ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਚੌਥਾ)

0
603

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਚੌਥਾ)

ਗੁਰਪ੍ਰੀਤ ਸਿੰਘ (USA)

(33). ਧਾਰਮਕ ਅਸਥਾਨ : ਕੀ ਇਹ ਮੰਨਣਯੋਗ ਨਹੀਂ ਕਿ ਅੱਜ ਅਸੀਂ ਆਪਣੇ ਧਾਰਮਕ ਅਸਥਾਨਾਂ ’ਤੇ ਖਾਨਾ ਪੂਰਤੀ ਭਾਵ ਸਿਰਫ਼ ਦਿਖਾਵੇ ਲਈ ਹੀ ਜਾ ਰਹੇ ਹੁੰਦੇ ਹਾਂ ਤੇ ਇਉਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ ? ਸਾਡੇ ਗੁਰਦੁਆਰਿਆਂ ’ਚ ਹੁੰਦੀਆਂ ਨਿੱਤ ਨਵੀਆਂ ਲੜਾਈਆਂ ਵੀ ਲੋਕਾਈ ਨੂੰ ਪ੍ਰੇਮ ਤੇ ਸਦਭਾਵਨਾ ਦੀ ਬਜਾਇ ਸਾਡੀ ਅਸਹਿਣਸ਼ੀਲਤਾ ਦਾ ਸੁਨੇਹਾ ਦੇ ਰਹੀਆਂ ਹੁੰਦੀਆਂ ਹਨ। ਸਿਆਸੀ ਹਿੱਤਾਂ ਲਈ ਗੁਰੂ ਘਰਾਂ ਦੀ ਹੁੰਦੀ ਦੁਰਵਰਤੋਂ ਲਈ ਕੌਣ ਜ਼ਿੰਮੇਵਾਰ ਹੈ ?

ਕਿਸੇ ਵੀ ਧਾਰਮਕ ਅਸਥਾਨ ਤੇ ਕੇਵਲ ਚਲੇ ਜਾਣ ਜਾਂ ਉੱਥੇ ਪਹੁੰਚ ਕੇ ਕੁਝ ਰਸਮਾਂ ਨਿਭਾਉਣ ਨਾਲ਼ ਹੀ ਧਰਮੀ ਨਹੀਂ ਬਣਿਆ ਜਾ ਸਕਦਾ; ਜਿਵੇਂ ਕਿ ਭਗਤ ਕਬੀਰ ਜੀ ਦਾ ਵਾਕ ਹੈ : ‘‘ਕਬੀਰ ਮੁਲਾਂ ! ਮੁਨਾਰੇ ਕਿਆ ਚਢਹਿ ? ਸਾਂਈ ਨ ਬਹਰਾ ਹੋਇ ॥ ਜਾ ਕਾਰਨਿ ਤੂੰ ਬਾਂਗ ਦੇਹਿ; ਦਿਲ ਹੀ ਭੀਤਰਿ ਜੋਇ ॥’’ (ਸਲੋਕ ਕਬੀਰ ਜੀ/੧੩੭੪) ਸਾਰਾ ਸੰਸਾਰ ਹੀ ਸਾਡੇ ਵਾਸਤੇ ਧਰਮ ਅਸਥਾਨ ਭਾਵ ਧਰਮ ਕਮਾਉਣ ਦੀ ਥਾਂ ਹੋਣਾ ਚਾਹੀਦਾ ਹੈ (ਕੋਟਿ ਬ੍ਰਹਮੰਡ, ਜਾ ਕੇ ਧ੍ਰਮਸਾਲ॥ ਮ : ੫/੧੧੫੬) ਭਾਵੇਂ ਸਾਰੇ ਸੰਸਾਰ ਦੇ ਧਾਰਮਕ ਅਸਥਾਨਾਂ ਦਾ ਭ੍ਰਮਨ ਹੀ ਕਿਉਂ ਨਾ ਕਰ ਲਿਆ ਜਾਵੇ, ਮਨ ਦੀ ਸ਼ਾਂਤੀ ਕੇਵਲ ਸਤਿਗੁਰੂ ਦੀ ਮਿਹਰ ਨਾਲ਼ ਹੀ ਨਸੀਬ ਹੋ ਸਕਦੀ ਹੈ; ਜਿਵੇਂ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ : ‘‘ਭਰਮਿ ਭੁਲਾਈ ਸਭੁ ਜਗੁ ਫਿਰੀ; ਫਾਵੀ ਹੋਈ ਭਾਲਿ॥ ਸੋ ਸਹੁ ਸਾਂਤਿ ਨ ਦੇਵਈ; ਕਿਆ ਚਲੈ ਤਿਸੁ ਨਾਲਿ ?॥ ਗੁਰ ਪਰਸਾਦੀ ਹਰਿ ਧਿਆਈਐ; ਅੰਤਰਿ ਰਖੀਐ ਉਰ ਧਾਰਿ ॥ ਨਾਨਕ ! ਘਰ ਬੈਠਿਆ ਸਹੁ ਪਾਇਆ; ਜਾ ਕਿਰਪਾ ਕੀਤੀ ਕਰਤਾਰਿ ॥’’ (ਸਲੋਕੁ ਮ : ੩/੯੪੮) ਇਕ ਵਾਰ ਫਿਰ ਇਹ ਦ੍ਰਿੜ੍ਹ ਕਰ ਲਈਏ ਕਿ ਗੁਰਮਤਿ ਅਨੁਸਾਰ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਧਰਮ ਹੈ ਤੇ ਰੱਬੀ ਬਖ਼ਸ਼ਸ਼ ਲਈ ਮਨ ਦੀ ਪਵਿੱਤਰਤਾ ਹੀ ਸਹਾਈ ਹੁੰਦੀ ਹੈ; ਹੋਰ ਕਿਸੇ ਅਡੰਬਰ, ਭੇਖ, ਪਹਿਰਾਵੇ ਜਾਂ ਧਾਰਮਕ ਅਸਥਾਨ ਨੇ ਕਿਤੇ ਕੰਮ ਨਹੀਂ ਆਉਣਾ : ‘‘ਕਾਇ ਪਟੋਲਾ ਪਾੜਤੀ ? ਕੰਬਲੜੀ ਪਹਿਰੇਇ ?॥ ਨਾਨਕ ! ਘਰ ਹੀ ਬੈਠਿਆ ਸਹੁ ਮਿਲੈ; ਜੇ ਨੀਅਤਿ ਰਾਸਿ ਕਰੇਇ॥’’ (ਮ : ੩/੧੩੮੩)

(34). ਨਿੰਦਾ ਚੁਗ਼ਲੀ, ਈਰਖਾ ਅਤੇ ਖ਼ੁਸ਼ਾਮਦ : ਨਿੰਦਾ ਕਰਨਾ ਆਤਮਘਾਤ ਕਰਨ ਦੀ ਨਿਆਈਂ ਹੈ ਪਰ ਨਿੰਦਾ ਕਰਨਾ ਮਨੁੱਖ ਦੇ ਸੁਭਾਅ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕਾ ਹੈ ਕਿਉਂਕਿ ਮਨੁੱਖ ਇਹ ਅਹਿਸਾਸ ਵੀ ਨਹੀਂ ਕਰ ਪਾ ਰਿਹਾ ਕਿ ਕਿਸੇ ਦੀ ਨਿੰਦਾ ਕਰਨਾ ਇੱਕ ਕੁਕਰਮ (ਐਬ, ਵਿਕਾਰ) ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਮਨਮੁਖਿ ਅੰਧੇ, ਸੁਧਿ ਨ ਕਾਈ ॥ ਆਤਮ ਘਾਤੀ ਹੈ, ਜਗਤ ਕਸਾਈ ॥ ਨਿੰਦਾ ਕਰਿ ਕਰਿ, ਬਹੁ ਭਾਰੁ ਉਠਾਵੈ; ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥’’ (ਮਾਝ/ਮ : ੩/੧੧੮) ਹਿਰਦੇ ’ਚ ਈਰਖਾ ਰੱਖ ਕੇ, ਨਿੰਦਾ ਚੁਗ਼ਲੀ ਕਰਨ ਵਾਲੇ ਮਨੁੱਖ ਦਾ ਆਪਣਾ ਵੀ ਕਦੀ ਭਲਾ ਨਹੀਂ ਹੁੰਦਾ ਬਲਕਿ ਚੁਗ਼ਲਖ਼ੋਰ ਦੇ ਨਾਮ ਨਾਲ਼ ਮਸ਼ਹੂਰ ਹੋ ਜਾਂਦੇ ਅਜਿਹੇ ਪ੍ਰਾਣੀ ਦੀ ਗੱਲ ਤੇ ਕੋਈ ਇਤਬਾਰ ਵੀ ਨਹੀਂ ਕਰਦਾ ਤੇ ਉਸ ਦੀ ਕੀਤੀ ਜੇ ਕੋਈ ਚੰਗਿਆਈ ਹੈ ਤਾਂ ਉਹ ਵੀ ਸੜ ਕੇ ਸੁਆਹ ਹੋ ਜਾਂਦੀ ਹੈ। ਇਸ ਸਚਾਈ ਨੂੰ ਗੁਰੂ ਰਾਮਦਾਸ ਜੀ, ਇੰਞ ਬਿਆਨ ਕਰਦੇ ਹਨ : ‘‘ਜਿਸੁ ਅੰਦਰਿ ਤਾਤਿ (ਈਰਖਾ) ਪਰਾਈ ਹੋਵੈ; ਤਿਸ ਦਾ ਕਦੇ ਨ ਹੋਵੀ ਭਲਾ॥ ਓਸ ਦੈ ਆਖਿਐ ਕੋਈ ਨ ਲਗੈ; ਨਿਤ ਓਜਾੜੀ ਪੂਕਾਰੇ ਖਲਾ॥ ਜਿਸੁ ਅੰਦਰਿ ਚੁਗਲੀ ਚੁਗਲੋ ਵਜੈ; ਕੀਤਾ ਕਰਤਿਆ ਓਸ ਦਾ ਸਭੁ ਗਇਆ॥’’ (ਮ : ੪/੩੦੮)

ਮਾਇਆ ’ਚ ਮਸਤ ਹੋਏ ਪ੍ਰਾਣੀ ਨੂੰ ਹਲੂਣਾ ਦਿੰਦੇ ਹੋਏ ਪੰਚਮ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਹੇ ਮੂਰਖ ! ਦੂਜਿਆਂ ਨਾਲ਼ ਈਰਖਾ ਕਰਨੀ ਛੱਡ ਦੇ ਕਿਉਂਕਿ ਇਹ ਦੁਨੀਆਂ ਇੱਕ ਸੁਪਨੇ ਦੀ ਨਿਆਈਂ ਹੈ ਤੇ ਰਾਤ ਬੀਤਣ ’ਤੇ ਭਾਵ ਅੰਤ ਕਾਲ ਤੂੰ ਇੱਥੋਂ ਚਲੇ ਹੀ ਜਾਣਾ ਹੈ : ‘‘ਛਾਡਿ, ਵਿਡਾਣੀ ਤਾਤਿ ਮੂੜੇ !॥ ਈਹਾ ਬਸਨਾ, ਰਾਤਿ ਮੂੜੇ !॥ ਮਾਇਆ ਕੇ ਮਾਤੇ ! ਤੈ ਉਠਿ ਚਲਨਾ॥ ਰਾਚਿ ਰਹਿਓ ਤੂ, ਸੰਗਿ ਸੁਪਨਾ॥’’ (ਰਾਮਕਲੀ/ਮ : ੫/੮੮੯-੯੦)

ਗੁਰਮਤਿ ’ਚ ਨਿੰਦਾ ਨੂੰ ਅਜਿਹਾ ਘਾਤਕ ਮੰਨਿਆ ਗਿਆ ਹੈ ਕਿ ਨਿੰਦਾ ਕਰਨ ਦੇ ਭੈੜੇ ਸੁਭਾਅ ਵਾਲੇ ਦੀ ਸੰਗਤ ਤੋਂ ਬਚਣ ਲਈ ਪਰਮਾਤਮ ਅੱਗੇ ਜੋਦੜੀ ਕੀਤੀ ਜਾਂਦੀ ਹੈ : ‘‘ਜਿਨ ਅੰਦਰਿ ਨਿੰਦਾ ਦੁਸਟੁ ਹੈ; ਨਕ ਵਢੇ ਨਕ ਵਢਾਇਆ॥ ਮਹਾ ਕਰੂਪ ਦੁਖੀਏ ਸਦਾ; ਕਾਲੇ ਮੁਹ ਮਾਇਆ॥ ਭਲਕੇ ਉਠਿ ਨਿਤ, ਪਰ ਦਰਬੁ ਹਿਰਹਿ; ਹਰਿ ਨਾਮੁ ਚੁਰਾਇਆ॥ ਹਰਿ ਜੀਉ ! ਤਿਨ ਕੀ ਸੰਗਤਿ ਮਤ ਕਰਹੁ; ਰਖਿ ਲੇਹੁ, ਹਰਿ ਰਾਇਆ !॥’’ (ਮ : ੧/੧੨੪੪) ਗੁਰਮਤਿ ’ਚ ਨਿੰਦਾ ਕਰਨ ਵਾਲੇ ਨੂੰ ਮਹਾਂ ਮੁਰਖ ਮੰਨਿਆ ਗਿਆ ਹੈ। ਨਿੰਦਕ ਨੂੰ ਪ੍ਰਮਾਤਮਾ ਵੀ ਮੁਆਫ਼ ਨਹੀਂ ਕਰਦਾ ਤੇ ਅਜਿਹੇ ਦੋਖੀਆਂ ਨੂੰ ਆਪਣੀ ਕਰਤੂਤ ਕਰਕੇ ਦੁੱਖ ਭੋਗਣਾ ਪੈਂਦਾ ਹੈ; ਜਿਵੇਂ ਕਿ ਗੁਰ ਬਚਨ ਹਨ : ‘‘ਨਿੰਦਾ, ਭਲੀ ਕਿਸੈ ਕੀ ਨਾਹੀ; ਮਨਮੁਖ ਮੁਗਧ ਕਰੰਨਿ ॥ ਮੁਹ ਕਾਲੇ ਤਿਨ ਨਿੰਦਕਾ; ਨਰਕੇ ਘੋਰਿ ਪਵੰਨਿ ॥ (ਸੂਹੀ/ਮ : ੩/੭੫੫), ਨਿੰਦਕ ਕਾ ਕਹਿਆ, ਕੋਇ ਨ ਮਾਨੈ॥ ਨਿੰਦਕ, ਝੂਠੁ ਬੋਲਿ ਪਛੁਤਾਨੇ ॥ ਹਾਥ ਪਛੋਰਹਿ, ਸਿਰੁ ਧਰਨਿ ਲਗਾਹਿ ॥ ਨਿੰਦਕ ਕਉ ਦਈ (ਰੱਬ), ਛੋਡੈ ਨਾਹਿ॥ ਹਰਿ ਕਾ ਦਾਸੁ, ਕਿਛੁ ਬੁਰਾ ਨ ਮਾਗੈ॥ ਨਿੰਦਕ ਕਉ, ਲਾਗੈ ਦੁਖ ਸਾਂਗੈ ॥’’ (ਭੈਰਉ/ਮ : ੫/੧੧੫੧-੧੧੫੨)

ਇੱਥੇ ਇਹ ਵੀ ਧਿਆਨ ਰੱਖਣਯੋਗ ਹੈ ਕਿ ਗੁਰਮਤਿ ’ਚ ਨਿੰਦਾ ਦੇ ਨਾਲ਼ ਹੀ ਆਪਣੀ ਜਾਂ ਕਿਸੇ ਹੋਰ ਦੀ ਉਸਤਤ (ਖ਼ੁਸ਼ਾਮਦ) ਕਰਨ ਨੂੰ ਵੀ ਮਾੜਾ ਮੰਨਿਆ ਗਿਆ ਹੈ ਤੇ ਦੋਨੋਂ ਹੀ ਕੁਕਰਮਾਂ ਤੋਂ ਬਚਦੇ ਹੋਏ ਦੁਨੀਆਂ ਦੀਆਂ ਝੂਠੀਆਂ ਵਡਿਆਈਆਂ ਨੂੰ ਅੱਗ ਨਾਲ਼ ਸਾੜ ਦੇਣ ਦਾ ਉਪਦੇਸ਼ ਹੈ, ਕੁਝ ਗੁਰ ਵਾਕ ਇਸ ਤਰ੍ਹਾਂ ਹਨ : ‘‘ਉਸਤਤਿ ਨਿੰਦਾ ਦੋਊ ਬਿਬਰਜਿਤ; ਤਜਹੁ ਮਾਨੁ ਅਭਿਮਾਨਾ॥ (ਕੇਦਾਰਾ/ਭਗਤ ਕਬੀਰ ਜੀ/੧੧੨੩), ਨਾਨਕ ! ਦੁਨੀਆ ਕੀਆਂ ਵਡਿਆਈਆਂ; ਅਗੀ ਸੇਤੀ ਜਾਲਿ ॥ ਏਨੀ ਜਲੀਈਂ ਨਾਮੁ ਵਿਸਾਰਿਆ; ਇਕ ਨ ਚਲੀਆ ਨਾਲਿ ॥ (ਮ : ੨/੧੨੯੦), ਮੇਰੇ ਮਨ ! ਤਜਿ ਨਿੰਦਾ, ਹਉਮੈ ਅਹੰਕਾਰੁ ॥ ਹਰਿ ਜੀਉ ਸਦਾ ਧਿਆਇ ਤੂ; ਗੁਰਮੁਖਿ ਏਕੰਕਾਰੁ ॥’’ (ਸਿਰੀਰਾਗੁ/ਮ : ੩/੩੦)

ਉੁਕਤ ਗੁਰ ਉਪਦੇਸ਼ਾਂ ਨੂੰ ਹਿਰਦੇ ’ਚ ਵਸਾ ਕੇ ਸਾਨੂੰ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਆਪਣੇ ਗੁਰੂ ਦੇ ਕਹੇ ’ਤੇ ਤੁਰਾਂਗੇ ਤਾਂ ਇਸ ਦੁਨੀਆ ਦਾ ਆਦਰ ਵੀ ਆਪਣੇ ਆਪ ਹੀ ਮਿਲ ਜਾਵੇਗਾ ਕਿਉਂਕਿ ਤਦ ਰੱਬ ਦਾ ਨਾਮ ਹੀ ਸਾਡੀ ਜ਼ਿੰਦਗੀ ਦਾ ਆਸਰਾ ਹੋਵੇਗਾ ਤੇ ਇਹ ਹੀ ਭਗਤਾਂ ਲਈ ਸਭ ਤੋਂ ਵੱਡਾ ਆਦਰ ਮਾਣ ਹੈ : ‘‘ਜਿ ਸਤਿਗੁਰੁ ਸੇਵੇ ਆਪਣਾ; ਤਿਸ ਨੋ ਪੂਜੇ ਸਭੁ ਕੋਇ ॥ ਸਭਨਾ ਉਪਾਵਾ ਸਿਰਿ ਉਪਾਉ ਹੈ; ਹਰਿ ਨਾਮੁ ਪਰਾਪਤਿ ਹੋਇ॥ ਅੰਤਰਿ ਸੀਤਲ ਸਾਤਿ ਵਸੈ; ਜਪਿ ਹਿਰਦੈ ਸਦਾ ਸੁਖੁ ਹੋਇ॥ ਅੰਮ੍ਰਿਤੁ ਖਾਣਾ ਅੰਮ੍ਰਿਤੁ ਪੈਨਣਾ; ਨਾਨਕ  ! ਨਾਮੁ ਵਡਾਈ ਹੋਇ॥ (ਮ : ੩/੫੧੧), ਨਾਨਕ ! ਤਾ ਪਤਿ ਜਾਣੀਐ; ਜਾ ਪਤਿ ਰਖੈ ਸੋਇ ॥’ (ਮ : ੧/੧੫੦)

ਸੋ, ਗੁਰਮਤਿ ਅਨੁਸਾਰ ਕਿਸੇ ਦੇ ਗੁਣਾਂ ਨੂੰ ਘਟਾ ਕੇ ਬਿਆਨ ਕਰਨਾ, ਨਿੰਦਾ ਹੈ ਅਤੇ ਵਧਾ ਕੇ ਬਿਆਨ ਕਰਨ ਨੂੰ ਖ਼ੁਸ਼ਾਮਦ ਕਿਹਾ ਗਿਆ ਹੈ, ਜੋ ਕਿ ਦੋਨੋਂ ਗ਼ਲਤ ਹਨ।  ਚੋਰ ਦੀ ਬੇਈਮਾਨੀ ਤੋਂ ਪਹਿਲਾਂ ਕਿਸੇ ਨੂੰ ਸੁਚੇਤ ਕਰਨਾ ਪਾਪ ਜਾਂ ਨਿੰਦਾ ਨਹੀਂ ਹੁੰਦਾ। ਵੇਖਣ ’ਚ ਆ ਰਿਹਾ ਹੈ ਕਿ ਅਸੀਂ ਸੱਚ ਬੋਲਣ ਨੂੰ ਵੀ ਨਿੰਦਾ ਦਾ ਨਾਂ ਦੇ ਕੇ ਆਪਣੀ ਬੁਝਦਿਲੀ ਵਿਖਾ ਰਹੇ ਹੁੰਦੇ ਹਾਂ, ਜਿਸ ਦਾ ਫ਼ਾਇਦਾ ਦੁਰਾਚਾਰੀ ਨੂੰ ਹੀ ਮਿਲਦਾ ਹੈ।

(35). ਪੀਰ : ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ਕਿ ਜਿਹੜੇ ਮਨੁੱਖ ਗੁਰੂ ਦੇ ਸਨਮੁਖ ਭਾਵ ਗੁਰੂ ਦੀ ਸ਼ਰਨ ’ਚ ਆ ਕੇ ਹਰ ਵੇਲੇ ਆਤਮਕ ਆਨੰਦ ’ਚ ਲੀਨ ਰਹਿੰਦੇ ਹਨ; ਅਜਿਹੇ ਮਨੁੱਖਾਂ ਦੀਆਂ ਦਾੜ੍ਹੀਆਂ ਵੀ ਸਤਿਕਾਰਯੋਗ ਹੁੰਦੀਆਂ ਹਨ ਭਾਵ ਕਿ ਅਜਿਹੇ ਮਨੁੱਖਾਂ ਦੇ ਮੂੰਹ ਸਦਾ ਥਿਰ ਪ੍ਰਮਾਤਮਾ ਦੇ ਦਰ ’ਤੇ ਸੋਹਣੇ ਦਿੱਸਦੇ ਹਨ; ਗੁਰ ਵਾਕ ਹਨ : ‘‘ਸੇ ਦਾੜੀਆਂ ਸਚੀਆ; ਜਿ ਗੁਰ ਚਰਨੀ ਲਗੰਨਿ੍ ॥ ਅਨਦਿਨੁ ਸੇਵਨਿ ਗੁਰੁ ਆਪਣਾ; ਅਨਦਿਨੁ ਅਨਦਿ ਰਹੰਨਿ੍ ॥ ਨਾਨਕ ! ਸੇ ਮੁਹ ਸੋਹਣੇ; ਸਚੈ ਦਰਿ ਦਿਸੰਨਿ੍ ॥’’ (ਸਲੋਕ ਵਾਰਾਂ ਤੇ ਵਧੀਕ/ਮ : ੩/੧੪੧੯)

ਸਤਿਗੁਰੂ ਤਾਂ ਗਿਆਨ ਦੀ ਜਗਦੀ ਲੋਅ ਹੈ (ਸਤਿਗੁਰੁ ਜਾਗਤਾ ਹੈ ਦੇਉ॥), ਪਰ ਮਿੱਟੀ ਹੋ ਚੁੱਕਾ ਇੱਕ ਮੁਰਦਾ ਸਰੀਰ ਕਿਸੇ ਨੂੰ ਕੀ ਦੇ ਸਕਦਾ ਹੈ ? ਕੀ ਅਸੀਂ ਪੀਰਾਂ ਦੀਆਂ ਸਮਾਧਾਂ ’ਤੇ ਚਾਦਰਾਂ ਚੜ੍ਹਾ ਕੇ ਮੱਥੇ ਟੇਕਿਆਂ ਭਾਵ ਆਪਣੀਆਂ ਦਾੜ੍ਹੀਆਂ ਨਾਲ਼ ਪੀਰਾਂ ਦੀਆਂ ਕਬਰਾਂ ਤੋਂ ਮਿੱਟੀ ਝਾੜ ਕੇ, ਰੱਬੀ ਬਖ਼ਸ਼ਸ਼ ਦੇ ਪਾਤਰ ਬਣ ਸਕਦੇ ਹਾਂ ? ਯਕੀਨਨ ਨਹੀਂ, ਅਗਿਆਨਤਾ ਨਾਲ਼ ਭਰਪੂਰ ਅਜਿਹੀ ਸਾਰੀ ਮਿਹਨਤ ਵਿਅਰਥ ਚਲੀ ਜਾਂਦੀ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਭਰਮਿ ਭੂਲੇ ਅਗਿਆਨੀ ਅੰਧੁਲੇ; ਭ੍ਰਮਿ ਭ੍ਰਮਿ ਫੂਲ ਤੋਰਾਵੈ ॥ ਨਿਰਜੀਉ ਪੂਜਹਿ, ਮੜਾ ਸਰੇਵਹਿ; ਸਭ ਬਿਰਥੀ ਘਾਲ ਗਵਾਵੈ ॥’’ (ਮਲਾਰ/ਮ : ੪/੧੨੬੩), ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਹਨ ਕਿ ਸਾਰੇ ਪੀਰ, ਸ਼ੇਖ, ਆਦਿ ਚਿੰਤਾ ’ਚ ਰੋਂਦੇ ਹੀ ਇਸ ਸੰਸਾਰ ਤੋਂ ਵਿਦਾ ਹੋ ਜਾਂਦੇ ਹਨ : ‘‘ਰੋਵਹਿ ਸੇਖ, ਮਸਾਇਕ ਪੀਰ ॥ ਅੰਤਿ ਕਾਲਿ, ਮਤੁ ਲਾਗੈ ਭੀੜ ॥ (ਮ : ੧/੯੪੩), ਪੀਰ ਪੈਕਾਬਰ ਅਉਲੀਏ; ਕੋ ਥਿਰੁ ਨ ਰਹਾਸੀ ॥ ਰੋਜਾ ਬਾਗ ਨਿਵਾਜ ਕਤੇਬ; ਵਿਣੁ ਬੁਝੇ, ਸਭ ਜਾਸੀ ॥ ਲਖ ਚਉਰਾਸੀਹ ਮੇਦਨੀ; ਸਭ ਆਵੈ ਜਾਸੀ ॥ ਨਿਹਚਲੁ ਸਚੁ ਖੁਦਾਇ ਏਕੁ; ਖੁਦਾਇ ਬੰਦਾ ਅਬਿਨਾਸੀ ॥’’ (ਮ : ੫/੧੧੦੦)

ਸੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਮੇਰੇ ਵੀਰ ਪਿਆਰਿਓ ! ਸਾਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਅਸੀਂ ਕਿਸੇ ਜਾਦੂ ਟੂਣੇ ਜਾਂ ਅੰਧਵਿਸ਼ਵਾਸ ’ਚ ਫਸ ਕੇ ਆਪਣੇ ਗਲ਼ਾਂ ’ਚ ਤਵੀਤ ਪਾਈਏ ਤੇ  ਬੇਵਜ੍ਹਾ ਮੜ੍ਹੀਆਂ ’ਤੇ ਜਾ ਕੇ ਖ਼ੁਆਰ ਹੋਈਏ। ਸਾਨੂੰ ਪੰਚਮ ਪਾਤਸ਼ਾਹ ਦੇ ਇਹ ਬਚਨ ਯਾਦ ਰੱਖਣੇ ਚਾਹੀਦੇ ਹਨ : ‘‘ਮਾਨੁਖ ਕੀ ਟੇਕ, ਬ੍ਰਿਥੀ ਸਭ ਜਾਨੁ ॥ ਦੇਵਨ ਕਉ, ਏਕੈ ਭਗਵਾਨੁ ॥ ਜਿਸ ਕੈ ਦੀਐ, ਰਹੈ ਅਘਾਇ ॥ ਬਹੁਰਿ ਨ,  ਤ੍ਰਿਸਨਾ ਲਾਗੈ ਆਇ ॥ ਮਾਰੈ, ਰਾਖੈ, ਏਕੋ ਆਪਿ ॥ ਮਾਨੁਖ ਕੈ,  ਕਿਛੁ ਨਾਹੀ ਹਾਥਿ ॥’’ (ਗਉੜੀ ਸੁਖਮਨੀ/ਮ : ੫/੨੮੧)

(36). ਪਾਠ ਕਰਨਾ : ਸਾਡੀ ਬਹੁਤਾਤ ਸਿੱਖ ਸੰਗਤ ਗੁਰਬਾਣੀ ਦੇ ਗਿਆਨ ਨੂੰ ਸਮਝਣ ਤੇ ਅਪਣਾਉਣ ’ਚ ਅਸਫਲ ਸਾਬਤ ਹੋ ਰਹੀ ਹੈ, ਜਿਸ ਦਾ ਮੁੱਖ ਕਾਰਨ ਗੁਰਬਾਣੀ ਦਾ ਪਾਠ ਆਪ ਕਰਨ ਦੀ ਰੁਚੀ ਦਾ ਨਾ ਦੇ ਬਰਾਬਰ ਹੋਣਾ ਹੈ। ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਗੁਰਬਾਣੀ ਦਾ ਪਾਠ ਆਪ ਕਰਨ ਦੀ ਬਜਾਇ ਭੇਟਾ ਦੇ ਕੇ ਹੋਰਨਾਂ ਪਾਠੀਆਂ ਤੋਂ ਪਾਠ ਕਰਵਾਉਣਾ ਇਸ ਤੱਥ ਦੀ ਗਵਾਹੀ ਭਰਦਾ ਹੈ, ਪਰ ਯਾਦ ਰੱਖੀਏ ਕਿ ਵਿਚਾਰ ਤੋਂ ਬਿਨਾਂ ਪਾਠ ਆਪ ਕਰਨ ਜਾ ਭੇਟਾ ਦੇ ਕੇ ਕਰਵਾਉਣ ਵਰਗੇ ਕਰਮ ਨੂੰ, ਗੁਰਬਾਣੀ ’ਚ ਇੱਕ ਧਾਰਮਕ ਭੇਖ ਵਜੋਂ ਹੀ ਮੰਨਿਆ ਗਿਆ ਹੈ ਜੋ ਕਿ ਮਨੁੱਖ ਨੂੰ ਕੁਰਾਹੇ ਪਾਈ ਰੱਖਦਾ ਹੈ; ਜਿਵੇਂ ਕਿ ਗੁਰ ਬਚਨ ਹਨ : ‘‘ਪਾਠੁ ਪੜੈ, ਨਾ ਬੂਝਈ; ਭੇਖੀ ਭਰਮਿ ਭੁਲਾਇ॥ ਗੁਰਮਤੀ ਹਰਿ ਸਦਾ ਪਾਇਆ; ਰਸਨਾ ਹਰਿ ਰਸੁ ਸਮਾਇ॥’’ (ਸਿਰੀਰਾਗੁ/ਮ : ੩/੬੬-੬੭) ਨਿਰਾ ਪਾਠ ਤਾਂ ਇੱਕ ਦੁਨਿਆਵੀ ਵਿਹਾਰ ਹੀ ਹੈ ਤੇ ਕਈਆਂ ਲਈ ਪਾਠ ਕਰਨਾ ਕੇਵਲ ਰੋਜ਼ੀ ਕਮਾਉਣ ਦੇ ਇੱਕ ਸਾਧਨ ਤੋਂ ਵੱਧ ਕੁਝ ਵੀ ਨਹੀਂ ਹੈ। ਇਸ ਸਚਾਈ ਨੂੰ ਗੁਰੂ ਸਾਹਿਬਾਨ ਆਪਣੇ ਬਚਨਾਂ ਰਾਹੀਂ ਇੰਞ ਬਿਆਨ ਕਰਦੇ ਹਨ : ‘‘ਬੇਦ ਪਾਠ, ਸੰਸਾਰ ਕੀ ਕਾਰ॥ (ਮ : ੧/੭੯੧), ਅੰਦਰਿ ਕਪਟੁ ਉਦਰੁ ਭਰਣ ਕੈ ਤਾਈ; ਪਾਠ ਪੜਹਿ ਗਾਵਾਰੀ ॥ ਸਤਿਗੁਰੁ ਸੇਵੇ, ਸੋ ਸੁਖੁ ਪਾਏ; ਜਿਨ ਹਉਮੈ ਵਿਚਹੁ ਮਾਰੀ॥ ਨਾਨਕ ! ਪੜਣਾ ਗੁਨਣਾ ਇਕੁ ਨਾਉ ਹੈ; ਬੂਝੈ ਕੋ ਬੀਚਾਰੀ॥’’ (ਮ : ੩/੧੨੪੬)

ਇੱਥੇ ਇਹ ਵੀ ਧਿਆਨ ਰੱਖਣ ਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਚ ਕਿੱਧਰੇ ਵੀ ਅਖੰਡ ਪਾਠ ਕਰਨ ਦੀ ਪ੍ਰੋੜ੍ਹਤਾ ਨਹੀਂ ਕੀਤੀ ਗਈ। ਇਸ ਦੇ ਉਲਟ ਬਾਰ-ਬਾਰ ਸਾਨੂੰ ਸਹਿਜ ਭਾਵ ਨਾਲ਼ ਬਾਣੀ ਪੜ੍ਹਨ ਦਾ ਉਪਦੇਸ਼ ਜ਼ਰੂਰ ਦਿੱਤਾ ਮਿਲਦਾ ਹੈ; ਜਿਵੇਂ ਕਿ ‘‘ਸਹਜੇ ਗਾਵਿਆ ਥਾਇ ਪਵੈ; ਬਿਨੁ ਸਹਜੈ ਕਥਨੀ ਬਾਦਿ॥ (ਸਿਰੀਰਾਗੁ/ਮ : ੩/੬੮), ਬਾਬੀਹਾ ! ਤੂੰ ਸਹਜਿ ਬੋਲਿ; ਸਚੈ ਸਬਦਿ ਸੁਭਾਇ ॥ ਸਭੁ ਕਿਛੁ ਤੇਰੈ ਨਾਲਿ ਹੈ; ਸਤਿਗੁਰਿ ਦੀਆ ਦਿਖਾਇ॥ (ਸਲੋਕ ਵਾਰਾਂ ਤੇ ਵਧੀਕ/ਮ : ੩/੧੪੨੦), ਸਹਜਿ ਸੁਭਾਇ, ਬੋਲੈ ਹਰਿ ਬਾਣੀ॥ ਆਠ ਪਹਰ, ਪ੍ਰਭ ਸਿਮਰਹੁ ਪ੍ਰਾਣੀ ॥’’ (ਗਉੜੀ/ਮ : ੫/੧੯੧)

ਸੋ, ਸਾਨੂੰ ਬਹੁਤ ਸ਼ਿੱਦਤ ਨਾਲ਼ ਚੇਤੇ ਰੱਖਣਾ ਪਵੇਗਾ ਕਿ ਅਖੰਡ ਪਾਠ ਵੀ ਬਿਪਰਵਾਦ ਦੀ ਹੀ ਇੱਕ ਕਾਢ ਹੈ ਤੇ ਗੁਰਬਾਣੀ ਸਿਖਿਆ ਦੇ ਵਿਪਰੀਤ ਇੱਕ ਫੋਕਟ ਕਰਮ ਹੈ। ਗੁਰੂ ਦੇ ਸ਼ਬਦ ਦੀ ਰਾਹੀਂ (ਅੰਮ੍ਰਿਤ ਬਾਣੀ ਨੂੰ ਮਨ ’ਚ ਵਸਾ ਕੇ) ਸਹਿਜ ਭਾਵ ਨਾਲ਼ ਰੱਬ ਦੇ ਗੁਣ ਗਾਉਣਾ ਹੀ ਇੱਕ ਉੱਤਮ ਜੀਵਨ ਜਾਚ ਹੈ। ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਵਾਂਗੇ ਭਾਵ ਕਿ ਸਹਿਜ ਨਾਲ਼ ਵਿਚਾਰ ਕੇ ਪੜ੍ਹਾਂਗੇ ਤਾਂ ਹੀ ਨਿਰੰਕਾਰ ਦੇ ਗੁਣਾਂ ’ਚ ਮਗਨ ਰਹਿਣਾ ਬਹੁਤ ਆਸਾਨ ਹੋਏਗਾ; ਜਿਵੇਂ ਕਿ ਗੁਰੂ ਸਾਹਿਬਾਨ ਦੇ ਬਚਨ ਹਨ : ‘‘ਅਤੁਲੁ ਕਿਉ ਤੋਲੀਐ ? ਵਿਣੁ ਤੋਲੇ ਪਾਇਆ ਨ ਜਾਇ॥ ਗੁਰ ਕੈ ਸਬਦਿ ਵੀਚਾਰੀਐ; ਗੁਣ ਮਹਿ ਰਹੈ ਸਮਾਇ॥ (ਮ : ੩/੧੨੮੨), ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ; ਬਾਣੀ ਬੀਚਾਰੀਐ ਜੀਉ॥’’ (ਮ : ੫/੮੦) ਧਿਆਨ ਰਹੇ ਕਿ ਅਖੰਡਪਾਠ ਦਾ ਵਿਧਾਨ ਉਨ੍ਹਾਂ ਮੁਸੀਬਤਾਂ ਸਮੇਂ ਗੁਰੂ ਪਿਆਰਿਆਂ ਨੇ ਅਪਣਾਇਆ ਸੀ ਜਦ ਸਿੱਖਾਂ ਨੂੰ ਵਕਤੀ ਹਕੂਮਤ ਨਾਲ਼ ਆਏ ਦਿਨ ਜੰਗ ਕਰਨੀ ਪੈਂਦੀ ਸੀ ਅਤੇ ਫਿਰ ਵੀ ਉਹ ਸਿੱਦਕੀ ਸਿੱਖ; ਸਮੁੱਚੀ ਬਾਣੀ (ਗੁਰੂ) ਤੋਂ ਦੂਰ ਨਹੀਂ ਹੋਣਾ ਚਾਹੁੰਦੇ ਸਨ, ਪਰ ਅੱਜ ਸਾਡੇ ਕੋਲ਼ ਕਿਸੇ ਸਮੇਂ ਦੀ ਘਾਟ ਨਹੀਂ ਹੈ ਤਾਂ ਜੋ ਅਸੀਂ ਗੁਰਬਾਣੀ ਦਾ ਸਹਿਜਪਾਠ ਕਰਨ ਦੀ ਬਜਾਇ ਅਖੰਡਪਾਠ ਕਰਨ ਨੂੰ ਤਰਜੀਹ ਦੇਈਏ।

ਨੋਟ : ਨਿਤਨੇਮੀ ਗੁਰੂ ਪਿਆਰਿਆਂ ਨੂੰ ਵੀ ਬੇਨਤੀ ਹੈ ਕਿ ਨਿਤਨੇਮ ਦੀਆਂ ਬਾਣੀਆਂ ਨੂੰ ਹਰ ਰੋਜ਼ ਪੜ੍ਹਨਾ ਤਾਂ ਹੀ ਲਾਹੇਵੰਦ ਹੋਵੇਗਾ ਜੇ ਕਰ ਅਸੀਂ ਬਾਣੀ ਦੇ ਅਰਥ ਭਾਵ ਸਮਝਣ ਦਾ ਉਪਰਾਲਾ ਕਰਾਂਗੇ। ਜੇ ਹੋਰ ਨਹੀਂ ਤਾਂ ‘ ਜਪੁ’ ਬਾਣੀ ਦੀ ਇੱਕ-ਇੱਕ ਤੁਕ ਦੇ ਅਰਥ ਤਾਂ ਹਰ ਇੱਕ ਗੁਰਸਿੱਖ ਦੇ ਦਿਲ ’ਤੇ ਜ਼ਰੂਰ ਹੀ ਉਕਰਨੇ ਚਾਹੀਦੇ ਹਨ। ਇਸ ਮੰਤਵ ਲਈ ਗਿਆਨੀ ਅਵਤਾਰ ਸਿੰਘ, ਜਲੰਧਰ ਦੁਆਰਾ ‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ’ ਖ਼ਾਸ ਕਰਕੇ 2019 ਵਾਲੀ ਐਡੀਸ਼ਨ ਇੱਕ ਸ਼ਲਾਘਾਯੋਗ ਲਿਖਤ ਹੈ, ਜੋ ਕਿ ‘ਜਪੁ’ ਬਾਣੀ ਦੇ ਨਾਲ਼ ਹੀ ਗੁਰਮਤਿ ਦਾ ਕੇਂਦਰੀ ਭਾਵ ਸਮਝਣ ’ਚ ਵੀ ਕਾਫ਼ੀ ਸਹਾਈ ਹੋ ਸਕਦੀ ਹੈ।

(37). ਫੁੱਲ ਚਾੜ੍ਹਨਾ : ਸਾਡੇ ਗੁਰੂ ਘਰਾਂ ’ਚ ਇਹ ਅਰਦਾਸ ਆਮ ਹੀ  ਸੁਣਨ ਨੂੰ ਮਿਲ ਸਕਦੀ ਹੈ; ‘ਜਿਹੜੇ ਵੀ ਮਾਈ ਭਾਈ ਨੇ ਤਿਲ਼ ਫੁੱਲ ਭੇਟਾ ਕੀਤਾ ਹੈ, ਉਨ੍ਹਾਂ ਦੀ ਭੇਟਾ ਪਰਵਾਨ ਕਰਨੀ ਜੀ’, ਪਰ ‘ਤਿਲ਼ ਫੁੱਲ’ ਨੂੰ ਨਿਮਾਣੀ ਭੇਟਾ ਦੇ ਤੌਰ ’ਤੇ ਅਖਾਣ ਵਜੋਂ ਵਰਤਣ ਦੀ ਥਾਂ ਅਸੀਂ ਤਾਂ ਵਾਕਿਆ ਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਫੁੱਲਾਂ ਦੇ ਢੇਰ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇੱਥੋਂ ਤੱਕ ਕਿ ਅਜੋਕੇ ਨਗਰ ਕੀਰਤਨਾਂ ’ਚ ਹੈਲੀਕਾਪਟਰ ਰਾਹੀਂ ਗੁਰੂ ਸਾਹਿਬ ਜੀ ਦੀ ਪਾਲਕੀ ਅਤੇ ਸੰਗਤਾਂ ’ਤੇ ਫੁੱਲਾਂ ਦੀ ਵਰਖਾ ਕਰ ਕੇ, ਜਿਹੜਾ ਅਸੀਂ ਆਪਣੀ ਮੱਤ ਦਾ ਜਲੂਸ ਕੱਢ ਰਹੇ ਹੁੰਦੇ ਹਾਂ, ਉਸ ਦੀ ਮਿਸਾਲ ਦੇਣੀ ਵੀ ਅਸੰਭਵ ਹੈ।

ਭਗਤ ਰਵਿਦਾਸ ਜੀ ਬਖਿਆਨ ਕਰਦੇ ਹਨ ਕਿ ਇਹ ਸਾਰੀ ਕੁਦਰਤ ਹੀ ਮਾਲਕ ਦੀ ਬਣਾਈ ਹੋਈ ਹੈ, ਇਸ ਲਈ ਉਸ ਦੀ ਪੈਦਾ ਕੀਤੀ ਕੁਦਰਤ ’ਚੋਂ ਹੀ ਉਸ ਦੇ ਅੱਗੇ ਕੀ ਰੱਖਿਆ ਜਾ ਸਕਦਾ ਹੈ। ਸੋ ਮਾਲਕ ਦਾ ਨਾਮ ਸਿਮਰਨਾ ਹੀ ਸਭ ਤੋਂ ਉੱਤਮ ਭੇਟਾ (ਭੇਂਟ) ਹੈ : ‘‘ਨਾਮੁ ਤੇਰੋ ਤਾਗਾ, ਨਾਮੁ ਫੂਲ ਮਾਲਾ; ਭਾਰ ਅਠਾਰਹ ਸਗਲ ਜੂਠਾਰੇ॥ ਤੇਰੋ ਕੀਆ, ਤੁਝਹਿ ਕਿਆ ਅਰਪਉ ? ਨਾਮੁ ਤੇਰਾ ਤੁਹੀ, ਚਵਰ ਢੋਲਾਰੇ ॥’’ (ਧਨਾਸਰੀ/ਭਗਤ ਰਵਿਦਾਸ/੬੯੪)

ਗੁਰੂ ਨਾਨਕ ਪਾਤਸ਼ਾਹ ਮਨੁੱਖੀ ਸਰੀਰ ਦੀ ਤੁਲਨਾ ਫੁੱਲਾਂ ਵਾਲੇ ਬੂਟੇ ਨਾਲ਼ ਕਰਦੇ ਹਨ ਤੇ ਇਸ ਕੋਮਲ ਟਾਹਣੀ (ਟਹਿਣੀ) ’ਤੇ ਪ੍ਰਮਾਤਮਾ ਦੇ ਗੁਣਾਂ ਨੂੰ ਫੁੱਲ ਮੰਨਿਆ ਗਿਆ ਹੈ। ਗੁਰ ਉਪਦੇਸ਼ ਵਜੋਂ ਫ਼ੁਰਮਾਉਂਦੇ ਹਨ : ‘‘ਕਾਇਆ ਕੂਮਲ, ਫੁਲ ਗੁਣ; ਨਾਨਕ  ! ਗੁਪਸਿ ਮਾਲ॥ ਏਨੀ ਫੁਲੀ ਰਉ ਕਰੇ; ਅਵਰ, ਕਿ ਚੁਣੀਅਹਿ ਡਾਲ॥’’ (ਮ : ੧/੭੯੧) ਭਾਵ ਜੇ ਮਨੁੱਖ ਇਨ੍ਹਾਂ ਫੁੱਲਾਂ ’ਚ (ਗੁਣਾਂ ’ਚ/ਤੱਤ-ਸਾਰ ’ਚ) ਧਿਆਨ ਲਗਾਏ ਤਾਂ ਹੋਰ ਡਾਲੀਆਂ; ਜਿਵੇਂ ਕਿ ਫੁੱਲ ਰਹਿਤ ਦਰਖ਼ਤ ਦੀਆਂ ਟਹਿਣੀਆਂ (ਭਾਵ ਨਿਰਮੂਲ ਦੇਵ/ਪੱਥਰ ਭਗਤੀ), ਚੁਣਨ ਦੀ ਕੀ ਲੋੜ ਰਹਿ ਜਾਂਦੀ ਹੈ ?

ਸੋ, ਗੁਰਮਤਿ ’ਚ ਕੇਵਲ ਗੁਣਾਂ ਦੇ ਫੁੱਲਾਂ ਦੀ ਮਾਲਾ ਹੀ ਪਰਵਾਨ ਹੈ। ਜੇ, ਕੁਝ ਭੇਂਟ ਕਰਨਾ ਹੀ ਹੈ ਤਾਂ ਕਿਉਂ ਨਾ ਆਪਣਾ ਸੀਸ ਭੇਂਟ ਕਰੀਏ ਤਾਂ ਕਿ ਗੁਰੂ ਮਿਹਰ ਸਦਕਾ, ਸਾਡੀ ਸੁਰਤ ਹਮੇਸ਼ਾ ਰੱਬੀ ਯਾਦ ’ਚ ਟਿਕੀ ਰਹੇ : ‘‘ਸਤਿਗੁਰ ਆਗੈ ਸੀਸੁ ਭੇਟ ਦੇਉ; ਜੇ ਸਤਿਗੁਰ ਸਾਚੇ ਭਾਵੈ ॥ ਆਪੇ ਦਇਆ ਕਰਹੁ ਪ੍ਰਭ ਦਾਤੇ !  ਨਾਨਕ ਅੰਕਿ ਸਮਾਵੈ ॥’’ (ਤੁਖਾਰੀ/ਮ : ੪/੧੧੧੪)

(38). ਬਾਦ ਵਿਵਾਦ/ਝਗੜਾ ਕਰਨਾ : ਹਰ ਝਗੜੇ ਦਾ ਮੂਲ ਕਾਰਨ ਕਿਸੇ ਨਾ ਕਿਸੇ ਰੂਪ ’ਚ ਹਉਮੈ (ਅਹੰਕਾਰ) ਹੁੰਦਾ ਹੈ, ਖ਼ਾਸ ਕਰਕੇ ਆਪਣੇ ਮਨ ਦੀ ਮੱਤ ਮਗਰ ਲੱਗਣ ਵਾਲੇ ਦਾ ਹਰ ਕੰਮ, ਝਗੜਾ ਪੈਦਾ ਕਰਦਾ ਹੈ ਕਿਉਂਕਿ ਮਨ ਦੀ ਮੱਤ ਹਮੇਸ਼ਾਂ ਝੂਠ ਵਾਲੇ ਪਾਸੇ ਹੀ ਲਿਜਾਂਦੀ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਝੂਠੀ ਮਨ ਕੀ ਮਤਿ ਹੈ; ਕਰਣੀ ਬਾਦਿ ਬਿਬਾਦੁ॥ ਝੂਠੇ ਵਿਚਿ ਅਹੰਕਰਣੁ ਹੈ; ਖਸਮ ਨ ਪਾਵੈ ਸਾਦੁ ॥ ਬਿਨੁ ਨਾਵੈ, ਹੋਰੁ ਕਮਾਵਣਾ; ਫਿਕਾ ਆਵੈ ਸਾਦੁ ॥ ਦੁਸਟੀ ਸਭਾ ਵਿਗੁਚੀਐ; ਬਿਖੁ ਵਾਤੀ ਜੀਵਣ ਬਾਦਿ॥’’ (ਪ੍ਰਭਾਤੀ/ਮ : ੧/੧੩੪੩)

