ਬਿਬੇਕ ਬੁੱਧੀ

0
209

ਬਿਬੇਕ ਬੁੱਧੀ

 ਗਿਆਨੀ ਸੁਖਵਿੰਦਰ ਸਿੰਘ (ਗੁਰਦੁਆਰਾ ਬਾਲਾ ਸਾਹਿਬ, ਦਿੱਲੀ) 98990-70841

ਅਕਾਲ ਪੁਰਖ ਨੇ ਜਿੱਥੇ ਜੀਵਾਂ ਨੂੰ ਬੇਅੰਤ ਦਾਤਾਂ ਦੇ ਨਾਲ ਨਿਵਾਜ਼ਿਆ ਹੈ ਉੱਥੇ ਸਭ ਤੋਂ ਚੰਗੀ ਦਾਤ ਇਸ ਮਨੁੱਖ ਨੂੰ ਬਿਬੇਕ ਬੁੱਧੀ ਬਖਸ਼ਿਸ਼ ਕੀਤੀ ਹੈ, ਜਿਸ ਕਰਕੇ ਮਨੁੱਖ ਨੇ ਧਾਰਮਿਕ, ਰਾਜਨੀਤਿਕ, ਆਰਥਿਕ ਤੇ ਵਿਗਿਆਨ ਦੇ ਖੇਤਰ ਵਿੱਚ ਮੱਲਾਂ ਮਾਰੀਆਂ ਹਨ। ਅਸਲ ਵਿੱਚ ਬੁੱਧੀ ਉਹ ਅੰਦਰਲੀ ਸ਼ਕਤੀ ਹੈ, ਜੋ ਗੱਲ ਨੂੰ ਸਮਝਦੀ, ਹਾਲਾਤ ਦਾ ਜਾਇਜ਼ਾ ਲੈਂਦੀ, ਨਿਰਣਾ ਕਰਦੀ ਤੇ ਸਮੱਸਿਆਵਾਂ ਦਾ ਹੱਲ ਭਾਲਦੀ ਹੈ।

ਬੁੱਧੀ ਨਾਲ ਮਿਲਦਾ ਜੁਲਦਾ ਸੰਕਲਪ ਸਿਆਣਪ ਦਾ ਹੈ। ਫ਼ਰਕ ਇਹ ਹੈ ਕਿ ਬੁੱਧੀ ਕੁਦਰਤੀ ਤੌਰ ’ਤੇ ਸਾਨੂੰ ਪ੍ਰਾਪਤ ਹੁੰਦੀ ਹੈ ਤੇ ਸਿਆਣਪ ਜ਼ਿੰਦਗੀ ਦੇ ਤਜ਼ਰਬਿਆਂ ’ਚੋਂ ਉਪਜਦੀ ਹੈ, ਪਰ ਇਹ ਦੋਨੋਂ ਪੁੱਠੇ ਪਾਸੇ ਵੀ ਤੁਰ ਸਕਦੀਆਂ ਹਨ। ਜਦ ਬੁੱਧੀ ਤੇ ਸਿਆਣਪ ਪੁੱਠੇ ਪਾਸੇ ਤੁਰ ਪੈਣ ਤਾਂ ਔਗੁਣ ਪੈਦਾ ਹੁੰਦੇ ਹਨ, ਜੋ ਮਗਰੋਂ ਪਛਤਾਵੇ ਪੈਦਾ ਕਰਦੇ ਹਨ। ਗੁਰੂ ਵਾਕ ਹੈ ‘‘ਬੁਧਿ ਵਿਸਰਜੀ ਗਈ ਸਿਆਣਪ; ਕਰਿ ਅਵਗਣ ਪਛੁਤਾਇ ’’ (ਮਹਲਾ /੭੬)

ਬੇਸਮਝ ਬੁੱਧੀ ਭ੍ਰਸ਼ਟ ਹੋ ਜਾਂਦੀ ਹੈ ਤੇ ਉਸ ਵਿੱਚ ਹੀ ਹਰ ਪ੍ਰਕਾਰ ਦੇ ਵਿਕਾਰ ਪੈਦਾ ਹੁੰਦੇ ਹਨ ‘‘ਮਤਿ ਬੁਧਿ ਭਵੀ, ਬੁਝਈ; ਅੰਤਰਿ ਲੋਭ ਵਿਕਾਰੁ ’’ (ਮਹਲਾ /੨੭) ਐਸੀ ਬੁੱਧੀ ਮਨੁੱਖ ਨੂੰ ਬੰਧਨਾਂ ਵਿਚ ਪਾਈ ਰੱਖਦੀ ਹੈ ਤੇ ਅੰਤ ਕਾਲ ਤੱਕ ਸਮਝ ਨਹੀਂ ਆਉਣ ਦੇਂਦੀ। ਗੁਰ ਵਾਕ ਹੈ ‘‘ਜਿਉ ਉਲਝਾਇਓ ਬਾਧ ਬੁਧਿ ਕਾ; ਮਰਤਿਆ ਨਹੀ ਬਿਸਰਾਨੀ ’’ (ਮਹਲਾ /੨੪੨)

ਗੁਰੂ ਦੀ ਸਿੱਖਿਆ ਪ੍ਰਾਪਤ ਹੋਵੇ ਤਾਂ ਖੋਟੀ ਬੁੱਧੀ ਮਿਟਦੀ ਹੈ ਤੇ ਪ੍ਰਕਾਸ਼ਵਾਨ ਬੁੱਧੀ ਜਾਗਦੀ ਹੈ, ਜਿਸ ਆਸਰੇ ਭਵਜਲ ਸੰਸਾਰ ਤਰ ਕੇ ਲੰਘਿਆ ਜਾ ਸਕਦਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਦੁਰਮਤਿ ਮੇਟਿ, ਬੁਧਿ ਪਰਗਾਸੀ; ਜਨ ਨਾਨਕ  ! ਗੁਰਮੁਖਿ ਤਾਰੀ ’’ (ਮਹਲਾ /੪੯੫), ਇਸ ਲਈ ਹੁਣ ਪ੍ਰਸ਼ਨ ਉੱਠਦਾ ਹੈ ਕਿ ਉਹ ਕੈਸੀ ਬੁੱਧੀ ਹੈ, ਜਿਸ ਨਾਲ ਮਨ ਟਿਕਦਾ ਹੈ ‘‘ਕਵਨ ਬੁਧਿ ਜਿਤੁ ਅਸਥਿਰੁ ਰਹੀਐ  ? ਕਿਤੁ ਭੋਜਨਿ ਤ੍ਰਿਪਤਾਸੈ ’’ (ਮਹਲਾ /੯੪੫)

ਇਹ ਅਕਾਲ ਪੁਰਖ ਅੱਗੇ ਪੂਰਨ ਆਤਮ ਸਮਰਪਣ ਵਾਲ਼ੀ ਬੁੱਧੀ ਹੈ, ਜਿਸ ਨਾਲ ਔਗੁਣਾਂ ਦੀ ਪੋਟਲੀ ਲੱਥ ਜਾਂਦੀ ਹੈ ਤੇ ਨਿਰਭੈਤਾ ਪ੍ਰਾਪਤ ਹੁੰਦੀ ਹੈ। ਜੈਸਾ ਕਿ ਗੁਰ ਵਾਕ ਹੈ ‘‘ਮਨੁ ਤਨੁ ਬੁਧਿ ਅਰਪੀ ਠਾਕੁਰ ਕਉ; ਤਬ ਹਮ ਸਹਜਿ () ਸੋਏ ਜਉ ਲਉ ਪੋਟ ਉਠਾਈ ਚਲਿਅਉ; ਤਉ ਲਉ ਡਾਨ ਭਰੇ ਪੋਟ ਡਾਰਿ ਗੁਰੁ ਪੂਰਾ ਮਿਲਿਆ; ਤਉ ਨਾਨਕ ਨਿਰਭਏ ’’ (ਮਹਲਾ /੨੧੪)

ਮਨੁੱਖੀ ਬੁੱਧੀ; ਜ਼ਿੰਦਗੀ ਵਿੱਚ ਇਕਸਾਰ ਨਹੀਂ ਰਹਿੰਦੀ, ਇਹ ਬਦਲਦੀ ਰਹਿੰਦੀ ਹੈ। ਇਹ ਵਿਸਰਜਿਤ ਵੀ ਹੁੰਦੀ ਹੈ ਤੇ ਭ੍ਰਸ਼ਟ ਵੀ ਹੁੰਦੀ ਹੈ। ਬਾਲਕ ਦੀ ਬੁੱਧੀ ਮਸੂਮ ਬੁੱਧੀ ਹੁੰਦੀ ਹੈ, ਜਿਸ ਅੰਦਰ ਪਾਪ-ਪੁੰਨ ਦੀ ਕੋਈ ਲੇਸ ਨਹੀਂ ਲੱਗੀ ਹੁੰਦੀ। ਇਸੇ ਲਈ ਇਸ ਵਿੱਚ ਸੁੱਖ ਵਰਤਦਾ ਹੈ ‘‘ਪਾਇਓ ਬਾਲ ਬੁਧਿ ਸੁਖੁ ਰੇ ’’ (ਮਹਲਾ /੨੧੪)

ਜਿਉਂ ਜਿਉਂ ਬੱਚਾ ਵੱਡਾ ਹੁੰਦਾ ਹੈ ਦੁਨੀਆਂ ਉਸ ਨੂੰ ਸੰਸਾਰਕ ਬੁੱਧੀ ਸਿੱਖਾਲਣ ਲੱਗਦੀ ਹੈ। ਸੰਸਾਰੀਆਂ ਕੋਲੋਂ ਪ੍ਰਾਪਤ ਕੀਤੀ ਬੁੱਧੀ; ਚੰਚਲ, ਚਤੁਰ ਤੇ ਅਸਥਿਰ ਹੁੰਦੀ ਹੈ ‘‘ਚੰਚਲ ਚਪਲ ਬੁਧਿ ਕਾ ਖੇਲੁ ’’ (ਮਹਲਾ /੧੫੨)

ਇਹ ਜੇ ਮਲ਼ੀਨ ਹੋ ਜਾਏ ਤਾਂ ਇਸ ਅੰਦਰ ਅਹੰਕਾਰ ਉਤਪੰਨ ਹੋ ਜਾਂਦਾ ਹੈ ਤੇ ਇਹ ਅਹੰਬੁਧਿ ਹੋ ਜਾਂਦੀ ਹੈ। ਫਿਰ ਅਭਿਮਾਨੀ ਬੁੱਧੀ ਆਪਣੀਆਂ ਪ੍ਰਾਪਤੀਆਂ ਦੇ ਅਭਿਮਾਨ ਵਿਚ ਰਹਿੰਦੀ ਹੈ। ਭਗਤ ਰਵਿਦਾਸ ਜੀ ਇਸ ਗੱਲ ਦੀ ਪ੍ਰੋੜ੍ਹਤਾ ਕਰਦੇ ਹਨ ‘‘ਗਿਆਨੀ ਗੁਨੀ ਸੂਰ ਹਮ ਦਾਤੇ; ਇਹ ਬੁਧਿ ਕਬਹਿ ਨਾਸੀ ’’ (ਭਗਤ ਰਵਿਦਾਸ/੯੭੪)

ਐਸੀ ਅਭਿਮਾਨੀ ਬੁੱਧੀ ਕੋਈ ਗੁਣ ਗ੍ਰਹਿਣ ਨਹੀਂ ਕਰਨ ਦੇਂਦੀ, ਜਿਵੇਂ ਚੰਦਨ ਦੇ ਕੋਲ ਉੱਚਾ ਲੰਮਾ ਬਾਂਸ ਉਸ ਦੀ ਸੁਗੰਧ ਗ੍ਰਹਿਣ ਨਹੀਂ ਕਰ ਸਕਦਾ ਹਾਲਾਂਕਿ ਕੌੜਾ ਨਿੰਮ ਕਰ ਲੈਂਦਾ ਹੈ। ਗਾਥਾ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਜ਼ਿਕਰ ਕਰਦੇ ਹਨ ‘‘ਮੈਲਾਗਰ ਸੰਗੇਣ; ਨਿੰਮੁ ਬਿਰਖ ਸਿ ਚੰਦਨਹ ਨਿਕਟਿ ਬਸੰਤੋ ਬਾਂਸੋ; ਨਾਨਕ ! ਅਹੰ ਬੁਧਿ ਬੋਹਤੇ (ਮਹਲਾ /੧੩੬੦)

ਸੱਚ ਇਹ ਹੈ ਕਿ ਜਦੋਂ ਇਹ ਬੁੱਧੀ ਹੋਰ ਮਲ਼ੀਨ ਹੁੰਦੀ ਹੈ ਤਾਂ ਖੋਤੇ ਵਾਲੀ ਬੁੱਧੀ ਬਣ ਜਾਂਦੀ ਹੈ ‘‘ਇਕਨਾ ਨਾਦੁ ਬੇਦੁ ਗੀਅ ਰਸੁ; ਰਸੁ ਕਸੁ ਜਾਣੰਤਿ ਇਕਨਾ ਸਿਧਿ ਬੁਧਿ ਅਕਲਿ ਸਰ; ਅਖਰ ਕਾ ਭੇਉ ਲਹੰਤਿ ਨਾਨਕ ! ਤੇ ਨਰ ਅਸਲਿ ਖਰ; ਜਿ ਬਿਨੁ ਗੁਣ ਗਰਬੁ ਕਰੰਤ ’’ (ਮਹਲਾ /੧੪੧੧)

ਸੋ ਅਸੀਂ ਆਖ ਸਕਦੇ ਹਾਂ ਕਿ ਸੰਸਾਰੀ ਬੁੱਧੀ ਵਿਚ ਦੁਰਮਤਿ ਬੁੱਧੀ ਦਾ ਪਾਸਾਰਾ ਪਸਰਦਾ ਹੈ। ਦੂਜੇ ਪਾਸੇ ਦੁਰਮਤਿ ਬੁੱਧੀ ਦੇ ਨਾਸ਼ ਹੋਣ ’ਤੇ ਬਿਬੇਕ ਬੁੱਧੀ ਪੈਦਾ ਹੁੰਦੀ ਹੈ। ਬਿਬੇਕ ਬੁੱਧੀ ਉਹ ਬੁੱਧੀ ਹੈ, ਜਿਸ ਪਾਸ ਚੰਗੇ ਤੇ ਮੰਦੇ ਦੀ ਪਰਖ ਹੁੰਦੀ ਹੈ। ਐਸੀ ਬੁੱਧੀ ਸਤਸੰਗਤਿ ਤੋਂ ਪ੍ਰਾਪਤ ਹੁੰਦੀ ਹੈ ‘‘ਸਾਧਸੰਗਤਿ ਮਿਲਿ ਬੁਧਿ ਬਿਬੇਕ ’’ (ਮਹਲਾ /੩੭੭) ਜਾਂ ਫਿਰ ਗੁਰੂ ਦੀ ਕਿਰਪਾ ਦੁਆਰਾ ਉਸ ਦੇ ਦਿੱਤੇ ਹੋਏ ਗਿਆਨ ਤੋਂ ‘‘ਕਰਿ ਕ੍ਰਿਪਾ ਗੋਬਿੰਦਿ ਦੀਆ; ਗੁਰ ਗਿਆਨੁ ਬੁਧਿ ਬਿਬੇਕ ’’ (ਮਹਲਾ /੫੦੧), ਇਹ ਉਹ ਤੱਤ ਬੁੱਧੀ ਹੈ ਜੋ ਪ੍ਰਭੂ ਸਿਮਰਨ ਤੋਂ ਪ੍ਰਾਪਤ ਹੁੰਦੀ ਹੈ ‘‘ਪ੍ਰਭ ਕੈ ਸਿਮਰਨਿ (ਨਾਲ਼); ਗਿਆਨੁ ਧਿਆਨੁ ਤਤੁ ਬੁਧਿ ’’ (ਮਹਲਾ /੨੬੨)

ਇਸੇ ਨੂੰ ਬੁਧਿ ਪ੍ਰਗਾਸ ਆਖਿਆ ਹੈ, ਜਿਸ ਤੋਂ ਦੁਰਮਤਿ ਕਾਰਨ ਪ੍ਰਭੂ ਵੱਲੋਂ ਪੈਦਾ ਹੋਈ ਦੂਰੀ ਦਾ ਨਾਸ਼ ਹੁੰਦਾ ਹੈ। ਜਦ ਐਸੀ ਬੁੱਧੀ ਵਿਚ ਪ੍ਰਕਾਸ਼ ਹੁੰਦਾ ਹੈ ਤਾਂ ਜਮ ਦਾ ਡਰ ਦੂਰ ਹੋ ਜਾਂਦਾ ਹੈ ਕਿਉਂਕਿ ਐਸੀ ਬੁੱਧੀ ਵਾਲਾ ਜਮ ਨੂੰ ਸਿਰਜਣ ਵਾਲੇ ਵਾਹਿਗੁਰੂ ਦੇ ਸਿਮਰਨ ਵਿੱਚ ਮਸਤ ਹੋਇਆ ਵੇਖਦਾ ਹੈ । ਭਗਤ ਕਬੀਰ ਸਾਹਿਬ ਫ਼ੁਰਮਾਉਂਦੇ ਹਨ ‘‘ਕਬੀਰ  ! ਮੇਰੀ ਬੁਧਿ ਕਉ, ਜਮੁ ਕਰੈ ਤਿਸਕਾਰ ਜਿਨਿ ਇਹੁ ਜਮੂਆ ਸਿਰਜਿਆ; ਸੁ ਜਪਿਆ ਪਰਵਿਦਗਾਰ ’’ (ਭਗਤ ਕਬੀਰ/੧੩੭੧)

ਮਨੁੱਖੀ ਮਨ ਸੁੱਖ ਭਾਲਦਾ ਹੈ ਤੇ ਸੁੱਖ ਵਿਹਾਜਣ ਲਈ ਯਤਨਸ਼ੀਲ ਰਹਿੰਦਾ ਹੈ। ਕਲਪਨਾ ਰਾਹੀਂ ਵੀ ਸੁੱਖ ਮਾਣਨ ਦਾ ਯਤਨ ਕਰਦਾ ਹੈ; ਇਉਂ ਮਨੁੱਖ ਦਾ ਮਨ ਵਿੱਚ ਮੋਹ ਪੈਦਾ ਹੁੰਦਾ ਹੈ। ਅਸੀਂ ਜਿਉਂ ਜਿਉਂ ਸੁੱਖ ਦੀ ਤਲਾਸ਼ ਵਿਚ ਬਾਰ ਬਾਰ ਇਹਨਾਂ ਕਲਪਨਾਵਾਂ ਨੂੰ ਜਗਾਉਂਦੇ ਹਾਂ ਫਿਰ ਇੰਜ ਕਰਦੇ ਰਹਿਣ ਦੀ ਆਦਤ ਹੀ ਬਣ ਜਾਂਦੀ ਹੈ। ਇਸ ਆਦਤ ਤੋਂ ਤ੍ਰਿਸ਼ਨਾ ਪੈਦਾ ਹੁੰਦੀ ਹੈ। ਤ੍ਰਿਸ਼ਨਾ ਦੀ ਅੱਗ ਫਿਰ ਭੜਕ ਪੈਂਦੀ ਹੈ ਤੇ ਬੁੱਝਣ ਵਿੱਚ ਨਹੀਂ ਆਉਂਦੀ ਤੇ ਜੀਵ; ਜੀਵਨ ਬਾਜ਼ੀ ਹਾਰ ਰਿਹਾ ਨਜ਼ਰ ਆਉਂਦਾ ਹੈ ‘‘ਤ੍ਰਿਸਨਾ ਜਲਤ ਕਬਹੂ ਬੂਝਹਿ; ਜੂਐ ਬਾਜੀ ਹਾਰੀ ’’ (ਮਹਲਾ /੧੧੯੮)

ਐਸੀ ਤ੍ਰਿਸ਼ਨਾ ਦੀ ਹਕੂਮਤ ਹਰ ਵਿਚਾਰੇ ਕਮਜ਼ੋਰ ਦੁਨੀਆਂਦਾਰ ਮਨੁੱਖ ਉੱਪਰ ਚੱਲਦੀ ਹੈ, ਪਰ ਜਿਉਂ ਹੀ ਬਿਬੇਕ ਬੁੱਧੀ ਜਾਗਦੀ ਹੈ ਤਾਂ ਮਨ-ਸ਼ਕਤੀ ਕਮਜ਼ੋਰ ਹੋਣ ਲੱਗਦੀ ਹੈ, ਪਰ ਭਗਤ ਰਵਿਦਾਸ ਜੀ ਆਖਦੇ ਹਨ ਕਿ ਜਿਚਰ ਮਨੁੱਖ ਅਵਿੱਦਿਆ ਨਾਲ ਜੁੜਿਆ ਰਹਿੰਦਾ ਹੈ ਬਿਬੇਕ ਬੁੱਧੀ ਦਾ ਦੀਵਾ ਧੁੰਦਲਾ ਤੇ ਮਲੀਨ ਹੋਇਆ ਰਹਿੰਦਾ ਹੈ ‘‘ਮਾਧੋ  ! ਅਬਿਦਿਆ ਹਿਤ ਕੀਨ ਬਿਬੇਕ ਦੀਪ ਮਲੀਨ ਰਹਾਉ ’’ (ਭਗਤ ਰਵਿਦਾਸ/੪੮੬)

ਗੁਰੂ ਰਾਮਦਾਸ ਜੀ ਆਖਦੇ ਹਨ ਜਦੋਂ ਜੀਵ; ਪਰਤ ਕੇ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤਾਂ ਉਸ ਨੂੰ ਪ੍ਰਭੂ ਕਿਰਪਾ ਨਾਲ ਬਿਬੇਕ ਬੁੱਧੀ ਵਿਚ ਵਿਚਰਨ ਦਾ ਚੱਜ ਪ੍ਰਾਪਤ ਹੋ ਜਾਂਦਾ ਹੈ ‘‘ਨਦਰਿ ਕਰੇ ਤਾ ਸਤਿਗੁਰੁ ਮੇਲੇ; ਅਨਦਿਨੁ ਬਿਬੇਕ ਬੁਧਿ ਬਿਚਰੈ ’’ (ਮਹਲਾ /੬੯੦) ਤਦ ਮਨੁੱਖੀ ਮਨ ਆਪਣੀਆਂ ਚਾਤੁਰੀਆਂ ਛੋੜ ਜਾਂਦਾ ਹੈ ਤੇ ਉਹ ਬਿਬੇਕ ਦੀ ਸਬਲਤਾ ਅੱਗੇ ਹਥਿਆਰ ਸੁੱਟ ਦੇਂਦਾ ਹੈ। ਫਿਰ ਪਰਮਾਰਥਕ ਇੱਛਾਵਾਂ ਤਕੜੀਆਂ ਹੋ ਜਾਂਦੀਆਂ ਹਨ ਤੇ ਜੀਵ ਨੂੰ ਬੰਨ੍ਹਣ ਵਾਲੀਆਂ ਮਨ ਦੀਆਂ ਬੰਧਨ-ਕੜੀਆਂ ਟੁੱਟ ਜਾਂਦੀਆਂ ਹਨ। ਤਦ ਉਹ ਜੀਵ ਦੁਨੀਆਂਦਾਰਾਂ ਤੋਂ ਵੱਖਰਾ ਨਿਆਰਾ ਖਲ੍ਹੋਂਦਾ ਹੈ ‘‘ਸੋ ਜਨੁ ਰਲਾਇਆ ਨਾ ਰਲੈ; ਜਿਸੁ ਅੰਤਰਿ ਬਿਬੇਕ ਬੀਚਾਰੁ ’’ (ਮਹਲਾ /੨੮)

ਇਹ ਸਮਝ ਲਈਏ ਕਿ ਜੀਵ; ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਿਚ ਬਿਬੇਕਹੀਣ ਕਾਰਨ ਹੀ ਭਟਕਦਾ ਫਿਰਦਾ ਹੈ। ਗੁਰ ਵਾਕ ਹੈ ‘‘ਹਉਮੈ ਮਾਇਆ ਮੋਹਿ (ਕਾਰਨ) ਖੁਆਇਆ; ਦੁਖੁ ਖਟੇ, ਦੁਖ ਖਾਇ ਅੰਤਰਿ ਲੋਭ ਹਲਕੁ ਦੁਖੁ ਭਾਰੀ; ਬਿਨੁ ਬਿਬੇਕ ਭਰਮਾਇ ’’ (ਮਹਲਾ /੧੧੩੨), ਪਰ ਜਿਨ੍ਹਾਂ ਅੰਦਰ ਬਿਬੇਕ-ਬੁੱਧੀ ਪ੍ਰਗਟ ਹੋ ਜਾਂਦੀ ਹੈ ‘‘ਓਇ ਸਦਾ ਅਨੰਦਿ () ਬਿਬੇਕ ਰਹਹਿ; ਦੁਖਿ ਸੁਖਿ ਏਕ ਸਮਾਨਿ ’’ (ਮਹਲਾ /੧੪੧੮), ਉਹਨਾਂ ਲਈ ਹਰ ਕਲੇਸ਼ ਸਮਾਪਤ ਹੋ ਜਾਂਦਾ ਹੈ। ਹਰ ਦੁਬਿਧਾ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਦੀ ਬੁੱਧੀ ਸਦਾ ਟਿਕਾਓ ਵਿੱਚ ਰਹਿੰਦੀ ਹੈ ਤੇ ਪਸਰੀ ਅਨੇਕਤਾ ਵਿਚ ਏਕਤਾ ਨਿਹਾਰਦੀ ਹੈ। ਇਹ ਹੈ ਬਿਬੇਕ ਬੁੱਧੀ, ਜੋ ਅਕਾਲ ਪੁਰਖ ਵੱਲੋਂ ਮਨੁੱਖ ਨੂੰ ਦਿੱਤੀ ਹੋਈ ਅਮੋਲਕ ਦਾਤ ਹੈ ।