ਚਾਰ ਗੁਰ ਪੁਰਬ ਇਕੱਠੇ ਆਉਣ ਦੇ ਕਾਰਨ

0
160

ਚਾਰ ਗੁਰ ਪੁਰਬ ਇਕੱਠੇ ਆਉਣ ਦੇ ਕਾਰਨ

ਕਿਰਪਾਲ ਸਿੰਘ ਬਠਿੰਡਾ

ਕਰਤਾਰਪੁਰੀ ਬੀੜ ’ਚ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤ ਸਮਾਉਣ ਦੀ ਤਾਰੀਖ਼ ਭਾਦੋਂ ਸੁਦੀ ੧੫ ਬਿ: ੧੬੩੧ ਦਰਜ ਹੈ। ਇਸ ਤਿੱਥ ਨੂੰ ਦੂਸਰੀਆਂ ਪਧਤੀਆਂ ’ਚ ਤਬਦੀਲ ਕਰਨ ’ਤੇ ਬਣਦਾ ਹੈ ‘੨ ਅੱਸੂ  ਬਿ: ੧੬੩੧/1 ਸਤੰਬਰ 1574 ਈ:’। ਇਸ ਤਰੀਖ਼ ਸਬੰਧੀ ਪੰਥ ’ਚ ਕੋਈ ਵੀ ਵਿਵਾਦ ਨਹੀਂ ਹੈ। ਪੁਰਾਤਨ ਅਤੇ ਨਵੀਨ ਲਿਖਾਰੀ ਤਕਰੀਬਨ ਸਾਰੇ ਹੀ ਇਨ੍ਹਾਂ ਤਾਰੀਖ਼ਾਂ ਨਾਲ ਸਹਿਮਤ ਹਨ। ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਬਾਣੀ ਰਾਮਕਲੀ ਸਦੁ  ਇਹ ਗਵਾਹੀ ਭਰਦੀ ਹੈ ਕਿ ਜਿਸ ਦਿਨ ਗੁਰੂ ਅਮਰਦਾਸ ਜੀ ਜੋਤੀ-ਜੋਤ ਸਮਾਏ ਉਸੇ ਦਿਨ ਪਹਿਲਾਂ ਉਨ੍ਹਾਂ ਨੇ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਜੈਸਾ ਕਿ ਬਚਨ ਹਨ :

ਰਾਮਕਲੀ ਸਦੁ ਜਗਿ ਦਾਤਾ ਸੋਇ; ਭਗਤਿ ਵਛਲੁ ਤਿਹੁ ਲੋਇ ਜੀਉ ਗੁਰ ਸਬਦਿ ਸਮਾਵਏ; ਅਵਰੁ ਜਾਣੈ ਕੋਇ ਜੀਉ ਅਵਰੋ ਜਾਣਹਿ ਸਬਦਿ ਗੁਰ ਕੈ; ਏਕੁ ਨਾਮੁ ਧਿਆਵਹੇ ਪਰਸਾਦਿ ਨਾਨਕ ਗੁਰੂ ਅੰਗਦ; ਪਰਮ ਪਦਵੀ ਪਾਵਹੇ ਆਇਆ ਹਕਾਰਾ ਚਲਣਵਾਰਾ; ਹਰਿ ਰਾਮ ਨਾਮਿ ਸਮਾਇਆ ਜਗਿ, ਅਮਰੁ ਅਟਲੁ ਅਤੋਲੁ ਠਾਕੁਰੁ; ਭਗਤਿ ਤੇ ਹਰਿ ਪਾਇਆ ਅਰਥ :  ਜੋ ਅਕਾਲ ਪੁਰਖ ਜਗਤ ਵਿਚ ਦਾਤਾਂ ਬਖ਼ਸ਼ਣ ਵਾਲਾ ਹੈ, ਜੋ ਤਿੰਨਾਂ ਲੋਕਾਂ ਵਿਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ, ਉਸ ਅਕਾਲ ਪੁਰਖ ਵਿਚ ਗੁਰੂ ਅਮਰਦਾਸ ਜੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ ਰਹੇ ਹਨ, ਸਤਿਗੁਰੂ ਦੇ ਸ਼ਬਦਿ ਦੀ ਬਰਕਤਿ ਨਾਲ (ਅਕਾਲ ਪੁਰਖ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦੇ, ਕੇਵਲ ਇੱਕ ‘ਨਾਮ’ ਨੂੰ ਧਿਆਉਂਦੇ ਰਹੇ; ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਆਪ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁਕੇ ਹਨ। (ਜਿਹੜਾ ਗੁਰੂ ਅਮਰਦਾਸ) ਅਕਾਲ ਪੁਰਖ ਦੇ ਨਾਮ ਵਿਚ ਲੀਨ ਸੀ, (ਧੁਰੋਂ) ਉਸ ਦੇ ਚੱਲਣ ਦਾ ਸੱਦਾ ਆ ਗਿਆ; (ਗੁਰੂ ਅਮਰਦਾਸ ਜੀ ਨੇ) ਜਗਤ ਵਿਚ (ਰਹਿੰਦਿਆਂ) ਅਮਰ, ਅਟੱਲ, ਅਤੋਲ ਠਾਕੁਰ ਨੂੰ ਭਗਤੀ ਦੀ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ।

ਹਰਿ ਭਾਣਾ, ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ਸਤਿਗੁਰੁ ਕਰੇ ਹਰਿ ਪਹਿ ਬੇਨਤੀ; ਮੇਰੀ ਪੈਜ ਰਖਹੁ  ! ਅਰਦਾਸਿ ਜੀਉ ਪੈਜ ਰਾਖਹੁ ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ ਅੰਤਿ ਚਲਦਿਆ ਹੋਇ ਬੇਲੀ, ਜਮਦੂਤ ਕਾਲੁ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ; ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ਹਰਿ ਧਾਰਿ ਕਿਰਪਾ, ਸਤਿਗੁਰੁ ਮਿਲਾਇਆ; ਧਨੁ ਧਨੁ ਕਹੈ ਸਾਬਾਸਿ ਜੀਉ ਅਰਥ : ਅਕਾਲ ਪੁਰਖ ਦੀ ਰਜ਼ਾ ਗੁਰੂ ਅਮਰਦਾਸ ਜੀ ਨੂੰ ਪਿਆਰੀ ਲੱਗੀ ਅਤੇ ਸਤਿਗੁਰੂ ਜੀ ਅਕਾਲ ਪੁਰਖ ਦੇ ਕੋਲ ਜਾਣ ਨੂੰ ਤਿਆਰ ਹਨ। ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ‘ਹੇ ਹਰੀ  ! ਮੇਰੀ ਅਰਦਾਸ ਹੈ ਕਿ ਮੇਰੀ ਲਾਜ ਰੱਖੋ। ਹੇ ਹਰੀ ! ਆਪਣੇ ਸੇਵਕਾਂ ਦੀ ਲਾਜ ਰੱਖ ਅਤੇ ਮਾਇਆ ਤੋਂ ਨਿਰਮੋਹ ਕਰਨ ਵਾਲਾ ਆਪਣਾ ਨਾਮ ਬਖ਼ਸ਼, ਜਮਦੂਤਾਂ ਅਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇਹ, ਜੋ ਅਖ਼ੀਰ ਚੱਲਣ ਵੇਲੇ ਸਾਥੀ ਬਣੇ।’ ਸਤਿਗੁਰੂ ਦੁਆਰਾ ਕੀਤੀ ਇਹ ਬੇਨਤੀ, ਇਹ ਅਰਦਾਸ, ਅਕਾਲ ਪੁਰਖ ਪ੍ਰਭੂ ਨੇ ਸੁਣ ਲਈ ਅਤੇ ਮਿਹਰ ਕਰ ਕੇ ਉਸ ਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਅਤੇ ਕਹਿਣ ਲੱਗਾ-ਸ਼ਾਬਾਸ਼ੇ ! ਤੂੰ ਧੰਨ ਹੈਂ, ਤੂੰ ਧੰਨ ਹੈਂ।

ਮੇਰੇ ਸਿਖ ਸੁਣਹੁ ਪੁਤ ਭਾਈਹੋ  ! ਮੇਰੈ ਹਰਿ ਭਾਣਾ, ਆਉ ਮੈ ਪਾਸਿ ਜੀਉ ਹਰਿ ਭਾਣਾ ਗੁਰ ਭਾਇਆ; ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ਭਗਤੁ ਸਤਿਗੁਰੁ ਪੁਰਖੁ ਸੋਈ; ਜਿਸੁ ਹਰਿ ਪ੍ਰਭ ਭਾਣਾ ਭਾਵਏ ਆਨੰਦ ਅਨਹਦ ਵਜਹਿ ਵਾਜੇ; ਹਰਿ ਆਪਿ ਗਲਿ ਮੇਲਾਵਏ ਤੁਸੀ ਪੁਤ ਭਾਈ ਪਰਵਾਰੁ ਮੇਰਾ; ਮਨਿ ਵੇਖਹੁ ਕਰਿ ਨਿਰਜਾਸਿ ਜੀਉ ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ਅਰਥ : ਹੇ ਮੇਰੇ ਸਿੱਖੋ ! ਹੇ ਮੇਰੇ ਪੁੱਤ੍ਰੋ ! ਹੇ ਮੇਰੇ ਭਰਾਵੋ ! ਸੁਣੋ, ਮੇਰੇ ਅਕਾਲ ਪੁਰਖ ਨੂੰ ਇਹੀ ਚੰਗਾ ਲੱਗਾ ਤੇ ਮੈਨੂੰ ਉਸ ਨੇ ਹੁਕਮ ਕੀਤਾ ਹੈ  ਮੇਰੇ ਕੋਲ ਆਓ। ਅਕਾਲ ਪੁਰਖ ਦੀ ਰਜ਼ਾ ਗੁਰੂ ਨੂੰ (ਭੀ) ਪਸੰਦ ਹੈ, ਮੇਰਾ ਪ੍ਰਭੂ (ਮੈਨੂੰ ਭਾਵ ਗੁਰੂ ਅਮਰ ਦਾਸ ਜੀ ਨੂੰ) ਸ਼ਾਬਾਸ਼ ਦੇ ਰਿਹਾ ਹੈ। ਉਹੀ ਮਨੁੱਖ ਭਗਤ ਹੈ ਤੇ ਪੂਰਾ ਗੁਰੂ ਹੈ, ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ; ਉਸ ਦੇ ਅੰਦਰ ਅਨੰਦ ਦੇ ਵਾਜੇ ਇੱਕ-ਰਸ ਵੱਜਦੇ ਹਨ, ਅਕਾਲ ਪੁਰਖ ਉਸ ਨੂੰ ਆਪ ਆਪਣੇ ਗਲ਼ ਨਾਲ ਲਾਉਂਦਾ ਹੈ। ਗੁਰੂ ਜੀ ਪਰਵਾਰ ਨੂੰ ਸੰਬੋਧਨ ਕਰਦੇ ਆਖਦੇ ਹਨ ਕਿ ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ, ਮੇਰਾ ਪਰਵਾਰ ਹੋ; ਮਨ ਵਿਚ ਨਿਰਣਾ ਧਾਰ ਕੇ ਵੇਖਹੁ, ਕਿ ਧੁਰੋਂ ਲਿਖਿਆ ਹੋਇਆ ਹੁਕਮ (ਮੌਤ ਦਾ ਸੁਨੇਹਾ); ਕਦੇ ਟਲ ਨਹੀਂ ਸਕਦਾ। ਸੋ ਹੁਣ ਗੁਰੂ; ਅਕਾਲ ਪੁਰਖ ਦੇ ਕੋਲ ਜਾ ਰਿਹਾ ਹੈ।

 ਸਤਿਗੁਰਿ ਭਾਣੈ ਆਪਣੈ; ਬਹਿ, ਪਰਵਾਰੁ ਸਦਾਇਆ ਮਤ, ਮੈ ਪਿਛੈ ਕੋਈ ਰੋਵਸੀ; ਸੋ, ਮੈ ਮੂਲਿ ਭਾਇਆ ਮਿਤੁ ਪੈਝੈ, ਮਿਤੁ ਬਿਗਸੈ; ਜਿਸੁ ਮਿਤ ਕੀ ਪੈਜ ਭਾਵਏ ਤੁਸੀ ਵੀਚਾਰਿ ਦੇਖਹੁ ਪੁਤ ਭਾਈ; ਹਰਿ ਸਤਿਗੁਰੂ ਪੈਨਾਵਏ ਸਤਿਗੁਰੂ ਪਰਤਖਿ ਹੋਦੈ; ਬਹਿ ਰਾਜੁ ਆਪਿ ਟਿਕਾਇਆ ਸਭਿ ਸਿਖ ਬੰਧਪ ਪੁਤ ਭਾਈ; ਰਾਮਦਾਸ ਪੈਰੀ ਪਾਇਆ ਅਰਥ : ਗੁਰੂ ਅਮਰਦਾਸ ਜੀ ਨੇ ਅੰਤਮ ਸਮੇਂ ਆਪਣੀ ਇੱਛਾ ਅਨੁਸਾਰ ਸਾਰੇ ਪਰਵਾਰ ਨੂੰ ਬੁਲਾਇਆ ਅਤੇ ਸਮਝਾਇਆ ਕਿ ਜਦੋਂ ਕਿਸੇ ਪਿਆਰੇ-ਸਨੇਹੀ ਨੂੰ ਆਦਰ ਮਿਲਦਾ ਹੈ ਤਾਂ ਖੁਸ਼ ਹੋਈਦਾ ਹੈ। ਇਸ ਲਈ ਹੇ ਮੇਰੇ ਪੁੱਤਰੋ ਤੇ ਭਰਾਵੋ ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ (ਗੁਰੂ ਅਮਰਦਾਸ ਜੀ) ਨੂੰ ਆਪਣੀ ਦਰਗਾਹ ’ਚ ਆਦਰ ਦੇ ਰਿਹਾ ਹੈ, ਤੁਸੀਂ ਭੀ ਖ਼ੁਸ਼ ਰਹਿਣਾ; ਮਤਾਂ ਮੇਰੇ ਪਿਛੋਂ ਕੋਈ ਰੋਵੇ, ਐਸੀ ਖ਼ੁਸ਼ੀ ਸਮੇਂ ਰੋਣ ਵਾਲਾ ਵਿਅਕਤੀ ਮੈਨੂੰ ਉੱਕਾ ਹੀ ਪਸੰਦ ਨਹੀਂ। ਇਸ ਉਪਦੇਸ਼ ਉਪਰੰਤ ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ (ਗੁਰੂ) ਰਾਮਦਾਸ ਜੀ ਨੂੰ ਆਪ ਗੁਰਿਆਈ ਬਖ਼ਸ਼ ਦਿੱਤੀ ਅਤੇ ਸਾਰੇ ਸਿੱਖਾਂ ਨੂੰ, ਸਾਕਾਂ-ਅੰਗਾਂ ਨੂੰ, ਪੁਤ੍ਰਾਂ ਨੂੰ, ਭਰਾਵਾਂ ਆਦਿ ਨੂੰ (ਗੁਰੂ) ਰਾਮਦਾਸ ਜੀ ਦੇ ਚਰਨੀਂ ਲਗਾ ਦਿੱਤਾ।

ਅੰਤੇ, ਸਤਿਗੁਰੁ ਬੋਲਿਆ; ਮੈ ਪਿਛੈ, ਕੀਰਤਨੁ ਕਰਿਅਹੁ ਨਿਰਬਾਣੁ ਜੀਉ   ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ   ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ; ਬੇਬਾਣੁ, ਹਰਿ ਰੰਗੁ ਗੁਰ ਭਾਵਏ   ਪ੍ਰਿੰਡੁ ਪਤਲਿ ਕਿਰਿਆ ਦੀਵਾ ਫੁਲ; ਹਰਿ ਸਰਿ ਪਾਵਏ   ਹਰਿ ਭਾਇਆ ਸਤਿਗੁਰੁ ਬੋਲਿਆ; ਹਰਿ ਮਿਲਿਆ ਪੁਰਖੁ ਸੁਜਾਣੁ ਜੀਉ   ਰਾਮਦਾਸ ਸੋਢੀ ਤਿਲਕੁ ਦੀਆ; ਗੁਰ ਸਬਦੁ ਸਚੁ ਨੀਸਾਣੁ ਜੀਉ ਅਰਥ : ਜੋਤੀ ਜੋਤਿ ਸਮਾਉਣ ਵੇਲੇ ਗੁਰੂ ਅਮਰਦਾਸ ਜੀ ਨੇ ਇਹ ਭੀ ਸਮਝਾਇਆ ਕਿ ਮੇਰੇ ਪਿੱਛੋਂ ਨਿਰੋਲ ਕੀਰਤਨ ਕੀਤਾ ਜਾਵੇ। [ਗੁਰਬਾਣੀ ਵਿਆਕਰਨ ਦੀ ਸੋਝੀ ਨਾ ਹੋਣ ਕਾਰਨ ਅਗਲੀ ਤੁੱਕ ਦੇ ਅਰਥ ਕਰਨ ਸਮੇਂ ਬਹੁਤ ਸਾਰੇ ਸਿੱਖ ਟਪਲਾ ਖਾ ਜਾਂਦੇ ਹਨ ਅਤੇ ਸਮਝ ਬੈਠਦੇ ਹਨ ਕਿ ਜੋਤੀ-ਜੋਤ ਸਮਾਉਣ ਸਮੇਂ ਗੁਰੂ ਜੀ ਦੀ ਉਮਰ 95 ਸਾਲ ਸੀ। ਬ੍ਰਾਹਮਣੀ ਰੀਤੀ ਰਿਵਾਜ਼ ਅਨੁਸਾਰ ਇਸ ਵਡੇਰੀ ਉਮਰ ਦੇ ਵਿਅਕਤੀ ਵੱਲੋਂ ਚੜ੍ਹਾਈ ਕਰਨ ਪਿੱਛੋਂ ਉਨ੍ਹਾਂ ਨੂੰ ਵੱਡਾ ਕੀਤਾ ਜਾਂਦਾ ਹੈ ਭਾਵ ਬੇਬਾਣ ਕੱਢਿਆ ਜਾਂਦਾ ਸੀ। ਅੱਗੇ ਸ਼ਿਵ ਪੁਰੀ ’ਚ ਪਹੁੰਚਣ ਦਾ ਰਸਤਾ ਬੜਾ ਘੁੱਪ ਹਨ੍ਹੇਰ ਵਾਲਾ ਹੁੰਦਾ ਹੈ; ਰਸਤੇ ’ਚ ਚਾਨਣ ਲਈ ਮਿਰਤਕ ਪ੍ਰਾਣੀ ਦੇ ਹੱਥਾਂ ’ਚ ਦੀਵਾ ਬਾਲ ਕੇ ਰੱਖਿਆ ਜਾਂਦਾ ਸੀ। ਉਸ ਦੇ ਫੁੱਲ (ਸਸਕਾਰ ਪਿੱਛੋਂ ਬਚੀਆਂ ਕੁਝ ਹੱਡੀਆਂ) ਚੁਗ ਕੇ ਹਰਦੁਆਰ (ਉਤਰਾਖੰਡ) ਵਿਖੇ ਗੰਗਾ ਨਦੀ ’ਚ ਪਾਏ ਜਾਂਦੇ ਸਨ। ਅੰਤਮ ਕਿਰਿਆ ਕਿਸੇ ਪੰਡਿਤ ਤੋਂ ਕਰਵਾਈ ਜਾਂਦੀ ਹੈ, ਜੋ ਆ ਕੇ ਗਰੁੜ ਪੁਰਾਣ ਦੀ ਕਥਾ ਪੜ੍ਹਦਾ ਸੀ। ਇਸ ਪਦੇ ’ਚ ਕੇਸੋ ਗੁਪਾਲ, ਪੰਡਿਤ, ਪੁਰਾਣ, ਪ੍ਰਿੰਡ, ਪਤਲ, ਕਿਰਿਆ, ਦੀਵਾ, ਫੁਲ ਆਦਿਕ ਰਵਾਇਤੀ ਸ਼ਬਦਾਂ ਦੀ ਵਰਤੋਂ ਕੀਤੀ ਹੋਣ ਕਾਰਨ ਆਮ ਬੰਦੇ ਨੂੰ ਭੁਲੇਖਾ ਲੱਗਦਾ ਹੈ ਕਿ ਗੁਰੂ ਅਮਰਦਾਸ ਜੀ ਨੇ ਫੁੱਲ ਹਰਦੁਆਰ ਪਾਏ ਜਾਣ ਅਤੇ ਕੇਸੋ ਗੁਪਾਲ ਨਾਮੀ ਪੰਡਿਤ ਨੂੰ ਬੁਲਾਉਣ ਲਈ ਪ੍ਰੇਰਿਆ ਹੈ; ਜੋ ਆ ਕੇ ਗਰੁੜ ਪੁਰਾਣ ਦੀ ਕਥਾ ਕਰੇਗਾ।]

‘ਗੋਪਾਲ’ ਅਤੇ ‘ਪੰਡਿਤ’ ਸ਼ਬਦ ਅੰਤ ਮੁਕਤੇ ਹੋਣ ਕਾਰਨ ਗੁਰਬਾਣੀ ਵਿਆਕਰਨ ਅਨੁਸਾਰ ਜਦੋਂ ਕਿਸੇ ਨਾਂਵ ਪੁਲਿੰਗ ਸ਼ਬਦ ਦਾ ਅੰਤਮ ਅੱਖਰ ਔਂਕੜ ਸਮੇਤ ਹੋਵੇ ਤਾਂ ਉਹ ਇੱਕ ਬਚਨ ਹੁੰਦਾ ਹੈ ਅਤੇ ਜਦ ਅੰਤਲਾ ਅੱਖਰ ਔਂਕੜ ਰਹਿਤ ਭਾਵ ਮੁਕਤਾ ਹੋਵੇ ਤਾਂ ਉਹ ਬਹੁ ਵਚਨ ਹੁੰਦਾ ਹੈ ਜਾਂ ਉਸ ਨਾਲ ਕੋਈ ਸਬੰਧਕੀ ਚਿੰਨ੍ਹ ‘ਦਾ, ਦੇ, ਦੀ’ ਆਦਿ ਹੁੰਦਾ ਹੈ ਜਾਂ ਉਹ ਸ਼ਬਦ ਸਬੋਧਨ ਰੂਪ ’ਚ ‘ਹੇ ਗੁਰ !, ਹੇ ਨਾਨਕ !, ਹੇ ਗੋਪਾਲ !’ ਆਦਿ ਹੁੰਦਾ ਹੈ। ਚਲਦੇ ਵਿਸ਼ੇ-ਪ੍ਰਸੰਗ ਅਨੁਸਾਰ ਇਸ ਵਾਕ ’ਚ ‘ਪੰਡਿਤ’ (ਅੰਤ ਮੁਕਤਾ) ਬਹੁ ਵਚਨ ਅਰਥਾਂ ਲਈ ਹੈ। ਬ੍ਰਾਹਮਣੀ ਰਵਾਇਤ ਅਨੁਸਾਰ ਮ੍ਰਿਤਕ ਪ੍ਰਾਣੀ ਦੇ ਘਰ ਬਹੁਤੇ ਪੰਡਿਤ ਇੱਕ ਸਾਥ ਨਹੀਂ ਆਉਂਦੇ ਬਲਕਿ ਇੱਕ ਪੰਡਿਤ ਨੂੰ ਹੀ ਸੱਦਿਆ ਜਾਂਦਾ ਹੈ ਜਦੋਂ ਕਿ ਸਿੱਖਾਂ ਦੀ ਅੰਤਮ ਅਰਦਾਸ ਸਮੇਂ ਗ੍ਰੰਥੀ ਸਿੰਘ, ਕਥਾ ਵਾਚਕ, ਰਾਗੀ ਜਥਾ ਅਤੇ ਅਰਦਾਸੀਆ ਸਿੰਘ ਬੁਲਾਇਆ ਜਾਂਦਾ ਹੈ। ‘ਕੇਸੋ’ ਅਤੇ ‘ਗੁਪਾਲ’ ਸ਼ਬਦ ਭੀ ਪ੍ਰਮਾਤਮਾ ਦੇ ਸੂਚਕ ਹਨ; ਜਿਵੇਂ ਕਿ ਭਗਤ ਕਬੀਰ ਸਾਹਿਬ ਜੀ ਦੇ ਭੀ ਬਚਨ ਹਨ, ‘‘ਕਬੀਰ  ! ਕੇਸੋ ਕੇਸੋ ਕੂਕੀਐ; ਸੋਈਐ ਅਸਾਰ ਰਾਤਿ ਦਿਵਸ ਕੇ ਕੂਕਨੇ; ਕਬਹੂ ਕੇ ਸੁਨੈ ਪੁਕਾਰ ੨੨੩’’ (ਭਗਤ ਕਬੀਰ ਜੀ/੧੩੭੬) ਅਰਥ : ਹੇ ਕਬੀਰ ! ਹਰ ਵੇਲ਼ੇ ਵਿਕਾਰਾਂ ਵੱਲੋਂ ਸਾਵਧਾਨ ਰਹੀਏ ਭਾਵ ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕਰਦੇ ਰਹਿਣਾ ਚਾਹੀਦਾ ਹੈ। ਦਿਨ ਰਾਤ ਭਾਵ ਹਰ ਵੇਲੇ ਪਰਮਾਤਮਾ ਨੂੰ ਸਿਮਰਨ ਨਾਲ਼ ਕਿਸੇ ਨ ਕਿਸੇ ਵੇਲੇ ਉਹ ਪ੍ਰਭੂ; ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ।

‘ਗੁਪਾਲ’ ਸ਼ਬਦ ਦੀ ਟੇਕ ਲੈ ਕੇ ਭਗਤ ਧੰਨਾ ਜੀ ਸਮਝਾ ਰਹੇ ਹਨ, ‘‘ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ਰਹਾਉ (ਭਗਤ ਧੰਨਾ ਜੀ/੬੯੫) ਅਰਥ : ਹੇ ਪ੍ਰਿਥਵੀ ਦੇ ਪਾਲਣਹਾਰ ਪ੍ਰਭੂ ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੈ ਸੁਣਿਆ ਹੈ ਕਿ) ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ; ਤੂੰ ਉਨ੍ਹਾਂ ਦੇ ਕੰਮ ਨੇਪਰੇ ਚਾੜ੍ਹ ਦਿੰਦਾ ਹੈਂ, ਇਸ ਲਈ ਮੇਰੀ ਭੀ ਬਾਂਹ ਫੜ।

ਵਿਚਾਰ : ਉਕਤ ਵਾਕ ’ਚ ‘ਗੋਪਾਲ’ ਸ਼ਬਦ ਅੰਤ ਮੁਕਤਾ ਹੋਣ ਕਾਰਨ ਸੰਬੋਧਨ ਰੂਪ ’ਚ ਵਰਤਿਆ ਹੈ ‘ਹੇ ਧਰਤੀ ਦੇ ਪਾਲਣਹਾਰ ਪ੍ਰਭੂ !’ ਜਦਕਿ ‘ਸਦੁ’ ਬਾਣੀ ਦੇ 5ਵੇਂ ਪਦੇ ’ਚ ‘ਗੋਪਾਲ’ ਨਾਲ਼ ਲੁਪਤ ਸੰਬੰਧਕੀ ਚਿੰਨ੍ਹ ‘ਦੇ’ ਹੈ; ਜਿਵੇਂ ਕਿ ‘ਗੁਰ ਪ੍ਰਸਾਦਿ’ ’ਚ ਲੁਪਤ ‘ਦੇ’ ਹੋਣ ਕਾਰਨ ਅਰਥ ਬਣਦਾ ਹੈ ‘ਗੁਰ ਦੀ ਕਿਰਪਾ ਨਾਲ’। ਇਸੇ ਤਰ੍ਹਾਂ ‘ਕੇਸੋ ਗੁਪਾਲ ਪੰਡਿਤ’ ਦਾ ਅਰਥ ਹੈ ‘ਪਾਲਣਹਾਰ-ਪ੍ਰਭੂ ਦੇ ਭਗਤ-ਪਿਆਰੇ’ ਭਾਵ ਸਤਸੰਗੀ ਜਨਾਂ ਨੂੰ ਬੁਲਾਉਣਾ ਹੈ, ਨਾ ਕਿ ਕਿਸੇ ਪੰਡਿਤ ਨੂੰ ਸੱਦ ਦੇ ਉਸ ਤੋਂ ਕਰਮਕਾਂਡ ਕਰਵਾਉਣਾ ਹੈ।

ਸੋ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਹਨ ਕਿ ਮੇਰੇ ਅਕਾਲ ਚਲਾਣਾ ਕਰਨ ਤੋਂ ਬਾਅਦ (ਅਕਾਲ ਪੁਰਖ) ਦੇ ਵਿਦਵਾਨ ਗੁਰਸਿੱਖਾਂ ਨੂੰ ਸੱਦਣਾ ਹੈ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ ਪੜ੍ਹਨ; ਇਹੀ ਅਸਲ ’ਚ ਸਿੱਖਾਂ ਲਈ ‘ਪੁਰਾਣ-ਕਥਾ’ ਹੈ। ਜੇ ‘ਪੁਰਾਣ ਦੀ ਕਥਾ’ ਕਰਨ ਦਾ ਆਦੇਸ਼ ਹੁੰਦਾ ਤਾਂ ਸਬੰਧਕੀ ‘ਦੀ’ ਚਿਨ੍ਹ’ ਲੈਣ ਲਈ ‘ਪੁਰਾਣੁ’ (ਅੰਤ ਔਂਕੜ) ਨਾ ਹੁੰਦਾ ਯਾਨੀ ‘ਪੁਰਾਣ’ ਭੀ ‘ਗੁਰ (ਪ੍ਰਸਾਦਿ) ਵਾਙ ਅੰਤ ਮੁਕਤ ਹੁੰਦਾ। ਆਪਣੇ ਵਾਕ ’ਚ ਅਗਾਂਹ ਭੀ ਸਮਝਾਉਂਦੇ ਹਨ ਕਿ (ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਹੈ। ਇਹੀ ਹੈ ‘ਪੁਰਾਣੁ’। ਆਖਰੀ ਗੱਲ ਹੈ ਕਿ ਕਰਮਕਾਂਡੀ ਲੋਕ ਹਰਦੁਆਰ ਵਿਖੇ ਕੇਵਲ ਫੁੱਲ ਪਾਉਂਦੇ ਹਨ; ਪਤਲਾਂ ’ਤੇ ਪ੍ਰਿੰਡ ਭਰਾਉਣੇ, ਦੀਵੇ ਜਗਾਉਣੇ ਕੇਵਲ ਮ੍ਰਿਤਕ ਪ੍ਰਾਣੀ ਦੇ ਘਰ ਜਾਂ ਮੰਦਿਰ ’ਚ ਰਸਮ-ਕਿਰਿਆ ਨਿਭਾਈ ਜਾਂਦੀ ਹੈ, ਨਾ ਕਿ ਹਰਦੁਆਰ ਵਿਖੇ ਪਾਏ ਜਾਂਦੇ ਹਨ ਜਦਕਿ ਉਕਤ ਵਾਕ ’ਚ ਇਨ੍ਹਾਂ ਸਾਰੀਆਂ ਵਸਤੂਆਂ ਨੂੰ ‘ਹਰਿ ਸਰਿ’ ਪਾਉਣ ਦੀ ਗੱਲ ਹੈ। ਕੋਸ਼ਾਂ ’ਚ ‘ਹਰਿ ਸਰਿ’ ਦਾ ਅਰਥ ‘ਹਰਦੁਆਰ’ ਕੀਤਾ ਨਹੀਂ ਮਿਲਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਮੁੱਚੇ ਰੂਪ ’ਚ ਅਰਥ ਭਾਵ ਸਮਝਿਆਂ ਵਾਕ ਦੇ ਅਰਥ ਬਣਦੇ ਹਨ ‘ਹਰੀ ਦੇ ਸਰੋਵਰ ਵਿੱਚ’ ਭਾਵ ਉਸ ਸਤ ਸੰਗਤ ਵਿੱਚ, ਜਿੱਥੇ ਹਰੀ ਦਾ ਜਸ ਕੀਰਤਨ ਕੀਤਾ ਜਾਂਦਾ ਹੈ। ਇਸ ਵਾਕ ’ਚ ‘ਪਾਵਏ’ (ਵਰਤਮਾਨ ਕਾਲ, ਇੱਕ ਵਚਨ ਕ੍ਰਿਆ) ਦਾ ਅਰਥ ਹੈ ‘ਪ੍ਰਿੰਡ, ਪੱਤਲ, ਕਿਰਿਆ, ਦੀਵਾ, ਫੁੱਲ, ਆਦਿ’ ਰਸਮਾਂ ਨੂੰ ਗੁਰੂ ਸਤਸੰਗ ਤੋਂ ਸਦਕੇ ਕੁਰਬਾਨ ਕਰਨਾ ਹੈ। ਜੇ ਇਹ ਸਭ ਚੀਜ਼ਾਂ ਹਰਦੁਆਰ ਪਾਉਣ ਦੀ ਗੱਲ ਹੁੰਦੀ ਤਾਂ ‘ਪਾਵਏ’ ਦੀ ਥਾਂ ਭਵਿਖਤ ਸੂਚਕ ਕਿਰਿਆ ‘ਪਾਇਓ ਜਾਂ ਪਾਇਹੁ’ ਹੁੰਦਾ।

ਸੋ ਜੇਕਰ ਥੋੜ੍ਹਾ ਜਿਹੀ ਭੀ ਗੁਰਬਾਣੀ ਲਿਖਤ ਦੀ ਸੋਝੀ ਹੋਵੇ ਤਾਂ ਗੁਰਮਤਿ ਦੇ ਗਹਿਰੇ ਰਾਜ਼ ਸਮਝਣ ’ਚ ਭੁਲੇਖਾ ਨਹੀਂ ਲੱਗਦਾ। ਗੁਰਬਾਣੀ ਸਿਧਾਂਤਾਂ ਬਾਰੇ ਨਾਸਮਝੀ ਹੀ ਸਿੱਖਾਂ ਨੂੰ ਬ੍ਰਾਹਮਣੀ ਕਰਮਕਾਂਡ ਕਰਨ ਵੱਲ ਲੈ ਜਾਂਦੀ ਹੈ। ਆਪਣੇ ਅੰਤਮ ਬੰਦ ’ਚ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਸਤਿਗੁਰੂ (ਅਮਰਦਾਸ ਜੀ) ਨੇ ਜੀਵਦਿਆਂ ਹੀ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦਾ) ਤਿਲਕ (ਅਤੇ) ਗੁਰੂ ਦਾ ਸ਼ਬਦ-ਭੰਡਾਰ ਖ਼ਜ਼ਾਨਾ ਬਖ਼ਸ਼ਿਆ ਹੈ :

ਸਤਿਗੁਰੁ ਪੁਰਖੁ ਜਿ ਬੋਲਿਆ; ਗੁਰਸਿਖਾ ਮੰਨਿ ਲਈ ਰਜਾਇ ਜੀਉ ਮੋਹਰੀ ਪੁਤੁ ਸਨਮੁਖੁ ਹੋਇਆ; ਰਾਮਦਾਸੈ ਪੈਰੀ ਪਾਇ ਜੀਉ ਸਭ ਪਵੈ ਪੈਰੀ ਸਤਿਗੁਰੂ ਕੇਰੀ; ਜਿਥੈ, ਗੁਰੂ ਆਪੁ ਰਖਿਆ ਕੋਈ ਕਰਿ ਬਖੀਲੀ ਨਿਵੈ ਨਾਹੀ; ਫਿਰਿ ਸਤਿਗੁਰੂ ਆਣਿ ਨਿਵਾਇਆ ਹਰਿ ਗੁਰਹਿ ਭਾਣਾ ਦੀਈ ਵਡਿਆਈ; ਧੁਰਿ ਲਿਖਿਆ ਲੇਖੁ ਰਜਾਇ ਜੀਉ ਕਹੈ ਸੁੰਦਰੁ ਸੁਣਹੁ ਸੰਤਹੁ  ! ਸਭੁ ਜਗਤੁ ਪੈਰੀ ਪਾਇ ਜੀਉ (ਰਾਮਕਲੀ ਸਦ/ਬਾਬਾ ਸੁੰਦਰ ਜੀ/੯੨੪) ਅਰਥ : ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ) ਤਾਂ ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ। (ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ; ਗੁਰੂ ਰਾਮਦਾਸ ਜੀ ਦੇ ਪੈਰਾਂ ’ਤੇ ਝੁਕ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਖਲੋਤੇ। ਗੁਰੂ ਰਾਮਦਾਸ ਜੀ ਅੰਦਰ ਗੁਰੂ (ਅਮਰਦਾਸ ਜੀ) ਨੇ ਆਪਣੀ ਜੋਤਿ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ। ਜੇ ਕੋਈ ਅਸਹਿਮਤੀ ਕਾਰਨ (ਪਹਿਲਾਂ) ਨਿਵਿਆ ਨਹੀਂ ਸੀ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਸਮਝਾ ਕੇ ਪੈਰੀਂ ਪਾ ਦਿੱਤਾ। ਬਾਬਾ ਸੁੰਦਰ ਜੀ ਆਖਦੇ ਹਨ-ਹੇ ਸੰਤਹੁ ! ਸੁਣੋ, ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਪਸੰਦ ਹੈ (ਕਿ ਮੌਤ ਨਿਸ਼ਚਿਤ ਹੈ, ਇਸ ਲਈ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਰੂਪ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਨਿਰਧਾਰਿਤ ਕੀਤਾ ਸੀ ਕਿ ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪੈਣਾ ਹੈ।

‘ਸਦੁ’ ਬਾਣੀ ਵਿਚਾਰਨ ਨਾਲ਼ ਕੋਈ ਸ਼ੱਕ ਨਹੀ ਰਹਿ ਜਾਂਦਾ ਕਿ ਗੁਰੂ ਰਾਮਦਾਸ ਜੀ ਨੂੰ ਉਸੇ ਦਿਨ ਗੁਰਿਆਈ ਬਖ਼ਸ਼ੀ ਗਈ, ਜਿਸ ਦਿਨ ਗੁਰੂ ਅਮਰਦਾਸ ਜੀ ਜੋਤੀ-ਜੋਤ ਸਮਾਏ ਸਨ। ਇਸ ਲਈ ਗੁਰੂ ਰਾਮਦਾਸ ਜੀ ਦੀ ਗੱਦੀ ਨਸ਼ੀਨੀ ਗੁਰੂ ਅਮਰਦਾਸ ਜੀ ਨੇ ਆਪਣੇ ਹੱਥੀਂ ਆਪ ਭਾਦੋਂ ਸੁਦੀ ੧੫, ੨ ਅੱਸੂ  ਬਿਕ੍ਰਮੀ ੧੬੩੧/1 ਸਤੰਬਰ 1574 ਈ: ਨੂੰ ਕੀਤੀ, ਜਿਸ ਦਿਨ ਗੁਰੂ ਅਮਰਦਾਸ ਜੀ ਨੇ ਅਕਾਲ ਚਲਾਣਾ ਕੀਤਾ ਸੀ।

ਕਰਤਾਰਪੁਰ ਵਾਲੀ ਬੀੜ ’ਚ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤ ਸਮਾਉਣ ਦੀ ਮਿਤੀ ਭਾਦੋਂ ਸੁਦੀ ੩, ਬਿਕ੍ਰਮੀ ੧੬੩੮ ਦਰਜ ਹੈ। ਇਸ ਲਈ ਸਮੁੱਚਾ ਪੰਥ ਸਹਿਮਤ ਹੈ। ਕੋਈ ਵੀ ਮਤਭੇਦ ਨਹੀਂ ਹਨ। ਇਸ ਤਿੱਥ ਨੂੰ ਦੂਸਰੀਆਂ ਪਧਤੀਆਂ ’ਚ ਤਬਦੀਲ ਕਰਨ ’ਤੇ ‘੨ ਅੱਸੂ ਬਿਕ੍ਰਮੀ ੧੬੩੮/1 ਸਤੰਬਰ 1581 ਜੂਲੀਅਨ’ ਬਣਦਾ ਹੈ।

ਸ਼ੁੱਧ ਗੁਰ ਪ੍ਰਣਾਲੀ (ਸ੍ਰੋ. ਗੁ. ਪ੍ਰ. ਕਮੇਟੀ), ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੀ 1991, ਸਿੱਖ ਇਤਿਹਾਸ ਲੇਖਕ ਪ੍ਰੋ: ਕਰਤਾਰ ਸਿੰਘ ਛਾਪਕ ਸ੍ਰੋ. ਗੁ. ਪ੍ਰ. ਕਮੇਟੀ, ਭਾਈ ਕਾਨ੍ਹ ਸਿੰਘ ਨਾਭਾ, ਸ: ਕਰਮ ਸਿੰਘ ਹਿਸਟੋਰੀਅਨ, ਡਾ: ਗੰਡਾ ਸਿੰਘ (ਉਰਦੂ ਜੰਤਰੀ) ਅਤੇ ਡਾ: ਹਰੀ ਰਾਮ ਗੁਪਤਾ ਆਦਿ ਸਭ ਨੇ ਗੁਰੂ ਅਰਜਨ ਸਾਹਿਬ ਜੀ ਦੀ ਗੁਰਗੱਦੀ ਨਸ਼ੀਨੀ ਭਾਦੋਂ ਸੁਦੀ ੩, ਅੱਸੂ ੨ ਬਿਕ੍ਰਮੀ ੧੬੩੮/1 ਸਤੰਬਰ 1581 ਜੂਲੀਅਨ ਲਿਖੀ ਹੈ, ਜੋ ਗੁਰੂ ਰਾਮਦਾਸ ਜੀ ਦੇ ਜੋਤੀ ਸਮਾਉਣ ਦੀ ਤਿੱਥ, ਤਾਰੀਖ਼ ਹੀ ਬਣਦੀ ਹੈ। ਕੈਲੰਡਰ ਕਮੇਟੀ ਦੇ ਫੈਸਲੇ ਅਨੁਸਾਰ ਸਾਰੇ ਗੁਰ ਪੁਰਬਾਂ ਲਈ ਪ੍ਰਵਿਸ਼ਟਿਆਂ ਦੀ ਚੋਣ ਕੀਤੀ ਗਈ ਹੈ। ਸੋ ਚਾਰੇ ਗੁਰ ਪੁਰਬਾਂ ਲਈ ੨ ਅੱਸੂ ਨਿਰਧਾਰਿਤ ਕੀਤੀ ਗਈ, ਜੋ ਨਾਨਕਸ਼ਾਹੀ ਕੈਲੰਡਰ ਅਨੁਸਾਰ ਹਰ ਸਾਲ 16 ਸਤੰਬਰ ਬਣਦੀ ਹੈ।

ਜਿਹੜੇ ਲੋਕ ਇਤਰਾਜ਼ ਕਰਦੇ ਹਨ ਕਿ ਪਹਿਲਾਂ ਕਦੀ ਵੀ ਚਾਰ ਗੁਰ ਪੁਰਬ ਇਕੱਠੇ ਨਹੀਂ ਆਏ, ਪਰ ਨਾਨਕਸ਼ਾਹੀ ਕੈਲੰਡਰ ’ਚ ਚਾਰ ਚਾਰ ਗੁਰ ਪੁਰਬ ਇਕੱਠੇ ਦਰਜ ਕਰਕੇ ਗ਼ਲਤੀ ਕੀਤੀ ਗਈ ਹੈ; ਉਨ੍ਹਾਂ ਦੇ ਸਮਝਣ ’ਚ ਸੌਖ ਨੂੰ ਮੁੱਖ ਰੱਖਦਿਆਂ ਉਕਤ ਇਨ੍ਹਾਂ ਚਾਰ ਗੁਰ ਪੁਰਬਾਂ ਦੀ ਪੜਤਾਲ ਕਰਨ ਲਈ ਸਾਰਣੀ ਬਣਾਈ ਗਈ ਹੈ, ਜਿਸ ਨਾਲ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਚਾਰੇ ਗੁਰ ਪੁਰਬ ਦੀ ਮਿਤੀ ੨ ਅੱਸੂ /16 ਸਤੰਬਰ ਹੀ ਬਣਦੀ ਹੈ।

ਜੇ ਗੁਰ ਪੁਰਬ ਚੰਦ੍ਰਮਾਂ ਦੀਆਂ ਤਿੱਥਾਂ ਦੇ ਹਿਸਾਬ ਨਾਲ ਮਨਾਏ ਜਾਣ ਤਾਂ 12 ਦਿਨਾਂ ਦੇ ਅੰਤਰ ਨਾਲ ਦੋ ਗੁਰ ਪੁਰਬ; ਭਾਦੋਂ ਸੁਦੀ ੧੫ ਅਤੇ ਦੋ ਗੁਰ ਪੁਰਬ; ਭਾਦੋਂ ਸੁਦੀ ੩ ਨੂੰ ਹੋਣਗੇ, ਪਰ ਜੇ ਪ੍ਰਵਿਸ਼ਟਿਆਂ ਮੁਤਾਬਕ ਮਨਾਏ ਜਾਣ ਤਾਂ ਚਾਰੇ ਹੀ ਗੁਰ ਪੁਰਬ; ੨ ਅੱਸੂ ਨੂੰ ਆਉਂਦੇ ਹਨ, ਜੋ ਕਿ ਕਿਸੇ ਭੀ ਪੱਖੋਂ ਗ਼ਲਤੀ ਨਹੀਂ। ਨਾਨਕਸ਼ਾਹੀ ਕੈਲੰਡਰ ਅਨੁਸਾਰ ੨ ਅੱਸੂ; ਹਰ ਸਾਲ 16 ਸਤੰਬਰ (ਗ੍ਰੈਗੋਰੀਅਨ) ਨੂੰ ਆਉਂਦਾ ਹੈ। ਈਸਵੀ ਕੈਲੰਡਰ ਅਨੁਸਾਰ ਮਨਾਉਣ ਨਾਲ ਵੀ ਚਾਰੇ ਗੁਰ ਪੁਰਬ ਇਕੱਠੇ 1 ਸਤੰਬਰ ਨੂੰ ਆਉਣੇ ਹਨ, ਪਰ ਕੈਲੰਡਰ ਕਮੇਟੀ ਦੇ ਫੈਸਲੇ ਅਨੁਸਾਰ ਪ੍ਰਵਿਸ਼ਟਿਆਂ (੨ ਅੱਸੂ) ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿਸਥਾਰਤ ਕਾਰਨ ਅੱਗੇ ਦਿੱਤੇ ਜਾ ਰਹੇ ਹਨ।

ਉਕਤ ਵਾਙ ਇਤਿਹਾਸਕ ਤੱਥਾਂ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਆਧਾਰ ’ਤੇ 4 ਹੋਰ ਗੁਰ ਪੁਰਬਾਂ ਦੀ ਸਾਰਣੀ ਹੇਠਾਂ ਬਣਾਈ ਗਈ ਹੈ। ਇਹ ਚਾਰ ਗੁਰ ਪੁਰਬ ਇਕੱਠੇ ੩  ਵੈਸਾਖ ਨੂੰ ਆਉਣ ’ਚ ਭੀ ਕੋਈ ਗਲਤੀ ਨਹੀਂ ਹੈ।

ਜੇ ਉਕਤ ਗੁਰ ਪੁਰਬ ਚੰਦਰਮਾਂ ਦੀਆਂ ਤਿਥਾਂ ਅਨੁਸਾਰ ਮਨਾਏ ਜਾਣ ਤਾਂ 10 ਦਿਨਾਂ ਦੇ ਅੰਤਰ ਨਾਲ ਚੇਤ ਸੁਦੀ ੪ ਅਤੇ ਚੇਤ ਸੁਦੀ ੧੪; ਦੋ ਦਿਨਾਂ ’ਚ ਦੋ-ਦੋ ਗੁਰ ਪੁਰਬ ਇਕੱਠੇ ਆਉਣਗੇ। ਜੇ ਈਸਵੀ ਕੈਲੰਡਰ ਦੀਆਂ ਤਾਰੀਖ਼ਾਂ ਮੁਤਾਬਕ ਮਨਾਏ ਜਾਣ ਤਾਂ 1 ਦਿਨ ਦੇ ਫਰਕ ਨਾਲ 29 ਮਾਰਚ ਅਤੇ 30 ਮਾਰਚ ਨੂੰ ਆਉਣਗੇ ਅਤੇ ਜੇ ਪ੍ਰਵਿਸ਼ਟੇ ੩ ਵੈਸਾਖ ਦੀ ਚੋਣ ਕੀਤੀ ਜਾਵੇ ਤਾਂ ਚਾਰੇ ਗੁਰ ਪੁਰਬ ਇੱਕੋ ਤਾਰੀਖ਼ ੩ ਵੈਸਾਖ ਨੂੰ ਆਉਣਗੇ। ਕੈਲੰਡਰ ਕਮੇਟੀ ਦੇ ਫੈਸਲੇ ਅਨੁਸਾਰ ਗੁਰ ਪੁਰਬਾਂ ਲਈ ਪ੍ਰਵਿਸ਼ਟਿਆਂ ਦੀ ਚੋਣ ਕੀਤੀ ਗਈ। ਇਸ ਲਈ ਚਾਰੇ ਗੁਰ ਪੁਰਬ ੩ ਵੈਸਾਖ ਨੂੰ ਨਿਸ਼ਚਿਤ ਕੀਤੇ ਗਏ, ਜੋ ਕਿ ਇਤਿਹਾਸ ਨਾਲ ਮੇਲ ਖਾਂਦਾ ਸਹੀ ਫ਼ੈਸਲਾ ਹੈ। ਇਹ ੩ ਵੈਸਾਖ; ਨਾਨਕਸ਼ਾਹੀ ਕੈਲੰਡਰ ’ਚ ਹਰ ਸਾਲ 16 ਅਪ੍ਰੈਲ (ਗ੍ਰੈਗੋਰੀਅਨ) ਆਉਂਦਾ ਹੈ।

ਨਵੰਬਰ 2002 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੂੰ ਬੇਨਤੀ ਕੀਤੀ ਕਿ ਨਾਨਕਸ਼ਾਹੀ ਕੈਲੰਡਰ ਬਾਰੇ ਕੋਈ ਅੰਤਮ ਨਿਰਣਾ ਲੈਣ ਲਈ ਕਦਮ ਚੁੱਕੇ ਜਾਣ। ਫਲਸਰੂਪ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਨੇ 8 ਜਨਵਰੀ 2003 ਨੂੰ ਸਿੱਖ ਇਤਿਹਾਸਕਾਰਾਂ, ਵਿਦਵਾਨਾਂ ਤੇ ਕੈਲੰਡਰ ਮਾਹਰਾਂ ਦੀ 11 ਮੈਂਬਰੀ ਕਮੇਟੀ ਨਿਯੁਕਤ ਕੀਤੀ। ਇਸ ਕਮੇਟੀ ਦੇ ਮੈਂਬਰ ਹੇਠ ਲਿਖੇ ਸਨ :

  1. ਪ੍ਰੋ. ਕਿਰਪਾਲ ਸਿੰਘ ਚੰਡੀਗੜ੍ਹ।
  2. ਪ੍ਰੋ. ਦਰਸ਼ਨ ਸਿੰਘ ਚੰਡੀਗੜ੍ਹ।
  3. ਪ੍ਰੋ. ਗੁਰਨਾਮ ਕੌਰ (ਪੰਜਾਬੀ ਯੂਨੀਵਰਸਿਟੀ) ਪਟਿਆਲਾ।
  4. ਪ੍ਰੋ. ਜੋਧ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ) ਅੰਮ੍ਰਿਤਸਰ।
  5. ਡਾ. ਬਲਵੰਤ ਸਿੰਘ ਢਿੱਲੋਂ (ਗੁਰੂ ਨਾਨਕ ਦੇਵ ਯੂਨੀਵਰਸਿਟੀ) ਅੰਮ੍ਰਿਤਸਰ।
  6. ਡਾ. ਕੁਲਵਿੰਦਰ ਸਿੰਘ ਬਾਜਵਾ (ਖਾਲਸਾ ਕਾਲਜ) ਅੰਮ੍ਰਿਤਸਰ।
  7. ਪ੍ਰਿੰ. ਸਵਰਨ ਸਿੰਘ ਚੂਸਲੇਵੜ, ਪੱਟੀ, ਅੰਮ੍ਰਿਤਸਰ।
  8. ਸ: ਅਜੀਤ ਸਿੰਘ ਪੁਰੇਵਾਲ, ਸ਼ਰੀਫਪੁਰਾ ਅੰਮ੍ਰਿਤਸਰ।
  9. ਪ੍ਰਿੰ. ਅਮਰਜੀਤ ਸਿੰਘ ਦਮਦਮਾ ਸਾਹਿਬ (ਤਲਵੰਡੀ ਸਾਬੋ) ਬਠਿੰਡਾ।
  10. ਬੀਬੀ ਕਿਰਨਜੀਤ ਕੌਰ ਅੰਮ੍ਰਿਤਸਰ।
  11. ਸ: ਪਾਲ ਸਿੰਘ ਪੁਰੇਵਾਲ ਕੈਨੇਡਾ।

ਹੋਰ ਫੈਸਲਿਆਂ ਤੋਂ ਇਲਾਵਾ ਇਸ ਕਮੇਟੀ ਨੇ ਫੈਸਲਾ ਕੀਤਾ ਕਿ ਤਿੱਥਾਂ ਨੂੰ ਨਾਨਕਸ਼ਾਹੀ ਕੈਲੰਡਰ ਵਿਚ ਬਦਲਣ ਲਈ ਅੰਗਰੇਜ਼ੀ ਤਾਰੀਖ ਨੂੰ ਨਹੀਂ ਬਲਕਿ ਪ੍ਰਵਿਸ਼ਿਟਿਆਂ ਨੂੰ ਮੁੱਖ ਰੱਖਿਆ ਜਾਵੇਗਾ

28 ਮਾਰਚ 2003 ਨੂੰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਸਰਪ੍ਰਸਤੀ ਹੇਠ ਸਿੱਖ ਵਿਦਵਾਨਾਂ, ਜਥੇਬੰਦੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਇੱਕ ਹੋਰ ਵੱਡਾ ਇਕੱਠ ਕੀਤਾ, ਜਿਸ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਇਸ ਖਰੜੇ ਨੂੰ ਸਰਬਸੰਮਤੀ ਨਾਲ ਸਵੀਕਾਰ ਕਰਨ ਦਾ ਐਲਾਨ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੇ ਕੀਤਾ ਤਾਂ ਜੈਕਾਰਿਆਂ ਦੀ ਗੂੰਜ ਵਿਚ ਇਸ ਦਾ ਸਵਾਗਤ ਕੀਤਾ ਗਿਆ। ਸਿੰਘ ਸਾਹਿਬ ਦੁਆਰਾ ਪ੍ਰਵਾਨ ਕੀਤੇ ਇਸ ਖਰੜੇ ਨੂੰ ਧਰਮ ਪ੍ਰਚਾਰ ਕਮੇਟੀ ਦੇ ਮਤਾ ਨੰਬਰ 698 (ਮਿਤੀ 10/12/1997), ਅੰਤ੍ਰਿੰਗ ਕਮੇਟੀ ਦੇ ਮਤਾ ਨੰਬਰ 178 (ਮਿਤੀ 15/ 09/98), ਜਨਰਲ ਹਾਊਸ ਦੇ ਮਤਾ ਨੰਬਰ 100 (ਮਿਤੀ 18/03/98) ਰਾਹੀਂ ਪ੍ਰਵਾਨ ਹੋ ਕੇ ਲਾਗੂ ਕਰਨ ਦਾ ਫੈਸਲਾ ਹੋਇਆ ਸੀ।

ਐਨੀ ਲੰਬੀ ਪ੍ਰਕਿਰਿਆ ਤੋਂ ਬਾਅਦ ਹਰ ਸਟੇਜ਼ ’ਤੇ ਸਰਬ ਸੰਮਤੀ ਨਾਲ ਪਾਸ ਹੋਇਆ ਕੈਲੰਡਰ; ਮਹੱਤਵ ਪੂਰਨ ਕੌਮੀ ਦਸਤਾਵੇਜ਼ ਹੈ। ਇਸ ਲਈ ਕੁਝ ਬੰਦਿਆਂ ’ਤੇ (ਜਿਵੇਂ ਕਿ ਸ. ਪਾਲ ਸਿੰਘ ਪੁਰੇਵਾਲ ਆਦਿ) ’ਤੇ ਦੋਸ਼ ਲਾਉਣੇ ਕਿ ਉਨ੍ਹਾਂ ਨੇ ਗੁਰ ਪੁਰਬਾਂ ਦੀਆਂ ਗਲਤ ਤਾਰੀਖ਼ਾਂ ਨਿਸ਼ਚਿਤ ਕਰਕੇ ਇਤਿਹਾਸ ਵਿਗਾੜ ਦਿੱਤਾ; ਬਿਲਕੁਲ ਝੂਠੇ ਅਤੇ ਨਿਰਮੂਲ ਦੋਸ਼ ਹਨ।

ਗੁਰ ਪੁਰਬਾਂ ਲਈ ਕੈਲੰਡਰ ਕਮੇਟੀ ਨੇ ਪ੍ਰਵਿਸ਼ਟਿਆਂ ਦੀ ਚੋਣ ਕਿਉਂ ਕੀਤੀ, ਇਸ ਦੇ ਮੁੱਖ ਕਾਰਨ ਹੇਠ ਲਿਖੇ ਹਨ :

(1). ਜੂਲੀਅਨ (ਜਾਂ ਗ੍ਰੈਗੋਰੀਅਨ) ਕੈਲੰਡਰ; ਗੁਰੂ ਕਾਲ ’ਚ ਲਾਗੂ ਨਹੀਂ ਸੀ। ਇਸ ਨੂੰ ਅੰਗਰੇਜਾਂ ਵੱਲੋਂ 1849 ਈ: ’ਚ ਪੰਜਾਬ ’ਤੇ ਕਬਜ਼ਾ ਕਰਨ ਪਿੱਛੋਂ ਲਾਗੂ ਕੀਤਾ ਗਿਆ। ਇਸ ਲਈ ਜਿਹੜਾ ਕੈਲੰਡਰ ਗੁਰੂ ਕਾਲ ਤੋਂ ਲੈ ਕੇ ਸਿੱਖ ਰਾਜ ਦੇ ਅੰਤ ਤੱਕ ਲਾਗੂ ਨਾ ਹੋਣ ਕਾਰਨ ਕਿਸੇ ਵੀ ਮੁੱਢਲੇ ਸੋਮੇ ’ਚ ਜੂਲੀਅਨ ਕੈਲੰਡਰ ਦੀਆਂ ਤਾਰੀਖ਼ਾਂ ਦਰਜ ਨਹੀਂ ਹਨ ਤਾਂ ਉਸ ਕੈਲੰਡਰ ਦੀਆਂ ਤਾਰੀਖ਼ਾਂ; ਗੁਰ ਪੁਰਬਾਂ ਲਈ ਨਿਸ਼ਚਿਤ ਕਿਵੇਂ ਕੀਤੀਆਂ ਜਾ ਸਕਦੀਆਂ ਹਨ ?

(2). ਚੰਦਰਮਾਂ ਦੀਆਂ ਤਿੱਥਾਂ ਅਨੁਸਾਰ ਸਾਰੇ ਇਤਿਹਾਸਕ ਦਿਹਾੜੇ ਹਮੇਸ਼ਾਂ ਅੱਗੇ ਪਿੱਛੇ ਹੁੰਦੇ ਹਨ, ਜਿਸ ਕਾਰਨ ਕਿਸੇ ਸਾਲ ’ਚ ਦੋ ਵਾਰ ਅਤੇ ਕਿਸੇ ਸਾਲ ਆਉਂਦੇ ਹੀ ਨਹੀਂ। ਜਿਵੇਂ ਕਿ ਸ੍ਰੋਮਣੀ ਕਮੇਟੀ ਹਰ ਸਾਲ ਆਪਣੇ ਕੈਲੰਡਰ ਨੂੰ ਸੂਰਜੀ ਸਾਲ ਦੇ ਹਿਸਾਬ ਨਾਲ ੧ ਚੇਤ ਤੋਂ ਫੱਗਣ ਮਹੀਨੇ ਦੀ ਆਖਰੀ ਤਾਰੀਖ਼ ਤੱਕ ਛਾਪਦੀ ਹੈ, ਪਰ ਹੋਲਾ ਮਹੱਲਾ; ਚੰਦ੍ਰਮਾਂ ਦੀਆਂ ਤਿੱਥਾਂ ਦੇ ਹਿਸਾਬ ਨਾਲ ਚੇਤ ਵਦੀ ੧ ਨੂੰ ਮਨਾਇਆ ਜਾਂਦਾ ਹੈ, ਜੋ ਸੂਰਜੀ ਮਹੀਨਿਆਂ ’ਚ ਕਦੀ ਫੱਗਣ ਮਹੀਨੇ ਅਤੇ ਕਦੀ ਚੇਤ ’ਚ ਆਉਂਦਾ ਹੈ। ਇਸੇ ਲਈ ਹੋਲਾ ਮਹੱਲਾ; ਕਿਸੇ ਸਾਲ ’ਚ ਦੋ ਵਾਰ ਆ ਜਾਂਦਾ ਹੈ ਤੇ ਕਿਸੇ ਸਾਲ ਆਉਂਦਾ ਹੀ ਨਹੀਂ।

ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਪੁਰਬ; ਚੰਦ੍ਰਮਾ ਦੀ ਚੇਤ ਵਦੀ ੧੩ ਮੁਤਾਬਕ ਨਾਨਕਸ਼ਾਹੀ ਸੰਮਤ ੫੬੦ ’ਚ ਦੋ ਵਾਰ (੧੦ ਚੇਤ/23 ਮਾਰਚ 2028) ਤੇ ੨੯ ਫੱਗਣ/12 ਮਾਰਚ 2029) ਨੂੰ ਆਵੇਗਾ, ਪਰ ਸੰਮਤ ਨਾਨਕਸ਼ਾਹੀ ਸੰਮਤ ੫੬੧ ’ਚ ਚੇਤ ਮਹੀਨਾ ਮਲਮਾਸ ਹੋਣ ਕਾਰਨ ਅਗਲਾ ਗੁਰ ਪੁਰਬ 19 ਦਿਨ ਲੇਟ ਹੋਣ ਕਾਰਨ ਸੰਮਤ ੫੬੨ ’ਚ ੧੮ ਚੇਤ (31 ਮਾਰਚ 2030) ਨੂੰ ਆਵੇਗਾ ਯਾਨੀ ਸੰਮਤ ੫੬੧ (ਸੰਨ 2029-30) ’ਚ ਆਵੇਗਾ ਹੀ ਨਹੀਂ।

(3). ਸਾਰੇ ਸਰਕਾਰੀ/ਗ਼ੈਰ ਸਰਕਾਰੀ ਕੈਲੰਡਰ ਈਸਵੀ ਕੈਲੰਡਰ ਮੁਤਾਬਕ 1 ਜਨਵਰੀ ਤੋਂ 31 ਦਸੰਬਰ ਤੱਕ ਛਪਦੇ ਹਨ। ਸਰਕਾਰੀ ਮੁਲਾਜਮਾਂ ਨੂੰ ਬਿਕ੍ਰਮੀ ਕੈਲੰਡਰ ਦੀਆਂ ਤਿੱਥਾਂ (ਤਾਰੀਖ਼ਾਂ) ਅਤੇ ਨਵੇਂ ਸਾਲ ਦੀ ਅਰੰਭਤਾ ਤੇ ਸਮਾਪਤੀ ਤਾਰੀਖ਼ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ; ਉਨ੍ਹਾਂ ਦਾ ਸਬੰਧ ਕੇਵਲ ਛੁੱਟੀ ਨਾਲ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੋਹ ਸੁਦੀ ੭ ਮੁਤਾਬਕ ਕਦੇ ਦਸੰਬਰ ਅਤੇ ਕਦੇ ਜਨਵਰੀ ਮਹੀਨੇ ’ਚ ਆਉਣ ਸਦਕਾ ਸਰਕਾਰੀ ਕੈਲੰਡਰਾਂ ’ਚ ਕਦੇ ਸਾਲ ’ਚ ਦੋ ਵਾਰ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ।

(4). ਸ੍ਰੋ. ਗੁ. ਪ੍ਰ. ਕਮੇਟੀ ਆਪਣੇ ਕੈਲੰਡਰਾਂ ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ਚੰਦ੍ਰਮਾ ਦੀਆਂ ਤਿੱਥਾਂ ਅਨੁਸਾਰ ਜੇਠ ਵਦੀ ੮ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ; 10/11 ਦਿਨ ਦੇ ਅੰਤਰ ਨਾਲ ਚੰਦ੍ਰਮਾ ਦੀਆਂ ਤਿੱਥਾਂ ਅਨੁਸਾਰ  ਜੇਠ ਸੁਦੀ ੪, ਨਿਸ਼ਚਿਤ ਕਰਦੀ ਹੈ। ਸੰਮਤ ੨੦੭੫/ਸੰਨ 2018 ’ਚ ਜੇਠ ਮਹੀਨੇ ਦੋ ਸਨ। ਇਸ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ਜੇਠ ਵਦੀ ੮ ਮੁਤਾਬਕ ੨੫ ਵੈਸਾਖ/8 ਮਈ ਨੂੰ ਲਿਖਿਆ ਗਿਆ। ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੀ ਤਿੱਥ (ਜੇਠ ਸੁਦੀ ੪); ਮਲਮਾਸ ’ਚ ਆ ਗਈ, ਇਸ ਲਈ ਸ਼ਹੀਦੀ ਪੁਰਬ ਇੱਕ ਮਹੀਨਾ ਲੇਟ ਕਰ ਸ਼ੁੱਧ ਜੇਠ ਸੁਦੀ ੪ (੩ ਹਾੜ/17 ਜੂਨ) ਨਿਸ਼ਚਿਤ ਕਰਨਾ ਪਿਆ, ਜੋ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਪੁਰਬ ਤੋਂ 10/11 ਦਿਨ ਪਿੱਛੋਂ ਆਉਣ ਦੀ ਬਜਾਏ 40 ਦਿਨ ਪਿੱਛੋਂ ਆਇਆ।

ਸ੍ਰੋਮਣੀ ਕਮੇਟੀ ਕੋਲ ਇਸ ਉਥਲ-ਪੁਥਲ ਬਾਰੇ ਕੋਈ ਜਵਾਬ ਨਹੀਂ ਹੁੰਦਾ। ਇੱਕ ਗ਼ਲਤੀ ਨੂੰ ਠੀਕ ਕਰਨ ਦੇ ਚੱਕਰ ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ਇੱਕ ਮਹੀਨਾ ਲੇਟ ਕਰ ਦਿੱਤਾ। ਇਸ ਬਦਲਾਅ ਨਾਲ ਦੂਜੀ ਗਲਤੀ ਇਹ ਹੋ ਗਈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ਮਲਮਾਸ ’ਚ ਚਲਾ ਗਿਆ।

(5). ਜਦ ਕੁਝ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ ਤੇ ਕੁਝ ਚੰਦਰਮਾਂ ਦੀਆਂ ਤਿੱਥਾਂ ਅਨੁਸਾਰ ਮਨਾਏ ਜਾਣ ਤਾਂ ਇੱਕ ਹੋਰ ਨੁਕਸ ਪੈਂਦਾ ਹੈ ਕਿ ਇੱਕੋ ਦਿਹਾੜਾ ਸਦਾ ਅੱਗੇ ਪਿੱਛੇ ਆਉਂਦਾ ਹੈ; ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਿੱਛੋਂ, ਕਦੇ ਪਹਿਲਾਂ ਤੇ ਕਦੇ ਦੋਵੇਂ ਇਕੱਠੇ ਇੱਕੇ ਦਿਨ ਆ ਜਾਂਦੇ ਹਨ। ਜੇ ਸਾਰੇ ਦਿਹਾੜਿਆਂ ਲਈ ਪ੍ਰਵਿਸ਼ਟਿਆਂ ਦੀ ਹੀ ਚੋਣ ਕੀਤੀ ਜਾਵੇ ਤਾਂ ਸਾਰੇ ਦਿਹਾੜਿਆਂ ਦੀ ਤਰਤੀਬ ਇਤਿਹਾਸ ਤੱਥਾਂ ਨਾਲ ਮਿਲ ਜਾਂਦੀ ਹੈ; ਜਿਵੇਂ ਕਿ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਮੇਸ਼ਾਂ ਲਈ ੮ ਪੋਹ/21 ਦਸੰਬਰ ਨੂੰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੧੩ ਪੋਹ/26 ਦਸੰਬਰ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ/5 ਜਨਵਰੀ ਨੂੰ ਹੀ ਆਏਗਾ। ਕੋਈ ਦਿਹਾੜਾ ਨਾ ਸਾਲ ’ਚ ਦੋ ਵਾਰ ਆਏਗਾ ਤੇ ਨਾ ਹੀ ਕੋਈ ਐਸਾ ਸਾਲ ਹੋਵੇਗਾ, ਜਿਸ ਵਿੱਚ ਕੋਈ ਦਿਹਾੜਾ ਨਹੀਂ ਹੋਵੇਗਾ।

ਸੋ ਐਸੇ ਕਾਰਨਾਂ ਕਰਕੇ ਕੈਲੰਡਰ ਕਮੇਟੀ ਨੇ ਪ੍ਰਵਿਸ਼ਟਿਆਂ ਨੂੰ ਪ੍ਰਮੁੱਖ ਰੱਖਿਆ, ਜਿਸ ਮੁਤਾਬਕ ਨਾਨਕਸ਼ਾਹੀ ਕੈਲੰਡਰ ’ਚ ਉਕਤ ਚਾਰ ਗੁਰ ਪੁਰਬ; ੩ ਵੈਸਾਖ ਅਤੇ ਚਾਰ ਗੁਰ ਪੁਰਬ; ੨ ਅੱਸੂ ਨੂੰ ਨਿਸ਼ਚਿਤ ਕੀਤੇ ਗਏ ਹਨ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਸਾਂਝੇ ਕੈਲੰਡਰ ਦੇ ਸਾਲ ਦੀ ਲੰਬਾਈ ਨਾਲ ਮਿਲਦੀ ਹੋਣ ਕਾਰਨ ੩ ਵੈਸਾਖ; ਸਦਾ ਹੀ ਵੈਸਾਖੀ ਤੋਂ ਦੋ ਦਿਨ ਪਿਛੋਂ 16 ਅਪ੍ਰੈਲ ਨੂੰ ਅਤੇ ੨ ਅੱਸੂ; ਸਦਾ ਹੀ ਅੱਸੂ ਦੀ ਨਾਨਕਸ਼ਾਹੀ ਸੰਗਰਾਂਦ ਤੋਂ ਇੱਕ ਦਿਨ ਪਿੱਛੋਂ 16 ਸਤੰਬਰ ਨੂੰ ਆਵੇਗਾ। ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ; ਰੁੱਤੀ ਸਾਲ ਨਾਲੋਂ ਗੁਰੂ ਕਾਲ ਤੋਂ ਲੈ ਕੇ 1964 ਤੱਕ ਤਕਰੀਬਨ 24 ਮਿੰਟ ਵੱਧ ਸੀ। ਜਿਸ ਵਿੱਚ 1964 ’ਚ ਹਿੰਦੂਆਂ ਵੱਲੋਂ ਕੀਤੀ ਸੋਧ ਨਾਲ ਹੁਣ ਭੀ ਤਕਰੀਬਨ ਸਾਢੇ ਵੀਹ ਮਿੰਟ ਵੱਧ ਹੈ ਤਾਹੀਓਂ ਇਹ ੩ ਵੈਸਾਖ; 1552 ਸੀ.ਈ. ’ਚ 29 ਮਾਰਚ ਨੂੰ; 1664 ਸੀ.ਈ. ’ਚ 30 ਮਾਰਚ ਨੂੰ ਅਤੇ ਅੱਜ ਕੱਲ 15/16 ਅਪ੍ਰੈਲ ਨੂੰ ਆ ਰਿਹਾ ਹੈ। ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਾਲ 3000 ਸੀ.ਈ. ’ਚ 29 ਅਪ੍ਰੈਲ ਨੂੰ ਆਵੇਗੀ ਭਾਵ ਅਸਲ ਤਾਰੀਖ਼ ਨਾਲੋਂ ਪੂਰਾ ਇੱਕ ਮਹੀਨਾ ਬਾਅਦ। ਇਸ ਵੈਸਾਖ ਮਹੀਨੇ ਦੀ ਤਰ੍ਹਾਂ ਸਾਲ ਦੀਆਂ ਬਾਕੀ ਸਾਰੀਆਂ ਤਾਰੀਖ਼ਾਂ ਭੀ 3000 ਸੀਈ ਤੱਕ ਲਗਭਗ 1 ਮਹੀਨਾ ਲੇਟ ਹੋ ਜਾਣਗੀਆਂ। ਨਾਨਕਸ਼ਾਹੀ ਕੈਲੰਡਰ ’ਚ ਜਿਹੜਾ ਫ਼ਰਕ ਸੰਨ 1999 ਤੱਕ ਪੈਣਾ ਸੀ, ਉਹ ਪੈ ਗਿਆ; ਹੁਣ ਅੱਗੇ ਤੋਂ ਸਾਰੀਆਂ ਤਾਰੀਖ਼ਾਂ ਨਿਸ਼ਚਿਤ ਕਰ ਦਿੱਤੀਆਂ ਗਈਆਂ ਹਨ। ਐਸਾ ਉਦਮੀ ਕਾਰਜ ਕਰਨ ਵਾਲੇ ਸ. ਪਾਲ ਸਿੰਘ ਜੀ ਪੁਰੇਵਾਲ; ਅੱਜ ਇਸ ਦੁਨੀਆਂ ਵਿੱਚ ਨਹੀਂ ਰਹੇ, ਇਸ ਲਈ ਸਿੱਖਾਂ ਨੇ ਹੁਣ ਫ਼ੈਸਲਾ ਕਰਨਾ ਹੈ ਕਿ ਉਨ੍ਹਾਂ ਲਈ ਕਿਹੜਾ ਕੈਲੰਡਰ ਵੱਧ ਲਾਹੇਵੰਦ ਹੋਵੇਗਾ।