ਮਨੁੱਖ ਓਨਾ ਚਿਰ ਹੀ ਕਿਸੇ ਨੂੰ ਮਾੜਾ ਬੋਲਦਾ ਹੈ, ਜਿੰਨਾ ਚਿਰ ਦੁਬਿਧਾ (ਅਹੰਕਾਰ) ਭਾਵ ਮੇਰ ਤੇਰ ’ਚ ਰਹਿੰਦਾ ਹੈ ਪਰ ਜਦ ਗੁਰੂ ਦੇ ਦੱਸੇ ਮਾਰਗ ’ਤੇ ਤੁਰਦਾ ਹੈ ਤਾਂ ਸਭ ਅੰਦਰ ਹੀ ਪ੍ਰਮਾਤਮਾ ਦੀ ਜੋਤਿ ਨਜ਼ਰ ਆਉਣ ਲੱਗ ਜਾਂਦੀ ਹੈ। ਗੁਰ ਅਮਰਦਾਸ ਦੀ ਦੇ ਬਚਨ ਹਨ : ‘‘ਬੁਰਾ ਭਲਾ ਤਿਚਰੁ ਆਖਦਾ; ਜਿਚਰੁ ਹੈ ਦੁਹੁ (ਦੁਬਿਧਾ) ਮਾਹਿ॥ ਗੁਰਮੁਖਿ ਏਕੋ ਬੁਝਿਆ; ਏਕਸੁ ਮਾਹਿ ਸਮਾਇ ॥’’ (ਮ : ੩/੭੫੭)

ਜੀਅ ਜੰਤ ਸਭਿ ਤਿਸ ਦੇ; ਸਭਨਾ ਕਾ ਸੋਈ॥ ਮੰਦਾ ਕਿਸ ਨੋ ਆਖੀਐ ? ਜੇ ਦੂਜਾ ਹੋਈ॥ (ਆਸਾ/ਮ : ੩/੪੨੫), ਗੁਰੂ ਨਾਨਕ ਸਾਹਿਬ ਜੀ ਰੱਬੀ ਗਿਆਨ ਦੀ ਬਖ਼ਸ਼ਸ਼ ਕਰਦਿਆਂ ਫ਼ੁਰਮਾਉਂਦੇ ਹਨ ਕਿ ਸਾਰਿਆਂ ’ਚ ਇੱਕੋ ਰੱਬੀ ਜੋਤਿ ਹੈ ਤਾਂ ਕਿਸੇ ਨਾਲ਼ ਵੀ ਝਗੜਾ ਕਰਨਾ ਮਾਨੋ ਰੱਬ ਨਾਲ਼ ਝਗੜਾ ਕਰਨਾ ਹੈ ਤੇ ਰੱਬ ਨਾਲ਼ ਝਗੜਾ ਨਹੀਂ ਪਾਉਣਾ ਚਾਹੀਦਾ ਕਿਉਂਕਿ ਅਜਿਹਾ ਝਗੜਾ ਸਾਡੀ ਖ਼ੁਆਰੀ ਦਾ ਕਾਰਨ ਬਣਦਾ ਹੈ : ‘‘ਵਾਰੀ ਖਸਮੁ ਕਢਾਏ, ਕਿਰਤੁ ਕਮਾਵਣਾ॥ ਮੰਦਾ ਕਿਸੈ ਨ ਆਖਿ, ਝਗੜਾ ਪਾਵਣਾ ॥ ਨਹ ਪਾਇ ਝਗੜਾ, ਸੁਆਮਿ ਸੇਤੀ; ਆਪਿ ਆਪੁ ਵਞਾਵਣਾ ॥’’ (ਵਡਹੰਸੁ/ਮ : ੧/੫੬੬), ਇਨ੍ਹਾਂ ਗੁਰੂ ਰਮਜ਼ਾਂ ਨੂੰ ਸਮਝ ਲਿਆ ਜਾਵੇ ਤਾਂ ਸਾਰੇ ਵੈਰ ਵਿਰੋਧ ਮੁੱਕ ਜਾਂਦੇ ਹਨ ਤੇ ਭਾਵੇਂ ਕੋਈ ਨਿੰਦਾ ਵੀ ਕਿਉਂ ਨਾ ਕਰੇ, ਝਗੜਾ ਕਰਨ ਦੀ ਲੋੜ ਜਾਂ ਆਦਤ ਹੀ ਨਹੀਂ ਰਹਿ ਜਾਂਦੀ; ਜਿਵੇਂ ਕਿ ਭਗਤ ਸਾਹਿਬਾਨ ਜੀ ਦੇ ਬਚਨ ਹਨ : ‘‘ਸਰਬ ਭੂਤ ਏਕੈ ਕਰਿ ਜਾਨਿਆ; ਚੂਕੇ ਬਾਦ ਬਿਬਾਦਾ ॥ ਕਹਿ ਕਬੀਰ  ! ਮੈ ਪੂਰਾ ਪਾਇਆ; ਭਏ ਰਾਮ ਪਰਸਾਦਾ ॥ (ਆਸਾ/ਭਗਤ ਕਬੀਰ ਜੀ/੪੮੩), ਬਾਦੁ ਬਿਬਾਦੁ, ਕਾਹੂ ਸਿਉ ਨ ਕੀਜੈ ॥ ਰਸਨਾ, ਰਾਮ ਰਸਾਇਨੁ ਪੀਜੈ ॥’’ (ਭਗਤ ਨਾਮਦੇਵ ਜੀ/੧੧੬੪)

ਹਾਂ, ਗੁਰਮਤਿ ਸਾਨੂੰ ਆਪਣੇ ਮਨ ਨਾਲ਼ ਝਗੜਾ ਕਰਨ ਦੀ ਪ੍ਰਵਾਨਗੀ ਜ਼ਰੂਰ ਦਿੰਦੀ ਹੈ। ਮਨ ਵਿੱਚ ਆਈ ਵਿਕਾਰੀ ਸੋਚ ਨਾਲ਼ ਲੜਨਾ ਤੇ ਜੇਤੂ ਬਣ ਕੇ ਗੁਰਮੁਖਾਂ ਵਾਲੀ ਕਾਰ ਕਰਨ ਵਾਲ਼ਾ ਗੁਰੂ ਪਿਆਰਾ, ਮਨੁੱਖੀ ਜੀਵਨ ਸਫਲਾ ਕਰਾ ਜਾਂਦਾ ਹੈ : ‘‘ਮਨ ਹੀ ਨਾਲਿ ਝਗੜਾ, ਮਨ ਹੀ ਨਾਲਿ ਸਥ; ਮਨ ਹੀ ਮੰਝਿ ਸਮਾਇ ॥ ਮਨੁ ਜੋ ਇਛੇ, ਸੋ ਲਹੈ; ਸਚੈ ਸਬਦਿ ਸੁਭਾਇ ॥ ਅੰਮ੍ਰਿਤ ਨਾਮੁ ਸਦ ਭੁੰਚੀਐ; ਗੁਰਮੁਖਿ ਕਾਰ ਕਮਾਇ ॥ ਵਿਣੁ ਮਨੈ, ਜਿ ਹੋਰੀ ਨਾਲਿ ਲੁਝਣਾ (ਝਗੜਨਾ); ਜਾਸੀ ਜਨਮੁ ਗਵਾਇ ॥’’ (ਮ : ੩/੮੭)

ਸਤਿਗੁਰੂ ਦੀ ਕ੍ਰਿਪਾ ਨਾਲ਼ ਮਨ ਨੂੰ ਜਿੱਤਣ ਵਾਲੇ ਗੁਰਮੁਖਾਂ ਦੇ ਹਿਰਦੇ ’ਚ ਪ੍ਰਮਾਤਮਾ ਦਾ ਪ੍ਰੇਮ ਪ੍ਰਭਾਵ ਪਾਈ ਰੱਖਦਾ ਹੈ। ਅੰਦਰੋਂ ਪ੍ਰੇਮ ’ਚ ਰੱਤੇ ਹੋਏ ਅਜਿਹੇ ਗੁਰਮੁਖ, ਜੇ ਕਿਸੇ ਭੁੱਲ ਕਾਰਨ ਕੋਈ ਮਾੜਾ ਬੋਲ ਵੀ ਉਚਾਰ ਜਾਣ ਤਾਂ ਵੀ ਉਹ ਪ੍ਰਮਾਤਮਾ ਨੂੰ ਚੰਗੇ ਲੱਗਦੇ ਹਨ; ਜਿਵੇਂ ਕਿ ਗੁਰ ਬਚਨ ਹਨ : ‘‘ਜਿਨ ਅੰਤਰਿ, ਹਰਿ ਹਰਿ ਪ੍ਰੀਤਿ ਹੈ; ਤੇ ਜਨ ਸੁਘੜ ਸਿਆਣੇ, ਰਾਮ ਰਾਜੇ ! ॥ ਜੇ ਬਾਹਰਹੁ ਭੁਲਿ ਚੁਕਿ ਬੋਲਦੇ; ਭੀ ਖਰੇ ਹਰਿ ਭਾਣੇ ॥’’ (ਆਸਾ/ਮ : ੪/੪੫੦-੫੧)

ਨੋਟ : ਕਿੰਨਾ ਚੰਗਾ ਹੋਵੇ ਜੇ ਸਾਡੇ ਅਜੋਕੇ ਵਿਦਵਾਨ ਵੀ ਵਾਦ ਵਿਵਾਦ ਦਾ ਪੱਲਾ ਛੱਡ ਦੇਣ ਤੇ ਖੁੱਲ੍ਹੇ ਪੱਤਰਾਂ ਰਾਹੀਂ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਬਜਾਇ ਆਪਸ ’ਚ ਮਿਲ ਬੈਠ ਕੇ ਗੁਰ ਉਪਦੇਸ਼ ਦੇ ਚਾਨਣ ’ਚ ਹੀ ਸੰਵਾਦ ਕਰਕੇ ਹਰ ਦੁਚਿੱਤੀ ਨੂੰ ਹੱਲ ਕਰਨ ਦਾ ਯਤਨ ਕਰਨ !

(39). ਬਾਹਰੀ ਭੇਖ (ਵੇਸ) : ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਨੌਜਵਾਨਾਂ ’ਚੋਂ ਬਹੁਤਾਤ ਨੇ ਆਪਣੀ ਸਾਬਤ ਸੂਰਤ ਨੂੰ ਕਾਇਮ ਨਹੀਂ ਰੱਖਿਆ ਹੈ। ਆਟੇ ’ਚ ਲੂਣ ਦੀ ਮਾਤਰਾ ਵਾਙ ਜੇ ਕੋਈ ਬਾਣੇ ਦਾ ਧਾਰਨੀ ਹੈ ਤਾਂ ਉਸ ਦਾ ਸਾਰਾ ਧਿਆਨ ਵੀ ਕੇਵਲ ਬਾਣੇ ’ਤੇ ਹੀ ਕੇਂਦਰਿਤ ਵਿਖਾਈ ਦੇ ਰਿਹਾ ਹੈ। ਦਿਖਾਵੇ ਮਾਤਰ ਕੇਵਲ ਬਾਹਰਲੇ ਧਾਰਮਕ ਲਿਬਾਸ ਭਾਵ ਬਾਹਰਲੇ ਭੇਖ ਦੀ ਗੁਰਮਤਿ ’ਚ ਕੋਈ ਕਦਰ ਨਹੀਂ ਹੈ। ਬਾਣੇ ਦੇ ਧਾਰਨੀ, ਪਰ ਬਾਣੀ (ਗੁਰੂ ਸਬਦੁ, ਗੁਰੂ ਦੇ ਗਿਆਨ) ਤੋਂ ਸੱਖਣੇ ਜੀਵਨ ਵਾਲ਼ਿਆਂ ਲਈ ਗੁਰੂ ਜੀ ਬਚਨ ਕਰਦੇ ਹਨ : ‘‘ਚੜਿ ਕੈ ਘੋੜੜੈ, ਕੁੰਦੇ ਪਕੜਹਿ; ਖੂੰਡੀ ਦੀ ਖੇਡਾਰੀ॥ ਹੰਸਾ ਸੇਤੀ ਚਿਤੁ ਉਲਾਸਹਿ, ਕੁਕੜ ਦੀ ਓਡਾਰੀ॥’’ (ਮ : ੫/੩੨੨)

ਨਿਰੇ ਧਾਰਮਕ ਪਹਿਰਾਵੇ ਨੂੰ ਹੀ ਧਰਮ ਸਮਝਣ ਵਾਲੇ ਮਨੁੱਖ ਦੀ ਅੰਦਰਲੀ ਭਟਕਣਾ ਬਰਕਰਾਰ ਰਹਿੰਦੀ ਹੈ ਤੇ ਉਹ ਝੂਠੇ ਅਹੰਕਾਰ ’ਚ ਹੀ ਆਪਣਾ ਜੀਵਨ ਗੁਆ ਬੈਠਦਾ ਹੈ। ਸਾਡੇ ਲੰਬੇ-ਲੰਬੇ ਚੋਲ਼ੇ ਤੇ ਵੱਡੇ-ਵੱਡੇ ਗੋਲ਼ ਦੁਮਾਲਿਆਂ ਦੀ ਸੋਹਣੀ ਬਾਹਰੀ ਦਿੱਖ ਦੇ ਨਾਲ਼ ਉਪਜ ਰਹੇ ਅਹੰਕਾਰ ਨੂੰ ਸੰਬੋਧਿਤ ਕਰਨ ਲਈ ਹੀ ਸ਼ਾਇਦ ਗੁਰੂ ਅਮਰਦਾਸ ਜੀ ਨੇ ਇਹ ਵਾਕ ਉਚਾਰੇ ਹਨ : ‘‘ਬਹੁਤੇ ਭੇਖ ਕਰੈ, ਭੇਖਧਾਰੀ॥ ਅੰਤਰਿ ਤਿਸਨਾ, ਫਿਰੈ ਅਹੰਕਾਰੀ॥ ਆਪੁ ਨ ਚੀਨੈ, ਬਾਜੀ ਹਾਰੀ ॥’’ (ਗਉੜੀ/ਮ : ੩/੨੩੦) ਨਿਰੇ ਧਾਰਮਕ ਪਹਿਰਾਵੇ ਕਰਕੇ ਚਤੁਰਾਈ (ਕਾਪੜ ਪਹਿਰਿ, ਕਰੇ ਚਤੁਰਾਈ॥) ਦੀਆਂ ਗੱਲਾਂ ਕਰਨ ਵਾਲ਼ਿਆਂ ਨੂੰ ਗੁਰ ਉਪਦੇਸ਼ ਚੇਤੇ ਰੱਖਣਾ ਚਾਹੀਦਾ ਹੈ : ‘‘ਛੋਡਹੁ ਵੇਸੁ, ਭੇਖ ਚਤੁਰਾਈ; ਦੁਬਿਧਾ, ਇਹੁ ਫਲੁ ਨਾਹੀ ਜੀਉ॥’’ (ਸੋਰਠਿ/ਮ : ੧/੫੯੮) ਬਾਬਾ ਫ਼ਰੀਦ ਜੀ ਵੇਸ ਸੰਬੰਧੀ ਸਵਾਲ ਪੁੱਛਦੇ/ਕਰਦੇ ਹਨ ਕਿ ਤਾਂ ਫਿਰ ਅਜਿਹਾ ਕਿਹੜਾ ਵੇਸ ਹੋਵੇ, ਜਿਸ ਸਦਕਾ ਪ੍ਰਭੂ ਨਾਲ਼ ਮਿਲਾਪ ਸੰਭਵ ਹੋ ਸਕੇ : ‘‘ਕਵਣੁ ਸੁ ਅਖਰੁ ? ਕਵਣੁ ਗੁਣੁ ? ਕਵਣੁ ਸੁ ਮਣੀਆ ਮੰਤੁ  ?॥ ਕਵਣੁ ਸੁ ਵੇਸੋ ਹਉ ਕਰੀ ? ਜਿਤੁ ਵਸਿ ਆਵੈ ਕੰਤੁ॥’’ (ਸਲੋਕ ਫਰੀਦ ਜੀ/੧੩੮੪) ਅਗਲੇ ਸਲੋਕ ’ਚ ਹੀ ਬਾਬਾ ਜੀ ਆਪ ਉੱਤਰ ਵਜੋਂ ਫ਼ੁਰਮਾਉਂਦੇ ਹਨ : ‘‘ਨਿਵਣੁ ਸੁ ਅਖਰੁ, ਖਵਣੁ ਗੁਣੁ; ਜਿਹਬਾ ਮਣੀਆ ਮੰਤੁ ॥ ਏ ਤ੍ਰੈ ਭੈਣੇ ! ਵੇਸ ਕਰਿ; ਤਾਂ ਵਸਿ ਆਵੀ ਕੰਤੁ॥’’ (ਸਲੋਕ ਫਰੀਦ ਜੀ/੧੩੮੪)

ਸੋ, ਸਤਿਗੁਰੂ ਦੇ ਉਪਦੇਸ਼ (ਸਿੱਖਿਆ) ਨੂੰ ਮੰਨੀਏ ਤਾਂ ਧਾਰਮਕ ਭੇਖ ’ਚ ਫਸੇ ਰਹਿਣ ਦੀ ਰੁਚੀ ਆਪਣੇ ਆਪ ਹੀ ਘਟਦੀ ਚਲੀ ਜਾਂਦੀ ਹੈ ਭਾਵ ਬੰਦਾ; ਹਰ ਕੰਮ ਵਿਖਾਵੇ ਮਾਤਰ ਕਰਨਾ ਛੱਡਦਾ ਜਾਂਦਾ ਹੈ ਤੇ ਅਹੰਕਾਰ ਦੀ ਬਜਾਇ ਸਾਦਗੀ ਤੇ ਨਿਮਰਤਾ ’ਚ ਰੱਤਿਆ ਮਨ, ਗੁਰ ਬਚਨ ਨੂੰ ਕਮਾਉਣ ’ਚ ਹੀ ਮਸਤ ਰਹਿਣ ਲੱਗ ਪੈਂਦਾ ਹੈ : ‘‘ਜਾ ਕੈ ਰਾਸਿ, ਸਰਬ ਸੁਖ ਸੁਆਮੀ; ਆਨ ਨ ਮਾਨਤ ਭੇਖਾ॥ ਨਾਨਕ ! ਦਰਸ ਮਗਨ ਮਨੁ ਮੋਹਿਓ; ਪੂਰਨ ਅਰਥ ਬਿਸੇਖਾ॥’’ (ਸਾਰੰਗ/ਮ : ੫/੧੨੨੧)

(40). ਮੁਕਤੀ : ਸਾਰੀ ਲੁਕਾਈ ਵੱਲੋਂ ਸੁਰਗ ਦੀ ਹੀ ਆਸ ਕੀਤੀ ਜਾਂਦੀ ਹੈ ਤੇ ਸਾਰੇ ਲੋਕ ਸਦਾ ਮੁਕਤੀ ਹੀ ਮੰਗਦੇ ਰਹਿੰਦੇ ਹਨ; ਜਿਵੇਂ ਕਿ ਗੁਰੂ ਵਾਕ ਹਨ : ‘‘ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ; ਨਿਤਿ ਆਸਾ ਆਸ ਕਰੀਜੈ॥’’ (ਕਲਿਆਨ/ਮ : ੪/੧੩੨੪), ਪਰ ਪ੍ਰਮਾਤਮਾ ਦੇ ਪਿਆਰ ’ਚ ਭਿੱਜੀਆਂ ਹੋਈਆਂ ਰੂਹਾਂ; ਕਿਸੇ ਕਲਪਿਤ (ਖ਼ਿਆਲੀ) ਸਵਰਗ ਦੀ ਆਸ ਰੱਖਣ ਦੀ ਬਜਾਇ ਗੁਰਮਤਿ ਅਨੁਸਾਰੀ ਹੋ ਕੇ, ਵਿਕਾਰਾਂ ਅਤੇ ਬੰਧਨਾਂ ਤੋਂ ਖ਼ਲਾਸੀ ਨੂੰ ਹੀ ਅਸਲ ਮੁਕਤੀ ਮੰਨਦੀਆਂ ਹਨ। ਅਸਲ ’ਚ ਗੁਰਮੁਖ ਦੀ ਤਾਂ ਪਹਿਚਾਣ ਹੀ ਇੱਥੋਂ ਆਰੰਭ ਹੁੰਦੀ ਹੈ ਕਿ ਉਹ ਗੁਰੂ ਦਾ ਆਸਰਾ ਲੈ ਕੇ, ਵਿਕਾਰਾਂ ਨਾਲ਼ ਲੜਨ ਦਾ ਪ੍ਰਣ ਕਰਦਾ ਹੈ ਤੇ ਗੁਰੂ ਬਖ਼ਸ਼ਸ਼ ਸਦਕਾ ਫ਼ਤਿਹ ਵੀ ਪਾ ਲੈਂਦਾ ਹੈ; ਜਿਵੇਂ ਕਿ ਗੁਰ ਬਚਨ ਹਨ : ‘‘ਨਿਹਤੇ ਪੰਜਿ ਜੁਆਨ ਮੈ; ਗੁਰ, ਥਾਪੀ ਦਿਤੀ ਕੰਡਿ ਜੀਉ ॥ (ਸਿਰੀ ਰਾਗੁ/ਮ : ੫/੭੪), ਗੁਰਮੁਖਿ ਹੋਵਹਿ, ਸੇ ਬੰਧਨ ਤੋੜਹਿ; ਮੁਕਤੀ ਕੈ ਘਰ ਪਾਇਦਾ ॥’’ (ਮਾਰੂ ਸੋਲਹੇ/ਮ : ੩/੧੦੬੨)

ਗੁਰੂ ਨਾਨਕ ਪਾਤਸ਼ਾਹ ਮੁਕਤੀ ਦੇ ਨੁਕਤੇ ਨੂੰ ਸਮਝਾਉਂਦਿਆਂ ਪਹਿਲਾਂ ਇੱਕ ਸਵਾਲ ਪੈਦਾ ਕਰ ਇਸ ਵਿਸ਼ੇ ਨੂੰ ਜ਼ਰੂਰੀ ਹੋਣਾ ਪ੍ਰਗਟਾਉਂਦੇ ਹਨ ਕਿ ਮਨੁੱਖ ਕਿਵੇਂ ਵਿਕਾਰਾਂ ਦੀ ਵਾਸਨਾ ’ਚ ਬੱਝ ਜਾਂਦਾ ਹੈ ਤੇ ਕਿਵੇਂ ਇਸ ਤੋਂ ਆਜ਼ਾਦੀ ਹਾਸਲ ਕਰਦਾ ਹੈ ਭਾਵ ਕਿ ਕਿਵੇਂ ਅਡੋਲ ਅਵਸਥਾ ’ਚ ਟਿਕ ਜਾਂਦਾ ਹੈ ? : ‘‘ਕਿਉ ਬਾਧਿਓ ? ਕਿਉ ਮੁਕਤੀ ਪਾਵੈ ?॥ ਕਿਉ, ਅਬਿਨਾਂਸੀ ਸਹਜਿ ਸਮਾਵੈ ?॥’’ (ਗਉੜੀ/ਮ : ੧/੧੫੨) ਫਿਰ ਦਇਆ ਦੇ ਘਰ ’ਚ ਆ ਕੇ, ਆਪ ਹੀ ਉੱਤਰ ਦੀ ਬਖ਼ਸ਼ਸ਼ ਕਰਦੇ ਹਨ ਕਿ ਕੁਦਰਤੀ ਨਿਯਮ ਸਦਕਾ ਵਿਕਾਰਾਂ ਦਾ ਬੰਧਨ (ਗੁਰੂ ਤੋਂ ਬੇਮੁਖ ਹੋਇਆਂ) ਮਨ ਤੋਂ ਪੈਦਾ ਹੁੰਦਾ ਹੈ ਤੇ ਮਨ ’ਚ ਹੀ (ਗੁਰੂ ਦੇ ਸਨਮੁਖ ਹੋਇਆਂ) ਖ਼ਤਮ ਹੋ ਜਾਂਦਾ ਹੈ। ਅਸਲ ਭਾਵ ਹੈ ਕਿ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ, ਗੁਰੂ ਦੇ ਸਨਮੁਖ ਰਹਿਣ ਵਾਲਾ ਪ੍ਰਾਣੀ ਇਸ ਸਾਰੇ ਜਾਲ਼ ’ਚੋਂ ਬਚ ਨਿਕਲਦਾ ਹੈ : ‘‘ਸਹਜੇ ਆਵੈ, ਸਹਜੇ ਜਾਇ॥ ਮਨ ਤੇ ਉਪਜੈ, ਮਨ ਮਾਹਿ ਸਮਾਇ॥ ਗੁਰਮੁਖਿ ਮੁਕਤੋ, ਬੰਧੁ ਨ ਪਾਇ॥ ਸਬਦੁ ਬੀਚਾਰਿ, ਛੁਟੈ ਹਰਿ ਨਾਇ॥’’ (ਗਉੜੀ/ਮ : ੧/੧੫੩)

ਸੋ, ਗੁਰਮਤਿ ਅਨੁਸਾਰ ਗੁਰੂ ਦੇ ਸ਼ਬਦ ਦੁਆਰਾ ਆਪਣੇ ਮਨ ਨੂੰ ਮਾਰ ਕੇ (ਮਨ ਨੂੰ ਜਿੱਤ ਕੇ ‘ਮਨਿ+ਜੀਤੈ’), ਮਨ ਦੇ ਅਹੰਕਾਰ ਅਤੇ ਮੋਹ ਆਦਿ ਵਿਕਾਰਾਂ ਤੋਂ ਆਜ਼ਾਦੀ ਭਾਵ ਨਿਰਲੇਪ ਰਹਿਣਾ ਹੀ ਅਸਲ ਮੁਕਤੀ ਹੈ : ‘‘ਸਬਦਿ ਮਰੈ, ਮਨੁ ਮਾਰੈ ਅਪੁਨਾ;  ਮੁਕਤੀ ਕਾ ਦਰੁ ਪਾਵਣਿਆ ॥’’ (ਮਾਝ/ਮ : ੩/੧੧੭)

ਇੱਕ ਗੱਲ ਹੋਰ ਵੀ ਧਿਆਨ ਰੱਖਣਯੋਗ ਹੈ ਕਿ ਇੱਕ ਗੁਰਸਿੱਖ ਨੂੰ ਕਦੀ ਵੀ ਕਿਸੇ ਵਿਚੋਲੇ ਦੀ ਜਾਂ ਦੂਸਰੇ ਪਾਸੋਂ ਕੋਈ ਪ੍ਰਮਾਣ ਪੱਤਰ ਲੈਣ ਦੀ ਲੋੜ ਨਹੀਂ ਰਹਿੰਦੀ। ਗੁਰੂ ਸਾਹਿਬਾਨ ਨੇ ਆਪਣੇ ਗੁਰਸਿੱਖ ਨੂੰ ਹਰ ਪੱਖੋਂ ਆਤਮ ਨਿਰਭਰ ਬਣਾਇਆ ਹੈ ਤੇ ਉਹ ਕਿਸੇ ਵੀ ਸਮੇਂ ਆਪਣੀ ਆਤਮਕ ਅਵਸਥਾ ਦੀ ਪੜਚੋਲ, ਗੁਰੂ ਦੀ ਬਾਣੀ ਰਾਹੀਂ ਆਪ ਹੀ ਭਲੀ ਭਾਂਤ ਕਰ ਸਕਦਾ ਹੈ। ਗੁਰੂ ਦੀ ਬਖ਼ਸ਼ਸ਼, ਗੁਰੂ ਵੱਲੋਂ ਦਰਸਾਈ ਅਨਮੋਲਕ ਜੀਵਨ ਜਾਚ ਤੇ ਅਮਲ ਸਦਕਾ ਅਸੀਂ ਆਪਣੀ ਮੁਕਤੀ ਭਾਵ ਨਿਰਲੇਪਤਾ ’ਤੇ ਵੀ ਆਪ ਹੀ ਮੋਹਰ ਲਗਾ ਸਕਦੇ ਹਾਂ; ਜਿਵੇਂ ਕਿ ਗੁਰ ਵਾਕ ਹਨ : ‘‘ਉਸਤਤਿ ਨਿੰਦਿਆ ਨਾਹਿ ਜਿਹਿ; ਕੰਚਨ ਲੋਹ ਸਮਾਨਿ ॥ ਕਹੁ ਨਾਨਕ !  ਸੁਨਿ ਰੇ ਮਨਾ ! ਮੁਕਤਿ ਤਾਹਿ ਤੈ ਜਾਨਿ॥’’ (ਸਲੋਕ ਵਾਰਾਂ ਤੇ ਵਧੀਕ/ਮ : ੯/੧੪੨੭)

(41). ਮੂਰਤੀ/ਤਸਵੀਰ ਪੂਜਾ, ਧੂਪ ਆਦਿ : ਗੁਰ ਸ਼ਬਦ ਨੂੰ ਵਿਚਾਰਨ ਦੀ ਬਜਾਇ ਗੁਰੂ ਸਾਹਿਬਾਨ ਦੀਆਂ ਕਲਪਿਤ ਤਸਵੀਰਾਂ ਅੱਗੇ ਸੀਸ ਨਿਵਾਉਣਾ, ਮੂਰਤੀ ਪੂਜਾ ਦਾ ਹੀ ਇੱਕ ਰੂਪ (ਅੰਗ) ਹੈ, ਜਿਸ ਦਾ ਗੁਰਮਤਿ ’ਚ ਕੋਈ ਸਥਾਨ ਨਹੀਂ ਹੈ। ਗੁਰੂ ਨੂੰ ਅਗਰਬੱਤੀ ਦੀ ਕੋਈ ਲੋੜ ਨਹੀਂ ਹੁੰਦੀ ਕਿਉਂਕਿ ਗੁਰੂ ਤਾਂ ਪਹਿਲਾਂ ਹੀ ਗੁਣਾਂ ਦੀ ਸੁਗੰਧੀ ਨਾਲ਼ ਭਰਪੂਰ ਹੈ। ਹਾਂ, ਗੁਰਬਾਣੀ ’ਚ ‘ਗੁਰ ਮੂਰਤਿ’ ਸ਼ਬਦ ਦੀ ਵਰਤੋਂ ਜ਼ਰੂਰ ਕੀਤੀ ਗਈ ਹੈ; ਹਵਾਲੇ ਵਜੋਂ ਕੁਝ ਗੁਰ ਵਾਕ ਇੰਞ ਹਨ : ‘‘ਜੋ ਚਿਤੁ ਲਾਇ ਪੂਜੇ ਗੁਰ ਮੂਰਤਿ; ਸੋ, ਮਨ ਇਛੇ ਫਲ ਪਾਵੈ ॥ (ਮ : ੪/੩੦੪), ਗੁਰ ਮੂਰਤਿ ਸਿਉ, ਲਾਇ ਧਿਆਨੁ ॥ ਈਹਾ ਊਹਾ, ਪਾਵਹਿ ਮਾਨੁ ॥ (ਗਉੜੀ/ਮ : ੫/੧੯੨), ਗੁਰ ਕੀ ਮੂਰਤਿ, ਮਨ ਮਹਿ ਧਿਆਨੁ ॥ ਗੁਰ ਕੈ ਸਬਦਿ, ਮੰਤ੍ਰੁ ਮਨੁ ਮਾਨ ॥’’ (ਗੌਂਡ/ਮ : ੫/੮੬੪), ਆਦਿ।

ਪਰ ਧਿਆਨ ਰਹੇ ਕਿ ਹਰ ਥਾਂ ‘ਗੁਰ ਮੂਰਤਿ’ ਦਾ ਮਤਲਬ ‘ਗੁਰ ਸ਼ਬਦ’ ਹੀ ਹੈ; ਜਿਵੇਂ ਕਿ ਗੁਰੂ ਜਾਂ ਪ੍ਰਭੂ ਦੇ ਚਰਨ ਸਿਮਰਨ ਤੋਂ ਭਾਵ ਗੁਰੂ ਤੇ ਪ੍ਰਭੂ ਦੀ ਸ਼ਰਨ ’ਚ ਆਉਣਾ ਹੈ। ਪੂਰੇ ਸ਼ਬਦ ਨੂੰ ਪੜ੍ਹਿਆਂ ਇਹ ਨੁਕਤਾ ਸਹਿਜੇ ਹੀ ਪਕੜ ’ਚ ਆ ਜਾਂਦਾ ਹੈ। ਫਿਰ ਵੀ ਸ਼ੱਕ ਦੀ ਕੋਈ ਗੁੰਜਾਇਸ਼ ਨਾ ਰਹੇ, ਇਸ ਲਈ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ’ਚ ਕਈ ਥਾਂਵਾਂ ’ਤੇ ਸਪੱਸ਼ਟ ਕੀਤਾ ਹੈ ਕਿ ਗੁਰੂ ਦਾ ਸ਼ਬਦ ਹੀ, ਗੁਰੂ ਦੀ ਮੂਰਤ ਹੈ : ‘‘ਗੁਰ ਮੂਰਤਿ ਗੁਰ ਸਬਦੁ ਹੈ; ਸਾਧਸੰਗਤਿ (ਨੇ) ਸਮਸਰਿ (ਇੱਕ ਸਮਾਨ) ਪਰਵਾਣਾ (ਮੰਨਿਆ)। ਇਕ ਮਨਿ ਇਕੁ ਅਰਾਧਣਾ; ਦੁਤੀਆ ਨਾਸਤਿ ਭਾਵੈ ਭਾਣਾ। ਗੁਰਮੁਖਿ ਹੋਦੈ ਤਾਣ ਨਿਤਾਣਾ ॥’’ (ਭਾਈ ਗੁਰਦਾਸ ਜੀ/ਵਾਰ ੩੨ ਪਉੜੀ ੨)

ਇੰਞ, ਗੁਰਮਤਿ ਅਨੁਸਾਰ ਗੁਰੂ ਦੇ ਸ਼ਬਦ ਨਾਲ਼ ਸੁਰਤ ਜੋੜਨਾ ਹੀ ਅਸਲੀ ਪੂਜਾ ਹੈ। ਇਸ ਦੇ ਨਾਲ਼ ਹੀ ਘਰ ਅੰਦਰ ਧੂਪ ਆਦਿ ਦੇਣਾ ਵਿਅਰਥ ਹੈ ਕਿਉਂਕਿ ਅਜਿਹੇ ਉੱਦਮ ਪ੍ਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰਦੇ; ਜਿਵੇਂ ਕਿ ਗੁਰ ਵਾਕ ਹਨ :  ‘‘ਧੂਪ ਦੀਪ ਕਰਤੇ; ਹਰਿ ਨਾਮ ਤੁਲਿ ਨ ਲਾਗੇ॥’’ (ਸਾਰੰਗ/ਮ : ੫/੧੨੨੯), ਜੇ ਫਿਰ ਵੀ ਧੂਪ ਦੇਣੀ ਹੀ ਹੈ ਤਾਂ ਆਓ ! ਆਪਣੇ ਹਿਰਦੇ ਰੂਪ ਭਾਂਡੇ ਨੂੰ ਧੂਪ ਦੇਈਏ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਬਚਨ ਕਮਾਏ ਜਾ ਸਕਣ : ‘‘ਭਾਂਡਾ ਧੋਇ, ਬੈਸਿ ਧੂਪੁ ਦੇਵਹੁ; ਤਉ, ਦੂਧੈ ਕਉ ਜਾਵਹੁ॥ ਦੂਧੁ ਕਰਮ, ਫੁਨਿ ਸੁਰਤਿ ਸਮਾਇਣੁ; ਹੋਇ ਨਿਰਾਸ ਜਮਾਵਹੁ॥ ਜਪਹੁ, ਤ ਏਕੋ ਨਾਮਾ॥ ਅਵਰਿ ਨਿਰਾਫਲ ਕਾਮਾ॥’’ (ਸੂਹੀ/ਮ : ੧/੭੨੮)

(42). ਮਾਸ ਖਾਣਾ ਚਾਹੀਦਾ ਹੈ ਜਾਂ ਨਹੀਂ : ਪਾਤਸ਼ਾਹਾਂ ਦੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਖਾਣਾ ਤੇ ਪੀਣਾ ਪਵਿੱਤਰ ਹਨ ਕਿਉਂਕਿ ਦਾਤੇ ਨੇ ਆਪ ਹੀ ਇਕੱਠੇ ਕਰ ਕੇ, ਸਾਨੂੰ ਜੀਵਾਂ ਨੂੰ ਰਿਜ਼ਕ ਵਜੋਂ ਦਿੱਤੇ ਹੁੰਦੇ ਹਨ : ‘‘ਖਾਣਾ ਪੀਣਾ ਪਵਿਤ੍ਰੁ ਹੈ; ਦਿਤੋਨੁ ਰਿਜਕੁ ਸੰਬਾਹਿ॥’’ (ਮ : ੧/੪੭੨) ਸਾਡੇ ਜੀਵਾਂ ਦਾ ਖਾਣਾ, ਪੀਣਾ, ਪਹਿਨਣਾ ਸਭ ਉਸ ਦੀ ਕੁਦਰਤ ਹੈ ਤੇ ‘‘ਜੇਤੇ ਦਾਣੇ ਅੰਨ ਕੇ; ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ॥’’ (ਮ : ੧/੫੭੨) ਅਨੁਸਾਰ ਸਭ ਕੁਝ ਇੱਕ ਇਕਾਈ ਹੈ ਭਾਵ ਜੀਵ ਹੀ ਜੀਵਾਂ ਨੂੰ ਖਾਂਦੇ ਹਨ (ਜੀਆ ਕਾ ਆਹਾਰੁ, ਜੀਅ; ਖਾਣਾ ਏਹੁ ਕਰੇਇ ॥ ਮ : ੨/੯੫੫)

ਅਜਿਹੇ ਵਿੱਚ ਸਾਡਾ ‘ਮਾਸ ਖਾਣਾ ਚਾਹੀਦਾ ਹੈ ਕਿ ਨਹੀਂ !’  ਦੇ ਵਹਿਮ ਭਰਮ ’ਚ ਫਸ ਜਾਣਾ ਬਹੁਤ ਮੰਦਭਾਗਾ ਹੈ ਤੇ ਅਸਲ ’ਚ ਇਸ ਵਿਸ਼ੇ ’ਤੇ ਵਹਿਸ ਕਰਨਾ ਕੇਵਲ ਆਪਣੀ ਮੂਰਖਤਾ ਦਾ ਪ੍ਰਗਟਾਵਾ ਕਰਨਾ ਹੀ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਮਾਸੁ ਮਾਸੁ ਕਰਿ ਮੂਰਖੁ ਝਗੜੇ; ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ? ਕਉਣੁ ਸਾਗੁ ਕਹਾਵੈ ? ਕਿਸੁ ਮਹਿ ਪਾਪ ਸਮਾਣੇ ?॥’’ (ਮ : ੧/੧੨੮੯-੯੦) ਇਹ ਵੀ ਸੱਚ ਹੈ ਕਿ ਮਨੁੱਖ ਹਉਮੈਂ ’ਚ ਹੱਸਦਾ ਤੇ ਰੋਂਦਾ ਹੈ ਤੇ ਅਹੰਕਾਰ ਅਧੀਨ ਹੀ ਕਿਤੇ ਖਾਂਦਾ ਹੈ ਜਾਂ ਫਿਰ ਕਿਸੇ ਪਦਾਰਥ ਦਾ ਤਿਆਗ ਕਰ ਪਾਖੰਡ ਵੀ (ਹਉਂ ’ਚ ਹੀ) ਕਰਦਾ ਹੈ। ਇਸ ਲਈ ਮਾਸ ਨਾ ਖਾਣ ਕਰਕੇ, ਆਪਣੇ ਆਪ ਨੂੰ ਧਰਮੀ ਸਮਝਣ ਵਾਲੇ ਪ੍ਰਾਣੀਆਂ ਨੂੰ ਸਮਝਾਉਣ ਲਈ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ : ‘‘ਪਾਂਡੇ ! ਤੂ ਜਾਣੈ ਹੀ ਨਾਹੀ; ਕਿਥਹੁ ਮਾਸੁ ਉਪੰਨਾ ॥ ਤੋਇਅਹੁ (ਪਾਣੀ ਤੋਂ), ਅੰਨੁ ਕਮਾਦੁ ਕਪਾਹਾਂ; ਤੋਇਅਹੁ, ਤ੍ਰਿਭਵਣੁ ਗੰਨਾ ॥ ਤੋਆ (ਪਾਣੀ) ਆਖੈ, ਹਉ ਬਹੁ ਬਿਧਿ ਹਛਾ; ਤੋਐ ਬਹੁਤੁ ਬਿਕਾਰਾ ॥ ਏਤੇ ਰਸ ਛੋਡਿ (ਕੇ), ਹੋਵੈ ਸੰਨਿਆਸੀ; ਨਾਨਕੁ ਕਹੈ ਵਿਚਾਰਾ॥’’ (ਮ : ੧/੧੨੮੯-੯੦) ਯਕੀਨਨ ! ਤਿਆਗੀ ਬਣਨ ਭਾਵ ਵਿਕਾਰ ਰਹਿਤ ਜੀਵਨ ਬਣਾਉਣ ਲਈ ਪਦਾਰਥ ਤਿਆਗਣ ਦੀ ਬਜਾਇ ਪਦਾਰਥਾਂ ਦਾ ਚਸਕਾ (ਰਸ) ਤਿਆਗਣਾ ਜ਼ਰੂਰੀ ਹੁੰਦਾ ਹੈ। ਜਦ ਮਨੁੱਖ; ਰੱਬ ਨੂੰ ਵਿਸਾਰ ਕੇ ਰਸਾਂ ਦੇ ਭੋਗ ’ਚ ਮਗਨ ਹੋ ਜਾਂਦਾ ਹੈ ਤਾਂ ਉਸ ਦੇ ਸਰੀਰ ’ਚ ਅਨੇਕਾਂ ਰੋਗ ਪੈਦਾ ਹੋਣੇ ਲਾਜ਼ਮੀ ਹਨ; ਜਿਵੇਂ ਕਿ ਗੁਰ ਵਾਕ ਹਨ :  ‘‘ਖਸਮੁ ਵਿਸਾਰਿ, ਕੀਏ ਰਸ ਭੋਗ ॥ ਤਾਂ ਤਨਿ (’ਚ), ਉਠਿ ਖਲੋਏ ਰੋਗ ॥ ਮਨ ਅੰਧੇ ਕਉ, ਮਿਲੈ ਸਜਾਇ ॥ ਵੈਦ ਨ ਭੋਲੇ ! ਦਾਰੂ ਲਾਇ ॥ (ਮਲਾਰ/ਮ : ੧/੧੨੫੬), ਰਸੁ ਸੁਇਨਾ, ਰਸੁ ਰੁਪਾ, ਕਾਮਣਿ; ਰਸੁ ਪਰਮਲ ਕੀ ਵਾਸੁ ॥ ਰਸੁ ਘੋੜੇ, ਰਸੁ ਸੇਜਾ ਮੰਦਰ; ਰਸੁ ਮੀਠਾ, ਰਸੁ ਮਾਸੁ ॥ ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ ? ॥’’ (ਸਿਰੀਰਾਗੁ/ਮ : ੧/੧੫)

ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਮਨ ਦੀ ਮੱਤ ਸਦਕਾ ਅੰਨ੍ਹੇ ਹੋਏ, ਸਮਝ ਤੋਂ ਸੱਖਣੇ ਮਨੁੱਖ ਸਮਝਾਉਣ ਦੇ ਬਾਵਜੂਦ ਵੀ ਅੰਨ੍ਹਿਆਂ ਵਾਲੇ ਕਰਮ ਕਰਦੇ ਹਨ। ਮਾਤਾ ਪਿਤਾ ਦੇ ਸਾਂਝੇ ਮਾਸ ਤੋਂ ਹੀ ਬੱਚੇ ਦਾ ਸਰੀਰ ਪਲ਼ਿਆ ਹੈ ਤਾਂ ਫਿਰ ਵੱਡਾ ਹੋ ਕੇ ਧਰਮ ਹਿਤ ਮਾਸ ਤੋਂ ਪਰਹੇਜ਼ ਕਰਨਾ ਕੇਵਲ ਇੱਕ ਪਖੰਡ ਹੀ ਹੈ : ‘‘ਅੰਧਾ ਸੋਇ, ਜਿ ਅੰਧੁ ਕਮਾਵੈ; ਤਿਸੁ ਰਿਦੈ, ਸਿ ਲੋਚਨ ਨਾਹੀ ॥ ਮਾਤ ਪਿਤਾ ਕੀ ਰਕਤੁ ਨਿਪੰਨੇ; ਮਛੀ ਮਾਸੁ, ਨ ਖਾਂਹੀ ॥’’ (ਮ : ੧/੧੨੮੯-੯੦)

ਮੁੱਕਦੀ ਗੱਲ ਕਿ ਨਾ ਤਾਂ ਗੁਰਮਤਿ ’ਚ ਮਾਸ ਖਾਣ (ਜਾਂ ਪੀਣ ਦੀ ਜਿਵੇਂ ਕਿ ਦੁੱਧ ਜੋ ਕਿ ਇੱਕ ਤਰਲ ਮਾਸ ਹੈ) ਦੀ ਕੋਈ ਮਨਾਹੀ ਹੈ ਤੇ ਨਾ ਹੀ ਮਾਸ ਖਾਣ ਜਾਂ ਨਾ ਖਾਣ ਦਾ ਧਰਮ ਨਾਲ਼ ਕੋਈ ਸੰਬੰਧ ਹੈ। ਖਾਣਾ ਜਾਂ ਨਹੀਂ ਖਾਣਾ ਸਾਡੀ ਆਪਣੀ ਮਰਜ਼ੀ, ਸਰੀਰਕ ਲੋੜ, ਆਦਿ ’ਤੇ ਨਿਰਭਰ ਕਰਦਾ ਹੈ, ਪਰ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਰੱਬ ਦੀ ਯਾਦ ਵਿਸਾਰ ਕੇ, ਜੇ ਮਨੁੱਖ ਮਾਸ ਆਦਿ ਖਾਣ ਪੀਣ ਸਮੇਤ ਕੋਈ ਹੋਰ ਵੀ ਜੋ ਚਸਕਾ ਪਾਲ਼ਦਾ ਹੈ, ਉਹੀ ਚਸਕਾ ਰੋਗ ਬਣ ਕੇ ਸਰੀਰ ਨੂੰ ਗ੍ਰਸ ਲੈਂਦਾ ਹੈ। ਸੋ, ਅਨੇਕਾਂ ਤਰ੍ਹਾਂ ਦੇ ਚਸਕਿਆਂ ’ਚ ਸਰੀਰ ਨੂੰ ਮਗਨ ਕਰਨ ਦੀ ਬਜਾਇ ਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਦੀ ਸਿਫ਼ਤ ਸਾਲਾਹ ਦੇ ਰਸ ਨੂੰ ਅਪਣਾਉਣਾ ਹੀ ਉੱਤਮ ਰਸ ਹੈ : ‘‘ਬਿਨੁ ਨਾਵੈ, ਜਿ ਹੋਰੁ ਖਾਣਾ; ਤਿਤੁ ਰੋਗੁ ਲਗੈ ਤਨਿ ਧਾਇ ॥ ਨਾਨਕ ! ਰਸ ਕਸ ਸਬਦੁ ਸਲਾਹਣਾ; ਆਪੇ ਲਏ ਮਿਲਾਇ ॥’’ (ਮ : ੩/੧੨੫੦)

ਨੋਟ : ਇਸ ਵਿਸ਼ੇ ਤੇ ਮਲਾਰ ਕੀ ਵਾਰ ’ਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਿਆ ‘‘ਪਹਿਲਾਂ ਮਾਸਹੁ ਨਿੰਮਿਆ; ਮਾਸੈ ਅੰਦਰਿ ਵਾਸੁ॥’’ (੧੨੮੯-੯੦) ਸੰਪੂਰਨ ਸ਼ਬਦ ਪੜ੍ਹ ਕੇ ਵਿਚਾਰਨਾ ਇਸ ਵਿਸ਼ੇ ਦੀ ਹੋਰ ਸਪੱਸ਼ਟਤਾ ਲਈ ਲਾਭਕਾਰੀ ਰਹੇਗਾ।

—–ਚਲਦਾ—–

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪਹਿਲਾਂ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਦੂਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਤੀਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪੰਜਵਾਂ)