ਸਿੱਖ ਨੌਜੁਆਨ ਸਿੱਖੀ ਪਹਿਰਾਵੇ ਤੇ ਪਹਿਚਾਣ ਨੂੰ ਕਿਉਂ ਛੱਡ ਰਿਹਾ ਹੈ ?

0
158

ਸਿੱਖ ਨੌਜੁਆਨ ਸਿੱਖੀ ਪਹਿਰਾਵੇ ਤੇ ਪਹਿਚਾਣ ਨੂੰ ਕਿਉਂ ਛੱਡ ਰਿਹਾ ਹੈ ?

ਲੇਖਕ – ਹੁਸਨ-ਓਲ-ਚਿਰਾਗ

ਇਸ ਸਵਾਲ ਦਾ ਜਵਾਬ ਕੋਈ ਗੁੜ੍ਹਿਆ ਸਿੱਖ ਸਮਾਜ-ਸ਼ਾਸਤਰੀ ਹੀ ਦੇ ਸਕਦਾ ਹੈ। ਮੈਂ ਤਾਂ ਇਕ ਖ਼ੁਦ ਬਾਹਰ ਦੇ ਮਜ਼੍ਹਬ ਦਾ ਬੰਦਾ ਹਾਂ ਤੇ ਹੋ ਸਕਦਾ ਹੈ ਮੇਰਾ ਜਵਾਬ ਸਹੀ ਵੀ ਨਾ ਹੋਵੇ, ਪਰ ਮੇਰੀਆਂ ਛਪੀਆਂ ਲਿਖਤਾਂ ਨੂੰ ਪੜ੍ਹ ਕੇ ਕਈ ਨੌਜੁਆਨਾਂ ਨੇ ਮੇਰੇ ਉੱਤੇ ਸਵਾਲ ਕੀਤਾ ਹੈ ਕਿ ਮੈਂ ਆਪਣੀਆਂ ਲਿਖਤਾਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਸ ਸਵਾਲ ਦਾ ਉਨ੍ਹਾਂ ਨੂੰ ਜੁਆਬ ਦਿਆਂ।

ਇਕ ਨੌਜੁਆਨ ਜੋ ਅੰਗਰੇਜ਼ੀ ਬੋਲਣ ਦਾ ਕੋਰਸ ਕਰ ਰਿਹਾ ਹੈ ਅਤੇ ਉਸ ਤੋਂ ਸੀਨੀਅਰ ਦੋ ਸਿੱਖ ਨੌਜੁਆਨ ਜਿਨ੍ਹਾਂ ਨੇ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਵੀ ਕੀਤਾ ਹੋਇਆ ਸੀ, ਨੇ ਵਿਦੇਸ਼ ਜਾਣ ਲਈ ਇੰਟਰਵਿਊ ਦਿੱਤਾ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਜੇਕਰ ਤੁਸੀਂ ਕਲੀਨ-ਸ਼ੇਵ ਹੁੰਦੇ ਤਾਂ ਤੁਹਾਨੂੰ ਸਿੰਘਾਪੁਰ ਦੇ ਹੋਟਲ ਵਿੱਚ ਨੌਕਰੀ ਦਾ ਪਰਮਿਟ ਮਿਲ ਸਕਦਾ ਸੀ। ਮਾਲਕ ਨੇ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਮੈਂ ਤੁਹਾਨੂੰ ਤੁਹਾਡੇ ਮੌਜੂਦਾ ਫੈਸ਼ਨ (ਸਰੂਪ) ਵਿੱਚ ਹੁੰਦੇ ਹੋਏ ਨਹੀਂ ਲੈ ਸਕਦਾ ਤੇ ਉਹ ਦੋਵੇਂ ਨੌਜੁਆਨ ਰਹਿ ਗਏ। ਪਰ ਦੋ ਹੋਰ ਨੌਜੁਆਨ ਜੋ ਗੂੜ੍ਹੇ ਅਕਾਲੀ ਸਿੱਖ ਪਰਿਵਾਰਾਂ ਵਿੱਚੋਂ ਸਨ ਤੇ ਕਲੀਨ-ਸ਼ੇਵ ਸਨ ਉਨ੍ਹਾਂ ਨੂੰ ਵਿਦੇਸ਼ੀ ਵੀਜ਼ਾ ਦੇ ਦਿੱਤਾ ਗਿਆ।

ਅਜਿਹੇ ਕੁਝ ਕਾਰਨ ਵਿਦੇਸ਼ਾਂ ਵਿਚ ਜਾਣ ਲਈ ਹੀ ਨਹੀਂ, ਇੱਥੇ ਆਪਣੇ ਦੇਸ਼ ਵਿਚ ਵੀ ਟੀ. ਵੀ. ਗਾਇਕੀ, ਪੰਜਾਬੀ ਵਿਰਾਸਤ ਤੇ ਸਭਿਆਚਾਰ ਦੇ ਝੰਡੇ ਹੇਠ ਕੱਟੀ ਦਾਹੜੀ ਤੇ ਬਿਨਾਂ ਪੱਗ ਤੋਂ ਸਿੱਖ ਮੁੰਡਿਆਂ ਦੇ ਫੈਸ਼ਨ ਦਾ ਰਵੱਈਆ ਬਣ ਗਿਆ ਹੈ। ਜੇਕਰ ਇਸ ਦੀ ਜੜ੍ਹ ਨੂੰ ਫਰੋਲਿਆ ਜਾਵੇ ਤਾਂ ਵੇਖਣ ਵਿਚ ਆਉਂਦਾ ਹੈ ਕਿ ਦੇਸ਼ ਅੰਦਰ ਸਭ ਤੋਂ ਪਹਿਲਾਂ ਕ੍ਰਿਕਟ ਖਿਡਾਰੀ ਬਿਸ਼ਨ ਸਿੰਘ ਬੇਦੀ ਨੇ ਆਪਣੇ ਪਟਕੇ ਉੱਤੋਂ ਦੀ ਯਾਂਕੀ ਕੈਪ ਰੱਖੀ ਤੇ ਉਸ ਦੀ ਵੇਖਾ-ਵੇਖੀ ਸਿੱਖ ਨੌਜੁਆਨਾਂ ਵਿਚ ਪਟਕੇ ਉੱਤੋਂ ਦੀ ਯਾਂਕੀ ਕੈਪ ਪਹਿਨਣ ਦਾ ਰਿਵਾਜ ਚੱਲ ਪਿਆ। ਬੇਸ਼ੱਕ ਸ: ਬਿਸ਼ਨ ਸਿੰਘ ਪੂਰੇ ਸਿੱਖੀ ਕੇਸਾਂ ਸਮੇਤ ਖੇਡਦੇ ਰਹੇ ਤੇ ਅੱਜ ਕੱਲ੍ਹ ਸਿਰਫ਼ ਸੋਹਣੀ ਦਸਤਾਰ ਹੀ ਸਜਾਉਂਦੇ ਹਨ ਪਰ ਸਿੱਖ ਨੌਜੁਆਨਾਂ ਵਿਚ ਉਹ ਅਜਿਹੀ ਪਿਰਤ ਪਈ ਕਿ ਉਹ ਉਸੇ ਤਰ੍ਹਾਂ ਹੀ ਚਲੀ ਆ ਰਹੀ ਹੈ।

ਮਸ਼ੀਨੀ-ਦਾਹੜੀ ਕੱਟ ਕਰਕੇ ਟੀ. ਵੀ. ਉੱਤੇ ਗਾਇਕੀ ਦਾ ਰਿਵਾਜ ਗੁਰਦਾਸ ਮਾਨ ਨੇ ਪਾਇਆ ਜਿਸ ਤੋਂ ਬਾਅਦ ਸਾਰੇ ਸਿੱਖ ਮੁੰਡੇ-ਗਾਇਕਾਂ ਨੇ ਗੁਰਦਾਸ ਮਾਨ ਦੇ ਕਦਮਾਂ ’ਤੇ ਚੱਲਦੇ ਹੋਏ ਸਿੱਖੀ ਵਿਚ ਇਸ ਨਵੀਂ ਤਰਬੀਅਤ ਦੀ ਰੀਤ ਮਸ਼ਹੂਰ ਕਰ ਦਿੱਤੀ। ਇੱਥੇ ਇਹ ਵੀ ਵਾਪਰਿਆ ਕਿ ਗੁਰਦਾਸ ਮਾਨ ਦਾ ਨਾਮ ਗੁਰਦਾਸ ਸਿੰਘ ਸੀ ਤੇ ਉਸ ਦੇ ਨਵੇਂ ਪੈਦਾ ਕੀਤੇ ਫੈਸ਼ਨ ਨੇ ‘ਸਿੰਘ’ ਲਫ਼ਜ਼ ਨੂੰ ਛੱਡ ਦਿੱਤਾ ਅਤੇ ਜੱਟ ਸਿੱਖ ਪਹਿਚਾਣ ਮੋਨੇ ਹੋਣ ਦੇ ਬਾਅਦ ਵੀ ਬਣੀ ਰਹੇ, ਇਸ ਲਈ ਜੱਟਾਂ ਦੀ ਆਪਣੀ ‘ਮਾਨ’ ਗੋਤ ਜੋੜ ਲਈ। ਇਸ ਤੋਂ ਬਾਅਦ ਜੋ ਕਲਾਕਾਰ, ਗਾਇਕੀ ਜਾਂ ਫਿਲਮਾਂ ਵਿਚ ਵੜਿਆ ਉਸ ਨੇ ਆਪਣੇ ਨਾਮ ਨਾਲੋਂ ਸਿੰਘ ਲਫ਼ਜ਼ ਮੁਕਾ ਕੇ ਜਾਤ ਨਾਲ ਜੋੜ ਲਈ, ਜੋ ਸਿਲਸਿਲਾ ਜਾਰੀ ਹੈ।

ਮਾਨ ਸਾਹਿਬ ਆਪਣੀ ਜਾਤ ਨਾਲ ਹੀ ਆਪਣੀ ਹਸਤੀ ਕਾਇਮ ਕਰਕੇ ਮਸ਼ਹੂਰ ਤੇ ਅਮੀਰ ਹੋ ਗਏ ਤੇ ਉਹ ਹਰ ਵੱਡੀ ਸਿੱਖ ਰੈਲੀ ਵਿਚ ਗੀਤ ਗਾਉਂਦੇ ਹਨ। ਪਰ ਕਿਸੇ ਵੀ ਐਸ.ਜੀ.ਪੀ.ਸੀ. (SGPC) ਜਾਂ ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਉੱਤੇ ਕਦੇ ਉਂਗਲੀ ਨਹੀਂ ਉਠਾਈ ਕਿ ਮਾਨ ਸਾਹਿਬ ਦੀ ਨਿੱਜੀ ਖੁਲ੍ਹ ਤੇ ਧਰਮ ਤੋਂ ਆਜ਼ਾਦੀ ਦੇ ਕਾਰਨ ਸਿੱਖ-ਨੌਜੁਆਨਾਂ ਦੀ ਮਾਨਸਿਕ ਦਸ਼ਾ ਵਿਚ ਕਿੰਨੀ ਤਬਦੀਲੀ ਆਈ ਹੈ [ਮੈਂ ਮਾਨ ਸਾਹਿਬ ਤੋਂ ਮੁਆਫੀ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਦਾ ਨਾਂ ਲੈ ਕੇ ਗੱਲ ਕੀਤੀ ਹੈ। ਮੈਂ ਉਨ੍ਹਾਂ ਦੇ ਨਿੱਜੀ ਜੀਵਨ (ਆਜ਼ਾਦੀ) ਵਿਚ ਦਖ਼ਲ ਨਹੀਂ ਦੇ ਰਿਹਾ ਪਰੰਤੂ ਉਨ੍ਹਾਂ ਦੇ ਫੈਸ਼ਨ ਕਾਰਨ ਜੋ ਸਿੱਖ ਸਮਾਜ ਦੇ ਨੌਜੁਆਨਾਂ ਉੱਤੇ ਪ੍ਰਭਾਵ ਪਿਆ, ਉਸ ਦੇ ਕਾਰਨਾਂ ਦਾ ਜ਼ਿਕਰ ਕਰ ਰਿਹਾ ਹਾਂ।]

ਇਸ ਦੇ ਨਾਲ-ਨਾਲ ਮਲਕੀਅਤ ਤੇ ਦਲੇਰ ਮਹਿੰਦੀ ਆਪਣੇ ਪੂਰੇ ਨਹੀਂ ਤਾਂ ਘੱਟੋ-ਘੱਟ ਅੱਧੇ ਸਿੱਖੀ ਸਰੂਪ ਵਿਚ ਅਜੇ ਤੱਕ ਬਣੇ ਹੋਏ ਹਨ। ਉਨ੍ਹਾਂ ਦੀ ਪੱਗ ਦੇ ਗੋਟੇ-ਕਿਨਾਰੀ ਨੂੰ ਵੇਖ ਕੇ ਕਈ ਹੋਰ ਕਲੀਨ-ਸ਼ੇਵ ਤੇ ਮਸ਼ੀਨੀ ਦਾਹੜੀ ਵਾਲਿਆਂ ਨੇ ਵੀ ਪੱਗ ਬੰਨ੍ਹ ਕੇ ਗਾਉਣਾ ਸ਼ੁਰੂ ਕੀਤਾ ਹੈ। ਰਬੀ ਸ਼ੇਰਗਿੱਲ ਨੇ ਸੋਹਣੀ ਗਾਇਕੀ ਤੇ ਸਿੱਖੀ ਫੈਸ਼ਨ ਦੀ ਤੋਰ ਤੋਰੀ ਹੈ। ਇਸ਼ਮੀਤ ਸਿੰਘ ਆਦਿ ਗਾਇਕਾਂ ਨੇ ਸਿੱਖ ਨੌਜੁਆਨਾਂ ਵਿਚ ਨਵਾਂ ਮੋੜ ਮੋੜਿਆ ਹੈ।

ਇਹ ਤਾਂ ਹੋਈ ਘਰ ਦੀ ਗੱਲ ਤੇ ਬਾਹਰ ਵਿਦੇਸ਼ਾਂ ਵਿਚ ਸਿੱਖੀ ਦਾ ਕੀ ਹਾਲ ਹੈ ? ਵਿਦੇਸ਼ ਜਾਣ ਦੇ ਚਾਹਵਾਨ ਨੌਜੁਆਨਾਂ ਦਾ ਵੱਡਾ ਵਰਗ ਜੋ ਤਾਲੀਮ ਯਾਫਤਾ ਨਹੀਂ ਪਰ ਗੈਰ-ਕਾਨੂੰਨੀ ਤਰੀਕੇ ਅਪਣਾਅ ਕੇ ਵਿਦੇਸ਼ਾਂ ਵਿਚ ਜਾਣ ਦੀ ਕੋਸ਼ਿਸ਼ ਕਰਦੇ ਹਨ, ਉਹ ਸੌ ਫੀਸਦੀ ਚੱਲਣ ਤੋਂ ਪਹਿਲੇ ਕਲੀਨ-ਸ਼ੇਵ ਹੋ ਜਾਂਦੇ ਹਨ ਤਾਂ ਕਿ ਉਹ ਚੋਰ ਦਰਵਾਜ਼ਿਆਂ ਵਿਚੋਂ ਚੋਰੀਂ ਪਾਰ ਹੋ ਸਕਣ। ਜੋ ਲੋਕ ਸਹੀ ਤਰੀਕੇ ਅਪਣਾਅ ਕੇ ਜਾਣਾ ਚਾਹੁੰਦੇ ਹਨ, ਉਨ੍ਹਾਂ ਵਾਸਤੇ ਇਕ ਹੋਰ ਪੈਮਾਨਾ ਪਾਰ ਕਰਨਾ ਹੁੰਦਾ ਹੈ, ਜਿਸ ਨੂੰ ਉਹ ਪ੍ਰਸਨੈਲਿਟੀ ਪੁਆਇੰਟਸ ਕਹਿੰਦੇ ਹਨ। ਜੇਕਰ ਨੌਜੁਆਨ ਸਿੱਖ ਹੈ ਜਾਂ ਉਸ ਨੇ ਮੁਸਲਮਾਨੀ ਦਾਹੜੀ ਰੱਖੀ ਹੋਈ ਹੈ ਤਾਂ ਉਸ ਨੂੰ ਸ਼ਖ਼ਸੀਅਤ ਰੋਹਬ ਦੇ ਪੁਆਇੰਟਸ ਨਹੀਂ ਦਿੱਤੇ ਜਾਂਦੇ। ਪਰ ਇਕ ਕਲੀਨ-ਸ਼ੇਵਨ ਸਿੱਖ ਮੁੰਡੇ ਨੂੰ ਬੇਸ਼ੱਕ ਉਹ ਘੱਟ ਯੋਗਤਾ ਵੀ ਕਿਉਂ ਨਾ ਰੱਖਦਾ ਹੋਵੇ ਉਸ ਨੂੰ ਇਹ ਨੰਬਰ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਸਿੱਖ ਨੌਜੁਆਨ ਆਪਣੇ ਦੇਸ਼ ਵਿਚ, ਆਪਣੇ ਚੌਗਿਰਦੇ ਵਿਚ, ਆਪਣਿਆਂ ਵਿਚ ਘਿਰ ਕੇ ਰੁੜ੍ਹ ਰਿਹਾ ਹੈ ਤੇ ਵਿਦੇਸ਼ਾਂ ਵਿਚ ਰੋਜ਼ੀ ਦੀ ਤਲਾਸ਼ ਦੀ ਮਾਰ ਝੇਲਦਾ ਤੇ ਭੇਸ ਬਦਲਦਾ ਪਿਆ ਹੈ।

ਸਿੱਖ ਨੌਜੁਆਨ ਖਾਸ ਕਰਕੇ ਜੱਟ ਸਿੱਖ ਮੁੰਡਿਆਂ ਦਾ ਕਲੀਨਸ਼ੇਵ ਹੋਣ ਦਾ ਜੁਆਬ ਹੁੰਦਾ ਹੈ ਕਿ ਸਿੱਖੀ ਤਾਂ ਮਨ ਵਿਚ ਹੋਣੀ ਚਾਹੀਦੀ ਹੈ ਤੇ ਉਹ ਸਾਡੇ ਵਿਚ ਭਰੀ ਪਈ ਹੈ। ਅਸੀਂ ਜੱਟ ਸਿੱਖ ਹਾਂ ਤੇ ਜੱਟਾਂ ਦੇ ਬਰਾਬਰ ਦਾ ਹੋਰ ਕਿਹੜਾ ਸਿੱਖ ਹੈ। ਅਸੀਂ ਹੀ ਮਿਸਲਾਂ ਚਲਾਈਆਂ, ਲੜਾਈਆਂ ਲੜੀਆਂ, ਜਾਨਾਂ ਦਿੱਤੀਆਂ, ਪੰਜਾਬ ਫ਼ਤਹਿ ਕੀਤਾ। ਕੀਹ ਹੋਇਆ ਜੇ ਮੁੰਡੇ ਨੇ ਵਾਲ ਕਟਾ ਲਏ ਤਾਂ ? ਹੈ ਤਾਂ ਉਹ ਸਿੱਖ ਹੀ ਨਾ ਤੇ ਜੱਟਾਂ ਦਾ ਮੁੰਡਾ। ਜਦੋਂ ਜੀ ਕਰੇਗਾ ਰੱਖ ਲਵੇਗਾ। ਇਸ ਤਰਕ ਤੋਂ ਸਵਾਲ ਪੈਦਾ ਹੁੰਦਾ ਹੈ ਕਿ ‘‘ਕੀ ਸਿੱਖੀ ‘ਜੀ ਕਰਨ’ ਵਿਚ ਹੈ ਜਾਂ ਇਹ ਕੋਈ (ਸਿੱਖੀ) ਮੂਲ ਸਿਧਾਂਤ ਦੇ ਸ਼ਾਸਤਰ ਵਿਚੋਂ ਉਪਜੀ ਰਹਿਤ ਦੀ ਸਿਰਜਨਾ ਹੈ।’’ ਜੀ ਕਰੇਗਾ ਰੱਖ ਲਵੇਗਾ-‘ਸਿੱਖੀ ਮਨ ਵਿਚ ਹੈ’ ਦੇ ਤਰਕ ਦਿੱਤਿਆਂ ਸਿੱਖੀ ਦੀ ਪਹਿਚਾਣ ਤੇ ਸਾਬਤੀ ਬਰਕਰਾਰ ਨਹੀਂ ਰੱਖੀ ਜਾ ਸਕਦੀ।

ਜੋ ਤਸਵੀਰ ਸਾਡੇ ਸਾਹਮਣੇ ਹੈ ਉਸ ਮੁਤਾਬਕ ਦੇਸ਼ ਅਤੇ ਵਿਦੇਸ਼ਾਂ ਵਿਚ ਨਾਨ-ਜੱਟ ਸਿੱਖ ਭਾਈਚਾਰੇ ਦੇ ਲੋਕ ਸਿੱਖੀ ਵਿਚ ਵਧੇਰੇ ਬਰਕਰਾਰ ਹਨ ਜਿਵੇਂ ਕਿ ਰਾਮਗੜ੍ਹੀਆ ਬਰਾਦਰੀ, ਕੰਬੋਜ ਸਿੱਖ, ਅਰੋੜੇ ਤੇ ਖੱਤਰੀ ਸਿੱਖ, ਮਹਿਰੇ ਤੇ ਰਮਦਾਸੀਏ ਸਿੱਖ, ਸੈਣੀ ਅਤੇ ਸਿਕਲੀਗਰ ਸਿੱਖ ਆਦਿ। ਜੇਕਰ ਗ਼ੁਰਬਤ (ਗ਼ਰੀਬ) ਨਾਲ ਲੜਦੇ ਪੂਰਨ ਗੁਰਸਿੱਖ ਵੇਖਣੇ ਹੋਣ ਤਾਂ ਉਹ ਸਿਕਲੀਗਰ-ਮੁਹੱਲਾ ਨਾਹਨ ਅਤੇ ਪਾਉਂਟਾ ਸਾਹਿਬ ਵਿਚ ਵੇਖੋ ਜਾਂ ਫਿਰ ਉਨ੍ਹਾਂ ਨੂੰ ਭਟਕਦਿਆਂ ਮੱਧ-ਪ੍ਰਦੇਸ਼ ਵਿਚ। ਇਹ ਉਹ ਲੋਕ ਹਨ ਜਿਨ੍ਹਾਂ ਪਾਉਂਟੇ ਤੇ ਅਨੰਦਪੁਰ ਦੀਆਂ ਲੜਾਈਆਂ ਲਈ ਸਿੱਖ ਫ਼ੌਜਾਂ ਵਾਸਤੇ ਤੀਰ ਤੇ ਹਥਿਆਰ ਬਣਾਏ। ਗ਼ੁਰਬਤ ਦੀ ਜ਼ਿੰਦਗੀ ਬਸਰ ਕਰਦੇ ਹੋਏ ਵੀ ਉਨ੍ਹਾਂ ਦੇ ਧੀਆਂ ਪੁੱਤਰ ਪੂਰਨ ਗੁਰਸਿੱਖ ਤੇ ਗੁਰਦੁਆਰੇ ਬਣਾ ਕੇ ਰਹਿੰਦੇ ਹਨ। ਅਕਾਲੀ ਤੇ ਐਸ. ਜੀ. ਪੀ. ਸੀ. ਇਨ੍ਹਾਂ ਬਾਰੇ ਖ਼ਾਮੋਸ਼ ਹਨ।

ਸੰਸਾਰ ਦੇ ਸਾਰੇ ਧਰਮਾਂ ਵਿਚੋਂ ਸਿੱਖ ਧਰਮ ਦਾ ਪਹਿਰਾਵਾ, ਪਹਿਚਾਣ, ਸਰੂਪ ਤੇ ਰਹਿਤ ਸਭ ਤੋਂ ਸਖ਼ਤ, ਔਖੇ ਤੇ ਨਿਆਰੇ ਹਨ। ਕੇਸਾਂ ਦੀ ਸਾਫ਼-ਸਫ਼ਾਈ ਤੇ ਸੰਭਾਲ, ਦਸਤਾਰ ਦੇ ਸਜਾਉਣ ਲਈ ਸਮਾਂ ਤੇ ਸੂਝ, ਬਾਕੀ ਕਕਾਰਾਂ ਦੀ ਸੰਭਾਲ ਤੇ ਸੋਧ। ਇਸੇ ਤਰ੍ਹਾਂ ਯਹੂਦੀ-ਲੋਕ, ਕੂਪਾ, ਇਕ ਛੋਟੀ ਟਿੱਕੀ ਨੁਮਾ ਕੈਪ, ਜੋ ਉਹ ਸੂਈਆਂ ਜਾਂ ਕਲਿਪ ਨਾਲ ਸਿਰ ਦੀ ਚੋਟੀ ਦੇ ਠੀਕ ਵਿਚਕਾਰ ਸਜਾਉਂਦੇ ਹਨ, ਯਹੂਦੀਆਂ ਦੀ ਪਹਿਚਾਣ ਤੇ ਧਰਮ ਚਿੰਨ੍ਹ ਦਾ ਹਿੱਸਾ ਹੈ। ਯਹੂਦੀ ਦਾਹੜੇ ਰੱਖਦੇ ਹਨ ਪਰ ਜ਼ਰੂਰੀ ਨਹੀਂ ਪਰੰਤੂ ਸੁੰਨਤ ਜ਼ਰੂਰੀ ਹੈ। ਈਸਾਈਆਂ ਵਿਚ ਚਿੰਨ੍ਹ ਪਾਦਰੀਆਂ ਤੇ ਪੁਜਾਰੀਆਂ ਤੱਕ ਹੀ ਸੀਮਿਤ ਹਨ। ਆਮ ਈਸਾਈ ਧਾਰਨ ਕਰਨ ਜਾਂ ਨਾ, ਜ਼ਰੂਰੀ ਨਹੀਂ। ਪਰੰਤੂ ਈਸਟਰਨ ਕ੍ਰਿਸਟੀਨਿਟੀ-ਆਰਥੋਡਕਸ ਚਰਚ ਦੇ ਮੰਨਣ ਵਾਲੇ ਦਾਹੜੀ ਜ਼ਰੂਰ ਰੱਖਦੇ ਸਨ, ਪਰ ਰੂਸ ਦੇ ਬਾਦਸ਼ਾਹ ਪੀਟਰ ਦਾ ਗਰੇਟ ਨੇ ਦਾਹੜੀ ਸਾਫ਼ ਕਰਨ ਦੀ ਰਵਾਇਤ ਚਲਾ ਦਿੱਤੀ। ਈਸਾਈਆਂ ਵਿਚ ਸੁੰਨਤ ਖ਼ਤਮ ਹੋ ਗਿਆ। ਜਦੋਂ ਇਸਲਾਮ ਨਾਜ਼ਲ ਹੋਇਆ ਤਾਂ ਮੁਸਲਮਾਨਾਂ ਵਿਚ ਸੁੰਨਤ ਜੋ ਇਕ ਦਰਦਨਾਕ, ਕਸ਼ਟਦਾਇਕ ਹੈ ਤੇ ਇਸ ਵਿਚ ਬੱਚੇ ਦੇ ਲਿੰਗ ਤੋਂ ਵਧੇ ਹੋਏ ਮਾਸ ਨੂੰ ਕਤਰ ਦਿੱਤਾ ਜਾਂਦਾ ਹੈ, ਨੂੰ ਲਾਜ਼ਮੀ ਕਰ ਦਿੱਤਾ ਗਿਆ। ਪਰ ਸੁੰਨਤ ਇਕੋ ਵਾਰ ਹੀ ਹੁੰਦੀ ਹੈ। ਦਾਹੜੀ ਜੋ ਮੁਸਲਮਾਨਾਂ ਲਈ, ਬਤੌਰ ਅੱਲਾਹ ਦਾ ਨੂਰ ਕਿਹਾ ਗਿਆ, ਜ਼ਰੂਰੀ ਹੈ, ਪਰ ਅੱਜ ਕੱਲ੍ਹ ਮਨ ਮਰਜ਼ੀ ਬਣ ਗਈ ਹੈ। ਨਮਾਜ਼ ਦੇ ਵਕਤ, ਨਾਤ ਜਾਂ ਕੁਰਾਨ ਪੜ੍ਹਨ ਵੇਲੇ ਸਿਰ ਦੀ ਟੋਪੀ ਜਾਂ ਪਗੜੀ ਨਾਲ ਢੱਕਿਆ ਹੋਣਾ ਜ਼ਰੂਰੀ ਹੈ। ਭਾਰਤ ਵਿਚ ਹਿੰਦੂ ਧਰਮ ਦੇ ਅਨੇਕਾਂ ਫਿਰਕਿਆਂ ਦੇ ਲਿਬਾਸ ਤੇ ਤਿਲਕ ਲਾਉਣ ਦੇ ਢੰਗ ਤਰੀਕੇ ਉਨ੍ਹਾਂ ਫਿਰਕਿਆਂ ਦੀ ਪਹਿਚਾਣ ਦੱਸਦੇ ਹਨ। ਪਰ ਆਮ ਲੋਕਾਂ ਵਾਸਤੇ ਜ਼ਰੂਰੀ ਨਹੀਂ। ਖਾਸ ਮੌਕੇ, ਖਾਸ ਵਕਤ ਵਿਧੀਆਂ ਤੇ ਰੀਤਾਂ ਮੰਦਿਰਾਂ ਜਾਂ ਹਵਨ ਦੇ ਸਮੇਂ ਅਪਣਾਈਆਂ ਜਾਂਦੀਆਂ ਹਨ ਪਰ ਆਮ ਜ਼ਿੰਦਗੀ ਵਿਚ ਜ਼ਰੂਰੀ ਨਹੀਂ। ਬੁੱਧ ਧਰਮ ਵਿਚ ਬੋਧੀ ਭਿਖਸ਼ੂ, ਖਾਸ ਲਿਬਾਸ ਤੇ ਤਿਲਕ ਲਾਉਣ ਦੇ ਢੰਗ ਤਰੀਕੇ ਉਨ੍ਹਾਂ ਫਿਰਕਿਆਂ ਦੀ ਪਹਿਚਾਣ ਦੱਸਦੇ ਹਨ। ਪਰ ਆਮ ਲੋਕਾਂ ਵਾਸਤੇ ਤੇ ਸਰੀਰ ਨੂੰ ਖਾਸ ਅਵਸਥਾ ਵਿਚ ਰੱਖਦੇ ਹਨ ਤੇ ਜੈਨੀਆਂ ਵਿਚ ਵੀ ਉਨ੍ਹਾਂ ਦੇ ਸਾਧੂ ਤੇ ਸਾਧਵੀਆਂ ਖਾਸ ਲਿਬਾਸ, ਖਾਸ ਖੁਰਾਕ, ਬ੍ਰਹਮਚਾਰੀ ਜੀਵਨ ਤੇ ਜਿੱਥੇ ਕਿਤੇ ਵੀ ਜਾਣਾ ਹੋਵੇ ਪੈਦਲ ਜਾਂਦੇ ਹਨ। ਇਹ ਨਿਯਮ ਸਿਰਫ਼ ਉਨ੍ਹਾਂ ਲਈ ਹੀ ਹਨ ਅਤੇ ਇਹ ਕਾਫੀ ਔਖੇ ਤੇ ਕਸ਼ਟਦਾਇਕ ਹਨ ਪਰ ਆਮ ਜੈਨੀ ਲੋਕਾਂ ਵਾਸਤੇ ਇਹ ਜ਼ਰੂਰੀ ਨਹੀਂ, ਪਰ ਇਨ੍ਹਾਂ ਸਭ ਤੋਂ ਉਤੋਂ ਦੀ ਸਿੱਖ ਧਰਮ ਦਾ ਸਰੂਪ ਜਿਸ ਵਿਚ ਪੰਜ ਕਕਾਰਾਂ ਦੀ ਪਾਲਣਾ ਤੇ ਰੋਜ਼-ਮ੍ਰਰਾਹ ਦੀ ਰਹਿਤ ਹੈ। ਸਾਰੇ ਜਿਸਮ ਦੇ ਰੋਮ ਅਤੇ ਖਾਸ ਕਰਕੇ ਕੇਸਾਂ ਦੀ ਸੰਭਾਲ ਤੇ ਉਨ੍ਹਾਂ ਉੱਤੇ ਹਮੇਸ਼ਾ ਜੀਵਨ ਭਰ ਪੱਗ ਅਤੇ ਉਸ ਦੀ ਸੰਭਾਲ, ਬੜੀ ਵੱਡੀ ਜ਼ਿੰਮੇਵਾਰੀ ਹੈ। ਸਰੂਪ ਅਤੇ ਰਹਿਤ ਨਿਭਾਉਣ ਲਈ ਮਨੁੱਖ ਵਿਚ ਜ਼ਬਰਦਸਤ ਪੱਕੇ ਜਜ਼ਬੇ (ਸਪਿਰਟ) ਦੀ ਲੋੜ ਹੈ। ਇਹ ਜਜ਼ਬਾ ਸਿੱਖ ਵਿਚ ਬੜੇ ਪ੍ਰਬਲ ਰੂਪ ਵਿਚ ਹੋਣਾ ਚਾਹੀਦਾ ਹੈ। ਇਸ ਜਜ਼ਬੇ ਵਿਚ ਸੰਪਰਦਾਇਕ ਭਾਵਨਾ ਨਾ ਹੋ ਕੇ ਨਿਯਮੀ ਤੇ ਉਦਮੀ ਭਾਵਨਾ ਹੋਣੀ ਚਾਹੀਦੀ ਹੈ। ਇਸ ਵਿਚ ਸਿਦਕ ਤੇ ਇਸ਼ਟ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ। ਇਹ ਉਦੋਂ ਹੀ ਹੋ ਸਕਦਾ ਹੈ ਜੇਕਰ ਤੁਹਾਡੇ ਵਿਚ ਜਜ਼ਬਾ ਸਲਾਮਤ ਤੇ ਜੋਸ਼ ਬਰਕਰਾਰ ਹੈ ਤਾਂ। ਇਸ ਲਈ ਖ਼ਾਸ ਤੌਰ ਉੱਤੇ ਕੇਸ ਸੰਭਾਲਣੇ ਤੇ ਉਨ੍ਹਾਂ ਉੱਤੇ ਦਸਤਾਰ ਰੱਖਣੀ ਬਤੌਰ ਜਜ਼ਬੇ ਦੇ ਲਿਆ ਜਾਵੇ, ਨਾ ਕਿ ਫਟੀਗ, ਵਗ਼ਾਰ, ਝੰਜਟ, ਮੁਸੀਬਤ, ਬੰਧਨ, ਮਜਬੂਰੀ ਜਾਂ ਲੋਕਲਾਜ ਜਾਂ ਵਿਖਾਵੇ ਦੇ ਤੌਰ ਉੱਤੇ। ਜਿਹੜੇ ਨੌਜੁਆਨ ਕੇਸਾਂ ’ਤੇ ਪੱਗ ਨੂੰ ਮੁਸੀਬਤ, ਬੰਧਨ, ਮਜਬੂਰੀ ਜਾਂ ਲੋਕ-ਲਾਜ ਸਮਝਣ ਲੱਗ ਪਏ ਹਨ, ਕੀ ਕਦੇ ਸਿੱਖ ਰਹਿਨੁਮਾਵਾਂ ਨੇ ਸੋਚਿਆ ਹੈ ਕਿ ਅਜਿਹਾ ਕਿਉਂ ਹੋਣ ਜਾ ਰਿਹਾ ਹੈ ? ਕੀ ਇਸ ਆਧੁਨਿਕ ਯੁੱਗ ਵਿਚ ਹੁਣ ਸਿੱਖੀ ਸਰੂਪ ਦੀ ਲੋੜ ਨਹੀਂ ਰਹੀ ਜਾਂ ਇਹ ਪੁਰਾਣੀ ਗੱਲ ਸੀ ਤੇ ਹੁਣ ਸਮਾਂ ਬਦਲ ਗਿਆ ਹੈ ? ਜੇ ਸਾਰੇ ਕਾਂਵਾਂ ਦੇ ਰੰਗ ਕਾਲੇ ਨੇ-ਕਬੂਤਰ ਇਕੋ ਜਿਹੇ ਨੇ, ਚਿੜੀਆਂ-ਤੋਤੇ, ਮਧੂ-ਮੱਖੀਆਂ ਦੀ ਕੋਈ ਵੱਖਰੀ-ਵੱਖਰੀ ਪਹਿਚਾਣ ਨਹੀਂ ਹੈ। ਫ਼ੌਜ-ਪੁਲਿਸ ਜਾਂ ਸਕਾਊਟਸ ਨੂੰ ਵੱਖਰੀ ਵਰਦੀ ਦਾ ਸਰੂਪ ਦੇ ਕੇ ਤੁਹਾਡੇ ਤੋਂ ਨਿਆਰਾ ਕਿਉਂ ਕੀਤਾ ਗਿਆ। ਕਿੰਨਾ ਭਾਰ ਏ ਮੋਟੇ ਫ਼ੌਜੀ ਬੂਟ, ਜੁਰਾਬਾਂ, ਪੇਟੀ ਤੇ ਵਰਦੀ ਦਾ। ਰੋਜ਼ ਦਿਹਾੜੇ ਕਿਉਂ ਪਾਉਣੀ, ਸਿਰਫ਼ ਲੜਾਈ ਵੇਲੇ ਪੁਆ ਦਿਆਂਗੇ ?

ਇਨ੍ਹਾਂ ਸਭ ਨੁਕਤਿਆਂ ਨੂੰ ਨਜ਼ਰਾਂ ਨਾਲ ਵੇਖਣ ਤੋਂ ਵਧੇਰੇ ਮਨ ਦੀਆਂ ਗਹਿਰਾਈਆਂ ਤੇ ਜ਼ਿਹਨੀਂ ਸੋਚਾਂ ਤੇ ਤੁਹਾਡੇ ਸ਼ੇਰ ਦਿਲਾਂ ਵਿਚੋਂ ਉੱਠੇ ਉਦਗਾਰਾਂ ਦੀ ਜਜ਼ਬਿਆਂ ਭਰੀ ਪਰਾਤ ਦੀ ਤੁਹਾਡੀ ਹਯਾਤੀ (ਜ਼ਿੰਦਗੀ) ਨੂੰ ਲੋੜ ਹੈ। ਕੇਸ ਮੁਸੀਬਤ ਤੇ ਪੱਗ ਭਾਰੀ ਕਿਉਂ ਲੱਗਣ ਲੱਗ ਪਈ ਹੈ ? ਇਸ ਨੂੰ ਸਮਝਣ ਲਈ ਜ਼ਿੰਦਗੀ ਤੇ ਹਾਲਾਤ ਦਾ ਅਗਲਾ ਬਾਬ ਖੋਲ੍ਹਣਾ ਹੋਵੇਗਾ। ਜੋ ਲੋਕ ਸਚਾਈ ਨੂੰ ਸੁਣਨ ਤੇ ਕੁੜੱਤਣ ਨੂੰ ਚੱਖਣ ਤੋਂ ਗੁਰੇਜ਼ ਕਰਦੇ ਹਨ ਉਹ ਮਸਲੇ ਨਹੀਂ ਸੁਲਝਾ ਸਕਦੇ। ਖੇਤਾਂ ਵਿਚ ਆਮ ਲਿਬਾਸ ਤੇ ਤਿਲਕ ਲਾਉਣ ਦੇ ਢੰਗ ਤਰੀਕੇ ਉਨ੍ਹਾਂ ਫਿਰਕਿਆਂ ਦੀ ਪਹਿਚਾਣ ਦੱਸਦੇ ਹਨ। ਪਰ ਆਮ ਲੋਕਾਂ ਵਾਸਤੇ ਫ਼ਸਲਾਂ ਵਾਂਗ ਸਿੱਖੀ ਉਗਾਈ ਨਹੀਂ ਜਾ ਸਕਦੀ। ਸਿੱਖੀ ਦੀ ਉਪਜ ਤੇ ਸਿਰਜਣਾ ਓਨੀ ਹੀ ਔਖੀ ਹੈ ਜਿੰਨਾ ਪਹਿਲੇ ਦੱਸੇ ਵਾਂਗ ਸਿੱਖੀ ਸਰੂਪ ਨੂੰ ਸੰਭਾਲਣਾ। ਜੋ ਜਨਮ ਲੈ ਰਿਹਾ ਹੈ ਉਹ ਕੁਝ ਵੀ ਹੋ ਸਕਦਾ ਹੈ। ਉਸ ਜਨਮ ਦੇ ਸਾਜਕਾਰ ਤੁਸੀਂ ਹੋ। ਉਸ ਦੀ ਬੁੱਧ ਬਣਤਰ, ਜਜ਼ਬਿਆਂ ਨੂੰ ਉਭਾਰਨ ਦੀਆਂ, ਉਸ ਅੰਦਰ ਉਛੱਲਾਂ ਤੇ ਲਹਿਰਾਂ ਪੈਦਾ ਕਰਨੀਆਂ ਤੇ ਉਸ ਸਾਹਮਣੇ ਸਿੱਖੀ ਸਰੂਪ ਦਾ ਤਸਵੀਰ-ਏ-ਪੈਗ਼ਾਮ ਤੁਸੀਂ ਖ਼ੁਦ ਹੋ। ਸਾਹਮਣੇ ਦੇ ਝਮਕਾਰੇ ਨੇ ਹੀ ਉਸ ਦੇ ਮਨ ਅੰਦਰ ਜਾਣਾ ਹੈ ਤੇ ਘਰ ਕਾਇਮ ਕਰਨਾ ਹੈ। ਸੋ ਦੱਸੋ ਤੁਸੀਂ ਕਿਹੋ ਜਿਹੇ ਹੋ ? ਤੁਸੀਂ ਕੀ ਹੋ ? ਆਪਣੇ ਨਵੇਂ ਜੰਮੇ ਬੱਚੇ ਦੇ ਸਾਹਮਣੇ ਜਾਣ ਤੋਂ ਪਹਿਲਾਂ ਖ਼ੁਦ ਸ਼ੀਸ਼ੇ ਅੱਗੇ ਜਾਓ। ਉਨ੍ਹੇ ਉਹੀ ਕੁਝ ਬਣ ਜਾਣਾ ਜੋ ਤੁਸੀਂ ਹੋ। ਜੇ ਤੁਸੀਂ ਸਿੱਖੀ-ਸਰਦਾਰੀ ਦਾ ਖ਼ੁਦ ਨਮੂਨਾ ਹੋ, ਤਾਂ ਤੁਹਾਨੂੰ ਕੋਈ ਖ਼ੌਫ ਨਹੀਂ ਹੋਣਾ ਚਾਹੀਦਾ ਤੇ ਜੇ ਨਹੀਂ ਹੋ ਤਾਂ ਫਿਰ ਤੁਸੀਂ ਡਿੱਗੇ ਕਿ ਡਿੱਗੇ। ਪ੍ਰਚਾਰ ਖਾਤਰ ਦੀਵਾਨ, ਕੀਰਤਨ ਦਰਬਾਰ ਜਾਂ ਤਾਂ ਰਾਜਨੀਤੀ ਤੋਂ ਪ੍ਰੇਰਤ ਹਨ ਜਾਂ ਕੋਈ ਵਪਾਰੀ ਜਾਂ ਅਦਾਕਾਰ ਆਪਣੇ ਕਾਰੋਬਾਰ ਦੀ ਮਸ਼ਹੂਰੀ ਲਈ ਵੱਡੀਆਂ ਫੀਸਾਂ ਲੈਣ ਵਾਲੇ ਮਸ਼ਹੂਰ ਕੀਰਤਨੀਏ ਪ੍ਰਭਾਵ ਪਾਉਣ ਲਈ ਮੰਗਵਾ ਕੇ ਕੁਝ ਸਮੇਂ ਲਈ ਸਿੱਖਾਂ ਨੂੰ ਮੰਤਰ ਮੁਗਧ ਤਾਂ ਕਰ ਲੈਂਦੇ ਹਨ ਪਰ ਉਹ ਸਿੱਖ ਨੌਜੁਆਨਾਂ ਅੰਦਰ ਸਿੱਖੀ ਦਾ ਜਜ਼ਬਾ ਉਤਾਰਨ ਵਿਚ ਸਫਲ ਹੁੰਦੇ ਨਹੀਂ ਦਿੱਸਦੇ।

 ਦੇਸ਼ ਵਿਚ ਇਸਲਾਮੀ ਹਕੂਮਤ ਕਾਇਮ ਹੋ ਜਾਣ ਤੋਂ ਬਾਅਦ ਕੋਈ ਹਿੰਦੂ ਘੋੜੇ ਜਾਂ ਹਾਥੀ ਦੀ ਸਵਾਰੀ, ਹਥਿਆਰ ਧਾਰਨ ਕਰਨ ਜਾਂ ਪੱਗ ਦਾ ਬੰਬਲ ਉੱਤੇ ਨਹੀਂ ਸੀ ਕਰ ਸਕਦਾ। ਉਨ੍ਹਾਂ ਨੂੰ ਅੱਧੇ ਨਾਂ ਨਾਲ ਬੁਲਾਇਆ ਜਾਂਦਾ ਸੀ। ਸਰਦਾਰ ਤੇ ਚੌਧਰੀ ਕਹਾਉਣ ਦੇ ਰੁਤਬੇ ਸਿਰਫ ਮੁਸਲਮਾਨਾਂ ਕੋਲ ਸਨ। ਢੋਲ ਵਜਾ ਕੇ, ਵਾਜੇ ਵਜਾ ਕੇ ਹਿੰਦੂ ਕੋਈ ਸਮਾਗਮ ਨਹੀਂ ਸਨ ਕਰ ਸਕਦੇ ਤੇ ਨਾ ਹੀ ਹਿੰਦੂਆਂ ਨੂੰ ਨਗਾਰਾ ਰੱਖਣ ਜਾਂ ਵਜਾਉਣ ਦੀ ਆਗਿਆ ਸੀ ਪਰ ਜਿਵੇਂ ਹੀ ਯਕਮ ਵਿਸਾਖ 1699 ਨੂੰ ਤੁਹਾਡੀ ਬਤੌਰ ਖਾਲਸਾ ਦੇ ਸਿਰਜਨਾ ਕੀਤੀ ਗਈ ਉਸ ਸਮੇਂ ਤੋਂ ਤੁਹਾਨੂੰ ਹਥਿਆਰ-ਬੰਦ ਨਹੀਂ, ਹਥਿਆਰ ਰੱਖਣ, ਪੱਗਾਂ ਦੇ ਸੰਬਲੇ (ਬੰਬਲ) ਉੱਤੇ ਛੱਡਣ, ਘੋੜੇ ਦੀ ਸਵਾਰੀ ਕਰਨ, ਨਗਾਰੇ ਰੱਖਣ ਤੇ ਖੜਕਾਉਣ ਤੇ ਨਰਸਿੰਘੇ ਦੀ ਨਾਦ ਜਗਾਉਣ ਦੇ ਇਲਾਹੀ ਅਜ਼ਾਦਾਨਾ ਹੱਕ ਦੇ ਕੇ (ਸਿੱਖ) ਖਾਲਸਾ ਕਰ ਦਿੱਤਾ। ਹੁਣ ਸਿੱਖਾਂ ਕੋਲ ਕ੍ਰਿਪਾਨ, ਢਾਲ, ਕਿਰਚ-ਕਟਾਰ, ਬਰਛਾ-ਬਲਮ ਤੇ ਤੀਰ ਕਮਾਨ ਵਰਗੇ ਹਥਿਆਰ ਤੇ ਸਵਾਰੀਆਂ ਲਈ ਘੋੜੇ ਸਨ। ਰੁਤਬੇ ਦੇ ਤੌਰ ਉੱਤੇ ਸਿੱਖਾਂ ਨੂੰ ‘ਸਰਦਾਰ’ ਦੇ ਖਿਤਾਬ ਨਾਲ ਸਵਾਰਿਆ ਤੇ ਨਵਾਜਿਆ ਜਾਣ ਲੱਗਾ। ਸਿੱਖ ਲੋਕ ਵਿਸ਼ੇਸ਼ ਹੋ ਗਏ ਸਨ। ਹੁਣ ਸਿੱਖ ਬੰਦੇ ਵਿਚ ਹਿੰਮਤ ਆ ਗਈ ਸੀ ਜੋ ਉਸ ਦੇ ਬਾਕੀ ਦੇ ਸਮਾਜ ਦੇ ਨਾਨ ਮੁਸਲਮਾਨਾਂ ਵਿਚ ਨਹੀਂ ਸੀ। ਹੁਣ ਸਿੱਖ ਦੂਜਿਆਂ ਨੂੰ ਇਮਦਾਦ, ਰਖਵਾਲੀ ਤੇ ਮਦਦ ਕਰਨ ਵਾਲਾ ਸੀ। ਜੋ ਦੇ ਸਕਦਾ ਹੈ, ਲੋਕ ਉਸ ਕੋਲ ਆਉਂਦੇ ਹਨ ਤੇ ਪੰਜਾਬ ਦੇ ਸਮਾਜ ਨੇ ਸਿੱਖਾਂ ਕੋਲ ਆਉਣਾ ਤੇ ਉਨ੍ਹਾਂ ਤੋਂ ਇਮਦਾਦ ਮੰਗਣੀ ਸ਼ੁਰੂ ਕੀਤੀ। ਐਡੀਆਂ ਵੱਡੀਆਂ ਘਟਨਾਵਾਂ ਜਿਨ੍ਹਾਂ ਨੇ ਪੰਜਾਬ (ਪੇਸ਼ਾਵਰ ਤੋਂ ਦਿੱਲੀ ਤੇ ਸਿੰਧ ਮੁਲਤਾਨ ਤੋਂ ਕਸ਼ਮੀਰ-ਲੱਦਾਖ ਤੱਕ) ਦੇ ਇਸ ਸਾਰੇ ਖਿੱਤੇ ਨੂੰ ਹਿਲਾ ਕੇ ਰੱਖ ਦਿੱਤਾ ਤੇ ਸਿੱਖ; ਦੇਣ ਵਾਲੇ (ਦਾਤੇ) ਬਣ ਗਏ। ਇਸ ਕੁਵਤ (ਬਲ) ਨੂੰ ਕਿਸੇ ਸਿੱਖ ਨੇ ਆਧੁਨਿਕ ਕਾਲ ਵਿਚ ਆਪਣੀ ਕੌਮ ਦੇ ਜਿਸਮ ਵਿਚ ਹੀ ਨਹੀਂ ਪਾਇਆ।

ਅੱਜ ਦੇ ਨੌਜੁਆਨ ਸਿੱਖ ਮੁੰਡਿਆਂ ਨੂੰ ਸਿੱਖੀ ਦੀ ਗੁੜ੍ਹਤੀ ਹੀ ਨਹੀਂ ਦਿੱਤੀ ਜਾ ਰਹੀ ਤੇ ਨਾ ਉਨ੍ਹਾਂ ਨੂੰ ਇਸ ਸਮਾਜਿਕ ਪਲਟੇ ਤੋਂ ਵਾਕਿਫ਼ ਕਰਾਇਆ ਜਾ ਰਿਹਾ ਹੈ। ਸਿੱਖੋ ! ਯਾਦ ਕਰੋ ਜਦੋਂ ਤੁਸੀਂ ਹਿੰਦੂ ਸਾਓ (ਸੀ), ਤੁਹਾਨੂੰ ਹਥਿਆਰ-ਸਵਾਰੀ ਰੱਖਣੀ ਮਨ੍ਹਾ ਸੀ। ਤੁਸੀਂ ਆਪਣੀ ਪੱਗ ਦਾ ਤੁਰਾਅ ਉੱਪਰ ਨਹੀਂ ਸੀ ਕਰ ਸਕਦੇ ਤੇ ਜਿਵੇਂ ਹੀ ਤੁਸੀਂ ਸਿੱਖ ਤੇ ਸਿੰਘ ਸਜੇ, ਤਿਵੇਂ ਹੀ ਤੁਹਾਡੇ ਹੇਠ ਸਵਾਰੀ-ਹੱਥਾਂ ਵਿਚ ਹਥਿਆਰ ਤੇ ਤੁਹਾਡਾ ਭਖਦਾ ਰੋਹ ਸੂਰਜੀ ਕੁਵਤ (ਬਲ) ਦਾ ਸੀ। ਸਮਾਜ ਤੁਹਾਥੋਂ ਹਿਫ਼ਾਜ਼ਤਾਂ ਦੀ ਆਸ ਤੇ ਮੰਗ ਕਰਦਾ ਸੀ। ਤੁਸੀਂ ਨਿਮਾਣਿਆਂ ਦਾ ਮਾਣ ਬਣੇ। ਤੁਸਾਂ ਤਬਦੀਲੀਆਂ ਲਿਆਂਦੀਆਂ, ਵਹੀਰਾਂ ਮੋੜੀਆਂ ਤੇ ਰਾਜ ਕਾਇਮ ਕੀਤੇ ਤੇ ਜਦੋਂ ਤੁਸੀਂ ਖਾਲਸਈ ਕੁਵਤ ਨੂੰ ਭੁੱਲੇ ਤਾਂ ਰਾਜ ਗੁਆ ਬੈਠੇ। ਹੁਣ ਆਧੁਨਿਕ ਯੁੱਗ ਵਿਚ ਤੁਹਾਡਾ ਸਭ ਕੁਝ ਟੁੱਟ ਰਿਹਾ ਹੈ ਤੇ ਖਾਲਸਈ ਕੁਵਤ ਤਾਂ ਕੀ, ਤੁਸੀਂ ਖਾਲਸਈ ਨਿਸ਼ਾਨੀਆਂ ਵੀ ਗੁਆ ਰਹੇ ਹੋ। ਪਰ ਇਸ ਵਿਚ ਤੁਹਾਡਾ ਕੀ ਕਸੂਰ-ਝੋਨਾ ਲਾ ਕੇ ਪਾਣੀ ਨਾ ਦਿੱਤਾ ਤਾਂ ਉਸ ਸੁੱਕਣਾ ਹੀ ਏ। ਤੁਹਾਨੂੰ ਤਾਂ ਜਨਮ ਦੇ ਕੇ ਆਜ਼ਾਦ ਛੱਡ ਦਿੱਤਾ ਗਿਆ ਹੈ। ਤੁਹਾਡੀ ਸਿਰਜਣਾ ਨਹੀਂ ਹੋ ਪਾਈ। ਹਾਂ ! ਤੁਸੀਂ ਸਿੱਖਾਂ ਦੇ ਘਰ ਜੰਮੇ ਜ਼ਰੂਰ ਜੇ। ਭਾਰਤੀ ਸਮਾਜ ਜੋ ਸਵਰਨ ਤੇ ਸ਼ੂਦਰਾਂ ਵਿਚ ਵੰਡਿਆ ਤੇ ਨਕਾਰਿਆ ਪਿਆ ਸੀ। ਉਹੀ ਸ਼ੂਦਰਾਂ ਦੇ ਘਰ-ਰੰਘਰੇਟੇ ਤੇ ਮਜ਼ਹਬੀ ਜਦੋਂ ਸਿੱਖ ਤੇ ਖ਼ਾਲਸੇ ਹੋਏ ਤਾਂ ਉਨ੍ਹਾਂ ਮਨੁੱਖਾਂ ਨੂੰ ਹੁਣ ‘ਸਰਦਾਰ ਜੀ’ ਕਰਕੇ ਸੰਬੋਧਨ ਕੀਤਾ ਜਾਣ ਲੱਗਾ ਤੇ ਹੁਣ ਉਹ ਸ਼ੂਦਰ ਨਹੀਂ ਸਨ। ‘ਪਰ ਅੱਜ ਦੇ ਸਮੇਂ ਤੁਸੀਂ ਆਪਣਾ ਨਾਮ ਸ਼ੇਰ ਸਿੰਘ-ਬਘੇਲ ਸਿੰਘ ਜਾਂ ਬਾਜ ਸਿੰਘ ਜੋ ਮਰਜ਼ੀ ਹੈ ਰੱਖ ਲਵੋ ਤੇ ਨਾਲ ਗਿੱਲ, ਰੰਧਾਵਾ, ਸੰਧੂ, ਬਰਾੜ ਕੁਝ ਵੀ ਜੋੜ ਲਓ ਪਰ ਜੇਕਰ ਤੁਸਾਂ ਦਾਹੜੀ ਗੁੰਮ ਕਰ ਲਈ ਹੈ ਤੇ ਪੱਗ ਤਿਆਗ ਦਿੱਤੀ ਹੈ ਤਾਂ ਤੁਸੀਂ ਬਾਬੂ ਜਾਂ ਬਾਬੂ ਜੀ ਤਾਂ ਹੋ ਸਕਦੇ ਹੋ ਪਰ ਸਰਦਾਰ ਜੀ ਕਹਿ ਕੇ ਤੁਹਾਨੂੰ ਕੋਈ ਨਹੀਂ ਬੁਲਾਏਗਾ।’ ਇਕ ਕਰੋੜਪਤੀ ਲਾਲਾ ਹੈ ਉਸ ਨੂੰ ਕੋਈ ਸਰਦਾਰ ਨਹੀਂ ਕਹਿੰਦਾ। ਹਾਂ, ਉਸ ਨੂੰ ਕਈ ਅਮੀਰ ਸੇਠ ਕਹਿ ਦੇਣਗੇ ਪਰ ਸੇਠ ਕੋਲ ਸਿਰਫ਼ ਪੈਸਾ ਏ ਪ੍ਰੰਤੂ ਉਹ ਡਰ ਵਿਚ ਸਦਾ ਖ਼ੌਫ਼-ਜ਼ਦਾ ਰਹਿੰਦਾ ਹੈ ਤੇ ਹਿਫ਼ਾਜ਼ਤ ਲਈ ਹੋਰਾਂ ਉੱਤੇ ਨਿਰਭਰ। ਉਹ ਧਨਵਾਨ-ਮਾਲਕ ਹੋ ਕੇ ਵੀ ਮਦਦ ਕਿਸੇ ਹੋਰ ਤੋਂ ਮੰਗਦਾ ਹੈ। ਪਰ ‘ਮੰਨ ਲਓ ਤੁਹਾਡੇ ਕੋਲ ਜ਼ਮੀਨ ਵੀ ਨਹੀਂ ਰਹੀ-ਤੁਸੀਂ ਜਾਤ ਦੇ ਜੱਟ, ਕੰਬੋਜ, ਰਾਮਗੜ੍ਹੀਏ ਭਾਵੇਂ ਕਿਸੇ ਵੀ ਭਾਈਚਾਰੇ ਵਿਚੋਂ ਹੋ ਪਰ ਜੇਕਰ ਤੁਸੀਂ ਸਾਫ ਸੁਥਰੇ ਸਿੱਖੀ ਸਰੂਪ ਵਿਚ ਹੋ, ਤਾਂ ਹਰ ਥਾਵੇਂ ਸਰਕਾਰੇ-ਦਰਬਾਰੇ, ਰੇਲ ਵਿਚ, ਬੱਸ ਵਿਚ, ਜਨਤਾ ਵਿਚ ਵੱਸਦੇ, ਭਾਰਤ, ਪਾਕਿਸਤਾਨ ਜਾਂ ਬੰਗਲਾਦੇਸ਼ ਵਿਚ-ਤੁਹਾਨੂੰ ‘ਸਰਦਾਰ ਜੀ’ ਉਚਾਰ ਕੇ ਬੁਲਾਇਆ ਜਾਏਗਾ।’ ਸੰਸਾਰ ਵਿਚ ਸੰਚਾਰ ਤੇ ਆਵਾਜਾਈ ਦੇ ਸਾਧਨਾਂ ਦੀ ਰਫਤਾਰ ਤੇਜ਼ ਹੋ ਜਾਣ ਕਾਰਨ, ਸਾਰੀ ਦੁਨੀਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਭਾਰਤ ਵਿਚ ਪੰਜਾਬ ਹੈ ਤੇ ਉਸ ਪੰਜਾਬ ਵਿਚ ਸਰਦਾਰ ਲੋਕ (ਸਿੱਖ) ਵੱਸਦੇ ਹਨ ਤੇ ਤੁਹਾਡੇ ਨਿਆਰੇ ਹੁਲੀਏ ਬਾਰੇ ਗੱਲਾਂ ਕਰਦੇ ਹਨ।

ਸਿੱਖ ਦੋਸਤੋ ! ਤੁਸੀਂ ਸਬਜ਼ੀ ਪਕਾਈ ਪਰ ਲੂਣ ਪਾਉਣਾ ਭੁੱਲ ਗਏ। ਤੁਸਾਂ ਘਿਉ ਪਾ ਕੇ ਆਟਾ ਭੁੰਨਿਆ, ਪਾਣੀ ਪਾਇਆ ਕਿ ਕੜਾਹ ਪ੍ਰਸ਼ਾਦ ਤਿਆਰ ਹੋਵੇ ਪਰ ਖੰਡ ਪਾਉਣੀ ਭੁੱਲ ਗਏ। ਸਬਜ਼ੀ ਵੇਖਣ ਵਿਚ ਠੀਕ ਲੱਗ ਰਹੀ ਹੈ ਪਰ ਖਾਣ ਵਿਚ ਬੇ-ਸੁਆਦੀ-ਕਿਉਂਕਿ ਉਸ ਵਿਚ ਲੂਣ ਨਹੀਂ; ਪ੍ਰਸ਼ਾਦ ਵੇਖਣ ਵਿਚ ਸੋਹਣਾ ਹੈ, ਘਿਉ ਤਰਦਾ ਫਿਰਦਾ ਹੈ ਪਰ ਸਵਾਦ ਵਿਚ ਲੇਵੀ, ਕਿਉਂਕਿ ਉਸ ਵਿਚ ਸ਼ੱਕਰ ਨਹੀਂ ਰਲਾਈ ਗਈ ਤੇ ਬਿਨਾਂ ਮਿੱਠੇ ਤੋਂ ਉਹ ਕੜਾਹ ਪ੍ਰਸ਼ਾਦ ਨਹੀਂ। ਦੋਸਤੋ ! ਤੁਹਾਡੇ ਕੋਲ ਸੋਹਣਾ ਮਜ਼ਬੂਤ ਜਿਸਮ ਹੈ-ਉੱਚੇ ਲੰਮੇ ਹੋ, ਤੁਹਾਡੀ ਪੰਜਾਬੀ ਵਿਚ ਬੋਲਚਾਲ ਜ਼ਬਰਦਸਤ ਹੈ। ਸ਼ਾਇਦ ਜ਼ਬਾਨੀ ਤੁਹਾਨੂੰ ਗੁਰਬਾਣੀ ਦੀਆਂ ਕੁਝ ਤੁਕਾਂ ਵੀ ਆਉਂਦੀਆਂ ਹੋਣ ਜਿਵੇਂ ਹਰ ਬੰਦਾ ਗੁਣ ਗੁਣਾਉਂਦੇ ਹੋਏ ਲੋਕ ਗੀਤ ਚੇਤੇ ਕਰ ਲੈਂਦਾ ਹੈ। ਤੁਹਾਡੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਤੁਹਾਡੇ ਵਿਚੋਂ ਬਤੌਰ ਸਿੱਖ ਦੇ ਇਕ ਜ਼ਰੂਰੀ ਚੀਜ਼ ਗੁੰਮ ਹੈ। ਸ਼ਾਇਦ ਤੁਹਾਨੂੰ ਉਸ ਦੀ ਗੁੜ੍ਹਤੀ ਹੀ ਨਾ ਦਿੱਤੀ ਗਈ ਹੋਵੇ।

ਤੁਹਾਡੇ ਅੰਦਰ ਉਹ ਜਜ਼ਬਾ ਹੀ ਨਾ ਪੈਦਾ ਕੀਤਾ ਗਿਆ ਹੋਵੇ ਜਾਂ ਜ਼ਿਹਨ ਵਿਚ ਸਿੱਖੀ ਤੇ ਖ਼ਾਲਸਈ ਵਿਚਾਰਧਾਰਾ ਹੀ ਪੈਦਾ ਨਾ ਕੀਤੀ ਗਈ ਹੋਵੇ-ਜੇਕਰ ਤੁਹਾਡੇ ਮਾਂ-ਬਾਪ ਜਾਂ ਸਿੱਖੀ ਦੇ ਰਹਿਬਰਾਂ ਨੇ ਤੁਹਾਨੂੰ ਇਹ ਸਭ ਕੁਝ ਦਿੱਤਾ ਹੀ ਨਹੀਂ ਤਾਂ ਇਸ ਵਿਚ ਨੌਜੁਆਨਾਂ ਦਾ ਕੀ ਕਸੂਰ। ਤੁਸੀਂ ਤਾਂ ਫਿਰ ਬਾਇੱਜ਼ਤ ਬਰੀ ਹੋ ਤੇ ਇਸ ਘਾਟ ਦਾ ਦੋਸ਼ ਤਾਂ ਤੁਹਾਡੇ ਰਹਿਬਰਾਂ ਉੱਪਰ ਜਾ ਟਿਕਿਆ। ਗੁੰਮ ਤਾਂ ਉਹ ਚੀਜ਼ ਹੁੰਦੀ ਹੈ ਜੋ ਸਾਡੇ ਪਾਸੇ ਮੌਜੂਦ ਹੈ। ਜੇਕਰ ਉਹ ਦਿੱਤੀ ਹੀ ਨਹੀਂ ਗਈ ਤਾਂ ਉਹ ਗੁੰਮ ਕਿਵੇਂ ਹੋਈ ਤੇ ਗੁੰਮ ਕੀਤੀ ਕਿਸ ਨੇ ? ਅੱਜ ਜ਼ਮੀਨਾਂ ਦੀਆਂ ਕੀਮਤਾਂ ਉੱਪਰ ਗਈਆਂ ਨੇ। ਇਕ ਦੋ ਕਿੱਲੇ ਵੇਚ ਕੇ ਤੁਸਾਂ ਕੋਠੀਆਂ ਵੀ ਪਾ ਲਈਆਂ ਨੇ। ਕਿੱਲਾ ਵੇਚ ਕੇ ਵੱਡੀ ਕਾਰ ਵੀ ਲੈ ਆਂਦੀ ਹੈ। ਹੁਣ ਦੇਸੀ ਦੀ ਥਾਵੇਂ ਵਲੈਤੀ ਸ਼ਰਾਬ ਪੀਣ ਲੱਗ ਪਏ ਹੋਵੋਗੇ।

ਤੁਸੀਂ ਨਹੀਂ ਤਾਂ ਤੁਹਾਡੇ ਅਨੇਕਾਂ ਦੋਸਤਾਂ ਨੇ ਮਸ਼ੀਨੀ-ਦਾੜ੍ਹੀ ਕੁਤਰ ਕੇ ਕੰਨਾਂ ਵਿਚ ਸੋਨੇ ਦੀਆਂ ਮੁੰਦਰਾਂ ਵੀ ਪਾ ਲਈਆਂ ਹੋਣ ਤੇ ਟੈਲੀਫੂਨ-ਸੈਲਫੂਨ ਵੱਡਾ ਟੀ. ਵੀ. ਵੀ ਘਰ ਆ ਗਿਆ ਹੋਵੇ। ਹੁਣ ਤੁਸੀਂ ਤੇ ਤੁਹਾਡੇ ਮਾਪੇ ਠੰਡੀ ਕਾਰ ਤੇ ਠੰਡੇ ਘਰ ਵਿਚ ਜਾਂ ਤਾਂ ਵਧੇਰਾ ਸੌਂ ਗਏ ਹੋਣਗੇ ਜਾਂ ਫਿਰ ਲੋਕ ਗੀਤਾਂ-ਰੈਲੀਆਂ ਤੇ ਪਾਰਟੀ ਪੌਲਿਟਿਕਸ ਤੇ ਹਰ ਮਹੀਨੇ ਇਕ ਤੋਂ ਬਾਅਦ ਇਕ, ਤਰ੍ਹਾਂ ਤਰ੍ਹਾਂ ਦੀਆਂ ਚੋਣਾਂ ਵਿਚ ਉਲਝ ਗਏ ਹੋਣਗੇ, ਪਰ ਜਿਸ ਦਿਨ ਤੁਹਾਡਾ ਜਨਮ ਹੋਇਆ ਸੀ ਤੁਹਾਡੇ ਪੈਰੋਕਾਰ ਕਿਸ ਹਾਲਾਤ ਵਿਚ ਕਿੱਥੇ ਸਨ-ਦੁਖਾਂਤ: ਕਿ ਉਹ ਤੁਹਾਡੇ ਜੀਵਨ ਦੇ ਕੜਾਹ ਪ੍ਰਸ਼ਾਦ ਵਿਚ ਖੰਡ ਪਾਉਣੀ ਤੇ ਦਾਲ-ਸਬਜ਼ੀ ਵਿਚ ਲੂਣ ਪਾਉਣਾ ਭੁੱਲ ਗਏ। ਸਿਰਫ਼ ਇਕ ਚੀਜ਼ ਦੀ ਘਾਟ ਨੇ ਦਾਲ-ਸਬਜ਼ੀ ਤੇ ਪ੍ਰਸ਼ਾਦ ਨੂੰ ਕਿਵੇਂ ਬੇ-ਮਾਅਨੇ ਤੇ ਬੇ-ਸੁਆਦਾ ਕਰ ਦਿੱਤਾ। ਬਾਵਜੂਦ ਤੁਹਾਡੀ ਵੱਡੀ ਦੇਹ ਦੇ ਰੂਬਰੂ ਵੀ ਤੁਹਾਡੇ ਵਿਚ ਸਰਦਾਰੀ ਦੇ ਰੁਤਬੇ ਦਾ ਵਜੂਦ ਨਾ ਉਤਰਿਆ, ਨਾ ਕਾਇਮ ਹੋਇਆ। ‘ਸਿੱਖੀ ਧਰਤੀ ਉੱਤੋਂ ਅਲੋਪ ਨਹੀਂ ਹੋ ਰਹੀ ਬਲਕਿ ਸਿੱਖਾਂ ਵਿਚੋਂ ਸਿੱਖੀ ਗੁੰਮ ਹੋ ਰਹੀ ਹੈ। ਉਹ ਪਤਲੀ ਪੈ ਗੁਆਚ ਰਹੀ ਹੈ।’

ਤੁਹਾਨੂੰ ਚੇਤਾ ਹੋਵੇਗਾ-ਮੈਂ ਲਿਖਿਆ ਸੀ ਕਿ ਤੁਸੀਂ ਸਿਰਫ਼ ਇਕ ਸਿੱਖ ਹੀ ਨਹੀਂ ਤੇ ਨਾ ਹੀ ਸੰਸਾਰ ਦੀ ਭੀੜ ਵਿਚ ਇਕੱਲੇ ਖਲੋਤੇ ਸਿੱਖਾਂ ਦੀ ਨੁਮਾਇੰਦਗੀ ਕਰ ਰਹੇ ਹੋਵੋਗੇ ਸਗੋਂ ਦੁਨੀਆਂ ਦੀਆਂ ਕੌਮਾਂ ਵਿਚ ਖਲੋਤੇ ਤੁਹਾਡੇ ਇਕੱਲਿਆਂ ਵਿਚੋਂ ਸਾਰੀ ਸਿੱਖ ਕੌਮ ਨਜ਼ਰ ਆ ਰਹੀ ਹੋਵੇਗੀ, ਇਸ ਲਈ ਤੁਹਾਡੀ ਹਰ ਹਰਕਤ ਤੇ ਮੂੰਹੋਂ ਬੋਲਿਆ ਬੋਲ ਸੋਚਿਆ-ਸਮਝਿਆ ਹੋਣਾ ਚਾਹੀਦਾ ਹੈ। ਇਹ ਕਿਵੇਂ ਹੋਵੇ ? ਇਸ ਕਿਸਬਤ (ਕਮਾਈ) ਨੂੰ ਹਾਸਲ ਕਰਨ ਲਈ ਰੋਜ਼ਾਨਾ ਕਵੈਤ (ਡਰਿਲ), ਸਖ਼ਤ ਮਿਹਨਤ, ਸੰਘਰਸ਼ ਤੇ ਜ਼ਿਹਨੀ (ਦਿਮਾਗ਼ੀ) ਤਾਕਤ ਦੀ ਜ਼ਰੂਰਤ ਹੈ। ਦੂਸਰਾ ਸਵਾਲ ਹੈ ਦੇਸ਼ ਅਤੇ ਵਿਦੇਸ਼ਾਂ ਵਿਚ ਜੋ ਖੋਰਾ ਸਿੱਖੀ ਨੂੰ ਲੱਗ ਚੁੱਕਾ ਹੈ ਉਸ ਤੋਂ ਸਿੱਖੀ ਨੂੰ ਕਿਵੇਂ ਮਹਿਫ਼ੂਜ਼ ਕੀਤਾ ਜਾਵੇ।

ਇਸ ਸਮੇਂ ਸਿੱਖੀ ਕਮਜ਼ੋਰ ਤੇ ਨਿਰਬਲਤਾ ਦੀ ਹਾਲਤ ਵਿਚ ਹੈ। ਸਿੱਖਿਆ ਤੇ ਵਿੱਦਿਆ ਵਿਚ ਸਿੱਖ ਕੌਮ ਪਿਛੜ ਗਈ ਹੈ। ਮੁੰਡਿਆਂ ਕੋਲ ਸਕੂਲ ਸਰਟੀਫਿਕੇਟ ਤੇ ਕਾਲਜੀ ਡਿਗਰੀਆਂ ਹਨ ਪਰ ਨਿਖਿਧ ਤੇ ਜਾਹਲੀ ਦੇ ਬਰਾਬਰ। ਕੌਮਾਂ ਦਾ ਪੈਮਾਨਾ ਸਨਦਾਂ (ਸਬੂਤ) ਨਹੀਂ ਹੁੰਦੀਆਂ ਬਲਕਿ ਸਾਹਮਣੇ ਦਿਸਦੇ ਕੰਮ ਹੁੰਦੇ ਹਨ। ਸਿੱਖ ਨੌਜੁਆਨ ਬੇਕਾਰ ਇਸ ਲਈ ਨਹੀਂ ਕਿ ਰੁਜ਼ਗਾਰ ਨਹੀਂ, ਬਲਕਿ ਇਸ ਲਈ ਹੈ ਕਿ ਜੋ ਆਧੁਨਿਕ ਰੁਜ਼ਗਾਰ ਹਨ ਉਨ੍ਹਾਂ ਰੁਜ਼ਗਾਰਾਂ ਲਈ ਆਮ ਸਿੱਖ ਨੌਜੁਆਨ ਦੇ ਕੋਲ ਯੋਗਤਾ ਨਹੀਂ। ਜੋ ਕੰਮ ਉਸ ਨੂੰ ਮਿਲਦਾ ਹੈ ਉਸ ਨੂੰ ਸ਼ਰਮ ਹਯਾਅ ਤੇ ਛੋਟਾ ਕੰਮ ਸਮਝ ਕੇ ਕਰਦਾ ਨਹੀਂ ਤੇ ਜੋ ਉਹ ਕਰਨਾ ਚਾਹੁੰਦਾ ਹੈ ਉਸ ਦੇ ਉਹ ਯੋਗ ਨਹੀਂ। ਹੁਣ ਸਮੱਸਿਆ ਦਾ ਕਾਰਨ ਸਾਡੇ ਸਾਹਮਣੇ ਆ ਗਿਆ ਹੈ ਕਿ ਸਿੱਖ ਨੌਜੁਆਨ ਆਧੁਨਿਕ ਕੰਮਾਂ ਦੇ ਯੋਗ ਨਹੀਂ, ਤਾਂ ਫਿਰ ਇਹ ਯੋਗਤਾ ਪੂਰੀ ਕਿਵੇਂ ਕੀਤੀ ਜਾਵੇ ?

ਨੌਜੁਆਨਾਂ ਅਤੇ ਬਚਪਨ ਦੀ ਪਨੀਰੀ ਨੂੰ ਕਿਵੇਂ ਸੰਭਾਲਿਆ ਜਾਵੇ ਤੇ ਕਿਵੇਂ ਆਧੁਨਿਕ ਰੁਜ਼ਗਾਰਾਂ ਦੀ ਸਿਖਲਾਈ ਦਿੱਤੀ ਜਾਵੇ। ਇਸ ਨੁਕਤੇ ਨੂੰ ਪੇਸ਼ ਕਰਨ ਲਈ ਮੈਂ ਸਾਰੀ ਸਿੱਖ ਕੌਮ ਦਾ ਧਿਆਨ ਜਪਾਨੀਆਂ ਵੱਲ ਲੈ ਜਾਂਦਾ ਹਾਂ। ਜੋ 1848 ਤੱਕ ਦੁਨੀਆਂ ਦੇ ਦੇਸ਼ਾਂ ਤੋਂ 200 ਸਾਲ ਪਿੱਛੇ ਸਨ। ਉਨ੍ਹਾਂ ਨੇ ਸਿੱਖਿਆ ਦਾ ਵਿਕਾਸ ਕੀਤਾ ਅਤੇ ਦਸਤਕਾਰੀ ਤੇ ਉਦਯੋਗਾਂ ਦੇ ਕਾਰਨ ਜਾਪਾਨ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਵਿਚ ਸ਼ਾਮਲ ਹੋ ਗਿਆ।

ਦੂਸਰੀ ਉਦਾਹਰਨ ਯਹੂਦੀਆਂ ਦੀ ਹੈ। ਇਸ ਕੌਮ ਨੇ ਸੰਸਾਰ ਵਿਚ ਵਿਗਿਆਨ, ਉਦਯੋਗ, ਅਰਥ ਤੇ ਸਿੱਖਿਆ ਵਿਚ ਪਹਿਲਾ ਮੁਕਾਮ ਹਾਸਲ ਕੀਤਾ ਹੋਇਆ ਹੈ। ਇਨ੍ਹਾਂ ਨੇ ਸੰਸਾਰ ਵਿਚ ਸਭ ਤੋਂ ਵੱਧ ਕਾਢਾਂ ਕੱਢੀਆਂ ਤੇ ਨੋਬਲ ਪ੍ਰਾਈਜ਼ ਜਿੱਤੇ। ਬੇਸ਼ੱਕ ਇਤਿਹਾਸ ਵਿਚ ਇਸ ਕੌਮ ਨੂੰ ਬੜੀ ਵਾਰੀ ਸਤਾਇਆ ਗਿਆ ਪਰ ਇਹ ਉਭਰਦੇ ਹੀ ਚਲੇ ਆਏ ਹਨ। ਇਹ ਲੋਕ ਯੋਗ ਹਨ, ਅਮੀਰ ਹਨ, ਉਦਯੋਗਪਤੀ ਹਨ, ਵਿਸ਼ਵ ਵਿਦਿਆਲਿਆਂ ਤੇ ਕਾਲਜਾਂ ਵਿਚ ਇਨ੍ਹਾਂ ਬਾਜ਼ੀ ਮਾਰ ਰੱਖੀ ਹੈ। ਸੰਸਾਰ ਵਿਚ ਬੜੇ ਉੱਚ ਪੱਧਰੀ ਰੁਤਬੇ ਇਨ੍ਹਾਂ ਕੋਲ ਹਨ। ਸਿਆਸਤ ਵਪਾਰ ਵਿਚ ਇਨ੍ਹਾਂ ਦੀ ਰੀਸ ਨਹੀਂ। ਇਨ੍ਹਾਂ ਨੇ ਇਜ਼ਰਾਈਲ ਦੇ ਰੇਗਿਸਤਾਨ ਨੂੰ ਕਿਵੇਂ ਘੱਟੋ-ਘੱਟ ਪਾਣੀ ਨਾਲ ਹਰਾ-ਭਰਾ ਕਰ ਦਿੱਤਾ ਹੈ। ਵਸੀਲਿਆਂ ਦੀ ਘਾਟ ਹੋਣ ਦੇ ਬਾਵਜੂਦ ਇੱਥੇ ਉਦਯੋਗ ਤੇ ਉਪਕਰਨਾਂ ਦੀ ਤਰੱਕੀ ਹੋਈ ਹੈ। ਇਸ ਦੇ ਉਲਟ ਨੇਪਾਲ ਨੂੰ ਵੇਖੋ। ਵਾਤਾਵਰਣ ਕਿੰਨਾ ਠੰਡਾ ਤੇ ਅਨੁਕੂਲ ਹਰਿਆ ਭਰਿਆ। ਗੋਰਖੇ ਬਹਾਦਰ ਹਨ, ਪਰ ਚੌਕੀਦਾਰਾ/ਰਖਵਾਲੀ ਦੇ ਕੰਮਾਂ ਲਈ ਜਾਣੇ ਜਾਂਦੇ ਹਨ। ਇਸੇ ਤਰ੍ਹਾਂ ਸਿੱਖ ਚੰਗੇ ਯੋਧੇ ਹੋਣ ਦੇ ਬਾਵਜੂਦ ਦੇਸ਼ ਤੇ ਵਿਦੇਸ਼ਾਂ ਵਿਚ ਬਤੌਰ ਟੈਕਸੀ ਤੇ ਟਰੱਕ ਡਰਾਈਵਰਜ਼ ਜਾਂ ਵੱਡੇ ਹੋਟਲਾਂ ਦੇ ਦਰਬਾਨ ਦੇ ਤੌਰ ’ਤੇ ਮਸ਼ਹੂਰ ਹੋ ਗਏ ਹਨ। ਸਿੱਖ ਗੰਭੀਰਤਾ ਨਾਲ ਅਹਿਸਾਸ ਕਰਨ ਕਿ ਕੀ ਸਿੱਖੀ ਦਾ ਬੀਜ ਤੇ ਖਾਲਸਾ ਸਿਰਜਣਾ ਇਨ੍ਹਾਂ ਦੋਹਾਂ ਕੰਮਾਂ ਤੇ ਖੇਤੀ ਵਾਸਤੇ ਹੀ ਕੀਤੀ ਗਈ ਸੀ ?

ਸਮਾਂ ਕਿੰਨਾ ਬਦਲ ਗਿਆ ਹੈ ਪਰ ਦੂਰ ਵੱਸਦੇ ਸਿੱਖਾਂ ਦੀ ਸੋਚ ਸਮੇਂ ਦੇ ਨਾਲ ਨਾਲ ਕਿਉਂ ਨਹੀਂ ਉੱਠੀ ।  70 ਸਾਲਾਂ ਦੀ ਆਜ਼ਾਦੀ ਵਿਚ ਵੀ ਪੰਜਾਬ ਦੇ ਪਿੰਡਾਂ ਦੀ ਸਿੱਖਿਆ ਦਾ ਹੁਲੀਆ ਹੀ ਨਹੀਂ ਬਦਲਿਆ। ਕੌਮ ਹਮੇਸ਼ਾ ਸਾਧੂਆਂ-ਸੰਤਾਂ ਤੇ ਡੇਰਿਆਂ ਦੇ ਵਿਚਕਾਰ ਹੀ ਗੁੰਮ ਹੋ ਜਾਂਦੀ ਰਹੀ ਹੈ। ਨਵੇਂ ਯੁੱਗ ਵਿਚ ਵੀ ਸਿੱਖਾਂ ਨੂੰ ਪੜ੍ਹਾਈ ਦੇ ਪੱਖੋਂ ਹੋਸ਼ ਨਹੀਂ ਆਈ। ਪਿਛਲੇ ਕੁਝ ਸਮੇਂ ਤੋਂ ਮੁੰਡਿਆਂ ਨੇ ਟੀ. ਵੀ. ਸੰਗੀਤ ਤੇ ਆਧੁਨਿਕ ਫੈਸ਼ਨ ਕਰਕੇ ਪੱਗਾਂ ਲਾਹ ਦਿੱਤੀਆਂ ਹਨ। ਹੁਣ ਉਹ ਨੌਜੁਆਨ ਕੇਸਾਂ ਤੇ ਪੱਗਾਂ ਨੂੰ ਪੰਗਾ ਕਹਿੰਦੇ ਹਨ। ਮੈਟ੍ਰਿਕ ਬਾਪੂ ਨੇ ਪਾਸ ਕਰਵਾਈ, ਡਿਗਰੀ ਟੀਚਰਾਂ ਤੋਂ ਕਰਵਾ ਲਈ। ਹੁਣ ਬਾਪੂ ਹੋਰ ਜ਼ਮੀਨ ਵੇਚੇਗਾ ਤੇ ਪੁੱਤ ਚੋਰ ਦਰਵਾਜ਼ੇ ਰਾਹੀਂ ਵਿਦੇਸ਼ ਡਾਲਰ ਕਮਾਉਣ ਜਾਏਗਾ। ਇਸੇ ਉਮੀਦ ਵਿਚ ਹੁਣ ਪੇਂਡੂ ਨੌਜੁਆਨ ਸ਼ਹਿਰਾਂ ’ਚ ਆ ਕੇ ਅੰਗੇਰਜ਼ੀ ਸਿੱਖ ਰਹੇ ਹਨ।

ਹੈਰਾਨੀ ਦੀ ਗੱਲ ਹੈ ਕਿ ਜੋ ਲੋਕ ਦਹਾਕਾ ਸੱਠ ਜਾਂ ਸਤਰ ਵਿਚ ਅਮਰੀਕਾ, ਕੈਨੇਡਾ ਜਾਂ ਇੰਗਲੈਂਡ ਗਏ ਤੇ ਉਨ੍ਹਾਂ ਦੇ ਧੀਆਂ ਪੁੱਤਰ ਵੀ ਉੱਥੇ ਹੀ ਜੰਮੇ ਪਰ ਪ੍ਰੋਫੈਸ਼ਨਲ ਉਨ੍ਹਾਂ ਵਿਚ ਵੀ ਕੋਈ ਨਾ ਬਣ ਸਕਿਆ, ਜ਼ਿਆਦਾਤਰ ਪੰਜਾਬ ਤੋਂ ਗਏ ਲੋਕ ਟੈਕਸੀਆਂ ਤੇ ਟਰੱਕ ਚਲਾ ਰਹੇ ਨੇ ਜਾਂ ਬਾਗਾਂ ਤੇ ਖੇਤਾਂ ਵਿਚੋਂ ਸਬਜ਼ੀ, ਫਲ਼, ਤੋੜਦੇ ਤੇ ਡੱਬਿਆਂ ਵਿਚ ਬੰਦ ਕਰਨ ਦਾ ਕੰਮ ਕਰਦੇ ਨੇ। ਉਨ੍ਹਾਂ ਦੀਆਂ ਤ੍ਰੀਮਤਾਂ (ਔਰਤਾਂ) ਵੀ ਕਾਰਖਾਨਿਆਂ, ਬੇਕਰੀਜ਼, ਹੋਟਲ ਤੇ ਰੈਸਟੋਰੈਂਟਾਂ ਵਿਚ ਹੇਠਲੇ ਕੰਮ ਕਰਦੀਆਂ ਨੇ। ਉਨ੍ਹਾਂ ਐਨੇ ਪੁਰਾਣੇ ਗਏ ਲੋਕਾਂ ਨੇ ਐਨੇ ਵਧੀਆ ਦੇਸ਼ਾਂ ਵਿਚ ਵੀ ਪਹੁੰਚ ਕੇ ਕੀ ਸਿੱਖਿਆ ? ਇਸ ਮਸਲੇ ਉੱਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਪੰਜਾਬ ਦਾ ਬੰਦਾ ਕਿਉਂ ਵਿੱਦਿਆ ਤੇ ਵਿਗਿਆਨ ਵੱਲ ਨਹੀਂ ਵਧ ਰਿਹਾ। ਸਿਵਾਏ ਡਾਕਟਰ ਹਰਗੋਬਿੰਦ ਖੁਰਾਨਾ ਦੇ ਕੋਈ ਵੀ ਨਾਮਵਰ ਪੰਜਾਬੀ ਖੋਜ ਦੇ ਕੰਮਾਂ ਵੱਲ ਦਿਲਚਸਪੀ ਨਹੀਂ ਵਿਖਾ ਰਿਹਾ।

ਜੇ ਸਿੱਖ ਕੌਮ ਨੇ ਉੱਠਣਾ ਹੈ ਤਾਂ ਸਿੱਖ ਬੱਚਿਆਂ ਵਿਚ ਪ੍ਰੋਫੈਸ਼ਨਲ ਵਿੱਦਿਆ, ਵਪਾਰ ਤੇ ਉਦਯੋਗਾਂ ਦੀ ਤਰਬੀਅਤ (ਸਿੱਖਿਆ) ਦਾ ਪਸਾਰ ਕਰਨਾ ਹੋਵੇਗਾ। ਬੇਸ਼ੱਕ ਤੁਸੀਂ ਇੱਥੇ ਦੇਸ਼ ਵਿਚ ਹੋ ਜਾਂ ਵਿਦੇਸ਼ਾਂ ਵਿਚ, ਆਪਣੇ ਬੱਚਿਆਂ ਦੀ ਤਰਬੀਅਤ (ਸਿੱਖਿਆ) ਵਿਚ ਕਰਾਂਤੀ ਲਿਆਓ। ਉਨ੍ਹਾਂ ਨੂੰ ਮੁੱਢ ਤੋਂ ਹੀ ਅਹਿਸਾਸ ਕਰਾਓ ਕਿ ਹੁਣ ਜੀਵਨ; ਜ਼ਿਹਨੀ (ਦਿਮਾਗ਼ੀ) ਤੇ ਦਸਤਕਾਰੀ (ਕਾਰੀਗਰੀ) ਦਾ ਮੁਕਾਬਲਾ ਹੈ ।

ਸਿੱਖਾਂ ਉੱਤੇ ਜੋ ਡਰੈਵਰੀ ਦੀ ਮੋਹਰ ਲੱਗ ਚੁੱਕੀ ਹੈ ਉਸ ਨੂੰ ਸਿਰਫ਼ ਵਿੱਦਿਆ ਤੇ ਵਿਗਿਆਨ ਦੀ ਪੜ੍ਹਾਈ ਨਾਲ ਹੀ ਧੋਇਆ ਜਾ ਸਕਦਾ ਹੈ। ਇਸ ਮੋਹਰ ਦੇ ਕਾਰਨ ਹੀ ਤੁਹਾਡੀ ਸੰਸਾਰ ਵਿਚ ਵੱਖਰੀ ਪਹਿਚਾਣ ਹੋਣ ਦੇ ਨਾਲ ਵੀ ਤੁਹਾਡੀ ਹਸਤੀ ਨੂੰ ਨਹੀਂ ਪਹਿਚਾਣਿਆ ਜਾ ਰਿਹਾ। ਜੇ ਤੁਸੀਂ ਆਪਣੀ ਪਹਿਚਾਣ ਦੇ ਨਾਲ-ਨਾਲ ਹਸਤੀ ਕਾਇਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਯਹੂਦੀਆਂ ਵਾਂਗੂੰ ਵਿਗਿਆਨ ਤੇ ਵਪਾਰੀ, ਜਪਾਨੀਆਂ-ਕੋਰੀਆਈਆਂ ਤੇ ਚੀਨੀਆਂ ਵਾਂਗੂੰ ਆਧੁਨਿਕਤਾ ਵਿਚ ਕਿਵੇਂ ਬਦਲਣਾ ਤੇ ਦਸਤਕਾਰੀ ਦੇ ਉਦਯੋਗਾਂ ਨੂੰ ਅਪਣਾਅ ਕੇ ਉਤਪਾਦਨ ਵਧਾਉਣਾ ਤੇ ਦੁਨੀਆਂ ਦੇ ਬਾਜ਼ਾਰਾਂ ਉੱਤੇ ਕਬਜ਼ੇ ਕਰ ਲੈਣ ਵਰਗੇ ਕੰਮ ਕਰਨੇ ਹੋਣਗੇ। ਪਿਛਲੇ 50 ਸਾਲਾਂ ਵਿਚ ਖੇਤੀ ਦੀ ਪੈਦਾਵਾਰ ਨੂੰ ਛੱਡ ਕੇ ਕੌਮ ਬਾਕੀ ਕੰਮਾਂ ਵਿਚ ਥੱਲੇ ਨੂੰ ਗਈ ਹੈ ਤੇ ਇਸ ਸਾਰੇ ਸਮੇਂ ਵਿਚ ਸਿਆਸਤਦਾਨ ਤਾਂ ਇਕ ਤੋਂ ਇਕ ਚੜ੍ਹਦੇ ਹੋਏ ਪਰ ਕੋਈ ਵੀ ਦੂਰਦ੍ਰਿਸ਼ਟੀ ਵਾਲਾ ਸਿੱਖ ਜਿਸ ਨੇ ਸਿੱਖ ਕੌਮ ਦੀ ਤਾਲੀਮ ਤੇ ਉਦਯੋਗੀਕਰਨ ਵੱਲ ਸੋਚਿਆ ਹੋਵੇ, ਨਹੀਂ ਹੋਇਆ। ਸਿਰਫ਼ ਤੇ ਸਿਰਫ਼ ਵਿੱਦਿਆ, ਵਿਗਿਆਨ, ਉਦਯੋਗ ਤੇ ਵਪਾਰ ਹਨ, ਜੋ ਕੌਮ ਨੂੰ ਉਚਾ ਉੱਠਾ ਸਕਦੇ ਹਨ। ਜਿਸ ਦਿਨ ਸਿੱਖ ਯਹੂਦੀਆਂ ਵਾਂਗੂੰ ਅਧਿਆਪਕ ਹੋਣਗੇ ਤੇ ਇਕ ਇਕ ਬੱਚੇ ਨੂੰ ਘੇਰ ਕੇ ਸਿਖਲਾਈ ਯਾਫ਼ਤਾ ਦੇ ਦਾਇਰਿਆਂ ਵਿਚ ਬੰਨ੍ਹ ਲੈਣਗੇ ਤਾਂ ਕੌਮ ਵਿਚ ਤਬਦੀਲੀ ਆਵੇਗੀ। ਫਿਰ ਸਿੱਖ ਨੌਜੁਆਨ ਟਰੱਕ ਚਲਾਉਣ ਵਾਲੇ ਡਰਾਈਵਰ ਨਹੀਂ ਬਲਕਿ ਟਰੱਕ ਤੇ ਕਾਰਾਂ ਬਣਾ ਕੇ ਵੇਚਣ ਵਾਲੇ ਉਦਯੋਗਪਤੀ ਬਣ ਜਾਣਗੇ। ਪ੍ਰੋਫੈਸ਼ਨਲ, ਉਦਯੋਗਪਤੀ, ਵਪਾਰੀ ਤੇ ਸ਼ੋ ਰੂਮਾਂ ਦੇ ਮਾਲਕ ਹੋਣਗੇ। ਫਿਰ ਉਨ੍ਹਾਂ ਨੂੰ ਗੈਸੋਲੀਨ ਪੰਪਾਂ ਉੱਤੇ ਛੋਟੀਆਂ ਮਜ਼ਦੂਰੀਆਂ ਨਹੀਂ ਕਰਨੀਆਂ ਪੈਣਗੀਆਂ। ਫਿਰ ਉਹ ਪੈਸੇ ਦੇ ਮਾਲਕ ਹੋਣਗੇ ਤੇ ਸਿੱਖ ਆਪਣੇ ਦੇਸ਼ ਤੋਂ ਬਾਹਰ ਵਿਦੇਸ਼ਾਂ ਵਿਚ ਆਪਣੇ ਪੈਸੇ ਦਾ ਨਿਵੇਸ਼ ਕਰਨਗੇ। ਦੇਸ਼ ਤੇ ਵਿਦੇਸ਼ਾਂ ਦੀਆਂ ਸਰਕਾਰਾਂ ਅਤੇ ਕੰਪਨੀਆਂ ਤੇ ਉਦਯੋਗਤੀਆਂ ਦੇ ਬੁਲਾਵੇ ਆਉਣਗੇ। ਤੁਹਾਨੂੰ ਨਿਮੰਤਰਣ ਪੱਤਰ ਮਿਲਣਗੇ। ਤੁਸੀਂ ਖ਼ਾਲਸੇ ਦੇ ਅਰੰਭ ਵਿਚ ਜਿਵੇਂ ਲੋਕਾਂ ਦੇ ਮਦਦਗਾਰ ਸੀ ਤੁਸੀਂ ਹੁਣ ਫਿਰ ਦੁਬਾਰਾ ਦੇਣ ਵਾਲੇ ਬਣ ਸਕਦੇ ਹੋ ਤੇ ਫਿਰ ਤੁਹਾਡੀ ਦਾਹੜੀ ਬੇਸ਼ੱਕ ਖੁਲ੍ਹੀ ਹੋਵੇਗੀ ਜਾਂ ਬੱਝੀ ਹੋਈ ਉਸ ਦਾ ਕੋਈ ਪ੍ਰਸਨੈਲਿਟੀ ਟੈਸਟ ਜਾਂ ਪੁਆਇੰਟ ਨਹੀਂ ਕੱਟਿਆ ਜਾਵੇਗਾ ਤੇ ਨਾ ਟੈਸਟ ਦੇਣਾ ਪਵੇਗਾ।

ਅਜਿਹੇ ਮਿਆਰ ਉੱਤੇ ਉਹੀ ਬੰਦੇ ਤੇ ਕੌਮਾਂ ਪਹੁੰਚ ਸਕਦੀਆਂ ਨੇ ਜੋ ਖ਼ਜ਼ਾਨਾ ਪੈਦਾ ਕਰ ਸਕਣ, ਵਿੱਦਿਆ ਤੇ ਵਿਗਿਆਨ ਦਾ, ਅਕਲ ਤੇ ਸੂਝ ਸਿਆਣਪ ਦਾ, ਧਨ ਤੇ ਵਸਤਾਂ ਦਾ, ਹੱਥਾਂ ਦੀ ਦਸਤਕਾਰੀ ਤੇ ਜ਼ਿਹਨੀ (ਦਿਮਾਗ਼ੀ) ਵਿਉਂਤਾਂ ਦਾ, ਡਾਕਟਰੀ ਤੇ ਇੰਜੀਨੀਰਿੰਗ ਦਾ, ਬਾਗਾਂ, ਖੇਤਾਂ ਤੇ ਜੰਗਲਾਂ ਦਾ। ਜਦੋਂ ਇਹ ਸਭ ਕੁਝ ਬੰਦਿਆਂ ਤੇ ਕੌਮਾਂ ਨੂੰ ਹਾਸਲ ਹੋ ਜਾਂਦਾ ਹੈ ਜਿਵੇਂ ਇੰਗਲੈਂਡ, ਅਮਰੀਕਾ, ਜਰਮਨੀ, ਫਰਾਂਸ, ਜਾਪਾਨ, ਕੋਰੀਆ ਤੇ ਹੁਣ ਦਿਨਾਂ ਤੇ ਸਾਲਾਂ ਵਿਚ ਉਭਰ ਖਲੋਤੇ ਚੀਨ ਨੇ ਹਾਸਲ ਕਰ ਲਿਆ ਹੈ ਤਾਂ ਦੂਸਰੇ ਮਨੁੱਖ ਤੇ ਦੇਸ਼ ਜਿਨ੍ਹਾਂ ਕੋਲ ਨਹੀਂ ਹੁੰਦਾ ਉਹ ਹੁੰਦਿਆਂ ਕੋਲੋਂ ਆਸ ਕਰਦੇ ਹਨ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ। ਵੱਡਾ ਉਹ ਹੁੰਦਾ ਹੈ ਜੋ ਲੋੜ ਪੂਰੀ ਕਰਨ ਦੇ ਯੋਗ ਹੁੰਦਾ ਹੈ ਤੇ ਲੋੜਵੰਦ ਨੂੰ ਨਿਰਭਰ ਕਹਿੰਦੇ ਹਨ। ਜੋ ਮੈਂ ਖ਼ਜ਼ਾਨਿਆਂ ਦਾ ਨੁਕਤਾ ਪੇਸ਼ ਕੀਤਾ ਹੈ ਜ਼ਰਾ ਸਿੱਖ ਸੋਚਣ ਕਿ ਖੇਤੀ ਨੂੰ ਛੱਡ ਕੇ ਉਨ੍ਹਾਂ ਕੋਲ ਕੋਈ ਹੋਰ ਵੀ ਖ਼ਜ਼ਾਨਾ ਹੈ ? ਕੀ ਤੁਹਾਡੇ ਉੱਤੇ ਕੋਈ ਨਿਰਭਰ ਹੈ ? ਤੁਸੀਂ ਕਿਸੇ ਦੀ ਲੋੜ ਹੋ ? ਜੁਆਬ ਹੈ ਨਹੀਂ। ਸਗੋਂ ਤੁਸੀਂ ਤਾਂ ਦੂਜਿਆਂ ਉੱਤੇ ਨਿਰਭਰ ਹੋ, ਰੁਜ਼ਗਾਰ ਲਈ, ਪੈਸੇ ਲਈ, ਵਿਵਸਾਇ (ਕਿੱਤੇ) ਲਈ। ਦੁਨੀਆਂ ਦੇ ਕਮਜ਼ੋਰ ਦੇਸ਼ ਵਿਸ਼ਵ ਬੈਂਕ, ਆਈ. ਐਮ. ਐਫ. ਅਮਰੀਕਾ, ਜਾਪਾਨ ਵੱਲ ਕਿਉਂ ਜਾ ਰਹੇ ਹਨ ਕਿਉਂਕਿ ਉਹ ਲੋੜ ਪੂਰੀ ਕਰ ਸਕਦੇ ਹਨ, ਦੇ ਸਕਦੇ ਹਨ। ਜੇ ਤੁਸੀਂ ਸੰਸਾਰ ਦੀਆਂ ਕੌਮਾਂ ਦੇ ਬਰਾਬਰ ਪਹੁੰਚਣਾ ਚਾਹੁੰਦੇ ਹੋ ਤਾਂ ਯੋਗਤਾਵਾਂ ਦਾ, ਧਨ ਦਾ, ਉਦਯੋਗਾਂ ਤੇ ਪ੍ਰੋਫੈਸ਼ਨਲਜ਼ ਦਾ ਖਜ਼ਾਨਾ ਪੈਦਾ ਕਰੋ। ਕੌਮ ਨੂੰ ਦੂਜਿਆਂ ਦੀ ਲੋੜ ਪੂਰੀ ਕਰਨ ਦੇ ਕਾਬਲ ਬਣਾਓ। ਜ਼ਮੀਨਾਂ ਵੇਚ ਕੇ ਜਾਂ ਕੁਰੱਪਸ਼ਨ ਕਰਕੇ ਕਾਰਾਂ ਖਰੀਦਣ ਤੇ ਕੋਠੀਆਂ ਪਾਉਣ ਨਾਲ ਤੁਸੀਂ ਕਿਸੇ ਨੂੰ ਦੇਣ ਦੇ ਯੋਗ ਨਹੀਂ ਹੋ ਸਕਦੇ। ਮੈਂ ਆਪਣੇ ਇਕ ਮਿੱਤਰ ਬਾਣੀਏ ਨੂੰ ਦੱਸਿਆ ਕਿ ਸਾਡੇ ਨਾਲ ਦਾ ਘਰ ਸਸਤਾ ਵਿਕਾਊ ਹੈ, ਉਸ ਨੇ ਮੈਨੂੰ ਜਵਾਬ ਦਿੱਤਾ ਦੁਕਾਨ ’ਚੋਂ ਘਰ ਬਣ ਜਾਂਦਾ ਹੈ, ਘਰ ’ਚੋਂ ਦੁਕਾਨ ਨਹੀਂ ਬਣਦੀ। ਮੈਂ ਦੁਕਾਨ ਅਜੇ ਪੂਰੀ ਕਰਨੀ ਹੈ। ਉਸ ਨੇ ਮੈਨੂੰ ਦੱਸ ਕੇ ਸੋਚਾਂ ਦਾ ਰਾਹ ਵਿਖਾ ਦਿੱਤਾ।

ਸੋ ਮੇਰੇ ਦੋਸਤੋ ! ਤੁਹਾਨੂੰ ਮੇਰੇ ਇਸ ਦੋਸਤ ਬਾਣੀਏ ਦੀ ਗੱਲ ਕਿਹੋ ਜਿਹੀ ਲੱਗੀ। ਹਾਂ ਤੁਸੀਂ ਦੇਣ ਦੇ ਯੋਗ ਹੋ ਸਕੋਗੇ ਜਿਸ ਦਿਨ ਤੁਸੀਂ ਆਪਣੇ ਲਈ ਘਰ ਜਾਂ ਕਾਰ ਜ਼ਮੀਨ ਵੇਚ ਕੇ ਜਾਂ ਕੁਰੱਪਸ਼ਨ ਕਰਕੇ ਨਹੀਂ, ਆਪਣੀ ਦੁਕਾਨ ’ਚੋਂ, ਆਪਣੇ ਵਿਵਸਾਏ ਵਿਚੋਂ ਬਣਾਉਗੇ। ਉਸ ਦਿਨ ਤੁਸੀਂ ਮੇਰੇ ਤੋਂ ਉੱਪਰ ਖਲੋਤੇ ਹੋਵੋਗੇ; ਜਿਸ ਦਿਨ ਤੁਸੀਂ ਕਾਰਾਂ, ਟਰੈਕਟਰ, ਟਰਬਾਈਨਜ਼, ਸਾਜ਼ੋ-ਸਾਮਾਨ ਤੇ ਮਸ਼ੀਨਰੀ ਬਣਾ ਕੇ ਆਪ ਖੁਦ ਵੇਚਣ ਦੇ ਯੋਗ ਹੋ ਜਾਉਗੇ। ਅੱਜ ਜਿਵੇਂ ਤੁਸੀਂ ਸਾਰੇ ਵੱਡੇ ਛੋਟੇ ਸਿੱਖ ਆਪਣੀ ਵੱਖਰੀ ਪਹਿਚਾਣ ਤੇ ਸਾਬਤੀ ਨੂੰ ਬਰਕਰਾਰ ਰੱਖਣ ਲਈ ਆਪਣੇ ਹੀ ਦੇਸ਼ ਤੇ ਵਿਦੇਸ਼ਾਂ ਵਿਚ ਸੰਘਰਸ਼ ਕਰ ਰਹੇ ਹੋ ਤੇ ਤੁਹਾਡੀ ਵੱਖਰੀ ਪਹਿਚਾਣ ਦੀ ਸੁਣਾਈ ਨਹੀਂ ਹੋ ਰਹੀ। ਆਪਣਾ ਨੁਕਤਾ-ਏ-ਨਜ਼ਰ ਬਦਲੋ, ਦੇਣ ਦੇ ਖਜ਼ਾਨੇ ਪੈਦਾ ਕਰੋ, ਦੁਨੀਆਂ ਵਾਲੇ ਤੁਹਾਡੇ ਉੱਤੇ ਸ਼ੱਕ ਜਾਂ ਪ੍ਰਸਨੈਲਿਟੀ ਟੈਸਟ ਤਾਂ ਕੀ ਤੁਹਾਡੀ ਪਹਿਚਾਣ ਨੂੰ ਸਲਾਮ ਕਰਨਗੇ, ਮਾਨਤਾ ਦੇਣਗੇ, ਤੁਹਾਡਾ ਸਨਮਾਨ ਕਰਨਗੇ ਤੇ ਤੁਹਾਡੀ ਪਹਿਚਾਣ ਨੂੰ ਅਪਣਾਉਣ ਲਈ ਤਿਆਰ ਹੋਣਗੇ।

ਆਮੀਨ !

ਇਹ ਲੇਖ ਵਿਦਵਾਨ ਲੇਖਕ ਹੁਸਨ-ਓਲ-ਚਿਰਾਗ ਜੀ ਦੁਆਰਾ ਲਿਖਿਆ ਹੋਇਆ ਹੈ, ਜੋ ਇਸਲਾਮ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਲੇਖਕ ਨੇ ਬੜੀ ਸ਼ਿੱਦਤ ਨਾਲ ਖੁਰਦੇ ਜਾ ਰਹੇ ਸਿੱਖੀ ਸਰੂਪ ਤੇ ਸਿੱਖੀ ਸਭਿਆਚਾਰ ਨੂੰ ਪਹਿਚਾਣ ਕੇ ਪੂਰੀ ਸਿੱਖ ਕੌਮ ਨੂੰ ਹਲੂਣੇ ਦਿੱਤੇ ਹਨ। ਇਹ ਲੇਖ ਬੇਸ਼ੱਕ ਕਾਫ਼ੀ ਲੰਬਾ ਹੈ, ਪਰ ਮੇਰੀ ਆਪ ਜੀ ਦੇ ਸਨਮੁੱਖ ਬੇਨਤੀ ਹੈ ਕਿ ਇਸ ਨੂੰ ਜ਼ਰੂਰ ਪੜੋ ਅਤੇ ਆਪਣੇ ਪਰਿਵਾਰ ਤੇ ਦੋਸਤਾਂ ਮਿੱਤਰਾਂ ਸਮੇਤ ਹੋਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ।