26.4 C
Jalandhar
Thursday, July 31, 2025
spot_img
Home Blog Page 28

ਬੰਦੀ ਛੋੜਦਿਵਸ ਕਿ ਲਛਮੀ ਪੂਜਾ ?

0

ਬੰਦੀ ਛੋੜਦਿਵਸ ਕਿ ਲਛਮੀ ਪੂਜਾ ?

ਸਰਵਜੀਤ ਸਿੰਘ ਸੈਕਰਾਮੈਂਟੋ

ਦੁਨੀਆਂ ਦੇ ਹੋਰ ਹਿੱਸਿਆ ਵਾਂਗ ਆਪਣੇ ਦੇਸ਼ ਵਿੱਚ ਵੀ ਹਜ਼ਾਰਾਂ ਸਾਲਾਂ ਤੋਂ ਵੱਖ-ਵੱਖ ਤਿਉਹਾਰ ਮਨਾਏ ਜਾਂਦੇ ਹਨ। ਜਿਨ੍ਹਾਂ ਦਾ ਸੰਬੰਧ ਮੌਸਮਾਂ, ਧਰਮ, ਇਤਿਹਾਸ, ਮਿਥਿਹਾਸ ਦੇ ਨਾਲ-ਨਾਲ ਜਾਤ ਪ੍ਰਥਾ ਨਾਲ ਵੀ ਹੈ। ਇਨ੍ਹਾਂ ਤਿਉਹਾਰਾਂ ਦਾ ਆਰੰਭ ਮੌਸਮ ਦੀ ਤਬਦੀਲੀ, ਮਨੋਰੰਜਨ ਅਤੇ ਖ਼ੁਸ਼ੀ ਲਈ ਜਾਂ ਕੁਦਰਤੀ ਆਫਤਾਂ ਦੀ ਕਰੋਪੀ ਤੋਂ ਬਚਣ ਲਈ ਪੂਜਾ ਦੇ ਰੂਪ ’ਚ ਹੀ ਹੋਇਆ ਹੋਵੇਗਾ। ਉਸ ਵੇਲੇ ਦੇ ਮੁਖੀਆਂ ਵੱਲੋਂ ਵੱਖ-ਵੱਖ ਤਿਉਹਾਰਾਂ ਨੂੰ ਮਨਾਉਣ ਲਈ ਵੱਖ-ਵੱਖ ਰੀਤੀ-ਰਿਵਾਜਾਂ ਅਤੇ ਮਰਯਾਦਾ ਵੀ ਆਰੰਭੀ ਗਈ। ਸਮੇਂ-ਸਮੇਂ ਇਨ੍ਹਾਂ ਦਿਨਾਂ ਨਾਲ ਹੋਰ ਘਟਨਾਵਾਂ ਵੀ ਜੁੜਦੀਆਂ ਗਈ ਅਤੇ ਤਿਉਹਾਰ ਅਤੇ ਰੀਤੀ ਰਿਵਾਜਾਂ ਦਾ ਵਿਕਾਸ ਹੁੰਦਾ ਗਿਆ। ਪੁਜਾਰੀ ਕਿਸਮ ਦੇ ਲੋਕਾਂ ਵੱਲੋਂ ਸਧਾਰਨ ਲੋਕਾਂ ਦੀ ਅਗਿਆਨਤਾ ਦਾ ਫਾਇਦਾ ਉਠਾਉਣ ਖਾਤਰ ਇਨ੍ਹਾਂ ਤਿਉਹਾਰਾਂ ਨੂੰ ਪੂਰੀ ਤਰ੍ਹਾਂ ਧਾਰਮਕ ਪਾਣ ਚਾੜ੍ਹ ਦਿੱਤੀ। ਮੌਜੂਦਾ ਸਮੇਂ ਵਿੱਚ ਵੀ ਸਰਕਾਰਾਂ ਵੱਲੋਂ ਵੱਖ-ਵੱਖ  ਤਿਉਹਾਰਾਂ ਵਾਲੇ ਦਿਨਾਂ ਵਿੱਚ ਛੁੱਟੀਆਂ ਦਾ ਐਲਾਨ ਕਰਕੇ, ਤਿਉਹਾਰਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ।

ਇਨ੍ਹਾਂ ਤਿਉਹਾਰਾਂ ਵਿੱਚੋਂ ਇਕ ਹੈ ‘ਦੀਵਾਲੀ ਦਾ ਤਿਉਹਾਰ’। ਜਿਸ ਬਾਰੇ ਆਮ ਧਾਰਨਾ ਹੈ ਕਿ ਅਯੁੱਧਿਆ ਦੇ ਰਾਜੇ ਦਸ਼ਰਥ ਦਾ ਪੁੱਤਰ ਰਾਮ, ਘਰੇਲੂ ਕਾਰਨਾਂ ਕਰਕੇ ਮਿਲੇ 14 ਸਾਲ ਦੇ ਬਨਵਾਸ ਨੂੰ ਪੂਰਾ ਕਰਨ ਉਪਰੰਤ, ਕੱਤਕ ਦੀ ਮੱਸਿਆ ਵਾਲੇ ਦਿਨ (ਸਾਲ ਬਾਰੇ ਕੋਈ ਜਾਣਕਾਰੀ ਨਹੀਂ) ਆਪਣੇ ਪਰਵਾਰ ਸਮੇਤ ਅਯੁੱਧਿਆ ’ਚ ਵਾਪਸ ਆਇਆ ਸੀ। ਆਪਣੇ ਰਾਜੇ ਦੇ ਵਾਪਸ ਆਉਣ ਦੀ ਖ਼ੁਸ਼ੀ ਵਿੱਚ, ਅਯੁੱਧਿਆ ਨਗਰੀ ਦੇ ਵਾਸੀਆਂ ਨੇ ਦੀਵੇ ਬਾਲ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਪਰ ਇਸ ਤਿਉਹਾਰ ਦਾ ਸਭ ਤੋਂ ਵੱਧ ਮਹੱਤਵ ਸਮੁੰਦਰ ਮੰਥਨ ਤੋਂ ਪੈਦਾ ਹੋਈ ਵਿਸ਼ਨੂੰ ਦੀ ਪਤਨੀ, ਧਨ-ਦੌਲਤ, ਖੁਸ਼ਹਾਲੀ ਅਤੇ ਕਿਸਮਤ ਦੀ ਪ੍ਰਤੀਕ ‘ਸ਼੍ਰੀ ਮਹਾ ਲਛਮੀ’ ਦੀ ਪੂਜਾ ਕਰਨਾ ਹੈ। ਇਕ ਵਸੀਲੇ ਤੋਂ ਮਿਲੀ ਜਾਣਕਾਰੀ ਮੁਤਾਬਕ ‘ਦੀਵਾਲੀ ਕਾਰਤਿਕ ਕੀ ਅਮਾਵਸ ਕੋ ਪੜਨੇ ਵਾਲਾ ਹਿੰਦੂਓ ਕਾ ਏਕ ਤਿਉਹਾਰ ਜਿਸ ਮੇਂ ਲਕਛਮੀ ਪੂਜਨ ਹੋਤਾ ਹੈ’।

ਸਿੱਖ ਇਤਿਹਾਸ ਦੇ ਮੁਤਾਬਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮੌਕੇ ਦੀ ਮੁਗ਼ਲ ਹਕੂਮਤ ਵੱਲੋਂ, ਕੁਝ ਸਮੇਂ ਲਈ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਸੀ। ਇਸ ਕੈਦ ਦੇ ਸਮੇਂ ਸੰਬੰਧੀ ਵਿਦਵਾਨਾਂ ਵਿੱਚ ਕਾਫ਼ੀ ਮਤਭੇਦ ਹਨ। ਗੁਰੂ ਜੀ ਦੀ ਰਿਹਾਈ ਬਾਰੇ ਕਿਹਾ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਉਨ੍ਹਾਂ ਨੂੰ ਰਿਹਾ ਕੀਤਾ ਗਿਆ ਸੀ ਅਤੇ ਗੁਰੂ ਜੀ ਨੇ 52 ਪਹਾੜੀ ਰਾਜਿਆਂ ਨੂੰ ਵੀ, ਜੋ ਉਸ ਕਿਲੇ ਵਿੱਚ ਕੈਦ ਸਨ, ਆਪਣੇ ਨਾਲ ਹੀ ਰਿਹਾ ਕਰਵਾਇਆਂ ਸੀ। ਇਸ ਕਾਰਨ ਹੀ ਗੁਰੂ ਜੀ ਨੂੰ ‘ਦਾਤਾ ਬੰਦੀ ਛੋੜ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਦੂਜੀ ਧਾਰਨਾ ਇਹ ਹੈ ਕਿ ਰਿਹਾਈ ਤੋਂ ਪਿਛੋਂ, ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਗੁਰੂ ਸਾਹਿਬ ਜੀ ਦੇ ਆਉਣ ਦੀ ਖ਼ੁਸ਼ੀ ਵਿੱਚ ਸੰਗਤਾਂ ਨੇ ਘਿਓ ਦੇ ਦੀਵੇ ਜਗਾਏ ਸਨ। ਸਿੱਖ ਇਤਹਾਸ ਦੀਆਂ ਕਈ ਹੋਰ ਤਾਰੀਖਾਂ ਵਾਗੂੰ, ਗੁਰੂ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਈ ਦੀ ਤਾਰੀਖ ਬਾਰੇ ਵੀ ਮਤਭੇਦ ਹਨ। ਸਵਾਲ ਪੈਦਾ ਹੁੰਦਾ ਹੈ ਕਿ ਦੀਵਾਲੀ ਵਾਲੇ ਦਿਨ ਕਿਲੇ ਵਿੱਚੋਂ ਰਿਹਾ ਹੋਏ ਸਨ ਜਾਂ ਦੀਵਾਲੀ ਵਾਲੇ ਦਿਨ ਗੁਰੂ ਸਾਹਿਬ ਜੀ ਅੰਮ੍ਰਿਤਸਾਰ ਸਾਹਿਬ ਵਿਖੇ ਪੁੱਜੇ ਸਨ ? ਪਰ ਇਹ ਸਵਾਲ, ਸਾਡਾ ਅੱਜ ਦਾ ਵਿਸ਼ਾ ਨਹੀਂ ਹੈ।

ਸਦੀਆਂ ਪੁਰਾਣਾ ਤਿਉਹਾਰ ਹੋਣ ਕਾਰਨ, ਦੀਵਾਲੀ ਦੀ ਤਾਰੀਖ ਹਰ ਕਿਸੇ ਨੂੰ ਯਾਦ ਹੈ ਕਿ ਇਹ ਚੰਦ ਦੇ ਕੈਲੰਡਰ ਮੁਤਾਬਕ, ਕੱਤਕ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ। ਇਸ ਸਾਲ ਕੱਤਕ ਦੀ ਮੱਸਿਆ, 25 ਅਕਤੂਬਰ ਦਿਨ ਮੰਗਲਵਾਰ ਨੂੰ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਵਿੱਚ ਵੀ ਮੱਸਿਆ 9 ਕੱਤਕ (25 ਅਕਤੂਬਰ) ਦਿਨ ਮੰਗਲਵਾਰ ਦੀ ਹੀ ਦਰਜ ਹੈ। ਪਰ ਇਸ ਕੈਲੰਡਰ ਵਿੱਚ ਬੰਦੀ ਛੋੜ ਦਿਵਸ ਕੱਤਕ ਵਦੀ ਚਉਦਸ, 8 ਕੱਤਕ/24 ਅਕਤੂਬਰ ਦਾ ਦਰਜ ਹੈ। ਐਸਾ ਕਿਉਂ ?

ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਆਰੰਭ ਸਵੇਰੇ ਸੂਰਜ ਚੜ੍ਹਨ ਵੇਲੇ ਤੋਂ ਮੰਨਿਆ ਜਾਂਦਾ ਹੈ।  24 ਅਕਤੂਬਰ ਨੂੰ ਸਵੇਰੇ ਸੂਰਜ 6:40 ’ਤੇ ਚੜ੍ਹੇਗਾ। ਉਸ ਵੇਲੇ ਚੰਦ ਦੀ ਤਿੱਥ, ਕੱਤਕ ਵਦੀ ਚੌਦਸ ਹੈ। ਇਸ ਲਈ 24 ਅਕਤੂਬਰ ਨੂੰ ਕੱਤਕ ਦੀ ਚੌਦਸ ਮੰਨੀ ਜਾਵੇਗੀ। ਕੱਤਕ ਦੀ ਚੌਦਸ 24 ਤਾਰੀਖ ਸ਼ਾਮ ਨੂੰ 5:27 ’ਤੇ ਖ਼ਤਮ ਹੋਵੇਗੀ ਅਤੇ ਮੱਸਿਆ ਦਾ ਆਰੰਭ ਹੋਵੇਗਾ ਜੋ ਅਗਲੇ ਦਿਨ ਸ਼ਾਮ ਨੂੰ 4:18 ’ਤੇ ਖ਼ਤਮ ਹੋਵੇਗੀ। 25 ਅਕਤੂਬਰ ਨੂੰ ਸਵੇਰੇ ਸੂਰਜ ਚੜ੍ਹਨ ਵੇਲੇ ਕੱਤਕ ਦੀ ਮੱਸਿਆ ਹੋਵੇਗੀ। ਇਸ ਲਈ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਸਮੇਤ ਕੋਈ ਵੀ ਜੰਤਰੀ ਵੇਖ ਲਓ, ਕੱਤਕ ਦੀ ਮੱਸਿਆ 9 ਕੱਤਕ (25 ਅਕਤੂਬਰ) ਦਿਨ ਮੰਗਲਵਾਰ ਨੂੰ ਹੀ ਦਰਜ ਹੈ। ਕੱਤਕ ਵਦੀ 15 (ਮੱਸਿਆ) ਦਾ ਆਰੰਭ 24 ਅਕਤੂਬਰ ਦਿਨ ਸੋਮਵਾਰ ਨੂੰ ਸਾਮ 5:27 ’ਤੇ ਹੋਵੇਗਾ ਅਤੇ ਇਹ ਮੰਗਲਵਾਰ ਨੂੰ ਸ਼ਾਮ ਨੂੰ 4:18 ’ਤੇ ਖਤਮ ਹੋਵੇਗੀ। ਜਿਨ੍ਹਾਂ ਨੇ ‘ਸ਼੍ਰੀ ਮਹਾ ਲਛਮੀ ਪੂਜਾ’ ਕਰਨੀ ਹੈ, ਉਨ੍ਹਾਂ ਦੀ ਸਮੱਸਿਆ ਇਹ ਹੈ ਕਿ ਲਛਮੀ ਪੂਜਾ ਦੇ ਸ਼ੁਭ ਮਹੂਰਤ ਦਾ ਸਮਾਂ, ਸ਼ਾਮ 6:57 ਤੋਂ 8:23 ਵਜੇ ਤੱਕ ਹੈ। ਮੱਸਿਆ ਦੀ ਤਿੱਥ ਮੰਗਲਵਾਰ ਸ਼ਾਮ ਨੂੰ 4:18 ’ਤੇ ਖ਼ਤਮ ਹੋ ਜਾਣੀ ਹੈ ਤੇ ਕੱਤਕ ਸੁਦੀ ਏਕਮ ਆਰੰਭ ਹੋ ਜਾਣੀ ਹੈ। ‘ਸ਼੍ਰੀ ਮਹਾ ਲਛਮੀ ਪੂਜਾ’ ਲਈ ਮੱਸਿਆ ਦੀ ਤਿੱਥ ਦਾ ਹੋਣਾ ਜ਼ਰੂਰੀ ਹੈ। ਇਸ ਲਈ ਜਿਨ੍ਹਾਂ ਦਾ ਤਿਉਹਾਰ ਹੈ, ਉਨ੍ਹਾਂ ਦੇ ਵਿਦਵਾਨਾਂ ਨੇ ਫ਼ੈਸਲਾ ਕੀਤਾ ਕਿ ‘ਸ਼੍ਰੀ ਮਹਾ ਲਛਮੀ ਪੂਜਾ’ ਸੋਮਵਾਰ ਨੂੰ ਕੱਤਕ ਵਦੀ ਪੰਦਰਾਂ ਦੇ ਆਰੰਭ ਵੇਲੇ ਭਾਵ 24 ਅਕਤੂਬਰ ਦੀ ਸ਼ਾਮ ਨੂੰ ਹੀ ਕਰ ਲਈ ਜਾਵੇ। ਇਹੀ ਕਾਰਨ ਹੈ ਕਿ ਇਸ ਸਾਲ ਦੀਵਾਲੀ ਕੱਤਕ ਦੀ ਮੱਸਿਆ ਤੋਂ ਇਕ ਦਿਨ ਪਹਿਲਾ ਭਾਵ ਕੱਤਕ ਦੀ ਚੌਦਸ ਨੂੰ ਮਨਾਈ ਗਈ।

ਹੁਣ ਸਵਾਲ ਪੈਦਾ ਹੁੰਦਾ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕੀ ਮਜ਼ਬੂਰੀ ਹੈ ਕਿ ਉਨ੍ਹਾਂ ਨੇ ਬੰਦੀ ਛੋੜ ਦਿਹਾੜਾ ਵੀ ਕੱਤਕ ਦੀ ਚੌਦਸ ਨੂੰ ਹੀ ਮਨਾਉਣਾ ਦਾ ਫ਼ੈਸਲਾ ਕੀਤਾ ਹੈ ? ਸ਼੍ਰੋਮਣੀ ਕਮੇਟੀ ਨੇ ਤਾਂ ਆਖੰਡ ਪਾਠ ਦੇ ਭੋਗ ਉਪਰੰਤ ਦੁਪਹਿਰ ਵੇਲੇ ਅਰਦਾਸ ਕਰਨੀ ਹੈ।  9 ਕੱਤਕ ਦਿਨ ਮੰਗਲਵਾਰ ਦਾ ਸਾਰਾ ਦਿਨ ਹੀ ਕੱਤਕ ਵਦੀ ਪੰਦਰਾਂ (ਮੱਸਿਆ) ਹੈ। ਮੱਸਿਆ ਦੀ ਤਿੱਥ ਮੰਗਲਵਾਰ ਸ਼ਾਮ ਨੂੰ 4:18 ਤੱਕ ਰਹਿਣੀ ਹੈ। ਇਸ ਹਿਸਾਬ ਨਾਲ ਵੀ ਸ਼੍ਰੋਮਣੀ ਕਮੇਟੀ ਨੂੰ ਬੰਦੀ ਛੋੜ ਦਿਵਸ ਮੰਗਲਵਾਰ ਨੂੰ ਹੀ ਮਨਾਉਣਾ ਚਾਹੀਦਾ ਹੈ।  8 ਕੱਤਕ ਦਿਨ ਸੋਮਵਾਰ ਨੂੰ ਸ਼ਾਮ ਦੇ 5:27 ਵਜੇ ਤੀਕ ਕੱਤਕ ਵਦੀ 14 ਹੀ ਰਹਿਣੀ ਹੈ।  5:27 ਸ਼ਾਮ ਨੂੰ ਮੱਸਿਆ ਦੀ ਤਿੱਥ ਆਰੰਭ ਹੋਣੀ ਹੈ। ਜਿਨ੍ਹਾਂ ਨੇ ਲਛਮੀ ਦੀ ਪੂਜਾ ਕਰਨੀ ਹੈ ਉਨ੍ਹਾਂ ਨੇ ਤਾਂ ਮੱਸਿਆ ਦੀ ਤਿੱਥ ਵਿੱਚ ਹੀ ਪੂਜਾ ਕਰਨੀ ਹੈ। ਸ਼੍ਰੋਮਣੀ ਕਮੇਟੀ ਕਿਸ ਖ਼ੁਸ਼ੀ ਵਿਚ ਬੰਦੀ ਛੋੜ ਦਿਹਾੜਾ ਕੱਤਕ ਵਦੀ ਚੌਦਸ ਨੂੰ ਮਨਾ ਰਹੀ ਹੈ ? ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਜਿਹਾ ਤਾਂ ਕਰਦੀ ਜੇ ਸਿੱਖ ਇਤਿਹਾਸ ਮੁਤਾਬਕ ਬੰਦੀ ਛੋੜ ਦਿਵਸ ਮਨਾਉਣਾ ਹੁੰਦਾ। ਅਸਲ ਵਿੱਚ ਤਾਂ ਸ਼੍ਰੋਮਣੀ ਕਮੇਟੀ ਨੇ ਬੰਦੀ ਛੋੜ ਦਿਵਸ ਦੇ ਪਰਦੇ ਹੇਠ ਵਿਸ਼ਨੂੰ ਦੀ ਪਤਨੀ, ਧਨ-ਦੌਲਤ ਦੀ ਪ੍ਰਤੀਕ ਕਾਲਪਨਿਕ ਦੇਵੀ ‘ਲਛਮੀ’ ਦੀ ਪੂਜਾ ਕਰਨੀ ਹੈ। ਇਹੀ ਕਾਰਨ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ‘ਸ਼੍ਰੀ ਮਹਾਂ ਲਛਮੀ ਪੂਜਾ’ ਦੇ ਮਹੂਰਤ ਮੁਤਾਬਕ, ਮੱਸਿਆ ਤੋਂ ਇਕ ਦਿਨ ਪਹਿਲਾਂ ਬੰਦੀ ਛੋੜ ਦਿਵਸ ਮਨਾਇਆ ਗਿਆ ਹੈ।

ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ ॥ (ਭਾਗ ਦੂਜਾ)

0

ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ ॥ (ਭਾਗ ਦੂਜਾ)

CLICK HERE   ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? ॥ (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ

ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਕੁੱਝ ਕੁ ਸਰੀਰਕ ਕਰਮਾਂ/ਕਰਮਕਾਂਡਾਂ; ਜਿਵੇਂ ਕਿ ਤੀਰਥ ਇਸ਼ਨਾਨ, ਮੌਨ ਵਰਤ ਆਦਿ ਦੀ ਮਿਸਾਲ ਦੇਣ ਉਪਰੰਤ ਮਨ/ਅੰਤਹਿਕਰਣ ਦੀ ਸ਼ੁੱਧਤਾ ਨਾਲ਼ ਸੰਬੰਧਿਤ ਗੁਰਮਤਿ ਸਿਧਾਂਤ ਨੂੰ ਪ੍ਰਗਟ ਕਰਨ ਲਈ ਉਠਾਏ ਗਏ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪਹਿਲੇ ਸਵਾਲ ‘‘ਕਿਵ ਕੂੜੈ ਤੁਟੈ ਪਾਲਿ  ?॥’’ ਸਿਰਲੇਖ ਹੇਠਾਂ ਲਿਖੇ ਪਿਛਲੇ ਭਾਗ ’ਚ ਕੀਤੀ ਗਈ ਵਿਚਾਰ ਦਾ ਸੰਖੇਪ ਭਾਵ ਸੀ ਕਿ ਹਰ ਬੰਦੇ ਦੁਆਰਾ ਕੀਤੇ ਹੋਏ ਕੰਮਾਂ ਅਨੁਸਾਰ ਬਣਿਆ ਭਾਗ/ਨਸੀਬ ਹੀ ਹਰ ਜੀਵ ਦੀ ਤਕਦੀਰ ’ਚ ਬਚਪਨ ਤੋਂ ‘ਲਿਖਿਆ ਨਾਲਿ’ ਰੂਪ ਲੇਖ ਹੈ। ਇਸ ਲੇਖ ਮੁਤਾਬਕ ਹਰ ਇੱਕ ਲਈ ਰੱਬ ਦਾ ਹੁਕਮ ਵੱਖਰਾ-ਵੱਖਰਾ ਹੈ ਤਾਹੀਓਂ ਕੋਈ ਆਰਥਿਕ ਤੇ ਸਰੀਰਕ ਪੱਖੋਂ ਸੁਖੀ ਅਤੇ ਕੋਈ ਦੁਖੀ ਰਹਿੰਦਾ ਹੈ। ਹਰ ਮਨੁੱਖ ਨੇ ਸਮਝਣਾ ਹੈ ਕਿ ਮੇਰੇ ਅੰਦਰ ‘ਕੂੜ ਦੀ ਪਾਲਿ’; ਮੇਰੇ ਦੁਆਰਾ ਕੀਤੇ ਕਰਮਾਂ ਦਾ ਫਲ਼ ਹੈ, ਜਿਸ ਨੂੰ ਲਿਖਣ ਵਾਲ਼ੇ ਹੁਕਮ ਕਰਤਾ (ਮਾਲਕ) ਨੂੰ ਜਾਣਨਾ ਹੈ, ਉਸ ਨਾਲ਼ ਇਕਮਿਕਤਾ ਬਣਾਉਣੀ ਹੈ ਤਾਂ ਜੋ ਇਹ ਲੇਖ ਮਿਟ ਸਕੇ। ਕੂੜ ਦੀ ਦੀਵਾਰ ਢਹਿ ਜਾਵੇ; ਇਹੀ ਹੈ ‘‘ਹੁਕਮਿ ਰਜਾਈ ਚਲਣਾ॥’’ ਦਾ ਮਤਲਬ। ਇਸ ਪਿਛਲੇ ਭਾਗ ਨੂੰ ਪੜ੍ਹਨ ਤੋਂ ਬਾਅਦ, ਇਸ ਵਿਸ਼ੇ ਨੂੰ ਕੁੱਝ ਹੋਰ ਸਪਸ਼ਟ ਕਰਨ ਅਤੇ ਕੁੱਝ ਕੁ ਸਵਾਲ ਸ਼ਾਮਲ ਕਰਨ ਦੇ ਸੁਝਾਅ ਆਏ ਸਨ, ਇਸ ਲਈ ਇਹ ਵਿਸ਼ਾ ਥੋੜ੍ਹਾ ਹੋਰ ਵਿਚਾਰਨਾ ਜ਼ਰੂਰੀ ਸਮਝਿਆ ਗਿਆ ਹੈ।

ਜਦ ਮਾਲਕ ਆਪਣੇ ਨੌਕਰ ਨੂੰ ਕੋਈ ਪਦਾਰਥ ਦਿੰਦਾ ਹੈ ਤਾਂ ਨੌਕਰ ਵਾਸਤੇ ਉਹ, ਮਾਲਕ ਦੀ ਬਖ਼ਸ਼ਸ਼ ਹੈ, ਜੋ ਮਾਲਕ ਦੇ ਹੁਕਮ ਨਾਲ਼ ਮਿਲੀ ਹੈ; ਇਸੇ ਤਰ੍ਹਾਂ ‘ਕੂੜ ਦੀ ਪਾਲਿ’ ਵੀ ਸ਼ਰਧਾਲੂ ਬੰਦੇ ਲਈ ਰੱਬ ਦੀ ਮਿਹਰ ਹੈ, ਜੋ ਉਸ ਦੇ ਹੁਕਮ ’ਚ ਮਿਲੀ ਹੈ ਯਾਨੀ ਦੁੱਖ ਸੁੱਖ ਮਿਲਣੇ ਵੀ ਰੱਬ ਦੀ ਮਿਹਰ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਕੇਤਿਆ ਦੂਖ ਭੂਖ ਸਦ ਮਾਰ ਏਹਿ ਭਿ ਦਾਤਿ ਤੇਰੀ; ਦਾਤਾਰ  !..੨੫’’ (ਜਪੁ) ਗੁਰਬਾਣੀ ਅਨੁਸਾਰ ਜਗਤ ਰਚਨਾ ਇੱਕ ਖੇਡ ਹੈ ‘‘ਜੀਅ ਜੰਤ ਸਭਿ; ਤੇਰਾ ਖੇਲੁ ’’ (ਸੋ ਪੁਰਖੁ/ਮਹਲਾ /੧੧), ਖੇਡ; ਸਦੀਵੀ ਨਹੀਂ ਹੁੰਦੀ, ਨਿਸ਼ਚਿਤ ਸਮੇਂ ਲਈ ਹੁੰਦੀ ਹੈ ਤਾਹੀਓਂ ਵਿਖਾਈ ਦਿੰਦੇ ਜਗਤ ਨੂੰ ਵਾਰ-ਵਾਰ ਨਾਸ਼ਵਾਨ ਕਿਹਾ ‘‘ਦ੍ਰਿਸਟਿਮਾਨ ਸਭੁ ਬਿਨਸੀਐ; ਕਿਆ ਲਗਹਿ, ਗਵਾਰ ! (ਮਹਲਾ /੮੦੮), ਦ੍ਰਿਸਟਿਮਾਨ ਹੈ ਸਗਲ ਮਿਥੇਨਾ (ਨਾਸ਼ਵਾਨ) (ਮਹਲਾ /੧੦੮੩), ਦ੍ਰਿਸਟਿਮਾਨ ਹੈ ਸਗਲ ਬਿਨਾਸੀ.. .. (ਮਹਲਾ /੧੨੦੪), ਜਗ ਰਚਨਾ ਸਭ ਝੂਠ ਹੈ; ਜਾਨਿ ਲੇਹੁ ਰੇ ਮੀਤ ! ਕਹਿ ਨਾਨਕ ਥਿਰੁ ਨਾ ਰਹੈ; ਜਿਉ ਬਾਲੂ ਕੀ ਭੀਤਿ (ਰੇਤ ਦੀ ਕੰਧ) ’’ (ਮਹਲਾ /੧੪੨੯), ਖੇਡ ਦੌਰਾਨ ਉਸ ਦਾ ਪ੍ਰਬੰਧਕ/ਸੰਚਾਲਕ; ਇੱਕ ਧੜੇ ਨਾਲ਼ ਪਿਆਰ, ਦੂਜੇ ਨਾਲ਼ ਨਫ਼ਰਤ ਨਹੀਂ ਕਰਦਾ ਹੁੰਦਾ ਤਾਹੀਓਂ ਇਹ ਬਚਨ ਹੋਏ ਕਿ ਰੱਬ ਦੇ ਗੁਣ ਗਾਉਣ ਨਾਲ਼ ਉਹ ਵੱਡਾ ਨਹੀਂ ਹੁੰਦਾ ਅਤੇ ਨਾ ਗਾਉਣ ਨਾਲ਼ ਉਹ ਛੋਟਾ ਨਹੀਂ ਹੁੰਦਾ ‘‘ਜੇ ਸਭਿ ਮਿਲਿ ਕੈ ਆਖਣ ਪਾਹਿ ਵਡਾ ਹੋਵੈ; ਘਾਟਿ ਜਾਇ ’’ (ਮਹਲਾ /) ਯਾਨੀ ਰੱਬ ਦੀਆਂ ਨਜ਼ਰਾਂ ’ਚ ਉਸ ਨੂੰ ਯਾਦ ਕਰਨ ਵਾਲ਼ੇ ਅਤੇ ਨਾ ਯਾਦ ਕਰਨ ਵਾਲ਼ੇ ਬੰਦੇ; ਇੱਕ ਸਮਾਨ ਹਨ ਤਾਹੀਓਂ ਰੱਬ ਤੋਂ ਇਨਕਾਰੀ ਵੀ ਰੱਬ ਤੋਂ ਮਿਲੀਆਂ ਦਾਤਾਂ ਨਾਲ਼ ਸਭ ਸੁੱਖ ਭੋਗਦੇ ਪਏ ਹਨ। ਦੂਜੇ ਪਾਸੇ ਖਿਡਾਰੀ-ਬੰਦਾ; ਜਗਤ-ਖੇਡ ਨੂੰ ਵਕਤੀ ਨਹੀਂ, ਬੜੀ ਲੰਬੀ ਮੰਨਦਾ ਹੈ ਕਿਉਂਕਿ ਉਹ, ਜ਼ਿੰਦਗੀ ਦੇ ਦੁੱਖ-ਸੁੱਖ ਸਾਮ੍ਹਣੇ ਜਲਦੀ ਹਾਰ ਮੰਨ ਲੈਂਦਾ ਹੈ, ਥੱਕ ਜਾਂਦਾ ਹੈ ਜਦਕਿ ਖੇਡ ਨੂੰ ਰਚਨ ਵਾਲ਼ੇ (ਰੱਬ) ਲਈ ਅਰਬਾਂ ਸਾਲ ਦਾ ਸਮਾਂ ਅੱਖ ਦੇ ਫਰਕਣ ਜਿੰਨਾ ਹੀ ਹੈ; ਜਿਵੇਂ ਕੁਦਰਤ, ਵਿਕਾਸ ਹੁਣ ਵੀ ਕਰਦੀ ਪਈ ਹੈ, ਜਿਸ ਨੂੰ ਉਸ ਨੇ ਇੱਕ ਸਕਿੰਟ ’ਚ ਬਣਾ ਦਿੱਤਾ ‘‘ਕੀਤਾ ਪਸਾਉ ਏਕੋ ਕਵਾਉ ’’ (ਜਪੁ)

ਆਸਤਿਕ ਬੰਦਾ ਕਿਵੇਂ ਕਹਿ ਸਕਦਾ ਹੈ ਕਿ ਰੱਬ ਨੂੰ ਕੇਵਲ ਚੰਗੇ ਗੁਣਾਂ ਵਾਲ਼ੇ ਬੰਦੇ ਪਸੰਦ ਹਨ ਜਾਂ ਬੰਦੇ ਕੋਲ਼ ਐਸੇ ਕੰਮ ਕਰਨ ਦੀ ਤਾਕਤ ਵੀ ਹੈ, ਜਿਸ ਨੂੰ ਵਰਤ ਕੇ ਰੱਬ ਤੋਂ ਦੂਰੀ ਬਣ ਜਾਂਦੀ ਹੈ। ਜੋ ਰੱਬ; ਅਰਬਾਂ-ਖਰਬਾਂ ਸਾਲ ਹਨ੍ਹੇਰਾ ਹੀ ਕਰੀ ਬੈਠਾ ਹੋਵੇ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਅਰਬਦ ਨਰਬਦ ਧੁੰਧੂਕਾਰਾ ਧਰਣਿ (ਧਰਤੀ) ਗਗਨਾ (ਅਕਾਸ਼); ਹੁਕਮੁ ਅਪਾਰਾ ਨਾ ਦਿਨੁ ਰੈਨਿ (ਰਾਤ); ਚੰਦੁ ਸੂਰਜੁ; ਸੁੰਨ ਸਮਾਧਿ ਲਗਾਇਦਾ ’’ (ਮਹਲਾ /੧੦੩੫), ਹੁਣ ਉਸ ਦੇ ਗੁਣ ਨਾ ਗਾਉਣ ਨਾਲ਼ ਉਹ ਨਰਾਜ਼ ਹੋ ਜਾਂਦਾ ਹੈ। ਇਹ ਸੋਚ ਹੀ ਗ਼ਲਤ ਹੈ।

ਮਾਲਕ ਆਪਣੇ ਕੁੱਤੇ ਨੂੰ ਰੱਸੀ ਪਾ ਪਾਰਕ ’ਚ ਘੁਮਾਉਣ ਲੈ ਜਾਂਦਾ ਹੈ। ਓਥੇ ਥੋੜ੍ਹੀ ਦੇਰ ਲਈ ਰੱਸੀ ਉਤਾਰ ਦਿੰਦਾ ਹੈ ਤੇ ਕੁੱਤਾ ਗੰਦ ’ਚ ਮੂੰਹ ਮਾਰਨ ਲੱਗ ਜਾਂਦਾ ਹੈ (ਚੇਤੇ ਰਹੇ ਇਹ ‘ਗੰਦ’ ਸ਼ਬਦ; ਮਨੁੱਖ ਦਾ ਘੜਿਆ ਹੈ, ਨਾ ਕਿ ਰੱਬ ਨੇ ਗੰਦ ਮੰਨਿਐ)। ਹੁਣ ਵੇਖਣਾ ਹੈ ਕਿ ਗੰਦ ’ਚ ਮੂੰਹ ਮਾਰਨ ਦਾ ਅਧਿਕਾਰ ਕੁੱਤੇ ਨੂੰ ਕਿਸ ਨੇ ਦਿੱਤਾ ? ਜਵਾਬ ਹੈ ਜਿਸ ਨੇ ਰੱਸੀ ਉਤਾਰੀ। ਜੇ ਰੱਸੀ ਨਾ ਉਤਾਰੀ ਹੁੰਦੀ ਤਾਂ ਗੰਦ ’ਚ ਮੂੰਹ ਨਾ ਮਾਰਿਆ ਹੁੰਦਾ ਯਾਨੀ ਕੁੱਤੇ ਦੇ ਗ਼ਲਤ ਕੰਮ ਕਰਨ ਪਿੱਛੇ ਕੁੱਤੇ ਦੇ ਮਾਲਕ ਦਾ ਹੱਥ ਹੈ, ਨਾ ਕਿ ਕੁੱਤੇ ਦਾ। ਸੋ ਇਹ ਮੰਨਣਾ ਕਿ ਕੁੱਤੇ ਕੋਲ਼ ਗ਼ਲਤ ਕਰਨ ਦੀ ਸਮਰੱਥਾ ਹੈ, ਆਪਣੇ ਆਪ ਨੂੰ ਅੰਧੇਰੇ ’ਚ ਰੱਖਣਾ ਹੈ।

ਗੁਰਮਤਿ ਨੇ ਜਗਤ-ਖੇਡ ਦਾ ਵਜੂਦ ਹੀ ਮੈਲ਼ ਮੰਨਿਆ ਹੈ, ਅਗਿਆਨਤਾ ਮੰਨੀ ਹੈ। ਇਸ ਮੈਲ਼ ਨੂੰ ਹੀ ਸਿਰ ਦੇ ਲੇਖ ਕਿਹਾ ਹੈ। ਸਾਰੇ ਜੀਵ-ਜੰਤ ਇਸ ਮੈਲ਼-ਲੇਖ (ਕੂੜ ਦੀ ਪਾਲਿ) ਅਧੀਨ ਹਨ। ਮੈਲ਼-ਲੇਖ ਤੋਂ ਬਿਨਾਂ ਕੇਵਲ ਕਰਤਾਰ ਹੈ, ਜਿਸ ਨੇ ਸਾਰੇ ਜੀਵ-ਜੰਤ; ਮੈਲ਼-ਲੇਖ ਸਮੇਤ ਆਪਣੇ ਹੁਕਮ ’ਚ ਚਲਾਏ ਹਨ ‘‘ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ ਨਹੀ ਕੋਈ ਜੀਉ ਆਪਿ ਅਲੇਖੁ, ਕੁਦਰਤਿ ਕਰਿ ਦੇਖੈ; ਹੁਕਮਿ (’) ਚਲਾਏ ਸੋਈ ਜੀਉ ’’ (ਮਹਲਾ /੫੯੮) ਭਗਤ ਕਬੀਰ ਜੀ ਦੇ ਸ਼ਬਦਾਂ ’ਚ ਇਹ ਮੈਲ਼; ਮਾਇਆ ਹੈ, ਜੋ ਹਰ ਉਸ ਜੀਵ ਨੂੰ ਚਿੰਬੜੀ ਹੈ, ਜਿਸ ਦੇ ਪੇਟ ਲੱਗਿਆ ਹੈ ‘‘ਕਹਿ ਕਬੀਰ  ! ਜਿਸੁ ਉਦਰੁ, ਤਿਸੁ ਮਾਇਆ ’’ (ਭਗਤ ਕਬੀਰ ਜੀ/੧੧੬੦), ਪੇਟ ਤੋਂ ਬਿਨਾਂ ਕੋਈ ਜੀਵ ਨਹੀਂ ਯਾਨੀ ਲੇਖ ਬਿਨਾਂ ਕੋਈ ਜੀਵਨ ਨਹੀਂ।

ਅਕਸਰ ਸਵਾਲ ਉਠਦਾ ਹੈ ਕਿ ਜੇਕਰ ਸਭ ਕੁੱਝ ਰੱਬ ਦੇ ਹੁਕਮ ’ਚ ਹੈ ਤਾਂ ‘ਕੂੜ ਦੀ ਪਾਲਿ’ ਲਈ ਮਨੁੱਖ ਦੋਸ਼ੀ ਕਿਉਂ ?

ਜਵਾਬ : ਗੁਰਬਾਣੀ ਅੰਦਰ ਮਨੁੱਖ ਨੂੰ ਦੋਸ਼ੀ ਨਹੀਂ ਕਿਹਾ ਬਲਕਿ ਚੇਤਾ ਕਰਾਇਆ ਹੈ ਕਿ ਤੂੰ ਕਿਸ ਕਾਰਨ ਦੁਖੀ ਹੈਂ ਅਤੇ ਕਿਵੇਂ ਇਸ ਦਾ ਮੁਕਾਬਲਾ ਕਰ ਸਕਦਾ ਹੈਂ; ਇਸ ਤੋਂ ਮੁਕਤ ਹੋ ਸਕਦਾ ਹੈਂ। ਪੀੜਤ ਨੂੰ ਉਸ ਦੀ ਪੀੜਾ ਦਾ ਕਾਰਨ ਦੱਸਣਾ ਜਾਂ ਨਸ਼ੇ ਦਾ ਸਰੀਰ ’ਤੇ ਪੈਂਦਾ ਬੁਰਾ ਪ੍ਰਭਾਵ ਸਮਝ ਕੇ ਵੀ ਉਸ ਨੂੰ ਵਰਤਦਾ ਰਹੇ ਤਾਂ ਮੂਰਖ, ਅੰਨ੍ਹਾ ਆਦਿ ਸਖ਼ਤ ਸ਼ਬਦ ਵਰਤਣੇ, ਜਗਾਉਣਾ ਹੈ, ਨਾ ਕਿ ਦੋਸ਼ੀ ਮੰਨਣਾ ਕਿਉਂਕਿ ਉਹ ਸਚਾਈ ਦੀ ਵਿਆਖਿਆ ਆਪਣੇ ਅਨੁਸਾਰ ਕਰਦਾ ਪਿਆ ਹੈ। ਆਪਣੀ ਪੀੜਾ ਦਾ ਕਾਰਨ, ਆਪਣੇ ਉੱਤੇ ਨਾ ਲੈ ਕੇ ਹੋਰਾਂ ਸਿਰ ਲਾਉਂਦਾ ਹੈ ‘‘ਬਾਧਿਓ ਆਪਨ ਹਉ ਹਉ ਬੰਧਾ ਦੋਸੁ ਦੇਤ ਆਗਹ ਕਉ ਅੰਧਾ ’’ (ਮਹਲਾ /੨੫੮) ਯਾਨੀ ਮਨੁੱਖ ਸੁੱਖ ਤਾਂ ਚਾਹੁੰਦਾ ਹੈ।

ਰੂਹਾਨੀਅਤ ਗਿਆਨ; ਵਿਕਾਰ-ਬਿਰਤੀ ਨੂੰ ਕਾਬੂ ਕਰਾ ਅੰਦਰੂਨੀ ਬਲ ਨਾਲ਼ ਸਰੀਰਕ, ਪਰਵਾਰਿਕ ਤੇ ਸਮਾਜਿਕ ਪੀੜਾ ਦਾ ਸਾਮ੍ਹਣਾ ਕਰਨ ਦੇ ਸਮਰੱਥਾ ਬਣਾਉਂਦਾ ਹੈ। ਵਿਕਾਰ-ਬਿਰਤੀ ਕਾਰਨ ਜੋ ਰੋਗ ਸਰੀਰ ਨੂੰ ਲੱਗਦੇ ਹਨ ਉਨ੍ਹਾਂ ਤੋਂ ਛੁਟਕਾਰਾ ਮਿਲਦਾ ਹੈ; ਜਿਵੇਂ ਕਿ ਇੰਦ੍ਰੀਆਂ ਦਾ ਚਸ਼ਕਾ, ਮਾਨਸਿਕ ਤਣਾਅ ਆਦਿ। ਅਸ਼ਰਧਕ ਬੰਦਾ ਇਹ ਲਾਭ ਨਹੀਂ ਉਠਾ ਸਕਦਾ।

ਇਹ ਸੋਝੀ ਜ਼ਰੂਰੀ ਹੈ ਕਿ ਸੰਸਾਰਕ ਸੰਘਰਸ਼; ਵਜੂਦ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ। ਭੋਜਨ ਪ੍ਰਾਪਤ ਕਰਨ ਲਈ ਮਾਸਾਹਾਰੀ ਜੀਵਾਂ ਨੂੰ ਜਿੱਥੇ ਮਜ਼ਬੂਤ ਦੰਦ, ਤੇਜ਼ ਨਜ਼ਰ ਅਤੇ ਨੁਕੀਲੇ ਨਹੁੰ ਦਿੱਤੇ ਹਨ, ਓਥੇ ਆਪਣੀ ਹਿਫ਼ਾਜ਼ਤ ਲਈ ਸਾਕਾਹਾਰੀ ਜੀਵਾਂ ਨੂੰ ਵੀ ਸਿੰਗ, ਤੇਜ਼ ਰਫ਼ਤਾਰ, ਮੋਟੀ ਚਮੜੀ, ਵਧੇਰੇ ਨਫ਼ਰੀ ਰੂਪ ਸ਼ਕਤੀ ਮਿਲੀ ਹੈ। ਵਣ ਮਾਨਵ ਵੀ ਜੰਗਲ਼ਾਂ ’ਚ ਰਹਿੰਦਿਆਂ ਸੰਘਰਸ਼ ਕਰਕੇ ਆਪਣਾ ਵਜੂਦ ਬਚਾ ਸਕੇ ਸਨ। ਸੋ ਸਮਾਜਿਕ ਝੰਮੇਲੇ; ਰੱਬ ਦੀ ਖੇਡ ਹੀ ਹਨ; ਜਿਵੇਂ ਕਿ ਵਾਕ ਹੈ ‘‘ਭਗਤਾ ਤੈ ਸੈਸਾਰੀਆ; ਜੋੜੁ ਕਦੇ ਆਇਆ ’’ (ਮਹਲਾ /੧੪੫) ਇਸ ਦਾ ਕਾਰਨ ਰੱਬ ਦਾ ਹੁਕਮ ਹੀ ਦੱਸਿਆ ਕਿਉਂਕਿ ਮਨਮੁਖ ਬੰਦਿਆਂ ਨੂੰ ਉਹ ਆਪ ਕੁਰਾਹੇ ਪਾਉਂਦਾ ਹੈ, ਲੜਾਉਂਦਾ ਹੈ ਅਤੇ ਉਨ੍ਹਾਂ ਦੀ ਵਧੀਕੀ ਰੋਕਣ ਲਈ ਗੁਰਮਖਿ ਬਣਾ ਆਪਣੀ ਅਥਾਹ ਸ਼ਕਤੀ ਦਿੰਦਾ ਹੈ ‘‘ਹੁਕਮੁ ਪਇਆ ਧੁਰਿ (ਤੋਂ) ਖਸਮ ਕਾ; ਅਤੀ ਹੂ ਧਕਾ ਖਾਇ ਗੁਰਮੁਖ ਸਿਉ ਮਨਮੁਖੁ ਅੜੈ; ਡੁਬੈ ਹਕਿ ਨਿਆਇ ਦੁਹਾ ਸਿਰਿਆ ਆਪੇ ਖਸਮੁ; ਵੇਖੈ ਕਰਿ ਵਿਉਪਾਇ ਨਾਨਕ ! ਏਵੈ ਜਾਣੀਐ; ਸਭ ਕਿਛੁ ਤਿਸਹਿ ਰਜਾਇ ’’ (ਮਹਲਾ /੧੪੮) ਅਰਥ : ਦਰਗਾਹੋਂ ਮਾਲਕ ਦਾ ਇਹੀ ਹੁਕਮ ਹੈ (ਹੁਕਮੁ ਪਇਆ ਧੁਰਿ ਖਸਮ ਕਾ) ਕਿ (ਮਨਮੁਖ ਨੇ) ਮੂਰਖਤਾ ਕਾਰਨ ਧੱਕਾ ਖਾਣੈ, ਕੁਕਰਮ ਕਰਨੈ (ਅਤੀ ਹੂ ਧਕਾ ਖਾਇ)। ਰੱਬ ਦੇ ਅਟੱਲ ਇਨਸਾਫ਼ (ਹਕਿ ਨਿਆਇ) ਕਾਰਨ ਮਨਮੁਖ; ਗੁਰਮੁਖ ਨਾਲ਼ ਲੜਦਾ ਹੈ (ਅੜੈ) ਤੇ ਬਾਜ਼ੀ ਹਾਰਦਾ ਹੈ (ਡੁਬੈ; ਯਾਨੀ ਬਾਕੀ ਜੂਨਾਂ ਵਾਙ ਕੇਵਲ ਜੂਨ ਭੋਗਦਾ ਚਲਾ ਜਾਂਦਾ ਹੈ। ਖੇਡ ਦੇ ਮਾਲਕ ਨੂੰ ਨਾ ਜਾਣ ਸਕਿਆ, ਪਰ ਵਿਚਾਰੇ ਮਨਮੁਖ ਦਾ ਵੀ ਕੀ ਕਸੂਰ, ਜਦ) ਸੰਸਾਰ ਤੋਂ ਤੈਰਨਾ ਅਤੇ ਸੰਸਾਰ ’ਚ ਡੁੱਬਣਾ; ਦੋਵੇਂ ਪਾਸਿਆਂ ਦਾ ਮਾਲਕ ਇੱਕੋ ਰੱਬ ਹੈ (ਦੁਹਾ ਸਿਰਿਆ ਆਪੇ ਖਸਮੁ)। ਉਹ ਆਪ ਹੀ ਇਹ ਖੇਲ (ਮਨਮੁਖ ਤੇ ਗੁਰਮੁਖ ਬਣ) ਖੇਲਦਾ ਪਿਆ ਹੈ ਯਾਨੀ ਕੌਣ ਮਨਮੁਖ ਤੇ ਕੌਣ ਗੁਰਮੁਖ ਬਣਾਉਣੈ; ਇਹ ਨਿਰਣਾ (ਆਪ) ਕਰ ਕਰ ਵੇਖਦਾ ਹੈ (ਵੇਖੈ ਕਰਿ ਵਿਉਪਾਇ)। ਹੇ ਨਾਨਕ ! (ਇਹ ਸੱਚ) ਇਉਂ ਜਾਣਨਾ ਹੈ (ਨਾਨਕ ! ਏਵੈ ਜਾਣੀਐ) ਕਿ ਸੰਸਾਰ ’ਚ ਹਰ ਘਟਨਾ ਉਸ ਦੀ ਰਜ਼ਾ ’ਚ ਵਾਪਰਦੀ ਪਈ ਹੈ (ਸਭ ਕਿਛੁ ਤਿਸਹਿ ਰਜਾਇ)। ਇਹੀ ਖ਼ਿਆਲ ‘ਜਪੁ’ ਬਾਣੀ ਦੀ ਦੂਜੀ ਪਉੜੀ ’ਚ ਹਨ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ’’ (ਜਪੁ)

ਉਕਤ ਵਿਚਾਰ ਤੋਂ ਸਾਫ਼ ਹੈ ਕਿ ਰੱਬ ਦੇ ਫ਼ੈਸਲੇ (ਹੁਕਮ) ਨਾਲ਼ ‘ਕੂੜ ਦੀ ਪਾਲਿ’ ਬਣਦੀ ਹੈ, ਜਿਸ ਨੂੰ ਸਤਿਗੁਰੂ ਨੇ ‘ਲਿਖਿਆ ਨਾਲਿ’ ਸ਼ਬਦਾਂ ਰਾਹੀਂ ਮੁੜ ਚੇਤੇ ਕਰਾਇਆ ਹੈ। ਰੱਬੀ ਹੁਕਮ ’ਚ ‘ਕੂੜ ਦੀ ਪਾਲਿ’ ਬਣ ਕੇ ਫਿਰ ਉਸ ਅਨੁਸਾਰ ਹੁਕਮ ਵਾਪਰਨਾ; ਇੱਕ ਖੇਡ ਦਾ ਪ੍ਰਤੀਕ ਹੀ ਹੈ। ਇਸ ਚੱਕਰਵਿਊ ਨੂੰ ਆਪਣੇ ਕਰਮਾਂ ਦਾ ਫਲ਼ ਸਮਝ ਕੇ ਚੱਕਰਵਿਊ ਦੇ ਰਚੇਤਾ (ਰੱਬ) ਨੂੰ ਪਛਾਣਨਾ ‘ਹੁਕਮਿ ਰਜਾਈ ਚਲਣਾ’ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇੱਕ ਸ਼ਬਦ ’ਚ ਜਗਤ ਰਚਨਾ ਦੀ ਅਰੰਭਕ ਖੇਡ ਬਾਰੇ ਇਉਂ ਸਪਸ਼ਟ ਕੀਤਾ ਹੈ ‘‘ਸਭੇ ਬੁਧੀ ਸੁਧਿ ਸਭਿ; ਸਭਿ ਤੀਰਥ ਸਭਿ ਥਾਨ ਸਭਿ ਪਾਤਿਸਾਹੀਆ ਅਮਰ ਸਭਿ; ਸਭਿ ਖੁਸੀਆ ਸਭਿ ਖਾਨ ਸਭੇ ਮਾਣਸ ਦੇਵ ਸਭਿ; ਸਭੇ ਜੋਗ ਧਿਆਨ ਸਭੇ ਪੁਰੀਆ ਖੰਡ ਸਭਿ; ਸਭੇ ਜੀਅ ਜਹਾਨ ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ ਨਾਨਕ  ! ਸਚਾ ਸਚਿ ਨਾਇ; ਸਚੁ ਸਭਾ ਦੀਬਾਨੁ ’’ (ਮਹਲਾ /੧੨੪੧) ਅਰਥ : ਸਾਰੀਆਂ ਅਕਲਾਂ, ਸਾਰੀ ਸੂਝ, ਸਾਰੇ ਤੀਰਥ ਅਤੇ ਉਨ੍ਹਾਂ ਦੇ ਸਾਰੇ ਸਥਾਨ, ਸਾਰੇ ਬਾਦਸ਼ਾਹ, ਸਾਰੀਆਂ ਹਕੂਮਤਾਂ (ਸਰਕਾਰਾਂ), ਸਾਰੀਆਂ ਖ਼ੁਸ਼ੀਆਂ, ਸਾਰੇ ਖਾਣ-ਪੀਣ, ਸਾਰੇ ਮਨੁੱਖ, ਸਾਰੇ ਦੇਵਤੇ, ਸਾਰੇ ਯੋਗੀ ਅਤੇ ਉਨ੍ਹਾਂ ਦੁਆਰਾ ਲਗਾਏ ਜਾਂਦੇ ਸਾਰੇ ਧਿਆਨ, ਸਾਰੀਆਂ ਧਰਤੀਆਂ ਅਤੇ ਬ੍ਰਹਿਮੰਡ ਦੇ ਸਾਰੇ ਟੁਕੜੇ ਯਾਨੀ ਜਗਤ ਦੇ ਸਾਰੇ ਹੀ ਜੰਵ-ਜੰਤਾਂ ਆਦਿ ਨੂੰ (ਰੱਬ) ਆਪਣੇ ਹੁਕਮ ’ਚ ਚਲਾਉਂਦਾ ਹੈ (ਤੇ ਉਨ੍ਹਾਂ ਦੁਆਰਾ ਕੀਤੇ ਜਾਂਦੇ ਚੰਗੇ-ਮੰਦੇ) ਕਰਮਾਂ ਅਨੁਸਾਰ ਫਿਰ ਰੱਬੀ ਕਲਮ ਚੱਲਦੀ ਹੈ ਯਾਨੀ ਰੱਬੀ ਕਲਮ; ਸਿਰ ਦੇ ਲੇਖ ਲਿਖਦੀ ਹੈ, ਜੋ ਜਨਮ ਲੈਂਦਿਆਂ ‘ਕੂੜ ਦੀ ਪਾਲਿ’ ਬਣਦੀ ਹੈ (ਇਹੀ ਜਨਮ ਮਰਨ ਦਾ ਮੂਲ ਹੈ। ਇੱਕ ਦਿਨ ਸਾਰੀ ਕੁਦਰਤ ਨਾਸ਼ ਹੋਏਗੀ, ਕੇਵਲ ਉਹ ਰਚੇਤਾ) ਸਦਾ ਸਥਿਰ ਮਾਲਕ ਹੈ ਤੇ ਆਪਣੇ ਸਥਿਰ ਨਾਮ ’ਚ ਵੱਸਦਾ ਹੈ (ਸਚਾ ਸਚਿ ਨਾਇ) ਯਾਨੀ ਉਸ ਦਾ ਨਾਮ ਵੀ ਸਥਿਰ ਹੈ (ਜੋ ਉਸ ਨੂੰ ਹਿਰਦੇ ਵਸਾਉਂਦਾ ਹੈ ਉਹ ਵੀ ਸਥਿਰ ਹੋ ਜਾਂਦਾ ਹੈ)। ਸਥਿਰ ਰੱਬ ਦਾ ਇਨਸਾਫ਼ ਘਰ (ਅਦਾਲਤ) ਵੀ ਸਥਿਰ ਹੈ (ਸਚੁ ਸਭਾ ਦੀਬਾਨੁ) ਯਾਨੀ ਹਰ ਇੱਕ ਦੇ ਕੰਮਾਂ ਦਾ ਹਿਸਾਬ-ਕਿਤਾਬ ਹੋਣਾ ਨਿਸ਼ਚਿਤ ਹੈ।

ਗੁਰਮਤਿ ਦਾ ਗਿਆਨ ਸਿੱਖ ਤੋਂ ਸਵੈ ਪੜਚੋਲ ਕਰਾਉਂਦਾ ਹੈ ਤਾਹੀਓਂ ਰੂਹਾਨੀਅਤ ਗਿਆਨ ਅਖਵਾਇਆ। ਹਰ ਜੀਵਨ ਅੰਦਰ ਝੂਠ ਦੀ ਦੀਵਾਰ, ਅਗਿਆਨਤਾ ਦਾ ਪਰਦਾ ਹੈ, ਜੋ ਕਣ-ਕਣ ’ਚ ਵਿਆਪਕ ਰੱਬੀ ਜੋਤਿ (ਆਤਮਾ) ਦਾ ਹੂ-ਬਹੂ ਪ੍ਰਕਾਸ਼; ਮਨੁੱਖ ਦੀ ਬੁੱਧੀ ’ਤੇ ਨਹੀਂ ਪੈਣ ਦਿੰਦਾ ਯਾਨੀ ਅੰਦਰੂਨੀ ‘ਕੂੜ ਦੀ ਪਾਲਿ’ ਦੀ ਪਰਛਾਈ ਹੀ ਮਨੁੱਖ ਨੂੰ ਬੌਧਿਕ ਪੱਖੋਂ ਅਕਲਹੀਣ ਜਾਂ ਅਕਲਮੰਦ ਬਣਾਉਂਦੀ ਹੈ।

ਪੰਜ ਬਲਬਾਂ ’ਚ ਭਾਵੇਂ ਬਿਜਲੀ ਇੱਕੋ ਹੈ ਪਰ ਉਨ੍ਹਾਂ ’ਤੇ ਚੜ੍ਹੀ ਧੂਲ ਨੇ ਪੰਜ ਕਮਰਿਆਂ ’ਚ ਰੌਸ਼ਨੀ ਘਟਾ ਵਧਾ ਦਿੱਤੀ; ਇਉਂ ਹੀ ਹਰ ਸਰੀਰ ’ਚ ਰੱਬੀ ਜੋਤਿ/ਪ੍ਰਕਾਸ਼ ਇੱਕੋ ਹੈ, ਪਰ ਅੰਤਹਿਕਰਣ ਨਾਲ਼ ਲੱਗੀ ਮਲ਼ੀਨਤਾ (ਕੂੜ ਦੀ ਪਾਲਿ) ਨੇ ਬੁੱਧੀ ਨੂੰ ਇੱਕ ਸਮਾਨ ਨਹੀਂ ਹੋਣ ਦਿੱਤਾ। ਚੇਤੇ ਰਹੇ ਕਿ ਮੈਲ਼/ਧੂਲ, ਅੰਤਹਿਕਰਣ ’ਤੇ ਹੈ, ਨਾ ਕਿ ਆਤਮਾ ’ਚ। ਆਤਮਾ; ਰੱਬੀ ਚੇਤਨ ਸ਼ਕਤੀ ਹੈ ਤੇ ਅੰਤਹਿਕਰਣ; ਉਹ ਅੰਦਰੂਨੀ ਇੰਦ੍ਰੀ, ਜਿਸ ਮੁਤਾਬਕ ਬਾਹਰਲੀਆਂ ਚਾਰ ਇੰਦ੍ਰੀਆਂ (ਸੁਰਤਿ, ਮਤਿ, ਮਨਿ, ਬੁਧਿ) ਦੀ ਬਣਤਰ ਬਣਦੀ ਹੈ। ਅੰਤਹਿਕਰਣ ਦਾ ਪਾਰਦਰਸ਼ੀ ਹੋਣਾ ਹੀ ਇਨ੍ਹਾਂ ਇੰਦ੍ਰੀਆਂ ਨੂੰ ਘੜਨਾ ਹੈ।

‘ਕੂੜ ਦੀ ਪਾਲਿ’ ਨੂੰ ‘ਜਨਮ ਜਨਮ ਕੀ ਮੈਲ਼’ ਕਿਹਾ ਹੈ ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧) ਯਾਨੀ ਇਹ ਮੈਲ਼; ਸਰਵ ਵਿਆਪਕ ਰੱਬੀ ਜੋਤਿ (ਆਤਮਾ/ਜੀਵਾਤਮਾ) ਦੇ ਨਾਲ਼-ਨਾਲ਼ ਸਦੀਆਂ ਤੋਂ ਚੱਲਦੀ ਆਈ ਹੈ। ਇਸ ਤੋਂ ਮੁਕਤੀ; ਪੰਜ ਤੱਤਾਂ ਦੇ ਸਰੀਰ ਨੂੰ ਇਸ਼ਨਾਨ ਕਰਾਇਆਂ, ਮੌਨ ਜਾਂ ਭੁੱਖੇ ਰੱਖਣ ਨਾਲ਼ ਨਹੀਂ ਮਿਲਦੀ। ‘ਕੂੜ ਦੀ ਪਾਲਿ’ ਹਟਾਉਣਾ ਜਾਂ ਮੁਕਤ ਹੋਣਾ ਜਾਂ ਅੰਤਹਿਕਰਣ ਨੂੰ ਪਾਰਦਰਸ਼ੀ ਕਰਨਾ ਹੀ ਸਚਖੰਡ ’ਚ ਨਿਵਾਸ ਹੈ, ਭਗਤੀ ਦਾ ਅਸਲ ਫਲ਼ ਹੈ। ਉੱਥੇ ਆਤਮ-ਪ੍ਰਕਾਸ਼; ਬੰਦਗੀ ਕਰਨ ਵਾਲ਼ੇ ਦੇ ਪਾਰਦਰਸ਼ੀ ਹੋਏ ਅੰਤਹਿਕਰਣ ’ਚੋਂ ਲੰਘ ਕੇ ਬੁੱਧੀ ’ਚ ਹੂ-ਬਹੂ ਬਿਬੇਕ ਬਣ ਰੱਬੀ ਹੋਂਦ ਦਾ ਹਰ ਥਾਂ ਅਹਿਸਾਸ ਕਰਾਉਂਦਾ ਹੈ ਯਾਨੀ ਮਹਿਸੂਸ ਹੋਣਾ ਕਿ ਹਰ ਕੋਈ ਰੱਬ ਦਾ ਪ੍ਰੇਰਿਆ ਹੋਇਆ ਜੀਵਨ ਬਸਰ ਕਰ ਰਿਹਾ ਹੈ। ਇਹ ਸਮਝਾਉਣਾ ਕਿ ਹਰ ਕੋਈ ਰੱਬੀ ਪ੍ਰੇਰਨਾ ਨਾਲ਼ (ਯਾਨੀ ਰੱਬੀ ਹੁਕਮ ’ਚ) ਚੱਲਦਾ ਪਿਆ ਹੈ; ਗੁਰਮਤਿ ਦਾ ਆਧਾਰ ਹੈ ਤਾਹੀਓਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ’ਚ, ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਦਰਜ ਕੀਤਾ ਹੈ। ਇਸ ਦੀ ਵਿਆਖਿਆ ਸਾਰੀ ਗੁਰਬਾਣੀ ਕਰਦੀ ਹੈ। ਜੇ ਸਿੱਖ ਇੱਥੋਂ ਹੀ ਖੁੰਝ ਗਿਆ, ਭਰੋਸਾ ਨਾ ਬਣਾ ਸਕਿਆ, ਇਹ ਨਿਯਮ ਆਪਣੇ ’ਤੇ ਢੁਕਾਅ ਕੇ ਸਵੈ ਪੜਚੋਲ ਨਾ ਕਰ ਸਕਿਆ ਤਾਂ ਹੋਰਾਂ ਪ੍ਰਤੀ ਹਮਦਰਦੀ ਕਿ ਸਾਰੇ ਜੀਵ-ਜੰਤ; ਰੱਬ ਦੇ ਹੁਕਮ ’ਚ ਹਨ, ਨਹੀਂ ਕਰ ਸਕਦਾ। ਦਿਮਾਗ਼ ਸਦਾ ਖ਼ੁਸ਼ਕ ਹੀ ਰਹੇਗਾ।

ਇੱਕ ਨਸੇੜੀ ਨੂੰ ਡਾਕਟਰ ਨੇ ਕਿਹਾ ਕਿ ਨਸ਼ਾ ਕਰਨ ਨਾਲ਼ ਮਰ ਜਾਏਂਗਾ। ਹੁਣ ਹਾਲਤ ਇਹ ਹੈ ਕਿ ਡਾਕਟਰ ਦੀ ਮਦਦ ਤੋਂ ਬਿਨਾਂ ਨਸ਼ਾ ਨਹੀਂ ਛੱਡ ਹੁੰਦਾ। ਸਰੀਰਕ ਬਲ ਵੀ ਨਹੀਂ, ਉੱਤੋਂ ਨਸ਼ੇ ਦਾ ਆਦਤ; ਇਸ ਭੈੜ ’ਚੋਂ ਕੱਢਣਾ ਕੇਵਲ ਡਾਕਟਰ ਦੀ ਸਲਾਹ ਤੇ ਦਵਾ ਦਾ ਕੰਮ ਹੈ। ਐਸੀ ਹਾਲਤ ਜਨਮ ਜਨਮ ਦੀ ਮੈਲ਼ ਕਾਰਨ ਸਦੀਆਂ ਤੋਂ ਹਨ੍ਹੇਰੇ ’ਚ ਖੜੇ ਬੰਦੇ ਦੀ ਹੈ। ਗੁਰੂ ਨੇ ਉਸ ਨੂੰ ਰੌਸ਼ਨੀ ਬਾਰੇ ਦੱਸ ਤਾਂ ਦਿੱਤਾ, ਪਰ ਓਥੇ ਪਹੁੰਚਣ ਯੋਗ ਉਹ ਹੈ ਨਹੀਂ। ਹਨ੍ਹੇਰੇ ’ਚ ਭੇਜਣ ਵਾਲ਼ਾ ਹੀ ਮੁੜ ਰੌਸ਼ਨੀ ’ਚ ਲਿਆ ਸਕਦਾ ਹੈ, ਜੇਕਰ ਉਸ ਅੱਗੇ ਆਪਣੀ ਲਾਚਾਰੀ ਬਿਆਨ ਕਰਨਾ ਸਿੱਖ ਲਵੇ । ਜੇ ਉਹ ਖ਼ੁਦ ਹਨ੍ਹੇਰੇ ’ਚ ਗਿਆ ਹੁੰਦਾ ਤਾਂ ਚਾਨਣ ’ਚ ਆਉਣ ਯੋਗੀ ਤਾਕਤ ਵੀ ਜ਼ਰੂਰ ਹੁੰਦੀ, ਜੋ ਕਿ ਉਸ ਕੋਲ਼ ਨਹੀਂ ਹੈ।

ਅੰਤ ’ਚ ਪਾਠਕਾਂ ਵੱਲੋਂ ਭੇਜੇ ਗਏ ਕੁੱਝ ਕੁ ਗੁਰਬਾਣੀ ਸ਼ਬਦ, ਜੋ ਹਥਲੇ ਵਿਸ਼ੇ ਨਾਲ਼ ਹੀ ਸੰਬੰਧਿਤ ਹਨ, ਨੂੰ ਵਿਚਾਰਨਾ ਜ਼ਰੂਰੀ ਹੈ।

(1). ਪਹਿਲਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਾਰਿਆ ਗਿਆ ਹੈ, ਜਿਸ ਦੇ ਚਾਰ ਬੰਦ ਹਨ। ਪੂਰੇ ਸ਼ਬਦ-ਵਿਸ਼ੇ ਦਾ ਨਿਚੋੜ ‘ਰਹਾਉ’ ਤੁਕ ’ਚ ਹੁੰਦਾ ਹੈ, ਜੋ ਕਿ ਇਸ ਪ੍ਰਕਾਰ ਹੈ ‘‘ਮੇਰੇ ਰਾਮ ਰਾਇ ! ਮੁਝ ਤੇ ਕਛੂ ਹੋਈ ਆਪੇ ਕਰਤਾ ਆਪਿ ਕਰਾਏ; ਸਰਬ ਨਿਰੰਤਰਿ ਸੋਈ ਰਹਾਉ ’’ ਅਰਥ : ਹੇ ਮੇਰੇ ਰਾਮ-ਪ੍ਰਭੂ ਪਾਤਿਸ਼ਾਹ ! (ਤੇਰੀ ਮਦਦ ਤੋਂ ਬਿਨਾਂ/ਮਿਹਰ ਤੋਂ ਬਿਨਾਂ) ਮੇਰੇ ਕੋਲ਼ੋਂ ਕੋਈ ਜੀਵਨ ਤਬਦੀਲੀ ਨਹੀਂ ਹੋ ਸਕਦੀ। ਮੇਰਾ ਉਹ (ਰਾਮ ਰਾਇ; ਅਯੁਧਿਆ ਪਤੀ ਦਸ਼ਰਥ ਰਾਜੇ ਦਾ ਪੁੱਤਰ ਨਹੀਂ ਬਲਕਿ) ਕਣ-ਕਣ ’ਚ ਵਿਆਪਕ ਹੈ ਤਾਹੀਓਂ ਆਪ ਹੀ ਸਭ ਕੁੱਝ ਕਰਨ ਵਾਲ਼ਾ ਤੇ ਆਪ ਹੀ (ਹਰ ਇੱਕ ਜੀਵ ਅੰਦਰ ਬੈਠ ਕੇ) ਕਰਾਉਣ ਵਾਲ਼ਾ ਹੈ, ਪ੍ਰੇਰਨਾ ਕਰਨ ਵਾਲ਼ਾ ਹੈ।

ਇਸ ਦੇ ਪਹਿਲੇ ਬੰਦ ਰਾਹੀਂ ਸਮਝਾਇਆ ਗਿਆ ਹੈ ਕਿ (ਹੇ ਭਾਈ ! ਜੇ ਮੰਨ ਲਈਏ ਕਿ ਮਨੁੱਖ ਕੁੱਝ ਕਰਨ ਦੇ ਸਮਰੱਥ ਵੀ ਹੈ ਤਾਂ) ਜਦ ਸੰਸਾਰ ਹੀ ਨਹੀਂ ਸੀ ਤਦ ਬੰਦਾ ਕੀ ਕਰ ਸਕਦਾ ਸੀ। ਮਨੁੱਖ ਜੂਨੀ ’ਚ ਵੀ ਕਿਹੜਾ ਚੰਗਾ ਕੰਮ ਕਰਕੇ ਆਇਆ ਹੈ (ਯਾਨੀ ਮਨੁੱਖ ਦੇ ਹੱਥ-ਵੱਸ ਕੁੱਝ ਭੀ ਨਹੀਂ, ਜਿਸ ਕੋਲ਼ ਸਾਰੀ ਸਮਰੱਥਾ ਹੈ, ਉਸ) ਮਾਲਕ ਨੇ ਹੀ ਆਪਣਾ ਜਗਤ-ਰਚਨਾ (ਰੂਪ ਖੇਲ) ਰਚਿਆ ਹੈ। ਆਪ ਹੀ (ਸਾਰਿਆਂ ਅੰਦਰ ਬੈਠ ਕੇ ਇਹ ਖੇਡ) ਖੇਲ ਰਿਹਾ ਹੈ। ਆਪ ਹੀ ਖੇਡ ਅਰੰਭ ਕਰ ਉਸ ਨੂੰ ਵੇਖਦਾ ਹੈ/ਸੰਭਾਲ਼ਦਾ ਹੈ (ਯਾਨੀ ਪ੍ਰਬੰਧਕ ਵੀ ਆਪ ਹੈ ਤੇ ਖਿਡਾਰੀ ਵੀ ਆਪ) ‘‘ਜਬ ਕਛੁ ਸੀਓ; ਤਬ ਕਿਆ ਕਰਤਾ ? ਕਵਨ ਕਰਮ ਕਰਿ ਆਇਆ ਅਪਨਾ ਖੇਲੁ ਆਪਿ ਕਰਿ ਦੇਖੈ; ਠਾਕੁਰਿ ਰਚਨੁ ਰਚਾਇਆ ’’ ਇਹੀ ਸਿਧਾਂਤ ‘ਜਪੁ’ ਬਾਣੀ ਦੀ 33ਵੀਂ ਪਉੜੀ ’ਚ ਹੈ ‘‘ਜਿਸੁ ਹਥਿ (’) ਜੋਰੁ; ਕਰਿ ਵੇਖੈ ਸੋਇ’’ (ਜਪੁ)

ਦੂਸਰੇ ਪਦੇ ਰਾਹੀਂ ਬਚਨ ਕੀਤੇ ਹਨ ਕਿ (ਹੇ ਮੇਰੇ ਪਾਤਿਸ਼ਾਹ ! ਜੇ ਤੈਂ ਮਨੁੱਖ ਦੇ ਕੰਮਾਂ ਦਾ ਪੂਰਾ) ਹਿਸਾਬ-ਕਿਤਾਬ ਮੰਗਿਆ ਤਾਂ ਇਹ ਕਦੇ ਵੀ ਲੇਖ-ਮੁਕਤ ਨਹੀਂ ਹੋ ਸਕਦਾ ਕਿਉਂਕਿ ਅੰਞਾਣ/ਨਾਸਮਝ ਕਾਇਆਂ ਛੇਤੀ ਨਸ਼ਟ ਹੋ ਜਾਂਦੀ ਹੈ (ਯਾਨੀ ਉਮਰ ਥੋੜ੍ਹੀ ਹੈ ਤੇ ਮਨੁੱਖ ਦੁਆਰਾ ਕੀਤੇ ਮਾੜੇ ਕੰਮ ਵੱਧ, ਤਾਹੀਓਂ ਸਾਡੇ ’ਤੇ ਤੇਰੀ ਮਿਹਰ ਚਾਹੀਦੀ ਹੈ) ਹੇ ਸਭ ਕੁੱਝ ਕਰਨ ਦੇ ਸਮਰੱਥ ਪ੍ਰਭੂ ! ਮਿਹਰ ਕਰ। (ਤੇਰੇ ਦੁਆਰਾ ਦਿੱਤੀਆਂ ਜਾਂਦੀਆਂ ਅਨੇਕਾਂ ਦਾਤਾਂ ’ਚੋਂ) ਤੇਰੀ ਇਹ ਮਿਹਰ-ਦਾਤ ਹੀ ਅਨੋਖੀ ਹੈ (ਜੋ ਲੇਖਾ ਮੁਕਤ ਕਰਦੀ ਹੈ) ‘‘ਗਣਤੀ ਗਣੀ ਛੂਟੈ ਕਤਹੂ; ਕਾਚੀ ਦੇਹ ਇਆਣੀ ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ! ਤੇਰੀ ਬਖਸ ਨਿਰਾਲੀ ’’

ਤੀਜੇ ਪਦੇ ’ਚ ਬਚਨ ਕੀਤੇ ਹਨ ਕਿ (ਹੇ ਮੇਰੇ ਰਾਮ ਰਾਇ !) ਸਾਰੇ ਜੀਵ-ਜੰਤ ਤੈਂ ਹੀ ਪੈਦਾ ਕੀਤੇ ਹਨ। ਇਨ੍ਹਾਂ ’ਚ ਬੈਠ ਕੇ ਤੂੰ ਹੀ (ਆਪਣਾ) ਧਿਆਨ ਲਗਾਉਂਦਾ ਹੈਂ (ਯਾਨੀ ਮਨੁੱਖੀ ਸੋਚ ਤੈਂ ਹੀ ਘੜੀ ਹੈ)। ਤੇਰੀ ਉੱਚੀ ਅਵਸਥਾ ਅਤੇ ਮਿਣਤੀ (ਵਡੱਪਣ); ਤੂੰ ਹੀ ਜਾਣਦਾ ਹੈਂ। ਤੇਰੀ ਕੁਦਰਤਿ (ਯਾਨੀ ਸ਼ਕਤੀ) ਦਾ ਮੁੱਲ/ਅੰਦਾਜ਼ਾ ਨਹੀਂ ਲੱਗ ਸਕਦਾ ‘‘ਜੀਅ ਜੰਤ ਸਭ ਤੇਰੇ ਕੀਤੇ; ਘਟਿ ਘਟਿ ਤੁਹੀ ਧਿਆਈਐ ਤੇਰੀ ਗਤਿ ਮਿਤਿ ਤੂਹੈ ਜਾਣਹਿ; ਕੁਦਰਤਿ ਕੀਮ ਪਾਈਐ ’’

 ਚੌਥੇ ਜਾਂ ਅੰਤਮ ਪਦੇ ’ਚ ਬਚਨ ਕੀਤੇ ਹਨ ਕਿ (ਹੇ ਮੇਰੇ ਰਾਮ ਰਾਇ  !) ਮੇਰੇ ਅੰਦਰ ਕੋਈ ਗੁਣ ਨਹੀਂ, ਮੈ ਗਿਆਨਹੀਣ, ਅਣਜਾਣ ਤੇ ਮੂਰਖ ਹਾਂ। ਧਰਮ ਦੇ ਚੰਗੇ ਕੰਮ ਕਰਨ ਨਹੀਂ ਜਾਣਦਾ। ਮਿਹਰ ਕਰੋ ਤੇਰਾ ਦਾਸ ਨਾਨਕ ਤੇਰੇ ਗੁਣ ਗਾਉਂਦਾ ਰਹੇ ਤੇ ਤੇਰੀ ਰਜ਼ਾ ਚੰਗੀ ਲੱਗਦੀ ਰਹੇ (ਭਾਵੇਂ ਤੱਤੀ ਤਵੀ ’ਤੇ ਹੀ ਬੈਠਾ ਹੋਵਾਂ) ‘‘ਨਿਰਗੁਣੁ ਮੁਗਧੁ ਅਜਾਣੁ ਅਗਿਆਨੀ; ਕਰਮ ਧਰਮ ਨਹੀ ਜਾਣਾ ਦਇਆ ਕਰਹੁ ਨਾਨਕੁ ਗੁਣ ਗਾਵੈ; ਮਿਠਾ ਲਗੈ ਤੇਰਾ ਭਾਣਾ ’’ (ਮਹਲਾ /੭੪੮)

ਦੂਸਰਾ ਸ਼ਬਦ ਭਗਤ ਕਬੀਰ ਜੀ ਦੁਆਰਾ ਉਚਾਰਿਆ ਹੋਇਆ ਹੈ, ਜਿਸ ਦੇ ਤਿੰਨ ਬੰਦ ਹਨ, ਜਿਸ ਵਿੱਚ ‘ਰਹਾਉ’ ਪੰਕਤੀ ਹੈ ‘‘ਮੋਹਿ ਬੈਰਾਗੁ ਭਇਓ ਇਹੁ ਜੀਉ; ਆਇ ਕਹਾ ਗਇਓ ਰਹਾਉ ’’ ਅਰਥ : ਮੇਰੇ ਅੰਦਰ ਬੈਰਾਗ/ਮਾਯਾ ਵੱਲੋਂ ਨਿਰਮੋਹ ਪੈਦਾ ਹੋ ਗਿਆ ਕਿਉਂਕਿ ਇਹ ਆਤਮਾ/ਰੂਹ; ਆ ਕੇ ਕਿਧਰ ਚਲਾ ਗਿਆ ਯਾਨੀ ਸਰੀਰਕ ਸ਼ਕਤੀ ਕਿੱਥੇ ਗਈ, ਜਿਸ ਤੋਂ ਬਿਨਾਂ ਸਰੀਰ ਮਰ ਗਿਆ ਹੈ।

ਨੋਟ : ਚੇਤੇ ਰਹੇ ਕਿ ਉਕਤ ਪੰਕਤੀ ’ਚ ‘ਆਤਮਾ’ ਦਾ ਵਜੂਦ ਰੱਦ ਨਹੀਂ ਕੀਤਾ ਬਲਕਿ ਮੰਨਿਆ ਹੈ। ਭਗਤ ਕਬੀਰ ਜੀ; ਆਤਮਾ/ ਰੂਹ ਨੂੰ ਰਾਮ ਕੀ ਅੰਸ਼ ਕਹਿੰਦੇ ਸਮਝਾਉਂਦੇ ਹਨ ਕਿ ਜਿਵੇਂ ਕਾਗਜ਼ ’ਤੇ ਲਿਖਿਆ ਨਹੀਂ ਮਿਟਦਾ ਭਾਵੇਂ ਕਾਗਜ਼ ਸੜ ਜਾਵੇ; ਇਉਂ ਆਤਮਾ ਨਹੀਂ ਮਰਦਾ ਭਾਵੇਂ ਸਰੀਰ ਨਸ਼ਟ ਹੋ ਜਾਵੇ ‘‘ਕਹੁ ਕਬੀਰ ! ਇਹੁ ਰਾਮ ਕੀ ਅੰਸੁ ਜਸ ਕਾਗਦ ਪਰ ਮਿਟੈ ਮੰਸੁ ’’ (ਭਗਤ ਕਬੀਰ ਜੀ/੮੭੧)

ਉਕਤ ਤੁਕ ’ਚ ਜੋ ਨੁਕਤਾ ਬਿਆਨ ਕੀਤਾ ਹੈ, ਉਸੇ ਨੂੰ ਗੁਰੂ ਅਰਜਨ ਸਾਹਿਬ ਜੀ ਇਉਂ ਸਮਝਾਉਂਦੇ ਹਨ ‘‘ਕਿਥਹੁ ਉਪਜੈ  ? ਕਹ ਰਹੈ ? ਕਹ ਮਾਹਿ ਸਮਾਵੈ ?   ਜੀਅ ਜੰਤ ਸਭਿ ਖਸਮ ਕੇ; ਕਉਣੁ ਕੀਮਤਿ ਪਾਵੈ  ?’’ (ਮਹਲਾ /੧੧੯੩) ਅਰਥ : ਜੀਵਾਤਮਾ ਕਿੱਥੋਂ (ਸਰੀਰ ’ਚ) ਪੈਦਾ ਹੋਇਆ ਤੇ ਸਰੀਰਕ ਮੌਤ ਉਪਰੰਤ ਕਿੱਥੇ ਚਲਾ ਗਿਆ ? (ਇਹ ਰਾਜ਼ ਕੋਈ ਨਹੀਂ ਜਾਣਦਾ) ਸਾਰੇ ਜੀਵ-ਜੰਤ ਮਾਲਕ ਦੁਆਰਾ ਪੈਦਾ ਕੀਤੇ ਹਨ (ਉਹੀ ਇਹ ਭੇਤ ਜਾਣਦਾ ਹੈ)। ਇਸ ਸ਼ਬਦ ਦੇ ਅੰਤ ’ਚ ਗੁਰੂ ਅਰਜਨ ਸਾਹਿਬ ਜੀ ਨੇ ਦ੍ਰਿੜ੍ਹਤਾ ਨਾਲ਼ ਕਿਹਾ ਕਿ ਇਹ ਸਚਾਈ; ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਉਤਾਂਹ ਵੱਸਦੇ ਮਾਲਕ ਪੂਰਨ ਸਤਿਗੁਰੂ, ਜਿਸ ਵਰਗਾ ਹੋਰ ਕੋਈ ਨਹੀਂ, ਉਸ ਨੇ (ਮੈਨੂੰ) ਸਮਝਾਈ ਤੇ ਹੁਣ ਨਾਨਕ ਤੁਹਾਨੂੰ ਦੱਸ ਰਿਹਾ ਹੈ ‘‘ਅਗਮੁ ਅਗੋਚਰੁ ਸਾਹਿਬੋ; ਦੂਸਰੁ ਲਵੈ ਲਾਵੈ   ਸਚੁ, ਪੂਰੈ ਗੁਰਿ ਉਪਦੇਸਿਆ; ਨਾਨਕੁ ਸੁਣਾਵੈ ’’ (ਬਸੰਤੁ ਕੀ ਵਾਰ/ਮਹਲਾ /੧੧੯੩)

ਭਗਤ ਕਬੀਰ ਜੀ ਨੇ ਆਪਣੇ ਪਹਿਲੇ ਬੰਦ ’ਚ ਸਪਸ਼ਟ ਵੀ ਕੀਤਾ ਹੈ ਕਿ ਉਹ ਚੇਤਨ-ਸੱਤਾ (ਜੀਉ/ਆਤਮਾ ਦਾ ਸੋਮਾ ਪ੍ਰਭੂ) ਆਕਾਸ਼ ਵਿੱਚ ਹੈ, ਪਾਤਾਲ ਵਿੱਚ ਹੈ। ਚਾਰੇ ਦਿਸ਼ਾਵਾਂ ’ਚ ਮੌਜੂਦ ਹੈ। (ਭਾਵੇਂ ਸਰੀਰ, ਚਿਖ਼ਾ ’ਚ ਅੱਗ ਦਾ ਸੇਕ ਸਹਾਰਦੈ, ਪਰ ਇਸ ਅੰਦਰ ਵੱਸਣ ਵਾਲ਼ਾ ਆਤਮਾ, ਜਿਸ ਨੂੰ ਪਹਿਲਾਂ ਕਿੱਥੇ ਗਿਆ, ਕਿਹਾ ਹੈ) ਸਦਾ ਅਨੰਦ ਦੇ ਮੂਲ ਪਰਮ ਪੁਰਖ ਪ੍ਰਮਾਤਮਾ-ਜੋਤਿ ਹੈ ਤਾਹੀਓਂ ਭਾਵੇਂ ਸਰੀਰ ਨਾਸ਼ ਹੋ ਗਿਆ ਪਰ ਉਹ ਨਹੀਂ ਮਰਿਆ ‘‘ਆਕਾਸਿ ਗਗਨੁ ਪਾਤਾਲਿ ਗਗਨੁ ਹੈ; ਚਹੁ ਦਿਸਿ ਗਗਨੁ ਰਹਾਇਲੇ ਆਨਦ ਮੂਲੁ ਸਦਾ ਪੁਰਖੋਤਮੁ; ਘਟੁ ਬਿਨਸੈ, ਗਗਨੁ ਜਾਇਲੇ ’’

ਨੋਟ : ਉਕਤ ਪਦੇ ’ਚ ‘ਜੀਉ/ਜਿੰਦ/ਆਤਮਾ’ ਨੂੰ ‘ਗਗਨ’ ਇਸ ਲਈ ਕਿਹਾ ਹੈ ਕਿਉਂਕਿ ਸਰੀਰਕ ਮੌਤ ਸਮੇਂ ਹਰ ਕੋਈ ਅਕਾਸ਼ ਵੱਲ ਪ੍ਰਭੂ ਦੀ ਹੋਂਦ ਮੰਨਦਾ ਹੈ। ਭਗਤ ਜੀ; ‘ਗਗਨ’ ਸ਼ਬਦ ਰਾਹੀਂ ਰੱਬੀ ਹੋਂਦ; ਕਣ ਕਣ ’ਚ ਮੌਜੂਦ ਹੈ, ਸਾਬਤ ਕਰ ਰਹੇ ਹਨ।

ਸ਼ਬਦ ਦੇ ਦੂਸਰੇ ਪਦੇ ’ਚ ਬਚਨ ਕੀਤੇ ਹਨ ਕਿ ਹੇ ਪੰਡਿਤ ! ਤੁਸੀਂ ਕਹਿੰਦੇ ਹੋ ਕਿ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਨੇ ਮਿਲ ਕੇ ਸਰੀਰ ਬਣਾਇਆ ਹੈ। ਜ਼ਰਾ ਦੱਸੋਂ ਕਿ ਇਹ ਤੱਤ ਕਿੱਥੋਂ ਆਏ (ਯਾਨੀ ਜੇ ਸਰੀਰ ਬਣਾਉਣ ਵਾਲ਼ੀ ਕੋਈ ਦੈਵੀ ਸ਼ਕਤੀ ਨਹੀਂ, ਬ੍ਰਹਮਾ-ਦੇਵਤਾ ਹੀ ਹੈ ਤਾਂ ਪੰਜ ਤੱਤ ਕਿਸ ਨੇ ਬਣਾਏ ? ਜਿਨ੍ਹਾਂ ਦਾ ਪੁਤਲਾ ਬ੍ਰਹਮਾ ਵੀ ਸੀ) ਤੁਸੀਂ ਕਹਿੰਦੇ ਹੋ ਕਿ ਆਤਮਾ; ਪਿਛਲੇ ਜਨਮ ’ਚ ਕੀਤੇ ਹੋਏ ਕੰਮਾਂ ਦੇ ਫਲ਼ ਦਾ ਬੰਨ੍ਹਿਆ ਹੋਇਆ ਹੈ ਤਾਂ ਜ਼ਰਾ ਦੱਸੋ ਕਿ ਪਿਛਲੇ ਕਰਮਾਂ ’ਚ ਜਿੰਦ ਕਿਸ ਨੇ ਦਿੱਤੀ (ਯਾਨੀ ਜਿੰਦ ਨੂੰ ਕਰਮਾਂ ਅਧੀਨ ਕਰਨ ਵਾਲ਼ੀ ਗ਼ੈਬੀ ਸ਼ਕਤੀ; ਰੱਬ ਹੈ, ਉਸ ਦਾ ਹੁਕਮ ਹੈ, ਨਾ ਕਿ ਕਰਮ) ‘‘ਪੰਚ ਤਤੁ ਮਿਲਿ ਕਾਇਆ ਕੀਨ੍ਹੀ; ਤਤੁ ਕਹਾ ਤੇ ਕੀਨੁ ਰੇ ਕਰਮ ਬਧ ਤੁਮ ਜੀਉ ਕਹਤ ਹੌ; ਕਰਮਹਿ ਕਿਨਿ ਜੀਉ ਦੀਨੁ ਰੇ  ?’’

ਨੋਟ : ਭਗਤ ਕਬੀਰ ਜੀ ਦੇ ਉਕਤ ਵਾਕ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਇਸ ਸ਼ਬਦ ਨਾਲ਼ ਮੇਲ ਕੇ ਵਿਚਾਰਨਾ ਚਾਹੀਦਾ ਹੈ ‘‘ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ ’’ (ਮਹਲਾ /੧੨੪੧) ਯਾਨੀ ਰੱਬ; ਸਾਰੇ ਜੀਵ-ਜੰਤਾਂ ਨੂੰ ਪਹਿਲਾਂ ਆਪਣੇ ਹੁਕਮ ’ਚ (ਮੈਲ਼ ਭਰ ਕੇ/ ਆਪਣੇ ਵਜੂਦ ਤੋਂ ਅੰਨ੍ਹਾ ਕਰ/ ਭੁਲਾ ਕੇ) ਚਲਾਉਂਦਾ ਹੈ, ਫਿਰ ਜੀਵਾਂ ਦੁਆਰਾ ਕੀਤੇ ਕੰਮਾਂ ਨਾਲ਼ ਨਸੀਬ ਬਣਦਾ ਹੈ। ਰੱਬ ਦੀ ਕਲਮ ਨਾਲ਼ ਬੰਦੇ ਦੀ ਤਕਦੀਰ ’ਚ ਲੇਖ ਲਿਖਿਆ ਜਾਂਦਾ ਹੈ।

ਗੁਰੂ ਨਾਨਕ ਸਾਹਿਬ ਜੀ; ਰੱਬ ਦੇ ਹੁਕਮ ਨੂੰ ਪ੍ਰਧਾਨ ਅਤੇ ਕਰਮਾਂ ਨੂੰ ਉਸ ਦੇ ਅਧੀਨ ਮੰਨਦੇ ਹਨ, ਪਰ ਸਨਾਤਨੀ ਆਚਾਰੀਅ/ਪੰਡਿਤ; ਬੰਦੇ ਦੇ ਕੰਮਾਂ ਨੂੰ ਪ੍ਰਧਾਨ ਮੰਨਦਾ ਹੈ, ਜਿਨ੍ਹਾਂ ਦੀ ਕੈਦ ’ਚ ਬੱਝੇ ‘ਆਤਮਾ’ ਨੂੰ ਮੁਕਤ ਕਰਨ ਲਈ 68 ਤੀਰਥ ਬਣਾਏ।, ਗਰੁੜ ਪੁਰਾਣ ਅਨੁਸਾਰ ਮਰਨ ਉਪਰੰਤ ਪਿੰਡ-ਪੱਤਲ ਕਿਰਿਆ ਅਤੇ ਗਾਂ ਦੀ ਪੂਛ ਪਕੜਾ ਕਲਪਿਤ ਵੈਤਰਣੀ ਨਦੀ ਪਾਰ ਕਰਾਉਂਦਾ ਹੈ, ਜੋ ਖ਼ੂਨ, ਪੀਕ ਤੇ ਖ਼ੂੰਖਾਰ ਜਾਨਵਰਾਂ ਨਾਲ਼ ਭਰੀ ਹੈ ਤੇ ਪਾਪੀ ਆਤਮਾ ਨੂੰ ਵੇਖ ਉਬਲਣ ਲੱਗਦੀ ਹੈ। ਇਸਲਾਮਿਕ ਮੱਤ ਅਨੁਸਾਰ ਇਹ ਪੁਰਸਲਾਤ ਪੁਲ ਹੈ, ਜੋ ਦੋਜ਼ਖ਼ ’ਤੇ ਬਣਿਆ ਹੈ। ਇਸ ਦੇ ਚਾਰੋਂ ਤਰਫ਼ ਵੀ ਪੰਡਿਤ ਵਾਲ਼ਾ ਭਿਆਨਕ ਦ੍ਰਿਸ਼ ਹੈ ‘‘ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ ਵਾਲਹੁ ਨਿਕੀ ਪੁਰਸਲਾਤ; ਕੰਨੀ ਸੁਣੀ ਆਇ  ? ਫਰੀਦਾ  ! ਕਿੜੀ ਪਵੰਦੀਈ (ਚੀਕਾਂ ਪੈਂਦੀਐਂ); ਖੜਾ ਆਪੁ ਮੁਹਾਇ (ਆਪ ਨੂੰ ਨਾ ਲੁਟਾ)’’ (ਬਾਬਾ ਫਰੀਦ ਜੀ/੧੩੭੭)

ਪੰਡਿਤ ਮੁਤਾਬਕ ਮਾੜੇ ਕੰਮਾਂ ਲਈ ਦੋਸ਼ੀ; ਆਤਮਾ ਹੈ, ਪਰ ਗੁਰਬਾਣੀ ਅਨੁਸਾਰ ਇਹ, ਰੱਬੀ ਜੋਤਿ ਹੈ ‘‘ਨਾ ਇਹੁ ਤਪਾ ਕਹਾਵੈ ਸੇਖੁ   ਨਾ ਇਹੁ ਜੀਵੈ; ਮਰਤਾ ਦੇਖੁ .. ਕਹੁ ਕਬੀਰ ਇਹੁ ਰਾਮ ਕੀ ਅੰਸੁ   ਜਸ (ਜਿਵੇਂ) ਕਾਗਦ ਪਰ ਮਿਟੈ ਮੰਸੁ (ਸਿਆਹੀ)’’ (ਭਗਤ ਕਬੀਰ ਜੀ/੮੭੧), ਜਿਹੜਾ ਨਾ ਸੌਂਦਾ ਹੈ, ਨਾ ਮਰਦਾ ਹੈ, ਨਾ ਥੱਕਦਾ ਹੈ, ਉਹ ਰੱਬ ਜਾਂ ਰੱਬ ਦੀ ਜੋਤਿ ਹੈ। ਉਸ ਨੂੰ ਆਪਣੇ ਅੰਦਰੋਂ ਪਛਾਨਣਾ ਹੈ। ਅੰਤਹਿਕਰਣ ਨੂੰ ਪਾਰਦਰਸ਼ੀ ਕਰ ਅੰਦਰੋਂ ਉਸ ਦੇ ਦਰਸ਼ਨ ਕਰਨੇ ਹਨ ‘‘ਜਨ ਨਾਨਕ ਕਉ ਹਰਿ ਦਰਸੁ ਦਿਖਾਇਆ   ਆਤਮੁ ਚੀਨਿ੍; ਪਰਮ ਸੁਖੁ ਪਾਇਆ ’’ (ਮਹਲਾ /੩੭੫) ਯਾਨੀ ਹਰੀ ਦਾ ਦਰਸ਼ਨ ਕੀ ਹੈ ? ਜਵਾਬ ਹੈ ‘ਪਰਮ ਸੁੱਖ’, ਜੋ ਆਤਮਾ ਨੂੰ ਪਛਾਣ ਕੇ ਮਿਲਿਆ। ਉਹ, ਸਰਬ ਵਿਆਪਕ ਜੋਤਿ ਹੀ ਹੈ ‘‘ਜਿਨਿ ਸਤਿਗੁਰੁ ਜਾਤਾ; ਤਿਨਿ ਏਕੁ ਪਛਾਤਾ ਸਰਬੇ ਰਵਿ ਰਹਿਆ; ਸੁਖਦਾਤਾ  ਆਤਮੁ ਚੀਨਿ; ਪਰਮ ਪਦੁ ਪਾਇਆ; ਸੇਵਾ ਸੁਰਤਿ ਸਮਾਈ ਹੇ ’’ (ਮਹਲਾ /੧੦੭੦), ਸੋ ਭਗਤ ਕਬੀਰ ਜੀ ਨਾਲ਼ ਸੰਵਾਦ ਕਰਨ ਵਾਲ਼ੇ ਪੰਡਿਤ ਦੀ ਸੋਚ ’ਚ ਨਿਰਾਕਾਰ ਅਤੇ ਸਰਬ ਵਿਆਪਕ ਰੱਬ ਦੀ ਹੋਂਦ ਦਾ ਕੋਈ ਜ਼ਿਕਰ ਨਹੀਂ, ਅਲੋਪ ਹੈ, ਇਸ ਲਈ।

ਸ਼ਬਦ ਦੇ ਤੀਜੇ ਅਤੇ ਅੰਤਮ ਪਦੇ ਰਾਹੀਂ ਭਗਤ ਕਬੀਰ ਜੀ; ਪੰਡਿਤ ਦੁਆਰਾ ਅਣਡਿੱਠ ਕੀਤੇ ਰੱਬ ਦੀ ਹੋਂਦ ਬਾਰੇ ਸਪਸ਼ਟ ਕਰਦੇ ਹਨ ਕਿ ਹੇ ਪੰਡਿਤ ! ਰੱਬ ਦੀ ਹੋਂਦ ’ਚ ਹਰ ਇੱਕ ਸਰੀਰ ਹੈ ਅਤੇ ਹਰ ਇੱਕ ਸਰੀਰ ਅੰਦਰ ਰੱਬ ਦੀ ਹੋਂਦ ਹੈ। ਓਹੀ ਕਣ-ਕਣ ’ਚ ਵਿਆਪਕ ਹੈ। ਮੈ ਉਸ ਸਰਬ ਵਿਆਪਕ ਰਾਮ ਦੇ ਨਾਮ ਨੂੰ ਨਹੀਂ ਭੁਲਾਉਂਦਾ ਕਿਉਂਕਿ ਜਗਤ ’ਚ ਜੋ ਕੁੱਝ ਵੀ ਵਾਪਰ ਰਿਹਾ ਹੈ, ਉਸ ਚੇਤਨ-ਸੱਤਾ ਦੀ ਰਜ਼ਾ ਮੁਤਾਬਕ ਹੀ ਹੋ ਰਿਹਾ ਹੈ ‘‘ਹਰਿ ਮਹਿ ਤਨੁ ਹੈ; ਤਨ ਮਹਿ ਹਰਿ ਹੈ; ਸਰਬ ਨਿਰੰਤਰਿ ਸੋਇ ਰੇ ਕਹਿ ਕਬੀਰ ! ਰਾਮ ਨਾਮੁ ਛੋਡਉ; ਸਹਜੇ ਹੋਇ ਸੁ ਹੋਇ ਰੇ ’’ (ਭਗਤ ਕਬੀਰ/੮੭੦)

ਸੋ ਉਕਤ ਦੋਵੇਂ ਸ਼ਬਦਾਂ ਦੀ ਵਿਚਾਰ ਕਰਦਿਆਂ ਬਿਲਕੁਲ ਵੀ ਐਸਾ ਪ੍ਰਤੀਤ ਨਹੀਂ ਹੁੰਦਾ ਕਿ ਗੁਰਬਾਣੀ; ਆਤਮਾ/ਰੂਹ ਦੀ ਹੋਂਦ, ਕਰਮਾਂ ਦਾ ਫਲ਼ ਅਤੇ ਰੱਬ ਦੇ ਹੁਕਮ ਵਿੱਚੋਂ ਕਿਸੇ ਇੱਕ ਦੇ ਵਜੂਦ ਨੂੰ ਵੀ ਰੱਦ ਕਰਦੀ ਹੈ ਜਾਂ ਮੰਨਣ ਤੋਂ ਇਨਕਾਰੀ ਹੈ, ਪਰ ਇਨ੍ਹਾਂ ਵਿੱਚੋਂ ਰੱਬ ਦੇ ਹੁਕਮ ਨੂੰ ਜ਼ਰੂਰ ਪ੍ਰਧਾਨਤਾ ਮਿਲਦੀ ਪ੍ਰਤੀਤ ਹੁੰਦੀ ਹੈ।

ਇੱਕ ਸੱਜਣ ਦਾ ਸਵਾਲ ਸੀ ਕਿ ਗੁਰਬਾਣੀ ਦੇ ਬਚਨ ਹਨ ‘‘ਲੇਖੁ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ’’ ਫਿਰ ਉਸ ਦੁਆਰਾ ਬਣਾਈ ਗਈ ‘ਕੂੜ ਦੀ ਪਾਲਿ’ ਕਿਵੇਂ ਢਹਿ ਸਕਦੀ ਹੈ ? ਜਵਾਬ : ਇਸ ਤੁਕ ਨਾਲ਼ ਸੰਬੰਧਿਤ ਪੂਰੇ ਸ਼ਬਦ ’ਚ ‘ਮਨਮੁਖ’ ਤੇ ‘ਗੁਰਮੁਖ’ ਜੀਵਨ ਦੀ ਤੁਲਨਾਤਮਿਕ ਵਿਚਾਰ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਜਗਤ ਖੇਡ ਦੇ ਮਾਲਕ ਕਰਤਾਰ ਦੇ ਹੱਥ ’ਚ ਸਾਰੀ ਸਮਰੱਥਾ ਹੈ। ਉਹ ਜਿਸ ਨੂੰ ਚਾਹੇ ਗੁਰੂ ਨਾਲ਼ ਮਿਲਾਉਂਦਾ ਹੈ, ਜਿਸ ਨੂੰ ਚਾਹੇ ਮਨਮੁਖ ਬਣਾਉਂਦਾ ਹੈ। ਜੋ ਸਤਿਗੁਰੂ ਦੀ ਚਰਨੀਂ ਲੱਗ ਗਿਆ ਉਸ ਨੂੰ ਹਿਰਦੇ ’ਚੋਂ ਹੀ ਅਕਾਲ ਪੂਰਖ (ਰੱਬੀ ਜੋਤਿ/ਆਤਮਾ) ਦਾ ਦਰਸ਼ਨ ਹੋ ਗਿਆ ਯਾਨੀ ਉਸ ਦਾ ਲੇਖ ਮਿਟ ਗਿਆ, ਪਰ ਗੁਰੂ ਦੀ ਸ਼ਰਨ ਨਾ ਲੈਣ ਵਾਲ਼ੇ ਮਨਮੁਖ ਦਾ ਲੇਖ (ਜੋ ‘ਲਿਖਿਆ ਨਾਲਿ’ ਹੈ) ਆਪਣੀ ਸਿਆਣਪ ਨਾਲ਼ ਨਹੀਂ ਮਿਟਦਾ। ਪੂਰਾ ਸ਼ਬਦ ਹੈ ‘‘ਲੇਖੁ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ਆਪੇ ਕਾਰਣੁ (ਸਬੱਬ/ਖੇਲ) ਜਿਨਿ (ਨੇ) ਕੀਆ; ਕਰਿ ਕਿਰਪਾ ਪਗੁ ਧਾਰਿ (ਅਕਲ ਪਾ ਕੇ) ਕਰਤੇ ਹਥਿ (’) ਵਡਿਆਈਆ; ਬੂਝਹੁ ਗੁਰ ਬੀਚਾਰਿ (ਨਾਲ਼, ਨਹੀਂ ਤਾਂ) ਲਿਖਿਆ ਫੇਰਿ ਸਕੀਐ; ਜਿਉ ਭਾਵੀ (ਪਸੰਦ) ਤਿਉ ਸਾਰਿ (ਸੰਭਾਲ਼) ਨਦਰਿ ਤੇਰੀ ਸੁਖੁ ਪਾਇਆ; ਨਾਨਕ  ! ਸਬਦੁ ਵੀਚਾਰਿ (ਕੇ) ਮਨਮੁਖ ਭੂਲੇ ਪਚਿ ਮੁਏ; ਉਬਰੇ ਗੁਰ ਬੀਚਾਰਿ (ਨਾਲ਼) ਜਿ ਪੁਰਖੁ ਨਦਰਿ ਆਵਈ; ਤਿਸ ਕਾ ਕਿਆ ਕਰਿ ਕਹਿਆ ਜਾਇ  ? ਬਲਿਹਾਰੀ ਗੁਰ ਆਪਣੇ; ਜਿਨਿ, ਹਿਰਦੈ (’) ਦਿਤਾ ਦਿਖਾਇ ੫੨’’ (ਓਅੰਕਾਰ/ਮਹਲਾ /੯੩੭)

 ਸੋ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ‘‘ਕਿਵ ਕੂੜੈ ਤੁਟੈ ਪਾਲਿ ’’ ਸ਼ਬਦਾਂ ਰਾਹੀਂ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਧਾਰਮਿਕ ਅਖਵਾਉਂਦੇ ਬੰਦਿਆਂ, ਜੋ ਕੇਵਲ ਸਰੀਰਕ ਪਵਿੱਤਰਤਾ (ਸਰੀਰਕ ਇਸ਼ਨਾਨ, ਮੌਨ ਵਰਤ ਆਦਿ) ਨੂੰ ਹੀ ਸੱਚਾ ਧਰਮ ਕਰਮ ਮੰਨੀ ਬੈਠੇ ਸਨ, ਨੂੰ ਅੰਦਰਲੀ ‘ਕੂੜ ਦੀ ਪਾਲਿ’ ਨੂੰ ਸਮਝਣ ਵੱਲ ਪ੍ਰੇਰਿਆ ਹੈ ਤਾਂ ਜੋ ਸਵੈ ਪੜਚੋਲ ਕਰ ਸੰਸਾਰਕ ਖੇਡ ਨੂੰ ਸਮਝ ਸਕਣ, ਉਸ ਨਾਲ਼ ਜੁੜ ਸਕਣ ਤਾਂ ਹੀ ਅੰਦਰਲਾ ਮਨ/ਅੰਤਹਿਕਰਣ; ਸ਼ਾਂਤ ਹੋਏਗਾ, ਪਾਰਦਰਸ਼ੀ ਹੋਵੇਗਾ, ‘ਕੂੜ ਦੀ ਪਾਲਿ’ ਹਟੇਗੀ, ਨਾ ਕਿ ਇਨ੍ਹਾਂ ਫੋਕਟ ਕਰਮਾਂ ਨਾਲ਼।

ਕਈ ਸਿੱਖਾਂ ਦਾ ਮੰਨਣਾ ਹੈ ਕਿ ‘‘ਹੁਕਮਿ ਰਜਾਈ ਚਲਣਾ’’ ਤੋਂ ਭਾਵ ਸ਼ੁਭ ਗੁਣ (ਸਤ, ਸੰਤੋਖ, ਦਯਾ, ਧਰਮ, ਧੀਰਜ ਆਦਿ) ਗ੍ਰਹਿਣ ਕਰਨਾ ਹੈ। ਇਹੀ ਗੁਣ; ਰੱਬ ਨੂੰ ਪਸੰਦ ਹਨ। ਇਨ੍ਹਾਂ ਗੁਣਾਂ ਤੋਂ ਦੂਰੀ; ‘ਕੂੜ ਦੀ ਪਾਲਿ’ ਹੈ, ਜੋ ਰੱਬ ਨੂੰ ਪਸੰਦ ਨਹੀਂ ਯਾਨੀ ‘ਕੂੜ ਦੀ ਪਾਲਿ’; ਰੱਬ ਦੇ ਹੁਕਮ ’ਚ ਨਹੀਂ ਬਣੀ। ਐਸੀ ਸੋਚ; ਆਪਣੇ ਆਪ ਨੂੰ ਸਦਾ ਰੱਬੀ ਗੁਣਾਂ ਦਾ ਧਾਰਨੀ ਤੇ ਹੋਰਾਂ ਨੂੰ ਇਨ੍ਹਾਂ ਗੁਣਾਂ ਤੋਂ ਸੱਖਣਾ ਮੰਨਦੀ ਹੈ। ਗੁਰਮਤਿ ਦੇ ਮੂਲ ਤੋਂ ਟੁੱਟਿਆ (ਅਸ਼ਰਧਕ ਸਿੱਖ); ਹੋਰਾਂ ਨੂੰ ਧਰਮ ਨਾਲ਼ ਨਹੀਂ ਜੋੜ ਸਕਦਾ ਤਾਹੀਓਂ ਸਤਿਗੁਰੂ ਜੀ ਨੇ ਬਚਨ ਕੀਤੇ ਸਨ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ’’ (ਮਹਲਾ /੩੮੧) ਭਾਵ ਪਹਿਲਾਂ ਆਪ ਗੁਰੂ ਉਪਦੇਸ਼ ਨੂੰ ਕਮਾ ਕੇ ਸਚਾਈ ਨੂੰ ਪਰਖ, ਫਿਰ ਹੋਰਾਂ ਅੰਦਰ ਧਾਰਮਿਕ ਲਗਨ ਪੈਦਾ ਕਰ। ਖ਼ੁਦ ਅੰਦਰ ਸੱਚਾ ਧਰਮੀ ਹੋਣ ਦਾ ਭਰਮ ਪਾਲ਼ ਕੇ ‘‘ਇਕ ਦੂ ਇਕੁ ਸਿਆਣਾ .. ੨੧’’ (ਜਪੁ) ਰੋਗ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ, ਜੋ ਜਨਮ-ਮਰਨ ਦਾ ਮੂਲ ਹੈ, ‘ਕੂੜ ਦੀ ਪਾਲਿ’ ਹੈ। ਆਪਣੇ ਆਪ ਨੂੰ ਰੱਬੀ ਗੁਣਾਂ ਦਾ ਧਾਰਨੀ ਸਮਝ ਬੈਠਣਾ, ਖ਼ੁਦ ਨਾਲ਼ ਧੋਖਾ ਹੈ। ਗੁਰਬਾਣੀ ਦੇ ਹਵਾਲੇ ਨਾਲ਼ ਆਪਣੇ ਅਹੰਕਾਰ (ਕੂੜ ਦੀ ਪਾਲਿ) ਨੂੰ ਸਹੀ ਠਹਿਰਾਉਣਾ ਹੈ।

ਗੁਰੂ ਨਾਨਕ ਜੀ ਦੇ ਬਚਨ ਹਨ ਕਿ ਸਰੀਰ ਇੱਕ ਕਾਗਜ਼ (ਜਲਦੀ ਨਾਸ਼ ਹੋਣ ਵਾਲ਼ਾ) ਹੈ, ਜਿਸ ’ਤੇ ਲਿਖਿਆ ਲੇਖ (ਕਾਲ਼ਾ ਹੋਇਆ ਮਨ) ਰੱਬੀ ਸੁਨੇਹਾ ਹੈ। ਨਾਸਮਝ ਬੰਦਾ ਆਪਣੇ ਲੇਖ ਨੂੰ ਨਹੀਂ ਪੜ੍ਹਦਾ। ਭਾਵੇਂ ਕਿ ਦਰਗਾਹੋਂ ਹੀ ਮਾਇਆ ਦੇ ਤਿੰਨੇ ਗੁਣ (ਰਜੋ, ਤਮੋ, ਸਤੋ) ਘੜੇ ਗਏ ਹਨ, ਤਕਦੀਰ ’ਚ ਪਾਏ ਗਏ ਹਨ ਪਰ ਮੁੜ ਉਸੇ ਦਰਗਾਹ ’ਚ ਇਨ੍ਹਾਂ ’ਚੋਂ ਇੱਕ ਗੁਣ (ਖੋਟਾ ਲੇਖ) ਕੰਮ ’ਚ ਨਹੀਂ ਆਉਂਦਾ, ਇਸ ਸਚਾਈ ਨੂੰ ਸਮਝ ‘‘ਕਾਇਆ ਕਾਗਦੁ; ਮਨੁ ਪਰਵਾਣਾ   ਸਿਰ ਕੇ ਲੇਖ ਪੜੈ; ਇਆਣਾ   ਦਰਗਹ ਘੜੀਅਹਿ ਤੀਨੇ ਲੇਖ   ਖੋਟਾ ਕਾਮਿ (’) ਆਵੈ; ਵੇਖੁ (ਮਹਲਾ /੬੬੨) ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਮਾਲਕ-ਰੱਬ ਹੀ ਆਪਣੇ ਹੁਕਮ ’ਚ ਜੀਵਾਂ ਨੂੰ ਅੰਨ੍ਹਾ ਕਰ ਜਗਤ ’ਚ ਭੇਜਦਾ ਹੈ ਓਹੀ ਮੁੜ ਸੁਜਾਖਾ ਕਰੇਗਾ। ਬੰਦੇ ! ਉਸ ਨੂੰ ਯਾਦ ਕਰ ‘‘ਸਹ ਦੇਖੇ ਬਿਨੁ ਪ੍ਰੀਤਿ ਊਪਜੈ; ਅੰਧਾ ਕਿਆ ਕਰੇਇ   ਨਾਨਕ ! ਜਿਨਿ ਅਖੀ ਲੀਤੀਆ; ਸੋਈ ਸਚਾ ਦੇਇ ’’ (ਮਹਲਾ /੮੩) ਅਰਥ : ਅਦ੍ਰਿਸ਼ ਮਾਲਕ ਨਾਲ਼ ਪੰਜ ਗਿਆਨ ਇੰਦ੍ਰਿਆਂ ਰਾਹੀਂ ਲਗਾਅ ਨਹੀਂ ਪੈਦਾ ਹੁੰਦਾ ਤੇ ਨਿਰੀ ਮਾਇਆ ’ਚ ਗ਼ਲਤਾਨ ਮਨ ਨੂੰ ਕਿਵੇਂ ਧਰਵਾਸ ਹੋਵੇ ਕਿ ਉਹ ਹੈ ਵੀ ਜਾਂ ਨਹੀਂ। ਇਹ ਅੰਨ੍ਹਾ ਮਨ ਕੀ ਕਰੇ, ਕਿਧਰ ਜਾਵੇ। ਸਚਾਈ ਇਹੀ ਹੈ ਕਿ ਜਿਸ ਮਾਲਕ ਨੇ ਰੂਹਾਨੀਅਤ ਅੱਖਾਂ ਖੋਹੀਆਂ ਹਨ, ਓਹੀ ਸੁਜਾਖਾ ਕਰ ਸਕਦਾ ਹੈ। ਸਿਰਫ਼ ਉਸ ਪ੍ਰਤੀ ਲਗਨ ਅਤੇ ਸਤਿਗੁਰੂ ਦੇ ਬਚਨ ’ਤੇ ਭਰੋਸਾ ਰੱਖਣਾ ਹੈ।

ਸਾਡੀਆਂ ਸ੍ਰੋਮਣੀ ਪੰਥਕ ਕਮੇਟੀਆਂ ਦੇ ਪ੍ਰਧਾਨ ਸਾਹਿਬ ਸਿੱਖ ਕੌਮ ਦੇ ਇਤਿਹਾਸ ਦੀ ਸੰਭਾਲ ਕਰਨ ਲਈ ਕਿੰਨੇ ਕੁ ਗੰਭੀਰ ਹਨ ?

0

ਟੈਲੀਫੋਨ ‘ਤੇ ਹੋਈਆਂ ਚਾਰੇ ਗੱਲਬਾਤਾਂ ਸੁਣ ਕੇ ਅੰਦਾਜ਼ਾ ਲਾਇਆ ਜਾ ਸਕਦੈ ਕਿ ਸਾਡੀਆਂ ਸ੍ਰੋਮਣੀ ਪੰਥਕ ਕਮੇਟੀਆਂ ਦੇ ਪ੍ਰਧਾਨ ਸਾਹਿਬਾਨ ਸਿੱਖ ਕੌਮ ਦੇ ਇਤਿਹਾਸ ਦੀ ਸੰਭਾਲ ਕਰਨ ਲਈ ਕਿੰਨੇ ਕੁ ਗੰਭੀਰ ਹਨ।

ਖ਼ਾਲਿਸਤਾਨੀ ਲਹਿਰ ਨੂੰ ਸੁਰਜੀਤ ਕਰਨ ਦਾ ਆਧਾਰ

0

ਖ਼ਾਲਿਸਤਾਨੀ ਲਹਿਰ ਨੂੰ ਸੁਰਜੀਤ ਕਰਨ ਦਾ ਆਧਾਰ

ਕਿਰਪਾਲ ਸਿੰਘ ਬਠਿੰਡਾ

ਮੌਜੂਦਾ ਦੌਰ ’ਚ ਜਦੋਂ ਵੱਡੀ ਗਿਣਤੀ ਸਿੱਖ ਨੌਜਵਾਨਾਂ ’ਚ ਪਤਿਤਪੁਣੇ ਤੇ ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ; ਸਿੱਖਾਂ ਦੀ ਵੱਡੀ ਗਿਣਤੀ ਧਰਮ ਪਰਿਵਰਤਨ ਕਰਕੇ ਈਸਾਈਅਤ ਅਤੇ ਦੇਹਧਾਰੀ ਗੁਰੂ ਡੰਮ ਡੇਰਿਆਂ ਵੱਲ ਜਾ ਰਹੀ ਹੈ, ਉਸ ਸਮੇਂ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ‘ਵਾਰਸ ਪੰਜਾਬ ਦੇ’ ਜਥੇਬੰਦੀ ਦਾ ਵਧ ਰਿਹਾ ਸ਼ੁਰੂਆਤੀ ਪ੍ਰਭਾਵ ਬਹੁਤ ਹੀ ਉਤਸ਼ਾਹ ਜਨਕ ਅਤੇ ਸਿੱਖ ਕੌਮ ਲਈ ਸ਼ੁਭ ਸੰਕੇਤ ਜਾਪਦਾ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਮੁੱਖ ਗ੍ਰੰਥੀ ਦੇ ਦੱਸਣ ਅਨੁਸਾਰ 25 ਸਤੰਬਰ 2022 ਦਿਨ ਐਤਵਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤਪਾਨ ਕਰਨ ਵਾਲਿਆਂ ਦੀ ਤਿਆਰ ਕੀਤੀ ਸੂਚੀ ’ਚ 900 ਤੋਂ ਵੱਧ ਅੰਮ੍ਰਿਤ ਅਭਿਲਾਖੀਆਂ ਦੇ ਨਾਮ ਸ਼ਾਮਲ ਹਨ। ਤਖ਼ਤ ਸਾਹਿਬ ਵਿਖੇ ਕੀਤੇ ਜਾ ਰਹੇ ਹਰ ਐਤਵਾਰ ਅਤੇ ਬੁੱਧਵਾਰ ਨੂੰ ਰੁਟੀਨ ’ਚ 200 ਤੋਂ 250 ਪ੍ਰਾਣੀ ਅੰਮ੍ਰਿਤ ਛਕਦੇ ਹਨ, ਇਸ ਲਈ ਅੰਦਾਜ਼ਨ ਭਾਈ ਅੰਮ੍ਰਿਤਪਾਲ ਸਿੰਘ ਦੇ ਸੱਦੇ ’ਤੇ ਅੰਮ੍ਰਿਤ ਛਕਣ ਵਾਲੇ ਸਿੰਘਾਂ ਦੀ ਗਿਣਤੀ 600 ਤੋਂ 700 ਦੇ ਵਿਚਕਾਰ ਹੋਵੇਗੀ। ਅੰਮ੍ਰਿਤ ਛਕਣ ਤੋਂ ਬਾਅਦ 29 ਸਤੰਬਰ ਨੂੰ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ’ਚ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਵਜੋਂ ਰਸਮੀ ਤੌਰ ’ਤੇ ਹੋਏ ਦਸਤਾਰਬੰਦੀ ਸਮਾਗਮ ’ਚ ਵੱਡੀ ਗਿਣਤੀ ਸੰਗਤਾਂ ਅਤੇ ਦੇਸ਼ ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ਦੀ ਸ਼ਮੂਲੀਅਤ ਸੰਕੇਤ ਸੀ ਕਿ ਸਿੱਖ ਧਰਮ ’ਚ ਪੁਨਰ ਜਾਗ੍ਰਤੀ ਲਹਿਰ ਦਾ ਆਗਾਜ਼ ਹੋ ਚੁੱਕਾ ਹੈ। ਚਹੁੰ ਤਰਫਾ ਨਿਰਾਸ਼ਾਜਨਕ ਸਥਿਤੀਆਂ ’ਚ ਜਦੋਂ ਵੀ ਕਦੀ ਧਾਰਮਿਕ ਜਾਗਰਿਤੀ ਜਾਂ ਰਾਜਨੀਤਕ ਤਬਦੀਲੀ ਦੀ ਲਹਿਰ ਪੈਦਾ ਹੁੰਦੀ ਹੈ ਉਸ ਸਮੇਂ ਕਈ ਮੌਕਾ ਪ੍ਰਸਤ ਲੋਕ ਆਪਣੇ ਨਿੱਜੀ ਸੁਆਰਥ ਪੂਰਾ ਕਰਨ ਲਈ ਅਜਿਹੀ ਲਹਿਰ ’ਚ ਘੁਸਪੈਠ ਕਰਨ ’ਚ ਸਫਲ ਹੋ ਜਾਂਦੇ ਹਨ; ਜਿਸ ਦੀਆਂ ਭੂਤਕਾਲ ਅਤੇ ਵਰਤਮਾਨ ਕਾਲ ਸਮੇਂ ਦੌਰਾਨ ਅਨੇਕਾਂ ਉਦਾਹਰਨਾਂ ਮਿਲੀਆਂ ਹਨ। ਸੂਝਵਾਨ ਆਗੂਆਂ ਦੀ ਦੂਰ ਦ੍ਰਿਸ਼ਟੀ ਤਾਂ ਹੀ ਸਮਝੀ ਜਾਵੇਗੀ ਜੇ ਉਹ ਭੂਤਕਾਲ ਦੇ ਇਤਿਹਾਸ ਅਤੇ ਖ਼ਾਸ ਕਰਕੇ ਆਪਣੇ ਧਾਰਮਿਕ ਗ੍ਰੰਥ ਦੀ ਸਿੱਖਿਆ ਦਾ ਡੂੰਘਾ ਅਧਿਐਨ ਕਰਕੇ ਅਜਿਹੇ ਫ਼ੈਸਲੇ ਕਰਨ ਕਿ ਆਪਣੇ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਕੀਤੇ ਸਿਧਾਂਤਾਂ ਤੋਂ ਲਹਿਰ ਨੂੰ ਕਦੀ ਵੀ ਥਿੜਕਣ ਨਾ ਦਿੱਤਾ ਜਾਵੇ।

ਦਸਤਾਰਬੰਦੀ ਸਮਾਗਮ ਦੌਰਾਨ 18 ਦੇ ਕਰੀਬ ਮਤੇ ਪਾਸ ਕੀਤੇ ਗਏ ਜਿਨ੍ਹਾਂ ਸਾਰਿਆਂ ’ਤੇ ਤਾਂ ਇੱਕ ਲੇਖ ’ਚ ਵੀਚਾਰ ਨਹੀਂ ਹੋ ਸਕਦੀ ਪਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਅੰਮ੍ਰਿਤ ਛਕਣ ਅਤੇ ਦਸਤਾਰਬੰਦੀ ਸਮਾਗਮ ਤੋਂ ਤੁਰੰਤ ਪਿੱਛੋਂ ਦਿੱਤੇ ਦੋ ਬਿਆਨਾਂ ਦੀ ਪਰਖ ਪੜਚੋਲ ਕਰਨੀ ਜ਼ਰੂਰੀ ਹੈ। ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਆਪਣਾ ਸੀਸ ਗੁਰੂ ਨੂੰ ਭੇਟ ਕਰਨ ਭਾਵ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ ਅਤੇ ਸਮੁੱਚੀ ਸਿੱਖ ਕੌਮ ਤੇ ਪੰਥਕ ਜਥੇਬੰਦੀਆਂ ਨੂੰ ਇੱਕ ਝੰਡੇ ਹੇਠ ਇਕੱਤਰ ਹੋਣ ਦੇ ਦਿੱਤੇ ਸੱਦੇ ਆਦਿ ’ਤੇ ਕਿੰਤੂ ਪ੍ਰੰਤੂ ਕਰਨ ਦੀ ਤਾਂ ਕੋਈ ਗੁੰਜਾਇਸ਼ ਨਹੀਂ, ਪਰ ਜਿਹੜੇ ਦੋ ਬਿਆਨਾਂ ’ਤੇ ਕਿੰਤੂ ਪ੍ਰੰਤੂ ਹੋ ਰਿਹਾ ਹੈ; ਇਨ੍ਹਾਂ ’ਚੋਂ ਪਹਿਲਾ ਹੈ ਈਸਾਈ ਪਾਦਰੀਆਂ/ ਪਾਸਟਰਾਂ ਨੂੰ ਪਿੰਡਾਂ ’ਚ ਵੜਨ ਤੋਂ ਰੋਕਣ ਲਈ ਡਾਂਗਾਂ ਫੜਨਾ। ਇਨ੍ਹਾਂ ਮਿਸ਼ਨਰੀ ਪ੍ਰਚਾਰਕਾਂ ’ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਇਹ ਗੁੰਮਰਾਹਕੁੰਨ ਅਖੌਤੀ ਚਮਕਾਰਾਂ ਰਾਹੀਂ ਗੁੰਮਰਾਹ ਕਰ, ਲਾਲਚ ਅਤੇ ਡਰਾ ਧਮਕਾ ਕੇ ਸਿੱਖਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਹਨ। ਦੂਸਰਾ ਹੈ ਖ਼ਾਲਸਤਾਨ ਬਣਨ ਤੱਕ ਸੰਘਰਸ਼ ਜਾਰੀ ਰੱਖਣ ਦਾ ਸੱਦਾ। ਇਨ੍ਹਾਂ ਦੋਵਾਂ ਸੱਦਿਆਂ ਸੰਬੰਧੀ ਵੱਖ ਵੱਖ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਕਈ ਇਸ ਨੂੰ ਧਾਰਮਿਕ ਅਤੇ ਰਾਜਨੀਤਕ ਜਾਗਰਤੀ ਦੱਸ ਰਹੇ ਹਨ ਅਤੇ ਕੁਝ ਇਸ ਨੂੰ ਸਰਕਾਰੀ ਏਜੰਸੀਆਂ ਰਾਹੀਂ ਭੇਜੇ ਬੰਦਿਆਂ ਦੁਆਰਾ ਦਿਵਾਏ ਗਏ ਬਚਕਾਨਾਂ ਬਿਆਨ ਦੱਸ ਰਹੇ ਹਨ, ਇਸ ਲਈ ਇਨ੍ਹਾਂ ਦੋਵਾਂ ਬਿਆਨਾਂ ਨੂੰ ਵਿਚਾਰਨਾ ਜ਼ਰੂਰੀ ਹੈ।

1. ਸਿੱਖ ਧਰਮ ਅਧਿਆਤਮਿਕਤਾ ਅਤੇ ਸਚਿਆਰਤਾ ਦੇ ਨਾਲ ਸੰਗਤ ਤੇ ਪੰਗਤ ਦੀ ਅਜਿਹੀ ਜੀਵਨ ਜਾਚ ਹੈ, ਜੋ ਬਰਾਬਰੀ ਤੇ ਭਰਾਤਰੀ ਭਾਵ ’ਤੇ ਆਧਾਰਿਤ ਹੈ। ਕੋਈ ਵੀ ਵਿਅਕਤੀ ਜਿਸ ਨੇ ਸਿੱਖ ਧਰਮ ਨੂੰ ਸਮਝ ਕੇ ਆਪਣੀ ਸਵੈ ਇੱਛਾ ਨਾਲ ਅਪਣਾਇਆ ਹੈ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਸਿਧਾਂਤ ’ਤੇ ਦ੍ਰਿੜ੍ਹ ਭਰੋਸਾ ਕਰ ਅਮਲ ਕੀਤਾ ਹੈ ਉਸ ਅੰਦਰ ਐਨੀ ਦ੍ਰਿੜ੍ਹਤਾ ਆ ਜਾਂਦੀ ਹੈ ਕਿ ਦੁਨੀਆਂ ਦਾ ਕੋਈ ਵੀ ਡਰ ਅਤੇ ਅੰਤਾਂ ਦੇ ਤਸੀਹੇ ਉਸ ਨੂੰ ਧਰਮ ਤੋਂ ਡੁਲਾ ਨਹੀਂ ਸਕਦੇ। ਮੁਗ਼ਲ ਹਕੂਮਤ ਵੱਲੋਂ ਦਿੱਤੇ ਗਏ ਅਨੇਕਾਂ ਦਿਲ ਕੰਬਾਊ ਤਸੀਹਿਆਂ ਦਾ ਜ਼ਿਕਰ ਅਸੀਂ ਹਰ ਰੋਜ ਅਰਦਾਸ ਰਾਹੀਂ ਸੁਣਦੇ ਹਾਂ ਜਿਨ੍ਹਾਂ ’ਚੋਂ ਇੱਕ ਵੀ ਮਿਸਾਲ ਐਸੀ ਨਹੀਂ ਮਿਲਦੀ ਕਿ ਹਕੂਮਤ ਵੱਲੋਂ ਦਿੱਤੇ ਲਾਲਚ ਅਤੇ ਅੱਤਿਆਰ ਨੇ ਕਿਸੇ ਸਿੱਖ ਨੂੰ ਆਪਣੇ ਧਰਮ ਤੋਂ ਡੁਲਾਇਆ ਹੋਵੇ। ਉਸ ਸਮੇਂ ਦੇ ਅਨੇਕਾਂ ਐਸੇ ਸ਼ਹੀਦ (ਸਿੰਘ/ਸਿੰਘਣੀਆਂ) ਹਨ ਜਿਨ੍ਹਾਂ ਦੇ ਨਾਂ ਵੀ ਇਤਿਹਾਸ ’ਚ ਦਰਜ ਨਹੀਂ ਹੋ ਸਕੇ ਪਰ ਇੱਕ ਵੀ ਉਦਾਹਰਣ ਨਹੀਂ ਮਿਲਦੀ ਕਿ ਕਿਸੇ ਸਿੱਖ ਨੇ ਡਰ ਜਾਂ ਲਾਲਚ ਅਧੀਨ ਧਰਮ ਬਦਲਿਆ ਹੋਵੇ। ਜਦੋਂ ਇਸ ਤਰ੍ਹਾਂ ਦੀਆਂ ਅਣਗਿਣਤ ਉਦਾਹਰਨਾਂ ਇਤਿਹਾਸ ’ਚ ਪੜ੍ਹਨ ਨੂੰ ਮਿਲਦੀਆਂ ਹੋਣ ਉਸ ਸਮੇਂ ਲਾਲਚ ਅਤੇ ਡਰਾ ਧਮਕਾ ਕੇ ਸਿੱਖਾਂ ਦਾ ਧਰਮ ਪਰਿਵਰਤਨ ਕਰਵਾਏ ਜਾਣ ਦੇ ਦੋਸ਼ ਲਾਉਣ ਤੋਂ ਪਹਿਲਾਂ ਸਾਨੂੰ ਆਪਣੀ ਪੀੜ੍ਹੀ ਥੱਲੇ ਹੱਥ ਫੇਰਨ ਦੀ ਲੋੜ ਹੈ ਕਿ ਜਿਹੜੇ ਸਿੱਖਾਂ ਤੋਂ ਮੁਗ਼ਲਾਂ ਵੱਲੋਂ ਕੀਤੇ ਅੰਤਾਂ ਦੇ ਜ਼ੁਲਮ ਅਤੇ ਕਹਿਰ ਧਰਮ ਬਦਲੀ ਨਾ ਕਰਵਾ ਸਕੇ; ਅੱਜ ਕਿਹੜੀ ਗਿਰਾਵਟ ਆ ਗਈ ਹੈ ਕਿ ਉਨ੍ਹਾਂ ਦੇ ਵਾਰਸ ਸਿੱਖ ਈਸਾਈਆਂ ਵੱਲੋਂ ਡਰਾਵੇ ਅਤੇ ਲਾਲਚ ਦਿੱਤੇ ਜਾਣ ’ਤੇ ਹਜ਼ਾਰਾਂ ਦੀ ਗਿਣਤੀ ’ਚ ਧੜਾ ਧੜ ਧਰਮ ਨੂੰ ਤਿਲਾਂਜਲੀ ਦੇ ਕੇ ਈਸਾਈ ਬਣ ਰਹੇ ਹਨ।

ਸਾਡੇ ਧਾਰਮਿਕ ਕਰਮਕਾਂਡ, ਸਮਾਜਿਕ/ਸਭਿਆਚਾਰ ਅਤੇ ਵਰਤੋਂ ਵਿਹਾਰ ਵੇਖੀਏ ਤਾਂ ਸਿੱਖਾਂ ਅਤੇ ਅਨਧਰਮੀਆਂ ’ਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ। ਮਿਸਾਲ ਦੇ ਤੌਰ ’ਤੇ :

(ੳ) ਗੁਰਬਾਣੀ ਦਾ ਸੰਦੇਸ਼ ਹੈ ‘‘ਕਹੁ ਰੇ ਪੰਡਿਤ ! ਬਾਮਨ ਕਬ ਕੇ ਹੋਏ ਬਾਮਨ ਕਹਿ ਕਹਿ ਜਨਮੁ ਮਤ ਖੋਏ ਰਹਾਉ ਜੌ ਤੂੰ ਬ੍ਰਾਹਮਣੁ; ਬ੍ਰਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀ ਆਇਆ  ?॥ (ਕਬੀਰ ਜੀਉ/੩੨੪), ਜਾਤਿ ਕਾ ਗਰਬੁ ਕਰੀਅਹੁ ਕੋਈ ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ਜਾਤਿ ਕਾ ਗਰਬੁ; ਕਰਿ ਮੂਰਖ ਗਵਾਰਾ !॥ ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ਰਹਾਉ (ਮਹਲਾ /੧੧੨੮), ਨੀਚਾ ਅੰਦਰਿ ਨੀਚ ਜਾਤਿ ; ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ !॥’’ (ਮਹਲਾ /੧੫) ਆਦਿਕ ਸਪਸ਼ਟ ਹੁਕਮਾਂ ਦੇ ਬਾਵਜੂਦ ਸਾਡੇ ਬਹੁਤੇ ਸਿੱਖ ਡੇਰਿਆਂ ’ਚ ਮੰਨੂਵਾਦੀ ਸੋਚ ਅਨੁਸਾਰ ਮੰਨੀਆਂ ਗਈਆਂ ਨੀਵੀਆਂ ਜਾਤਾਂ ਲਈ ਲੰਗਰ ’ਚ ਵੱਖਰੀਆਂ ਪੰਕਤਾਂ ਅਤੇ ਵੱਖਰੇ ਭਾਂਡੇ ਰੱਖਦੇ ਹਨ। ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਮੱਥਾ ਟੇਕਣ ਵਾਲੇ ਅਖੌਤੀ ਸਿੱਖ ਉਨ੍ਹਾਂ ਦੇ ਹੀ ਵਾਰਸਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਅਤੇ ਦੇਗ ਵਰਤਾਉਣ ਤੋਂ ਰੋਕਦੇ ਹਨ। ਹਾਲਾਤ ਇੱਥੋਂ ਤੱਕ ਨਿੱਘਰ ਚੁੱਕੇ ਹਨ ਕਿ ਸੰਨ 2013-2014 ਦੀ ਇੱਕ ਘਟਨਾ ਹੈ; ਬਠਿੰਡਾ ਨੇੜੇ ਰੂੰਮੀ ਡੇਰੇ ਨਾਲ ਸੰਬੰਧਿਤ ਪਿੰਡ ਲਹਿਰਾ ਖਾਨਾ ਦੇ ਗੁਰਦੁਆਰੇ ’ਚ (ਅਖੌਤੀ) ਮਹਾਂ ਪੁਰਖਾਂ ਦੀ ਮਰਿਆਦਾ ਦੇ ਬਹਾਨੇ ਇੱਕ ਦਲਿਤ ਲੜਕੀ ਦੇ ਅਨੰਦ ਕਾਰਜ ਕਰਨ ਤੋਂ ਨਾਹ ਕਰ ਦਿੱਤੀ। ਉਸ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੋਂ ਬਿਨਾਂ ਹੋਰ ਕਿਸੇ ਤਖ਼ਤ ਦੇ ਜਥੇਦਾਰ, ਸ੍ਰੋਮਣੀ ਕਮੇਟੀ ਮੈਂਬਰ/ਅਹੁਦੇਦਾਰ ਜਾਂ ਅਕਾਲੀ ਸਰਕਾਰ ਦੇ ਨੁਮਾਇੰਦਿਆਂ ਨੇ ਉਸ ਢੌਂਗੀ ਸਾਧ ਵਿਰੁੱਧ ਕਾਰਵਾਈ ਤਾਂ ਕੀ ਕਰਨੀ ਸੀ, ਨਿੰਦਿਆ ਤੱਕ ਨਹੀਂ ਕੀਤੀ। ਜੇ ਅਸੀਂ ਇਨ੍ਹਾਂ ਗਰੀਬ ਸਿੱਖਾਂ ਨੂੰ ਆਪਣੇ ਸਮਝਦੇ ਹੀ ਨਹੀਂ ਤਾਂ ਉਨ੍ਹਾਂ ਵੱਲੋਂ ਧਰਮ ਤਬਦੀਲੀ ’ਤੇ ਇਤਰਾਜ਼ ਕਿਉਂ ?

(ਅ)  ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ ਧੂਪੁ ਮਲਆਨਲੋ ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ’’ (ਸੋਹਿਲਾ/ ਮਹਲਾ ੧/੧੩) ਸ਼ਬਦ ਰਾਹੀਂ ਗੁਰੂ ਨਾਨਕ ਸਾਹਿਬ ਜੀ ਨੇ ਹਿੰਦੂ ਪੁਜਾਰੀਆਂ ਵੱਲੋਂ ਥਾਲ ’ਚ ਦੀਵੇ ਰੱਖ ਕੇ ਕੀਤੀ ਜਾਂਦੀ ਆਰਤੀ ਦਾ ਖੰਡਨ ਕੀਤਾ ਹੈ, ਪਰ ਅਸੀਂ ਇਸ ਸ਼ਬਦ ਤੋਂ ਸੇਧ ਲੈ ਕੇ ਮਨਮਤ ਛੱਡਣ ਦੀ ਬਜਾਇ ਦ੍ਰਿੜ੍ਹਤਾ ਨਾਲ ਅਪਣਾਅ ਰੱਖੀ ਹੈ।

(ੲ)  ‘‘ਜੀਅ ਬਧਹੁ ਸੁ ਧਰਮੁ ਕਰਿ ਥਾਪਹੁ; ਅਧਰਮੁ ਕਹਹੁ ਕਤ  ? ਭਾਈ !॥ ਆਪਸ ਕਉ ਮੁਨਿਵਰ ਕਰਿ ਥਾਪਹੁ; ਕਾ ਕਉ ਕਹਹੁ ਕਸਾਈ  ? ॥’’ (੧੧੦੩) ਬਚਨਾਂ ਰਾਹੀਂ ਭਗਤ ਕਬੀਰ ਜੀ ਨੇ ਧਰਮ ਦੇ ਨਾਂ ’ਤੇ ਜੀਵਾਂ ਦੀ ਬਲੀ ਦੇਣ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਜੀਵ ਹੱਤਿਆ ਨੂੰ ਤੁਸੀਂ ਧਰਮ ਆਖਦੇ ਹੋ ਤਾਂ ਅਧਰਮ ਕਿਸ ਨੂੰ ਆਖੋਗੇ ? ਐਸੇ ਕਰਮ ਕਰਦਿਆਂ ਆਪਣੇ ਆਪ ਨੂੰ ਤੁਸੀਂ ਵੱਡੇ ਮੁਨੀ ਵੀ ਅਖਵਾਉਂਦੇ ਹੋ ਤਾਂ ਕਸਾਈ ਕੌਣ ਹੋਇਆ ?, ਪਰ ਸਾਡੇ ਤਖ਼ਤਾਂ ’ਤੇ ਐਸਾ ਹੀ ਕਸਾਈਪਣ ਨਿੱਤ ਹੁੰਦਾ ਵੇਖਿਆ ਜਾ ਸਕਦਾ ਹੈ।

(ਸ). ਗੁਰੂ ਨਾਨਕ ਸਾਹਿਬ ਜੀ ਨੇ ਰਾਜੇ-ਮਹਾਂ ਰਾਜਿਆਂ ਅਤੇ ਧਰਮੀ ਪੁਰਖਾਂ/ਭਗਤਾਂ ਆਦਿ ਨੂੰ ਜਨਮ ਦੇਣ ਵਾਲੀ ਔਰਤ ਨੂੰ ਮੰਦਾ ਕਹਿਣਾ ਸਹੀ ਨਹੀਂ ਮੰਨਿਆ; ਜਿਵੇਂ ਕਿ ‘‘ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩), ਤੀਸਰੇ ਨਾਨਕ ਸਰੂਪ ਗੁਰੂ ਅਮਰਦਾਸ ਜੀ ਨੇ ਵੀ ਉਪਦੇਸ਼ ਦਿੱਤਾ ਕਿ ਇਸ ਜੱਗ ਵਿੱਚ ਪੁਰਖ ਕੇਵਲ ਇੱਕ ਪ੍ਰਮਾਤਮਾ ਹੀ ਹੈ, ਬਾਕੀ ਸਾਰੀਆਂ ਜੀਵ ਇਸਤਰੀਆਂ ਔਰਤਾਂ ਹਨ, ਇਸ ਲਈ ਇੱਕ ਜੀਵ ਔਰਤ; ਦੂਜੀ ਜੀਵ ਔਰਤ ਨਾਲ਼ ਵਿਤਕਰਾ ਨਾ ਕਰੇ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ’’ (ਮਹਲਾ /੫੯੨), ਗੁਰੂ ਸਾਹਿਬ ਆਪਣੇ ਆਪ ਨੂੰ ਵੀ ਕੰਤ ਪ੍ਰਮੇਸ਼ਰ ਦੀ ਇਸਤਰੀ ਮੰਨਦੇ ਹਨ ‘‘ਮੈ ਕਾਮਣਿ; ਮੇਰਾ ਕੰਤੁ ਕਰਤਾਰੁ ’’ (ਮਹਲਾ /੧੧੨੮), ਪਰ ਅੱਜ ਅਸੀਂ ਔਰਤਾਂ ਨੂੰ ਬਰਾਬਰਤਾ ਦੇਣ ਤੋਂ ਇਨਕਾਰੀ ਹਾਂ। ਜਿਸ ਸਿਧਾਂਤ  ਅਤੇ ਲਹਿਰ ਤੋਂ ਔਰਤ ਅਤੇ ਅਖੌਤੀ ਛੋਟੀ ਜਾਤ ਨੂੰ ਦੂਰ ਰੱਖਿਆ ਜਾਵੇਗਾ ਉਸ ਨੂੰ ਕਿੰਨੀ ਕੁ ਸਫਲਤਾ ਮਿਲ ਸਕਦੀ ਹੈ ?

 (ਹ)  ਸਿੱਖ ਰਹਿਤ ਮਰਿਆਦਾ ’ਚ ਦਰਜ ਹੈ ਕਿ ਜਾਣਕਾਰੀ ਪ੍ਰਾਪਤ ਕਰਨ ਲਈ ਕਿਸੇ ਵੀ ਗ੍ਰੰਥ/ ਗੈਰ ਧਰਮ ਦੀਆਂ ਪੁਸਤਕਾਂ ਪੜ੍ਹਨ ’ਚ ਕੋਈ ਹਰਜ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਕਿਸੇ ਵੀ ਗ੍ਰੰਥ ਨੂੰ ਅਸਥਾਪਨ ਨਹੀਂ ਕਰਨਾ।  6 ਕੱਤਕ ਬਿਕ੍ਰਮੀ ਸੰਮਤ 1765 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਸਿੱਖਾਂ ਨੂੰ ਹੁਕਮ ਕੀਤਾ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ’, ਪਰ ਹੈਰਾਨੀ ਹੈ ਕਿ ਉਸੇ ਸਥਾਨ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ ਉਸ ਵਿੱਚੋਂ ਬਕਾਇਦਾ ਤੌਰ ’ਤੇ ਹੁਕਮਨਾਮੇ ਲਏ ਜਾਂਦੇ ਹਨ ਅਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਸੰਤ ਬਣਾਉਂਦਾ ਹੈ ਅਤੇ ਦਸਮ ਗ੍ਰੰਥ ਸਿਪਾਹੀ, ਤਾਂ ਹੀ ਖਾਲਸਾ ਸਪੂਰਨ ਹੁੰਦਾ ਹੈ। ਕੀ ਅਜਿਹਾ ਕਹਿਣ ਵਾਲੇ ਲੋਕ ਸਿੱਧੇ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ ਨਹੀਂ ਆਖ ਰਹੇ ਕਿਉਂਕਿ ਉਨ੍ਹਾਂ ਅਨੁਸਾਰ ਸੰਪੂਰਨਤਾ ਦਸਮ ਗ੍ਰੰਥ ਤੋਂ ਬਗੈਰ ਸੰਭਵ ਨਹੀਂ! ਉਹ ਗੁਰੂ ਗ੍ਰੰਥ ਸਾਹਿਬ ਵਿਚਲੇ ਇਹ ਕ੍ਰਾਂਤੀਕਾਰੀ ਉਪਦੇਸ਼ ਭੁੱਲ ਜਾਂਦੇ ਹਨ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ; ਗਲੀ ਮੇਰੀ ਆਉ ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ; ਕਾਣਿ ਕੀਜੈ (ਮਹਲਾ /੧੪੧੨), ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’  (ਭਗਤ ਕਬੀਰ ਜੀਉ/੧੧੦੫) ਆਦਿਕ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਮਾਨ ਹੇਠ ਸਿੱਖਾਂ ਨੇ ਮੁਗ਼ਲਾਂ ਨਾਲ ਚਾਰ ਜੰਗ ਲੜੇ ਅਤੇ ਚਾਰੇ ਜਿੱਤੇ ਭੀ ਸਨ। ਉਸ ਸਮੇਂ ਦਸਮ ਗ੍ਰੰਥ ਦਾ ਤਾਂ ਕੋਈ ਵਜੂਦ ਨਹੀਂ ਸੀ ਤਾਂ ਸਿੱਖਾਂ ਨੂੰ ਸਿਪਾਹੀ ਕਿਸ ਗ੍ਰੰਥ ਨੇ ਬਣਾਇਆ ਸੀ ?

ਐਨੀਆਂ ਸਪਸ਼ਟ ਹਿਦਇਤਾਂ ਸਾਮ੍ਹਣੇ ਹੋਣ ਦੇ ਬਾਵਜੂਦ ਵੀ ਅੰਮ੍ਰਿਤਧਾਰੀ ਸਿੱਖਾਂ ’ਚੋਂ ਜਾਤ ਪਾਤ ਦਾ ਕੋਹੜ ਨਹੀਂ ਗਿਆ; ; ਇਸਤਰੀ ਰਾਗੀ ਜਥਿਆਂ ਨੂੰ ਦਰਬਾਰ ਸਾਹਿਬ ਕੀਰਤਨ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਦੀ ਇਜਾਜ਼ਤ ਨਹੀਂ, ਬਹੁਤੇ ਗੁਰਦੁਆਰਿਆਂ ਅਤੇ ਡੇਰਿਆਂ ’ਚੋਂ ਗੁਰਮਤਿ ਵਿਰੁੱਧ ਫਜ਼ੂਲ ਦੇ ਕਰਮਕਾਂਡ ਨਹੀਂ ਗਏ। ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੰਜ ਕਰ ਰਹੇ ਹਨ ਤਾਂ ਕੀ ਉਹ ਸਿੱਖ ਅਖਵਾਉਣ ਦੇ ਕਾਬਲ ਹਨ ? ਅਜਿਹੇ ਕਰਮਕਾਂਡੀ ਭਾਵੇਂ ਅੰਮ੍ਰਿਤਧਾਰੀ/ ਸ਼ਸਤਰਧਾਰੀ ਭੇਖਧਾਰੀ ਸਿੱਖ ਹੋਣ ਭਾਵੇਂ ਉਹ ਈਸਾਈ ਜਾਂ ਕਿਸੇ ਹੋਰ ਧਰਮ ਨੂੰ ਅਪਣਾਅ ਲੈਣ ਇਸ ਨਾਲ ਸਿੱਖੀ ਨੂੰ ਕੋਈ ਫਰਕ ਨਹੀਂ ਪੈਣ ਲੱਗਾ। ਜੇ ਕੇਵਲ ਗਿਣਤੀ ਦੀ ਹੀ ਗੱਲ ਹੁੰਦੀ ਤਾਂ ਪਹਾੜੀ ਰਾਜਿਆਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਵੱਖਰੇ ਬਾਟੇ ’ਚ ਅੰਮ੍ਰਿਤ ਜ਼ਰੂਰ ਛਕਾਉਂਦੇ, ਪਰ ਕਿਉਂਕਿ ਗੁਰੂ ਸਾਹਿਬਾਨ ਨੂੰ ਗਿਣਤੀ ਦੀ ਨਹੀਂ, ਗੁਣਾਂ ਦੀ ਲੋੜ ਹੈ ਇਸੇ ਕਾਰਨ ਜਾਤ ਅਭਿਮਾਨੀ ਪਹਾੜੀ ਰਾਜਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਇਨ੍ਹਾਂ ਉਦਾਹਰਨਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਚਾਹੀਦਾ ਹੈ ਕਿ ਈਸਾਈ ਜਗਤ ਨਾਲ ਸਿੱਧੇ ਟਕਰਾਉ ਤੋਂ ਬਚਨਾ ਚਾਹੀਦਾ ਹੈ ਕਿਉਂਕਿ ਘੱਟ ਗਿਣਤੀਆਂ ’ਚ ਟਕਰਾਉ ਪੈਦਾ ਕਰਨਾ; ਭਾਜਪਾ ਅਤੇ ਕੇਂਦਰ ਸਰਕਾਰ ਨੂੰ ਬਹੁਤ ਮਾਫ਼ਕ ਬੈਠਦਾ ਹੈ ਤੇ ਘੱਟ ਗਿਣਤੀਆਂ ਲਈ ਖ਼ਤਰੇ ਦੀ ਘੰਟੀ। ਸਾਨੂੰ ਚਾਹੀਦਾ ਹੈ ਕਿ ਸਮੂਹ ਗੁਰਦੁਆਰਿਆਂ ਅਤੇ ਡੇਰਿਆਂ ’ਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਗੁਰੂ ਦੀ ਸਿੱਖਿਆ ਤੋਂ ਉਲਟ ਹੋ ਰਹੇ ਬ੍ਰਾਹਮਣੀ ਕੰਮ ਅਤੇ ਕਰਮਕਾਂਡ ਬੰਦ ਕਰਵਾ ਕੇ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਬਹਾਲ ਕੀਤਾ ਜਾਵੇ।

2. ਅਕਾਲੀ ਫੂਲਾ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਅਤੇ ਬਾਅਦ ’ਚ ਗੁਰਦੁਆਰਿਆਂ ਦੀ ਸੇਵਾ-ਸੰਭਾਲ ਉਨ੍ਹਾਂ ਮਹੰਤਾਂ ਕੋਲ ਚਲੀ ਗਈ, ਜਿਨ੍ਹਾਂ ਵਿਚ ਬ੍ਰਾਹਮਣੀ ਕਰਮਕਾਂਡਾਂ ਅਤੇ ਰੀਤੀ-ਰਿਵਾਜਾਂ ਦਾ ਬੋਲਬਾਲਾ ਸੀ। ਸੰਨ 1849 ਤੋਂ 1947 ਤੱਕ ਲਗਭਗ 98 ਸਾਲ ਅੰਗਰੇਜਾਂ ਦਾ ਰਾਜ ਰਿਹਾ; ਉਨ੍ਹਾਂ ਨੇ ਵੀ ਮਹੰਤਾਂ ਨੂੰ ਸਰਪ੍ਰਸਤੀ ਦਿੱਤੀ। ਅੰਗਰੇਜ਼ੀ ਹਕੂਮਤ ਨੇ ਪੰਡਿਤ ਸ਼ਰਧਾ ਰਾਮ ਫਿਲੌਰੀ ਜਿਸ ਦੇ ਸਿੱਖ ਧਰਮ ਬਾਰੇ ਵਿਚਾਰ ਚੰਗੇ ਨਹੀਂ ਸਨ; ਨੂੰ ਸਿੱਖਾਂ ਦਾ ਇਤਿਹਾਸ ਲਿਖਣ ਦਾ ਕਾਰਜ ਸੌਂਪਿਆ। ਉਸ ਨੇ ਕਈ ਭਾਸ਼ਾਂਵਾਂ ਵਿੱਚ ਸਿੱਖ ਗੁਰੂਆਂ ਅਤੇ ਸਿੱਖ ਗ੍ਰੰਥਾਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਸਿੱਖ ਇਸ ਨੂੰ ਬਰਦਾਸ਼ਤ ਨਾ ਕਰ ਸਕੇ। ਸੰਨ 1873 ਈ: ਦੇ ਆਰੰਭ ਵਿੱਚ ਅੰਮ੍ਰਿਤਸਰ ਮਿਸ਼ਨ ਦੇ ਚਾਰ ਸਿੱਖ ਵਿਦਿਆਰਥੀ ਅਤਰ ਸਿੰਘ, ਸੰਤੋਖ ਸਿੰਘ, ਸਾਧੂ ਸਿੰਘ ਅਤੇ ਆਇਆ ਸਿੰਘ ਨੇ ਈਸਾਈ ਮੱਤ ਦੇ ਪ੍ਰਭਾਵ ਹੇਠ ਈਸਾਈ ਬਣਨ ਦੀ ਇੱਛਾ ਜ਼ਾਹਰ ਕੀਤੀ। ਵਕਤ ਸਿਰ ਪਤਾ ਲੱਗ ਜਾਣ ਕਾਰਨ ਮੁਖੀ ਸਿੱਖਾਂ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਬੜੀ ਮੁਸ਼ਕਲ ਨਾਲ ਸਮਝਾ ਬੁਝਾ ਕੇ ਈਸਾਈ ਬਣਨ ਤੋਂ ਰੋਕ ਲਿਆ। ਕੁੱਝ ਸਿੰਘਾਂ ਨੇ ਰਲ਼ ਕੇ ਪੰਡਿਤ ਜੀ ਦੇ ਨਾਸਤਕ ਪ੍ਰਚਾਰ ਅਤੇ ਗੁਰਮਤਿ ਨਿੰਦਾ ਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਸ਼ੁਰੂ ਕੀਤੇ ਤਾਂ ਪੰਡਿਤ ਹੋਰੀਂ ਮੈਦਾਨ ਛੱਡ ਕੇ ਚੱਲਦੇ ਬਣੇ। ਇਹਨਾਂ ਸੱਜਣਾਂ ਦੇ ਉੱਦਮ, ਕੰਮ ਤੇ ਪ੍ਰੇਮ ਨਾਲ ਸੰਗਤ ਦੀ ਜਾਗ ਖੁੱਲ੍ਹੀ।  1 ਅਕਤੂਬਰ 1873 ਨੂੰ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ. ਠਾਕੁਰ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਹੇਠ ਇਕੱਤਰਤਾ ਬੁਲਾਈ ਗਈ। ਵਿਚਾਰ-ਵਟਾਂਦਰੇ ਤੋਂ ਬਾਅਦ ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਕਾਇਮ ਕੀਤੀ ਗਈ, ਜਿਸ ਦੇ ਪ੍ਰਧਾਨ ਸ. ਠਾਕੁਰ ਸਿੰਘ ਸੰਧਾਵਾਲੀਆ ਅਤੇ ਗਿਆਨੀ ਗਿਆਨ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਭਾਵੇਂ ਸਿੰਘ ਸਭਾ ਲਹਿਰ ਦੀ ਸਥਾਪਨਾ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਪਰ ਲਾਹੌਰ ਤੋਂ ਪ੍ਰੋ: ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦੀ ਅਗਵਾਈ ਵਾਲੀ ਸਿੰਘ ਸਭਾ ਲਹਿਰ ਨੇ ਇਸ ਲਹਿਰ ਨੂੰ ਚੋਟੀ ’ਤੇ ਪਹੁੰਚਾਇਆ।

ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ’ਤੇ ਕਾਬਜ਼ ਪੁਜਾਰੀਆਂ ਨੇ ਦਲਿਤ ਆਖੇ ਜਾਣ ਵਾਲੇ ਸਿੱਖਾਂ ਦਾ ਕੜਾਹ ਪ੍ਰਸ਼ਾਦ ਕਬੂਲ ਕਰਨਾ ਬੰਦ ਕਰ ਦਿੱਤਾ।  20ਵੀਂ ਸਦੀ ਦੀ ਸ਼ੁਰੂਆਤ ਦੌਰਾਨ ਸਿੰਘ ਸਭਾ ਲਹਿਰ, ਅਕਾਲੀ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ। ਇਸ ਦੌਰਾਨ 10 ਤੋਂ 12 ਅਕਤੂਬਰ 1920 ਨੂੰ ਗੁਰਦੁਆਰਾ ਸੁਧਾਰ ਲਹਿਰ ਤਹਿਤ ਜਲ੍ਹਿਆਂ ਵਾਲਾ ਬਾਗ਼ ’ਚ ਕਥਿਤ ਪੱਛੜੀਆਂ ਜਾਤਾਂ ਦੇ ਸਿੱਖਾਂ ਦਾ ਇਕ ਵੱਡਾ ਇਕੱਠ ਬੁਲਾਇਆ ਗਿਆ; ਜਿਸ ਲਈ ਉਨ੍ਹਾਂ ਸਿੱਖਾਂ ਨੂੰ ਲੰਗਰ ਵਾਸਤੇ ਭਾਂਡੇ ਨਾ ਦਿੱਤੇ ਗਏ।  11 ਅਕਤੂਬਰ ਨੂੰ ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ ਕਥਿਤ ਪੱਛੜੀਆਂ ਜਾਤਾਂ ਦੇ ਸਿੱਖ ਸ੍ਰੀ ਦਰਬਾਰ ਸਾਹਿਬ ਪ੍ਰਸ਼ਾਦ ਲੈ ਕੇ ਜਾਣਗੇ। ਅਗਲੇ ਦਿਨ ਬਹੁਤ ਸਾਰੇ ਪੱਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੇ ਅੰਮ੍ਰਿਤ ਛਕਿਆ ਜੋ ਇਕੱਠੇ ਹੋ ਕੇ ਸ੍ਰੀ ਦਰਬਾਰ ਸਾਹਿਬ ਗਏ। ਉਨ੍ਹਾਂ ਦਾ ਪ੍ਰਸ਼ਾਦ ਪੁਜਾਰੀਆਂ ਨੇ ਕਬੂਲ ਨਾ ਕੀਤਾ। ਪ੍ਰੋ. ਹਰਕਿਸ਼ਨ ਸਿੰਘ ਬਾਵਾ ਨੇ ਗਲ ਵਿਚ ਪੱਲਾ ਪਾ ਕੇ ਤਿੰਨ ਵਾਰੀ ਪੁਜਾਰੀਆਂ ਨੂੰ ਅਰਜ਼ ਕੀਤੀ ਪਰ ਉਨ੍ਹਾਂ ਨੇ ਫਿਰ ਵੀ ਪ੍ਰਸ਼ਾਦ ਕਬੂਲ ਨਾ ਕੀਤਾ। ਇਸ ਦੌਰਾਨ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ’ਚ ਸੰਗਤਾਂ ਨੇ ਇਸ ਕੁਰੀਤੀ ਦੇ ਖ਼ਿਲਾਫ਼ ਮੋਰਚਾ ਲਾ ਲਿਆ। ਪੁਜਾਰੀ ਆਪਣੀ ਗੱਲ ’ਤੇ ਅੜੇ ਰਹੇ। ਅਖ਼ੀਰ ਫ਼ੈਸਲਾ ਹੋਇਆ ਕਿ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਖਵਾਕ ਲਿਆ ਜਾਵੇ। ਹੁਕਮ ਆਇਆ ‘‘ਸੋਰਠਿ :   ਦੁਤੁਕੀ ਨਿਗੁਣਿਆ ਨੋ ਆਪੇ ਬਖਸਿ ਲਏ ਭਾਈ! ਸਤਿਗੁਰ ਕੀ ਸੇਵਾ ਲਾਇ ਸਤਿਗੁਰ ਕੀ ਸੇਵਾ ਊਤਮ ਹੈ ਭਾਈ! ਰਾਮ ਨਾਮਿ ਚਿਤੁ ਲਾਇ ’’  (ਅੰਗ ੬੩੮) ਸੰਗਤਾਂ ਇਹ ਇਲਾਹੀ ਹੁਕਮ ਸੁਣ ਕੇ ਵਿਸਮਾਦ ’ਚ ਆ ਗਈਆਂ। ਅਖ਼ੀਰ ਪੁਜਾਰੀਆਂ ਨੂੰ ਕਥਿਤ ਪੱਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸ਼ਾਦ ਕਬੂਲ ਕਰਨਾ ਪਿਆ ਅਤੇ ਪ੍ਰਸ਼ਾਦ ਸਾਰੀ ਸੰਗਤ ਵਿਚ ਵਰਤਾਇਆ ਗਿਆ। ਇਸ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਦੀ ਇਕ ਪਵਿੱਤਰ ਭਾਵਨਾ ਗੁਰਦੁਆਰਿਆਂ ਅਤੇ ਸਿੱਖ ਸਮਾਜ ਅੰਦਰੋਂ ਜਾਤ-ਪਾਤ ਦੇ ਪੈਦਾ ਹੋਏ ਵਿਤਕਰੇ ਨੂੰ ਦੂਰ ਕਰਨਾ ਵੀ ਸੀ। ਅਖ਼ੀਰ ਮਹੰਤਾਂ ਨੂੰ ਗੁਰਦੁਆਰੇ ਛੱਡਣੇ ਪਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ।

ਬਦਕਿਸਮਤੀ ਨਾਲ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਦੇ ਅਹੁਦੇਦਾਰ ਸੱਤਾ ਦੀ ਭੁੱਖ ਕਾਰਨ ਸਿੱਖੀ ਦੇ ਸਭ ਸਿਧਾਂਤ ਅਤੇ ਮਰਿਆਦਾਵਾਂ ਮਿੱਟੀ ਘੱਟੇ ਰੋਲ ਰਹੇ ਹਨ। ਇਸ ਲਈ ਖ਼ਾਲਿਸਤਾਨ ਲਈ ਜੂਝ ਮਰਨ ਤੋਂ ਪਹਿਲਾਂ 19ਵੀਂ-20ਵੀਂ ਸਦੀ ਵਾਲੀ ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਮੁੜ ਸ਼ੁਰੂ ਕਰਨ ਦੀ ਲੋੜ ਹੈ ਤਾਂ ਕਿ ਸਿੱਖਾਂ ਦੇ ਕਿਰਦਾਰ ਦੀ ਨਵਉਸਾਰੀ ਕਰ 17ਵੀਂ 18ਵੀ ਸਦੀ ਦੇ ਸਿੱਖਾਂ ਦੇ ਪੱਧਰ ’ਤੇ ਲਿਜਾਇਆ ਜਾ ਸਕੇ, ਪਰ ਜੇ ਜਜ਼ਬਾਤਾਂ ਦੇ ਬੰਧਨਾਂ ’ਚ ਬੱਝੇ ਕੇਵਲ ਖ਼ਾਲਿਸਤਾਨ ਦੇ ਨਾਅਰਿਆਂ ਨਾਲ ਜਜ਼ਬਾਤੀ ਨੌਜਵਾਨਾਂ ਦੀ ਲਾਮਬੰਦੀ ਕਰਦੇ ਰਹੇ ਤਾਂ ਮਾਫ਼ ਕਰਨਾ ਇਸ ਲਹਿਰ ਦਾ ਹਾਲ ਪਿਛਲੀ ਸਦੀ ਦੇ ਅੰਤ ’ਤੇ ਚੱਲੀ ਲਹਿਰ ਵਰਗਾ ਹੋ ਸਕਦਾ ਹੈ ਜਿਹੜੀ ਸਰਕਾਰ ਵੱਲੋਂ ਕੀਤੀ ਸਖਤਾਈ ਪਿੱਛੋਂ ਫ਼ੇਲ ਹੋ ਗਈ ਤੇ ਖ਼ਾਲਿਸਤਾਨੀ ਲਹਿਰ ਦਾ ਇੱਕ ਵਰਗ ਬਾਦਲ ਦਲ, ਜਿਸ ਨੂੰ ਅੱਜ ਸਿੱਖ ਧਰਮ ਦਾ ਸਭ ਤੋਂ ਵੱਧ ਨੁਕਸਾਨ ਕਰਨ ਵਾਲਾ ਕਿਹਾ ਜਾ ਰਿਹਾ ਹੈ; ’ਚ ਸ਼ਾਮਲ ਹੋ ਕੇ ਸੱਤਾ ਦਾ ਸੁੱਖ ਭੋਗਣ ਲੱਗਾ, ਦੂਸਰਾ ਕਾਂਗਰਸ ’ਚ ਸ਼ਾਮਲ ਹੋ ਗਿਆ ਅਤੇ ਬਾਕੀ ਬਚਦਾ ਧੜਾ ਧੜ ਘੱਟ ਗਿਣਤੀ ਵਿਰੋਧੀ ਮੰਨੀ ਜਾ ਰਹੀ ਭਾਜਪਾ ’ਚ ਸ਼ਾਮਲ ਹੋ ਗਿਆ। ਸਿਤਮ ਦੀ ਗੱਲ ਤਾਂ ਇਹ ਹੈ ਕਿ ਇਹ ਖ਼ਾਲਿਸਤਾਨੀ ਭਾਵੇਂ ਕਿਸੇ ਵੀ ਰਾਜਸੀ ਪਾਰਟੀ ’ਚ ਸ਼ਾਮਲ ਹੋਏ ਹੋਣ ਉਨਾਂ ’ਚੋਂ ਕਿਸੇ ਨੇ ਵੀ ਖ਼ਾਲਿਸਤਾਨ ਦੀ ਗੱਲ ਤਾਂ ਕੀ ਕਰਨੀ ਸੀ ਕਦੀ ਸੂਬਿਆਂ ਲਈ ਵੱਧ ਅਧਿਕਾਰਾਂ ਲਈ ਅਨੰਦਪੁਰ ਮਤੇ ਦੀ ਗੱਲ ਵੀ ਕਰਨੀ ਉਚਿਤ ਨਾ ਸਮਝੀ। ਖ਼ਾਲਿਸਤਾਨੀਆਂ ਦੀ ਰਹਿੰਦ ਖੂੰਹਦ ਜਿਹੜੇ ਆਪਣਾ ਆਧਾਰ ਗੁਆ ਬੈਠੇ ਸਨ ਉਹ ਆਪਣੇ ਲਈ ਸਿਆਸੀ ਜ਼ਮੀਨ ਦੀ ਤਲਾਸ਼ ’ਚ ਮੌਜੂਦਾ ਉਠ ਰਹੀ ਖ਼ਾਲਸਤਾਨੀ ਲਹਿਰ ’ਚ ਸ਼ਾਮਲ ਹੋਣ ਲਈ ਕਾਹਲੇ ਪਏ ਹਨ। ਇਹ ਵੀ ਅਤਿਕਥਨੀ ਨਹੀਂ ਹੋਵੇਗੀ ਜੇ ਕੱਲ੍ਹ ਨੂੰ ਬਾਦਲ ਦਲ ਅਤੇ ਕਾਂਗਰਸ ’ਚ ਗਏ ਖ਼ਾਲਿਸਤਾਨੀ ਵੀ ਘਰ ਵਾਪਸੀ ਦਾ ਐਲਾਨ ਕਰਕੇ ਮੌਜੂਦਾ ਲਹਿਰ ਦੀ ਮੂਹਰਲੀ ਕਤਾਰ ’ਚ ਆ ਬੈਠਣ ਕਿਉਂਕਿ ਇਨ੍ਹਾਂ ਦਾ ਇੱਕੋ ਟੀਚਾ ਹੈ ਸੱਤਾ ਦੇ ਕੇਂਦਰ ਨਾਲ ਜੁੜਨਾ ਭਾਵੇਂ ਉਹ ਸੰਵਿਧਾਨਕ ਹੋਵੇ ਜਾਂ ਗੈਰਸੰਵਿਧਾਨਕ।

ਮਨ ’ਚ ਸੁਆਲ ਉੱਠਦਾ ਹੈ ਕਿ ਜਿਹੜੇ ਖ਼ਾਲਿਸਤਾਨੀ ਬ੍ਰਾਹਮਣਵਾਦ ਦੀ ਗੁਲਾਮੀ ਦਾ ਮਾਨਸਿਕ ਜੂਲ਼ਾ ਗਲੋਂ ਨਹੀਂ ਲਾ ਸਕਦੇ ਉਨ੍ਹਾਂ ਤੋਂ ਖ਼ਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਲੜੇ ਜਾਣ ਦੀ ਉਮੀਦ ਕਿੱਥੋਂ ਤੱਕ ਰੱਖੀ ਜਾ ਸਕਦੀ ਹੈ ? ਬ੍ਰਾਹਮਣਵਾਦ ਦੀ ਗੁਲਾਮੀ ਦਾ ਪ੍ਰਤੱਖ ਸਬੂਤ ਹੈ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ’ਚ ਸੰਗਰਾਂਦ ਜਾਂ ਇਸ ਦਾ ਸਮਅਰਥੀ ਕੋਈ ਸ਼ਬਦ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਰਾਸਾਂ ਦਾ ਕਿਧਰੇ ਜ਼ਿਕਰ ਹੈ ਜਿਨ੍ਹਾਂ ਬਾਰੇ ਪ੍ਰਚਾਰਿਆ ਜਾ ਰਿਹਾ ਹੈ ਕਿ ਜਦੋਂ ਸੂਰਜ ਇੱਕ ਰਾਸ਼ੀ ’ਚੋਂ ਨਿਕਲ ਕੇ ਦੂਸਰੀ ਰਾਸ਼ੀ ’ਚ ਪ੍ਰਵੇਸ਼ ਕਰਦਾ ਹੈ ਉਸ ਦਿਨ ਸੰਗਰਾਂਦ ਹੁੰਦੀ ਹੈ। ਇਸ ਦੇ ਬਾਵਜੂਦ ਇਹ ਬ੍ਰਾਹਮਣਵਾਦੀ ਸ਼ਾਸਤਰਾਂ ਅਨੁਸਾਰ ਪਵਿੱਤਰ ਮੰਨੀਆਂ ਗਈਆਂ ਸੰਗਰਾਂਦਾਂ ਦਾ ਖਹਿੜਾ ਛੱਡ ਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ’ਚ ਰੋੜਾ ਬਣੇ ਹੋਏ ਹਨ। ਮਿਸਾਲ ਵਜੋਂ ਬ੍ਰਾਹਮਣੀ ਨਿਯਮਾਂ ਅਨੁਸਾਰ ਦੀਵਾਲੀ ਕਦੀ ਤਾਂ ਕੱਤਕ ਵਦੀ ਚਉਦਸ ਨੂੰ ਹੁੰਦੀ ਹੈ, ਕਦੀ ਕੱਤਕ ਦੀ ਮੱਸਿਆ ਨੂੰ। ਸਿੱਖਾਂ ਨੂੰ ਇਹ ਤਾਂ ਪਤਾ ਨਹੀਂ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ’ਚੋਂ ਪਹਾੜੀ ਰਾਜਿਆਂ ਨੂੰ ਕੈਦ ’ਚੋਂ ਮੁਕਤੀ ਦਿਵਾ ਕੇ ਅੰਮ੍ਰਿਤਸਰ ਕਿਹੜੀ ਤਾਰੀਖ਼ ਨੂੰ ਪਹੁੰਚੇ ਸਨ, ਪਰ ਬੰਦੀ ਛੋੜ ਦਿਵਸ ਦੀਵਾਲੀ ਨਾਲ ਨੱਥੀ ਕਰਕੇ ਹਿੰਦੂਆਂ ਦੀ ਰੀਸ ਨਾਲ ਕਿਸੇ ਸਾਲ ਕੱਤਕ ਵਦੀ ਚਉਦਸ ਨੂੰ ਅਤੇ ਕਦੀ ਕੱਤਕ ਦੀ ਮੱਸਿਆ ਨੂੰ ਗੁਰੂ ਸਾਹਿਬ ਜੀ ਦੀ ਰਿਹਾਈ ਨਾਲ਼ ਜੋੜ ਕੇ ਦੀਵਾਲੀ ਮਨਾਉਂਦੇ ਆ ਰਹੇ ਹਨ। ਹਿੰਦੂਆਂ ਦੀ ਦੀਵਾਲੀ ਤਾਂ ਲੱਛਮੀ ਪੂਜਾ ਦੇ ਤਿਉਹਾਰ ਨਾਲ ਜੁੜੀ ਹੋਣ ਕਾਰਨ ਸ਼ਾਸਤਰਾਂ ਮੁਤਾਬਕ ਲੱਛਮੀ ਪੂਜਾ ਦੇ ਸਮੇਂ ਨੂੰ ਧਿਆਨ ’ਚ ਰੱਖ ਕੇ ਨਿਸ਼ਚਿਤ ਕੀਤੀ ਹੈ, ਪਰ ਸਿੱਖ ਤਾਂ ਕਿਸੇ ਦੇਵੀ ਦੇ ਪੂਜਕ ਨਹੀਂ। ਸਾਨੂੰ ਉਸ ਤਾਰੀਖ਼ ਨੂੰ ਬੰਦੀਛੋੜ ਦਿਵਸ ਮਨਾਉਣਾ ਚਾਹੀਦਾ ਹੈ ਜਿਹੜੀ ਇਤਿਹਾਸ ਅਤੇ ਕੈਲੰਡਰ ਵਿਗਿਆਨ ਦੀ ਕਸਵੱਟੀ ’ਤੇ ਪੂਰੀ ਉਤਰਦੀ ਹੋਵੇ। ਬ੍ਰਾਹਮਣ ਤੋਂ ਪ੍ਰਭਾਵਤ ਡੇਰਾਵਾਦੀ ਸੋਚ ਰੱਖਣ ਵਾਲ਼ੇ ਸਿੱਖ ਸੰਗਰਾਂਦਾਂ, ਦੀਵਾਲੀ ਅਤੇ ਹੋਲੀ ਨਾਲ ਜੁੜੇ ਹੋਣ ਕਾਰਨ ਗੁਰੂ ਸਾਹਿਬਾਨਾਂ ਦੇ ਅਸਲ ਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਤੱਥਾਂ ਆਧਾਰਿਤ ਕੈਲੰਡਰ ਮੁਤਾਬਕ ਮਨਾਉਣ ’ਚ ਰੋੜਾ ਬਣੇ ਹੋਏ ਹਨ; ਜੋ ਮਾਨਸਿਕ ਗੁਲਾਮੀ ਦੀ ਨਿਸ਼ਾਨੀ ਹੈ ਜਿਸ ਤੋਂ ਮੁਕਤੀ ਹੀ ਅਸਲ ਖ਼ਾਲਸਤਾਨੀ ਰਾਜ ਹੈ।

ਸਿੱਖਾਂ ਨੂੰ ਗੁਰੂ ਸਾਹਿਬਾਨ ਤੋਂ ਸੇਧ ਲੈਣੀ ਬਣਦੀ ਹੈ ਕਿਉਂਕਿ ਉਨ੍ਹਾਂ ਨੇ ਪਹਿਲੇ ਦਿਨ ਹੀ ਖਾਲਸਾ ਰਾਜ ਸਥਾਪਤ ਕਰਨ ਦੀ ਗੱਲ ਨਹੀਂ ਕੀਤੀ ਬਲਕਿ 239 ਸਾਲ ਸਿੱਖਾਂ ਦੇ ਕਿਰਦਾਰ ਦੀ ਉਸਾਰੀ ਕਰਨ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਹੇਠ ਸਰਹਿੰਦ ਫ਼ਤਹਿ ਕਰਕੇ ਖ਼ਾਲਸਾ ਰਾਜ ਸਥਾਪਤ ਕੀਤਾ ਹੈ। ਸਿਧਾਂਤਕ ਪੱਖੋਂ ਅੱਜ ਸਾਡੀ ਹਾਲਤ 1699 ਵਾਲੀ ਨਹੀਂ ਬਲਕਿ ਗੁਰੂ ਨਾਨਕ ਸਾਹਿਬ ਜੀ ਦੇ ਜਨਮ (ਸੰਨ 1469) ਤੋਂ ਪਹਿਲਾਂ ਵਾਲੀ ਬਣੀ ਪਈ ਹੈ। ਸੋ ਲੋੜ ਹੈ ਇਸ ਮਾਨਸਿਕ ਗੁਲਾਮੀ ਤੋਂ ਮੁਕਤ ਹੋਣ ਲਈ ਗੁਰਦੁਆਰਿਆਂ ’ਚ ਸਿੱਖ ਰਹਿਤ ਮਰਿਆਦਾ, ਨਾਨਕਸ਼ਾਹੀ ਕੈਲੰਡਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਪੂਰਨ ਤੌਰ ’ਤੇ ਬਹਾਲ ਕਰਨ ਦੀ; ਇਸ ਲਈ ਸਿੰਘ ਸਭਾ ਲਹਿਰ ਖੜ੍ਹੀ ਕੀਤੀ ਜਾਵੇ ਤਾਂ ਕਿ ਕੌਮ ਚੜ੍ਹਦੀ ਕਲਾ ਵਾਲ਼ਾ ਅਨੰਦ ਮਾਣੇ।

ਖ਼ਾਲਸਾ ਰਾਜ ਫੇਰ ਹੋਣਾ ਖੁਆਰ ਸਿੰਘਾ !

0

ਖ਼ਾਲਸਾ ਰਾਜ ਫੇਰ ਹੋਣਾ ਖੁਆਰ ਸਿੰਘਾ !

ਧੱਮਕ ਪੈਂਦੀ ਹੈ ਦੱਰਾ ਏ ਖੈਬਰ ਤਾਈਂ

ਤੇ ਕੰਬਦਾ ਹੈ ਕਾਬੁਲ ਕੰਧਾਰ ਸਿੰਘਾ !

ਨਾਮ ਸੁਣ ਛੱਡ ਸੂਰਮੇ ਮੈਦਾਨ ਜਾਂਦੇ

ਐਸਾ ਹਰਿ ਸਿੰਘ ਨਲੂਆ ਸਰਦਾਰ ਸਿੰਘਾ !

ਨੱਸਦੇ ਵੈਰੀ ਦੀ ਪਿੱਠ ਤੇ ਨਾ ਵਾਰ ਕਰਦਾ

ਨਿਹੱਥੇ ਤੇ ਨਾਂ ਉੱਠਦੀ ਉਹ ਦੀ ਤਲਵਾਰ ਸਿੰਘਾ !

ਚੜ੍ਹਿਆ ਸੂਰਜ ਜਿਵੇਂ ਹਨੇਰੇ ਦਾ ਨਾਸ਼ ਕਰਦਾ

ਜਰਵਾਣਿਆਂ ਦਾ ਕਰਦਾ ਇਯੋ ਸ਼ਿਕਾਰ ਸਿੰਘਾ !

ਉਸ ਦੇ ਰੋਹਬ ਤੋਂ ਵੈਰੀ ਕੰਬਦੇ ਨੇ

ਦਿੰਦਾ ਗੱਦਾਰਾਂ ਦੀ ਹਿਕ ਪਾੜ ਸਿੰਘਾ !

ਦੂਰ ਰੱਖਣਾ ਹੈ ਸ਼ਹਿਰ ਲਾਹੌਰ ਤੋਂ ਜੀ

ਡੋਗਰਿਆਂ ਨੇ ਲਿਆ ਹੈ ਧਾਰ ਸਿੰਘਾ !

ਉਸ ਦੇ ਕਛਿਰਿਆਂ ਤੋਂ ਵੀ ਖ਼ੌਫ ਖਾਂਦੇ

ਜਿਨ੍ਹਾਂ ਤੋਂ ਡਰਦਾ ਕੁਲ ਜਹਾਨ ਸਿੰਘਾ !

ਐਸੇ ਸੂਰਮੇ ਦੀ ਪਿੱਠ ’ਤੇ ਕਿਸ ਵਾਰ ਕੀਤਾ

ਇਤਿਹਾਸ ਵੀ ਨੀ ਦੱਸਦਾ ਪੁਕਾਰ ਸਿੰਘਾ !

ਮੇਰੀ ਕੌਮ ਨੂੰ ਲੋੜ ਹੈ ਨਲੂਏ ਦੀ

ਜੋ ਕਰੇ ਕੋਈ ਫ਼ੌਜ ਤਿਆਰ ਸਿੰਘਾ !

ਨਹੀਂ ਤਾਂ ਗੋਰਿਆਂ ਆ ਸਵਾਰ ਹੋਣਾ

ਖ਼ਾਲਸਾ ਰਾਜ ਫੇਰ ਹੋਣਾ ਖੁਆਰ ਸਿੰਘਾ !

ਗ਼ੁਲਾਮ

‘ੴ ਸਤਿ’ ਦੀ ਸੰਧੀ ਤੇ ਪ੍ਰਾਚੀਨ ਹੱਥ-ਲਿਖਤ ਬੀੜਾਂ ਵਿੱਚ ਮੰਗਲ ਅੰਕਿਤ ਕਰਨ ਦੀ ਵਿਧੀ

0

ਸਤਿ ਦੀ ਸੰਧੀ ਤੇ ਪ੍ਰਾਚੀਨ ਹੱਥਲਿਖਤ ਬੀੜਾਂ ਵਿੱਚ ਮੰਗਲ ਅੰਕਿਤ ਕਰਨ ਦੀ ਵਿਧੀ

ਪ੍ਰਿੰਸੀਪਲ ਹਰਿਭਜਨ ਸਿੰਘ ਦੀ ਗੁਰਬਾਣੀ ਵਿਆਖਿਆਕਾਰੀ

ਪ੍ਰਿੰਸੀਪਲ ਸਤਿਨਾਮ ਸਿੰਘ, 1186 ਸੈਕਟਰ 18 ਸੀ, ਚੰਡੀਗੜ੍ਹ-160018  98880-47979

ਦੂਜੇ ‘ਮਿਲੀਨੀਅਮ’ ਦੀ ਸੰਸਾਰ ਨੂੰ ਸਭ ਤੋਂ ਮਹਾਨ ਦੇਣ ਦਸੋਂ ਨਾਨਕ ਜੋਤ ਅਤੇ ਉਨ੍ਹਾਂ ਦਾ ਸ਼ਾਹਕਾਰ ਗੁਰੂ ਗ੍ਰੰਥ ਸਾਹਿਬ ਅਗਲੀ ਆਉਣ ਵਾਲੀ ਹਰ ਸਦੀ ਤੱਕ ਬੇਜੋੜ ਅਤੇ ਬੇਮਿਸਾਲ ਰਹੇਗਾ। ਸਿੱਖ ਸਤਿਗੁਰਾਂ ਨੂੰ ਇਸ ਮਨੁੱਖੀ ਅਲਪ ਬੁੱਧੀ ਨਾਲ ਸਮਝਣਾ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ ਰੀਤ ਨੂੰ ਰਿਦੈ ਬਸਾ ਅਤੇ ਅਮਲਾ ਕੇ ਸੰਸਾਰ ਪੰਧ ਨੂੰ ਪੂਰਾ ਕਰ, ਮੁੜ ਜੋਤੀ ਜੋਤ ਸਮਾਉਣਾ, ਮਾਤ੍ਰ ਕਤੇਬੀ ਗਿਆਨ ਨਹੀਂ। ਇਸ ਗੁਰਮਤਿ ਗਾਡੀ ਰਾਹ ਨੂੰ ਵਾਚਨ, ਵੀਚਾਰਨ ਅਤੇ ਅਪਣਾਉਣ ਦਾ ਪਹਿਲਾ ਕਰੀਨਾ ਹੈ ਪੰਜਾਂ (ਕਾਮ, ਕਰੋਧ, ਲੋਭ, ਮੋਹ, ਅਹੰਕਾਰ) ਦਾ ਤਿਆਗ ਅਤੇ ਬਿਨ ਸਿਰ; ਇਸ ਖੰਨਿਓ ਤਿੱਖੇ ਤੇ ਵਾਲੋਂ ਨਿੱਕੇ ਮਾਰਗ ਦਾ ਪਾਂਧੀ ਹੋਣਾ।  ਧੁਰੋਂ ਆਈ ਖਸਮ ਦੀ ਬਾਣੀ ਦੇ ਭੇਦਾਂ ਨੂੰ ਖੁਦ ਸਮਝ, ਦੂਜਿਆਂ ਤੇ ਖੋਲਣਾ ਹਾਰੀ-ਸਾਰੀ (ਐਰੇ-ਗੈਰੇ) ਦਾ ਕੰਮ ਨਹੀਂ, ਇਹ ਤਾਂ ਕਿਸੇ ਟਾਂਵੀ ਟਾਂਵੀ ਦੈਵੀ ਆਤਮਾ ਉੱਤੇ ਉਸ ਕਰਤੇ ਦੀ ਨਦਰ ਦਾ ਹੀ ਨਤੀਜਾ ਹੁੰਦਾ ਹੈ। ਗੁਰੂ ਮਹਾਰਾਜ ਦੇ ਸਮਕਾਲੀ ਮਹਾਨ ਗੁਰਸਿੱਖਾਂ ਨੇ ਵੀ ਇਸ ਅਥਾਹ ਸਾਗਰ ’ਚੋਂ ਹੰਸ ਬਿਰਤੀ ਅਧੀਨ ਮੋਤੀ ਹੀ ਚੁਣੇ ਸਨ। ਇਸ ਦਾ ਥਹੁ ਪਾਉਣ ਦਾ ਕਦੇ ਗੁਮਾਨ ਨਹੀਂ ਸੀ ਕੀਤਾ ਅਤੇ ਅਜੋਕੇ ਯੁੱਗ ਵਿੱਚ ਐਸਾ ਦਾਹਵਾ ਕਰਨ ਬਾਰੇ ਇੱਕ ਛਿਨ ਭਰ ਦੀ ਸੋਚ, ਮੱਤ ਹੀਣ ਢੀਠਤਾ ਤੋਂ ਵੱਧ ਕੁਝ ਵੀ ਨਹੀਂ।

ਗੁਰਬਾਣੀ ਕੀ ਆਖਦੀ ਹੈ, ਕੀ ਸਮਝਾਉਂਦੀ ਹੈ ਇਹ ਤਾਂ ਸਿਰਫ ਤੇ ਸਿਰਫ ਸਤਿਗੁਰ ਆਪ ਹੀ ਜਾਣਦੇ ਸਨ ਤੇ ਉਹੀ ਇਸ ਦੇ ਅਸਲੀ ਤੇ ਪਹਿਲੇ ਵਿਆਖਿਆਕਾਰ (ਸਹਿਜ ਪ੍ਰਣਾਲੀ) ਸਨ।  ਸਤਿਗੁਰਾਂ ਤੋਂ ਬਾਅਦ ਸਮਕਾਲੀ ਭਾਈ ਗੁਰਦਾਸ ਜੀ ਨੇ ਵਾਰਾਂ ਤੇ ਕਬਿਤਾਂ ਦੀ ਕੁੰਜੀ ਦੇ ਰੂਪ ਵਿੱਚ ਗੁਰਬਾਣੀ ਦੀ ਵਿਆਖਿਆ ਕੀਤੀ।  ਫਿਰ ਸਮੇਂ ਸਮੇਂ ਗੁਰੂ ਘਰ ਦੇ ਅਨਿੰਨ ਸ਼ਰਧਾਲੂ ਤੇ ਪਰਮ ਸੇਵਕਾਂ ਨੇ ਪਰਮਾਰਥ, ਸੰਪ੍ਰਦਾਈ, ਉਦਾਸੀ, ਨਿਰਮਲੇ ਆਦਿ ਪ੍ਰਣਾਲੀਆਂ ਦੇ ਨਾਂ ਥੱਲੇ ਗੁਰਬਾਣੀ ਦੀ ਵਿਆਖਿਆ ਕੀਤੀ। ਗੁਰਮਤ ਅਨੁਸਾਰੀ ਗੁਰਬਾਣੀ ਦੀ ਵਿਆਖਿਆ ਕਰਨਾ ਕਠਨ ਕੰਮ ਹੈ ਕਿਉਂਕਿ ਹਰ ਕੋਈ ਧਰਮ ਨੂੰ ਕਰਮਕਾਂਡ ਅਤੇ ਬਾਹਰਲੀ ਰਹੁ-ਰੀਤ ਦੇ ਰੂਪ ਵਿੱਚ ਅਪਣਾਉਣ ਦੀ ਰੁਚੀ ਰੱਖਦਾ ਹੈ।  ਧਰਮ ਦੀ ਅੰਦਰਲੀ ਸਚਾਈ ਜਾਂ ਰਹੱਸ ਤਾਂ ਬਹੁਤ ਘੱਟ ਵਿਅਕਤੀਆਂ ਨੂੰ ਸਮਝ ਗੋਚਰ ਹੁੰਦੀ ਹੈ। ਗੁਰਮਤ ਵਿਆਖਿਆ ਵਿੱਚ ਪ੍ਰਿੰਸੀਪਲ ਹਰਿਭਜਨ ਸਿੰਘ ਪ੍ਰਸਿਧ ਵਿਦਵਾਨਾਂ ਡਾ. ਬਲਬੀਰ ਸਿੰਘ, ਭਾਈ ਜੋਧ ਸਿੰਘ, ਸਰਦਾਰ ਕਪੂਰ ਸਿੰਘ ਅਤੇ ਪ੍ਰਿੰਸੀਪਲ ਸਾਹਿਬ ਸਿੰਘ ਆਦਿ ਸਿੱਖ ਬੁੱਧੀਜੀਵੀ ਵਰਗ ਦਾ ਸੁਯੋਗ ਉਤਰਾਧਿਕਾਰੀ ਸੀ।  ਵਿਸ਼ੇ ਦੀ ਬਾਰੀਕੀ ਅਰਥਾਤ ਸੂਖਮਤਾ ਅਤੇ ਵਿਵਰਨ ਵਿੱਚ ਦੂਰ ਤੱਕ ਜਾ ਕੇ ਕਿਸੇ ਜ਼ਰੂਰੀ ਸਿਧਾਂਤ ਦੀ ਭਰਪੂਰ ਵਿਆਖਿਆ ਪੇਸ਼ ਕਰਨਾ ਅਤੇ ਥਾਂ ਪਰ ਥਾਂ ਗੁਰਬਾਣੀ ਦੀਆਂ ਉਦਾਹਰਨਾਂ ਦੇ ਕੇ ਵਿਸ਼ੇ ਦੀ ਪੁਸ਼ਟੀ ਕਰਨਾ ਜਾਂ ਅਰਬੀ, ਫ਼ਾਰਸੀ, ਉਰਦੂ ਦੀਆਂ ਨਜ਼ਮਾਂ ਤਥਾ ਅੰਗਰੇਜ਼ੀ ਉਕਤੀਆਂ ਨਾਲ ਗੁਰਬਾਣੀ ਵਿਆਖਿਆ ਨੂੰ ਪ੍ਰਮਾਣਿਕ ਬਣਾਉਣਾ ਪ੍ਰਿੰਸੀਪਲ ਹਰਿਭਜਨ ਸਿੰਘ ਦੀ ਵਿਆਖਿਆ ਕਲਾ ਦੀ ਵਿਸ਼ੇਸ਼ ਪ੍ਰਾਪਤੀ ਸੀ।  

ਪ੍ਰਿੰਸੀਪਲ ਹਰਿਭਜਨ ਸਿੰਘ ਦੀ ਹਯਾਤ ਦਾ ਸਫਰ ‘ਵੈਸਾਖ ਭਲਾ ਸਾਖਾ ਵੇਸ ਕਰੇ’ 9 ਅਪ੍ਰੈਲ 1909 ਨੂੰ ਇੱਕ ਸਰਲ ਸਾਦੇ ਅਤੇ ਪਵਿੱਤਰ ਆਤਮਾ ਦੰਪਤੀ ਮਾਤਾ ਗੰਗਾ ਤੇ ਪੂਜ ਪਿਤਾ ਸਰਦਾਰ ਈਸ਼ਰ ਸਿੰਘ ਦੇ ਗ੍ਰਹਿ ਵਿਖੇ ਜ਼ਿਲਾ ਅੰਮ੍ਰਿਤਸਰ ਦੇ ਘੁੱਗ ਵਸਦੇ ਦੀਪ ਨਗਰ, ਠਰੂ ਵਿੱਚ ਆਰੰਭ ਹੋਇਆ।  7 ਕੁ ਸਾਲ ਦੇ ਹੋਏ, ਮਦਰਸੇ (ਪੇਂਡੂ ਸਕੂਲ) ਭੇਜਣ ਦੀ ਗਲ ਤੁਰੀ। ਪਰ ਸਾਂਈ ਬੁਲੇ ਸ਼ਾਹ ਦੇ ਸੂਫੀਆਨਾ ਕਲਾਮ, ‘ਜਦ ਮੈਂ ਹਰਫ਼ ਅਲਫ ਦਾ ਪੜਿਆ ਮੇਰਾ ਮਕਤਬ ਤੋਂ ਦਿਲ ਡਰਿਆ’, ਸਕੂਲ ਦੇ ਡਰ ਤੋਂ ਡੁਸਕਦਿਆਂ ਢਾਈ ਕੁ ਸਾਲ ਹੋਰ ਲੰਘ ਗਏ।  ਆਖਰ ਸਾਢੇ ਨੌਂ ਕੁ ਸਾਲ ਦੀ ਉਮਰੇ ਪਿੰਡ ਦੇ ਪ੍ਰਾਇਮਰੀ ਸਕੂਲ ਦਾਖਲ ਹੋਏ। ਬਸ ਫੇਰ ਕੀ ਸੀ ‘‘ਜਨਮ ਜਨਮ ਕਾ ਸੋਇਆ ਜਾਗੈ ॥’’ (ਮਹਲਾ ੫/੮੬੯)  ਅਨੁਸਾਰ ਚਾਰ ਜਮਾਤਾਂ ਤਿੰਨਾਂ ਸਾਲਾਂ ਵਿੱਚ ਹੀ ਪਹਿਲੇ ਨੰਬਰ ’ਤੇ ਰਹਿ ਪਾਸ ਕੀਤੀਆਂ।  ਪਿੰਡ ਦੇ ਹੀ ਸੰਤ ਦਫੇਦਾਰ ਭਗਤ ਸਿੰਘ ਦੇ ਅਸਰ ਅਧੀਨ ਗੁਰਸਿੱਖੀ ਪਿਆਰ ਜਾਗਿਆ ਤੇ ਚੌਥੀ ਕਲਾਸ ’ਚ 1921 ਦੀ ਵਿਸਾਖੀ ਪੁਰਬ ਸਮੇਂ ‘ਖੰਡੇ ਦੀ ਪਾਹੁਲ’ ਲੈ ਸਿੰਘ ਸਜੇ।  ਤੇਰਾਂ ਕੁ ਸਾਲ ਦੀ ਉਮਰ ’ਚ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਹਾਈ ਸਕੂਲ ਤਰਨਤਾਰਨ ਦਾਖਲੇ ਤੋਂ ਬਾਅਦ ਵਿਦਿਅਕ ਖੇਤਰ ਵਿੱਚ ਪਿੱਛਾ ਭਊਂ ਨਹੀਂ ਵੇਖਿਆ। ਬੀ.ਏ., ਐਸ.ਏ.ਵੀ. ਤੇ ਗਿਆਨੀ ਆਦਿ ਪੰਜਾਬ ’ਚ ਪਹਿਲੇ ਦੂਜੇ ਨੰਬਰ ’ਤੇ ਰਹਿ ਪਾਸ ਕੀਤੀਆਂ। ਸਾਗਰੀ ਸਕੂਲ ਰਾਵਲਪਿੰਡੀ ਸੈਕੰਡ ਮਾਸਟਰ, ਖਾਲਸਾ ਕਾਲਜ ਸਕੂਲ ਅੰਮ੍ਰਿਤਸਰ ਧਾਰਮਿਕ ਉਸਤਾਦ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਪ੍ਰੋਫੈਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੀਤ ਸਕੱਤਰ, ਐਡੀਸ਼ਨਲ ਸਕੱਤਰ ਤੇ ਸਕੱਤਰ ਦੀ ਵੱਡੀ ਹਾ ਹੂ ਵਾਲੀ ਚਾਕਰੀ ਤਿਆਗ 1960 ’ਚ ਧਾਰਮਿਕ ਰੁਚੀ ਅਧੀਨ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਪਦਵੀ ਨੂੰ ਤਰਜੀਹ ਦਿੱਤੀ।

ਪ੍ਰਿੰਸੀਪਲ ਹਰਿਭਜਨ ਸਿੰਘ ਨੇ ਛੋਟੀ ਉਮਰੇ ਹੀ ਪਿੰਡ ਦੇ ਵਿਰਕਤ ਸੰਤ ਦਫੇਦਾਰ ਭਗਤ ਸਿੰਘ ਅਤੇ ਪਿੰਡ ਅਮੀਂ ਸ਼ਾਹ ਖਾਲੜਾ ਦੇ ਸੰਤ ਈਸ਼ਰ ਦਾਸ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਰਦਾਈ ਵਿਆਖਿਆ ਦਾ ਗਿਆਨ ਪ੍ਰਾਪਤ ਕੀਤਾ।  ਸੰਤ ਈਸ਼ਰ ਦਾਸ ਗੁਰਬਾਣੀ ਦੀ ਇੱਕ ਇੱਕ ਤੁੱਕ ਦੇ ਪੰਜ ਸੱਤ ਅਰਥ ਕਰਦੇ ਸਨ। ਆਖਿਰ ਜਦ ਖਾਲਸਾ ਕਾਲਜ ਸਕੂਲ ਧਾਰਮਿਕ ਉਸਤਾਦ ਲੱਗੇ, ਗੁਰਬਾਣੀ ਪੜ੍ਹੀ ਤੇ ਪੜ੍ਹਾਈ, ਸਿੰਘ ਸਭਾਈ ਗੁਰਸਿਖ ਗੁਰਬਾਣੀ ਰਸੀਆ ਤੇ ਵਿਆਖਿਆਕਾਰਾਂ ਦੀ ਸੰਗਤ ਕੀਤੀ, ਤਾਂ ਸਮਝ ਪਈ ਕਿ ਗੁਰਬਾਣੀ ਕਿਸੇ ਖਾਸ ਨਿਯਮਾਵਲੀ ਅਧੀਨ ਸੰਪਾਦਨ ਕੀਤੀ ਗਈ ਹੈ।  ਪ੍ਰਿੰਸੀਪਲ ਤੇਜਾ ਸਿੰਘ, ਪ੍ਰਿੰਸੀਪਲ ਸਾਹਿਬ ਸਿੰਘ ਦੀਆਂ ਤਿਆਰ ਗੁਰਬਾਣੀ ਵਿਆਕਰਨਾਂ ਨੂੰ ਸਮਝਿਆ। ਗੁਰਬਾਣੀ ਦੀ ਹੀ ਤਾਂਘ ਖਾਲਸਾ ਸਕੂਲ ਤੋਂ ਆਪ ਨੂੰ ਸਿੱਖ ਮਿਸ਼ਨਰੀ ਕਾਲਜ ਲੈ ਆਈ। ਪਰ ਛੇਤੀ ਹੀ ਸਰਦਾਰ ਮੋਹਨ ਸਿੰਘ ਨਾਗੋਕੇ ਪ੍ਰਧਾਨ ਸ਼੍ਰੋ. ਕਮੇਟੀ ਦੀ ਪਾਰਖੂ ਨਜ਼ਰ ਦਫਤਰੀ ਕੰਮ ਵੱਲ ਖਿੱਚ ਲਿਆਈ।  ਲਗਨ ਤੇ ਮਿਹਨਤ ਨਾਲ ਸਮਾਂ ਪਾ ਕੇ ਭਾਵੇਂ ਸਕੱਤਰ ਸ਼੍ਰੋ. ਕਮੇਟੀ ਤੱਕ ਪੁੱਜ ਗਏ, ਪਰ ਮਨ ਵਿੱਚ ਗੁਰਬਾਣੀ ਪਿਆਰ ਓਵੇਂ ਹੀ ਉਬਾਲੇ ਮਾਰਦਾ ਰਿਹਾ। ਸ਼੍ਰੋ. ਕਮੇਟੀ ’ਚ ਰਹਿੰਦਿਆਂ ਗੁਰੂ ਗ੍ਰੰਥ ਜੀ ਦੀ ਸ਼ੁੱਧ ਛਪਾਈ ਤੇ ਮੰਗਲਾਂ ਦੇ ਸਰਵ ਉੱਚ ਅਸਥਾਨ ਬਾਰੇ ਸਿਰ ਧੜ ਦੀ ਬਾਜ਼ੀ ਲਗਾਉਣੋਂ ਵੀ ਗੁਰੇਜ਼ ਨਹੀਂ ਕੀਤਾ।  ਗੋਲੀ ਮਾਰ ਦੇਣ ਦੀ ਧਮਕੀ ਦੇ ਬਾਵਜੂਦ ਵੀ ਸਦਾ ਗੁਰਬਾਣੀ ’ਚ ਮੰਗਲਾਂ ਨੂੰ ਸਰਵ ਉੱਚ ਮੰਨਿਆ ਅਤੇ ਦਸ ਸਾਲ ਬੀੜ ਸਾਹਿਬਾਨ ਇਸੇ ਸਰਵ ਉੱਚ ਤਰਤੀਬ ਨਾਲ ਛਪਵਾਈਆਂ।

ਮੰਗਲਾਚਰਣ ਤਥਾ ਮੂਲ ਮੰਤਰ

ਪ੍ਰਿੰਸੀਪਲ ਹਰਿਭਜਨ ਸਿੰਘ ਅਨੁਸਾਰ ਮੰਗਲਾਚਰਨ ਤਥਾ ਮੂਲ ਮੰਤਰ ਸਰਵ ਉੱਚ ਹੈ ਤੇ ਸਭ ਤੋਂ ਪਹਿਲਾਂ ਹੈ। ਆਪ ਦਾ ਮੰਨਣਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ, ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿੱਚ ਬੱਝਵੀਂ ਤਰਤੀਬ ਅਨੁਸਾਰ ਹਰ ਥਾਂ, ਗੁਰੂ ਨਾਨਕ ਜੀ ਦੀ ਬਾਣੀ ਨੂੰ ਪਹਿਲ ਦਿੱਤੀ ਹੈ ਅਤੇ ਸਮੇਂ ਦੇ ਰਿਵਾਜ ਤੇ ਸ੍ਰੇਸ਼ਟਤਾ ਨੂੰ ਮੁੱਖ ਰੱਖ ਕੇ, ਮੰਗਲਾਚਰਣ ਤਥਾ ਮੂਲ ਮੰਤਰ ਨੂੰ ਸਭ ਤੋਂ ਪਹਿਲਾਂ ਆਦਿ ਵਿੱਚ ਸੁਸ਼ੋਭਿਤ ਕੀਤਾ ਹੈ, ਜਿਸ ਤੋਂ ਲਿਖਾਰੀ (ਗੁਰਦੇਵ ਜੀ) ਦੇ ਪੂਜਯ ਇਸ਼ਟ ਦੀ ਲੱਖਤਾ ਹੁੰਦੀ ਹੈ। ਆਪ ਜੀ ਦਾ ਵੀਚਾਰ ਹੈ ਕਿ ਆਦਿ ਸਤਿਗੁਰੂ ਜੀ ਨੇ ਆਪਣੀ ਸਿਧਾਂਤਕ ਸੇਧ ਤਾਂ ਇਸ ਮਹਾਨ-ਭਾਵੀ ਅਤੇ ਅਦੁੱਤੀ ਮੰਗਲਾਚਰਣ ਵਿੱਚ ਹੀ ਬਖਸ਼ ਦਿੱਤੀ ਹੈ, ਜਿਸ ਦੀ ਵਿਆਖਿਆ ਹੈ ‘ਜਪੁ ਜੀ’ ਅਤੇ ‘ਜਪੁ ਜੀ’ ਦੀ ਵਿਆਖਿਆ ਹੈ ‘ਗੁਰੂ ਗ੍ਰੰਥ ਸਾਹਿਬ’।

ਧਰਮ-ਗ੍ਰੰਥ ਅਥਵਾ ਹੋਰ ਰਚਨਾਵਾਂ ਦੇ ਆਰੰਭ ਵਿੱਚ ਸਵੈ ਇਸ਼ਟ ਦੇਵ ਦੀ ਆਰਾਧਨਾ ਵਜੋਂ ਮੰਗਲ, ਮੰਗਲਚਾਰ, ਮੰਗਲਾਚਾਰ, ਮੰਗਲਾਚਰਣ ਲਿਖਣ ਦਾ ਰਿਵਾਜ ਬੜਾ ਪੁਰਾਣਾ ਰਿਹਾ ਹੈ। ਵੇਦਾਂ ਤੇ ਉਪਨਿਸ਼ਦਾਂ ਵਿੱਚ ਇਸ ਦੀ ਵਰਤੋਂ ਓਮ ਮੰਗਲ ਕਰਕੇ ਕੀਤੀ ਗਈ ਹੈ ਤੇ ਕੁਰਾਨ ਸ਼ਰੀਫ ਵਿੱਚ ਬਿੱਸਮਿੱਲਾ ਹਿਰਹਮਾਨੁੱਰਹੀਮ ਕਰ ਕੇ।

ਪ੍ਰਿੰਸੀਪਲ ਹਰਿਭਜਨ ਸਿੰਘ ਨੇ ਮੰਗਲਾਚਰਣ ਦੇ ਤਿੰਨ ਭੇਦ ਮੰਨੇ ਹਨ :

1 . ਵਸਤੂ ਨਿਰਦੇਸ਼ਾਤਮਿਕ : ਗ੍ਰੰਥ ਵਿੱਚ ਜਿਸ ਦਾ ਜ਼ਿਕਰ ਕਰਨਾ ਹੈ, ਉਸ ਦੇ ਹੀ ਗੁਣ, ਮਹਿਮਾ, ਲੱਛਣ, ਬੋਧ ਕਰਾਉਣ ਵਾਲਾ ਮੰਗਲ, ਜੈਸੇ ‘‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥’’, ਆਦਿ ।

  1. ਅਸ਼ੀਰਵਾਦਾਤਮਿਕ : ਜਿਸ ਤੋਂ ਕਲਿਆਣ ਦੀ ਕਾਮਨਾ ਕੀਤੀ ਜਾਵੈ, ਜੈਸੇ-‘ਵਾਹਿਗੁਰੂ ਜੀ ਕੀ ਫਤਹਿ॥’ ਜਾਂ ‘ਜੈ ਤੇਗੰ, ਸ੍ਰੀ ਜੈ ਤੇਗੰ ॥’
  2. ਨਮਸਕਾਰਾਤਮਿਕ : ਜਿਸ ਵਿਚ ਪਰਣਾਮ ਕੀਤਾ ਜਾਵੇ, ਜੈਸੇ – ‘ਨਮਸਕਾਰ ਗੁਰਦੇਵ ਕੋ ……….’

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਧੇਰੇ ਕਰ ਕੇ ਵਸਤੂ ਨਿਰਦੇਸ਼ਾਤਮਿਕ ਮੰਗਲ ਦੀ ਵਰਤੋਂ ਹੋਈ ਹੈ। ਪਾਠ ਕਰਨ ਵਾਲੇ ਸੱਜਣ ਜਾਣਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਜੀ ਵਿੱਚ ਜਦ ਕੋਈ ਨਵਾਂ ਰਾਗ ਅਰੰਭ ਹੁੰਦਾ ਹੈ, ਜਾਂ ਕਿਸੇ ਗੁਰੂ, ਭਗਤ, ਵਿਅਕਤੀ, ਸ਼ਬਦਾਂ ਦੇ ਸੰਗ੍ਰਹਿ (set), ਅਸਟਪਦੀਆਂ ਤੇ ਘਰ ਆਦਿ ਦੀ ਤਬਦੀਲੀ ਹੁੰਦੀ ਹੈ, ਤਾਂ ਆਮ ਕਰਕੇ ਸੰਪੂਰਨ ਜਾਂ ਸੰਖੇਪ ਮੰਗਲ ਦੀ ਵਰਤੋਂ ਕੀਤੀ ਗਈ ਹੈ।

ਪ੍ਰਿੰਸੀਪਲ ਹਰਿਭਜਨ ਸਿੰਘ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਕੁਲ ਮੰਗਲਾਂ ਦੀ ਗਿਣਤੀ 568 ਹੈ ਅਤੇ ਇਹ ਇਹਨਾਂ ਪੰਜਾਂ ਰੂਪਾਂ ਵਿਚ ਸੁਸ਼ੋਭਿਤ ਹਨ : –

(1). ਸੰਪੂਰਨ ਮੰਗਲ : ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (33 ਵਾਰ)

(2). ਸੰਖੇਪ ਮੰਗਲ  :   ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥      (9 ਵਾਰ)

(3). ਸੰਖੇਪ ਮੰਗਲ  :      ੴ ਸਤਿ ਨਾਮੁ ਗੁਰ ਪ੍ਰਸਾਦਿ॥  (2 ਵਾਰ)

(4). ਸੰਖੇਪ ਮੰਗਲ  :      ੴ ਸਤਿ ਗੁਰ ਪ੍ਰਸਾਦਿ ॥  (522 ਵਾਰ)

(5). ਅਤਿ ਸੰਖੇਪ ਮੰਗਲ :  ੴ  (ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ‘‘ਪੜਿ ਪੁਸਤਕ ਸੰਧਿਆ…’’ ਸਲੋਕ ਉਪਰੰਤ ਅਤੇ ਰਾਗ ਸੋਰਠਿ ਬਾਣੀ ਭਗਤ ਨਾਮਦੇਵ ਜੀ ਕੀ (ਪੰਨਾ ੬੫੬)  ‘‘ਜਬ ਦੇਖਾ ਤਬ ਗਾਵਾ’’ ਤੋਂ ਪਹਿਲਾਂ ‘‘ੴ ਸਤਿ ਗੁਰ ਪ੍ਰਸਾਦਿ॥’’ ਮੰਗਲ ਦੀ ਥਾਂ ਕੇਵਲ ‘ੴ’ ਰੂਪ ਮੰਗਲ ਹੀ ਮਿਲਦਾ ਹੈ)  (2 ਵਾਰ)                                         ਕੁਲ ਜੋੜ   :   568 ਵੇਰ

ਪ੍ਰਾਚੀਨ ਹੱਥਲਿਖਤ ਬੀੜਾਂ ਵਿੱਚ ਮੰਗਲ ਅੰਕਿਤ ਕਰਨ ਦੀ ਵਿਧੀ

ਪਹਿਲੀ ਵਿਧੀ : ਪ੍ਰਿੰਸੀਪਲ ਹਰਿਭਜਨ ਸਿੰਘ ਨੇ ਸ੍ਰੀ ਕਰਤਾਪੁਰ ਸਾਹਿਬ ਵਾਲੀ ‘ਆਦਿ ਬੀੜ’ ਅਤੇ ਉਸੇ ਸ਼ੈਲੀ ਤੇ ਸਮੇਂ ਦੀਆਂ ਹੋਰ ਅਨੇਕਾਂ ਲਿਖਤੀ ਬੀੜਾਂ ਦੇ ਖੁਦ ਦਰਸ਼ਨ ਕੀਤੇ ਤੇ ਸਪਸ਼ਟ ਧਾਰਨਾ ਬਣਾਈ ਕਿ ਪੁਰਾਤਨ ਬੀੜਾਂ ਵਿੱਚ ਮੰਗਲ ਸਪਸ਼ਟ ਤੌਰ ’ਤੇ ਰਾਗ ਤੋਂ ਪਹਿਲਾਂ ਹਨ ਜਾਂ ਸੱਜੇ ਪਾਸੇ ਨੂੰ ਸ੍ਰੇਸ਼ਟ ਸਮਝ ਦਿਆਂ ਹੋਇਆਂ, ਅੱਧ ਤੋਂ ਸੱਜੇ ਪਾਸੇ ਅੰਕਿਤ ਹਨ ਅਤੇ ਰਾਗਾਂ ਦੇ ਸਿਰਲੇਖ ਖੱਬੇ ਪਾਸੇ। (ਇੱਕ ਲਾਈਨ ਦੀ ਜਗ੍ਹਾ ਬਚਾਉਣ ਹਿਤ) ਸੰਪੂਰਨ ਮੰਗਲ ਦੋ-ਦੋ, ਤਿੰਨ-ਤਿੰਨ ਪਾਲਾਂ ਵਿੱਚ ਹੁੰਦੇ ਹੋਏ ਵੀ ਸੱਜੇ ਪਾਸੇ ਹੀ ਦਿੱਤੇ ਗਏ ਹਨ। ਇਹ ਮੰਗਲ ਸੱਜੇ ਪਾਸੇ, ਕਦੀ ਰਾਗ ਦੇ ਸਿਰਲੇਖ ਨਾਲੋਂ ਉਚੇਰੇ ਹਨ ਤੇ ਕਦੀ ਬਰਾਬਰ; ਹੇਠਾਂ ਕਰਕੇ ਕਦੇ ਵੀ ਨਹੀਂ; ਜਿਹਾ ਕਿ ਖੱਬੇ ਪਾਸੇ ਲਿਖੇ ਸਿਰਲੇਖ ਨਾਲੋਂ, ਇਕ, ਦੋ ਜਾਂ ਤਿੰਨਾਂ ਪਾਲਾਂ ਵਿੱਚ ਸੱਜੇ ਪਾਸੇ ਲਿਖੇ ਮੰਗਲ ਦੇ ਨਮੂਨੇ :

  1. ੴ ਸਤਿਗੁਰਪ੍ਰਸਾਦਿ॥
  2. ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ

ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥

  1. ੴਸਤਿਨਾਮੁਕਰਤਾਪੁਰਖਨਿਰਭਉਨਿ

ਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ॥

ਰਾਗ ਦੇ ਸਿਰਲੇਖ ਨਾਲੋਂ ਸੱਜੇ ਪਾਸੇ ਸਪਸ਼ਟ ਉਚੇਰੇ ਮੰਗਲ ਦੀ ਇੱਕ ਉਦਾਹਰਨ :-

                                                        ੴਸਤਿਨਾਮੁਕਰਤਾਪੁਰਖਨਿਰਭਉ

                                                           ਨਿਰਵੈਰੁਅਕਾਲਮੂਰਤਿਅਜੂਨੀ

           ਰਾਗਬਿਹਾਗੜਾਚਉਪਦੇਮਹਲਾ੫ਘਰ੨॥      ਸੈਭੰਗੁਰਪ੍ਰਸਾਦਿ॥

ਇਹ ਚਾਰੇ ਮੰਗਲ ਸ੍ਰੀ ਕਰਤਾਰ ਪੁਰ ਸਾਹਿਬ ਵਾਲੀ ਆਦਿ ਬੀੜ ਜੀ ਤੋਂ ਲਏ ਗਏ ਹਨ।

ਜਿਹੜੇ ਸੱਜਣ, ਬਗੈਰ ਪ੍ਰਾਚੀਨ ਲਿਖਣਸ਼ੈਲੀ ਨੂੰ ਸਮਝੇ, ਇਹ ਹੱਠ ਕਰਦੇ ਹਨ ਕਿ ਜਿਵੇਂ ਲਿਖਿਆ ਹੈ, ਤਿਵੇਂ ਹੀ ਖੱਬੇ ਤੋਂ ਸੱਜੇ ਪੜ੍ਹੀ ਜਾਣਾ ਚਾਹੀਦਾ ਹੈ, ਉਹ ਵਾਚਣ ਕਿ ਸ੍ਰੀ ਕਰਤਾਪੁਰ ਸਾਹਿਬ ਵਾਲੀ ਪਾਵਨ ਬੀੜ ਵਿਚੋਂ, ਹੇਠਾਂ ਇੱਕ ਹੋਰ ਉਦਾਹਰਨ-

  1. ਰਾਗ ਗਉੜੀ ਅਸਟਪਦੀਆ     ੴਸਤਿਗੁਰ ਪ੍ਰਸਾਦਿ॥

                                 ਮਹਲਾ੧ਗਉੜੀ ਗੁਆਰੇਰੀ॥

ਵਿਚਾਰ : ਜੇ ਦਰਸ਼ਨ ਦੇ ਰਹੇ ਰੂਪ ਨੂੰ ਬਿਨਾਂ ਸਮਝੇ; ਲਿਖੇ ਮੂਜਬ, ਇੰਨ ਬਿੰਨ ਹੀ ਪੜ੍ਹਨਾ ਹੋਵੇ ਤਾਂ ਗੁਰਮੁਖੀ ਖੱਬੇ ਪਾਸਿਓਂ ਲਿਖੀਦੀ ਮੰਨ ਕੇ ਨੰਬਰ 4 ਤੇ 5 ਸਿਰਲੇਖਾਂ ਤੇ ਮੰਗਲਾਂ ਨੂੰ ਇਉਂ ਪੜ੍ਹਿਆ ਤੇ ਲਿਖਿਆ ਜਾਵੇਗਾ : –

ੴਸਤਿਨਾਮੁਕਰਤਾਪੁਰਖਨਿਰਭਉਨਿਰਵੈਰੁਅਕਾਲਮੂਰਤਿਅਜੂਨੀਰਾਗਬਿਹਾਗੜਾਚਉਪਦੇਮਹਲਾ੫ਘਰ੨॥ਸੈਭੰਗੁਰਪ੍ਰਸਾਦਿ॥

     ਅਤੇ

     ਰਾਗਗਉੜੀਅਸਟਪਦੀਆੴ ਸਤਿਗੁਰਪ੍ਰਸਾਦਿ॥ਮਹਲਾ੧ਗਉੜੀ ਗੁਆਰੇਰੀ॥

ਪ੍ਰੰਤੂ, ਐਸਾ ਨਾ ਹੀ ਕੋਈ ਛਾਪਦਾ ਹੈ, ਨ ਹੀ ਪੜ੍ਹਦਾ ਹੈ, ਨ ਹੀ ਪੜ੍ਹਨਾ ਉਚਿਤ ਹੈ। ਗੁਰਬਾਣੀ ਵਿੱਚ ਕਿਸੇ ਸ਼ਬਦ, ਤੁਕ ਅਥਵਾ ਵਾਕ ਦੀ ਸਮਾਪਤੀ ’ਚ ਦੋ ਡੰਡੀਆਂ (॥) ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।

ਦੇਖੋ ਉਕਤ ਨੰਬਰ 4 ਵਿੱਚ ਖੱਬੇ ਪਾਸੇ ਰਾਗ ਦੇ ਉਲੇਖ ‘ਰਾਗਬਿਹਾਗੜਾਚਉਪਦੇਮਹਲਾ੫ਘਰ੨॥’ ਦੇ ਅਖ਼ੀਰ ’ਚ ਅੰਕ ੨ ਉਪਰੰਤ ਦੋ ਡੰਡੀਆਂ ਹਨ ਅਤੇ ਫਿਰ ਮੰਗਲ ਦੇ ਰੂਪ ’ਚ ਸੱਜੇ ਪਾਸੇ ‘ਨਿਰਵੈਰੁਅਕਾਲਮੂਰਤਿਅਜੂਨੀ’ ਦੇ ਬਿਲਕੁਲ ਹੇਠਾਂ ਦਰਜ ‘ਸੈਭੰਗੁਰਪ੍ਰਸਾਦਿ॥’ ਦੇ ਅੰਤ ’ਚ ਵੀ ਦੋ ਡੰਡੀਆਂ ਹਨ, ਜੋ ਉਸ ਮੰਗਲ ਦੀ ਸਮਾਪਤੀ ਦਾ ਪ੍ਰਤੀਕ ਹੈ ਜਿਹੜਾ ਕਿ ‘ੴ’ ਤੋਂ ਸ਼ੁਰੂ ਹੋਇਆ ਹੈ ਤੇ ਇਸ ਦੀ ਸਮਾਪਤੀ ਤੋਂ ਪਹਿਲਾਂ ਭਾਵ ਅਗਰ ਲਿਖੇ ਮੁਤਾਬਕ ਖੱਬੇ ਤੋਂ ਸੱਜੇ ਪੜ੍ਹੀਏ ਤਾਂ ਵਿਚਕਾਰ ਖੱਬੇ ਪਾਸੇ ‘ਰਾਗਬਿਹਾਗੜਾਚਉਪਦੇਮਹਲਾ੫ਘਰ੨॥’ ਆ ਗਿਆ।

ਇਸੇ ਤਰ੍ਹਾਂ ਨੰਬਰ 5 ਵਿੱਚ ਖੱਬੇ ਪਾਸੇ ਦਰਜ ‘ਰਾਗ ਗਉੜੀ ਅਸਟਪਦੀਆ’ ਤੋਂ ਬਾਅਦ ਦੋ ਡੰਡੀਆਂ ਨਹੀਂ ਹਨ ਕਿਉਂਕਿ ਵਾਕ ਅੱਗੇ ਚੱਲ ਰਿਹਾ ਹੈ, ਪਰ ਇਸ ਦੇ ਹੇਠਾਂ (ਖੱਬੇ ਪਾਸੇ) ਹੀ ‘ਮਹਲਾ੧ਗਉੜੀ ਗੁਆਰੇਰੀ॥’ ਤੋਂ ਬਾਅਦ ਦੋ ਡੰਡੀਆਂ ਹਨ ਜਦ ਕਿ ਇਨ੍ਹਾਂ ਦੋਵੇਂ (ਖੱਬੇ ਉੱਪਰ ਤੇ ਖੱਬੇ ਹੇਠਾਂ) ਸਿਰਲੇਖ ਤੁਕਾਂ ਦੇ ਵਿਚਕਾਰ ਸੱਜੇ ਪਾਸੇ ਸੰਖੇਪ ਰੂਪ ’ਚ ਮੰਗਲ ਵਜੋਂ ‘ੴਸਤਿਗੁਰ ਪ੍ਰਸਾਦਿ॥’ ਦਰਜ ਹੈ, ਜਿਸ ਉਪਰੰਤ ਵੀ ਦੋ ਡੰਡੀਆਂ ਹਨ। ਇਸੇ ਲਿਖਤ ਨਿਯਮ ਮੁਤਾਬਕ ਸੁਖਮਨੀ ਸਾਹਿਬ ਦਾ ਸਿਰਲੇਖ ਅਤੇ ਮੰਗਲ, ਜੋ ਬਾਜ਼ਾਰ ਵਿੱਚ ਪ੍ਰਾਪਤ ਛਪੀਆਂ ਬੀੜਾਂ, ਪੋਥੀਆਂ ਤੇ ਗੁਟਕਿਆਂ ਵਿੱਚ ਮਿਲਦਾ ਹੈ :

ਗਉੜੀ ਸੁਖਮਨੀ ਮਹਲਾ ੫

ਸਲੋਕ

ੴ ਸਤਿਗੁਰ ਪ੍ਰਸਾਦਿ

ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ ॥….

ਉਕਤ ਲਿਖਤ ’ਤੇ ਧਿਆਨ ਦਿੰਦਿਆਂ ਜਾਪਦਾ ਹੈ ਕਿ ਇਹ ਤਰਤੀਬ ਮੂਲੋਂ ਹੀ ਗੁਰਬਾਣੀ ਲਿਖਤ ਦੇ ਮਕਸਦ ਅਨੁਕੂਲ ਨਹੀਂ ਕਿਉਂਕਿ ਸਿਰਲੇਖ ਵਜੋਂ ਦਰਜ ‘ਸਲੋਕ’ ਸ਼ਬਦ ਉਪਰੰਤ ‘ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ ॥’ ਆਉਣਾ ਚਾਹੀਦਾ ਸੀ, ਨਾ ਕਿ ‘‘ੴ ਸਤਿਗੁਰ ਪ੍ਰਸਾਦਿ’’;  ‘ੴ ਸਤਿਗੁਰ ਪ੍ਰਸਾਦਿ’ ਸਲੋਕ ਨਹੀਂ, ਸਗੋਂ ਮੰਗਲ ਜਾਂ ਸੰਖੇਪ ਮੂਲ-ਮੰਤ੍ਰ ਹੈ। ਇਹ ਗ਼ਲਤੀ ਸ੍ਰੀ ਕਰਤਾਪੁਰ ਸਾਹਿਬ ਵਾਲੀ ਬੀੜ ਸਮੇਤ ਹੋਰ ਪੁਰਾਤਨ ਹੱਥ ਲਿਖਤੀ ਬੀੜਾਂ ਦੇ ਲਿਖਣ ਨਿਯਮ ਨੂੰ ਨਾ ਸਮਝਦਿਆਂ ਹੋਈ ਹੈ, ਜਿੱਥੇ ਇਉਂ ਬਣਤਰ ਦਰਜ ਹੈ:                              

      ਗਉੜੀ ਸੁਖਮਨੀ ਮਹਲਾ ੫ ਸਲੋਕ       ੴ ਸਤਿਗੁਰ ਪ੍ਰਸਾਦਿ

                        ਆਦਿ ਗੁਰਏਨਮਹ॥ ਜੁਗਾਦਿਗੁਰਏਨਮਹ ॥

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਲਿਖਾਰੀ ਭਾਈ ਹਰਦਾਸ ਜੀ ਦੁਆਰਾ ਸੰਮਤ ੧੭੩੨ (ਸੰਨ 1675) ਤੋਂ ਸੰਮਤ ੧੭੬੬ (ਸੰਨ 1708) ਦੌਰਾਨ ਲਿਖੀ ਗਈ ਬੀੜ ਭਾਵ ਗੁਰੂ ਜੀ ਦੀ ਮੌਜੂਦਗੀ ’ਚ ਤਿਆਰ ਕੀਤੀ ਗਈ ਬੀੜ ਵਿੱਚ ਇਹੀ ਮੰਗਲ ਇਸ ਪ੍ਰਕਾਰ ਦਰਜ ਹੈ :

ੴ ਸਤਿਗੁਰਪ੍ਰਸਾਦਿ

ਗਉੜੀਸੁਖਮਨੀਮਹਲਾ੫ਸਲੋਕ

ਆਦਿਗੁਰਏਨਮਹ॥ਜੁਗਾਦਿਗੁਰਏਨਮਹ ॥….

ਜੇ ‘ੴ ਸਤਿਗੁਰ ਪ੍ਰਸਾਦਿ’ ਸਮੇਤ ਤਮਾਮ ਮੰਗਲਾਂ ਨੂੰ, ਪ੍ਰਾਚੀਨ ਲਿਖਣ-ਸ਼ੈਲੀ ਵਾਂਗ ਛਾਪਣ ਵੇਲੇ ਪਹਿਲ ਦਿੱਤੀ ਜਾਂਦੀ ਤਾਂ ਜਾਣੇ-ਅਣਜਾਣੇ ਗੁਰੂ ਆਸ਼ੇ ਦੀ ਇਹ ਅਵੱਗਿਆ ਨ ਹੁੰਦੀ।

ਦੂਜੀ ਵਿਧੀ : ਜਦ ਪਾਵਨ ਬੀੜਾਂ ਲਿਖਣ ਦਾ ਕੰਮ ਸੂਝਵਾਨ ਪ੍ਰੇਮੀ ਗੁਰਸਿੱਖਾਂ ਦੇ ਨਾਲ ਨਾਲ ਕਿੱਤਾਕਾਰ (Professional) ਲਿਖਾਰੀਆਂ ਦੇ ਹੱਥ ਵੀ ਆ ਗਿਆ ਤਾਂ ਉਹਨਾਂ ਰਾਗਾਂ ਦੇ ਸਿਰਲੇਖਾਂ ਦੀ ਸੱਜੇ/ਖੱਬੇ ਦੀ ਤਰਤੀਬ ਨੂੰ ਸਹੀ ਤੌਰ ਉੱਤੇ ਨਾ ਸਮਝਦਿਆਂ ਹੋਇਆਂ, ਜਿਵੇਂ ਲਿਖਿਆ ਦਿੱਸਦਾ ਸੀ, ਤਿਵੇਂ ਉਘੱੜ-ਦੁੱਘੜ (ਹੱਥ ਲਿਖਤਾਂ ’ਚ) ਲਿਖ ਮਾਰਿਆ।  ਐਸੀ ਕਿਸੇ ਹੱਥ ਲਿਖਤ ਬੀੜ ਤੋਂ ਹੀ, ਪਹਿਲਾਂ ਨਵਲ-ਕਿਸ਼ੋਰ ਪ੍ਰੈਸ ਲਖਨਊ ਦੇ ਪੱਥਰ ਦੇ ਛਾਪੇ ਵਿੱਚ ਬੀੜ ਛਪੀ ਅਤੇ ਫੇਰ ਉਸ ਤੋਂ ਹੀ ਲਾਹੌਰ ਵਾਲੇ ਰਾਏ ਸਾਹਿਬ ਮੁਨਸ਼ੀ ਗੁਲਾਬ ਸਿੰਘ ਆਦਿ ਨੇ ਬੀੜਾਂ ਛਾਪ ਕੇ ਪੰਥ ਵਿੱਚ ਅਜੋਕਾ ਢੰਗ ਪ੍ਰਚਲਿਤ ਕਰ ਦਿੱਤਾ।

ਤੀਜੀ ਵਿਧੀ :  ਗੁਰੂ ਕਾਲ ਦੌਰਾਨ ਹੀ ਜਦ ਸੂਝਵਾਨ ਸੁਘੜ ਲਿਖਾਰੀਆਂ ਨੇ ਮੰਗਲਾ-ਚਰਣ ਤੇ ਸਿਰਲੇਖਾਂ ਦੀ ਇਹ ਅਸ਼ੁੱਧ ਤਰਤੀਬ ਦੇਖੀ ਤਾਂ ਉਨ੍ਹਾਂ ਨੇ ਤਮਾਮ ਮੰਗਲ ਹੀ ਸਪਸ਼ਟ ਕਰਨ ਲਈ ਉੱਪਰ ਕਰ ਕੇ ਅੰਕਿਤ ਕਰਨੇ ਆਰੰਭ ਦਿੱਤੇ।  ਸ਼੍ਰੋ: ਗੁ: ਪ੍ਰ: ਕਮੇਟੀ ਦੀ ਰੈਫਰੈਂਸ ਲਾਇਬ੍ਰੇਰੀ ਵਿੱਚ ਹੀ ਅਜਿਹੀਆਂ ਸੈਂਕੜੇ ਹੱਥ ਲਿਖਤ ਬੀੜਾਂ ਜੇਕਰ ਓਪਰੇਸ਼ਨ ਬਲਿਊ ਸਟਾਰ ਤੋਂ ਬਚ ਗਈਆਂ ਹੋਣ ਤਾਂ ਦਰਸ਼ਨ ਕੀਤੇ ਜਾ ਸਕਦੇ ਹਨ।  ਏਥੇ ਵਿਸਥਾਰ ਦੇ ਡਰ ਤੋਂ ਕੇਵਲ ਕੁਝ ਕੁ ਬੀੜਾਂ ਦਾ ਵੰਨਗੀ ਵਜੋਂ ਹਵਾਲਾ ਦੇਣਾ ਉਚਿਤ ਜਾਪਦਾ ਹੈ:

ਇੱਕ ਬੀੜ ਭਾਈ ਹਰਿਦਾਸ ਜੀ ਦੀ ਲਿਖੀ ਹੋਈ ਹੈ। ਆਪ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਾਰੀਆਂ ਵਿੱਚੋਂ ਇੱਕ ਉੱਘੇ  ਲਿਖਾਰੀ ਸਨ। ਇਸ ਇਤਿਹਾਸਕ ਬੀੜ ਵਿੱਚ ਨਾ ਕੇਵਲ ਸਾਰੇ ਮੰਗਲ ਹੀ ਸਿਰਲੇਖਾਂ ਨਾਲੋਂ ਪਹਿਲਾਂ (ਉੱਪਰ) ਲਿਖੇ ਮਿਲਦੇ ਹਨ; ਸਗੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸਾਰੀ ਬਾਣੀ ਵੀ ਵੱਖ ਵੱਖ 15 ਰਾਗਾਂ ਵਿੱਚ ਥਾਂ ਸਿਰ ਅੰਕਿਤ ਹੈ (ਜੈਸਾ ਕਿ ਅਜੋਕੀ ਪ੍ਰਚਲਿਤ ਬੀੜ ਵਿੱਚ ਦਰਜ ਹੈ)। ਇਸ ਪਾਵਨ ਬੀੜ ਦੇ ਅੰਤ ਵਿੱਚ ਜੋ ਸ਼ਬਦ ਲਿਖੇ ਮਿਲਦੇ ਹਨ, ਉਹ ਗੁਰੂ ਕੇ ਸਿੱਖ ਦੇ ਸਿਦਕ, ਸ਼ਰਧਾ ਤੇ ਨਿਮਰਤਾ ਦੀ ਸਿੱਖਰ ਨੂੰ ਛੂਹ ਲੈਂਦੇ ਹਨ; ਜਿਵੇਂ ਕਿ

    ‘‘ਗਿਰੰਥੁਸਪੂਰਨੁਹੋਯਾਲਿਖਿਆਹਰਿਦਾਸਲਿਖਾਰੀਸ੍ਰੀਗੁਰੂਗੋਬਿੰਦਸਿੰਘਦੇਲਿਖਾਰੀਲਿਖਿਆ॥ਭੂਲਿਚੂਕ

                                                                         ਜੀ

     ਹੋਵੈਜੀਸੋਸੋਧਣਾਗੁਲਾਮੁਪਤਿਤੁਅਘਪਤਿਤੁਮਹਾਂਪਤਤੁਹਰਿਦਾਸੁਲਿਖਾਰੀਸ੍ਰੀਗੁਰੂਗੋਬਿੰਦਸਿੰਘਦਾ’’

     (ਨੋਟ ਕਰਨ ਯੋਗ ਹੈ ਕਿ ਉਸ ਸਮੇਂ ਅੱਜ ਦੇ ਕੰਪਿਊਟਰ ਯੁਗ ਵਾਂਗ Cut, Copy, Paste ਦਾ ਜ਼ਮਾਨਾ ਨਹੀਂ ਸੀ, ਲਿਖਾਰੀ ਪਾਸੋਂ ਜੇ ਕੋਈ ਅੱਖਰ, ਆਦਿ ਅਚੇਤ ਹੀ ਰਹਿ ਜਾਂਦਾ ਸੀ ਤਾਂ ਉਹ ਉੱਪਰ ਜਾਂ ਹੇਠਾਂ ਲਿਖ ਦਿੱਤਾ ਜਾਂਦਾ ਸੀ। ਇਸ ਦੀ ਮਿਸਾਲ ਵਜੋਂ ਸ੍ਰੀ ਕਰਤਾਪੁਰ ਸਾਹਿਬ ਵਾਲੀ ‘ਆਦਿ ਬੀੜ’ ਵਿੱਚ ਖੱਬੇ ਪਾਸੇ ਲਿਖੇ ਰਾਗ ਸਿਰਲੇਖਾਂ ਦੇ ਮੁਕਾਬਲੇ ਸੱਜੇ ਪਾਸੇ ਉਚੇਰੇ ਮੰਗਲ (ਸੰਖੇਪ ਰੂਪ ਛੋਟਾ ਤੇ ਸੰਪੂਰਨ ਰੂਪ ’ਚ) ਲਿਖੇ ਜਾਂਦੇ ਸਨ, ਉਹ ਵੀ ਖੱਬੇ ਪਾਸੇ ਲਿਖੇ ਗਏ ਰਾਗ ਸਿਰਲੇਖਾਂ ਦੇ ਸੱਜੇ ਪਾਸੇ ਬਰਾਬਰ ਤੋਂ ਥੋੜ੍ਹਾ ਉੱਪਰ (ਉਚੇਰਾ) ਕਰ ਕੇ ਲਿਖੇ ਜਾਂਦੇ ਸਨ।  ਕੁਝ ਮਿਸਾਲਾਂ ਵਾਚਨ-ਯੋਗ ਹਨ :

  ਆ

(1) .         (ੳ)     ਸ੍ਰੀ ਰਾਗ ਮਹਲਾ ੩ ਅਸਟਪਦੀ ੴ ਸਤਿਗੁਰ ਪ੍ਰਸਾਦਿ                     (ਪੰਨਾ ੯੩)

(ਅ)        ਗਉੜੀ ਪੂਰਬੀ ਮਹਲਾ ੴ ਸਤਿਗੁਰ ਪ੍ਰਸਾਦਿ                                 (ਪੰਨਾ ੧੯੫)

                                      ੫                 

(ੲ)  ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੌਜ    ੴ ਸਤਿਗੁਰਪ੍ਰਸਾਦਿ

                ਦੀ ਕੀ ਧੁਨੀ ਉਪਰ ਗਾਵਣੀ॥                    (ਪੰਨਾ ੨੫੭)

 ਉਪਰੋਕਤ ਤਿੰਨਾਂ ਉਦਾਹਰਨਾਂ ਤੋਂ ਇਹ ਗੱਲ ਸਾਫ਼ ਸਿੱਧ ਹੋ ਜਾਂਦੀ ਹੈ ਕਿ ਸੱਜੇ ਪਾਸੇ ਮੰਗਲਾਚਰਣ ਪਹਿਲਾਂ ਲਿਖਿਆ ਹੋਣ ਕਰ ਕੇ ਨੰ: ‘ੳ’ ਵਿੱਚ ਰਾਗ ਦੇ ਸਿਰਲੇਖ ਵਜੋਂ (ਲਿਖਿਆ ਜਾਣ ਵਾਲਾ ‘ਅਸਟਪਦੀਆ’ ਸ਼ਬਦ ’ਚ ‘ਆ’ ਰਹਿ ਜਾਣ ਉਪਰੰਤ/ਬਾਅਦ ’ਚ) ‘ਆ’ ਨੂੰ ਉੱਪਰ ਚੜ੍ਹਾਉਣਾ ਪਿਆ ਹੈ। 

ਨੰਬਰ ‘ਅ’ ਵਿੱਚ ਅੰਕ ‘੫’ ਨੂੰ ਹੇਠਾਂ ਲਿਖਣਾ ਪਿਆ ਹੈ ਅਤੇ ਨੰਬਰ ‘ੲ’ ਵਿੱਚ ‘ਮੌਜਦੀ’ ਪਦ ਦੇ ਪਹਿਲੇ ਹਿੱਸੇ (ਮੌਜ) ਨੂੰ ਉੱਪਰ ਲਿਖ ਕੇ, ਦੂਜੇ ਹਿੱਸੇ (ਦੀ) ਨੂੰ ਦੂਜੀ ਹੇਠਲੀ ਪਾਲ ਵਿੱਚ ਲਿਖਣਾ ਪਿਆ ਹੈ।

 ਅਗਰ ਉੱਪਰਲੀ ਸਤਰ ਵਿੱਚ ਸਾਹਮਣੇ ਸੱਜੇ ਪਾਸੇ ਮੰਗਲਾਚਰਨ (ੴ ਸਤਿਗੁਰਪ੍ਰਸਾਦਿ) ਨਾ ਲਿਖਿਆ ਹੁੰਦਾ ਤਾਂ ਉਕਤ ਨੰਬਰ 3 ’ਚ ‘ਮੌਜਦੀ’ ਪਦ ਨੂੰ ਤੋੜ ਕੇ ‘ਮੌਜ’ (ਉੱਪਰ) ਅਤੇ ‘ਦੀ’ (ਹੇਠਾਂ) ਲਿਖਣ ਦੀ ਕੀ ਲੋੜ ਸੀ  ?  ਇਸੇ ਤਰ੍ਹਾਂ ਉਕਤ ਨੰਬਰ 1. ’ਚ ‘ਅਸਟਪਦੀਆ’ ਸ਼ਬਦ ’ਚੋਂ ਰਹਿ ਗਏ ‘ਆ’ ਨੂੰ ਉੱਪਰ ਚੜ੍ਹਾ ਕੇ ਲਿਖਣ ਅਤੇ ਨੰਬਰ 2 ’ਚ ਸੰਯੁਕਤ ‘ਮਹਲਾ ੫’ ਦੇ ਅੰਕ ‘੫’ ਨੂੰ ਹੇਠਲੀ ਕਤਾਰ ’ਚ ਲਿਖਣ ਦੀ ਕੀ ਲੋੜ ਸੀ ?

 ਸੰਬੰਧਿਤ ਇਸੇ ਬੀੜ ਵਿੱਚ ‘ੴ ਸਤਿਗੁਰ ਪ੍ਰਸਾਦਿ’ ਤੋਂ ਅੱਗੇ ਕਾਫ਼ੀ ਥਾਂ ਖਾਲੀ ਪਈ ਹੈ ਅਤੇ ਮੰਗਲਾਚਰਨ ਜ਼ਰਾ ਕੁ ਅੱਗੇ ਵੀ ਸਰਕਾਇਆ ਜਾ ਸਕਦਾ ਸੀ।

2. ਮੂਲਮੰਤ੍ਰ ਅਥਵਾ ‘ਮੰਗਲ’ ਦੇ ਪ੍ਰਿਥਮ ਅਸਥਾਨ ਨੂੰ ਸਮਝਣ ਲਈ ‘ਭਾਈ ਪਾਖਰ ਮੱਲ ਢਿਲੋਂ’, ਜੋ ਕਿ ਸ੍ਰੀ ਦਸਮੇਸ਼ ਪਿਤਾ ਜੀ ਦੇ ਲਿਖਾਰੀ ਵੀ ਸਨ, ਦੁਆਰਾ ਲਿਖੀ ਬੀੜ ਵਿੱਚੋਂ ਇੱਕ ਨਮੂਨਾ ਪੇਸ਼ ਹੈ। ਸੰਮਤ ੧੭੪੫ (ਸੰਨ 1688) ਦੇ ਪ੍ਰਮਾਣ ਵਜੋਂ ਜਿਸ ਦੇ ਅੰਤ ’ਚ ਇਉਂ ਵੀ ਦਰਜ ਹੈ :

ੴਸੰਬਤ੧੭੪੫ਮਾਘਸੁਦੀਗ੍ਰੰਥਜੀਲਿਖਿਆਪੂਰਨਹੋਆ॥ਲਿਖਾਰੀਪਾਖਰਮਲਢਿਲੋਂਵਾਸੀਖਾਰਾਚੰਭਲਪੋਤ੍ਰਾਚੌਧਰੀਲੰਗਾਹ ਕਾ॥ਵਹਗੁਰੂ॥ —ਇਸ ਬੀੜ ਦਾ ਆਰੰਭ ਇਸ ਪ੍ਰਕਾਰ ਹੈ : –

     ਸੂਚੀਪਤਿਪੋਥੀਕਾਤਤਕਰਾਲਿਖਿਆ    ੴ ਸਤਿਗੁਰਪ੍ਰਸਾਦਿ –

     ਰਾਗਕਾਤਤਕਾਰਾਸਬਦਾਕਾ                            

    ਜਪੁਸ੍ਰੀਗੁਰੂਰਾਮਦਾਸਜੀਉਕਿਆਦਸ

    ਖਤਾਕਾਨਕਲ              ਰਾਗ ਸਾਰੰਗ ਮਹਲਾ ੧     ੨੬

(ਨੋਟ: ਉਕਤ ਲਿਖੇ ‘ਜਪੁ’ ਨੂੰ ਸ੍ਰੀ ਗੁਰੂ ਰਾਮਦਾਸ ਜੀਉ ਕਿਆ ਦੇ ਦਸਖਤਾ ਕਾ ਨਕਲ, ਬਾਰੇ ਸੰਕੇਤ ਮਿਲਦਾ ਹੈ।)                  

   – –      – –      – –                         – –   – –    – –

    ੫੫੮    ਰਾਗ ਬਸੰਤ ਮਹਲਾ ੧                       ੬੬੪      –  –   – –   – –

3. ਇੱਕ ਹੋਰ ਮਿਸਾਲ ਵਜੋਂ ਸੰਮਤ ੧੭੧੧ (ਸੰਨ 1654) ਵਾਲੀ ਬੀੜ ’ਚ ਦਰਜ ਮੂਲਮੰਤ੍ਰ/ਮੰਗਲਾਚਰਨ ਦਾ ਅਸਥਾਨ ਪੇਸ਼ ਹੈ:

    ਪਤ        ਸੂਚੀਪਤ੍ਰਪੋਥੀਕਾਤਤਕਾਰਾਰਾਗਕਾ-                       ੴ

    ੧੯                   ਜੋਤੀਜੋਤਿਸਮਾਵਣੇਕਾਚਲਿਤ੍ਰ-         ਸਤਿਨਾਮੁਕਰਤਾਪੁਰਖਨਿਰਭਉਨਿ                                                         

          ਸੰਬੰਤ੧੭੧੧ਮਿਤੀਜੋਠੋਸੁਦੀਏਕਮ    ੫੩੯         ਰਵੈਰੁਅਕਾਲਮੂਰਤਿਅਜੂਨੀਸੈਭੰਗੁਰ

                ਪੋਥੀਲਿਖਪਹੁਚੇ —                         ਪ੍ਰਸਾਦਿ

             – – – – –             ਤੁਖਾਰੀ    ੪੯੫  ਮਾਰੂ      

ਉਪਰੋਕਤ ਹਵਾਲੇ ਵਾਲੀਆਂ ਦੋਹਾਂ ਬੀੜਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਵਾਲੀ ‘ਆਦਿ ਬੀੜ’ ਸਮਾਨ ਸਾਰੇ ਮੰਗਲ ਸੱਜੇ ਪਾਸੇ ਪਹਿਲਾਂ ਅੰਕਿਤ ਹਨ ਅਤੇ ਰਾਗ ਦੇ ਸਿਰਲੇਖ ਖੱਬੇ ਪਾਸੇ, ਬਾਅਦ ਵਿੱਚ। ਅੱਧਾ ਤਤਕਰਾ ਲਿਖਣ ਉਪਰੰਤ ਦੂਜੇ ਜਾਂ ਤੀਜੇ ਖਾਨੇ ਵਿੱਚ ਜਾ ਕੇ ਮੰਗਲ ਹਰ ਹਾਲਤ ਸੱਜੇ ਪਾਸੇ (ਪਹਿਲਾਂ) ਅੰਕਿਤ ਹੋਇਆ ਹੈ।

ਪ੍ਰਿੰਸੀਪਲ ਹਰਿਭਜਨ ਸਿੰਘ ਅਨੁਸਾਰ ‘‘ੴ ਸਤਿਨਾਮੁ ਕਰਤਾਪੁਰਖ…..ਗੁਰ ਪ੍ਰਸਾਦਿ’’ ਨੂੰ ਮੰਗਲ ਕਹਿ ਲਈਏ ਜਾਂ ਮੂਲਮੰਤ੍ਰ ਇਸ ਦਾ ਅਸਥਾਨ ਮੁੱਢ ਵਿੱਚ ਹੀ ਹੈ ਅਤੇ ਏਸੇ ਕਾਰਨ ਹੀ ਇਸ ਨੂੰ ਮੂਲ ਮੰਤ੍ਰ ਕਿਹਾ ਜਾਂਦਾ ਹੈ। ਇਹ ਮੰਗਲ ਸਤਿਗੁਰਾਂ ਦੁਆਰਾ ਲਿਖਿਆ ਗਿਆ ਹੈ, ਭਗਤਾਂ ਆਦਿ ਦੁਆਰਾ ਨਹੀਂ।  ਫਿਰ ਭਗਤਾਂ, ਆਦਿ ਦੀ ਬਾਣੀ ਦੇ ਸਿਰਲੇਖ ਤੋਂ ਬਾਅਦ ਕਿਉਂ ?  ਜਦ ਕਿ ‘ਮੂਲ’ ਦੇ ਅਰਥ ਹੀ ‘ਆਦਿ’ ਅਥਵਾ ‘ਮੁੱਢ’ ਹੁੰਦੇ ਹਨ।

ਪ੍ਰਤੱਖ ਸਾਬਤ ਹੋ ਰਿਹਾ ਹੈ ਕਿ ਮੰਗਲਾਚਰਨ (ਮੂਲ ਮੰਤ੍ਰ) ਸੰਪੂਰਨ ਜਾਂ ਸੰਖੇਪ ਰੂਪ ਵਿੱਚ ਗੁਰੂ ਸਾਹਿਬ ਦੁਆਰਾ ਲਿਖਿਆ ਹੋਇਆ ਮੁਖਵਾਕ ਹੈ, ਭਗਤ ਜਾਂ ਭੱਟ ਸਾਹਿਬਾਨ ਦੁਆਰਾ ਲਿਖਿਆ ਨਹੀਂ।  ਲਿਖਤੀ ਨਿਯਮ ਅਨੁਸਾਰ ਸਤਿਗੁਰੂ ਜੀ ਨੇ ਭਗਤ ਬਾਣੀ ਦਰਜ ਕਰਨ ਵੇਲੇ ਇਹ ਮੰਗਲਾਚਰਨ ਹਰੇਕ ਭਗਤ ਦੇ ਸ਼ਬਦ ਸੰਗ੍ਰਹਿ ਦੇ ਸ਼ੁਰੂ ਵਿੱਚ ਦਰਜ ਕੀਤਾ ਹੈ ਤੇ ਇਹੀ ਇਸ ਦਾ ਯੋਗ ਸਥਾਨ ਹੈ। ਪ੍ਰਿੰਸੀਪਲ ਹਰਿਭਜਨ ਸਿੰਘ ਨੇ ਹਰ ਵਿਖਿਆਨ ਵਿੱਚ ਅਤੇ ਲਿਖਤੀ ਰੂਪ ਵਿੱਚ ਇਸ ਗੱਲ ’ਤੇ ਵਧੇਰੇ ਜ਼ੋਰ ਦਿੱਤਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਬਾਣੀ ਸੰਗ੍ਰਹਿ ਇਕੱਤਰ ਕਰਨ ਸਮੇਂ ਮੂਲ ਮੰਤਰ ਨੂੰ ਵਿਸ਼ੇਸ਼ ਜਗ੍ਹਾ ਦਿੱਤੀ ਗਈ ਹੈ ਜਦ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਸੰਸਾਰਕ ਜੀਵਨ ਭੋਗ ਚੁੱਕੇ ਭਗਤ ਸਾਹਿਬਾਨ ਸਮੇਂ ਤਾਂ ‘ੴਸਤਿਨਾਮੁਗੁਰਪ੍ਰਸਾਦਿ’ ਆਦਿ ਮੰਗਲਾਚਰਨ ਦਾ ਵਜੂਦ ਵੀ ਨਹੀਂ ਸੀ।

ਸੋ ਦਰੁਸਤ ਇਹੀ ਹੋਵੇਗਾ ਕਿ ਪੰਚਮ ਪਾਤਸ਼ਾਹ ਜੀ ਨੇ ਮੰਗਲ ਲਿਖ ਕੇ ਹੀ ਭਗਤ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਤੀ ਸਥਾਨ ਦਿੱਤਾ, ਜੋ ਇਸ ਦਾ ਯੋਗ ਤੇ ਅਸਲ ਅਸਥਾਨ ਵੀ ਹੈ, ਪਰ ਅੱਜ ਅਸੀਂ ਜਾਣੇ-ਅਣਜਾਣੇ ਹੋਈ ਇਸ ਭੁੱਲ ਨੂੰ ਵਿਚਾਰਨ ਲਈ ਵੀ ਤਿਆਰ ਨਹੀਂ।  ਵੰਨਗੀ ਮਾਤਰ ਵੇਖੋ ਭਗਤ ਬਾਣੀ ਦੇ ਹੇਠਾਂ ਲਿਖੇ ਦੋ ਸ਼ਬਦ ਸਿਰਲੇਖ :

(ੳ). ਪੰਨਾ ਨੰਬਰ 91 :  ਇੱਥੇ ਮੰਗਲਾਚਰਨ ਨੂੰ ਦਰੁਸਤ ਜਗ੍ਹਾ ਦਿੱਤੀ ਗਈ ਹੈ :

             ੴ ਸਤਿਗੁਰਪ੍ਰਸਾਦਿ॥ਸਿਰੀ ਰਾਗੁ॥ਕਬੀਰ ਜੀਉਕਾ॥

    ਏਕੁਸੁਆਨੁਕੈਘਰਿਗਾਵਣਾ॥ ਜਨਨੀ ਜਾਨਤ ਸੁਤੁ ਬਡਾ ਹੋਤੁ ਹੈ; ਇਤਨਾ ਕੁ ਨ ਜਾਨੈ, ਜਿ ਦਿਨ ਦਿਨ ਅਵਧ ਘਟਤੁ ਹੈ॥ 

(ਅ). ਪੰਨਾ ਨੰਬਰ 93 : ਇੱਥੇ ਮੰਗਲਾਚਰਨ ਨੂੰ ਦਰੁਸਤ ਜਗ੍ਹਾ ਨਹੀਂ ਮਿਲੀ :

    ਸਿਰੀਰਾਗਬਾਣੀਭਗਤਬੈਣੀਜੀਉਕੀ

    ਪਹਰਿਆਕੈਘਰਿਗਾਵਣਾ॥

    ੴ ਸਤਿਗੁਰ ਪ੍ਰਸਾਦਿ॥ ਰੇ ਨਰ  ! ਗਰਭ ਕੁੰਡਲ ਜਬ ਆਛਤ; ਉਰਧ ਧਿਆਨ ਲਿਵ ਲਾਗਾ ॥

ਭਗਤ ਬੈਣੀ ਜੀ ਦੁਆਰਾ ਰਚੇ ਗਏ ਇਸ (ਅ) ਸ਼ਬਦ ’ਚ ਮੂਲ ਮੰਤਰ ਦੀ ਜਗ੍ਹਾ ਇਉਂ ਹੋਣੀ ਸੀ :

ਸਿਰੀਰਾਗਬਾਣੀਭਗਤਬੈਣੀਜੀਉਕੀ  ੴ ਸਤਿਗੁਰ ਪ੍ਰਸਾਦਿ॥             

                        ਪਹਰਿਆਕੈਘਰਿਗਾਵਣਾ॥        

  ਰੇ ਨਰ  ! ਗਰਭ ਕੁੰਡਲ ਜਬ ਆਛਤ; ਉਰਧ ਧਿਆਨ ਲਿਵ ਲਾਗਾ ॥

 ਗੁਰਬਾਣੀ ਵਿਚਾਰ ਵੀ ਇਹੀ ਸਿੱਧ ਕਰਦੀ ਹੈ ਕਿ ਸਭ ਤੋਂ ਪਹਿਲੇ (ਆਦਿ ਵਿੱਚ) ‘ਓਅੰਕਾਰ’ ਹੀ ਸੀ।  ਉਸ ਤੋਂ ਹੀ ਸਭ ਪਸਾਰਾ ਹੋਇਆ ਹੈ : ‘‘ਓਅੰਕਾਰ; ਆਦਿ ਮੈ ਜਾਨਾ ॥  (ਭਗਤ ਕਬੀਰ/੩੪੦), ਓਅੰ, ਆਦਿ ਰੂਪੇ ॥ ਅਨਾਦਿ ਸਰੂਪੇ ॥’’ (ਜਾਪੁ) ਆਦਿ।

ਪ੍ਰਿੰਸੀਪਲ ਜੀ ਅਨੁਸਾਰ ਮੰਗਲਾਚਰਨ ਵਾਲਾ ‘ੴ’ ਵੀ ਤਾਂ ਪ੍ਰਭੂ ਦਾ ਹੀ ਲਖਾਇਕ ਹੈ।  ਇਸ ਲਈ ਇਸ ਦੀ ਯੋਗ ਥਾਂ, ਆਦਿ ਵਿੱਚ ਹੀ ਹੋਣੀ ਚਾਹੀਦੀ ਹੈ ਅਤੇ ਇਹੀ ਸ੍ਰੇਸ਼ਟ ਥਾਂ ਸਤਿਗੁਰਾਂ ਨੇ ਇਸ ਨੂੰ ਦਿੱਤੀ ਜਾਪਦੀ ਹੈ।

 ਕਿਸੇ ਸਮੇਂ ਸਿੱਖ ਕੌਮ ਨੂੰ ਇੱਕ ਮੁੱਠ ਜੋੜਨ ਵਾਲੀ ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ੍ਰੀ ਅੰਮ੍ਰਿਤਸਰ) ਨੇ 1950 ਦੇ ਦਹਾਕੇ ਵਿੱਚ ਇਸ ਪੱਖੋਂ ਖੋਜ ਅਤੇ ਜਦੋ-ਜਹਿਦ ਕਰਨ ਉਪਰੰਤ ਕੋਈ ਦਸ ਕੁ ਸਾਲ ਸਪਸ਼ਟ ਰੂਪ ਵਿੱਚ ਮੰਗਲ; ਰਾਗ ਤੋਂ ਪਹਿਲਾਂ ਛਾਪਣ ਵਾਲੀਆਂ ਹਜ਼ਾਰਾਂ ਬੀੜ ਸਾਹਿਬਾਨ, ਸ਼ਬਦਾਰਥ ਪੋਥੀਆਂ ਅਤੇ ਲੱਖਾਂ ਦੀ ਗਿਣਤੀ ਵਿੱਚ ਗੁਟਕੇ ਛਾਪੇ ਗਏ ਸਨ, ਪਰ 1962 ਦੀਆਂ ਚੋਣਾਂ ਵਿੱਚ ਕਮੇਟੀ ’ਤੇ ਕਾਬਜ਼ ਹੋਏ ਸੰਤ ਫਤਹ ਸਿੰਘ, ਸੰਤ ਚੰਨਣ ਸਿੰਘ ਆਦਿ ਨੇ ਗੁਰਦੁਆਰਾ ਪ੍ਰਿੰਟਿੰਗ ਪ੍ਰੈਸ ਸ੍ਰੀ ਰਾਮਸਰ ਜੀ ਦੇ ਸਾਰੇ ਬਲਾਕ ਦਰਿਆ ਬਿਆਸ ਦੀ ਤਹਿ ਵਿੱਚ ਡੁੱਬਵਾ ਦਿੱਤੇ ਅਤੇ ਬੀੜਾਂ ਦੀ ਛਪਵਾਈ ਫਿਰ ਤੋਂ ਮੰਗਲ ਅੱਗੜ-ਪਿੱਛੜ ਛਾਪਣੇ ਸ਼ੂਰੁ ਕਰਵਾ ਦਿੱਤੇ।  ਇਸ ਦਾ ਕਾਰਨ ਉਹ ਖੁਦ ਜਾਣਨ ਜਾਂ ਕਰਤਾਰ ਜਾਣੇ ?

ਕਿਸੇ ਸਮੇਂ ਫ਼ੈਸਲਾ ਇਹ ਹੋਇਆ ਸੀ ਕਿ ਮੰਗਲ ਜਿਵੇਂ ਦਿੱਸਦੇ ਹਨ ਉਵੇਂ ਹੀ ਛਾਪੇ ਜਾਣ, ਪਰ ਅੱਜ ਹਾਲਾਤ ਇਹ ਹਨ ਕਿ ਗੁਰਦੁਆਰਾ ਸਾਹਿਬਾਨ ਵਿੱਚ ਹੁਕਮ ਨਾਮਾ ਲਿਖਦਿਆਂ, ਗੁਟਕੇ ਛਾਪਦਿਆਂ ਜਾਂ ਆਮ ਵਰਤੋਂ ਵਿੱਚ ਮੰਗਲਾਚਰਨ ਤਥਾ ਮੂਲਮੰਤਰ ਨੂੰ ਸੱਜੇ ਹੱਥ ਬਰਾਬਰ ਜਾਂ ਸਪਸ਼ਟ ਉੱਪਰ ਲਿਖਣ ਦੀ ਬਜਾਇ ਰਾਗ ਤੇ ਸਿਰਲੇਖ ਤੋਂ ਬਾਅਦ ਛਾਪਣਾ ਸ਼ੁਰੂ ਕਰ ਦਿੱਤਾ ਹੈ। ਆਮ ਜਗਿਆਸੂ ਲਈ ਮੰਗਲ ਦੀ ਕੋਈ ਅਹਿਮੀਅਤ ਹੀ ਨਹੀਂ ਰਹਿ ਗਈ ਤੇ ਕੋਈ ਗੁਰਬਾਣੀ ਖੋਜੀ ਜੇਕਰ ਆਵਾਜ਼ ਮਾਰਦਾ ਹੈ ਤਾਂ ਉਹ ਪੰਥ ਦੋਖੀ ਐਲਾਨਿਆ ਜਾਂਦਾ ਹੈ।

ਅੱਜ ਕੱਲ੍ਹ ਤਾਂ ਮੰਗਲਾਂ ਦੇ ਖੱਬੇ-ਸੱਜੇ ਖ਼ਾਲੀ ਜਗ੍ਹਾ ਵੀ ਖ਼ਤਮ ਹੋ ਗਈ ਲਗਦੀ ਹੈ। ਗੁਰਬਾਣੀ ਛਾਪਕ ਕਮੇਟੀਆਂ ਨੇ ਸੰਪੂਰਨ ਜਾਂ ਸੰਖੇਪ ਮੰਗਲਾਚਰਨ ਨੂੰ ਸਪਸ਼ਟ ਰੂਪ ਵਿੱਚ ਰਾਗ ਸਿਰਲੇਖ ਤੋਂ ਹੇਠਾਂ ਛਾਪਣਾ-ਲਿਖਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇੱਕ ਸੋਚੀ ਸਮਝੀ ਸਾਜ਼ਸ਼ ਜਾਪਦੀ ਹੈ ਤਾਂ ਜੋ ਆਮ ਸਿੱਖ ਨੂੰ ਇਸ ਬਾਰੇ ਮਾਮੂਲੀ ਜਾਣਕਾਰੀ ਵੀ ਨਾ ਰਹਿ ਜਾਏ ਕਿ ਮੰਗਲ ਸਥਾਨ;  ਰਾਗ ਸਿਰਲੇਖ, ਮਹਲਾ ਸਿਰਲੇਖ, ਭਗਤ ਜਾਂ ਭੱਟ ਸਿਰਲੇਖ ਤੋਂ ਅਗੇਤਰ ਹੈ ਜਾਂ ਪਿਛੇਤਰ।

ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੂੰ ਦਸਮੇਸ਼ ਪਿਤਾ ਜੀ ਵੱਲੋਂ ਦਮਦਮਾ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਪਾਵਨ ਬੀੜਾਂ ਦੇ ਲਿਖਾਰੀ ਵਜੋਂ ਨਿਯੁਕਤ ਕੀਤਾ ਸੀ, ਉਨ੍ਹਾਂ ਆਪਣੀ ਲਿਖਤ ਜਨਮ ਸਾਖੀ ‘ਗਿਆਨ ਰਤਨਾਵਲੀ’ (ਜੋ ‘ਜਨਮ ਸਾਖੀ ਭਾਈ ਮਨੀ ਸਿੰਘ ਜੀ ਵਾਲੀ’ ਨਾਂ ਨਾਲ ਪ੍ਰਸਿੱਧ ਹੈ) ਵਿੱਚ ਮੂਲ ਮੰਤ੍ਰ (ਮੰਗਲਾਚਰਨ) ਸਰੂਪ ਨੂੰ ਇਸ ਤਰ੍ਹਾਂ ਦਰਜ ਕੀਤਾ ਹੋਇਆ ਮਿਲਦਾ ਹੈ :-

    ੴ ਸਤਿ ਨਾਮੁ

    ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

    ਨਾਮ ਸਭ ਦੇਵਾਂ ਦਾ ਦੇਵ ਹੈ । ਕੋਈ ਦੇਵੀ ਨੂੰ ਮਨਾਵਦਾ ਹੈ॥

    ਕੋਈ ਸ਼ਿਵ ਨੂੰ, ਕੋਈ ਗਣੇਸ਼ ਨੂੰ, ਕੋਈ ਹੋਰ ਦੇਵਤਿਆਂ ਨੂੰ॥

    ਗੁਰ ਕੇ ਸਿਖ ਸਤਿਨਾਮੁ ਨੂੰ ਅਰਾਧਤੇ ਹੈਂ ਜਿਸ ਕਰ ਸਭ ਵਿਘਨ ਨਾਸ ਹੋਂਦੇ ਹਨ॥

    ਤਾਂ ਤੇ ਸਤਿਨਾਮ ਦਾ ਮੰਗਲਚਾਰ ਆਦਿ ਰੱਖਾ ਗਿਆ ਹੈ॥     (ਭਾਈ ਮਨੀ ਸਿੰਘ)

ੴਸਤਿ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੂਲ ਮੰਤਰ ਤਥਾ ਮੰਗਲਾਚਰਨ ‘‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ’’ ਸੰਪੂਰਨ ਜਾਂ ਸੰਖੇਪ ਰੂਪ ਵਿੱਚ 566 ਵਾਰ (ਨੋਟ: ਗੁਰਬਾਣੀ ਵਿੱਚ ਮੂਲ ਮੰਤਰ ਕੁੱਲ 568 ਵਾਰ ਦਰਜ ਹੈ, ਪਰ ਇੱਥੇ 566 ਦੇਣ ਦਾ ਮਤਲਬ ਕਰਤਾਰਪੁਰ ਸਾਹਿਬ ਵਾਲੀ ਬੀੜ ਵਿੱਚ ਦੋ ਵਾਰ ਕੇਵਲ ‘ੴ’ ਹੋਣ ਕਾਰਨ ਇੱਥੇ 566 ਨੰਬਰ ਦਿੱਤਾ ਜਾ ਰਿਹਾ ਹੈ) ‘ੴ ਸਤਿਨਾਮੁ’ ਦੇ ਆਗਾਜ਼ ਨਾਲ ਆਇਆ ਹੈ ਅਤੇ ਇਸ ਨੂੰ ਸੰਪਰਦਾਈ ਤੇ ਪਰੰਪਰਾਗਤ ਵਿਚਾਰ ਅਤੇ ਆਮ ਸਿੱਖ ਜਗਤ ‘ੴ ਸਤਿਨਾਮੁ’ ਪਾਠ ਕ੍ਰਮ ਉਚਾਰਨ ਦੇ ਹੱਕ ਵਿੱਚ ਹਨ ਤੇ ਕਰਦੇ ਵੀ ਹਨ, ਫਿਰ ਵੀ ਪ੍ਰਿੰਸੀਪਲ ਹਰਿਭਜਨ ਸਿੰਘ ਨੇ ਦਲੇਰੀ ਤੇ ਸਵੈ-ਵਿਸ਼ਵਾਸ ਨਾਲ ਆਪਣਾ ਨਵ-ਮੱਤ (ਭਾਵ ‘ਸਤਿ’ ਦਾ ਸਬੰਧ ‘ੴ’ ਨਾਲ ਮੰਨਿਆ, ਨਾ ਕਿ ‘ਨਾਮੁ’ ਦੇ ਨਾਲ), ਇਸ ਵਿਸ਼ੇ ਸੰਬੰਧੀ ਆਪਣਾ ਪੱਖ ਸੰਗਤਾਂ ਨਾਲ ਸਾਂਝਾ ਕੀਤਾ।  ਪੁਰਾਤਨ ਹੱਥ ਲਿਖਤ ਬੀੜਾਂ ’ਚ ਸੰਖੇਪ ਰੂਪ ਮੰਗਲਾਚਰਨ 522 ਵਾਰ ‘‘ੴ ਸਤਿ ਗੁਰ ਪ੍ਰਸਾਦਿ’’ ਦੇ ਰੂਪ ਵਿੱਚ ਦਰਜ ਕੀਤਾ ਹੋਇਆ ਮਿਲਦਾ ਹੈ।  ਮੰਗਲਾਂ ਦੀ ਇਸ ਗਿਣਤੀ ਤੋਂ ਸਪਸ਼ਟ ਹੈ ਕਿ ਸਭ ਤੋਂ ਵੱਧ ਵਾਰ ‘ੴ ਸਤਿ ਗੁਰ ਪ੍ਰਸਾਦਿ’ ਨੂੰ ਹੀ ਮੰਗਲ ਦੇ ਤੌਰ ’ਤੇ ਵਰਤਿਆ ਗਿਆ ਹੈ।  ਪ੍ਰਿੰਸੀਪਲ ਜੀ ਅਨੁਸਾਰ ਇਸ ਸੰਖੇਪ ਮੰਗਲ ਵਿੱਚ ਪਦ ‘ਸਤਿ’ ਦੇ ਸਥਾਨ ਅਤੇ ਸੰਬੰਧ ਨੂੰ ਗਹੁ ਨਾਲ ਵਾਚਿਆਂ ਇਸ ਦਾ ਸਬੰਧ ‘ੴ’ ਨਾਲ ਜਾਪਦਾ ਹੈ, ਨਾ ਕਿ ‘ਗੁਰ ਪ੍ਰਸਾਦਿ’ ਨਾਲ।   522 ਵਾਰ ‘ੴ’ ਦੇ ਨਾਲ ‘ਸਤਿ’ ਆਇਆ ਹੈ, ਜਿਸ ਉਪਰੰਤ ‘ਗੁਰ ਪ੍ਰਸਾਦਿ’ ਵੀ ਦਰਜ ਹੈ ਭਾਵ ‘ਸਤਿ’ ਦੇ ਨਾਲ ‘ਨਾਮੁ’ ਸ਼ਬਦ ਦਰਜ ਨਹੀਂ। ਆਪ ਅਨੁਸਾਰ ੧, ਓ ਤੇ ਸਤਿ ਤਿੰਨੇ ਪਦ, ਸਮਾਨ ਅਰਥ ਰੱਖਦੇ ਹਨ ਤੇ ਇੱਕੋ ਹਸਤੀ ‘ਅਕਾਲ ਪੁਰਖ’ ਦੇ ਲਖਾਇਕ ਅਤੇ ਆਪਣੀ ਜਾਤ ਵਿੱਚ ਸੁਤੰਤਰ ਹਨ।  ਸਤਿਗੁਰਾਂ ਦੇ ਵਚਨ ਹਨ :-

‘੧’:         ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ॥      (ਆਸਾ ਮਹਲਾ ੧/ਪੰਨਾ ੩੫੦)

ਪ੍ਰਿੰਸੀਪਲ ਜੀ ਅਨੁਸਾਰ ਅੰਕ ‘੧’ ਨੂੰ ਇੱਥੇ ‘ਅਕਾਲ ਪੁਰਖ’ ਦਾ ਵਾਚਕ ਕਰ ਕੇ ਵਰਤਿਆ ਗਿਆ ਹੈ, ਸੰਖਿਅਕ ਵਿਸ਼ੇਸ਼ਣ ਦੇ ਰੂਪ ਵਿੱਚ ਨਹੀਂ। ਵਾਹਿਗੁਰੂ ਦੀ ਬਚਿੱਤਰ ਰਚਨਾ ਤੇ ਲ੍ਹੀਲਾ ਦਾ ਭੇਦ ਉਸ ਦੀ ਏਕਤਾ ਵਿੱਚ ਅਨੇਕਤਾ (Unity in Diversity) ਅਤੇ ਅਨੇਕਤਾ ਵਿੱਚ ਏਕਤਾ (Diversity in Unity) ਵਿੱਚ ਬੰਦ ਹੈ।  ਆਕਾਸ਼ਾਂ, ਪਾਤਾਲਾਂ, ਧਰਤੀਆਂ, ਖੰਡਾਂ, ਸੂਰਜ-ਮੰਡਲਾਂ ਤੇ ਬ੍ਰਹਿਮੰਡਾਂ ਦਾ ਸਾਰਾ ਪਸਾਰਾ ‘ਇੱਕ’ ਤੋਂ ਹੈ ਅਤੇ ਮਾਲਾ ਦੇ ਧਾਗੇ ਵਾਂਗ ਇਸ ਸਾਰੇ ਪਸਾਰੇ ਦੇ ਸਮੂਹ ਮਣਕਿਆਂ ਵਿੱਚ ਓਹੀ ‘ਇੱਕ’ ਸੂਤਰਧਾਰੀ ਹੈ। ਇਸ ਇੱਕ ਦਾ ਅਰਥ ਗੁਰੂ ਜੀ ਨੇ ਆਪ ਇਉਂ ਕੀਤਾ ਹੈ :

ਏਕਮ ਏਕੰਕਾਰ ਨਿਰਾਲਾ, ਅਮਰੁ ਅਜੋਨੀ ਜਾਤਿ ਨ ਜਾਲਾ ॥   (ਬਿਲਾਵਲ ਮਹਲਾ ੧/ਪੰਨਾ ੮੩੮)

‘ਓ’:  ਏਕਾ ਏਕੰਕਾਰ ਲਿਖਿ ਦੇਖਾਲਿਆ, ਊੜਾ ਓਅੰਕਾਰ ਪਾਸਿ ਬਹਾਲਿਆ ॥   (ਭਾਈ ਗੁਰਦਾਸ ਜੀ)

    ‘ਓਅੰਕਾਰ’ ਸ਼ਬਦ ਦਾ ਅਰਥ ਹੈ : ਸ੍ਰਿਸ਼ਟੀ ਦਾ ਕਰਤਾ (ਪੈਦਾ ਕਰਨ ਵਾਲਾ), ਧਰਤਾ (ਰਿਜ਼ਕ ਦੇਣ ਵਾਲਾ) ਤੇ ਹਰਤਾ (ਨਾਸ ਕਰਨ ਵਾਲਾ) ਇੱਕ ਅਕਾਲ ਪੁਰਖ ਹੈ ਭਾਵ ਗੁਰਮੁਖੀ ਦਾ ਪਹਿਲਾ ਅੱਖਰ ਊੜਾ, ਓਅੰਕਾਰ ਦੇ ਰੂਪ ਵਿੱਚ ਲਿਖ ਗੁਰਦੇਵ ਨੇ ਦਰਸਾਇਆ ਕਿ ਸਾਰੇ ਸੰਸਾਰ ਦਾ ਮਾਲਕ ਉਹੀ ‘ਨਿਰੰਕਾਰ’ ਹੈ।

    ‘ਸਤਿ’:    ਆਦਿ ਸਚੁ, ਜੁਗਾਦਿ ਸਚੁ॥ ਹੈ ਭੀ ਸਚੁ, ਹੋਸੀ ਭੀ ਸਚੁ॥  (ਜਪੁ ਜੀ)

     (ਨੋਟ :  ਉਪਰੋਕਤ ਸਿਫ਼ਤ ਵਾਲੀ ਹਸਤੀ ਕੇਵਲ ਇੱਕ (ਅਕਾਲ ਪੁਰਖ) ਹੈ।  ਇੰਜ ‘ੴ’ ਤੇ ‘ਸਤਿ’ ਅਭੇਦ ਹੋ ਜਾਂਦੇ ਹਨ।)

     ‘ੴ’  ਉਪਰੰਤ ਜੋ ਪਹਿਲਾ ਪਦ ਮੂਲ ਮੰਤ੍ਰ ਵਿੱਚ ਆਇਆ ਹੈ, ਉਹ ਹੈ ‘ਸਤਿ’।  ਪ੍ਰਿੰਸੀਪਲ ਹਰਿਭਜਨ ਸਿੰਘ ਅਨੁਸਾਰ ‘ਸਤਿ’ ਜਾਂ ‘ਸਚੁ’ ਮਨੁੱਖ ਦੀ ਜੀਵਨ ਨੈਯਾ ਨੂੰ ਸੰਸਾਰ ਸਾਗਰ ਵਿੱਚੋਂ ਪਾਰ ਲੰਘਾਉਣ ਲਈ ਓਵੇਂ ਹੀ ਜ਼ਰੂਰੀ ਹਨ, ਜਿਵੇਂ ਸਮੁੰਦਰੀ ਜਹਾਜ਼ ਲਈ ਕੰਪਾਸ। ਏਸੇ ਲਈ ‘ਸਤਿ’ ਪਦ ਨੂੰ ‘ੴ’ ਤੋਂ ਬਾਅਦ ਉਹ ਅਸਥਾਨ ਪ੍ਰਾਪਤ ਹੈ, ਜੋ ਅਕਾਲ ਪੁਰਖ ਨਾਲ ਸੰਬੰਧਿਤ ਕਿਸੇ ਹੋਰ ਸ਼ਬਦ ਨੂੰ ਨਹੀਂ।

ਜਿਵੇਂ ‘ਜਪੁ ਜੀ ਅਥਵਾ ਸ੍ਰੀ ਗੁਰੁ ਗ੍ਰੰਥ ਸਾਹਿਬ’ ਦਾ ਮੁੱਢ ‘ਮੂਲ-ਮੰਤ੍ਰ’ ਹੈ, ਇਸੇ ਤਰ੍ਹਾਂ ‘ੴ, ਸਤਿ ਤੇ ਨਾਮੁ’ ਰੂਪ ਸਮੁਦਾਇ ਵੀ ਮੂਲ ਮੰਤਰ ਦਾ ਮੁੱਢ ਹੈ, ਇਨ੍ਹਾਂ ਉਪਰੰਤ ਆਰੰਭਕ ਵਿਸ਼ੇਸ਼ਤਾਈਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਅੰਤ ’ਚ (ਗੁਰਪ੍ਰਸਾਦਿ) ਪ੍ਰਾਪਤ ਕਰਨ ਦੀ ਵਿਧੀ ਸ਼ਾਮਲ ਹੈ। ਇਨ੍ਹਾਂ (ੴਸਤਿਨਾਮੁ) ਦਾ ਅਸਥਾਨ ਮੂਲ-ਮੰਤ੍ਰ ਵਿੱਚ ਓਸੇ ਤਰ੍ਹਾਂ ਵਿਸ਼ੇਸ਼ ਹੈ; ਜਿਵੇਂ ਕਿ ‘ਮੂਲ-ਮੰਤ੍ਰ’ ਦਾ ਸੰਪੂਰਨ ਗੁਰਬਾਣੀ ਲਿਖਤ ਤਰਤੀਬ ਵਿੱਚ।

—–ਚਲਦਾ—–

ਕੀ ਸੋਨੇ ਦੀਆਂ ਵਸਤਾਂ ਭੇਟ ਕਰਨ ਨਾਲ ਕੌਮ ਦਾ ਭਲਾ ਹੈ ?

0

ਕੀ ਸੋਨੇ ਦੀਆਂ ਵਸਤਾਂ ਭੇਟ ਕਰਨ ਨਾਲ ਕੌਮ ਦਾ ਭਲਾ ਹੈ ?

ਕਿਰਪਾਲ ਸਿੰਘ ਬਠਿੰਡਾ

ਸੋਨਾ ਭੇਟ ਕਰਨ ਨਾਲ ਗੁਰੂ ਦੀਆਂ ਖ਼ੁਸ਼ੀਆਂ ਵੱਧ ਮਿਲਦੀਆਂ ਹਨ ਜਾਂ ਘੱਟ, ਇਸ ’ਤੇ ਵੀਚਾਰ ਕਰਨ ਤੋਂ ਪਹਿਲਾਂ ਆਓ ਗੁਰੂ ਗ੍ਰੰਥ ਸਾਹਿਬ ਜੀ ’ਚ ਸੋਨੇ ਬਾਰੇ ਦਰਜ ਗੁਰੂ ਸਾਹਿਬ ਜੀ ਦੇ ਵੀਚਾਰਾਂ ਨੂੰ ਸਮਝਣ ਦਾ ਯਤਨ ਕਰੀਏ।

ਗੁਰੂ ਗ੍ਰੰਥ ਸਾਹਿਬ ਜੀ ’ਚ ਸੋਇਨਾ 18 ਵਾਰ, ਸੋਇਨੇ 8 ਵਾਰ, ਸੋਇਨ 5 ਵਾਰ, ਸੋਇੰਨ 1 ਵਾਰ, ਸੋੁਇਨ 2 ਵਾਰ ਕੁੱਲ 34 ਵਾਰ ਅਤੇ ਸੋਨੇ ਦੇ ਅਰਥਾਂ ’ਚ ਸ਼ਬਦ ਕੰਚਨ ਵਿਆਕਰਨਿਕ ਨਿਯਮਾਂ ਮੁਤਾਬਕ ਵੱਖ ਵੱਖ ਰੂਪਾਂ ’ਚ 79 ਵਾਰੀ ਵਰਤਿਆ ਗਿਆ ਹੈ, ਜਿਨ੍ਹਾਂ ’ਚੋਂ ‘ਕੰਚਨੁ’ ਸ਼ਬਦ 39 ਵਾਰ, ‘ਕੰਚਨ’ 38 ਵਾਰ ਤੇ ‘ਕੰਚਨਾ’ 2 ਵਾਰ ਆਉਂਦਾ ਹੈ। ਇਨ੍ਹਾਂ ’ਚੋਂ ਕੁਝ ਉਦਾਹਰਨਾਂ ਹੇਠਾਂ ਦਿੱਤੀ ਜਾ ਰਹੀਆਂ ਹਨ :

ਜਿਸ ਮਨੁੱਖਾ ਸਰੀਰ ਨੂੰ ਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ, ਘੋੜਿਆਂ (ਦੀ ਸਵਾਰੀ) ਦਾ ਸ਼ੌਂਕ, (ਨਰਮ ਨਰਮ) ਸੇਜਾਂ ਅਤੇ (ਸੋਹਣੇ) ਮਹਲ-ਮਾੜੀਆਂ ਦੀ ਲਾਲਸਾ, (ਸੁਆਦਲੇ) ਮਿੱਠੇ ਪਦਾਰਥ ਤੇ ਮਾਸ (ਖਾਣ) ਦਾ ਚਸਕਾ ਆਦਿਕ ਇੰਨੇ ਚਸਕੇ ਲੱਗੇ ਹੋਏ ਹੋਣ ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿੱਚ ਹੋ ਸਕਦਾ ਹੈ ? ‘‘ਰਸੁ ਸੁਇਨਾ, ਰਸੁ ਰੁਪਾ ਕਾਮਣਿ; ਰਸੁ ਪਰਮਲ ਕੀ ਵਾਸੁ ਰਸੁ ਘੋੜੇ, ਰਸੁ ਸੇਜਾ ਮੰਦਰ; ਰਸੁ ਮੀਠਾ, ਰਸੁ ਮਾਸੁ ਏਤੇ ਰਸ ਸਰੀਰ ਕੇ; ਕੈ ਘਟਿ ਨਾਮ ਨਿਵਾਸੁ 2’’  (ਮਹਲਾ /੧੫)

ਗੁਰੂ ਗ੍ਰੰਥ ਸਾਹਬਿ ਜੀ ਦੇ ਪਾਵਨ ਅੰਕ 328 ’ਤੇ ਭਗਤ ਕਬੀਰ ਸਾਹਬਿ ਜੀ ਨੇ ਬਹੁਤ ਹੀ ਸਪਸ਼ਟ ਸ਼ਬਦਾਂ ਚ ਸਮਝਾਇਆ ਹੈ ਕਿ ਪ੍ਰੀਤ ਤੋਂ ਬਿਨਾ (ਪ੍ਰਭੂ-ਪਤੀ ਨਾਲ) ਪਿਆਰ ਨਹੀਂ ਬਣ ਸਕਦਾ ਅਤੇ ਜਦ ਤਾਈਂ (ਮਨ ’ਚ) ਮਾਇਆ ਦਾ ਚਸਕਾ ਹੈ, ਤਦ ਤਾਈਂ (ਪਤੀ ਪਰਮਾਤਮਾ ਨਾਲ) ਪਿਆਰ ਨਹੀਂ ਹੋ ਸਕਦਾ ‘‘ਪ੍ਰੀਤਿ ਬਿਨਾ ਕੈਸੇ ਬਧੈ ਸਨੇਹੁ ? ਜਬ ਲਗੁ ਰਸੁ, ਤਬ ਲਗੁ ਨਹੀ ਨੇਹੁ 1 ਰਹਾਉ ’’  (ਗਉੜੀ ਭਗਤ ਕਬੀਰ ਜੀ/੩੨੮) ਉਪਰੋਕਤ ਸ਼ਬਦ ਵਿਚ ਵਰਣਨ ਕੀਤੇ ਵੱਖ ਵੱਖ ਰਸਾਂ ’ਚੋਂ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲੇ ਨੰਬਰ ਦਾ ਰਸ ਸੋਨਾ ਲਿਖਿਆ ਹੈ। ਇਸ ਦਾ ਭਾਵ ਹੈ ਕਿ ਗੁਰੂ ਮਹਾਰਜ ਜੀ ਦੇ ਸਥਾਨਾਂ ’ਤੇ ਸੋਨੇ ਦੀਆਂ ਵਸਤਾਂ ਭੇਟ ਕਰਨ ਨਾਲ, ਨਾ ਹੀ ਗੁਰੂ ਦੀ ਪ੍ਰਸੰਨਤਾ ਹਾਸਲ ਹੋ ਸਕਦੀ ਅਤੇ ਨਾ ਹੀ ਪ੍ਰਭੂ ਨਾਲ ਪ੍ਰੀਤ ਬਣ ਸਕਦੀ ਹੈ। ਸੋਨੇ ਦੀਆਂ ਵਸਤਾਂ ਭੇਟ ਕਰਨ ਲਈ ਸੰਗਤਾਂ ਨੂੰ ਉਕਸਾਉਣ ਅਤੇ ਭੇਟਾ ਕਰਨ ਵਾਲੀਆਂ ਸੰਗਤਾਂ ਦੋਵੇਂ ਹੀ ਹਉਮੈ ਦਾ ਸ਼ਿਕਾਰ ਜ਼ਰੂਰ ਹੁੰਦੀਆ ਹਨ। ਇਸ ਤੋਂ ਅੱਗੇ ਗੁਰਬਾਣੀ ’ਚੋਂ ਬਹੁਤ ਸਾਰੇ ਸ਼ਬਦਾਂ ਦੀਆਂ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਹਨ ਜੋ ਦਰਸਾਉਂਦੀਆਂ ਹਨ ਕਿ ਸੋਨੇ ਚਾਂਦੀ ਦੀਆਂ ਵਸਤਾਂ ਨਾਲ ਗੁਰੂ ਦੀ ਪ੍ਰਸੰਨਤਾ ਹਾਸਲ ਨਹੀਂ ਕੀਤੀ ਜਾ ਸਕਦੀ।

 (ਹੇ ਮੂਰਖ !) ਤੂੰ ਖਾਣ, ਹੰਢਾਉਣ ਵਿਚ ਮਸਤ ਹੋ ਰਿਹਾ ਹੈਂ, ਤੂੰ ਸੋਨਾ, ਚਾਂਦੀ, ਧਰਤੀ ਇਕੱਠੀ ਕਰ ਰਿਹਾ ਹੈਂ। ਤੂੰ ਕਈ ਕਿਸਮਾਂ ਦੇ ਵਧੀਆ ਘੋੜੇ, ਵਧੀਆ ਹਾਥੀ ਤੇ ਕਦੇ ਨਾ ਥੱਕਣ ਵਾਲੇ ਰਥ ਇਕੱਠੇ ਕਰ ਲਏ ਹਨ। (ਮਾਇਆ ਦੀ ਮਸਤੀ ਵਿਚ) ਤੂੰ ਆਪਣੇ ਸਾਕ ਸੰਬੰਧੀਆਂ ਨੂੰ (ਭੀ) ਭੁਲਾ ਬੈਠਾ ਹੈਂ, ਕਿਸੇ ਨੂੰ ਭੀ ਯਾਦ ’ਚ ਨਹੀਂ ਲਿਆਉਂਦਾ। ਪਰਮਾਤਮਾ ਦੇ ਨਾਮ ਤੋਂ ਬਿਨਾਂ ਤੂੰ (ਆਤਮਕ ਜੀਵਨ ਪੱਖੋਂ) ਗੰਦਾ ਹੈਂ, ਸਿਰਜਨਹਾਰ ਪ੍ਰਭੂ ਨੇ (ਤੈਨੂੰ) ਆਪਣੇ ਮਨੋਂ ਲਾਹ ਦਿੱਤਾ ਹੈ ‘‘ਕਪੜਿ ਭੋਗਿ ਲਪਟਾਇਆ; ਸੁਇਨਾ ਰੁਪਾ ਖਾਕੁ ਹੈਵਰ ਗੈਵਰ ਬਹੁ ਰੰਗੇ; ਕੀਏ ਰਥ ਅਥਾਕ ਕਿਸ ਹੀ ਚਿਤਿ ਪਾਵਹੀ; ਬਿਸਰਿਆ ਸਭ ਸਾਕ ਸਿਰਜਣਹਾਰਿ ਭੁਲਾਇਆ; ਵਿਣੁ ਨਾਵੈ ਨਾਪਾਕ ’’  (ਮਹਲਾ /੪੨)

ਗੁਰੂ ਨਾਨਕ ਸਾਹਿਬ ਜੀ ਆਪਣੀ ਉਦਾਹਰਣ ਦੇ ਕੇ ਸਾਨੂੰ ਉਪਦੇਸ਼ ਕਰਦੇ ਹਨ ਕਿ ਮੈਂ (ਚਾਹੇ) ਸੋਨੇ ਦੇ (ਸੁਮੇਰ) ਪਰਬਤ ਉੱਤੇ ਗੁਫ਼ਾ ਬਣਾ ਲਵਾਂ, ਭਾਵੇਂ ਹੇਠਾਂ ਪਾਣੀ ਵਿਚ (ਜਾ ਕੇ ਬੈਠਾ ਰਹਾਂ); ਚਾਹੇ ਧਰਤੀ ਵਿਚ ਰਹਾਂ, ਚਾਹੇ ਆਕਾਸ਼ ਵਿਚ ਪੁੱਠਾ ਸਿਰ ਭਾਰ ਖਲੋਤਾ ਰਹਾਂ, ਭਾਵੇਂ ਸਰੀਰ ਨੂੰ ਪੂਰਨ ਤੌਰ ’ਤੇ ਕੱਪੜਾ ਪਹਿਨਾ ਲਵਾਂ (ਭਾਵ ਕਾਪੜੀਆਂ ਵਾਂਗ ਸਰੀਰ ਨੂੰ ਮੁਕੰਮਲ ਤੌਰ ’ਤੇ ਕੱਪੜਿਆਂ ਨਾਲ ਢੱਕ ਲਵਾਂ) ਚਾਹੇ ਸਰੀਰ ਨੂੰ ਸਦਾ ਹੀ ਧੋਂਦਾ ਰਹਾਂ, ਭਾਵੇਂ ਮੈਂ ਚਿੱਟੇ ਲਾਲ ਪੀਲੇ ਜਾਂ ਕਾਲੇ ਕੱੱਪੜੇ ਪਾ ਕੇ (ਚਾਰ) ਵੇਦਾਂ ਦਾ ਉਚਾਰਨ ਕਰਾਂ, ਚਾਹੇ (ਸਰੇਵੜਿਆਂ ਵਾਂਗ) ਗੰਦਾ ਤੇ ਮੈਲਾ ਰਹਾਂ-ਇਹ ਸਾਰੇ ਭੈੜੀ ਮਤ ਦੇ ਮੰਦੇ ਕਰਮ ਹੀ ਹਨ। ਹੇ ਨਾਨਕ ! (ਮੈਂ ਤਾਂ ਇਹ ਚਾਹੁੰਦਾ ਹਾਂ ਕਿ ਸਤਿਗੁਰੂ ਦੇ) ਸ਼ਬਦ ਨੂੰ ਵਿਚਾਰ ਕੇ (ਮੇਰੀ) ਹਉਮੈ ਨਾ ਰਹੇ ‘‘ਸੁਇਨੇ ਕੈ ਪਰਬਤਿ ਗੁਫਾ ਕਰੀ; ਕੈ ਪਾਣੀ ਪਇਆਲਿ ਕੈ ਵਿਚਿ ਧਰਤੀ, ਕੈ ਆਕਾਸੀ; ਉਰਧਿ ਰਹਾ ਸਿਰਿ ਭਾਰਿ ਪੁਰੁ ਕਰਿ ਕਾਇਆ ਕਪੜੁ ਪਹਿਰਾ; ਧੋਵਾ ਸਦਾ ਕਾਰਿ ਬਗਾ, ਰਤਾ, ਪੀਅਲਾ, ਕਾਲਾ; ਬੇਦਾ ਕਰੀ ਪੁਕਾਰ ਹੋਇ ਕੁਚੀਲੁ, ਰਹਾ ਮਲੁ ਧਾਰੀ; ਦੁਰਮਤਿ ਮਤਿ ਵਿਕਾਰ ਨਾ ਹਉ, ਨਾ ਮੈ, ਨਾ ਹਉ ਹੋਵਾ; ਨਾਨਕ  ! ਸਬਦੁ ਵੀਚਾਰਿ ’’  (ਮਹਲਾ /੧੩੯)

ਜੇ ਸਾਰੀਆਂ ਨਦੀਆਂ (ਮੇਰੇ ਵਾਸਤੇ ਦੁੱਧ ਦੇਣ ਵਾਲੀਆਂ) ਗਾਈਆਂ ਬਣ ਜਾਣ (ਪਾਣੀ ਦੇ) ਚਸ਼ਮੇ ਦੁੱਧ ਤੇ ਘਿਉ ਬਣ ਜਾਣ, ਸਾਰੀ ਜ਼ਮੀਨ ਸ਼ੱਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ, ਜੇ ਹੀਰੇ ਤੇ ਲਾਲਾਂ ਨਾਲ ਜੜਿਆ ਹੋਇਆ ਸੋਨੇ ਤੇ ਚਾਂਦੀ ਦਾ ਪਹਾੜ ਬਣ ਜਾਏ, ਤਾਂ ਭੀ (ਹੇ ਪ੍ਰਭੂ ! ਮੈਂ ਇਹਨਾਂ ਪਦਾਰਥਾਂ ਵਿਚ ਨਾ ਫਸਾਂ ਤੇ) ਤੇਰੀ ਹੀ ਸਿਫ਼ਤ-ਸਾਲਾਹ ਕਰਾਂ, ਤੇਰੀ ਵਡਿਆਈ ਕਰਨ ਦਾ ਮੇਰਾ ਚਾਉ ਮੁੱਕ ਨਾ ਜਾਏ ‘‘ਨਦੀਆ ਹੋਵਹਿ ਧੇਣਵਾ; ਸੁੰਮ ਹੋਵਹਿ ਦੁਧੁ ਘੀਉ ਸਗਲੀ ਧਰਤੀ ਸਕਰ ਹੋਵੈ; ਖੁਸੀ ਕਰੇ ਨਿਤ ਜੀਉ ਪਰਬਤੁ ਸੁਇਨਾ ਰੁਪਾ ਹੋਵੈ; ਹੀਰੇ ਲਾਲ ਜੜਾਉ ਭੀ ਤੂੰਹੈ ਸਾਲਾਹਣਾ; ਆਖਣ ਲਹੈ ਚਾਉ ’’  (ਮਹਲਾ /੧੪੨)

ਜੇ ਸੋਹਣੀ ਸੇਜ ਮਿਲੀ ਹੋਵੇ, ਅਨੇਕਾਂ ਸੁਖ ਹੋਣ, ਸਭ ਕਿਸਮ ਦੇ ਸੁਆਦਲੇ ਭੋਗ ਭੋਗਣ ਨੂੰ ਹੋਣ। ਜੇ ਮੋਤੀ ਹੀਰਿਆਂ ਨਾਲ ਜੜੇ ਹੋਏ ਸੋਨੇ ਦੇ ਘਰ ਹੋਣ, ਜਿਨ੍ਹਾਂ ਵਿਚ ਚੰਦਨ ਦੀ ਸੁਗੰਧੀ ਹੋਵੇ। ਜੇ ਮਨੁੱਖ ਮਨ-ਮੰਨੀਆਂ ਮੌਜਾਂ ਮਾਣਦਾ ਹੋਵੇ ਤੇ ਕੋਈ ਚਿੰਤਾ ਝੋਰਾ ਨਾ ਹੋਵੇ, (ਪਰ ਇਹ ਸਭ ਕੁਝ ਹੁੰਦਿਆਂ) ਜੇ (ਇਹ ਦਾਤਾਂ ਦੇਣ ਵਾਲਾ) ਉਹ ਪ੍ਰਭੂ ਮਨ ’ਚ ਯਾਦ ਨਹੀਂ ਹੈ ਤਾਂ (ਇਹ ਭੋਗ ਭੋਗਣ ਵਾਲਿਆਂ ਨੂੰ) ਗੰਦ ਦੇ ਕੀੜੇ ਜਾਣੋ, (ਕਿਉਂਕਿ) ਪ੍ਰਭੂ ਦੇ ਨਾਮ ਤੋਂ ਬਿਨਾਂ ਸ਼ਾਂਤੀ ਨਹੀਂ ਮਿਲਦੀ, ਹੋਰ ਕਿਸੇ ਤਰ੍ਹਾਂ ਭੀ ਮਨ ਧੀਰਜ ਨਹੀਂ ਫੜਦਾ ‘‘ਸੁੰਦਰ ਸੇਜ, ਅਨੇਕ ਸੁਖ, ਰਸ ਭੋਗਣ ਪੂਰੇ ਗ੍ਰਿਹ ਸੋਇਨ, ਚੰਦਨ ਸੁਗੰਧ, ਲਾਇ ਮੋਤੀ ਹੀਰੇ ਮਨ ਇਛੇ ਸੁਖ ਮਾਣਦਾ; ਕਿਛੁ ਨਾਹਿ ਵਿਸੂਰੇ ਸੋ ਪ੍ਰਭੁ ਚਿਤਿ ਆਵਈ; ਵਿਸਟਾ ਕੇ ਕੀਰੇ ਬਿਨੁ ਹਰਿ ਨਾਮ, ਸਾਂਤਿ ਹੋਇ; ਕਿਤੁ ਬਿਧਿ ਮਨੁ ਧੀਰੇ ’’  (ਮਹਲਾ /੭੦੭)

(ਜੇਠ ਹਾੜ ਦੀਆਂ ਲੋਆਂ ਪਿੱਛੋਂ ਵਰਖਾ ਰੁੱਤੇ) ਟੋਏ-ਟਿੱਬੇ (ਮੀਂਹ ਦੇ) ਪਾਣੀ ਨਾਲ ਭਰੇ ਹੋਏ ਹੋਣ, ਠੰਢੀਆਂ ਹਵਾਵਾਂ ਵਗਦੀਆਂ ਹੋਣ, ਸੋਨੇ ਦਾ ਪਲੰਘ ਹੋਵੇ, ਜਿਸ ਵਿਚ ਹੀਰੇ ਲਾਲ ਜੜੇ ਹੋਏ ਹੋਣ, ਸਗਨਾਂ ਦੇ ਸਾਲੂ ਪਹਿਨਣ ਨੂੰ ਹੋਣ, (ਪਰ ਜੇ ਇਸਤ੍ਰੀ ਨੂੰ ਆਪਣੇ) ਪਤੀ ਤੋਂ ਵਿਛੋੜਾ ਹੈ ਤਾਂ (ਇਹ ਸਾਰੇ ਸੁਹਾਵਣੇ ਪਦਾਰਥ ਹਿਰਦੇ ਨੂੰ ਸੁਖ ਪਹੁੰਚਾਣ ਦੇ ਥਾਂ) ਸੜਨ ਪੈਦਾ ਕਰਦੇ ਹਨ ‘‘ਜਲ ਥਲ ਨੀਰਿ ਭਰੇ; ਸੀਤਲ ਪਵਣ ਝੁਲਾਰਦੇ ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ਸੁਭਰ ਕਪੜ ਭੋਗ; ਨਾਨਕ  ! ਪਿਰੀ ਵਿਹੂਣੀ ਤਤੀਆ ’’ (ਮਹਲਾ /੧੧੦੨)

ਰਾਵਣ ਵਰਗੇ ਵੱਡੇ ਬਲੀ ਰਾਜੇ ਦੀ ਲੰਕਾ ਸਾਰੀ ਦੀ ਸਾਰੀ ਸੋਨੇ ਦੀ ਸੀ, (ਉਸ ਦੇ ਮਹਿਲਾਂ ਦੇ) ਦਰਵਾਜ਼ੇ ’ਤੇ ਹਾਥੀ ਬੱਝੇ ਖਲੋਤੇ ਸਨ, ਪਰ ਆਖ਼ਰ ਕੀ ਬਣਿਆ ? ਇਕ ਪਲ ਵਿਚ ਸਭ ਕੁਝ ਪਰਾਇਆ ਹੋ ਗਿਆ ‘‘ਸਰਬ ਸੁੋਇਨ ਕੀ ਲੰਕਾ ਹੋਤੀ; ਰਾਵਨ ਸੇ ਅਧਿਕਾਈ ਕਹਾ ਭਇਓ ਦਰਿ ਬਾਂਧੇ ਹਾਥੀ; ਖਿਨ ਮਹਿ ਭਈ ਪਰਾਈ ’’ (ਭਗਤ ਨਾਮਦੇਵ/੬੯੩)

(ਕਿਸੇ ਦਰਿਆ ਤੋਂ) ਜੁਆਨਾਂ ਨੂੰ ਪਾਰ ਲੰਘਦਿਆਂ ਵੇਖ ਕੇ (ਕਮਜ਼ੋਰ) ਇਸਤ੍ਰੀ ਦਾ ਮਨ ਭੀ (ਹੌਸਲਾ ਫੜ ਲੈਂਦਾ ਹੈ (ਤੇ ਲੰਘਣ ਦਾ ਹੀਆ ਕਰਦੀ ਹੈ; ਇਸੇ ਤਰ੍ਹਾਂ ਸੰਤ ਜਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਦਿਆਂ ਵੇਖ ਕੇ ਕਮਜ਼ੋਰ-ਦਿਲ ਮਨੁੱਖ ਨੂੰ ਭੀ ਹੌਸਲਾ ਪੈ ਜਾਂਦਾ ਹੈ, ਤਾਂ ਤੇ ਹੇ ਮਨ ! ਤੂੰ ਸੰਤ ਜਨਾਂ ਦੀ ਸੰਗਤ ਕਰ ! ਵੇਖ) ਜੋ ਮਨੁੱਖ ਨਿਰੇ ਸੋਨੇ ਵਾਲੇ ਪਾਸੇ (ਭਾਵ ਮਾਇਆ ਜੋੜਨ ਵੱਲ ਲੱਗ) ਪੈਂਦੇ ਹਨ ਉਹ ਆਰੇ ਨਾਲ ਚੀਰੇ ਜਾਂਦੇ ਹਨ (ਭਾਵ ਦੁੱਖੀ ਜੀਵਨ ਬਿਤੀਤ ਕਰਦੇ ਹਨ) ‘‘ਛੈਲ ਲੰਘੰਦੇ ਪਾਰਿ; ਗੋਰੀ (ਗੋਰੀਂ/ਇਸਤਰੀਆਂ ਦਾ) ਮਨੁ ਧੀਰਿਆ ਕੰਚਨ ਵੰਨੇ (ਸੋਨੇ ਵਾਲੇ) ਪਾਸੇ ਕਲਵਤਿ (ਆਰੇ ਨਾਲ) ਚੀਰਿਆ ’’  (ਬਾਬਾ ਫਰੀਦ ਜੀ/488)

ਜੇ ਮੈਂ ਸੋਨੇ ਦੇ ਕਿਲ੍ਹੇ ਦਾਨ ਕਰਾਂ, ਬਹੁਤ ਸਾਰੇ ਘੋੜੇ ਤੇ ਹਾਥੀ ਦਾਨ ਕਰਾਂ, ਜ਼ਮੀਨ ਦਾਨ ਕਰਾਂ, ਬਹੁਤ ਸਾਰੀਆਂ ਗਾਈਆਂ ਦਾਨ ਕਰਾਂ, ਫਿਰ ਭੀ (ਸਗੋਂ ਇਸ ਦਾਨ ਦਾ ਹੀ) ਮਨ ਵਿਚ ਅਹੰਕਾਰ ਮਾਣ ਬਣ ਜਾਂਦਾ ਹੈ। ਜਿਸ ਮਨੁੱਖ ਨੂੰ ਸਤਿਗੁਰੂ ਨੇ ਸਦਾ-ਥਿਰ ਪ੍ਰਭੂ (ਦਾ ਨਾਮ ਜਪਣ ਦੀ) ਬਖ਼ਸ਼ਸ਼ ਕੀਤੀ ਹੈ, ਉਸ ਦਾ ਮਨ ਪਰਮਾਤਮਾ ਦੇ ਨਾਮ ਵਿਚ ਪਰੋਇਆ ਰਹਿੰਦਾ ਹੈ (ਤੇ ਇਹੀ ਹੈ ਸੱਚੀ ਕਰਣੀ) ‘‘ਕੰਚਨ ਕੇ ਕੋਟ ਦਤੁ ਕਰੀ, ਬਹੁ ਹੈਵਰ ਗੈਵਰ ਦਾਨੁ ਭੂਮਿ ਦਾਨੁ ਗਊਆ ਘਣੀ; ਭੀ ਅੰਤਰਿ ਗਰਬੁ ਗੁਮਾਨੁ ਰਾਮ ਨਾਮਿ ਮਨੁ ਬੇਧਿਆ; ਗੁਰਿ ਦੀਆ ਸਚੁ ਦਾਨੁ ’’ (ਮਹਲਾ /੬੨)

ਮੇਰੀ ਜਿੰਦ ਸੋਨੇ (ਦੇ ਮੋਹ) ਵਿੱਚ, ਇਸਤ੍ਰੀ (ਦੇ ਮੋਹ) ਵਿੱਚ ਫਸੀ ਹੋਈ ਹੈ, ਮਾਇਆ ਦਾ ਮੋਹ ਮੈਨੂੰ ਮਿੱਠਾ ਲੱਗ ਰਿਹਾ ਹੈ। ਘਰ, ਪੱਕੇ ਮਹਿਲ ਘੋੜੇ (ਵੇਖ ਵੇਖ ਕੇ) ਮੈਨੂੰ ਚਾਉ ਚੜ੍ਹਦਾ ਹੈ, ਮੇਰਾ ਮਨ ਹੋਰ ਹੋਰ (ਪਦਾਰਥਾਂ ਦੇ) ਰਸ ਵਿੱਚ ਲੱਗਾ ਹੋਇਆ ਹੈ। ਹੇ ਮੇਰੇ ਹਰੀ ! ਹੇ ਮੇਰੇ ਰਾਜਨ ! ਤੂੰ ਕਦੇ ਮੇਰੇ ਚਿੱਤ ਵਿੱਚ ਨਹੀਂ ਆਉਂਦਾ। ਮੈਂ (ਇਨ੍ਹਾਂ ਰਸਾਂ ਦੇ ਮੋਹ ਵਿੱਚੋਂ) ਕਿਵੇਂ ਨਿਕਲਾਂ ? ‘‘ਕੰਚਨ ਨਾਰੀ ਮਹਿ ਜੀਉ ਲੁਭਤੁ ਹੈ; ਮੋਹੁ ਮੀਠਾ ਮਾਇਆ ਘਰ ਮੰਦਰ ਘੋੜੇ ਖੁਸੀ; ਮਨੁ ਅਨ ਰਸਿ ਲਾਇਆ ਹਰਿ ਪ੍ਰਭੁ ਚਿਤਿ (’) ਆਵਈ; ਕਿਉ ਛੂਟਾ  ? ਮੇਰੇ ਹਰਿ ਰਾਇਆ ’’  (ਮਹਲਾ /੧੬੭), ਪਰ  ਸਰੀਰ ਤਦੋਂ ਸੋਨੇ ਵਾਂਗ ਪਵਿਤ੍ਰ ਹੋ ਜਾਂਦਾ ਹੈ, ਜਦੋਂ ਗੁਰੂ; ਮਨੁੱਖ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਦੇਂਦਾ ਹੈ ‘‘ਕਾਂਇਆ ਕੰਚਨੁ ਤਾਂ ਥੀਐ; ਜਾ ਸਤਿਗੁਰੁ ਲਏ ਮਿਲਾਏ ’’ (ਮਹਲਾ /੫੮੫)

ਹੇ ਭਾਈ ! ਜੇਹੜਾ ਮਨੁੱਖ ਦੁੱਖਾਂ ’ਚ ਘਬਰਾਂਦਾ ਨਹੀਂ, ਜਿਸ ਦੇ ਹਿਰਦੇ ’ਚ ਸੁੱਖਾਂ ਨਾਲ ਮੋਹ ਨਹੀਂ ਅਤੇ (ਕਿਸੇ ਕਿਸਮ ਦਾ) ਡਰ ਨਹੀਂ, ਸੋਨੇ ਨੂੰ ਮਿੱਟੀ (ਸਮਾਨ) ਸਮਝਦਾ ਹੈ (ਉਸ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ) ॥੧॥ ਰਹਾਉ ॥ ਜਿਸ ਦੇ ਅੰਦਰ ਕਿਸੇ ਦੀ ਚੁਗ਼ਲੀ-ਬੁਰਾਈ ਨਹੀਂ, ਕਿਸੇ ਦੀ ਖ਼ੁਸ਼ਾਮਦ ਨਹੀਂ, ਜਿਸ ਦੇ ਅੰਦਰ ਨਾ ਲੋਭ ਹੈ, ਨਾ ਮੋਹ, ਨਾ ਅਹੰਕਾਰ; ਖ਼ੁਸ਼ੀ ਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ, ਜਿਸ ਨੂੰ ਨਾ ਕੋਈ ਸਤਿਕਾਰ ਪਸੰਦ ਹੈ, ਨਾ ਨਿਰਾਦਰ (ਉਸ ਅੰਦਰ ਪਰਮਾਤਮਾ ਦਾ ਨਿਵਾਸ ਹੈ) ॥੧॥ ਜੋ ਆਸਾ ਉਮੀਦਾਂ ਸਭ ਤਿਆਗ ਦੇਂਦਾ ਹੈ, ਜਗਤ ਤੋਂ ਨਿਰਮੋਹ ਰਹਿੰਦਾ ਹੈ, ਨਾ ਕਾਮ-ਵਾਸਨਾ ਪੋਹਦੀ ਹੈ, ਨਹ ਕ੍ਰੋਧ, ਉਸ ਅੰਦਰ ਰੱਬ ਦਾ ਨਿਵਾਸ ਹੈ ॥2॥ ‘‘ਜੋ ਨਰੁ, ਦੁਖ ਮੈ ਦੁਖੁ ਨਹੀ ਮਾਨੈ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ਰਹਾਉ ਨਹ ਨਿੰਦਿਆ, ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ   ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ   ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ   ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ’’  (ਮਹਲਾ /੬੩੩)

ਗੁਰੂ ਸਾਹਿਬ ਜੀ ਦੇ ਐਸੇ ਅਨੇਕਾਂ ਸ਼ਬਦਾਂ ਨੂੰ ਵਾਚੀਏ ਤਾਂ ਸਿੱਟਾ ਇਹੀ ਨਿਕਲਦਾ ਹੈ ਕਿ ਗੁਰੂ ਸਾਹਿਬ ਜੀ ਨੇ ਸੋਨੇ ਨੂੰ ਰਸ ਮੰਨਿਆ ਹੈ, ਜੋ ਜੀਵਾਤਮਾ ਦੇ ਪ੍ਰਮਾਤਮਾ ਨਾਲ ਸੰਬੰਧ ਨਹੀਂ ਸਗੋਂ ਦੂਰੀ ਬਣਾਉਂਦਾ ਹੈ। ਸੋਨੇ ਦੀਆਂ ਵਸਤਾਂ ਗੁਰੂ ਨੂੰ ਭੇਟ ਕਰਨ ਨਾਲ, ਨਾ ਗੁਰੂ ਤੇ ਨਾ ਅਕਾਲ ਪੁਰਖ ਖ਼ੁਸ਼ ਹੁੰਦੇ ਹਨ, ਇਉਂ ਉਨ੍ਹਾਂ ਨਾਲ਼ ਨੇੜਤਾ ਨਹੀਂ ਬਣਦੀ। ਕਬੀਰ ਸਾਹਿਬ ਜੀ ਨੇ ਬਹੁਤ ਹੀ ਸਪਸ਼ਟ ਸ਼ਬਦਾਂ ’ਚ ਵਰਣਨ ਕੀਤਾ ਹੈ ਕਿ ਸੋਨਾ ਸਾਵਾਂ ਤੋਲ ਕੇ ਵੀ ਬਦਲੇ ’ਚ ਰੱਬ ਨਹੀਂ ਮਿਲਦਾ, ਇਸ ਲਈ ਮੈਂ ਤਾਂ ਮਨ ਹੀ ਅਰਪਣ ਕਰ ਉਸ ਨੂੰ ਮੁੱਲ ਖਰੀਦਿਆ ਹੈ ‘‘ਕੰਚਨ ਸਿਉ ਪਾਈਐ ਨਹੀ ਤੋਲਿ ਮਨੁ ਦੇ, ਰਾਮੁ ਲੀਆ ਹੈ ਮੋਲਿ ’’  (ਭਗਤ ਕਬੀਰ ਜੀ/੩੨੭) 

ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਕਿ ਜੇ ਕੋਈ ਬਹੁਤ ਸੋਨਾ ਦਾਨ ਕਰਦਾ ਹੈ, ਭੂਮੀ ਅਰਪ ਕੇ ਦਾਨ ਕਰਦਾ ਹੈ। ਕਈ ਸੁੱਚਾਂ ਨਾਲ (ਸਰੀਰ) ਪਵਿੱਤਰ ਕਰਦਾ ਹੈ। (ਐਸੇ ਉੱਦਮ) ਪਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ, ਇਸ ਲਈ ਹੇ ਮਨ ! ਪਰਮਾਤਮਾ ਦੇ ਸੋਹਣੇ ਚਰਨਾਂ ’ਚ ਜੁੜਿਆ ਰਹਿ ‘‘ਕੰਚਨਾ ਬਹੁ ਦਤ ਕਰਾ ਭੂਮਿ ਦਾਨੁ ਅਰਪਿ ਧਰਾ ਮਨ ਅਨਿਕ ਸੋਚ ਪਵਿਤ੍ਰ ਕਰਤ ਨਾਹੀ ਰੇ  ! ਨਾਮ ਤੁਲਿ, ਮਨ  ! ਚਰਨ ਕਮਲ ਲਾਗੇ ਰਹਾਉ ’’  (ਮਹਲਾ /੧੨੨੯)

ਗੁਰੂ ਸਾਹਿਬ ਜੀ ਦੇ ਐਨੇ ਸਪਸ਼ਟ ਹੁਕਮਾਂ ਨੂੰ ਅੱਖੋਂ ਪਰੋਖੇ ਕਰ ਪਤਾ ਨਹੀਂ ਕਿਉਂ ਸਿੱਖਾਂ ’ਚ ਸੋਨੇ ਦੀ ਪਾਲਕੀ, ਸੋਨੇ ਦਾ ਪੀੜ੍ਹਾ, ਸੋਨੇ ਦੀ ਕਲਗੀ, ਸੋਨੇ ਦੇ ਹਾਰ, ਸੋਨੇ ਦੇ ਕਲਸ, ਸੋਨੇ ਦੀ ਡੰਡੀ ਵਾਲੇ ਚੌਰ ਭੇਟ ਕਰਨ ਵਾਲਿਆਂ ਅਤੇ ਸੋਨੇ ਦੀਆਂ ਵਸਤਾਂ ਭੇਟ ਕਰਨ ਲਈ ਉਤਸ਼ਾਹਿਤ ਕਰਨ ਵਾਲਿਆਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਸਿਆਣਿਆਂ ਦਾ ਮੰਨਣਾ ਕਿ ਸ਼ਾਇਦ ਇਸ ਵਿੱਚ ਘਾਲ਼ਾ ਮਾਲ਼ਾ ਵੱਧ ਹੁੰਦਾ ਹੈ ਤੇ ਸੋਨੇ ਦੀਆਂ ਵਸਤਾਂ ਭੇਟ ਕਰਨ ਵਾਲੇ ਦੀ ਹਉਮੈਂ ਨੂੰ ਪੱਠੇ ਪੈਂਦੇ ਹਨ। ਇਸ ਦੀ ਤਾਜ਼ਾ ਮਿਸਾਲ ਇੱਕ ਪੜ੍ਹੇ ਲਿਖੇ ਡਾਕਟਰ ਪਰਵਾਰ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸੋਨੇ ਦੀ ਕਲਗੀ, ਸੋਨੇ ਦਾ ਹਾਰ, ਸ੍ਰੀ ਸਾਹਿਬ ਅਤੇ ਪੀੜ੍ਹਾ ਸਾਹਿਬ ਭੇਟ ਕਰਨ ਉਪਰੰਤ ਪੈਦਾ ਹੋਏ ਵਿਵਾਦ ’ਚ ਵੇਖੀ ਜਾ ਸਕਦੀ ਹੈ। ਇਸ ਵਿਵਾਦ ਦਾ ਅਸਲ ਦੋਸ਼ੀ ਕੌਣ ਹੈ, ਇਸ ਦਾ ਪਤਾ ਤਾਂ ਪੜਤਾਲ ਕਰਨ ’ਤੇ ਲੱਗੇਗਾ ਪਰ ਇੱਥੇ ਇੱਕ ਦੀ ਲਾਲਸਾ ਅਤੇ ਦੂਸਰੇ ਦੀ ਹਉਮੈ; ਸਾਫ਼ ਵਿਖਾਈ ਦੇ ਰਹੀ ਹੈ। ਇਸ ਕੇਸ ’ਚ ਬਹੁਤੀਆਂ ਉਂਗਲਾਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ’ਤੇ ਹੀ ਉਠਦੀਆਂ ਹਨ, ਜੋ ਸੁਭਾਵਕ ਵੀ ਹਨ। ਦਾਨੀ ਸੱਜਣ ਖ਼ੁਦ ਕਹਿ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਸਾਰੀ ਜ਼ਮੀਨ ਬਾਬਾ ਸੇਵਾ ਸਿੰਘ ਨੂੰ ਸਰਬੱਤ ਦੇ ਭਲੇ ਟਰੱਸਟ ਲਈ ਦਾਨ ਦੇ ਦਿੱਤੀ ਹੈ ਅਤੇ ਕਮਾਈ ਦਾ ਸਾਧਨ ਕੇਵਲ ਹਸਪਤਾਲ ਹੈ, ਜਿੱਥੇ 14 ਡਾਕਟਰ ਅਤੇ ਨਰਸਿੰਗ ਸਟਾਫ ਸੇਵਾ ਨਿਭਾ ਰਹੇ ਹਨ। ਉਨ੍ਹਾਂ ਮੁਤਾਬਕ ਹਸਪਤਾਲ ਆਉਣ ਵਾਲੇ ਕਿਸੇ ਵੀ ਮਰੀਜ਼ ਤੋਂ ਨਾਂ ਫ਼ੀਸ, ਨਾ ਕਮਰਿਆਂ ਦਾ ਕਿਰਾਇਆ ਲਿਆ ਜਾਂਦਾ ਹੈ। ਕੇਵਲ ਅਪ੍ਰੇਸ਼ਨਾਂ ਦਾ ਖ਼ਰਚਾ ਅਤੇ ਦਵਾਈਆਂ ਦੀ ਕੀਮਤ ਲਈਦੀ ਹੈ। ਜੇ ਵਾਕਿਆ ਈ ਐਸਾ ਕਰ ਰਹੇ ਹਨ ਤਾਂ ਸੱਚ ਮੁੱਚ ਮਨੁੱਖਤਾ ਦੀ ਸੇਵਾ ਹੈ, ਜੋ ਗੁਰੂ ਦੇ ਦਰ ’ਤੇ ਪ੍ਰਵਾਨ ਤੇ ਸ਼ਾਲਾਘਾਯੋਗ ਹੈ, ਪਰ ਜੇਕਰ ਮਨਸ਼ਾ ਕੁੱਝ ਹੋਰ ਹੈ ਤਾਂ ਜ਼ਰੂਰ ਵਿਚਾਰਨਾ ਬਣਦਾ ਹੈ ਕਿਉਂਕਿ ਬਿਜਲੀ ਦੇ ਬਿੱਲ, ਸਟਾਫ/ਡਾਕਟਰਾਂ ਦੀਆਂ ਤਨਖਾਹਾਂ, ਨਿੱਜੀ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਪਟਨਾ ਸਾਹਿਬ ਅਤੇ ਹਜੂਰ ਸਾਹਿਬ ਲਈ ਤਕਰੀਬਨ 10-12 ਕਿਲੋ ਸੋਨਾ ਅਤੇ ਹੀਰੇ ਭੇਟ ਕਰਨਾ, ਅਸੰਭਵ ਕਾਰਜ ਹੈ।

ਡਾਕਟਰ ਸਾਹਿਬ ਨੂੰ ਭਾਈ ਗੁਰਦਾਸ ਜੀ ਦੇ ਇਸ ਕਬਿੱਤ ਤੋਂ ਸੇਧ ਲੈਣੀ ਚਾਹੀਦੀ ਸੀ ‘‘ਜੈਸੇ, ਸਤ (100) ਮੰਦਰ ਕੰਚਨ ਕੇ ਉਸਾਰ ਦੀਨੇ; ਤੈਸਾ ਪੁੰਨ, ਸਿਖ ਕਉ ਇਕ ਸਬਦ ਸਿਖਾਏ ਕਾ’’  (ਕਬਿੱਤ 673) ਤਾਂ ਤੇ ਇਹ ਮਾਇਆ ਨਾਲ਼ ਗੁਰਮਤਿ ਮਿਸ਼ਨਰੀ ਕਾਲਜਾਂ ਦੀ ਸਹਾਇਤਾ ਕਰਦੇ ਤਾਂ ਚੰਗਾ ਹੁੰਦਾ ਕਿਉਂਕਿ ਇਨ੍ਹਾਂ ਅੰਦਰ ਵਿਦਿਆਰਥੀਆਂ ਨੂੰ ਮੁਫ਼ਤ ਲੰਗਰ, ਮੁਫ਼ਤ ਰਿਹਾਇਸ਼, ਮੁਫ਼ਤ ਵਰਦੀ, ਮੁਫ਼ਤ ਪੜ੍ਹਾਈ ਆਦਿ ਦੇ ਕੇ ਹਰ ਸਾਲ ਸੈਂਕੜੇ ਪ੍ਰਚਾਰਕ ਤਿਆਰ ਕੀਤੇ ਜਾ ਰਹੇ ਹਨ ਜੋ ਗੁਰਬਾਣੀ ਦੇ ਪਾਵਨ ਬਚਨਾਂ ‘‘ਗੁਰ ਕਾ ਸਬਦੁ ਰਤੰਨੁ ਹੈ; ਹੀਰੇ ਜਿਤੁ ਜੜਾਉ (ਅਨੰਦ ਮਹਲਾ /੯੨੦), ਗੁਰ ਕਾ ਸਬਦੁ ਰਤੰਨੁ ਹੈ; ਕਰਿ ਚਾਨਣੁ ਆਪਿ ਦਿਖਾਇਆ ’’  (ਮਹਲਾ /੧੨੯੦) ਆਦਿ ਦਾ ਪ੍ਰਚਾਰ ਪਾਸਾਰ ਕਰਕੇ ਕੌਮ ਨੂੰ ਸੋਨੇ ਵਰਗਾ ਬਣਾ ਸਕਦੇ ਹਨ ਜਾਂ ਉਨ੍ਹਾਂ ਗੁਰਸਿੱਖ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਦੇ ਜਿਨ੍ਹਾਂ ਦੇ ਮਾਤਾ ਪਿਤਾ ਆਰਥਿਕ ਕਮਜ਼ੋਰੀ ਕਾਰਨ ਆਪਣੇ ਬੱਚਿਆਂ ਨੂੰ ਉੱਚ ਪਾਂਏ ਦੀ ਵਿਦਿਆ ਦਿਵਾਉਣ ’ਚ ਅਸਮਰਥ ਹਨ।

ਹੁਣੇ ਹੀ ਇਕ ਖ਼ਬਰ ਸੁਣਨ ਨੂੰ ਮਿਲੀ ਹੈ ਕਿ ਪੜ੍ਹਾਈ ’ਚ ਹੁਸ਼ਿਆਰ ਗ਼ਰੀਬ ਪਰਵਾਰ ਦੇ ਬਾਰ੍ਹਵੀਂ ਪਾਸ ਵਿਦਿਆਰਥੀ ਨੇ ਉਚੇਰੀ ਪੜ੍ਹਾਈ ਲਈ ਪੈਸੇ ਨਾ ਹੋਣ ਕਾਰਨ ਫਾਹਾ ਲੈ ਲਿਆ। ਸੋਨੇ ਦੀਆਂ ਵਸਤਾਂ ਭੇਟ ਕਰਨ ਅਤੇ ਕਰਵਾਉਣ ਵਾਲਿਆਂ ਦਾ ਖਿਆਲ ਅਜਿਹੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਅਤੇ ਉਨ੍ਹਾਂ ਨੂੰ ਕੌਮ ਲਈ ਹੀਰੇ ਬਣਾਉਣ ਵੱਲ ਹੋਣਾ ਚਾਹੀਦਾ ਹੈ। ਯਹੂਦੀਆਂ ਦੀ ਤਰੱਕੀ ਦਾ ਸਭ ਤੋਂ ਵੱਡਾ ਰਾਜ਼ ਇਹੋ ਸੀ ਕਿ ਉਨ੍ਹਾਂ ਨੇ ਸਭ ਤੋਂ ਵੱਧ ਤਰਜੀਹ ਆਪਣੇ ਬੱਚਿਆਂ ਨੂੰ ਧਾਰਮਿਕ ਤੇ ਉੱਚ ਪਾਂਏ ਦੀ ਦੁਨਿਆਵੀ ਵਿਦਿਆ ’ਚ ਨਿਪੁੰਨਤਾ ਹਾਸਲ ਕਰਵਾਉਣ ਨੂੰ ਦਿੱਤੀ ਜਦੋਂ ਕਿ ਸਿੱਖ ਇਸ ਪੱਖੋਂ ਦੂਰ ਹਨ ਤੇ ਸਾਰਾ ਜੋਰ ਕਾਰ ਸੇਵਾ ਵਾਲੇ ਬਾਬਿਆਂ ਰਾਹੀਂ ਗੁਰਦੁਆਰਿਆਂ ’ਚ ਸੰਗਮਰਮਰ ਪੱਥਰ ਲਾਉਣ, ਸੋਨੇ ਦੀਆਂ ਕਲਸਾਂ, ਸੋਨੇ ਦੀਆਂ ਪਾਲਕੀਆਂ, ਸੋਨੇ ਦੇ ਪੀੜ੍ਹੇ, ਸੋਨੇ ਦੀਆਂ ਕਲਗੀਆਂ ਅਤੇ ਮਹਿੰਗੇ ਹਾਰ ਭੇਟ ਕਰਕੇ ਆਪਣੀ ਹਉਮੈ ਨੂੰ ਪੱਠੇ ਪਾ ਰਹੇ ਹਨ। ਉਨ੍ਹਾਂ ਇਤਿਹਾਸਕ ਘਟਨਾਵਾਂ ਤੋਂ ਵੀ ਕੁਝ ਸਿੱਖਣਾ ਬਣਦਾ, ਜਿੱਥੇ ਜ਼ਿਕਰ ਆਉਂਦਾ ਹੈ ਕਿ ਹਿੰਦੂ ਮੰਦਿਰਾਂ ’ਚ ਸੋਨੇ ਦੀਆਂ ਵਸਤਾਂ ਦੇ ਅੰਬਾਰ ਲਾ ਰੱਖੇ ਸਨ; ਅਹਿਮਦ ਸ਼ਾਹ ਅਬਦਾਲੀ ਵਰਗੇ ਧਾੜਵੀ ਆਉਂਦੇ ਤੇ ਮੰਦਿਰਾਂ ਦਾ ਸੋਨਾ, ਦੇਸ਼ ਦੀ ਧਨ ਦੌਲਤ ਅਤੇ ਇੱਜ਼ਤ ਆਬਰੂ ਲੁੱਟ ਕੇ ਬੜੇ ਅਰਾਮ ਨਾਲ ਇੱਥੋਂ ਚਲੇ ਜਾਂਦੇ।

ਸਿੱਖ ਤਵਾਰੀਖ਼ ਨੂੰ ਕੌਣ ਵਿਗਾੜ ਰਿਹਾ ਹੈ ?

0

ਸਿੱਖ ਤਵਾਰੀਖ਼ ਨੂੰ ਕੌਣ ਵਿਗਾੜ ਰਿਹਾ ਹੈ ?

ਸਰਵਜੀਤ ਸਿੰਘ ਸੈਕਰਾਮੈਂਟੋ

ਪਿਛਲੇ ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਦੋ ਬਹੁਤ ਹੀ ਅਹਿਮ ਦਿਹਾੜੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਸਿੱਖ ਕੌਮ ਵੱਲੋਂ ਬੜੇ ਉਤਸ਼ਾਹ ਨਾਲ ਮਨਾਏ ਗਏ ਹਨ। ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਵਿੱਚ ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ਕਈ ਲੇਖ ਛਪੇ ਅਤੇ ਸੋਸ਼ਲ ਮੀਡੀਏ ਉੱਪਰ ਵੀ ਕਈ ਦਿਨ ਚਰਚਾ ਚਲਦੀ ਰਹੀ। ਖਾਸ ਤੌਰ ’ਤੇ ਦਰਬਾਰ ਸਾਹਿਬ ਵਿਖੇ ਵਿਦੇਸ਼ੀ ਫੁੱਲਾਂ ਨਾਲ ਕੀਤੀ ਗਈ ਸਜਾਵਟ ਦੀ, ਜਿਨ੍ਹਾਂ ਦੀ ਕੀਮਤ ਅਖ਼ਬਾਰਾਂ ਵੱਲੋਂ ਕਈ ਕਰੋੜ ਦੱਸੀ ਗਈ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਛਾਪੇ ਗਏ ਬਿਕ੍ਰਮੀ ਕੈਲੰਡਰ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 12 ਭਾਦੋਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ 14 ਭਾਦੋਂ ਦਾ ਦਰਜ ਹੈ, ਜਿਸ ਕਾਰਨ ਕਈ ਸੱਜਣਾਂ ਵੱਲੋਂ ਇਹ ਸਵਾਲ ਵੀ ਆਇਆ ਕਿ ਜਦ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ 14 ਭਾਦੋਂ ਨੂੰ ਹੋਏ ਤਾਂ ਪ੍ਰਕਾਸ਼ 2 ਦਿਨ ਪਹਿਲਾਂ 12 ਭਾਦੋਂ ਨੂੰ ਕਿਵੇਂ ਸੰਭਵ ਹੋ ਸਕਦਾ ਹੈ ?  ਸ਼੍ਰੋਮਣੀ ਕਮੇਟੀ ਦਾ ਕੈਲੰਡਰ ਵੇਖ ਕੇ ਤਾਂ ਇਹ ਸਵਾਲ ਕਰਨਾ ਜਾਇਜ਼ ਹੀ ਹੈ। ਪਰ ਇਸ ਦਾ ਅਸਲ ਕਾਰਨ ਇਹ ਹੈ ਕਿ ਪਹਿਲਾ ਪ੍ਰਕਾਸ਼ ਦਿਵਸ, ਗੁਰੂ ਅਰਜਨ ਦੇਵ ਜੀ ਵੱਲੋਂ ਰਾਮਸਰ ਦੇ ਰਮਣੀਕ ਅਸਥਾਨ ’ਤੇ ਲਿਖਵਾਈ ਗਈ ਅਤੇ ਭਾਈ ਗੁਰਦਾਸ ਜੀ ਵੱਲੋਂ ਲਿਖੀ ਗਈ ਉਸ ਪਾਵਨ ਬੀੜ ਦਾ ਸੀ, ਜਿਸ ਦਾ ਪਹਿਲਾ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ ਸੀ। ਇਸ ਆਦਿ ਬੀੜ ਦੇ ਲਿਖੇ ਜਾਣ ਦੀ ਤਾਰੀਖ਼, ਇੱਕ ਭਾਦੋਂ, ਭਾਦੋਂ ਵਦੀ ਏਕਮ, ਸੰਮਤ 1661 ਬਿਕ੍ਰਮੀ ਮੰਨੀ ਹੈ ਅਤੇ ਕੁੱਝ ਦਿਨ ਜਿਲਦ ਬੰਨਵਾਉਣ ਤੋਂ ਬਾਅਦ ਇਨ੍ਹਾਂ ਦਾ ਪਹਿਲਾ ਪ੍ਰਕਾਸ਼ 17 ਭਾਦੋਂ, ਭਾਦੋਂ ਸੁਦੀ ਏਕਮ, ਸੰਮਤ 1661 ਬਿਕ੍ਰਮੀ ਯਾਨੀ 16 ਦਿਨ ਬਾਅਦ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਸੀ ਅਤੇ ‘ਸੰਪੂਰਨਤਾ ਦਿਵਸ ਗੁਰੂ ਗ੍ਰੰਥ ਸਾਹਿਬ ਜੀ’, ਉਹ ਦਿਹਾੜਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ, ਤਲਵੰਡੀ ਸਾਬੋ (ਤਖਤ ਦਮਦਮਾ ਸਾਹਿਬ) ਵਿਖੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾ ਕੇ ਸੰਪੂਰਨ ਕੀਤਾ ਮੰਨਿਆ ਜਾਂਦਾ ਹੈ। ਇਹ ਦਿਹਾੜਾ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਪ੍ਰਵਿਸ਼ਟਿਆਂ ਮੁਤਾਬਕ 14 ਭਾਦੋਂ ਨੂੰ ਮਨਾਇਆ ਜਾਂਦਾ ਹੈ, ਪਰ ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ਵਦੀ-ਸੁਦੀ ਭਾਵ ਚੰਦ ਦੇ ਕੈਲੰਡਰ ਮੁਤਾਬਕ, ਭਾਦੋਂ ਸੁਦੀ ਏਕਮ ਨੂੰ ਮਨਾਇਆ ਜਾਂਦਾ ਹੈ। ਇਸ ਕਾਰਨ ਇਸ ਦਿਹਾੜੇ ਦਾ ਪ੍ਰਵਿਸ਼ਟਾ ਅਤੇ ਤਾਰੀਖ ਹਰ ਸਾਲ ਬਦਲਦੀ ਰਹਿੰਦੀ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਪਿਛਲੇ ਸਾਲ ਇਹ ਦਿਹਾੜਾ 23 ਭਾਦੋਂ (7 ਸਤੰਬਰ) ਦਾ ਦਰਜ ਸੀ, ਇਸ ਸਾਲ 12 ਭਾਦੋਂ (28 ਅਗਸਤ) ਅਤੇ ਅਗਲੇ ਸਾਲ 31 ਭਾਦੋਂ (16 ਸਤੰਬਰ) ਹੋਵੇਗਾ। ਜਦੋਂ ਕਿ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਮਨਾਉਣ ਕਾਰਨ ਹਰ ਸਾਲ 14 ਭਾਦੋਂ ਦਾ ਹੀ ਦਰਜ ਹੁੰਦਾ ਹੈ। (ਅਸਲ ’ਚ ਇਹ ਪ੍ਰਵਿਸ਼ਟਾ 15 ਭਾਦੋਂ ਹੈ।  15 ਭਾਦੋਂ, ਭਾਦੋਂ ਵਦੀ 3, ਸੰਮਤ 1763 ਬਿਕ੍ਰਮੀ, ਦਿਨ ਵੀਰਵਾਰ, 15 ਅਗਸਤ 1706 ਈ: ਜੂਲੀਅਨ)

ਕਈ ਸੱਜਣਾਂ ਨੂੰ ਵਦੀ-ਸੁਦੀ, ਪ੍ਰਵਿਸ਼ਟੇ, ਜੂਲੀਅਨ ਤੇ ਗਰੈਗੋਰੀਅਨ ਵਿੱਚ ਫਰਕ ਅਤੇ ਇਕ ਦੂਜੇ ਵਿੱਚ ਬਦਲੀ ਕਰਨ ਦੀ ਜਾਣਕਾਰੀ ਨਾ ਹੋਣ ਕਾਰਨ, ਕਈ ਵਾਰ ਬਹੁਤ ਹੀ ਹਾਸੋਂ ਹੀਣੀ ਸਥਿਤੀ ਪੈਦਾ ਹੋ ਜਾਂਦੀ ਹੈ। ਕੈਲੀਫੋਰਨੀਆ ਤੋਂ ਛਪਦੀ ਇਕ ਅਖ਼ਬਾਰ ਵਿਚ ਇਕ ਲੇਖ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨਤਾ’ ਪੜ੍ਹ ਰਿਹਾ ਸੀ। ਜਿਸ ਦਾ ਲੇਖਕ ਲਿਖਦਾ ਹੈ ‘ਇਸ ਗ੍ਰੰਥ ਦੀ ਸੰਪੂਰਨਤਾ 30 ਅਗਸਤ, 1604 ਈ: ਨੂੰ ਹੋਈ। ਇਸੇ ਸਾਲ ਪਹਿਲੀ ਸਤੰਬਰ ਨੂੰ ਇਸ ਗ੍ਰੰਥ ਸਾਹਿਬ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਦੀ ਤਿਆਰ ਹੋਈ ਇਮਾਰਤ ਵਿਚ ਸਥਾਪਤ ਕਰਕੇ ਇਸ ਦਾ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ’। ਹੁਣ ਜੇ ਇਨ੍ਹਾਂ ਤਾਰੀਖਾਂ ਦੀ ਪੜਤਾਲ ਕਰੀਏ ਤਾਂ 30 ਅਗਸਤ, 1604 ਈ: (ਜੂਲੀਅਨ) 31 ਭਾਦੋਂ, ਸਾਵਣ ਸੁਦੀ 15 (ਪੁੰਨਿਆ) ਸੀ ਅਤੇ 1 ਸਤੰਬਰ ਨੂੰ 2 ਭਾਦੋਂ, ਭਾਦੋਂ ਵਦੀ ਤੀਜ ਬਣਦੀ ਹੈ।

ਫੇਸਬੁਕ ਉੱਪਰ ਇਕ ਸਾਂਝੇ ਸੱਜਣ ਵੱਲੋਂ ਡਾ: ਹਰਜਿੰਦਰ ਸਿੰਘ ਦਿਲਗੀਰ ਦੀ ਇਕ ਲਿਖਤ ਭੇਜੀ ਗਈ (ਮੈਨੂੰ ਤਾਂ ਡਾ: ਦਿਲਗੀਰ ਨੇ ਬਲਾਕ ਕੀਤਾ ਹੋਇਆ ਹੈ) ਜਿਸ ਵਿੱਚ ਉਹ ਲਿਖਦੇ ਹਨ ‘ਪਲੀਜ਼ ਇਤਿਹਾਸ ਦਾ ਰੇਪ ਨਾ ਕਰੋ ਸੰਮਤ 1661 ਦੀ ਭਾਦੋਂ ਸੁਦੀ ਏਕਮ (17 ਭਾਦੋਂ) ਗਰੈਗੋਰੀਅਨ ਕੈਲੰਡਰ (ਜਿਸ ਨੂੰ ਕੁਝ ਅਗਿਆਨੀ ਲੋਕ ਈਸਾਈ ਕੈਲੰਡਰ ਕਹਿੰਦੇ ਹਨ ਤੇ ਅੱਜ ਸਾਰੀ ਦੁਨੀਆਂ ਵਰਤਦੀ ਹੈ) ਮੁਤਾਬਿਕ 16 ਅਗਸਤ 1604 ਸੀ ਇਹ ਪੁਰੇਵਾਲ ਦੀ ਜੰਤਰੀ ਦੇ ਸਫ਼ਾ 136 ’ਤੇ ਵੀ 16 ਅਗਸਤ ਹੈ ਸੂਝਵਾਨ ਸਿੱਖਾਂ ਨੂੰ ਅਪੀਲ: ਤੁਸੀਂ ਇਹ ਪੁਰਬ 2022 ਵਿਚ ਜੰਮਜੰਮ ਪਹਿਲੀ ਸਤੰਬਰ ਨੂੰ ਮਨਾਓ, ਪਰ ਸਿੱਖ ਤਵਾਰੀਖ਼ ਨਾ ਵਿਗਾੜੋ

 ਇਸ ਸੰਬੰਧੀ ਬੇਨਤੀ ਹੈ ਕਿ ਡਾ: ਦਿਲਗੀਰ ਜੀ ਵੱਲੋਂ ਲਿਖੀ ਗਈ ਤਾਰੀਖ ਭਾਦੋਂ ਸੁਦੀ ਏਕਮ, 17 ਭਾਦੋਂ ਸੰਮਤ 1661 ਬਿਕ੍ਰਮੀ ਤਾਂ ਠੀਕ ਹੈ ਪਰ ਅੰਗਰੇਜ਼ੀ ਤਾਰੀਖ, ‘ਸੰਮਤ 1661 ਦੀ ਭਾਦੋਂ ਸੁਦੀ ਏਕਮ (17 ਭਾਦੋਂ) ਗਰੈਗੋਰੀਅਨ ਕੈਲੰਡਰ ਮੁਤਾਬਕ 16 ਅਗਸਤ 1604 ਸੀ’ ਇਹ ਸਹੀਂ ਨਹੀਂ। ਇਸ ਤਾਰੀਖ ਦੀ ਪੜਤਾਲ ਕੀਤੀ ਤਾਂ ਇਹ ਤਾਰੀਖ ਗ਼ਲਤ ਸਾਬਤ ਹੋਈ, ਅਸਲ ’ਚ 16 ਅਗਸਤ ਗ੍ਰੈਗੋਰੀਅਨ ਨਹੀਂ, 16 ਅਗਸਤ ਜੂਲੀਅਨ ਸੀ। ਸ: ਪਾਲ ਸਿੰਘ ਪੁਰੇਵਾਲ ਦੀ ਜੰਤਰੀ ਵਿੱਚ ਵੀ 16 ਅਗਸਤ ਜੂਲੀਅਨ ਹੀ ਲਿਖੀ ਹੈ ਕਿਉਂਕਿ ਭਾਰਤ ’ਚ ਗ੍ਰੈਗੋਰੀਅਨ ਕੈਲੰਡਰ 2 ਸਤੰਬਰ 1752 ਨੂੰ ਲਾਗੂ ਹੋਇਆ ਮੰਨਿਆ ਗਿਆ, ਜਿਸ ਦੇ ਕੈਲੰਡਰ ਦੀ ਫੋਟੋ ਹੇਠਾਂ ਵੇਖੀ ਜਾ ਸਕਦੀ ਹੈ ।  16 ਅਗਸਤ 1604 ਈ: ਗਰੈਗੋਰੀਅਨ ਨੂੰ ਤਾਂ 7 ਭਾਦੋਂ, ਭਾਦੋਂ ਵਦੀ 6 ਸੀ। ਦੂਜੇ ਪਾਸੇ, ਜੇ ਭਾਦੋਂ ਸੁਦੀ ਏਕਮ, 17 ਭਾਦੋਂ ਨੂੰ ਸਹੀ ਮੰਨ ਕੇ ਗਰੈਗੋਰੀਅਨ ਕੈਲੰਡਰ ਦੀ ਤਾਰੀਖ ਵੇਖੀਏ ਤਾਂ ਇਹ 26 ਅਗਸਤ 1604 ਈ: ਬਣਦੀ ਹੈ, ਨਾ ਕਿ 16 ਅਗਸਤ। ਇਉਂ ਹਰਜਿੰਦਰ ਸਿੰਘ ਦਿਲਗੀਰ ਵਰਗੇ ਵਿਦਵਾਨਾਂ ਦਾ ਇਹ ਕਹਿਣਾ ਕਿ ‘ਇਤਿਹਾਸ ਦਾ ਰੇਪ’ ਨਾ ਕਰੋ, ਤਾਂ ਸਮਝਣਾ ਪੈਣਾ ਹੈ ਇਹ ਕੌਣ ਕਰ ਰਿਹਾ ਹੈ ? ਜਿਨ੍ਹਾਂ ਨੂੰ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦੇ ਫ਼ਰਕ ਦਾ ਨਹੀਂ ਪਤਾ, ਉਹ ਪਿਛਲੇ ਦੋ ਦਹਾਕਿਆਂ ਤੋਂ ਨਾਨਕਸ਼ਾਹੀ ਕੈਲੰਡਰ ਦੀ ਅਲੋਚਨਾ ਕਰ ਰਹੇ ਹਨ।  ਨਾਨਕਸ਼ਾਹੀ ਕੈਲੰਡਰ ਵਿੱਚ 17 ਭਾਦੋਂ ਦਰਜ ਹੈ। ਪਤਾ ਨਹੀਂ ਦਿਲਗੀਰ ਹੋਰਾਂ ਨੂੰ ਸ. ਪਾਲ ਸਿੰਘ ਪੁਰੇਵਾਲ ਵੱਲੋਂ ਬਣਾਈ 500 ਸਾਲਾਂ ਜੰਤਰੀ ਦੇ ਸਫ਼ਾ 136 ’ਤੇ ਦਰਜ, 17 ਭਾਦੋਂ ਨੂੰ ਸਹੀ ਮੰਨਣ ’ਤੇ ਕੀ ਇਤਰਾਜ਼ ਹੈ ?

ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਜਿਹੜਾ ਆਪਣੇ ਖਿਤੇ ਵਿੱਚ ਲਾਗੂ ਸੀ, ਉਸ ਵਿੱਚ ਦੋਵੇਂ ਤਰ੍ਹਾਂ ਹੀ (ਵਦੀ-ਸੁਦੀ ਅਤੇ ਪ੍ਰਵਿਸ਼ਟੇ) ਤਾਰੀਖਾਂ ਲਿਖੀਆਂ ਜਾਂਦੀਆਂ ਸਨ। ਜਿਵੇਂ ਡਾ. ਦਿਲਗੀਰ ਨੇ ਵੀ ਦੋਵੇਂ ਤਰ੍ਹਾਂ ਹੀ, ‘ਭਾਦੋਂ ਸੁਦੀ ਏਕਮ ਅਤੇ 17 ਭਾਦੋਂ’ ਲਿਖੀ ਹੈ। ਅੰਗਰੇਜ਼ੀ ਕੈਲੰਡਰ ਤਾਂ ਬਹੁਤ ਪਿਛੋਂ ਪ੍ਰਚਲਿਤ ਹੋਇਆ ਹੈ। ਆਪਣੇ ਦੇਸ਼ ਵਿਚ ਜੂਲੀਅਨ ਕੈਲੰਡਰ ਕਦੇ ਵੀ ਲਾਗੂ ਨਹੀਂ ਹੋਇਆ। ਭਾਵੇਂ ਜੂਲੀਅਨ ਕੈਲੰਡਰ ਵਿੱਚ ਸੋਧ ਅਕਤੂਬਰ 1582 ਈ: ਵਿੱਚ ਹੋ ਗਈ ਸੀ, ਜਿਸ ਉਪਰੰਤ ਇਹ ਗਰੈਗੋਰੀਅਨ ਕੈਲੰਡਰ ਬਣ ਗਿਆ ਸੀ, ਪਰ ਇੰਗਲੈਂਡ ਨੇ ਇਸ ਸੋਧ ਨੂੰ ਸਤੰਬਰ 1752 ਈ: ਪ੍ਰਵਾਨ ਕੀਤਾ ਸੀ। ਇਸ ਲਈ ਆਪਣੇ ਖਿਤੇ ਵਿੱਚ ਅੰਗਰੇਜਾਂ ਦੇ ਆਉਣ ਤੋਂ ਪਿਛੋਂ ਗਰੈਗੋਰੀਅਨ ਕੈਲੰਡਰ ਹੀ ਆਇਆ ਸੀ। ਜੇ ਇਸ ਦਿਨ ਦੀ ਅੰਗਰੇਜ਼ੀ ਤਾਰੀਖ ਵੇਖਣੀ ਹੋਵੇ ਤਾਂ ਇਹ 16 ਅਗਸਤ 1604 ਈ: ਜੂਲੀਅਨ ਬਣਦੀ ਹੈ ਨਾ ਕਿ 16 ਅਗਸਤ 1604 ਈ: ਗਰੈਗੋਰੀਅਨ। ਡਾ. ਹਰਜਿੰਦਰ ਸਿੰਘ ਦਿਲਗੀਰ ਵੱਲੋਂ ਇਸ ਨੂੰ 16 ਅਗਸਤ 1604 ਈ: ਗਰੈਗੋਰੀਅਨ ਲਿਖਣਾ, ਉਸ ਦਾ ਕੈਲੰਡਰ ਵਿਗਿਆਨ ਦੀ ਮੁੱਢਲੀ ਜਾਣਕਾਰੀ ਤੋਂ ਕੋਰੇ ਹੋਣ ਦਾ ਠੋਸ ਸਬੂਤ ਹੈ। ਕੈਲੰਡਰ ਕਮੇਟੀ ਵੱਲੋਂ ਲਏ ਗਏ ਫ਼ੈਸਲੇ ਮੁਤਾਬਕ, ਹਰ ਇਤਿਹਾਸਿਕ ਦਿਹਾੜੇ ਦੇ ਪ੍ਰਵਿਸ਼ਟੇ ਨੂੰ ਮੁੱਖ ਰੱਖਿਆ ਗਿਆ ਹੈ, ਵਦੀ-ਸੁਦੀ ਜਾਂ ਅੰਗਰੇਜ਼ੀ ਤਾਰੀਖਾਂ ਨੂੰ ਨਹੀਂ। ਇਸ ਲਈ ਨਾਨਕਸ਼ਾਹੀ ਕੈਲੰਡਰ ਵਿਚ, ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 17 ਭਾਦੋਂ ਦਰਜ ਕੀਤਾ ਗਿਆ ਹੈ। ਹਰ ਸਾਲ ਇਸ ਦਿਨ ਗਰੈਗੋਰੀਅਨ ਕੈਲੰਡਰ ਦੀ 1 ਸਤੰਬਰ ਹੋਵੇਗੀ। ਜੇ ਗ੍ਰੰਥ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਪ੍ਰਵਿਸ਼ਟਿਆਂ ਮੁਤਾਬਕ ਹਰ ਸਾਲ 14 ਭਾਦੋਂ ਨੂੰ ਮਨਾਇਆ ਜਾ ਸਕਦਾ ਹੈ, ਜਿਸ ’ਤੇ ਡਾ. ਦਿਲਗੀਰ ਨੇ ਕਦੇ ਇਤਰਾਜ਼ ਨਹੀਂ ਕੀਤਾ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ 17 ਭਾਦੋਂ ਨੂੰ ਮਨਾਉਣ ’ਤੇ ਇਤਰਾਜ਼ ਕਿਉਂ ?

ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਮੁਤਾਬਕ ਪਿਛਲੇ ਸਾਲ ਇਹ ਦਿਹਾੜਾ 7 ਸਤੰਬਰ ਨੂੰ ਮਨਾਇਆ ਗਿਆ ਸੀ, ਇਸ ਸਾਲ ਇਹ ਦਿਹਾੜਾ 28 ਅਗਸਤ ਨੂੰ ਮਨਾਇਆ ਗਿਆ ਹੈ। ਮੈਂ, ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਪਿਛਲੇ 10 ਸਾਲਾਂ ਦੇ ਕੈਲੰਡਰਾਂ ਦੀ ਪੜਤਾਲ ਕੀਤੀ ਹੈ, ਇਹ ਦਿਹਾੜਾ ਕਦੇ ਵੀ ਡਾ. ਦਿਲਗੀਰ ਵੱਲੋਂ ਦੱਸੀ ਗਈ ਤਾਰੀਖ ਨੂੰ ਨਹੀਂ ਮਨਾਇਆ ਗਿਆ। ਇਸ ’ਤੇ ਤਾਂ ਡਾ ਦਿਲਗੀਰ ਨੇ ਇਤਰਾਜ਼ ਨਹੀਂ ਕੀਤਾ। ਜੇ ਹਰ ਸਾਲ ਅਸਲ ਪ੍ਰਵਿਸ਼ਟੇ ਭਾਵ 17 ਭਾਦੋਂ ਨੂੰ ਮਨਾਇਆ ਜਾਵੇ ਤਾਂ ਡਾ. ਦਿਲਗੀਰ ਇਸ ਨੂੰ ‘ਇਤਹਾਸ ਨਾਲ ਰੇਪ’ ਦੱਸਦਾ ਪਿਆ ਹੈ। ਹੁਣ ਇਨ੍ਹਾਂ ਨੂੰ ਇਮਾਨਦਾਰ ਕਿਵੇਂ ਮੰਨਿਆ ਜਾਵੇ ? ਇਸ ਤੋਂ ਸਪਸ਼ਟ ਹੈ ਕਿ ਇਨ੍ਹਾਂ ਦਾ ਮਕਸਦ ਸਿਰਫ਼ ਅਤੇ ਸਿਰਫ਼ ਨਿੱਜੀ ਕਾਰਨਾਂ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨਾ ਹੀ ਹੈ।

ਪਾਲ ਸਿੰਘ ਪੁਰੇਵਾਲ ਨੂੰ ਯਾਦ ਕਰਦੇ ਹੋਏ

0

ਪਾਲ ਸਿੰਘ ਪੁਰੇਵਾਲ ਨੂੰ ਯਾਦ ਕਰਦੇ ਹੋਏ

ਕਿਰਪਾਲ ਸਿੰਘ ਬਠਿੰਡਾ

ਤਹਿਸੀਲ ਨਕੋਦਰ ਜ਼ਿਲ੍ਹਾ ਜਲੰਧਰ ਦਾ ਪਿੰਡ ਸ਼ੰਕਰ ਪੰਜਾਬ ਦਾ ਬਹੁਤ ਵੱਡਾ ਅਤੇ ਪ੍ਰਸਿੱਧ ਨਗਰ ਹੈ, ਜਿਸ ਨੂੰ ਗੁਰੂ ਅਰਜਨ ਦੇਵ ਜੀ ਦੀ ਚਰਨਛੋਹ ਪ੍ਰਾਪਤ ਹੈ। ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਪਾਰਟੀ (ਬਰਾਤ) ਨੇ ਮਲਹੜੀ (ਨੇੜੇ ਨਕੋਦਰ), ਸ਼ੰਕਰ (ਨਕੋਦਰ ਤੋਂ ਸਿਰਫ 2-3 ਮੀਲ) ਅਤੇ ਸ: ਪਾਲ ਸਿੰਘ ਪੁਰੇਵਾਲ ਦੇ ਨਾਨਕੇ ਪਿੰਡ ਬਿਲਗਾ ਸਮੇਤ ਵੱਖ-ਵੱਖ ਪਿੰਡਾਂ ਵਿੱਚ ਕਈ ਠਹਿਰਾਅ ਕੀਤੇ। ਲਾੜੇ ਗੁਰੂ ਅਰਜਨ ਦੇਵ ਜੀ ਤੋਂ ਇਲਾਵਾ, ਵਿਆਹ ਦੀ ਪਾਰਟੀ ਵਿੱਚ ਪ੍ਰਸਿੱਧ ਗੁਰਸਿੱਖ ਜਿਵੇਂ ਬਾਬਾ ਬੁੱਢਾ ਜੀ, ਭਾਈ ਮੰਝ ਜੀ, ਭਾਈ ਸ਼ਾਲੋ ਜੀ, ਮੀਆਂ ਮੀਰ ਜੀ, ਭਾਈ ਗੁਰਦਾਸ ਜੀ, ਭਾਈ ਸੰਗ ਜੀ ਅਤੇ ਹੋਰ ਸਿੱਖ ਸ਼ਾਮਲ ਸਨ। ਉਹ ਪਿੰਡ ਬਿਲਗਾ (ਸ: ਪਾਲ ਸਿੰਘ ਪੁਰੇਵਾਲ ਦਾ ਨਾਨਕਾ ਪਿੰਡ ਅਤੇ ਜਨਮ ਸਥਾਨ) ਜਾਣ ਤੋਂ ਪਹਿਲਾਂ ਪਿੰਡ ਸ਼ੰਕਰ ਵਿਖੇ ਕੁਝ ਸਮਾਂ ਰੁਕੇ। ਉਸ ਸਮੇਂ ਬਿਲਗਾ ਬਹੁਤ ਛੋਟਾ ਸੀ, ਜਿਸ ਵਿੱਚ ਸਿਰਫ਼ ਸੱਤ ਮਿੱਟੀ ਦੀਆਂ ਝੌਂਪੜੀਆਂ ਸਨ, ਪਰ ਇਸ ਸਮੇਂ ਬਿਲਗਾ ਪੰਜਾਬ ਦੇ ਸਭ ਤੋਂ ਵੱਡੇ ਪਿੰਡਾਂ ਵਿੱਚੋਂ ਇੱਕ ਹੈ। ਸ: ਪਾਲ ਸਿੰਘ ਪੁਰੇਵਾਲ ਜੀ ਦੇ ਆਪਣੇ ਦੱਸਣ ਮੁਤਾਬਕ ਉਨ੍ਹਾਂ ਦਾ ਜਨਮ ਉਨ੍ਹਾਂ ਦੇ ਨਾਨਕਾ ਪਿੰਡ ਬਿਲਗਾ ਵਿਖੇ 23 ਨਵੰਬਰ 1932 ਨੂੰ ਹੋਇਆ ਸੀ। ਸ: ਪਾਲ ਸਿੰਘ ਪੁਰੇਵਾਲ ਨੂੰ ਦੋਹਰੀ ਬਖ਼ਸ਼ਸ਼ ਹੋਈ ਕਿਉਂਕਿ ਉਸ ਦਾ ਜਨਮ ਬਿਲਗਾ ਵਿੱਚ ਹੋਇਆ ਸੀ ਅਤੇ ਉਹ ਪਿੰਡ ਸ਼ੰਕਰ ਦਾ ਰਹਿਣ ਵਾਲਾ ਸੀ। ਉਨ੍ਹਾਂ ਨੇ ਆਪਣੇ ਹੀ ਪਿੰਡ ਦੇ ਖਾਲਸਾ ਹਾਈ ਸਕੂਲ ਸ਼ੰਕਰ ਵਿੱਚੋਂ 1948 ਈਸਵੀ ’ਚ ਦਸਵੀਂ ਪਾਸ ਕੀਤੀ ਅਤੇ ਪੰਜਾਬ ਸਟੇਟ ਮੈਰਿਟ ਸਕਾਲਰਸ਼ਿੱਪ ਦੇ ਵਿਜੇਤਾ ਸਨ। ਸਕੂਲ ਦੇ ਇਤਿਹਾਸ ਵਿੱਚ ਮੈਰਿਟ ਸੂਚੀ ਬੋਰਡ ਵਿੱਚ ਉਸ ਦਾ ਨਾਮ ਅੱਜ ਵੀ ਸਭ ਤੋਂ ਉੱਪਰ ਹੈ। ਉਸ ਤੋਂ ਬਾਅਦ ਦੁਆਬਾ ਕਾਲਜ ਨਕੋਦਰ ਤੋਂ F.Sc. ਅਤੇ ਡੀ.ਏ.ਵੀ. ਕਾਲਜ ਜਲੰਧਰ ਤੋਂ B.Sc. ਕੀਤੀ। ਇਸ ਤੋਂ ਬਾਅਦ B.T. ਕੀਤੀ। ਉਹ ਕੇਵਲ ਪੜ੍ਹਾਈ ’ਚ ਹੀ ਹੁਸ਼ਿਆਰ ਵਿਦਿਆਰਥੀ ਨਹੀਂ ਸਨ ਬਲਕਿ ਚੰਗੇ ਖਿਡਾਰੀ ਵੀ ਸਨ। ਕਾਲਜ ਦੌਰਾਨ ਬਾਸਕਟ ਬਾਲ ਦੇ ਚੰਗੇ ਖਿਡਾਰੀ ਰਹੇ ਸਨ। ਟੀਮ ਦੇ ਕੈਪਟਨ ਵਜੋਂ ਪੰਜਾਬ ਦੀ ਨੁਮਾਇੰਦਗੀ ਕੀਤੀ। ਉਹ ਸ਼ਤਰੰਜ ਚੈਂਪੀਅਨ ਵੀ ਸੀ। ਇੰਡੀਅਨ ਚੈੱਸ ਹਿਸਟਰੀ ਪੁਸਤਕ ’ਚ ਪੰਜਾਬ ਚੈੱਸ ਸੰਬੰਧੀ ਉਨ੍ਹਾਂ ਦਾ ਇੱਕ ਲੇਖ ਛਪਿਆ ਹੈ। ਸ: ਪੁਰੇਵਾਲ ਨੇ ਆਪਣੇ ਹੀ ਪਿੰਡ ਦੇ ਖ਼ਾਲਸਾ ਹਾਈ ਸਕੂਲ ਸ਼ੰਕਰ (ਬਾਅਦ ਵਿੱਚ ਸਰਕਾਰੀ ਹਾਈ ਸਕੂਲ ਸ਼ੰਕਰ) ਵਿੱਚ ਕਈ ਸਾਲ ਬਤੌਰ ਸਫਲ B.Sc., B.T. ਸਾਇੰਸ ਮਾਸਟਰ ਦੇ ਤੌਰ ’ਤੇ ਪੜ੍ਹਾਇਆ। ਸੰਨ 1965 ’ਚ ਇੰਗਲੈਂਡ ਚਲੇ ਗਏ ਅਤੇ ਭਾਰਤ-ਪਾਕਿਸਤਾਨ ਜੰਗ ਲੱਗਣ ਕਾਰਨ ਛੁੱਟੀ ਰੱਦ ਹੋ ਜਾਣ ’ਤੇ ਤਿੰਨ ਕੁ ਮਹੀਨੇ ਬਾਅਦ ਵਾਪਸ ਆਉਣਾ ਪਿਆ। ਸੰਨ 1966 ’ਚ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਪੱਕੇ ਤੌਰ ’ਤੇ ਵਾਪਸ ਇੰਗਲੈਂਡ ਚਲੇ ਗਏ ਅਤੇ ਉੱਥੇ ਨਿਯੁਕਤੀ ਪ੍ਰਾਪਤ ਕਰ ਲਈ ਸੀ। ਸੰਨ 1967 ’ਚ ਆਪਣੇ ਪਰਵਾਰ ਨੂੰ ਵੀ ਇੰਗਲੈਂਡ ਬੁਲਾ ਲਿਆ। ਟੈਕਸਾਸ ਇੰਸਟਰੂਮੈਂਟਸ (Texas Instruments) ਵਿੱਚ ਨੌਕਰੀ ਕਰ ਲਈ ਅਤੇ ਬਹੁਤ ਹੀ ਥੋੜ੍ਹੇ ਸਮੇਂ ’ਚ ਸੀਨੀਅਰ ਟੈਕਨੀਸ਼ਨ ਤੋਂ ਤਰੱਕੀਆਂ ਪਾ ਕੇ ਸੀਨੀਅਰ ਇੰਜੀਨੀਅਰ ਬਣ ਗਏ। ਸੰਨ 1974 ’ਚ ਉਹ ਕੈਨੇਡਾ ਚਲੇ ਗਏ ਅਤੇ ਬਹੁਤ ਹੀ ਘੱਟ ਸਮੇਂ ’ਚ ਤਰੱਕੀਆਂ ਪਾ ਕੇ ਆਈ.ਟੀ. ਵਿਚ ਕੰਪਿਊਟ ਪ੍ਰੋਗਰਾਮਿੰਗ ਵਿਭਾਗ ਦੇ ਇੰਚਾਰਜ ਅਤੇ ਮੈਨੇਜਰ ਬਣ ਗਏ। ਉਨ੍ਹਾਂ ਦਾ ਵੱਡਾ ਪੁੱਤਰ ਡਾ: ਸਤਿੰਦਰ ਸਿੰਘ (ਲੰਡਨ ਰਹਿੰਦਾ) ਹੈ, ਜੋ ਦੁਨੀਆਂ ਦੇ ਪ੍ਰਮੁੱਖ ਪੈਟਰੋਲੀਅਮ ਇੰਜੀਨੀਅਰਾਂ ਅਤੇ ਵਿਗਿਆਨੀਆਂ ਵਿੱਚੋਂ ਇੱਕ ਹੈ, ਜਿਸ ਦਾ ਸਨਮਾਨਯੋਗ ਅਹੁਦਾ ਹੈ। ਉਹ ਇੰਪੀਰੀਅਲ ਕਾਲਜ, ਲੰਡਨ ਦੇ ਪ੍ਰੋਫ਼ੈਸਰ ਅਤੇ ਉਸ ਖੇਤਰ ਵਿੱਚ ਸਭ ਤੋਂ ਵੱਧ ਮੰਗੇ ਜਾਣ ਵਾਲੇ ਤਕਨੀਕੀ ਸਲਾਹਕਾਰਾਂ ਵਿੱਚੋਂ ਇੱਕ ਹਨ। ਸ: ਪੁਰੇਵਾਲ ਦਾ ਇੱਕ ਛੋਟਾ ਪੁੱਤਰ ਹਰਿੰਦਰ ਸਿੰਘ ਪੁਰੇਵਾਲ ਹੈ, ਜੋ ਉਨ੍ਹਾਂ ਦੇ ਨਾਲ ਕੈਨੇਡਾ ਰਹਿੰਦਾ ਹੈ।  22 ਸਤੰਬਰ 2022 ਨੂੰ 89 ਸਾਲ 10 ਮਹੀਨੇ ਦੀ ਉਮਰ ਭੋਗ ਕੇ ਸ: ਪਾਲ ਸਿੰਘ ਜੀ ਪੁਰੇਵਾਲ ਆਪਣੇ ਪਿੱਛੇ ਪਤਨੀ ਗੁਰਜੀਤ ਕੌਰ, ਦੋ ਪੁੱਤਰ ਅਤੇ ਦੋ ਪੋਤੇ-ਪੋਤੀਆਂ ਦੇ ਖ਼ੁਸ਼ਹਾਲ ਪਰਵਾਰ ਸਮੇਤ ਇਸ ਫ਼ਾਨ੍ਹੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ।

ਸ: ਪਾਲ ਸਿੰਘ ਜੀ ਪੁਰੇਵਾਲ ਨੂੰ ਵਿਦਿਆਰਥੀ ਜੀਵਨ ਤੋਂ ਹੀ ਕੈਲੰਡਰ ਵਿਸ਼ੇ ’ਚ ਬਹੁਤ ਦਿਲਚਸਪੀ ਸੀ। ਉਹ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਦੀ ਮਾਤਾ ਜੀ ਉਨ੍ਹਾਂ ਤੋਂ ਗੁਰ ਪੁਰਬਾਂ, ਮੱਸਿਆ, ਸੰਗਰਾਂਦਾਂ ਅਤੇ ਪੂਰਨਮਾਸ਼ੀਆਂ ਦੀਆਂ ਤਾਰੀਖ਼ਾਂ ਪੁੱਛਦੀ ਰਹਿੰਦੀ ਸੀ, ਇਸ ਲਈ ਉਹ ਹਰ ਸਾਲ ਜੰਤਰੀ ਖਰੀਦ ਕੇ ਲਿਆਉਂਦੇ ਸਨ। ਜਦ ਉਹ ਜੰਤਰੀ ਪੜ੍ਹਦੇ ਤਾਂ ਵੇਖਦੇ ਕਿ ਉਸ ਵਿੱਚ ਤਿਥਾਂ, ਘੜੀ, ਪਲ, ਨਛੱਤਰ, ਯੋਗ ਆਦਿਕ ਲਿਖੇ ਹੁੰਦੇ ਸਨ ਤਾਂ ਉਨ੍ਹਾਂ ਦੀ ਦਿਲਚਸਪੀ ਇਹ ਜਾਣਨ ’ਚ ਵਧਦੀ ਗਈ ਕਿ ਇਹ ਕੀ ਹਨ ਅਤੇ ਕਿਵੇਂ ਬਦਲਦੀਆਂ ਹਨ ? ਇਹ ਜਾਣਨ ਲਈ ਉਨ੍ਹਾਂ ਨੇ ‘ਸੂਰਜ ਸਿਧਾਂਤ’ ਪੁਸਤਕ ਖਰੀਦੀ, ਜੋ 1000 ਸਾਲ ਪੁਰਾਣਾ ਸਿਧਾਂਤ ਹੈ। ਉਸ ਦੇ ਆਧਾਰ ’ਤੇ ਹੀ ਬਿਕ੍ਰਮੀ ਕੈਲੰਡਰ ਬਣਦੇ ਹਨ। ਇਸ ਸਿਧਾਂਤ ਨਾਲ ਤਾਰੀਖ਼ਾਂ ਦੀ ਗਣਿਤ ਬਹੁਤ ਲੰਬੀ ਹੈ। ਇਸ ਲੰਬੀ ਗਣਿਤ ਨੂੰ ਛੋਟੇ ਤਰੀਕੇ ਨਾਲ ਹੱਲ ਕਰਨ ਲਈ ਇੱਕ ਪੁਸਤਕ ਹੈ ‘ਗ੍ਰਹ ਲਘਮ’ (ਭਾਵ ਗ੍ਰਹਿਆਂ ਦੀ ਗਣਿਤ ਛੋਟੇ ਤਰੀਕੇ ਨਾਲ)। ਤੀਸਰੀ ਪੁਸਤਕ ਹੈ ‘ਮਕਰੰਦ ਸਾਰਣੀ’ ਜੋ ਗੁਰੂ ਨਾਨਕ ਸਾਹਿਬ ਜੀ ਦੇ ਸਮਕਾਲੀ ਪੰਡਿਤ ਦੀ ਲਿਖੀ ਹੈ।

ਸ: ਪਾਲ ਸਿੰਘ ਜੀ ਪੁਰੇਵਾਲ ਨੇ ਇਨ੍ਹਾਂ ਤਿੰਨੇ ਪੁਸਤਕਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ, ਘੋਖਿਆ ਅਤੇ ਇਨ੍ਹਾਂ ’ਚ ਮਾਸਟਰੀ ਹਾਸਲ ਕੀਤੀ। ਹੁਣ ਉਹ ਸਭ ਕੁਝ ਸਿੱਖ ਚੁੱਕੇ ਸਨ, ਜੋ ਬਿਕ੍ਰਮੀ ਕੈਲੰਡਰ ਤਿਆਰ ਕਰਨ ਲਈ ਲੋੜੀਂਦਾ ਹੈ। ਉਨ੍ਹਾਂ ਨੇ ਟੇਵੇ/ ਜਨਮ ਪੱਤਰੀਆਂ ਬਣਾਉਣੀਆਂ ਅਤੇ ਉਨ੍ਹਾਂ ਦੀ ਸ਼ੁੱਧਤਾ ਚੈੱਕ ਕਰਨ ’ਚ ਵੀ ਯੋਗਤਾ ਹਾਸਲ ਕਰ ਲਈ, ਜਿਸ ਦੀ ਮਦਦ ਨਾਲ ਟੇਵਿਆਂ/ ਜਨਮ ਪੱਤਰੀਆਂ ਦੀ ਪ੍ਰਮਾਣਿਕਤਾ ਚੈੱਕ ਕੀਤੀ ਜਾਣ ਲੱਗੀ ਕਿਉਂਕਿ ਉਨ੍ਹਾਂ ਦੀ ਸਹਾਇਤਾ ਨਾਲ ਹੀ ਗੁਰ ਪੁਰਬਾਂ ਦੀਆਂ ਗਲਤ ਤਾਰੀਖ਼ਾਂ ਪ੍ਰਚਲਿਤ ਕਰ ਦਿੱਤੀਆਂ ਗਈਆਂ ਸਨ। ਫਿਰ ਉਨ੍ਹਾਂ ਨੇ ਇਨ੍ਹਾਂ ਤਿੰਨਾਂ ਪੁਸਤਕਾਂ ਦਾ ਕੰਪਿਊਟਰ ਪ੍ਰੋਗਰਾਮ ਤਿਆਰ ਕੀਤਾ, ਜਿਸ ਦੀ ਮਦਦ ਨਾਲ ਕੋਈ ਵੀ ਤਾਰੀਖ਼ ਇੱਕ ਤੋਂ ਦੂਸਰੀ ਪੱਧਤੀ ’ਚ ਆਸਾਨੀ ਨਾਲ ਬਦਲੀ ਜਾ ਸਕਦੀ ਹੈ। ਸਿੱਖ ਇਤਿਹਾਸ ਪੜ੍ਹਦਿਆਂ ਉਨ੍ਹਾਂ ਨੋਟ ਕੀਤਾ ਕਿ ਇੱਕੋ ਇਤਿਹਾਸਕਾਰ ਆਪਣੀ ਇੱਕੋ ਪੁਸਤਕ ’ਚ ਜਾਂ ਦੂਸਰੀ ਤੇ ਤੀਸਰੀ ਪੁਸਤਕ ’ਚ ਇੱਕੋ ਘਟਨਾ ਨੂੰ ਵੱਖ ਵੱਖ ਤਾਰੀਖਾਂ ’ਚ ਲਿਖਦਾ ਪਿਆ ਹੈ। ਮਿਸਾਲ ਵਜੋਂ ਗਿਆਨੀ ਗਿਆਨ ਸਿੰਘ ਨੇ ਤਵਾਰੀਖ਼ ਗੁਰੂ ਖ਼ਾਲਸਾ ਪੁਸਤਕ ’ਚ ਇਕੋ ਘਟਨਾਂ ਦੀਆਂ ਤਿੰਨ ਤਿੰਨ ਤਾਰੀਖ਼ਾਂ ਲਿਖੀਆਂ ਹਨ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਕਈ ਇਤਿਹਾਸਕਾਰਾਂ ਨੇ ਜੇਠ ਸੁਦੀ 4, ਬਿਕ੍ਰਮੀ ਸੰਮਤ 1663 / 30 ਮਈ 1606 ਨੂੰ 1 ਹਾੜ ਲਿਖਿਆ ਹੈ ਅਤੇ ਕਈਆਂ ਨੇ 2 ਹਾੜ।  ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਇਤਿਹਾਸਕ ਦਿਹਾੜਿਆਂ ਦੀਆਂ ਤਾਰੀਖ਼ਾਂ ਵਿੱਚ ਅੰਤਰ ਹੈ। ਇਸ ਵਖਰੇਵੇਂ ਦੀ ਪੜਤਾਲ ਕੀਤੀ ਤਾਂ ਇਸ ਸਿੱਟੇ ’ਤੇ ਪਹੁੰਚੇ ਕਿ ਸਿੱਖ ਇਤਿਹਾਸ ਬਿਕ੍ਰਮੀ ਕੈਲੰਡਰ ਅਤੇ ਹਿਜ਼ਰੀ ਕੈਲੰਡਰ ਦੀਆਂ ਤਾਰੀਖ਼ਾਂ ’ਚ ਲਿਖਿਆ ਮਿਲਦਾ ਹੈ, ਪਰ ਅੰਗਰੇਜਾਂ ਦਾ ਰਾਜ ਆਉਣ ਕਰਕੇ ਇੱਥੇ ਜੂਲੀਅਨ ਕੈਲੰਡਰ ਅਤੇ ਗ੍ਰੈਗੋਰੀਅਨ ਕੈਲੰਡਰ ਲਾਗੂ ਹੋਣ ਉਪਰੰਤ ਮੌਜੂਦਾ ਇਤਿਹਾਸਕਾਰਾਂ ਨੇ ਇਨ੍ਹਾਂ ਅੰਗਰੇਜ਼ੀ ਕੈਲੰਡਰ ਦੀਆਂ ਤਾਰੀਖ਼ਾਂ ’ਚ ਇਤਿਹਾਸ ਲਿਖਣਾ ਸ਼ੁਰੂ ਕਰ ਦਿੱਤਾ। ਤਾਰੀਖਾਂ ਦੀ ਤਬਦੀਲੀ (Date Convertion)  ਦੀ ਸਮੱਸਿਆ ਹੋਣ ਕਰਕੇ ਗ਼ਲਤੀਆਂ ਦਰ ਗ਼ਲਤੀਆਂ ਹੁੰਦੀਆਂ ਚਲੀਆਂ ਆ ਰਹੀਆਂ ਹਨ। ਇਸ ਦੇ ਹੱਲ ਲਈ ਉਨ੍ਹਾਂ ਨੇ 500 ਸਾਲਾ ਜੰਤਰੀ ਤਿਆਰ ਕੀਤੀ।  ਫ਼ਰਵਰੀ 1992 ’ਚ ਲਾਇਲਪੁਰ ਖ਼ਾਲਸਾ ਕਾਲਜ ਨਕੋਦਰ ਵਿਖੇ ਉਨ੍ਹਾਂ ਨੂੰ ਲੈਕਚਰ ਲਈ ਬੁਲਾਇਆ ਗਿਆ ਤਾਂ ਉੱਥੇ ਕੈਲੰਡਰ ਦੀ ਜਾਣਕਾਰੀ ਦਿੰਦਿਆਂ ਇਤਿਹਾਸਕ ਤਾਰੀਖ਼ਾਂ ’ਚ ਸੁਭਾਵਕ ਹੀ ਹੋ ਰਹੀਆਂ ਗ਼ਲਤੀਆਂ ਵੱਲ ਧਿਆਨ ਦਿਵਾਇਆ; ਆਪਣੇ ਵੱਲੋਂ ਤਿਆਰ ਕੀਤੀ 500 ਸਾਲਾ ਜੰਤਰੀ ਦਾ ਖਰੜਾ ਵਿਖਾਇਆ ਅਤੇ ਦੱਸਿਆ ਕਿ ਇਸ ਦੀ ਮਦਦ ਨਾਲ 1469 ਤੋਂ 2000 ਤੱਕ ਦੀ ਕੋਈ ਵੀ ਤਾਰੀਖ਼ ਇੱਕ ਪੱਧਤੀ ਤੋਂ ਦੂਸਰੀ ਪੱਧਤੀ ਵਿੱਚ ਰੈਡੀ ਰੈਕਨਰ ਦੀ ਤਰ੍ਹਾਂ ਤਬਦੀਲ ਕੀਤੀ ਜਾ ਸਕਦੀ ਹੈ। ਸ: ਪੁਰੇਵਾਲ ਸਿੰਘ ਜੀ ਦੇ ਇਸ ਕੰਮ ਤੋਂ ਕਾਲਜ ਦੇ ਤਤਕਾਲੀ ਪ੍ਰਿੰਸੀਪਲ ਰਾਜਾ ਹਰਿਨਰਿੰਦਰ ਸਿੰਘ ਅਤੇ ਸਾਰੇ ਪ੍ਰੋਫੈਸਰਜ਼ ਬਹੁਤ ਪ੍ਰਭਾਵਤ ਹੋਏ। ਉਸੇ ਸਾਲ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਪਹੁੰਚੇ ਭਾਰਤੀ ਜਥੇ ਦੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਕੀਤੇ ਇੰਚਾਰਜ ਸ: ਮੱਲ ਸਿੰਘ ਨੂੰ ਉਹ ਖਰੜਾ ਸੌਂਪਿਆ। ਕੁਝ ਸਮੇਂ ਬਾਅਦ ਪ੍ਰਿੰ: ਰਾਜਾ ਹਰਿਨਰਿੰਦਰ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਣ ਗਏ। ਸੰਨ 1994 ’ਚ ਪੰਜਾਬ ਸਰਕਾਰ ਨੇ ਪੰਜਾਬ ਸਿੱਖਿਆ ਬੋਰਡ ਦੀ 25 ਸਾਲਾ ਵਰ੍ਹੇ ਗੰਢ ਮਨਾਉਣ ਲਈ ਖੋਜ ਪੁਸਤਕਾਂ ਛਾਪਣ ਲਈ ਫੰਡ ਜਾਰੀ ਕੀਤਾ। ਬੋਰਡ ਦੇ ਚੇਅਰਮੈਨ ਨੇ ਸ: ਪਾਲ ਸਿੰਘ ਪੁਰੇਵਾਲ ਤੋਂ ਮੰਗ ਕੀਤੀ ਕਿ ਜੇ ਉਹ 500 ਸਾਲਾ ਜੰਤਰੀ ਦਾ ਖਰੜਾ ਉਨ੍ਹਾਂ ਨੂੰ ਦੇ ਦੇਣ ਤਾਂ ਉਹ ਇਸ ਨੂੰ ਛਪਵਾ ਦੇਣਗੇ। ਇਸ ਤਰ੍ਹਾਂ ਨਵੰਬਰ 1994 ’ਚ ਇਹ ਖਰੜਾ ਪੁਸਤਕ ਰੂਪ ’ਚ ਛਪ ਕੇ ਲੋਕਾਂ ਦੇ ਹੱਥਾਂ ’ਚ ਆ ਗਿਆ।

ਜਦੋਂ ਵੇਖਿਆ ਗਿਆ ਕਿ ਜੋ ਵੈਸਾਖੀ 1699 ’ਚ 29 ਮਾਰਚ ਨੂੰ ਆ ਰਹੀ ਸੀ ਉਹ ਹੁਣ 13 ਅਪ੍ਰੈਲ ਨੂੰ ਕਿਵੇਂ ਆ ਗਈ ਤਾਂ ਸਮਝ ਵੱਗੀ ਕਿ ਗ੍ਰੈਗੋਰੀਅਨ ਕੈਲੰਡਰ ਟਰੋਪੀਕਲ ਕੈਲੰਡਰ ਹੈ, ਜਿਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਦੇ ਤਕਰੀਬਨ ਬਰਾਬਰ ਹੈ ਤੇ ਬਿਕ੍ਰਮੀ ਕੈਲੰਡਰ ਸਾਈਡਰਲ ਕੈਲੰਡਰ ਹੈ, ਜਿਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਗੁਰੂ ਸਾਹਿਬ ਦੇ ਸਮੇਂ ਤਕਰੀਬਨ 24 ਮਿੰਟ ਵੱਧ ਸੀ, ਜਿਸ ਕਾਰਨ 60 ਸਾਲਾਂ ਵਿੱਚ ਰੁੱਤਾਂ ਨਾਲੋਂ ਇੱਕ ਦਿਨ ਦਾ ਫ਼ਰਕ ਪੈ ਜਾਂਦਾ ਸੀ ਅਤੇ ਫਿਰ ਸੰਨ 1964 ’ਚ ਸੂਰਜ ਸਿਧਾਂਤ ਦੀ ਬਜਾਏ ਦ੍ਰਿਕ ਗਣਿਤ ਅਪਣਾਉਣ ਨਾਲ ਵੀ ਇਸ ਦੀ ਲੰਬਾਈ ਰੁੱਤੀ ਸਾਲ ਨਾਲੋਂ ਤਕਰੀਬਨ ਸਾਢੇ 20 ਮਿੰਟ ਵੱਧ ਸੀ, ਜਿਸ ਕਾਰਨ 71-72 ਸਾਲਾਂ ’ਚ ਇੱਕ ਦਿਨ ਦਾ ਫ਼ਰਕ ਪੈ ਜਾਂਦਾ ਹੈ। ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਦ੍ਰਿਕ ਗਣਿਤ ਵਾਲੇ ਮੌਜੂਦਾ ਬਿਕ੍ਰਮੀ ਕੈਲੰਡਰ ਮੁਤਾਬਕ ਸੰਨ 2999 ’ਚ ਵੈਸਾਖੀ 27 ਅਪ੍ਰੈਲ ਨੂੰ ਹੋਵੇਗੀ ਅਤੇ ਜਿਹੜਾ ਕੈਲੰਡਰ ਗੁਰੂ ਸਾਹਿਬਾਨ ਦੇ ਸਮੇਂ ਲਾਗੂ ਸੀ, ਉਸ ਮੁਤਾਬਕ ਵੈਸਾਖੀ 30 ਅਪ੍ਰੈਲ ਨੂੰ ਹੋਵੇਗੀ।

ਇਤਿਹਾਸਕ ਤਾਰੀਖ਼ਾਂ ’ਚ ਐਨਾ ਫ਼ਰਕ ਵੇਖ ਕੇ ਉਨ੍ਹਾਂ ਦੇ ਧਿਆਨ ’ਚ ਆਇਆ ਕਿ ਕਿਉਂ ਨਾ ਸਿੱਖ ਕੈਲੰਡਰ ਤਿਆਰ ਕੀਤਾ ਜਾਵੇ ਜਿਸ ਵਿੱਚ ਹਮੇਸ਼ਾਂ ਇਕਸਾਰ ਪੱਕੀਆਂ ਤਾਰੀਖ਼ਾਂ ਆਉਣ। ਇਸ ਲਈ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਨਾਲ ਸੰਪਰਕ ਕੀਤਾ ਅਤੇ ਇੰਸਟੀਚੂਟ ਆਫ਼ ਸਿੱਖ ਸਟੱਡੀਜ਼ ਚੰਡੀਗੜ੍ਹ ਦੇ ਸਹਿਯੋਗ ਨਾਲ ਵੱਖ ਵੱਖ ਸ਼ਹਿਰਾਂ ’ਚ ਕਈ ਸੈਮੀਨਾਰ ਕੀਤੇ ਗਏ। ਸੰਨ 1996 ’ਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਕੈਲੰਡਰ ਬਣਾਉਣ ਲਈ ਸਹਿਮਤੀ ਦੇ ਦਿੱਤੀ, ਜਿਸ ਤੋਂ ਬਾਅਦ ਮੀਟਿੰਗਾਂ ਦੇ ਕਈ ਦੌਰ ਚੱਲੇ ਤੇ ਅੰਤ 1998 ’ਚ ਨਾਨਕਸ਼ਾਹੀ ਕੈਲੰਡਰ ਬਣ ਕੇ ਤਿਆਰ ਹੋ ਗਿਆ, ਜਿਸ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਅਤੇ ਜਨਰਲ ਇਜਲਾਸ ਵਿੱਚ ਪਾਸ ਕਰਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਗੂ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਅਤੇ ਜਥੇਦਾਰ ਟੌਹੜਾ ਨੇ ਨਵਾਂ ਕੈਲੰਡਰ 1 ਜਨਵਰੀ 1999 ਤੋਂ ਲਾਗੂ ਹੋਣ ਲਈ ਰੀਲੀਜ਼ ਕਰ ਦਿੱਤਾ। ਨਾਨਕਸ਼ਾਹੀ ਕੈਲੰਡਰ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ ਗੁਰ ਪੁਰਬਾਂ ਸਮੇਤ ਸਾਰੇ ਇਤਿਹਾਸਕ ਦਿਹਾੜੇ ਉਨ੍ਹਾਂ ਪ੍ਰਵਿਸ਼ਟਿਆਂ (ਬਿਕ੍ਰਮੀ ਕੈਲੰਡਰ ਦੀਆਂ ਸੰਗਰਾਂਦ ਦੇ ਹਿਸਾਬ ਸੂਰਜੀ ਤਾਰੀਖ਼ਾਂ) ਮੁਤਾਬਕ ਨਿਸ਼ਚਿਤ ਕੀਤੇ ਗਏ, ਜੋ ਘਟਨਾ ਵਾਪਰਨ ਸਮੇਂ ਮੂਲ ਰੂਪ ’ਚ ਸਨ। ਸਾਰੇ ਗੁਰਪੁਰਬਾਂ/ ਇਤਿਹਾਸਕ ਦਿਹਾੜਿਆਂ ਦੇ ਦਿਨ ਨਿਸ਼ਚਿਤ ਕਰਨ ਲਈ ਪ੍ਰਮੁਖਤਾ ਪ੍ਰਵਿਸ਼ਟਿਆਂ ਨੂੰ ਦਿੱਤੀ ਗਈ, ਪਰ ਟਰੋਪੀਕਲ ਕੈਲੰਡਰ ਹੋਣ ਕਰਕੇ ਇਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਦੇ ਲਗਭਗ ਨੇੜੇ ਅਤੇ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਬਰਾਬਰ 365.2425 ਦਿਨ ਸੀ, ਜਿਸ ਸਦਕਾ ਇੱਕ ਵਾਰ ਨਿਸ਼ਚਿਤ ਕੀਤੀਆਂ ਤਾਰੀਖਾਂ ਹਮੇਸ਼ਾਂ ਹਮੇਸ਼ਾਂ ਲਈ ਉਨ੍ਹਾਂ ਹੀ ਤਾਰੀਖ਼ਾਂ ਨੂੰ ਆਉਣਗੀਆਂ, ਜਿਹੜੀਆਂ ਸੰਨ 1999 ’ਚ ਆਈਆਂ ਸਨ; ਜਿਵੇਂ ਕਿ ਹੋਲਾ ਮਹੱਲਾ ਤੇ ਸਿੱਖਾਂ ਦਾ ਨਵਾਂ ਸਾਲ; ਹਰ ਸਾਲ 1 ਚੇਤ/ 14 ਮਾਰਚ, ਵੈਸਾਖੀ ਹਰ ਸਾਲ 1 ਵੈਸਾਖ/ 14 ਅਪ੍ਰੈਲ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਹਰ ਸਾਲ 2 ਹਾੜ/ 16 ਜੂਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਹਰ ਸਾਲ 11 ਮੱਘਰ/ 24 ਨਵੰਬਰ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ; ਹਰ ਸਾਲ 8 ਪੋਹ/ 21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ; ਹਰ ਸਾਲ 13 ਪੋਹ/ 26 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹਰ ਸਾਲ 23 ਪੋਹ/ 5 ਜਨਵਰੀ ਨੂੰ ਹੀ ਆਉਣਗੇ। ਇਸੇ ਤਰ੍ਹਾਂ ਕੋਈ ਵੀ ਦਿਹਾੜਾ ਨਾ ਕਦੀ ਅੱਗੇ ਪਿੱਛੇ ਹੋਵੇਗਾ ਅਤੇ ਨਾ ਹੀ ਕਦੀ ਸਾਲ ਵਿੱਚ ਦੋ ਵਾਰ ਅਤੇ ਕਿਸੇ ਸਾਲ ਇੱਕ ਵੀ ਵਾਰ ਨਾ ਆਉਣ ਦੀ ਸਮੱਸਿਆ ਖੜ੍ਹੀ ਹੋਵੇਗੀ ਜਦੋਂ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਮੌਜੂਦਾ ਕੈਲੰਡਰ ’ਚ ਕੁਝ ਦਿਹਾੜੇ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ, ਕੁਝ ਪ੍ਰਵਿਸ਼ਟਿਆਂ ਮੁਤਾਬਕ ਅਤੇ ਕੁਝ ਗ੍ਰੈਗੋਰੀਅਨ ਕੈਲੰਡਰ ਦੀਆਂ ਤਾਰੀਖ਼ਾਂ ਅਨੁਸਾਰ ਰੱਖੇ ਜਾਂਦੇ ਹਨ, ਜਿਸ ਕਾਰਨ ਹਰ ਸਾਲ ਦੁਬਿਧਾ ਬਣੀ ਰਹਿੰਦੀ ਹੈ। ਪਤਾ ਹੀ ਨਹੀਂ ਚਲਦਾ ਕਿ ਕਿਹੜਾ ਦਿਹਾੜਾ ਪਹਿਲਾਂ ਆਵੇਗਾ ਤੇ ਕਿਹੜਾ ਪਿੱਛੋਂ ? ਇਸ ਤੋਂ ਇਲਾਵਾ ਨਾਨਕਸ਼ਾਹੀ ਕੈਲੰਡਰ ਗੁਰਬਾਣੀ ਦੇ ਬਿਲਕੁਲ ਅਨੁਕੂਲ ਸੀ ਕਿਉਂਕਿ ਗੁਰਬਾਣੀ ਵਿੱਚ ਮਾਝ ਰਾਗੁ ਅਤੇ ਤੁਖਾਰੀ ਰਾਗੁ ’ਚ ਦਰਜ ਦੋ ਬਾਰ੍ਹਾਂ ਮਾਹਾਂ ’ਚ ਮਹੀਨਿਆਂ ਦੀਆਂ ਰੁੱਤਾਂ ਦਾ ਵਰਣਨ ਕਰਕੇ ਉਨ੍ਹਾਂ ਰਾਹੀਂ ਰੂਹਾਨੀਅਤ ਦਾ ਉਪਦੇਸ਼ ਦਿੱਤਾ ਹੈ। ਗੁਰੂ ਅਰਜਨ ਸਾਹਿਬ ਜੀ ਦੀ ਰਾਮਕਲੀ ਰਾਗੁ ’ਚ ਉਚਾਰਨ ਕੀਤੀ ਬਾਣੀ ਰੁਤੀ ਸਲੋਕੁ ’ਚ ਦੋ-ਦੋ ਮਹੀਨਿਆਂ ਦੀਆਂ ਛੇ ਰੁੱਤਾਂ ਦਾ ਵਰਣਨ ਹੈ। ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਹਮੇਸ਼ਾਂ ਲਈ ਉਹੀ ਰਹਿਣੀਆਂ ਸਨ, ਜਿਹੜੀਆਂ ਅੱਜ ਕੱਲ੍ਹ ਦੇ ਮਹੀਨਿਆਂ ’ਚ ਚੱਲ ਰਹੀਆਂ ਹਨ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸੰਬੰਧ ਨਿਰੰਤਰ ਟੁੱਟ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਦੀ ਐਨੀ ਸਪਸ਼ਟਤਾ, ਸਰਲਤਾ ਅਤੇ ਸਮਝਣ ’ਚ ਆਸਾਨ ਹੋਣ ਦੇ ਬਾਵਜੂਦ ਕੁਝ ਲੋਕਾਂ ਦੀ ਬੇਸਮਝੀ ਕਾਰਨ ਵਾਦ-ਵਿਵਾਦ ਦਾ ਵਿਸ਼ਾ ਬਣਾ ਲਿਆ ਤੇ ਇੱਕ ਵਾਰ ਇਸ ’ਤੇ ਅਮਲ ਰੋਕ ਦਿੱਤਾ ਗਿਆ। ਸੰਨ 2003 ’ਚ ਪੰਥਕ ਵਿਦਵਾਨਾਂ ਤੇ ਜਥੇਬੰਦੀਆਂ ਦੀਆਂ ਕਈ ਮੀਟਿੰਗਾਂ ਹੋਣ ਉਪਰੰਤ ਲਏ ਫ਼ੈਸਲੇ ਤੋਂ ਬਾਅਦ ਮੁੜ ਲਾਗੂ ਕੀਤਾ ਗਿਆ।

ਕੁਝ ਤਾਕਤਾਂ ਨਹੀਂ ਚਾਹੁੰਦੀਆਂ ਹਨ ਕਿ ਸਿੱਖਾਂ ਦਾ ਆਪਣਾ ਕੋਈ ਵੱਖਰਾ ਕੈਲੰਡਰ ਹੋਵੇ ਜਿਹੜਾ ਕੈਲੰਡਰ ਵਿਗਿਆਨ, ਗੁਰਬਾਣੀ ਅਤੇ ਇਤਿਹਾਸਕ ਤੱਥਾਂ ’ਤੇ ਪੂਰਾ ਉੱਤਰਦਾ ਹੋਵੇ। ਉਨ੍ਹਾਂ ਨੇ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਤੇ ਅੰਤ 2009 ਦੇ ਅਖੀਰ ’ਤੇ ਸੋਧਾਂ ਦੇ ਨਾਂ ’ਤੇ ਫਿਰ ਮਿਲਗੋਭਾ ਬਿਕ੍ਰਮੀ ਕੈਲੰਡਰ ਕੌਮ ਦੇ ਸਿਰ ਮੜ੍ਹ ਦਿੱਤਾ। ਇਨ੍ਹਾਂ ਲੋਕਾਂ ਨੂੰ ਕੈਲੰਡਰਾਂ ਸੰਬੰਧੀ ਤਾਂ ਕੋਈ ਗਿਆਨ ਨਹੀਂ, ਪਰ ਇੱਕੋ ਰੱਟ ਲਾ ਰੱਖੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਤਾਂ 22 ਦਸੰਬਰ ਨੂੰ ਹੋਇਆ ਸੀ ਫਿਰ ਪੁਰਬ ਲਈ ਜ਼ਾਲ੍ਹੀ ਤਾਰੀਖ਼ 5 ਜਨਵਰੀ ਕਿਉਂ ਨਿਸ਼ਚਿਤ ਕੀਤੀ  ? ਅਜਿਹੇ ਲੋਕਾਂ ਨੂੰ ਵਾਰ ਵਾਰ ਦੱਸਿਆ ਵੀ ਗਿਆ ਕਿ ਗੁਰ ਪੁਰਬ ਲਈ 5 ਜਨਵਰੀ ਨਹੀਂ, 23 ਪੋਹ ਨਿਸ਼ਚਿਤ ਕੀਤੀ ਹੈ ਅਤੇ 23 ਪੋਹ; ਨਾਨਕਸ਼ਾਹੀ ਕੈਲੰਡਰ ’ਚ ਓਵੇਂ ਹੀ 5 ਜਨਵਰੀ ਨੂੰ ਆ ਜਾਂਦੀ ਹੈ; ਜਿਵੇਂ ਬਿਕ੍ਰਮੀ ਕੈਲੰਡਰ ਦੀ ਜੋ ਵੈਸਾਖੀ 1699 ’ਚ 29 ਮਾਰਚ ਨੂੰ ਸੀ, ਜੋ 1999 ’ਚ 14 ਅਪਰੈਲ ਨੂੰ ਆਈ; ਉਸੇ ਤਰ੍ਹਾਂ 23 ਪੋਹ, ਜੋ ਸੰਨ 1666 ’ਚ 22 ਦਸੰਬਰ ਨੂੰ ਸੀ; ਉਹ ਸੰਨ 1999 ’ਚ, ਜਦ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ ਸੀ ਤਦ ਉਸ ਅਨੁਸਾਰ 5 ਜਨਵਰੀ ਨੂੰ ਹੀ ਸੀ, ਪਰ ਇਨ੍ਹਾਂ ਦਾ ਇਤਰਾਜ਼ ਕੁਝ ਸਮਝਣ ਲਈ ਨਹੀਂ, ਵਿਰੋਧ ਕਰਨ ਲਈ ਹੈ; ਜਿਵੇਂ ਕਿ ਸੁਖਮਨੀ ਸਾਹਿਬ ’ਚ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਹੈ ‘‘ਕਹਾ ਬੁਝਾਰਤਿ ਬੂਝੈ ਡੋਰਾ ਨਿਸਿ ਕਹੀਐ ਤਉ ਸਮਝੈ ਭੋਰਾ ’’ (ਮਹਲਾ /੨੬੭) ਭਾਵ ਕੰਨਾਂ ਤੋਂ ਬੋਲ਼ਾ/ਬਹਿਰਾ ਬੰਦਾ ਨਿਰੀ ਸੈਨਤ (ਇਸ਼ਾਰੇ) ਤੋਂ ਕਿਵੇਂ ਅੰਦਾਜ਼ਾ ਲਗਾ ਸਕਦਾ ਹੈ ? ਉਸ ਨੂੰ ਰਾਤ ਕਹੀਏ ਤਾਂ ਉਹ ਦਿਨ ਸਮਝ ਲੈਂਦਾ ਹੈ ਯਾਨੀ ਸੈਨਤ ਤੋਂ ਬਿਲਕੁਲ ਉਲ਼ਟ। ਇਸ ਲਈ ਜਿਨ੍ਹਾਂ ਨੇ ਸਮਝਣਾ ਨਹੀਂ ਜਾਂ ਸਮਝਣਯੋਗ ਨਹੀਂ, ਉਨ੍ਹਾਂ ਨੂੰ ਹਜ਼ਾਰ ਵਾਰ ਕਹੀਏ ਕਿ ਗੁਰ ਪੁਰਬ 23 ਪੋਹ ਦਾ ਹੀ ਨਿਸ਼ਚਿਤ ਕੀਤਾ ਹੈ, ਫਿਰ ਵੀ ਉਨ੍ਹਾਂ ਨੇ ਕਹੀ ਜਾਣੈ ਕਿ ਤੁਸੀਂ 5 ਜਨਵਰੀ ਨਿਰਧਾਰਿਤ ਕੀਤੀ ਪਈ ਹੈ।

ਸ: ਪਾਲ ਸਿੰਘ ਜੀ ਪੁਰੇਵਾਲ ਵਰਗਾ ਖੋਜੀ ਤੇ ਪੰਥ ਦਰਦੀ ਮਨੁੱਖ ਪੈਦਾ ਕਰਨ ’ਚ ਸਦੀਆਂ ਲੱਗ ਗਈਆਂ ਤਾਂ ਕਿਤੇ ਜਾ ਕੇ ਨਾਨਕਸ਼ਾਹੀ ਕੈਲੰਡਰ ਬਣਾਇਆ ਜਾ ਸਕਿਆ। ਉਨ੍ਹਾਂ ਦੀਆਂ ਪ੍ਰਕਾਸ਼ਿਤ ਪੁਸਤਕਾਂ ਵਿੱਚ ਸ਼ਾਮਲ ਹਨ : Jantri 500 YEARS – An Almanac (ਜੰਤਰੀ 500 ਸਾਲ-ਇੱਕ ਅਲਮੈਨਕ), ਜੋ ਨਵੰਬਰ 1994 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ, Hizri Calendars For Macca, Bagdad, Cairo & Delhi from 1 AH to 1500 AH (ਹਿਜਰੀ ਕੈਲੰਡਰ-ਇੱਕ ਕਿਤਾਬ), ਜਿਸ ਲਈ ਉਨ੍ਹਾਂ ਨੂੰ ‘ਜੀਵਨ ਭਰ ਦੀ ਪ੍ਰਾਪਤੀ’ ਪੁਰਸਕਾਰ ਮਿਲਿਆ। ਹੁਣੇ ਹੁਣੇ ਸਿੰਘ ਬ੍ਰਾਦਰਜ਼ ਅੰਮ੍ਰਿਤਸਰ ਵੱਲੋਂ ਛਾਪੀ ਪੁਸਤਕ Nanakshahi Calendar with Calendar Convertion Tables for 632 Years (ਨਾਨਕਸ਼ਾਹੀ ਕੈਲੰਡਰ 632 ਸਾਲਾਂ ਲਈ ਕੈਲੰਡਰ ਪਰਿਵਰਤਨ ਸਾਰਣੀ ਨਾਲ) ਅਗਸਤ 2022 ’ਚ ਛਪੀ  ਜਿਸ ਨੂੰ ਜਿਉਂਦੇ ਜੀ ਉਹ ਆਪਣੇ ਅੱਖੀਂ ਵੇਖ ਤਾਂ ਗਏ, ਪਰ ਰਸਮੀ ਤੌਰ ’ਤੇ ਰੀਲੀਜ਼ ਉਨ੍ਹਾਂ ਦੀ ਮੌਤ ਤੋਂ ਬਾਅਦ ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੁਸਾਇਟੀ ਵੱਲੋਂ ਸਰੀ ਵਿਖੇ ਰੱਖੇ ਇੱਕ ਪ੍ਰਭਾਵਸ਼ਾਲੀ ਸਮਾਗਮ ’ਚ ਦੇਸ਼ ਵਿਦੇਸ਼ ਦੇ ਵਿਦਵਾਨਾਂ ਤੇ ਸੰਗਤ ਦੀ ਹਾਜ਼ਰੀ ’ਚ 23 ਸਤੰਬਰ ਨੂੰ ਕੀਤੀ ਗਈ ਜਦੋਂ ਕਿ ਉਹ 22 ਸਤੰਬਰ 2022 ਦਿਨ ਵੀਰਵਾਰ ਨੂੰ ਕੈਨੇਡੀਅਨ ਸਮੇਂ ਅਨੁਸਾਰ ਸਵੇਰੇ ਲੱਗਭਗ 1:30 ਵਜੇ ਇਸ ਫ਼ਾਨ੍ਹੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਸਨ। ਇਨ੍ਹਾਂ ਤਿੰਨਾਂ ਪੁਸਤਕਾਂ ਤੋਂ ਇਲਾਵਾ ਉਨ੍ਹਾਂ ਦੇ ਬਹੁਤ ਸਾਰੇ ਖੋਜ ਪੱਤਰ ਯੂਨੀਵਰਸਿਟੀਆਂ ਦੇ ਸੈਮੀਨਾਰਾਂ ’ਚ ਪੜ੍ਹੇ ਅਤੇ Journals ’ਚ ਛਾਪੇ ਗਏ। ਇਹ ਸ: ਪੁਰੇਵਾਲ ਲਈ ਮਾਨ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 1995 ਦੇ ਇੱਕ ਹੀ Journals ’ਚ ਹੇਠ ਲਿਖੇ ਚਾਰ ਪੱਤਰ ਇਕੱਠੇ ਹੀ ਛਾਪੇ ਗਏ ਜਦੋਂ ਕਿ ਬਹੁਤ ਲੇਖਕ ਆਪਣਾ ਇੱਕ ਪੱਤਰ ਛਪਵਾਉਣ ਲਈ ਤਰਲੇ ਕਰਦੇ ਵੇਖੀਦੇ ਹਨ।

  1. Problem of Date Conversion in Sikh History (pp.261-269);
  2. The Date of Founding of Akal Takhat Sahib (pp.283-284);
  3. The Changing Vaisakhi Date in Common Era and Proposed New Calendar for Khalsa Samvat (pp.285-289);
  4. Birth Date of Guru Nanak Dev Ji (pp.306-311).

ਇਸਲਾਮੀ ਕੈਲੰਡਰ ਦੀ ਵੀ ਸਮੱਸਿਆ ਹੈ ਕਿ ਉਨ੍ਹਾਂ ਦਾ ਮਹੀਨਾ ਉਸ ਸਮੇਂ ਸ਼ੁਰੂ ਹੁੰਦਾ ਹੈ ਜਦੋਂ ਮੱਸਿਆ ਤੋਂ ਬਾਅਦ ਸ਼ਾਮ ਦੇ ਸਮੇਂ ਚੰਦ ਵਿਖਾਈ ਦੇਵੇ। ਇਹੋ ਕਾਰਨ ਹੈ ਕਿ ਉਨ੍ਹਾਂ ਨੂੰ ਆਪਣੇ ਤਿਉਹਾਰਾਂ ਦੀ ਤਾਰੀਖ਼ ਐਨ ਮੌਕੇ ’ਤੇ ਐਲਾਨਣੀ ਪੈਂਦੀ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸ: ਪਾਲ ਸਿੰਘ ਪੁਰੇਵਾਲ ਨੇ ਚਾਰ ਸ਼ਹਿਰਾਂ ਮੱਕਾ, ਬਗਦਾਦ, ਕੈਰੋ ਅਤੇ ਦਿੱਲੀ ਸ਼ਹਿਰਾਂ ਲਈ ਹਿਜ਼ਰੀ ਸੰਮਤ 1 ਤੋਂ ਸੰਮਤ 1500 ਤੱਕ (622 ਤੋਂ 2077 ਸੀਈ ਤੱਕ) 1500 ਸਾਲਾਂ ਦੇ ਮੱਸਿਆ ਤੋਂ ਬਾਅਦ ਚੰਦਰਮਾਂ ਵਿਖਾਈ ਦੇਣ ਦੇ ਸਮੇਂ ਦੀ ਸਾਰਨੀ ਵਾਲੀ ਪੁਸਤਕ ‘ਹਿਜ਼ਰੀ ਕੈਲੰਡਰ – ਇੱਕ ਕਿਤਾਬ’ ਲਿਖੀ, ਜੋ ਪਾਕਿਸਤਾਨ ’ਚ 2007 ਸੀਈ ’ਚ ਛਪੀ, ਜਿਸ ਨੂੰ ਬਹੁਤ ਹੀ ਸਲਾਹਿਆ ਗਿਆ। ਇਸ ਖੋਜ ਭਰਪੂਰ ਪੁਸਤਕ ਲਈ ਸ: ਪਾਲ ਸਿੰਘ ਪੁਰੇਵਾਲ ਨੂੰ ‘ਜੀਵਨ ਭਰ ਦੀ ਪ੍ਰਾਪਤੀ’ ਪੁਰਸਕਾਰ ਮਿਲਿਆ ਅਤੇ ਦਿਆਲ ਸਿੰਘ ਕਾਲਜ ਲਾਹੌਰ ਦੀ ਲਾਇਬਰੇਰੀ ’ਚ ਵਿਸ਼ੇਸ਼ ਤੌਰ ’ਤੇ ਪੁਰੇਵਾਲ ਕਾਰਨਰ ਬਣਾਇਆ ਗਿਆ, ਜਿਸ ਵਿੱਚ ਇੱਕ ਮੇਜ਼ ਕੁਰਸੀ ਰੱਖ ਕੇ ਉਸ ਦੇ ਪਿੱਛੇ ਉਨ੍ਹਾਂ ਦੀ ਵੱਡੇ ਸਾਈਜ਼ ਦੀ ਫੋਟੋ ਲੱਗੀ ਹੈ। ਇੱਕ ਪਾਸੇ ਇਸਲਾਮ ਜਗਤ ਹੈ, ਜਿਨ੍ਹਾਂ ਨੇ ਸ. ਪਾਲ ਸਿੰਘ ਜੀ ਪੁਰੇਵਾਲ ਦੀ ਖੋਜ ਦੀ ਕਦਰ ਕੀਤੀ, ਦੂਜੇ ਪਾਸੇ ਅਸੀਂ ਹਾਂ, ਜੋ ਸਿੱਖ ਕੌਮ ਦੇ ਅਖੌਤੀ ਆਗੂ ਅਤੇ ਡੇਰਾਵਾਦ, ਜਿਨ੍ਹਾਂ ਨੇ ਉਨ੍ਹਾਂ ਦੀ 60 ਸਾਲਾਂ ਦੀ ਅਣਥੱਕ ਮਿਹਨਤ, ਲਗਨ ਤੇ ਖੋਜ ਦਾ ਮੁੱਲ ਨਹੀਂ ਪਾਇਆ; ਦੇ ਸਿਆਸੀ ਗਠਬੰਧਨ ਕਾਰਨ ਆਪਣੀ ਕੌਮ ਦਾ ਨੁਕਸਾਨ ਹੁੰਦਾ ਵੇਖ ਰਹੇ ਹਾਂ। ਵੋਟ ਰਾਜਨੀਤੀ ਕਾਰਨ ਨਾਨਕਸ਼ਾਹੀ ਕੈਲੰਡਰ ’ਚ ਸੋਧਾਂ ਦੇ ਨਾਂ ’ਤੇ ਹਿੰਦੂ ਬਿਕਰਮੀ ਕੈਲੰਡਰ ਲਾਗੂ ਕਰ ਹਿੰਦੂਆਂ ਦੀ ਵੋਟ ਲਈਦੀ ਹੈ ਅਤੇ ਸਿੱਖ ਕੌਮ ਦੇ ਵਿਦਵਾਨਾਂ ਨੂੰ ਪੰਥ ਦੋਖੀ ਸਾਬਤ ਕੀਤਾ ਜਾਂਦਾ ਹੈ ਅਤੇ ਅੰਧ ਭਗਤਾਂ ਪਾਸੋਂ ਕਰਾਇਆ ਜਾਂਦਾ ਹੈ। ਸੰਗਤਾਂ ਨੂੰ ਗੁੰਮਰਾਹ ਕਰਨ ਲਈ ਹਰ ਸਾਲ ਕੈਲੰਡਰ ਦਾ ਨਾਂ ‘ਨਾਨਕਸ਼ਾਹੀ ਕੈਲੰਡਰ’ ਹੀ ਰੱਖਿਆ ਜਾਂਦਾ ਹੈ ਜਦਕਿ ਹੁੰਦਾ ਹੈ ਇਹ ਪੰਡਿਤਾਂ ਦੁਆਰਾ 1964 ਵਿੱਚ ਸੋਧਿਆ ਹੋਇਆ ਬਿਕਰਮੀ ਕੈਲੰਡਰ।

ਸਿੱਖ ਨੌਜੁਆਨ ਸਿੱਖੀ ਪਹਿਰਾਵੇ ਤੇ ਪਹਿਚਾਣ ਨੂੰ ਕਿਉਂ ਛੱਡ ਰਿਹਾ ਹੈ ?

0

ਸਿੱਖ ਨੌਜੁਆਨ ਸਿੱਖੀ ਪਹਿਰਾਵੇ ਤੇ ਪਹਿਚਾਣ ਨੂੰ ਕਿਉਂ ਛੱਡ ਰਿਹਾ ਹੈ ?

ਲੇਖਕ – ਹੁਸਨ-ਓਲ-ਚਿਰਾਗ

ਇਸ ਸਵਾਲ ਦਾ ਜਵਾਬ ਕੋਈ ਗੁੜ੍ਹਿਆ ਸਿੱਖ ਸਮਾਜ-ਸ਼ਾਸਤਰੀ ਹੀ ਦੇ ਸਕਦਾ ਹੈ। ਮੈਂ ਤਾਂ ਇਕ ਖ਼ੁਦ ਬਾਹਰ ਦੇ ਮਜ਼੍ਹਬ ਦਾ ਬੰਦਾ ਹਾਂ ਤੇ ਹੋ ਸਕਦਾ ਹੈ ਮੇਰਾ ਜਵਾਬ ਸਹੀ ਵੀ ਨਾ ਹੋਵੇ, ਪਰ ਮੇਰੀਆਂ ਛਪੀਆਂ ਲਿਖਤਾਂ ਨੂੰ ਪੜ੍ਹ ਕੇ ਕਈ ਨੌਜੁਆਨਾਂ ਨੇ ਮੇਰੇ ਉੱਤੇ ਸਵਾਲ ਕੀਤਾ ਹੈ ਕਿ ਮੈਂ ਆਪਣੀਆਂ ਲਿਖਤਾਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਸ ਸਵਾਲ ਦਾ ਉਨ੍ਹਾਂ ਨੂੰ ਜੁਆਬ ਦਿਆਂ।

ਇਕ ਨੌਜੁਆਨ ਜੋ ਅੰਗਰੇਜ਼ੀ ਬੋਲਣ ਦਾ ਕੋਰਸ ਕਰ ਰਿਹਾ ਹੈ ਅਤੇ ਉਸ ਤੋਂ ਸੀਨੀਅਰ ਦੋ ਸਿੱਖ ਨੌਜੁਆਨ ਜਿਨ੍ਹਾਂ ਨੇ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਵੀ ਕੀਤਾ ਹੋਇਆ ਸੀ, ਨੇ ਵਿਦੇਸ਼ ਜਾਣ ਲਈ ਇੰਟਰਵਿਊ ਦਿੱਤਾ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਜੇਕਰ ਤੁਸੀਂ ਕਲੀਨ-ਸ਼ੇਵ ਹੁੰਦੇ ਤਾਂ ਤੁਹਾਨੂੰ ਸਿੰਘਾਪੁਰ ਦੇ ਹੋਟਲ ਵਿੱਚ ਨੌਕਰੀ ਦਾ ਪਰਮਿਟ ਮਿਲ ਸਕਦਾ ਸੀ। ਮਾਲਕ ਨੇ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਮੈਂ ਤੁਹਾਨੂੰ ਤੁਹਾਡੇ ਮੌਜੂਦਾ ਫੈਸ਼ਨ (ਸਰੂਪ) ਵਿੱਚ ਹੁੰਦੇ ਹੋਏ ਨਹੀਂ ਲੈ ਸਕਦਾ ਤੇ ਉਹ ਦੋਵੇਂ ਨੌਜੁਆਨ ਰਹਿ ਗਏ। ਪਰ ਦੋ ਹੋਰ ਨੌਜੁਆਨ ਜੋ ਗੂੜ੍ਹੇ ਅਕਾਲੀ ਸਿੱਖ ਪਰਿਵਾਰਾਂ ਵਿੱਚੋਂ ਸਨ ਤੇ ਕਲੀਨ-ਸ਼ੇਵ ਸਨ ਉਨ੍ਹਾਂ ਨੂੰ ਵਿਦੇਸ਼ੀ ਵੀਜ਼ਾ ਦੇ ਦਿੱਤਾ ਗਿਆ।

ਅਜਿਹੇ ਕੁਝ ਕਾਰਨ ਵਿਦੇਸ਼ਾਂ ਵਿਚ ਜਾਣ ਲਈ ਹੀ ਨਹੀਂ, ਇੱਥੇ ਆਪਣੇ ਦੇਸ਼ ਵਿਚ ਵੀ ਟੀ. ਵੀ. ਗਾਇਕੀ, ਪੰਜਾਬੀ ਵਿਰਾਸਤ ਤੇ ਸਭਿਆਚਾਰ ਦੇ ਝੰਡੇ ਹੇਠ ਕੱਟੀ ਦਾਹੜੀ ਤੇ ਬਿਨਾਂ ਪੱਗ ਤੋਂ ਸਿੱਖ ਮੁੰਡਿਆਂ ਦੇ ਫੈਸ਼ਨ ਦਾ ਰਵੱਈਆ ਬਣ ਗਿਆ ਹੈ। ਜੇਕਰ ਇਸ ਦੀ ਜੜ੍ਹ ਨੂੰ ਫਰੋਲਿਆ ਜਾਵੇ ਤਾਂ ਵੇਖਣ ਵਿਚ ਆਉਂਦਾ ਹੈ ਕਿ ਦੇਸ਼ ਅੰਦਰ ਸਭ ਤੋਂ ਪਹਿਲਾਂ ਕ੍ਰਿਕਟ ਖਿਡਾਰੀ ਬਿਸ਼ਨ ਸਿੰਘ ਬੇਦੀ ਨੇ ਆਪਣੇ ਪਟਕੇ ਉੱਤੋਂ ਦੀ ਯਾਂਕੀ ਕੈਪ ਰੱਖੀ ਤੇ ਉਸ ਦੀ ਵੇਖਾ-ਵੇਖੀ ਸਿੱਖ ਨੌਜੁਆਨਾਂ ਵਿਚ ਪਟਕੇ ਉੱਤੋਂ ਦੀ ਯਾਂਕੀ ਕੈਪ ਪਹਿਨਣ ਦਾ ਰਿਵਾਜ ਚੱਲ ਪਿਆ। ਬੇਸ਼ੱਕ ਸ: ਬਿਸ਼ਨ ਸਿੰਘ ਪੂਰੇ ਸਿੱਖੀ ਕੇਸਾਂ ਸਮੇਤ ਖੇਡਦੇ ਰਹੇ ਤੇ ਅੱਜ ਕੱਲ੍ਹ ਸਿਰਫ਼ ਸੋਹਣੀ ਦਸਤਾਰ ਹੀ ਸਜਾਉਂਦੇ ਹਨ ਪਰ ਸਿੱਖ ਨੌਜੁਆਨਾਂ ਵਿਚ ਉਹ ਅਜਿਹੀ ਪਿਰਤ ਪਈ ਕਿ ਉਹ ਉਸੇ ਤਰ੍ਹਾਂ ਹੀ ਚਲੀ ਆ ਰਹੀ ਹੈ।

ਮਸ਼ੀਨੀ-ਦਾਹੜੀ ਕੱਟ ਕਰਕੇ ਟੀ. ਵੀ. ਉੱਤੇ ਗਾਇਕੀ ਦਾ ਰਿਵਾਜ ਗੁਰਦਾਸ ਮਾਨ ਨੇ ਪਾਇਆ ਜਿਸ ਤੋਂ ਬਾਅਦ ਸਾਰੇ ਸਿੱਖ ਮੁੰਡੇ-ਗਾਇਕਾਂ ਨੇ ਗੁਰਦਾਸ ਮਾਨ ਦੇ ਕਦਮਾਂ ’ਤੇ ਚੱਲਦੇ ਹੋਏ ਸਿੱਖੀ ਵਿਚ ਇਸ ਨਵੀਂ ਤਰਬੀਅਤ ਦੀ ਰੀਤ ਮਸ਼ਹੂਰ ਕਰ ਦਿੱਤੀ। ਇੱਥੇ ਇਹ ਵੀ ਵਾਪਰਿਆ ਕਿ ਗੁਰਦਾਸ ਮਾਨ ਦਾ ਨਾਮ ਗੁਰਦਾਸ ਸਿੰਘ ਸੀ ਤੇ ਉਸ ਦੇ ਨਵੇਂ ਪੈਦਾ ਕੀਤੇ ਫੈਸ਼ਨ ਨੇ ‘ਸਿੰਘ’ ਲਫ਼ਜ਼ ਨੂੰ ਛੱਡ ਦਿੱਤਾ ਅਤੇ ਜੱਟ ਸਿੱਖ ਪਹਿਚਾਣ ਮੋਨੇ ਹੋਣ ਦੇ ਬਾਅਦ ਵੀ ਬਣੀ ਰਹੇ, ਇਸ ਲਈ ਜੱਟਾਂ ਦੀ ਆਪਣੀ ‘ਮਾਨ’ ਗੋਤ ਜੋੜ ਲਈ। ਇਸ ਤੋਂ ਬਾਅਦ ਜੋ ਕਲਾਕਾਰ, ਗਾਇਕੀ ਜਾਂ ਫਿਲਮਾਂ ਵਿਚ ਵੜਿਆ ਉਸ ਨੇ ਆਪਣੇ ਨਾਮ ਨਾਲੋਂ ਸਿੰਘ ਲਫ਼ਜ਼ ਮੁਕਾ ਕੇ ਜਾਤ ਨਾਲ ਜੋੜ ਲਈ, ਜੋ ਸਿਲਸਿਲਾ ਜਾਰੀ ਹੈ।

ਮਾਨ ਸਾਹਿਬ ਆਪਣੀ ਜਾਤ ਨਾਲ ਹੀ ਆਪਣੀ ਹਸਤੀ ਕਾਇਮ ਕਰਕੇ ਮਸ਼ਹੂਰ ਤੇ ਅਮੀਰ ਹੋ ਗਏ ਤੇ ਉਹ ਹਰ ਵੱਡੀ ਸਿੱਖ ਰੈਲੀ ਵਿਚ ਗੀਤ ਗਾਉਂਦੇ ਹਨ। ਪਰ ਕਿਸੇ ਵੀ ਐਸ.ਜੀ.ਪੀ.ਸੀ. (SGPC) ਜਾਂ ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਉੱਤੇ ਕਦੇ ਉਂਗਲੀ ਨਹੀਂ ਉਠਾਈ ਕਿ ਮਾਨ ਸਾਹਿਬ ਦੀ ਨਿੱਜੀ ਖੁਲ੍ਹ ਤੇ ਧਰਮ ਤੋਂ ਆਜ਼ਾਦੀ ਦੇ ਕਾਰਨ ਸਿੱਖ-ਨੌਜੁਆਨਾਂ ਦੀ ਮਾਨਸਿਕ ਦਸ਼ਾ ਵਿਚ ਕਿੰਨੀ ਤਬਦੀਲੀ ਆਈ ਹੈ [ਮੈਂ ਮਾਨ ਸਾਹਿਬ ਤੋਂ ਮੁਆਫੀ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਦਾ ਨਾਂ ਲੈ ਕੇ ਗੱਲ ਕੀਤੀ ਹੈ। ਮੈਂ ਉਨ੍ਹਾਂ ਦੇ ਨਿੱਜੀ ਜੀਵਨ (ਆਜ਼ਾਦੀ) ਵਿਚ ਦਖ਼ਲ ਨਹੀਂ ਦੇ ਰਿਹਾ ਪਰੰਤੂ ਉਨ੍ਹਾਂ ਦੇ ਫੈਸ਼ਨ ਕਾਰਨ ਜੋ ਸਿੱਖ ਸਮਾਜ ਦੇ ਨੌਜੁਆਨਾਂ ਉੱਤੇ ਪ੍ਰਭਾਵ ਪਿਆ, ਉਸ ਦੇ ਕਾਰਨਾਂ ਦਾ ਜ਼ਿਕਰ ਕਰ ਰਿਹਾ ਹਾਂ।]

ਇਸ ਦੇ ਨਾਲ-ਨਾਲ ਮਲਕੀਅਤ ਤੇ ਦਲੇਰ ਮਹਿੰਦੀ ਆਪਣੇ ਪੂਰੇ ਨਹੀਂ ਤਾਂ ਘੱਟੋ-ਘੱਟ ਅੱਧੇ ਸਿੱਖੀ ਸਰੂਪ ਵਿਚ ਅਜੇ ਤੱਕ ਬਣੇ ਹੋਏ ਹਨ। ਉਨ੍ਹਾਂ ਦੀ ਪੱਗ ਦੇ ਗੋਟੇ-ਕਿਨਾਰੀ ਨੂੰ ਵੇਖ ਕੇ ਕਈ ਹੋਰ ਕਲੀਨ-ਸ਼ੇਵ ਤੇ ਮਸ਼ੀਨੀ ਦਾਹੜੀ ਵਾਲਿਆਂ ਨੇ ਵੀ ਪੱਗ ਬੰਨ੍ਹ ਕੇ ਗਾਉਣਾ ਸ਼ੁਰੂ ਕੀਤਾ ਹੈ। ਰਬੀ ਸ਼ੇਰਗਿੱਲ ਨੇ ਸੋਹਣੀ ਗਾਇਕੀ ਤੇ ਸਿੱਖੀ ਫੈਸ਼ਨ ਦੀ ਤੋਰ ਤੋਰੀ ਹੈ। ਇਸ਼ਮੀਤ ਸਿੰਘ ਆਦਿ ਗਾਇਕਾਂ ਨੇ ਸਿੱਖ ਨੌਜੁਆਨਾਂ ਵਿਚ ਨਵਾਂ ਮੋੜ ਮੋੜਿਆ ਹੈ।

ਇਹ ਤਾਂ ਹੋਈ ਘਰ ਦੀ ਗੱਲ ਤੇ ਬਾਹਰ ਵਿਦੇਸ਼ਾਂ ਵਿਚ ਸਿੱਖੀ ਦਾ ਕੀ ਹਾਲ ਹੈ ? ਵਿਦੇਸ਼ ਜਾਣ ਦੇ ਚਾਹਵਾਨ ਨੌਜੁਆਨਾਂ ਦਾ ਵੱਡਾ ਵਰਗ ਜੋ ਤਾਲੀਮ ਯਾਫਤਾ ਨਹੀਂ ਪਰ ਗੈਰ-ਕਾਨੂੰਨੀ ਤਰੀਕੇ ਅਪਣਾਅ ਕੇ ਵਿਦੇਸ਼ਾਂ ਵਿਚ ਜਾਣ ਦੀ ਕੋਸ਼ਿਸ਼ ਕਰਦੇ ਹਨ, ਉਹ ਸੌ ਫੀਸਦੀ ਚੱਲਣ ਤੋਂ ਪਹਿਲੇ ਕਲੀਨ-ਸ਼ੇਵ ਹੋ ਜਾਂਦੇ ਹਨ ਤਾਂ ਕਿ ਉਹ ਚੋਰ ਦਰਵਾਜ਼ਿਆਂ ਵਿਚੋਂ ਚੋਰੀਂ ਪਾਰ ਹੋ ਸਕਣ। ਜੋ ਲੋਕ ਸਹੀ ਤਰੀਕੇ ਅਪਣਾਅ ਕੇ ਜਾਣਾ ਚਾਹੁੰਦੇ ਹਨ, ਉਨ੍ਹਾਂ ਵਾਸਤੇ ਇਕ ਹੋਰ ਪੈਮਾਨਾ ਪਾਰ ਕਰਨਾ ਹੁੰਦਾ ਹੈ, ਜਿਸ ਨੂੰ ਉਹ ਪ੍ਰਸਨੈਲਿਟੀ ਪੁਆਇੰਟਸ ਕਹਿੰਦੇ ਹਨ। ਜੇਕਰ ਨੌਜੁਆਨ ਸਿੱਖ ਹੈ ਜਾਂ ਉਸ ਨੇ ਮੁਸਲਮਾਨੀ ਦਾਹੜੀ ਰੱਖੀ ਹੋਈ ਹੈ ਤਾਂ ਉਸ ਨੂੰ ਸ਼ਖ਼ਸੀਅਤ ਰੋਹਬ ਦੇ ਪੁਆਇੰਟਸ ਨਹੀਂ ਦਿੱਤੇ ਜਾਂਦੇ। ਪਰ ਇਕ ਕਲੀਨ-ਸ਼ੇਵਨ ਸਿੱਖ ਮੁੰਡੇ ਨੂੰ ਬੇਸ਼ੱਕ ਉਹ ਘੱਟ ਯੋਗਤਾ ਵੀ ਕਿਉਂ ਨਾ ਰੱਖਦਾ ਹੋਵੇ ਉਸ ਨੂੰ ਇਹ ਨੰਬਰ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਸਿੱਖ ਨੌਜੁਆਨ ਆਪਣੇ ਦੇਸ਼ ਵਿਚ, ਆਪਣੇ ਚੌਗਿਰਦੇ ਵਿਚ, ਆਪਣਿਆਂ ਵਿਚ ਘਿਰ ਕੇ ਰੁੜ੍ਹ ਰਿਹਾ ਹੈ ਤੇ ਵਿਦੇਸ਼ਾਂ ਵਿਚ ਰੋਜ਼ੀ ਦੀ ਤਲਾਸ਼ ਦੀ ਮਾਰ ਝੇਲਦਾ ਤੇ ਭੇਸ ਬਦਲਦਾ ਪਿਆ ਹੈ।

ਸਿੱਖ ਨੌਜੁਆਨ ਖਾਸ ਕਰਕੇ ਜੱਟ ਸਿੱਖ ਮੁੰਡਿਆਂ ਦਾ ਕਲੀਨਸ਼ੇਵ ਹੋਣ ਦਾ ਜੁਆਬ ਹੁੰਦਾ ਹੈ ਕਿ ਸਿੱਖੀ ਤਾਂ ਮਨ ਵਿਚ ਹੋਣੀ ਚਾਹੀਦੀ ਹੈ ਤੇ ਉਹ ਸਾਡੇ ਵਿਚ ਭਰੀ ਪਈ ਹੈ। ਅਸੀਂ ਜੱਟ ਸਿੱਖ ਹਾਂ ਤੇ ਜੱਟਾਂ ਦੇ ਬਰਾਬਰ ਦਾ ਹੋਰ ਕਿਹੜਾ ਸਿੱਖ ਹੈ। ਅਸੀਂ ਹੀ ਮਿਸਲਾਂ ਚਲਾਈਆਂ, ਲੜਾਈਆਂ ਲੜੀਆਂ, ਜਾਨਾਂ ਦਿੱਤੀਆਂ, ਪੰਜਾਬ ਫ਼ਤਹਿ ਕੀਤਾ। ਕੀਹ ਹੋਇਆ ਜੇ ਮੁੰਡੇ ਨੇ ਵਾਲ ਕਟਾ ਲਏ ਤਾਂ ? ਹੈ ਤਾਂ ਉਹ ਸਿੱਖ ਹੀ ਨਾ ਤੇ ਜੱਟਾਂ ਦਾ ਮੁੰਡਾ। ਜਦੋਂ ਜੀ ਕਰੇਗਾ ਰੱਖ ਲਵੇਗਾ। ਇਸ ਤਰਕ ਤੋਂ ਸਵਾਲ ਪੈਦਾ ਹੁੰਦਾ ਹੈ ਕਿ ‘‘ਕੀ ਸਿੱਖੀ ‘ਜੀ ਕਰਨ’ ਵਿਚ ਹੈ ਜਾਂ ਇਹ ਕੋਈ (ਸਿੱਖੀ) ਮੂਲ ਸਿਧਾਂਤ ਦੇ ਸ਼ਾਸਤਰ ਵਿਚੋਂ ਉਪਜੀ ਰਹਿਤ ਦੀ ਸਿਰਜਨਾ ਹੈ।’’ ਜੀ ਕਰੇਗਾ ਰੱਖ ਲਵੇਗਾ-‘ਸਿੱਖੀ ਮਨ ਵਿਚ ਹੈ’ ਦੇ ਤਰਕ ਦਿੱਤਿਆਂ ਸਿੱਖੀ ਦੀ ਪਹਿਚਾਣ ਤੇ ਸਾਬਤੀ ਬਰਕਰਾਰ ਨਹੀਂ ਰੱਖੀ ਜਾ ਸਕਦੀ।

ਜੋ ਤਸਵੀਰ ਸਾਡੇ ਸਾਹਮਣੇ ਹੈ ਉਸ ਮੁਤਾਬਕ ਦੇਸ਼ ਅਤੇ ਵਿਦੇਸ਼ਾਂ ਵਿਚ ਨਾਨ-ਜੱਟ ਸਿੱਖ ਭਾਈਚਾਰੇ ਦੇ ਲੋਕ ਸਿੱਖੀ ਵਿਚ ਵਧੇਰੇ ਬਰਕਰਾਰ ਹਨ ਜਿਵੇਂ ਕਿ ਰਾਮਗੜ੍ਹੀਆ ਬਰਾਦਰੀ, ਕੰਬੋਜ ਸਿੱਖ, ਅਰੋੜੇ ਤੇ ਖੱਤਰੀ ਸਿੱਖ, ਮਹਿਰੇ ਤੇ ਰਮਦਾਸੀਏ ਸਿੱਖ, ਸੈਣੀ ਅਤੇ ਸਿਕਲੀਗਰ ਸਿੱਖ ਆਦਿ। ਜੇਕਰ ਗ਼ੁਰਬਤ (ਗ਼ਰੀਬ) ਨਾਲ ਲੜਦੇ ਪੂਰਨ ਗੁਰਸਿੱਖ ਵੇਖਣੇ ਹੋਣ ਤਾਂ ਉਹ ਸਿਕਲੀਗਰ-ਮੁਹੱਲਾ ਨਾਹਨ ਅਤੇ ਪਾਉਂਟਾ ਸਾਹਿਬ ਵਿਚ ਵੇਖੋ ਜਾਂ ਫਿਰ ਉਨ੍ਹਾਂ ਨੂੰ ਭਟਕਦਿਆਂ ਮੱਧ-ਪ੍ਰਦੇਸ਼ ਵਿਚ। ਇਹ ਉਹ ਲੋਕ ਹਨ ਜਿਨ੍ਹਾਂ ਪਾਉਂਟੇ ਤੇ ਅਨੰਦਪੁਰ ਦੀਆਂ ਲੜਾਈਆਂ ਲਈ ਸਿੱਖ ਫ਼ੌਜਾਂ ਵਾਸਤੇ ਤੀਰ ਤੇ ਹਥਿਆਰ ਬਣਾਏ। ਗ਼ੁਰਬਤ ਦੀ ਜ਼ਿੰਦਗੀ ਬਸਰ ਕਰਦੇ ਹੋਏ ਵੀ ਉਨ੍ਹਾਂ ਦੇ ਧੀਆਂ ਪੁੱਤਰ ਪੂਰਨ ਗੁਰਸਿੱਖ ਤੇ ਗੁਰਦੁਆਰੇ ਬਣਾ ਕੇ ਰਹਿੰਦੇ ਹਨ। ਅਕਾਲੀ ਤੇ ਐਸ. ਜੀ. ਪੀ. ਸੀ. ਇਨ੍ਹਾਂ ਬਾਰੇ ਖ਼ਾਮੋਸ਼ ਹਨ।

ਸੰਸਾਰ ਦੇ ਸਾਰੇ ਧਰਮਾਂ ਵਿਚੋਂ ਸਿੱਖ ਧਰਮ ਦਾ ਪਹਿਰਾਵਾ, ਪਹਿਚਾਣ, ਸਰੂਪ ਤੇ ਰਹਿਤ ਸਭ ਤੋਂ ਸਖ਼ਤ, ਔਖੇ ਤੇ ਨਿਆਰੇ ਹਨ। ਕੇਸਾਂ ਦੀ ਸਾਫ਼-ਸਫ਼ਾਈ ਤੇ ਸੰਭਾਲ, ਦਸਤਾਰ ਦੇ ਸਜਾਉਣ ਲਈ ਸਮਾਂ ਤੇ ਸੂਝ, ਬਾਕੀ ਕਕਾਰਾਂ ਦੀ ਸੰਭਾਲ ਤੇ ਸੋਧ। ਇਸੇ ਤਰ੍ਹਾਂ ਯਹੂਦੀ-ਲੋਕ, ਕੂਪਾ, ਇਕ ਛੋਟੀ ਟਿੱਕੀ ਨੁਮਾ ਕੈਪ, ਜੋ ਉਹ ਸੂਈਆਂ ਜਾਂ ਕਲਿਪ ਨਾਲ ਸਿਰ ਦੀ ਚੋਟੀ ਦੇ ਠੀਕ ਵਿਚਕਾਰ ਸਜਾਉਂਦੇ ਹਨ, ਯਹੂਦੀਆਂ ਦੀ ਪਹਿਚਾਣ ਤੇ ਧਰਮ ਚਿੰਨ੍ਹ ਦਾ ਹਿੱਸਾ ਹੈ। ਯਹੂਦੀ ਦਾਹੜੇ ਰੱਖਦੇ ਹਨ ਪਰ ਜ਼ਰੂਰੀ ਨਹੀਂ ਪਰੰਤੂ ਸੁੰਨਤ ਜ਼ਰੂਰੀ ਹੈ। ਈਸਾਈਆਂ ਵਿਚ ਚਿੰਨ੍ਹ ਪਾਦਰੀਆਂ ਤੇ ਪੁਜਾਰੀਆਂ ਤੱਕ ਹੀ ਸੀਮਿਤ ਹਨ। ਆਮ ਈਸਾਈ ਧਾਰਨ ਕਰਨ ਜਾਂ ਨਾ, ਜ਼ਰੂਰੀ ਨਹੀਂ। ਪਰੰਤੂ ਈਸਟਰਨ ਕ੍ਰਿਸਟੀਨਿਟੀ-ਆਰਥੋਡਕਸ ਚਰਚ ਦੇ ਮੰਨਣ ਵਾਲੇ ਦਾਹੜੀ ਜ਼ਰੂਰ ਰੱਖਦੇ ਸਨ, ਪਰ ਰੂਸ ਦੇ ਬਾਦਸ਼ਾਹ ਪੀਟਰ ਦਾ ਗਰੇਟ ਨੇ ਦਾਹੜੀ ਸਾਫ਼ ਕਰਨ ਦੀ ਰਵਾਇਤ ਚਲਾ ਦਿੱਤੀ। ਈਸਾਈਆਂ ਵਿਚ ਸੁੰਨਤ ਖ਼ਤਮ ਹੋ ਗਿਆ। ਜਦੋਂ ਇਸਲਾਮ ਨਾਜ਼ਲ ਹੋਇਆ ਤਾਂ ਮੁਸਲਮਾਨਾਂ ਵਿਚ ਸੁੰਨਤ ਜੋ ਇਕ ਦਰਦਨਾਕ, ਕਸ਼ਟਦਾਇਕ ਹੈ ਤੇ ਇਸ ਵਿਚ ਬੱਚੇ ਦੇ ਲਿੰਗ ਤੋਂ ਵਧੇ ਹੋਏ ਮਾਸ ਨੂੰ ਕਤਰ ਦਿੱਤਾ ਜਾਂਦਾ ਹੈ, ਨੂੰ ਲਾਜ਼ਮੀ ਕਰ ਦਿੱਤਾ ਗਿਆ। ਪਰ ਸੁੰਨਤ ਇਕੋ ਵਾਰ ਹੀ ਹੁੰਦੀ ਹੈ। ਦਾਹੜੀ ਜੋ ਮੁਸਲਮਾਨਾਂ ਲਈ, ਬਤੌਰ ਅੱਲਾਹ ਦਾ ਨੂਰ ਕਿਹਾ ਗਿਆ, ਜ਼ਰੂਰੀ ਹੈ, ਪਰ ਅੱਜ ਕੱਲ੍ਹ ਮਨ ਮਰਜ਼ੀ ਬਣ ਗਈ ਹੈ। ਨਮਾਜ਼ ਦੇ ਵਕਤ, ਨਾਤ ਜਾਂ ਕੁਰਾਨ ਪੜ੍ਹਨ ਵੇਲੇ ਸਿਰ ਦੀ ਟੋਪੀ ਜਾਂ ਪਗੜੀ ਨਾਲ ਢੱਕਿਆ ਹੋਣਾ ਜ਼ਰੂਰੀ ਹੈ। ਭਾਰਤ ਵਿਚ ਹਿੰਦੂ ਧਰਮ ਦੇ ਅਨੇਕਾਂ ਫਿਰਕਿਆਂ ਦੇ ਲਿਬਾਸ ਤੇ ਤਿਲਕ ਲਾਉਣ ਦੇ ਢੰਗ ਤਰੀਕੇ ਉਨ੍ਹਾਂ ਫਿਰਕਿਆਂ ਦੀ ਪਹਿਚਾਣ ਦੱਸਦੇ ਹਨ। ਪਰ ਆਮ ਲੋਕਾਂ ਵਾਸਤੇ ਜ਼ਰੂਰੀ ਨਹੀਂ। ਖਾਸ ਮੌਕੇ, ਖਾਸ ਵਕਤ ਵਿਧੀਆਂ ਤੇ ਰੀਤਾਂ ਮੰਦਿਰਾਂ ਜਾਂ ਹਵਨ ਦੇ ਸਮੇਂ ਅਪਣਾਈਆਂ ਜਾਂਦੀਆਂ ਹਨ ਪਰ ਆਮ ਜ਼ਿੰਦਗੀ ਵਿਚ ਜ਼ਰੂਰੀ ਨਹੀਂ। ਬੁੱਧ ਧਰਮ ਵਿਚ ਬੋਧੀ ਭਿਖਸ਼ੂ, ਖਾਸ ਲਿਬਾਸ ਤੇ ਤਿਲਕ ਲਾਉਣ ਦੇ ਢੰਗ ਤਰੀਕੇ ਉਨ੍ਹਾਂ ਫਿਰਕਿਆਂ ਦੀ ਪਹਿਚਾਣ ਦੱਸਦੇ ਹਨ। ਪਰ ਆਮ ਲੋਕਾਂ ਵਾਸਤੇ ਤੇ ਸਰੀਰ ਨੂੰ ਖਾਸ ਅਵਸਥਾ ਵਿਚ ਰੱਖਦੇ ਹਨ ਤੇ ਜੈਨੀਆਂ ਵਿਚ ਵੀ ਉਨ੍ਹਾਂ ਦੇ ਸਾਧੂ ਤੇ ਸਾਧਵੀਆਂ ਖਾਸ ਲਿਬਾਸ, ਖਾਸ ਖੁਰਾਕ, ਬ੍ਰਹਮਚਾਰੀ ਜੀਵਨ ਤੇ ਜਿੱਥੇ ਕਿਤੇ ਵੀ ਜਾਣਾ ਹੋਵੇ ਪੈਦਲ ਜਾਂਦੇ ਹਨ। ਇਹ ਨਿਯਮ ਸਿਰਫ਼ ਉਨ੍ਹਾਂ ਲਈ ਹੀ ਹਨ ਅਤੇ ਇਹ ਕਾਫੀ ਔਖੇ ਤੇ ਕਸ਼ਟਦਾਇਕ ਹਨ ਪਰ ਆਮ ਜੈਨੀ ਲੋਕਾਂ ਵਾਸਤੇ ਇਹ ਜ਼ਰੂਰੀ ਨਹੀਂ, ਪਰ ਇਨ੍ਹਾਂ ਸਭ ਤੋਂ ਉਤੋਂ ਦੀ ਸਿੱਖ ਧਰਮ ਦਾ ਸਰੂਪ ਜਿਸ ਵਿਚ ਪੰਜ ਕਕਾਰਾਂ ਦੀ ਪਾਲਣਾ ਤੇ ਰੋਜ਼-ਮ੍ਰਰਾਹ ਦੀ ਰਹਿਤ ਹੈ। ਸਾਰੇ ਜਿਸਮ ਦੇ ਰੋਮ ਅਤੇ ਖਾਸ ਕਰਕੇ ਕੇਸਾਂ ਦੀ ਸੰਭਾਲ ਤੇ ਉਨ੍ਹਾਂ ਉੱਤੇ ਹਮੇਸ਼ਾ ਜੀਵਨ ਭਰ ਪੱਗ ਅਤੇ ਉਸ ਦੀ ਸੰਭਾਲ, ਬੜੀ ਵੱਡੀ ਜ਼ਿੰਮੇਵਾਰੀ ਹੈ। ਸਰੂਪ ਅਤੇ ਰਹਿਤ ਨਿਭਾਉਣ ਲਈ ਮਨੁੱਖ ਵਿਚ ਜ਼ਬਰਦਸਤ ਪੱਕੇ ਜਜ਼ਬੇ (ਸਪਿਰਟ) ਦੀ ਲੋੜ ਹੈ। ਇਹ ਜਜ਼ਬਾ ਸਿੱਖ ਵਿਚ ਬੜੇ ਪ੍ਰਬਲ ਰੂਪ ਵਿਚ ਹੋਣਾ ਚਾਹੀਦਾ ਹੈ। ਇਸ ਜਜ਼ਬੇ ਵਿਚ ਸੰਪਰਦਾਇਕ ਭਾਵਨਾ ਨਾ ਹੋ ਕੇ ਨਿਯਮੀ ਤੇ ਉਦਮੀ ਭਾਵਨਾ ਹੋਣੀ ਚਾਹੀਦੀ ਹੈ। ਇਸ ਵਿਚ ਸਿਦਕ ਤੇ ਇਸ਼ਟ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ। ਇਹ ਉਦੋਂ ਹੀ ਹੋ ਸਕਦਾ ਹੈ ਜੇਕਰ ਤੁਹਾਡੇ ਵਿਚ ਜਜ਼ਬਾ ਸਲਾਮਤ ਤੇ ਜੋਸ਼ ਬਰਕਰਾਰ ਹੈ ਤਾਂ। ਇਸ ਲਈ ਖ਼ਾਸ ਤੌਰ ਉੱਤੇ ਕੇਸ ਸੰਭਾਲਣੇ ਤੇ ਉਨ੍ਹਾਂ ਉੱਤੇ ਦਸਤਾਰ ਰੱਖਣੀ ਬਤੌਰ ਜਜ਼ਬੇ ਦੇ ਲਿਆ ਜਾਵੇ, ਨਾ ਕਿ ਫਟੀਗ, ਵਗ਼ਾਰ, ਝੰਜਟ, ਮੁਸੀਬਤ, ਬੰਧਨ, ਮਜਬੂਰੀ ਜਾਂ ਲੋਕਲਾਜ ਜਾਂ ਵਿਖਾਵੇ ਦੇ ਤੌਰ ਉੱਤੇ। ਜਿਹੜੇ ਨੌਜੁਆਨ ਕੇਸਾਂ ’ਤੇ ਪੱਗ ਨੂੰ ਮੁਸੀਬਤ, ਬੰਧਨ, ਮਜਬੂਰੀ ਜਾਂ ਲੋਕ-ਲਾਜ ਸਮਝਣ ਲੱਗ ਪਏ ਹਨ, ਕੀ ਕਦੇ ਸਿੱਖ ਰਹਿਨੁਮਾਵਾਂ ਨੇ ਸੋਚਿਆ ਹੈ ਕਿ ਅਜਿਹਾ ਕਿਉਂ ਹੋਣ ਜਾ ਰਿਹਾ ਹੈ ? ਕੀ ਇਸ ਆਧੁਨਿਕ ਯੁੱਗ ਵਿਚ ਹੁਣ ਸਿੱਖੀ ਸਰੂਪ ਦੀ ਲੋੜ ਨਹੀਂ ਰਹੀ ਜਾਂ ਇਹ ਪੁਰਾਣੀ ਗੱਲ ਸੀ ਤੇ ਹੁਣ ਸਮਾਂ ਬਦਲ ਗਿਆ ਹੈ ? ਜੇ ਸਾਰੇ ਕਾਂਵਾਂ ਦੇ ਰੰਗ ਕਾਲੇ ਨੇ-ਕਬੂਤਰ ਇਕੋ ਜਿਹੇ ਨੇ, ਚਿੜੀਆਂ-ਤੋਤੇ, ਮਧੂ-ਮੱਖੀਆਂ ਦੀ ਕੋਈ ਵੱਖਰੀ-ਵੱਖਰੀ ਪਹਿਚਾਣ ਨਹੀਂ ਹੈ। ਫ਼ੌਜ-ਪੁਲਿਸ ਜਾਂ ਸਕਾਊਟਸ ਨੂੰ ਵੱਖਰੀ ਵਰਦੀ ਦਾ ਸਰੂਪ ਦੇ ਕੇ ਤੁਹਾਡੇ ਤੋਂ ਨਿਆਰਾ ਕਿਉਂ ਕੀਤਾ ਗਿਆ। ਕਿੰਨਾ ਭਾਰ ਏ ਮੋਟੇ ਫ਼ੌਜੀ ਬੂਟ, ਜੁਰਾਬਾਂ, ਪੇਟੀ ਤੇ ਵਰਦੀ ਦਾ। ਰੋਜ਼ ਦਿਹਾੜੇ ਕਿਉਂ ਪਾਉਣੀ, ਸਿਰਫ਼ ਲੜਾਈ ਵੇਲੇ ਪੁਆ ਦਿਆਂਗੇ ?

ਇਨ੍ਹਾਂ ਸਭ ਨੁਕਤਿਆਂ ਨੂੰ ਨਜ਼ਰਾਂ ਨਾਲ ਵੇਖਣ ਤੋਂ ਵਧੇਰੇ ਮਨ ਦੀਆਂ ਗਹਿਰਾਈਆਂ ਤੇ ਜ਼ਿਹਨੀਂ ਸੋਚਾਂ ਤੇ ਤੁਹਾਡੇ ਸ਼ੇਰ ਦਿਲਾਂ ਵਿਚੋਂ ਉੱਠੇ ਉਦਗਾਰਾਂ ਦੀ ਜਜ਼ਬਿਆਂ ਭਰੀ ਪਰਾਤ ਦੀ ਤੁਹਾਡੀ ਹਯਾਤੀ (ਜ਼ਿੰਦਗੀ) ਨੂੰ ਲੋੜ ਹੈ। ਕੇਸ ਮੁਸੀਬਤ ਤੇ ਪੱਗ ਭਾਰੀ ਕਿਉਂ ਲੱਗਣ ਲੱਗ ਪਈ ਹੈ ? ਇਸ ਨੂੰ ਸਮਝਣ ਲਈ ਜ਼ਿੰਦਗੀ ਤੇ ਹਾਲਾਤ ਦਾ ਅਗਲਾ ਬਾਬ ਖੋਲ੍ਹਣਾ ਹੋਵੇਗਾ। ਜੋ ਲੋਕ ਸਚਾਈ ਨੂੰ ਸੁਣਨ ਤੇ ਕੁੜੱਤਣ ਨੂੰ ਚੱਖਣ ਤੋਂ ਗੁਰੇਜ਼ ਕਰਦੇ ਹਨ ਉਹ ਮਸਲੇ ਨਹੀਂ ਸੁਲਝਾ ਸਕਦੇ। ਖੇਤਾਂ ਵਿਚ ਆਮ ਲਿਬਾਸ ਤੇ ਤਿਲਕ ਲਾਉਣ ਦੇ ਢੰਗ ਤਰੀਕੇ ਉਨ੍ਹਾਂ ਫਿਰਕਿਆਂ ਦੀ ਪਹਿਚਾਣ ਦੱਸਦੇ ਹਨ। ਪਰ ਆਮ ਲੋਕਾਂ ਵਾਸਤੇ ਫ਼ਸਲਾਂ ਵਾਂਗ ਸਿੱਖੀ ਉਗਾਈ ਨਹੀਂ ਜਾ ਸਕਦੀ। ਸਿੱਖੀ ਦੀ ਉਪਜ ਤੇ ਸਿਰਜਣਾ ਓਨੀ ਹੀ ਔਖੀ ਹੈ ਜਿੰਨਾ ਪਹਿਲੇ ਦੱਸੇ ਵਾਂਗ ਸਿੱਖੀ ਸਰੂਪ ਨੂੰ ਸੰਭਾਲਣਾ। ਜੋ ਜਨਮ ਲੈ ਰਿਹਾ ਹੈ ਉਹ ਕੁਝ ਵੀ ਹੋ ਸਕਦਾ ਹੈ। ਉਸ ਜਨਮ ਦੇ ਸਾਜਕਾਰ ਤੁਸੀਂ ਹੋ। ਉਸ ਦੀ ਬੁੱਧ ਬਣਤਰ, ਜਜ਼ਬਿਆਂ ਨੂੰ ਉਭਾਰਨ ਦੀਆਂ, ਉਸ ਅੰਦਰ ਉਛੱਲਾਂ ਤੇ ਲਹਿਰਾਂ ਪੈਦਾ ਕਰਨੀਆਂ ਤੇ ਉਸ ਸਾਹਮਣੇ ਸਿੱਖੀ ਸਰੂਪ ਦਾ ਤਸਵੀਰ-ਏ-ਪੈਗ਼ਾਮ ਤੁਸੀਂ ਖ਼ੁਦ ਹੋ। ਸਾਹਮਣੇ ਦੇ ਝਮਕਾਰੇ ਨੇ ਹੀ ਉਸ ਦੇ ਮਨ ਅੰਦਰ ਜਾਣਾ ਹੈ ਤੇ ਘਰ ਕਾਇਮ ਕਰਨਾ ਹੈ। ਸੋ ਦੱਸੋ ਤੁਸੀਂ ਕਿਹੋ ਜਿਹੇ ਹੋ ? ਤੁਸੀਂ ਕੀ ਹੋ ? ਆਪਣੇ ਨਵੇਂ ਜੰਮੇ ਬੱਚੇ ਦੇ ਸਾਹਮਣੇ ਜਾਣ ਤੋਂ ਪਹਿਲਾਂ ਖ਼ੁਦ ਸ਼ੀਸ਼ੇ ਅੱਗੇ ਜਾਓ। ਉਨ੍ਹੇ ਉਹੀ ਕੁਝ ਬਣ ਜਾਣਾ ਜੋ ਤੁਸੀਂ ਹੋ। ਜੇ ਤੁਸੀਂ ਸਿੱਖੀ-ਸਰਦਾਰੀ ਦਾ ਖ਼ੁਦ ਨਮੂਨਾ ਹੋ, ਤਾਂ ਤੁਹਾਨੂੰ ਕੋਈ ਖ਼ੌਫ ਨਹੀਂ ਹੋਣਾ ਚਾਹੀਦਾ ਤੇ ਜੇ ਨਹੀਂ ਹੋ ਤਾਂ ਫਿਰ ਤੁਸੀਂ ਡਿੱਗੇ ਕਿ ਡਿੱਗੇ। ਪ੍ਰਚਾਰ ਖਾਤਰ ਦੀਵਾਨ, ਕੀਰਤਨ ਦਰਬਾਰ ਜਾਂ ਤਾਂ ਰਾਜਨੀਤੀ ਤੋਂ ਪ੍ਰੇਰਤ ਹਨ ਜਾਂ ਕੋਈ ਵਪਾਰੀ ਜਾਂ ਅਦਾਕਾਰ ਆਪਣੇ ਕਾਰੋਬਾਰ ਦੀ ਮਸ਼ਹੂਰੀ ਲਈ ਵੱਡੀਆਂ ਫੀਸਾਂ ਲੈਣ ਵਾਲੇ ਮਸ਼ਹੂਰ ਕੀਰਤਨੀਏ ਪ੍ਰਭਾਵ ਪਾਉਣ ਲਈ ਮੰਗਵਾ ਕੇ ਕੁਝ ਸਮੇਂ ਲਈ ਸਿੱਖਾਂ ਨੂੰ ਮੰਤਰ ਮੁਗਧ ਤਾਂ ਕਰ ਲੈਂਦੇ ਹਨ ਪਰ ਉਹ ਸਿੱਖ ਨੌਜੁਆਨਾਂ ਅੰਦਰ ਸਿੱਖੀ ਦਾ ਜਜ਼ਬਾ ਉਤਾਰਨ ਵਿਚ ਸਫਲ ਹੁੰਦੇ ਨਹੀਂ ਦਿੱਸਦੇ।

 ਦੇਸ਼ ਵਿਚ ਇਸਲਾਮੀ ਹਕੂਮਤ ਕਾਇਮ ਹੋ ਜਾਣ ਤੋਂ ਬਾਅਦ ਕੋਈ ਹਿੰਦੂ ਘੋੜੇ ਜਾਂ ਹਾਥੀ ਦੀ ਸਵਾਰੀ, ਹਥਿਆਰ ਧਾਰਨ ਕਰਨ ਜਾਂ ਪੱਗ ਦਾ ਬੰਬਲ ਉੱਤੇ ਨਹੀਂ ਸੀ ਕਰ ਸਕਦਾ। ਉਨ੍ਹਾਂ ਨੂੰ ਅੱਧੇ ਨਾਂ ਨਾਲ ਬੁਲਾਇਆ ਜਾਂਦਾ ਸੀ। ਸਰਦਾਰ ਤੇ ਚੌਧਰੀ ਕਹਾਉਣ ਦੇ ਰੁਤਬੇ ਸਿਰਫ ਮੁਸਲਮਾਨਾਂ ਕੋਲ ਸਨ। ਢੋਲ ਵਜਾ ਕੇ, ਵਾਜੇ ਵਜਾ ਕੇ ਹਿੰਦੂ ਕੋਈ ਸਮਾਗਮ ਨਹੀਂ ਸਨ ਕਰ ਸਕਦੇ ਤੇ ਨਾ ਹੀ ਹਿੰਦੂਆਂ ਨੂੰ ਨਗਾਰਾ ਰੱਖਣ ਜਾਂ ਵਜਾਉਣ ਦੀ ਆਗਿਆ ਸੀ ਪਰ ਜਿਵੇਂ ਹੀ ਯਕਮ ਵਿਸਾਖ 1699 ਨੂੰ ਤੁਹਾਡੀ ਬਤੌਰ ਖਾਲਸਾ ਦੇ ਸਿਰਜਨਾ ਕੀਤੀ ਗਈ ਉਸ ਸਮੇਂ ਤੋਂ ਤੁਹਾਨੂੰ ਹਥਿਆਰ-ਬੰਦ ਨਹੀਂ, ਹਥਿਆਰ ਰੱਖਣ, ਪੱਗਾਂ ਦੇ ਸੰਬਲੇ (ਬੰਬਲ) ਉੱਤੇ ਛੱਡਣ, ਘੋੜੇ ਦੀ ਸਵਾਰੀ ਕਰਨ, ਨਗਾਰੇ ਰੱਖਣ ਤੇ ਖੜਕਾਉਣ ਤੇ ਨਰਸਿੰਘੇ ਦੀ ਨਾਦ ਜਗਾਉਣ ਦੇ ਇਲਾਹੀ ਅਜ਼ਾਦਾਨਾ ਹੱਕ ਦੇ ਕੇ (ਸਿੱਖ) ਖਾਲਸਾ ਕਰ ਦਿੱਤਾ। ਹੁਣ ਸਿੱਖਾਂ ਕੋਲ ਕ੍ਰਿਪਾਨ, ਢਾਲ, ਕਿਰਚ-ਕਟਾਰ, ਬਰਛਾ-ਬਲਮ ਤੇ ਤੀਰ ਕਮਾਨ ਵਰਗੇ ਹਥਿਆਰ ਤੇ ਸਵਾਰੀਆਂ ਲਈ ਘੋੜੇ ਸਨ। ਰੁਤਬੇ ਦੇ ਤੌਰ ਉੱਤੇ ਸਿੱਖਾਂ ਨੂੰ ‘ਸਰਦਾਰ’ ਦੇ ਖਿਤਾਬ ਨਾਲ ਸਵਾਰਿਆ ਤੇ ਨਵਾਜਿਆ ਜਾਣ ਲੱਗਾ। ਸਿੱਖ ਲੋਕ ਵਿਸ਼ੇਸ਼ ਹੋ ਗਏ ਸਨ। ਹੁਣ ਸਿੱਖ ਬੰਦੇ ਵਿਚ ਹਿੰਮਤ ਆ ਗਈ ਸੀ ਜੋ ਉਸ ਦੇ ਬਾਕੀ ਦੇ ਸਮਾਜ ਦੇ ਨਾਨ ਮੁਸਲਮਾਨਾਂ ਵਿਚ ਨਹੀਂ ਸੀ। ਹੁਣ ਸਿੱਖ ਦੂਜਿਆਂ ਨੂੰ ਇਮਦਾਦ, ਰਖਵਾਲੀ ਤੇ ਮਦਦ ਕਰਨ ਵਾਲਾ ਸੀ। ਜੋ ਦੇ ਸਕਦਾ ਹੈ, ਲੋਕ ਉਸ ਕੋਲ ਆਉਂਦੇ ਹਨ ਤੇ ਪੰਜਾਬ ਦੇ ਸਮਾਜ ਨੇ ਸਿੱਖਾਂ ਕੋਲ ਆਉਣਾ ਤੇ ਉਨ੍ਹਾਂ ਤੋਂ ਇਮਦਾਦ ਮੰਗਣੀ ਸ਼ੁਰੂ ਕੀਤੀ। ਐਡੀਆਂ ਵੱਡੀਆਂ ਘਟਨਾਵਾਂ ਜਿਨ੍ਹਾਂ ਨੇ ਪੰਜਾਬ (ਪੇਸ਼ਾਵਰ ਤੋਂ ਦਿੱਲੀ ਤੇ ਸਿੰਧ ਮੁਲਤਾਨ ਤੋਂ ਕਸ਼ਮੀਰ-ਲੱਦਾਖ ਤੱਕ) ਦੇ ਇਸ ਸਾਰੇ ਖਿੱਤੇ ਨੂੰ ਹਿਲਾ ਕੇ ਰੱਖ ਦਿੱਤਾ ਤੇ ਸਿੱਖ; ਦੇਣ ਵਾਲੇ (ਦਾਤੇ) ਬਣ ਗਏ। ਇਸ ਕੁਵਤ (ਬਲ) ਨੂੰ ਕਿਸੇ ਸਿੱਖ ਨੇ ਆਧੁਨਿਕ ਕਾਲ ਵਿਚ ਆਪਣੀ ਕੌਮ ਦੇ ਜਿਸਮ ਵਿਚ ਹੀ ਨਹੀਂ ਪਾਇਆ।

ਅੱਜ ਦੇ ਨੌਜੁਆਨ ਸਿੱਖ ਮੁੰਡਿਆਂ ਨੂੰ ਸਿੱਖੀ ਦੀ ਗੁੜ੍ਹਤੀ ਹੀ ਨਹੀਂ ਦਿੱਤੀ ਜਾ ਰਹੀ ਤੇ ਨਾ ਉਨ੍ਹਾਂ ਨੂੰ ਇਸ ਸਮਾਜਿਕ ਪਲਟੇ ਤੋਂ ਵਾਕਿਫ਼ ਕਰਾਇਆ ਜਾ ਰਿਹਾ ਹੈ। ਸਿੱਖੋ ! ਯਾਦ ਕਰੋ ਜਦੋਂ ਤੁਸੀਂ ਹਿੰਦੂ ਸਾਓ (ਸੀ), ਤੁਹਾਨੂੰ ਹਥਿਆਰ-ਸਵਾਰੀ ਰੱਖਣੀ ਮਨ੍ਹਾ ਸੀ। ਤੁਸੀਂ ਆਪਣੀ ਪੱਗ ਦਾ ਤੁਰਾਅ ਉੱਪਰ ਨਹੀਂ ਸੀ ਕਰ ਸਕਦੇ ਤੇ ਜਿਵੇਂ ਹੀ ਤੁਸੀਂ ਸਿੱਖ ਤੇ ਸਿੰਘ ਸਜੇ, ਤਿਵੇਂ ਹੀ ਤੁਹਾਡੇ ਹੇਠ ਸਵਾਰੀ-ਹੱਥਾਂ ਵਿਚ ਹਥਿਆਰ ਤੇ ਤੁਹਾਡਾ ਭਖਦਾ ਰੋਹ ਸੂਰਜੀ ਕੁਵਤ (ਬਲ) ਦਾ ਸੀ। ਸਮਾਜ ਤੁਹਾਥੋਂ ਹਿਫ਼ਾਜ਼ਤਾਂ ਦੀ ਆਸ ਤੇ ਮੰਗ ਕਰਦਾ ਸੀ। ਤੁਸੀਂ ਨਿਮਾਣਿਆਂ ਦਾ ਮਾਣ ਬਣੇ। ਤੁਸਾਂ ਤਬਦੀਲੀਆਂ ਲਿਆਂਦੀਆਂ, ਵਹੀਰਾਂ ਮੋੜੀਆਂ ਤੇ ਰਾਜ ਕਾਇਮ ਕੀਤੇ ਤੇ ਜਦੋਂ ਤੁਸੀਂ ਖਾਲਸਈ ਕੁਵਤ ਨੂੰ ਭੁੱਲੇ ਤਾਂ ਰਾਜ ਗੁਆ ਬੈਠੇ। ਹੁਣ ਆਧੁਨਿਕ ਯੁੱਗ ਵਿਚ ਤੁਹਾਡਾ ਸਭ ਕੁਝ ਟੁੱਟ ਰਿਹਾ ਹੈ ਤੇ ਖਾਲਸਈ ਕੁਵਤ ਤਾਂ ਕੀ, ਤੁਸੀਂ ਖਾਲਸਈ ਨਿਸ਼ਾਨੀਆਂ ਵੀ ਗੁਆ ਰਹੇ ਹੋ। ਪਰ ਇਸ ਵਿਚ ਤੁਹਾਡਾ ਕੀ ਕਸੂਰ-ਝੋਨਾ ਲਾ ਕੇ ਪਾਣੀ ਨਾ ਦਿੱਤਾ ਤਾਂ ਉਸ ਸੁੱਕਣਾ ਹੀ ਏ। ਤੁਹਾਨੂੰ ਤਾਂ ਜਨਮ ਦੇ ਕੇ ਆਜ਼ਾਦ ਛੱਡ ਦਿੱਤਾ ਗਿਆ ਹੈ। ਤੁਹਾਡੀ ਸਿਰਜਣਾ ਨਹੀਂ ਹੋ ਪਾਈ। ਹਾਂ ! ਤੁਸੀਂ ਸਿੱਖਾਂ ਦੇ ਘਰ ਜੰਮੇ ਜ਼ਰੂਰ ਜੇ। ਭਾਰਤੀ ਸਮਾਜ ਜੋ ਸਵਰਨ ਤੇ ਸ਼ੂਦਰਾਂ ਵਿਚ ਵੰਡਿਆ ਤੇ ਨਕਾਰਿਆ ਪਿਆ ਸੀ। ਉਹੀ ਸ਼ੂਦਰਾਂ ਦੇ ਘਰ-ਰੰਘਰੇਟੇ ਤੇ ਮਜ਼ਹਬੀ ਜਦੋਂ ਸਿੱਖ ਤੇ ਖ਼ਾਲਸੇ ਹੋਏ ਤਾਂ ਉਨ੍ਹਾਂ ਮਨੁੱਖਾਂ ਨੂੰ ਹੁਣ ‘ਸਰਦਾਰ ਜੀ’ ਕਰਕੇ ਸੰਬੋਧਨ ਕੀਤਾ ਜਾਣ ਲੱਗਾ ਤੇ ਹੁਣ ਉਹ ਸ਼ੂਦਰ ਨਹੀਂ ਸਨ। ‘ਪਰ ਅੱਜ ਦੇ ਸਮੇਂ ਤੁਸੀਂ ਆਪਣਾ ਨਾਮ ਸ਼ੇਰ ਸਿੰਘ-ਬਘੇਲ ਸਿੰਘ ਜਾਂ ਬਾਜ ਸਿੰਘ ਜੋ ਮਰਜ਼ੀ ਹੈ ਰੱਖ ਲਵੋ ਤੇ ਨਾਲ ਗਿੱਲ, ਰੰਧਾਵਾ, ਸੰਧੂ, ਬਰਾੜ ਕੁਝ ਵੀ ਜੋੜ ਲਓ ਪਰ ਜੇਕਰ ਤੁਸਾਂ ਦਾਹੜੀ ਗੁੰਮ ਕਰ ਲਈ ਹੈ ਤੇ ਪੱਗ ਤਿਆਗ ਦਿੱਤੀ ਹੈ ਤਾਂ ਤੁਸੀਂ ਬਾਬੂ ਜਾਂ ਬਾਬੂ ਜੀ ਤਾਂ ਹੋ ਸਕਦੇ ਹੋ ਪਰ ਸਰਦਾਰ ਜੀ ਕਹਿ ਕੇ ਤੁਹਾਨੂੰ ਕੋਈ ਨਹੀਂ ਬੁਲਾਏਗਾ।’ ਇਕ ਕਰੋੜਪਤੀ ਲਾਲਾ ਹੈ ਉਸ ਨੂੰ ਕੋਈ ਸਰਦਾਰ ਨਹੀਂ ਕਹਿੰਦਾ। ਹਾਂ, ਉਸ ਨੂੰ ਕਈ ਅਮੀਰ ਸੇਠ ਕਹਿ ਦੇਣਗੇ ਪਰ ਸੇਠ ਕੋਲ ਸਿਰਫ਼ ਪੈਸਾ ਏ ਪ੍ਰੰਤੂ ਉਹ ਡਰ ਵਿਚ ਸਦਾ ਖ਼ੌਫ਼-ਜ਼ਦਾ ਰਹਿੰਦਾ ਹੈ ਤੇ ਹਿਫ਼ਾਜ਼ਤ ਲਈ ਹੋਰਾਂ ਉੱਤੇ ਨਿਰਭਰ। ਉਹ ਧਨਵਾਨ-ਮਾਲਕ ਹੋ ਕੇ ਵੀ ਮਦਦ ਕਿਸੇ ਹੋਰ ਤੋਂ ਮੰਗਦਾ ਹੈ। ਪਰ ‘ਮੰਨ ਲਓ ਤੁਹਾਡੇ ਕੋਲ ਜ਼ਮੀਨ ਵੀ ਨਹੀਂ ਰਹੀ-ਤੁਸੀਂ ਜਾਤ ਦੇ ਜੱਟ, ਕੰਬੋਜ, ਰਾਮਗੜ੍ਹੀਏ ਭਾਵੇਂ ਕਿਸੇ ਵੀ ਭਾਈਚਾਰੇ ਵਿਚੋਂ ਹੋ ਪਰ ਜੇਕਰ ਤੁਸੀਂ ਸਾਫ ਸੁਥਰੇ ਸਿੱਖੀ ਸਰੂਪ ਵਿਚ ਹੋ, ਤਾਂ ਹਰ ਥਾਵੇਂ ਸਰਕਾਰੇ-ਦਰਬਾਰੇ, ਰੇਲ ਵਿਚ, ਬੱਸ ਵਿਚ, ਜਨਤਾ ਵਿਚ ਵੱਸਦੇ, ਭਾਰਤ, ਪਾਕਿਸਤਾਨ ਜਾਂ ਬੰਗਲਾਦੇਸ਼ ਵਿਚ-ਤੁਹਾਨੂੰ ‘ਸਰਦਾਰ ਜੀ’ ਉਚਾਰ ਕੇ ਬੁਲਾਇਆ ਜਾਏਗਾ।’ ਸੰਸਾਰ ਵਿਚ ਸੰਚਾਰ ਤੇ ਆਵਾਜਾਈ ਦੇ ਸਾਧਨਾਂ ਦੀ ਰਫਤਾਰ ਤੇਜ਼ ਹੋ ਜਾਣ ਕਾਰਨ, ਸਾਰੀ ਦੁਨੀਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਭਾਰਤ ਵਿਚ ਪੰਜਾਬ ਹੈ ਤੇ ਉਸ ਪੰਜਾਬ ਵਿਚ ਸਰਦਾਰ ਲੋਕ (ਸਿੱਖ) ਵੱਸਦੇ ਹਨ ਤੇ ਤੁਹਾਡੇ ਨਿਆਰੇ ਹੁਲੀਏ ਬਾਰੇ ਗੱਲਾਂ ਕਰਦੇ ਹਨ।

ਸਿੱਖ ਦੋਸਤੋ ! ਤੁਸੀਂ ਸਬਜ਼ੀ ਪਕਾਈ ਪਰ ਲੂਣ ਪਾਉਣਾ ਭੁੱਲ ਗਏ। ਤੁਸਾਂ ਘਿਉ ਪਾ ਕੇ ਆਟਾ ਭੁੰਨਿਆ, ਪਾਣੀ ਪਾਇਆ ਕਿ ਕੜਾਹ ਪ੍ਰਸ਼ਾਦ ਤਿਆਰ ਹੋਵੇ ਪਰ ਖੰਡ ਪਾਉਣੀ ਭੁੱਲ ਗਏ। ਸਬਜ਼ੀ ਵੇਖਣ ਵਿਚ ਠੀਕ ਲੱਗ ਰਹੀ ਹੈ ਪਰ ਖਾਣ ਵਿਚ ਬੇ-ਸੁਆਦੀ-ਕਿਉਂਕਿ ਉਸ ਵਿਚ ਲੂਣ ਨਹੀਂ; ਪ੍ਰਸ਼ਾਦ ਵੇਖਣ ਵਿਚ ਸੋਹਣਾ ਹੈ, ਘਿਉ ਤਰਦਾ ਫਿਰਦਾ ਹੈ ਪਰ ਸਵਾਦ ਵਿਚ ਲੇਵੀ, ਕਿਉਂਕਿ ਉਸ ਵਿਚ ਸ਼ੱਕਰ ਨਹੀਂ ਰਲਾਈ ਗਈ ਤੇ ਬਿਨਾਂ ਮਿੱਠੇ ਤੋਂ ਉਹ ਕੜਾਹ ਪ੍ਰਸ਼ਾਦ ਨਹੀਂ। ਦੋਸਤੋ ! ਤੁਹਾਡੇ ਕੋਲ ਸੋਹਣਾ ਮਜ਼ਬੂਤ ਜਿਸਮ ਹੈ-ਉੱਚੇ ਲੰਮੇ ਹੋ, ਤੁਹਾਡੀ ਪੰਜਾਬੀ ਵਿਚ ਬੋਲਚਾਲ ਜ਼ਬਰਦਸਤ ਹੈ। ਸ਼ਾਇਦ ਜ਼ਬਾਨੀ ਤੁਹਾਨੂੰ ਗੁਰਬਾਣੀ ਦੀਆਂ ਕੁਝ ਤੁਕਾਂ ਵੀ ਆਉਂਦੀਆਂ ਹੋਣ ਜਿਵੇਂ ਹਰ ਬੰਦਾ ਗੁਣ ਗੁਣਾਉਂਦੇ ਹੋਏ ਲੋਕ ਗੀਤ ਚੇਤੇ ਕਰ ਲੈਂਦਾ ਹੈ। ਤੁਹਾਡੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਤੁਹਾਡੇ ਵਿਚੋਂ ਬਤੌਰ ਸਿੱਖ ਦੇ ਇਕ ਜ਼ਰੂਰੀ ਚੀਜ਼ ਗੁੰਮ ਹੈ। ਸ਼ਾਇਦ ਤੁਹਾਨੂੰ ਉਸ ਦੀ ਗੁੜ੍ਹਤੀ ਹੀ ਨਾ ਦਿੱਤੀ ਗਈ ਹੋਵੇ।

ਤੁਹਾਡੇ ਅੰਦਰ ਉਹ ਜਜ਼ਬਾ ਹੀ ਨਾ ਪੈਦਾ ਕੀਤਾ ਗਿਆ ਹੋਵੇ ਜਾਂ ਜ਼ਿਹਨ ਵਿਚ ਸਿੱਖੀ ਤੇ ਖ਼ਾਲਸਈ ਵਿਚਾਰਧਾਰਾ ਹੀ ਪੈਦਾ ਨਾ ਕੀਤੀ ਗਈ ਹੋਵੇ-ਜੇਕਰ ਤੁਹਾਡੇ ਮਾਂ-ਬਾਪ ਜਾਂ ਸਿੱਖੀ ਦੇ ਰਹਿਬਰਾਂ ਨੇ ਤੁਹਾਨੂੰ ਇਹ ਸਭ ਕੁਝ ਦਿੱਤਾ ਹੀ ਨਹੀਂ ਤਾਂ ਇਸ ਵਿਚ ਨੌਜੁਆਨਾਂ ਦਾ ਕੀ ਕਸੂਰ। ਤੁਸੀਂ ਤਾਂ ਫਿਰ ਬਾਇੱਜ਼ਤ ਬਰੀ ਹੋ ਤੇ ਇਸ ਘਾਟ ਦਾ ਦੋਸ਼ ਤਾਂ ਤੁਹਾਡੇ ਰਹਿਬਰਾਂ ਉੱਪਰ ਜਾ ਟਿਕਿਆ। ਗੁੰਮ ਤਾਂ ਉਹ ਚੀਜ਼ ਹੁੰਦੀ ਹੈ ਜੋ ਸਾਡੇ ਪਾਸੇ ਮੌਜੂਦ ਹੈ। ਜੇਕਰ ਉਹ ਦਿੱਤੀ ਹੀ ਨਹੀਂ ਗਈ ਤਾਂ ਉਹ ਗੁੰਮ ਕਿਵੇਂ ਹੋਈ ਤੇ ਗੁੰਮ ਕੀਤੀ ਕਿਸ ਨੇ ? ਅੱਜ ਜ਼ਮੀਨਾਂ ਦੀਆਂ ਕੀਮਤਾਂ ਉੱਪਰ ਗਈਆਂ ਨੇ। ਇਕ ਦੋ ਕਿੱਲੇ ਵੇਚ ਕੇ ਤੁਸਾਂ ਕੋਠੀਆਂ ਵੀ ਪਾ ਲਈਆਂ ਨੇ। ਕਿੱਲਾ ਵੇਚ ਕੇ ਵੱਡੀ ਕਾਰ ਵੀ ਲੈ ਆਂਦੀ ਹੈ। ਹੁਣ ਦੇਸੀ ਦੀ ਥਾਵੇਂ ਵਲੈਤੀ ਸ਼ਰਾਬ ਪੀਣ ਲੱਗ ਪਏ ਹੋਵੋਗੇ।

ਤੁਸੀਂ ਨਹੀਂ ਤਾਂ ਤੁਹਾਡੇ ਅਨੇਕਾਂ ਦੋਸਤਾਂ ਨੇ ਮਸ਼ੀਨੀ-ਦਾੜ੍ਹੀ ਕੁਤਰ ਕੇ ਕੰਨਾਂ ਵਿਚ ਸੋਨੇ ਦੀਆਂ ਮੁੰਦਰਾਂ ਵੀ ਪਾ ਲਈਆਂ ਹੋਣ ਤੇ ਟੈਲੀਫੂਨ-ਸੈਲਫੂਨ ਵੱਡਾ ਟੀ. ਵੀ. ਵੀ ਘਰ ਆ ਗਿਆ ਹੋਵੇ। ਹੁਣ ਤੁਸੀਂ ਤੇ ਤੁਹਾਡੇ ਮਾਪੇ ਠੰਡੀ ਕਾਰ ਤੇ ਠੰਡੇ ਘਰ ਵਿਚ ਜਾਂ ਤਾਂ ਵਧੇਰਾ ਸੌਂ ਗਏ ਹੋਣਗੇ ਜਾਂ ਫਿਰ ਲੋਕ ਗੀਤਾਂ-ਰੈਲੀਆਂ ਤੇ ਪਾਰਟੀ ਪੌਲਿਟਿਕਸ ਤੇ ਹਰ ਮਹੀਨੇ ਇਕ ਤੋਂ ਬਾਅਦ ਇਕ, ਤਰ੍ਹਾਂ ਤਰ੍ਹਾਂ ਦੀਆਂ ਚੋਣਾਂ ਵਿਚ ਉਲਝ ਗਏ ਹੋਣਗੇ, ਪਰ ਜਿਸ ਦਿਨ ਤੁਹਾਡਾ ਜਨਮ ਹੋਇਆ ਸੀ ਤੁਹਾਡੇ ਪੈਰੋਕਾਰ ਕਿਸ ਹਾਲਾਤ ਵਿਚ ਕਿੱਥੇ ਸਨ-ਦੁਖਾਂਤ: ਕਿ ਉਹ ਤੁਹਾਡੇ ਜੀਵਨ ਦੇ ਕੜਾਹ ਪ੍ਰਸ਼ਾਦ ਵਿਚ ਖੰਡ ਪਾਉਣੀ ਤੇ ਦਾਲ-ਸਬਜ਼ੀ ਵਿਚ ਲੂਣ ਪਾਉਣਾ ਭੁੱਲ ਗਏ। ਸਿਰਫ਼ ਇਕ ਚੀਜ਼ ਦੀ ਘਾਟ ਨੇ ਦਾਲ-ਸਬਜ਼ੀ ਤੇ ਪ੍ਰਸ਼ਾਦ ਨੂੰ ਕਿਵੇਂ ਬੇ-ਮਾਅਨੇ ਤੇ ਬੇ-ਸੁਆਦਾ ਕਰ ਦਿੱਤਾ। ਬਾਵਜੂਦ ਤੁਹਾਡੀ ਵੱਡੀ ਦੇਹ ਦੇ ਰੂਬਰੂ ਵੀ ਤੁਹਾਡੇ ਵਿਚ ਸਰਦਾਰੀ ਦੇ ਰੁਤਬੇ ਦਾ ਵਜੂਦ ਨਾ ਉਤਰਿਆ, ਨਾ ਕਾਇਮ ਹੋਇਆ। ‘ਸਿੱਖੀ ਧਰਤੀ ਉੱਤੋਂ ਅਲੋਪ ਨਹੀਂ ਹੋ ਰਹੀ ਬਲਕਿ ਸਿੱਖਾਂ ਵਿਚੋਂ ਸਿੱਖੀ ਗੁੰਮ ਹੋ ਰਹੀ ਹੈ। ਉਹ ਪਤਲੀ ਪੈ ਗੁਆਚ ਰਹੀ ਹੈ।’

ਤੁਹਾਨੂੰ ਚੇਤਾ ਹੋਵੇਗਾ-ਮੈਂ ਲਿਖਿਆ ਸੀ ਕਿ ਤੁਸੀਂ ਸਿਰਫ਼ ਇਕ ਸਿੱਖ ਹੀ ਨਹੀਂ ਤੇ ਨਾ ਹੀ ਸੰਸਾਰ ਦੀ ਭੀੜ ਵਿਚ ਇਕੱਲੇ ਖਲੋਤੇ ਸਿੱਖਾਂ ਦੀ ਨੁਮਾਇੰਦਗੀ ਕਰ ਰਹੇ ਹੋਵੋਗੇ ਸਗੋਂ ਦੁਨੀਆਂ ਦੀਆਂ ਕੌਮਾਂ ਵਿਚ ਖਲੋਤੇ ਤੁਹਾਡੇ ਇਕੱਲਿਆਂ ਵਿਚੋਂ ਸਾਰੀ ਸਿੱਖ ਕੌਮ ਨਜ਼ਰ ਆ ਰਹੀ ਹੋਵੇਗੀ, ਇਸ ਲਈ ਤੁਹਾਡੀ ਹਰ ਹਰਕਤ ਤੇ ਮੂੰਹੋਂ ਬੋਲਿਆ ਬੋਲ ਸੋਚਿਆ-ਸਮਝਿਆ ਹੋਣਾ ਚਾਹੀਦਾ ਹੈ। ਇਹ ਕਿਵੇਂ ਹੋਵੇ ? ਇਸ ਕਿਸਬਤ (ਕਮਾਈ) ਨੂੰ ਹਾਸਲ ਕਰਨ ਲਈ ਰੋਜ਼ਾਨਾ ਕਵੈਤ (ਡਰਿਲ), ਸਖ਼ਤ ਮਿਹਨਤ, ਸੰਘਰਸ਼ ਤੇ ਜ਼ਿਹਨੀ (ਦਿਮਾਗ਼ੀ) ਤਾਕਤ ਦੀ ਜ਼ਰੂਰਤ ਹੈ। ਦੂਸਰਾ ਸਵਾਲ ਹੈ ਦੇਸ਼ ਅਤੇ ਵਿਦੇਸ਼ਾਂ ਵਿਚ ਜੋ ਖੋਰਾ ਸਿੱਖੀ ਨੂੰ ਲੱਗ ਚੁੱਕਾ ਹੈ ਉਸ ਤੋਂ ਸਿੱਖੀ ਨੂੰ ਕਿਵੇਂ ਮਹਿਫ਼ੂਜ਼ ਕੀਤਾ ਜਾਵੇ।

ਇਸ ਸਮੇਂ ਸਿੱਖੀ ਕਮਜ਼ੋਰ ਤੇ ਨਿਰਬਲਤਾ ਦੀ ਹਾਲਤ ਵਿਚ ਹੈ। ਸਿੱਖਿਆ ਤੇ ਵਿੱਦਿਆ ਵਿਚ ਸਿੱਖ ਕੌਮ ਪਿਛੜ ਗਈ ਹੈ। ਮੁੰਡਿਆਂ ਕੋਲ ਸਕੂਲ ਸਰਟੀਫਿਕੇਟ ਤੇ ਕਾਲਜੀ ਡਿਗਰੀਆਂ ਹਨ ਪਰ ਨਿਖਿਧ ਤੇ ਜਾਹਲੀ ਦੇ ਬਰਾਬਰ। ਕੌਮਾਂ ਦਾ ਪੈਮਾਨਾ ਸਨਦਾਂ (ਸਬੂਤ) ਨਹੀਂ ਹੁੰਦੀਆਂ ਬਲਕਿ ਸਾਹਮਣੇ ਦਿਸਦੇ ਕੰਮ ਹੁੰਦੇ ਹਨ। ਸਿੱਖ ਨੌਜੁਆਨ ਬੇਕਾਰ ਇਸ ਲਈ ਨਹੀਂ ਕਿ ਰੁਜ਼ਗਾਰ ਨਹੀਂ, ਬਲਕਿ ਇਸ ਲਈ ਹੈ ਕਿ ਜੋ ਆਧੁਨਿਕ ਰੁਜ਼ਗਾਰ ਹਨ ਉਨ੍ਹਾਂ ਰੁਜ਼ਗਾਰਾਂ ਲਈ ਆਮ ਸਿੱਖ ਨੌਜੁਆਨ ਦੇ ਕੋਲ ਯੋਗਤਾ ਨਹੀਂ। ਜੋ ਕੰਮ ਉਸ ਨੂੰ ਮਿਲਦਾ ਹੈ ਉਸ ਨੂੰ ਸ਼ਰਮ ਹਯਾਅ ਤੇ ਛੋਟਾ ਕੰਮ ਸਮਝ ਕੇ ਕਰਦਾ ਨਹੀਂ ਤੇ ਜੋ ਉਹ ਕਰਨਾ ਚਾਹੁੰਦਾ ਹੈ ਉਸ ਦੇ ਉਹ ਯੋਗ ਨਹੀਂ। ਹੁਣ ਸਮੱਸਿਆ ਦਾ ਕਾਰਨ ਸਾਡੇ ਸਾਹਮਣੇ ਆ ਗਿਆ ਹੈ ਕਿ ਸਿੱਖ ਨੌਜੁਆਨ ਆਧੁਨਿਕ ਕੰਮਾਂ ਦੇ ਯੋਗ ਨਹੀਂ, ਤਾਂ ਫਿਰ ਇਹ ਯੋਗਤਾ ਪੂਰੀ ਕਿਵੇਂ ਕੀਤੀ ਜਾਵੇ ?

ਨੌਜੁਆਨਾਂ ਅਤੇ ਬਚਪਨ ਦੀ ਪਨੀਰੀ ਨੂੰ ਕਿਵੇਂ ਸੰਭਾਲਿਆ ਜਾਵੇ ਤੇ ਕਿਵੇਂ ਆਧੁਨਿਕ ਰੁਜ਼ਗਾਰਾਂ ਦੀ ਸਿਖਲਾਈ ਦਿੱਤੀ ਜਾਵੇ। ਇਸ ਨੁਕਤੇ ਨੂੰ ਪੇਸ਼ ਕਰਨ ਲਈ ਮੈਂ ਸਾਰੀ ਸਿੱਖ ਕੌਮ ਦਾ ਧਿਆਨ ਜਪਾਨੀਆਂ ਵੱਲ ਲੈ ਜਾਂਦਾ ਹਾਂ। ਜੋ 1848 ਤੱਕ ਦੁਨੀਆਂ ਦੇ ਦੇਸ਼ਾਂ ਤੋਂ 200 ਸਾਲ ਪਿੱਛੇ ਸਨ। ਉਨ੍ਹਾਂ ਨੇ ਸਿੱਖਿਆ ਦਾ ਵਿਕਾਸ ਕੀਤਾ ਅਤੇ ਦਸਤਕਾਰੀ ਤੇ ਉਦਯੋਗਾਂ ਦੇ ਕਾਰਨ ਜਾਪਾਨ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਵਿਚ ਸ਼ਾਮਲ ਹੋ ਗਿਆ।

ਦੂਸਰੀ ਉਦਾਹਰਨ ਯਹੂਦੀਆਂ ਦੀ ਹੈ। ਇਸ ਕੌਮ ਨੇ ਸੰਸਾਰ ਵਿਚ ਵਿਗਿਆਨ, ਉਦਯੋਗ, ਅਰਥ ਤੇ ਸਿੱਖਿਆ ਵਿਚ ਪਹਿਲਾ ਮੁਕਾਮ ਹਾਸਲ ਕੀਤਾ ਹੋਇਆ ਹੈ। ਇਨ੍ਹਾਂ ਨੇ ਸੰਸਾਰ ਵਿਚ ਸਭ ਤੋਂ ਵੱਧ ਕਾਢਾਂ ਕੱਢੀਆਂ ਤੇ ਨੋਬਲ ਪ੍ਰਾਈਜ਼ ਜਿੱਤੇ। ਬੇਸ਼ੱਕ ਇਤਿਹਾਸ ਵਿਚ ਇਸ ਕੌਮ ਨੂੰ ਬੜੀ ਵਾਰੀ ਸਤਾਇਆ ਗਿਆ ਪਰ ਇਹ ਉਭਰਦੇ ਹੀ ਚਲੇ ਆਏ ਹਨ। ਇਹ ਲੋਕ ਯੋਗ ਹਨ, ਅਮੀਰ ਹਨ, ਉਦਯੋਗਪਤੀ ਹਨ, ਵਿਸ਼ਵ ਵਿਦਿਆਲਿਆਂ ਤੇ ਕਾਲਜਾਂ ਵਿਚ ਇਨ੍ਹਾਂ ਬਾਜ਼ੀ ਮਾਰ ਰੱਖੀ ਹੈ। ਸੰਸਾਰ ਵਿਚ ਬੜੇ ਉੱਚ ਪੱਧਰੀ ਰੁਤਬੇ ਇਨ੍ਹਾਂ ਕੋਲ ਹਨ। ਸਿਆਸਤ ਵਪਾਰ ਵਿਚ ਇਨ੍ਹਾਂ ਦੀ ਰੀਸ ਨਹੀਂ। ਇਨ੍ਹਾਂ ਨੇ ਇਜ਼ਰਾਈਲ ਦੇ ਰੇਗਿਸਤਾਨ ਨੂੰ ਕਿਵੇਂ ਘੱਟੋ-ਘੱਟ ਪਾਣੀ ਨਾਲ ਹਰਾ-ਭਰਾ ਕਰ ਦਿੱਤਾ ਹੈ। ਵਸੀਲਿਆਂ ਦੀ ਘਾਟ ਹੋਣ ਦੇ ਬਾਵਜੂਦ ਇੱਥੇ ਉਦਯੋਗ ਤੇ ਉਪਕਰਨਾਂ ਦੀ ਤਰੱਕੀ ਹੋਈ ਹੈ। ਇਸ ਦੇ ਉਲਟ ਨੇਪਾਲ ਨੂੰ ਵੇਖੋ। ਵਾਤਾਵਰਣ ਕਿੰਨਾ ਠੰਡਾ ਤੇ ਅਨੁਕੂਲ ਹਰਿਆ ਭਰਿਆ। ਗੋਰਖੇ ਬਹਾਦਰ ਹਨ, ਪਰ ਚੌਕੀਦਾਰਾ/ਰਖਵਾਲੀ ਦੇ ਕੰਮਾਂ ਲਈ ਜਾਣੇ ਜਾਂਦੇ ਹਨ। ਇਸੇ ਤਰ੍ਹਾਂ ਸਿੱਖ ਚੰਗੇ ਯੋਧੇ ਹੋਣ ਦੇ ਬਾਵਜੂਦ ਦੇਸ਼ ਤੇ ਵਿਦੇਸ਼ਾਂ ਵਿਚ ਬਤੌਰ ਟੈਕਸੀ ਤੇ ਟਰੱਕ ਡਰਾਈਵਰਜ਼ ਜਾਂ ਵੱਡੇ ਹੋਟਲਾਂ ਦੇ ਦਰਬਾਨ ਦੇ ਤੌਰ ’ਤੇ ਮਸ਼ਹੂਰ ਹੋ ਗਏ ਹਨ। ਸਿੱਖ ਗੰਭੀਰਤਾ ਨਾਲ ਅਹਿਸਾਸ ਕਰਨ ਕਿ ਕੀ ਸਿੱਖੀ ਦਾ ਬੀਜ ਤੇ ਖਾਲਸਾ ਸਿਰਜਣਾ ਇਨ੍ਹਾਂ ਦੋਹਾਂ ਕੰਮਾਂ ਤੇ ਖੇਤੀ ਵਾਸਤੇ ਹੀ ਕੀਤੀ ਗਈ ਸੀ ?

ਸਮਾਂ ਕਿੰਨਾ ਬਦਲ ਗਿਆ ਹੈ ਪਰ ਦੂਰ ਵੱਸਦੇ ਸਿੱਖਾਂ ਦੀ ਸੋਚ ਸਮੇਂ ਦੇ ਨਾਲ ਨਾਲ ਕਿਉਂ ਨਹੀਂ ਉੱਠੀ ।  70 ਸਾਲਾਂ ਦੀ ਆਜ਼ਾਦੀ ਵਿਚ ਵੀ ਪੰਜਾਬ ਦੇ ਪਿੰਡਾਂ ਦੀ ਸਿੱਖਿਆ ਦਾ ਹੁਲੀਆ ਹੀ ਨਹੀਂ ਬਦਲਿਆ। ਕੌਮ ਹਮੇਸ਼ਾ ਸਾਧੂਆਂ-ਸੰਤਾਂ ਤੇ ਡੇਰਿਆਂ ਦੇ ਵਿਚਕਾਰ ਹੀ ਗੁੰਮ ਹੋ ਜਾਂਦੀ ਰਹੀ ਹੈ। ਨਵੇਂ ਯੁੱਗ ਵਿਚ ਵੀ ਸਿੱਖਾਂ ਨੂੰ ਪੜ੍ਹਾਈ ਦੇ ਪੱਖੋਂ ਹੋਸ਼ ਨਹੀਂ ਆਈ। ਪਿਛਲੇ ਕੁਝ ਸਮੇਂ ਤੋਂ ਮੁੰਡਿਆਂ ਨੇ ਟੀ. ਵੀ. ਸੰਗੀਤ ਤੇ ਆਧੁਨਿਕ ਫੈਸ਼ਨ ਕਰਕੇ ਪੱਗਾਂ ਲਾਹ ਦਿੱਤੀਆਂ ਹਨ। ਹੁਣ ਉਹ ਨੌਜੁਆਨ ਕੇਸਾਂ ਤੇ ਪੱਗਾਂ ਨੂੰ ਪੰਗਾ ਕਹਿੰਦੇ ਹਨ। ਮੈਟ੍ਰਿਕ ਬਾਪੂ ਨੇ ਪਾਸ ਕਰਵਾਈ, ਡਿਗਰੀ ਟੀਚਰਾਂ ਤੋਂ ਕਰਵਾ ਲਈ। ਹੁਣ ਬਾਪੂ ਹੋਰ ਜ਼ਮੀਨ ਵੇਚੇਗਾ ਤੇ ਪੁੱਤ ਚੋਰ ਦਰਵਾਜ਼ੇ ਰਾਹੀਂ ਵਿਦੇਸ਼ ਡਾਲਰ ਕਮਾਉਣ ਜਾਏਗਾ। ਇਸੇ ਉਮੀਦ ਵਿਚ ਹੁਣ ਪੇਂਡੂ ਨੌਜੁਆਨ ਸ਼ਹਿਰਾਂ ’ਚ ਆ ਕੇ ਅੰਗੇਰਜ਼ੀ ਸਿੱਖ ਰਹੇ ਹਨ।

ਹੈਰਾਨੀ ਦੀ ਗੱਲ ਹੈ ਕਿ ਜੋ ਲੋਕ ਦਹਾਕਾ ਸੱਠ ਜਾਂ ਸਤਰ ਵਿਚ ਅਮਰੀਕਾ, ਕੈਨੇਡਾ ਜਾਂ ਇੰਗਲੈਂਡ ਗਏ ਤੇ ਉਨ੍ਹਾਂ ਦੇ ਧੀਆਂ ਪੁੱਤਰ ਵੀ ਉੱਥੇ ਹੀ ਜੰਮੇ ਪਰ ਪ੍ਰੋਫੈਸ਼ਨਲ ਉਨ੍ਹਾਂ ਵਿਚ ਵੀ ਕੋਈ ਨਾ ਬਣ ਸਕਿਆ, ਜ਼ਿਆਦਾਤਰ ਪੰਜਾਬ ਤੋਂ ਗਏ ਲੋਕ ਟੈਕਸੀਆਂ ਤੇ ਟਰੱਕ ਚਲਾ ਰਹੇ ਨੇ ਜਾਂ ਬਾਗਾਂ ਤੇ ਖੇਤਾਂ ਵਿਚੋਂ ਸਬਜ਼ੀ, ਫਲ਼, ਤੋੜਦੇ ਤੇ ਡੱਬਿਆਂ ਵਿਚ ਬੰਦ ਕਰਨ ਦਾ ਕੰਮ ਕਰਦੇ ਨੇ। ਉਨ੍ਹਾਂ ਦੀਆਂ ਤ੍ਰੀਮਤਾਂ (ਔਰਤਾਂ) ਵੀ ਕਾਰਖਾਨਿਆਂ, ਬੇਕਰੀਜ਼, ਹੋਟਲ ਤੇ ਰੈਸਟੋਰੈਂਟਾਂ ਵਿਚ ਹੇਠਲੇ ਕੰਮ ਕਰਦੀਆਂ ਨੇ। ਉਨ੍ਹਾਂ ਐਨੇ ਪੁਰਾਣੇ ਗਏ ਲੋਕਾਂ ਨੇ ਐਨੇ ਵਧੀਆ ਦੇਸ਼ਾਂ ਵਿਚ ਵੀ ਪਹੁੰਚ ਕੇ ਕੀ ਸਿੱਖਿਆ ? ਇਸ ਮਸਲੇ ਉੱਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਪੰਜਾਬ ਦਾ ਬੰਦਾ ਕਿਉਂ ਵਿੱਦਿਆ ਤੇ ਵਿਗਿਆਨ ਵੱਲ ਨਹੀਂ ਵਧ ਰਿਹਾ। ਸਿਵਾਏ ਡਾਕਟਰ ਹਰਗੋਬਿੰਦ ਖੁਰਾਨਾ ਦੇ ਕੋਈ ਵੀ ਨਾਮਵਰ ਪੰਜਾਬੀ ਖੋਜ ਦੇ ਕੰਮਾਂ ਵੱਲ ਦਿਲਚਸਪੀ ਨਹੀਂ ਵਿਖਾ ਰਿਹਾ।

ਜੇ ਸਿੱਖ ਕੌਮ ਨੇ ਉੱਠਣਾ ਹੈ ਤਾਂ ਸਿੱਖ ਬੱਚਿਆਂ ਵਿਚ ਪ੍ਰੋਫੈਸ਼ਨਲ ਵਿੱਦਿਆ, ਵਪਾਰ ਤੇ ਉਦਯੋਗਾਂ ਦੀ ਤਰਬੀਅਤ (ਸਿੱਖਿਆ) ਦਾ ਪਸਾਰ ਕਰਨਾ ਹੋਵੇਗਾ। ਬੇਸ਼ੱਕ ਤੁਸੀਂ ਇੱਥੇ ਦੇਸ਼ ਵਿਚ ਹੋ ਜਾਂ ਵਿਦੇਸ਼ਾਂ ਵਿਚ, ਆਪਣੇ ਬੱਚਿਆਂ ਦੀ ਤਰਬੀਅਤ (ਸਿੱਖਿਆ) ਵਿਚ ਕਰਾਂਤੀ ਲਿਆਓ। ਉਨ੍ਹਾਂ ਨੂੰ ਮੁੱਢ ਤੋਂ ਹੀ ਅਹਿਸਾਸ ਕਰਾਓ ਕਿ ਹੁਣ ਜੀਵਨ; ਜ਼ਿਹਨੀ (ਦਿਮਾਗ਼ੀ) ਤੇ ਦਸਤਕਾਰੀ (ਕਾਰੀਗਰੀ) ਦਾ ਮੁਕਾਬਲਾ ਹੈ ।

ਸਿੱਖਾਂ ਉੱਤੇ ਜੋ ਡਰੈਵਰੀ ਦੀ ਮੋਹਰ ਲੱਗ ਚੁੱਕੀ ਹੈ ਉਸ ਨੂੰ ਸਿਰਫ਼ ਵਿੱਦਿਆ ਤੇ ਵਿਗਿਆਨ ਦੀ ਪੜ੍ਹਾਈ ਨਾਲ ਹੀ ਧੋਇਆ ਜਾ ਸਕਦਾ ਹੈ। ਇਸ ਮੋਹਰ ਦੇ ਕਾਰਨ ਹੀ ਤੁਹਾਡੀ ਸੰਸਾਰ ਵਿਚ ਵੱਖਰੀ ਪਹਿਚਾਣ ਹੋਣ ਦੇ ਨਾਲ ਵੀ ਤੁਹਾਡੀ ਹਸਤੀ ਨੂੰ ਨਹੀਂ ਪਹਿਚਾਣਿਆ ਜਾ ਰਿਹਾ। ਜੇ ਤੁਸੀਂ ਆਪਣੀ ਪਹਿਚਾਣ ਦੇ ਨਾਲ-ਨਾਲ ਹਸਤੀ ਕਾਇਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਯਹੂਦੀਆਂ ਵਾਂਗੂੰ ਵਿਗਿਆਨ ਤੇ ਵਪਾਰੀ, ਜਪਾਨੀਆਂ-ਕੋਰੀਆਈਆਂ ਤੇ ਚੀਨੀਆਂ ਵਾਂਗੂੰ ਆਧੁਨਿਕਤਾ ਵਿਚ ਕਿਵੇਂ ਬਦਲਣਾ ਤੇ ਦਸਤਕਾਰੀ ਦੇ ਉਦਯੋਗਾਂ ਨੂੰ ਅਪਣਾਅ ਕੇ ਉਤਪਾਦਨ ਵਧਾਉਣਾ ਤੇ ਦੁਨੀਆਂ ਦੇ ਬਾਜ਼ਾਰਾਂ ਉੱਤੇ ਕਬਜ਼ੇ ਕਰ ਲੈਣ ਵਰਗੇ ਕੰਮ ਕਰਨੇ ਹੋਣਗੇ। ਪਿਛਲੇ 50 ਸਾਲਾਂ ਵਿਚ ਖੇਤੀ ਦੀ ਪੈਦਾਵਾਰ ਨੂੰ ਛੱਡ ਕੇ ਕੌਮ ਬਾਕੀ ਕੰਮਾਂ ਵਿਚ ਥੱਲੇ ਨੂੰ ਗਈ ਹੈ ਤੇ ਇਸ ਸਾਰੇ ਸਮੇਂ ਵਿਚ ਸਿਆਸਤਦਾਨ ਤਾਂ ਇਕ ਤੋਂ ਇਕ ਚੜ੍ਹਦੇ ਹੋਏ ਪਰ ਕੋਈ ਵੀ ਦੂਰਦ੍ਰਿਸ਼ਟੀ ਵਾਲਾ ਸਿੱਖ ਜਿਸ ਨੇ ਸਿੱਖ ਕੌਮ ਦੀ ਤਾਲੀਮ ਤੇ ਉਦਯੋਗੀਕਰਨ ਵੱਲ ਸੋਚਿਆ ਹੋਵੇ, ਨਹੀਂ ਹੋਇਆ। ਸਿਰਫ਼ ਤੇ ਸਿਰਫ਼ ਵਿੱਦਿਆ, ਵਿਗਿਆਨ, ਉਦਯੋਗ ਤੇ ਵਪਾਰ ਹਨ, ਜੋ ਕੌਮ ਨੂੰ ਉਚਾ ਉੱਠਾ ਸਕਦੇ ਹਨ। ਜਿਸ ਦਿਨ ਸਿੱਖ ਯਹੂਦੀਆਂ ਵਾਂਗੂੰ ਅਧਿਆਪਕ ਹੋਣਗੇ ਤੇ ਇਕ ਇਕ ਬੱਚੇ ਨੂੰ ਘੇਰ ਕੇ ਸਿਖਲਾਈ ਯਾਫ਼ਤਾ ਦੇ ਦਾਇਰਿਆਂ ਵਿਚ ਬੰਨ੍ਹ ਲੈਣਗੇ ਤਾਂ ਕੌਮ ਵਿਚ ਤਬਦੀਲੀ ਆਵੇਗੀ। ਫਿਰ ਸਿੱਖ ਨੌਜੁਆਨ ਟਰੱਕ ਚਲਾਉਣ ਵਾਲੇ ਡਰਾਈਵਰ ਨਹੀਂ ਬਲਕਿ ਟਰੱਕ ਤੇ ਕਾਰਾਂ ਬਣਾ ਕੇ ਵੇਚਣ ਵਾਲੇ ਉਦਯੋਗਪਤੀ ਬਣ ਜਾਣਗੇ। ਪ੍ਰੋਫੈਸ਼ਨਲ, ਉਦਯੋਗਪਤੀ, ਵਪਾਰੀ ਤੇ ਸ਼ੋ ਰੂਮਾਂ ਦੇ ਮਾਲਕ ਹੋਣਗੇ। ਫਿਰ ਉਨ੍ਹਾਂ ਨੂੰ ਗੈਸੋਲੀਨ ਪੰਪਾਂ ਉੱਤੇ ਛੋਟੀਆਂ ਮਜ਼ਦੂਰੀਆਂ ਨਹੀਂ ਕਰਨੀਆਂ ਪੈਣਗੀਆਂ। ਫਿਰ ਉਹ ਪੈਸੇ ਦੇ ਮਾਲਕ ਹੋਣਗੇ ਤੇ ਸਿੱਖ ਆਪਣੇ ਦੇਸ਼ ਤੋਂ ਬਾਹਰ ਵਿਦੇਸ਼ਾਂ ਵਿਚ ਆਪਣੇ ਪੈਸੇ ਦਾ ਨਿਵੇਸ਼ ਕਰਨਗੇ। ਦੇਸ਼ ਤੇ ਵਿਦੇਸ਼ਾਂ ਦੀਆਂ ਸਰਕਾਰਾਂ ਅਤੇ ਕੰਪਨੀਆਂ ਤੇ ਉਦਯੋਗਤੀਆਂ ਦੇ ਬੁਲਾਵੇ ਆਉਣਗੇ। ਤੁਹਾਨੂੰ ਨਿਮੰਤਰਣ ਪੱਤਰ ਮਿਲਣਗੇ। ਤੁਸੀਂ ਖ਼ਾਲਸੇ ਦੇ ਅਰੰਭ ਵਿਚ ਜਿਵੇਂ ਲੋਕਾਂ ਦੇ ਮਦਦਗਾਰ ਸੀ ਤੁਸੀਂ ਹੁਣ ਫਿਰ ਦੁਬਾਰਾ ਦੇਣ ਵਾਲੇ ਬਣ ਸਕਦੇ ਹੋ ਤੇ ਫਿਰ ਤੁਹਾਡੀ ਦਾਹੜੀ ਬੇਸ਼ੱਕ ਖੁਲ੍ਹੀ ਹੋਵੇਗੀ ਜਾਂ ਬੱਝੀ ਹੋਈ ਉਸ ਦਾ ਕੋਈ ਪ੍ਰਸਨੈਲਿਟੀ ਟੈਸਟ ਜਾਂ ਪੁਆਇੰਟ ਨਹੀਂ ਕੱਟਿਆ ਜਾਵੇਗਾ ਤੇ ਨਾ ਟੈਸਟ ਦੇਣਾ ਪਵੇਗਾ।

ਅਜਿਹੇ ਮਿਆਰ ਉੱਤੇ ਉਹੀ ਬੰਦੇ ਤੇ ਕੌਮਾਂ ਪਹੁੰਚ ਸਕਦੀਆਂ ਨੇ ਜੋ ਖ਼ਜ਼ਾਨਾ ਪੈਦਾ ਕਰ ਸਕਣ, ਵਿੱਦਿਆ ਤੇ ਵਿਗਿਆਨ ਦਾ, ਅਕਲ ਤੇ ਸੂਝ ਸਿਆਣਪ ਦਾ, ਧਨ ਤੇ ਵਸਤਾਂ ਦਾ, ਹੱਥਾਂ ਦੀ ਦਸਤਕਾਰੀ ਤੇ ਜ਼ਿਹਨੀ (ਦਿਮਾਗ਼ੀ) ਵਿਉਂਤਾਂ ਦਾ, ਡਾਕਟਰੀ ਤੇ ਇੰਜੀਨੀਰਿੰਗ ਦਾ, ਬਾਗਾਂ, ਖੇਤਾਂ ਤੇ ਜੰਗਲਾਂ ਦਾ। ਜਦੋਂ ਇਹ ਸਭ ਕੁਝ ਬੰਦਿਆਂ ਤੇ ਕੌਮਾਂ ਨੂੰ ਹਾਸਲ ਹੋ ਜਾਂਦਾ ਹੈ ਜਿਵੇਂ ਇੰਗਲੈਂਡ, ਅਮਰੀਕਾ, ਜਰਮਨੀ, ਫਰਾਂਸ, ਜਾਪਾਨ, ਕੋਰੀਆ ਤੇ ਹੁਣ ਦਿਨਾਂ ਤੇ ਸਾਲਾਂ ਵਿਚ ਉਭਰ ਖਲੋਤੇ ਚੀਨ ਨੇ ਹਾਸਲ ਕਰ ਲਿਆ ਹੈ ਤਾਂ ਦੂਸਰੇ ਮਨੁੱਖ ਤੇ ਦੇਸ਼ ਜਿਨ੍ਹਾਂ ਕੋਲ ਨਹੀਂ ਹੁੰਦਾ ਉਹ ਹੁੰਦਿਆਂ ਕੋਲੋਂ ਆਸ ਕਰਦੇ ਹਨ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ। ਵੱਡਾ ਉਹ ਹੁੰਦਾ ਹੈ ਜੋ ਲੋੜ ਪੂਰੀ ਕਰਨ ਦੇ ਯੋਗ ਹੁੰਦਾ ਹੈ ਤੇ ਲੋੜਵੰਦ ਨੂੰ ਨਿਰਭਰ ਕਹਿੰਦੇ ਹਨ। ਜੋ ਮੈਂ ਖ਼ਜ਼ਾਨਿਆਂ ਦਾ ਨੁਕਤਾ ਪੇਸ਼ ਕੀਤਾ ਹੈ ਜ਼ਰਾ ਸਿੱਖ ਸੋਚਣ ਕਿ ਖੇਤੀ ਨੂੰ ਛੱਡ ਕੇ ਉਨ੍ਹਾਂ ਕੋਲ ਕੋਈ ਹੋਰ ਵੀ ਖ਼ਜ਼ਾਨਾ ਹੈ ? ਕੀ ਤੁਹਾਡੇ ਉੱਤੇ ਕੋਈ ਨਿਰਭਰ ਹੈ ? ਤੁਸੀਂ ਕਿਸੇ ਦੀ ਲੋੜ ਹੋ ? ਜੁਆਬ ਹੈ ਨਹੀਂ। ਸਗੋਂ ਤੁਸੀਂ ਤਾਂ ਦੂਜਿਆਂ ਉੱਤੇ ਨਿਰਭਰ ਹੋ, ਰੁਜ਼ਗਾਰ ਲਈ, ਪੈਸੇ ਲਈ, ਵਿਵਸਾਇ (ਕਿੱਤੇ) ਲਈ। ਦੁਨੀਆਂ ਦੇ ਕਮਜ਼ੋਰ ਦੇਸ਼ ਵਿਸ਼ਵ ਬੈਂਕ, ਆਈ. ਐਮ. ਐਫ. ਅਮਰੀਕਾ, ਜਾਪਾਨ ਵੱਲ ਕਿਉਂ ਜਾ ਰਹੇ ਹਨ ਕਿਉਂਕਿ ਉਹ ਲੋੜ ਪੂਰੀ ਕਰ ਸਕਦੇ ਹਨ, ਦੇ ਸਕਦੇ ਹਨ। ਜੇ ਤੁਸੀਂ ਸੰਸਾਰ ਦੀਆਂ ਕੌਮਾਂ ਦੇ ਬਰਾਬਰ ਪਹੁੰਚਣਾ ਚਾਹੁੰਦੇ ਹੋ ਤਾਂ ਯੋਗਤਾਵਾਂ ਦਾ, ਧਨ ਦਾ, ਉਦਯੋਗਾਂ ਤੇ ਪ੍ਰੋਫੈਸ਼ਨਲਜ਼ ਦਾ ਖਜ਼ਾਨਾ ਪੈਦਾ ਕਰੋ। ਕੌਮ ਨੂੰ ਦੂਜਿਆਂ ਦੀ ਲੋੜ ਪੂਰੀ ਕਰਨ ਦੇ ਕਾਬਲ ਬਣਾਓ। ਜ਼ਮੀਨਾਂ ਵੇਚ ਕੇ ਜਾਂ ਕੁਰੱਪਸ਼ਨ ਕਰਕੇ ਕਾਰਾਂ ਖਰੀਦਣ ਤੇ ਕੋਠੀਆਂ ਪਾਉਣ ਨਾਲ ਤੁਸੀਂ ਕਿਸੇ ਨੂੰ ਦੇਣ ਦੇ ਯੋਗ ਨਹੀਂ ਹੋ ਸਕਦੇ। ਮੈਂ ਆਪਣੇ ਇਕ ਮਿੱਤਰ ਬਾਣੀਏ ਨੂੰ ਦੱਸਿਆ ਕਿ ਸਾਡੇ ਨਾਲ ਦਾ ਘਰ ਸਸਤਾ ਵਿਕਾਊ ਹੈ, ਉਸ ਨੇ ਮੈਨੂੰ ਜਵਾਬ ਦਿੱਤਾ ਦੁਕਾਨ ’ਚੋਂ ਘਰ ਬਣ ਜਾਂਦਾ ਹੈ, ਘਰ ’ਚੋਂ ਦੁਕਾਨ ਨਹੀਂ ਬਣਦੀ। ਮੈਂ ਦੁਕਾਨ ਅਜੇ ਪੂਰੀ ਕਰਨੀ ਹੈ। ਉਸ ਨੇ ਮੈਨੂੰ ਦੱਸ ਕੇ ਸੋਚਾਂ ਦਾ ਰਾਹ ਵਿਖਾ ਦਿੱਤਾ।

ਸੋ ਮੇਰੇ ਦੋਸਤੋ ! ਤੁਹਾਨੂੰ ਮੇਰੇ ਇਸ ਦੋਸਤ ਬਾਣੀਏ ਦੀ ਗੱਲ ਕਿਹੋ ਜਿਹੀ ਲੱਗੀ। ਹਾਂ ਤੁਸੀਂ ਦੇਣ ਦੇ ਯੋਗ ਹੋ ਸਕੋਗੇ ਜਿਸ ਦਿਨ ਤੁਸੀਂ ਆਪਣੇ ਲਈ ਘਰ ਜਾਂ ਕਾਰ ਜ਼ਮੀਨ ਵੇਚ ਕੇ ਜਾਂ ਕੁਰੱਪਸ਼ਨ ਕਰਕੇ ਨਹੀਂ, ਆਪਣੀ ਦੁਕਾਨ ’ਚੋਂ, ਆਪਣੇ ਵਿਵਸਾਏ ਵਿਚੋਂ ਬਣਾਉਗੇ। ਉਸ ਦਿਨ ਤੁਸੀਂ ਮੇਰੇ ਤੋਂ ਉੱਪਰ ਖਲੋਤੇ ਹੋਵੋਗੇ; ਜਿਸ ਦਿਨ ਤੁਸੀਂ ਕਾਰਾਂ, ਟਰੈਕਟਰ, ਟਰਬਾਈਨਜ਼, ਸਾਜ਼ੋ-ਸਾਮਾਨ ਤੇ ਮਸ਼ੀਨਰੀ ਬਣਾ ਕੇ ਆਪ ਖੁਦ ਵੇਚਣ ਦੇ ਯੋਗ ਹੋ ਜਾਉਗੇ। ਅੱਜ ਜਿਵੇਂ ਤੁਸੀਂ ਸਾਰੇ ਵੱਡੇ ਛੋਟੇ ਸਿੱਖ ਆਪਣੀ ਵੱਖਰੀ ਪਹਿਚਾਣ ਤੇ ਸਾਬਤੀ ਨੂੰ ਬਰਕਰਾਰ ਰੱਖਣ ਲਈ ਆਪਣੇ ਹੀ ਦੇਸ਼ ਤੇ ਵਿਦੇਸ਼ਾਂ ਵਿਚ ਸੰਘਰਸ਼ ਕਰ ਰਹੇ ਹੋ ਤੇ ਤੁਹਾਡੀ ਵੱਖਰੀ ਪਹਿਚਾਣ ਦੀ ਸੁਣਾਈ ਨਹੀਂ ਹੋ ਰਹੀ। ਆਪਣਾ ਨੁਕਤਾ-ਏ-ਨਜ਼ਰ ਬਦਲੋ, ਦੇਣ ਦੇ ਖਜ਼ਾਨੇ ਪੈਦਾ ਕਰੋ, ਦੁਨੀਆਂ ਵਾਲੇ ਤੁਹਾਡੇ ਉੱਤੇ ਸ਼ੱਕ ਜਾਂ ਪ੍ਰਸਨੈਲਿਟੀ ਟੈਸਟ ਤਾਂ ਕੀ ਤੁਹਾਡੀ ਪਹਿਚਾਣ ਨੂੰ ਸਲਾਮ ਕਰਨਗੇ, ਮਾਨਤਾ ਦੇਣਗੇ, ਤੁਹਾਡਾ ਸਨਮਾਨ ਕਰਨਗੇ ਤੇ ਤੁਹਾਡੀ ਪਹਿਚਾਣ ਨੂੰ ਅਪਣਾਉਣ ਲਈ ਤਿਆਰ ਹੋਣਗੇ।

ਆਮੀਨ !

ਇਹ ਲੇਖ ਵਿਦਵਾਨ ਲੇਖਕ ਹੁਸਨ-ਓਲ-ਚਿਰਾਗ ਜੀ ਦੁਆਰਾ ਲਿਖਿਆ ਹੋਇਆ ਹੈ, ਜੋ ਇਸਲਾਮ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਲੇਖਕ ਨੇ ਬੜੀ ਸ਼ਿੱਦਤ ਨਾਲ ਖੁਰਦੇ ਜਾ ਰਹੇ ਸਿੱਖੀ ਸਰੂਪ ਤੇ ਸਿੱਖੀ ਸਭਿਆਚਾਰ ਨੂੰ ਪਹਿਚਾਣ ਕੇ ਪੂਰੀ ਸਿੱਖ ਕੌਮ ਨੂੰ ਹਲੂਣੇ ਦਿੱਤੇ ਹਨ। ਇਹ ਲੇਖ ਬੇਸ਼ੱਕ ਕਾਫ਼ੀ ਲੰਬਾ ਹੈ, ਪਰ ਮੇਰੀ ਆਪ ਜੀ ਦੇ ਸਨਮੁੱਖ ਬੇਨਤੀ ਹੈ ਕਿ ਇਸ ਨੂੰ ਜ਼ਰੂਰ ਪੜੋ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਮਿੱਤਰਾਂ ਸਮੇਤ ਹੋਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ।

Most Viewed Posts