ਕਬੀਰ ਕੀਚੜਿ ਆਟਾ ਗਿਰਿ ਪਰਿਆ; ਕਿਛੂ ਨ ਆਇਓ ਹਾਥ॥ ਪੀਸਤ ਪੀਸਤ ਚਾਬਿਆ; ਸੋਈ ਨਿਬਹਿਆ ਸਾਥ॥੨੧੫॥

0
601

ਕਬੀਰ ਕੀਚੜਿ ਆਟਾ ਗਿਰਿ ਪਰਿਆ; ਕਿਛੂ ਨ ਆਇਓ ਹਾਥ॥ ਪੀਸਤ ਪੀਸਤ ਚਾਬਿਆ; ਸੋਈ ਨਿਬਹਿਆ ਸਾਥ॥੨੧੫॥

(ਸਲੋਕ, ਭਗਤ ਕਬੀਰ ਜੀ, ਪੰਨਾ ੧੩੭੬)

ਅਰਥ : ਹੇ ਕਬੀਰ  ! (ਕੋਈ ਤੀਵੀਂ ਜੁ ਕਿਸੇ ਦੇ ਘਰੋਂ ਆਟਾ ਪੀਹ ਕੇ ਲਿਆਈ, ਆਪਣੇ ਘਰ ਆਉਂਦਿਆਂ ਰਾਹ ਵਿੱਚ ਉਹ) ਆਟਾ ਚਿੱਕੜ ਵਿੱਚ ਡਿੱਗ ਪਿਆ, ਉਸ (ਵਿਚਾਰੀ) ਦੇ ਹੱਥ ਪੱਲੇ ਕੁਝ ਭੀ ਨਾਹ ਪਿਆ। ਚੱਕੀ ਪੀਂਹਦਿਆਂ ਪੀਂਹਦਿਆਂ ਜਿੰਨੇ ਕੁ ਦਾਣੇ ਉਸ ਨੇ ਚੱਬ ਲਏ, ਬੱਸ ! ਉਹੀ ਉਸ ਦੇ ਕੰਮ ਆਇਆ ।

ਨੋਟ : ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਦਿਨ ਦੇ ਕਿਸੇ ਖ਼ਾਸ ਵੇਲੇ ਨੂੰ ਜਾਂ ਉਮਰ ਦੇ ਕਿਸੇ ਖ਼ਾਸ ਹਿੱਸੇ ਨੂੰ ਉਡੀਕਦੇ ਨਹੀਂ ਰਹਿਣਾ, ਸੁਭਾਅ ਐਸਾ ਬਣਾਈਏ ਕਿ ਹਰ ਵੇਲੇ, ਹਰੇਕ ਕਿਰਤ ਕਾਰ ਵਿੱਚ ਰੱਬ ਚੇਤੇ ਰਹੇ। ਜੇ ਸਾਰਾ ਦਿਨ ਕਾਰ ਵਿਹਾਰ ਵਿੱਚ ਰੱਬ ਨੂੰ ਵਿਸਾਰ ਕੇ ਚੋਰ ਬਜ਼ਾਰੀ, ਠੱਗੀ ਫ਼ਰੇਬ ਕਰਦੇ ਰਹੇ ਤੇ ਸਵੇਰ ਵੇਲ਼ੇ ਮੰਦਰ, ਗੁਰ ਦੁਆਰੇ ਵਿੱਚ ਰਾਮ-ਰਾਮ ਕਰ ਆਏ ਜਾਂ ਇਸ ਕਮਾਈ ਵਿੱਚੋਂ ਕੁਝ ਦਾਨ ਪੁੰਨ ਕਰ ਦਿੱਤਾ, ਤਾਂ ਇਹ ਉੱਦਮ ਇਉਂ ਹੀ ਜਾਣੋ ਜਿਵੇਂ ਘੰਟਾ, ਦੋ ਘੰਟੇ ਲਾ ਕੇ ਪੀਸਿਆ ਹੋਇਆ ਆਟਾ ਹੈ, ਜੋ ਰਾਹ ਵਿੱਚ ਆਉਂਦਿਆਂ ਚਿੱਕੜ ਵਿੱਚ ਡਿੱਗ ਪਿਆ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਬੀਬੀ ਗੁਰਮੀਤ ਕੌਰ ਮੀਤ