ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਦੂਜਾ)

0
799

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਦੂਜਾ)

ਗੁਰਪ੍ਰੀਤ ਸਿੰਘ (USA)

(9). ਸੰਗਰਾਂਦ/ਮੱਸਿਆ/ਪੂਰਨਮਾਸ਼ੀ :  ਸਿੱਖ ਸੂਰਜ ਦੀ ਨਹੀਂ ਬਲਕਿ ਇੱਕ ਅਕਾਲ ਪੁਰਖ ਦੀ ਆਰਾਧਨਾ ਕਰਦੇ ਹਨ ਫਿਰ ਸਾਨੂੰ ਕੀ ਲੋੜ ਹੈ ਕਿ ਅਸੀਂ ਆਪਣੇ ਗੁਰੂ ਘਰਾਂ ’ਚ ਸੰਗਰਾਂਦ (ਸੰਕ੍ਰਾਂਤ) ਜਾਂ ਪੂਰਨਮਾਸ਼ੀ ਆਦਿ ਮਨਾਈਏ ? ਪੰਚਮ ਪਿਤਾ ਦੇ ਪਾਵਨ ਬਚਨ ਹਨ :  ‘‘ਪੂਰਨਮਾ, ਪੂਰਨ ਪ੍ਰਭ ਏਕੁ; ਕਰਣ ਕਾਰਣ ਸਮਰਥੁ ॥ ਜੀਅ ਜੰਤ ਦਇਆਲ ਪੁਰਖੁ; ਸਭ ਊਪਰਿ ਜਾ ਕਾ ਹਥੁ ॥’’ (ਗਉੜੀ ਥਿਤੀ/ਮ : ੫/੩੦੦) ਸਿਰਫ਼ ਪ੍ਰਮਾਤਮਾ ਹੀ ਸਾਰੇ ਗੁਣਾਂ ਨਾਲ਼ ਭਰਪੂਰ ਹੈ ਭਾਵ ਕਿ ਪੂਰਨ ਹੈ ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ। ਸਭ ਜੀਵਾਂ ’ਤੇ ਉਸ ਦਇਆਵਾਨ ਪ੍ਰਭੂ ਦਾ ਹੀ ਹੱਥ ਹੈ। ਸੋ, ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ ਕਿ ਸਿੱਖ ਨੂੰ ਕਿਸ ਦੀ ਅਰਾਧਨਾ ਕਰਨੀ ਚਾਹੀਦੀ ਹੈ ! ਮੁੱਕਦੀ ਗੱਲ ਕਿ ਜਿਨ੍ਹਾਂ ਉੱਤੇ ਪ੍ਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ, ਉਨ੍ਹਾਂ ਨੂੰ ਸੰਗਰਾਂਦ ਆਦਿ ਦੀ ਫ਼ਰਜ਼ੀ ਪਵਿੱਤਰਤਾ ਦਾ ਭਰਮ ਨਹੀਂ ਪੈਦਾ ਹੋਣਾ ਚਾਹੀਦਾ ਤੇ ਉਨ੍ਹਾਂ ਵਾਸਤੇ ਸਾਰੇ ਦਿਹਾੜੇ ਹੀ ਸ਼ੁੱਭ ਹਨ; ਜਿਵੇਂ ਕਿ ਗੁਰ ਵਾਕ ਹਨ : ‘‘ਮਾਹ, ਦਿਵਸ , ਮੂਰਤ ਭਲੇ; ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ, ਦਰਸ ਦਾਨੁ; ਕਿਰਪਾ ਕਰਹੁ ਹਰੇ !॥’’ (ਮਾਝ ਬਾਰਹਮਾਹਾ/ਮ : ੫/੧੩੬)

ਇੰਞ ਹੀ ਕੰਜਕਾਂ ਬਿਠਾਉਣਾ, ਨਵਰਾਤੇ (ਨਰਾਤੇ), ਲੋੜ੍ਹੀ ਆਦਿ ਦਾ ਸਿੱਖੀ ਨਾਲ਼ ਦੂਰ ਦਾ ਵੀ ਰਿਸ਼ਤਾ ਨਹੀਂ ਹੈ। ਗੁਰੂ ਜੀ ਦਾ ਉਪਦੇਸ਼ ਹੈ ਕਿ ‘ਸੁਖੀ ਜੀਵਨ ਵਾਲੇ ਸਿਰਫ਼ ਉਹੀ ਹਨ, ਜਿਹੜੇ ਇੱਕ ਪ੍ਰਮਾਤਮਾ ਦੀ ਉਸਤਤ ਕਰਦੇ ਹਨ। ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ’ਚ ਪਿਆਰ ਪਾਉਣਾ ਜਾਂ ਆਸਥਾ ਰੱਖਣ ਨਾਲ਼ ਭਾਵ ਦੁਬਿਧਾ ’ਚ ਪੈਣ ਕਾਰਨ; ਕੀਮਤੀ ਜੀਵਨ ਬਰਬਾਦ ਹੋ ਜਾਂਦੇ ਹਨ : ‘‘ਦੂਜੈ ਭਾਇ, ਬਹੁਤੁ ਘਰ ਗਾਲੇ ॥ ਰਾਮ ਭਗਤ ਹੈ, ਸਦਾ ਸੁਖਾਲੇ ॥’’ (ਮ : ੫/੧੧੬੦)

(10). ਸੰਪਰਦਾਵਾਂ/ਧੜੇਬੰਦੀ : ਮਨੁੱਖ ਸੰਸਾਰ ’ਚ ਮਾਇਆ ਅਤੇ ਆਪਣੀ ਗ਼ਰਜ਼ ਖ਼ਾਤਰ ਅਨੇਕਾਂ ਸਾਥ ਗੰਢਦਾ ਹੈ; ਜਿਵੇਂ ਕਿ ਗੁਰ ਵਾਕ ਹਨ :  ‘‘ਕਿਸ ਹੀ ਧੜਾ ਕੀਆ; ਮਿਤ੍ਰ ਸੁਤ ਨਾਲਿ ਭਾਈ ॥ ਕਿਸ ਹੀ ਧੜਾ ਕੀਆ, ਕੁੜਮ ਸਕੇ ਨਾਲਿ ਜਵਾਈ ॥ ਕਿਸ ਹੀ ਧੜਾ ਕੀਆ, ਸਿਕਦਾਰ ਚਉਧਰੀ ਨਾਲਿ; ਆਪਣੈ ਸੁਆਈ ॥’’ (ਆਸਾ/ਮ : ੪/੩੬੬) ਇੱਥੋ ਤੱਕ ਕਿ ਤਵਾਰੀਖ ’ਚ ਆਪਣਾ ਥਾਂ ਬਣਾਉਣ ਲਈ ਗੁਰਮਤਿ ਵਿਰੋਧੀ ਸੰਪਰਦਾਵਾਂ/ਜਥੇਬੰਦੀਆਂ ਨਾਲ਼ ਵੀ ਗੰਢ ਤੁੱਪ ਕਰ ਲਈ ਜਾਂਦੀ ਹੈ। ਸੰਪਰਦਾਈ ਜਾਂ ਡੇਰੇਦਾਰ ਸਿੱਖ ਭਾਵ ਕਿ ਧੜੇ ਬਣਾਉਣ ਵਾਲੇ ਮੂਰਖ ਲੋਕ ਮਾਇਆ ਦੀ ਖ਼ਾਤਰ ਹੀ ਆਪਸ ’ਚ ਲੜਦੇ ਰਹਿੰਦੇ ਹਨ। ਅਨੇਕਾਂ ਧੜਿਆਂ ’ਚ ਵੰਡ ਹੋ ਕੇ ਆਪਣੀ ਸ਼ਕਤੀ ਨੂੰ ਖੇਰੂੰ-ਖੇਰੂੰ ਕਰਨ ਦੀ ਬਜਾਇ ਸਾਨੂੰ ਚਾਹੀਦਾ ਹੈ ਕਿ ਕੇਵਲ ‘ਸਬਦੁ ਗੁਰੂ’ ਨਾਲ਼ ਜੁੜ ਕੇ, ਇੱਕ ਅਕਾਲ ਪੁਰਖ ਦੀ ਅਰਾਧਨਾ ਕਰੀਏ। ਗੁਰੂ ਜੀ ਵੀ ਸਿੱਖ ਨੂੰ ਇਹੀ ਉਪਦੇਸ਼ ਦੇ ਰਹੇ ਹਨ : ‘‘ਹਮ ਹਰਿ ਸਿਉ ਧੜਾ ਕੀਆ; ਮੇਰੀ ਹਰਿ ਟੇਕ ॥ ਮੈ ਹਰਿ ਬਿਨੁ, ਪਖੁ ਧੜਾ ਅਵਰੁ ਨ ਕੋਈ; ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥’’ (ਆਸਾ/ਮ : ੪/੩੬੬)

(11). ਸਵਰਗ ਨਰਕ :  ਗੁਰਮਤਿ ਕਿਸੇ ਕਾਲਪਨਿਕ ਸਵਰਗ ਜਾਂ ਨਰਕ ਦੀ ਵਕਾਲਤ ਕਰਨ ਦੀ ਬਜਾਇ ਇਸ ਨੂੰ ਮੁੱਢੋਂ ਹੀ ਰੱਦ ਕਰਦੀ ਹੈ : ‘‘ਕਵਨੁ ਨਰਕੁ ? ਕਿਆ ਸੁਰਗੁ ਬਿਚਾਰਾ ? ਸੰਤਨ ਦੋਊ ਰਾਦੇ ॥ ਹਮ ਕਾਹੂ ਕੀ ਕਾਣਿ ਨ ਕਢਤੇ; ਅਪਨੇ ਗੁਰ ਪਰਸਾਦੇ ॥’’ (ਭਗਤ ਕਬੀਰ ਜੀ/੯੬੯) ਗੁਰਮਤਿ ਦਾ ਸਵਰਗ ਕਿਸੇ ਸੱਤਵੇਂ ਅਸਮਾਨ ’ਤੇ ਸਥਿਤ ਨਹੀਂ ਹੈ ਬਲਕਿ ਮਨੁੱਖ ਦੁਆਰਾ ਪ੍ਰਚਲਿਤ ਸਵਰਗ/ਨਰਕ ਦੇ ਖ਼ਿਆਲ ਨੂੰ ਵਰਤਦਿਆਂ ਦੁੱਖ ਦੀ ਤੁਲਨਾ ਨਰਕ ਨਾਲ਼ ਅਤੇ ਸੁੱਖ ਦੀ ਸਵਰਗ ਨਾਲ਼ ਕੀਤੀ ਗਈ ਹੈ। ਧਿਆਨ ਰਹੇ ਕਿ ਇੱਥੇ ਕਿਸੇ ਸਰੀਰਕ ਦੁੱਖ ਜਾਂ ਸੰਸਾਰੀ ਸੁੱਖ ਦੀ ਗੱਲ ਨਹੀਂ ਹੋ ਰਹੀ ਬਲਕਿ ਪ੍ਰਭੂ ਦੀ ਯਾਦ ਤੋਂ ਬਿਨਾਂ ਜਨਮ ਮਰਨ ਦੇ ਗੇੜ ਭਾਵ ਗਰਭ ਜੂਨ ’ਚ ਪੈਣਾ ਨਰਕ ਹੈ ਤੇ ਰੱਬ ਦੀ ਯਾਦ ਨੂੰ ਹਿਰਦੇ ’ਚ ਸਾਂਭ ਕੇ ਰੱਖਣਾ ਹੀ ਸਦੀਵੀ ਖ਼ੁਸ਼ੀ ਭਾਵ ਸਵਰਗ ਨਿਆਈਂ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਬਿਨੁ ਸਿਮਰਨ, ਆਵਹਿ ਫੁਨਿ ਜਾਵਹਿ; ਗ੍ਰਭ ਜੋਨੀ ਨਰਕ ਮਝਾਰਾ ਹੇ ॥’’ (ਮਾਰੂ ਸੋਲਹੇ/ਮ : ੧/੧੦੩੧)

ਵੈਸੇ ਵੀ ਗੁਰ ਉਪਦੇਸ਼ ਹੈ ਕਿ ਸਾਰੀ ਹੀ ਸ੍ਰਿਸ਼ਟੀ ਮਾਇਆ ਦੇ ਮੋਹ ’ਚ ਫਸੀ ਹੋਈ ਹੈ। ਜਿੰਦ ਨੂੰ ਮਾਇਆ ਦੇ ਪ੍ਰਭਾਵ ਤੋਂ ਬਚਾਉਣ ਵਾਲਾ ਸਿਰਫ਼ ਪ੍ਰਮਾਤਮਾ ਦਾ ਨਾਮ ਹੀ ਹੈ : ‘‘ਸੁਰਗ, ਮਿਰਤ, ਪਇਆਲ, ਭੂ ਮੰਡਲ, ਸਗਲ ਬਿਆਪੇ ਮਾਇ ॥ ਜੀਅ ਉਧਾਰਨ, ਸਭ ਕੁਲ ਤਾਰਨ; ਹਰਿ ਹਰਿ ਨਾਮੁ ਧਿਆਇ ॥’’ (ਧਨਾਸਰੀ/ਮ : ੫/੬੭੬)

ਇਸੇ ਲਈ ਭਗਤ ਕਬੀਰ ਜੀ ਸਵਰਗ/ਨਰਕ ਦੇ ਸੰਕਲਪ ਨੂੰ ਰੱਦ ਕਰਦਿਆਂ ਨਸੀਹਤ ਕਰਦੇ ਹਨ ਕਿ ਗੁਰਸਿੱਖ ਨੂੰ ਮਰਨ ਪਿੱਛੋਂ, ਨਾ ਤਾਂ ਕਿਸੇ ਨਰਕ ਦਾ ਡਰ ਹੋਣਾ ਚਾਹੀਦਾ ਹੈ ਤੇ ਨਾ ਹੀ ਇਹ ਤਾਂਘ ਰੱਖਣੀ ਚਾਹੀਦੀ ਹੈ ਕਿ ਮੈਨੂੰ ਕਿਸੇ ਸਵਰਗ ’ਚ ਵਸੇਬਾ ਮਿਲੇ : ‘‘ਸੁਰਗ ਬਾਸੁ ਨ ਬਾਛੀਐ; ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ; ਮਨਹਿ ਨ ਕੀਜੈ ਆਸ ॥’’ (ਗਉੜੀ ਪੂਰਬੀ/ਭਗਤ ਕਬੀਰ/੩੩੭)

(12). ਸੁੱਚ ਸੰਜਮ : ਸਿੱਖ ਧਰਮ ’ਚ ਅੱਜ ਅਖੌਤੀ ਸੁੱਚ (ਸ਼ੁੱਧਤਾ, ਪਵਿੱਤਰਤਾ) ਨੂੰ ਕਾਫ਼ੀ ਹਵਾ ਮਿਲ ਰਹੀ ਹੈ, ਜਿਸ ਦਾ ਮੁੱਖ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਟੁੱਟੇ ਹੋਏ ਸੰਪਰਦਾਈ ਸੱਜਣਾਂ (ਨਾਨਕਸਰੀਏ, ਨਾਮਧਾਰੀਏ ਆਦਿ) ਵੱਲੋਂ ਦੁਰਮਤ ਦਾ ਪ੍ਰਚਾਰ ਕਰਨਾ ਹੈ। ਕਿਧਰੇ ਅਤਿ ਸੁੱਚਮ ਨਾਲ਼ ਸੁਖਮਨੀ, ਸੰਪਟ ਜਾਂ ਅਖੰਡ ਪਾਠ ਆਦਿ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਤੇ ਕੋਈ ਅੱਗ ਦੁਆਲੇ ਹਵਨ ਕਰ ਕੇ ਹੀ ਆਤਮਾ ਨੂੰ ਸ਼ੁੱਧ ਕਰੀ ਜਾ ਰਿਹਾ ਹੈ ਜਦੋਂ ਕਿ ਗੁਰੂ ਸਾਹਿਬ ਜੀ ਦੇ ਸਰੀਰਕ ਪਵਿੱਤਰਤਾ ਆਦਿ ਬਾਰੇ ਇਹ ਫ਼ੁਰਮਾਨ ਹਨ : ‘‘ਜਾਪ, ਤਾਪ, ਨੇਮ, ਸੁਚਿ, ਸੰਜਮ; ਨਾਹੀ, ਇਨ ਬਿਧੇ ਛੁਟਕਾਰ ॥ (ਕਾਨੜਾ/ਮ : ੫/੧੩੦੧), ਵਰਤ, ਨੇਮੁ, ਸੁਚ, ਸੰਜਮੁ, ਪੂਜਾ; ਪਾਖੰਡਿ, ਭਰਮੁ ਨ ਜਾਇ ॥ ਅੰਤਰਹੁ ਕੁਸੁਧੁ, ਮਾਇਆ ਮੋਹਿ ਬੇਧੇ; ਜਿਉ ਹਸਤੀ ਛਾਰੁ ਉਡਾਏ ॥’’ (ਸਲੋਕ ਵਾਰਾਂ ਤੇ ਵਧੀਕ/ਮ : ੪/੧੪੨੩) ਸੰਖੇਪ ’ਚ ਭਾਵ ਹੈ ਕਿ ਸੁੱਚ ਸੰਜਮ ਆਦਿ ਕੇਵਲ ਪਾਖੰਡ ਹੀ ਹਨ ਤੇ ਅਜਿਹੇ ਵਿਖਾਵਿਆਂ ਨਾਲ਼ ਮਨ ਦੀ ਭਟਕਣਾ ਦੂਰ ਨਹੀਂ ਹੋ ਸਕਦੀ।  ਮਨੁੱਖ ਨੂੰ ਅਜਿਹੀ ਦੁਬਿਧਾ ’ਚੋਂ ਕੱਢਣ ਲਈ ਗੁਰੂ ਜੀ ਹੇਠਲੇ ਕੁਝ ਹੋਰ ਵਾਕਾਂ ਰਾਹੀਂ ਸੱਚੀ ਜੀਵਨ ਜਾਚ ਦਰਸਾਉਂਦੇ ਹਨ : ‘‘ਹੁਕਮੁ ਵਰਤੁ, ਨੇਮੁ, ਸੁਚ, ਸੰਜਮੁ; ਮਨ ਚਿੰਦਿਆ ਫਲੁ ਪਾਏ ॥ ਸਦਾ ਸੁਹਾਗਣਿ, ਜਿ ਹੁਕਮੈ ਬੁਝੈ; ਸਤਿਗੁਰੁ ਸੇਵੈ, ਲਿਵ ਲਾਏ ॥ (ਸਲੋਕ ਵਾਰਾਂ ਤੇ ਵਧੀਕ/ਮ : ੪/੧੪੨੩), ਸਗਲੇ ਕਰਮ ਧਰਮ ਸੁਚਿ ਸੰਜਮ; ਜਪ ਤਪ ਤੀਰਥ, ਸਬਦਿ ਵਸੇ ॥ ਨਾਨਕ !  ਸਤਿਗੁਰ ਮਿਲੈ ਮਿਲਾਇਆ; ਦੂਖ ਪਰਾਛਤ ਕਾਲ ਨਸੇ ॥’’ (ਪ੍ਰਭਾਤੀ/ਮ : ੧/੧੩੩੨)

ਗੁਰੂ ਦੇ ਸਨਮੁਖ ਰਹਿਣ ਵਾਲੇ ਲਈ ਰੱਬ ਦਾ ਹੁਕਮ ਮੰਨਣਾ ਹੀ ਸਭ ਕੁਝ ਹੈ। ਇਹ ਬਾਹਰਲੀ ਸੁੱਚ, ਜਪ ਤਪ ਆਦਿ ਸਾਰੇ ਹੀ ਗੁਰੂ ਦੇ ਸ਼ਬਦ ’ਚ ਵਸਦੇ ਹਨ। ਅਸਲ ਭਾਵ ਹੈ ਕਿ ਰੱਬ ਦੇ ਗੁਣ ਗਾਉਣ ਵਾਲੇ ਨੂੰ ਇਨ੍ਹਾਂ ਕਰਮਾਂ ਧਰਮਾਂ ਦੀ ਲੋੜ ਹੀ ਨਹੀਂ ਪੈਂਦੀ, ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਇਸ ਲਈ ਸਾਨੂੰ ਸਤਿਗੁਰੂ ਜੀ ਦੇ ਇਹ ਬਚਨ ਹਿਰਦੇ ’ਚ ਵਸਾ ਲੈਣੇ ਚਾਹੀਦੇ ਹਨ : ‘‘ਸੂਚੇ ਏਹਿ ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ! ਜਿਨ ਮਨਿ ਵਸਿਆ ਸੋਇ॥’’ (ਆਸਾ ਕੀ ਵਾਰ/ਮ : ੧/੪੭੨)

(13). ਸੂਤਕ ਪਾਤਕ : ਸੂਤਕ ਦਾ ਅਰਥ ਹੈ ‘ਅਪਵਿੱਤਰਤਾ’ ਭਾਵ ਕਿ ਸੂਤ (ਪ੍ਰਸੂਤ) ਸਮੇਂ ਦੀ ਅਸ਼ੁੱਧੀ, ਪਰ ਸੂਤਕ ਦੇ ਵਹਿਮ ਭਰਮ ਨੂੰ ਗੁਰਮਤਿ ਮੁੱਢੋਂ ਹੀ ਰੱਦ ਕਰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ’ਚ ਇਸ ਵਿਸ਼ੇ ਨੂੰ ਬੜੇ ਵਿਸਥਾਰ ਨਾਲ਼ ਛੋਹ ਕੇ ਫ਼ੁਰਮਾਇਆ : ‘‘ਸਭੋ ਸੂਤਕੁ ਭਰਮੁ ਹੈ; ਦੂਜੈ ਲਗੈ ਜਾਇ ॥ ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ॥’’ (ਮ : ੧/੪੭੨) ਪਰ ਗੁਰੂ ਜੀ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਕਿ ਪਾਂਡਿਆਂ ਵੱਲੋਂ ਪਾਇਆ ਸੂਤਕ ਪਾਤਕ ਦਾ ਭਰਮ (ਡਰ) ਬਹੁਤਾਤ ਲੋਕਾਂ ਦੇ ਕਮਜ਼ੋਰ ਮਨਾਂ ’ਚ ਬੜਾ ਡੂੰਘਾ ਉਤਰ ਚੁੱਕਾ ਹੈ, ਇਸ ਲਈ ਗੁਰੂ ਜੀ ਨੇ ਸਮਝਾਇਆ ਕਿ ਆਤਮਕ ਗਿਆਨ ਭਾਵ ਕਿ ਰੱਬ ਦੇ ਨਾਮ ਦੀ ਸੋਝੀ ਨਾਲ਼ ਹੀ ਸੂਤਕ ਭਰਮ ਨੂੰ ਮਨ ਤੋਂ ਉਤਾਰਿਆ ਜਾ ਸਕਦਾ ਹੈ : ‘‘ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ॥ ਸੂਤਕੁ ਕਿਉ ਕਰਿ ਰਖੀਐ ? ਸੂਤਕੁ ਪਵੈ ਰਸੋਇ॥ ਨਾਨਕ !  ਸੂਤਕੁ ਏਵ ਨ ਉਤਰੈ; ਗਿਆਨੁ ਉਤਾਰੇ ਧੋਇ॥’’ (ਆਸਾ ਕੀ ਵਾਰ/ਮ : ੧/੪੭੨) ਭਗਤ ਕਬੀਰ ਜੀ ਵੀ ਪੰਡੀਏ (ਪੰਡਿਤ) ਨੂੰ ਮੁਖ਼ਾਤਬ ਹੁੰਦਿਆਂ (ਆਮ ਮਨੁੱਖ ਨੂੰ) ਸੂਤਕ ਬਾਰੇ ਗੁਰਮਤਿ ਸਮਝਾਉਂਦੇ ਹਨ ਕਿ ਜੇ ਜੀਵਾਂ ਦੇ ਜੰਮਣ ਮਰਨ ਨਾਲ਼ ਘਰ ਭਿੱਟੇ ਜਾਣ ਤਾਂ ਸੰਸਾਰ ’ਚ ਕੋਈ ਵੀ ਥਾਂ ਸੁੱਚੀ ਨਹੀਂ ਰਹਿ ਸਕਦੀ ਕਿਉਂਕਿ ਜਨਮ ਮਰਨ ਦਾ ਦਸਤੂਰ ਤਾਂ ਸਾਰੇ ਜਗਤ ’ਚ ਹੀ ਲਗਾਤਾਰ ਜਾਰੀ ਹੈ। ਜਿਹੜੇ ਰੱਬ ਦੇ ਪਿਆਰੇ, ਇਸ ਰੱਬੀ ਨਿਯਮ ਨੂੰ ਸਮਝ ਕੇ ਆਪਣੇ ਹਿਰਦੇ ’ਚ ਸਿਰਜਣਹਾਰ ਨੂੰ ਸਿਮਰਦੇ ਹਨ; ਉਨ੍ਹਾਂ ਨੂੰ ਸੂਤਕ ਦੀ ਅਖੌਤੀ ਭਿੱਟ ਨਹੀਂ ਲੱਗ ਸਕਦੀ : ‘‘ਜਲਿ ਹੈ ਸੂਤਕੁ, ਥਲਿ ਹੈ ਸੂਤਕੁ; ਸੂਤਕ ਓਪਤਿ ਹੋਈ ॥ ਜਨਮੇ ਸੂਤਕੁ, ਮੂਏ ਫੁਨਿ ਸੂਤਕੁ; ਸੂਤਕ ਪਰਜ ਬਿਗੋਈ ॥… ਨੈਨਹੁ ਸੂਤਕੁ, ਬੈਨਹੁ ਸੂਤਕੁ; ਸੂਤਕੁ ਸ੍ਰਵਨੀ ਹੋਈ ॥ ਊਠਤ ਬੈਠਤ ਸੂਤਕੁ ਲਾਗੈ; ਸੂਤਕੁ ਪਰੈ ਰਸੋਈ॥ ਫਾਸਨ ਕੀ ਬਿਧਿ, ਸਭੁ ਕੋਊ ਜਾਨੈ; ਛੂਟਨ ਕੀ ਇਕੁ ਕੋਈ॥ ਕਹਿ ਕਬੀਰ, ਰਾਮੁ ਰਿਦੈ ਬਿਚਾਰੈ; ਸੂਤਕੁ ਤਿਨੈ ਨ ਹੋਈ ॥’’ (ਗਉੜੀ/ਭਗਤ ਕਬੀਰ ਜੀ/੩੩੧)

(14). ਹਉਮੈ (ਅਹੰਕਾਰ) : ਆਸਾ ਕੀ ਵਾਰ ’ਚ ਗੁਰੂ ਸਾਹਿਬਾਨ ਨੇ ਹਉਮੈ ਸੰਬੰਧੀ ਕਮਾਲ ਦਾ ਵੇਰਵਾ ਦਿੱਤਾ ਹੈ ਕਿ ਮਨੁੱਖ ਕਿਵੇਂ (ਰੱਬ ਨਾਲ਼ੋਂ ਵਿਛੋੜੇ ਨੂੰ) ਆਪਣੀ ਵੱਖਰੀ ਹਸਤੀ ਮੰਨ ਕੇ, ਹਉਮੈਂ (ਮੈ-ਮੇਰੀ ਦੇ ਅਹਿਸਾਸ) ਅਧੀਨ ਇਸ ਸੰਸਾਰ ’ਚ ਆਉਂਦਾ ਹੈ ਤੇ ਇਸੇ ਵੱਖਰੀ ਹੋਂਦ ਦੇ ਭਰਮ ’ਚ ਹੀ, ਅਨੇਕਾਂ ਮੰਦੇ ਚੰਗੇ ਕੰਮ ਕਰ ਕੇ ਇਸ ਜਗ ਤੋਂ ਤੁਰ ਜਾਂਦਾ ਹੈ : ‘‘ਹਉ ਵਿਚਿ ਆਇਆ, ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ, ਹਉ ਵਿਚਿ ਮੁਆ ॥ ਹਉ ਵਿਚਿ ਦਿਤਾ, ਹਉ ਵਿਚਿ ਲਇਆ ॥ ਹਉ ਵਿਚਿ ਖਟਿਆ, ਹਉ ਵਿਚਿ ਗਇਆ ॥ ਹਉ ਵਿਚਿ; ਸਚਿਆਰੁ, ਕੂੜਿਆਰੁ ॥ ਹਉ ਵਿਚਿ, ਪਾਪ ਪੁੰਨ ਵੀਚਾਰੁ ॥’’ (ਮ : ੧/੪੬੬) ਹਉਮੈਂ ਦੀ ਇਹੀ ਖ਼ਸਲਤ (ਸੁਭਾਅ) ਹੈ ਤੇ ਇਸ ਵੱਖਰੀ ਹੋਂਦ ਦੇ ਫੰਧੇ (ਬੰਧਨ) ਕਾਰਨ ਹੀ ਜੀਵ ਮੁੜ-ਮੁੜ ਕੇ ਜੂਨਾਂ ’ਚ ਪੈਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਹਉਮੈ ਏਹਾ ਜਾਤਿ ਹੈ; ਹਉਮੈ ਕਰਮ ਕਮਾਹਿ॥ ਹਉਮੈ ਏਈ ਬੰਧਨਾ; ਫਿਰਿ ਫਿਰਿ ਜੋਨੀ ਪਾਹਿ ॥’’ (ਮ : ੨/੪੬੬) ਅਗਲੀ ਹੀ ਪੰਕਤੀ ’ਚ ਪ੍ਰਸ਼ਨ ਕਰਦੇ ਹਨ ਕਿ ਤਾਂ ਫਿਰ ਹੰਕਾਰ (ਗ਼ਰੂਰ) ਭਾਵ ਕਿ ਮੈਂ-ਮੇਰਾ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਜੁਗਤੀ (ਤਰੀਕੇ) ਨਾਲ਼ ਇਹ ਦੂਰ ਹੋ ਸਕਦਾ ਹੈ ? (ਹਉਮੈ ਕਿਥਹੁ ਊਪਜੈ ? ਕਿਤੁ ਸੰਜਮਿ ਇਹ ਜਾਇ  ?॥) ਇਸ ਦੇ ਉੱਤਰ ਦੀ ਦਾਤ ਬਖ਼ਸ਼ਦੇ ਹੋਏੇ ਗੁਰੂ ਸਾਹਿਬ ਜੀ ਫ਼ੁਰਮਾਉਂਦੇ ਹਨ : ‘‘ਹਉਮੈ ਏਹੋ ਹੁਕਮੁ ਹੈ; ਪਇਐ ਕਿਰਤਿ ਫਿਰਾਹਿ ॥ ਹਉਮੈ ਦੀਰਘ ਰੋਗੁ ਹੈ; ਦਾਰੂ ਭੀ, ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ; ਤਾ ਗੁਰ ਕਾ ਸਬਦੁ ਕਮਾਹਿ ॥ ਨਾਨਕੁ ਕਹੈ, ਸੁਣਹੁ ਜਨਹੁ ! ਇਤੁ ਸੰਜਮਿ ਦੁਖ ਜਾਹਿ ॥’’ (ਮ : ੨/੪੬੬) ਯਕੀਨਨ ! ਹਉਮੈ ਇੱਕ ਡਾਢਾ ਪੁਰਾਣਾ ਰੋਗ ਹੈ, ਜਿਸ ਵਿੱਚ ਮਨੁੱਖ ਨੂੰ ਦਹਿਲ (ਡਰ) ਵਿਆਪਦਾ ਹੈ। ਮਨ ਅੰਦਰ ਅਸ਼ਾਂਤੀ ਬਣੀ ਰਹਿੰਦੀ ਹੈ ਤੇ ਸਾਰਾ ਜੀਵਨ ਘਬਰਾਹਟ ’ਚ ਹੀ ਗੁਜ਼ਰਦਾ ਹੈ। (ਕਰੈ ਗੁਮਾਨੁ, ਚੁਭਹਿ ਤਿਸੁ ਸੂਲਾ; ਕੋ ਕਾਢਨ ਕਉ ਨਾਹੀ ॥ ਅਜੈ ਸੁ ਚੋਭ ਕਉ ਬਿਲਲ ਬਿਲਾਤੇ; ਨਰਕੇ ਘੋਰ ਪਚਾਹੀ॥ ਰਾਮਕਲੀ/ਭਗਤ ਕਬੀਰ ਜੀ/੯੬੯) ਪਰ ਇਹ ਰੋਗ ਲਾਇਲਾਜ ਵੀ ਨਹੀਂ ਹੈ; ਜਿਨ੍ਹਾਂ ਦੇ ਹਿਰਦੇ ’ਚ ਰੱਬੀ ਬਖ਼ਸ਼ਸ਼ ਸਦਕਾ ਸਤਿਗੁਰੂ ਦੇ ਸ਼ਬਦ ਦੀ ਕਮਾਈ ਦਾ ਲੇਖ ਲਿਖਿਆ ਹੁੰਦਾ ਹੈ, ਉਹ ਸਤਿਗੁਰੂ ਦੀ ਮਿਹਰ ਨਾਲ਼ ਹਉਮੈ ਦੇ ਰੋਗ ਤੋਂ ਬਚ ਜਾਂਦੇ ਹਨ; ਜਿਵੇਂ ਕਿ ਗੁਰ ਵਾਕ ਹਨ : ‘‘ਹੰਉਮੈ ਅੰਦਰਿ ਖੜਕੁ ਹੈ; ਖੜਕੇ ਖੜਕਿ ਵਿਹਾਇ ॥ ਹੰਉਮੈ ਵਡਾ ਰੋਗੁ ਹੈ; ਮਰਿ ਜੰਮੈ ਆਵੈ ਜਾਇ ॥ ਜਿਨ ਕਉ ਪੂਰਬਿ ਲਿਖਿਆ; ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥ ਨਾਨਕ ! ਗੁਰ ਪਰਸਾਦੀ ਉਬਰੇ; ਹਉਮੈ ਸਬਦਿ ਜਲਾਇ॥’’ (ਮ : ੩/੫੯੨)

ਇਸ ਸੰਸਾਰ ’ਚ ਜਿਹੜੀਆਂ ਚੀਜ਼ਾਂ ਕਾਰਨ ਅਸੀਂ ਹੰਕਾਰੀ ਬਿਰਤੀ ਪਾਲ਼ਦੇ ਹਾਂ, ਉਨ੍ਹਾਂ ’ਚ ਮੁੱਖ ਤੌਰ ਤੇ ਪਰਵਾਰ, ਜਵਾਨੀ (ਸੁੰਦਰਤਾ), ਧਨ, ਘਰ, ਦੇਹੀ ਅਤੇ ਅਕਲ ਜਾਂ ਗੁਣ ਸ਼ਾਮਲ ਹੁੰਦੇ ਹਨ, ਪਰ ਗੁਰਮਤਿ ਇਨ੍ਹਾਂ ਸਭ ਤੋਂ ਹੀ ਭਰਮ ਦਾ ਪਰਦਾ ਚੁੱਕਦੀ ਹੋਈ ਸਾਨੂੰ ਨਿਮਾਣੇ ਹੋਣ ਦਾ ਉਪਦੇਸ਼ ਕਰਦੀ ਹੈ। ਆਓ ! ਕੁਝ ਗੁਰ ਵਾਕਾਂ ’ਤੇ ਗ਼ੌਰ ਕਰੀਏ ਤਾਂ ਕਿ ਅਸੀਂ ਨਿਮਾਣੇ ਹੋਣ ਦੀ ਜਾਚ ਸਿੱਖ ਸਕੀਏ : ‘‘ਮਨੁ ਰਤਾ ਕੁਟੰਬ ਸਿਉ; ਨਿਤ ਗਰਬਿ ਫਿਰਾਮੀ॥ ਫਿਰਹਿ ਗੁਮਾਨੀ ਜਗ ਮਹਿ; ਕਿਆ ਗਰਬਹਿ ਦਾਮੀ ?॥ ਚਲਦਿਆ ਨਾਲਿ ਨ ਚਲਈ; ਖਿਨ ਜਾਇ ਬਿਲਾਮੀ ॥ (ਮ : ੫/੧੦੯੯), ਲਾਲਚ ਲਾਗੇ, ਜਨਮੁ ਗਵਾਇਆ; ਮਾਇਆ ਭਰਮ ਭੁਲਾਹਿਗਾ ॥ ਧਨ ਜੋਬਨ ਕਾ ਗਰਬੁ ਨ ਕੀਜੈ; ਕਾਗਦ ਜਿਉ ਗਲਿ ਜਾਹਿਗਾ ॥ (ਮਾਰੂ/ਭਗਤ ਕਬੀਰ ਜੀ/੧੧੦੬), ਕਬੀਰ ! ਗਰਬੁ ਨ ਕੀਜੀਐ; ਊਚਾ ਦੇਖਿ ਅਵਾਸੁ॥ ਆਜੁ ਕਾਲਿ੍ ਭੁਇ ਲੇਟਣਾ; ਊਪਰਿ ਜਾਮੈ ਘਾਸੁ ॥ (ਸਲੋਕ ਕਬੀਰ ਜੀ/੧੩੬੬), ਗਰਬੁ ਕਰਤੁ ਹੈ ਦੇਹ ਕੋ; ਬਿਨਸੈ ਛਿਨ ਮੈ, ਮੀਤ ! ॥ ਜਿਹਿ ਪ੍ਰਾਨੀ, ਹਰਿ ਜਸੁ ਕਹਿਓ; ਨਾਨਕ ! ਤਿਹਿ ਜਗੁ ਜੀਤਿ ॥ (ਸਲੋਕ/ਮ : ੯/੧੪੨੮), ਮਨ ! ਤੂੰ ਮਤ ਮਾਣੁ ਕਰਹਿ, ਜਿ ਹਉ ਕਿਛੁ ਜਾਣਦਾ; ਗੁਰਮੁਖਿ ਨਿਮਾਣਾ ਹੋਹੁ॥ ਅੰਤਰਿ ਅਗਿਆਨੁ ਹਉ ਬੁਧਿ ਹੈ; ਸਚਿ ਸਬਦਿ ਮਲੁ ਖੋਹੁ ॥’’ (ਆਸਾ/ਮ : ੩/੪੪੧)

ਇੰਞ ਸਾਰਾ ਜਗਤ ਹੀ ਕਿਸੇ ਨਾ ਕਿਸੇ ਅਹੰਕਾਰ ਵਿੱਚ ਸੜ ਰਿਹਾ ਹੈ ਭਾਵੇਂ ਕਿ ਸਾਰੇ ਗੁਣ ਹੀ ਰੱਬ ਦੀ ਬਖ਼ਸ਼ੀ ਦਾਤ ਹੁੰਦੇ ਹਨ (ਇਹੁ ਤਨੁ ਮਨੁ ਤੇਰਾ; ਸਭਿ ਗੁਣ ਤੇਰੇ॥ ਤੁਖਾਰੀ/ਮ : ੫/੧੧੧੭), ਪਰ ਕਈ ਮਨੁੱਖ ਕੋਈ ਗੁਣ ਨਾ ਹੋਣ ਦੇ ਬਾਵਜੂਦ ਵੀ ਹੰਕਾਰ ਕਰਦੇ ਹਨ; ਗੁਰੂ ਜੀ ਅਨੁਸਾਰ ਅਜਿਹੇ ਮਨੁੱਖ ਅਸਲ ’ਚ ਨਿਰੇ ਖੋਤੇ ਹੀ ਹਨ : ‘‘ਇਕਨਾ, ਸਿਧਿ ਨ ਬੁਧਿ, ਨ ਅਕਲਿ ਸਰ;  ਅਖਰ ਕਾ ਭੇਉ ਨ ਲਹੰਤਿ ॥ ਨਾਨਕ  ! ਤੇ ਨਰ ਅਸਲਿ ਖਰ; ਜਿ, ਬਿਨੁ ਗੁਣ ਗਰਬੁ ਕਰੰਤ ॥’’ (ਮ : ੧/੧੪੧੧) ਗੁਰੂ ਅਮਰਦਾਸ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਜੇ ਅਸੀਂ ਸਤਿਗੁਰੂ ਦੇ ਹੁਕਮ ’ਚ ਟਿਕੇ ਰਹਿ ਕੇ, ਅਹੰਕਾਰ ਦਾ ਪੱਲਾ ਛੱਡ ਕੇ ਮਸਕੀਨ (ਨਿਮਾਣੇ) ਬਣਾਗੇ ਤਾਂ ਹੀ ਸਾਨੂੰ ਸੁੱਖ ਨਸੀਬ ਹੋਵੇਗਾ : ‘‘ਹੋਹੁ ਨਿਮਾਣਾ ਸਤਿਗੁਰੂ ਅਗੈ; ਮਤ ਕਿਛੁ ਆਪੁ ਲਖਾਵਹੇ॥ ਆਪਣੈ ਅਹੰਕਾਰਿ ਜਗਤੁ ਜਲਿਆ; ਮਤ ਤੂੰ ਆਪਣਾ ਆਪੁ ਗਵਾਵਹੇ॥ ਸਤਿਗੁਰ ਕੈ ਭਾਣੈ ਕਰਹਿ ਕਾਰ; ਸਤਿਗੁਰ ਕੈ ਭਾਣੈ ਲਾਗਿ ਰਹੁ॥ ਇਉ ਕਹੈ ਨਾਨਕੁ, ਆਪੁ ਛਡਿ ਸੁਖ ਪਾਵਹਿ; ਮਨ ! ਨਿਮਾਣਾ ਹੋਇ ਰਹੁ॥’’ (ਆਸਾ/ਮ : ੩/੪੪੧) ਵਾਕਿਆ ਈ ਸਾਨੂੰ ਯਾਦ ਰੱਖਣਾ ਪਵੇਗਾ ਕਿ ਅਹੰਕਾਰ ’ਚ ਰੱਬ ਦੀ ਬੰਦਗੀ ਨਹੀਂ ਹੋ ਸਕਦੀ। ਹਉਮੈ ਦੀ ਬੂਟੀ ਨੂੰ ਪੁੱਟਿਆਂ ਹੀ ਹਿਰਦੇ ’ਚ ਨਾਮ ਦਾ ਵਾਸਾ ਹੋਣਾ ਸੰਭਵ ਹੈ; ਜਿਵੇਂ ਕੇ ਗੁਰ ਵਾਕ ਹਨ : ‘‘ਹਉਮੈ ਨਾਵੈ ਨਾਲਿ ਵਿਰੋਧੁ ਹੈ; ਦੁਇ ਨ ਵਸਹਿ ਇਕ ਠਾਇ ॥… ਹੁਕਮੁ ਮੰਨਹਿ, ਤਾ ਹਰਿ ਮਿਲੈ; ਤਾ ਵਿਚਹੁ ਹਉਮੈ ਜਾਇ ॥…. ਹਉਮੈ ਵਿਚਿ ਭਗਤਿ ਨ ਹੋਵਈ; ਹੁਕਮੁ ਨ ਬੁਝਿਆ ਜਾਇ ॥ ਹਉਮੈ ਵਿਚਿ ਜੀਉ ਬੰਧੁ ਹੈ; ਨਾਮੁ ਨ ਵਸੈ ਮਨਿ ਆਇ ॥ (ਵਡਹੰਸ/ਮ : ੩/੫੬੦) ਵੇਖੋ ! ਗੁਰੂ ਰਾਮਦਾਸ ਜੀ ਦੇ ਬਚਨ ਕਿਵੇਂ ਸਾਡੀ ਜ਼ਿੰਦਗੀ ਨੂੰ ਸਦਾ ਲਈ ਪਲਟਾ ਸਕਦੇ ਹਨ ਕਿ ਸਾਡਾ ਮਨ ਇੱਕ ਹੈ ਤੇ ਕੇਵਲ ਇੱਕ ਪਾਸੇ ਹੀ ਲੱਗ ਸਕਦਾ ਹੈ, ਪਰ ਮਨ ਦੀ ਖ਼ਾਸੀਅਤ ਇਹ ਹੈ ਕਿ ਜਿੱਥੇ ਵੀ ਇਹ ਜੁੜਦਾ ਹੈ; ਉੱਥੋਂ ਸਫਲਤਾ ਹਾਸਲ ਕਰ ਲੈਂਦਾ ਹੈ ਭਾਵ ਕਿ ਜਿੱਥੇ ਲੱਗਾ ਹੋਇਆ ਹੈ, ਉਹੀ ਵਸਤ ਪ੍ਰਾਪਤ ਹੋਣੀ ਹੈ। ਸੋ, ਜੇ ਅਹੰਕਾਰ ਨੂੰ ਦੂਰ ਕਰਨਾ ਹੈ ਤਾਂ ਮਨ ਨੂੰ ਸਤਿਗੁਰੂ ਕੋਲ਼ ਵੇਚਣਾ ਪਵੇਗਾ : ‘‘ਇਕੁ ਮਨੁ ਇਕੁ ਵਰਤਦਾ; ਜਿਤੁ ਲਗੈ, ਸੋ ਥਾਇ ਪਾਇ ॥ ਕੋਈ ਗਲਾ ਕਰੇ ਘਨੇਰੀਆ; ਜਿ ਘਰਿ ਵਥੁ ਹੋਵੈ, ਸਾਈ ਖਾਇ ॥ ਬਿਨੁ ਸਤਿਗੁਰ, ਸੋਝੀ ਨਾ ਪਵੈ; ਅਹੰਕਾਰੁ ਨ ਵਿਚਹੁ ਜਾਇ ॥’’ (ਮ : ੪/੩੦੩) ਜਗਤ ਵਿੱਚ ਅਹੰਕਾਰ ਦਾ ਭੈੜਾ ਵਿਕਾਰ ਬਹੁਤ ਹਾਨੀਕਾਰਕ ਹੈ ਪਰ ਜਿਸ ਨੂੰ ਪੂਰਾ ਗੁਰੂ (ਗੁਰੂ ਗ੍ਰੰਥ ਸਾਹਿਬ) ਮਿਲ ਪੈਂਦਾ ਹੈ, ਉਸ ਦੀ ਹੰਗਤਾ ਦੂਰ ਹੋ ਜਾਂਦੀ ਹੈ ਤੇ ਮਨ ਸੰਤੋਖੀ ਬਣ ਜਾਂਦਾ ਹੈ : ‘‘ਐਸਾ ਗਰਬੁ ਬੁਰਾ, ਸੰਸਾਰੈ ॥ ਜਿਸੁ ਗੁਰੁ ਮਿਲੈ, ਤਿਸੁ ਗਰਬੁ ਨਿਵਾਰੈ ॥… ਬਿਨੁ ਗੁਰ, ਗਰਬੁ ਨ ਮੇਟਿਆ ਜਾਇ ॥ ਗੁਰਮਤਿ ਧਰਮੁ, ਧੀਰਜੁ ਹਰਿ ਨਾਇ ॥ ਨਾਨਕ ! ਨਾਮੁ ਮਿਲੈ ਗੁਣ ਗਾਇ ॥’’ (ਗਉੜੀ/ਮ : ੧/੨੨੪-੨੫)

ਸੋ, ਕੂੜ ਅਤੇ ਅਹੰਕਾਰ ਦੀਆਂ ਨਰਦਾਂ ਨਾਲ਼ ਮੈਂ-ਮੇਰਾ ਦੀ ਖੇਡ ਖੇਡਣ ਦੀ ਬਜਾਇ (ਹਉਮੈ ਚਉਪੜਿ ਖੇਲਣਾ, ਝੂਠੇ ਅਹੰਕਾਰਾ ॥ ਸਭੁ ਜਗੁ ਹਾਰੈ, ਸੋ ਜਿਣੈ; ਗੁਰ ਸਬਦੁ ਵੀਚਾਰਾ ॥ ਆਸਾ/ਮ : ੧/੪੨੨) ਆਉ ! ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ’ਚ ਵਸਾ ਕੇ ਵਿਚਾਰੀਏ ਅਤੇ ਜੋਦੜੀ ਕਰੀਏ ਕਿ ਮਨ ਤੇ ਤਨ, ਸਭ ਤੇਰਾ ਹੀ ਹੈ ਮੇਰੇ ਮਾਲਕ ! ਮਿਹਰ ਕਰ ਤੇ ਮੇਰਾ ਹੰਕਾਰ ਦੂਰ ਕਰ ਕੇ, ਮੈਨੂੰ ਆਪਣੇ ਵਿੱਚ ਹੀ ਲੀਨ ਕਰ ਲੈ : ‘‘ਸਾਹਿ ਸਾਹਿ ਤੁਝੁ ਸੰਮਲਾ; ਕਦੇ ਨ ਵਿਸਾਰੇਉ ॥ ਜਿਉ ਜਿਉ ਸਾਹਬੁ ਮਨਿ ਵਸੈ; ਗੁਰਮੁਖਿ ਅੰਮ੍ਰਿਤੁ ਪੇਉ ॥ ਮਨੁ ਤਨੁ ਤੇਰਾ ਤੂ ਧਣੀ; ਗਰਬੁ ਨਿਵਾਰਿ ਸਮੇਉ ॥’’ (ਸਿਰੀਰਾਗੁ/ਮ : ੧/੧੯)

(15). ਹੋਮ (ਹਵਨ) : ਸੰਸਾਰ ਵਿੱਚ ਸਰੀਰਕ ਦੁੱਖਾਂ ਬਾਰੇ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਹੀ ਪਿਆਰੇ ਬਚਨ ਹਨ : ‘‘ਦੁਖੀ ਦੁਨੀ ਸਹੇੜੀਐ; ਜਾਇ, ਤ ਲਗਹਿ ਦੁਖ॥ ਨਾਨਕ ! ਸਚੇ ਨਾਮ ਬਿਨੁ; ਕਿਸੈ ਨ ਲਥੀ ਭੁਖ॥ ਰੂਪੀ ਭੁਖ ਨ ਉਤਰੈ; ਜਾਂ ਦੇਖਾਂ ਤਾਂ ਭੁਖ॥ ਜੇਤੇ ਰਸ ਸਰੀਰ ਕੇ; ਤੇਤੇ ਲਗਹਿ ਦੁਖ॥’’ (ਮਲਾਰ ਕੀ ਵਾਰ/ਮ : ੧/੧੨੮੭)

ਯਕੀਨਨ ! ਅੱਜ ਜਿਵੇਂ-ਜਿਵੇਂ ਮਨੁੱਖ (ਜਿਸਮ) ਦੇ ਚਸਕੇ ਵਧਦੇ ਜਾ ਰਹੇ ਹਨ, ਉੁਵੇਂ-ਉਵੇਂ ਹੀ ਸਰੀਰਕ ਰੋਗਾਂ ਦੀ ਮਾਰ ਵੀ ਵਧਦੀ ਜਾ ਰਹੀ ਹੈ। ਗੁਰੂ ਸਾਹਿਬ ਜੀ ਇਹ ਵੀ ਫ਼ੁਰਮਾਉਂਦੇ ਹਨ ਕਿ ਦੁੱਖ ਛੱਡ ਕੇ ਸੁੱਖ ਦੀ ਮੰਗ ਸਿਰ ਖਪਾਈ ਤੋਂ ਵੱਧ ਕੁਝ ਵੀ ਨਹੀਂ ਹੈ ਕਿਉਂਕਿ ਸੁੱਖ ਤੇ ਦੁੱਖ ਦਾ ਚੱਕਰ ਹਰੇਕ ’ਤੇ ਆਉਂਦਾ ਹੈ। ਇਸ ਰੱਬੀ ਨਿਯਮ ਦੇ ਸਾਹਮਣੇ ਮਨੁੱਖ ਨੂੰ ਹਾਰ ਹੀ ਮੰਨਣੀ ਪੈਂਦੀ ਹੈ, ਇਸ ਲਈ ਪ੍ਰਭੂ ਦੀ ਰਜ਼ਾ ’ਚ ਤੁਰਨਾ ਹੀ ਅਕਲਮੰਦੀ ਹੈ : ‘‘ਨਾਨਕ ! ਬੋਲਣੁ ਝਖਣਾ; ਦੁਖ ਛਡਿ ਮੰਗੀਅਹਿ ਸੁਖ॥ ਸੁਖੁ ਦੁਖੁ ਦੁਇ ਦਰਿ ਕਪੜੇ; ਪਹਿਰਹਿ ਜਾਇ ਮਨੁਖ॥ ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ॥’’ (ਮ : ੧/੧੪੯), ਪਰ ਅੱਜ ਅਸੀਂ ਸਰੀਰਕ ਕਸ਼ਟਾਂ ਤੋਂ ਐਨਾ ਘਬਰਾਏ ਹੋਏ ਹਾਂ ਕਿ ਸੁਖਮਨੀ ਦੇ ਪਾਠ ਤੋ ਸ਼ੁਰੂ ਕਰਦੇ-ਕਰਦੇ ਗੱਲ ਬਣਦੀ ਨਾ ਵੇਖ ਕੇ, ਹਵਨਾਂ ’ਤੇ ਆਣ ਖਲੋਤੇ ਹਾਂ। ਗੁਰ ਉਪਦੇਸ਼ ਹੈ ਕਿ ਜਗ, ਹੋਮ, ਪੂਜਾ ਆਦਿ ਰਾਹੀਂ ਪ੍ਰਮਾਤਮਾ ਨਾਲ਼ ਸਾਂਝ ਨਹੀਂ ਬਣਦੀ ਬਲਕਿ ਅਜਿਹੇ ਕਰਮ ਕੀਤਿਆਂ ਸਰੀਰ ਦੁੱਖੀ ਹੀ ਰਹਿੰਦਾ ਹੈ ਤੇ ਦੁੱਖ ਹੀ ਸਹਾਰਦਾ ਹੈ : ‘‘ਜਗਨ, ਹੋਮ, ਪੁੰਨ, ਤਪ, ਪੂਜਾ; ਦੇਹ ਦੁਖੀ, ਨਿਤ ਦੂਖ ਸਹੈ ॥ ਰਾਮ ਨਾਮ ਬਿਨੁ, ਮੁਕਤਿ ਨ ਪਾਵਸਿ; ਮੁਕਤਿ ਨਾਮਿ ਗੁਰਮੁਖਿ ਲਹੈ॥’’ (ਭੈਰਉ/ਮ : ੧/੧੧੨੭)

ਗੁਰ ਉਪਦੇਸ਼ ਵਜੋਂ ਪਾਤਸ਼ਾਹ ਅਸਲੀ ਹਵਨ ਕਰਨ ਦੀ ਜਾਂਚ ਦੱਸਦੇ ਹਨ ਕਿ ਹੇ ਮਨੁੱਖ ! ਦੁਨੀਆਂ ਦੇ ਰਸਾਂ (ਸੁਆਦਾਂ) ਨੂੰ ਹਵਨ ਦੀ ਲੱਕੜੀ ਬਣਾ, ਮਾਇਆ ਦੇ ਲਾਲਚ ਨੂੰ ਘਿਉ ਤੇ ਤੇਲ, ਕਾਮ ਤੇ ਕ੍ਰੋਧ ਜਿਹੇ ਵਿਕਾਰਾਂ ਨੂੰ ਅੱਗ ਬਣਾ ਕੇ, ਇਨ੍ਹਾਂ ਸਾਰਿਆਂ ਨੂੰ ਇਕੱਠਾ ਕਰ ਕੇ ਸਾੜ ਦੇਹ ਤੇ ਯਾਦ ਰੱਖ ਕਿ ਜੋ ਕੁਝ ਪ੍ਰਮਾਤਮਾ ਨੂੰ ਭਾਉਂਦਾ ਹੈ, ਉਸੇ ਨੂੰ ਪ੍ਰਵਾਨ ਕਰਨਾ ਹਵਨ ਹੈ : ‘‘ਸਾਦ ਕਰਿ ਸਮਧਾਂ, ਤ੍ਰਿਸਨਾ ਘਿਉ ਤੇਲੁ ॥ ਕਾਮੁ ਕ੍ਰੋਧੁ, ਅਗਨੀ ਸਿਉ ਮੇਲੁ ॥ ਹੋਮ, ਜਗ ਅਰੁ ਪਾਠ ਪੁਰਾਣ ॥ ਜੋ ਤਿਸੁ ਭਾਵੈ, ਸੋ ਪਰਵਾਣ ॥’’ (ਮਲਾਰ/ਮ : ੧/੧੨੫੭)

(16). ਹੋਲੀ : ਅੱਜ ਇੱਕ ਦੂਜੇ ਦਾ ਮੂੰਹ ਕਾਲ਼ਾ, ਪੀਲ਼ਾ ਕਰ ਕੇ ਭਾਵ ਕੱਚੇ ਰੰਗਾਂ ਦੀ ਹੋਲੀ ਖੇਡ ਕੇ ਹੀ ਅਸੀਂ ਸਮਝ ਰਹੇ ਹਾਂ ਕਿ ਅਸੀਂ ਹੋਲਾ ਮਹੱਲਾ ਮਨਾ ਰਹੇ ਹਾਂ। ਹੋਲਾ ਮਹੱਲਾ ਤਾਂ ਜੰਗੀ ਕਰਤੱਵਾਂ ’ਚ ਨਿਪੁੰਨਤਾ, ਵੀਰਤਾ, ਸ਼ਸਤਰ ਵਿੱਦਿਆ ’ਚ ਮੁਹਾਰਤ, ਅਣਖ, ਚੜ੍ਹਦੀ ਕਲਾ, ਨਿਡਰਤਾ ਆਦਿ ਦਾ ਪ੍ਰਤੀਕ ਹੈ ਪਰ ਹੋਲੀ ਵਾਲੇ ਦਿਨ ਨੂੰ ਭੰਗ ਆਦਿ ਨਸ਼ੇ ਕਰ ਕੇ, ਖਰੂਦ ਕਰਨਾ ਜਾਂ ਕਹਿ ਲਈਏ ਕਿ ਰੰਗ ਰਲੀਆਂ ਮਨਾਉਣਾ ਤੇ ਸਿੰਘ ਸਰੂਪ ਦੀ ਬੇਅਦਬੀ ਕਰਨਾ, ਅਗਿਆਨਤਾ ਤੋਂ ਵੱਧ ਕੁਝ ਵੀ ਨਹੀਂ ਹੈ। ਖ਼ੈਰ, ਇੱਥੇ ਇਤਿਹਾਸਿਕ ਪੱਖ ਨੂੰ ਨਜ਼ਰ ਅੰਦਾਜ਼ ਕਰਕੇ, ਕੇਵਲ ਗੁਰਬਾਣੀ ਦੇ ਚਾਨਣ ’ਚ ਹੋਲੀ ਸੰਬੰਧੀ ਬਹੁਤ ਹੀ ਸੰਖੇਪ ’ਚ ਗੁਰ ਉਪਦੇਸ਼ ਨੂੰ ਵਿਚਾਰਨਾ ਜ਼ਰੂਰੀ ਹੈ।

ਗੁਰੂ ਰਾਮਦਾਸ ਜੀ ਅਨਮੋਲਕ ਜੀਵਨ ਜਾਚ ਦੀ ਦਾਤ ਬਖ਼ਸ਼ਦੇ ਹੋਏ ਫ਼ੁਰਮਾਉਂਦੇ ਹਨ ਕਿ ਬਾਕੀ ਸਾਰੇ ਰੰਗਾਂ ਨਾਲ਼ੋਂ ਸੋਹਣੇ ਪ੍ਰਭੂ ਦਾ ਨਾਮ ਹੀ ਸੋਹਣਾ ਰੰਗ ਹੈ। ਮਨ ਨੂੰ ਰੰਗਣ ਲਈ ਗੁਰੂ ਦੀ ਸ਼ਰਨ ਪੈ ਕੇ, ਕੇਵਲ ਇਸੇ ਰੰਗ ਭਾਵ ਪ੍ਰਭੂ ਦੇ ਨਾਮ ਦੀ ਯਾਚਨਾ ਕਰਦੇ ਰਹਿਣਾ ਹੀ, ਇੱਕ ਗੁਰਸਿੱਖ ਲਈ ਰੰਗ ’ਚ ਰੰਗਣਾ ਹੈ : ‘‘ਲਾਲਨੁ ਲਾਲੁ, ਲਾਲੁ ਹੈ ਰੰਗਨੁ; ਮਨੁ ਰੰਗਨ ਕਉ ਗੁਰ ਦੀਜੈ॥ ਰਾਮ ਰਾਮ, ਰਾਮ ਰੰਗਿ ਰਾਤੇ; ਰਸ ਰਸਿਕ ਗਟਕ ਨਿਤ ਪੀਜੈ॥’’ (ਕਲਿਆਣ/ਮ : ੪/੧੩੨੩) ਗੁਰੂ ਦੀ ਬਖ਼ਸ਼ਸ਼ ਤੇ ਪ੍ਰਮਾਤਮਾ ਦੀ ਸਿਫ਼ਤ ਸਾਲਾਹ ਦੀ ਬਰਕਤ ਸਦਕਾ, ਗੁਰੂ ਦੇ ਸਿੱਖ ਨੂੰ ਰੱਬ ਦੇ ਪਿਆਰਿਆਂ ਦੀ ਸੇਵਾ ਦਾ ਚਾਉ, ਸਤਿ ਸੰਗਤ ਤੇ ਪ੍ਰਭੂ ਦੇ ਪਿਆਰ ਦਾ ਗੂੜ੍ਹਾ ਰੰਗ ਚੜ੍ਹ ਜਾਂਦਾ ਹੈ; ਇਹ ਹੀ ਇੱਕ ਗੁਰਸਿੱਖ ਲਈ ਹੋਲੀ ਖੇਡਣਾ ਹੈ; ਜਿਵੇਂ ਕਿ ਗੁਰ ਵਾਕ ਹਨ :  ‘‘ਆਜੁ ਹਮਾਰੈ, ਬਨੇ ਫਾਗ॥ ਪ੍ਰਭ ਸੰਗੀ ਮਿਲਿ, ਖੇਲਨ ਲਾਗ ॥ ਹੋਲੀ ਕੀਨੀ, ਸੰਤ ਸੇਵ॥ ਰੰਗੁ ਲਾਗਾ, ਅਤਿ ਲਾਲ ਦੇਵ॥’’ (ਬਸੰਤ/ਮ : ੫/੧੧੮੦)

(17). ਹਾਰ ਸ਼ਿੰਗਾਰ : ਪੰਚਮ ਪਾਤਸ਼ਾਹ ਜੀ ਗੁਰ ਉਪਦੇਸ਼ ਵਜੋਂ ਸਾਨੂੰ ਹੁਕਮ ਕਰ ਰਹੇ ਹਨ ਕਿ ਜਿਸ ਮਨੁੱਖਾ ਸਰੀਰ ਨੂੰ ਪਾ ਕੇ ਪ੍ਰਭੂ ਨੂੰ ਸਿਮਰਿਆ ਜਾਂਦਾ ਹੈ, ਉਸ ਦੀ ਪਾਲਣਾ ਵੀ ਕਰੋ : ‘‘ਘਟਿ ਵਸਹਿ ਚਰਣਾਰਬਿੰਦ; ਰਸਨਾ ਜਪੈ ਗੁਪਾਲ॥ ਨਾਨਕ ! ਸੋ ਪ੍ਰਭੁ ਸਿਮਰੀਐ; ਤਿਸੁ ਦੇਹੀ ਕਉ ਪਾਲਿ ॥’’ (ਮ : ੫/੫੫੪) ਦੇਹੀ ਨੂੰ ਪਾਲਣਾ ਭਾਵ ਅਰੋਗ ਰੱਖਣ ਲਈ ਇਸ਼ਨਾਨ ਦੀ ਮਹੱਤਤਾ ਹੈ, ਤਾਂ ਜੋ ਇਸ਼ਨਾਨ ਕਰ ਕੇ ਅਤੇ ਪ੍ਰਭੂ ਦਾ ਨਾਮ ਸਿਮਰ ਕੇ, ਮਨ ਤੇ ਤਨ ਅਰੋਗ ਰੱਖਿਆ ਜਾ ਸਕੇ : ‘‘ਕਰਿ ਇਸਨਾਨੁ, ਸਿਮਰਿ ਪ੍ਰਭੁ ਅਪਨਾ; ਮਨ ਤਨ ਭਏ ਅਰੋਗਾ॥’’ (ਸੋਰਠਿ/ਮ : ੫/੬੧੧) ਧਿਆਨ ਰਹੇ ਕਿ ਉਕਤ ਦੋਵੇਂ ਹੀ ਬਚਨਾਂ ’ਚ ਪ੍ਰਭੂ ਦੇ ਸਿਮਰਨ ਨੂੰ ਮਹੱਤਤਾ ਮਿਲੀ ਹੈ। ਯਕੀਨਨ ! ਪ੍ਰਮਾਤਮਾ ਦਾ ਨਾਮ ਸਿਮਰਨ, ਵਿਕਾਰਾਂ ਨੂੰ ਕੱਟਦਾ ਹੈ ਤੇ ਵਿਕਾਰ ਰਹਿਤ ਮਨ ਭਾਵ ਇੱਕ ਅਰੋਗ ਮਨ, ਸਰੀਰ ਨੂੰ ਵੀ ਅਰੋਗ ਰੱਖਣ ’ਚ ਸਹਾਈ ਹੁੰਦਾ ਹੈ। ਦੂਜੇ ਸ਼ਬਦਾਂ ’ਚ ਇਹ ਕਹਿਣਾ ਬਿਲਕੁਲ ਮੁਨਾਸਬ ਹੈ ਕਿ ਸਾਨੂੰ ਸਰੀਰਕ ਦਾਤ ਵੀ ਮਾਲਕ ਦੀ ਯਾਦ ਨੂੰ ਹਿਰਦੇ ’ਚ ਵਸਾਉਣ (ਮਨੁੱਖਾ ਜੀਵਨ ਦਾ ਮਨੋਰਥ) ਲਈ ਹੀ ਮਿਲੀ ਹੈ, ਪਰ ਮਨੁੱਖ ਨੇ ਸਰੀਰ ਦੀ ਸੰਭਾਲ਼ ਤੋਂ ਕਿਤੇ ਅੱਗੇ ਜਾ ਕੇ (ਮਾਇਆ ਤੇ ਵਿਕਾਰਾਂ ਦੇ ਪ੍ਰਭਾਵ ਤਹਿਤ) ਸਰੀਰ ਨੂੰ ਕੇਵਲ ਬਾਹਰੀ ਸ਼ਿੰਗਾਰਨਾ ਸ਼ੁਰੂ ਕਰ ਦਿੱਤਾ; ਜਿਸ ਬਾਬਤ ਗੁਰੂ ਰਾਮਦਾਸ ਜੀ ਚੇਤੇ ਕਰਵਾਉਂਦੇ ਹਨ ਕਿ ਜਿਹੜਾ ਮਨੁੱਖ ਸਰੀਰ ਨੂੰ ਹੀ ਸਾਫ਼ ਸੁਥਰਾ ਕਰਦਾ ਰਿਹਾ, ਪਰ ਮਨ ਵਿੱਚ ਗੁਰੂ ਦੇ ਬਚਨ ਪਿਆਰੇ ਨਾ ਲੱਗੇ ਤਾਂ ਉਸ ਦੇ ਇਹ ਸਾਰੇ ਸਰੀਰਕ ਇਸ਼ਨਾਨ ਤੇ ਸ਼ਿੰਗਾਰ ਵੀ ਵਿਅਰਥ ਹਨ : ‘‘ਨਿਤ ਨਿਤ ਕਾਇਆ ਮਜਨੁ ਕੀਆ; ਨਿਤ ਮਲਿ ਮਲਿ ਦੇਹ ਸਬਾਰੇ ॥ ਮੇਰੇ ਸਤਿਗੁਰ ਕੇ, ਮਨਿ ਬਚਨ ਨ ਭਾਏ; ਸਭ ਫੋਕਟ ਚਾਰ ਸੀਗਾਰੇ ॥’’ (ਮ : ੪/੯੮੨-੯੮੩)

ਅੱਜ ਸਾਡੀਆਂ ਸਿੱਖ ਬੀਬੀਆਂ ਵੀ ਸਰੀਰਕ ਹਾਰ ਸ਼ਿੰਗਾਰ ਦੀ ਦੌੜ ’ਚ ਬਹੁਤ ਅੱਗੇ ਨਿਕਲ਼ ਗਈਆਂ ਹਨ। ਆਪਣੀ ਸੁਤੰਤਰ ਹਸਤੀ ਤੇ ਨਿਆਰਾਪਨ ਖ਼ਤਮ ਕਰਕੇ ਨੱਕ, ਕੰਨ ਛੇਦਣਾ ਤਾਂ ਕੇਵਲ ਇਹੀ ਸੰਕੇਤ ਦਿੰਦਾ ਹੈ ਕਿ ਸਾਡੇ ਨੱਕ, ਕੰਨ ’ਚ ਕੋਈ ਵੀ ਨਕੇਲ ਪਾ ਸਕਦਾ ਹੈ। ਗੁਰਮਤਿ; ਰੱਬ ਦੀ ਬਖ਼ਸ਼ੀ ਸਾਬਤ ਸੂਰਤ ਨੂੰ ਵਿਗਾੜਨਾ, ਪ੍ਰਵਾਨ ਨਹੀਂ ਕਰਦੀ ਬਲਕਿ ਸਾਦਗੀ ਤੇ ਸੰਤੋਖ ਨਾਲ਼ ਜੀਵਨ (ਕਮਰਬੰਦੁ ਸੰਤੋਖ ਕਾ; ਧਨੁ ਜੋਬਨੁ, ਤੇਰਾ ਨਾਮੁ ॥ ਮ : ੧/੧੬-੧੭) ਜਿਊਣ ਦੀ ਪ੍ਰੇਰਣਾ ਕਰਦੀ ਹੈ। ਭਗਤ ਕਬੀਰ ਜੀ ਤਾਂ ਇੱਥੋ ਤੱਕ ਬਚਨ ਕਰਦੇ ਹਨ ਕਿ ਜਿਨ੍ਹਾਂ ਦੇ ਮਨ ’ਚ ਰੱਬ ਦਾ ਪ੍ਰੇਮ ਨਹੀਂ; ਉਨ੍ਹਾਂ ਦੇ ਕੰਨਾਂ ’ਚ ਪਾਏ ਹੀਰੇ ਤੇ ਲਾਲ ਜੜੇ ਵਾਲ਼ੇ (Earrings) ਵੀ ਸੜੇ ਹੋਏ ਕਾਨਿਆਂ ਵਾਂਗ ਦਿੱਸਦੇ ਹਨ : ‘‘ਕਬੀਰ, ਕੰਚਨ ਕੇ ਕੁੰਡਲ ਬਨੇ; ਊਪਰਿ ਲਾਲ ਜੜਾਉ ॥ ਦੀਸਹਿ, ਦਾਧੇ ਕਾਨ ਜਿਉ; ਜਿਨ੍ਹ ਮਨਿ ਨਾਹੀ ਨਾਉ॥’’ (ਭਗਤ ਕਬੀਰ ਜੀ/੧੩੬੪) ਗੁਰੂ ਅਮਰਦਾਸ ਜੀ ਵੀ ਫ਼ੁਰਮਾਉਂਦੇ ਹਨ ਕਿ ਮਨ ਦੇ ਪਿੱਛੇ ਲੱਗ ਕੇ, ਪ੍ਰਭੂ ਦੀ ਭਗਤੀ ਤੋਂ ਬਿਨਾਂ ਹੋਰ ਸਭ ਸ਼ਿੰਗਾਰ, ਸਾਰੇ ਕਰਮ ਧਰਮ ਖ਼ੁਆਰੀ ਦਾ ਕਾਰਨ ਬਣਦੇ ਹਨ : ‘‘ਮਨਮੁਖਿ ਸੀਗਾਰੁ ਨ ਜਾਣਨੀ; ਜਾਸਨਿ ਜਨਮੁ ਸਭੁ ਹਾਰਿ ॥ ਬਿਨੁ ਹਰਿ ਭਗਤੀ ਸੀਗਾਰੁ ਕਰਹਿ; ਨਿਤ ਜੰਮਹਿ ਹੋਇ ਖੁਆਰੁ ॥ ਸੈਸਾਰੈ ਵਿਚਿ ਸੋਭ ਨ ਪਾਇਨੀ; ਅਗੈ ਜਿ ਕਰੇ, ਸੁ ਜਾਣੈ ਕਰਤਾਰੁ ॥’’ (ਮ : ੩/੯੫੦)

ਗੁਰੂ ਨਾਨਕ ਪਾਤਸ਼ਾਹ ਜੀ ਗੁਰ ਉਪਦੇਸ਼ ਵਜੋਂ ਸਾਨੂੰ ਅਸਲੀ ਸ਼ਿੰਗਾਰ ਕਰਨ ਦੀ ਜਾਚ ਸਿਖਾਉਂਦੇ ਹਨ ਕਿ ਅੱਖਾਂ ’ਚ ਪ੍ਰਮਾਤਮਾ ਦੇ ਡਰ-ਅਦਬ ਦਾ ਸੁਰਮਾ ਪਾ ਕੇ, ਰੱਬੀ ਪਿਆਰ ਰੂਪ ਸ਼ਿੰਗਾਰ ਕਰਨਾ ਚਾਹੀਦਾ ਹੈ : ‘‘ਭੈ ਕੀਆ ਦੇਹਿ ਸਲਾਈਆ ਨੈਣੀ; ਭਾਵ ਕਾ ਕਰਿ ਸੀਗਾਰੋ ॥ ਤਾ ਸੋਹਾਗਣਿ ਜਾਣੀਐ ਲਾਗੀ; ਜਾ ਸਹੁ ਧਰੇ ਪਿਆਰੋ ॥’’ (ਤਿਲੰਗ/ਮ : ੧/੭੨੨) ਗੁਰੂ ਅਮਰਦਾਸ ਜੀ ਬਚਨ ਕਰਦੇ ਹਨ ਕਿ ਮਨੁੱਖ ਲਈ ਆਤਮਕ ਗਿਆਨ ਹੀ ਸਭ ਤੋਂ ਉੱਤਮ ਸ਼ਿੰਗਾਰ ਹੈ, ਜਿਸ ਸਦਕਾ ਮਾਲਕ ਦੇ ਗੁਣਾਂ ਦਾ ਹਾਰ ਪਹਿਨ ਕੇ ਭਾਵ ਕਿ ਹਿਰਦੇ ’ਚ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਨੂੰ ਸਾਂਭ ਕੇ ਸਦਾ ਹੀ ਪ੍ਰਭੂ ਪਿਆਰ ’ਚ ਮਸਤ ਰਹਿਆ ਜਾ ਸਕਦਾ ਹੈ : ‘‘ਗਿਆਨ ਅਪਾਰੁ ਸੀਗਾਰੁ ਹੈ; ਸੋਭਾਵੰਤੀ ਨਾਰਿ ॥ ਸਾ ਸਭਰਾਈ ਸੁੰਦਰੀ; ਪਿਰ ਕੈ ਹੇਤਿ, ਪਿਆਰਿ ॥… ਸੋਹਾਗਣੀ ਸੀਗਾਰੁ ਬਣਾਇਆ; ਗੁਣ ਕਾ ਗਲਿ ਹਾਰੁ ॥ ਪ੍ਰੇਮ ਪਿਰਮਲੁ, ਤਨਿ ਲਾਵਣਾ; ਅੰਤਰਿ ਰਤਨੁ ਵੀਚਾਰੁ॥’’ (ਆਸਾ/ਮ : ੩/੪੨੬) ਸੋ, ਯਾਦ ਰੱਖੀਏ ਕਿ ਆਪਣੇ ਆਪ ਨੂੰ ਗੁਰ ਸ਼ਬਦ ਰਾਹੀਂ ਸੁਆਰ ਕੇ, ਸ਼ੁੱਭ ਗੁਣਾਂ ਨਾਲ਼ ਜੀਵਨ ਨੂੰ ਸੋਹਣਾ ਬਣਾਉਣਾ ਤੇ ਸਤਿਗੁਰੂ ਦੇ ਭਾਣੇ ਅੰਦਰ ਤੁਰਨਾ ਹੀ ਗੁਰਮਤਿ ਅਨੁਸਾਰ ਅਸਲੀ ਸ਼ਿੰਗਾਰ ਹੈ; ਜਿਵੇਂ ਕਿ ਗੁਰੂ ਸਾਹਿਬਾਨ ਦੇ ਬਚਨ ਹਨ : ‘‘ਭਾਣੈ ਚਲੈ ਸਤਿਗੁਰੂ ਕੈ; ਐਸਾ ਸੀਗਾਰੁ ਕਰੇਇ ॥ ਸਚਾ ਸਬਦੁ ਭਤਾਰੁ ਹੈ; ਸਦਾ ਸਦਾ ਰਾਵੇਇ ॥ (ਮ : ੩/੩੧੧), ਸਤੁ, ਸੰਤੋਖੁ, ਦਇਆ, ਧਰਮੁ; ਸੀਗਾਰੁ ਬਨਾਵਉ॥ ਸਫਲ ਸੁਹਾਗਣਿ ਨਾਨਕਾ !  ਅਪੁਨੇ ਪ੍ਰਭ ਭਾਵਉ॥’’ (ਬਿਲਾਵਲ/ਮ : ੫/੮੧੨)

(18). ਕਾਮ : ਬ੍ਰਹਮਾ ਵਰਗਿਆਂ ਨੂੰ ਜੇ ਅਹੰਕਾਰ ਨੇ ਡੰਗਿਆ (ਬ੍ਰਹਮੈ ਗਰਬੁ ਕੀਆ, ਨਹੀ ਜਾਨਿਆ ॥ ਬੇਦ ਕੀ ਬਿਪਤਿ ਪੜੀ, ਪਛੁਤਾਨਿਆ ॥ ਗਉੜੀ/ਮ : ੧/੨੨੪) ਤਾਂ ਇੰਦ੍ਰ ਵਰਗਾ ਦੇਵਤਾ ਪਰਾਇਆ ਰੂਪ ਤੱਕ ਕੇ, ਮਸਤ ਹੋ ਗਿਆ (ਗੋਤਮੁ ਤਪਾ ਅਹਿਲਿਆ ਇਸਤ੍ਰੀ; ਤਿਸੁ ਦੇਖਿ ਇੰਦ੍ਰੁ ਲੁਭਾਇਆ ॥ ਪ੍ਰਭਾਤੀ/ਮ : ੧/੧੩੪੪) ਇੰਞ ਹੀ ਮਨੁੱਖ ਵੀ ਕਾਮ ਦੇ ਵਿਕਾਰ ਤੋਂ ਬਚ ਨਹੀਂ ਸਕਿਆ ਕਿਉਂਕਿ ਸਾਰੇ ਜੀਵ ਕਾਮ, ਕ੍ਰੋਧ ਦੇ ਰੰਗ ਵਿੱਚ ਰੰਗਿਆ ਜਾ ਸਕਣ ਵਾਲਾ ਚੋਲ਼ਾ ਪਹਿਨ ਕੇ ਸੰਸਾਰ ਵਿੱਚ ਆਉਂਦੇ ਹਨ; ਜਿਵੇਂ ਕਿ ਗੁਰ ਵਾਕ ਹਨ : ‘‘ਕਾਮ ਕ੍ਰੋਧ ਕਾ ਚੋਲੜਾ; ਸਭ ਗਲਿ ਆਏ ਪਾਇ॥’’ (ਮ : ੩/੧੪੧੪) ਗੁਰੂ ਜੀ ਅਨੁਸਾਰ ਸਾਡੇ ਸਰੀਰ ਅੰਦਰ ਟਿਕੇ ਪੰਜ ਚੋਰ, ਅੰਮ੍ਰਿਤ ਰੂਪੀ ਨਾਮ ਧਨ ਲੁੱਟਦੇ ਹਨ ਤੇ ਇਨ੍ਹਾਂ ਵਿਕਾਰਾਂ ’ਚ ਅੰਨ੍ਹਾਂ ਹੋਇਆ ਸੰਸਾਰ, ਅੰਨ੍ਹਿਆਂ ਵਾਲਾ ਵਿਹਾਰ ਹੀ ਕਰਦਾ ਰਹਿੰਦਾ ਹੈ : ‘‘ਇਸੁ ਦੇਹੀ ਅੰਦਰਿ, ਪੰਚ ਚੋਰ ਵਸਹਿ; ਕਾਮੁ, ਕ੍ਰੋਧੁ, ਲੋਭੁ, ਮੋਹੁ, ਅਹੰਕਾਰਾ॥ ਅੰਮ੍ਰਿਤੁ ਲੂਟਹਿ, ਮਨਮੁਖ ਨਹੀ ਬੂਝਹਿ; ਕੋਇ ਨ ਸੁਣੈ ਪੂਕਾਰਾ॥ ਅੰਧਾ ਜਗਤੁ, ਅੰਧੁ ਵਰਤਾਰਾ; ਬਾਝੁ ਗੁਰੂ ਗੁਬਾਰਾ ॥’’ (ਸੋਰਠਿ/ਮ : ੩/੬੦੦)

ਪੰਚਮ ਪਾਤਸ਼ਾਹ ਨੇ ਤਾਂ ਕਾਮ ਨੂੰ ਸਿੱਧਾ ਹੀ ਸੰਬੋਧਨ ਕੀਤਾ ਹੈ ਕਿ ਹੇ ਕਾਮ ! ਤੂੰ ਜੀਵਾਂ ਦੇ ਮਨ ਨੂੰ ਭਰਮਾ ਕੇ, ਉਨ੍ਹਾਂ ਨੂੰ ਕਈ ਜੂਨਾਂ ’ਚ ਭਟਕਾਉਣ ਵਾਲਾ ਹੈ ਭਾਵੇਂ ਕਿ ਤੂੰ ਸੁੱਖ ਤਾਂ ਥੋੜ੍ਹਾ ਹੀ ਦਿੰਦਾ ਹੈ ਪਰ ਤਿੰਨੇ ਹੀ ਲੋਕਾਂ ’ਚ ਤੇਰੀ ਪਹੁੰਚ ਹੈ ਤੇ ਤੂੰ ਬਿਨਾਂ ਕਿਸੇ ਭੇਦ ਭਾਵ ਤੋਂ  ਜੀਵਾਂ ਦਾ ਉੱਚਾ ਆਚਰਨ ਨਾਸ ਕਰ ਦਿੰਦਾ ਹੈ, ਪਰ ਗੁਰੂ ਦੀ ਸੰਗਤ ਕਰਨ ਵਾਲ਼ਿਆਂ ਨੂੰ ਤੇਰਾ ਕੋਈ ਡਰ ਨਹੀਂ ਰਹਿੰਦਾ : ‘‘ਹੇ ਕਾਮੰ  ! ਨਰਕ ਬਿਸ੍ਰਾਮੰ; ਬਹੁ ਜੋਨੀ ਭ੍ਰਮਾਵਣਹ ॥ ਚਿਤ ਹਰਣੰ ਤ੍ਰੈ ਲੋਕ ਗੰਮ੍ਹੰ ; ਜਪ ਤਪ ਸੀਲ ਬਿਦਾਰਣਹ ॥  ਅਲਪ ਸੁਖ ਅਵਿਤ ਚੰਚਲ; ਊਚ ਨੀਚ ਸਮਾਵਣਹ ॥ ਤਵ ਭੈ ਬਿਮੁੰਚਿਤ ਸਾਧ ਸੰਗਮ; ਓਟ ਨਾਨਕ ਨਾਰਾਇਣਹ ॥’’ (ਸਲੋਕ ਸਹਸਕ੍ਰਿਤੀ/ਮ : ੫/੧੩੫੮)

ਧਿਆਨ ਰਹੇ ਕਿ ਕਾਮ ਸਾਡਾ ਆਚਰਨ ਹੀ ਨਹੀਂ ਬਲਕਿ ਕਾਇਆਂ (ਸਰੀਰ) ਨੂੰ ਵੀ ਕਮਜ਼ੋਰ ਕਰ ਦਿੰਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਕਾਮੁ ਕ੍ਰੋਧੁ, ਕਾਇਆ ਕਉ ਗਾਲੈ॥ ਜਿਉ ਕੰਚਨ, ਸੋਹਾਗਾ ਢਾਲੈ॥’’ (ਰਾਮਕਲੀ/ਮ : ੧/੯੩੨) ਕਾਮ ਕਰਕੇ ਆਚਰਨ ’ਚ ਪੈਦਾ ਹੋਣ ਵਾਲੀ ਗਿਰਾਵਟ ਬਾਰੇ ਸੂਝ ਹੋਣ ਦੇ ਬਾਵਜੂਦ ਵੀ ਮਨੁੱਖ ਇਸ ਦੇ ਜਾਲ ’ਚ ਫਸ ਜਾਂਦਾ ਹੈ ਤੇ ਸਤਿਗੁਰੂ ਦੀ ਸ਼ਰਨ ’ਚ ਆਏ ਬਿਨਾਂ ਅਨੇਕਾਂ ਯਤਨਾਂ ਨਾਲ਼ ਵੀ ਮਨ ਕਾਬੂ ’ਚ ਨਹੀਂ ਆਉਂਦਾ। ਇੱਥੋਂ ਤੱਕ ਕਿ ਆਪਣਾ ਘਰ ਛੱਡ ਕੇ, ਪਰਾਏ ਸੰਬੰਧਾਂ ਕਾਰਨ ਮੰਦੇ ਕਰਮ ਕਰਦਾ ਹੈ (ਜਦਕਿ ਗੁਰ ਉਪਦੇਸ਼ ਤਾਂ ‘‘ਪਰ ਤ੍ਰਿਅ ਰੂਪੁ, ਨ ਪੇਖੈ ਨੇਤ੍ਰ ॥’’ ਦਾ ਹੈ), ਪਰ ਫਿਰ ਵੀ ਖ਼ਾਲੀ ਹੱਥ ਹੀ ਰਹਿੰਦਾ ਹੈ ਕਿਉਂਕਿ ਵਿਕਾਰਾਂ ਦੀ ਇਹ ਅੱਗ ਸਦਾ ਬਲਦੀ ਰਹਿੰਦੀ ਹੈ ਤੇ ਜੀਵ ਵਿਕਾਰਾਂ ’ਚ ਗ੍ਰਸਿਆ ਹੋਇਆ ਹੀ ਮਰ ਜਾਂਦਾ ਹੈ; ਜਿਵੇਂ ਕਿ ਗੁਰ ਵਾਕ ਹਨ : ‘‘ਅਨੇਕ ਜਤਨ ਕਰੇ, ਇੰਦ੍ਰੀ ਵਸਿ ਨ ਹੋਈ ॥ ਕਾਮਿ ਕਰੋਧਿ, ਜਲੈ ਸਭੁ ਕੋਈ ॥ ਸਤਿਗੁਰ ਸੇਵੇ ਮਨੁ ਵਸਿ ਆਵੈ; ਮਨ ਮਾਰੇ ਮਨਹਿ ਸਮਾਇਦਾ॥ (ਮਾਰੂ/ਮ : ੩/੧੦੬੨), ਘਰ ਕੀ ਨਾਰਿ, ਤਿਆਗੈ ਅੰਧਾ॥ ਪਰ ਨਾਰੀ ਸਿਉ, ਘਾਲੈ ਧੰਧਾ ॥ ਜੈਸੇ ਸਿੰਬਲੁ ਦੇਖਿ, ਸੂਆ ਬਿਗਸਾਨਾ॥ ਅੰਤ ਕੀ ਬਾਰ,  ਮੂਆ ਲਪਟਾਨਾ ॥’’ (ਭੈਰਉ/ਨਾਮਦੇਉ ਜੀਉ/੧੧੬੫)

ਗੁਰਮਤਿ; ਸਾਨੂੰ ਸਤਿਗੁਰੂ ਦੀ ਸ਼ਰਨ ਲੈ ਕੇ, ਕਾਮ, ਕ੍ਰੋਧ ਆਦਿ ਮੰਦੇ ਕੰਮਾਂ ਨੂੰ ਹਰ ਹੀਲੇ ਛੱਡਣ ਦਾ ਉਪਦੇਸ਼ ਦਿੰਦੀ ਹੈ। ਉੱਚਾ ਆਚਰਨ ਵਿਕਸਤ ਕਰਨਾ ਭਾਵ ਕਿ ਕਾਮ, ਕ੍ਰੋਧ ਨੂੰ ਵੱਸ ਵਿੱਚ ਕਰ ਕੇ ਨੇਕ ਕੰਮ ਕਰਨੇ, ਅਜਿਹੇ ਯਤਨ ਹੀ ਮਾਲਕ ਨੂੰ ਭਾਉਂਦੇ ਹਨ : ‘‘ਛੋਡਹੁ ਕਾਮ, ਕ੍ਰੋਧੁ, ਬੁਰਿਆਈ॥ ਹਉਮੈ ਧੰਧੁ ਛੋਡਹੁ ਲੰਪਟਾਈ॥ ਸਤਿਗੁਰ ਸਰਣਿ ਪਰਹੁ, ਤਾ ਉਬਰਹੁ; ਇਉ ਤਰੀਐ ਭਵਜਲੁ ਭਾਈ ਹੇ॥ (ਮਾਰੂ/ਮ : ੧/੧੦੨੫-੨੬), ਕਾਮ, ਕ੍ਰੋਧ, ਲੋਭੁ,  ਮੋਹੁ ਤਜੋ ॥ ਜਨਮ ਮਰਨ, ਦੁਹੁ ਤੇ ਰਹਿਓ ॥ (ਗਉੜੀ/ਮ : ੫/੨੪੧), ਕਰਮ ਧਰਮ ਤੁਮ੍ ਚਉਪੜਿ ਸਾਜਹੁ; ਸਤੁ ਕਰਹੁ ਤੁਮ੍ ਸਾਰੀ ॥ ਕਾਮੁ, ਕ੍ਰੋਧੁ, ਲੋਭੁ, ਮੋਹੁ ਜੀਤਹੁ; ਐਸੀ ਖੇਲ, ਹਰਿ ਪਿਆਰੀ॥’’ (ਬਸੰਤੁ/ਮ : ੫/੧੧੮੫) ‘ਕਾਮ’ ਦੇ ਵਿਸ਼ੇ ਨੂੰ ਪੰਚਮ ਪਾਤਸ਼ਾਹ ਦੇ ਇਨ੍ਹਾਂ ਬਚਨਾਂ ਸਹਿਤ ਸਮਾਪਤ ਕਰਦੇ ਹਾਂ ਕਿ ਗੁਰੂ ਦੇ ਉਪਦੇਸ਼ ਨੂੰ ਧਿਆਨ ਨਾਲ਼ ਸੁਣ ਕੇ ਮੰਨਣ ਨਾਲ਼ ਸਾਰੇ ਡਰ ਤੇ ਕਾਮ, ਕ੍ਰੋਧ ਆਦਿ ਵਿਕਾਰ ਨਾਸ ਹੋ ਜਾਂਦੇ ਹਨ ਤੇ ਪ੍ਰਮਾਤਮਾ ਦੇ ਨਾਮ ਦਾ ਹਿਰਦੇ ’ਚ ਵਾਸਾ ਹੋ ਜਾਂਦਾ ਹੈ : ‘‘ਕਾਮ ਕ੍ਰੋਧ ਸਿਉ, ਠਾਟੁ ਨ ਬਨਿਆ॥ ਗੁਰ ਉਪਦੇਸੁ, ਮੋਹਿ ਕਾਨੀ ਸੁਨਿਆ॥ ਜਹ ਦੇਖਉ, ਤਹ ਮਹਾ ਚੰਡਾਲ ॥ ਰਾਖਿ ਲੀਏ, ਅਪੁਨੈ ਗੁਰਿ ਗੋਪਾਲ॥ (ਬਿਭਾਸ ਪ੍ਰਭਾਤੀ/ਮ : ੫/੧੩੪੭), ਸੇ ਧਨਵੰਤ, ਜਿਨ ਹਰਿ ਪ੍ਰਭੁ ਰਾਸਿ॥ ਕਾਮ ਕ੍ਰੋਧ, ਗੁਰ ਸਬਦਿ ਨਾਸਿ॥ ਭੈ ਬਿਨਸੇ, ਨਿਰਭੈ ਪਦੁ ਪਾਇਆ॥ ਗੁਰ ਮਿਲਿ ਨਾਨਕਿ, ਖਸਮੁ ਧਿਆਇਆ ॥’’ (ਬਸੰਤ/ਮ : ੫/੧੧੮੩-੮੪)

(19). ਕ੍ਰੋਧ : ਅੱਜ ਦੇ ਜੁਗ ’ਚ ਹਰ ਮਨੁੱਖ ਆਪਣੀ ਮੱਤ ਨੂੰ ਉੱਚੀ ਸਮਝਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਆਲੇ ਦੁਆਲੇ ਦੇ ਸਾਕ ਸੰਬੰਧੀ, ਮਿੱਤਰ ਆਦਿ ਵੀ ਉਸ ਦੀ ਆਪਣੀ ਅਕਲ ’ਤੇ ਉਸ ਦੇ ਕਹੇ ਮੁਤਾਬਕ ਹੀ ਵਰਤਾਉ ਕਰਨ; ਅਜਿਹੀ ਸੋਚ ਰੱਖਣ ਕਰਕੇ ਭਾਵ ਕਿਸੇ ਦੇ ਵੱਖਰੇ ਵਤੀਰੇ ਕਾਰਨ ਕਮਜ਼ੋਰ (ਅਗਿਆਨੀ) ਮਨ ਵਾਲਾ ਮਨੁੱਖ ਛੇਤੀ ਹੀ ਗ਼ੁੱਸਾ ਕਰ ਬੈਠਦਾ ਹੈ। ਇੰਞ ਹੀ ਜਿੱਥੇ ਕਿੱਥੇ ਵੱਸ ਚੱਲਦਾ ਹੋਵੇ (ਜਿਵੇਂ ਕਿ ਮਾਪਿਆਂ ਦਾ ਛੋਟੇ ਬੱਚਿਆਂ ’ਤੇ) ਹੋਰਨਾਂ ਉੱਪਰ ਆਪਣੀ ਤਾਕਤ ਅਜ਼ਮਾਉਣ ਲਈ ਵੀ ਮਨੁੱਖ ਗ਼ੁੱਸਾ ਕਰ ਲੈਂਦਾ ਹੈ। ਝਗੜੇ ਦੇ ਮੂਲ ਕਾਰਨ ‘ਕ੍ਰੋਧ’ ਨੂੰ ਮੁਖ਼ਾਤਬ ਹੁੰਦਿਆਂ ਪੰਚਮ ਪਾਤਸ਼ਾਹ ਫ਼ੁਰਮਾਉਂਦੇ ਹਨ : ‘‘ਹੇ ਕਲਿ ਮੂਲ ਕ੍ਰੋਧੰ ! ਕਦੰਚ ਕਰੁਣਾ ਨ ਉਪਰਜਤੇ ॥ ਬਿਖਯੰਤ ਜੀਵੰ ਵਸ੍ਹੰ ਕਰੋਤਿ; ਨਿਰਤ੍ਹੰ ਕਰੋਤਿ ਜਥਾ ਮਰਕਟਹ ॥ ਅਨਿਕ ਸਾਸਨ ਤਾੜੰਤਿ ਜਮਦੂਤਹ; ਤਵ ਸੰਗੇ ਅਧਮੰ ਨਰਹ ॥’’ (ਸਹਸਕ੍ਰਿਤੀ/ਮ : ੫/੧੩੫੮) ਭਾਵ ਕਿ ਹੇ ਝਗੜੇ ਦੇ ਮੁੱਢ ਕ੍ਰੋਧ ! ਤੇਰੇ ਅੰਦਰ ਕਦੀ ਦਇਆ ਨਹੀਂ ਉਪਜਦੀ। ਤੇਰੇ ਵੱਸ ’ਚ ਆਉਣ ਕਰ ਕੇ, ਵਿਸ਼ਈ ਜੀਵ ਬਾਂਦਰਾਂ ਦੀ ਤਰ੍ਹਾਂ ਨੱਚਦੇ ਹਨ ਤੇ ਤੇਰੀ ਸੰਗਤ ’ਚ ਰਹਿਣ ਨਾਲ਼ ਨੀਚ ਸੁਭਾਅ ਵਾਲੇ ਬਣ ਜਾਂਦੇ ਹਨ।

ਧਿਆਨ ਰਹੇ ਕਿ ਅਜਿਹਾ ਚੰਡਾਲ ਕ੍ਰੋਧ ਮਨੁੱਖ ਦੇ ਸਰੀਰ (ਹਿਰਦੇ) ਅੰਦਰ ਹੀ ਵੱਸਦਾ ਹੈ। ਅਗਿਆਨਤਾ ਦੇ ਹਨੇਰੇ ਕਰਕੇ ਮਨੁੱਖ ਨੂੰ ਸਹੀ ਜੀਵਨ ਰਸਤਾ ਨਹੀਂ ਲੱਭਦਾ ਤੇ ਇੰਞ ਵੱਸ ’ਚ ਨਾ ਆਉਣ ਵਾਲੇ ਕ੍ਰੋਧ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ; ਜਿਵੇਂ ਕਿ ਗੁਰ ਵਾਕ ਹਨ : ‘‘ਬਸਇ ਕਰੋਧੁ, ਸਰੀਰਿ ਚੰਡਾਰਾ ॥ ਅਗਿਆਨਿ ਨ ਸੂਝੈ,  ਮਹਾ ਗੁਬਾਰਾ ॥ (ਸੂਹੀ/ਮ : ੫/੭੫੯), ਕਠਨ ਕਰੋਧ ਘਟ ਹੀ ਕੇ ਭੀਤਰਿ; ਜਿਹ ਸੁਧਿ ਸਭ ਬਿਸਰਾਈ ॥ ਰਤਨੁ ਗਿਆਨੁ, ਸਭ ਕੋ ਹਿਰਿ ਲੀਨਾ; ਤਾ ਸਿਉ ਕਛੁ ਨ ਬਸਾਈ ॥’’ (ਗਉੜੀ/ਮ : ੯/੨੧੯)

ਇਸ ਲਈ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸਾਨੂੰ ਕ੍ਰੋਧ ਤੋਂ ਦੂਰ ਭੱਜ ਜਾਣ ਦਾ ਉਪਦੇਸ਼ ਕਰਦੇ ਹਨ : ‘‘ਸਾਧੋ ! ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ; ਤਾ ਤੇ ਅਹਿਨਿਸਿ ਭਾਗਉ ॥’’ (ਗਉੜੀ/ਮ : ੯/੨੧੯) ਕ੍ਰੋਧ ਦੇ ਹਨੇਰੇ ਕਰਕੇ ਹੋਈ ਅਗਿਆਨਤਾ ਨੂੰ ਸਤਿਗੁਰੂ ਦੇ ਸ਼ਬਦ ਰੂਪੀ ਦੀਵੇ ਨਾਲ਼ ਹੀ ਮਿਟਾਇਆ ਜਾ ਸਕਦਾ ਹੈ (ਸਤਿਗੁਰ ਸਬਦਿ, ਕਰੋਧੁ ਜਲਾਵੈ ॥ ਆਸਾ/ਮ : ੧/੪੧੧) ਸਾਨੂੰ ਇਹ ਵੀ ਯਾਦ ਰੱਖਣਾ ਪਵੇਗਾ ਕਿ ਕਿਸੇ ਮਨੁੱਖ ਦਾ ਵਤੀਰਾ ਤਾਂ ਜ਼ਰੂਰ ਭੈੜਾ ਹੋ ਸਕਦਾ ਹੈ ਪਰ ਮੂਲ ਰੂਪ ਵਿੱਚ ਕੋਈ ਵੀ ਮਨੁੱਖ ਮਾੜਾ ਨਹੀਂ ਹੁੰਦਾ; (ਮੰਦਾ ਕਿਸ ਨੋ ਆਖੀਐ ? ਜਾਂ ਤਿਸੁ ਬਿਨੁ ਕੋਈ ਨਾਹਿ॥ ਮ : ੫/੧੩੮੧) ਨਿਮਰਤਾ ਤੇ ਸੱਚ ਭਰਪੂਰ ਅਜਿਹੀ ਸੋਚ ਨੂੰ ਹੋਰ ਵੀ ਮਜ਼ਬੂਤ ਆਧਾਰ ਪ੍ਰਦਾਨ ਕਰਨ ਲਈ ਕੁਝ ਗੁਰ ਬਚਨ ਬਹੁਤ ਲਾਭਕਾਰੀ ਸਾਬਤ ਹੋ ਸਕਦੇ ਹਨ; ਜਿਵੇਂ ਕਿ ‘‘ਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ ॥ (ਧਨਾਸਰੀ/ਮ : ੫/੬੭੧), ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥ (ਕਾਨੜਾ/ਮ : ੫/੧੨੯੯), ਸਭ ਮਹਿ ਜੋਤਿ, ਜੋਤਿ ਹੈ ਸੋਇ ॥ ਤਿਸ ਦੈ ਚਾਨਣਿ, ਸਭ ਮਹਿ ਚਾਨਣੁ ਹੋਇ ॥’’ (ਧਨਾਸਰੀ/ਮ : ੫/੧੩) ਇੰਞ ਗੁਰੂ ਦੇ ਸ਼ਬਦ ਰਾਹੀਂ ਅਸੀਂ ਕ੍ਰੋਧ ਤੇ ਫ਼ਤਿਹ ਹਾਸਲ ਕਰ ਸਕਦੇ ਹਾਂ ਅਤੇ ਇਸ ਗੱਲ ਦੀ ਗਵਾਹੀ ਭਰ ਸਕਦੇ ਹਾਂ ਕਿ ਗੁਰੂ ਨੂੰ ਮਿਲ ਕੇ ਹੀ ਕਾਮ, ਕ੍ਰੋਧ ਆਦਿ ਦੇ ਗੜ੍ਹ ਨੂੰ ਢਹਿ ਢੇਰੀ ਕੀਤਾ ਜਾ ਸਕਦਾ ਹੈ : ‘‘ਕਾਮਿ, ਕਰੋਧਿ, ਨਗਰੁ ਬਹੁ ਭਰਿਆ; ਮਿਲਿ ਸਾਧੂ, ਖੰਡਲ ਖੰਡਾ ਹੇ ॥’’ (ਗਉੜੀ ਪੂਰਬੀ/ਮ : ੪/੧੭੧)

(20). ਕਰਮਕਾਂਡ : ਭਾਵੇਂ ਕਿ ਵੱਖ-ਵੱਖ ਕਰਮ ਕਾਂਡਾਂ ਨੂੰ ਹੋਰਨਾਂ ਨੁਕਤਿਆਂ ਹੇਠ ਵੀ ਵਿਚਾਰਿਆ ਗਿਆ ਹੈ, ਫਿਰ ਵੀ ਸੰਖੇਪ ’ਚ ਹਵਾਲੇ ਵਜੋਂ ਗੁਰ ਉਪਦੇਸ਼ ਨੂੰ ਵਿਚਾਰਨਾ ਲਾਭਦਾਇਕ ਰਹੇਗਾ। ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਰਮਕਾਂਡ ਕੇਵਲ ਅਹੰਕਾਰ ਹੀ ਪੈਦਾ ਕਰਦੇ ਹਨ : ‘‘ਕਰਮਕਾਂਡ, ਬਹੁ ਕਰਹਿ ਅਚਾਰ ॥ ਬਿਨੁ ਨਾਵੈ; ਧ੍ਰਿਗੁ ਧ੍ਰਿਗੁ ਅਹੰਕਾਰ ॥ (ਗਉੜੀ ਗੁਆਰੇਰੀ ਮਹਲਾ ੩/੧੬੨), ਰਾਮ ਨਾਮ, ਗੁਣ ਗਾਇ ਪੰਡਿਤ  !॥ ਕਰਮਕਾਂਡ, ਅਹੰਕਾਰੁ ਨ ਕਾਜੈ; ਕੁਸਲ ਸੇਤੀ ਘਰ ਜਾਹਿ ਪੰਡਿਤ ! ॥’’ (ਰਾਮਕਲੀ ਮਹਲਾ ੫/੮੯੧)

ਰੱਬ ਦਾ ਨਾਮ ਸਾਰੀਆਂ ਹੀ ਧਾਰਮਕ ਰਸਮਾਂ ਨਾਲ਼ੋਂ ਸਰਬੋਤਮ ਹੈ, ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ : ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ, ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ॥’’ (ਸੂਹੀ/ਮ : ੫/੭੪੭)

—–ਚਲਦਾ—–

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪਹਿਲਾਂ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਤੀਜਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਚੌਥਾ)

ਸਮੁੱਚੇ ਗੁਰੂ ਗ੍ਰੰਥ ਸਾਹਿਬ (ਫ਼ਲਸਫ਼ੇ) ’ਚੋਂ ਅਜੋਕੇ ਸਿੱਖ ਲਈ 50 ਮਹੱਤਵ ਪੂਰਨ ਹਿਦਾਇਤਾਂ (ਭਾਗ ਪੰਜਵਾਂ)