ਖ਼ਾਲਿਸਤਾਨੀ ਲਹਿਰ ਨੂੰ ਸੁਰਜੀਤ ਕਰਨ ਦਾ ਆਧਾਰ

0
339

ਖ਼ਾਲਿਸਤਾਨੀ ਲਹਿਰ ਨੂੰ ਸੁਰਜੀਤ ਕਰਨ ਦਾ ਆਧਾਰ

ਕਿਰਪਾਲ ਸਿੰਘ ਬਠਿੰਡਾ

ਮੌਜੂਦਾ ਦੌਰ ’ਚ ਜਦੋਂ ਵੱਡੀ ਗਿਣਤੀ ਸਿੱਖ ਨੌਜਵਾਨਾਂ ’ਚ ਪਤਿਤਪੁਣੇ ਤੇ ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ; ਸਿੱਖਾਂ ਦੀ ਵੱਡੀ ਗਿਣਤੀ ਧਰਮ ਪਰਿਵਰਤਨ ਕਰਕੇ ਈਸਾਈਅਤ ਅਤੇ ਦੇਹਧਾਰੀ ਗੁਰੂ ਡੰਮ ਡੇਰਿਆਂ ਵੱਲ ਜਾ ਰਹੀ ਹੈ, ਉਸ ਸਮੇਂ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ‘ਵਾਰਸ ਪੰਜਾਬ ਦੇ’ ਜਥੇਬੰਦੀ ਦਾ ਵਧ ਰਿਹਾ ਸ਼ੁਰੂਆਤੀ ਪ੍ਰਭਾਵ ਬਹੁਤ ਹੀ ਉਤਸ਼ਾਹ ਜਨਕ ਅਤੇ ਸਿੱਖ ਕੌਮ ਲਈ ਸ਼ੁਭ ਸੰਕੇਤ ਜਾਪਦਾ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਮੁੱਖ ਗ੍ਰੰਥੀ ਦੇ ਦੱਸਣ ਅਨੁਸਾਰ 25 ਸਤੰਬਰ 2022 ਦਿਨ ਐਤਵਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤਪਾਨ ਕਰਨ ਵਾਲਿਆਂ ਦੀ ਤਿਆਰ ਕੀਤੀ ਸੂਚੀ ’ਚ 900 ਤੋਂ ਵੱਧ ਅੰਮ੍ਰਿਤ ਅਭਿਲਾਖੀਆਂ ਦੇ ਨਾਮ ਸ਼ਾਮਲ ਹਨ। ਤਖ਼ਤ ਸਾਹਿਬ ਵਿਖੇ ਕੀਤੇ ਜਾ ਰਹੇ ਹਰ ਐਤਵਾਰ ਅਤੇ ਬੁੱਧਵਾਰ ਨੂੰ ਰੁਟੀਨ ’ਚ 200 ਤੋਂ 250 ਪ੍ਰਾਣੀ ਅੰਮ੍ਰਿਤ ਛਕਦੇ ਹਨ, ਇਸ ਲਈ ਅੰਦਾਜ਼ਨ ਭਾਈ ਅੰਮ੍ਰਿਤਪਾਲ ਸਿੰਘ ਦੇ ਸੱਦੇ ’ਤੇ ਅੰਮ੍ਰਿਤ ਛਕਣ ਵਾਲੇ ਸਿੰਘਾਂ ਦੀ ਗਿਣਤੀ 600 ਤੋਂ 700 ਦੇ ਵਿਚਕਾਰ ਹੋਵੇਗੀ। ਅੰਮ੍ਰਿਤ ਛਕਣ ਤੋਂ ਬਾਅਦ 29 ਸਤੰਬਰ ਨੂੰ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿੰਡ ਰੋਡੇ ’ਚ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਵਜੋਂ ਰਸਮੀ ਤੌਰ ’ਤੇ ਹੋਏ ਦਸਤਾਰਬੰਦੀ ਸਮਾਗਮ ’ਚ ਵੱਡੀ ਗਿਣਤੀ ਸੰਗਤਾਂ ਅਤੇ ਦੇਸ਼ ਵਿਦੇਸ਼ ਦੀਆਂ ਪੰਥਕ ਜਥੇਬੰਦੀਆਂ ਦੀ ਸ਼ਮੂਲੀਅਤ ਸੰਕੇਤ ਸੀ ਕਿ ਸਿੱਖ ਧਰਮ ’ਚ ਪੁਨਰ ਜਾਗ੍ਰਤੀ ਲਹਿਰ ਦਾ ਆਗਾਜ਼ ਹੋ ਚੁੱਕਾ ਹੈ। ਚਹੁੰ ਤਰਫਾ ਨਿਰਾਸ਼ਾਜਨਕ ਸਥਿਤੀਆਂ ’ਚ ਜਦੋਂ ਵੀ ਕਦੀ ਧਾਰਮਿਕ ਜਾਗਰਿਤੀ ਜਾਂ ਰਾਜਨੀਤਕ ਤਬਦੀਲੀ ਦੀ ਲਹਿਰ ਪੈਦਾ ਹੁੰਦੀ ਹੈ ਉਸ ਸਮੇਂ ਕਈ ਮੌਕਾ ਪ੍ਰਸਤ ਲੋਕ ਆਪਣੇ ਨਿੱਜੀ ਸੁਆਰਥ ਪੂਰਾ ਕਰਨ ਲਈ ਅਜਿਹੀ ਲਹਿਰ ’ਚ ਘੁਸਪੈਠ ਕਰਨ ’ਚ ਸਫਲ ਹੋ ਜਾਂਦੇ ਹਨ; ਜਿਸ ਦੀਆਂ ਭੂਤਕਾਲ ਅਤੇ ਵਰਤਮਾਨ ਕਾਲ ਸਮੇਂ ਦੌਰਾਨ ਅਨੇਕਾਂ ਉਦਾਹਰਨਾਂ ਮਿਲੀਆਂ ਹਨ। ਸੂਝਵਾਨ ਆਗੂਆਂ ਦੀ ਦੂਰ ਦ੍ਰਿਸ਼ਟੀ ਤਾਂ ਹੀ ਸਮਝੀ ਜਾਵੇਗੀ ਜੇ ਉਹ ਭੂਤਕਾਲ ਦੇ ਇਤਿਹਾਸ ਅਤੇ ਖ਼ਾਸ ਕਰਕੇ ਆਪਣੇ ਧਾਰਮਿਕ ਗ੍ਰੰਥ ਦੀ ਸਿੱਖਿਆ ਦਾ ਡੂੰਘਾ ਅਧਿਐਨ ਕਰਕੇ ਅਜਿਹੇ ਫ਼ੈਸਲੇ ਕਰਨ ਕਿ ਆਪਣੇ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਕੀਤੇ ਸਿਧਾਂਤਾਂ ਤੋਂ ਲਹਿਰ ਨੂੰ ਕਦੀ ਵੀ ਥਿੜਕਣ ਨਾ ਦਿੱਤਾ ਜਾਵੇ।

ਦਸਤਾਰਬੰਦੀ ਸਮਾਗਮ ਦੌਰਾਨ 18 ਦੇ ਕਰੀਬ ਮਤੇ ਪਾਸ ਕੀਤੇ ਗਏ ਜਿਨ੍ਹਾਂ ਸਾਰਿਆਂ ’ਤੇ ਤਾਂ ਇੱਕ ਲੇਖ ’ਚ ਵੀਚਾਰ ਨਹੀਂ ਹੋ ਸਕਦੀ ਪਰ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਅੰਮ੍ਰਿਤ ਛਕਣ ਅਤੇ ਦਸਤਾਰਬੰਦੀ ਸਮਾਗਮ ਤੋਂ ਤੁਰੰਤ ਪਿੱਛੋਂ ਦਿੱਤੇ ਦੋ ਬਿਆਨਾਂ ਦੀ ਪਰਖ ਪੜਚੋਲ ਕਰਨੀ ਜ਼ਰੂਰੀ ਹੈ। ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਆਪਣਾ ਸੀਸ ਗੁਰੂ ਨੂੰ ਭੇਟ ਕਰਨ ਭਾਵ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ ਅਤੇ ਸਮੁੱਚੀ ਸਿੱਖ ਕੌਮ ਤੇ ਪੰਥਕ ਜਥੇਬੰਦੀਆਂ ਨੂੰ ਇੱਕ ਝੰਡੇ ਹੇਠ ਇਕੱਤਰ ਹੋਣ ਦੇ ਦਿੱਤੇ ਸੱਦੇ ਆਦਿ ’ਤੇ ਕਿੰਤੂ ਪ੍ਰੰਤੂ ਕਰਨ ਦੀ ਤਾਂ ਕੋਈ ਗੁੰਜਾਇਸ਼ ਨਹੀਂ, ਪਰ ਜਿਹੜੇ ਦੋ ਬਿਆਨਾਂ ’ਤੇ ਕਿੰਤੂ ਪ੍ਰੰਤੂ ਹੋ ਰਿਹਾ ਹੈ; ਇਨ੍ਹਾਂ ’ਚੋਂ ਪਹਿਲਾ ਹੈ ਈਸਾਈ ਪਾਦਰੀਆਂ/ ਪਾਸਟਰਾਂ ਨੂੰ ਪਿੰਡਾਂ ’ਚ ਵੜਨ ਤੋਂ ਰੋਕਣ ਲਈ ਡਾਂਗਾਂ ਫੜਨਾ। ਇਨ੍ਹਾਂ ਮਿਸ਼ਨਰੀ ਪ੍ਰਚਾਰਕਾਂ ’ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਇਹ ਗੁੰਮਰਾਹਕੁੰਨ ਅਖੌਤੀ ਚਮਕਾਰਾਂ ਰਾਹੀਂ ਗੁੰਮਰਾਹ ਕਰ, ਲਾਲਚ ਅਤੇ ਡਰਾ ਧਮਕਾ ਕੇ ਸਿੱਖਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਹਨ। ਦੂਸਰਾ ਹੈ ਖ਼ਾਲਸਤਾਨ ਬਣਨ ਤੱਕ ਸੰਘਰਸ਼ ਜਾਰੀ ਰੱਖਣ ਦਾ ਸੱਦਾ। ਇਨ੍ਹਾਂ ਦੋਵਾਂ ਸੱਦਿਆਂ ਸੰਬੰਧੀ ਵੱਖ ਵੱਖ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਕਈ ਇਸ ਨੂੰ ਧਾਰਮਿਕ ਅਤੇ ਰਾਜਨੀਤਕ ਜਾਗਰਤੀ ਦੱਸ ਰਹੇ ਹਨ ਅਤੇ ਕੁਝ ਇਸ ਨੂੰ ਸਰਕਾਰੀ ਏਜੰਸੀਆਂ ਰਾਹੀਂ ਭੇਜੇ ਬੰਦਿਆਂ ਦੁਆਰਾ ਦਿਵਾਏ ਗਏ ਬਚਕਾਨਾਂ ਬਿਆਨ ਦੱਸ ਰਹੇ ਹਨ, ਇਸ ਲਈ ਇਨ੍ਹਾਂ ਦੋਵਾਂ ਬਿਆਨਾਂ ਨੂੰ ਵਿਚਾਰਨਾ ਜ਼ਰੂਰੀ ਹੈ।

1. ਸਿੱਖ ਧਰਮ ਅਧਿਆਤਮਿਕਤਾ ਅਤੇ ਸਚਿਆਰਤਾ ਦੇ ਨਾਲ ਸੰਗਤ ਤੇ ਪੰਗਤ ਦੀ ਅਜਿਹੀ ਜੀਵਨ ਜਾਚ ਹੈ, ਜੋ ਬਰਾਬਰੀ ਤੇ ਭਰਾਤਰੀ ਭਾਵ ’ਤੇ ਆਧਾਰਿਤ ਹੈ। ਕੋਈ ਵੀ ਵਿਅਕਤੀ ਜਿਸ ਨੇ ਸਿੱਖ ਧਰਮ ਨੂੰ ਸਮਝ ਕੇ ਆਪਣੀ ਸਵੈ ਇੱਛਾ ਨਾਲ ਅਪਣਾਇਆ ਹੈ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਸਿਧਾਂਤ ’ਤੇ ਦ੍ਰਿੜ੍ਹ ਭਰੋਸਾ ਕਰ ਅਮਲ ਕੀਤਾ ਹੈ ਉਸ ਅੰਦਰ ਐਨੀ ਦ੍ਰਿੜ੍ਹਤਾ ਆ ਜਾਂਦੀ ਹੈ ਕਿ ਦੁਨੀਆਂ ਦਾ ਕੋਈ ਵੀ ਡਰ ਅਤੇ ਅੰਤਾਂ ਦੇ ਤਸੀਹੇ ਉਸ ਨੂੰ ਧਰਮ ਤੋਂ ਡੁਲਾ ਨਹੀਂ ਸਕਦੇ। ਮੁਗ਼ਲ ਹਕੂਮਤ ਵੱਲੋਂ ਦਿੱਤੇ ਗਏ ਅਨੇਕਾਂ ਦਿਲ ਕੰਬਾਊ ਤਸੀਹਿਆਂ ਦਾ ਜ਼ਿਕਰ ਅਸੀਂ ਹਰ ਰੋਜ ਅਰਦਾਸ ਰਾਹੀਂ ਸੁਣਦੇ ਹਾਂ ਜਿਨ੍ਹਾਂ ’ਚੋਂ ਇੱਕ ਵੀ ਮਿਸਾਲ ਐਸੀ ਨਹੀਂ ਮਿਲਦੀ ਕਿ ਹਕੂਮਤ ਵੱਲੋਂ ਦਿੱਤੇ ਲਾਲਚ ਅਤੇ ਅੱਤਿਆਰ ਨੇ ਕਿਸੇ ਸਿੱਖ ਨੂੰ ਆਪਣੇ ਧਰਮ ਤੋਂ ਡੁਲਾਇਆ ਹੋਵੇ। ਉਸ ਸਮੇਂ ਦੇ ਅਨੇਕਾਂ ਐਸੇ ਸ਼ਹੀਦ (ਸਿੰਘ/ਸਿੰਘਣੀਆਂ) ਹਨ ਜਿਨ੍ਹਾਂ ਦੇ ਨਾਂ ਵੀ ਇਤਿਹਾਸ ’ਚ ਦਰਜ ਨਹੀਂ ਹੋ ਸਕੇ ਪਰ ਇੱਕ ਵੀ ਉਦਾਹਰਣ ਨਹੀਂ ਮਿਲਦੀ ਕਿ ਕਿਸੇ ਸਿੱਖ ਨੇ ਡਰ ਜਾਂ ਲਾਲਚ ਅਧੀਨ ਧਰਮ ਬਦਲਿਆ ਹੋਵੇ। ਜਦੋਂ ਇਸ ਤਰ੍ਹਾਂ ਦੀਆਂ ਅਣਗਿਣਤ ਉਦਾਹਰਨਾਂ ਇਤਿਹਾਸ ’ਚ ਪੜ੍ਹਨ ਨੂੰ ਮਿਲਦੀਆਂ ਹੋਣ ਉਸ ਸਮੇਂ ਲਾਲਚ ਅਤੇ ਡਰਾ ਧਮਕਾ ਕੇ ਸਿੱਖਾਂ ਦਾ ਧਰਮ ਪਰਿਵਰਤਨ ਕਰਵਾਏ ਜਾਣ ਦੇ ਦੋਸ਼ ਲਾਉਣ ਤੋਂ ਪਹਿਲਾਂ ਸਾਨੂੰ ਆਪਣੀ ਪੀੜ੍ਹੀ ਥੱਲੇ ਹੱਥ ਫੇਰਨ ਦੀ ਲੋੜ ਹੈ ਕਿ ਜਿਹੜੇ ਸਿੱਖਾਂ ਤੋਂ ਮੁਗ਼ਲਾਂ ਵੱਲੋਂ ਕੀਤੇ ਅੰਤਾਂ ਦੇ ਜ਼ੁਲਮ ਅਤੇ ਕਹਿਰ ਧਰਮ ਬਦਲੀ ਨਾ ਕਰਵਾ ਸਕੇ; ਅੱਜ ਕਿਹੜੀ ਗਿਰਾਵਟ ਆ ਗਈ ਹੈ ਕਿ ਉਨ੍ਹਾਂ ਦੇ ਵਾਰਸ ਸਿੱਖ ਈਸਾਈਆਂ ਵੱਲੋਂ ਡਰਾਵੇ ਅਤੇ ਲਾਲਚ ਦਿੱਤੇ ਜਾਣ ’ਤੇ ਹਜ਼ਾਰਾਂ ਦੀ ਗਿਣਤੀ ’ਚ ਧੜਾ ਧੜ ਧਰਮ ਨੂੰ ਤਿਲਾਂਜਲੀ ਦੇ ਕੇ ਈਸਾਈ ਬਣ ਰਹੇ ਹਨ।

ਸਾਡੇ ਧਾਰਮਿਕ ਕਰਮਕਾਂਡ, ਸਮਾਜਿਕ/ਸਭਿਆਚਾਰ ਅਤੇ ਵਰਤੋਂ ਵਿਹਾਰ ਵੇਖੀਏ ਤਾਂ ਸਿੱਖਾਂ ਅਤੇ ਅਨਧਰਮੀਆਂ ’ਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ। ਮਿਸਾਲ ਦੇ ਤੌਰ ’ਤੇ :

(ੳ) ਗੁਰਬਾਣੀ ਦਾ ਸੰਦੇਸ਼ ਹੈ ‘‘ਕਹੁ ਰੇ ਪੰਡਿਤ ! ਬਾਮਨ ਕਬ ਕੇ ਹੋਏ ਬਾਮਨ ਕਹਿ ਕਹਿ ਜਨਮੁ ਮਤ ਖੋਏ ਰਹਾਉ ਜੌ ਤੂੰ ਬ੍ਰਾਹਮਣੁ; ਬ੍ਰਹਮਣੀ ਜਾਇਆ ਤਉ ਆਨ ਬਾਟ ਕਾਹੇ ਨਹੀ ਆਇਆ  ?॥ (ਕਬੀਰ ਜੀਉ/੩੨੪), ਜਾਤਿ ਕਾ ਗਰਬੁ ਕਰੀਅਹੁ ਕੋਈ ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ਜਾਤਿ ਕਾ ਗਰਬੁ; ਕਰਿ ਮੂਰਖ ਗਵਾਰਾ !॥ ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ਰਹਾਉ (ਮਹਲਾ /੧੧੨੮), ਨੀਚਾ ਅੰਦਰਿ ਨੀਚ ਜਾਤਿ ; ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ !॥’’ (ਮਹਲਾ /੧੫) ਆਦਿਕ ਸਪਸ਼ਟ ਹੁਕਮਾਂ ਦੇ ਬਾਵਜੂਦ ਸਾਡੇ ਬਹੁਤੇ ਸਿੱਖ ਡੇਰਿਆਂ ’ਚ ਮੰਨੂਵਾਦੀ ਸੋਚ ਅਨੁਸਾਰ ਮੰਨੀਆਂ ਗਈਆਂ ਨੀਵੀਆਂ ਜਾਤਾਂ ਲਈ ਲੰਗਰ ’ਚ ਵੱਖਰੀਆਂ ਪੰਕਤਾਂ ਅਤੇ ਵੱਖਰੇ ਭਾਂਡੇ ਰੱਖਦੇ ਹਨ। ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਮੱਥਾ ਟੇਕਣ ਵਾਲੇ ਅਖੌਤੀ ਸਿੱਖ ਉਨ੍ਹਾਂ ਦੇ ਹੀ ਵਾਰਸਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਅਤੇ ਦੇਗ ਵਰਤਾਉਣ ਤੋਂ ਰੋਕਦੇ ਹਨ। ਹਾਲਾਤ ਇੱਥੋਂ ਤੱਕ ਨਿੱਘਰ ਚੁੱਕੇ ਹਨ ਕਿ ਸੰਨ 2013-2014 ਦੀ ਇੱਕ ਘਟਨਾ ਹੈ; ਬਠਿੰਡਾ ਨੇੜੇ ਰੂੰਮੀ ਡੇਰੇ ਨਾਲ ਸੰਬੰਧਿਤ ਪਿੰਡ ਲਹਿਰਾ ਖਾਨਾ ਦੇ ਗੁਰਦੁਆਰੇ ’ਚ (ਅਖੌਤੀ) ਮਹਾਂ ਪੁਰਖਾਂ ਦੀ ਮਰਿਆਦਾ ਦੇ ਬਹਾਨੇ ਇੱਕ ਦਲਿਤ ਲੜਕੀ ਦੇ ਅਨੰਦ ਕਾਰਜ ਕਰਨ ਤੋਂ ਨਾਹ ਕਰ ਦਿੱਤੀ। ਉਸ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੋਂ ਬਿਨਾਂ ਹੋਰ ਕਿਸੇ ਤਖ਼ਤ ਦੇ ਜਥੇਦਾਰ, ਸ੍ਰੋਮਣੀ ਕਮੇਟੀ ਮੈਂਬਰ/ਅਹੁਦੇਦਾਰ ਜਾਂ ਅਕਾਲੀ ਸਰਕਾਰ ਦੇ ਨੁਮਾਇੰਦਿਆਂ ਨੇ ਉਸ ਢੌਂਗੀ ਸਾਧ ਵਿਰੁੱਧ ਕਾਰਵਾਈ ਤਾਂ ਕੀ ਕਰਨੀ ਸੀ, ਨਿੰਦਿਆ ਤੱਕ ਨਹੀਂ ਕੀਤੀ। ਜੇ ਅਸੀਂ ਇਨ੍ਹਾਂ ਗਰੀਬ ਸਿੱਖਾਂ ਨੂੰ ਆਪਣੇ ਸਮਝਦੇ ਹੀ ਨਹੀਂ ਤਾਂ ਉਨ੍ਹਾਂ ਵੱਲੋਂ ਧਰਮ ਤਬਦੀਲੀ ’ਤੇ ਇਤਰਾਜ਼ ਕਿਉਂ ?

(ਅ)  ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ ਧੂਪੁ ਮਲਆਨਲੋ ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ’’ (ਸੋਹਿਲਾ/ ਮਹਲਾ ੧/੧੩) ਸ਼ਬਦ ਰਾਹੀਂ ਗੁਰੂ ਨਾਨਕ ਸਾਹਿਬ ਜੀ ਨੇ ਹਿੰਦੂ ਪੁਜਾਰੀਆਂ ਵੱਲੋਂ ਥਾਲ ’ਚ ਦੀਵੇ ਰੱਖ ਕੇ ਕੀਤੀ ਜਾਂਦੀ ਆਰਤੀ ਦਾ ਖੰਡਨ ਕੀਤਾ ਹੈ, ਪਰ ਅਸੀਂ ਇਸ ਸ਼ਬਦ ਤੋਂ ਸੇਧ ਲੈ ਕੇ ਮਨਮਤ ਛੱਡਣ ਦੀ ਬਜਾਇ ਦ੍ਰਿੜ੍ਹਤਾ ਨਾਲ ਅਪਣਾਅ ਰੱਖੀ ਹੈ।

(ੲ)  ‘‘ਜੀਅ ਬਧਹੁ ਸੁ ਧਰਮੁ ਕਰਿ ਥਾਪਹੁ; ਅਧਰਮੁ ਕਹਹੁ ਕਤ  ? ਭਾਈ !॥ ਆਪਸ ਕਉ ਮੁਨਿਵਰ ਕਰਿ ਥਾਪਹੁ; ਕਾ ਕਉ ਕਹਹੁ ਕਸਾਈ  ? ॥’’ (੧੧੦੩) ਬਚਨਾਂ ਰਾਹੀਂ ਭਗਤ ਕਬੀਰ ਜੀ ਨੇ ਧਰਮ ਦੇ ਨਾਂ ’ਤੇ ਜੀਵਾਂ ਦੀ ਬਲੀ ਦੇਣ ਵਾਲਿਆਂ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ ਜੀਵ ਹੱਤਿਆ ਨੂੰ ਤੁਸੀਂ ਧਰਮ ਆਖਦੇ ਹੋ ਤਾਂ ਅਧਰਮ ਕਿਸ ਨੂੰ ਆਖੋਗੇ ? ਐਸੇ ਕਰਮ ਕਰਦਿਆਂ ਆਪਣੇ ਆਪ ਨੂੰ ਤੁਸੀਂ ਵੱਡੇ ਮੁਨੀ ਵੀ ਅਖਵਾਉਂਦੇ ਹੋ ਤਾਂ ਕਸਾਈ ਕੌਣ ਹੋਇਆ ?, ਪਰ ਸਾਡੇ ਤਖ਼ਤਾਂ ’ਤੇ ਐਸਾ ਹੀ ਕਸਾਈਪਣ ਨਿੱਤ ਹੁੰਦਾ ਵੇਖਿਆ ਜਾ ਸਕਦਾ ਹੈ।

(ਸ). ਗੁਰੂ ਨਾਨਕ ਸਾਹਿਬ ਜੀ ਨੇ ਰਾਜੇ-ਮਹਾਂ ਰਾਜਿਆਂ ਅਤੇ ਧਰਮੀ ਪੁਰਖਾਂ/ਭਗਤਾਂ ਆਦਿ ਨੂੰ ਜਨਮ ਦੇਣ ਵਾਲੀ ਔਰਤ ਨੂੰ ਮੰਦਾ ਕਹਿਣਾ ਸਹੀ ਨਹੀਂ ਮੰਨਿਆ; ਜਿਵੇਂ ਕਿ ‘‘ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩), ਤੀਸਰੇ ਨਾਨਕ ਸਰੂਪ ਗੁਰੂ ਅਮਰਦਾਸ ਜੀ ਨੇ ਵੀ ਉਪਦੇਸ਼ ਦਿੱਤਾ ਕਿ ਇਸ ਜੱਗ ਵਿੱਚ ਪੁਰਖ ਕੇਵਲ ਇੱਕ ਪ੍ਰਮਾਤਮਾ ਹੀ ਹੈ, ਬਾਕੀ ਸਾਰੀਆਂ ਜੀਵ ਇਸਤਰੀਆਂ ਔਰਤਾਂ ਹਨ, ਇਸ ਲਈ ਇੱਕ ਜੀਵ ਔਰਤ; ਦੂਜੀ ਜੀਵ ਔਰਤ ਨਾਲ਼ ਵਿਤਕਰਾ ਨਾ ਕਰੇ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ’’ (ਮਹਲਾ /੫੯੨), ਗੁਰੂ ਸਾਹਿਬ ਆਪਣੇ ਆਪ ਨੂੰ ਵੀ ਕੰਤ ਪ੍ਰਮੇਸ਼ਰ ਦੀ ਇਸਤਰੀ ਮੰਨਦੇ ਹਨ ‘‘ਮੈ ਕਾਮਣਿ; ਮੇਰਾ ਕੰਤੁ ਕਰਤਾਰੁ ’’ (ਮਹਲਾ /੧੧੨੮), ਪਰ ਅੱਜ ਅਸੀਂ ਔਰਤਾਂ ਨੂੰ ਬਰਾਬਰਤਾ ਦੇਣ ਤੋਂ ਇਨਕਾਰੀ ਹਾਂ। ਜਿਸ ਸਿਧਾਂਤ  ਅਤੇ ਲਹਿਰ ਤੋਂ ਔਰਤ ਅਤੇ ਅਖੌਤੀ ਛੋਟੀ ਜਾਤ ਨੂੰ ਦੂਰ ਰੱਖਿਆ ਜਾਵੇਗਾ ਉਸ ਨੂੰ ਕਿੰਨੀ ਕੁ ਸਫਲਤਾ ਮਿਲ ਸਕਦੀ ਹੈ ?

 (ਹ)  ਸਿੱਖ ਰਹਿਤ ਮਰਿਆਦਾ ’ਚ ਦਰਜ ਹੈ ਕਿ ਜਾਣਕਾਰੀ ਪ੍ਰਾਪਤ ਕਰਨ ਲਈ ਕਿਸੇ ਵੀ ਗ੍ਰੰਥ/ ਗੈਰ ਧਰਮ ਦੀਆਂ ਪੁਸਤਕਾਂ ਪੜ੍ਹਨ ’ਚ ਕੋਈ ਹਰਜ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਕਿਸੇ ਵੀ ਗ੍ਰੰਥ ਨੂੰ ਅਸਥਾਪਨ ਨਹੀਂ ਕਰਨਾ।  6 ਕੱਤਕ ਬਿਕ੍ਰਮੀ ਸੰਮਤ 1765 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਸਿੱਖਾਂ ਨੂੰ ਹੁਕਮ ਕੀਤਾ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ’, ਪਰ ਹੈਰਾਨੀ ਹੈ ਕਿ ਉਸੇ ਸਥਾਨ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਕੇ ਉਸ ਵਿੱਚੋਂ ਬਕਾਇਦਾ ਤੌਰ ’ਤੇ ਹੁਕਮਨਾਮੇ ਲਏ ਜਾਂਦੇ ਹਨ ਅਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਸੰਤ ਬਣਾਉਂਦਾ ਹੈ ਅਤੇ ਦਸਮ ਗ੍ਰੰਥ ਸਿਪਾਹੀ, ਤਾਂ ਹੀ ਖਾਲਸਾ ਸਪੂਰਨ ਹੁੰਦਾ ਹੈ। ਕੀ ਅਜਿਹਾ ਕਹਿਣ ਵਾਲੇ ਲੋਕ ਸਿੱਧੇ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ ਨਹੀਂ ਆਖ ਰਹੇ ਕਿਉਂਕਿ ਉਨ੍ਹਾਂ ਅਨੁਸਾਰ ਸੰਪੂਰਨਤਾ ਦਸਮ ਗ੍ਰੰਥ ਤੋਂ ਬਗੈਰ ਸੰਭਵ ਨਹੀਂ! ਉਹ ਗੁਰੂ ਗ੍ਰੰਥ ਸਾਹਿਬ ਵਿਚਲੇ ਇਹ ਕ੍ਰਾਂਤੀਕਾਰੀ ਉਪਦੇਸ਼ ਭੁੱਲ ਜਾਂਦੇ ਹਨ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ; ਗਲੀ ਮੇਰੀ ਆਉ ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ; ਕਾਣਿ ਕੀਜੈ (ਮਹਲਾ /੧੪੧੨), ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’  (ਭਗਤ ਕਬੀਰ ਜੀਉ/੧੧੦੫) ਆਦਿਕ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਮਾਨ ਹੇਠ ਸਿੱਖਾਂ ਨੇ ਮੁਗ਼ਲਾਂ ਨਾਲ ਚਾਰ ਜੰਗ ਲੜੇ ਅਤੇ ਚਾਰੇ ਜਿੱਤੇ ਭੀ ਸਨ। ਉਸ ਸਮੇਂ ਦਸਮ ਗ੍ਰੰਥ ਦਾ ਤਾਂ ਕੋਈ ਵਜੂਦ ਨਹੀਂ ਸੀ ਤਾਂ ਸਿੱਖਾਂ ਨੂੰ ਸਿਪਾਹੀ ਕਿਸ ਗ੍ਰੰਥ ਨੇ ਬਣਾਇਆ ਸੀ ?

ਐਨੀਆਂ ਸਪਸ਼ਟ ਹਿਦਇਤਾਂ ਸਾਮ੍ਹਣੇ ਹੋਣ ਦੇ ਬਾਵਜੂਦ ਵੀ ਅੰਮ੍ਰਿਤਧਾਰੀ ਸਿੱਖਾਂ ’ਚੋਂ ਜਾਤ ਪਾਤ ਦਾ ਕੋਹੜ ਨਹੀਂ ਗਿਆ; ; ਇਸਤਰੀ ਰਾਗੀ ਜਥਿਆਂ ਨੂੰ ਦਰਬਾਰ ਸਾਹਿਬ ਕੀਰਤਨ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਦੀ ਇਜਾਜ਼ਤ ਨਹੀਂ, ਬਹੁਤੇ ਗੁਰਦੁਆਰਿਆਂ ਅਤੇ ਡੇਰਿਆਂ ’ਚੋਂ ਗੁਰਮਤਿ ਵਿਰੁੱਧ ਫਜ਼ੂਲ ਦੇ ਕਰਮਕਾਂਡ ਨਹੀਂ ਗਏ। ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੰਜ ਕਰ ਰਹੇ ਹਨ ਤਾਂ ਕੀ ਉਹ ਸਿੱਖ ਅਖਵਾਉਣ ਦੇ ਕਾਬਲ ਹਨ ? ਅਜਿਹੇ ਕਰਮਕਾਂਡੀ ਭਾਵੇਂ ਅੰਮ੍ਰਿਤਧਾਰੀ/ ਸ਼ਸਤਰਧਾਰੀ ਭੇਖਧਾਰੀ ਸਿੱਖ ਹੋਣ ਭਾਵੇਂ ਉਹ ਈਸਾਈ ਜਾਂ ਕਿਸੇ ਹੋਰ ਧਰਮ ਨੂੰ ਅਪਣਾਅ ਲੈਣ ਇਸ ਨਾਲ ਸਿੱਖੀ ਨੂੰ ਕੋਈ ਫਰਕ ਨਹੀਂ ਪੈਣ ਲੱਗਾ। ਜੇ ਕੇਵਲ ਗਿਣਤੀ ਦੀ ਹੀ ਗੱਲ ਹੁੰਦੀ ਤਾਂ ਪਹਾੜੀ ਰਾਜਿਆਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਵੱਖਰੇ ਬਾਟੇ ’ਚ ਅੰਮ੍ਰਿਤ ਜ਼ਰੂਰ ਛਕਾਉਂਦੇ, ਪਰ ਕਿਉਂਕਿ ਗੁਰੂ ਸਾਹਿਬਾਨ ਨੂੰ ਗਿਣਤੀ ਦੀ ਨਹੀਂ, ਗੁਣਾਂ ਦੀ ਲੋੜ ਹੈ ਇਸੇ ਕਾਰਨ ਜਾਤ ਅਭਿਮਾਨੀ ਪਹਾੜੀ ਰਾਜਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਇਨ੍ਹਾਂ ਉਦਾਹਰਨਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਚਾਹੀਦਾ ਹੈ ਕਿ ਈਸਾਈ ਜਗਤ ਨਾਲ ਸਿੱਧੇ ਟਕਰਾਉ ਤੋਂ ਬਚਨਾ ਚਾਹੀਦਾ ਹੈ ਕਿਉਂਕਿ ਘੱਟ ਗਿਣਤੀਆਂ ’ਚ ਟਕਰਾਉ ਪੈਦਾ ਕਰਨਾ; ਭਾਜਪਾ ਅਤੇ ਕੇਂਦਰ ਸਰਕਾਰ ਨੂੰ ਬਹੁਤ ਮਾਫ਼ਕ ਬੈਠਦਾ ਹੈ ਤੇ ਘੱਟ ਗਿਣਤੀਆਂ ਲਈ ਖ਼ਤਰੇ ਦੀ ਘੰਟੀ। ਸਾਨੂੰ ਚਾਹੀਦਾ ਹੈ ਕਿ ਸਮੂਹ ਗੁਰਦੁਆਰਿਆਂ ਅਤੇ ਡੇਰਿਆਂ ’ਚ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਗੁਰੂ ਦੀ ਸਿੱਖਿਆ ਤੋਂ ਉਲਟ ਹੋ ਰਹੇ ਬ੍ਰਾਹਮਣੀ ਕੰਮ ਅਤੇ ਕਰਮਕਾਂਡ ਬੰਦ ਕਰਵਾ ਕੇ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਬਹਾਲ ਕੀਤਾ ਜਾਵੇ।

2. ਅਕਾਲੀ ਫੂਲਾ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਅਤੇ ਬਾਅਦ ’ਚ ਗੁਰਦੁਆਰਿਆਂ ਦੀ ਸੇਵਾ-ਸੰਭਾਲ ਉਨ੍ਹਾਂ ਮਹੰਤਾਂ ਕੋਲ ਚਲੀ ਗਈ, ਜਿਨ੍ਹਾਂ ਵਿਚ ਬ੍ਰਾਹਮਣੀ ਕਰਮਕਾਂਡਾਂ ਅਤੇ ਰੀਤੀ-ਰਿਵਾਜਾਂ ਦਾ ਬੋਲਬਾਲਾ ਸੀ। ਸੰਨ 1849 ਤੋਂ 1947 ਤੱਕ ਲਗਭਗ 98 ਸਾਲ ਅੰਗਰੇਜਾਂ ਦਾ ਰਾਜ ਰਿਹਾ; ਉਨ੍ਹਾਂ ਨੇ ਵੀ ਮਹੰਤਾਂ ਨੂੰ ਸਰਪ੍ਰਸਤੀ ਦਿੱਤੀ। ਅੰਗਰੇਜ਼ੀ ਹਕੂਮਤ ਨੇ ਪੰਡਿਤ ਸ਼ਰਧਾ ਰਾਮ ਫਿਲੌਰੀ ਜਿਸ ਦੇ ਸਿੱਖ ਧਰਮ ਬਾਰੇ ਵਿਚਾਰ ਚੰਗੇ ਨਹੀਂ ਸਨ; ਨੂੰ ਸਿੱਖਾਂ ਦਾ ਇਤਿਹਾਸ ਲਿਖਣ ਦਾ ਕਾਰਜ ਸੌਂਪਿਆ। ਉਸ ਨੇ ਕਈ ਭਾਸ਼ਾਂਵਾਂ ਵਿੱਚ ਸਿੱਖ ਗੁਰੂਆਂ ਅਤੇ ਸਿੱਖ ਗ੍ਰੰਥਾਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਸਿੱਖ ਇਸ ਨੂੰ ਬਰਦਾਸ਼ਤ ਨਾ ਕਰ ਸਕੇ। ਸੰਨ 1873 ਈ: ਦੇ ਆਰੰਭ ਵਿੱਚ ਅੰਮ੍ਰਿਤਸਰ ਮਿਸ਼ਨ ਦੇ ਚਾਰ ਸਿੱਖ ਵਿਦਿਆਰਥੀ ਅਤਰ ਸਿੰਘ, ਸੰਤੋਖ ਸਿੰਘ, ਸਾਧੂ ਸਿੰਘ ਅਤੇ ਆਇਆ ਸਿੰਘ ਨੇ ਈਸਾਈ ਮੱਤ ਦੇ ਪ੍ਰਭਾਵ ਹੇਠ ਈਸਾਈ ਬਣਨ ਦੀ ਇੱਛਾ ਜ਼ਾਹਰ ਕੀਤੀ। ਵਕਤ ਸਿਰ ਪਤਾ ਲੱਗ ਜਾਣ ਕਾਰਨ ਮੁਖੀ ਸਿੱਖਾਂ ਨੇ ਉਨ੍ਹਾਂ ਵਿਦਿਆਰਥੀਆਂ ਨੂੰ ਬੜੀ ਮੁਸ਼ਕਲ ਨਾਲ ਸਮਝਾ ਬੁਝਾ ਕੇ ਈਸਾਈ ਬਣਨ ਤੋਂ ਰੋਕ ਲਿਆ। ਕੁੱਝ ਸਿੰਘਾਂ ਨੇ ਰਲ਼ ਕੇ ਪੰਡਿਤ ਜੀ ਦੇ ਨਾਸਤਕ ਪ੍ਰਚਾਰ ਅਤੇ ਗੁਰਮਤਿ ਨਿੰਦਾ ਦੇ ਪ੍ਰਸ਼ਨਾਂ ਦੇ ਉੱਤਰ ਦੇਣੇ ਸ਼ੁਰੂ ਕੀਤੇ ਤਾਂ ਪੰਡਿਤ ਹੋਰੀਂ ਮੈਦਾਨ ਛੱਡ ਕੇ ਚੱਲਦੇ ਬਣੇ। ਇਹਨਾਂ ਸੱਜਣਾਂ ਦੇ ਉੱਦਮ, ਕੰਮ ਤੇ ਪ੍ਰੇਮ ਨਾਲ ਸੰਗਤ ਦੀ ਜਾਗ ਖੁੱਲ੍ਹੀ।  1 ਅਕਤੂਬਰ 1873 ਨੂੰ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ. ਠਾਕੁਰ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਹੇਠ ਇਕੱਤਰਤਾ ਬੁਲਾਈ ਗਈ। ਵਿਚਾਰ-ਵਟਾਂਦਰੇ ਤੋਂ ਬਾਅਦ ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਕਾਇਮ ਕੀਤੀ ਗਈ, ਜਿਸ ਦੇ ਪ੍ਰਧਾਨ ਸ. ਠਾਕੁਰ ਸਿੰਘ ਸੰਧਾਵਾਲੀਆ ਅਤੇ ਗਿਆਨੀ ਗਿਆਨ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਭਾਵੇਂ ਸਿੰਘ ਸਭਾ ਲਹਿਰ ਦੀ ਸਥਾਪਨਾ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਪਰ ਲਾਹੌਰ ਤੋਂ ਪ੍ਰੋ: ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦੀ ਅਗਵਾਈ ਵਾਲੀ ਸਿੰਘ ਸਭਾ ਲਹਿਰ ਨੇ ਇਸ ਲਹਿਰ ਨੂੰ ਚੋਟੀ ’ਤੇ ਪਹੁੰਚਾਇਆ।

ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ’ਤੇ ਕਾਬਜ਼ ਪੁਜਾਰੀਆਂ ਨੇ ਦਲਿਤ ਆਖੇ ਜਾਣ ਵਾਲੇ ਸਿੱਖਾਂ ਦਾ ਕੜਾਹ ਪ੍ਰਸ਼ਾਦ ਕਬੂਲ ਕਰਨਾ ਬੰਦ ਕਰ ਦਿੱਤਾ।  20ਵੀਂ ਸਦੀ ਦੀ ਸ਼ੁਰੂਆਤ ਦੌਰਾਨ ਸਿੰਘ ਸਭਾ ਲਹਿਰ, ਅਕਾਲੀ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ। ਇਸ ਦੌਰਾਨ 10 ਤੋਂ 12 ਅਕਤੂਬਰ 1920 ਨੂੰ ਗੁਰਦੁਆਰਾ ਸੁਧਾਰ ਲਹਿਰ ਤਹਿਤ ਜਲ੍ਹਿਆਂ ਵਾਲਾ ਬਾਗ਼ ’ਚ ਕਥਿਤ ਪੱਛੜੀਆਂ ਜਾਤਾਂ ਦੇ ਸਿੱਖਾਂ ਦਾ ਇਕ ਵੱਡਾ ਇਕੱਠ ਬੁਲਾਇਆ ਗਿਆ; ਜਿਸ ਲਈ ਉਨ੍ਹਾਂ ਸਿੱਖਾਂ ਨੂੰ ਲੰਗਰ ਵਾਸਤੇ ਭਾਂਡੇ ਨਾ ਦਿੱਤੇ ਗਏ।  11 ਅਕਤੂਬਰ ਨੂੰ ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ ਕਥਿਤ ਪੱਛੜੀਆਂ ਜਾਤਾਂ ਦੇ ਸਿੱਖ ਸ੍ਰੀ ਦਰਬਾਰ ਸਾਹਿਬ ਪ੍ਰਸ਼ਾਦ ਲੈ ਕੇ ਜਾਣਗੇ। ਅਗਲੇ ਦਿਨ ਬਹੁਤ ਸਾਰੇ ਪੱਛੜੀਆਂ ਸ਼੍ਰੇਣੀਆਂ ਦੇ ਸਿੱਖਾਂ ਨੇ ਅੰਮ੍ਰਿਤ ਛਕਿਆ ਜੋ ਇਕੱਠੇ ਹੋ ਕੇ ਸ੍ਰੀ ਦਰਬਾਰ ਸਾਹਿਬ ਗਏ। ਉਨ੍ਹਾਂ ਦਾ ਪ੍ਰਸ਼ਾਦ ਪੁਜਾਰੀਆਂ ਨੇ ਕਬੂਲ ਨਾ ਕੀਤਾ। ਪ੍ਰੋ. ਹਰਕਿਸ਼ਨ ਸਿੰਘ ਬਾਵਾ ਨੇ ਗਲ ਵਿਚ ਪੱਲਾ ਪਾ ਕੇ ਤਿੰਨ ਵਾਰੀ ਪੁਜਾਰੀਆਂ ਨੂੰ ਅਰਜ਼ ਕੀਤੀ ਪਰ ਉਨ੍ਹਾਂ ਨੇ ਫਿਰ ਵੀ ਪ੍ਰਸ਼ਾਦ ਕਬੂਲ ਨਾ ਕੀਤਾ। ਇਸ ਦੌਰਾਨ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਅਗਵਾਈ ’ਚ ਸੰਗਤਾਂ ਨੇ ਇਸ ਕੁਰੀਤੀ ਦੇ ਖ਼ਿਲਾਫ਼ ਮੋਰਚਾ ਲਾ ਲਿਆ। ਪੁਜਾਰੀ ਆਪਣੀ ਗੱਲ ’ਤੇ ਅੜੇ ਰਹੇ। ਅਖ਼ੀਰ ਫ਼ੈਸਲਾ ਹੋਇਆ ਕਿ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਖਵਾਕ ਲਿਆ ਜਾਵੇ। ਹੁਕਮ ਆਇਆ ‘‘ਸੋਰਠਿ :   ਦੁਤੁਕੀ ਨਿਗੁਣਿਆ ਨੋ ਆਪੇ ਬਖਸਿ ਲਏ ਭਾਈ! ਸਤਿਗੁਰ ਕੀ ਸੇਵਾ ਲਾਇ ਸਤਿਗੁਰ ਕੀ ਸੇਵਾ ਊਤਮ ਹੈ ਭਾਈ! ਰਾਮ ਨਾਮਿ ਚਿਤੁ ਲਾਇ ’’  (ਅੰਗ ੬੩੮) ਸੰਗਤਾਂ ਇਹ ਇਲਾਹੀ ਹੁਕਮ ਸੁਣ ਕੇ ਵਿਸਮਾਦ ’ਚ ਆ ਗਈਆਂ। ਅਖ਼ੀਰ ਪੁਜਾਰੀਆਂ ਨੂੰ ਕਥਿਤ ਪੱਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸ਼ਾਦ ਕਬੂਲ ਕਰਨਾ ਪਿਆ ਅਤੇ ਪ੍ਰਸ਼ਾਦ ਸਾਰੀ ਸੰਗਤ ਵਿਚ ਵਰਤਾਇਆ ਗਿਆ। ਇਸ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਦੀ ਇਕ ਪਵਿੱਤਰ ਭਾਵਨਾ ਗੁਰਦੁਆਰਿਆਂ ਅਤੇ ਸਿੱਖ ਸਮਾਜ ਅੰਦਰੋਂ ਜਾਤ-ਪਾਤ ਦੇ ਪੈਦਾ ਹੋਏ ਵਿਤਕਰੇ ਨੂੰ ਦੂਰ ਕਰਨਾ ਵੀ ਸੀ। ਅਖ਼ੀਰ ਮਹੰਤਾਂ ਨੂੰ ਗੁਰਦੁਆਰੇ ਛੱਡਣੇ ਪਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ।

ਬਦਕਿਸਮਤੀ ਨਾਲ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਦੇ ਅਹੁਦੇਦਾਰ ਸੱਤਾ ਦੀ ਭੁੱਖ ਕਾਰਨ ਸਿੱਖੀ ਦੇ ਸਭ ਸਿਧਾਂਤ ਅਤੇ ਮਰਿਆਦਾਵਾਂ ਮਿੱਟੀ ਘੱਟੇ ਰੋਲ ਰਹੇ ਹਨ। ਇਸ ਲਈ ਖ਼ਾਲਿਸਤਾਨ ਲਈ ਜੂਝ ਮਰਨ ਤੋਂ ਪਹਿਲਾਂ 19ਵੀਂ-20ਵੀਂ ਸਦੀ ਵਾਲੀ ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਮੁੜ ਸ਼ੁਰੂ ਕਰਨ ਦੀ ਲੋੜ ਹੈ ਤਾਂ ਕਿ ਸਿੱਖਾਂ ਦੇ ਕਿਰਦਾਰ ਦੀ ਨਵਉਸਾਰੀ ਕਰ 17ਵੀਂ 18ਵੀ ਸਦੀ ਦੇ ਸਿੱਖਾਂ ਦੇ ਪੱਧਰ ’ਤੇ ਲਿਜਾਇਆ ਜਾ ਸਕੇ, ਪਰ ਜੇ ਜਜ਼ਬਾਤਾਂ ਦੇ ਬੰਧਨਾਂ ’ਚ ਬੱਝੇ ਕੇਵਲ ਖ਼ਾਲਿਸਤਾਨ ਦੇ ਨਾਅਰਿਆਂ ਨਾਲ ਜਜ਼ਬਾਤੀ ਨੌਜਵਾਨਾਂ ਦੀ ਲਾਮਬੰਦੀ ਕਰਦੇ ਰਹੇ ਤਾਂ ਮਾਫ਼ ਕਰਨਾ ਇਸ ਲਹਿਰ ਦਾ ਹਾਲ ਪਿਛਲੀ ਸਦੀ ਦੇ ਅੰਤ ’ਤੇ ਚੱਲੀ ਲਹਿਰ ਵਰਗਾ ਹੋ ਸਕਦਾ ਹੈ ਜਿਹੜੀ ਸਰਕਾਰ ਵੱਲੋਂ ਕੀਤੀ ਸਖਤਾਈ ਪਿੱਛੋਂ ਫ਼ੇਲ ਹੋ ਗਈ ਤੇ ਖ਼ਾਲਿਸਤਾਨੀ ਲਹਿਰ ਦਾ ਇੱਕ ਵਰਗ ਬਾਦਲ ਦਲ, ਜਿਸ ਨੂੰ ਅੱਜ ਸਿੱਖ ਧਰਮ ਦਾ ਸਭ ਤੋਂ ਵੱਧ ਨੁਕਸਾਨ ਕਰਨ ਵਾਲਾ ਕਿਹਾ ਜਾ ਰਿਹਾ ਹੈ; ’ਚ ਸ਼ਾਮਲ ਹੋ ਕੇ ਸੱਤਾ ਦਾ ਸੁੱਖ ਭੋਗਣ ਲੱਗਾ, ਦੂਸਰਾ ਕਾਂਗਰਸ ’ਚ ਸ਼ਾਮਲ ਹੋ ਗਿਆ ਅਤੇ ਬਾਕੀ ਬਚਦਾ ਧੜਾ ਧੜ ਘੱਟ ਗਿਣਤੀ ਵਿਰੋਧੀ ਮੰਨੀ ਜਾ ਰਹੀ ਭਾਜਪਾ ’ਚ ਸ਼ਾਮਲ ਹੋ ਗਿਆ। ਸਿਤਮ ਦੀ ਗੱਲ ਤਾਂ ਇਹ ਹੈ ਕਿ ਇਹ ਖ਼ਾਲਿਸਤਾਨੀ ਭਾਵੇਂ ਕਿਸੇ ਵੀ ਰਾਜਸੀ ਪਾਰਟੀ ’ਚ ਸ਼ਾਮਲ ਹੋਏ ਹੋਣ ਉਨਾਂ ’ਚੋਂ ਕਿਸੇ ਨੇ ਵੀ ਖ਼ਾਲਿਸਤਾਨ ਦੀ ਗੱਲ ਤਾਂ ਕੀ ਕਰਨੀ ਸੀ ਕਦੀ ਸੂਬਿਆਂ ਲਈ ਵੱਧ ਅਧਿਕਾਰਾਂ ਲਈ ਅਨੰਦਪੁਰ ਮਤੇ ਦੀ ਗੱਲ ਵੀ ਕਰਨੀ ਉਚਿਤ ਨਾ ਸਮਝੀ। ਖ਼ਾਲਿਸਤਾਨੀਆਂ ਦੀ ਰਹਿੰਦ ਖੂੰਹਦ ਜਿਹੜੇ ਆਪਣਾ ਆਧਾਰ ਗੁਆ ਬੈਠੇ ਸਨ ਉਹ ਆਪਣੇ ਲਈ ਸਿਆਸੀ ਜ਼ਮੀਨ ਦੀ ਤਲਾਸ਼ ’ਚ ਮੌਜੂਦਾ ਉਠ ਰਹੀ ਖ਼ਾਲਸਤਾਨੀ ਲਹਿਰ ’ਚ ਸ਼ਾਮਲ ਹੋਣ ਲਈ ਕਾਹਲੇ ਪਏ ਹਨ। ਇਹ ਵੀ ਅਤਿਕਥਨੀ ਨਹੀਂ ਹੋਵੇਗੀ ਜੇ ਕੱਲ੍ਹ ਨੂੰ ਬਾਦਲ ਦਲ ਅਤੇ ਕਾਂਗਰਸ ’ਚ ਗਏ ਖ਼ਾਲਿਸਤਾਨੀ ਵੀ ਘਰ ਵਾਪਸੀ ਦਾ ਐਲਾਨ ਕਰਕੇ ਮੌਜੂਦਾ ਲਹਿਰ ਦੀ ਮੂਹਰਲੀ ਕਤਾਰ ’ਚ ਆ ਬੈਠਣ ਕਿਉਂਕਿ ਇਨ੍ਹਾਂ ਦਾ ਇੱਕੋ ਟੀਚਾ ਹੈ ਸੱਤਾ ਦੇ ਕੇਂਦਰ ਨਾਲ ਜੁੜਨਾ ਭਾਵੇਂ ਉਹ ਸੰਵਿਧਾਨਕ ਹੋਵੇ ਜਾਂ ਗੈਰਸੰਵਿਧਾਨਕ।

ਮਨ ’ਚ ਸੁਆਲ ਉੱਠਦਾ ਹੈ ਕਿ ਜਿਹੜੇ ਖ਼ਾਲਿਸਤਾਨੀ ਬ੍ਰਾਹਮਣਵਾਦ ਦੀ ਗੁਲਾਮੀ ਦਾ ਮਾਨਸਿਕ ਜੂਲ਼ਾ ਗਲੋਂ ਨਹੀਂ ਲਾ ਸਕਦੇ ਉਨ੍ਹਾਂ ਤੋਂ ਖ਼ਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਲੜੇ ਜਾਣ ਦੀ ਉਮੀਦ ਕਿੱਥੋਂ ਤੱਕ ਰੱਖੀ ਜਾ ਸਕਦੀ ਹੈ ? ਬ੍ਰਾਹਮਣਵਾਦ ਦੀ ਗੁਲਾਮੀ ਦਾ ਪ੍ਰਤੱਖ ਸਬੂਤ ਹੈ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ’ਚ ਸੰਗਰਾਂਦ ਜਾਂ ਇਸ ਦਾ ਸਮਅਰਥੀ ਕੋਈ ਸ਼ਬਦ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਰਾਸਾਂ ਦਾ ਕਿਧਰੇ ਜ਼ਿਕਰ ਹੈ ਜਿਨ੍ਹਾਂ ਬਾਰੇ ਪ੍ਰਚਾਰਿਆ ਜਾ ਰਿਹਾ ਹੈ ਕਿ ਜਦੋਂ ਸੂਰਜ ਇੱਕ ਰਾਸ਼ੀ ’ਚੋਂ ਨਿਕਲ ਕੇ ਦੂਸਰੀ ਰਾਸ਼ੀ ’ਚ ਪ੍ਰਵੇਸ਼ ਕਰਦਾ ਹੈ ਉਸ ਦਿਨ ਸੰਗਰਾਂਦ ਹੁੰਦੀ ਹੈ। ਇਸ ਦੇ ਬਾਵਜੂਦ ਇਹ ਬ੍ਰਾਹਮਣਵਾਦੀ ਸ਼ਾਸਤਰਾਂ ਅਨੁਸਾਰ ਪਵਿੱਤਰ ਮੰਨੀਆਂ ਗਈਆਂ ਸੰਗਰਾਂਦਾਂ ਦਾ ਖਹਿੜਾ ਛੱਡ ਕੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ’ਚ ਰੋੜਾ ਬਣੇ ਹੋਏ ਹਨ। ਮਿਸਾਲ ਵਜੋਂ ਬ੍ਰਾਹਮਣੀ ਨਿਯਮਾਂ ਅਨੁਸਾਰ ਦੀਵਾਲੀ ਕਦੀ ਤਾਂ ਕੱਤਕ ਵਦੀ ਚਉਦਸ ਨੂੰ ਹੁੰਦੀ ਹੈ, ਕਦੀ ਕੱਤਕ ਦੀ ਮੱਸਿਆ ਨੂੰ। ਸਿੱਖਾਂ ਨੂੰ ਇਹ ਤਾਂ ਪਤਾ ਨਹੀਂ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ’ਚੋਂ ਪਹਾੜੀ ਰਾਜਿਆਂ ਨੂੰ ਕੈਦ ’ਚੋਂ ਮੁਕਤੀ ਦਿਵਾ ਕੇ ਅੰਮ੍ਰਿਤਸਰ ਕਿਹੜੀ ਤਾਰੀਖ਼ ਨੂੰ ਪਹੁੰਚੇ ਸਨ, ਪਰ ਬੰਦੀ ਛੋੜ ਦਿਵਸ ਦੀਵਾਲੀ ਨਾਲ ਨੱਥੀ ਕਰਕੇ ਹਿੰਦੂਆਂ ਦੀ ਰੀਸ ਨਾਲ ਕਿਸੇ ਸਾਲ ਕੱਤਕ ਵਦੀ ਚਉਦਸ ਨੂੰ ਅਤੇ ਕਦੀ ਕੱਤਕ ਦੀ ਮੱਸਿਆ ਨੂੰ ਗੁਰੂ ਸਾਹਿਬ ਜੀ ਦੀ ਰਿਹਾਈ ਨਾਲ਼ ਜੋੜ ਕੇ ਦੀਵਾਲੀ ਮਨਾਉਂਦੇ ਆ ਰਹੇ ਹਨ। ਹਿੰਦੂਆਂ ਦੀ ਦੀਵਾਲੀ ਤਾਂ ਲੱਛਮੀ ਪੂਜਾ ਦੇ ਤਿਉਹਾਰ ਨਾਲ ਜੁੜੀ ਹੋਣ ਕਾਰਨ ਸ਼ਾਸਤਰਾਂ ਮੁਤਾਬਕ ਲੱਛਮੀ ਪੂਜਾ ਦੇ ਸਮੇਂ ਨੂੰ ਧਿਆਨ ’ਚ ਰੱਖ ਕੇ ਨਿਸ਼ਚਿਤ ਕੀਤੀ ਹੈ, ਪਰ ਸਿੱਖ ਤਾਂ ਕਿਸੇ ਦੇਵੀ ਦੇ ਪੂਜਕ ਨਹੀਂ। ਸਾਨੂੰ ਉਸ ਤਾਰੀਖ਼ ਨੂੰ ਬੰਦੀਛੋੜ ਦਿਵਸ ਮਨਾਉਣਾ ਚਾਹੀਦਾ ਹੈ ਜਿਹੜੀ ਇਤਿਹਾਸ ਅਤੇ ਕੈਲੰਡਰ ਵਿਗਿਆਨ ਦੀ ਕਸਵੱਟੀ ’ਤੇ ਪੂਰੀ ਉਤਰਦੀ ਹੋਵੇ। ਬ੍ਰਾਹਮਣ ਤੋਂ ਪ੍ਰਭਾਵਤ ਡੇਰਾਵਾਦੀ ਸੋਚ ਰੱਖਣ ਵਾਲ਼ੇ ਸਿੱਖ ਸੰਗਰਾਂਦਾਂ, ਦੀਵਾਲੀ ਅਤੇ ਹੋਲੀ ਨਾਲ ਜੁੜੇ ਹੋਣ ਕਾਰਨ ਗੁਰੂ ਸਾਹਿਬਾਨਾਂ ਦੇ ਅਸਲ ਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਤੱਥਾਂ ਆਧਾਰਿਤ ਕੈਲੰਡਰ ਮੁਤਾਬਕ ਮਨਾਉਣ ’ਚ ਰੋੜਾ ਬਣੇ ਹੋਏ ਹਨ; ਜੋ ਮਾਨਸਿਕ ਗੁਲਾਮੀ ਦੀ ਨਿਸ਼ਾਨੀ ਹੈ ਜਿਸ ਤੋਂ ਮੁਕਤੀ ਹੀ ਅਸਲ ਖ਼ਾਲਸਤਾਨੀ ਰਾਜ ਹੈ।

ਸਿੱਖਾਂ ਨੂੰ ਗੁਰੂ ਸਾਹਿਬਾਨ ਤੋਂ ਸੇਧ ਲੈਣੀ ਬਣਦੀ ਹੈ ਕਿਉਂਕਿ ਉਨ੍ਹਾਂ ਨੇ ਪਹਿਲੇ ਦਿਨ ਹੀ ਖਾਲਸਾ ਰਾਜ ਸਥਾਪਤ ਕਰਨ ਦੀ ਗੱਲ ਨਹੀਂ ਕੀਤੀ ਬਲਕਿ 239 ਸਾਲ ਸਿੱਖਾਂ ਦੇ ਕਿਰਦਾਰ ਦੀ ਉਸਾਰੀ ਕਰਨ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਹੇਠ ਸਰਹਿੰਦ ਫ਼ਤਹਿ ਕਰਕੇ ਖ਼ਾਲਸਾ ਰਾਜ ਸਥਾਪਤ ਕੀਤਾ ਹੈ। ਸਿਧਾਂਤਕ ਪੱਖੋਂ ਅੱਜ ਸਾਡੀ ਹਾਲਤ 1699 ਵਾਲੀ ਨਹੀਂ ਬਲਕਿ ਗੁਰੂ ਨਾਨਕ ਸਾਹਿਬ ਜੀ ਦੇ ਜਨਮ (ਸੰਨ 1469) ਤੋਂ ਪਹਿਲਾਂ ਵਾਲੀ ਬਣੀ ਪਈ ਹੈ। ਸੋ ਲੋੜ ਹੈ ਇਸ ਮਾਨਸਿਕ ਗੁਲਾਮੀ ਤੋਂ ਮੁਕਤ ਹੋਣ ਲਈ ਗੁਰਦੁਆਰਿਆਂ ’ਚ ਸਿੱਖ ਰਹਿਤ ਮਰਿਆਦਾ, ਨਾਨਕਸ਼ਾਹੀ ਕੈਲੰਡਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਪੂਰਨ ਤੌਰ ’ਤੇ ਬਹਾਲ ਕਰਨ ਦੀ; ਇਸ ਲਈ ਸਿੰਘ ਸਭਾ ਲਹਿਰ ਖੜ੍ਹੀ ਕੀਤੀ ਜਾਵੇ ਤਾਂ ਕਿ ਕੌਮ ਚੜ੍ਹਦੀ ਕਲਾ ਵਾਲ਼ਾ ਅਨੰਦ ਮਾਣੇ।