ਸਿੱਖ ਤਵਾਰੀਖ਼ ਨੂੰ ਕੌਣ ਵਿਗਾੜ ਰਿਹਾ ਹੈ ?

0
107

ਸਿੱਖ ਤਵਾਰੀਖ਼ ਨੂੰ ਕੌਣ ਵਿਗਾੜ ਰਿਹਾ ਹੈ ?

ਸਰਵਜੀਤ ਸਿੰਘ ਸੈਕਰਾਮੈਂਟੋ

ਪਿਛਲੇ ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਦੋ ਬਹੁਤ ਹੀ ਅਹਿਮ ਦਿਹਾੜੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਸਿੱਖ ਕੌਮ ਵੱਲੋਂ ਬੜੇ ਉਤਸ਼ਾਹ ਨਾਲ ਮਨਾਏ ਗਏ ਹਨ। ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਵਿੱਚ ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ਕਈ ਲੇਖ ਛਪੇ ਅਤੇ ਸੋਸ਼ਲ ਮੀਡੀਏ ਉੱਪਰ ਵੀ ਕਈ ਦਿਨ ਚਰਚਾ ਚਲਦੀ ਰਹੀ। ਖਾਸ ਤੌਰ ’ਤੇ ਦਰਬਾਰ ਸਾਹਿਬ ਵਿਖੇ ਵਿਦੇਸ਼ੀ ਫੁੱਲਾਂ ਨਾਲ ਕੀਤੀ ਗਈ ਸਜਾਵਟ ਦੀ, ਜਿਨ੍ਹਾਂ ਦੀ ਕੀਮਤ ਅਖ਼ਬਾਰਾਂ ਵੱਲੋਂ ਕਈ ਕਰੋੜ ਦੱਸੀ ਗਈ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਛਾਪੇ ਗਏ ਬਿਕ੍ਰਮੀ ਕੈਲੰਡਰ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 12 ਭਾਦੋਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ 14 ਭਾਦੋਂ ਦਾ ਦਰਜ ਹੈ, ਜਿਸ ਕਾਰਨ ਕਈ ਸੱਜਣਾਂ ਵੱਲੋਂ ਇਹ ਸਵਾਲ ਵੀ ਆਇਆ ਕਿ ਜਦ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ 14 ਭਾਦੋਂ ਨੂੰ ਹੋਏ ਤਾਂ ਪ੍ਰਕਾਸ਼ 2 ਦਿਨ ਪਹਿਲਾਂ 12 ਭਾਦੋਂ ਨੂੰ ਕਿਵੇਂ ਸੰਭਵ ਹੋ ਸਕਦਾ ਹੈ ?  ਸ਼੍ਰੋਮਣੀ ਕਮੇਟੀ ਦਾ ਕੈਲੰਡਰ ਵੇਖ ਕੇ ਤਾਂ ਇਹ ਸਵਾਲ ਕਰਨਾ ਜਾਇਜ਼ ਹੀ ਹੈ। ਪਰ ਇਸ ਦਾ ਅਸਲ ਕਾਰਨ ਇਹ ਹੈ ਕਿ ਪਹਿਲਾ ਪ੍ਰਕਾਸ਼ ਦਿਵਸ, ਗੁਰੂ ਅਰਜਨ ਦੇਵ ਜੀ ਵੱਲੋਂ ਰਾਮਸਰ ਦੇ ਰਮਣੀਕ ਅਸਥਾਨ ’ਤੇ ਲਿਖਵਾਈ ਗਈ ਅਤੇ ਭਾਈ ਗੁਰਦਾਸ ਜੀ ਵੱਲੋਂ ਲਿਖੀ ਗਈ ਉਸ ਪਾਵਨ ਬੀੜ ਦਾ ਸੀ, ਜਿਸ ਦਾ ਪਹਿਲਾ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ ਸੀ। ਇਸ ਆਦਿ ਬੀੜ ਦੇ ਲਿਖੇ ਜਾਣ ਦੀ ਤਾਰੀਖ਼, ਇੱਕ ਭਾਦੋਂ, ਭਾਦੋਂ ਵਦੀ ਏਕਮ, ਸੰਮਤ 1661 ਬਿਕ੍ਰਮੀ ਮੰਨੀ ਹੈ ਅਤੇ ਕੁੱਝ ਦਿਨ ਜਿਲਦ ਬੰਨਵਾਉਣ ਤੋਂ ਬਾਅਦ ਇਨ੍ਹਾਂ ਦਾ ਪਹਿਲਾ ਪ੍ਰਕਾਸ਼ 17 ਭਾਦੋਂ, ਭਾਦੋਂ ਸੁਦੀ ਏਕਮ, ਸੰਮਤ 1661 ਬਿਕ੍ਰਮੀ ਯਾਨੀ 16 ਦਿਨ ਬਾਅਦ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਸੀ ਅਤੇ ‘ਸੰਪੂਰਨਤਾ ਦਿਵਸ ਗੁਰੂ ਗ੍ਰੰਥ ਸਾਹਿਬ ਜੀ’, ਉਹ ਦਿਹਾੜਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ, ਤਲਵੰਡੀ ਸਾਬੋ (ਤਖਤ ਦਮਦਮਾ ਸਾਹਿਬ) ਵਿਖੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾ ਕੇ ਸੰਪੂਰਨ ਕੀਤਾ ਮੰਨਿਆ ਜਾਂਦਾ ਹੈ। ਇਹ ਦਿਹਾੜਾ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਪ੍ਰਵਿਸ਼ਟਿਆਂ ਮੁਤਾਬਕ 14 ਭਾਦੋਂ ਨੂੰ ਮਨਾਇਆ ਜਾਂਦਾ ਹੈ, ਪਰ ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ਵਦੀ-ਸੁਦੀ ਭਾਵ ਚੰਦ ਦੇ ਕੈਲੰਡਰ ਮੁਤਾਬਕ, ਭਾਦੋਂ ਸੁਦੀ ਏਕਮ ਨੂੰ ਮਨਾਇਆ ਜਾਂਦਾ ਹੈ। ਇਸ ਕਾਰਨ ਇਸ ਦਿਹਾੜੇ ਦਾ ਪ੍ਰਵਿਸ਼ਟਾ ਅਤੇ ਤਾਰੀਖ ਹਰ ਸਾਲ ਬਦਲਦੀ ਰਹਿੰਦੀ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਪਿਛਲੇ ਸਾਲ ਇਹ ਦਿਹਾੜਾ 23 ਭਾਦੋਂ (7 ਸਤੰਬਰ) ਦਾ ਦਰਜ ਸੀ, ਇਸ ਸਾਲ 12 ਭਾਦੋਂ (28 ਅਗਸਤ) ਅਤੇ ਅਗਲੇ ਸਾਲ 31 ਭਾਦੋਂ (16 ਸਤੰਬਰ) ਹੋਵੇਗਾ। ਜਦੋਂ ਕਿ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਮਨਾਉਣ ਕਾਰਨ ਹਰ ਸਾਲ 14 ਭਾਦੋਂ ਦਾ ਹੀ ਦਰਜ ਹੁੰਦਾ ਹੈ। (ਅਸਲ ’ਚ ਇਹ ਪ੍ਰਵਿਸ਼ਟਾ 15 ਭਾਦੋਂ ਹੈ।  15 ਭਾਦੋਂ, ਭਾਦੋਂ ਵਦੀ 3, ਸੰਮਤ 1763 ਬਿਕ੍ਰਮੀ, ਦਿਨ ਵੀਰਵਾਰ, 15 ਅਗਸਤ 1706 ਈ: ਜੂਲੀਅਨ)

ਕਈ ਸੱਜਣਾਂ ਨੂੰ ਵਦੀ-ਸੁਦੀ, ਪ੍ਰਵਿਸ਼ਟੇ, ਜੂਲੀਅਨ ਤੇ ਗਰੈਗੋਰੀਅਨ ਵਿੱਚ ਫਰਕ ਅਤੇ ਇਕ ਦੂਜੇ ਵਿੱਚ ਬਦਲੀ ਕਰਨ ਦੀ ਜਾਣਕਾਰੀ ਨਾ ਹੋਣ ਕਾਰਨ, ਕਈ ਵਾਰ ਬਹੁਤ ਹੀ ਹਾਸੋਂ ਹੀਣੀ ਸਥਿਤੀ ਪੈਦਾ ਹੋ ਜਾਂਦੀ ਹੈ। ਕੈਲੀਫੋਰਨੀਆ ਤੋਂ ਛਪਦੀ ਇਕ ਅਖ਼ਬਾਰ ਵਿਚ ਇਕ ਲੇਖ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨਤਾ’ ਪੜ੍ਹ ਰਿਹਾ ਸੀ। ਜਿਸ ਦਾ ਲੇਖਕ ਲਿਖਦਾ ਹੈ ‘ਇਸ ਗ੍ਰੰਥ ਦੀ ਸੰਪੂਰਨਤਾ 30 ਅਗਸਤ, 1604 ਈ: ਨੂੰ ਹੋਈ। ਇਸੇ ਸਾਲ ਪਹਿਲੀ ਸਤੰਬਰ ਨੂੰ ਇਸ ਗ੍ਰੰਥ ਸਾਹਿਬ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਦੀ ਤਿਆਰ ਹੋਈ ਇਮਾਰਤ ਵਿਚ ਸਥਾਪਤ ਕਰਕੇ ਇਸ ਦਾ ਪ੍ਰਕਾਸ਼ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ’। ਹੁਣ ਜੇ ਇਨ੍ਹਾਂ ਤਾਰੀਖਾਂ ਦੀ ਪੜਤਾਲ ਕਰੀਏ ਤਾਂ 30 ਅਗਸਤ, 1604 ਈ: (ਜੂਲੀਅਨ) 31 ਭਾਦੋਂ, ਸਾਵਣ ਸੁਦੀ 15 (ਪੁੰਨਿਆ) ਸੀ ਅਤੇ 1 ਸਤੰਬਰ ਨੂੰ 2 ਭਾਦੋਂ, ਭਾਦੋਂ ਵਦੀ ਤੀਜ ਬਣਦੀ ਹੈ।

ਫੇਸਬੁਕ ਉੱਪਰ ਇਕ ਸਾਂਝੇ ਸੱਜਣ ਵੱਲੋਂ ਡਾ: ਹਰਜਿੰਦਰ ਸਿੰਘ ਦਿਲਗੀਰ ਦੀ ਇਕ ਲਿਖਤ ਭੇਜੀ ਗਈ (ਮੈਨੂੰ ਤਾਂ ਡਾ: ਦਿਲਗੀਰ ਨੇ ਬਲਾਕ ਕੀਤਾ ਹੋਇਆ ਹੈ) ਜਿਸ ਵਿੱਚ ਉਹ ਲਿਖਦੇ ਹਨ ‘ਪਲੀਜ਼ ਇਤਿਹਾਸ ਦਾ ਰੇਪ ਨਾ ਕਰੋ ਸੰਮਤ 1661 ਦੀ ਭਾਦੋਂ ਸੁਦੀ ਏਕਮ (17 ਭਾਦੋਂ) ਗਰੈਗੋਰੀਅਨ ਕੈਲੰਡਰ (ਜਿਸ ਨੂੰ ਕੁਝ ਅਗਿਆਨੀ ਲੋਕ ਈਸਾਈ ਕੈਲੰਡਰ ਕਹਿੰਦੇ ਹਨ ਤੇ ਅੱਜ ਸਾਰੀ ਦੁਨੀਆਂ ਵਰਤਦੀ ਹੈ) ਮੁਤਾਬਿਕ 16 ਅਗਸਤ 1604 ਸੀ ਇਹ ਪੁਰੇਵਾਲ ਦੀ ਜੰਤਰੀ ਦੇ ਸਫ਼ਾ 136 ’ਤੇ ਵੀ 16 ਅਗਸਤ ਹੈ ਸੂਝਵਾਨ ਸਿੱਖਾਂ ਨੂੰ ਅਪੀਲ: ਤੁਸੀਂ ਇਹ ਪੁਰਬ 2022 ਵਿਚ ਜੰਮਜੰਮ ਪਹਿਲੀ ਸਤੰਬਰ ਨੂੰ ਮਨਾਓ, ਪਰ ਸਿੱਖ ਤਵਾਰੀਖ਼ ਨਾ ਵਿਗਾੜੋ

 ਇਸ ਸੰਬੰਧੀ ਬੇਨਤੀ ਹੈ ਕਿ ਡਾ: ਦਿਲਗੀਰ ਜੀ ਵੱਲੋਂ ਲਿਖੀ ਗਈ ਤਾਰੀਖ ਭਾਦੋਂ ਸੁਦੀ ਏਕਮ, 17 ਭਾਦੋਂ ਸੰਮਤ 1661 ਬਿਕ੍ਰਮੀ ਤਾਂ ਠੀਕ ਹੈ ਪਰ ਅੰਗਰੇਜ਼ੀ ਤਾਰੀਖ, ‘ਸੰਮਤ 1661 ਦੀ ਭਾਦੋਂ ਸੁਦੀ ਏਕਮ (17 ਭਾਦੋਂ) ਗਰੈਗੋਰੀਅਨ ਕੈਲੰਡਰ ਮੁਤਾਬਕ 16 ਅਗਸਤ 1604 ਸੀ’ ਇਹ ਸਹੀਂ ਨਹੀਂ। ਇਸ ਤਾਰੀਖ ਦੀ ਪੜਤਾਲ ਕੀਤੀ ਤਾਂ ਇਹ ਤਾਰੀਖ ਗ਼ਲਤ ਸਾਬਤ ਹੋਈ, ਅਸਲ ’ਚ 16 ਅਗਸਤ ਗ੍ਰੈਗੋਰੀਅਨ ਨਹੀਂ, 16 ਅਗਸਤ ਜੂਲੀਅਨ ਸੀ। ਸ: ਪਾਲ ਸਿੰਘ ਪੁਰੇਵਾਲ ਦੀ ਜੰਤਰੀ ਵਿੱਚ ਵੀ 16 ਅਗਸਤ ਜੂਲੀਅਨ ਹੀ ਲਿਖੀ ਹੈ ਕਿਉਂਕਿ ਭਾਰਤ ’ਚ ਗ੍ਰੈਗੋਰੀਅਨ ਕੈਲੰਡਰ 2 ਸਤੰਬਰ 1752 ਨੂੰ ਲਾਗੂ ਹੋਇਆ ਮੰਨਿਆ ਗਿਆ, ਜਿਸ ਦੇ ਕੈਲੰਡਰ ਦੀ ਫੋਟੋ ਹੇਠਾਂ ਵੇਖੀ ਜਾ ਸਕਦੀ ਹੈ ।  16 ਅਗਸਤ 1604 ਈ: ਗਰੈਗੋਰੀਅਨ ਨੂੰ ਤਾਂ 7 ਭਾਦੋਂ, ਭਾਦੋਂ ਵਦੀ 6 ਸੀ। ਦੂਜੇ ਪਾਸੇ, ਜੇ ਭਾਦੋਂ ਸੁਦੀ ਏਕਮ, 17 ਭਾਦੋਂ ਨੂੰ ਸਹੀ ਮੰਨ ਕੇ ਗਰੈਗੋਰੀਅਨ ਕੈਲੰਡਰ ਦੀ ਤਾਰੀਖ ਵੇਖੀਏ ਤਾਂ ਇਹ 26 ਅਗਸਤ 1604 ਈ: ਬਣਦੀ ਹੈ, ਨਾ ਕਿ 16 ਅਗਸਤ। ਇਉਂ ਹਰਜਿੰਦਰ ਸਿੰਘ ਦਿਲਗੀਰ ਵਰਗੇ ਵਿਦਵਾਨਾਂ ਦਾ ਇਹ ਕਹਿਣਾ ਕਿ ‘ਇਤਿਹਾਸ ਦਾ ਰੇਪ’ ਨਾ ਕਰੋ, ਤਾਂ ਸਮਝਣਾ ਪੈਣਾ ਹੈ ਇਹ ਕੌਣ ਕਰ ਰਿਹਾ ਹੈ ? ਜਿਨ੍ਹਾਂ ਨੂੰ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦੇ ਫ਼ਰਕ ਦਾ ਨਹੀਂ ਪਤਾ, ਉਹ ਪਿਛਲੇ ਦੋ ਦਹਾਕਿਆਂ ਤੋਂ ਨਾਨਕਸ਼ਾਹੀ ਕੈਲੰਡਰ ਦੀ ਅਲੋਚਨਾ ਕਰ ਰਹੇ ਹਨ।  ਨਾਨਕਸ਼ਾਹੀ ਕੈਲੰਡਰ ਵਿੱਚ 17 ਭਾਦੋਂ ਦਰਜ ਹੈ। ਪਤਾ ਨਹੀਂ ਦਿਲਗੀਰ ਹੋਰਾਂ ਨੂੰ ਸ. ਪਾਲ ਸਿੰਘ ਪੁਰੇਵਾਲ ਵੱਲੋਂ ਬਣਾਈ 500 ਸਾਲਾਂ ਜੰਤਰੀ ਦੇ ਸਫ਼ਾ 136 ’ਤੇ ਦਰਜ, 17 ਭਾਦੋਂ ਨੂੰ ਸਹੀ ਮੰਨਣ ’ਤੇ ਕੀ ਇਤਰਾਜ਼ ਹੈ ?

ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਸੂਰਜੀ ਸਿਧਾਂਤ) ਜਿਹੜਾ ਆਪਣੇ ਖਿਤੇ ਵਿੱਚ ਲਾਗੂ ਸੀ, ਉਸ ਵਿੱਚ ਦੋਵੇਂ ਤਰ੍ਹਾਂ ਹੀ (ਵਦੀ-ਸੁਦੀ ਅਤੇ ਪ੍ਰਵਿਸ਼ਟੇ) ਤਾਰੀਖਾਂ ਲਿਖੀਆਂ ਜਾਂਦੀਆਂ ਸਨ। ਜਿਵੇਂ ਡਾ. ਦਿਲਗੀਰ ਨੇ ਵੀ ਦੋਵੇਂ ਤਰ੍ਹਾਂ ਹੀ, ‘ਭਾਦੋਂ ਸੁਦੀ ਏਕਮ ਅਤੇ 17 ਭਾਦੋਂ’ ਲਿਖੀ ਹੈ। ਅੰਗਰੇਜ਼ੀ ਕੈਲੰਡਰ ਤਾਂ ਬਹੁਤ ਪਿਛੋਂ ਪ੍ਰਚਲਿਤ ਹੋਇਆ ਹੈ। ਆਪਣੇ ਦੇਸ਼ ਵਿਚ ਜੂਲੀਅਨ ਕੈਲੰਡਰ ਕਦੇ ਵੀ ਲਾਗੂ ਨਹੀਂ ਹੋਇਆ। ਭਾਵੇਂ ਜੂਲੀਅਨ ਕੈਲੰਡਰ ਵਿੱਚ ਸੋਧ ਅਕਤੂਬਰ 1582 ਈ: ਵਿੱਚ ਹੋ ਗਈ ਸੀ, ਜਿਸ ਉਪਰੰਤ ਇਹ ਗਰੈਗੋਰੀਅਨ ਕੈਲੰਡਰ ਬਣ ਗਿਆ ਸੀ, ਪਰ ਇੰਗਲੈਂਡ ਨੇ ਇਸ ਸੋਧ ਨੂੰ ਸਤੰਬਰ 1752 ਈ: ਪ੍ਰਵਾਨ ਕੀਤਾ ਸੀ। ਇਸ ਲਈ ਆਪਣੇ ਖਿਤੇ ਵਿੱਚ ਅੰਗਰੇਜਾਂ ਦੇ ਆਉਣ ਤੋਂ ਪਿਛੋਂ ਗਰੈਗੋਰੀਅਨ ਕੈਲੰਡਰ ਹੀ ਆਇਆ ਸੀ। ਜੇ ਇਸ ਦਿਨ ਦੀ ਅੰਗਰੇਜ਼ੀ ਤਾਰੀਖ ਵੇਖਣੀ ਹੋਵੇ ਤਾਂ ਇਹ 16 ਅਗਸਤ 1604 ਈ: ਜੂਲੀਅਨ ਬਣਦੀ ਹੈ ਨਾ ਕਿ 16 ਅਗਸਤ 1604 ਈ: ਗਰੈਗੋਰੀਅਨ। ਡਾ. ਹਰਜਿੰਦਰ ਸਿੰਘ ਦਿਲਗੀਰ ਵੱਲੋਂ ਇਸ ਨੂੰ 16 ਅਗਸਤ 1604 ਈ: ਗਰੈਗੋਰੀਅਨ ਲਿਖਣਾ, ਉਸ ਦਾ ਕੈਲੰਡਰ ਵਿਗਿਆਨ ਦੀ ਮੁੱਢਲੀ ਜਾਣਕਾਰੀ ਤੋਂ ਕੋਰੇ ਹੋਣ ਦਾ ਠੋਸ ਸਬੂਤ ਹੈ। ਕੈਲੰਡਰ ਕਮੇਟੀ ਵੱਲੋਂ ਲਏ ਗਏ ਫ਼ੈਸਲੇ ਮੁਤਾਬਕ, ਹਰ ਇਤਿਹਾਸਿਕ ਦਿਹਾੜੇ ਦੇ ਪ੍ਰਵਿਸ਼ਟੇ ਨੂੰ ਮੁੱਖ ਰੱਖਿਆ ਗਿਆ ਹੈ, ਵਦੀ-ਸੁਦੀ ਜਾਂ ਅੰਗਰੇਜ਼ੀ ਤਾਰੀਖਾਂ ਨੂੰ ਨਹੀਂ। ਇਸ ਲਈ ਨਾਨਕਸ਼ਾਹੀ ਕੈਲੰਡਰ ਵਿਚ, ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ 17 ਭਾਦੋਂ ਦਰਜ ਕੀਤਾ ਗਿਆ ਹੈ। ਹਰ ਸਾਲ ਇਸ ਦਿਨ ਗਰੈਗੋਰੀਅਨ ਕੈਲੰਡਰ ਦੀ 1 ਸਤੰਬਰ ਹੋਵੇਗੀ। ਜੇ ਗ੍ਰੰਥ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਪ੍ਰਵਿਸ਼ਟਿਆਂ ਮੁਤਾਬਕ ਹਰ ਸਾਲ 14 ਭਾਦੋਂ ਨੂੰ ਮਨਾਇਆ ਜਾ ਸਕਦਾ ਹੈ, ਜਿਸ ’ਤੇ ਡਾ. ਦਿਲਗੀਰ ਨੇ ਕਦੇ ਇਤਰਾਜ਼ ਨਹੀਂ ਕੀਤਾ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ 17 ਭਾਦੋਂ ਨੂੰ ਮਨਾਉਣ ’ਤੇ ਇਤਰਾਜ਼ ਕਿਉਂ ?

ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਮੁਤਾਬਕ ਪਿਛਲੇ ਸਾਲ ਇਹ ਦਿਹਾੜਾ 7 ਸਤੰਬਰ ਨੂੰ ਮਨਾਇਆ ਗਿਆ ਸੀ, ਇਸ ਸਾਲ ਇਹ ਦਿਹਾੜਾ 28 ਅਗਸਤ ਨੂੰ ਮਨਾਇਆ ਗਿਆ ਹੈ। ਮੈਂ, ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਪਿਛਲੇ 10 ਸਾਲਾਂ ਦੇ ਕੈਲੰਡਰਾਂ ਦੀ ਪੜਤਾਲ ਕੀਤੀ ਹੈ, ਇਹ ਦਿਹਾੜਾ ਕਦੇ ਵੀ ਡਾ. ਦਿਲਗੀਰ ਵੱਲੋਂ ਦੱਸੀ ਗਈ ਤਾਰੀਖ ਨੂੰ ਨਹੀਂ ਮਨਾਇਆ ਗਿਆ। ਇਸ ’ਤੇ ਤਾਂ ਡਾ ਦਿਲਗੀਰ ਨੇ ਇਤਰਾਜ਼ ਨਹੀਂ ਕੀਤਾ। ਜੇ ਹਰ ਸਾਲ ਅਸਲ ਪ੍ਰਵਿਸ਼ਟੇ ਭਾਵ 17 ਭਾਦੋਂ ਨੂੰ ਮਨਾਇਆ ਜਾਵੇ ਤਾਂ ਡਾ. ਦਿਲਗੀਰ ਇਸ ਨੂੰ ‘ਇਤਹਾਸ ਨਾਲ ਰੇਪ’ ਦੱਸਦਾ ਪਿਆ ਹੈ। ਹੁਣ ਇਨ੍ਹਾਂ ਨੂੰ ਇਮਾਨਦਾਰ ਕਿਵੇਂ ਮੰਨਿਆ ਜਾਵੇ ? ਇਸ ਤੋਂ ਸਪਸ਼ਟ ਹੈ ਕਿ ਇਨ੍ਹਾਂ ਦਾ ਮਕਸਦ ਸਿਰਫ਼ ਅਤੇ ਸਿਰਫ਼ ਨਿੱਜੀ ਕਾਰਨਾਂ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨਾ ਹੀ ਹੈ।