19.3 C
Jalandhar
Monday, April 6, 2026
spot_img
Home Blog Page 24

ਸਿਮਰਨ, ਮਨੁੱਖ ਦੇ ਅੰਦਰ ਬੇ-ਮੁਥਾਜੀ ਤੇ ਦਿਲ ਦੀ ਸੁਤੰਤ੍ਰਤਾ ਪੈਦਾ ਕਰਦਾ ਹੈ …. 

0

ਸਿਮਰਨ, ਮਨੁੱਖ ਦੇ ਅੰਦਰ ਬੇ-ਮੁਥਾਜੀ ਤੇ ਦਿਲ ਦੀ ਸੁਤੰਤ੍ਰਤਾ ਪੈਦਾ ਕਰਦਾ ਹੈ …. 

ਪ੍ਰੋਫ਼ੈਸਰ ਸਾਹਿਬ ਸਿੰਘ

ਜਗਤ ਵਿਚ ਹਰੇਕ ਜੀਵ ਵਾਸਤੇ ਸਭ ਤੋਂ ਵੱਡਾ ਤੇ ਔਖਾ ਸਵਾਲ ਰੋਟੀ ਦਾ ਹੈ। ਪੇਟ; ਖਾਣ ਨੂੰ ਮੰਗਦਾ ਹੈ। ਸਰੀਰ; ਕੱਜਣ ਨੂੰ ਮੰਗਦਾ ਹੈ ਤੇ ਰਹਿਣ ਜੋਗੀ ਥਾਂ ਮੰਗਦਾ ਹੈ। ਗੁੱਲੀ, ਜੁੱਲੀ ਤੇ ਕੁੱਲੀ ਹਰੇਕ ਇਨਸਾਨ ਦੀਆਂ ਇਹ ਤਿੰਨ ਐਸੀਆਂ ਲੋੜਾਂ ਹਨ, ਜਿਨ੍ਹਾਂ ਤੋਂ ਬਿਨਾ ਜੀਵਿਆ ਜਾ ਹੀ ਨਹੀਂ ਸਕਦਾ, ਪਰ ਵੇਖੋ ਇਹ ਕੁਦਰਤ ਕਰਤਾਰ ਦੀ। ਬੇਅੰਤ ਪਸ਼ੂ, ਪੰਛੀ, ਕੀੜੇ ਆਦਿਕ ਹਨ ਤੇ ਇਹਨਾਂ ਸਭਨਾਂ ਦਾ ਰਿਜ਼ਕ ਸੁੱਤੇ ਹੀ ਸ੍ਰਿਸ਼ਟੀ ਵਿਚ ਮੌਜੂਦ ਹੈ। ਸਾਰੀ ਰਚਨਾ ਵਿਚ ਸਿਰਫ਼ ਮਨੁੱਖ ਹੀ ਹੈ, ਜਿਸ ਨੇ ਮਿਹਨਤ ਨਾਲ ਰੋਜ਼ੀ ਕਮਾ ਕੇ ਪੇਟ ਪਾਲਣਾ ਹੈ। ਕੁਦਰਤ ਦਾ ਇਹ ਬੰਧਾਨ ਇਨਸਾਨ ਦੇ ਭਲੇ ਵਾਸਤੇ ਹੀ ਹੈ, ਪਰ ਰੋਜ਼ੀ ਕਮਾਂਦਾ ਕਮਾਂਦਾ ਮਨੁੱਖ ਇਹ ਭੁੱਲ ਜਾਂਦਾ ਹੈ ਕਿ ਇਹ ਸਿਰਫ਼ ਜੀਵਨ-ਨਿਰਬਾਹ ਲਈ ਹੀ ਹੈ। ਧਨ ਕਮਾਂਦਿਆਂ ਕਮਾਂਦਿਆਂ ਧਨ ਮਨੁੱਖ ਦੀ ਜ਼ਿੰਦਗੀ ਦੀ ਥੰਮ੍ਹੀ ਬਣ ਜਾਂਦਾ ਹੈ, ਧਨ-ਪਦਾਰਥ ਹੀ ਇਸ ਦੇ ਵਾਸਤੇ ਸਭ ਕੁਝ ਹੋ ਜਾਂਦਾ ਹੈ।

ਤੋਤਿਆਂ ਨੂੰ ਫੜਨ ਲਈ ਮਨੁੱਖ ਢੋਲ ਵਰਗਾ ਇਕ ਨਿੱਕਾ ਜਿਹਾ ਯੰਤਰ ਬਣਾਂਦਾ ਹੈ। ਇਸ ਨੂੰ ਦੋਹੀਂ ਪਾਸੀਂ ਸਹਾਰੇ ਨਾਲ ਖੜ੍ਹਾ ਕਰ ਕੇ ਇਸ ਦੇ ਹੇਠਲੇ ਪਾਸੇ ਪਾਣੀ ਨਾਲ ਭਰਿਆ ਇਕ ਖੁੱਲ੍ਹਾ ਭਾਂਡਾ ਰੱਖ ਦੇਂਦਾ ਹੈ ਤੇ ਯੰਤਰ ਦੇ ਹੇਠ-ਵਾਰ ਤੋਤੇ ਲਈ ਚੋਗਾ ਪਾ ਦੇਂਦਾ ਹੈ। ਤੋਤਾ ਚੋਗਾ ਚੁਗਣ ਲਈ ਯੰਤਰ ਉੱਤੇ ਆ ਬੈਠਦਾ ਹੈ, ਪਰ ਯੰਤਰ ਤੋਤੇ ਦੇ ਭਾਰ ਨਾਲ ਉਲ਼ਟ (ਘੁੰਮ) ਜਾਂਦਾ ਹੈ ਤੇ ਤੋਤਾ ਹੇਠਲੇ ਪਾਸੇ ਵੱਲ ਲਟਕ ਪੈਂਦਾ ਹੈ। ਆਪਣੇ ਹੇਠਲੇ ਪਾਸੇ ਪਾਣੀ ਵੇਖ ਕੇ ਜਾਨ ਬਚਾਣ ਲਈ ਉਹ ਤੋਤਾ ਯੰਤਰ ਨੂੰ ਆਪਣੇ ਪੌਚਿਆਂ ਨਾਲ ਘੁੱਟ ਕੇ ਫੜ ਲੈਂਦਾ ਹੈ ਤੇ ਇਸ ਤਰ੍ਹਾਂ ਫਾਂਧਕ ਦਾ ਸਦਾ ਲਈ ਕੈਦੀ ਬਣ ਜਾਂਦਾ ਹੈ। ਇਸ ਯੰਤਰ ਨੂੰ ਨਲਿਨੀ ਆਖਦੇ ਹਨ।

ਜੀਵਨ-ਨਿਰਬਾਹ ਲਈ ਰੋਜ਼ੀ ਕਮਾਂਦੇ ਕਮਾਂਦੇ ਮਨੁੱਖ ਦਾ ਭੀ ਇਹੀ ਹਾਲ ਹੁੰਦਾ ਹੈ ਕਿ ਕਮਾਏ ਧਨ ਦੇ ਮੋਹ ਦੇ ਕਾਰਨ ਉਸ ਧਨ ਨੂੰ ਜ਼ਿੰਦਗੀ ਦਾ ਸਹਾਰਾ ਸਮਝਣ ਲੱਗ ਪੈਂਦਾ ਹੈ। ਸੂਅਟੇ (ਤੋਤੇ) ਦਾ ਦ੍ਰਿਸ਼ਟਾਂਤ ਦੇ ਕੇ ਕਬੀਰ ਜੀ ਇਨਸਾਨ ਦੀ ਇਸ ਨਵੀਂ ਹਾਲਤ ਦਾ ਬਿਆਨ ਇਉਂ ਕਰਦੇ ਹਨ ‘‘ਜਿਉ ਨਲਨੀ ਸੂਅਟਾ (ਤੋਤੇ ਨੇ) ਗਹਿਓ; ਮਨ ਬਉਰਾ ਰੇ ! ਮਾਯਾ ਇਹੁ ਬਿਉਹਾਰੁ   ਜੈਸਾ ਰੰਗੁ ਕਸੁੰਭ ਕਾ; ਮਨ ਬਉਰਾ ਰੇ ! ਤਿਉ ਪਸਰਿਓ ਪਾਸਾਰੁ ’’ (ਭਗਤ ਕਬੀਰ, ਪੰਨਾ ੩੩੬)

ਇਸੇ ਤਰ੍ਹਾਂ ਲੋਕ ਬਾਂਦਰਾਂ ਨੂੰ ਫੜਦੇ ਹਨ। ਭੀੜੇ ਮੂੰਹ ਵਾਲੇ ਕੁੱਜੇ ਵਿਚ ਭੁੱਜੇ ਹੋਏ ਛੋਲੇ ਪਾ ਕੇ ਕੁੱਜਾ ਜ਼ਮੀਨ ਵਿਚ ਨੱਪ (ਦੱਬ) ਦੇਂਦੇ ਹਨ। ਕੁੱਜੇ ਦਾ ਉੱਤੋਂ ਸਿਰਫ਼ ਮੂੰਹ ਖੁੱਲ੍ਹਾ ਰਹਿੰਦਾ ਹੈ। ਬਾਂਦਰ (ਮਰਕਟ) ਆ ਕੇ ਕੁੱਜੇ ਵਿਚ ਆਪਣਾ ਹੱਥ ਪਾ ਦੇਂਦਾ ਹੈ ਤੇ ਛੋਲਿਆਂ ਦੀ ਮੁੱਠ ਭਰ ਲੈਂਦਾ ਹੈ, ਪਰ ਭਰੀ ਹੋਈ ਮੁੱਠ ਕੁੱਜੇ ਦੇ ਭੀੜੇ ਮੂੰਹ ਵਿਚੋਂ ਬਾਹਰ ਨਿਕਲ ਨਹੀਂ ਸਕਦੀ ਤੇ ਬਾਂਦਰ ਛੋਲਿਆਂ ਨੂੰ ਛੱਡਣਾ ਨਹੀਂ ਚਾਹੁੰਦਾ। ਇਸ ਮਮਤਾ ਵਿਚ ਹੀ ਕਲੰਦਰ ਦੇ ਕਾਬੂ ਆ ਕੇ ਉਸ ਨੂੰ ਹਰ ਰੋਜ਼ ਦਰ ਦਰ ’ਤੇ ਨੱਚਣਾ ਪੈਂਦਾ ਹੈ। ਕਬੀਰ ਜੀ ਲਿਖਦੇ ਹਨ ‘‘ਮਰਕਟ ਮੁਸਟੀ ਅਨਾਜ ਕੀ; ਮਨ ਬਉਰਾ ਰੇ ! ਲੀਨੀ ਹਾਥੁ ਪਸਾਰਿ (ਕੇ)  ਛੂਟਨ ਕੋ ਸਹਸਾ ਪਰਿਆ; ਮਨ ਬਉਰਾ ਰੇ ! ਨਾਚਿਓ ਘਰ ਘਰ ਬਾਰਿ ’’ (ਭਗਤ ਕਬੀਰ, ਪੰਨਾ ੩੩੬)

ਗੁਰੂ ਤੇਗ ਬਹਾਦਰ ਸਾਹਿਬ ਆਖਦੇ ਹਨ ਕਿ ਲੋਭ-ਲਹਿਰ ਦੇ ਕਾਰਨ ਸ੍ਵੈ-ਮਾਨ ਗੁਆ ਕੇ ਸੁੱਖ ਦੀ ਆਸ ਵਿਚ ਮਨੁੱਖ ਕੁੱਤੇ ਵਾਂਗ ਦਰ ਦਰ ਤੋਂ ਦੁਰੇ ਦੁਰੇ ਕਰਾਂਦਾ ਹੈ। ਫ਼ੁਰਮਾਂਦੇ ਹਨ ‘‘ਬਿਰਥਾ ਕਹਉ; ਕਉਨ ਸਿਉ ਮਨ ਕੀ  ?  ਲੋਭਿ (’) ਗ੍ਰਸਿਓ ਦਸ ਹੂ ਦਿਸ ਧਾਵਤ; ਆਸਾ ਲਾਗਿਓ ਧਨ ਕੀ ਰਹਾਉ ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ, ਸੇਵ ਕਰਤ ਜਨ ਜਨ ਕੀ ਦੁਆਰਹਿ ਦੁਆਰਿ ਸੁਆਨ ਜਿਉ ਡੋਲਤ; ਨਹ ਸੁਧ ਰਾਮ ਭਜਨ ਕੀ ਮਾਨਸ ਜਨਮ ਅਕਾਰਥ ਖੋਵਤ; ਲਾਜ ਲੋਕ ਹਸਨ ਕੀ ਨਾਨਕ  ! ਹਰਿ ਜਸੁ ਕਿਉ ਨਹੀ ਗਾਵਤ ? ਕੁਮਤਿ ਬਿਨਾਸੈ ਤਨ ਕੀ ’’ (ਮਹਲਾ , ਪੰਨਾ ੪੧੧) ਪਦ ਅਰਥ : ਬਿਰਥਾ-ਦੁਖ, ਪੀੜ। ਕਹਉ-ਕਹਉਂ, ਮੈਂ ਦੱਸਾਂ। ਸੁਆਨ-ਕੁੱਤਾ। ਡੋਲਤ-ਭਟਕਦਾ ਫਿਰਦਾ ਹੈ। ਸੁਧਿ-ਸੂਝ। ਅਕਾਰਥ-ਵਿਅਰਥ। ਲਾਜ- ਸ਼ਰਮ। ਕੁਮਤਿ-ਭੈੜੀ ਅਕਲ।

ਜੀਵ; ਜੀਵਨ ਦੇ ਅਸਗਾਹ ਸਮੁੰਦਰ-ਪਰਮਾਤਮਾ ਦੀ ਹੀ ਅੰਸ ਹੈ, ਪਰ ਉਸ ਤੋਂ ਵਿਛੜ ਕੇ ਵੇਖੋ ਕਿਵੇਂ ਰੁਲਦਾ ਹੈ ਤੇ ਦਰ ਦਰ ਧੱਕੇ ਖਾਂਦਾ ਹੈ। ਮੰਦਿਰਾਂ ਵਿਚ ਹਰ ਰੋਜ਼ ਸਵੇਰੇ ਸੰਖ ਵੱਜਦੇ ਕਈ ਵਾਰੀ ਸੁਣੇ ਹੋਣਗੇ। ਭਾਵੇਂ ਇਹ ਧਰਮ-ਅਸਥਾਨਾਂ ਵਿਚ ਹੀ ਵਜਾਈਦੇ ਹਨ, ਪਰ ਇਹਨਾਂ ਦੀ ਅਵਾਜ਼ ਕੁਰੱਖ਼ਤ (ਕਠੋਰ, ਰੁੱਖੀ) ਜਿਹੀ ਹੀ ਹੁੰਦੀ ਹੈ; ਜਿਵੇਂ ਕੋਈ ਢਾਹ ਮਾਰ ਰਿਹਾ ਹੋਵੇ। ਸੰਖ; ਸਮੁੰਦਰ (ਰੈਣਾਇਰ) ਦੇ ਡੂੰਘੇ ਪਾਣੀਆਂ ਵਿਚੋਂ ਲੱਭੀਦੇ ਹਨ। ਵੇਖੋ ਸੰਖ ਦਾ ਹਾਲ ! ਜਿਸ ਸਮੁੰਦਰ ਵਿਚ ਇਹ ਜੰਮਿਆ, ਪਲਿਆ, ਜਦੋਂ ਉਸ ਤੋਂ ਵਿਛੜਿਆ ਤਾਂ ਇਸ ਦੇ ਭਾਗਾਂ ਵਿਚ ਨਿੱਤ ਸਵੇਰੇ ਮੰਦਿਰਾਂ ਵਿਚ ਢਾਹਾਂ ਮਾਰਨੀਆਂ ਹੀ ਲਿਖੀਆਂ ਗਈਆਂ।

ਕਬੀਰ ਜੀ ਸੰਖ ਨੂੰ ਸੰਬੋਧਨ ਕਰ ਕੇ ਮਨੁੱਖ ਨੂੰ ਸਮਝਾ ਰਹੇ ਹਨ ‘ਹੇ ਸੰਖ ! ਸਮੁੰਦਰ ਵਿਚ ਹੀ, ਰੈਣਾਇਰ ਮਝੂਰ ਹੀ, ਟਿਕਿਆ ਰਹੁ, ਨਹੀਂ ਤਾਂ ਸੂਰਜ ਚੜ੍ਹਦੇ ਸਾਰ ਠਾਕੁਰ-ਦੁਆਰਿਆਂ ਵਿਚ ਢਾਹਾਂ ਮਾਰਨੀਆਂ ਪਿਆ ਕਰਨਗੀਆਂ। ਆਪ ਫ਼ੁਰਮਾਂਦੇ ਹਨ ‘‘ਕਬੀਰ ! ਰੈਨਾਇਰ ਬਿਛੋਰਿਆ; ਰਹੁ ਰੇ ਸੰਖ ਮਝੂਰਿ   ਦੇਵਲ ਦੇਵਲ ਧਾਹੜੀ; ਦੇਸਹਿ ਉਗਵਤ ਸੂਰ ’’ (ਭਗਤ ਕਬੀਰ, ਪੰਨਾ ੧੩੭੧) ਪਦ ਅਰਥ : ਰੈਣਾਇਰਿ-ਸਮੁੰਦਰ ਤੋਂ। ਮਝੂਰਿ-ਵਿਚੇ ਹੀ, (ਸਮੁੰਦਰ ਦੇ) ਵਿਚ ਹੀ। ਦੇਵਲ-ਦੇਵਾਲਯ, ਮੰਦਿਰ। ਧਾਹੜੀ-ਢਾਹ (ਮਾਰਨੀ)। ਦੇਸਹਿ-ਤੂੰ ਦੇਵੇਂਗਾ। ਸੂਰ- ਸੂਰਜ (ਚੜ੍ਹੇ)।

ਧਿਰ ਧਿਰ ਅੱਗੇ ਤਰਲੇ ਮੁਕਾਣ ਲਈ ਤੇ ਲੋਭ-ਗ੍ਰਸੀ ਕੋਝੀ ਮੱਤ ਦੇ ਨਾਸ ਕਰਨ ਲਈ ਸਿਮਰਨ, ਸਿਫ਼ਤ-ਸਲਾਹ ਹੀ ਇੱਕੋ ਇਕ ਦਾਰੂ ਹੈ। ਜਿਸ ਨੂੰ ਇਹ ਦਾਤਿ ਮਿਲਦੀ ਹੈ, ਉਹ ਪਾਤਿਸ਼ਾਹਾਂ ਦਾ ਪਾਤਿਸ਼ਾਹ ਬਣ ਜਾਂਦਾ ਹੈ। ਹਜ਼ੂਰ ਫ਼ੁਰਮਾਉਂਦੇ ਹਨ ‘‘ਜਿਸ ਨੋ ਬਖਸੇ; ਸਿਫਤਿ ਸਾਲਾਹ   ਨਾਨਕ  ! ਪਾਤਿਸਾਹੀ ਪਾਤਿਸਾਹੁ ੨੫’’ (ਜਪੁ, ਮਹਲਾ , ਪੰਨਾ )

ਕਲਗੀਧਰ ਪਾਤਿਸ਼ਾਹ ਦੇ ਚਰਨਾਂ ਦੇ ਭੌਰੇ ਭਾਈ ਨੰਦ ਲਾਲ (ਸਿੰਘ) ਗੁਰੂ ਕਲਗੀਧਰ ਜੀ ਨੂੰ ਸੰਬੋਧਨ ਕਰ ਕੇ ਆਖਦੇ ਹਨ- ਦਾਤਾ ! ‘‘ਖ਼ਾਕੇ ਦਰਗਾਹੇ ਤੋ, ਸਦ ਤਾਜਸਤ, ਬਹਰੇ ਫ਼ਰਕੇ ਮਨ ਆਸੀਅਮ, ਗੁਰ ਦਿਲ ਹਵਾਏ ਤਾਜੋ ਅਫ਼ਸਰ ਮੀ ਕੁਨੱਦ’’ ਪਦ ਅਰਥ : ਸਦ-ਸੌ। ਸਤ (ਅਸਤ)-ਹੈ। ਬਹਰ-ਵਾਸਤੇ। ਫ਼ਰਕੇ-ਦਿਲ। ਆਸੀ- ਗੁਨਹਗਾਰ। ਆਸੀਅਮ-ਮੈਂ ਗੁਨਹਗਾਰ ਹਾਂ। ਗਰ-ਜੇ। ਹਵਾਏ-ਲਾਲਸਾ ਅਫ਼ਸਰ-ਹਕੂਮਤ। ਮੀ ਕੁਨੱਦ-ਕਰਦਾ ਹੈ।

ਭਾਵ-ਹੇ ਪਾਤਿਸ਼ਾਹ ! ਮੇਰੇ ਦਿਲ ਵਾਸਤੇ ਤੇਰੇ ਦਰ ਦੀ ਧੂੜ ਹੀ 100 ਸ਼ਾਹੀ ਤਖ਼ਤਾਂ-ਤਾਜਾਂ ਦੇ ਬਰਾਬਰ ਹੈ। ਹੇ ਦਾਤਾ ! ਤੇਰੇ ਦਰ ’ਤੇ ਆ ਕੇ ਭੀ ਜੇ ਮੇਰਾ ਦਿਲ ਦੁਨੀਆ ਦੇ ਤਾਜ ਤੇ ਹੁਕਮ ਦੀ ਹਿਰਸ (ਨਿਗਾਹ) ਰੱਖੇ ਤਾਂ ਮੈਂ ਬੜਾ ਗੁਨਹਗਾਰ ਹਾਂ।

ਸਿਮਰਨ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਉੱਚੇ ਆਤਮਕ ਹੁਲਾਰੇ ਵਿਚ ਆਉਂਦੀ ਹੈ, ਉਸ ਦੀ ਰੂਹ ਕਿਸੇ ਮਨੁੱਖ ਦੀ ਮੁਥਾਜੀ ਦਾ ਭਾਰ ਸਹਾਰ ਨਹੀਂ ਸਕਦੀ। ਉਸ ਦੇ ਅੰਦਰ ਮਾਇਆ ਦੀ ਭੁੱਖ ਨਹੀਂ ਰਹਿੰਦੀ। ਉਹ ਆਪਣੇ ਦਾਤਾਰ-ਪ੍ਰਭੂ ਨੂੰ ਹੀ ਆਖਦਾ ਹੈ-ਹੇ ਪ੍ਰਭੂ  ! ਮੇਰਾ ਮਨ ਤੇਰੀਆਂ ਬਖ਼ਸ਼ੀਆਂ ਦਾਤਾਂ ਨਾਲ ਰੱਜ ਗਿਆ ਹੈ। ਮੈਂ ਕਿਸੇ ਮਨੁੱਖ ਦੀ ਖ਼ੁਸ਼ਾਮਦ ਕਿਉਂ ਕਰਾਂ  ? ਦੁਨੀਆ ਦੇ ਸਾਰੇ ਖ਼ਜ਼ਾਨੇ ਦੇਣ ਵਾਲਾ ਤੂੰ ਹੀ ਹੈਂ, ਮੈਂ ਕਿਸੇ ਬੰਦੇ ਦੀ ਮੁਥਾਜੀ ਨਹੀਂ ਰੱਖਦਾ। ਮੈਂ ਕਿਸੇ ਮਨੁੱਖ ਦਾ ਜਾਚਕ ਮੰਗਤਾ ਬਣਾਂ ਭੀ ਕਿਉਂ  ? ਇਹ ਸਭ ਤੇਰੇ ਹੀ ਪੈਦਾ ਕੀਤੇ ਹੋਏ ਹਨ। ਇਸ ਬੇ-ਪਰਵਾਹੀ ਦੀ ਮੌਜ ਵਿਚ ਆ ਕੇ ਉਹ ਮਨੁੱਖ ਸਤਿਗੁਰੂ ਅਰਜਨ ਸਾਹਿਬ ਜੀ ਨਾਲ ਮਿਲ ਕੇ ਇਉਂ ਗਾਂਦਾ ਹੈ ‘‘ਕਿਸੁ ਹਉ ਜਾਚੀ ? ਕਿਸ ਆਰਾਧੀ  ? ਜਾ ਸਭੁ ਕੋ ਕੀਤਾ ਹੋਸੀ (ਜਦੋਂ ਤੇਰਾ ਕੀਤਾ ਹੀ ਹੁੰਦਾ ਹੈ)  ਜੋ ਜੋ ਦੀਸੈ ਵਡਾ ਵਡੇਰਾ; ਸੋ ਸੋ ਖਾਕੂ ਰਲਸੀ   ਨਿਰਭਉ ਨਿਰੰਕਾਰੁ ਭਵ ਖੰਡਨੁ; ਸਭਿ ਸੁਖ ਨਵ ਨਿਧਿ ਦੇਸੀ

ਪਦ ਅਰਥ : ਹਉ ਜਾਚੀ-ਹਉਂ ਜਾਚੀਂ, ਮੈਂ ਮੰਗਾਂ। ਆਰਾਧੀ- ਆਰਾਧੀਂ, ਮੈਂ ਅਰਾਧਨਾ ਕਰਾਂ। ਸਭੁ ਕੋ-ਹਰੇਕ ਜੀਵ। ਕੀਤਾ-(ਪਰਮਾਤਮਾ ਦਾ) ਬਣਾਇਆ ਹੋਇਆ। ਹੋਸੀ-ਹੋਵੇਗਾ, ਹੈ। ਖਾਕੂ-ਖਾਕ ਵਿਚ। ਭਵਖੰਡਨੁ-ਜਨਮ (ਮਰਨ) ਨਾਸ ਕਰਨ ਵਾਲਾ। ਸਭਿ-ਸਾਰੇ । ਨਵ ਨਿਧਿ-(ਜਗਤ ਦੇ) ਨੌਂ ਹੀ ਖ਼ਜ਼ਾਨੇ। ਦੇਸੀ-ਦੇਵੇਗਾ, ਦੇਂਦਾ ਹੈ।੧।

ਅਰਥ : ਹੇ ਭਾਈ  ! ਜਦੋਂ ਹਰੇਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ ਤਾਂ (ਉਸ ਕਰਤਾਰ ਨੂੰ ਛੱਡ ਕੇ) ਮੈਂ ਹੋਰ ਕਿਸ ਪਾਸੋਂ ਕੁੱਝ ਮੰਗਾਂ  ? ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ  ? ਜਿਹੜਾ ਭੀ ਕੋਈ ਵੱਡਾ ਜਾਂ ਧਨਾਢ ਮਨੁੱਖ ਦਿੱਸਦਾ ਹੈ, ਹਰੇਕ ਨੇ (ਮਰ ਕੇ) ਮਿੱਟੀ ਵਿਚ ਰਲ਼ ਜਾਣਾ ਹੈ (ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ)। ਹੇ ਭਾਈ  ! ਸਾਰੇ ਸੁੱਖ ਤੇ ਜਗਤ ਦੇ ਸਾਰੇ ਨੌ ਖ਼ਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ, ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਸਭ ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲਾ ਹੈ।੧।

ਹਰਿ ਜੀਉ ! ਤੇਰੀ ਦਾਤੀ ਰਾਜਾ   ਮਾਣਸੁ ਬਪੁੜਾ ਕਿਆ ਸਾਲਾਹੀ ? ਕਿਆ ਤਿਸ ਕਾ ਮੁਹਤਾਜਾ  ? ਰਹਾਉ

ਹਰਿ-ਹੇ ਹਰੀ ! ਦਾਤੀ-ਦਾਤੀਂ, ਦਾਤਾਂ ਨਾਲ। ਰਾਜਾ-ਰਾਜਾਂ, ਮੈਂ ਰੱਜਦਾ ਹਾਂ। ਬਪੁੜਾ-ਵਿਚਾਰਾ। ਸਾਲਾਹੀ-ਸਾਲਾਹੀਂ, ਮੈਂ ਸਾਲਾਹਾਂ। ਤਿਸ ਕਾ-(ਲਫ਼ਜ਼ ‘ਤਿਸੁ’ ਦਾ ਔਂਕੜ (  ੁ) ਸੰਬੰਧਕ ‘ਕਾ’ ਦੇ ਕਾਰਨ ਉੱਡ ਗਿਆ ਹੈ) ॥੧॥ ਰਹਾਉ ॥

ਅਰਥ : ਹੇ ਪ੍ਰਭੂ ਜੀ  ! ਮੈਂ ਤੇਰੀਆਂ (ਦਿੱਤੀਆਂ) ਦਾਤਾਂ ਨਾਲ (ਹੀ) ਰੱਜ ਸਕਦਾ ਹਾਂ। ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ  ? ਮੈਨੂੰ ਕਿਸੇ ਮਨੁੱਖ ਦੀ ਮੁਥਾਜੀ ਕਿਉਂ ਹੋਵੇ ?।੧। ਰਹਾਉ।

ਜਿਨਿ ਹਰਿ ਧਿਆਇਆ; ਸਭੁ ਕਿਛੁ ਤਿਸ ਕਾ; ਤਿਸ ਕੀ ਭੂਖ ਗਵਾਈ   ਐਸਾ ਧਨੁ ਦੀਆ ਸੁਖਦਾਤੈ ! ਨਿਖੁਟਿ ਕਬ ਹੀ ਜਾਈ   ਅਨਦੁ ਭਇਆ ਸੁਖ ਸਹਜਿ ਸਮਾਣੇ; ਸਤਿਗੁਰਿ (ਨੇ) ਮੇਲਿ ਮਿਲਾਈ

ਜਿਨਿ-ਜਿਸ (ਮਨੁੱਖ) ਨੇ। ਸਭੁ ਕਿਛੁ-ਹਰੇਕ ਚੀਜ਼। ਸੁਖ ਦਾਤੈ- ਸੁਖ ਦੇਣ ਵਾਲੇ (ਪ੍ਰਭੂ) ਨੇ। ਸਹਜਿ=ਆਤਮਕ ਅਡੋਲਤਾ ਦੇ ਕਾਰਨ। ਸਤਿਗੁਰਿ-ਗੁਰੂ ਨੇ। ਮੇਲਿ-ਮਿਲਾਪ ਵਿਚ।੨।

ਅਰਥ : ਹੇ ਭਾਈ  ! ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ, ਜਗਤ ਦੀ ਹਰੇਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ, ਪਰਮਾਤਮਾ ਉਸ ਦੇ ਅੰਦਰੋਂ (ਮਾਇਆ ਦੀ) ਭੁੱਖ ਦੂਰ ਕਰ ਦੇਂਦਾ ਹੈ। ਸੁਖਦਾਤੇ ਪ੍ਰਭੂ ਨੇ ਉਸ ਨੂੰ ਅਜਿਹਾ (ਨਾਮ) ਧਨ ਦੇ ਦਿੱਤਾ ਹੈ ਜੋ (ਉਸ ਪਾਸੋਂ) ਕਦੇ ਭੀ ਨਹੀਂ ਮੁੱਕਦਾ। ਗੁਰੂ ਨੇ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ (ਜਦੋਂ) ਮਿਲਾ ਦਿਤਾ, ਤਾਂ ਆਤਮਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਅਨੰਦ ਤੇ ਸਾਰੇ ਸੁੱਖ ਆ ਵੱਸਦੇ ਹਨ।੨।

ਮਨ ! ਨਾਮੁ ਜਪਿ ਨਾਮੁ ਆਰਾਧਿ; ਅਨਦਿਨੁ ਨਾਮੁ ਵਖਾਣੀ   ਉਪਦੇਸੁ ਸੁਣਿ ਸਾਧ ਸੰਤਨ ਕਾ; ਸਭ ਚੂਕੀ ਕਾਣਿ ਜਮਾਣੀ   ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ; ਸੇ ਲਾਗੇ ਗੁਰ ਕੀ ਬਾਣੀ

ਮਨ-ਹੇ ਮਨ ! ਅਨਦਿਨੁ-ਹਰ ਰੋਜ਼। ਵਖਾਣੀ-ਵਖਾਣਿ, ਉਚਾਰਦਾ ਰਹੁ। ਕਾਣਿ-ਮੁਥਾਜੀ। ਜਮਾਣੀ-ਜਮਾਂ ਦੀ (ਜਮ+ਆਣੀ; ‘ਆਣੀ’ ਭਾਵ ‘ਦੀ’)। ਕਉ-ਨੂੰ।੩।

ਅਰਥ : ਹੇ (ਮੇਰੇ) ਮਨ  ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ, ਸਿਮਰਿਆ ਕਰ, ਉਚਾਰਿਆ ਕਰ। ਸੰਤ ਜਨਾਂ ਦਾ ਉਪਦੇਸ਼ ਸੁਣ ਕੇ ਜਮਾਂ ਦੀ ਭੀ ਸਾਰੀ ਮੁਥਾਜੀ ਮੁੱਕ ਜਾਂਦੀ ਹੈ (ਪਰ ਹੇ ਮਨ !) ਸਤਿਗੁਰੂ ਦੀ ਬਾਣੀ ਵਿਚ ਉਹੀ ਮਨੁੱਖ ਸੁਰਤ ਜੋੜਦੇ ਹਨ, ਜਿਨ੍ਹਾਂ ਉੱਤੇ ਪਿਆਰਾ ਪ੍ਰਭੂ ਆਪ ਦਇਆਵਾਨ ਹੁੰਦਾ ਹੈ।੩।

ਕੀਮਤਿ ਕਉਣੁ ਕਰੈ ਪ੍ਰਭ ! ਤੇਰੀ; ਤੂ ਸਰਬ ਜੀਆ ਦਇਆਲਾ   ਸਭੁ ਕਿਛੁ ਕੀਤਾ ਤੇਰਾ ਵਰਤੈ; ਕਿਆ ਹਮ ਬਾਲ ਗੁਪਾਲਾ   ਰਾਖਿ ਲੇਹੁ ਨਾਨਕੁ ਜਨੁ ਤੁਮਰਾ; ਜਿਉ ਪਿਤਾ ਪੂਤ ਕਿਰਪਾਲਾ ’’ (ਮਹਲਾ , ਪੰਨਾ ੬੦੮)

ਗੁਪਾਲ-ਹੇ ਗੋਪਾਲ ! ਕਿਆ ਹਮ-ਸਾਡੀ ਕੀ ਪਾਇਆਂ ਹੈ  ? ਜਨੁ ਦਾਸ ॥੪॥

ਅਰਥ : ਹੇ ਪ੍ਰਭੂ ! ਤੇਰੀ (ਮਿਹਰ ਦੀ) ਕੀਮਤ ਕੌਣ ਪਾ ਸਕਦਾ ਹੈ  ? ਤੂੰ ਸਾਰੇ ਹੀ ਜੀਵਾਂ ਉੱਤੇ ਮਿਹਰ ਕਰਨ ਵਾਲਾ ਹੈਂ। ਹੇ ਗੋਪਾਲ ਪ੍ਰਭੂ  ! ਸਾਡੀ ਜੀਵਾਂ ਦੀ ਕੀ ਪਾਇਆਂ ਹੈ  ? ਜਗਤ ਵਿਚ ਹਰੇਕ ਕੰਮ ਤੇਰਾ ਹੀ ਕੀਤਾ ਹੋਇਆ ਹੁੰਦਾ ਹੈ। ਹੇ ਪ੍ਰਭੂ ! ਨਾਨਕ ਤੇਰਾ ਦਾਸ ਹੈ, (ਇਸ ਦਾਸ ਦੀ) ਰੱਖਿਆ ਉਸੇ ਤਰ੍ਹਾਂ ਕਰਦਾ ਰਹੁ; ਜਿਵੇਂ ਪਿਉ ਆਪਣੇ ਪੁੱਤਰਾਂ ਉੱਤੇ ਸਦਾ ਕਿਰਪਾਲ ਹੋ ਕੇ ਕਰਦਾ ਹੈ।੪।

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੇ ਉਸ ਦਾ ਪ੍ਰਤੀਕਰਮ

0

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੇ ਉਸ ਦਾ ਪ੍ਰਤੀਕਰਮ

ਅਵਤਾਰ ਸਿੰਘ ਮਿਸ਼ਨਰੀ USA (5104325827)

ਗੁਰੂ ਨਾਨਕ ਸਾਹਿਬਾਨ ਅਤੇ ਭਗਤ ਸਾਹਿਬਾਨ ਤੋਂ ਲੈ ਕੇ ਹੁਣ ਗੁਰੂ ਅਰਜਨ ਸਾਹਿਬ ਜੀ ਤੱਕ ਸਭ ਮਹਾਂ ਪੁਰਖਾਂ ਨੇ ਸੱਚ ਦਾ ਪ੍ਰਚਾਰ ਰੱਬੀ ਗਿਆਨ ਦੁਆਰਾ ਸ਼ਾਂਤਮਈ ਢੰਗ ਨਾਲ ਕੀਤਾ, ਪਰ ਫਿਰ ਵੀ ਵਕਤੀ ਹਕੂਮਤਾਂ ਅਤੇ ਉਨ੍ਹਾਂ ਦੇ ਝੋਲੀ ਚੁੱਕਾਂ (ਕੱਟੜਵਾਦੀ ਬ੍ਰਾਹਮਣਾਂ ਤੇ ਮੁਲਾਂ ਮੌਲਾਣਿਆਂ) ਨੇ ਹਮੇਸ਼ਾਂ ਇਸ ਦਾ ਵਿਰੋਧ ਕੀਤਾ। ਕੱਟੜਵਾਦੀ ਬ੍ਰਾਹਮਣਾਂ ਅਤੇ ਮੁਲਾਂ ਮੌਲਾਣਿਆਂ ਨੇ ਤਾਂ ਇਸ ਕਰਕੇ ਵਿਰੋਧ ਕੀਤਾ ਕਿ ਉਨ੍ਹਾਂ ਦੁਆਰਾ ਫੈਲਾਏ ਭਰਮਜਾਲ-ਕਰਮਕਾਂਡਾਂ ਦਾ ਗੁਰਬਾਣੀ ਨੇ ਸਖ਼ਤ ਵਿਰੋਧ ਕਰਕੇ ਭੋਲੀ-ਭਾਲੀ ਜਨਤਾ ਨੂੰ ਜਾਗਰੂਕ ਕੀਤਾ। ਇਸ ਨਾਲ ਇਨ੍ਹਾਂ ਲੋਕਾਂ ਦੀ ਧਰਮ ਦੇ ਨਾਂ ’ਤੇ ਚਲਦੀ ਰੋਜ਼ੀ-ਰੋਟੀ ਵਾਲੀ ਦੁਕਾਨਦਾਰੀ ’ਤੇ ਅਸਰ ਪਿਆ ਅਤੇ ਅਜਿਹੇ ਲੋਕਾਂ ਵੱਲੋਂ ਹਕੂਮਤ ਦੇ ਕੰਨ ਭਰੇ ਗਏ ਕਿ ਜੇ ਵੇਲੇ ਸਿਰ ਗੁਰੂਆਂ-ਭਗਤਾਂ ਦੀਆਂ ਸਰਗਰਮੀਆਂ ’ਤੇ ਨਿਗ੍ਹਾ ਨਾ ਰੱਖੀ ਗਈ ਤਾਂ ਇਹ ਲੋਕ ਹਕੂਮਤ ਦਾ ਤਖ਼ਤਾ ਪਲਟਾ ਸਕਦੇ ਹਨ। ਇਸ ਮਾਮਲੇ ਵਿੱਚ ਸਿੱਧ, ਜੋਗੀ, ਉਦਾਸੀ, ਬ੍ਰਾਹਮਣ, ਮੌਲਾਣੇ, ਸ਼੍ਰੀ ਚੰਦੀਏ, ਪ੍ਰਿਥੀ ਚੰਦੀਏ, ਚੰਦੂਸ਼ਾਹੀਏ, ਬੀਰਬਲ ਬ੍ਰਾਹਮਣ ਆਦਿ ਜਿੱਥੇ ਵਕਤੀਆ ਹਕੂਮਤ ਦੇ ਕੰਨ ਭਰਦੇ ਰਹੇ, ਓਥੇ ਤੁਰਾਨ ਦੇ ਰਹਿਣਵਾਲੇ ਮੁਹੰਮਦ ਬਾਕੀ ਬਿਲਾ ਦੇ ਚੇਲੇ ਸ਼ੇਖ ਅਹਿਮਦ ਸਰਹੱਦੀ ਅਤੇ ਉਸ ਦੇ ਚੇਲੇ ਮੁਰਤਜ਼ਾ ਖਾਂ, ਜੋ ਅਤਿ ਕੱਟੜਵਾਦੀ ਚਿਸ਼ਤੀ ਮੁਸਲਮਾਨ, ਜੋ ਸਿਰਫ ਤੇ ਸਿਰਫ ਹਰ ਪਾਸੇ ਇਸਲਾਮ ਹੀ ਇਸਲਾਮ ਦੇਖਣਾ ਚਾਹੁੰਦੇ ਸਨ, ਏਨਾਂ ਦਾ ਵੀ ਸਿੱਧਾ ਹੱਥ ਸੀ। ਇਵੇਂ ਸੌੜੀ ਸੋਚ ਵਾਲੇ ਧਾਰਮਿਕ ਆਗੂ ਅੱਗ-ਬਲੂਲੇ ਹੋ ਉੱਠੇ ਭਾਵੇਂ ਕਿ ਇਹ ਸਾਰੇ ਆਪਸ ਵਿੱਚ ਪਹਿਲਾਂ ਲੜਦੇ ਰਹਿੰਦੇ ਸਨ ‘‘ਖਹਿ ਮਰਦੇ ਬਾਹਮਣ ਮਉਲਾਣੇ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੧)

 ਅਕਸਰ ਅਸੀਂ ਇਕੱਲੇ ਚੰਦੂ ’ਤੇ ਦੋਸ਼ ਲਾਉਂਦੇ ਹਾਂ ਜਦਕਿ ਚੰਦੂ ਤਾਂ ਇਸ ਨਫ਼ਰਤ ਦੀ ਇੱਕ ਕੜੀ ਸੀ। ਚੰਦੂ ਨੇ ਰਿਸ਼ਤਾ ਕਰਨ ਵੇਲੇ ਗੁਰੂ-ਕਿਆਂ ਵਿਰੁੱਧ ਕਬੋਲ ਬੋਲੇ ਸਨ ਕਿ ਚਉਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ, ਸਿੱਖ ਸੰਗਤ ਨੇ ਇਸ ਦਾ ਕਰੜਾ ਵਿਰੋਧ ਕੀਤਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਰਿਸ਼ਤਾ, ਜੋ ਚੰਦੂ ਦੀ ਲੜਕੀ ਨਾਲ਼ ਹੋਇਆ ਸੀ, ਟੁੱਟ ਗਿਆ ਸੀ।

ਗੁਰੂਆਂ-ਭਗਤਾਂ ਦੇ ਸੱਚੇ-ਸੁੱਚੇ ਤੇ ਸਿੱਧੇ-ਸਾਦੇ ਸੁਨਹਿਰੀ ਉਪਦੇਸ਼ਾਂ ਕਰਕੇ ਧੜਾ-ਧੜ ਹਿੰਦੂ ਅਤੇ ਮੁਸਲਮਾਨ ਸਿੱਖ ਬਣ ਰਹੇ ਸਨ। ਇਹ ਗੱਲ ਉਸ ਵੇਲੇ ਦਾ ਇਤਿਹਾਸਕਾਰ ਮੋਹਸਨਫਾਨੀ ਵੀ ਲਿਖਦਾ ਹੈ। ਭਾਵੇਂ ਜਾਤ ਅਭਿਮਾਨੀਆਂ ਅਤੇ ਕੱਟੜਵਾਦੀਆਂ ਨੇ ਅਕਬਰ ਬਾਦਸ਼ਾਹ ਦੇ ਵੀ ਕੰਨ ਭਰੇ, ਪਰ ਅਕਬਰ ਉਦਾਰਵਾਦੀ ਹੋਣ ਕਰਕੇ ਇਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਅਕਬਰ ਬਾਦਸ਼ਾਹ ਦੋ ਵਾਰ ਗੁਰੂ ਦਰਬਾਰ ਆਇਆ ਅਤੇ ਗੁਰੂਆਂ ਦੀ ਸਿੱਖਿਆ ਤੋਂ ਪ੍ਰਭਾਵਤ ਹੋਇਆ ਅਤੇ ਕਿਰਸਾਨਾਂ ਦਾ ਮਾਲੀਆ ਅਤੇ ਹਿੰਦੂਆਂ ਦੇ ਤੀਰਥਾਂ ਦਾ ਟੈਕਸ ਵੀ ਮਾਫ ਕਰ ਗਿਆ। ਹੁਣ ਅਕਬਰ ਦੀ ਮੌਤ ਤੋਂ ਬਾਅਦ ਉਸ ਦੇ ਸ਼ਰਾਬੀ-ਕਬਾਬੀ ਪੁੱਤਰ ਜਹਾਂਗੀਰ ਨੂੰ ਇਨ੍ਹਾਂ ਕੱਟੜਵਾਦੀਆਂ ਨੇ ਇਸ ਕਰਕੇ ਰਾਜ ਗੱਦੀ ਤੇ ਬੈਠਾਇਆ ਕਿ ਜਹਾਂਗੀਰ ਇਸਲਾਮ ਦਾ ਪ੍ਰਚਾਰ ਕਰੇਗਾ ਅਤੇ ਸਿੱਖ ਲਹਿਰ ਨੂੰ ਖ਼ਤਮ ਕਰ ਦੇਵੇਗਾ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਲਹਿਰ ਸਗੋਂ ਹੋਰ ਵਧੇਗੀ।

ਇਸ ਸੰਬੰਧ ਵਿੱਚ ਜਹਾਂਗੀਰ ਖ਼ੁਦ ਵੀ ਆਪਣੀ ਸਵੈ ਜੀਵਨੀ ‘ਤੁਜ਼ਕਿ ਜਹਾਂਗੀਰੀ’ ਵਿੱਚ ਲਿੱਖਦਾ ਹੈ ਕਿ ਬਿਆਸ ਦਰਿਆ ਕੰਡੇ ਗੋਇੰਦਵਾਲ ਨਗਰ ਵਿੱਚ ਇੱਕ ਪੀਰਾਂ ਬਜੁਰਗਾਂ ਦੇ ਭੇਸ ਵਿੱਚ ਅਰਜਨ ਨਾਮ ਦੇ ਹਿੰਦੂ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਸਗੋਂ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੇ ਮਗਰ ਲਾ ਕੇ ਆਪਣੀ ਪੀਰੀ ਦਾ ਢੋਲ ਉੱਚਾ ਵਜਾਇਆ ਹੋਇਆ ਸੀ, ਲੋਕ ਉਸ ਨੂੰ ਗੁਰੂ ਆਖਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਇਹ ਦੁਕਾਨ ਚਲ ਰਹੀ ਸੀ, ਚਿਰ ਤੋਂ ਮੈਂ ਸੋਚ ਰਿਹਾ ਸੀ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਾਂ ਜਾਂ ਇਸ (ਗੁਰੂ ਅਰਜਨ ਸਾਹਿਬ) ਨੂੰ ਇਸਲਾਮ ਵਿੱਚ ਲੈ ਆਵਾਂ। ਇਨ੍ਹਾਂ ਦਿਨਾਂ ’ਚ ਹੀ ਹਕੂਮਤ ਦਾ ਬਾਗੀ ਖੁਸਰੋ ਇਧਰ ਆਇਆ ਤੇ ਇਸ (ਗੁਰੂ) ਨੇ ਉਸ ਦੇ ਮੱਥੇ ’ਤੇ ਕੇਸਰ ਦਾ ਟਿੱਕਾ ਲਾ ਕੇ ਜਿੱਥੇ ਉਸ ਦੀ ਕਾਮਯਾਬੀ ਦੀ ਅਰਦਾਸ ਕੀਤੀ, ਓਥੇ ਮਾਲੀ ਸਹਾਇਤਾ ਵੀ ਕੀਤੀ। ਜਦੋਂ ਮੈਨੂੰ ਇਸ ਦਾ ਪਤਾ ਲੱਗਾ ਤਾਂ ਮੈ ਹੁਕਮ ਕੀਤਾ ਕਿ ਇਸ (ਗੁਰੂ) ਨੂੰ ਪਕੜ ਕੇ ਮੇਰੇ ਹਵਾਲੇ ਕੀਤਾ ਜਾਵੇ। ਉਸ ਦਾ ਘਰ ਘਾਟ ਬੱਚੇ ਤੇ ਮਾਲ ਅਸਬਾਬ ਮੁਰਤਜਾ ਖਾਂ ਦੇ ਹਵਾਲੇ ਕਰਕੇ ਇਸ ਨੂੰ ‘ਯਾਸਾ ਦੰਡ’ ਦੇ ਕੇ ਮਾਰ ਦਿੱਤਾ ਜਾਵੇ (ਯਾਸਾ ਦੰਡ ਪੁਰਾਣੇ ਮੰਗੋਲੀਆ ਲੋਕ, ਜਿਨ੍ਹਾਂ ਦਾ ਵਹਿਸ਼ੀਪੁਣਾ ਮਸ਼ਹੂਰ ਹੈ, ਦਿਆ ਕਰਦੇ ਸਨ। ਜਿਸ ਵਿੱਚ ਕਿਸੇ ਮਹਾਂਪੁਰਖ ਨੂੰ ਬਿਨਾ ਖੂਨ ਡੋਲੇ ਮਾਰਿਆ ਜਾਂਦਾ, ਡਰ ਹੁੰਦਾ ਕਿ ਉਸ ਦੇ ਖੂਨ ਤੋਂ ਹੋਰ ਸ਼ਹੀਦ ਨਾ ਪੈਦਾ ਹੋ ਜਾਣ)। ਇਸ ਤਰੀਕੇ ਨਾਲ 30 ਮਈ ਸੰਨ 1606 ਨੂੰ ਗੁਰੂ ਅਰਜਨ ਸਾਹਿਬ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ।

ਸ਼ਹੀਦੀ ਦਾ ਪ੍ਰਤੀਕਰਮ-ਜਿਸ ਦਾ ਅਸਰ ਇਹ ਹੋਇਆ ਕਿ ਛੇਵੇਂ ਗੁਰੂ ਹਰਗੋਬਿੰਦ ਜੀ ਨੇ ਗੁਰੂ ਪਿਤਾ ਦੇ ਆਦੇਸ਼ ਅਨੁਸਾਰ ਅਕਾਲ ਤਖ਼ਤ ਦੀ ਰਚਨਾ ਕੀਤੀ, ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਣ ਲਈਆਂ ਤੇ ਦੂਰ ਦੂਰ ਹੁਕਮਨਾਮੇ ਭੇਜ ਦਿੱਤੇ ਕਿ ਹੁਣ ਸਿੱਖ ਰਸਤਾਂ-ਬਸਤਾਂ ਦੇ ਨਾਲ ਜਵਾਨੀਆਂ, ਸ਼ਸਤਰ ਅਤੇ ਘੋੜੇ ਭੇਟ ਕਰਨ, ਸ਼ਸਤਰ ਵਿੱਦਿਆ ਦਾ ਅਭਿਆਸ ਕਰਨ ਅਤੇ ਸ਼ਿਕਾਰ ਖੇਡਣ। ਇਸ ਤਰ੍ਹਾਂ ਥੋੜ੍ਹੇ ਚਿਰ ਵਿੱਚ ਹੀ ਗੁਰੂ ਦੀ ਫ਼ੌਜ ਤਿਆਰ ਹੋ ਗਈ। ਗੁਰੂ ਜੀ ਨੇ ਜ਼ਾਲਮ ਹਕੂਮਤ ਨਾਲ ਚਾਰ ਜੰਗਾਂ ਲੜੀਆਂ, ਜਿਨ੍ਹਾਂ ਵਿੱਚ ਦੁਸ਼ਮਣਾਂ ਦੀ ਹਾਰ ਹੋਈ। ਲੋਕ ਇਨਸਾਫ਼ ਲਈ ਦੁਨਿਆਵੀ ਤਖ਼ਤ ਛੱਡ ਕੇ ਅਕਾਲ-ਤਖ਼ਤ ’ਤੇ ਗੁਰੂ ਦੀ ਸ਼ਰਨ ਆਉਣ ਲੱਗ ਪਏ। ਮੁਗਲੀਆਂ ਹਕੂਮਤ ਦੀਆਂ ਜੜ੍ਹਾਂ ਖੋਖਲੀਆਂ ਹੋਣ ਲੱਗੀਆਂ। ਜਹਾਂਗੀਰ ਨੂੰ ਸੁਲਾਹ ਲਈ ਗੁਰੂ ਦੀ ਸ਼ਰਨ ਆਉਣਾ ਪਿਆ। ਸਤਵੇਂ ਅਤੇ ਅਠਵੇਂ ਗੁਰੂ ਤੱਕ ਸ਼ਾਂਤੀ ਰਹੀ, ਫਿਰ ਵੀ ਗੁਰੂ ਦਰਬਾਰ ਵਿੱਚ ਸਿੱਖ ਫ਼ੌਜ ਤਤਪਰ ਰਹੀ। ਨੌਵੇਂ ਗੁਰੂ ਨੇ ਵੀ ਧਰਮ ਦੀ ਖਾਤਰ ਮਜ਼ਲੂਮ ਦੀ ਰੱਖਿਆ ਲਈ ਆਪਾ ਕੁਰਬਾਨ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਖੰਡੇ ਦੀ ਪਾਹੁਲ ਦੇ ਕੇ ਖ਼ਾਲਸਾ ਫ਼ੌਜ ਦਾ ਲਕਬ ਦਿੱਤਾ ਅਤੇ ਸਦਾ ਤਿਆਰ ਬਰ ਤਿਆਰ ਰਹਿਣ ਦਾ ਆਦੇਸ਼ ਦਿੱਤਾ। ਔਰੰਗਜ਼ੇਬ ਦੀ ਜ਼ਾਲਮ ਹਕੂਮਤ ਅਤੇ ਅਕਿਰਤਘਣ ਪਹਾੜੀ ਰਾਜਿਆਂ ਨਾਲ 14 ਜੰਗਾਂ ਬੇਇਨਸਾਫ਼ੀ ਅਤੇ ਜ਼ੁਲਮ ਦੇ ਵਿਰੁੱਧ ਹੋਈਆਂ। ਜਿਨ੍ਹਾਂ ਦੇ ਫਲਸਰੂਪ ਬਾਬਾ ਬੰਦਾ ਸਿੰਘ ਬਹਾਦਰ ਨੇ 8 ਸਾਲ ਆਪਣਾ ਰਾਜ ਸਥਾਪਿਤ ਕਰੀ ਰੱਖਿਆ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਸਿੱਕਾ ਚਲਾਇਆ, ਜ਼ਾਲਮ ਹਕੂਮਤ ਤੋਂ ਗਿਣ-ਗਿਣ ਕੇ ਬਦਲੇ ਲਏ, ਖ਼ਾਸਕਰ ਮਸੂਮ ਬੱਚਿਆਂ (ਸਾਹਿਬਜ਼ਾਦਿਆਂ) ਨੂੰ ਬੇਇਨਸਾਫ਼ੀ ਤੇ ਬੇਕਿਰਕੀ ਨਾਲ ਸ਼ਹੀਦ ਕਰਨ ਵਾਲੇ ਵਜ਼ੀਰ ਖ਼ਾਂ (ਸੂਬਾ ਸਰਹੰਦ) ਨੂੰ ਕੀਤੀ ਦਾ ਫਲ਼ ਭੁਗਤਾਉਂਦੇ ਹੋਏ, ਸਰਹੰਦ ਦੀ ਇੱਟ ਨਾਲ ਇੱਟ ਖੜਕਾਈ। ਅੱਠ ਸਾਲ ਬਹੁਤ ਹੀ ਵਧੀਆ ਰਾਜ ਪ੍ਰਬੰਧ ਚਲਾਇਆ। ਜਿਸ ਵਿੱਚ ਸਭ ਦੇ ਹੱਕਾਂ ਦੀ ਰਾਖੀ ਕਰਦੇ ਹੋਏ ਵਾਹੀਯੋਗ ਜ਼ਮੀਨਾਂ, ਕਿਰਤੀ ਕਿਸਾਨਾਂ ਵਿੱਚ ਵੰਡੀਆਂ, ਜਿਨ੍ਹਾਂ ਦੇ ਕਿਸਾਨ ਅੱਜ ਤੱਕ ਮਾਲਕ ਬਣੇ ਹੋਏ ਹਨ। ਸਿੱਖ ਫ਼ੌਜ ਵਿੱਚ ਅਕੀਦਤਮੰਦ ਹਿੰਦੂ ਅਤੇ ਮੁਸਲਮਾਨ ਵੀ ਭਰਤੀ ਕੀਤੇ ਅਤੇ ਧਰਮ ਅਸਥਾਨਾਂ ਦੀ ਸੇਵਾ ਕਰਦੇ ਹੋਏ ਗੁਰਦੁਆਰੇ, ਮਸਜਿਦਾਂ ਅਤੇ ਮੰਦਿਰ ਵੀ ਬਣਾਏ। ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਤੋਂ ਬਾਅਦ ਸਿੱਖਾਂ ਦੇ 65 ਜਥੇ ਬਣ ਗਏ, ਜਿਨ੍ਹਾਂ ਨੇ ਸ੍ਰ. ਕਪੂਰ ਸਿੰਘ ਨੂੰ ਨਵਾਬੀ ਅਤੇ ਸ੍ਰ. ਜੱਸਾ ਸਿੰਘ ਆਹਲੂਵਾਲੀਏ ਨੂੰ ‘ਸੁਲਤਾਨਲ-ਕੌਮਿ’ ਭਾਵ ਕੌਮ ਦਾ ਬਾਦਸ਼ਾਹ ਥਾਪਿਆ। ਇਨ੍ਹਾਂ ਬਹਾਦਰ ਤੇ ਸੇਵਾ ਦੇ ਪੁੰਜ ਮਹਾਂਨ ਆਗੂਆਂ ਦੀ ਸੁਜੋਗ ਅਗਵਾਈ ਵਿੱਚ ਜੰਗਲ਼ਾਂ ਬੇਲਿਆਂ ਵਿੱਚ ਰਹਿੰਦੇ ਹੋਏ ਵੀ ਜ਼ਾਲਮ ਸਰਕਾਰ ਨੂੰ ਸਬਕ ਸਿਖਾਉਣ ਦੀ ਕਸਰ ਨਹੀਂ ਛੱਡੀ। ਫਿਰ 65 ਜਥਿਆਂ ਤੋਂ 12 ਮਿਸਲਾਂ ਬਣ ਗਈਆਂ। ਸਿੱਖ ਮਿਸਲਾਂ ਨੇ ਵੀ ਜ਼ਾਲਮ ਹਕੂਮਤ ਨੂੰ ਸੁੱਖ ਦੀ ਨੀਂਦ ਨਾ ਸੌਣ ਦਿੱਤਾ ਅਤੇ ਮਹਾਂਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ 50 ਸਾਲ ਰਾਜ ਕੀਤਾ, ਜੋ ਡੋਗਰਿਆਂ ਦੀ ਗਦਾਰੀ ਨਾਲ਼ ਜਾਂਦਾ ਰਿਹਾ ਤੇ ਮੁੜ ਨਾ ਮਿਲਿਆ ਕਿਉਂਕਿ ਗੁਰਦੁਆਰਿਆਂ ਉੱਤੇ ਮਹੰਤ ਕਾਬਜ਼ ਹੋ ਗਏ, ਜੋ ਭਾਰੀ ਕੁਰਬਾਨੀਆਂ ਦੇਣ ਉਪਰੰਤ ਕੱਢਣੇ ਪਏ। ਫਿਰ ਸਿੰਘ ਸਭਾ ਲਹਿਰ ਪੈਦਾ ਹੋਈ, ਸਿੱਖੀ ਦਾ ਕੁੱਝ ਪ੍ਰਚਾਰ ਹੋਇਆ ਭਾਵੇਂ ਕਿ ਕਰਮਕਾਂਡੀ ਮਹੰਤਾਂ ਦਾ ਅਸਰ ਪੂਰਨ ਸਮਾਪਤ ਨਾ ਹੋ ਸਕਿਆ।

ਜੂਨ 1984 ਵਿੱਚ ਫਿਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ’ਤੇ ਇਕੱਤਰ ਹੋਈਆਂ ਹਜ਼ਾਰਾਂ ਸੰਗਤਾਂ ਸਮੇਤ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਭਾਰਤੀ ਹਕੂਮਤ ਨੇ ਹਮਲਾ ਕਰ ਦਿੱਤਾ; ਜਿਵੇਂ ਮਹੰਤ ਨਰੈਣੂ ਨੇ ਨਨਕਾਣਾ ਸਾਹਿਬ ਤੇ ਨਿਹੱਥੇ ਸਿੰਘਾਂ ’ਤੇ ਕੀਤਾ ਸੀ, ਪਰ ਬਾਬਾ ਜਰਨੈਲ ਸਿੰਘ ਦੀ ਅਗਵਾਈ ਅਤੇ ਜਨਰਲ ਸ਼ੁਬੇਗ ਸਿੰਘ ਦੀ ਕਮਾਣ ਹੇਠ ਮੁਠੀ ਭਰ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਮੁਕਾਬਲਾ ਕਰਕੇ ਦੱਸ ਦਿੱਤਾ ਕਿ ਅਜੇ ਸਾਡੇ ਵਿੱਚ ਸਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ, ਗੁਰੂ ਤੇਗ ਬਹਾਦਰ ਦੀ ਕੁਰਬਾਨੀ, ਸਾਹਿਬਜ਼ਾਦੇ, ਅਨੇਕਾਂ ਅਕੀਦਤਮੰਦ ਤੇ ਬਹਾਦਰ ਸਿੰਘ ਸਿੰਘਣੀਆਂ ਦੀ ਸ਼ਹੀਦੀ ਦਾ ਖ਼ੂਨ ਗਰਮ ਹੈ।

ਦੇਖੋ ! ਗੁਰੂਆਂ-ਭਗਤਾਂ ਨੇ ਤਾਂ ਜ਼ੁਲਮ ਅੱਗੇ ਹਾਰ ਨਾ ਮੰਨੀ, ਪਰ ਅੱਜ ਅਸੀਂ ਗੁਰਬਾਣੀ ਪਰੰਪਰਾ ਵੱਲੋਂ ਮੂੰਹ ਮੋੜ ਕੇ ਮਹੰਤਾਂ ਵਾਲ਼ੀ ਸੋਚ ਨੂੰ ਪ੍ਰਣਾਏ ਡੇਰੇਦਾਰ ਸਾਧਾਂ-ਸੰਤਾਂ ਅੱਗੇ ਹੱਥ ਜੋੜੀ ਖੜ੍ਹੇ ਹੁੰਦੇ ਹਾਂ। ਖ਼ਾਲਸਾ ਪੰਥ ਨੂੰ ਕਈ ਸੰਪ੍ਰਦਾਵਾਂ ਵਿੱਚ ਵੰਡ ਬੈਠੇ ਹਾਂ, ਜਿਸ ਨਾਲ਼ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਦੀ ਸਰਬ ਸਾਂਝੀ ਸੋਚ ਨੂੰ ਧੁੰਦਲੀ ਕਰ ਰਹੇ ਹਾਂ। ਜਿਸ ਨੂੰ ਇੱਕ ‘ਆਦਿ ਗ੍ਰੰਥ’ ਵਿੱਚ ਇਕੱਤਰ ਕਰਕੇ ਸਦੀਵੀ ਸ਼ਬਦ ਗੁਰੂ (ਪੋਥੀ ਪਰਮੇਸਰ ਕਾ ਥਾਨੁ) ਹੋਣ ਦਾ ਮਾਣ; ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਬਖ਼ਸ਼ਿਆ ਸੀ। ਇਸ ‘ਆਦਿ ਗ੍ਰੰਥ’ ਸਾਹਿਬ ਵਿੱਚ ਹੀ ਨੌਵੇਂ ਗੁਰੂ ਤੇਗ ਬਹਾਦਰ ਦੀ ਬਾਣੀ ਦਰਜ ਕਰਕੇ ਦਸਵੇਂ ਪਾਤਿਸ਼ਾਹ ਜੀ ਨੇ ਖਾਲਸਾ ਸਾਜਣਾ ਦਿਵਸ ਸਥਾਪਿਤ ਕਰਦਿਆਂ ਸਮੁੱਚੀ ਸਿੱਖ ਕੌਮ ਨੂੰ ‘ਸ਼ਬਦ ਗੁਰੂ’ (ਗੁਰੂ ਗ੍ਰੰਥ ਸਾਹਿਬ) ਜੀ ਦੇ ਚਰਨੀਂ ਲਗਾ ਆਪ ਨੇ ਭੀ ਸੀਸ ਨਿਵਾਇਆ।

ਭਾਵੇਂ ਕਿ ਭਗਤ ਸਾਹਿਬਾਨ, ਗੁਰੂ ਸਾਹਿਬਾਨ ਅਤੇ ਸਿੰਘ-ਸਿੰਘਣੀਆਂ ਨੇ ਅਨਿਆਇ ਵਿਰੁੱਧ ਅਨੇਕਾਂ ਸੰਘਰਸ਼ ਕੀਤੇ, ਤਸੀਹੇ ਸਹਾਰੇ, ਫਿਰ ਵੀ ਗੁਰਬਾਣੀ ਦੇ ਇਨ੍ਹਾਂ ਉਪਦੇਸ਼ਾਂ ਨੂੰ ਕਦੇ ਦਿਲੋਂ ਨਹੀਂ ਭੁਲਾਇਆ ‘‘ਨਾ ਕੋ ਬੈਰੀ ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ (ਮਹਲਾ , ਪੰਨਾ ੧੨੯੯),  ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ (ਮਹਲਾ , ਪੰਨਾ ੯੭),  ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ   ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ਕੋ ਮੰਦੇ (ਭਗਤ ਕਬੀਰ, ਪੰਨਾ ੧੩੪੯),  ਫਰੀਦਾ ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ   ਮੰਦਾ ਕਿਸ ਨੋ ਆਖੀਐ; ਜਾਂ ਤਿਸੁ ਬਿਨੁ ਕੋਈ ਨਾਹਿ (ਮਹਲਾ , ਪੰਨਾ ੧੩੮੧) ਆਦਿ।

ਸੋ ਸੱਚ ਨਾਲ ਝੂਠ ਹਮੇਸ਼ਾਂ ਟਕਰਾਇਆ ਹੈ ਤੇ ਟਕਰਾਉਂਦਾ ਰਹੇਗਾ। ਜੋ ਕੌਮਾਂ ਇੱਠੀਆਂ ਹੋ ਕੇ ਮੁਕਾਬਲਾ ਕਰਨ, ਉਹ ਸਦਾ ਜੇਤੂ ਹੁੰਦੀਆਂ ਹਨ। ਸਾਨੂੰ ਵੀ ਅੱਜ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਦਿਲੋਂ ਯਾਦ ਕਰਦੇ ਹੋਏ ਵਿਤਕਰੇ ਦੀ ਅਸਲ ਜੜ੍ਹ (ਡੇਰਾਵਾਦੀ ਸੋਚ) ਵੱਲੋਂ ਸਾਵਧਾਨ ਰਹਿ ਕੇ ਗੁਰਬਾਣੀ ਸਿਧਾਂਤ ’ਤੇ ਪਹਿਰਾ ਦੇਣ ਲਈ ਤੱਤਪਰ ਰਹਿਣਾ ਹੈ ਅਤੇ ਮਾਨਵ ਹਿਤਕਾਰੀ ਇਨ੍ਹਾਂ ਉਪਦੇਸ਼ਾਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਆਪਸੀ ਸਾਂਝ ਸਥਾਪਿਤ ਕਰਨ ਲਈ ਗੋਸਟੀਆਂ ਕਰਨ ਦੀ ਲੋੜ ਹੈ; ਜਿਵੇਂ ਕਿ ਗੁਰਬਾਣੀ ਦੇ ਬਚਨ ਹਨ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈਦੁਬਿਧਾ ਦੂਰਿ ਕਰਹੁ, ਲਿਵ ਲਾਇ   ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ’’ (ਮਹਲਾ /੧੧੮੫) ਤਾਂ ਹੀ ਕੋਈ ਪੰਥ ਦੋਖੀ ਅਤੇ ਮਨਵਤਾ ’ਚ ਵੰਡੀਆਂ ਪਾਉਣ ਵਾਲ਼ਾ ਕਦੇ ਸਫਲ ਨਹੀਂ ਹੋ ਸਕੇਗਾ।

ਜੀਤ ਫਿਰੇ ਸਭ ਦੇਸ ਦਿਸਾਨ ਕੋ

0

ਜੀਤ ਫਿਰੇ ਸਭ ਦੇਸ ਦਿਸਾਨ ਕੋ

ਪ੍ਰੋਫ਼ੈਸਰ ਦਰਸ਼ਨ ਸਿੰਘ

ਜੀਤ ਫਿਰੇ ਸਭ ਦੇਸ ਦਿਸਾਨ ਕੋ; ਬਾਜਤ ਢੋਲ ਮ੍ਰਿਦੰਗ ਨਗਾਰੇ ॥

ਗੁੰਜਤ ਗੂੜ ਗਜਾਨ ਕੇ ਸੁੰਦਰ; ਹਿੰਸਤ ਹੀ ਹਯਰਾਜ ਹਜਾਰੇ ॥

ਭੂਤ ਭਵਿਖ ਭਵਾਨ ਕੇ ਭੂਪਤਿ; ਕਉਨ ਗਨੈ ਨਹੀ ਜਾਤ ਬਿਚਾਰੇ ॥

ਸ੍ਰੀਪਤਿ ਸ੍ਰੀ ਭਗਵਾਨ ਭਜੇ ਬਿਨੁ; ਅੰਤ ਕੋ ਅੰਤ ਕੇ ਧਾਮ ਸਿਧਾਰੇ ॥੩॥੨੩॥ (ਅਕਾਲ ਉਸਤਤਿ)

ਇਨ੍ਹਾਂ ਸਵੱਯੇ ਵਿੱਚ ਸਤਿਗੁਰੂ ਨੇ ਵੱਖ-ਵੱਖ ਪਹਿਲੂਆਂ, ਰੰਗਾਂ ਅਤੇ ਕਈ ਸ਼ਕਤੀਆਂ ਦਾ ਜ਼ਿਕਰ ਕੀਤਾ ਹੈ। ਆਰੰਭ ਵਿੱਚ ਇਸ ਦੇ ਦੋ ਪਹਿਲੂ ਲਏ ਹਨ। ਇੱਕ ਹੈ ‘ਭਗਤੀ ਮਾਰਗ ਦੇ ਰੰਗ ਦਾ’। ਇਸ ਪਹਿਲੇ ਸਵੱਯੇ ਵਿੱਚ ਭਗਤੀ ਰੰਗ ਨੂੰ ਅਪਣਾਉਣ ਵਾਲੇ ਲੋਕਾਂ ਦਾ ਜ਼ਿਕਰ ਕੀਤਾ ਹੈ ਤੇ ਨਾਲ ਹੀ ਉਲਾਂਭਾ ਦਿੱਤਾ ਕਿ ਉਹ ਮਿਲਣਾ ਤਾਂ ਪ੍ਰਭੂ ਨੂੰ ਚਾਹੁੰਦੇ ਹਨ, ਪਰ ਉਨ੍ਹਾਂ ਨੇ ਗੁਰੂ ਕੋਲੋਂ ਮਾਰਗ ਨਹੀਂ ਪੁੱਛਿਆ; ਜਿਵੇਂ ਕਿ ਵਾਕ ਹੈ ‘‘ਸਤਿਗੁਰ ਪੂਛਿ ਮਾਰਗਿ ਚਾਲੀ; ਸੂਤੀ ਰੈਣਿ ਵਿਹਾਣੀ ’’ (ਮਹਲਾ , ਪੰਨਾ ੭੬੩)

ਇਸ ਦਾ ਨਤੀਜਾ ਇਹ ਹੋਇਆ ਕਿ ਆਪੋ-ਆਪਣੀ ਮਰਜ਼ੀ ਦੇ ਕਈ ਮਾਰਗ ਬਣ ਗਏ। ਜਦੋਂ ਹਰ ਕਿਸੇ ਨੇ ਆਪਣਾ ਰਾਹ ਬਣਾ ਲਿਆ, ਬਹੁਤੇ ਰਾਹ ਹੋ ਗਏ ਤਾਂ ਫਿਰ ਭੁਲੇਖਾ ਪੈਦਾ ਹੋ ਗਿਆ ‘‘ਮਨਮੁਖਿ ਭੂਲੀ ਬਹੁਤੀ ਰਾਹੀ; ਫਾਥੀ ਮਾਇਆ ਫੰਦੇ ’’ (ਮਹਲਾ , ਪੰਨਾ ੭੭੯)

ਬਹੁਤੇ ਰਾਹ ਹੋਣ ਕਰਕੇ ਸੰਸਾਰ ਭਰਮ-ਭੁਲੇਖਿਆਂ ਵਿੱਚ ਪੈ ਗਿਆ ਹੈ। ਹਰ ਕੋਈ ਆਪਣੇ ਦੱਸੇ ਹੋਏ ਰਾਹ ਨੂੰ ਅਸਲ ਦੱਸ ਰਿਹਾ ਹੈ ਤੇ ਆਪਣੇ ਪਿੱਛੇ ਤੋਰ ਰਿਹਾ ਹੈ। ਹਰ ਕੋਈ ਸ਼ਕਤੀ ਦਾ ਪ੍ਰਤੀਕ ਬਣ ਜਾਣਾ ਚਾਹੁੰਦਾ ਹੈ ਕਿਉਂਕਿ ਸਭ ਨੂੰ ਇਹ ਪਤਾ ਹੈ ਕਿ ਲੋਕ; ਸ਼ਕਤੀ ਅੱਗੇ ਝੁੱਕਦੇ ਹਨ। ਇਸ ਨਾਲ ਆਮ ਮਨੁੱਖ ਭੁਲੇਖੇ ਵਿੱਚ ਪੈ ਗਿਆ ਹੈ ਕਿ ਰੱਬ ਕਿਹੜੇ ਰਾਹ ’ਤੇ ਹੈ। ਹਰ ਕੋਈ ਇਹੀ ਕਹਿੰਦਾ ਹੈ ਕਿ ਅਸਲ ਰਾਹ ਉਸਦੇ ਵਾਲਾ ਹੀ ਹੈ। ਲੇਕਿਨ ਆਪੋ ਆਪਣੀ ਮਰਜ਼ੀ ਨਾਲ ਬਣਾਇਆ ਹੋਇਆ ਮੱਤ ਕਦੇ ਵੀ ਉਸ ਮਾਲਕ ਜਾਂ ਪ੍ਰਾਣਪਤੀ ਦਾ ਮੱਤ ਨਹੀਂ ਹੋ ਸਕਦਾ।

ਭਗਤੀ ਮਾਰਗ ’ਤੇ ਚੱਲਣ ਵਾਲਾ ਵੀ ਸੰਸਾਰ ਅੰਦਰ ਮਾਣ-ਸਨਮਾਨ ਪਾਉਂਦਾ ਹੈ ਭਾਵੇਂ ਉਹ ਆਪਣੇ ਬਣਾਏ ਹੋਏ ਮਾਰਗ ’ਤੇ ਹੀ ਚੱਲੇ, ਪਰ ਉਹ ਚੱਲੇ ਸ਼ਕਤੀ ਹਾਸਲ ਕਰਨ ਲਈ ਹੀ। ਅੱਜ ਵੀ ਅਕਸਰ ਵੇਖਦੇ ਹਾਂ ਕਿ ਛੇਤੀ ਨਾਲ ਹਰ ਕੋਈ ਡੇਰੇਦਾਰ ਬਣ ਬੈਠਦਾ ਹੈ ਕਿਉਂਕਿ ਇਹ ਸ਼ਕਤੀ ਦਾ ਪ੍ਰਤੀਕ ਹੈ। ਭਗਤੀ ਮਾਰਗ ਵੀ ਸ਼ਕਤੀ ਦਾ ਪ੍ਰਤੀਕ ਹੈ।

ਦੂਜੇ ਸਵੱਯੇ ਵਿੱਚ ਰਾਜ ਸ਼ਕਤੀ ਦੇ ਪ੍ਰਤੀਕ ਲੋਕਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਦੇ ਦਰਵਾਜ਼ਿਆਂ ਉੱਤੇ ਮਸਤ ਹਾਥੀ ਪਏ ਝੂਲਦੇ ਹਨ, ਜੋ ਰਾਜ-ਭਾਗ ਦੀ ਸ਼ਕਤੀ ਦੇ ਪ੍ਰਤੀਕ ਹਨ ਤੇ ਲੋਕ ਉਨ੍ਹਾਂ ਸਾਹਮਣੇ ਆ ਕੇ ਝੁੱਕਦੇ ਹਨ। ਇਸ ਲਈ ਕੁਝ ਲੋਕਾਂ ਨੇ ਇਹ ਮੱਤ ਅਖ਼ਤਿਆਰ ਕਰ ਲਿਆ ਤੇ ਉਨ੍ਹਾਂ ਨੇ ਆਪਣਾ ਰਾਜ-ਭਾਗ ਦਾ ਅਡੰਬਰ ਵਧਾਉਣਾ ਸ਼ੁਰੂ ਕਰ ਦਿੱਤਾ ‘‘ਤਲੈ ਕੁੰਚਰੀਆ (ਹਾਥੀ); ਸਿਰਿ ਕਨਿਕ ਛਤਰੀਆ   ਹਰਿ ਭਗਤਿ ਬਿਨਾ; ਲੇ ਧਰਨਿ ਗਡਲੀਆ ’’ (ਮਹਲਾ , ਪੰਨਾ ੩੮੫) ਭਾਵ ਜਿਨ੍ਹਾਂ ਦੇ ਥੱਲੇ ਸਵਾਰੀ ਲਈ ਹਾਥੀ ਸਨ ਤੇ ਸਿਰ ਉੱਤੇ ਸੋਨੇ ਦੇ ਛੱਤਰ ਝੂਲਦੇ ਸਨ, ਉਹ ਆਏ ਤੇ ਚਲੇ ਗਏ। ਜੇ ਕੋਈ ਇਹ ਪੁੱਛੇ ਕਿ ਉਹ ਕਿੱਥੇ ਚਲੇ ਗਏ ਹਨ, ਤਾਂ ਇਸ ਗੱਲ ਦਾ ਕੋਈ ਜੁਆਬ ਨਹੀਂ ਹੈ।

ਹੁਣ ਤੀਜੇ ਸਵੱਯੇ ਵਿੱਚ ਗੁਰੂ ਸਾਹਿਬ ਨੇ ਉਸੇ ਚੀਜ਼ ਨੂੰ ਹੀ ਥੋੜ੍ਹਾ ਹੋਰ ਅੱਗੇ ਤੋਰਿਆ ਹੈ। ਉਸ ਗੱਲ ਦਾ ਥੋੜ੍ਹਾ ਹੋਰ ਖੁਲਾਸਾ ਕੀਤਾ ਹੈ ਤਾਂ ਕਿ ਗੱਲ ਵਿਚਾਲੇ ਹੀ ਨਾ ਰਹਿ ਜਾਏ। ਇੱਥੇ ਵੀ ਰਾਜਨੀਤੀ ਦੀ ਉਸੇ ਗੱਲ ਦਾ ਜ਼ਿਕਰ ਹੈ।

ਜਿਸ ਨੇ ਆਪਣੇ ਰਾਜ ਦਾ ਅਡੰਬਰ ਵਧਾਉਣਾ ਹੋਵੇ, ਉਸ ਨੂੰ ਜ਼ਰੂਰੀ ਹੈ ਕਿ ਉਹ ਦੂਜੇ ਕੋਲੋਂ ਰਾਜ ਖੋਹੇ ਤੇ ਆਪਣੇ ਰਾਜ ਦਾ ਫੈਲਾਅ ਕਰੇ। ਜਦੋਂ ਤੋਂ ਇਹ ਰਾਜ-ਬਣਤਰ ਹੋਂਦ ਵਿੱਚ ਆਈ ਹੈ, ਤਦ ਤੋਂ ਹੀ ਸੀਮਾਵਾਂ ਜਾਂ ਬਾਰਡਰ ਬਣੇ ਹਨ। ਰੱਬ ਨੇ ਤਾਂ ਧਰਤੀ ਦੀ ਕੋਈ ਸੀਮਾ ਬਣਾਈ ਹੀ ਨਹੀਂ ਹੈ। ਉਸ ਨੇ ਤਾਂ ਕੋਈ ਕੰਡਿਆਲੀ ਤਾਰ ਧਰਤੀ ’ਤੇ ਲਾਈ ਹੀ ਨਹੀਂ ਸੀ, ਪਰ ਅੱਜ ਸਾਨੂੰ ਲਾਉਣੀਆਂ ਪੈ ਰਹੀਆਂ ਹਨ। ਉਸ ਪ੍ਰਭੂ ਨੇ ਕੋਈ ਇਮੀਗ੍ਰੇਸ਼ਨ ਦਾ ਮਹਿਕਮਾ ਨਹੀਂ ਤਿਆਰ ਕੀਤਾ ਸੀ ਅਤੇ ਨਾ ਹੀ ਪਾਸਪੋਰਟ ਤੇ ਵੀਜ਼ੇ ਬਣਾਏ ਸਨ।

ਰੱਬ ਦੀ ਉਸ ਸ੍ਰਿਸ਼ਟੀ ਵਿੱਚ ਕੋਈ ਜਿੱਥੇ ਮਰਜ਼ੀ ਜਾ ਸਕਦਾ ਹੈ। ਰੱਬ ਨੇ ਕਿਸੇ ਲਈ ਵੀ ਧਰਤੀ ਜਾਂ ਸਾਗਰ ਉੱਤੇ ਕੋਈ ਸੀਮਾ ਨਹੀਂ ਬਣਾਈ ਹੈ। ਪ੍ਰਭੂ ਨੇ ਪਾਣੀ ਇਕੱਤਰ ਕੀਤਾ ਹੈ, ਸਾਗਰ ਸਾਜੇ ਹਨ ਪਰ ਉਨ੍ਹਾਂ ਦੇ ਨਾਂ ਉਸ ਨੇ ਨਹੀਂ ਰੱਖੇ ਬਲਕਿ ਅਸੀਂ ਰੱਖੇ ਹਨ ਕਿ ਇਹ ਹਿੰਦ ਮਹਾਸਾਗਰ ਹੈ ਆਦਿ। ਦੁਨੀਆ ਦੇ ਇਹ ਨਕਸ਼ੇ ਸਾਡੇ ਬਣਾਏ ਹੋਏ ਹਨ ਅਤੇ ਸੀਮਾਵਾਂ ਸਾਡੇ ਵੱਲੋਂ ਉਲੀਕੀਆਂ ਗਈਆਂ ਹਨ।

ਇਹ ਸੀਮਾਵਾਂ ਉਲੀਕਣ ਦੀ ਲੋੜ ਆਖਿਰ ਕਿਉਂ ਪੈਂਦੀ ਹੈ ? ਮਨੁੱਖ ਸੀਮਾਵਾਂ ਤਾਂ ਹੀ ਉਲੀਕਦਾ ਹੈ ਜਦੋਂ ਉਸ ਨੂੰ ਆਪਣੀ ਰਿਆਸਤ ਦੀ ਭੂਗੌਲਿਕ ਕਿਰਿਆ ਦਾ ਫ਼ਿਕਰ ਹੋਵੇ। ਉਹ ਚਾਹੁੰਦਾ ਹੈ ਕਿ ਕਿਸੇ ਦੂਜੇ ਰਾਜ ਵਿੱਚ ਰਹਿਣ ਵਾਲੇ ਨੂੰ ਪਤਾ ਹੋਵੇ ਕਿ ਉਹ ਕਿਸੇ ਹੋਰ ਰਾਜ ਦੀ ਸੀਮਾ ਵਿੱਚ ਆ ਗਿਆ ਹੈ। ਇਸੇ ਲਈ ਹੀ ਸੀਮਾਵਾਂ ਉੱਤੇ ਚੌਕੀਂਆਂ ਵੀ ਕਾਇਮ ਕੀਤੀਆਂ ਗਈਆਂ ਤਾਂ ਕਿ ਆਪਣੇ ਰਾਜ ਉੱਤੇ ਕਬਜ਼ਾ ਕਾਇਮ ਰੱਖਿਆ ਜਾ ਸਕੇ। ਇਸੇ ਤੋਂ ਹੀ ਆਪੋ-ਆਪਣਾ ਰਾਜ ਕਰਨ ਦੀ ਲਾਲਸਾ ਸ਼ੁਰੂ ਹੋ ਗਈ ਤੇ ਇੱਥੋਂ ਹੀ ਆਰੰਭ ਹੋਇਆ ਰਾਜਿਆਂ ਦਾ ਯੁੱਧ। ਉਨ੍ਹਾਂ ਨੂੰ ਪਤਾ ਸੀ ਕਿ ਹੁਣ ਉਹ ਆਸਾਨੀ ਨਾਲ ਕਿਸੇ ਦੂਜੇ ਦੇ ਰਾਜ ਨੂੰ ਆਪਣੇ ਵਿੱਚ ਸ਼ਾਮਲ ਨਹੀਂ ਕਰ ਸਕਦੇ ਬਲਕਿ ਬਕਾਇਦਾ ਲੜ ਕੇ ਜਿੱਤਣਾ ਪਵੇਗਾ ਅਤੇ ਜਿੱਤ ਕੇ ਹੀ ਦੂਜੇ ਦੇ ਰਾਜ ਨੂੰ ਆਪਣੇ ਰਾਜ ਦੇ ਨਾਲ ਮਿਲਾਇਆ ਜਾ ਸਕਦਾ ਹੈ। ਇਸੇ ਕਰਕੇ ਹੀ ਉਨ੍ਹਾਂ ਨੇ ਅਨੇਕਾਂ ਤਰ੍ਹਾਂ ਦੇ ਸਾਧਨ ਅਪਣਾਉਣੇ ਸ਼ੁਰੂ ਕੀਤੇ, ਜੋ ਕਿ ਅੱਜ ਵੀ ਅਪਣਾਏ ਜਾ ਰਹੇ ਹਨ। ਗੁਰੂ ਸਾਹਿਬ ਉਸ ਰਾਜਨੀਤੀ ਦੀ ਸ਼ਕਤੀ ਦੇ ਪਹਿਲੂ ਦਾ ਜ਼ਿਕਰ ਤੀਜੇ ਸਵੱਯੇ ਵਿੱਚ ਕਰਦੇ ਹਨ ‘‘ਜੀਤ ਫਿਰੇ ਸਭ ਦੇਸ ਦਿਸਾਨ ਕੋ; ਬਾਜਤ ਢੋਲ ਮ੍ਰਿਦੰਗ ਨਗਾਰੇ ’’ (ਅਕਾਲ ਉਸਤਤਿ)

ਰਾਜ ਕਰਨ ਵਾਲੇ ਦੀ ਅੰਦਰ ਦੀ ਤ੍ਰਿਸ਼ਨਾ ਖ਼ਤਮ ਨਹੀਂ ਹੋਈ ਹੁੰਦੀ ਭਾਵੇਂ ਜਿੰਨੇ ਮਰਜ਼ੀ ਲੋਕ ਉਸ ਨੂੰ ਸਲਾਮ ਕਰਨ ਵਾਲੇ ਹੋਣ। ਉਸ ਨੇ ਬਾਹਰ ਤਾਂ ਸੀਮਾ ਕਾਇਮ ਕਰ ਲਈ ਪਰ ਉਸ ਦੇ ਅੰਦਰ ਦੀ ਤ੍ਰਿਸ਼ਨਾ ਨਹੀਂ ਮੁੱਕੀ, ਉਸਦੇ ਅੰਦਰ ਸੀਮਾ ਨਹੀਂ ਕਾਇਮ ਹੋਈ। ਉਹ ਅਜੇ ਹੋਰ ਅੱਗੇ ਜਾਣਾ ਚਾਹੁੰਦਾ ਹੈ ਤੇ ਇਸ ਲਈ ਉਹ ਹਰ ਹੀਲੇ ਕੋਸ਼ਸ਼ ਕਰਦਾ ਹੈ। ਉਸ ਨੇ ਫ਼ੌਜ ਨਾਲ ਲੈ ਲਈ। ਆਪਣੀ ਫ਼ੌਜ ਮਜ਼ਬੂਤ ਕੀਤੀ। ਹਥਿਆਰਬੰਦ ਫ਼ੌਜ ਪੈਦਾ ਕੀਤੀ ਅਤੇ ਦੂਜੇ ਦੇ ਰਾਜ ’ਤੇ ਕਬਜ਼ਾ ਕਰਨ ਲਈ ਤੁਰ ਪਿਆ।

ਮਨੁੱਖ ਜਦੋਂ ਸੀਮਾ ਤੋਂ ਬਾਹਰ ਜਾਂਦਾ ਹੈ ਤਾਂ ਉਥੋਂ ਜ਼ੁਲਮ ਸ਼ੁਰੂ ਹੋ ਜਾਂਦਾ ਹੈ। ਕੋਈ ਕਿਸੇ ਨੂੰ ਜਿੱਤਣ ਜਾਂਦਾ ਹੈ ਤਾਂ ਉਸ ਨੇ ਕਿਸੇ ਉੱਤੇ ਹਥਿਆਰ ਵੀ ਚੁੱਕਣੇ ਹਨ। ਕਿਸੇ ਨੂੰ ਮਾਰਨਾ ਵੀ ਹੈ ਤੇ ਇਹ ਸਭ ਕੁਝ ਉਸ ਨੇ ਕਿਸੇ ਮਨੁੱਖ ਉੱਤੇ ਹੀ ਕਰਨਾ ਹੈ। ਲੇਕਿਨ ਫ਼ਰਕ ਸਿਰਫ਼ ਐਨਾ ਹੈ ਕਿ ਉਹ ਹਥਿਆਰ ਉਸ ਜੀਵ ’ਤੇ ਚਲਾਏਗਾ, ਉਸ ਜੀਵ ਨੂੰ ਖ਼ਤਮ ਕਰੇਗਾ ਜੋ ਉਸ ਦੇ ਅੱਗੇ ਸਲਾਮ ਨਾ ਕਰਕੇ ਕਿਸੇ ਦੂਜੇ ਰਾਜੇ ਅੱਗੇ ਸਲਾਮ ਕਰਦਾ ਹੋਵੇ। ਨਾਲ ਹੀ ਜਿਸ ਵੇਲੇ ਉਹੀ ਫ਼ੌਜ ਹਥਿਆਰ ਸੁੱਟ ਦੇਵੇ, ਉਸ ਦੇ ਅੱਗੇ ਸਲਾਮ ਕਰ ਦੇਵੇ ਤਾਂ ਫਿਰ ਹਥਿਆਰਾਂ ਦੀ ਕੋਈ ਵਰਤੋਂ ਨਹੀਂ ਹੁੰਦੀ। ਇਸ ਦਾ ਮਤਲਬ ਜਿੰਨੀ ਵੀ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ, ਉਹ ਦੂਜਿਆਂ ਨੂੰ ਝੁਕਾ ਕੇ ਰੱਖਣ ਲਈ ਹੀ ਹੁੰਦੀ ਹੈ।

ਉਹ ਦੇਸ਼-ਵਿਦੇਸ਼ਾਂ ’ਤੇ ਚੜ੍ਹਾਈ ਕਰਕੇ, ਚੱਕਰਵਰਤੀ ਰਾਜਾ ਬਣ ਕੇ ਤੁਰਦਾ ਹੈ। ਉਹ ਸੋਚਦਾ ਹੈ ਕਿ ਉਸ ਦੇ ਸਾਹਮਣੇ ਕੋਈ ਨਾ ਆਵੇ, ਜਿਸ ਰਾਜ ਵਿੱਚੋਂ ਉਹ ਲੰਘੇ, ਉਸ ਨੂੰ ਕੋਈ ਨਾ ਰੋਕੇ ਤੇ ਉਹ ਸਮਝ ਲਵੇ ਕਿ ਉਸ ਰਾਜ ਦੇ ਲੋਕਾਂ ਨੇ ਉਸ ਅੱਗੇ ਹਾਰ ਮੰਨ ਲਈ ਹੈ, ਉਸ ਅੱਗੇ ਝੁੱਕ ਗਏ ਹਨ ਅਤੇ ਇਸ ਲਈ ਉਸ ਦੇ ਅੱਗੇ-ਅੱਗੇ ਨਗਾਰੇ ਵੱਜਦੇ ਜਾਂਦੇ ਹਨ।

ਢੋਲ, ਮ੍ਰਿਦੰਗ ਤੇ ਨਗਾਰੇ – ਇਹ ਤਿੰਨੇ ਚੀਜ਼ਾਂ ਇੱਕ ਤਾਲ ਤੇ ਇੱਕ ਆਵਾਜ਼ ਨਾਲ ਸੰਬੰਧਿਤ ਹਨ। ਇਹ ਤਿੰਨੇ ਅੱਗੇ-ਅੱਗੇ ਵੱਜਦੀਆਂ ਜਾਂਦੀਆਂ ਹਨ ਅਤੇ ਇਸ ਗੱਲ ਦੀਆਂ ਪ੍ਰਤੀਕ ਹਨ ਕਿ ਬਾਦਸ਼ਾਹ ਆ ਰਿਹਾ ਹੈ। ਬਾਦਸ਼ਾਹ ਸ਼ਕਤੀ ਦਾ ਪ੍ਰਤੀਕ ਬਣਨਾ ਚਾਹੁੰਦਾ ਹੈ ਅਤੇ ਚੁੱਪ ਕਰਕੇ ਲੰਘ ਜਾਣਾ ਸ਼ਕਤੀ ਦਾ ਪ੍ਰਤੀਕ ਨਹੀਂ ਹੁੰਦਾ। ਪ੍ਰਤੀਕ ਉਹ ਹੁੰਦਾ ਹੈ ਜਿਹੜਾ ਵੰਗਾਰ ਕੇ ਲੰਘੇ, ਨਾ ਕਿ ਚੁੱਪ ਕਰਕੇ। ਜਿਹੜੇ ਢੋਲ, ਮ੍ਰਿਦੰਗ ਤੇ ਨਗਾਰੇ ਅੱਗੇ-ਅੱਗੇ ਵੱਜ ਰਹੇ ਹਨ, ਇਹ ਸਾਹਮਣੇ ਆਉਣ ਵਾਲੇ ਰਾਜੇ ਅਤੇ ਉਸ ਰਾਜ ਦੀ ਸੀਮਾ ਲਈ ਇੱਕ ਵੰਗਾਰ ਹਨ ਕਿ ਬਾਦਸ਼ਾਹ ਆ ਰਿਹਾ ਹੈ। ਜੇ ਤੁਹਾਡੇ ਕੋਲ ਸ਼ਕਤੀ ਹੈ ਤਾਂ ਮੁਕਾਬਲਾ ਕਰੋ। ਜੇ ਤਾਕਤ ਨਹੀਂ ਤਾਂ ਸਿਰ ਝੁਕਾ ਦਿਉ। ਫਿਰ ਦਰਮਿਆਨ ਦੀ ਸੀਮਾ ਖ਼ਤਮ ਹੋ ਜਾਂਦੀ ਹੈ ਤੇ ਇਹ ਰਾਜ ਵੀ ਉਸ ਬਾਦਸ਼ਾਹ ਦੇ ਰਾਜ ਵਿੱਚ ਸ਼ਾਮਲ ਹੋ ਜਾਂਦਾ ਹੈ।

ਇਨ੍ਹਾਂ ਤਿੰਨਾਂ ਵਾਦਾਂ ਦੀ ਬਣਤਰ ਕਿਹੋ ਜਿਹੀ ਹੁੰਦੀ ਹੈ ? ਢੋਲ ਦੋਹਾਂ ਪਾਸਿਓਂ ਮਣਿਆ ਹੁੰਦਾ ਹੈ ਤੇ ਥੋੜ੍ਹਾ ਭਾਰੀ ਹੁੰਦਾ ਹੈ। ਮ੍ਰਿਦੰਗ ਵੀ ਢੋਲ ਵਾਂਗ ਦੋਹਾਂ ਪਾਸਿਓਂ ਮਣਿਆ ਹੁੰਦਾ ਹੈ ਪਰ ਉਸ ਦਾ ਇੱਕ ਹਿੱਸਾ ਤਬਲੇ ਵਾਂਗ ਛੋਟਾ ਹੁੰਦਾ ਹੈ। ਉਸ ਦਾ ਇੱਕ ਪਾਸਾ ਛੋਟਾ ਤੇ ਇੱਕ ਪਾਸਾ ਵੱਡਾ ਹੁੰਦਾ ਹੈ। ਨਗਾਰਾ ਇਕੋ ਪਾਸੇ ਤੋਂ ਮਣਿਆ ਹੁੰਦਾ ਹੈ ਪਰ ਉਸ ਦੀ ਆਵਾਜ਼ ਐਨੀ ਭਾਰੀ ਤੇ ਜ਼ੋਰਦਾਰ ਹੁੰਦੀ ਹੈ ਕਿ ਜਿੱਥੇ ਮ੍ਰਿਦੰਗ ਤੇ ਢੋਲ ਦੀ ਆਵਾਜ਼ ਨਾ ਪਹੁੰਚੇ, ਉੱਥੇ ਨਗਾਰੇ ਦੀ ਆਵਾਜ਼ ਪਹੁੰਚ ਜਾਂਦੀ ਹੈ। ਰਾਜਾ ਇਸ ਕਿਸਮ ਦੀਆਂ ਤਿੰਨੇ ਆਵਾਜ਼ਾਂ ਦੀ ਵਰਤੋਂ ਦੁਨੀਆ ਨੂੰ ਦੱਸਣ ਲਈ ਤੇ ਸਾਹਮਣੇ ਬੈਠੇ ਰਾਜੇ ਦੀ ਤਾਕਤ ਨੂੰ ਨੀਵਾਂ ਦਿਖਾਉਣ ਲਈ ਕਰਦਾ ਹੈ। ਉਹ ਵੰਗਾਰ ਦੇਣ ਲਈ ਤਿੰਨੇ ਚੀਜ਼ਾਂ ਦੀ ਵਰਤੋਂ ਕਰਦਾ ਹੈ ‘‘ਗੁੰਜਤ ਗੂੜ ਗਜਾਨ ਕੇ ਸੁੰਦਰ; ਹਿੰਸਤ ਹੀ ਹਯਰਾਜ ਹਜਾਰੇ ’’ (ਅਕਾਲ ਉਸਤਤਿ) ‘ਗਜਾਨ’, ਹਾਥੀ ਨੂੰ ਕਹਿੰਦੇ ਹਨ। ਜਦੋਂ ਹਾਥੀ ਮਸਤ ਹੁੰਦਾ ਹੈ ਤਾਂ ਦਗੜਦਾ ਹੈ, ਗੂੰਜਦਾ ਹੈ। ਰਾਜੇ ਕੋਲ ਐਨੇ ਵੱਡੇ-ਵੱਡੇ ਸ਼ਕਤੀਸ਼ਾਲੀ ਮਸਤ ਹਾਥੀ ਹਨ, ਉਨ੍ਹਾਂ ਦਾ ਜ਼ਿਕਰ ਦੂਜੇ ਸਵੱਯੇ ਵਿੱਚ ਹੋ ਚੁੱਕਾ ਹੈ। ਉਸ ਨੇ ਹਾਥੀਆਂ ਦੇ ਟੋਲੇ ਅੱਗੇ ਲਾਏ ਹੋਏ ਹਨ। ਪੁਰਾਤਨ ਸਮੇਂ ਵਿੱਚ ਅੱਜ ਕਲ੍ਹ ਵਾਲੇ ਸਾਧਨ ਨਹੀਂ ਹੁੰਦੇ ਸਨ ਅਤੇ ਲੜਾਈ ਵਿੱਚ ਬਹੁਤ ਸਾਰੇ ਕੰਮ ਹਾਥੀ-ਘੋੜਿਆਂ ਤੋਂ ਲਏ ਜਾਂਦੇ ਸਨ। ਸਾਡੇ ਇਤਿਹਾਸ ਵਿੱਚ ਵੀ ਆਉਂਦਾ ਹੈ ਕਿ ਜਦੋਂ ਕਿਲ੍ਹੇ ’ਤੇ ਹਮਲਾ ਕਰਨਾ ਸੀ ਤਾਂ ਹਾਥੀ ਨੂੰ ਮਸਤ ਕੀਤਾ, ਉਸ ਦੇ ਸਿਰ ਉੱਤੇ ਤਵਾ ਬੰਨ੍ਹਿਆ ਤੇ ਦਰਵਾਜ਼ਾ ਤੋੜਨ ਦਾ ਕੰਮ ਹਾਥੀ ਤੋਂ ਲਿਆ।

ਇੱਥੇ ਗੁਰੂ ਸਾਹਿਬ ਕਹਿੰਦੇ ਹਨ ਕਿ ਐਸੇ ਰਾਜੇ ਵੀ ਮੈਂ ਦੇਖਦਾ ਹਾਂ ਜਿਨ੍ਹਾਂ ਕੋਲ ਮਸਤ ਹਾਥੀ ਹਨ ਤੇ ਉਹ ਆਪਣੀ ਮਸਤੀ ਵਿੱਚ ਗੂੰਜਦੇ ਹਨ। ਨਾਲ ਹੀ ਨਿਰੇ ਹਾਥੀ ਹੀ ਨਹੀਂ ਦਹਾੜਦੇ ਬਲਕਿ ਉਨ੍ਹਾਂ ਕੋਲ ਅਨੇਕਾਂ ਐਸੇ ਘੋੜੇ ਵੀ ਹਨ ਜਿਨ੍ਹਾਂ ਦੇ ਮੁਕਾਬਲੇ ਦਾ ਸ਼ਕਤੀਸ਼ਾਲੀ ਘੋੜਾ ਕੋਈ ਨਹੀਂ। ‘ਹਯ’ ਕਹਿੰਦੇ ਹਨ ‘ਘੋੜੇ’ ਨੂੰ, ਜੋ ਹਜ਼ਾਰਾਂ ਦੀ ਤਦਾਦ ਵਿੱਚ ਹਨ। ਨਾਲ ਹੀ ਇੱਥੇ ਸ਼ਬਦ ਵਰਤਿਆ ਸ਼ਬਦ ਹੈ ‘ਹਿੰਸਤ’ ਭਾਵ ਹਿਣਕਣਾ ਤੇ ਹਿਣਕਣਾ ਕਹਿੰਦੇ ਹਨ ‘ਖ਼ੁਸ਼ੀ’ ਨੂੰ। ਸੰਸਾਰ ਅੰਦਰ ਘੋੜਾ ਸ਼ਕਤੀ ਦਾ ਐਸਾ ਪ੍ਰਤੀਕ ਹੈ, ਜੋ ਹਮੇਸ਼ਾ ਹਿਣਕਦਾ ਹੈ। ਉਨ੍ਹਾਂ ਘੋੜਿਆਂ ਨੂੰ ਮੈਦਾਨੇ ਜੰਗ ਵਿੱਚ ਚੱਲਦੇ ਹੋਏ ਤੀਰਾਂ ਤੋਪਾਂ ਤੋਂ ਡਰ ਨਹੀਂ ਲੱਗਦਾ। ਜਿਉਂ-ਜਿਉਂ ਘੋੜੇ ਨੂੰ ਕੋਈ ਪਰੇਸ਼ਾਨੀ ਜਾਂ ਘਾਲਨਾ ਘਾਲਨੀ ਪੈਂਦੀ ਹੈ, ਉਹ ਹਿਣਕਦਾ ਹੈ।

ਭੂਪਤਿ (ਧਰਤੀ ਦੇ ਰਾਜੇ) ਆਪਣੇ ਰਾਜ ਨੂੰ ਵੱਡਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਇਨ੍ਹਾਂ ਸ਼ਕਤੀ ਦੇ ਪ੍ਰਤੀਕਾਂ ਨਾਲ ਕੇਵਲ ਪਰਜਾ ਹੀ ਨਹੀਂ ਬਲਕਿ ਰਾਜੇ ਵੀ ਉਸ ਦੇ ਗ਼ੁਲਾਮ ਹੋ ਜਾਣਗੇ ਤੇ ਉਹ ਹੋਰ ਵੱਧ ਸ਼ਕਤੀਸ਼ਾਲੀ ਹੋ ਜਾਵੇਗਾ। ਇਸ ਦਾ ਨਤੀਜਾ ਇਹ ਹੋਇਆ ਕਿ ਉਹ ਮਨੁੱਖ ਰਾਜ ਸਿੰਘਾਸਣ ’ਤੇ ਤਾਂ ਬੈਠਾ ਹੈ, ਪਰ ਅੰਦਰ ਤ੍ਰਿਪਤੀ ਨਹੀਂ ਹੋਈ, ਉਸ ਦੀ ਭੁੱਖ ਵੱਧਦੀ ਹੀ ਰਹੀ। ਉਸ ਨੇ ਬਹੁਤ ਵੱਡੀ ਫ਼ੌਜ ਤਿਆਰ ਕੀਤੀ ਤੇ ਦੂਜੇ ਰਾਜਿਆਂ ’ਤੇ ਹਮਲਾ ਸ਼ੁਰੂ ਕਰ ਦਿੱਤਾ। ਦੇਸਾਂ-ਦੇਸਾਂਤਰਾਂ ਨੂੰ ਜਿੱਤਣ ਵਾਲੀ ਹਾਲਤ ਪੈਦਾ ਹੋ ਗਈ ਅਤੇ ਆਪਣੇ ਨਾਲ ਉਸ ਨੇ ਮਸਤ ਹਾਥੀ, ਸ਼ਕਤੀਸ਼ਾਲੀ ਘੋੜੇ ਤੇ ਘੁੜਸਵਾਰ ਲੈ ਲਏ।

ਪਰ ਜੇਕਰ ਉਹ ਇਹ ਸਭ ਹਾਸਲ ਵੀ ਕਰ ਲਏ ਤਾਂ ਕੀ ਉਹ ਵੱਡਾ ਭੂਪਤ ਹੋ ਜਾਵੇਗਾ  ? ਕੀ ਇਸ ਤੋਂ ਪਹਿਲਾਂ ਹੋਰ ਕੋਈ ਵੱਡਾ ਭੂਪਤ ਨਹੀਂ ਹੋਇਆ, ਇਹ ਕੋਈ ਉਨ੍ਹਾਂ ਤੋਂ ਵੱਖਰਾ ਹੋ ਗਿਆ ਹੈ। ਇੱਕ ਸ਼ਾਇਰ ਨੇ ਖ਼ੂਬ ਕਿਹਾ ਹੈ ਸਿਕੰਦਰੇ ਆਜ਼ਮ ਜਬ ਜਹਾਂ ਸੇ ਚਲਾ, ਤੋ ਹਾਥ ਖਾਲੀ ਕਫ਼ਨ ਸੇ ਬਾਹਰ ਥਾ

ਦੁਨੀਆ ਦੇ ਅੰਦਰ ਜਿੱਤ ਪ੍ਰਾਪਤ ਕਰਨ ਵਾਲਾ ਤੇ ਪੂਰੀ ਦੁਨੀਆ ਵਿੱਚ ਆਪਣੀ ਧਾਕ ਜਮਾਉਣ ਵਾਲੇ ਬਾਦਸ਼ਾਹ ਸਿਕੰਦਰ ਨੇ ਕਿਹਾ ਕਿ ਜਦੋਂ ਮੇਰੀ ਲਾਸ਼ ਨੂੰ ਕਫ਼ਨ ਵਿੱਚ ਲਪੇਟੋ ਤਾਂ ਮੇਰੇ ਦੋਵੇਂ ਹੱਥ ਕਫ਼ਨ ਤੋਂ ਬਾਹਰ ਕੱਢ ਦੇਣਾ। ਕਿਸੇ ਨੇ ਪੁੱਛਿਆ, ਬਾਦਸ਼ਾਹ ਸਲਾਮਤ  ! ਇਹ ਹੱਥ ਬਾਹਰ ਕੱਢਣ ਦੀ ਹਦਾਇਤ ਕਿਸ ਲਈ ਕਰ ਰਹੇ ਹੋ  ? ਬਾਦਸ਼ਾਹ ਨੇ ਜੁਆਬ ਦਿੱਤਾ, ਅੱਜ ਮੈਨੂੰ ਪਤਾ ਚੇਲ ਗਿਆ ਹੈ ਕਿ ਮੈਂ ਕੁਝ ਵੀ ਨਾਲ ਲੈ ਕੇ ਨਹੀਂ ਜਾਣਾ। ਸਾਰੀ ਜ਼ਿੰਦਗੀ ਮੈਂ ਮਾਇਆ ਦੇ ਐਨੇ ਅਡੰਬਰ ਇਕੱਤਰ ਕੀਤੇ ਪਰ ਅੱਜ ਮੈਨੂੰ ਮਹਿਸੂਸ ਹੋ ਗਿਆ ਹੈ ਕਿ ਉਹ ਸਭ ਵਿਅਰਥ ਹਨ। ਕਿਤੇ ਦੁਨੀਆ ਦੇ ਲੋਕ ਵੀ ਮੇਰੇ ਵਾਂਗ ਭੁਲੇਖੇ ਵਿੱਚ ਹੀ ਨਾ ਰਹਿ ਜਾਣ, ਇਸ ਲਈ ਮੈਂ ਚਾਹੁੰਦਾ ਹਾਂ ਕਿ ਮੇਰੇ ਦੋਵੇਂ ਹੱਥ ਕਫ਼ਨ ਤੋਂ ਬਾਹਰ ਕੱਢ ਦਿੱਤੇ ਜਾਣ ਤਾਂ ਕਿ ਦੁਨੀਆ ਦੇ ਲੋਕ ਇਹ ਵੇਖ ਲੈਣ ਕਿ ਮੈਂ ਖਾਲੀ ਹੱਥ ਹੀ ਇਸ ਦੁਨੀਆ ਤੋਂ ਚੱਲਿਆ ਹਾਂ ‘‘ਭੂਤ ਭਵਿਖ ਭਵਾਨ ਕੇ ਭੂਪਤਿ; ਕਉਨ ਗਨੈ ਨਹੀ ਜਾਤ ਬਿਚਾਰੇ ’’ (ਅਕਾਲ ਉਸਤਤਿ) ਭਾਵ ਬੀਤੇ ਸਮੇਂ ਵਿੱਚ ਵੀ ਸੰਸਾਰ ’ਤੇ ਬਹੁਤ ਰਾਜੇ ਆਏ, ਹੁਣ ਵੀ ਮੌਜੂਦ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਬਹੁਤ ਆਉਣਗੇ। ਇਨ੍ਹਾਂ ਸਭ ਦਾ ਚਾਰ ਦਿਨਾਂ ਬਾਅਦ ਇਹੋ ਹੀ ਹਸ਼ਰ ਹੋਣਾ ਹੈ, ਕਿਸੇ ਨੇ ਵੀ ਕੁਝ ਨਾਲ ਨਹੀਂ ਲੈ ਕੇ ਜਾਣਾ। ਇਨ੍ਹਾਂ ਸਭ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ‘‘ਜਿਸੁ ਆਸਣਿ (’ਤੇ) ਹਮ ਬੈਠੇ; ਕੇਤੇ ਬੈਸਿ ਗਇਆ ’’ (ਬਾਬਾ ਫਰੀਦ, ਪੰਨਾ ੪੮੮) ਇਹ ਗਿਣਤੀ ਨਹੀਂ ਹੋ ਸਕਦੀ ਕਿ ਇਸ ਧਰਤੀ ਉੱਤੇ ਕਿੰਨੇ ਰਾਜੇ, ਸਿਕਦਾਰ ਆਏ ਅਤੇ ਆ ਕੇ ਆਪਣੀ ਹਕੂਮਤ ਦੀ ਧਾਕ ਜਮਾ ਕੇ, ਆਪੋ-ਆਪਣੀ ਹਕੂਮਤ ਦਾ ਦਾਅਵਾ ਕਰਕੇ ਚਲੇ ਗਏ ‘‘ਸ੍ਰੀਪਤਿ ਸ੍ਰੀ ਭਗਵਾਨ ਭਜੇ ਬਿਨੁ; ਅੰਤ ਕੋ ਅੰਤ ਕੇ ਧਾਮ ਸਿਧਾਰੇ ’’ (ਅਕਾਲ ਉਸਤਤਿ)

‘ਸ੍ਰੀ ਪਤਿ’ ਤੋਂ ਭਾਵ ਹੈ ਮਾਇਆ ਦਾ ਪਤੀ। ਇਹ ਸਾਰਾ ਸੰਸਾਰ ਮਾਇਆ ਦਾ ਹੈ ‘‘ਅਪਨੀ ਮਾਇਆ ਆਪਿ ਪਸਾਰੀ; ਆਪਹਿ ਦੇਖਨਹਾਰਾ ਨਾਨਾ ਰੂਪੁ ਧਰੇ ਬਹੁ ਰੰਗੀ; ਸਭ ਤੇ ਰਹੈ ਨਿਆਰਾ ’’ (ਮਹਲਾ , ਪੰਨਾ ੫੩੭)

ਇਹ ਸਾਰਾ ਸੰਸਾਰ ਉਸ ਦੀ ਆਪਣੀ ਮਾਇਆ ਹੈ, ਉਸ ਦਾ ਆਪਣਾ ਇੱਕ ਕ੍ਰਿਸ਼ਮਾ ਹੈ, ਉਸ ਦੀ ਆਪਣੀ ਇੱਕ ਕੁਦਰਤ ਹੈ ਅਤੇ ਕਾਦਰ ਉਸ ਦਾ ਮਾਲਕ ਹੈ ਭਾਵ ਪਤੀ ਹੈ। ਇਸ ਸਾਰੀ ਕਾਇਨਾਤ ਤੇ ਸ੍ਰਿਸ਼ਟੀ ਦਾ ਮਾਲਕ ਉਹ ‘ਸ੍ਰੀ ਪਤਿ’ ਹੈ। ਇਸ ਮਾਇਆ ਕਾਰਨ ਮਾਲਕ ਪਰਮਾਤਮਾ ਨੂੰ ਸਿਮਰੇ ਬਿਨਾ ਆਖਿਰ ਨੂੰ ਇਹ ਸਭ ਰਾਜੇ ਵੀ ਮੌਤ ਦੇ ਘਰ ਵਿੱਚ ਤੁਰ ਜਾਂਦੇ ਹਨ। ਸੰਸਾਰ ਅੰਦਰ ਭਾਵੇਂ ਕੋਈ ਜਿੰਨੇ ਮਰਜ਼ੀ ਵੱਡੇ ਕਿਲ੍ਹੇ ਉਸਾਰ ਲਵੇ, ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਚਾਰ-ਚੁਫੇਰੇ ਖਾਈਆਂ ਬਣਾ ਲਵੇ, ਦਰਵਾਜ਼ਿਆਂ ’ਤੇ ਵੱਡੇ-ਵੱਡੇ ਸਿਪਹਸਲਾਰ (ਪਹਿਰੇਦਾਰ) ਖੜ੍ਹੇ ਕਰ ਲਵੇ ਪਰ ਜਿਸ ਵੇਲੇ ਮੌਤ ਆਉਂਦੀ ਹੈ, ਉਸ ਸਮੇਂ ਨਾ ਕਿਸੇ ਸਿਪਹਸਲਾਰ ਨੇ ਉਸ ਨੂੰ ਜਿੱਤ ਸਕਣਾ ਹੈ, ਨਾ ਕਿਸੇ ਕਿਲ੍ਹੇ ਦੀ ਦੀਵਾਰ ਨੇ ਉਸ ਲਈ ਰੁਕਾਵਟ ਬਣਨਾ ਹੈ ਤੇ ਨਾ ਹੀ ਕਿਸੇ ਖਾਈ ਨੇ ਉਸ ਨੂੰ ਰੋਕ ਸਕਣਾ ਹੈ। ਉਸ ਨੇ ਹਰ ਥਾਂ, ਹਰ ਟਿਕਾਣੇ ਉੱਤੇ ਪਹੁੰਚ ਹੀ ਜਾਣਾ ਹੈ। ਇਹੋ ਕਾਰਨ ਹੈ ਕਿ ਸੰਸਾਰ ਅੰਦਰ ਜਿੰਨੇ ਵੀ ਵੱਡੇ-ਵੱਡੇ ਸ਼ਾਹ-ਬਾਦਸ਼ਾਹ ਪੈਦਾ ਹੋਏ, ਉਨ੍ਹਾਂ ਨੂੰ ਐਨੇ ਅਡੰਬਰਾਂ ਦੇ ਬਾਅਦ ਵੀ ਆਖਿਰ ਇਸ ਸੰਸਾਰ ਤੋਂ ਜਾਣਾ ਹੀ ਪਿਆ।

ਇਨ੍ਹਾਂ ਰਾਜਨੀਤਕ ਸ਼ਕਤੀਆਂ ਵਾਲੇ ਲੋਕਾਂ ਕੋਲ ਐਨੇ ਅਡੰਬਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਅੰਦਰ ਕੋਈ ਸੀਮਾ ਨਹੀਂ ਹੈ। ਉਹ ਦੂਜਿਆਂ ਦੇ ਅਡੰਬਰਾਂ ਉੱਤੇ ਵੀ ਕਬਜ਼ਾ ਕਰਨਾ ਚਾਹੁੰਦੇ ਹਨ। ਇਹ ਇੱਕ ਤਰ੍ਹਾਂ ਦੀ ਰਾਜਨੀਤਕ ਭੁੱਖ ਹੈ ‘‘ਮਾਰੂ ਮੀਹਿ (ਨਾਲ) ਤ੍ਰਿਪਤਿਆ; ਅਗੀ ਲਹੈ ਭੁਖ ’’ (ਮਹਲਾ , ਪੰਨਾ ੧੪੮)

ਕਿਸੇ ਰੇਗਿਸਤਾਨ ਜਾਂ ਮਾਰੂਥਲ ਉੱਤੇ ਭਾਵੇਂ ਜਿੰਨੀ ਮਰਜ਼ੀ ਬਾਰਿਸ਼ ਪੈ ਜਾਵੇ, ਕੀ ਉਹ ਰੇਤ ਦੇ ਟਿੱਬੇ ਕਦੇ ਤ੍ਰਿਪਤ ਹੋਏ ਹਨ ਕਿ ਚੱਲੋ ਹੁਣ ਬਾਰਿਸ਼ ਬੰਦ ਹੋ ਜਾਵੇ, ਹੁਣ ਪਾਣੀ ਸਾਂਭਿਆ ਨਹੀਂ ਜਾਂਦਾ। ਇਉਂ ਅੱਗ ਵਿੱਚ ਵੀ ਭਾਵੇਂ ਜਿੰਨਾ ਮਰਜ਼ੀ ਬਾਲਣ ਜਾਂ ਲੱਕੜ ਪਾ ਲਵੋ, ਕੀ ਅੱਗ ਕਦੇ ਰੱਜੀ ਹੈ ਕਿ ਹੁਣ ਭੁੱਖ ਮਿੱਟ ਗਈ ਹੈ, ਹੋਰ ਬਾਲਣ ਨਾ ਪਾਓ ਕਿਉਂਕਿ ਉਹ ਹੁਣ ਹੋਰ ਲੱਕੜਾਂ ਨਹੀਂ ਜਲ ਸਕਦੀ। ਇਹੋ ਹਾਲਤ ਰਾਜਿਆਂ ਦੀ ਹੈ ‘‘ਰਾਜਾ ਰਾਜਿ (ਨਾਲ) ਤ੍ਰਿਪਤਿਆ; ਸਾਇਰ ਭਰੇ ਕਿਸੁਕ ’’ (ਮਹਲਾ , ਪੰਨਾ ੧੪੮)

ਭੁਖ ਦੀ ਕੋਈ ਸੀਮਾ ਨਹੀਂ ਭਾਵੇਂ ਜਿੰਨੇ ਮਰਜ਼ੀ ਹਾਥੀ ਘੋੜੇ ਆ ਜਾਣ ਬਲਕਿ ਉਸ ਦੀ ਸੀਮਾ ਇਸ ਤੋਂ ਹੋਰ ਅੱਗੇ ਹੋ ਜਾਂਦੀ ਹੈ ਕਿ ਕਿਸੇ ਦੂਜੇ ਦਾ ਰਾਜ ਵੀ ਖੋਹ ਲਿਆ ਜਾਵੇ, ਪਰ ਇਹ ਸਭ ਅੰਤ ਨੂੰ ਖਾਲੀ ਹੱਥ ਹੀ ਇਸ ਦੁਨੀਆ ਤੋਂ ਤੁਰ ਜਾਂਦੇ ਹਨ।

ਛੋਟਾ ਘੱਲੂਘਾਰਾ

0

ਛੋਟਾ ਘੱਲੂਘਾਰਾ

. ਬਲਰਾਜ ਸਿੰਘ (ਐਸ.ਪੀ.)-98151-24449

ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕੌਮ ਇਕ ਵਾਰ ਤਾਂ ਖਿੱਲਰ-ਪੁੱਲਰ ਗਈ ਸੀ ਪਰ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਵੇਲੇ ਸੁਪਨੇ ਵਾਂਗ ਵੇਖੀ ਆਜ਼ਾਦੀ ਭੁੱਲੀ ਨਹੀਂ ਸੀ। ਸਿੱਖ ਹੌਲੀ-ਹੌਲੀ ਦੁਬਾਰਾ ਸੰਗਠਿਤ ਹੋਣ ਲੱਗੇ ਤੇ ਮੱਲਾਂ ਮਾਰਨ ਲੱਗੇ । ਸਿੱਖ ਇਤਿਹਾਸ ਵਿੱਚ ਕੌਮ ਨੂੰ ਖ਼ਤਮ ਕਰਨ ਲਈ ਹਮਲਾਵਰਾਂ ਵੱਲੋਂ ਦੋ ਵੱਡੇ ਕਾਂਡ, ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਨੂੰ ਅੰਜ਼ਾਮ ਦਿੱਤਾ ਗਿਆ । ਛੋਟੇ ਘੱਲੂਘਾਰੇ ਦਾ ਸੂਤਰਧਾਰ ਲਾਹੌਰ ਦਰਬਾਰ ਦਾ ਦੀਵਾਨ ਲਖਪਤ ਰਾਏ ਸੀ ।  ਲਖਪਤ ਰਾਏ ਤੇ ਉਸ ਦਾ ਛੋਟਾ ਭਰਾ ਜਸਪਤ ਰਾਏ ਦੋਵੇਂ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦੇ ਖੱਤਰੀ ਸਨ।  ਮੁਗਲ ਰਾਜ ਵਿੱਚ ਉਨ੍ਹਾਂ ਦੀ ਬੜੀ ਚੜ੍ਹਾਈ ਸੀ ।  ਲਖਪਤ ਰਾਏ ਜ਼ਕਰੀਆ ਖ਼ਾਨ ਦੇ ਅਧੀਨ 1726 ਤੋਂ 1745 ਈ: ਤੱਕ ਤੇ ਉਸ ਦੇ ਲੜਕੇ ਯਾਹੀਆ ਖ਼ਾਨ ਦੇ ਅਧੀਨ 1745 ਤੋਂ 1747 ਈ: ਤੱਕ ਲਾਹੌਰ ਦਾ ਦੀਵਾਨ (ਵਿੱਤ ਮੰਤਰੀ) ਰਿਹਾ ਸੀ । ਇਹ ਪਦਵੀ ਸੂਬੇਦਾਰ ਤੋਂ ਬਾਅਦ ਦੂਸਰੇ ਨੰਬਰ ’ਤੇ ਆਉਂਦੀ ਸੀ । ਜਸਪਤ ਰਾਏ ਪਹਿਲਾਂ ਜਲੰਧਰ ਦੁਆਬ ਦਾ ਫ਼ੌਜਦਾਰ ਸੀ ਤੇ ਬਾਅਦ ਵਿੱਚ ਜ਼ਕਰੀਆ ਖ਼ਾਨ ਦੁਆਰਾ ਏਮਨਾਬਾਦ ਦਾ ਫ਼ੌਜਦਾਰ ਲਾਇਆ ਗਿਆ ਸੀ ।  ਫਰਵਰੀ ਦੇ ਅਖੀਰ ਜਾਂ ਮਾਰਚ ਦੇ ਸ਼ੁਰੂ ਵਿਚ 1746 ਈ: ਨੂੰ ਸਿੱਖਾਂ ਦਾ ਇੱਕ ਜਥਾ ਸ਼ਾਹੀ ਫ਼ੌਜਾਂ ਦਾ ਧੱਕਿਆ ਏਮਨਾਬਾਦ ਦੇ ਇਲਾਕੇ ਵਿੱਚ ਆ ਨਿਕਲਿਆ । ਏਮਨਾਬਾਦ ਦੇ ਫ਼ੌਜਦਾਰ ਜਸਪਤ ਰਾਏ ਨੂੰ ਸਿੱਖਾਂ ਦੀ ਆਮਦ ਬਾਰੇ ਪਤਾ ਲੱਗਾ ਤਾਂ ਸੜ ਬਲ ਗਿਆ ।  ਅਜੇ ਸਿੰਘ ਲੰਗਰ ਪਾਣੀ ਦਾ ਆਹਰ ਕਰ ਹੀ ਰਹੇ ਸਨ ਕਿ ਜਸਪਤ ਰਾਏ ਦਾ ਹਰਕਾਰਾ ਸੁਨੇਹਾ ਲੈ ਕੇ ਆਣ ਪਹੁੰਚਿਆ ਕਿ ਫੌਰਨ ਇਲਾਕਾ ਖਾਲੀ ਕਰ ਦਿਉ । ਸਿੱਖਾਂ ਨੇ ਵਾਪਸ ਸੁਨੇਹਾ ਭੇਜਿਆ ਕਿ ਫ਼ੌਜਾਂ ਬੁਰੀ ਤਰ੍ਹਾਂ ਥੱਕੀਆਂ ਹੋਈਆਂ ਹਨ ਤੇ ਦੋ ਦਿਨ ਤੋਂ ਭੁੱਖੀਆਂ ਹਨ, ਲੰਗਰ ਛੱਕ ਕੇ ਤੇ ਥੋੜ੍ਹਾ ਆਰਾਮ ਕਰ ਕੇ ਕੱਲ੍ਹ ਨੂੰ ਕੂਚ ਕਰ ਜਾਵਾਂਗੇ । ਜਸਪਤ ਰਾਏ ਨਾ ਮੰਨਿਆ । ਉਸ ਨੇ ਆਪਣੀ ਫ਼ੌਜ ਨੂੰ ਤਿਆਰ ਕੀਤਾ ਤੇ ਨਾਲ ਹੀ ਇਲਾਕੇ ਦੀ ਧਾੜ ਇਕੱਠੀ ਕਰਕੇ ਸਿੱਖਾਂ ’ਤੇ ਹਮਲਾ ਕਰ ਦਿੱਤਾ ।  ਬੜੀ ਘਮਸਾਨ ਦੀ ਲੜਾਈ ਹੋਈ । ਸਿੱਖ ਲੜਨਾ ਨਹੀਂ ਸਨ ਚਾਹੁੰਦੇ, ਪਰ ਲੜਾਈ ਬਦੋਬਦੀ ਗਲ਼ ਪੈ ਗਈ । ਸਿੱਖ ਲੜਦੇ ਲੜਦੇ ਪਿੱਛੇ ਹਟਦੇ ਗਏ ਤੇ ਪਿੰਡ ਬੱਦੋਕੀ ਗੁਸਾਈਆਂ ਦੀ ਜੂਹ ਵਿੱਚ ਪਹੁੰਚ ਗਏ ।  ਜਸਪਤ ਰਾਏ ਹਾਥੀ ’ਤੇ ਬੈਠਾ ਆਪਣੀ ਫ਼ੌਜ ਦੀ ਅਗਵਾਈ ਕਰ ਰਿਹਾ ਸੀ । ਉਹ ਇਕ ਸਿੱਖ ਨਿਬਾਹੂ ਸਿੰਘ ਦੀ ਨਿਗਾਹ ਚੜ੍ਹ ਗਿਆ । ਨਿਬਾਹੂ ਸਿੰਘ ਪੂਛ ਪਕੜ ਕੇ ਹਾਥੀ ’ਤੇ ਜਾ ਚੜ੍ਹਿਆ ਤੇ ਸ੍ਰੀ ਸਾਹਿਬ ਦੇ ਇੱਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਲਾਹ ਕੇ ਨਿਕਲ ਭੱਜਿਆ ।  ਜਰਨੈਲ ਦੇ ਡਿੱਗਦੇ ਹੀ ਨਿਖਸਮੀਆਂ ਫ਼ੌਜਾਂ ਹਰਨ ਹੋ ਗਈਆਂ, ਮੈਦਾਨ ਸਿੱਖਾਂ ਦੇ ਹੱਥ ਰਿਹਾ ।

ਆਪਣੇ ਭਰਾ ਦੇ ਕਤਲ ਦੀ ਖਬਰ ਸੁਣ ਕੇ ਲਖਪਤ ਰਾਏ ਨੂੰ ਅੱਗ ਲੱਗ ਗਈ । ਉਸ ਨੇ ਸਹੁੰ ਖਾਧੀ ਕਿ ਜਦ ਤੱਕ ਪੰਥ ਖ਼ਤਮ ਨਹੀਂ ਹੋ ਜਾਂਦਾ ਉਹ ਪੱਗ ਨਹੀਂ ਬੰਨ੍ਹੇਗਾ । ਉਸ ਨੇ ਯਾਹੀਆ ਖ਼ਾਨ ਕੋਲੋਂ ਸਿੱਖਾਂ ਦੇ ਕਤਲੇਆਮ ਦਾ ਹੁਕਮ ਲੈ ਲਿਆ । ਇਸ ਤੋਂ ਪਹਿਲਾਂ ਸਿਰਫ ਜੰਗੀ ਸਿੱਖ ਹੀ ਸਰਕਾਰ ਦੇ ਬਾਗੀ ਸਮਝੇ ਜਾਂਦੇ ਸਨ, ਪਰ ਲਖਪਤ ਨੇ ਇਕ ਪਾਸਿਉਂ ਈ ਵਾਢਾ ਰੱਖ ਲਿਆ । ਲਾਹੌਰ ਅਤੇ ਆਸ ਪਾਸ ਅਮਨ ਅਮਾਨ ਨਾਲ ਵੱਸਦੇ ਤੇ ਸਰਕਾਰੀ ਨੌਕਰੀ ਕਰਦੇ ਸਾਰੇ ਸਿੱਖ ਗ੍ਰਿਫਤਾਰ ਕਰਕੇ ਕਤਲ ਕਰ ਦਿੱਤੇ ਗਏ । ਇਨ੍ਹਾਂ ਵਿਚ ਮਸ਼ਹੂਰ ਸੀ ਲਾਹੌਰ ਦਾ ਕੋਤਵਾਲ ਸੁਬੇਗ ਸਿੰਘ ਤੇ ਉਸ ਦਾ ਬੇਟਾ ਸ਼ਹਿਬਾਜ਼ ਸਿੰਘ, ਇਹ ਦੋਵੇਂ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕਰ ਦਿੱਤੇ ਗਏ । ਸਾਰੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਈ, ਸ਼ਹਿਰ ਦੇ ਪਤਵੰਤੇ ਹਿੰਦੂ ਦੀਵਾਨ ਕੌੜਾ ਮੱਲ ਦੀ ਅਗਵਾਈ ਹੇਠ ਪੰਚਾਇਤੀ ਰੂਪ ਵਿੱਚ ਲਖਪਤ ਨੂੰ ਮਿਲੇ, ਪਰ ਲਖਪਤ ਨੇ ਕਿਸੇ ਦੀ ਨਾ ਮੰਨੀ । ਅਖੀਰ ਉਨ੍ਹਾਂ ਕਿਹਾ ਕਿ ਇਹ ਹੀ ਮੰਨ ਲੈ ਕਿ ਸੋਮਵਾਰ ਮੱਸਿਆ ਵਾਲੇ ਦਿਨ ਇਹ ਹੱਤਿਆਵਾਂ ਨਾ ਕੀਤੀਆਂ ਜਾਣ, ਉਹ ਇਹ ਵੀ ਨਾ ਮੰਨਿਆ । ਬਹੁਤ ਸਾਰੇ ਸਿੱਖ ਸੋਮਵਾਰੀ ਮੱਸਿਆ ਵਾਲੇ ਦਿਨ 10 ਮਾਰਚ 1746 ਨੂੰ ਕਤਲ ਕੀਤੇ ਗਏ । ਲਖਪਤ ਨੇ ਗੁੜ ਬੋਲਣ ’ਤੇ ਵੀ ਪਾਬੰਦੀ ਲਾ ਦਿੱਤੀ ਕਿਉਂਕਿ ਇਸ ਨਾਲ ਗੁਰੂ ਦਾ ਭੁਲੇਖਾ ਪੈਂਦਾ ਸੀ । ਉਸ ਨੇ ਕਿਹਾ ਕਿ ਗੁੜ ਨੂੰ ਭੇਲੀ ਕਿਹਾ ਜਾਵੇ । ਉਸ ਨੇ ਸਿੱਖਾਂ ਦਾ ਜਿਹੜਾ ਵੀ ਧਾਰਮਿਕ ਗ੍ਰੰਥ, ਪੋਥੀ, ਕਿਤਾਬ ਹੱਥ ਲੱਗੀ, ਸਾੜ ਦਿੱਤੀ । ਸਿੱਖਾਂ ਦੇ ਸਿਰ ਦਾ ਇਨਾਮ ਪੰਜ ਰੁਪਈਏ ਪ੍ਰਤੀ ਸਿਰ ਰੱਖਿਆ ਗਿਆ।

ਸ਼ਹਿਰੀ ਸਿੱਖਾਂ ਦੇ ਕਤਲਾਂ ਤੋਂ ਵਿਹਲਾ ਹੋ ਕੇ ਲਖਪਤ ਰਾਏ ਨੇ ਦਲ ਖਾਲਸਾ ਦਾ ਖਾਤਮਾ ਕਰਨ ਲਈ ਕੂਚ ਕੀਤਾ । ਮੁਖਬਰਾਂ ਨੇ ਖਬਰ ਦਿੱਤੀ ਕਿ ਸਿੱਖ ਕਾਹਨੂੰਵਾਨ ਛੰਬ ਦੇ ਝੱਲਾਂ ਵਿੱਚ ਡੇਰਾ ਲਾਈ ਬੈਠੇ ਹਨ। ਉਸ ਵੇਲੇ ਝੱਲ ਵਿੱਚ ਪ੍ਰਸਿੱਧ ਸਰਦਾਰਾਂ ਸ: ਜੱਸਾ ਸਿੰਘ ਆਹਲੂਵਾਲੀਆ, ਭਾਈ ਸੁੱਖਾ ਸਿੰਘ ਮਾੜੀ ਕੰਬੋਕੀ, ਸ: ਗੁਰਦਿਆਲ ਸਿੰਘ ਡੱਲੇਵਾਲੀਆ, ਸ: ਹਰੀ ਸਿੰਘ ਭੰਗੀ ਤੇ ਸ: ਨੌਧ ਸਿੰਘ ਸ਼ੁਕਰਚੱਕੀਆ ਆਦਿ ਦੇ ਜਥੇ ਹਾਜ਼ਰ ਸਨ ।  ਲਖਪਤ ਰਾਏ ਨਾਲ ਲਾਹੌਰ ਦੀ ਸਾਰੀ ਫ਼ੌਜ ਸਮੇਤ ਤੋਪਖ਼ਾਨਾ, ਇਲਾਕੇ ਦੇ ਸਾਰੇ ਚੌਧਰੀ, ਫ਼ੌਜਦਾਰ ਤੇ ਜੇਹਾਦ ਦੇ ਨਾਂਅ ’ਤੇ ਇਕੱਠੇ ਕੀਤੇ ਹੂਰਾਂ ਦੇ ਆਸ਼ਕ ਗਾਜ਼ੀ ਸਨ । ਤਕਰੀਬਨ 50000 ਦੀ ਫ਼ੌਜ ਲੈ ਕੇ ਲਖਪਤ ਰਾਏ ਨੇ ਕਾਹਨੂੰਵਾਨ (ਗੁਰਦਾਸਪੁਰ) ਦੇ ਝੱਲ ਨੂੰ ਘੇਰਾ ਪਾ ਲਿਆ । ਟਿਕਾਣਿਆਂ ’ਤੇ ਤੋਪਾਂ ਬੀੜ ਕੇ ਤੋਪਚੀਆਂ ਨੇ ਅੱਗ ਵਰ੍ਹਾਉਣੀ ਸ਼ੁਰੂ ਕਰ ਦਿੱਤੀ । ਗੋਲਾਬਾਰੀ ਦਾ ਸਿੱਖਾਂ ਤੇ ਬਹੁਤਾ ਅਸਰ ਨਾ ਹੋਇਆ, ਉਹ ਤੋਪਾਂ ਦੀ ਮਾਰ ਵੇਖ ਕੇ ਜਗ੍ਹਾ ਬਦਲ ਲੈਂਦੇ ਸਨ । ਸ਼ਾਹੀ ਫ਼ੌਜਾਂ ਦੇ ਜਰਨੈਲ ਝੱਲਾਂ ਦੇ ਭੇਤੀ ਨਹੀਂ ਸਨ, ਇਸ ਲਈ ਉਹ ਝੱਲ ਵਿੱਚ ਵੜਨ ਤੋਂ ਕਤਰਾਉਂਦੇ ਸਨ । ਇਹ ਵੇਖ ਕੇ ਲਖਪਤ ਰਾਏ ਨੇ ਝੱਲ ਵੱਢਣ ਲਈ ਤਰਖਾਣ ਲਾ ਦਿੱਤੇ । ਸਿੱਖਾਂ ਨੇ ਬੇਲਦਾਰ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਲਖਪਤ ਨੇ ਝੱਲਾਂ ਨੂੰ ਅੱਗ ਲਗਵਾ ਦਿੱਤੀ । ਸਿੱਖਾਂ ਨੇ ਛਾਪਾਮਾਰ ਯੁੱਧ ਨਾਲ ਵੈਰੀ ਦੀ ਜਾਨ ਤੰਗ ਕਰ ਦਿੱਤੀ।

ਇੱਕ ਦਿਨ ਸੁੱਖਾ ਸਿੰਘ ਮਾੜੀ ਕੰਬੋਕੀ ਨੇ ਸਿੱਖਾਂ ਨੂੰ ਵੰਗਾਰ ਕੇ ਵੈਰੀ ’ਤੇ ਹਮਲਾ ਕਰ ਦਿੱਤਾ । ਉਸ ਨੇ ਲਖਪਤ ਦੀ ਸੂਹ ਕੱਢ ਕੇ ਉਸ ਹਾਥੀ ਨੂੰ ਜਾ ਘੇਰਿਆ ਪਰ ਉਸੇ ਵੇਲੇ ਇਕ ਜੰਬੂਰਚੇ ਦਾ ਗੋਲਾ ਉਸ ਦੇ ਪੱਟ ’ਤੇ ਆ ਵੱਜਾ, ਉਸ ਦੀ ਲੱਤ ਟੁੱਟ ਗਈ । ਜੰਗ ਦੇ ਰੰਗ ਵਿੱਚ ਰੰਗੇ ਨੇ ਪੀੜ ਨੂੰ ਨਾ ਗੌਲਿਆ ਤੇ ਪੱਗ ਪਾੜ ਕੇ ਲੱਤ ਬੰਨ੍ਹ ਲਈ । ਲਖਪਤ ਰਾਏ ਦੀ ਮਦਦ ਲਈ ਉਸ ਦਾ ਪੁੱਤਰ ਹਰਭਜ ਰਾਏ, ਯਾਹੀਆ ਖ਼ਾਨ ਦਾ ਪੁੱਤਰ ਨਾਹਰ ਖ਼ਾਨ ਆਦਿ ਕਈ ਸੂਰਮੇ ਪਹੁੰਚ ਗਏ । ਸੁੱਖਾ ਸਿੰਘ ਦੀ ਮਦਦ ਵਾਸਤੇ ਸ: ਜੱਸਾ ਸਿੰਘ ਆਹਲੂਵਾਲੀਆ ਤੇ ਹੋਰ ਸਰਦਾਰ ਪੁੱਜ ਗਏ, ਬੜੀ ਲਹੂ ਡੋਲ੍ਹਵੀਂ ਲੜਾਈ ਹੋਈ । ਲਖਪਤ ਰਾਏ ਦਾ ਨੁਕਸਾਨ ਸਿੱਖਾਂ ਨਾਲੋਂ ਕਿਤੇ ਵੱਧ ਹੋਇਆ । ਉਸ ਦਾ ਪੁੱਤਰ ਹਰਭਜ ਰਾਏ, ਯਾਹੀਆ ਖ਼ਾਨ ਦਾ ਪੁੱਤਰ ਨਾਹਰ ਖ਼ਾਨ, ਕਰਮ ਬਖਸ਼ ਫ਼ੌਜਦਾਰ ਰਸੂਲ ਨਗਰ ਤੇ ਹੋਰ ਕਈ ਯੋਧੇ ਸਿੱਖਾਂ ਹੱਥੋਂ ਮਾਰੇ ਗਏ । ਭਰਾ ਤੋਂ ਬਾਅਦ ਪੁੱਤਰ ਦੀ ਮੌਤ ਦੇ ਦੁੱਖ ਕਾਰਨ ਲਖਪਤ ਰਾਏ ਗੁੱਸੇ ਵਿੱਚ ਪਾਗਲ ਹੋ ਗਿਆ । ਉਸ ਨੇ ਘੇਰਾਬੰਦੀ ਹੋਰ ਸਖ਼ਤ ਕਰ ਦਿੱਤੀ ਤੇ ਹੋਰ ਕਰੜਾਈ ਨਾਲ ਗੋਲਾਬਾਰੀ ਕਰਨ ਲੱਗਾ । ਸਿੱਖਾਂ ਦੀ ਰਸਦ ਪਾਣੀ, ਗੋਲੀ ਸਿੱਕਾ ਖ਼ਤਮ ਹੋਣ ਲੱਗ ਪਿਆ । ਉਹ ਲਖਪਤ ਦੀ ਸਪਲਾਈ ਲੁੱਟ ਲੈਂਦੇ ਸਨ ਪਰ ਇਸ ਨਾਲ ਪੂਰੀ ਨਹੀਂ ਸੀ ਪੈਂਦੀ । ਸਿੱਖਾਂ ਨੇ ਸੋਚਿਆ ਸੀ ਕਿ ਲਖਪਤ ਆਪੇ ਦੋ ਚਾਰ ਦਿਨ ਖਿਝ ਖਪ ਕੇ ਚਲਾ ਜਾਵੇਗਾ, ਪਰ ਉਹ ਤਾਂ ਵਾੜ ਦਾ ਛਾਪਾ ਬਣ ਕੇ ਪਿੱਛੇ ਹੀ ਪੈ ਗਿਆ ਸੀ । ਲਗਾਤਾਰ ਸਰਕਾਰੀ ਮਦਦ ਤੇ ਗੋਲੀ ਸਿੱਕਾ ਮਿਲਣ ਕਾਰਨ ਹੌਲੀ ਹੌਲੀ ਲਖਪਤ ਦਾ ਪੱਲੜਾ ਭਾਰੀ ਹੋਣ ਲੱਗ ਪਿਆ।

ਆਖਰ ਸਰਦਾਰਾਂ ਨੇ ਬੈਠ ਕੇ ਗੁਰਮਤਾ ਕੀਤਾ ਕਿ ਰਾਵੀ ਪਾਰ ਕਰਕੇ ਪਹਾੜਾਂ ਨੂੰ ਨਿਕਲ ਚੱਲਦੇ ਹਾਂ । ਕਿਸੇ ਤਰ੍ਹਾਂ ਰਾਵੀ ਪਾਰ ਕਰਕੇ ਸਿੱਖ ਬਸ਼ੋਹਲੀ ਦੀਆਂ ਪਹਾੜੀਆਂ ਵੱਲ ਚਲ ਪਏ । ਲਖਪਤ ਰਾਏ ਪੈੜ ਦਬਾਈ ਆਉਂਦਾ ਸੀ । ਸਿੱਖਾਂ ਨੂੰ ਬੜੀ ਉਮੀਦ ਸੀ ਕਿ ਪਹਾੜੀਏ ਇਸ ਧਰਮ ਯੁੱਧ ਵਿੱਚ ਉਨ੍ਹਾਂ ਦੀ ਮਦਦ ਕਰਨਗੇ, ਪਰ ਉਨ੍ਹਾਂ ਨੂੰ ਉਦੋਂ ਪਤਾ ਚਲਿਆ ਜਦੋਂ ਪਹਾੜੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ । ਸਿੱਖ ਕੁਥਾਵੇਂ ਫਸ ਗਏ, ਅਖੀਰ ’ਤੇ ਫੈਸਲਾ ਕੀਤਾ ਕਿ ਪੈਦਲਾਂ ’ਤੇ ਹਮਲਾ ਕਰਨ ਤੇ ਘੋੜ ਸਵਾਰ ਲਖਪਤ ਦੇ ਟਿੱਡੀ ਦਲ ਨੂੰ ਚੀਰ ਕੇ ਵਾਪਸ ਜਾਣ ਤੇ ਰਾਵੀ ਟੱਪ ਕੇ ਮਾਝੇ ਵਿੱਚ ਦੀ ਦੁਆਬੇ ਮਾਲਵੇ ਨੂੰ ਨਿਕਲ ਜਾਣ । ਇਸੇ ਤਰ੍ਹਾਂ ਕੀਤਾ ਗਿਆ, ਪੈਦਲ ਫ਼ੌਜ ਨੇ ਪਹਾੜੀਆਂ ਉੱਤੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਚੀਰ ਕੇ ਪਹਾੜਾਂ ’ਤੇ ਜਾ ਚੜ੍ਹੇ । ਉਹ ਬੜੀ ਮੁਸ਼ਕਿਲ ਨਾਲ ਪਹਾੜੋ ਪਹਾੜੀ ਕਈ ਮਹੀਨਿਆਂ ਦਾ ਸਫਰ ਕਰਕੇ ਕੀਰਤਪੁਰ ਪਹੁੰਚੇ । ਘੋੜਸਵਾਰ ਲਖਪਤ ਦੀ ਧਾੜ ਤੇ ਟੁੱਟ ਪਏ ਤੇ ਫ਼ੌਜ ਨੂੰ ਚੀਰ ਕੇ ਰਸਤਾ ਬਣਾਇਆ । ਇਸ ਥਾਂ ਹੋਈ ਲੜਾਈ ਵਿਚ 7000 ਤੋਂ 10000 ਤੱਕ ਸਿੱਖ ਸ਼ਹੀਦ ਹੋਏ ਅਤੇ ਬਹੁਤ ਸਾਰੇ ਸਿੱਖ ਜ਼ਖ਼ਮੀ ਹੋ ਗਏ । ਬਾਕੀ ਦੇ ਸਿੱਖ ਰਾਵੀ ਦੇ ਕੰਢੇ-ਕੰਢੇ, ਲਹਿੰਦੇ ਵੱਲ ਦੀ ਲਾਹੌਰ ਨੂੰ ਚੱਲ ਪਏ । ਰਾਵੀ ਦਾ ਪਾਣੀ ਚੜ੍ਹਿਆ ਹੋਇਆ ਸੀ, ਪਾਣੀ ਦੀ ਥਾਹ ਲੈਣ ਲਈ ਸ: ਗੁਰਦਿਆਲ ਸਿੰਘ ਡੱਲੇਵਾਲੀਏ ਦੇ ਹੁਕਮ ’ਤੇ ਉਸ ਦੇ ਦੋ ਭਰਾਵਾਂ ਨੇ ਘੋੜੇ ਪਾਣੀ ਵਿੱਚ ਸੁੱਟੇ । ਤੇਜ਼ ਵਹਾ ਕਰਕੇ ਨਾ ਸਵਾਰ ਲੱਭੇ ਤੇ ਨਾ ਘੋੜੇ, ਦੋਵੇਂ ਸੂਰਮਿਆਂ ਨੇ ਆਪਣੀ ਜਾਨ ਦੇ ਕੇ ਹਜ਼ਾਰਾਂ ਭਰਾਵਾਂ ਦੀ ਜਾਨ ਬਚਾ ਲਈ।

ਅਖੀਰ ਇੱਕ ਜਗ੍ਹਾ ਪਾਣੀ ਦਾ ਘੱਟ ਵਹਾਅ ਵੇਖ ਕੇ ਦੱਭ ਤੇ ਕਾਨਿਆਂ ਦੇ ਤੁਲ੍ਹੇ ਬਣਾ ਕੇ ਰਾਵੀ ਪਾਰ ਕੀਤੀ ਗਈ, ਅੱਗੇ ਤਿੰਨ ਮੀਲ ਦੀ ਬਰੇਤੀ ਸੀ, ਘੋੜਸਵਾਰ ਤਾਂ ਸੌਖੇ ਲੰਘ ਗਏ ਪਰ ਪੈਦਲਾਂ ਦੇ ਪੈਰ ਸੜ ਗਏ । ਤਨ ਦੇ ਕੱਪੜੇ ਪਾੜ ਕੇ ਪੈਰਾਂ ’ਤੇ ਬੰਨ੍ਹ ਕੇ ਤੇ ਘੋੜਿਆਂ ਉੱਤੇ ਤਿੰਨ-ਤਿੰਨ, ਚਾਰ-ਚਾਰ ਚੜ੍ਹ ਕੇ ਬਰੇਤੀ ਪਾਰ ਕੀਤੀ । ਅੱਗੇ ਚੌਧਰੀ ਰਾਮੇ ਰੰਧਾਵੇ ਦਾ ਇਲਾਕਾ ਸੀ, ਉਹ ਆਪਣੀਆਂ ਧਾੜਾਂ ਲੈ ਕੇ ਰਸਤਾ ਰੋਕੀ ਖੜ੍ਹਾ ਸੀ । ਜਿਹੜੇ ਲਖਪਤ ਦੇ ਰੋਕੇ ਨਾ ਰੁਕੇ, ਉਨ੍ਹਾਂ ਨੂੰ ਰਾਮੇ ਰੰਧਾਵੇ ਨੇ ਕੀ ਰੋਕਣਾ ਸੀ, ਉਸ ਨੂੰ ਸਿੱਖਾਂ ਨੇ ਪਹਿਲੇ ਹੱਲੇ ਈ ਅੱਗੇ ਲਾ ਲਿਆ । ਵਾਹੋ ਦਾਹੀ ਸ੍ਰੀ ਹਰਗੋਬਿੰਦਪੁਰ ਦੇ ਪੱਤਣ ਤੋਂ ਬਿਆਸ ਦਰਿਆ ਪਾਰ ਕਰਕੇ ਦੁਆਬੇ ਵਿੱਚ ਜਾ ਵੜੇ, ਅੱਗੋਂ ਜਲੰਧਰ ਦੁਆਬ ਦੇ ਫ਼ੌਜਦਾਰ ਅਦੀਨਾ ਬੇਗ ਨੇ ਰਸਤਾ ਰੋਕ ਲਿਆ । ਉਸ ਨਾਲ ਅਜੇ ਟੱਕਰ ਸ਼ੁਰੂ ਹੀ ਹੋਈ ਸੀ ਕਿ ਖਬਰ ਮਿਲੀ ਕਿ ਲਖਪਤ ਰਾਏ ਪਿੱਛੇ ਚੜ੍ਹਿਆ ਆਉਂਦਾ ਹੈ । ਅਦੀਨਾ ਬੇਗ ਨਾਲ ਝੜਪਾਂ ਲੈਂਦੇ-ਲੈਂਦੇ ਸਿੱਖ ਆਲੀਵਾਲ ਦੇ ਪੱਤਣ ਤੋਂ ਸਤਲੁਜ ਟੱਪ ਕੇ ਮਾਲਵੇ ਵਿੱਚ ਜਾ ਵੜੇ । ਸ: ਜੱਸਾ ਸਿੰਘ ਕੋਟਕਪੂਰੇ, ਸ: ਹਰੀ ਸਿੰਘ ਭੰਗੀ ਦਿਆਲਪੁਰੇ, ਸ: ਨੌਧ ਸਿੰਘ ਪਥਰਾਲੇ ਤੇ ਸ: ਸੁੱਖਾ ਸਿੰਘ ਦਾ ਜਥਾ ਜੈਤੋ ਜਾ ਉਤਰਿਆ । ਉੱਥੇ ਉਸ ਨੇ ਆਪਣੀ ਲੱਤ ਦਾ ਇਲਾਜ ਕਰਾਇਆ ਤੇ ਪੰਜ ਛੇ ਮਹੀਨੇ ਮੰਜੀ ’ਤੇ ਪਿਆ ਰਿਹਾ।

ਸੈਂਕੜੇ ਸਿੱਖ ਪਹਾੜੀਆਂ ਨੇ ਗ੍ਰਿਫਤਾਰ ਕਰਕੇ ਲਖਪਤ ਦੇ ਹਵਾਲੇ ਕੀਤੇ ਸਨ ਤੇ ਸੈਂਕੜੇ ਹੀ ਲਖਪਤ ਦੀ ਫ਼ੌਜ ਨੇ ਪਕੜੇ ਸਨ । ਉਹ ਸਾਰੇ ਲਾਹੌਰ ਲਿਆ ਕੇ ਬੜੀ ਬੁਰੀ ਤਰ੍ਹਾਂ ਤਸੀਹੇ ਦੇ ਕੇ ਕਤਲ ਕੀਤੇ ਗਏ । ਉਨ੍ਹਾਂ ਦੇ ਸਿਰ ਵੱਢ ਕੇ ਲਾਹੌਰ ਦੇ ਦਰਵਾਜ਼ਿਆਂ ਅੱਗੇ ਮੀਨਾਰ ਉਸਾਰੇ ਗਏ । ਮਾਰਚ ਦੇ ਅਖੀਰ ਵਿੱਚ ਲਖਪਤ ਰਾਏ ਨੇ ਸਿੱਖਾਂ ਦੇ ਖਿਲਾਫ ਚੜ੍ਹਾਈ ਸ਼ੁਰੂ ਕੀਤੀ ਤੇ ਜੂਨ 1746 ਦੇ ਅਖੀਰ ਵਿੱਚ ਉਹ ਵਾਪਸ ਮੁੜਿਆ।

ਨਵੀਂ ਕਿਸਮ ਦੀ ਅਗਨ ਪ੍ਰੀਖਿਆ

0

ਨਵੀਂ ਕਿਸਮ ਦੀ ਅਗਨ ਪ੍ਰੀਖਿਆ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ,

28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਭਾਰਤੀ ਇਤਿਹਾਸ ਮੰਨਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਧਰਤੀ ਉੱਤੇ ਉਤਰੇ ਰੱਬੀ ਅਵਤਾਰ ਨੇ ਵੀ ਇੱਕ ਧੋਬੀ ਦੇ ਕਹਿਣ ਉੱਤੇ ਆਪਣੀ ਪਤਨੀ ਨੂੰ ਸਾਵਿਤ੍ਰੀ ਸਾਬਤ ਕਰਨ ਲਈ ਅਗਨ ਪ੍ਰੀਖਿਆ ਵਾਸਤੇ ਮਜਬੂਰ ਕੀਤਾ ਸੀ। ਇਸ ਮਰਦ ਪ੍ਰਧਾਨ ਸਮਾਜ ਵਿਚ ਔਰਤ ਸਿਰਫ਼ ਇੱਕ ਗ਼ੁਲਾਮ ਹੀ ਮੰਨੀ ਗਈ, ਭਾਵੇਂ ਵਿਕਸਿਤ ਮੁਲਕ ਦੀ ਰਾਣੀ ਡਾਇਨਾ ਰਹੀ ਹੋਵੇ ਤੇ ਭਾਵੇਂ ਕਿਸੇ ਵਿਕਾਸਸ਼ੀਲ ਦੇਸ ਦੀ ਗ਼ਰੀਬ ਔਰਤ; ਅੱਜ ਤੱਕ ਉਸ ਦੀ ਅਗਨ ਪ੍ਰੀਖਿਆ ਕਦੇ ਮੁੱਕੀ ਨਹੀਂ। ਕੁਆਰਪੁਣੇ ਦੀ ਮਰਦਾਨਾ ਭੁੱਖ ਕਿਸੇ ਸਦੀ ਵਿਚ ਕਦੇ ਤ੍ਰਿਪਤ ਹੋਈ ਹੀ ਨਹੀਂ !

ਇੱਕ ਪਾਸੇ ਖ਼ਬਰ ਛਪਦੀ ਹੈ ਕਿ 20 ਜਣਿਆਂ ਨੇ ਰਲ ਕੇ ਇਕ ਨਾਬਾਲਗ ਬੱਚੀ ਦਾ ਕੁਆਰ ਭੰਗ ਕੀਤਾ ਤੇ ਦੂਜੇ ਪਾਸੇ ਇਹ ਸਾਰੇ 20 ਦੇ ਵੀਹ ਜਣੇ ਆਪਣੇ ਵਿਆਹ ਲਈ ‘ਕੁਆਰੀ’ ਬਾਲੜੀ ਦੀ ਭਾਲ ਵਾਸਤੇ ਜੁਟ ਜਾਂਦੇ ਹਨ।

ਇਕ ਵਹਿਮ ਦੀ ਬੀਮਾਰੀ ਨੇ ਵੀ ਲੱਖਾਂ ਔਰਤਾਂ ਦੀ ਜੂਨ ਖ਼ਰਾਬ ਕੀਤੀ ਹੈ। ਇਹ ਵਹਿਮ ‘ਓਥੈਲੋ ਸਿੰਡਰੋਮ’ ਦੀ ਸ਼ਕਲ ਵਿਚ ਮਰਦ ਨੂੰ ਚਿੰਬੜਦਾ ਹੈ। ਮਾਨਸਿਕ ਰੋਗੀ ਮਰਦ ਹਰ ਵੇਲੇ ਇੱਕੋ ਸੋਚ ਦੇ ਦੁਆਲੇ ਘੁੰਮਦਾ ਰਹਿੰਦਾ ਹੈ ਕਿ ਉਸ ਦੀ ਪਤਨੀ ਦਾ ਕਿਸੇ ਹੋਰ ਮਰਦ ਨਾਲ ਸੰਬੰਧ ਹੈ। ਮਾਨਸਿਕ ਰੋਗ ਦੇ ਵਹਿਮ ਦਾ ਸ਼ਿਕਾਰ ਮਰਦ ਕਦੇ ਆਪਣਾ ਇਲਾਜ ਕਰਵਾਉਂਦਾ ਨਹੀਂ ਤੇ ਬੇਦੋਸ਼ੀ ਪਤਨੀ ਦਾ ਕਤਲ ਤੱਕ ਕਰ ਦਿੰਦਾ ਹੈ। ਅਜਿਹੇ ਅਣਗਿਣਤ ਕੇਸ ਮੈਡੀਕਲ ਜਰਨਲਾਂ ਵਿਚ ਲਿਖੇ ਮਿਲਦੇ ਹਨ ਤੇ ਅਨੇਕ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਚੁੱਕੇ ਹਨ।

ਇਸ ਬੇਬੁਨਿਆਦ ਮਾਨਸਿਕ ਵਹਿਮ ਨੇ ਹੁਣ ਨਵਾਂ ਚੰਨ ਚਾੜ੍ਹਿਆ ਹੈ। ਗੱਲ ਰਾਮਪੁਰ ਪਿੰਡ ਦੀ ਹੈ। ਉੱਥੇ ਵੀ ਓਥੈਲੋ ਸਿੰਡਰੋਮ ਨਾਲ ਪੀੜਤ ਬੰਦਾ ਨਸ਼ੇ ਦੀ ਹਾਲਤ ਵਿਚ ਰੋਜ਼ ਆਪਣੀ ਪਤਨੀ ਉੱਤੇ ਸ਼ੱਕ ਕਰਦਿਆਂ ਉਸ ਨੂੰ ਕੁੱਟਦਾ ਰਹਿੰਦਾ ਸੀ। ਗੁਆਂਢੀਆਂ ਨੇ ਬਥੇਰਾ ਸਮਝਾਇਆ ਕਿ ਉਸ ਦੀ ਪਤਨੀ ਸਾਰਾ ਦਿਨ ਘਰ ਹੀ ਹੁੰਦੀ ਹੈ ਤੇ ਘਰ ਦਾ ਕੰਮ ਕਰਦੀ ਰਹਿੰਦੀ ਹੈ। ਕਿਤੇ ਆਉਂਦੀ ਜਾਂਦੀ ਨਹੀਂ, ਇਸ ਲਈ ਉਸ ਉੱਤੇ ਬੇਬੁਨਿਆਦ ਸ਼ੱਕ ਸਦਕਾ ਜ਼ੁਲਮ ਢਾਹੁਣਾ ਠੀਕ ਨਹੀਂ, ਪਰ ਮਾਨਸਿਕ ਰੋਗੀ ਪਤੀ ਕਿੱਥੇ ਮੰਨਣ ਵਾਲਾ ਸੀ !

ਹਰ ਰੋਜ਼ ਮਾਰ ਕੁਟਾਈ ਚੱਲਦੀ ਰਹੀ ਤੇ ਗਵਾਂਢੀ ਤੰਗ ਹੁੰਦੇ ਰਹੇ। ਅਖ਼ੀਰ ਇਕ ਦਿਨ ਅਤਿ ਹੋ ਗਈ। ਪਤੀ ਨੇ ਰਾਤ ਘਰ ਮੁੜ ਕੇ ਆਪਣੀ ਪਤਨੀ ਨੂੰ ਮਨਾ ਲਿਆ ਕਿ ਅੱਜ ਤੋਂ ਬਾਅਦ ਕਦੇ ਵੀ ਉਹ ਸ਼ੱਕ ਨਹੀਂ ਕਰੇਗਾ ਜੇ ਪਤਨੀ ਆਪਣੇ ਅੰਦਰੂਨੀ ਅੰਗ ਉਸ ਕੋਲੋਂ ਆਪ ਚੈੱਕ ਕਰਵਾ ਲਵੇ। ਇਸ ਵਾਸਤੇ ਪਤੀ ਉਸ ਦੇ ਹੱਥ ਪੈਰ ਬੰਨ੍ਹ ਕੇ ਚੈੱਕ ਕਰੇਗਾ। ਤੰਗ ਹੋ ਚੁੱਕੀ ਔਰਤ ਮੰਨ ਗਈ। ਪਤੀ ਨੇ ਹੱਥ ਪੈਰ ਬੰਨਣ ਤੋਂ ਬਾਅਦ ਔਰਤ ਦਾ ਮੂੰਹ ਵੀ ਘੁੱਟ ਕੇ ਬੰਨ੍ਹਣਾ ਸ਼ੁਰੂ ਕਰ ਦਿੱਤਾ। ਔਰਤ ਨੇ ਚੀਕਣਾ ਚਾਹਿਆ ਤਾਂ ਘੁੱਟ ਕੇ ਮੂੰਹ ਦੱਬ ਦਿੱਤਾ।

ਬੰਨਣ ਤੋਂ ਬਾਅਦ ਪਤੀ ਨੇ ਐਲਮੀਨੀਅਮ ਦੀ ਤਾਰ ਨਾਲ ਪਤਨੀ ਦੀ ਬੱਚੇਦਾਨੀ ਦੇ ਮੂੰਹ ਨੂੰ ਸੀਅ ਦਿੱਤਾ ! ਤੜਫਦੀ ਪਤਨੀ ਨੂੰ ਉਂਜ ਹੀ ਲਹੂ ਲੁਹਾਨ ਤੇ ਬੰਨ੍ਹੀ ਹੋਈ ਨੂੰ ਛੱਡ ਕੇ, ਉਸ ਨੂੰ ਗਾਲ੍ਹਾਂ ਕੱਢ ਕੇ, ਪਤੀ ਭੱਜ ਗਿਆ।

ਅਗਲੇ ਦਿਨ ਸਵੇਰੇ ਬਹੁਤ ਲਹੂ ਵਹਿ ਜਾਣ ਤੇ ਅੰਤਾਂ ਦੀ ਪੀੜ ਕਾਰਨ ਨੀਮ ਬੇਹੋਸ਼ ਹੋਈ ਪਤਨੀ ਨੂੰ ਗਵਾਂਢਣ ਨੇ ਆ ਕੇ ਵੇਖਿਆ ਤਾਂ ਘਬਰਾ ਗਈ। ਹੋਰ ਔਰਤਾਂ ਨੂੰ ਸੱਦ ਕੇ ਉਸ ਨੂੰ ਖੋਲ੍ਹ ਕੇ ਝੱਟ ਹਸਪਤਾਲ ਲਿਜਾਇਆ ਗਿਆ। ਪਤੀ ਉਸ ਸਮੇਂ ਤੋਂ ਫਰਾਰ ਹੈ। ਰਿਪੋਰਟ ਦਰਜ ਕਰਵਾਈ ਜਾ ਚੁੱਕੀ ਹੈ ਪਰ ਪਤਨੀ ਤਾਂ ਹੁਣ ਅਨੇਕ ਅਪਰੇਸ਼ਨਾਂ ਤੋਂ ਬਾਅਦ ਵੀ ਨਾਰਮਲ ਨਹੀਂ ਹੋ ਸਕਣ ਲੱਗੀ !

ਓਥੈਲੋ ਸਿੰਡਰੋਮ ਦਾ ਮਰੀਜ਼ ਪਤੀ ਦਰਅਸਲ ਆਪ ਸਰੀਰਕ ਸੰਬੰਧ ਬਣਾਉਣ ਜੋਗਾ ਨਹੀਂ ਹੁੰਦਾ ਤੇ ਆਪਣੀ ਕਮਜ਼ੋਰੀ ਦਾ ਭਾਂਡਾ ਬੇਕਸੂਰ ਪਤਨੀ ਸਿਰ ਭੰਨ੍ਹ ਦਿੰਦਾ ਹੈ। ਔਰਤ ਦੇ ਬੱਚੇਦਾਨੀ ਦੇ ਮੂੰਹ ਦੀ ਕੱਟ ਵੱਢ ਕਰਨੀ ਵੀ ਇਹ ਕੋਈ ਪਹਿਲਾ ਕੇਸ ਨਹੀਂ ਹੈ। ਯੂਨਾਈਟਿਡ ਨੇਸ਼ਨਜ਼ ਨੇ ਇਸ ਤਰ੍ਹਾਂ ਦੀ ਔਰਤਾਂ ਦੇ ਅੰਦਰੂਨੀ ਅੰਗ ਦੀ ਕੱਟ ਵੱਢ ਨੂੰ ਮਨੁੱਖੀ ਅਧਿਕਾਰਾਂ ਦਾ ਸੰਗੀਨ ਜੁਰਮ ਮੰਨ ਲਿਆ ਹੈ।

ਅਫਰੀਕਾ ਵਿਚ ਤਾਂ ਸਦੀਆਂ ਤੋਂ ਇਹ ਕੁਕਰਮ ਹੁੰਦਾ ਰਿਹਾ ਹੈ। ਮੁੰਬਈ ਵਿਖੇ ਇਸ ਸੰਗੀਨ ਜੁਰਮ ਦਾ ਪਰਦਾ ਫਾਸ਼ ਹੋਇਆ ਹੈ ਜਿਸ ਬਾਰੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਪੂਰੀ ਰਿਪੋਰਟ ਛਪੀ ਹੈ।

ਛੇ ਤੋਂ ਸੱਤ ਵਰ੍ਹਿਆਂ ਦੀਆਂ ਬਾਲੜੀਆਂ ਨੂੰ ਹਨ੍ਹੇਰੇ ਕਮਰੇ ਵਿਚ ਲਿਜਾ ਕੇ, ਉਨ੍ਹਾਂ ਸਾਹਮਣੇ ਗੈਸ ਉੱਤੇ ਚਾਕੂ ਨੂੰ ਲਾਲ ਸੁਰਖ਼ ਗਰਮ ਕਰ ਕੇ, ਉਨ੍ਹਾਂ ਦੇ ਅੰਦਰੂਨੀ ਅੰਗਾਂ ਨੂੰ ਵੱਢ ਦਿੱਤਾ ਜਾਂਦਾ ਹੈ। ਚੀਕਦੀਆਂ ਕੁਰਲਾਉਂਦੀਆਂ ਬਾਲੜੀਆਂ, ਜੋ ਬੋਹਰਾ ਜਾਤ ਨਾਲ ਸੰਬੰਧਿਤ ਹਨ, ਦਾ ਮੂੰਹ ਦੱਬ ਕੇ, ‘ਖਤਨਾ’ ਦਾ ਨਾਂ ਦੇ ਕੇ ਜ਼ਿੰਦਗੀ ਭਰ ਲਈ ਦਰਦ ਸਹਿਨ ਕਰਨ ਲਈ ਛੱਡ ਦਿੱਤੀਆਂ ਜਾਂਦੀਆਂ ਹਨ। ਲੱਖਾਂ ਦੀ ਗਿਣਤੀ ਵਿਚ ਹੁਣ ਤੱਕ ਮਨੁੱਖੀ ਅਧਿਕਾਰਾਂ ਦਾ ਘਾਣ ਕਰਵਾ ਚੁੱਕੀਆਂ ਬਾਲੜੀਆਂ ਵਿੱਚੋਂ 18 ਜਣੀਆਂ ਨੇ ਹਿੰਮਤ ਵਿਖਾ ਕੇ ਇਸ ਜ਼ੁਲਮ ਵਿਰੁੱਧ ਆਵਾਜ਼ ਚੁੱਕੀ ਹੈ। ਦਿੱਲੀ ਦੀ ‘ਮਸੂਮਾ ਰਨਾਲਵੀ’ ਤੇ ਉਸ ਨਾਲ 17 ਹੋਰ ਔਰਤਾਂ ਨੇ ‘ਓਨਲਾਈਨ ਪੈਟੀਸ਼ਨ’ ਰਾਹੀਂ ਸਮਾਜ ਨੂੰ ਸ਼ੀਸ਼ਾ ਵਿਖਾਇਆ ਹੈ। ਇਹ ਸਾਰੀਆਂ ਔਰਤਾਂ 42 ਸਾਲ ਪਹਿਲਾਂ ਸ਼ਿਕਾਰ ਬਣਾਈਆਂ ਗਈਆਂ ਸਨ।

ਆਰੀਫਾ ਜੌਹਰੀ ਵੀ ਮੁੰਬਈ ਦੇ ਭਿੰਡੀ ਬਜ਼ਾਰ ਵਿਚ ਹਨ੍ਹੇਰੇ ਕਮਰੇ ਵਿਚ ਚਾਕਲੇਟ ਦੇ ਲਾਲਚ ਵਿਚ ਆਪਣੇ ਨਾਲ ਹੋਏ ਇਸ ਅਤਿ ਘਿਨਾਉਣੇ ਜੁਰਮ ਨੂੰ ਯਾਦ ਕਰਦਿਆਂ ਕੰਬਣ ਲੱਗ ਪੈਂਦੀ ਹੈ। ਉਸ ਨੇ ਆਪਣੀਆਂ ਧੀਆਂ ਨੂੰ ਇਸ ਤਰ੍ਹਾਂ ਦੀ ਹੈਵਾਨੀਅਤ ਤੋਂ ਬਚਾਇਆ ਤਾਂ ਸਮਾਜ ਦੀਆਂ ਲਾਅਣਤਾਂ ਦਾ ਸ਼ਿਕਾਰ ਬਣ ਗਈ। ਪੂਰਾ ਮਰਦ ਪ੍ਰਧਾਨ ਸਮਾਜ ਉਸ ਉੱਤੇ ਚਿੱਕੜ ਸੁੱਟਣ ਲੱਗ ਪਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ। ਮਰਦ ਪ੍ਰਧਾਨ ਸਮਾਜ ਇਹ ਮੰਨ ਚੁੱਕਿਆ ਹੈ ਕਿ ਜੇ ਔਰਤ ਦਾ ਖਤਨਾ ਨਹੀਂ ਹੋਇਆ ਤਾਂ ਉਹ ਸਰੀਰਕ ਸੰਬੰਧਾਂ ਦਾ ਆਨੰਦ ਲੈਣ ਲੱਗ ਪਵੇਗੀ। ਔਰਤ ਨੂੰ ਸਰੀਰਕ ਸੰਬੰਧਾਂ ਵਿੱਚੋਂ ਅਤਿ ਦੀ ਪੀੜ ਮਹਿਸੂਸ ਹੋਣੀ ਚਾਹੀਦੀ ਹੈ ਤੇ ਉਸ ਦਾ ਕੰਮ ਸਿਰਫ਼ ਪਤੀ ਦੇ ਬੱਚੇ ਜੰਮ ਕੇ ਮਰ ਮੁੱਕ ਜਾਣਾ ਹੁੰਦਾ ਹੈ।

ਹਾਲਾਤ ਇਹ ਹੋ ਚੁੱਕੇ ਹਨ ਕਿ ਔਰਤ ਦੇ ਇਸ ਅੰਗ ਨੂੰ ‘ਹਰਾਮ ਦੀ ਬੋਟੀ’ ਵਰਗਾ ਦਿਲ ਕੰਬਾਊ ਨਾਂ ਦੇ ਕੇ ਉਸ ਉੱਤੇ ਕਹਿਰ ਢਾਹੁਣਾ ਜਾਰੀ ਹੈ, ਜੋ ਮਰਦ ਪ੍ਰਧਾਨ ਸਮਾਜ ਅਨਪੜ੍ਹ ਦਾਈਆਂ ਹੱਥੋਂ ਹੀ ਕਰਵਾਉਂਦਾ ਹੈ।

ਅਮਰੀਕਾ ਵਿਚ ਬੈਠੀ ‘ਜ਼ਹਿਰਾ ਪਤਵਾ’ ਨੇ ਵੀ ਮੰਨਿਆ ਕਿ ਉਹ ਇਸ ਜੁਰਮ ਦਾ ਸ਼ਿਕਾਰ ਹੋਈ ਤਾਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਕਸੂਰਵਾਰ ਮੰਨਿਆ। ਬਾਅਦ ਵਿਚ ਪਤਾ ਲੱਗਿਆ ਕਿ ਉਸ ਦੀ ਮਾਂ, ਦਾਦੀ, ਪੜਦਾਦੀ, ਸਭ ਮਰਦਾਂ ਦੇ ਹੁਕਮਾਂ ਤਹਿਤ ਚੁੱਪ ਚੁਪੀਤੇ ਇਸ ਰਸਮ ਨੂੰ ਨਿਭਾਈ ਜਾ ਰਹੀਆਂ ਸਨ।

ਇਨ੍ਹਾਂ ਵਿੱਚੋਂ ਬਥੇਰੀਆਂ ਕੀਟਾਣੂਆਂ ਦੇ ਹਮਲੇ ਸਦਕਾ ਸਦੀਵੀ ਰੋਗੀ ਬਣ ਜਾਂਦੀਆਂ ਹਨ, ਕੁੱਝ ਦੇ ਬੱਚਾ ਨਹੀਂ ਠਹਿਰ ਸਕਦਾ, ਕੁੱਝ ਬਹੁਤਾ ਲਹੂ ਵਹਿ ਜਾਣ ਕਾਰਨ ਬੀਮਾਰ ਹੋ ਜਾਂਦੀਆਂ ਹਨ।

ਇਸ ਪ੍ਰਥਾ ਵਿਰੁੱਧ ਆਵਾਜ਼ ਚੁੱਕਣ ਵਾਲੀਆਂ ਨੂੰ ਸਮਾਜ ਵਿੱਚੋਂ ਛੇਕ ਤੱਕ ਦਿੱਤਾ ਜਾਂਦਾ ਹੈ। ਕਿਸੇ ਇਕੱਠ ਵਿਚ ਜਾਂ ਕਿਸੇ ਸਮਾਗਮ ਵਿਚ ਉਸ ਦਾ ਜਾਣਾ ਵਰਜਿਤ ਕਰ ਦਿੱਤਾ ਜਾਂਦਾ ਹੈ।

ਬੋਹਰਾ ਪ੍ਰਜਾਤੀ ਦਾ ਧਾਰਮਿਕ ਮੁਖੀ ਸਾਈਨੇਡਾ ਇਸ ਪ੍ਰਥਾ ਦਾ ਜ਼ੋਰਦਾਰ ਸਮਰਥਨ ਕਰਦਾ ਹੈ ਤੇ ਹੁਣ ਵੀ ਇਹੋ ਹੁਕਮ ਦੇ ਰਿਹਾ ਹੈ ਕਿ ਪੂਰੇ ਭਾਰਤ ਦੇ ਹਰ ਕੋਨੇ ਵਿਚ ਹਰ ਔਰਤ ਦਾ ਅੰਗ ਵੱਢਣਾ ਜ਼ਰੂਰੀ ਹੈ। ਭਾਰਤ ਵਿਚ ਅੱਜ ਤੱਕ ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਕਤਲ ਲਈ ਕੋਈ ਰੋਕ ਨਹੀਂ ਲੱਗੀ ਹੋਈ।

ਅਸਟ੍ਰੇਲੀਆ ਵਿਚ ਵੀ ਇਸ ਕੁਕਰਮ ਵਿਰੁੱਧ ਇੰਸੀਆ ਤੇ ਮਾਰੀਆ, ਦੋ ਔਰਤਾਂ ਨੇ ਮੁਹਿੰਮ ਵਿੱਢੀ ਹੈ। ਬੱਚੀਆਂ ਉੱਤੇ ਪਹਿਲਾਂ ਹੀ ਅਨੇਕ ਤਰ੍ਹਾਂ ਦੇ ਅਣਮਨੁੱਖੀ ਤਸੀਹੇ ਢਾਹੇ ਜਾ ਰਹੇ ਹਨ। ਕੁੱਖ ਵਿਚ ਮਾਰੇ ਜਾਣ ਤੋਂ ਲੈ ਕੇ ਨਾਬਾਲਗ ਬੇਟੀਆਂ ਦੇ ਸਮੂਹਕ ਬਲਾਤਕਾਰਾਂ ਤੋਂ ਬਾਅਦ ਸਾੜਨ ਦੇ ਅਣਗਿਣਤ ਕਿੱਸੇ ਛੱਪ ਚੁੱਕੇ ਹਨ।

ਹੁਣ ਅਨੇਕ ਨੌਜਵਾਨ ਔਰਤਾਂ ਵੀ ਆਪਣੇ ਪਤੀਆਂ ਹੱਥੋਂ ਇਸ ਤਰ੍ਹਾਂ ਦੇ ਅੰਗਾਂ ਦਾ ਕੱਟੇ ਵੱਢੇ ਜਾਣ ਦਾ ਸ਼ਿਕਾਰ ਬਣ ਚੁੱਕੀਆਂ ਹਨ। ਕਿਸੇ ਵੱਲੋਂ ਵੀ ਆਵਾਜ਼ ਕੱਢਣ ਉੱਤੇ ਸਮਾਜ ਔਰਤਾਂ ਵਿਚ ਹੀ ਦੋਸ਼ ਕੱਢ ਕੇ ਉਨ੍ਹਾਂ ਨੂੰ ਚੁੱਪ ਹੋ ਜਾਣ ਉੱਤੇ ਮਜਬੂਰ ਕਰ ਦਿੰਦਾ ਹੈ।

ਅੱਜ ਤੱਕ ਜਿਸ ਵੀ ਔਰਤ ਨੇ ਇਸ ਜ਼ੁਲਮ ਵਿਰੁੱਧ ਆਵਾਜ਼ ਚੁੱਕੀ ਹੈ, ਸਾਰੇ ਉਹ ਲੋਕ, ਜੋ ਔਰਤ ਉੱਤੇ ਹੋ ਰਹੀ ਹਿੰਸਾ ਨੂੰ ਸਹੀ ਮੰਨਦੇ ਹਨ, ਉੱਚੀ-ਉੱਚੀ ਚੀਕਣ ਲੱਗ ਪੈਂਦੇ ਹਨ। ਹੋ-ਹੱਲਾ ਕਰ ਕੇ ਔਰਤ ਦੀ ਆਵਾਜ਼ ਦਬਾਅ ਦਿੱਤੀ ਜਾਂਦੀ ਹੈ। ਯੂਨਾਈਟਿਡ ਨੇਸ਼ਨਜ਼ ਵੱਲੋਂ ਐਲਾਨੇ ਇਸ ਮਨੁੱਖੀ ਅਧਿਕਾਰਾਂ ਦੇ ਕਤਲ ਵਿਰੁੱਧ ਅੱਜ ਲੋੜ ਹੈ ਸੁਹਿਰਦ ਲੋਕਾਂ ਵੱਲੋਂ ਵਿਰੋਧ ਕਰਨ ਦੀ। ਇਸ ਅਤਿ ਦੇ ਘਿਨਾਉਣੇ ਜੁਰਮ ਨੂੰ ਹਰ ਹਾਲ ਠੱਲ ਪਾਉਣ ਦੀ ਲੋੜ ਹੈ।

ਇੱਕ ਔਰਤ ਹੁੰਦਿਆਂ, ਆਪਣੀ ਜ਼ਾਤ ਦੀਆਂ ਦੀ ਪੀੜ ਸਮਝਦਿਆਂ ਮੈਂ ਉਨ੍ਹਾਂ ਦੇ ਹੱਕਾਂ ਲਈ ਅੱਜ ਆਵਾਜ਼ ਚੁੱਕੀ ਹੈ, ਇਸ ਉਮੀਦ ਵਿੱਚ ਕਿ ਹੁਣ ਇੱਕੀਵੀਂ ਸਦੀ ਵਿਚ ਤਾਂ ਘੱਟੋ-ਘੱਟ ਔਰਤ ਦੀ ਅਗਨ ਪ੍ਰੀਖਿਆ ਹੋਣੀ ਬੰਦ ਹੋਵੇਗੀ। ਆਖ਼ਿਰ ਕਿਸੇ ਸਦੀ ਵਿਚ ਤਾਂ ਔਰਤ ਨੂੰ ਸਹੀ ਮਾਅਨਿਆਂ ਵਿਚ ਬਰਾਬਰੀ ਦਾ ਦਰਜਾ ਦਿੱਤਾ ਜਾਵੇਗਾ !

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ

0

ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ

ਗਿਆਨੀ ਅਵਤਾਰ ਸਿੰਘ

ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਗੁਪਾਲਾ ਜੀ ਤੋਂ ‘ਜਪੁ’ ਬਾਣੀ ਦਾ ਸ਼ੁੱਧ ਪਾਠ ਸੁਣ ਕੇ ਕੀਮਤੀ ਘੋੜਾ ਤੇ ਖ਼ਿਲਅਤ (ਸਨਮਾਨ ਵਜੋਂ ਮਿਲ਼ੀ ਪੁਸ਼ਾਕ) ਬਖ਼ਸ਼ੀ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ‘‘ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ’’ (ਮਹਲਾ /੯੩੦) ਵਿੱਚ ਦਰਜ ‘ਕੈ’ ਸ਼ਬਦ ਨੂੰ ‘ਕੇ’ ਪੜ੍ਹਨ ਬਦਲੇ ਇੱਕ ਗੁਰਸਿੱਖ ਨੂੰ (ਅਨੰਦਪੁਰ ਸਾਹਿਬ ਵਿਖੇ) ਸਖ਼ਤ ਤਾੜਨਾ ਕੀਤੀ ਸੀ। ਪਾਠ ਕਰਦਿਆਂ ਪਾਠੀ ਤੋਂ ਭਾਵੇਂ ਕਈ ਗ਼ਲਤੀਆਂ ਹੋ ਜਾਂਦੀਆਂ ਹਨ ਪਰ ਦਸਮੇਸ਼ ਪਿਤਾ ਨੇ ‘ਕੈ’ ਦੇ ਉਚਾਰਨ ਵੱਲ ਵਿਸ਼ੇਸ਼ ਧਿਆਨ ਕਿਉਂ ਦਿੱਤਾ ? ਇਸ ਸਵਾਲ ਦਾ ਜਵਾਬ ਲੱਭਦਿਆਂ ਸਾਹਮਣੇ ਆਇਆ ਕਿ ਇਕੱਲਾ ‘ਕੈ’ ਸ਼ਬਦ ਹੀ ਗੁਰਬਾਣੀ ਲਿਖਤ ਦੇ ਲਗਭਗ 25% ਨਿਯਮਾਂ ਨੂੰ ਆਪਣੇ ’ਚ ਸਮੋਈ ਬੈਠਾ ਹੈ, ਜਿਨ੍ਹਾਂ ਨੂੰ ਵਿਚਾਰਨਾ ਬੜਾ ਜ਼ਰੂਰੀ ਹੈ।

ਗੁਰਬਾਣੀ ’ਚ ‘ਕੈ’ ਸ਼ਬਦ 1794 ਵਾਰ ਹੈ ਅਤੇ ‘ਕੇ’ 1271 ਵਾਰ ਦਰਜ ਹੈ ਭਾਵ ‘ਕੇ’ ਤੋਂ ਜ਼ਿਆਦਾ ਵਾਰ ‘ਕੈ’ ਸ਼ਬਦ ਆਇਆ ਹੈ।  ਅਜੋਕੀ ਪੰਜਾਬੀ ’ਚ ਇਸ ‘ਕੈ’ ਦੀ ਵਰਤੋਂ ਨਹੀਂ ਹੁੰਦੀ ਤੇ ਇਸ ਦੀ ਜਗ੍ਹਾ ‘ਕੇ’ ਨੇ ਲੈ ਲਈ ਹੈ, ਇਸ ਕਾਰਨ ਇਸ ਨੂੰ ਸਮਝਣਾ ਹੋਰ ਵੀ ਜ਼ਰੂਰੀ ਹੈ।

ਕੈਅਤੇਕੇਦੇ ਲਿਖਤ ਨਿਯਮ : ਗੁਰਬਾਣੀ ’ਚ ਜਦ ‘ਕੈ’ ਜਾਂ ‘ਕੇ’ ਸ਼ਬਦ ਸੰਬੰਧਕੀ ਰੂਪ ਵਿੱਚ ਹੋਣ ਭਾਵ ‘ਦੇ’ ਅਰਥ ਦਿੰਦੇ ਹੋਣ ਤਾਂ ‘ਕੈ’ ਅਤੇ ‘ਕੇ’ ਸ਼ਬਦਾਂ ਦੀ ਵਰਤੋਂ; ਇਨ੍ਹਾਂ ਤੋਂ ਪਹਿਲਾਂ ਦਰਜ ਸ਼ਬਦਾਂ ਨੂੰ ਵੇਖ ਕੇ ਨਹੀਂ ਕੀਤੀ ਜਾਂਦੀ ਬਲਕਿ ਇਨ੍ਹਾਂ ਤੋਂ ਬਾਅਦ ਵਾਲ਼ੇ ਸ਼ਬਦਾਂ ਨੂੰ ਵੇਖ ਕੇ ਕੀਤੀ ਜਾਂਦੀ ਹੈ; ਜਿਵੇਂ ਕਿ ‘‘ਤਿਨ ਕੈ ਸਦ ਬਲਿਹਾਰੈ, ਜਾਉ , ਨਾਨਕ ਕੈ ਮਨਿ, ਇਹੁ ਪੁਰਖਾਰਥੁ (ਭਾਵ ਇਹ ਹੌਸਲਾ), ਸੁਰਤੀ ਕੈ ਮਾਰਗਿ, ਚਲਿ ਕੈ; ਉਲਟੀ ਨਦਰਿ ਪ੍ਰਗਾਸੀ ’’ ਇਨ੍ਹਾਂ ਤਿੰਨੇ ਵਾਕਾਂ ’ਚ ‘ਕੈ’ ਤੋਂ ਪਹਿਲਾਂ ‘ਤਿਨ’ ਬਹੁ ਵਚਨ ਪੜਨਾਂਵ ਹੈ, ‘ਨਾਨਕ’ ਇੱਕ ਵਚਨ ਪੁਲਿੰਗ ਨਾਂਵ ਹੈ ਅਤੇ ‘ਸੁਰਤਿ’ ਇਸਤ੍ਰੀ ਲਿੰਗ ਨਾਂਵ ਹੈ ਭਾਵ ‘ਕੈ’ ਤੋਂ ਪਹਿਲਾਂ ਕੋਈ ਇੱਕ ਵਚਨ ਨਾਂਵ ਹੋਵੇ ਜਾਂ ਪੜਨਾਂਵ, ਇਸਤਰੀ ਲਿੰਗ ਹੋਵੇ ਜਾਂ ਬਹੁ ਵਚਨ ਪੁਲਿੰਗ ਹੋਵੇ; ‘ਕੈ’ ਦੀ ਬਣਤਰ ’ਚ ਫ਼ਰਕ ਨਹੀਂ ਪੈਂਦਾ ਜਦਕਿ ਇਨ੍ਹਾਂ ਵਾਕਾਂ ’ਚ ਹੀ ‘ਕੈ’ ਤੋਂ ਬਾਅਦ ਆਏ ਸ਼ਬਦ ‘ਕੈ ਬਲਿਹਾਰੈ’ ਨੂੰ ਦੁਲਾਵਾਂ ਅੰਤ, ‘ਕੈ ਮਨਿ’ ਅਤੇ ‘ਕੈ ਮਾਰਗਿ’ ਨੂੰ ਸਿਹਾਰੀ ਅੰਤ ਹੈ ਭਾਵ ‘ਕੈ’ ਤੋਂ ਬਾਅਦ ਵਾਲ਼ਾ ਸ਼ਬਦ; ਮੁਕਤਾ ਅੰਤ ਜਾਂ ਔਂਕੜ ਅੰਤ ਨਹੀਂ ਹੋ ਸਕਦਾ।  ‘ਕੈ’ ਤੋਂ ਬਾਅਦ ਸਿਹਾਰੀ ਅੰਤ ਜਾਂ ਦੁਲਾਵਾਂ ਅੰਤ ਵਾਲ਼ਾ ਸ਼ਬਦ ਹੋਣਾ ਬੜਾ ਜ਼ਰੂਰੀ ਹੈ, ਪਰ ‘ਕੇ’ ਤੋਂ ਬਾਅਦ ਕਿਸੇ ਸ਼ਬਦ ਦੇ ਸਿਹਾਰੀ ਅੰਤ ਜਾਂ ਦੁਲਾਵਾਂ ਅੰਤ ਨਹੀਂ ਹੋ ਸਕਦੀਆਂ; ਜਿਵੇਂ ਕਿ ‘‘ਤਿਨ ਕੇ ਨਾਮ, ਅਨੇਕ ਅਨੰਤ , ਗੁਰ ਕੇ ਚਰਣ ਸਰੇਵਣੇ, ਤੀਰਥ ਹਰਿ ਕਾ ਨਾਉ , ਸੰਗਤਿ ਕੇ ਮੁਖ, ਊਜਲ ਭਏ ’’ ਇਨ੍ਹਾਂ ਤਿੰਨੇ ਵਾਕਾਂ ’ਚ ‘ਕੇ’ ਤੋਂ ਬਾਅਦ ਵਾਲ਼ੇ ਨਾਂਵ ਹਨ ‘ਕੇ ਨਾਮ, ਕੇ ਚਰਣ, ਕੇ ਮੁਖ’ ਭਾਵ ਮੁਕਤਾ ਅੰਤ, ਜੋ ਕਿ ਬਹੁ ਵਚਨ ਹਨ।  ਭਾਵੇਂ ਕਿ ਇਸ ‘ਕੇ’ ਤੋਂ ਪਹਿਲਾਂ ਆਏ ਸ਼ਬਦ ਭੀ ‘ਤਿਨ ਕੇ’ ਬਹੁ ਵਚਨ ਪੜਨਾਂਵ ਹੈ, ‘ਗੁਰ ਕੇ’ ਇੱਕ ਵਚਨ ਪੁਲਿੰਗ ਨਾਂਵ ਹੈ ਅਤੇ ‘ਸੰਗਤਿ ਕੇ’ ਇਸਤ੍ਰੀ ਲਿੰਗ ਨਾਂਵ ਹਨ; ਜਿਵੇਂ ਕਿ ‘ਕੈ’ ਤੋਂ ਪਹਿਲਾਂ ਵੀ ਬਹੁ ਵਚਨ ਪੜਨਾਂਵ, ਇੱਕ ਵਚਨ ਨਾਂਵ ਜਾਂ ਇਸਤਰੀ ਲਿੰਗ ਸ਼ਬਦ ਆਏ ਸਨ।

ਸੋ ਸੰਬੰਧਕੀ ਰੂਪ ’ਚ ‘ਕੈ’ ਸ਼ਬਦ ਵਾਙ ‘ਕੇ’ ਨੂੰ ਵੀ ਆਪਣੇ ਤੋਂ ਪਹਿਲਾਂ ਆਏ ਸ਼ਬਦਾਂ ਨਾਲ਼ ਕੋਈ ਸਰੋਕਾਰ ਨਹੀਂ ਭਾਵੇਂ ਕਿ ਉਹ ਇੱਕ ਵਚਨ ਹੋਣ ਜਾਂ ਬਹੁ ਵਚਨ, ਇਸਤ੍ਰੀ ਲਿੰਗ ਹੋਣ ਜਾਂ ਪੁਲਿੰਗ, ਪੜਨਾਂਵ ਹੋਣ ਜਾਂ ਨਾਂਵ।

ਉਕਤ ਤਿੰਨੇ ਵਾਕਾਂ ’ਚ ਦਰਜ ‘ਕੈ’ ਅਤੇ ਤਿੰਨੇ ਵਾਕਾਂ ’ਚ ਦਰਜ ‘ਕੇ’ ਦੇ ਅੰਤਰ ਨੂੰ ਇਉਂ ਵੀ ਵਾਚਿਆ ਜਾ ਸਕਦਾ ਹੈ :

(ੳ). ਤਿਨ ਕੈ ਬਲਿਹਾਰੈ/ਤਿਨ ਕੇ ਨਾਮ॥  ਭਾਵ ‘ਕੈ’ ਤੋਂ ਬਾਅਦ ਦੁਲਾਵਾਂ ਅੰਤ (ਇੱਕ ਵਚਨ) ਹੈ ਅਤੇ ‘ਕੇ’ ਤੋਂ ਬਾਅਦ ਮੁਕਤਾ ਅੰਤ (ਬਹੁ ਵਚਨ)।

(ਅ). ਨਾਨਕ ਕੈ ਮਨਿ/ਗੁਰ ਕੇ ਚਰਣ॥ ਭਾਵ ‘ਕੈ’ ਤੋਂ ਬਾਅਦ ਸਿਹਾਰੀ ਅੰਤ (ਇੱਕ ਵਚਨ) ਹੈ ਅਤੇ ‘ਕੇ’ ਤੋਂ ਬਾਅਦ ਮੁਕਤਾ ਅੰਤ (ਬਹੁ ਵਚਨ)।

(ੲ). ਸੁਰਤਿ ਕੈ ਮਾਰਗਿ/ਸੰਗਤਿ ਕੇ ਮੁਖ॥ ਭਾਵ ‘ਕੈ’ ਤੋਂ ਬਾਅਦ ਸਿਹਾਰੀ ਅੰਤ (ਇੱਕ ਵਚਨ) ਹੈ ਅਤੇ ‘ਕੇ’ ਤੋਂ ਬਾਅਦ ਮੁਕਤਾ ਅੰਤ (ਬਹੁ ਵਚਨ)।

ਹੇਠਾਂ ਤਿੰਨ ਤੁਕਾਂ ’ਚ ‘ਕੈ’ ਨਾਲ਼ ਸੰਬੰਧਿਤ 6 ਵਿਆਕਰਨਿਕ ਨਿਯਮ ਸਪਸ਼ਟ ਹੁੰਦੇ ਹਨ :

(1). ਜਿਸ ਕੈ ਹੁਕਮਿ, ਇੰਦੁ ਵਰਸਦਾ; ਤਿਸ ਕੈ ਸਦ ਬਲਿਹਾਰੈ ਜਾਂਉ ॥ (ਮਹਲਾ ੩/੧੨੮੫)

ਇਸ ਤੁਕ ’ਚ ਦੋ ਵਾਰ ‘ਕੈ’ ਹੈ। ‘ਕੈ ਹੁਕਮਿ’ ’ਚ ਸਿਹਾਰੀ ਅੰਤ ਵੀ ਹੈ ਅਤੇ ‘ਕੈ ਬਲਿਹਾਰੈ’ ’ਚ ਦੁਲਾਵਾਂ ਅੰਤ ਵੀ ਹਨ ਜਦ ਕਿ ਦੋਵੇਂ ਜਗ੍ਹਾ ‘ਕੈ’ ਦਾ ਅਰਥ : ‘ਦੇ’ (ਸੰਬੰਧਕ ਹੀ) ਹੈ।

(2). ਆਪਣ ਹਥੀ ਜੋਲਿ+ਕੈ; ਕੈ+ਗਲਿ ਲਗੈ ਧਾਇ ॥ (ਬਾਬਾ ਫਰੀਦ ਜੀ/੧੩੭੭)

ਇਸ ਤੁਕ ’ਚ ਦੋ ਵਾਰ ‘ਕੈ’ ਹੈ। ਦੋਵੇਂ ਜਗ੍ਹਾ ਸੰਬੰਧਕੀ ਬਣ ਕੇ ‘ਦੇ’ ਅਰਥ ਨਹੀਂ ਦਿੰਦਾ।  ‘ਜੋਲਿ ਕੈ’ ਦਾ ਅਰਥ ਹੈ ‘ਤੋਰ ਕੇ’ (ਕਿਰਿਆ ਵਿਸ਼ੇਸ਼ਣ) ਅਤੇ ‘ਕੈ ਗਲਿ’ ਦਾ ਅਰਥ ਹੈ ‘ਕਿਸ ਗਲ਼ ਨਾਲ਼’ ? (ਪ੍ਰਸ਼ਨ ਵਾਚਕ ਪੜਨਾਂਵੀ ਵਿਸ਼ੇਸ਼ਣ) ਧਿਆਨ ਰਹੇ ਕਿ ਦੋਵੇਂ ਜਗ੍ਹਾ ‘ਕੈ’ ਨਾਲ਼ ਸੰਧੀ ਹੋ ਕੇ ਆਏ ‘ਜੋਲਿ’ ਅਤੇ ‘ਗਲਿ’ ਨੂੰ ਵੀ ਸਿਹਾਰੀ ਅੰਤ ਹੈ ਭਾਵ ‘ਕੈ’ ਨਾਲ਼ ਸੰਧੀ ਹੋਣ ਵਾਲੇ ਸ਼ਬਦ ਵੀ ਮੁਕਤ ਅੰਤ ਜਾਂ ਔਂਕੜ ਅੰਤ ਨਹੀਂ ਹੋਣਗੇ।

(3). ਗੁਰਬਾਣੀ ’ਚ ਕਿਰਿਆ ਵਿਸ਼ੇਸ਼ਣ ‘ਸੁਣਿ’ ਦਾ ਅਰਥ ਹੈ : ‘ਸੁਣ ਕੇ’, ਪਰ ਜੇ ਕਾਵਿ ਤੋਲ ਪੂਰਾ ਕਰਨ ਲਈ ‘ਸੁਣਿ’ ਅਤੇ ‘ਕੇ’ ਦੋਵੇਂ ਹੀ ਲਿਖਣੇ ਪੈ ਜਾਣ ਤਾਂ ‘ਸੁਣਿ ਕੇ’ ਦੀ ਥਾਂ ‘ਸੁਣਿ ਕੈ’ ਲਿਖਿਆ ਜਾਂਦਾ ਹੈ; ਜਿਵੇਂ ਕਿ ‘‘ਪਾਂਚਉ ਲਰਿਕੇ ਮਾਰਿ ਕੈ; ਰਹੈ ਰਾਮ ਲਿਉ ਲਾਇ ’’ (ਭਗਤ ਕਬੀਰ/੧੩੬੮)

ਇਸ ਤੁਕ ’ਚ ‘ਲਰਿਕੇ’ ਨੂੰ ‘ਲਰਿ ਕੇ’ (ਅਲੱਗ-ਅਲੱਗ) ਨਹੀਂ ਕੀਤਾ ਕਿਉਂਕਿ ‘ਲਰਿ’ ਦੇ ਨਾਲ਼ ‘ਕੇ’ ਹੈ, ‘ਕੈ’ ਨਹੀਂ ਅਤੇ ‘ਮਾਰਿ ਕੈ’ ਨੂੰ ‘ਮਾਰਿਕੈ’ (ਇਕੱਠਾ) ਨਹੀਂ ਕੀਤਾ ਕਿਉਂਕਿ ਜੇ ‘ਸੁਣਿ’ ਵਾਙ ‘ਲਰਿ’ ਵੀ ਕਿਰਿਆ ਵਿਸ਼ੇਸ਼ਣ ਹੁੰਦਾ ਤਾਂ ਇਸ ਨਾਲ ‘ਕੇ’ ਨਹੀਂ, ‘ਕੈ’ ਹੁੰਦਾ ਤੇ ਪਦ-ਛੇਦ ‘ਲਰਿ ਕੈ’ ਕੀਤਾ ਜਾਂਦਾ। ਇੱਥੇ ‘ਲਰਿਕੇ’ ਦਾ ਅਰਥ ‘ਲੜਕੇ/ਪੰਜ ਕਾਮਾਦਿਕ-ਵਿਕਾਰ’ (ਨਾਂਵ) ਹੈ, ਨਾ ਕਿ ਕਿਰਿਆ ਵਿਸ਼ੇਸ਼ਣ।

ਭਾਗ ਪਹਿਲਾ

ਪੜਨਾਂਵੀ ਵਿਸ਼ੇਸ਼ਣ : ਨਾਂਵ ਦੀ ਥਾਂ ’ਤੇ ਵਰਤੇ ਜਾਣ ਵਾਲ਼ੇ ਸ਼ਬਦ ਨੂੰ ਪੜਨਾਂਵ ਆਖਦੇ ਹਨ; ਜਿਵੇਂ ‘ਮੈਂ, ਅਸੀਂ, ਤੂੰ, ਤੁਸੀਂ, ਇਹ, ਓਹ, ਕਿਹੜਾ, ਕੌਣ, ਜਿਹੜਾ, ਇਨ੍ਹਾਂ, ਜਿਨ੍ਹਾਂ, ਕਿਨ੍ਹਾਂ, ਕੀ, ਕਿਸ ਆਦਿ, ਪਰ ਜੇ ਇਨ੍ਹਾਂ ਨਾਲ਼ ਕੋਈ ਨਾਂਵ ਸ਼ਬਦ ਵੀ ਆ ਜਾਵੇ ਤਾਂ ਇਹ ਪੜਨਾਂਵੀ ਵਿਸ਼ੇਸ਼ਣ (ਜਾਂ ਪ੍ਰਸ਼ਨ ਵਾਚਕ ਪੜਨਾਂਵੀ ਵਿਸ਼ੇਸ਼ਣ) ਅਖਵਾਉਂਦੇ ਹਨ; ਜਿਵੇਂ ਇਹ ਗੇਟ, ਉਹ ਸਾਈਕਲ, ਕਿਹੜੀ ਕਾਰ ? ਕੀ ਗੱਲ ?, ਕਿਸ ਕੰਮ  ? ਆਦਿ।

ਹੇਠਲੀਆਂ 22 ਕੁ ਤੁਕਾਂ ਨਾਲ਼ ਹੀ ਸਪਸ਼ਟ ਹੋ ਜਾਣਾ ਹੈ ਕਿ ਜਦੋਂ ‘ਕੈ’ ਨਾਲ਼ ਕੋਈ ਨਾਂਵ ਸ਼ਬਦ (ਸਿਹਾਰੀ ਅੰਤ ਜਾਂ ਦੁਲਾਵਾਂ ਅੰਤ) ਆਉਂਦਾ ਹੈ ਤਾਂ ‘ਕੈ’ ਪ੍ਰਸ਼ਨਬੋਧਕ ਪੜਨਾਂਵੀ ਵਿਸ਼ੇਸ਼ਣ ਹੁੰਦਾ ਹੈ।  ਜੇ ‘ਕੈ’ ਨਾਲ਼ ਕੋਈ ਸੰਬੰਧਕੀ ਸ਼ਬਦ (ਪਹਿ, ਨਾਲਿ, ਮਹਿ) ਆਉਂਦਾ ਹੈ ਤਾਂ ਇਹ ਪੜਨਾਂਵ ਹੁੰਦਾ ਹੈ ਅਤੇ ਜੇ ‘ਕੈ’ ਨਾਲ਼ ਕੋਈ ਨਾਂਵ ਜਾਂ ਸੰਬੰਧਕੀ ਸ਼ਬਦ ਵੀ ਨਾ ਹੋਵੇ ਤਾਂ ‘ਕੈ’ ਆਪਣੀਆਂ ਦੁਲਾਵਾਂ ’ਚੋਂ ਹੀ ਲੁਪਤ ਸੰਬੰਧਕੀ ਚਿੰਨ੍ਹ ‘ਉੱਤੇ, ਨੂੰ, ਨਾਲ਼, ਰਾਹੀਂ, ਵਿੱਚ’ ਵਗ਼ੈਰਾ ਅਰਥ ਦਿੰਦਾ ਹੈ।  ਇਨ੍ਹਾਂ ਵਾਕਾਂ ’ਚ ‘ਕੈ’ ਤੋਂ ਪਹਿਲਾਂ ਥੋੜ੍ਹਾ ਠਹਿਰਾਓ ਦੇਣ ਨਾਲ਼ ਵਾਕ ਦੇ ਭਾਵਾਰਥ ਜ਼ਿਆਦਾ ਸਪਸ਼ਟ ਹੋ ਜਾਂਦੇ ਹਨ; ਜਿਵੇਂ ਕਿ

ਏਤੇ ਰਸ ਸਰੀਰ ਕੇ, ‘ਕੈ ਘਟਿ’ ਨਾਮ ਨਿਵਾਸੁ ? ॥ (ਮਹਲਾ ੧/੧੫) ਭਾਵ ਜਦ ਇੰਨੇ ਸਰੀਰਕ ਚਸਕੇ (ਸੁਆਦ) ਹੋਣ (ਫਿਰ) ਕਿਸ ਹਿਰਦੇ ਵਿੱਚ ਨਾਮ ਦਾ ਟਿਕਾਅ ਹੋ ਸਕਦੈ ?   ਕੈ ਘਟਿ- ਕਿਸ ਹਿਰਦੇ ਵਿੱਚ।

ਬਿਆ ਦਰੁ ਨਾਹੀ, ‘ਕੈ ਦਰਿ’ ਜਾਉ  ? ॥ (ਮਹਲਾ ੧/੨੫) ਭਾਵ (ਰੱਬ ਤੋਂ ਬਿਨਾਂ) ਹੋਰ ਆਸਰਾ ਨਹੀਂ, ਕਿਸ ਦਰ ਉੱਤੇ ਜਾਵਾਂ ? ਕੈ ਦਰਿ- ਕਿਸ ਦਰ ਉੱਤੇ।

ਇਕਿ ਪਿਰੁ ਰਾਵਹਿ ਆਪਣਾ; ਹਉ, ‘ਕੈ ਦਰਿ’ ਪੂਛਉ ਜਾਇ  ? ॥ (ਮਹਲਾ ੩/੩੮) ਭਾਵ ਕਈ ਆਪਣੇ ਪਤੀ ਨੂੰ ਮਾਣਦੀਆਂ ਹਨ (ਪਰ ਮੈਂ ਦੁਹਾਗਣ) ਕਿਸ ਦਰ ਉੱਤੇ ਜਾ ਕੇ (ਅਨੰਦ ਬਾਰੇ) ਪੁੱਛਾਂ ?

‘ਕੈ ਪਹਿ’ ਕਰਉ ਅਰਦਾਸਿ ਬੇਨਤੀ, ਜਉ ਸੁਨਤੋ ਹੈ ਰਘੁਰਾਇਓ  ? ॥ (ਮਹਲਾ ੫/੨੦੫) ਭਾਵ ਮੈਂ (ਹੋਰ) ਕਿਸ ਕੋਲ਼ ਬੇਨਤੀ ਕਰਾਂ ? ਜਦ ਮਾਲਕ ਆਪ ਹੀ ਬੇਨਤੀ ਸੁਣ ਰਿਹਾ ਹੋਵੇ। ਕੈ ਪਹਿ- ਕਿਸ ਕੋਲ਼। ਚੇਤੇ ਰਹੇ ਕਿ ਇੱਥੇ ਵੀ ‘ਪਹਿ’ ਨੂੰ ਸਿਹਾਰੀ ਅੰਤ ਹੈ। ਗੁਰਬਾਣੀ ਲਿਖਤ ਮੁਤਾਬਕ ‘ਸਿਹਾਰੀ ਅੰਤ’ ਅਤੇ ‘ਦੁਲਾਵਾਂ ਅੰਤ’ ਨਾਂਵ-ਸ਼ਬਦਾਂ ਦੇ ਨਿਯਮ ਇੱਕ ਸਮਾਨ ਹਨ, ਇਸ ਲਈ ‘ਸਿਹਾਰੀ’ ਅਤੇ ‘ਦੁਲਾਵਾਂ’ ਸੰਯੁਕਤ ਆਉਂਦੇ ਹਨ।

ਕਹੁ ਮੀਤਾ ! ਹਉ, ‘ਕੈ ਪਹਿ’, ਜਾਈ  ? ॥ (ਮਹਲਾ ੫/੩੭੧) ਭਾਵ ਹੇ ਮਿੱਤਰ ! ਦੱਸ (ਮਾਯਾ ਤੋਂ ਮੁਕਤ ਹੋਣ ਲਈ) ਮੈਂ ਕਿਸ ਕੋਲ਼ ਜਾਵਾਂ ?

ਏਕੁ ਦਾਤਾਰੁ, ਸਗਲ ਹੈ ਜਾਚਿਕ; ਦੂਸਰ, ‘ਕੈ ਪਹਿ’ ਜਾਵਉ  ? ॥ (ਮਹਲਾ ੫/੪੦੧) ਭਾਵ ਇੱਕ ਦਾਤਾ ਹੈ, ਬਾਕੀ ਸਾਰੇ ਮੰਗਤੇ ਹਨ ਫਿਰ ਮੈਂ ਕਿਸ ਕੋਲ਼ ਜਾਵਾਂ ?

ਦਰੁ ਬੀਭਾ ਮੈ ਨੀਮਿ੍ ਕੋ; ‘ਕੈ’ ਕਰੀ ਸਲਾਮੁ  ? ॥ (ਮਹਲਾ ੧/੪੧੮) ਭਾਵ ਦਰ ਦੂਜਾ ਮੈਨੂੰ ਨਹੀਂ ਕੋਈ (ਢੋਹ ਦਿੰਦਾ) ‘ਕੈ ’ ਭਾਵ ‘ਕਿਸ ਨੂੰ’ ਜਾਂ ‘ਕਿਸ ਅੱਗੇ’ ਕਰਾਂ ਸਲਾਮ ?

ਆਪਿ ਕਰਾਏ ਕਰੇ ਆਪਿ; ਹਉ, ‘ਕੈ ਸਿਉ’ ਕਰੀ ਪੁਕਾਰ  ? ॥ (ਮਹਲਾ ੧/੪੭੫) ਭਾਵ ਰੱਬ ਸਭ ਕੁਝ ਆਪ ਕਰਦਾ ਤੇ ਕਰਾਉਂਦਾ ਹੈ (ਤਾਂ ਫਿਰ) ਮੈਂ ਕਿਸ ਨਾਲ/ਕਿਸ ਅੱਗੇ ਪੁਕਾਰ ਕਰਾਂ ?

ਆਪਿ ਕਰਾਏ ਕਰੇ ਆਪਿ; ਹਉ, ‘ਕੈ ਸਿਉ’ ਕਰੀ ਪੁਕਾਰ  ? ॥ (ਮਹਲਾ ੧/੧੨੮੨)

ਸਭਿ ਸਹੀਆ ਸਹੁ ਰਾਵਣਿ ਗਈਆ; ਹਉ ਦਾਧੀ, ‘ਕੈ ਦਰਿ’ ਜਾਵਾ ? ॥ (ਮਹਲਾ ੧/੫੫੮) ਭਾਵ ਸਾਰੀਆਂ ਸਤਸੰਗੀਆਂ ਪਤੀ ਨੂੰ ਭੋਗਣ ਗਈਆਂ, ਪਰ ਮੈਂ (ਵਿਕਾਰਾਂ ਕਾਰਨ) ਸੜੀ ਹੋਈ ਕਿਸ ਦਰ ਉੱਤੇ ਜਾਵਾਂ ?

ਜੀਉ ਡਰਤੁ ਹੈ ਆਪਣਾ, ‘ਕੈ ਸਿਉ’ ਕਰੀ ਪੁਕਾਰ  ? ॥ (ਮਹਲਾ ੧/੬੬੦) ਭਾਵ (ਦੁੱਖਾਂ ਨੂੰ ਵੇਖ) ਆਪਣੀ ਰੂਪ ਕੰਬਦੀ ਪਈ ਹੈ, ਕਿਸ ਅੱਗੇ ਬੇਨਤੀ ਕਰਾਂ ?

ਸੇ ਗੁਣ ਮੁਝੈ ਨ ਆਵਨੀ; ‘ਕੈ’ ਜੀ ਦੋਸੁ ਧਰੇਹ  ? ॥ (ਮਹਲਾ ੧/੭੨੫) ਭਾਵ ਉਹ (ਰੱਬੀ) ਗੁਣ ਮੇਰੇ ’ਚ ਨਹੀਂ ਆਏ, ਕਿਸ ਨੂੰ ਦੋਸ਼ ਦੇਈਏ ?

ਸੇ ਗੁਣ ਮੰਞੁ ਨ ਆਵਨੀ; ਹਉ, ‘ਕੈ’ ਜੀ ! ਦੋਸ ਧਰੇਉ ਜੀਉ  ? ॥ (ਮਹਲਾ ੧/੭੬੨) ਭਾਵ ਉਹ ਗੁਣ ਮੇਰੇ ਅੰਦਰ ਨਾ ਆ ਸਕੇ, ਕਿਸ ਉੱਤੇ ਦੋਸ਼ ਲਾਵਾਂ ਜੀ ?

ਕਉਣੁ ਗੁਰੂ, ਕੈ ਪਹਿ ਦੀਖਿਆ ਲੇਵਾ; ‘ਕੈ ਪਹਿ’ ਮੁਲੁ ਕਰਾਵਾ  ? ॥ (ਮਹਲਾ ੧/੭੩੦) ਭਾਵ ਹੇ ਪ੍ਰਭੂ ! ਕੌਣ ਗੁਰੂ ਹੈ ? ਕਿਸ ਕੋਲ਼ੋਂ (ਤੇਰੀ) ਸਿੱਖਿਆ ਲਵਾਂ, ਕਿਸ ਪਾਸੋਂ (ਤੇਰੀ) ਕੀਮਤ ਪਵਾਵਾਂ ?

ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ; ਮੁਹਿ ਤੋਹਿ ਬਰਾਬਰੀ; ਕੈਸੇ, ‘ਕੈ’ ਬਨਹਿ  ? ॥ (ਭਗਤ ਕਬੀਰ/੯੭੦) ਭਾਵ ਹੇ ਪੰਡਿਤ !  ਤੂੰ ਉੱਚੀ ਜਾਤ ਦਾ, ਮੈਂ ਬਨਾਰਸ ਦਾ (ਗ਼ਰੀਬ) ਜੁਲਾਹਾ; ਮੇਰੀ ਤੇਰੀ ਬਰਾਬਰੀ ਕਿਵੇਂ ਤੇ ਕਿਸ ਤਰ੍ਹਾਂ ਬਣੇ ?  ਕੈ- ਕਿਸ ਤਰ੍ਹਾਂ ?

ਜੀਅ ਕੀ, ‘ਕੈ ਪਹਿ’ ਬਾਤ ਕਹਾ  ? ॥ (ਮਹਲਾ ੫/੧੦੦੩) ਭਾਵ ਜਿੰਦ ਦੀ ਪੁਕਾਰ ਕਿਸ ਕੋਲ਼ ਕਹਾਂ ?

ਦੁਰਜਨ ਸੇਤੀ ਨੇਹੁ; ਤੂ, ‘ਕੈ ਗੁਣਿ’ ਹਰਿ ਰੰਗੁ ਮਾਣਹੀ  ? ॥ (ਮਹਲਾ ੫/੧੦੯੭) ਭਾਵ (ਹੇ ਕਾਇਆਂ !) ਭੈੜੇ ਐਬਾਂ ਨਾਲ਼ ਤੇਰਾ ਪਿਆਰ ਹੈ, ਤੂੰ ਕਿਹੜੇ ਗੁਣ ਕਾਰਨ ਹਰੀ ਪ੍ਰੇਮ-ਰੰਗ ਮਾਣੇ ? ਕੈ ਗੁਣਿ- ਕਿਸ ਗੁਣ ਕਾਰਨ। ਚੇਤੇ ਰਹੇ ਕਿ ਇਸ ਦਾ ਅਰਥ ‘ਕਿਹੜੇ ਗੁਣਾਂ ਕਾਰਨ’ (ਬਹੁ ਵਚਨ) ਨਹੀਂ ਹੋ ਸਕਦਾ ਕਿਉਂਕਿ ‘ਕੈ’ ਅਤੇ ‘ਗੁਣਿ’ ਇੱਕ ਵਚਨ ਦੇ ਸੂਚਕ ਹਨ।

ਰੇ ਜਨ ! ‘ਕੈ ਸਿਉ’ ਕਰਹੁ ਪੁਕਾਰਾ  ? ॥ (ਮਹਲਾ ੩/੧੧੨੮) ਭਾਵ ਹੇ ਜੀਵ-ਜੰਤੋ  ! (ਰੱਬ ਨੂੰ ਛੱਡ ਕੇ) ਕਿਸ ਅੱਗੇ ਪੁਕਾਰ ਕਰੋਗੇ ?

‘ਕੈ ਦੋਖੜੈ’ ਸੜਿਓਹਿ, ਕਾਲੀ ਹੋਈਆ ਦੇਹੁਰੀ; ਨਾਨਕ ! ਮੈ ਤਨਿ ਭੰਗੁ  ? ॥ (ਮਹਲਾ ੧/੧੪੧੨) ਭਾਵ ਹੇ ਸਰੋਵਰ ! ਕਿਸ ਦੋਸ਼ ਕਰਕੇ ਸੜ ਰਿਹਾ ਹੈਂ ? ਕਾਲ਼ੀ ਦੇਹ ਹੋ ਗਈ। ਜਵਾਬ : ਮੇਰੇ ਸਰੀਰ ਵਿੱਚ ਘਾਟ ਹੈ। ਕੈ ਦੋਖੜੈ- ‘ਕਿਹੜੇ ਦੁੱਖ ਨਾਲ਼’, ਨਾ ਕਿ ‘ਕਿਹੜੇ ਦੁੱਖਾਂ ਨਾਲ਼’।

ਅਜਰਾਈਲੁ ਫਰੇਸਤਾ; ‘ਕੈ ਘਰਿ’ ਨਾਠੀ ਅਜੁ  ? ॥ (ਭਗਤ ਫਰੀਦ/੧੩੮੧) ਭਾਵ (ਮੌਤ ਦਾ) ਫ਼ਰਿਸਤਾ ਅਜ਼ਰਾਈਲ; ਕਿਸ ਘਰ ਵਿੱਚ ਅੱਜ ਪ੍ਰਾਹੁਣਾ ਬਣਿਐ ?

ਬਿਸਨ ਮਹੇਸ ਸਿਧ ਮੁਨਿ ਇੰਦ੍ਰਾ; ‘ਕੈ ਦਰਿ’ ਸਰਨਿ ਪਰਉ  ? ॥ (ਮਹਲਾ ੫/੧੩੨੨) ਭਾਵ ਵਰ ਦੇਣ ਵਾਲ਼ੇ ਵਿਸ਼ਨੂੰ, ਸ਼ਿਵ, ਸਿੱਧ, ਰਿਸ਼ੀ ਮੁਨੀ, ਇੰਦਰ ਵਰਗੇ ਸੁਣੀਦੇ ਹਨ, ਮੈਂ ਕਿਸ-ਕਿਸ ਦਰ ਉੱਤੇ ਡਿੱਗਾਂ, ਸ਼ਰਨ ਪਵਾਂ ?

ਆਪਣ ਹਥੀ ਜੋਲਿ ਕੈ, ‘ਕੈ ਗਲਿ’ ਲਗੈ ਧਾਇ ॥ (ਭਗਤ ਫਰੀਦ/੧੩੭੭) ਭਾਵ ਕਾਇਆਂ; ਜਿੰਦ ਵਹੁਟੀ ਨੂੰ ਤੋਰ ਕੇ ਕਿਸ ਦੇ ਗਲ਼ ਨਾਲ ਦੌੜ ਕੇ ਲੱਗੇਗੀ ? (ਕਿਉਂਕਿ ਤਦ ਤਾਂ ਉਹ ਮਰ ਗਈ ਹੈ ਹੁਣ ਉੱਠਣਯੋਗੀ ਨਹੀਂ ਰਹੀ।)

ਭਾਗ ਦੂਜਾ

ਯੋਜਕ : ਦੋ ਸ਼ਬਦਾਂ ਜਾਂ ਦੋ ਵਾਕਾਂ ਨੂੰ ਜੋੜਨ ਵਾਲ਼ੇ ਸ਼ਬਦ ਨੂੰ ਯੋਜਕ ਆਖਦੇ ਹਨ; ਜਿਵੇਂ ਗੁਰਮੁਖ ਸਿੰਘ ‘ਅਤੇ’ ਕਰਤਾਰ ਸਿੰਘ।, ਮਾਲਕ ਨੇ ਕਿਹਾ ‘ਕਿ’ ਨੌਕਰ ਨੂੰ ਖੇਤ ਭੇਜੋ। ਇਨ੍ਹਾਂ ਦੋਵੇਂ ਵਾਕਾਂ ’ਚ ‘ਅਤੇ, ਕਿ’ ਦੋਵੇਂ ਯੋਜਕ ਹਨ।  ‘ਅਤੇ’ ਦੋ ਸ਼ਬਦਾਂ ਨੂੰ ਜੋੜਦਾ ਹੈ ਜਦਕਿ ‘ਕਿ’ ਦੋ ਵਾਕਾਂ ਨੂੰ ਜੋੜਦਾ ਹੈ। ਗੁਰਬਾਣੀ ’ਚ ਯੋਜਕ ਵਜੋਂ ‘ਅਤੈ, ਜਿਵੇਂ, ਤਿਵੇਂ, ਜਾਂ, ਤਾਂ, ਕੈ, ਜੇ, ਕਿ ਆਦਿਕ ਸ਼ਬਦ ਹਨ।  ਹੇਠਲੀਆਂ 13 ਕੁ ਤੁਕਾਂ ਵਿੱਚ ‘ਕੈ’ ਸ਼ਬਦ ਯੋਜਕ ਹੈ, ਜਿਸ ਦਾ ਅਰਥ ਹੈ ‘ਜਾਂ, ਭਾਵੇਂ’, ਇਸ ਦੇ ਅਗੇਤਰ ਤੇ ਪਿਛੇਤਰ ਠਹਿਰਾਓ ਨਹੀਂ ਦੇਣਾ ਕਿਉਂਕਿ ਦੋ ਕਮਰਿਆਂ ਵਿਚਕਾਰ ਰੱਖੇ ਦੀਵੇ ਵਾਙ ਇਹ ਦੋਵੇਂ ਪਾਸਿਓਂ ਵਾਕ ਨੂੰ ਜੋੜਦਾ ਹੁੰਦਾ ਹੈ। ਧਿਆਨ ਰਹੇ ਕਿ ਹੇਠਲੇ ਵਾਕਾਂ ’ਚ ਉਸੇ ‘ਕੈ’ ਵੱਲ ਧਿਆਨ ਦੇਣਾ ਹੈ, ਜੋ ਦੋ ਕੌਮਿਆਂ ’ਚ ਬੰਦ ਕੀਤਾ ਹੈ :

ਸੁਇਨੇ ਕੈ ਪਰਬਤਿ ਗੁਫਾ ਕਰੀ ‘ਕੈ’ ਪਾਣੀ ਪਇਆਲਿ ॥ (ਮਹਲਾ ੧/੧੩੯)

ਅਰਥ :  ਸੋਨੇ ਦੇ ਪਰਬਤ ਵਿੱਚ ਗੁਫ਼ਾ ਕਰਾਂ ‘ਚਾਹੇ’ ਹੇਠਾਂ ਪਾਤਾਲ ਵਿੱਚ।

‘ਕੈ’ ਵਿਚਿ ਧਰਤੀ ‘ਕੈ’ ਆਕਾਸੀ; ਉਰਧਿ ਰਹਾ ਸਿਰਿ ਭਾਰਿ ॥ (ਮਹਲਾ ੧/੧੩੯)

ਅਰਥ :  ਜਾਂ ਧਰਤੀ ਵਿੱਚ ਜਾਂ ਆਕਾਸ ਵਿੱਚ ਜਾਂ ਉਲਟਾ ਹੋ ਕੇ ਸਿਰ ਭਾਰ ਰਹਾਂ।

ਰਾਤਿ ਦਿਹੈ ‘ਕੈ’ ਵਾਰ, ਧੁਰਹੁ ਫੁਰਮਾਇਆ ॥ (ਮਹਲਾ ੧/੧੫੦)

ਅਰਥ :  ਭਾਵੇਂ ਰਾਤ ਹੋਵੇ ਜਾਂ ਦਿਨ (ਰੱਬੀ ਸਿਫ਼ਤ ਕਰਨੀ) ਧੁਰੋਂ ਹੁਕਮ ਹੈ।

‘ਕੈ’ ਬੰਧੈ ‘ਕੈ’ ਡਾਨਿ ਲੇਇ ‘ਕੈ’ ਨਰਪਤਿ ਮਰਿ ਜਾਇਆ ॥ (ਮਹਲਾ ੪/੧੬੬)

ਅਰਥ :  ਰਾਜਾ ਆਪਣੇ ਨੌਕਰ ਨੂੰ ਭਾਵੇਂ ਬੰਨ ਲਵੇ ਜਾਂ ਸਜ਼ਾ ਦੇਵੇ ਜਾਂ ਰਾਜਾ ਹੀ ਮਰ ਜਾਵੇ (ਜਿਸ ਕਾਰਨ ਉਸ ਦੀ ਨੌਕਰੀ ਚਲੀ ਜਾਵੇ, ਦੁੱਖ ਨੌਕਰ ਨੂੰ ਹੀ ਹੁੰਦਾ ਹੈ)।

ਰਾਮੁ ਬਡਾ ‘ਕੈ’ ਰਾਮਹਿ ਜਾਨਿਆ  ?॥ (ਭਗਤ ਕਬੀਰ/੩੩੧)

ਅਰਥ :  (ਦਸਰਥ ਪੁੱਤਰ) ਰਾਮ ਵੱਡਾ (ਆਦਰਯੋਗ) ਹੈ ਜਾਂ ਜਿਸ ਨੇ ਰਾਮ (ਸਰਬ ਵਿਆਪਕ ਪ੍ਰਭੂ) ਨੂੰ ਜਾਣ ਲਿਆ  ?

ਭਾਵੈ ਜੀਵਉ ‘ਕੈ’ ਮਰਉ; ਦੂਰਹੁ ਹੀ ਭਜਿ ਜਾਹਿ ॥ (ਮਹਲਾ ੩/੭੮੭)

ਅਰਥ :  (ਬਦਚਲਨ ਔਰਤਾਂ ਲਈ ਪਤੀ) ਭਾਵੇਂ ਜਿਉਂਦਾ ਰਹੇ ਜਾਂ ਮਰ ਜਾਵੇ (ਮੁਸੀਬਤ ’ਚ ਉਹ) ਦੂਰੋਂ ਹੀ ਭੱਜ ਜਾਂਦੀਆਂ ਹਨ।

ਕਰਤੇ ਕੀ ਮਿਤਿ ਕਰਤਾ ਜਾਣੈ ‘ਕੈ’ ਜਾਣੈ ਗੁਰੁ ਸੂਰਾ ॥ (ਮਹਲਾ ੧/੯੩੦)

ਅਰਥ :  ਕਰਤਾਰ ਦਾ ਵਡੱਪਣ ਕਰਤਾਰ ਆਪ ਜਾਣਦਾ ਹੈ ਜਾਂ ਗੁਰੂ ਸੂਰਮਾ ਜਾਣਦਾ ਹੈ। ਇੱਥੇ ‘ਸੂਰਮੇ’ ਤੋਂ ਭਾਵ ਵਿਕਾਰਾਂ ਨੂੰ ਕਾਬੂ ਕਰ ਚੁੱਕਿਆ ਹੈ।

ਕਹਤ ਕਬੀਰੁ, ਜੀਤਿ ‘ਕੈ’ ਹਾਰਿ ॥ (ਭਗਤ ਕਬੀਰ/੧੧੫੯)

ਅਰਥ :  ਕਬੀਰ ਆਖਦਾ ਹੈ ਕਿ (ਹੇ ਮਨੁੱਖ, ਤੂੰ ਆਪਣੀ ਬਾਜ਼ੀ) ਜਿੱਤ ਭਾਵੇਂ ਹਾਰ।

ਜਿਨਿ ਏਹ ਪ੍ਰੀਤਿ ਲਾਈ, ਸੋ ਜਾਨੈ ‘ਕੈ’ ਜਾਨੈ ਜਿਸੁ ਮਨਿ ਧਰੈ ॥ (ਮਹਲਾ ੪/੧੨੬੩)

ਅਰਥ :  ਜਿਸ (ਰੱਬ) ਨੇ (ਮਨੁੱਖ ਅੰਦਰ) ਇਹ ਪ੍ਰੀਤ ਲਾਈ (ਰੱਬੀ ਭੇਦ/ਗੁਪਤ ਰਾਜ਼ ਨੂੰ) ਉਹ ਜਾਣਦਾ ਹੈ ਜਾਂ ਜਿਸ ਦੇ ਮਨ ’ਚ (ਆਪਣੇ ਆਪ ਨੂੰ) ਟਿਕਾ ਦਿੰਦਾ ਹੈ (ਉਹ) ਜਾਣਦਾ ਹੈ।

ਜੋ ਉਪਜਿਓ ਸੋ ਬਿਨਸਿ ਹੈ, ਪਰੋ ਆਜੁ ‘ਕੈ’ ਕਾਲਿ ॥ (ਮਹਲਾ ੯/੧੪੨੯)

ਅਰਥ :  ਜੋ ਜਨਮਿਆ ਹੈ ਉਹ ਮਰੇਗਾ ਅੱਜ ਜਾਂ ਕੱਲ੍ਹ ਨਾਸ਼ ਹੋਵੇਗਾ।

‘ਕੈ’ ਜਾਨੈ ਆਪਨ ਧਨੀ ‘ਕੈ’ ਦਾਸੁ ਦੀਵਾਨੀ ਹੋਇ ॥ (ਭਗਤ ਕਬੀਰ/੧੩੭੩)

ਅਰਥ :  ਰੱਬੀ ਭੇਤ ਨੂੰ ਜਾਂ ਖੁਦ (ਰੱਬ) ਜਾਣਦਾ ਹੈ ਜਾਂ ਉਸ ਦਾ ਦਰਬਾਰੀ ਸੇਵਕ (ਭਗਤ); ਉਸ ਦੀ ਹਜ਼ੂਰੀ ਵਿੱਚ ਰਹਿਣ ਵਾਲਾ (ਜਾਣਦਾ ਹੈ)।

‘ਕੈ’ ਸੰਗਤਿ ਕਰਿ ਸਾਧ ਕੀ ‘ਕੈ’ ਹਰਿ ਕੇ ਗੁਨ ਗਾਇ ॥ (ਭਗਤ ਕਬੀਰ/੧੩੬੫)

ਅਰਥ :  ਭਾਵੇਂ ਗੁਰੂ ਦੀ ਸੰਗਤ ਕਰ ਜਾਂ ਰੱਬ ਦੇ ਗੁਣ ਗਾ (ਅਨੰਦਿਤ ਹੋ ਜਾਏਂਗਾ)।

ਮਨ ਕੀ ਬਿਰਥਾ, ਮਨੁ ਹੀ ਜਾਨੈ ‘ਕੈ’ ਬੂਝਲ ਆਗੈ ਕਹੀਐ ॥ (ਭਗਤ ਨਾਮਦੇਵ/੧੩੫੦)

ਅਰਥ :  ਮਨ ਦੀ ਪੀੜਾ ਮਨ ਹੀ ਜਾਣਦਾ ਹੈ ਜਾਂ ਮਨ ਦੀ ਪੀੜਾ ਨੂੰ ਬੁਝਣ ਵਾਲੇ (ਗੁਰੂ) ਅੱਗੇ ਬਿਆਨ ਕਰਨਾ ਬਣਦਾ ਹੈ (ਨਾ ਕਿ ਐਰੇ-ਗੈਰੇ ਕੋਲ਼)।

ਸੋ ਉਕਤ ਸਮੁੱਚੀ ਵਿਚਾਰ ਦਾ ਤੱਤ-ਸਾਰ ਇਹ ਮਿਲਦਾ ਹੈ :

(1). ‘ਕੈ’ ਤੋਂ ਅਗੇਤਰ ‘ਨਾਂਵ ਜਾਂ ਪੜਨਾਂਵ’ ਹੋਵੇ ਅਤੇ ਪਿਛੇਤਰ ਵੀ ਦੁਲਾਵਾਂ ਅੰਤ ਜਾਂ ਸਿਹਾਰੀ ਅੰਤ ਨਾਂਵ ਹੋਣ ਤਾਂ ‘ਕੈ’ ਸੰਬੰਧਕੀ ਚਿੰਨ੍ਹ ਵਜੋਂ ‘ਦੇ’ ਅਰਥ ਦਿੰਦਾ ਹੈ; ਜਿਵੇਂ ਕਿ ‘ਪ੍ਰਭ ਕੈ ਸਿਮਰਨਿ’। ਇੱਥੇ ‘ਕੈ’ ਤੋਂ ਅਗੇਤਰ (ਪ੍ਰਭ) ਅਤੇ ਪਿਛੇਤਰ (ਸਿਮਰਨਿ) ਦੋਵੇਂ ਨਾਂਵ ਹਨ।

(2). ਕਿਰਿਆ ਵਿਸ਼ੇਸ਼ਣ (ਸਿਹਾਰੀ ਅੰਤ) ’ਚੋ ਲੁਪਤਂ ‘ਕੇ’ ਅਰਥ ਮਿਲਣਾ ਹੁੰਦਾ ਹੈ; ਜਿਵੇਂ ਸੁਣਿ’ (ਕੇ) ਵਡਾ ਆਖੈ ਸਭੁ ਕੋਇ (ਸੋ ਦਰੁ/ਮਹਲਾ ), ਪਰ ਕਾਵਿ ਤੋਲ ਪੂਰਾ ਕਰਨ ਲਈ ਪ੍ਰਗਟ ਰੂਪ ਵਿੱਚ ‘ਕੇ’ ਲਿਖਣਾ ਪਵੇ ਤਾਂ ‘ਕੇ’ ਦੀ ਥਾਂ ‘ਕੈ’ ਲਿਖਿਆ ਜਾਂਦਾ ਹੈ; ਜਿਵੇਂ ਕਿ ‘ਸੁਣਿ ਕੈ’, ਨਾ ਕਿ ‘ਸਣਿ ਕੇ’।

(3). ਕੈ ਦੇ ਅਗੇਤਰ ਕੋਈ ਸੰਯੁਕਤ ਸ਼ਬਦ ਨਾ ਹੋਵੇ ਪਰ ਪਿਛੇਤਰ ਸਿਹਾਰੀ ਅੰਤ ਨਾਂਵ ਹੋਵੇ ਤਾਂ ‘ਕੈ’; ਪ੍ਰਸ਼ਨ ਵਾਚਕ ਪੜਨਾਂਵੀ ਵਿਸ਼ੇਸ਼ਣ ਹੁੰਦਾ ਹੈ; ਜਿਵੇਂ ਕਿ ‘ਕੈ ਗਲਿ’ ਭਾਵ ਕਿਸ ਗਲ਼ ਨਾਲ ? ਇੱਥੇ ‘ਕੈ’ ਨੇ ਭੀ ਲੁਪਤ ‘ਨਾਲ਼’ ਸੰਬੰਧਕੀ ਅਰਥ ਦਿੱਤੇ ਹਨ ਅਤੇ ‘ਗਲਿ’ ਦੀ ਸਿਹਾਰੀ ਅੰਤ ਨੇ ਭੀ। ਇਸ ਲਈ ਇਨ੍ਹਾਂ ਦੋਵਾਂ ਦੀ ਸੰਧੀ ਹੋਈ ਹੈ।

(4). ਦੋ ਸ਼ਬਦਾਂ ਜਾਂ ਦੋ ਵਾਕਾਂ ਵਿਚਕਾਰ ਯੋਜਕ ਬਣ ਕੇ ‘ਕੈ’ ਸ਼ਬਦ ਆਉਂਦਾ ਹੈ; ਜਿਵੇਂ ਕਿ ‘ਆਜੁ ਕੈ ਕਾਲਿ’ ਭਾਵ ਅੱਜ ਜਾਂ ਕੱਲ੍ਹ। ਧਿਆਨ ਰਹੇ ਕਿ ਇਸ ਨਿਯਮ ’ਚ ‘ਕੈ’ ਦਾ ਸਿੱਧਾ ਸੰਬੰਧ ਅਗੇਤਰ ਜਾਂ ਪਿਛੇਤਰ ਕਿਸੇ ਖ਼ਾਸ ਨਾਂਵ/ਪੜਨਾਂਵ ਨਾਲ ਨਹੀਂ ਹੁੰਦਾ। ਇਹ ਕੇਵਲ ਵਾਕ ਨੂੰ ਜੋੜਦਾ ਹੁੰਦਾ ਹੈ, ਇਸ ਲਈ ‘ਆਜੁ’ ਦਾ ਔਂਕੜ ਅੰਤ ਅਤੇ ‘ਕਾਲਿ’ ਦੀ ਸਿਹਾਰੀ ਅੰਤ ਨਾਲ਼ ਇਸ ਦਾ ਕੋਈ ਭੀ ਵਿਆਕਰਨਿਕ ਸੰਬੰਧ ਨਹੀਂ ਤਾਹੀਓਂ ‘ਆਜੁ’ ਅਤੇ ‘ਕਾਲਿ’ ਦੀ ਬਣਤਰ ਆਪਣੇ ਅਸਲ ਰੂਪ ਵਿੱਚ ਹੈ ਭਾਵ ਜਿੱਥੇ ‘ਕੈ’ ਨਹੀਂ ਭੀ ਹੁੰਦਾ ਓਥੇ ਭੀ ਇਨ੍ਹਾਂ ਦੋਵਾਂ ਦਾ ਸਰੂਪ ਇਹੀ ਹੁੰਦਾ ਹੈ; ਜਿਵੇਂ ਕਿ ਆਜੁਹਮਾਰੈ ਗ੍ਰਿਹਿ ਬਸੰਤ (ਮਹਲਾ /੧੧੮੦), ਕਬੀਰ  ! ‘ਕਾਲਿਕਰੰਤਾ ਅਬਹਿ ਕਰੁ; ਅਬ ਕਰਤਾ ਸੁਇ ਤਾਲ (ਭਗਤ ਕਬੀਰ/੧੩੭੧) ਆਦਿ।

ਪਰਭਾਤੇ ਪ੍ਰਭ ਨਾਮੁ ਜਪਿ (ਦਖਣੇ ਮ: ੫, ਅੰਗ ੧੧੦੦ (ਪਉੜੀ ੧੬)

0

ਸਾਧ ਸੰਗਤ ਜੀ

ਅੱਜ ਦੇ ਵੀਡੀਓ ਵਿੱਚ ਪੰਚਮ ਪਾਤਸ਼ਾਹ ਦੇ ਉਪਦੇਸ਼“ ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ “ ਦੇ ਅਰਥ ਅਤੇ ਉਸ ਅਵਸਥਾ ਨੂੰ ਪ੍ਰਾਪਤ ਕਰਨ ਦੀ ਸਿੱਖਿਆ ਨੂੰ ਵਿਚਾਰਨਾ ਹੈ ਜੀ॥ (ਮਾਰੂ ਵਾਰ ਮਹਲਾ ੫, ਪੰਨਾ ੧੧੦੦, ਪਵੜੀ ੧੬)

ਦਾਸ ਮਨਮੋਹਨ ਸਿੰਘ

Most Viewed Posts