ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪੰਜਵਾਂ)

0
818

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪੰਜਵਾਂ)

ਗੁਰਪ੍ਰੀਤ ਸਿੰਘ (USA)

(43). ਮੋਹ (ਲਗਾਅ) : ਸਾਰੇ ਜੀਵ ਤਿੰਨਾਂ ਗੁਣਾਂ (ਰਜੋ, ਤਮੋ, ਸਤੋ) ਦੇ ਪ੍ਰਭਾਵ ਹੇਠ ਹੋਣ ਕਰਕੇ ਮਾਇਆ ਦੇ ਮੋਹ ਅੰਦਰ ਖਚਤ ਹੋ ਜਾਂਦੇ ਹਨ ਪਰ ਇਹ ਸਭ ਕੁਝ ਕਰਤਾਰ ਨੇ ਆਪ ਹੀ ਰਚਿਆ ਹੈ (ਮਾਇਆ ਮੋਹੁ ਸਭੁ ਆਪੇ ਕੀਨਾ ॥ ਮਾਰੂ ਸੋਲਹੇ/ਮ: ੩/੧੦੫੦) ਤੇ ਇਸ ਮੋਹ ਕਾਰਨ ਹੀ ਗੁਣਾਂ ਦਾ ਖ਼ਜ਼ਾਨਾ (ਰਚਨਹਾਰ) ਰੱਬ ਵਿਸਰ ਜਾਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਤੁਧੁ ਆਪੇ ਜਗਤੁ ਉਪਾਇ ਕੈ; ਆਪਿ ਖੇਲੁ ਰਚਾਇਆ॥ ਤ੍ਰੈ ਗੁਣ ਆਪਿ ਸਿਰਜਿਆ; ਮਾਇਆ ਮੋਹੁ ਵਧਾਇਆ ॥ (ਮ : ੩/੬੪੩), ਮਾਇਆ ਮੋਹੁ, ਜਗਤੁ ਸਬਾਇਆ॥ ਤ੍ਰੈ ਗੁਣ ਦੀਸਹਿ, ਮੋਹੇ ਮਾਇਆ॥ ਗੁਰ ਪਰਸਾਦੀ, ਕੋ ਵਿਰਲਾ ਬੂਝੈ; ਚਉਥੈ ਪਦਿ (’ਤੇ),  ਲਿਵ ਲਾਵਣਿਆ॥’’ (ਮਾਝ/ਮ : ੩/੧੨੯)

ਨਿਰਦਈਪੁਣਾ, ਸੰਸਾਰੀ ਮੋਹ, ਲੋਭ ਤੇ ਕ੍ਰੋਧ; ਇਹ ਚਾਰੇ ਅੱਗ ਦੀਆਂ ਨਦੀਆਂ ਹਨ ਜਿਨ੍ਹਾਂ ’ਚ ਡਿੱਗ ਪੈਣ ਨਾਲ਼ ਜੀਵ ਸੜ ਜਾਂਦਾ ਹੈ : ‘‘ਹੰਸੁ (ਨਿਰਦੈਤਾ), ਹੇਤੁ (ਮੋਹ), ਲੋਭੁ, ਕੋਪੁ (ਗੁੱਸਾ); ਚਾਰੇ ਨਦੀਆ ਅਗਿ ॥ ਪਵਹਿ ਦਝਹਿ ਨਾਨਕਾ ! ਤਰੀਐ ਕਰਮੀ (ਰੱਬੀ ਮਿਹਰ ਨਾਲ਼) ਲਗਿ॥ (ਮ : ੧/੧੪੭), ਜੀਵ ਨੂੰ ਇਹ ਸੰਸਾਰ ਮਿੱਠਾ ਲੱਗਦਾ ਹੈ ਪਰ ਅੰਤ ਵੇਲ਼ੇ ਇਹ ਭੁਲੇਖਾ ਦੂਰ ਹੁੰਦਾ ਹੈ, ਜਦ ਸਾਰੇ ਸਾਥ ਛੱਡ ਜਾਂਦੇ ਹਨ। ਸਾਡੀਆਂ ਅੱਖਾਂ ਤੋਂ ਭਰਮ ਦੀ ਕਾਈ (ਕਾਹੀ) ਲਾਹੁਣ ਲਈ ਆਤਮਾ ਨੂੰ ਟੁੰਬ ਜਾਣ ਵਾਲੇ, ਕੁਝ ਗੁਰ ਬਚਨ ਇਸ ਤਰ੍ਹਾਂ ਹਨ : ‘‘ਮਛੁਲੀ ਵਿਛੁੰਨੀ, ਨੈਣ ਰੁੰਨੀ; ਜਾਲੁ ਬਧਿਕਿ (ਨੇ) ਪਾਇਆ॥ ਸੰਸਾਰੁ ਮਾਇਆ ਮੋਹੁ ਮੀਠਾ; ਅੰਤਿ ਭਰਮੁ ਚੁਕਾਇਆ॥ (ਆਸਾ/ਮ : ੧/੪੩੯), ਭਾਈ ਰੇ ! ਮੈ ਮੀਤੁ ਸਖਾ ਪ੍ਰਭੁ ਸੋਇ ॥ ਪੁਤੁ ਕਲਤੁ ਮੋਹੁ ਬਿਖੁ ਹੈ; ਅੰਤਿ ਬੇਲੀ, ਕੋਇ ਨ ਹੋਇ ॥ (ਸਿਰੀਰਾਗ/ਮ : ੪/੪੧-੪੨), ਘਰ ਕੀ ਨਾਰਿ, ਬਹੁਤੁ ਹਿਤੁ ਜਾ ਸਿਉ; ਸਦਾ ਰਹਤ ਸੰਗ ਲਾਗੀ ॥ ਜਬ ਹੀ ਹੰਸ ਤਜੀ ਇਹ ਕਾਂਇਆ; ਪ੍ਰੇਤ ਪ੍ਰੇਤ ਕਰਿ ਭਾਗੀ॥ ਇਹ ਬਿਧਿ ਕੋ ਬਿਉਹਾਰੁ ਬਨਿਓ ਹੈ; ਜਾ ਸਿਉ ਨੇਹੁ ਲਗਾਇਓ ॥ ਅੰਤ ਬਾਰ ਨਾਨਕ  ! ਬਿਨੁ ਹਰਿ ਜੀ; ਕੋਊ ਕਾਮਿ (’ਚ) ਨ ਆਇਓ ॥’’ (ਸੋਰਠਿ/ਮ : ੯/੬੩੪), ਇਸ ਲਈ ਗੁਰੂ ਸਾਹਿਬ ਜੀ ਸਾਨੂੰ ਸੁਚੇਤ ਕਰਦੇ ਹਨ ਕਿ ਹੇ ਮਨੁੱਖ ! ਹੇ ਮਨ ! ਸੁਚੇਤ ਹੋ, ਹੋਸ਼ ਕਰ ! ਤੂੰ ਕਿਉਂ ਬੇਪਰਵਾਹ ਹੋ ਕੇ ਸੌਂ ਰਿਹਾ ਹੈਂ ? ਯਾਦ ਰੱਖ ! ਦੇਹ, ਜੋ ਕਿ ਤੇਰੇ ਨਾਲ਼ ਪੈਦਾ ਹੋਈ ਹੈ, ਉਹ ਵੀ ਅੰਤ ਤੇਰੇ ਨਾਲ਼ ਨਹੀਂ ਜਾਣੀ : ‘‘ਜਾਗ ਲੇਹੁ ਰੇ ਮਨਾ ! ਜਾਗ ਲੇਹੁ; ਕਹਾ ਗਾਫਲ ਸੋਇਆ ?॥ ਜੋ ਤਨੁ ਉਪਜਿਆ ਸੰਗ ਹੀ; ਸੋ ਭੀ ਸੰਗਿ ਨ ਹੋਇਆ॥ ਮਾਤ, ਪਿਤਾ, ਸੁਤ, ਬੰਧ ਜਨ; ਹਿਤੁ ਜਾ ਸਿਉ ਕੀਨਾ॥ ਜੀਉ ਛੂਟਿਓ ਜਬ ਦੇਹ ਤੇ; ਡਾਰਿ ਅਗਨਿ ਮੈ ਦੀਨਾ॥’’ (ਤਿਲੰਗ/ਮ : ੯/੭੨੬), ਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਸੰਸਾਰੀ ਮਮਤਾ ਭਾਵ ਮਾਇਆ ਦਾ ਮੋਹ ਸਾੜ ਸੁੱਟ; ਇਸ ਨੂੰ ਘਸਾ ਕੇ ਸਿਆਹੀ ਤੇ ਆਪਣੀ ਅਕਲ ਨੂੰ ਵਧੀਆ ਕਾਗਜ਼ ਬਣਾ। ਆਪਣੇ ਮਨ ਨੂੰ ਲਿਖਾਰੀ ਬਣਾ ਕੇ, ਪ੍ਰੇਮ ਦੀ ਕਲਮ ਨਾਲ਼, ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਨੀ ਭਾਵ ਪ੍ਰਮਾਤਮਾ ਨਾਲ਼ ਪ੍ਰੀਤ ਪਾਇਆਂ ਹੀ ਜੀਵਨ ਸੋਹਣਾ ਬਣਦਾ ਹੈ : ‘‘ਜਾਲਿ ਮੋਹੁ, ਘਸ ਮਸੁ ਕਰਿ; ਮਤਿ ਕਾਗਦੁ ਕਰਿ ਸਾਰੁ ॥ ਭਾਉ ਕਲਮ ਕਰਿ, ਚਿਤੁ ਲੇਖਾਰੀ; ਗੁਰ ਪੁਛਿ ਲਿਖੁ ਬੀਚਾਰੁ ॥ ਲਿਖੁ ਨਾਮੁ, ਸਾਲਾਹ ਲਿਖੁ; ਲਿਖੁ, ਅੰਤੁ ਨ ਪਾਰਾਵਾਰੁ ॥ (ਸਿਰੀਰਾਗੁ/ਮ : ੧/੧੬), ਦ੍ਰਿਸਟਉ ਕਛੁ ਸੰਗਿ ਨ ਜਾਇ; ਮਾਨੁ ਤਿਆਗਿ ਮੋਹਾ ॥ ਏਕੈ ਹਰਿ ਪ੍ਰੀਤਿ ਲਾਇ; ਮਿਲਿ ਸਾਧਸੰਗਿ ਸੋਹਾ॥’’ (ਸਾਰੰਗ/ਮ : ੫/੧੨੩੦) ਗ੍ਰਹਿਸਤ ’ਚ ਰਹਿੰਦਿਆਂ ਹੀ ਮੋਹ ਨੂੰ ਚੰਗੀ ਤਰ੍ਹਾਂ ਸਾੜਨ ਲਈ (ਮਾਇਆ ਤੋਂ ਉਪਰਾਮਤਾ) ਸਤਿਗੁਰੂ ਦੀ ਸੇਵਾ ਭਾਵ ਗੁਰ ਸ਼ਬਦ ਦੀ ਕਮਾਈ ਕਰਨੀ ਜ਼ਰੂਰੀ ਹੈ। ਗੁਰੂ ਦੇ ਸ਼ਬਦ ਨਾਲ਼ ਜੀਵਨ ਲਈ ਸਹੀ ਰਾਹ ਲੱਭ ਪੈਂਦਾ ਹੈ ਤੇ ਮਮਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਮੇਰੇ ਮਨ ! ਅਹਿਨਿਸਿ ਪੂਰਿ ਰਹੀ ਨਿਤ ਆਸਾ ॥ ਸਤਗੁਰੁ ਸੇਵਿ, ਮੋਹੁ ਪਰਜਲੈ; ਘਰ ਹੀ ਮਾਹਿ ਉਦਾਸਾ ॥ (ਸ੍ਰੀ ਰਾਗੁ/ਮ : ੩/੨੯), ਗੁਰ ਤੇ ਮਾਰਗੁ ਪਾਈਐ; ਚੂਕੈ ਮੋਹੁ ਗੁਬਾਰੁ ॥ ਸਬਦਿ ਮਰੈ, ਤਾ ਉਧਰੈ; ਪਾਏ ਮੋਖ ਦੁਆਰੁ ॥ ਗੁਰ ਪਰਸਾਦੀ ਮਿਲਿ ਰਹੈ;  ਸਚੁ ਨਾਮੁ ਕਰਤਾਰੁ॥’’ (ਸਿਰੀਰਾਗੁ/ਮ : ੩/੩੩)

ਜੀਵਨ ਦਾ ਸਹੀ ਰਸਤਾ (ਜੀਵਨ ਜਾਚ) ਦਿਖਾਉਂਦੇ ਹੋਏ ਗੁਰੂ ਸਾਹਿਬਾਨ ਕਮਲ ਦੇ ਫੁੱਲ, ਮੁਰਗਾਬੀ ਅਤੇ ਕਾਂ ਆਦਿ ਦੀ ਉਦਾਹਰਨ ਦੇ ਕੇ ਸਾਨੂੰ ਨਿਰਲੇਪ ਰਹਿਣ ਦੀ ਜੁਗਤ ਇਉਂ ਸਿਖਾਉਂਦੇ ਹਨ : ‘‘ਜੈਸੇ ਜਲ ਮਹਿ, ਕਮਲੁ ਨਿਰਾਲਮੁ; ਮੁਰਗਾਈ, ਨੈ ਸਾਣੇ (ਭਾਵ ਨਦੀ ਸਣੇ/ਵਾਙ)॥ ਸੁਰਤਿ ਸਬਦਿ, ਭਵ ਸਾਗਰੁ ਤਰੀਐ; ਨਾਨਕ  ! ਨਾਮੁ ਵਖਾਣੇ ॥’’ (ਰਾਮਕਲੀ ਸਿਧ ਗੋਸਟਿ/ਮ : ੧/੯੩੮)

ਧਿਆਨ ਰਹੇ ਕਿ ਮੋਹ ਦੇ ਅੰਸ਼ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਸਕਣਾ ਮੁਮਕਿਨ ਨਹੀਂ।  ਸੋ, ਮਨ (ਸੁਰਤ) ਦੀ ਮੁਹਾਰ ਮੋੜਨ ’ਚ ਹੀ ਅਕਲਮੰਦੀ ਹੈ ਭਾਵ ਕਿ ਸੰਸਾਰ ਦੀ ਝੂਠੀ ਪ੍ਰੀਤ ਦੀ ਬਜਾਇ ਅਕਾਲ ਪੁਰਖ ਨਾਲ਼ ਸੱਚੀ ਪ੍ਰੀਤ ਪਾਇਆਂ ਹੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ; ਜਿਵੇਂ ਕਿ ‘‘ਸਾਚਿ ਨਾਮਿ, ਮੇਰਾ ਮਨੁ ਲਾਗਾ॥ ਲੋਗਨ ਸਿਉ, ਮੇਰਾ ਠਾਠਾ ਬਾਗਾ ॥੧॥ ਬਾਹਰਿ ਸੂਤੁ, ਸਗਲ ਸਿਉ ਮਉਲਾ॥ ਅਲਿਪਤੁ ਰਹਉ, ਜੈਸੇ ਜਲ ਮਹਿ ਕਉਲਾ॥ (ਆਸਾ/ਮ : ੫/੩੮੫), ਸਾਚੀ ਪ੍ਰੀਤਿ, ਹਮ ਤੁਮ ਸਿਉ ਜੋਰੀ ॥ ਤੁਮ ਸਿਉ ਜੋਰਿ, ਅਵਰ ਸੰਗਿ ਤੋਰੀ ॥’’ (ਸੋਰਠਿ/ਭਗਤ ਰਵਿਦਾਸ ਜੀ/੬੫੮-੫੯)

ਇੰਞ ਮੋਹ ਦੇ ਵਹਾਅ ਦੀ ਦਿਸ਼ਾ ਨੂੰ ਪ੍ਰਮਾਤਮਾ ਵੱਲ ਮੋੜਿਆਂ ਹੀ ਮਨੁੱਖ; ਸੰਸਾਰੀ ਮੁਹੱਬਤਾਂ (ਖਿੱਚਾਂ) ’ਚ ਗ਼ਲਤਾਨ ਨਹੀਂ ਹੁੰਦਾ। ਪ੍ਰਮਾਤਮਾ ਦੀ ਯਾਦ ’ਚ ਮਨ ਵਿੰਨ੍ਹਿਆ ਹੋਣ ਕਰਕੇ ਸਾਰੇ ਭਰਮ ਮੁੱਕ ਜਾਂਦੇ ਹਨ। ਤਦ ਮਨੁੱਖ ਤੇ ਪ੍ਰਮਾਤਮਾ ’ਚ ਕੋਈ ਅੰਤਰ ਨਹੀਂ ਰਹਿ ਜਾਂਦਾ; ਜਿਵੇਂ ਕਿ ਗੁਰ ਵਾਕ ਹਨ : ‘‘ਮੋਹ ਕੁਟੰਬ ਸਿਉ, ਪ੍ਰੀਤਿ ਨ ਹੋਇ ॥ ਜਾ ਹਿਰਦੈ ਵਸਿਆ,  ਸਚੁ ਸੋਇ ॥ ਗੁਰਮੁਖਿ ਮਨੁ ਬੇਧਿਆ, ਅਸਥਿਰੁ ਹੋਇ ॥ ਹੁਕਮੁ ਪਛਾਣੈ, ਬੂਝੈ ਸਚੁ ਸੋਇ ॥ (ਗਉੜੀ/ਮ : ੩/੨੩੨), ਜਬ ਇਨਿ ਅਪੁਨੋ, ਬਾਧਿਓ ਮੋਹਾ ॥ ਆਵੈ ਜਾਇ, ਸਦਾ ਜਮਿ (ਨੇ) ਜੋਹਾ (ਤੱਕਿਆ)॥ ਜਬ ਇਸ ਤੇ, ਸਭ ਬਿਨਸੇ ਭਰਮਾ ॥ ਭੇਦੁ ਨਾਹੀ ਹੈ, ਪਾਰਬ੍ਰਹਮਾ ॥’’ (ਗਉੜੀ ਗੁਆਰੇਰੀ/ਮ : ੫/੨੩੫), ਆਦਿ।

ਆਓ ! ਗੁਰ ਸ਼ਬਦ ਰਾਹੀਂ ਬੇਨਤੀ ਕਰੀਏ ਕਿ ਸੁਤ, ਦਾਰਾ (ਪੁੱਤਰ, ਇਸਤ੍ਰੀ) ਦੀ ਪ੍ਰੀਤ ਤੋਂ ਉੱਪਰ ਉੱਠ ਕੇ ਸਾਡਾ ਮਨ, ਗੁਰੂ ਦੇ ਸ਼ਬਦ ’ਚ ਜੁੜਿਆ ਰਹੇ ਤੇ ਅਸੀਂ ਸੰਸਾਰੀ ਮਮਤਾ ਦੇ ਚਿੱਕੜ ’ਚ ਫਸਣ ਦੀ ਬਜਾਇ ਉੱਤਮ ਮੱਤ (ਬਿਬੇਕ) ਗ੍ਰਹਿਣ ਕਰ ਕੇਵਲ ਪ੍ਰਭੂ ਦੀ ਯਾਦ ਨੂੰ ਹੀ ਆਪਣੇ ਹਿਰਦਿਆਂ ’ਚ ਵਸਾਈਏ : ‘‘ਅਸੰਖ ਅਵਗਣ ਖਤੇ ਫੇਰੇ; ਨਿਤਪ੍ਰਤਿ ਸਦ ਭੂਲੀਐ॥ ਮੋਹ ਮਗਨ ਬਿਕਰਾਲ ਮਾਇਆ; ਤਉ ਪ੍ਰਸਾਦੀ ਘੂਲੀਐ॥ ਲੂਕ ਕਰਤ ਬਿਕਾਰ ਬਿਖੜੇ; ਪ੍ਰਭ, ਨੇਰ ਹੂ ਤੇ ਨੇਰਿਆ॥ ਬਿਨਵੰਤਿ ਨਾਨਕ, ਦਇਆ ਧਾਰਹੁ; ਕਾਢਿ ਭਵਜਲ ਫੇਰਿਆ॥ (ਜੈਤਸਰੀ/ਮ : ੫/੭੦੪), ਹਰਿ ਦਇਆ ਪ੍ਰਭ ! ਧਾਰਹੁ, ਪਾਖਣ ਹਮ ਤਾਰਹੁ; ਕਢਿ ਲੇਵਹੁ ਸਬਦਿ ਸੁਭਾਇ ਜੀਉ !॥ ਮੋਹ ਚੀਕੜਿ ਫਾਥੇ !  ਨਿਘਰਤ ਹਮ ਜਾਤੇ, ਹਰਿ ਬਾਂਹ ਪ੍ਰਭੂ !  ਪਕਰਾਇ ਜੀਉ !॥’’ (ਆਸਾ/ਮ : ੪/੪੪੬-੪੭)

(44). ਰਿਸ਼ਵਤ (ਵੱਢੀ) ਲੈਣੀ : ਸਤਿਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਨੂੰ ਇੱਜ਼ਤ ਨਾਲ਼ ਜਿਊਂਣ ਲਈ ਭਾਵ ਕਿ ਜ਼ਿੰਦਗੀ ਦਾ ਸਹੀ ਰਸਤਾ ਦਰਸਾਉਣ ਲਈ ਬਹੁਤ ਹੀ ਪਿਆਰੇ, ਅਨਮੋਲਕ ਬਚਨ ਉਚਾਰੇ ਹਨ : ‘‘ਘਾਲਿ ਖਾਇ, ਕਿਛੁ ਹਥਹੁ ਦੇਇ॥ ਨਾਨਕ  ! ਰਾਹੁ ਪਛਾਣਹਿ ਸੇਇ॥ (ਮ : ੧/੧੨੪੫), ਪਰ ਮਿਹਨਤ ਨਾਲ਼ ਕਮਾ ਕੇ, ਆਪਣਾ ਜੀਵਨ ਨਿਰਬਾਹ ਕਰਨ ਦੀ ਬਜਾਇ ਮਨੁੱਖ ਦੂਸਰੇ ਦਾ ਹੱਕ ਮਾਰਨ ’ਤੇ ਨਿਗਾਹ ਰੱਖਦਾ ਹੈ ਤੇ ਅਨੇਕਾਂ ਪਰਪੰਚ (ਠੱਗੀਆਂ, ਛਲ ਕਪਟ) ਕਰ ਕੇ ਪਰਾਇਆ ਧਨ ਇਕੱਠਾ ਕਰਦਾ ਹੈ; ਜਿਵੇਂ ਕਿ ਭਗਤ ਕਬੀਰ ਜੀ ਦੇ ਵਚਨ ਹਨ : ‘‘ਬਹੁ ਪਰਪੰਚ ਕਰਿ, ਪਰ ਧਨੁ ਲਿਆਵੈ ॥ ਸੁਤ ਦਾਰਾ ਪਹਿ ਆਨਿ ਲੁਟਾਵੈ ॥’’ (ਸੋਰਠਿ/ਭਗਤ ਕਬੀਰ ਜੀ/੬੫੬), ਮਾਇਆ ਮੋਹ ’ਚ ਗ਼ਲਤਾਨ ਮਨੁੱਖ ਇਹ ਵੀ ਭੁੱਲ ਜਾਂਦਾ ਹੈ ਕਿ ਅੰਤ ਇਸ ਸੰਸਾਰ ਤੋਂ ਖ਼ਾਲੀ ਹੱਥ ਹੀ ਜਾਣਾ ਪਵੇਗਾ ਤੇ ‘‘ਕਰਮੀ ਆਪੋ ਆਪਣੀ’’ ਦੇ ਅਟੱਲ ਨਿਯਮ ਤਹਿਤ ਲੇਖਾ ਭਾਵ ਉਸ ਦੀ ਆਪਣੀ ਜਿੰਦ ਨੂੰ ਹੀ ਨਤੀਜਾ ਭੁਗਤਣਾ ਪੈਣਾ ਹੈ। ਗੁਰੂ ਨਾਨਕ ਪਾਤਸ਼ਾਹ; ਮਾਯਾ ਧਨ ਖ਼ਾਤਰ ਮਨੁੱਖ ਦੀ ਹੁੰਦੀ ਖ਼ੁਆਰੀ ਦਾ ਜ਼ਿਕਰ ਇੰਞ ਕਰਦੇ ਹਨ : ‘‘ਇਸੁ ਜਰ (ਮਾਯਾ ਧਨ) ਕਾਰਣਿ ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਨ ਜਾਈ॥’’ (ਆਸਾ/ਮ : ੧/੪੧੭) ਰਿਸ਼ਵਤ ਲੈ ਕੇ ਝੂਠੀਆਂ ਗਵਾਹੀਆਂ ਦੇਣ ਵਾਲ਼ਿਆਂ ਦਾ ਜ਼ਿਕਰ ਕਰਦਿਆਂ ਗੁਰੂ ਜੀ ਫ਼ੁਰਮਾਉਂਦੇ ਹਨ ਕਿ ਅਜਿਹੇ ਲੋਕਾਂ ਦੇ ਗਲ਼ ’ਚ ਕੁਮੱਤ ਦੀ ਫਾਹੀ ਪਈ ਹੁੰਦੀ ਹੈ, ਜਿਸ (ਲਾਲਚ) ਕਾਰਨ ਚੋਰਾਂ ਦੀ ਵੀ ਹਾਮੀ (ਗਵਾਹੀ) ਭਰਨ ਨੂੰ ਬੁਰਾ ਨਹੀਂ ਮਨਾਉਂਦੇ, ਆਪ ਹਾਮੀ ਭਰਨ ਵੀ ਚਲੇ ਜਾਂਦੇ ਹਨ : ‘‘ਲੈ ਕੈ ਵਢੀ, ਦੇਨਿ ਉਗਾਹੀ; ਦੁਰਮਤਿ ਕਾ ਗਲਿ ਫਾਹਾ ਹੇ॥’’ (ਮਾਰੂ ਸੋਲਹੇ/ਮ : ੧/੧੦੩੨), ਪਰ ਧਰਮੀ ਬੰਦੇ ਇਸ ਝੂਠ ਨੂੰ ਸਮਝਦੇ ਹੋਏ ‘‘ਚੋਰ ਕੀ ਹਾਮਾ, ਭਰੇ ਨ ਕੋਇ ॥ ਚੋਰੁ ਕੀਆ, ਚੰਗਾ ਕਿਉ ਹੋਇ ?॥’’ (ਧਨਾਸਰੀ/ਮ : ੧/੬੬੨) ਸਿਧਾਂਤ ਦੇ ਪਾਰਖੂ (ਧਾਰਨੀ) ਹੁੰਦੇ ਹਨ।

ਗੁਰੂ ਜੀ ਫ਼ੁਰਮਾਉਂਦੇ ਹਨ ਕਿ ਗੁਰੂ ਪੈਗ਼ੰਬਰ ਵੱਲੋਂ ਤਾਂ ਹੀ ਬਖ਼ਸ਼ਸ਼ ਦਾ ਥਾਪੜਾ ਮਿਲਦਾ ਹੈ ਜੇਕਰ ਮਨੁੱਖ ਪਰਾਇਆ ਹੱਕ ਮਾਰਨ ਬਾਰੇ ਨਹੀਂ ਸੋਚਦਾ : ‘‘ਗੁਰੁ ਪੀਰੁ ਹਾਮਾ ਤਾ ਭਰੇ; ਜਾ ਮੁਰਦਾਰੁ ਨ ਖਾਇ॥’’ (ਮਾਝ ਕੀ ਵਾਰ/ਮ : ੧/੧੪੧) ਸੋ ਫ਼ੈਸਲਾ ਸਾਡੇ ਆਪਣੇ ਹੱਥ ਹੀ ਹੁੰਦਾ ਹੈ ਕਿ ਅਸੀਂ ਗੁਰੂ ਜੀ ਦੀ ਮਿਹਰ ਦਾ ਪਤਰ ਬਣਨਾ ਹੈ ਜਾਂ ਗੁਰੂ ਜੀ ਤੋਂ ਬੇਮੁੱਖ ਹੋ ਕੇ ਆਪਣੇ ਭਾਣੇ (ਮਨਮਤ) ਅਨੁਸਾਰ ਹੀ ਚੱਲਦੇ ਰਹਿਣਾ ਹੈ।

ਨੋਟ : ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਮਨ ਦੀਆਂ ਚਤੁਰਾਈਆਂ ਨਾਲ਼ ਭਾਵ ਕਿ ਪਰਾਏ ਹੱਕ ਨੂੰ ਮਾਰਨ ਉਪਰੰਤ ਉਸ ’ਚੋਂ ਕੁਝ ਦਾਨ ਆਦਿ ਦੇਣ ਨਾਲ਼ ਹਰਾਮ ਦੀ ਕਮਾਈ, ਹੱਕ ਹਲਾਲ ਦੀ ਨਹੀਂ ਹੋ ਨਿਬੜਦੀ; ਗੁਰੂ ਜੀ ਦੇ ਵਾਕ ਵਾਕਿਆ ਈ ਮਨ ਨੂੰ ਟੁੰਬ ਜਾਂਦੇ ਹਨ ਤੇ ਸੱਚ ਕਮਾਉਣ ਲਈ ਪ੍ਰੇਰਿਤ ਕਰਦੇ ਹਨ : ‘‘ਮਾਰਣ ਪਾਹਿ ਹਰਾਮ ਮਹਿ; ਹੋਇ ਹਲਾਲੁ ਨ ਜਾਇ॥ ਨਾਨਕ ! ਗਲੀ ਕੂੜੀਈ; ਕੂੜੋ ਪਲੈ ਪਾਇ ॥’’ (ਮਾਝ ਕੀ ਵਾਰ/ਮ : ੧/੧੪੧)

(45). ਰੀਤੀ ਰਿਵਾਜ : ਸਮਾਜਿਕ ਦਬਾਅ (ਲੋਕ ਲਾਜ) ਅਤੇ ਆਪਣੇ ਝੂਠੇ ਅਹੰਕਾਰ ਕਰਕੇ ਅੱਜ ਅਸੀਂ ਥੋਥੀਆਂ ਰਸਮਾਂ ’ਚ ਐਨਾ ਗ਼ਲਤਾਨ ਹੋ ਚੁੱਕੇ ਹਾਂ ਕਿ ਅਨਮੋਲਕ ਜਿੰਦ (ਰੂਹ/ਸਰੀਰ) ਨੂੰ ਖ਼ੁਦਕੁਸ਼ੀਆਂ ਕਰ ਕੇ ਖ਼ਤਮ ਕਰਨ ਦੀ ਨੌਬਤ ਆਣ ਪੁੱਜੀ ਹੈ। ਰੀਤ ਦਾ ਅਰਥ ਤਰੀਕਾ, ਢੰਗ ਭਾਵ ਮਰਯਾਦਾ ਹੈ ਤੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਅਜਿਹੀ ਰੀਤ ਤੇ ਰਸਮ ਨੂੰ ਸਾੜ ਦੇਣਾ ਹੀ ਬਿਹਤਰ ਹੈ ਜਿਸ ਕਰਕੇ ਰੱਬ ਹੀ ਭੁੱਲ ਜਾਵੇ : ‘‘ਜਾਲਉ ਐਸੀ ਰੀਤਿ; ਜਿਤੁ ਮੈ ਪਿਆਰਾ ਵੀਸਰੈ ॥ ਨਾਨਕ ! ਸਾਈ ਭਲੀ ਪਰੀਤਿ; ਜਿਤੁ, ਸਾਹਿਬ ਸੇਤੀ ਪਤਿ ਰਹੈ ॥’’ (ਮ : ੧/੫੯੦)

ਬਹੁਤਾਤ ਸੰਸਾਰੀ ਰਸਮਾਂ; ਰੱਬ ਤੋਂ ਦੂਰ ਕਰਦੀਆਂ ਹਨ, ਖ਼ਾਸ ਕਰਕੇ ਆਪਣੇ ਮਨ ’ਚੋ ਰੱਬ ਦਾ ਭਉ (ਡਰ ਅਦਬ) ਵਿਸਾਰ ਚੁੱਕੇ ਮਨੁੱਖ (ਬੇਮੁੱਖ) ਦੀ ਜੀਵਨਸ਼ੈਲੀ ਹੀ ਐਸੀ ਬਣ ਜਾਂਦੀ ਹੈ ਕਿ ਉਹ ਸਾਰਾ ਕੁਝ ਬੇਮੁਖਤਾ ਅਨੁਸਾਰ ਕਰਦਾ ਜਾਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਸਾਕਤ ਕੀ, ਐਸੀ ਹੈ ਰੀਤਿ ॥ ਜੋ ਕਿਛੁ ਕਰੈ, ਸਗਲ ਬਿਪਰੀਤਿ॥’’ (ਗਉੜੀ/ਮ : ੫/੧੯੫), ਪਰ ਦੂਜੇ ਪਾਸੇ ਗੁਰੂ ਵੱਲੋਂ ਬਖ਼ਸ਼ੀ ਰੀਤ ਮਨੁੱਖ ਨੂੰ ਰੱਬ ਦੇ ਨੇੜੇ ਕਰਨ ’ਚ ਸਹਾਇਕ ਹੁੰਦੀ ਹੈ। ਗੁਰੂ ਦੀ ਸਿੱਖਿਆ ਮੰਨ ਕੇ ਜਦ ਗੁਰੂ ਕਿਰਪਾ ਸਦਕਾ ਮਨ ’ਚੋ ਅਹੰਕਾਰ ਦੂਰ ਹੋਣ ਲੱਗੇ ਤਾਂ ਮਨ ਸਹਿਜੇ ਹੀ ਗਾ ਉੱਠਦਾ ਹੈ : ‘‘ਪ੍ਰਥਮੇ ਤਿਆਗੀ, ਹਉਮੈ ਪ੍ਰੀਤਿ ॥ ਦੁਤੀਆ ਤਿਆਗੀ, ਲੋਗਾ ਰੀਤਿ ॥’’ (ਆਸਾ/ਮ : ੫/੩੭੦)

ਹੁਣ ਗੁਰ ਸ਼ਬਦ ਨਾਲ਼ ਜੁੜੇ ਮਨੁੱਖ ਨੂੰ ਲੋਕ ਲਾਜ ਤੇ ਲੋਕਾਚਾਰੀ ਰਸਮਾਂ ਦੀ ਕੋਈ ਪ੍ਰਵਾਹ ਨਹੀਂ ਰਹਿੰਦੀ ਕਿਉਂਕਿ ਪ੍ਰਭੂ ਨਾਲ਼ ਪਿਆਰ ਹੀ ਉਸ ਦੀ ਜੀਵਨ ਜੁਗਤ ਬਣ ਜਾਂਦੀ ਹੈ : ‘‘ਹਰਿ ਮੇਰੀ ਪ੍ਰੀਤਿ, ਰੀਤਿ ਹੈ ਹਰਿ ਮੇਰੀ; ਹਰਿ ਮੇਰੀ ਕਥਾ ਕਹਾਨੀ ਜੀ॥ ਗੁਰ ਪ੍ਰਸਾਦਿ ਮੇਰਾ ਮਨੁ ਭੀਜੈ; ਏਹਾ ਸੇਵ ਬਨੀ ਜੀਉ॥’’ (ਗੂਜਰੀ/ਮ : ੩/੪੯੦), ਫ਼ੈਸਲਾ ਸਾਡੇ ਆਪਣੇ ਹੀ ਹੱਥ ਹੈ ਕਿ ਅਸੀਂ ਕਿਹੜੀ ਰੀਤ ਨੂੰ ਧਾਰਨ ਕਰਨਾ ਹੈ।

(46). ਰੱਖੜੀ : ਰੱਖੜੀ, ਟਿੱਕਾ (ਭਾਈ ਦੂਜ) ਗਾਨੇ ਬੰਨ੍ਹਣਾ ਤੇ ਮੌਲ਼ੀਆਂ ਬੰਨ੍ਹਣਾ ਆਦਿ ਰਸਮਾਂ; ਬ੍ਰਾਹਮਣੀ ਸੋਚ ਦੀ ਕਾਢ (ਉਪਜ) ਹਨ, ਜਿਨ੍ਹਾਂ ਨੂੰ ਬੜੀ ਚਲਾਕੀ ਨਾਲ਼ ਤਿਉਹਾਰ ਬਣਾ ਦਿੱਤਾ ਗਿਆ ਹੈ। ਰੱਖੜੀ ਦੇ ਤਿਉਹਾਰ ਰਾਹੀਂ ਬ੍ਰਾਹਮਣ ਵੱਲੋਂ ਔਰਤ ਨੂੰ ਇਹ ਸੁਨੇਹਾ ਦਿੱਤਾ ਜਾਂਦਾ ਹੈ ਕਿ ਉਹ ਕਮਜ਼ੋਰ ਹੈ ਤੇ ਆਪਣੀ ਰੱਖਿਆ ਆਪ ਕਰਨ ਤੋਂ ਅਸਮਰਥ ਹੈ।  ਸਮਾਜ ’ਚ ਜੇਕਰ ਉਸ ਨੇ ਜਿਊਂਦੀ ਰਹਿਣਾ ਹੈ ਤਾਂ ਮਰਦ ਦੀ ਅਧੀਨਗੀ ’ਚ ਰਹਿਣਾ ਹੀ ਪਵੇਗਾ, ਪਰ ਸਿੱਖ ਧਰਮ; ਔਰਤ ਨੂੰ ਅਬਲਾ (ਬਲਹੀਣ) ਤੇ ਗ਼ੁਲਾਮ ਬਣਾਉਣ ਦੀ ਬਜਾਇ ਸ਼ਸਤਰਧਾਰੀ ਹੋ ਕੇ, ਆਪਣੀ ਰੱਖਿਆ ਆਪ ਹੀ ਕਰਨ ਦੀ ਜਾਚ ਸਿਖਾਉਂਦਾ ਹੈ। ਕੇਵਲ ਸਿੱਖ ਧਰਮ ਹੀ ਹੈ ਜਿੱਥੇ ਮਾਤਾ ਭਾਗ ਕੌਰ ਵਰਗੀ ਜੁਝਾਰੂ ਔਰਤ ਇੱਕ ਜਰਨੈਲ ਵਜੋਂ ਅਗਵਾਈ ਕਰ ਸਕਦੀ ਹੈ ਤੇ ਅਜਿਹੀ ਅਗਵਾਈ ਨੂੰ ਸਤਿਕਾਰ ਸਹਿਤ ਕਬੂਲਿਆ ਵੀ ਜਾਂਦਾ ਹੈ।

ਮਰਦਾਂ ਨਾਲ਼ ਪੂਰਨ ਬਰਾਬਰੀ ਦਾ ਅਧਿਕਾਰ ਰੱਖਦੀ, ਸੁਤੰਤਰ ਹਸਤੀ ਦੀ ਮਾਲਕ ਸਿੱਖ ਔਰਤ ਗੁਰ ਉਪਦੇਸ਼ ਨੂੰ ਵੀ ਭਲੀ ਭਾਂਤ ਸਮਝਦੀ ਹੈ ਤੇ ਆਪਣੀ ਅਖੌਤੀ ਰੱਖਿਆ ਦਾ ਬੋਝ ਕਿਸੇ ਮਨੁੱਖ ’ਤੇ ਪਾਉਣ ਦੀ ਬਜਾਇ, ਗੁਰੂ ਸਾਹਿਬਾਨ ਦੇ ਇਹ ਬਚਨ ਹਮੇਸ਼ਾ ਦ੍ਰਿੜ੍ਹ ਕਰ ਲੈਂਦੀ ਹੈ : ‘‘ਜਹ ਮਾਤ ਪਿਤਾ ਸੁਤ ਭਾਈ ਨ ਪਹੁਚੈ; ਤਹਾ ਤਹਾ ਤੂ ਰਖਾ ॥’’ (ਸਾਰੰਗ/ਮ : ੫/੧੨੧੨)

ਯਕੀਨਨ  ! ਜਦ ਇਹ ਦ੍ਰਿੜ੍ਹ ਹੋ ਜਾਏ ਕਿ ‘‘ਹਰਿ ਬਿਨੁ, ਕੋਈ ਮਾਰਿ ਜੀਵਾਲਿ ਨ ਸਕੈ; ਮਨ  ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ॥’’ (ਮ : ੩/੫੯੪) ਤਾਂ ਮਨੁੱਖ ‘‘ਰਾਖਾ ਏਕੁ ਹਮਾਰਾ ਸੁਆਮੀ ॥ ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥’’ (ਭੈਰਉ/ਮ: ੫/੧੧੩੬) ਦੀ ਧੁਨ ’ਚ ਟਿਕਿਆ, ਹਮੇਸ਼ਾਂ ਨਿਰਭਉ ਰੱਬ ’ਤੇ ਨਿਰਵੈਰ ਹੋ ਕੇ ਵਿਚਰਦਾ ਹੈ। ਰਹੀ ਗੱਲ ਭੈਣ ਭਰਾ ਦੇ ਪਿਆਰ ਦੀ ਤਾਂ ਯਾਦ ਰੱਖੀਏ ਕਿ ਪਿਆਰ ਕਿਸੇ ਕੱਚੇ ਧਾਗੇ ਦਾ ਮੁਥਾਜ ਨਹੀਂ ਹੁੰਦਾ। ਗੁਰਮਤਿ ’ਚ ਕੇਵਲ ਗੁਰੂ ਤੇ ਪ੍ਰਮਾਤਮਾ ਨਾਲ਼ ਮੋਹ ਪਾਉਣ ਨੂੰ ਹੀ ਜਾਇਜ਼ ਮੰਨਿਆ ਗਿਆ ਹੈ। ਸੰਸਾਰੀ ਰਿਸ਼ਤਿਆਂ ਬਾਰੇ ਗੁਰ ਬਚਨ ਇਸ ਤਰ੍ਹਾਂ ਹਨ : ‘‘ਕਾ ਕੀ ਮਾਈ  ? ਕਾ ਕੋ ਬਾਪ ? ॥ ਨਾਮ ਧਾਰੀਕ, ਝੂਠੇ ਸਭਿ ਸਾਕ ॥ (ਗਉੜੀ/ਮ : ੫/੧੮੮), ਹੋਰੁ ਸਭ ਪ੍ਰੀਤਿ, ਮਾਇਆ ਮੋਹੁ ਕਾਚਾ ॥ ਬਿਨਸਿ ਜਾਇ, ਕੂਰਾ ਕਚੁ ਪਾਚਾ ॥ ਜਨ ਨਾਨਕ ਪ੍ਰੀਤਿ, ਤ੍ਰਿਪਤਿ ਗੁਰੁ ਸਾਚਾ॥’’ (ਗਉੜੀ ਗੁਆਰੇਰੀ/ਮ : ੪/੧੬੪)

ਸੋ, ਯਾਦ ਰੱਖੀਏ ਕਿ ਰੱਖੜੀ ਪੰਜਾਬੀ ਸਭਿਆਚਾਰ ਦਾ ਹਿੱਸਾ ਨਹੀਂ ਹੈ ਤੇ ਰੱਖੜੀ ਦੇ ਵਪਾਰ (ਤਿਉਹਾਰ) ਦਾ ਸਿੱਖੀ ਨਾਲ਼ ਕੋਈ ਲੈਣਾ ਦੇਣਾ ਵੀ ਨਹੀਂ ਹੈ। ਇਹ ਵੀ ਵਿਚਾਰਨਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜ੍ਹੇ, ਪਾਲਕੀ ਆਦਿ ਨੂੰ ਰੱਖੜੀਆਂ ਬੰਨ੍ਹਣੀਆਂ ਸਰਾਸਰ ਮੂਰਖਤਾ ਦੀ ਨਿਸ਼ਾਨੀ ਹੈ। ਆਓ ! ਰੱਖੜੀ ਤੇ ਹੋਰ ਅਨਮਤੀ ਤਿਉਹਾਰ ਮਨਾਉਣ ਤੋਂ ਤੋਬਾ ਕਰੀਏ, ਨਹੀਂ ਤਾਂ ਹਰ ਇੱਕ ਲਈ ਇਹ ਕਹਿਣਾ ਆਸਾਨ ਹੁੰਦਾ ਚਲਾ ਜਾਵੇਗਾ ਕਿ ਸਿੱਖ, ਹਿੰਦੂ ਹੀ ਹੁੰਦੇ ਹਨ।

(47). ਰੁੱਖਾ/ਖਰਵਾ (ਕੌੜਾ) ਬੋਲਣਾ : ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਫ਼ੁਰਮਾਨ ਹੈ ਕਿ ਰੁੱਖਾ ਬੋਲਣ ਵਾਲੇ ਮਨੁੱਖ ਦਾ ਤਨ ਮਨ ਰੁੱਖਾ ਹੋ ਜਾਂਦਾ ਹੈ ਤੇ ਪ੍ਰੇਮ ਤੋਂ ਸੱਖਣੇ ਅਜਿਹੇ ਮੂਰਖ ਨੂੰ ਫਿਟਕਾਰਾਂ ਪੈਂਦੀਆਂ ਹਨ, ਜਿਸ ਕਾਰਨ ਉਹ ਰੱਬ ਦੀ ਦਰਗਾਹ ਤੋਂ ਵੀ ਫਿਟਕਾਰਿਆ ਜਾਂਦਾ ਹੈ : ‘‘ਨਾਨਕ  ! ਫਿਕੈ ਬੋਲਿਐ; ਤਨੁ ਮਨੁ ਫਿਕਾ ਹੋਇ ॥ ਫਿਕੋ ਫਿਕਾ ਸਦੀਐ; ਫਿਕੇ ਫਿਕੀ ਸੋਇ ॥ ਫਿਕਾ ਦਰਗਹ ਸਟੀਐ; ਮੁਹਿ ਥੁਕਾ ਫਿਕੇ ਪਾਇ ॥ ਫਿਕਾ ਮੂਰਖੁ ਆਖੀਐ; ਪਾਣਾ ਲਹੈ ਸਜਾਇ ॥’’ (ਆਸਾ ਕੀ ਵਾਰ/ਮ : ੧/੪੭੩)

ਅਸਲ ਵਿੱਚ ਜਿਸ ਮਨੁੱਖ ਦਾ ਪ੍ਰਭੂ ਦੇ ਨਾਮ (ਗੁਣਾਂ/ਸਿਫ਼ਤ) ਨਾਲ਼ ਪਿਆਰ ਨਹੀਂ ਪੈਂਦਾ ਤੇ ਨਾ ਹੀ ਜਿਸ ਦਾ ਮਨ ਸਤਿਗੁਰੂ ਦੇ ਸ਼ਬਦ ’ਚ ਭਿੱਜਦਾ ਹੈ, ਉਹ ਮਨੁੱਖ ਰਸਨਾ ਨਾਲ਼ ਫਿੱਕਾ ਬੋਲ ਕੇ, ਸਦਾ ਖ਼ੁਆਰੀ ਹੀ ਖੱਟਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਸਬਦੈ ਸਾਦੁ ਨ ਆਇਓ; ਨਾਮਿ (’ਚ) ਨ ਲਗੋ ਪਿਆਰੁ॥ ਰਸਨਾ ਫਿਕਾ ਬੋਲਣਾ; ਨਿਤ ਨਿਤ ਹੋਇ ਖੁਆਰੁ॥’’ (ਮ : ੩/੫੯੪) ਅਕਾਲ ਪੁਰਖ ਦੀ ਇਹ ਵਡਿਆਈ ਹੈ ਕਿ ਉਹ ਸਾਡੇ ਔਗੁਣਾਂ ਨੂੰ ਚੇਤੇ ਨਹੀਂ ਰੱਖਦਾ, ਇਸ ਲਈ ਉਹ ਕੌੜਾ ਬੋਲਣਾ ਵੀ ਨਹੀਂ ਜਾਣਦਾ ਹੈ : ‘‘ਮਿਠ ਬੋਲੜਾ ਜੀ ! ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ! ਓਹੁ ਕਦੇ ਨ ਬੋਲੈ ਕਉਰਾ ॥’’ (ਸੂਹੀ/ਮ : ੫/੭੮੪), ਪਰ ਦਿਲਾਸਾ ਦੇਣ ਵਾਲੀ ਹਕੀਕਤ ਹੈ ਕਿ ਗੁਰੂ ਦੇ ਸ਼ਬਦ ਦੀ ਰਾਹੀਂ ਉੱਚਾ ਆਚਰਨ ਬਣਾਉਣ ਨਾਲ਼ ਮਨੁੱਖ ਵੀ ਉੱਚੀ ਸੋਚਣੀ ਦਾ ਮਾਲਕ ਬਣ ਜਾਂਦਾ ਹੈ ਤੇ ਉਹ ਵੀ ਰੱਬ ਵਾਙ ਵਿਗੜੇ ਬੋਲ ਬੋਲਣ ਤੋਂ ਬਚਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਅਸੀ ਬੋਲਵਿਗਾੜ, ਵਿਗਾੜਹ ਬੋਲ ॥ ਤੂ ਨਦਰੀ ਅੰਦਰਿ, ਤੋਲਹਿ ਤੋਲ ॥ ਜਹ ਕਰਣੀ, ਤਹ ਪੂਰੀ ਮਤਿ ॥ ਕਰਣੀ ਬਾਝਹੁ, ਘਟੇ ਘਟ ॥’’ (ਸਿਰੀਰਾਗੁ/ਮ : ੧/੨੫)

ਸ਼ੇਖ ਫ਼ਰੀਦ ਜੀ ਤਾਂ ਸਾਨੂੰ ਇੱਕ ਵੀ ਫਿੱਕਾ ਬਚਨ ਨਾ ਬੋਲਣ ਦੀ ਹਿਦਾਇਤ ਕਰਦੇ ਹਨ। ਜੇ ਕਰ ਅਸੀਂ ਨਿਮਰਤਾ (ਹਲੀਮੀ), ਮਿੱਠਾ ਬੋਲਣ ਅਤੇ ਦੂਜੇ ਦੀ ਵਧੀਕੀ ਨੂੰ ਕੁਝ ਸਹਾਰਨ ਦੀ ਜਾਚ ਸਿੱਖ ਲਈਏ ਤਾਂ ਸਹਿਜੇ ਹੀ ਰੱਬੀ ਬਖ਼ਸ਼ਸ਼ ਵਾਲ਼ੀ ਦਾਤ ਪ੍ਰਾਪਤ ਕੀਤੀ ਜਾ ਸਕਦੀ ਹੈ। ਸ਼ੇਖ ਜੀ ਦੇ ਬਚਨ ਹਨ : ‘‘ਇਕੁ, ਫਿਕਾ ਨ ਗਾਲਾਇ; ਸਭਨਾ ਮੈ ਸਚਾ ਧਣੀ ॥ ਹਿਆਉ, ਨ ਕੈਹੀ ਠਾਹਿ; ਮਾਣਕ, ਸਭ ਅਮੋਲਵੇ॥ (ਸ਼ੇਖ ਫਰੀਦ ਜੀ/੧੩੮੪), ਨਿਵਣੁ ਸੁ ਅਖਰੁ, ਖਵਣੁ ਗੁਣੁ; ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ! ਵੇਸ ਕਰਿ; ਤਾਂ ਵਸਿ ਆਵੀ ਕੰਤੁ॥’’ (ਸ਼ੇਖ ਫਰੀਦ ਜੀ/੧੩੮੪), ਯਾਦ ਰੱਖੀਏ ਕਿ ਮਿੱਠੇ ਬਚਨਾਂ ਨਾਲ਼ ਦੂਜੇ ਨਾਲ਼ ਪਿਆਰ ਦੀ ਗੰਢ ਪੈਂਦੀ ਹੈ (ਗੰਢੁ ਪਰੀਤੀ, ਮਿਠੇ ਬੋਲ ॥ ਮ : ੧/੧੪੩) ਪਰ ਮੰਦੇ ਬੋਲ ਬੋਲਿਆਂ ਦੂਜੇ ਦੀ ਪ੍ਰੀਤ ਟੁੱਟ ਵੀ ਜਾਂਦੀ ਹੈ (ਟੂਟਿ ਪਰੀਤਿ ਗਈ, ਬੁਰ ਬੋਲਿ (ਕੇ)॥ ਮ : ੧/੯੩੩) ਤਾਂ ਫਿਰ ਕਿਉਂ ਨਾ ਆਪਣੇ ਮਨ ਨੂੰ ਸਮਝਾ ਲਈਏ ਕਿ ਪ੍ਰਮਾਤਮਾ ਦੀ ਯਾਦ ਤੋਂ ਸੱਖਣੇ ਬੋਲ ਭਾਵ ਫਿੱਕਾ ਬੋਲਣ ਦੀ ਬਜਾਇ ਉਹੀ ਭਲੇ ਬੋਲ ਬੋਲਣੇ ਚਾਹੀਦੇ ਹਨ ਜਿਨ੍ਹਾਂ ਸਦਕਾ ਪ੍ਰਭੂ ਦੇ ਦਰ ’ਤੇ ਪ੍ਰਵਾਨ ਹੋਈਦਾ ਹੈ : ‘‘ਜਿਤੁ ਬੋਲਿਐ ਪਤਿ ਪਾਈਐ; ਸੋ ਬੋਲਿਆ ਪਰਵਾਣੁ ॥ ਫਿਕਾ ਬੋਲਿ (ਕੇ) ਵਿਗੁਚਣਾ; ਸੁਣਿ ਮੂਰਖ ਮਨ ਅਜਾਣ  !॥ ਜੋ ਤਿਸੁ ਭਾਵਹਿ, ਸੇ ਭਲੇ; ਹੋਰਿ ਕਿ ਕਹਣ ਵਖਾਣ ? ॥’’ (ਸਿਰੀਰਾਗੁ/ਮ : ੧/੧੫)

(48). ਲੋਭ : ਮਨੁੱਖੀ ਸਮਾਜ ਅੰਦਰ ਵਿਤਕਰਾ, ਅਸਮਾਨਤਾ ਤੇ ਜਿਹੜੀਆਂ ਮੁਸ਼ਕਲਾਂ, ਮੁਸੀਬਤਾਂ ਆਦਿ ਵਾਪਰਦੀਆਂ ਹਨ, ਉਨ੍ਹਾਂ ’ਚੋਂ ਬਹੁਤਾਤ ਦਾ ਮੂਲ ਕੇਵਲ ਲੋਭ ਹੀ ਹੁੰਦਾ ਹੈ। ਧਨਵਾਨ; ਆਪਣੇ ਲੋਭ ਕਰਕੇ, ਦੂਸਰੇ ਦਾ ਹੱਕ ਮਾਰ ਕੇ ਹੋਰ ਵੀ ਧਨਵਾਨ ਬਣਨਾ ਚਾਹੁੰਦਾ ਹੈ, ਸੱਤਾ ’ਚ ਬਣੇ ਰਹਿਣ ਲਈ ਗੱਦਾਰੀ ਬਿਰਤੀ ਵਾਲੇ ਲੋਭੀ ਲੀਡਰ; ਗੁਰੂ ਸਤਿਕਾਰ ਨੂੰ ਵੀ ਦਾਅ ’ਤੇ ਲਗਾਉਣ ਤੋਂ ਨਹੀਂ ਝਿਜਕਦੇ। ਮਾਇਆ ਦੇ ਪ੍ਰਭਾਵ ਅਧੀਨ, ਧਨ ਦੀ ਖ਼ਾਤਰ ਸਾਰੀ ਦੁਨੀਆ ਨੂੰ ਠੱਗਣ ਵਾਲਾ ਅਖੀਰ ਆਪ ਹੀ ਠੱਗਿਆ ਜਾਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਬਿਆਪਤ, ਧਨ ਨਿਰਧਨ ਪੇਖਿ ਸੋਭਾ॥ ਮੂਲੁ ਬਿਆਧੀ (ਅਸਲ ਰੋਗ), ਬਿਆਪਸਿ ਲੋਭਾ (ਪ੍ਰਭਾਵ ਪਾਉਂਦਾ ਲੋਭ)॥’’ (ਗਉੜੀ ਗੁਆਰੇਰੀ/ਮ : ੫/੧੮੨), ਮੋਹਨੀ, ਮੋਹਿ (ਨੇ) ਲੀਏ ਤ੍ਰੈ ਗੁਨੀਆ॥ ਲੋਭਿ ਵਿਆਪੀ, ਝੂਠੀ ਦੁਨੀਆ ॥ ਮੇਰੀ ਮੇਰੀ ਕਰਿ ਕੈ ਸੰਚੀ; ਅੰਤ ਕੀ ਬਾਰ ਸਗਲ ਲੇ ਛਲੀਆ ॥’’ (ਮਾਰੂ/ਮ : ੫/੧੦੦੪), ਸੰਸਾਰੀ ਜੀਵਾਂ ਦੇ ਲੋਭੀ ਕਾਰ ਵਿਹਾਰ (ਸੁਭਾਅ) ਨੂੰ ਉਜਾਗਰ ਕਰਨ ਲਈ ਲੋਭ ਨੂੰ ਮੁਖ਼ਾਤਬ ਹੁੰਦਿਆਂ ਹੋਇਆਂ ਪੰਚਮ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਹੇ ਲੋਭ ! ਤੇਰੇ ਪ੍ਰਭਾਵ ਨਾਲ਼ ਤਾਂ ਵੱਡੇ-ਵੱਡੇ ਵੀ ਅਨੇਕਾਂ ਤਰੀਕਿਆਂ ਨਾਲ਼ ਡੋਲ ਜਾਂਦੇ ਹਨ। ਤੇਰੇ ਵੱਸ ’ਚ ਆਉਣ ਕਰਕੇ ਜੀਵਾਂ ਨੂੰ ਕਿਸੇ ਵੀ ਮਿੱਤਰ, ਮਾਤਾ ਪਿਤਾ, ਸੰਬੰਧੀਆਂ ਤੇ ਇੱਥੋਂ ਤੱਕ ਕਿ ਗੁਰੂ ਦੀ ਵੀ ਕੋਈ ਸ਼ਰਮ ਨਹੀਂ ਰਹਿੰਦੀ। ਤੇਰੀਆਂ ਲਹਿਰਾਂ ’ਚ ਫਸਿਆ ਮਨੁੱਖ ਸਮਾਜ ’ਚ ਰਹਿ ਕੇ, ਅਜਿਹੇ ਕਲੋਲ (ਕੰਮ) ਕਰਦਾ ਹੈ, ਜੋ ਅਤਿ ਨਿੰਦਣਯੋਗ ਹੁੰਦੇ ਹਨ। ਇਸ ਲੋਭ ਤੋਂ ਪ੍ਰਮਾਤਮਾ ਦਾ ਆਸਰਾ ਲੈ ਕੇ ਹੀ ਬਚਿਆ ਜਾ ਸਕਦਾ ਹੈ : ‘‘ਹੇ ਲੋਭਾ  ! ਲੰਪਟ ਸੰਗ ਸਿਰਮੋਰਹ; ਅਨਿਕ ਲਹਰੀ ਕਲੋਲਤੇ ॥ ਧਾਵੰਤ ਜੀਆ ਬਹੁ ਪ੍ਰਕਾਰੰ; ਅਨਿਕ ਭਾਂਤਿ ਬਹੁ ਡੋਲਤੇ ॥  ਨਚ ਮਿਤ੍ਰੰ, ਨਚ ਇਸਟੰ, ਨਚ ਬਾਧਵ; ਨਚ ਮਾਤ ਪਿਤਾ ਤਵ ਲਜਯਾ ॥  ਅਕਰਣੰ ਕਰੋਤਿ ਅਖਾਦ੍ਹਿ ਖਾਦ੍ਹੰ; ਅਸਾਜ੍ਹੰ ਸਾਜਿ ਸਮਜਯਾ ॥  ਤ੍ਰਾਹਿ ਤ੍ਰਾਹਿ ਸਰਣਿ ਸੁਆਮੀ !  ਬਿਗ੍ਹਾਪਿ੍ਤ ਨਾਨਕ  ! ਹਰਿ ਨਰਹਰਹ ॥੪੮॥’’ (ਸਲੋਕ ਸਹਸਕ੍ਰਿਤ/ਮ: ੫/੧੩੫੮)

ਮਨੁੱਖ ਤਾਂ ਸੱਚੀ ਪ੍ਰੀਤ ਦੀ ਬਜਾਇ ਅਕਾਲ ਪੁਰਖ ਨਾਲ਼ ਆਪਣੀ ਸਾਂਝ ਵੀ ਲੋਭ ਕਰ ਕੇ ਹੀ ਪਾਉਂਦਾ ਹੈ, ਭਾਵੇਂ ਕਿ ਸਾਡੀ ਲੋਭੀ ਬਿਰਤੀ ਦੇ ਬਾਵਜੂਦ ਮਿਹਰਬਾਨ ਕਰਤਾ ਸਾਡੀ ਹਰ ਮੁਰਾਦ ਪੂਰੀ ਵੀ ਕਰਦਾ ਹੈ। ਪੰਚਮ ਪਾਤਸ਼ਾਹ ਜੀ ਦੇ ਵਚਨ ਹਨ : ‘‘ਅਪਨੇ ਲੋਭ ਕਉ, ਕੀਨੋ ਮੀਤੁ॥ ਸਗਲ ਮਨੋਰਥ, ਮੁਕਤਿ ਪਦੁ ਦੀਤੁ॥… ਅਪੁਨੈ ਸੁਆਇ (ਸੁਆਰਥ), ਰਿਦੈ ਲੈ ਧਾਰਿਆ ॥ ਦੂਖ ਦਰਦ ਰੋਗ, ਸਗਲ ਬਿਦਾਰਿਆ॥’’ (ਗਉੜੀ/ਮ : ੫/੧੯੫), ਮੇਰ ਤੇਰ ਜਾਂ ਲੋਭ ਦੀ ਫਾਹੀ ’ਚ ਫਸੇ ਰਹਿਣ ਕਰਕੇ ਮਨੁੱਖ ਨੂੰ ਕਦੀ ਵੀ ‘‘ਕਿਆ ਲੈ ਆਵਹਿ ? ਕਿਆ ਲੇ ਜਾਹਿ  ?॥’’ (ਬਿਲਾਵਲੁ ਥਿਤੀ/ਮ: ੧/੮੩੯) ਭਾਵ ਇੱਥੇ ਖ਼ਾਲੀ ਹੱਥ ਆਉਣ ਅਤੇ ਇੱਥੋਂ ਖ਼ਾਲੀ ਹੱਥ ਹੀ ਚਲੇ ਜਾਣ ਦੀ ਸਚਾਈ ਸਮਝ ਨਹੀਂ ਪੈਂਦੀ ਤੇ ਅੰਤ ਪਛਤਾਵੇ ਤੋਂ ਇਲਾਵਾ ਹੋਰ ਕੁਝ ਵੀ ਪੱਲੇ ਨਹੀਂ ਪੈਂਦਾ; ਜਿਵੇਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ : ‘‘ਕਰਣੋ ਹੁਤੋ, ਸੁ ਨਾ ਕੀਓ; ਪਰਿਓ, ਲੋਭ ਕੈ ਫੰਧ॥ ਨਾਨਕ !  ਸਮਿਓ ਰਮਿ ਗਇਓ; ਅਬ ਕਿਉ ਰੋਵਤ ? ਅੰਧ !॥’’ (ਸਲੋਕ/ਮ : ੯/੧੪੨੮), ਇਸ ਲਈ ਗੁਰ ਉਪਦੇਸ਼ ਵਜੋਂ ਗੁਰੂ ਸਾਹਿਬ ਜੀ ਸਾਨੂੰ ਲਾਲਚ ਨੂੰ ਛੱਡ ਦੇਣ ਦਾ ਹੁਕਮ ਕਰਦੇ ਹਨ ਕਿਉਂਕਿ ਕੱਲਰ ਵਿੱਚ ਖੇਤੀ ਬੀਜਣ ਨਾਲ਼ ਕੋਈ ਫ਼ਾਇਦਾ ਨਹੀਂ ਹੋਣ ਵਾਲ਼ਾ। ਝੂਠੇ ਲੋਭ ਨੂੰ ਤਿਆਗ ਦੇਣ ਨਾਲ਼ ਹੀ ਪ੍ਰਮਾਤਮਾ ਦੀ ਹੋਂਦ (ਹਸਤੀ, ਵਜੂਦ) ਦਾ ਅਨੁਭਵ ਹੁੰਦਾ ਹੈ ਤੇ ਹਿਰਦੇ ’ਚ ਸੱਚਾ ਸਾਹਿਬ ਵਸਣ ਨਾਲ਼ ਹਉਮੈ (ਮੈ-ਮੇਰੀ) ਦਾ ਰੋਗ ਮਿਟ ਜਾਂਦਾ ਹੈ। ਗੁਰ ਉਪਦੇਸ਼ ਇੰਞ ਹੈ : ‘‘ਕੂੜਾ ਲਾਲਚੁ ਛੋਡੀਐ; ਤਉ ਸਾਚੁ ਪਛਾਣੈ॥ ਗੁਰ ਕੈ ਸਬਦਿ ਸਮਾਈਐ; ਪਰਮਾਰਥੁ ਜਾਣੈ॥ ਇਹੁ ਮਨੁ ਰਾਜਾ ਲੋਭੀਆ; ਲੁਭਤਉ ਲੋਭਾਈ॥ ਗੁਰਮੁਖਿ ਲੋਭੁ ਨਿਵਾਰੀਐ; ਹਰਿ ਸਿਉ ਬਣਿ ਆਈ॥ ਕਲਰਿ ਖੇਤੀ ਬੀਜੀਐ; ਕਿਉ ਲਾਹਾ ਪਾਵੈ ?॥ ਮਨਮੁਖੁ ਸਚਿ ਨ ਭੀਜਈ; ਕੂੜੁ ਕੂੜਿ ਗਡਾਵੈ॥ ਲਾਲਚੁ ਛੋਡਹੁ ਅੰਧਿਹੋ ! ਲਾਲਚਿ (’ਚ) ਦੁਖੁ ਭਾਰੀ॥ ਸਾਚੌ ਸਾਹਿਬੁ ਮਨਿ ਵਸੈ; ਹਉਮੈ ਬਿਖੁ ਮਾਰੀ ॥’’ (ਆਸਾ/ਮ : ੧/੪੧੯) ਲੋਭ ਦੇ ਵਿਕਾਰ ਤੋਂ ਨਜਾਤ ਪਾਉਣਾ ਕਿੰਨਾ ਜ਼ਰੂਰੀ ਹੈ ! ਇਸ ਗੱਲ ਦਾ ਅੰਦਾਜ਼ਾ ਗੁਰੂ ਅਮਰਦਾਸ ਜੀ ਦੇ ਹੇਠਲੇ ਵਾਕ ਤੋਂ ਲਗਾਇਆ ਜਾ ਸਕਦਾ ਹੈ, ਜਿਸ ਰਾਹੀਂ ਗੁਰੂ ਜੀ ਸਾਨੂੰ ਸਾਵਧਾਨ ਕਰਦੇ ਹਨ ਕਿ ਕਿਸੇ ਲਾਲਚੀ ਇਨਸਾਨ ’ਤੇ ਕਦੀ ਵੀ ਯਕੀਨ ਨਾ ਕਰਨਾ ਕਿਉਂਕਿ ਅਜਿਹਾ ਲੋਭੀ ਮਨੁੱਖ ਉਸ ਥਾਂ ’ਤੇ ਧੋਖਾ ਦੇ ਜਾਂਦਾ ਹੈ, ਜਿੱਥੇ ਕੋਈ ਸਹਾਇਤਾ ਵੀ ਨਾ ਕਰ ਸਕੇ। ਅਜਿਹੇ ਲਾਲਚੀ ਮਨੁੱਖ; ਆਪ ਤਾਂ ਭਾਵੇਂ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਕੇ (ਇਸ ਸੰਸਾਰ ਤੋਂ) ਚਲੇ ਜਾਂਦੇ ਹਨ ਪਰ ਉਨ੍ਹਾਂ ਦੀ ਸੰਗਤ ਕਰਨ ਵਾਲੇ ਦੇ ਮੂੰਹ ’ਤੇ ਬਾਅਦ ’ਚ ਵੀ ਬਦਨਾਮੀ ਦਾ ਦਾਗ਼ ਹੀ ਲੱਗਦਾ ਹੈ : ‘‘ਲੋਭੀ ਕਾ, ਵੇਸਾਹੁ ਨ ਕੀਜੈ; ਜੇ ਕਾ ਪਾਰਿ ਵਸਾਇ ॥ ਅੰਤਿ ਕਾਲਿ, ਤਿਥੈ ਧੁਹੈ; ਜਿਥੈ ਹਥੁ ਨ ਪਾਇ ॥ ਮਨਮੁਖ ਸੇਤੀ ਸੰਗੁ ਕਰੇ; ਮੁਹਿ, ਕਾਲਖ ਦਾਗੁ ਲਗਾਇ ॥ ਮੁਹ ਕਾਲੇ, ਤਿਨ੍ਹ ਲੋਭੀਆਂ; ਜਾਸਨਿ ਜਨਮੁ ਗਵਾਇ॥’’ (ਸਲੋਕ ਵਾਰਾਂ ਤੇ ਵਧੀਕ/ਮ : ੩/੧੪੧੭)

ਸਿਰਫ਼ ਗੁਰੂ ਦੇ ਸ਼ਬਦ ਦੀ ਬਰਕਤ ਨਾਲ਼ ਹੀ ਲੋਭ ਦੇ ਵਿਕਾਰ ਨੂੰ ਦੂਰ (ਗੁਰ ਵਿਣੁ ਸਹਜੁ ਨ ਆਵਈ; ਲੋਭੁ ਮੈਲੁ ਨ ਵਿਚਹੁ ਜਾਇ॥ ਮ : ੩/੮੭) ਕੀਤਾ ਜਾ ਸਕਦਾ ਹੈ। ਸੋ, ਆਓ ! ਆਪਣੇ ਅਮੋੜ ਮਨ ਨੂੰ ਸਮਝਾਈਏ ਕਿ ਗੁਰ ਸ਼ਬਦ ਦੇ ਲੋਭ ਤੋਂ ਇਲਾਵਾ ਬਾਕੀ ਹੋਰ ਕਿਸੇ ਲੋਭ ਦੀ ਬੂਟੀ ਲਈ ਹੁਣ ਸਾਡੇ ਹਿਰਦੇ ਦੀ ਜ਼ਮੀਨ ’ਚ ਕੋਈ ਜਗ੍ਹਾ ਨਹੀਂ ਹੈ : ‘‘ਮਨ ਕਰਹਲਾ ! ਤੂੰ ਮੀਤੁ ਮੇਰਾ; ਪਾਖੰਡੁ ਲੋਭੁ ਤਜਾਇ॥ ਪਾਖੰਡਿ (ਕਰਕੇ) ਲੋਭੀ ਮਾਰੀਐ; ਜਮ ਡੰਡੁ ਦੇਇ ਸਜਾਇ॥ ਮਨ ਕਰਹਲਾ ! ਮੇਰੇ ਪ੍ਰਾਨ ਤੂੰ; ਮੈਲੁ ਪਾਖੰਡੁ ਭਰਮੁ ਗਵਾਇ॥ ਹਰਿ ਅੰਮ੍ਰਿਤ ਸਰੁ ਗੁਰਿ (ਨੇ) ਪੂਰਿਆ; ਮਿਲਿ ਸੰਗਤੀ ਮਲੁ ਲਹਿ ਜਾਇ ॥’’ (ਗਉੜੀ ਪੂਰਬੀ/ਮ : ੪/੨੩੪)

(49). ਵਹਿਮ ਭਰਮ : ਇਹ ਇੱਕ ਕੌੜਾ ਸੱਚ ਅਤੇ ਮਨੁੱਖ ਦੀ ਤ੍ਰਾਸਦੀ ਹੈ ਕਿ ਧਰਮੀ ਅਖਵਾਉਣ ਵਾਲ਼ਾ ਬੰਦਾ ਆਪਣਾ ਸਾਰਾ ਜਨਮ ਪਾਖੰਡਵਾਦ ਤੇ ਵਹਿਮਾਂ ਭਰਮਾਂ ਦੀ ਭਟਕਣਾ ’ਚ ਹੀ ਨਸ਼ਟ ਕਰ ਲੈਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਪਾਖੰਡ ਭਰਮ ਉਪਾਵ ਕਰਿ ਥਾਕੇ; ਰਿਦ ਅੰਤਰਿ ਮਾਇਆ ਮਾਇਆ ॥ (ਬਸੰਤੁ ਹਿੰਡੋਲ/ਮ : ੪/੧੧੭੮), ਸਗਲ ਜਨਮ ਭਰਮ ਹੀ ਭਰਮ ਖੋਇਓ; ਨਹ ਅਸਥਿਰੁ ਮਤਿ ਪਾਈ ॥ ਬਿਖਿਆਸਕਤ ਰਹਿਓ, ਨਿਸ ਬਾਸੁਰ; ਨਹ ਛੂਟੀ ਅਧਮਾਈ ॥’’ (ਸੋਰਠਿ/ਮ : ੯/੬੩੨)

ਕੀ ਕਾਰਨ ਹੈ ਕਿ ਸ਼ੇਰ ਦੇ ਜਬਾੜੇ ਨੂੰ ਆਪਣੇ ਹੱਥਾਂ ਨਾਲ਼ ਪਾੜਨ ਵਾਲ਼ਿਆਂ ਦੀ ਔਲਾਦ ਕਹਾਉਣ ਵਾਲੇ ਅਸੀਂ ਸਿੱਖ ਸੂਰਮੇ, ਅੱਜ ਬਿੱਲੀ ਨੂੰ ਦੇਖ ਕੇ ਹੀ ਡਰ ਜਾਂਦੇ ਹਾਂ ਕਿ ਪਿੱਛੇ ਮੁੜ ਚਲੀਏ ਭਾਈ ਜੀ ! ਬਿੱਲੀ ਰਸਤਾ ਕੱਟ ਗਈ ਹੈ ! ਕਿੱਧਰੇ ਜ਼ਰੂਰੀ ਕੰਮ ’ਤੇ ਜਾਣ ਲੱਗਿਆਂ ਭਾਵੇਂ ਆਪਣੇ ਪਰਵਾਰ ਦਾ ਹੀ ਕੋਈ ਮੈਂਬਰ ਜੇਕਰ ਛਿੱਕ ਮਾਰ ਦੇਵੇ ਤਾਂ ਵੀ ਸਾਨੂੰ ਝੱਟ ਹੀ ਨਿਰਾਸ਼ਾ ਹੋ ਜਾਂਦੀ ਹੈ ?

ਅਜਿਹੇ ਹੀ ਅਨੇਕਾਂ ਹੋਰ ਵਹਿਮਾਂ ਨੂੰ ਪਾਲ਼ਨ ਕਰਕੇ, ਅਸੀਂ ਖ਼ੁਆਰ ਹੋ ਰਹੇ ਹਾਂ ਕਿਉਂਕਿ ਸਾਡੀ ਆਪਣੇ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਰੀ ਵਧ ਚੁੱਕੀ ਹੈ। ਗੁਰੂ ਅਰਜਨ ਦੇਵ ਜੀ ਉਪਦੇਸ਼ ਕਰਦੇ ਹਨ : ‘‘ਭਰਮੁ ਕੋਟੁ, ਮਾਇਆ ਖਾਈ; ਕਹੁ, ਕਿਤੁ ਬਿਧਿ ਤੋੜੀਐ ?॥ ਗੁਰੁ ਪੂਰਾ ਆਰਾਧਿ, ਬਿਖਮ ਦਲੁ ਫੋੜੀਐ॥’’ (ਗੂਜਰੀ ਕੀ ਵਾਰ/ਮ : ੫/੫੨੨)

ਗੁਰੂ ਭਰਮ ਦਾ ਕਿਲ੍ਹਾ ਤੋੜਨ ’ਚ ਪੂਰਨ ਸਮਰੱਥ ਹੈ (ਸੋ ਸਤਿਗੁਰੁ ਧਨੁ ਧੰਨੁ; ਜਿਨਿ ਭਰਮ ਗੜੁ ਤੋੜਿਆ॥ ਮ : ੫/੫੨੨) ਜੇ ਅਸੀਂ ਤਨ ਦੇਹੀ ਨਾਲ਼ ਸ਼ਬਦ ਗੁਰੂ ਨੂੰ ਅਪਣਾਵਾਂਗੇ ਤਾਂ ਗੁਰੂ ਦੀ ਬਖ਼ਸ਼ਸ਼ ਜ਼ਰੂਰ ਹੋਵੇਗੀ, ਫਿਰ ਉਹ ਦਿਨ ਦੂਰ ਨਹੀਂ ਜਦ ਸਾਡਾ ਮਨ ਗੁਰੂ ਦੇ ਪਿਆਰ ’ਚ ਆ ਕੇ, ਇਨ੍ਹਾਂ ਗੁਰ ਵਚਨਾਂ ਨੂੰ ਮਸਤੀ ’ਚ ਆ ਕੇ ਗਾ ਰਿਹਾ ਹੋਵੇਗਾ : ‘‘ਭਨਤਿ ਨਾਨਕ, ਭਰਮ ਪਟ ਖੂਲ੍ੇ; ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ; ਸਤਿਗੁਰ ਸਿਉ ਮਨੁ ਮਾਨਿਆ ॥’’ (ਧਨਾਸਰੀ/ਮ : ੩/੬੬੬)

(50). ਵਰਤ ਰੱਖਣੇ : ਮਹਾਨ ਇਨਕਲਾਬੀ ਭਗਤ ਕਬੀਰ ਜੀ; ਆਪਣੇ ਤੇਜ਼ ਤਰਾਰ ਅੰਦਾਜ਼ ’ਚ ਅੰਨ ਛੱਡਣ ਵਾਲੇ ਪਖੰਡੀਆਂ ਦੀ ਦਸ਼ਾ ਬਿਆਨ ਕਰਦਿਆਂ ਬਚਨ ਕਰਦੇ ਹਨ : ‘‘ਅੰਨੈ ਬਾਹਰਿ ਜੋ ਨਰ ਹੋਵਹਿ॥ ਤੀਨਿ ਭਵਨ ਮਹਿ ਅਪਨੀ ਖੋਵਹਿ ॥ ਛੋਡਹਿ ਅੰਨੁ, ਕਰਹਿ ਪਾਖੰਡ ॥ ਨਾ ਸੋਹਾਗਨਿ, ਨਾ ਓਹਿ ਰੰਡ ॥… ਅੰਨੈ ਬਿਨਾ, ਨ ਹੋਇ ਸੁਕਾਲੁ ॥ ਤਜਿਐ ਅੰਨਿ, ਨ ਮਿਲੈ ਗੁਪਾਲੁ ॥’’ (ਗੋਂਡ/ਭਗਤ ਕਬੀਰ ਜੀ/੮੭੩) ਗੁਰਮਤਿ ਅਨੁਸਾਰ ਕਿਸੇ ਵੀ ਤਰ੍ਹਾਂ ਦਾ ਵਰਤ; ਜਿਵੇਂ ਕਿ ਇਕਾਦਸ਼ੀ, ਕਰਵਾ ਚੌਥ, ਆਦਿ ਕੋਈ ਆਤਮਕ ਲਾਭ ਨਹੀਂ ਪਹੁੰਚਾ ਸਕਦਾ। ਕੁਝ ਗੁਰ ਬਚਨ ਇਸ ਤਰ੍ਹਾਂ ਹਨ : ‘‘ਵਰਤ ਕਰਹਿ ਚੰਦ੍ਰਾਇਣਾ; ਸੇ ਕਿਤੈ ਨ ਲੇਖੰ ॥ (ਮ : ੫/੧੦੯੯), ਬਰਤ ਨੇਮ ਸੰਜਮ ਮਹਿ ਰਹਤਾ; ਤਿਨ ਕਾ ਆਢੁ ਨ ਪਾਇਆ॥ ਆਗੈ ਚਲਣੁ ਅਉਰੁ ਹੈ ਭਾਈ !  ਊਂਹਾ ਕਾਮਿ ਨ ਆਇਆ ॥ (ਗਉੜੀ/ਮ : ੫/੨੧੬), ਏਕਾਦਸੀ, ਨਿਕਟਿ ਪੇਖਹੁ; ਹਰਿ ਰਾਮੁ ॥ ਇੰਦ੍ਰੀ ਬਸਿ ਕਰਿ,  ਸੁਣਹੁ ਹਰਿ ਨਾਮੁ ॥ ਮਨਿ ਸੰਤੋਖੁ, ਸਰਬ ਜੀਅ ਦਇਆ ॥ ਇਨ ਬਿਧਿ ਬਰਤੁ, ਸੰਪੂਰਨ ਭਇਆ ॥’’ (ਗਉੜੀ ਥਿਤੀ/ਮ : ੫/੨੯੯), ਆਦਿ।

ਉਕਤ ਗੁਰ ਵਾਕਾਂ ਦਾ ਸਾਰੰਸ ਹੈ ਕਿ ਪ੍ਰਮਾਤਮਾ ਨੂੰ ਹਮੇਸ਼ਾ ਆਪਣੇ ਨੇੜੇ ਵਸਦਾ ਵੇਖਣਾ ਚਾਹੀਦਾ ਹੈ। ਆਪਣੇ ਇੰਦ੍ਰਿਆਂ ਨੂੰ ਕਾਬੂ ’ਚ ਰੱਖ ਕੇ ਪ੍ਰਮਾਤਮਾ ਦਾ ਨਾਮ ਸੁਣਨਾ ਹੀ ਅਸਲੀ ਵਰਤ ਹੈ। ਜਿਹੜਾ ਮਨੁੱਖ ਸੰਤੋਖੀ ਹੋ ਕੇ ਸਾਰੇ ਜੀਵਾਂ ਨਾਲ਼ ਪਿਆਰ, ਦਇਆ ਵਾਲਾ ਸਲੂਕ ਕਰਦਾ ਹੋਇਆ ਆਪਣਾ ਜੀਵਨ ਗੁਜ਼ਾਰਦਾ ਹੈ ਤਾਂ ਸਮਝੋ ਕਿ ਉਸ ਦਾ ਵਰਤ ਸਫਲ ਹੈ। ਭਾਵਾਰਥ ਕਿ ਜੀਅ ਦਇਆ, ਪ੍ਰੇਮ ਪਿਆਰ ਹੀ ਅਸਲੀ ਵਰਤ ਹੈ; ਇਸੇ ਲਈ ਗੁਰਮਤਿ ਨਿਰਣਾਇਕ ਸੇਧ ਪ੍ਰਦਾਨ ਕਰਦੀ ਹੈ : ‘‘ਕਰਮ, ਧਰਮ, ਨੇਮ, ਬ੍ਰਤ, ਪੂਜਾ॥ ਪਾਰਬ੍ਰਹਮ ਬਿਨੁ, ਜਾਨੁ ਨ ਦੂਜਾ॥ (ਗਉੜੀ/ਮ : ੫/੧੯੯), ਪੂਜਾ ਵਰਤ ਤਿਲਕ ਇਸਨਾਨਾ; ਪੁੰਨ ਦਾਨ ਬਹੁ ਦੈਨ ॥ ਕਹੂੰ ਨ ਭੀਜੈ ਸੰਜਮ ਸੁਆਮੀ; ਬੋਲਹਿ ਮੀਠੇ ਬੈਨ॥ ਪ੍ਰਭ ਜੀ ਕੋ ਨਾਮੁ ਜਪਤ, ਮਨ ਚੈਨ॥ ਬਹੁ ਪ੍ਰਕਾਰ, ਖੋਜਹਿ ਸਭਿ ਤਾ ਕਉ; ਬਿਖਮੁ ਨ ਜਾਈ ਲੈਨ॥’’ (ਧਨਾਸਰੀ/ਮ : ੫/੬੭੪), ਆਦਿ।

ਗੁਰ ਉਪਦੇਸ਼ ਦਾ ਪ੍ਰਵਾਹ ਸਾਡੇ ਜੀਵਨ ’ਚ ਨਿਰੰਤਰ ਚੱਲਦਾ ਰਹਿਣਾ ਚਾਹੀਦਾ ਹੈ। ਗੁਰੂ ਵੀ ਗਿਆਨ ਦੀ ਦਾਤ ਦਿੰਦਿਆਂ ਕਦੀ ਅੱਕਦੇ ਨਹੀਂ (ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ॥ ਧਨਾਸਰੀ/ਮ : ੧/੬੬੦), ਜਿਵੇਂ-ਜਿਵੇਂ ਗੁਰ ਸ਼ਬਦ ’ਚ ਭਿੱਜ ਕੇ ਸਾਡੀ ਸੁਰਤ ਇਕਾਗਰ ਭਾਵ ਇੱਕ ਰਸ ’ਚ ਲੀਨ ਹੁੰਦੀ ਜਾਵੇਗੀ, ਬ੍ਰਹਮ ਗਿਆਨ ਦੀਆਂ ਨਵੀਆਂ ਪਰਤਾਂ ਆਪਣੇ ਆਪ ਅੰਦਰੋਂ ਖੁੱਲ੍ਹਦੀਆਂ ਰਹਿਣਗੀਆਂ। ਪਰ ਧਿਆਨ ਰਹੇ ਕਿ ਦੁਬਿਧਾ ਮਾਰੇ ਬਿਨਾਂ ਗਿਆਨ ਦਾ ਚਾਨਣ ਨਹੀਂ ਹੋਣ ਵਾਲ਼ਾ; ਜਿਵੇਂ ਕਿ ਗੁਰ ਵਾਕ ਹਨ : ‘‘ਇਸੁ (ਦੁਬਿਧਾ) ਮਾਰੀ ਬਿਨੁ, ਗਿਆਨੁ ਨ ਹੋਈ ॥’’ (ਗਉੜੀ/ਮ : ੫/੨੩੮), ਇਸੇ ਲਈ ਮਿਹਰਬਾਨ ਗੁਰੂ ਜੀ ਸਾਨੂੰ ਸੱਦਾ ਦਿੰਦੇ ਹਨ ਕਿ ਹੇ ਭਾਈ  ! ਆਓ, ਗੁਰੂ ਦੀ ਸ਼ਰਨ ਪਵੋ, ਭਾਵ ਕਿ ਗੁਰ ਉਪਦੇਸ਼ ਦੀ ਰੌਸ਼ਨੀ ਨਾਲ਼ ਆਪਣਾ ਮਨ, ਅਕਾਲ ਪੁਰਖ ਦੇ ਨਾਮ ਨੂੰ ਸਿਮਰਨ ’ਚ ਟਿਕਾ ਕੇ ਹਰ ਦੁਚਿੱਤੀ ਦਾ ਹਨੇਰਾ ਦੂਰ ਕੀਤਾ ਜਾ ਸਕਦਾ ਹੈ : ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ, ਲਿਵ ਲਾਇ॥’’ (ਬਸੰਤੁ/ਮ : ੫/੧੧੮੫), ਸਾਡੇ ਕੋਲ਼ ਜਦ ਤੱਕ ਸਾਹਾਂ ਦੀ ਪੂੰਜੀ ਹੈ ਤੇ ਅਸੀਂ ਉਮਰ ਦੇ ਭਾਵੇਂ ਕਿਸੇ ਵੀ ਦੌਰ ’ਚੋਂ ਗੁਜ਼ਰ ਰਹੇ ਹੋਈਏ, ਸਾਨੂੰ ਆਪਣੇ ਜੀਵਨ ਨੂੰ ਹੋਰ ਵੀ ਉੱਤਮ ਬਣਾਉਣ ਲਈ ਸਦਾ ਉੱਦਮ ਕਰਦੇ ਰਹਿਣਾ ਚਾਹੀਦਾ ਹੈ। ਅਧਿਆਤਮਕ ਮਾਰਗ ’ਤੇ ਅਗਾਂਹ ਵਧਣ ਲਈ ਹਮੇਸ਼ਾ ਤਾਂਘ ਰੱਖਣੀ ਚਾਹੀਦੀ ਹੈ ਕਿਉਂਕਿ ਮਨੁੱਖਾ ਜਨਮ ਮੁੜ ਮਿਲਣਾ ਦੁਰਲੱਭ ਹੈ ਤੇ ਇਸ ਲਈ ਇਸੇ ਜਨਮ ’ਚ ਕਾਮਯਾਬ ਹੋਣਾ, ਸਾਡਾ ਅਸਲੀ ਜੀਵਨ ਮਨੋਰਥ ਹੋਣਾ ਚਾਹੀਦਾ ਹੈ। ਗੁਰ ਉਪਦੇਸ਼ ਵੀ ਪਿਛਾਂਹ ਨੂੰ ਮੋਢਾ ਮੋੜਨ ਨੂੰ ਨਹੀਂ ਕਹਿੰਦੇ: ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ॥ ਨਾਨਕ ! ਸਿਝਿ ਇਵੇਹਾ ਵਾਰ; ਬਹੁੜਿ ਨ ਹੋਵੀ ਜਨਮੜਾ॥’’ (ਡਖਣੇ ਮ :੫/੧੦੯੬)

ਬਖ਼ਸ਼ਣਹਾਰ ਗੁਰੂ, ਭੁੱਲੇ ਹੋਏ ਸਿੱਖ ਨੂੰ ਸਹੀ ਜੀਵਨ ਮਾਰਗ ਦੀ ਸੂਝ ਬਖ਼ਸ਼ਦਾ ਹੈ ਤੇ ਕੁਰਾਹੇ ਜਾਂਦੇ ਨੂੰ ਸਿੱਧੇ ਰਾਹ ’ਤੇ ਪਾਉਂਦਾ ਹੈ। ਅਜਿਹੇ ਸਮਰੱਥ ਗੁਰੂ ਜੀ ਦੀ ਸੇਵਾ ਭਾਵ ਕਿ ਗੁਰੂ ਦੀ ਦੱਸੀ ਹੋਈ ਕਾਰ (ਸਿੱਖਿਆ) ਨੂੰ ਦਿਨ, ਰਾਤ ਕਮਾਉਣਾ ਹੀ ਇੱਕ ਉੱਤਮ ਜੀਵਨ ਜਾਚ ਹੈ; ਜਿਵੇਂ ਕਿ ਗੁਰ ਬਚਨ ਹਨ : ‘‘ਭੂਲੇ ਸਿਖ, ਗੁਰੂ ਸਮਝਾਏ॥ ਉਝੜਿ ਜਾਦੇ, ਮਾਰਗਿ ਪਾਏ॥ ਤਿਸੁ ਗੁਰ ਸੇਵਿ, ਸਦਾ ਦਿਨੁ ਰਾਤੀ; ਦੁਖ ਭੰਜਨ ਸੰਗਿ ਸਖਾਤਾ ਹੇ॥’’ (ਮਾਰੂ/ਮ :੧/੧੦੩੧-੩੨) ਸੋ, ਆਓ ! ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ ਦਾ ਪ੍ਰਣ ਕਰੀਏ। ਸਾਰ ਵਜੋਂ; ਇਸ ਗੁਰ ਉਪਦੇਸ਼ ਨਾਲ਼ ਲੇਖ ਸਮਾਪਤ ਕਰਦੇ ਹਾਂ ਕਿ ਰੱਬ ਦੀ ਸਿਫ਼ਤ ਸਾਲਾਹ ਕਰਨਾ ਹੀ ਇੱਕੋ ਇੱਕ ਅਸਲ ਗਿਆਨ ਤੇ ਧਰਮ ਹੈ। ਗੁਰੂ ਦੀ ਸ਼ਰਨ ਪੈ ਕੇ, ਗੁਰੂ ਦੀ ਮੱਤ ਅਨੁਸਾਰ ਜੀਵਨ ਢਾਲ਼ ਕੇ, ਇੱਕ ਸਾਰ ਅਕਾਲ ਪੁਰਖ ’ਚ ਸੁਰਤ ਜੋੜਨ ਵਾਲੇ ਨੂੰ ਹੀ ਅਦ੍ਰਿਸ਼ਟ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ : ‘‘ਏਕੋ ਗਿਆਨੁ, ਧਿਆਨੁ ਧੁਨਿ ਬਾਣੀ ॥ ਏਕੁ ਨਿਰਾਲਮੁ, ਅਕਥ ਕਹਾਣੀ ॥ ਏਕੋ ਸਬਦੁ, ਸਚਾ ਨੀਸਾਣੁ ॥ ਪੂਰੇ ਗੁਰ ਤੇ, ਜਾਣੈ ਜਾਣੁ ॥ ਏਕੋ ਧਰਮੁ, ਦ੍ਰਿੜੈ ਸਚੁ ਕੋਈ ॥ ਗੁਰਮਤਿ ਪੂਰਾ, ਜੁਗਿ ਜੁਗਿ ਸੋਈ ॥ ਅਨਹਦਿ ਰਾਤਾ, ਏਕ ਲਿਵ ਤਾਰ ॥ ਓਹੁ ਗੁਰਮੁਖਿ ਪਾਵੈ, ਅਲਖ ਅਪਾਰ ॥’’ (ਬਸੰਤੁ/ਮ : ੧/੧੧੮੮)

ਅੰਤ ’ਚ ਇਹ ਪੱਖ ਵਿਚਾਰਨਾ ਵੀ ਅਤਿ ਮਹੱਤਵਪੂਰਨ ਹੈ ਕਿ ਜਿਸ ਗੁਰੂ ਗਿਆਨ, ਗੁਰੂ ਬਖ਼ਸ਼ਸ਼ ਨੇ ਮਨੁੱਖਾ ਜੀਵਨ ਨੂੰ ਅੰਧਕਾਰ ’ਚੋਂ ਕੱਢ ਕੇ ਇੱਕ ਸਫਲ ਅਤੇ ਅਲੌਕਿਕ ਜੀਵਨ ਯਾਤਰਾ ਕਰਵਾਉਣੀ ਹੁੰਦੀ ਹੈ, ਉਸ ਦੀ ਚੋਣ, ਉਸ ਦੀ ਭਾਲ, ਉਸ ’ਤੇ ਵਿਸ਼ਵਾਸ ਅਤੇ ਉਸ ਦਾ ਅਨੁਆਈ ਬਣ ਕੇ ਚੱਲਣ ਦੀ ਜਾਚ, ਮਾਨਵਤਾ ਲਈ ਇੱਕ ਅਹਿਮ ਪੜਾਅ ਤੇ ਬਿਬੇਕਤਾ ਭਰਪੂਰ ਨਿਰਣਾ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਨਕਲੀ ਗੁਰੂਆਂ ਦੀਆਂ ਫਿਰਦੀਆਂ ਡਾਰਾਂ ਨੇ ਮਨੁੱਖਤਾ ਨੂੰ ਕੁਰਾਹੇ ਪਾ ਕੇ ਕੀਮਤੀ ਜਨਮ ਨੂੰ ਅਜਾਈਂ ਗੁਆਉਣ ’ਚ ਅਹਿਮ ਰੋਲ ਅਦਾ ਕੀਤਾ ਹੈ।  ਸਦਕੇ ਜਾਈਏ ਗੁਰੂ ਨਾਨਕ ਸਾਹਿਬ ਜੀ ਤੋਂ, ਜਿਨ੍ਹਾਂ ਨੇ ਸਿੱਖਾਂ ਲਈ ਕਿਆਮਤ ਤੱਕ ਗੁਰੂ ਜੀ ਦੀ ਭਾਲ ਲਈ ਇੱਧਰ ਉੱਧਰ ਭਟਕਣ ਤੋਂ ਸਾਨੂੰ ‘ਸਬਦੁ ਗੁਰੂ’ ਦੇ ਲੜ ਲਾ ਕੇ ਮੁਕਤ ਕਰ ਦਿੱਤਾ ਹੈ, ਤਾਂ ਤੇ ਮਾਨਵਤਾ ਹਿਤਕਾਰੀ ਅਜਿਹੇ ਸਤਿਗੁਰੂ ਤੋਂ ਸਦਾ ਬਲਿਹਾਰ ਜਾਣਾ ਚਾਹੀਦਾ ਹੈ ਤੇ ਸਦਾ ਇਹ ਬੋਲ ਦਿੱਲੋਂ ਪੁਕਾਰ-ਪੁਕਾਰ ਜ਼ਾਹਰ ਕਰਨੇ ਚਾਹੀਦੇ ਹਨ, ‘‘ਗੁਰੂ ਗੁਰੂ; ਗੁਰੁ ਕਰਿ ਮਨ ਮੋਰ  ! ॥  ਗੁਰੂ ਬਿਨਾ; ਮੈ ਨਾਹੀ ਹੋਰ ॥  ਗੁਰ ਕੀ ਟੇਕ ਰਹਹੁ; ਦਿਨੁ ਰਾਤਿ ॥ ਜਾ ਕੀ; ਕੋਇ ਨ ਮੇਟੈ ਦਾਤਿ ॥’’ (ਗੋਂਡ/ਮ: ੫/੮੬੪), ਗੁਰੂ ਨਾਨਕ ਸਾਹਿਬ ਜੀ ਸਾਡੇ ਉੱਤੇ ਕਿਰਪਾ ਕਰਨ ਤਾਂ ਜੋ ਸਾਡੇ ਵੱਲੋਂ ਗੁਰੂ ਜੀ ਦਾ 550ਵਾਂ ਦਿਹਾੜਾ ਮਨਾਉਣਾ, ਸਮੁੱਚੀ ਮਾਨਵਤਾ ਲਈ ਪ੍ਰੇਰਨਾਦਾਇਕ ਬਣ ਜਾਵੇ।

——ਸਮਾਪਤ—–

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪਹਿਲਾਂ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਦੂਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਤੀਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਚੌਥਾ)