ਸ: ਗੁਰਮੀਤ ਸਿੰਘ ਜੀ ਨੂੰ ਪੱਤਰ

0
472

ਸੇਵਾ ਵਿਖੇ

            ਸ: ਗੁਰਮੀਤ ਸਿੰਘ ਜੀ,                                                                                                                       ਨਿਜੀ ਸਕੱਤਰ ਟੂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ।

ਵਿਸ਼ਾ :    ਨਾਨਕਸ਼ਾਹੀ ਕੈਲੰਡਰ।

ਸ੍ਰੀਮਾਨ ਜੀ,

ਆਪ ਜੀ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਨਵੰਬਰ ਮਹੀਨੇ ’ਚ ਤੁਸੀਂ ਮੈਨੂੰ ਫੋਨ ਕਰਕੇ ਕਿਹਾ ਸੀ ਕਿ ਨਾਨਕਸ਼ਾਹੀ ਕੈਲੰਡਰ ਸੰਬੰਧੀ ਮੇਰੀਆਂ ਅਤੇ ਸਰਬਜੀਤ ਸਿੰਘ ਸੈਕਰਾਮੈਂਟੋ ਦੀਆਂ ਤੁਹਾਡੇ ਕੋਲ ਕਾਫੀ ਚਿੱਠੀਆਂ ਆਉਂਦੀਆਂ ਰਹਿੰਦੀਆਂ ਹਨ, ਉਨ੍ਹਾਂ ਦਲੀਲਾਂ ਵਿੱਚ ਕਾਫੀ ਵਜ਼ਨ ਹੁੰਦਾ ਹੈ; ਪਰ ਜਦ ਦੂਸਰੀ ਧਿਰ ਦੀਆਂ ਦਲੀਲਾਂ ਸੁਣਦੇ ਹਾਂ ਤਾਂ ਉਨ੍ਹਾਂ ਵਿੱਚ ਵੀ ਕਾਫੀ ਵਜ਼ਨ ਹੁੰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਦੋਵਾਂ ਧਿਰਾਂ ਦੇ 5-5 ਮੈਂਬਰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੀਟਿੰਗ ਕੀਤੀ ਜਾਵੇ, ਜਿਸ ਦੀ ਲਾਈਵ ਰਿਕਾਰਡਿੰਗ ਵੀ ਹੋਵੇਗੀ, ਤਾ ਕਿ ਉਸ ’ਤੇ ਵੀਚਾਰ ਕਰਨ ਉਪਰੰਤ ਮਾਰਚ ਮਹੀਨੇ ਨਵੇਂ ਸਾਲ ਦਾ ਕੈਲੰਡਰ ਉਸ ਮੁਤਾਬਕ ਰੀਲੀਜ਼ ਕੀਤਾ ਜਾ ਸਕੇ।

ਆਪ ਜੀ ਦੀ ਉਕਤ ਇੱਛਾ ਅਨੁਸਾਰ ਮੈਂ ਆਪਣੇ ਵੱਲੋਂ 7 ਮੈਂਬਰਾਂ ਦੇ ਨਾਂ ਭੇਜ ਦਿੱਤੇ ਸਨ, ਜਿਨ੍ਹਾਂ ਬਾਰੇ ਤੁਹਾਨੂੰ ਫੋਨ ਕਰਕੇ ਸਲਾਹ ਵੀ ਦਿੱਤੀ ਸੀ ਕਿ ਇਨ੍ਹਾਂ ਸੱਤਾਂ ਨਾਲ ਤੁਸੀਂ ਸੰਪਰਕ ਕਰ ਲਓ ਕਿਉਂਕਿ ਹੋ ਸਕਦੈ ਕੋਈ ਸਿਹਤ ਪੱਖੋਂ ਜਾਂ ਕਿਸੇ ਹੋਰ ਕਾਰਨ ਮੀਟਿੰਗ ’ਚ ਸ਼ਾਮਲ ਹੋਣ ਤੋਂ ਅਸਮਰਥ ਹੋਵੇ ਤਾਂ ਬਾਕੀਆਂ ’ਚੋਂ ਪੰਜ ਲਏ ਜਾ ਸਕਣ। ਆਪ ਜੀ ਦਾ ਕਹਿਣਾ ਸੀ ਕਿ ਮੇਰਾ (ਕਿਰਪਾਲ ਸਿੰਘ) ਅਤੇ ਸਰਬਜੀਤ ਸਿੰਘ ਦਾ ਸ਼ਾਮਲ ਹੋਣਾ ਤਾਂ ਜਰੂਰੀ ਹੈ ਕਿਉਂਕਿ ਤੁਹਾਡੀਆਂ ਚਿੱਠੀਆਂ ਅਤੇ ਸੁਝਾਅ ਵਧੇਰੇ ਆਉਂਦੇ ਹਨ, ਇਸ ਲਈ ਸਰਬਜੀਤ ਸਿੰਘ ਜੀ ਨੂੰ ਪੁੱਛੋ ਕਿ ਜਨਵਰੀ ਜਾਂ ਫ਼ਰਵਰੀ ’ਚ ਕਦੋਂ ਆ ਸਕਦੇ ਹਨ, ਉਸ ਮੁਤਾਬਕ ਅਸੀਂ ਮੀਟਿੰਗ ਰੱਖ ਲਵਾਂਗੇ , ਪਰ ਮੇਰਾ ਸੁਝਾਅ ਸੀ ਕਿ ਵਿਦੇਸ਼ ਤੋਂ ਸੱਦਣ ਲਈ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦਾ ਜਾਵੇ ਤਾਂ ਜਿਆਦਾ ਠੀਕ ਰਹੇਗਾ, ਨਾ ਕਿ ਮੇਰੇ ਵਿਅਕਤੀਗਤ ਦੀ ਚਿੱਠੀ ਨਾਲ ਕਿਸੇ ਦਾ ਆਉਣਾ ਸਹੀ ਹੈ। ਸੋ ਦੋਵਾਂ ਧਿਰਾਂ ਦੇ ਮੈਂਬਰਾਂ ਨੂੰ ਲਿਖਤੀ ਸੱਦਾ ਭੇਜਿਆ ਜਾਵੇ, ਫਿਰ ਵੀ ਜੇਕਰ ਕੋਈ ਵਿਦੇਸ਼ ਬੈਠਾ ਵਿਦਵਾਨ-ਸੱਜਣ ਨਾ ਆ ਸਕੇ ਤਾਂ ਉਸ ਨੂੰ ਲਾਈਵ ਮੀਟਿੰਗ ’ਚ ਲਿਆ ਜਾ ਸਕਦਾ ਹੈ।

ਮੈਨੂੰ ਹੁਣ ਐਸਾ ਪ੍ਰਤੀਤ ਹੋ ਰਿਹਾ ਹੈ ਕਿ ਸ਼ਾਇਦ ਤੁਸੀਂ ਕਿਸੇ ਨਾਲ ਵੀ ਸੰਪਰਕ ਕਰਨਾ ਉਚਿਤ ਨਹੀਂ ਸਮਝਿਆ। ਇਸ ਦਾ ਕੀ ਕਾਰਨ ਹੈ, ਇਹ ਤੁਸੀਂ ਵੱਧ ਜਾਣਦੇ ਹੋ ਜਾਂ ਕੋਈ ਸਿਆਸੀ ਦਬਾਅ ਹੋ ਸਕਦਾ ਹੈ ਕਿ ਵਿਵਾਦਿਤ ਮੁੱਦਿਆਂ ਨੂੰ ਅਜੇ ਹੋਰ ਉਛਾਲਣ ਦਾ ਸਮਾਂ ਨਹੀਂ। ਜੇਕਰ ਕੁਝ ਕਰਨਾ ਹੈ ਜਾਂ ਨਹੀਂ ਕਰਨਾ ਤਾਂ ਘੱਟੋ ਘੱਟ ਸਾਨੂੰ (ਕਿਰਪਾਲ ਸਿੰਘ ਅਤੇ ਸਰਬਜੀਤ ਸਿੰਘ ਨੂੰ) ਤਾਂ ਜਾਣਕਾਰੀ ਦੇ ਦਿਓ, ਜੀ।

ਇਸ ਵਾਰ ਆਪ ਜੀ ਨੂੰ ਪੱਤਰ ਲਿਖਣ ਦਾ ਮਕਸਦ ਹੀ ਇਹ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ਵਾਲੇ ਜਿਨ੍ਹਾਂ ਵਿਦਵਾਨਾਂ ਦੀਆਂ ਦਲੀਲਾਂ ਨੂੰ ਤੁਸੀਂ ਵਜ਼ਨਦਾਰ ਕਹਿ ਰਹੇ ਹੋ, ਉਨ੍ਹਾਂ ਦੀਆਂ ਲਿਖਤਾਂ, ਰਿਕਾਰਡਿੰਗਾਂ ਆਦਿ ’ਚੋ ਉਨ੍ਹਾਂ ਦੀ ਯੋਗਤਾ ਸੰਗਤਾਂ ਸਾਮਹਣੇ ਆਵੇ । ਉਹ ਲੋਕ ਜਿਸ ਤਰ੍ਹਾਂ ਦੇ ਸ਼ਬਦ ਮੂਲ ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀਆਂ ਲਈ ਵਰਤਦੇ ਹਨ ਉਸ ਤਰ੍ਹਾਂ ਦੇ ਸ਼ਬਦ ਕੋਈ ਵੀ ਸਮਝਦਾਰ ਸਿੱਖ, ਕਿਸੇ ਵਿਰੁਧ ਵੀ ਨਹੀਂ ਵਰਤ ਸਕਦਾ। ਫਿਰ ਵੀ ਕੁਝ ਕੁ ਮਿਸਾਲ ਵਜੋਂ ਸ: ਪਾਲ ਸਿੰਘ ਪੁਰੇਵਾਲ ਨੂੰ ਕਾਮਰੇਡ ਕਹਿ ਕੇ ਭੰਡਣ ਵਾਲੇ ਸ: ਅਮਰਜੀਤ ਸਿੰਘ ਚਾਵਲਾ, ਜੋ ਆਪਣੇ ਆਪ ਨੂੰ ਧਰਮ ਪ੍ਰਚਾਰ ਕਮੇਟੀ ਦਾ ਇੰਚਾਰਜ ਦੱਸ ਰਿਹਾ ਹੈ

ਅਤੇ ਐਡਵੋਕੇਟ ਗੁਰਸ਼ਰਨਜੀਤ ਸਿੰਘ ਲਾਂਬਾ, 

ਜੋ ਹਰ ਵਿਵਾਦਤ ਵਿਸ਼ੇ ਵਿੱਚ ਭਾਗ ਲੈਣ ਤੋਂ ਪਿੱਛੇ ਨਹੀਂ ਰਹਿੰਦੇ; ਇਹ ਦੋਵੇਂ ਵਾਰ-ਵਾਰ ਇਹੀ ਕਹਿੰਦੇ ਵੇਖੀਦੇ ਹਨ ਕਿ ਪੋਹ ਸੁਦੀ ੭ ਯਾਦ ਰੱਖਣੀ ਆਸਾਨ ਹੈ ਕਿਉਂਕਿ ਜਿਸ ਰਾਤ, ਚੰਦਰਮਾ ਬਿਲਕੁਲ ਵਿਖਾਈ ਨਹੀਂ ਦਿੰਦਾ ਉਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਅੱਜ ਮੱਸਿਆ ਹੈ, ਜਿਸ ਤੋਂ ਠੀਕ 7ਵੇਂ ਦਿਨ ਪੋਹ ਸੁਦੀ ੭ ਹੈ, ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ।

ਉਕਤ ਦੋਵੇਂ ਸੱਜਣਾਂ ਦੀਆਂ ਆਪਣੀਆਂ ਸੰਸਥਾਵਾਂ ਵੱਲੋਂ ਛਾਪੇ ਜਾਂਦੇ ਕੈਲੰਡਰ ਨੂੰ ਆਧਾਰ ਬਣਾ ਕੇ ਜਦ ਉਨ੍ਹਾਂ ਨਾਲ਼ ਗੱਲ ਕਰੀਦੀ ਹੈ ਕਿ ਤੁਹਾਡੀਆਂ ਦਲੀਲਾਂ ਮੁਤਾਬਕ 23 ਦਸੰਬਰ 2022 ਨੂੰ ਮੱਸਿਆ ਸੀ, ਜਿਸ ਤੋਂ 7 ਦਿਨ ਬਾਅਦ ਯਾਨੀ ਪੋਹ ਸੁਦੀ ੭; 30 ਦਸੰਬਰ ਨੂੰ ਹੋਣੀ ਚਾਹੀਦੀ ਸੀ, ਪਰ ਗੁਰਪੁਰਬ 29 ਦਸੰਬਰ ਨੂੰ ਕਿਉਂ ਮਨਾਇਆ ਗਿਆ ? ਸੰਤ ਸਿਪਾਹੀ ਵੱਲੋਂ ਛਪੇ ਸੰਮਤ ੫੫੫ ਦੇ ਕੈਲੰਡਰ ’ਚ ਵੀ 11 ਜਨਵਰੀ 2024 ਨੂੰ ਮੱਸਿਆ ਹੈ,

ਇਸ ਲਈ ਪੋਹ ਸੁਦੀ ੭; 18 ਜਨਵਰੀ ਨੂੰ ਹੋਣੀ ਚਾਹੀਦੀ ਹੈ, ਪਰ ਸੰਤ ਸਿਪਾਹੀ ਕੈਲੰਡਰ ’ਚ 17 ਜਨਵਰੀ ਨੂੰ ਗੁਰ ਪੁਰਬ ਵਿਖਾਇਆ ਹੈ। ਐਸਾ ਕਿਉਂ ? ਐਸੇ ਕੁੱਝ ਹੋਰ ਪ੍ਰਸ਼ਨ, ਜਿਨ੍ਹਾਂ ਦਾ ਜਵਾਬ ਇਹ ਅਕਸਰ ਨਹੀਂ ਦਿੰਦੇ, ਇਸ ਲਈ ਤੁਹਾਨੂੰ ਚਾਹੀਦਾ ਹੈ ਕਿ ਤੁਰੰਤ ਸਾਰੇ ਸੰਬੰਧਿਤ ਵਿਦਵਾਨਾਂ ਨਾਲ਼ ਸੰਪਰਕ ਕਰਕੇ ਸੰਗਤਾਂ ਨੂੰ ਇਨ੍ਹਾਂ ਸ਼ੰਕਿਆਂ ਨੂੰ ਦੂਰ ਕੀਤਾ ਜਾਵੇ ਜੀ।

ਸੰਗਤਾਂ ਨੂੰ ਅਸਲੀਅਤ ਤੋਂ ਜਾਣੂ ਕਰਾਉਣ ਲਈ ਸ੍ਰੋਮਣੀ ਕਮੇਟੀ ਦੇ ਕੈਲੰਡਰ ਨਾਨਕਸ਼ਾਹੀ ਸੰਮਤ ੫੫੪ (ਸੰਨ 2022-23)

ਅਤੇ ਉਕਤ ਸੰਤ ਸਿਪਾਹੀ ਦੇ ਕੈਲੰਡਰ ਨਾਨਕਸ਼ਾਹੀ ਸੰਮਤ ੫੫੫ (ਸੰਨ 2023-24) ਇਨ੍ਹਾਂ ਦੋਵਾਂ ਦਾ ਮਿਲਾਨ ਕਰਕੇ ਇੱਕ ਸਾਰਨੀ ਤਿਆਰ ਕੀਤੀ ਹੈ, ਜੋ ਇਉਂ ਹੈ :

ਲੜੀਨੰ: ਗੁਰਪੁਰਬ ਸ੍ਰੋਮਣੀ ਕਮੇਟੀ ਕੈਲੰਡਰਨਾਨਕਸ਼ਾਹੀ ਸੰਮਤ ੫੫੪(ਸੰਨ 2022-23) ਸੰਤ ਸਿਪਾਹੀ ਕੈਲੰਡਰਨਾ:ਸ਼ਾ: ਸੰਮਤ ੫੫੫ (ਸੰਨ 2023-24) ਦੋਵਾਂ ਸਾਲਾਂ ਦੇ ਗੁਰਪੁਰਬਾਂ ’ਚ ਦਿਨਾਂ ਦਾ ਫਰਕ
ਪ੍ਰਕਾਸ਼ ਗੁਰੂ  ਹਰਿਕ੍ਰਿਸ਼ਨ ਸਾਹਿਬ ਜੀ ੦੭ ਸਾਵਣ/22 ਜੁਲਾਈ ੨੭ ਹਾੜ/11 ਜੁਲਾਈ -11 ਦਿਨ
ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ੧੨ ਭਾਦੋਂ/28 ਅਗਸਤ ੩੧ ਭਾਦੋਂ/16 ਸਤੰਬਰ +19 ਦਿਨ
ਗੁਰਿਆਈ ਗੁਰੂ ਅਰਜਨ ਸਾਹਿਬ ਜੀ ੧੩ ਭਾਦੋਂ/29 ਅਗਸਤ ੧ ਅੱਸੂ/17 ਸਤੰਬਰ +19 ਦਿਨ
ਸੰਪੂਰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੧੪ ਭਾਦੋਂ/30 ਅਗਸਤ ੧੪ ਭਾਦੋਂ/30 ਅਗਸਤ 00  ਦਿਨ

ਸੋ ਆਪ ਜੀ ਨੂੰ ਬੇਨਤੀ ਹੈ ਕਿ ਕੈਲੰਡਰ ਸੋਧ ਕਮੇਟੀ ਸਮੇਤ ਜਥੇਦਾਰ (ਸ੍ਰੀ ਅਕਾਲ ਤਖ਼ਤ ਸਾਹਿਬ) ਜੀ ਅਤੇ ਪ੍ਰਧਾਨ (ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨਾਲ ਸਲਾਹ ਮਸ਼ਵਰਾ ਕਰ ਕੇ ਸੰਗਤਾਂ ਨੂੰ ਸਮਝਾਇਆ ਜਾਵੇ ਕਿ ਜੇ ਸੰਪੂਰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਮਤ ੫੫੪ ਅਤੇ ਸੰਮਤ ੫੫੫ ਦੋਵਾਂ ਹੀ ਸਾਲਾਂ ’ਚ ੧੪ ਭਾਦੋਂ/30 ਅਗਸਤ ਨੂੰ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਛਲੇ ਸਾਲ (ਸੰਮਤ ੫੫੪) ਪ੍ਰਕਾਸ਼ ਪੁਰਬ ਨਾਲੋਂ ਇਸ ਸਾਲ (ਸੰਮਤ ੫੫੫) ’ਚ ਪ੍ਰਕਾਸ਼ ਦਿਹਾੜਾ 19 ਦਿਨ ਪਿਛੋਂ ਕਿਉਂ ਆ ਰਿਹਾ ਹੈ ?

ਜੇਕਰ ਚੰਦਰ ਤਿੱਥਾਂ ਮੁਤਾਬਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ; ਸੰਮਤ ੫੫੪ ਨਾਲੋਂ ਸੰਮਤ ੫੫੫ ’ਚ 11 ਦਿਨ ਪਹਿਲਾਂ ਆ ਰਿਹਾ ਹੈ ਤਾਂ ਚੰਦਰ ਤਿੱਥਾਂ ਮੁਤਾਬਕ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਗੁਰਿਆਈ ਪੁਰਬ, ਇਹ ਦੋਵੇਂ 19 ਦਿਨ ਮਗਰੋਂ ਕਿਉਂ ਆ ਰਹੇ ਹਨ ?  ਇਸ ਦੁਬਿਧਾ ਦਾ ਅਸਰ ਹੀ ਕਹੀਏ ਕਿ ਗੁਰਮਤਿ ਦੇ ਪ੍ਰਚਾਰਕਾਂ ਅੰਦਰੋਂ ਇਕ-ਦੂਜੇ ਪ੍ਰਤੀ ਨਫ਼ਰਤ ਆਮ ਝਲਕਦੀ ਵੇਖੀਦੀ ਹੈ। ਮਿਸਾਲ ਵਜੋਂ ਬੰਤਾ ਸਿੰਘ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਤੋਂ ਕਥਾ ਕਰਦਿਆਂ ਕਿਹਾ ਕਿ “ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 22 ਦਸੰਬਰ 1666 ’ਚ ਹੋਇਆ ਸੀ। ਕਾਮਰੇਡ ਪੁਰੇਵਾਲ ਨੇ ਗੁਰ ਪੁਰਬ 5 ਜਨਵਰੀ ਨੂੰ ਨਿਸ਼ਚਿਤ ਕਰਕੇ ਗੁਰੂ ਸਾਹਿਬ ਜੀ ਦੀ ਉਮਰ 14 ਦਿਨ ਘਟਾ ਦਿੱਤੀ।

ਬੰਤਾ ਸਿੰਘ ਦੇ ਇਸ ਕਥਨ ਤੋਂ ਮਾਲੂਮ ਹੁੰਦਾ ਹੈ ਕਿ ਜਾਂ ਤਾਂ ਉਸ ਨੂੰ ਜੂਲੀਅਨ ਅਤੇ ਗ੍ਰੈਗੋਰੀਅਨ ਕੈਲੰਡਰਾਂ ਦੇ ਫਰਕ ਅਤੇ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਸਬੰਧੀ ਕੋਈ ਜਾਣਕਾਰੀ ਹੀ ਨਹੀਂ; ਜੇ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਬੈਠ ਕੇ (ਪਿੱਛੇ ਬੈਠੀ ਕਿਸੇ ਏਜੰਸੀ ਦੇ ਇਰਾਦੇ ਪੂਰੇ ਕਰਨ ਲਈ) ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਹੈ। ਸਚਾਈ ਇਹ ਹੈ ਕਿ ਗੁਰੂ ਕਾਲ ਸਮੇਂ ਸੂਰਜੀ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ ਲਾਗੂ ਸੀ ਜਿਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਤਕਰੀਬਨ 24 ਮਿੰਟ ਵੱਧ ਹੋਣ ਕਰਕੇ ਇਹ 60 ਸਾਲਾਂ ’ਚ 1 ਦਿਨ ਪਿੱਛੇ ਰਹਿ ਜਾਂਦਾ ਸੀ। ਈਸਵੀ ਕੈਲੰਡਰ ਉਸ ਸਮੇਂ ਲਾਗੂ ਨਹੀਂ ਸੀ ਪਰ ਅੰਗਰੇਜਾਂ ਨੇ ਪੰਜਾਬ ’ਤੇ ਕਬਜਾ ਕਰਨ ਪਿੱਛੋਂ ਕੈਲੰਡਰ ਮਾਹਰਾਂ ਤੋਂ ਪਿਛਲੇ ਸਾਲਾਂ ਦੀਆਂ ਜੰਤਰੀਆਂ ਬਣਵਾ ਕੇ ਬਿਕ੍ਰਮੀ ਕੈਲੰਡਰ ਦੀਆਂ ਪਿਛਲੀਆਂ ਤਰੀਖ਼ਾਂ ਨੂੰ ਈਸਵੀ ਕੈਲੰਡਰ (ਜੂਲੀਅਨ) ਦੀਆਂ ਤਾਰੀਖ਼ਾਂ ਵਿੱਚ ਤਬਦੀਲ ਕਰਵਾ ਕੇ ਇਤਿਹਾਸ ਲਿਖਵਾ ਲਿਆ ਜਿਸ ਮੁਤਾਬਿਕ ੨੩ ਪੋਹ ਸੰਮਤ ੧੭੨੩ ਨੂੰ 22 ਦਸੰਬਰ 1666 ਜੂਲੀਅਨ ਸੀ। ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਤਕਰੀਬਨ 11 ਮਿੰਟ ਵੱਧ ਹੋਣ ਕਰਕੇ ਸੰਨ 325 ਤੋਂ 1752 ਤੱਕ ਰੁੱਤਾਂ ਨਾਲੋਂ 11 ਦਿਨ ਪਿੱਛੇ ਰਹਿ ਗਿਆ ਸੀ ਜਿਹੜਾ ਫਰਕ ਉਨ੍ਹਾਂ ਨੇ 3 ਸਤੰਬਰ 1752 ਦਿਨ ਵੀਰਵਾਰ ਨੂੰ 14 ਸਤੰਬਰ (ਸਤੰਬਰ 1752 ਦਾ ਕੈਲੰਡਰ ਨੱਥੀ ਹੈ) ਘੋਸ਼ਿਤ ਕਰਕੇ 11 ਦਿਨ ਦਾ ਫਰਕ ਕੱਢ ਲਿਆ ਅਤੇ ਅੱਗੇ ਤੋਂ ਗ੍ਰੈਗੋਰੀਅਨ ਕੈਲੰਡਰ ਲਾਗੂ ਕਰ ਲਿਆ। ਸੰਨ 1751 ’ਚ ੨੩ ਪੋਹ 23 ਦਸੰਬਰ ਨੂੰ ਸੀ; 1752 ’ਚ ਹੋਈ ਸੋਧ ਕਾਰਨ ੨੩ ਪੋਹ 23 ਦਸੰਬਰ ਨੂੰ ਆਉਣ ਦੀ ਬਜਾਏ 11 ਦਿਨ ਪਿੱਛੋਂ 2 ਜਨਵਰੀ 1753 ਨੂੰ ਆਇਆ ਸੀ। ਅੱਜਕੱਲ੍ਹ ੨੩ ਪੋਹ 6-7 ਜਨਵਰੀ ਭਾਵ 4-5 ਦਿਨ ਦੇ ਫਰਕ ਨਾਲ ਆਉਣ ਦਾ ਕਾਰਨ ਹੈ ਸੂਰਜੀ ਸਿਧਾਂਤ ਵਾਲਾ ਬਿਕ੍ਰਮੀ ਕੈਲੰਡਰ 60 ਸਾਲਾਂ ’ਚ ਇੱਕ ਦਿਨ ਦੇ ਫਰਕ ਦੇ ਹਿਸਾਬ 1752 ਤੋਂ 2022 ਤੱਕ ਦੇ 270 ਸਾਲਾਂ ਨੂੰ 60 ’ਤੇ ਭਾਗ ਕਰਕੇ = 4.5 ਦਿਨ ਦਾ ਫਰਕ ਪਿਆ। ਇਸੇ ਕਾਰਨ ੨੩ ਪੋਹ ਬਿਕ੍ਰਮੀ ਸੰਮਤ ੨੦੭੯ ’ਚ 7 ਜਨਵਰੀ 2023 ਨੂੰ ਆਇਆ। ਜੇ ਬਿਕ੍ਰਮੀ ਕੈਲੰਡਰ ਦੀ ੨੩ ਪੋਹ ਨੂੰ ਗੁਰਪੁਰਬ ਮਨਾਇਆ ਜਾਵੇ ਤਾਂ ਬੰਤਾ ਸਿੰਘ ਦੇ ਹਿਸਾਬ ਨਾਲ ਤਾਂ 16 ਦਿਨ ਘਟੇਗੀ।  ਵੈਸੇ ਬੰਤਾ ਸਿੰਘ ਦੇ ਹਿਸਾਬ ਵੀ ਗੁਰੂ ਸਾਹਿਬ ਜੀ ਦੀ ਉਮਰ ਘਟਾਏ ਜਾਣਾ ਕਹਿਣਾ ਹੀ ਗਲਤ ਹੈ ਸਗੋਂ ਵਧੇਗੀ ਅਤੇ ਹਰ ਸਾਲ 14 ਦਿਨ ਨਾਲ ਗੁਣਾਂ ਕਰਕੇ ਉਮਰ ਘਟਾਈ ਜਾਣਾ ਤਾਂ ਸਿਰੇ ਦੀ ਅਗਿਆਨਤਾ ਜਾਂ ਸ਼ਰਾਰਤ ਹੈ। ਜਿਨ੍ਹਾਂ ਸਟੇਜ਼ਾਂ ਤੋਂ ਸੱਚ ਦੀ ਅਵਾਜ਼ ਉੱਠਣੀ ਚਾਹੀਦੀ ਸੀ ਉੱਥੇ ਗੁਰਪੁਰਬ ਵਾਲੇ ਦਿਨ ਨਾਨਕਸ਼ਾਹੀ ਕੈਲੰਡਰ ਸੰਬੰਧੀ ਨਿਰਾ ਝੂਠ ਬੋਲ ਕੇ ਐਸੇ ਕਥਾਵਾਚਕਾਂ ਨੇ ਕੇਵਲ ਅਸਹਿਮਤੀ ਪੱਖੋਂ ਗੁਰਬਾਣੀ ਦੇ ਵਾਕ “ਮੁਖਿ ਝੂਠ, ਬਿਭੂਖਣ ਸਾਰੰ ਨੂੰ ਸਹੀ ਸਾਬਤ ਕੀਤਾ ਹੈ।

ਐਸੇ ਹੀ ਵਿਦਵਾਨ ਹਨ ਅਨੁਰਾਗ ਸਿੰਘ, ਜੋ ਸਵਾਲ ਪੁੱਛਣ ਅਤੇ ਜਵਾਬ ਦੇਣ ਦੀ ਸਮਰੱਥਾ ਰੱਖਣ ਵਾਲਿਆਂ ਨੂੰ ਪਹਿਲਾਂ ਸੋਸ਼ਲ ਮੀਡੀਆ ਉੱਤੇ ਬਲਾਕ ਕਰ ਦਿੰਦੇ ਹਨ ਫਿਰ ਆਪਣੀ ਨਾਸਮਝੀ ਨੂੰ ਸਫਲਤਾ ਬਣਾਨ ਦੇ ਇਰਾਦੇ ਨਾਲ਼ ਆਪਣੇ ਫੇਸ ਬੁੱਕ ਪੇਜ਼ ਤੇ ਕੁਫਰ ਤੋਲਦੇ ਹਨ। ਮਿਸਾਲ ਵਜੋਂ ਅਨੁਰਾਗ ਸਿੰਘ ਨੇ 10 ਜਨਵਰੀ ਨੂੰ ਦੋ ਪੋਸਟਾਂ ਪਾਈਆਂ, ਜਿਨ੍ਹਾਂ ਦੀ ਕਾਪੀ ਹੇਠਾਂ ਲਾਲ ਅੱਖਰਾਂ ’ਚ ਦਿੱਤੀ ਗਈ ਹੈ ਅਤੇ ਨਾਲ ਨਾਲ ਇਸ ਪੱਤਰ ਦੇ ਲੇਖਕ ਵੱਲੋਂ ਯੋਗ ਥਾਵਾਂ ’ਤੇ ਢੁਕਵੀਆਂ ਟਿੱਪਣੀਆਂ ਸੁਕੇਰ ਬਰੈਕਟ ਅਤੇ ਬੋਲਡ ਅੱਖਰਾਂ ’ਚ ਕੀਤੀਆਂ ਗਈਆਂ ਹਨ ਤਾ ਕਿ ਪੜ੍ਹਨ ਵਾਲਾ ਸਮਝ ਜਾਵੇ ਕਿ ਗਲਤ ਬਿਆਨੀ ਕਿੱਥੇ ਕਿੱਥੇ ਕੀਤੀ ਗਈ ਹੈ। ਇਨ੍ਹਾਂ ਪੋਸਟਾਂ ’ਚ ਵਰਤੀ ਸ਼ਬਦਾਵਲੀ ਵੀ ਕਿਸੇ ਸਭਿਅਕ ਬੰਦੇ ਦੀ ਨਹੀਂ ਹੋ ਸਕਦੀ। ਇਸ ਦੇ ਸ਼ਬਦ ਹਨ

ਜਦੋਂ ਦੁਸ਼ਟ ਸੱਭਾ ਦਾ ਅੰਤ ਕਰਨਾ ਹੋਵੇ ਤਾਂ ਰੱਬ ਲੱਤ ਨਹੀਂ ਮੱਤ ਮਾਰਦਾ ਹੈ। ਇਤਿਹਾਸ ਸਿੱਖਾਂ ਦਾ ਕਰੂਪ ਕਰਨ ਲਈ ੩ ਕੈਲੰਡਰ ਅਤੇ ੩ ਸੰਮਤ ਪੇਸ਼ ਕਰ ਦਿਤੇ ਜਾਦੂਗਰ ਪਾਲ ਸਿੰਘ ਪੁਰੇਵਾਲ ਨੇ ਅਤੇ ਕੂੜ ਪ੍ਰਚਾਰ ਕਰ ਰਹੇ ਹਨ ਗੁਲਾਮ ਮਾਨਸਿਕਤਾ ਦੇ ਧਾਰਨੀ ਸਰਬਜੀਤ ਸੈਕਰੋਮੈਟੋ। [ਨੋਟ- ਇਸ ਤੋਂ ਪੁੱਛਣਾ ਬਣਦਾ ਹੈ ਕਿ ੩ ਕੈਲੰਡਰ ਪੁਰੇਵਾਲ ਨੇ ਬਣਾਏ ਹਨ ਜਾਂ ਸ੍ਰੋਮਣੀ ਕਮੇਟੀ ਨੇ]

========================================

ਸਰਬਜੀਤ ਸੈਕਰੋਮੈਟੋ ਕੌਣ ਤੇਰੀ ਨਾਸਤਕ ਬਿਰਤੀ ਦੇ ਝੂਠ ਕਿਤਨੀ ਦੇਰ ਬਰਦਾਸ਼ਤ ਕਰੇਗਾ ੨-੨ ਜੰਤਰੀਆਂ ੨-੨ ਸੰਮਤ॥ ਸਬੂਤ ਨੰਥੀ ਹਨ। [ਨੋਟ- ਵੈਸ ਜੋ ਜੰਤਰੀਆਂ ਇਹ ਵਿਖਾ ਰਿਹਾ ਹੈ, ਉਹਨਾਂ ਦੀ ਇਸ ਨੂੰ ਪੂਰੀ ਸਮਝ ਕੀ ਹੋਣੀ ਸੀ ਪੜ੍ਹਨੀਆ ਵੀ ਨਹੀਂ ਆਉਂਦੀਆਂ ਤੁਸੀਂ ਐਸਿਆਂ ਦੀਆਂ ਦਲੀਲਾਂ ਨੂੰ ਵਜਨਦਾਰ ਸਮਝ ਰਹੇ ਹੋ]

===============================

(੧) ਪਾਲ ਸਿੰਘ ਪੁਰੇਵਾਲ ਨੇ ੧੯੯੪ ਵਿੱਚ ਜਿਹੜੀ ਜੰਤਰੀ ੫੦੦ ਸਾਲ (੧੪੬੯-੨੦੦੦) ਬਣਾਈ ਉਸ ਵਿੱਚ ਨਾਨਕਸ਼ਾਹੀ ਸੰਮਤ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ੧੪੬੯ ਤੋੰ ਨਾਨਕਸਾਹੀ ਸੰਮਤ ੧ ਦਿਤਾ ਗਿਆ। ਸੱਚ ਕਿ ਝੂਠ ?

(੨) ਇਸ ਜੰਤਰੀ ਵਿੱਚ ਪੋਹ ਸੁਦੀ ੭/੨੩ ਪੋਹ 22 ਦਸੰਬਰ, 1666 ਅੰਕਿਤ ਹੈ। ਸੱਚ ਕਿ ਝੂਠ ?

(੩) ਇਸ ਜੰਤਰੀ ਵਿੱਚ 1998 ਵਿੱਚ ੨੩ ਪੋਹ 27 ਜਨਵਰੀ, 1998 ਸੀ। ਸੱਚ ਕਿ ਝੂਠ ? [ਨੋਟ- ਇਸ ਤੋਂ ਪੁੱਛਣਾ ਬਣਦਾ ਕਿ ਪੁਰੇਵਾਲ ਦੀ ਜਿਸ ਜੰਤਰੀ ’ਚੋਂ ਵੇਖ ਕੇ ਇਹ ਤਾਰੀਖ਼ਾਂ ਲਿਖੀਆਂ ਹਨ ਉੱਥੇ ਉਂਗਲ ਰੱਖ ਕੇ ਫੋਟੋ ਖਿੱਚ ਕੇ ਭੇਜ ਦੇਵੇ ਤਾਂ ਕਿ ਤਾਰੀਖ਼ਾਂ ਦੀ ਪੜਤਾਲ ਕੀਤੀ ਜਾ ਸਕੇ।

(੩) ਇਸੇ ਜੰਤਰੀ ਵਿੱਚ 1999 ਵਿੱਚ ੨੩ ਪੋਹ/ 6 ਜਨਵਰੀ, 1999 ਹੈ। ਸੱਚ ਕਿ ਝੂਠ ?

2022 ਵਿੱਚ ਛਾਪੇ ਨਾਨਕਸਾਹੀ ਕੈਲੰਡਰ ੬੩੨ ਸਾਲ ਵਿੱਚ ਜਿਹੜੀ ਸ਼ਰਾਰਾਤ ਸ਼ੁਰੂ ਕੀਤੀ ਗਈ ਉਹ ਅੰਨੇ ਭੱਗਤਾਂ ਤੋ ਇਲਾਵਾ ਸੱਭ ਨੂੰ ਨਜ਼ਰ ਆਉਂਦੀ ਹੈ। ਇਸ ਵਿੱਚ ੧੯੯੮ ਈਸਵੀ ਤੋ ਇਕ ਹੋਰ ਫਰਜੀ ਨਾਨਕਸਾਹੀ ਸੰਮਤ ਸ਼ੁਰੂ ਕੀਤਾ ਗਿਆ-ਸੰਮਤ ਨਾਨਕਸਾਹੀ ੫੩੦॥ ਗੁਰੂ ਨਾਨਕ ਦੇਵ ਜੀ ਆਗਮਨ ਜੇ ਪਹਿਲਾਂ ੧੪੬੯ ਵਿੱਚ ਸਵੀਕਾਰ ਕਰ ਲਿਆ ਤਾਂ ਫੇਰ ੧੯੯੮ ਵਿੱਚ ਦੁਬਾਰਾ ਨਾਨਕਸਾਹੀ ਸੰਮਤ ਕਿਵੇ ਅਤੇ ਕਿਹੜੇ ਕੈਲੰਡਰ ਵਿਧਾਨ ਨਾਲ ਨਿਸ਼ਚਿਤ ਕੀਤਾ ਗਿਆ ? ਇਕ ਇਤਿਹਾਸਕ ਘੱਟਣਾ ਦੇ ੨ ਸੰਮਤ ਕਿਹੜਾ ਮੂਰਖ ਸ਼ੁਰੂ ਕਰ ਸੱਕਦਾ ਹੈ-ਜਿਸ ਨੂੰ ਸੰਮਤ ਨਿਸ਼ਚਿਤ ਕਰਨ ਦੇ ਵਿਧਾਨ ਦਾ ਗਿਆਨ ਨਾ ਹੋਵੇ। ਸੱਚ ਕਿ ਝੂਠ ?

[ਨੋਟ- ਇਸ ਨੂੰ ਕੌਣ ਸਮਝਾਵੇ ਕਿ ਜੇ ੧੪੬੯ ’ਚ ਨਾਨਕਸ਼ਾਹੀ ਸੰਮਤ ੧ ਸੀ ਤਾਂ ੧੯੯੮ ’ਚ ੫੩੦ ਹੀ ਹੋਵੇਗਾ ਇਸ ਤੋਂ ਪੁੱਛਿਆ ਜਾਵੇ ਕਿ ੧੯੯੮ ’ਚ ਕਿਹੜਾ ਸੰਮਤ ਲਿਖਣਾ ਚਾਹੀਦਾ ਸੀ ?]

(੪) ਇਸ ਤਰਾਂ ਦੂਸਰੀ ਜੰਤਰੀ ਵਿੱਚ ੨-੨ ਸੰਮਤਾਂ ਦਾ ਆਗਾਜ਼ ਸੰਗਤ ਨੂੰ ਗੁਮਰਾਹ ਕਰਨ ਲਈ ਸ਼ੁਰੂ ਕੀਤਾ ਗਿਆ ਅਤੇ ੨੦੦੩ ਵਿੱਚ ੨੩ ਪੋਹ (ਫਰਜੀ ਤਿੱਥ) ੭ ਜਨਵਰੀ ਅਤੇ ੫ ਜਨਵਰੀ ਨੂੰ ਅੰਕਿਤ ਕਰਕੇ ਗੁਮਰਾਹ ਕਰਨ ਦੀ ਨਵੀਨ ਕੁਚੇਸਟਾ ਕੀਤੀ ਗਈ। ਸੱਚ ਕਿ ਝੂਠ ?

[ਨੋਟ- ਕੀ ਇਸ ਤੋਂ ਪੁੱਛਣਾ ਨਹੀਂ ਬਣਦਾ ਕਿ ਬਦਲਵੇਂ ਸਾਲਾਂ ’ਚ ੨੩ ਪੋਹ ਵੱਖ ਵੱਖ ਅੰਗਰੇਜੀ ਤਾਰੀਖ਼ਾਂ ਬਿਕ੍ਰਮੀ ਕੈਲੰਡਰ ਅਨੁਸਾਰ ਵਿਖਾਈਆਂ ਗਈਆਂ ਹਨ, ਨਾ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਕਿਉਂਕਿ ਨਾਨਕਸ਼ਾਹੀ ਕੈਲੰਡਰ ਤਾਂ ਲਾਗੂ ਹੀ ੧ ਵੈਸਾਖ ੧੯੯੯ ਤੋਂ ਹੋਇਆ ਹੈ; ਇਸ ਤਾਰੀਖ਼ ਤੋਂ ਬਾਅਦ ਬਿਕ੍ਰਮੀ ਕੈਲੰਡਰ ਦੇ ਨਾਲ ਨਾਲ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਦਿੱਤੀਆਂ ਗਈਆਂ ਹਨ ਤਾਂ ਕਿ ਇਤਿਹਾਸਕਾਰਾਂ ਨੂੰ ਤਾਰੀਖ਼ਾਂ ਤਬਦੀਲ ਕਰਨ ’ਚ ਆਸਾਨੀ ਰਹੇ ਅਤੇ ਸਾਰਿਆਂ ਨੂੰ ਸਮਝ ਆ ਸਕੇ ਕਿ ਜੇ ਹੁਣ ਵੀ ਕੈਲੰਡਰ ’ਚ ਸੋਧ ਨਾ ਹੋਈ ਤਾਂ ਜਿਹੜੀ ਬਿਕ੍ਰਮੀ ਕੈਲੰਡਰ ਦੀ ੨੩ ਪੋਹ ਸੰਮਤ ੧੭੨੩ ’ਚ ੨੨ ਦਸੰਬਰ ਸੀ, ਓਹੀ ੨੩ ਪੋਹ ੧੩੦੦ ਸਾਲ ਬਾਅਦ ਸੰਮਤ ੩੦੨੩ ’ਚ; 20 ਜਨਵਰੀ ਸੰਨ 2967 ਨੂੰ ਆਏਗੀ ਅਤੇ ਜਿਹੜੀ ੧ ਵੈਸਾਖ ਸੰਮਤ ੧੭੫੬ (ਸੰਨ 1699) ’ਚ ੨੯ ਮਾਰਚ ਨੂੰ ਸੀ ਓਹੀ ੧ ਵੈਸਾਖ ੧੩੦੦ ਸਾਲ ਬਾਅਦ ਸੰਮਤ ੩੦੫੬ (ਸੰਨ 2999) ’ਚ ੨੭ ਅਪ੍ਰੈਲ ਨੂੰ ਆਵੇਗੀ। ਹੈਰਾਨੀ ਇਹ ਹੈ ਕਿ ਜੋ ਅੱਜ ਨਾਨਕਸ਼ਾਹੀ ਕੈਲੰਡਰ ਦੀਆਂ ਸਾਲ ’ਚ 3-4 ਸੰਗਰਾਂਦਾਂ ਦੇ 1-2 ਦਿਨਾਂ ਦੇ ਫਰਕ ਨੂੰ ਬਰਦਾਸ਼ਤ ਨਹੀਂ ਕਰਦੇ, ਉਹ ਸੰਨ 1964 ’ਚ ਹਿੰਦੂਆਂ ਵੱਲੋਂ ਕੀਤੀ ਸੋਧ ਕਾਰਨ ਸਾਲ ’ਚ 3 ਤੋਂ 5 ਸੰਗਰਾਂਦਾਂ ਦੇ ਫਰਕ ਨੂੰ ਕਿਵੇਂ ਬਰਦਾਸ਼ਤ ਕਰ ਚੁੱਕੇ ਹਨ ? ਅਤੇ ਸੰਮਤ ੩੦੫੬ (ਸੰਨ 2999) ਤੱਕ ਪੈਣ ਵਾਲੇ ਇੱਕ ਮਹੀਨੇ ਦੇ ਫਰਕ ਨੂੰ ਕਿਵੇਂ ਬਰਦਾਸ਼ਤ ਕਰਨਗੇ ?]

(੫) ੨੦੨੨-੨੩ ਵਿੱਚ ਪੋਹ ਸੁਦੀ ੭ ਬਿ: ੨੯ ਦਸੰਬਰ, ੨੦੨੨ ਸੀ ? ਸੱਚ ਕਿ ਝੂਠ ? ਪਰ ੨੩ ਪੋਹ ੨ ਵਾਰੀ ਦਿਤਾ ਗਿਆ: ੭ ਜਨਵਰੀ ੨੦੨੩ ਅਤੇ ਇਕ ਨਵਾਂ ਕਾਲਮ ਲਗਾਕੇ (N.S: ਨਾਨਕਸਾਹੀ ਸੰਮਤ) ਇਸ ਨਾਲ ਨਵਾਂ ਸੰਮਤ ਨਾਨਕਸਾਹੀ ਸ਼ੁਰੂ ਕਰਕੇ ੫ ਜਨਵਰੀ ਅੰਕਿਤ ਕੀਤਾ ਜੋ ਕਿ ਕਿਸੇ ਵੀ ਪਰਵਾਣਿਤ ਕੈਲੰਡਰ/ਜੰਤਰੀ ਵਿੱਚ ਨਹੀਂ ਮਿਲਦਾ। ਸੱਚ ਕਿ ਝੂਠ ?

ਫੇਸ ਬੁੱਕ ’ਤੇ ਦਿਨ ਰਾਤ ਅਜਿਹੀਆਂ ਬੇਹੂਦੀਆਂ ਪੋਸਟਾਂ ਪਾਉਣ ਨਾਲ਼ ਅਤੇ ਐਸੇ ਮਨਮਤੀ ਤੇ ਈਰਖਾਲੂ ਬੰਦਿਆਂ ਨਾਲ ਸਿੱਖ ਕੌਮ ਦਾ ਕਿਹੜਾ ਭਲਾ ਹੋਣਾ ਹੈ। ਕਿਉਂ ਨਾ ਜਲਦੀ ਇਸ ਮੁੱਦੇ ਨੂੰ ਸੁਲਝਾ ਲਿਆ ਜਾਵੇ। ਇਹ ਸਿੱਖ ਵਿਦਵਾਨਾਂ ਬਾਰੇ ਇਉਂ ਟਿਪਣੀ ਕਰਦਾ ਹੈ :

ਮਦਾਰੀ ਜੀ ਇਹੋ ਜਿਹੇ ਜਾਦੂ ਆਪਣੇ ਉੱਨ੍ਹਾ ਭੱਗਤਾਂ ਨੂੰ ਦਿਖਾਉਂ ਜਿਨਾਂ ਨੇ ਸੱਚ ਨਾਲ਼ੋਂ ਨਾਤਾ ਤੋੜਕੇ ਤੁਹਾਡੇ ਨਾਮ ਦੇ ਜਾਪੁ ਕਰ ਰਹੇ ਹਨ।

ਇਹ ਪੋਸਟ ਈ: ਮੇਲ ਤੇ ਭੇਜ ਰਿਹਾ ਹਾਂ। ਅਕਾਲ ਤੱਖ਼ਤ ਸਾਹਿਬ ਨਾਲ ਗੋਸ਼ਟ ਲਈ ਸੰਪਰਕ ਕਰੋ। ਤੁਹਾਡਾ ਚਾਅ ਪੂਰਾ ਹੋ ਜਾਵੇਗਾ।

ਅਨੁਰਾਗ ਸਿੰਘ,

੧੦.੧.੨੦੨

 ===================================================

ਪਾਲ ਸਿੰਘ ਪੁਰੇਵਾਲ ਦਾ ਅੰਨਾਂ ਭਗਤ, ਪੜਾਈ-ਲਿਖਾਈ ਜੀਰੋ, ਅੱਕਲ ਦਾ ਖਾਨਾ ਬੰਦ, ਇਜ਼ਤ ਛਿਕੂ ਤੇ ਟੰਗਕੇ ਵਿਚਰ ਰਿਹਾ ਹੈ। ਹੁਣ ਇਸ ਨੇ ਜੋ ਪੋਸਟ ਪਾਈ ਹੈ ਉਹ ਇਸਦੀ ਸ਼ਿਕਸ਼ਤ ਮਾਨਸਿਕਤਾ, ਪਰਵਰਿਸ਼ ਅਤੇ ਬਿਬੇਕ ਦਾ ਪ੍ਰਗਟਾਵਾ ਕਰਦੀ ਹੈ। ਇਸ ਬੰਦੇ ਨੇ ਹਰਜਿੰਦਰ ਦਿਲਗੀਰ ਨਾਲ ਵੀ ਬਹਿਸ ਕਰਨ ਲਈ ਸ਼ਰਤ ਰੱਖ ਦਿਤੀ ਕਿ ਜੇ ਦਿਲਗੀਰ ਹਾਰ ਗਿਆ ਤਾਂ ਉਸ ਦੀਆ ਸਾਰੀਆ ਕਿਤਾਬਾਂ ਨੂੰ ਅੱਗਨ ਭੇਂਟ ਕਰ ਦਿਤਾ ਜਾਵੇਗਾ॥

===================================================

ਇਸ ਹਾਰੇ ਹੋਏ ਜੁਆਰੀ ਨੂੰ ਸੁਆਲ :

(੧) ਆਪਣੀ ਪੋਸਟ ਵਿੱਚ ਕਿਹੜੀ ਹਿੰਦੀ ਜੰਤਰੀ ਤੋਂ ਇਹ ਤਾਰੀਖ ਦਿਤੀ: ”ਮਾਘ ਵਦੀ ਦੁਤੀਆ (ਦੂਜ) ੨੫ ਪੋਹ, 9 ਜਨਵਰੀ, ੨੦੨੩॥ ਹੁਣ ਇਹ ਭਈਆ ਦੂਜ ਦਾ ਪੁਜਾਰੀ ਇਹ ਦੱਸੇ ਕਿ ਜੇ ੯ ਜਨਵਰੀ ੨੫ ਪੋਹ ਸੀ ਤਾਂ ੨੩ ਪੋਹ ੭ ਜਨਵਰੀ ਹੋਈ ਕਿ ੫ ਜਨਵਰੀ ? (ਅਨੁਰਾਗ ਸਿੰਘ)

[ਨੋਟ ੧- ਜਿਸ ਹਰਜਿੰਦਰ ਸਿੰਘ ਦਿਲਗੀਰ ਦਾ ਇਹ ਜਿਕਰ ਕਰ ਰਿਹਾ ਹੈ ਉਸ ਦੀ ਪੂਰੀ ਹਿਸਟਰੀ ਸ: ਅਜੀਤ ਸਿੰਘ ਸਹੋਤਾ ਕੈਨੇਡਾ ਵਾਲੇ ਤੋਂ ਸੁਣੀ ਜਾ ਸਕਦੀ ਹੈ। ਇਸ ਨੂੰ ਆਪਣੇ ਗਿਆਨ ਦਾ ਏਨਾਂ ਹੰਕਾਰ ਹੈ ਕਿ ਇਹ ਵਾਰ ਵਾਰ ਆਪਣਾ ਚੈਲੰਜ ਦੁਹਰਾਉਂਦਾ ਹੈ ਕਿ ਜਿਹੜਾ ਪੁਰੇਵਾਲ ਦੀਆਂ ਤਾਰੀਖ਼ਾਂ ਨੂੰ ਸਹੀ ਸਿੱਧ ਕਰ ਦੇਵੇ ਅਤੇ ਇਹ ਸਿੱਧ ਕਰ ਦੇਵੇ ਕਿ ਪੁਰੇਵਾਲ ਦਾ ਕੈਲੰਡਰ ਸਾਕਾ ਕੈਲੰਡਰ ਦੀ ਹੂਬਹੂ ਨਕਲ ਨਹੀਂ ਹੈ ਉਸ ਨੂੰ ਉਹ ਪੰਜ ਲੱਖ ਰੁਪਏ ਇਨਾਮ ਦੇਵੇਗਾ। ਜਦੋਂ ਸ: ਸਰਬਜੀਤ ਸਿੰਘ ਲਿਖ ਦਿੰਦਾ ਹੈ (ੳ) ਆਪਣੀ ਫੇਸ ਬੁੱਕ ਤੋਂ ਮੈਨੂੰ ਅਨਬਲਾਕ ਕਰਨ (ਅ) ਇਨਾਮ ਦੇਣ ਦੀ ਗਰੰਟੀ ਦੇਣ ਤਾਂ ਉਸ ਨੂੰ ਦਿਲਗੀਰ ਜੀ ਦਾ ਚੈਲੰਜ ਪ੍ਰਵਾਨ ਹੈ ਤਾਂ ਚੇਤਾ ਕਰਵਾਉਣ ਵਾਲਿਆਂ ਨੂੰ ਵੀ ਅਸੱਭਿਅਕ ਸ਼ਬਦ ਬੋਲਦਾ ਹੈ, ਉਸ ਦੀ ਝਲਕ ਹੇਠਾਂ ਵਿਖਾਈ ਗਈ ਹੈ।

[ਨੋਟ ੨- ਜਿਸ ਬਿਕ੍ਰਮੀ ਕੈਲੰਡਰ ਨੂੰ ਇਹ ਬਿਲਕੁਲ ਛੱਡਣਾ ਨਹੀਂ ਚਾਹੁੰਦੇ ਜੇ ਉਸੇ ਕੈਲੰਡਰ ਦੀ ਤਿਥ ਸ: ਸਰਬਜੀਤ ਸਿੰਘ ਨੇ ਲਿਖ ਦਿੱਤੀ ਤਾਂ ਉਸ ਨੂੰ ਭਈਆ ਦੂਜ ਦਾ ਪੂਜਾਰੀ ਦੱਸ ਰਿਹਾ ਹੈ। ਸ਼ਬਦ ਤਿਥਾਂ ਦੇ ਪੂਜਾਰੀ ਉਨ੍ਹਾਂ ਲਈ ਵਰਤਣਾ ਤਾਂ ਜਾਇਜ਼ ਹੋ ਸਕਦਾ ਹੈ ਜਿਹੜੇ ਤਿਥਾਂ ਵਾਲੇ ਕੈਲੰਡਰ ਨੂੰ ਛੱਡਣਾ ਨਹੀਂ ਚਾਹੁੰਦੇ ਭਈਆ ਦੂਜ ਦਾ ਪੂਜਾਰੀ ਸਰਬਜੀਤ ਸਿੰਘ ਨੂੰ ਕਹਿ ਰਿਹਾ ਹੈ ਜੋ ਇਨ੍ਹਾਂ ਤਿਥਾਂ ਦਾ ਖਹਿੜਾ ਛੱਡ ਕੇ ਪ੍ਰਵਿਸ਼ਟਿਆਂ ਨੂੰ ਪਹਿਲ ਦੇਣਾ ਲੋਚਦਾ ਹੈ, ਪਰ ਇਸ ਨੇ ਜੋ ਆਪਣੇ ਆਪ ਨੂੰ ਸਮਝਣਾ ਸੀ, ਉਹ ਹੋਰਾਂ ਨੂੰ ਕਹਿ ਰਿਹਾ ਹੈ। ਇਹ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ।

(੨) ਪਾਲ ਸਿੰਘ ਪੁਰੇਵਾਲ ਦੇ Nanakshahi Calendar 632 ਸਾਲ ਵਿੱਚ ਨਾਨਕਸਾਹੀ ਸੰਮਤ (N.S.) ਕਿਹੜੇ ਸਾਲ ਪਾਇਆ ਗਿਆ। ਪਿਛਲੀ ਜੰਤਰੀ JANTRI 500 YEARS (1469-1999) ਵੇਲੇ ਗੁਰੂ ਨਾਨਕ ਦੇਵ ਜੀ ਦਾ ਆਗਮਨ ਨਹੀਂ ਹੋਇਆ ਸੀ ਕਿ ਨਹੀਂ ? ਇਸੇ ਲਈ ਸੰਗਤ ਟੀ:ਵੀ: ਨਾਲ ਇਟਰਵੀਓ ਸਮੇ ਸ਼ਪੱਸ਼ਟ ਕਰ ਦਿਤਾ ਸੀ ਕਿ ਨੱਕਲੀ ਨਾਨਕਸਾਹੀ ਕੈਲੰਡਰ-ਸੰਮਤ ਗੁਮਰਾਹ ਕਰਨ ਵਾਲਾ ਟੋਟਕਾ ਹੈ, ਇਤਿਹਾਸ ਨਹੀਂ। ਇਸ ਬਾਰੇ ਜ਼ੁਬਾਨ ਬੋਲਣ ਤੋ ਕਿਉਂ ਝਿਜਕ ਰਹੀ ਹੈ।

(੩) ਸ਼ਰੋਮਣੀ ਕਮੇਟੀ ਅਤੇ ਸਿੰਘ ਬਰਦਰਜ ਵੱਲੋਂ ਛਾਪੀਆਂ ਜੰਤਰੀਆਂ ੫ ਜਨਵਰੀ ੨੧ ਪੋਹ ਹੀ ਦੱਸਦੀਆਂ ਹਨ, ੨੩ ਪੋਹ ੭ ਜਨਵਰੀ ਦੱਸਦੀਆਂ ਹਨ। ਸਬੂਤ ਨੰਥੀ ਹਨ।

(੪) ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਪੋਹ ਸੁਦੀ ੭ ਹੈ, ਯਾਂ ੫ ਜਨਵਰੀ, ਯਾ ੨੩ ਪੋਹ ?

(੫) ਪਾਲ ਸਿੰਘ ਪੁਰੇਵਾਲ ਦੀ ਆਖਰ ਵਿੱਚ ੨ ਮਿੰਟ ਦੀ ਵੀਡੀਓ ਕਿਉਂ ਅਨਸੁਣੀ ਕਰ ਦਿਤੀ ਜਿਸ ਵਿੱਚ ਉਹ ਆਪਣੀਆਂ ਨਿਸ਼ਚਿਤ ਕੀਤੀਆਂ ਫਰਜੀ ਤਾਰੀਖ਼ਾਂ ਦਾ ਖੰਡਨ ਕਰਕੇ ਦੁਨੀਆ ਤੋ ਰੁਕਸਤ ਹੋਏ।

ਪਹਿਲਾਂ ਤੋਲੋ ਫੇਰ ਬੋਲੋ :Look Before You Leap.

ਅਕਾਲ ਤੱਖ਼ਤ ਸਾਹਿਬ ਤੇ ਗੋਸ਼ਟ ਕਰਨ ਲਈ ਕੋਈ ਸਾਥੀ ਬਚਿਆਂ ਕਿ ਨਹੀਂ ?

ਗੁਰਮੀਤ ਸਿੰਘ ਨਾਲ ਗੱਲ-ਬਾਤ ਕਰਕੇ ਸਮਾਂ ਨਿਸ਼ਚਿਤ ਕਰ ਲਵੋ।

ਅਨੁਰਾਗ ਸਿੰਘ  ੧੦.੧.੨੦੨੩।।

[ਨੋਟ- ਜਿਸ ਹਰਜਿੰਦਰ ਸਿੰਘ ਦਿਲਗੀਰ ਦਾ ਇਹ ਜਿਕਰ ਕਰ ਰਿਹਾ ਹੈ ਉਸ ਦੀ ਪੂਰੀ ਹਿਸਟਰੀ ਸ: ਅਜੀਤ ਸਿੰਘ ਸਹੋਤਾ ਕੈਨੇਡਾ ਵਾਲੇ ਤੋਂ ਸੁਣੀ ਜਾ ਸਕਦੀ ਹੈ। ਇਸ ਨੂੰ ਆਪਣੇ ਗਿਆਨ ਦਾ ਏਨਾਂ ਹੰਕਾਰ ਹੈ ਕਿ ਇਹ ਵਾਰ ਵਾਰ ਆਪਣਾ ਚੈਲੰਜ ਦੁਹਰਾਉਂਦਾ ਹੈ ਕਿ ਜਿਹੜਾ ਪੁਰੇਵਾਲ ਦੀਆਂ ਤਾਰੀਖ਼ਾਂ ਨੂੰ ਸਹੀ ਸਿੱਧ ਕਰ ਦੇਵੇ ਅਤੇ ਇਹ ਸਿੱਧ ਕਰ ਦੇਵੇ ਕਿ ਪੁਰੇਵਾਲ ਦਾ ਕੈਲੰਡਰ ਸਾਕਾ ਕੈਲੰਡਰ ਦੀ ਹੂਬਹੂ ਨਕਲ ਨਹੀਂ ਹੈ ਉਸ ਨੂੰ ਉਹ ਪੰਜ ਲੱਖ ਰੁਪਏ ਇਨਾਮ ਦੇਵੇਗਾ। ਜਦੋਂ ਸ: ਸਰਬਜੀਤ ਸਿੰਘ ਲਿਖ ਦਿੰਦਾ ਹੈ (ੳ) ਆਪਣੀ ਫੇਸ ਬੁੱਕ ਤੋਂ ਮੈਨੂੰ ਅਨਬਲਾਕ ਕਰਨ (ਅ) ਇਨਾਮ ਦੇਣ ਦੀ ਗਰੰਟੀ ਦੇਣ ਤਾਂ ਉਸ ਨੂੰ ਦਿਲਗੀਰ ਜੀ ਦਾ ਚੈਲੰਜ ਪ੍ਰਵਾਨ ਹੈ ਤਾਂ ਚੇਤਾ ਕਰਵਾਉਣ ਵਾਲਿਆਂ ਨੂੰ ਵੀ ਅਸੱਭਿਅਕ ਸ਼ਬਦ ਬੋਲਦਾ ਹੈ, ਉਸ ਦੀ ਝਲਕ ਹੇਠਾਂ ਵਿਖਾਈ ਗਈ ਹੈ।

ਡਾ: ਹਰਜਿੰਦਰ ਦਿਲਗੀਰ ਜਿਨ੍ਹਾਂ ਨੂੰ ਹਮੇਸ਼ਾਂ ਡਾਕਟਰ ਸਹਿਬ ਜਾਂ ਦਿਲਗੀਰ ਜੀ ਲਿਖ ਕੇ ਸੰਬੋਧਨ ਕੀਤਾ ਜਾਂਦਾ ਹੈ ਉਸ ਦੀ ਈ-ਮੇਲ ’ਤੇ ਲਿਖੀ ਭਾਸ਼ਾ ਦੇ ਦਰਸ਼ਨ ਕਰੋ ਜੀ:

ਸ਼ਰਮ ਕਰੋ 

ਪੁਰੇਵਾਲ ਦੀ ਸਸਤੀ ਭੇਡ ਨਾ ਬਣੋ

ਸਰਬਜੀਤ ਦੇ ਬਿਆਨ ਦਾ ਜਵਾਬ ਸਪੋਕਸਮੈਨ ਵਿਚ ਹੀ ਦਿਤਾ ਜਾ ਚੁਕਾ ਹੈ

ਤੁਸੀਂ ਉਸ ਦੇ ਚਮਚੇ ਬਣੇ ਹੋ ਜੋ ਗੱਲ ਟਾਲ ਰਿਹਾ ਹੈ।

ਮੈਂ ਕਿਹਾ ਹੈ ਕਿ ਭਾਰਤ ਸਰਕਾਰ ਦੇ ਸਾਕਾ ਤੇ ਪੁਰੇਵਾਲ ਦੇ ਕੇਲੰਡਰ ਦੇ ਫ਼ਰਕ ਦੀ ਤਸਵੀਰ ਛਾਪੋ। ਇਹ ਬਹਿਸ ਦਾ ਵਿਸ਼ਾ ਨਹੀਂ। 

ਉਹ ਜਵਾਬ ਟਾਲਣ ਵਾਸਤੇ ਬਹਿਸ ਕਰਨ ਵਾਸਤੇ ਕਹਿ ਰਿਾ ਹੈ

ਤੁਸੀਂ ਉਸ ਦੀ ਭੇਡ ਬਣ ਰਹੇ ਹੋ

ਨੀਚਤਾ ਬੰਦ ਕਰੋ

[ਡਾ: ਹਰਜਿੰਦਰ ਸਿੰਘ ਦਿਲਗੀਰ ਦਾ ਇੱਕ ਹੋਰ ਝੂਠ ਫੜਿਆ ਗਿਆ ਹੈ, ਉਸ ਦਾ ਗੋਲ਼ ਮੋਲ਼ ਜਵਾਬ ਤਾਂ ਸਪੋਕਸਮੈਨ ਦੇ 12 ਜਨਵਰੀ ਅੰਕ ’ਚ ਛਪਿਆ ਹੈ ਪਰ 10 ਜਨਵਰੀ ਨੂੰ ਹੀ ਉਕਤ ਝੂਠ ਅਤੇ ਗੰਦੀ ਭਾਸ਼ਾ ਲਿਖ ਰਿਹਾ ਹੈ। ਕੀ ਇਹ ਵਿਅਕਤੀ ਪੀਐੱਚਡੀ ਡਾਕਟਰ ਜਾਂ ਸਾਬਕਾ ਪ੍ਰੋਫੈਸਰ ਕਹਾਉਣ ਦੇ ਯੋਗ ਹੈ ਜਾਂ ਕਿਸੇ ਚਰਚਾ ’ਚ ਭਾਗ ਲੈਣ ਦੇ ਕਾਬਲ ਹੈ? ਜੇ ਇਹ ਆਪਣੀ ਫੇਸ ਬੁੱਕ ਪੇਜ ’ਤੇ ਇਨਾਮ ਦੇਣ ਦਾ ਚੈਲੰਜ ਕਰ ਸਕਦਾ ਹੈ ਤਾਂ ਸਰਬਜੀਤ ਸਿੰਘ ਵੱਲੋਂ ਈ-ਮੇਲ ’ਤੇ ਚੈਲੰਜ ਪ੍ਰਵਾਨ ਕਰਨ ਦੇ ਸੱਦੇ ਦਾ ਉਸ ਨੂੰ ਈ-ਮੇਲ ਰਾਹੀਂ ਜਵਾਬ ਕਿਉਂ ਨਹੀਂ ਦੇ ਸਕਦਾ?]

ਕੈਲੰਡਰ ਦਾ ਇੱਕ ਹੋਰ ਵਿਦਵਾਨ ਕਰਨਲ ਸੁਰਜੀਤ ਸਿੰਘ ਨਿਸ਼ਾਨ ਜੋ ਆਪਣੇ ਆਪ ਨੂੰ M.Sc. (Math.; Estronomy) ਲਿਖਦਾ ਹੈ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਚੁਣੌਤੀ ਦੇ ਕੇ ਇੱਕ ਲੱਖ ਰੁਪਏ ਦੇਣ ਦਾ ਐਲਾਨ ਕਰਦਾ ਹੈ ਉਸ ਦੀ ਚੁਣੌਤੀ ਪ੍ਰਵਾਨ ਕੀਤੇ ਜਾਣ ’ਤੇ ਸਵਾਲਾਂ ਨੂੰ ਟਾਲਦਾ ਹੈ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬਹਿਸ ਕਰਨ ਲਈ ਕਹਿੰਦਾ ਹੈ। ਉਸ ਨੇ “ਗੁਰਪੁਰਬ ਦਰਪਣ” ਨਾਮ ਦੀ ਇੱਕ ਪੁਸਤਕ ਲਿਖੀ ਜੋ ਸੰਤ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਵਾਲਿਆਂ ਨੇ ਦਸੰਬਰ 2016 ’ਚ ਛਪਵਾਈ; ਜਿਸ ਵਿੱਚ 2015 ਤੋਂ 2100 ਤੱਕ ਗੁਰਪੁਰਬਾਂ ਦੀਆਂ ਤਾਰੀਖ਼ਾਂ ਦਿੱਤੀਆਂ ਹਨ। ਸ: ਪਾਲ ਸਿੰਘ ਪੁਰੇਵਾਲ ਨੇ ਪੁਸਤਕ ਛਪਣ ਦੇ ਤੁਰੰਤ ਬਾਅਦ ਸਿਆਟਲ ਵਿਖੇ ਕੀਤੇ ਸੈਮੀਨਾਰ ’ਚ ਕਰਨਲ ਨਿਸ਼ਾਨ ਨੂੰ ਚੈਲੰਜ ਕਰ ਦਿੱਤਾ ਕਿ ਜੇ ਉਹ ਬੰਦੀ ਛੋਡ ਦਿਵਸ ਦੀਆਂ 100% ਤਾਰੀਖ਼ਾਂ ਸਹੀ ਸਿੱਧ ਕਰ ਦੇਵੇ ਤਾਂ ਉਸ ਨੂੰ 5 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ; ਜੇ  90% ਸਹੀ ਹੋਣ  ਤਾਂ 4 ਲੱਖ, 80% ਸਹੀ ਹੋਣ ਤਾਂ 3 ਲੱਖ,  70% ਸਹੀ ਹੋਣ ਤਾਂ 2 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ 2018 ’ਚ ਗਲਤ ਸੀ, ਆਗਮਨ ਪੁਰਬ ਭਗਤ ਨਾਮਦੇਵ ਜੀ 2021 ਸੀਈ ’ਚ ਗਲਤ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 2030 ’ਚ ਗਲਤ ਹੋਵੇਗਾ। ਜਿਹੜੀਆਂ ਤਾਰੀਖ਼ਾਂ ਪ੍ਰਵਿਸ਼ਟਿਆਂ  ਅਨੁਸਾਰ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ ਉਹ ਉਸ ਨੇ ਲਿਖੀਆਂ ਹੀ ਨਹੀਂ ਕਿਉਂਕਿ ਉਹ ਇਸ ਨੂੰ ਕੱਢਣੀਆਂ ਹੀ ਨਹੀਂ ਆਉਂਦੀਆਂ। ਕਰਨਲ ਨਿਸ਼ਾਨ ਅਤੇ ਸੰਤ  ਸੇਵਾ ਸਿੰਘ ਦੋਵਾਂ ਨੂੰ ਹੀ ਕਈ ਵਾਰ ਨਿੱਜੀ ਤੌਰ ’ਤੇ ਸੰਪਰਕ ਕਰਕੇ ਚੁਣੌਤੀ ਪ੍ਰਵਾਨ ਕਰਨ ਲਈ ਬੇਨਤੀ ਕੀਤੀ ਗਈ ਸੀ ਪਰ ਦੋਵੇਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਨਿਤਾਰਾ ਕਰਨ ਦੀ ਗੱਲ ਕਰਕੇ ਟਾਲ਼ ਰਹੇ ਹਨ।

ਮੈਨੂੰ ਜਾਪਦਾ ਹੈ ਕਿ ਉਕਤ ਸਾਰੇ ਵਿਦਵਾਨ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਫੈਸਲਾ ਕਰਨ ਦੀ ਗੱਲ ਇਸ ਕਾਰਨ ਕਰ ਰਹੇ ਹਨ ਕਿਉਂਕਿ ਇਨ੍ਹਾਂ ਨੂੰ ਭਲੀਭਾਂਤ ਪਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀਆਂ ਦੇ ਕਹੇ ਕਿਸੇ ਨੇ ਅਕਾਲ ਤਖ਼ਤ ’ਤੇ ਮੀਟਿੰਗ ਨਹੀਂ ਬੁਲਾਉਣੀ। ਇਨ੍ਹਾਂ ਵੱਲੋਂ ਸ: ਪਾਲ ਸਿੰਘ ਪੁਰੇਵਾਲ ਅਤੇ ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀਆਂ ਲਈ ਵਰਤੀ ਜਾਂਦੀ ਗੰਦੀ ਤੋਂ ਗੰਦੀ ਭਾਸ਼ਾ ਵੀ ਸੰਕੇਤ ਦਿੰਦੀ ਹੈ ਇਹ ਹਿਮਾਇਤੀਆਂ ਨੂੰ ਉਕਸਾ ਰਹੇ ਤਾ ਕਿ ਉਹ ਵੀ ਇਸੇ ਤਰ੍ਹਾਂ ਦੀ ਭਾਸ਼ਾ ਵਰਤਣ ਲੱਗ ਜਾਣ ਤਾ ਕਿ ਸ੍ਰੋਮਣੀ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਹ ਕਹਿਣ ਦਾ ਬਹਾਨਾ ਬਣ ਜਾਵੇ ਕਿ ਦੋਵਾਂ ਧਿਰਾਂ ਦੀ ਸਾਂਝੀ ਮੀਟਿੰਗ ਕਿਸ ਤਰ੍ਹਾਂ ਕਰਵਾਈਏ, ਜੇ ਇਨ੍ਹਾਂ ਨੂੰ ਇਕੱਠੇ ਬਿਠਾ ਲਿਆ ਤਾਂ ਇਹ ਉੱਥੇ ਹੀ ਲੜ ਪੈਣਗੇ ਜਿਨ੍ਹਾਂ ਨੂੰ ਛੁਡਾਉਣਾ ਹੀ ਮੁਸ਼ਕਿਲ ਹੋ ਜਾਵੇਗਾ।

ਅਨੁਰਾਗ ਸਿੰਘ ਦੀ ਉਕਤ ਪੰਜਾਬੀ ਲਿਖਤ ਪੜ੍ਹ ਕੇ ਹਰ ਕੋਈ ਸਮਝ ਸਕਦਾ ਹੈ ਕਿ ਇਸ ਨੂੰ ਚੰਗੀ ਤਰਾਂ ਪੰਜਾਬੀ ਭਾਸ਼ਾ ਦਾ ਵੀ ਗਿਆਨ ਨਹੀਂ। ਹੁਣ ਤੁਸੀਂ ਹੀ ਦੱਸੋ ਕਿ ਇਹ ਆਪਣੀਆਂ ਇਨ੍ਹਾਂ ਪੋਸਟਾਂ ’ਚ ਕਹਿਣਾ ਕੀ ਚਾਹੁੰਦਾ ਹੈ ਤੇ ਇਸ ਨੂੰ ਕੋਈ ਕੀ ਜਵਾਬ ਦੇਵੇ ?

ਅਕਾਲ ਤਖ਼ਤ ’ਤੇ ਹੋਣ ਵਾਲੀ ਸੰਭਾਵੀ ਮੀਟਿੰਗ ਲਈ ਮੈਂ ਆਪਣੇ ਵੱਲੋਂ ਸਹਿਮਤੀ ਦੇ ਦਿੱਤੀ ਸੀ ਤੇ ਸਾਡੀ ਟੀਮ ਦੇ ਸੁਝਾਏ ਗਏ 7 ਮੈਂਬਰਾਂ ਦੇ ਨਾਵਾਂ ਦੀ ਸੂਚੀ ਵੀ ਤੁਹਾਨੂੰ ਭੇਜ ਦਿੱਤੀ ਸੀ। ਮੇਰਾ ਯਕੀਨ ਹੈ ਕਿ ਜੇ ਤੁਸੀਂ ਮੇਰੇ ਸੁਝਾਅ ਮੁਤਾਬਕ ਉਨ੍ਹਾਂ ਸਾਰਿਆਂ ਨਾਲ ਸੰਪਰਕ ਕਰੋ ਤਾਂ ਕਥਾਕਾਰਾਂ ਅਤੇ ਫੇਸਬੁਕ ਉੱਤੇ ਅਣਜਾਣ ਅਤੇ ਅਹੰਕਾਰੀ ਬੰਦਿਆਂ ਵੱਲੋਂ ਸਿੱਖ ਵਿਦਵਾਨਾਂ ਪ੍ਰਤੀ ਐਸੀ ਖੇਹ-ਖਪਾਈ ਬੰਦ ਹੋ ਸਕਦੀ ਹੈ ਜੇ ਹੁਣ ਵੀ ਮੀਟਿੰਗ ਤੈਅ ਨਹੀਂ ਹੋਈ ਤਾਂ ਹਰ ਕੋਈ ਸਮਝੇਗਾ ਕਿ ਇਹ ਸਭ ਸ਼੍ਰੋਮਣੀ ਕਮੇਟੀ ਹੀ ਕਰਾ ਰਹੀ ਹੈ।

ਕੀ ਤੁਹਾਨੂੰ ਨਹੀਂ ਲੱਗਦਾ ਕਿ ਅਜਿਹੇ ਅਖੌਤੀ ਕੈਲੰਡਰ ਵਿਦਵਾਨਾਂ ਦਾ ਇੱਕੋ ਇਕ ਟੀਚਾ ਸ: ਪਾਲ ਸਿੰਘ ਪੁਰੇਵਾਲ ਜਿਸ ਨੇ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਝੋਲ਼ੀ ਪਾਇਆ ਉਨ੍ਹਾਂ ਨੂੰ ਵੱਧ ਤੋਂ ਵੱਧ ਬਦਨਾਮ ਕਰਨ ਦੀ ਹੈ। ਉਨ੍ਹਾਂ ਨਾਲ਼ ਸਹਿਮਤੀ ਰੱਖਣ ਵਾਲੇ ਸਿੱਖਾ ਪ੍ਰਤੀ ਕੁਬੋਲ ਬੋਲੇ ਜਾਂਦੇ ਹਨ।

ਇਕ ਵਾਰ ਸਪੋਕਸਮੈਨ ਦੇ ਕਿਸੇ ਲੇਖ ਵਿੱਚ ਛਪ ਗਿਆ ਸੀ ਕਿ ਅਠਾਰਵੀਂ ਸਦੀ ’ਚ ਸਿੱਖਾਂ ਨੂੰ ਜਿਆਦਾ ਸਮਾਂ ਮਜਬੂਰੀ ਵੱਸ ਜੰਗਲਾਂ ’ਚ ਰਹਿਣਾ ਪਿਆ ਸੀ ਜਿਸ ਕਾਰਨ ਉਨ੍ਹਾਂ ਦਾ ਵਰਤੋਂ ਵਿਹਾਰ ਤੇ ਭਾਸ਼ਾ ਵੀ ਜੰਗਲੀ ਲੋਕਾਂ ਵਰਗੀ ਹੋ ਗਈ। ਇਹ ਸ਼ਬਦ ਲਿਖੇ ਜਾਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਪੋਕਸਮੈਨ ਦੇ ਮੁੱਖ ਸੰਪਾਦਕ ਜੋਗਿੰਦਰ ਸਿੰਘ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਸੀ। ਮੈਨੂੰ ਹੈਰਾਨੀ ਹੈ ਕਿ ਉਹ ਤਾਂ 18ਵੀ ਸਦੀ ਦੀ ਗੱਲ ਸੀ ਇਹ ਤਾਂ 21ਵੀਂ ਸਦੀ ’ਚ ਵੀ ਬਿਲਕੁਲ ਉਸੇ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ ਤਾਂ ਕੀ ਅੱਜ ਵਾਲੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਨ੍ਹਾਂ ਪ੍ਰਤੀ ਕੋਈ ਕਦਮ ਪੁੱਟਣਗੇ ?

ਪੰਥਕ ਹਿਤੂ ਅਤੇ ਆਪ ਜੀ ਦਾ ਸ਼ੁਭਚਿੰਤਕ

 ਮਿਤੀ: ੧੩ ਜਨਵਰੀ ਸੰਨ ੨੦੨੩ (NS)                                                ਕਿਰਪਾਲ ਸਿੰਘ ਬਠਿੰਡਾ।

   ੩੧ ਦਸੰਬਰ ਸੰਨ ੨੦੨੨ (OS)                                            ਸੰਪਰਕ ਨੰ: ੮੮੩੭੮-੧੩੬੬੧

 ੨੯ ਪੋਹ, ਬਿਕ੍ਰਮੀ ਸੰਮਤ ੨੦੭੯                                E-mail ID Kirpalsinghbathinda@gmail.com
       ਮਾਘ ਵਦੀ ੬, ਬਿਕ੍ਰਮੀ ਸੰਮਤ ੨੦੭
       ਨਾਨਕਸ਼ਾਹੀ ੧ ਮਾਘ ਸੰਮਤ ੫੫੪       
ਉਪਰੋਕਤ ਦੀ ਇੱਕ ਇੱਕ ਨਕਲ ਅਗੇਤਰੀ ਕਾਰਵਾਈ ਲਈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਭੇਜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਜਿਸ ਤਰ੍ਹਾਂ ਸੱਚ ਦੀਆਂ ਸਟੇਜਾਂ ’ਤੋਂ ਕਥਾਕਾਰ ਅਤੇ ਵਿਦਵਾਨ ਆਪਣੀਆਂ ਲਿਖਤਾਂ ਰਾਹੀਂ ਆਪਣੇ ਵਿਰੋਧੀ ਵੀਚਾਰ ਵਾਲਿਆਂ ਨੂੰ ਸੱਚ ਤੋਂ ਦੂਰ ਦੀਆਂ ਦਲੀਲਾਂ ਨਾਲ ਬਦਨਾਮ ਕਰ ਰਹੇ ਹਨ ਇਸ ਨਾਲ ਅੰਤਰਾਸ਼ਟਰੀ ਪੱਧਰ ’ਤੇ ਸਮੁੱਚੇ ਸਿੱਖ ਜਗਤ ਦੀ ਬਦਨਾਮੀ ਹੋ ਰਹੀ ਹੈ ਕਿ ਸਿੱਖ ਕੈਸੇ ਉਜੱਡ ਲੋਕ ਹਨ ਜਿਹੜੇ ਗਿਆਨ ਤੋਂ ਕੋਰੇ ਅਤੇ ਬੋਲ ਚਾਲ ’ਚ ਬਦਤਮੀਜ਼ ਹਨ। ਇਸ ਵਰਤਾਰੇ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਜੀ।