰਮੈ ਆਵੈ ਜਾਇ ॥ ਜਿਨ ਕਉ ਪੂਰਬਿ ਲਿਖਿਆ; ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥ ਨਾਨਕ ! ਗੁਰ ਪਰਸਾਦੀ ਉਬਰੇ; ਹਉਮੈ ਸਬਦਿ ਜਲਾਇ॥’’ (ਮ : ੩/੫੯੨)

ਇਸ ਸੰਸਾਰ ’ਚ ਜਿਹੜੀਆਂ ਚੀਜ਼ਾਂ ਕਾਰਨ ਅਸੀਂ ਹੰਕਾਰੀ ਬਿਰਤੀ ਪਾਲ਼ਦੇ ਹਾਂ, ਉਨ੍ਹਾਂ ’ਚ ਮੁੱਖ ਤੌਰ ਤੇ ਪਰਵਾਰ, ਜਵਾਨੀ (ਸੁੰਦਰਤਾ), ਧਨ, ਘਰ, ਦੇਹੀ ਅਤੇ ਅਕਲ ਜਾਂ ਗੁਣ ਸ਼ਾਮਲ ਹੁੰਦੇ ਹਨ, ਪਰ ਗੁਰਮਤਿ ਇਨ੍ਹਾਂ ਸਭ ਤੋਂ ਹੀ ਭਰਮ ਦਾ ਪਰਦਾ ਚੁੱਕਦੀ ਹੋਈ ਸਾਨੂੰ ਨਿਮਾਣੇ ਹੋਣ ਦਾ ਉਪਦੇਸ਼ ਕਰਦੀ ਹੈ। ਆਓ ! ਕੁਝ ਗੁਰ ਵਾਕਾਂ ’ਤੇ ਗ਼ੌਰ ਕਰੀਏ ਤਾਂ ਕਿ ਅਸੀਂ ਨਿਮਾਣੇ ਹੋਣ ਦੀ ਜਾਚ ਸਿੱਖ ਸਕੀਏ : ‘‘ਮਨੁ ਰਤਾ ਕੁਟੰਬ ਸਿਉ; ਨਿਤ ਗਰਬਿ ਫਿਰਾਮੀ॥ ਫਿਰਹਿ ਗੁਮਾਨੀ ਜਗ ਮਹਿ; ਕਿਆ ਗਰਬਹਿ ਦਾਮੀ ?॥ ਚਲਦਿਆ ਨਾਲਿ ਨ ਚਲਈ; ਖਿਨ ਜਾਇ ਬਿਲਾਮੀ ॥ (ਮ : ੫/੧੦੯੯), ਲਾਲਚ ਲਾਗੇ, ਜਨਮੁ ਗਵਾਇਆ; ਮਾਇਆ ਭਰਮ ਭੁਲਾਹਿਗਾ ॥ ਧਨ ਜੋਬਨ ਕਾ ਗਰਬੁ ਨ ਕੀਜੈ; ਕਾਗਦ ਜਿਉ ਗਲਿ ਜਾਹਿਗਾ ॥ (ਮਾਰੂ/ਭਗਤ ਕਬੀਰ ਜੀ/੧੧੦੬), ਕਬੀਰ ! ਗਰਬੁ ਨ ਕੀਜੀਐ; ਊਚਾ ਦੇਖਿ ਅਵਾਸੁ॥ ਆਜੁ ਕਾਲਿ੍ ਭੁਇ ਲੇਟਣਾ; ਊਪਰਿ ਜਾਮੈ ਘਾਸੁ ॥ (ਸਲੋਕ ਕਬੀਰ ਜੀ/੧੩੬੬), ਗਰਬੁ ਕਰਤੁ ਹੈ ਦੇਹ ਕੋ; ਬਿਨਸੈ ਛਿਨ ਮੈ, ਮੀਤ ! ॥ ਜਿਹਿ ਪ੍ਰਾਨੀ, ਹਰਿ ਜਸੁ ਕਹਿਓ; ਨਾਨਕ ! ਤਿਹਿ ਜਗੁ ਜੀਤਿ ॥ (ਸਲੋਕ/ਮ : ੯/੧੪੨੮), ਮਨ ! ਤੂੰ ਮਤ ਮਾਣੁ ਕਰਹਿ, ਜਿ ਹਉ ਕਿਛੁ ਜਾਣਦਾ; ਗੁਰਮੁਖਿ ਨਿਮਾਣਾ ਹੋਹੁ॥ ਅੰਤਰਿ ਅਗਿਆਨੁ ਹਉ ਬੁਧਿ ਹੈ; ਸਚਿ ਸਬਦਿ ਮਲੁ ਖੋਹੁ ॥’’ (ਆਸਾ/ਮ : ੩/੪੪੧)

ਇੰਞ ਸਾਰਾ ਜਗਤ ਹੀ ਕਿਸੇ ਨਾ ਕਿਸੇ ਅਹੰਕਾਰ ਵਿੱਚ ਸੜ ਰਿਹਾ ਹੈ ਭਾਵੇਂ ਕਿ ਸਾਰੇ ਗੁਣ ਹੀ ਰੱਬ ਦੀ ਬਖ਼ਸ਼ੀ ਦਾਤ ਹੁੰਦੇ ਹਨ (ਇਹੁ ਤਨੁ ਮਨੁ ਤੇਰਾ; ਸਭਿ ਗੁਣ ਤੇਰੇ॥ ਤੁਖਾਰੀ/ਮ : ੫/੧੧੧੭), ਪਰ ਕਈ ਮਨੁੱਖ ਕੋਈ ਗੁਣ ਨਾ ਹੋਣ ਦੇ ਬਾਵਜੂਦ ਵੀ ਹੰਕਾਰ ਕਰਦੇ ਹਨ; ਗੁਰੂ ਜੀ ਅਨੁਸਾਰ ਅਜਿਹੇ ਮਨੁੱਖ ਅਸਲ ’ਚ ਨਿਰੇ ਖੋਤੇ ਹੀ ਹਨ : ‘‘ਇਕਨਾ, ਸਿਧਿ ਨ ਬੁਧਿ, ਨ ਅਕਲਿ ਸਰ;  ਅਖਰ ਕਾ ਭੇਉ ਨ ਲਹੰਤਿ ॥ ਨਾਨਕ  ! ਤੇ ਨਰ ਅਸਲਿ ਖਰ; ਜਿ, ਬਿਨੁ ਗੁਣ ਗਰਬੁ ਕਰੰਤ ॥’’ (ਮ : ੧/੧੪੧੧) ਗੁਰੂ ਅਮਰਦਾਸ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਜੇ ਅਸੀਂ ਸਤਿਗੁਰੂ ਦੇ ਹੁਕਮ ’ਚ ਟਿਕੇ ਰਹਿ ਕੇ, ਅਹੰਕਾਰ ਦਾ ਪੱਲਾ ਛੱਡ ਕੇ ਮਸਕੀਨ (ਨਿਮਾਣੇ) ਬਣਾਗੇ ਤਾਂ ਹੀ ਸਾਨੂੰ ਸੁੱਖ ਨਸੀਬ ਹੋਵੇਗਾ : ‘‘ਹੋਹੁ ਨਿਮਾਣਾ ਸਤਿਗੁਰੂ ਅਗੈ; ਮਤ ਕਿਛੁ ਆਪੁ ਲਖਾਵਹੇ॥ ਆਪਣੈ ਅਹੰਕਾਰਿ ਜਗਤੁ ਜਲਿਆ; ਮਤ ਤੂੰ ਆਪਣਾ ਆਪੁ ਗਵਾਵਹੇ॥ ਸਤਿਗੁਰ ਕੈ ਭਾਣੈ ਕਰਹਿ ਕਾਰ; ਸਤਿਗੁਰ ਕੈ ਭਾਣੈ ਲਾਗਿ ਰਹੁ॥ ਇਉ ਕਹੈ ਨਾਨਕੁ, ਆਪੁ ਛਡਿ ਸੁਖ ਪਾਵਹਿ; ਮਨ ! ਨਿਮਾਣਾ ਹੋਇ ਰਹੁ॥’’ (ਆਸਾ/ਮ : ੩/੪੪੧) ਵਾਕਿਆ ਈ ਸਾਨੂੰ ਯਾਦ ਰੱਖਣਾ ਪਵੇਗਾ ਕਿ ਅਹੰਕਾਰ ’ਚ ਰੱਬ ਦੀ ਬੰਦਗੀ ਨਹੀਂ ਹੋ ਸਕਦੀ। ਹਉਮੈ ਦੀ ਬੂਟੀ ਨੂੰ ਪੁੱਟਿਆਂ ਹੀ ਹਿਰਦੇ ’ਚ ਨਾਮ ਦਾ ਵਾਸਾ ਹੋਣਾ ਸੰਭਵ ਹੈ; ਜਿਵੇਂ ਕੇ ਗੁਰ ਵਾਕ ਹਨ : ‘‘ਹਉਮੈ ਨਾਵੈ ਨਾਲਿ ਵਿਰੋਧੁ ਹੈ; ਦੁਇ ਨ ਵਸਹਿ ਇਕ ਠਾਇ ॥… ਹੁਕਮੁ ਮੰਨਹਿ, ਤਾ ਹਰਿ ਮਿਲੈ; ਤਾ ਵਿਚਹੁ ਹਉਮੈ ਜਾਇ ॥…. ਹਉਮੈ ਵਿਚਿ ਭਗਤਿ ਨ ਹੋਵਈ; ਹੁਕਮੁ ਨ ਬੁਝਿਆ ਜਾਇ ॥ ਹਉਮੈ ਵਿਚਿ ਜੀਉ ਬੰਧੁ ਹੈ; ਨਾਮੁ ਨ ਵਸੈ ਮਨਿ ਆਇ ॥ (ਵਡਹੰਸ/ਮ : ੩/੫੬੦) ਵੇਖੋ ! ਗੁਰੂ ਰਾਮਦਾਸ ਜੀ ਦੇ ਬਚਨ ਕਿਵੇਂ ਸਾਡੀ ਜ਼ਿੰਦਗੀ ਨੂੰ ਸਦਾ ਲਈ ਪਲਟਾ ਸਕਦੇ ਹਨ ਕਿ ਸਾਡਾ ਮਨ ਇੱਕ ਹੈ ਤੇ ਕੇਵਲ ਇੱਕ ਪਾਸੇ ਹੀ ਲੱਗ ਸਕਦਾ ਹੈ, ਪਰ ਮਨ ਦੀ ਖ਼ਾਸੀਅਤ ਇਹ ਹੈ ਕਿ ਜਿੱਥੇ ਵੀ ਇਹ ਜੁੜਦਾ ਹੈ; ਉੱਥੋਂ ਸਫਲਤਾ ਹਾਸਲ ਕਰ ਲੈਂਦਾ ਹੈ ਭਾਵ ਕਿ ਜਿੱਥੇ ਲੱਗਾ ਹੋਇਆ ਹੈ, ਉਹੀ ਵਸਤ ਪ੍ਰਾਪਤ ਹੋਣੀ ਹੈ। ਸੋ, ਜੇ ਅਹੰਕਾਰ ਨੂੰ ਦੂਰ ਕਰਨਾ ਹੈ ਤਾਂ ਮਨ ਨੂੰ ਸਤਿਗੁਰੂ ਕੋਲ਼ ਵੇਚਣਾ ਪਵੇਗਾ : ‘‘ਇਕੁ ਮਨੁ ਇਕੁ ਵਰਤਦਾ; ਜਿਤੁ ਲਗੈ, ਸੋ ਥਾਇ ਪਾਇ ॥ ਕੋਈ ਗਲਾ ਕਰੇ ਘਨੇਰੀਆ; ਜਿ ਘਰਿ ਵਥੁ ਹੋਵੈ, ਸਾਈ ਖਾਇ ॥ ਬਿਨੁ ਸਤਿਗੁਰ, ਸੋਝੀ ਨਾ ਪਵੈ; ਅਹੰਕਾਰੁ ਨ ਵਿਚਹੁ ਜਾਇ ॥’’ (ਮ : ੪/੩੦੩) ਜਗਤ ਵਿੱਚ ਅਹੰਕਾਰ ਦਾ ਭੈੜਾ ਵਿਕਾਰ ਬਹੁਤ ਹਾਨੀਕਾਰਕ ਹੈ ਪਰ ਜਿਸ ਨੂੰ ਪੂਰਾ ਗੁਰੂ (ਗੁਰੂ ਗ੍ਰੰਥ ਸਾਹਿਬ) ਮਿਲ ਪੈਂਦਾ ਹੈ, ਉਸ ਦੀ ਹੰਗਤਾ ਦੂਰ ਹੋ ਜਾਂਦੀ ਹੈ ਤੇ ਮਨ ਸੰਤੋਖੀ ਬਣ ਜਾਂਦਾ ਹੈ : ‘‘ਐਸਾ ਗਰਬੁ ਬੁਰਾ, ਸੰਸਾਰੈ ॥ ਜਿਸੁ ਗੁਰੁ ਮਿਲੈ, ਤਿਸੁ ਗਰਬੁ ਨਿਵਾਰੈ ॥… ਬਿਨੁ ਗੁਰ, ਗਰਬੁ ਨ ਮੇਟਿਆ ਜਾਇ ॥ ਗੁਰਮਤਿ ਧਰਮੁ, ਧੀਰਜੁ ਹਰਿ ਨਾਇ ॥ ਨਾਨਕ ! ਨਾਮੁ ਮਿਲੈ ਗੁਣ ਗਾਇ ॥’’ (ਗਉੜੀ/ਮ : ੧/੨੨੪-੨੫)

ਸੋ, ਕੂੜ ਅਤੇ ਅਹੰਕਾਰ ਦੀਆਂ ਨਰਦਾਂ ਨਾਲ਼ ਮੈਂ-ਮੇਰਾ ਦੀ ਖੇਡ ਖੇਡਣ ਦੀ ਬਜਾਇ (ਹਉਮੈ ਚਉਪੜਿ ਖੇਲਣਾ, ਝੂਠੇ ਅਹੰਕਾਰਾ ॥ ਸਭੁ ਜਗੁ ਹਾਰੈ, ਸੋ ਜਿਣੈ; ਗੁਰ ਸਬਦੁ ਵੀਚਾਰਾ ॥ ਆਸਾ/ਮ : ੧/੪੨੨) ਆਉ ! ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ’ਚ ਵਸਾ ਕੇ ਵਿਚਾਰੀਏ ਅਤੇ ਜੋਦੜੀ ਕਰੀਏ ਕਿ ਮਨ ਤੇ ਤਨ, ਸਭ ਤੇਰਾ ਹੀ ਹੈ ਮੇਰੇ ਮਾਲਕ ! ਮਿਹਰ ਕਰ ਤੇ ਮੇਰਾ ਹੰਕਾਰ ਦੂਰ ਕਰ ਕੇ, ਮੈਨੂੰ ਆਪਣੇ ਵਿੱਚ ਹੀ ਲੀਨ ਕਰ ਲੈ : ‘‘ਸਾਹਿ ਸਾਹਿ ਤੁਝੁ ਸੰਮਲਾ; ਕਦੇ ਨ ਵਿਸਾਰੇਉ ॥ ਜਿਉ ਜਿਉ ਸਾਹਬੁ ਮਨਿ ਵਸੈ; ਗੁਰਮੁਖਿ ਅੰਮ੍ਰਿਤੁ ਪੇਉ ॥ ਮਨੁ ਤਨੁ ਤੇਰਾ ਤੂ ਧਣੀ; ਗਰਬੁ ਨਿਵਾਰਿ ਸਮੇਉ ॥’’ (ਸਿਰੀਰਾਗੁ/ਮ : ੧/੧੯)

(15). ਹੋਮ (ਹਵਨ) : ਸੰਸਾਰ ਵਿੱਚ ਸਰੀਰਕ ਦੁੱਖਾਂ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਹੀ ਪਿਆਰੇ ਬਚਨ ਹਨ : ‘‘ਦੁਖੀ ਦੁਨੀ ਸਹੇੜੀਐ; ਜਾਇ, ਤ ਲਗਹਿ ਦੁਖ॥ ਨਾਨਕ ! ਸਚੇ ਨਾਮ ਬਿਨੁ; ਕਿਸੈ ਨ ਲਥੀ ਭੁਖ॥ ਰੂਪੀ ਭੁਖ ਨ ਉਤਰੈ; ਜਾਂ ਦੇਖਾਂ ਤਾਂ ਭੁਖ॥ ਜੇਤੇ ਰਸ ਸਰੀਰ ਕੇ; ਤੇਤੇ ਲਗਹਿ ਦੁਖ॥’’ (ਮਲਾਰ ਕੀ ਵਾਰ/ਮ : ੧/੧੨੮੭)

ਯਕੀਨਨ ! ਅੱਜ ਜਿਵੇਂ-ਜਿਵੇਂ ਮਨੁੱਖ (ਜਿਸਮ) ਦੇ ਚਸਕੇ ਵਧਦੇ ਜਾ ਰਹੇ ਹਨ, ਉੁਵੇਂ-ਉਵੇਂ ਹੀ ਸਰੀਰਕ ਰੋਗਾਂ ਦੀ ਮਾਰ ਵੀ ਵਧਦੀ ਜਾ ਰਹੀ ਹੈ। ਗੁਰੂ ਸਾਹਿਬ ਜੀ ਇਹ ਵੀ ਫ਼ੁਰਮਾਉਂਦੇ ਹਨ ਕਿ ਦੁੱਖ ਛੱਡ ਕੇ ਸੁੱਖ ਦੀ ਮੰਗ ਸਿਰ ਖਪਾਈ ਤੋਂ ਵੱਧ ਕੁਝ ਵੀ ਨਹੀਂ ਹੈ ਕਿਉਂਕਿ ਸੁੱਖ ਤੇ ਦੁੱਖ ਦਾ ਚੱਕਰ ਹਰੇਕ ’ਤੇ ਆਉਂਦਾ ਹੈ। ਇਸ ਰੱਬੀ ਨਿਯਮ ਦੇ ਸਾਹਮਣੇ ਮਨੁੱਖ ਨੂੰ ਹਾਰ ਹੀ ਮੰਨਣੀ ਪੈਂਦੀ ਹੈ, ਇਸ ਲਈ ਪ੍ਰਭੂ ਦੀ ਰਜ਼ਾ ’ਚ ਤੁਰਨਾ ਹੀ ਅਕਲਮੰਦੀ ਹੈ : ‘‘ਨਾਨਕ ! ਬੋਲਣੁ ਝਖਣਾ; ਦੁਖ ਛਡਿ ਮੰਗੀਅਹਿ ਸੁਖ॥ ਸੁਖੁ ਦੁਖੁ ਦੁਇ ਦਰਿ ਕਪੜੇ; ਪਹਿਰਹਿ ਜਾਇ ਮਨੁਖ॥ ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ॥’’ (ਮ : ੧/੧੪੯), ਪਰ ਅੱਜ ਅਸੀਂ ਸਰੀਰਕ ਕਸ਼ਟਾਂ ਤੋਂ ਐਨਾ ਘਬਰਾਏ ਹੋਏ ਹਾਂ ਕਿ ਸੁਖਮਨੀ ਦੇ ਪਾਠ ਤੋ ਸ਼ੁਰੂ ਕਰਦੇ-ਕਰਦੇ ਗੱਲ ਬਣਦੀ ਨਾ ਵੇਖ ਕੇ, ਹਵਨਾਂ ’ਤੇ ਆਣ ਖਲੋਤੇ ਹਾਂ। ਗੁਰ ਉਪਦੇਸ਼ ਹੈ ਕਿ ਜਗ, ਹੋਮ, ਪੂਜਾ ਆਦਿ ਰਾਹੀਂ ਪ੍ਰਮਾਤਮਾ ਨਾਲ਼ ਸਾਂਝ ਨਹੀਂ ਬਣਦੀ ਬਲਕਿ ਅਜਿਹੇ ਕਰਮ ਕੀਤਿਆਂ ਸਰੀਰ ਦੁੱਖੀ ਹੀ ਰਹਿੰਦਾ ਹੈ ਤੇ ਦੁੱਖ ਹੀ ਸਹਾਰਦਾ ਹੈ : ‘‘ਜਗਨ, ਹੋਮ, ਪੁੰਨ, ਤਪ, ਪੂਜਾ; ਦੇਹ ਦੁਖੀ, ਨਿਤ ਦੂਖ ਸਹੈ ॥ ਰਾਮ ਨਾਮ ਬਿਨੁ, ਮੁਕਤਿ ਨ ਪਾਵਸਿ; ਮੁਕਤਿ ਨਾਮਿ ਗੁਰਮੁਖਿ ਲਹੈ॥’’ (ਭੈਰਉ/ਮ : ੧/੧੧੨੭)

ਗੁਰ ਉਪਦੇਸ਼ ਵਜੋਂ ਪਾਤਸ਼ਾਹ ਅਸਲੀ ਹਵਨ ਕਰਨ ਦੀ ਜਾਂਚ ਦੱਸਦੇ ਹਨ ਕਿ ਹੇ ਮਨੁੱਖ ! ਦੁਨੀਆਂ ਦੇ ਰਸਾਂ (ਸੁਆਦਾਂ) ਨੂੰ ਹਵਨ ਦੀ ਲੱਕੜੀ ਬਣਾ, ਮਾਇਆ ਦੇ ਲਾਲਚ ਨੂੰ ਘਿਉ ਤੇ ਤੇਲ, ਕਾਮ ਤੇ ਕ੍ਰੋਧ ਜਿਹੇ ਵਿਕਾਰਾਂ ਨੂੰ ਅੱਗ ਬਣਾ ਕੇ, ਇਨ੍ਹਾਂ ਸਾਰਿਆਂ ਨੂੰ ਇਕੱਠਾ ਕਰ ਕੇ ਸਾੜ ਦੇਹ ਤੇ ਯਾਦ ਰੱਖ ਕਿ ਜੋ ਕੁਝ ਪ੍ਰਮਾਤਮਾ ਨੂੰ ਭਾਉਂਦਾ ਹੈ, ਉਸੇ ਨੂੰ ਪ੍ਰਵਾਨ ਕਰਨਾ ਹਵਨ ਹੈ : ‘‘ਸਾਦ ਕਰਿ ਸਮਧਾਂ, ਤ੍ਰਿਸਨਾ ਘਿਉ ਤੇਲੁ ॥ ਕਾਮੁ ਕ੍ਰੋਧੁ, ਅਗਨੀ ਸਿਉ ਮੇਲੁ ॥ ਹੋਮ, ਜਗ ਅਰੁ ਪਾਠ ਪੁਰਾਣ ॥ ਜੋ ਤਿਸੁ ਭਾਵੈ, ਸੋ ਪਰਵਾਣ ॥’’ (ਮਲਾਰ/ਮ : ੧/੧੨੫੭)

(16). ਹੋਲੀ : ਅੱਜ ਇੱਕ ਦੂਜੇ ਦਾ ਮੂੰਹ ਕਾਲ਼ਾ, ਪੀਲ਼ਾ ਕਰ ਕੇ ਭਾਵ ਕੱਚੇ ਰੰਗਾਂ ਦੀ ਹੋਲੀ ਖੇਡ ਕੇ ਹੀ ਅਸੀਂ ਸਮਝ ਰਹੇ ਹਾਂ ਕਿ ਅਸੀਂ ਹੋਲਾ ਮਹੱਲਾ ਮਨਾ ਰਹੇ ਹਾਂ। ਹੋਲਾ ਮਹੱਲਾ ਤਾਂ ਜੰਗੀ ਕਰਤੱਵਾਂ ’ਚ ਨਿਪੁੰਨਤਾ, ਵੀਰਤਾ, ਸ਼ਸਤਰ ਵਿੱਦਿਆ ’ਚ ਮੁਹਾਰਤ, ਅਣਖ, ਚੜ੍ਹਦੀ ਕਲਾ, ਨਿਡਰਤਾ ਆਦਿ ਦਾ ਪ੍ਰਤੀਕ ਹੈ ਪਰ ਹੋਲੀ ਵਾਲੇ ਦਿਨ ਨੂੰ ਭੰਗ ਆਦਿ ਨਸ਼ੇ ਕਰ ਕੇ, ਖਰੂਦ ਕਰਨਾ ਜਾਂ ਕਹਿ ਲਈਏ ਕਿ ਰੰਗ ਰਲੀਆਂ ਮਨਾਉਣਾ ਤੇ ਸਿੰਘ ਸਰੂਪ ਦੀ ਬੇਅਦਬੀ ਕਰਨਾ, ਅਗਿਆਨਤਾ ਤੋਂ ਵੱਧ ਕੁਝ ਵੀ ਨਹੀਂ ਹੈ। ਖ਼ੈਰ, ਇੱਥੇ ਇਤਿਹਾਸਿਕ ਪੱਖ ਨੂੰ ਨਜ਼ਰ ਅੰਦਾਜ਼ ਕਰਕੇ, ਕੇਵਲ ਗੁਰਬਾਣੀ ਦੇ ਚਾਨਣ ’ਚ ਹੋਲੀ ਸੰਬੰਧੀ ਬਹੁਤ ਹੀ ਸੰਖੇਪ ’ਚ ਗੁਰ ਉਪਦੇਸ਼ ਨੂੰ ਵਿਚਾਰਨਾ ਜ਼ਰੂਰੀ ਹੈ।

ਗੁਰੂ ਰਾਮਦਾਸ ਜੀ ਅਨਮੋਲਕ ਜੀਵਨ ਜਾਚ ਦੀ ਦਾਤ ਬਖ਼ਸ਼ਦੇ ਹੋਏ ਫ਼ੁਰਮਾਉਂਦੇ ਹਨ ਕਿ ਬਾਕੀ ਸਾਰੇ ਰੰਗਾਂ ਨਾਲ਼ੋਂ ਸੋਹਣੇ ਪ੍ਰਭੂ ਦਾ ਨਾਮ ਹੀ ਸੋਹਣਾ ਰੰਗ ਹੈ। ਮਨ ਨੂੰ ਰੰਗਣ ਲਈ ਗੁਰੂ ਦੀ ਸ਼ਰਨ ਪੈ ਕੇ, ਕੇਵਲ ਇਸੇ ਰੰਗ ਭਾਵ ਪ੍ਰਭੂ ਦੇ ਨਾਮ ਦੀ ਯਾਚਨਾ ਕਰਦੇ ਰਹਿਣਾ ਹੀ, ਇੱਕ ਗੁਰਸਿੱਖ ਲਈ ਰੰਗ ’ਚ ਰੰਗਣਾ ਹੈ : ‘‘ਲਾਲਨੁ ਲਾਲੁ, ਲਾਲੁ ਹੈ ਰੰਗਨੁ; ਮਨੁ ਰੰਗਨ ਕਉ ਗੁਰ ਦੀਜੈ॥ ਰਾਮ ਰਾਮ, ਰਾਮ ਰੰਗਿ ਰਾਤੇ; ਰਸ ਰਸਿਕ ਗਟਕ ਨਿਤ ਪੀਜੈ॥’’ (ਕਲਿਆਣ/ਮ : ੪/੧੩੨੩) ਗੁਰੂ ਦੀ ਬਖ਼ਸ਼ਸ਼ ਤੇ ਪ੍ਰਮਾਤਮਾ ਦੀ ਸਿਫ਼ਤ ਸਾਲਾਹ ਦੀ ਬਰਕਤ ਸਦਕਾ, ਗੁਰੂ ਦੇ ਸਿੱਖ ਨੂੰ ਰੱਬ ਦੇ ਪਿਆਰਿਆਂ ਦੀ ਸੇਵਾ ਦਾ ਚਾਉ, ਸਤਿ ਸੰਗਤ ਤੇ ਪ੍ਰਭੂ ਦੇ ਪਿਆਰ ਦਾ ਗੂੜ੍ਹਾ ਰੰਗ ਚੜ੍ਹ ਜਾਂਦਾ ਹੈ; ਇਹ ਹੀ ਇੱਕ ਗੁਰਸਿੱਖ ਲਈ ਹੋਲੀ ਖੇਡਣਾ ਹੈ; ਜਿਵੇਂ ਕਿ ਗੁਰ ਵਾਕ ਹਨ :  ‘‘ਆਜੁ ਹਮਾਰੈ, ਬਨੇ ਫਾਗ॥ ਪ੍ਰਭ ਸੰਗੀ ਮਿਲਿ, ਖੇਲਨ ਲਾਗ ॥ ਹੋਲੀ ਕੀਨੀ, ਸੰਤ ਸੇਵ॥ ਰੰਗੁ ਲਾਗਾ, ਅਤਿ ਲਾਲ ਦੇਵ॥’’ (ਬਸੰਤ/ਮ : ੫/੧੧੮੦)

(17). ਹਾਰ ਸ਼ਿੰਗਾਰ : ਪੰਚਮ ਪਾਤਸ਼ਾਹ ਜੀ ਗੁਰ ਉਪਦੇਸ਼ ਵਜੋਂ ਸਾਨੂੰ ਹੁਕਮ ਕਰ ਰਹੇ ਹਨ ਕਿ ਜਿਸ ਮਨੁੱਖਾ ਸਰੀਰ ਨੂੰ ਪਾ ਕੇ ਪ੍ਰਭੂ ਨੂੰ ਸਿਮਰਿਆ ਜਾਂਦਾ ਹੈ, ਉਸ ਦੀ ਪਾਲਣਾ ਵੀ ਕਰੋ : ‘‘ਘਟਿ ਵਸਹਿ ਚਰਣਾਰਬਿੰਦ; ਰਸਨਾ ਜਪੈ ਗੁਪਾਲ॥ ਨਾਨਕ ! ਸੋ ਪ੍ਰਭੁ ਸਿਮਰੀਐ; ਤਿਸੁ ਦੇਹੀ ਕਉ ਪਾਲਿ ॥’’ (ਮ : ੫/੫੫੪) ਦੇਹੀ ਨੂੰ ਪਾਲਣਾ ਭਾਵ ਅਰੋਗ ਰੱਖਣ ਲਈ ਇਸ਼ਨਾਨ ਦੀ ਮਹੱਤਤਾ ਹੈ, ਤਾਂ ਜੋ ਇਸ਼ਨਾਨ ਕਰ ਕੇ ਅਤੇ ਪ੍ਰਭੂ ਦਾ ਨਾਮ ਸਿਮਰ ਕੇ, ਮਨ ਤੇ ਤਨ ਅਰੋਗ ਰੱਖਿਆ ਜਾ ਸਕੇ : ‘‘ਕਰਿ ਇਸਨਾਨੁ, ਸਿਮਰਿ ਪ੍ਰਭੁ ਅਪਨਾ; ਮਨ ਤਨ ਭਏ ਅਰੋਗਾ॥’’ (ਸੋਰਠਿ/ਮ : ੫/੬੧੧) ਧਿਆਨ ਰਹੇ ਕਿ ਉਕਤ ਦੋਵੇਂ ਹੀ ਬਚਨਾਂ ’ਚ ਪ੍ਰਭੂ ਦੇ ਸਿਮਰਨ ਨੂੰ ਮਹੱਤਤਾ ਮਿਲੀ ਹੈ। ਯਕੀਨਨ ! ਪ੍ਰਮਾਤਮਾ ਦਾ ਨਾਮ ਸਿਮਰਨ, ਵਿਕਾਰਾਂ ਨੂੰ ਕੱਟਦਾ ਹੈ ਤੇ ਵਿਕਾਰ ਰਹਿਤ ਮਨ ਭਾਵ ਇੱਕ ਅਰੋਗ ਮਨ, ਸਰੀਰ ਨੂੰ ਵੀ ਅਰੋਗ ਰੱਖਣ ’ਚ ਸਹਾਈ ਹੁੰਦਾ ਹੈ। ਦੂਜੇ ਸ਼ਬਦਾਂ ’ਚ ਇਹ ਕਹਿਣਾ ਬਿਲਕੁਲ ਮੁਨਾਸਬ ਹੈ ਕਿ ਸਾਨੂੰ ਸਰੀਰਕ ਦਾਤ ਵੀ ਮਾਲਕ ਦੀ ਯਾਦ ਨੂੰ ਹਿਰਦੇ ’ਚ ਵਸਾਉਣ (ਮਨੁੱਖਾ ਜੀਵਨ ਦਾ ਮਨੋਰਥ) ਲਈ ਹੀ ਮਿਲੀ ਹੈ, ਪਰ ਮਨੁੱਖ ਨੇ ਸਰੀਰ ਦੀ ਸੰਭਾਲ਼ ਤੋਂ ਕਿਤੇ ਅੱਗੇ ਜਾ ਕੇ (ਮਾਇਆ ਤੇ ਵਿਕਾਰਾਂ ਦੇ ਪ੍ਰਭਾਵ ਤਹਿਤ) ਸਰੀਰ ਨੂੰ ਕੇਵਲ ਬਾਹਰੀ ਸ਼ਿੰਗਾਰਨਾ ਸ਼ੁਰੂ ਕਰ ਦਿੱਤਾ; ਜਿਸ ਬਾਬਤ ਗੁਰੂ ਰਾਮਦਾਸ ਜੀ ਚੇਤੇ ਕਰਵਾਉਂਦੇ ਹਨ ਕਿ ਜਿਹੜਾ ਮਨੁੱਖ ਸਰੀਰ ਨੂੰ ਹੀ ਸਾਫ਼ ਸੁਥਰਾ ਕਰਦਾ ਰਿਹਾ, ਪਰ ਮਨ ਵਿੱਚ ਗੁਰੂ ਦੇ ਬਚਨ ਪਿਆਰੇ ਨਾ ਲੱਗੇ ਤਾਂ ਉਸ ਦੇ ਇਹ ਸਾਰੇ ਸਰੀਰਕ ਇਸ਼ਨਾਨ ਤੇ ਸ਼ਿੰਗਾਰ ਵੀ ਵਿਅਰਥ ਹਨ : ‘‘ਨਿਤ ਨਿਤ ਕਾਇਆ ਮਜਨੁ ਕੀਆ; ਨਿਤ ਮਲਿ ਮਲਿ ਦੇਹ ਸਬਾਰੇ ॥ ਮੇਰੇ ਸਤਿਗੁਰ ਕੇ, ਮਨਿ ਬਚਨ ਨ ਭਾਏ; ਸਭ ਫੋਕਟ ਚਾਰ ਸੀਗਾਰੇ ॥’’ (ਮ : ੪/੯੮੨-੯੮੩)

ਅੱਜ ਸਾਡੀਆਂ ਸਿੱਖ ਬੀਬੀਆਂ ਵੀ ਸਰੀਰਕ ਹਾਰ ਸ਼ਿੰਗਾਰ ਦੀ ਦੌੜ ’ਚ ਬਹੁਤ ਅੱਗੇ ਨਿਕਲ਼ ਗਈਆਂ ਹਨ। ਆਪਣੀ ਸੁਤੰਤਰ ਹਸਤੀ ਤੇ ਨਿਆਰਾਪਨ ਖ਼ਤਮ ਕਰਕੇ ਨੱਕ, ਕੰਨ ਛੇਦਣਾ ਤਾਂ ਕੇਵਲ ਇਹੀ ਸੰਕੇਤ ਦਿੰਦਾ ਹੈ ਕਿ ਸਾਡੇ ਨੱਕ, ਕੰਨ ’ਚ ਕੋਈ ਵੀ ਨਕੇਲ ਪਾ ਸਕਦਾ ਹੈ। ਗੁਰਮਤਿ; ਰੱਬ ਦੀ ਬਖ਼ਸ਼ੀ ਸਾਬਤ ਸੂਰਤ ਨੂੰ ਵਿਗਾੜਨਾ, ਪ੍ਰਵਾਨ ਨਹੀਂ ਕਰਦੀ ਬਲਕਿ ਸਾਦਗੀ ਤੇ ਸੰਤੋਖ ਨਾਲ਼ ਜੀਵਨ (ਕਮਰਬੰਦੁ ਸੰਤੋਖ ਕਾ; ਧਨੁ ਜੋਬਨੁ, ਤੇਰਾ ਨਾਮੁ ॥ ਮ : ੧/੧੬-੧੭) ਜਿਊਣ ਦੀ ਪ੍ਰੇਰਣਾ ਕਰਦੀ ਹੈ। ਭਗਤ ਕਬੀਰ ਜੀ ਤਾਂ ਇੱਥੋ ਤੱਕ ਬਚਨ ਕਰਦੇ ਹਨ ਕਿ ਜਿਨ੍ਹਾਂ ਦੇ ਮਨ ’ਚ ਰੱਬ ਦਾ ਪ੍ਰੇਮ ਨਹੀਂ; ਉਨ੍ਹਾਂ ਦੇ ਕੰਨਾਂ ’ਚ ਪਾਏ ਹੀਰੇ ਤੇ ਲਾਲ ਜੜੇ ਵਾਲ਼ੇ (Earrings) ਵੀ ਸੜੇ ਹੋਏ ਕਾਨਿਆਂ ਵਾਂਗ ਦਿੱਸਦੇ ਹਨ : ‘‘ਕਬੀਰ, ਕੰਚਨ ਕੇ ਕੁੰਡਲ ਬਨੇ; ਊਪਰਿ ਲਾਲ ਜੜਾਉ ॥ ਦੀਸਹਿ, ਦਾਧੇ ਕਾਨ ਜਿਉ; ਜਿਨ੍ਹ ਮਨਿ ਨਾਹੀ ਨਾਉ॥’’ (ਭਗਤ ਕਬੀਰ ਜੀ/੧੩੬੪) ਗੁਰੂ ਅਮਰਦਾਸ ਜੀ ਵੀ ਫ਼ੁਰਮਾਉਂਦੇ ਹਨ ਕਿ ਮਨ ਦੇ ਪਿੱਛੇ ਲੱਗ ਕੇ, ਪ੍ਰਭੂ ਦੀ ਭਗਤੀ ਤੋਂ ਬਿਨਾਂ ਹੋਰ ਸਭ ਸ਼ਿੰਗਾਰ, ਸਾਰੇ ਕਰਮ ਧਰਮ ਖ਼ੁਆਰੀ ਦਾ ਕਾਰਨ ਬਣਦੇ ਹਨ : ‘‘ਮਨਮੁਖਿ ਸੀਗਾਰੁ ਨ ਜਾਣਨੀ; ਜਾਸਨਿ ਜਨਮੁ ਸਭੁ ਹਾਰਿ ॥ ਬਿਨੁ ਹਰਿ ਭਗਤੀ ਸੀਗਾਰੁ ਕਰਹਿ; ਨਿਤ ਜੰਮਹਿ ਹੋਇ ਖੁਆਰੁ ॥ ਸੈਸਾਰੈ ਵਿਚਿ ਸੋਭ ਨ ਪਾਇਨੀ; ਅਗੈ ਜਿ ਕਰੇ, ਸੁ ਜਾਣੈ ਕਰਤਾਰੁ ॥’’ (ਮ : ੩/੯੫੦)

ਗੁਰੂ ਨਾਨਕ ਪਾਤਸ਼ਾਹ ਜੀ ਗੁਰ ਉਪਦੇਸ਼ ਵਜੋਂ ਸਾਨੂੰ ਅਸਲੀ ਸ਼ਿੰਗਾਰ ਕਰਨ ਦੀ ਜਾਚ ਸਿਖਾਉਂਦੇ ਹਨ ਕਿ ਅੱਖਾਂ ’ਚ ਪ੍ਰਮਾਤਮਾ ਦੇ ਡਰ-ਅਦਬ ਦਾ ਸੁਰਮਾ ਪਾ ਕੇ, ਰੱਬੀ ਪਿਆਰ ਰੂਪ ਸ਼ਿੰਗਾਰ ਕਰਨਾ ਚਾਹੀਦਾ ਹੈ : ‘‘ਭੈ ਕੀਆ ਦੇਹਿ ਸਲਾਈਆ ਨੈਣੀ; ਭਾਵ ਕਾ ਕਰਿ ਸੀਗਾਰੋ ॥ ਤਾ ਸੋਹਾਗਣਿ ਜਾਣੀਐ ਲਾਗੀ; ਜਾ ਸਹੁ ਧਰੇ ਪਿਆਰੋ ॥’’ (ਤਿਲੰਗ/ਮ : ੧/੭੨੨) ਗੁਰੂ ਅਮਰਦਾਸ ਜੀ ਬਚਨ ਕਰਦੇ ਹਨ ਕਿ ਮਨੁੱਖ ਲਈ ਆਤਮਕ ਗਿਆਨ ਹੀ ਸਭ ਤੋਂ ਉੱਤਮ ਸ਼ਿੰਗਾਰ ਹੈ, ਜਿਸ ਸਦਕਾ ਮਾਲਕ ਦੇ ਗੁਣਾਂ ਦਾ ਹਾਰ ਪਹਿਨ ਕੇ ਭਾਵ ਕਿ ਹਿਰਦੇ ’ਚ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਨੂੰ ਸਾਂਭ ਕੇ ਸਦਾ ਹੀ ਪ੍ਰਭੂ ਪਿਆਰ ’ਚ ਮਸਤ ਰਹਿਆ ਜਾ ਸਕਦਾ ਹੈ : ‘‘ਗਿਆਨ ਅਪਾਰੁ ਸੀਗਾਰੁ ਹੈ; ਸੋਭਾਵੰਤੀ ਨਾਰਿ ॥ ਸਾ ਸਭਰਾਈ ਸੁੰਦਰੀ; ਪਿਰ ਕੈ ਹੇਤਿ, ਪਿਆਰਿ ॥… ਸੋਹਾਗਣੀ ਸੀਗਾਰੁ ਬਣਾਇਆ; ਗੁਣ ਕਾ ਗਲਿ ਹਾਰੁ ॥ ਪ੍ਰੇਮ ਪਿਰਮਲੁ, ਤਨਿ ਲਾਵਣਾ; ਅੰਤਰਿ ਰਤਨੁ ਵੀਚਾਰੁ॥’’ (ਆਸਾ/ਮ : ੩/੪੨੬) ਸੋ, ਯਾਦ ਰੱਖੀਏ ਕਿ ਆਪਣੇ ਆਪ ਨੂੰ ਗੁਰ ਸ਼ਬਦ ਰਾਹੀਂ ਸੁਆਰ ਕੇ, ਸ਼ੁੱਭ ਗੁਣਾਂ ਨਾਲ਼ ਜੀਵਨ ਨੂੰ ਸੋਹਣਾ ਬਣਾਉਣਾ ਤੇ ਸਤਿਗੁਰੂ ਦੇ ਭਾਣੇ ਅੰਦਰ ਤੁਰਨਾ ਹੀ ਗੁਰਮਤਿ ਅਨੁਸਾਰ ਅਸਲੀ ਸ਼ਿੰਗਾਰ ਹੈ; ਜਿਵੇਂ ਕਿ ਗੁਰੂ ਸਾਹਿਬਾਨ ਦੇ ਬਚਨ ਹਨ : ‘‘ਭਾਣੈ ਚਲੈ ਸਤਿਗੁਰੂ ਕੈ; ਐਸਾ ਸੀਗਾਰੁ ਕਰੇਇ ॥ ਸਚਾ ਸਬਦੁ ਭਤਾਰੁ ਹੈ; ਸਦਾ ਸਦਾ ਰਾਵੇਇ ॥ (ਮ : ੩/੩੧੧), ਸਤੁ, ਸੰਤੋਖੁ, ਦਇਆ, ਧਰਮੁ; ਸੀਗਾਰੁ ਬਨਾਵਉ॥ ਸਫਲ ਸੁਹਾਗਣਿ ਨਾਨਕਾ !  ਅਪੁਨੇ ਪ੍ਰਭ ਭਾਵਉ॥’’ (ਬਿਲਾਵਲ/ਮ : ੫/੮੧੨)

(18). ਕਾਮ : ਬ੍ਰਹਮਾ ਵਰਗਿਆਂ ਨੂੰ ਜੇ ਅਹੰਕਾਰ ਨੇ ਡੰਗਿਆ (ਬ੍ਰਹਮੈ ਗਰਬੁ ਕੀਆ, ਨਹੀ ਜਾਨਿਆ ॥ ਬੇਦ ਕੀ ਬਿਪਤਿ ਪੜੀ, ਪਛੁਤਾਨਿਆ ॥ ਗਉੜੀ/ਮ : ੧/੨੨੪) ਤਾਂ ਇੰਦ੍ਰ ਵਰਗਾ ਦੇਵਤਾ ਪਰਾਇਆ ਰੂਪ ਤੱਕ ਕੇ, ਮਸਤ ਹੋ ਗਿਆ (ਗੋਤਮੁ ਤਪਾ ਅਹਿਲਿਆ ਇਸਤ੍ਰੀ; ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਪ੍ਰਭਾਤੀ/ਮ : ੧/੧੩੪੪) ਇੰਞ ਹੀ ਮਨੁੱਖ ਵੀ ਕਾਮ ਦੇ ਵਿਕਾਰ ਤੋਂ ਬਚ ਨਹੀਂ ਸਕਿਆ ਕਿਉਂਕਿ ਸਾਰੇ ਜੀਵ ਕਾਮ, ਕ੍ਰੋਧ ਦੇ ਰੰਗ ਵਿੱਚ ਰੰਗਿਆ ਜਾ ਸਕਣ ਵਾਲਾ ਚੋਲ਼ਾ ਪਹਿਨ ਕੇ ਸੰਸਾਰ ਵਿੱਚ ਆਉਂਦੇ ਹਨ; ਜਿਵੇਂ ਕਿ ਗੁਰ ਵਾਕ ਹਨ : ‘‘ਕਾਮ ਕ੍ਰੋਧ ਕਾ ਚੋਲੜਾ; ਸਭ ਗਲਿ ਆਏ ਪਾਇ॥’’ (ਮ : ੩/੧੪੧੪) ਗੁਰੂ ਜੀ ਅਨੁਸਾਰ ਸਾਡੇ ਸਰੀਰ ਅੰਦਰ ਟਿਕੇ ਪੰਜ ਚੋਰ, ਅੰਮ੍ਰਿਤ ਰੂਪੀ ਨਾਮ ਧਨ ਲੁੱਟਦੇ ਹਨ ਤੇ ਇਨ੍ਹਾਂ ਵਿਕਾਰਾਂ ’ਚ ਅੰਨ੍ਹਾਂ ਹੋਇਆ ਸੰਸਾਰ, ਅੰਨ੍ਹਿਆਂ ਵਾਲਾ ਵਿਹਾਰ ਹੀ ਕਰਦਾ ਰਹਿੰਦਾ ਹੈ : ‘‘ਇਸੁ ਦੇਹੀ ਅੰਦਰਿ, ਪੰਚ ਚੋਰ ਵਸਹਿ; ਕਾਮੁ, ਕ੍ਰੋਧੁ, ਲੋਭੁ, ਮੋਹੁ, ਅਹੰਕਾਰਾ॥ ਅੰਮ੍ਰਿਤੁ ਲੂਟਹਿ, ਮਨਮੁਖ ਨਹੀ ਬੂਝਹਿ; ਕੋਇ ਨ ਸੁਣੈ ਪੂਕਾਰਾ॥ ਅੰਧਾ ਜਗਤੁ, ਅੰਧੁ ਵਰਤਾਰਾ; ਬਾਝੁ ਗੁਰੂ ਗੁਬਾਰਾ ॥’’ (ਸੋਰਠਿ/ਮ : ੩/੬੦੦)

ਪੰਚਮ ਪਾਤਸ਼ਾਹ ਨੇ ਤਾਂ ਕਾਮ ਨੂੰ ਸਿੱਧਾ ਹੀ ਸੰਬੋਧਨ ਕੀਤਾ ਹੈ ਕਿ ਹੇ ਕਾਮ ! ਤੂੰ ਜੀਵਾਂ ਦੇ ਮਨ ਨੂੰ ਭਰਮਾ ਕੇ, ਉਨ੍ਹਾਂ ਨੂੰ ਕਈ ਜੂਨਾਂ ’ਚ ਭਟਕਾਉਣ ਵਾਲਾ ਹੈ ਭਾਵੇਂ ਕਿ ਤੂੰ ਸੁੱਖ ਤਾਂ ਥੋੜ੍ਹਾ ਹੀ ਦਿੰਦਾ ਹੈ ਪਰ ਤਿੰਨੇ ਹੀ ਲੋਕਾਂ ’ਚ ਤੇਰੀ ਪਹੁੰਚ ਹੈ ਤੇ ਤੂੰ ਬਿਨਾਂ ਕਿਸੇ ਭੇਦ ਭਾਵ ਤੋਂ  ਜੀਵਾਂ ਦਾ ਉੱਚਾ ਆਚਰਨ ਨਾਸ ਕਰ ਦਿੰਦਾ ਹੈ, ਪਰ ਗੁਰੂ ਦੀ ਸੰਗਤ ਕਰਨ ਵਾਲ਼ਿਆਂ ਨੂੰ ਤੇਰਾ ਕੋਈ ਡਰ ਨਹੀਂ ਰਹਿੰਦਾ : ‘‘ਹੇ ਕਾਮੰ  ! ਨਰਕ ਬਿਸ੍ਰਾਮੰ; ਬਹੁ ਜੋਨੀ ਭ੍ਰਮਾਵਣਹ ॥ ਚਿਤ ਹਰਣੰ ਤ੍ਰੈ ਲੋਕ ਗੰਮ੍ਹੰ ; ਜਪ ਤਪ ਸੀਲ ਬਿਦਾਰਣਹ ॥  ਅਲਪ ਸੁਖ ਅਵਿਤ ਚੰਚਲ; ਊਚ ਨੀਚ ਸਮਾਵਣਹ ॥ ਤਵ ਭੈ ਬਿਮੁੰਚਿਤ ਸਾਧ ਸੰਗਮ; ਓਟ ਨਾਨਕ ਨਾਰਾਇਣਹ ॥’’ (ਸਲੋਕ ਸਹਸਕ੍ਰਿਤੀ/ਮ : ੫/੧੩੫੮)

ਧਿਆਨ ਰਹੇ ਕਿ ਕਾਮ ਸਾਡਾ ਆਚਰਨ ਹੀ ਨਹੀਂ ਬਲਕਿ ਕਾਇਆਂ (ਸਰੀਰ) ਨੂੰ ਵੀ ਕਮਜ਼ੋਰ ਕਰ ਦਿੰਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਕਾਮੁ ਕ੍ਰੋਧੁ, ਕਾਇਆ ਕਉ ਗਾਲੈ॥ ਜਿਉ ਕੰਚਨ, ਸੋਹਾਗਾ ਢਾਲੈ॥’’ (ਰਾਮਕਲੀ/ਮ : ੧/੯੩੨) ਕਾਮ ਕਰਕੇ ਆਚਰਨ ’ਚ ਪੈਦਾ ਹੋਣ ਵਾਲੀ ਗਿਰਾਵਟ ਬਾਰੇ ਸੂਝ ਹੋਣ ਦੇ ਬਾਵਜੂਦ ਵੀ ਮਨੁੱਖ ਇਸ ਦੇ ਜਾਲ ’ਚ ਫਸ ਜਾਂਦਾ ਹੈ ਤੇ ਸਤਿਗੁਰੂ ਦੀ ਸ਼ਰਨ ’ਚ ਆਏ ਬਿਨਾਂ ਅਨੇਕਾਂ ਯਤਨਾਂ ਨਾਲ਼ ਵੀ ਮਨ ਕਾਬੂ ’ਚ ਨਹੀਂ ਆਉਂਦਾ। ਇੱਥੋਂ ਤੱਕ ਕਿ ਆਪਣਾ ਘਰ ਛੱਡ ਕੇ, ਪਰਾਏ ਸੰਬੰਧਾਂ ਕਾਰਨ ਮੰਦੇ ਕਰਮ ਕਰਦਾ ਹੈ (ਜਦਕਿ ਗੁਰ ਉਪਦੇਸ਼ ਤਾਂ ‘‘ਪਰ ਤ੍ਰਿਅ ਰੂਪੁ, ਨ ਪੇਖੈ ਨੇਤ੍ਰ ॥’’ ਦਾ ਹੈ), ਪਰ ਫਿਰ ਵੀ ਖ਼ਾਲੀ ਹੱਥ ਹੀ ਰਹਿੰਦਾ ਹੈ ਕਿਉਂਕਿ ਵਿਕਾਰਾਂ ਦੀ ਇਹ ਅੱਗ ਸਦਾ ਬਲਦੀ ਰਹਿੰਦੀ ਹੈ ਤੇ ਜੀਵ ਵਿਕਾਰਾਂ ’ਚ ਗ੍ਰਸਿਆ ਹੋਇਆ ਹੀ ਮਰ ਜਾਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਅਨੇਕ ਜਤਨ ਕਰੇ, ਇੰਦ੍ਰੀ ਵਸਿ ਨ ਹੋਈ ॥ ਕਾਮਿ ਕਰੋਧਿ, ਜਲੈ ਸਭੁ ਕੋਈ ॥ ਸਤਿਗੁਰ ਸੇਵੇ ਮਨੁ ਵਸਿ ਆਵੈ; ਮਨ ਮਾਰੇ ਮਨਹਿ ਸਮਾਇਦਾ॥ (ਮਾਰੂ/ਮ : ੩/੧੦੬੨), ਘਰ ਕੀ ਨਾਰਿ, ਤਿਆਗੈ ਅੰਧਾ॥ ਪਰ ਨਾਰੀ ਸਿਉ, ਘਾਲੈ ਧੰਧਾ ॥ ਜੈਸੇ ਸਿੰਬਲੁ ਦੇਖਿ, ਸੂਆ ਬਿਗਸਾਨਾ॥ ਅੰਤ ਕੀ ਬਾਰ,  ਮੂਆ ਲਪਟਾਨਾ ॥’’ (ਭੈਰਉ/ਨਾਮਦੇਉ ਜੀਉ/੧੧੬੫)

ਗੁਰਮਤਿ; ਸਾਨੂੰ ਸਤਿਗੁਰੂ ਦੀ ਸ਼ਰਨ ਲੈ ਕੇ, ਕਾਮ, ਕ੍ਰੋਧ ਆਦਿ ਮੰਦੇ ਕੰਮਾਂ ਨੂੰ ਹਰ ਹੀਲੇ ਛੱਡਣ ਦਾ ਉਪਦੇਸ਼ ਦਿੰਦੀ ਹੈ। ਉੱਚਾ ਆਚਰਨ ਵਿਕਸਤ ਕਰਨਾ ਭਾਵ ਕਿ ਕਾਮ, ਕ੍ਰੋਧ ਨੂੰ ਵੱਸ ਵਿੱਚ ਕਰ ਕੇ ਨੇਕ ਕੰਮ ਕਰਨੇ, ਅਜਿਹੇ ਯਤਨ ਹੀ ਮਾਲਕ ਨੂੰ ਭਾਉਂਦੇ ਹਨ : ‘‘ਛੋਡਹੁ ਕਾਮ, ਕ੍ਰੋਧੁ, ਬੁਰਿਆਈ॥ ਹਉਮੈ ਧੰਧੁ ਛੋਡਹੁ ਲੰਪਟਾਈ॥ ਸਤਿਗੁਰ ਸਰਣਿ ਪਰਹੁ, ਤਾ ਉਬਰਹੁ; ਇਉ ਤਰੀਐ ਭਵਜਲੁ ਭਾਈ ਹੇ॥ (ਮਾਰੂ/ਮ : ੧/੧੦੨੫-੨੬), ਕਾਮ, ਕ੍ਰੋਧ, ਲੋਭੁ,  ਮੋਹੁ ਤਜੋ ॥ ਜਨਮ ਮਰਨ, ਦੁਹੁ ਤੇ ਰਹਿਓ ॥ (ਗਉੜੀ/ਮ : ੫/੨੪੧), ਕਰਮ ਧਰਮ ਤੁਮ੍ ਚਉਪੜਿ ਸਾਜਹੁ; ਸਤੁ ਕਰਹੁ ਤੁਮ੍ ਸਾਰੀ ॥ ਕਾਮੁ, ਕ੍ਰੋਧੁ, ਲੋਭੁ, ਮੋਹੁ ਜੀਤਹੁ; ਐਸੀ ਖੇਲ, ਹਰਿ ਪਿਆਰੀ॥’’ (ਬਸੰਤੁ/ਮ : ੫/੧੧੮੫) ‘ਕਾਮ’ ਦੇ ਵਿਸ਼ੇ ਨੂੰ ਪੰਚਮ ਪਾਤਸ਼ਾਹ ਦੇ ਇਨ੍ਹਾਂ ਬਚਨਾਂ ਸਹਿਤ ਸਮਾਪਤ ਕਰਦੇ ਹਾਂ ਕਿ ਗੁਰੂ ਦੇ ਉਪਦੇਸ਼ ਨੂੰ ਧਿਆਨ ਨਾਲ਼ ਸੁਣ ਕੇ ਮੰਨਣ ਨਾਲ਼ ਸਾਰੇ ਡਰ ਤੇ ਕਾਮ, ਕ੍ਰੋਧ ਆਦਿ ਵਿਕਾਰ ਨਾਸ ਹੋ ਜਾਂਦੇ ਹਨ ਤੇ ਪ੍ਰਮਾਤਮਾ ਦੇ ਨਾਮ ਦਾ ਹਿਰਦੇ ’ਚ ਵਾਸਾ ਹੋ ਜਾਂਦਾ ਹੈ : ‘‘ਕਾਮ ਕ੍ਰੋਧ ਸਿਉ, ਠਾਟੁ ਨ ਬਨਿਆ॥ ਗੁਰ ਉਪਦੇਸੁ, ਮੋਹਿ ਕਾਨੀ ਸੁਨਿਆ॥ ਜਹ ਦੇਖਉ, ਤਹ ਮਹਾ ਚੰਡਾਲ ॥ ਰਾਖਿ ਲੀਏ, ਅਪੁਨੈ ਗੁਰਿ ਗੋਪਾਲ॥ (ਬਿਭਾਸ ਪ੍ਰਭਾਤੀ/ਮ : ੫/੧੩੪੭), ਸੇ ਧਨਵੰਤ, ਜਿਨ ਹਰਿ ਪ੍ਰਭੁ ਰਾਸਿ॥ ਕਾਮ ਕ੍ਰੋਧ, ਗੁਰ ਸਬਦਿ ਨਾਸਿ॥ ਭੈ ਬਿਨਸੇ, ਨਿਰਭੈ ਪਦੁ ਪਾਇਆ॥ ਗੁਰ ਮਿਲਿ ਨਾਨਕਿ, ਖਸਮੁ ਧਿਆਇਆ ॥’’ (ਬਸੰਤ/ਮ : ੫/੧੧੮੩-੮੪)

(19). ਕ੍ਰੋਧ : ਅੱਜ ਦੇ ਜੁਗ ’ਚ ਹਰ ਮਨੁੱਖ ਆਪਣੀ ਮੱਤ ਨੂੰ ਉੱਚੀ ਸਮਝਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਆਲੇ ਦੁਆਲੇ ਦੇ ਸਾਕ ਸੰਬੰਧੀ, ਮਿੱਤਰ ਆਦਿ ਵੀ ਉਸ ਦੀ ਆਪਣੀ ਅਕਲ ’ਤੇ ਉਸ ਦੇ ਕਹੇ ਮੁਤਾਬਕ ਹੀ ਵਰਤਾਉ ਕਰਨ; ਅਜਿਹੀ ਸੋਚ ਰੱਖਣ ਕਰਕੇ ਭਾਵ ਕਿਸੇ ਦੇ ਵੱਖਰੇ ਵਤੀਰੇ ਕਾਰਨ ਕਮਜ਼ੋਰ (ਅਗਿਆਨੀ) ਮਨ ਵਾਲਾ ਮਨੁੱਖ ਛੇਤੀ ਹੀ ਗ਼ੁੱਸਾ ਕਰ ਬੈਠਦਾ ਹੈ। ਇੰਞ ਹੀ ਜਿੱਥੇ ਕਿੱਥੇ ਵੱਸ ਚੱਲਦਾ ਹੋਵੇ (ਜਿਵੇਂ ਕਿ ਮਾਪਿਆਂ ਦਾ ਛੋਟੇ ਬੱਚਿਆਂ ’ਤੇ) ਹੋਰਨਾਂ ਉੱਪਰ ਆਪਣੀ ਤਾਕਤ ਅਜ਼ਮਾਉਣ ਲਈ ਵੀ ਮਨੁੱਖ ਗ਼ੁੱਸਾ ਕਰ ਲੈਂਦਾ ਹੈ। ਝਗੜੇ ਦੇ ਮੂਲ ਕਾਰਨ ‘ਕ੍ਰੋਧ’ ਨੂੰ ਮੁਖ਼ਾਤਬ ਹੁੰਦਿਆਂ ਪੰਚਮ ਪਾਤਸ਼ਾਹ ਫ਼ੁਰਮਾਉਂਦੇ ਹਨ : ‘‘ਹੇ ਕਲਿ ਮੂਲ ਕ੍ਰੋਧੰ ! ਕਦੰਚ ਕਰੁਣਾ ਨ ਉਪਰਜਤੇ ॥ ਬਿਖਯੰਤ ਜੀਵੰ ਵਸ੍ਹੰ ਕਰੋਤਿ; ਨਿਰਤ੍ਹੰ ਕਰੋਤਿ ਜਥਾ ਮਰਕਟਹ ॥ ਅਨਿਕ ਸਾਸਨ ਤਾੜੰਤਿ ਜਮਦੂਤਹ; ਤਵ ਸੰਗੇ ਅਧਮੰ ਨਰਹ ॥’’ (ਸਹਸਕ੍ਰਿਤੀ/ਮ : ੫/੧੩੫੮) ਭਾਵ ਕਿ ਹੇ ਝਗੜੇ ਦੇ ਮੁੱਢ ਕ੍ਰੋਧ ! ਤੇਰੇ ਅੰਦਰ ਕਦੀ ਦਇਆ ਨਹੀਂ ਉਪਜਦੀ। ਤੇਰੇ ਵੱਸ ’ਚ ਆਉਣ ਕਰ ਕੇ, ਵਿਸ਼ਈ ਜੀਵ ਬਾਂਦਰਾਂ ਦੀ ਤਰ੍ਹਾਂ ਨੱਚਦੇ ਹਨ ਤੇ ਤੇਰੀ ਸੰਗਤ ’ਚ ਰਹਿਣ ਨਾਲ਼ ਨੀਚ ਸੁਭਾਅ ਵਾਲੇ ਬਣ ਜਾਂਦੇ ਹਨ।

ਧਿਆਨ ਰਹੇ ਕਿ ਅਜਿਹਾ ਚੰਡਾਲ ਕ੍ਰੋਧ ਮਨੁੱਖ ਦੇ ਸਰੀਰ (ਹਿਰਦੇ) ਅੰਦਰ ਹੀ ਵੱਸਦਾ ਹੈ। ਅਗਿਆਨਤਾ ਦੇ ਹਨੇਰੇ ਕਰਕੇ ਮਨੁੱਖ ਨੂੰ ਸਹੀ ਜੀਵਨ ਰਸਤਾ ਨਹੀਂ ਲੱਭਦਾ ਤੇ ਇੰਞ ਵੱਸ ’ਚ ਨਾ ਆਉਣ ਵਾਲੇ ਕ੍ਰੋਧ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ; ਜਿਵੇਂ ਕਿ ਗੁਰ ਵਾਕ ਹਨ : ‘‘ਬਸਇ ਕਰੋਧੁ, ਸਰੀਰਿ ਚੰਡਾਰਾ ॥ ਅਗਿਆਨਿ ਨ ਸੂਝੈ,  ਮਹਾ ਗੁਬਾਰਾ ॥ (ਸੂਹੀ/ਮ : ੫/੭੫੯), ਕਠਨ ਕਰੋਧ ਘਟ ਹੀ ਕੇ ਭੀਤਰਿ; ਜਿਹ ਸੁਧਿ ਸਭ ਬਿਸਰਾਈ ॥ ਰਤਨੁ ਗਿਆਨੁ, ਸਭ ਕੋ ਹਿਰਿ ਲੀਨਾ; ਤਾ ਸਿਉ ਕਛੁ ਨ ਬਸਾਈ ॥’’ (ਗਉੜੀ/ਮ : ੯/੨੧੯)

ਇਸ ਲਈ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸਾਨੂੰ ਕ੍ਰੋਧ ਤੋਂ ਦੂਰ ਭੱਜ ਜਾਣ ਦਾ ਉਪਦੇਸ਼ ਕਰਦੇ ਹਨ : ‘‘ਸਾਧੋ ! ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ; ਤਾ ਤੇ ਅਹਿਨਿਸਿ ਭਾਗਉ ॥’’ (ਗਉੜੀ/ਮ : ੯/੨੧੯) ਕ੍ਰੋਧ ਦੇ ਹਨੇਰੇ ਕਰਕੇ ਹੋਈ ਅਗਿਆਨਤਾ ਨੂੰ ਸਤਿਗੁਰੂ ਦੇ ਸ਼ਬਦ ਰੂਪੀ ਦੀਵੇ ਨਾਲ਼ ਹੀ ਮਿਟਾਇਆ ਜਾ ਸਕਦਾ ਹੈ (ਸਤਿਗੁਰ ਸਬਦਿ, ਕਰੋਧੁ ਜਲਾਵੈ ॥ ਆਸਾ/ਮ : ੧/੪੧੧) ਸਾਨੂੰ ਇਹ ਵੀ ਯਾਦ ਰੱਖਣਾ ਪਵੇਗਾ ਕਿ ਕਿਸੇ ਮਨੁੱਖ ਦਾ ਵਤੀਰਾ ਤਾਂ ਜ਼ਰੂਰ ਭੈੜਾ ਹੋ ਸਕਦਾ ਹੈ ਪਰ ਮੂਲ ਰੂਪ ਵਿੱਚ ਕੋਈ ਵੀ ਮਨੁੱਖ ਮਾੜਾ ਨਹੀਂ ਹੁੰਦਾ; (ਮੰਦਾ ਕਿਸ ਨੋ ਆਖੀਐ ? ਜਾਂ ਤਿਸੁ ਬਿਨੁ ਕੋਈ ਨਾਹਿ॥ ਮ : ੫/੧੩੮੧) ਨਿਮਰਤਾ ਤੇ ਸੱਚ ਭਰਪੂਰ ਅਜਿਹੀ ਸੋਚ ਨੂੰ ਹੋਰ ਵੀ ਮਜ਼ਬੂਤ ਆਧਾਰ ਪ੍ਰਦਾਨ ਕਰਨ ਲਈ ਕੁਝ ਗੁਰ ਬਚਨ ਬਹੁਤ ਲਾਭਕਾਰੀ ਸਾਬਤ ਹੋ ਸਕਦੇ ਹਨ; ਜਿਵੇਂ ਕਿ ‘‘ਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ ॥ (ਧਨਾਸਰੀ/ਮ : ੫/੬੭੧), ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥ (ਕਾਨੜਾ/ਮ : ੫/੧੨੯੯), ਸਭ ਮਹਿ ਜੋਤਿ, ਜੋਤਿ ਹੈ ਸੋਇ ॥ ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ ॥’’ (ਧਨਾਸਰੀ/ਮ : ੫/੧੩) ਇੰਞ ਗੁਰੂ ਦੇ ਸ਼ਬਦ ਰਾਹੀਂ ਅਸੀਂ ਕ੍ਰੋਧ ਤੇ ਫ਼ਤਿਹ ਹਾਸਲ ਕਰ ਸਕਦੇ ਹਾਂ ਅਤੇ ਇਸ ਗੱਲ ਦੀ ਗਵਾਹੀ ਭਰ ਸਕਦੇ ਹਾਂ ਕਿ ਗੁਰੂ ਨੂੰ ਮਿਲ ਕੇ ਹੀ ਕਾਮ, ਕ੍ਰੋਧ ਆਦਿ ਦੇ ਗੜ੍ਹ ਨੂੰ ਢਹਿ ਢੇਰੀ ਕੀਤਾ ਜਾ ਸਕਦਾ ਹੈ : ‘‘ਕਾਮਿ, ਕਰੋਧਿ, ਨਗਰੁ ਬਹੁ ਭਰਿਆ; ਮਿਲਿ ਸਾਧੂ, ਖੰਡਲ ਖੰਡਾ ਹੇ ॥’’ (ਗਉੜੀ ਪੂਰਬੀ/ਮ : ੪/੧੭੧)

(20). ਕਰਮਕਾਂਡ : ਭਾਵੇਂ ਕਿ ਵੱਖ-ਵੱਖ ਕਰਮ ਕਾਂਡਾਂ ਨੂੰ ਹੋਰਨਾਂ ਨੁਕਤਿਆਂ ਹੇਠ ਵੀ ਵਿਚਾਰਿਆ ਗਿਆ ਹੈ, ਫਿਰ ਵੀ ਸੰਖੇਪ ’ਚ ਹਵਾਲੇ ਵਜੋਂ ਗੁਰ ਉਪਦੇਸ਼ ਨੂੰ ਵਿਚਾਰਨਾ ਲਾਭਦਾਇਕ ਰਹੇਗਾ। ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਰਮਕਾਂਡ ਕੇਵਲ ਅਹੰਕਾਰ ਹੀ ਪੈਦਾ ਕਰਦੇ ਹਨ : ‘‘ਕਰਮਕਾਂਡ, ਬਹੁ ਕਰਹਿ ਅਚਾਰ ॥ ਬਿਨੁ ਨਾਵੈ; ਧ੍ਰਿਗੁ ਧ੍ਰਿਗੁ ਅਹੰਕਾਰ ॥ (ਗਉੜੀ ਗੁਆਰੇਰੀ ਮਹਲਾ ੩/੧੬੨), ਰਾਮ ਨਾਮ, ਗੁਣ ਗਾਇ ਪੰਡਿਤ  !॥ ਕਰਮਕਾਂਡ, ਅਹੰਕਾਰੁ ਨ ਕਾਜੈ; ਕੁਸਲ ਸੇਤੀ ਘਰ ਜਾਹਿ ਪੰਡਿਤ ! ॥’’ (ਰਾਮਕਲੀ ਮਹਲਾ ੫/੮੯੧)

ਰੱਬ ਦਾ ਨਾਮ ਸਾਰੀਆਂ ਹੀ ਧਾਰਮਕ ਰਸਮਾਂ ਨਾਲ਼ੋਂ ਸਰਬੋਤਮ ਹੈ, ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ : ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ, ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ॥’’ (ਸੂਹੀ/ਮ : ੫/੭੪੭)

—–ਚਲਦਾ—–

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪਹਿਲਾਂ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਤੀਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਚੌਥਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪੰਜਵਾਂ)

ਰਾਮ ਪਦਾਰਥੁ ਪਾਇ ਕੈ; ਕਬੀਰਾ ਗਾਂਠਿ ਨ ਖੋਲ੍ ॥

0

ਰਾਮ ਪਦਾਰਥੁ ਪਾਇ ਕੈ; ਕਬੀਰਾ ਗਾਂਠਿ ਨ ਖੋਲ੍ ॥ ਨਹੀ ਪਟਣੁ ਨਹੀ ਪਾਰਖੂ; ਨਹੀ ਗਾਹਕੁ, ਨਹੀ ਮੋਲੁ ॥੨੩॥

(ਸਲੋਕ, ਭਗਤ ਕਬੀਰ ਜੀ, ਪੰਨਾ ੧੩੬੫)

ਸੂਫ਼ੀ ਫ਼ਕੀਰ ਬਾਯਜੀਦ ਤੋਂ ਕਿਸੇ ਨੇ ਪੁੱਛਿਆ ਕਿ ਮੈਂ ਕੁਝ ਸਵਾਲ ਪੁੱਛ ਸਕਦਾ ਹਾਂ ? ਤਾਂ ਬਾਯਜੀਦ ਨੇ ਕਿਹਾ ਤੂੰ ਸਵਾਲ ਪੁੱਛ ਸਕਦਾ ਹੈਂ, ਪਰ ਤਾਂ ਪੁੱਛੀਂ ਜੇ ਉਸ ਦਾ ਜਵਾਬ ਗ੍ਰਹਿਣ ਕਰਨ ਦੇ ਯੋਗ ਹੈਂ। ਅਜਿਹਾ ਨਾ ਸੋਚੀਂ ਕਿ ਤੂੰ ਸਵਾਲ ਪੁੱਛੇਗਾ ਤੇ ਮੈਂ ਜਵਾਬ ਵੀ ਦੇਵਾਂ ਕਿਉਂਕਿ ਜਵਾਬ ਮੈਂ ਤਦ ਦੇ ਸਕਦਾ ਹਾਂ, ਜਦ ਤੂੰ ਪਾਤਰ ਹੈਂ ਜਵਾਬ ਨੂੰ ਝੱਲਣ ਦਾ। ਗ਼ਲਤ ਆਦਮੀ ਨੂੰ ਦਿੱਤਾ ਗਿਆ ਗਿਆਨ, ਖ਼ਤਰਨਾਕ ਹੋ ਸਕਦਾ ਹੈ। ਅਪਾਤਰ ਦੇ ਹੱਥ ਸ਼ਕਤੀ ਖ਼ੁਦ ਉਸ ਦੇ ਲਈ ਤੇ ਦੂਜਿਆਂ ਦੇ ਲਈ ਹਾਨੀਕਾਰਕ ਹੋ ਸਕਦੀ ਹੈ। ਅੰਮ੍ਰਿਤ ਵੀ ਅਪਾਤਰ ਵਿੱਚ ਜ਼ਹਿਰ ਬਣ ਜਾਂਦਾ ਹੈ।

ਲੋਕ; ਗੁਰੂ ਨੂੰ ਭਾਲਦੇ ਹਨ, ਬਿਨਾਂ ਇਸ ਦੀ ਫ਼ਿਕਰ ਕੀਤਿਆਂ ਕਿ ਉਹ ਅਜੇ ਸ਼ਿਸ਼ ਹੋਣ ਦੇ ਯੋਗ ਵੀ ਹੈਨ ਜਾਂ ਨਹੀਂ ।

ਲੋਕ ਪ੍ਰਮਾਤਮਾ ਨੂੰ ਵੀ ਭਾਲਦੇ ਹਨ, ਬਿਨਾਂ ਇਹਦੇ ਲਈ ਜ਼ਰਾ ਵੀ ਯਤਨ ਕੀਤਿਆਂ ਕਿ ਉਨ੍ਹਾਂ ਕੋਲ ਉਹ ਅੱਖਾਂ ਹੈਨ ਵੀ ਕਿ ਨਹੀਂ ? ਜੇ ਪ੍ਰਮਾਤਮਾ ਸਾਹਮਣੇ ਹੋਵੇ ਤਾਂ ਉਸ ਨੂੰ ਦੇਖ ਸਕਣ ਅਤੇ ਪਰਮਾਤਮਾ ਸਦਾ ਹੀ ਸਾਹਮਣੇ ਹੈ ਅਤੇ ਗੁਰੂ ਵੀ ਇੰਨਾ ਹੀ ਨੇੜੇ ਹੈ।

ਅਚਾਰੀਆ ਰਜਨੀਸ਼ (ਓਸ਼ੋ-ਸੰਨ 1931-1990)।

ਕਬੀਰ ਕੀਚੜਿ ਆਟਾ ਗਿਰਿ ਪਰਿਆ; ਕਿਛੂ ਨ ਆਇਓ ਹਾਥ॥ ਪੀਸਤ ਪੀਸਤ ਚਾਬਿਆ; ਸੋਈ ਨਿਬਹਿਆ ਸਾਥ॥੨੧੫॥

0

ਕਬੀਰ ਕੀਚੜਿ ਆਟਾ ਗਿਰਿ ਪਰਿਆ; ਕਿਛੂ ਨ ਆਇਓ ਹਾਥ॥ ਪੀਸਤ ਪੀਸਤ ਚਾਬਿਆ; ਸੋਈ ਨਿਬਹਿਆ ਸਾਥ॥੨੧੫॥

(ਸਲੋਕ, ਭਗਤ ਕਬੀਰ ਜੀ, ਪੰਨਾ ੧੩੭੬)

ਅਰਥ : ਹੇ ਕਬੀਰ  ! (ਕੋਈ ਤੀਵੀਂ ਜੁ ਕਿਸੇ ਦੇ ਘਰੋਂ ਆਟਾ ਪੀਹ ਕੇ ਲਿਆਈ, ਆਪਣੇ ਘਰ ਆਉਂਦਿਆਂ ਰਾਹ ਵਿੱਚ ਉਹ) ਆਟਾ ਚਿੱਕੜ ਵਿੱਚ ਡਿੱਗ ਪਿਆ, ਉਸ (ਵਿਚਾਰੀ) ਦੇ ਹੱਥ ਪੱਲੇ ਕੁਝ ਭੀ ਨਾਹ ਪਿਆ। ਚੱਕੀ ਪੀਂਹਦਿਆਂ ਪੀਂਹਦਿਆਂ ਜਿੰਨੇ ਕੁ ਦਾਣੇ ਉਸ ਨੇ ਚੱਬ ਲਏ, ਬੱਸ ! ਉਹੀ ਉਸ ਦੇ ਕੰਮ ਆਇਆ ।

ਨੋਟ : ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਦਿਨ ਦੇ ਕਿਸੇ ਖ਼ਾਸ ਵੇਲੇ ਨੂੰ ਜਾਂ ਉਮਰ ਦੇ ਕਿਸੇ ਖ਼ਾਸ ਹਿੱਸੇ ਨੂੰ ਉਡੀਕਦੇ ਨਹੀਂ ਰਹਿਣਾ, ਸੁਭਾਅ ਐਸਾ ਬਣਾਈਏ ਕਿ ਹਰ ਵੇਲੇ, ਹਰੇਕ ਕਿਰਤ ਕਾਰ ਵਿੱਚ ਰੱਬ ਚੇਤੇ ਰਹੇ। ਜੇ ਸਾਰਾ ਦਿਨ ਕਾਰ ਵਿਹਾਰ ਵਿੱਚ ਰੱਬ ਨੂੰ ਵਿਸਾਰ ਕੇ ਚੋਰ ਬਜ਼ਾਰੀ, ਠੱਗੀ ਫ਼ਰੇਬ ਕਰਦੇ ਰਹੇ ਤੇ ਸਵੇਰ ਵੇਲ਼ੇ ਮੰਦਰ, ਗੁਰ ਦੁਆਰੇ ਵਿੱਚ ਰਾਮ-ਰਾਮ ਕਰ ਆਏ ਜਾਂ ਇਸ ਕਮਾਈ ਵਿੱਚੋਂ ਕੁਝ ਦਾਨ ਪੁੰਨ ਕਰ ਦਿੱਤਾ, ਤਾਂ ਇਹ ਉੱਦਮ ਇਉਂ ਹੀ ਜਾਣੋ ਜਿਵੇਂ ਘੰਟਾ, ਦੋ ਘੰਟੇ ਲਾ ਕੇ ਪੀਸਿਆ ਹੋਇਆ ਆਟਾ ਹੈ, ਜੋ ਰਾਹ ਵਿੱਚ ਆਉਂਦਿਆਂ ਚਿੱਕੜ ਵਿੱਚ ਡਿੱਗ ਪਿਆ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਬੀਬੀ ਗੁਰਮੀਤ ਕੌਰ ਮੀਤ

ਪਾਣੀ ਦੀ ਘਾਟ ਅਤੇ ਉਸ ਦਾ ਪ੍ਰਦੂਸ਼ਣ

0

ਪਾਣੀ ਦੀ ਘਾਟ ਅਤੇ ਉਸ ਦਾ ਪ੍ਰਦੂਸ਼ਣ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ) – 0175-2216783

ਅੱਜ ਦੇ ਦਿਨ ਦੁਨੀਆ ਭਰ ਵਿੱਚ 2.8 ਬਿਲੀਅਨ ਲੋਕਾਂ ਨੂੰ ਪਾਣੀ ਦੀ ਕਮੀ ਨਾਲ ਕਿਤੇ ਨਾ ਕਿਤੇ ਜੂਝਣਾ ਪੈ ਰਿਹਾ ਹੈ। ਲਗਭਗ 1.2 ਬਿਲੀਅਨ ਲੋਕਾਂ ਕੋਲ ਪੀਣ ਯੋਗ ਪਾਣੀ ਨਹੀਂ ਹੈ।

ਕਾਰਨ  ?

  1. ਵਾਧੂ ਵਰਤੋਂ।
  2. ਧਰਤੀ ਹੇਠੋਂ ਪਾਣੀ ਦਾ ਖ਼ਾਤਮਾ।
  3. ਪਾਣੀ ਵਿੱਚ ਮਿਲਾਏ ਜਾ ਰਹੇ ਹਾਣੀਕਾਰਕ ਤੱਤ।

ਯੂਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ ਨੇ ਇਹ ਲੱਭਿਆ ਹੈ ਕਿ ਬਹੁਤੇ ਮੁਲਕਾਂ ਵਿੱਚ ਪਾਣੀ ਤਾਂ ਹੈ ਪਰ ਹਰ ਲੋੜਵੰਦ ਤੱਕ ਪਹੁੰਚਾਉਣ ਦਾ ਜ਼ਰੀਆ ਸਹੀ ਨਹੀਂ ਹੈ। ਕੁੱਝ ਮੁਲਕਾਂ ਵਿੱਚ ਜ਼ਮੀਨ ਹੇਠੋਂ ਪਾਣੀ ਤਾਂ ਕੱਢਿਆ ਜਾ ਰਿਹਾ ਹੈ ਪਰ ਵਾਪਸ ਪਾਣੀ ਹੇਠਾਂ ਨਹੀਂ ਭੇਜਿਆ ਜਾ ਰਿਹਾ। ਇਸੇ ਲਈ ਵਿਸ਼ਵਭਰ ਦੇ ਅੱਧਾ ਬਿਲੀਅਨ ਲੋਕਾਂ ਨੂੰ ਪੂਰਾ ਸਾਲ ਹੀ ਪਾਣੀ ਦੀ ਕਮੀ ਨਾਲ ਜੂਝਣਾ ਪੈਂਦਾ ਹੈ। ਧਰਤੀ ਦੇ ਚੁਫੇਰੇ ਪਾਣੀ ਦੇ ਭੰਡਾਰ ਹੋਣ ਦੇ ਬਾਵਜੂਦ ਸਿਰਫ਼ 0.014 ਫੀਸਦੀ ਪਾਣੀ ਹੀ ਪੀਣ ਯੋਗ ਹੈ। ਬਾਕੀ 97 ਫੀਸਦੀ ਨਮਕੀਨ ਤੇ 3 ਫੀਸਦੀ ਦੇ ਨੇੜੇ-ਤੇੜੇ ਪਹੁੰਚ ਤੋਂ ਬਾਹਰ ਹੈ। ਇਹ ਕਿਆਸ ਲਾਇਆ ਜਾ ਚੁੱਕਿਆ ਹੈ ਕਿ ਸੰਨ 2030 ਤੱਕ ਧਰਤੀ ਉੱਤੇ ਪੀਣ ਵਾਲੇ ਪਾਣੀ ਦੀ ਏਨੀ ਘਾਟ ਹੋ ਜਾਣੀ ਹੈ ਕਿ 40 ਫੀਸਦੀ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹੋਣਗੇ ਤੇ ਪਾਣੀ ਖੁਣੋਂ ਮੌਤਾਂ ਦਾ ਢੇਰ ਲੱਗ ਜਾਣਾ ਹੈ।

ਦਰਖਤ ਵੱਢਣ, ਲੋੜੋਂ ਵੱਧ ਪ੍ਰਦੂਸ਼ਣ, ਮੌਸਮੀ ਤਬਦੀਲੀ, ਵਧਦੀ ਗਰਮੀ, ਕੁੱਝ ਇਲਾਕਿਆਂ ਵਿੱਚ ਬਾਰਸ਼ ਦੀ ਕਮੀ, ਪਾਣੀ ਦਾ ਜ਼ਾਇਆ ਹੋਣਾ, ਫੈਕਟਰੀਆਂ ਵੱਲੋਂ ਪੀਣ ਵਾਲੇ ਪਾਣੀ ਵਿੱਚ ਗੰਦਗੀ ਰਲਾਉਣੀ, ਖੇਤਾਂ ਵਿੱਚ ਲੋੜੋਂ ਵੱਧ ਵਰਤੋਂ, ਸੜਕਾਂ ਧੋਣੀਆਂ, ਹੋਟਲਾਂ ਵਿੱਚ ਵਾਧੂ ਵਰਤੋਂ, ਆਦਿ ਅਨੇਕ ਕਾਰਨ ਗਿਣਾਏ ਜਾ ਚੁੱਕੇ ਹਨ। ਕੁੱਝ ਮੁਲਕਾਂ ਵਿੱਚ, ਵੇਲੇ ਸਿਰ ਇਸ ਖ਼ਤਰੇ ਨੂੰ ਭਾਂਪਦੇ ਤਬਦੀਲੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਮਿਸਾਲ ਵਜੋਂ, ਅਸਟ੍ਰੇਲੀਆ ਵਿੱਚ ਇਹ ਸਭ ਧਿਆਨ ਵਿੱਚ ਰੱਖਦੇ ਹੋਏ ਸੰਨ 2001 ਤੋਂ 2009 ਤੱਕ ਪਾਣੀ ਦੀ ਫਾਲਤੂ ਵਰਤੋਂ ਉੱਤੇ ਰੋਕ ਲਾ ਕੇ 40 ਫੀਸਦੀ ਤੱਕ ਪਾਣੀ ਬਚਾ ਲਿਆ ਗਿਆ ਤੇ ਇਸ ਨਾਲ ਸਗੋਂ ਉਨ੍ਹਾਂ ਦੇ ਅਰਥ ਵਿਵਸਥਾ ਵਿੱਚ 30 ਫੀਸਦੀ ਵਾਧਾ ਵੀ ਹੋ ਗਿਆ ਹੈ।

ਡੈਮ, ਕਨਾਲ, ਐਕੁਈਡਕਟ, ਪਾਈਪਾਂ, ਰੈਜ਼ਰਵਾਇਰ ਆਦਿ ਬਣਾ ਕੇ ਪਾਣੀ ਨੂੰ ਖ਼ੂਬਸੂਰਤ ਤਰੀਕੇ ਸੰਭਾਲ ਲਿਆ ਗਿਆ ਹੈ। ਰੀਸਾਈਕਿਗ ਕਰਨ ਨਾਲ ਵਰਤੇ ਹੋਏ ਪਾਣੀ ਨੂੰ ਸਾਫ ਕਰ ਕੇ ਦੁਬਾਰਾ ਵਰਤੋਂ ਵਿੱਚ ਲਿਆਇਆ ਜਾ ਰਿਹਾ ਹੈ। ਇਹ ਮਿਸਾਲ ਪੂਰੀ ਦੁਨੀਆ ਅੱਗੇ ਰੱਖੀ ਗਈ ਹੈ ਕਿ ਜੇ ਮਨੁੱਖੀ ਜੀਵਨ ਬਚਾਉਣਾ ਹੈ ਤਾਂ ਇਹੋ ਢੰਗ ਹੀ ਬਚਿਆ ਹੈ।

ਇਕ ਹੋਰ ਤਰੀਕੇ ਵੀ ਪਾਣੀ ਬਹੁਤ ਜ਼ਾਇਆ ਹੋ ਰਿਹਾ ਹੈ। ਦੁਧਾਰੂ ਜਾਨਵਰ ਪਾਲਣ, ਮੁਰਗੀਆਂ ਪਾਲਣ ਆਦਿ ਨਾਲ ਵੀ ਪਾਣੀ ਦੀ ਵਾਧੂ ਵਰਤੋਂ ਹੋ ਰਹੀ ਹੈ। ਵਿਕਸਿਤ ਮੁਲਕਾਂ ਵਿੱਚ ਵਿਕਾਸਸ਼ੀਲ ਦੇਸਾਂ ਨਾਲੋਂ 10 ਗੁਣਾ ਵੱਧ ਪਾਣੀ ਦੀ ਵਰਤੋਂ ਹੋ ਰਹੀ ਹੈ। ਉੱਥੇ ਇਹ ਫੂਡ ਪਰੋਸੈੱਸਿੰਗ ਤੇ ਹੋਰ ਪੈਕੇਜਿੰਗ ਵਿੱਚ ਵਰਤਿਆ ਜਾ ਰਿਹਾ ਹੈ। ਪੂਰੀ ਦੁਨੀਆ ਵਿਚਲੀ ਇੱਕ ਚੌਥਾਈ ਆਬਾਦੀ ਆਪਣੇ ਘਰੋਂ ਕਈ ਕਿਲੋਮੀਟਰ ਦੂਰ ਤੱਕ ਤੁਰ ਕੇ ਪੀਣ ਵਾਲਾ ਪਾਣੀ ਲਿਆਉਂਦੀ ਹੈ। ਅੰਦਾਜ਼ਾ ਲਾਇਆ ਗਿਆ ਹੈ ਕਿ ਕਈ ਵਿਕਾਸਸ਼ੀਲ ਦੇਸਾਂ ਵਿੱਚ ਔਸਤਨ 20 ਲਿਟਰ ਪਾਣੀ ਪ੍ਰਤੀ ਦਿਨ, ਪ੍ਰਤੀ ਬੰਦਾ ਵਰਤ ਰਿਹਾ ਹੈ ਜਿਸ ਵਿੱਚ ਕੱਪੜੇ ਧੋਣੇ ਸ਼ਾਮਲ ਨਹੀਂ ਹਨ। ਇਸ ਵਿੱਚ ਅਫਰੀਕਾ ਵਿੱਚ ਕਈ ਥਾਈਂ ਸਿਰਫ਼ 10 ਲਿਟਰ ਤੱਕ ਹੀ ਵਰਤਿਆ ਜਾ ਰਿਹਾ ਹੈ।

ਹੁਣ ਫਿਕਰ ਇਹ ਹੈ ਕਿ ਚੌਲ ਤੇ ਕਣਕ ਦੀ ਫਸਲ ਏਨਾ ਪਾਣੀ ਵੀ ਨਹੀਂ ਰਹਿਣ ਦੇਣ ਲੱਗੀ। ਪੰਜਾਬ ਦੀ ਜਨਸੰਖਿਆ ਵਿੱਚ ਪਿਛਲੇ 50 ਸਾਲਾਂ ਵਿੱਚ 62 ਫੀਸਦੀ ਵਾਧਾ ਹੋ ਚੁੱਕਿਆ ਹੈ। ਲਗਾਤਾਰ ਖੇਤੀ ਕਰਨ ਨਾਲ ਹੁਣ ਬਠਿੰਡਾ, ਫਿਰੋਜ਼ਪੁਰ ਤੇ ਫਰੀਦਕੋਟ ਦੀ ਮਿੱਟੀ ਵਿੱਚ ਫਾਸਫੋਰਸ ਦੀ ਘਾਟ ਹੋ ਚੁੱਕੀ ਹੈ। ਕਈ ਹੋਰ ਹਿੱਸਿਆਂ ਵਿੱਚ ਲੋਹ ਕਣ ਤੇ ਮੈਂਗਨੀਜ਼ ਘਟ ਚੁੱਕੇ ਹਨ। ਬੇਹਿਸਾਬੇ ਕੀਟਨਾਸ਼ਕਾਂ ਸਦਕਾ ਤੇ ਪੈਦਾਵਾਰ ਵਧਾਉਣ ਦੇ ਵੱਖੋ-ਵੱਖ ਤਰੀਕਿਆਂ ਸਦਕਾ ਇਹ ਸਭ ਹੋ ਰਿਹਾ ਹੈ। ਅੱਜ ਦੇ ਦਿਨ ਪੰਜਾਬ ਵਿਚ 12.32 ਲੱਖ ਟਿਊਬਵੈੱਲ ਲਗਾਤਾਰ ਜ਼ਮੀਨ ਹੇਠਲਾ ਪਾਣੀ ਖਿੱਚ ਰਹੇ ਹਨ। ਇੱਕ ਪਾਸੇ ਪਾਣੀ ਦੀ ਲਗਾਤਾਰ ਹੁੰਦੀ ਕਮੀ ਤੇ ਦੂਜੇ ਪਾਸੇ ਕੀਟਨਾਸ਼ਕਾਂ ਦਾ ਧਰਤੀ ਦੇ ਹੇਠਾਂ ਡੂੰਘੇ ਲੰਘ ਜਾਣ ਨਾਲ ਪਾਣੀ ਦਾ ਪ੍ਰਦੂਸ਼ਿਤ ਹੋਣਾ ਖ਼ਤਰੇ ਦੀ ਘੰਟੀ ਵਜਾ ਰਹੇ ਹਨ।

ਮੋਗਾ, ਜਲੰਧਰ, ਬਰਨਾਲਾ, ਮੋਹਾਲੀ ਵਰਗੇ ਸ਼ਹਿਰਾਂ ਵਿੱਚ ਪ੍ਰਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਵੱਡੀ ਪੱਧਰ ਉੱਤੇ ਸਾਹਮਣੇ ਆ ਰਹੀਆਂ ਹਨ। ਹੁਸ਼ਿਆਰਪੁਰ, ਨਵਾਂ ਸ਼ਹਿਰ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਸੀਲੀਨੀਅਮ ਦਾ ਵਾਧਾ ਦਿੱਸਣ ਲੱਗ ਪਿਆ ਹੈ ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਤੇ ਰੋਪੜ ਵਿੱਚ ਆਰਸੈਨਿਕ ਦਾ ਵਾਧਾ ਹੋਇਆ ਹੈ। ਬਠਿੰਡਾ, ਫਿਰੋਜ਼ਪੁਰ, ਮਾਨਸਾ ਤੇ ਪਟਿਆਲਾ ਵਿੱਚ ਫਲੋਰਾਈਡ ਦੀ ਮਾਤਰਾ ਵੱਧ ਹੋ ਚੁੱਕੀ ਹੈ।  ਗੁਰਦਾਸਪੁਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਟਿਆਲਾ, ਰੋਪੜ ਤੇ ਮੋਗਾ ਵਿੱਚ ਜ਼ਮੀਨ ਹੇਠਲੇ ਪਾਣੀ ਵਿੱਚ ਐਲਮੀਨੀਅਮ ਵੱਧ ਚੁੱਕਿਆ ਹੈ। ਫਿਰੋਜ਼ਪੁਰ, ਮੋਗਾ, ਬਰਨਾਲਾ, ਬਠਿੰਡਾ ਤੇ ਸੰਗਰੂਰ ਵਿੱਚ ਯੂਰੇਨੀਅਮ ਦਾ ਵਾਧਾ ਦਿੱਸਣ ਲੱਗ ਪਿਆ ਹੈ। ਆਈ. ਸੀ. ਐਮ. ਆਰ. ਵੱਲੋਂ ਕੀਤੀ ਖੋਜ ਰਾਹੀਂ ਇਹ ਸਭ ਸਾਬਤ ਹੋਇਆ ਹੈ ਜਿਸ ਨਾਲ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦਾ ਵਾਧਾ ਹੋ ਕੇ 30.5 ਪ੍ਰਤੀ ਲੱਖ ਪਹੁੰਚ ਗਿਆ ਹੈ ਜਦਕਿ ਬਠਿੰਡਾ ਤੇ ਮੁਕਤਸਰ ਵਿੱਚ ਇਹ ਅੰਕੜਾ 75 ਪ੍ਰਤੀ ਲੱਖ ਹੈ। ਇਹ ਸਭ ਕੁੱਝ ਜਾਣ ਕੇ ਕੀ ਹਾਲੇ ਵੀ ਕੋਈ ਜਾਗਣਾ ਚਾਹੇਗਾ ?

ਪਾਣੀ ਦੀ ਘਾਟ ਦਾ ਖ਼ਤਰਾ ਸਾਡੇ ਸਿਰ ਉੱਤੇ ਮੰਡਰਾ ਰਿਹਾ ਹੈ ਤੇ ਸਾਨੂੰ ਅਗਾਊਂ ਆਉਣ ਵਾਲੀ ਦਰਦਨਾਕ ਮੌਤ ਦਾ ਸੁਣੇਹਾ ਦੇ ਰਿਹਾ ਹੈ। ਦੂਜੇ ਪਾਸੇ ਪ੍ਰਦੂਸ਼ਿਤ ਧਰਤੀ ਹੇਠਲਾ ਪਾਣੀ ਸਾਡੀਆਂ ਪੁਸ਼ਤਾਂ ਨੂੰ ਨੇਸਤਾ ਨਾਬੂਦ ਕਰਨ ਨੂੰ ਤਿਆਰ ਬੈਠਾ ਹੈ ! ਕੀ ਅਸੀਂ ਪੰਜਾਬ ਨੂੰ ਮੋਇੰਜੋਦੜੋ ਵਿੱਚ ਤਬਦੀਲ ਹੋਣ ਦੀ ਉਡੀਕ ਕਰ ਰਹੇ ਹਾਂ ? ਕਦੋਂ ਸਮਝਾਗੇ ਕਿ ਕਣਕ-ਚੌਲ ਦੇ ਚੱਕਰ ਨਾਲ ਧਰਤੀ ਹੇਠੋਂ ਪਾਣੀ ਖ਼ਤਮ ਕਰਨ ਦੀ ਥਾਂ ਇਜ਼ਰਾਈਲ ਵਾਂਗ ਸਪਰਿੰਕਲਰ ਸਿਸਟਮ ਵਰਤ ਕੇ ਆਉਣ ਵਾਲੀ ਪੁਸ਼ਤ ਬਚਾ ਲਈਏ ? ਆਖ਼ਰ ਕਦੇ ਤਾਂ ਧਰਤੀ ਵਿੱਚ ਜ਼ਹਿਰ ਰਲਾਉਣ ਤੋਂ ਹਟਾਂਗੇ ਤੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਛੱਡਾਂਗੇ।

ਹਾਲੇ ਵੀ ਵੇਲਾ ਹੈ ! ਮੀਂਹ ਦਾ ਪਾਣੀ ਸਾਂਭ ਕੇ ‘ਰੇਨ ਵਾਟਰ ਹਾਰਵੈਸਟਿੰਗ’ ਕਰ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾ ਲਈਏ ਪਰ ਉਸ ਤੋਂ ਪਹਿਲਾਂ ਧਰਤੀ ਉੱਪਰ ਛਿੜਕਾਏ ਜਾ ਰਹੇ ਕੀਟਨਾਸ਼ਕਾਂ ਨੂੰ ਹਰ ਹਾਲ ਬੰਦ ਕਰਨਾ ਪੈਣਾ ਹੈ ਤਾਂ ਜੋ ਜ਼ਹਿਰੀਲਾ ਪਾਣੀ ਪੀ ਕੇ ਮਰਨ ਅਤੇ ਪੰਜਾਬੀਆਂ ਦਾ ਨਾਮੋ ਨਿਸ਼ਾਨ ਮਿਟ ਜਾਣ ਤੋਂ ਬਚਾਓ ਹੋ ਸਕੇ।

ਤਾਜ਼ੀਆਂ ਖ਼ਬਰਾਂ ਅਨੁਸਾਰ ਨੇਪਾਲ ਨੇ ਤਾਂ ਭਾਰਤ ਵੱਲੋਂ ਭੇਜੀਆਂ ਫਲ ਸਬਜ਼ੀਆਂ ਲੈਣੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਵਿਚਲੇ ਜ਼ਹਿਰ ਨੇ ਉਨ੍ਹਾਂ ਨੂੰ ਮਨੁੱਖੀ ਵਰਤੋਂ ਜੋਗਾ ਛੱਡਿਆ ਨਹੀਂ। ਇਨ੍ਹਾਂ ਨੂੰ ਖਾ ਕੇ ਅਸੀਂ ਕਿੰਨੀ ਦੇਰ ਹੋਰ ਜੀਅ ਸਕਾਂਗੇ, ਕਿਆਸ ਲਾਉਣਾ ਔਖਾ ਨਹੀਂ।

ਗਿਆਨ ਨੇਤ੍ਰ ਹੀ ਨਿਰਮਲ ਪੰਥ ’ਚ ਮਿਲਾਵਟਖੋਰਾਂ ਦੀ ਪਰਖ ਕਰ ਸਕਦੇ ਹਨ।

0

ਗਿਆਨ ਨੇਤ੍ਰ ਹੀ ਨਿਰਮਲ ਪੰਥ ’ਚ ਮਿਲਾਵਟਖੋਰਾਂ ਦੀ ਪਰਖ ਕਰ ਸਕਦੇ ਹਨ।

ਅਮਨਪ੍ਰੀਤ ਸਿੰਘ (ਪੰਚਾਇਤ ਮੈਂਬਰ), ਗੁਰਸਿੱਖ ਫੈਮਲੀ ਕਲੱਬ (ਲੁਧਿਆਣਾ)

ਸਮਾਜ ’ਚ ਇਹ ਚੱਲਣ ਆਮ ਦੇਖਣ ਨੂੰ ਮਿਲਦਾ ਹੈ ਕਿ ਖ਼ਾਲਸ ਜਾਂ ਸ਼ੁੱਧ ਚੀਜ਼ ਵਿੱਚ ਮਿਲਾਵਟ ਖੁੱਲ੍ਹ ਕੇ ਹੁੰਦੀ ਹੈ ਤੇ ਹੁੰਦੀ ਵੀ ਇਸ ਢੰਗ ਨਾਲ ਹੈ ਕਿ ਅਸਲ ਤੇ ਨਕਲ ਦੀ ਪਹਿਚਾਣ ਕਰਨੀ ਔਖੀ ਹੋ ਜਾਂਦੀ ਹੈ।  ਕਈ ਵਾਰ ਤਾਂ ਮਿਲਾਵਟ ਅੱਗੇ, ਪਰ ਸ਼ੁੱਧ ਵਸਤੂ ਪਿੱਛੇ ਰਹਿ ਜਾਂਦੀ ਹੈ। ਕੀ ਬਰੈਂਡਿਡ ਕੱਪੜੇ/ਜੁੱਤੇ ਤੇ ਕੀ ਖਾਣ ਵਾਲੇ ਪਦਾਰਥ ਮਿਲਾਵਟਖੋਰਾਂ ਨੇ ਕੋਈ ਚੀਜ਼ ਨਹੀਂ ਛੱਡੀ।  ਹੁਣ ਸਮਾਂ ਇਹ ਆ ਗਿਆ ਹੈ ਕਿ ਅਸਲ ਨੂੰ ਲੱਭਣ ਲਈ ਯਤਨ ਕਰਨੇ ਪੈਂਦੇ ਹਨ, ਪਰ ਨਕਲ ਤੁਹਾਡੇ ਤੱਕ ਆਪਣੇ ਆਪ ਅੱਪੜ ਜਾਂਦੀ ਹੈ। ਸੋ ਅਸਲ ਤੇ ਨਕਲ ਦੀ ਪਹਿਚਾਣ ਕਰਨ ਦੀ ਬਿਬੇਕਤਾ ਹੋਣੀ ਬਹੁਤ ਅਵੱਸ਼ ਹੈ ਤੇ ਇਹ ਬਿਬੇਕਤਾ ਗਿਆਨ ਤੋਂ ਬਿਨਾਂ ਮਿਲਣੀ ਅਸੰਭਵ ਹੈ ਤੇ ਗਿਆਨ ਸਚੇ ਗੁਰੂ ਤੋਂ ਬਿਨਾਂ ਮਿਲਣਾ ਨਾ ਮੁਮਕਿਨ ਹੈ, ‘‘ਗਿਆਨ ਅੰਜਨੁ ਗੁਰਿ ਦੀਆ; ਅਗਿਆਨ ਅੰਧੇਰ ਬਿਨਾਸੁ ॥ (ਗਉੜੀ ਸੁਖਮਨੀ/ਮ: ੫/੨੯੩)

ਮਿਲਾਵਟ ਦੇ ਯੁਗ ’ਚ ਗਿਆਨ ਹਾਸਲ ਕਰਨਾ ਵੀ ਕਿਸੇ ਪਹਾੜੀ ਦੀ ਚੋਟੀ ਨੂੰ ਸਰ ਕਰਨ ਤੋਂ ਘਟ ਨਹੀਂ ਕਿਉਂਕਿ ਇਸ ਖੇਤਰ ਵਿੱਚ ਵੀ ਮਿਲਾਵਟਖੋਰ ਆ ਚੁੱਕੇ ਹਨ ਪਰ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਕਿਉਂਕਿ ਚੋਰ ਹਮੇਸ਼ਾ ਸ਼ਾਹੂਕਾਰ ਦੇ ਘਰ ਹੀ ਜਾਂਦੇ ਹਨ, ਕੰਗਾਲ ਦੇ ਘਰ ਕਿਸੇ ਚੋਰ ਨੂੰ ਕੀ ਮਿਲਣਾ ਹੈ ?  ਸਿੱਖ ਪੰਥ ’ਚ ਵੀ ਇਹ ਮਿਲਾਵਟਖੋਰ, ਬਾਕੀ ਮਿਲਾਵਟਖੋਰਾਂ ਤੋਂ ਸਿਖਿਅਤ ਹੋ ਕੇ ਆਏ ਹੁੰਦੇ ਹਨ ਤੇ ਉਸੇ ਤਰਜ਼ ’ਤੇ ਮਿਲਾਵਟ ਕਰ ਰਹੇ ਹਨ। ਕੀ ਸਾਡਾ ਇਤਿਹਾਸ, ਸਾਡੀਆਂ ਜਨਮ ਸਾਖੀਆਂ, ਸਾਡੇ ਦਿਨ ਤਿਉਹਾਰ, ਸਾਡੇ ਇਤਿਹਾਸਕ ਸਥਾਨਾਂ ਤੋਂ ਲੈ ਕੇ ਸਾਡੇ ਸੱਭਿਆਚਾਰ ਤੱਕ ਕਾਫ਼ੀ ਹੱਦ ਤੱਕ ਮਿਲਾਵਟ ਕਰਨ ’ਚ ਇਹ ਕਾਮਯਾਬ ਹੋ ਚੁੱਕੇ ਹਨ। ਇਨ੍ਹਾਂ ਮਿਲਾਵਟਖੋਰਾਂ ਦੇ ਸਰੂਪ ਵੀ ਸਾਡੇ ਵਰਗੇ ਹੀ ਹਨ ਤੇ ਬਹੁਤੀ ਵਾਰ ਤਾਂ ਇਹ ਅਜਿਹੇ ਬਸਤਰ  ਧਾਰਨ ਕਰਦੇ ਨਜ਼ਰੀ ਆਉਂਦੇ ਹਨ ਕਿ ਸਰੂਪ ’ਚ ਸਾਨੂੰ ਵੀ ਮਾਤ ਪਾ ਛੱਡਦੇ ਹਨ। ਸੋ ਇਨ੍ਹਾਂ ਦੀ ਪਹਿਚਾਣ ਬਾਹਰੀ ਤੋਰ ’ਤੇ ਕਰਨੀ ਅਸੰਭਵ ਵੀ ਹੈ ਤੇ ਲੋੜ ਵੀ ਕੋਈ ਨਹੀਂ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਮਨੁੱਖ ਨਾਲ ਨਹੀਂ ਸਗੋਂ ਸ਼ਬਦ ਗੁਰੂ ਨਾਲ ਜੋੜਿਆ ਹੈ, ਇਸ ਲਈ ਅਸੀਂ ਗੁਰਬਾਣੀ; ਗੁਰੂ ਤੋਂ ਸਿਖਿਅਤ ਹੋ ਕੇ ਨਕਲ ਤੇ ਅਸਲ ਦੀ ਪਹਿਚਾਣ ਕਰਨਯੋਗੇ ਹੋਣਾ ਹੈ ਕਿਉਂਕਿ ਗਿਆਨ ਦੀ ਸ਼ਕਤੀ ਬਾਰੇ ਸਤਿਗੁਰ ਫ਼ਰਮਾਉਂਦੇ ਹਨ, ‘‘ਗਿਆਨ ਮਹਾ ਰਸੁ ਨੇਤ੍ਰੀ ਅੰਜਨੁ; ਤ੍ਰਿਭਵਣ ਰੂਪੁ ਦਿਖਾਇਆ ॥’’ (ਸੂਹੀ/ਮ: ੧/੭੬੪)

ਜੇਕਰ ਕੋਈ ਇਸ ਅਸਲ ਨੂੰ ਨਾ ਮੰਨਣ ਦੀ ਜ਼ਿੱਦ ਵੀ ਕਰ ਲਵੇ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਕਿਉਂਕਿ ਅਸਲ ਵਸਤੂ ਦੀ ਪਹਿਚਾਣ ਕਰਨ ਦੀ ਜੁਗਤ ਵੀ ਹਰੇਕ ਵਿੱਚ ਨਹੀਂ ਹੁੰਦੀ ਜਾਂ ਸੱਚ ਹਜ਼ਮ ਕਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ। ਗੁਰਵਾਕ ਹੈ, ‘‘ਗਿਆਨੁ ਨ ਗਲੀਈ ਢੂਢੀਐ; ਕਥਨਾ ਕਰੜਾ ਸਾਰੁ ॥’’ (ਆਸਾ ਕੀ ਵਾਰ/ਮ: ੧/੪੬੫)

ਸੋ ਸਿੱਖ ਨੇ ਸੱਚ ਨਾਲ ਜੁੜ ਕੇ ਸਚਿਆਰ ਬਣਨ ਦਾ ਯਤਨ ਕਰਨਾ ਹੈ। ਸਾਡੇ ਆਲੇ ਦੁਆਲੇ ਝੂਠ ਫ਼ਰੇਬ ਦੀਆਂ ਦੁਕਾਨਾਂ ਅਤੇ ਡੇਰੇ ਬਥੇਰੇ ਹਨ, ਇਨ੍ਹਾਂ ਤੋਂ ਆਪਣਾ ਬਚਾਓ ਕਰ ਕੇ ਮਾਨਸਕ ਸੋਸ਼ਣ ਹੋਣ ਤੋਂ ਬਚਣਾ ਹੈ।  ਸਿੱਖ ਨੇ ਆਪਣੇ ‘ਗਿਆਨੁ ਨੇਤ੍ਰ’ ਨੂੰ ਗੁਰਬਾਣੀ ਗਿਆਨ ਰਾਹੀਂ ਖੋਲ੍ਹ ਕੇ ਸਹੀ ਰਸਤਾ ਚੁਣਨਾ ਹੈ ਭਾਂਵੇ ਕਿ ਸਾਡੇ ਆਸ ਪਾਸ ਨੇਤ੍ਰ ਬੰਦ ਕਰਵਾਉਣ ਵਾਲੇ ਬਥੇਰੇ ਧੜੇ ਮਿਲ ਜਾਣਗੇ, ਸਾਹ ਨੂੰ ਅੰਦਰ ਬਾਹਰ ਕਰਵਾਉਣ ਵਾਲੇ ਵੀ, ਪਰ ਗੁਰਮਤਿ ਗਿਆਨ ਤੱਤ ਆਪ ਗੁਰਬਾਣੀ ਪੜ੍ਹਨ ਤੇ ਵਿਚਾਰਨ ਨਾਲ ਹੀ ਹਾਸਲ ਹੋਏਗਾ, ਜਿਸ ਨੂੰ ਆਪਣੇ ਜੀਵਨ ’ਚ ਲਾਗੂ ਕਰ ਕੇ ਜੀਵਨ ਸਫਲ ਬਣਾਉਣਾ ਹੈ।

ਬਾਬਾ ਕਬੀਰ ਜੀ ਦੇ ਵਚਨ ਹਨ ਕਿ ਜਦ ਗੁਰੂ ਗਿਆਨ ਦਾ ਪ੍ਰਕਾਸ਼; ਹਿਰਦੇ ਅੰਦਰ ਹੁੰਦਾ ਹੈ ਤਾਂ ਸਾਰੇ ਹੀ ਭਰਮ-ਭੁਲੇਖੇ ਮਿਟ ਜਾਂਦੇ ਹਨ ਬੰਦਾ ਕਿਸੇ ਦਾ ਮੁਥਾਜ ਨਹੀਂ ਰਹਿੰਦਾ, ‘‘ਦੇਖੌ ਭਾਈ  ! ਗ੍ਯਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ; ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥.. ਆਂਧੀ ਪਾਛੇ ਜੋ ਜਲੁ ਬਰਖੈ; ਤਿਹਿ ਤੇਰਾ ਜਨੁ ਭੀਨਾਂ ॥  ਕਹਿ ਕਬੀਰ ਮਨਿ ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ ॥੨॥’’ (ਗਉੜੀ/ ਭਗਤ ਕਬੀਰ ਜੀ/੩੩੨)

Transforming Relations (Part 6)

0

Transforming Relations

A Journey from Autumn to Spring – The Secrets of Blissful Living

4th Chapter – Marriage – An Institution – 2nd Part

A Point of View:

Religion is not just a collection of beliefs but also a path of life :

The Sikh faith does not permit racial bias; hence, there is no racial bar when it comes to marriage. Regarding inter-faith marriages, one must understand that such marriages will be challenging, and both partners will have to work hard to make it work. Religion is not just a collection of beliefs to be understood, but also a path of life one decides to follow. Two spouses practicing two faiths will undoubtedly face many obstacles and hurdles. It is debatable whether a marriage would be successful if one partner converts to the faith of his/her partner. On the other hand, a marriage where both partners continue to profess their faith could also be successful (though rarely) if the couple concerned work hard on it.

Two Case Histories

A White Lady married to a Sikh:

“My husband is a great human being. While working for him as his secretary, I liked him. We got married, even though my British parents did not agree with it. Later, when they found my husband to be a nice and noble man and financially well off, they reconciled with our marriage. They now visit us regularly. Before our relations became normal with them, we started facing other problems. The problem of naming our children was easy to overcome. We agreed to give them both Punjabi and Christian names. The other problems, however, continue.

When we go to the church, none of us really benefits from it. He does not believe in Christianity and he just sits there to be with me. My mind remains constantly occupied with the idea that I am forcing one gentleman to sit there for nothing. The same thing is experienced at the Gurdwara, where our roles are switched. I do not understand Sikh sermons recited in Punjabi. He knows that I am there waiting for the function to be over.

The third problem is regarding the faith of our children. Should we raise them as Christians or as Sikhs? It bothers me most and it also seems to have no solution. He says, “I can raise them as Christians. However, as a true Christian, I feel it is sin to raise the children of a Sikh as Christians. If we do not teach them any faith, that also is a sin. I am really under great stress.”

The lady summarized her experience in two sentences. “If you love a person of a different faith, be a sincere friend but do not marry that person. By marrying you will ruin the true meaning of life for both.”

A different experience of inter-faith marriage:

A European lady is married to a Sikh who cuts his hair. She studied Sikh faith and had observed the Sikh culture before her marriage to him. She not only accepted the Sikh philosophy and culture, but also practiced it sincerely. She even taught Sikh heritage to the youth at the camps, of course with some Christian element. She gave a pleasant surprise to me by asking, “I want to become an Amritdhari Sikh. I wish my husband joins me. Please convince him to stop cutting his hair and also take Amrit.”

The conclusion drawn from these two case histories is that one must marry within one’s faith. In case of an inter-faith marriage, they must, before their wedding, join one faith and sincerely live that faith to have peace and achieve the mission of human life.

ਸਿਰੀ ਰਾਗੁ ਮਹਲਾ 3

ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥ ਅਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ ॥ ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥ 1 ॥ ਮਨ ਰੇ ਸਦਾ ਭਜਹੁ ਹਰਿ ਸਰਨਾਈ ॥ ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥ 1 ॥ ਰਹਾਉ ॥  (SGGS – Siree Raag Mehla 3 – Page 31)

Am-mrit(u) Chho-(i)d Bikh-iaa Lobhaa-ney Sevaa Kare(i)h Vidaa-nee ll Apnaa Dha’ra’m Ga-vaave(i)h Boojhe(i)h Naa-hee A-ndin(u) du(i)kh Vihaa-nee ll Ma’nmukh A-ndh Na’ Chet-hee Doob Mu-ey Bin(u) Paa-nee ll 1 ll Ma.n Rey Sa’daa Bha’j-hu Ha’(i)r Sa’r-naaee ll Gur Kaa Sa’ba’d(u) A-nta’(i)r Va’sae T-aa Ha’(i)r Visa’(i)r Na’ Jaa-yee ll

Modern Issues

Anand Kaaraj: A Commitment

Anand Kaaraj, the Sikh marriage ceremony, is central to the Sikh institution of marriage, and the importance of its significance should not be devalued. Unfortunately, Sikhs have not been properly apprised and educated about the special bond and union that is created between two Sikhs through Anand Kaaraj. Any union without the blessing of the Guru will probably not have the desired results.

The Gurbani and Sikh history make it unmistakably clear that Sikhs of the Guru look upon the opposite gender as fathers, mothers, brothers, sisters, sons and daughters. Except for Anand Kaaraj, nothing can alter this reality, and Anand Kaaraj creates a new relationship – that of a husband and wife. There can be no confusion that Anand Kaaraj, and Anand Kaaraj alone, is the only path for creating this special relationship within the larger Khalsa family. Unfortunately, many Sikh youth feel that they can replicate a husband-wife like relationship without first seeking the Guru’s blessing. Gursikh youth should try their best to not fall off the right path during adolescence. While a physical relationship is a grave mistake that a Sikh youth can make, even a non-physical relationship can disrupt a Sikh’s spiritual journey. We should strive to preserve and not violate the brother / sister relationship between Sikh youth. The first and most obvious reason lies in the fact that mimicking a husband/wife relationship without the Guru’s blessing would clearly be violating the Huka’m or command of the Guru. Only the Guru has the power to transform the existing relationship to the relationship of husband and wife. It would not only be presumptuous but also arrogant for a Sikh to act in any manner that violates the basic tenet of the holy Anand Kaaraj ceremony. Even an engagement does not allow the couple to forget the fact that a Sikh male and female are still not husband and wife unless their status has changed in the eyes of the Guru, and that too only through the Anand Kaaraj.

The Guru’s Bani frequently talks & elaborates about the need to control one’s vices, and when one is in a relationship, the couple may be tempted to indulge in such vices, as this is deeply intertwined with physical attraction and false emotional attachment. Historically, young Gursikhs have never entered into any relationship with the opposite gender (outside of a relationship that’s similar to siblings) without the blessing from the Guru in the form of Anand Kaaraj. Gursikhs who have the right priorities in their spiritual journey, such as Naam Simran i.e. contemplating & imbibing on the qualities of Waheguru, reading Gurbani, and doing Sevaa, will not feel the need to enter into any relationship that can only be spiritually harmful. Gursikhs recognize this life for what it is; a temporary illusion or Maya that can end at any time. Even an infatuation that does not lead to an actual relationship is a distraction, and Gursikhs should avoid such obsessions.

ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥

ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥1

(SGGS – Aasaa Mehla 5 – Page 403)

Nim’akh Kaam Su-aad Kaara’(i)n Kot dina’s Dukh(u) Paav(i)eh ll

Gha’ree Muha’t R-a’ng Maan(i)eh Fi(i)r Ba’hu(i)r Ba’hu(i)r Pa’chhu-taav(i)eh ll

For a moment of sensual pleasure, a person suffers in pain for millions of days.

For an instant, you may savour pleasure, but afterwards, you shall regret it, repeatedly.

Pre-Marital and Extra-Marital Relationships:

Sri Guru Granth Sahib Jee, the Sikh scripture, lays great emphasis on the purity of conjugal love. Thus, pre-marital or extra-marital relationship is not permitted. Bhai Gurdas writes, “Seeing other women, do not cast a lustful eye on them; instead consider them as your mother, sister and daughter.” Guru Gobind Singh was very vocal in his stance against adulterous relationships. He said, “Love your own wife more and more. Touch not another woman’s bed either by mistake or even in dream. Know that the love of another’s wife is a sharp dagger.”

Monogamy and a domestic life are advocated in Sikhism to achieve the Truth and continue reproduction of future generations. Conjugal relations before marriage and extramarital relations are forbidden in Sikhism. Such immoral relations are regarded as a cardinal breach of the Sikh faith. Separations and divorces on baseless and flimsy grounds are also not acceptable in Sikhism. Marriage after the death of a spouse is allowed. A marriage should be honoured by all and should not be defiled and degraded.

ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥

ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੁਕੈ ॥ 3

ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥

ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥ 4 6  

(SGGS – Dhanaasree Mehla 5 – Page 672)

Kaam-va’nnt Kaa-mee Ba’hu Naa-ree Pa’r G(i)rh Jo-h Na’ Chookey ll

Din Pra’(i)t Ka’rae Ka’rae Pachhu-taapae So-g Lobh Me(i)h Sookey ll

Ha’(i)r Ha’(i)r Naam(u) Apaar Amo-laa Am-mrit(u) Eak(u) Nidhaanaa ll

Sookh Sahj(u) Aan-na’nd Sa’n-ta’n Kae Naanak Gur Tey Jaa-naa ll 4 ll 6 ll

The blind fool abandons his own wife and has an affair with another woman.

He is like the parrot who is pleased to see the Simbal (Silk-Cotton) tree but in the end, he dies stuck to it.

ਘਰ ਕੀ ਨਾਰਿ ਤਿਆਗੈ ਅੰਧਾ ਪਰ ਨਾਰੀ ਸਿਉ ਘਾਲੈ ਧੰਧਾ

ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ਅੰਤ ਕੀ ਬਾਰ ਮੂਆ ਲਪਟਾਨਾ

(SGGS–Raag Bhaer-au Naamdeo Jee–Page 1164)

Ghar Kee Naar Tiaagey Andhaa  ll Pa’r Naaree Sio’n Ghaaley Dhandhaa  ll

Jaesey Simbal Dekh Suaa Bigsaanaa  ll An’tt Kee Baar Mooaa Laptaanaa  ll1  ll

Equality

Despite being in the 21st century, we still talk about the need for equality and freedom for all. But since its inception, Sikhism has propagated these basic values. Following the teachings of the Gurus, Sikhs are not supposed to think in terms of “this is not what a woman should do” or the men saying “I will not make Langar; it’s a woman’s job.” Every act is seen as a Sevaa (service) to people. For Sikhs, the simple act of doing Sevaa is far more powerful than going on moralistic crusades and sermonizing on issues. Following the Gurus’ sermons, Sikhs see God in all and hence believe that service to God can be done in various ways, be it running the Guru’s kitchen or cleaning the barrels of the musket.

ਆਸਾ ਮਹਲਾ 5

ਨਿਜ ਭਗਤੀ ਸੀਲਵੰਤੀ ਨਾਰਿ ॥ ਰੂਪਿ ਅਨੂਪ ਪੂਰੀ ਆਚਾਰਿ॥

ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥ ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥1

ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥ ਜਜਿ ਕਾਜਿ ਪਰਥਾਇ ਸੁਹਾਈ ॥1॥ ਰਹਾਉ ॥

ਜਿਚਰੁ ਵਸੀ ਪਿਤਾ ਕੈ ਸਾਥਿ ॥ ਤਿਚਰੁ ਕੰਤੁ ਬਹੁ ਫਿਰੈ ਉਦਾਸਿ॥

ਕਰਿ ਸੇਵਾ ਸਤ ਪੁਰਖੁ ਮਨਾਇਆ ॥ ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥2

ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥ ਆਗਿਆਕਾਰੀ ਸੁਘੜ ਸਰੂਪ॥

ਇਛ ਪੂਰੇ ਮਨ ਕੰਤ ਸੁਆਮੀ ॥ ਸਗਲ ਸੰਤੋਖੀ ਦੇਰ ਜੇਠਾਨੀ ॥3

ਸਭ ਪਰਵਾਰੈ ਮਾਹਿ ਸਰੇਸਟ ॥ ਮਤੀ ਦੇਵੀ ਦੇਵਰ ਜੇਸਟ ॥

ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥ ਜਨ ਨਾਨਕ ਸੁਖੇ ਸੁਖਿ ਵਿਹਾਇ ॥43         

(SGGS – Aasaa Mehlaa 5 – Page 370)

Aasaa Mehlaa 5 ll

Nij Bha’g-tee Seel-va’ntee Naa(i)r ll Roo(i)p Anoop Poo-ree Aachaa(i)r ll

Ji-t(u) Gr(i)eih Va’sae S-o Gr(i)eh So-bhaa-va’ntaa ll Gurmu(i)kh Paa-ee Ki-nae V-ir-lae Ja’n-ntaa ll

Su-kar-nee Kaama’{i}n Gur Mi(i)l Ha’m Paa-ee ll Ja’(i)jj Kaa(i)j Pa’rthaa-(i)e Su-haa-ee ll 1 ll Rahaa-ull

Ji-cha’r(u) Va’-see Pi-taa Kae Saa(i)Th ll T-icha’r(u) K-a-nt(u) Ba’-h-u F-irae Udaa(i)s ll Ka’(i)r Se-vaa Sa-t Pura’kh Ma’naa-iaa ll Gu(i)r Aa-nee Gha’r Me(i)h T-aa Sa’ra’b Sukh Paa-i-aa ll 2ll

I-chh Poorey Ma’n K-a’nt Su-aamee ll Sa’ga’l Sa’nto-khee Der Jethaa-nee ll 3 ll

Sa’bh Pa’r-vaarae Maa(i)eh Sa’resha’th ll Ma’tee De-vee De-va’r Je-sa’t ll Dhan-n(u) S-u Gr(i)eh Ji-t(u) Pra’g-tee Aa-ey ll Ja’n Naana’k Sukh-ey Su(i)kh Vi-haa-(i)eh ll 4 ll 3 ll

A Woman’s Role vs. Man’s Role

A homemaker’s job in any Indian family never ends. It is a 24-hour job and it would be correct to say that, the woman of the house has far more duties/responsibilities than the man does. e.g.: – The woman of today plays the role of the bread earner of the family. She works in the office, often putting in eight to 12 hours at work, and then returns home where she works to fulfill the daily needs of her family.

  1. She rarely gets recognition for her hard work. 
  2. Her inner strength keeps her going, and she always puts her family’s need before hers.
  3. She is devoted to her family’s needs, and always provides for the family.

However, despite all the sacrifices made by the woman, in many families women are subjected to domestic violence and abuse from other family members. Even the society at large doesn’t treat women with respect. Every man should try and do all the work that a women does; first finish the office work, and then return home to do all the pending chores at home. While a man’s hard work is recognized by way of promotions, a new house or a car, no one spares a thought for the women, who even sacrifices her goals for the sake of her family.

Women are even subjected to taunts, and if a woman defends herself, it is not taken well by many in the society. A sad truth is the fact that domestic violence is common in many Punjabi households, and many do not acknowledge the role of a woman and her many contributions.

In this environment, it is important that men appreciate what women do for their households. A man can take responsibility and help out with all household chores, including looking after the kids. The man of the house should thank his wife for all the work she does and even appreciate her work with his gestures, including buying a gift. Also, include her in all conversations and talk to her about your future goals. More importantly, defend your better-half at all times, especially in front of the family. Do not complain about the work she does, but help her in all the chores around the house. Finally, remember that “A family that prays and works together, stays together”.

Men would nowadays rather see a woman with lustful eyes of basic desire and something to be possessed. Sisters who now cut their hair and chase fashion, often forget that the same media that portrays women as models is also responsible for the top shelf magazines of the newsagents.

If we need to move forward, then we need to respect one another, because we love God and God is in everyone. So I ask you, what is the issue of equality now? If we ask for equality, then let us not forget that there is equality in martyrdom. Is a Sikh woman less of a martyr than a man?

If we open our hearts and minds to the Shabad (God’s Words); then these trivial worldly issues will not allow us to get upset. A new spring of strength will arise in us, like the one in our sisters above, taking us on the righteous path to God. Instead of looking for meaning and glory in our lives, glory and meaning will follow you!

Sikh daughters!!! Give our children fearless minds to see the world through the Guru’s eyes! Let our future brothers and sisters strive to become the Khaalsaa and continue to inspire others by becoming noble, fearless and Charhdee-Kalaa (positively imbued and inspired with high spirit) Sikhs. Let them live up to the standards of those countless Sikhs who sacrificed and paid with their blood and laid down their lives for the Khaalsaa Panth to remain DISTINCT and in EVER-EXISTENCE!

(—-ਚਲਦਾ—  Continued in next month’s issue)

ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ॥

0

ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ॥

ਗਿਆਨੀ ਬਲਜੀਤ ਸਿੰਘ

ਅਕਾਲ ਪੁਰਖ ਨੇ ਜਲਤੀ ਸਭ ਪ੍ਰਿਥਮੀ ਨੂੰ ਠੰਡਾ ਠਾਰ/ਸ਼ੀਤਲ ਕਰਨ ਲਈ ਸਤਿਗੁਰਾਂ ਦੇ ਸਰੀਰ ਰਾਹੀਂ ਜੋ ਉਪਦੇਸ਼ ਬਖ਼ਸ਼ਿਆ ਉਸੇ ਨੂੰ ‘ਗੁਰੂ ਸਬਦੁ’ ਮੰਨਿਆ ਗਿਆ ਕਿਉਂਕਿ ‘‘ਗੁਰ ਮਹਿ ਆਪੁ ਸਮੋਇ; ਸਬਦੁ ਵਰਤਾਇਆ ’’ (ਮਹਲਾ  /੧੨੭੯) ਦਾ ਕਥਨ ਗੁਰਬਾਣੀ ਅੰਦਰ ਦਰਜ ਹੈ।  ਗੁਰਬਾਣੀ ਦਾ ਆਸ਼ਾ ਜਾਂ ਮਨੋਰਥ ਕੋਈ ਫਿਰਕਾ ਜਾਂ ਧੜਾ ਤਿਆਰ ਕਰਨਾ ਨਹੀਂ ਬਲਕਿ ਇੱਕ ਖ਼ਾਸ ਤਰ੍ਹਾਂ ਦਾ ਮਨੁੱਖ; ਜਿਸ ਨੂੰ ਸੰਤ, ਗੁਰਮੁਖ, ਭਗਤ ਜਾਂ ਹੋਰ ਨਾਵਾਂ ਰਾਹੀਂ ਅੰਕਿਤ ਕੀਤਾ ਗਿਆ ਹੈ, ਬਣਾਉਣਾ ਹੈ।  ਗੁਰਬਾਣੀ ਜਾਂ ਗੁਰੂ ਸ਼ਬਦ; ਮਨੁੱਖ ਦੇ ਮਨ ਦੀ ਇੱਕ ਖ਼ਾਸ ਅਵਸਥਾ ਪੈਦਾ ਕਰਨਾ ਚਾਹੁੰਦਾ ਹੈ ਕਿ ਮਨੁੱਖ ਦਾ ਫਿਰਕਾ, ਵਰਗ ਅਤੇ ਖੇਤਰ ਕੋਈ ਵੀ ਹੋਵੇ, ਉਹ ਭਾਵੇਂ ਜੋਗੀ ਹੋਵੇ, ਕਾਜ਼ੀ ਮੁੱਲਾਂ ਹੋਵੇ, ਹਿੰਦੂ ਵੈਸ਼ਨਵ ਹੋਵੇ, ਜੈਨੀ ਹੋਵੇ ਪਰ ਹਰ ਮਨੁੱਖ ਆਪਣੀ ਥਾਂਵੇਂ ਬੈਠਾ ਇੱਕ ਖ਼ਾਸ ਸਦਾਚਾਰਕ ਪੱਧਰ ਵਾਲਾ ਹੋਵੇ।  ਉਹ ਭਾਵੇਂ ਕੋਈ ਵੀ ਕਿੱਤਾ ਕਰਦਾ ਹੈ; ਜਿਵੇਂ ਉਹ ਹਾਲ਼ੀ (ਕਿਸਾਨ) ਹੋਵੇ, ਸੋਦਾਗਰ ਹੋਵੇ, ਦੁਕਾਨਦਾਰ ਜਾਂ ਚਾਕਰ ਹੋਵੇ, ਬਾਦਸ਼ਾਹ ਜਾਂ ਗ਼ਰੀਬ ਹੋਵੇ ਭਾਵੇਂ ਕਿਸੇ ਫਿਰਕੇ, ਕਿਸੇ ਪੰਥ ਜਾਂ ਕਿਸੇ ਵੀ ਕਿੱਤੇ ਦਾ ਹੋਵੇ ਉਸ ਵਿੱਚ ਇੱਕ ਵਿਸ਼ੇਸ਼ ਇਨਸਾਨੀ ਸਦਾਚਾਰਕ ਸਰਬਸਾਂਝੀ ਭਾਈਚਾਰਕ ਭਾਵਨਾ ਵੇਖਣ ਨੂੰ ਮਿਲੇ। ਇੱਕ ਸਦਾਚਾਰਕ ਮਨੁੱਖਤਾ ਦਾ ਆਦਰਸ਼ ਹੈ ‘‘ਜਤੁ ਪਾਹਰਾ, ਧੀਰਜੁ ਸੁਨਿਆਰੁ ਅਹਰਣਿ ਮਤਿ, ਵੇਦੁ ਹਥੀਆਰੁ ਭਉ ਖਲਾ, ਅਗਨਿ ਤਪ ਤਾਉ ਭਾਂਡਾ ਭਾਉ, ਅੰਮ੍ਰਿਤੁ ਤਿਤੁ ਢਾਲਿ ਘੜੀਐ ਸਬਦੁ, ਸਚੀ ਟਕਸਾਲ ਜਿਨ ਕਉ, ਨਦਰਿ ਕਰਮੁ ਤਿਨ ਕਾਰ ਨਾਨਕ  ! ਨਦਰੀ ਨਦਰਿ ਨਿਹਾਲ੩੮’’ (ਜਪੁ)

ਸਿੱਖ ਜਾਂ ਸਿੱਖੀ ਦਾ ਇਹੀ ਆਦਰਸ਼ ਜਾਂ ਜੀਵਨ ਮਨੋਰਥ ਹੈ। ਇਹ ਆਦਰਸ਼ਕ ਪਿਆਰ ਹੀ ਪੰਥਕ ਏਕਤਾ ਹੈ, ਮਨੁੱਖੀ ਭਾਈਚਾਰੇ ਦਾ ਸਾਂਝਾ ਆਧਾਰ ਹੈ। ਹਰ ਧਰਮ, ਹਰ ਫਿਰਕਾ ਜਾਂ ਮਨੁੱਖ ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ ? (ਜਪੁ) ਦਾ ਮਨੋਰਥ ਜਾਂ ਟੀਚਾ ਆਪਣੇ ਅੰਦਰ ਸਮੋਈ ਬੈਠਾ ਹੈ।  ਮਾਰਗ ਵੀ, ਸਾਧਨ ਵੀ ‘‘ਹੁਕਮਿ ਰਜਾਈ ਚਲਣਾ.’’  ਇੱਕੋ ਜਿਹਾ ਹੀ ਹੈ। ਕੋਈ ਸਿੱਖ, ਜਿਸ ਵਿੱਚ ਇਹ ਆਦਰਸ਼ਕ ਜੀਵਨ ਹੈ ਉਹ ਸਿੱਖਾਂ ਅਤੇ ਗ਼ੈਰ ਸਿੱਖਾਂ ਵਿੱਚ ਸਾਂਝੇ ਤੌਰ ’ਤੇ ਸਤਿਕਾਰਿਆ ਜਾਂਦਾ ਹੈ। ਉਸ ਦੀ ਸਰੀਰਕ ਦਿਖ; ਕੇਸ, ਦਾਹੜਾ, ਦਸਤਾਰ ਉਸ ਲਈ ਕਿਸੇ ਥਾਂ ਘ੍ਰਿਣਾ ਨਹੀਂ ਉਪਜਾਉਂਦੇ; ਜਿਵੇਂ ਕਈ ਵਾਰ ਆਮ ਧਾਰਨਾ ਸਾਡੇ ਅੰਦਰ ਬਣੀ ਰਹਿੰਦੀ ਹੈ।  ਮਨੁੱਖੀ ਸਭਿਅਤਾ ਦਾ ਮਿਆਰ; ਸਦਾਚਾਰ ਹੈ, ਨਾ ਕਿ ਕਿਸੇ ਦੀ ਬਾਹਰਲੀ ਬਣਤਰ। ਵੈਸੇ ਬਾਹਰੀ ਰੂਪ ਭੀ ਸਦਾਚਾਰ ਜੀਵਨ ਮੁਤਾਬਕ ਬਣਦਾ ਹੈ। ਉਸ ਦਾ ਬਾਹਰੀ ਰੂਪ ਆਪਣੇ ਆਪ ਹੀ ਸੋਹਣਾ ਸੁੰਦਰ ਬਣ ਜਾਂਦਾ ਹੈ ‘‘ਨਾਨਕ  ! ਤੇ ਜਨ ਸੋਹਣੇ, ਜੋ ਰਤੇ ਹਰਿ ਰੰਗੁ ਲਾਇ’’ (ਮਹਲਾ /੯੫੦) ਦੀ ਭਾਵਨਾ ਮਨੁੱਖੀ ਮਨਾਂ ਵਿੱਚ ਉਜਾਗਰ ਹੋ ਜਾਂਦੀ ਹੈ। ਉਸ ਦੇ ਕੇਸ, ਦਸਤਾਰ, ਉਸ ਦਾ ਬਾਹਰੀ ਸਰੂਪ; ਉਸ ਦੀ ਸੁੰਦਰਤਾ ਵਿੱਚ ਅਨੋਖਾ ਅਸਚਰਜ ਵਾਧਾ ਕਰਦੇ ਹਨ।  ਡਾ. ਟਿਆਨਬੀ ਦੇ ਕਥਨ ਅਨੁਸਾਰ ਕੇਸਾਂਧਾਰੀ/ਦਸਤਾਰਧਾਰੀ ਦੁਨੀਆਂ ਦਾ ਸਭ ਤੋਂ ਸੁੰਦਰ ਆਦਰਸ਼ਕ ਮਨੁੱਖ ਜਾਣਿਆ ਜਾਂਦਾ ਹੈ।  ਅਜਿਹੇ ਆਚਰਨਕ ਮਨੁੱਖ ਨੂੰ ਕਦੇ ਘਟੀਆਪਨ ਜਾਂ ਆਤਮ ਹੀਣਤਾ ਦਾ ਅਹਿਸਾਸ ਨਹੀਂ ਹੁੰਦਾ ਉਸ ਨੂੰ ਆਤਮ ਹੀਣਤਾ ਘ੍ਰਿਣਤਾ ਦਾ ਕਦੇ ਸਾਮ੍ਹਣਾ ਨਹੀਂ ਕਰਨਾ ਪੈਂਦਾ ਸਗੋਂ ਉਸ ਦਾ ਭਰੋਸਾ ਬਣ ਜਾਂਦਾ ਹੈ ‘‘ਸੇਈ ਸੁੰਦਰ ਸੋਹਣੇ ਸਾਧ ਸੰਗਿ ਜਿਨ ਬੈਹਣੇ ਹਰਿ ਧਨੁ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਉ’’ (ਮਹਲਾ /੧੩੨)

ਗੁਰਮਤਿ ਦੇ ਪ੍ਰਕਾਸ਼ ਤੋਂ ਪਹਿਲਾਂ ਧਾਰਮਕ, ਰਾਜਨੀਤਕ, ਸਮਾਜਕ ਤੇ ਆਰਥਕ ਆਦਰਸ਼ ਡਾਂਵਾ ਡੋਲ ਹੋ ਚੁੱਕਾ ਸੀ। ਹਰ ਪਾਸੇ ਨਿਘਾਰ, ਗਿਰਾਵਟ ਆ ਚੁੱਕੀ ਸੀ।  ਗੁਰੂ ਸ਼ਬਦ ਨੇ ਇਸ ਬਾਰੇ ਇੰਝ ਬਿਆਨ ਕੀਤਾ ਹੈ ‘‘ਕਾਦੀ ਕੂੜੁ ਬੋਲਿ ਮਲੁ ਖਾਇ ਬ੍ਰਾਹਮਣੁ ਨਾਵੈ ਜੀਆ ਘਾਇ ਜੋਗੀ ਜੁਗਤਿ ਜਾਣੈ ਅੰਧੁ ਤੀਨੇ ਓਜਾੜੇ ਕਾ ਬੰਧੁ’’ (ਮਹਲਾ /੬੬੨) ਇੱਥੇ ਗੱਲ ਮੁਕਾ ਲਈਏ ਕਿ ‘‘ਕਲਿ ਕਾਤੀ, ਰਾਜੇ ਕਾਸਾਈ; ਧਰਮੁ ਪੰਖ ਕਰਿ ਉਡਰਿਆ  ਕੂੜੁ ਅਮਾਵਸ, ਸਚੁ ਚੰਦ੍ਰਮਾ; ਦੀਸੈ ਨਾਹੀ ਕਹ ਚੜਿਆ’’ (ਮਹਲਾ /੧੪੫)

ਰਾਜਨੀਤਕ ਲੋਕਾਂ ਦਾ ਨਿਘਾਰ ‘‘ਰਾਜੇ ਸੀਹ ਮੁਕਦਮ ਕੁਤੇ’’ (ਮਹਲਾ /੧੨੮੮) ਜਾਂ ‘‘ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ’’ (ਮਹਲਾ /੧੪੨) ਤੱਕ ਨਿਘਾਰ ਹੋ ਚੁੱਕਾ ਹੈ।  ‘‘ਅੰਧੀ ਰਯਤਿ ਗਿਆਨ ਵਿਹੂਣੀ..’’  ਸਮਾਜਕ ਗਿਰਾਵਟ ਦਾ ਨਮੂਨਾ ਸੀ।  ‘‘ਕਾਜੀ ਹੋਇ ਕੈ ਬਹੈ ਨਿਆਇ ਫੇਰੇ ਤਸਬੀ, ਕਰੇ ਖੁਦਾਇ ਵਢੀ ਲੈ ਕੈ ਹਕੁ ਗਵਾਏ’’ (ਮਹਲਾ /੯੫੧) ਜਾਂ ‘‘ਕਾਜੀ ਕ੍ਰਿਸਨਾ ਹੋਆ’’ ਭਾਵ ਆਰਥਕ ਲੁੱਟ ਦਾ ਨਮੂਨਾ ਸਾਹਮਣੇ ਹੈ, ਰਾਜਿਆਂ ਅੰਦਰ ‘‘ਸਾਹਾਂ ਸੁਰਤਿ ਗਵਾਈਆ, ਰੰਗਿ ਤਮਾਸੈ ਚਾਇ ਬਾਬਰ ਵਾਣੀ ਫਿਰਿ ਗਈ, ਕੁਇਰੁ ਰੋਟੀ ਖਾਇ’’ (ਮਹਲਾ /੪੧੭) ਪੱਧਰ ਤੱਕ ਨਿਘਾਰ ਆ ਚੁੱਕਾ ਹੈ।

ਕਾਦਰ ਦੀ ਕੁਦਰਤਿ ਵਿੱਚ ਇੱਕ ਨਿਯਮ ਹੈ ਕਿ ਕੋਈ ਵਸਤੂ, ਜਿਸ ਸਮਾਨ ਜਾਂ ਸਮੱਗਰੀ ਤੋਂ ਹੋਂਦ ਵਿੱਚ ਆਈ ਹੈ, ਜੇ ਉਸ ਵਿੱਚ ਕੋਈ ਵਿਗਾੜ ਜਾਂ ਖ਼ਰਾਬੀ ਪੈਦਾ ਹੁੰਦੀ ਹੈ ਤਾਂ ਉਸੇ ਸਮੱਗਰੀ ਤੋਂ ਉਸ ਨੂੰ ਸਵਾਰਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ’ਤੇ ਗਾਰੇ ਮਿੱਟੀ ਦਾ ਉਸਾਰਿਆ ਮਕਾਨ ਗਾਰੇ ਮਿੱਟੀ ਨਾਲ ਹੀ ਸਵਾਰਿਆ ਜਾ ਸਕਦਾ ਹੈ।  ਰੇਤੇ ਸੀਮਿੰਟ ਬਜਰੀ (ਕੰਕਰੀਟ) ਨਾਲ ਕੀਤੀ ਗਈ ਉਸਾਰੀ, ਵਿਗੜਨ ’ਤੇ ਰੇਤੇ ਬਜਰੀ ਸੀਮਿੰਟ ਨਾਲ ਹੀ ਸਵਾਰੀ ਜਾ ਸਕਦੀ ਹੈ, ਇਸੇ ਤਰ੍ਹਾਂ ਕਾਦਿਰ ਦਾ ਸਾਜਿਆ ਸੰਸਾਰ ਜਾਂ ਮਨੁੱਖੀ ਸਮਾਜ, ਜੋ ‘‘ਕੀਤਾ ਪਸਾਉ ਏਕੋ ਕਵਾਉ’’ ਜਾਂ ‘‘ਉਤਪਤਿ ਪਰਲਉ ਸਬਦੇ ਹੋਵੈ’’ ਤੋਂ ਪੈਦਾ ਹੋਇਆ ਹੈ, ਜੇਕਰ ਮਨੁੱਖਾ ਜੀਵਨ ਜਾਂ ਸਮਾਜ ਵਿੱਚ ਸਾਡੇ ਚਾਰੇ ਪੱਖਾਂ (ਸਮਾਜਿਕ, ਧਾਰਮਕ, ਰਾਜਨੀਤਕ ਜਾਂ ਆਰਥਕ) ਵਿੱਚ ਗਿਰਾਵਟ ਪੈਦਾ ਹੁੰਦੀ ਹੈ ਤਾ ਕੇਵਲ ‘ਸ਼ਬਦ’ ਹੀ ਇਸ ਗਿਰਾਵਟ ਜਾਂ ਨੁਕਸ ਨੂੰ ਦੂਰ ਕਰਨ ਦੇ ਸਮਰੱਥ ਹੈ।  ਗੁਰੂ ਅਮਰਦਾਸ ਜੀ ਨੇ ਫ਼ੁਰਮਾਨ ਕੀਤਾ ਹੈ ‘‘ਸਾਚੀ ਲਿਵੈ ਬਿਨੁ, ਦੇਹ ਨਿਮਾਣੀ ਦੇਹ ਨਿਮਾਣੀ, ਲਿਵੈ ਬਾਝਹੁ; ਕਿਆ ਕਰੇ ਵੇਚਾਰੀਆ ਤੁਧੁ ਬਾਝੁ ਸਮਰਥ ਕੋਇ ਨਾਹੀ; ਕ੍ਰਿਪਾ ਕਰਿ ਬਨਵਾਰੀਆ ਏਸ ਨਉ ਹੋਰੁ ਥਾਉ ਨਾਹੀ; ਸਬਦਿ ਲਾਗਿ ਸਵਾਰੀਆ ਕਹੈ ਨਾਨਕੁ ਲਿਵੈ ਬਾਝਹੁ; ਕਿਆ ਕਰੇ ਵੇਚਾਰੀਆ’’ (ਮਹਲਾ /੯੧੭)

ਇਸ ਗੁਰੂ ਸਬਦ ਨੇ ਜੀਵਨ ਦੇ ਹਰ ਪੱਖ ਨੂੰ ਅਗਵਾਈ ਬਖ਼ਸ਼ਸ ਕੀਤੀ ਹੈ। ਆਮ ਲੋਕ ਧਰਮ ਨੂੰ ਕੇਵਲ ਇੱਕ ਰਸਮ ਜਾਂ ਬਾਹਰੀ ਦਿਖ ਮੰਨਦੇ ਹਨ ਪਰ ਗੁਰਬਾਣੀ ਨੇ ਇਸ ਨੂੰ ਮਨੁੱਖੀ ਕਰਤੱਵ ਜਾਂ ਅਸੂਲ ਮੰਨਿਆ ਹੈ, ਜੋ ਹਰ ਥਾਂ, ਹਰ ਸਮੇਂ ਲਾਗੂ ਹੁੰਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ ‘‘ਏਕੋ ਧਰਮੁ ਦ੍ਰਿੜੈ ਸਚੁ ਕੋਈ ਗੁਰਮਤਿ ਪੂਰਾ ਜੁਗਿ ਜੁਗਿ ਸੋਈ’’ (ਮਹਲਾ /੧੧੮੮) ਜਾਂ ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ’’ (ਮਹਲਾ /੨੬੬)

ਖੇਰੂ ਖੇਰੂ ਹੋਏ, ਜਾਤਾਂ ਪਾਤਾਂ, ਊਚ ਨੀਚ, ਗ਼ਰੀਬ ਅਮੀਰ ਦੇ ਬਖੇੜੇ ਵਿੱਚ ਫਸੇ ਸਮਾਜ ਨੂੰ ‘‘ਜਹਾਂ ਗਿਆਨੁ ਤਹ ਧਰਮ ਹੈ’’ ਦੀ ਅਗਵਾਈ ਬਖ਼ਸ਼ੀ ਫਿਰ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈਦੁਬਿਧਾ ਦੂਰਿ ਕਰਹੁ ਲਿਵ ਲਾਇ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ (ਮਹਲਾ /੧੧੮੫), ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ (੧੩੪੯), ਬੁਰਾ ਭਲਾ ਕਹੁ ਕਿਸ ਨੋ ਕਹੀਐ ? ਸਗਲੇ ਜੀਅ ਤੁਮਾਰੇ’’ (ਮਹਲਾ /੩੮੩) ਦੀ ਭਾਈਚਾਰਕ ਸਾਂਝ ਦਿੱਤੀ। ਇਸ ਨੇ ‘‘ਮਿਲਬੇ ਕੀ ਮਹਿਮਾ ਬਰਨਿ ਸਾਕਉ, ਨਾਨਕ  ! ਪਰੈ ਪਰੀਲਾ (ਮਹਲਾ /੪੯੮), ਏਕੁ ਪਿਤਾ ਏਕਸ ਕੇ ਹਮ ਬਾਰਿਕ.’’ (ਮਹਲਾ /੬੧੧) ਹੋਣ ਦਾ ਸਾਨੂੰ ਮਾਣ ਬਖ਼ਸ਼ਿਆ। ‘‘ਲਬੁ ਪਾਪੁ ਦੁਇ ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ’’ (ਮਹਲਾ /੪੬੮) ਨੂੰ ‘‘ਰਾਜਾ, ਤਖਤਿ ਟਿਕੈ ਗੁਣੀ, ਭੈ ਪੰਚਾਇਣ ਰਤੁ (ਮਹਲਾ /੯੯੨), ਰਾਜੇ  ਚੁਲੀ ਨਿਆਵ ਕੀ..’’ (ਮਹਲਾ /੧੨੪੦) ਦਾ ਲੋਕ ਰਾਜੀ ਢਾਂਚਾ ਸਮਝਾਇਆ । ਆਤਮਕ ਤੇ ਦੁਨਿਆਵੀ ਤਲ ’ਤੇ ‘‘ਬੇਗਮ ਪੁਰਾ ਸਹਰ ਕੋ ਨਾਉ’’ (ਭਗਤ ਰਵੀਦਾਸ ਜੀ/੩੪੫) ਦੀ ਉਸਾਰੀ ਕਰਨ ਦੀ ਪ੍ਰੇਰਨਾ ਕੀਤੀ ਤਾਂ ਕਿ ‘‘ਸਭ ਸੁਖਾਲੀ ਵੁਠੀਆ, ਇਹੁ ਹੋਆ ਹਲੇਮੀ ਰਾਜੁ ਜੀਉ’’ (ਮਹਲਾ /੭੪) ਦਾ ਸਰਬ ਸਾਂਝਾ ਨਿਜਾਮ (ਪ੍ਰਬੰਧ) ਸਿਰਜਿਆ ਜਾ ਸਕੇ।

ਆਰਥਿਕ ਸੁਧਾਰ ਲਈ ‘‘ਘਾਲਿ ਖਾਇ, ਕਿਛੁ ਹਥਹੁ ਦੇਇ  ਨਾਨਕ ! ਰਾਹੁ ਪਛਾਣਹਿ ਸੇਇ’’ (ਮਹਲਾ /੧੨੪੫) ਦੀ ਤਹਿਜ਼ੀਬ (ਸ਼ਿਸਟਾਚਾਰ, ਸਭਿਅਤਾ) ਬਖਸ਼ੀ ‘‘ਹਕੁ ਪਰਾਇਆ ਨਾਨਕਾ  !  ਉਸੁ ਸੂਅਰ, ਉਸੁ ਗਾਇ  ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਖਾਇ’’ (ਮਹਲਾ /੧੪੧) ਦੀ ਗੱਲ ਸਮਝਾਉਂਦਿਆਂ ‘‘ਅਨਿਦਿਨੁ ਸੁਕ੍ਰਿਤੁ ਕਰੀਐ (ਮਹਲਾ /੬੨੧), ਕਰਿ ਸੁਕ੍ਰਿਤੁ ਧਰਮੁ ਕਮਾਇਆ (ਮਹਲਾ /੪੬੭), ਅਹਿਰਖ ਵਾਦੁ, ਕੀਜੈ; ਰੇ ਮਨ  ! ਸੁਕ੍ਰਿਤੁ ਕਰਿ ਕਰਿ ਲੀਜੈ; ਰੇ ਮਨ  !’’ (੪੭੯) ਦਾ ਉਪਦੇਸ਼ ਦਿੱਤਾ ਤਾਂ ਕਿ ‘‘ਸਤਿਗੁਰ ਸਬਦਿ ਉਜਾਰੋ ਦੀਪਾ’’ ਦੀ ਰੋਸ਼ਨੀ ਵਿੱਚ ਰਹਿੰਦਿਆਂ ਆਦਰਸ਼ਕ ਮਨੁੱਖ; ਸਦਾਚਾਰੀ, ਭਾਈਚਾਰਕ ਜੀਵਨ ਪੈਦਾ ਹੋ ਸਕੇ।  ਅਸੀਂ ਗ੍ਰਹਿਸਤ ਜੀਵਨ ਵਿੱਚ ਰਹਿੰਦਿਆਂ ‘‘ਨਾਨਕ  ! ਸਤਿਗੁਰਿ ਭੇਟਿਐ, ਪੂਰੀ ਹੋਵੈ ਜੁਗਤਿ ਹਸੰਦਿਆ ਖੇਲੰਦਿਆ, ਪੈਨੰਦਿਆ ਖਾਵੰਦਿਆ; ਵਿਚੇ ਹੋਵੈ ਮੁਕਤਿ’’ (ਮਹਲਾ /੫੨੨) ਦੇ ਮਾਰਗ ’ਤੇ ਚੱਲ ਕੇ ਆਦਰਸ਼ਕ ਗ੍ਰਹਿਸਤੀ ਅਤੇ ਇੱਕ ਸਦਾਚਾਰੀ ਇਨਸਾਨ ਬਣ ਸਕੀਏ, ਜਿਸ ਦਾ ਨਿਸ਼ਾਨਾ ਹੋਵੇ ‘‘ਸੋ ਗਿਰਹੀ ਜੋ ਨਿਗ੍ਰਹੁ ਕਰੈ ਜਪੁ ਤਪੁ ਸੰਜਮੁ ਭੀਖਿਆ ਕਰੈ ਪੁੰਨ ਦਾਨ ਕਾ ਕਰੇ ਸਰੀਰੁ ਸੋ ਗਿਰਹੀ ਗੰਗਾ ਕਾ ਨੀਰੁ’’ (ਮਹਲਾ /੯੫੨) ਪਰ ਇਹ ਟੀਚਾ ਤਦੋਂ ਹੀ ਪੂਰਾ ਹੋ ਸਕਦਾ ਹੈ, ਜੇਕਰ ਸਾਡਾ ਵਿਸ਼ਵਾਸ ਬਣੇ ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ’’ (ਮਹਲਾ /੬੩੫) ਜਾਂ  ‘‘ਏਸ ਨਉ ਹੋਰੁ ਥਾਉ ਨਾਹੀ; ਸਬਦਿ ਲਾਗਿ ਸਵਾਰੀਆ’’ (ਮਹਲਾ /੯੧੭)

ਸਾਰੇ ਗੁਰੂ ਪਿਆਰਿਆਂ ਨੂੰ ਕਾਲਜ ਦੇ ਸਮੂਹ ਸਟਾਫ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਵੱਲੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰ ਪੁਰਬ ਦੀ ਲੱਖ ਲੱਖ ਵਧਾਈ ਪ੍ਰਵਾਨ ਹੋਵੇ, ਜੀ।

Most Viewed Posts