ਪਾਣੀ ਦੀ ਘਾਟ ਅਤੇ ਉਸ ਦਾ ਪ੍ਰਦੂਸ਼ਣ

0
382

ਪਾਣੀ ਦੀ ਘਾਟ ਅਤੇ ਉਸ ਦਾ ਪ੍ਰਦੂਸ਼ਣ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ) – 0175-2216783

ਅੱਜ ਦੇ ਦਿਨ ਦੁਨੀਆ ਭਰ ਵਿੱਚ 2.8 ਬਿਲੀਅਨ ਲੋਕਾਂ ਨੂੰ ਪਾਣੀ ਦੀ ਕਮੀ ਨਾਲ ਕਿਤੇ ਨਾ ਕਿਤੇ ਜੂਝਣਾ ਪੈ ਰਿਹਾ ਹੈ। ਲਗਭਗ 1.2 ਬਿਲੀਅਨ ਲੋਕਾਂ ਕੋਲ ਪੀਣ ਯੋਗ ਪਾਣੀ ਨਹੀਂ ਹੈ।

ਕਾਰਨ  ?

  1. ਵਾਧੂ ਵਰਤੋਂ।
  2. ਧਰਤੀ ਹੇਠੋਂ ਪਾਣੀ ਦਾ ਖ਼ਾਤਮਾ।
  3. ਪਾਣੀ ਵਿੱਚ ਮਿਲਾਏ ਜਾ ਰਹੇ ਹਾਣੀਕਾਰਕ ਤੱਤ।

ਯੂਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ ਨੇ ਇਹ ਲੱਭਿਆ ਹੈ ਕਿ ਬਹੁਤੇ ਮੁਲਕਾਂ ਵਿੱਚ ਪਾਣੀ ਤਾਂ ਹੈ ਪਰ ਹਰ ਲੋੜਵੰਦ ਤੱਕ ਪਹੁੰਚਾਉਣ ਦਾ ਜ਼ਰੀਆ ਸਹੀ ਨਹੀਂ ਹੈ। ਕੁੱਝ ਮੁਲਕਾਂ ਵਿੱਚ ਜ਼ਮੀਨ ਹੇਠੋਂ ਪਾਣੀ ਤਾਂ ਕੱਢਿਆ ਜਾ ਰਿਹਾ ਹੈ ਪਰ ਵਾਪਸ ਪਾਣੀ ਹੇਠਾਂ ਨਹੀਂ ਭੇਜਿਆ ਜਾ ਰਿਹਾ। ਇਸੇ ਲਈ ਵਿਸ਼ਵਭਰ ਦੇ ਅੱਧਾ ਬਿਲੀਅਨ ਲੋਕਾਂ ਨੂੰ ਪੂਰਾ ਸਾਲ ਹੀ ਪਾਣੀ ਦੀ ਕਮੀ ਨਾਲ ਜੂਝਣਾ ਪੈਂਦਾ ਹੈ। ਧਰਤੀ ਦੇ ਚੁਫੇਰੇ ਪਾਣੀ ਦੇ ਭੰਡਾਰ ਹੋਣ ਦੇ ਬਾਵਜੂਦ ਸਿਰਫ਼ 0.014 ਫੀਸਦੀ ਪਾਣੀ ਹੀ ਪੀਣ ਯੋਗ ਹੈ। ਬਾਕੀ 97 ਫੀਸਦੀ ਨਮਕੀਨ ਤੇ 3 ਫੀਸਦੀ ਦੇ ਨੇੜੇ-ਤੇੜੇ ਪਹੁੰਚ ਤੋਂ ਬਾਹਰ ਹੈ। ਇਹ ਕਿਆਸ ਲਾਇਆ ਜਾ ਚੁੱਕਿਆ ਹੈ ਕਿ ਸੰਨ 2030 ਤੱਕ ਧਰਤੀ ਉੱਤੇ ਪੀਣ ਵਾਲੇ ਪਾਣੀ ਦੀ ਏਨੀ ਘਾਟ ਹੋ ਜਾਣੀ ਹੈ ਕਿ 40 ਫੀਸਦੀ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹੋਣਗੇ ਤੇ ਪਾਣੀ ਖੁਣੋਂ ਮੌਤਾਂ ਦਾ ਢੇਰ ਲੱਗ ਜਾਣਾ ਹੈ।

ਦਰਖਤ ਵੱਢਣ, ਲੋੜੋਂ ਵੱਧ ਪ੍ਰਦੂਸ਼ਣ, ਮੌਸਮੀ ਤਬਦੀਲੀ, ਵਧਦੀ ਗਰਮੀ, ਕੁੱਝ ਇਲਾਕਿਆਂ ਵਿੱਚ ਬਾਰਸ਼ ਦੀ ਕਮੀ, ਪਾਣੀ ਦਾ ਜ਼ਾਇਆ ਹੋਣਾ, ਫੈਕਟਰੀਆਂ ਵੱਲੋਂ ਪੀਣ ਵਾਲੇ ਪਾਣੀ ਵਿੱਚ ਗੰਦਗੀ ਰਲਾਉਣੀ, ਖੇਤਾਂ ਵਿੱਚ ਲੋੜੋਂ ਵੱਧ ਵਰਤੋਂ, ਸੜਕਾਂ ਧੋਣੀਆਂ, ਹੋਟਲਾਂ ਵਿੱਚ ਵਾਧੂ ਵਰਤੋਂ, ਆਦਿ ਅਨੇਕ ਕਾਰਨ ਗਿਣਾਏ ਜਾ ਚੁੱਕੇ ਹਨ। ਕੁੱਝ ਮੁਲਕਾਂ ਵਿੱਚ, ਵੇਲੇ ਸਿਰ ਇਸ ਖ਼ਤਰੇ ਨੂੰ ਭਾਂਪਦੇ ਤਬਦੀਲੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਮਿਸਾਲ ਵਜੋਂ, ਅਸਟ੍ਰੇਲੀਆ ਵਿੱਚ ਇਹ ਸਭ ਧਿਆਨ ਵਿੱਚ ਰੱਖਦੇ ਹੋਏ ਸੰਨ 2001 ਤੋਂ 2009 ਤੱਕ ਪਾਣੀ ਦੀ ਫਾਲਤੂ ਵਰਤੋਂ ਉੱਤੇ ਰੋਕ ਲਾ ਕੇ 40 ਫੀਸਦੀ ਤੱਕ ਪਾਣੀ ਬਚਾ ਲਿਆ ਗਿਆ ਤੇ ਇਸ ਨਾਲ ਸਗੋਂ ਉਨ੍ਹਾਂ ਦੇ ਅਰਥ ਵਿਵਸਥਾ ਵਿੱਚ 30 ਫੀਸਦੀ ਵਾਧਾ ਵੀ ਹੋ ਗਿਆ ਹੈ।

ਡੈਮ, ਕਨਾਲ, ਐਕੁਈਡਕਟ, ਪਾਈਪਾਂ, ਰੈਜ਼ਰਵਾਇਰ ਆਦਿ ਬਣਾ ਕੇ ਪਾਣੀ ਨੂੰ ਖ਼ੂਬਸੂਰਤ ਤਰੀਕੇ ਸੰਭਾਲ ਲਿਆ ਗਿਆ ਹੈ। ਰੀਸਾਈਕਿਗ ਕਰਨ ਨਾਲ ਵਰਤੇ ਹੋਏ ਪਾਣੀ ਨੂੰ ਸਾਫ ਕਰ ਕੇ ਦੁਬਾਰਾ ਵਰਤੋਂ ਵਿੱਚ ਲਿਆਇਆ ਜਾ ਰਿਹਾ ਹੈ। ਇਹ ਮਿਸਾਲ ਪੂਰੀ ਦੁਨੀਆ ਅੱਗੇ ਰੱਖੀ ਗਈ ਹੈ ਕਿ ਜੇ ਮਨੁੱਖੀ ਜੀਵਨ ਬਚਾਉਣਾ ਹੈ ਤਾਂ ਇਹੋ ਢੰਗ ਹੀ ਬਚਿਆ ਹੈ।

ਇਕ ਹੋਰ ਤਰੀਕੇ ਵੀ ਪਾਣੀ ਬਹੁਤ ਜ਼ਾਇਆ ਹੋ ਰਿਹਾ ਹੈ। ਦੁਧਾਰੂ ਜਾਨਵਰ ਪਾਲਣ, ਮੁਰਗੀਆਂ ਪਾਲਣ ਆਦਿ ਨਾਲ ਵੀ ਪਾਣੀ ਦੀ ਵਾਧੂ ਵਰਤੋਂ ਹੋ ਰਹੀ ਹੈ। ਵਿਕਸਿਤ ਮੁਲਕਾਂ ਵਿੱਚ ਵਿਕਾਸਸ਼ੀਲ ਦੇਸਾਂ ਨਾਲੋਂ 10 ਗੁਣਾ ਵੱਧ ਪਾਣੀ ਦੀ ਵਰਤੋਂ ਹੋ ਰਹੀ ਹੈ। ਉੱਥੇ ਇਹ ਫੂਡ ਪਰੋਸੈੱਸਿੰਗ ਤੇ ਹੋਰ ਪੈਕੇਜਿੰਗ ਵਿੱਚ ਵਰਤਿਆ ਜਾ ਰਿਹਾ ਹੈ। ਪੂਰੀ ਦੁਨੀਆ ਵਿਚਲੀ ਇੱਕ ਚੌਥਾਈ ਆਬਾਦੀ ਆਪਣੇ ਘਰੋਂ ਕਈ ਕਿਲੋਮੀਟਰ ਦੂਰ ਤੱਕ ਤੁਰ ਕੇ ਪੀਣ ਵਾਲਾ ਪਾਣੀ ਲਿਆਉਂਦੀ ਹੈ। ਅੰਦਾਜ਼ਾ ਲਾਇਆ ਗਿਆ ਹੈ ਕਿ ਕਈ ਵਿਕਾਸਸ਼ੀਲ ਦੇਸਾਂ ਵਿੱਚ ਔਸਤਨ 20 ਲਿਟਰ ਪਾਣੀ ਪ੍ਰਤੀ ਦਿਨ, ਪ੍ਰਤੀ ਬੰਦਾ ਵਰਤ ਰਿਹਾ ਹੈ ਜਿਸ ਵਿੱਚ ਕੱਪੜੇ ਧੋਣੇ ਸ਼ਾਮਲ ਨਹੀਂ ਹਨ। ਇਸ ਵਿੱਚ ਅਫਰੀਕਾ ਵਿੱਚ ਕਈ ਥਾਈਂ ਸਿਰਫ਼ 10 ਲਿਟਰ ਤੱਕ ਹੀ ਵਰਤਿਆ ਜਾ ਰਿਹਾ ਹੈ।

ਹੁਣ ਫਿਕਰ ਇਹ ਹੈ ਕਿ ਚੌਲ ਤੇ ਕਣਕ ਦੀ ਫਸਲ ਏਨਾ ਪਾਣੀ ਵੀ ਨਹੀਂ ਰਹਿਣ ਦੇਣ ਲੱਗੀ। ਪੰਜਾਬ ਦੀ ਜਨਸੰਖਿਆ ਵਿੱਚ ਪਿਛਲੇ 50 ਸਾਲਾਂ ਵਿੱਚ 62 ਫੀਸਦੀ ਵਾਧਾ ਹੋ ਚੁੱਕਿਆ ਹੈ। ਲਗਾਤਾਰ ਖੇਤੀ ਕਰਨ ਨਾਲ ਹੁਣ ਬਠਿੰਡਾ, ਫਿਰੋਜ਼ਪੁਰ ਤੇ ਫਰੀਦਕੋਟ ਦੀ ਮਿੱਟੀ ਵਿੱਚ ਫਾਸਫੋਰਸ ਦੀ ਘਾਟ ਹੋ ਚੁੱਕੀ ਹੈ। ਕਈ ਹੋਰ ਹਿੱਸਿਆਂ ਵਿੱਚ ਲੋਹ ਕਣ ਤੇ ਮੈਂਗਨੀਜ਼ ਘਟ ਚੁੱਕੇ ਹਨ। ਬੇਹਿਸਾਬੇ ਕੀਟਨਾਸ਼ਕਾਂ ਸਦਕਾ ਤੇ ਪੈਦਾਵਾਰ ਵਧਾਉਣ ਦੇ ਵੱਖੋ-ਵੱਖ ਤਰੀਕਿਆਂ ਸਦਕਾ ਇਹ ਸਭ ਹੋ ਰਿਹਾ ਹੈ। ਅੱਜ ਦੇ ਦਿਨ ਪੰਜਾਬ ਵਿਚ 12.32 ਲੱਖ ਟਿਊਬਵੈੱਲ ਲਗਾਤਾਰ ਜ਼ਮੀਨ ਹੇਠਲਾ ਪਾਣੀ ਖਿੱਚ ਰਹੇ ਹਨ। ਇੱਕ ਪਾਸੇ ਪਾਣੀ ਦੀ ਲਗਾਤਾਰ ਹੁੰਦੀ ਕਮੀ ਤੇ ਦੂਜੇ ਪਾਸੇ ਕੀਟਨਾਸ਼ਕਾਂ ਦਾ ਧਰਤੀ ਦੇ ਹੇਠਾਂ ਡੂੰਘੇ ਲੰਘ ਜਾਣ ਨਾਲ ਪਾਣੀ ਦਾ ਪ੍ਰਦੂਸ਼ਿਤ ਹੋਣਾ ਖ਼ਤਰੇ ਦੀ ਘੰਟੀ ਵਜਾ ਰਹੇ ਹਨ।

ਮੋਗਾ, ਜਲੰਧਰ, ਬਰਨਾਲਾ, ਮੋਹਾਲੀ ਵਰਗੇ ਸ਼ਹਿਰਾਂ ਵਿੱਚ ਪ੍ਰਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਵੱਡੀ ਪੱਧਰ ਉੱਤੇ ਸਾਹਮਣੇ ਆ ਰਹੀਆਂ ਹਨ। ਹੁਸ਼ਿਆਰਪੁਰ, ਨਵਾਂ ਸ਼ਹਿਰ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਸੀਲੀਨੀਅਮ ਦਾ ਵਾਧਾ ਦਿੱਸਣ ਲੱਗ ਪਿਆ ਹੈ ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ ਤੇ ਰੋਪੜ ਵਿੱਚ ਆਰਸੈਨਿਕ ਦਾ ਵਾਧਾ ਹੋਇਆ ਹੈ। ਬਠਿੰਡਾ, ਫਿਰੋਜ਼ਪੁਰ, ਮਾਨਸਾ ਤੇ ਪਟਿਆਲਾ ਵਿੱਚ ਫਲੋਰਾਈਡ ਦੀ ਮਾਤਰਾ ਵੱਧ ਹੋ ਚੁੱਕੀ ਹੈ।  ਗੁਰਦਾਸਪੁਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਟਿਆਲਾ, ਰੋਪੜ ਤੇ ਮੋਗਾ ਵਿੱਚ ਜ਼ਮੀਨ ਹੇਠਲੇ ਪਾਣੀ ਵਿੱਚ ਐਲਮੀਨੀਅਮ ਵੱਧ ਚੁੱਕਿਆ ਹੈ। ਫਿਰੋਜ਼ਪੁਰ, ਮੋਗਾ, ਬਰਨਾਲਾ, ਬਠਿੰਡਾ ਤੇ ਸੰਗਰੂਰ ਵਿੱਚ ਯੂਰੇਨੀਅਮ ਦਾ ਵਾਧਾ ਦਿੱਸਣ ਲੱਗ ਪਿਆ ਹੈ। ਆਈ. ਸੀ. ਐਮ. ਆਰ. ਵੱਲੋਂ ਕੀਤੀ ਖੋਜ ਰਾਹੀਂ ਇਹ ਸਭ ਸਾਬਤ ਹੋਇਆ ਹੈ ਜਿਸ ਨਾਲ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦਾ ਵਾਧਾ ਹੋ ਕੇ 30.5 ਪ੍ਰਤੀ ਲੱਖ ਪਹੁੰਚ ਗਿਆ ਹੈ ਜਦਕਿ ਬਠਿੰਡਾ ਤੇ ਮੁਕਤਸਰ ਵਿੱਚ ਇਹ ਅੰਕੜਾ 75 ਪ੍ਰਤੀ ਲੱਖ ਹੈ। ਇਹ ਸਭ ਕੁੱਝ ਜਾਣ ਕੇ ਕੀ ਹਾਲੇ ਵੀ ਕੋਈ ਜਾਗਣਾ ਚਾਹੇਗਾ ?

ਪਾਣੀ ਦੀ ਘਾਟ ਦਾ ਖ਼ਤਰਾ ਸਾਡੇ ਸਿਰ ਉੱਤੇ ਮੰਡਰਾ ਰਿਹਾ ਹੈ ਤੇ ਸਾਨੂੰ ਅਗਾਊਂ ਆਉਣ ਵਾਲੀ ਦਰਦਨਾਕ ਮੌਤ ਦਾ ਸੁਣੇਹਾ ਦੇ ਰਿਹਾ ਹੈ। ਦੂਜੇ ਪਾਸੇ ਪ੍ਰਦੂਸ਼ਿਤ ਧਰਤੀ ਹੇਠਲਾ ਪਾਣੀ ਸਾਡੀਆਂ ਪੁਸ਼ਤਾਂ ਨੂੰ ਨੇਸਤਾ ਨਾਬੂਦ ਕਰਨ ਨੂੰ ਤਿਆਰ ਬੈਠਾ ਹੈ ! ਕੀ ਅਸੀਂ ਪੰਜਾਬ ਨੂੰ ਮੋਇੰਜੋਦੜੋ ਵਿੱਚ ਤਬਦੀਲ ਹੋਣ ਦੀ ਉਡੀਕ ਕਰ ਰਹੇ ਹਾਂ ? ਕਦੋਂ ਸਮਝਾਗੇ ਕਿ ਕਣਕ-ਚੌਲ ਦੇ ਚੱਕਰ ਨਾਲ ਧਰਤੀ ਹੇਠੋਂ ਪਾਣੀ ਖ਼ਤਮ ਕਰਨ ਦੀ ਥਾਂ ਇਜ਼ਰਾਈਲ ਵਾਂਗ ਸਪਰਿੰਕਲਰ ਸਿਸਟਮ ਵਰਤ ਕੇ ਆਉਣ ਵਾਲੀ ਪੁਸ਼ਤ ਬਚਾ ਲਈਏ ? ਆਖ਼ਰ ਕਦੇ ਤਾਂ ਧਰਤੀ ਵਿੱਚ ਜ਼ਹਿਰ ਰਲਾਉਣ ਤੋਂ ਹਟਾਂਗੇ ਤੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਛੱਡਾਂਗੇ।

ਹਾਲੇ ਵੀ ਵੇਲਾ ਹੈ ! ਮੀਂਹ ਦਾ ਪਾਣੀ ਸਾਂਭ ਕੇ ‘ਰੇਨ ਵਾਟਰ ਹਾਰਵੈਸਟਿੰਗ’ ਕਰ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾ ਲਈਏ ਪਰ ਉਸ ਤੋਂ ਪਹਿਲਾਂ ਧਰਤੀ ਉੱਪਰ ਛਿੜਕਾਏ ਜਾ ਰਹੇ ਕੀਟਨਾਸ਼ਕਾਂ ਨੂੰ ਹਰ ਹਾਲ ਬੰਦ ਕਰਨਾ ਪੈਣਾ ਹੈ ਤਾਂ ਜੋ ਜ਼ਹਿਰੀਲਾ ਪਾਣੀ ਪੀ ਕੇ ਮਰਨ ਅਤੇ ਪੰਜਾਬੀਆਂ ਦਾ ਨਾਮੋ ਨਿਸ਼ਾਨ ਮਿਟ ਜਾਣ ਤੋਂ ਬਚਾਓ ਹੋ ਸਕੇ।

ਤਾਜ਼ੀਆਂ ਖ਼ਬਰਾਂ ਅਨੁਸਾਰ ਨੇਪਾਲ ਨੇ ਤਾਂ ਭਾਰਤ ਵੱਲੋਂ ਭੇਜੀਆਂ ਫਲ ਸਬਜ਼ੀਆਂ ਲੈਣੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਵਿਚਲੇ ਜ਼ਹਿਰ ਨੇ ਉਨ੍ਹਾਂ ਨੂੰ ਮਨੁੱਖੀ ਵਰਤੋਂ ਜੋਗਾ ਛੱਡਿਆ ਨਹੀਂ। ਇਨ੍ਹਾਂ ਨੂੰ ਖਾ ਕੇ ਅਸੀਂ ਕਿੰਨੀ ਦੇਰ ਹੋਰ ਜੀਅ ਸਕਾਂਗੇ, ਕਿਆਸ ਲਾਉਣਾ ਔਖਾ ਨਹੀਂ।