45.7 C
Jalandhar
Wednesday, June 11, 2025
spot_img
Home Blog Page 6

ਚਾਰ ਗੁਰ ਪੁਰਬ ਇਕੱਠੇ ਆਉਣ ਦੇ ਕਾਰਨ

0

ਚਾਰ ਗੁਰ ਪੁਰਬ ਇਕੱਠੇ ਆਉਣ ਦੇ ਕਾਰਨ

ਕਿਰਪਾਲ ਸਿੰਘ ਬਠਿੰਡਾ

ਕਰਤਾਰਪੁਰੀ ਬੀੜ ’ਚ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ਼ ਭਾਦੋਂ ਸੁਦੀ ੧੫ ਬਿ: ੧੬੩੧ ਦਰਜ ਹੈ। ਇਸ ਤਿੱਥ ਨੂੰ ਦੂਸਰੀਆਂ ਪਧਤੀਆਂ ’ਚ ਤਬਦੀਲ ਕਰਨ ’ਤੇ ਬਣਦਾ ਹੈ ‘੨ ਅੱਸੂ  ਬਿ: ੧੬੩੧/1 ਸਤੰਬਰ 1574 ਈ:’। ਇਸ ਤਰੀਖ਼ ਸਬੰਧੀ ਪੰਥ ’ਚ ਕੋਈ ਵੀ ਵਿਵਾਦ ਨਹੀਂ ਹੈ। ਪੁਰਾਤਨ ਅਤੇ ਨਵੀਨ ਲਿਖਾਰੀ ਤਕਰੀਬਨ ਸਾਰੇ ਹੀ ਇਨ੍ਹਾਂ ਤਾਰੀਖ਼ਾਂ ਨਾਲ ਸਹਿਮਤ ਹਨ। ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਬਾਣੀ ਰਾਮਕਲੀ ਸਦੁ  ਇਹ ਗਵਾਹੀ ਭਰਦੀ ਹੈ ਕਿ ਜਿਸ ਦਿਨ ਗੁਰੂ ਅਮਰਦਾਸ ਜੀ ਜੋਤੀ-ਜੋਤ ਸਮਾਏ ਉਸੇ ਦਿਨ ਪਹਿਲਾਂ ਉਨ੍ਹਾਂ ਨੇ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਜੈਸਾ ਕਿ ਬਚਨ ਹਨ :

ਰਾਮਕਲੀ ਸਦੁ ਜਗਿ ਦਾਤਾ ਸੋਇ; ਭਗਤਿ ਵਛਲੁ ਤਿਹੁ ਲੋਇ ਜੀਉ ਗੁਰ ਸਬਦਿ ਸਮਾਵਏ; ਅਵਰੁ ਜਾਣੈ ਕੋਇ ਜੀਉ ਅਵਰੋ ਜਾਣਹਿ ਸਬਦਿ ਗੁਰ ਕੈ; ਏਕੁ ਨਾਮੁ ਧਿਆਵਹੇ ਪਰਸਾਦਿ ਨਾਨਕ ਗੁਰੂ ਅੰਗਦ; ਪਰਮ ਪਦਵੀ ਪਾਵਹੇ ਆਇਆ ਹਕਾਰਾ ਚਲਣਵਾਰਾ; ਹਰਿ ਰਾਮ ਨਾਮਿ ਸਮਾਇਆ ਜਗਿ, ਅਮਰੁ ਅਟਲੁ ਅਤੋਲੁ ਠਾਕੁਰੁ; ਭਗਤਿ ਤੇ ਹਰਿ ਪਾਇਆ ਅਰਥ :  ਜੋ ਅਕਾਲ ਪੁਰਖ ਜਗਤ ਵਿਚ ਦਾਤਾਂ ਬਖ਼ਸ਼ਣ ਵਾਲਾ ਹੈ, ਜੋ ਤਿੰਨਾਂ ਲੋਕਾਂ ਵਿਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ, ਉਸ ਅਕਾਲ ਪੁਰਖ ਵਿਚ ਗੁਰੂ ਅਮਰਦਾਸ ਜੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਰਹੇ ਹਨ, ਸਤਿਗੁਰੂ ਦੇ ਸ਼ਬਦਿ ਦੀ ਬਰਕਤਿ ਨਾਲ (ਅਕਾਲ ਪੁਰਖ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦੇ, ਕੇਵਲ ਇੱਕ ‘ਨਾਮ’ ਨੂੰ ਧਿਆਉਂਦੇ ਰਹੇ; ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਆਪ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁਕੇ ਹਨ। (ਜਿਹੜਾ ਗੁਰੂ ਅਮਰਦਾਸ) ਅਕਾਲ ਪੁਰਖ ਦੇ ਨਾਮ ਵਿਚ ਲੀਨ ਸੀ, (ਧੁਰੋਂ) ਉਸ ਦੇ ਚੱਲਣ ਦਾ ਸੱਦਾ ਆ ਗਿਆ; (ਗੁਰੂ ਅਮਰਦਾਸ ਜੀ ਨੇ) ਜਗਤ ਵਿਚ (ਰਹਿੰਦਿਆਂ) ਅਮਰ, ਅਟੱਲ, ਅਤੋਲ ਠਾਕੁਰ ਨੂੰ ਭਗਤੀ ਦੀ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ।

ਹਰਿ ਭਾਣਾ, ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ਸਤਿਗੁਰੁ ਕਰੇ ਹਰਿ ਪਹਿ ਬੇਨਤੀ; ਮੇਰੀ ਪੈਜ ਰਖਹੁ  ! ਅਰਦਾਸਿ ਜੀਉ ਪੈਜ ਰਾਖਹੁ ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ ਅੰਤਿ ਚਲਦਿਆ ਹੋਇ ਬੇਲੀ, ਜਮਦੂਤ ਕਾਲੁ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ; ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ਹਰਿ ਧਾਰਿ ਕਿਰਪਾ, ਸਤਿਗੁਰੁ ਮਿਲਾਇਆ; ਧਨੁ ਧਨੁ ਕਹੈ ਸਾਬਾਸਿ ਜੀਉ ਅਰਥ : ਅਕਾਲ ਪੁਰਖ ਦੀ ਰਜ਼ਾ ਗੁਰੂ ਅਮਰਦਾਸ ਜੀ ਨੂੰ ਪਿਆਰੀ ਲੱਗੀ ਅਤੇ ਸਤਿਗੁਰੂ ਜੀ ਅਕਾਲ ਪੁਰਖ ਦੇ ਕੋਲ ਜਾਣ ਨੂੰ ਤਿਆਰ ਹਨ। ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ‘ਹੇ ਹਰੀ  ! ਮੇਰੀ ਅਰਦਾਸ ਹੈ ਕਿ ਮੇਰੀ ਲਾਜ ਰੱਖੋ। ਹੇ ਹਰੀ ! ਆਪਣੇ ਸੇਵਕਾਂ ਦੀ ਲਾਜ ਰੱਖ ਅਤੇ ਮਾਇਆ ਤੋਂ ਨਿਰਮੋਹ ਕਰਨ ਵਾਲਾ ਆਪਣਾ ਨਾਮ ਬਖ਼ਸ਼, ਜਮਦੂਤਾਂ ਅਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇਹ, ਜੋ ਅਖ਼ੀਰ ਚੱਲਣ ਵੇਲੇ ਸਾਥੀ ਬਣੇ।’ ਸਤਿਗੁਰੂ ਦੁਆਰਾ ਕੀਤੀ ਇਹ ਬੇਨਤੀ, ਇਹ ਅਰਦਾਸ, ਅਕਾਲ ਪੁਰਖ ਪ੍ਰਭੂ ਨੇ ਸੁਣ ਲਈ ਅਤੇ ਮਿਹਰ ਕਰ ਕੇ ਉਸ ਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਅਤੇ ਕਹਿਣ ਲੱਗਾ-ਸ਼ਾਬਾਸ਼ੇ ! ਤੂੰ ਧੰਨ ਹੈਂ, ਤੂੰ ਧੰਨ ਹੈਂ।

ਮੇਰੇ ਸਿਖ ਸੁਣਹੁ ਪੁਤ ਭਾਈਹੋ  ! ਮੇਰੈ ਹਰਿ ਭਾਣਾ, ਆਉ ਮੈ ਪਾਸਿ ਜੀਉ ਹਰਿ ਭਾਣਾ ਗੁਰ ਭਾਇਆ; ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ਭਗਤੁ ਸਤਿਗੁਰੁ ਪੁਰਖੁ ਸੋਈ; ਜਿਸੁ ਹਰਿ ਪ੍ਰਭ ਭਾਣਾ ਭਾਵਏ ਆਨੰਦ ਅਨਹਦ ਵਜਹਿ ਵਾਜੇ; ਹਰਿ ਆਪਿ ਗਲਿ ਮੇਲਾਵਏ ਤੁਸੀ ਪੁਤ ਭਾਈ ਪਰਵਾਰੁ ਮੇਰਾ; ਮਨਿ ਵੇਖਹੁ ਕਰਿ ਨਿਰਜਾਸਿ ਜੀਉ ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ਅਰਥ : ਹੇ ਮੇਰੇ ਸਿੱਖੋ ! ਹੇ ਮੇਰੇ ਪੁੱਤ੍ਰੋ ! ਹੇ ਮੇਰੇ ਭਰਾਵੋ ! ਸੁਣੋ, ਮੇਰੇ ਅਕਾਲ ਪੁਰਖ ਨੂੰ ਇਹੀ ਚੰਗਾ ਲੱਗਾ ਤੇ ਮੈਨੂੰ ਉਸ ਨੇ ਹੁਕਮ ਕੀਤਾ ਹੈ  ਮੇਰੇ ਕੋਲ ਆਓ। ਅਕਾਲ ਪੁਰਖ ਦੀ ਰਜ਼ਾ ਗੁਰੂ ਨੂੰ (ਭੀ) ਪਸੰਦ ਹੈ, ਮੇਰਾ ਪ੍ਰਭੂ (ਮੈਨੂੰ ਭਾਵ ਗੁਰੂ ਅਮਰ ਦਾਸ ਜੀ ਨੂੰ) ਸ਼ਾਬਾਸ਼ ਦੇ ਰਿਹਾ ਹੈ। ਉਹੀ ਮਨੁੱਖ ਭਗਤ ਹੈ ਤੇ ਪੂਰਾ ਗੁਰੂ ਹੈ, ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ; ਉਸ ਦੇ ਅੰਦਰ ਅਨੰਦ ਦੇ ਵਾਜੇ ਇੱਕ-ਰਸ ਵੱਜਦੇ ਹਨ, ਅਕਾਲ ਪੁਰਖ ਉਸ ਨੂੰ ਆਪ ਆਪਣੇ ਗਲ਼ ਨਾਲ ਲਾਉਂਦਾ ਹੈ। ਗੁਰੂ ਜੀ ਪਰਵਾਰ ਨੂੰ ਸੰਬੋਧਨ ਕਰਦੇ ਆਖਦੇ ਹਨ ਕਿ ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ, ਮੇਰਾ ਪਰਵਾਰ ਹੋ; ਮਨ ਵਿਚ ਨਿਰਣਾ ਧਾਰ ਕੇ ਵੇਖਹੁ, ਕਿ ਧੁਰੋਂ ਲਿਖਿਆ ਹੋਇਆ ਹੁਕਮ (ਮੌਤ ਦਾ ਸੁਨੇਹਾ); ਕਦੇ ਟਲ ਨਹੀਂ ਸਕਦਾ। ਸੋ ਹੁਣ ਗੁਰੂ; ਅਕਾਲ ਪੁਰਖ ਦੇ ਕੋਲ ਜਾ ਰਿਹਾ ਹੈ।

 ਸਤਿਗੁਰਿ ਭਾਣੈ ਆਪਣੈ; ਬਹਿ, ਪਰਵਾਰੁ ਸਦਾਇਆ ਮਤ, ਮੈ ਪਿਛੈ ਕੋਈ ਰੋਵਸੀ; ਸੋ, ਮੈ ਮੂਲਿ ਭਾਇਆ ਮਿਤੁ ਪੈਝੈ, ਮਿਤੁ ਬਿਗਸੈ; ਜਿਸੁ ਮਿਤ ਕੀ ਪੈਜ ਭਾਵਏ ਤੁਸੀ ਵੀਚਾਰਿ ਦੇਖਹੁ ਪੁਤ ਭਾਈ; ਹਰਿ ਸਤਿਗੁਰੂ ਪੈਨਾਵਏ ਸਤਿਗੁਰੂ ਪਰਤਖਿ ਹੋਦੈ; ਬਹਿ ਰਾਜੁ ਆਪਿ ਟਿਕਾਇਆ ਸਭਿ ਸਿਖ ਬੰਧਪ ਪੁਤ ਭਾਈ; ਰਾਮਦਾਸ ਪੈਰੀ ਪਾਇਆ ਅਰਥ : ਗੁਰੂ ਅਮਰਦਾਸ ਜੀ ਨੇ ਅੰਤਮ ਸਮੇਂ ਆਪਣੀ ਇੱਛਾ ਅਨੁਸਾਰ ਸਾਰੇ ਪਰਵਾਰ ਨੂੰ ਬੁਲਾਇਆ ਅਤੇ ਸਮਝਾਇਆ ਕਿ ਜਦੋਂ ਕਿਸੇ ਪਿਆਰੇ-ਸਨੇਹੀ ਨੂੰ ਆਦਰ ਮਿਲਦਾ ਹੈ ਤਾਂ ਖੁਸ਼ ਹੋਈਦਾ ਹੈ। ਇਸ ਲਈ ਹੇ ਮੇਰੇ ਪੁੱਤਰੋ ਤੇ ਭਰਾਵੋ ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ (ਗੁਰੂ ਅਮਰਦਾਸ ਜੀ) ਨੂੰ ਆਪਣੀ ਦਰਗਾਹ ’ਚ ਆਦਰ ਦੇ ਰਿਹਾ ਹੈ, ਤੁਸੀਂ ਭੀ ਖ਼ੁਸ਼ ਰਹਿਣਾ; ਮਤਾਂ ਮੇਰੇ ਪਿਛੋਂ ਕੋਈ ਰੋਵੇ, ਐਸੀ ਖ਼ੁਸ਼ੀ ਸਮੇਂ ਰੋਣ ਵਾਲਾ ਵਿਅਕਤੀ ਮੈਨੂੰ ਉੱਕਾ ਹੀ ਪਸੰਦ ਨਹੀਂ। ਇਸ ਉਪਦੇਸ਼ ਉਪਰੰਤ ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ (ਗੁਰੂ) ਰਾਮਦਾਸ ਜੀ ਨੂੰ ਆਪ ਗੁਰਿਆਈ ਬਖ਼ਸ਼ ਦਿੱਤੀ ਅਤੇ ਸਾਰੇ ਸਿੱਖਾਂ ਨੂੰ, ਸਾਕਾਂ-ਅੰਗਾਂ ਨੂੰ, ਪੁਤ੍ਰਾਂ ਨੂੰ, ਭਰਾਵਾਂ ਆਦਿ ਨੂੰ (ਗੁਰੂ) ਰਾਮਦਾਸ ਜੀ ਦੇ ਚਰਨੀਂ ਲਗਾ ਦਿੱਤਾ।

ਅੰਤੇ, ਸਤਿਗੁਰੁ ਬੋਲਿਆ; ਮੈ ਪਿਛੈ, ਕੀਰਤਨੁ ਕਰਿਅਹੁ ਨਿਰਬਾਣੁ ਜੀਉ   ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ   ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ; ਬੇਬਾਣੁ, ਹਰਿ ਰੰਗੁ ਗੁਰ ਭਾਵਏ   ਪ੍ਰਿੰਡੁ ਪਤਲਿ ਕਿਰਿਆ ਦੀਵਾ ਫੁਲ; ਹਰਿ ਸਰਿ ਪਾਵਏ   ਹਰਿ ਭਾਇਆ ਸਤਿਗੁਰੁ ਬੋਲਿਆ; ਹਰਿ ਮਿਲਿਆ ਪੁਰਖੁ ਸੁਜਾਣੁ ਜੀਉ   ਰਾਮਦਾਸ ਸੋਢੀ ਤਿਲਕੁ ਦੀਆ; ਗੁਰ ਸਬਦੁ ਸਚੁ ਨੀਸਾਣੁ ਜੀਉ ਅਰਥ : ਜੋਤੀ ਜੋਤਿ ਸਮਾਉਣ ਵੇਲੇ ਗੁਰੂ ਅਮਰਦਾਸ ਜੀ ਨੇ ਇਹ ਭੀ ਸਮਝਾਇਆ ਕਿ ਮੇਰੇ ਪਿੱਛੋਂ ਨਿਰੋਲ ਕੀਰਤਨ ਕੀਤਾ ਜਾਵੇ। [ਗੁਰਬਾਣੀ ਵਿਆਕਰਨ ਦੀ ਸੋਝੀ ਨਾ ਹੋਣ ਕਾਰਨ ਅਗਲੀ ਤੁੱਕ ਦੇ ਅਰਥ ਕਰਨ ਸਮੇਂ ਬਹੁਤ ਸਾਰੇ ਸਿੱਖ ਟਪਲਾ ਖਾ ਜਾਂਦੇ ਹਨ ਅਤੇ ਸਮਝ ਬੈਠਦੇ ਹਨ ਕਿ ਜੋਤੀ-ਜੋਤ ਸਮਾਉਣ ਸਮੇਂ ਗੁਰੂ ਜੀ ਦੀ ਉਮਰ 95 ਸਾਲ ਸੀ। ਬ੍ਰਾਹਮਣੀ ਰੀਤੀ ਰਿਵਾਜ਼ ਅਨੁਸਾਰ ਇਸ ਵਡੇਰੀ ਉਮਰ ਦੇ ਵਿਅਕਤੀ ਵੱਲੋਂ ਚੜ੍ਹਾਈ ਕਰਨ ਪਿੱਛੋਂ ਉਨ੍ਹਾਂ ਨੂੰ ਵੱਡਾ ਕੀਤਾ ਜਾਂਦਾ ਹੈ ਭਾਵ ਬੇਬਾਣ ਕੱਢਿਆ ਜਾਂਦਾ ਸੀ। ਅੱਗੇ ਸ਼ਿਵ ਪੁਰੀ ’ਚ ਪਹੁੰਚਣ ਦਾ ਰਸਤਾ ਬੜਾ ਘੁੱਪ ਹਨ੍ਹੇਰ ਵਾਲਾ ਹੁੰਦਾ ਹੈ; ਰਸਤੇ ’ਚ ਚਾਨਣ ਲਈ ਮਿਰਤਕ ਪ੍ਰਾਣੀ ਦੇ ਹੱਥਾਂ ’ਚ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ। ਉਸ ਦੇ ਫੁੱਲ (ਸਸਕਾਰ ਪਿੱਛੋਂ ਬਚੀਆਂ ਕੁਝ ਹੱਡੀਆਂ) ਚੁਗ ਕੇ ਹਰਦੁਆਰ (ਉਤਰਾਖੰਡ) ਵਿਖੇ ਗੰਗਾ ਨਦੀ ’ਚ ਪਾਏ ਜਾਂਦੇ ਸਨ। ਅੰਤਮ ਕਿਰਿਆ ਕਿਸੇ ਪੰਡਿਤ ਤੋਂ ਕਰਵਾਈ ਜਾਂਦੀ ਹੈ, ਜੋ ਆ ਕੇ ਗਰੁੜ ਪੁਰਾਣ ਦੀ ਕਥਾ ਪੜ੍ਹਦਾ ਸੀ। ਇਸ ਪਦੇ ’ਚ ਕੇਸੋ ਗੁਪਾਲ, ਪੰਡਿਤ, ਪੁਰਾਣ, ਪ੍ਰਿੰਡ, ਪਤਲ, ਕਿਰਿਆ, ਦੀਵਾ, ਫੁਲ ਆਦਿਕ ਰਵਾਇਤੀ ਸ਼ਬਦਾਂ ਦੀ ਵਰਤੋਂ ਕੀਤੀ ਹੋਣ ਕਾਰਨ ਆਮ ਬੰਦੇ ਨੂੰ ਭੁਲੇਖਾ ਲੱਗਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਫੁੱਲ ਹਰਦੁਆਰ ਪਾਏ ਜਾਣ ਅਤੇ ਕੇਸੋ ਗੁਪਾਲ ਨਾਮੀ ਪੰਡਿਤ ਨੂੰ ਬੁਲਾਉਣ ਲਈ ਪ੍ਰੇਰਿਆ ਹੈ; ਜੋ ਆ ਕੇ ਗਰੁੜ ਪੁਰਾਣ ਦੀ ਕਥਾ ਕਰੇਗਾ।]

‘ਗੋਪਾਲ’ ਅਤੇ ‘ਪੰਡਿਤ’ ਸ਼ਬਦ ਅੰਤ ਮੁਕਤੇ ਹੋਣ ਕਾਰਨ ਗੁਰਬਾਣੀ ਵਿਆਕਰਨ ਅਨੁਸਾਰ ਜਦੋਂ ਕਿਸੇ ਨਾਂਵ ਪੁਲਿੰਗ ਸ਼ਬਦ ਦਾ ਅੰਤਮ ਅੱਖਰ ਔਂਕੜ ਸਮੇਤ ਹੋਵੇ ਤਾਂ ਉਹ ਇੱਕ ਬਚਨ ਹੁੰਦਾ ਹੈ ਅਤੇ ਜਦ ਅੰਤਲਾ ਅੱਖਰ ਔਂਕੜ ਰਹਿਤ ਭਾਵ ਮੁਕਤਾ ਹੋਵੇ ਤਾਂ ਉਹ ਬਹੁ ਵਚਨ ਹੁੰਦਾ ਹੈ ਜਾਂ ਉਸ ਨਾਲ ਕੋਈ ਸਬੰਧਕੀ ਚਿੰਨ੍ਹ ‘ਦਾ, ਦੇ, ਦੀ’ ਆਦਿ ਹੁੰਦਾ ਹੈ ਜਾਂ ਉਹ ਸ਼ਬਦ ਸਬੋਧਨ ਰੂਪ ’ਚ ‘ਹੇ ਗੁਰ !, ਹੇ ਨਾਨਕ !, ਹੇ ਗੋਪਾਲ !’ ਆਦਿ ਹੁੰਦਾ ਹੈ। ਚਲਦੇ ਵਿਸ਼ੇ-ਪ੍ਰਸੰਗ ਅਨੁਸਾਰ ਇਸ ਵਾਕ ’ਚ ‘ਪੰਡਿਤ’ (ਅੰਤ ਮੁਕਤਾ) ਬਹੁ ਵਚਨ ਅਰਥਾਂ ਲਈ ਹੈ। ਬ੍ਰਾਹਮਣੀ ਰਵਾਇਤ ਅਨੁਸਾਰ ਮ੍ਰਿਤਕ ਪ੍ਰਾਣੀ ਦੇ ਘਰ ਬਹੁਤੇ ਪੰਡਿਤ ਇੱਕ ਸਾਥ ਨਹੀਂ ਆਉਂਦੇ ਬਲਕਿ ਇੱਕ ਪੰਡਿਤ ਨੂੰ ਹੀ ਸੱਦਿਆ ਜਾਂਦਾ ਹੈ ਜਦੋਂ ਕਿ ਸਿੱਖਾਂ ਦੀ ਅੰਤਮ ਅਰਦਾਸ ਸਮੇਂ ਗ੍ਰੰਥੀ ਸਿੰਘ, ਕਥਾ ਵਾਚਕ, ਰਾਗੀ ਜਥਾ ਅਤੇ ਅਰਦਾਸੀਆ ਸਿੰਘ ਬੁਲਾਇਆ ਜਾਂਦਾ ਹੈ। ‘ਕੇਸੋ’ ਅਤੇ ‘ਗੁਪਾਲ’ ਸ਼ਬਦ ਭੀ ਪ੍ਰਮਾਤਮਾ ਦੇ ਸੂਚਕ ਹਨ; ਜਿਵੇਂ ਕਿ ਭਗਤ ਕਬੀਰ ਸਾਹਿਬ ਜੀ ਦੇ ਭੀ ਬਚਨ ਹਨ, ‘‘ਕਬੀਰ  ! ਕੇਸੋ ਕੇਸੋ ਕੂਕੀਐ; ਸੋਈਐ ਅਸਾਰ ਰਾਤਿ ਦਿਵਸ ਕੇ ਕੂਕਨੇ; ਕਬਹੂ ਕੇ ਸੁਨੈ ਪੁਕਾਰ ੨੨੩’’ (ਭਗਤ ਕਬੀਰ ਜੀ/੧੩੭੬) ਅਰਥ : ਹੇ ਕਬੀਰ ! ਹਰ ਵੇਲ਼ੇ ਵਿਕਾਰਾਂ ਵੱਲੋਂ ਸਾਵਧਾਨ ਰਹੀਏ ਭਾਵ ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕਰਦੇ ਰਹਿਣਾ ਚਾਹੀਦਾ ਹੈ। ਦਿਨ ਰਾਤ ਭਾਵ ਹਰ ਵੇਲੇ ਪਰਮਾਤਮਾ ਨੂੰ ਸਿਮਰਨ ਨਾਲ਼ ਕਿਸੇ ਨ ਕਿਸੇ ਵੇਲੇ ਉਹ ਪ੍ਰਭੂ; ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ।

‘ਗੁਪਾਲ’ ਸ਼ਬਦ ਦੀ ਟੇਕ ਲੈ ਕੇ ਭਗਤ ਧੰਨਾ ਜੀ ਸਮਝਾ ਰਹੇ ਹਨ, ‘‘ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ਰਹਾਉ (ਭਗਤ ਧੰਨਾ ਜੀ/੬੯੫) ਅਰਥ : ਹੇ ਪ੍ਰਿਥਵੀ ਦੇ ਪਾਲਣਹਾਰ ਪ੍ਰਭੂ ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੈ ਸੁਣਿਆ ਹੈ ਕਿ) ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ; ਤੂੰ ਉਨ੍ਹਾਂ ਦੇ ਕੰਮ ਨੇਪਰੇ ਚਾੜ੍ਹ ਦਿੰਦਾ ਹੈਂ, ਇਸ ਲਈ ਮੇਰੀ ਭੀ ਬਾਂਹ ਫੜ।

ਵਿਚਾਰ : ਉਕਤ ਵਾਕ ’ਚ ‘ਗੋਪਾਲ’ ਸ਼ਬਦ ਅੰਤ ਮੁਕਤਾ ਹੋਣ ਕਾਰਨ ਸੰਬੋਧਨ ਰੂਪ ’ਚ ਵਰਤਿਆ ਹੈ ‘ਹੇ ਧਰਤੀ ਦੇ ਪਾਲਣਹਾਰ ਪ੍ਰਭੂ !’ ਜਦਕਿ ‘ਸਦੁ’ ਬਾਣੀ ਦੇ 5ਵੇਂ ਪਦੇ ’ਚ ‘ਗੋਪਾਲ’ ਨਾਲ਼ ਲੁਪਤ ਸੰਬੰਧਕੀ ਚਿੰਨ੍ਹ ‘ਦੇ’ ਹੈ; ਜਿਵੇਂ ਕਿ ‘ਗੁਰ ਪ੍ਰਸਾਦਿ’ ’ਚ ਲੁਪਤ ‘ਦੇ’ ਹੋਣ ਕਾਰਨ ਅਰਥ ਬਣਦਾ ਹੈ ‘ਗੁਰ ਦੀ ਕਿਰਪਾ ਨਾਲ’। ਇਸੇ ਤਰ੍ਹਾਂ ‘ਕੇਸੋ ਗੁਪਾਲ ਪੰਡਿਤ’ ਦਾ ਅਰਥ ਹੈ ‘ਪਾਲਣਹਾਰ-ਪ੍ਰਭੂ ਦੇ ਭਗਤ-ਪਿਆਰੇ’ ਭਾਵ ਸਤਸੰਗੀ ਜਨਾਂ ਨੂੰ ਬੁਲਾਉਣਾ ਹੈ, ਨਾ ਕਿ ਕਿਸੇ ਪੰਡਿਤ ਨੂੰ ਸੱਦ ਦੇ ਉਸ ਤੋਂ ਕਰਮਕਾਂਡ ਕਰਵਾਉਣਾ ਹੈ।

ਸੋ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਹਨ ਕਿ ਮੇਰੇ ਅਕਾਲ ਚਲਾਣਾ ਕਰਨ ਤੋਂ ਬਾਅਦ (ਅਕਾਲ ਪੁਰਖ) ਦੇ ਵਿਦਵਾਨ ਗੁਰਸਿੱਖਾਂ ਨੂੰ ਸੱਦਣਾ ਹੈ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ ਪੜ੍ਹਨ; ਇਹੀ ਅਸਲ ’ਚ ਸਿੱਖਾਂ ਲਈ ‘ਪੁਰਾਣ-ਕਥਾ’ ਹੈ। ਜੇ ‘ਪੁਰਾਣ ਦੀ ਕਥਾ’ ਕਰਨ ਦਾ ਆਦੇਸ਼ ਹੁੰਦਾ ਤਾਂ ਸਬੰਧਕੀ ‘ਦੀ’ ਚਿਨ੍ਹ’ ਲੈਣ ਲਈ ‘ਪੁਰਾਣੁ’ (ਅੰਤ ਔਂਕੜ) ਨਾ ਹੁੰਦਾ ਯਾਨੀ ‘ਪੁਰਾਣ’ ਭੀ ‘ਗੁਰ (ਪ੍ਰਸਾਦਿ) ਵਾਙ ਅੰਤ ਮੁਕਤ ਹੁੰਦਾ। ਆਪਣੇ ਵਾਕ ’ਚ ਅਗਾਂਹ ਭੀ ਸਮਝਾਉਂਦੇ ਹਨ ਕਿ (ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਹੈ। ਇਹੀ ਹੈ ‘ਪੁਰਾਣੁ’। ਆਖਰੀ ਗੱਲ ਹੈ ਕਿ ਕਰਮਕਾਂਡੀ ਲੋਕ ਹਰਦੁਆਰ ਵਿਖੇ ਕੇਵਲ ਫੁੱਲ ਪਾਉਂਦੇ ਹਨ; ਪਤਲਾਂ ’ਤੇ ਪ੍ਰਿੰਡ ਭਰਾਉਣੇ, ਦੀਵੇ ਜਗਾਉਣੇ ਕੇਵਲ ਮ੍ਰਿਤਕ ਪ੍ਰਾਣੀ ਦੇ ਘਰ ਜਾਂ ਮੰਦਿਰ ’ਚ ਰਸਮ-ਕਿਰਿਆ ਨਿਭਾਈ ਜਾਂਦੀ ਹੈ, ਨਾ ਕਿ ਹਰਦੁਆਰ ਵਿਖੇ ਪਾਏ ਜਾਂਦੇ ਹਨ ਜਦਕਿ ਉਕਤ ਵਾਕ ’ਚ ਇਨ੍ਹਾਂ ਸਾਰੀਆਂ ਵਸਤੂਆਂ ਨੂੰ ‘ਹਰਿ ਸਰਿ’ ਪਾਉਣ ਦੀ ਗੱਲ ਹੈ। ਕੋਸ਼ਾਂ ’ਚ ‘ਹਰਿ ਸਰਿ’ ਦਾ ਅਰਥ ‘ਹਰਦੁਆਰ’ ਕੀਤਾ ਨਹੀਂ ਮਿਲਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਮੁੱਚੇ ਰੂਪ ’ਚ ਅਰਥ ਭਾਵ ਸਮਝਿਆਂ ਵਾਕ ਦੇ ਅਰਥ ਬਣਦੇ ਹਨ ‘ਹਰੀ ਦੇ ਸਰੋਵਰ ਵਿੱਚ’ ਭਾਵ ਉਸ ਸਤ ਸੰਗਤ ਵਿੱਚ, ਜਿੱਥੇ ਹਰੀ ਦਾ ਜਸ ਕੀਰਤਨ ਕੀਤਾ ਜਾਂਦਾ ਹੈ। ਇਸ ਵਾਕ ’ਚ ‘ਪਾਵਏ’ (ਵਰਤਮਾਨ ਕਾਲ, ਇੱਕ ਵਚਨ ਕ੍ਰਿਆ) ਦਾ ਅਰਥ ਹੈ ‘ਪ੍ਰਿੰਡ, ਪੱਤਲ, ਕਿਰਿਆ, ਦੀਵਾ, ਫੁੱਲ, ਆਦਿ’ ਰਸਮਾਂ ਨੂੰ ਗੁਰੂ ਸਤਸੰਗ ਤੋਂ ਸਦਕੇ ਕੁਰਬਾਨ ਕਰਨਾ ਹੈ। ਜੇ ਇਹ ਸਭ ਚੀਜ਼ਾਂ ਹਰਦੁਆਰ ਪਾਉਣ ਦੀ ਗੱਲ ਹੁੰਦੀ ਤਾਂ ‘ਪਾਵਏ’ ਦੀ ਥਾਂ ਭਵਿਖਤ ਸੂਚਕ ਕਿਰਿਆ ‘ਪਾਇਓ ਜਾਂ ਪਾਇਹੁ’ ਹੁੰਦਾ।

ਸੋ ਜੇਕਰ ਥੋੜ੍ਹਾ ਜਿਹੀ ਭੀ ਗੁਰਬਾਣੀ ਲਿਖਤ ਦੀ ਸੋਝੀ ਹੋਵੇ ਤਾਂ ਗੁਰਮਤਿ ਦੇ ਗਹਿਰੇ ਰਾਜ਼ ਸਮਝਣ ’ਚ ਭੁਲੇਖਾ ਨਹੀਂ ਲੱਗਦਾ। ਗੁਰਬਾਣੀ ਸਿਧਾਂਤਾਂ ਬਾਰੇ ਨਾਸਮਝੀ ਹੀ ਸਿੱਖਾਂ ਨੂੰ ਬ੍ਰਾਹਮਣੀ ਕਰਮਕਾਂਡ ਕਰਨ ਵੱਲ ਲੈ ਜਾਂਦੀ ਹੈ। ਆਪਣੇ ਅੰਤਮ ਬੰਦ ’ਚ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਸਤਿਗੁਰੂ (ਅਮਰਦਾਸ ਜੀ) ਨੇ ਜੀਵਦਿਆਂ ਹੀ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦਾ) ਤਿਲਕ (ਅਤੇ) ਗੁਰੂ ਦਾ ਸ਼ਬਦ-ਭੰਡਾਰ ਖ਼ਜ਼ਾਨਾ ਬਖ਼ਸ਼ਿਆ ਹੈ :

ਸਤਿਗੁਰੁ ਪੁਰਖੁ ਜਿ ਬੋਲਿਆ; ਗੁਰਸਿਖਾ ਮੰਨਿ ਲਈ ਰਜਾਇ ਜੀਉ ਮੋਹਰੀ ਪੁਤੁ ਸਨਮੁਖੁ ਹੋਇਆ; ਰਾਮਦਾਸੈ ਪੈਰੀ ਪਾਇ ਜੀਉ ਸਭ ਪਵੈ ਪੈਰੀ ਸਤਿਗੁਰੂ ਕੇਰੀ; ਜਿਥੈ, ਗੁਰੂ ਆਪੁ ਰਖਿਆ ਕੋਈ ਕਰਿ ਬਖੀਲੀ ਨਿਵੈ ਨਾਹੀ; ਫਿਰਿ ਸਤਿਗੁਰੂ ਆਣਿ ਨਿਵਾਇਆ ਹਰਿ ਗੁਰਹਿ ਭਾਣਾ ਦੀਈ ਵਡਿਆਈ; ਧੁਰਿ ਲਿਖਿਆ ਲੇਖੁ ਰਜਾਇ ਜੀਉ ਕਹੈ ਸੁੰਦਰੁ ਸੁਣਹੁ ਸੰਤਹੁ  ! ਸਭੁ ਜਗਤੁ ਪੈਰੀ ਪਾਇ ਜੀਉ (ਰਾਮਕਲੀ ਸਦ/ਬਾਬਾ ਸੁੰਦਰ ਜੀ/੯੨੪) ਅਰਥ : ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ) ਤਾਂ ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ। (ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ; ਗੁਰੂ ਰਾਮਦਾਸ ਜੀ ਦੇ ਪੈਰਾਂ ’ਤੇ ਝੁਕ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਖਲੋਤੇ। ਗੁਰੂ ਰਾਮਦਾਸ ਜੀ ਅੰਦਰ ਗੁਰੂ (ਅਮਰਦਾਸ ਜੀ) ਨੇ ਆਪਣੀ ਜੋਤਿ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ। ਜੇ ਕੋਈ ਅਸਹਿਮਤੀ ਕਾਰਨ (ਪਹਿਲਾਂ) ਨਿਵਿਆ ਨਹੀਂ ਸੀ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਸਮਝਾ ਕੇ ਪੈਰੀਂ ਪਾ ਦਿੱਤਾ। ਬਾਬਾ ਸੁੰਦਰ ਜੀ ਆਖਦੇ ਹਨ-ਹੇ ਸੰਤਹੁ ! ਸੁਣੋ, ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਪਸੰਦ ਹੈ (ਕਿ ਮੌਤ ਨਿਸ਼ਚਿਤ ਹੈ, ਇਸ ਲਈ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਰੂਪ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਨਿਰਧਾਰਿਤ ਕੀਤਾ ਸੀ ਕਿ ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪੈਣਾ ਹੈ।

‘ਸਦੁ’ ਬਾਣੀ ਵਿਚਾਰਨ ਨਾਲ਼ ਕੋਈ ਸ਼ੱਕ ਨਹੀ ਰਹਿ ਜਾਂਦਾ ਕਿ ਗੁਰੂ ਰਾਮਦਾਸ ਜੀ ਨੂੰ ਉਸੇ ਦਿਨ ਗੁਰਿਆਈ ਬਖ਼ਸ਼ੀ ਗਈ, ਜਿਸ ਦਿਨ ਗੁਰੂ ਅਮਰਦਾਸ ਜੀ ਜੋਤੀ-ਜੋਤ ਸਮਾਏ ਸਨ। ਇਸ ਲਈ ਗੁਰੂ ਰਾਮਦਾਸ ਜੀ ਦੀ ਗੱਦੀ ਨਸ਼ੀਨੀ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀਂ ਆਪ ਭਾਦੋਂ ਸੁਦੀ ੧੫, ੨ ਅੱਸੂ  ਬਿਕ੍ਰਮੀ ੧੬੩੧/1 ਸਤੰਬਰ 1574 ਈ: ਨੂੰ ਕੀਤੀ, ਜਿਸ ਦਿਨ ਗੁਰੂ ਅਮਰਦਾਸ ਜੀ ਨੇ ਅਕਾਲ ਚਲਾਣਾ ਕੀਤਾ ਸੀ।

ਕਰਤਾਰਪੁਰ ਵਾਲੀ ਬੀੜ ’ਚ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤ ਸਮਾਉਣ ਦੀ ਮਿਤੀ ਭਾਦੋਂ ਸੁਦੀ ੩, ਬਿਕ੍ਰਮੀ ੧੬੩੮ ਦਰਜ ਹੈ। ਇਸ ਲਈ ਸਮੁੱਚਾ ਪੰਥ ਸਹਿਮਤ ਹੈ। ਕੋਈ ਵੀ ਮਤਭੇਦ ਨਹੀਂ ਹਨ। ਇਸ ਤਿੱਥ ਨੂੰ ਦੂਸਰੀਆਂ ਪਧਤੀਆਂ ’ਚ ਤਬਦੀਲ ਕਰਨ ’ਤੇ ‘੨ ਅੱਸੂ ਬਿਕ੍ਰਮੀ ੧੬੩੮/1 ਸਤੰਬਰ 1581 ਜੂਲੀਅਨ’ ਬਣਦਾ ਹੈ।

ਸ਼ੁੱਧ ਗੁਰ ਪ੍ਰਣਾਲੀ (ਸ੍ਰੋ. ਗੁ. ਪ੍ਰ. ਕਮੇਟੀ), ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੀ 1991, ਸਿੱਖ ਇਤਿਹਾਸ ਲੇਖਕ ਪ੍ਰੋ: ਕਰਤਾਰ ਸਿੰਘ ਛਾਪਕ ਸ੍ਰੋ. ਗੁ. ਪ੍ਰ. ਕਮੇਟੀ, ਭਾਈ ਕਾਨ੍ਹ ਸਿੰਘ ਨਾਭਾ, ਸ: ਕਰਮ ਸਿੰਘ ਹਿਸਟੋਰੀਅਨ, ਡਾ: ਗੰਡਾ ਸਿੰਘ (ਉਰਦੂ ਜੰਤਰੀ) ਅਤੇ ਡਾ: ਹਰੀ ਰਾਮ ਗੁਪਤਾ ਆਦਿ ਸਭ ਨੇ ਗੁਰੂ ਅਰਜਨ ਸਾਹਿਬ ਜੀ ਦੀ ਗੁਰਗੱਦੀ ਨਸ਼ੀਨੀ ਭਾਦੋਂ ਸੁਦੀ ੩, ਅੱਸੂ ੨ ਬਿਕ੍ਰਮੀ ੧੬੩੮/1 ਸਤੰਬਰ 1581 ਜੂਲੀਅਨ ਲਿਖੀ ਹੈ, ਜੋ ਗੁਰੂ ਰਾਮਦਾਸ ਜੀ ਦੇ ਜੋਤੀ ਸਮਾਉਣ ਦੀ ਤਿੱਥ, ਤਾਰੀਖ਼ ਹੀ ਬਣਦੀ ਹੈ। ਕੈਲੰਡਰ ਕਮੇਟੀ ਦੇ ਫੈਸਲੇ ਅਨੁਸਾਰ ਸਾਰੇ ਗੁਰ ਪੁਰਬਾਂ ਲਈ ਪ੍ਰਵਿਸ਼ਟਿਆਂ ਦੀ ਚੋਣ ਕੀਤੀ ਗਈ ਹੈ। ਸੋ ਚਾਰੇ ਗੁਰ ਪੁਰਬਾਂ ਲਈ ੨ ਅੱਸੂ ਨਿਰਧਾਰਿਤ ਕੀਤੀ ਗਈ, ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 16 ਸਤੰਬਰ ਬਣਦੀ ਹੈ।

ਜਿਹੜੇ ਲੋਕ ਇਤਰਾਜ਼ ਕਰਦੇ ਹਨ ਕਿ ਪਹਿਲਾਂ ਕਦੀ ਵੀ ਚਾਰ ਗੁਰ ਪੁਰਬ ਇਕੱਠੇ ਨਹੀਂ ਆਏ, ਪਰ ਨਾਨਕਸ਼ਾਹੀ ਕੈਲੰਡਰ ’ਚ ਚਾਰ ਚਾਰ ਗੁਰ ਪੁਰਬ ਇਕੱਠੇ ਦਰਜ ਕਰਕੇ ਗ਼ਲਤੀ ਕੀਤੀ ਗਈ ਹੈ; ਉਨ੍ਹਾਂ ਦੇ ਸਮਝਣ ’ਚ ਸੌਖ ਨੂੰ ਮੁੱਖ ਰੱਖਦਿਆਂ ਉਕਤ ਇਨ੍ਹਾਂ ਚਾਰ ਗੁਰ ਪੁਰਬਾਂ ਦੀ ਪੜਤਾਲ ਕਰਨ ਲਈ ਸਾਰਣੀ ਬਣਾਈ ਗਈ ਹੈ, ਜਿਸ ਨਾਲ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਚਾਰੇ ਗੁਰ ਪੁਰਬ ਦੀ ਮਿਤੀ ੨ ਅੱਸੂ /16 ਸਤੰਬਰ ਹੀ ਬਣਦੀ ਹੈ।

ਜੇ ਗੁਰ ਪੁਰਬ ਚੰਦ੍ਰਮਾਂ ਦੀਆਂ ਤਿੱਥਾਂ ਦੇ ਹਿਸਾਬ ਨਾਲ ਮਨਾਏ ਜਾਣ ਤਾਂ 12 ਦਿਨਾਂ ਦੇ ਅੰਤਰ ਨਾਲ ਦੋ ਗੁਰ ਪੁਰਬ; ਭਾਦੋਂ ਸੁਦੀ ੧੫ ਅਤੇ ਦੋ ਗੁਰ ਪੁਰਬ; ਭਾਦੋਂ ਸੁਦੀ ੩ ਨੂੰ ਹੋਣਗੇ, ਪਰ ਜੇ ਪ੍ਰਵਿਸ਼ਟਿਆਂ ਮੁਤਾਬਕ ਮਨਾਏ ਜਾਣ ਤਾਂ ਚਾਰੇ ਹੀ ਗੁਰ ਪੁਰਬ; ੨ ਅੱਸੂ ਨੂੰ ਆਉਂਦੇ ਹਨ, ਜੋ ਕਿ ਕਿਸੇ ਭੀ ਪੱਖੋਂ ਗ਼ਲਤੀ ਨਹੀਂ। ਨਾਨਕਸ਼ਾਹੀ ਕੈਲੰਡਰ ਅਨੁਸਾਰ ੨ ਅੱਸੂ; ਹਰ ਸਾਲ 16 ਸਤੰਬਰ (ਗ੍ਰੈਗੋਰੀਅਨ) ਨੂੰ ਆਉਂਦਾ ਹੈ। ਈਸਵੀ ਕੈਲੰਡਰ ਅਨੁਸਾਰ ਮਨਾਉਣ ਨਾਲ ਵੀ ਚਾਰੇ ਗੁਰ ਪੁਰਬ ਇਕੱਠੇ 1 ਸਤੰਬਰ ਨੂੰ ਆਉਣੇ ਹਨ, ਪਰ ਕੈਲੰਡਰ ਕਮੇਟੀ ਦੇ ਫੈਸਲੇ ਅਨੁਸਾਰ ਪ੍ਰਵਿਸ਼ਟਿਆਂ (੨ ਅੱਸੂ) ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿਸਥਾਰਤ ਕਾਰਨ ਅੱਗੇ ਦਿੱਤੇ ਜਾ ਰਹੇ ਹਨ।

ਉਕਤ ਵਾਙ ਇਤਿਹਾਸਕ ਤੱਥਾਂ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਆਧਾਰ ’ਤੇ 4 ਹੋਰ ਗੁਰ ਪੁਰਬਾਂ ਦੀ ਸਾਰਣੀ ਹੇਠਾਂ ਬਣਾਈ ਗਈ ਹੈ। ਇਹ ਚਾਰ ਗੁਰ ਪੁਰਬ ਇਕੱਠੇ ੩  ਵੈਸਾਖ ਨੂੰ ਆਉਣ ’ਚ ਭੀ ਕੋਈ ਗਲਤੀ ਨਹੀਂ ਹੈ।

ਜੇ ਉਕਤ ਗੁਰ ਪੁਰਬ ਚੰਦਰਮਾਂ ਦੀਆਂ ਤਿਥਾਂ ਅਨੁਸਾਰ ਮਨਾਏ ਜਾਣ ਤਾਂ 10 ਦਿਨਾਂ ਦੇ ਅੰਤਰ ਨਾਲ ਚੇਤ ਸੁਦੀ ੪ ਅਤੇ ਚੇਤ ਸੁਦੀ ੧੪; ਦੋ ਦਿਨਾਂ ’ਚ ਦੋ-ਦੋ ਗੁਰ ਪੁਰਬ ਇਕੱਠੇ ਆਉਣਗੇ। ਜੇ ਈਸਵੀ ਕੈਲੰਡਰ ਦੀਆਂ ਤਾਰੀਖ਼ਾਂ ਮੁਤਾਬਕ ਮਨਾਏ ਜਾਣ ਤਾਂ 1 ਦਿਨ ਦੇ ਫਰਕ ਨਾਲ 29 ਮਾਰਚ ਅਤੇ 30 ਮਾਰਚ ਨੂੰ ਆਉਣਗੇ ਅਤੇ ਜੇ ਪ੍ਰਵਿਸ਼ਟੇ ੩ ਵੈਸਾਖ ਦੀ ਚੋਣ ਕੀਤੀ ਜਾਵੇ ਤਾਂ ਚਾਰੇ ਗੁਰ ਪੁਰਬ ਇੱਕੋ ਤਾਰੀਖ਼ ੩ ਵੈਸਾਖ ਨੂੰ ਆਉਣਗੇ। ਕੈਲੰਡਰ ਕਮੇਟੀ ਦੇ ਫੈਸਲੇ ਅਨੁਸਾਰ ਗੁਰ ਪੁਰਬਾਂ ਲਈ ਪ੍ਰਵਿਸ਼ਟਿਆਂ ਦੀ ਚੋਣ ਕੀਤੀ ਗਈ। ਇਸ ਲਈ ਚਾਰੇ ਗੁਰ ਪੁਰਬ ੩ ਵੈਸਾਖ ਨੂੰ ਨਿਸ਼ਚਿਤ ਕੀਤੇ ਗਏ, ਜੋ ਕਿ ਇਤਿਹਾਸ ਨਾਲ ਮੇਲ ਖਾਂਦਾ ਸਹੀ ਫ਼ੈਸਲਾ ਹੈ। ਇਹ ੩ ਵੈਸਾਖ; ਨਾਨਕਸ਼ਾਹੀ ਕੈਲੰਡਰ ’ਚ ਹਰ ਸਾਲ 16 ਅਪ੍ਰੈਲ (ਗ੍ਰੈਗੋਰੀਅਨ) ਆਉਂਦਾ ਹੈ।

ਨਵੰਬਰ 2002 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੂੰ ਬੇਨਤੀ ਕੀਤੀ ਕਿ ਨਾਨਕਸ਼ਾਹੀ ਕੈਲੰਡਰ ਬਾਰੇ ਕੋਈ ਅੰਤਮ ਨਿਰਣਾ ਲੈਣ ਲਈ ਕਦਮ ਚੁੱਕੇ ਜਾਣ। ਫਲਸਰੂਪ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਨੇ 8 ਜਨਵਰੀ 2003 ਨੂੰ ਸਿੱਖ ਇਤਿਹਾਸਕਾਰਾਂ, ਵਿਦਵਾਨਾਂ ਤੇ ਕੈਲੰਡਰ ਮਾਹਰਾਂ ਦੀ 11 ਮੈਂਬਰੀ ਕਮੇਟੀ ਨਿਯੁਕਤ ਕੀਤੀ। ਇਸ ਕਮੇਟੀ ਦੇ ਮੈਂਬਰ ਹੇਠ ਲਿਖੇ ਸਨ :

  1. ਪ੍ਰੋ. ਕਿਰਪਾਲ ਸਿੰਘ ਚੰਡੀਗੜ੍ਹ।
  2. ਪ੍ਰੋ. ਦਰਸ਼ਨ ਸਿੰਘ ਚੰਡੀਗੜ੍ਹ।
  3. ਪ੍ਰੋ. ਗੁਰਨਾਮ ਕੌਰ (ਪੰਜਾਬੀ ਯੂਨੀਵਰਸਿਟੀ) ਪਟਿਆਲਾ।
  4. ਪ੍ਰੋ. ਜੋਧ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ) ਅੰਮ੍ਰਿਤਸਰ।
  5. ਡਾ. ਬਲਵੰਤ ਸਿੰਘ ਢਿੱਲੋਂ (ਗੁਰੂ ਨਾਨਕ ਦੇਵ ਯੂਨੀਵਰਸਿਟੀ) ਅੰਮ੍ਰਿਤਸਰ।
  6. ਡਾ. ਕੁਲਵਿੰਦਰ ਸਿੰਘ ਬਾਜਵਾ (ਖਾਲਸਾ ਕਾਲਜ) ਅੰਮ੍ਰਿਤਸਰ।
  7. ਪ੍ਰਿੰ. ਸਵਰਨ ਸਿੰਘ ਚੂਸਲੇਵੜ, ਪੱਟੀ, ਅੰਮ੍ਰਿਤਸਰ।
  8. ਸ: ਅਜੀਤ ਸਿੰਘ ਪੁਰੇਵਾਲ, ਸ਼ਰੀਫਪੁਰਾ ਅੰਮ੍ਰਿਤਸਰ।
  9. ਪ੍ਰਿੰ. ਅਮਰਜੀਤ ਸਿੰਘ ਦਮਦਮਾ ਸਾਹਿਬ (ਤਲਵੰਡੀ ਸਾਬੋ) ਬਠਿੰਡਾ।
  10. ਬੀਬੀ ਕਿਰਨਜੀਤ ਕੌਰ ਅੰਮ੍ਰਿਤਸਰ।
  11. ਸ: ਪਾਲ ਸਿੰਘ ਪੁਰੇਵਾਲ ਕੈਨੇਡਾ।

ਹੋਰ ਫੈਸਲਿਆਂ ਤੋਂ ਇਲਾਵਾ ਇਸ ਕਮੇਟੀ ਨੇ ਫੈਸਲਾ ਕੀਤਾ ਕਿ ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿਚ ਬਦਲਣ ਲਈ ਅੰਗਰੇਜ਼ੀ ਤਾਰੀਖ ਨੂੰ ਨਹੀਂ ਬਲਕਿ ਪ੍ਰਵਿਸ਼ਿਟਿਆਂ ਨੂੰ ਮੁੱਖ ਰੱਖਿਆ ਜਾਵੇਗਾ

28 ਮਾਰਚ 2003 ਨੂੰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਸਰਪ੍ਰਸਤੀ ਹੇਠ ਸਿੱਖ ਵਿਦਵਾਨਾਂ, ਜਥੇਬੰਦੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਇੱਕ ਹੋਰ ਵੱਡਾ ਇਕੱਠ ਕੀਤਾ, ਜਿਸ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਇਸ ਖਰੜੇ ਨੂੰ ਸਰਬਸੰਮਤੀ ਨਾਲ ਸਵੀਕਾਰ ਕਰਨ ਦਾ ਐਲਾਨ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੇ ਕੀਤਾ ਤਾਂ ਜੈਕਾਰਿਆਂ ਦੀ ਗੂੰਜ ਵਿਚ ਇਸ ਦਾ ਸਵਾਗਤ ਕੀਤਾ ਗਿਆ। ਸਿੰਘ ਸਾਹਿਬ ਦੁਆਰਾ ਪ੍ਰਵਾਨ ਕੀਤੇ ਇਸ ਖਰੜੇ ਨੂੰ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰਬਰ 698 (ਮਿਤੀ 10/12/1997), ਅੰਤ੍ਰਿੰਗ ਕਮੇਟੀ ਦੇ ਮਤਾ ਨੰਬਰ 178 (ਮਿਤੀ 15/ 09/98), ਜਨਰਲ ਹਾਊਸ ਦੇ ਮਤਾ ਨੰਬਰ 100 (ਮਿਤੀ 18/03/98) ਰਾਹੀਂ ਪ੍ਰਵਾਨ ਹੋ ਕੇ ਲਾਗੂ ਕਰਨ ਦਾ ਫੈਸਲਾ ਹੋਇਆ ਸੀ।

ਐਨੀ ਲੰਬੀ ਪ੍ਰਕਿਰਿਆ ਤੋਂ ਬਾਅਦ ਹਰ ਸਟੇਜ਼ ’ਤੇ ਸਰਬ ਸੰਮਤੀ ਨਾਲ ਪਾਸ ਹੋਇਆ ਕੈਲੰਡਰ; ਮਹੱਤਵ ਪੂਰਨ ਕੌਮੀ ਦਸਤਾਵੇਜ਼ ਹੈ। ਇਸ ਲਈ ਕੁਝ ਬੰਦਿਆਂ ’ਤੇ (ਜਿਵੇਂ ਕਿ ਸ. ਪਾਲ ਸਿੰਘ ਪੁਰੇਵਾਲ ਆਦਿ) ’ਤੇ ਦੋਸ਼ ਲਾਉਣੇ ਕਿ ਉਨ੍ਹਾਂ ਨੇ ਗੁਰ ਪੁਰਬਾਂ ਦੀਆਂ ਗਲਤ ਤਾਰੀਖ਼ਾਂ ਨਿਸ਼ਚਿਤ ਕਰਕੇ ਇਤਿਹਾਸ ਵਿਗਾੜ ਦਿੱਤਾ; ਬਿਲਕੁਲ ਝੂਠੇ ਅਤੇ ਨਿਰਮੂਲ ਦੋਸ਼ ਹਨ।

ਗੁਰ ਪੁਰਬਾਂ ਲਈ ਕੈਲੰਡਰ ਕਮੇਟੀ ਨੇ ਪ੍ਰਵਿਸ਼ਟਿਆਂ ਦੀ ਚੋਣ ਕਿਉਂ ਕੀਤੀ, ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ :

(1). ਜੂਲੀਅਨ (ਜਾਂ ਗ੍ਰੈਗੋਰੀਅਨ) ਕੈਲੰਡਰ; ਗੁਰੂ ਕਾਲ ’ਚ ਲਾਗੂ ਨਹੀਂ ਸੀ। ਇਸ ਨੂੰ ਅੰਗਰੇਜਾਂ ਵੱਲੋਂ 1849 ਈ: ’ਚ ਪੰਜਾਬ ’ਤੇ ਕਬਜ਼ਾ ਕਰਨ ਪਿੱਛੋਂ ਲਾਗੂ ਕੀਤਾ ਗਿਆ। ਇਸ ਲਈ ਜਿਹੜਾ ਕੈਲੰਡਰ ਗੁਰੂ ਕਾਲ ਤੋਂ ਲੈ ਕੇ ਸਿੱਖ ਰਾਜ ਦੇ ਅੰਤ ਤੱਕ ਲਾਗੂ ਨਾ ਹੋਣ ਕਾਰਨ ਕਿਸੇ ਵੀ ਮੁੱਢਲੇ ਸੋਮੇ ’ਚ ਜੂਲੀਅਨ ਕੈਲੰਡਰ ਦੀਆਂ ਤਾਰੀਖ਼ਾਂ ਦਰਜ ਨਹੀਂ ਹਨ ਤਾਂ ਉਸ ਕੈਲੰਡਰ ਦੀਆਂ ਤਾਰੀਖ਼ਾਂ; ਗੁਰ ਪੁਰਬਾਂ ਲਈ ਨਿਸ਼ਚਿਤ ਕਿਵੇਂ ਕੀਤੀਆਂ ਜਾ ਸਕਦੀਆਂ ਹਨ ?

(2). ਚੰਦਰਮਾਂ ਦੀਆਂ ਤਿੱਥਾਂ ਅਨੁਸਾਰ ਸਾਰੇ ਇਤਿਹਾਸਕ ਦਿਹਾੜੇ ਹਮੇਸ਼ਾਂ ਅੱਗੇ ਪਿੱਛੇ ਹੁੰਦੇ ਹਨ, ਜਿਸ ਕਾਰਨ ਕਿਸੇ ਸਾਲ ’ਚ ਦੋ ਵਾਰ ਅਤੇ ਕਿਸੇ ਸਾਲ ਆਉਂਦੇ ਹੀ ਨਹੀਂ। ਜਿਵੇਂ ਕਿ ਸ੍ਰੋਮਣੀ ਕਮੇਟੀ ਹਰ ਸਾਲ ਆਪਣੇ ਕੈਲੰਡਰ ਨੂੰ ਸੂਰਜੀ ਸਾਲ ਦੇ ਹਿਸਾਬ ਨਾਲ ੧ ਚੇਤ ਤੋਂ ਫੱਗਣ ਮਹੀਨੇ ਦੀ ਆਖਰੀ ਤਾਰੀਖ਼ ਤੱਕ ਛਾਪਦੀ ਹੈ, ਪਰ ਹੋਲਾ ਮਹੱਲਾ; ਚੰਦ੍ਰਮਾਂ ਦੀਆਂ ਤਿੱਥਾਂ ਦੇ ਹਿਸਾਬ ਨਾਲ ਚੇਤ ਵਦੀ ੧ ਨੂੰ ਮਨਾਇਆ ਜਾਂਦਾ ਹੈ, ਜੋ ਸੂਰਜੀ ਮਹੀਨਿਆਂ ’ਚ ਕਦੀ ਫੱਗਣ ਮਹੀਨੇ ਅਤੇ ਕਦੀ ਚੇਤ ’ਚ ਆਉਂਦਾ ਹੈ। ਇਸੇ ਲਈ ਹੋਲਾ ਮਹੱਲਾ; ਕਿਸੇ ਸਾਲ ’ਚ ਦੋ ਵਾਰ ਆ ਜਾਂਦਾ ਹੈ ਤੇ ਕਿਸੇ ਸਾਲ ਆਉਂਦਾ ਹੀ ਨਹੀਂ।

ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਪੁਰਬ; ਚੰਦ੍ਰਮਾ ਦੀ ਚੇਤ ਵਦੀ ੧੩ ਮੁਤਾਬਕ ਨਾਨਕਸ਼ਾਹੀ ਸੰਮਤ ੫੬੦ ’ਚ ਦੋ ਵਾਰ (੧੦ ਚੇਤ/23 ਮਾਰਚ 2028) ਤੇ ੨੯ ਫੱਗਣ/12 ਮਾਰਚ 2029) ਨੂੰ ਆਵੇਗਾ, ਪਰ ਸੰਮਤ ਨਾਨਕਸ਼ਾਹੀ ਸੰਮਤ ੫੬੧ ’ਚ ਚੇਤ ਮਹੀਨਾ ਮਲਮਾਸ ਹੋਣ ਕਾਰਨ ਅਗਲਾ ਗੁਰ ਪੁਰਬ 19 ਦਿਨ ਲੇਟ ਹੋਣ ਕਾਰਨ ਸੰਮਤ ੫੬੨ ’ਚ ੧੮ ਚੇਤ (31 ਮਾਰਚ 2030) ਨੂੰ ਆਵੇਗਾ ਯਾਨੀ ਸੰਮਤ ੫੬੧ (ਸੰਨ 2029-30) ’ਚ ਆਵੇਗਾ ਹੀ ਨਹੀਂ।

(3). ਸਾਰੇ ਸਰਕਾਰੀ/ਗ਼ੈਰ ਸਰਕਾਰੀ ਕੈਲੰਡਰ ਈਸਵੀ ਕੈਲੰਡਰ ਮੁਤਾਬਕ 1 ਜਨਵਰੀ ਤੋਂ 31 ਦਸੰਬਰ ਤੱਕ ਛਪਦੇ ਹਨ। ਸਰਕਾਰੀ ਮੁਲਾਜਮਾਂ ਨੂੰ ਬਿਕ੍ਰਮੀ ਕੈਲੰਡਰ ਦੀਆਂ ਤਿੱਥਾਂ (ਤਾਰੀਖ਼ਾਂ) ਅਤੇ ਨਵੇਂ ਸਾਲ ਦੀ ਅਰੰਭਤਾ ਤੇ ਸਮਾਪਤੀ ਤਾਰੀਖ਼ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ; ਉਨ੍ਹਾਂ ਦਾ ਸਬੰਧ ਕੇਵਲ ਛੁੱਟੀ ਨਾਲ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੋਹ ਸੁਦੀ ੭ ਮੁਤਾਬਕ ਕਦੇ ਦਸੰਬਰ ਅਤੇ ਕਦੇ ਜਨਵਰੀ ਮਹੀਨੇ ’ਚ ਆਉਣ ਸਦਕਾ ਸਰਕਾਰੀ ਕੈਲੰਡਰਾਂ ’ਚ ਕਦੇ ਸਾਲ ’ਚ ਦੋ ਵਾਰ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ।

(4). ਸ੍ਰੋ. ਗੁ. ਪ੍ਰ. ਕਮੇਟੀ ਆਪਣੇ ਕੈਲੰਡਰਾਂ ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ਚੰਦ੍ਰਮਾ ਦੀਆਂ ਤਿੱਥਾਂ ਅਨੁਸਾਰ ਜੇਠ ਵਦੀ ੮ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ; 10/11 ਦਿਨ ਦੇ ਅੰਤਰ ਨਾਲ ਚੰਦ੍ਰਮਾ ਦੀਆਂ ਤਿੱਥਾਂ ਅਨੁਸਾਰ  ਜੇਠ ਸੁਦੀ ੪, ਨਿਸ਼ਚਿਤ ਕਰਦੀ ਹੈ। ਸੰਮਤ ੨੦੭੫/ਸੰਨ 2018 ’ਚ ਜੇਠ ਮਹੀਨੇ ਦੋ ਸਨ। ਇਸ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ਜੇਠ ਵਦੀ ੮ ਮੁਤਾਬਕ ੨੫ ਵੈਸਾਖ/8 ਮਈ ਨੂੰ ਲਿਖਿਆ ਗਿਆ। ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੀ ਤਿੱਥ (ਜੇਠ ਸੁਦੀ ੪); ਮਲਮਾਸ ’ਚ ਆ ਗਈ, ਇਸ ਲਈ ਸ਼ਹੀਦੀ ਪੁਰਬ ਇੱਕ ਮਹੀਨਾ ਲੇਟ ਕਰ ਸ਼ੁੱਧ ਜੇਠ ਸੁਦੀ ੪ (੩ ਹਾੜ/17 ਜੂਨ) ਨਿਸ਼ਚਿਤ ਕਰਨਾ ਪਿਆ, ਜੋ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ 10/11 ਦਿਨ ਪਿੱਛੋਂ ਆਉਣ ਦੀ ਬਜਾਏ 40 ਦਿਨ ਪਿੱਛੋਂ ਆਇਆ।

ਸ੍ਰੋਮਣੀ ਕਮੇਟੀ ਕੋਲ ਇਸ ਉਥਲ-ਪੁਥਲ ਬਾਰੇ ਕੋਈ ਜਵਾਬ ਨਹੀਂ ਹੁੰਦਾ। ਇੱਕ ਗ਼ਲਤੀ ਨੂੰ ਠੀਕ ਕਰਨ ਦੇ ਚੱਕਰ ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ਇੱਕ ਮਹੀਨਾ ਲੇਟ ਕਰ ਦਿੱਤਾ। ਇਸ ਬਦਲਾਅ ਨਾਲ ਦੂਜੀ ਗਲਤੀ ਇਹ ਹੋ ਗਈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ਮਲਮਾਸ ’ਚ ਚਲਾ ਗਿਆ।

(5). ਜਦ ਕੁਝ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ ਤੇ ਕੁਝ ਚੰਦਰਮਾਂ ਦੀਆਂ ਤਿੱਥਾਂ ਅਨੁਸਾਰ ਮਨਾਏ ਜਾਣ ਤਾਂ ਇੱਕ ਹੋਰ ਨੁਕਸ ਪੈਂਦਾ ਹੈ ਕਿ ਇੱਕੋ ਦਿਹਾੜਾ ਸਦਾ ਅੱਗੇ ਪਿੱਛੇ ਆਉਂਦਾ ਹੈ; ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਿੱਛੋਂ, ਕਦੇ ਪਹਿਲਾਂ ਤੇ ਕਦੇ ਦੋਵੇਂ ਇਕੱਠੇ ਇੱਕੇ ਦਿਨ ਆ ਜਾਂਦੇ ਹਨ। ਜੇ ਸਾਰੇ ਦਿਹਾੜਿਆਂ ਲਈ ਪ੍ਰਵਿਸ਼ਟਿਆਂ ਦੀ ਹੀ ਚੋਣ ਕੀਤੀ ਜਾਵੇ ਤਾਂ ਸਾਰੇ ਦਿਹਾੜਿਆਂ ਦੀ ਤਰਤੀਬ ਇਤਿਹਾਸ ਤੱਥਾਂ ਨਾਲ ਮਿਲ ਜਾਂਦੀ ਹੈ; ਜਿਵੇਂ ਕਿ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਮੇਸ਼ਾਂ ਲਈ ੮ ਪੋਹ/21 ਦਸੰਬਰ ਨੂੰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੧੩ ਪੋਹ/26 ਦਸੰਬਰ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ/5 ਜਨਵਰੀ ਨੂੰ ਹੀ ਆਏਗਾ। ਕੋਈ ਦਿਹਾੜਾ ਨਾ ਸਾਲ ’ਚ ਦੋ ਵਾਰ ਆਏਗਾ ਤੇ ਨਾ ਹੀ ਕੋਈ ਐਸਾ ਸਾਲ ਹੋਵੇਗਾ, ਜਿਸ ਵਿੱਚ ਕੋਈ ਦਿਹਾੜਾ ਨਹੀਂ ਹੋਵੇਗਾ।

ਸੋ ਐਸੇ ਕਾਰਨਾਂ ਕਰਕੇ ਕੈਲੰਡਰ ਕਮੇਟੀ ਨੇ ਪ੍ਰਵਿਸ਼ਟਿਆਂ ਨੂੰ ਪ੍ਰਮੁੱਖ ਰੱਖਿਆ, ਜਿਸ ਮੁਤਾਬਕ ਨਾਨਕਸ਼ਾਹੀ ਕੈਲੰਡਰ ’ਚ ਉਕਤ ਚਾਰ ਗੁਰ ਪੁਰਬ; ੩ ਵੈਸਾਖ ਅਤੇ ਚਾਰ ਗੁਰ ਪੁਰਬ; ੨ ਅੱਸੂ ਨੂੰ ਨਿਸ਼ਚਿਤ ਕੀਤੇ ਗਏ ਹਨ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਸਾਂਝੇ ਕੈਲੰਡਰ ਦੇ ਸਾਲ ਦੀ ਲੰਬਾਈ ਨਾਲ ਮਿਲਦੀ ਹੋਣ ਕਾਰਨ ੩ ਵੈਸਾਖ; ਸਦਾ ਹੀ ਵੈਸਾਖੀ ਤੋਂ ਦੋ ਦਿਨ ਪਿਛੋਂ 16 ਅਪ੍ਰੈਲ ਨੂੰ ਅਤੇ ੨ ਅੱਸੂ; ਸਦਾ ਹੀ ਅੱਸੂ ਦੀ ਨਾਨਕਸ਼ਾਹੀ ਸੰਗਰਾਂਦ ਤੋਂ ਇੱਕ ਦਿਨ ਪਿੱਛੋਂ 16 ਸਤੰਬਰ ਨੂੰ ਆਵੇਗਾ। ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ; ਰੁੱਤੀ ਸਾਲ ਨਾਲੋਂ ਗੁਰੂ ਕਾਲ ਤੋਂ ਲੈ ਕੇ 1964 ਤੱਕ ਤਕਰੀਬਨ 24 ਮਿੰਟ ਵੱਧ ਸੀ। ਜਿਸ ਵਿੱਚ 1964 ’ਚ ਹਿੰਦੂਆਂ ਵੱਲੋਂ ਕੀਤੀ ਸੋਧ ਨਾਲ ਹੁਣ ਭੀ ਤਕਰੀਬਨ ਸਾਢੇ ਵੀਹ ਮਿੰਟ ਵੱਧ ਹੈ ਤਾਹੀਓਂ ਇਹ ੩ ਵੈਸਾਖ; 1552 ਸੀ.ਈ. ’ਚ 29 ਮਾਰਚ ਨੂੰ; 1664 ਸੀ.ਈ. ’ਚ 30 ਮਾਰਚ ਨੂੰ ਅਤੇ ਅੱਜ ਕੱਲ 15/16 ਅਪ੍ਰੈਲ ਨੂੰ ਆ ਰਿਹਾ ਹੈ। ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਾਲ 3000 ਸੀ.ਈ. ’ਚ 29 ਅਪ੍ਰੈਲ ਨੂੰ ਆਵੇਗੀ ਭਾਵ ਅਸਲ ਤਾਰੀਖ਼ ਨਾਲੋਂ ਪੂਰਾ ਇੱਕ ਮਹੀਨਾ ਬਾਅਦ। ਇਸ ਵੈਸਾਖ ਮਹੀਨੇ ਦੀ ਤਰ੍ਹਾਂ ਸਾਲ ਦੀਆਂ ਬਾਕੀ ਸਾਰੀਆਂ ਤਾਰੀਖ਼ਾਂ ਭੀ 3000 ਸੀਈ ਤੱਕ ਲਗਭਗ 1 ਮਹੀਨਾ ਲੇਟ ਹੋ ਜਾਣਗੀਆਂ। ਨਾਨਕਸ਼ਾਹੀ ਕੈਲੰਡਰ ’ਚ ਜਿਹੜਾ ਫ਼ਰਕ ਸੰਨ 1999 ਤੱਕ ਪੈਣਾ ਸੀ, ਉਹ ਪੈ ਗਿਆ; ਹੁਣ ਅੱਗੇ ਤੋਂ ਸਾਰੀਆਂ ਤਾਰੀਖ਼ਾਂ ਨਿਸ਼ਚਿਤ ਕਰ ਦਿੱਤੀਆਂ ਗਈਆਂ ਹਨ। ਐਸਾ ਉਦਮੀ ਕਾਰਜ ਕਰਨ ਵਾਲੇ ਸ. ਪਾਲ ਸਿੰਘ ਜੀ ਪੁਰੇਵਾਲ; ਅੱਜ ਇਸ ਦੁਨੀਆਂ ਵਿੱਚ ਨਹੀਂ ਰਹੇ, ਇਸ ਲਈ ਸਿੱਖਾਂ ਨੇ ਹੁਣ ਫ਼ੈਸਲਾ ਕਰਨਾ ਹੈ ਕਿ ਉਨ੍ਹਾਂ ਲਈ ਕਿਹੜਾ ਕੈਲੰਡਰ ਵੱਧ ਲਾਹੇਵੰਦ ਹੋਵੇਗਾ।

ਸਾਰਾਗੜ੍ਹੀ ਜੰਗ ਦਾ ਵਿਸਥਾਰ ਸਹਿਤ ਵੇਰਵਾ

0

ਸਾਰਾਗੜ੍ਹੀ ਜੰਗ ਦਾ ਵਿਸਥਾਰ ਸਹਿਤ ਵੇਰਵਾ

ਗਿਆਨੀ ਅਵਤਾਰ ਸਿੰਘ

12 ਸਤੰਬਰ 1897 (੨੯ ਭਾਦੋਂ ਸੰਮਤ ੧੯੫੪) ਨੂੰ ਸਵੇਰੇ 8 ਵਜੇ ਸਾਰਾਗੜ੍ਹੀ ਚੌਂਕੀ ਦੇ ਸੰਤਰੀ ਨੇ ਦੌੜ ਕੇ ਅੰਦਰ ਖ਼ਬਰ ਦਿੱਤੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ (ਨਿਸ਼ਾਨ) ਦੇ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਵੱਲ ਵਧ ਰਿਹਾ ਹੈ। ਉਨ੍ਹਾਂ ਦੀ ਗਿਣਤੀ 8 ਹਜ਼ਾਰ ਤੋਂ 14 ਹਜ਼ਾਰ ਤੱਕ ਹੈ।

ਸੈਨਿਕਾਂ ਦੀ ਅਗਵਾਈ ਕਰ ਰਹੇ ਹਵਲਦਾਰ ਈਸ਼ਰ ਸਿੰਘ ਨੇ ਸਿਗਨਲ ਮੈਨ ਗੁਰਮੁਖ ਸਿੰਘ ਨੂੰ ਆਦੇਸ਼ ਦਿੱਤਾ ਕਿ ਨੇੜੇ ਦੇ ਕਿਲ੍ਹੇ ਲੋਕਹਾਰਟ ’ਚ ਤਾਇਨਾਤ ਅੰਗਰੇਜ਼ ਅਧਿਕਾਰੀਆਂ ਨੂੰ ਤੁਰੰਤ ਹਾਲਾਤਾਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਉਨ੍ਹਾਂ ਕੋਲੋਂ ਪੁੱਛਿਆ ਜਾਵੇ ਕਿ ਉਨ੍ਹਾਂ ਲਈ ਕੀ ਹੁਕਮ ਹੈ ?

ਲੋਕਹਾਰਟ ਕਿਲ੍ਹੇ ਦੇ ਕਮਾਂਡਿੰਗ ਅਫ਼ਸਰ ਲੈਫਟੀਨੈਂਟ ਕਰਨਲ ਹਾਫਟਨ ਨੇ ਹੁਕਮ ਦਿੱਤਾ, ‘ਹੋਲਡ ਯੂਅਰ ਪੋਜ਼ੀਸ਼ਨ’ ਯਾਨਿ ਆਪਣੀ ਥਾਂ ’ਤੇ ਡਟੇ ਰਹੋ। ਇੱਕ ਘੰਟੇ ਅੰਦਰ ਕਿਲ੍ਹੇ ਨੂੰ ਤਿੰਨਾਂ ਪਾਸਿਓਂ ਘੇਰ ਲਿਆ ਗਿਆ ਅਤੇ ਅਰਾਕਜ਼ਾਈਆਂ ਦਾ ਇੱਕ ਸੈਨਿਕ ਹੱਥ ’ਚ ਚਿੱਟਾ ਝੰਡਾ ਲਈ ਕਿਲ੍ਹੇ ਵੱਲ ਵਧਿਆ। ਉਸ ਨੇ ਚੀਕ ਕੇ ਕਿਹਾ, ‘ਸਾਡੀ ਤੁਹਾਡੇ ਨਾਲ ਕੋਈ ਜੰਗ ਨਹੀਂ ਹੈ। ਸਾਡੀ ਜੰਗ ਅੰਗਰੇਜ਼ਾਂ ਨਾਲ ਹੈ। ਤੁਸੀਂ ਗਿਣਤੀ ਵਿੱਚ ਬਹੁਤ ਘੱਟ ਹੋ, ਮਾਰੇ ਜਾਓਗੇ। ਸਾਡੇ ਸਾਹਮਣੇ ਹਥਿਆਰ ਸੁੱਟ ਦਿਓ। ਅਸੀਂ ਤੁਹਾਡਾ ਖ਼ਿਆਲ ਰੱਖਾਂਗੇ ਅਤੇ ਤੁਹਾਨੂੰ ਇੱਥੋਂ ਸੁਰੱਖਿਅਤ ਨਿਕਲਣ ਦਾ ਰਸਤਾ ਦੇਵਾਂਗੇ’।

ਬਾਅਦ ’ਚ ਬ੍ਰਿਟਿਸ਼ ਫੌਜ਼ ਦੇ ਮੇਜਰ ਜਨਰਲ ਜੈਮਸ ਲੰਟ ਨੇ ਇਸ ਜੰਗ ਬਾਰੇ ਦੱਸਦੇ ਹੋਏ ਲਿਖਿਆ, ‘ਈਸ਼ਰ ਸਿੰਘ ਨੇ ਇਸ ਪੇਸ਼ਕਸ਼ ਦਾ ਜਵਾਬ ਅਰਾਕਜ਼ਾਈਆਂ ਦੀ ਹੀ ਭਾਸ਼ਾ ਪਸ਼ਤੋ ਵਿੱਚ ਦਿੱਤਾ। ਉਨ੍ਹਾਂ ਦੀ ਭਾਸ਼ਾ ਨਾ ਸਿਰਫ਼ ਸਖ਼ਤ ਸੀ ਬਲਕਿ ਗਾਲ੍ਹਾਂ ਨਾਲ ਭਰੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅੰਗਰੇਜ਼ਾਂ ਦੀ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਮੀਨ ਹੈ ਅਤੇ ਅਸੀਂ ਇਸ ਦੀ ਆਖ਼ਰੀ ਸਾਹ ਤੱਕ ਰੱਖਿਆ ਕਰਾਂਗੇ’।

ਸਾਰਾਗੜ੍ਹੀ ਦੀ ਜੰਗ ਹੋਣ ਦਾ ਕਾਰਨ : ਸਾਰਾਗੜ੍ਹੀ ਚੌਂਕੀ; ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਕੋਹਾਟ ਜ਼ਿਲ੍ਹੇ ’ਚ ਸਮੁੰਦਰੀ ਤਲ ਤੋਂ ਕਰੀਬ 6 ਹਜ਼ਾਰ ਫੁੱਟ ਦੀ ਉਚਾਈ ’ਤੇ ਹੈ। ਇਹ ਉਹ ਇਲਾਕਾ ਹੈ, ਜਿੱਥੇ ਰਹਿਣ ਵਾਲੇ ਲੋਕਾਂ ’ਤੇ ਅੱਜ ਤੱਕ ਕਿਸੇ ਸਰਕਾਰ ਦਾ ਰਾਜ਼ ਕਾਇਮ ਨਾ ਹੋ ਸਕਿਆ।

ਸੰਨ 1880 ਦੇ ਦਹਾਕੇ ’ਚ ਅੰਗਰੇਜ਼ਾਂ ਨੇ ਇੱਥੇ ਤਿੰਨ ਚੌਂਕੀਆਂ ਬਣਾਈਆਂ, ਜਿਸ ਦਾ ਸਥਾਨਕ ਅਰਾਕਜ਼ਾਈ ਪਠਾਣਾਂ ਨੇ ਵਿਰੋਧ ਕੀਤਾ, ਜਿਸ ਕਾਰਨ ਅੰਗਰੇਜ਼ਾਂ ਨੂੰ ਉਹ ਚੌਂਕੀਆਂ ਖਾਲੀ ਕਰਨੀਆਂ ਪਈਆਂ ਸਨ। ਸੰਨ 1891 ’ਚ ਅੰਗਰੇਜ਼ਾਂ ਨੇ ਉੱਥੇ ਮੁੜ ਤੋਂ ਮੁਹਿੰਮ ਚਲਾਈ, ਰਬੀਆ ਖੇਡ ਨਾਲ ਉਨ੍ਹਾਂ ਦਾ ਸਮਝੌਤਾ ਹੋਇਆ ਤੇ ਉਨ੍ਹਾਂ ਨੂੰ ਲੋਕਹਾਰਟ ਕਿਲ੍ਹਾ ਅਤੇ ਗੁਲਿਸਤਾਨ ਤੇ ਸਾਰਾਗੜ੍ਹੀ ਚੌਂਕੀਆਂ ਬਣਾਉਣ ਦੀ ਮਨਜ਼ੂਰੀ ਮਿਲ ਗਈ, ਪਰ ਸਥਾਨਕ ਅਰਾਕਜ਼ਾਈ ਪਠਾਣਾਂ ਨੇ ਇਸ ਨੂੰ ਪਸੰਦ ਨਾ ਕੀਤਾ। ਉਹ ਇਨ੍ਹਾਂ ਟਿਕਾਣਿਆਂ ’ਤੇ ਲਗਾਤਾਰ ਹਮਲੇ ਕਰਦੇ ਰਹੇ ਤਾਂ ਜੋ ਅੰਗਰੇਜ਼ ਉਥੋਂ ਭੱਜ ਜਾਣ। ਗੁਲਿਸਤਾਨ ਚੌਂਕੀ ਅਤੇ ਲੋਕਹਾਰਟ ਕਿਲ੍ਹੇ ਵਿਚਕਾਰ 6 ਕਿਲੋਮੀਟਰ ਦੂਰੀ ਸੀ। ਇਨ੍ਹਾਂ ਵਿਚਕਾਰ ਇੱਕ ਨੀਵੀਂ ਜਗ੍ਹਾ ’ਚ ਕਾਲੇ ਪੱਥਰ ਉੱਤੇ ਬਣਿਆ ਘਰ ਨੁਮਾ ਢਾਂਚਾ ਸਾਰਾਗੜ੍ਹੀ ਚੌਂਕੀ ਸੀ। ਇਹ ਸਾਰਾ ਹੀ ਪਹਾੜੀ ਇਲਾਕਾ ਹੈ। ਇਹ ਸਥਾਨ; ਜ਼ਿਲ੍ਹਾ ਕੁਹਾਟ ਤੋਂ 35 ਮੀਲ ਅਤੇ ਪਿਸ਼ਾਵਰ ਤੋਂ 50 ਮੀਲ ਦੂਰ ਹੈ।

ਸ਼ੇਰੇ ਪੰਜਾਬ (ਮਹਾਰਾਜਾ ਰਣਜੀਤ ਸਿੰਘ) ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ’ਚ ਅੰਗਰੇਜ਼ਾਂ ਨੇ ਇਹ ਇਲਾਕਾ ਆਪਣੇ ਸਾਮਰਾਜ ਅਧੀਨ ਕਰ ਲਿਆ, ਲੇਕਿਨ ਲੜਾਕੇ ਪਠਾਣ ਤੇ ਕਬਾਇਲੀ ਲੋਕਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਨੂੰ ਪ੍ਰਵਾਨ ਨਾ ਕੀਤਾ। ਇਹ ਲੋਕ; ਅੰਗਰੇਜ਼ਾਂ ਖਿਲਾਫ 1896 ’ਚ ਬਗਾਵਤ ਦਾ ਝੰਡਾ ਚੁੱਕ ਕੇ ਖਲੋ ਗਏ। ਵਪਾਰਕ ਪੱਖ ਤੋਂ ਇਹ ਰਾਹ ਅੰਗਰੇਜ਼ਾਂ ਲਈ ਬੜਾ ਮਹੱਤਵ ਰੱਖਦਾ ਸੀ। ਜਦੋਂ ਵੀ ਦਾਅ ਲੱਗਦਾ ਪਠਾਣ; ਵਪਾਰੀਆਂ ਅਤੇ ਛੋਟੀਆਂ-ਛੋਟੀਆਂ ਅੰਗਰੇਜ਼ ਫੌਜੀ ਟੁਕੜੀਆਂ ਦਾ ਮਾਲ ਲੁੱਟ ਲੈਂਦੇ।

3 ਸਤੰਬਰ 1897 ਨੂੰ ਪਠਾਣਾਂ ਦੇ ਵੱਡੇ ਲਸ਼ਕਰ ਨੇ ਇਨ੍ਹਾਂ ਤਿੰਨੇ ਕਿਲ੍ਹਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲੀ। ਫਿਰ 12 ਸਤੰਬਰ ਨੂੰ ਅਰਾਕਜ਼ਾਈਆਂ ਨੇ ਗੁਲਿਸਤਾਨ, ਲੋਕਹਾਰਟ ਅਤੇ ਸਾਰਾਗੜ੍ਹੀ; ਤਿੰਨ੍ਹਾਂ ਕਿਲ੍ਹਿਆਂ ਨੂੰ ਘੇਰ ਲਿਆ। ਲੋਕਹਾਰਟ ਤੇ ਗੁਲਿਸਤਾਨ ਕਿਲ੍ਹਿਆਂ ਦਾ ਸੰਪਰਕ ਸਾਰਾਗੜ੍ਹੀ ਕਿਲ੍ਹੇ ਤੋਂ ਤੋੜ ਦਿੱਤਾ। ਇਸ ਚੌਂਕੀ ਦੀ ਕਮਾਂਡ ਬਾਬਾ ਈਸ਼ਰ ਸਿੰਘ ਗਿੱਲ ਹਵਾਲਦਾਰ ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ ਕੋਲ ਸੀ।

ਅਰਾਕਜ਼ਾਈ ਪਠਾਣਾਂ ਅਤੇ ਅਫਰੀਦੀ ਕਬੀਲਿਆਂ ਵੱਲੋਂ ਪਹਿਲਾ ਫਾਇਰ ਸੁਬ੍ਹਾ 9 ਵਜੇ ਆਇਆ। ਸਾਰਾਗੜ੍ਹੀ ਜੰਗ ’ਤੇ ਪ੍ਰਸਿੱਧ ਕਿਤਾਬ ‘ਦਿ ਆਈਕਨ ਬੈਟਲ ਆਫ ਸਾਰਾਗੜ੍ਹੀ’ ਲਿਖਣ ਵਾਲੇ ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, ‘ਬਾਬਾ ਈਸ਼ਰ ਸਿੰਘ ਨੇ ਆਪਣੇ ਜਵਾਨਾਂ ਨੂੰ ਆਦੇਸ਼ ਦਿੱਤਾ ਕਿ ਗੋਲੀ ਨਾ ਚਲਾਈ ਜਾਵੇ ਅਤੇ ਪਠਾਨਾਂ ਨੂੰ ਅੱਗੇ ਆਉਣ ਦਿੱਤਾ ਜਾਵੇ। ਉਨ੍ਹਾਂ ’ਤੇ ਉਦੋਂ ਗੋਲੀਬਾਰੀ ਸ਼ੁਰੂ ਕੀਤੀ ਜਾਏ ਜਦੋਂ ਉਹ 1000 ਗਜ਼ ਯਾਨਿ ਉਨ੍ਹਾਂ ਦੀ ‘ਫਾਇਰਿੰਗ ਰੇਂਜ’ ’ਚ ਆ ਜਾਣ। ਸਿੱਖ ਜਵਾਨਾਂ ਕੋਲ ਸਿੰਗਲ ਸ਼ੌਟ ‘ਮਾਰਟਿਨੀ ਹੇਨਰੀ .303’ ਰਾਈਫਲਾਂ ਸਨ, ਜੋ ਇੱਕ ਮਿੰਟ ’ਚ ਕੇਵਲ 10 ਰਾਊਂਡ ਫਾਇਰ ਕਰ ਸਕਦੀ ਸੀ। ਹਰੇਕ ਸੈਨਿਕ ਕੋਲ 400 ਗੋਲੀਆਂ ਸਨ, 100 ਉਨ੍ਹਾਂ ਦੀਆਂ ਜੇਬਾਂ ਵਿੱਚ ਅਤੇ 300 ਰਿਜ਼ਰਵ ਵਿੱਚ’।

ਉਨ੍ਹਾਂ ਨੇ ਪਠਾਣਾਂ ਨੂੰ ਆਪਣੀਆਂ ਰਾਈਫਲਾਂ ਦੀ ਰੇਂਜ ’ਚ ਆਉਣ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਪਠਾਣਾਂ ਦਾ ਪਹਿਲਾ ਹਮਲਾ ਅਸਫ਼ਲ ਰਿਹਾ। ਪਹਿਲੇ ਇੱਕ ਘੰਟੇ ’ਚ ਹੀ ਪਠਾਨਾਂ ਦੇ 60 ਸੈਨਿਕ ਮਾਰੇ ਗਏ ਸਨ ਅਤੇ ਸਿੱਖਾਂ ਵੱਲੋਂ ਸਿਪਾਹੀ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ ਅਤੇ ਨਾਇਕ ਲਾਲ ਸਿੰਘ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ।

ਸਾਰਾਗੜ੍ਹੀ ਦੀ ਜੰਗ ਕਰੀਬ 7 ਘੰਟੇ ਚੱਲੀ। ਪਠਾਣਾਂ ਦਾ ਪਹਿਲਾ ਹਮਲਾ ਅਸਫ਼ਲ ਹੋ ਗਿਆ, ਉਹ ਬਿਨਾਂ ਕਿਸੇ ਮਕਸਦ ਦੇ ਇਧਰ-ਉਧਰ ਦੌੜਣ ਲੱਗੇ, ਪਰ ਉਨ੍ਹਾਂ ਨੇ ਸਿੱਖਾਂ ’ਤੇ ਗੋਲੀ ਚਲਾਉਣੀ ਬੰਦ ਨਾ ਕੀਤੀ। ਸਿੱਖ ਵੀ ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇ ਰਹੇ ਸਨ ਭਾਵੇਂ ਕਿ ਹਜ਼ਾਰਾਂ ਫਾਇਰ ਕਰਦਿਆਂ ਪਠਾਨਾਂ ਦੇ ਸਾਹਮਣੇ ਇਨ੍ਹਾਂ ਦੀਆਂ 21 ਰਾਇਫਲਾਂ ਦੀ ਕੀ ਪੇਸ਼ ਸੀ ? ਅਤੇ ਫਿਰ ਕਿੰਨੇ ਸਮੇਂ ਤੱਕ ?

ਉਦੋਂ ਉੱਤਰ ਵੱਲੋਂ ਚੱਲਣ ਵਾਲੀਆਂ ਤੇਜ਼ ਹਵਾਵਾਂ ਨਾਲ ਪਠਾਣਾਂ ਨੂੰ ਬਹੁਤ ਮਦਦ ਮਿਲ ਰਹੀ ਸੀ। ਉਨ੍ਹਾਂ ਨੇ ਘਾਹ ਨੂੰ ਅੱਗ ਲਗਾ ਦਿੱਤੀ, ਜਿਸ ਦੀਆਂ ਲਪਟਾਂ ਕਿਲ੍ਹੇ ਦੀਆਂ ਕੰਧਾਂ ਵੱਲ ਵਧਣ ਲਗੀਆਂ। ਧੂੰਏ ਦਾ ਸਹਾਰਾ ਲੈਂਦਿਆਂ ਹੋਇਆਂ ਪਠਾਣ ਕਿਲ੍ਹੇ ਦੀਆਂ ਕੰਧਾਂ ਕੋਲ ਆ ਗਏ। ਸਿੱਖਾਂ ਦੁਆਰਾ ਨਿਸ਼ਾਨਾ ਲਾ ਕੇ ਕੀਤੀ ਜਾ ਰਹੀ ਸਟੀਕ ਫਾਇਰਿੰਗ ਕਾਰਨ ਉਨ੍ਹਾਂ ਨੂੰ ਪਿੱਛੇ ਹਟਣਾ ਪਿਆ। ਸਿੱਖ ਖੇਮੇ ’ਚ ਵੀ ਜਖ਼ਮੀਆਂ ਦੀ ਗਿਣਤੀ ਵਧਦੀ ਜਾ ਰਹੀ ਸੀ। ਸਿਪਾਹੀ ਬੂਟਾ ਸਿੰਘ ਤੇ ਸੁੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ।

ਸਿਗਨਲ ਮੈਨ ਗੁਰਮੁਖ ਸਿੰਘ; ਲੈਫਟੀਨੈਂਟ ਕਰਨਲ ਹਾਫਟਨ ਨੂੰ ਸੰਕੇਤਕ ਭਾਸ਼ਾ ’ਚ (ਹਿਲੋਗ੍ਰਾਫ ਰਾਹੀਂ) ਲਗਾਤਾਰ ਦੱਸ ਰਹੇ ਸਨ ਕਿ ਪਠਾਣ ਇੱਕ ਹੋਰ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਸਾਡੀਆਂ ਗੋਲੀਆਂ ਖ਼ਤਮ ਹੋ ਰਹੀਆਂ ਹਨ।

ਕਰਨਲ ਨੇ ਜਵਾਬ ਦਿੱਤਾ, ‘ਅੰਨ੍ਹੇਵਾਹ ਗੋਲੀਆਂ ਨਾ ਚਲਾਈਆਂ ਜਾਣ। ਜਦੋਂ ਤੁਸੀਂ ਬਿਲਕੁਲ ਨਿਸ਼ਚਿਤ ਹੋਵੋ ਕਿ ਗੋਲੀ ਦੁਸ਼ਮਣ ਨੂੰ ਲੱਗੇਗੀ, ਤਾਂ ਹੀ ਗੋਲੀਆਂ ਚਲਾਈਆਂ ਜਾਣ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਕੁਝ ਮਦਦ ਤੁਹਾਡੇ ਤੱਕ ਪਹੁੰਚਾਈ ਜਾਵੇ’।

ਕੈਪਟਨ ਅਮਰਿੰਦਰ ਸਿੰਘ ਆਪਣੀ ਕਿਤਾਬ (Saragarhi And The Defence Of The Samana Forts) ’ਚ ਲਿਖਦੇ ਹਨ, ‘ਲੋਕਹਾਰਟ ਕਿਲ੍ਹੇ ਨਾਲ ਰਾਇਲ ਆਇਰਿਸ਼ ਰਾਇਫਲ ਦੇ 13 ਜਵਾਨਾਂ ਨੇ ਅੱਗੇ ਵੱਧ ਕੇ ਸਾਰਾਗੜ੍ਹੀ ’ਤੇ ਮੌਜੂਦ ਜਵਾਨਾਂ ਦੀ ਮਦਦ ਕਰਨ ਬਾਰੇ ਸੋਚਿਆ, ਪਰ ਉਨ੍ਹਾਂ ਨੂੰ ਤੁਰੰਤ ਅਹਿਸਾਸ ਹੋ ਗਿਆ ਕਿ ਉਨ੍ਹਾਂ ਦੀ ਗਿਣਤੀ ਇੰਨੀ ਘੱਟ ਹੈ ਕਿ ਜੇਕਰ ਉਹ 1000 ਗਜ਼ ਦੀ ਦੂਰੀ ਤੋਂ ਵੀ ਫਾਇਰ ਕਰਣਗੇ ਤਾਂ ਭੀ ਪਠਾਣਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਜੇਕਰ ਉਹ ਹੋਰ ਨੇੜੇ ਗਏ ਤਾਂ ਪਠਾਣਾਂ ਦੀਆਂ ਲੰਬੀਆਂ ਨਾਲਾਂ ਵਾਲੀਆਂ ‘ਜਿਜ਼ੇਲ’ ਅਤੇ ਚੋਰੀ ਕੀਤੀਆਂ ਲੀ ਮੈਟਫੋਰਡ ਰਾਇਫਲਾਂ, ਉਨ੍ਹਾਂ ਨੂੰ ਆਸਾਨੀ ਨਾਲ ਆਪਣਾ ਨਿਸ਼ਾਨਾ ਬਣਾ ਲੈਣਗੀਆਂ। ਉਹ ਵਾਪਸ ਆਪਣੇ ਕਿਲ੍ਹੇ ਵਿੱਚ ਪਰਤ ਆਏ’।

ਪਠਾਣਾਂ ਨੇ ਕਿਲ੍ਹੇ ਦੀ ਕੰਧ ’ਚ ਮੋਰੀ ਕਰਕੇ ਦੋ ਪਠਾਣ; ਮੁੱਖ ਕਿਲ੍ਹੇ ਦੇ ਸੱਜੇ ਹਿੱਸੇ ਦੀ ਕੰਧ ਦੇ ਠੀਕ ਹੇਠਾਂ ਪਹੁੰਚਣ ’ਚ ਸਫ਼ਲ ਹੋ ਗਏ। ਆਪਣੀਆਂ ਤੇਜ਼ ਛੁਰੀਆਂ ਨਾਲ ਉਨ੍ਹਾਂ ਨੇ ਕੰਧ ਦੀ ਨੀਂਹ ਅਤੇ ਹੇਠਾਂ ਦੇ ਪੱਥਰਾਂ ਦੇ ਪਲਾਸਟਰ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿਚਾਲੇ ਬਾਬਾ ਈਸ਼ਰ ਸਿੰਘ ਆਪਣੇ ਚਾਰ ਸਿੱਖਾਂ ਨੂੰ ਕਿਲ੍ਹੇ ਦੇ ਮੁੱਖ ਹਾਲ ’ਚ ਲੈ ਆਏ ਕਿਉਂਕਿ ਪਠਾਣ ਕਿਲ੍ਹੇ ਦੀਆਂ ਕੰਧਾਂ ਦੇ ਹੇਠਲੇ ਹਿੱਸੇ ’ਚ 7 ਫੁੱਟ ਵੱਡੀ ਮੋਰੀ ਕਰਨ ’ਚ ਸਫ਼ਲ ਹੋ ਚੁੱਕੇ ਸਨ। ਆਪ ਉਪਰੋਂ ਫਾਇਰਿੰਗ ਭੀ ਕਰਦੇ ਰਹੇ।

ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, ‘ਪਠਾਣਾਂ ਨੇ ਇੱਕ ਹੋਰ ਤਰਕੀਬ ਕੱਢੀ। ਉਨ੍ਹਾਂ ਨੇ ਮੰਜੀਆਂ ਨੂੰ ਆਪਣੇ ਸਿਰ ’ਤੇ ਚੁੱਕਿਆ ਅਤੇ ਉਨ੍ਹਾਂ ਦੀ ਆੜ ਲੈ ਕੇ ਅੱਗੇ ਵਧੇ ਤਾਂ ਜੋ ਸਿੱਖ ਉਨ੍ਹਾਂ ਨੂੰ ਦੇਖ ਕੇ ਨਿਸ਼ਾਨਾ ਨਾ ਲਗਾ ਸਕਣ। ਉਹ ਕਿਲ੍ਹੇ ਦੇ ਇੱਕ ਅਜਿਹੇ ਕੋਣ ’ਤੇ ਪਹੁੰਚ ਗਏ ਜਿੱਥੇ ਕਿਲ੍ਹੇ ਉਪਰੋਂ ਉਨ੍ਹਾਂ ਨੂੰ ਮੋਰੀ ਕਰਦਿਆਂ ਕੋਈ ਦੇਖ ਨਹੀਂ ਸਕਦਾ ਸੀ। ਗੁਲਿਸਤਾਨ ਚੌਂਕੀ ਦੇ ਕਮਾਂਡਰ ਮੇਜਰ ‘ਦੇ ਵੋਏ’; ਆਪਣੇ ਟਿਕਾਣੇ ਤੋਂ ਇਹ ਸਭ ਹੁੰਦਿਆਂ ਦੇਖ ਰਹੇ ਸਨ। ਸਾਰਾਗੜ੍ਹੀ ਦੇ ਜਵਾਨਾਂ ਨੂੰ ਇਸ ਬਾਰੇ ਸਿਗਨਲ ਵੀ ਭੇਜੇ, ਪਰ ਸਿਗਨਲ ਮੈਨ ਗੁਰਮੁਖ ਸਿੰਘ ਲੋਕਹਾਰਟ ਕਿਲ੍ਹੇ ਤੋਂ ਆ ਰਹੇ ਸਿਗਨਲਾਂ ਨੂੰ ਪੜ੍ਹਣ ’ਚ ਮਸ਼ਰੂਫ ਸਨ, ਇਸ ਲਈ ਇਨ੍ਹਾਂ ਸਿਗਨਲਾਂ ਵੱਲ ਉਨ੍ਹਾਂ ਦਾ ਧਿਆਨ ਨਾ ਗਿਆ’।

ਲਾਂਸ ਨਾਇਕ ਚੰਦਾ ਸਿੰਘ ਦੇ ਨਾਲ ਮੁੱਖ ਬਲਾਕ ’ਚ ਤਾਇਨਾਤ ਤਿੰਨ ਜਵਾਨ (ਸਾਹਿਬ ਸਿੰਘ, ਜੀਵਨ ਸਿੰਘ ਅਤੇ ਦਯਾ ਸਿੰਘ) ਭੀ ਮਾਰੇ ਗਏ। ਜਦੋਂ ਚੰਦਾ ਸਿੰਘ ਇਕੱਲੇ ਰਹਿ ਗਏ ਤਾਂ ਈਸ਼ਰ ਸਿੰਘ ਅਤੇ ਉਨ੍ਹਾਂ ਦੇ ਬਾਕੀ ਸਾਥੀ ਆਪਣੀ ਰੱਖਿਆ (ਪੋਜੀਸ਼ਨ) ਨੂੰ ਛੱਡ ਕੇ ਉਨ੍ਹਾਂ ਦੇ ਕੋਲ ਮੁੱਖ ਬਲਾਕ ਵਿੱਚ ਆ ਗਏ।

ਹਵਲਦਾਰ ਈਸ਼ਰ ਸਿੰਘ ਨੇ ਹੁਕਮ ਦਿੱਤਾ ਕਿ ਉਹ ਆਪਣੀ ਰਾਇਫਲਾਂ ’ਚ ਸੰਗੀਨ ਲਗਾ ਲੈਣ। ਜੋ ਵੀ ਪਠਾਣ ਉਸ ਮੋਰੀ ਵਿਚੋਂ ਅੰਦਰ ਆਇਆ, ਉਸ ’ਤੇ ਰਾਇਫਲਾਂ ਨਾਲ ਜਾਂ ਤਾਂ ਸਟੀਕ ਨਿਸ਼ਾਨਾ ਲਗਾਇਆ ਜਾਏ ਜਾਂ ਉਨ੍ਹਾਂ ਨੂੰ ਸੰਗੀਨ ਮਾਰ ਦਿੱਤੀ ਜਾਏ, ਪਰ ਬਾਹਰ ਕੌਨਿਆਂ ’ਤੇ ਕੋਈ ਸਿੱਖ ਤਾਇਨਾਤ ਨਾ ਹੋਣ ਕਾਰਨ ਪਠਾਣ ਬਾਂਸ ਦੀਆਂ ਬਣੀਆਂ ਪੌੜੀਆਂ ਤੋਂ ਕਿਲ੍ਹੇ ਉੱਪਰ ਚੜ੍ਹ ਗਏ।

ਕੈਪਟਨ ਅਮਰਿੰਦਰ ਸਿੰਘ ਲਿਖਦੇ ਹਨ, ‘ਉਸ ਇਲਾਕੇ ’ਚ ਹਜ਼ਾਰਾਂ ਪਠਾਣਾਂ ਦੇ ਵਧਣ ਦੇ ਬਾਵਜੂਦ ਲੈਫਟੀਨੈਂਟ ਮਨ ਅਤੇ ਕਰਨਲ ਹਾਫਟਨ ਨੇ ਇੱਕ ਵਾਰ ਫਿਰ 78 ਸੈਨਿਕਾਂ ਦੇ ਨਾਲ ਸਾਰਾਗੜ੍ਹੀ ’ਚ ਘਿਰ ਚੁੱਕੇ ਆਪਣੇ ਸਾਥੀਆਂ ਦੀ ਮਦਦ ਲਈ ਫਾਇਰਿੰਗ ਕਰਨੀ ਸ਼ੁਰੂ ਕੀਤੀ, ਤਾਂ ਜੋ ਪਠਾਣਾਂ ਦਾ ਧਿਆਨ ਭੰਗ ਹੋ ਜਾਵੇ। ਜਦੋਂ ਉਹ ਕਿਲ੍ਹੇ ਤੋਂ ਸਿਰਫ਼ 500 ਮੀਟਰ ਦੂਰ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਪਠਾਣ ਕਿਲ੍ਹੇ ਦੀ ਕੰਧ ਲੰਘ ਚੁੱਕੇ ਸਨ ਅਤੇ ਕਿਲ੍ਹੇ ਦੇ ਮੁੱਖ ਦਰਵਾਜ਼ੇ ਵਿੱਚ ਅੱਗ ਲੱਗੀ ਹੋਈ ਹੈ। ਹਾਫਟਨ ਨੂੰ ਅੰਦਾਜ਼ਾ ਹੋ ਗਿਆ ਹੁਣ ਸਾਰਾਗੜ੍ਹੀ ਘਿਰ ਗਿਆ ਹੈ’।

ਇਸ ਸਮੇਂ ਸਿਗਨਲ ਦੀ ਵਿਵਸਥਾ ਦੇਖ ਰਹੇ ਗੁਰਮੁਖ ਸਿੰਘ ਨੇ ਆਪਣਾ ਆਖ਼ਰੀ ਸੰਦੇਸ਼ ਭੇਜਿਆ ਕਿ ਪਠਾਣ ਮੁੱਖ ਬਲਾਕ ਤੱਕ ਆ ਗਏ ਹਨ। ਉਨ੍ਹਾਂ ਨੇ ਕਰਨਲ ਹਾਫਟਨ ਤੋਂ ਸਿਗਨਲ ਰੋਕਣ ਅਤੇ ਆਪਣੀ ਰਾਈਫਲ ਸੰਭਾਲਣ ਦੀ ਇਜ਼ਾਜਤ ਮੰਗੀ। ਕਰਨਲ ਨੇ ਆਪਣੇ ਆਖ਼ਰੀ ਸੰਦੇਸ਼ ਵਿੱਚ ਅਜਿਹਾ ਕਰਨ ਦੀ ਇਜਾਜ਼ਤ ਦੇ ਦਿੱਤੀ।

ਸ. ਗੁਰਮੁਖ ਸਿੰਘ ਨੇ ਆਪਣੇ ਹਿਲੋਗ੍ਰਾਫ ਨੂੰ ਇੱਕ ਪਾਸੇ ਰੱਖਿਆ, ਆਪਣੀ ਰਾਇਫਲ ਚੁੱਕੀ ਅਤੇ ਮੁੱਖ ਬਲਾਕ ’ਚ ਲੜਾਈ ਲੜ ਰਹੇ ਆਪਣੇ ਬਚੇ ਖੁਚੇ ਸਾਥੀਆਂ ਕੋਲ ਆ ਗਏ। ਉਦੋਂ ਤੱਕ ਕਮਾਂਡਰ ਈਸ਼ਰ ਸਿੰਘ ਸਮੇਤ ਸਿੱਖ ਟੁਕੜੀ ਦੇ ਵਧੇਰੇ ਜਵਾਨ ਮਾਰੇ ਗਏ ਸਨ। ਪਠਾਣਾਂ ਦੀਆਂ ਲਾਸ਼ਾਂ ਵੀ ਚਾਰੇ ਪਾਸੇ ਖਿੱਲਰੀਆਂ ਪਈਆਂ ਸਨ। ਉਨ੍ਹਾਂ ਵੱਲੋਂ ਬਣਾਈ ਗਈ ਮੋਰੀ ਅਤੇ ਸੜ੍ਹ ਚੁੱਕਿਆ ਮੁੱਖ ਗੇਟ ਪਠਾਣਾਂ ਦੀਆਂ ਲਾਸ਼ਾਂ ਨਾਲ ਭਰਿਆ ਪਿਆ ਸੀ। ਆਖ਼ਿਰ ਵਿੱਚ ਨਾਇਕ ਲਾਲ ਸਿੰਘ, ਗੁਰਮੁਖ ਸਿੰਘ ਅਤੇ ਇੱਕ ਅਸੈਨਿਕ ਦਾਦ ਸਿੰਘ ਬਚੇ ਹੋਏ ਸਨ। ਬੁਰੀ ਤਰ੍ਹਾਂ ਜਖ਼ਮੀ ਹੋਣ ਕਾਰਨ ਲਾਲ ਸਿੰਘ ਕੋਲੋਂ ਤੁਰਿਆ ਨਹੀਂ ਜਾ ਰਿਹਾ ਸੀ, ਪਰ ਉਹ ਬੇਹੋਸ਼ ਨਹੀਂ ਹੋਏ ਸਨ ਅਤੇ ਇੱਕ ਥਾਂ ਉੱਤੇ ਡਿੱਗੇ ਹੋਏ ਹੀ ਪਠਾਣਾਂ ਉੱਤੇ ਗੋਲੀਆਂ ਚਲਾ ਰਹੇ ਸਨ।

ਬ੍ਰਿਟਿਸ਼ ਫੌਜ ਵਿੱਚ ਉਦੋਂ ਇੱਕ ਅਜੀਬ ਜਿਹਾ ਕਾਨੂੰਨ ਸੀ ਕਿ ਫੌਜ ਦੇ ਨਾਲ ਕੰਮ ਕਰ ਰਹੇ ਅਸੈਨਿਕ ਬੰਦੂਕ ਨਹੀਂ ਚੁੱਕਣਗੇ। ਦਾਦ ਦਾ ਕੰਮ ਜਖ਼ਮੀ ਹੋਏ ਫ਼ੌਜੀਆਂ ਦੀ ਦੇਖਭਾਲ ਕਰਨਾ, ਸਿਗਨਲ ਦੇ ਸੰਦੇਸ਼ ਲੈ ਕੇ ਆਉਣਾ, ਹਥਿਆਰਾਂ ਦੇ ਡੱਬੇ ਖੋਲ੍ਹਣਾ ਅਤੇ ਉਨ੍ਹਾਂ ਨੂੰ ਸੈਨਿਕਾਂ ਤੱਕ ਲੈ ਕੇ ਜਾਣਾ ਸੀ। ਜਦੋਂ ਅੰਤ ਕਰੀਬ ਆਉਣ ਲੱਗਾ ਤਾਂ ਸਿੱਖਾਂ ਦੀ ਸ਼ਹਾਦਤ ਤੇ ਦਲੇਰੀ ਤੋਂ ਪ੍ਰਭਾਵਤ ਹੋ ਕੇ ਦਾਦ ਨੇ ਵੀ ਰਾਇਫਲ ਚੁੱਕ ਲਈ ਅਤੇ ਮਰਨ ਤੋਂ ਪਹਿਲਾਂ ਉਸ ਨੇ ਭੀ 5 ਪਠਾਣਾਂ ਨੂੰ ਗੋਲੀ ਨਾਲ ਉਡਾਇਆ ਜਾਂ ਉਨ੍ਹਾਂ ਦੇ ਢਿੱਡ ’ਚ ਸੰਗੀਨ ਮਾਰ ਦਿੱਤੀ।

ਕੈਪਟਨ ਅਮਰਿੰਦਰ ਸਿੰਘ ਲਿਖਦੇ ਹਨ, ‘ਆਖ਼ਿਰ ’ਚ ਗੁਰਮੁਖ ਸਿੰਘ ਬਚੇ। ਉਨ੍ਹਾਂ ਨੇ ਉਸ ਥਾਂ ਜਾ ਕੇ ਪੋਜੀਸ਼ਨ ਲਈ, ਜਿੱਥੇ ਜਵਾਨਾਂ ਦੇ ਸੋਣ ਲਈ ਕਮਰੇ ਸਨ। ਗੁਰਮੁਖ ਸਿੰਘ ਨੇ ਇਕੱਲੇ ਗੋਲੀ ਚਲਾਉਂਦਿਆਂ ਘੱਟੋ-ਘੱਟ 20 ਪਠਾਣਾਂ ਨੂੰ ਮਾਰਿਆ। ਕਿਲ੍ਹੇ ’ਤੇ ਕਬਜ਼ਾ ਨਾ ਹੁੰਦਾ ਵੇਖ ਆਖ਼ਿਰ ਪਠਾਣਾਂ ਨੇ ਪੂਰੇ ਕਿਲ੍ਹੇ ਨੂੰ ਹੀ ਅੱਗ ਲਗਾ ਦਿੱਤੀ [ਅਜਿਹੀ ਸੀ ਬਹਾਦਰੀ ਦੀ ਇਹ ਅਦੁੱਤੀ ਦਾਸਤਾਨ। ਸਿੱਖ ਫੌਜੀਆਂ ਨੇ ਪਠਾਣਾਂ ਨੂੰ ਜਿਉਂਦੇ ਜੀਅ ਗੜ੍ਹੀ ਦੇ ਲਾਗੇ ਨਾ ਢੁੱਕਣ ਦਿੱਤਾ। ਦੁਸ਼ਮਣ ਹੈਰਾਨ ਸਨ ਕਿ ਐਨੀ ਘੱਟ-ਗਿਣਤੀ ਫੌਜ ਨੇ ਭੀ ਉਨ੍ਹਾਂ ਦੇ ਨੱਕ ’ਚ ਦਮ ਕਰ ਰੱਖਿਆ]। ਇਸ ਜੰਗ ’ਚ 36 ਸਿੱਖ ਰੈਜੀਮੈਂਟ ਦੇ ਇਨ੍ਹਾਂ ਜਵਾਨਾਂ ਨੇ ਹਥਿਆਰ ਸੁੱਟਣ ਨਾਲੋਂ ਆਪਣੀ ਜਾਨ ਗੁਆਉਣਾ ਸਹੀ ਸਮਝਿਆ’।

ਸਾਰਾਗੜ੍ਹੀ ਦੀ ਇਸ ਜੰਗ ਵਿੱਚ ਬ੍ਰਿਟੇਨ ਸਿਪਾਹੀਆੰ ਨੇ .303 ਲੀ ਮੈਟਫੋਰਡ ਰਾਇਫਲਾਂ ਦਾ ਇਸਤੇਮਾਲ ਕੀਤਾ ਸੀ।  7 ਘੰਟੇ ਤੱਕ ਚੱਲੀ ਇਸ ਗ਼ੈਰ-ਬਰਾਬਰੀ ਦੀ ਜੰਗ ਵਿੱਚ ਸਿੱਖਾਂ ਵੱਲੋਂ 22 ( 21 ਸਿੱਖ ਤੇ 1 ਦਾਦ) ਅਤੇ 180 ਤੋਂ 200 ਪਠਾਣ ਮਾਰੇ ਗਏ। ਕਰੀਬ 600 ਤੋਂ ਵੱਧ ਪਠਾਣ ਜਖ਼ਮੀ ਹੋ ਗਏ ਸਨ।

ਬ੍ਰਿਗੇਡੀਅਰ ਕੰਵਲਜੀਤ ਸਿੰਘ ਦੱਸਦੇ ਹਨ, ‘ਜੰਗ ਤੋਂ ਬਾਅਦ ਸਾਰਾਗੜ੍ਹੀ ਕਿਲ੍ਹੇ ਦੇ ਡਿਜ਼ਾਇਨ’ ’ਚ ਇੱਕ ਹੋਰ ਖਾਮੀ ਮਿਲੀ। ਕਿਲ੍ਹੇ ਦਾ ਮੁੱਖ ਦਰਵਾਜ਼ਾ ਲੱਕੜ ਦਾ ਬਣਿਆ ਹੋਇਆ ਸੀ ਅਤੇ ਮਜ਼ਬੂਤ ਕਰਨ ਲਈ ਕਿੱਲਾਂ ਵੀ ਨਹੀਂ ਲਗਾਈਆਂ ਗਈਆਂ ਸਨ। ਉਹ ਪਠਾਣਾਂ ਦੀ ‘ਜਿਜ਼ੇਲ’ ਰਾਇਫਲਾਂ ਤੋਂ ਆ ਰਹੇ ਲਗਾਤਾਰ ਫਾਇਰ ਨੂੰ ਨਾ ਝੱਲ ਸਕਿਆ ਅਤੇ ਟੁੱਟ ਗਿਆ। ਤਿੰਨ ਵਜੇ ਤੱਕ ਸਿੱਖਾਂ ਦੀਆਂ ਸਾਰੀਆਂ ਗੋਲੀਆਂ ਖ਼ਤਮ ਹੋ ਗਈਆਂ ਸਨ ਅਤੇ ਉਹ ਅੱਗੇ ਵਧਦੇ ਪਠਾਣਾਂ ਨਾਲ ਸਿਰਫ਼ ਸੰਗੀਨਾਂ ਨਾਲ ਲੜ ਰਹੇ ਸਨ। ਪਠਾਣਾਂ ਨੇ ਕਿਲ੍ਹੇ ਦੀ ਕੰਧ ਵਿੱਚ ਜੋ ਮੋਰੀ ਕੀਤੀ ਸੀ, ਉਹ ਭੀ ਉਦੋਂ ਤੱਕ ਵੱਧ ਕੇ 7 ਫੁੱਟ ਗੁਣਾ 12 ਫੁੱਟ ਹੋ ਗਈ ਸੀ’।

14 ਸਤੰਬਰ ਨੂੰ ਕੋਹਾਟ ਤੋਂ 9 ਮਾਊਂਟੇਨ ਬੈਟਰੀ ਉੱਥੇ ਅੰਗਰੇਜ਼ਾਂ ਦੀ ਮਦਦ ਲਈ ਪਹੁੰਚ ਗਈ। ਪਠਾਣ ਅਜੇ ਵੀ ਸਾਰਾਗੜ੍ਹੀ ਦੇ ਕਿਲ੍ਹੇ ’ਚ ਮੌਜੂਦ ਸਨ। ਉਨ੍ਹਾਂ ਨੇ ਤੋਪ ਨਾਲ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। ਕਿਲ੍ਹੇ ’ਤੇ ਅੰਗਰੇਜ਼ ਸੈਨਿਕਾਂ ਨੇ ਜ਼ਬਰਦਸਤ ਹਮਲਾ ਕੀਤਾ ਅਤੇ ਸਾਰਾਗੜ੍ਹੀ ਨੂੰ ਪਠਾਣਾਂ ਕੋਲੋਂ ਛੁਡਾ ਲਿਆ।

ਜਦੋਂ ਅੰਗਰੇਜ਼ ਸੈਨਿਕ ਅੰਦਰ ਗਏ ਤਾਂ ਉਨ੍ਹਾਂ ਨੂੰ ਨਾਇਕ ਲਾਲ ਸਿੰਘ ਦੀ ਬੁਰੀ ਹਾਲਤ ਵਿੱਚ ਪਈ ਹੋਈ ਲਾਸ਼ ਮਿਲੀ। ਬਾਕੀ ਸਿੱਖ ਸੈਨਿਕਾਂ ਅਤੇ ਦਾਦ ਸਿੰਘ ਦੀਆਂ ਲਾਸ਼ਾਂ ਭੀ ਪਈਆਂ ਹੋਈਆਂ ਸਨ।

ਲੈਫਟੀਨੈਂਟ ਕਰਨਲ ਹਾਫਟਨ ਪਹਿਲੇ ਸ਼ਖ਼ਸ ਸੀ, ਜਿਸ ਨੇ ਇਨ੍ਹਾਂ ਫੌਜੀਆਂ ਨੂੰ ਬਹਾਦਰੀ ਨਾਲ਼ ਸੰਘਰਸ਼ ਕਰਦਿਆਂ ਵੇਖਿਆ, ਪਛਾਣਿਆ। ਉਨ੍ਹਾਂ ਨੇ ਆਪਣੇ ਇਨ੍ਹਾਂ ਸਾਥੀਆਂ ਨੂੰ ਸਲੂਟ ਕੀਤਾ।

ਸਿੱਖ ਯੋਧਿਆਂ ਦੀ ਇਹ ਖਬਰ ਜਦੋਂ ਲੰਦਨ ਬ੍ਰਿਟਿਸ਼ ਪਾਰਲੀਮੈਂਟ ’ਚ ਪਹੁੰਚੀ ਤਾਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਮੈਂਬਰਾਂ ਨੇ ਖੜ੍ਹੇ ਹੋ ਕੇ ਸਨਮਾਨ ਦੇ ਤੌਰ ’ਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਦੁਨੀਆ ਭਰ ਵਿੱਚ ਇਸ ਲੜਾਈ ਦੀ ਚਰਚਾ ਹੋਈ ਤੇ ਸੰਸਾਰ ਭਰ ਵਿੱਚ ਇਸ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਈਆਂ। ਸਿੱਖ ਕੌਮ ਦੀ ਬਹਾਦਰੀ ਦੀਆਂ ਧੁੰਮਾਂ ਵਿਸ਼ਵ ਭਰ ਵਿੱਚ ਪੈ ਗਈਆਂ। ਉਸ ਵੇਲੇ ਬ੍ਰਿਟਿਸ਼ ਸੰਸਦ ਦਾ ਸੈਸ਼ਨ ਚੱਲ ਰਿਹਾ ਸੀ। ਜਦੋਂ ਮਹਾਰਾਣੀ ਵਿਕਟੋਰੀਆ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਸਾਰੇ 21 ਸੈਨਿਕਾਂ ਨੂੰ ‘ਇੰਡੀਅਨ ਆਰਡਰ ਆਫ ਮੈਰਿਟ’ ਦੇਣ ਦਾ ਐਲਾਨ ਕੀਤਾ। ਇਹ ਉਸ ਵੇਲੇ ਤੱਕ ਭਾਰਤੀਆਂ ਨੂੰ ਮਿਲਣ ਵਾਲਾ ਸਭ ਤੋਂ ਵੱਡਾ ਵੀਰਤਾ ਪੁਰਸਕਾਰ ਸੀ, ਜੋ ਉਦੋਂ ਦੇ ਵਿਕਟੋਰੀਆ ਕਰਾਸ ਅਤੇ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਸੀ। ਉਦੋਂ ਤੱਕ ਵਿਕਟੋਰੀਆ ਕਰਾਸ; ਸਿਰਫ਼ ਅੰਗਰੇਜ਼ ਸੈਨਿਕਾਂ ਨੂੰ ਮਿਲਦਾ ਸੀ ਅਤੇ ਉਹ ਵੀ ਸਿਰਫ਼ ਜ਼ਿੰਦਾ ਸੈਨਿਕਾਂ ਨੂੰ। ਸਾਰੇ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਇਨ੍ਹਾਂ ਸੈਨਿਕਾਂ ਨੂੰ ‘ਸਟੈਂਡਿੰਗ ਓਵੇਸ਼ਨ’ ਦਿੱਤਾ। ਇਸ ਯੁੱਧ ਤੋਂ ਪਹਿਲਾਂ ਤੇ ਬਾਅਦ ਵਿੱਚ ਵੀ ਏਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਪਲਟਨ ਨੂੰ ਅੱਜ ਤੱਕ ਨਹੀਂ ਮਿਲਿਆ।

‘ਲੰਡਨ ਗਜ਼ਟ’ ਦੇ 11 ਫਰਵਰੀ 1898 ਦੇ ਅੰਕ 26937 ਦੇ ਪੰਨਾ 863 ’ਤੇ ਸੰਸਦ ਦੀ ਟਿੱਪਣੀ ਛਪੀ, ‘ਸਾਰੇ ਬ੍ਰਿਟੇਨ ਅਤੇ ਭਾਰਤ ਨੂੰ 36 ਸਿੱਖ ਰੈਜੀਮੈਂਟ ਦੇ ਇਨ੍ਹਾਂ ਸੈਨਿਕਾਂ ’ਤੇ ਮਾਣ ਹੈ। ਇਹ ਕਹਿਣ ’ਚ ਕੋਈ ਅਤਿਕਥਨੀ ਨਹੀਂ ਹੈ ਕਿ ਜਿਸ ਸੈਨਾ ’ਚ ਸਿੱਖ ਸਿਪਾਹੀ ਲੜ ਰਹੇ ਹੋਣ, ਉਨ੍ਹਾਂ ਨੂੰ ਨਹੀਂ ਹਰਾਇਆ ਜਾ ਸਕਦਾ’। ਇਹ 36 ਸਿੱਖ ਰੈਜੀਮੈਂਟ ਹੀ ਹੁਣ ਅਜ਼ਾਦ ਭਾਰਤ ’ਚ ‘ਸਿੱਖ ਰੈਜੀਮੈਂਟ’ ਦੀ ਚੌਥੀ ਬਟਾਲੀਅਨ ਹੈ।

ਸੰਨ 1911 ਵਿੱਚ ਜਾ ਕੇ ਅੰਗਰੇਜ਼ ਜਾਰਜ ਫਿਫਥ ਨੇ ਪਹਿਲੀ ਵਾਰ ਐਲਾਨ ਕੀਤਾ ਕਿ ਭਾਰਤੀ ਸੈਨਿਕ ਵੀ ਵਿਕਟੋਰੀਆ ਕਰਾਸ ਜਿੱਤਣ ਦੇ ਹੱਕਦਾਰ ਹੋਣਗੇ। ਇਨ੍ਹਾਂ ਸੈਨਿਕਾਂ ਦੇ ਪਰਵਾਰ ਵਾਲਿਆਂ ਨੂੰ 500-500 ਰੁਪਏ ਅਤੇ ਦੋ ਮੁਰੱਬਾ ਜ਼ਮੀਨ, ਜੋ ਅੱਜ ਕੱਲ੍ਹ 50 ਏਕੜ ਦੇ ਬਰਾਬਰ ਹੈ, ਸਰਕਾਰ ਵੱਲੋਂ ਦਿੱਤੀ ਗਈ। ਇੱਕ ਅਸੈਨਿਕ ਦਾਦ ਨੂੰ ਕੁਝ ਨਾ ਦਿੱਤਾ ਕਿਉਂਕਿ ਉਹ ਐੱਨ.ਸੀ.ਈ. (Non combatant enlisted/ਗ਼ੈਰ ਲੜਾਕੂ ਭਰਤੀ) ਸੀ, ਜਿਸ ਨੂੰ ਹਥਿਆਰ ਚੁੱਕਣ ਦੀ ਇਜਾਜ਼ਤ ਨਹੀਂ ਸੀ। ਬ੍ਰਿਟਿਸ਼ ਸਰਕਾਰ ਦੀ ਇਹ ਬਹੁਤ ਵੱਡੀ ਨਾ-ਇਨਸਾਫ਼ੀ ਸੀ ਭਾਵੇਂ ਕਿ ਦਾਦ ਨੇ ਭੀ ਰਾਇਫਲ ਤੇ ਸੰਗੀਨ ਨਾਲ ਘੱਟੋ-ਘੱਟ 5 ਪਠਾਣਾਂ ਨੂੰ ਮਾਰਿਆ ਸੀ।

ਇਸ ਜੰਗ ਤੋਂ ਬਾਅਦ ਮੇਜਰ ਜਨਰਲ ਯੀਟਮੈਨ ਬਿਗਸ ਨੇ ਕਿਹਾ, ‘21 ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਬ੍ਰਿਟਿਸ਼ ਸੈਨਿਕ ਇਤਿਹਾਸ ’ਚ ਹਮੇਸ਼ਾ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਵੇਗਾ’।

ਇਨ੍ਹਾਂ ਸ਼ਹੀਦਾਂ ਦੀ ਬਣਾਈ ਗਈ ਯਾਦਗਾਰ ’ਤੇ ਹੇਠ ਲਿਖੇ ਸ਼ਬਦ ਅੰਕਿਤ ਹਨ :

ਭਾਰਤ ਸਰਕਾਰ ਨਾਨ-ਕਮਿਸ਼ਨਡ ਅਫਸਰਾਂ ਦੀ ਯਾਦ ਵਿੱਚ ਇਹ ਯਾਦਗਾਰ ਬਣਾਉਂਦੀ ਹੈ, ਜੋ ਬੰਗਾਲ ਇਨਫੈਂਟਰੀ ਦੀ 36 ਸਿੱਖ ਰੈਜਮੈਂਟ ਵਿੱਚ ਭਰਤੀ ਸਨ, ਉਹਨਾਂ ਦੇ ਨਾਮ ਇਸ ਯਾਦਗਾਰ ਵਿੱਚ ਖੁਦਵਾਏ ਹਨ, ਜੋ 12 ਸਤੰਬਰ, 1897 ਨੂੰ ਸਾਰਾਗੜ੍ਹੀ ਦੀ ਇਫਾਜਤ ਕਰਦੇ ਹੋਏ ਸ਼ਹੀਦ ਹੋ ਗਏ। ਵੁਲਵਹੈਂਪਟਨ (ਯੂ.ਕੇ.) ਵਿਖੇ 6 ਫੁੱਟ ਉੱਚੇ ਥੜ੍ਹੇ ’ਤੇ ਹੌਲਦਾਰ ਈਸ਼ਰ ਸਿੰਘ ਦਾ 10 ਫੁੱਟ ਉੱਚਾ ਬੁੱਤ ਬਣਾਇਆ ਹੋਇਆ ਹੈ, ਜਿਸ ਨੂੰ ਵੇਖਣ ਤੇ ਉਨ੍ਹਾਂ ਨਾਲ਼ ਸੈਲਫੀ ਲੈਣ ਹਜ਼ਾਰਾਂ ਸੈਲਾਨੀ ਆਉਂਦੇ ਹਨ।

ਇਸ ਬਹਾਦਰੀ ਦੀ ਦਾਸਤਾਨ; ਫਰਾਂਸ ਦੇ ਸਕੂਲਾਂ ਦੇ ਸਿਲੇਬਸ ’ਚ ਪੜ੍ਹਾਈ ਜਾ ਰਹੀ ਹੈ। ਯੂਨੈਸਕੋ ਨੇ ਇਸ ਲੜਾਈ ਨੂੰ ਮਾਨਤਾ ਦੇ ਕੇ ਦੁਨੀਆ ਦੀਆਂ ਬਿਹਤਰੀਨ 8 ਲੜਾਈਆਂ ਵਿੱਚ ਸ਼ਾਮਲ ਕੀਤਾ ਹੈ। ਇੰਗਲੈਂਡ ਅਤੇ ਕੈਨੇਡਾ ਵਿੱਚ ਸਾਰਾਗੜ੍ਹੀ ਦਿਵਸ ਕਾਫੀ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ, ਜਿੱਥੇ ਕਿ ਸਰਕਾਰੀ ਨੁਮਾਇੰਦੇ, ਸ਼ਹੀਦ ਫੌਜੀ ਬਾਬਿਆਂ ਦੇ ਪਰਵਾਰ ਤੇ ਸਿੱਖ ਸਾਬਕਾ ਫੌਜੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੇ ਹਨ। ਜ਼ਿਲ੍ਹਾ ਅੰਮ੍ਰਿਤਸਰ ਅਤੇ ਫਿਰੋਜਪੁਰ ਵਿੱਚ ਇਨ੍ਹਾਂ ਸ਼ਹੀਦਾਂ ਦੇ ਨਾਂ ਉੱਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ, ਜਿੱਥੇ ਹਰ ਸਾਲ 12 ਸਤੰਬਰ ਨੂੰ ਸ਼ਹੀਦ ਦਿਵਸ ਮਨਾਇਆ ਜਾਂਦਾ ਹੈ, ਪਰ ਅਫਸੋਸ ਕਿ ਭਾਰਤ ਦੀਆ ਸਰਕਾਰਾਂ ਨੇ ਇਸ ਇਤਿਹਾਸ ਨੂੰ ਅਣਗੌਲਿਆ ਹੀ ਕਰ ਰੱਖਿਆ ਹੈ। ਕਿਸੀ ਭੀ ਸਕੂਲ ’ਚ ਇਹ ਇਤਿਹਾਸ ਨਹੀਂ ਪੜ੍ਹਾਇਆ ਜਾਂਦਾ ਤਾਹੀਓਂ ਨਵੀਂ ਪੀੜ੍ਹੀ ਇਸ ਮਾਣਮੱਤੇ ਇਤਿਹਾਸ ਨੂੰ ਭੁਲਾ ਚੁੱਕੀ ਹੈ। ਇਨ੍ਹਾਂ ਸ਼ਹੀਦਾਂ ਦੇ ਨਾਂ ਹਨ :

  1. ਕਮਾਂਡਰ ਹਵਲਦਾਰ ਸ. ਈਸ਼ਰ ਸਿੰਘ (ਸੰਨ 1858-1897/ਉਮਰ 39 ਸਾਲ) ਸਪੁੱਤਰ ਸ. ਦੌਲਾ ਸਿੰਘ ਗਿੱਲ, ਪਿੰਡ ਝੋਰੜਾਂ, ਜ਼ਿਲ੍ਹਾ ਲੁਧਿਆਣਾ (ਭਾਰਤੀ ਰੈਂਕ ਨੰਬਰ 165)
  2. ਨਾਇਕ ਸ. ਲਾਲ ਸਿੰਘ (ਸੰਨ 1857-1897/ਉਮਰ 40 ਸਾਲ) ਸਪੁੱਤਰ ਸ. ਹਰੀ ਸਿੰਘ (ਭਾਰਤੀ ਰੈਂਕ ਨੰਬਰ 332)
  3. ਲਾਂਸ ਨਾਇਕ ਸ. ਚੰਦਾ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਰਤਨ ਸਿੰਘ (ਭਾਰਤੀ ਰੈਂਕ ਨੰਬਰ 546)
  4. ਸਿਪਾਹੀ ਸ. ਸਾਹਿਬ ਸਿੰਘ (ਸੰਨ 1860-1897/ਉਮਰ 37 ਸਾਲ, ਭਾਰਤੀ ਰੈਂਕ ਨੰਬਰ 182)
  5. ਸਿਪਾਹੀ ਸ. ਹੀਰਾ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਬਾਰਾ ਸਿੰਘ (ਭਾਰਤੀ ਰੈਂਕ ਨੰਬਰ 359)
  6. ਸਿਪਾਹੀ ਸ. ਦਿਆ ਸਿੰਘ (ਸੰਨ 1870-1897/ਉਮਰ 27 ਸਾਲ) ਸਪੁੱਤਰ ਸ. ਸੰਗਤ ਸਿੰਘ (ਭਾਰਤੀ ਰੈਂਕ ਨੰਬਰ 687)
  7. ਸਿਪਾਹੀ ਸ. ਜੀਵਨ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਹੀਰਾ ਸਿੰਘ (ਭਾਰਤੀ ਰੈਂਕ ਨੰਬਰ 760)
  8. ਸਿਪਾਹੀ ਸ. ਉੱਤਮ ਸਿੰਘ (ਸੰਨ 1868-1897/ਉਮਰ 29 ਸਾਲ) ਸਪੁੱਤਰ ਸ. ਲਹਿਣਾ ਸਿੰਘ (ਭਾਰਤੀ ਰੈਂਕ ਨੰਬਰ 492)
  9. ਸਿਪਾਹੀ ਸ. ਸੁੰਦਰ ਸਿੰਘ (ਸੰਨ 1870-1897/ਉਮਰ 27 ਸਾਲ) ਸਪੁੱਤਰ ਸ. ਸੁੱਧ ਸਿੰਘ (ਭਾਰਤੀ ਰੈਂਕ ਨੰਬਰ 1321)
  10. ਸਿਪਾਹੀ ਸ. ਜੀਵਨ ਸਿੰਘ (ਸੰਨ 1873-1897/ਉਮਰ 24 ਸਾਲ) ਸਪੁੱਤਰ ਸ. ਕਿਰਪਾ ਸਿੰਘ (ਭਾਰਤੀ ਰੈਂਕ ਨੰਬਰ 1651)
  11. ਸਿਪਾਹੀ ਸ. ਭੋਲਾ ਸਿੰਘ (ਸੰਨ 1865-1897/ਉਮਰ 32 ਸਾਲ, ਭਾਰਤੀ ਰੈਂਕ ਨੰਬਰ 791)
  12. ਸਿਗਨਲ ਮੈਨ ਸ. ਗੁਰਮੁਖ ਸਿੰਘ (ਸੰਨ 1874-1897/ਉਮਰ 23 ਸਾਲ) ਸਪੁੱਤਰ ਸ. ਗਰਜਾ ਸਿੰਘ (ਭਾਰਤੀ ਰੈਂਕ ਨੰਬਰ 1733)
  13. ਸਿਪਾਹੀ ਸ. ਰਾਮ ਸਿੰਘ (ਸੰਨ 1862-1897/ਉਮਰ 35 ਸਾਲ) ਸਪੁੱਤਰ ਸ. ਸੋਹਣ ਸਿੰਘ (ਭਾਰਤੀ ਰੈਂਕ ਨੰਬਰ 163)
  14. ਸਿਪਾਹੀ ਸ. ਰਾਮ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਭਗਵਾਨ ਸਿੰਘ (ਭਾਰਤੀ ਰੈਂਕ ਨੰਬਰ 287)
  15. ਸਿਪਾਹੀ ਸ. ਭਗਵਾਨ ਸਿੰਘ (ਸੰਨ 1872-1897/ਉਮਰ 25 ਸਾਲ) ਸਪੁੱਤਰ ਸ. ਹੀਰਾ ਸਿੰਘ (ਭਾਰਤੀ ਰੈਂਕ ਨੰਬਰ 1257)
  16. ਸਿਪਾਹੀ ਸ. ਨਰਾਇਣ ਸਿੰਘ ਧਾਲੀਵਾਲ, ਪਿੰਡ ਠੁੱਲੀਵਾਲ, ਜ਼ਿਲ੍ਹਾ ਬਰਨਾਲਾ (ਭਾਰਤੀ ਰੈਂਕ ਨੰਬਰ 834)
  17. ਸਿਪਾਹੀ ਸ. ਭਗਵਾਨ ਸਿੰਘ (ਸੰਨ 1873-1897/ਉਮਰ 24 ਸਾਲ) ਸਪੁੱਤਰ ਸ. ਬੀਰ ਸਿੰਘ (ਭਾਰਤੀ ਰੈਂਕ ਨੰਬਰ 1265)
  18. ਸਿਪਾਹੀ ਸ. ਗੁਰਮੁਖ ਸਿੰਘ (ਸੰਨ 1870-1897/ਉਮਰ 27 ਸਾਲ) ਸਪੁੱਤਰ ਸ. ਰਣ ਸਿੰਘ (ਭਾਰਤੀ ਰੈਂਕ ਨੰਬਰ 814)
  19. ਸਿਪਾਹੀ ਸ. ਬੂਟਾ ਸਿੰਘ (ਸੰਨ 1868-1897/ਉਮਰ 29 ਸਾਲ) ਸਪੁੱਤਰ ਸ. ਚੜ੍ਹਤ ਸਿੰਘ (ਭਾਰਤੀ ਰੈਂਕ ਨੰਬਰ 1556)
  20. ਸਿਪਾਹੀ ਸ. ਜੀਵਨ ਸਿੰਘ (ਸੰਨ 1869-1897/ਉਮਰ 28 ਸਾਲ) ਸਪੁੱਤਰ ਸ. ਨੁਪਾ ਸਿੰਘ (ਭਾਰਤੀ ਰੈਂਕ ਨੰਬਰ 871)
  21. ਸਿਪਾਹੀ ਸ. ਨੰਦ ਸਿੰਘ (ਸੰਨ 1873-1897/ਉਮਰ 24 ਸਾਲ) ਸਪੁੱਤਰ ਸ੍ਰੀ ਦੇਵੀ ਦੱਤਾ (ਭਾਰਤੀ ਰੈਂਕ ਨੰਬਰ 1221)
  22. ਐੱਨ. ਸੀ. ਈ. (ਕੈਂਪਰ/ਸਫ਼ਾਈ ਸੇਵਕ) ਦਾਦ/ਖੁਦਾ ਦਾਦ (ਸੰਨ 1857-1897/ਉਮਰ 40 ਸਾਲ) ਨੌਸ਼ਿਹਰਾ (ਐੱਨ. ਡਬਲਯੂ. ਐੱਫ਼. ਪੀ.), ਪਾਕਿਸਤਾਨ।

ਏਕਾ ਮਾਈ, ਜੁਗਤਿ ਵਿਆਈ

0

ਏਕਾ ਮਾਈ, ਜੁਗਤਿ ਵਿਆਈ

ਗਿਆਨੀ ਜਗਤਾਰ ਸਿੰਘ ਜਾਚਕ

ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਬਹੁਤ ਸਾਰੇ ਅਜਿਹੇ ਸ਼ਬਦ ਹਨ, ਜਿਨ੍ਹਾਂ ਦੇ ਪਹਿਲੇ ਕੁਝ ਪਦਿਆਂ ’ਚ ਅਨਮਤੀ ਵਿਚਾਰਧਾਰਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਅੰਤ ’ਚ ਗੁਰਮਤਿ ਵਿਚਾਰਧਾਰਾ ਦਾ ਨਿਰਣੈ ਜਨਕ ਵਰਣਨ ਕੀਤਾ ਹੈ; ਜਿਵੇਂ ਗੁਰੂ ਨਾਨਕ ਸਾਹਿਬ ਦੀ ਉਚਾਰਨ ਕੀਤੀ ਆਸਾ ਦੀ ਵਾਰ ਵਿਖੇ 6ਵੀਂ ਪਉੜੀ ਨਾਲ ਲਗਦੇ 14 ਤੁਕਾਂ ਵਾਲੇ ਪਹਿਲੇ ਸਲੋਕ ਦੀਆਂ ਪਹਿਲੀਆਂ ਦੋ ਤੁਕਾਂ ਹਨ, ‘‘ਮੁਸਲਮਾਨਾ ਸਿਫਤਿ ਸਰੀਅਤਿ; ਪੜਿ ਪੜਿ ਕਰਹਿ ਬੀਚਾਰੁ ਬੰਦੇ ਸੇ ਜਿ ਪਵਹਿ ਵਿਚਿ ਬੰਦੀ; ਵੇਖਣ ਕਉ ਦੀਦਾਰੁ ’’ (ਮਹਲਾ /੪੬੬) ਇਨ੍ਹਾਂ ’ਚ ਇਸਲਾਮ ਦੀ ਵਿਚਾਰਧਾਰਾ ਦਾ ਵੇਰਵਾ ਹੈ। ਦੱਸਿਆ ਹੈ ਕਿ ਮੁਸਲਮਾਨਾਂ ਨੂੰ ਸ਼ਰਹ ਦੀ ਵਡਿਆਈ ਸਭ ਤੋਂ ਵਧੀਕ ਚੰਗੀ ਲੱਗਦੀ ਹੈ। ਇਸ ਲਈ ਉਹ ਸ਼ਰਹ ਨੂੰ ਪੜ੍ਹ ਪੜ੍ਹ ਕੇ ਇਹ ਵਿਚਾਰ ਦੱਸਦੇ ਹਨ ਕਿ ਰੱਬ ਦਾ ਦੀਦਾਰ ਦੇਖਣ ਲਈ, ਜੋ ਮਨੁੱਖ ਸ਼ਰਹ ਦੀ ਬੰਦਸ਼ ’ਚ ਪੈਂਦੇ ਹਨ, ਉਹੀ ਰੱਬ ਦੇ ਬੰਦੇ ਹਨ।

ਇਨ੍ਹਾਂ ਤੋਂ ਅਗਲੀਆਂ ਦੋ ਤੁਕਾਂ ਹਨ, ‘‘ਹਿੰਦੂ ਸਾਲਾਹੀ ਸਾਲਾਹਨਿ; ਦਰਸਨਿ ਰੂਪਿ ਅਪਾਰੁ ਤੀਰਥਿ ਨਾਵਹਿ ਅਰਚਾ ਪੂਜਾ; ਅਗਰ ਵਾਸੁ ਬਹਕਾਰੁ ’’ (ਮਹਲਾ /੪੬੬) ਜਿਨ੍ਹਾਂ ’ਚ ਮੂਰਤੀ-ਪੂਜਕ ਹਿੰਦੂਆਂ ਦੇ ਮਤ ਨੂੰ ਪੇਸ਼ ਕੀਤਾ ਹੈ। ਦੱਸਿਆ ਹੈ ਕਿ ਹਿੰਦੂ; ਸ਼ਾਸਤਰ ਰਾਹੀਂ ਸਾਲਾਹੁਣ-ਜੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਹੁੰਦੇ ਹਨ, ਹਰੇਕ ਤੀਰਥ ’ਤੇ ਨ੍ਹਾਉਂਦੇ ਹਨ, ਮੂਰਤੀਆਂ ਅੱਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ। ਇਸ ਸਲੋਕ ਦੀ ਅਗਾਂਹ 5ਵੀਂ ਤੇ 6ਵੀਂ ਤੁਕ ਹੈ, ‘‘ਜੋਗੀ ਸੁੰਨਿ ਧਿਆਵਨਿ੍ ਜੇਤੇ; ਅਲਖ ਨਾਮੁ ਕਰਤਾਰੁ ਸੂਖਮ ਮੂਰਤਿ ਨਾਮੁ ਨਿਰੰਜਨ; ਕਾਇਆ ਕਾ ਆਕਾਰੁ ’’ (ਮਹਲਾ /੪੬੬) ਇਸ ਵਿੱਚ ਨਾਥ-ਜੋਗੀਆਂ ਦੇ ਮਤ ਦਾ ਵਰਣਨ ਹੈ। ਦੱਸਿਆ ਹੈ ਕਿ ਜੋਗੀ ਲੋਕ ਸੁੰਨਿ-ਸਮਾਧੀ (ਫੁਰਨੇ ਰਹਿਤ) ਲਾ ਕੇ ਆਪਣੇ ਮਿੱਥੇ ਕਰਤਾਰ (ਸ਼ਿਵ ਜੀ) ਨੂੰ ਧਿਆਉਂਦੇ ਹਨ ਤੇ ‘ਅਲਖ, ਅਲਖ’; ਉਸ ਦਾ ਨਾਮ ਉਚਾਰਦੇ ਹਨ। (ਉਨ੍ਹਾਂ ਅਨੁਸਾਰ ਜਿਸ ਦਾ ਸਮਾਧੀ ’ਚ ਧਿਆਨ ਧਰਦੇ ਹਨ ਉਹ) ਸੂਖਮ ਸਰੂਪ ਵਾਲਾ ਹੈ। ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਅਤੇ ਇਹ ਸਾਰਾ ਜਗਤ ਰੂਪ ਆਕਾਰ; ਉਸੇ ਦੀ ਹੀ ਕਾਇਆਂ (ਸਰੀਰ) ਦਾ ਵਿਸਥਾਰ ਹੈ।

ਇਸ ਤਰ੍ਹਾਂ ਸਲੋਕ ਦੀਆਂ ਅਗਲੀਆਂ ਦੋ ਤੁਕਾਂ ’ਚ ਵੈਦਿਕ ਦਰਸ਼ਨ ਦੇ ਜੁਗਾਂ ਦੀ ਵੰਡ ਮੁਤਾਬਕ ਸਤਜੁਗ ਦੇ ਮੰਨੇ ਧਰਮ ਦਾਨ-ਪੰੁਨ ਦੇ ਪ੍ਰਭਾਵ ਹੇਠ ਜਿਹੜੇ ਲੋਕ ਦਾਨੀ ਬਣੇ ਹੁੰਦੇ ਹਨ, ਉਨ੍ਹਾਂ ਦੀ ਚਰਚਾ ਕਰਨ ਉਪਰੰਤ, ਤੁਕ ਨੰਬਰ 9 ਤੇ 10 ਵਿੱਚ ਉਸ ਦੇ ਬਿਲਕੁਲ ਉਲ਼ਟ ਵਰਤਾਰੇ ਵਾਲੇ ਵਿਕਾਰੀਆਂ ਦੀ ਹਾਲਤ ਬਿਆਨ ਕੀਤੀ ਹੈ। ਅਗਾਂਹ 11ਵੀਂ ਤੇ 12ਵੀਂ ਤੁੱਕ ਵਿੱਚ ਜਲ ਥਲ ਆਦਿਕ ਸਥਾਨਾਂ ’ਤੇ ਵੱਸਦੇ ਅਨੇਕਾਂ ਜੀਅ-ਜੰਤਾਂ ਦਾ ਵਰਣਨ ਹੈ। ਸ਼ਬਦ ਦੀਆਂ ਅੰਤਲੀਆਂ 13 ਤੇ 14 ਨੰਬਰ ਤੁਕਾਂ ’ਚ ਗੁਰਦੇਵ ਜੀ ਨੇ ਗੁਰਮਤਿ ਦੇ ਉਸ ਸਿਧਾਂਤਿਕ ਪੱਖ ਨੂੰ ਉਜਾਗਰ ਕੀਤਾ ਹੈ, ਜੋ ਕਿ ਸਬੰਧਿਤ ਪਉੜੀ ਦੇ ਵਾਕ ‘‘ਉਤਮੁ ਏਹੁ ਬੀਚਾਰੁ ਹੈ; ਜਿਨਿ ਸਚੇ ਸਿਉ ਚਿਤੁ ਲਾਇਆ ਜਗਜੀਵਨੁ ਦਾਤਾ ਪਾਇਆ ’’ (ਮਹਲਾ /੪੬੬) ਨਾਲ ਮੇਲ ਖਾਂਦਾ ਹੈ। ਇਸੇ ਲਈ ਮੰਨਿਆ ਜਾਂਦਾ ਹੈ ਕਿ ਵਾਰਾਂ ਦੀਆਂ ਪਉੜੀਆਂ ਨਾਲ ਭਾਵਾਰਥ ਪੱਖੋਂ ਮੇਲ ਖਾਂਦੇ ਸਲੋਕ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਰੂਪ ‘ਪੋਥੀ ਸਾਹਿਬ’ ਦੀ ਸੰਪਾਦਨਾ ਸਮੇਂ ਅੰਕਿਤ ਕੀਤੇ ਹਨ। ਇਹ ਤੱਥ ਉਦੋਂ ਹੋਰ ਵੀ ਸਪਸ਼ਟ ਹੋ ਜਾਂਦਾ ਹੈ, ਜਦੋਂ ਰਾਗ-ਬੱਧ ਬਾਣੀ ਤੋਂ ਪਿੱਛੋਂ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਪੜ੍ਹਦੇ ਹਾਂ।

ਆਸਾ ਦੀ ਵਾਰ ਦੇ ਉਦਾਹਰਨ ਰੂਪ ਉਪਰੋਕਤ ਸਲੋਕ ਦੀਆਂ ਉਹ ਪਾਵਨ ਤੁਕਾਂ ਹਨ, ‘‘ਨਾਨਕ  ! ਭਗਤਾ ਭੁਖ ਸਾਲਾਹਣੁ; ਸਚੁ ਨਾਮੁ ਆਧਾਰੁ ਸਦਾ ਅਨੰਦਿ ਰਹਹਿ ਦਿਨੁ ਰਾਤੀ; ਗੁਣਵੰਤਿਆ ਪਾ ਛਾਰੁ ’’ (ਮਹਲਾ /੪੬੬), ਇਨ੍ਹਾਂ ਰਾਹੀਂ ਸਮਝਾਇਆ ਹੈ ਕਿ ਗੁਰਮਤਿ ਮਾਰਗ ਦੇ ਪਾਂਧੀ ਭਗਤ-ਜਨ; ਨਾ ਤਾਂ ਮੁਸਲਮਾਨਾਂ ਵਾਂਗ ਸ਼ਰਈ ਕੱਟੜਤਾ ’ਚ ਬੱਝਦੇ ਹਨ, ਨਾ ਹਿੰਦੂਆਂ ਵਾਂਗ ਭਗਵਾਨ ਦੀਆਂ ਅਨੇਕਾਂ ਵੱਖ-ਵੱਖ ਮੂਰਤੀਆਂ ਬਣਾ ਕੇ ਪੂਜਦੇ ਹਨ, ਨਾ ਹੀ ਜੋਗੀਆਂ ਵਾਂਗ ਸਮਾਧੀਆਂ ਲਗਾਉਂਦੇ ਹਨ ਤੇ ਨਾ ਹੀ ਦਾਨੀਆਂ ਵਾਂਗ ਦਾਤੇ ਬਣ ਬੈਠਦੇ ਹਨ। ਉਨ੍ਹਾਂ ਨੂੰ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਦੀ ਹੀ ਤਾਂਘ ਲੱਗੀ ਰਹਿੰਦੀ ਹੈ। ਹਰੀ-ਪ੍ਰਭੂ ਦੇ ਸਦਾ ਅਟੱਲ ਰਹਿਣ ਵਾਲਾ ਨਾਮ ਨੂੰ ਹੀ ਆਪਣਾ ਵੱਡਾ ਆਸਰਾ ਸਮਝਦੇ ਹਨ। ਉਹ ਸਦਾ ਦਿਨ ਰਾਤ ਅਨੰਦ ’ਚ ਰਹਿੰਦੇ ਹਨ, ਫਿਰ ਭੀ ਆਪਣੇ ਆਪ ਨੂੰ ਗੁਣਵਾਨਾਂ ਦੇ ਪੈਰਾਂ ਦੀ ਖ਼ਾਕ ਸਮਝਦੇ ਹਨ।

ਇਸੇ ਤਰ੍ਹਾਂ ਜਪੁ ਜੀ ਦੇ ਵਿਚਾਰਧੀਨ 30ਵੇਂ ਬੰਦ ’ਚ ਕੁੱਲ 6 ਤੁਕਾਂ ਹਨ, ਜਿਨ੍ਹਾਂ ’ਚੋਂ ਪਹਿਲੀਆਂ ਦੋ ਵੈਦਿਕ ਦਰਸ਼ਨ ਦੇ ਉਸ ਪ੍ਰਚਲਿਤ ਖ਼ਿਆਲ ਨੂੰ ਪ੍ਰਗਟਾਉਂਦੀਆਂ ਹਨ, ਜਿਸ ਅਧੀਨ ਸਿੱਧ-ਜੋਗੀਆਂ ਸਮੇਤ ਵੇਦਾਂਤੀ ਤੇ ਪੌਰਾਣਿਕ-ਮਤੀ ਲੋਕ ਵਿਸਵਾਸ਼ ਰੱਖਦੇ ਹਨ ਕਿ ਇਕੱਲੀ ਮਾਇਆ (ਜੋ ਪੁਰਸ਼-ਪਤੀ ਤੋਂ ਬਗ਼ੈਰ) ਕਿਸੇ ਜੁਗਤੀ ਨਾਲ ਪ੍ਰਸੂਤ (ਵਿਆਈ) ਹੋਈ ਅਰਥਾਤ ਸੂਈ ਅਤੇ ਪ੍ਰਤੱਖ ਤੌਰ ’ਤੇ ਉਸ ਨੇ ਤਿੰਨ ਪੁੱਤਰ ਜੰਮੇ। ਜਿਨ੍ਹਾਂ ਵਿੱਚੋਂ ਇਕ ਘਰਬਾਰੀ (ਸੰਸਾਰੀ) ਬਣ ਗਿਆ ਭਾਵ ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ, ਜਿਸ ਨੂੰ ‘ਬ੍ਰਹਮਾ’ ਨਾਂ ਦਿੱਤਾ ਗਿਆ। ਦੂਜਾ, ਭੰਡਾਰੇ ਦਾ ਮਾਲਕ (ਭੰਡਾਰੀ) ਬਣ ਗਿਆ ਭਾਵ ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ, ਜਿਸ ਨੂੰ ‘ਵਿਸ਼ਨੂੰ’ ਦੇ ਨਾਂ ਤੋਂ ਜਾਣਿਆ ਜਾਣ ਲੱਗਾ ਅਤੇ ਤੀਜਾ, ਜੀਵਾਂ ਦੀ ਮੌਤ ਦਾ ਹੁਕਮ ਚਾੜ੍ਹਣ ਲਈ ਕਚਹਿਰੀ (ਦੀਬਾਣੁ) ਲਾਉਣ ਲੱਗ ਪਿਆ ਭਾਵ ਉਸ ਨੇ ਜੀਅ-ਜੰਤਾਂ ਦੇ ਅੰਤਮ ਫ਼ੈਸਲੇ ਵਜੋਂ ਮਾਰਨ ਦੀ ਜ਼ਿੰਮੇਵਾਰੀ ਚੁੱਕ ਲਈ, ਜਿਸ ਨੂੰ ‘ਸ਼ਿਵ’ ਆਖਿਆ ਗਿਆ।

ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਤਾਂ ਉਪਰੋਕਤ ਵਾਰਤਾ ਨੂੰ ਭਾਵੇਂ ਅਤਿ ਸੰਖੇਪ ਕਾਵਿ-ਰੂਪ ਦਿੰਦਿਆਂ ਹੇਠ ਲਿਖੀਆਂ ਦੋ ਤੁਕਾਂ ਵਿੱਚ ਹੀ ਵਰਣਨ ਕੀਤਾ ਹੈ ਪ੍ਰੰਤੂ ਇਹ ਮਾਇਆ ਰੂਪ ਔਰਤ ਕਿਸ ਜੁਗਤ ਨਾਲ ਪ੍ਰਸੂਤ ਹੋਈ, ਕਿਵੇਂ ਉਸ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਤੇ ਕਿਵੇਂ ਇਹ ਮਾਈ; ਪਾਰਬਤੀ ਦੇ ਰੂਪ ’ਚ ਸ਼ਿਵ ਜੀ ਦੀ ਪਤਨੀ ਬਣੀ; ਅਜਿਹਾ ਵਿਸਥਾਰ ਪੂਰਵਕ ਵੇਰਵਾ ਪੜ੍ਹਨਾ ਹੋਵੇ ਜਾਂ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਪੁਰਾਣ (ਬ੍ਰਹਮਵੈਰਤ ਪੁਰਾਣ, ‘ਵਿਸ਼ਨੂੰ ਪੁਰਾਣ’, ‘ਸ਼ਿਵ ਪੁਰਾਣ’ ਤੇ ‘ਭਾਗਵਤ ਪੁਰਾਣ’) ਪੜ੍ਹੇ ਜਾ ਸਕਦੇ ਹਨ। ਵੈਸੇ ਗੁਰਮੁਖੀ ਸਾਧਨਾ ਪੱਖੋਂ ਗੁਰਸਿੱਖਾਂ ਨੂੰ ਇਨ੍ਹਾਂ ਪੁਰਾਣਾਂ ਦੇ ਪਾਠ ਦੀ ਲੋੜ ਨਹੀਂ, ਕਿਉਂਕਿ ਰਾਮਕਲੀ ਸੱਦ ਵਿਚਲੇ ‘‘ਹਰਿ ਹਰਿ ਕਥਾ ਪੜਹਿ; ਪੁਰਾਣੁ ਜੀਉ ’’ (ਭਗਤ ਸੁੰਦਰ/੯੨੩) ਵਾਕ ਮੁਤਾਬਕ ਗੁਰਮਤਿ ਦ੍ਰਿਸ਼ਟੀਕੋਨ ਸਪਸ਼ਟ ਹੈ ਕਿ ਹਰੀ ਅਕਾਲ-ਪੁਰਖ ਦੀ ਸਿਫ਼ਤ-ਸਲਾਹ ਕਰਨੀ ਹੀ ਮੇਰੇ ਲਈ ਬਿਪਰਵਾਦੀ ‘ਪੁਰਾਣੁ’ ਹੈ। ਜਪੁ ਜੀ ਦੇ ਵਿਚਾਰਧੀਨ 30ਵੇਂ ਬੰਦ ਦੀਆਂ ਉਹ ਪਾਵਨ ਤੁਕਾਂ ਹਨ, ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ’’

‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਮੁਤਾਬਕ ਇਸ ਤੁਕ ਦੇ ਅਰਥ ਹਨ, ‘ਇਹ ਮੰਨਿਆ ਜਾਂਦਾ ਹੈ ਕਿ ਇਕ ਮਾਇਆ ਕਿਸੇ ਵਿਉਂਤ ਨਾਲ ਸੂਈ ਅਤੇ ਉਸ ਤੋਂ ਤਿੰਨ ਚੇਲੇ ਜਾਂ ਪੁੱਤਰ ਪੈਦਾ ਹੋਏ, ਇਕ ਸੰਸਾਰ ਦੇ ਰਚਣ ਵਾਲਾ ਬ੍ਰਹਮਾ, ਇਕ ਪਾਲਣ ਦੇ ਸਮਿਆਨ ਰੱਖਣ ਵਾਲਾ ਵਿਸ਼ਨੂੰ ਅਤੇ ਇਕ ਮੌਤ ਦੇ ਹੁਕਮ ਚੜ੍ਹਾਣ ਲਈ ਕਚਹਿਰੀ ਲਾਣ ਵਾਲਾ ਸ਼ਿਵ’।

ਸੋ ਉਪਰੋਕਤ ਸਾਰੀ ਵਿਚਾਰ ਦਾ ਸਾਰੰਸ਼ ਇਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਕੇਵਲ ਗੁਰਮਤਿ ਹੀ ਨਹੀਂ, ਉਦਾਰਹਨਾਂ ਵਜੋਂ ਅਨਮਤੀ ਸਾਧਨਾ-ਪੱਧਤੀਆਂ ਤੇ ਕਥਾ-ਕਹਾਣੀਆਂ ਦਾ ਵਰਣਨ ਭੀ ਹੈ। ਗੁਰਵਾਕ ‘‘ਰਖਿ ਰਖਿ ਚਰਨ ਧਰੇ ਵੀਚਾਰੀ ’’ (ਮਹਲਾ /੬੮੫) ਰਾਹੀਂ ਬਚਨ ਹਨ ਹੈ ਕਿ ਗੁਰਸਿੱਖ ਆਪਣੇ ਜੀਵਨ ਸਫਰ ’ਚ ਬੜਾ ਸੁਚੇਤ ਰਹਿ ਕੇ ਸਿੱਦਕ ਨਾਲ ਅਗਲਾ ਕਦਮ ਪੁੱਟਦਾ ਹੈ। ਇਸ ਲਈ ਗੁਰਬਾਣੀ ਪੜ੍ਹਦਿਆਂ, ਗਾਉਂਦਿਆਂ ਤੇ ਸੁਣਦਿਆਂ ਭੀ ਸੁਚੇਤਤਾ ਅਤਿਅੰਤ ਲਾਜ਼ਮੀ ਹੈ। ਸਾਰੀਆਂ ਸਿੱਖ ਮਿਸ਼ਨਰੀ ਸੰਸਥਾਵਾਂ ਤੇ ਵਿਸ਼ਵ ਵਿਦਿਆਲੇ ਇਸ ਪੱਖੋਂ ਬੜੇ ਸੁਚੇਤ ਹਨ, ਪਰ ਪਰੰਪਰਾਵਾਦੀ ਤੇ ਸੰਪਰਦਾਈ ਪ੍ਰਚਾਰਕ; ਲਕੀਰ ਦੇ ਫ਼ਕੀਰ ਹੋ ਕੇ ਵਿਚਰਦੇ ਹਨ। ਦਾਸਰੇ ਅਨੁਸਾਰ ਇਹੀ ਵੱਡਾ ਪਾੜਾ ਹੈ, ਜਿਹੜਾ ਇਨ੍ਹਾਂ ਨੂੰ ਦੋ ਧੜਿਆਂ ਵਿੱਚ ਵੰਡਦਾ ਹੈ।

ਪੌਰਾਣਿਕ-ਮਤੀ ਪ੍ਰਚਾਰਕਾਂ ਦੁਆਰਾ ਜਪੁ ਜੀ ਦੇ ਇਸ 30ਵੇਂ ਬੰਦ ਨੂੰ ਆਪਣੇ ਹੱਕ ’ਚ ਭਗਤਾਉਣਾ ਤਾਂ ਸਮਝ ਪੈਂਦਾ ਹੈ, ਪਰ ਵਧੇਰੇ ਦੁੱਖ ਉਦੋਂ ਹੁੰਦਾ ਹੈ, ਜਦੋਂ ਗੁਰਸਿੱਖੀ ਪਹਿਰਾਵੇ ’ਚ ਕਈ ਸੰਪਰਦਾਈ ਮਾਈ-ਭਾਈ ਵੀ ਉਸੇ ਢੰਗ ਨਾਲ ਵਿਚਾਰਨ ਲੱਗਦੇ ਹਨ। ਕੁਝ ਬਚਿਤਰ ਨਾਟਕੀ ਪ੍ਰਚਾਰਕ ‘ਏਕਾ ਮਾਈ’ ਨੂੰ ਰੱਬੀ ਸ਼ਕਤੀ ਦੱਸ ਕੇ ‘ਦੁਰਗਾ’ (ਮਹਾਂ ਮਾਈ, ਮਹਾਂਕਾਲੀ, ਜਗ-ਮਾਤਾ, ਭਗਉਤੀ ਤੇ ਪਾਰਬਤੀ ਆਦਿ) ਨਾਲ ਜੋੜਨ ਦਾ ਯਤਨ ਕਰਦੇ ਹਨ। ਤਾਂਤ੍ਰਿਕ ਜੋਗੀਆਂ ਦੇ ਦਿਸ਼੍ਰਟੀਕੋਨ ਤੋਂ ਭਾਵੇਂ ਇਹ ਸਹੀ ਹੈ ਕਿਉਂਕਿ ‘ਸ਼ੈਵ’ ਹੋਣ ਕਰਕੇ ਉਹ ਆਪਣੀ ਮਾਈ; ਪਾਰਬਤੀ ਨੂੰ ਹੀ ਮੰਨਦੇ ਹਨ। ਜੋਗੀਆਂ ਦੀ ਸਭ ਤੋਂ ਸ੍ਰੇਸ਼ਟ ਮੰਨੀ ਜਾਂਦੀ ‘ਆਈ ਪੰਥੀ’ ਸੰਪ੍ਰਦਾ ਤਾਂ ਸਿੱਧੇ ਰੂਪ ਹੀ ‘ਦੁਰਗਾ’ ਦੀ ਉਪਾਸ਼ਕ ਹੈ। ਇਸ ਸੰਪ੍ਰਦਾ ਦਾ ਹਿੰਦੀ ਵਿਚ ਹੇਠ ਲਿਖਿਆ ਮੰਤ੍ਰ ਉਪਰੋਕਤ ਹਕੀਕਤ ਦਾ ਅਕੱਟ ਗਵਾਹ ਹੈ :

ਕਾਲੀ ਕਾਲੀ ਮਹਾਕਾਲੀ। ਬ੍ਰਹਮਾ ਕੀ ਬੇਟੀ, ਇੰਦ੍ਰ ਕੀ ਸਾਲੀ।

ਉਡ ਬੈਠੀ ਪੀਪਲ ਕੀ ਡਾਲੀ । ਦੋਨੋ ਹਾਥ ਬਜਾਇਂ ਤਾਲੀ।

ਸ਼ਿਵ ਭੋਲੇ ਔਰ ਸ਼ਿਵ ਕੀ ਦੁਹਾਈ। ਸਰਵ ਕਾਰਜ ਸਿੱਧ ਕਰ ਮਾਂ ਮੇਰੀਯੇ  ! !॥    

ਨਿਊ ਮੈਕਸੀਕੋ ਦੇ ਸ਼ਹਰ ਐਸਪਾਨੋਲਾ (Espanola, US) ਦੇ ਨਿਵਾਸੀ ਜੋਗੀ ਹਰਿਭਜਨ ਸਿੰਘ ਨੇ ਇਸ ਸੰਪ੍ਰਦਾ ਦੇ ‘ਕੰੁਡਲਨੀ ਯੋਗਾ’ ਨੂੰ ਗੁਰਮਤੀ ਰੰਗ ਦੇ ਕੇ ਅਮਰੀਕਨ ਲੋਕਾਂ ਨੂੰ ਗੁੰਮਰਾਹ ਕੀਤਾ ਸੀ। ਉਸ ਦੇ ਚੇਲੇ ਉਪਰੋਕਤ ਮੰਤ੍ਰ ਦੀ ਥਾਂ ਜਪੁ ਜੀ ਦੇ ‘‘ਏਕਾ ਮਾਈ ਜੁਗਤਿ ਵਿਆਈ’’ ਤੁਕਾਂਸ਼ ਵਾਲੇ 30ਵੇਂ ਬੰਦ ਨੂੰ ਮੰਤ੍ਰ ਰੂਪ ਵਿੱਚ ਗਾਉਂਦੇ ਹਨ। ਅਜਿਹੇ ਇੱਕ ਪ੍ਰਚਾਰਕ ਦੇ ਮੂੰਹੋਂ ਮੈਂ ਬਚਿਤ੍ਰ-ਨਾਟਕੀ ‘ਚੰਡੀ ਚਰਿਤ੍ਰ’ ਦਾ ਛੰਦ ਨਮੋ ਜੋਗ ਜ੍ਵਾਲੰ; ਧਰੀਯੰ ਜੁਆਲੰ ਨਮੋ ਸੁੰਭ ਹੰਤੀ; ਨਮੋ ਕਰੂਰ ਕਾਲੰ ..੨੨੩’’ (ਚੰਡੀ ਚਰਿਤ੍ਰ) ਵੀ ਸੁਣਿਆ; ਕਿਉਂਕਿ ਉਹ ਆਦਿ ਨਾਥ ਜੋਗੀ ਸ਼ਿਵ ਜੀ ਦੀ ਪਤਨੀ ਪਾਰਬਤੀ (ਦੁਰਗਾ, ਭਗਉਤੀ) ਮਾਈ ਨੂੰ ਜੋਗ-ਅਗਨ ਦੀ ਅਗਨੀ ਧਾਰਨ ਕਰਨ ਵਾਲੀ ਦੇਵੀ ਵਜੋਂ ਨਮਸ਼ਕਾਰ ਕਰਦੇ ਹਨ। ‘ਕੁੰਡਲਨੀ ਯੋਗਾ’ ਦੀ ਟ੍ਰੇਨਿੰਗ ਲਈ ਦੁਬਈ ਤੇ ਸਪੇਨ ਆਦਿਕ ਵੱਖ ਵੱਖ ਦੇਸ਼ਾਂ ’ਚ ਜੋ ਉਨ੍ਹਾਂ ਨੇ ਸੈਂਟਰ ਖੋਲ੍ਹੇ ਹਨ, ਉਨ੍ਹਾਂ ਦਾ ਨਾਂ ਹੀ ‘ਏਕਾ ਮਾਈ ਸਟੂਡੀਓ’ ਰੱਖਿਆ ਗਿਆ ਹੈ।

ਇਸ ਨੁਕਤੇ ’ਤੇ ਲਗਭਗ ਸਾਰੇ ਵਿਦਵਾਨ ਸਹਿਮਤ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਸੇ ਵੀ ਸ਼ਬਦ ਦੇ ਸਿਧਾਂਤਕ ਤੇ ਵਿਆਕਰਣਿਕ ਪੱਖ ਨੂੰ ਸਮਝਣ ਲਈ ‘ਰਹਾਉ’ ਦੇ ਪਦੇ ਨੂੰ ਆਧਾਰ ਮੰਨਣਾ ਪੈਂਦਾ ਹੈ। ਵਾਰਾਂ ਦੇ ਸਲੋਕਾਂ ਨੂੰ ਸਮਝਣ ਲਈ ਸਬੰਧਿਤ ‘ਪਉੜੀ’ ਨੂੰ ਧਿਆਨ ’ਚ ਰੱਖਣਾ ਜ਼ਰੂਰੀ ਹੁੰਦਾ ਹੈ; ਤਿਵੇਂ ਹੀ ਜਪੁ ਜੀ ਦੇ ਬੰਦਾਂ ਨੂੰ ਗੁਰਮਤਿ ਦ੍ਰਿਸ਼ਟੀਕੋਨ ਤੋਂ ਸਮਝਣ ਲਈ ਬੰਦ ਦੀਆਂ ਸਾਰੰਸ਼ ਰੂਪ ਅੰਤਲੀਆਂ ਤੁਕਾਂ ਨੂੰ ਵਿਸ਼ੇਸ਼ਤਾ ਦੇਣੀ ਬਣਦੀ ਹੈ। ਜੋਗ-ਮੱਤ ਨਾਲ ਸਬੰਧਿਤ ‘ਜਪੁ ਜੀ’ ਦੇ 28 ਤੋਂ 31 ਤਕ ਦੇ ਬੰਦਾਂ ਦੇ ਅਰਥ-ਭਾਵ ਵਿਚਾਰਨ ਲਈ ਚਾਰੋਂ ਵਾਕ ਅੰਤ ’ਚ ਦਰਜ ‘‘ਆਦੇਸੁ, ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ’’ ਵਾਕ ਨੂੰ ਚਾਰੋਂ ਪਉੜੀਆਂ ’ਚ ‘ਰਹਾਉ’ ਸਮਝਣਾ ਹੈ, ਪਰ ਗੁਰਮਤਿ ਦੇ ਪ੍ਰਚਾਰਕਾਂ ਨੂੰ 30ਵੇਂ ਬੰਦ ਦੀ ਹੇਠਲੀ ਤੁਕ ਵਿਚਲੇ ਤਿਸੁ (ਪੜਨਾਂਵ) ਤੋਂ ਭੁਲੇਖਾ ਲੱਗਿਆ ਜਾਪਦਾ ਹੈ। ‘ਤਿਸੁ’ ਦਾ ਵਿਸ਼ੇ-ਪ੍ਰਸੰਗ ਅਨੁਸਾਰ ਅਰਥ ਹੈ ‘ਉਸ ਸ੍ਰਿਸ਼ਟੀ ਦੇ ਮੁੱਢ (ਆਦਿ) ਨੂੰ, ਜਿਸ ਦਾ ਆਪਣਾ ਕੋਈ ਮੁੱਢ ਨਹੀਂ (ਅਨਾਦਿ), ਜੋ ਨਾਸ ਰਹਿਤ ਹੈ (ਅਨਾਹਤਿ) ਤੇ ਸਦਾ ਨਿਰਲੇਪ (ਅਨੀਲ) ਰਹਿੰਦਾ ਹੈ; ਉਸ ਨੂੰ ਹੀ ਆਦੇਸ ਕਰਨਾ ਹੈ, ਨਮਸਕਾਰ ਕਰਨੀ ਹੈ, ਪਰ ਇਨ੍ਹਾਂ ਨੇ ‘ਤਿਸੁ’ ਦਾ ਅਰਥ ਉਹ ‘ਏਕਾ ਮਾਈ’ ਸਮਝ ਲਿਆ, ਜੋ ਕਿ ਗੁਰਮਤਿ-ਸਿਧਾਂਤ ਵਿਰੁੱਧ ਹੈ।

ਕੁੰਡਲਨੀ ਯੋਗਾ ਦੇ ਪ੍ਰਚਾਰਕ ਤਾਂ ‘ਤਿਸੁ’ ਪਦ ਨੂੰ ‘ਏਕਾ ਮਾਈ’ ਦਾ ਪੜਨਾਂਵ ਮੰਨਦੇ ਹਨ ਜਦ ਕਿ ਸੰਪਰਦਾਈ ਪ੍ਰਚਾਰਕ ਗੁਰਮਤੀ ਰੰਗ ਦੇਣ ਲਈ ਸੰਖਿਆ ਬੋਧਕ ਅੰਕ ‘ਏਕਾ’ ਨੂੰ ਇੱਕ-ਓਅੰਕਾਰੀ (ੴ ) ਏਕਾ (1) ਮੰਨ ਕੇ ਅਦੁੱਤੀ ਕਰਤਾਰ ਨਾਲ ਜੋੜਦੇ ਹਨ। ਉਹ ਰਾਮਕਲੀ ਸਿਧ ਗੋਸਟਿ ਦੇ ‘‘ਏਕੇ ਕਉ ਸਚੁ ਏਕਾ ਜਾਣੈ..’’ (ਗੋਸਟਿ (ਮਹਲਾ /੯੪੦) ਵਾਕ ਨੂੰ ਪ੍ਰਮਾਣ ਵਜੋਂ ਵਰਤਦੇ ਹਨ। ਇਸੇ ਕਾਰਨ ਫ਼ਰੀਦਕੋਟ ਵਾਲੇ ਸੰਪ੍ਰਦਾਈ ਟੀਕੇ ’ਚ ਇਸ ਦੇ ਇਉਂ ਅਰਥ ਕੀਤੇ ਗਏ ਹਨ, ‘ਹੇ ਸਿੱਧੋ  ! ਏਕ ਜੋ ਅਕਾਲਿ ਮੂਰਤਿ ਪਰਮਾਤਮਾ ਹੈ, ਵੁਹ ਜਬ (ਮਾਈ) ਮਾਇਆ ਸਾਥ (ਜੁਗਤਿ) ਮਿਲਤਾ ਭਇਆ ਤਬ ਮਾਇਆ (ਵਿਆਈ) ਪ੍ਰਸੂਤ ਹੋਤੀ ਭਈ’; ਪ੍ਰੰਤੂ ਜੇਕਰ ਇਨ੍ਹਾਂ ਵਾਕਾਂ ਦੇ ਸਾਰੰਸ਼ ਰੂਪ ‘‘ਆਦੇਸੁ, ਤਿਸੈ ਆਦੇਸੁ ਆਦਿ ਅਨੀਲੁ ਅਨਾਦਿ ਅਨਾਹਤਿ, ਜੁਗੁ ਜੁਗੁ ਏਕੋ ਵੇਸੁ ’’ ਨੂੰ ਆਧਾਰ ਬਣਾਈਏ ਤਾਂ ‘‘ਜਿਵ ਤਿਸੁ ਭਾਵੈ; ਤਿਵੈ ਚਲਾਵੈ.. ’’ ਵਾਕ ਵਿਚਲੇ ‘ਤਿਸੁ’ ਦਾ ਸਹਿਜੇ ਹੀ ਭਾਵ ‘‘ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ’’ ਵੱਲ ਉਲਥ ਕੇ ਉਸ ਨੂੰ ਜੋਗੀਆਂ ਦੀ ਸ਼ਬਦਾਵਲੀ ‘‘ਆਦੇਸੁ, ਤਿਸੈ ਆਦੇਸੁ ’’ ਉਚਾਰ ਕੇ ਜੋਗੀਆਂ ਵਾਂਗ ਕਿਸੇ ਮਹਾਂ ਮਾਈ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼ (ਸ਼ਿਵ) ਆਦਿਕ ਨੂੰ ਨਮਸ਼ਕਾਰ ਕਰਨ ਦੀ ਲੋੜ ਨਹੀਂ ਰਹਿੰਦੀ। ਇਹੀ ਉਪਦੇਸ਼ ਇਨ੍ਹਾਂ ਬਚਨਾਂ ਰਾਹੀਂ ਮਿਲਦਾ ਹੈ, ‘‘ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ; ਇਹੈ ਅਘਾਵਨ ਪਾਂਨ ਕਉ ਅਕਾਲ ਮੂਰਤਿ ਹੈ ਸਾਧ ਸੰਤਨ ਕੀ; ਠਾਹਰ ਨੀਕੀ ਧਿਆਨ ਕਉ ’’ (ਮਹਲਾ /੧੨੦੮) ਭਾਵ ਸਾਧਕ ਸੰਤ-ਜਨ੍ਹਾਂ ਲਈ ਧਿਆਨ ਟਿਕਾਉਣ ਵਾਸਤੇ ‘ਅਕਾਲ-ਮੂਰਤਿ’ ਹੀ ਸਭ ਤੋਂ ਸੁੰਦਰ ਠਾਹਰ (ਵਧੀਆ ਟਿਕਾਣਾ) ਹੈ। ਇਸ ਲਈ ਸਭ ਤੋਂ ਉੱਤਮ ਢੰਗ ਹੈ ਕਿ ਗੁਰਬਾਣੀ ਦਾ ਵਿਚਾਰ-ਪੂਰਵਕ ਗਾਇਨ ਕੀਤਾ ਜਾਏ। ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਰਤਾ ਤੇ ਗੁਰਮੁਖ ਸਿੱਖ ਪ੍ਰੋ. ਤੇਜਾ ਸਿੰਘ ਜੀ ਗੁਰਬਾਣੀ ਦੇ ਵਾਕ ‘‘ਧੁਨਿ ਮਹਿ ਧਿਆਨੁ; ਧਿਆਨ ਮਹਿ ਜਾਨਿਆ; ਗੁਰਮੁਖਿ ਅਕਥ ਕਹਾਨੀ ’’ (ਮਹਲਾ /੮੭੯) ਦੀ ਵਿਆਖਿਆ ਕਰਦੇ ਹੋਏ ਲਿਖਦੇ ਹਨ ਕਿ ਸ਼ਬਦ ਕੀਰਤਨ ਮੌਕੇ ‘ਗੁਰ ਸ਼ਬਦ ਦੀ ਧੁਨਿ ਉਠਾਂਦਿਆਂ ਹੀ ਧਿਆਨ ਲਗ ਜਾਂਦਾ ਹੈ ਅਤੇ ਧਿਆਨ ਲਗਦਿਆਂ ਹੀ ਹਰੀ ਦਾ ਗਿਆਨ ਹੋ ਜਾਂਦਾ ਹੈ ਭਾਵ ਹੋਰਨਾ ਸਾਧਨਾਂ ਵਿੱਚ ਉਚਾਰਨ, ਧਿਆਨ ਅਤੇ ਗਿਆਨ ਦੀਆਂ ਤਿੰਨ ਵੱਖੋ ਵੱਖਰੀਆਂ ਅਵਸਥਾ ਹਨ, ਜੋ ਵਰ੍ਹਿਆਂ ਬੱਧੀ ਮਿਹਨਤ ਨਾਲ ਪ੍ਰਾਪਤ ਹੁੰਦੀਆਂ ਹਨ, ਪਰ ਗੁਰ ਸ਼ਬਦ ਦੀ ਕਮਾਈ ਨਾਲ ਤਿੰਨੇ ਅਵਸਥਾ ਇੱਕ ਵਾਰ ਹੀ ਮਿਲ ਜਾਂਦੀਆਂ ਹਨ’।

ਫਰੀਦਕੋਟੀ ਟੀਕੇ ਵਾਲੇ ਅਰਥ ਕਿ ‘ਹੇ ਸਿੱਧੋ  ! ਏਕ ਜੋ ਅਕਾਲਿ ਮੂਰਤਿ ਪਰਮਾਤਮਾ ਹੈ, ਵੁਹ ਜਬ (ਮਾਈ) ਮਾਇਆ ਸਾਥ (ਜੁਗਤਿ) ਮਿਲਤਾ ਭਇਆ ਤਬ ਮਾਇਆ (ਵਿਆਈ) ਪ੍ਰਸੂਤ ਹੋਤੀ ਭਈ’, ਨਾਲ ਸਹਿਮਤੀ ਰੱਖਣ ਵਾਲੇ ਸੱਜਣਾਂ ਦਾ ਵਿਚਾਰ ਹੈ ਕਿ ਕੁਦਰਤੀ ਨਿਯਮਾਂ ਮੁਤਾਬਕ ਨਰ ਤੇ ਮਾਦਾ ਦਾ ਸਰੀਰਕ ਮਿਲਾਪ ਜ਼ਰੂਰੀ ਹੈ; ਜਿਵੇਂ ਕਿ ਗੁਰ ਵਾਕ ਹੈ, ‘‘ਜੈਸੇ ਮਾਤ ਪਿਤਾ ਬਿਨੁ; ਬਾਲੁ ਹੋਈ ’’ (ਭਗਤ ਕਬੀਰ/੮੭੨), ਪਰ ਇਹ ਪ੍ਰਮਾਣ ਦੇਣ ਵਾਲੇ ਸੱਜਣਾਂ ਨੂੰ ਖ਼ਿਆਲ ਰੱਖਣਾ ਬਣਦਾ ਹੈ ਕਿ ਉਪਰੋਕਤ ਕੁਦਰਤੀ ਨਿਯਮ ਕਾਲ ਅਧੀਨ ਆਉਣ ਵਾਲੇ ਅਕਾਰਮਈ ਜੀਵ-ਜੰਤਾਂ ਬਾਰੇ ਹੈ, ਨਿਰੰਕਾਰੀ ਹਸਤੀ ਲਈ ਨਹੀਂ। ਗੁਰਮਤਿ ਦ੍ਰਿਸ਼ਟੀਕੋਨ ਤੋਂ ਕਰਤਾ-ਪੁਰਖ ‘ਅਕਾਲਿ ਮੂਰਤਿ’ ਹੈ, ਕਿਉਂਕਿ ਉਹ ਨਿਰੰਕਾਰ ਹੈ। ਗੁਰੂ ਨਜ਼ਰੀਏ ਤੋਂ ਮਾਇਆ (ਮਾਈ); ਇੱਕ ਪੌਰਾਣਿਕ-ਮੱਤੀ ਦੇਵੀ (ਹਸਤੀ) ਨਹੀਂ; ਜਿਵੇਂ ਕਿ ਬਚਨ ਹਨ, ‘‘ਏਹ ਮਾਇਆ, ਜਿਤੁ ਹਰਿ ਵਿਸਰੈ; ਮੋਹੁ ਉਪਜੈ, ਭਾਉ ਦੂਜਾ ਲਾਇਆ ’’ (ਅਨੰਦ/ਮਹਲਾ /੯੨੧) ਯਾਨੀ ਇਹੀ ਕਿਹਾ ਜਾ ਸਕਦਾ ਹੈ ਕਿ ਮਾਇਆ; ਸੰਸਾਰਕ ਜੀਵਾਂ ਅੰਦਰਲੇ ਮੋਹ ’ਚੋਂ ਪੈਦਾ ਹੋਇਆ ਇੱਕ ਭ੍ਰਮਣੀਕ ਤੇ ਭਾਵਾਤਮਕ ਖ਼ਿਆਲ ਹੈ, ਜਿਸ ਅਧੀਨ ਰਿਹਾ ਮਨੁੱਖ ਅਕਾਲ-ਪੁਰਖ ਨੂੰ ਛੱਡ ਕੇ ਹੋਰ ਹੋਰ ਚੀਜ਼ਾਂ ਦੇ ਮੋਹ ’ਚ ਪਲਚ ਜਾਂਦਾ ਹੈ।

ਇਹੀ ਕਾਰਨ ਹੈ ਕਿ ਸੰਜੋਗ ਦੇ ਨਿਯਮ ਅਧੀਨ ਜਦੋਂ ਜੀਵਾਂ ਦਾ ਮਿਲਾਪ ਹੁੰਦਾ ਹੈ, ਕਿਸੇ ਕਿਸਮ ਦੀ ਕੋਈ ਪਰਵਾਰਕ ਤੇ ਪਦਾਰਥਕ ਪ੍ਰਾਪਤੀ ਹੁੰਦੀ ਹੈ ਤਾਂ ਉਹ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਵਿਜੋਗ ਦੇ ਨਿਯਮ ਅਧੀਨ ਜਦੋਂ ਉਹ ਕਿਸੇ ਤਰ੍ਹਾਂ ਬਿਨਸਦੇ ਜਾਂ ਵਿਛੜਦੇ ਹਨ ਤਾਂ ਜੀਵ ਦੁਖੀ ਹੁੰਦੇ ਹਨ, ਪਰ ਜਦੋਂ ਕੋਈ ਮਨੁੱਖ ਪਰਮਾਤਮਾ ਦਾ ਸਦਾ ਥਿਰ ਨਾਮ (-ਰੂਪ ਨੌ-ਨਿਧਿ ਖ਼ਜ਼ਾਨਾ) ਪ੍ਰਾਪਤ ਕਰ ਲੈਂਦਾ ਹੈ; ਤਾਂ ਫਿਰ ਉਸ ਦਾ ਮਨ ਨਾ ਤਾਂ ਮਾਇਆ (ਮਾਈ) ਦਾ ਪੁੱਤਰ ਬਣਦਾ ਹੈ ਅਤੇ ਨਾ ਹੀ ਉਸ ਖ਼ਾਤਰ ਰੋਂਦਾ ਕਲਪਦਾ ਹੈ, ‘‘ਸਚੁ ਨਾਮੁ ਜਾ ਨਵ ਨਿਧਿ ਪਾਈ ਰੋਵੈ ਪੂਤੁ ਕਲਪੈ ਮਾਈ ’’ (ਮਹਲਾ /੩੫੬)

ਉਪਰੋਕਤ ਕਿਸਮ ਦੇ ਅਰਥ ਕਰਨ ਮੌਕੇ ਗੁਰਮਤਿ ਦ੍ਰਿਸ਼ਟੀਕੋਨ ਤੋਂ ਦੂਜਾ ਨੁਕਤਾ ਇਹ ਵੀ ਧਿਆਨ ’ਚ ਰੱਖਣਾ ਜ਼ਰੂਰੀ ਹੈ ਕਿ ਜੇ ਅਸੀਂ ‘ਅਕਾਲ ਮੂਰਤਿ’ ਪਰਮਾਤਮਾ ਤੋਂ ਮਾਇਆ ਦੇ ਪ੍ਰਸੂਤ ਹੋਣ ਦੀ ਚਰਚਾ ਕਰਦੇ ਹਾਂ ਤਾਂ ਫਿਰ ਉਸ ਨਾਲ ‘ਨਿਰੰਜਨੁ’ ਤੇ ‘ਅਨੀਲੁ’ ਵਿਸ਼ੇਸ਼ਣ ਕਿਵੇਂ ਵਰਤੇ ਜਾ ਸਕਦੇ ਹਨ ? ਇਹ ਦੋਵੇਂ ਵਿਸ਼ੇਸ਼ਣ ਅਰਥਾਂ ਪੱਖੋਂ ਲਗਭਗ ਸਮਾਨਾਰਥਕ ਰੱਖਦੇ ਹਨ। ਗੁਰਬਾਣੀ ਕੋਸ਼ਾਂ ’ਚ ‘ਨਿਰੰਜਨ’ ਦਾ ਅਰਥ ਹੈ : ਅੰਜਨ (ਕੱਜਲ) ਰਹਿਤ, ਮੋਹ ਦੀ ਕਾਲਖ ਤੋਂ ਰਹਿਤ, ਮਾਇਆ ਤੋਂ ਨਿਰਲੇਪ ਅਤੇ ‘ਅਨੀਲੁ’ ਦਾ ਅਰਥ ਹੈ : ਰੰਗ ਰਹਿਤ, ਮੈਲ਼ ਰਹਿਤ, ਉੱਜਲ ਤੇ ਬੇਦਾਗ਼। ਜੇਕਰ ਅਸੀਂ ਮੰਨ ਲੈਂਦੇ ਹਾਂ ਕਿ ਮਾਇਆ ਦੇ ਸੰਜੋਗ ਨਾਲ ਅਕਾਲ-ਮੂਰਤਿ ਨੇ ਸੰਸਾਰ ਦੀ ਸਿਰਜਣਾ ਕੀਤੀ ਹੈ ਤਾਂ ਫਿਰ ਉਸ ਨੂੰ ‘ਸਰਬਕਲਾ ਸਮਰਥ’ ਕਰਤਾ ਕਿਵੇਂ ਮੰਨਿਆ ਜਾ ਸਕਦਾ ਹੈ ? ਜੇ ਅਜਿਹਾ ਸੰਪ੍ਰਦਾਈ ਦ੍ਰਿਸ਼ਟੀਕੋਨ ਸੱਚ ਹੈ ਤਾਂ ਫਿਰ ਗੁਰਦੇਵ ਜੀ ਹੇਠ ਲਿਖਿਆ ਉਪਦੇਸ਼ ਕਿਵੇਂ ਦੇ ਸਕਦੇ ਹਨ ਕਿ ਐ ਮਨੁੱਖ  ! ਜਿਹੜਾ ਦਾਤਾਰ-ਪ੍ਰਭੂ ਸਾਰੇ ਹੀ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ। ਜੋ ਸ੍ਰਿਸ਼ਟੀ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਤੇ ਮਾਇਆ ਦੀ ਪਾਹ ਤੋਂ ਨਿਰਲੇਪ (ਆਪਾਹੇ) ਹੈ। ਜੋ ਇਕ ਛਿਨ ਵਿੱਚ ਪੈਦਾ ਕਰ ਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ; ਉਹ ਪਰਮਾਤਮਾ ਹਰ ਵੇਲੇ ਤੇਰਾ ਵੀ ਮਦਦਗਾਰ ਹੈ, ‘‘ਜੀਅ ਜੰਤ ਕਉ ਰਿਜਕੁ ਸੰਬਾਹੇ ਕਰਣ ਕਾਰਣ ਸਮਰਥ ਆਪਾਹੇ ਖਿਨ ਮਹਿ ਥਾਪਿ ਉਥਾਪਨਹਾਰਾ; ਸੋਈ ਤੇਰਾ ਸਹਾਈ ਹੇ ’’ (ਮਹਲਾ /੧੦੭੧)

ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਰਾਗੁ ਗੂਜਰੀ ਦੀ ਵਾਰ ਵਿੱਚ ਸ੍ਰਿਸ਼ਟੀ ਰਚਨਾ ਸਬੰਧੀ ਗੁਰਮਤਿ-ਦ੍ਰਿਸ਼ਟੀਕੋਨ ਪ੍ਰਗਟਾਉਂਦਿਆਂ ‘ਮਾਇਆ’ ਨੂੰ ਸ੍ਰਿਸ਼ਟੀ ਦਾ ਮੂਲ ਨਹੀਂ ਮੰਨਿਆ। ਉਨ੍ਹਾਂ ਦਾ ਕਥਨ ਹੈ ਕਿ ਪਰਮਾਤਮਾ ਨੇ ਸੰਜੋਗ ਤੇ ਵਿਜੋਗ-ਰੂਪ ਨੇਮ ਬਣਾ ਕੇ ਜਗਤ ਰਚਨਾ ਦਾ ਮੁੱਢ ਬੰਨ੍ਹ ਦਿੱਤਾ। ਉਸ ਨੇ ਆਪਣੇ ਹੁਕਮ ’ਚ ਸ੍ਰਿਸ਼ਟੀ ਸਾਜ ਕੇ ਜੀਵਾਂ ਦੀ ਆਤਮਾ ਵਿਚ ਆਪਣੀ ਜੋਤਿ ਰਲਾਈ। ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤਿ ਤੋਂ ਹੀ ਹੋਇਆ ਹੈ। ਗੁਰਮਤਿ ਦਾ ਇਹ ਸਿਧਾਂਤਿਕ ਬਚਨ ਸਤਿਗੁਰੂ ਨੇ ਸੁਣਾਇਆ ਹੈ, ਜੋ ‘ਧਨਾਸਰੀ ਮਹਲਾ ੧’ ਦੇ ਸਿਰਲੇਖ ਹੇਠ ਦਰਜ ਹੈ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ’’ (ਮਹਲਾ /੧੩) ਬ੍ਰਹਮਾ, ਵਿਸ਼ਨੂ ਤੇ ਸ਼ਿਵ ਪੈਦਾ ਕਰ ਕੇ ਉਨ੍ਹਾਂ ਨੂੰ ਤਿੰਨੇ ਗੁਣਾਂ ਦੇ ਧੰਧੇ ’ਚ ਉਸ ਨੇ ਪਾ ਦਿੱਤਾ ਭਾਵ ਰਜੋ, ਸਤੋ ਤੇ ਤਮੋ ਗੁਣਾਂ ਵਾਲੇ ਸੰਸਾਰ ਦੀ ਰਚਨਾ ਕਰ ਦਿੱਤੀ। ਇਸ ਪ੍ਰਕਾਰ ਜੋਤਿ ਰੂਪ ਕਰਤਾ-ਪੁਰਖ ਨੇ ਸੰਜੋਗ ਵਿਜੋਗ-ਰੂਪ ਮਾਇਆ ਦਾ ਮੁੱਢ ਰਚਿਆ। (ਹੁਣ ਇਸ ਮਾਇਆ ’ਚ ਰਹਿੰਦਿਆਂ) ਸੁਖ ਉਸ ਨੇ ਲੱਭਾ, ਜੋ ਤੁਰੀਆ ਅਵਸਥਾ ਤੱਕ ਅੱਪੜਿਆ। ਹਜ਼ੂਰ ਦੀ ਰਚਿਤ ਪਾਵਨ ਪਉੜੀ ਹੈ, ‘‘ਸੰਜੋਗੁ ਵਿਜੋਗੁ ਉਪਾਇਓਨੁ; ਸ੍ਰਿਸਟੀ ਕਾ ਮੂਲੁ ਰਚਾਇਆ ਹੁਕਮੀ ਸ੍ਰਿਸਟਿ ਸਾਜੀਅਨੁ; ਜੋਤੀ ਜੋਤਿ ਮਿਲਾਇਆ ਜੋਤੀ ਹੂੰ ਸਭੁ ਚਾਨਣਾ; ਸਤਿਗੁਰਿ ਸਬਦੁ ਸੁਣਾਇਆ ਬ੍ਰਹਮਾ ਬਿਸਨੁ ਮਹੇਸੁ; ਤ੍ਰੈ ਗੁਣ ਸਿਰਿ ਧੰਧੈ ਲਾਇਆ ਮਾਇਆ ਕਾ ਮੂਲੁ ਰਚਾਇਓਨੁ; ਤੁਰੀਆ ਸੁਖੁ ਪਾਇਆ ’’ (ਮਹਲਾ /੫੦੯)

ਇਸ ਪਉੜੀ ਰਾਹੀਂ ਇਹ ਸੋਝੀ ਵੀ ਮਿਲਦੀ ਹੈ ਕਿ ਗੁਰਬਾਣੀ ਦੇ ਪਾਠਕਾਂ ਨੇ ‘ਬ੍ਰਹਮਾ, ਵਿਸ਼ਨੂ ਤੇ ਮਹੇਸ਼’ ਦੀ ਕੋਈ ਵਿਸ਼ੇਸ਼ ਹੋਂਦ ਅਥਵਾ ਹਸਤੀ ਨਹੀਂ ਮੰਨਣੀ। ਉਨ੍ਹਾਂ ਦੇ ਨਾਵਾਂ ਨੂੰ ਪ੍ਰਚਲਿਤ ਲੋਕ ਮੁਹਾਵਰਿਆਂ ਦੇ ਰੂਪ ’ਚ ਪੜ੍ਹਦਿਆਂ ਮਾਇਆ ਦੇ ਤ੍ਰੈਗੁਣੀ ਪ੍ਰਭਾਵ ਨੂੰ ਹੀ ਧਿਆਨ ’ਚ ਰੱਖਣਾ ਹੈ। ਇਹ ਤਿੰਨ ਗੁਣ ਸੰਸਾਰ ਦੇ ਹਰੇਕ ਜੀਅ-ਜੰਤ ਅੰਦਰ ਮੌਜੂਦ ਹਨ; ਜਿਵੇਂ ਹਰੇਕ ਜੀਵ ਬ੍ਰਹਮੇ ਵਾਂਗ ਆਪਣੇ ਬੱਚੇ ਪੈਦਾ ਵੀ ਕਰ ਰਿਹਾ ਹੈ। ਵਿਸ਼ਨੂੰ ਵਾਂਗ ਪਾਲ਼ ਵੀ ਰਿਹਾ ਹੈ ਤੇ ਸ਼ਿਵਜੀ ਵਾਂਗ ਸੰਘਾਰਣ ਦੀ ਕਿਰਿਆ ਵੀ ਨਿਭਾ ਰਿਹਾ ਹੈ। ਇਹੀ ਕਾਰਨ ਹੈ ਕਿ ਸਤਿਗੁਰੂ ਜੀ ਨੇ ‘‘ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ’’ (ਜਪੁ) ਦੇ ਪੌਰਾਣਿਕ ਖ਼ਿਆਲ ਮੁਤਾਬਕ ਆਪਣੇ ਦ੍ਰਿਸ਼ਟੀਕੋਨ ਤੋਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ’ਚੋਂ ਕਿਸੇ ਨੂੰ ਵੀ ਇੱਕ ਇਕਾਈ ਨਹੀਂ ਮੰਨਿਆ। ਸਤਿਗੁਰੂ ਜੀ ਦਾ ਕਥਨ ਹੈ ਕਿ ਸਾਡਾ ਮਾਲਕ ਪ੍ਰਭੂ ਐਸਾ ਬੇਅੰਤ ਹੈ ਕਿ ਮੈਂ ਉਸ ਦੇ ਪੂਰਨ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ। ਕਾਰਨ ਹੈ ਕਿ ਜਿਸ ਨੇ ਜੀਵ ਰੂਪ ’ਚ ਕੋ੍ਰੜਾਂ ਹੀ ਵਿਸ਼ਨੂ-ਅਵਤਾਰ ਬਣਾਏ ਹੋਣ, ਜਿਹੜਾ ਕ੍ਰੋੜਾਂ ਹੀ ਸ਼ਿਵ ਪੈਦਾ ਕਰ ਕੇ ਫਿਰ ਉਨ੍ਹਾਂ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੋਵੇ, ਕ੍ਰੋੜਾਂ ਹੀ ਬ੍ਰਹਮੇ ਜਿਸ ਨੇ ਜਗਤ ਪੈਦਾ ਕਰਨ ਦੇ ਕੰਮੇ ਲਾਏ ਹੋਏ ਹੋਣ। ਕ੍ਰੋੜਾਂ ਹੀ ਬ੍ਰਹਮੰਡ, ਜਿਸ ਦੇ ਧਰਮ-ਅਸਥਾਨ ਹੋਣ, ਉਸ ਦੀ ਹਸਤੀ ਦੇ ਵਡੱਪਣ ਨੂੰ ਵਰਣਨ ਕਿਵੇਂ ਕੀਤਾ ਜਾ ਸਕਦਾ ਹੈ ਭਾਵ ਅਸੰਭਵ ਹੈ। ਪਾਵਨ ਗੁਰਵਾਕ ਹੈ, ‘‘ਕੋਟਿ ਬਿਸਨ ਕੀਨੇ ਅਵਤਾਰ ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ਕੋਟਿ ਮਹੇਸ ਉਪਾਇ ਸਮਾਏ ਕੋਟਿ ਬ੍ਰਹਮੇ; ਜਗੁ ਸਾਜਣ ਲਾਏ ਐਸੋ ਧਣੀ ਗੁਵਿੰਦੁ ਹਮਾਰਾ ਬਰਨਿ ਸਾਕਉ; ਗੁਣ ਬਿਸਥਾਰਾ ਰਹਾਉ ’’ (ਮਹਲਾ /੧੧੫੬)

ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਮੈਂ ਜਦੋਂ ਵੀ ਮੰਗਦਾ ਹਾਂ, ਸਿਰਫ਼ ਉਸ ਨਾਥ-ਪ੍ਰਭੂ ਦੇ ਦਰ ਤੋਂ ਮੰਗਦਾ ਹਾਂ। ਮੈਨੂੰ ਕਿਸੇ ਹੋਰ ਦੇਵਤੇ ਨਾਲ ਕੋਈ ਗ਼ਰਜ਼ ਨਹੀਂ ਹੈ। ਉਸ ਦੇ ਦਰ ’ਤੇ ਕ੍ਰੋੜਾਂ ਹੀ ਸੂਰਜ ਚਾਨਣ ਕਰ ਰਹੇ ਹਨ। ਜਿਸ ਦੇ ਦਰ ’ਤੇ ਕ੍ਰੋੜਾਂ ਹੀ ਸ਼ਿਵ ਜੀ ਵਰਗੇ ਦੇਵਤੇ ਅਤੇ ਉਸ ਦਾ ਕਲਪਿਤ ਨਿਵਾਸ ਸਥਾਨ ਮੰਨੇ ਜਾਂਦੇ ਕੈਲਾਸ਼ ਵਰਗੇ ਪਰਬਤ ਹਨ। ਦੁਰਗਾ ਵਰਗੀਆਂ ਕ੍ਰੋੜਾਂ ਹੀ ਦੇਵੀਆਂ, ਜਿਸ ਦੇ ਚਰਨਾਂ ਦੀ ਮਾਲਸ਼ ਕਰ ਰਹੀਆਂ ਹਨ। ਕ੍ਰੋੜਾਂ ਹੀ ਬ੍ਰਹਮੇ, ਜਿਸ ਦੇ ਦਰ ’ਤੇ ਵੇਦਾਂ ਦਾ ਉਚਾਰਨ ਕਰ ਰਹੇ ਹਨ, ‘‘ਕੋਟਿ ਸੂਰ ਜਾ ਕੈ ਪਰਗਾਸ ਕੋਟਿ ਮਹਾਦੇਵ ਅਰੁ ਕਬਿਲਾਸ ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ਬ੍ਰਹਮਾ ਕੋਟਿ ਬੇਦ ਉਚਰੈ ਜਉ ਜਾਚਉ ਤਉ ਕੇਵਲ ਰਾਮ ਆਨ ਦੇਵ ਸਿਉ ਨਾਹੀ ਕਾਮ ਰਹਾਉ ’’ (ਭਗਤ ਕਬੀਰ/੧੧੬੨)

ਇਸ ਲਈ ਜਪੁ ਜੀ ਦੇ 30ਵੇਂ ਬੰਦ ਦੀਆਂ ਹੇਠ ਲਿਖੀਆਂ ਤੁਕਾਂ ਦੇ ਅਰਥ ਇਸ ਪ੍ਰਕਾਰ ਕਰਨੇ ਯੋਗ ਜਾਪਦੇ ਹਨ ਕਿ (ਵੈਦਿਕ ਦਰਸ਼ਨ ਅਧੀਨ ਨਾਥ ਜੋਗੀਆਂ ਸਮੇਤ ਪੌਰਾਣਿਕ-ਮਤੀ ਵਿਚਾਰਧਾਰਾ ’ਚ ਇਕ ਖ਼ਿਆਲ ਅਜਿਹਾ ਵੀ ਪ੍ਰਚਲਿਤ ਹੈ ਕਿ ਇਕ ਮਾਇਆ ਕਿਸੇ ਵਿਉਂਤ ਨਾਲ ਸੂਈ ਅਤੇ ਉਸ ਤੋਂ ਤਿੰਨ ਚੇਲੇ ਜਾਂ ਪੁੱਤਰ ਪੈਦਾ ਹੋਏ, ਇਕ ਸੰਸਾਰ ਦੇ ਰਚਣ ਵਾਲਾ ਬ੍ਰਹਮਾ, ਇਕ ਜੀਵਾਂ ਨੂੰ ਪਾਲਣ ਦਾ ਪ੍ਰਬੰਧ ਕਰਨ ਵਾਲਾ ਵਿਸ਼ਨੂੰ ਅਤੇ ਇਕ ਮੌਤ ਦੇ ਹੁਕਮ ਚੜ੍ਹਾਣ ਲਈ ਕਚਹਿਰੀ ਲਾਣ ਵਾਲਾ ਸ਼ਿਵ ਮੰਨਿਆ ਗਿਆ, ਪਰ ਅਸਲ ਸਚਾਈ ਇਹ ਹੈ ਕਿ ਜਿਵੇਂ ਉਸ ਅਕਾਲ ਪੁਰਖ ਨੂੰ ਭਾਉਂਦਾ (ਭਾਵੈ) ਹੈ ਤੇ ਜਿਵੇਂ ਉਸ ਦਾ ਹੁਕਮ (ਫੁਰਮਾਣੁ) ਹੁੰਦਾ ਹੈ, ਤਿਵੇਂ ਹੀ ਉਹ ਆਪ ਸੰਸਾਰ ਦੀ ਕਾਰ-ਵਿਹਾਰ ਚਲਾ ਰਿਹਾ ਹੈ ਭਾਵ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਆਦਿਕ ਦੇਵਤਿਆਂ ਦੇ ਹੱਥ-ਵੱਸ ਕੁਝ ਨਹੀਂ। ਇਹ ਬੜਾ ਅਸਚਰਜ ਕੌਤਕ ਹੈ ਕਿ ਉਹ ਅਕਾਲ ਪੁਰਖ ਸਭ ਜੀਵਾਂ ਨੂੰ ਵੇਖਦਾ ਰਹਿੰਦਾ ਹੈ, ਪਰ ਜੀਵਾਂ ਨੂੰ ਉਹ ਅਕਾਲ ਪੁਰਖ ਨਹੀਂ ਦਿੱਸਦਾ, ‘‘ਜਿਵ ਤਿਸੁ ਭਾਵੈ; ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ ਓਹੁ ਵੇਖੈ; ਓਨਾ ਨਦਰਿ ਆਵੈ; ਬਹੁਤਾ ਏਹੁ ਵਿਡਾਣੁ ’’

ਜਪੁ ਜੀ ਦੇ 28ਵੇਂ ਬੰਦ ਦੀ ਵਿਆਖਿਆ ਕਰਦਿਆਂ ਭੂਮਿਕਾ ਵਜੋਂ ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਰਚਿਤ ‘ਸ੍ਰੀ ਨਾਨਕ ਪ੍ਰਕਾਸ਼ ਪੂਰਬਾਰਧ’ ਦਾ ਹਵਾਲਾ ਦਿੱਤਾ ਹੈ। ਉਸ ਵਿੱਚ ਭਾਈ ਸਾਹਿਬ ਲਿਖਦੇ ਹਨ ਕਿ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਪ੍ਰੇਰਿਆ ਕਿ ਤੁਸੀਂ ਜੋਗ ਮਤ ਦੇ ਸੰਜੋਗੀ ਹੋ ਕੇ ਸੁਖ ਮਾਣਹੁ ਅਤੇ ਆਈ ਪੰਥੀ ਸੰਪ੍ਰਦਾ ਦਾ ਮੁਖੀ ਬਣ ਕੇ ਇਕ ਮਾਈ (ਪਾਰਬਤੀ) ਦੇ ਪੁਤਰ ਕਹਾਵੋ। ਸ੍ਰੀ ਨਾਨਕ ਪ੍ਰਕਾਸ਼ ਦੇ ਕਾਵਿਕ ਬੋਲ ਹਨ, ‘ਜੋਗ ਸੰਜੋਗੀ ਮਹਿ ਸੁਖ ਪਾਵਹੁ। ਇਕ ਮਾਈ ਕੇ ਪੂਤ ਕਹਾਵੋ’। ਹਜ਼ੂਰ ਨੇ ਉਨ੍ਹਾਂ ਦੇ ਉੱਤਰ ਵਿੱਚ ਕਿਹਾ ਕਿ ਜਦੋਂ ਇਹ ਸਾਰਾ ਜਗਤ ਉਸ ਪ੍ਰਭੂ ਰੂਪ ਮਾਂ ਦਾ ਪੁਤਰ ਹੈ, ਜੋ ਸਭ ਦਾ ਮੁੱਢ ਤੇ ਸਭ ਦਾ ਰਾਖਾ ਹੈ। ਜੋ ਸ੍ਰਿਸ਼ਟੀ ਦੇ ਮੁੱਢ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੀ ਹੈ, ਹੁਣ ਵੀ ਹੈ ਤੇ ਅੱਗੋਂ ਲਈ ਵੀ ਸਦਾ ਮੌਜੂਦ ਰਹਿਣ ਵਾਲਾ ਹੈ। ਜੋ ਪਰੇ ਤੋਂ ਪਰੇ (ਅਪਰੰਪਰ) ਤੇ ਸਭ ਕੁਝ ਕਰਨ ਦੀ ਸਮਰਥਾ ਰੱਖਦਾ ਹੋਣ ਕਰਕੇ ਆਦੇਸ਼ (ਨਮਸਕਾਰ) ਕਰਨਜੋਗ ਹੈ, ਤਾਂ ਫਿਰ ਮੈਂ ਵਿਸ਼ੇਸ਼ ਤੌਰ ’ਤੇ ਤੁਹਾਡੇ ਵਿਸ਼ਵਾਸ ਮੁਤਾਬਕ ਉਸ ਦੀ ਪੈਦਾ ਕੀਤੀ ਹੋਈ ਕਿਸੇ ਦੁਰਗਾ ਜਾਂ ਪਾਰਬਤੀ ਆਦਿਕ ‘ਇੱਕ ਮਾਈ’ ਦਾ ਪੁੱਤਰ ਕਿਉਂ ਅਖਵਾਵਾਂ ? ਗੁਰ ਵਾਕ ਹੈ, ‘‘ਆਈ ਪੂਤਾ; ਇਹੁ ਜਗੁ ਸਾਰਾ ਪ੍ਰਭ ਆਦੇਸੁ ਆਦਿ ਰਖਵਾਰਾ ਆਦਿ ਜੁਗਾਦੀ; ਹੈ ਭੀ ਹੋਗੁ ਓਹੁ ਅਪਰੰਪਰੁ; ਕਰਣੈ ਜੋਗੁ ’’ (ਮਹਲਾ /੮੪੦)

ਸੋ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਿ ਜਦੋਂ ਅਸੀਂ ਸਾਰੇ ਇੱਕ ਹਰੀ-ਪਭੂ ਮਾਂ ਪਿਉ ਦੇ ਪੁੱਤਰ ਧੀਆਂ ਬਣ ਕੇ ਇੱਕ ਪਰਵਾਰ ਦੇ ਰੂਪ ਵਿੱਚ ਭੈਣ ਭਰਾਂ ਅਖਵਾਉਂਦੇ ਹਾਂ, ਤਾਂ ਫਿਰ ਮੈਂ ਉਸ ਵਿਸ਼ਾਲ ਪਰਵਾਰ ਤੋਂ ਵੱਖਰਾ ਕਿਉਂ ਹੋਵਾਂ ? ‘‘ਆਈ ਪੰਥੀ ਸਗਲ ਜਮਾਤੀ.. ’’ (ਜਪੁ) ਤੁਕਾਂਸ਼ ਦੁਆਰਾ ਭੀ ਇਹੀ ਦੱਸਿਆ ਹੈ ਕਿ ਸਾਰਿਆਂ ਨਾਲ ਮੈਤ੍ਰੀ-ਭਾਵ ਵਾਲੀ ਭਾਈਚਾਰਕ (Brotherhood) ਸਾਂਝ ਬਣ ਕੇ ਜਿਊਣਾ ਹੀ, ਸਾਡੇ ਲਈ ‘ਆਈ-ਪੰਥੀ’ ਬਣਨਾ ਹੈ। ਇਸੇ ਲਈ ਮੈਂ ਤਾਂ ਸਦਾ ਗਾਉਂਦਾ ਹਾਂ ਕਿ ਹੇ ਮੇਰੇ ਮਾਲਕ-ਪ੍ਰਭੂ  ! ਮੈਂ ਤੇਰਾ ਪੈਦਾ ਕੀਤਾ ਹੋਇਆ ਹਾਂ। (ਮੇਰੀਆਂ ਸਾਰੀਆਂ ਸਰੀਰਕ ਤੇ ਆਤਮਕ ਲੋੜਾਂ ਤੂੰ ਹੀ ਜਾਣਦਾ ਹੈਂ ਤੇ ਪੂਰੀਆਂ ਕਰਨ ਦੇ ਸਮਰੱਥ ਹੈਂ, ਮੇਰੇ ਆਤਮਕ ਜੀਵਨ ਲਈ) ਜਦੋਂ ਤੂੰ ਆਪਣਾ ਨਾਮ ਦੇਂਦਾ ਹੈਂ, ਤਦੋਂ ਹੀ ਮੈਂ ਜਪ ਸਕਦਾ ਹਾਂ, ‘‘ਮੇਰੇ ਸਾਹਿਬ ! ਹਉ ਕੀਤਾ ਤੇਰਾ ਜਾਂ ਤੂੰ ਦੇਹਿ; ਜਪੀ ਨਾਉ ਤੇਰਾ ਰਹਾਉ ’’ (ਮਹਲਾ /੩੫੭)

ਗੁਰਬਾਣੀ ’ਚੋਂ ਵਿਚਾਰਨਜੋਗ ਇੱਕ ਹੋਰ ਨੁਕਤਾ ਵੀ ਧਿਆਨ ਮੰਗਦਾ ਹੈ ਕਿ ਸਾਰੇ ਗੁਰੂ ਸਾਹਿਬਾਨ ਨੇ ਹਰੀ-ਪ੍ਰਭੂ ਨੂੰ ਮਾਂ ਪਿਉ ਅਥਵਾ ਮਾਈ-ਬਾਪ ਦੇ ਸੰਯੁਕਤ ਰੂਪ ’ਚ ਬਿਆਨਿਆ ਹੈ। ਕਿਧਰੇ ਵੀ ਐਸਾ ਨਹੀਂ ਕਿਹਾ ਕਿ ਸੰਸਾਰ ਦੀ ਪੈਦਾਇਸ਼ ਲਈ ਉਸ ਨੇ ਪਹਿਲਾਂ ਇੱਕ ਮਾਈ ਰੂਪ ਮਾਇਆ ਨੂੰ ਮਾਂ ਵਜੋਂ ਪੈਦਾ ਕਰ ਗਰਭਵਤੀ ਕੀਤਾ। ਜਿਸ ਨੇ ਪ੍ਰਤੱਖ ਤੌਰ ’ਤੇ ਪ੍ਰਸੂਤ ਹੁੰਦਿਆਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦੇ ਰੂਪ ’ਚ ਤਿੰਨ ਪੁਤਰਾਂ ਨੂੰ ਜਨਮ ਦੇ ਦਿੱਤਾ। ਇਨ੍ਹਾਂ ’ਚੋਂ ਬ੍ਰਹਮਾ ਜੀਵਾਂ ਨੂੰ ਜਨਮ ਦਿੰਦਾ ਹੈ, ਵਿਸ਼ਨੂੰ ਪਾਲ਼ਦਾ ਹੈ ਤੇ ਸ਼ਿਵ ਸੰਘਾਰਦਾ ਹੈ। ਪ੍ਰਮਾਣ ਸਰੂਪ ਗੁਰ ਵਾਕ ਹਨ, ‘‘ਹਰਿ ਆਪੇ ਮਾਤਾ; ਆਪੇ ਪਿਤਾ; ਜਿਨਿ ਜੀਉ ਉਪਾਇ, ਜਗਤੁ ਦਿਖਾਇਆ (ਅਨੰਦ/ਮਹਲਾ /੯੨੧), ਨਾਨਕ  ! ਪਿਤਾ ਮਾਤਾ ਹੈ ਹਰਿ ਪ੍ਰਭੁ; ਹਮ ਬਾਰਿਕ ਹਰਿ ਪ੍ਰਤਿਪਾਰੇ (ਮਹਲਾ /੮੮੨), ਹਰਿ ਜੀ ਮਾਤਾ; ਹਰਿ ਜੀ ਪਿਤਾ; ਹਰਿ ਜੀਉ ਪ੍ਰਤਿਪਾਲਕ ਹਰਿ ਜੀ ਮੇਰੀ ਸਾਰ ਕਰੇ; ਹਮ ਹਰਿ ਕੇ ਬਾਲਕ ’’ (ਮਹਲਾ /੧੧੦੨), ਆਦਿ। ਇਸ ਲਈ ‘‘ਓਹੁ ਵੇਖੈ; ਓਨਾ ਨਦਰਿ ਆਵੈ.. ’’ (ਜਪੁ) ਤੁਕਾਂਸ਼ ਵਿੱਚ ਧੁਨੀ ਇਹ ਵੀ ਜਾਪਦੀ ਹੈ ਕਿ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਵਾਂਗ ਤ੍ਰੈਗੁਣੀ ਮਾਇਆ ਦੇ ਪੁੱਤ (ਚੇਲੇ) ਬਣ ਕੇ ਕਿਸੇ ਵੀ ਮਨੁੱਖ ਲਈ ਰੱਬੀ ਦੀਦਾਰ ਕਰ ਸਕਣਾ ਅਸੰਭਵ ਹੈ। ਇਕ ਕਾਜ਼ੀ ਨੂੰ ਮੁਖ਼ਾਤਬ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਕਿ ਜੇ ਮਨੁੱਖੀ ਮਨ ਮਾਇਆ-ਮਾਈ ਦੇ ਰੰਗ ਵਿਚ ਹੀ ਰੰਗਿਆ ਹੋਇਆ ਹੋਵੇ ਤਾਂ ਸਾਰੇ ਮਜ਼੍ਹਬੀ ਕਿਤਾਬ ਦੇ ਮਸਲੇ ਸੁਣਨੇ ਸੁਣਾਣੇ ਬੇ-ਅਸਰ ਹੁੰਦੇ ਹਨ। ਉਹੀ ਬੰਦੇ ਮਾਲਕ-ਪ੍ਰਭੂ ਦੀ ਮਿਹਰ ਭਰੀ ਨਜ਼ਰ ਦੇ ਪਾਤ੍ਰ ਬਣਦੇ ਹਨ, ਉਹੀ ਬੰਦੇ ਉਸ ਦੇ ਦਿਲ ’ਚ ਪਸੰਦ ਆਉਂਦੇ ਹਨ, ਜਿਨ੍ਹਾਂ ਨੇ ਸ਼ਰਧਾ ਤੇ ਸਿੱਦਕ ਨਾਲ ਉਸ ਨੂੰ ਸਿਮਰਿਆ ਹੈ ਭਾਵ ਪਰਵਾਰਕ ਤੇ ਪਦਾਰਥਕ ਮੋਹ ਤੋਂ ਉਚੇਰੇ ਉੱਠ ਕੇ ਆਤਮ-ਰੰਗ ਨਾਲ਼ ਸਿਮਰਿਆ ਜਾਂਦਾ ਹੈ। ਗੁਰ ਵਾਕ ਹੈ, ‘‘ਆਖਣੁ ਸੁਨਣਾ ਪਉਣ ਕੀ ਬਾਣੀ; ਇਹੁ ਮਨੁ ਰਤਾ ਮਾਇਆ ਖਸਮ ਕੀ ਨਦਰਿ ਦਿਲਹਿ ਪਸਿੰਦੇ; ਜਿਨੀ ਕਰਿ ਏਕੁ ਧਿਆਇਆ ’’ (ਮਹਲਾ /੨੪) ਧਿਆਨ ਰਹੇ ਕਿ ਸਾਡੀ ਨਜ਼ਰ ’ਚ ਰਮਤ-ਰਾਮ ਦੇ ਸਿਮਰਨ ਵਾਲਾ ਉਸ ਨੂੰ ਹੀ ਸਮਝਿਆ ਜਾਂਦਾ ਹੈ, ਜੋ ਇੱਕ ਮਾਇਆ ਦਾ ਪੁੱਤਰ ਬਣ ਕੇ ਉਸ ਦੀ ਸੇਵਾ ਕਰਨ ਦੀ ਥਾਂ, ਉਸ ਦਾ ਭੋਗ ਕਰੇ ਭਾਵ ਜੋ ਮਾਇਆ ਨੂੰ ਖਾ ਕੇ ਉਹਦੇ ਪ੍ਰਭਾਵ ਤੋਂ ਮੁਕਤ ਹੋ ਜਾਵੇ। ਐਸੇ ਮਨੁੱਖ ਦੀਆਂ ਨਿਸ਼ਾਨੀਆਂ ਇਹ ਹਨ ਕਿ ਉਹ ਖ਼ਿਮਾ-ਧਨ ਇਕੱਠਾ ਕਰਦਾ ਹੈ, ‘‘ਰਾਮ ਰਵੰਤਾ ਜਾਣੀਐ; ਇਕ ਮਾਈ ਭੋਗੁ ਕਰੇਇ ਤਾ ਕੇ ਲਖਣ ਜਾਣੀਅਹਿ; ਖਿਮਾ ਧਨੁ ਸੰਗ੍ਰਹੇਇ ’’ (ਮਹਲਾ /੧੧੭੧)

ਇਸੇ ਰਾਗ ’ਚ ਆਪ ਨੇ ਆਪਣੇ ਤੀਜੇ ਜੋਤਿ-ਸਰੂਪ ’ਚ ਕਿਹਾ ਕਿ ਜਗਤ ਵਿਚ ਭਾਵੇਂ ਤ੍ਰੈਗੁਣੀ ਮਾਇਆ ਦਾ ਮੋਹ ਪਸਰ ਰਿਹਾ ਹੈ, ਪਰ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਉਚਤਮ ਆਤਮਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ, ਜਿੱਥੇ ਮਾਇਆ ਦੇ ਤਿੰਨ ਗੁਣਾਂ (ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਵਾਲੇ ਰਜੋ, ਸਤੋ ਤੇ ਤਮੋ) ਦਾ ਪ੍ਰਭਾਵ ਹੀ ਨਹੀਂ ਰਹਿੰਦਾ। ਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਨਾਲ਼ ਜੋੜਿਆ ਹੈ, ਉਹਨਾਂ ਦੇ ਮਨ ’ਚ ਹੀ ਪਰਮਾਤਮਾ ਦਾ ਨਾਮ ਵੱਸਦਾ ਹੈ, ‘‘ਤ੍ਰੈ ਗੁਣ ਮਾਇਆ ਮੋਹੁ ਹੈ; ਗੁਰਮੁਖਿ ਚਉਥਾ ਪਦੁ ਪਾਇ ਕਰਿ ਕਿਰਪਾ ਮੇਲਾਇਅਨੁ; ਹਰਿ ਨਾਮੁ ਵਸਿਆ ਮਨਿ () ਆਇ ਪੋਤੈ ਜਿਨ ਕੈ ਪੁੰਨੁ ਹੈ; ਤਿਨ ਸਤਸੰਗਤਿ ਮੇਲਾਇ ’’ (ਮਹਲਾ /੩੦)

ਸਤਿਗੁਰਾਂ ਅਨੁਸਾਰ ਅਸਲ ਸਚਾਈ ਇਹ ਹੈ ਕਿ ਜਪੁ ਜੀ ਦੇ ਵਿਚਾਰਧੀਨ ਬੰਦ ਅੰਦਰਲੇ ਪੌਰਾਣਿਕ-ਮਤੀ ਦੇਵੀ ਦੇਵਤੇ (ਏਕਾ ਮਾਈ ਤੇ ਉਸ ਦੇ ਤਿੰਨ ਚੇਲੇ) ਵੀ ਮਨੁੱਖੀ ਮਨ ਅੰਦਰਲੀ ਸੁਖਾਂ ਦੀ ਕਾਮਨਾ ਅਤੇ ਦੁਖਾਂ ਦੇ ਡਰ ਵਾਲੇ ਭਰਮ ’ਚੋਂ ਹੀ ਪੈਦਾ ਹੋਏ ਹਨ। ਵੈਸੇ ਉਨ੍ਹਾਂ ਦੀ ਕੋਈ ਸਰੀਰਕ ਹੋਂਦ ਨਹੀਂ। ਸੁੱਖਾਂ ਦੀ ਪ੍ਰਾਪਤੀ ਅਤੇ ਦੁੱਖਾਂ ਦੀ ਨਿਵਿਰਤੀ ਖ਼ਾਤਰ ਹੀ ਸਿਮ੍ਰਿਤੀਆਂ ਸ਼ਾਸਤਰਾਂ ਵਰਗੇ ਮਜ਼੍ਹਬੀ ਗ੍ਰੰਥਾਂ ਦੀ ਰਾਹੀਂ ਕਰਮਕਾਂਡ ਰਚੇ ਗਏ ਹਨ। ਸਾਰੇ ਸੰਸਾਰ ’ਚ ਸੁਖਾਂ ਦੀ ਲਾਲਸਾ (ਕਾਮ) ਤੇ ਦੁਖਾਂ ਤੋਂ ਡਰ (ਕ੍ਰੋਧ) ਦਾ ਜਜ਼ਬਾ ਪਸਰ ਰਿਹਾ ਹੈ, ਜਿਸ ਕਰ ਕੇ ਜੀਵ ਜਨਮ ਮਰਨ ਰੂਪ ਭਟਕਣਾ ਤੇ ਭਰਮ ਵਿੱਚ ਪਏ ਦੁਖੀ ਹੋ ਰਹੇ ਹਨ, ‘‘ਦੇਵੀ ਦੇਵਾ ਮੂਲੁ ਹੈ ਮਾਇਆ ਸਿੰਮ੍ਰਿਤਿ ਸਾਸਤ; ਜਿੰਨਿ ਉਪਾਇਆ ਕਾਮੁ ਕ੍ਰੋਧੁ ਪਸਰਿਆ ਸੰਸਾਰੇ; ਆਇ ਜਾਇ ਦੁਖੁ ਪਾਵਣਿਆ ’’ (ਮਹਲਾ /੧੨੯)

ਸੋ ਹਜ਼ੂਰ ਨੇ ਜੋਗੀਆਂ ਰਾਹੀਂ ਸਾਰੇ ਸੰਸਾਰ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਹੈ ਕਿ ਮਹਾਂ ਮਾਈ (ਏਕਾ ਮਾਈ) ਦੇ ਨਾਸ਼ਵੰਤ ਚੇਲਿਆਂ (ਬ੍ਰਹਮਾ ਵਿਸ਼ਨੂੰ ਤੇ ਮਹੇਸ਼) ਦੀ ਥਾਂ ਉਸ ਅਕਾਲ-ਪੁਰਖ ਨੂੰ ਨਮਸਕਾਰ (ਆਦੇਸ਼) ਕਰੋ, ਜੋ ਸਾਰੇ ਸੰਸਾਰ ਦਾ ਮੁੱਢ (ਆਦਿ) ਹੈ। ਜੋ ਸ਼ੁੱਧ ਸਰੂਪ (ਅਨੀਲੁ) ਹੈ। ਜਿਸ ਦਾ ਕੋਈ ਆਪਣਾ ਮੁੱਢ ਨਹੀਂ (ਅਨਾਦਿ)। ਜੋ ਨਾਸ ਰਹਿਤ (ਅਨਾਹਤਿ) ਹੈ ਤੇ ਜਿਹੜਾ ਹਰੇਕ ਜੁਗ ’ਚ ਭਾਵ ਸਦਾ ਤੋਂ ਇਕੋ ਜਿਹਾ ਹੀ ਰਹਿੰਦਾ ਹੈ, ਜੰਮਦਾ ਮਰਦਾ ਨਹੀਂ। ਪ੍ਰਭੂ ਨਾਲੋਂ ਵਿੱਥ ਪੈਦਾ ਕਰਨ ਵਾਲੀ ਹਉਮੈ ਦੀ ਕੂੜੀ ਦੀਵਾਰ ਨੂੰ ਤੋੜਦਿਆਂ ਸਚਿਆਰ ਹੋ ਕੇ ਜੀਊਣ ਲਈ ‘‘ਬੰਦਨਾ ਹਰਿ ਬੰਦਨਾ; ਗੁਣ ਗਾਵਹੁ ਗੋਪਾਲ ਰਾਇ ਰਹਾਉ ’’ (ਮਹਲਾ /੬੮੩)  ਹੀ ਸਫਲ ਜੀਵਨ-ਯਾਤਰਾ ਲਈ ਇਕੋ-ਇੱਕ ਸਰਲ, ਸੁਖਾਲਾ ਤੇ ਸਰਬੋਤਮ ਸਾਧਨ ਹੈ, ‘‘ਆਦੇਸੁ; ਤਿਸੈ ਆਦੇਸੁ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ੩੦’’ (ਜਪੁ)

ਤਾਤੀ ਵਾਉ ਨ ਲਗਈ

0

ਤਾਤੀ ਵਾਉ ਲਗਈ

ਡਾਇਰੈਕਟਰ ਹਰਭਜਨ ਸਿੰਘ ਜੀ

ਬਿਲਾਵਲੁ ਮਹਲਾ   ਤਾਤੀ ਵਾਉ ਲਗਈ; ਪਾਰਬ੍ਰਹਮ ਸਰਣਾਈ   ਚਉਗਿਰਦ ਹਮਾਰੈ ਰਾਮ ਕਾਰ; ਦੁਖੁ ਲਗੈ ਭਾਈ   ਸਤਿਗੁਰੁ ਪੂਰਾ ਭੇਟਿਆ; ਜਿਨਿ ਬਣਤ ਬਣਾਈ   ਰਾਮ ਨਾਮੁ ਅਉਖਧੁ ਦੀਆ; ਏਕਾ ਲਿਵ ਲਾਈ ਰਹਾਉ   ਰਾਖਿ ਲੀਏ ਤਿਨਿ ਰਖਨਹਾਰਿ; ਸਭ ਬਿਆਧਿ ਮਿਟਾਈ   ਕਹੁ ਨਾਨਕ  ! ਕਿਰਪਾ ਭਈ; ਪ੍ਰਭ ਭਏ ਸਹਾਈ (ਮਹਲਾ /੮੧੯)

ਇਹ ਅਨਮੋਲ, ਅਮਲੀਕ ਅੰਮ੍ਰਿਤਮਈ ਬਚਨ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਬਿਲਾਵਲ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 819 ’ਤੇ ਸੁਸ਼ੋਭਿਤ ਹਨ। ਇਸ ਸ਼ਬਦ ਰਾਹੀਂ ਸੱਚੇ ਅਤੇ ਪੂਰੇ ਗੁਰੂ ਦੀ ਮਹਿਮਾ ਕਰਦਿਆਂ ਗੁਰਦੇਵ ਪਿਤਾ ਜੀ ਸਮਝਾ ਰਹੇ ਹਨ ਕਿ ਪੂਰਨ ਸਤਿਗੁਰ ਦੇ ਮਿਲਾਪ ਨਾਲ਼ ਜੀਵਨ ਵਿਚ ਬਹੁਤ ਭਾਰੀ ਤਬਦੀਲੀ ਆ ਜਾਂਦੀ ਹੈ। ਤਬਦੀਲੀ ਤੋਂ ਭਾਵ ਉਸ ਦਾ ਪਹਿਲਾ ਸੁਭਾਅ, ਪਹਿਲੇ ਬਣੇ ਹੋਏ ਸੰਸਕਾਰ ਜਾਂ ਆਦਤਾਂ ਬਦਲ ਜਾਂਦੀਆ ਹਨ। ਜਿਵੇਂ ਕੋਈ ਸਿਆਣਾ, ਬੁੱਤ ਘੜਨਹਾਰ; ਕਿਸੇ ਬੇਢੱਬੇ ਜਿਹੇ ਪੱਥਰ ਨੂੰ ਤਰਾਸ਼ ਕੇ ਉਸ ਵਿਚੋਂ ਖੂਬਸੂਰਤ ਮੂਰਤੀ ਤਿਆਰ ਕਰ ਲੈਂਦਾ ਹੈ; ਤਿਵੇਂ ਹੀ ਸਤਿਗੁਰੂ ਜੀ ‘ਵੇਦ ਹਥਿਆਰ’ ਨਾਲ ਜੀਵ ਦੀ ਮਤਿ ਨੂੰ ਘੜ ਕੇ ਖੂਬਸੂਰਤ ਜੀਵਨਸ਼ੈਲੀ ਬਣਾ ਦੇਂਦੇ ਹਨ।

‘‘ਸਤਿਗੁਰੁ ਮਿਲੈ; ਗੁਰਮਤਿ ਪਾਈਐ.. ’’ (ਮਹਲਾ /੫੯੮) ਵਾਕ ਅਨੁਸਾਰ ਗੁਰੂ ਦੀ ਮੱਤ ਧਾਰਨ ਕਰਕੇ ਜੀਵਨ ਜਿਊਣ ਨੂੰ ਹੀ ਅਸਲ ਗੁਰੂ ਮਿਲਾਪ ਕਿਹਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਇੱਕ ਪਉੜੀ ਅੰਦਰ ਗੁਰੂ ਦੇ ਮਿਲਾਪ ਤੋਂ ਪੈਦਾ ਹੋਈ ਅਵਸਥਾ ਨੂੰ ਇੰਝ ਬਿਆਨ ਕੀਤਾ ਹੈ :

ਸਤਿਗੁਰ ਪਾਰਸਿ ਪਰਸਿਐ; ਕੰਚਨੁ ਕਰੈ ਮਨੂਰ ਮਲੀਣਾ

ਸਤਿਗੁਰ ਬਾਵਨੁ ਚੰਦਨੋ; ਵਾਸੁ ਸੁਵਾਸੁ ਕਰੈ ਲਾਖੀਣਾ

ਸਤਿਗੁਰ ਪੂਰਾ ਪਾਰਿਜਾਤੁ; ਸਿੰਮਲੁ ਸਫਲੁ ਕਰੈ, ਸੰਗਿ ਲੀਣਾ

ਮਾਨ ਸਰੋਵਰੁ ਸਤਿਗੁਰੂ; ਕਾਗਹੁ ਹੰਸ ਜਲਹੁ ਦੁਧੁ ਪੀਣਾ

ਗੁਰ ਤੀਰਥੁ ਦਰੀਆਉ ਹੈ; ਪਸੂ ਪਰੇਤ ਕਰੈ ਪਰਬੀਣਾ

ਸਤਿਗੁਰੁ ਬੰਦੀਛੋੜੁ ਹੈ; ਜੀਵਣ ਮੁਕਤਿ ਕਰੈ ਓਡੀਣਾ

ਗੁਰਮੁਖਿ ਮਨ ਅਪਤੀਜੁ ਪਤੀਣਾ ੨੦ (ਭਾਈ ਗੁਰਦਾਸ ਜੀ/ਵਾਰ ੨੬ ਪਉੜੀ ੨੦)

ਵਿਚਾਰ ਅਧੀਨ ਸ਼ਬਦ ਦੀਆਂ ‘ਰਹਾਉ’ ਵਾਲੀਆਂ ਪੰਕਤੀਆਂ ਵਿਚ ਗੁਰੂ ਅਰਜਨ ਦੇਵ ਜੀ ਫ਼ੁਰਮਾ ਰਹੇ ਹਨ ‘‘ਸਤਿਗੁਰੁ ਪੂਰਾ ਭੇਟਿਆ; ਜਿਨਿ ਬਣਤ ਬਣਾਈ   ਰਾਮ ਨਾਮੁ ਅਉਖਧੁ ਦੀਆ; ਏਕਾ ਲਿਵ ਲਾਈ ਰਹਾਉ ’’ ਭਾਵ ਪੂਰਾ ਸਤਿਗੁਰੂ ਜਿਸ ਨੇ ਇਹ ਵਿਓਂਤ ਬਣਾਈ ਹੈ, ਉਹ ਸਾਨੂੰ ਮਿਲ ਪਿਆ ਹੈ। ਉਸ ਨੇ ਸਾਨੂੰ ਰਾਮ ਦੇ ਨਾਮ ਦੀ ਦਵਾਈ ਦਿੱਤੀ ਹੈ, ਜਿਸ ਦਾ ਸਦਕਾ ਇਕ ਪ੍ਰਭੂ ਵਿੱਚ ਲਿਵ ਜੋੜ ਰੱਖੀ ਹੈ।

ਪ੍ਰਭੂ ਨਾਲ ਲਿਵ ਜੁੜਨ ਵਾਲੀ ਵਿਓਂਤ ਜਾਂ ਜੀਵਨ ਦੀ ਚੰਗੀ ਬਣਤਰ ਗੁਰੂ ਦੁਅਰਾ ਹੀ ਬਣ ਸਕਦੀ ਹੈ। ਬਿਲਾਵਲ ਰਾਗ ਅੰਦਰ ਹੀ ਗੁਰੂ ਅਰਜਨ ਦੇਵ ਜੀ ਦੇ ਬਚਨ ਇਸ ਤਰ੍ਹਾਂ ਹਨ, ‘‘ਸਗਲ ਮਨੋਰਥ ਪ੍ਰਭਿ ਕੀਏ; ਭੇਟੇ ਗੁਰਦੇਵ   ਜੈ ਜੈ ਕਾਰੁ ਜਗਤ ਮਹਿ; ਸਫਲ ਜਾ ਕੀ ਸੇਵ ’’ (ਮਹਲਾ /੮੧੯) ਭਾਵ ਜਦੋਂ ਗੁਰਦੇਵ ਪਿਤਾ ਮਿਲ ਪਏ ਤਾਂ ਪ੍ਰਭੂ ਨੇ ਸਾਰੇ ਮਨੋਰਥ ਪੂਰੇ ਕਰ ਦਿੱਤੇ। ਜਿਸ ਗੁਰੂ ਦੀ ਸੇਵਾ ਸਰਬ ਫਲ ਦਾਤੀ ਹੈ, ਉਸ ਦੀ ਬਰਕਤ ਨਾਲ ਸਾਰੇ ਜਗਤ ਵਿੱਚ ਸਾਡੀ ਜੈ ਜੈਕਾਰ ਭਾਵ ਸ਼ੋਭਾ ਹੋ ਗਈ। ਸੰਸਾਰ ਵਿੱਚ ਸ਼ੋਭਾ ਉਨ੍ਹਾਂ ਦੀ ਹੁੰਦੀ ਹੈ, ਜਿਨ੍ਹਾਂ ਦਾ ਜੀਵਨ ਅੰਦਰੋਂ ਅਤੇ ਬਾਹਰੋਂ ਨਿਰਮਲ ਹੁੰਦਾ ਹੈ। ਇਹ ਨਿਰਮਲਤਾ ‘‘ਸਤਿਗੁਰ ਤੇ ਕਰਣੀ ਕਮਾਣੀ ’’ (ਮਹਲਾ /੯੧੯) ਕਰਕੇ ਹੋ ਸਕਦੀ ਹੈ। ਸਤਿਗੁਰੂ ਜੀ ਨੇ ਰਾਮ ਦੇ ਨਾਮ ਨੂੰ ਮਨ ’ਤੇ ਪ੍ਰਭਾਵ ਪਾਉਣ ਵਾਲੀ ਅਸਰ ਦਾਇਕ ਦਵਾਈ ਦੱਸਿਆ ਹੈ। ਜਿਵੇਂ ਕੋਈ ਸਿਆਣਾ ਵੈਦ ਰੋਗੀ ਦੀ ਨਬਜ਼ ਪਕੜ ਕੇ ਉਸ ਦੇ ਰੋਗ ਨੂੰ ਪਛਾਣ ਕੇ, ਚੰਗੀ ਦਵਾਈ ਦੇ ਕੇ, ਉਸ ਨੂੰ ਰੋਗਾਂ ਤੋਂ ਮੁਕਤ ਕਰ ਦੇਂਦਾ ਹੈ। ਤਿਵੇਂ ਸਤਿਗਰੂ ਵੈਦ ਆਪਣੀ ਸਰਨ ਆਏ ਹੋਏ ਆਤਮਕ ਰੋਗੀ ਨੂੰ ਆਤਮਕ ਰੋਗਾਂ ਤੋਂ ਖਲਾਸੀ ਦੁਆ ਦਿੰਦਾ ਹੈ। ਗੁਰ ਵਾਕ ਹੈ, ‘‘ਮੇਰਾ ਬੈਦੁ ਗੁਰੂ ਗੋਵਿੰਦਾ   ਹਰਿ ਹਰਿ ਨਾਮੁ ਅਉਖਧੁ ਮੁਖਿ () ਦੇਵੈ; ਕਾਟੈ ਜਮ ਕੀ ਫੰਧਾ ਰਹਾਉ ’’ (ਮਹਲਾ /੬੧੮)

ਇਸੇ ਰਾਮ ਨਾਮ ਅਉਖਧ ਦੀ ਬਰਕਤ ਨਾਲ ਆਤਮਕ ਰੋਗ ਭਾਵ ਵਿਕਾਰ ਦੁੱਖੀ ਨਹੀਂ ਕਰਦੇ। ਗੁਰੂ ਅਰਜਨ ਦੇਵ ਜੀ; ਆਪਣੇ ਸ਼ਬਦ ਦੇ ਪਹਿਲੇ ਪਦੇ ਵਿੱਚ ਇਸੇ ਵਿਚਾਰ ਨੂੰ ਦ੍ਰਿੜ੍ਹ ਕਰਵਾਉਂਦੇ ਹੋਏ ਕਿ ‘‘ਤਾਤੀ ਵਾਉ ਲਗਈ; ਪਾਰਬ੍ਰਹਮ ਸਰਣਾਈ   ਚਉਗਿਰਦ ਹਮਾਰੈ ਰਾਮ ਕਾਰ; ਦੁਖੁ ਲਗੈ ਭਾਈ ’’ ਭਾਵ ਹੇ ਭਾਈ ! ਪਾਰਬ੍ਰਹਮ ਪਰਮੇਸ਼ਰ ਦੀ ਸ਼ਰਨ ਪਿਆਂ ਤੱਤੀ ਹਵਾ ਵੀ ਨਹੀਂ ਲੱਗਦੀ ਭਾਵ ਦੁੱਖ ਨਹੀਂ ਲੱਗਦਾ ਕਿਉਂਕਿ ਭਗਤ ਦੇ ਆਲੇ ਦੁਆਲੇ ਚੌਂਹਾ ਪਾਸੇ ਰਾਮ ਨਾਮ ਦੀ ਲਕੀਰ ਖਿਚੀ ਜਾਂਦੀ ਹੈ। ਇਸ ਲਈ ਸਾਨੂੰ ਕੋਈ ਦੁੱਖ ਪੋਹ ਨਹੀਂ ਸਕਦਾ। ‘ਤਾਤੀ ਵਾਉ’ ਦੇ ਅਰਥ ਗਰਮ ਹਵਾਵਾਂ ਹਨ, ਪਰ ਇਹ ਮੁਹਾਵਰਾ ਹੈ, ਜਿਸ ਦਾ ਭਾਵ ਦੁੱਖ ਹੈ। ਗੁਰਬਾਣੀ ’ਚ ਹੋਰ ਥਾਂਵਾਂ ’ਤੇ ਵੀ ਇਹ ਮੁਹਾਵਰਾ ਦਿੱਤਾ ਮਿਲਦਾ ਹੈ; ਜਿਵੇਂ ‘‘ਤਤੀ ਵਾਉ ਲਗਈ; ਜਿਨ ਮਨਿ () ਵੁਠਾ ਆਇ ਜੀਉ (ਮਹਲਾ /੧੩੨), ਤਤੀ ਵਾਉ ਲਗਈ; ਸਤਿਗੁਰਿ (ਨੇ) ਰਖੇ ਆਪਿ (ਮਹਲਾ /੨੧੮), ਤਤੀ ਵਾਉ ਤਾ ਕਉ ਲਾਗੈ (ਜੋ) ਸਿਮਰਤ ਨਾਮੁ, ਅਨਦਿਨੁ ਜਾਗੈ ’’ (ਮਹਲਾ /੧੦੮੫)

ਸਤਿਗੁਰੂ ਜੀ ਨੇ ਪਹਿਲਾਂ ਰਾਮ ਦੇ ਨਾਮ ਨੂੰ ਅਉਖਧ ਅਤੇ ਫਿਰ ਰਾਮ ਨੂੰ ਕਾਰ ਭਾਵ ਲਕੀਰ ਕਿਹਾ। ਲਕੀਰ ਜਾਂ ਕਾਰ ਦਾ ਅਰਥ ਮਰਯਾਦਾ ਹੈ। ਸਤਿਗੁਰੂ ਜੀ ਨੇ ਮਰਯਾਦਾ ਗੁਰਬਾਣੀ ਅੰਦਰ ਅਤੇ ਗੁਰੂ ਪੰਥ ਨੇ ਜੋ ਮਰਿਆਦਾ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਅੰਦਰ ਦ੍ਰਿੜ੍ਹ ਕਰਵਾਈ ਹੈ, ਉੁਸ ਅਨੁਸਾਰ ਹੀ ਜੀਵਨ ਢਾਲ ਕੇ ਵਿਕਾਰ, ਪਤਿਤਪੁਣੇ, ਫੈਸ਼ਨ ਪ੍ਰਸਤੀ ਅਤੇ ਨਸ਼ੇ ਜਿਹੀਆਂ ਸਰੀਰ ਨੂੰ ਦੁਖ ਦੇਣ ਵਾਲੀਆਂ, ਤਪਾਉਣ ਵਾਲੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਲੋੜ ਹੈ ਅੱਜ ਸੰਸਾਰ ਦੇ ਹਰ ਵਿਅਕਤੀ ਨੂੰ, ਇਸ ਰਾਮ ਕਾਰ ਨੂੰ ਆਪਣੇ ਆਲੇ-ਦੁਆਲੇ ਖਿੱਚਣ ਦੀ ਤਾਂ ਕਿ ਈਰਖਾ, ਦਵੈਤ, ਸਾੜਾ ਆਪਸੀ ਖਿਚੋਤਾਣ ਧਰਮ ਦੇ ਨਾਂ ’ਤੇ ਹੋ ਰਹੀਆਂ ਬੇਲੋੜੀਆਂ ਲੜਾਈਆਂ ਤੋਂ ਬਚਿਆ ਜਾ ਸਕੇ। ਸਤਿਗੁਰੂ ਜੀ ਦੀ ਇਹੋ ਤਾਂ ਵਡਿਆਈ ਹੈ ਕਿ ‘‘ਨਾਨਕ  ! ਸਤਿਗੁਰੁ ਐਸਾ ਜਾਣੀਐ; ਜੋ ਸਭਸੈ ਲਏ ਮਿਲਾਇ ਜੀਉ ’’ (ਮਹਲਾ /੭੨)

ਸਤਿਗੁਰੂ ਜੀ ਸ਼ਬਦ ਦੇ ਅਖੀਰਲੇ ਅਤੇ ਦੂਜੇ ਪਦੇ ਵਿਚ ਫ਼ੁਰਮਾ ਰਹੇ ਹਨ, ‘‘ਰਾਖਿ ਲੀਏ ਤਿਨਿ ਰਖਨਹਾਰਿ (ਨੇ); ਸਭ ਬਿਆਧਿ ਮਿਟਾਈ   ਕਹੁ ਨਾਨਕ  ! ਕਿਰਪਾ ਭਈ; ਪ੍ਰਭ ਭਏ ਸਹਾਈ ’’ ਭਾਵ ਸਤਿਗੁਰੂ ਦੀ ਕਿਰਪਾ ਸਦਕਾ ਉਸ ਰਖਣਹਾਰ ਪ੍ਰਭੂ ਨੇ ਸਾਨੂੰ ਰੱਖ ਲਿਆ ਹੈ ਅਤੇ ਹਰ ਤਰ੍ਹਾਂ ਦੀ ਮਾਨਸਿਕ ਬਿਮਾਰੀ ਮਿਟਾ ਦਿੱਤੀ ਹੈ। ਹੇ ਨਾਨਕ  ! ਆਖ ਕਿ ਪ੍ਰਭੂ ਦੀ ਕਿਰਪਾ ਹੋਈ ਹੈ ਅਤੇ ਪ੍ਰਭੂ ਆਪ ਸਹਾਈ ਹੋਏ ਹਨ। ਗੁਰੂ ਰਾਮਦਾਸ ਜੀ ਦੇ ਧਨਾਸਰੀ ਰਾਗ ਅੰਦਰ ਬਚਨ ਹਨ, ‘‘ਜਹ ਹਰਿ ਸਿਮਰਨੁ ਭਇਆ; ਤਹ ਉਪਾਧਿ ਗਤੁ ਕੀਨੀ; ਵਡਭਾਗੀ ਹਰਿ ਜਪਨਾ   ਜਨ ਨਾਨਕ ਕਉ ਗੁਰਿ (ਨੇ) ਇਹ ਮਤਿ ਦੀਨੀ; ਜਪਿ ਹਰਿ, ਭਵਜਲੁ ਤਰਨਾ ’’ (ਮਹਲਾ /੬੭੦), ਗੁਰੂ ਅਮਰਦਾਸ ਜੀ ਦੀ ਪਵਿੱਤਰ ਬਾਣੀ ਵਿੱਚ ਵੀ ਦਰਜ ਹੈ, ‘‘ਦੂਖ ਰੋਗ ਸੰਤਾਪ ਉਤਰੇ; ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ; ਪੂਰੇ ਗੁਰ ਤੇ ਜਾਣੀ ’’ (ਮਹਲਾ /੯੨੨)

ਸਵਾਲ ਜਵਾਬ (ਅਗਸਤ 2024)

0

ਸਵਾਲ ਜਵਾਬ

ਸਵਾਲ : ਗੁਰਮਤਿ ਵਿਚ ਨਾਮ ਅਤੇ ਨਾਮ ਜਪਣ ਤੋਂ ਕੀ ਭਾਵ ਹੈ ?

ਜਵਾਬ : ‘‘ਨਾਮੈ ਤੇ ਸਭਿ ਊਪਜੇ ਭਾਈ ! ਨਾਇ ਵਿਸਰਿਐ ਮਰਿ ਜਾਇ ’’ (ਮਹਲਾ /੬੦੩) ਇਸ ਤੁਕ ਮੁਤਾਬਕ ਨਾਮ ਅਤੇ ਅਕਾਲ ਪੁਰਖ ਸਮ ਅਰਥੀ ਸ਼ਬਦ ਹਨ ਕਿਉਂਕਿ ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਕਿ ਸਭ ਦੀ ਉਤਪਤੀ ਇੱਕ ਅਕਾਲ ਪੁਰਖ ਤੋਂ ਹੁੰਦੀ ਹੈ, ‘‘ਕਰਣ ਕਾਰਣ ਏਕੁ ਓਹੀ; ਜਿਨਿ ਕੀਆ ਆਕਾਰੁ ’’ (ਮਹਲਾ /੫੧) ਅਕਾਲ ਪੁਰਖ ਦੀ ਯਾਦ ਨੂੰ ਮਨ ਵਿਚ ਸਦਾ ਵਸਾਈ ਰੱਖਣਾ ਹੀ ‘ਨਾਮ’ ਜਪਣਾ ਹੈ। ਜੇ ਪ੍ਰਭੂ ਚਿਤ ’ਚ ਨਹੀਂ ਵਸਿਆ ਤਾਂ ਜੀਭ ਨਾਲ ਨਾਮ ਜਪਣ ਦਾ ਉਹ ਲਾਭ ਨਹੀਂ ਮਿਲਦਾ, ਜੋ ਹਰੀ ਨੂੰ ਹਿਰਦੇ ’ਚ ਵਸਾਉਣ ਨਾਲ ਮਿਲਣਾ ਹੈ। ਸਮਝ ਤੋਂ ਸੱਖਣੇ ਅਕਸਰ ਇਸ ਤਰ੍ਹਾਂ ਦੀ ਨਾਮ ਜਪਦੇ ਹਨ, ‘‘ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ ਜਾਣੀ (ਅਨੰਦ ਮਹਲਾ /੯੨੦), ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ; ਰਾਮੁ ਪਾਇਆ ਜਾਇ ’’ (ਮਹਲਾ /੫੫੫)

ਸਵਾਲ : ਅੰਮ੍ਰਿਤ ਜਾਂ ਖੰਡੇ ਕੀ ਪਾਹੁਲ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਓ ਜੀ।

ਜਵਾਬ: ‘ਖੰਡੇ ਕੀ ਪਹੁਲ’ ਨੇ ਸਿੱਖਾਂ ਦੀ ਵਿਚਾਰਧਾਰਾ ਅਤੇ ਬਾਹਰੀ ਦਿੱਖ ਨੂੰ ਇਕੋ ਜਿਹਾ ਕਰ ਕੇ ਸਮੂਹ ਸਿੱਖਾਂ ਨੂੰ ਏਕਤਾ ਦੇ ਬੰਧਨ ’ਚ ਬੰਨ੍ਹਣਾ ਹੁੰਦਾ ਹੈ। ਇਸ ਤਰ੍ਹਾਂ ਸੋਚ ਅਤੇ ਸਰੂਪ ਦੇ ਪੱਖੋਂ ਨਿਆਰਾਪਣ ਬਖ਼ਸ਼ਿਆ, ਜਿਸ ਨਾਲ਼ ‘ਖ਼ਾਲਸਾ ਪੰਥ’ ਇਕ ਵੱਡੇ ਪਰਵਾਰ ਦੇ ਰੂਪ ’ਚ ਪ੍ਰਸਿੱਧ ਹੋਇਆ। ਸਿੱਖਾਂ ਦੇ ਇਕੋ ਧਾਰਮਿਕ ਜਨਮ ਸਥਾਨ, ਵਸਣ ਦਾ ਇਕੋ ਸ਼ਹਰ, ਇਕੋ ਮਾਤਾ-ਪਿਤਾ ਆਦਿ ਹੋਣ ਕਰਕੇ ਉਨ੍ਹਾਂ ਦੇ ਸਾਰੇ ਭਿੰਨ ਭੇਦ ਮੁਕਾ ਦਿੱਤੇ। ਸਭ ਸਿੱਖ ਮਰਦਾਂ ਦੇ ਨਾਮ ਦੇ ਅੰਤ ’ਚ ‘ਸਿੰਘ’ ਅਤੇ ਬੀਬੀਆਂ ਦੇ ਨਾਂ ਦੇ ਅਖੀਰ ’ਚ ‘ਕੌਰ’ ਸ਼ਬਦ ਲਾਉਣ ਅਤੇ ਸਭ ਲਈ ਪੰਜ-ਕਕਾਰ (ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ) ਜ਼ਰੂਰੀ ਕਰਨ ਪਿੱਛੇ ਵੀ ਕੌਮੀ ਮਜ਼ਬੂਤੀ ਦੀ ਭਾਵਨਾ ਸੀ। ਇਸੇ ਕਰਕੇ ਸਿੱਖ ਇਕ ਅਜਿਹੀ ਸ਼ਕਤੀ ਦੇ ਧਾਰਨੀ ਬਣੇ, ਜਿਸ ਨੇ ਸੱਚ, ਇਨਸਾਫ਼ ਅਤੇ ਮਨੁੱਖੀ ਹਿੱਤਾਂ ਲਈ ਸੰਘਰਸ਼ ਕਰਨ, ਕੁਰਬਾਨੀਆਂ ਦੇਣ ਅਤੇ ਅੰਤ ’ਚ ਆਪਣਾ ਰਾਜ-ਭਾਗ ਕਾਇਮ ਕਰਨ ’ਚ ਯੋਗ ਪਾਇਆ।

ਗੁਰਬਾਣੀ ਅਨੁਸਾਰ ਅਕਾਲ ਪੁਰਖ ਦਾ ਨਾਮ ਹੀ ‘ਅੰਮ੍ਰਿਤ’ ਹੈ, ‘‘ਅੰਮ੍ਰਿਤੁ ਹਰਿ ਕਾ ਨਾਮੁ ਹੈ; ਜਿਤੁ+ਪੀਤੈ (ਨਾਲ) ਤਿਖ ਜਾਇ ਨਾਨਕ  ! ਗੁਰਮੁਖਿ ਜਿਨ੍ਹ ਪੀਆ; ਤਿਨ੍ਹ ਬਹੁੜਿ ਲਾਗੀ ਆਇ ’’ (ਮਹਲਾ /੧੨੮੩)

ਸਵਾਲ : ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਸੈਂਚੀਆਂ ਤੋਂ ਕੀਤਾ ਜਾ ਸਕਦਾ ਹੈ ਤੇ ਪਾਠ ਦਾ ਭੋਗ ਵੀ ਸੈਂਚੀਆਂ ’ਤੇ ਪਾਇਆ ਜਾ ਸਕਦਾ ਹੈ ?

ਜਵਾਬ : ਪਾਠ ਤਾਂ ਸੈਂਚੀਆਂ ਤੋਂ ਕੀਤਾ ਜਾ ਸਕਦਾ ਹੈ, ਪਰ ਪਾਠ ਦਾ ਆਰੰਭ ਅਤੇ ਭੋਗ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪਾਇਆ ਜਾਵੇ। ਇਸ ਸਬੰਧ ’ਚ ਸਿੱਖ ਰਹਿਤ ਮਰਯਾਦਾ ਵਿਚ ਅੰਕਿਤ ਹੈ ਕਿ ‘ਸਹਿਜ ਪਾਠ ਦੇ ਅਰੰਭ ਵੇਲੇ ਪ੍ਰਸ਼ਾਦ ਲਿਆ ਕੇ ਅਨੰਦ ਸਾਹਿਬ ਦੀਆਂ ਪਹਿਲੀਆ ਪੰਜ ਪਉੜੀਆਂ ਅਤੇ ਇੱਕ ਆਖਰੀ ਪਉੜੀ ਦਾ ਪਾਠ ਕਰਕੇ, ਅਰਦਾਸ ਮਗਰੋਂ ਹੁਕਮ (ਵਾਕ) ਲਿਆ ਜਾਵੇ। ਇਸ ਦੇ ਮਗਰੋਂ ਪਾਠ ਅਰੰਭ ਕੀਤਾ ਜਾਵੇ’। ਇਸ ਤਰ੍ਹਾਂ ਹੀ ਭੋਗ ਦੀ ਮਰਯਾਦਾ ਹੈ। ਵਧੇਰੇ ਜਾਣਕਾਰੀ ਲਈ ਸਿੱਖ ਰਹਿਤ ਮਰਯਾਦਾ ਪੜ੍ਹੀ ਜਾ ਸਕਦੀ ਹੈ, ਜੋ ਸ੍ਰੋ: ਕਮੇਟੀ ਦੇ ਲਿਟਰੇਚਰ ਹਾਊਸ ਤੋਂ ਜਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਸਵਾਲ : ‘‘ਸਜਣੁ ਸਚਾ ਪਾਤਿਸਾਹੁ, ਸਿਰਿ ਸਾਹਾਂ ਦੈ ਸਾਹੁ ਜਿਸ ਪਾਸਿ ਬਹਿਠਿਆ ਸੋਹੀਐ, ਸਭਨਾਂ ਦਾ ਵੇਸਾਹੁ ’’ ਵਾਕ ਦਾ ਸ਼ੁੱਧ ਉਚਾਰਨ ਕਿਸ ਤਰ੍ਹਾਂ ਕਰਨਾ ਹੈ  ?

ਜਵਾਬ : ‘ਸਾਹੁ’ ਦਾ ਅਰਥ ਹੈ ‘ਸੁਆਸੁ’ ਜਦਕਿ ‘ਸ਼ਾਹ’ ਦਾ ਅਰਥ ਹੈ ‘ਸ਼ਾਹੂਕਾਰ, ਮਾਲਕ’। ‘ਪਾਤਿਸ਼ਾਹੁ’ ਦਾ ਅਰਥ ਹੈ ‘ਬਾਦਿਸ਼ਾਹ’। ਸੋ ਪ੍ਰਸੰਗ ਅਨੁਸਾਰ ਇਸ ਵਾਕ ’ਚ ‘ਸਜਣੁ’ ਦਾ ਉਚਾਰਨ ਸੱਜਣ, ‘ਸਾਹੁ’ ਦਾ ਉਚਾਰਨ ਸ਼ਾਹੁ, ‘ਪਾਤਿਸਾਹੁ’ ਦਾ ਉਚਾਰਨ ਪਾਤਿਸ਼ਾਹ ਅਤੇ ‘ਵੇਸਾਹੁ’ ਦਾ ਉਚਾਰਨ ‘ਵੇਸਾਹ’ (ਜਿਸ ਦਾ ਅਰਥ ਹੈ ‘ਭਰੋਸਾ’) ਕਰਨਾ ਵਧੇਰੇ ਸਹੀ ਜਾਪਦਾ ਹੈ।

ਗੁਰਬਾਣੀ ਵਿਆਕਰਨ ਅਨੁਸਾਰ ਨਾਂਵ, ਪੜਨਾਂਵ ਅਤੇ ਵਿਸ਼ੇਸ਼ਣ ਸ਼ਬਦਾਂ ਦੇ ਅੰਤਮ ਅੱਖਰ ਨੂੰ ਲੱਗੀ ਔਂਕੜ; ਇਕ ਵਚਨ ਦੀ ਲਖਾਇਕ ਹੈ, ਜੋ ਅਰਥ ਕਰਨ ’ਚ ਸਹਾਇਕ ਹੁੰਦੀ ਹੈ। ਇਸ ਦਾ ਉਚਾਰਨ ਨਾਲ ਕੋਈ ਸਬੰਧ ਨਹੀਂ। ਇਸ ਲਈ ਸਜਣੁ, ਪਾਤਿਸਾਹੁ, ਸਾਹੁ, ਵੇਸਾਹੁ ਸ਼ਬਦਾਂ ਦੇ ਅੰਤਮ ਅੱਖਰਾਂ ਨੂੰ ਬਿਨਾਂ ਔਂਕੜ ਉਚਾਰਨਾ ਸਹੀ ਹੈ। ਗੁਰਬਾਣੀ ਵਿਆਕਰਨ ਦਾ ਦੂਸਰਾ ਨਿਯਮ ਹੈ ‘ਇੱਕ ਵਚਨ ਪੁਲਿੰਗ ਨਾਂਵ’ ਦੇ ਅੰਤਲੇ ਅੱਖਰ ਨੂੰ ਲੱਗੀ ਸਿਹਾਰੀ (ਸਜਣਿ, ਸਾਹਿ, ਪਾਤਿਸਾਹਿ, ਵੇਸਾਹਿ) ਕਾਰਕ ਦੇ ਰੂਪ ’ਚ ਵਰਤੀ ਜਾਂਦੀ ਹੈ।ਇਹ ਸਿਹਾਰੀ ਵੀ ਉਚਾਰੀ ਨਹੀਂ ਜਾਂਦੀ; ਜਿਵੇਂ ਕਿ ‘ਸਿਰਿ’ ਦਾ ਉਚਾਰਨ ਬਿਨਾਂ ਸਿਹਾਰੀ ‘ਸਿਰ’ ਉਚਾਰਨ ਹੋਵੇਗਾ। ਸੋ ਉਕਤ ਵਾਕ ਦਾ ਸਹੀ ਉਚਾਰਨ ਹੈ, ‘‘ਸਜਣ ਸਚਾ ਪਾਤਿਸ਼ਾਹ, ਸਿਰ ਸ਼ਾਹਾਂ ਦੈ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ, ਸਭਨਾਂ ਦਾ ਵੇਸਾਹ ’’

ਸਵਾਲ : ਤ੍ਰੈ ਗੁਣ ਦਾ ਕੀ ਭਾਵ ਹੈ, ਜੀ  ?

ਜਵਾਬ : ਤ੍ਰੈ ਗੁਣ ਦਾ ਅਰਥ ਹੈ ‘ਮਾਇਆ ਦੇ ਤਿੰਨ ਗੁਣ (ਰਜੋ, ਤਮੋ, ਸਤੋ ਜਾਂ ਰਜ, ਤਮ, ਸਤ)। ਇਨ੍ਹਾਂ ਦੇ ਅਰਥ ਹਨ :

(). ਰਜ ਗੁਣ : ਮਾਇਆ ਦਾ ਉਹ ਗੁਣ, ਜੋ ਮਨ ’ਚ ਮੋਹ, ਹੰਕਾਰ ਆਦਿ ਪੈਦਾ ਕਰਦਾ ਹੈ।

(). ਤਮ ਗੁਣ : ਮਾਇਆ ਦਾ ਉਹ ਗੁਣ, ਜਿਸ ਕਾਰਨ ਆਤਮਕ ਜੀਵਨ ਦਾ ਸਾਹ ਘੁਟਿਆ ਜਾਵੇ, ਅਗਿਆਨਤਾ, ਹਨ੍ਹੇਰਾ।

(). ਸਤ ਗੁਣ : ਮਾਇਆ ਦਾ ਉਹ ਗੁਣ, ਜਿਸ ਤੋਂ ਦਇਆ, ਦਾਨ, ਖਿਮਾ, ਆਦਿ ਗੁਣ ਉਪਜਦੇ ਹਨ ਭਾਵ ਵਿਖਾਵੇ ਮਾਤਰ ਕੀਤੇ ਜਾਂਦੇ ਧਾਰਮਿਕ ਕਰਮ।

ਇਨ੍ਹਾਂ ਤਿੰਨੇ ਗੁਣਾਂ ਤੋਂ ਸ੍ਰੇਸ਼ਟ ਗੁਣ ਹੈ ‘ਨਾਮ ਜਪਣਾ’, ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ’’ (ਮਹਲਾ /੨੬੬) , ਇਸ ਨੂੰ ਅਣਡਿੱਠ ਕਰ ਕੀਤੇ ਜਾਂਦੇ ਉਕਤ ਕਰਮ; ਮਾਇਆ ਦਾ ਹੀ ਰੂਪ ਹਨ,‘‘ਤ੍ਰੈ ਗੁਣ ਵਰਤਹਿ ਸਗਲ ਸੰਸਾਰਾ; ਹਉਮੈ ਵਿਚ ਪਤਿ ਖੋਈ ਗੁਰਮੁਖਿ ਹੋਵੈ, ਚਉਥਾ ਪਦੁ ਚੀਨੈ; ਰਾਮ ਨਾਮਿ ਸੁਖੁ ਹੋਈ’’ (ਮਹਲਾ /੬੦੪) ਸ੍ਰੀ ਗੁਰੂ ਅਮਰਦਾਸ ਜੀ ਦੇ ਬਚਨ ਹਨ ਕਿ ਮਾਇਆ ਦੇ ਤਿੰਨ ਗੁਣ ਸਾਰੇ ਸੰਸਾਰ ਉੱਤੇ ਆਪਣਾ ਪ੍ਰਭਾਵ ਪਾਈ ਰੱਖਦੇ ਹਨ, ਜਿਨ੍ਹਾਂ ਦੇ ਅਸਰ ਹੇਠ ਮਨੁੱਖ ਹਉਮੈ ’ਚ ਫਸ ਕੇ ਇੱਜ਼ਤ ਗਵਾ ਬੈਠਦਾ ਹੈ, ਪਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਚੌਥੇ ਪਦ ਨੂੰ ਪਛਾਣ ਲੈਂਦਾ ਹੈ, ਜਿੱਥੇ ਮਾਇਆ ਦੇ ਇਹ ਤਿੰਨ ਗੁਣ ਅਸਰ ਨਹੀਂ ਪਾ ਸਕਦੇ। ਪਰਮਾਤਮਾ ਦੇ ਨਾਮ ’ਚ ਟਿਕ ਕੇ ਉਹ ਆਤਮਕ ਅਨੰਦ ਮਾਣਦਾ ਹੈ।

ਸਵਾਲ : ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਸਿਧਾਂਤ ਦੀ ਵਿਆਖਿਆ ਕਰੋ, ਜੀ।

ਜਵਾਬ : ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਦੇ ਧਰਮ ’ਚ ਨਾਮ ਜਪਣ, ਧਰਮ ਦੀ ਕਿਰਤ ਕਰਨ ਤੇ ਵੰਡ ਛਕਣ ਦਾ ਮਨੁੱਖਤਾ ਪੱਖੀ ਸਿਧਾਂਤ ਹੈ। ਗੁਰੂ ਨਾਨਕ ਜੀ ਵੱਲੋਂ ਸ਼ੁਰੂ ਕੀਤੇ ਗਏ ਇਸ ਸਿਧਾਂਤ ਤਹਿਤ ਮਨੁੱਖ ਨੇ ਨਾਮ ਜਪ ਕੇ ਆਪਣਾ ਮਨ ਕਾਬੂ ਕਰਨਾ ਹੈ।  ਹੱਥੀਂ ਕਿਰਤ-ਕਾਰ ਕਰਨੀ ਹੈ ਤੇ ਇਸ ਕਿਰਤ ’ਚੋਂ ਕੁੱਝ ਹਿੱਸਾ ਲੋੜਵੰਦਾਂ ਲਈ ਵੰਡਣਾ ਹੈ। ਪਦਾਰਥਵਾਦ ਸਿਧਾਂਤ ਦੇ ਹਾਮੀ ਕਾਰਲ ਮਾਰਕਸ ਦੇ ਅਖੌਤੀ ਸਮਾਜਵਾਦ ਦੀ ਥਿਊਰੀ ਤੋਂ ਕਈ ਸਦੀਆਂ ਪਹਿਲਾਂ ਤੇ ਕਿਤੇ ਵਧੀਆ ਢੰਗ ਨਾਲ ਸਿੱਖ ਧਰਮ ਨੇ ਇਹ ਸਿਧਾਂਤ ਦਿੱਤਾ ਤੇ ਅਮਲੀ ਰੂਪ ਵਿਚ ਲਾਗੂ ਕੀਤਾ। ਸੰਸਾਰ ਪੱਧਰ ’ਤੇ ਅੱਜ ਵੀ ਸਿੱਖਾਂ ਦੀ ਕੌਮਾਂਤਰੀ ਸੰਸਥਾ ‘ਖਾਲਸਾ ਏਡ’ ਨੇ ਦੁਨੀਆਂ ਭਰ ਦੇ ਲੋਕਾਂ ਦਾ ਧਿਆਨ ਸਿੱਖ ਧਰਮ ਵੱਲ ਖਿੱਚਿਆ ਹੈ। ਸੰਸਾਰ ਦੇ ਅਨੇਕਾਂ ਬੁੱਧੀਜੀਵੀ, ਚਿੰਤਕਾਂ ਦਾ ਮੰਨਣਾ ਹੈ ਕਿ ਜੰਗ ਏ ਮੈਦਾਨ, ਤੂਫ਼ਾਨਾਂ, ਆਦਿ ਸਮੇਂ ਸਿੱਖ ਮੁਫ਼ਤ ਦਵਾਈਆਂ, ਲੰਗਰ ਪਾਣੀ ਆਦਿ ਦੇ ਦ੍ਰਿੜ੍ਹਤਾ ਤੇ ਨਿਡਰਤਾ ਨਾਲ਼ ਪ੍ਰਬੰਧ ਕਰਦੇ ਹਨ ਕਿਉਂਕਿ ਭਾਈ ਘਨੱਈਆ ਜੀ ਦੇ ਵਾਰਸ ਹਨ।

ਸਵਾਲ : ‘ਸੌ ਸਾਖੀ’ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨੀ, ਜੀ।

ਜਵਾਬ : ‘ਮਹਾਨ ਕੋਸ਼’ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੌ ਸਾਖੀ ਬਾਰੇ ਕਈਆਂ ਦਾ ਖ਼ਿਆਲ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਪਰ ਇਸ ਦੀ ਕਵਿਤਾ ਪ੍ਰਗਟ ਕਰਦੀ ਹੈ ਕਿ ਇਹ ਸਾਧਾਰਨ ਵਿੱਦਿਆ ਵਾਲੇ ਸਿੱਖ ਦੀ ਕਲਮ ਤੋਂ ਲਿਖੀ ਗਈ ਹੈ। ਸਾਖੀ ਤੋਂ ਪ੍ਰਚਲਿਤ ਇਤਿਹਾਸ ਵਿਚ ਲਿਖੇ ਅਨੁਸਾਰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਥਾ ਪ੍ਰਸੰਗ ਭਾਈ ਗੁਰਬਖਸ਼ ਸਿੰਘ ਜੀ (ਰਾਮ ਕੁੰਵਰ) ਨੂੰ ਸੁਣਾਏ, ਉਹ ਉਨ੍ਹਾਂ ਨੇ ਲਿਖਾਰੀ ਸਾਹਿਬ ਸਿੰਘ ਤੋਂ ਲਿਖਵਾਏ। ਭਾਈ ਸੰਤੋਖ ਸਿੰਘ ਜੀ ਨੇ ਵੀ ‘ਗੁਰ ਪ੍ਰਤਾਪ ਸੂਰਯ’ (ਸੂਰਜ ਪ੍ਰਕਾਸ਼) ਦੀ ਕਥਾ ਇਸੇ ਆਧਾਰ ’ਤੇ ਲਿਖੀ ਅਤੇ ਭਾਈ ਸਾਹਿਬ ਨੇ ਸੌ ਸਾਖੀ ਦੇ ਅਨੇਕ ਪ੍ਰਸੰਗ ਆਪਣੀ ਕਵਿਤਾ ਵਿਚ ਕੁਝ ਬਦਲ ਕੇ ਜਿਉਂ ਦੇ ਤਿਉਂ ਲਿਖ ਦਿੱਤੇ।

ਕੂਕੇ ਸੌ ਸਾਖੀ ਨੂੰ ਉਹੀ ਦਰਜਾ ਦਿੰਦੇ ਹਨ, ਜੋ ਹਿੰਦੂ ਸਮਾਜ ਵਿਚ ਭਵਿੱਖਤ ਪੁਰਾਣ ਨੂੰ ਦਿੱਤਾ ਜਾਂਦਾ ਹੈ ਅਤੇ ਆਪਣੀ-ਆਪਣੀ ਬੁੱਧੀ ਅਨੁਸਾਰ ਪਹੇਲੀ (ਬੁਝਾਰਤ) ਵਾਂਗ ਕਹੇ ਗਏ ਵਾਕਾਂ ਦੇ ਅਨੇਕ ਅਰਥ ਕੱਢ ਕੇ ਦਿਲ ਪਰਚਾਇਆ ਕਰਦੇ ਹਨ।

ਸੌ ਸਾਖੀ ਪਿੰਗਲ ਦੇ ਨਿਯਮਾਂ ਤੋਂ ਬਾਹਰ ਹੈ; ਜਿਵੇਂ ਕਿ

‘ਗੁਰੂ ਹਰਿ ਰਾਇ ਸਹਾਇ ਹਰਿ ਕ੍ਰਿਸ਼ਨੈ, ਸੇਵੀਐ ਗੁਰ ਤੇਗ ਬਹਾਦਰ ਧੀਰ।’

ਇਸ ਪਿੰਗਲ ਦੇ ਸਮਤਾਂ ਤੋਂ ਹੀ ਇਹ ਸਿੱਧ ਹੋ ਜਾਂਦਾ ਹੈ ਕਿ ਇਹ ਪੰਕਤੀ ਗੁਰੂ ਸਾਹਿਬ ਵਲੋਂ ਗੁਰਮਤਿ ਸਿਧਾਂਤ ਦੀ ਪੁਸ਼ਟੀ ਲਈ ਲਿਖੀ ਜਾਂ ਲਿਖਵਾਈ ਨਹੀਂ, ਜਿਵੇਂ ਕਿ ‘ਸੰਮਤ ਬਿਕ੍ਰਮ ਭੂਪਤੀ ਸਤਰਾਂ ਸਤ ਨੌ ਏਕ (੧੭੯੧) ਮਾਹਿਣੇ ਸਾਖੀ ਵਾਰ ਗੁਰ ਮਲਕੀ ਦੁਚਿਤਾ ਭੇਟ ।’

ਫਿਰ ਲਿਖਿਆ ਹੈ ‘ਸਤਾਰਾਂ ਸੌ ਇਕਾਸੀ ਮੈਂ ਸਾਖੀਆਂ ਲਿਖੀਆਂ।’ ਇਸ ਵਿਚ ਇਤਿਹਾਸ ਦੇ ਵਿਰੁੱਧ ਬਹੁਤ ਗੱਲਾਂ ਹਨ, ਜੈਸੇ-

(ੳ). ਪਾਂਡਵਾਂ ਵੇਲੇ ਸੈਯਦਾਂ ਦੀ ਉਤਪਤੀ।

(ਅ). ਖੋਲ ਵਿਚੋਂ ਪ੍ਰਗਟ ਹੋਣ ਕਰਕੇ ਖਾਲਸਾ ਨਾਉਂ ਹੋਇਆ (ਸਾਖੀ ੧੩)

(ੲ). ਈਸਾ ਦੀ ਉਤਪਤੀ, ਮੂਸਾ ਤੋਂ ਪਹਿਲੇ ਹੋਈ। (ਸਾਖੀ ੧੪)

(ਸ). ਸਤਲੁਜ ਦਾ ਧਨ ਬਿਕ੍ਰਮੀ ਸੰਮਤ ੧੮੯੯ ਵਿਚ ਲਵਾਂਗੇ (ਸਾਖੀ ੨੭) ਇਤਿਆਦਿਕ। ਸਰਦਾਰ ਸਰ ਅਤਰ ਸਿੰਘ ਰਈਸ ਭਸੌੜ ਦੀ ਰਾਇ ਹੈ ਕਿ ਜਿਸ ਵੇਲੇ ਕਸ਼ਮੀਰ ਦਾ ਇਲਾਕਾ ਮਹਾਰਾਜਾ ਜੰਮੂ ਨੂੰ ਅੰਗਰੇਜ਼ ਸਰਕਾਰ ਨੇ ਧਨ ਬਦਲੇ ਦਿੱਤਾ, ਉਸ ਸਮੇਂ ਇਹ ਪੋਥੀ ਲਿਖੀ ਗਈ ਹੈ, ਇਸ ਲਈ ਉਸ ਵਿਚ ਇਹ ਵਾਕ ਹੈ –

‘ਦੇਸ ਬੇਚਕਰ ਜਾਹਿ ਫਿਰੰਗੀ। ਗਾਜੇਗਾ ਤਬ ਮੇਰ ਭੁਜੰਗੀ।’ (ਸਾਖੀ ੮੫)

ਸਵਾਲ : ਵਰ ਸਰਾਪ ਆਦਿ ਬਾਰੇ ਗੁਰਮਤਿ ਸਿਧਾਂਤ ਸਪਸ਼ਟ ਕਰੋ, ਜੀ।

ਜਵਾਬ : ਗੁਰਮਤਿ ਕਿਸੇ ਤਰ੍ਹਾਂ ਦੇ ਵਰ ਸਰਾਪ ਵਾਲੇ ਅਨਮਤੀ ਸਿਧਾਂਤ ਨੂੰ ਮਾਨਤਾ ਨਹੀਂ ਦਿੰਦੀ। ਗੁਰਮਤਿ ਅਨੁਸਾਰ ਗੁਰੂ ਤੋਂ ਬੇਮੁਖ ਹੋ ਕੇ ਪਰਮਾਤਮਾ ਨੂੰ ਵਿਸਾਰ ਦੇਣਾ ਹੀ ਸਰਾਪੇ ਜਾਣਾ ਹੈ। ਗੁਰੂ ਤੋਂ ਬੇਮੁਖ ਹੋਣਾ ਏਸੇ ਤਰ੍ਹਾਂ ਹੈ ਜਿਵੇਂ ਕੋਈ ਰੁੱਖ ਮੂਲ (ਮੁੱਢ) ਤੋਂ ਹੀ ਪੁੱਟਿਆ ਗਿਆ ਹੋਵੇ ਸਿੱਖੀ ਦੀ ਜੜ੍ਹ ਗੁਰੂ ਦੀ ਮਤ ਹੀ ਹੈ, ਜੜ੍ਹ ਨਾਲੋਂ ਜੁਦਾ ਹੋ ਜਾਣ ਦਾ ਅਰਥ ਹੈ ‘ਮੌਤ ਹੋਣਾ’। ਅੱਜ ਜੇਕਰ ਅਸੀਂ ਗੁਰੂ ਦੇ ਗਿਆਨ ਨਾਲੋਂ ਟੁੱਟ ਚੁੱਕੇ ਹਾਂ ਤਾਂ ਗੁਰਮਤਿ ਅਨੁਸਾਰ ਨਾ ਤੁਰਨਾ ਹੀ ਸਰਾਪ ਹੋ ਜਾਣਾ ਹੈ, ‘‘ਮਨੁ ਮੁਗਧੌ ਦਾਦਰੁ ਭਗਤਿਹੀਨੁ ਦਰਿ ਭ੍ਰਸਟ ਸਰਾਪੀ ਨਾਮ ਬੀਨੁ ਤਾ ਕੈ ਜਾਤਿ ਪਾਤੀ ਨਾਮ ਲੀਨ ਸਭਿ ਦੂਖ ਸਖਾਈ ਗੁਣਹ ਬੀਨ (ਮਹਲਾ /੧੧੮੮) ਭਾਵ ਮੂਰਖ ਦਾ ਮਨ ਭਗਤੀ ਤੋਂ ਵਾਂਝਿਆ ਰਹਿੰਦਾ ਹੈ। ਮੂਰਖ ਮਨ ਮਾਨੋ ਡੱਡੂ ਹੈ (ਜੋ ਨੇੜੇ ਹੀ ਉੱਗੇ ਹੋਏ ਕਮਲ ਦੇ ਫੁੱਲ ਦੀ ਕਦਰ ਨਹੀਂ ਕਰ ਰਿਹਾ), ਕੁਰਾਹੇ ਪਿਆ ਮਨ; ਪ੍ਰਭੂ ਦੇ ਦਰ ਤੋਂ ਡਿੱਗਿਆ ਹੋਇਆ ਹੈ, ਮਾਨੋ ਸਰਾਪਿਆ ਦੁਰਕਾਰਿਆ ਹੋਇਆ ਹੈ, ਪਰਮਾਤਮਾ ਦੇ ਨਾਮ ਤੋਂ ਸੱਖਣਾ ਹੈ।

ਸਰਾਪਾਂ ਦਾ ਜਿਸ ਤਰ੍ਹਾਂ ਦਾ ਡਰ-ਭਰਮ ਬ੍ਰਾਹਮਣ ਨੇ ਪਾਇਆ ਹੋਇਆ ਹੈ, ਸਤਿਗੁਰਾਂ ਨੇ ਅਜਿਹੇ ਕਿਸੇ ਸਰਾਪ ਨੂੰ ਕੋਈ ਮਹਾਨਤਾ ਨਹੀਂ ਦਿੱਤੀ। ਗੁਰਦੇਵ ਜੀ ਦਾ ਫ਼ੁਰਮਾਨ ਹੈ ਕਿ ਅਜਿਹੀ ਸ਼ਕਤੀ ਕਿਸੇ ਵੀ ਮਨੁੱਖ ਕੋਲ ਨਹੀਂ, ਜਿਸ ਨਾਲ ਉਹ ਰੱਬੀ ਹੁਕਮ ਦੇ ਵਿਰੁੱਧ ਆਪਣੀ ਮਰਜ਼ੀ ਨਾਲ ਕੋਈ ਨੁਕਸਾਨ ਕਰ ਸਕਦਾ ਹੋਵੇ। ਮਾਰਨ ਜੀਵਾਲਣ ਵਾਲਾ ਪ੍ਰਭੂ ਆਪ ਹੀ ਹੈ, ‘‘ਭਾਈ  ! ਮਤ ਕੋਈ ਜਾਣਹੁ, ਕਿਸੀ ਕੈ ਕਿਛੁ ਹਾਥਿ ਹੈ; ਸਭ ਕਰੇ ਕਰਾਇਆ ਜਰਾ ਮਰਾ ਤਾਪੁ ਸਿਰਤਿ ਸਾਪੁ, ਸਭੁ ਹਰਿ ਕੈ ਵਸਿ ਹੈ; ਕੋਈ ਲਾਗਿ ਸਕੈ, ਬਿਨੁ ਹਰਿ ਕਾ ਲਾਇਆ (ਮਹਲਾ ,੧੬੮) ਪਦ ਅਰਥ : ਹਾਥਿ-ਵੱਸ ਵਿਚ। ਜਰਾ-ਬੁਢੇਪਾ। ਗੁਰੂ ਮਰਾ-ਮੌਤ। ਤਾਪੁ ਸਾਪੁ-ਤਾਪ, ਸਾਪ। ਸਿਰਤਿ-ਸਿਰ ਪੀੜ।

ਸਵਾਲ : ਪੰਜ ਵਿਕਾਰ, ਮਨੁੱਖ ਲਈ ਕਿਵੇਂ ਹਾਨੀਕਾਰਕ ਹਨ ਅਤੇ ਇਨ੍ਹਾਂ ਦੇ ਮਾੜੇ ਅਸਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ  ?

ਜਵਾਬ : ਪੰਜ ਵਿਕਾਰ-ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਮਨੁੱਖ ਨੂੰ ਪ੍ਰਭੂ ਤੋਂ ਦੂਰ ਕਰਦੇ ਹਨ। ਇਨ੍ਹਾਂ ਵਿਕਾਰਾਂ ਦੇ ਪ੍ਰਭਾਵ ਹੇਠ ਮਨੁੱਖ ਦੁਨਿਆਵੀ ਰਸਾਂ-ਕਸਾਂ ’ਚ ਫਸ ਕੇ ਸਰੀਰਕ ਤੇ ਮਾਨਸਿਕ ਬਿਮਾਰੀਆਂ ਸਹੇੜਦਾ ਲੈਂਦਾ ਹੈ ਤੇ ਜਿਉਂਦਿਆਂ ਹੀ ਆਤਮਿਕ ਮੌਤ ਹੋ ਜਾਂਦੀ ਹੈ। ਇਨ੍ਹਾਂ ਵਿਕਾਰਾਂ ਦੀ ਮਾਰ ਹੇਠ ਆ ਕੇ ਕੀਤੇ ਕੁਕਰਮਾਂ ਕਾਰਨ ਉਹ ਆਵਾਗਵਨ ਦੇ ਚੱਕਰ ’ਚ ਭਟਕਦਾ ਹੈ।

‘ਕਾਮ’ ਦੀ ਵਧੀ ਹੋਈ ਰੁਚੀ ਵਿਭਚਾਰ ਨੂੰ ਜਨਮ ਦਿੰਦੀ ਹੈ। ਇਸ ਅਧੀਨ ਮਨੁੱਖ ਤੇ ਇਸਤਰੀਆਂ ਹੋਰਾਂ ਨਾਲ ਅਨੈਤਿਕ ਸਰੀਰਿਕ ਸਬੰਧ ਰੱਖਦੇ ਹਨ।

‘ਕ੍ਰੋਧ’, ਬੁਧੀ ਦੀ ਬਿਬੇਕਤਾ ਖ਼ਤਮ ਕਰ ਦਿੰਦਾ ਹੈ ਅਤੇ ਲੜਾਈਆਂ ਝਗੜਿਆਂ ਦੀ ਜੜ੍ਹ ਹੋ ਨਿਬੜਦਾ ਹੈ।

‘ਲੋਭ’ ਦੇ ਕਾਰਨ ਧਨ-ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਵਧਦੀ ਹੈ। ਇਸ ਅਧੀਨ ਮਨੁੱਖ ਦੂਜਿਆਂ ਦਾ ਹੱਕ ਮਾਰਨ, ਰਿਸ਼ਵਤ ਖਾਣ, ਧੱਕੇ ਨਾਲ ਪਰਾਏ ਧਨ-ਪਦਾਰਥਾਂ ਨੂੰ ਕਾਬੂ ਕਰਨ ਦੇ ਯਤਨ ਕਰਦਾ ਹੈ।

‘ਮੋਹ’, ਸਾਕ-ਸੰਬੰਧੀਆਂ ਨਾਲ ਵਧਿਆ ਪਿਆਰ ਹੈ। ਇਹ ਉਨ੍ਹਾਂ ਦੇ ਵਿਛੋੜੇ ਸਮੇਂ ਮਨੁੱਖ ਨੂੰ ਢਹਿੰਦੀਆਂ ਕਲਾ ਵਿਚ ਸੁੱਟ ਦਿੰਦਾ ਹੈ। ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ‘ਆਪਣਿਆਂ ਦੇ ਭਲੇ’ ਦੀ ਖਾਤਰ ‘ਦੂਜਿਆਂ’ ਨਾਲ ਠਗੀ-ਠੋਰੀ, ਧੱਕਾ, ਚੋਰੀ ਆਦਿ ਅਨੈਤਿਕ ਕੰਮ ਕਰਦਾ ਹੈ।

‘ਹੰਕਾਰ’, ਆਪਣੇ ਸਰੀਰਿਕ ਬਲ, ਵਿੱਦਿਆ, ਸੁੰਦਰਤਾ, ਰਾਜਨੀਤਿਕ ਤਾਕਤ ਅਤੇ ਧਨ ਸੰਪਤੀ ਆਦਿ ਕਾਰਨ ਪੈਦਾ ਹੋਏ ਅਭਿਮਾਨ ਦਾ ਨਾਂ ਅਹੰਕਾਰ ਹੈ। ਕਈ ਵਾਰ ਤਾਂ ਮਨੁੱਖ ਆਪਣੇ ਚੰਗੇ ਗੁਣਾਂ ਉੱਤੇ ਵੀ ਹੰਕਾਰ ਕਰਨ ਲੱਗ ਪੈਂਦਾ ਹੈ ਤੇ ਹੋਰਾਂ ਭਲੇ ਪੁਰਖਾਂ ਤੋਂ ਵੀ ਨਫ਼ਰਤ ਕਰਨ ਲੱਗ ਪੈਂਦਾ ਹੈ, ਜਿਸ ਕਾਰਨ ਈਰਖਾ, ਸਾੜਾ ਆਦਿ ਦਾ ਸ਼ਿਕਾਰ ਹੋ ਜਾਂਦਾ ਹੈ। ਸਤਿਗੁਰ ਦੀ ਸ਼ਰਨ ’ਚ ਆ ਕੇ, ਪ੍ਰਭੂ ਦੀ ਸਿਫ਼ਤ-ਸਾਲਾਹ ਕਰਨ (ਨਾਮ ਜਪਣ) ਨਾਲ ਇਨ੍ਹਾਂ ਸਮੇਤ ਹੋਰ ਵਿਕਾਰਾਂ ਤੋਂ ਭੀ ਬਚ ਸਕੀਦਾ ਹੈ। ਗੁਰ ਫ਼ੁਰਮਾਨ ਹੈ, ‘‘ਰਾਖਿ ਲੀਏ ਅਪਨੀ ਕਿਰਪਾ ਧਾਰਿ ਪੰਚ ਦੂਤ ਭਾਗੇ ਬਿਕਰਾਲ ਜੂਐ ਜਨਮੁ ਕਬਹੂ ਹਾਰਿ ਨਾਨਕ ਕਾ ਅੰਗ ਕੀਆ ਕਰਤਾਰਿ (ਨੇ) ’’ (ਮਹਲਾ /੮੬੬)

ਕੀ ਗੁਰੂ ਸਾਹਿਬ ਨੇ ਕੋਈ ਕੈਲੰਡਰ ਬਣਾਇਆ, ਸੋਧਿਆ ਜਾਂ ਲਾਗੂ ਕੀਤੈ ?

0

ਕੀ ਗੁਰੂ ਸਾਹਿਬ ਨੇ ਕੋਈ ਕੈਲੰਡਰ ਬਣਾਇਆ, ਸੋਧਿਆ ਜਾਂ ਲਾਗੂ ਕੀਤੈ ?

ਕਿਰਪਾਲ ਸਿੰਘ ਬਠਿੰਡਾ

ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਜੇ ਗੁਰੂ ਸਾਹਿਬ ਜੀ ਨੇ ਬਿਕ੍ਰਮੀ ਕੈਲੰਡਰ ਦੀਆਂ ਚੰਦਰ ਤਿੱਥਾਂ ਦੀ ਵਰਤੋਂ ਕੀਤੀ ਹੈ ਤਾਂ ਅਸੀਂ ਇਸ ਨੂੰ ਕਿਉਂ ਛੱਡੀਏ। ਇਸ ਦਾ ਜਵਾਬ ਗੁਰਬਾਣੀ ’ਚੋਂ ਹੀ ਹੇਠ ਲਿਖੀਆਂ ਉਦਾਹਰਨਾਂ ’ਚੋਂ ਮਿਲ ਜਾਵੇਗਾ।

ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨ ਵੇਲੇ ਭਾਰ ਤੋਲਣ ਦੀਆਂ ਇਕਾਈਆਂ ਮਣ, ਸੇਰ, ਅੱਧ ਸੇਰ, ਪਾਈਆ ਆਦਿ ਪ੍ਰਚਲਿਤ ਸਨ, ਉਨ੍ਹਾਂ ਨੇ ਇਨ੍ਹਾਂ ਇਕਾਈਆਂ ਦੀ ਵਰਤੋਂ ਕੀਤੀ, ਜਿਸ ਦੀਆਂ ਹੇਠ ਲਿਖੀਆ ਕੁਝ ਉਦਾਹਰਨਾਂ ਹਨ :

ਸਾਢੇ ਤ੍ਰੈ ਮਣ ਦੇਹੁਰੀ; ਚਲੈ ਪਾਣੀ ਅੰਨਿ (ਬਾਬਾ ਫਰੀਦ ਜੀ/੧੩੮੩)

ਦੁਇ ਸੇਰ ਮਾਂਗਉ ਚੂਨਾ (ਆਟਾ) ਪਾਉ (ਪਾਈਆ) ਘੀਉ ਸੰਗਿ ਲੂਨਾ ਅਧ ਸੇਰੁ ਮਾਂਗਉ ਦਾਲੇ ਮੋ ਕਉ ਦੋਨਉ ਵਖਤ ਜਿਵਾਲੇ (ਭਗਤ ਕਬੀਰ ਜੀ/੬੫੬), ਪਰ ਅੱਜ ਕੱਲ੍ਹ ਇਨ੍ਹਾਂ ਦੀ ਥਾਂ ਗ੍ਰਾਮ, ਕਿਲੋਗ੍ਰਾਮ, ਕੁਇੰਟਲ ਆਦਿਕ ਵਰਤੇ ਜਾਂਦੇ ਹਨ।

ਲੰਬਾਈ ਮਿਣਨ ਦੀਆਂ ਇਕਾਈਆਂ ਕੋਸ, ਕਰਮ, ਹੱਥ, ਉਂਗਲਾਂ ਪ੍ਰਚਲਿਤ ਸਨ ਤਾਂ ਗੁਰਬਾਣੀ ’ਚ ਇਨ੍ਹਾਂ ਦੀ ਵਰਤੋਂ ਕੀਤੀ ਹੈ :

ਪਾਂਚ ਕੋਸ ਪਰ ਗਊ ਚਰਾਵਤ; ਚੀਤੁ ਸੁ ਬਛਰਾ ਰਾਖੀਅਲੇ (ਭਗਤ ਨਾਮਦੇਵ ਜੀ/੯੭੨)

ਕਰਉ ਅਢਾਈ (ਢਾਈ ਕਰਮਾ) ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ (ਮਹਲਾ /੧੩੪੪)

ਸਾਢੇ ਤੀਨਿ ਹਾਥ ਤੇਰੀ ਸੀਵਾਂ (ਭਗਤ ਰਵਿਦਾਸ ਜੀ/੬੫੯)

ਤ੍ਰੈ ਸਤ ਅੰਗੁਲ (10 ਉਂਗਲਾ) ਵਾਈ ਕਹੀਐ; ਤਿਸੁ, ਕਹੁ ਕਵਨੁ ਅਧਾਰੋ (ਮਹਲਾ /੯੪੪), ਪਰ ਅੱਜ ਕੱਲ੍ਹ ਇਨ੍ਹਾਂ ਦੀ ਥਾਂ ਮਿਲੀਮੀਟਰ, ਸੈਂਟੀਮੀਟਰ, ਮੀਟਰ, ਕਿਲੋਮੀਟਰ ਆਦਿਕ ਵਰਤੇ ਜਾਂਦੇ ਹਨ।

ਇਸੇ ਤਰ੍ਹਾਂ ਸਮਾਂ ਨਾਪਣ ਲਈ ਵਿਸੁਏ, ਚੱਸੇ, ਘੜੀ, ਪਹਿਰ, ਤਿੱਥ ਵਾਰ ਮਹੀਨੇ ਆਦਿ ਦੀਆਂ ਇਕਾਈਆਂ ਪ੍ਰਚਲਿਤ ਹੋਣ ਕਾਰਨ ਇਨ੍ਹਾਂ ਦੀ ਵਰਤੋਂ ਗੁਰਬਾਣੀ ’ਚ ਹੋਈ ਹੈ :

ਵਿਸੁਏ, ਚਸਿਆ, ਘੜੀਆ, ਪਹਰਾ; ਥਿਤੀ, ਵਾਰੀ, ਮਾਹੁ ਹੋਆ (ਸੋਹਿਲਾ/ਮਹਲਾ /੧੨), ਪਰ ਹੁਣ ਵਿਸੁਏ, ਚਸਿਆ, ਘੜੀਆ, ਪਹਰਾਂ ਦੀ ਥਾਂ  ਸਕਿੰਟ, ਮਿੰਟ, ਘੰਟੇ ਆਦਿਕ ਵਰਤੇ ਜਾਂਦੇ ਹਨ।

ਜੇ ਗੁਰਬਾਣੀ ’ਚ ਵਰਤੀਆਂ ਉਕਤ ਸਾਰੀਆਂ ਇਕਾਈਆਂ ਦੀ ਥਾਂ ਅੱਜ ਕੱਲ੍ਹ ਨਵੀਆਂ ਇਕਾਈਆਂ ਵਰਤੀਆਂ ਜਾਣ ਲੱਗ ਪਈਆਂ ਹਨ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਹਿਸਾਬ ਕਿਤਾਬ ਕਰਨ ’ਚ ਵੱਧ ਆਸਾਨੀ ਹੋ ਰਹੀ ਹੈ ਤਾਂ ਸਮੇਂ ਦੀਆਂ ਇਕਾਈਆਂ ਲਈ ਵਰਤੇ ਜਾਣ ਵਾਲੀਆਂ ਵੱਡੀਆਂ ਇਕਾਈਆਂ ਮਹੀਨੇ ਅਤੇ ਸਾਲ ਦੀਆਂ ਲੰਬਾਈਆ ’ਚ ਲੋੜੀਂਦੀ ਸੋਧ ਕਰਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਨਾਲ ਵੀ ਕਿਸੇ ਧਾਰਮਿਕ ਅਸੂਲ ਦੀ ਅਵੱਗਿਆ ਨਹੀਂ ਹੋਵੇਗੀ। ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲਿਆਂ ਦਾ ਕੁਤਰਕ ਹੈ ਕਿ ਗੁਰੂ ਸਾਹਿਬ ਜੀ ਨੇ ਆਪ ਹੀ ਮੂਲ ਸਿੱਖ ਕੈਲੰਡਰ ਸੋਧ ਕੇ ਸਥਾਪਿਤ ਕੀਤਾ ਸੀ; ਪਰ ਉਹ ਕੈਲੰਡਰ ਕਿਹੜਾ ਹੈ; ਕਦੇ ਕਿਸੇ ਨੇ ਨਹੀਂ ਵਿਖਾਇਆ। ਅਸਲ ’ਚ ਇਨ੍ਹਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ’ਚ ਦੋ ਬਾਰਹਮਾਹਾ ਅਤੇ ਤਿੰਨ ਤਿੱਥੀ ਬਾਣੀਆਂ ਦੇ ਦਰਜ ਹੋਣ ਨੂੰ ਹੀ ਗੁਰੂ ਸਾਹਿਬ ਵੱਲੋਂ ਸਥਾਪਿਤ ਕੀਤਾ ਕੈਲੰਡਰ ਦੱਸਿਆ ਜਾ ਰਿਹਾ ਹੈ; ਜੋ ਕਿ ਗਲਤ ਹੈ। ਥਿਤੀ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ’ਚ ਤਿੰਨ ਬਾਣੀਆਂ ਹਨ, ਜਿਨ੍ਹਾਂ ਦੀ ਵਿਚਾਰ ਹੇਠਾਂ ਕੀਤੀ ਜਾ ਰਹੀ ਹੈ :

ਥਿਤੀ ਸਿਰਲੇਖ ਹੇਠ ਪਹਿਲੀ ਬਾਣੀ ਗਉੜੀ ਰਾਗ ’ਚ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੈ, ਜੋ ਪਾਵਨ ਅੰਕ ੨੯੬ ਤੋਂ ੩੦੦ ਤੱਕ ਹੈ। ਇਸ ਵਿੱਚ ਤਿੱਥਾਂ ਦੀ ਤਰਤੀਬ ਏਕਮ ਤੋਂ ਲੈ ਕੇ ਮੱਸਿਆ ਅਤੇ ਮੱਸਿਆ ਤੋਂ ਬਾਅਦ ਪੂਰਨਮਾਸ਼ੀ ਤੱਕ ਹੈ।

ਗਉੜੀ ਰਾਗ ’ਚ ਹੀ ਪਾਵਨ ਅੰਕ ੩੪੩ ਤੋਂ ੩੪੪ ਉੱਪਰ ਦੂਸਰੀ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਹੈ, ਜਿਸ ਦੀ ਤਰਤੀਬ ਅੰਮਾਵਸ (ਮੱਸਿਆ) ਤੋਂ ਸ਼ੁਰੂ ਕਰਕੇ ਚਉਦਸ ਅਤੇ ਚਉਦਸ ਤੋਂ ਬਾਅਦ ਪੂਰਨਮਾਸ਼ੀ ਤੱਕ ਹੈ।

ਇੱਥੇ ਨੋਟ ਕਰਨ ਵਾਲੀ ਗੱਲ ਹੈ ਕਿ ਭਗਤ ਕਬੀਰ ਸਾਹਿਬ ਜੀ ਬਨਾਰਸ ਦੇ ਰਹਿਣ ਵਾਲੇ ਹਨ, ਜਿੱਥੇ ਅਮੰਤਾ (ਮੱਸਿਆ ’ਤੇ ਪੂਰੇ ਹੋਣ ਵਾਲ਼ੇ) ਮਹੀਨੇ ਲਾਗੂ ਸਨ। ਇਸ ਪ੍ਰਣਾਲੀ ਅਨੁਸਾਰ ਉਨ੍ਹਾਂ ਨੇ ਮੱਸਿਆ ਤੋਂ ਮੱਸਿਆ ਦੇ ਹਿਸਾਬ ਨਾਲ ਤਿੱਥਾਂ ਨੂੰ ਤਰਤੀਬ ਦਿੱਤੀ ਹੈ ਭਾਵ ਮੱਸਿਆ ਤੋਂ ਬਾਅਦ ਸੁਦੀ ੧ ਤੋਂ ਸ਼ੁਰੂ ਕਰਕੇ ਮਹੀਨੇ ਦੇ ਅੱਧ ਵਿਚਕਾਰ ਪੂਰਨਮਾਸ਼ੀ ਤੱਕ ਤਿੱਥਾਂ ਲਿਖੀਆਂ ਹਨ, ਪਰ ਗੁਰੂ ਅਰਜਨ ਸਾਹਿਬ ਜੀ ਉੱਤਰੀ ਭਾਰਤ ’ਚ ਸਥਿਤ ਪੰਜਾਬ ਦੇ ਵਸਨੀਕ ਹਨ, ਜਿੱਥੇ ਪੂਰਨਮੰਤਾ ਮਹੀਨੇ ਦੇ ਨਿਯਮ ਭਾਵ ਪੂਰਨਮਾਸ਼ੀ ’ਤੇ ਪੂਰੇ ਹੋਣ ਵਾਲੇ ਮਹੀਨਿਆਂ ਦਾ ਨਿਯਮ ਲਾਗੂ ਹੈ, ਇਸ ਲਈ ਨਵਾਂ ਮਹੀਨਾ ਵਦੀ ੧ ਤੋਂ ਸ਼ੁਰੂ ਕਰਕੇ ਅੱਧ-ਵਿਚਕਾਰ ਮੱਸਿਆ ਹੈ ਤੇ ਪੂਰਨਮਾਸ਼ੀ ’ਤੇ ਮਹੀਨਾ ਸਮਾਪਤ ਹੁੰਦਾ ਹੈ। ਇਸ ਤੋਂ ਭਾਵ ਹੈ ਕਿ ਬਾਣੀਕਾਰਾਂ ਨੇ ਕੈਲੰਡਰ ਸਮੇਤ ਮਿਣਤੀ ਗਿਣਤੀ ਦੀਆਂ ਸਾਰੀਆਂ ਉਨ੍ਹਾਂ ਹੀ ਇਕਾਈਆਂ ਦੀ ਵਰਤੋਂ ਕੀਤੀ ਹੈ, ਜਿਹੜੀਆਂ ਉਸ ਸਮੇਂ ਸਬੰਧਿਤ ਇਲਾਕਿਆਂ ’ਚ ਪ੍ਰਚਲਿਤ ਸਨ, ਨਾ ਕਿ ਕੋਈ ਨਵਾਂ ਕੈਲੰਡਰ ਬਣਾਇਆ, ਸੋਧਿਆ ਜਾਂ ਸਥਾਪਿਤ ਕੀਤਾ ਹੈ।

ਤੀਸਰੀ ਬਾਣੀ ਬਿਲਾਵਲ ਰਾਗ ’ਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਹੈ, ਜੋ ਪਾਵਨ ਅੰਕ ੮੩੮ ਤੋਂ ੮੪੦ ਤੱਕ ਦਰਜ ਹੈ। ਇਸ ਬਾਣੀ ’ਚ ਗੁਰੂ ਸਾਹਿਬ ਜੀ ਨੇ ਗੁਰਮਤਿ ਵਿਸ਼ੇ ਨੂੰ ਏਕਮ ਤੋਂ ਅਰੰਭ ਕਰਕੇ ਚਉਦਸ ਉਪਰੰਤ ਕੇਵਲ ਅਮਾਵਸ ਹੀ ਦਰਜ ਕੀਤੀ ਹੈ। ਇਸ ਸਾਰੀ ਬਾਣੀ ’ਚ ਪੂਰਨਮਾਸ਼ੀ ਦਾ ਨਾਂ ਬਿਲਕੁਲ ਨਹੀਂ ਲਿਖਿਆ; ਤਾਂ ਫਿਰ ਕੀ ਮੰਨ ਲਿਆ ਜਾਵੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਕੇਵਲ ਇੱਕ ਪੱਖ ਦੇ ਹੀ ਮਹੀਨੇ ਬਣਾਏ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਸੋਧ ਅਤੇ ਵਾਧਾ ਕਰ ਪੂਰਨਮਾਸ਼ੀ ਦਰਜ ਕਰ ਦਿੱਤੀ, ਜਿਸ ਨਾਲ ਮਹੀਨਾ ਪੂਰਾ ਹੋ ਗਿਆ ? ਜਵਾਬ : ਐਸਾ ਬਿਲਕੁਲ ਨਹੀਂ। ਇਹ ਬਾਣੀਆਂ ਨਾ ਕੋਈ ਕੈਲੰਡਰ ਬਣਾਉਣ ਲਈ, ਨਾ ਕਿਸੇ ਕੈਲੰਡਰ ’ਚ ਸੋਧ ਕਰਨ ਜਾਂ ਕਿਸੇ ਕੈਲੰਡਰ ਨੂੰ ਸਥਾਪਿਤ ਕਰਨ ਲਈ ਉਚਾਰੀਆਂ ਹਨ ਬਲਕਿ ਗੁਰਮਤਿ ਵਿਸ਼ਾ ਭਾਵ ਅਕਾਲ ਪੁਰਖ ਨਾਲ ਜਾਣ ਪਛਾਣ ਕਰਵਾ ਕੇ ਉਸ ਦੀ ਯਾਦ ’ਚ ਜੋੜਨ ਦੇ ਮਕਸਦ ਨਾਲ ਵੈਸੇ ਹੀ ਉਚਾਰੀਆਂ ਗਈਆਂ ਹਨ; ਜਿਵੇਂ ਬਾਵਨ ਅੱਖਰੀ, ਪਟੀ ਬਾਣੀਆਂ ਉਚਾਰੀਆਂ ਗਈਆਂ ਹਨ।

‘‘ਰਾਗੁ ਆਸਾ ਮਹਲਾ ਪਟੀ ਲਿਖੀ’’ ਬਾਣੀ ’ਚ ਗੁਰੂ ਨਾਨਕ ਸਾਹਿਬ ਜੀ ਨੇ ਗੁਰਮੁਖੀ ਅੱਖਰਾਂ ਦੀ, ਜੋ ਤਰਤੀਬ ਲਿਖੀ ਹੈ ਕੀ ਅਸੀਂ ਅੱਜ ਉਹੀ ਤਰਤੀਬ ਵਰਤ ਰਹੇ ਹਾਂ ਜਾਂ ਵੱਖਰੀ ਹੈ ? ਕੀ ਪੈਂਤੀ ਅੱਖਰਾਂ ਦੀ ਤਰਤੀਬ ਬਦਲਣ ਨਾਲ ਜਾਂ ਗਿਣਤੀ ਮਿਣਤੀ ਅਤੇ ਭਾਰ ਆਦਿ ਦੀਆਂ ਨਵੀਆਂ ਇਕਾਈਆਂ ਵਰਤਣ ਨਾਲ ਗੁਰਮਤਿ ਦੇ ਕਿਸੇ ਸਿਧਾਂਤ ਦੀ ਅਵੱਗਿਆ ਹੋ ਰਹੀ ਹੈ ? ਜੇਕਰ ਨਹੀਂ ਤਾਂ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਇੱਕ ਸਮਾਨ ਵੰਡ ਕਰਨ ਅਤੇ ਸਾਲ ਦੀ ਲੰਬਾਈ; ਸਾਰੀ ਦੁਨੀਆਂ ’ਚ ਪ੍ਰਚਲਿਤ ਸਾਂਝੇ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਸਮਾਨ ਕਰਨ ਨਾਲ ਕਿਹੜੀ ਅਵੱਗਿਆ ਹੋ ਜਾਣੀ ਹੈ ? ਜਿਸ ਤਰ੍ਹਾਂ ਬਾਕੀ ਦੀਆਂ ਸਾਰੀਆਂ ਇਕਾਈਆਂ ਦੀ ਥਾਂ ਐੱਮ.ਕੇ.ਐੱਸ. ਇਕਾਈਆਂ ਲਾਗੂ ਕਰਨ ਨਾਲ ਹਿਸਾਬ ਕਿਤਾਬ ਕਰਨਾ ਸੁਖਾਲਾ ਹੁੰਦਾ ਹੈ, ਉਸੇ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਯਾਦ ਰੱਖਣੀਆਂ ਅਤੇ ਇੱਕ ਦੂਸਰੀ ਪੱਧਤੀ ’ਚ ਤਬਦੀਲ ਕਰਨਾ ਅਤਿ ਸੁਖਾਲਾ ਹੈ; ਜਿਵੇਂ ਕਿ ਵੈਸਾਖੀ, 1469 ’ਚ 27 ਮਾਰਚ ਨੂੰ, 1699 ’ਚ 29 ਮਾਰਚ ਨੂੰ ਅਤੇ ਅੱਜ ਕੱਲ੍ਹ 13/14 ਅਪ੍ਰੈਲ ਨੂੰ ਆ ਰਹੀ ਹੈ। ਐਸਾ ਹੀ ਚਲਦਾ ਰਿਹਾ ਤਾਂ 3000 ਸੀਈ ’ਚ 27 ਅਪ੍ਰੈਲ ਨੂੰ ਆਵੇਗੀ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਕੇਵਲ 1500 ਕੁ ਸਾਲਾਂ ’ਚ ਹੀ ਇੱਕ ਮਹੀਨੇ ਦਾ ਫ਼ਰਕ ਪੈ ਜਾਏਗਾ। ਨਾਨਕਸ਼ਾਹੀ ਕੈਲੰਡਰ ’ਚ ਜੋ ਅੰਤਰ 1699 ਸੀਈ ਤੱਕ ਬਿਕ੍ਰਮੀ ਕੈਲੰਡਰ ਦੀ ਵਜ੍ਹਾ ਨਾਲ ਪੈ ਗਿਆ, ਸੁ ਪੈ ਗਿਆ ਪਰ ਭਵਿੱਖ ’ਚ ੧ ਵੈਸਾਖ ਹਮੇਸ਼ਾਂ 14 ਅਪ੍ਰੈਲ ਨੂੰ ਆਇਆ ਕਰੇਗਾ, ਜਿਸ ਨਾਲ ਹਰ ਸਾਲ ਤਾਰੀਖ਼ਾਂ ਬਦਲਣ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋ ਗਈ ਹੈ।

ਫਿਰ ਕਿਸ ਆਧਾਰ ’ਤੇ ਦਾਅਵਾ ਕੀਤਾ ਜਾ ਸਕਦਾ ਹੈ ਕਿ ਗੁਰੂ ਸਾਹਿਬਾਨ ਨੇ ਸੋਧ ਕੇ ਸਿੱਖ ਕੈਲੰਡਰ ਲਾਗੂ ਕੀਤਾ, ਜੋ ਬਦਲਿਆ ਨਹੀਂ ਜਾ ਸਕਦਾ। ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ਗੁਰੂ ਸਾਹਿਬਾਨ ਨੇ ਕੋਈ ਕੈਲੰਡਰ ਸੋਧਿਆ ਜਾਂ ਸਥਾਪਿਤ ਨਹੀਂ ਕੀਤਾ ਬਲਕਿ ਪ੍ਰਚਲਿਤ ਇਕਾਈਆਂ ਨੂੰ ਮਿਸਾਲ ਬਣਾ ਗੁਰਮਤਿ ਸਿਧਾਂਤ ਨੂੰ ਦ੍ਰਿੜ੍ਹ ਕਰਵਾਇਆ ਗਿਆ ਹੈ। ਇਨ੍ਹਾਂ ਮਿਸਾਲਾਂ ’ਚ, ਲੋਕਧਾਰਾ ਦੇ ਹਰ ਉਸ ਵਾਕ/ਕਾਵਿ ਨੂੰ ਵਰਤਿਆ, ਜੋ ਆਮ ਪ੍ਰਚਲਿਤ ਸਨ ਤੇ ਹਰ ਇੱਕ ਦੀ ਜਬਾਨ ’ਤੇ ਚੜ੍ਹੇ ਹੋਣ ਕਾਰਨ ਅਕਸਰ ਇਨ੍ਹਾਂ ਨੂੰ ਲੋਕ ਗਾਉਂਦੇ ਰਹਿੰਦੇ ਸਨ।

ਗੁਰਬਾਣੀ ਵਰਤੇ ਗਏ ਲੋਕ ਕਾਵਿ ਹਨ – ਅਲਾਹਣੀਆਂ (ਮਰ ਚੁੱਕੇ ਪ੍ਰਾਣੀ ਦੀ ਯਾਦ ’ਚ ਸ਼ਲਾਘਾ ਦਾ ਗੀਤ ਹੈ); ਆਰਤੀ (ਇਸ਼ਟ ਦੇਵ ਦੀ ਮਹਿਮਾ ਅਤੇ ਪੂਜਾ ਲਈ ਵਰਤੀ ਜਾਂਦੀ ਲੈਅ); ਅੰਜੁਲੀ (ਬੇਨਤੀ ਦੇ ਬੋਲਾਂ ਦਾ ਗੀਤ); ਸਦੁ (ਲੰਮੀ ਹੇਕ ਨਾਲ ਗਾਇਆ ਜਾਣ ਵਾਲਾ ਪੇਂਡੂ ਲੋਕਾਂ ਦਾ ਪਿਆਰਾ ਗੀਤ); ਸੋਹਿਲਾ (ਖੁਸ਼ੀ ਦੇ ਗੀਤ); ਕਰਹਲੇ (ਊਠਵਾਨਾਂ ਦੀ ਇੱਕ ਗੀਤ ਗਾਉਣ ਦੀ ਧਾਰਨਾ); ਕਾਫ਼ੀ (ਸੂਫ਼ੀਆਂ ਦਾ ਪ੍ਰੇਮ-ਗੀਤ); ਘੋੜੀਆਂ (ਵਿਆਹ ਸਮੇਂ ਲਾੜੇ ਵੱਲੋਂ ਘੋੜੀ ਉੱਤੇ ਚੜ੍ਹਨ ਸਮੇਂ ਭੈਣਾਂ ਵੱਲੋਂ ਗਾਏ ਜਾਣ ਵਾਲੇ ਖੁਸ਼ੀ ਦੇ ਗੀਤ), ਆਦਿ। ਇਸੇ ਤਰ੍ਹਾਂ ਥਿਤੀ ਸਿਰਲੇਖ ਹੇਠ ਤਿੰਨ ਅਤੇ ਬਾਰਹ ਮਾਹਾ ਸਿਰਲੇਖ ਹੇਠ ਦੋ ਬਾਣੀਆਂ, ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਹਨ। ਥਿਤੀ ਨਾਮ ਦੀਆਂ ਤਿੰਨੇ ਬਾਣੀਆਂ ’ਚ ਕੈਲੰਡਰ ਨਾਲ ਸਬੰਧਿਤ ਕੋਈ ਸੰਕੇਤ ਨਹੀਂ ਮਿਲਦਾ। ਇਨ੍ਹਾਂ ਰਾਹੀਂ ਕੇਵਲ ਤਿੱਥਾਂ ਦੀ ਮਿਸਾਲ ਦੇ ਕੇ ਪ੍ਰਭੂ ਦੇ ਸੁਭਾਅ ਅਤੇ ਗੁਣਾਂ ਦਾ ਵਰਣਨ ਕੀਤਾ ਹੈ; ਜਿਵੇਂ ਕਿ

ਏਕਮ, ਏਕੰਕਾਰੁ ਨਿਰਾਲਾ ਅਮਰੁ ਅਜੋਨੀ ਜਾਤਿ ਜਾਲਾ ਅਗਮ ਅਗੋਚਰੁ ਰੂਪੁ ਰੇਖਿਆ ਖੋਜਤ ਖੋਜਤ; ਘਟਿ ਘਟਿ ਦੇਖਿਆ ਜੋ ਦੇਖਿ ਦਿਖਾਵੈ; ਤਿਸ ਕਉ ਬਲਿ ਜਾਈ ਗੁਰ ਪਰਸਾਦਿ, ਪਰਮ ਪਦੁ ਪਾਈ (ਥਿਤੀ ਮਹਲਾ /੮੩੯) ਅਰਥ : ਪਰਮਾਤਮਾ ਇੱਕ ਹੈ (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ)। ਉਸ ਦਾ ਕੋਈ ਖ਼ਾਸ ਘਰ ਨਹੀਂ, ਉਹ ਕਦੇ ਮਰਦਾ ਨਹੀਂ, ਉਹ ਜੂਨਾਂ ’ਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤ ਨਹੀਂ, ਉਸ ਨੂੰ ਕੋਈ (ਮਾਇਅਕ) ਬੰਧਨ ਨਹੀਂ (ਵਿਆਪਦਾ)। ਉਹ ਅਪਹੁੰਚ ਹੈ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ, ਕਿਉਂਕਿ ਉਸ ਦੀ ਕੋਈ ਖ਼ਾਸ ਸ਼ਕਲ ਨਹੀਂ, ਕੋਈ ਖ਼ਾਸ ਨਿਸ਼ਾਨ ਨਹੀਂ, ਪਰ ਖੋਜ ਕਰਦਿਆਂ ਕਰਦਿਆਂ ਉਸ ਨੂੰ ਹਰੇਕ ਸਰੀਰ ’ਚ ਵੇਖ ਸਕੀਦਾ ਹੈ। ਮੈਂ ਉਸ (ਗੁਰੂ) ਤੋਂ ਸਦਕੇ ਹਾਂ, ਜੋ (ਹਰ ਸਰੀਰ ’ਚ ਪ੍ਰਭੂ ਨੂੰ ਆਪ) ਵੇਖ ਕੇ (ਹੋਰਾਂ ਨੂੰ) ਵਿਖਾ ਦੇਂਦਾ ਹੈ (ਕਿਉਂਕਿ ਉਸੇ) ਗੁਰੂ ਦੀ ਕਿਰਪਾ ਨਾਲ (ਹਰ ਸਰੀਰ ’ਚ ਉਸ ਦਾ ਦਰਸ਼ਨ ਕਰਨ ਦੀ) ਉੱਚੀ ਤੋਂ ਉੱਚੀ ਪਦਵੀ ਮੈਂ ਪ੍ਰਾਪਤ ਕਰ ਸਕਦਾ ਹਾਂ।

ਦੁਤੀਆ, ਦੁਰਮਤਿ ਦੂਰਿ ਕਰਿ; ਗੁਰ ਸੇਵਾ ਕਰਿ ਨੀਤ ਰਾਮ ਰਤਨੁ ਮਨਿ ਤਨਿ ਬਸੈ; ਤਜਿ ਕਾਮੁ ਕ੍ਰੋਧੁ ਲੋਭੁ ਮੀਤ ਮਰਣੁ ਮਿਟੈ, ਜੀਵਨੁ ਮਿਲੈ; ਬਿਨਸਹਿ ਸਗਲ ਕਲੇਸ ਆਪੁ ਤਜਹੁ, ਗੋਬਿੰਦ ਭਜਹੁ; ਭਾਉ ਭਗਤਿ ਪਰਵੇਸ ਲਾਭੁ ਮਿਲੈ, ਤੋਟਾ ਹਿਰੈ, ਹਰਿ ਦਰਗਹ ਪਤਿਵੰਤ ਰਾਮ ਨਾਮ ਧਨੁ ਸੰਚਵੈ; ਸਾਚ ਸਾਹ ਭਗਵੰਤ ਊਠਤ ਬੈਠਤ ਹਰਿ ਭਜਹੁ; ਸਾਧੂ ਸੰਗਿ ਪਰੀਤਿ ਨਾਨਕ  ! ਦੁਰਮਤਿ ਛੁਟਿ ਗਈ; ਪਾਰਬ੍ਰਹਮ ਬਸੇ ਚੀਤਿ () (ਥਿਤੀ ਮਹਲਾ /੨੯੭) ਅਰਥ : (ਹੇ ਭਾਈ !) ਸਦਾ ਗੁਰੂ ਦੀ ਦੱਸੀ ਸੇਵਾ ਕਰਦਾ ਰਹਿ, (ਤੇ ਆਪਣੇ ਅੰਦਰੋਂ) ਖੋਟੀ ਮੱਤ ਕੱਢ ਦੇਹ। ਹੇ ਮਿੱਤਰ  ! (ਮਨ ’ਚੋਂ) ਕਾਮ ਕ੍ਰੋਧ ਲੋਭ ਦੂਰ ਕਰ, (ਜੋ ਐਸਾ ਕਰਦਾ ਹੈ ਉਸ ਦੇ) ਮਨ ’ਚ ਰਤਨ (ਵਰਗਾ ਕੀਮਤੀ) ਪ੍ਰਭੂ-ਨਾਮ ਆ ਵਸਦਾ ਹੈ। (ਇਸ ਲਈ) ਹਉਮੈ ਦੂਰ ਕਰੋ ਤੇ ਪਰਮਾਤਮਾ ਦਾ ਭਜਨ ਕਰੋ। (ਜੋ ਐਸਾ ਕਰਦਾ ਹੈ ਉਸੇ ਨੂੰ) ਆਤਮਕ ਜੀਵਨ ਮਿਲਦਾ ਹੈ, (ਸੁਚੱਜਾ ਪਵਿਤ੍ਰ) ਜੀਵਨ ਮਿਲਦਾ ਹੈ, ਸਰੀਰਕ ਮੌਤ ਦਾ ਡਰ ਮਿਟ ਜਾਂਦਾ ਹੈ; ਉਸ ਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ, ਉਸ ਅੰਦਰ ਪ੍ਰਭੂ-ਪ੍ਰੇਮ ਆ ਵੱਸਦਾ ਹੈ, ਪ੍ਰਭੂ ਦੀ ਭਗਤੀ ਆ ਵੱਸਦੀ ਹੈ। ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ-ਧਨ ਇਕੱਤਰ ਕਰਦਾ ਹੈ, ਉਹ ਸਾਰੇ ਹੀ ਭਾਗਾਂ ਵਾਲੇ ਹੁੰਦੇ ਹਨ, ਉਹ ਸਦਾ ਲਈ ਸ਼ਾਹੂਕਾਰ ਬਣ ਜਾਂਦੇ ਹਨ, (ਰੂਹਾਨੀਅਤ ਦਾ ਉਨ੍ਹਾਂ ਅੰਦਰ) ਵਾਧਾ ਹੀ ਵਾਧਾ ਹੁੰਦਾ ਜਾਂਦਾ ਹੈ, ਅੰਦਰੋਂ ਘਾਟ ਨਿਕਲ ਜਾਂਦੀ ਹੈ, ਉਹ ਰੱਬੀ ਦਰਗਾਹ ’ਚ ਇੱਜ਼ਤ ਪਾਉਂਦੇ ਹਨ। ਤਾਂ ਤੇ ਉਠਦਿਆਂ ਬੈਠਦਿਆਂ ਹਰ ਵੇਲੇ ਪਰਮਾਤਮਾ ਦਾ ਭਜਨ ਕਰੋ ਤੇ ਗੁਰੂ ਦੀ ਸੰਗਤ ਰਾਹੀਂ ਪ੍ਰੇਮ ਪੈਦਾ ਕਰੋ। ਹੇ ਨਾਨਕ ! (ਜਿਨ੍ਹਾਂ ਨੇ ਐਸਾ ਕੀਤਾ ਉਨ੍ਹਾਂ ਦੀ) ਖੋਟੀ ਮਤ ਮੁੱਕ ਗਈ, ਪਰਮਾਤਮਾ ਦੀ ਯਾਦ ਸਦਾ ਲਈ ਉਸ ਦੇ ਚਿੱਤ ’ਚ ਆ ਵਸੀ।

ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ਆਨਦ ਮੂਲ ਪਰਮ ਪਦੁ ਪਾਵੈ ਸਾਧ ਸੰਗਤਿ ਉਪਜੈ ਬਿਸ੍ਵਾਸ ਬਾਹਰਿ ਭੀਤਰਿ ਸਦਾ ਪ੍ਰਗਾਸ (ਥਿਤੀ ਕਬੀਰ ਜੀਉ/੩੪੩) ਅਰਥ : (ਪ੍ਰਭੂ ਦੀ ਬੰਦਗੀ ਕਰਨ ਵਾਲਾ ਮਨੁੱਖ) ਮਾਇਆ ਦੇ ਤਿੰਨੇ ਗੁਣਾਂ ਨੂੰ ਇੱਕ ਸਮਾਨ ਰੱਖਦਾ ਹੈ ਭਾਵ ਇਨ੍ਹਾਂ ’ਚ ਨਹੀਂ ਡੋਲਦਾ ਕਿਉਂਕਿ) ਉਹ ਸਰਬੋਤਮ ਪਦ (ਚੌਥੀ ਅਵਸਥਾ) ਹਾਸਲ ਕਰ ਲੈਂਦਾ ਹੈ, ਜੋ ਅਨੰਦ ਦਾ ਸੋਮਾ ਹੈ; ਸਤਿਸੰਗ ਨਾਲ਼ ਉਸ ਅੰਦਰ ਇਹ ਦਿੜ੍ਹਤਾ ਆ ਜਾਂਦੀ ਹੈ ਕਿ ਅੰਦਰ ਬਾਹਰ ਹਰ ਥਾਂ ਸਦਾ ਪ੍ਰਭੂ ਹੀ ਹੈ॥੪॥

ਅਮਾਵਸਿਆ, ਚੰਦੁ ਗੁਪਤੁ ਗੈਣਾਰਿ (ਅਕਾਸ਼ ) ਬੂਝਹੁ ਗਿਆਨੀ ਸਬਦੁ ਬੀਚਾਰਿ (ਕੇ) ਸਸੀਅਰੁ ਗਗਨਿ (); ਜੋਤਿ ਤਿਹੁ ਲੋਈ ਕਰਿ ਕਰਿ ਵੇਖੈ ਕਰਤਾ ਸੋਈ ਗੁਰ ਤੇ ਦੀਸੈ; ਸੋ ਤਿਸ ਹੀ ਮਾਹਿ ਮਨਮੁਖਿ ਭੂਲੇ ਆਵਹਿ ਜਾਹਿ ੧੯  (ਬਿਲਾਵਲੁ ਥਿਤੀ ਮਹਲਾ /੮੪੦) ਅਰਥ : ਹੇ ਭਾਈ ! (ਜਿਸ ਤਰ੍ਹਾਂ) ਮੱਸਿਆ ਨੂੰ ਆਕਾਸ਼ ’ਚ ਚੰਦ ਗੁਪਤ ਰਹਿੰਦਾ ਹੈ (ਵੈਸੇ ਹੀ ਪਰਮਾਤਮਾ ਗੁਪਤ ਰੂਪ ’ਚ ਸਰਬ ਵਿਆਪਕ ਹੈ)। ਹੇ ਜਗਿਆਸੂ ਬੰਦੇ ! ਗੁਰੂ ਸ਼ਬਦ ਨੂੰ ਮਨ ’ਚ ਵਸਾ ਕੇ (ਹੀ ਇਹ ਰਾਜ਼) ਸਮਝਿਆ ਜਾ ਸਕਦਾ ਹੈ। (ਜਿਸ ਤਰ੍ਹਾਂ ਮੱਸਿਆ ਨੂੰ) ਚੰਦ੍ਰਮਾ (ਭਾਵੇਂ  ਵਿਖਾਈ ਨਾ ਦੇਵੇ ਪਰ) ਆਕਾਸ਼ ’ਚ ਜ਼ਰੂਰ ਹੁੰਦਾ ਹੈ, (ਵੈਸੇ ਹੀ ਰੱਬੀ) ਜੋਤਿ (ਭਾਵੇਂ ਵਿਖਾਈ ਨਾ ਦੇਵੇ, ਪਰ) ਤਿੰਨੇ ਲੋਕਾਂ ’ਚ (ਜੀਵਨ-ਸੱਤਾ ਦੇ ਰਹੀ ਹੈ)। ਉਹ ਕਰਤਾਰ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰ ਕੇ (ਸਭ ਦੀ) ਸੰਭਾਲ ਕਰ ਰਿਹਾ ਹੈ। ਜਿਸ ਨੂੰ ਗੁਰੂ ਪਾਸੋਂ ਇਹ ਸੂਝ ਹੋ ਗਈ, ਉਹ ਆਪਣੇ ਆਪ ਨੂੰ ਭੀ ਪਰਮਾਤਮਾ ’ਚ ਲੀਨ ਕਰ ਲੈਂਦਾ ਹੈ ਜਦਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਾਸਤਿਕ ਮਨੁੱਖ ਕੁਰਾਹੇ ਪੈ ਪੈ ਕੇ ਜਨਮ ਮਰਨ ਦੇ ਗੇੜ ’ਚ ਪਏ ਰਹਿੰਦੇ ਹਨ।

ਪੂਰਨਮਾ, ਪੂਰਨ ਪ੍ਰਭ ਏਕੁ; ਕਰਣ ਕਾਰਣ ਸਮਰਥੁ ਜੀਅ ਜੰਤ ਦਇਆਲ ਪੁਰਖੁ; ਸਭ ਊਪਰਿ ਜਾ ਕਾ ਹਥੁ ਗੁਣ ਨਿਧਾਨ ਗੋਬਿੰਦ ਗੁਰ; ਕੀਆ ਜਾ ਕਾ ਹੋਇ ਅੰਤਰਜਾਮੀ ਪ੍ਰਭੁ ਸੁਜਾਨੁ; ਅਲਖ ਨਿਰੰਜਨ ਸੋਇ ਪਾਰਬ੍ਰਹਮੁ ਪਰਮੇਸਰੋ; ਸਭ ਬਿਧਿ ਜਾਨਣਹਾਰ ਸੰਤ ਸਹਾਈ ਸਰਨਿ ਜੋਗੁ; ਆਠ ਪਹਰ ਨਮਸਕਾਰ ਅਕਥ ਕਥਾ ਨਹ ਬੂਝੀਐ; ਸਿਮਰਹੁ ਹਰਿ ਕੇ ਚਰਨ ਪਤਿਤ ਉਧਾਰਨ ਅਨਾਥ ਨਾਥ; ਨਾਨਕ  ! ਪ੍ਰਭ ਕੀ ਸਰਨ ੧੬ (ਗਉੜੀ ਥਿਤੀ ਮਹਲਾ /੩੦੦) ਅਰਥ : ਕੇਵਲ ਪਰਮਾਤਮਾ ਹੀ ਸਭ ਗੁਣ ਸੰਪੰਨ ਹੈ, ਜਗਤ ਦਾ ਮੁੱਢ ਹੈ ਤੇ ਸਭ ਕਲਾ ਸਮਰੱਥ ਹੈ। ਉਹ ਅਕਾਲ ਪੁਰਖ ਸਭ ਜੀਵਾਂ ਉੱਤੇ ਮਿਹਰਵਾਨ ਰਹਿੰਦਾ ਹੈ, ਸਭ ਉੱਤੇ ਉਸ (ਦੀ ਸਹਾਇਤਾ) ਦਾ ਹੱਥ ਹੈ। ਉਹ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ। ਸਾਰੀ ਸ੍ਰਿਸ਼ਟੀ ਦਾ ਪਾਲਕ ਹੈ। ਸਭ ਤੋਂ ਵੱਡਾ ਹੈ। ਸਭ ਕੁਝ ਉਸੇ ਅਨੁਸਾਰ ਵਾਪਰਦਾ ਹੈ। ਸਭ ਦੇ ਦਿਲ ਦੀ ਜਾਣਨਹਾਰ ਹੈ। ਸਿਆਣਾ ਹੈ। ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਸਭ ਦਾ ਮਾਲਕ ਹੈ। (ਜੀਵਾਂ ਦੇ ਭਲੇ ਦਾ) ਹਰ ਢੰਗ ਜਾਣਨਹਾਰ ਹੈ। ਸੰਤਾਂ ਦਾ ਰਾਖਾ ਹੈ। ਸ਼ਰਨ ਆਏ ਦੀ ਸਹਾਇਤਾ ਕਰਨਜੋਗ ਹੈ। ਉਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਉਸ ਦਾ ਪੂਰਨ ਸਰੂਪ ਸਮਝਿਆ ਨਹੀਂ ਜਾ ਸਕਦਾ। (ਹੇ ਭਾਈ !) ਉਸ ਨੂੰ ਅੱਠੇ ਪਹਰ ਨਮਸ਼ਕਾਰ ਕਰ।  ਉਸ ਦੇ ਚਰਨਾਂ ਦਾ ਧਿਆਨ ਧਰ ਕਿਉਂਕਿ ਉਹੀ (ਵਿਕਾਰਾਂ ’ਚ) ਡਿੱਗੇ ਬੰਦਿਆਂ ਨੂੰ ਬਚਾਣ ਵਾਲਾ ਹੈ, ਨਿਖਸਮਿਆਂ ਦਾ ਖਸਮ ਹੈ ਤਾਂ ਤੇ ਉਸੇ ਦਾ ਆਸਰਾ ਲੈ।

ਸੋ ਉਕਤ ਤਿੰਨੇ ਹੀ ਥਿਤੀ ਬਾਣੀਆਂ ਨੂੰ ਸੰਖੇਪ ’ਚ ਵਾਚਣ ਨਾਲ਼ ਸਪਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਦਾ ਸਬੰਧ; ਕੈਲੰਡਰ ਜਾਂ ਕੈਲੰਡਰ ਦੀ ਬਣਤਰ ਨਾਲ ਬਿਲਕੁਲ ਭੀ ਨਹੀਂ। ਜਿਸ ਤਰ੍ਹਾਂ ਲੰਬੀਆਂ ਬਾਣੀਆਂ ’ਚ ਕਈ ਮਿਸਾਲਾਂ ਦੇ ਕੇ ਪ੍ਰਭੂ ਦੇ ਗੁਣਾਂ ਨਾਲ਼ ਜਾਣ ਪਛਾਣ ਕਰਵਾਈ ਜਾਂਦੀ ਹੈ; ਵੈਸੇ ਹੀ ਇਨ੍ਹਾਂ ਥਿਤੀ ਬਾਣੀਆਂ ’ਚ ਥਿਤਾਂ ਨੂੰ ਮਿਸਾਲ ਵਜੋਂ ਵਰਤਿਆ ਗਿਆ ਹੈ ਤਾਂ ਜੋ ਪ੍ਰਕਿਰਤਿਕ ਹਵਾਲਿਆਂ ਨਾਲ਼ ਸਹਿਜੇ ਹੀ ਧਰਮ ਦੇ ਗਹਿਰੇ ਰਾਜ਼ ਪਕੜ ’ਚ ਆ ਸਕਣ।

ਬਾਰਹ ਮਾਹਾ : ਬਾਰ੍ਹਾਂ ਮਹੀਨਿਆਂ ਵਿੱਚੋਂ ਹਰ ਇੱਕ ਮਹੀਨੇ ਅਤੇ ਉਸ ਦੇ ਮੌਸਮੀ ਅਸਰ ਨੂੰ ਆਧਾਰ ਬਣਾ ਕੇ ਗੁਰਮਤਿ ਸੰਦੇਸ਼ ਨੂੰ ਉਜਾਗਰ ਕਰਨ ਵਾਲੀ ਰਚਨਾ ਹੀ ‘ਬਾਰਹ ਮਾਹਾ’ ਕਹਾਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ’ਚ ਤੇ ਗੁਰੂ ਅਰਜਨ ਸਾਹਿਬ ਜੀ ਨੇ ਮਾਝ ਰਾਗ ’ਚ ‘ਬਾਰਹ ਮਾਹਾ’ ਬਾਣੀ ਰਚੀ ਹੈ, ਜਿਸ ਅੰਦਰ ਗੁਰਮਤਿ ਦੇ ਹੇਠਲੇ ਵਿਸ਼ੇ ਮਾਨਵਤਾ ਨੂੰ ਦ੍ਰਿੜ੍ਹ ਕਰਵਾਏ ਗਏ ਹਨ :

ਚੇਤਿ, ਗੋਵਿੰਦੁ ਅਰਾਧੀਐ; ਹੋਵੈ ਅਨੰਦੁ ਘਣਾ ਸੰਤ ਜਨਾ ਮਿਲਿ ਪਾਈਐ; ਰਸਨਾ ਨਾਮੁ ਭਣਾ ਜਿਨਿ ਪਾਇਆ ਪ੍ਰਭੁ ਆਪਣਾ; ਆਏ ਤਿਸਹਿ ਗਣਾ ਇਕੁ ਖਿਨੁ ਤਿਸੁ ਬਿਨੁ ਜੀਵਣਾ; ਬਿਰਥਾ ਜਨਮੁ ਜਣਾ ਜਲਿ+ਥਲਿ+ਮਹੀਅਲਿ () ਪੂਰਿਆ; ਰਵਿਆ ਵਿਚਿ ਵਣਾ ਸੋ ਪ੍ਰਭੁ ਚਿਤਿ () ਆਵਈ; ਕਿਤੜਾ ਦੁਖੁ ਗਣਾ ਜਿਨੀ ਰਾਵਿਆ ਸੋ ਪ੍ਰਭੂ; ਤਿੰਨਾ ਭਾਗੁ ਮਣਾ ਹਰਿ ਦਰਸਨ ਕੰਉ ਮਨੁ ਲੋਚਦਾ; ਨਾਨਕ  ! ਪਿਆਸ ਮਨਾ ਚੇਤਿ () ਮਿਲਾਏ ਸੋ ਪ੍ਰਭੂ; ਤਿਸ ਕੈ ਪਾਇ ਲਗਾ (ਮਾਝ ਬਾਰਹਮਾਹਾ ਮਹਲਾ /੧੩੩) ਅਰਥ : ਚੇਤ ਮਹੀਨੇ ’ਚ (ਸੁਹਾਵਣੀ ਬਸੰਤ ਰੁੱਤ ਕਾਰਨ ਤਨ/ਚਮੜੀ ਨੂੰ ਠੰਢਕ ਮਿਲਦੀ ਹੈ, ਪਰ ਜੇ) ਪਰਮਾਤਮਾ ਨੂੰ ਸਿਮਰੀਏ ਤਾਂ ਆਤਮਕ ਆਨੰਦ ਭੀ ਮਿਲਦਾ ਹੈ। ਵੈਸੇ ਸੰਤ ਜਨਾਂ ਨੂੰ ਮਿਲ ਕੇ ਹੀ ਜ਼ਬਾਨ ਨਾਲ ਪ੍ਰਭੂ ਨਾਮ ਜਪਣ ਦੀ ਦਾਤਿ ਪ੍ਰਾਪਤ ਹੁੰਦੀ ਹੈ। ਉਸੇ ਬੰਦੇ ਨੂੰ ਜਗਤ ’ਚ ਜੰਮਿਆ ਜਾਣੋ (ਬਾਕੀ ਤਾਂ ਡਰਾਵਣੀਆਂ ਲੋਥਾਂ ਹੀ ਫਿਰਦੀਆਂ ਹਨ) ਜਿਸ ਨੇ ਆਪਣੇ ਮਾਲਕ ਨਾਲ਼ ਮਿਲਾਪ ਹਾਸਲ ਕਰ ਲਿਆ। ਉਸ ਦੀ ਯਾਦ ਤੋਂ ਬਿਨਾਂ ਇਕ ਖਿਨ ਮਾਤ੍ਰ ਗੁਜ਼ਾਰਨਾ ਭੀ ਜ਼ਿੰਦਗੀ ਵਿਅਰਥ ਗਵਾਉਣਾ ਹੈ। ਜੋ ਮਾਲਕ ਪਾਣੀ ’ਚ ਧਰਤੀ ਉੱਤੇ ਅਕਾਸ਼ ’ਚ ਜੰਗਲ਼ਾਂ ’ਚ ਯਾਨੀ ਕਿ ਹਰ ਥਾਂ ਵਿਆਪਕ ਹੈ, ਜੇਕਰ ਉਹ, ਹਿਰਦੇ ਅੰਦਰੋਂ ਮਹਿਸੂਸ ਨਾ ਹੋਵੇ, ਤਾਂ ਮਾਨਸਿਕ ਰੋਗ ਬਿਆਨ ਕਰਨ ਤੋਂ ਬਾਹਰ ਹੁੰਦਾ ਹੈ। ਜਿਨ੍ਹਾਂ ਨੇ ਉਸ ਦੀ ਯਾਦ ਨੂੰ ਆਪਣੇ ਹਿਰਦੇ ’ਚ ਵਸਾ ਲਿਆ, ਉਹ ਵੱਡੇ ਭਾਗਾਂ ਵਾਲ਼ੇ ਹਨ ਕਿਉਂਕਿ ਉਨ੍ਹਾਂ ਅੰਦਰ ਹਰੀ ਮਿਲਾਪ ਦੀ ਤਾਂਘ ਰਹਿੰਦੀ ਹੈ, ਮਨ ’ਚ ਹਰੀ-ਦਰਸ਼ਨ ਦੀ ਪਿਆਸ ਹੁੰਦੀ ਹੈ। ਜੋ ਐਸੇ ਪ੍ਰਭੂ ਪਿਆਰਿਆਂ ਦਾ ਮਿਲਾਪ ਕਰਾ ਦੇਵੇ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।

ਆਸਾੜੁ ਤਪੰਦਾ ਤਿਸੁ ਲਗੈ; ਹਰਿ ਨਾਹੁ ਜਿੰਨਾ ਪਾਸਿ ਜਗਜੀਵਨ ਪੁਰਖੁ ਤਿਆਗਿ ਕੈ; ਮਾਣਸ ਸੰਦੀ ਆਸ ਦੁਯੈ ਭਾਇ ਵਿਗੁਚੀਐ; ਗਲਿ ਪਈਸੁ ਜਮ ਕੀ ਫਾਸ ਜੇਹਾ ਬੀਜੈ, ਸੋ ਲੁਣੈ; ਮਥੈ ਜੋ ਲਿਖਿਆਸੁ ਰੈਣਿ ਵਿਹਾਣੀ, ਪਛੁਤਾਣੀ; ਉਠਿ ਚਲੀ ਗਈ ਨਿਰਾਸ ਜਿਨ ਕੌ ਸਾਧੂ ਭੇਟੀਐ; ਸੋ ਦਰਗਹ ਹੋਇ ਖਲਾਸੁ ਕਰਿ ਕਿਰਪਾ ਪ੍ਰਭ ਆਪਣੀ; ਤੇਰੇ ਦਰਸਨ ਹੋਇ ਪਿਆਸ ਪ੍ਰਭ  ! ਤੁਧੁ ਬਿਨੁ ਦੂਜਾ ਕੋ ਨਹੀ; ਨਾਨਕ ਕੀ ਅਰਦਾਸਿ ਆਸਾੜੁ ਸੁਹੰਦਾ ਤਿਸੁ ਲਗੈ; ਜਿਸੁ ਮਨਿ, ਹਰਿ ਚਰਣ ਨਿਵਾਸ (ਮਾਝ ਬਾਰਹਮਾਹਾ ਮਹਲਾ /੧੩੪) ਅਰਥ : ਹਾੜ ਦਾ ਮਹੀਨਾ ਉਸ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ; ਜਿਨ੍ਹਾਂ ਕੋਲ਼ ਪ੍ਰਭੂ-ਪਤੀ ਨਹੀਂ ਵੱਸਦਾ। ਜਿਹੜੇ ਜਗਤ ਦੇ ਮਾਲਕ (ਦੀ ਟੇਕ ਲੈਣੀ) ਛੱਡ ਕੇ ਮਨੁੱਖਾਂ ਦੀ ਟੇਕ ਰੱਖਦੇ ਹਨ (ਉਹ ਦੁਖਦਾਈ ਰਹਿੰਦੇ ਹਨ ਕਿਉਂਕਿ ਪ੍ਰਭੂ ਤੋਂ ਬਿਨਾਂ) ਹੋਰ ਦੇ ਆਸਰੇ ਰਿਹਾਂ ਖ਼ੁਆਰ ਹੋਈਦਾ ਹੈ। ਉਸ ਦੇ ਗਲ ’ਚ ਜਮ ਦੀ ਫਾਹੀ ਪੈਂਦੀ ਹੈ। (ਕੁਦਰਤ ਦਾ ਇਹੀ ਸਿਧਾਂਤ ਹੈ ਕਿ) ਬੰਦਾ ਜੋ ਬੀਜ ਬੀਜਦਾ ਹੈ, ਓਹੀ ਵੱਢਦਾ ਹੈ (ਕਿਉਂਕਿ) ਉਸ ਮਾਲਕ ਨੇ ਮੱਥੇ ਉੱਤੇ ਲੇਖ/ਭਾਗ ਜੋ ਐਸਾ ਲਿਖਿਆ ਹੁੰਦਾ ਹੈ। (ਜਗਤ ਦੇ ਮਾਲਕ ਨੂੰ ਭੁਲਾ ਕੇ) ਬੀਤ ਚੁੱਕੀ ਜੀਵਨ-ਰਾਤੀ ਉਪਰੰਤ ਪਛੁਤਾਵਾ ਹੀ ਹੱਥ ਲੱਗਦਾ ਹੈ। ਐਸੀ ਜੀਵ ਇਸਤਰੀ ਨੇ ਨਿਰਾਸ਼ ਹੋ ਕੇ ਹੀ ਜਗਤ ਤੋਂ ਜਾਣਾ ਹੈ ਭਾਵ ਕੀਮਤੀ ਮਨੁੱਖਾ ਜੀਵਨ ’ਚ ਲਾਹਾ ਨਹੀਂ ਖੱਟ ਸਕੀ। ਚੰਗੇ ਭਾਗਾਂ ਨਾਲ਼ ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਾਲਕ ਦੇ ਦਰ ’ਤੇ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ ਪਾਉਂਦੇ ਹਨ ਤਾਂ ਤੇ) ਨਾਨਕ ਵਾਙ ਬੇਨਤੀ ਕਰ ਕਿ ਹੇ ਪ੍ਰਭੂ !  ਆਪਣੀ ਮਿਹਰ ਕਰ (ਤਾਂ ਜੋ ਮੇਰੇ ਮਨ ਅੰਦਰ ਭੀ) ਤੇਰੇ ਦਰਸ਼ਨ ਦੀ ਤਾਂਘ ਬਣ ਜਾਵੇ। ਤੈਥੋਂ ਬਿਨਾਂ ਮੇਰਾ ਹੋਰ ਕੋਈ ਸਦੀਵੀ ਸਹਾਰਾ ਨਹੀਂ। ਸੋ ਜਿਸ ਦੇ ਮਨ ਅੰਦਰ ਇਲਾਹੀ ਗੁਣਾਂ ਦਾ ਵਾਸਾ ਹੋ ਗਿਆ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆਂ ਦੇ ਦੁੱਖ-ਕਲੇਸ਼ ਪੋਹ ਨਹੀਂ ਸਕਦੇ) ॥੫॥

ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ’ਚ ਉਚਾਰਨ ਕੀਤੇ ਬਾਰਹਮਾਹਾ ਦੇ ਹਾੜ ਮਹੀਨੇ ’ਚ ਰੂਹਾਨੀਅਤ ਪੱਖ ਦੇ ਨਾਲ਼-ਨਾਲ਼ ਖਗੋਲ ਵਿਗਿਆਨ ਵਾਙ ਮੌਸਮੀ ਪਰਿਵਰਤਨ ਨੂੰ ਭੀ ਤੱਥਾਂ ਆਧਾਰਿਤ ਬਿਆਨ ਕੀਤਾ ਹੈ :

ਆਸਾੜੁ ਭਲਾ; ਸੂਰਜੁ ਗਗਨਿ () ਤਪੈ ਧਰਤੀ ਦੂਖ ਸਹੈ, ਸੋਖੈ, ਅਗਨਿ ਭਖੈ ਅਗਨਿ ਰਸੁ ਸੋਖੈ, ਮਰੀਐ ਧੋਖੈ; ਭੀ ਸੋ ਕਿਰਤੁ ਹਾਰੇ ਰਥੁ ਫਿਰੈ, ਛਾਇਆ ਧਨ ਤਾਕੈ; ਟੀਡੁ ਲਵੈ ਮੰਝਿ ਬਾਰੇ ਅਵਗਣ ਬਾਧਿ ਚਲੀ, ਦੁਖੁ ਆਗੈ; ਸੁਖੁ ਤਿਸੁ, ਸਾਚੁ ਸਮਾਲੇ ਨਾਨਕ  ! ਜਿਸ ਨੋ ਇਹੁ ਮਨੁ ਦੀਆ; ਮਰਣੁ ਜੀਵਣੁ ਪ੍ਰਭ ਨਾਲੇ (ਤੁਖਾਰੀ ਬਾਰਹਮਾਹਾ/ਮਹਲਾ /੧੧੦੮) ਇਨ੍ਹਾਂ ਅਰਥਾਂ ਨੂੰ ਗਹੁ ਨਾਲ਼ ਵਿਚਾਰਿਆ ਜਾਏ ਤਾਂ ਪ੍ਰਤੱਖ ਜਾਪਦਾ ਹੈ ਕਿ ਇਸ ਵਾਕ ਅੰਦਰ ਗੁਰਮਤਿ, ਕੈਲੰਡਰ ਗਿਆਨ ਤੇ ਖਗੋਲ ਵਿਗਿਆਨ ਸਮੋਏ ਹੋਏ ਹਨ; ਜਿਵੇਂ ਕਿ

ਆਸਾੜੁ ਭਲਾ; ਸੂਰਜੁ ਗਗਨਿ ਤਪੈ ਧਰਤੀ ਦੂਖ ਸਹੈ ; ਸੋਖੈ, ਅਗਨਿ ਭਖੈ ਅਗਨਿ ਰਸੁ ਸੋਖੈ, ਮਰੀਐ ਧੋਖੈ; ਭੀ, ਸੋ ਕਿਰਤੁ ਹਾਰੇ   ਅਰਥ : ਜਦੋਂ ਹਾੜ ਦਾ ਮਹੀਨਾ ਪੂਰੇ ਜੋਬਨ ’ਚ ਹੁੰਦਾ ਹੈ ਤਾਂ ਅਕਾਸ਼ ’ਚ ਸੂਰਜ ਤਪਦਾ ਹੈ। ਧਰਤੀ ਅੱਗ ਵਾਙ ਭਖਦੀ ਹੈ। ਪਾਣੀ ਸੁੱਕ ਜਾਂਦਾ ਹੈ। ਧਰਤੀ ਦੁੱਖ ਸਹਾਰਦੀ ਹੈ ਭਾਵ ਧਰਤੀ ਦੇ ਜੀਵ ਜੰਤ ਗਰਮੀ ਨਾਲ਼ ਤਪਦੇ ਹਨ। ਬਨਸਪਤੀ ਪਾਣੀ ਤੋਂ ਬਿਨਾਂ ਸੁੱਕ ਜਾਂਦੀ ਹੈ; ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ ਭਾਵ ਅੱਗ ਵਾਙ ਭਖਦਾ ਰਹਿੰਦਾ ਹੈ। ਇਸੇ ਤਰ੍ਹਾਂ ਧਰਤੀ ਰੂਪ ਸਰੀਰ (ਜਿਵੇਂ ਕਿ ਵਾਕ ਹੈ ‘‘ਇਹੁ ਤਨੁ ਧਰਤੀ.. ’’ ਮਹਲਾ /੨੩) ਅੰਦਰ ਨਿਰਦਈਪੁਣਾ, ਮੋਹ, ਲੋਭ ਤੇ ਕ੍ਰੋਧ ਰੂਪ ਚਾਰੇ ਅੱਗਾਂ ਭਖਦੀਆਂ ਹਨ, ‘‘ਹੰਸੁ, ਹੇਤੁ, ਲੋਭੁ, ਕੋਪੁ ; ਚਾਰੇ ਨਦੀਆ ਅਗਿ ’’ (ਮਹਲਾ /੧੪੭); ਜਿਨ੍ਹਾਂ ਦੀ ਤਪਸ਼ ਕਾਰਨ ਪ੍ਰਭੂ ਦਾ ਨਾਮ ਰੂਪ ਜਲ (ਹਿਰਦੇ ’ਚੋਂ) ਸੁੱਕ ਜਾਂਦਾ ਹੈ ਤੇ ਹਿਰਦੇ ’ਚੋਂ ਸਤ, ਸੰਤੋਖ, ਦਇਆ, ਧਰਮ, ਧੀਰਜ ਵਾਲ਼ਾ ਸੁਭਾਅ ਖ਼ਤਮ ਹੋ ਜਾਂਦਾ ਹੈ ਤੇ ਮਨੁੱਖ ਦੁਖੀ ਰਹਿੰਦਾ ਹੈ। ਬਾਹਰ ਭੀ ਸੂਰਜ ਆਪਣੀ ਤਪਸ਼ ਦੇਣ ਵਾਲ਼ਾ ਸੁਭਾਅ ਨਹੀਂ ਛੱਡਦਾ ਯਾਨੀ ਅੱਗ ਵਾਙ ਭਖਦਾ ਰਹਿੰਦਾ ਹੈ। ਇਸ ਮੌਸਮ ਤੋਂ ਬਾਅਦ ਰੁੱਤ ’ਚ ਕੀ ਤਬਦੀਲੀ ਹੁੰਦੀ ਹੈ। ਉਸ ਦਾ ਜ਼ਿਕਰ ਅਗਾਂਹ ਕੀਤਾ ਹੈ, ‘‘ਰਥੁ ਫਿਰੈ, ਛਾਇਆ ਧਨ ਤਾਕੈ ; ਟੀਡੁ ਲਵੈ, ਮੰਝਿ ਬਾਰੇ’’

ਪਦ ਅਰਥ : ਰਥੁ ਫਿਰੈ  ਦੇ ਅਰਥ ਕੋਸ਼ ਅਤੇ ਟੀਕੇਕਾਰਾਂ ਨੇ ਇਸ ਤਰ੍ਹਾਂ ਕੀਤੇ ਹਨ :

(1).  ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ ਪੰਨਾ 1022  :  ਸੂਰਜ ਦਾ ਦੱਖਨਾਇਣ ਉੱਤਰਾਇਨ ਹੋਣਾ।

(2). ਫਰੀਦਕੋਟ ਟੀਕਾ : ਬਹੁੜੋ ਜਬ ਅਸਾੜ ਮਹੀਨੇ ਮੇਂ ਸੂਰਜ ਕਾ ਰਥ ਫਿਰਤਾ ਹੈ ਅਰਥਾਤ ਉਤ੍ਰਾਇਣ ਦਖਯਾਇਣ ਕੋ ਹੋਤਾ ਹੈ ਤਬ ਇਸਤ੍ਰੀਆਂ ਬ੍ਰਿਛਾਦਿਕੋਂ ਕੀ ਛਾਯਾ ਕੋ ਤਕਤੀ ਹੈਂ ਔਰ (ਬਾਰੇ) ਉਜਾੜੋਂ ਕੇ ਬੀਚ (ਟੀਡੁ) ਬਿੰਡੇ (ਲਵੈ) ਬੋਲਤੇ ਹੈਂ।  ਪੁਨਾ : ਅੰਤ੍ਰੀਵ ਅਰਥ : ਜਬ ਅਗ੍ਯਾਨ ਕਾ ਰਥੁ ਫਿਰਾ ਤਬ ਜਗ੍ਯਾਸੂ ਰੂਪ ਇਸਤ੍ਰੀ ਇਕਾਗਰਤਾ ਵਾ ਸਾਂਤੀ ਰੂਪ ਛਾਯਾ ਕੋ ਤਕ ਰਹੀ ਹੈਂ ਔਰ ਕਾਮ, ਕ੍ਰੋਧਾਦਿ ਬਿਕਾਰ ਰੂਪ ਬਿੰਡੇ ਅੰਤਹਿਕਰਣ ਵਾ ਸਰੀਰ ਰੂਪੀ (ਬਾਰੇ) ਉਜਾੜ ਮੇਂ ਬੋਲਤੇ ਹੈਂ, ਭਾਵ ਅਪਨੇ ਅਪਨੇ ਵਿਸ਼ਿਓਂ ਕੀ ਖੈਂਚ ਖੈਂਚ ਕਰਤੇ ਹੈਂ।

(3). ਸੰਪ੍ਰਦਾਈ ਟੀਕਾ ਸੰਤ ਕਿਰਪਾਲ ਸਿੰਘ ਅੰਮ੍ਰਿਤਸਰ : ਜਿਸ ਵੇਲੇ ਸੂਰਜ ਦਾ ਰਥ 13 ਹਾੜ ਨੂੰ ਫਿਰਦਾ ਹੈ। ਤਾਂ ਧਨ = ਇਸਤ੍ਰੀਆਂ ਤੇ ਮੁਸਾਫਰ ਬ੍ਰਿਛਾਂ ਦੀ ਛਾਇਆ ਤਾਕੈ = ਤੱਕਦੇ ਹਨ ਅਤੇ ਟੀਂਡੁ = ਬਿੰਡੇ । ਲਵੈ =ਬੋਲਦੇ ਹਨ।

(4). ਪਾਲ ਸਿੰਘ ਪੁਰੇਵਾਲ ਵੱਲੋਂ ਕੀਤੇ ਅੰਤਰੀਵ ਭਾਵ ਅਰਥ : ਹਾੜ ਦੇ ਮਹੀਨੇ ਸੂਰਜ ਅੱਗ ਵਾਙ ਤਪਦਾ ਹੈ ਹਰ ਜੀਵ ਗਰਮੀ ਨਾਲ ਤ੍ਰਾਹ ਤ੍ਰਾਹ ਕਰ ਉਠਦਾ ਹੈ। ਧਰਤੀ ਦੀ ਨਮੀ ਸੁੱਕ ਜਾਣ ਸਦਕਾ ਉਹ ਵੀ ਦੁੱਖ ਸਹਿੰਦੀ ਹੈ। ਇਸ ਹਾਲਤ ’ਚ ਦੁਨਿਆਵੀ ਤੌਰ ’ਤੇ ਹਰ ਪ੍ਰਾਣੀ, ਰੁੱਤ ਦੀ ਇਸ ਤਬਦੀਲੀ ਦੀ ਉਡੀਕ ਵਿੱਚ ਹੈ ਕਿ ਕਦੋਂ ਸਾਵਣ ਦਾ ਮਹੀਨਾ ਆਵੇ ਜਿਸ ਦੌਰਾਨ ਵਰਖਾ ਹੋਣ ਕਰਕੇ ਜੇਠ ਹਾੜ ਮਹੀਨੇ ਦੀ ਤਪਸ਼ ਤੋਂ ਛੁਟਕਾਰਾ ਮਿਲੇ।

ਸੋ ਜਿਸ ਸਮੇਂ ਸੂਰਜ ਦਾ ਰਥ ਫਿਰਦਾ ਹੈ (Summer Solstice) ਭਾਵ ਸੂਰਜ ਉੱਤਰਾਇਣ ਤੋਂ ਦੱਖਨਾਇਣ ਨੂੰ ਮੁੜਦਾ ਹੈ। ਇਸ ਦਾ ਅੰਦਾਜ਼ਾ ਪੁਰਾਤਨ ਸਮੇਂ ਵਿੱਚ ਨੀਝ ਸ਼ਾਲਾਵਾਂ ’ਚ ਵਿਗਿਆਨੀ (ਜੀਵ ਇਸਤ੍ਰੀ) ਖੁਲ੍ਹੇ ਮੈਦਾਨ ਵਿੱਚ ਲੰਬਕਾਰ ਸਿੱਧੇ ਖੜ੍ਹੇ ਖੰਭੇ ਦੀ ਛਾਂ ਵੇਖ ਕੇ ਲਗਾਉਂਦੇ ਸਨ ਕਿ ਜਿਸ ਦਿਨ ਸੋਲਰ ਦੁਪਹਿਰ ਸਮੇਂ ਖੰਭੇ ਦੀ ਛਾਂ ਛੋਟੀ ਤੋਂ ਛੋਟੀ ਹੁੰਦੀ ਹੈ, ਉਸ ਦਿਨ ਤੋਂ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ), ਮੀਂਹ ਪੈਣ ਬਾਅਦ ਗਰਮੀ ਤੋਂ ਰਾਹਤ ਮਿਲਣ ਕਰਕੇ ਹਰ ਜੀਵ ਸੁੱਖ ਮਹਿਸੂਸ ਕਰਦਾ ਹੈ, ਖੁਸ਼ੀ ਵਿੱਚ ਆਏ ਬਿੰਡੇ ਜੂਹਾਂ ਵਿੱਚ ਬੋਲਦੇ ਹਨ। ਬਿਲਕੁਲ ਇਸੇ ਤਰ੍ਹਾਂ ਜਦੋਂ ਅੰਤਹਿਕਰਣ ’ਚ ਨਾਮ ਦੀ ਅੰਮ੍ਰਿਤ ਵਰਖਾ ਹੋਣ ਕਾਰਨ ਮਾਇਆ ਦੇ ਰੂਪ ਹੰਸੁ, ਹੇਤੁ, ਲੋਭੁ, ਕੋਪੁ (ਚਾਰੇ ਅਗਨੀਆਂ) ਦਾ ਪ੍ਰਭਾਵ ਵੀ ਘਟ ਜਾਂਦੈ, ਜਿਸ ਦਾ ਅੰਦਾਜ਼ਾ ਜੀਵ ਇਸਤ੍ਰੀ ਇਸ ਗੱਲ ਤੋਂ ਲਗਾਉਂਦੀ ਹੈ ਕਿ ਮਾਇਆ ਦਾ ਪ੍ਰਭਾਵ ਘਟਣ ਕਰਕੇ ਉਸ ਦੇ ਧਰਤੀ ਰੂਪ ਸਰੀਰ ਅੰਦਰ ਸਤ, ਸੰਤੋਖ, ਦਇਆ, ਧਰਮ ਆਦਿਕ ਸ਼ੁਭ ਗੁਣ ਉਸੇ ਤਰ੍ਹਾਂ ਪ੍ਰਫੁਲਿਤ ਹੋਣੇ ਸ਼ੁਰੂ ਹੋ ਜਾਂਦੇ ਹਨ ਜਿਵੇਂ ਵਰਖਾ ਪੈਣ ਉਪਰੰਤ ਬਿੰਡੇ ਬੋਲਦੇ ਹਨ। ਬਨਸਪਤੀ ਉੱਗਣ ਨਾਲ ਧਰਤੀ ਹਰੀ ਭਰੀ ਹੋ ਜਾਂਦੀ ਹੈ। ਠੀਕ ਇਸੇ ਤਰ੍ਹਾਂ ਅਧਿਆਤਮਕ ਤੌਰ ’ਤੇ ਜੀਵ ਇਸਤ੍ਰੀ ਉਸ ਸਮੇਂ ਦੀ ਉਡੀਕ ਕਰਦੀ ਹੈ ਕਿ ਗੁਰੂ ਦੀ ਕ੍ਰਿਪਾ ਦੁਆਰਾ ਕਦੋਂ ਇਸ ਵਾਕ (ਸਾਵਣਿ, ਸਰਸੀ ਕਾਮਣੀ ; ਚਰਨ ਕਮਲ ਸਿਉ ਪਿਆਰੁ ) ਵਾਲਾ ਸਮਾਂ ਆਵੇ ਭਾਵ ਨਾਮ ਅੰਮ੍ਰਿਤ ਜਲ ਦੀ ਵਰਖਾ ਹੋਵੇ, ਜਿਸ ਸਦਕਾ ਉਸ ਦੇ ਮਨ ਵਿੱਚੋਂ ਵਿਕਾਰਾਂ ਦਾ ਪ੍ਰਭਾਵ (ਛਾਇਆ) ਘਟੇ ਅਤੇ ਪ੍ਰਭੂ ਦੇ ਚਰਨਾਂ ਨਾਲ ਪਿਆਰ ਬਣੇ।

ਅਵਗਣ ਬਾਧਿ ਚਲੀ, ਦੁਖੁ ਆਗੈ, ਸੁਖੁ ਤਿਸੁ, ਸਾਚੁ ਸਮਾਲੇ ਨਾਨਕ  ! ਜਿਸ ਨੋ ਇਹੁ ਮਨੁ ਦੀਆ; ਮਰਣੁ ਜੀਵਣੁ ਪ੍ਰਭ ਨਾਲੇ ਪਦ ਅਰਥ : ਬਾਧਿ = ਬੰਨ੍ਹ ਕੇ। ਚਲੀ = ਤੁਰਦੀ ਹੈ। ਆਗੈ = ਅਗਾਂਹ ਸਾਮ੍ਹਣੇ, ਜ਼ਿੰਦਗੀ ਦੇ ਸਫ਼ਰ ਵਿਚ। ਸਾਚੁ = ਸਦਾ-ਥਿਰ ਪ੍ਰਭੂ। ਸਮਾਲੇ = ਹਿਰਦੇ ਵਿਚ ਸੰਭਾਲਦੀ ਹੈ। ਇਹੁ ਮਨੁ = ਸੱਚ ਸੰਭਾਲਣ ਵਾਲਾ ਮਨ। ਮਰਣੁ ਜੀਵਣੁ = ਹਰ ਵੇਲੇ ਦਾ ਸਾਥ ॥੮॥

 (ਐਸੀ ਮਾਨਸਿਕ ਤਪਸ਼ ਦਾ) ਦੁੱਖ ਉਸ ਜੀਵ-ਇਸਤ੍ਰੀ ਦੇ ਸਾਮ੍ਹਣੇ (ਭਾਵ ਜੀਵਨ-ਸਫ਼ਰ ’ਚ) ਮੌਜੂਦ ਹੁੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਸਿਰੇ ਉੱਤੇ) ਬੰਨ੍ਹ ਕੇ ਤੁਰਦੀ ਹੈ। ਆਤਮਕ ਅਨੰਦ ਕੇਵਲ ਉਸ ਨੂੰ ਹੈ, ਜੋ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ’ਚ ਟਿਕਾ ਰੱਖਦੀ ਹੈ।

ਭਾਵ ਜੋ ਰੱਬੀ ਨਾਮ ਹਿਰਦੇ ’ਚ ਵਸਾਈ ਰੱਖਦਾ ਹੈ, ਉਸ ਨੂੰ ਜ਼ਿੰਦਗੀ ’ਚ ਹਾੜ ਦੀ ਕਹਰ ਵਾਲ਼ੀ ਇਸ ਤਪਸ਼ ਵਰਗਾ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ।

ਹਰ ਪਹਿਲੂ ਨੂੰ ਵਿਚਾਰਨ ਪਿੱਛੋਂ ਸ: ਪਾਲ ਸਿੰਘ ਪੁਰੇਵਾਲ ਵੱਲੋਂ ਕੀਤੇ ਇਹ ਅਰਥ ਅਧਿਆਤਮਿਕ ਤੌਰ ’ਤੇ ਗੁਰਮਤਿ ਅਤੇ ਕੈਲੰਡਰ ਵਿਗਿਆਨ/ਖਗੋਲ ਵਿਗਿਆਨ ਦੇ ਵਧੇਰੇ ਨੇੜੇ ਜਾਪਦੇ ਹਨ। ਕੈਲੰਡਰ/ਖਗੋਲ ਵਿਗਿਆਨ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਵੇਲੇ (ਭਾਵ 1469 ਤੋਂ 1539 ਦੌਰਾਨ) ਹਾੜ੍ਹ ਮਹੀਨੇ ਦੇ 31/32 ਦਿਨਾਂ ਦਾ ਅੱਧ (ਹਾੜ ਮਹੀਨੇ ਦੇ ਜੋਬਨ ਦਾ ਸਮਾਂ) ੧੫/੧੬ ਹਾੜ ਨੂੰ Summer Solstice ਹੁੰਦਾ ਸੀ ਭਾਵ ਰਥ ਫਿਰਦਾ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ (ਸੰਨ 1666-1708 ਦੌਰਾਨ) ੧੨/੧੩ ਹਾੜ ਦੇ ਆਸ ਪਾਸ ਫਿਰਦਾ ਸੀ, ਜਿਸ ਦਾ ਜ਼ਿਕਰ ਸੰਪ੍ਰਦਾਈ ਟੀਕਾ ਸੰਤ ਕਿਰਪਾਲ ਸਿੰਘ ਅੰਮ੍ਰਿਤਸਰ ’ਚ ਕੀਤਾ ਹੈ। ਅੱਜ ਕੱਲ੍ਹ ਇਹ ਰਥ ੬/੭ ਹਾੜ ਨੂੰ ਫਿਰਦਾ ਹੈ।

ਸੋ ਗੁਰਬਾਣੀ ਦੇ ਇਨ੍ਹਾਂ ਅਰਥਾਂ ਨੂੰ ਵਿਚਾਰਿਆਂ ਹਿਰਦਾ ਗਦ ਗਦ ਹੋ ਉੱਠਦਾ ਹੈ ਕਿ ਗੁਰੂ ਸਾਹਿਬ ਨੇ ਰੂਹਾਨੀਅਤ ਉਪਦੇਸ਼ ਨੂੰ ਸਪਸ਼ਟ ਕਰਨ ਲਈ ਕਿਵੇਂ ਤਾਰਾ ਮੰਡਲ ਅਤੇ ਮੌਸਮੀ ਤਬਦੀਲੀ ਨੂੰ ਮਿਸਾਲ ਵਜੋਂ ਬਿਲਕੁਲ ਸਹੀ ਬਿਆਨ ਕੀਤਾ ਹੈ, ਜਿਸ ਨੂੰ ਆਧੁਨਿਕ ਖਗੋਲ ਵਿਗਿਆਨ ਦੀਆਂ ਖੋਜਾਂ ਭੀ ਗ਼ਲਤ ਸਾਬਤ ਨਹੀਂ ਕਰਦੀਆਂ। ਫਰੀਦਕੋਟੀ ਟੀਕੇ ’ਚ ਭਾਵੇਂ ਕੋਈ ਤਾਰੀਖ਼ ਨਹੀਂ ਲਿਖੀ, ਪਰ ਸੰਪ੍ਰਦਾਈ ਟੀਕੇ ’ਚ ਲਿਖੀ ਤਾਰੀਖ਼ ੧੩ ਹਾੜ ਪੂਰੀ ਤਰ੍ਹਾਂ ਸਹੀ ਸਿੱਧ ਹੁੰਦੀ ਹੈ।

ਤੀਜਾ ਸਬੂਤ ਇਹ ਹੈ ਕਿ ਪੰਜਾਬ ’ਚ ਜਿੰਨੀਆਂ ਵੀ ਪੰਚਾਂਗਾਂ ਬਣਦੀਆਂ ਹਨ, ਉਨ੍ਹਾਂ ’ਚ ਅੱਜ ਭੀ 20-21 ਜੂਨ/੬-੭ ਹਾੜ ਦੀ ਤਾਰੀਖ਼ ਦੇ ਬਰਾਬਰ ਨੋਟ ਲਿਖਿਆ ਹੁੰਦਾ ਹੈ – ਸੂਰਜ ਸਾਈਨ ਕਰਕ ਵਿੱਚ, ਵਰਖਾ ਰੁੱਤ ਸ਼ੁਰੂ।

ਹਰ ਪ੍ਰਾਣੀਮਾਤ੍ਰ ਦੀ ਇਹ ਜਾਣੀ ਪਛਾਣੀ ਗੱਲ ਹੈ ਕਿ ਜੂਹਾਂ ’ਚ ਬਿੰਡੇ ਕੇਵਲ ਵਰਖਾ ਤੋਂ ਬਾਅਦ ਹੀ ਬੋਲਦੇ ਸੁਣੇ ਜਾਂਦੇ ਹਨ ਅਤੇ ਕਿਸੇ ਨੇ ਕਦੀ ਵੀ ਹਾੜ ਦੇ ਮਹੀਨੇ ਸਿਖਰ ਦੁਪਹਿਰ ਨੂੰ ਬ੍ਰਿਛਾਂ ਦੀ ਛਾਂ ਹੇਠ ਬੋਲਦੇ ਨਹੀਂ ਸੁਣੇ। ਗੁਰੂ ਨਾਨਕ ਸਾਹਿਬ ਜੀ ਵੱਲੋਂ ਆਪਣੇ ਵਾਕ ’ਚ ‘ਟੀਡੁ ਲਵੈ= ਬਿੰਡਾ ਬੋਲਦਾ ਹੈ’, ਨੂੰ ਇੱਕ ਮੁਹਾਵਰੇ ਦੇ ਤੌਰ ’ਤੇ ਵਰਤਣਾ ਸੇਧ ਦਿੰਦਾ ਹੈ ਕਿ ਜਿਸ ਦਿਨ ਸੂਰਜ ਦਾ ਰਥ ਫਿਰਦਾ ਹੈ, ਉਸ ਦਿਨ ਤੋਂ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ ਤਾਹੀਓਂ ਬਿੰਡੇ ਬੋਲਦੇ ਹਨ।

ਸੋ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ (1469-1539); ਜਿਹੜਾ ਸੂਰਜ ਦਾ ਰਥ ੧੫/੧੬ ਹਾੜ ਨੂੰ ਫਿਰਦਾ ਸੀ, ਜੋ ਵੱਡੇ ਤੋਂ ਵੱਡਾ ਦਿਨ (Solstice) ਹੁੰਦਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ (1666-1708); ਉਹ ਸੂਰਜ ਦਾ ਰਥ ੧੨/੧੩ ਹਾੜ ਨੂੰ ਫਿਰਦਾ ਸੀ ਅਤੇ ਹੁਣ (ਸੰਨ 2024) ਨੂੰ ੭ ਹਾੜ ਨੂੰ ਫਿਰਿਆ ਹੈ ਭਾਵ ਕੇਵਲ 550 ਕੁ ਸਾਲਾਂ ’ਚ ਰਥ ਫਿਰਨ ਦੀ ਕ੍ਰਿਆ (Solstice) ’ਚ 8/9 ਦਿਨਾਂ ਦਾ ਅੰਤਰ ਪੈ ਗਿਆ, ਫਿਰ ਭੀ ਅਸੀਂ ਆਪਣੇ ਕੈਲੰਡਰ ’ਚ ਸੋਧ ਕਰਨ ਲਈ ਤਿਆਰ ਨਹੀਂ ਹਾਂ ਜਦੋਂ ਕਿ ਗੋਰਿਆਂ ਨੂੰ 16ਵੀਂ ਸਦੀ ’ਚ ਇਹ ਪਤਾ ਲੱਗਾ ਕਿ ਜਿਹੜੇ Equinox 20/21 ਮਾਰਚ ਨੂੰ ਦਿਨ ਰਾਤ ਬਰਾਬਰ ਹੁੰਦੇ ਸੀ, ਉਹ 16ਵੀਂ ਸਦੀ ਤੱਕ ਹੀ 10/11 ਮਾਰਚ ਨੂੰ ਬਰਾਬਰ ਹੋ ਜਾਂਦੇ ਸਨ। ਉਨ੍ਹਾਂ ਨੇ 325 ਈਸਵੀ ਦੀਆਂ ਰੁੱਤਾਂ ਨੂੰ ਆਧਾਰ ਬਣਾ ਜਿਹੜੇ ਆਪਣੇ ਇਤਿਹਾਸਕ ਦਿਹਾੜੇ ਨਿਸ਼ਚਿਤ ਕੀਤੇ ਸਨ, ਉਹ 1250 ਕੁ ਸਾਲ ਬਾਅਦ (ਯਾਨੀ 16ਵੀਂ ਸਦੀ ਤੱਕ ਹੀ) ਤਕਰੀਬਨ 10 ਦਿਨ ਪਹਿਲਾਂ ਆ ਰਹੇ ਹਨ ਤਾਂ ਕੈਥੋਲਿਕ ਚਰਚ ਦੇ ਪੋਪ ਗ੍ਰੈਗਰੀ 8ਵੇਂ ਨੇ 4 ਅਕਤੂਬਰ 1582 ਦਿਨ ਵੀਰਵਾਰ ਤੋਂ ਅਗਲਾ ਦਿਨ ਸ਼ੁੱਕਰਵਾਰ ਨੂੰ 5 ਅਕਤੂਬਰ ਦੀ ਥਾਂ ਸਿੱਧੇ 15 ਅਕਤੂਬਰ ਐਲਾਨ ਦਿੱਤਾ। ਭਾਵੇਂ ਕਿ ਅਕਤੂਬਰ 1582 ਦਾ ਮਹੀਨਾ ਕੇਵਲ 21 ਦਿਨਾਂ ਦਾ ਹੀ ਰਹਿ ਗਿਆ ਭਾਵ 10 ਤਰੀਖ਼ਾਂ ਖ਼ਤਮ ਕਰ ਦਿੱਤੀਆਂ ਤਾਂ ਕਿ ਅਗਾਂਹ ਤੋਂ ਕੈਲੰਡਰ ਦਾ ਰੁੱਤਾਂ ਨਾਲੋਂ ਬਹੁਤਾ ਫ਼ਰਕ ਨਾ ਪਵੇ; ਲੀਪ ਸਾਲਾਂ ਦੇ ਨਿਯਮਾਂ ’ਚ ਭੀ ਸੋਧ ਕੀਤੀ ਗਈ; ਜਿਵੇਂ ਕਿ ਜੂਲੀਅਨ ਕੈਲੰਡਰ (ਉਹ ਕੈਲੰਡਰ ਜੋ ਸੰਨ 1582 ਤੋਂ ਪਹਿਲਾਂ ਲਾਗੂ ਸੀ) ’ਚ ਹਰ ਚੌਥਾ ਸਾਲ ਲੀਪ ਦਾ ਹੁੰਦਾ ਸੀ, ਪਰ ਨਵੇਂ ਲਾਗੂ ਕੀਤੇ ਗ੍ਰੈਗੋਰੀਅਨ ਕੈਲੰਡਰ (ਉਹ ਕੈਲੰਡਰ, ਜੋ 1582 ਤੋਂ ਬਾਅਦ ਸ਼ੁਰੂ ਹੋਇਆ) ’ਚ ਸਦੀ ਵਾਲਾ ਸਾਲ ਕੇਵਲ ਉਹੀ ਲੀਪ ਸਾਲ ਮੰਨਿਆ ਜਾਏਗਾ, ਜਿਹੜੀ ਸਦੀ; 400 ’ਤੇ ਪੂਰੀ ਪੂਰੀ ਵੰਡੀ ਜਾਵੇਗੀ। ਲੀਪ ਸਾਲ ਦੇ ਬਦਲੇ ਇਸ ਨਿਯਮ ਅਨੁਸਾਰ 400 ਸਾਲਾਂ ਦੇ ਸੈੱਟ ’ਚ ਪਹਿਲਾਂ 100 ਲੀਪ ਦੇ ਸਾਲ ਹੁੰਦੇ ਸਨ, ਜੋ ਅਗਾਂਹ ਤੋਂ ਘਟਾ ਕੇ 97 ਕਰ ਦਿੱਤੇ। ਇਸ ਸੋਧ ਨਾਲ ਸਾਲ ਦੀ ਲੰਬਾਈ, ਜੋ ਪਹਿਲਾਂ 365.25 ਦਿਨ (365 ਦਿਨ 6 ਘੰਟੇ) ਹੁੰਦੀ ਸੀ, ਉਸ ਨੂੰ ਘਟਾ ਕੇ 365.2425 ਦਿਨ (365 ਦਿਨ 5 ਘੰਟੇ 49 ਮਿੰਟ 12 ਸੈਕੰਡ) ਕਰ ਦਿੱਤਾ ਕਿਉਂਕਿ ਰੁੱਤੀ/ਮੌਸਮੀ ਸਾਲ ਦੀ ਕੁੱਲ ਲੰਬਾਈ 365.242189 (365 ਦਿਨ 5 ਘੰਟੇ 48 ਮਿੰਟ 45 ਸਕਿੰਟ) ਦੇ ਵੱਧ ਤੋਂ ਵੱਧ ਨੇੜੇ ਲਿਆਉਣਾ ਜ਼ਰੂਰੀ ਸੀ। ਇਸ ਸੋਧ ਨਾਲ ਹੁਣ ਅਗਾਂਹ ਨੂੰ ਤਕਰੀਬਨ 3226 ਸਾਲਾਂ ਬਾਅਦ ਹੀ ਰੁੱਤਾਂ ਨਾਲੋਂ ਇੱਕ ਦਿਨ ਦਾ ਫਰਕ ਰਹੇਗਾ ਜਦੋਂ ਕਿ ਸਾਡੇ ਵੱਲੋਂ ਵਰਤੇ ਜਾ ਰਹੇ ਬਿਕ੍ਰਮੀ ਕੈਲੰਡਰ ’ਚ ਇਹ ਅੰਤਰ ਤਕਰੀਬਨ 70-71 ਸਾਲਾਂ ’ਚ ਹੀ ਪੈ ਜਾਂਦਾ ਹੈ, ਫਿਰ ਵੀ ਕੈਲੰਡਰ ’ਚ ਸੋਧ ਕਰਨ ਲਈ ਭਾਰੀ ਅੜੀਕੇ ਖੜ੍ਹੇ ਕੀਤੇ ਜਾ ਰਹੇ ਹਨ। ਇਸ ਦਾ ਅਸਲ ਕਾਰਨ ਹਿੰਦੂ ਬਿਕ੍ਰਮੀ ਕੈਲੰਡਰ ਨੂੰ ਅਪਣਾਅ ਕੇ ਆਪਣੇ ਆਪ ਨੂੰ ਪੰਡਿਤਾਂ ਦੇ ਨੇੜੇ ਰੱਖਣਾ ਹੈ ਤਾਹੀਓਂ ਉਹ ਕਹਿੰਦੇ ਹਨ ਕਿ ਸਿੱਖ ਧਰਮ; ਹਿੰਦੂ ਧਰਮ ਤੋਂ ਵੱਖਰਾ ਧਰਮ ਨਹੀਂ ਹੈ। ਇੱਥੇ ਆਰ.ਐੱਸ.ਐੱਸ. ਮੁਖੀ ਕੇ.ਐੱਸ. ਸੁਦਰਸ਼ਨ ਦਾ ਉਹ ਬਿਆਨ ਭੀ ਧਿਆਨ ਮੰਗਦਾ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਅਸੀਂ ਨਾਨਕਸ਼ਾਹੀ ਕੈਲੰਡਰ ਲਾਗੂ ਨਹੀਂ ਹੋਣ ਦੇਵਾਂਗੇ ਕਿਉਂਕਿ ਇਸ ਨਾਲ ਹਿੰਦੂ-ਸਿੱਖਾਂ ’ਚ ਦੂਰੀਆਂ ਵਧਣਗੀਆਂ। ਸੋ ਜਿਹੜੇ ਸਿੱਖੀ ਸਰੂਪ ’ਚ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਹਨ, ਉਹ ਸਿੱਧੇ ਹੀ ਆਰ.ਐੱਸ.ਐੱਸ. ਦੀਆਂ ਇਛਾਵਾਂ ਪੂਰੀਆਂ ਕਰ ਰਹੇ ਹਨ।

ਗੁਰੂ ਕਾ ਬਾਗ਼ ਮੋਰਚਾ

0

ਗੁਰੂ ਕਾ ਬਾਗ਼ ਮੋਰਚਾ

ਕਿਰਪਾਲ ਸਿੰਘ ਬਠਿੰਡਾ

੧੦ ਫੱਗਣ ਸੰਮਤ ੧੯੭੭/20 ਫ਼ਰਵਰੀ 1921 ਈ: ਨੂੰ ਵਾਪਰੇ ਸ੍ਰੀ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਤੋਂ ਬਾਅਦ ਅਕਾਲੀ ਲਹਿਰ ਦਾ ਇੱਕ ਹੋਰ ਮਹੱਤਵ ਪੂਰਨ ਸਾਕਾ ਗੁਰੂ ਕਾ ਬਾਗ਼ ਮੋਰਚਾ; ਸਿੰਘਾਂ ਦੇ ਸਾਮ੍ਹਣੇ ਆ ਗਿਆ। ਇਤਿਹਾਸਕ ਗੁਰਦੁਆਰਾ ਗੁਰੂ ਕਾ ਬਾਗ਼ ਅੰਮ੍ਰਿਤਸਰ ਤੋਂ 13 ਕੁ ਮੀਲ ਦੂਰ ਪਿੰਡ ਘੁਕੇਵਾਲੀ ’ਚ ਸਥਿਤ ਹੈ। ਇਸ ਸਥਾਨ ’ਤੇ 5ਵੇਂ ਅਤੇ 9ਵੇਂ ਗੁਰੂ ਸਾਹਿਬਾਨ ਨੇ ਆਪਣੇ ਪਾਵਨ ਚਰਨ ਪਾਏ ਸਨ। ਜਦੋਂ 9ਵੇਂ ਪਾਤਿਸ਼ਾਹ ਨੇ ਇੱਥੇ ਇੱਕ ਬਾਗ਼ ਲਗਵਾਇਆ ਤਾਂ ਇਸ ਦਾ ਨਾਂ ਗੁਰਦੁਆਰਾ ਗੁਰੂ ਕਾ ਬਾਗ਼ ਪੈ ਗਿਆ। ਇੱਥੋਂ ਦਾ ਮਹੰਤ ਸੁੰਦਰ ਦਾਸ ਬਹੁਤ ਹੀ ਘਟੀਆ ਆਚਰਨ ਦਾ ਮਾਲਕ ਸੀ। ਸ੍ਰੀ ਨਨਕਾਣਾ ਸਾਹਿਬ ਦਾ ਮਹੰਤ ਲਛਮਣ ਦਾਸ; ਇਸ ਸੁੰਦਰ ਦਾਸ ਦਾ ਲੰਗੋਟੀਆ ਯਾਰ ਸੀ। ਇਸੇ ਕਰਕੇ ਇਸ ਗੁਰਦੁਆਰੇ ’ਤੇ ਉਦਾਸੀ ਮਹੰਤ ਸੁੰਦਰ ਦਾਸ ਦਾ ਕਬਜ਼ਾ ਸੀ। ਇਸ ਵਿਭਚਾਰੀ ਮਹੰਤ ਨੇ ਬਿਨਾਂ ਸ਼ਾਦੀ ਕੀਤੇ ਦੋ ਜ਼ਨਾਨੀਆਂ (ਈਸਰੋ ਤੇ ਜਗਦੇਈ) ਰੱਖੀਆਂ ਹੋਈਆਂ ਸਨ। ਕਈ ਵੇਸਵਾਵਾਂ ਨਾਲ ਵੀ ਇਸ ਦੇ ਸਰੀਰਕ ਸਬੰਧ ਸਨ। ਜਦੋਂ ਹਰਿਮੰਦਰ ਸਾਹਿਬ ਸਮੇਤ ਕਈ ਹੋਰ ਗੁਰਦੁਆਰਿਆਂ ਦਾ ਪ੍ਰਬੰਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ’ਚ ਆ ਗਿਆ ਤਾਂ ਸੁਧਾਰਵਾਦੀ ਅਕਾਲੀਆਂ ਨੇ ਆਪਣਾ ਧਿਆਨ ਗੁਰੂ ਕੇ ਬਾਗ਼ ਵੱਲ ਮੋੜਿਆ।  31 ਜਨਵਰੀ, 1921 ਨੂੰ ਸ. ਦਾਨ ਸਿੰਘ ਦੀ ਅਗਵਾਈ ’ਚ ਕੁੱਝ ਸਿੱਖਾਂ ਨੇ ਮਹੰਤ ਨੂੰ ਸਮਝਾਇਆ ਕਿ ਉਹ ਆਪਣੇ ਆਪ ਨੂੰ ਸੁਧਾਰ ਲਵੇ। ਸਿੱਟੇ ਵਜੋਂ ਮਹੰਤ ਸ੍ਰੋ. ਗੁ. ਪ੍ਰ. ਕ. ਵੱਲੋਂ ਸਥਾਪਿਤ ਕੀਤੀ ਗਈ ਕਮੇਟੀ ਅਧੀਨ ਕੰਮ ਕਰਨ ਅਤੇ ਅੰਮ੍ਰਿਤਪਾਨ ਕਰਨ ਲਈ ਸਹਿਮਤ ਹੋ ਗਿਆ। ਉਸ ਨੇ ਦੋਵਾਂ ’ਚੋਂ ਇੱਕ ਔਰਤ ਈਸਰੋ ਨਾਲ ਅਨੰਦ ਕਾਰਜ ਕਰ, ਦੋਵੇਂ ਪਤੀ ਪਤਨੀ ਨੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕਣ ਤੋਂ ਬਾਅਦ ਮਹੰਤ ਸੁੰਦਰ ਦਾਸ ਦਾ ਨਾਮ ਜੋਗਿੰਦਰ ਸਿੰਘ ਅਤੇ ਈਸਰੋ ਦਾ ਨਾਮ ਗਿਆਨ ਕੌਰ ਰੱਖਿਆ ਗਿਆ, ਪਰ ਮਹੰਤ ਅੰਦਰੋਂ ਆਪਣੇ ਆਪ ਨੂੰ ਬਦਲ ਨਾ ਸਕਿਆ। ਉਸ ਦੇ ਮਨ ਅੰਦਰ ਅਜੇ ਵੀ ਉਹੀ ਸ਼ੈਤਾਨ ਬੈਠਾ ਸੀ। ਸਾਕਾ ਸ੍ਰੀ ਨਨਕਾਣਾ ਸਾਹਿਬ ਵੇਲੇ ਜੋ ਅੰਗਰੇਜ਼ ਸਰਕਾਰ ਦੀ ਨੀਤੀ ਸੀ ਅਤੇ ਉਹ, ਨਾਮਿਲਵਰਤਨੀਏ ਸਿੰਘਾਂ ’ਤੇ ਹੁੰਦੀ ਸਖਤੀ ਨੂੰ ਵੇਖ ਕੇ ਮੁੱਕਰ ਗਿਆ ਅਤੇ ਉਸ ਨੇ ਪਹਿਲਾਂ ਵਾਲੇ ਕੰਮ ਕਰਨੇ ਫਿਰ ਸ਼ੁਰੂ ਕਰ ਦਿੱਤੇ।

੨੪ ਸਾਵਣ ਬਿਕ੍ਰਮੀ ਸੰਮਤ ੧੯੭੮/8 ਅਗਸਤ 1921 ਨੂੰ ਕੁੱਝ ਸਿੱਖ; ਗੁਰ ਘਰ ਦੇ ਲੰਗਰ ਲਈ ਲੱਕੜਾਂ ਲੈਣ ਵਾਸਤੇ ਗੁਰਦੁਆਰੇ ਦੇ ਬਾਗ਼ ਵਿਚੋਂ ਇੱਕ ਸੁੱਕੀ ਕਿੱਕਰ ਨੂੰ ਕੱਟ ਰਹੇ ਸਨ ਤਾਂ ਮਹੰਤ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਸਰਕਾਰ ਨੇ ਅਕਾਲੀਆਂ ਨੂੰ ਦਬਾਉਣ ਲਈ ਚੰਗਾ ਮੌਕਾ ਸਮਝਿਆ ਤੇ ਗੁਰਦੁਆਰੇ ਦੇ 5 ਸੇਵਾਦਾਰਾਂ ਨੂੰ ਲੱਕੜਾਂ ਚੋਰੀ ਕਰਨ ਦੇ ਦੋਸ਼ ’ਚ 9 ਅਗਸਤ ਨੂੰ ਫੜ ਲਿਆ। ਅਦਾਲਤ ਨੇ ਉਹਨਾਂ ਨੂੰ ਚੋਰੀ ਦੇ ਜੁਰਮ ’ਚ ਹਰ ਇੱਕ ਨੂੰ 50-50 ਰੁਪਏ ਜੁਰਮਾਨਾ ਤੇ ਛੇ-ਛੇ ਮਹੀਨੇ ਕੈਦ ਦੀ ਸਜ਼ਾ ਸੁਣਾ ਦਿੱਤੀ।

ਜਿਸ ਜ਼ਮੀਨ ਵਿੱਚੋਂ ਲੰਗਰ ਦੇ ਬਾਲਣ ਲਈ ਲੱਕੜਾਂ ਕੱਟੀਆਂ ਗਈਆਂ, ਉਹ ਗੁਰਦੁਆਰੇ ਦੀ ਹੀ ਮਾਲਕੀਅਤ ਸੀ। ਇਸ ਲਈ ਸਜ਼ਾ ਕਿਸ ਗੱਲ ਦੀ ? ਸਰਕਾਰ ਦੀ ਇਸ ਕਾਰਵਾਈ ਨੂੰ ਸ੍ਰੋਮਣੀ ਕਮੇਟੀ ਨੇ ਸਿੱਖਾਂ ਦੇ ਅਧਿਕਾਰਾਂ ’ਤੇ ਨਾਜਾਇਜ਼ ਹਮਲਾ ਸਮਝਿਆ। ਸ੍ਰੋਮਣੀ ਕਮੇਟੀ ਨੇ ਲੰਗਰ ਲਈ ਲੱਕੜਾਂ ਕੱਟਣ ਦੇ ਹੱਕ ਦੀ ਰਾਖੀ ਅਤੇ ਸਰਕਾਰੀ ਧੱਕੇਬਾਜ਼ੀ ਦੇ ਵਿਰੁੱਧ ਸ਼ਾਂਤਮਈ ਸੰਘਰਸ਼ ਅਰੰਭ ਕਰ ਦਿੱਤਾ। ਹਰ ਰੋਜ਼ 5 ਨਿਹੱਥੇ ਸਿੱਖਾਂ ਦਾ ਜੱਥਾ ਅਕਾਲ ਤਖਤ ਤੋਂ ਅਰਦਾਸ ਕਰ ਕੇ ਤੇ ਸ਼ਾਂਤਮਈ ਰਹਿਣ ਦੀ ਸਹੁੰ ਚੁੱਕ ਕੇ ਗੁਰੂ ਦੇ ਬਾਗ਼ ਲਈ ਤੁਰਦਾ ਤੇ ਸ਼ਾਂਤਮਈ ਰਹਿ ਕੇ ਪੁਲਿਸ ਦੀ ਮਾਰ ਝੱਲਦਾ ਝੱਲਦਾ ਗ੍ਰਿਫ਼ਤਾਰ ਹੋ ਜਾਂਦਾ। ਇਨ੍ਹਾਂ ਨੂੰ ਗੁਮਟਾਲੇ ਦੇ ਪੁਲ ’ਤੇ ਰੋਕ ਕੇ ਬੜਾ ਮਾਰਿਆ ਕੁੱਟਿਆ ਜਾਂਦਾ ਅਤੇ ਗੁਰੂ ਦੇ ਬਾਗ਼ ਪਹੁੰਚਣ ਨਾ ਦਿੱਤਾ ਜਾਂਦਾ। ਕਈਆਂ ਦੇ ਸਿਰ ਪਾਟ ਗਏ ਤੇ ਕਈ ਡਿਗਦੇ ਹੀ ਬੇਹੋਸ਼ ਹੋ ਜਾਂਦੇ। ਕੁੱਟ ਮਾਰ ਪਿੱਛੋਂ ਪੁਲਿਸ ਫੜਦੀ ਅਤੇ ਦੂਰ-ਦੂਰਾਡੇ ਲਿਜਾ ਕੇ ਛੱਡ ਦਿੰਦੀ। ਇੱਧਰ ਜਥੇ ਦੇ ਸਿੰਘਾਂ ਦੀ ਗਿਣਤੀ ਵਧੀ ਤਾਂ ਉਧਰ ਪੁਲਿਸ ਮੁਖੀ ਬੀ. ਟੀ. ਨੇ ਉੱਚ ਅਫ਼ਸਰਾਂ ਨਾਲ ਮੀਟਿੰਗ ਕਰ ਸਿੰਘਾਂ ਉੱਤੇ ਸਖ਼ਤੀ ਹੋਰ ਤੇਜ਼ ਕਰ ਦਿੱਤੀ।  26 ਅਗਸਤ ਨੂੰ ਲੱਕੜਾਂ ਲੈਣ ਗਏ 36 ਸਿੰਘਾਂ ਦੇ ਜਥੇ ਦੀ ਸਖ਼ਤ ਮਾਰ ਕੁਟਾਈ ਕੀਤੀ ਗਈ। ਜਿਉਂ ਜਿਉਂ ਪੁਲਿਸ ਸਿੱਖਾਂ ’ਤੇ ਸਖ਼ਤੀ ਕਰਦੀ ਤਾਂ ਸਿੰਘਾਂ ਦਾ ਜੋਸ਼ ਵਧਦਾ ਜਾਂਦਾ।

ਇਸ ਸਮੇਂ ਸਿਵਲ ਨਾਫ਼ੁਰਮਾਨੀ ਦੀ ਲਹਿਰ ਸਰਕਾਰ ਨੇ ਦਬਾਅ ਛੱਡੀ ਸੀ। ਉਸ ਨੂੰ ਅਭਿਮਾਨ ਸੀ ਕਿ ਇਹ ਖ਼ਾਲਸਈ ਜੋਸ਼ ਵੀ ਮਾਰ-ਕੁਟਾਈ ਨਾਲ ਠੰਢਾ ਪਾ ਦਿੱਤਾ ਜਾਵੇਗਾ, ਪਰ ਉਸ ਦਾ ਇਹ ਅਨੁਮਾਨ ਗ਼ਲਤ ਨਿਕਲਿਆ।  30 ਅਗਸਤ ਨੂੰ 60 ਕੁ ਸਿੱਖਾਂ ਦਾ ਜੱਥਾ ਗੁਰੂ ਕੇ ਬਾਗ਼ ਵੱਲ ਰਵਾਨਾ ਹੋਇਆ, ਰਾਹ ’ਚ ਰਾਤ ਪੈ ਜਾਣ ’ਤੇ ਸਿੰਘ ਉੱਥੇ ਹੀ ਸੌਂ ਗਏ ਪਰੰਤੂ ਪੁਲਿਸ ਨੇ ਸੁੱਤੇ ਪਏ ਜੱਥੇ ਉੱਤੇ ਵੀ ਮਾਰ ਕੁਟਾਈ ਕੀਤੀ।  31 ਅਗਸਤ ਤੋਂ ਹਰ ਰੋਜ਼ 100-100 ਸਿੰਘਾਂ ਦਾ ਜੱਥਾ ਅਕਾਲ ਤਖ਼ਤ ਤੋਂ ਅਰਦਾਸਾ ਕਰ ਜਾਣ ਲੱਗਾ। ਰਸਤੇ ਵਿੱਚ ਹੀ ਜੱਥੇ ਉੱਤੇ ਸਖ਼ਤ ਮਾਰ ਕੁਟਾਈ ਹੁੰਦੀ ਤੇ ਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਕੁੱਟ-ਕੁੱਟ ਬੇਹੋਸ਼ ਕਰ ਸੁੱਟ ਦਿੱਤਾ ਜਾਂਦਾ। ਬਾਅਦ ’ਚ ਕਮੇਟੀ ਵੱਲੋਂ ਗੱਡੀਆਂ ਭੇਜੀਆਂ ਜਾਂਦੀਆਂ ਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਆ ਕੇ ਉਨ੍ਹਾਂ ਦੀ ਸੇਵਾ-ਸੰਭਾਲ ਕੀਤੀ ਜਾਂਦੀ। ਇਸ ਸਮੇਂ ਤਿੰਨ ਹਸਪਤਾਲ ਕੰਮ ਕਰ ਰਹੇ ਸਨ, ਜਿਨ੍ਹਾਂ ਦਾ ਰੋਜ਼ਾਨਾ ਤਿੰਨ ਹਜ਼ਾਰ ਰੁਪਿਆ ਖ਼ਰਚ ਪੈਂਦਾ ਸੀ, ਪਰ ਬਾਵਜੂਦ ਐਨੀ ਸਖ਼ਤੀ ਦੇ ਕਿਸੇ ਸਿੰਘ ਨੇ ਸ਼ਾਂਤਮਈ ਦੀ ਪ੍ਰਤਿੱਗਿਆ ਨਾ ਤੋੜੀ।  2 ਸਤੰਬਰ ਨੂੰ ਪੰਡਿਤ ਮਦਨ ਮੋਹਨ ਮਾਲਵੀਆ ਜੀ ਨੇ ਵੀ ਸਿੱਖਾਂ ਦੇ ਇਸ ਅਦੁੱਤੀ ਸੱਤਿਆਗ੍ਰਹਿ ਨੂੰ ਅੱਖੀਂ ਦੇਖ ਕੇ ਪ੍ਰਸੰਸਾ ਅਤੇ ਹਮਦਰਦੀ ਪ੍ਰਗਟ ਕੀਤੀ।  3 ਸਤੰਬਰ ਨੂੰ ਖ਼ੈਰ ਦੀਨ ਦੀ ਮਸਜਿਦ ’ਚ ਮੁਸਲਮਾਨਾਂ ਨੇ ਸੱਤਿਆਗ੍ਰਹੀ ਸਿੱਖਾਂ ਨਾਲ ਹਮਦਰਦੀ ਕਰਦਿਆਂ ਰੱਬ ਅੱਗੇ ਦੁਆ ਕੀਤੀ।

5 ਸਤੰਬਰ 1922 ਨੂੰ ਬੀ.ਟੀ. ਦੀ ਪੁਲਿਸੀ ਨੇ ਅਕਾਲੀਆਂ ਰੂੰ ਦੀ ਤਰ੍ਹਾਂ ਪਿੰਜਿਆ। ਅਕਾਲੀ ਮੋਰਚਾ ਜਥੇਦਾਰ ਪ੍ਰਿਥੀਪਾਲ ਸਿੰਘ ਲਾਇਲਪੁਰ ਨੂੰ 19 ਵੱਡੇ ਤੇ ਲਗਭਗ 100 ਛੋਟੇ ਜ਼ਖ਼ਮ ਹੋਏ। ‘ਮੁਸਲਮ ਆਊਟ ਲੁੱਕ’ 7 ਸਤੰਬਰ 1922 ਦੇ ਪਰਚੇ ’ਚ ਲਿਖਦਾ ਹੈ, ‘ਜਿਤਨੀ ਦੇਰ ਮਾਰ ਪੈਂਦੀ ਰਹੀ, ਨਗਾਰਾ ਵੱਜਦਾ ਰਿਹਾ, ਅਕਾਲੀ ਜ਼ਮੀਨ ’ਤੇ ਬੈਠ ਗਏ, ਉਨ੍ਹਾਂ ਦੀ ਪਿੱਠ, ਟੰਗਾਂ, ਗਿੱਟਿਆਂ ਅਤੇ ਕਈ ਹੋਰ ਹਿੱਸਿਆਂ ਤੇ ਡਾਂਗਾਂ ਮਾਰੀਆਂ ਗਈਆਂ। ਇਹ ਮਾਰ ਬਹੁਤ ਜ਼ਿਆਦਾ ਜ਼ਾਲਮਾਨਾ ਤੇ ਬੇਰਹਿਮੀ-ਭਰੀ ਸੀ, ਇਸ ਨੂੰ ਵੇਖਿਆ ਨਹੀਂ ਸੀ ਜਾ ਸਕਦਾ’। ਇਸੇ ਤਰ੍ਹਾਂ ਡਾ. ਖਾਨ ਚੰਦ ਦੇਵਾ ਅਕਾਲੀਆਂ ਦੀ ਮਾਨਸਿਕ ਦ੍ਰਿੜ੍ਹਤਾ ਦੀ ਪ੍ਰਸੰਸਾ ਕਰਦੇ ਕਹਿੰਦੇ ਹਨ, ‘ਇਹ ਅਕਾਲੀ ਲਹੂ ਹੱਡੀਆਂ ਦੇ ਨਹੀਂ ਸੀ ਬਣੇ ਹੋਏ, ਨਾ ਹੀ ਇਨ੍ਹਾਂ ਵਿੱਚ ਆਮ ਮਨੁੱਖਾਂ ਵਾਲੀ ਰੂਹ ਸੀ। ਇਨ੍ਹਾਂ ਦੇ ਸਰੀਰ ’ਤੇ ਰੂਹਾਨੀ ਸ਼ਕਤੀ ਸੱਚ ਮੁੱਚ ਅੰਦਾਜ਼ੇ ਤੋਂ ਬਾਹਰ ਸੀ।’ ਇਸੇ ਤਰ੍ਹਾਂ ਖ਼ਿਲਾਫ਼ਤ ਕਮੇਟੀ ਦੇ ਮੁਖੀ ਮਿਰਜ਼ਾ ਯਾਕੂਬ ਬੇਗ਼ ਜਿਨ੍ਹਾਂ ਕਾਫ਼ੀ ਅਰਸਾ ਜ਼ਖ਼ਮੀਆਂ ਦੀ ਡਾਕਟਰੀ ਸੇਵਾ ਕੀਤੀ, ਲਿਖਦੇ ਹਨ, ‘ਸਿੱਖ ਪੰਜਾਬ ਦੀਆਂ ਸਾਰੀਆਂ ਕੌਮਾਂ ਨਾਲੋਂ ਸਖ਼ਤ ਜਾਨ ਹਨ। ਜੇ ਇਤਨਾ ਕੁਟਾਪਾ ਕਿਸੇ ਹੋਰ ਕੌਮ ’ਤੇ ਪਿਆ ਹੁੰਦਾ ਤਾਂ ਉਹ ਬਹੁਤ ਦੁੱਖ ਮੰਨਦੀ, ਪਰ ਮੈਂ ਕਿਸੇ ਸਿੱਖ ਨੂੰ ਮਾਰ ਪੈਣ ਤੇ ‘ਹਾਇ ਹਾਇ’ ਕਰਦਿਆਂ ਨਹੀਂ ਦੇਖਿਆ ਤੇ ਨਾ ਹੀ ਕਿਸੇ ਨੇ ਕੁਟਾਈ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰਤੱਖ ਤੱਕਿਆ ਕਿ ਪੁਲਿਸ ਅੰਦਰ ਜ਼ੁਲਮ ਅਤੇ ਅਕਾਲੀਆਂ ਵਿੱਚ ਰੱਬ ਵੱਸਦਾ ਸੀ’।

9 ਸਤੰਬਰ ਨੂੰ ਪੁਲਿਸ ਨੇ ਰਾਹ ਦੀ ਚੌਂਕੀ ਉੱਠਾ ਲਈ ਤੇ ਰਸਤੇ ਵਿੱਚ ਕੀਤੀ ਜਾਂਦੀ ਮਾਰ-ਕੁਟਾਈ ਬੰਦ ਕਰ ਦਿੱਤੀ ਤੇ ਜੱਥਾ ਸਿੱਧਾ ਗੁਰੂ ਕੇ ਬਾਗ਼ ਵਿੱਚ ਪਹੁੰਚਿਆ, ਜਿੱਥੇ ਮਿਸਟਰ ਬੀ. ਟੀ. (ਡਿਪਟੀ ਸੁਪਰਡੰਟ ਪੁਲਿਸ) ਨੇ ਖ਼ੂਬ ਕੁਟਾਈ ਕਰਵਾਈ, ਪਰ ਸਿੰਘਾਂ ਦੀ ਕੁਰਬਾਨੀ ’ਤੇ ਧਾਰਮਿਕ ਉਤਸ਼ਾਹ ਵੀ ਲਾਸਾਨੀ ਸੀ। ਉਹ ਡਾਂਗਾਂ ਦੀਆਂ ਮਾਰਾਂ ਖਾਂਦੇ ‘ਵਾਹਿਗੁਰੂ ਵਾਹਿਗੁਰੂ’ ਆਖਦੇ ਤੇ ਕਈ ਵੇਰ ਇਹ ਵੀ ਕਹਿੰਦੇ ਕਿ ‘ਹੋਰ ਗੱਫੇ ਬਖ਼ਸ਼ੋ।’ ਸਿੱਖਾਂ ਦੀ ਅਜਿਹੀ ਸਪਿਰਟ ਦੇਖ ਦੇਖ ਹਰ ਗ਼ੈਰ ਸਿੱਖ ਨੇ ਵੀ ਸਿੰਘਾਂ ਦੀ ਪ੍ਰਸੰਸਾ ਕੀਤੀ।

ਇੱਕ ਪ੍ਰਸਿੱਧ ਇਸਾਈ ਪਾਦਰੀ Rev.C. F. Andrews ਜਿਸ ਨੇ ਇਹ ਜ਼ੁਲਮ ਆਪਣੀ ਅੱਖੀਂ ਵੇਖਿਆ ਸੀ; ਲਿਖਦਾ ਹੈ ਕਿ ‘ਇਹ ਅੰਗਰੇਜ਼ ਸਰਕਾਰ ਦੀ ਨੈਤਿਕ ਹਾਰ, ਕਾਇਰਤਾ ਅਤੇ ਅਣਮਨੁੱਖੀ ਵਿਹਾਰ ਦੀ ਨਿਸ਼ਾਨੀ ਹੈ’। ਉਸ ਨੇ ਪੰਜਾਬ ਦੇ ਗਵਰਨਰ ਨੂੰ ਲਿਖਿਆ ਕਿ ਉਸ ਨੇ ਆਪਣੀ ਅੱਖਾਂ ਨਾਲ ਗੁਰੂ ਕੇ ਬਾਗ਼ ’ਚ ਜ਼ੁਲਮ ਹੁੰਦਾ ਵੇਖਿਆ ਹੈ। ਇਹ ਉਹ ਨਜ਼ਾਰਾ ਸੀ ਜਿਹੜਾ ਉਹ ਫਿਰ ਕਦੇ ਦੇਖਣਾ ਨਹੀਂ ਚਾਹੁੰਦਾ। ਉਸ ਨੇ ਇਹ ਵੀ ਲਿਖਿਆ ਕਿ ਉਹ ਇਹ ਨਿਰਦਈ ਤੇ ਅਤਿਅੰਤ ਵਹਿਸ਼ੀਆਨਾ ਕਾਰਵਾਈ ਬੰਦ ਕਰੇ। ਉਸ ਦੇ ਸ਼ਬਦ ਬੜੇ ਭਾਵਪੂਰਤ ਤੇ ਕਰੁਣਾਮਈ ਸਨ। ਉਸ ਨੇ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਦੱਸਿਆ ਕਿ ਉਸ ਨੇ ਇਤਿਹਾਸ ’ਚ ਇੱਕ ਈਸਾ ਮਸੀਹ ਨੂੰ ਸੂਲੀ ਚੜ੍ਹਾਏ ਜਾਣ ਦੀ ਗਾਥਾ ਪੜ੍ਹੀ ਹੈ, ਪਰ ਆਪਣੀਆਂ ਅੱਖਾਂ ਨਾਲ ਗੁਰੂ ਕੇ ਬਾਗ਼ ਵਿੱਚ ਹਜ਼ਾਰਾਂ ਈਸਾ ਮਸੀਹ ਫਾਂਸੀ ਲੱਗਦੇ ਵੇਖੇ ਹਨ, ਜੋ ਸ਼ਾਂਤੀ ਦਾ ਉਪਦੇਸ਼ ਦਿੰਦੇ ਵਿਖਾਈ ਦਿੰਦੇ ਦਿੱਸ ਰਹੇ ਹਨ। ਉਸ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ, ਜਿਸ ’ਤੇ 13 ਸਤੰਬਰ ਨੂੰ ਮੈਕਲੈਗਨ ਖ਼ਦ ਗੁਰੂ ਕੇ ਬਾਗ਼ ਪੁੱਜਾ, ਜਿਸ ਦੇ ਫਲਸਰੂਪ ਸਿੰਘਾਂ ’ਤੇ ਤਸ਼ੱਦਦ ਹੋਣਾ ਬੰਦ ਹੋ ਗਿਆ, ਪਰ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ, ਜੋ 17 ਨਵੰਬਰ 1922 ਤੱਕ ਚੱਲਿਆ।

ਹੁਣ ਤੱਕ 1300 ਦੇ ਲਗਭਗ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਸਨ। ਪਹਿਲੇ 20-20 ਸਿੰਘਾਂ ਦਾ ਜੱਥਾ ਜਾਂਦਾ ਰਿਹਾ ਅਤੇ 10 ਅਕਤੂਬਰ ਤੋਂ 100-100 ਦਾ ਜੱਥਾ ਰੋਜ਼ਾਨਾ ਜਾਣ ਲੱਗਾ।  25 ਅਕਤੂਬਰ ਨੂੰ ਰਸਾਲਦਾਰ ਅਨੂਪ ਸਿੰਘ ਦੀ ਜਥੇਦਾਰੀ ਹੇਠ 100 ਫ਼ੌਜੀ ਸਿੱਖ ਪੈਨਸ਼ਨਰਾਂ ਦਾ ਜੱਥਾ ਗਿਆ। ਦੂਰ ਦੂਰ ਤੋਂ ਹਿੰਦੂ ਮੁਸਲਮਾਨ ਸਿੰਘਾਂ ਦੇ ਇਸ ਮੋਰਚੇ ਨੂੰ ਵੇਖਣ ਲਈ ਆਉਂਦੇ ਤੇ ਸਰਕਾਰ ਨੂੰ ਫਿਟਕਾਰਾਂ ਪਾਉਂਦੇ। ਸੱਯਦ ਬੁੱਧੂ ਸ਼ਾਹ ਦੀ ਸੰਤਾਨ ਨੇ ਵੀ ਇਸ ਸੱਤਿਆਗ੍ਰਹਿ ਲਈ ਆਪਣਾ ਆਪ ਪੇਸ਼ ਕੀਤਾ। ਗ੍ਰਿਫ਼ਤਾਰ ਹੋਣ ਵਾਲੇ ਸਿੰਘਾਂ ਨੂੰ ਸਰਕਾਰ ਭੁੱਖਣ-ਭਾਣੇ ਲਿਜਾ ਕੇ ਦੂਰ ਦੂਰ ਜੇਲ੍ਹ ਖਾਨਿਆਂ ’ਚ ਜਾ ਸੁੱਟਦੀ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਨੱਕੋ-ਨੱਕ ਭਰੀਆਂ ਪਈਆਂ ਸਨ। ਕੋਈ ਖ਼ਾਲੀ ਥਾਂ ਨਹੀਂ ਸੀ ਰਿਹਾ।

ਨਿਹੱਥੇ ਤੇ ਸ਼ਾਂਤਮਈ ਅਕਾਲੀਆਂ ’ਤੇ ਕੀਤੇ ਜ਼ੁਲਮ ਨੇ ਲੋਕਾਂ ਉੱਤੇ ਡੂੰਘਾ ਪ੍ਰਭਾਵ ਪਾਇਆ। ਗੋਰਖੇ ਸਿਪਾਹੀਆਂ ਨੇ ਨਿਹੱਥੇ ਤੇ ਸ਼ਾਂਤਮਈ ਅਕਾਲੀਆਂ ਨੂੰ ਮਾਰਨ-ਕੁੱਟਣ ਤੋਂ ਇਨਕਾਰ ਕਰ ਦਿੱਤਾ। ਮਨੁੱਖਤਾ ਨਾਲ ਹਮਦਰਦੀ ਰੱਖਣ ਵਾਲੇ ਵੱਖ-ਵੱਖ ਧਰਮਾਂ ਦੇ ਲੋਕ ਵੀ ਭਾਰੀ ਸੰਖਿਆ ’ਚ ਗੁਰੂ ਕੇ ਬਾਗ਼ ਪੁੱਜਣ ਲੱਗੇ। ਇਨ੍ਹਾਂ ਵਿੱਚ ਅੰਗਰੇਜ਼ ਪਾਦਰੀ ਸੀ. ਐਫ. ਐਂਡਰੀਊਜ਼, ਪੰਡਿਤ ਮਦਨ ਮੋਹਨ ਮਾਲਵੀਆ, ਪ੍ਰੋ: ਰੁਚੀ ਰਾਮ ਸਾਹਨੀ, ਹਕੀਮ ਅਜਮਲ ਖਾਂ, ਸ੍ਰੀਮਤੀ ਸਰੋਜਨੀ ਨਾਇਡੂ ਖ਼ਾਸ ਵਰਣਨਯੋਗ ਹਨ। ਪ੍ਰਸਿਧ ਹਿੰਦੂ, ਮੁਸਲਮਾਨ ਆਗੂ ਤੇ ਅਸੰਬਲੀਆਂ ਦੇ ਮੈਂਬਰ ਅਤੇ ਭਾਰੀ ਸੰਖਿਆ ’ਚ ਲੋਕ ਗੁਰੂ ਕੇ ਬਾਗ਼ ਪੁੱਜਣ ਲੱਗੇ। ਕਈ ਭਾਰਤੀ ਅਤੇ ਵਿਦੇਸ਼ੀ ਅਖਬਾਰਾਂ ਦੇ ਪੱਤਰਕਾਰਾਂ ਨੇ ਵੀ ਇਸ ਅਦੁੱਤੀ ਸਖ਼ਤੀ ਨੂੰ ਆਪਣੀ ਅੱਖੀਂ ਵੇਖਿਆ ਤੇ ਆਪਣੇ ਅਖ਼ਬਾਰਾਂ ’ਚ ਛਾਪਿਆ। ਇਸ ਕਾਰਨ ਸੰਸਾਰ ਦੇ ਲੋਕਾਂ ਦੀ ਰਾਏ ਸਰਕਾਰ ਵਿਰੁਧ ਹੋ ਗਈ। ਇੱਕ ਵਿਦੇਸ਼ੀ A.L. Verges ਨੇ ਇਸ ਸਾਕੇ ਦੀ ਇੱਕ ਫਿਲਮ ਬਣਾਈ, ਜਿਸ ਵਿੱਚ ਸਰਕਾਰ ਦੀ ਇਸ ਨਾਜਾਇਜ਼ ਸਖ਼ਤੀ ਨੂੰ ਘਿਰਣਾਯੋਗ ਦਰਸਾਇਆ, ਅਕਾਲੀਆਂ ਦੇ ਸਬਰ ਅਤੇ ਸ਼ਾਂਤਮਈ ਰਹਿਣ ਦੀ ਬਹੁਤ ਸ਼ਲਾਘਾ ਕੀਤੀ ਅਤੇ ਇਸ ਅਹਿੰਸਕ ਮੋਰਚੇ ਨੂੰ ਸੰਸਾਰ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਦਰਸਾਇਆ। ਹਜ਼ਾਰਾਂ ਸਰੋਤਿਆ ਨੂੰ ਸੰਬੋਧਨ ਕਰਦਿਆਂ ਪੰਡਿਤ ਮਦਨ ਮੋਹਨ ਮਾਲਵੀਆ ਨੇ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਸਖ਼ਤੀ ਦੀ ਕਰੜੇ ਸ਼ਬਦਾਂ ’ਚ ਆਲੋਚਨਾ ਕੀਤੀ ਅਤੇ ਸਰਕਾਰ ਨੂੰ ਸਲਾਹ ਦਿੱਤੀ ਕਿ ਇਸ ਨੂੰ ਤੁਰੰਤ ਬੰਦ ਕਰੇ।

ਗੁਰੂ ਕੇ ਬਾਗ਼ ਦੇ ਚੱਲਦੇ ਮੋਰਚੇ ਦੌਰਾਨ ਇੱਕ ਹੋਰ ਭਿਆਨਕ ਸਾਕਾ ਪੰਜਾ ਸਾਹਿਬ ਵਾਪਰਿਆ। ਹੋਇਆ ਇੰਝ ਕਿ ਜਦੋਂ ਗ੍ਰਿਫ਼ਤਾਰ ਹੋਏ ਸਿੰਘਾਂ ਨਾਲ ਪੰਜਾਬ ਦੀਆਂ ਜੇਲ੍ਹਾਂ ਭਰ ਗਈਆਂ ਤਾਂ ਉਨ੍ਹਾਂ ਨੂੰ ਗੱਡੀਆਂ ’ਚ ਭਰ ਕੇ ਦੂਰ ਦੁਰਾਡੇ ਦੀਆਂ ਜੇਲ੍ਹਾਂ ’ਚ ਛੱਡਿਆ ਜਾ ਰਿਹਾ ਸੀ।  ੧੪ ਕੱਤਕ ਸੰਮਤ ੧੯੭੯/30 ਅਕਤੂਬਰ 1922 ਨੂੰ ਗੁਰੂ ਕੇ ਬਾਗ਼ ਦੇ ਮੋਰਚੇ ਦੇ ਸਿੰਘ ਕੈਦੀਆਂ ਦੀ ਗੱਡੀ ਅਟਕ ਜੇਲ੍ਹ ਵੱਲ ਲਿਜਾਈ ਜਾ ਰਹੀ ਸੀ। ਪੰਜਾ ਸਾਹਿਬ (ਹਸਨ ਅਬਦਾਲ) ਦੇ ਸਿੰਘਾਂ ਨੇ ਇਨ੍ਹਾਂ ਕੈਦੀ ਭਰਾਵਾਂ ਨੂੰ ਲੰਗਰ ਪਾਣੀ ਛਕਾਉਣ ਦਾ ਵਿਚਾਰ ਬਣਾਇਆ। ਉਨ੍ਹਾਂ ਸਟੇਸ਼ਨ ਮਾਸਟਰ ਨੂੰ ਗੱਡੀ ਖੜ੍ਹੀ ਕਰਨ ਲਈ ਬੇਨਤੀ ਕੀਤੀ, ਪਰ ਸਰਕਾਰ ਦਾ ਹੁਕਮ ਸੀ ਕਿ ਰਸਤੇ ’ਚ ਗੱਡੀ ਬਿਲਕੁਲ ਨਾ ਰੋਕੀ ਜਾਵੇ; ਇਸ ਲਈ ਉਹ ਗੱਡੀ ਖੜ੍ਹੀ ਕਰਨਾ ਨਾ ਮੰਨਿਆ। ਕਈ ਸਿੰਘ ਗੱਡੀ ਮੂਹਰੇ ਬੈਠ ਗਏ, ਉਨ੍ਹਾਂ ਕਿਹਾ, ‘ਸਾਡਾ ਭਾਵੇਂ ਸਰੀਰ ਲੱਥ ਜਾਵੇ, ਅਸੀਂ ਆਪਣੇ ਭੁੱਖੇ ਭਰਾਵਾਂ ਦੀ ਜ਼ਰੂਰ ਟਹਿਲ ਕਰਨੀ ਹੈ।’ ਇੰਜਨ ਤੇਜ ਚੱਲਦਾ ਆ ਰਿਹਾ ਸੀ, ਜੋ ਦੋ ਸਿੰਘਾਂ ਨੂੰ ਕੁਚਲਣ ਪਿੱਛੋਂ ਅਚਾਨਕ ਰੁਕ ਗਿਆ ਤੇ ਗੱਡੀ ਖੜ੍ਹੀ ਹੋ ਗਈ। ਭਾਈ ਪਰਤਾਪ ਸਿੰਘ ਖਜ਼ਾਨਚੀ ਗੁਰਦੁਆਰਾ ਪੰਜਾ ਸਾਹਿਬ ਤੇ ਭਾਈ ਕਰਮ ਸਿੰਘ, ਜੋ ਯਾਤਰਾ ਲਈ ਆਏ ਸਨ; ਦੋਵੇਂ ਸਿੰਘ ਸ਼ਹੀਦ ਹੋ ਗਏ ਤੇ 6 ਸਿੰਘ ਬਹੁਤ ਜ਼ਖ਼ਮੀ ਹੋ ਗਏ। ਭਾਈ ਪਰਤਾਪ ਸਿੰਘ ਹਾਲੀ ਸਹਿਕਦਾ ਸੀ ਜਦੋਂ ਉਸ ਨੂੰ ਗੱਡੀ ਹੇਠੋਂ ਕੱਢਣ ਲੱਗੇ ਤਾਂ ਉਨ੍ਹਾਂ ਕਿਹਾ ਪਹਿਲਾਂ ਭੁਖੇ ਸਿੰਘਾਂ ਨੂੰ ਲੰਗਰ ਛਕਾਇਆ ਜਾਵੇ, ਉਸ ਪਿੱਛੋਂ ਮੈਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਇਸੇ ਤਰ੍ਹਾਂ ਕੀਤਾ ਗਿਆ ਭਾਈ ਪ੍ਰਤਾਪ ਸਿੰਘ ਨੂੰ ਗੱਡੀ ਹੇਠੋਂ ਕੱਢ ਕੇ ਇਲਾਜ਼ ਲਈ ਹਸਪਤਾਲ ਲੈ ਜਾਣ ਤੋਂ ਪਹਿਲਾਂ ਲੰਗਰ ਛਕਾਇਆ ਗਿਆ। ਜ਼ਿਆਦਾ ਖ਼ੂਨ ਨਿਕਲਣ ਕਾਰਨ ਭਾਈ ਪ੍ਰਤਾਪ ਸਿੰਘ ਹਸਪਤਾਲ ’ਚ ਦਮ ਤੋੜ ਗਏ। ਇਉਂ ਹਰ ਥਾਂ ਸਿੰਘਾਂ ਦੇ ਮਨ ’ਚ ਕੁਰਬਾਨੀਆਂ ਦਾ ਚਾਅ ਠਾਠਾਂ ਮਾਰ ਰਿਹਾ ਸੀ। ਇੱਧਰ ਬੀ. ਟੀ. ਦੀਆਂ ਡਾਂਗਾਂ ਝੱਲੀਆਂ ਜਾ ਰਹੀਆਂ ਸਨ ਅਤੇ ਉਧਰ ਇੰਜਨ ਨਾਲ ਮੁਕਾਬਲਾ ਹੋ ਰਿਹਾ ਸੀ। ਸਿੱਖਾਂ ਨੂੰ ਜਾਨ ਨਾਲੋਂ ਧਰਮ ਦੀ ਕੀਮਤ ਵੱਧ ਨਜ਼ਰ ਆਉਂਦੀ ਸੀ।

ਅਕਾਲੀ ਜੱਥਿਆਂ ’ਚ ਭਾਰੀ ਗਿਣਤੀ ਵਿੱਚ ਸੇਵਾ ਮੁਕਤ ਫੌਜੀ ਗ੍ਰਿਫ਼ਤਾਰੀ ਦੇਣ ਲਈ ਸ਼ਾਮਲ ਹੋ ਰਹੇ ਸਨ। ਸਰਕਾਰ ਨੂੰ ਭਾਰਤੀ ਸਿੱਖ ਫੌਜੀ ਦਸਤਿਆਂ ’ਚ ਅਸ਼ਾਂਤੀ ਫੈਲਣ ਦਾ ਖਤਰਾ ਪੈਦਾ ਹੋ ਗਿਆ। ਅਖਬਾਰਾਂ ਵਿੱਚ ਸਰਕਾਰ ਵਿਰੋਧੀ ਛਪੇ ਲੇਖ, ਕੌਮੀ ਪੱਧਰ ਦੇ ਲੀਡਰਾਂ ਦੇ ਬਿਆਨਾਂ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਚਾਰ ਨੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ।

ਸਰਕਾਰ ਨੇ ਇੱਕ ਸੇਵਾ ਮੁਕਤ ਇੰਜੀਨੀਅਰ ਸਰ ਗੰਗਾ ਰਾਮ ਨੂੰ ਇਸ ਗੱਲ ਲਈ ਮੰਨਾ ਲਿਆ ਕਿ ਉਹ ਬਾਗ਼ ਦੀ ਜ਼ਮੀਨ ਮਹੰਤ ਤੋਂ ਪਟੇ ’ਤੇ ਲੈ ਲਵੇ। ਨਵੰਬਰ 1922 ’ਚ ਉਸ ਨੇ ਜ਼ਮੀਨ ਪਟੇ ’ਤੇ ਲੈ ਲਈ ਅਤੇ ਸਰਕਾਰ ਨੂੰ ਕਿਹਾ ਕਿ ਮੈਨੂੰ ਸਰਕਾਰੀ ਮੱਦਦ ਦੀ ਲੋੜ ਨਹੀਂ ਤੇ ਅਕਾਲੀਆਂ ਨੂੰ ਬਾਗ਼ ’ਚੋਂ ਲੱਕੜਾਂ ਕੱਟਣ ਦੀ ਮਨਜ਼ੂਰੀ ਦੇ ਦਿੱਤੀ। ਸਰਕਾਰ ਨੇ ਗੁਰੂ ਕੇ ਬਾਗ਼ ਤੋਂ ਪੁਲਿਸ ਵਾਪਸ ਬੁਲਾ ਲਈ ਤੇ ਬਾਗ਼ ਦੁਆਲੇ ਲਗਾਈ ਕੰਡਿਆਲੀ ਤਾਰ ਵੀ ਹਟਾ ਦਿੱਤੀ। ਅਕਾਲੀਆਂ ਨੇ ਬਾਗ਼ ਵਾਲੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਅਤੇ ਸਰਕਾਰ ਨੇ ਕੈਦ ਕੀਤੇ ਅਕਾਲੀ ਰਿਹਾ ਕਰ ਦਿੱਤੇ।  ੨ ਮੱਘਰ ਸੰਮਤ ੧੯੭੯/17 ਨਵੰਬਰ, 1922 ਵਾਲੇ ਦਿਨ ਇਹ ਸੰਘਰਸ਼ ਸਮਾਪਤ ਹੋ ਗਿਆ; ਜਿਸ ’ਚ 1500 ਅਕਾਲੀ ਫੱਟੜ ਹੋਏ ਤੇ 5605 ਅਕਾਲੀਆਂ ਨੇ ਗ੍ਰਿਫਤਾਰੀ ਦਿੱਤੀ। ਅਕਾਲੀਆਂ ਨੇ ਗੁਰੂ ਕੇ ਬਾਗ਼ ਦੀ ਜ਼ਮੀਨ ਅਤੇ ਗੁਰਦੁਆਰੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ।

ਅਕਾਲੀਆਂ ਵਲੋਂ ਲਾਇਆ ‘ਗੁਰੂ ਕੇ ਬਾਗ਼ ਦਾ ਮੋਰਚਾ’ ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ’ਚ ਇੱਕ ਮੀਲ ਪੱਥਰ ਹੈ। ਇੱਥੇ ਸਿੱਖਾਂ ਨੇ ਸ਼ਾਂਤਮਈ ਤੇ ਅਹਿੰਸਕ ਢੰਗ ਨਾਲ ਟਾਕਰਾ ਕਰ ਕੇ ਅਹਿੰਸਾ ਦੇ ਹਥਿਆਰ ਦੀ ਸਫਲਤਾ ਸਿਧ ਕਰ ਦਿਖਾਈ। ਉਨ੍ਹਾਂ ਨੇ ਅਟੁੱਟ ਵਿਸ਼ਵਾਸ਼ ਅਤੇ ਸਬਰ ਨਾਲ ਮੁਸੀਬਤਾਂ ਝਲ ਕੇ ਭਾਰਤੀਆਂ ਦਾ ਦਿਲ ਜਿੱਤ ਲਿਆ ਅਤੇ ਅੰਗਰੇਜ਼ ਹਕੂਮਤ ਦੀਆ ਨੀਹਾਂ ਹਿਲਾ ਦਿੱਤੀਆਂ। ਵਿਰੋਧੀਆਂ ਨੇ ਇਹ ਅਨੁਭਵ ਕੀਤਾ ਕਿ ਸ਼ਕਤੀ ਦੀ ਅੰਨ੍ਹੀ ਵਰਤੋਂ ਅਕਾਲੀਆਂ ਦੀ ਅਹਿੰਸਕ ਤੇ ਸ਼ਾਂਤਮਈ ਸੰਘਰਸ਼ ਦੇ ਸਾਮ੍ਹਣੇ ਫੇਲ੍ਹ ਹੋ ਗਈ ਹੈ।

ਸਰਕਾਰ ਨੇ ਚਾਬੀਆਂ ਦੇ ਮੋਰਚੇ ਦੀ ਨਮੋਸ਼ੀ ਦੂਰ ਕਰਨ ਲਈ ਇਸ ਨਵੇਂ ਮੋਰਚੇ ਤੇ ਅਕਾਲੀਆਂ ਨਾਲ ਟੱਕਰ ਲਈ ਸੀ, ਪਰ ਉਸ ਨੂੰ ਮੂੰਹ ਦੀ ਖਾਣੀ ਪਈ। ਸਰਕਾਰੀ ਤਸ਼ੱਦਦ ਅਤੇ ਪੁਲਿਸ ਦੇ ਅਣਮੱਨੁਖੀ ਵਤੀਰੇ ਦੇ ਬਾਵਜੂਦ ਅਕਾਲੀ ਸ਼ਾਂਤਮਈ ਰਹੇ। ਉਨ੍ਹਾਂ ਨੇ ਇਹ ਸਿੱਧ ਕਰ ਦਿਖਾਇਆ ਕਿ ਸਿੱਖ ਜ਼ੁਲਮ ਤੇ ਭੜਕਾਊ ਵਰਤਾਰੇ ਦਾ ਟਾਕਰਾ ਵੀ ਸ਼ਾਂਤਮਈ ਤੇ ਅਹਿੰਸਕ ਰਹਿ ਕੇ ਕਰ ਸਕਦੇ ਹਨ। ਸਿੱਟੇ ਵਜੋਂ ਸ਼੍ਰੋਮਣੀ ਕਮੇਟੀ ਦਾ ਵਕਾਰ ਬੜਾ ਵਿਸ਼ਾਲ ਹੋ ਗਿਆ ਕਿਉਂਕਿ ਇਸ ਨੇ ਸ਼ਾਂਤਮਈ ਰਹਿ ਕੇ ਜਿੱਤ ਪ੍ਰਾਪਤ ਕੀਤੀ ਸੀ।

ਬੜੇ ਦੁੱਖ ਦੀ ਗੱਲ ਹੈ ਕਿ ਅਸੀਂ ਆਪਣੇ ਸੁਨਹਿਰੀ ਵਿਰਸੇ ਨੂੰ ਭੁੱਲ ਰਹੇ ਹਾਂ। ਮੇਰਾ ਮੰਨਣਾ ਹੈ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੀ ਸਕੂਲਾਂ ਤੇ ਕਾਲਜਾਂ ’ਚ ਪੜ੍ਹਦੇ ਸਿੱਖ ਵਿਦਿਆਰਥੀਆਂ ਵਿਚੋਂ ਬਹੁਤ ਥੋੜ੍ਹੇ ਵਿਦਿਆਰਥੀ ਹੀ ਗੁਰੂ ਕੇ ਬਾਗ਼ ਬਾਰੇ ਕੁੱਝ ਜਾਣਦੇ ਹੋਣਗੇ। ਸ਼ਾਇਦ ਅਸੀਂ ਗੁਰੂ ਅਮਰ ਦਾਸ ਜੀ ਦਾ ਕਥਨ ਭੁੱਲ ਗਏ ਹਾਂ, ‘‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ’’ (ਮਹਲਾ /੯੫੧) ਭਾਵ ਬਜ਼ੁਰਗਾਂ ਦੀਆਂ ਸਾਖੀਆਂ ਆਮ ਪੁੱਤਰਾਂ ਨੂੰ ਸਪੁੱਤਰ (ਚੰਗੇ ਪੁੱਤਰ) ਬਣਾ ਦਿੰਦੀਆ ਹਨ (ਕਿਉਂਕਿ ਉਹ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖਦੇ ਹਨ)।

ਆਪਣੇ ਸੁਨਹਿਰੀ ਵਿਰਸੇ ਨੂੰ ਭੁੱਲ ਜਾਣ ਕਾਰਨ ਸਾਡੀ ਕੇਵਲ ਨਵੀਂ ਪਨੀਰੀ ਹੀ ਨਹੀਂ ਬਲਕਿ ਅਜੋਕੀ ਅਕਾਲੀ ਲੀਡਰਸ਼ਿੱਪ ਵਿਚੋਂ ਵੀ ਬਹੁਤੇ ਕੁਰਾਹੇ ਪੈ ਚੁੱਕੇ ਹਨ, ਜਿਨ੍ਹਾਂ ਦਾ ਮੁੱਖ ਟੀਚਾ ਸੱਤਾ ਪ੍ਰਾਪਤੀ ਅਤੇ ਐਸ਼ ਪ੍ਰਸਤੀ ਕਰਨਾ ਰਹਿ ਗਿਆ ਹੈ, ਨਾ ਕਿ ਰੋਲ ਮਾਡਲ ਬਣ ਕੌਮ ਦੀ ਅਗਵਾਈ ਕਰਨਾ।

ਗੁਰਮਤਿ ਦੀ ਵਿਲੱਖਣਤਾ

0

ਗੁਰਮਤਿ ਦੀ ਵਿਲੱਖਣਤਾ

ਗਿਆਨੀ ਅਵਤਾਰ ਸਿੰਘ

ਕਰਤਾਰ ਨੇ ਸਮੂਹ ਕੁਦਰਤ ਨੂੰ ਥੋੜ੍ਹੀ-ਬਹੁਤੀ ਅਕਲ ਬਖ਼ਸ ਕੇ ਪੈਦਾ ਕੀਤਾ ਹੈ ਤਾਂ ਜੋ ਇਹ ਆਪਣਾ ਵਿਕਾਸ ਖ਼ੁਦ ਕਰਦੀ ਰਹੇ। ਇਸੇ ਅਨੁਸਾਰ ਸਾਰੇ ਜੀਵ-ਜੰਤ; ਆਪਣੇ ਬੱਚੇ ਪੈਦਾ ਕਰ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦੇ ਹਨ। ਇਹ ਸਚਾਈ; ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤੀ ਹੈ, ‘‘ਏਕਾ ਸੁਰਤਿ; ਜੇਤੇ ਹੈ ਜੀਅ   ਸੁਰਤਿ ਵਿਹੂਣਾ; ਕੋਇ ਕੀਅ ’’ (ਮਹਲਾ /੨੫), ਇਹੀ ਕੁਦਰਤ ਦਾ ਨਿਯਮ ਹੈ, ਵਿਧਾਨ ਹੈ।

ਜਿਸ ਤਰ੍ਹਾਂ ਹਰ ਦੇਸ਼; ਆਪਣੇ ਸੰਵਿਧਾਨ ’ਚ ਬਦਲਾਅ ਕਰਦਾ ਆਇਆ ਹੈ; ਵੈਸਾ ਹੀ ਕਰਤਾਰ ਨੇ ਆਪਣੇ ਇਸ ਵਿਧਾਨ ’ਚ ਸਦੀਆਂ ਤੋਂ ਬਦਲਾਅ ਕਰਨਾ ਜਾਰੀ ਰੱਖਿਆ ਹੈ ਯਾਨੀ ਜੀਵਾਂ ਦੀ ਸੁਰਤਿ ’ਚ ਨਵੀਂ ਨਵੀਂ ਚੇਤਨਾ ਪੈਦਾ ਕੀਤੀ ਗਈ ਹੈ ਤਾਂ ਕਿ ਸਮਾਜ ਸਮੇਂ ਦਾ ਹਾਣੀ ਬਣਦਾ ਰਹੇ;ਜਿਵੇਂ ਜੰਗਲ਼ੀ ਮਾਨਵ ਨੂੰ ਅੱਗ ਮਚਾਉਣ, ਨੰਗੇ ਰਹਿਣ ਦਾ ਅਹਿਸਾਸ ਕਰਾਉਣ, ਖੇਤੀ ਕਰਨ ਲਈ ਨਵੇਂ ਔਜਾਰ ਸਥਾਪਿਤ ਕਰਨ ਲਈ ਉਸ ਦੀ ਸੋਚ ’ਚ ਨਿਰੰਤਰ ਵਾਧਾ ਕੀਤਾ, ਜੋ ਹੁਣ ਭੀ ਜਾਰੀ ਹੈ ਤੇ ਅਗਾਂਹ ਭੀ ਜਾਰੀ ਰਹੇਗੀ।  15 ਤੋਂ 14 ਲੱਖ ਸਾਲ ਪੂਰਬ ਤੋਂ ਮਨੁੱਖ ਅੰਦਰ ਵਧੀ ਇਹ ਚੇਤਨਾ ਆਧੁਨਿਕ ਯੁਗ ਅਖਵਾਉਂਦੀ ਆਈ, ਜੋ ਹੁਣ ਭੀ ਜਾਰੀ ਹੈ ਤੇ ਅਗਾਂਹ ਭੀ ਆਧੁਨਿਕ ਯੁਗ ਅਖਵਾਏਗੀ ਤੇ ਬੀਤ ਚੁੱਕਿਆ ਸਮਾਂ ਰੂੜ੍ਹੀਵਾਦੀ ਸੋਚ ਐਲਾਨਿਆ ਜਾਂਦਾ ਰਹੇਗਾ ਭਾਵੇਂ ਕਿ ਉਹ ਭੀ ਕਦੇ ਆਧੁਨਿਕ ਹੀ ਸੀ।

15 ਕੁ ਹਜ਼ਾਰ ਸਾਲ ਤੋਂ ਮਨੁੱਖ-ਜਾਤੀ ਨੇ ਇੱਕ ਦੂਜੇ ਉੱਤੇ ਰਾਜ ਕਰਨ ਨੂੰ ਵੱਧ ਤਰਜੀਹ ਦੇਣੀ ਸ਼ੁਰੂ ਕੀਤੀ। ਆਪਣੇ ਆਪਣੇ ਕਬੀਲੇ ਦੇ ਸਰਦਾਰ ਨੂੰ ਮਹਾਨ ਪੁਰਸ਼ ਐਲਾਨਿਆ ਜਾਣ ਲੱਗਾ, ਜਿਸ ਦੀ ਨਕਲ ਅੱਜ ਭੀ ਭਾਰਤ ’ਚ ਕੀਤੀ ਜਾਂਦੀ ਹੈ। ਸਮੂਹ ਭਾਈਚਾਰੇ ਦਾ ਸਿਰ ਉਸ ਅੱਗੇ ਝੁਕਾਇਆ ਜਾਣ ਲੱਗਾ; ਜੈਸਾ ਕਿ ਸਿੱਖ ਸਮਾਜ ’ਚ ਭੀ ਸੰਤ, ਬ੍ਰਹਮਗਿਆਨੀ ਆਦਿ ਬਣਾ-ਬਣਾ ਪੈਰੀਂ ਹੱਥ ਲਗਵਾਏ ਜਾਂਦੇ ਹਨ। ਸਰਦਾਰਾਂ ਦੀ ਮੌਤ ਉਪਰੰਤ ਉਨ੍ਹਾਂ ਦੀ ਮੂਰਤੀ ਬਣਾ ਉਸ ਨੂੰ ਪੂਜਣਾ; 5 ਕੁ ਹਜ਼ਾਰ ਸਾਲ ਪੂਰਬ ਆਧੁਨਿਕ ਧਰਮ ਵਜੋਂ ਜਾਣਿਆ ਜਾਂਦਾ ਸੀ।

ਮਨੁੱਖਤਾ ਅੰਦਰ ਹੋਰ-ਹੋਰ ਚੇਤਨਾ ਭਰਨ ਲਈ ਸਮਾਜ ’ਚ ਅਨੇਕਾਂ ਮਹਾਂ ਪੁਰਸ਼ ਬਣ ਵਿਚਰਦੇ ਰਹੇ। ਕਈ ਜਗਿਆਸੂਆਂ ਨੇ ਪ੍ਰਚਲਿਤ ਰਹੁ-ਰੀਤਾਂ ਨੂੰ ਅਰਥਹੀਣ ਸਾਬਤ ਭੀ ਕੀਤਾ ਜਾਂ ਕਹਿ ਲਈਏ ਕਿ ਪ੍ਰਾਚੀਨ ਧਰਮ ਜਦ ਸਮੇਂ ਦੇ ਹਾਣੀ ਨਾ ਹੋਏ ਤਾਂ ਨਵੇਂ ਨਵੇਂ ਧਰਮਾਂ ਨੇ ਜਨਮ ਲਿਆ। ਧਰਮਾਂ ਦੀ ਇਸ ਕੜੀ ’ਚੋਂ ਹੀ ਇੱਕ ਆਧੁਨਿਕ ਅਤੇ ਨਿਵੇਕਲਾ ਧਰਮ ਉਪਜਿਆ ਹੈ ‘ਗੁਰਮਤਿ’ ਜਾਂ ‘ਸਿੱਖ ਧਰਮ’। ਇਸ ਨੇ ਉਕਤ ਕੁਦਰਤੀ ਨਿਯਮ ‘‘ਏਕਾ ਸੁਰਤਿ; ਜੇਤੇ ਹੈ ਜੀਅ ’’ ਦੀ ਹੋਰ ਵਿਆਖਿਆ ਕਰ ਸਮਝਾਇਆ ਕਿ ‘‘ਜੇਹੀ ਸੁਰਤਿ; ਤੇਹਾ ਤਿਨ ਰਾਹੁ   ਲੇਖਾ ਇਕੋ ਆਵਹੁ ਜਾਹੁ ’’ ਭਾਵ ਕਰਤਾਰ; ਜੀਵਾਂ ਨੂੰ ਜਿੰਨੀ ਕੁ ਸੋਝੀ ਦਿੰਦਾ ਹੈ; ਵੈਸਾ ਹੀ ਮਾਰਗ ਜੀਵ ਅਪਣਾਉਂਦੇ ਹਨ। ਓਨੀ ਕੁ ਸੋਝੀ (ਨਸੀਬ, ਭਾਗ) ਲੈ ਕੇ ਮਨੁੱਖ ਜੰਮਦੇ ਹਨ ਤੇ ਉਸ ਅਨੁਸਾਰ ਕਿਰਤ-ਵਿਹਾਰ ਕਰਦਿਆਂ ਇੱਕ ਦਿਨ ਮਰ ਜਾਂਦੇ ਹਨ ਯਾਨੀ ਮਨੁੱਖ ਅਸਫਲ ਜ਼ਿੰਦਗੀ ਭੋਗਦੇ ਰਹੇ ਕਿਉਂਕਿ ਉਨ੍ਹਾਂ ਦੇ ਹੱਥ-ਵੱਸ ਕੁੱਝ ਨਹੀਂ ਹੁੰਦਾ। ਇਹੀ ਵਿਚਾਰ ਆਪ ਨੇ ਜਪੁ ਬਾਣੀ ’ਚ ਦਿੱਤੇ ਹਨ, ‘‘ਆਖਣਿ ਜੋਰੁ; ਚੁਪੈ ਨਹ ਜੋਰੁ .. ਜੋਰੁ ਜੀਵਣਿ; ਮਰਣਿ ਨਹ ਜੋਰੁ ..੩੩’’ ਭਾਵ ਬਹੁਤਾ ਬੋਲਣ ’ਚ ਜਾਂ ਮੌਨ ਧਾਰਨ ’ਚ ਕਿਸੇ ਦਾ ਜ਼ੋਰ ਨਹੀਂ। ‘‘ਜੇ ਜੁਗ ਚਾਰੇ ਆਰਜਾ.. ’’ ਜਿੰਨੀ ਲੰਬੀ ਉਮਰ ਕਰਨ ’ਚ ਜਾਂ ਜਲਦੀ ਮਰਨ ’ਚ ਕਿਸੇ ਕੋਲ਼ ਸਮਰੱਥਾ ਨਹੀਂ, ਆਦਿ ਆਦਿ ਕਿਉਂਕਿ ਮਾਲਕ ਦੇ ਹੱਥ ’ਚ ਹੀ ਸਭ ਕੁੱਝ ਕਰਨ/ਕਰਾਉਣ ਦੀ ਸਮਰੱਥਾ ਹੈ। ਉਸ ਨੇ ਸਭ ਤਾਕਤ ਆਪਣੇ ਹੱਥ ’ਚ ਰੱਖੀ ਹੈ, ‘‘ਜਿਸੁ ਹਥਿ () ਜੋਰੁ; ਕਰਿ ਵੇਖੈ ਸੋਇ ’’; ਜੇਕਰ ਕਰਤਾਰ; ਕੁਦਰਤ ਤੋਂ ਹਰ ਕਾਰਜ ਕਰਵਾ ਰਿਹਾ ਹੈ ਤਾਂ ਉਹ ਕੁਦਰਤ ਅੰਦਰ ਹੀ ਵਿਰਾਜਮਾਨ ਹੋਵੇਗਾ, ਕਣ ਕਣ ’ਚ ਮੌਜੂਦ ਹੋਏਗਾ, ਨਾ ਕਿ ਇਸ ਤੋਂ ਵੱਖਰਾ 7ਵੇਂ ਅਸਮਾਨ ਉੱਤੇ ਬੈਠਾ ਹੈ ਜਾਂ ਇੱਕ ਮੰਦਿਰ ’ਚ ਮੂਰਤੀ ਵਜੋਂ ਸਥਾਪਿਤ ਹੈ। ਸੋ ਬਾਣੀਕਾਰਾਂ ਦੁਆਰਾ ਕੁਦਰਤ ਦੇ ਮਾਲਕ (ਅਸਲ ਸਚਾਈ/ਧਰਮ) ਦੀ ਕੀਤੀ ਇਹ ਵਿਆਖਿਆ ਨਿਵੇਕਲੀ ਹੈ, ਜੋ ਪਰੰਪਰਾਵਾਦੀ ਧਰਮਾਂ ਦੁਆਰਾ ਆਪਣੇ ਇਸ਼ਟ ਦੀ ਕੀਤੀ ਵਿਆਖਿਆ ਤੋਂ ਭਿੰਨ ਹੈ।

ਜੋ ਕਰਤਾਰ; ਹਰ ਜੀਵਨ ਜਾਂ ਜਾਨਦਾਰ ਵਸਤੂ ਅੰਦਰ ਵਿਆਪਕ ਹੈ; ਉਹ ਨਿਰਜਿੰਦ ਨਹੀਂ ਹੋ ਸਕਦਾ। ਉਹ ਸਭ ਕੁੱਝ ਸੁਣਦਾ ਤੇ ਹਰ ਹਰਕਤ ਵੇਖਦਾ ਹੈ, ‘‘ਸਭੁ ਕਿਛੁ ਸੁਣਦਾ ਵੇਖਦਾ.. ’’ (ਮਹਲਾ /੩੬) ਇਸ ਸਚਾਈ ਨੂੰ ਓਹੀ ਸਵੀਕਾਰ ਸਕਦਾ ਹੈ, ਜਿਸ ਨੂੰ ਉਹ ਵੇਖਣਯੋਗ ਨੇਤਰ ਬਖ਼ਸ਼ਦਾ ਹੈ, ‘‘ਸੋ ਪ੍ਰਭੁ ਨਦਰਿ ਆਵਈ; ਮਨਮੁਖਿ ਬੂਝ ਪਾਇ   ਜਿਸੁ ਵੇਖਾਲੇ, ਸੋਈ ਵੇਖੈ; ਨਾਨਕ ! ਗੁਰਮੁਖਿ ਪਾਇ ’’ (ਮਹਲਾ /੩੬) ਧਰਮ ਦੇ ਇਹੀ ਸੂਖਮ ਤੇ ਮੂਲ ਨੁਕਤੇ ਦ੍ਰਿੜ੍ਹ ਕਰਵਾਉਣ ਲਈ ਸ਼ਰਧਾਵਾਨਾਂ ਲਈ ਨਿਤਨੇਮ ਨਿਰਧਾਰਿਤ ਕੀਤਾ ਹੁੰਦਾ ਹੈ।

ਅੱਲ੍ਹਾ ਦਾ ਦੀਦਾਰ 7ਵੇਂ ਅਕਾਸ਼ ਉੱਤੇ ਸਿੱਧ ਕਰਨ ਲਈ ਜਾਂ ਇਸ਼ਟ ਨੂੰ ਮੂਰਤੀ ’ਚ ਸਾਬਤ ਕਰਨ ਲਈ ਅਨੁਯਾਈਆਂ ਅਤੇ ਪੈਰੋਕਾਰਾਂ (ਚੇਲਿਆਂ) ਵਿੱਚ ਨਿਜ ਦੀ ਘਾਲ-ਕਮਾਈ ਉਜਾਗਰ ਕਰਨ ਦੀ ਲੋੜ ਨਹੀਂ ਹੁੰਦੀ ਜਦਕਿ ਕਰਤਾਰ ਨੂੰ ਹਿਰਦੇ ’ਚੋਂ ਪ੍ਰਗਟ ਕਰ ਹੋਰਾਂ ਨੂੰ ਦਰਸ਼ਨ ਕਰਾਉਣ ਲਈ ਰਹਿਬਰ, ਪੀਰ, ਗੁਰੂ, ਆਦਿ ਨੂੰ ਆਪਣਾ ਸਰੀਰ; ਹਨੂੰਮਾਨ ਵਾਙ ਖੋਲ੍ਹ ਕੇ ਵਿਖਾਉਣਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਹਨ, ‘‘ਬਿਨੁ ਸਤਿਗੁਰ ਕਿਨੈ ਪਾਇਓ; ਬਿਨੁ ਸਤਿਗੁਰ, ਕਿਨੈ ਪਾਇਆ   ਸਤਿਗੁਰ ਵਿਚਿ ਆਪੁ ਰਖਿਓਨੁ; ਕਰਿ ਪਰਗਟੁ ਆਖਿ ਸੁਣਾਇਆ ’’ (ਆਸਾ ਕੀ ਵਾਰ/ਮਹਲਾ /੪੬੬) ਅਰਥ : ਸਤਿਗੁਰੂ ਤੋਂ ਬਿਨਾਂ ਕਿਸੇ ਨੇ ਕਰਤਾਰ ਨੂੰ ਨਹੀਂ ਪਾਇਆ, ਉਸ ਦਾ ਦੀਦਾਰ ਨਹੀਂ ਕੀਤਾ। ਕਰਤਾਰ ਨੇ ਆਪਣੇ ਆਪ ਨੂੰ ਸਤਿਗੁਰੂ ਅੰਦਰ ਟਿਕਾ ਰੱਖਿਆ ਹੈ ਤਾਹੀਓਂ ਸਤਿਗੁਰੂ ਉਸ ਬਾਰੇ ਖੋਲ੍ਹ ਕੇ ਵਿਚਾਰ ਆਖ ਸੁਣਾਉਂਦਾ ਹੈ ਭਾਵ ਕਰਤਾਰ ਆਪ ਹੀ ਸਤਿਗੁਰੂ ਦੇ ਮੂੰਹੋਂ ਬੋਲਦਾ ਪਿਆ ਹੈ, ਦਰਸ਼ਨ ਕਰਾ ਰਿਹਾ ਹੈ।

ਮੁਸਲਮਾਨ; ਕਾਬਾ (ਮੱਕੇ) ਨੂੰ ਅੱਲ੍ਹਾ ਦਾ ਘਰ ਮੰਨਦਾ ਹੈ, ਨਾ ਕਿ ਉਸ ਅਨੁਸਾਰ ਹਰ ਮਨੁੱਖ ਅੰਦਰ ‘ਅੱਲ੍ਹਾ’ ਹੈ ਤਾਹੀਓਂ ਉਸ ਦੀ ਫਿਰਕੂ ਸੋਚ ਨਾ ਮਰੀ। ਇਸਲਾਮੀ ਕਿਤਾਬਾਂ ’ਚ ਕਾਬੇ ਵਾਲ਼ਾ ਮੰਦਿਰ; ਹਜਰਤ ਆਦਮ ਨੇ ਬਣਾਇਆ ਹੈ। ਭਗਤ ਕਬੀਰ ਜੀ ਨੇ ਫ਼ੁਰਮਾਇਆ ਕਿ ਅਸਲ ਕਾਬਾ (ਖ਼ੁਦਾ ਦਾ ਗੁਪਤ ਘਰ) ਹਰ ਸਰੀਰ ਅੰਦਰ ਹੈ, ‘‘ਸਤਰਿ (ਭਾਵ ਗੁਪਤ) ਕਾਬਾ ਘਟ ਹੀ ਭੀਤਰਿ; ਜੇ ਕਰਿ ਜਾਨੈ ਕੋਈ ’’ (ਭਗਤ ਕਬੀਰ/੪੮੦) ਪੰਡਿਤਾਂ ਅਨੁਸਾਰ ਬਨਾਰਸ (ਕਾਂਸ਼ੀ) ’ਚ ਮਰਨ ਵਾਲ਼ਾ ਹੀ ਸੁਰਗ ’ਚ ਜਾਏਗਾ। ਭਗਤ ਕਬੀਰ ਜੀ ਨੇ ਆਪਣੀ ਸਾਰੀ ਉਮਰ ਕਾਂਸ਼ੀ ’ਚ ਗੁਜ਼ਾਰੀ, ਪਰ ਅੰਤਮ ਸਮੇਂ ਸ਼ਰਾਪੀ ਹੋਈ ਜਗ੍ਹਾ ਮਗਹਰ (ਹਾੜੰਬਾ) ਜਾ ਸਰੀਰ ਛੱਡਿਆ। ਆਪ ਜੀ ਨੇ ਬਚਨ ਕੀਤੇ ਕਿ ‘‘ਮਨਹੁ ਕਠੋਰੁ ਮਰੈ ਬਾਨਾਰਸਿ (); ਨਰਕੁ ਬਾਂਚਿਆ ਜਾਈ ਹਰਿ ਕਾ ਸੰਤੁ ਮਰੈ ਹਾੜੰਬੈ; ਸਗਲੀ ਸੈਨ ਤਰਾਈ ’’ (ਭਗਤ ਕਬੀਰ/੪੮੪) ਭਾਵ ਜੇਕਰ ਮਨ ’ਚ ਜਾਤੀ ਅਭਿਮਾਨ (ਕਠੋਰਤਾ) ਹੈ ਤਾਂ ਬਨਾਰਸ ’ਚ ਮਰ ਕੇ ਭੀ ਨਰਕ ਭੋਗਣਾ ਪੈਣਾ ਹੈ ਤੇ ਹਰੀ ਦਾ ਭਗਤ; ਮਗਹਰ ’ਚ ਸਰੀਰ ਤਿਆਗ ਕੇ ਭੀ ਤਰ ਜਾਏਗਾ। ਉਹ ਸਾਰੀ ਸੰਗਤ ਨੂੰ ਭੀ ਤਾਰ ਲਏਗਾ। ਇਹੀ ਵਿਚਾਰ ਭਾਈ ਗੁਰਦਾਸ ਜੀ ਦੇ ਹਨ, ‘‘ਗੰਗ ਬਨਾਰਸਿ ਹਿੰਦੂਆਂ; ਮਕਾ ਕਾਬਾ ਮੁਸਲਮਾਣੇ’’ ਅਤੇ ਅੰਤ ’ਚ ਮਨ ਦੀ ਕਠੋਰਤਾ ਨੂੰ ਉਜਾਗਰ ਕੀਤੀ, ‘‘ਰਾਮ ਰਹੀਮ ਕਹਾਇਦੇ; ਇਕੁ ਨਾਮੁ ਦੁਇ ਰਾਹ ਭੁਲਾਣੇ ਬੇਦ ਕਤੇਬ ਭੁਲਾਇ ਕੈ; ਮੋਹੇ ਲਾਲਚ ਦੁਨੀ ਸੈਤਾਣੇ ਸਚੁ ਕਿਨਾਰੇ ਰਹਿ ਗਇਆ; ਖਹਿ ਮਰਦੇ ਬਾਹਮਣ ਮਉਲਾਣੇ ਸਿਰੋ ਮਿਟੇ; ਆਵਣ ਜਾਣੇ ੨੧’’ (ਵਾਰ ਪਉੜੀ ੨੧) ਯਾਨੀ ਧਰਮ ਦਾ ਮੁੱਢਲਾ ਕਾਰਜ ਮਨ ਦੀ ਕਠੋਰਤਾ ਮਾਰਨਾ ਹੈ ਤਾਹੀਓਂ ਗੁਰੂ ਸਾਹਿਬ ਨੇ ਮੌਲਵੀ ਨੂੰ ਇਹ ਉਪਦੇਸ਼ ਕੀਤਾ, ‘‘ਮੁਸਲਮਾਣੁ; ਮੋਮ ਦਿਲਿ ਹੋਵੈ   ਅੰਤਰ ਕੀ ਮਲੁ; ਦਿਲ ਤੇ ਧੋਵੈ ’’ (ਮਹਲਾ /੧੦੮੪)

ਸੋ ਅਸਲ ਧਰਮ ਓਹੀ ਹੈ, ਜੋ ਮਨੁੱਖ ਦੇ ਅੰਦਰਲੇ ਔਗੁਣਾਂ ਨੂੰ ਚੇਤੇ ਕਰਾ-ਕਰਾ ਉਸ ਦਾ ਮਨ ਨਰਮ ਰੱਖੇ, ਅੰਤਹਿਕਰਣ ਪਾਰਦਰਸ਼ੀ ਕਰੇ ਤਾਂ ਕਿ ਅੰਦਰਲੇ ਜੋਤਿ-ਸਰੂਪ ਕਰਤਾਰ ਦਾ ਪਾਰਦਰਸ਼ੀ ਹੋਏ ਅੰਤਹਿਕਰਣ ਰਾਹੀਂ ਸੁਰਤਿ ਨੂੰ ਅਹਿਸਾਸ ਹੋਵੇ, ਦਰਸ਼ਨ ਹੋ ਜਾਵੇ। ਮਨੁੱਖੀ ਜਨਮ ਬੜਾ ਕੀਮਤੀ ਹੈ, ਅਮੋਲਕ ਹੈ। ਧਰਮ-ਗਿਆਨ ਨੂੰ ਐਨਕ ਬਣਾ ਹੋਰਾਂ ਦੇ ਔਗੁਣ ਫਰੋਲ-ਫਰੋਲ ਆਪਣੇ ਅਹੰਕਾਰ ਨੂੰ ਪੱਠੇ ਪਾਉਣ ਨਾਲ਼ ਖ਼ੁਦ ਦਾ ਜੀਵਨ ਅਜਾਈਂ ਚਲਾ ਜਾਣਾ ਹੈ। ਕਰਤਾਰ ਦਾ ਭੀ ਹੁਕਮ ਹੈ ਕਿ ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ   ਹੋਹੁ ਸਭਨਾ ਕੀ ਰੇਣੁਕਾ; ਤਉ ਆਉ ਹਮਾਰੈ ਪਾਸਿ ’’ (ਮਹਲਾ /੧੧੦੨) ਐਸੀ ਜੀਵਨਸ਼ੈਲੀ ਸਦਾ ਨਵੀਤਨ ਰਹਿੰਦੀ ਹੈ। ਆਧੁਨਿਕ ਰਹਿੰਦੀ ਹੈ। ਸਮੇਂ ਦੀ ਹਾਣੀ ਬਣੀ ਰਹਿੰਦੀ ਹੈ। ਵਾਰ-ਵਾਰ ਨਵੇਂ ਆਧੁਨਿਕ ਧਰਮ ਸਥਾਪਿਤ ਕਰਨ ਦੀ ਲੋੜ ਨਹੀਂ ਪੈਂਦੀ।

ਮੁਕਤੀ : ਧਰਮ ਦਾ ਅਸਲ ਫਲ਼; ਮੁਕਤੀ ਪ੍ਰਾਪਤ ਕਰਨਾ ਹੈ। ਫਲ਼ਦਾਰ ਰੁੱਖ ਲਗਾਏ ਦਾ ਤਾਂ ਹੀ ਫ਼ਾਇਦਾ ਹੈ ਜੇਕਰ ਉਸ ਨੂੰ ਫਲ਼ ਲੱਗਣ। ਧਰਮੀ ਹੋਣ ਦਾ ਭੀ ਤਾਂ ਹੀ ਲਾਭ ਹੈ; ਜੇਕਰ ਬੰਦਾ ਮੁਕਤ ਹੋਵੇ। ਸਵਾਲ : ਮੁਕਤੀ ਕੀ ਹੈ ? ਜਵਾਬ : ਹਿੰਦੂ ਮੱਤ; ‘ਆਤਮਾ’ (ਰੂਹ, ਜਿੰਦ, ਸੂਖਮ ਸਰੀਰ) ਨੂੰ ਮੁਕਤ ਕਰਨਾ ਮੰਨਦੀ ਹੈ। ਇਸ ਦੀ ਮੁਕਤੀ ਲਈ 68 ਤੀਰਥ-ਸਥਾਨ ਭੀ ਬਣਾਏ ਗਏ ਹਨ। ਜੇਕਰ ਫਿਰ ਭੀ ਇਹ ਮੁਕਤ ਨਾ ਹੋਇਆ ਤਾਂ ਮਰਨ ਉਪਰੰਤ ਗਊ ਦਾਨ ਕਰਨੀ ਪੈਣੀ ਹੈ ਤਾਂ ਜੋ ਉਸ ਦੀ ਪੂਛ ਫੜ ਕੇ ‘ਆਤਮਾ/ਸੂਖਮ ਸਰੀਰ’; ਵੈਤਰਣੀ ਨਦੀ (ਨਰਕ ਦਾ ਦਰਿਆ; ਜੋ ਤਕਰੀਬਨ 16 ਮੀਲ ਚੌੜਾ; ਦੁਰਗੰਧ ਤੇ ਅੱਗ ਵਰਗੇ ਗਰਮ ਪਾਣੀ ਨਾਲ਼ ਭਰਿਆ ਹੈ) ਪਾਰ ਕਰ ਸਕੇ ਭਾਵ ਮੁਕਤ ਹੋ ਜਾਵੇ।

ਈਸਾਈ, ਇਸਲਾਮ, ਆਦਿ ਮੱਤਾਂ ਅਨੁਸਾਰ ਬੰਦਾ; ਬੰਦਗੀ ਕਰੇ ਜਾਂ ਨਾ ਕਰੇ; ਉਸ ਦੀ ਰੂਹ ਨੇ ਕਿਆਮਤ ਤੱਕ ਕਬਰ ’ਚ ਰਹਿਣਾ ਹੈ। ਕਿਆਮਤ ਭਾਵ ਸ੍ਰਿਸ਼ਟੀ ਦੇ ਅੰਤ ਹੋਣ ਤੋਂ ਬਾਅਦ ਬੰਦਗੀ ਕਰਨ ਵਾਲ਼ੇ ਦੀ ਰੂਹ (ਪੈਗ਼ੰਬਰ ਦੀ ਗਵਾਹੀ ਨਾਲ਼) ਮੁਕਤ ਹੋ ਜਾਏਗੀ ਅਤੇ ਕਾਫ਼ਿਰ (ਨਾਸਤਿਕ) ਦੀ ਰੂਹ ਨੇ ਪੁਲਸਿਰਾਤ (ਨਰਕ ਦਾ ਪੁਲ; ਜਿਸ ਹੇਠਾਂ ਕਿੱਲਾਂ ਵਰਗੇ ਨੁਕੀਲੇ ਚੋਭ ਅਤੇ ਅੱਗ ਦੇ ਭਾਂਬੜ ਬਲ਼ਦੇ ਹਨ) ’ਚ ਕਸ਼ਟ ਸਹਾਰਨੇ ਪੈਂਦੇ ਹਨ। ਬਾਬਾ ਫ਼ਰੀਦ ਜੀ ਦੇ ਬੋਲ ਹਨ, ‘‘ਵਾਲਹੁ ਨਿਕੀ ਪੁਰਸਲਾਤ; ਕੰਨੀ ਸੁਣੀ ਆਇ ਫਰੀਦਾ  ! ਕਿੜੀ ਪਵੰਦੀਈ; ਖੜਾ ਆਪੁ ਮੁਹਾਇ ’’ (ਬਾਬਾ ਫਰੀਦ/੧੩੭੭) ਭਾਵ ਹੇ ਬੰਦੇ ! ਤੈਂ ਕਦੇ ਪੁਲਸਿਰਾਤ ਦਾ ਨਾਂ ਨਹੀਂ ਸੁਣਿਆ, ਜੋ ਵਾਲ ਤੋਂ ਭੀ ਬਰੀਕ ਹੈ। ਕੰਨੀਂ ਵਾਜਾਂ ਪੈਣ ’ਤੇ ਭੀ ਆਪਣਾ ਆਪ ਨਾ ਲੁਟਾ ਭਾਵ ਪ੍ਰਤੱਖ ਸੂਝ ਹੋਣ ਦੇ ਬਾਵਜੂਦ ਭੀ ਕਾਫ਼ਿਰ ਨਾ ਬਣ।

‘ਮੁਕਤੀ’ ਦੀ ਉਕਤ ਕੀਤੀ ਵਿਆਖਿਆ; ਪ੍ਰਾਚੀਨ ਧਰਮਾਂ ਦੀ ਹੈ ਜਦਕਿ ਗੁਰਬਾਣੀ ਅਨੁਸਾਰ ‘ਆਤਮਾ’; ਕਰਤਾਰ ਦਾ ਅੰਸ਼ ਹੈ, ਜਿਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ। ਭਗਤ ਕਬੀਰ ਜੀ ਦੇ ਬੋਲ ਹਨ, ‘‘ਇਆ ਮੰਦਰ (ਸਰੀਰ) ਮਹਿ ਕੌਨ ਬਸਾਈ ?  ਤਾ ਕਾ ਅੰਤੁ; ਕੋਊ ਪਾਈ ਰਹਾਉ .. ਨਾ ਇਹੁ ਤਪਾ; ਕਹਾਵੈ ਸੇਖੁ   ਨਾ ਇਹੁ ਜੀਵੈ; ਮਰਤਾ ਦੇਖੁ   ਇਸੁ ਮਰਤੇ ਕਉ ਜੇ ਕੋਊ ਰੋਵੈ   ਜੋ ਰੋਵੈ; ਸੋਈ ਪਤਿ ਖੋਵੈ ਗੁਰ ਪ੍ਰਸਾਦਿ (ਨਾਲ਼) ਮੈ ਡਗਰੋ (ਸਹੀ ਮਾਰਗ) ਪਾਇਆ   ਜੀਵਨ ਮਰਨੁ ਦੋਊ ਮਿਟਵਾਇਆ   ਕਹੁ ਕਬੀਰ  ! ਇਹੁ ਰਾਮ ਕੀ ਅੰਸੁ   ਜਸ ਕਾਗਦ ਪਰ ਮਿਟੈ ਮੰਸੁ (ਭਗਤ ਕਬੀਰ/੮੭੧) ਭਾਵ ਜਿਵੇਂ ਕਾਗਜ਼ ਉੱਤੇ ਛਪੀ ਸਿਆਹੀ ਨਹੀਂ ਮਿਟਦੀ; ਵੈਸੇ ਹੀ ਆਤਮਾ; (ਪ੍ਰਭੂ ਵਾਙ) ਅਮਰ ਹੈ।

ਗੁਰਬਾਣੀ ਅਨੁਸਾਰ ਮੁਕਤੀ; ਆਪਣੇ ਅੰਤਹਿਕਰਣ (ਅੰਦਰਲੀ ਇੰਦ੍ਰੀ, ਜਿਸ ਦੀ ਪ੍ਰੇਰਨਾ ਨਾਲ਼ ਬਾਹਰਲੀਆਂ 4 ਇੰਦ੍ਰੀਆਂ ‘ਸੁਰਤਿ, ਮਤਿ, ਮਨ, ਬੁਧਿ’ ਕਾਰਜ ਕਰਦੀਆਂ ਹਨ) ਨੂੰ ਪਾਰਦਰਸ਼ੀ ਕਰਨਾ ਹੈ ਤਾਂ ਜੋ ਸਰਬ ਵਿਆਪਕ ਰੱਬੀ ਜੋਤਿ (ਆਤਮਾ) ਦਾ ਹੂ-ਬਹੂ ਪ੍ਰਕਾਸ਼; ਇਨ੍ਹਾਂ ਬਾਹਰਲੀਆਂ ਚਾਰੋਂ ਇੰਦ੍ਰੀਆਂ ਨੂੰ ਮਿਲ ਸਕੇ। ਇਹੀ ਹੈ ‘ਪ੍ਰਭੂ ਦਾ ਦਰਸ਼ਨ, ਜੀਵਨ ਮੁਕਤ ਹੋਣਾ’। ਜੋ ਅੰਦਰਲੇ ਤੀਰਥ ਉੱਤੇ ਇਸ਼ਨਾਨ ਕੀਤਿਆਂ (ਅੰਤਰਗਤਿ ਤੀਰਥਿ (ਤੇ) ਮਲਿ ਨਾਉ ੨੧ ਜਪੁ) ਭਾਵ ਗੁਰਮਤਿ ਅਨੁਸਾਰੀ ਸਵੈ ਪੜਚੋਲ ਕੀਤਿਆਂ ਹੋਣਾ ਹੈ। ਜੇਕਰ ਸਿੱਖ ਇਸ ਸੰਘਰਸ਼ ’ਚ ਅਸਫਲ ਰਿਹਾ ਤਾਂ ਜਿਹੜੀ ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ.. ’’ (ਮਹਲਾ /੬੫੧) ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ‘ਕੂੜ ਦੀ ਕੰਧ/ਪਰਦਾ’ ਭੀ ਕਿਹਾ ਹੈ, ‘‘ਕਿਵ ਕੂੜੈ ਤੁਟੈ ਪਾਲਿ ? ..’’ (ਜਪੁ), ਨੇ ਅਗਲਾ ਜਨਮ ਅਵੱਸ਼ ਕਰਾਉਣਾ ਹੈ; ਜੈਸਾ ਕਿ ਵਾਕ ਹੈ, ‘‘ਸੁਨਹੁ ਰੇ  ! ਤੂ ਕਉਨੁ ? ਕਹਾ ਤੇ ਆਇਓ ?   ਏਤੀ ਜਾਨਉ, ਕੇਤੀਕ ਮੁਦਤਿ ? ਚਲਤੇ ਖਬਰਿ ਪਾਇਓ ਰਹਾਉ ..  ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ); ਨਾਲੇ ਹਉਮੈ ਪਾਈ   ਜਨਮ ਮਰਣੁ ਉਸ (ਹਉਮੈ/ਮੈਲ਼) ਹੀ ਕਉ ਹੈ ਰੇ ! ਓਹਾ ਆਵੈ ਜਾਈ (ਮਹਲਾ /੯੯੯) ਭਾਵ ਆਵਾਗਮਣ ’ਚ ਜਨਮ ਜਨਮ ਦੀ ਮੈਲ਼, ਜੋ ਬੰਦੇ ਦੁਆਰਾ ਕੀਤੇ ਕੰਮਾਂ ਦਾ ਫਲ਼ ਹੈ; ਹੀ ਜਾਂਦੀ ਹੈ। ਉਸ ਲਈ ਸਹਾਰਾ ਫਿਰ ਰੱਬੀ ਜੋਤਿ (ਆਤਮਾ, ਰੂਹ, ਜਿੰਦ) ਬਣ ਜਾਂਦਾ ਹੈ, ਨਾ ਕਿ ਪ੍ਰਾਚੀਨ ਮੱਤਾਂ ਵਾਙ ‘ਆਤਮਾ’ ਨੂੰ ਮੁਕਤ ਕਰਨਾ ਹੈ।

ਅੰਤ ’ਚ ਸ਼ਰਧਾਵਾਨ ਮਨੁੱਖਾਂ ਨੂੰ ਸਤਿਗੁਰੂ ਦੇ ਮਾਨਵਤਾ ਲਈ ਕੀਤੇ ਅਹਿਸਾਸ, ਗੁਰੂ ਦੀ ਅਹਿਮੀਅਤ ਅਤੇ ਗੁਰੂ ਦੇ ਅਪਾਰ ਰੂਹਾਨੀਅਤ ਬਲ ਦਾ ਸਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜਿਨ੍ਹਾਂ ਦੁਆਰਾ ਬਖ਼ਸ਼ੀ ਗਿਆਨ-ਰੌਸ਼ਨੀ ਨਾਲ਼ ਅਪਹੁੰਚ ਮਾਲਕ (ਕਰਤਾਰ) ਨਾਲ਼ ਪ੍ਰੀਤ ਬਣ ਸਕੀ ਤੇ ਜਨਮ ਸਫਲ ਹੋਇਆ। ਭਗਤ ਕਬੀਰ ਜੀ ਦੇ ਬਚਨ ਹਨ, ‘‘ਕਬੀਰਸੇਵਾ ਕਉ ਦੁਇ ਭਲੇ; ਏਕੁ ਸੰਤੁ ਇਕੁ ਰਾਮੁ   ਰਾਮੁ ਜੁ ਦਾਤਾ ਮੁਕਤਿ ਕੋ; ਸੰਤੁ ਜਪਾਵੈ ਨਾਮੁ ’’ (ਭਗਤ ਕਬੀਰ/੧੩੭੩)

ਨੋਟ : ਉਕਤ ਵਾਕ ’ਚ ‘ਸੰਤੁ’ ਦਾ ਅਰਥ ‘ਸਤਿਗੁਰੂ’ ਹੈ, ਕੋਈ ਚੋਲ਼ਾਧਾਰੀ ਪਾਖੰਡੀ ਨਹੀਂ ਅਤੇ ‘ਰਾਮੁ’ ਦਾ ਅਰਥ ‘ਕਣ ਕਣ ’ਚ ਵਿਆਪਕ ਕਰਤਾਰ ਹੈ’, ਅਯੁੱਧਿਆ ਪਤੀ ਰਾਜੇ ਦਸ਼ਰਥ ਦਾ ਪੁੱਤਰ ‘ਸ਼੍ਰੀ ਰਾਮ ਚੰਦਰ’ ਨਹੀਂ; ਜਿਸ ਨੂੰ ਵਿਸ਼ਨੂੰ ਦਾ 22ਵਾਂ ਅਵਤਾਰ ਮੰਨਿਆ ਜਾਂਦਾ ਹੈ ਤੇ ਇਸ ਦਾ ਜਨਮ ਚੇਤ ਸੁਦੀ ੯, ਸੰਮਤ ੨੦੫੭ (12 ਅਪਰੈਲ 2000) ਤੋਂ 8,80,100 ਸਾਲ ਪਹਿਲਾਂ ਹੋਇਆ ਮੰਨਿਆ ਜਾਂਦਾ ਹੈ।

ਜੀਵ ਵਿਗਿਆਨ ਅਨੁਸਾਰ 8 ਲੱਖ ਵਰ੍ਹੇ ਤੋਂ 4 ਲੱਖ ਵਰ੍ਹੇ ਪਹਿਲਾਂ, ਜੋ ਪਹਿਲੀ ਮਨੁੱਖੀ ਨਸਲ ‘ਹੋਮੋ ਇਰੈਕਟਸ’ ਵਜੂਦ ’ਚ ਆਈ; ਉਸ ਕੋਲ਼ ਅਜੋਕੇ ਮਨੁੱਖ ਵਰਗੇ ਵਿਕਸਿਤ ਹੱਥ ਤੇ ਵਿਕਸਿਤ ਦਿਮਾਗ਼ ਨਹੀਂ ਸਨ ਭਾਵੇਂ ਕਿ ਉਹ ਅੱਗ ਮਚਾਉਣਾ ਸਿੱਖ ਚੁੱਕੀ ਸੀ ਜਦਕਿ ਰਾਮ ਚੰਦਰ ਜੀ ਦਾ ਜਨਮ ਇਸ ਨਸਲ ਤੋਂ ਭੀ 80 ਹਜ਼ਾਰ ਸਾਲ ਤੋਂ ਵੱਧ ਸਮਾਂ ਪਹਿਲਾਂ ਹੋਇਆ ਮੰਨਿਆ ਗਿਆ ਹੈ।

ਨਾਨਕਸ਼ਾਹੀ ਕੈਲੰਡਰ; ਬਿਕ੍ਰਮੀ ਕੈਲੰਡਰ ਨਾਲੋਂ ਵਧੇਰੇ ਕੁਦਰਤੀ

0

ਨਾਨਕਸ਼ਾਹੀ ਕੈਲੰਡਰ; ਬਿਕ੍ਰਮੀ ਕੈਲੰਡਰ ਨਾਲੋਂ ਵਧੇਰੇ ਕੁਦਰਤੀ

ਕਿਰਪਾਲ ਸਿੰਘ ਬਠਿੰਡਾ

ਜਯੋਤਿਸ਼ੀ ਵੰਡ ਅਨੁਸਾਰ 30-30 ਡਿਗਰੀਆਂ ਦੀ ਬਰਾਬਰ ਵਿੱਥੀ ’ਤੇ 12 ਰਾਸ਼ੀਆਂ ਮਿਥੀਆਂ ਗਈਆਂ ਹਨ ਕਿਉਂਕਿ ਸੂਰਜ ਦੁਆਲੇ ਧਰਤੀ ਸਮਾਨ ਦੂਰੀ ’ਤੇ ਪੂਰਨ ਗੋਲਾਕਾਰ ਰੂਪ ’ਚ ਨਹੀਂ ਬਲਕਿ ਅੰਡਾਕਾਰ ਚੱਕਰ ’ਚ ਘੁੰਮਦੀ ਹੈ; ਇਸ ਕਾਰਨ ਇਨ੍ਹਾਂ ਰਾਸ਼ੀ ਤਬਦੀਲੀਆਂ ਨਾਲ ਬਣੇ ਬਿਕ੍ਰਮੀ ਕੈਲੰਡਰ (ਸੂਰਯ ਸਿਧਾਂਤ) ਦੇ ਮਹੀਨਿਆਂ ’ਚ ਬਰਾਬਰ ਦਿਨ ਨਹੀਂ ਹੁੰਦੇ ਬਲਕਿ 29 ਤੋਂ 32 ਦਿਨਾਂ ਵਿਚਕਾਰ ਵਧਦੇ ਘਟਦੇ ਰਹਿੰਦੇ ਹਨ; ਜਿਵੇਂ ਕਿ ਚੇਤ, ਵੈਸਾਖ ਅਤੇ ਅੱਸੂ (3 ਮਹੀਨੇ); 30 ਜਾਂ 31 ਦਿਨ ਦੇ ਹੁੰਦੇ ਹਨ। ਜੇਠ, ਹਾੜ, ਸਾਵਣ ਤੇ ਭਾਦੋਂ (4 ਮਹੀਨੇ); 31 ਜਾਂ 32 ਦਿਨ ਦੇ ਹੁੰਦੇ ਹਨ। ਕੱਤਕ, ਮੱਘਰ, ਪੋਹ, ਮਾਘ ਤੇ ਫੱਗਣ (5 ਮਹੀਨੇ); 29 ਜਾਂ 30 ਦਿਨਾਂ ਦੇ ਹੁੰਦੇ ਹਨ। ਚੇਤੇ ਰਹੇ ਕਿ ਦ੍ਰਿਕ ਗਣਿਤ ਸਿਧਾਂਤ ’ਚ ਭਾਦੋਂ ਦਾ ਮਹੀਨਾ 31 ਜਾਂ 32 ਦਿਨਾਂ ਦੀ ਥਾਂ 31 ਜਾਂ 30 ਦਿਨਾਂ ਦਾ ਹੁੰਦਾ ਹੈ। ਇਨ੍ਹਾਂ 12 ਹੀ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਅਤੇ ਮਹੀਨੇ ਦਾ ਅਰੰਭਕ ਦਿਨ ਭਾਵ ਸੰਗਰਾਂਦ; ਸਾਲ-ਬ-ਸਾਲ ਬਦਲਦੀ ਰਹਿੰਦੀ ਹੈ। ਜਿਸ ਕਾਰਨ ਯਾਦ ਰੱਖਣੇ ਅਤਿ ਕਠਿਨ ਹਨ।

ਪੁਲਾੜ ’ਚ ਤਾਰਿਆਂ ਦੇ ਸਮੂਹ ਨੂੰ ਤਾਰਾਮੰਡਲ ਜਾਂ ਜੋਤਿਸ਼ ਦੀ ਭਾਸ਼ਾ ’ਚ ਰਾਸ਼ੀਆਂ ਕਿਹਾ ਜਾਂਦਾ ਹੈ। ਵੱਖ-ਵੱਖ ਸਭਿਆਚਾਰਾਂ ਵਿੱਚ ਰਾਸ਼ੀਆਂ ਦੀਆਂ ਵੱਖੋ ਵੱਖਰੀਆਂ ਪਰਿਭਾਸ਼ਾਵਾਂ ਹਨ। ਬੇਬੀਲੋਨੀਅਨ ਖਗੋਲ ਵਿਗਿਆਨੀਆਂ ਨੇ 12 ਦੀ ਥਾਂ 18 ਤਾਰਾਮੰਡਲਾਂ (ਰਾਸ਼ੀਆਂ) ਦਾ ਜ਼ਿਕਰ ਕੀਤਾ ਹੈ। ਵੈਸਟਰਨ ਵਸ਼ਿੰਗਟਿਨ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਹਾਂਗ ਕਾਂਗ, ਜਰਨਲ ਆਫ਼ ਰੌਇਲ ਅਸਟ੍ਰੌਨੀਮੀਕਲ ਸੁਸਾਇਟੀ ਆਫ਼ ਕੈਨੇਡਾ ਅਤੇ ਨਾਸਾ ਆਦਿਕ ਦੀਆਂ ਭਰੋਸੇਯੋਗ ਵੈੱਬਸਾਈਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਯੋਤਿਸ਼ੀਆਂ ਵੱਲੋਂ ਮਿਥੀਆਂ 12 ਰਾਸ਼ੀਆਂ ਨਹੀਂ ਬਲਕਿ ਅਸਲ ’ਚ ਸੂਰਜ ਦੇ ਮਾਰਗ ’ਤੇ 13 ਰਾਸ਼ੀਆਂ (ਤਾਰਾਮੰਡਲ) ਹਨ, ਜੋ ਬਰਾਬਰ ਵਿੱਥ ’ਤੇ ਨਹੀਂ ਬਲਕਿ ਬਹੁਤ ਹੀ ਅ-ਸਮਾਨ ਵਿੱਥ ’ਤੇ ਫੈਲੀਆਂ ਹੋਈਆਂ ਹਨ। ਇਨ੍ਹਾਂ 13 ਖਗੋਲੀ ਰਾਸ਼ੀਆਂ ਦੇ ਆਧਾਰ ’ਤੇ ਕੁਦਰਤੀ ਕੈਲੰਡਰ ਦੇ ਮਹੀਨੇ ਬਣਾਏ ਜਾਣ ਤਾਂ 6 ਤੋਂ 45 ਦਿਨਾਂ ਵਾਲੇ 13 ਮਹੀਨੇ ਬਣਨਗੇ, ਜਿਨ੍ਹਾਂ ਦੇ ਦਿਨਾਂ ਦੀ ਗਿਣਤੀ ਹੇਠ ਬਣਾਈ ਸਾਰਣੀ ’ਚ ਦਿੱਤੀ ਗਈ ਹੈ। ਸੂਰਜ ਦਾ ਇਨ੍ਹਾਂ ਖਗੋਲੀ ਰਾਸ਼ੀਆਂ ਦੇ ਤਾਰਾਮੰਡਲ ਵਿੱਚੋਂ ਲੰਘਣ ਨਾਲ ਬਣੀਆਂ ਤਾਰੀਖਾਂ; ਜੋਤਿਸ਼ ਕੁੰਡਲੀਆਂ ਨਾਲ ਮੇਲ ਨਹੀਂ ਖਾਂਦੀਆਂ।

 

Above are general date ranges not for a particular year unless specifically indicated. https://astro101.wwu.edu/a101_zodiac.html

https://www.rasc.ca/sites/default/files/publications/JRASC-2010-06-hr.pdf

https://theskylive.com/sun-info

ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਸਿੱਖਾਂ ਲਈ ਸਵਾਲ ਹੈ ਕਿ ਜੇ ਉਨ੍ਹਾਂ ਅਕਾਸ਼ੀ ਪੁਲਾੜ ਦੀਆਂ ਕੁਦਰਤੀ 13 ਖਗੋਲੀ ਰਾਸ਼ੀਆਂ ਨੂੰ ਛੱਡ ਕੇ ਜਯੋਤਿਸ਼ ਵੰਡ ਅਨੁਸਾਰ ਮਿਥੀਆਂ 12 ਰਾਸ਼ੀਆਂ ਦੇ ਆਧਾਰ ’ਤੇ ਹੋਂਦ ’ਚ ਆਏ ਬਿਕ੍ਰਮੀ ਕੈਲੰਡਰ ਨੂੰ ਹੀ ਮੰਨਣਾ ਹੈ (ਜਿਸ ਨੂੰ ਭਾਰਤ ਸਰਕਾਰ ਭੀ 1957 ਸੀਈ ’ਚ ਰੱਦ ਕਰ ਸਾਕਾ ਕੈਲੰਡਰ ਅਪਣਾਅ ਚੁੱਕੀ ਹੈ) ਤਾਂ ਕਿਉਂ ਨਾ ਸਿੱਖ ਭੀ ਨਾਨਕਸ਼ਾਹੀ ਕੈਲੰਡਰ ਹੀ ਅਪਣਾਅ ਲੈਣ। ਇਸ ਦੇ ਸਾਲ ਦੀ ਲੰਬਾਈ ਸੂਰਜ ਦਾ ‘ਰਥ ਫਿਰੈ’ (ਇਹ ਹਵਾਲਾ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ ੧੧੦੮ ’ਤੇ ਹੈ) ਤੋਂ ਇੱਕ ਚੱਕਰ ਪੂਰਾ ਕਰਨ ਤੋਂ ਮੁੜ ਉਸੇ ਰਥ ਫਿਰਨ ਤੱਕ ਪਹੁੰਚਣ ਲਈ ਲੱਗੇ ਸਮੇਂ ਦੇ ਤਕਰੀਬਨ-ਤਕਰੀਬਨ ਸਮਾਨ (365.2425 ਦਿਨ) ਹੈ। ਇਸ ਦੀ ਬਰਾਬਰ ਵੰਡ ਕਰਨ ਉਪਰੰਤ ਬਣੇ 12 ਮਹੀਨਿਆਂ ’ਚੋਂ ਪਹਿਲੇ 5 ਮਹੀਨੇ (ਚੇਤ, ਵੈਸਾਖ, ਜੇਠ, ਹਾੜ ਅਤੇ ਸਾਵਣ) 31-31 ਦਿਨਾਂ ਦੇ ਹਨ ਤੇ ਅਗਲੇ 7 ਮਹੀਨੇ (ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਅਤੇ ਫੱਗਣ) 30-30 ਦਿਨਾਂ ਦੇ ਹਨ। ਲੀਪ ਦੇ ਸਾਲ ਸਮੇਂ ਅੰਤਮ ਮਹੀਨਾ (ਫੱਗਣ); 31 ਦਿਨਾਂ ਦਾ ਹੋ ਜਾਂਦਾ ਹੈ। ਐਸਾ ਕੈਲੰਡਰ ਯਾਦ ਰੱਖਣਾ ਬੜਾ ਆਸਾਨ ਹੈ ਕਿਉਂਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ 29 ਤੋਂ 32 ਦਿਨ; ਜਿੱਥੇ ਸਾਲ-ਬ-ਸਾਲ ਬਦਲਦੀ ਰਹਿੰਦੀ ਹੈ ਤੇ ਗ੍ਰੈਗੋਰੀਅਨ ਕੈਲੰਡਰ ਦੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ 28 ਤੋਂ 31 ਦਿਨ ਹੈ; ਜਿਵੇਂ ਕਿ ਤਰਤੀਬਵਾਰ ਜਨਵਰੀ 31, ਫ਼ਰਵਰੀ 28, ਮਾਰਚ 31, ਅਪ੍ਰੈਲ 30, ਮਈ 31, ਜੂਨ 30, ਜੁਲਾਈ 31, ਅਗਸਤ 31, ਸਤੰਬਰ 30 ਅਕਤੂਬਰ 31, ਨਵੰਬਰ 30, ਦਸੰਬਰ 31 ਦਿਨ ਹੈ। ਇਨਾਂ ਦੇ ਨਾ ਦਿਨਾਂ ਦੀ ਗਿਣਤੀ ’ਚ ਕੋਈ ਤਰਤੀਬ ਹੈ ਤੇ ਨਾ ਹੀ ਨਾਵਾਂ ’ਚ; ਕਿਉਂਕਿ ਸਤੰਬਰ; Seven (ਸੱਤ) ਅਰਥ ਦਿੰਦਾ ਹੈ, ਪਰ ਹੈ ਇਹ ‘9ਵਾਂ ਮਹੀਨਾ’। ਅਕਤੂਬਰ; Octa (ਅੱਠ) ਅਰਥ ਦਿੰਦਾ ਹੈ, ਪਰ ਹੈ ਇਹ 10ਵਾਂ ਮਹੀਨਾ।  ਨਵੰਬਰ; Nine (ਨੌ) ਅਰਥ ਦਿੰਦਾ ਹੈ, ਪਰ ਹੈ ਇਹ 11ਵਾਂ ਮਹੀਨਾ। ਦਸੰਬਰ;  Deka (ਦਸ) ਅਰਥ ਦਿੰਦਾ ਹੈ, ਪਰ ਹੈ ਇਹ 12ਵਾਂ ਮਹੀਨਾ। ਇਉਂ ਯਾਦ ਰੱਖਣੇ ਮੁਸ਼ਕਲ ਹਨ। ਇਸ ਦਾ ਲੀਪ ਮਹੀਨਾ ਫ਼ਰਵਰੀ; ਸਾਲ ਦਾ ਦੂਸਰਾ ਮਹੀਨਾ ਭਾਵ ਸਾਲ ਦੇ ਵਿਚਕਾਰ ਹੈ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦਾ ਅੰਤਮ ਮਹੀਨਾ (ਫੱਗਣ); ਲੀਪ ਮਹੀਨਾ ਹੈ, ਜੋ ਯਾਦ ਰੱਖਣਾ ਬੜਾ ਆਸਾਨ ਹੈ ਕਿਉਂਕਿ ਵਾਧਾ ਘਾਟਾ ਹਮੇਸ਼ਾਂ ਅਖੀਰ ’ਤੇ ਹੀ ਕੀਤਾ ਜਾਂਦਾ ਹੈ।

ਸੰਪ੍ਰਦਾਈ ਸਿੱਖ ਦਾਅਵਾ ਕਰਦੇ ਹਨ ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਸੰਗਰਾਂਦਾਂ ਕੁਦਰਤੀ ਹਨ ਕਿਉਂਕਿ ਇਨ੍ਹਾਂ ਨੂੰ ਸੂਰਜ ਦੇ ਇੱਕ ਰਾਸ਼ੀ ਤੋਂ ਦੂਸਰੀ ਰਾਸ਼ੀ ’ਚ ਤਬਦੀਲੀ ਹੋਣ ਮੁਤਾਬਕ ਨਿਰਧਾਰਿਤ ਕੀਤਾ ਗਿਆ ਹੈ ਜਦਕਿ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਮਿਥੀਆਂ ਹਨ। ਮਿਥੀਆਂ ਤਾਰੀਖ਼ਾਂ ਨਾਲ ਸਾਡਾ ਇਤਿਹਾਸ ਭੀ ਮਿਥਿਹਾਸ ਬਣ ਜਾਵੇਗਾ, ਪਰ ਇਹ ਦਾਅਵਾ ਨਿਰਾ ਝੂਠ ਹੈ ਕਿਉਂਕਿ ਪਹਿਲਾਂ ਤਾਂ ਜਿਨ੍ਹਾਂ ਰਾਸ਼ੀਆਂ ਨੂੰ ਇਹ ਕੁਦਰਤੀ ਮੰਨੀ ਬੈਠੇ ਹਨ, ਉਹ ਕੁਦਰਤੀ ਨਹੀਂ ਹਨ। ਅਸਲ ’ਚ ਪੁਲਾੜ ’ਚ ਅ-ਸਮਾਨ ਦੂਰੀ ’ਤੇ 13 ਖਗੋਲੀ ਰਾਸ਼ੀਆਂ ਹਨ। ਇਨ੍ਹਾਂ 13 ਖਗੋਲੀ ਰਾਸ਼ੀਆਂ ਦੇ ਆਧਾਰ ’ਤੇ ਜੇ ਕੁਦਰਤੀ ਕੈਲੰਡਰ ਦੇ ਮਹੀਨੇ ਬਣਾਏ ਜਾਣ ਤਾਂ 6 ਤੋਂ 45 ਦਿਨਾਂ ਵਾਲੇ 13 ਮਹੀਨੇ ਬਣਨਗੇ, ਜਿਨ੍ਹਾਂ ਦੇ ਦਿਨਾਂ ਦੀ ਗਿਣਤੀ ਉਕਤ ਬਣਾਈ ਸਾਰਣੀ ’ਚ ਦਿੱਤੀ ਗਈ ਹੈ। ਇਸ ਤਰ੍ਹਾਂ ਦੇ ਮਹੀਨੇ ਸਮਾਜਿਕ ਅਤੇ ਰਾਜ ਪ੍ਰਬੰਧਕੀ ਕਾਰਜਾਂ ਲਈ ਉਪਯੋਗੀ ਸਿੱਧ ਨਹੀਂ ਹੁੰਦੇ। ਇਸ ਲਈ ਇਨ੍ਹਾਂ 13 ਖਗੋਲੀ ਰਾਸ਼ੀਆਂ ਦੀ ਥਾਂ ਜਯੋਤਿਸ਼ੀ ਵੰਡ ਅਨੁਸਾਰ 30-30 ਡਿਗਰੀਆਂ ਦੀਆਂ ਸਮਾਨ 12 ਰਾਸ਼ੀਆਂ ਬਣਾਈਆਂ ਗਈਆਂ ਹਨ, ਪਰ ਸਮਾਨ ਰਾਸ਼ੀਆਂ ਬਣਾਉਣ ਦੇ ਬਾਵਜੂਦ 12 ਮਹੀਨਿਆਂ ਦੇ ਦਿਨਾਂ ਦੀ ਗਿਣਤੀ ਅ-ਸਮਾਨ ਹੈ, ਜੋ 29 ਤੋਂ 32 ਦਿਨਾਂ ਵਿਚਕਾਰ ਸਾਲ-ਬ-ਸਾਲ ਬਦਲਦੀ ਰਹਿੰਦੀ ਹੈ। ਦੂਸਰਾ ਕਾਰਨ ਹੈ ਕਿ ਪੱਛਮੀ ਅਤੇ ਪੂਰਬੀ ਰਾਸ਼ੀਆਂ ’ਚ ਇਸ ਵੇਲੇ 24 ਡਿਗਰੀ ਤੋਂ ਵੱਧ ਯਾਨੀ ਲਗਭਗ 24 ਦਿਨਾਂ ਦਾ ਅੰਤਰ ਹੈ, ਜੋ ਸਮੇਂ ਨਾਲ ਤਕਰੀਬਨ 0 ਡਿਗਰੀ 0 ਮਿੰਟ 50 ਸੈਕੰਡ ਦੇ ਹਿਸਾਬ ਪ੍ਰਤੀ ਸਾਲ ਵਧਦਾ ਜਾ ਰਿਹਾ ਹੈ। ਤੀਸਰਾ ਸਭ ਤੋਂ ਠੋਸ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਰਾਸ਼ੀਆਂ ਅਤੇ ਸੰਗਰਾਂਦਾਂ ਦਾ ਕੋਈ ਜ਼ਿਕਰ ਹੀ ਨਹੀਂ ਹੈ। ਇਸ ਲਈ ਇਨ੍ਹਾਂ ਰਾਸ਼ੀਆਂ ਅਤੇ ਸੰਗਰਾਂਦਾਂ ਨੂੰ ਬਹੁਤੀ ਤਵੱਜੋ ਦੇਣਾ ਕਿਸੇ ਵੀ ਤਰ੍ਹਾਂ ਯੋਗ ਨਹੀਂ।

ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ‘ਰਥ ਫਿਰੈ’ (ਉਤਰਾਇਣੰਤ = Solstice) ਤੋਂ ਮੁੜ ਉਸੇ ‘ਰਥ ਫਿਰੈ’ ਤੱਕ ਪਹੁੰਚਣ ਲਈ ਲੱਗੇ ਸਮੇਂ (365.24219 ਦਿਨ) ਦੇ ਲਗਭਗ ਬਰਾਬਰ ਹੈ; ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ੧੧੦੮ ’ਤੇ ਇਸ ਤਰ੍ਹਾਂ ਕੀਤਾ ਹੈ, ‘‘ਆਸਾੜੁ ਭਲਾ; ਸੂਰਜੁ ਗਗਨਿ () ਤਪੈ ਧਰਤੀ ਦੂਖ ਸਹੈ; ਸੋਖੈ, ਅਗਨਿ ਭਖੈ ਅਗਨਿ ਰਸੁ ਸੋਖੈ; ਮਰੀਐ ਧੋਖੈ; ਭੀ ਸੋ ਕਿਰਤੁ ਹਾਰੇ ਰਥੁ ਫਿਰੈ ਛਾਇਆ ਧਨ ਤਾਕੈ; ਟੀਡੁ ਲਵੈ ਮੰਝਿ ਬਾਰੇ ’’ (ਤੁਖਾਰੀ/ਬਾਰਹਮਾਹਾ/ ਮਹਲਾ /੧੧੦੮)

 ਸੂਰਜ ਦਾ ਰਥ ਫਿਰਨ ਵਾਲ਼ੀ ਘਟਨਾ ਕੁਦਰਤੀ ਅਤੇ ਖਗੋਲ ਵਿਗਿਆਨ ਅਨੁਸਾਰ ਹੈ, ਜੋ ਸਾਰੇ ਸੰਸਾਰ ’ਚ ਇੱਕੋ ਸਮੇਂ ਵਾਪਰਦੀ ਹੈ। ਇਨ੍ਹਾਂ 365 ਦਿਨਾਂ ਦੀ ਬਰਾਬਰ ਵੰਡ ਕੀਤਿਆਂ ਬਣੇ 12 ਮਹੀਨਿਆਂ ’ਚੋਂ ਪਹਿਲੇ 5 ਮਹੀਨੇ (ਚੇਤ, ਵੈਸਾਖ, ਜੇਠ, ਹਾੜ ਅਤੇ ਸਾਵਣ) 31-31 ਦਿਨਾਂ ਦੇ ਅਤੇ ਆਖਰੀ 7 ਮਹੀਨੇ (ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਘ ਤੇ ਫੱਗਣ) 30-30 ਦਿਨਾਂ ਦੇ ਹਨ। ਬਾਕੀ 0.24219 ਦਿਨਾਂ ਨੂੰ ਲੀਪ ਦੇ ਸਾਲ ’ਚ ਪੂਰਾ ਕਰ ਉਸ ਸਾਲ ’ਚ ਆਖਰੀ ਮਹੀਨਾ ਫੱਗਣ 31 ਦਿਨਾ ਦਾ ਹੋ ਜਾਂਦਾ ਹੈ। ਐਸਾ ਨਾਨਕਸ਼ਾਹੀ ਕੈਲੰਡਰ ਸਮਝਣ ਅਤੇ ਯਾਦ ਰੱਖਣ ’ਚ ਬਿਕ੍ਰਮੀ ਕੈਲੰਡਰ ਨਾਲੋਂ ਬਹੁਤ ਸੁਖਾਲਾ, ਸਰਲ ਅਤੇ ਹਮੇਸ਼ਾਂ ਗੁਰਬਾਣੀ ਤੇ ਖਗੋਲ ਵਿਗਿਆਨ ਦੀ ਕਸੌਟੀ ’ਤੇ ਪੂਰਾ ਢੁੱਕਦਾ ਹੈ ਯਾਨੀ ਸੂਰਜ ਦਾ ਰਥ ਸਦਾ ਹਾੜ ਦੇ ਮਹੀਨੇ ’ਚ ਫਿਰੇਗਾ, ਜਿਸ ਨਾਲ ਮਾਸਿਕ ਰੁੱਤਾਂ ਹਮੇਸ਼ਾਂ ਲਈ ਉਹੀ ਰਹਿਣਗੀਆਂ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਦੋਵੇਂ ਬਾਰਹਮਾਹਾ ਅਤੇ ਰਾਮਕਲੀ ਰੁਤੀ ਬਾਣੀ ’ਚ ਬਿਆਨ ਕੀਤੀਆਂ ਗਈਆਂ ਹਨ ਤੇ ਅਜੋਕੇ ਸਮੇਂ ’ਚ ਚੱਲ ਰਹੀਆਂ ਹਨ ਜਦਕਿ ਬਿਕ੍ਰਮੀ ਕੈਲੰਡਰ ’ਚ ਸੂਰਜ ਦਾ ਰਥ ਬਿਕ੍ਰਮੀ ਸੰਮਤ ੫੫੮ ’ਚ ੧ ਸਾਵਣ (20 ਜੂਨ 501 ਈਸਵੀ) ਨੂੰ ਫਿਰਿਆ ਸੀ, ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ੧੬ ਹਾੜ ਸੰਮਤ ੧੫੫੮ (12 ਜੂਨ 1501 ਈ: ਜੂਲੀਅਨ) ਨੂੰ ਅਤੇ ਹੁਣ ੬-੭ ਹਾੜ/20-21 ਜੂਨ ਨੂੰ, ਬਿਕ੍ਰਮੀ ਸੰਮਤ ੨੫੫੮ ’ਚ ੩੨ ਜੇਠ/21 ਜੂਨ 2501 ਈ: ਗ੍ਰੈਗੋਰੀਅਨ ਨੂੰ ਫਿਰੇਗਾ, ਜੋ ਨਾਨਕਸ਼ਾਹੀ ਕੈਲੰਡਰ ’ਚ ਹਮੇਸ਼ਾਂ ੬-੭ ਹਾੜ ਨਿਰਧਾਰਿਤ ਕੀਤਾ ਹੈ। ਉਕਤ ਸਾਰੀ ਵਿਚਾਰ ਦਾ ਇਹੀ ਤਤਸਾਰ ਹੈ ਕਿ ਗੁਰਮਤਿ ਅਤੇ ਖਗੋਲ ਵਿਗਿਆਨ ਦੀ ਕਸੌਟੀ ’ਤੇ ਪਰਖਿਆਂ ਨਾਨਕਸ਼ਾਹੀ ਕੈਲੰਡਰ; ਬਿਕ੍ਰਮੀ ਕੈਲੰਡਰ ਨਾਲੋਂ ਕਿਤੇ ਵੱਧ ਕੁਦਰਤੀ ਅਤੇ ਸਹੀ ਹੈ।

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਚੌਥਾ)

0

ਬੇੜੀ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਚੌਥਾ)

ਗਿਆਨੀ ਅਵਤਾਰ ਸਿੰਘ

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਪਹਿਲਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਦੂਜਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਤੀਜਾ)

ਦੁਨਿਆਵੀ ਮਨੁੱਖ ਕੋਲ਼ ਅਸਲ ਖ਼ਜ਼ਾਨਾ; ਉਸ ਦੁਆਰਾ ਆਪਣੇ ਪੰਜ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਰਾਹੀਂ ਪਾਇਆ ਗਿਆਨ ਹੀ ਹੁੰਦਾ ਹੈ। ਕਿਸੇ ਘਟਨਾ ਜਾਂ ਚਿੱਤਰ ਨੂੰ ਅੱਖਾਂ ਨਾਲ਼ ਵੇਖ ਕੇ, ਫੁੱਲਾਂ ਦੀ ਮਹਿਕ ਜਾਂ ਗੰਦ ਨੂੰ ਨੱਕ ਨਾਲ਼ ਸੁੰਘ ਕੇ, ਆਵਾਜ਼ ਨੂੰ ਕੰਨਾਂ ਨਾਲ਼ ਸੁਣ ਕੇ, ਪਦਾਰਥਾਂ ਨੂੰ ਜੀਭ ਨਾਲ਼ ਚੱਖ ਕੇ ਤੇ ਹੱਥ-ਪੈਰ (ਭਾਵ ਚਮੜੀ) ਨਾਲ਼ ਵਸਤੂ ਨੂੰ ਛੋਹ ਕੇ ਪ੍ਰਾਪਤ ਹੁੰਦਾ ਗਿਆਨ ਹੀ ਹਰ ਮਨੁੱਖ ਦਾ ਪ੍ਰੇਰਨਾ-ਸ੍ਰੋਤ ਹੁੰਦਾ ਹੈ, ਜੋ ਦਿਮਾਗ਼ ਨੂੰ ਸੰਤੁਸ਼ਟ ਕਰੀ ਰੱਖਦਾ ਹੈ ਤਾਹੀਓਂ ਉਹ ਕਦੇ ਇਹ ਸੰਦੇਹ ਜਾਂ ਤਰਕ ਨਹੀਂ ਕਰਦਾ ਕਿ ਛੋਹੀ ਗਈ ਵਸਤੂ; ਵਸਤੂ ਨਹੀਂ ਸੀ। ਸੁੰਘੀ ਗਈ ਮਹਿਕ; ਮਹਿਕ ਨਹੀਂ ਸੀ। ਵੇਖੀ ਗਈ ਘਟਨਾ; ਕੋਈ ਹਾਦਸਾ ਨਹੀਂ ਸੀ, ਆਦਿ।

ਦੂਜੇ ਪਾਸੇ ਧਰਮ ਦਾ ਗਿਆਨ; ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿਕ ਦੇ ਅੰਦਰੋਂ ਫੁਟਿਆ ਉਹ ਅਨੁਭਵ ਹੈ, ਜੋ ਗਿਆਨ ਇੰਦ੍ਰਿਆਂ ਤੋਂ ਇਲਾਵਾ ਇੱਕ ਗ਼ੈਬੀ/ਅਦ੍ਰਿਸ਼ ਸ਼ਕਤੀ ਨਾਲ਼ ਲਗਾਅ ਪੈਦਾ ਕਰ ਉਤਪੰਨ ਹੋਇਆ ਹੁੰਦਾ ਹੈ। ਇਸ ਨਾਲ਼ ਹੋਇਆ ਸ਼ਾਂਤ ਮਨ, ਦੁਬਿਧਾ ਮੁਕਤ (ਸਥਿਰ) ਦਿਮਾਗ਼ ਤੇ ਬੋਲ-ਬਾਣੀ ’ਚ ਉਪਜੀ ਹਾਂ-ਪੱਖੀ ਭਾਵਨਾ ਆਮ ਜ਼ਿੰਦਗੀ ਨਾਲ਼ੋਂ ਬਹੁਤ ਭਿੰਨ ਹੁੰਦੀ ਹੈ। ਆਪਣੇ ਬੌਧਿਕ ਪੱਧਰ ਨਾਲ਼ ਬਾਣੀਕਾਰ, ਜਿੱਥੇ ਸਭ ਨੂੰ ਇੱਕ ਸਮਾਨ ਵੇਖਦਾ ਹੈ; ਓਥੇ ਆਮ ਮਨੁੱਖ ਦੀ ਦ੍ਰਿਸ਼ਟੀ ’ਚ ਕਈ ਤਰੇੜਾਂ ਹੁੰਦੀਆਂ ਹਨ, ਜੋ ਵਿਤਕਰਿਆਂ ਨੂੰ ਜਨਮ ਦਿੰਦੀਆਂ ਰਹਿੰਦੀਆਂ ਹਨ।

ਗੁਰੂ ਅਮਰਦਾਸ ਜੀ ਨੇ ਆਪਣੇ ਲੰਬੇ ਅਨੁਭਵ ਨੂੰ ਬਿਆਨ ਕਰਦਿਆਂ ਕਿਹਾ ਕਿ ਹਰ ਮਨੁੱਖ; ਸਰੀਰਕ ਰਸਾਂ-ਕਸਾਂ ਨੂੰ ਹੀ ਅਸਲ ਅਨੰਦ ਸਮਝ ਬੈਠਦਾ ਹੈ, ਜੋ ਅਸਲ ’ਚ ਗੁਰੂ ਪਾਸੋਂ ਮਿਲਦਾ ਹੈ, ‘‘ਆਨੰਦੁ ਆਨੰਦੁ ਸਭੁ ਕੋ ਕਹੈ; ਆਨੰਦੁ ਗੁਰੂ ਤੇ ਜਾਣਿਆਅੰਦਰਹੁ ਜਿਨ ਕਾ ਮੋਹੁ ਤੁਟਾ; ਤਿਨ ਕਾ ਸਬਦੁ ਸਚੈ ਸਵਾਰਿਆ   ਕਹੈ ਨਾਨਕੁ ਏਹੁ ਅਨੰਦੁ ਹੈ; ਆਨੰਦੁ ਗੁਰ ਤੇ ਜਾਣਿਆ (ਮਹਲਾ /੯੧੭) ਅਰਥ : ਹਰ ਕੋਈ ਸਰੀਰਕ ਰਸ ਨੂੰ ਹੀ ਅਨੰਦ ਮੰਨਦਾ ਹੈ ਜਦਕਿ ਅਸਲ ਅਨੰਦ ਦੀ ਪ੍ਰਾਪਤੀ ਸਤਿਗੁਰੂ ਪਾਸੋਂ ਹੁੰਦੀ ਹੈ। ਜਿਨ੍ਹਾਂ ਨੂੰ ਅਸਲ ਅਨੰਦ ਆਇਆ, ਉਨ੍ਹਾਂ ਅੰਦਰ ਮਾਇਆ ਦੀ ਖਿੱਚ ਨਹੀਂ ਰਹਿੰਦੀ। ਉਨ੍ਹਾਂ ਦਾ ਬੋਲ/ਆਚਰਨ ਸੱਚੇ-ਪ੍ਰਭੂ ਨੇ ਸੋਹਣਾ ਬਣਾ ਦਿੱਤਾ ਹੁੰਦਾ ਹੈ।

ਸੋ ਆਤਮਿਕ ਅਨੰਦ ਤੇ ਸਰੀਰਕ ਇੰਦ੍ਰਿਆਂ ਦੇ ਰਸ ’ਚ ਬੜਾ ਅੰਤਰ ਹੁੰਦਾ ਹੈ। ਜਿਸ ਤਰ੍ਹਾਂ ਫਲ਼ਦਾਰ ਰੁੱਖ ਲਗਾਉਣ ਦਾ ਤਦ ਹੀ ਲਾਭ ਹੈ, ਜੇ ਉਸ ਨੂੰ ਫਲ਼ ਲੱਗਣ। ਉਸ ਦਾ ਵਧਣਾ-ਫੈਲਣਾ ਕੋਈ ਅਰਥ ਨਹੀਂ ਰੱਖਦਾ; ਇਸੇ ਤਰ੍ਹਾਂ ਮਨੁੱਖ ਨੇ ਕਿੰਨੇ ਜਪ-ਤਪ, ਦਾਨ, ਤੀਰਥ ਇਸ਼ਨਾਨ, ਨਿਤਨੇਮ ਆਦਿ ਕੀਤੇ ਤਾਂ ਹੀ ਮਾਅਨਾ ਰੱਖਦੇ ਹਨ, ਜੇਕਰ ਉਸ ਦਾ ਹਿਰਦਾ ਖਿੜਿਆ ਹੋਵੇ ਵਰਨਾ ਇਹ ਸਭ ਕਰਮਕਾਂਡ ਹੀ ਹਨ। ਕਰਮਕਾਂਡ ਤੋਂ ਭਾਵ ਲੋਕ ਵਿਖਾਵੇ ਮਾਤਰ ਕੀਤੇ ਜਾਣ ਵਾਲ਼ੇ ਧਾਰਮਿਕ ਕਰਮ, ਜਿਨ੍ਹਾਂ ਨੂੰ ਕਰਨ ਨਾਲ਼ ਮਨ ’ਚ ਸਗੋਂ ਮਾਣ ਭਾਵਨਾ ਜਨਮ ਲੈਂਦੀ ਹੈ ਕਿ ਮੈ ਤਾਂ ਧਰਮੀ ਹਾਂ। ਪਾਵਨ ਬਚਨ ਹਨ, ‘‘ਤੀਰਥੁ ਤਪੁ ਦਇਆ ਦਤੁ ਦਾਨੁ   ਜੇ ਕੋ ਪਾਵੈ; ਤਿਲ ਕਾ ਮਾਨੁ .. ਨਾਨਕ  ! ਜੇ ਕੋ ਆਪੌ ਜਾਣੈ; ਅਗੈ ਗਇਆ ਸੋਹੈ ੨੧’’ (ਜਪੁ) ਅਰਥ : ਤੀਰਥ-ਇਸ਼ਨਾਨ, ਰਹਿਮਦਿਲੀ ਭਾਵ ਅਹਿੰਸਕ ਹੋਣਾ, ਦਾਨ ਦੇਣਾ, ਆਦਿ ਬਦਲੇ ਜੇ ਕੋਈ ਇੱਜ਼ਤ-ਮਾਣ ਲੈਣਾ ਚਾਹੇ ਤਾਂ ਕੇਵਲ ਐਨਾ ਕੁ ਮਿਲਦਾ ਹੈ ਕਿ ਥੋੜ੍ਹੇ ਸਮੇਂ ਲਈ ਲੋਕ ਕਹਿ ਦਿੰਦੇ ਹਨ ਕਿ ਇਹ ਬੰਦਾ ਧਰਮੀ ਹੈ। ਇਸ ਤਰ੍ਹਾਂ ਆਪਣੇ ਆਪ ਸਿਆਣਾ ਬਣਿਆਂ ਰੱਬ ਦੀ ਦਰਗਾਹ ’ਚ ਸਤਿਕਾਰ ਨਹੀਂ ਮਿਲਦਾ।

ਧਰਮ ਦੇ ਉੱਚੇ-ਸੁੱਚੇ ਅਸੂਲਾਂ ਤੱਕ ਹਰ ਮਨੁੱਖ ਦੀ ਪਹੁੰਚ ਕਰਵਾਉਣ ਲਈ ਧਰਮ ਦੀ ਵਿਆਖਿਆ ’ਚ ਕਈ ਸਮਾਜਿਕ ਤੇ ਇਤਿਹਾਸਕ ਮਿਸਾਲਾਂ ਭੀ ਦੇਣੀਆਂ ਪੈਂਦੀਆਂ ਹਨ, ਜੋ ਧਰਮ ਨਹੀਂ ਬਲਕਿ ਧਰਮ ਨੂੰ ਸਮਝਣ ਲਈ ਹੁੰਦੀਆਂ ਹਨ। ਇਨ੍ਹਾਂ ਮਿਸਾਲਾਂ ਨੂੰ ਭੀ ਧਰਮ ਮੰਨਣ ਨਾਲ਼ ਧਰਮ ਦੀ ਚਮਕ; ਮੱਧਮ ਪੈ ਜਾਂਦੀ ਹੈ। ਧਰਮ ਦੀ ਚਮਕ (ਜੋ ਕਿ ਮਿਸਾਲ ਨਹੀਂ) ਨੂੰ ਹੀ ਸਿੱਖ ਦਾ ਨਿਤਨੇਮ ਬਣਾਇਆ ਗਿਆ ਤਾਂ ਜੋ ਸਹਿਜੇ-ਸਹਿਜੇ ਸੁਰਤ, ਧਰਮ ਦੇ ਉੱਚੇ-ਸੁੱਚੇ ਗੁਣਾਂ ਨੂੰ ਧਾਰਨ ਕਰ ਸਕੇ। ਸਨਾਤਨ ਹਿੰਦੂ ਦਾ ਨਿਤਨੇਮ, ਇਤਿਹਾਸ ਹੈ; ਜਿਵੇਂ ਕਿ ਰਾਮ ਕਥਾ (ਰਮਾਇਣ), ਕ੍ਰਿਸ਼ਨ ਕਥਾ (ਗੀਤਾ), ਹਨੂੰਮਾਨ ਚਾਲੀਸਾ, ਆਦਿ। ਵੇਦ, ਬਾਇਬਲ ਆਦਿਕ ਗ੍ਰੰਥ ਭੀ ਇਤਿਹਾਸਿਕ ਸਰੋਤ ਹਨ। ਇਤਿਹਾਸ ਦੀ ਕਥਾ ਕਰਨੀ ਬੜੀ ਸੁਖਾਲੀ ਹੈ ਕਿਉਂਕਿ ਇਸ ਨਾਲ਼ ਖ਼ੁਦ ਦਾ ਕਿਰਦਾਰ ਪੜਚੋਲ ’ਚ ਨਹੀਂ ਆਉਂਦਾ, ਪਰ ਸਿੱਖ ਦਾ ਨਿਤਨੇਮ; ਹੋਰਾਂ ਦੀ ਕਥਾ ਭਾਵ ਇਤਿਹਾਸ ਨਹੀਂ ਹੈ। ਇਹ ਮੂਲ ਅਸੂਲ; ਖ਼ੁਦ ਕੀਤੀ ਕਮਾਈ ਰਾਹੀਂ ਜ਼ਬਾਨ ’ਚੋਂ ਨਿਕਲ ਕੇ ਹੋਰਾਂ ਨੂੰ ਪ੍ਰਭਾਵਤ ਕਰਦੇ ਹਨ। ਜੇਕਰ ਆਪ ਕਮਾਈ ਨਾ ਕੀਤੀ ਜਾਏ ਤਾਂ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਰਨਾ ਅਤਿ ਕਠਿਨ ਹੈ। ਉਦਾਹਰਨ ਲਈ ਜੇਕਰ ਵਕਤਾ ਰਸਾਂ-ਕਸਾਂ ਨੂੰ ਹੀ ਅਨੰਦ ਸਮਝਦਾ ਰਹੇ ਤਾਂ ਗੁਰਬਾਣੀ ’ਚ ਦਰਸਾਇਆ ਅਸਲ ਅਨੰਦ ਕਿਵੇਂ ਬਿਆਨ ਹੋਏਗਾ। ਇਸ ਲਈ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਵਿਸ਼ੇਸ਼ ਹਿਦਾਇਤਾਂ ਕੀਤੀਆਂ ਹਨ ਕਿ ਧਾਰਮਿਕ ਵਿਚਾਰ ਵਟਾਂਦਰਾ ਕਰਨ ਤੋਂ ਪਹਿਲਾਂ ਖ਼ੁਦ; ਧਰਮ ਤੋਂ ਲਾਹਾ ਲੈਣਾ ਸਿੱਖਣਾ ਹੈ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ   ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ’’ (ਮਹਲਾ /੩੮੧) ਅਰਥ : ਪਹਿਲਾਂ ਆਪਣੇ ਮਨ ਨੂੰ ਕਾਬੂ ਕਰਨਾ ਸਿੱਖਣਾ ਹੈ, ਫਿਰ ਹੋਰਾਂ ਨੂੰ ਮਨ ਕਾਬੂ ਕਰਨ ਦੀ ਜੁਗਤੀ ਦੱਸਣੀ ਹੈ। (ਸਵਾਲ : ਮਨ ਕਾਬੂ ਕਿਵੇਂ ਹੋਵੇ  ? ਜਵਾਬ ਹੈ) ਦਿਲੋਂ ਰੱਬ ਦਾ ਨਾਮ ਜਪਣਾ ਹੈ ਤੇ (ਇਸ ਵਿੱਚ ਮਿਲੀ ਸਫਲਤਾ ਨੂੰ) ਜ਼ਬਾਨ ਨਾਲ਼ ਸਭ ਨਾਲ਼ ਸਾਂਝਾ ਕਰਨਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਭੀ ਬਚਨ ਹਨ, ‘‘ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ’’ (ਮਹਲਾ /੧੪੧੦) ਭਾਵ ਪਹਿਲਾਂ ਵਸਤੂ ਨੂੰ ਪਰਖ ਕੇ, ਫਿਰ ਉਸ ਦਾ ਵਪਾਰ ਕਰਨਾ ਹੈ ਯਾਨੀ ਫਿਰ ਹੀ ਵਿਚਾਰ-ਵਟਾਂਦਰਾ ਕਰਨਾ ਸਹੀ ਹੈ। ਗੁਰੂ ਅੰਗਦ ਸਾਹਿਬ ਜੀ ਦੇ ਭੀ ਬੋਲ ਹਨ, ‘‘ਨਾਨਕ  ! ਪਰਖੇ ਆਪ ਕਉ; ਤਾ ਪਾਰਖੁ ਜਾਣੁ   ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ ’’ (ਮਹਲਾ /੧੪੮) ਅਰਥ : ਜੋ ਧਰਮ ਦੀ ਕਸੌਟੀ ’ਤੇ ਆਪਣਾ ਜੀਵਨ ਪਰਖਦਾ ਹੈ, ਓਹੀ ਅਸਲ ’ਚ ਵਿਚਾਰਵਾਨ ਹੈ, ਸਿਆਣਾ ਹੈ। ਸੰਸਾਰਕ ਰੋਗ ਤੇ ਉਨ੍ਹਾਂ ਦੀ ਦਵਾ (ਨਾਮ ਸਿਮਰਨ) ਨੂੰ ਸਮਝਣ ਵਾਲ਼ਾ ਮਨੁੱਖ ਹੀ ਸਿਆਣਾ ਹੈ, ਫ਼ਿਲਾਸਫ਼ਰ ਹੈ, ਧਰਮ ਪ੍ਰਚਾਰਕ ਹੈ। ਸੋ ਗੁਰਬਾਣੀ ’ਚ ਵਾਰ-ਵਾਰ ਦਰਜ ਕੀਤੇ ਇਹ ਪਾਵਨ ਬਚਨ; ਸਪਸ਼ਟ ਸੰਕੇਤ ਕਰਦੇ ਹਨ ਕਿ ਅਧਰਮੀ ਬੰਦੇ ਨੂੰ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ’ਚ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ। ਗੁਰੂ ਸਾਹਿਬਾਨ ਦੀ ਇਸ ਦੂਰ-ਦ੍ਰਿਸ਼ਟੀ ਨੂੰ ਸਤਾ-ਬਲਵੰਡ ਜੀ ਨੇ ਬਿਆਨ ਕਰਦਿਆਂ ਕਿਹਾ ਕਿ ਹੇ ਗੁਰੂ ਜੀ ! ਮਨੁੱਖ ਬੜਾ ਨੇੜੇ ਵੇਖਦਾ ਹੈ ਭਾਵ ਇਸ ਸੰਸਾਰ ਤੱਕ ਹੀ ਸੋਚਦਾ ਹੈ, ਪਰ ਤੁਹਾਡੀ ਤੀਖਣ ਬਿਰਤੀ ਬੜੀ ਅਗਾਂਹ ਵੇਖਦੀ ਹੈ, ‘‘ਨੇੜੈ ਦਿਸੈ ਮਾਤ ਲੋਕ; ਤੁਧੁ ਸੁਝੈ ਦੂਰੁ ’’ (ਬਲਵੰਡ ਸਤਾ/੯੬੭), ਪਰ ਅੱਜ ਅਕਸਰ ਵੇਖਿਆ ਜਾਂਦਾ ਹੈ ਕਿ ਬਹੁਤਾਤ ਸਿੱਖ; ਗੁਰਮਤਿ ਦੀ ਥਾਂ ਗ਼ੈਰ ਧਰਮਾਂ ਵਾਙ ਇਤਿਹਾਸ ਦੀ ਹੀ ਕਥਾ ਕਰਦੇ ਹਨ, ਜੋ ਕਿ ਮਿਸਾਲ ਦੇਣ ਮਾਤਰ ਸੀ। ਵਕਤਿਆਂ ’ਚ ਵਿਖਾਈ ਦਿੰਦੀ ਇਹ ਗਿਰਾਵਟ ਵੈਸੀ ਹੀ ਹੈ; ਜੈਸੀ ਕਿ ਮਸੰਦਾਂ ਅੰਦਰ ਸੀ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਠੋਰ ਸਜ਼ਾਵਾਂ ਦਿੱਤੀਆਂ ਸਨ ਕਿਉਂਕਿ ਧਰਮ ਅਨੁਸਾਰੀ ਚਰਿੱਤਰ ਤੇ ਗੁਰਮਤਿ ਦੇ ਮੂਲ ਅਸੂਲਾਂ ਦਾ ਚਾਨਣ; ਉਨ੍ਹਾਂ ਅੰਦਰੋਂ ਭੀ ਗ਼ਾਇਬ ਹੈ।

ਇਹ ਨਹੀਂ ਸਮਝ ਲੈਣਾ ਕਿ ਸਿੱਖ-ਸੰਗਤਾਂ ਨੂੰ ਇਤਿਹਾਸ ਸੁਣਾਉਣਾ ਹੀ ਨਹੀਂ ਕਿਉਂਕਿ ਇਤਿਹਾਸ ਹੀ ਕੌਮਾਂ ਦੀ ਅਸਲ ਪੂੰਜੀ ਹੁੰਦੀ ਹੈ ਯਾਨੀ ਧਰਮ ਉੱਤੇ ਸਿੱਖਾਂ ਨੇ ਕਿਸ ਤਰ੍ਹਾਂ ਅਸਹਿ ਤਸੀਹੇ ਸਹਾਰ ਕੇ ਪਹਿਰਾ ਦਿੱਤਾ, ਇਸ ਦਾ ਅਸਲ ਸਬੂਤ ਇਤਿਹਾਸ ’ਚੋਂ ਹੀ ਮਿਲਣਾ ਹੈ, ਪਰ ਖੋਜ ਦਾ ਵਿਸ਼ਾ ਇਹ ਹੈ ਕਿ ਇਤਿਹਾਸ; ਮਨੁੱਖ ਅੰਦਰ ਜਜ਼ਬਾਤ ਭਰਦਾ ਹੈ ਜਦਕਿ ਜੀਵਨ ਦੀ ਘਾੜਤ; ਇਤਿਹਾਸ ਰਾਹੀਂ ਨਹੀਂ; ਕੌਮੀ ਫ਼ਲਸਫ਼ੇ ਦੁਆਰਾ ਘੜੀ ਜਾਂਦੀ ਹੈ। ਕਿੰਨਾ ਭੀ ਸੁਨਹਿਰਾ ਇਤਿਹਾਸ ਕਿਉਂ ਨਾ ਹੋਵੇ, ਉਹ ਨਵੀਂ ਪੀੜੀ ਨੂੰ ਸਵੈ ਪੜਚੋਲ ਕਰਨ ਲਈ ਨਹੀਂ ਪ੍ਰੇਰਦਾ। ਇਸੇ ਕਾਰਨ ਜ਼ਿਆਦਾਤਰ ਗ਼ੈਰ ਧਰਮ; ਏਕਤਾ, ਪਿਆਰ, ਸੁਤੰਤਰਤਾ, ਆਦਿਕ ਸਰਬ ਸਾਂਝੇ ਗੁਣ ਆਪਣੇ ਅਨੁਯਾਈਆਂ ’ਚ ਨਾ ਭਰ ਸਕੇ। ਸਿੱਖਾਂ ਅੰਦਰ ਵਿਵਾਦਾਂ ਦੀ ਜੜ੍ਹ ਭੀ ਧਰਮ ਦੀ ਟੇਕ ਲੈਣ ਤੋਂ ਦੂਰ ਹੋਣਾ ਹੈ।

ਨਿਰੇ ਇਤਿਹਾਸ ਦੀ ਕਥਾ ਕਰਨ ਦਾ ਨੁਕਸਾਨ : ਹਰ ਬੰਦਾ ਆਪਣੀ ਅਕਲ ਨੂੰ ਅਸਲ ਧਰਮ ਸਿੱਧ ਕਰਨ ਲਈ ਇਤਿਹਾਸ ਨੂੰ ਤੋੜ-ਮਰੋੜ ਲੈਂਦਾ ਹੈ ਜਾਂ ਇਤਿਹਾਸ ਦਾ ਉਹ ਅੱਧ-ਅਧੂਰਾ ਹਿੱਸਾ ਸੁਣਾਉਂਦਾ ਹੈ, ਜਿਸ ਨਾਲ਼ ਉਸ ਦੀ ਆਪਣੀ ਸੋਚ ਸਹੀ ਜਾਪੇ। ਇੱਕ ਇਤਿਹਾਸਕ ਤੱਥ ਵਿਚਰਨਾ ਜ਼ਰੂਰੀ ਹੈ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ (੨ ਹਾੜ ਬਿਕ੍ਰਮੀ ਸੰਮਤ ੧੬੬੩/30 ਮਈ 1606) ਤੋਂ ਬਾਅਦ ਬਦਲੇ ਜ਼ਮੀਨੀ ਹਾਲਾਤਾਂ [ਜਿਵੇਂ ਕਿ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਨੀਆਂ, ਤਖ਼ਤ ਬੁੰਗਾ (ਜੋ ਕਿ ਹੁਣ ਅਕਾਲ ਤਖ਼ਤ ਸਾਹਿਬ ਹੈ) ਦੀ ਸਿਰਜਣਾ ਕਰਨੀ, ਹਿਫ਼ਾਜ਼ਤ ਲਈ ਹਥਿਆਰਬੰਦ ਸਿੱਖ ਫ਼ੌਜ ਖੜ੍ਹੀ ਕਰਨੀ ਤੇ ਢਾਡੀ ਵਾਰਾਂ ਗਾਉਣ] ਕਾਰਨ ਗੁਰੂ ਹਰਗੋਬਿੰਦ ਸਾਹਿਬ ਜੀ ਵਿਰੁੱਧ; ਜੁਲਾਈ 1611 ’ਚ ਲਾਹੌਰ ਦੇ ਨਵੇਂ ਬਣੇ ਕੱਟੜ ਗਵਰਨਰ ਮੁਰਤਜ਼ਾ ਖ਼ਾਨ ਅਤੇ ਕੱਟੜ ਹਿੰਦੂ ਬ੍ਰਾਹਮਣਾਂ ਨੇ ਬਾਦਿਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਤੇ ਉਸ ਨੇ ਦਸੰਬਰ 1612 ’ਚ ਗੁਰੂ ਸਾਹਿਬ ਨੂੰ 12 ਸਾਲ ਦੀ ਸਜ਼ਾ ਸੁਣਾ ਗਵਾਲੀਅਰ ਦੇ ਕਿਲ੍ਹੇ ’ਚ ਬੰਦ ਕਰ ’ਤਾ। ਇਸ ਪਿੱਛੋਂ ਸਿੱਖ ਕੌਮ ਦੀ ਅਗਵਾਈ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਸੰਭਾਲ਼ੀ, ਜੋ ਗੁਰਮਤਿ ਦੇ ਮਹਾਨ ਵਿਦਵਾਨ ਸਨ। ਉਨ੍ਹਾਂ ਨੇ ਹਕੂਮਤ ਵਿਰੁੱਧ ਸ਼ਾਂਤਮਈ ਸੰਘਰਸ਼ ਅਰੰਭਿਆ। ਦੂਰੋਂ ਦੂਰੋਂ ਸੰਗਤਾਂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੀਆਂ ਗਵਾਲੀਅਰ ਪਹੁੰਚਦੀਆਂ, ਕੁੱਝ ਦਿਨ ਕਿਲ੍ਹੇ ਦੇ ਚਾਰੋਂ ਤਰਫ਼ ਪਰਕਰਮਾ ਕਰਦੀਆਂ ਤੇ ਵਾਪਸ ਪਰਤ ਆਉਂਦੀਆਂ [ਗੁਰੂ ਜੀ ਦੀ ਪਰਕਰਮਾ ਕਰਨ ਵਾਲ਼ੀ ਇਹ ਰੀਤ ਹੁਣ ਭੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਕਾਇਮ ਹੈ]। ਇਸ ਨਾਲ਼ ਚਾਰੋਂ ਤਰਫ਼ ਤਾਨਾਸ਼ਾਹ ਮੁਗ਼ਲ ਹਾਕਮ ਵਿਰੁੱਧ ਮਹੌਲ ਬਣਨ ਲੱਗਾ। ਜਿਸ ਦੇ ਡਰ ਕਾਰਨ ਉਸ ਨੇ ਸਜ਼ਾ ਪੂਰੀ ਹੋਣ ਤੋਂ 5 ਸਾਲ ਪਹਿਲਾਂ ਹੀ ਗੁਰੂ ਜੀ ਨੂੰ ਰਿਹਾਅ ਕਰਨ ਦਾ ਫ਼ੈਸਲਾ ਲੈ ਲਿਆ, ਪਰ ਗੁਰੂ ਜੀ ਨੇ ਓਥੇ ਹੀ ਕੈਦ 52 ਹੋਰ ਪਹਾੜੀ ਰਾਜਿਆਂ ਨੂੰ ਆਪਣੇ ਨਾਲ਼ ਰਿਹਾਅ ਕਰਨ ਦੀ ਸ਼ਰਤ ਰੱਖ ਦਿੱਤੀ। ਜਿਸ ਨੂੰ ਮੰਨਦਿਆਂ ਗੁਰੂ ਸਾਹਿਬ ਸਮੇਤ ਸਭ ਰਾਜਿਆਂ ਨੂੰ 26 ਅਕਤੂਬਰ 1619 ਨੂੰ ਰਿਹਾਅ ਕਰਨਾ ਪਿਆ। ਇਨ੍ਹਾਂ 7 ਸਾਲਾਂ (1612-1619) ’ਚ ਗੁਰੂ ਸਾਹਿਬ ਦੇ ਰੁਤਬੇ, ਉਪਦੇਸ਼ ਅਤੇ ਸਿੱਖ ਸੰਗਤਾਂ ਦੇ ਸਾਹਸੀ ਕਦਮ ਦਾ ਇਹ ਪ੍ਰਭਾਵ ਹੋਇਆ ਕਿ ਜੇਲ੍ਹ ਦਾ ਦਰੋਗਾ (ਹਰੀ ਦਾਸ ਯਾਦਵ), ਕਈ ਰਾਜੇ ਅਤੇ ਅਨੇਕਾਂ ਹੋਰ ਲੋਕ ਸਿੱਖ ਧਰਮ ਨਾਲ਼ ਜੁੜ ਗਏ।  28 ਮਾਰਚ 1624 ਨੂੰ ਗੁਰੂ ਦੇ ਚੱਕ (ਅੰਮ੍ਰਿਤਸਰ) ’ਚ ਹੋਏ ਸਿੱਖਾਂ ਦੇ ਵੱਡੇ ਇਕੱਠ ’ਚ ਬਿਲਾਸਪੁਰ, ਹੰਡੂਰ ਤੇ ਕਈ ਹੋਰ ਰਿਆਸਤਾਂ ਦੇ ਰਿਹਾਅ ਕਰਵਾਏ ਰਾਜੇ ਭੀ ਸ਼ਾਮਲ ਹੋਏ। ਇਸੇ ਦਾ ਨਤੀਜਾ ਸੀ ਕਿ ਅਗਲੇ 70 ਸਾਲਾਂ ਤੱਕ (ਯਾਨੀ ਕਿ ਸੰਨ 1688 ’ਚ ਹੋਏ ਪਹਿਲੇ ਭੰਗਾਣੀ ਦੇ ਜੁੱਧ ਤੱਕ) ਸਾਰੇ ਪਹਾੜੀ (ਹਿਮਾਚਲ, ਉਤਰਾਖੰਡ ਆਦਿ ਦੇ) ਰਾਜੇ ਗੁਰੂ ਘਰ ਨਾਲ਼ ਅਥਾਹ ਪ੍ਰੇਮ ਕਰਦੇ ਰਹੇ ਭਾਵੇਂ ਕਿ ਬਾਅਦ ’ਚ ਉਨ੍ਹਾਂ ਦੀਆਂ ਔਲਾਦਾਂ ਨੇ ਆਪਣੀ ਮੁੜ ਕੱਟੜ ਹਿੰਦੂ ਸੋਚ ਕਾਰਨ ਅਕ੍ਰਿਤਘਣ ਹੋ ਕੇ ਗੁਰੂ ਸਾਹਿਬ ਨਾਲ਼ ਜੁੱਧ ਕੀਤੇ।  ਸੰਨ 1621 ਤੋਂ 1635 ਵਿਚਕਾਰ ਕੁੱਝ ਮੁਗ਼ਲ ਹਾਕਮਾਂ ਤੇ ਗੁਰੂ ਘਰ ਦੇ ਦੋਖੀਆਂ ਨੇ ਗੁਰੂ ਘਰ ’ਤੇ 4 ਹਮਲੇ ਕੀਤੇ, ਜਿਨ੍ਹਾਂ ਦਾ ਗੁਰੂ ਹਰਗੋਬਿੰਦ ਸਾਹਿਬ ਨੇ ਹਥਿਆਰਾਂ ਨਾਲ਼ ਭੀ ਮੁਕਾਬਲਾ ਕੀਤਾ, ਜੋ ਕਿ ਆਤਮ ਰੱਖਿਆ ਲਈ ਜ਼ਰੂਰੀ ਸੀ ਕਿਉਂਕਿ ਉਸ ਸਮੇਂ ਅੱਜ ਦੀ ਤਰ੍ਹਾਂ ਅਦਾਲਤਾਂ, ਮੀਡੀਆ ਜਾਂ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਸਥਾਵਾਂ; ਨਾਲ਼ ਖੜਨ ਲਈ ਨਹੀਂ ਸਨ। ਹਾਲਾਤ ਇਹ ਸੀ ਕਿ ‘ਜਿਸ ਦੀ ਲਾਠੀ ਉਸ ਦੀ ਭੈਂਸ’ ਜਦਕਿ ਹੁਣ ਹਾਲਾਤ ਬਹੁਤ ਭਿੰਨ ਹਨ।  ਅਜੋਕੀਆਂ ਸਰਕਾਰਾਂ ਨੇ ਬੜੇ ਖ਼ਤਰਨਾਕ ਹਥਿਆਰ ਬਣਾ ਲਏ। ਆਮ ਜਨਤਾ ਨੂੰ ਘੱਟ ਗਿਣਤੀਆਂ ਵਿਰੁੱਧ ਉਕਸਾਉਣ ਦੇ ਭੀ ਨਵੇਂ ਨਵੇਂ ਪੈਂਤੜੇ ਅਖ਼ਤਿਆਰ ਕਰ ਲਏ ਹਨ। ਅੱਜ ਹਥਿਆਰਬੰਦ ਸੰਘਰਸ਼ ਕਰਨਾ ਆਪਣੀ ਕੌਮ ਨੂੰ ਖ਼ਤਮ ਕਰਨਾ ਹੈ ਜਦਕਿ ਸ਼ਾਂਤਮਈ ਸੰਘਰਸ਼ ਅੱਜ ਭੀ ਕਾਰਗਰ ਹੈ, ਪਰ ਰਾਜਸੀ ਸੋਚ ਦੇ ਮਾਲਕ ਸਿੱਖਾਂ ਨੇ ਸ਼ਾਂਤਮਈ ਸੰਘਰਸ਼ਾਂ ਨੂੰ ਕਾਇਰਤਾ ਕਹਿਣਾ ਸ਼ੁਰੂ ਕਰ ਦਿੱਤਾ ਤਾਹੀਓਂ ਸਤੰਬਰ 2020 ਤੋਂ ਨਵੰਬਰ 2021 ਤੱਕ ਚੱਲੇ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਭੀ ਹਿੰਸਕ ਬਣਾਉਣ ਲਈ ਪੂਰਾ ਜ਼ੋਰ ਲਾਈ ਰੱਖਿਆ। ਇਸੇ ਤਰ੍ਹਾਂ 8 ਅਪਰੈਲ 1982 ਨੂੰ ਇੰਦਰਾ ਗਾਂਧੀ ਦੁਆਰਾ ਸਤਲੁਜ-ਯਮਨਾ ਲਿੰਕ ਨਹਿਰ ਜੋੜ ਕੇ ਹਰਿਆਣਾ, ਰਾਜਸਤਾਨ ਨੂੰ ਪਾਣੀ ਦੇਣ ਲਈ ਲਾਏ ਗਏ ਪਿੰਡ ਕਪੂਰੀ (ਜ਼ਿਲ੍ਹਾ ਪਟਿਆਲਾ) ’ਚ ਟੱਕ ਦੇ ਵਿਰੁੱਧ ਆਰੰਭੇ ਸ਼ਾਂਤਮਈ ਕਪੂਰੀ ਮੋਰਚੇ ਨੂੰ ਬਾਅਦ ’ਚ ‘ਧਰਮ ਯੁੱਧ ਮੋਰਚਾ’ ਮੰਨ ਅਕਾਲ ਤਖ਼ਤ ਸਾਹਿਬ (ਅੰਮ੍ਰਿਤਸਰ) ਵਿਖੇ ਲਿਆਂਦਾ ਗਿਆ। ਜਿਸ ਨੂੰ ਸਾਲ ਕੁ ’ਚ ਹਥਿਆਰਬੰਦ ਬਣਾ ਲਿਆ ਕਿਉਂਕਿ ਇੰਦਰਾ ਗਾਂਧੀ ਭੀ ਚੋਣਾ ਨੂੰ ਨੇੜੇ ਵੇਖਦਿਆਂ ਐਸਾ ਕਰਨ ਲਈ ਕਾਹਲ਼ੀ ਸੀ। ਇਸ ਨਾਲ਼ ਜਿੱਥੇ ਸਿੱਖਾਂ ਦੀ ਵੱਡੇ ਪੱਧਰ ’ਤੇ ਨਸਲਕੁਸ਼ੀ ਕੀਤੀ ਗਈ; ਓਥੇ ਦਸੰਬਰ 1984 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ 543 ’ਚੋਂ 414 ਸੀਟਾਂ ਜਿੱਤ ਲਈਆਂ। ਇਹੀ ਨੀਤੀ ਪ੍ਰਧਾਨ ਮੰਤਰੀ ਨਰਿੰਦਰ ਮੰਦੀ ਨੇ ਅਪਰੈਲ-ਮਈ 2024 ’ਚ ਹੋਏ ਚੁਣਾਵ ਦੌਰਾਨ ਮਹੌਲ ਨੂੰ ਸੰਪਰਦਾਇਕ ਰੂਪ ਦੇਣ ਲਈ ਅਪਣਾਈ। ਜੇਕਰ ਸਿੱਖਾਂ ਵਾਙ ਮੁਸਲਮਾਨ ਭੀ ਹਿੰਸਕ ਹੋ ਜਾਂਦੇ ਤਾਂ ਮੋਦੀ ਨੇ ਭੀ 240 ਦੀ ਥਾਂ 400 ਤੋਂ ਵੱਧ ਸੀਟਾਂ ਜਿੱਤ ਲੈਣੀਆਂ ਸਨ। ਸਿੱਖ ਕੌਮ ਦਾ ਵੱਡਾ ਦੁਖਾਂਤ ਹੈ ਕਿ ਇਹ ਸਮਾਜਿਕ ਮੁੱਦਿਆਂ ਨੂੰ ਭੀ ਕੌਮੀ ਸਮੱਸਿਆ ਬਣਾ ਬਹੁਤਾਤ ਸਮਾਜ ਨੂੰ ਉਸ ਵਿੱਚੋਂ ਮਨਫ਼ੀ/ਘਟਾਅ ਲੈਂਦੀ ਹੈ ਜਦਕਿ ਚਾਹੀਦਾ ਇਹ ਸੀ ਕਿ ਕੌਮੀ ਮੁੱਦਿਆਂ ਨੂੰ ਭੀ ਸਮਾਜਿਕ ਸੰਘਰਸ਼ ਬਣਾ ਆਪ ਪਿਛਾਂਹ ਰਹਿ ਕੇ ਹਰ ਵਰਗ ਨੂੰ ਮੂਹਰੇ ਲਗਾ ਤੋਰਦੀ।

ਸਿੱਖਾਂ ਨੇ ਨੌਜਵਾਨ ਪੀੜੀ ਨੂੰ ਸ਼ਾਂਤਮਈ ਸੰਘਰਸ਼ ਦੇ ਲਾਭ ਦੱਸਣ ਦਾ ਕਦੇ ਉਪਰਾਲਾ ਨਹੀਂ ਕੀਤਾ ਤਾਹੀਓਂ ਐਰਾ-ਗ਼ੈਰਾ ਇਹ ਕੱਚੀ ਰਚਨਾ (ਸ਼ਸਤ੍ਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੇ ਮਲੇ ਹੈਂ ਕੋਊ ਕਿਸੀ ਕੋ ਰਾਜ ਨਹਿ ਦੇ ਹੈਂ ਜੋ ਲੇ ਹੈਂ ਨਿਜ ਬਲ ਸੇ ਲੈ ਹੈਂ) ਨੂੰ ਗੁਰੂ ਉਪਦੇਸ਼ ਕਹਿ ਕਹਿ ਪ੍ਰਚਾਰਿਆ ਜਾ ਰਿਹਾ ਹੈ ਜਦਕਿ ਐਸਾ ਕੋਈ ਸੇਧ ਨਾ ਪੂਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ’ਚ 35 ਬਾਣੀਕਾਰਾਂ ਨੇ ਦਿੱਤੀ, ਨਾ ਦਸਮ ਗ੍ਰੰਥ ’ਚ ਹੈ, ਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਸਿੰਘ ਜੀ ਦੀ ਕਿਸੇ ਰਚਨਾ ’ਚ ਹੈ। ਇਹ ਬੋਲ ਕਿਸ ਲਿਖਾਰੀ ਦੇ ਹਨ, ਇਹ ਭੀ ਸਪਸ਼ਟ ਨਹੀਂ, ਪਰ ਪੰਜਾਬ ਦੀ ਨੌਜਵਾਨੀ ਨੂੰ ਇਨ੍ਹਾਂ ਨਾਲ਼ ਗੁਮਰਾਹ ਕਰਨਾ ਜਾਰੀ ਹੈ। ਸ਼ਾਂਤਮਈ ਤੇ ਹਥਿਆਰਬੰਦ ਜੁੱਧ ਦੇ ਨਫ਼ੇ-ਨੁਕਸਾਨ ਵਾਚਣ ਲਈ ਸਿੱਖਾਂ ਦਾ ਇਕੱਠ ਬੁਲਾਉਣ ਦੇ ਭੀ ਇਹ ਲੋਕ ਘੋਰ ਵਿਰੋਧੀ ਹਨ। ਗੁਰੂ ਸਾਹਿਬਾਨ ਨੇ ਜਿੰਨੇ ਹਥਿਆਰਬੰਦ ਜੁੱਧ ਲੜੇ, ਉਨ੍ਹਾਂ ਦਾ ਮਕਸਦ ਜ਼ਰ (ਸੰਪੱਤੀ), ਜ਼ੋਰੂ (ਔਰਤ) ਤੇ ਜ਼ਮੀਨ ਨਹੀਂ ਸੀ। ਆਤਮ ਰੱਖਿਆ ਲਈ ਤਾਂ ਅੱਜ ਭੀ ਸਿੱਖੀ ਦੇ ਪੰਜ ਕਕਾਰਾਂ ’ਚ ਤਲਵਾਰ ਨੂੰ ਸ਼ਾਮਲ ਕੀਤਾ ਹੋਇਆ ਹੈ, ਨਾ ਕਿ ਲੋਕਾਂ ਨੂੰ ਡਰਾਉਣ ਲਈ। ਇਹ ਵੱਖਰੀ ਗੱਲ ਹੈ ਕਿ 99% ਸਿੱਖਾਂ ਨੇ ਕਿਰਪਾਨ ਨੂੰ ਜਨੇਊ ਦੀ ਤਰ੍ਹਾਂ ਰਸਮੀ ਤੌਰ ’ਤੇ ਹੀ ਧਾਰਨ ਕੀਤਾ ਹੈ, ਆਤਮ ਰੱਖਿਆ ਲਈ ਨਹੀਂ ਵਰਨਾ ਇਸ ਦਾ ਸਾਈਜ਼ ਦਿਨ-ਬ-ਦਿਨ ਘਟਦਾ ਨਾ ਜਾਂਦਾ।

ਭਗਤ ਕਬੀਰ ਜੀ ਦੇ ਇਹ ਬੋਲ ਹਥਿਆਰ ਚੁੱਕਣ ਲਈ ਨਹੀਂ ਬਲਕਿ ਸਵੈਮਾਨ ਨੂੰ ਜਗਾਉਣ ਲਈ ਹਨ, ‘‘ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ   ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ   ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਭਗਤ ਕਬੀਰ/੧੧੦੫) ਅਰਥ : ਭਗਤ ਦੇ ਦਸਮ ਦੁਆਰ ’ਚ ਧੌਂਸਾ ਵੱਜਦਾ ਹੈ, ਨਿਸ਼ਾਨੇ ’ਤੇ ਚੋਟ ਪੈਂਦੀ ਹੈ ਭਾਵ ਉਸ ਦਾ ਮਨ; ਪ੍ਰਭੂ ਚਰਨਾਂ ’ਚ ਜੁੜਿਆ ਹੋਇਆ ਉੱਚੀਆਂ ਉਡਾਰੀਆਂ ਲਾਉਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਆਵਾਜ਼ ਨਹੀਂ ਸੁਣਾਈ ਦਿੰਦੀ, ਪ੍ਰਭਾਵ ਨਹੀਂ ਪਾਉਂਦੀ। ਜੋ ਇਸ ਜਗਤ (ਰਣ-ਭੂਮੀ) ’ਚ ਵਿਕਾਰਾਂ ਦੇ ਸਾਮ੍ਹਣੇ ਅੜ ਜਾਵੇ ਤੇ ਸਮਝੇ ਕਿ ਇਹੀ ਜਨਮ ਵਿਕਾਰਾਂ ਨਾਲ਼ ਮੁਕਾਬਲਾ ਕਰਨ ਲਈ ਹੈ, ਉਹ ਅਸਲ ਸੂਰਮਾ ਹੈ (ਪਰ ਹਾਂ, ਉਸ ਨੂੰ ਭੀ) ਸੂਰਮਾ ਸਮਝਣਾ ਹੈ, ਜੋ ਕਮਜ਼ੋਰਾਂ ਦਾ ਸਹਾਰਾ ਬਣਦਾ ਹੈ। ਸਚਾਈ ਲਈ ਆਵਾਜ਼ ਬੁਲੰਦ ਕਰਦਿਆਂ ਭਾਵੇਂ ਕੁਰਬਾਨ ਹੋਣਾ ਪਵੇ, ਕਦੇ ਮੂੰਹ ਨਹੀਂ ਮੋੜਦਾ ਭਾਵ ਸੱਚ ਦਾ ਸਾਥ ਦਿੰਦੇ ਰਹਿਣਾ ਹੈ।

ਭਗਤ ਕਬੀਰ ਜੀ ਨੂੰ ਬੰਨ੍ਹ ਕੇ ਮਸਤ ਹਾਥੀ ਅੱਗੇ ਸੁੱਟਿਆ ਗਿਆ; ਜਿਵੇਂ ਕਿ ਵਾਕ ਹੈ, ‘‘ਕਿਆ ਅਪਰਾਧੁ ਸੰਤ ਹੈ ਕੀਨ੍ਹਾ  ?   ਬਾਂਧਿ ਪੋਟ; ਕੁੰਚਰ ਕਉ ਦੀਨ੍ਹਾ ’’ (ਭਗਤ ਕਬੀਰ/੮੭੦), ਜੰਜੀਰ ਨਾਲ਼ ਬੰਨ੍ਹ ਕੇ ਗੰਗਾ ’ਚ ਸੁੱਟਿਆ ਗਿਆ, ‘‘ਗੰਗਾ ਕੀ ਲਹਰਿ (ਨਾਲ਼) ਮੇਰੀ ਟੁਟੀ ਜੰਜੀਰ ਮ੍ਰਿਗਛਾਲਾ ਪਰ ਬੈਠੇ ਕਬੀਰ ’’ (ਭਗਤ ਕਬੀਰ/੧੧੬੨), ਫਿਰ ਭੀ ਕਬੀਰ ਜੀ ਨੇ ਸੱਚ ਦਾ ਸਾਥ ਦੇਣਾ ਨਾ ਛੱਡਿਆ। ਇਸੇ ਤਰ੍ਹਾਂ ਗੁਰੂ ਨਾਨਕ ਜੀ ਨੇ ਬਾਬਰ ਨੂੰ ਉਸ ਦੇ ਮੂੰਹ ਉੱਤੇ ਜਾਬਰ (ਜ਼ਾਲਮ, ਹਤਿਆਰਾ) ਕਿਹਾ ਕਿਉਂਕਿ ਆਪ ਜੀ ਦਾ ਟੀਚਾ ਸੀ, ‘‘ਸਚੁ ਸੁਣਾਇਸੀ ਸਚ ਕੀ ਬੇਲਾ ’’ (ਮਹਲਾ /੭੨੩) ਭਾਵ ਵਕਤ ਉੱਤੇ ਸੱਚ ਬੋਲਣਾ ਜ਼ਰੂਰੀ ਹੈ। ਸੱਚ ਬੋਲ ਬੋਲ ਕੇ ਕ੍ਰਾਂਤੀਕਾਰੀ ਜਮਾਤ ਪੈਦਾ ਕਰਨਾ ਭੀ ਜੁੱਧ ਨੀਤੀ ਦਾ ਹੀ ਭਾਗ ਹੁੰਦਾ ਹੈ।

ਗੁਰਬਾਣੀ ’ਚ ਐਸਾ ਬਚਨ ਤਾਂ ਹੈ ਕਿ ਹਰ ਕੋਈ ਰਾਜ ਸੱਤਾ ਦੀ ਖ਼ੁਸ਼ਾਮਦ ਕਰਦਾ ਹੈ, ‘‘ਜਿਸ ਹੀ ਕੀ ਸਿਰਕਾਰ ਹੈ; ਤਿਸ ਹੀ ਕਾ ਸਭੁ ਕੋਇ ’’ (ਮਹਲਾ /੨੭), ਪਰ ਇਹ ਉਪਦੇਸ਼ ਨਹੀਂ ਕਿ ਰਾਜ ਸੱਤਾ ਹਾਸਲ ਕਰਨ ਤੋਂ ਬਿਨਾਂ ਧਰਮ ਦਾ ਪ੍ਰਚਾਰ-ਪ੍ਰਸਾਰ ਨਹੀਂ ਹੋ ਸਕਦਾ ਸਗੋਂ ਗੁਰੂ ਜੀ ਇਸ ਤੋਂ ਵਿਪਰੀਤ ਕਹਿ ਰਹੇ ਹਨ ਕਿ ਮੈਨੂੰ ਰਾਜ ਸੱਤਾ ਨਹੀਂ ਚਾਹੀਦੀ, ‘‘ਰਾਜੁ ਚਾਹਉ.. (ਮਹਲਾ /੫੩੪), ਰਾਜ ਮਿਲਖ ਸਿਕਦਾਰੀਆ; ਅਗਨੀ ਮਹਿ ਜਾਲੁ ’’ (ਮਹਲਾ /੮੧੧) ਅਰਥ : (ਹੇ ਭਾਈ !) ਰਾਜ ਸੱਤਾ, ਜ਼ਮੀਨ ਦੀ ਮਾਲਕੀ ਤੇ ਚੌਧਰਪੁਣਾ (ਦੀ ਭੁੱਖ ਨੂੰ) ਅੱਗ ’ਚ ਜਲਾ ਦੇਹ। ਗੁਰਬਾਣੀ ਅਨੁਸਾਰ ਰਾਜ ਕਰਨ ਤੋਂ ਭਾਵ ਲੋਕਾਂ ਦੇ ਦਿਲਾਂ ’ਤੇ ਰਾਜ ਕਰਨਾ ਹੈ। ਸਿਆਸੀ ਰਾਜ ਸਥਾਪਿਤ ਕਰਨਾ ਭੀ ਕੋਈ ਗੁਨਾਹ ਨਹੀਂ, ਪਰ ਜਿਸ ਛਲ-ਕਪਟ ਤੇ ਝੂਠ ਨਾਲ਼ ਅੱਜ ਰਾਜ ਹਥਿਆਉਣ ਲਈ ਹੱਥਕੰਡੇ ਅਪਣਾਏ ਜਾ ਰਹੇ ਹਨ, ਉਹ ਗੁਰਮਤਿ ਅਨੁਕੂਲ ਨਹੀਂ। ਇਸ ਲਈ ਗੁਰਮਤਿ ਅਸੂਲਾਂ ਦੀ ਟੇਕ ਲੈਣ ਤੋਂ ਬਿਨਾਂ ਸੁਣਾਏ ਜਾਂਦੇ ਇਤਿਹਾਸ ਵਿੱਚੋਂ ਇਹ ਸਚਾਈ ਅਲੋਪ ਹੀ ਕਰ ਦਿੱਤੀ ਗਈ ਹੈ।

ਦਸਮੇਸ਼ ਪਿਤਾ ਨੇ ਸਿੱਖ ਕੌਮ ਨੂੰ ਪੰਜ ਪ੍ਰਧਾਨੀ ਪ੍ਰਣਾਲੀ (ਪੰਜ ਪਿਆਰਿਆਂ ਦੇ ਸਾਂਝੇ ਫ਼ੈਸਲੇ) ਅਧੀਨ ਰੱਖਿਆ ਸੀ ਤਾਂ ਕਿ ਵਿਅਕਤੀ ਵਿਸ਼ੇਸ਼ ਰਾਜਾ ਬਣ ਗੁਰਮਤਿ ਦਾ ਘਾਣ ਨਾ ਕਰੇ, ਪਰ ਅੱਜ ਕੱਲ੍ਹ ਹਰ ਸਿਆਸਤਦਾਨ; ਪਵਿੱਤਰ ਮੀਰੀ-ਪੀਰੀ ਸਿਧਾਂਤ ਦੇ ਗ਼ਲਤ ਅਰਥ ਕੱਢ ਗੁਰੂ ਦੀ ਗੋਲਕ (ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਉੱਤੇ ਕਾਬਜ਼ ਹੋਣ ਲਈ ਕਾਹਲ਼ਾ ਹੈ। ਚਾਹੀਦਾ ਇਹ ਸੀ ਕਿ ਪੀਰੀ (ਰੂਹਾਨੀਅਤ ਸ਼ਕਤੀ) ਅਧੀਨ ਮੀਰੀ (ਬਾਦਿਸ਼ਾਹੀ) ਹੁੰਦੀ, ਪਰ ਰਾਜਸੀ ਮਨਸ਼ਾ ਪਾਲਣ ਵਾਲ਼ਿਆਂ ਨੇ ਬਿਲੁਕਲ ਉਲ਼ਟ ਕਰ ਰੱਖਿਆ ਹੈ ਫਿਰ ਭੀ ਕੋਈ ਸਿੱਖ ਪ੍ਰਚਾਰਕ; ਇਸ ਪਰਵਾਰਵਾਦ ਵਿਰੁੱਧ ਜ਼ਬਾਨ ਨਹੀਂ ਖੋਲ੍ਹਦਾ ਕਿਉਂਕਿ ਚਾਰੋਂ ਤਰਫ਼ ਸਿੱਖ, ‘ਸ਼ਸਤ੍ਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਹਿ ਧਰਮ ਚਲੈ ਹੈਂਵਾਲ਼ੀ ਬਿਮਾਰ ਮਾਨਸਿਕਤਾ ਤੋਂ ਪੀੜਤ ਹੋ ਚੁੱਕੇ ਹਨ। ਇਹੀ ਕਾਰਨ ਹੈ ਕਿ ਦਰਬਾਰ ਸਾਹਿਬ (ਅੰਮ੍ਰਿਤਸਰ ਸਾਹਿਬ) ਤੋਂ ਹੁਕਮਨਾਮੇ ਦੀ ਨਿੱਤ ਹੁੰਦੀ ਕਥਾ ’ਚ ਭੀ ਸਮਾਜਿਕ ਉਥਲ-ਪੁਥਲ ਭਾਰੂ ਰਹਿੰਦੀ ਹੈ, ਨਾ ਕਿ ਰੂਹਾਨੀਅਤ ਉੱਨਤੀ ਬਾਰੇ ਕੋਈ ਜੁਗਤੀ ਸਮਝਾਈ ਜਾਂਦੀ ਹੈ।

ਸੋ ਗੁਰਮਤਿ ਨੂੰ ਆਧਾਰ ਬਣਾ ਕਥਾ ਕਰਨੀ ਸਮੇਂ ਦੀ ਮੁੱਖ ਲੋੜ ਹੈ। ਇਸ ਵਿੱਚ ਇਤਿਹਾਸ ਨੂੰ ਮਿਸਾਲ ਬਣਾਇਆ ਜਾ ਸਕਦਾ ਹੈ। ਕੇਵਲ ਇਤਿਹਾਸ ਦੀ ਕਥਾ ਰਾਹੀਂ ਵਿਅਕਤੀ ਵਿਸ਼ੇਸ਼ ਨੂੰ ਗੁਰੂ ਸਮਾਨ ਮਹਾਨਤਾ ਦੇਣੀ ਗੁਰਮਤਿ ਦਾ ਘੋਰ ਅਪਮਾਨ ਹੈ। ਜੂਨ 1984 ’ਚ ਦਰਬਾਰ ਸਾਹਿਬ (ਅੰਮ੍ਰਿਤਸਰ) ’ਤੇ ਭਾਰਤੀ ਹਕੂਮਤ ਨੇ ਜਦ ਹਮਲਾ ਕਰ ਸੈਂਕੜੇ ਸਿੱਖ ਸ਼ਹੀਦ ਕੀਤੇ ਸਨ ਤਾਂ ਓਥੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੀ ਨਹੀਂ ਕੀਤੀ ਬਲਕਿ ਮਾਨਵਤਾ ਲਈ ਕਈ ਖੂਹ ਖੁਦਵਾਏ, ਦਵਾਖ਼ਾਨੇ ਭੀ ਖੋਲ੍ਹੇ ਸਨ, ਪਰ ਬੜੀ ਜਲਦੀ ਹੀ ਇਸ ਯਾਦਗਾਰੀ ਦਿਵਸ ਨੂੰ ਗੁਰੂ ਸਾਹਿਬ ਦੇ ਸ਼ਹੀਦੀ ਹਵਾਲੇ ਨਾਲ਼ ਨਹੀਂ; ਸਿੱਖ ਸ਼ਹੀਦਾਂ ਦੇ ਹਵਾਲੇ ਨਾਲ਼ ਮਨਾਇਆ ਜਾਣ ਲੱਗਾ। ਗੁਰਬਾਣੀ ਦਾ ਵਾਕ ਹੈ, ‘‘ਬਾਬਾਣੀਆ ਕਹਾਣੀਆ; ਪੁਤ ਸਪੁਤ ਕਰੇਨਿ   ਜਿ ਸਤਿਗੁਰ ਭਾਵੈ, ਸੁ ਮੰਨਿ ਲੈਨਿ; ਸੇਈ ਕਰਮ ਕਰੇਨਿ ’’ (ਮਹਲਾ /੯੫੧) ਅਰਥ : ਬਜ਼ੁਰਗਾਂ ਦੀਆਂ ਕਥਾ-ਸਾਖੀਆਂ; ਪੁੱਤਰਾਂ ਨੂੰ ਸੁਚੱਜੇ ਪੁੱਤਰ ਬਣਾ ਦਿੰਦੀਆਂ ਹਨ ਕਿਉਂਕਿ ਜੋ ਬਜ਼ੁਰਗਾਂ ਨੂੰ ਪਸੰਦ ਸੀ, ਉਸ ਨੂੰ ਮੰਨ ਲਈਦਾ ਹੈ ਯਾਨੀ ਸੁਚੱਜੇ ਪੁੱਤਰ ਭੀ ਬਜ਼ੁਰਗਾਂ ਦੀ ਤਰ੍ਹਾਂ ਕੰਮ ਕਰਨ ਲੱਗ ਜਾਂਦੇ ਹਨ। ਸਵਾਲ : ਬਜ਼ੁਰਗਾਂ (ਸਤਿਗੁਰ ਸਾਹਿਬਾਨ) ਨੂੰ ਕੀ ਪਸੰਦ ਸੀ ? ਜਵਾਬ : ਉਨ੍ਹਾਂ ਨੂੰ ਪਸੰਦ ਸੀ ਕਿ ਮਨੁੱਖਤਾ; ਇੱਕ ਮਾਲਕ (ੴ) ਦੀ ਉਸਤਤ ਕਰੇ। ਜੋ ਸਭ ਨੂੰ ਪੈਦਾ ਕਰਨ ਵਾਲ਼ਾ, ਰਿਜ਼ਕ ਦੇਣ ਵਾਲ਼ਾ, ਮਾਰਨਾ ਵਾਲ਼ਾ ਤੇ ਸਤਿਗੁਰੂ ਜੀ ਦੀ ਅਗਵਾਈ ਬਖ਼ਸ਼ਣ ਵਾਲ਼ਾ ਹੈ; ਜਿਨ੍ਹਾਂ ਨੇ ਦੱਸਿਆ ਕਿ ਹਰ ਕੋਈ ਉਸ ਦੇ ਹੁਕਮ ’ਚ ਹੈ ਤਾਂ ਤੇ ਹਰ ਕੰਮ ਦਾ ਮਹੱਤਵ ਆਪਣੇ ’ਤੇ ਲੈ ਕੇ ਮਨ ’ਚ ਅਹੰਕਾਰ/ਕੂੜ ਭਰਮ ਦੀ ਥਾਂ ਮਾਲਕ ਨੂੰ ਸਿਰਮੌਰਤਾ ਦੇਣੀ ਬਣਦੀ ਹੈ।

ਗੁਰਬਾਣੀ ਦੀ ਸੰਪਾਦਨਾ ਸਮੇਂ ‘ਇਤਿਹਾਸ ਬਨਾਮ ਸਿਧਾਂਤ’ ਵਿੱਚੋਂ ਸਿਧਾਂਤ ਨੂੰ ਸਿਰਮੌਰ ਮੰਨਣ ਕਾਰਨ ਹੀ ਭਾਈ ਗੁਰਦਾਸ ਜੀ ਦੀ ਰਚਨਾ (ਜਿਸ ਵਿੱਚ ਜ਼ਿਆਦਾਤਰ ਇਤਿਹਾਸ ਹੈ) ਨੂੰ ਗੁਰੂ ਗ੍ਰੰਥ ਸਾਹਿਬ ’ਚ ਸਥਾਨ ਨਹੀਂ ਮਿਲਿਆ। ਦਸਮ ਗ੍ਰੰਥ ਭੀ ਜ਼ਿਆਦਾਤਰ ਇਤਿਹਾਸ ਸਰੋਤ ਹੈ, ਜਿਸ ਨੂੰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ‘ਸਬਦੁ ਗੁਰੂ’ ਦੀ ਮਹਾਨਤਾ ਨੂੰ ਘਟਾਇਆ ਜਾ ਰਿਹਾ ਹੈ।

ਸਿੱਖਾਂ ’ਚ ਦੂਜੀ ਜਮਾਤ; ਗੁਰਮਤਿ ਨੂੰ ਸ਼ਰਧਾ ਭਾਵਨਾ ਨਾਲ਼ ਨਹੀਂ ਬਲਕਿ ਵਿਗਿਆਨਿਕ ਖੋਜ (ਜਿਸ ਦਾ ਆਧਾਰ ਪੰਜ ਗਿਆਨ ਇੰਦ੍ਰੇ ਹਨ) ਨਾਲ਼ ਸਮਝਣ ਨੂੰ ਮਹੱਤਵ ਦਿੰਦੀ ਹੈ ਤਾਹੀਓਂ ਇਨ੍ਹਾਂ ਅਨੁਸਾਰ ਮਰਨ ਉਪਰੰਤ ਕੋਈ ਆਵਾਗਮਣ ਨਹੀਂ ਹੁੰਦਾ ਭਾਵ ਇਸੇ ਜਨਮ ’ਚ ਚੰਗੇ-ਮੰਦੇ ਕਰਮਾਂ ਦਾ ਲੇਖਾ-ਜੋਖਾ ਹੁੰਦਾ ਰਹਿੰਦਾ ਹੈ, ਪਰ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕਰਦੇ ਇਹ ਪਾਵਨ ਬਚਨ; ਇਸ ਸੋਚ ਦੇ ਉਲ਼ ਕਹਿ ਰਹੇ ਹਨ, ‘‘ਜਬ ਜਰੀਐ ਤਬ ਹੋਇ ਭਸਮ ਤਨੁ; ਰਹੈ ਕਿਰਮ ਦਲ ਖਾਈ   ਕਾਚੀ ਗਾਗਰਿ ਨੀਰੁ ਪਰਤੁ ਹੈ; ਇਆ ਤਨ ਕੀ ਇਹੈ ਬਡਾਈ   ਕਾਹੇ ਭਈਆ ! ਫਿਰਤੌ ਫੂਲਿਆ ਫੂਲਿਆ   ਜਬ ਦਸ ਮਾਸ ਉਰਧ ਮੁਖ ਰਹਤਾ; ਸੋ ਦਿਨੁ ਕੈਸੇ ਭੂਲਿਆ ਰਹਾਉ ਜਿਉ ਮਧੁ ਮਾਖੀ, ਤਿਉ ਸਠੋਰਿ ਰਸੁ; ਜੋਰਿ ਜੋਰਿ ਧਨੁ ਕੀਆ   ਮਰਤੀ ਬਾਰ ਲੇਹੁ ਲੇਹੁ ਕਰੀਐ; ਭੂਤੁ ਰਹਨ ਕਿਉ ਦੀਆ ?   ਦੇਹੁਰੀ ਲਉ ਬਰੀ ਨਾਰਿ ਸੰਗਿ ਭਈ; ਆਗੈ ਸਜਨ ਸੁਹੇਲਾ   ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ; ਆਗੈ ਹੰਸੁ ਅਕੇਲਾ ’’ (ਭਗਤ ਕਬੀਰ/੬੫੪) ਅਰਥ : ਹੇ ਭਾਈ ! ਸਰੀਰ (ਚਿਖ਼ਾ ’ਚ) ਸਾੜਨ ਨਾਲ਼ ਸੁਆਹ ਬਣਦਾ ਹੈ। ਕਬਰ ’ਚ ਦਫ਼ਨਾਉਣ ਨਾਲ਼ ਕੀੜੇ ਖਾ ਜਾਂਦੇ ਹਨ। ਕੱਚੇ ਘੜੇ ’ਚੋਂ ਸਿੰਮਦੇ ਪਾਣੀ (ਵਾਙ ਸੁਆਸ ਖ਼ਤਮ ਹੋ ਰਹੇ ਹਨ, ਜੋ) ਇਸ ਸਰੀਰ ਦੀ ਬੁਨਿਆਦ ਹਨ॥੧॥ (ਇਸ ਲਈ) ਤੂੰ (ਸਰੀਰ ਦਾ) ਕਾਹਦਾ ਮਾਣ ਕਰਦਾ ਹੈਂ ? ਜਦ ਮਾਂ ਦੇ ਪੇਟ ’ਚ 10 ਮਹੀਨੇ ਉਲ਼ਟਾ ਲੇਟਿਆ ਸੀ (ਤਾਂ ਕਰਤਾਰ ਬਚਾਉਂਦਾ ਰਿਹਾ ਹੁਣ ਤੂੰ) ਉਹ ਦਿਨ ਕਿਉਂ ਭੁੱਲ ਗਿਆ ?॥ ਰਹਾਉ॥ ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ (ਪਰ ਸ਼ਹਿਦ ਕੋਈ ਹੋਰ ਲੈ ਜਾਂਦਾ ਹੈ; ਇਉਂ) ਮੂਰਖ ਧਨ ਹੀ ਜੋੜਦਾ ਰਿਹਾ (ਜੋ ਅੰਤ ਨੂੰ ਔਲਾਦ ਲੈ ਗਈ। ਅਸਲ ਮਦਦਗਾਰ ਪ੍ਰਭੂ ਦਾ ਨਾਮ ਨਾ ਜਪਿਆ) ਮਰਨ ਵੇਲ਼ੇ ਇਹੀ ਔਲਾਦ ਤੁਰੰਤ ਕਹਿੰਦੀ ਹੈ ਕਿ ਜਲਦੀ ਸ਼ਮਸ਼ਾਨ ਘਾਟ ਲੈ ਜਾਓ, ਘਰ ’ਚ ਬਹੁਤੀ ਦੇਰ ਨਾ ਰੱਖੋ॥੨॥ (ਮੁਰਦੇ ਨੂੰ ਸ਼ਮਸ਼ਾਨ ਵੱਲ ਲੈ ਜਾਂਦਿਆਂ) ਦੇਹਲ਼ੀ/ਦਹਿਲੀਜ਼ ਤੱਕ ਪਤਨੀ ਨਾਲ਼ ਜਾਂਦੀ ਹੈ। ਅਗਾਂਹ ਸ਼ਮਸ਼ਾਨ ਘਾਟ ਤੱਕ ਸਨੇਹੀ-ਪਿਆਰੇ ਚੁੱਕ ਲੈ ਜਾਂਦੇ ਹਨ ਤੇ ਉਸ ਤੋਂ ਅਗਾਂਹ ਜੀਵਾਤਮਾ (ਹੰਸ) ਇਕੱਲਾ ਹੀ ਜਾਂਦਾ ਹੈ।

ਹੁਣ ਜੇਕਰ ਮੰਨੀਏ ਕਿ ਆਵਾਗਮਣ ਨਹੀਂ ਹੁੰਦਾ ਤਾਂ ਇਹ ਹੰਸ ਅਗਾਂਹ ਇਕੱਲਾ ਕਿੱਥੇ ਜਾ ਰਿਹਾ ਹੈ ? ਐਸੇ ਹੀ ਬਚਨ ਆਪਣੇ ਅੰਤਮ ਸਮੇਂ ਗੁਰੂ ਅਮਰਦਾਸ ਜੀ ਨੇ ਬੋਲੇ ਹਨ, ਜਿਨ੍ਹਾਂ ਨੂੰ ਬਾਬਾ ਸੁੰਦਰ ਜੀ ਲਿਖ ਰਹੇ ਸਨ, ‘‘ਮੇਰੇ ਸਿਖ ਸੁਣਹੁ ਪੁਤ ਭਾਈਹੋ  ! ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ .. ਤੁਸੀ ਪੁਤ ਭਾਈ ਪਰਵਾਰੁ ਮੇਰਾ; ਮਨਿ ਵੇਖਹੁ ਕਰਿ ਨਿਰਜਾਸਿ ਜੀਉ   ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ਸਤਿਗੁਰਿ (ਨੇ) ਭਾਣੈ ਆਪਣੈ ਬਹਿ ਪਰਵਾਰੁ ਸਦਾਇਆ   ਮਤ ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ ਭਾਇਆ .. ਸਤਿਗੁਰੂ ਪਰਤਖਿ ਹੋਦੈ; ਬਹਿ ਰਾਜੁ ਆਪਿ ਟਿਕਾਇਆ   ਸਭਿ ਸਿਖ ਬੰਧਪ ਪੁਤ ਭਾਈ; ਰਾਮਦਾਸ ਪੈਰੀ (ਪੈਰੀਂ) ਪਾਇਆ ’’ (ਸਦ/ਬਾਬਾ ਸੁੰਦਰ/੯੨੩) ਅਰਥ : ਹੇ ਭਾਈਓ ! ਮੇਰੇ ਸਿੱਖੋ, ਮੇਰੇ ਪੁੱਤਰੋ ! ਮੇਰੇ ਕੋਲ਼ ਆਓ ਤੇ ਗ਼ੌਰ ਨਾਲ਼ ਸੁਣੋ; ਇਹੀ ਹਰੀ ਨੂੰ ਪਸੰਦ ਹੈ ਭਾਵ ਮੇਰੀ ਸਰੀਰਕ ਮੌਤ ਨਿਸ਼ਚਿਤ ਹੈ। ਤੁਸੀਂ ਮੇਰਾ ਪਰਵਾਰ ਹੋ। ਮਨ ’ਚ ਨਿਰਣਾ ਕਰਕੇ ਵੇਖੋ ਕਿ ਰੱਬੀ ਦਰਗਾਹ ਤੋਂ ਲਿਖਿਆ (ਮੌਤ ਦਾ) ਲੇਖ/ਸੁਨੇਹਾ ਮੁੜਦਾ ਨਹੀਂ ਹੁੰਦਾ। ਗੁਰੂ (ਅਮਰਦਾਸ ਜੀ ਤਾਂ) ਹਰੀ ਕੋਲ਼ ਜਾ ਰਿਹਾ ਹੈ। ਸਤਿਗੁਰੂ ਨੇ ਆਪਣੀ ਇੱਛਾ ਅਨੁਸਾਰ ਪਰਵਾਰ ਨੂੰ ਨੇੜੇ ਬੁਲਾਇਆ (ਤੇ ਕਿਹਾ ਕਿ) ਮੇਰੇ (ਮਰਨ) ਤੋਂ ਬਾਅਦ ਰੌਣਾ ਨਹੀਂ। ਮੈਨੂੰ ਐਸਾ ਬਿਲਕੁਲ ਪਸੰਦ ਨਹੀਂ (ਕਿਉਂਕਿ ਹਰੀ ’ਚ ਅਭੇਦ ਹੋਣ ਲਈ ਤਾਂ ਸਾਰੀ ਉਮਰ ਬੰਦਗੀ ਕੀਤੀ ਹੈ)। ਸਤਿਗੁਰੂ ਨੇ ਜੀਵਦਿਆਂ ਸੰਗਤ ਦੇ ਅੱਗੇ ਬੈਠ ਕੇ ਆਪ (ਗੁਰਸਿੱਖ ਰਾਮਦਾਸ ਜੀ) ਨੂੰ ਗੁਰਿਆਈ-ਤਿਲਕ ਲਾਇਆ ਤੇ ਸਾਰੇ ਸਿੱਖ, ਰਿਸ਼ਤੇਦਾਰ, ਦੋਸਤਾਂ ਆਦਿ ਨੂੰ ਗੁਰੂ ਰਾਮਦਾਸ ਜੀ ਦੇ ਚਰਨੀਂ ਲਗਾ ਦਿੱਤਾ। ਫਿਰ ਭੀ ਜੇਕਰ ਮੰਨੀਏ ਕਿ ਮਰਨ ਉਪਰੰਤ (ਸਰੀਰ ’ਚੋਂ) ਕੋਈ ਆਤਮਾ (ਹੰਸ) ਨਹੀਂ ਨਿਕਲਦਾ ਤਾਂ ‘‘ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ’’ ਦਾ ਕੀ ਅਰਥ ਰਹਿ ਜਾਏਗਾ।

ਆਵਾਗਮਣ ਦੀ ਹੋਂਦ ਤੋਂ ਇਨਕਾਰੀ ਸਿੱਖ; ਆਪਣੀ ਸੋਚ ਨੂੰ ਸਹੀ ਸਿੱਧ ਕਰਨ ਲਈ ਹੇਠਲੇ ਸ਼ਬਦ ਦਾ ਸਹਾਰਾ ਲੈਂਦੇ ਹਨ ਜਦਕਿ ਇਸ ਸ਼ਬਦ ’ਚ ਜ਼ਿੰਦਗੀ ਦੀ ਬੁਨਿਆਦ ਆਤਮਾ/ਜੋਤਿ ਨੂੰ ਅਮਰ (ਇਲਾਹੀ ਨੂਰ) ਸਿੱਧ ਕਰਨ ਲਈ ਸਰੀਰ ਅੰਦਰਲੀਆਂ ਹੋਰ ਸੂਖਮ ਤਾਕਤਾਂ (ਜਿਵੇਂ ਕਿ ਸੁਆਸ, ਅੱਗ ਤੱਤ, ਹਵਾ ਤੱਤ, ਪਾਣੀ ਤੱਤ, ਮਿੱਟੀ ਤੱਤ, ਅਕਾਸ਼ ਤੱਤ); ਆਪਣੇ-ਆਪਣੇ ਸਰੋਤ ’ਚ ਮਿਲਦੀਆਂ ਨੂੰ ਮਿਸਾਲ ਬਣਾਇਆ ਗਿਆ ਹੈ ਤਾਂ ਜੋ ਸਰੀਰਕ ਮੋਹ ਕਾਰਨ ਕਿਸੇ ਦੀ ਮੌਤ ’ਤੇ ਅਫ਼ਸੋਸ ਨਾ ਕੀਤਾ ਜਾਏ। ਪੂਰਾ ਸ਼ਬਦ ਹੈ, ‘‘ਪਵਨੈ ਮਹਿ ਪਵਨੁ ਸਮਾਇਆ   ਜੋਤੀ ਮਹਿ ਜੋਤਿ ਰਲਿ ਜਾਇਆ   ਮਾਟੀ ਮਾਟੀ ਹੋਈ ਏਕ   ਰੋਵਨਹਾਰੇ ਕੀ ਕਵਨ ਟੇਕ ?   ਕਉਨੁ ਮੂਆ ਰੇ ! ਕਉਨੁ ਮੂਆ   ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ   ਅਗਲੀ; ਕਿਛੁ ਖਬਰਿ ਪਾਈ  ਰੋਵਨਹਾਰੁ ਭਿ ਊਠਿ ਸਿਧਾਈ   ਭਰਮ ਮੋਹ ਕੇ ਬਾਂਧੇ ਬੰਧ   ਸੁਪਨੁ ਭਇਆ; ਭਖਲਾਏ ਅੰਧ   ਇਹੁ ਤਉ; ਰਚਨੁ ਰਚਿਆ ਕਰਤਾਰਿ (ਨੇ)   ਆਵਤ ਜਾਵਤ ਹੁਕਮਿ+ਅਪਾਰਿ (’)   ਨਹ ਕੋ ਮੂਆ; ਮਰਣੈ ਜੋਗੁ   ਨਹ ਬਿਨਸੈ; ਅਬਿਨਾਸੀ ਹੋਗੁ   ਜੋ ਇਹੁ ਜਾਣਹੁ; ਸੋ ਇਹੁ ਨਾਹਿ   ਜਾਨਣਹਾਰੇ ਕਉ ਬਲਿ ਜਾਉ   ਕਹੁ ਨਾਨਕ  ! ਗੁਰਿ (ਨੇ) ਭਰਮੁ ਚੁਕਾਇਆ   ਨਾ ਕੋਈ ਮਰੈ; ਆਵੈ ਜਾਇਆ (ਮਹਲਾ /੮੮੫) ਅਰਥ : ਹੇ ਭਾਈ ! (ਗ਼ੌਰ ਕਰ; ਮੌਤ ਉਪਰੰਤ) ਸੁਆਸ; ਆਪਣੇ ਸਰੋਤ ਸੁਆਸ-ਸੰਗ੍ਰਹਿ (ਪ੍ਰਭੂ) ’ਚ ਜਾ ਸਮਾਉਂਦੇ ਹਨ ਭਾਵ ਜਿਸ ਮਾਲਕ ਨੇ ਸੁਆਸ-ਪੂੰਜੀ ਬਖ਼ਸ਼ੀ ਸੀ; ਉਸੇ ਨੇ ਸੁਆਸ ਵਾਪਸ ਖਿੱਚ ਲਏ, ਨਾ ਕਿ ਉਹ ਆਪ ਮਰਿਆ ਹੈ। ਸਰੀਰ ਅੰਦਰਲੀ ਜੋਤਿ ਭੀ ਜੋਤਾਂ ਦੇ ਸਮੂਹ (ਪ੍ਰਭੂ) ’ਚ ਲੀਨ ਹੋ ਗਈ (ਨੋਟ : ਚੇਤੇ ਰਹੇ ਕਿ ਭਗਤੀ; ਜੋਤਿ ਨੂੰ ਮੁਕਤ ਕਰਨ ਲਈ ਨਹੀਂ; ਅੰਤਹਿਕਰਣ ’ਤੇ ਚੜੀ ਜਨਮ ਜਨਮ ਦੀ ਮੈਲ਼ (ਕੂੜੈ ਪਾਲਿ) ਰੂਪ ਪਰਤ/ਹਉਮੈ ਨੂੰ ਸਵੈ ਪੜਚੋਲ ਨਾਲ਼ ਉਤਾਰਨ ਲਈ ਕਰਨੀ ਹੈ ਤਾਂ ਜੋ ਪਾਰਦਰਸ਼ੀ ਹੋਏ ਅੰਤਹਿਕਰਣ ਰਾਹੀਂ ਅੰਦਰਲੀ ਜੋਤਿ/ਆਤਮ ਪ੍ਰਕਾਸ਼ ਦਾ ਹੂ-ਬਹੂ ਚਾਨਣ/ਅਹਿਸਾਸ; ਦਿਮਾਗ਼ ਨੂੰ ਹੋਵੇ। ਇਹੀ ‘ਪ੍ਰਭੂ ਦਾ ਦਰਸ਼ਨ’ ਹੈ। ਅਸ਼ਰਧਕ ਬੰਦੇ ਅੰਦਰਲੀ ਮੈਲ਼; ਆਵਾਗਮਣ ਭੋਗਦੀ ਹੈ; ਜਿਵੇਂ ਕਿ ਵਾਕ ਹੈ, ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ); ਨਾਲੇ ਹਉਮੈ ਪਾਈ ਜਨਮ ਮਰਣੁ ਉਸ (ਹਉਮੈ) ਹੀ ਕਉ ਹੈ ਰੇ ! ਓਹਾ ਆਵੈ ਜਾਈ ’’ (ਮਹਲਾ /੯੯੯) ਇਸ (ਹਉਮੈ) ਦਾ ਫਿਰ ਆਧਾਰ ਬਣਦੀ ਹੈ ਓਹੀ ‘ਰੱਬੀ ਜੋਤਿ/ਰੂਹ’।) ਜੋਤਿ/ਆਤਮਾ; ਆਪਣੇ ਅਬਿਨਾਸੀ ਸਰੋਤ (ਜੋਤਾਂ ਦੇ ਸਮੂਹ ਪ੍ਰਭੂ) ’ਚ ਜਾ ਸਮਾਉਂਦਾ ਹੈ। ਮਿੱਟੀ ਤੱਤ; ਸੁਆਹ ਬਣ ਆਪਣੇ ਸਰੋਤ ਮਿੱਟੀ ਤੱਤ ਭਾਵ ਧਰਤੀ ’ਚ ਜਾ ਮਿਲਦਾ ਹੈ। ਸਰੀਰਕ ਮੌਤ ਦਾ ਵਿਰਲਾਪ ਕਰਨ ਵਾਲ਼ੇ ਕੋਲ਼ ਰੌਣ ਦਾ ਆਧਾਰ ਕੀ ਬਚਿਆ ?॥੧॥ ਹੇ ਭਾਈ ! (ਮੌਤ ਉਪਰੰਤ) ਕੀ ਖ਼ਤਮ ਹੋਇਆ ਹੈ ਭਾਵ ਕੁੱਝ ਭੀ ਖ਼ਤਮ ਨਹੀਂ ਹੁੰਦਾ। ਇਹ ਅਸਲੀਅਤ ਜਾਣ ਚੁੱਕੇ ਮਿਲ ਕੇ ਵਿਚਾਰੋ, ਸੋਚੋ ਕਿਉਂਕਿ ਇਹ (ਆਉਣਾ-ਜਾਣਾ) ਤਾਂ ਕਰਤਾਰ ਦੀ ਇੱਕ ਖੇਡ ਹੈ॥ ਰਹਾਉ॥ ਪਹਿਲਾਂ ਮਰ ਚੁਕਿਆਂ ਬਾਰੇ ਕੋਈ ਜਾਣਕਾਰੀ ਨਹੀਂ (ਕਿ ਕੌਣ ਕਿਸ ਜੂਨ ’ਚ ਹੈ ਜਾਂ ਕੌਣ ਪ੍ਰਭੂ ’ਚ ਲੀਨ ਹੈ; ਹੁਣ) ਰੌਣਵਾਲ਼ਾ ਭੀ ਇੱਕ ਦਿਨ ਇੱਥੋਂ ਚਲਾ ਜਾਏਗਾ। ਸਾਰੇ ਭਰਮ-ਮੋਹ ਦੇ ਬੰਧਨਾਂ ’ਚ ਬੱਝੇ ਹਨ, ਸਚਾਈ ਤੋਂ ਅਣਜਾਣ ਹਨ। (ਆਤਮਾ/ਜੋਤਿ ਤੇ ਸਰੀਰ ਦਾ ਸਬੰਧ) ਸੁਫਨਾ ਹੋ ਬੀਤ ਜਾਣਾ ਹੈ। ਅਗਿਆਨੀ (ਕਿਸੇ ਦੀ ਮੌਤ ’ਤੇ ਐਵੇਂ) ਕਲਪਦੇ ਹਨ॥੨॥ ਇਹ ਜਗਤ-ਖੇਡ ਤਾਂ ਕਰਤਾਰ ਨੇ ਰਚੀ ਹੈ। ਉਸ ਦੇ ਅਪਾਰ ਹੁਕਮ ’ਚ ਹੀ ਸਭ (ਜਗਤ-ਖੇਡ ਖੇਡਣ) ਆਉਂਦੇ, ਜਾਂਦੇ ਹਨ। ਨਾ ਕੋਈ ਮਰਿਆ ਹੈ, ਨਾ ਮਰਨ ਵਾਲ਼ਾ ਹੈ। ਕੋਈ (ਜੋਤਿ/ਆਤਮਾ) ਮਰਦਾ ਨਹੀਂ ਕਿਉਂਕਿ ਇਹ ਨਾਸ ਰਹਿਤ ਹੈ॥੩॥ ਆਤਮਾ ਨੂੰ ਜੈਸਾ ਸਮਝਦੇ ਹੋ; ਵੈਸਾ ਇਹ ਨਹੀਂ ਹੈ ਭਾਵ ਇਹ ਕੋਈ ਸਰੀਰਕ ਅੰਗ ਨਹੀਂ ਕਿ ਸਕੈਨਿੰਗ ਨਾਲ਼ ਵੇਖਿਆ ਜਾਵੇ। ਜੋ ਇਸ ਆਤਮ ਪ੍ਰਕਾਸ਼ ਨੂੰ (ਆਪਣਾ ਪਾਰਦਰਸ਼ੀ ਅੰਤਹਿਕਰਣ ਬਣਾ) ਮਹਿਸੂਸ ਕਰ ਲੈਂਦਾ ਹੈ, ਮੈ ਉਸ ਤੋਂ ਕੁਰਬਾਨ ਹਾਂ। ਗੁਰੂ ਨੇ ਜਿਸ ਦਾ ਭਰਮ ਮਿਟਾ ਦਿੱਤਾ ਭਾਵ ਅੰਤਹਿਕਰਣ ਪਾਰਦਰਸ਼ੀ ਕਰ ਦਿੱਤਾ; ਉਹ (ਵਾਰ-ਵਾਰ) ਨਾ ਮਰਦਾ ਹੈ, ਨਾ ਜਗਤ-ਖੇਡ ਖੇਡਣ ਲਈ ਆਉਂਦਾ ਹੈ, ਨਾ ਇੱਥੋਂ ਜਾਂਦਾ ਹੈ ਭਾਵ ਉਹ ਆਵਾਗਮਣ ਮੁਕਤ ਹੋ ਸਦਾ ਲਈ ਪ੍ਰਭੂ ’ਚ ਲੀਨ ਹੋ ਜਾਂਦਾ ਹੈ। ਸੋ ਇਸ ਪੂਰੇ ਸ਼ਬਦ ’ਚ ਨਹੀਂ ਜਾਪਦਾ ਕਿ ਆਵਾਗਮਣ ਦੀ ਹੋਂਦ ਨੂੰ ਰੱਦ ਕਰਨ ਵਾਲ਼ਾ ਕੋਈ ਫ਼ੁਰਮਾਨ ਹੈ। ਸਰੀਰਕ ਬੁਨਿਆਦ (ਆਤਮਾ) ਨੂੰ ਅਮਰ ਅਤੇ ਇਸ ਸਚਾਈ ਨੂੰ ਨਾ ਸਮਝਣਾ; ਭਰਮ ਸਿੱਧ ਕੀਤਾ ਗਿਆ ਹੈ। ਇਲਾਹੀ ਹੁਕਮ ਅਤੇ ਇਸ ’ਤੇ ਭਰੋਸਾ ਨਾ ਕਰਨਾ ਭਰਮ; ਹਥਲੇ ਚਾਰੇ ਭਾਗਾਂ ਦਾ ਮੂਲ ਵਿਸ਼ਾ ਰਿਹਾ ਹੈ।

ਸਰੀਰਕ ਮੌਤ ਉਪਰੰਤ ਆਵਾਗਮਣ (ਜਾਂ ਪ੍ਰਭੂ ’ਚ ਲੀਨ/ਅਭੇਦ ਕੋਈ) ਹੁੰਦਾ ਹੈ ਜਾਂ ਨਹੀਂ; ਇਹ ਨਿਰਣਾ ਕਰਨ ਤੋਂ ਪਹਿਲਾਂ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਲੋਕ; ਸਥੂਲ ਸਰੀਰਾਂ ’ਚ ਸੂਖਮ ਆਤਮਾ (ਹੰਸ) ਦੀ ਹੋਂਦ ਤੋਂ ਇਨਕਾਰੀ ਭੀ ਹਨ, ਜਿਸ ਨੂੰ ਬਾਣੀਕਾਰਾਂ ਨੇ ਪ੍ਰਭੂ ਦੀ ਜੋਤਿ, ਰੂਹ, ਜਿੰਦ, ਆਤਮਾ, ਜੀਅ ਆਦਿ ਕਿਹਾ; ਜੈਸਾ ਕਿ ਗੁਰੂ ਨਾਨਕ ਸਾਹਿਬ ਦੇ ਹੀ ਬਚਨ ਹਨ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ   ਤਿਸ ਦੈ ਚਾਨਣਿ (ਨਾਲ਼); ਸਭ ਮਹਿ ਚਾਨਣੁ ਹੋਇ (ਸੋਹਿਲਾ/ਮਹਲਾ /੧੩), ਜੇਤੇ ਦਾਣੇ ਅੰਨ ਕੇ; ਜੀਆ (ਜਿੰਦ) ਬਾਝੁ ਕੋਇ (ਮਹਲਾ /੪੭੨), ਪਹਿਲਾ ਪਾਣੀ ਜੀਉ (ਜੋਤਿ) ਹੈ; ਜਿਤੁ (ਜਿਸ ਨਾਲ਼) ਹਰਿਆ ਸਭੁ ਕੋਇ (ਮਹਲਾ /੪੭੨), ਜਲਿ (’) ਥਲਿ (’) ਮਹੀਅਲਿ (ਅਕਾਸ਼) ਭਰਿਪੁਰਿ ਲੀਣਾ; ਘਟਿ ਘਟਿ (’) ਜੋਤਿ ਤੁਮ੍ਾਰੀ (ਮਹਲਾ /੭੯੫), ਅਗਨਿ ਪਾਣੀ ਜੀਉ (ਸਰੀਰ) ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ’’ (ਮਹਲਾ /੧੦੩੭), ਆਦਿ ਭਾਵ ਕੂੜੈ ਪਾਲਿ ਜਾਂ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ’’ (ਮਹਲਾ /੬੫੧) ਵਾਲ਼ੇ ਹਰ ਸਰੀਰ ਅੰਦਰ ਰੱਬ ਦੀ ਜੋਤਿ ਹੈ, ‘‘ਨਿਰੰਕਾਰਿ (ਨੇ) ਆਕਾਰੁ (ਬਣਾਨ ਲਈ); ਜੋਤਿ ਜਗ ਮੰਡਲਿ (’) ਕਰਿਯਉ ’’ (ਭਟ ਕੀਰਤ/੧੩੯੫), ਇਸੇ ਨੂੰ ਭਗਤ ਕਬੀਰ ਜੀ ਨੇ ‘ਹੰਸ’ (ਆਗੈ ਹੰਸੁ ਅਕੇਲਾ) ਕਿਹਾ ਹੈ।

ਸ਼ਰਧਾ ਤੋਂ ਸੱਖਣੇ ਬੰਦਿਆਂ ਦੀ ਅਕਲ ਦਾ ਦਿਵਾਲ਼ਾਪਣ ਇੱਥੇ ਹੀ ਖ਼ਤਮ ਨਹੀਂ ਹੁੰਦਾ। ਗੁਰੂ ਸਾਹਿਬਾਨ ਅੰਦਰ ਇਹੀ ਨਿਰਮਲ ਜੋਤਿ-ਸ਼ਕਤੀ ਹੈ, ਜੋ ਉਨ੍ਹਾਂ ਨੂੰ ਆਮ ਤੋਂ ਖ਼ਾਸ ਬਣਾਉਂਦੀ ਹੈ। ਸੱਤਾ-ਬਲਵੰਡ ਜੀ ਤੇ ਭੱਟ ਸਾਹਿਬਾਨ ਗਵਾਹੀ ਭੀ ਭਰਦੇ ਹਨ, ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ’’ (ਭਟ ਮਥੁਰਾ/੧੪੦੮) ਭਾਵ ਅਕਾਲ ਪੁਰਖ ਦੀ ਨਿਰਮਲ ਜੋਤਿ ਹੀ ਆਕਾਰ ਰੂਪ ’ਚ ਗੁਰੂ ਨਾਨਕ ਜੀ ਹਨ। ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਸਮੇਂ ਆਪਣੇ ਅੰਦਰਲੀ ਇਹ ਜੋਤਿ; ਗੁਰੂ ਅੰਗਦ ਸਾਹਿਬ ’ਚ ਸੁਸ਼ੋਭਿਤ ਕਰ ਦਿੱਤੀ, ‘‘ਜੋਤਿ ਓਹਾ, ਜੁਗਤਿ ਸਾਇ; ਸਹਿ (ਗੁਰੂ ਨਾਨਕ ਨੇ) ਕਾਇਆ ਫੇਰਿ ਪਲਟੀਐ ’’ (ਬਲਵੰਡ ਸਤਾ/੯੬੬) ਅਗਾਂਹ ਤਬਦੀਲ ਹੁੰਦੀ ਹੋਈ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ’ਚ ਟਿਕਾ ਦਿੱਤੀ, ‘‘ਰਾਮਦਾਸਿ (ਨੇ) ਗੁਰੂ ਜਗ ਤਾਰਨ ਕਉ; ਗੁਰ ਜੋਤਿ, ਅਰਜੁਨ ਮਾਹਿ ਧਰੀ ’’ (ਭਟ ਮਥੁਰਾ/੧੪੦੯), ਇਹੀ ਜੋਤਿ ਹੁਣ ‘ਗੁਰੂ ਗ੍ਰੰਥ ਸਾਹਿਬ’ ਅੰਦਰ ਸੁਭਾਇਮਾਨ ਹੈ, ਜੋ ਸ਼ਰਧਾਵਾਨ ਸਿੱਖਾਂ ਉੱਤੇ ਬਖ਼ਸ਼ਸ਼ ਕਰਦੀ ਹੈ। ਇਸੇ ਨੂੰ ਮੂਲ ਮੰਤਰ ਦੇ ਅੰਤ ’ਚ ‘ਗੁਰ ਪ੍ਰਸਾਦਿ’ ਭਾਵ ‘ਗੁਰੂ ਦੀ ਮਿਹਰ ਨਾਲ਼’ (ੴ ਮਿਲਦਾ ਹੈ) ਸ਼ਬਦਾਂ ਰਾਹੀਂ ਬਿਆਨ ਕੀਤਾ ਹੈ।

ਕਿਸੇ ਬੰਦੇ ’ਚ ਤਬਦੀਲੀ ਆਉਣ ਜਾਂ ਲਿਆਉਣ ਦੇ ਚਾਰ ਹੀ ਕਾਰਗਰ ਉਪਾਅ ਹੁੰਦੇ ਹਨ (ੳ). ਪੈਦਾਇਸ਼ ਤੋਂ ਰੁਚੀ ਹੋਣੀ; ਜਿਵੇਂ ਕਿ ਗੁਰੂ ਨਾਨਕ ਸਾਹਿਬ ਅੰਦਰ ਬਚਪਨ ਤੋਂ ਨਿਰਾਕਾਰ ਪ੍ਰਤੀ ਲਗਨ ਸੀ ਤਾਹੀਓਂ 3 ਕੁ ਸਾਲ ਦੀ ਉਮਰ ’ਚ ਇਕਾਂਤ ਚਿੱਤ ਲੰਬਾ ਸਮਾਂ ਬੈਠੇ ਰਹਿੰਦੇ ਸਨ। (ਅ). ਕੁੱਝ ਲਾਲਚ ਦੇ ਕੇ ਰੁਚੀ ਪੈਦਾ ਕਰਨਾ; ਜਿਵੇਂ ਕਿ ਬਾਬਾ ਫ਼ਰੀਦ ਜੀ ਨੂੰ ਉਨ੍ਹਾਂ ਦੀ ਮਾਤਾ ਮਰੀਅਮ ਜੀ; ਨਮਾਜ਼ ਪੜ੍ਹਨ ਬਦਲੇ ਗੁੜ ਦਿਆ ਕਰਦੀ ਸੀ। (ੲ). ਪਿਆਰ ਜਾਂ ਹੱਲਾਸ਼ੇਰੀ ਨਾਲ਼ ਰੁਚੀ ਪੈਦਾ ਕਰਨੀ; ਜਿਵੇਂ ਕਿ ਭਗਤ ਰਵਿਦਾਸ ਜੀ ਉਤਸ਼ਾਹ ਭਰਦੇ ਹਨ, ‘‘ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ; ਗਏ ਹਰਿ ਕੈ ਪਾਸਿ ਐਸੇ ਦੁਰਮਤਿ ਨਿਸਤਰੇ; ਤੂ ਕਿਉ ਤਰਹਿ ? ਰਵਿਦਾਸ ! ’’ (ਭਗਤ ਰਵਿਦਾਸ/੧੧੨੪) ਅਰਥ : ਹੇ ਭਾਈ ! ਵੇਖ ਦੁਰਾਚਾਰੀ ਅਜਾਮਲ ਬ੍ਰਾਹਮਣ, ਵੇਸਵਾ ਪਿੰਗੁਲਾ, ਸ਼ਿਕਾਰੀ ਲੁਬਧਕ ਤੇ ਹਾਥੀ; ਹਰੀ ਦਾ ਨਾਮ ਲੈਣ ਨਾਲ਼ ਤਰ ਗਏ। ਤੂੰ ਕਿਉਂ ਨਹੀਂ ਤਰ ਸਕਦਾ ਭਾਵ ਤੂੰ ਭੀ ਹਰੀ ਦਾ ਨਾਮ ਜਪ; ਜ਼ਰੂਰ ਤਰ ਜਾਏਂਗਾ।

ਨੋਟ : ਉਕਤ ਵਾਕ ’ਚ ਚਾਰ ਨਾਂਵਾਂ ਦਾ ਜ਼ਿਕਰ ਹੈ, ਜਿਨ੍ਹਾਂ ਦਾ ਪੁਰਤਾਨ ਗ੍ਰੰਥਾਂ ’ਚ ਇਸ ਤਰ੍ਹਾਂ ਹਵਾਲਾ ਹੈ (1). ਭਗਤਮਾਲ ਤੇ ਭਾਗਵਤ ’ਚ ਸਾਖੀ ਹੈ ਕਿ ਕਨੌਜ ਦੇਸ਼ ਦੇ ਬ੍ਰਾਹਮਣ (ਅਜਾਮਲ) ਨੇ ਇੱਕ ਵੇਸਵਾ ਨਾਲ਼ ਸ਼ਾਦੀ ਕਰ ਲਈ, ਜਿਸ ਤੋਂ 10 ਪੁੱਤਰ ਪੈਦਾ ਹੋਏ। ਸਭ ਤੋਂ ਛੋਟੇ ਦਾ ਨਾਂ ਨਾਰਾਇਣ ਸੀ। ਆਪਣੇ ਪੁੱਤਰ ਨੂੰ ਨਾਰਾਇਣ-ਨਰਾਇਣ ਕਹਿ ਕੇ ਅਜਾਮਲ; ਆਪਣੇ ਦੁਰਾਚਾਰੀ ਪਾਪ ਤੋਂ ਮੁਕਤ ਹੋ ਗਿਆ। (2). ਭਾਗਵਤ ਦੇ 11ਵੇਂ ਸਕੰਧ ਦੇ 8ਵੇਂ ਅਧਿਆਏ ’ਚ ਪ੍ਰਸੰਗ ਹੈ ਕਿ ਵਿਦੇਹ ਨਗਰ (ਜਨਕਪੁਰੀ) ’ਚ ਇੱਕ ਵੇਸਵਾ ਰਹਿੰਦੀ ਸੀ, ਜਿਸ ਦਾ ਨਾਂ ਪਿੰਗੁਲਾ ਸੀ। ਇੱਕ ਦਿਨ ਉਹ, ਧਨੀ ਤੇ ਸੁੰਦਰ ਜਵਾਨ ਨੂੰ ਵੇਖ ਕਾਮ ’ਚ ਵਿਆਕੁਲ ਹੋ ਗਈ ਤੇ ਸਾਰੀ ਰਾਤ ਉਸ ਨਾਲ਼ ਗੁਜ਼ਾਰੀ। ਅਚਾਨਕ ਮਨ ’ਚ ਵੈਰਾਗ ਉੱਠਿਆ ਕਿ ਜੇ ਐਸਾ ਪਿਆਰ ਈਸ਼ਵਰ ਨਾਲ਼ ਕਰਦੀ ਤਾਂ ਸਦਾ ਅਨੰਦ ਮਿਲਦਾ। ਉਹ, ਪ੍ਰਭੂ ਦਾ ਸਿਮਰਨ ਕਰਨ ਲੱਗੀ ਤੇ ਅੰਤ ਵੇਸਵਾ-ਪਾਪ ਤੋਂ ਮੁਕਤ ਹੋ ਗਈ। (3). ਇੱਕ ਲੋਦੀਆ (ਲੁਭਤ/ਲੁਬਧਕ) ਨਾਂ ਦਾ ਸ਼ਿਕਾਰੀ ਸੀ। ਉਸ ਨੇ ਸੰਤਾਂ ਦੀ ਸੇਵਾ ਕੀਤੀ। ਅਗਲੇ ਦਿਨ ਉਸ ਨੂੰ ਬਹੁਤ ਸ਼ਿਕਾਰ ਮਿਲੇ। ਇੱਕ ਸ਼ਿਕਾਰ ਸੰਤਾਂ ਲਈ ਲੈ ਆਇਆ। ਸੰਤਾਂ ਨੇ ਕਿਹਾ ਕਿ ਇਹ ਸਾਡੇ ਕੰਮ ਦਾ ਨਹੀਂ। ਤੂੰ ਸਾਡੇ ਲਈ ਕੋਈ ਸੰਖ ਚਕ੍ਰ ਗਦਾ ਵਾਲ਼ਾ (ਭਾਵ ਹਰੀ) ਲੱਭ ਕੇ ਲਿਆ। ਸ਼ਿਕਾਰੀ ਲੱਭਦਾ ਰਿਹਾ, ਪਰ ਉਹ ਨਾ ਮਿਲਿਆ।  ਉਹ ਮਾਯੂਸ ਹੋ ਕੇ ਮਰਨ ਲੱਗਾ। ਅਚਾਨਕ ਭਗਵਾਨ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਤੇ ਸ਼ਿਕਾਰ-ਬਿਰਤੀ ਪਾਪ ਤੋਂ ਮੁਕਤੀ ਪਾ ਗਿਆ। (4). ਭਾਗਵਤ ਕਥਾ ਅਨੁਸਾਰ ਇੱਕ ਗੰਧਰਵ (ਸੁਰਗ ’ਚ ਰਾਗ-ਸੰਗੀਤ ਗਾਉਣ ਵਾਲ਼ਾ; ਅਥ੍ਰਵਣ ਵੇਦ ’ਚ ਇਨ੍ਹਾਂ ਦੀ ਗਿਣਤੀ 6333 ਦੱਸੀ ਹੈ), ਜੋ ਰਿਖੀ ਦੇ ਸਰਾਪ ਨਾਲ਼ ਹਾਥੀ ਬਣ ਗਿਆ ਸੀ। ਉਸ ਨੂੰ ਵਰੁਣ ਦੇ ਤਲਾ ’ਚ ਇੱਕ ਤੇਂਦੂਆ ਆਪਣੀਆਂ ਤੰਦਾਂ ’ਚ ਪਕੜ ਬੈਠਾ ਸੀ; ਰਾਮ ਨਾਮ ਜਪਣ ਨਾਲ਼ ਮੁਕਤ ਹੋ ਗਿਆ। ਚੇਤੇ ਰਹੇ ਕਿ ਇਹ ਕਥਾਵਾਂ ਸੱਚੀਆਂ ਹਨ ਜਾਂ ਝੂਠੀਆਂ; ਗੁਰਬਾਣੀ ਇਹ ਨਿਰਣਾ ਨਹੀਂ ਕਰਦੀ। ਬਾਣੀਕਾਰਾਂ ਦਾ ਮਕਸਦ ਅੰਬ (ਸਾਖੀ ਦਾ ਤਤਸਾਰ) ਖਾਣਾ ਹੈ, ਨਾ ਕਿ ਪੇੜ ਗਿਣਨਾ।)

(ਸ). ਅਰੰਭਕ ਰੁਚੀ; ਪੈਦਾਇਸ਼ ਤੋਂ ਹੁੰਦੀ ਹੈ। ਦੂਜੀ; 10-12 ਸਾਲ ਤੱਕ ਦੇ ਬੱਚੇ ’ਚ ਪਾਈ ਜਾ ਸਕਦਾ ਹੈ। ਤੀਜੀ; 15 ਤੋਂ 25 ਕੁ ਸਾਲ ਤੱਕ ਦੀ ਉਮਰ ’ਚ ਭਰੀ ਜਾ ਸਕਦੀ ਹੈ, ਪਰ ਜੇਕਰ ਇਹ ਤਿੰਨੇ ਨਾ ਹੋਣ ਤਾਂ ਆਖ਼ਿਰ ‘ਡਰ’ ਨਾਲ਼ ਰੁਚੀ ਪੈਦਾ ਕੀਤੀ ਜਾਂਦੀ ਹੈ। ਇਹ ਡਰ; ਮੌਤ ਜਾਂ ਆਵਾਗਮਣ ਦਾ ਹੀ ਹੋ ਸਕਦਾ ਹੈ; ਜਿਵੇਂ ਕਿ ਬਚਨ ਹਨ, ‘‘ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ ’’ (ਮਹਲਾ /੧੦੭੫) ਭਾਵ ਇਸ ਮਨੁੱਖਾ ਜਨਮ ਨੂੰ ਅਜਾਈਂ ਗਵਾ ਕੇ ਮੁੜ (ਜੂਨਾਂ ’ਚ ਵਾਰ-ਵਾਰ) ਜਨਮ ਲੈ ਕੇ, ਮਰ ਕੇ ਦੁੱਖ ਭੋਗਣਾ ਪੈਂਦਾ ਹੈ। ਭਗਤ ਕਬੀਰ ਜੀ ਦੇ ਭੀ ਬੋਲ ਹਨ, ‘‘ਚਾਰਿ ਪਾਵ, ਦੁਇ ਸਿੰਗ ਗੁੰਗ ਮੁਖ; ਤਬ ਕੈਸੇ ਗੁਨ ਗਈਹੈ  ?  ਊਠਤ ਬੈਠਤ ਠੇਗਾ ਪਰਿਹੈ ? ਤਬ ਕਤ ਮੂਡ ਲੁਕਈਹੈ   ਹਰਿ ਬਿਨੁ; ਬੈਲ ਬਿਰਾਨੇ ਹੁਈਹੈ   ਫਾਟੇ ਨਾਕਨ, ਟੂਟੇ ਕਾਧਨ; ਕੋਦਉ ਕੋ ਭੁਸੁ ਖਈਹੈ ਰਹਾਉ ’’ (ਭਗਤ ਕਬੀਰ/੫੨੪) ਅਰਥ : ਹਰੀ ਦਾ ਨਾਮ ਜਪਣ ਤੋਂ ਬਿਨਾਂ (ਅਗਾਂਹ ਜੂਨ ਵਜੋਂ) ਪਰਾਏ ਮਨੁੱਖ ਦੇ ਬਲ਼ਦ ਬਣਨਾ ਪੈਣਾ ਹੈ। (ਨੱਥ ਨਾਲ਼) ਨੱਕ ਫਟੇ ਹੋਣਗੇ। (ਜੂਲੇ ਜਾਂ ਪੰਜਾਲੀ ਨਾਲ਼) ਕੰਧੇ ਫਿੱਸੇ ਹੋਣਗੇ। ਕੋਧ੍ਰਾ (ਬਾਥੂ ਵਰਗਾ) ਘਾਹ ਖਾਏਂਗਾ॥ ਰਹਾਉ॥ ਚਾਰ ਪੈਰ ਤੇ ਦੋ ਸਿੰਗ ਹੋਣਗੇ। ਮੂੰਹ ਤੋਂ ਗੂੰਗਾ ਹੋਵੇਂਗਾ, ਤਾਂ ਉਸ ਸਮੇਂ ਕਿਵੇਂ ਨਾਮ ਜਪੇਂਗਾ (ਜੇਕਰ ਹੁਣ ਨਾ ਜਪ ਸਕਿਆ) ?

ਹੁਣ ਜੇ ਮੰਨੀਏ ਕਿ ਆਵਾਗਮਣ ਨਹੀਂ ਹੁੰਦਾ ਤਾਂ ਜੀਵਨ ਬਦਲਣ ਲਈ ਆਖ਼ਿਰ ਨੂੰ ਕਾਹਦਾ ਡਰ ਦਿੱਤਾ ਜਾ ਸਕਦਾ ਹੈ ? ਦਰਅਸਲ ਜ਼ਿਆਦਾਤਰ ਸਿੱਖਾਂ ਅੰਦਰ ਗੁਰਮਤਿ ਪ੍ਰਤੀ ਸ਼ਰਧਾ ਹੀ ਨਹੀਂ; ਗੁਰਬਾਣੀ ਨੂੰ ਵਿਚਾਰਨ ਦਾ ਸਮਾਂ ਨਹੀਂ; ਉਂਝ ਇਹ ਗੁਰੂ ਘਰਾਂ ’ਚ ਵਕਤਾ ਬਣ ਆਪਣੀਆਂ ਲੋੜਾਂ ਭੀ ਪੂਰੀਆਂ ਕਰਦੇ ਹਨ, ਜੋ ਸੰਗਤਾਂ ਦੇ ਭੋਲ਼ੇਪਣ ਦਾ ਨਾਜਾਇਜ਼ ਲਾਭ ਉਠਾਉਣਾ ਹੈ। ਬਹੁਤੀ ਸੰਗਤ ਭਾਵੇਂ ਗੁਰਬਾਣੀ ਪੜ੍ਹਦੀ ਹੈ, ਪਰ ਗੁਰਮਤਿ ਦੇ ਭਾਵਾਰਥ ਨਹੀਂ ਸਮਝਦੀ ਤਾਹੀਓਂ ਬਚਨ ਕੀਤੇ ਹਨ, ‘‘ਪੜਿਐ ਨਾਹੀ; ਭੇਦੁ ਬੁਝਿਐ ਪਾਵਣਾ ’’ (ਮਹਲਾ /੧੪੮) ਐਸੇ ਹੀ ਕੁੱਝ ਕਾਰਨ ਹਨ ਕਿ ਗੁਰਬਾਣੀ ਦੀ ਮੂਲ ਲਿਖਤ ‘ਫੁਰਮਾਨ ਤੋਂ ਫਰਮਾਨ, ਪਰਵਾਰ ਤੋਂ ਪਰਿਵਾਰ, ਬਾਦਿਸਾਹ ਤੋਂ ਬਾਦਸਾਹ, ਪਾਤਿਸਾਹ ਤੋਂ ਪਾਤਸਾਹ’, ਕੜਾਹ ਪ੍ਰਸਾਦ ਤੋਂ ਕੜਾਹਿ ਪ੍ਰਸਾਦਿ, ਆਦਿਕ ਸ਼ਬਦਸ਼ੈਲੀ ਨੂੰ ਭਾਸ਼ਾਈ ਵਿਕਾਸ ਦੇ ਨਾਂ ’ਤੇ ਸਵੀਕਾਰਿਆ ਗਿਆ। ਅੰਤ ’ਚ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਤੇ ਡਾਕਟਰ ਹਰਜਿੰਦਰ ਸਿੰਘ ਜੀ ਦਲਗੀਰ ਦੇ ਨਵੇਂ ਮਹਾਨ ਕੋਸ਼ ’ਚੋਂ ਦੋ ਕੁ ਸ਼ਬਦਾਂ ਦੇ ਅਰਥ ’ਚ ਆਏ ਬਦਲਾਅ ਨੂੰ ਵਿਚਾਰਨਾ ਜ਼ਰੂਰੀ ਹੈ ਤਾਂ ਜੋ ਸਿੱਖ ਸੁਚੇਤ ਹੋ ਜਾਣ।

(1). ਗੁਰਬਾਣੀ ’ਚ ‘ਅੰਤਰਜਾਮੀ’ ਸ਼ਬਦ 131 ਵਾਰ ਹੈ। ਮਹਾਨ ਕੋਸ਼ ’ਚ ਇਸ ਦਾ ਅਰਥ ਹੈ ‘ਅੰਦਰ ਦੀ ਜਾਣਨ ਵਾਲ਼ਾ, ਮਨ ਦੀ ਬੁੱਝਣ ਵਾਲਾ’। ਇਸ ਨਾਲ ਭਾਈ ਸਾਹਿਬ ਨੇ ਵਾਕ ਦਿੱਤਾ ਹੈ, ‘‘ਜਤਨ ਕਰੈ ਮਾਨੁਖ ਡਹਕਾਵੈ; ਓਹੁ ਅੰਤਰਜਾਮੀ ਜਾਨੈ (ਮਹਲਾ /੬੮੦) ਅਰਥ : (ਬੰਦਾ ਲਾਲਚ ਲਈ ਅਨੇਕਾਂ) ਕੋਸ਼ਿਸ਼ਾਂ ਭਾਵ ਛਲ-ਕਪਟ ਕਰਦਾ ਹੈ। ਮਨੁੱਖਾਂ ਨੂੰ ਧੋਖੇ ਦਿੰਦਾ ਹੈ, ਪਰ ਦਿਲਾਂ ਦੀ ਜਾਣਨ ਵਾਲ਼ਾ ਉਹ (ਮਾਲਕ) ਸਭ ਕੁੱਝ ਜਾਣੀ-ਜਾਣ ਹੈ, ਸਭ ਕੁੱਝ ਸਮਝਦਾ ਹੈ। ਡਾਕਟਰ ਦਲਗੀਰ ਨੇ ਇਸ ਦਾ ਅਰਥ ਕੀਤਾ ਹੈ, ‘ਦਿਲ ਦਾ ਮਾਲਕ, ਪ੍ਰੇਰਕ’; ਇਸ ਦੀ ਪੁਸ਼ਟੀ ਲਈ ਗੁਰਬਾਣੀ ਦੇ 17 ਵਾਕ ਭੀ ਦਿੱਤੇ ਹਨ, ਪਰ ਮਹਾਨ ਕੋਸ਼ ਵਾਲ਼ਾ ਵਾਕ (ਜਤਨ ਕਰੈ ਮਾਨੁਖ ਡਹਕਾਵੈ; ਓਹੁ ਅੰਤਰਜਾਮੀ ਜਾਨੈ) ਨਹੀਂ ਦਿੱਤਾ ਜਦਕਿ ਗੁਰਬਾਣੀ ’ਚ ਐਸੇ ਹੋਰ ਭੀ ਕਈ ਵਾਕ ਹਨ; ਜਿਵੇਂ ਕਿ ‘‘ਅੰਤਰਜਾਮੀ ਸਭੁ ਕਿਛੁ ਜਾਨੈ; ਉਸ ਤੇ ਕਹਾ ਛਪਾਇਆ (ਮਹਲਾ /੩੮੧), ਅੰਤਰਜਾਮੀ ਪੁਰਖ ਸੁਆਮੀ ! ਅਨਬੋਲਤ ਹੀ ਜਾਨਹੁ ਹਾਲ (ਸਾਡੀ ਅੰਦਰਲੀ ਸਥਿਤੀ)) (ਮਹਲਾ /੮੨੮), ਅੰਤਰਜਾਮੀ ਸਭ ਬਿਧਿ ਜਾਨੈ; ਤਿਸ ਤੇ ਕਹਾ ਦੁਲਾਰਿਓ (ਉਸ ਤੋਂ ਛੁਪਾ ਕੇ ਕਿੱਥੇ ਭੱਜਿਆ ਜਾ ਸਕਦਾ ਹੈ)॥’’ (ਮਹਲਾ /੧੦੦੦), ਆਦਿ। ਇੱਥੇ ਭਾਈ ਗੁਰਦਾਸ ਜੀ ਦਾ 305ਵਾਂ ਕਬਿੱਤ ਵਾਚਣਾ ਭੀ ਜ਼ਰੂਰੀ ਹੈ, ‘‘ਭਗਤ ਵਛਲ ਸੁਨਿ ਹੋਤ ਹੋ ਨਿਰਾਸ ਰਿਦੈ; ਪਤਿਤ ਪਾਵਨ ਸੁਨਿ ਆਸਾ ਉਰ ਧਾਰਿ ਹੌਂ ਅੰਤਰਜਾਮੀ ਸੁਨਿ ਕੰਪਤ ਹੌ ਅੰਤਰਗਤਿ (ਭਾਵ ਮਨ); ਦੀਨ ਕੋ ਦਇਆਲ ਸੁਨਿ ਭੈ ਭ੍ਰਮ ਟਾਰ ਹੌਂ..੫੦੩॥’’ (ਭਾਈ ਗੁਰਦਾਸ ਜੀ/ਕਬਿੱਤ ੫੦੩) ਅਰਥ : ਪ੍ਰਭੂ ਭਗਤਾਂ ਨੂੰ ਪਿਆਰ ਕਰਨ ਵਾਲ਼ਾ ਹੈ; ਇਹ ਸੁਣ ਕੇ ਮੇਰਾ ਮਨ ਉਦਾਸ ਹੋ ਜਾਂਦਾ ਹੈ (ਕਿਉਂਕਿ ਮੈ ਭਗਤ ਨਹੀਂ, ਇਸ ਲਈ ਉਹ ਮੇਰੇ ਨਾਲ਼ ਪਿਆਰ ਨਹੀਂ ਕਰੇਗਾ, ਪਰ) ਉਹ ਪਾਪੀਆਂ ਨੂੰ ਤਾਰਨ ਵਾਲ਼ਾ ਹੈ; ਇਹ ਸੁਣ ਕੇ ਹਿਰਦੇ ’ਚ ਆਸਾ ਜਾਗ ਪੈਂਦੀ ਹੈ, ਹੌਂਸਲਾ ਆ ਜਾਂਦਾ ਹੈ (ਕਿ ਮੈ ਭੀ ਤਰ ਸਕਦਾ ਹਾਂ)। ਉਹ ਦਿਲਾਂ ਦੀ ਜਾਣਨਹਾਰ ਹੈ; ਇਹ ਸੁਣ ਕੇ ਮੇਰਾ ਹਿਰਦਾ ਕੰਬ ਜਾਂਦਾ ਹੈ (ਕਿਉਂਕਿ ਮੈ ਆਪਣੇ ਅੰਦਰਲੇ ਪਾਪ ਨਹੀਂ ਛੁਪਾ ਸਕਦਾ, ਪਰ) ਉਹ ਗ਼ਰੀਬਾਂ ਉੱਤੇ ਮਿਹਰ ਕਰਨ ਵਾਲ਼ਾ ਹੈ; ਇਹ ਸੁਣ ਕੇ ਮੇਰੇ ਸਾਰੇ ਭਰਮ ਖ਼ਤਮ ਹੋ ਜਾਂਦੇ ਹਨ (ਕਿ ਮੈ ਪਾਪੀ ਭੀ ਤਰ ਸਕਦਾ ਹਾਂ)। ਭਾਈ ਗੁਰਦਾਸ ਜੀ; 315ਵੇਂ ਕਬਿੱਤ ’ਚ ਭੀ ਪ੍ਰਭੂ ਨੂੰ ਦਿਲਾਂ ਦੀ ਜਾਣਨਹਾਰ ਲਿਖਦੇ ਹਨ, ‘‘ਅੰਤਰ ਕੀ ਅੰਤਰਜਾਮੀ ਜਾਨੈ ਅੰਤਰਗਤਿ; ਕੈਸੇ ਨਿਰਬਾਹੁ ਕਰੈ, ਸਰੈ ? ਨਰਹਰ ਹੈ  ! ੩੧੫॥’’ (ਭਾਈ ਗੁਰਦਾਸ ਜੀ/ਕਬਿੱਤ ੩੧੫) ਅਰਥ : ਹੇ ਨਰਹਰੀ ਪ੍ਰਭੂ ! ਤੁਸੀਂ ਮੇਰੀ ਅੰਦਰਲੀ ਦਸ਼ਾਂ/ਅਵਸਥਾ ਜਾਣਨਹਾਰ ਹੋ। ਮੈ ਤੁਹਾਨੂੰ ਕਿਵੇਂ ਆਪਣੇ ਅਪਰਾਧ ਦੱਸਾਂ, ਕਿਵੇਂ ਪੂਰਾ ਉੱਤਰਾਂ ਭਾਵ ਮੈ ਗੁਣਹੀਣ ਕਿਵੇਂ ਤਰਾਂਗਾ ?

ਹੁਣ ਸਮਝਣਾ ਹੈ ਕਿ ਇਨ੍ਹਾਂ ਦੋਵੇਂ ਅਰਥਾਂ ’ਚ ਕੀ ਅੰਤਰ ਹੈ। ‘ਦਿਲ ਦੀ ਜਾਣਨ’ ਤੋਂ ਭਾਵ ਹੈ ਕਿ ਉਹ ਪ੍ਰਭੂ ਜੋਤਿ ਰੂਪ ’ਚ ਸਾਰਿਆਂ ਅੰਦਰ ਹੈ ਜਦਕਿ ‘ਦਿਲ ਦੇ ਮਾਲਕ ਜਾਂ ਪ੍ਰੇਰਕ’ ਤੋਂ ਭਾਵ ਹੈ; ਜਿਵੇਂ ਮਾਤਾ-ਪਿਤਾ ਬੱਚੇ ਦੇ ਬਾਹਰੋਂ ਪ੍ਰੇਰਨਾ-ਸਰੋਤ ਹੁੰਦੇ ਹਨ, ਨਾ ਕਿ ਬੱਚੇ ਦੇ ਅੰਦਰ ਬੈਠੇ ਹੁੰਦੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਇਹ ਲੋਕ ‘ਜੋਤਿ, ਆਤਮਾ, ਰੂਹ, ਜਿੰਦ’ ਦੇ ਵਜੂਦ ਤੋਂ ਇਨਕਾਰੀ ਹਨ। ਅੰਤਰਰਾਸ਼ਟਰੀ ਪ੍ਰਚਾਰਕ ਸ. ਇੰਦਰ ਸਿੰਘ ਘੱਗਾ ਤਾਂ ‘ਆਤਮਾ’ ਦਾ ਅਰਥ ‘ਦਿਮਾਗ਼’ ਕਰਦਾ ਹੈ। ਉਸ ਅਨੁਸਾਰ ਅਤੀਤ ’ਚ ‘ਦਿਮਾਗ਼’ ਨੂੰ ਹੀ ਆਤਮਾ ਕਿਹਾ ਜਾਂਦਾ ਸੀ, ਪਰ ਇਸ ਦਾ ਕਿਸੇ ਪੁਰਾਤਨ ਗ੍ਰੰਥ ’ਚੋਂ ਸਬੂਤ ਕਦੇ ਨਹੀਂ ਦਿੱਤਾ।

(2). ਗੁਰੂ ਨਾਨਕ ਸਾਹਿਬ ਜੀ; ਸੰਨ 1521 (ਸੰਮਤ 1578) ’ਚ ਆਪਣੀ ਚੌਥੀ ਉਦਾਸੀ ਦੇ ਅੰਤ ’ਚ ਤਰਖਾਣ ਭਾਈ ਲਾਲੋ ਜੀ ਦੇ ਘਰ ਏਮਨਾਬਾਦ (ਪਾਕਿਸਤਾਨ) ਵਿਖੇ ਠਹਿਰੇ ਹੋਏ ਸਨ। ਉਨ੍ਹੀਂ ਦਿਨੀਂ ਬਾਬਰ ਨੇ ਉਸ ਸ਼ਹਰ ’ਤੇ ਹਮਲਾ ਕਰ ਦਿੱਤਾ ਤੇ ਗੁਰੂ ਸਾਹਿਬ ਦੀ ਜ਼ਬਾਨ ਤੋਂ ਸੁੱਤੇ ਹੀ ਇਹ ਬਚਨ ਨਿਕਲੇ ਕਿ ‘‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ’’ (ਮਹਲਾ /੭੨੩) ਭਾਵ ਮੁਗ਼ਲ ਹਾਕਮ (ਬਾਬਰ) ਹੁਣ ਹਿੰਦੋਸਤਾਨ ਆ ਰਹੇ ਹਨ ਤੇ ਸੰਮਤ ੧੫੯੭ (ਸੰਨ 1540) ’ਚ ਕਿਸੇ ਹੋਰ ਮਰਦ ਦੇ ਚੇਲੇ ਕੋਲ਼ੋ ਹਾਰ ਕੇ ਆਪਣੇ ਦੇਸ਼ (ਈਰਾਨ, ਜੋ ਕਿ ਹੁਣ ਅਫ਼ਗਾਨਿਸਤਾਨ ਹੈ) ਵੱਲ ਵਾਪਸ ਭੱਜਣਗੇ। ਇਹ ਘਟਨਾ 17 ਮਈ 1540 ’ਚ ਵਾਪਰ ਭੀ ਚੁੱਕੀ ਹੈ, ਜਿਸ ਨੂੰ ਗੁੱਗਲ ਤੋਂ ਪੜ੍ਹਿਆ ਜਾ ਸਕਦੀ ਹੈ।  17 ਮਈ 1540 (ਸੰਮਤ ੧੫੯੭) ’ਚ ਸ਼ੇਰ ਸ਼ਾਹ ਸੂਰੀ ਤੋਂ (ਬਾਬਰ ਦਾ ਪੁੱਤਰ) ਹਮਾਯੂੰ ਹਾਰ ਕੇ ਵਾਪਸ ਭੱਜਦਿਆਂ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਉੱਤੇ ਤਲਵਾਰ ਕੱਢਦਾ ਹੈ ਕਿਉਂਕਿ ਗੁਰੂ ਜੀ ਨੇ ਉਸ ਵੱਲ ਵਿਸ਼ੇਸ਼ ਧਿਆਨ ਨਾ ਦਿੱਤਾ। ਗੁਰੂ ਜੀ ਨੇ ਨਿਡਰਤਾ ਨਾਲ਼ ਕਿਹਾ ਕਿ ਇਹ ਤਲਵਾਰ ਮੈਦਾਨੇ ਜੰਗ ’ਚ ਕਿਉਂ ਨਾ ਚੱਲੀ। ਐਸੀ ਹੀ ਨਿਡਰਤਾ ਸੰਨ 1521 ’ਚ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਬੋਲ ਕੇ ਵਿਖਾਈ ਸੀ। ਇਨ੍ਹਾਂ ਘਟਨਾਵਾਂ ਤੋਂ ਜਾਪਦਾ ਹੈ ਕਿ ਗੁਰੂ ਜੀ ਬਾਣੀ (ਹਰਿ ਬਿਨੁ, ਕੋਈ ਮਾਰਿ ਜੀਵਾਲਿ ਸਕੈ; ਮਨ ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ ਮਹਲਾ /੫੯੪) ’ਤੇ ਕਿੰਨੇ ਸਿੱਦਕ ਨਾਲ਼ ਪਹਿਰਾ ਦਿੰਦੇ ਰਹੇ ਹਨ। ਪਿਛਲੇ ਭਾਗਾਂ ’ਚ ਵਿਚਾਰਿਆ ਭੀ ਗਿਆ ਹੈ ਕਿ ਸਭ ਕੁੱਝ ਕਰਤਾਰ ਦੇ ਹੁਕਮ ਅਨੁਸਾਰ ਹੀ ਵਾਪਰਨਾ ਹੁੰਦਾ ਹੈ।

ਮਹਾਨ ਕੋਸ਼ ’ਚ ਇਸ ‘ਅਠਤਰੈ’ ਦਾ ਅਰਥ; ਉਕਤ ਸਾਖੀ ਅਨੁਸਾਰ ਹੈ, ਪਰ ਡਾਕਟਰ ਦਲਗੀਰ ਨੇ ਇਸ ਦਾ ਅਰਥ ਕਰਨ ਉਪਰੰਤ ਇਹ ਭੀ ਲਿਖਿਆ ਹੈ, ‘ਬਹੁਤ ਸਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਤੁਕ ਗੁਰੂ ਅੰਗਦ ਸਾਹਿਬ ਦੀ ਲਿਖੀ ਹੋਈ ਹੈ। ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤਿ ਸਮਾਉਣ ਵੇਲੇ [ਭਾਵ ਅੱਸੂ ਵਦੀ ੧੦, ੧੫੯੬, ੮ ਅੱਸੂ/7 ਸਤੰਬਰ 1539] ਤੱਕ ਸ਼ੇਰ ਸ਼ਾਹ ਸੂਰੀ ਨੇ ਅਜੇ ਹਮਾਯੂੰ ਤੋਂ ਹਕੂਮਤ ਨਹੀਂ ਖੋਹੀ ਸੀ। ਸਿੱਖ ਫ਼ਲਸਫ਼ੇ ਵਿਚ ਪੇਸ਼ੀਨਗੋਈ ਦੀ ਕੋਈ ਜਗ੍ਹਾ ਨਹੀਂ’। ਆਪਣੇ ਕੋਸ਼ ’ਚ ਇਸ ਨੇ ‘ਪੇਸ਼ੀਨਗੋਈ’ (ਪੇਸ਼ਗੋਈ) ਦਾ ਅਰਥ ਕੀਤਾ ਹੈ ‘ਭਵਿੱਖਬਾਣੀ’, ਪਰ ‘ਅਠਤਰੈ’ ਦੇ ਅਰਥ ਨੂੰ ਗੁੰਝਲ਼ਦਾਰ (ਪੇਸ਼ੀਨਗੋਈ ਕਹਿ ਕੇ) ਬਣਾਇਆ ਗਿਆ ਤਾਂ ਜੋ ਸਿੱਖ ਸੰਗਤਾਂ ਵਿਰੋਧ ਨਾ ਕਰਨ। ਵੀਰ ਭੁਪਿੰਦਰ ਸਿੰਘ (ਦਿੱਲੀ ਵਾਲ਼ੇ) ਨੇ ‘ਅਠਤਰੈ’ ਦਾ ਅਰਥ ਕੀਤਾ ਹੈ ‘ਅਠ+ ਤਰੈ’ ਭਾਵ ਸਰੀਰ ’ਚ ਆਏ 8 ਵਿਕਾਰ (ਕਾਮ, ਕਰੋਧ, ਲੋਭ, ਮੋਹ, ਅਹੰਕਾਰ, ਮਨ, ਈਰਖਾ, ਦਵੈਤ ਆਦਿ) ਤਰ ਜਾਂਦੇ ਹਨ ਜਦਕਿ ਗੁਰਮਤਿ ਅਨੁਸਾਰ ਵਿਕਾਰ-ਵਾਸ਼ਨਾ ਤਰਦੀ ਨਹੀਂ, ਮਰਦੀ ਹੈ ਤਾਂ ਜੋ ਹੰਸ/ਜੀਵਾਤਮਾ ਤਰ ਜਾਏ, ਆਵਾਗਮਣ ਮੁਕਤ ਹੋ ਜਾਵੇ। ਭੁਪਿੰਦਰ ਸਿੰਘ ਵਾਲ਼ੇ ਅਰਥ ਤਾਂ ਸਹੀ ਹੁੰਦੇ, ਜੇ ‘ਅਠ ਤਰੈ’ ਦੀ ਥਾਂ ‘ਅਠ ਤਰਹਿ’ ਸ਼ਬਦ ਹੁੰਦਾ ਕਿਉਂਕਿ ‘ਆਵਨਿ’ ਬਹੁ ਵਚਨ ਕਿਰਿਆ ਹੈ ਭਾਵ ਜੇ ਸਰੀਰ ’ਚ 8 ਆਏ ਤਾਂ ‘ਤਰੈ’ (ਇੱਕ ਵਚਨ ਕਿਰਿਆ) ਨਾਲ਼ ਇੱਕ ਨਾ ਤਰਦਾ; ਜਿਵੇਂ ਕਿ ਵਾਕ ਹੈ, ‘‘ਮੰਨੈ; ‘ਤਰੈਤਾਰੇ ਗੁਰੁ ਸਿਖ ’’ (ਜਪੁ) ਭਾਵ ਗੁਰੂ ਸਿੱਖਿਆ ਨੂੰ ਮੰਨਣ ਨਾਲ਼ (ਬੰਦਾ ਆਪ) ਤਰਦਾ ਹੈ (ਤੇ ਹੋਰਾਂ ਨੂੰ ਭੀ ਤਾਰਦਾ ਹੈ) ਜਦਕਿ ‘ਤਰਹਿ’ ਬਹੁ ਵਚਨ ਹੁੰਦੀ; ਜਿਵੇਂ ਕਿ ਵਾਕ ਹੈ, ‘‘ਜਾ ਕੀ ਸੇਵ (ਨਾਲ਼), ਸਿਵ ਸਿਧ ਸਾਧਿਕ ਸੁਰ ਅਸੁਰ ਗਣਤਰਹਿਤੇਤੀਸ; ਗੁਰ ਬਚਨ ਸੁਣਿ ਕੰਨ ਰੇ ’’ (ਭਟ ਨਲ/੧੪੦੧) ਡਾਕਟਰ ਚਮਕੌਰ ਸਿੰਘ, ਜੋ ਕਿ ਆਪਣੇ ਆਪ ਨੂੰ ਗੁਰਬਾਣੀ ਵਿਆਕਰਨ ਦੇ ਗਿਆਤਾ ਮੰਨਦੇ ਹਨ, ਉਹ ‘‘ਆਵਨਿ ਅਠਤਰੈ, ਜਾਨਿ ਸਤਾਨਵੈ’’ ਦੇ ਅਰਥ ਕਰਦੇ ਹਨ ‘ਸੰਸਾਰ ’ਚ ਤੇਰੇ ਵਰਗੇ 78 ਆਉਂਦੇ ਹਨ ਤੇ 97 ਜਾਂਦੇ ਹਨ, ਮਰਦੇ ਹਨ’ ਹੁਣ ਵਿਚਾਰਨਾ ਬਣਦਾ ਹੈ ਕਿ ਜੇਕਰ ਪੈਦਾ 78 ਹੀ ਹੋਏ ਹਨ ਤਾਂ 97 ਕਿਵੇਂ ਮਰਨਗੇ ? ਕੀ ਕੋਈ ਕਹਿ ਸਕਦਾ ਹੈ ਕਿ ਮੇਰਾ ਇੱਕ ਬਾਪ ਸੀ, ਪਰ ਮਰੇ ਦੋ ਬਾਪ ਹਨ ? ਪਟਿਆਲਾ ਯੂਨੀਵਰਸਿਟੀ ’ਚ ਇਤਿਹਾਸ ਵਿਭਾਗ ਦੇ ਮੁਖੀ ਰਹੇ ਡਾਕਟਰ ਸੁਖਦਿਆਲ ਸਿੰਘ; ਇਸੇ ਵਾਕ ਨੂੰ ਆਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਜੋਤਿ ਜੋਤਿ ਸਮਾਉਣਾ ਸੰਨ 1539 ਦੀ ਥਾਂ 1540 ਮੰਨਦਾ ਹੈ ਤਾਂ ਜੋ ਇਸ ਵਾਕ ਰਾਹੀਂ 19 ਸਾਲ ਪਹਿਲਾਂ ਸੰਨ 1521 ’ਚ ਕੀਤੀ ਭਵਿੱਖਬਾਣੀ ਤੋਂ ਇਨਕਾਰੀ ਹੋਇਆ ਜਾ ਸਕੇ। ਇਹ ਸਭ ਸਿੱਖਾਂ ਅੰਦਰ ਪੈਦਾ ਹੋਈ ਅਸ਼ਰਧਕਪੁਣੇ ਦੀ ਨਿਸ਼ਾਨੀ ਹੈ, ਜੋ ਪੰਜ ਗਿਆਨ ਇੰਦ੍ਰਿਆਂ ਵਾਲ਼ੇ ਸੀਮਤ ਗਿਆਨ ਨੂੰ ਹੀ ਸਿਰਮੌਰ ਪਦਵੀ ਮੰਨਣ ਦੀ ਗ਼ਲਤੀ ਕਰ ਰਹੇ ਹਨ। ਉਕਤ ਦਿੱਤੇ ਸੰਖੇਪ ਜਿਹੇ ਹਵਾਲਿਆਂ ’ਚ ਸਾਰੇ ਹੀ ਲੇਖਕ ਹਨ, ਇਤਿਹਾਸਕਾਰ ਹਨ, ਗੁਰਬਾਣੀ ਦਾ ਟੀਕਾ ਕਰ ਰਹੇ ਹਨ ਭਾਵ ਸਿੱਖਾਂ ’ਚ ਪੜ੍ਹੀ ਲਿਖੀ ਜਮਾਤ ਮੰਨੀ ਜਾ ਰਹੀ ਹੈ।

ਸੋ ਪੰਥ ਦਰਦੀ ਸੁਹਿਰਦ ਸਿੱਖ ਪ੍ਰਚਾਰਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ, ਸਿੱਖ ਸੰਗਤਾਂ ਅੰਦਰ ਗੁਰਮਤਿ ਸਾਹਿਤ ਨੂੰ ਪੜ੍ਹਨ, ਵਿਚਾਰਨ ਲਈ ਰੁਚੀ ਪੈਦਾ ਕਰਨ ਤਾਂ ਜੋ ਕੌਮੀ ਦੇ ਵਿਲੱਖਣ ਫ਼ਲਸਫ਼ੇ ’ਚ ਗਿਰਾਵਟ ਪੈਦਾ ਕਰਨ ਵਾਲ਼ੇ ਇਨ੍ਹਾਂ ਵਿਚੋਲਿਆਂ ਨੂੰ ਬੇਦਾਵਾ ਦਿੱਤਾ ਜਾ ਸਕੇ। ਵੈਸੇ ਇਹ ਖ਼ੁਦ ਭੀ ਕਹਿੰਦੇ ਹਨ ਕਿ ਸਿੱਖਾਂ ਅੰਦਰ ਪੂਜਾਰੀਵਾਦ ਭਾਵ ਵਿਚੋਲੇ ਦੀ ਕੋਈ ਥਾਂ ਨਹੀਂ ਜਦਕਿ ਸਾਰੇ ਹੀ ਵਿਚੋਲੇ ਬਣੇ ਹੋਏ ਹਨ। ਗੁਰਬਾਣੀ ਨੂੰ ਖ਼ੁਦ ਪੜ੍ਹਨ, ਸਮਝਣ ਤੇ ਅਪਣਾਉਣ ਨਾਲ਼ ਹੀ ਹਿਰਦੇ ’ਚ ਅਸਲ ਅਨੰਦ, ਦਿਮਾਗ਼ ’ਚ ਸਥਿਰਤਾ ਭਾਵ ਦੁਚਿੱਤੀ ਮੁਕਤ ਹੋਣਾ ਅਤੇ ਹਾਂ ਪੱਖੀ ਵਿਚਾਰ ਪਨਪਨੇ ਹਨ, ਜਿਨ੍ਹਾਂ ਨੂੰ ਗੁਰਬਾਣੀ ਦੇ ਅੰਤਮ ਸ਼ਬਦ ’ਚ ਤਿੰਨ ਵਸਤੂ (ਥਾਲ ਵਿਚਿ ਤਿੰਨਿ ਵਸਤੂ ਪਈਓ; ਸਤੁ ਸੰਤੋਖੁ ਵੀਚਾਰੋ ਮਹਲਾ /੧੪੨੯) ਕਿਹਾ ਹੈ। ‘ਸਤੁ’ ਤੋਂ ਭਾਵ ਉੱਚਾ ਆਚਰਨ (ਸਥਿਰ ਦਿਮਾਗ਼), ‘ਸੰਤੋਖ’ ਤੋਂ ਭਾਵ ਅਸਲ ਅਨੰਦ ਅਤੇ ‘ਵਿਚਾਰ’ ਤੋਂ ਭਾਵ ਹਾਂ-ਪੱਖੀ ਸੋਚ ਵਿਕਸਿਤ ਕਰਨਾ ਹੈ, ਨਾ ਕਿ ਸ਼ਰਧਹੀਣ ਸਿੱਖਾਂ ਪਾਸੋਂ ਗੁਰਬਾਣੀ ਦੀ ਵਿਆਖਿਆ ਸੁਣ ਆਪਣਾ ਕੀਮਤੀ ਸਮਾਂ ਤੇ ਜੀਵਨ ਅਜਾਈਂ ਗਵਾਉਣਾ ਹੈ।

–ਸਮਾਪਤ–

Most Viewed Posts