30.7 C
Jalandhar
Monday, April 6, 2026
spot_img
Home Blog Page 21

ਧਰਮ ’ਚ ਸਰਬ ਸਾਂਝੀਵਾਲਤਾ ਦਾ ਮਹੱਤਵ

0

ਧਰਮ ’ਚ ਸਰਬ ਸਾਂਝੀਵਾਲਤਾ ਦਾ ਮਹੱਤਵ

ਗਿਆਨੀ ਅਵਤਾਰ ਸਿੰਘ

ਧਰਮ ਦੇ ਨਾਂ ’ਤੇ ਤਣਾਅ ਪੂਰਨ ਬਣਾ ਦਿੱਤੇ ਗਏ ਅਜੋਕੇ ਸਮਾਜਿਕ ਮਹੌਲ ’ਚ ਜੇਕਰ ਕੋਈ ਕਹੇ ਕਿ ਧਰਮ; ਸਮਾਜ ਨੂੰ ਜੋੜਦਾ ਹੈ, ਤੋੜਦਾ ਨਹੀਂ ਤਾਂ ਸ਼ਾਇਦ ਹੀ ਕੋਈ ਇਸ ਸਚਾਈ ਉੱਤੇ ਯਕੀਨ ਕਰੇਗਾ ਕਿਉਂਕਿ ਧਰਮ ਦੇ ਨਾਂ ’ਤੇ ਹਰ ਦੇਸ਼; ਕਈ ਜਾਤਾਂ, ਕਈ ਧਰਮਾਂ, ਕਈ ਕਬੀਲਿਆਂ ’ਚ ਵੰਡਿਆ ਪਿਆ ਹੈ। ਮਨੁੱਖਤਾ ਦੇ ਵਿਚਾਰਾਂ ’ਚ ਪਈ ਇਸ ਪਾੜ ਦਾ ਮੂਲ ਕਾਰਨ; ਅਧਰਮ ਨੂੰ ਹੀ ਅਸਲੀ ਧਰਮ ਕਹਿ ਕੇ ਲੋਕਾਂ ’ਚ ਪ੍ਰਚਾਰਨਾ ਰਿਹਾ ਹੈ। ਜਦ ਚਾਰੋਂ ਤਰਫ਼ ਅਧਰਮ ਨੂੰ ਹੀ ਅਸਲ ਧਰਮ ਮੰਨਿਆ ਜਾਵੇ ਤਾਂ ਅਸਲ ਧਰਮ ਮਨੁੱਖਤਾ ਦੇ ਦਿਮਾਗ਼ ਵਿੱਚੋਂ ਅਲੋਪ ਹੋ ਜਾਂਦਾ ਹੈ। ਇਹੀ ਸਚਾਈ ਗੁਰੂ ਨਾਨਕ ਸਾਹਿਬ ਜੀ ਨੇ 16ਵੀਂ ਸਦੀ ’ਚ ਇਉਂ ਬਿਆਨ ਕੀਤੀ ‘‘ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ, ਵੇ ਲਾਲੋ !’’ (ਮਹਲਾ /੭੨੨) ਅਨੇਕਾਂ ਧੜਿਆਂ ’ਚ ਵੰਡਿਆ ਹੋਇਆ ਸਮਾਜ; ਆਪਣੇ ਆਪਣੇ ਧੜੇ ਨੂੰ ਉੱਤਮ ਮੰਨਦਾ ਹੋਇਆ ਦੂਸਰੇ ਧੜੇ ਨੂੰ ਖ਼ਤਮ ਕਰਨ ਲਈ ਹਰ ਹੱਥਕੰਡਾ ਅਪਣਾਉਂਦਾ ਹੈ। ਸੱਚੇ ਧਰਮ ਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਜਦ ਹੱਜ ਕਰਨ ਵਾਲ਼ਿਆਂ (ਕਾਜ਼ੀ, ਮੌਲਵੀਆਂ) ਨਾਲ਼ ਮੱਕੇ ਗਏ ਤਾਂ ਉਨ੍ਹਾਂ ਪਾਸੋਂ ਸਵਾਲ ਪੁੱਛਿਆ ਗਿਆ ਕਿ ਹਿੰਦੂ ਦਾ ਧਰਮ ਉੱਤਮ ਹੈ ਜਾਂ ਮੁਸਲਮਾਨ ਦਾ ਮਜ਼੍ਹਬ; ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਜੇਕਰ ਧਰਮੀ ਲੋਕਾਂ ਦਾ ਇਖ਼ਲਾਕ ਉੱਚਾ ਨਾ ਹੋਵੇ ਤਾਂ ਦੋਵੇਂ ਮਜ਼੍ਹਬਾਂ ਨੂੰ ਮੰਨਣ ਵਾਲ਼ੇ ਦੁਖੀ ਹਨ, ਰੌਂਦੇ ਰਹਿੰਦੇ ਹਨ ਤੇ ਅਕਾਲ ਪੁਰਖ ਦੇ ਦਰ ’ਤੇ ਵੀ ਪਨਾਹ ਨਹੀਂ ਲੈ ਸਕਦੇ ਭਾਵ ਭਟਕਦੇ ਰਹਿੰਦੇ ਹਨ। ਭਾਈ ਗੁਰਦਾਸ ਜੀ ਨੇ ਇਹ ਸਵਾਲ-ਜਵਾਬ ਇਉਂ ਕਲਮਬੰਦ ਕੀਤੇ ਹਨ ‘‘ਪੁਛਨਿ ਫੋਲਿ ਕਿਤਾਬ ਨੋ; ਹਿੰਦੂ ਵਡਾ ਕਿ ਮੁਸਲਮਾਨੋਈ? ਬਾਬਾ ਆਖੇ ਹਾਜੀਆ (ਨੂੰ); ਸੁਭਿ ਅਮਲਾ ਬਾਝਹੁ ਦੋਨੋ ਰੋਈ ਹਿੰਦੂ ਮੁਸਲਮਾਨ ਦੁਇ; ਦਰਗਹ ਅੰਦਰਿ ਲਹਨਿ ਢੋਈ (ਆਸਰਾ)’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੩) ਯਾਨੀ ਐਸੇ ਲੋਕਾਂ ਨੇ ਕੇਵਲ ਆਪਣਾ ਮਨੁੱਖਾ ਜਨਮ ਹੀ ਅਜਾਈਂ ਨਹੀਂ ਗਵਾਇਆ ਬਲਕਿ ਪ੍ਰਲੋਕ ਵੀ ਗਵਾ ਲਿਆ ਹੁੰਦਾ ਹੈ।

ਉਕਤ ਜਵਾਬ ਵਿੱਚੋਂ ਦੋ ਪੱਖ ਸਾਮ੍ਹਣੇ ਆਉਂਦੇ ਹਨ (1). ਉੱਚੇ ਆਚਰਨ ਤੋਂ ਬਿਨਾਂ ਮਨੁੱਖ ਦੀ ਸੋਚ; ਸੌੜੀ (ਤੰਗਦਿਲ) ਹੁੰਦੀ ਹੈ ਤਾਹੀਓਂ ਦੂਸਰਿਆਂ ਪ੍ਰਤੀ ਹਿਰਦੇ ’ਚ ਹਮਦਰਦੀ ਨਹੀਂ ਉਪਜਦੀ। (2). ਅਸਲ ਮਾਲਕ (ਅਕਾਲ ਪੁਰਖ) ਦੀ ਸਮਝ ਤੋਂ ਬਿਨਾਂ ਇਖ਼ਲਾਕ ਵੀ ਉੱਚਾ ਨਹੀਂ ਹੁੰਦਾ ਤਾਹੀਓਂ ਉਸ ਮਾਲਕ ਦੇ ਦਰ ਤੋਂ ਕੋਈ ਸਹਾਰਾ ਨਹੀਂ ਮਿਲਦਾ, ਮਿਹਰ ਨਹੀਂ ਹੁੰਦੀ। ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਇੱਕੋ ਵਾਕ ’ਚ ਇਨ੍ਹਾਂ ਦੋਵੇਂ ਨੁਕਤਿਆਂ ਨੂੰ ਸ਼ਾਮਲ ਕੀਤਾ ਹੈ। ਪਾਵਨ ਬਚਨ ਹਨ ‘‘ਸਭੁ ਕੋ ਆਸੈ ਤੇਰੀ ਬੈਠਾ   ਘਟ ਘਟ ਅੰਤਰਿ; ਤੂੰ ਹੈ ਵੁਠਾ   ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ ’’ (ਮਹਲਾ /੯੭) ਅਰਥ : ਹੇ ਮਾਲਕ ਪ੍ਰਭੂ ਜੀ! ਤੂੰ ਹਰ ਸਰੀਰ ਅੰਦਰ ਵੱਸਦਾ ਹੈਂ। ਕਿਸੇ ਸਰੀਰ ਤੋਂ ਭੀ ਅਲੱਗ ਨਹੀਂ ਹੈਂ ਤਾਹੀਓਂ ਸਾਰੇ ਮਨੁੱਖ, ਜੀਵ-ਜੰਤ ਆਦਿ ਇੱਕੋ ਪਰਵਾਰਿਕ ਆਖੀਦੇ ਹਨ ਤੇ ਹਰ ਕੋਈ ਤੇਰੇ (ਮਾਲਕ) ਪਾਸੋਂ ਹੀ ਮਦਦ ਦੀ ਆਸ ਲਗਾ ਕੇ ਬੈਠਾ ਹੈ।

ਦਰਅਸਲ ਮਨੁੱਖ ਅੰਦਰ ਸੌੜੀ ਸੋਚ ਬਣਨਾ ਤੇ ਮਾਲਕ ਵੱਲੋਂ ਦੂਰੀ ਪੈਣਾ; ਦੋ ਅਲੱਗ ਅਲੱਗ ਵਿਸ਼ੇ ਨਹੀਂ ਬਲਕਿ ਇੱਕੋ ਸਿੱਕੇ ਦੇ ਦੋ ਪਾਸੇ ਹਨ। ਮਾਲਕ ਬਾਰੇ ਨਾਸਮਝੀ ਕਾਰਨ ਹੀ ਸੌੜੀ ਸੋਚ (ਤੰਗਦਿਲੀ) ਹੁੰਦੀ ਹੈ, ਜੋ ਹੋਰਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀ ਅਤੇ ਮਾਲਕ ਨਾਲ਼ ਸੰਬੰਧ ਬਣਾਉਣ ਨਾਲ਼ ਮਨੁੱਖ ਉਦਾਰਵਾਦੀ ਹੁੰਦਾ ਹੈ, ਜੋ ਸਾਰਿਆਂ ਨਾਲ਼ ਪਿਆਰ-ਮੁਹੱਬਤ ਕਰਦਾ ਹੈ। ਸਾਰਿਆਂ ਨੂੰ ਆਪਣੇ ਸਮਝਦਾ ਹੈ। ਕਿਸੇ ਦਾ ਹੱਕ ਨਹੀਂ ਮਾਰਦਾ। ਕਿਸੇ ਨਾਲ਼ ਬੇਇਨਸਾਫ਼ੀ ਨਹੀਂ ਕਰਦਾ। ਕਿਸੇ ਪ੍ਰਤੀ ਕੌੜੇ ਬੋਲ ਨਹੀਂ ਬੋਲਦਾ। ਕਿਸੇ ਦਾ ਦਿਲ ਨਹੀਂ ਦੁਖਾਉਂਦਾ ਕਿਉਂਕਿ ਸਾਰਿਆਂ ਅੰਦਰ ਉਸ ਦਾ ਮਾਲਕ ਸੁਭਾਇਮਾਨ ਹੁੰਦਾ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ ‘‘ਫਰੀਦਾ ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ   ਮੰਦਾ ਕਿਸ ਨੋ ਆਖੀਐ ? ਜਾਂ ਤਿਸੁ ਬਿਨੁ ਕੋਈ ਨਾਹਿ ’’ (ਮਹਲਾ /੧੩੮੧) ਗੁਰਬਾਣੀ; ਸਮਾਜਿਕ ਧਰਮ ਹੈ ਕਿਉਂਕਿ ਇਹ ਜਿੱਥੇ ਮਨੁੱਖ ਨੂੰ ਤੰਗਦਿਲੀ ਤੋਂ ਖੁੱਲ੍ਹਦਿਲੀ ਵੱਲ ਲਿਜਾ ਕੇ ਅਕਾਲ ਪੁਰਖ ਨਾਲ਼ ਜੋੜਦੀ ਹੈ, ਓਥੇ ਸਮੁੱਚੀ ਕੁਦਰਤਿ ਨਾਲ਼ ਪਿਆਰ ਕਰਨਾ ਸਿਖਾਉਂਦੀ ਹੈ ਕਿਉਂਕਿ ਸਾਰੀ ਹੀ ਕੁਦਰਤਿ ’ਚ ਰੱਬ ਵੱਸਦਾ ਹੈ ‘‘ਕੁਦਰਤਿ ਕਰਿ ਕੈ ਵਸਿਆ ਸੋਇ   ਵਖਤੁ ਵੀਚਾਰੇ; ਸੁ ਬੰਦਾ ਹੋਇ ’’ (ਮਹਲਾ /੮੪) ਅਰਥ : ਉਹ ਸਿਰਜਣਹਾਰ ਮਾਲਕ; ਆਪਣੀ ਕੁਦਰਤਿ ਬਣਾ ਕੇ ਇਸ ਅੰਦਰ ਸਮਾਇਆ ਹੋਇਆ ਹੈ। ਜੋ ਮਨੁੱਖ ਸਮਾਂ ਰਹਿੰਦਿਆਂ ਭਾਵ ਇਸੇ ਜ਼ਿੰਦਗੀ ਦੌਰਾਨ ਉਸ ਦੀ ਵਿਚਾਰ ਕਰਦਾ ਹੈ, ਉਸ ਦੇ ਗੁਣ ਗਾਉਂਦਾ ਹੈ; ਓਹੀ ਉਸ ਦਾ ਬੰਦਾ ਹੈ, ਗ਼ੁਲਾਮ ਹੈ, ਅਸਲ ਸੇਵਕ ਹੈ।

15 ਕੁ ਸਾਲ ਦੀ ਉਮਰ ’ਚ ਲਛਮਣ ਦੇਵ (ਮਾਧੋ ਦਾਸ); ਰਾਜੌਰੀ (ਜੰਮੂ-ਕਸ਼ਮੀਰ) ਵਿਖੇ ਆਪਣੇ ਇੱਕ ਤੀਰ ਨਾਲ਼ ਗਰਭਵਤੀ ਹਿਰਨ ਦਾ ਸ਼ਿਕਾਰ ਕਰ ਬੈਠਦਾ ਹੈ। ਅਫ਼ਸੋਸ ’ਚ ਵੈਰਾਗੀ ਬਣ ਗਿਆ ਤੇ ਉਹ, ਗੋਦਾਵਰੀ ਨਦੀ (ਨੰਦੇੜ, ਮਹਾਂਰਾਸ਼ਟਰਾ) ਵਿਖੇ 22 ਸਾਲ ਤਪੱਸਿਆ ਕਰਦਾ ਹੋਇਆ ਅਨੇਕਾਂ ਕਰਾਮਾਤੀ ਸ਼ਕਤੀਆਂ ਹਾਸਲ ਕਰਨ ਲੱਗਦਾ ਹੈ। ਸਤੰਬਰ 1708 ’ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਦੇ ਮੰਜੇ (ਚਾਰਪਾਈ) ਉੱਤੇ ਜਾ ਬੈਠਦੇ ਹਨ ਤਾਂ ਜੋ ਉਹ ਕ੍ਰੋਧਿਤ ਹੋ ਕੇ ਆਪਣੀਆਂ ਸ਼ਕਤੀਆਂ ਨੂੰ ਪ੍ਰਦਰਸ਼ਿਤ ਕਰੇ ਕਿਉਂਕਿ ਉਸ ਦੇ ਮੰਜੇ ’ਤੇ ਬੈਠਣ ਦੀ ਹਰ ਇੱਕ ਨੂੰ ਮਨਾਹੀ ਸੀ। ਜਦ ਮਾਧੋ ਦਾਸ ਨੂੰ ਪਤਾ ਲੱਗਾ ਕਿ ਉਸ ਦੇ ਮੰਜੇ ਉੱਤੇ ਕੋਈ ਆ ਬੈਠਿਆ ਹੈ ਤਾਂ ਉਹ ਤੁਰੰਤ ਵਾਪਸ ਆਇਆ ਤੇ ਕ੍ਰੋਧਿਤ ਹੋ ਕੇ ਕਰਾਮਾਤਾਂ ਵਿਖਾਉਣ ਲੱਗਿਆ, ਪਰ ਗੁਰੂ ਸਾਹਿਬ ਜੀ ਉੱਤੇ ਉਨ੍ਹਾਂ ਦਾ ਕੋਈ ਅਸਰ ਨਾ ਹੋਇਆ। ਮਾਧੋ ਦਾਸ ਨੂੰ ਆਪਣੀ ਕਰਣੀ ਉੱਤੇ ਦੂਸਰੀ ਵਾਰ ਫਿਰ ਅਫ਼ਸੋਸ ਹੋਇਆ ਤੇ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਢਹਿ ਪਿਆ। ਗੁਰੂ ਸਾਹਿਬ ਨੇ ਪੁੱਛਿਆ ਕਿ ਤੂੰ ਕੌਣ ਹੈਂ? ਤਾਂ ਉਸ ਨੇ ਜਵਾਬ ਦਿੱਤਾ ਕਿ ਤੇਰਾ ਬੰਦਾ ਯਾਨੀ ਤੇਰੀਆਂ ਸ਼ਕਤੀਆਂ ਦਾ ਗ਼ੁਲਾਮ, ਤੇਰਾ ਸੇਵਕ। ਗੁਰੂ ਸਾਹਿਬ ਜੀ ਨੇ ਉਸ ਨੂੰ ਅਰਥਹੀਣ ਕਰਮਕਾਂਡਾਂ ਤੋਂ ਵਰਜ ਕੇ ਇੱਕ ਅਕਾਲ ਪੁਰਖ (ਮਾਲਕ) ਨਾਲ਼ ਜੋੜਿਆ ਅਤੇ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾ ਕੌਮ ਦੀ ਨੁਮਾਇੰਦਗੀ ਕਰਨ ਲਈ ਸਿੱਖਾਂ ਦਾ ਪਹਿਲਾ ਜਥੇਦਾਰ ਨਿਯੁਕਤ ਕੀਤਾ। ਜਿਸ ਨੇ 8 ਕੁ ਸਾਲਾਂ (1708-1716) ਵਿੱਚ ਹੀ ਸਿੱਖਾਂ ਅਤੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇਣ ਵਾਲ਼ਿਆਂ ਨੂੰ ਖ਼ਤਮ ਕਰ ਪੰਜਾਬ ਅੰਦਰ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ। ਅੱਜ ਕਿਸਾਨਾਂ ਕੋਲ਼ ਜਿੰਨੀ ਜ਼ਮੀਨ-ਜਾਇਦਾਦ ਹੈ, ਉਹ ਸਾਰੀ ਹੀ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਆਮ ਲੋਕਾਂ ਦੇ ਨਾਂ ਕੀਤੀ ਹੋਈ ਪੈਲ਼ੀ ਹੈ। ਅੰਤ 9 ਜੂਨ 1716 ਨੂੰ ਦਿੱਲੀ ਵਿਖੇ ਜਦ ਬੰਦਾ ਸਿੰਘ ਬਹਾਦਰ ਨੂੰ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਉਸ ਤੋਂ ਪਹਿਲਾਂ ਉਨ੍ਹਾਂ ਦੇ 3 ਸਾਲ ਦੇ ਪੁੱਤਰ ਅਜੈ ਸਿੰਘ ਦਾ ਕਲ਼ੇਜਾ ਕੱਢ ਕੇ ਉਨ੍ਹਾਂ ਦੇ ਮੂੰਹ ’ਚ ਤੁੰਨਿਆ ਗਿਆ, ਫਿਰ ਵੀ ਉਸ ਮਹਾਨ ਯੋਧੇ ਨੇ ਅਫ਼ਸੋਸ ਨਾ ਕੀਤਾ ਜਦੋਂ ਕਿ ਉਸੇ ਬਾਬਾ ਬੰਦਾ ਸਿੰਘ ਨੇ ਇੱਕ ਗਰਭਵਤੀ ਹਿਰਨ ਦੀ ਮੌਤ ਤੋਂ ਬਾਅਦ ਵੈਰਾਗ ਧਾਰ ਲਿਆ ਸੀ। ਇਸ ਘਟਨਾ ਤੋਂ ਸਪਸ਼ਟ ਹੈ ਕਿ ਕਿਵੇਂ ਸੱਚ ਦੀ ਭਾਲ਼ ’ਚ ਵਿਆਕੁਲ 46 ਕੁ ਸਾਲ (੧੬ ਕੱਤਕ ਸੰਮਤ ੧੭੨੭/27 ਅਕਤੂਬਰ 1670-੧੧ ਹਾੜ ਸੰਮਤ ੧੭੭੩/9 ਜੂਨ 1716) ਦੀ ਇੱਕ ਨਿੱਕੀ ਜਿਹੀ ਜ਼ਿੰਦਗੀ; ਜੋ ਸਮਾਜ ਅਤੇ ਗ੍ਰਿਹਸਤੀ ਜੀਵਨ ਨੂੰ ਤਿਆਗ ਚੁੱਕੀ ਸੀ ਤੇ ਕਰਾਮਾਤੀ ਸ਼ਕਤੀਆਂ ਨੂੰ ਹੀ ਅਸਲ ਜੀਵਨ ਸਮਝ ਬੈਠੀ ਸੀ, ਉਸ ਨੇ ਮਾਨਵਤਾ ਦੀ ਰੱਖਿਆ ਲਈ ਕਿਵੇਂ ਅੱਗੇ ਆ ਕੇ ਰੋਲ ਮਾਡਲ ਸਫਲ ਜ਼ਿੰਦਗੀ ਬਤੀਤ ਕੀਤੀ। ਗੁਰਬਾਣੀ ਦਾ ਓਟ ਆਸਰਾ ਲੈ ਕੇ ਤੰਗਦਿਲੀ ਤੋਂ ਵਿਸ਼ਾਲ ਉਦਾਰਤਾ ਵੱਲ ਵਧੀ ਛੋਟੀ ਜਿਹੀ ਜ਼ਿੰਦਗੀ ਦੀ ਇਹ ਇੱਕ ਪ੍ਰਤੱਖ ਮਿਸਾਲ ਹੈ।

ਧਰਮੀ ਮਨੁੱਖ ਅੰਦਰ ਅੱਜ ਜੇਕਰ ਕੱਟੜਤਾ ਜਾਂ ਬੁਜ਼ਦਿਲੀ ਹੈ ਤਾਂ ਇਸ ਦੇ ਦੋ ਕਾਰਨ ਹਨ (1). ਅਕਾਲ ਪੁਰਖ ਨਾਲ਼ ਸੰਬੰਧ ਨਹੀਂ ਬਣ ਸਕਿਆ। (2). ਤੰਗਦਿਲੀ ’ਚ ਗ੍ਰਸਤ ਹੋਣਾ। ਇੱਕ ਵਿਕਾਰੀ ਬੰਦਾ; ਜਿਸ ਢੰਗ ਨਾਲ਼ ਆਪਣੀ ਕਮਜ਼ੋਰੀ ਵਾਙ ਹੋਰਾਂ ਨੂੰ ਵਿਕਾਰੀ ਸਾਬਤ ਕਰ ਦਿੰਦਾ ਹੈ, ਉਸ ਤਰ੍ਹਾਂ ਦਾ ਛਲ-ਕਪਟ; ਸੰਸਕਾਰੀ (ਅਵਿਕਾਰੀ) ਬੰਦਾ ਨਹੀਂ ਕਰ ਸਕਦਾ। ਜਿਸ ਢੰਗ ਨਾਲ਼ ਇੱਕ ਤਾਨਾਸ਼ਾਹ; ਹੋਰਾਂ ਨੂੰ ਤਾਨਾਸ਼ਾਹ ਸਾਬਤ ਕਰ ਦਿੰਦਾ ਹੈ, ਵੈਸੀ ਕਲਾ ਕਿਸੇ ਸਧਾਰਨ ਬੰਦੇ ਕੋਲ਼ ਨਹੀਂ ਹੁੰਦੀ ਤਾਹੀਓਂ ਤਾਨਾਸ਼ਾਹ ਹਾਕਮ ਨੂੰ ਪਹਿਚਾਨਣ ’ਚ ਆਮ ਨਾਗਰਿਕ ਅਕਸਰ ਧੋਖਾ ਖਾਂਦਾ ਹੈ। ਜਿਸ ਤਰ੍ਹਾਂ ਝੂਠਾ ਬੰਦਾ; ਹੋਰਾਂ ਨੂੰ ਝੂਠਾ ਸਾਬਤ ਕਰਦਾ ਹੈ, ਵੈਸੀ ਚਲਾਕੀ ਕਿਸੇ ਸੱਚੇ ਬੰਦੇ ਕੋਲ਼ ਨਹੀਂ ਹੁੰਦੀ। ਇੱਕ ਭ੍ਰਿਸ਼ਟ ਬੰਦਾ; ਆਮ ਜਨਤਾ ’ਚ ਜਿਸ ਤਰ੍ਹਾਂ ਹੋਰਾਂ ਨੂੰ ਭ੍ਰਿਸ਼ਟ ਸਾਬਤ ਕਰ ਆਪ ਇਮਾਨਦਾਰ ਬਣ ਬੈਠਦਾ ਹੈ, ਵੈਸਾ ਕਥਨੀ ਅਤੇ ਕਰਨੀ ਦਾ ਅੰਤਰ ਇੱਕ ਇਮਾਨਦਾਰ ਕੋਲ਼ ਨਹੀਂ ਹੋ ਸਕਦਾ; ਬਿਲਕੁਲ ਇਸੇ ਤਰ੍ਹਾਂ ਉਦਾਰਵਾਦੀ ਭਗਤ ਅੰਦਰ ਜਿਸ ਤਰ੍ਹਾਂ ਦੀ ਸਚਾਈ ਬਾਰੇ ਸਮਝ ਹੁੰਦੀ ਹੈ, ਵੈਸਾ ਗਿਆਨ ਤੰਗਦਿਲ (ਅਧਰਮੀ, ਕਰਮਕਾਂਡੀ ਜਾਂ ਨਾਸਤਿਕ) ਬੰਦੇ ਕੋਲ਼ ਨਹੀਂ ਹੁੰਦਾ। ਲੋਕਾਂ ਦੀ ਬਦਕਿਸਮਤੀ ਕਹੀਏ ਕਿ ਝੂਠੇ ਬੰਦੇ ਨਾਲ਼ ਝੂਠਾ ਬੰਦਾ ਆ ਖੜ੍ਹਦਾ ਹੈ। ਪਾਪੀ ਨਾਲ਼ ਪਾਪੀ ਅਤੇ ਭ੍ਰਿਸ਼ਟ ਨਾਲ਼ ਭ੍ਰਿਸ਼ਟ ਬੰਦਾ ਆ ਮਿਲਦਾ ਹੈ, ਪਰ ਸੱਚੇ ਬੰਦੇ ਨਾਲ਼ ਅਕਸਰ ਧਰਮੀ ਅਖਵਾਉਣ ਵਾਲ਼ਾ ਬੰਦਾ ਨਹੀਂ ਖੜ੍ਹਦਾ। ਇਸ ਦੇ ਦੋ ਕਾਰਨ ਹਨ (1). ਧਰਮੀ ਬੰਦਾ ਅਜੇ ਵਿਖਾਵੇ ਮਾਤਰ ਹੈ, ਪੂਰਨ ਧਰਮੀ ਨਹੀਂ। ਉਹ ਸਮਾਜ ਅਤੇ ਮੌਤ ਤੋਂ ਡਰਦਾ ਹੈ ਭਾਵੇਂ ਕਿ ਗੁਰਬਾਣੀ ਦੇ ਬਚਨ ਹਨ ‘‘ਹਰਿ ਬਿਨੁ, ਕੋਈ ਮਾਰਿ ਜੀਵਾਲਿ ਸਕੈ; ਮਨ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ ’’ (ਮਹਲਾ /੫੯੪) ਅਰਥ : ਹੇ ਮਨ! ਅਕਾਲ ਪੁਰਖ ਤੋਂ ਬਿਨਾਂ ਕੋਈ ਵੀ ਹੋਰ ਕਿਸੇ ਨੂੰ ਨਾ ਮਾਰ ਸਕਦਾ ਹੈ ਤੇ ਨਾ ਜਨਮ ਦੇ ਸਕਦਾ ਹੈ, ਇਸ ਲਈ ਬੇਫ਼ਿਕਰ ਅਤੇ ਚਿੰਤਾ ਮੁਕਤ ਹੋ ਕੇ (ਸੱਚ ਬੋਲਦਾ) ਰਹਿ। ਇਸ ਦੀ ਇੱਕ ਮਿਸਾਲ ਹੈ ਕਿ ਜਦ 1521 ਈਸਵੀ ’ਚ ਬਾਬਰ ਨੇ ਏਮਨਾਬਾਦ (ਅਜੋਕਾ ਪਾਕਿਸਤਾਨ) ’ਤੇ ਹਮਲਾ ਕੀਤਾ ਤਾਂ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਜੀ (ਤਰਖਾਣ) ਦੇ ਘਰ ਠਹਿਰੇ ਹੋਏ ਸਨ। ਉਨ੍ਹਾਂ ਨੇ ਓਥੇ ਹੋਈ ਕਤਲੇਆਮ ਨੂੰ ਅੱਖੀਂ ਵੇਖਿਆ ਅਤੇ ਬਾਬਰ ਨੂੰ ਜਾਬਰ (ਜ਼ਾਲਮ) ਕਿਹਾ ਕਿਉਂਕਿ ਤੁਰੰਤ ਸੱਚ ਬੋਲਣ ਦਾ ਸਮਾਂ ਸੀ; ਜਿਵੇਂ ਕਿ ਆਪ ਜੀ ਦੇ ਬਚਨ ਹਨ ‘‘ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ ਸਚ ਕੀ ਬੇਲਾ ’’ (ਮਹਲਾ /੭੨੩), ਪਰ ਅੱਜ ਅਨੇਕਾਂ ਮਹਾਤਮਾ, ਗੁਰੂ, ਪੀਰ, ਸ਼੍ਰੀ ਸ਼੍ਰੀ 1008 ਅਤੇ ਧਰਮੀ ਅਖਵਾਉਣ ਵਾਲ਼ੇ ਘੁੰਮਦੇ ਫਿਰਦੇ ਹਨ, ਪਰ ਹੁੰਦੇ ਸਮਾਜਿਕ ਜ਼ੁਲਮ ਵਿਰੁਧ ਬੋਲਣ ਤੋਂ ਡਰਦੇ ਹਨ ਜਦਕਿ ਇਹੀ ਸਮਾਂ ਹੁੰਦਾ ਹੈ ਜਦੋਂ ਸਮਾਜ ’ਚ ਚੇਤਨਾ ਦੀ ਅਗਵਾਈ ਕੀਤੀ ਜਾਵੇ। ਚੁੱਪ ਰਹਿਣ ਤੋਂ ਭਾਵ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਜਜ਼ਬਾ ਪੈਦਾ ਹੋਣ ਲਈ ਕੋਈ ਠੋਸ/ਨਿੱਗਰ ਧਾਰਮਿਕ ਰਹਿਨੁਮਾਈ ਨਹੀਂ ਮਿਲੀ। ਫੋਕਟ ਕਰਮਕਾਂਡਾਂ ਦੇ ਇਰਦ-ਗਿਰਦ ਹੀ ਜੀਵਨ ਬੀਤਦਾ ਪਿਆ ਹੈ।

(2). ਬੰਦਾ ਸਮਾਜਿਕ ਭਾਈਚਾਰੇ ਦੇ ਡਰ ਕਾਰਨ ਵੀ ਸੱਚ ਦਾ ਸਾਥ ਨਹੀਂ ਦਿੰਦਾ ਕਿਉਂਕਿ ਝੂਠੇ ਬੰਦੇ ਸਮਾਜ ’ਚ ਵੱਧ ਹੁੰਦੇ ਹਨ। ਗੁਰਬਾਣੀ ਦਾ ਫ਼ੁਰਮਾਨ ਹੈ ਕਿ ਜੋ ਮਨੁੱਖ; ਲੋਕਾਚਾਰੀ ਤੋਂ ਉੱਪਰ ਨਾ ਉੱਠ ਸਕਿਆ, ਉਹ ਰੱਬ ਦਾ ਬੰਦਾ (ਸੱਚਾ ਸੇਵਕ) ਨਹੀਂ ਬਣ ਸਕਦਾ। ਗੁਰੂ ਨਾਨਕ ਸਾਹਿਬ ਜੀ ਵਰਗਿਆਂ ਨੂੰ ਵੀ ਸਮਾਜ ਨੇ ਇਉਂ ਕੁਬੋਲ ਬੋਲੇ ਸਨ ‘‘ਕੋਈ ਆਖੈ ਭੂਤਨਾ; ਕੋ ਕਹੈ ਬੇਤਾਲਾ (ਪਾਗਲ)   ਕੋਈ ਆਖੈ ਆਦਮੀ; ਨਾਨਕੁ ਵੇਚਾਰਾ ’’ (ਮਹਲਾ /੯੯੧) ਤਾਂ ’ਤੇ ਸਿੱਖ ਨੂੰ ਵੀ ਸਮਾਜਿਕ ਵਿਰੋਧ ਨੂੰ ਅਣਡਿੱਠ ਕਰ ਸੱਚ ਲਈ ਅੱਗੇ ਆਉਣਾ ਚਾਹੀਦਾ ਹੈ; ਜਿਵੇਂ ਕਿ ਗੁਰੂ ਰਾਮਦਾਸ ਜੀ ਫ਼ੁਰਮਾ ਰਹੇ ਹਨ ‘‘ਲੋਕਨ ਕੀ ਚਤੁਰਾਈ ਉਪਮਾ; ਤੇ ਬੈਸੰਤਰਿ ਜਾਰਿ   ਕੋਈ ਭਲਾ ਕਹਉ ਭਾਵੈ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ ’’ (ਮਹਲਾ /੫੨੮) ਅਰਥ : ਲੋਕਾਂ ਵੱਲੋਂ ਮਿਲਣ ਵਾਲ਼ੀ ਸਿਆਣਪ (ਕਿ ਸੱਚ ਦਾ ਸਾਥ ਦੇ ਕੇ ਬੁਰਾ ਨਾ ਬਣ) ਅਤੇ ਵਡਿਆਈ (ਕਿ ਤੈਂ ਸੱਚ ’ਤੇ ਪਹਿਰਾ ਦੇ ਕੇ ਚੰਗਾ ਕੀਤਾ) ਮੈਂ ਅੱਗ ’ਚ ਸਾੜ ਦਿੱਤੀ ਭਾਵ ਮੈਨੂੰ ਇਨ੍ਹਾਂ ਦੀ ਕੋਈ ਪ੍ਰਵਾਹ ਨਹੀਂ। ਕੋਈ ਮੈਨੂੰ ਭਾਵੇਂ ਚੰਗਾ ਕਹੇ ਜਾਂ ਮਾੜਾ ਕਹੇ; ਮੈ ਤਾਂ ਆਪਣੇ ਸਤਿਗੁਰੂ ਦੇ ਚਰਨਾਂ ’ਤੇ ਸੀਸ ਭੇਟ ਕਰ ਦਿੱਤਾ ਹੈ ਯਾਨੀ ਗੁਰੂ ਜੀ ਦੇ ਕਹੇ ਅਨੁਸਾਰ ਸੱਚ ’ਤੇ ਚੱਲਣਾ ਸਿੱਖ ਲਿਆ ਹੈ ਕਿ ‘‘ਨਾਨਕ ! ਦੁਨੀਆ ਕੀਆਂ ਵਡਿਆਈਆਂ; ਅਗੀ ਸੇਤੀ ਜਾਲਿ   ਏਨੀ ਜਲੀਈਂ ਨਾਮੁ ਵਿਸਾਰਿਆ; ਇਕ ਚਲੀਆ ਨਾਲਿ ’’ (ਮਹਲਾ /੧੨੯੦)

ਸੰਨ 1675 ਵਿੱਚ ਰਾਜਾ ਔਰੰਗਜ਼ੇਬ ਨੇ ਕਸ਼ਮੀਰੀ ਪੰਡਿਤਾਂ ਉੱਤੇ ਜ਼ੁਲਮ ਕਰਨਾ ਬਹੁਤ ਵਧਾ ਦਿੱਤਾ ਸੀ। ਬ੍ਰਾਹਮਣਾਂ ਨੇ ਹਰ ਪਾਸਿਓਂ ਮਦਦ ਮੰਗੀ ਪਰ ਕਿਸੇ ਨੇ ਉਨ੍ਹਾਂ ਦੀ ਬਾਂਹ ਨਾ ਫੜੀ। ਆਖ਼ਿਰ 25 ਮਈ 1675 ਨੂੰ ਗੁਰੂ ਘਰ ਦੇ ਨਿਡਰ ਯੋਧੇ ਬਾਬਾ ਕਿਰਪਾ ਰਾਮ ਜੀ ਦੀ ਅਗਵਾਈ ’ਚ 16 ਕਸ਼ਮੀਰੀ ਪੰਡਿਤਾਂ ਦਾ ਜਥਾ ਚੱਕ ਨਾਨਕੀ (ਅਜੋਕੇ ਅਨੰਦਪੁਰ ਸਾਹਿਬ) ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਦਰਬਾਰ ’ਚ ਆ ਫ਼ਰਿਆਦ ਕਰਦਾ ਹੈ ਕਿ ਔਰੰਗਜ਼ੇਬ ਨੇ ਸਾਨੂੰ ਮੁਸਲਮਾਨ ਬਣਨ ਲਈ ਜਾਂ ਮੌਤ ਕਬੂਲਣ ਲਈ ਕਿਹਾ ਹੈ। ਤਿਆਗ ਦੀ ਮੂਰਤੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਭਾਂਪ ਲਿਆ ਕਿ ਕਿਸੇ ਮਹਾਨ ਵਿਅਕਤੀ ਵੱਲੋਂ ਵੱਡੀ ਕੁਰਬਾਨੀ ਦੇ ਕੇ ਭਾਰਤੀ ਲੋਕਾਂ ਦੀ ਮਰ ਚੁੱਕੀ ਜ਼ਮੀਰ ਨੂੰ ਜਿਊਂਦਾ ਕਰਨਾ ਪੈਣਾ ਹੈ।  9 ਕੁ ਸਾਲ ਦੇ ਬਾਲਕ ਗੋਬਿੰਦ ਰਾਇ ਜੀ ਨੇ ਹੁੰਗਾਰਾ ਭਰ ਦਿੱਤਾ ਤਾਂ ਜੋ ਗੁਰੂ ਦਰ ਆਏ ਬ੍ਰਾਹਮਣ ਸ਼ਰਨਾਰਥੀਆਂ ਨੂੰ ਨਿਰਾਸ਼ ਨਾ ਹੋਣਾ ਪਵੇ । ਗੁਰੂ ਸਾਹਿਬ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਔਰੰਗਜ਼ੇਬ ਤੱਕ ਸੁਨੇਹਾ ਪਹੁੰਚਾ ਦਿਓ ਕਿ ਜੇਕਰ ਗੁਰੂ ਤੇਗ਼ ਬਹਾਦਰ ਸਾਹਿਬ ਜੀ; ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਬ੍ਰਾਹਮਣ ਵੀ ਮੁਸਲਮਾਨ ਬਣ ਜਾਵਾਂਗੇ। ਇਸ ਹੱਲਾਸ਼ੇਰੀ ਨੇ ਕਸ਼ਮੀਰੀ ਪੰਡਿਤਾਂ ਅੰਦਰ ਖ਼ੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਕਿ ਕੋਈ ਤਾਂ ਬਾਂਹ ਫੜਨ ਲਈ ਅੱਗੇ ਆਇਆ। ਗੁਰੂ ਸਾਹਿਬ ਜੀ ਨੇ ਬਾਲਕ ਗੋਬਿੰਦ ਰਾਇ ਜੀ ਨੂੰ ਗੁਰੂ ਨਾਨਕ ਜੋਤਿ ਦਾ 10ਵਾਂ ਉੱਤਰਾਧਿਕਾਰੀ ਥਾਪ ਕੇ ਆਪ ਭਾਰਤ ਦੀ ਜਨਤਾ ’ਚ ਨਵੀਂ ਰੂਹ ਪੈਦਾ ਕਰਨ ਲਈ ਦਿੱਲੀ ਵੱਲ ਚੱਲ ਪਏ। ਜਿੱਥੇ ਆਪ ਨੇ ਆਪਣੇ ਤਿੰਨ ਗੁਰਸਿੱਖਾਂ (ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ) ਸਮੇਤ ਅਸਹਿ ਤਸੀਹੇ ਸਹਾਰਦਿਆਂ ਸ਼ਹੀਦੀ ਦੇ ਕੇ ਕਸ਼ਮੀਰੀ ਪੰਡਿਤਾਂ ਨਾਲ਼ ਕੀਤਾ ਆਪਣਾ ਬਚਨ ਪੂਰਾ ਕਰ ਦਿੱਤਾ ਤੇ ਔਰੰਗਜ਼ੇਬ ਦੀ ਹਾਰ ਹੋਈ ਤਾਹੀਓਂ ਆਪ ਜੀ ਦੇ ਇਨ੍ਹਾਂ ਬੋਲਾਂ ਨੂੰ ਅੱਜ ਵੀ ਬੜੇ ਫ਼ਖ਼ਰ ਨਾਲ਼ ਪੜ੍ਹਿਆ ਜਾਂਦਾ ਹੈ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’  (ਮਹਲਾ /੧੪੨੭) ਅਰਥ : ਅਸੀਂ ਨਾ ਕਿਸੇ ਜ਼ਾਲਮ ਦਾ ਡਰ ਸਹਿਣ ਕਰਦੇ ਹਾਂ ਅਤੇ ਨਾ ਹੀ ਕਿਸੇ ਨਿਮਾਣੇ ਨੂੰ ਡਰਾਉਂਦੇ ਹਾਂ।

ਗੁਰੂ ਸਾਹਿਬਾਨ ਨੇ ਅਜਿਹੀ ਸਿੱਖ ਕੌਮ ਦੀ ਸਿਰਜਣਾ ਕੀਤੀ ਹੈ, ਜੋ ਅਕਾਲ ਪੁਰਖ ਤੋਂ ਇਲਾਵਾ ਕਿਸੇ ਹੋਰ ਦੀ ਪੂਜਾ ਨਹੀਂ ਕਰਦੀ ਅਤੇ ਆਪਣਾ ਮਾਲਕ; ਕਣ ਕਣ ’ਚ ਵਿਆਪਕ ਹੋਣ ਕਾਰਨ ਸਭ ਨਾਲ਼ ਪਿਆਰ ਭਾਵਨਾ ਨਾਲ਼ ਰਹਿਣਾ ਪਸੰਦ ਕਰਦੀ ਹੈ। ਕਿਸੇ ਲਿੰਗ, ਜਾਤਿ, ਰੰਗ, ਧਰਮ, ਫਿਰਕੇ, ਦੇਸ਼, ਭਾਸ਼ਾ, ਪਹਿਰਾਵੇ ਆਦਿ ਦਾ ਵਿਤਕਰਾ ਨਹੀਂ ਕਰਦੀ ਸਗੋਂ ਅੱਜ ਵੀ ਲੋੜਵੰਦਾਂ ਦੀ ਬਾਂਹ ਫੜ ਕੇ ਆਪਣੇ ਉੱਚੇ ਇਖ਼ਲਾਕ ਨੂੰ ਰੋਲ ਮਾਡਲ ਵਜੋਂ ਪੇਸ਼ ਕਰਦੀ ਹੈ। ਸਿੱਖ; ਰੱਬ ਦਾ ਬੰਦਾ (ਦਾਸ) ਹੈ। ਜਨਤਾ ਲਈ ਸਮਾਜ ਸੇਵਕ ਹੈ। ਲੋੜਵੰਦਾਂ ਲਈ ਦਾਤਾ ਹੈ। ਸੱਚ ਦਾ ਸਾਥ ਦਿੰਦਿਆਂ ਮੈਦਾਨੇ ਜੰਗ ’ਚ ਯੋਧਾ ਹੈ। ਕੁਦਰਤ ਦਾ ਦਸਤੂਰ (ਭਾਵ ਰੀਤ) ਵੀ ਇਹੀ ਸੰਘਰਸ਼ ਹੈ, ਖੇਲ ਹੈ; ਜਿਵੇਂ ਕਿ ਸ਼ਾਮ ਨੂੰ ਹਰ ਰੋਜ਼ ਪੜ੍ਹੀਦਾ ਹੈ ‘‘ਜੀਅ ਜੰਤ ਸਭਿ; ਤੇਰਾ ਖੇਲੁ ’’  (ਸੋ ਪੁਰਖੁ/ਮਹਲਾ /੧੧) ਗੁਰੂ ਸਾਹਿਬਾਨ ਨੇ ਗ੍ਰਿਹਸਤੀ ਅਤੇ ਸਮਾਜ ਤੋਂ ਭਗੌੜੇ ਲੋਕਾਂ, ਜੋ ਭਗਤੀ ਕਰਨ ਲਈ ਜੰਗਲ਼ਾਂ ’ਚ ਚਲੇ ਗਏ ਸਨ, ਦੇ ਜੀਵਨ ਨੂੰ ਨਿਹਫਲ਼ ਦੱਸਿਆ। ਜੇਕਰ ਕੋਈ ਸਿੱਖ ਪਾਠ ਕਰਦਾ ਹੈ, ਪਰ ਲੋੜਵੰਦਾਂ ਦੀ ਮਦਦ ਕਰਨ ਸਮੇਂ ਡਰਦਾ ਹੈ ਤਾਂ ਉਹ ਵੀ ਜੰਗਲ਼ ’ਚ ਜਾ ਕੇ ਭਗਤੀ ਕਰਨ ਵਾਲ਼ੇ ਲੋਕਾਂ ਵਰਗਾ ਹੈ। ਸੰਘਰਸ਼ ਕਰਨ ਦਾ ਇਹ ਮਤਲਬ ਨਹੀਂ ਕਿ ਤਲਵਾਰਾਂ ਨੂੰ ਹਵਾ ’ਚ ਲਹਿਰਾ ਕੇ ਲੋਕਾਂ ਨੂੰ ਡਰਾਇਆ ਜਾਵੇ। ਅਜੋਕੇ ਸਮੇਂ ਮੁਤਾਬਕ ਸੰਘਰਸ਼ ਦੇ ਦੋ ਨੁਕਤੇ ਸਫਲ ਹਨ :

(1). ਸਮਾਜਿਕ ਏਕਤਾ ਸਥਾਪਿਤ ਕਰਨਾ ਗੁਰੂ ਸਾਹਿਬਾਨ ਨੇ ਅਲੌਕਿਕ ਮਾਲਕ ਦੀ ਹੋਂਦ ਦੀ ਵਿਆਖਿਆ ਕਰਦਿਆਂ ਮਨੁੱਖਤਾ ਨੂੰ ਸਮਝਾਇਆ ਕਿ ਅਸੀਂ ਸਾਰੇ ਉਸ ਇੱਕੋ ਪਿਤਾ ਦੀ ਔਲਾਦ ਹਾਂ; ਜਿਵੇਂ ਕਿ ਬਚਨ ਹਨ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ…. (ਮਹਲਾ /੬੧੧), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ ’’ (ਮਹਲਾ /੯੭) ਜਦ ਮਨੁੱਖ ਸਾਰਿਆਂ ਨੂੰ ਆਪਣਾ ਪਰਵਾਰ ਮੰਨੇਗਾ ਤਾਂ ਵਿਤਕਰਾ, ਬੇਇਨਸਾਫ਼ੀ, ਕਰੂਰਤਾ (ਕਠੋਰਤਾ); ਆਪਣੇ ਆਪ ਖ਼ਤਮ ਹੋ ਕੇ ਪਿਆਰ, ਹਮਦਰਦੀ, ਸਬਰ ਆਦਿ ਹਿਰਦੇ ’ਚ ਜੰਮਣ ਲੱਗ ਪੈਂਦੇ ਹਨ।

(2). ਸਮੇਂ ਦਾ ਹਾਣੀ ਹੋਣਾ ਅੱਜ ਵਿਗਿਆਨਿਕ ਯੁੱਗ ਹੈ। ਪੜ੍ਹਿਆ ਲਿਖਿਆ ਸਮਾਜ ਹੋਣਾ ਸਮੇਂ ਦੀ ਮੁੱਖ ਮੰਗ ਹੈ। ਆਪਣੇ ਬੱਚਿਆਂ ਨੂੰ ਚੰਗੇ ਵਕੀਲ, ਚੰਗੇ ਜੱਜ, ਚੰਗੇ ਡਾਕਟਰ, ਚੰਗੇ ਇੰਜੀਨੀਅਰ, ਸੁਖਾਵਾਂ ਰਾਜ-ਪ੍ਰਬੰਧ ਸਥਾਪਿਤ ਕਰਨ ਲਈ ਚੰਗੇ ਅਫ਼ਸਰ (IAS, IPS, IFS ), ਦੀਰਘ ਸੋਚ ਰੱਖਣ ਵਾਲ਼ੇ ਸਿਆਸਦਾਨ, ਆਦਿ ਬਣਾ ਕੇ ਵੀ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ ਅਤੇ ਦੁਰਾਚਾਰੀ ਤੇ ਜ਼ਾਲਮ ਲੋਕਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਅੰਤ ’ਚ ਸਵਾਲ ਪੈਦਾ ਹੁੰਦਾ ਹੈ ਕਿ ਗੁਰਬਾਣੀ ਵਰਗਾ ਸਰਬ ਸਾਂਝਾ ਗੁਰੂ ਮੌਜੂਦ ਹੋਣ ਦੇ ਬਾਵਜੂਦ ਭੀ ਐਸਾ ਕੰਮ ਕਿਉਂ ਨਹੀਂ ਕੀਤਾ ਗਿਆ? ਜਵਾਬ : ਸਿੱਖਾਂ ਦੀਆਂ ਦੋ ਸਿਰਮੌਰ ਜਥੇਬੰਦੀਆਂ ਹਨ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਅਤੇ ‘ਸ਼੍ਰੋਮਣੀ ਅਕਾਲੀ ਦਲ’। ਸਿੱਖਾਂ ਨੇ ਬੇਧਿਆਨੇ ’ਚ ਇਨ੍ਹਾਂ ਉੱਤੇ ਮਾੜੇ ਬੰਦਿਆਂ ਦਾ ਕਬਜ਼ਾ ਕਰਾ ਦਿੱਤਾ, ਜੋ ਰੂੜ੍ਹੀਵਾਦੀ (ਪੁਰਾਤਨ ਸੱਭਿਅਤਾ) ਵਾਲ਼ੀ ਸੋਚ ਨੂੰ ਪ੍ਰਣਾਇ ਹਨ। ਸਮੇਂ ਦਾ ਹਾਣੀ ਹੋਣਾ ਇਨ੍ਹਾਂ ਨੂੰ ਮਾਫ਼ਕ ਨਹੀਂ। ਭਾਵੇਂ ਇਹ ਲੋਕਤੰਤਰੀ ਢੰਗ ਨਾਲ਼ ਚੁਣੇ ਗਏ, ਪਰ ਵੈਸੇ ਇਹ ਲੋਕਤੰਤਰੀ ਪ੍ਰਣਾਲੀ ਵਿਰੁੱਧ ਹਨ ਤਾਹੀਓਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 10-10 ਸਾਲ ਜਾਂ 15-15 ਸਾਲ ਤੱਕ ਨਹੀਂ ਕਰਾਈ ਜਾਂਦੀ। ਇਸ ਰੂੜ੍ਹੀਵਾਦੀ ਸੋਚ ਨੇ ਸਦੀਆਂ ਤੋਂ ਆਮ ਜਨਤਾ ਨੂੰ ਗ਼ੁਲਾਮ ਰੱਖਣ ਲਈ ਉਨ੍ਹਾਂ ਅੱਗੇ ਅਖੌਤੀ ਦੇਵਤੇ, ਅਖੌਤੀ ਸੰਤ, ਅਖੌਤੀ ਬ੍ਰਹਮਗਿਆਨੀਆਂ ਨੂੰ ਉਭਾਰਿਆ ਹੈ। ਹੁਣ ਇਨ੍ਹਾਂ ਵਿੱਚ ਇੱਕੋ ਜਥੇਦਾਰ ਅਤੇ ਇੱਕੋ ਪਰਵਾਰ ਨੂੰ ਆਗੂ ਮੰਨਣਾ ਵੀ ਸ਼ਾਮਲ ਕਰ ਲਿਆ ਵਰਨਾ ਗੁਰੂ ਸਾਹਿਬ ਨੇ ਤਾਂ ਸਿੱਖਾਂ ਲਈ ਪੰਜਾਂ ਪਿਆਰਿਆਂ ਦੀ ਪੰਚਾਇਤ ਸਥਾਪਿਤ ਕੀਤੀ ਸੀ। ਇਸ ਸਭ ਦੇ ਪਿੱਛੇ ਉਹੀ ਅਧਾਰਮਿਕ ਸ਼ਕਤੀਆਂ ਕਾਰਜਸ਼ੀਲ ਹਨ, ਜਿਨ੍ਹਾਂ ਨੂੰ ਗੁਰਬਾਣੀ ਦਾ ਸਮਾਜ ਨੂੰ ਜੋੜਨ ਵਾਲ਼ਾ ਸਿਧਾਂਤ ਪਸੰਦ ਨਹੀਂ। ਸਦੀਆਂ ਤੋਂ ਉਨ੍ਹਾਂ ਨੇ ਮਨੁੱਖਤਾ ਨੂੰ ਵੰਡਿਆ ਹੈ ਤਾਹੀਓਂ ਅੱਜ ‘ਧਰਮ ਜੋੜਦਾ ਹੈ, ਤੋੜਦਾ ਨਹੀਂ’, ਵਾਲ਼ੀ ਅਸਲ ਸਚਾਈ ਵੀ ਕਿਸੇ ਦੇ ਹਜ਼ਮ ਨਹੀਂ ਹੋ ਰਹੀ।

ਸੋ ਅਯੋਗ ਬੰਦਿਆਂ ਤੋਂ ਆਪਹੁੰ ਬਣੇ ਇਨ੍ਹਾਂ ਫੋਕਟ ਮਹਾਂ ਮਾਨਵਾਂ ਨੇ ਆਪਣੇ ਭਾਈਚਾਰੇ ਨੂੰ ਅੱਗੇ ਵਧਣ ਨਹੀਂ ਦਿੱਤਾ ਤਾਂ ਜੋ ਇਨ੍ਹਾਂ ਦੀ ਪੁਰਖੀ ਪਰੰਪਰਾ ਨੂੰ ਕੋਈ ਚੁਣੌਤੀ ਨਾ ਦੇ ਸਕੇ ਸਗੋਂ ਕੌਮ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ ਤਾਹੀਓਂ ਅੱਜ ਉਹ ਹਰ ਇੱਕ ਦੇ ਮਗਰ ਲੱਗ ਤਲਵਾਰਾਂ ਲਹਿਰਾਉਣ ਲੱਗ ਜਾਂਦੀ ਹੈ ਭਾਵੇਂ ਉਸ ਦਾ ਕੋਈ ਲਾਭ ਹੋਵੇ ਜਾਂ ਨਾ ਹੋਵੇ। ਹੁਣ ਸਭ ਤੋਂ ਪਹਿਲਾਂ ਸਿੱਖਾਂ ਨੂੰ ਇਨ੍ਹਾਂ ਆਪਣਿਆਂ ਨਾਲ਼ ਸੰਘਰਸ਼ ਕਰਨਾ ਪੈਣਾ ਹੈ; ਜਿਵੇਂ ਮਸੰਦਾਂ ਨਾਲ਼ ਕੀਤਾ ਗਿਆ ਸੀ ਤਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਦੂਰਅੰਦੇਸ਼ੀ ਯੋਧੇ ਕੌਮ ਅੰਦਰ ਤਿਆਰ ਹੋਣ ਅਤੇ ਗੁਰਬਾਣੀ ਵਾਲ਼ੀ ਸਰਬ ਸਾਂਝੀਵਾਲਤਾ (ਸਮਾਜਿਕ ਏਕਤਾ) ਆਪਣੀ ਕੌਮ ਤੋਂ ਅਰੰਭ ਕੀਤੀ ਜਾਵੇ, ਜੋ ਹੁਣ ਇਨ੍ਹਾਂ ਨੇ ਅਨੇਕਾਂ ਵਰਗਾਂ ’ਚ ਵੰਡ ਦਿੱਤੀ ਜਾਂ ਪੰਥ ਦੋਖੀ ਸ਼ਕਤੀਆਂ ਤੋਂ ਵੰਡਾਅ ਦਿੱਤੀ ਹੈ।

ਯੂਨੀਫਾਰਮ ਸਿਵਲ ਕੋਡ (UCC)

0

ਯੂਨੀਫਾਰਮ ਸਿਵਲ ਕੋਡ (UCC)

ਕਿਰਪਾਲ ਸਿੰਘ ਬਠਿੰਡਾ 88378-13661

ਪੰਜਾਬ ਸਮੇਤ ਦੇਸ਼ ਭਰ ਵਿੱਚ ਯੂਨੀਫਾਰਮ ਸਿਵਲ ਕੋਡ (UCC) ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਤੇ ਇਸ ਦਾ ਸਮਰਥਨ ਹੋ ਰਿਹਾ ਹੈ ਤੇ ਕਿਤੇ ਵਿਰੋਧ ਕੀਤਾ ਜਾ ਰਿਹਾ ਹੈ। ਸਿਵਲ ਕੋਡ ਕਨੂੰਨ ਦਾ ਭਾਵ ਹੈ ਉਹ ਕਨੂੰਨ, ਜੋ ਨਾਗਰਿਕਾਂ ਦੇ ਨਿਜੀ ਅਤੇ ਪਰਵਾਰਿਕ ਸੰਬੰਧਾਂ ’ਤੇ ਲਾਗੂ ਹੁੰਦਾ ਹੈ; ਜਿਵੇਂ ਕਿ ਵਿਆਹ, ਤਲਾਕ, ਵਿਰਾਸਤ, ਗੋਦ ਲੈਣਾ ਅਤੇ ਸੰਪਤੀ ਦਾ ਉੱਤਰਾਧਿਕਾਰੀ ਬਣਨਾ, ਜੋ ਅਕਸਰ ਧਰਮ ’ਤੇ ਆਧਾਰਿਤ ਹੁੰਦਾ ਹੈ। ਯੂਨੀਫਾਰਮ ਸਿਵਲ ਕੋਡ ਨਿਯਮ ਬਣਨ ਦਾ ਮਤਲਬ ਹੈ ਕਿ ਸਮਾਜ ਦੇ ਸਾਰੇ ਵਰਗਾਂ ਉੱਤੇ, ਉਨ੍ਹਾਂ ਦੀਆਂ ਧਾਰਮਿਕ ਰਹੁ ਰੀਤਾਂ ਨੂੰ ਅਣਡਿੱਠ ਕਰ, ਰਾਸ਼ਟਰੀ ਸਿਵਲ ਕੋਡ ਇਕਸਾਰ ਲਾਗੂ ਕਰਨਾ।

ਸੰਨ 2020 ’ਚ ਵੀ ਲੰਮੀ ਬਹਿਸ, ਵਿਚਾਰ ਚਰਚਾ, ਅੰਦੋਲਨ ਅਤੇ ਕਨੂੰਨੀ ਰਾਵਾਂ ਤੋਂ ਬਾਅਦ ਸੁਪਰੀਮ ਕੋਰਟ ਦੇ ਸਾਬਕਾ ਜੱਜ ਬਲਬੀਰ ਸਿੰਘ ਚੌਹਾਨ ਦੀ ਅਗਵਾਈ ਵਾਲੇ ਭਾਰਤ ਦੇ 21ਵੇਂ ਲਾਅ ਕਮਿਸ਼ਨ ਨੇ ਇੱਕ-ਸਮਾਨ ਸਿਵਲ ਕੋਡ (ਯੂਨੀਫਾਰਮ ਸਿਵਲ ਕੋਡ) ਮਾਮਲੇ ਨੂੰ ਇਹ ਕਹਿ ਕੇ ਹਮੇਸ਼ਾਂ ਲਈ ਬੰਦ ਕਰਾ ਦਿੱਤਾ ਸੀ ਕਿ ‘ਇਸ ਪੜਾਅ ’ਤੇ ਇੱਕ ਯੂਨੀਫਾਰਮ ਸਿਵਲ ਕੋਡ ਬਣਾਉਣਾ; ਨਾ ਤਾਂ ਜ਼ਰੂਰੀ ਹੈ ਅਤੇ ਨਾ ਹੀ ਫ਼ਾਇਦੇਮੰਦ ਹੈ’। ਕਮਿਸ਼ਨ ਨੇ ਟਿੱਪਣੀ ਕੀਤੀ ਕਿ ‘ਸਿਰਫ਼ ਅੰਤਰ ਦੀ ਮੌਜੂਦਗੀ (ਵੰਨ ਸੁਵੰਨਤਾ) ਦਾ ਮਤਲਬ ਵਿਤਕਰਾ ਨਹੀਂ ਹੈ ਸਗੋਂ ਇੱਕ ਮਜ਼ਬੂਤ ਲੋਕਤੰਤਰ ਦੀ ਪਹਿਚਾਨ ਹੈ’। ਲਾ-ਕਮਿਸ਼ਨ ਦੀਆਂ ਇਹ ਸਿਫ਼ਾਰਸ਼ਾਂ ਦੂਰਗਾਮੀ ਸਨ।

ਕਰਨਾਟਕ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰਿਤੂ ਰਾਜ ਅਵਸਥੀ ਦੀ ਅਗਵਾਈ ਵਾਲੇ ਭਾਰਤ ਦੇ 22ਵੇਂ ਕਨੂੰਨ ਕਮਿਸ਼ਨ ਰਾਹੀਂ ਉਸੇ ਮਸਲੇ ਨੂੰ ਹੁਣ ਮੁੜ ਸੁਰਜੀਤ ਕਰ ਲੈਣਾ ਹੀ ਇਸ ਦੇ ਪਿੱਛੇ ਗਹਿਰੀ ਸਾਜ਼ਸ਼ ਨੂੰ ਜਨਮ ਦਿੰਦਾ ਹੈ।

ਇੱਕ ਜਨਤਕ ਨੋਟਿਸ ਵਿੱਚ ਭਾਰਤ ਦੇ 22ਵੇਂ ਕਨੂੰਨ ਕਮਿਸ਼ਨ ਨੇ ਯੂਨੀਫ਼ਾਰਮ ਸਿਵਲ ਕੋਡ (UCC) ਬਾਰੇ 14 ਜੂਨ 2023 ਨੂੰ ਆਮ ਜਨਤਾ ਅਤੇ ਮਾਨਤਾ ਪ੍ਰਾਪਤ ਧਾਰਮਿਕ ਸੰਸਥਾਵਾਂ ਦੇ ਵਿਚਾਰ ਮੰਗਣ ਦਾ ਫ਼ੈਸਲਾ ਕੀਤਾ ਹੈ। ਜਿਸ ਦੀ ਅੰਤਮ ਤਾਰੀਖ਼ ਵੀ ਨੇੜੇ ਹੀ 14 ਜੁਲਾਈ 2023 ਨਿਸ਼ਚਿਤ ਕੀਤੀ ਗਈ ਸੀ ਜਦਕਿ ਇਸ ਮੁੱਦੇ ਨਾਲ ਦੇਸ਼ ਦੀ 92% ਜਨਤਾ ਪ੍ਰਭਾਵਤ ਹੋਣੀ ਹੈ। ਇੰਨੇ ਵੱਡੇ ਸੰਵਿਧਾਨਿਕ ਮੁੱਦੇ ਲਈ ਇੰਨਾ ਘੱਟ ਸਮਾਂ ਦੇਣਾ, ਹੋਰ ਹੀ ਬਹੁਤ ਸਾਰੇ ਸ਼ੰਕੇ ਪੈਦਾ ਕਰਦਾ ਹੈ; ਜੋ ਹੇਠ ਲਿਖੇ ਹੋ ਸਕਦੇ ਹਨ।

ਆਪਣੇ 9 ਸਾਲ ਦੇ ਰਾਜ ਦੌਰਾਨ ਭਾਜਪਾ ਨੇ ਆਮ ਜਨਤਾ ਦੀ ਭਲਾਈ ਲਈ ਕੋਈ ਐਸਾ ਕੰਮ ਨਹੀਂ ਕੀਤਾ, ਜਿਸ ਨਾਲ਼ ਅਗਾਂਹ ਹੋਰ ਰਾਜਸੀ ਫਾਇਦਾ ਮਿਲਦਾ ਪ੍ਰਤੀਤ ਹੋਵੇ। ਇਨ੍ਹਾਂ 9 ਸਾਲਾਂ ’ਚ, ਜਿਸ ਤਰ੍ਹਾਂ ਚੁਣੀਆਂ ਹੋਈਆਂ ਵਿਰੋਧੀ ਸੂਬਾ ਸਰਕਾਰਾਂ ਦੇ ਵਿਧਾਇਕਾਂ ਨੂੰ ਈ.ਡੀ., ਸੀ.ਬੀ.ਆਈ. ਅਤੇ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਕਰਕੇ ਦਲ ਬਦਲੀ ਕਰਾ ਭਾਜਪਾ ਸਰਕਾਰ ਬਣਾ ਲੈਣੀ ਤੇ ਫਿਰ ਉਨ੍ਹਾਂ ਹੀ ਵਿਧਾਇਕਾਂ, ਜਿਨ੍ਹਾਂ ਨੂੰ ਪਹਿਲਾਂ ਭ੍ਰਿਸ਼ਟ ਦੱਸ ਕੇ ਉਨ੍ਹਾਂ ’ਤੇ ਕੇਂਦਰੀ ਏਜੰਸੀਆਂ ਰਾਹੀਂ ਛਾਪੇ ਮਰਵਾਏ ਗਏ, ਉਨ੍ਹਾਂ ਨੂੰ ਮੋਦੀ-ਮਾਰਕਾ ਵਾਸ਼ਿੰਗ ਮਸ਼ੀਨ ’ਚ ਧੋ ਕੇ ਆਪਣੀ ਸਰਕਾਰ ’ਚ ਅਹਿਮ ਅਹੁਦੇ ਦੇ ਕੇ ਨਿਵਾਜਿਆ ਗਿਆ।

2014 ਅਤੇ 2019 ਦੇ ਚੋਣ ਵਾਅਦਿਆਂ ਅਤੇ ਵਧ ਰਹੀ ਮਹਿੰਗਾਈ, ਹਿੰਡਨਬਰਗ ਰਿਪੋਰਟ, ਡਬਲ ਇੰਜਨ ਸਰਕਾਰ ਵਾਲੇ ਮਨੀਪੁਰ ’ਚ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਲਗਾਤਾਰ ਹੋ ਰਹੀ ਹਿੰਸਾ ਆਦਿਕ ਅਹਿਮ ਮਸਲਿਆਂ ਦੀ ਜਵਾਬਦੇਹੀ ਤੋਂ ਪ੍ਰਧਾਨ ਮੰਤਰੀ ਪੂਰੀ ਤਰ੍ਹਾਂ ਇਨਕਾਰੀ ਹੈ, ਜਿਸ ਨੇ ਪਿਛਲੇ 9 ਸਾਲਾਂ ਦੇ ਰਾਜ ਕਾਲ ’ਚ ਜਿਹੇ ਭਖਦੇ ਮਸਲਿਆਂ ’ਤੇ ਨਾ ਕਦੀ ਵਿਰੋਧੀ ਧਿਰ ਵੱਲੋਂ ਧਿਆਨ ਦਿਵਾਉਣ ’ਤੇ ਵੀ ਉਨ੍ਹਾਂ ਦਾ ਜਵਾਬ ਦਿੱਤਾ ਅਤੇ ਨਾ ਹੀ ਅੱਜ ਤੱਕ ਪ੍ਰੈੱਸ ਕਾਨਫਰੰਸ ਹੀ ਕੀਤੀ ਕਿਉਂਕਿ ਅੰਦਰ ਡਰ ਹੈ ਕਿ ਕੋਈ ਐਸਾ ਸਵਾਲ ਨਾ ਕਰ ਦੇਵੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕੀ ਅਖ਼ਬਾਰ ‘ਦ ਵਾਲ ਸਟਰੀਟ ਜਰਨਲ’ ਦੀ ਪੱਤਰਕਾਰ ਸਬਰੀਨਾ ਸਿੱਦੀਕੀ ਨੇ ਭਾਰਤ ਦੀਆਂ ਘੱਟ ਗਿਣਤੀ ਸੰਬੰਧੀ ਕੀਤੇ ਇੱਕ ਸਵਾਲ ਨੇ ਸਾਰੀ ਭਾਜਪਾ ਵਿੱਚ ਬੁਖ਼ਲਾਹਟ ਪੈਦਾ ਕਰ ਦਿੱਤੀ ਸੀ। ਪ੍ਰਧਾਨ ਮੰਤਰੀ ਵੱਲੋਂ ਕੇਵਲ ਆਪਣੇ ਹੀ ਮਨ ਕੀ ਬਾਤ ਰੇਡੀਓ ’ਤੇ ਪ੍ਰਸਾਰਨ ਕਰ ਦਿੱਤੀ ਜਾਂਦੀ ਹੈ; ਜਿਸ ਨੇ ਲੋਕਾਂ ’ਚ ਇਹ ਧਾਰਨਾ ਪੈਦਾ ਕਰ ਦਿੱਤੀ ਹੈ ਕਿ ਜਿਹੜਾ ਆਗੂ ਲੋਕਾਂ ਦੀ ਬਾਤ ਨਾ ਸੁਣਦਾ ਹੈ ਅਤੇ ਨਾ ਹੀ ਕਰਦਾ ਹੈ ਤੇ ਕੇਵਲ ਆਪਣੇ ਹੀ ਮਨ ਕੀ ਬਾਤ ਸੁਣਾਉਂਦਾ ਹੈ, ਉਹ ਲੋਕਤੰਤਰ ਲਈ ਭਾਰੀ ਖ਼ਤਰਾ ਹੈ, ਜਿਸ ਨੂੰ ਬਦਲਿਆ ਜਾਣਾ ਚਾਹੀਦਾ ਹੈ।

ਅਜਿਹੇ ਵਰਤਾਰਿਆਂ ਕਾਰਨ ਭਾਜਪਾ ਦੀ ਇਮਾਨਦਾਰੀ ਦਾਗ਼ ਦਾਗ਼ ਹੋ ਚੁੱਕੀ ਹੈ, ਜਿਸ ਨਾਲ ਮੋਦੀ ਦਾ ਪ੍ਰਭਾਵ 2019 ਵਾਲਾ ਨਹੀਂ ਰਿਹਾ। ਗਰਾਫ਼ ਬੜੀ ਤੇਜ਼ੀ ਨਾਲ ਡਿੱਗ ਰਿਹਾ ਹੈ। ਤੀਜੀ ਵਾਰ ਕੇਂਦਰ ਸਰਕਾਰ ਬਣਾਉਣ ਦੀ ਸੰਭਾਵਨਾ ਬਹੁਤ ਘਟ ਹੈ। ਅਜਿਹੇ ’ਚ ਚੋਣਾਂ ਜਿੱਤਣ ਲਈ ਭਾਜਪਾ ਕੋਲ ਕੇਵਲ ਇੱਕ ਨੁਕਾਤੀ ਪ੍ਰੋਗਰਾਮ ਬਚਿਆ ਹੈ ਕਿ ਵੱਖ ਵੱਖ ਫਿਰਕਿਆਂ ’ਚ ਫਿਰਕੂ ਕੁੜੱਤਣ ਅਤੇ ਨਫ਼ਰਤ ਪੈਦਾ ਕਰ ਬਹੁਗਿਣਤੀ ਦੀਆਂ ਵੋਟਾਂ ਹਾਸਲ ਕੀਤੀਆਂ ਜਾਣ। ਹਿੰਦੂਆਂ ਵਿੱਚ ਉਨ੍ਹਾਂ ਇਹ ਧਾਰਨਾ ਬਣਾ ਲਈ ਕਿ ਮੁਸਲਮਾਨ 4-4 ਵਿਆਹ ਕਰਵਾ ਕੇ ਉਨ੍ਹਾਂ ’ਚੋਂ ਅਣਗਿਣਤ ਬੱਚੇ ਪੈਦਾ ਕਰ ਲੈਂਦੇ ਹਨ ਜਦੋਂ ਕਿ ਹਿੰਦੂਆਂ ’ਤੇ ਇੱਕ ਤੋਂ ਵੱਧ ਵਿਆਹ ਕਰਨ ’ਤੇ ਰੋਕ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਭਾਰਤ ’ਚ ਮੁਸਲਮਾਨਾਂ ਦੀ ਅਬਾਦੀ ਇੱਕ ਦਿਨ ਵਧ ਜਾਵੇਗੀ ਤੇ ਹਿੰਦੂ ਧਰਮ ਖ਼ਤਰੇ ’ਚ ਪੈ ਜਾਵੇਗਾ।

ਭਾਰਤੀ ਚੋਣ ਕਮਿਸ਼ਨ ਦੇ ਸਾਬਕਾ ਮੁਖੀ ਐਸ.ਵਾਈ. ਕੁਰੈਸ਼ੀ ਇਸਲਾਮਿਕ ਮਾਮਲਿਆਂ ਦੀ ਜਾਣਕਾਰੀ ਰੱਖਦੇ ਹਨ। ਉਹ ਬਣਾਈ ਗਈ ਇਸ ਧਾਰਨਾ ਨੂੰ ਮੁੱਢੋਂ ਰੱਦ ਕਰਦੇ ਲਿਖਦੇ ਹਨ ਕਿ ‘ਇਹ ਸੱਚ ਨਹੀਂ ਹੈ ਕਿਉਂਕਿ ਭਾਰਤ ਦੀ 130 ਕਰੋੜ ਦੀ ਅਬਾਦੀ ਵਿੱਚੋਂ ਸਿਰਫ਼ 14% ਹੀ ਮੁਸਲਮਾਨ ਹਨ। ਬਹੁ-ਪਤਨੀ ਪ੍ਰਥਾ ਕੁਰਾਨ ਵਿੱਚ ਸੱਤਵੀਂ ਸਦੀ ਦੌਰਾਨ ਜੋੜੀ ਗਈ ਸੀ। ਉਸ ਸਮੇਂ ਅਰਬ ਵਿੱਚ ਜਾਰੀ ਕਬਾਇਲੀ ਲੜਾਈਆਂ ਕਾਰਨ ਮਰਦਾਂ ਦੀ ਮੌਤ; ਛੋਟੀ ਉਮਰ ਵਿੱਚ ਹੀ ਹੋ ਜਾਂਦੀ ਸੀ। ਇਸ ਲਈ ਵਿਧਵਾਵਾਂ ਅਤੇ ਅਨਾਥਾਂ ਦੀ ਮਦਦ ਲਈ ਇਹ ਈਜਾਦ ਕੀਤੀ ਗਈ ਸੀ। ਹਾਲਾਂਕਿ ਅਜਿਹਾ ਬੇਹੱਦ ਸਖ਼ਤ ਸ਼ਰਤਾਂ ਅਤੇ ਪਾਬੰਦੀਆਂ ਤਹਿਤ ਹੀ ਕੀਤਾ ਜਾ ਸਕਦਾ ਸੀ। ਕੁਰਾਨ ਮੁਤਾਬਕ ਹਰ ਮਰਦ; ਦੂਜੀ, ਤੀਜੀ ਜਾਂ ਚੌਥੀ ਪਤਨੀ ਰੱਖ ਸਕਦਾ ਹੈ, ਪਰ ਉਹ ਅਨਾਥਾਂ ਅਤੇ ਵਿਧਵਾਵਾਂ ਵਿੱਚੋਂ ਹੋਣੀਆਂ ਚਾਹੀਦੀਆਂ ਹਨ। ਜਿਨ੍ਹਾਂ ਨਾਲ ਕਿ ਉਹ ਬਰਾਬਰੀ ਵਾਲਾ ਵਤੀਰਾ ਰੱਖੇ। ਇਸ ਤੋਂ ਬਾਹਰ, ਜੋ ਕੁਝ ਵੀ ਹੈ ਉਹ ਉਲੰਘਣਾ ਹੈ। ਸਾਲ 2021 ਵਿੱਚ ਲਿਖੀ ਆਪਣੀ ਕਿਤਾਬ ‘ਦਿ ਪਾਪੂਲੇਸ਼ਨ ਮਿੱਥ: ਫੈਮਿਲੀ ਪਲੈਨਿੰਗ ਐਂਡ ਪੋਲੀਟਿਕਸ ਇਨ ਇੰਡੀਆ’ ਕੁਰੈਸ਼ੀ ਨੇ ਮੁਸਲਿਮ ਸਮਾਜ ਨੂੰ ਬਹੁ-ਪਤਨੀ ਪ੍ਰਥਾ ਖ਼ਤਮ ਕਰਨ ਦਾ ਸੱਦਾ ਦਿੱਤਾ ਸੀ ਹਾਲਾਂਕਿ ਉਨ੍ਹਾਂ ਦਾ ਸਵਾਲ ਹੈ ਕਿ ਜੇ ਕੋਈ ਪ੍ਰਥਾ ਤੁਹਾਡੇ ਇੱਥੇ ਬਹੁ-ਗਿਣਤੀ ਵਿੱਚ ਜਾਰੀ ਹੀ ਨਹੀਂ ਹੈ ਤਾਂ ਤੁਸੀਂ ਇਸ ਉੱਪਰ ਪਾਬੰਦੀ ਕਿਉਂ ਲਗਾਉਣਾ ਚਾਹੁੰਦੇ ਹੋ  ?’

ਬਹੁ-ਪਤਨੀ ਪ੍ਰਥਾ ਕੇਵਲ ਮੁਸਲਮਾਨਾਂ ’ਚ ਹੀ ਨਹੀਂ, ਸਾਰੇ ਹੀ ਧਰਮਾਂ ਵਿੱਚ ਹੈ।  1961 ਦੀ ਜਨਗਣਨਾ ਵਿੱਚ ਇਕ ਲੱਖ ਵਿਆਹਾਂ ਦੇ ਵੇਰਵਿਆਂ ਦਾ ਅਧਿਐਨ ਕੀਤਾ, ਜਿਸ ਤੋਂ ਸਾਹਮਣੇ ਆਇਆ ਕਿ ਮੁਸਲਮਾਨਾਂ ਵਿੱਚ ਬਹੁ-ਪਤਨੀ ਵਿਆਹ ਸਿਰਫ਼ 5.7% ਹਨ, ਜੋ ਕਿ ਸਾਰੇ ਫਿਰਕਿਆਂ ਵਿੱਚੋਂ ਸਭ ਤੋਂ ਘੱਟ ਹਨ ਅਤੇ ਆਦਿਵਾਸੀਆਂ ਵਿੱਚ ਸਭ ਤੋਂ ਜ਼ਿਆਦਾ ਯਾਨੀ ਲਗਭਗ 15.6%। ਉਸ ਤੋਂ ਬਾਅਦ ਦੀਆਂ ਜਨਗਣਨਾਵਾਂ ਵਿੱਚ ਇਸ ਮੁੱਦੇ ਦੀ ਕੋਈ ਚਰਚਾ ਨਹੀਂ ਸੀ। ਜੇ ਅਸੀਂ 1930 ਤੋਂ 1960 ਤੱਕ ਦੀਆਂ ਜਨਗਣਨਾਵਾਂ ਦੇ ਡੈਟੇ ਦਾ ਵਿਸ਼ਲੇਸ਼ਣ ਕਰੀਏ ਤਾਂ ਹਰ ਦਹਾਕੇ ਸਮੇਂ ਬਹੁ-ਪਤਨੀ ਪ੍ਰਥਾ ਦੀ ਹਰ ਫਿਰਕੇ ਵਿੱਚ ਕਮੀ ਆਈ ਹੈ। ਮੁਸਲਮਾਨ ਵੀ ਇਸ ਵਿੱਚ ਸ਼ਾਮਲ ਹਨ।

ਦੱਸਣਯੋਗ ਹੈ ਕਿ ਬਹੁ-ਪਤਨੀ ਵਿਆਹ ਰਿਵਾਜ ਤੋਂ ਇਲਾਵਾ ਦੇਸ਼ ਦੇ ਕੁਝ ਹਿੱਸਿਆਂ ’ਚ ਬਹੁ ਪਤੀ ਵਿਆਹ ਦਾ ਰਿਵਾਜ਼ ਵੀ ਪ੍ਰਚਲਿਤ ਹੈ। ਬਹੁ-ਪਤੀ ਵਿਆਹ ਵਿੱਚ ਇੱਕ ਪਤਨੀ ਦੇ ਇੱਕ ਤੋਂ ਵੱਧ ਪਤੀ ਹੁੰਦੇ ਹਨ ਭਾਵੇਂ ਇਸ ਤਰ੍ਹਾਂ ਦੇ ਵਿਆਹ ਬਹੁ-ਪਤਨੀ ਵਿਆਹ ਨਾਲੋਂ ਘੱਟ ਪ੍ਰਚਲਿਤ ਹਨ ਫਿਰ ਵੀ ਤਿੱਬਤ ਦੇ ਪੋਲੇਨੇਸ਼ੀਆ, ਉੱਤਰੀ ਭਾਰਤ ਦੇ ਕਾਂਗੜਾ, ਚੰਬਾ, ਕੁੱਲੂ ਆਦਿ ਪਹਾੜੀ ਇਲਾਕਿਆਂ ਵਿੱਚ ਇਸ ਤਰ੍ਹਾਂ ਦੇ ਵਿਆਹ ਹੁੰਦੇ ਰਹੇ ਹਨ। ਖ਼ਾਸ ਤੌਰ ’ਤੇ ਸਭ ਤੋਂ ਵੱਧ ਮੱਧ ਭਾਰਤ ਦੇ ਟੋਡਾ ਕਬੀਲਿਆਂ ਵਿੱਚ ਪ੍ਰਚਲਿਤ ਹਨ। ਪੰਜਾਬ ਵਿੱਚ ਇਸ ਤਰ੍ਹਾਂ ਦੇ ਵਿਆਹ ਰਸਮੀ ਤੌਰ ’ਤੇ ਭਾਵੇਂ ਨਹੀਂ ਪਰ ਗੈਰ-ਰਸਮੀ ਤੌਰ ’ਤੇ ਪ੍ਰਚਲਿਤ ਰਹੇ ਹਨ। ਪੰਜਾਬ ਵਿੱਚ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇੱਕ ਲੜਕੇ ਨੂੰ ਵਿਆਹ ਲੈਣ ਨਾਲ ਸਾਰੇ ਵਿਆਹੇ ਜਾਂਦੇ ਸਨ। ਬਹੁ-ਪਤੀ ਵਿਆਹ ਛੁਪੇ ਰੂਪ ਵਿੱਚ ਦੋ ਕਾਰਨਾਂ ਕਰ ਕੇ ਚੱਲਦੇ ਹਨ। ਪਹਿਲਾ ਇਹ ਕਿ ਇੱਥੇ ਮਰਦਾਂ ਦੇ ਮੁਕਾਬਲੇ ਔਰਤਾਂ ਦਾ ਅਨੁਪਾਤ ਘੱਟ ਹੈ। ਦੂਸਰਾ ਕਈ ਪਰਵਾਰਾਂ ਵਿੱਚ ਜ਼ਮੀਨ ਦੇ ਬਟਵਾਰੇ ਨੂੰ ਰੋਕਣ ਕਾਰਨ ਪਤੀ ਦੇ ਭਰਾ ਨੂੰ ਵਿਆਹ ਨਹੀਂ ਕਰਵਾਉਣ ਦਿੰਦੇ।

ਮਹਾਂਭਾਰਤ ਵਿੱਚ ਦਰੋਪਤੀ ਵੱਲੋਂ ਪੰਜਾਂ ਪਾਂਡਵਾਂ ਨਾਲ ਕਰਵਾਇਆ ਗਿਆ ਵਿਆਹ ਵੀ ਬਹੁ-ਪਤਨੀ ਦੀ ਇੱਕ ਉਦਾਹਰਨ ਹੈ। ਦੂਸਰੇ ਪਾਸੇ ਰਾਜਾ ਦਸਰਥ ਦੇ ਤਿੰਨ ਵਿਆਹ ਅਤੇ ਭਗਵਾਨ ਕ੍ਰਿਸ਼ਨ ਦੀਆਂ 16108 ਗੋਪੀਆਂ ਸਨ; ਇਨ੍ਹਾਂ ਵਿੱਚੋਂ ਅੱਠ- ਰੁਕਮਣੀ, ਜਾਮਵੰਤੀ, ਸਤਿਆਭਾਮਾ, ਕਾਲਿੰਦੀ, ਮਿੱਤਰਬ੍ਰਿੰਦਾ, ਸੱਤਿਆ, ਭਦਰਾ ਅਤੇ ਲਕਸ਼ਮਣਾ; ਉਸ ਦੀਆਂ ਪਟਰਾਣੀਆਂ ਸਨ, ਜਿਨ੍ਹਾਂ ਨਾਲ ਉਸ ਨੇ ਵਿਆਹ ਕੀਤਾ ਸੀ। ਬਾਕੀ 16100 ਗੋਪੀਆਂ ਨਾਲ ਕ੍ਰਿਸ਼ਨ ਜੀ ਨੇ ਵਿਆਹ ਨਹੀਂ ਕਰਵਾਇਆ ਪਰ ਉਨ੍ਹਾਂ ਨੂੰ ਪਤਨੀਆਂ ਦੇ ਬਰਾਬਰ ਦਾ ਦਰਜਾ ਦਿੱਤਾ ਸੀ। ਇਸ ਸੰਬੰਧ ਵਿੱਚ ਭਾਗਵਤ ਪੁਰਾਣ ਵਿੱਚ ਇਕ ਕਥਾ ਹੈ, ਜਿਸ ਅਨੁਸਾਰ 16100 ਗੋਪੀਆਂ ਅਸਲ ਵਿੱਚ ਰਾਜਕੁਮਾਰੀਆਂ ਸਨ; ਜਿਨ੍ਹਾਂ ਨੂੰ ਨਰਕਾਸੁਰ ਨਾਮ ਦੇ ਇੱਕ ਦੈਂਤ ਨੇ ਵਿਆਹ ਕਰਵਾਉਣ ਦੇ ਮਕਸਦ ਨਾਲ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਕ੍ਰਿਸ਼ਨ ਜੀ ਨੇ ਨਰਕਾਸੁਰ ਨਾਲ ਯੁੱਧ ਕੀਤਾ ਅਤੇ ਉਨ੍ਹਾਂ ਸਾਰੀਆਂ ਨੂੰ ਮੁਕਤ ਕਰਾ ਲਿਆ ਕਿਉਂਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਇੱਕ ਰਾਖ਼ਸ਼ਸ਼ ਦੁਆਰਾ ਬੰਧਕ ਬਣਾਇਆ ਹੋਇਆ ਸੀ, ਇਸ ਲਈ ਕੋਈ ਵੀ ਰਾਜਕੁਮਾਰ ਉਨ੍ਹਾਂ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਕ੍ਰਿਸ਼ਨ ਜੀ ਨੇ ਉਨ੍ਹਾਂ ਨੂੰ ਆਪਣੀਆਂ ਪਤਨੀਆਂ ਬਣਾ ਕੇ ਰੱਖਿਆ।

ਸੋ ਵੇਖਿਆ ਜਾਵੇ ਤਾਂ ਹਰ ਪਰਵਾਰ, ਸਮਾਜ ਅਤੇ ਧਰਮ ’ਚ ਸਮੇਂ ਦੀ ਲੋੜ ਅਨੁਸਾਰ ਬਹੁ-ਪਤੀ ਅਤੇ ਬਹੁ-ਪਤਨੀ ਵਿਆਹ ਪ੍ਰਚਲਿਤ ਰਹੇ ਸਨ, ਜੋ ਅੱਜ ਵੀ ਹਨ ਭਾਵੇਂ ਵਿਦਿਆ ਅਤੇ ਸਭਿਅਤਾ ਦੇ ਪਾਸਾਰ ਨਾਲ ਅਜਿਹੇ ਕੇਸਾਂ ਦੀ ਗਿਣਤੀ ਦਿਨੋ ਦਿਨ ਘਟ ਰਹੀ ਹੈ। ਸੋ ਕਨੂੰਨ ਬਣਾਉਣ ਨਾਲੋਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਰਾਹੀਂ ਪੈਦਾ ਕੀਤੀ ਚੇਤਨਾ, ਇਸ ਪੁਰਾਤਨ ਪ੍ਰਥਾ ਦੇ ਖਾਤਮੇ ਲਈ ਵੱਧ ਕਾਰਗਰ ਸਿੱਧ ਹੋ ਸਕਦੀ ਹੈ, ਪਰ ਕਿਸੇ ਗਲਤ ਪ੍ਰਥਾ ਜਾਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਭਾਜਪਾ ਦਾ ਏਜੰਡਾ ਨਹੀਂ ਰਿਹਾ, ਉਨ੍ਹਾਂ ਤਾਂ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ; ਮੁਸਲਮਾਨਾਂ ਨੂੰ ਦੱਸ ਕੇ ਉਨ੍ਹਾਂ ਵਿਰੁਧ ਨਫ਼ਰਤ ਫੈਲਾ ਕੇ ਬਹੁਗਿਣਤੀ ਹਿੰਦੂਆਂ ਦੀਆਂ ਵੋਟਾਂ ਲੈ ਆਪਣੀ ਕੁਰਸੀ ਹਾਸਲ ਕਰਨੀ ਹੈ। ਭਾਜਪਾ ਦੀ ਬਦਨੀਤੀ ਵੇਖੀ ਜਾਵੇ, ਉਸ ਨੇ ਸੰਭਾਵੀ ਕਨੂੰਨ ਦਾ ਕੋਈ ਖਰੜਾ ਪਬਲਿਕ ਤੌਰ ’ਤੇ ਜਾਰੀ ਨਹੀਂ ਕੀਤਾ; ਕੇਵਲ 14 ਜੁਲਾਈ ਤੱਕ ਇਹ ਸੁਝਾਅ ਮੰਗ ਲਏ ਕਿ ਲਾਗੂ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ ! ਦੱਸੋ ਜਦ ਕਿਸੇ ਨੂੰ ਪਤਾ ਹੀ ਨਹੀਂ ਕਿ ਕਨੂੰਨ ਕਿਸ ਤਰ੍ਹਾਂ ਦਾ ਬਣਨਾ ਹੈ ਤਾਂ ਬੁਧੀਜੀਵੀ ਸੁਝਾਅ ਕੀ ਦੇਣਗੇ ? ਇਸ ਸਮੇਂ ਘੱਟ ਗਿਣਤੀਆਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਬਣਾਏ ਜਾਣ ਵਾਲੇ ਸੰਭਾਵੀ ਕਨੂੰਨ ਦਾ ਪੂਰਾ ਖਰੜਾ ਹਰ ਭਾਸ਼ਾ ਵਿੱਚ ਤਿਆਰ ਕਰਕੇ ਸਰਕਾਰ ਇਸ ਨੂੰ ਵਿਆਪਕ ਪੱਧਰ ’ਤੇ ਸਰਕੂਲੇਟ ਕਰੇ ਤਾਂ ਕਿ ਹਰ ਵਿਅਕਤੀ ਇਸ ਦੇ ਗੁਣ ਔਗੁਣਾਂ ਦੇ ਆਧਾਰਿਤ ਵਿਚਾਰ ਕਰਕੇ ਆਪਣੀ ਰਾਇ ਦੇਣ ਦੇ ਕਾਬਲ ਹੋਵੇ।

ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਜਿਸ ਵਿੱਚ ਵੱਖ ਵੱਖ ਧਰਮਾਂ, ਫਿਰਕਿਆ ਅਤੇ ਕਬੀਲਿਆਂ ਦੇ ਲੋਕ ਰਹਿੰਦੇ ਹਨ। ਉਨ੍ਹਾਂ ਨੂੰ ਸੰਵਿਧਾਨ ਅਤੇ ਆਪਣੇ ਧਰਮ ਅਨੁਸਾਰ ਜੀਵਨ ਜਿਊਣ ਦੀ ਅਜ਼ਾਦੀ ਹੈ। ਕਿਸੇ ਵਿਅਕਤੀ ਨੇ ਕੀ ਖਾਣਾ ਹੈ ? ਕੀ ਪਹਿਨਣਾ ਹੈ ? ਆਪਣੇ ਵਿਆਹ ਸਮੇਂ ਕਿਸ ਤਰ੍ਹਾਂ ਦੀਆਂ ਰਸਮਾਂ ਜਾਂ ਧਾਰਮਿਕ ਮਰਿਆਦਾ ਨਿਭਾਉਣੀਆਂ ਹਨ; ਇਹ ਹਰ ਵਿਅਕਤੀ ਦੀ ਆਪਣੀ ਨਿੱਜਤਾ ਦਾ ਸਵਾਲ ਹੈ। ਅਣਉਚਿਤ ਕਨੂੰਨ ਬਣਾ ਦੂਸਰੇ ਦੇ ਧਰਮ ’ਚ ਦਖਲਅੰਦਾਜ਼ੀ ਕਰਨੀ ਬਿਲਕੁਲ ਗਲਤ ਹੈ। ਹਰ ਧਰਮ ਅਤੇ ਹਰ ਖੇਤਰ ਦੀਆਂ ਆਪਣੀਆਂ-ਆਪਣੀਆਂ ਮਰਿਆਦਾਵਾਂ ਹੁੰਦੀਆਂ ਹਨ, ਇਸ ਵਾਸਤੇ ਸਾਰਿਆਂ ਲਈ ਇਕੋ ਸਾਂਝਾ ਕਨੂੰਨ ਬਣਾਉਣਾ ਹੀ ਨਿਜੀ ਆਜ਼ਾਦੀ ਅਤੇ ਮੌਲਿਕ ਅਧਿਕਾਰਾਂ ਦੇ ਵਿਰੁਧ ਹੈ। ਜਿਸ ਪ੍ਰਧਾਨ ਮੰਤਰੀ (ਮੋਦੀ ਜੀ) ਨੇ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੜੇ ਨਾਟਕੀ ਅੰਦਾਜ਼ ’ਚ ਕਿਹਾ ‘ਜੇ ਇੱਕ ਪਰਵਾਰ ਦੇ ਇੱਕ ਮੈਂਬਰ ’ਤੇ ਕੋਈ ਹੋਰ ਕਨੂੰਨ ਲਾਗੂ ਹੋਵੇ, ਦੂਸਰੇ ’ਤੇ ਕੋਈ ਹੋਰ ਕਨੂੰਨ ਹੋਵੇ, ਤੀਸਰੇ ’ਤੇ ਕੋਈ ਹੋਰ, ਤੋ ਬਤਾਈਏ ਵੋਹ ਘਰ ਚੱਲ ਪਾਏਗਾ ਕਿਆ ?’ ਅੰਧ ਭਗਤਾਂ ਵੱਲੋਂ ਨਹੀਂ ਦੀ ਅਵਾਜ਼ ਸੁਣਦਿਆਂ ਦੁਬਾਰਾ ਕਿਹਾ ‘ਇਸੇ ਤਰ੍ਹਾਂ ਜੇ ਇਕ ਹੀ ਦੇਸ਼ ਦੇ ਵਿਅਕਤੀਆਂ ਲਈ ਵੱਖ ਵੱਖ ਕਨੂੰਨ ਲਾਗੂ ਹੋਣ ਤਾਂ ਦੇਸ਼ ਕੈਸੇ ਚੱਲੇਗਾ ? ਫਿਰ ਕਿਉਂ ਨਹੀਂ ਸਭੀ ਧਰਮੋਂ ਕੇ ਲੀਏ ਏਕ ਹੀ ਕਨੂੰਨ ਬਣਨਾ ਚਾਹੀਏ ?’

ਮੋਦੀ ਜੀ ਤੋਂ ਪੁੱਛਣਾ ਬਣਦਾ ਹੈ ਕਿ ਇੰਡੀਅਨ ਪੀਨਲ ਕੋਡ ਤਾਂ ਸਾਰੇ ਧਰਮਾਂ ਲਈ ਇੱਕ ਸਮਾਨ ਹੀ ਬਣਿਆ ਹੋਇਆ ਹੈ, ਕੀ ਉਹ ਸਭਨਾ ’ਤੇ ਇਕ ਸਮਾਨ ਲਾਗੂ ਹੋਤਾ ਹੈ ਕਿਆ  ? ਕਾਤਲਾਂ ਅਤੇ ਬਲਾਤਕਾਰਾਂ ਦੇ ਦੋਸ਼ ਅਧੀਨ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਸਾਲ ’ਚ ਚਾਰ ਵਾਰ ਪੈਰੋਲ ਮਿਲ ਜਾਂਦੀ ਹੈ। ਬਿਲਕੀਸ ਬਾਨੋ ਦੇ ਸਮੂਹਕ ਬਲਾਤਕਾਰੀ ਅਤੇ ਉਨ੍ਹਾਂ ਦੀ ਛੋਟੀ ਬੱਚੀ ਸਮੇਤ ਪਰਵਾਰ ਦੇ 7 ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਜ਼ੇਲ੍ਹ ’ਚ ਚੰਗੇ ਚਾਲ ਚੱਲਣ ਦੇ ਆਧਾਰ ’ਤੇ ਸਜ਼ਾ ਮੁਆਫ਼ੀ ਕਰ ਰਿਹਾਅ ਕਰ ਦਿੱਤਾ ਜਾਂਦਾ ਹੈ; ਦੂਸਰੇ ਪਾਸੇ ਸਿੱਖ ਕੈਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹਾਂ ’ਚ ਬੰਦ ਹਨ; ਉਨ੍ਹਾਂ ’ਚੋਂ ਕਈਆਂ ਨੂੰ ਤਾਂ ਇੱਕ ਦਿਨ ਵੀ ਪੈਰੋਲ ਨਹੀਂ ਮਿਲੀ। ਬਤਾਈਏ ਸਾਂਝਾ ਬਣਿਆ ਕਨੂੰਨ ਏਕ ਸਮਾਨ ਲਾਗੂ ਹੈ ਕਿਆ  ? ਗੋਦੀ ਮੀਡੀਆ ਦੇ ਪੱਤਰਕਾਰਾਂ ਨੂੰ ਤਾਂ ਤੁਸੀਂ ਆਪਣੇ ਨਾਲ ਜਹਾਜ਼ ’ਚ ਬਿਠਾ ਕੇ ਵਿਦੇਸ਼ਾਂ ਦੀ ਸੈਰ ਕਰਵਾ ਦਿੰਦੇ ਹੋ, ਪਰ ਅਮਰੀਕੀ ਪੱਤਰਕਾਰ ਸਬਰੀਨਾ ਸਿੱਦੀਕੀ ਦੇ ਇੱਕ ਸਵਾਲ ਨਾਲ ਸਾਰੀ ਭਾਜਪਾ ਵਿੱਚ ਬੁਖ਼ਲਾਹਟ ਪੈਦਾ ਹੋ ਜਾਂਦੀ ਹੈ। ਦੇਸ਼ ਲਈ ਮੈੱਡਲ ਜਿੱਤਣ ਵਾਲੀਆਂ ਮਹਿਲਾ ਪਹਿਲਵਾਨਾਂ ਦਾ ਜਿਨਸੀ ਸੋਸ਼ਣ ਕਰਨ ਵਾਲੇ ਬ੍ਰਿਜਭੂਸ਼ਨ ਸ਼ਰਨ ਸਿੰਘ ਵਿਰੁਧ ਚਾਰਜਸ਼ੀਟ ਦਾਖ਼ਲ ਹੋਣ ਦੇ ਬਾਵਜੂਦ ਵੀ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਪਰ ਸੱਚ ਬੋਲਣ ਅਤੇ ਸੱਚ ਲਿਖਣ ਵਾਲੇ ਪੱਤਰਕਾਰ ਜੇ ਹਾਥਰਸ ਵਰਗੇ ਘਿਨਾਉਣੇ ਕਾਂਡ ਦੀ ਰਿਪੋਰਟਿੰਗ ਕਰਨ ਜਾਂਦੇ ਹਨ ਤਾਂ ਦੇਸ਼ ਧ੍ਰੋਹੀ ਦੇ ਕੇਸ ਪਾ ਕੇ ਦੋ-ਦੋ ਸਾਲ ਜੇਲ੍ਹਾਂ ’ਚ ਬੰਦ ਰੱਖਦੇ ਹੋ; ਤੋ ਬਤਾਈਏ ਕਨੂੰਨ ਏਕ ਸਮਾਨ ਲਾਗੂ ਹੈ ਕਿਆ  ? ਵੈਸੇ ਯੂ.ਸੀ.ਸੀ. ਵੀ ਇੱਕ ਸਮਾਨ ਲਾਗੂ ਨਹੀਂ ਹੋਏਗਾ ਕਿਉਂਕਿ ਖ਼ਬਰਾਂ ਹਨ ਕਿ ਨਾਗਾਲੈਂਡ ਦੇ ਮੁੱਖ ਮੰਤਰੀ ਐੱਨ. ਰਾਓ ਦੀ ਅਗਵਾਈ ਹੇਠ 12 ਮੈਂਬਰੀ ਵਫਦ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਹੈ ਕਿ ਨਾਗਾਲੈਂਡ ਦੇ ਕਬੀਲਿਆਂ ਅਤੇ ਈਸਾਈ ਭਾਈਚਾਰੇ ਨੂੰ ਯੂ.ਸੀ.ਸੀ. ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇਗਾ। ਬਹੁਤ ਸਾਰੇ ਹੋਰ ਮੁੱਖ ਮੰਤਰੀਆਂ ਅਤੇ ਸਿਆਸੀ ਪਾਰਟੀਆਂ ਦੇ ਵਿਰੋਧ ਕਾਰਨ ਪਬਲਿਕ ਗ੍ਰੀਵੈਂਸਿਸਜ਼, ਲਾ ਐਂਡ ਜਸਟਿਸ ਸੰਬੰਧੀ ਪਾਰਲੀਮੈਂਟਰੀ ਪੈੱਨਲ ਦੇ ਮੁਖੀ ਸੁਸ਼ੀਲ ਮੋਦੀ ਨੇ ਆਦਿਵਾਸੀ ਕਬੀਲਿਆਂ ਅਤੇ ਉੱਤਰੀ-ਪੂਰਬੀ ਪ੍ਰਾਂਤਾਂ ਨੂੰ ਯੂ.ਸੀ.ਸੀ. ਦੇ ਘੇਰੇ ਤੋਂ ਬਾਹਰ ਰੱਖਣ ਦੀ ਮੰਗ ਦਾ ਸਮਰਥਨ ਕੀਤਾ ਹੈ। ਜੇ ਸੁਸ਼ੀਲ ਮੋਦੀ ਦੀ ਸਿਫ਼ਾਰਸ਼ ਮੰਨ ਲਈ ਗਈ ਤਾਂ ਇੱਕ ਸਮਾਨ ਸਿਵਲ ਕੋਡ ਕਿੱਥੇ ਰਹਿ ਜਾਵੇਗਾ ? ਕੀ ਇਹ ਸਮਝ ਲਿਆ ਜਾਵੇ ਕਿ ਜੋ ਈਸਾਈ ਉੱਤਰੀ-ਪੂਰਬੀ ਪ੍ਰਾਂਤਾਂ ਤੋਂ ਇਲਾਵਾ ਭਾਰਤ ਦੇ ਦੂਸਰੇ ਪ੍ਰਾਂਤਾਂ ’ਚ ਵੱਸਦੇ ਹਨ, ਉਨ੍ਹਾਂ ’ਤੇ ਲਾਗੂ ਹੋਵੇਗਾ ? ਜਾਂ ਸਿਰਫ ਮੁਸਲਮਾਨਾਂ ਅਤੇ ਸਿੱਖਾਂ ’ਤੇ ਹੀ ਜ਼ਬਰੀ ਹਿੰਦੂ ਸਿਵਲ ਕੋਡ ਥੋਪਿਆ ਜਾਣਾ ਹੈ, ਜਿਨ੍ਹਾਂ ’ਚੋਂ ਵਿਰੋਧ ਕਰਨ ਵਾਲੇ ਮੁਸਲਮਾਨਾਂ ਨੂੰ ਪਾਕਿਸਤਾਨੀ ਅਤੇ ਸਿੱਖਾਂ ਨੂੰ ਖ਼ਾਲਸਤਾਨੀ ਕਹਿ ਕੇ ਦੇਸ਼ ਵਿਰੋਧੀ ਸਿੱਧ ਕਰ ਉਨ੍ਹਾਂ ਵਿਰੁੱਧ ਨਫ਼ਰਤ ਫੈਲਾ ਕੇ ਹਿੰਦੂਆਂ ਦੀਆਂ ਵੋਟਾਂ ਹਾਸਲ ਕਰਨ ਦਾ ਹੀ ਇੱਕੋ ਇੱਕ ਟੀਚਾ ਹੈ ?

ਅਸਲ ਵਿੱਚ ਐਸਾ ਸੰਭਵ ਇਸ ਲਈ ਹੋ ਰਿਹਾ ਹੈ ਕਿਉਂਕਿ ਬਦਕਿਸਮਤੀ ਇਹ ਹੈ ਕਿ ਸਾਡੇ ਦੇਸ਼ ਦੇ ਬਹੁ ਗਿਣਤੀ ਲੋਕ ਧਾਰਮਿਕ ਘੱਟ ਪਰ ਧਰਮ ਦੇ ਨਾਂ ਤੇ ਕੱਟੜ ਫਿਰਕੂ ਵੱਧ ਹਨ। ਇਸ ਲਈ ਲੋਕਾਂ ਦੇ ਵਿਦਿਆ, ਸਿਹਤ, ਬੇਰੁਜ਼ਗਾਰੀ, ਵਧ ਰਹੇ ਨਸ਼ੇ, ਵਿਗੜ ਰਹੀ ਅਮਨ ਤੇ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਮਹਿੰਗਾਈ, ਗਰੀਬਾਂ ਅਤੇ ਅਮੀਰਾਂ/ ਕਾਰਪੋਰੇਟ ਘਰਾਣਿਆਂ ਦੀ ਜਾਇਦਾਦ ਤੇ ਆਮਦਨ ਵਿਚਕਾਰ ਵਧ ਰਹੇ ਪਾੜੇ ਵਰਗੇ ਅਹਿਮ ਮੁੱਦਿਆ ਵੱਲੋਂ ਧਿਆਨ ਹਟਾ ਕੇ ਵੱਧ ਤੋਂ ਵੱਧ ਵੋਟਾਂ ਹਾਸਲ ਕਰ ਜਿੱਤ ਪ੍ਰਾਪਤ ਕਰਨ ਵਾਸਤੇ ਘੱਟ ਗਿਣਤੀਆਂ ਦੇ ਸਮੂਹਿਕ ਕਤਲੇਆਮ ਰਾਹੀਂ ਫਿਰਕੂ ਪਾੜਾ ਪਾਉਣਾ ਸਭ ਤੋਂ ਵਧੀਆ ਹਥਿਆਰ ਹੈ।  ਸੰਨ 1984 ’ਚ ਸਿੱਖਾਂ ਦੇ ਕਤਲੇਆਮ ਦੇ ਸਹਾਰੇ ਰਾਜੀਵ ਗਾਂਧੀ ਨੇ ਆਪਣੇ ਨਾਨਾ ਜਵਾਹਰ ਲਾਲ ਨਹਿਰੂ ਦੇ ਸਮੇਂ ਨਾਲੋਂ ਵੀ ਵੱਧ ਵੋਟਾਂ ਹਾਸਲ ਕਰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ; 2002 ’ਚ ਗੁਜਰਾਤ ’ਚ ਮੁਸਲਮਾਨਾਂ ਦੇ ਸਮੂਹਿਕ ਕਾਤਲਾਂ ਨੇ ਨਰਿੰਦਰ ਮੋਦੀ ਨੂੰ ਤਿੰਨ ਵਾਰ ਗੁਜਰਾਤ ਦੇ ਮੁੱਖ ਮੰਤਰੀ ਅਤੇ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਾ ਦਿੱਤਾ ਅਤੇ ਹੁਣ ਤੀਜੀ ਵਾਰ ਬਣਨ ਲਈ ਗੁਜਰਾਤ ਦੀ ਤਰਜ ’ਤੇ ਮਨੀਪੁਰ ’ਚ ਪਿਛਲੇ ਤਿੰਨ ਮਹੀਨੇ ਤੋਂ ਘੱਟ ਗਿਣਤੀ ਕੁੱਕੀ ਸਮਾਜ ’ਤੇ ਜੋ ਕਹਿਰ ਢਾਹਿਆ ਜਾ ਰਿਹਾ ਹੈ ਇਸ ਦੀ ਹੋਰ ਕਿਧਰੇ ਮਿਸਾਲ ਨਹੀਂ ਮਿਲਦੀ। ਪ੍ਰਧਾਨ ਮੰਤਰੀ ਦੀ ਢੀਠਤਾਈ ਹੱਦਾਂ ਪਾਰ ਕਰਦੀ ਵੇਖੋ ਕਿ ਆਪਣੇ ਚੋਣ ਜਲਸਿਆਂ ਦੌਰਾਨ ਦੇਸ਼ ਦੀ ਤਰੱਕੀ ਲਈ ਯੂ.ਸੀ.ਸੀ. ਕਾਨੂੰਨ ਲਾਗੂ ਹੋਣਾ ਦੀ ਲੋੜ ’ਤੇ ਜ਼ੋਰ ਦਿੰਦਾ ਰਿਹਾ ਹੈ, ਪਰ ਮਨੀਪੁਰ ਅੱਗ ਦੀ ਲਪੇਟ ’ਚ ਸੜ ਰਿਹਾ ਹੈ, ਮਹਿਲਾਵਾਂ ਦੀਆ ਇੱਜ਼ਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, 150 ਬੰਦੇ ਮਾਰੇ ਜਾ ਚੁੱਕੇ ਹਨ 60,000 ਤੋਂ ਵੱਧ ਲੋਕ ਬੇਘਰ ਹੋ ਕੇ ਅਸਮਾਨ ਦੀ ਛੱਤ ਹੇਠ ਰਾਹਤ ਕੈਂਪਾਂ ’ਚ ਬੈਠੇ ਸਹਾਇਤਾ ਲਈ ਪੁਕਾਰ ਰਹੇ ਹਨ, ਪਰ 77 ਦਿਨਾਂ ਦੇ ਉਸ ਸਮੇਂ ਤੱਕ ਮੂੰਹ ਨਹੀਂ ਖੋਲ੍ਹਿਆ ਜਦ ਤੱਕ ਉਹ ਵੀਡੀਓ ਜਨਤਕ ਨਹੀਂ ਹੋਈ; ਜਿਸ ਵਿੱਚ ਕੁੱਕੀ ਸਮਾਜ ਦੀਆਂ ਤਿੰਨ ਔਰਤਾਂ ਪੁਲਿਸ ਦੀ ਗੱਡੀ ’ਚੋਂ ਬਹੁ ਗਿਣਤੀ ਮੈਤਈ ਸਮਾਜ ਦੀ ਭੀੜ ਵੱਲੋਂ ਜਬਰਦਸਤੀ ਉਤਾਰ ਲਈਆਂ ਗਈਆਂ। ਉਨ੍ਹਾਂ ’ਚੋਂ ਇੱਕ, ਜਿਸ ਨੇ ਆਪਣੇ ਕੱਪੜੇ ਉਤਾਰਨ ਤੋਂ ਨਾਂ ਕੀਤੀ ਉਸ ਨੂੰ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਕੀ ਦੋ ਨੂੰ ਮੌਤ ਦੇ ਡਰ ਹੇਠ ਕੱਪੜੇ ਉਤਾਰਨ ਲਈ ਮਜਬੂਰ ਕੀਤਾ, ਨਗਨ ਅਵਸਥਾ ’ਚ ਪਰੇਡ ਕਰਵਾਈ ਗਈ ਅਤੇ ਉਨ੍ਹਾਂ ਨਾਲ ਸਮੂਹਿਕ ਤੌਰ ’ਤੇ ਬਲਾਤਕਾਰ ਕੀਤਾ ਗਿਆ। ਬੇਵੱਸ ਹੋਈ ਪੁਲਿਸ ਮੂਕ ਦਰਸ਼ਕ ਬਣ ਵੇਖਦੀ ਰਹੀ।  ਇਹ ਵੀਡੀਓ ਜਿਸ ਵਿੱਚ ਇਨਸਾਨੀਅਤ ਨਾਂ ਦੀ ਕੋਈ ਚੀਜ ਵਿਖਾਈ ਨਹੀਂ ਦਿੰਦੀ। ਜਿਨ੍ਹਾਂ ਨੂੰ ਇਹ ਲੋਕ ਰਾਖ਼ਸ਼ਸ਼ ਕਹਿੰਦੇ ਹਨ ਉਨ੍ਹਾਂ ਨੂੰ ਵੀ ਮਾਤ ਪਾ ਦਿੱਤਾ; ਵੀਡੀਓ ਜਨਤਕ ਹੋਣ ਪਿੱਛੋਂ ਜਦੋਂ ਚੀਫ ਜਸਟਿਸ ਆਫ ਇੰਡਿਆ ਨੇ ਸੂ-ਮਾਟੋ ਨੋਟਿਸ ਲਿਆ ਤਾਂ ਹੀ ਮਜਬੂਰੀ ਵੱਸ ਪ੍ਰਧਾਨ ਮੰਤਰੀ ਮੂੰਹ ਖੋਲ੍ਹਣ ਲਈ ਮਜਬੂਰ ਹੋਏ। ਜੇ ਬੋਲੇ ਤਾਂ ਵੀ ਉਸ ਵਿੱਚ ਸਿਸਟਾਚਾਰ ਤੇ ਰਾਜ ਧਰਮ ਕਿਧਰੇ ਵਿਖਾਈ ਨਹੀਂ ਦਿੱਤਾ। ਪਹਿਲਾਂ ਕਾਂਗਰਸ ਸਰਕਾਰ ਵਾਲੇ ਦੋ ਸੂਬੇ ਰਾਜਸਥਾਨ ਅਤੇ ਛੱਤੀਸਗੜ੍ਹ ਦਾ ਨਾਮ ਲੈਣ ਪਿੱਛੋਂ ਮਨੀਪੁਰ ਦਾ ਨਾਂ ਲਿਆ ਤੇ ਆਖਿਆ ਕਿ ਕਿਸੇ ਵੀ ਸੂਬੇ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣ ਦਿੱਤੀਆਂ ਜਾਣਗੀਆਂ ਤੇ ਪੀੜਤ ਮਹਿਲਾਵਾਂ ਨੂੰ ਇਨਸਾਫ਼ ਦਿੱਤਾ ਜਾਵੇਗਾ। ਸੰਵਿਧਾਨ ਦੀ ਸਹੁੰ ਚੁੱਕ ਕੇ ਬਣੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਵਿੱਚ ਵੀ ਕੇਵਲ ਰਾਜਨੀਤੀ ਦਿੱਸੀ ਤੇ ਇਨਸਾਫ਼ ਵਾਲੀ ਕਿਧਰੇ ਕੋਈ ਗੱਲ ਨਾ ਨਜ਼ਰ ਆਈ ਕਿਉਂਕਿ ਮਨੀਪੁਰ ਦਾ ਨਾਂ ਲੈਣ ਤੋਂ ਪਹਿਲਾਂ ਕਾਂਗਰਸੀ ਸੱਤਾ ਅਧੀਨ ਦੋ ਸੂਬਿਆਂ ਦਾ ਨਾਂ ਲਿਆ ਪਰ ਜੰਮੂ ਕਸ਼ਮੀਰ ਦੇ ਕਠੂਆ, ਯੂ.ਪੀ. ਦੇ ਹਾਥਰਸ ਤੇ ਉਨਾਓ ਬਲਾਤਕਾਰ ਕੇਸ ਜਿਹੜੇ ਕਿ ਰਾਜਸਥਾਨ ਤੇ ਛੱਤੀਸਗੜ੍ਹ ਕੇਸਾਂ ਨਾਲੋਂ ਕਿਤੇ ਵੱਧ ਹੈਵਾਨੀਅਤ ਭਰਪੂਰ ਸਨ, ਦਾ ਜ਼ਿਕਰ ਤੱਕ ਨਾ ਕੀਤਾ। ਦੇਸ਼ ਦਾ ਮਾਣ ਵਧਾਉਣ ਵਾਲੀਆਂ ਜਿਨਸੀ ਸੋਸ਼ਨ ਤੋਂ ਪੀੜਤ ਪਹਿਲਵਾਨ ਮਹਿਲਾਂ ਜਿਹੜੀਆਂ ਇਨਸਾਫ਼ ਦੀ ਲਈ ਜੰਤਰ ਮੰਤਰ ਮੈਦਾਨ ਦਿੱਲੀ ਵਿਖੇ ਧਰਨੇ ’ਤੇ ਬੈਠੀਆਂ ਰਹੀਆਂ, ਪਰ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਿਨਾਂ ਅਰੋਪੀ ਭਾਜਪਾ ਸਾਂਸਦ ਬ੍ਰਿਜ ਭੂਸ਼ਨ ਸ਼ਰਨ ਸਿੰਘ ਵਿਰੁਧ ਕੇਸ ਦਰਜ ਨਾ ਹੋਇਆ। ਜੇ ਐੱਫ.ਆਈ.ਆਰ. ਦਰਜ ਵੀ ਹੋਈ ਤਾਂ ਵੀ ਲੰਬੀ ਪ੍ਰਕਿਰਿਆ ਉਪਰੰਤ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰਨ ਪਿੱਛੋਂ ਵੀ ਹਾਲੀ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਜਦੋਂ ਕਿ ਰਾਜਸਥਾਨ ’ਚ ਕੇਵਲ ਦੋ ਘੰਟੇ ਪਿੱਛੋਂ ਅਰੋਪੀ ਗ੍ਰਿਫ਼ਤਾਰ ਕਰ ਲਏ ਗਏ ਤੇ ਉਹ ਵੀ ਭਾਜਪਾ ਸਮਰਥਕ ਏ.ਬੀ.ਪੀ. ਦੇ ਨਿਕਲੇ। ਛੱਤੀਸਗੜ੍ਹ ਕੇਸ ਵਿੱਚ ਘਟਨਾ 24 ਜਨਵਰੀ 2023 ਦੀ ਰਾਤ ਦੀ ਸੀ, 25 ਜਨਵਰੀ ਨੂੰ ਕੇਸ ਦਰਜ ਕਰਨ ਉਪਰੰਤ 26 ਜਨਵਰੀ ਨੂੰ ਸਾਰੇ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਤੇ ਹੁਣ ਸਾਰੇ ਜੁਡੀਸ਼ਲ ਰਿਮਾਂਡ ’ਤੇ ਜੇਲ੍ਹ ਵਿੱਚ ਬੰਦ ਹਨ, ਪਰ ਮਨੀਪੁਰ ਦੀ ਘਟਨਾ 4 ਮਈ 2023 ਦੀ ਹੈ। ਸਾਰਾ ਕੁਝ ਪੁਲਿਸ ਕਰਮੀਆਂ ਦੇ ਸਾਹਮਣੇ ਵਾਪਰਨ ਦੇ ਬਾਵਜੂਦ ਕੇਸ 18 ਮਈ ਨੂੰ ਦਰਜ ਹੋਇਆ, ਜਿਨ੍ਹਾਂ ਦੀ ਗ੍ਰਿਫ਼ਤਾਰੀ ਢਾਈ ਮਹੀਨੇ ਪਿੱਛੋਂ ਸੁਪਰੀਮ ਕੋਰਟ ਵੱਲੋਂ ਸੂ-ਮਾਟੋ ਨੋਟਿਸ ਲੈਣ ਤੋਂ ਬਾਅਦ ਹੋਈ। ਤਾਂ ਫਿਰ ਇਸ ਕੇਸ ਨੂੰ ਰਾਜਸਥਾਨ ਅਤੇ ਛੱਤੀਸਗੜ੍ਹ ਨਾਲ ਮੇਲ ਕੇ ਕਿਵੇਂ ਵੇਖਿਆ ਜਾ ਸਕਦਾ ਹੈ ?

ਸੱਤਾਧਾਰੀ ਪਾਰਟੀ ਦੇ ਕਾਰਕੁਨ ਸੁਪਰੀਮ ਕੋਰਟ ’ਤੇ ਵੀ ਉਂਗਲ ਉਠਾ ਰਹੇ ਹਨ ਕਿ ਜੇ ਦੇਸ਼ ਵਿੱਚ ਹੋਰਨਾਂ ਥਾਵਾਂ ’ਤੇ ਵੀ ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਤਾਂ ਕੇਵਲ ਮਨੀਪੁਰ ਕੇਸ ਦਾ ਹੀ ਸੂ-ਮਾਟੋ ਨੋਟਿਸ ਕਿਉਂ ਲਿਆ ਗਿਆ ? ਜਿਸ ਪਾਰਟੀ ਅਤੇ ਪ੍ਰਧਾਨ ਮੰਤਰੀ ਦਾ ਮਹਿਲਾਵਾਂ ਅਤੇ ਘੱਟ ਗਿਣਤੀਆਂ ਪ੍ਰਤੀ ਇਹ ਰਵੱਈਆ ਹੋਵੇ ਉਨ੍ਹਾਂ ਤੋਂ ਘੱਟ ਗਿਣਤੀਆਂ ਅਤੇ ਮਹਿਲਾਵਾਂ ਨੂੰ ਇਨਸਾਫ਼ ਦੀ ਉਮੀਦ ਕਿੱਥੋਂ ਤੱਕ ਰੱਖੀ ਜਾ ਸਕਦੀ ਹੈ ?, ਇਸ ਲਈ ਭਾਰਤ ਦੇ ਇਨਸਾਫ਼ ਪਸੰਦ ਹਰ ਸ਼ਹਿਰੀ ਖ਼ਾਸ ਕਰਕੇ ਘੱਟ ਗਿਣਤੀਆਂ ਨੂੰ ਸੰਸਥਾਗਤ ਪੱਧਰ ’ਤੇ ਡਟ ਕੇ ਯੂ.ਸੀ.ਸੀ. ਦਾ ਵਿਰੋਧ ਕਰਨਾ ਚਾਹੀਦਾ ਹੈ। ਮਹਿਲਾਵਾਂ ਤੇ ਘੱਟ ਗਿਣਤੀਆ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ’ਤੇ ਜ਼ੋਰ ਪਾਉਣਾ ਚਾਹੀਦਾ ਹੈ। ਯੂ.ਸੀ.ਸੀ. ਬਾਰੇ ਜੇ ਲੋੜ ਸਮਝੀ ਜਾਵੇ ਤਾਂ ਵੀ ਲਾ-ਕਮਿਸ਼ਨ ’ਤੇ ਜ਼ੋਰ ਪਾਇਆ ਜਾਵੇ ਕਿ ਇਸ ਮੁੱਦੇ ’ਤੇ ਹਾਲ ਦੀ ਘੜੀ ਵਿਸਰਾਮ ਲਾ ਕੇ; ਵਿਚਾਰ ਲੋਕ ਸਭਾ ਚੋਣਾਂ ਤੋਂ ਬਾਅਦ ਕੀਤਾ ਜਾਵੇ ਅਤੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰ ਵੱਲੋਂ ਸੰਭਾਵਤ ਕਨੂੰਨ ਦਾ ਖਰੜਾ ਪਬਲਿਕ ’ਚ ਵੱਡੀ ਪੱਧਰ ’ਤੇ ਵੰਡਿਆ ਜਾਵੇ ਤਾਂ ਕਿ ਇਸ ਦੇ ਹਰ ਪੱਖ ਨੂੰ ਚੰਗੀ ਤਰ੍ਹਾਂ ਘੋਖ ਕੇ ਇਸ ਵਿੱਚ ਲੋੜੀਂਦੇ ਬਦਲਾਅ ਲਈ ਆਪਣੇ ਸੁਝਾਅ ਦਿੱਤੇ ਜਾ ਸਕਣ।

ਸਵਾਲ ਜਵਾਬ (part-2)

0

ਸਵਾਲ ਜਵਾਬ (part-2)

ਸਵਾਲ : ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਅਤੇ ਕਿਹੜੇ ਕਿਹੜੇ ਗੁਰੂ ਸਾਹਿਬਾਨ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਦਰਜ ਹੈ।

ਜਵਾਬ : ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਾਹਿਬਾਨ – (1) ਗੁਰੂ ਨਾਨਕ ਸਾਹਿਬ ਜੀ (2) ਗੁਰੂ ਅੰਗਦ ਸਾਹਿਬ ਜੀ (3) ਗੁਰੂ ਅਮਰਦਾਸ ਜੀ (4) ਗੁਰੂ ਰਾਮਦਾਸ ਜੀ (5) ਗੁਰੂ ਅਰਜਨ ਸਾਹਿਬ ਜੀ (6) ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਇਲਾਵਾ 15 ਭਗਤ ਸਾਹਿਬਾਨ ਇਹ ਹਨ : (1) ਭਗਤ ਕਬੀਰ ਸਾਹਿਬ ਜੀ (2) ਭਗਤ ਰਵਿਦਾਸ ਸਾਹਿਬ ਜੀ (3) ਭਗਤ ਨਾਮਦੇਵ ਜੀ (4) ਬਾਬਾ ਸ਼ੇਖ਼ ਫ਼ਰੀਦ ਜੀ ਸ਼ੱਕਰਗੰਜ਼ (5) ਭਗਤ ਧੰਨਾ ਜੀ (6) ਭਗਤ ਬੇਣੀ ਜੀ (7) ਭਗਤ ਭੀਖਨ ਜੀ (8) ਭਗਤ ਸਧਨਾ ਜੀ (9) ਭਗਤ ਪੀਪਾ ਜੀ (10) ਭਗਤ ਤ੍ਰਿਲੋਚਨ ਜੀ (11) ਭਗਤ ਰਾਮਾਨੰਦ ਜੀ (12) ਭਗਤ ਜੈਦੇਵ ਜੀ (13) ਭਗਤ ਪਰਮਾਨੰਦ ਜੀ (14) ਭਗਤ ਸੂਰਦਾਸ ਜੀ (15) ਭਗਤ ਸੈਣ ਜੀ।

11 ਭੱਟ ਸਾਹਿਬਾਨ ਹਨ : (1) ਭੱਟ ਕਲਸਹਾਰ ਜੀ, ਜਿਨ੍ਹਾਂ ਦੇ ਕਲ ਤੇ ਟਲ ਨਾਂ ਵੀ ਹਨ (2) ਭੱਟ ਜਾਲਪ (3) ਭੱਟ ਕੀਰਤ (4) ਭੱਟ ਭਿੱਖਾ ਜੀ (5) ਭੱਟ ਸੱਲੵ (6) ਭੱਟ ਭਲੵ (7) ਭੱਟ ਨਲੵ (8) ਭੱਟ ਗਯੰਦ (9) ਭੱਟ ਮਥੁਰਾ (10) ਭੱਟ ਬਲੵ (11) ਭੱਟ ਹਰਿਬੰਸ।

3 ਗੁਰਸਿੱਖ ਇਹ ਹਨ : (1) ਬਾਬਾ ਸੁੰਦਰ ਜੀ (2) ਭਾਈ ਸੱਤਾ ਜੀ (3) ਭਾਈ ਬਲਵੰਡ ਜੀ

ਕੁਲ 35 ਮਹਾਂ ਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।

ਸਵਾਲ :  ਜਿਨ੍ਹਾਂ ਮਹਾਂਪੁਰਖਾਂ ਦੁਆਰਾ ਰਚੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਉਨ੍ਹਾਂ ’ਚੋਂ ਕਿੰਨੇ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਅਤੇ ਸ਼ਹੀਦੀ ਪਰਾਪਤ ਕਰਨ ਦਾ ਕੀ ਕਾਰਨ ਸੀ ?

ਜਵਾਬ : 1. ਗੁਰੂ ਅਰਜਨ ਸਾਹਿਬ ਜੀ : ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਅਸਲ ਕਾਰਨ ਉਨ੍ਹਾਂ ਦੁਆਰਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੀ। ਗੁਰਮਤਿ ਦੇ ਸਰਬ ਸਾਂਝੇ ਸਿਧਾਂਤਾਂ ਕਾਰਨ ਕਈ ਮੁਸਲਮਾਨ ਵੀ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋ ਕੇ ਸਿੱਖੀ ਵਿੱਚ ਸ਼ਾਮਲ ਹੋ ਰਹੇ ਸਨ। ਸ਼ੇਖ਼ ਅਹਿਮਦ ਸਰਹਿੰਦੀ ਇਸਲਾਮ ਦੇ ਵਾਧੇ ਲਈ ਗੁਰੂ ਅਰਜਨ ਸਾਹਿਬ ਜੀ ਨੂੰ ਸਭ ਤੋਂ ਵੱਡੀ ਰੁਕਾਵਟ ਮੰਨਦਾ ਸੀ ਇਸ ਲਈ ਉਨ੍ਹਾਂ ਨੂੰ ਖ਼ਤਮ ਕਰਵਾਉਣ ਲਈ ਸ਼ੇਖ਼ ਫ਼ਰੀਦ ਬੁਖਾਰੀ (ਮੁਰਤਜ਼ਾ ਖਾਂ) ਰਾਹੀਂ ਬਾਦਸ਼ਾਹ ਜਹਾਂਗੀਰ ਕੋਲ ਝੂਠੀ ਸ਼ਿਕਾਇਤ ਕਰਵਾਈ ਕਿ ਉਨ੍ਹਾਂ ਦੇ ਬਾਗੀ ਪੁੱਤਰ ਖੁਸਰੋ ਦੀ ਗੋਇੰਦਵਾਲ ਵਿਖੇ ਪਹੁੰਚਣ ’ਤੇ ਗੁਰੂ ਸਾਹਿਬ ਨੇ ਉਸ ਦੀ ਸਹਾਇਤਾ ਕੀਤੀ ਤੇ ਅਸ਼ੀਵਾਦ ਦਿੱਤਾ। ਇਸ ਤੋਂ ਇਲਾਵਾ ਗੁਰਗੱਦੀ ਪ੍ਰਾਪਤ ਕਰਨ ’ਚ ਅਸਫਲ ਰਹਿਣ ਵਾਲੇ ਗੁਰੂ ਜੀ ਦੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ, ਬਾਦਸ਼ਾਹ ਦੇ ਦਰਬਾਰੀ ਚੰਦੂ, ਜਿਸ ਦੀ ਲੜਕੀ ਦਾ ਰਿਸ਼ਤਾ ਬਾਲਕ (ਗੁਰੂ) ਹਰਿਗੋਬਿੰਦ ਜੀ ਨੂੰ ਲੈਣ ਤੋਂ ਨਾ ਕਰ ਦਿੱਤੀ ਸੀ, ਲਾਹੌਰ ਦੇ 4 ਕਵੀ ਕਾਹਨਾ, ਛੱਜੂ, ਪੀਹਲੂ ਅਤੇ ਸ਼ਾਹ ਹੂਸੈਨ, ਜਿਨ੍ਹਾਂ ਦੀ ਰਚਨਾਵਾਂ ਨੂੰ ਸਿਧਾਂਤ ਦੇ ਉਲ਼ਟ ਹੋਣ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ ਤੋਂ ਨਾ ਕਰ ਦਿੱਤੀ ਸੀ, ਆਦਿ ਨੇ ਝੂਠੀਆਂ ਸ਼ਿਕਾਇਤਾਂ ਕਰਨ ’ਚ ਆਪਣਾ ਯੋਗਦਾਨ ਪਾਇਆ। ਆਪਣੇ ਆਪ ਨੂੰ ਪੱਕਾ ਮੁਸਲਮਾਨ ਅਖਵਾ ਕੇ ਆਪਣੀ ਬਾਦਸ਼ਾਹਤ ਪੱਕੀ ਕਰਨ ’ਚ ਉਤਾਵਲੇ ਜਹਾਂਗੀਰ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਆਧਾਰ ਬਣਾ ਕੇ ਤੁਜ਼ਕਿ ਜਹਾਂਗੀਰੀ ਵਿੱਚ ਲਿਖਿਆ ਹੈ ‘ਮੇਰੇ ਦਿਲ ਵਿਚ ਇਹ ਖਿਆਲ ਚੋਖੇ ਚਿਰ ਤੋਂ ਆ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ (ਭਾਵ ਸਿੱਖ ਧਰਮ) ਨੂੰ ਬੰਦ ਕਰ ਦਿੱਤਾ ਜਾਏ ਜਾਂ ਉਸ (ਗੁਰੂ ਅਰਜਨ ਦੇਵ ਜੀ) ਨੂੰ ਇਸਲਾਮ ਦੇ ਧਰਮ-ਮੰਡਲ ਵਿਚ ਦਾਖਲ ਕਰ ਲਿਆ ਜਾਏ। ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਜਾਂ ਉਸ ਨੂੰ ਇਸਲਾਮ ਦੇ ਘੇਰੇ ਵਿਚ ਸ਼ਾਮਲ ਕਰ ਲਿਆ ਜਾਏ। ਉਸ ਦਾ ਘਰ-ਘਾਟ ਤੇ ਬੱਚੇ ਮੈਂ ਮੁਰਤਜ਼ਾ ਖ਼ਾਨ ਦੇ ਹਵਾਲੇ ਕੀਤੇ ਅਤੇ ਉਸ ਦਾ ਮਾਲ-ਅਸਬਾਬ, ਜ਼ਬਤ ਕਰ ਕੇ ਮੈਂ ਹੁਕਮ ਦਿੱਤਾ ਕਿ ਉਸ ਨੂੰ ਸਿਆਸਤ (ਵਿਧਾਨ) ਅਤੇ ਯਾਸਾ ਦੀ ਰਾਜ-ਡੰਡਾਵਲੀ ਅਨੁਸਾਰ, ਮਾਰ-ਮੁਕਾ ਦਿੱਤਾ ਜਾਏ।’ (ਤੁਜ਼ਕਿ ਜਹਾਂਗੀਰੀ, 1606 ਈ., ਪੰਨਾ 35), ਇਸ ਹੁਕਮ ਅਧੀਨ ਗੁਰੂ ਅਰਜਨ ਸਾਹਿਬ ਜੀ ਨੂੰ 2 ਹਾੜ ਬਿਕ੍ਰਮੀ ਸੰਮਤ 1663/ 30 ਮਈ 1606 ਜੂਲੀਅਨ ਨੂੰ ਲਾਹੌਰ ਵਿਖੇ ਤੱਤੀ ਤਵੀ ’ਤੇ ਬਿਠਾ ਆਪ ਉੱਪਰ ਗਰਮ ਰੇਤ ਪਾਇਆ ਗਿਆ ਅਤੇ ਖੌਲਦੇ ਪਾਣੀ ਦੀ ਦੇਗ ’ਚ ਉਬਾਲ ਕੇ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸ਼ਹੀਦੀ ਪ੍ਰਾਪਤ ਕਰਨ ਵਾਲੇ ਗੁਰੂ ਅਰਜਨ ਸਾਹਿਬ ਜੀ ਬਾਣੀ ਦੇ ਪਹਿਲੇ ਰਚਨਹਾਰ ਹੋਣ ਤੋਂ ਇਲਾਵਾ ਸਿੱਖ ਇਤਿਹਾਸ ਦੇ ਵੀ ਪਹਿਲੇ ਸ਼ਹੀਦ ਹਨ, ਇਸੇ ਲਈ ਉਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਵੀ ਆਖਿਆ ਜਾਂਦਾ ਹੈ। ਤੱਤੀ ਤਵੀ ’ਤੇ ਬੈਠ ਕੇ ਵੀ ਆਪ ਨੇ ‘‘ਤੇਰਾ ਕੀਆ ਮੀਠਾ ਲਾਗੈ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ’’ (ਮਹਲਾ /੩੯੪) ਪੜ੍ਹਦੇ ਹੋਏ ਆਪਣੀ ਕਥਨੀ ਨੂੰ ਕਰਣੀ ਵਿੱਚ ਨਿਭਾ ਗਏ।

  1. ਸ਼ਹੀਦ ਭਾਈ ਮਥਰਾ ਭੱਟ ਜੀ : ਭਾਈ ਮਥਰਾ ਭੱਟ ਜੀ ਨੇ ਲੋਹਗੜ੍ਹ ਸ੍ਰੀ ਅੰਮ੍ਰਿਤਸਰ ਦੀ ਲੜਾਈ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਮਾਨ ਹੇਠ ਜੰਗ ਕਰਦਿਆਂ ਮੁਗ਼ਲਾਂ ਦੇ ਜਰਨੈਲ ਬੈਰਮ ਖ਼ਾਂ ਤੇ ਈਮਾਮ ਬਖ਼ਸ਼ ਨੂੰ ਮਾਰ ਮੁਕਾਇਆ ਸੀ। ਉਨ੍ਹਾਂ ਨੇ ਇਸ ਜੰਗ ਵਿਚ ਬਹਾਦਰੀ ਵਿਖਾਉਂਦਿਆਂ ਸ਼ਹੀਦੀ ਪ੍ਰਾਪਤ ਕੀਤੀ। ਭਾਈ ਮਥਰਾ ਭੱਟ ਜੀ ਦੇ ਸੱਤ ਸਵੱਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਨ੍ਹਾਂ ਸਵਈਆਂ ਵਿਚ ਮਥਰਾ ਜੀ; ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਦੀ ਉਸਤਤਿ ਕਰਦੇ ਹਨ। ਭਾਵੇਂ ਉਸ ਜੰਗ ਵਿੱਚ ਹੋਰ ਸਿੱਖ ਸੂਰਮੇ ਵੀ ਸ਼ਹੀਦ ਹੋਏ, ਪਰ ਭੱਟ ਮਥਰਾ ਜੀ ਪਹਿਲੇ ਗੁਰਸਿੱਖ ਹਨ, ਜਿਨ੍ਹਾਂ ਨੇ ਸ਼ਹਾਦਤ ਵੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ।
  2. ਭਾਈ ਕੀਰਤ ਭੱਟ ਜੀ : ਭਾਈ ਕੀਰਤ ਭੱਟ ਜੀ ਵੀ ਲੋਹਗੜ੍ਹ ਸ੍ਰੀ ਅੰਮ੍ਰਿਤਸਰ ਦੀ ਲੜਾਈ ਵਿਚ ਹੀ ਸ਼ਹੀਦ ਹੋਏ। ਭੱਟ ਕੀਰਤ ਜੀ ਆਪਣੇ ਭਰਾ ਭਾਈ ਮਥਰਾ ਜੀ ਸਮੇਤ ਦੂਸਰੇ ਗੁਰਸਿੱਖ ਹਨ, ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਉਨ੍ਹਾਂ ਵੱਲੋਂ ਉਚਾਰਨ ਕੀਤੇ 8 ਸਵਈਏ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹਨ, ਜਿਨ੍ਹਾਂ ਵਿੱਚੋਂ ਚਾਰ ਸਵਈਏ ਤੀਜੇ ਗੁਰੂ ਅਮਰਦਾਸ ਦੀ ਅਤੇ ਐਨੇ ਹੀ ਚੌਥੇ ਗੁਰੂ ਰਾਮਦਾਸ ਜੀ ਦੀ ਵਡਿਆਈ ਵਿੱਚ ਉਚਾਰੇ ਹਨ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹਰ ਰੋਜ਼ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤੇ ਜਾਣ ਸਮੇਂ ਭੱਟ ਕੀਰਤ ਜੀ ਦਾ ਇਹ ਸਵੱਈਆ ‘‘ਇਕ ਅਰਦਾਸਿ ਭਾਟ ਕੀਰਤਿ ਕੀ; ਗੁਰ ਰਾਮਦਾਸ ! ਰਾਖਹੁ ਸਰਣਾਈ ॥੪॥੫੮॥’’ (ਸਵਈਏ ਮਹਲੇ ਚਉਥੇ ਕੇ/੧੪੦੬) ਦੇ ਗਾਇਣ ਕੀਤੇ ਜਾਣ ਦੀ ਰਿਵਾਇਤ ਪ੍ਰਚਲਿਤ ਹੈ।
  3. ਗੁਰੂ ਤੇਗ ਬਹਾਦਰ ਸਾਹਿਬ ਜੀ : ਔਰੰਗਜ਼ੇਬ ਵੱਲੋਂ ਕਸ਼ਮੀਰੀ ਪੰਡਿਤਾਂ ਦੇ ਜ਼ਬਰੀ ਜਨੇਊ ਅਤੇ ਟਿੱਕੇ ਉਤਾਰ ਕੇ ਮੁਸਲਮਾਨ ਬਣਾਏ ਜਾਣ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ੧੧ ਮੱਘਰ ਬਿਕ੍ਰਮੀ ਸੰਮਤ ੧੭੩੨/ 11 ਨਵੰਬਰ 1675 ਨੂੰ ਆਪਣੇ ਤਿੰਨ ਪਿਆਰੇ ਗੁਰਸਿੱਖਾਂ ਭਾਈ ਮਤੀਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਸਤੀਦਾਸ ਸਮੇਤ ਚਾਂਦਨੀ ਚੌਕ (ਨਵੀਂ ਦਿੱਲੀ) ਵਿਖੇ ਸ਼ਹੀਦੀ ਦੇ ਕੇ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਸ਼ਾਂਤਮਈ ਸ਼ਹੀਦੀ ਦੇਣ ਦੀ ਲਾਮਿਸਾਲ ਉਦਾਹਰਨ ਕਾਇਮ ਕੀਤੀ ਅਤੇ ਆਪਣੇ ਬਚਨ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ਕਹੁ ਨਾਨਕ ! ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ’’ (ਮਹਲਾ /੧੪੨੭) ’ਤੇ ਪਹਿਰਾ ਦੇ ਗਏ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤੇ ਸਨ ‘‘ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ ’’ (ਮਹਲਾ /੫੪੪) ਇਨ੍ਹਾਂ ਬਚਨਾਂ ’ਤੇ ਅਮਲੀ ਰੂਪ ’ਚ ਪਹਿਰਾ ਦੇ ਦਿੱਤਾ। ਆਪ ਜੀ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਪੋਤਰੇ, ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ, ਅੰਮ੍ਰਿਤ ਕੇ ਦਾਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਅਤੇ ਚਾਰ ਸ਼ਹੀਦ ਸਾਹਿਬਜ਼ਾਦਿਆਂ ਦੇ ਦਾਦਾ ਜੀ ਸਨ।

ਸਵਾਲ : ਜਲੰਧਰ ਵਿਖੇ ‘ਗੁਰਦੁਆਰਾ ਸਾਹਿਬ ਬਾਬਾ ਨਿਹਾਲ ਸਿੰਘ ਤੱਲਣ ਸਾਹਿਬ’ ਹੈ, ਲੋਕਾਂ ਦਾ ਵਿਸ਼ਵਾਸ ਹੈ ਕਿ ਜਿਨ੍ਹਾਂ ਦਾ ਵਿਦੇਸ਼ ਦਾ ਵੀਜ਼ਾ ਨਹੀਂ ਲੱਗਦਾ ਜਾਂ ਪਾਸਪੋਰਟ ਨਹੀ ਬਣਦਾ ਹੈ, ਉਹ ਉੱਥੇ ਜਾ ਕੇ ਖਿਡਾਉਣਾ ਜਹਾਜ਼ ਚੜ੍ਹਾੳਂੁਦੇ ਹਨ ਤੇ ਉਨ੍ਹਾਂ ਦੀ ਵਿਦੇਸ਼ ਜਾਣ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ। ਕੀ ਗੁਰਮਤਿ ਅਨੁਸਾਰ ਇਹ ਕਰਮ ਸਹੀ ਹੈ ?

ਜਵਾਬ : ਗੁਰਬਾਣੀ ਦਾ ਫ਼ੁਰਮਾਨ ਹੈ ਕਿ ਦਾਤਾਂ ਦੇਣ ਵਾਲਾ ਇਕੋ ਪ੍ਰਮਾਤਮਾ ਹੈ, ਜੋ ਸਭਨਾਂ ਨੂੰ ਦਾਤਾਂ ਦਿੰਦਾ ਹੈ। ਉਸ ਦੇ ਦਰ ’ਤੇ ਬਖ਼ਸ਼ਸ਼ਾਂ ਦੇ ਅਣਗਿਣਤ ਭੰਡਾਰੇ ਭਰੇ ਪਏ ਹਨ, ਇਸ ਲਈ ਦਾਤਾਂ ਦੇਣ ਲੱਗਿਆਂ ਉਸ ਦੇ ਘਰ ਕਦੇ ਤੋਟ ਨਹੀਂ ਆਉਂਦੀ ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ਦੇਂਦੇ, ਤੋਟਿ ਆਵਈ; ਅਗਨਤ ਭਰੇ ਭੰਡਾਰ ’’ (ਮਹਲਾ /੨੫੭) ਉਸ ਅਕਾਲ ਪੁਰਖ ਤੋਂ ਸ਼ੁੱਧ ਭਾਵਨਾ ਨਾਲ ਜੋ ਵੀ ਇੱਛਾ ਕੀਤੀ ਜਾਂਦੀ ਹੈ, ਉਸ ਦੇ ਸੰਸਕਾਰਾਂ ਅਨੁਸਾਰ ਉਸ ਨੂੰ ਜ਼ਰੂਰ ਦਿੰਦਾ ਹੈ ‘‘ਜੋ ਇਛੈ ਸੋਈ ਫਲੁ ਪਾਵੈ ’’ ( ਸੁਖਮਨੀ, ਮਹਲਾ /੨੭੨) ਕਿਸ ਨੂੰ ਕੀ ਦੇਣਾ ਹੈ ਅਤੇ ਕੀ ਨਹੀਂ ਦੇਣਾ, ਇਸ ਬਾਰੇ ਉਹ ਆਪ ਹੀ ਜਾਣਦਾ ਅਤੇ ਗੁਰਮਤਿ ਅਨੁਸਾਰ ਉਸ ਨੂੰ ਆਪ ਹੀ ਦਿੰਦਾ ਹੈ ‘‘ਆਪੇ ਜਾਣੈ ਆਪੇ ਦੇਇ ’’  (ਜਪੁ, ਮਹਲਾ ੧/੫), ਪਰ ਜੇਕਰ ਗੁਰੂ ਦੀ ਬਖ਼ਸ਼ਸ਼ ਦਾ ਪਾਤਰ ਨਾ ਹੋਇਆ ਜਾਵੇ ਤਾਂ ਆਪਣੇ ਯਤਨਾਂ ਜਾਂ ਸੁੱਖਨਾ ਸੁੱਖਨ ਨਾਲ ਕੁਝ ਨਹੀਂ ਮਿਲਦਾ ਭਾਵੇਂ ਕਿੰਨੇ ਹੀ ਯਤਨ ਕਰ ਲਈਏ ‘‘ਵਿਣੁ ਕਰਮਾ ਕਿਛੁ ਪਾਈਐ ਨਾਹੀ; ਜੇ ਬਹੁਤੇਰਾ ਧਾਵੈ ’’ (ਮਹਲਾ /੭੨੨) ਸੁੱਖਨਾ ਸੁੱਖ ਕੇ ਭੇਟਾਵਾਂ ਚੜ੍ਹਾਉਣਾ ਤਾਂ ਗੁਰਮਤਿ ਵਿਰੋਧੀ ਹੈ ‘‘ਆਸਕੁ ਏਹੁ ਆਖੀਐ; ਜਿ ਲੇਖੈ ਵਰਤੈ ਸੋਇ ’’ (ਮਹਲਾ /੪੭੪) ਇੱਕ ਹੀ ਸਥਾਨ ਤੋਂ ਸਭ ਦਾਤਾਂ ਮਿਲਣ ਦੀ ਉਸ ਦੀ ਖ਼ੂਬੀ ਤੋਂ ਅਣਜਾਣ ਸੁਆਰਥੀ ਲੋਕਾਂ ਨੇ ਵੱਖ ਵੱਖ ਦਾਤਾਂ ਲਈ ਵੱਖ ਵੱਖ ਸਥਾਨ ਅਤੇ ਉੱਥੋਂ ਲਈ ਵੱਖ ਵੱਖ ਭੇਟਾਵਾਂ ਨਿਸ਼ਚਿਤ ਕਰ ਲਈਆਂ ਹਨ; ਜਿਵੇਂ ਕਿ ਪੁੱਤਰ ਦੀ ਦਾਤ ਲਈ ਬੀੜ ਬਾਬਾ ਬੁੱਢਾ ਜੀ, ਰਮਦਾਸ;  ਉੱਥੇ ਮਿੱਸੇ ਪ੍ਰਸ਼ਾਦੇ ਤੇ ਗੰਢੇ ਚੜ੍ਹਾਏ ਜਾਂਦੇ ਹਨ। ਵੀਜਾ ਲਗਵਾਉਣ ਲਈ ਤੱਲਣ੍ਹ; ਇੱਥੇ ਖਿਡਾਉਣੇ ਜਹਾਜ਼ ਚੜ੍ਹਾਏ ਜਾਂਦੇ ਹਨ। ਅੜੇ ਹੋਏ ਕੰਮ ਕਰਵਾਉਣ ਵਾਸਤੇ ਗੁਰਦੁਆਰਾ ਅੜੀਸਰ ਸਾਹਿਬ ਧੌਲ਼ਾ, ਇੱਥੇ ਲੱਡੂਆਂ ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ। ਹੱਦ ਤਾਂ ਉਸ ਸਮੇਂ ਹੋ ਜਾਂਦੀ ਹੈ, ਜਿੱਥੇ ਇੱਕ ਗੁਰਦੁਆਰੇ ’ਚ ਵਰਜਿਤ ਨਸ਼ੇ ਅਫੀਮ/ਸ਼ਰਾਬ ਵੀ ਚੜ੍ਹਾਏ ਜਾਂਦੇ ਹਨ ਅਤੇ ਪ੍ਰਸ਼ਾਦ ਦੇ ਤੌਰ ’ਤੇ ਵਰਤਾਏ ਜਾਂਦੇ ਹਨ। ਅਜਿਹੇ ਲੋਕ, ਜਿਹੜੇ ਸਮਝਦੇ ਹਨ ਕਿ ਰੱਬ ਜਾਂ ਗੁਰੂ ਕੇਵਲ ਉਨ੍ਹਾਂ ਖਿਡਾਉਣਿਆਂ ਜਾਂ ਖਾਣ ਪੀਣ ਦੀਆਂ ਵਸਤਾਂ, ਜੋ ਸਾਨੂੰ ਪਸੰਦ ਹਨ, ਉਨ੍ਹਾਂ ਨਾਲ ਹੀ ਪ੍ਰਭੂ ਨੂੰ ਰੀਝਾਇਆ ਜਾ ਸਕਦਾ ਹੈ; ਬਾਰੇ ਭਗਤ ਕਬੀਰ ਜੀ ਦਾ ਇਹ ਸ਼ਬਦ ਬੜਾ ਢੁੱਕਦਾ ਹੈ ‘‘ਮਾਥੇ ਤਿਲਕੁ ਹਥਿ ਮਾਲਾ ਬਾਨਾਂ ਲੋਗਨ ਰਾਮੁ ਖਿਲਉਨਾ ਜਾਨਾਂ ’’ (ਭਗਤ ਕਬੀਰ ਜੀਉ/੧੧੫੮)

ਸਵਾਲ : ਕੀ ਗੁਰਸਿੱਖ ਬੀਬੀਆਂ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਸਕਦੀਆਂ ਹਨ ? ਅਤੇ ਕੀ ਕੜਾਹ ਪ੍ਰਸ਼ਾਦ ਸੰਗਤ ’ਚ ਵਰਤਾਉਣ ਸਮੇਂ ਉਨ੍ਹਾਂ ਨੂੰ ਪੰਜ ਪਿਆਰਿਆਂ ਦਾ ਗੱਫ਼ਾ ਵਰਤਾਇਆ ਜਾ ਸਕਦਾ ਹੈ।

ਜਵਾਬ : ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ’ਚ ਅੰਮ੍ਰਿਤ ਸੰਸਕਾਰ ਸਿਰਲੇਖ ਹੇਠ ਭਾਗ (ਅ) ’ਚ ਸਪਸ਼ਟ ਲਿਖਿਆ ਹੈ ਕਿ ਅੰਮ੍ਰਿਤ ਛਕਾਉਣ ਲਈ ਘੱਟ ਤੋਂ ਘੱਟ 6 ਤਿਆਰ ਬਰ ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ’ਚੋਂ ਇੱਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਉਣ ਲਈ ਹੋਣ; ਜਿਨ੍ਹਾਂ ਵਿੱਚ ਸਿੰਘਣੀਆਂ ਵੀ ਹੋ ਸਕਦੀਆਂ ਹਨ।

ਗੁਰਬਾਣੀ ਅੰਦਰ ਮਰਦ ਅਤੇ ਇਸਤਰੀ ’ਚ ਕਿਸੇ ਪ੍ਰਕਾਰ ਦੇ ਵਿਤਕਰੇ ਦੀ ਗੱਲ ਨਹੀਂ ਕੀਤੀ ਗਈ ਅਤੇ ਇਸਤਰੀ ਨੂੰ ਪੁਰਸ਼ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਆਸਾ ਕੀ ਵਾਰ ਦੀ 19ਵੀਂ ਪਉੜੀ ਦੇ ਦੂਸਰੇ ਸਲੋਕ ‘‘ਭੰਡਿ ਜੰਮੀਐ, ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ ਭੰਡੁ ਮੁਆ ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ਭੰਡਹੁ ਹੀ ਭੰਡੁ ਊਪਜੈ; ਭੰਡੈ ਬਾਝੁ ਕੋਇ ਨਾਨਕ ! ਭੰਡੈ ਬਾਹਰਾ; ਏਕੋ ਸਚਾ ਸੋਇ ਜਿਤੁ ਮੁਖਿ, ਸਦਾ ਸਾਲਾਹੀਐ; ਭਾਗਾ ਰਤੀ ਚਾਰਿ ਨਾਨਕ ! ਤੇ ਮੁਖ ਊਜਲੇ; ਤਿਤੁ ਸਚੈ ਦਰਬਾਰਿ ’’ (ਮਹਲਾ ੧/੪੭੩) ਰਾਹੀਂ ਸਮਾਜ ਅਤੇ ਮਨੁੱਖ ਦੇ ਜੀਵਨ ਵਿੱਚ ਇਸਤਰੀ ਦੀ ਮਹੱਤਤਾ ਨੂੰ ਬਹੁਤ ਚੰਗੀ ਤਰ੍ਹਾਂ ਬਿਆਨ ਕੀਤਾ ਗਿਆ ਹੈ। ਇਸ ਸਲੋਕ ਅਨੁਸਾਰ ਜਿਸ ਇਸਤਰੀ ਤੋਂ ਬਿਨਾਂ ਜੀਵਨ ਨਿਰਵਾਹ ਕਰਨਾ ਸੰਭਵ ਨਹੀਂ, ਜਿਸ ਨੇ ਮਹਾਂਪੁਰਸ਼ਾਂ ਅਤੇ ਰਾਜੇ ਮਹਾਂਰਾਜਿਆਂ ਨੂੰ ਜਨਮ ਦਿੱਤਾ ਹੈ, ਉਸ ਨੂੰ ਮੰਦਾ ਕਿਉਂ ਆਖਿਆ ਜਾਵੇ। ਗੁਰੂ ਨਾਨਕ ਸਾਹਿਬ ਜੀ ਨੇ ਵਜ਼ਨਦਾਰ ਸ਼ਬਦਾਂ ਰਾਹੀਂ ਇਸਤਰੀ ਨਿੰਦਕਾਂ ਨੂੰ ਸਵਾਲ ਕੀਤਾ ਕਿ ਜੇ ਇਸਤਰੀ ਨਾ ਹੁੰਦੀ ਤਾਂ ਉਨ੍ਹਾਂ ਦਾ ਇਸ ਸੰਸਾਰ ’ਚ ਜਨਮ ਕਿਵੇਂ ਸੰਭਵ ਹੁੰਦਾ ?

ਗੁਰੂ ਸਾਹਿਬਾਨ ਨੇ ਇਸਤਰੀ ਦੇ ਖ਼ਿਲਾਫ਼ ਹੋ ਰਹੇ ਵਿਤਕਰਿਆਂ ਦਾ ਸਖ਼ਤ ਸ਼ਬਦਾਂ ਰਾਹੀਂ ਵਿਰੋਧ ਕੀਤਾ। ਸਤੀ ਪ੍ਰਥਾ, ਘੁੰਡ ਕੱਢਣਾ ਆਦਿ ਨੂੰ ਸਮਾਜ-ਦੁਸ਼ਮਣ ਕਰਾਰ ਦਿੱਤਾ। ਗੁਰੂ ਸਾਹਿਬਾਨ ਦੀ ਇਨਕਲਾਬੀ ਸੋਚ ਕਰਕੇ ਹੀ ਸਿੱਖ ਇਸਤਰੀਆਂ ਗੁਰਦੁਆਰਾ ਸਾਹਿਬਾਨ ’ਚ ਸੇਵਾ ਕਰਨ ਅਤੇ ਧਰਮ ਪ੍ਰਚਾਰ ਦੇ ਮੈਦਾਨ ਵਿੱਚ ਨਿਤਰੀਆਂ। ਹੈਰਾਨੀ ਤਾਂ ਇਹ ਹੈ ਕਿ ਜਿਹੜੇ ਸੰਪ੍ਰਦਾਈ ਪ੍ਰਚਾਰਕ ਬੀਬੀਆਂ ਵੱਲੋਂ ਪੰਜ ਪਿਆਰਿਆਂ ’ਚ ਸ਼ਾਮਲ ਹੋਣ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਸੰਭਾਲ਼ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਪਾਠ ਕਰਨ ਦਾ ਵਿਰੋਧ ਕਰਦੇ ਹਨ, ਉਹ ਇਹ ਮਨਘੜਤ ਸਾਖੀਆਂ ਵੀ ਸੁਣਾਉਂਦੇ ਹਨ ਕਿ ਜਦੋਂ ਗੁਰੂ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤਾਂ ਉਸ ਵਿੱਚੋਂ ਚਿੜਾ ਚਿੜੀ ਚੁੰਝ ਭਰ ਕੇ ਪੀ ਗਏ ਤਾਂ ਆਪਸ ’ਚ ਲੜ ਕੇ ਮਰ ਗਏ। ਇਹ ਵੇਖ ਮਾਤਾ ਸੁੰਦਰ ਕੌਰ ਜੀ ਨੇ ਅੰਮ੍ਰਿਤ ’ਚ ਮਿਠਾਸ ਭਰਨ ਲਈ ਉਸ ਵਿੱਚ ਪਤਾਸੇ ਪਾ ਦਿੱਤੇ। ਅਜਿਹੇ ਦੋਗਲੇ ਕਿਸਮ ਦੇ ਪ੍ਰਚਾਰਕਾਂ ਨੂੰ ਪੁੱਛਣਾ ਬਣਦਾ ਹੈ ਕਿ ਤੁਹਾਡੇ ਅਨੁਸਾਰ ਜੇ ਮਾਤਾ ਜੀ ਨੇ ਅੰਮ੍ਰਿਤ ਵਿੱਚ ਪਤਾਸੇ ਪਾਏ ਤਾਂ ਉਹ ਜ਼ਰੂਰ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਵੇਗੀ। ਫਿਰ ਹੁਣ ਬੀਬੀਆਂ ਦੀ ਸ਼ਮੂਲੀਅਤ ਦਾ ਵਿਰੋਧ ਕਰਕੇ ਆਪਣੀ ਪਿਛਾਂਹ ਖਿਚੂ ਸੋਚ ਦਾ ਪ੍ਰਗਟਾਵਾ ਕਿਉਂ ਕਰਦੇ ਹਨ। ਸਿੱਖ ਇਤਿਹਾਸ ਗਵਾਹ ਹੈ ਕਿ ਬੀਬੀਆਂ ਦਾ ਗੁਰਦੁਆਰਿਆਂ ’ਚ ਹਰ ਤਰ੍ਹਾਂ ਦੀ ਸੇਵਾ, ਜੰਗ ਵਿੱਚ ਜੂਝ ਕੇ ਸ਼ਹੀਦੀ ਪਾਉਣ ਅਤੇ ਅਕਹਿ ਤੇ ਅਸਹਿ ਕਸ਼ਟ ਸਹਾਰ ਕੇ ਸ਼ਹੀਦੀਆਂ ਪਾਉਣਾ ਲਾ-ਮਿਸਾਲ ਉਦਾਹਰਨਾਂ ਸਾਡੇ ਸਾਹਮਣੇ ਹਨ, ਜਿਨ੍ਹਾਂ ਦਾ ਜ਼ਿਕਰ ਅਸੀਂ ਹਰ ਰੋਜ਼ ਅਰਦਾਸ ’ਚ ਕਰਦੇ ਹਾਂ ਤਾਂ ਫਿਰ ਉਨ੍ਹਾਂ ਵੱਲੋਂ ਕਿਸੇ ਕਿਸਮ ਦੀ ਸੇਵਾ ’ਤੇ ਰੋਕ ਕਿਵੇਂ ਲਾਈ ਜਾ ਸਕਦੀ ਹੈ ?

ਸੋ ਸਪਸ਼ਟ ਹੈ ਕਿ

  1. ਅੰਮਿਤ ਸੰਚਾਰ ਵਿੱਚ ਸਿੱਖ ਬੀਬੀਆਂ ਉੱਤੇ ਪੰਜ ਪਿਆਰਿਆਂ ’ਚ ਸ਼ਾਮਲ ਹੋਣ ਦੀ ਕੋਈ ਮਨਾਹੀ ਨਹੀਂ।
  2. ਕੜਾਹ ਪ੍ਰਸ਼ਾਦ ਵਰਤਾਉਣ ਸਮੇਂ ਪੰਜ ਪਿਆਰਿਆਂ ਦਾ ਗੱਫਾ ਬੀਬੀਆਂ ’ਚ ਵੀ ਵਰਤਾਇਆ ਜਾ ਸਕਦਾ ਹੈ ਅਤੇ ਇਸ ਸੰਬੰਧੀ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ-1)

0

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ-1)

ਪੰਥ ਦੇ ਵਿਚਾਰਨਯੋਗ ਮਸਲੇ ਤੇ ਸਮਾਧਾਨ

ਗਿਆਨੀ ਜਗਤਾਰ ਸਿੰਘ ਜਾਚਕ

ਗੁਰੂ ਕਾਲ ਸਮੇਤ 17ਵੀਂ ਤੇ 18ਵੀਂ ਸਦੀ ਦੀਆਂ ਪ੍ਰਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਾਚੀਨ ਹੱਥ-ਲਿਖਤੀ ਬੀੜਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸੰਨ 1952 ਵਿੱਚ ਛਾਪੀ ਪਾਵਨ ਬੀੜ, ਗੁਰਬਾਣੀ ਵਿਆਕਰਣ ਅਤੇ ਕਾਵਿਕ ਤੋਲ ਦੀ ਦ੍ਰਿਸ਼ਟੀ ਤੋਂ ਸ਼੍ਰੋਮਣੀ ਕਮੇਟੀ ਦੁਆਰਾ ਛਾਪੀ ਜਾ ਰਹੀ ਮੌਜੂਦਾ ਪ੍ਰਚਲਿਤ ਬੀੜ, ਸ਼੍ਰੋਮਣੀ ਕਮੇਟੀ ਦੁਆਰਾ ਸਿੰਘ ਸਾਹਿਬਾਨ ਦੀ ਅਗਵਾਈ ਵਿੱਚ ਪਾਠ-ਭੇਦਾਂ ਦੇ ਨਿਪਟਾਰੇ ਲਈ ਕਰਵਾਏ ਖੋਜ ਕਾਰਜਾਂ ਦੀਆਂ ਜਨਵਰੀ ਸੰਨ 1977 ਤੇ ਸੰਨ 2002 ਦੀਆਂ ਰਿਪੋਰਟਾਂ, ਦਮਦਮੀ ਟਕਸਾਲ ਦੇ ਨਾਂ ਹੇਠ ਛਾਪੀਆਂ ਜਾ ਰਹੀਆਂ ਸੰਥਾ ਪੋਥੀਆਂ, ਸਟੀਕ ਤੇ ਗੁਟਕੇ ਆਦਿਕ ਅਤੇ ਸਿੱਖ ਬੁੱਕ ਕਲੱਬ ਅਮਰੀਕਾ ਦੀ ਐਪ ਰਾਹੀਂ ਪ੍ਰਾਪਤ ਹੋ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਤੇ ਮਰਹੂਮ ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ ਜੀ ਅਤੇ ਭਾਈ ਜੋਗਿੰਦਰ ਸਿੰਘ ਤਲਵਾੜਾ ਦੀ 50 ਸਾਲਾ ਸਾਂਝੀ ਖੋਜ ’ਤੇ ਆਧਾਰਿਤ ਪਾਵਨ ਬੀੜ ਦੇ ਖਰੜੇ ਨੂੰ ਗੰਭੀਰਤਾ ਸਹਿਤ ਵਿਚਾਰਿਆਂ, ਜੋ ਹੁਣ ਸਭ ਤੋਂ ਪਹਿਲਾ, ਵੱਡਾ ਤੇ ਪਚੀਦਾ ਮਸਲਾ ਉਭਰਦਾ ਹੈ, ਉਹ ਹੈ 5000 ਦੇ ਲਗਭਗ ਲਫ਼ਜ਼ੀ, ਪਦ-ਛੇਦਕ, ਸਮਾਸੀ ਅਤੇ ਵਧੇਰੇ ਕਰਕੇ ਲਗਮਾਤ੍ਰੀ ਪਾਠ-ਭੇਦਾਂ ਦਾ ।

ਜਥੇਦਾਰ ਵੇਦਾਂਤੀ ਜੀ ਦੇ ਸਹਿਯੋਗ ਨਾਲ ਸਤੰਬਰ ਸੰਨ 1991 ਵਿੱਚ ਲਿਖੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ-ਭਾਗ 1’ ਦੀ ਦੂਜੀ ਐਡੀਸ਼ਨ (1996) ਦੇ ਪੰਨਾ 16 ’ਤੇ ਭਾਈ ਤਲਵਾੜਾ ਜੀ ਲਿਖਦੇ ਹਨ, ‘ਸ਼੍ਰੋ: ਗੁ: ਪ੍ਰ: ਕਮੇਟੀ ਰਾਹੀਂ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਬੀੜਾਂ/ਸੈਂਚੀਆਂ ਅਤੇ ਵਪਾਰੀ-ਪ੍ਰਕਾਸ਼ਕਾਂ ਦੁਆਰਾ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਬੀੜਾਂ/ਸੈਂਚੀਆਂ ਵਿੱਚ; ਅੱਖਰਾਂ ਅਤੇ ਲਗਾਂਮਾਤ੍ਰਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਫ਼ਰਕ ਦੇਖਣ ਵਿੱਚ ਆ ਰਹੇ ਹਨ। ਇਹ ਸਥਿਤੀ ਚਿੰਤਾਜਨਕ ਹੈ ਅਤੇ ਸਿੱਖ ਸੰਗਤਾਂ ਦੀ ਜ਼ੋਰਦਾਰ ਮੰਗ ਹੈ ਕਿ ਇਸ ਪਾਸੇ ਜ਼ਿਮੇਵਾਰ ਸਿੱਖ ਸੰਸਥਾਵਾਂ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾਵੇ ।’ ਗੁਰਬਾਣੀ ਦੀ ਉਚਾਰਨਕ ਤੇ ਪਦ-ਛੇਦਕ ਸਮਸਿਆ ਨੂੰ ਧਿਆਨ ਵਿੱਚ ਰੱਖ ਕੇ ਉਹ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ- ਭਾਗ ਦੂਜਾ, ਪੰ. 94 ’ਤੇ ਲਿਖਦੇ ਹਨ, ‘ਜਿਹੜੇ ਗੁਰਬਾਣੀ ਦੇ ਸ਼ਬਦ-ਜੋੜਾਂ ਬਾਰੇ ਵਿਚਾਰ ਦਾ ਵਖਰੇਵਾਂ ਹੈ, ਅਜਿਹੇ ਸ਼ਬਦ ਸਮੱਗਰ ਗੁਰਬਾਣੀ ਵਿੱਚ 500 ਤੋਂ ਵਧ ਨਹੀਂ, ਇਨ੍ਹਾਂ ਦੇ ਦਰੁਸਤ ਸ਼ਬਦ-ਜੋੜਾਂ ਬਾਰੇ ਗੁਰਮਤੀ ਵਿਦਵਾਨ ਮੰਡਲੀ ਦੇ ਪਰਸਪਰ ਵਿਚਾਰ-ਵਟਾਂਦਰੇ ਮਗਰੋਂ ਪੰਥਕ ਤੌਰ ’ਤੇ ਨਿਰਣਾ ਲਏ ਜਾਣ ਦੀ ਲੋੜ ਹੈ ।’

ਪਾਵਨ ਬੀੜਾਂ ਦੇ ਪਾਠ-ਭੇਦਾਂ ਦੀ ਹੋਂਦ ਤੇ ਸੁਧਾਈ ਦੀ ਜ਼ਰੂਰਤ ਪੱਖੋਂ ਪ੍ਰਸਿੱਧ ਇਤਿਹਾਸਕਾਰ ਸ੍ਰ. ਕ੍ਰਿਪਾਲ ਸਿੰਘ ਦੀ ਪੁਸਤਕ ‘ਪੰਥਕ ਮਤੇ’ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਸੰਨ 1952 ਵਾਲਾ ਉਹ ਮਤਾ ਵੀ ਬੜਾ ਮਹੱਤਵ ਪੂਰਨ ਹੈ, ਜਿਸ ਦੁਆਰਾ ਪਾਵਨ ਬੀੜਾਂ ਦੇ ਪ੍ਰਕਾਸ਼ਕ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਅੱਗੇ ਤੋਂ ਪਾਠ ਦੀ ਲਿਖਤ ਇਸ ਮਤੇ ਅਨੁਸਾਰ ਸੋਧਾਂ ਕਰਕੇ ਬੀੜਾਂ ਛਾਪਣ । ਸ਼੍ਰੋਮਣੀ ਕਮੇਟੀ ਵੱਲੋਂ ਜਨਵਰੀ 1977 ਵਿੱਚ ਵੱਖ ਵੱਖ ਬੀੜਾਂ ਦੇ ਵੇਰਵੇ ਸਹਿਤ 4784 ‘ਪਾਠ-ਭੇਦਾਂ ਦੀ ਸੂਚੀ’ ਪ੍ਰਕਾਸ਼ਤ ਹੋਈ ਸੀ । ਇਸ ਖੋਜ ਪੁਸਤਕ ਦਾ ਨਾਂ ਹੈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਾ ਪੋਥੀਆਂ ਅਤੇ ਪੁਰਾਤਨ ਹੱਥ-ਲਿਖਤਾਂ ਦੇ ਪਰਸਪਰ ਪਾਠ-ਭੇਦਾਂ ਦੀ ਸੂਚੀ’ । ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਤਤਕਾਲੀ ਹੈਡ-ਗ੍ਰੰਥੀ ਸਿੰਘ ਸਾਹਿਬ ਗਿ. ਕ੍ਰਿਪਾਲ ਸਿੰਘ ਜੀ ਨੇ ਉਸ ਦੀ ਭੂਮਿਕਾ ਵਿੱਚ ਲਿਖਿਆ ਹੈ :

‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਤੀ ਉਕਾਈਆਂ, ਜੋ ਲਿਖਾਰੀਆਂ ਜਾਂ ਛਾਪੇ ਵਾਲਿਆਂ ਦੀ ਅਣਗਹਿਲੀ ਕਾਰਨ ਆ ਗਈਆਂ ਹਨ, ਦੀ ਪਰਖ-ਪੜਤਾਲ ਕੀਤੀ ਜਾਣੀ ਅਤਿ ਜ਼ਰੂਰੀ ਭਾਸਦੀ ਹੈ। ਗੁਰੂ ਕਰਤਾਰ ਤਾਂ ਅਭੁੱਲ ਹੈ, ਪਰ ਲਿਖਾਰੀਆਂ ਕੋਲੋਂ ਏਡੇ ਵੱਡੇ ਅਕਾਰ ਦੇ ਗ੍ਰੰਥ ਦਾ ਉਤਾਰਾ ਕਰਨ ਵਿੱਚ ਉਕਾਈਆਂ ਜ਼ਰੂਰ ਰਹੀਆਂ ਹਨ ਤੇ ਸੋਧ-ਸੁਧਾਈ ਅਜਿਹੀਆਂ ਉਕਾਈਆਂ ਦੀ ਹੀ ਲੁੜੀਂਦੀ ਹੈ’। ਪਾਠ-ਭੇਦ ਸੂਚੀ-ਭੂਮਿਕਾ ਪੰਨਾ (ਸ)

ਜਿਵੇਂ ਛਾਪੇ ਦੀ ਪਾਵਨ ਬੀੜ ਦਾ ਵਾਕ ਹੈ : ‘‘ਦਹ ਦਿਸ ਬੂਡੀ ਪਵਨੁ ਝੁਲਾਵੈ; ਡੋਰਿ ਰਹੀ ਲਿਵ ਲਾਈ ’’ (ਭਗਤ ਕਬੀਰ/੩੩੩) ਇਸ ਵਾਕ ’ਚ ਭਗਤ ਕਬੀਰ ਸਾਹਿਬ ਜੀ ਨੇ ਗੁੱਡੀ (ਗੂਡੀ, ਪਤੰਗ), ਡੋਰ ਤੇ ਹਵਾ ਦੇ ਰੂਪਕ ਅਲੰਕਾਰਾਂ ਨਾਲ਼ ਸਮਝਾਇਆ ਹੈ ਕਿ ਜਿਵੇਂ ਕੋਈ ਵਿਅਕਤੀ ਡੋਰ ਦੇ ਸਹਾਰੇ ਅਕਾਸ਼ ’ਤੇ ਗੁੱਡੀ ਚੜ੍ਹਾਉਂਦਾ ਹੈ ਅਤੇ ਹਵਾ (ਪਵਨੁ) ਗੁੱਡੀ ਨੂੰ ਦਸਾਂ ਦਿਸ਼ਾਵਾਂ ਵਿੱਚ ਝੂਲਾਰਦੀ (ਉਡਾਉਂਦੀ) ਹੈ, ਪਰ ਗੁੱਡੀ ਉਡਾਉਣ ਵਾਲੇ ਦੀ ਸੁਰਤ ਦੀ ਡੋਰ (ਲਿਵ); ਗੁੱਡੀ ਵਿਚ ਲੱਗੀ ਰਹਿੰਦੀ ਹੈ ਤਾਹੀਓਂ ਹਵਾ ਦੇ ਧੱਕਿਆਂ ਕਾਰਨ ਉਹ ਡਿੱਗਦੀ ਨਹੀਂ; ਤਿਵੇਂ ਹੀ ਦੁਨਿਆਵੀ ਕੰਮ-ਕਾਰ ਰੂਪ ਮਾਇਕ ਹਵਾ ਸਾਡੀ ਦੇਹ ਰੂਪ ਗੁੱਡੀ ਨੂੰ ਭਾਵੇਂ ਇਧਰ ਉਧਰ ਦੜੌਂਦੀ ਹੈ ਭਾਵ ਸਰੀਰ ਕਰਕੇ ਕੰਮ-ਕਾਰ ਲਈ ਭਾਵੇਂ ਸਾਨੂੰ ਕਈ ਪਾਸੀਂ ਦੌੜ-ਭੱਜ ਕਰਨੀ ਪੈਂਦੀ ਹੈ, ਪਰ ਸਾਡੀ ਬਿਰਤੀ ਦੀ ਡੋਰੀ; ਰੱਬੀ ਯਾਦ ਵਿੱਚ ਲੱਗੀ ਹੋਣ ਕਰਕੇ ਮਾਇਆ ਸਾਨੂੰ ਪ੍ਰਭਾਵਤ ਨਹੀਂ ਕਰਦੀ।

ਭਗਤ ਬਾਬਾ ਨਾਮਦੇਵ ਜੀ ਨੇ ਵੀ ‘ਮਨੁ ਰਾਮ ਨਾਮਾ ਬੇਧੀਅਲੇ ॥’ (ਭਾਵ ਹੱਥ ਕਾਰ ਵੱਲ ਤੇ ਦਿਲ ਕਰਤਾਰ ਵੱਲ) ਦੀ ਗੱਲ ਸਮਝਾਉਣ ਲਈ ਮਹਾਂਰਾਸ਼ਟਰ ਦੀ ਮਰਹਟੀ ਭਾਸ਼ਾ ਵਿੱਚ ਵੀ ਉਦਾਹਰਨ ਵਜੋਂ ਉਪਰੋਕਤ ਅਲੰਕਾਰ ਹੀ ਵਰਤਿਆ ਹੈ; ਜਿਵੇਂ  ‘‘ਆਨੀਲੇ ਕਾਗਦੁ ਕਾਟੀਲੇ ਗੂਡੀ; ਆਕਾਸ ਮਧੇ ਭਰਮੀਅਲੇ   ਪੰਚ ਜਨਾ ਸਿਉ ਬਾਤ ਬਤਊਆ; ਚੀਤੁ ਸੁ ਡੋਰੀ ਰਾਖੀਅਲੇ ’’ (ਭਗਤ ਨਾਮਦੇਵ/੯੭੨)

ਸੋ ਅਸਲੀਅਤ ਇਹ ਹੈ ਕਿ ਜਿਵੇਂ ਬਾਬਾ ਨਾਮਦੇਵ ਜੀ ਨੇ ਸਪਸ਼ਟ ਤੌਰ ’ਤੇ ਹੇਂਦਵੀ ਲਫ਼ਜ਼ ‘ਗੂਡੀ’ ਵਰਤਿਆ ਹੈ; ਤਿਵੇਂ ਹੀ ਕਾਂਸ਼ੀ ਨਿਵਾਸੀ ਭਗਤ ਕਬੀਰ ਜੀ ਨੇ ਵੀ ਉਪਰੋਕਤ ਵਾਕ ਵਿੱਚ ‘ਗੂਡੀ’ ਲਫ਼ਜ਼ ਵਰਤਿਆ ਹੈ। ਪ੍ਰਸੰਗਕ ਤੌਰ ’ਤੇ ਵੀ ਇਹ ਸਹੀ ਹੈ, ਪਰ ਕਿਸੇ ਲਿਖਾਰੀ ਨੇ ਪੁਰਾਤਨ ਕਾਲ ਦੀ ਗੋਲਾਕਾਰ ਲਿਖਾਈ ਦੇ ‘ਗ’ ਅੱਖਰ ਨੂੰ ਭੁਲੇਖੇ ਨਾਲ ‘ਬ’ ਸਮਝ ਕੇ ‘ਬੂਡੀ’ ਲਿਖ ਦਿੱਤਾ । ਹਿੰਦੀ ਵਿੱਚ ‘ਬੂਡੀ’ ਪਦ ਦਾ ਅਰਥ ਹੈ – ਡੁੱਬੀ ਜਾਂ ਹੇ ਡੁਬੀਏ  ! ਜਿਵੇਂ ਗੁਰਵਾਕ ਹੈ ‘‘ਬੂਡੀਘਰੁ ਘਾਲਿਓ; ਗੁਰ ਕੈ ਭਾਇ ਚਲੋ ’’ (ਮਹਲਾ /੬੮੯) ਇਸ ਸੰਬੋਧਕ ‘ਬੂਡੀ’ ਪਦ ਤੋਂ ਹੀ ਬਹੁਵਚਨ ਕਿਰਿਆ ਬਣੀ ਹੈ – ‘ਬੂਡਤ’; ਜਿਵੇਂ ‘‘ਬੂਡਤ ਘੋਰ ਅੰਧ ਕੂਪ ਮਹਿ; ਨਿਕਸਿਓ ਮੇਰੇ ਭਾਈ ਰੇ ! ਰਹਾਉ ’’ (ਮਹਲਾ /੩੭੭)

ਸ਼੍ਰੋਮਣੀ ਕਮੇਟੀ ਦੀ ‘ਪਾਠ-ਭੇਦ ਸੂਚੀ’ ਦੇ ਖੋਜੀ ਵਿਦਵਾਨਾਂ ਨੇ ‘ਗੂਡੀ’ ਪਦ ਉਪਰੋਕਤ ਸਚਾਈ ਨੂੰ ਸਾਬਤ ਕਰਨ ਲਈ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅੰਦਰਲੀ ਲਿਖਤ ਪੱਖੋਂ ਸਭ ਤੋਂ ਸ਼ੁਧ ਮੰਨੀ ਗਈ ਸਾਰਨ ਕੇ ਵਾਲੀ 5 ਨੰਬਰ ਬੀੜ ਤੋਂ ਇਲਾਵਾ ਪੁਸਤਕ ਵਿੱਚ 17 ਹੋਰ ਬੀੜਾਂ ਦਾ ਵੇਰਵਾ ਦਿੱਤਾ ਹੈ, ਜੋ ਉਸ ਵੇਲੇ ਲਾਇਬ੍ਰੇਰੀ ਵਿੱਚ ਮੌਜੂਦ ਸਨ; ਜਿਵੇਂ ਬੀੜ ਨੰਬਰ 5, 8/8, 11/4886, 21/34, 24/36, 29/79, 32/6281, 35/116 ਆਦਿ। ਪਾਠ-ਭੇਦ ਸੂਚੀ ਦੇ ਉਸ ਪੰਨੇ ਉਪਰਲਾ ਇਹ ਲਿਖਿਆ ਵਿਸ਼ੇਸ਼ ਨੋਟ ਵੀ ਪੜ੍ਹਨ ਯੋਗ ਹੈ ‘ਦਹ ਦਿਸਿ ਬੂਡੀ ਪਵਨੁ ਝਲਾਵੈ॥’ ਨੋਟ : ‘ਬੂਡੀ’ ਅਸ਼ੁਧ ਪਾਠ ਦਾ ਪਰਚਾਰ, ਅਰਥ ਬੋਧ ਤੋਂ ਅਣਜਾਣ ਤੇ ਖੋਜ-ਪੜਤਾਲ ਤੋਂ ਕੰਨੀ ਕਤਰਾਉਣ ਵਾਲੇ ਸੰਪ੍ਰਦਾਈ ਪਾਠੀਆਂ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਹੋਇਆ ਹੈ। ਟੀਕਾਕਾਰ ਵਿਦਵਾਨਾਂ ਨੇ ਭੀ ਗ਼ਲਤ ਛਪੇ ਪਾਠ ਦੇ ਅਰਥ ਭਾਵੇਂ ‘ਗੁੱਡੀ’ ਹੀ ਕਰ ਦਿੱਤੇ ਹਨ, ਪਰ ਸ਼ੁੱਧ ਪਦ ਖੋਜ-ਲੱਭਣ ਦੀ ਖੇਚਲ ਕਦੀ ਵੀ ਕਿਸੇ ਨਹੀਂ ਕੀਤੀ । ਇਸੇ ਕਰਕੇ, ਇਸ ਸਬੰਧ ਵਿਚ ਬਹੁਤੇ ਪੁਰਾਤਨ ਸੰਚਿਆ ਦੇ ਹਵਾਲੇ ਦੇਣੇ ਜ਼ਰੂਰੀ ਸਮਝੇ ਗਏ ਹਨ । (ਸੂਚੀ ਪੰ. 89)

ਗਿ. ਹਰਿਬੰਸ ਸਿੰਘ ਜੀ ਪਟਿਆਲਾ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਣੈ ਸਟੀਕ’ ਦੀ ਚੌਥੀ ਪੋਥੀ ਦੇ ਪੰਨਾ 471 ਦੀ ‘ਉਚਾਰਨ ਸੇਧ’ ਵਿੱਚ ਲਿਖਦੇ ਹਨ :

  1. ‘ਪੁਰਾਤਨ ਹਥ-ਲਿਖਤੀ ਸਰੂਪਾਂ ਵਿਚ ‘ਬੂਡੀ’ ਦੀ ਥਾਂ ‘ਗੂਡੀ’ ਪਾਠ ਮਿਲਦਾ ਹੈ, ਜੋ ਪ੍ਰਕਰਣ ਅਨੁਸਾਰ ਠੀਕ ਹੈ, ਪਰ ਇਸ ਨੂੰ ਬਦਲਣ ਦਾ ਅਧਿਕਾਰ ਕਿਸੇ ਇਕ ਵਿਅਕਤੀ ਨੂੰ ਨਹੀਂ ਹੈ। ਲਿਖਾਰੀਆਂ ਜਾਂ ਪ੍ਰੈਸ ਦੀਆਂ ਗ਼ਲਤੀਆਂ ਪੰਥਕ ਪੱਧਰ ’ਤੇ ਸੋਧਣੀਆਂ ਹੀ ਲਾਭਦਾਇਕ ਹੋ ਸਕਦੀਆਂ ਹਨ ।’ ਇੱਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਜੇ ਸਾਡੀ ਸ਼੍ਰੋਮਣੀ ਪੰਥਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਿਛਲੇ 70 ਸਾਲ ਤੋਂ ਅਜਿਹੇ ਮਹੱਤਵਪੂਰਨ ਮਸਲੇ ਪ੍ਰਤੀ ਰਾਜਨੀਤਕ ਆਗੂਆਂ ਦੀ ਪਿਛਲੱਗ ਬਣ ਕੇ ਟਾਲ-ਮਟੋਲਾ ਕਰਦੀ ਆ ਰਹੀ ਹੋਵੇ ਤਾਂ ਸ਼ਰਧਾਲੂ ਗੁਰਸਿੱਖ ਅਤੇ ਗੁਰਬਾਣੀ ਦੀ ਸੋਝੀ ਰੱਖਣ ਵਾਲੇ ਵਿਦਵਾਨ ਸੱਜਣ ਹੋਰ ਕਿਹੜਾ ਰਾਹ ਅਖ਼ਤਿਆਰ ਕਰਨ ?

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਾਚੀਨ ਸਾਹਿਤ ਖੋਜੀ ਪ੍ਰੋ. ਪਿਆਰਾ ਸਿੰਘ ਪਦਮ ਨੇ ਵੀ ‘ਸ੍ਰੀ ਗੁਰੂ ਗ੍ਰੰਥ ਪ੍ਰਕਾਸ਼’ (ਸੰਨ 1977) ਨਾਮੀ ਪੁਸਤਕ ਵਿੱਚ ਉਦਾਹਰਣ ਵਜੋਂ ਪਾਠ-ਭੇਦਾਂ ਦੀ ਇੱਕ ਲੰਮੀ ਲਿਸਟ ਦਿੱਤੀ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ‘ਪ੍ਰਾਚੀਨ ਬੀੜਾਂ ਦੀ ਉਪਯੋਗਤਾ ਬਾਣੀ ਦੀ ਸੁਧਾਈ ਲਈ ਕਰਨੀ ਯੋਗ ਹੈ ਕਿਉਂਕਿ ਛਾਪੇ ਵਿੱਚ ਬਹੁਤ ਸਾਰੀਆਂ ਉਕਾਈਆਂ ਆ ਰਹੀਆਂ ਹਨ । ਸਿਹਾਰੀ ਔਂਕੜ ਦੀਆਂ (ਵਿਆਕਰਣਿਕ) ਭੁੱਲਾਂ ਤਾਂ ਸੋਚ ਵਿਚਾਰ ਕੇ ਲੱਭਣ ਵਾਲੀਆਂ ਹਨ, ਉਂਜ ਜੋ ਲਫ਼ਜ਼ੀ ਅਦਲਾ-ਬਦਲੀਆਂ ਹੋਈਆਂ, ਉਹ ਵੀ ਸੋਧ ਦੀਆਂ ਮੁਥਾਜ ਹਨ । ਮਿਸਾਲ ਲਈ ਭੱਟ ਦਾ ਨਾਮ ‘ਕਲ੍ਯ’ ਜਾਂ ‘ਕਲਸਹਾਰ’ ਸੀ, ਪਰ ਇਕ ਥਾਂ ਲਿਖਾਰੀ ਦੀ ਉਕਾਈ ਨਾਲ ‘ਕਲ’ ਤੋਂ ‘ਟਲ’ ਬਣ ਗਿਆ, ਹੁਣ ਇਹ ‘ਟਲ’ ਹੀ ਚੱਲ ਰਿਹਾ ਹੈ। (ਜਿਵੇਂ ਪਾਵਨ ਬੀੜ ਦੇ ਪੰਨਾ 1392 ਉੱਤੇ ‘ਸਵਈਏ ਮਹਲੇ ਦੂਜੇ ਕੇ’ ਦੇ ਸਿਰਲੇਖ ਹੇਠ ਤੁਕਾਂਸ਼ ਹੈ : ਸੁ ਕਹੁ ਟਲ ਗੁਰੁ ਸੇਵੀਐ॥) ਲੇਕਿਨ ਤਮਾਮ ਪ੍ਰਾਚੀਨ ਬੀੜਾਂ ਵਿੱਚ (‘ਟਲ’ ਦੀ ਥਾਂ) ਇਹ ਨਾਮ ‘ਕਲ੍ਯ’ ਕਰ ਕੇ ਹੀ ਆਉਂਦਾ ਹੈ।’ (ਸ੍ਰੀ ਗੁਰੂ ਗ੍ਰੰਥ ਪ੍ਰਕਾਸ਼, ਪੰਨਾ 108)

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਪ੍ਰੋ. ਮਨਜੀਤ ਸਿੰਘ ਦੇ ਆਦੇਸ਼ ਨਾਲ਼ ਸ਼੍ਰੋਮਣੀ ਕਮੇਟੀ ਵੱਲੋਂ ਸੰਨ 1996 ਵਿੱਚ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਆਦੇਸ਼ ਨਾਲ਼ ਸੰਨ 1998 ਵਿੱਚ ਸਥਾਪਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ (ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਜਥਾ) ਮੁਤਾਬਕ ਵੀ ਉਪਰੋਕਤ ਸਵਈਏ ਅੰਦਰਲੇ ਭੱਟ ਕਵੀ ਦੇ ਨਾਮ ਵਜੋਂ ‘ਟਲ’ ਦੀ ਥਾਂ ਸ਼ੁਧ ਪਾਠ ‘ਕਲ’ ਹੀ ਮੰਨਿਆ ਗਿਆ ਹੈ। ਇਸ ਟੀਮ ਵਿੱਚ ਮਰਹੂਮ ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ ਜੀ ਤੇ ਭਾਈ ਜੋਗਿੰਦਰ ਸਿੰਘ ‘ਤਲਵਾੜਾ’ ਜੀ ਤੋਂ ਇਲਾਵਾ ਹੋਰ ਚਾਰ ਮੈਂਬਰ ਸਨ ‘ਸਤਿਕਾਰਯੋਗ ਟੀਕਾਕਾਰ ਗਿ. ਹਰਿਬੰਸ ਸਿੰਘ ਪਟਿਆਲਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੇ ਮਰਹੂਮ ਪ੍ਰਿੰਸੀਪਲ ਪ੍ਰਕਾਸ਼ ਸਿੰਘ, ਗੁਰਮਤਿ ਕਾਲਜ ਪਟਿਆਲਾ ਦੇ ਮਰਹੂਮ ਪ੍ਰਿੰਸੀਪਲ ਬਿਕਰਮ ਸਿੰਘ ਤੇ ਗਿ. ਗੁਰਬਚਨ ਸਿੰਘ ਖ਼ਾਲਸਾ ਜੀ ਦੇ ਪੋਤਰੇ ਭਾਈ ਅਵਤਾਰ ਸਿੰਘ ਬਧਨੀ ਕਲਾਂ’। ਸ਼੍ਰੋਮਣੀ ਕਮੇਟੀ ਨੇ ਇਸ ਟੀਮ ਦੇ ਵਿਸ਼ੇਸ਼ ਸਹਾਇਕ ਲਗਾਏ ਸਨ ‘ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਗਿ. ਭਰਪੂਰ ਸਿੰਘ ਜੀ, ਜੋ ਪ੍ਰਾਚੀਨ ਹੱਥ-ਲਿਖਤੀ ਬੀੜਾਂ ਦੇ ਪਾਠ ਬਾਰੇ ਵਿਸ਼ੇਸ਼ ਮੁਹਾਰਤ ਰੱਖਣ ਦੇ ਨਾਲ-ਨਾਲ ਗੁਰਬਾਣੀ ਵਿਆਕਰਣ ਦੇ ਵੀ ਚੰਗੇ ਵਿਦਵਾਨ ਹਨ । ਸਾਡੀ ਖੁਸ਼ ਕਿਸਮਤੀ ਹੈ ਕਿ ਉਪਰੋਕਤ ਟੀਮ ਵਿੱਚੋਂ ਇਹ ਇੱਕ ਖੋਜੀ ਵਿਦਵਾਨ ਹੁਣ ਵੀ ਸਾਡੇ ਵਿੱਚ ਮੌਜੂਦ ਹੈ। ਇਸ ਸਮੇਂ ਉਹ ਕਾਰ-ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਦੁਆਰਾ ਸ੍ਰੀ ਖਡੂਰ ਸਾਹਿਬ ਵਿਖੇ ਚਲਾਏ ਜਾਂਦੇ ਗੁਰਮਤਿ ਵਿਦਿਆਲੇ ਵਿਖੇ ਗੁਰਬਾਣੀ ਦੀ ਸੰਥਿਆ ਦੇ ਰਿਹਾ ਹੈ’।

ਇਸ ਕਮੇਟੀ ਨੇ ਵੀ ਜਥੇਦਾਰ ਵੇਦਾਂਤੀ ਜੀ ਦੀ ਅਗਵਾਈ ਵਿੱਚ ਪਾਵਨ ਬੀੜ ਦੇ 1106 ਪੰਨਿਆ ਤੱਕ ਦੀ ਪਾਠ-ਭੇਦਾਂ ਬਾਰੇ ਆਪਣੇ ਕੀਮਤੀ ਸੁਝਾਵਾਂ ਸਹਿਤ ਅੰਤ੍ਰਿਮ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸਉਂਪੀ ਸੀ। ਸ਼ੁਕਰ ਹੈ ਅਕਾਲ ਪੁਰਖ ਜੀ ਦਾ ਕਿ ਇਸ ਕਮੇਟੀ ਦੇ ਚੇਅਰਮੈਨ ਜਥੇਦਾਰ ਵੇਦਾਂਤੀ ਜੀ ਸਨ, ਜਿਸ ਦੀ ਬਦੌਲਤ ਉਸ ਦੀ ਇਕ ਕਾਪੀ ਸਾਡੇ ਪਾਸ ਵੀ ਮੌਜੂਦ ਹੈ। ਉਸ ਵਿੱਚ ਸਪਸ਼ਟ ਲਿਖਿਆ ਹੈ ਕਿ ਪੁਰਾਤਨ ਹੱਥ ਲਿਖਤੀ ਬੀੜਾਂ ਦੀ ਗੱਲ ਤਾਂ ਦੂਰ, ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਲੜੀਦਾਰ ਤੇ ਪਦ-ਛੇਦ ਪਾਵਨ ਬੀੜਾਂ, ਸ਼ਬਦਾਰਥ ਤੇ ਸੰਥਾ ਸੈਂਚੀਆਂ ਅਤੇ ਗੁਟਕਿਆਂ ਦੀਆਂ ਐਡੀਸ਼ਨਾਂ ਵਿੱਚ ਵੀ ਸਿਰਲੇਖਾਂ, ਅੱਖਰਾਂ, ਲਗ-ਮਾਤ੍ਰਾਂ ਅਤੇ ਸ਼ਬਦਾਂ ਦੇ ਜੋੜ-ਅੰਕਾਂ ਤੇ ਪੈਰ ਚਿੰਨ੍ਹਾਂ ਵਿੱਚ ਪਰਸਪਰ ਭੇਦ ਹਨ। ਇਸ ਖੋਜ ਕਾਰਜ ਦੇ ਦਰਜਨ ਤੋਂ ਵਧੇਰੇ ਰਜਿਸਟਰ ‘ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ’ ਦਾ ਸ਼ਿੰਗਾਰ ਬਣੇ ਪਏ ਹਨ। ਖੋਜੀ ਸੱਜਣਾਂ ਨੂੰ ਉਨ੍ਹਾਂ ਦੀ ਕਾਪੀ ਕਰਨ ਦਾ ਵੀ ਕੋਈ ਅਧਿਕਾਰ ਨਹੀਂ ।

ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਉਸ ਅੰਤ੍ਰਿਮ ਰਿਪੋਰਟ ਦੇ ਪਹਿਲੇ ਪੰਨੇ ਉੱਤੇ ਆਪਣੇ ਹੱਥ ਨਾਲ ਵਿਸ਼ੇਸ਼ ਨੋਟ ਇੰਞ ਲਿਖਿਆ : ‘ਇਸ ਤੋਂ ਅਗਲਾ ਕਾਰਜ ਸ਼੍ਰੋ. ਗੁ. ਪ੍ਰੰ. ਕਮੇਟੀ ਦਾ ਇਸ ਰਿਪੋਰਟ ਪ੍ਰਤੀ ਪ੍ਰਤੀਕਰਮ ਜਾਣਨ ਮਗਰੋਂ ਹੀ ਅਰੰਭ ਕੀਤਾ ਜਾਵੇਗਾ ।’ ਤਲਵਾੜਾ ਜੀ ਰਿਪੋਰਟ ਪੇਸ਼ ਕਰਨ ਤੋਂ ਦੋ ਸਾਲ ਪਿੱਛੋਂ ਸੰਨ 2004 ਵਿੱਚ ਅਤੇ 19 ਸਾਲ ਪਿੱਛੋਂ ਮਈ, 2021 ’ਚ ਵੇਦਾਂਤੀ ਜੀ; ਦੋਵੇਂ ਵਿਦਵਾਨ ਕੂਕਦੇ ਤੁਰ ਗਏ ਕਿ ਪੰਥ ਪਾਵਨ ਬੀੜ ਦੇ ਪਾਠ-ਭੇਦ ਮੁਕਾ ਕੇ ਇਸ ਪੱਖੋਂ ਇਕਸਾਰਤਾ ਤੇ ਪ੍ਰਮਾਣਿਕਤਾ ਕਾਇਮ ਕਰੋ । ਇਸ ਦਰਮਿਆਨ ਸਤਿਕਾਰਯੋਗ ਪ੍ਰਿੰਸੀਪਲ ਪ੍ਰਕਾਸ਼ ਸਿੰਘ ਅੰਮ੍ਰਿਤਸਰ, ਪ੍ਰਿੰਸੀਪਲ ਬਿਕਰਮ ਸਿੰਘ ਤੇ ਟੀਕਾਕਾਰ ਗਿਆਨੀ ਹਰਿਬੰਸ ਸਿੰਘ ‘ਪਟਿਆਲਾ’ ਵਾਲੇ ਵੀ ਦੁਨੀਆ ਤੋਂ ਕੂਚ ਕਰ ਗਏ, ਪਰ ਅਫ਼ਸੋਸ ਕਿ ਉਨ੍ਹਾਂ ਦੁਆਰਾ 2002 ਵਿੱਚ ਪੇਸ਼ ਕੀਤੀ ਅੰਤ੍ਰਿਮ ਰਿਪੋਰਟ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ। ਅਜਿਹਾ ਪ੍ਰਾਪੇਗੰਡਾ ਬਿਲਕੁਲ ਝੂਠਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਜਨਵਰੀ 1977 ਅਤੇ ਸੰਨ 2002 ਵਾਲੀਆਂ ਪਾਠ-ਭੇਦਾਂ ਦੀਆਂ ਰਿਪੋਰਟਾਂ ਰੱਦ ਕਰ ਦਿੱਤੀਆਂ ਸਨ।

ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਕੇਂਦਰੀ ਸਿੰਘ ਸਭਾ ਸ੍ਰੀ ਅੰਮ੍ਰਿਤਸਰ ਦੁਆਰਾ ਸੰਨ 1974 ਵਿੱਚ ਕਰਵਾਏ ‘ਸ੍ਰੀ ਗੁਰੂ ਗ੍ਰੰਥ ਵਿਚਾਰ ਸੰਮੇਲਨ’ ਮੌਕੇ ਅਤੇ ਫਿਰ 1995 ਵਿੱਚ ਹੋਏ ‘ਵਿਸ਼ਵ ਸਿੱਖ ਸੰਮੇਲਨ’ ਵੇਲੇ ਜਥੇਦਾਰ ਵੇਦਾਂਤੀ ਜੀ ਨੇ ‘ਤੇਜਾ ਸਿੰਘ ਸਮੁੰਦਰੀ ਹਾਲ’ ਵਿਖੇ ਹੋਏ ਵਿਸ਼ੇਸ਼ ਸੈਮੀਨਾਰਾਂ ਵਿੱਚ ਪਾਠ-ਭੇਦਾਂ ਦੀਆਂ ਬਹੁਤ ਸਾਰੀਆਂ ਵੰਨਗੀਆਂ ਦੀ ਸੂਚੀ ਪੜ੍ਹ ਕੇ ਸੁਣਾਈ ਸੀ। ਸੰਨ 1995 ’ਚ ਉਹ ਸ੍ਰੀ ਦਰਬਾਰ ਸਾਹਿਬ ਦੇ ਸਤਿਕਾਰਤ ਗ੍ਰੰਥੀ ਸਨ। ਉਨ੍ਹਾਂ ਦਾ ਮਕਸਦ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ-ਭੇਦਾਂ ਦੀ ਸੁਧਾਈ ਅਤੇ ਪਾਵਨ ਬੀੜ ਦੀ ਇਕਸਾਰਤਾ ਸਥਾਪਤੀ ਲਈ ਪ੍ਰੇਰਨਾ ਸੀ। ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਸਨ ਪ੍ਰੋ. ਮਨਜੀਤ ਸਿੰਘ ਜੀ, ਜਿਨ੍ਹਾਂ ਦੀ ਦੇਖ-ਰੇਖ ਵਿੱਚ ਇਹ ਮਹਾਨ ਸੰਮੇਲਨ ਹੋ ਰਿਹਾ ਸੀ। ਦਾਸ (ਜਾਚਕ) ਦੀ ਖੁਸ਼ਕਿਸਮਤੀ ਹੈ ਕਿ ਸੰਨ 1974 ਵਿੱਚ ਮੈਂ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੇ ਨਾਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਵਜੋਂ ਅਤੇ ਸੰਨ 1995 ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਵਜੋਂ ਉਪਰੋਕਤ ਸਮਾਗਮਾਂ ਵਿੱਚ ਹਾਜ਼ਰ ਸੀ। ਸੰਨ 1974 ਦੇ ਵਿਚਾਰ ਸੰਮੇਲਨ ਮੌਕੇ ਗਿ. ਵੇਦਾਂਤੀ ਜੀ ਨੇ ਜੋ ਵਿਸ਼ੇਸ਼ ਪਰਚਾ ਪੜ੍ਹਿਆ, ਉਸ ਸੂਚੀ ਪੱਤਰ ਦੀ ਇੱਕ ਫੱਟੀ ਪੁਰਾਣੀ ਫੋਟੋ ਕਾਪੀ ਮੇਰੀ ਨਿਜੀ ਲਾਇਬ੍ਰੇਰੀ ਵਿੱਚ ਮੌਜੂਦ ਹੈ।

ਗੁਰਬਾਣੀ ਦੇ ਰਸੀਏ ਖੋਜੀ ਅਤੇ ਅਖੰਡ ਕੀਰਤਨੀ ਜਥੇ ਦੇ ਪ੍ਰਮੁੱਖ ਵਿਦਵਾਨ ਗਿ. ਜੋਗਿੰਦਰ ਸਿੰਘ ਤਲਵਾੜਾ ਜੀ; ‘ਗੁਰਬਾਣੀ ਦਾ ਸਰਲ ਵਿਆਕਰਣ ਬੋਧ’ ਪੁਸਤਕ ਦੇ ਪਹਿਲੇ ਭਾਗ ਵਿੱਚ ਲਿਖਦੇ ਹਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੂਲਕ-ਅੰਗੀ ਨਾਸਕੀ ਚਿੰਨ੍ਹਾਂ ਦੀ ਵੀ ਵਰਤੋਂ ਮਿਲਦੀ ਹੈ ਅਤੇ ਵਿਆਕਰਣਿਕ ਨਾਸਕੀ ਚਿੰਨਾਂ ਦੀ ਵੀ। ਗੁਰਬਾਣੀ ਦਾ ਪਾਠ ਕਰਦੇ ਸਮੇਂ ਵੇਖਣ ਵਿੱਚ ਆਉਂਦਾ ਹੈ ਕਿ ਛਾਪੇ ਦੀਆਂ ਬੀੜਾਂ ਵਿੱਚ ਓਹੀ ਸ਼ਬਦ ਕਿਧਰੇ ਨਾਸਕੀ-ਚਿੰਨ੍ਹਾਂ ਸਹਿਤ ਮਿਲਦੇ ਹਨ ਅਤੇ ਕਿਧਰੇ ਇਨ੍ਹਾਂ ਤੋਂ ਬਗੈਰ । ਮੂਲਕ-ਅੰਗੀ ਨਾਸਕੀ ਚਿੰਨ੍ਹ ਬਹੁਤ ਹੱਦ ਤਕ ਲੱਗੇ ਹੋਏ ਹਨ; ਬਾਕੀ ਸੰਭਵ ਹੈ ਕਿ ਛਾਪੇ ਦੀ ਉਕਾਈ ਕਾਰਨ ਲੱਗਣੋ ਰਹੇ ਹੋਣ । ਇਸ ਪੱਖ ਵੱਲ ਪੰਥਕ ਪੱਧਰ ’ਤੇ ਧਿਆਨ ਦੇ ਕੇ ਪੁਰਾਤਨ ਪ੍ਰਮਾਣਿਕ ਮੂਲ-ਬੀੜਾਂ ਤੋਂ ਅਗਵਾਈ ਲਏ ਜਾਣ ਦੀ ਲੋੜ ਭਾਸਦੀ ਹੈ।’ (ਪੰਨਾ 45)

ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਤੇ ਸਿੰਘ ਸਭਾ ਪਤ੍ਰਕਾ ਦੇ ਸੁਘੜ ਐਡੀਟਰ ਗਿਆਨੀ ਗੁਰਦਿੱਤ ਸਿੰਘ ਜੀ ਹੁਰਾਂ ਨੇ ਵੀ ਦਸੰਬਰ 1978 ਦੀ ਮਾਸਿਕ ਪਤ੍ਰਕਾ ਵਿੱਚ ਉਪਰੋਕਤ ਸੱਚ ਦੀ ਗਵਾਹੀ ਭਰਦਿਆਂ ਪੰਥਕ ਆਗੂਆਂ ਨੂੰ ਇਉਂ ਸਲਾਹ ਦਿੱਤੀ ਸੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਲਈ ਪਹਿਲੀ ਤੇ ਬੁਨਿਆਦੀ ਗੱਲ ਸ਼ੁਧ ਪਠਨ-ਪਾਠ ਅਤੇ ਪ੍ਰਾਚੀਨ ਹੱਥ-ਲਿਖਤੀ ਬੀੜਾਂ ਦੇ ਆਧਾਰ ਉੱਤੇ ਬਾਣੀ ਦੇ ਠੀਕ ਭਾਵਾਂ ਤੱਕ ਪੁੱਜਣ ਦੀ ਹੈ। ਇਸ ਲਈ ਪਿਛਲੇ ਵੀਹ ਪੰਝੀ ਸਾਲਾਂ ਤੋਂ ਬੀੜਾਂ ਅਤੇ ਪ੍ਰਾਚੀਨ ਪੋਥੀਆਂ ਦੀ ਖੋਜ ਪੜਤਾਲ ਦਾਸ ਨੇ ਕੀਤੀ ਹੈ, ਜਿਸ ਤੋਂ ਬਹੁਤ ਕੁਝ ਉਹ ਪ੍ਰਗਟ ਹੁੰਦਾ ਹੈ, ਜਿਸ ਨੂੰ ਅਸੀਂ ਜਾਣਦੇ ਨਹੀਂ। ਪ੍ਰਗਟ ਹੋਣ ’ਤੇ ਅਜਨਬੀ ਲੱਗੇਗਾ। ਚਾਰ ਪੰਜ ਸਾਲ ਤੋਂ ਛਪੀਆਂ ਅਣਛਪੀਆਂ ਬੀੜਾਂ ਦੇ ਪਾਠ ਭੇਦ, ਸ਼ੁਧ ਅਸ਼ੁਧ ਪਦ-ਜੋੜਾਂ ਬਾਰੇ ਲਗਾਂ ਮਾਤਰਾਂ ਦਾ ਨਿਰਣਯ, ਸਿਦਕਵਾਨ ਭਾਈ ਜੋਗਿੰਦਰ ਸਿੰਘ (ਤਲਵਾੜਾ) ਜੀ ਕੁਝ ਸਾਥੀਆਂ ਸਮੇਤ ਮਿਲ ਕੇ ਕਰ ਰਹੇ ਹਨ। ਗੁਰਬਾਣੀ ਦੇ ਹੋਰ ਵਿਦਵਾਨ ਗੁਰਮੁਖਾਂ ਨਾਲ ਵੀ ਸਮੇਂ ਸਮੇਂ ਵਿਚਾਰਾਂ ਹੁੰਦੀਆਂ ਰਹੀਆਂ ਹਨ। ਮੁੱਢਲਾ ਲਕਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਧ ਪਾਠ ਨਿਰਧਾਰਿਤ ਕੀਤੇ ਜਾਣ ਦਾ ਹੈ, ਜਿਸ ਦੇ ਸੂਖਮ ਉਚਾਰਨਾਂ, ਪਾਠ ਭੇਦਾਂ ਦਾ ਵੱਧ ਤੋਂ ਵੱਧ ਵਿਦਵਾਨਾਂ ਦੇ ਮੇਲ ਨਾਲ ਨਿਰਣਾ ਹੋਵੇ।’

ਸ਼੍ਰੋਮਣੀ ਕਮੇਟੀ ਦੁਆਰਾ ਜਨਵਰੀ 1977 ਵਿੱਚ ਪ੍ਰਕਾਸ਼ਤ ਕੀਤੀ ‘ਪਾਠ-ਭੇਦ ਸੂਚੀ’ ਦੇ ਵਿਦਵਾਨਾਂ ਨੇ ਕਮੇਟੀ ਵੱਲੋਂ ਛਾਪੀਆਂ ਜਿਹੜੀਆਂ ਸੰਥਾ ਸੈਂਚੀਆਂ ਦੇ ਪਾਠ ਨੂੰ ਮੂਲ ਆਧਾਰ ਮੰਨ ਕੇ ਅਤੇ ਪ੍ਰਾਚੀਨ ਹੱਥ ਲਿਖਤੀ ਬੀੜਾਂ ਵਿੱਚੋਂ ਖੋਜ ਕੇ 5000 ਦੇ ਲਗਭਗ ਪਾਠ-ਭੇਦ ਲੱਭੇ ਅਤੇ ਕਮੇਟੀ ਨੂੰ ਸੁਧਾਈ ਲਈ ਦੱਸੇ ਸਨ, ਉਨ੍ਹਾਂ ਸੰਥਾ ਸੈਂਚੀਆਂ ਬਾਬਤ ਇੱਕ ਵਿਸ਼ੇਸ਼ ਨੋਟ ਇੰਞ ਲਿਖਿਆ ਹੈ :

ਨੋਟ : ਸੰਚੀਆਂ ਵਿੱਚ ਸਬਦਾਂਤਿਕ ਲਗਾਂ-ਮਾਤ੍ਰਾਂ ਦਾ ਬਹੁਤ ਘੱਟ ਖਿਆਲ ਰੱਖਿਆ ਗਿਆ ਹੈ। ਹਾਲਾਂ ਕਿ ਗੁਰਬਾਣੀ ਵਿੱਚ ਲਗ-ਮਾਤ੍ਰ (ਸਿਹਾਰੀ ਤੇ ਅਉਂਕੜ ਆਦਿ) ਵੀ ਸਾਰਥਕ ਹਨ, ਤੇ ਇਨ੍ਹਾਂ ਤੋਂ ਬਿਨਾਂ ਅਰਥਾਂ ਵਿੱਚ ਬਹੁਤ ਫਰਕ ਤੇ ਝਮੇਲਾ ਪੈ ਜਾਂਦਾ ਹੈ। ਇਹ ਘਾਟ, ਲਿਖਾਰੀਆਂ ਤੇ ਪ੍ਰਕਾਸ਼ਕਾਂ ਦੇ ਅਰਥ-ਬੋਧ ਅਗਿਆਨ ਦੀ ਸੂਚਕ ਹੈ। ਅਸਾਂ ਇਸ ਘਾਟ ਨੂੰ ਪੂਰਿਆਂ ਕਰਨ ਦਾ ਵਿਤੁ-ਅਨੁਸਾਰ ਜਤਨ ਕੀਤਾ ਹੈ। ਪੁਰਾਤਨ ਲਿਖਤਾਂ ਦੇ ਹਵਾਲੇ ਵੀ ਕਾਫੀ ਦਿੱਤੇ ਹਨ। (ਪਾਠ ਭੇਦ ਸੂਚੀ-ਪੰ. 17)

ਜਿਵੇਂ ਸੰਥਾ ਸੈਂਚੀਆਂ ਦੇ ਛਾਪੇ ਦਾ ਮੂਲ ਪਾਠ ਸੀ  ‘‘ਪੂਰੋ ਪੂਰੋ ਆਖੀਐ; ਪੂਰੈ ਤਖਤਿ ਨਿਵਾਸ ’’ (ਮਹਲਾ /੧੭) ਵਿਦਵਾਨ ਸੱਜਣਾਂ ਦੀ ਦ੍ਰਿਸ਼ਟੀ ਵਿੱਚ ‘ਨਿਵਾਸ’ ਪਾਠ ਅਸ਼ੁਧ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ 57 ਵਾਰ ਇੱਕ ਵਚਨ ਸਧਾਰਨ ਨਾਂਵ ਵਜੋਂ ‘ਨਿਵਾਸੁ’ ਪਦ ਅੰਤ ਔਂਕੜ ਸਹਿਤ ਵਰਤਿਆ ਮਿਲਦਾ ਹੈ। ਉਨ੍ਹਾਂ ਦੀ ਖੋਜ ਮੁਤਾਬਕ 5, 32/6281 ਅਤੇ 40/236 ਨੰਬਰ ਹੱਥ ਲਿਖਤ ਬੀੜਾਂ ‘ਨਿਵਾਸੁ’ ਪਾਠ ਦੀ ਪ੍ਰੋੜਤਾ ਕਰਦੀਆਂ ਹਨ ਕਿਉਂਕਿ ਉਪਰੋਕਤ ਬੀੜਾਂ ਵਿੱਚ ਅੰਤਕ ਔਂਕੜ ਲਿਖਿਆ ਹੈ।

ਛਾਪੇ ਦੀ ਮੌਜੂਦਾ ਬੀੜ ਵਿੱਚ ਜਪੁ-ਜੀ ਅੰਦਰ 5 ਵਾਰ ਕਨੌੜੇ ਦੀ ਵਰਤੋਂ ਮਿਲਦੀ ਹੈ। ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਤ ‘ਪਾਠ-ਭੇਦ ਸੂਚੀ’ ਅਨੁਸਾਰ ਪੁਰਾਤਨ ਹੱਥ ਲਿਖਤੀ ਬੀੜਾਂ ਮੁਤਾਬਕ ਚਉਥੀ ਪਉੜੀ ’ਚ (ਮੁਹੌ), 21ਵੀਂ (ਆਪੌ) ਤੇ 32ਵੀਂ ਪਉੜੀ ’ਚ (ਜੀਭੌ) ਵਿੱਚ ਹੋੜੇ ਤੋਂ ਪਹਿਲਾਂ ਬਿੰਦੀ ਸੀ, ਜੋ ਪੁਰਾਤਨ ਹੱਥ-ਲਿਖਤੀ ਬੀੜਾਂ ਦੀ ਲਿਖਣ ਸ਼ੈਲੀ ਤੋਂ ਨਾਵਾਕਫ਼ ਪ੍ਰਕਾਸ਼ਕਾਂ ਨੇ ਭੁਲੇਖੇ ਨਾਲ ਕਨੌੜਾ ਬਣਾ ਦਿੱਤਾ। ਗੁਰਬਾਣੀ ਵਿਆਕਰਣ ਅਨੁਸਾਰ ‘ਮੁਹੋਂ’ ਲਫ਼ਜ਼ ਅਪਾਦਾਨ ਕਾਰਕ ਨਾਂਵ ਹੈ, ਇਸ ਲਈ ਅੰਤ ਹੋੜਾ ਤੇ ਬਿੰਦੀ ਲੋੜੀਂਦੀ ਹੈ। ਪ੍ਰੋ. ਹਰਜਿੰਦਰ ਸਿੰਘ ਘਰਸਾਣਾ ਵੀ ਇਹੀ ਸ਼ੁਧ ਰੂਪ ਮੰਨਦੇ ਹਨ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਣੈ ਸਟੀਕ’ ਦੀਆਂ ਉਚਾਰਨ ਸੇਧਾਂ ਵਿੱਚ ਸ਼ੁਧ ਉਚਾਰਨ ‘ਮੁਹੋਂ’ ਹੀ ਮੰਨਿਆ ਹੈ। ਇਸੇ ਤਰ੍ਹਾਂ ‘ਪਾਠ ਭੇਦ ਸੂਚੀ’ ਮੁਤਾਬਕ 16ਵੀਂ ਪਉੜੀ ਦੇ ‘ਧੌਲੁ ਧਰਮੁ॥’ ਅਤੇ ‘ਜਾਣੈ ਕੌਣੁ ਕੂਤੁ ॥’ ਤੁਕਾਂਸ਼ਾਂ ਵਿਚਲੇ ‘ਧੌਲੁ’ ਤੇ ‘ਕੌਣੁ’ ਲਫ਼ਜ਼ਾਂ ਨੂੰ ਪੁਰਾਤਨ ਹੱਥ-ਲਿਖਤ ਬੀੜਾਂ ਵਿੱਚ ‘ਧਉਲੁ’ ਤੇ ‘ਕਉਣੁ’ ਲਿਖਿਆ ਮਿਲਦਾ ਹੈ ਕਿਉਂਕਿ ਉਸ ਸਮੇਂ ਕਨੌੜੇ ਦੀ ਵਰਤੋਂ ਬਹੁਤ ਘੱਟ ਹੁੰਦੀ ਸੀ। ਇਹੀ ਗੁਰਮੁਖੀ ਲਿਖਤ ਦੀ ਪੁਰਾਤਨਤਾ ਦਾ ਪ੍ਰਮਾਣ ਹੈ। ਜਪੁ ਜੀ ਤੋਂ ਇਲਾਵਾ ਸਮੱਗਰ ਗੁਰਬਾਣੀ ਵਿੱਚ ‘ਧੌਲ’ ਤੇ ‘ਕੌਣ’ ਲਫ਼ਜ਼ ਨਹੀਂ ਮਿਲਦੇ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਣੈ ਸਟੀਕ’ ਦੇ ਪੰਨਾ 130 ’ਤੇ ਗਿਆਨੀ ਹਰਬੰਸ ਸਿੰਘ ਪਟਿਆਲਾ ਲਿਖਦੇ ਹਨ ‘ਗੁਰਬਾਣੀ ਵਿੱਚ ਕਉਣ, ਕਉਣੁ, ਕਉਨ, ਕਵਣ, ਕਵਨ, ਕਵਨੁ, ਸਰੂਪਾਂ ਦੀ ਵਰਤੋਂ ਆਮ ਮਿਲਦੀ ਹੈ। ਪੁਰਾਤਨ ਬੀੜਾਂ ਵਿੱਚ ਇਸ ਪੰਕਤੀ ਦਾ ‘ਕਉਣੁ’ ਸਰੂਪ ਉਪਲਬਧ ਹੈ।

ਜਥੇਦਾਰ ਵੇਦਾਂਤੀ ਜੀ ਦੁਆਰਾ ਸੋਧੇ ਅਤੇ ‘ਸਿੱਖ ਬੁੱਕ ਕਲੱਬ ਅਮਰੀਕਾ’ ਦੁਆਰਾ ਆਪਣੀ ਵੈਬਸਾਈਟ ਰਾਹੀਂ ਪੰਥਕ ਵਿਚਾਰ ਹਿੱਤ ਪ੍ਰਕਾਸ਼ਤ ਕੀਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਪਾਵਨ ਬੀੜ ਦੇ ਖਰੜੇ ਨੂੰ ਦਾਸ (ਜਾਚਕ) ਨੇ ਬਹੁਤ ਗੰਭੀਰਤਾ ਸਹਿਤ ਵਿਚਾਰਿਆ ਹੈ। ਉਸ ਦੇ ਪਾਠ-ਦਰਸ਼ਨ ਉਪਰੰਤ ਦਾਸ ਨੂੰ ਤਾਂ ਵੇਦਾਂਤੀ ਜੀ ਦੇ ਸੋਧੇ ਹੋਏ ਵਧੇਰੇ ਪਾਠਾਂਤਰ ਓਹੀ ਜਾਪੇ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬਾਨ ਦੀ ਅਗਵਾਈ ਵਿੱਚ ਸਥਾਪਿਤ ਕਮੇਟੀਆਂ (ਸੰਨ 1977 ਤੇ 1996) ਦੇ ਖੋਜੀ ਵਿਦਵਾਨਾਂ, ਸਿੰਘ ਸਾਹਿਬਾਨਾਂ, ਟੀਕਾਕਾਰਾਂ, ਸਿੱਖ ਮਿਸ਼ਨਰੀ ਸੰਸਥਾਵਾਂ ਦੇ ਸਤਿਕਾਰਤ ਅਧਿਆਪਕਾਂ ਅਤੇ ਗੁਰਬਾਣੀ ਦੇ ਕਈ ਹੋਰ ਸੂਝਵਾਨ ਤੇ ਰਸੀਏ ਸੱਜਣਾਂ ਨੇ ਗੁਰਬਾਣੀ ਦੀ ਨਿਯਮਾਵਲੀ ਤੇ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿੱਚ ਸ਼ੁਧ ਮੰਨਿਆ ਹੈ। ਇਸ ਖੋਜ-ਖਰੜੇ ਦੀ ਸੋਧ-ਸੁਧਾਈ ਨੂੰ ਧਿਆਨ ਪੂਰਵਕ ਵਾਚਦਿਆਂ ਸਹਿਜੇ ਹੀ ਸਪਸ਼ਟ ਹੁੰਦਾ ਹੈ ਕਿ ਜਥੇਦਾਰ ਵੇਦਾਂਤੀ ਜੀ ਦੀ ਟੀਮ ਦੁਆਰਾ ਟਕਸਾਲ ਭਿੰਡਰਾਂ ਦੇ ਸਤਿਕਾਰਯੋਗ ਮੁਖੀ ਗਿਆਨੀ ਗੁਰਬਚਨ ਸਿੰਘ ‘ਖ਼ਾਲਸਾ’ ਜੀ ਦੀ ‘ਗੁਰਬਾਣੀ ਪਾਠ ਦਰਸ਼ਨ’ ਨਾਂ ਦੀ ਪੁਸਤਕ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਕਾਰਨ ਹੈ ਕਿ ਉਸ ਪੁਸਤਕ ਵਿੱਚ ਸ੍ਰੀ ਕਰਤਾਰਪੁਰੀ ਤੇ ਦਮਦਮੀ ਬੀੜ ਅੰਦਰਲੇ ਤਕਰੀਬਨ 1500 ਪਾਠਾਂਤ੍ਰਾਂ ਦਾ ਜ਼ਿਕਰ ਹੈ ਭਾਵੇਂ ਕਿ ਉਨ੍ਹਾਂ ’ਚੋਂ ਵਰਣਨ ਸੂਚੀ ਕੇਵਲ 86 ਪਾਠਾਂ ਦੀ ਹੀ ਲਿਖੀ ਗਈ ਹੈ।

ਜਥੇਦਾਰ ਵੇਦਾਂਤੀ ਜੀ ਨੇ ਸੰਨ 1974 ’ਚ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ‘ਸ੍ਰੀ ਗੁਰੂ ਗ੍ਰੰਥ ਵਿਚਾਰ ਸੰਮੇਲਨ’ ਮੌਕੇ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੇ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਜਾਣਕਾਰੀ ਦਿੱਤੀ ਸੀ ਕਿ ‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਵਾਲੇ ਉਪਰੋਕਤ ਪਾਠਾਂਤ੍ਰ ਦੋਹਾਂ ਬੀੜਾਂ ਦੇ ਮਿਲਾਨ ਤੋਂ ਨਹੀਂ ਸਨ ਉਪਜੇ, ਉਹ ਪਾਠਾਂਤ੍ਰ ਲਗਭਗ ਓਹੀ ਹਨ, ਜਿਹੜੇ ਸ਼੍ਰੋਮਣੀ ਕਮੇਟੀ ਦੁਆਰਾ ਸੰਨ 1952 ਵਿੱਚ ਛਾਪੀ ਬੀੜ ਰਾਹੀਂ ਉਭਰੇ। ਲਗਮਾਤ੍ਰੀ ਪਾਠਾਂਤ੍ਰ 733 ਤਾਂ ਉਹੀ ਬਣਦੇ ਹਨ, ਜੋ ਕਮੇਟੀ ਦੇ ਵਿਦਵਾਨਾਂ ਦੀ ਟੀਮ ਨੇ ਪਾਵਨ ਬੀੜ ਦੀ ਛਪਾਈ ਮੌਕੇ ਸੋਧੇ।  ਕੁੱਲ ਮੰਗਲਾਚਰਨ ਸਨ 567, ਜਿਨ੍ਹਾਂ ਚੋਂ 74 ਮੰਗਲ ਪਹਿਲਾਂ ਹੀ ਸਿਰਲੇਖਾਂ ਤੋਂ ਪਹਿਲੇ (ਭਾਵ ਆਦਿ ਵਿੱਚ) ਆਪਣੀ ਸਹੀ ਥਾਂ ਛਪ ਰਹੇ ਸਨ। ਬਾਕੀ ਦੇ 493 ਮੰਗਲ ਸਨ, ਜਿਹੜੇ ਸ਼੍ਰੋਮਣੀ ਕਮੇਟੀ ਦੀ ਵਿਦਵਾਨ ਮੰਡਲੀ ਨੇ ਹਰੇਕ ਥਾਂ ਸ਼ਬਦਾਂ ਦੇ ਸਿਰਲੇਖਾਂ ਤੋਂ ਪਹਿਲਾਂ (ਆਦਿ ਵਿੱਚ) ਕਰਕੇ ਛਾਪੇ । ਗੁਰਬਾਣੀ ਉਚਾਰਨ ਨਾਲ ਸੰਬੰਧਿਤ 250 ਦੇ ਲਗਭਗ ਉਹ ਪਦ-ਛੇਦਕ ਪਾਠਾਂਤ੍ਰ ਹਨ, ਜਿਨ੍ਹਾਂ ਦਾ ਵੇਰਵਾ ‘ਗੁਰਬਾਣੀ ਪਾਠ ਦਰਸ਼ਨ’ ਵਿੱਚੋਂ ਹੁਣ ਵੀ ਪੜ੍ਹਿਆ ਜਾ ਸਕਦਾ ਹੈ। ਇਸ ਪ੍ਰਕਾਰ ਅਜਿਹੇ ਪਾਠ-ਭੇਦਾਂ ਦੀ ਕੁੱਲ ਗਿਣਤੀ ਤਾਂ ਭਾਵੇਂ 1476 ਬਣਦੀ ਹੈ, ਪਰ ਕੁਝ ਵਾਧਾ-ਘਾਟਾ ਹੋਣ ਦੀ ਸੰਭਾਵਨਾ ਕਰਕੇ ਖ਼ਾਲਸਾ ਜੀ ਨੇ ‘ਗੁਰਬਾਣੀ ਪਾਠ ਦਰਸ਼ਨ’ ਵਿੱਚ ਤਕਰੀਬਨ 1500 ਲਿਖਵਾ ਦਿੱਤੇ।

ਇਸ ਮੌਕੇ ਕਿਸੇ ਹਾਜ਼ਰੀਨ ਸ੍ਰੋਤੇ ਦੇ ਮੂੰਹੋਂ ਸੁਭਾਵਕ ਸੁਆਲ ਖੜ੍ਹਾ ਹੋਇਆ ਕਿ ਪਾਠ-ਭੇਦਾਂ ਸੰਬੰਧੀ ਬਾਬਾ ਜੀ ਦਾ ਅਜਿਹਾ ਵਰਣਨ,  ਕੀ ਸ਼੍ਰੋਮਣੀ ਕਮੇਟੀ ਦੁਆਰਾ ਛਾਪੀ ਬੀੜ ਸੰਬੰਧੀ ਕੇਵਲ ਦੁਬਿਧਾ ਪੈਦਾ ਕਰਨ ਦਾ ਹੀ ਇੱਕ ਯਤਨ ਸੀ  ? ਗਿ. ਵੇਦਾਂਤੀ ਜੀ ਦਾ ਉੱਤਰ ਸੀ ‘ਇਸ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ, ਪਰ ਹੁਣ ਮਹਿਸੂਸ ਜ਼ਰੂਰ ਹੁੰਦਾ ਹੈ ਕਿ ਜੇ ਸੰਨ 1952 ਵਿੱਚ ਸ਼੍ਰੋਮਣੀ ਕਮੇਟੀ ਦੀ ਛਾਪੀ ਬੀੜ ਨੂੰ ਪੰਥਕ ਪੱਧਰ ’ਤੇ ਪ੍ਰਵਾਨ ਕਰ ਲਿਆ ਜਾਂਦਾ ਤਾਂ ਹੋ ਸਕਦਾ ਹੈ ਕਿ ਪਾਠ-ਭੇਦਾਂ ਦਾ ਹੁਣ ਵਾਲਾ ਖਿਲਾਰਾ ਨਾ ਹੀ ਪੈਂਦਾ।’

ਭਾਈ ਸਾਹਿਬ ਭਾਈ ਬਿਧੀਚੰਦ ਵਾਲੀ ‘ਸੁਰਸਿੰਘੀ ਬੀੜ’ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਅੰਦਰਲੇ ਕੁਝ ਸ਼ਬਦਾਂ ਦੇ ਸਿਰਲੇਖ ‘ਗਉੜੀ ਮਾਲਵਾ’ ਦੇ ਵੀ ਹਨ; ਜਿਵੇਂ ਛਾਪੇ ਦੀ ਮੌਜੂਦਾ ਬੀੜ ਦੇ ਪੰਨਾ 338 ਉਪਰਲੇ 68ਵੇਂ ਸ਼ਬਦ ‘ਗਉੜੀ ੧੨ ॥ ਮਨ ਰੇ ਛਾਡਹੁ ਭਰਮ॥’ ਦੇ ਸਿਰਲੇਖ ਦੀ ਥਾਂ ‘ਸੁਰਸਿੰਘੀ ਬੀੜ’ ਵਿੱਚ ਪਤਿ (ਪਤਰਾ) ਨੰ. 296 ਦੇ 68ਵੇਂ ਸ਼ਬਦ ਦਾ ਸਿਰਲੇਖ ਹੈ ‘ਗਉੜੀ ਮਾਲਵਾ ॥ ਮਨਰੇਛਾਡਹੁਭਰਮ॥’  ਜਦ ਕਿ ਛਾਪੇ ਦੀ ਮੌਜੂਦਾ ਬੀੜ ਵਿੱਚ ਭਗਤ ਬਾਣੀ ਅੰਦਰ ਐਸਾ ਕੋਈ ਸਿਰਲੇਖ ਹੀ ਨਹੀਂ ਹੈ। ਜਾਪਦਾ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਐਸੇ ਸਿਰਲੇਖਾਂ ਬਾਰੇ ਦੁਬਿਧਾ ਵਿੱਚ ਰਹੀ । ਦਾਸ (ਜਾਚਕ) ਦਾ ਖ਼ਿਆਲ ਹੈ ਕਿ ਜੇ ਗੁਰਮਤੇ ਦੀ ਪੰਥਕ ਜੁਗਤਿ ਅਨੁਸਾਰ ‘ਗਉੜੀ ਪੂਰਬੀ ਕਬੀਰ ਜੀ’ ਵਾਂਗ ‘ਗਉੜੀ ਮਾਲਵਾ ਕਬੀਰ ਜੀ’ ਸਿਰਲੇਖ ਹੇਠ ਇੱਕ ਵੱਖਰਾ ਸੰਗ੍ਰਹਿ ਬਣ ਜਾਵੇ ਤਾਂ ਗਉੜੀ ਦੇ ਸਾਰੇ ਸਿਰਲੇਖਾਂ ਦਾ ਮਸਲਾ ਹੀ ਹੱਲ ਹੋ ਸਕਦਾ ਹੈ। ਇਸ ਲਈ ਜਥੇਦਾਰ ਵੇਦਾਂਤੀ ਜੀ ਦੁਆਰਾ ਸੋਧੀ ਹੋਈ ਪਾਵਨ ਬੀੜ ਦੇ ਖਰੜੇ ਵਿਖੇ ‘ਗਉੜੀ ਪੂਰਬੀ ਕਬੀਰ ਜੀ’ ਦੇ ਸੰਗ੍ਰਹਿ ਨੂੰ ਛੱਡ ਕੇ ਬਾਕੀ ਦੇ ਸਾਰੇ ਮੰਗਲਾਂ, ਸਿਰਲੇਖਾਂ, ਸ਼ਬਦਾਂ ਦੀ ਤਰਤੀਬ ਅਤੇ ਜੋੜ-ਅੰਕਾਂ ਆਦਿਕ ਦੀ ਇਕਸਾਰਤਾ ਸਥਾਪਤੀ ਪੱਖੋਂ ਤਾਂ ਕੋਈ ਸੁਆਲ ਹੀ ਨਹੀਂ ਖੜ੍ਹਾ ਹੁੰਦਾ। ਬ-ਕਮਾਲ ਪੇਸ਼ਕਾਰੀ ਹੈ। ਕਾਰਨ ਹੈ ਕਿ ਉਨ੍ਹਾਂ ਦੀ ਟੀਮ ਦੇ ਸਾਰੇ ਮੈਂਬਰ ਇਹ ਮੰਨ ਕੇ ਚੱਲਦੇ ਸਨ ਕਿ ਗੁਰਬਾਣੀ ਵਿੱਚ ਆਏ ਗੁਰਮਤਿ ਸਿਧਾਂਤਾਂ, ਲਗ-ਮਾਤ੍ਰੀ ਨਿਯਮਾਵਲੀ ਅਤੇ ਅੰਕ-ਨਿਯਮਾਵਲੀ ਸੰਬੰਧੀ ਗੁਰੂ ਸਾਹਿਬਾਨ ਦੀ ਆਪਸੀ ਸਮਾਨਤਾ ਹੈ, ਪਰ ਵਿਆਕਰਣਿਕ ਦ੍ਰਿਸ਼ਟੀ ਤੋਂ ਅਜੇ ਵੀ ਪਾਠਾਂਤਰਾਂ ਦੀ ਲਿਖਤੀ ਤੇ ਉਚਾਰਨਕ ਸੁਧਾਈ ਤੇ ਸ਼ੁਧਤਾ ਦੀਆਂ ਬਹੁਤ ਸੰਭਾਵਨਾਵਾਂ ਹਨ। ਕਾਰਨ ਹੈ ਕਿ ਕੰਪਿਊਟਰੀ ਖੋਜ ਦੀ ਸਹੂਲਤ ਸਦਕਾ ਗੁਰਬਾਣੀ ਦੀ ਵਿਆਕਰਣ ਦਾ ਦਿਨ-ਬ-ਦਿਨ ਵਿਕਾਸ ਹੋ ਰਿਹਾ ਹੈ।

ਜਿਵੇਂ ਛਾਪੇ ਦੀ ਪ੍ਰਚਲਿਤ ਬੀੜ ਵਿਖੇ ਜਪੁ ਜੀ ਦੀ 20ਵੀਂ ਪਉੜੀ ਦੀਆਂ ਪਾਵਨ ਤੁਕਾਂ ਹਨ ‘‘ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥’’ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ ਦੇ ਪ੍ਰਮੁਖ ਮੈਂਬਰ ਅਤੇ ਪ੍ਰਸਿੱਧ ਟੀਕਾਕਾਰ ਗਿ. ਹਰਿਬੰਸ ਸਿੰਘ ਜੀ ਪਟਿਆਲੇ ਵਾਲੇ ‘ਸ੍ਰੀ ਗਰੁੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ’ ਵਿਖੇ ‘ਅਰਥ ਭੇਦ ਅਤੇ ਨਿਰਣੈ’ ਦੇ ਸਿਰਲੇਖ ਹੇਠ ‘‘ਪਾਣੀ ਧੋਤੈ ਉਤਰਸੁ ਖੇਹ ॥’’ ਤੁਕ ਬਾਰੇ (ਸਟੀਕ ਪੰ. 140) ਇੱਕ ਵਿਸ਼ੇਸ਼ ਨੋਟ ਇੰਞ ਲਿਖਿਆ ਹੈ :

‘ਭਿੰਡਰਾਂ ਵਾਲੀ ਟਕਸਾਲ ਅਤੇ ਹੋਰ ਸੰਪ੍ਰਦਾਵਾਂ ਦੇ ਵਿਦਿਆਰਥੀ ਉਤਰਸੁ ਪਦ ਨੂੰ ‘ਉਤਰ ਸੁ’ ਪਾਠ ਪਦ-ਛੇਦ ਕਰਦੇ ਹਨ, ਜੋ ਕਿ ਅਸ਼ੁਧ ਹੈ। ਨਿਰਣੈ ਗੁਰਬਾਣੀ ਦੀ ਸ਼ਬਦਾਵਲੀ ਮੁਤਾਬਕ ਇਹ ਜੁੜਤ ਪਦ ਹੈ। ਪੁਰਾਤਨ ਹਥ ਲਿਖਤੀ ਬੀੜਾਂ ਵਿੱਚ ਇਸ ਪਦ ਦਾ ਰੂਪ ਉਤਰਸਿ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ‘ਜਪੁ’ ਬਾਣੀ ਵਿਚ ਹੀ ‘ਉਤਰਸੁ’ ਸੱਸਾ ਔਂਕੜ ਸਹਿਤ ਅੰਕਿਤ ਹੈ। ਕਈ ਪੰਕਤੀਆਂ ਵਿੱਚ ਇਹ ਪਦ ਸੱਸੇ ਦੀ ਸਿਹਾਰੀ ਵਾਲੇ ਸਰੂਪ ਨਾਲ ‘ਉਤਰਸਿ’ ਹੀ ਅੰਕਿਤ ਹੈ। ਗੁਰਬਾਣੀ ਵਿਆਕਰਣ ਦੇ ਨੇਮਾਂ ਅਨੁਸਾਰ ਇਹ ਕਿਰਿਆ ਵਾਚਕ ਪਦ ਸਿਹਾਰੀ ਸਹਿਤ ਹੀ ਠੀਕ ਹੈ। ਲਿਖਾਰੀਆਂ ਪਾਸੋਂ ਉਤਾਰਾ ਕਰਨ ਵੇਲੇ ਕਈ ਥਾਂਵਾਂ ’ਤੇ ਲਗਮਾਤਰੀ ਉਕਾਈਆਂ ਰਹਿ ਗਈਆਂ ਹਨ, ਜੋ ਛਾਪੇ ਵਾਲੇ ਸਰੂਪਾਂ ਵਿੱਚ ਵੀ ਉਸੇ ਤਰ੍ਹਾਂ ਪ੍ਰਚਲਿਤ ਹੋ ਗਈਆਂ ਹਨ। ਇਹ ਪਦ ਸੱਸੇ ਸਿਹਾਰੀ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 199, 229, 326, 791, 838, 864, 901, 903 ਅਤੇ 972 ’ਤੇ ਵੇਖਿਆ ਜਾ ਸਕਦਾ ਹੈ। ਇਸ ਪਦ ਦੇ ਅਰਥ ਦੇ ਸੁਮੇਲ ਨੂੰ ਮੁੱਖ ਰੱਖੀਏ ਤਾਂ ਹੇਠ ਲਿਖੀਆਂ ਪੰਕਤੀਆਂ ਤੋਂ ਵੀ ਭਲੀ ਪ੍ਰਕਾਰ ਪ੍ਰੋੜ੍ਹਤਾ ਹੋ ਜਾਂਦੀ ਹੈ :

  1. ਗੁਨ ਗਾਵਤ ਤੇਰੀ ਉਤਰਸਿ ਮੈਲੁ ॥ (ਸੁਖਮਨੀ/ਮਹਲਾ ੫/੨੮੯)
  2. ਤੀਰਥ ਨਾਇ ਨ ਉਤਰਸਿ ਮੈਲੁ ॥ (ਮਹਲਾ ੫/੮੯੦)
  3. ਇੰਦ੍ਰੀ ਕੀ ਜੂਠਿ ਉਤਰਸਿ ਨਾਹੀ; ਬ੍ਰਹਮ ਅਗਨਿ ਕੇ ਲੂਠੇ ॥ (ਭਗਤ ਕਬੀਰ/੧੧੯੫)

ਪੁਰਾਤਨ ਹੱਥ ਲਿਖਤਾਂ ਦੇ ਅਭਿਆਸੀ ਅਤੇ ਗੁਰਬਾਣੀ ਵਿਆਕਰਣ ਦੇ ਪ੍ਰਮਾਣਿਕ ਵਿਦਵਾਨ ਗਿ. ਭਰਪੂਰ ਸਿੰਘ ਜੀ, ਜੋ ਸੰਨ 1996 ਵਿੱਚ ਸਥਾਪਿਤ ਹੋਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਦੇ ਵਿਸ਼ੇਸ਼ ਸਹਾਇਕ ਸਨ, ਉਹ ਵੀ ਗਿ. ਹਰਿਬੰਸ ਸਿੰਘ ਪਟਿਆਲਾ ਵਾਲਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਉਨ੍ਹਾਂ ਮੁਤਾਬਕ ਪ੍ਰਿੰਸੀਪਲ ਪ੍ਰਕਾਸ਼ ਸਿੰਘ, ਪ੍ਰਿੰਸੀਪਲ ਬਿਕਰਮ ਸਿੰਘ ਵੀ ਇਸੇ ਪਾਠ ਨੂੰ ਸ਼ੁਧ ਮੰਨਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਸਾਨੂੰ ਪ੍ਰਾਚੀਨ ਬੀੜਾਂ ਵਿੱਚ ਪਾਠ ਦਾ ਸ਼ੁਧ ਰੂਪ ‘ਉਤਰਸਿ’ ਮਿਲਦਾ ਹੈ ਤਾਂ ਅਰਥਾਂ ਦੀ ਖਿੱਚ-ਧੂ ਕਰਕੇ ਹੋਰ ਪਾਸੇ ਭਟਕਣ ਦੀ ਲੋੜ ਨਹੀਂ। ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਤ ‘ਪਾਠ ਭੇਦ ਸੂਚੀ’ ਮੁਤਾਬਕ ਬੀੜ ਨੰ. 38/173, 40/236, 54 ਵਿੱਚ ਪਾਠ ‘ਉਤਰਸਿ’ ਹੈ ਜਦ ਕਿ ਬੀੜ ਨੰ. 48 ਵਿੱਚ ਪਾਠ ‘ਉਤਰਸ’ ਹੈ ਭਾਵ ‘ਸ’ ਔਂਕੜ ਰਹਿਤ ਹੈ। ਇਸ ਦਾ ਭਾਵ ਹੈ ਕਿ ਤਿੰਨ ਬੀੜਾਂ ਸਪਸ਼ਟ ਤੌਰ ’ਤੇ ‘ਉਤਰਸਿ’ ਪਾਠ ਦੀ ਹੀ ਪ੍ਰੋੜ੍ਹਤਾ ਕਰਦੀਆਂ ਹਨ ।

ਗੁਰਬਾਣੀ ਦੀ ਲਿਖਤ ਸ਼ੈਲੀ ਦੇ ਖੋਜੀ, ਮਾਸਕ ਪੱਤਰ ‘ਮਿਸ਼ਨਰੀ ਸੇਧਾਂ’ ਦੇ ਸੰਪਾਦਕ ਅਤੇ gurparsad.com ਵੈਬਸਾਈਟ ਦੇ ਸੰਚਾਲਕ ਵਿਦਵਾਨ ਗਿ. ਅਵਤਾਰ ਸਿੰਘ ਜਲੰਧਰ ਵਾਲੇ ਵੀ ‘ਉਤਰਸਿ’ ਪਾਠ ਨੂੰ ਹੀ ਸ਼ੁਧ ਮੰਨ ਕੇ ਚੱਲਦੇ ਹਨ ਕਿਉਂਕਿ ਵੈਬਸਾਈਟ ਦੀ ‘ਗੁਰਬਾਣੀ ਲਿਖਤ ਵੀਚਾਰ’ ਦੇ ਸਿਰਲੇਖ ਹੇਠ ਉਹ ਲਿਖਦੇ ਹਨ :

‘‘ਪਾਣੀ ਧੋਤੈ; ਉਤਰਸੁ ਖੇਹ॥’’ ਇਸ ਪੰਕਤੀ ’ਚ ਦਰਜ ‘ਉਤਰਸੁ’ (ਅੰਤ ਔਂਕੜ) ਸ਼ਬਦ ਕੇਵਲ ਇੱਥੇ ਹੀ ਦਰਜ ਹੈ ਜਦਕਿ ਇਸ ਦਾ ਦੂਸਰਾ ਸਰੂਪ ‘ਉਤਰਸਿ’ (ਅੰਤ ਸਿਹਾਰੀ) ਗੁਰਬਾਣੀ ਵਿੱਚ 16 ਵਾਰ ਦਰਜ ਹੈ; ਜਿਵੇਂ ਕਿ

ਵਿਣੁ ਕਰਮਾ; ਕੈਸੇ ‘ਉਤਰਸਿ’ ਪਾਰੇ  ? ॥ (ਮਹਲਾ ੧/ ੯੦੩)

ਤੀਰਥ ਨਾਇ; ਨ ‘ਉਤਰਸਿ’ ਮੈਲੁ ॥ (ਮਹਲਾ ੫/ ੮੯੦)

ਓਛੀ ਭਗਤਿ; ਕੈਸੇ ‘ਉਤਰਸਿ’ ਪਾਰੀ  ? ॥ (ਭਗਤ ਕਬੀਰ/ ੩੨੬)

ਨੋਟ : ਪੁਰਾਤਨ ਹੱਥ ਲਿਖਤ ਸਰੂਪਾਂ ਵਿੱਚ ਸੰਬੰਧਿਤ ਪੰਕਤੀ ਵਿੱਚ ਵੀ ‘ਉਤਰਸਿ’ (ਅੰਤ ਸਿਹਾਰੀ) ਸਰੂਪ ਮਿਲਦਾ ਹੈ, ਜੋ ਕਿ ਸਹੀ ਜਾਪਦਾ ਹੈ।

ਗਿਆਨੀ ਜੀ ਮੁਤਾਬਕ ਜਪੁ ਜੀ ਦੀਆਂ ਉਪਰੋਕਤ ਤੁਕਾਂ ਦਾ ਅਰਥ ਹੈ : (ਜਿਵੇਂ) ਹੱਥ, ਪੈਰ, ਸਰੀਰ, ਕਾਇਆਂ, ਆਦਿ ਮਿੱਟੀ ਨਾਲ਼ ਗੰਦੇ ਹੋ ਜਾਣ ਤਾਂ ਪਾਣੀ ਦੁਆਰਾ ਸਾਫ਼ ਕਰਨ ਨਾਲ਼ ਮਿੱਟੀ ਲਹਿ (ਖੇਹ ਉਤਰ) ਜਾਂਦੀ ਹੈ।

———-ਚੱਲਦਾ——-

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 2)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 6)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 7)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 8)

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਸਾਵਣ ਮਹੀਨਾ

0

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਸਾਵਣ ਮਹੀਨਾ

ਕਿਰਪਾਲ ਸਿੰਘ ਬਠਿੰਡਾ

ਪਿਛਲੇ ਲੇਖਾਂ ਵਿੱਚ ਚੇਤ ਵੈਸਾਖ; ਦੋ ਮਹੀਨੇ ਬਸੰਤ ਰੁੱਤ ਅਤੇ ਜੇਠ ਹਾੜ; ਦੋ ਮਹੀਨੇ ਗਰਮੀ ਦੀ ਰੁੱਤ ਦਾ ਵਿਸਥਾਰ ਸਹਿਤ ਵਿਚਾਰ ਕੀਤੀ ਗਈ ਸੀ। ਹਾੜ ਮਹੀਨੇ ਦੀ ਵਿਆਖਿਆ ਕਰਦੇ ਸਮੇਂ ਅਸੀਂ ਇਹ ਵੀ ਭਲੀਭਾਂਤ ਸਮਝ ਚੁੱਕੇ ਹਾਂ ਕਿ ਜਦੋਂ ਹਾੜ ਦਾ ਮਹੀਨਾ ਭਰ-ਜੁਆਨੀ ਭਾਵ ਆਪਣੀ ਪੂਰੀ ਤਪਸ਼ ਦਾ ਜਲਵਾ ਵਿਖਾ ਰਿਹਾ ਹੁੰਦਾ ਹੈ ਤਾਂ ਸੂਰਜ ਦਾ ਰੱਥ ਫਿਰਦਾ ਹੈ, ਜਿਸ ਨਾਲ ਖਗੋਲ ਵਿਗਿਆਨ ਦੇ ਨਿਯਮਾਂ ਅਨੁਸਾਰ ਪੰਜਾਬ ’ਚ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ, ਜੋ ਬੜੀ ਸੁਹਾਵਣੀ ਹੁੰਦੀ ਹੈ। ਜੀਵ-ਜੰਤ ਸਮੇਤ ਧਰਤੀ ਦੀ ਸਾਰੀ ਬਨਸਪਤੀ  ਗਰਮੀ ਤੋਂ ਛੁਟਕਾਰਾ ਪਾ ਕੇ ਅਨੰਦ ਮਾਣਦੀ ਹੈ। ਰੁੱਤਾਂ ਦੀ ਵੰਡ ਅਨੁਸਾਰ ਸਾਵਣ ਅਤੇ ਭਾਦੋਂ ਦੋ ਮਹੀਨੇ ਵਰਖਾ ਰੁੱਤ ਦੇ ਹੁੰਦੇ ਹਨ। ਬਿਕ੍ਰਮੀ ਸੰਮਤ ’ਚ ਸਾਵਣ; ਚੌਥਾ ਮਹੀਨਾ ਤੇ ਨਾਨਕਸ਼ਾਹੀ ਸੰਮਤ ’ਚ ਪੰਜਵਾਂ ਮਹੀਨਾ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ’ਚ ਮਹੀਨੇ ਦਾ ਅਰੰਭ; ਹਰ ਸਾਲ ੧ ਸਾਵਣ 16 ਜੁਲਾਈ ਨੂੰ ਹੁੰਦਾ ਹੈ ਤੇ ਹੁੰਦਾ ਰਹੇਗਾ ਜਦੋਂ ਕਿ ਬਿਕ੍ਰਮੀ ਕੈਲੰਡਰ ਅਨੁਸਾਰ ਸੰਗਰਾਂਦ ਅੱਜ ਕੱਲ੍ਹ ਤਾਂ ਹਰ ਸਾਲ 16 ਜੁਲਾਈ ਨੂੰ ਹੁੰਦੀ ਹੈ, ਪਰ 4 ਸਾਲ ਪਿੱਛੋਂ 2027 ’ਚ 17 ਜੁਲਾਈ ਨੂੰ ਹੋਵੇਗੀ ਅਤੇ ਉਸ ਤੋਂ ਬਾਅਦ 3 ਸਾਲ 16 ਜੁਲਾਈ ਅਤੇ ਫਿਰ ਹਰ ਚੌਥੇ ਸਾਲ 17 ਜੁਲਾਈ ਨੂੰ ਹੋਇਆ ਕਰੇਗੀ।  43 ਸਾਲਾਂ ਬਾਅਦ ਭਾਵ 2066 ਤੋਂ ਪਿੱਛੋਂ ਦੋ ਸਾਲ 16 ਜੁਲਾਈ ਅਤੇ ਦੋ ਸਾਲ 17 ਜੁਲਾਈ ਕੁਝ ਹੋਰ ਸਮੇਂ ਪਿੱਛੋਂ 3 ਸਾਲ 17 ਜੁਲਾਈ ਅਤੇ ਇੱਕ ਸਾਲ 16 ਜੁਲਾਈ ਨੂੰ ਆਇਆ ਕਰੇਗੀ। ਅਗਾਂਹ ਹਰ ਸਾਲ 17 ਜੁਲਾਈ ਨੂੰ ਆਇਆ ਕਰੇਗੀ। ਇਸ ਤਰ੍ਹਾਂ ਹੌਲ਼ੀ ਹੌਲ਼ੀ ਸਮਾਂ ਪਾ ਕੇ ਜੁਲਾਈ ਦੀ ਬਜਾਏ ਅਗਸਤ ਮਹੀਨੇ ਅਤੇ ਫਿਰ ਕਦੀ ਸਤੰਬਰ ਮਹੀਨੇ ’ਚ ਪਹੁੰਚ ਜਾਵੇਗੀ।

ਗ੍ਰੈਗੋਰੀਅਨ ਕੈਲੰਡਰ ਰੁੱਤੀ ਸਾਲ ਹੋਣ ਕਰਕੇ ਵਰਖਾ ਰੁੱਤ ਹਰ ਸਾਲ 20-21 ਜੂਨ ਤੋਂ ਹੀ ਸ਼ੁਰੂ ਹੋਇਆ ਕਰੇਗੀ, ਪਰ ਇਸ ਹਿਸਾਬ ਮੁਤਾਬਕ ਇੱਕ ਦਿਨ ਐਸਾ ਵੀ ਆਵੇਗਾ ਜਦੋਂ ਬਿਕ੍ਰਮੀ ਸੰਮਤ ’ਚ ਇਹੀ ਵਰਖਾ ਰੁੱਤ ਸਾਵਣ ਭਾਦੋਂ ਦੀ ਬਜਾਏ ਪਹਿਲਾਂ ਜੇਠ ਹਾੜ ਮਹੀਨੇ ’ਚ ਹੀ ਆ ਜਾਇਆ ਕਰੇਗੀ। ਸਪਸ਼ਟ ਹੈ ਕਿ ਉਸ ਸਮੇਂ ਬਿਕ੍ਰਮੀ ਕੈਲੰਡਰ ਦੀਆਂ ਰੁੱਤਾਂ ਦਾ ਸੰਬੰਧ ਗੁਰਬਾਣੀ ਵਿੱਚ ਦਰਜ ਰੁੱਤਾਂ ਨਾਲੋਂ ਪੂਰੀ ਤਰ੍ਹਾਂ ਟੁੱਟ ਜਾਵੇਗਾ, ਇਸ ਲਈ ਸਾਨੂੰ ਜਲਦੀ ਤੋਂ ਜਲਦੀ ਰੁੱਤੀ (Tropical) ਨਾਨਕਸ਼ਾਹੀ ਕੈਲੰਡਰ ਅਪਣਾਅ ਲੈਣਾ ਚਾਹੀਦਾ ਹੈ ਤਾਂ ਜੋ ਸਿੱਖ ਇਤਿਹਾਸ ’ਚ ਦਰਜ ਹੋਣ ਵਾਲ਼ੀਆਂ ਤਾਰੀਖ਼ਾਂ ਅਤੇ ਗੁਰਬਾਣੀ ’ਚ ਦਰਜ ਰੁੱਤਾਂ; ਇੱਕ ਸਮਾਨ ਰਹਿਣ।

ਹੁਣ ਪਹਿਲਾਂ ਸਾਲ ਦੀ ਤੀਜੀ ਰੁੱਤ (ਵਰਖਾ ਰੁੱਤ) ਨਾਲ਼ ਸੰਬੰਧਿਤ ‘‘ਰਾਮਕਲੀ ਮਹਲਾ ੫ ਰੁਤੀ ਸਲੋਕ’’ ਸਿਰਲੇਖ ਹੇਠ ਬਾਣੀ ਦੇ ਛੰਦ ਨੰਬਰ 4 ਦੀ ਤਰਤੀਬਵਾਰ ਵਿਚਾਰ ਕਰਦੇ ਹਾਂ। ਭਾਦੋਂ ਦੇ ਮਹੀਨੇ ਦੀ ਵਿਚਾਰ ਅਗਲੇ ਅੰਕ ’ਚ ਕੀਤੀ ਜਾਵੇਗੀ। ਸਾਵਣ ਮਹੀਨੇ ਨਾਲ਼ ਸੰਬੰਧਿਤ ਦੋਵੇਂ ਬਾਰਹਮਾਹਾ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਝ ਹੋਰ ਸ਼ਬਦ ਵੀ ਹਨ। ਇਨ੍ਹਾਂ ਸਾਰਿਆਂ ਵਿੱਚ ਇੱਕੋ ਗੱਲ ਸਮਝਾਈ ਗਈ ਹੈ ਕਿ ਸਾਵਣ ਮਹੀਨੇ ਦੇ ਮੌਸਮ ਦਾ ਪ੍ਰਭਾਵ ਜ਼ਿੰਦਗੀ ਉੱਤੇ ਜਿਸ ਤਰ੍ਹਾਂ ਪੈਂਦਾ ਹੈ; ਵੈਸੇ ਹੀ ਮਨ ’ਤੇ ਚੰਗਾ ਮੰਦਾ ਪ੍ਰਭਾਵ ਨਾਲ਼ ਅਵਸਥਾ ਹੁੰਦੀ ਹੈ; ਜਿਵੇਂ ਕਿ ਸ਼ਬਦ ਹਨ :

ਰੁਤਿ ਬਰਸੁ ਸੁਹੇਲੀਆ; ਸਾਵਣ ਭਾਦਵੇ ਆਨੰਦ ਜੀਉ ਅਰਥ : (ਹੇ ਸਹੇਲੀਏ ! ਜਿਵੇਂ) ਵਰਖਾ-ਰੁੱਤ ਬੜੀ ਸੁਖਦਾਈ ਹੁੰਦੀ ਹੈ, ਸਾਵਣ ਭਾਦਰੋਂ ਦੇ ਮਹੀਨਿਆਂ ’ਚ (ਵਰਖਾ ਦੇ ਕਾਰਨ) ਬੜਾ ਅਨੰਦ ਬਣਿਆ ਰਹਿੰਦਾ ਹੈ।  

ਘਣ ਉਨਵਿ ਵੁਠੇ; ਜਲ ਥਲ ਪੂਰਿਆ ਮਕਰੰਦ ਜੀਉ   ਅਰਥ : ਬੱਦਲ ਝੁਕ ਝੁਕ ਕੇ ਵਰ੍ਹਦੇ ਹਨ। ਤਲਾਬਾਂ-ਛੱਪੜਾਂ ’ਚ, ਧਰਤੀ ਦੇ ਟੋਇਆਂ ’ਚ ਭਾਵ ਹਰ ਥਾਂ ਸੁਗੰਧੀ-ਭਰਿਆ ਪਾਣੀ ਹੀ ਪਾਣੀ ਭਰਿਆ ਹੁੰਦਾ ਹੈ।

ਪ੍ਰਭੁ ਪੂਰਿ ਰਹਿਆ ਸਰਬ ਠਾਈ; ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ਅਰਥ : ਓਵੇਂ ਹੀ ਜਿਨ੍ਹਾਂ ਦੇ ਹਿਰਦੇ-ਘਰ ਪਰਮਾਤਮਾ ਦੇ ਨਾਮ ਦੇ ਨੌ ਖ਼ਜ਼ਾਨਿਆਂ ਨਾਲ ਨਕੋ-ਨੱਕ ਭਰ ਜਾਣ, ਉਨ੍ਹਾਂ ਨੂੰ ਪਰਮਾਤਮਾ ਸਭਨੀਂ ਥਾਈਂ ਵਿਆਪਕ ਜਾਪਦਾ ਹੈ।

ਸਿਮਰਿ ਸੁਆਮੀ ਅੰਤਰਜਾਮੀ; ਕੁਲ ਸਮੂਹਾ ਸਭਿ ਤਰੇ ਅਰਥ : ਸਭਨਾਂ ਦੇ ਦਿਲ ਦੀ ਜਾਣਨ ਵਾਲੇ ਮਾਲਕ-ਪ੍ਰਭੂ ਦਾ ਨਾਮ ਸਿਮਰ ਕੇ ਉਨ੍ਹਾਂ ਦੀਆਂ ਸਾਰੀਆਂ ਹੀ ਕੁਲਾਂ ਤਰ ਜਾਂਦੀਆਂ ਹਨ।

ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ; ਕ੍ਰਿਪਾਲੁ ਸਦ ਬਖਸਿੰਦੁ ਜੀਉ ਬਿਨਵੰਤਿ ਨਾਨਕ ਹਰਿ ਕੰਤੁ ਪਾਇਆ; ਸਦਾ ਮਨਿ ਭਾਵੰਦੁ ਜੀਉ (ਰਾਮਕਲੀ/ਮਹਲਾ ੫ ਰੁਤੀ ਸਲੋਕ/੯੨੭) ਅਰਥ : ਹੇ ਸਹੇਲੀਏ ! ਜਿਹੜੇ ਵਡਭਾਗੀ ਪਿਆਰੇ, ਪ੍ਰਭੂ ਦੇ ਪ੍ਰੇਮ-ਰੰਗ ’ਚ (ਰੰਗ ਕੇ ਮਾਇਆ ਮੋਹ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, ਉਹਨਾਂ ਨੂੰ ਵਿਕਾਰਾਂ ਦੇ ਦਾਗ਼ ਨਹੀਂ ਲੱਗਦੇ, ਦਇਆ ਦਾ ਘਰ ਪ੍ਰਭੂ ਸਦਾ ਉਹਨਾਂ ਉੱਤੇ ਪ੍ਰਸੰਨ ਰਹਿੰਦਾ ਹੈ। ਨਾਨਕ ਬੇਨਤੀ ਕਰਦਾ ਹੈ, ਹੇ ਸਹੇਲੀਏ ! ਉਹਨਾਂ ਨੂੰ ਮਨ ਵਿਚ ਸਦਾ ਪਿਆਰਾ ਲੱਗਣ ਵਾਲਾ ਖਸਮ-ਪ੍ਰਭੂ ਮਿਲ ਪੈਂਦਾ ਹੈ।

ਹੁਣ ਗੁਰੂ ਅਰਜਨ ਸਾਹਿਬ ਜੀ ਦੁਆਰਾ ਮਾਝ ਰਾਗ ’ਚ ਉਚਾਰਨ ਕੀਤੇ ਬਾਰਹਮਾਹਾ ਦੇ 6ਵੇਂ ਪਦੇ ਦੀ ਵਿਚਾਰ ਕਰਦੇ ਹਾਂ, ਜੋ ਇਸ ਤਰ੍ਹਾਂ ਹੈ :

ਸਾਵਣਿ ਸਰਸੀ ਕਾਮਣੀ; ਚਰਨ ਕਮਲ ਸਿਉ ਪਿਆਰੁ ਅਰਥ : ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ) ਤਿਵੇਂ ੳਹ ਜੀਵ-ਇਸਤ੍ਰੀ ਸਦਾ ਅਨੰਦ ਮਾਣਦੀ ਹੈ, ਜਿਸ ਦਾ ਪਿਆਰ; ਪ੍ਰਭੂ ਦੇ ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ।  

ਮਨੁ ਤਨੁ ਰਤਾ ਸਚ ਰੰਗਿ; ਇਕੋ ਨਾਮੁ ਅਧਾਰੁ ਅਰਥ : ਉਸ ਦਾ ਮਨ ਤੇ ਤਨ; ਪਰਮਾਤਮਾ ਦੇ ਪਿਆਰ ’ਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ।

ਬਿਖਿਆ ਰੰਗ ਕੂੜਾਵਿਆ; ਦਿਸਨਿ ਸਭੇ ਛਾਰੁ ਅਰਥ : ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਜਾਪਦੇ ਹਨ।

ਹਰਿ ਅੰਮ੍ਰਿਤ ਬੂੰਦ ਸੁਹਾਵਣੀ; ਮਿਲਿ ਸਾਧੂ, ਪੀਵਣਹਾਰੁ ਅਰਥ : (ਸਾਵਣ ’ਚ ਜਿਵੇਂ ਵਰਖਾ ਦੀ ਬੂੰਦ ਪ੍ਰਭਾਵ ਕਰਦੀ ਹੈ; ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਅੰਮ੍ਰਿਤ ਨਾਮ ਦੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ, ਇਸ ਬੂੰਦ ਨੂੰ ਚੱਖ ਲੈਂਦਾ ਹੈ। (ਪ੍ਰਭੂ ਦੀ ਮਹਿਮਾ ਵਾਲ਼ੀਆਂ ਸੰਖੇਪ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ। ਸਤਿਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)।

ਵਣੁ ਤਿਣੁ ਪ੍ਰਭ ਸੰਗਿ ਮਉਲਿਆ; ਸੰਮ੍ਰਥ ਪੁਰਖ ਅਪਾਰੁ ਅਰਥ : ਜਿਸ ਪ੍ਰਭੂ ਦੀ ਕਿਰਪਾ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ।

ਹਰਿ ਮਿਲਣੈ ਨੋ ਮਨੁ ਲੋਚਦਾ; ਕਰਮਿ ਮਿਲਾਵਣਹਾਰੁ ਅਰਥ : ਉਸ ਨੂੰ ਮਿਲਣ ਲਈ ਮੇਰਾ ਮਨ ਤਾਂਘਦਾ ਹੈ, (ਪਰ ਮੇਰੇ ਯਤਨਾਂ ਨਾਲ਼ ਮਿਲ ਨਹੀਂ ਸਕਦਾ ਕਿਉਂਕਿ) ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਉਣ ਦੇ ਸਮਰੱਥ ਹੈ।

ਜਿਨੀ ਸਖੀਏ ਪ੍ਰਭੁ ਪਾਇਆ; ਹੰਉ, ਤਿਨ ਕੈ ਸਦ ਬਲਿਹਾਰ ਅਰਥ : ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।

ਨਾਨਕ ! ਹਰਿ ਜੀ ਮਇਆ ਕਰਿ; ਸਬਦਿ ਸਵਾਰਣਹਾਰੁ ਅਰਥ : ਹੇ ਨਾਨਕ ! (ਬੇਨਤੀ ਕਰ ਤੇ ਆਖ ਕਿ) ਹੇ ਪ੍ਰਭੂ ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਆਪਣੇ ਗੁਣਾਂ ਨਾਲ਼ (ਮੇਰੀ ਜਿੰਦ ਨੂੰ) ਸੰਵਾਰਨਹਾਰ ਹੈਂ।

ਸਾਵਣੁ ਤਿਨਾ ਸੁਹਾਗਣੀ; ਜਿਨ ਰਾਮ ਨਾਮੁ ਉਰਿ ਹਾਰੁ (ਬਾਰਹਮਾਹਾ ਮਾਂਝ/ਮਹਲਾ /੧੩੪) ਅਰਥ : ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ, ਜਿਨ੍ਹਾਂ ਨੇ ਆਪਣੇ ਹਿਰਦੇ (ਭਾਵ ਗਲ਼) ’ਚ ਪਰਮਾਤਮਾ ਦਾ ਨਾਮ ਰੂਪ ਹਾਰ ਪਾਇਆ ਹੋਇਆ ਹੈ।

ਹੁਣ ਗੁਰੂ ਨਾਨਕ ਸਾਹਿਬ ਜੀ ਦੁਆਰਾ ਤੁਖਾਰੀ ਰਾਗ ਵਿੱਚ ਰਚੇ ਬਾਰਹਮਾਹਾ ਦੇ 9ਵੇਂ ਪਦੇ (ਸਾਵਣ ਮਹੀਨੇ) ’ਚ ਦਿੱਤੇ ਸੁਨੇਹੇ ਦੀ ਵਿਚਾਰ ਕਰਦੇ ਹਾਂ :

ਸਾਵਣਿ, ਸਰਸ ਮਨਾ; ਘਣ ਵਰਸਹਿ ਰੁਤਿ ਆਏ ਅਰਥ : (ਹਾੜ ਦੀ ਅੱਤ ਤਪਸ਼ ਵਿਚ ਘਾਹ ਆਦਿਕ ਸੁੱਕ ਜਾਂਦੇ ਹਨ, ਜਿਸ ਪਿੱਛੋਂ) ਸਾਵਨ ਮਹੀਨੇ ’ਚ ਘਟਾਂ ਛਾ ਜਾਂਦੀਆਂ ਹਨ। ਪਸ਼ੂ, ਪੰਛੀ, ਮਨੁੱਖ ਤਾਂ ਕਿਤੇ ਰਹੇ, ਸੁੱਕਾ ਹੋਇਆ ਘਾਹ ਭੀ ਹਰਾ ਹੋ ਜਾਂਦਾ ਹੈ। ਇਹ ਹਰਿਆਵਲ ਵੇਖ ਹਰੇਕ ਪ੍ਰਾਣੀ ਬੋਲਦਾ ਹੈ) ਹੇ ਮੇਰੇ ਮਨ ! ਸਾਵਣ ਮਹੀਨੇ ’ਚ (ਵਰਖਾ ਦੀ) ਰੁੱਤ ਆ ਗਈ ਹੈ, ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਭੀ ਹਰਾ ਹੋ ਜਾਹ (ਤੂੰ ਭੀ ਖਿੜ ਜਾਹ)।

ਮੈ ਮਨਿ ਤਨਿ ਸਹੁ ਭਾਵੈ; ਪਿਰ ਪਰਦੇਸਿ ਸਿਧਾਏ ਅਰਥ : (ਕਾਲੀਆਂ ਘਟਾਂ ਨੂੰ ਵੇਖ ਪਰਦੇਸ ਗਏ ਪਤੀ ਦੀ ਨਾਰ ਦਾ ਹਿਰਦਾ ਤੜਪ ਉੱਠਦਾ ਹੈ ਤੇ ਉਹ ਕੁਰਲਾਉਂਦੀ ਹੋਈ ਆਖਦੀ ਹੈ ਕਿ) ਮੈਨੂੰ ਆਪਣਾ ਪਤੀ ਅਤਿ ਪਿਆਰਾ ਲੱਗ ਰਿਹਾ ਹੈ ਭਾਵੇਂ ਉਹ ਪਰਦੇਸ ’ਚ ਹਨ।

ਪਿਰੁ ਘਰਿ ਨਹੀ ਆਵੈ, ਮਰੀਐ ਹਾਵੈ; ਦਾਮਨਿ ਚਮਕਿ ਡਰਾਏ ਸੇਜ ਇਕੇਲੀ, ਖਰੀ ਦੁਹੇਲੀ; ਮਰਣੁ ਭਇਆ ਦੁਖੁ ਮਾਏ ਅਰਥ : ਹੇ ਮਾਂ ! (ਜਦ ਤੱਕ) ਪਤੀ ਘਰ ’ਚ ਨਹੀਂ ਆਉਂਦਾ, ਮੈਂ ਹਾਹੁਕੇ ਭਰ ਰੌਂਦੀ ਹਾਂ, ਬਿਜਲੀ ਚਮਕ ਕੇ ਡਰਾ ਰਹੀ ਹੈ। (ਪਤੀ ਦੇ ਵਿਛੋੜੇ ਕਾਰਨ) ਮੇਰੀ ਸੱਖਣੀ ਸੇਜ ਦੁਖਦਾਈ ਬਣ ਗਈ ਹੈ। ਦੁੱਖ; ਮੌਤ ਸਮਾਨ ਜਾਪਦਾ ਹੈ।

ਹਰਿ ਬਿਨੁ, ਨੀਦ ਭੂਖ ਕਹੁ ਕੈਸੀ; ਕਾਪੜੁ ਤਨਿ ਸੁਖਾਵਏ ਅਰਥ : (ਜਿਸ ਤਰ੍ਹਾਂ ਪਤੀ ਤੋਂ ਵਿਛੁੜੀ ਦੁਨਿਆਵੀ ਪਤਨੀ ਦੁੱਖੀ ਰਹਿੰਦੀ ਹੈ; ਉਸੇ ਤਰ੍ਹਾਂ ਪ੍ਰਭੂ-ਪਤੀ ਤੋਂ ਵਿਛੁੜੀ ਜੀਵ-ਇਸਤ੍ਰੀ ਨੂੰ) ਪ੍ਰਭੂ ਦੇ ਮਿਲਾਪ ਤੋਂ ਬਿਨਾਂ ਨਾਹ ਨੀਂਦ, ਨਾਹ ਭੁੱਖ ਲੱਗਦੀ ਹੈ। ਕੱਪੜਾ ਭੀ ਸਰੀਰ ਉੱਤੇ ਨਹੀਂ ਸੁਖਾਂਦਾ।

ਨਾਨਕ  ! ਸਾ ਸੋਹਾਗਣਿ ਕੰਤੀ; ਪਿਰ ਕੈ ਅੰਕਿ ਸਮਾਵਏ (ਤੁਖਾਰੀ ਬਾਰਹਮਾਹਾ/ ਮਹਲਾ /੧੧੦੮) ਅਰਥ : ਪਰ ਹੇ ਨਾਨਕ ! ਉਹੀ ਭਾਗਾਂ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪਿਆਰ ਦੀ ਹੱਕਦਾਰ ਹੈ, ਜੋ ਸਦਾ ਪ੍ਰਭੂ ਦੀ ਯਾਦ ’ਚ ਲੀਨ ਰਹਿੰਦੀ ਹੈ ਭਾਵ ਜੋ ਪਤੀ-ਪ੍ਰਮੇਸ਼ਰ ਨੂੰ ਯਾਦ ਨਹੀਂ ਕਰਦੀ ਉਸ ਅੰਦਰ ਸਾਵਣ ਦਾ ਮਹੀਨਾ ਵੀ ਤੜਫ ਪੈਦਾ ਨਹੀਂ ਕਰ ਸਕਦਾ।

ਉਕਤ ਕੀਤੀ ਬਾਰਹਮਾਹਾ ਦੀ ਵਿਚਾਰ ਤੋਂ ਇਲਾਵਾ ਗੁਰਬਾਣੀ ’ਚ ਹੋਰ ਥਾਂਵਾਂ ’ਤੇ ਭੀ ਸਾਵਣ ਮਹੀਨੇ ਦਾ ਜ਼ਿਕਰ ਹੈ; ਜਿਵੇਂ ਕਿ

ਨਾਨਕ ! ਸਾਵਣਿ, ਜੇ ਵਸੈ; ਚਹੁ ਓਮਾਹਾ ਹੋਇ ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ (ਮਹਲਾ /੧੨੭੯) ਅਰਥ : ਹੇ ਨਾਨਕ ! ਜੇ ਸਾਵਣ ਦੇ ਮਹੀਨੇ ਮੀਂਹ ਪੈ ਜਾਏ ਤਾਂ ਚਾਰ ਧਿਰਾਂ ‘ਸੱਪਾਂ, ਹਿਰਨਾਂ, ਮੱਛੀਆਂ ਤੇ ਰਸਾਂ ਦੇ ਆਸ਼ਕਾਂ (ਯਾਨੀ ਐਸ਼ਪ੍ਰਸਤ ਧਨਾਢਾਂ, ਜਿਨ੍ਹਾਂ ਦੇ) ਘਰ ’ਚ ਧਨ ਹੁੰਦਾ ਹੈ’; ਅੰਦਰ ਚਾਉ ਉਪਜਦਾ ਹੈ।

ਨਾਨਕ ! ਸਾਵਣਿ, ਜੇ ਵਸੈ; ਚਹੁ ਵੇਛੋੜਾ ਹੋਇ ਗਾਈ ਪੁਤਾ ਨਿਰਧਨਾ; ਪੰਥੀ ਚਾਕਰੁ ਹੋਇ (ਮਹਲਾ /੧੨੭੯) ਅਰਥ : ਹੇ ਨਾਨਕ ! ਜੇ ਸਾਵਣ ਮਹੀਨੇ ’ਚ ਮੀਂਹ ਪੈ ਜਾਏ ਤਾਂ ਚਾਰ ਧਿਰਾਂ ਅੰਦਰ ਚਾਉ ਨਹੀਂ ਉਪਜਦਾ। ਉਹ ਹਨ ਗਾਈਆਂ ਦੇ ਵੱਛੜੇ (ਕਿਉਂਕਿ ਮੀਂਹ ਪਿਆਂ ਗਾਈਆਂ ਨੂੰ ਚਾਰਨ ਲਈ ਲੈ ਜਾਂਦੇ ਹਨ ਤੇ ਉਨ੍ਹਾਂ ਨੂੰ ਘਰ ਛੱਡ ਦਿੱਤਾ ਜਾਂਦਾ ਹੈ), ਗਰੀਬਾਂ (ਕਿਉਂਕਿ ਦਿਹਾੜੀ ਨਹੀਂ ਮਿਲਦੀ), ਰਾਹੀ ਤੇ ਨੌਕਰ (ਕਿਉਂਕਿ ਇਨ੍ਹਾਂ ਦਾ ਕੰਮ ਵਧ ਜਾਂਦਾ ਹੈ)। ਇਉਂ ਹੀ ਗੁਰੂ ਦੇ ਦਰ ਤੋਂ ਨਾਮ-ਵਰਖਾ ਹੋਣ ’ਤੇ ਗੁਰਮੁਖਾਂ ਅੰਦਰ ਖਿੜਾਅ ਉਪਜਦਾ ਹੈ, ਪਰ ਮਨਮੁਖ ਇਸ ਤੋਂ ਬਾਂਝੇ ਰਹਿ ਜਾਂਦੇ ਹਨ।

ਮੋਰੀ ਰੁਣ ਝੁਣ ਲਾਇਆ; ਭੈਣੇ ! ਸਾਵਣੁ ਆਇਆ (ਮਹਲਾ /੫੫੮) ਅਰਥ : ਹੇ ਭੈਣ ! ਸਾਵਨ (ਦਾ ਮਹੀਨਾ) ਆ ਗਿਆ ਹੈ (ਵਰਖਾ ਰੁੱਤ ਦਾ ਮੀਂਹ ਪੈਣ ਕਾਰਨ) ਮੋਰਾਂ ਨੇ ਖੁਸ਼ੀ ਦੇ ਮਿੱਠੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ।

ਸਾਵਣੁ ਆਇਆ ਹੇ ਸਖੀ ! ਜਲਹਰੁ ਬਰਸਨਹਾਰੁ ਨਾਨਕ ! ਸੁਖਿ ਸਵਨੁ ਸੋਹਾਗਣੀ; ਜਿਨ੍, ਸਹ ਨਾਲਿ ਪਿਆਰੁ (ਮਹਲਾ /੧੨੮੦) ਹੇ ਸਖੀ ! ਸਾਵਣ ਮਹੀਨਾ ਆ ਗਿਆ ਤੇ ਬੱਦਲ ਵਰ੍ਹਾਊ ਹੋ ਗਿਆ ਹੈ। (ਇਸ ਸੁਹਾਵਣੇ ਸਮੇਂ) ਜਿਨ੍ਹਾਂ (ਜੀਵ-ਇਸਤ੍ਰੀਆਂ ਦਾ) ਖਸਮ (ਪ੍ਰਭੂ) ਨਾਲ ਪਿਆਰ ਪੈ ਗਿਆ, ਉਹ ਭਾਗਾਂ ਵਾਲੀਆਂ ਬੇਫ਼ਿਕਰ ਹੋ ਕੇ ਸੌਂਦੀਆਂ ਹਨ।

ਭਗਤ ਨਾਮਦੇਵ ਜੀ ਦੇ ਬਚਨ ਹਨ ਕਿ ਜਿਸ ਅੰਦਰ ਪਤੀ-ਪਰਮੇਸ਼ਰ ਨਾਲ਼ ਪ੍ਰੀਤ ਪੈਦਾ ਹੋ ਗਈ, ਉਹ ਕੇਵਲ ਸਾਵਣ ਮਹੀਨੇ ਦੇ ਅਨੰਦ ਤੱਕ ਸੀਮਤ ਨਹੀਂ ਰਹਿੰਦਾ ਭਾਵ ਉਸ ਲਈ ਸਦਾ ਨਾਮ-ਅੰਮ੍ਰਿਤ ਦੀ ਵਰਖਾ ਹੋਣ ਲੱਗਦੀ ਹੈ ‘‘ਅਣਮੜਿਆ ਮੰਦਲੁ (ਢੋਲ) ਬਾਜੈ ਬਿਨੁ ਸਾਵਣ, ਘਨਹਰੁ (ਬੱਦਲ) ਗਾਜੈ ਬਾਦਲ ਬਿਨੁ, ਬਰਖਾ ਹੋਈ ਜਉ, ਤਤੁ ਬਿਚਾਰੈ ਕੋਈ ’’ (ਭਗਤ ਨਾਮਦੇਵ ਜੀ/੬੫੭), ਐਸੀ ਨਿਰੰਤਰ ਵਰਖਾ ਦਾ ਅਨੰਦ ਮਾਨਣ ਲਈ ਆਪਣੇ ਪਿਆਰੇ ਰਾਮ ਨਾਲ਼ ਇੱਕ-ਮਿੱਕ ਹੋਣਾ ਪੈਣਾ ਹੈ; ਜਿਵੇਂ ਕਿ ਭਗਤ ਨਾਮਦੇਵ ਜੀ ਦੇ ਬਚਨ ਹਨ ‘‘ਮੋ ਕਉ ਮਿਲਿਓ ਰਾਮੁ ਸਨੇਹੀ ਜਿਹ ਮਿਲਿਐ, ਦੇਹ ਸੁਦੇਹੀ ਰਹਾਉ ’’ ਭਾਵ ਮੈਨੂੰ ਪਿਆਰਾ ਰਾਮ ਮਿਲ ਪਿਆ। ਜਿਸ ਦੇ ਮਿਲਣ ਨਾਲ਼ ਮੇਰੀ ਦੇਹ ਸੁੰਦਰ ਬਣ ਗਈ। ਜੀਵਨ ਸਫਲ ਹੋ ਗਿਆ।

ਸਾਵਣ ਮਹੀਨੇ ਦੀਆਂ ਕੁੱਝ ਇਤਿਹਾਸਕ ਘਟਨਾਵਾਂ ਨੂੰ ਵੀ ਜਾਣਨਾ ਜ਼ਰੂਰੀ ਹੈ; ਜਿਵੇਂ ਕਿ ਭਾਈ ਤਾਰੂ ਸਿੰਘ ਜੀ ਨੂੰ ਸੰਘਰਸ਼ ਕਰ ਰਹੇ ਸਿੰਘਾਂ ਦੀ ਮਦਦ ਕਰਨ ਬਦਲੇ ੧ ਸਾਵਣ ਬਿਕ੍ਰਮੀ ਸੰਮਤ ੧੮੦੨ ਨੂੰ ਖੋਪਰੀ ਉਤਾਰ ਕੇ ਸ਼ਹੀਦ ਕਰ ਦਿੱਤਾ ਸੀ। ਉਹ, ਸਿੱਖੀ ਕੇਸਾਂ ਸੰਗ ਨਿਭਾਉਣ ਦਾ ਆਪਣਾ ਪ੍ਰਣ ਪੂਰਾ ਕਰ ਗਏ ਸਨ।

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ੧੮ ਹਾੜ ਬਿਕ੍ਰਮੀ ਸੰਮਤ ੧੬੬੩ ਨੂੰ ਇੱਕ ਥੜ੍ਹੇ (ਜਿਸ ਨੂੰ ਹੁਣ ਅਕਾਲ ਤਖ਼ਤ ਸਾਹਿਬ ਕਿਹਾ ਜਾਂਦਾ ਹੈ) ਦੀ ਉਸਾਰੀ ਕੀਤੀ। ਇਸ ਤੋਂ 19 ਦਿਨ ਬਾਅਦ ਇਸੇ ਸਥਾਨ ’ਤੇ ਬੈਠ ਕੇ ੬ ਸਾਵਣ ਸੰਮਤ ੧੬੬੩ ਨੂੰ ਆਪ ਨੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਇਹ ਦਿਹਾੜਾ; ਹਰ ਸਾਲ ਮੀਰੀ-ਪੀਰੀ ਦਿਵਸ ਵਜੋਂ ੬ ਸਾਵਣ ਨੂੰ ਮਨਾਇਆ ਜਾਂਦਾ ਹੈ।

ਗੁਰੂ ਹਰਿਰਾਇ ਸਾਹਿਬ ਜੀ ਦੇ ਗ੍ਰਹਿ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ੮ ਸਾਵਣ ਬਿਕ੍ਰਮੀ ਸੰਮਤ ੧੭੧੩ ਨੂੰ ਸ਼ੀਸ਼ ਮਹਿਲ ਕੀਰਤਪੁਰ ਸਾਹਿਬ ਵਿਖੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਜਨਮ ਹੋਇਆ।

ਅੰਮ੍ਰਿਤਸਰ ਤੋਂ 13 ਕਿਲੋਮੀਟਰ ਦੂਰ ਪਿੰਡ ਘੁੱਕੇਵਾਲ਼ੀ ਵਿਖੇ ਗੁਰਦੁਆਰਾ ਸਾਹਿਬ ਦੇ ਬਾਗ਼ ’ਚੋਂ ਗੁਰੂ ਕੇ ਲੰਗਰ ਲਈ ਲੱਕੜਾਂ ਕੱਟਣ ਗਏ ਪੰਜ ਸਿੰਘਾਂ ਵਿਰੁੱਧ ਮਹੰਤ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ, ਜਿਸ ਕਾਰਨ ਪੰਜੇ ਸਿੰਘਾਂ ਨੂੰ 6-6 ਮਹੀਨੇ ਦੀ ਕੈਦ ਅਤੇ 50-50 ਰੁਪਏ ਜਰਮਾਨਾ ਲਾਇਆ ਗਿਆ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਬਾਗ਼ ਉੱਤੇ ਆਪਣਾ ਹੱਕ ਜਤਾਉਣ ਲਈ ਅਤੇ ਸਰਕਾਰੀ ਧੱਕੇਸ਼ਾਹੀ ਵਿਰੁੱਧ ਮੋਰਚਾ ਲਾਇਆ, ਜੋ ੨੪ ਸਾਵਣ ਬਿਕ੍ਰਮੀ ਸੰਮਤ ੧੯੭੮ (8 ਅਗਸਤ 1921 ਈ:) ਤੋਂ ਲੈ ਕੇ ੨੨ ਕੱਤਕ ਬਿਕ੍ਰਮੀ ਸੰਮਤ ੧੯੭੯ (7 ਨਵੰਬਰ 1922) ਤੱਕ ਚੱਲਿਆ ਤੇ ਅੰਗਰੇਜ਼ ਸਰਕਾਰ ਨੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਸਪੁਰਦ ਕਰ ਦਿੱਤਾ। ਇਹ ਦਿਹਾੜਾ; ਹਰ ਸਾਲ ੨੪ ਸਾਵਣ ਨੂੰ ਗੁਰੂ ਕੇ ਬਾਗ ਮੋਰਚੇ ਦੀ ਯਾਦ ’ਚ ਮਨਾਇਆ ਜਾਂਦਾ ਹੈ।

ਦਸਤਾਰਧਾਰੀ ਜਾਂਬਾਜ਼

0

                    ਦਸਤਾਰਧਾਰੀ ਜਾਂਬਾਜ਼

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ 0175-2216783

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘ ਸਜਾ ਕੇ ਜੋ ਸਰੀਰਾਂ ਅੰਦਰ ਰੂਹ ਫੂਕੀ ਸੀ, ਉਸ ਨੇ ਕਿਵੇਂ ਦੇ ਜਾਂਬਾਜ਼ (ਤੇਜ਼-ਤਰਾਰ ਮਨੁੱਖ) ਪੈਦਾ ਕੀਤੇ, ਉਨ੍ਹਾਂ ਵਿੱਚੋਂ ਹੀ ਕੁੱਝ ਕੁ ਦਾ ਜ਼ਿਕਰ ਕਰਨ ਲੱਗੀ ਹਾਂ।

ਸਭ ਤੋਂ ਔਖਾ ਉਹ ਸਮਾਂ ਹੁੰਦਾ ਹੈ ਜਦੋਂ ਸਾਹਮਣੇ ਮੌਤ ਵੇਖ ਕੇ ਵੀ ਆਪਣੇ ਲਈ ਨਹੀਂ ਬਲਕਿ ਹੋਰਨਾਂ ਦੀ ਰਾਖੀ ਕਰਦਿਆਂ ਆਪ ਹੀ ਅਗਾਂਹ ਹੋ ਕੇ ਭਰ ਜਵਾਨੀ ਵਿਚ ਮੌਤ ਨੂੰ ਲਾੜੀ ਦੇ ਤੁਲ ਮੰਨ ਕੇ ਹਸਦਿਆਂ ਹਸਦਿਆਂ ਕੁਰਬਾਨ ਹੋ ਜਾਣਾ ਹੁੰਦਾ ਹੈ। ਆਪਣੇ ਜੰਮਣ ਵਾਲਿਆਂ, ਜੀਵਨ ਸਾਥਣ, ਗੋਦ ਵਿਚ ਪੈ ਕੇ ਕਿਲਕਾਰੀ ਮਾਰਨ ਨੂੰ ਤਰਸਦਾ ਬਾਲ ਅਤੇ ਅੱਗੇ ਆਉਣ ਵਾਲੇ ਖੁਸ਼ਨੁਮਾ ਪਲਾਂ ਨੂੰ ਕੁਰਬਾਨ ਕਰਕੇ ਸਿਰਫ਼ ਦੇਸ ਦਾ ਮਾਣ ਵਧਾਉਣ ਲਈ, ਜਿਨ੍ਹਾਂ ਨੇ ਇੱਕ ਹੁੰਦਿਆਂ ਵੀ ਸਵਾ ਲੱਖ ਨਾਲ ਲੜ ਕੇ ਦਸਤਾਰ ਨਾਲ ਮਿਲੀ ਰੂਹਾਨੀ ਤਾਕਤ ਨੂੰ ਦੁਨੀਆ ਸਾਹਮਣੇ ਦਰਸਾਇਆ, ਉਸ ਤਰ੍ਹਾਂ ਦੀ ਮਿਸਾਲ ਦੁਨੀਆ ਦੇ ਹੋਰ ਹਿੱਸਿਆਂ ਵਿਚ ਹਾਲੇ ਤੱਕ ਨਹੀਂ ਦਿਸੀ।

ਜੈਸਲਮੇਰ ਦੇ ਫੌਜੀ ਇਲਾਕੇ ਵਿਚ ਰੋਜ਼ ਸ਼ਾਮ ਨੂੰ ਇੱਕ ਫਿਲਮ ਵਿਖਾਈ ਜਾਂਦੀ ਹੈ, ਜਿਸ ਵਿਚ ਉਸ ਥਾਂ ਉੱਤੇ 23 ਪੰਜਾਬ ਰੈਜਮੈਂਟ ਵੱਲੋਂ ਵਿਖਾਈ ਲਾਮਿਸਾਲ ਵੀਰਤਾ ਦੀ ਕਹਾਣੀ ਦੁਹਰਾਈ ਜਾਂਦੀ ਹੈ। ਬੜੇ ਫ਼ਖ਼ਰ ਨਾਲ ਅਨੇਕ ਵਾਰ ਇੱਕ-ਇੱਕ ਦਸਤਾਰਧਾਰੀ ਜਾਂਬਾਜ਼ ਵੱਲੋਂ ਗੱਜ ਕੇ ਬੁਲਾਏ ਫ਼ਤਿਹ ਦੇ ਜੈਕਾਰੇ ਨੂੰ ਗਗਨ ਚੁੰਬੀ ਆਵਾਜ਼ ਨਾਲ ਚੁਫ਼ੇਰੇ ਰੌਸ਼ਨੀਆਂ ਹੇਠ ਟੈਂਕਾਂ ਤੇ ਤੋਪਾਂ ਦੇ ਗੋਲ਼ਿਆਂ ਵਿਚ ਸੁਣਾਇਆ ਜਾਂਦਾ ਹੈ। ਮਹਾਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਸ਼ੇਰ ਵਰਗੀ ਦਹਾੜ ਜਦੋਂ ਸੁਣਦੀ ਹੈ ਤਾਂ ਹਰ ਵੇਖਣ ਵਾਲੇ ਦੇ ਸਰੀਰ ਅੰਦਰਲਾ ਲਹੂ ਉਬਾਲੇ ਖਾਣ ਲੱਗਦਾ ਹੈ।

ਜਿਉਂ ਹੀ ਲਾਈਟ ਐਂਡ ਸਾਊਂਡ ਫਿਲਮ ਵਿਚ ਆਰ ਜਾਂ ਪਾਰ ਦੀ ਜੰਗ ਵਿੱਢਣ ਤੋਂ ਪਹਿਲਾਂ ਖਾਲਸਾ ਝੰਡਾ ਸਕਰੀਨ ਉੱਤੇ ਵਿਖਾ ਕੇ, ਫਿਰ ਖੰਡਾ ਲਹਿਰਾ ਕੇ, ਗੱਜ ਕੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਨਾਲ ‘ਜੈ ਹਿੰਦ’ ਕਹਿੰਦਿਆਂ ਦਸਤਾਰਧਾਰੀ ਛਾਲਾਂ ਮਾਰਦਿਆਂ ਅਗਾਂਹ ਤੁਰਦੇ ਵਿਖਾਈ ਦਿੰਦੇ ਹਨ ਤਾਂ ਹਰ ਵੇਖਣ ਵਾਲਾ ਜਾਤ-ਪਾਤ, ਧਰਮ ਭੁਲਾ ਕੇ ਫ਼ਤਿਹ ਦੇ ਜੈਕਾਰੇ ਦੇ ਨਾਲ ਹੀ ਸਤਿ ਸ੍ਰੀ ਅਕਾਲ ਅਤੇ ਜੈ ਹਿੰਦ ਬੁਲਾਉਂਦਾ ਦਿੱਸਦਾ ਹੈ। ਜਿਸ ਬਹਾਦਰੀ ਨਾਲ ਸਿੱਖ ਫ਼ੌਜੀਆਂ ਵੱਲੋਂ ਪਾਕਿਸਤਾਨੀ ਟੈਂਕਾਂ ਉੱਤੇ ਹੱਲਾ ਬੋਲਦਿਆਂ ਵਿਖਾਇਆ ਜਾਂਦਾ ਹੈ, ਹਰ ਕਿਸੇ ਦਾ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ। ਸਿੱਖ ਫ਼ੌਜੀ ਨੂੰ ਸ਼ਹੀਦ ਹੁੰਦਿਆਂ ਵੇਖ ਇੱਕ ਵੀ ਜਣਾ ਹੰਝੂ ਕੇਰਨ ਤੋਂ ਬਿਨਾਂ ਨਹੀਂ ਰਹਿੰਦਾ। ਜਿਉਂ ਹੀ ‘ਦੇਹ ਸ਼ਿਵਾ’ ਉਚਾਰਿਆ ਜਾਂਦਾ ਹੈ, ਉੱਥੇ ਸਭ ਖੜ੍ਹੇ ਹੋ ਕੇ ਮਹਾ ਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਜੀ ਦੀ ਜਿਉਂਦੀ ਜਾਗਦੀ ਤਸਵੀਰ ਤੇ ਚਿਹਰੇ ਦੇ ਜਲੌ (ਰੋਹਬ) ਨੂੰ ਵੇਖ ਸਲਾਮ ਕਰਨ ਲਈ ਮਜਬੂਰ ਹੋ ਜਾਂਦੇ ਹਨ।

ਮੇਰੇ ਪਤੀ ਡਾ. ਗੁਰਪਾਲ ਸਿੰਘ ਦੇ ਸਿਰ ਸਜੀ ਦਸਤਾਰ ਵੇਖ ਹਰ ਫ਼ੌਜੀ ਨੇ ਸੈਲੂਟ ਕਰ ਕੇ ਇੱਜ਼ਤ ਦਿੰਦਿਆਂ ਇਹੀ ਕਿਹਾ- ‘ਆਜ ਜੈਸਲਮੇਰ ਅਗਰ ਭਾਰਤ ਕਾ ਹਿੱਸਾ ਹੈ ਤੋ ਸਿਰਫ਼ ਏਕ ਬੱਬਰ ਸ਼ੇਰ ਕੁਲਦੀਪ ਚਾਂਦਪੁਰੀ ਜੀ ਕੇ ਕਾਰਨ ਹੀ ਹੈ। ਹਰ ਸਿੱਖ ਭਾਈ ਕੋ ਹਮਾਰਾ ਸਲਾਮ ਹੈ। ਉਨਕੇ ਜਜ਼ਬੇ ਕੋ ਸਲਾਮ ਹੈ।’

23 ਪੰਜਾਬ ਰੈਜਮੈਂਟ ਦੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ 120 ਫ਼ੌਜੀਆਂ ਕੋਲੋਂ ਜਿਸ ਬਹਾਦਰੀ ਨਾਲ ਚਾਂਦਪੁਰੀ ਜੀ ਨੇ 5 ਅਤੇ 6 ਦਸੰਬਰ 1971 ਨੂੰ 20,000 ਪਾਕਿਸਤਾਨੀ ਫ਼ੌਜੀਆਂ, ਟੈਂਕਾਂ, ਤੋਪਾਂ ਦੇ ਸਾਹਮਣੇ ਜੂਝਣ ਲਈ ਟਿਕਾਈ ਰੱਖਿਆ, ਉਹ ਜੰਗ ਅੱਜ ਬ੍ਰਿਟੇਨ ਵਿਖੇ ਇਕ ਮਿਸਾਲੀ ਜੰਗ ਵਜੋਂ ਫ਼ੌਜੀਆਂ ਲਈ ਸਿਖਲਾਈ ਦਾ ਹਿੱਸਾ ਬਣਾ ਦਿੱਤੀ ਗਈ ਹੈ। ਸਭ ਮੰਨਦੇ ਹਨ ਕਿ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਐਨੇ ਬੁਲੰਦ ਸਨ ਕਿ ਪਾਕਿਸਤਾਨੀ ਫ਼ੌਜੀਆਂ ਨੂੰ ਭੁਲੇਖਾ ਪੈ ਗਿਆ ਸੀ ਕਿ ਲੌਂਗੇਵਾਲ (ਰਾਜਸਥਾਨ) ਦੀ ਨਿੱਕੀ ਜਿਹੀ ਪੋਸਟ ਉੱਤੇ ਖ਼ੌਰੇ 50,000 ਦੀ ਫ਼ੌਜ ਖੜ੍ਹੀ ਹੋਈ ਹੈ।

ਐਨੀ ਫ਼ੌਜ ਨਾਲ ਜੂਝਦਿਆਂ ਸਿਰਫ਼ ਦੋ ਸ਼ਹੀਦੀਆਂ ਹੋਣੀਆਂ ਤੇ ਦੁਸ਼ਮਨ ਫ਼ੌਜੀਆਂ ਅਤੇ ਉਨ੍ਹਾਂ ਦੇ ਟੈਂਕਾਂ ਨੂੰ ਨੇਸਤਾ ਨਾਬੂਤ ਕਰ ਦੇਣਾ ਕੋਈ ਖਾਲਾ ਜੀ ਦਾ ਘਰ ਨਹੀਂ ਸੀ।

ਕੌਣ ਭੁਲਾ ਸਕਦਾ ਹੈ ਲੈਫ. ਜਨਰਲ ਬਿਕਰਮ ਸਿੰਘ ਜੀ ਨੂੰ, ਜੋ ਸੰਨ 1933 ਵਿਚ ਫ਼ੌਜ ਵਿਚ ਭਰਤੀ ਹੋਏ। ਉਨ੍ਹਾਂ ਨੂੰ ਅੱਜ ਤਾਈਂ ਚੀਨੀ ਨਹੀਂ ਭੁਲਾ ਸਕੇ ਅਤੇ ਹੁਣ ਤੱਕ ‘ਡਰੈਗਨ ਕਿੱਲਰ’ ਵਜੋਂ ਹੀ ਯਾਦ ਕਰਦੇ ਹਨ। ਸੰਨ 1962 ਵਿਚ ਲੱਦਾਖ ਵਿਚ ਚੀਨੀ ਫ਼ੌਜੀਆਂ ਨੂੰ, ਜਿਸ ਢੰਗ ਨਾਲ ਵੱਢਿਆ ਤੇ ਦਹਿਸ਼ਤ ਫੈਲਾਈ, ਚੀਨੀ ਫ਼ੌਜੀ ਦਸਤਾਰ ਵੇਖਦਿਆਂ ਪਿਛਾਂਹ ਭੱਜਣ ਲੱਗ ਪਏ ਸਨ।

ਲੱਦਾਖ ਦੇ ਬੋਧੀਆਂ ਨੇ ਅਜਿਹੀ ਬਹਾਦਰੀ ਬਾਰੇ ਕਦੇ ਸੁਣਿਆ, ਵੇਖਿਆ ਵੀ ਨਹੀਂ ਸੀ। ਉਨ੍ਹਾਂ ਨੂੰ ‘ਸਿੰਘ’ ਦੀ ਤਾਕਤ ਦਾ ਅੰਦਾਜ਼ਾ ਹੀ ਨਹੀਂ ਸੀ। ਇਹੀ ਕਾਰਨ ਹੈ ਕਿ ਉੱਥੇ ਵੱਸਦਾ ਹਰ ‘ਲਾਮਾ’ ਆਪਣੇ ਗੋਂਪੇ ਵਿਚ ਅਤੇ ਬੁੱਧ ਮੋਨੈਸਟਰੀਆਂ ਵਿਚ ਲੈਫ. ਜਨਰਲ ਬਿਕਰਮ ਸਿੰਘ ਨੂੰ ਹੀਰੋ ਵਜੋਂ ਯਾਦ ਰੱਖਣ ਵਾਸਤੇ, ਨਾ ਸਿਰਫ਼ ਯਾਦਗਾਰ ਬਣਾ ਕੇ ਬੈਠਾ ਹੈ ਬਲਕਿ ਲੋਕ ਗੀਤਾਂ ਦਾ ਹਿੱਸਾ ਬਣਾ ਕੇ ਅਮਰ ਕਰ ਚੁੱਕਿਆ ਹੈ। ਜੰਮੂ ਵਿਚ ਇੱਕ ਚੌਂਕ ਦਾ ਨਾਂ ਹੀ ਬਿਕਰਮ ਸਿੰਘ ਜੀ ਉੱਤੇ ਰੱਖਿਆ ਗਿਆ ਹੈ ਅਤੇ ਉੱਥੇ ਉਨ੍ਹਾਂ ਦਾ ਬੁੱਤ ਸੁਸ਼ੋਭਿਤ ਹੈ।

ਪੰਜਾਬ ਦੇ ਫ਼ਰੀਦਕੋਟ ਦਾ ਨਾਯਾਬ (ਬਹੁ ਕੀਮਤੀ) ਹੀਰਾ ਮਹਾਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਸੰਤ ਸਿੰਘ; ਭਾਰਤ ਦੀ ਫ਼ੌਜ ਦੇ ਚਮਕਦੇ ਸਿਤਾਰਿਆਂ ਦੀ ਸਿਖਰਲੀ ਕਤਾਰ ਵਿਚ ਸ਼ਾਮਲ ਕੀਤਾ ਗਿਆ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਦੁਸ਼ਮਨਾਂ ਦੇ ਛੱਕੇ ਛੁਡਾਉਣ ਵਾਲਾ ਇਹ ਹੀਰਾ ਅੱਜ ਤੱਕ ‘ਸੰਤ ਸਿਪਾਹੀ’ ਵਜੋਂ ਹੀ ਯਾਦ ਕੀਤਾ ਜਾਂਦਾ ਹੈ। ਸਿੱਖੀ ਦੇ ਸਿਧਾਂਤਾਂ ਨੂੰ ਪ੍ਰਣਾਇਆ ਇਹ ਹੀਰਾ ਸਵਾ ਲੱਖ ਨਾਲ ਲੜ ਜਾਣ ਵਾਲਾ ਮੰਨਿਆ ਜਾ ਚੁੱਕਿਆ ਹੈ। ਸ਼ਾਂਤ ਸੁਭਾਅ ਅਤੇ ਹਰ ਕਿਸੇ ਨੂੰ ਖਿੜੇ ਮੱਥੇ ਮਿਲਣ ਵਾਲਾ ਇਹ ਜਾਂਬਾਜ਼; ਇੱਕ ਨਹੀਂ, ਦੋ ਦੋ ਜੰਗਾਂ ਵਿਚ ਸਰਵਉੱਚ ਸਨਮਾਨ ਹਾਸਲ ਕਰਨ ਵਾਲਾ ਸਾਬਤ ਹੋਇਆ। ਭਾਰਤੀ ਫ਼ੌਜ ਸੰਤ ਸਿੰਘ ਜੀ ਦੇ 1965 ਅਤੇ 1971 ਦੀ ਹਿੰਦ-ਪਾਕ ਜੰਗ ਵਿਚਲੇ ਬਹਾਦਰੀ ਦੇ ਕਾਰਨਾਮੇ ਭੁਲਾ ਹੀ ਨਹੀਂ ਸਕਦੀ ਕਿਉਂਕਿ ਪਾਕਿਸਤਾਨ ਦੀ ਭਾਰੀ ਫ਼ੌਜ ਦਾ ਜਿਸ ਬਹਾਦਰੀ ਨਾਲ ਥੋੜ੍ਹੇ ਜਿਹੇ ਫ਼ੌਜੀਆਂ ਨਾਲ ਸਾਹਮਣਾ ਕਰ ਕੇ, ਗੋਲ਼ਿਆਂ ਅਤੇ ਗੋਲ਼ੀਆਂ ਦੀ ਬੌਛਾਰ ਵਿੱਚੋਂ ਵੀ ਉਨ੍ਹਾਂ ਨੂੰ ਖਦੇੜ ਕੇ ਮੈਮਨ ਸਿੰਘ ਅਤੇ ਮਾਧੋਪੁਰ ਇਲਾਕਾ ਭਾਰਤ ਨਾਲ ਜੋੜਿਆ, ਇਹ ਸਿਰਫ਼ ਸੰਤ ਸਿਪਾਹੀ ਦੇ ਜੇਰੇ ਅਤੇ ਉਸ ਦੇ ਗਗਨ-ਚੁੰਬੀ ਫ਼ਤਿਹ ਦੇ ਜੈਕਾਰਿਆਂ ਸਦਕਾ ਹੀ ਸੰਭਵ ਹੋ ਸਕਿਆ।

ਕਦੇ ਕੋਈ ਸੁਫਨੇ ਵਿਚ ਵੀ ਸੋਚ ਸਕਦਾ ਹੈ ਕਿ ਇੱਕ ਜਰਨੈਲ ਇੱਕੋ ਦਿਨ ਵਿਚ ਦੁਸ਼ਮਨ ਦੇ 67 ਟੈਂਕ ਫ਼ਨਾਹ ਕਰ ਸਕਦਾ ਹੈ ? ‘ਸਵਾ ਲਾਖ ਸੇ ਏਕ ਲੜਾਉਂ’ ਦਾ ਜਿਊਂਦਾ ਜਾਗਦਾ ਇਤਿਹਾਸ ‘ਮੇਜਰ ਜਨਰਲ ਰਾਜਿੰਦਰ ਸਿੰਘ’ ਨੇ ਲਿਖਿਆ ! ‘ਸਪੈਰੋ’ ਨਾਂ ਨਾਲ ਮਸ਼ਹੂਰ ਰਾਜਿੰਦਰ ਸਿੰਘ ਨੂੰ ਦੋ ਵਾਰ ਬੇਮਿਸਾਲ ਬਹਾਦਰੀ ਵਾਸਤੇ ਮਹਾਵੀਰ ਚੱਕਰ ਦਿੱਤਾ ਗਿਆ। ਪਹਿਲਾ ਸੰਨ 1947 ਵਿਚ ‘ਝੰਗਰ’ (ਫਾਜ਼ਿਲਕਾ, ਪੰਜਾਬ) ਨੂੰ ਪਾਕਿਸਤਾਨ ਹੱਥੋਂ ਬਚਾ ਕੇ ਭਾਰਤ ਵਿਚ ਸ਼ਾਮਲ ਕਰਨ ਲਈ ਅਤੇ ਦੂਜੀ ਵਾਰ 1965 ਦੀ ਭਾਰਤ ਪਾਕ ਜੰਗ ਵਿਚ।

ਭਾਰਤੀ ਫ਼ੌਜ ਦੇ ਹਰ ਜਵਾਨ ਨੂੰ ਇਹ ਬਹਾਦਰੀ ਦੀ ਗਾਥਾ ਸੁਣਾਈ ਜਾਂਦੀ ਹੈ ਕਿ ਕਿਵੇਂ ਬੱਬਰ ਸ਼ੇਰ ਸਪੈਰੋ ਨੇ ਫਿਲੌਰਾ (ਬੰਗਲਾਦੇਸ਼) ਦੀ ਜੰਗ ਵਿਚ ਇੱਕੋ ਦਿਨ 67 ਦੁਸ਼ਮਣਾਂ ਦੇ ਟੈਂਕ ਫ਼ਨਾਹ ਕੀਤੇ ਅਤੇ ਆਪਣੀ ਛੋਟੀ ਜਿਹੀ ਫ਼ੌਜੀ ਟੁਕੜੀ ਨਾਲ 15 ਦਿਨ ਲਗਾਤਾਰ ਦੁਸ਼ਮਣਾਂ ਨਾਲ ਟੱਕਰ ਲੈਂਦਿਆਂ ਬਾਜ਼ ਵਾਂਗ ਹਮਲਾ ਕਰਦਿਆਂ 250 ਦੁਸ਼ਮਣਾਂ ਦੇ ਟੈਂਕ ਫੁੰਡ ਸੁੱਟੇ।

ਜਿੱਥੇ ਪਰਿੰਦਾ ਵੀ ਪਰ ਮਾਰਨ ਤੋਂ ਡਰਦਾ ਹੋਵੇ, ਉਸ ਜੋਜ਼ਿਲਾ ਪਾਸ (ਸੋਨਾਮਾਰਗ, ਜੰਮੂ ਕਸ਼ਮੀਰ) ਉੱਤੇ ਦੁਸ਼ਮਣਾਂ ਨੂੰ ਮੂੰਹ ਦੀ ਸਿਰਫ਼ ਇਸ ਲਈ ਖਾਣੀ ਪਈ ਕਿਉਂਕਿ ਉੱਡਣੇ ਬਾਜ਼ ਨੇ ਨਾਮੁਮਕਿਨ ਨੂੰ ਮੁਮਕਿਨ ਕਰ ਵਿਖਾਇਆ ਅਤੇ ਜੋਜ਼ਿਲਾ ਪਾਸ ਉੱਤੇ ਟੈਂਕ ਪਹੁੰਚਾ ਕੇ ਦੁਸ਼ਮਣਾਂ ਦੇ ਦੰਦ ਖੱਟੇ ਕਰ ਦਿੱਤੇ। ਇਹ ਦੁਨੀਆ ਦਾ ਵਿਲੱਖਣ ਰਿਕਾਰਡ ਹੈ ਕਿ ਐਨੀ ਉਚਾਈ ਉੱਤੇ ਕੋਈ ਵੀ ਟੈਂਕ ਪਹੁੰਚਾ ਨਹੀਂ ਸਕਿਆ, ਜੋ ‘ਸਪੈਰੋ’ ਨੇ ਕਰ ਵਿਖਾਇਆ। ਤਿੰਨ ਅਕਤੂਬਰ 1911 ਨੂੰ ਜੰਮਿਆ ਸਪੈਰੋ ਬਰਿਟਿਸ਼ ਆਰਮੀ ਰੈਜਮੈਂਟ ਲਿਵਰਪੂਲ ਵਿਖੇ ਵੀ ਨੌਕਰੀ ਕਰਦਾ ਰਿਹਾ ਸੀ ਤੇ ਉਸ ਨੇ ਵਿਸ਼ਵ ਜੰਗ ਦੂਜੀ ਵਿਚ ਵੀ ਬਹਾਦਰੀ ਦੇ ਜੌਹਰ ਵਿਖਾਏ ਸਨ। ਸੰਨ 1948 ਦੇ ਕਸ਼ਮੀਰ ਅਪਰੇਸ਼ਨ ਦੌਰਾਨ ਲੱਦਾਖ ਦਾ ਰਾਹ ਖੋਲਣ ਵਾਲਾ ਇਹ ਬੱਬਰ ਸ਼ੇਰ ਦਸਤਾਰ ਦਾ ਮਾਣ ਵਧਾ ਗਿਆ। ਸਲਾਮ ਹੈ ਉਸ ਦੇ ਜਜ਼ਬੇ ਨੂੰ।

ਕੈਪਟਨ ਈਸ਼ਰ ਸਿੰਘ ਦੀ ਵੀਰਤਾ ਦਾ ਲੋਹਾ ਫਿਰੰਗੀਆਂ ਨੇ ਵੀ ਮੰਨਿਆ ਸੀ। ਤੀਹ ਦਸੰਬਰ 1895 ਨੂੰ ਜੰਮੇ ਸਰਦਾਰ ਬਹਾਦਰ ਈਸ਼ਰ ਸਿੰਘ ਜੀ ਪਹਿਲੇ ਸਿੱਖ ਸਨ, ਜਿਨ੍ਹਾਂ ਨੂੰ ਬੇਮਿਸਾਲ ਯੋਧੇ ਵਜੋਂ 25 ਵਰ੍ਹਿਆਂ ਦੀ ਉਮਰ ਵਿਚ 28 ਪੰਜਾਬ ਰੈਜਮੈਂਟ ਵੱਲੋਂ ਵਜ਼ੀਰਸਤਾਨ ਵਿਚ ਬ੍ਰਿਟੇਨ ਵੱਲੋਂ ਲੜਦਿਆਂ ਵਿਕਟੋਰੀਆ ਕਰਾਸ ਦਿੱਤਾ ਗਿਆ। ਛਾਤੀ ਵਿਚ ਗੋਲ਼ੀ ਲੱਗਣ ਦੇ ਬਾਵਜੂਦ ਅਤੇ ਦੁਸ਼ਮਣਾਂ ਵੱਲੋਂ ਸਾਰੇ ਸਾਥੀ ਫ਼ੌਜੀਆਂ ਦੇ ਮਾਰੇ ਜਾਣ ਤੋਂ ਬਾਅਦ ਵੀ ਲਗਾਤਾਰ ਇਕੱਲੇ ਜੂਝਦਿਆਂ, ਨਾ ਸਿਰਫ਼ ਆਪਣੀ ਬੰਦੂਕ ਵਾਪਸ ਖੋਹੀ ਬਲਕਿ ਵਹਿੰਦੇ ਲਹੂ ਨਾਲ ਸਾਹਮਣੇ ਖੜ੍ਹੀ ਹਥਿਆਰਾਂ ਨਾਲ ਲੈਸ ਦੁਸ਼ਮਣ ਫ਼ੌਜੀਆਂ ਦੀ ਟੁਕੜੀ ਵੀ ਮਾਰ ਮੁਕਾਈ। ਹਾਲੇ ਏਥੇ ਹੀ ਬਸ ਨਹੀਂ ਹੋਈ, ਜਦੋਂ ਈਸ਼ਰ ਸਿੰਘ ਜੀ ਨੂੰ ਹਸਪਤਾਲ ਭੇਜਣ ਲਈ ਤਿਆਰੀ ਕੀਤੀ ਗਈ ਤਾਂ ਪਹਿਲਾਂ ਉਨ੍ਹਾਂ ਨੇ ਆਪਣੇ ਜ਼ਖ਼ਮੀ ਸਾਥੀ ਫ਼ੌਜੀਆਂ ਨੂੰ ਇਲਾਜ ਲਈ ਭੇਜਿਆ ਅਤੇ ਓਨੀ ਦੇਰ ਇਕੱਲੇ ਹੀ ਛਾਤੀ ਵਿੱਚੋਂ ਲਗਾਤਾਰ ਵਗਦੇ ਲਹੂ ਨਾਲ ਦੁਸ਼ਮਣਾਂ ਦਾ ਗੋਲ਼ੀਆਂ ਚਲਾ ਕੇ ਸਾਹਮਣਾ ਕਰਦਾ ਰਿਹਾ। ਜਦੋਂ ਇਲਾਜ ਲਈ ਡਟੇ ਡਾਕਟਰ ਵੱਲ ਦੁਸ਼ਮਣਾਂ ਨੇ ਗੋਲ਼ੀਆਂ ਚਲਾਈਆਂ ਤਾਂ ਈਸ਼ਰ ਸਿੰਘ ਜੀ ਨੇ ਆਪਣੇ ਸਰੀਰ ਨੂੰ ਢਾਲ਼ ਬਣਾ ਕੇ ਸਾਥੀ ਜ਼ਖ਼ਮੀ ਫ਼ੌਜੀਆਂ ਅਤੇ ਡਾਕਟਰ ਨੂੰ ਬਚਾਇਆ। ਤਿੰਨ ਘੰਟੇ ਇੰਜ ਹੀ ਵਗਦੇ ਲਹੂ ਅਤੇ ਛਲਣੀ ਸਰੀਰ ਨਾਲ ਡਟੇ ਰਹਿਣ ਸਦਕਾ ਹੀ ਵਿਸ਼ਵ ਜੰਗ ਦੂਜੀ ਵਿਚ ਉਨ੍ਹਾਂ ਨੂੰ ਪਹਿਲਾਂ ਦੇ ਮਿਲੇ ਵਿਕਟੋਰੀਆ ਕਰਾਸ ਦੇ ਨਾਲ ਬ੍ਰਿਟੇਨ ਦਾ ਸਰਵਉੱਚ ਸਨਮਾਨ ‘ਸਰਦਾਰ ਬਹਾਦਰ’ ਖਿਤਾਬ ਨਾਲ ਸਨਮਾਨਿਤ ਵੀ ਕੀਤਾ ਗਿਆ।

ਨਾਇਬ ਸੂਬੇਦਾਰ ਨੰਦ ਸਿੰਘ ਨੂੰ ਭਾਰਤ ਦੇ ਸਭ ਤੋਂ ਵੱਧ ਸਨਮਾਨਿਤ ਸਿੱਖ ਯੋਧੇ ਵਜੋਂ ਮਾਨਤਾ ਦਿੱਤੀ ਗਈ ਹੈ। ਪਹਿਲੇ ਵਿਸ਼ਵ ਜੰਗ ਵਿਚ ਵਿਕਟੋਰੀਆ ਕਰਾਸ ਹਾਸਲ ਕਰਨ ਤੋਂ ਬਾਅਦ 1947 ਵਿਚ ਜੰਮੂ ਕਸ਼ਮੀਰ ਵਿਚ ਉੜੀ ਇਲਾਕੇ ਵਿਚ ‘ਇੱਕ ਸਿੱਖ ਰੈਜਮੈਂਟ’ ਵੱਲੋਂ ਹਿੰਦ ਪਾਕਿ ਜੰਗ ਵਿਚ ਆਪਣੇ ਸਾਥੀਆਂ ਨੂੰ ਬਚਾਉਂਦੇ ਅਤੇ ਦੁਸ਼ਮਣਾਂ ਦੇ ਦੰਦ ਖੱਟੇ ਕਰਦਿਆਂ ਜਾਨ ਤੱਕ ਵਾਰ ਦਿੱਤੀ। ਮਹਾਵੀਰ ਚੱਕਰ ਵਿਜੇਤਾ ਦੇ ਬੇਜਾਨ ਸਰੀਰ ਨੂੰ ਅਤਿ ਦੇ ਘਿਨਾਉਣੇ ਢੰਗ ਨਾਲ ਮੁਜੱਫਰਾਬਾਦ ਵਿਚ ਟਰੱਕ ਉੱਤੇ ਰੱਖ ਦੁਸ਼ਮਣਾਂ ਵੱਲੋਂ ਨਿਰਾਦਰ ਕੀਤਾ ਗਿਆ। ਵਿਕਟੋਰੀਆ ਕਰਾਸ ਹਾਸਲ ਕਰਨਾ ਸੂਬੇਦਾਰ ਨੰਦ ਸਿੰਘ ਜੀ ਦੀ ਵਿਲੱਖਣ ਮਿਸਾਲ ਇਸ ਲਈ ਹੈ ਕਿਉਂਕਿ ਤਿੱਖੀ ਚੋਟੀ ਉੱਤੇ ਬੈਠੀ ਦੁਸ਼ਮਣ ਟੁਕੜੀ ਨੂੰ ਹੇਠੋਂ ਭਾਰੇ ਹਥਿਆਰ ਚੁੱਕ ਕੇ, ਫੱਟੜ ਲੱਤ, ਮੂੰਹ ਅਤੇ ਬਾਂਹ ਨਾਲ ਜਿਵੇਂ ਕਾਬੂ ਕੀਤਾ ਅਤੇ ਅੱਗੋਂ ਹੋਰ ਦੋ ਚੋਟੀਆਂ ਵੀ ਦੁਸ਼ਮਣਾਂ ਤੋਂ ਆਜ਼ਾਦ ਕਰਵਾਈਆਂ, ਉਸ ਵਰਗਾ ਕੋਈ ਹੋਰ ਬਲਵਾਨ ਹਾਲੇ ਤੱਕ ਸਾਬਤ ਨਹੀਂ ਹੋਇਆ। ਇਹ ਇੱਕੋ ਇੱਕ ਭਾਰਤੀ ਫ਼ੌਜੀ ਹੈ, ਜਿਸ ਨੂੰ ਵਿਕਟੋਰੀਆ ਕਰਾਸ ਅਤੇ ਮਹਾਵੀਰ ਚੱਕਰ ਵੀ ਹਾਸਲ ਸੀ। ਮਾਨਸਾ ਜ਼ਿਲ੍ਹੇ ਦਾ ਬਹਾਦਰਪੁਰ ਪਿੰਡ ਅੱਜ ਵੀ ਆਪਣੇ ਇਸ ਮਹਾਨ ਯੋਧੇ ਨੂੰ ਪ੍ਰਣਾਮ ਕਰਦਾ ਹੈ।

ਨਾਇਬ ਸੂਬੇਦਾਰ ਬਾਨਾ ਸਿੰਘ ਨੇ ਦਸਤਾਰ ਦਾ ਰੁਤਬਾ ਹੋਰ ਉੱਚਾ ਕਰ ਦਿੱਤਾ। ਛੇ ਜਨਵਰੀ 1949 ਵਿਚ ਜੰਮੇ ਬਾਨਾ ਸਿੰਘ ਜੀ ਨੂੰ ਸਿਆਚਿਨ ਦੇ ਹੀਰੋ ਵਜੋਂ ਯਾਦ ਕੀਤਾ ਜਾਂਦਾ ਹੈ। ਪਰਮਵੀਰ ਚੱਕਰ ਵਿਜੇਤਾ ਬਾਨਾ ਸਿੰਘ ਜੀ ਨੇ, ਜਿਸ ਬੇਮਿਸਾਲ ਬਹਾਦਰੀ ਨਾਲ ਸਿਆਚਿਨ ਦੀ ਸਭ ਤੋਂ ਉੱਚੀ ਚੋਟੀ ਨੂੰ ਪਾਕਿਸਤਾਨ ਤੋਂ ਜਿੱਤ ਕੇ ਵਾਪਸ ਭਾਰਤ ਨਾਲ ਮਿਲਾਇਆ, ਉਸੇ ਸਦਕਾ ਅੱਜ ਉਸ ਚੋਟੀ ਨੂੰ ‘ਬਾਨਾ ਚੋਟੀ’ ਦਾ ਨਾਂ ਦਿੱਤਾ ਹੋਇਆ ਹੈ।

ਫ਼ਖ਼ਰ ਨਾਲ ਸਿਰ ਦੋ ਗੁਣਾਂ ਉੱਚਾ ਹੋ ਜਾਂਦਾ ਹੈ ਜਦੋਂ ਸਿਰ ਉੱਤੇ ਦਸਤਾਰ ਸਜਾਈ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਦਾ ਨਾਂ ਲਿਆ ਜਾਂਦਾ ਹੈ। ਪੂਰੀ ਦੁਨੀਆ ਵਿਚ ਕਿਤੇ ਅਜਿਹੀ ਮਿਸਾਲ ਨਹੀਂ ਮਿਲਦੀ, ਜਿੱਥੇ ਢਾਕੇ ਵਿਖੇ ਦਸੰਬਰ 1971 ਵਿਚ 93,000 ਪਾਕਿਸਤਾਨ ਫ਼ੌਜੀਆਂ ਨੇ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਜੀ ਅੱਗੇ ਗੋਡੇ ਟੇਕ ਦਿੱਤੇ ਅਤੇ ਬੰਗਲਾਦੇਸ ਦੇ ਵਾਸੀਆਂ ਨੂੰ ਆਜ਼ਾਦ ਧਰਤੀ ਉੱਤੇ ਸਾਹ ਲੈਣ ਦਿੱਤਾ। ਪਰਮ ਵਸ਼ਿਸ਼ਟ ਸੇਵਾ ਮੈਡਲ ਅਤੇ ਪਦਮ ਭੂਸ਼ਣ ਹਾਸਲ ਕਰਨ ਵਾਲੇ ਜਗਜੀਤ ਸਿੰਘ ਜੀ ਸਮੁੱਚੇ ਭਾਰਤ ਦਾ ਮਾਣ ਹਨ।

ਜਰਨੈਲਾਂ ਦੇ ਜਰਨੈਲ, ਮੇਜਰ ਜਨਰਲ ਸੁਬੇਗ ਸਿੰਘ ਨੇ ਸਾਬਤ ਕਰ ਦਿੱਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਨਿਵਾਜਿਆ ਖਾਲਸਾ ਕਿਵੇਂ ਕੌਤਕ ਸਿਰਜਦਾ ਹੈ। ਸੰਨ 1925 ਵਿਚ ਪਿੰਡ ਖ਼ਿਆਲਾ (ਨੇੜੇ ਅੰਮ੍ਰਿਤਸਰ) ਵਿਖੇ ਜੰਮੇ ਸੁਬੇਗ ਸਿੰਘ ਵੱਲੋਂ ਸਟਾਫ਼ ਕਾਲਜ ਵਿਚ ਘੋੜਸਵਾਰੀ ਵਿਚ ਜਿੱਤੀਆਂ ਅੱਠ ਰੇਸਾਂ ਦਾ ਰਿਕਾਰਡ ਅੱਜ ਤਾਈਂ ਕੋਈ ਨਹੀਂ ਤੋੜ ਸਕਿਆ। ਮਿਲਟਰੀ ਅਪਰੇਸ਼ਨ ਵਿਚਲੀ ਯੁੱਧ ਕਲਾ ਅਤੇ ਮਿਲਟਰੀ ਸਾਇੰਸ ਵਿਚ ਜਿੰਨੇ ਪ੍ਰਬੀਨ ਸੁਬੇਗ ਸਿੰਘ ਜੀ ਸਨ, ਉਸ ਦਾ ਸਾਨੀ ਹਾਲੇ ਤੱਕ ਕੋਈ ਨਹੀਂ ਬਣ ਸਕਿਆ।

ਸਭ ਤੋਂ ਔਖੀਆਂ ਪਾਕਿਸਤਾਨੀ ਪੋਸਟਾਂ, ਜੋ ਕਸ਼ਮੀਰ ਦੇ ਹਾਜੀ ਪੀਰ ਸੈਕਟਰ ਵਿਚ ਸਨ, ਨੂੰ ਜਿਸ ਢੰਗ ਨਾਲ ਫ਼ਤਿਹ ਕੀਤਾ ਗਿਆ, ਉਸ ਲਾਮਿਸਾਲ ਬਹਾਦਰੀ ਨੂੰ ਵੇਖਦਿਆਂ ਅਤੇ ਜੰਗੀ ਨੁਕਤਿਆਂ ਦਾ ਵਿਲੱਖਣ ਢੰਗ ਵਰਤ ਕੇ ਅਗਵਾਈ ਕਰਨ ਦੀ ਜੁਗਤ ਸਦਕਾ ਹੀ ਬੰਗਲਾਦੇਸ ਤਿਆਰ ਕਰਨ ਦਾ ਪੂਰਾ ਮਿਲਟਰੀ ਅਪਰੇਸ਼ਨ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਜੀ ਨੇ ਸੁਬੇਗ ਸਿੰਘ ਜੀ ਨੂੰ ਸੌਂਪ ਦਿੱਤਾ ਸੀ। ਮੁਕਤੀ ਵਾਹਿਨੀ ਦਾ ਹੀਰੋ ਅਤੇ ਗੁਰਿੱਲਾ ਟਰੇਨਿੰਗ ਦਾ ਸਭ ਤੋਂ ਉੱਤਮ ਆਗੂ ਵਜੋਂ ਮੰਨਿਆ ਜਾਣਾ ਆਪਣੇ ਆਪ ਵਿਚ ਹੀ ਸੁਬੇਗ ਸਿੰਘ ਜੀ ਨੂੰ ਮਹਾਂ-ਮਾਨਵ ਸਿੱਧ ਕਰ ਗਿਆ। ਇਸੇ ਮੁਕਤੀ ਵਾਹਿਨੀ ਦੇ ਅਣਥੱਕ ਯੋਧਿਆਂ ਸਦਕਾ ਹੀ ਪਾਕਿਸਤਾਨੀ ਜਰਨੈਲਾਂ ਦੇ ਛੱਕੇ ਛੁਟ ਗਏ ਤੇ ਅੰਤ ਉਹ ਪੂਰੀ ਫ਼ੌਜ ਨਾਲ ਲੈਫ. ਜਨਰਲ ਜਗਜੀਤ ਸਿੰਘ ਅਰੋੜਾ ਜੀ ਅੱਗੇ ਨਤਮਸਤਕ ਹੋ ਗਏ।

ਵਿਰਲੇ ਹੀ ਕਿਸੇ ਮਾਂ ਦੇ ਲਾਲ ਵਿਚ ਏਨੀ ਹਿੰਮਤ ਹੋ ਸਕਦੀ ਹੈ ਜਿੰਨੀ ਖਾਲਸਾ ਫ਼ੌਜ ਦੇ ਕਮਾਂਡਰ ਇਨ ਚੀਫ਼ ਹਰੀ ਸਿੰਘ ਨਲੂਏ ਵਿਚ ਸੀ। ਇੰਜ ਹੀ ਭਾਰਤ ਦਾ ਨੇਪੋਲੀਅਨ ਮੰਨਿਆ ਜਾ ਚੁੱਕਿਆ ਸੂਰਬੀਰਾਂ ਦਾ ਸੂਰਬੀਰ ਜਰਨੈਲ ਜ਼ੋਰਾਵਰ ਸਿੰਘ ਸੀ। ਇਹੋ ਜਿਹੇ ਅਣਗਿਣਤ ਸੂਰਮਿਆਂ ਵਿਚ ਜਰਨੈਲ ਮੋਹਨ ਸਿੰਘ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਜ਼ਾਦ ਹਿੰਦ ਫ਼ੌਜ ਦੀ ਅਗਵਾਈ ਕੀਤੀ।

ਪੰਜਾਬ ਵਿਚਲੇ ਇਨ੍ਹਾਂ ਮਹਾਂ ਮਾਨਵਾਂ ਵਿਚ ਕਦੇ ਕਮੀ ਨਹੀਂ ਆਈ। ਗਲਵਾਨ ਘਾਟੀ ਦੇ ਸੂਰਮੇ ਸਿਪਾਹੀ ਗੁਰਤੇਜ ਸਿੰਘ ਅਤੇ ਹਵਲਦਾਰ ਤੇਜਿੰਦਰ ਸਿੰਘ ਨੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਜਿਵੇਂ ਚੀਨੀ ਸੈਨਿਕਾਂ ਨੂੰ ਦਬੋਚ ਕੇ ਮੌਤ ਦੇ ਘਾਟ ਉਤਾਰਿਆ, ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।

ਅੱਜ ਵੀ ਭਾਰਤ ਦੀ ਰਾਜ ਸਭਾ ਵਿਚ ਪੇਸ਼ ਹੋਏ ਤੱਥ ਅਸਲ ਹਾਲਾਤ ਤੋਂ ਜਾਣੂੰ ਕਰਵਾਉਂਦੇ ਹਨ ਕਿ ਪੰਜਾਬ ਵਿਚ 2132 ਸ਼ਹੀਦਾਂ ਦੀਆਂ ਵਿਧਵਾਵਾਂ ਹਨ ਜਦਕਿ ਉੱਤਰ ਪ੍ਰਦੇਸ, ਜਿੱਥੇ ਪੂਰੇ ਮੁਲਕ ਦੀ 17 ਫੀਸਦੀ ਜਨਸੰਖਿਆ ਹੈ, ਵਿਚ 1805 ਵਿਧਵਾਵਾਂ ਹਨ। ਪੰਜਾਬ; ਭਾਰਤ ਦੀ ਜਨਸੰਖਿਆ ਦਾ ਸਿਰਫ਼ 2.3 ਫੀਸਦੀ ਹਿੱਸਾ ਹੈ ਅਤੇ ਪੂਰੇ ਭਾਰਤ ਵਿੱਚੋਂ ਸਭ ਤੋਂ ਵੱਧ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਇਸੇ ਸੂਬੇ ਵਿੱਚੋਂ ਹਨ।

ਬੱਚਾ ਬੱਚਾ ਜਾਣਦਾ ਹੈ ਕਿ ਜੇ ਜਨਰਲ ਹਰਬਖ਼ਸ਼ ਸਿੰਘ ਨਾ ਹੁੰਦੇ ਤਾਂ ਅੱਜ ਅੰਮ੍ਰਿਤਸਰ ਭਾਰਤ ਦਾ ਹਿੱਸਾ ਨਾ ਹੁੰਦਾ। ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਵੀਰ ਚੱਕਰ ਹਾਸਲ ਦਸਤਾਰਧਾਰੀ ਹਰਬਖਸ਼ ਸਿੰਘ ਵਿਸ਼ਵ ਜੰਗ ਦੂਜੀ ਵਿਚ ਵੀ ਆਪਣੀ ਤਾਕਤ ਦਾ ਲੋਹਾ ਮਨਵਾ ਚੁੱਕਿਆ ਸੀ।

ਵਿਸ਼ਵ ਭਰ ਵਿਚ ਸਿੱਖਾਂ ਦੀ ਸੂਰਮਤਾਈ ਦੀ ਚਰਚਾ ਹੁੰਦੀ ਰਹਿੰਦੀ ਹੈ ਅਤੇ ਅੱਜ ਤੱਕ ਪੂਰੀ ਦੁਨੀਆ ਦੇ ਕਿਸੇ ਹਿੱਸੇ ਵਿਚ ਸਾਰਾਗੜ੍ਹੀ ਵਰਗੇ 21 ਸੂਰਮਿਆਂ ਜਿੰਨੇ ਮਾਨਸਿਕ ਪੱਖੋਂ ਤਗੜੇ ਯੋਧੇ ਨਹੀਂ ਵੇਖੇ ਗਏ, ਜਿਹੜੇ 10,000 ਕਬਾਈਲੀਆਂ ਨਾਲ ਸਿੱਧੀ ਟੱਕਰ ਲੈਣ ਲੱਗਿਆਂ ਰੱਤੀ ਭਰ ਨਾ ਥਿੜਕੇ ਹੋਣ। ਪੂਰੀ ਮਾਨਸਿਕ ਤਾਕਤ ਸਿਰਫ਼ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਜਾਈ ਖਾਲਸਾ ਫ਼ੌਜ ਨੂੰ ਯਾਦ ਕਰਕੇ ਅਤੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਗੂੰਜਦੇ ਗਗਨ ਚੁੰਬੀ ਜੈਕਾਰਿਆਂ ਰਾਹੀਂ ਉਨ੍ਹਾਂ ਨੂੰ ਮਿਲਦੀ ਰਹੀ।

ਮੈਂ ਹਾਲੇ ਸਿਰਫ਼ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਦਸਤਾਰਧਾਰੀ ਜਾਂਬਾਜ਼ਾਂ ਦਾ ਹੀ ਜ਼ਿਕਰ ਕੀਤਾ ਹੈ, ਜਿਨ੍ਹਾਂ ਤੋਂ ਇਲਾਵਾ ਅਣਗਿਣਤ ਸੂਰਮੇ ਹੋਰ ਹਨ, ਜਿਨ੍ਹਾਂ ਬਾਰੇ ਕਿਤਾਬਾਂ ਦੇ ਢੇਰ ਲਿਖੇ ਜਾ ਸਕਦੇ ਹਨ।

ਇੱਕ ਗਲ ਸਪਸ਼ਟ ਹੋ ਚੁੱਕੀ ਹੈ ਕਿ ਭਾਰਤ ਨੂੰ ਚੁਫ਼ੇਰਿਓਂ ਦੁਸ਼ਮਣਾਂ ਤੋਂ ਬਚਾਉਣ ਵਿਚ ਜਾਨਾਂ ਵਾਰਨ ਵਾਲੇ 80 ਫੀਸਦੀ ਤੋਂ ਵੱਧ ਸਿੱਖ ਮੁੱਛ ਫੁੱਟ ਗੱਭਰੂ ਹੀ ਸਨ। ਗੋਲ਼ੀਆਂ ਨਾਲ ਛਲਣੀ ਕਰਵਾਉਣ ਵਾਲੀਆਂ ਛਾਤੀਆਂ ਅਤੇ ਦਸਤਾਰਾਂ ਨਾਲ ਸਜੇ ਅਣਖ ਨਾਲ ਉੱਚੇ ਚੁੱਕੇ ਸਿਰਾਂ ਦੇ ਜਜ਼ਬੇ ਸਦਕਾ ਹੀ ਤਖ਼ਤੋ-ਤਾਜ ਇਨ੍ਹਾਂ ਅੱਗੇ ਝੁਕ ਕੇ ਸਲਾਮ ਕਰਦੇ ਰਹੇ ਹਨ ਅਤੇ ਅੱਗੋਂ ਵੀ ਕਰਦੇ ਰਹਿਣਗੇ। ਦੁਨੀਆ ਭਰ ਵਿਚ ਆਪਣੀ ਤਾਕਤ ਦਾ ਲੋਹਾ ਮਨਵਾਉਣ ਵਾਲੇ ਸਿੰਘਾਂ ਦਾ ਇੱਕੋ ਸੁਨੇਹਾ ਰਿਹਾ ਹੈ ‘ਪੰਜਾਬ ਦੀ ਧਰਤੀ ਵਿੱਚੋਂ ਸੂਰਮੇ ਉੱਗਦੇ ਹਨ। ਇਹ ਧਰਤੀ ਹਰੀ ਭਰੀ ਰੱਖਣਾ। ਇਸ ਨੂੰ ਬੰਜਰ ਨਾ ਹੋਣ ਦੇਣਾ। ਇੱਥੇ ਡੁੱਲੇ ਹਰ ਲਹੂ ਦੀ ਬੂੰਦ ਦਾ ਸਤਿਕਾਰ ਕਰਨਾ।’

ਅਖ਼ੀਰ ਵਿਚ ਬਸ ਇਹੋ ਕਹਿਣਾ ਹੈ ਕਿ ਕੀ ਅਸੀਂ ਪੰਜਾਬ ਨੂੰ ਆਬਾਦ ਰੱਖਾਂਗੇ ? ਕੀ ਉਨ੍ਹਾਂ ਸੂਰਮਿਆਂ ਦੀ ਯਾਦ ਤਾਜ਼ਾ ਰੱਖਾਂਗੇ ?

ਚਲੁ ਰੇ ! ਬੈਕੁੰਠ ਤੁਝਹਿ ਲੇ ਤਾਰਉ ॥

0

ਚਲੁ ਰੇ ! ਬੈਕੁੰਠ ਤੁਝਹਿ ਲੇ ਤਾਰਉ ॥

ਬੀਬੀ ਮਨਿੰਦਰ ਕੌਰ ਔਰੰਗਾਬਾਦ-93261-83934

ਗਉੜੀ ਕਬੀਰ ਜੀ ॥

ਦੇਇ ਮੁਹਾਰ; ਲਗਾਮੁ ਪਹਿਰਾਵਉ ॥  ਸਗਲ ਤ ਜੀਨੁ; ਗਗਨ ਦਉਰਾਵਉ ॥੧॥

ਅਪਨੈ ਬੀਚਾਰਿ; ਅਸਵਾਰੀ ਕੀਜੈ ॥  ਸਹਜ ਕੈ ਪਾਵੜੈ; ਪਗੁ ਧਰਿ ਲੀਜੈ ॥੧॥ ਰਹਾਉ ॥

ਚਲੁ ਰੇ ! ਬੈਕੁੰਠ ਤੁਝਹਿ ਲੇ ਤਾਰਉ ॥  ਹਿਚਹਿ; ਤ ਪ੍ਰੇਮ ਕੈ ਚਾਬੁਕ ਮਾਰਉ ॥੨॥

ਕਹਤ ਕਬੀਰ ਭਲੇ ਅਸਵਾਰਾ ॥  ਬੇਦ ਕਤੇਬ ਤੇ ਰਹਹਿ ਨਿਰਾਰਾ ॥੩॥ (ਭਗਤ ਕਬੀਰ/੩੨੯)

ਉਚਾਰਨ ਸੇਧ: ਗਉੜੀ ਨੂੰ ਗੌੜੀ ਪੜ੍ਹਨਾ ਹੈ।, ‘ਰੇ’ ਸੰਬੋਧਨ ਹੈ, ਇਸ ਤੋਂ ਬਾਅਦ ਥੋੜ੍ਹਾ ਰੁਕਣਾ ਹੈ।, ਪਹਿਰਾਵਉਂ, ਦਉਰਾਵਉਂ, ਤਾਰਉਂ, ਹਿਚਹਿਂ, ਮਾਰਉਂ, ਰਹਹਿਂ।

ਇਸ ਸ਼ਬਦ ਵਿੱਚ ਕਬੀਰ ਜੀ; ਮਨ ਨੂੰ ਸੰਬੋਧਿਤ ਕਰ ਕੇ ਕਹਿ ਰਹੇ ਹਨ ਕਿ ਹੇ ਮੇਰੇ ਮਨਾ ! ਚੱਲ ਤੈਨੂੰ ਸਵਰਗ ਵਿੱਚ ਲੈ ਕੇ ਚਲਾਂ ਤੇ ਇਸ ਭਵਜਲ ਸੰਸਾਰ ਤੋਂ, ਇਸ ਤ੍ਰੈ ਗੁਣੀ ਮਾਇਆ ਤੋਂ, ਤੇਰਾ ਪਾਰ ਉਤਾਰਾ ਕਰ ਦਿਆਂ, ਪਰ ਜੇ ਤੂੰ ਮੇਰੇ ਕਾਬੂ ਨਾ ਆਇਆ ਤਾਂ ਮੈਂ ਤੈਨੂੰ ਰੱਬ ਦੀ ਲਗਨ ਵਾਲ਼ੀ ਚੋਟ ਮਾਰਾਂਗਾ। ਕਬੀਰ ਸਾਹਿਬ ਜੀ ਇਹੀ ਸਿਧਾਂਤ ‘ਰਹਾਉ’ ਤੁਕ ਵਿੱਚ ਰੱਖਦੇ ਹਨ ‘‘ਅਪਨੈ ਬੀਚਾਰਿ; ਅਸਵਾਰੀ ਕੀਜੈ ’’ ਭਾਵ (ਗੁਰੂ ਉਪਦੇਸ਼ ਨੂੰ) ਆਪਣੇ ਵਿਚਾਰਾਂ ਨਾਲ (ਲਿਆ ਕੇ ਮਨ ਰੂਪ ਘੋੜੇ ਦੀ) ਅਸਵਾਰੀ ਕਰਨੀ ਚਾਹੀਦੀ ਹੈ ਯਾਨੀ ਸੁਰਤਿ ਉੱਚੀ ਹੋਣ ਨਾਲ਼ ਮਨ ਨੀਵਾਂ (ਹੇਠਾਂ ਆ) ਜਾਂਦਾ ਹੈ। ਮਨ ਨੀਵਾਂ ਹੋਣ ਕਾਰਨ ਮਨ ਸਥਿਰ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ, ਇਸ ਲਈ ਨਾਲ਼ ਹੀ ਇਸ ਦਾ ਫਲ਼ ਦੱਸਿਆ ਹੈ ‘‘ਸਹਜ ਕੈ ਪਾਵੜੈ; ਪਗੁ ਧਰਿ ਲੀਜੈ ॥੧॥ ਰਹਾਉ ॥’’ ਭਾਵ ਫਿਰ ਅਡੋਲਤਾ ਵਾਲ਼ੇ ਰਕਾਬ ਵਿੱਚ ਪੈਰ ਟਿਕ ਜਾਂਦਾ ਹੈ।

ਮਨ ਇੱਕ ਘੋੜਾ ਹੈ। ਇਸ ਨੇ ਗਿਆਨ ਦੀ ਅਸਵਾਰੀ ਲੈਣੀ ਹੈ ਤਾਂ ਹੀ ਟਿਕੇਗਾ। ਵੈਸੇ ਹਰ ਇੱਕ ਦਾ ਮਨ ਦੌੜਦਾ ਹੈ। ਭਟਕਦਾ ਹੈ; ਜਿਵੇਂ ਕਿ ਕਬੀਰ ਸਾਹਿਬ ਜੀ ਦਾ ਹੀ ਬਚਨ ਹੈ ‘‘ਕਬੀਰ ! ਮਨੁ ਪੰਖੀ ਭਇਓ; ਉਡਿ ਉਡਿ ਦਹ ਦਿਸ ਜਾਇ ਜੋ ਜੈਸੀ ਸੰਗਤਿ ਮਿਲੈ; ਸੋ ਤੈਸੋ ਫਲੁ ਖਾਇ ’’ (ਭਗਤ ਕਬੀਰ/੧੩੬੯)

ਧਰਮ ਦਾ ਸੰਬੰਧ ਮਨ ਨਾਲ਼ ਹੈ। ਇਹੀ ਜੀਵਨ ਦਾ ਆਧਾਰ ਹੈ। ਜੋ ਇਹ ਚਾਹੇ ਸਾਡੇ ਕੋਲੋਂ ਕਰਵਾ ਲੈਂਦਾ ਹੈ। ਹਰ ਵਿਚਾਰ ਪਹਿਲਾਂ ਮਨ ਵਿੱਚ ਉਪਜਦਾ ਹੈ। ਬਾਅਦ ’ਚ ਉਹ ਅਮਲੀ ਰੂਪ ’ਚ ਲਿਆਂਦਾ ਜਾਂਦਾ ਹੈ। ਸਦਾ ਮਨ ਹੀ ਦਿਮਾਗ਼ ਨੂੰ ਹਿਦਾਇਤ ਕਰਦਾ ਹੈ। ਮਨ; ਬੁੱਧੀ ਤੇ ਆਤਮ ਪ੍ਰਕਾਸ਼ ਵਿਚਕਾਰ ਦੀਵਾਰ (ਅੰਤਹਿਕਰਣ) ਹੁੰਦਾ ਹੈ। ਜੇ ਮਨ ਨੂੰ ਆਤਮ ਪ੍ਰਕਾਸ਼ ਦਾ ਚਾਨਣ ਮਿਲੇ ਤਾਂ ਚੰਗੀ ਸੋਚ ਬਣਦੀ ਹੈ। ਜੇ ਮਨ ਦਾ ਝੁਕਾਅ ਵਿਕਾਰਾਂ ਵੱਲ ਹੋਵੇ ਤਾਂ ਬੁੱਧੀ ਸਮਾਜਿਕ ਕੰਮਾਂ ’ਚ ਖਚਤ ਰਹਿੰਦੀ ਹੈ। ਬੰਦਾ ਵਿਸ਼ੇ-ਵਿਕਾਰਾਂ ਕਾਰਨ ਅੰਨ੍ਹਾ ਹੋਇਆ ਦਾਤਾਰ ਨੂੰ ਭੁਲ ਜਾਂਦਾ ਹੈ। ਮਨ ਦਾ ਅਕਸਰ ਝੁਕਾਅ ਮਾੜੀਆਂ ਬਿਰਤੀਆਂ ਵੱਲ ਹੁੰਦਾ ਹੈ, ਜਿਸ ਕਾਰਨ ਭਟਕਣਾ ਵਧਦੀਆਂ ਰਹਿੰਦੀਆਂ ਹਨ।

ਮਨ ਬੜਾ ਸ਼ਕਤੀਸ਼ਾਲੀ ਹੁੰਦਾ ਹੈ। ਇਹ ਜੀਵਨ ਨੂੰ ਸਦਾ ਉਤਾਰ-ਚੜਾਅ ’ਚ ਰੱਖਦਾ ਹੈ। ਗੁਰੂ ਨਾਨਕ ਸਾਹਿਬ ਜੀ ਐਸੀ ਹਾਲਤ ਬਾਰੇ ਬਿਆਨ ਕਰਦੇ ਹਨ ‘‘ਕਬਹੂ ਜੀਅੜਾ ਊਭਿ ਚੜਤੁ ਹੈ; ਕਬਹੂ ਜਾਇ ਪਇਆਲੇ   ਲੋਭੀ ਜੀਅੜਾ ਥਿਰੁ ਰਹਤੁ ਹੈ; ਚਾਰੇ ਕੁੰਡਾ ਭਾਲੇ ’’ (ਮਹਲਾ /੮੭੬), ਇਹ ਜਿਹੋ ਜਿਹੀ ਸੰਗਤ ਵਿੱਚ ਰਹੇਗਾ, ਵੈਸਾ ਹੀ ਫਲ਼ ਪਰਾਪਤ ਕਰੇਗਾ। ਗੁਰੂ ਵਚਨ ਹਨ ‘‘ ਮਨ ! ਜੈਸਾ ਸੇਵਹਿ ਤੈਸਾ ਹੋਵਹਿ; ਤੇਹੇ ਕਰਮ ਕਮਾਇ ’’ (ਮਹਲਾ /੭੫੫), ਜਦੋਂ ਇਹ ਮਾਇਆ ਨਾਲ਼ ਪਿਆਰ ਪਾਉਂਦਾ ਹੈ ਤਾਂ ਹਰ ਵੇਲੇ ਉਸ ਲਈ ਭਟਕਦਾ ਹੈ। ਜੇ ਗੁਰੂ ਗਿਆਨ ਦੀ ਸੰਗਤ ਕਰਦਾ ਹੈ ਤਾਂ ਇਹ ਆਪਣੇ ਆਪ ਦੀ ਪੜਚੋਲ ਕਰਦਾ ਹੋਇਆ ਨੀਵਾਂ ਰਹਿੰਦਾ ਹੈ। ਜਿਸ ਨੂੰ ਕਾਠੀ ਪਾਉਣਾ ਕਿਹਾ ਗਿਆ ਹੈ। ਫਿਰ ਮਨ ਰੂਪੀ ਘੋੜਾ ਜੇ ਭੱਜੇਗਾ ਤਾਂ ਬੇ ਲਗਾਮ ਨਹੀਂ ਹੋਵੇਗਾ।

ਮਨ ਨੂੰ ਕਾਬੂ ਰੱਖਣ  ਲਈ ਸਤਿਗੁਰੂ ਜੀ ਨੇ ਹਾਥੀ ਦੀ ਮਿਸਾਲ ਦੇ ਕੇ ਵੀ ਸਮਝਾਇਆ ਹੈ; ਜਿਵੇਂ ਕਿ ‘‘ਹਸਤੀ ਸਿਰਿ ਜਿਉ ਅੰਕਸੁ ਹੈ; ਅਹਰਣਿ ਜਿਉ ਸਿਰੁ ਦੇਇ   ਮਨੁ ਤਨੁ ਆਗੈ ਰਾਖਿ ਕੈ; ਊਭੀ ਸੇਵ ਕਰੇਇ ’’ (ਮਹਲਾ /੬੪੮) ਮਨ; ਹਾਥੀ ਦੀ ਤਰ੍ਹਾਂ ਮਸਤ, ਅਹੰਕਾਰੀ ਹੁੰਦਾ ਹੈ। ਗੁਰੂ ਮਹਾਵਤ ਕੋਲ਼ ਗਿਆਨ ਦਾ ਕੁੰਡ ਮਾਰਦਾ ਹੈ ਭਾਵ ਗੁਰੂ ਦੀ ਮੱਤ ਵਾਲ਼ਾ ਕੁੰਡਾ ਹੋਵੇ, ਤਾਂ ਮਨ ਭਟਕਦਾ ਨਹੀਂ, ਗੁਰੂ ਅਨੁਸਾਰੀ ਚੱਲਦਾ ਹੈ, ਪਰ ਜੇ ਕੁੰਡਾ ਨਹੀਂ ਤਾਂ ਹਾਥੀ-ਮਨ ਮੁੜ ਮੁੜ ਕੇ ਉਜਾੜੇ ਵੱਲ ਦੌੜਦਾ ਹੈ ਭਾਵ ਕੁਰਾਹੇ ਪੈਂਦਾ ਹੈ। ਇਸ ਤਰ੍ਹਾਂ ਜੇ ਮਨ; ਗੁਰੂ ਦਾ ਗਿਆਨ, ਗੁਰੂ ਦੀ ਜੀਵਨ ਜਾਚ ਵਾਲੀ ਲਗਾਮ ਪਾ ਲਵੇਗਾ, ਫਿਰ ਸ਼ਾਂਤ ਰਹੇਗਾ, ਸਹਿਜ ਵਿੱਚ ਪੈਰ ਰੱਖਿਆ ਜਾਏਗਾ। ਘੋੜੇ ’ਤੇ ਚੜ੍ਹਨ ਲਈ ਜਿਵੇਂ ਰਕਾਬ ਵਿੱਚ ਪੈਰ ਰੱਖਿਆ ਜਾਂਦਾ ਹੈ ਤਾਂ ਜੋ ਚੜ੍ਹਨਾ ਅਸਾਨ ਹੋ ਜਾਵੇ। ਉਸੇ ਤਰ੍ਹਾਂ ਜਦ ਰਕਾਬ ਸਹਿਜ ਦਾ ਹੋਵੇ ਤਾਂ ਮਨ ’ਤੇ ਅਸਵਾਰੀ ਕਰਨੀ ਸੌਖੀ ਹੋ ਜਾਂਦੀ ਹੈ। ਜਦ ਲਗਾਮ ਗਿਆਨ ਰੂਪ ਹੋਵੇ ਤਾਂ ਮਨ ਰੂਪੀ ਘੋੜਾ ਗ਼ਲਤ ਰਾਹ ’ਤੇ ਟੁਰੇਗਾ ਹੀ ਨਹੀਂ। ਸੋ ਗੁਰੂ ਕੋਲ਼ੋਂ ਜੀਵਨ ਜਾਚ ਸਮਝ ਕੇ, ਅੰਦਰ ਧਾਰਨ ਕਰਕੇ ਮਨ ਰੂਪੀ ਘੋੜੇ ’ਤੇ ਚੜ੍ਹਨਾ ਹੈ। ਮਨ ਰੂਪ ਘੋੜੇ ’ਤੇ ਚੜ੍ਹਨ ਲਈ ਰਕਾਬ ਦੀ ਲੋੜ ਹੁੰਦੀ ਹੈ। ਉਹ ਰਕਾਬ ਸਹਿਜ ਵਾਲੀ ਹੋਵੇ। ਉਹਦੇ ਵਿੱਚ ਪੈਰ ਰੱਖਿਆ ਜਾਵੇ ਯਾਨੀ ਵਿਕਾਰਾਂ ਤੋਂ ਨਿਰਲੇਪ ਰਹੀਏ। ਸਹਿਜ ਵਾਲ਼ੀ ਇਹ ਸਵਾਰੀ; ਗੁਰੂ ਦਾ ਗਿਆਨ ਹੀ ਕਰਾ ਸਕਦਾ ਹੈ। ਇਹ ਅਵਸਥਾ ਅਨੰਦ ਦਾਇਕ ਹੁੰਦੀ ਹੈ; ਜਿਵੇਂ ਕਿ ਬਚਨ ਹਨ ‘‘ਸਹਜੈ ਹੀ ਤੇ ਸੁਖ ਸਾਤਿ ਹੋਇ; ਬਿਨੁ ਸਹਜੈ ਜੀਵਣੁ ਬਾਦਿ ’’ (ਮਹਲਾ /੬੮) ਭਾਵ ਅਡੋਲਤਾ ਨਾਲ਼ ਅਨੰਦ ਤੇ ਸ਼ਾਂਤੀ ਮਿਲਦੀ ਹੈ। ਅਡੋਲਤਾ ਤੋਂ ਬਿਨਾਂ ਜ਼ਿੰਦਗੀ ਵਿਅਰਥ ਹੈ। ਜਿਸ ਨੂੰ ਸਹਿਜ ਦੀ ਪ੍ਰਾਪਤੀ ਹੋ ਗਈ। ਉਸ ਨੂੰ ਦੁੱਖ-ਸੁੱਖ, ਧੁੱਪ-ਛਾਂ, ਵਾਧਾ-ਘਾਟਾ, ਸੋਨਾ-ਮਿੱਟੀ, ਇੱਕ ਸਮਾਨ ਜਾਪਦੇ ਹਨ। ਹੁਣ ਸਹਜ ਦੀ ਪ੍ਰਾਪਤੀ ਕਿਵੇਂ ਹੋਵੇ ? ਸਤਿਗੁਰੂ ਜੀ ਸਮਝਾਉਂਦੇ ਹਨ ‘‘ਭਾਈ ਰੇ ! ਗੁਰ ਬਿਨੁ ਸਹਜੁ ਹੋਇ   ਸਬਦੈ ਹੀ ਤੇ ਸਹਜੁ ਊਪਜੈ; ਹਰਿ ਪਾਇਆ ਸਚੁ ਸੋਇ ਰਹਾਉ ’’ (ਮਹਲਾ /੬੮), ਸਾਰੀ ਮਨੁੱਖਤਾ ਮਨ ਦੀ ਸ਼ਾਂਤੀ ਲਈ ਤਰਸਦੀ ਪਈ ਹੈ, ਪਰ ਸਹਜ ਗੁਰੂ ਦੀ ਸ਼ਰਨ ਪਿਆਂ ਮਿਲਣਾ ਹੈ। ਗੁਰੂ ਤੋਂ ਬਿਨਾਂ ਅਡੋਲਤਾ ਨਸੀਬ ਨਹੀਂ ਹੋ ਸਕਦੀ।

‘ਰਹਾਉ’ ਵਾਲ਼ੇ ਬੰਦ ਵਿੱਚ ਭਗਤ ਕਬੀਰ ਜੀ ਨੇ ਸਮਝਾਇਆ ਹੈ ਕਿ ਮਨ ਨੂੰ ਗੁਰੂ ਦੇ ਗਿਆਨ ਰਾਹੀਂ ਕਾਬੂ ਕਰ ਸਹਜ ਤੱਕ ਪਹੁੰਚਣਾ ਹੈ ‘‘ਅਪਨੈ ਬੀਚਾਰਿ; ਅਸਵਾਰੀ ਕੀਜੈ   ਸਹਜ ਕੈ ਪਾਵੜੈ; ਪਗੁ ਧਰਿ ਲੀਜੈ ਰਹਾਉ ’’

ਪਹਿਲੇ ਬੰਦ ਵਿੱਚ ਕਬੀਰ ਜੀ ਫ਼ੁਰਮਾਉਂਦੇ ਹਨ ‘‘ਦੇਇ ਮੁਹਾਰ; ਲਗਾਮੁ ਪਹਿਰਾਵਉ ॥  ਸਗਲ ਤ ਜੀਨੁ; ਗਗਨ ਦਉਰਾਵਉ ॥੧॥’’ ਦੇਇ ਤੋਂ ਭਾਵ ਹੈ ‘ਦੇ ਕੇ, ਪਾ ਕੇ’, ਜੋ ਘੋੜੇ ਵਾਸਤੇ ਆਇਆ ਹੈ। ‘ਮੁਹਾਰ’ ਇੱਕ ਪਤਲੀ ਰੱਸੀ ਹੈ, ਜੋ ਲਗਾਮ ਨਾਲ ਬੱਝੀ ਹੁੰਦੀ ਹੈ। ਮੁਹਾਰ ਭਾਵ ਮੂੰਹ-ਹਾਰ, ਮੂੰਹ ਨੂੰ ਬੰਦ ਰੱਖਣਾ ਭਾਵ ਨਿੰਦਾ-ਉਸਤਤ ਤੋਂ ਬਚ ਕੇ ਰਹਿਣਾ। ਲਗਾਮ ਨੂੰ ਵਾਗ ਵੀ ਕਹਿੰਦੇ ਹਨ। ਸਗਲ ਤੋਂ ਭਾਵ ਹੈ-ਸਾਰਾ ਕੁਝ। ਜੀਨੁ ਨੂੰ ਕਾਠੀ ਕਹਿੰਦੇ ਹਨ। ਗਗਨ ਤੋਂ ਭਾਵ ਹੈ ‘ਆਕਾਸ਼ ਜਾਂ ਦਸਮ ਦੁਆਰ’।

ਮਨ ਨੂੰ ਪ੍ਰੇਮ ਦੀ ਲਗਨ ਪਾਵਾਂ ਤੇ ਉਸਤਤ ਨਿੰਦਾ ਤੋਂ ਰੋਕ ਲਵਾਂ, ਪਰ ਇਹ ਕਰਨਾ ਕਿਵੇਂ ਹੈ  ? ਜਵਾਬ ਹੈ ਕਿ ਜਿਵੇਂ ਲਗਾਮ ਪਾ ਕੇ ਘੋੜੇ ਨੂੰ ਕਾਬੂ ਕਰੀਦਾ ਹੈ; ਓਵੇਂ ਗੁਰੂ ਗਿਆਨ ਨਾਲ਼ ਲਗਨ ਪੈਦਾ ਕਰ ਮਾਲਕ ਨਾਲ਼ ਪਿਆਰ ਪਾਉਣਾ ਹੈ। ਇਹੀ ਆਪਣੀ ਸੁਰਤਿ ਨੂੰ ਗਗਨ ’ਚ ਦੌੜ੍ਹਾਉਣਾ ਹੈ, ਦਸਵੇਂ ਦੁਆਰ ’ਚ ਲੈ ਜਾਣਾ ਹੈ। ਆਪਣੀ ਸੋਚ ਨੂੰ ਉੱਚੀ ਕਰਨਾ ਹੈ।

 ਮਨ ਘੋੜੇ ਉੱਤੇ ਕਾਠੀ; ਮਾਲਕ ਜੀ ਦੀ ਵਿਆਪਕਤਾ ਵਾਲ਼ੀ ਸੂਝ ਦੀ ਪਾਉਣੀ ਹੈ। ਰੱਬ ਨੂੰ ਸਾਰਿਆਂ ’ਚ ਵੇਖਣਾ ਹੈ। ਮਨ ਰੂਪੀ ਘੋੜੇ ’ਤੇ ਜਦੋਂ ਇਹ ਲਗਾਮ ਪਾਈ ਜਾਵੇਗੀ ਤਾਂ ਸੁਰਤ ਨੂੰ ਗਗਨ ਵੱਲ ਲੈ ਜਾਣਾ ਹੈ। ਫਿਰ ਇਹ ਅਵਸਥਾ ਬਣਦੀ ਹੈ ‘‘ਅੰਤਰਿ ਹੋਇ ਗਿਆਨ ਪਰਗਾਸੁ   ਉਸੁ ਅਸਥਾਨ ਕਾ ਨਹੀ ਬਿਨਾਸੁ ’’ (ਸੁਖਮਨੀ/ਮਹਲਾ /੨੭੮) ਜਦ ਉੱਚੀ ਆਤਮਕ ਅਵਸਥਾ ’ਤੇ ਜੋ ਇੱਕ ਵਾਰ ਪਹੁੰਚ ਗਿਆ ਫਿਰ ਵਾਪਸ ਨਹੀਂ ਆਉਂਦਾ ਕਿਉਂਕਿ ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਸ ਪਹਿਲੀ ਪੰਗਤੀ ਵਿੱਚ ਕਬੀਰ ਸਾਹਿਬ ਜੀ ਨੇ ਇਹੀ ਸਮਝਾਇਆ ਹੈ ਕਿ ਮਨ ਅੰਦਰ ਜਦ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਫਿਰ ਇਹ ਭਟਕਣੋ ਹਟ ਜਾਂਦਾ ਹੈ। ਉਸਤਤ ਨਿੰਦਾ ਸੁਣਨ ਵੱਲੋਂ ਨਿਰਮੋਹ ਹੋ ਜਾਂਦਾ ਹੈ। ਇਸ ਅੰਦਰ ਪਰਮਾਤਮਾ ਨਾਲ ਪ੍ਰੇਮ ਦੀ ਲਗਨ ਲੱਗ ਜਾਂਦੀ ਹੈ। ਦੁਨਿਆਵੀ ਮੋਹ ਨੂੰ ਤਿਆਗ ਦਿੰਦਾ ਹੈ। ਜਿਸ ਨਾਲ ਇਹ ਉੱਚੀ ਆਤਮਕ ਅਵਸਥਾ ਤੱਕ ਪਹੁੰਚ ਜਾਂਦਾ ਹੈ ‘‘ਦੇਇ ਮੁਹਾਰ; ਲਗਾਮੁ ਪਹਿਰਾਵਉ   ਸਗਲ ਜੀਨੁ; ਗਗਨ ਦਉਰਾਵਉ ’’

ਆਪਣੇ ਦੂਸਰੇ ਬੰਦ ਵਿੱਚ ਕਬੀਰ ਸਾਹਿਬ ਕਹਿੰਦੇ ਹਨ ‘‘ਚਲੁ ਰੇ ! ਬੈਕੁੰਠ ਤੁਝਹਿ ਲੇ ਤਾਰਉ   ਹਿਚਹਿ; ਪ੍ਰੇਮ ਕੈ ਚਾਬੁਕ ਮਾਰਉ ’’ ਭਾਵ ਹੇ ਮਨ ਰੂਪੀ ਘੋੜੇ ! ਚਲ ਮੈਂ ਤੈਨੂੰ ਬੈਕੁੰਠ ਦੀ ਸੈਰ ਕਰਾਵਾਂ, ਜੇ ਉੱਥੇ ਜਾਣ ਲਈ ਨਾ ਨੁਕਰ ਕਰੇਂਗਾ ਤਾਂ ਪ੍ਰੇਮ ਦੀ ਚਾਬਕ ਮਾਰਾਂਗਾ। ਕਬੀਰ ਸਾਹਿਬ ਜੀ ਆਪਣੇ ਸ਼ਬਦਾਂ ਵਿੱਚ ਬਾਰ ਬਾਰ ਬੈਕੁੰਠ ਦੀ ਗੱਲ ਕਰਦੇ ਹਨ। ਕਬੀਰ ਸਾਹਿਬ ਜੀ ਦਾ ਸਵਰਗ ਕੋਈ ਕਾਲਪਨਿਕ ਜਗ੍ਹਾ ਨਹੀਂ; ਜਿਵੇਂ ਕਿ ਅਕਾਸ਼ ਵਿੱਚ ਦੇਵਤਿਆਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਵਰਗ ਵਿੱਚ ਰਹਿੰਦੇ ਹਨ। ਕਬੀਰ ਸਾਹਿਬ ਗੁਰੂ ਦੀ ਸੰਗਤ ਨੂੰ ਹੀ ਸਵਰਗ ਮੰਨਦੇ ਹਨ; ਜਿਵੇਂ ਕਿ ਆਪ ਜੀ ਦਾ ਬਚਨ ਹੈ ‘‘ਕਹੁ ਕਬੀਰ ! ਇਹ ਕਹੀਐ ਕਾਹਿ   ਸਾਧਸੰਗਤਿ ਬੈਕੁੰਠੈ ਆਹਿ ’’ (ਭਗਤ ਕਬੀਰ/੩੨੫)

ਬੈਕੁੰਠ ਨੂੰ ਹੀ ਸਵਰਗ ਕਹਿੰਦੇ ਹਨ। ਕਈ ਵਾਰ ਸੁਣਦੇ ਹਾਂ ਕਿ ਕਸ਼ਮੀਰ ਦੀ ਧਰਤੀ ’ਤੇ ਸਵਰਗ ਹੈ ਕਿਉਂਕਿ ਉੱਥੋਂ ਦੇ ਨਜ਼ਾਰੇ ਦੇਖ ਕੇ ਮਨ ਨੂੰ ਸ਼ਾਂਤੀ ਜਿਹੀ ਮਹਿਸੂਸ ਹੁੰਦੀ ਹੈ। ਬੰਦਾ ਥੋੜ੍ਹੀ ਦੇਰ ਲਈ ਸਭ ਕੁਝ ਭੁੱਲ ਜਾਂਦਾ ਹੈ। ਥੋੜ੍ਹੀ ਦੇਰ ਇਸ ਲਈ ਕਿਹਾ ਹੈ ਕਿਉਂਕਿ ਕਬੀਰ ਸਾਹਿਬ ਜਿੱਥੇ ਮਨ ਰੂਪੀ ਘੋੜੇ ਨੂੰ ਲੈ ਜਾਣ ਦੀ ਗੱਲ ਕਰਦੇ ਹਨ, ਉੱਥੇ ਥੋੜ੍ਹੀ ਦੇਰ ਲਈ ਅਨੰਦ ਨਹੀਂ ਮਿਲਦਾ ਬਲਕਿ ਸਦਾ ਅਨੰਦ ਮਾਣੀਦਾ ਹੈ। ਮਨ ਨੂੰ ਮਨਾਉਣਾ ਪੈਣਾ ਹੈ ਕਿ ਕਿਹੜਾ ਕੰਮ ਕਰਨ ਨਾਲ਼ ਬੈਕੁੰਠ ’ਚ ਜਾਈਦਾ ਹੈ। ਇਹ ਮਰਨ ਤੋਂ ਬਾਅਦ ਦੀ ਗੱਲ ਨਹੀਂ, ਇਸੇ ਜੀਵਨ ਦੀ ਗੱਲ ਹੈ। ਸਾਡੇ ਮਨੁੱਖਾ ਜੀਵਨ ਦੀ, ਜਿਹੜਾ ਅਸੀਂ ਜਿਊਂਦੇ ਪਏ ਹਾਂ। ਗੁਰੂ ਦੀ ਸੰਗਤ ਰਾਹੀਂ ਪਤਾ ਲੱਗਦਾ ਹੈ ਕਿ ਸਵਰਗ; ਸਹਜ ਅਵਸਥਾ ਹੈ। ਖੇੜਾ ਤੇ ਅਨੰਦ ਦੀ ਅਵਸਥਾ ਹੈ, ਜਿਹੜੀ ਗੁਰਬਾਣੀ ਨਾਲ਼ ਪਰਾਪਤ ਹੋਣੀ ਹੈ। ਗੁਰੂ ਅਰਜਨ ਸਾਹਿਬ ਜੀ ਵੀ ਇਹ ਗਵਾਹੀ ਭਰਦੇ ਹਨ ‘‘ਬੈਕੁੰਠ ਨਗਰੁ; ਜਹਾ ਸੰਤ ਵਾਸਾ   ਪ੍ਰਭ ਚਰਣ ਕਮਲ; ਰਿਦ ਮਾਹਿ ਨਿਵਾਸਾ (ਮਹਲਾ /੭੪੨), ਬੈਕੁੰਠ; ਗੋਬਿੰਦ ਚਰਨ ਨਿਤ ਧਿਆਉ   ਮੁਕਤਿ ਪਦਾਰਥੁ ਸਾਧੂ ਸੰਗਤਿ; ਅੰਮ੍ਰਿਤੁ ਹਰਿ ਕਾ ਨਾਉ ਰਹਾਉ ’’ (ਮਹਲਾ /੧੨੨੦) ਯਾਨੀ ਸਵਰਗ ਜਾਂ ਬੈਕੁੰਠ ਉਦੋਂ ਪਰਾਪਤ ਹੁੰਦਾ ਹੈ, ਜਦੋਂ ਗੁਰੂ ਦੀ ਸੰਗਤ, ਸੰਤ-ਜਨਾਂ ਦੀ ਸੰਗਤ ਕਰਦਿਆਂ ਅਕਾਲ ਪੁਰਖ ਨਾਲ਼ ਸੁਰਤਿ ਜੁੜੀ ਹੁੰਦੀ ਹੈ। ਇਸ ਲਈ ਸੁਖਮਨੀ ਸਾਹਿਬ ’ਚ ਬਚਨ ਕੀਤੇ ਹਨ ‘‘ਚਾਰਿ ਪਦਾਰਥ; ਜੇ ਕੋ ਮਾਗੈ   ਸਾਧ ਜਨਾ ਕੀ ਸੇਵਾ ਲਾਗੈ ’’ (ਮਹਲਾ /੨੬੬)

ਚਾਰ ਪਦਾਰਥ ਹਨ ‘ਧਰਮ, ਅਰਥ, ਕਾਮ, ਮੋਖ’। ਗੁਰੂ ਦੀ ਸੰਗਤ ਨਾਲ਼ ਰੱਬ ਜੀ ਦਾ ਨਾਮ ਅੰਮ੍ਰਿਤ ਮਿਲਦਾ ਹੈ, ਜੋ ਚਾਰ ਪਦਾਰਥਾਂ ਦਾ ਮੂਲ ਹੈ। ਇਸ ਅੰਮ੍ਰਿਤ ਪਦਾਰਥ ਨਾਲ ਵਿਕਾਰਾਂ ਤੋਂ ਮੁਕਤੀ ਮਿਲਦੀ ਹੈ। ਗੁਰੂ ਦੀ ਸੰਗਤ ਕਰਨ ਵਾਲ਼ਾ ਆਪਣੀ ਸੁਰਤਿ ਨੂੰ ਅਕਾਸ਼ ਵੱਲ ਲੈ ਜਾਣ ਵਈ ਇਲਾਹੀ ਬਾਣੀ ਸੁਣਦਾ ਹੈ ਤੇ ਅਰਦਾਸ ਕਰਦਾ ਹੈ ‘‘ਊਤਮ ਕਥਾ ਸੁਣੀਜੈ ਸ੍ਰਵਣੀ; ਮਇਆ ਕਰਹੁ ਭਗਵਾਨ  !  ਆਵਤ ਜਾਤ ਦੋਊ ਪਖ ਪੂਰਨ; ਪਾਈਐ ਸੁਖ ਬਿਸ੍ਰਾਮ ’’ (ਮਹਲਾ /੧੨੨੦) ਭਾਵ ਆਪਣੇ ਕੰਨਾਂ ਨਾਲ ਗੁਰੂ ਦੀ ਬਾਣੀ ਰੂਪ ਉੱਤਮ ਕਥਾ ਸੁਣੀਏ।  ਗੁਰੂ ਦੀ ਬਾਣੀ ਵਿੱਚ ਸੁਚੱਜਾ ਜੀਵਨ ਜਿਊਣ ਦੇ ਸਿਧਾਂਤ ਦੱਸੇ ਹਨ। ਗੁਰੂ ਦੀ ਸੰਗਤ ਕਰਨ ਨਾਲ਼ ਮਨ ਅੰਦਰ ਜੋ ਤ੍ਰਿਸ਼ਨਾਵਾਂ ਚੱਲਦੀਆਂ ਹਨ। ਉਹ ਸ਼ਾਂਤ ਹੋ ਜਾਂਦੀਆਂ ਹਨ। ਮਨ ਟਿਕ ਜਾਂਦਾ ਹੈ। ਸੰਗਤ ਕਰਨ ਵਾਲ਼ਾ ਗੁਰੂ ਦੀ ਸਿੱਖਿਆ ਰਾਹੀਂ ਆਪਣੇ ਮਨ ਅੰਦਰਲੇ ਵਿਕਾਰਾਂ ਨੂੰ ਵਿਚਾਰ ਵਿਚਾਰ ਕੇ ਅਸਲੀਅਤ ਪਾ ਲੈਂਦਾ ਹੈ; ਜਿਵੇਂ ਕਿ ਬਚਨ ਹਨ ‘‘ਸੋਧਤ ਸੋਧਤ ਤਤੁ ਬੀਚਾਰਿਓ; ਭਗਤਿ ਸਰੇਸਟ ਪੂਰੀ ’’ (ਮਹਲਾ /੧੨੨੧) ਭਾਵ ਆਪਣੀ ਬਿਬੇਕ ਬੁੱਧੀ ਨਾਲ ਜ਼ਿੰਦਗੀ ਦੀ ਤਹਿ ਤੱਕ ਪਹੁੰਚਣਾ ਹੈ। ਤਤ ਕੱਢਣਾ ਹੈ ਕਿ ਕੀ ਠੀਕ ਹੈ, ਕੀ ਗ਼ਲਤ। ਵਿਚਾਰ ਵਿਚਾਰ ਕੇ ਸਮਝ ਆਈ ਕਿ ਸਭ ਤੋਂ ਉਤਮ ਰੱਬ ਦੀ ਭਗਤੀ ਹੈ। ਇਸ ਨਾਲ਼ ਹੀ ਸਾਰਾ ਜੀਵਨ ਦੁੱਖ ਮਿਟਦਾ ਹੈ ‘‘ਦੂਖੁ ਗਇਆ; ਸਭੁ ਰੋਗੁ ਗਇਆ   ਪ੍ਰਭ ਕੀ ਆਗਿਆ ਮਨ ਮਹਿ ਮਾਨੀ; ਮਹਾ ਪੁਰਖ ਕਾ ਸੰਗੁ ਭਇਆ ਰਹਾਉ ’’ (ਮਹਲਾ /੮੯੦) ਇੱਥੇ ਮਨ ਦੇ ਰੋਗਾਂ ਦੀ ਗੱਲ ਹੈ, ਸਰੀਰਕ ਰੋਗਾਂ ਦੀ ਨਹੀਂ । ਮਨ ਵਿਕਾਰਾਂ ਕਾਰਨ ਦੁੱਖੀ ਹੈ। ਉਨ੍ਹਾਂ ਤੋਂ ਮੁਕਤ ਹੋਣਾ ਹੈ। ਗੁਰੂ ਦੀ ਸੰਗਤ ਨਾਲ਼ ਰੱਬ ਜੀ ਦੀ ਬੰਦਗੀ ਕਰਕੇ ਔਗੁਣਾਂ ਅਤੇ ਵਿਕਾਰਾਂ ਤੋਂ ਮੁਕਤ ਹੋਣਾ ਹੈ।

ਜਿੱਥੇ ਸੰਤ ਜਨ ਪਰਮਾਤਮਾ ਦਾ ਨਾਮ ਜਪਦੇ ਹਨ, ਓਥੇ ਹੀ ਬੈਕੁੰਠ ਹੈ। ਗੁਰਮੁਖਾਂ ਦਾ ਦਰਸ਼ਨ ਕਰਨ ਨਾਲ਼ ਆਨੰਦ ਪਰਾਪਤ ਹੁੰਦਾ ਹੈ। ਦਰਸਨ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਆਪਣੀਆਂ ਅੱਖਾਂ ਨਾਲ ਦੇਖਣਾ। ਦੂਸਰਾ ਵਿਚਾਰਧਾਰਾ ਨੂੰ ਸਮਝਣਾ। ਸਨਾਤਨ ਮੱਤ ਵਿੱਚ ਪੁਸਤਕਾਂ, ਸ਼ਾਸਤ੍ਰਾਂ ਨੂੰ ਦਰਸ਼ਨ ਕਹਿੰਦੇ ਹਨ। ਇੱਥੇ ਜਿਹੜਾ ਦਰਸ਼ਨ ਹੈ, ਉਹ ਜੀਵਨ ਜਾਚ ਨੂੰ ਸਮਝਣਾ ਹੈ। ਜਿਸ ਵਕਤ ਗੁਰੂ ਦੀ ਦੱਸੀ ਜੀਵਨ ਜਾਚ ਪੱਲੇ ਪੈ ਗਈ ਮਨ ਦੇ ਵਿੱਚ ਖੇੜਾ ਹੀ ਖੇੜਾ ਹੁੰਦਾ ਹੈ ਤਾਂ ਤੇ ‘‘ਰਾਮ ਗੁਣਾ; ਨਿਤ ਨਿਤ ਹਰਿ ਗਾਈਐ ’’ (ਮਹਲਾ /੮੯੦)

ਜਦ ਸਮਝ ਆਈ ਕਿ ਰੱਬ ਜੀ ਗੁਣਾਂ ਦੇ ਸਾਗਰ ਹਨ। ਉਸੇ ਵਕਤ ਗੁਣਾਂ ਵਾਲਾ ਜੀਵਨ ਬਤੀਤ ਕਰਨ ਲਈ ਭਾਵ ਉਸੇ ਪਾਸੇ ਜ਼ਿੰਦਗੀ ਬਤੀਤ ਕਰਨ ਲਈ ਜਗਿਆਸੂ ਤਤਪਰ ਰਹਿੰਦਾ ਹੈ। ਫਿਰ ਕਿਉਂ ਨਹੀਂ ਬੈਕੁੰਠ ਮਿਲੇਗਾ ?

ਜਿਵੇਂ ਘਰ ਵਿੱਚ ਬੱਚੇ ਹੁੰਦੇ ਹਨ। ਬਹੁਤ ਵਾਰ ਉਨ੍ਹਾਂ ਨੂੰ ਕਿਸੀ ਗੱਲ ਲਈ ਮਨਾਉਣਾ ਹੁੰਦਾ ਹੈ ਤਾਂ ਕਿਸੇ ਵੇਲੇ ਪਿਆਰ ਨਾਲ ਮਿੱਠੀ ਜਿਹੀ ਝਿੜਕੀ ਮਾਰਦੇ ਹਾਂ, ਕਿਸੇ ਵੇਲੇ ਬੁਲਾ ਕੇ ਜਾਂ ਲਾਲਚ ਦੇ ਕੇ ਮਨਾ ਲੈਂਦੇ ਹਾਂ। ਕਬੀਰ ਸਾਹਿਬ ਜੀ ਵੀ ਇਹੀ ਹੱਲਾਸ਼ੇਰੀ ਦਿੰਦੇ ਹਨ ‘‘ਚਲੁ ਰੇ ! ਬੈਕੁੰਠ ਤੁਝਹਿ ਲੇ ਤਾਰਉ   ਹਿਚਹਿ; ਪ੍ਰੇਮ ਕੈ ਚਾਬੁਕ ਮਾਰਉ ’’ ਸੋ ਸਵਰਗ ਦਾ ਮਤਲਬ ਸਹਜ ਮਾਣਨਾ ਹੈ। ਭਟਕਣਾ ਤੋਂ ਬਚਣਾ ਹੈ ਫਿਰ ਸਦਾ ਅਨੰਦ ਹੀ ਅਨੰਦ ਹੈ। ਇਹੀ ਹੈ ਅਸਲ ਬੈਕੁੰਠ, ਪਰ ਇਸ ਅਵਸਥਾ ਨੂੰ ਵਿਰਲੇ ਹੀ ਭੋਗਦੇ ਹਨ ‘‘ਸਹਜ ਕਥਾ ਪ੍ਰਭ ਕੀ ਅਤਿ ਮੀਠੀ   ਵਿਰਲੈ ਕਾਹੂ ਨੇਤ੍ਰਹੁ ਡੀਠੀ ਰਹਾਉ ’’ (ਮਹਲਾ /੭੩੯)

ਆਪਣੇ ਤੀਜੇ ਬੰਦ ਵਿੱਚ ਪੂਰੇ ਸ਼ਬਦ-ਵਿਸ਼ੇ ਨੂੰ ਸੰਕੋਚਦਿਆਂ ਭਗਤ ਕਬੀਰ ਜੀ ਕਹਿ ਰਹੇ ਹਨ ‘‘ਕਹਤ ਕਬੀਰ ਭਲੇ ਅਸਵਾਰਾ   ਬੇਦ ਕਤੇਬ ਤੇ ਰਹਹਿ ਨਿਰਾਰਾ ’’ ਭਲੇ ਤੋਂ ਭਾਵ ਹੈ ਚੰਗੇ, ਸਿਆਣੇ। ਅਸਵਾਰਾ- ਸਵਾਰੀ ਕਰਨ ਵਾਲੇ। ਰਹਹਿ-ਰਹਿੰਦੇ ਹਨ। ਨਿਰਾਰਾ- ਵੱਖਰੇ। ਪੂਰੇ ਬੰਦ ਦਾ ਸ਼ਾਬਦਿਕ ਅਰਥ ਹੈ ‘ਐਸੀ ਸਵਾਰੀ ਕਰਨ ਵਾਲੇ ਸਿਆਣੇ ਹੁੰਦੇ ਹਨ, ਫਿਰ ਉਹ ਕਰਮਕਾਂਡੀ ਵਿਚਾਰਾਧਾਰਾ ਤੋਂ ਵੱਖਰੇ ਰਹਿੰਦੇ ਹਨ। ਪ੍ਰਚਲਿਤ ਧਾਰਮਿਕ ਪੁਸਤਕਾਂ ਦੀਆਂ ਅਰਥਹੀਣ ਮਰਿਆਦਾ ਵਿੱਚ ਬੱਝਾ ਨਹੀਂ ਰਹਿੰਦਾ ਬਲਕਿ ਰੱਬੀ ਪ੍ਰੇਮ ਵਿੱਚ ਲੀਨ ਹੋ ਆਪਣੇ ਮਾਲਕ ਦੇ ਹੁਕਮ ਵਿੱਚ ਤੁਰਦਾ ਹੈ।

ਧਾਰਮਿਕ ਕਰਮਕਾਂਡ ਅਕਸਰ ਸ਼ਰਧਾਲੂ ਨੂੰ ਹੰਕਾਰੀ ਬਣਾ ਦਿੰਦੇ ਹਨ। ਮੈਂ ਐਨਾ ਧਰਮੀ ਹਾਂ । ਮੈਂ ਤੀਰਥ ਯਾਤਰਾ ਕਰ ਆਇਆ, ਆਦਿ। ਇਹ ਹੰਕਾਰ ਮਨੁੱਖ ਨੂੰ ਮਾਨਸਿਕ ਰੋਗੀ ਬਣਾ ਦਿੰਦਾ ਹੈ, ਇਸ ਲਈ ਕਿਹਾ ਗਿਆ ਕਿ ‘‘ਪੰਡਿਤ ਮੁਲਾਂ ਜੋ ਲਿਖਿ ਦੀਆ   ਛਾਡਿ ਚਲੇ ਹਮ; ਕਛੂ ਲੀਆ   ਰਿਦੈ ਇਖਲਾਸੁ ਨਿਰਖਿ ਲੇ ਮੀਰਾ   ਆਪੁ ਖੋਜਿ ਖੋਜਿ; ਮਿਲੇ ਕਬੀਰਾ ’’ (ਭਗਤ ਕਬੀਰ/੧੧੫੯) ਭਾਵ ਪੰਡਿਤ ਤੇ ਮੌਲਵੀਆਂ ਨੇ ਜੋ ਕਰਮਕਾਂਡ ਆਦਿ ਲਿਖਿਆ, ਮੈਂ ਉਹ ਨਹੀਂ ਕੀਤਾ। ਮੈਂ ਤਾਂ ਆਪਣੇ ਗੁਰੂ ਨਾਲ ਪਿਆਰ ਪਾਇਆ ਹੈ। ਪਿਆਰ ਵਿੱਚ ਬੱਧਾ ਚੱਟੀ ਨਹੀਂ ਹੁੰਦੀ। ਮਾਂ ਤੇ ਬੱਚੇ ਦਾ ਅਸੀਂ ਰਿਸ਼ਤਾ ਦੇਖੀਏ, ਕਦੀ ਵੀ ਇੰਜ ਨਹੀਂ ਹੁੰਦਾ ਕਿ ਬੱਚਾ ਹਰ ਵੇਲੇ ਕਹੇ ਕਿ ਮਾਂ ! ਮੈਨੂੰ ਹਰ ਵੇਲੇ ਪਿਆਰ ਕਰ। ਇਹੀ ਸਮਝ ਹੁੰਦੀ ਹੈ ਕਿ ਮਾਂ ਮੈਨੂੰ ਸਦਾ ਪਿਆਰ ਕਰਦੀ ਹੈ। ਮਾਂ ਵੀ ਕਦੀ ਨਹੀਂ ਕਹਿੰਦੀ ਕਿ ਬੱਚਾ ਸਾਰਾ ਦਿਨ ਮਾਂ ਮਾਂ ਬੋਲਦਾ ਰਹੇ। ਉਸਨੂੰ ਯਕੀਨ ਹੁੰਦਾ ਹੈ ਕਿ ਬੱਚਾ ਮੈਨੂੰ ਪਿਆਰ ਕਰਦਾ ਹੈ। ਦੋਨਾਂ ਦਾ ਆਪਸੀ ਰਿਸ਼ਤਾ ਹੀ ਪਿਆਰ ਬਣਦਾ ਹੈ। ਇੱਦਾਂ ਹੀ ਰੱਬ ਦੀ ਭੈ ਭਾਵਨੀ ਵਿੱਚ ਰਹਿੰਦਿਆਂ ਹਰ ਕੰਮ ਕਰਦੇ ਹੋਏ ਧਿਆਨ ਵਿੱਚ ਰੱਖਣਾ ਹੈ ਕਿ ਇਹ ਕੰਮ ਉਸ ਨੂੰ ਪਸੰਦ ਨਹੀਂ ਆਉਣਾ। ਇਹ ਮਜਬੂਰੀ ਨਹੀਂ ਸਗੋਂ ਨਿਰੋਲ ਪਿਆਰ ਹੈ। ਜੇ ਆਲੇ ਦੁਆਲੇ ਵਿਕਾਰਾਂ ਦਾ ਚਿੱਕੜ ਵੀ ਹੋਵੇ ਤਾਂ ਵੀ ਨਿਰਲੇਪ ਹੋ ਕੇ ਲੰਘ ਜਾਂਦਾ ਹੈ ‘‘ਕਬੀਰ  ! ਜਗੁ ਕਾਜਲ ਕੀ ਕੋਠਰੀ; ਅੰਧ ਪਰੇ ਤਿਸ ਮਾਹਿ   ਹਉ ਬਲਿਹਾਰੀ ਤਿਨ ਕਉ; ਪੈਸਿ ਜੁ ਨੀਕਸਿ ਜਾਹਿ ’’ (ਭਗਤ ਕਬੀਰ/੧੩੬੫)

 ਕਬੀਰ ਸਾਹਿਬ ਜੀ ਇਸ ਪੂਰੇ ਸ਼ਬਦ ਵਿੱਚ ਮਨ ਨੂੰ ਕਾਬੂ ਕਰਨਾ ਹੀ ਸਿਖਾਉਂਦੇ ਹਨ, ਪਰ ਜੋ ਇਸ ਗਿਆਨ ਤੋਂ ਸੱਖਣੇ ਰਹੇ ਉਹ ਨਿਖਸਮੇ ਰਹਿ ਜਾਂਦੇ ਹਨ; ਜਿਵੇਂ ਕਿ ਬਚਨ ਹਨ ‘‘ਨਾਨਕ ! ਗੁਰੂ ਚੇਤਨੀ; ਮਨਿ ਆਪਣੈ ਸੁਚੇਤ ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ’’ (ਆਸਾ ਕੀ ਵਾਰ/ਮਹਲਾ /੪੬੩) ਭਾਵ ਜੇ ਮਨ ’ਚ ਗੁਰੂ ਪ੍ਰਤੀ ਲਗਾਅ ਨਹੀਂ ਤਾਂ ਹਾਲਤ ਉਨ੍ਹਾਂ ਦਾਣਿਆਂ ਵਰਗੀ ਹੁੰਦੀ ਹੈ ਜੋ ਪੱਕਣ ਤੋਂ ਪਹਿਲਾਂ ਹੀ ਝੜ ਜਾਂਦੇ ਹਨ। ਖੇਤ ’ਚ ਪਇਆਂ ਨੂੰ ਕੋਈ ਉਠਾਉਣ ਵੀ ਨਹੀਂ ਜਾਂਦਾ।

 ਗੁਰਬਾਣੀ ਦਾ ਨਿਆਰਾ ਤੇ ਨਿਵੇਕਲਾ ਸਿਧਾਂਤ ਹੈ। ਮਰਨ ਉਪਰੰਤ ਕਿਸੇ ਸਵਰਗ ਦੀ ਲਾਲਸਾ ਨਹੀਂ ਦਿੱਤੀ। ਗੁਰਬਾਣੀ ਅਨੁਸਾਰ ਜ਼ਿੰਦਗੀ ਜਿਊਣ ਦੀ ਗੱਲ ਕੀਤੀ ਗਈ ਹੈ ਜਦਕਿ ਬਾਕੀ ਧਰਮ; ਡਰ ਅਤੇ ਲਾਲਚ ਨੂੰ ਸਾਮ੍ਹਣੇ ਰੱਖ ਕੇ ਧਾਰਮਿਕ ਗਿਆਨ ਦਿੰਦੇ ਹਨ।

ਇਸ ਸ਼ਬਦ ਵਿੱਚ ਕਬੀਰ ਜੀ ਮਨੁੱਖ ਅੰਦਰ ਯਕੀਨ ਪੱਕਾ ਕਰ ਰਹੇ ਹਨ ਕਿ ਪਰਮਾਤਮਾ ਆਪ ਹਰ ਥਾਂ ’ਤੇ ਰੱਖਿਆ ਕਰਦਾ ਹੈ। ਇੱਕ ਹੋਰ ਸ਼ਬਦ ਦੀ ‘ਰਹਾਉ’ ਪੰਗਤੀ ਵਿੱਚ ਵੀ ਕਬੀਰ ਜੀ ਕਹਿ ਰਹੇ ਹਨ ਕਿ ਭਾਵੇਂ ਮੇਰਾ ਸਰੀਰ ਜਲ਼ ਜਾਏ ਮੈ ਆਪਣੇ ਮਾਲਕ ਨਾਲ਼ ਪਿਆਰ ਕਰਨਾ ਨਹੀਂ ਛੱਡਾਂਗਾ ‘‘ਰਾਮ ਜਪਤ; ਤਨੁ ਜਰਿ ਕੀ ਜਾਇ   ਰਾਮ ਨਾਮ ਚਿਤੁ ਰਹਿਆ ਸਮਾਇ ਰਹਾਉ ’’ (ਭਗਤ ਕਬੀਰ/੩੨੯) ਭਾਵ ਜਿਸ ਮਨੁੱਖ ਦਾ ਮਨ; ਰਾਮ ਦੇ ਨਾਮ ਵਿੱਚ ਲੱਗ ਗਿਆ, ਉਹ ਆਪਣੇ ਸਰੀਰ ਦੀ ਕੋਈ ਪਰਵਾਹ ਨਹੀਂ ਕਰਦਾ। ਸਿਮਰਨ ਕਰਦਿਆਂ ਭਾਵੇਂ ਸਰੀਰ ਸੜ ਵੀ ਜਾਏ, ਕਹਿਣਾ ਅਥਾਹ ਪ੍ਰੇਮ ਦਾ ਪ੍ਰਗਟਾਵਾ ਹੈ। ਇਸ ਲਈ ਗੁਰੂ ਅੰਗਦ ਸਾਹਿਬ ਜੀ ਨੇ ਬਚਨ ਕੀਤੇ ਹਨ ‘‘ਜਿਸੁ ਪਿਆਰੇ ਸਿਉ ਨੇਹੁ; ਤਿਸੁ ਆਗੈ ਮਰਿ ਚਲੀਐ (ਮਹਲਾ /੮੩)

ਸੋ ਕਬੀਰ ਸਾਹਿਬ ਜੀ ਦੇ ਇਸ ਸਬਦ ਵਿੱਚ ਅਲੰਕਾਰ ਸ਼ਬਦਾਂ ਦੀ ਬਹੁਤਾਤ ਹੈ, ਜਿਨ੍ਹਾਂ ਰਾਹੀਂ ਭਾਵਾਰਥ ਜਾਣਨਾ ਆਮ ਇਨਸਾਨ ਲਈ ਭਾਵੇਂ ਥੋੜ੍ਹਾ ਮੁਸ਼ਕਲ ਹੋਵੇ, ਪਰ ਗੁਰੂ ਨਾਲ਼ ਪਿਆਰ ਕਰਨ ਵਾਲ਼ਿਆਂ ਲਈ ਕੋਈ ਕਠਿਨਾਈ ਨਹੀਂ ਹੁੰਦੀ। ਉਹ, ਗੁਰਬਾਣੀ ਦਾ ਹਰ ਉਪਦੇਸ਼; ਸਤਿਗੁਰੂ ਦੀ ਕਿਰਪਾ ਨਾਲ਼ ਸਹਿਜੇ ਹੀ ਸਮਝ ਜਾਂਦੇ ਹਨ ਕਿਉਂਕਿ ਗੁਰਬਾਣੀ ਆਮ ਮਨੁੱਖ ਨੂੰ ਧਿਆਨ ’ਚ ਰੱਖ ਕੇ ਹੀ ਰਚੀ ਗਈ ਹੈ। ਪੰਡਿਤਾਂ ਵਾਙ ਗਿਆਨ ਨੂੰ ਆਪਣੇ ਤੱਕ ਸੀਮਤ ਨਹੀਂ ਰੱਖਿਆ।

ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥

0

ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥

ਪ੍ਰੋਫ਼ੈਸਰ ਮਨਮੋਹਨ ਸਿੰਘ (ਕੈਨੇਡਾ)

ਆਸਾ ਮਹਲਾ ੪ ॥

ਤੂੰ ਕਰਤਾ ਸਚਿਆਰੁ ਮੈਡਾ ਸਾਂਈ ॥  ਜੋ ਤਉ ਭਾਵੈ, ਸੋਈ ਥੀਸੀ; ਜੋ ਤੂੰ ਦੇਹਿ, ਸੋਈ ਹਉ ਪਾਈ ॥੧॥ ਰਹਾਉ ॥

ਸਭ ਤੇਰੀ; ਤੂੰ ਸਭਨੀ ਧਿਆਇਆ ॥  ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ ॥

ਗੁਰਮੁਖਿ ਲਾਧਾ; ਮਨਮੁਖਿ ਗਵਾਇਆ ॥  ਤੁਧੁ ਆਪਿ ਵਿਛੋੜਿਆ; ਆਪਿ ਮਿਲਾਇਆ ॥੧॥

ਤੂੰ ਦਰੀਆਉ; ਸਭ ਤੁਝ ਹੀ ਮਾਹਿ ॥  ਤੁਝ ਬਿਨੁ, ਦੂਜਾ ਕੋਈ ਨਾਹਿ ॥

ਜੀਅ ਜੰਤ ਸਭਿ ਤੇਰਾ ਖੇਲੁ ॥  ਵਿਜੋਗਿ ਮਿਲਿ ਵਿਛੁੜਿਆ; ਸੰਜੋਗੀ ਮੇਲੁ ॥੨॥

ਜਿਸ ਨੋ ਤੂ ਜਾਣਾਇਹਿ; ਸੋਈ ਜਨੁ ਜਾਣੈ ॥  ਹਰਿ ਗੁਣ ਸਦ ਹੀ ਆਖਿ ਵਖਾਣੈ ॥

ਜਿਨਿ ਹਰਿ ਸੇਵਿਆ; ਤਿਨਿ ਸੁਖੁ ਪਾਇਆ ॥  ਸਹਜੇ ਹੀ ਹਰਿ ਨਾਮਿ ਸਮਾਇਆ ॥੩॥

ਤੂ ਆਪੇ ਕਰਤਾ; ਤੇਰਾ ਕੀਆ ਸਭੁ ਹੋਇ ॥  ਤੁਧੁ ਬਿਨੁ, ਦੂਜਾ ਅਵਰੁ ਨ ਕੋਇ ॥

ਤੂ ਕਰਿ ਕਰਿ ਵੇਖਹਿ, ਜਾਣਹਿ ਸੋਇ ॥  ਜਨ ਨਾਨਕ  ! ਗੁਰਮੁਖਿ ਪਰਗਟੁ ਹੋਇ ॥੪॥੨॥

(ਸੋ ਪੁਰਖੁ ਆਸਾ ਮਹਲਾ ੪/੧੨)

ਇਹ ਸ਼ਬਦ ਗੁਰੂ ਰਾਮਦਾਸ ਜੀ ਦੁਆਰਾ ਉਚਾਰਿਆ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦੋ ਵਾਰ ਅੰਕ 12 ਅਤੇ 365 ਉੱਤੇ ਆਸਾ ਰਾਗ ਵਿੱਚ ਸੁਭਾਇਮਾਨ ਹੈ। ਇਸ ਦੇ ਚਾਰ ਬੰਦ ਹਨ ਅਤੇ ਇੱਕ ‘ਰਹਾਉ’ ਪਦਾ ਹੈ, ਜੋ ਸ਼ਬਦ ਦੇ ਅਰੰਭ ਵਿੱਚ ਦਰਜ ਹੈ।  ‘ਰਹਾਉ’ ਬੰਦ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਜੋ ਸ਼ਬਦ ਅੰਦਰ ਅਕਸਰ ਪਹਿਲੇ ਬੰਦ ਤੋਂ ਬਾਅਦ ਦਰਜ ਹੁੰਦਾ ਹੈ, ਜੋ ਕਿ ਇਸ ਸ਼ਬਦ ਦੇ ਅਰੰਭ ਵਿੱਚ ਹੈ। ‘ਰਹਾਉ’ ਪਦੇ ’ਚ ਬਚਨ ਕੀਤਾ ਗਿਆ ਹੈ ‘‘ਤੂੰ ਕਰਤਾ ਸਚਿਆਰੁ; ਮੈਡਾ ਸਾਂਈ ’’ ਭਾਵ ਹੇ ਮੇਰੇ ਮਾਲਕ ਕਰਤਾਰ ! ਤੂੰ ਸਾਰੀ ਸ੍ਰਿਸ਼ਟੀ ਦਾ ਰਚਨਹਾਰ (ਕਰਤਾ) ਹੈਂ, ਸਦਾ ਕਾਇਮ ਰਹਿਣ ਵਾਲਾ ਹੈਂ ਅਤੇ ਮੇਰਾ ਖਸਮ ਹੈਂ, ਮਾਲਕ ਹੈਂ ਯਾਨੀ ਅਸੀਂ ਸਾਰੇ ਤੇਰੀ ਹੀ ਕਿਰਤ ਹਾਂ।

ਵਿਚਾਰ : ਇੱਥੇ ‘ਸਾਂਈ’ ਸ਼ਬਦ ਦੇ ਉੱਪਰ ਪਹਿਲਾਂ ਹੀ ਬਿੰਦੀ ਲੱਗੀ ਹੋਈ ਹੈ, ਜੋ ਹੱਥ ਲਿਖਤ ਬੀੜ ਦਾ ਉਤਾਰਾ ਕਰਿਦਆਂ ਛਾਪੇ ਸਮੇਂ ‘ਸਾ’ ਦੇ ਕੰਨੇ ’ਤੇ ਆ ਗਈ ਕਿਉਂਕਿ ਵੈਸੇ ਇਹ ‘ਈ’ ਦੀ ਬਿਹਾਰੀ ਨਾਲ਼ ਖੱਬੇ ਪਾਸੇ ਹੈ। ਪੁਰਾਤਨ ਹੱਥ ਲਿਖਤ ਸਰੂਪਾਂ ’ਚ ਬਿਹਾਰੀ ਦੇ ਖੱਬੇ ਪਾਸੇ ਬਿੰਦੀ ਜਾਂ ਟਿੱਪੀ ਵੀ ਲੱਗੀ ਮਿਲਦੀ ਹੈ; ਜਿਵੇਂ ਕਿ ਇਸ ਵਾਕ ਵਿੱਚ ‘‘ੲੰੀਧਨ ਤੇ ਬੈਸੰਤਰੁ ਭਾਗੈ   ਮਾਟੀ ਕਉ ਜਲੁ ਦਹ ਦਿਸ ਤਿਆਗੈ ’’ (ਮਹਲਾ /੯੦੦) ਇੱਥੇ ‘ੲੰੀਧਨ’ ਸ਼ਬਦ ਹੈ, ਜਿਸ ਦੀ ਬਿਹਾਰੀ ਨਾਲ਼ ਖੱਬੇ ਪਾਸੇ ਟਿੱਪੀ ਹੈ, ਪਰ ਐਸਾ ਅਜੋਕੀ ਪੰਜਾਬੀ ਵਿੱਚ ਨਹੀਂ ਲਿਖਿਆ ਜਾਂਦਾ। ਇਸੇ ਤਰ੍ਹਾਂ ‘ਸਾਂਈ’ ਤੋਂ ਪ੍ਰਿੰਟਿੰਗ ਸਮੇਂ ‘ਸਾਂਈ’ ਲਿਖਿਆ ਗਿਆ, ਜਿਸ ਦਾ ਅਰਥ ਹੈ ‘ਪ੍ਰਮਾਤਮਾ, ਵਾਹਿਗੁਰੂ, ਖਸਮ, ਪਤੀ’।

ਗੁਰਬਾਣੀ ਅੰਦਰ ‘ਸਾਈ’ ਸ਼ਬਦ ਦੇ ਦੋ ਅਰਥ ਹਨ (1). ਖਸਮ (ਇੱਕ ਵਚਨ ਪੁਲਿੰਗ ਨਾਂਵ) (2). ਉਹ (ਇਸਤ੍ਰੀ ਲਿੰਗ ਵਿਸ਼ੇਸ਼ਣ); ਜਿਵੇਂ ਕਿ

(1). ‘ਸਾਈ’ ਦਾ ਅਰਥ ਹੈ ‘ਖਸਮ, ਪਤੀ’ ਕਿਉਂਕਿ ‘ਸਾਈ’ ਦੇ ਨਾਲ਼ ਇੱਕ ਵਚਨ ਪੁਲਿੰਗ ਨਾਂਵ ਹੁੰਦੇ ਹਨ; ਜਿਵੇਂ ਕਿ

ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥ (ਮਹਲਾ ੫/੮੧) (ਸਾਈ ਨਾਮੁ)

ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ ॥ (ਮਹਲਾ ੫/੩੯੭) (ਸਾਈ ਅਲਖੁ)

ਐਸੇ ਸਾਰੇ ਵਾਕਾਂ ’ਚ ‘ਸਾਈ’ ਦਾ ਉਚਾਰਨ ‘ਸਾਈਂ’ ਹੋਵੇਗਾ।

(2). ‘ਸਾਈ’ ਦਾ ਅਰਥ ਹੈ ‘ਉਹ, ਉਹੀ’ ਕਿਉਂਕਿ ਇਸ ‘ਸਾਈ’ ਦੇ ਨਾਲ਼ ਇਸਤਰੀ ਲਿੰਗ ਨਾਂਵ ਹੁੰਦੇ ਹਨ; ਜਿਵੇਂ ਕਿ

ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ (ਜਪੁ/ਮਹਲਾ ੧/੩) (ਸਾਈ ਕਾਰ/ਉਹੀ ਕਾਰ)

ਸਾਈ ਵਸਤੁ ਪਰਾਪਤਿ ਹੋਈ; ਜਿਸੁ ਸਿਉ ਲਾਇਆ ਹੇਤੁ ॥ (ਮਹਲਾ ੧/੭੫) (ਇੱਥੇ ‘ਵਸਤੁ’ ਇਸਤਰੀ ਲਿੰਗ ਨਾਂਵ ਹੋਣ ਕਾਰਨ ‘ਸਾਈ’ ਦਾ ਅਰਥ ਵੀ ‘ਉਹ’ ਹੈ, ਨਾ ਕਿ ‘ਪਤੀ, ਖਸਮ’ ਇੱਕ ਵਚਨ ਪੁਲਿੰਗ)

ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ ॥ (ਆਸਾ ਕੀ ਵਾਰ/ਮਹਲਾ ੧/੪੭੫) (ਸਾਈ ਕਾਰ/ਉਹੀ ਕਾਰ)

ਸਾਈ ਮਤਿ ਸਾਈ ਬੁਧਿ ਸਿਆਨਪ; ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥ (ਮਹਲਾ ੫/੯੭੮) (ਇੱਥੇ ਵੀ ‘ਮਤਿ, ਬੁਧਿ ਸਿਆਪਣ’ ਇਸਤਰੀ ਲਿੰਗ ਨਾਂਵ ਹਨ, ਇਸ ਲਈ ‘ਸਾਈ’ ਦਾ ਅਰਥ ‘ਖਸਮ’ ਨਹੀਂ ਹੋ ਸਕਦਾ)

ਐਸੇ ਸਾਰੇ ਵਾਕਾਂ ’ਚ ‘ਸਾਈ’ ਦਾ ਉਚਾਰਨ ‘ਸਾਈ’ ਹੈ, ਨਾ ਕਿ ‘ਸਾਈਂ’।

ਗੁਰੂ ਨਾਨਕ ਸਾਹਿਬ ਜੀ ਨੇ ‘ਆਸਾ ਕੀ ਵਾਰ’ ਵਿੱਚ ਕਿਹਾ ਹੈ ਕਿ ਕਰਤਾਰ ਨੇ ਆਪਣੇ ਆਪ ਨੂੰ ਸਰਗੁਣ ਰੂਪ ’ਚ ਪ੍ਰਗਟ ਕਰਨ ਲਈ ਕੁਦਰਤ ਬਣਾਈ ਹੈ ਭਾਵੇਂ ਕਿ ਕੁਦਰਤ ਦੇ ਕਣ ਕਣ ਵਿੱਚ ਉਹ ਆਪ ਹੀ ਸਮਾਇਆ ਹੋਇਆ ਹੈ ‘‘ਆਪੀਨ੍ਹੈ ਆਪੁ ਸਾਜਿਓ; ਆਪੀਨ੍ਹੈ ਰਚਿਓ ਨਾਉ ਦੁਯੀ ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ’’ (ਮਹਲਾ /੪੬੩) ਅਰਥ : ਕਰਤਾਰ ਨੇ ਆਪਣੇ ਆਪ ਨੂੰ ਪੈਦਾ ਕਰ ਆਪਣੀ ਹੋਂਦ ਸਥਾਪਿਤ ਕੀਤੀ। ਫਿਰ ਦੂਜੇ ਨੰਬਰ ਉੱਤੇ ਆਪ ਨੇ ਆਪਣੇ ਆਪ ਨੂੰ (ਕੁਦਰਤ ਰੂਪ ਵਿੱਚ) ਸਥਾਪਿਤ ਕੀਤਾ ਅਤੇ ਇਸ ਵਿੱਚ ਆਪਣੀ ਪ੍ਰਸਿੱਧੀ ਪਾਈ, ਆਪਣੇ ਵਰਗੇ ਕੁੱਝ ਗੁਣ ਪਾਏ ਯਾਨੀ ਸਭ ਨੂੰ ਭੋਜਨ ਪ੍ਰਾਪਤ ਕਰਨ ਅਤੇ ਔਲਾਦ ਪੈਦਾ ਕਰਨ ਯੋਗੀ ਸੋਝੀ ਬਖ਼ਸ਼ੀ ਹੈ; ਜਿਵੇਂ ਕਿ ਬਚਨ ਹਨ ‘‘ਏਕਾ ਸੁਰਤਿ ਜੇਤੇ ਹੈ ਜੀਅ   ਸੁਰਤਿ ਵਿਹੂਣਾ ਕੋਇ ਕੀਅ ’’ (ਮਹਲਾ /੨੫), ਸੋ ਆਪਣੀ ਹੋਂਦ ਸਥਾਪਿਤ ਕਰਨ ਤੋਂ ਬਾਅਦ ਅਕਾਲ ਪੁਰਖ ਕਰਤੇ ਨੇ ਆਪ ਹੀ ਸਾਰੀ ਕੁਦਰਤ ਬਣਾਈ ਹੈ। ਦੂਸਰੇ ਨੰਬਰ ’ਤੇ ਕੁਦਰਤ ਸਾਜ ਕੇ ਇਸ ਵਿੱਚ ਆਪ ਹੀ ਆਸਣ ਜਮਾਂ ਕੇ ਬੈਠਾ ਹੈ ਅਤੇ ਸਾਰਾ ਕੌਤਕ ਤਮਾਸ਼ਾ ਵੇਖਣ ਲੱਗਾ; ਜਿਵੇਂ ਕਿ ‘ਸੋ ਦਰੁ’ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾ ਸਚਿਆਰ ਦੀ ਪੂਰੀ ਪਰਿਭਾਸ਼ਾ ਦਿੱਤੀ ਹੋਈ ਹੈ ‘‘ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ਹੈ ਭੀ, ਹੋਸੀ, ਜਾਇ ਜਾਸੀ; ਰਚਨਾ ਜਿਨਿ ਰਚਾਈ ’’ (ਮਹਲਾ /) ਗੁਰੂ ਰਾਮਦਾਸ ਜੀ ਦੇ ਵੀ ਬਚਨ ਹਨ ‘‘ਸਾਚਾ ਸਾਹਿਬੁ, ਸਚੁ ਤੂ ਮੇਰੇ ਸਾਹਾ ! ਤੇਰਾ ਕੀਆ ਸਚੁ ਸਭੁ ਹੋਇ ’’ (ਮਹਲਾ /੬੭੦) ਇਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਪਰਮਾਤਮਾ ਨੂੰ ਸੰਬੋਧਿਤ ਹੁੰਦੇ ਹੋਏ ਉਚਾਰਿਆ ਹੈ ਕਿ ਹੇ ਸਦਾ ਰਹਿਣ ਵਾਲੇ ਮੇਰੇ ਪਾਤਿਸ਼ਾਹ  !  ਸਭ ਕੁਝ ਤੇਰਾ ਬਣਾਇਆ ਹੋ ਰਿਹਾ ਹੈ; ਜੋ ਤੂੰ ਕਰ ਰਿਹਾ ਹੈਂ, ਉਹੀ ਸੱਚ ਹੈ ਯਾਨੀ ਉਹੀ ਨਿਰਵਿਘਨ ਹੁੰਦਾ ਹੈ। ਹਥਲੇ ਸ਼ਬਦ ਦੀ ‘ਰਹਾਉ’ ਤੁਕ ’ਚ ਹੀ ਅਗਾਂਹ ਬਚਨ ਕੀਤੇ ਹਨ ਕਿ ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਹੋਵੇਗਾ, ਉਹੀ ਹੋ ਰਿਹਾ ਹੈ। ਜੋ ਤੂੰ ਸਾਨੂੰ ਦਿੰਦਾ ਹੈਂ, ਉਹੀ ਮੈਂ ਪਾ ਸਕਦਾ ਹਾਂ ‘‘ਜੋ ਤਉ ਭਾਵੈ, ਸੋਈ ਥੀਸੀ; ਜੋ ਤੂੰ ਦੇਹਿ, ਸੋਈ ਹਉ ਪਾਈ ਰਹਾਉ ’’  ਇੱਥੇ ‘ਪਾਈ’ ਸ਼ਬਦ ਉੱਤਮ ਪੁਰਖ, ਇੱਕ ਵਚਨ ਕਿਰਿਆ ਹੈ, ਜਿਸ ਦਾ ਅਰਥ ਹੈ ‘ਮੈਂ ਪਾਉਂਦਾ ਹਾਂ’। ਇਸ ਲਈ ਉਚਾਰਨ ਬਿੰਦੀ ਸਮੇਤ ਹੈ ‘ਪਾਈਂ’।

ਗੁਰੂ ਨਾਨਕ ਸਾਹਿਬ ਜੀ ‘ਜਪੁ’ ਬਾਣੀ ਦੀ 6ਵੀਂ ਪਉੜੀ ’ਚ ਵੀ ਬਚਨ ਕਰਦੇ ਹਨ ਕਿ ਹੇ ਪ੍ਰਮਾਤਮਾ ! ਮੈਂ ਜਿੰਨੀ ਵੀ ਤੇਰੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਵੇਖ ਰਿਹਾ ਹਾਂ, ਇਸ ਵਿੱਚੋਂ ਜਿਸ ਦੇ ਨਸੀਬ ’ਚ ਜੇਕਰ ਚੰਗਾ ਕਰਮ ਨਹੀਂ ਲਿਖਿਆ ਭਾਵ ਤੇਰੀ ਬਖ਼ਸ਼ਸ਼ ਨਹੀਂ ਹੋਈ ਤਾਂ ਸੰਸਾਰ ਵਿੱਚ ਰਹਿੰਦਿਆਂ ਕਿਸੇ ਨੂੰ ਕੀ ਮਿਲ ਸਕਦਾ ਹੈ ਤਾਂ ਜੋ ਮੈਂ ਵੀ ਲੈ ਸਕਾਂ ‘‘ਜੇਤੀ ਸਿਰਠਿ ਉਪਾਈ ਵੇਖਾ; ਵਿਣੁ ਕਰਮਾ ਕਿ ਮਿਲੈ, ਲਈ  ?’’ (ਜਪੁ/ਮਹਲਾ /) ਇੱਥੇ ਵੀ ‘ਲਈ’ ਉੱਤਮ ਪੁਰਖ, ਇੱਕ ਵਚਨ ਕਿਰਿਆ ਹੈ, ਜਿਸ ਦਾ ਅਰਥ ਹੈ ‘ਮੈਂ ਲੈ ਲਵਾਂ’। ਇਸ ਲਈ ਉਚਾਰਨ ਬਿੰਦੀ ਸਮੇਤ ਹੈ ‘ਲਈਂ’।

ਵਿਚਾਰ ਅਧੀਨ ਸ਼ਬਦ ਦੇ ਚਾਰ ਬੰਦਾਂ ਵਿੱਚੋਂ ਪਹਿਲੇ ਬੰਦ ਦੀ ਅਰੰਭਤਾ ਹੈ ‘‘ਸਭ ਤੇਰੀ; ਤੂੰ ਸਭਨੀ ਧਿਆਇਆ ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ’’, ਇਸ ਪੰਕਤੀ ’ਚ ਸ਼ਬਦ ਹੈ ‘ਤੂੰ’। ਇਸ ਦਾ ਅਰਥ ਹੈ ‘ਤੈਨੂੰ’; ਜਿਵੇਂ ਕਿ ਵਾਕ ਹੈ ‘‘ਜਿਨ ਤੂੰ ਸੇਵਿਆ ਭਾਉ ਕਰਿ; ਸੇਈ ਪੁਰਖ ਸੁਜਾਨ ’’ (ਮਹਲਾ /੫੨), ਇੱਥੇ ‘ਜਿਨ’ ਦੇ ‘ਨ’ ਨੂੰ ਸਿਹਾਰੀ ਨਹੀਂ ਭਾਵ ‘ਨ’ ਮੁਕਤਾ ਹੈ, ਜੋ ਬਹੁ ਵਚਨ ਦਾ ਪ੍ਰਤੀਕ ਹੈ। ਇਸ ਦੇ ਅਰਥ ਹਨ ਕਿ ਜਿਨ੍ਹਾਂ ਨੇ ਤੈਨੂੰ ਪਿਆਰ ਨਾਲ਼ ਸੇਵਿਆ ਹੈ/ਅਰਾਧਿਆ ਹੈ, ਉਹੀ ਪੁਰਸ਼ ਸਿਆਣੇ ਹਨ, ਤੈਨੂੰ ਚੰਗੀ ਤਰ੍ਹਾਂ ਜਾਣਦੇ ਹਨ।

ਗੁਰਬਾਣੀ ਅੰਦਰ ਜੇਕਰ ‘ਜਿਨਿ’ ਭਾਵ ‘ਨ’ ਨੂੰ ਸਿਹਾਰੀ ਹੋਵੇ ਤਾਂ ਇਹ, ਇੱਕ ਵਚਨ ਪੜਨਾਂਵ ਹੈ; ਜਿਵੇਂ ਕਿ ‘‘ਤਿਸੁ ਕੁਰਬਾਣੀ; ਜਿਨਿ, ਤੂੰ ਸੁਣਿਆ ਤਿਸੁ ਬਲਿਹਾਰੀ; ਜਿਨਿ, ਰਸਨਾ ਭਣਿਆ ’’ (ਮਹਲਾ /੧੦੨) ਭਾਵ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਤੈਨੂੰ ਸੁਣਿਆ ਹੈ, ਜਿਸ ਨੇ ਤੈਨੂੰ ਰਸਨਾ ਨਾਲ ਜਪਿਆ ਹੈ। ‘ਤੂੰ’ ਵਾਙ ਕਿਤੇ ਕਿਤੇ ‘ਤੂਹੈ’ ਦਾ ਅਰਥ ਵੀ ‘ਤੈਨੂੰ’ ਹੁੰਦਾ ਹੈ; ਜਿਵੇਂ ਕਿ ‘‘ਭੀ ਤੂੰਹੈ ਸਾਲਾਹਣਾ; ਆਖਣ ਲਹੈ ਚਾਉ ’’ (ਮਹਲਾ /੧੪੨) ਭਾਵ ਹੇ ਪਰਮਾਤਮਾ ! ਮੈਂ ਤੈਨੂੰ ਹੀ ਜਪਦਾ ਹਾਂ, ਮੇਰੇ ਅੰਦਰ ਕਦੇ ਵੀ ਤੇਰੀ ਸਿਫ਼ਤ ਸਾਲਾਹ ਕਰਨ ਦਾ ਚਾਉ ਨਾ ਘਟੇ। ਪ੍ਰਭੂ ਦੀ ਕਿਰਪਾ ਨਾਲ਼ ਹਿਰਦੇ-ਘਰ ਵਿੱਚ ਛੁਪਿਆ ਨਾਮ-ਅੰਮ੍ਰਿਤ (ਲਾਲ) ਪ੍ਰਗਟ ਹੋ ਜਾਂਦਾ ਹੈ; ਜਿਵੇਂ ਕਿ ਉਪਦੇਸ਼ ਹੈ ‘‘ਗੁਝੜਾ ਲਧਮੁ ਲਾਲੁ; ਮਥੈ ਹੀ ਪਰਗਟੁ ਥਿਆ ’’ (ਮਹਲਾ /੧੦੯੬) ਅਰਥ : ਪ੍ਰਭੂ ਦੀ ਕਿਰਪਾ ਨਾਲ਼ ਮੇਰੇ ਅੰਦਰ ਛੁਪਿਆ ਲਾਲ (ਅੰਮ੍ਰਿਤ ਨਾਮ) ਲੱਭ ਪਿਆ। ਹੁਣ ਮੇਰੇ ਚਿਹਰੇ ਉੱਤੇ ਪ੍ਰਗਟ ਹੋ ਗਿਆ ਭਾਵ ਮੇਰੇ ਮੂੰਹ ’ਤੇ ਲਾਲੀ ਆ ਗਈ।

ਇਸ ਪਹਿਲੇ ਬੰਦ ਵਿੱਚ ਚੌਥੇ ਪਾਤਿਸ਼ਾਹ ਜੀ ਕਰਤਾਰ ਅੱਗੇ ਬੇਨਤੀ ਕਰਦੇ ਹਨ ਕਿ ਹੇ ਪਾਤਿਸ਼ਾਹ  ! ਜਿਸ ’ਤੇ ਤੇਰੀ ਕਿਰਪਾ ਹੁੰਦੀ ਹੈ, ਉਸ ਨੂੰ ਹੀ ਨਾਮ ਰਤਨ ਦੀ ਪ੍ਰਾਪਤੀ ਹੁੰਦੀ ਹੈ। ਗੁਰਬਾਣੀ ਮੁਤਾਬਕ ਅਸਲ ਰਤਨ; ਹਰੀ ਦਾ ਨਾਮ ਹੀ ਹੈ। ਅਸਲੀ ਗਾਉਣਾ; ਉਨ੍ਹਾਂ ਦਾ ਹੀ ਪ੍ਰਵਾਨ ਹੈ, ਜੋ ਤੈਨੂੰ ਭਾਅ ਜਾਂਦੇ ਹਨ, ਪਸੰਦ ਆ ਜਾਂਦੇ ਹਨ। ਉਹ ਤੇਰੇ ਭਗਤ; ਨਾਮ ਰਸ ਵਿੱਚ ਰੰਗੇ ਜਾਂਦੇ ਹਨ, ਉਨ੍ਹਾਂ ਦਾ ਬਾਣੀ ਨਾਲ਼ ਪਿਆਰ ਪੈ ਜਾਂਦਾ ਹੈ; ਜਿਵੇਂ ਕਿ ਬਚਨ ਹਨ ‘‘ਸੇ ਭਗਤ, ਸੇ ਭਗਤ ਭਲੇ ਜਨ ਨਾਨਕ ਜੀ; ਜੋ ਭਾਵਹਿ ਮੇਰੇ ਹਰਿ ਭਗਵੰਤਾ ’’ (ਸੋ ਪੁਰਖੁ/ਮਹਲਾ /੧੧) ਭਾਵ ਹੇ ਮੇਰੇ ਵਾਹਿਗੁਰੂ ! ਜੋ ਤੈਨੂੰ ਭਾਉਂਦੇ ਹਨ, ਉਹਨਾਂ ਨੂੰ ਹੀ ਨਾਮ ਰੂਪੀ ਰਤਨ ਮਿਲਦਾ ਹੈ। ਗੁਰਬਾਣੀ ਅੰਦਰ ਬਹੁਤ ਵਾਕ ਹਨ, ਜਿਨ੍ਹਾਂ ਰਾਹੀਂ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਹੈ ਕਿ ਨਾਮ ਰਤਨ ਕੀ ਹੈ; ਜਿਵੇਂ ਕਿ ‘‘ਰਤਨੁ ਗੁਰੂ ਕਾ ਸਬਦੁ ਹੈ; ਬੂਝੈ ਬੂਝਣਹਾਰੁ ’’ (ਮਹਲਾ /੫੮੯) ਭਾਵ ਜਿਸ ’ਤੇ ਕਿਰਪਾ ਹੋ ਜਾਵੇ, ਉਹ ਸਮਝਦਾ ਹੈ ਕਿ ਬਹੁ ਕੀਮਤੀ ਰਤਨ; ਗੁਰੂ ਦਾ ਸ਼ਬਦ ਹੈ। ਹੋਰ ਵੀ ਬਚਨ ਹਨ ‘‘ਸਤਿਗੁਰ ਵਚਨੁ ਰਤੰਨੁ ਹੈ; ਜੋ ਮੰਨੇ, ਸੁ ਹਰਿ ਰਸੁ ਖਾਇ ਸੇ ਵਡਭਾਗੀ ਵਡ ਜਾਣੀਅਹਿ; ਜਿਨ ਹਰਿ ਰਸੁ ਖਾਧਾ ਗੁਰ ਭਾਇ ’’ (ਮਹਲਾ /੪੧) ਭਾਵ ਸਤਿਗੁਰ ਦਾ ਬਚਨ ਹੀ ਅਸਲ ਰਤਨ ਹੈ, ਜੋ ਸ਼ਬਦ ਨੂੰ ਮੰਨ ਲਏ, ਹਿਰਦੇ ਵਿੱਚ ਧਾਰਨ ਕਰ ਲਵੇ, ਉਹ ਹਰ ਰਸ ਪਾਉਂਦਾ ਹੈ। ਗੁਰੂ ਨਾਨਕ ਪਾਤਿਸ਼ਾਹ ਜੀ ਦੇ ਬਚਨ ਹਨ ‘‘ਇਕਿ, ਰਤਨ ਪਦਾਰਥ ਵਣਜਦੇ; ਇਕਿ, ਕਚੈ ਦੇ ਵਾਪਾਰਾ ਸਤਿਗੁਰਿ+ਤੁਠੈ (ਨਾਲ਼), ਪਾਈਅਨਿ; ਅੰਦਰਿ ਰਤਨ ਭੰਡਾਰਾ ਵਿਣੁ ਗੁਰ, ਕਿਨੈ ਲਧਿਆ; ਅੰਧੇ ਭਉਕਿ ਮੁਏ ਕੂੜਿਆਰਾ ’’ (ਮਹਲਾ /੧੪੧) ਇੱਥੇ ‘ਇਕਿ’ ਦੇ ‘ਕ’ ਨੂੰ ਵੀ ਸਿਹਾਰੀ ਹੈ, ਪਰ ਇਸ ਦਾ ਅਰਥ ਹੈ ‘ਕਈ’ (ਬਹੁ ਵਚਨ) ਭਾਵ ਕਈ ਗੁਰਮੁਖ ਰਤਨ ਪਦਾਰਥ ਵਣਜ ਲੈਂਦੇ ਹਨ। ਕਈ ਸਿਰਫ਼ ਕੱਚੇ ਦਾ ਵਪਾਰ ਕਰਦੇ ਹਨ ਭਾਵ ਮਾਇਆ ਰੂਪੀ ਖੇਡ ਵਿੱਚ ਨੱਚਦੇ ਰਹਿੰਦੇ ਹਨ। ਜਿਸ ’ਤੇ ਪਰਮਾਤਮਾ ਕਿਰਪਾ ਕਰੇ, ਉਸ ਨੂੰ ਸਤਿਗੁਰੂ ਜੀ ਮਿਲਦੇ ਹਨ ਅਤੇ ਹਿਰਦੇ ਘਰ ਵਿੱਚੋਂ ਹੀ ਵਣਜ ਵਾਪਾਰ ਕਰ ਲੈਂਦਾ ਹੈ, ਹੋਣ ਲੱਗਦਾ ਹੈ ਕਿਉਂਕਿ ਤਦ ਉਹ ਅਕਾਲ ਪੁਰਖ ਦੀ ਸਿਫ਼ਤ ਸਾਲਾਹ ਵਿੱਚ ਮਗਨ ਰਹਿੰਦਾ ਹੈ ‘‘ਝਿਮਿ ਝਿਮਿ ਵਰਸੈ; ਅੰਮ੍ਰਿਤ ਧਾਰਾ ਮਨੁ ਪੀਵੈ ਸੁਨਿ ਸਬਦੁ ਬੀਚਾਰਾ ਅਨਦ ਬਿਨੋਦ ਕਰੇ ਦਿਨ ਰਾਤੀ; ਸਦਾ ਸਦਾ ਹਰਿ ਕੇਲਾ ਜੀਉ ’’ (ਮਹਲਾ /੧੦੨) ‘ਬਿਨੋਦ’ ਅਤੇ ‘ਕੇਲਾ’ ਦਾ ਅਰਥ ਹੈ ਚੋਜ-ਅਚੰਭਾ ਭਾਵ ਪੂਰਨ ਅਨੰਦ।

ਕੀਮਤੀ ਰਤਨ ਪਦਾਰਥਾਂ ਦਾ ਖ਼ਜ਼ਾਨਾ ਹਨ ‘ਸਤਿਗੁਰੂ ਜੀ’। ਅਸੀਂ ਉਨ੍ਹਾਂ ਕੋਲ ਵਣਜ ਕਰਨ ਜਾਣਾ ਹੈ ਕਿਉਂਕਿ ਰਤਨ ਪਦਾਰਥਾਂ ਦਾ ਵਣਜ ਕਰਨ ਹੀ ਭਗਤ ਵਣਜਾਰੇ ਸੱਚੇ ਸ਼ਾਹ ਦੀ ਹੱਟ ’ਤੇ ਜਾਂਦੇ ਹਨ ‘‘ਨਾਮੁ ਅਮੋਲਕੁ ਰਤਨੁ ਹੈ; ਪੂਰੇ ਸਤਿਗੁਰ ਪਾਸਿ ਸਤਿਗੁਰ ਸੇਵੈ ਲਗਿਆ; ਕਢਿ ਰਤਨੁ ਦੇਵੈ ਪਰਗਾਸਿ ਧੰਨੁ ਵਡਭਾਗੀ ਵਡ ਭਾਗੀਆ; ਜੋ ਆਇ ਮਿਲੇ ਗੁਰ ਪਾਸਿ ’’ (ਮਹਲਾ /੪੦) ਸੋ ਅਕਾਲ ਪੁਰਖ ਦਾ ਨਾਮ; ਸੰਸਾਰਿਕ ਵਸਤੂਆਂ ਨਾਲ਼ ਨਹੀਂ ਮਿਲਦਾ। ਉਸ ਦਾ ਕੋਈ ਮੁੱਲ ਨਹੀਂ ਭਾਵ ਅਮੋਲਕ ਹੈ। ਸਿਰਫ਼ ਪੂਰੇ ਸਤਿਗੁਰ ਕੋਲੋਂ ਮਿਲਦਾ ਹੈ। ਸਤਿਗੁਰ ਦੀ ਸੇਵਾ ਵਿੱਚ ਲੱਗਿਆਂ, ਉਹ ਹਿਰਦੇ ਘਰ ਵਿੱਚੋਂ ਪ੍ਰਗਟ ਹੁੰਦਾ ਹੈ, ਪ੍ਰਕਾਸ਼ ਕਰ ਦਿੰਦਾ ਹੈ। ਜਿਨ੍ਹਾਂ ਨੂੰ ਨਾਮ ਰਤਨ ਦਾ ਖ਼ਜ਼ਾਨਾ ਲੱਭ ਗਿਆ, ਉਹ ਅਸਲੀ ਸ਼ਾਹੂਕਾਰ ਹਨ। ਉਹ ਸੱਚੇ ਸ਼ਾਹ ਦੇ ਸੱਚੇ ਆਸ਼ਕ ਹਨ। ਉਹ ਅਮੁੱਲ ਗੁਣਾਂ ਦਾ ਵਪਾਰ ਕਰਦੇ ਪਏ ਹਨ। ਐਸੇ ਗੁਰਮੁਖਾਂ ਨੇ ਹੀ ਜ਼ਿੰਦਗੀ ਵਿੱਚ ਰਹਿੰਦਿਆਂ ਅਸਲ ਲਾਹਾ ਖੱਟਿਆ ਹੈ। ਮਾਨੋ ਉਨ੍ਹਾਂ ਨੇ ਹਰੀ ਨਾਮ ਦਾ ਭੰਡਾਰ ਲੱਭ ਲਿਆ ਹੈ। ਗੁਰਮੁਖਾਂ ਨੇ ਗੁਰੂ ਵੱਲ ਮੂੰਹ ਕਰ ਕੇ ਭਾਵ ਗੁਰੂ ਦੇ ਦੱਸੇ ਰਾਹ ’ਤੇ ਚੱਲ ਕੇ ਆਪਣੇ ਮਨ, ਬਚਨ, ਕਰਮ ਨਾਲ ਪ੍ਰਮਾਤਮਾ ਦਾ ਨਾਮ ਧਨ; ਹਿਰਦੇ ਘਰ ਵਿੱਚੋਂ ਹੀ ਲੱਭ ਲਿਆ ਹੈ। ਗੁਰੂ ਦੀ ਕਿਰਪਾ ਨਾਲ਼ ਪਾ ਲਿਆ ਹੈ; ਜਿਵੇਂ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ ‘‘ਕਹਤ ਸੁਣਤ ਸਭੇ ਸੁਖ ਪਾਵਹਿ; ਮਾਨਤ ਪਾਹਿ ਨਿਧਾਨਾ ’’ (ਮਹਲਾ /੭੯੮)

ਦੂਜੇ ਪਾਸੇ ਮਨਮੁਖਾਂ ਨੇ ਭਾਵੇਂ ਸੰਸਾਰਿਕ ਮਾਇਆ ਤਾਂ ਬਹੁਤ ਇਕੱਠੀ ਕਰ ਲਈ ਹੁੰਦੀ ਹੈ, ਪਰ ਇਸ ਮਾਇਆ ਕਾਰਨ ਨਾਮ ਰਤਨ ਗਵਾ ਲਿਆ ਹੁੰਦਾ ਹੈ। ਵੈਸੇ ਇਹ ਵੀ ਪਰਮਾਤਮਾ ਦੀ ਆਪਣੀ ਖੇਡ ਹੈ, ਸਮਰੱਥਾ ਹੈ ਕਿ ਉਹ ਮਨਮੁਖਾਂ ਨੂੰ ਨਾਮ ਰਤਨ ਤੋਂ ਵਿਛੋੜੀ ਰੱਖਦਾ ਹੈ। ਕਿਸੇ ਦੇ ਭੀ ਆਪਣੇ ਹੱਥ ’ਚ ਕੋਈ ਸਮਰੱਥਾ ਨਹੀਂ ਹੁੰਦੀ ਤਾਂ ਜੋ ਉਹ, ਹਰਿ ਨਾਮ ਰਤਨ ਦਾ ਵਣਜ ਕਰਨ ’ਚ ਸਫਲ ਹੋ ਸਕੇ। ਇਹ ਸਿਰਫ਼ ਤੇ ਸਿਰਫ਼ ਪ੍ਰਮਾਤਮਾ ਅਤੇ ਸਤਿਗੁਰੂ ਦੀ ਮਿਹਰ ਦ੍ਰਿਸ਼ਟੀ ਨਾਲ ਪ੍ਰਾਪਤ ਹੁੰਦਾ ਹੈ। ਆਪ ਹੀ ਮਾਲਕ; ਵਿਛੋੜਦਾ ਹੈ ਤੇ ਆਪ ਹੀ ਮਿਲਾ ਲੈਂਦਾ ਹੈ। ਇਹੀ ਨੁਕਤਾ ਇਸ ਪਹਿਲੇ ਬੰਦ ’ਚ ਸਪਸ਼ਟ ਕੀਤਾ ਹੈ ‘‘ਗੁਰਮੁਖਿ ਲਾਧਾ; ਮਨਮੁਖਿ ਗਵਾਇਆ   ਤੁਧੁ ਆਪਿ ਵਿਛੋੜਿਆ; ਆਪਿ ਮਿਲਾਇਆ ’’ ਇਸ ਨੂੰ ਗੁਰੂ ਅਮਰਦਾਸ ਜੀ ਸਮਝਾਉਂਦੇ ਹਨ ਕਿ ਮਾਲਕ ਦੀ ਪ੍ਰੀਤ ਤੋਂ ਟੁੱਟ ਕੇ, ਵਿਛੜ ਕੇ ਬੰਦਾ ਮਾਇਆ ਪਿੱਛੇ ਦੌੜਦਾ-ਭੱਜਦਾ ਰਹਿੰਦਾ ਹੈ; ਜਿਵੇਂ ਕਿ ‘‘ਹੋਰੁ ਬਿਰਹਾ ਸਭ ਧਾਤੁ ਹੈ; ਜਬ ਲਗੁ ਸਾਹਿਬ (ਦੀ) ਪ੍ਰੀਤਿ ਹੋਇ ਇਹੁ ਮਨੁ ਮਾਇਆ ਮੋਹਿਆ; ਵੇਖਣੁ ਸੁਨਣੁ ਹੋਇ ਸਹ ਦੇਖੇ ਬਿਨੁ ਪ੍ਰੀਤਿ ਊਪਜੈ; ਅੰਧਾ ਕਿਆ ਕਰੇਇ  ? ਨਾਨਕ  ! ਜਿਨਿ ਅਖੀ ਲੀਤੀਆ; ਸੋਈ ਸਚਾ ਦੇਇ ’’ (ਮਹਲਾ /੮੩) ਭਾਵ ਜਦ ਤੱਕ ਸਾਹਿਬ ਨਾਲ ਪ੍ਰੀਤ ਨਾ ਹੋਵੇ, ਤਦ ਤੱਕ ਮਨੁੱਖ ਦੀ ਪ੍ਰੀਤ ਮਾਇਆ ਨਾਲ ਹੁੰਦੀ ਹੈ। ਉਹ ਵਿਅਰਥ ਦੀ ਦੌੜ ਭੱਜ ਕਰਦਾ ਰਹਿੰਦਾ ਹੈ। ਮਨਮੁਖ ਦਾ ਮਨ ਮਾਇਆ ਵਿੱਚ ਗ੍ਰਸਤ ਹੁੰਦਾ ਹੈ। ਨਾ ਉਹ ਬਾਣੀ ਨੂੰ ਪੜ੍ਹਦਾ ਹੈ, ਨਾ ਵਿਚਾਰਦਾ ਹੈ, ਨਾ ਹੋਰਾਂ ਪਾਸੋਂ ਸੁਣਦਾ ਹੈ, ਮੰਨਣਾ ਤਾਂ ਬਹੁਤ ਦੂਰ ਦੀ ਗੱਲ ਹੈ। ਜਿਸ ਅੰਦਰ ਪ੍ਰਮਾਤਮਾ ਪ੍ਰਤੀ ਪ੍ਰੀਤ ਨਾ ਉਪਜੀ, ਉਸ ਨੂੰ ਅਗਿਆਨੀ ਅੰਧਾ ਕਿਹਾ ਹੈ ਭਾਵੇਂ ਕਿ ਮਨੁੱਖ ਦੇ ਆਪਣੇ ਹੱਥ, ਵੱਸ ਕੁੱਝ ਨਹੀਂ ਹੁੰਦਾ ‘‘ਨਾਨਕ  ! ਜਿਨਿ ਅਖੀ ਲੀਤੀਆ; ਸੋਈ ਸਚਾ ਦੇਇ ’’ ਭਾਵ ਜਿਸ ਪ੍ਰਮਾਤਮਾ ਨੇ ਅੱਖਾਂ ਮਨਮੁਖਾਂ ਤੋਂ ਖੋਹੀਆਂ ਹਨ, ਜਿਸ ਨੇ ਅੰਧਾ ਕੀਤਾ ਹੈ, ਉਹੀ ਵਾਹਿਗੁਰੂ ਆਪ ਅੱਖਾਂ ਦਿੰਦਾ ਹੈ ਭਾਵ ਉਹੀ ਸੁਮੱਤ (ਸੁਚੱਜੀ ਨਜ਼ਰ) ਬਖ਼ਸ਼ਦਾ ਹੈ।

ਇਹ ਵੀ ਸਮਝਾਇਆ ਗਿਆ ਹੈ ਕਿ ਗੁਰਮਤਿ ਅਨੁਸਾਰ ਅੰਧਾ ਕੌਣ ਹੈ; ਜਿਵੇਂ ਕਿ ‘‘ਅੰਧੇ ਏਹਿ ਆਖੀਅਨਿ; ਜਿਨ ਮੁਖਿ, ਲੋਇਣ ਨਾਹਿ ਅੰਧੇ ਸੇਈ ਨਾਨਕਾ  ! ਖਸਮਹੁ ਘੁਥੇ ਜਾਹਿ ’’ (ਮਹਲਾ /੯੫੪) ਭਾਵ ਜਿਨ੍ਹਾਂ ਦੇ ਚਿਹਰੇ ’ਤੇ ਅੱਖਾਂ ਨਹੀਂ ਭਾਵ ਜਿਨ੍ਹਾਂ ਨੂੰ ਅੱਖਾਂ ਤੋਂ ਦਿੱਸਦਾ ਨਹੀਂ, ਉਹ ਅੰਧੇ ਨਹੀਂ ਹਨ। ਦਰਅਸਲ ਉਹੀ ਅੰਧੇ ਹਨ, ਜਿਹੜੇ ਆਪਣੇ ਮਾਲਕ ਤੋਂ ਟੁੱਟੇ ਹੋਏ ਹਨ ‘‘ਸੋ ਕਿਉ ਅੰਧਾ ਆਖੀਐ; ਜਿ ਹੁਕਮਹੁ ਅੰਧਾ ਹੋਇ ਨਾਨਕ  ! ਹੁਕਮੁ ਬੁਝਈ; ਅੰਧਾ ਕਹੀਐ ਸੋਇ ’’ (ਮਹਲਾ /੯੫੪) ਭਾਵ ਉਹ ਅੰਧਾ ਨਹੀਂ, ਜਿਸ ਕੋਲ਼ ਪੈਦਾਇਸ਼ ਤੋਂ ਨੇਤਰ ਨਹੀਂ ਬਲਕਿ ਬਾਹਰਲੀਆਂ ਅੱਖਾਂ ਹੋਣ ਦੇ ਬਾਵਜੂਦ ਵੀ ਜਿਹੜਾ ਸੱਚ ਨੂੰ ਨਹੀਂ ਮੰਨਦਾ, ਉਸ ਨੂੰ ਹੀ ਅੰਧਾ ਸਮਝਣਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬੋਲ ਹਨ ਕਿ ਮਨੁੱਖ; ਅਸਲ ਮਾਲਕ ਨੂੰ ਭੁੱਲ ਕੇ ਅੰਨ੍ਹਿਆਂ ਵਾਲ਼ੇ ਕੰਮ ਕਰਦਾ ਹੈ ‘‘ਜਿਨਿ ਰਚਿ ਰਚਿਆ; ਤਿਸਹਿ ਜਾਣੈ; ਅੰਧਾ, ਅੰਧੁ ਕਮਾਇ ’’ (ਮਹਲਾ /੧੩੮) ਭਾਵ ਹੇ ਮਨੁੱਖ !  ਜਿਸ ਨੇ ਤੇਰਾ ਸਰੀਰ ਬਣਾਇਆ ਹੈ, ਜੇਕਰ ਤੂੰ ਉਸ ਨੂੰ ਨਹੀਂ ਜਾਣਦਾ ਤਾਂ ਤੇਰੇ ਸਾਰੇ ਕੰਮ ਅੰਨ੍ਹਿਆਂ ਵਾਲ਼ੇ ਹਨ, ਤੂੰ ਅੰਧਾ ਹੈਂ।

ਗੁਰੂ ਰਾਮਦਾਸ ਜੀ ਦੇ ਬੋਲ ਹਨ ਕਿ ਹਰ ਕੋਈ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਫਿਰ ਵੀ ਜੇਕਰ ਕੋਈ ਆਪਣੇ ਆਪ ਨੂੰ ਵੱਡਾ ਸਮਝੀ ਜਾਵੇ ਤਾਂ ਉਹ ਅੰਨ੍ਹਾ ਹੈ, ਉਸ ਨੂੰ ਰੂਹਾਨੀਅਤ ਚਾਨਣ ਬਾਰੇ ਕੋਈ ਸੂਝ ਨਹੀਂ ‘‘ਸਭੁ ਕਿਛੁ ਹੁਕਮੇ ਆਵਦਾ; ਸਭੁ ਕਿਛੁ ਹੁਕਮੇ ਜਾਇ ਜੇ ਕੋ ਮੂਰਖੁ ਆਪਹੁ ਜਾਣੈ; ਅੰਧਾ, ਅੰਧੁ ਕਮਾਇ ’’ (ਮਹਲਾ /੫੫੬) ਭਾਵ ਜੇ ਕੋਈ ਮੂਰਖ ਆਪਣੇ ਆਪ ਨੂੰ ਜਾਣੇ ਕਿ ਮੈਂ ਹੀ ਕਮਾਈ ਕੀਤੀ ਹੈ, ਸਭ ਕੁਝ ਮੇਰੇ ਕਰਕੇ ਹੋਇਆ ਹੈ। ਅਸਲ ’ਚ ਉਹੀ ਅੰਨ੍ਹਾ ਹੈ ਕਿਉਂਕਿ ਉਹ ਪ੍ਰਮਾਤਮਾ ਦੇ ਹੁਕਮ ਵਿੱਚ ਚੱਲਦਾ ਹਾਂ, ਨੂੰ ਨਹੀਂ ਸਮਝ ਸਕਿਆ।

ਵਿਚਾਰ ਅਧੀਨ ਸ਼ਬਦ ਦੇ ਦੂਸਰੇ ਬੰਦ ’ਚ ਗੁਰੂ ਰਾਮਦਾਸ ਜੀ; ਕਰਤਾਰ ਸਚਿਆਰ ਨੂੰ ਹਾਜ਼ਰ-ਨਾਜ਼ਰ ਜਾਣ ਕੇ ਉਸ ਨਾਲ਼ ਵਾਰਤਾਲਾਪ ਕਰਦੇ ਹਨ ਕਿ ‘‘ਤੂੰ ਦਰੀਆਉ; ਸਭ ਤੁਝ ਹੀ ਮਾਹਿ ਤੁਝ ਬਿਨੁ; ਦੂਜਾ ਕੋਈ ਨਾਹਿ ਜੀਅ ਜੰਤ ਸਭਿ; ਤੇਰਾ ਖੇਲੁ ਵਿਜੋਗਿ ਮਿਲਿ ਵਿਛੁੜਿਆ; ਸੰਜੋਗੀ ਮੇਲੁ ’’ ਭਾਵ ਹੇ ਪਾਤਿਸ਼ਾਹ  ! ਤੂੰ ਇੱਕ ਵਿਸ਼ਾਲ ਦਰਿਆ ਹੈਂ। ਸਾਰੇ ਜੀਵ-ਜੰਤ; ਤੇਰੇ ਵਿੱਚ ਲਹਿਰਾਂ ਸਮਾਨ ਹਨ। ਲਹਿਰਾਂ ਉੱਠਦੀਆਂ ਹਨ, ਜਨਮ ਲੈਂਦੀਆਂ ਹਨ, ਫਿਰ ਦਰਿਆ ’ਚ ਸਮਾ ਜਾਂਦੀਆਂ ਹਨ ਭਾਵ ਮਿਟ ਜਾਂਦੀਆਂ ਹਨ ਕਿਉਂਕਿ ਲਹਿਰਾਂ ਦੀ ਸਮੁੰਦਰ ਤੋਂ ਵੱਖਰੀ ਕੋਈ ਪਾਇਆਂ ਨਹੀਂ ਹੁੰਦੀ। ਜਿਨ੍ਹਾਂ ਦੇ ਨਸੀਬ ਵਿੱਚ ਰੱਬ ਵੱਲੋਂ ਵਿਛੋੜਾ ਪੈਣਾ ਲਿਖਿਆ ਹੁੰਦਾ ਹੈ, ਉਹ ਆਪਣੇ ਵਿਛੋੜੇ (ਦੇ ਲੇਖ) ਕਾਰਨ ਭਾਵ ਆਪਣੇ ਪਿਛਲੇ ਕੀਤੇ ਕਰਮਾਂ ਅਨੁਸਾਰ ਮਨੁੱਖਾ ਜਨਮ ਲੈ ਕੇ ਵੀ ਵਿਅਰਥ ਕੰਮ-ਕਾਰ ’ਚ ਮਗਨ ਹੋ ਕੇ ਵਾਹਿਗੁਰੂ ਤੋਂ ਵਿਛੁੜੇ ਰਹਿੰਦੇ ਹਨ, ਪਰ ਜੇਕਰ ਗੁਰੂ ਦੀ ਸ਼ਰਨ ਲੈ ਕੇ ਇਹ ਵਿਛੋੜਾ ਰੂਪ ਲੇਖ ਮਿਟ ਜਾਏ ਤਾਂ ਉਹ ਚੰਗੇ ਭਾਗ (ਸੰਜੋਗ) ਬਣਨ ਕਾਰਨ ਭਾਵ ਗੁਰੂ ਨਾਨਕ ਦੇ ਦੱਸੇ ਰਾਹ ’ਤੇ ਚੱਲ ਕੇ ਜੀਵਨ ਸਫਲ ਕਰ ਲੈਂਦੇ ਹਨ। ਕਰਤਾਰ ਵਿੱਚ ਲੀਨ ਹੋ ਜਾਂਦੇ ਹਨ। ਹੇ ਮਨੁੱਖ ! ਤੂੰ ਵਿਜੋਗ ਦੇ ਲੇਖ ਕਰਕੇ ਰੱਬ ਤੋਂ ਵਿਛੜਿਆ ਹੈਂ। ਜੇਕਰ ਤੇਰਾ ਵਿਜੋਗ (ਵਿਛੋੜੇ ਵਾਲ਼ਾ) ਲੇਖ ਮਿਟਾ ਕੇ ਸੰਜੋਗ ਰੂਪ ਲੇਖ ਪ੍ਰਮਾਤਮਾ ਬਣਾ ਦੇਵੇ ਤਾਂ ਤੇਰਾ ਮਾਲਕ ਨਾਲ਼ ਮਿਲਾਪ ਹੋ ਸਕਦਾ ਹੈ ਭਾਵੇਂ ਕਿ ਇਹ ਸਾਰੀ ਖੇਡ ਵਾਹਿਗੁਰੂ ਦੀ ਹੀ ਹੈ; ਜਿਵੇਂ ਕਿ ਬਚਨ ਹਨ ‘‘ਤੂੰ ਹਰਿ ! ਤੇਰਾ ਸਭੁ ਕੋ; ਸਭਿ ਤੁਧੁ ਉਪਾਏ ਰਾਮ ਰਾਜੇ  !  ਕਿਛੁ ਹਾਥਿ (’) ਕਿਸੈ ਦੈ, ਕਿਛੁ ਨਾਹੀ; ਸਭਿ ਚਲਹਿ ਚਲਾਏ   ਜਿਨ੍ ਤੂੰ ਮੇਲਹਿ ਪਿਆਰੇ ! ਸੇ ਤੁਧੁ ਮਿਲਹਿ; ਜੋ ਹਰਿ ਮਨਿ (’) ਭਾਏ   ਜਨ ਨਾਨਕ  ! ਸਤਿਗੁਰੁ ਭੇਟਿਆ; ਹਰਿ ਨਾਮਿ (ਨਾਲ਼) ਤਰਾਏ ’’ (ਮਹਲਾ /੪੫੦) ਗੁਰਬਾਣੀ ਵਿਖੇ ਵਾਰ ਵਾਰ ਇਹ ਗੱਲ ਆਖੀ ਗਈ ਹੈ ਕਿ ਹੇ ਕਰਤਾਰ ! ਹੇ ਸਚਿਆਰ ! ਤੇਰੇ ਵਰਗਾ ਦੂਜਾ ਕੋਈ ਸਮਰੱਥ ਨਹੀਂ ਹੈ। ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ ਕਿਉਂਕਿ ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ। ਕੇਵਲ ਤੂੰ ਹੀ ਮਾਲਕ ਹੈਂ। ਸਾਰੇ ਜੀਵ-ਜੰਤ ਦੀ ਰਚਨਾ ਕਰਨਾ; ਤੇਰੀ ਇੱਕ ਖੇਡ ਹੈ। ਜਿਸ ਵੇਲੇ ਤੂੰ ਚਾਹੇਂ ਇਹ ਖੇਡ ਆਪਣੇ ਆਪ ਵਿੱਚ ਸਮੇਟ ਲੈਂਦਾ ਹੈਂ। ਅਸੀਂ ਇਹ ਵਿਚਾਰ ‘ਸੋ ਪੁਰਖੁ’ ਸ਼ਬਦ ਦੇ ਪਹਿਲੇ ਬੰਦ ਦੇ ਪੰਜਵੇਂ ਪਦੇ ਵਿੱਚ ਕਰ ਚੁੱਕੇ ਹਾਂ; ਜਿਵੇਂ ਕਿ ‘‘ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ! ਤੁਧੁ ਜੇਵਡੁ ਅਵਰੁ ਕੋਈ ’’ (ਸੋ ਪੁਰਖੁ/ਮਹਲਾ /੧੧)

ਿਚਾਰ : ‘‘ਤੂੰ ਹਰਿ ! ਤੇਰਾ ਸਭੁ ਕੋ..’’ ਤੁਕ ’ਚ ‘ਸਭੁ’ ਔਂਕੜ ਸਹਿਤ ਹੈ, ਜੋ ਇੱਕ ਵਚਨ ਪੁਲਿੰਗ ਪੜਨਾਂਵੀ ਵਿਸ਼ੇਸ਼ਣ ਦਾ ਸੂਚਕ ਹੈ ਤੇ ਅਰਥ ਹੈ ‘ਸਭ ਕੋਈ, ਹਰ ਕੋਈ’। ਦੂਸਰੀ ਵਾਰ ‘‘ਸਭਿ ਤੁਧੁ ਉਪਾਏ ਰਾਮ ਰਾਜੇ  !’’ ਤੁਕ ’ਚ ‘ਸਭਿ’ ਅੰਤ ਸਿਹਾਰੀ ਹੈ, ਜੋ ਬਹੁ ਵਚਨ ਪੜਨਾਂਵ ਹੈ ਤੇ ਅਰਥ ਹਨ ‘ਸਾਰੇ’ ਯਾਨੀ ਕਿ ‘ਸਭਿ’ ਨਾਲ਼ ‘ਕੋ’ (ਕੋਈ) ਸ਼ਬਦ ਨਹੀਂ ਹੁੰਦਾ।

ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਵੀ ਬਚਨ ਹਨ ਕਿ ਜਗਤ ਰਚਨਾ; ਕਰਤਾਰ ਦੀ ਇੱਕ ਖੇਡ ਹੈ; ਜਿਵੇਂ ਕਿ ‘‘ਮਉਲਾ; ਖੇਲ ਕਰੇ ਸਭਿ ਆਪੇ ਇਕਿ ਕਢੇ; ਇਕਿ ਲਹਰਿ ਵਿਆਪੇ ’’ (ਮਹਲਾ /੧੦੨੦) ਮੌਲਾ ਦਾ ਅਰਥ ਹੈ ‘ਪ੍ਰਮਾਤਮਾ, ਵਾਹਿਗੁਰੂ, ਇੱਕ ਓਅੰਕਾਰ’ ਭਾਵ ਪ੍ਰਮਾਤਮਾ ਆਪ ਹੀ ਸਾਰੇ ਖੇਲ ਖੇਡ ਰਿਹਾ ਹੈ। ਇਸ ਖੇਡ ਵਿੱਚ ਕਈਆਂ ਨੂੰ ਮਾਇਆ ਦੀ ਲਹਿਰ ਵਿੱਚੋਂ ਕੱਢ ਲੈਂਦਾ ਹੈ ਤੇ ਕਈਆਂ ਨੂੰ ਮਾਇਆ ਦੀ ਲਹਿਰ ਵਿੱਚ ਉਲ਼ਝਾਈ ਰੱਖਦਾ ਹੈ; ਜਿਵੇਂ ਕਿ ਬਚਨ ਹਨ ‘‘ਜਿਉ ਨਚਾਏ, ਤਿਉ ਤਿਉ ਨਚਨਿ; ਸਿਰਿ ਸਿਰਿ ਕਿਰਤ ਵਿਹਾਣੀਆ ’’ (ਮਹਲਾ /੧੦੨੦) ਕਠਪੁਤਲੀ ਵੀ ਇੱਕ ਖੇਡ ਹੈ; ਜਿਵੇਂ ਕਠਪੁਤਲੀ ਮਾਸਟਰ; ਕਠਪੁਤਲੀ ਨੂੰ ਨਚਾਉਂਦਾ ਹੈ, ਉਹ ਉਸੇ ਤਰ੍ਹਾਂ ਨੱਚਦੀ ਹੈ। ਇਸੇ ਤਰ੍ਹਾਂ ਆਪਣੇ ਕੀਤੇ ਕੰਮਾਂ ਦਾ ਫਲ਼; ਬੰਦਾ ਭੋਗਦਾ ਹੈ। ਜੇ ਇਸ ਖੇਡ ਦੇ ਮਾਲਕ ਦੀ ਮਿਹਰ ਹੋ ਜਾਵੇ ਭਾਵ ਜੇਕਰ ਉਹ ਦਿੱਬ ਦ੍ਰਿਸ਼ਟੀ ਬਖ਼ਸ਼ੇ ਤਾਂ ਆਪਣਾ ਦੀਦਾਰ ਕਰਾ ਦਿੰਦਾ ਹੈ ਤੇ ਮਾਇਆ ਵੱਲੋਂ ਨਿਰਮੋਹ ਕਰਾ ਦਿੰਦਾ ਹੈ। ਗੁਰਬਾਣੀ ਪੜ੍ਹਨਾ, ਇਸ ਦੀ ਵਿਚਾਰ ਕਰਨਾ ਵੀ ਖਸਮ ਦੀ ਵਡਿਆਈ ਹੈ। ਖਸਮ ਜਦੋਂ ਚਾਹੇ ਆਪਣੀ ਕਿਰਪਾ ਕਰਕੇ ਸਤਿਗੁਰੂ ਮਿਲਾਉਂਦਾ ਹੈ, ਜੋ ਮਾਲਕ ਦੇ ਗੁਣਾਂ/ਵਡਿਆਈ ਨਾਲ਼ ਪਿਆਰ ਬਣਾ ਦਿੰਦਾ ਹੈ। ਇਹੀ ਵਿਚਾਰ ਗੁਰੂ ਰਾਮਦਾਸ ਜੀ ਆਪਣੇ ਸ਼ਬਦ ਦੇ ਤੀਜੇ ਬੰਦ ’ਚ ਸਮਝਾ ਰਹੇ ਹਨ ‘‘ਜਿਸ ਨੋ ਤੂ ਜਾਣਾਇਹਿ; ਸੋਈ ਜਨੁ ਜਾਣੈ ਹਰਿ ਗੁਣ, ਸਦ ਹੀ ਆਖਿ ਵਖਾਣੈ ਜਿਨਿ ਹਰਿ ਸੇਵਿਆ; ਤਿਨਿ ਸੁਖੁ ਪਾਇਆ ਸਹਜੇ ਹੀ, ਹਰਿ ਨਾਮਿ ਸਮਾਇਆ ’’  ਭਾਵ ਜਿਸ ਨੂੰ ਤੂੰ ਸੂਝ/ਸੁਮੱਤ ਬਖ਼ਸ਼ਦਾ ਹੈਂ, ਜਿਸ ਅੰਨ੍ਹੇ ਨੂੰ ਤੂੰ ਰੂਹਾਨੀਅਤ ਅੱਖਾਂ ਬਖ਼ਸ਼ ਦਿੱਤੀਆਂ, ਉਹ ਤੇਰੇ ਗੁਣਾਂ ਨਾਲ਼ ਸਾਂਝ ਪਾ ਲੈਂਦਾ ਹੈ। ਮੁੜ ਸਦਾ ਲਈ ਉਹ ਤੇਰੇ ਗੁਣਾਂ ਵਿੱਚ ਲਿਵ ਲੀਨ ਰਹਿੰਦਾ ਹੈ। ਮਨ, ਬਚਨ ਤੇ ਕਰਮ ਕਰਕੇ ਤੇਰੇ ਨਾਲ਼ ਪਿਆਰ ਪਾਉਂਦਾ ਹੈ, ਤੇਰੇ ਗੁਣਾਂ ਨੂੰ ਕਮਾਉਂਦਾ ਹੈ।

ਸੋ ਜਿਨ੍ਹਾਂ ਨੇ ਪ੍ਰਭੂ ਦੀ ਬੰਦਗੀ ਕੀਤੀ, ਉਨ੍ਹਾਂ ਨੇ ਸਦਾ ਅਨੰਦ ਮਾਣਿਆ ਹੈ। ਗੁਰਬਾਣੀ ਕਦੇ ਵੀ ਨਹੀਂ ਕਹਿੰਦੀ ਕਿ ਦੁਨੀਆਵੀ ਸਹੂਲਤਾਂ ਨਾਲ਼ ਅਨੰਦ ਮਿਲਦਾ ਹੈ। ਭਗਤ; ਅਡੋਲਤਾ ਵਿੱਚ ਰਹਿ ਕੇ ਹਰੀ ਨਾਮ ’ਚ ਸਮਾਉਂਦੇ ਹਨ। ਉਹ ਸੂਰੇ ਬਣ ਜਾਂਦੇ ਹਨ, ਕਾਮਾਦਿਕ ਪੰਜਾਂ (ਕਾਮ, ਕ੍ਰੋਧ, ਲੋਹ, ਮੋਹ, ਅਹੰਕਾਰ) ਨੂੰ ਕਾਬੂ ਕਰ ਲੈਂਦੇ ਹਨ। ਗੁਰਮਤਿ ਅਨੁਸਾਰ ਉਹੀ ਅਸਲ ਸੂਰਮੇ ਹਨ ‘‘ਜੋ ਜਨ ਲੂਝਹਿ ਮਨੈ ਸਿਉ; ਸੇ ਸੂਰੇ ਪਰਧਾਨਾ   ਹਰਿ ਸੇਤੀ ਸਦਾ ਮਿਲਿ ਰਹੇ; ਜਿਨੀ ਆਪੁ ਪਛਾਨਾ ’’ (ਮਹਲਾ /੧੦੮੯)

ਵਿਚਾਰ ਅਧੀਨ ਸ਼ਬਦ ਦੇ ਅੰਤਮ (ਚੌਥੇ) ਬੰਦ ’ਚ ਗੁਰੂ ਰਾਮਦਾਸ ਜੀ ਬਚਨ ਕਰਦੇ ਹਨ ਕਿ ‘‘ਤੂ ਆਪੇ ਕਰਤਾ; ਤੇਰਾ ਕੀਆ ਸਭੁ ਹੋਇ ਤੁਧੁ ਬਿਨੁ, ਦੂਜਾ ਅਵਰੁ ਕੋਇ ਤੂ ਕਰਿ ਕਰਿ ਵੇਖਹਿ; ਜਾਣਹਿ ਸੋਇ ਜਨ ਨਾਨਕ  ! ਗੁਰਮੁਖਿ ਪਰਗਟੁ ਹੋਇ ’’  ਇੱਥੇ ਵੀ ‘ਸਭੁ’; ਔਂਕੜ ਸਮੇਤ ਹੈ ਯਾਨੀ ਇੱਕ ਵਚਨ ਪੁਲਿੰਗ ਪੜਨਾਂਵ ਦਾ ਸੂਚਕ ਹੈ। ਇਸ ਦਾ ਅਰਥ ਹੈ ‘ਸਭ ਕੁਝ, ਸਾਰਾ ਹੀ’। ਅਰਥ : ਤੂੰ ਆਪ ਹੀ ਕਰਤਾ ਹੈਂ। ਸਭ ਕੁੱਝ ਕਰਨਵਾਲ਼ਾ ਹੈਂ। ਤੇਰਾ ਕੀਤਾ ਹੀ ਸਾਰਾ ਕੁਝ ਸੰਸਾਰ ਵਿੱਚ ਵਾਪਰ ਰਿਹਾ ਹੈ। ਤੂੰ ਇੱਕੋ ਮਾਲਕ ਹੈਂ ਤੇ ਸਾਰਾ ਪ੍ਰਬੰਧ ਤੂੰ ਆਪ ਕਰ ਰਿਹਾ ਹੈਂ ਭਾਵ ਸਾਰੀ ਸ੍ਰਿਸ਼ਟੀ ਦਾ ਪ੍ਰਬੰਧ ਤੂੰ ਕਰ ਰਿਹਾ ਹੈਂ। ਹੇ ਵਾਹਿਗੁਰੂ ਜੀ ! ਤੇਰੀ ਕਿਰਪਾ ਤੋਂ ਬਿਨਾਂ ਸਾਡਾ ਹੋਰ ਕੋਈ ਰਖਵਾਲਾ ਨਹੀਂ ਹੈ। ਤੈਥੋਂ ਬਿਨ ਹੋਰ ਕੋਈ ਹਸਤੀ ਨਹੀਂ, ਜੋ ਕੁੱਝ ਕਰ ਸਕੇ ‘‘ਕਾਰਣੁ ਕਰਤੈ (ਨੇ) ਜੋ ਕੀਆ; ਸੋਈ ਹੈ ਕਰਣਾ   ਜੇ ਸਉ ਧਾਵਹਿ ਪ੍ਰਾਣੀਆ ! ਪਾਵਹਿ ਧੁਰਿ ਲਹਣਾ ਬਿਨੁ ਕਰਮਾ ਕਿਛੂ ਲਭਈ; ਜੇ ਫਿਰਹਿ ਸਭ ਧਰਣਾ ’’ (ਮਹਲਾ /੧੧੦੨) ਅਰਥ : ਹੇ ਪ੍ਰਾਣੀ ! ਕਰਤਾਰ ਨੇ ਜੋ (ਤੇਰੇ ਨਸੀਬ ’ਚ) ਸਬੱਬ ਬਣਾਇਆ ਹੈ ਉਹ ਜ਼ਰੂਰ ਵਾਪਰਨਾ ਹੈ ਭਾਵੇਂ ਤੂੰ ਸੈਂਕੜੇ ਕੋਹਾਂ ਦੌੜੇਂ ਤਾਂ ਵੀ ਉਹੀ ਪਾਵੇਂਗਾ, ਜੋ ਧੁਰ ਤੋਂ ਤੇਰੇ ਨਸੀਬ ’ਚ ਲਿਖਿਆ ਹੈ ਭਾਵੇਂ ਤੂੰ ਸਾਰੀ ਧਰਤੀ ਉੱਤੇ ਘੁੰਮਦਾ ਫਿਰੇਂ ਤਾਂ ਵੀ ਕਰਤਾਰ ਦੀ ਮਿਹਰ ਤੋਂ ਬਿਨਾਂ ਤੈਨੂੰ ਕੁੱਝ ਨਹੀਂ ਮਿਲ ਸਕਦਾ।

ਸੋ ਜੇਕਰ ਅਸੀਂ ਗੁਰਬਾਣੀ ਦੇ ਇਨ੍ਹਾਂ ਬਚਨ ’ਤੇ ਭਰੋਸਾ ਕਰਕੇ ਵਾਹਿਗੁਰੂ ਨਾਲ਼ ਪਿਆਰ ਪਾਉਂਦੇ ਹਾਂ ਤਾਂ ਪੰਜਾਬ ਦੇ ਸ਼ਹਰਾਂ ਅਤੇ ਪਿੰਡਾਂ ਵਿੱਚ ਜਿੰਨੇ ਬਾਬੇ, ਦੇਹਧਾਰੀ ਗੁਰੂ ਡੰਮ ਆਦਿ, ਜੋ ਧਰਮ ਦੇ ਨਾਂ ਉੱਤੇ ਆਪਣੀਆਂ ਵੱਡੀਆਂ ਵੱਡੀਆਂ ਦੁਕਾਨਾਂ ਖੋਲ੍ਹੀ ਬੈਠੇ ਹਨ, ਜਿਨ੍ਹਾਂ ਨੇ ਧਰਮ ਨੂੰ ਵਪਾਰ ਬਣਾ ਰੱਖਿਆ ਹੈ, ਉਹ ਕਦੇ ਵੀ ਵਧਦੇ-ਫੁਲਦੇ ਨਾ। ਜੇ ਸਾਡੇ ਹਿਰਦੇ ਵਿੱਚ ਇਹ ਭਰੋਸਾ ਪੱਕਾ ਹੋ ਜਾਵੇ ਕਿ ਕਰਤਾਰ ਇੱਕੋ ਹੈ। ਉਸ ਦਾ ਕੀਤਾ ਹੋਇਆ ਹੀ ਸਭ ਕੁਝ ਹੋਣਾ ਹੈ। ਉਸ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ, ਜੋ ਸਾਡੀ ਝੋਲ਼ੀ ਵਿੱਚ ਸੁੱਖ ਪਾਏਗਾ। ਉਸ ਤੋਂ ਬਗੈਰ ਕੁਝ ਨਹੀਂ ਮਿਲ ਸਕਦਾ। ਜੇ ਮੇਰੀ ਕਿਸਮਤ ਵਿੱਚ ਕੋਈ ਫਲ਼ ਵਾਹਿਗੁਰੂ ਨੇ ਪਾਇਆ ਹੈ ਤਾਂ ਉਹ ਵਸਤੂ ਮੈਨੂੰ ਜ਼ਰੂਰ ਮਿਲਣੀ ਹੈ ਤਾਂ ਅਸੀਂ ਦਰ ਦਰ ’ਤੇ ਨਾ ਭਟਕੀਏ। ਨਾਵੇਂ ਪਾਤਿਸ਼ਾਹ ਜੀ ਦੇ ਬਚਨ ਹਨ ‘‘ਜਿਹ ਬਿਧਿ ਗੁਰਿ (ਨੇ) ਉਪਦੇਸਿਆ; ਸੋ, ਸੁਨੁ ਰੇ ਭਾਈ  ! ਨਾਨਕ ਕਹਤ ਪੁਕਾਰਿ ਕੈ; ਗਹੁ ਪ੍ਰਭ ਸਰਨਾਈ ’’ (ਮਹਲਾ /੭੨੭) ਭਾਵ ਗੁਰੂ ਸਾਹਿਬ ਜੀ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਕਿ ਭੋਲਿਓ  !  ਗੁਰ ਮੰਤਰ ਲੈ ਕੇ ਰਤਨਾਂ ਦਾ ਵਪਾਰ ਕਰੋ। ਇਉਂ ਬੇਨਤੀ ਕਰੋ ਕਿ ਹੇ ਸੱਚੇ ਪਾਤਸ਼ਾਹ ! ਜੋ ਵਸਤੂ ਅਕਾਲ ਪੁਰਖ ਕਰਤਾਰ ਕੋਲੋਂ ਨਹੀਂ ਮਿਲੀ, ਉਹ ਕਿਸੇ ਹੋਰ ਕੋਲੋਂ ਮਿਲ ਹੀ ਨਹੀਂ ਸਕਦੀ। ਜੋ ਕੁਝ ਅਸਾਂ ਨੂੰ ਮਿਲਿਆ ਹੈ, ਉਹ ਪ੍ਰਭੂ ਦੀ ਬਖ਼ਸ਼ਸ਼ ਨਾਲ਼ ਹੀ ਮਿਲਿਆ ਹੈ। ਜੋ ਨਹੀਂ ਮਿਲਿਆ, ਉਹ ਕਰਤਾਰ ਦੇ ਹੁਕਮ ਅਨੁਸਾਰ ਨਹੀਂ ਮਿਲਿਆ। ਦੁਨੀਆਂ ਦੀ ਕੋਈ ਤਾਕਤ ਸਾਨੂੰ ਉਹ ਪਦਾਰਥ ਨਹੀਂ ਦੇ ਸਕਦੀ।  ਜੋ ਵਾਹਿਗੁਰੂ ਨੇ ਨਹੀਂ ਦਿੱਤਾ ਸ਼ਾਇਦ ਉਹ ਵਸਤੂ ਸਾਡੇ ਵਾਸਤੇ ਚੰਗੀ ਨਾ ਹੋਵੇ; ਜਿਵੇਂ ਕਿ ਇੱਕ ਬੱਚਾ ਆਪਣੇ ਪਿਤਾ ਤੋਂ ਜ਼ਿੱਦ ਕਰਕੇ ਮੋਟਰ ਸਾਈਕਲ ਲੈ ਲਵੇ, ਪਰ ਉਸ ਨੂੰ ਚਲਾਉਣਾ ਨਾ ਜਾਣਦਾ ਹੋਵੇ ਤੇ ਹਾਦਸਾ ਵਾਪਰ ਜਾਵੇ ਤਾਂ ਪਿਤਾ ਕਹਿੰਦਾ ਹੈ ਕਿ ਮੈ ਇਸੇ ਕਰਕੇ ਤੈਨੂੰ ਮੋਟਰ ਸਾਈਕਲ ਲੈ ਕੇ ਨਹੀਂ ਦੇਣਾ ਚਾਹੁੰਦਾ ਸੀ।

ਸੋ ਜਦ ਤੱਕ ਮਨੁੱਖ ਦੀ ਸੋਚ ਉੱਚੀ ਨਾ ਹੋਈ ਉਹ ਬਾਲਕ ਦੀ ਤਰ੍ਹਾਂ ਛੋਟੀ ਛੋਟੀ ਚੀਜ਼ ਮੰਗਣ ਲਈ ਜ਼ਿੱਦ ਕਰਦਾ ਹੈ, ਇਸ ਲਈ ਗੁਰੂ ਸਾਹਿਬ ਸਮਝਾ ਰਹੇ ਹਨ ‘‘ਚੰਚਲ ਮਤਿ ਬਾਰਿਕ ਬਪੁਰੇ ਕੀ; ਸਰਪ ਅਗਨਿ ਕਰ ਮੇਲੈ ਮਾਤਾ ਪਿਤਾ ਕੰਠਿ ਲਾਇ ਰਾਖੈ; ਅਨਦ ਸਹਜਿ ਤਬ ਖੇਲੈ ’’ (ਮਹਲਾ /੧੨੬੬) ਭਾਵ ਛੋਟੀ ਸੋਚ ਦਾ ਮਾਲਕ ਬੱਚਾ; ਸੱਪ ਨੂੰ ਫੜਦਾ ਹੈ, ਅੱਗ ’ਚ ਹੱਥ ਪਾਉਂਦਾ ਹੈ, ਕੀੜੇ ਨੂੰ ਚੁੱਕ ਕੇ ਮੂੰਹ ’ਚ ਪਾਉਣਾ ਚਾਹੁੰਦਾ ਹੈ ਆਦਿ।  ਮਾਂ ਪਿਉ ਉਸ ਨੂੰ ਆਪਣੇ ਗਲ਼ ਨਾਲ਼ ਲਾ ਕੇ ਬਚਾਉਂਦਾ ਹੈ ਯਾਨੀ ਚੁੱਕ ਕੇ ਰੋਕਦਾ ਹੈ ਤਾਂ ਹੀ ਉਹ ਅਗਲੀ ਵਾਰ ਸ਼ਾਂਤੀ ਨਾਲ਼ ਖੇਡ ਸਕਦਾ ਹੈ ਵਰਨਾ ਮਰ ਗਿਆ ਹੁੰਦਾ। ਇਸੇ ਤਰ੍ਹਾਂ ਬਾਲਕ ਸੋਚ ਦਾ ਮਾਲਕ ਮਨੁੱਖ; ਵਾਹਿਗੁਰੂ ਕੋਲ਼ੋਂ ਉਹ ਵਸਤੂ ਲੈਣ ਲਈ ਜ਼ਿੱਦ ਕਰਦਾ ਹੈ, ਜੋ ਉਸ ਲਈ ਨੁਕਸਾਨਦੇਹ ਹੁੰਦੀ ਹੈ।

ਦੂਜੇ ਪਾਸੇ ਛੋਟੀ ਉਮਰ ਵਿੱਚ ਹੀ ਸਤਿਗੁਰੂ ਦੀ ਸ਼ਰਨ ਲੈ ਕੇ ਉੱਚੀ ਸੁਰਤ ਕਰ ਬਜ਼ੁਰਗ ਅਵਸਥਾ ਭੋਗਦਾ ਭਗਤ ਜਨ; ਦਾਤਾਰ ਅੱਗੇ ਇਉਂ ਬੇਨਤੀ ਕਰਦਾ ਰਹਿੰਦਾ ਹੈ ‘‘ਜਿਸ ਕਾ ਪਿਤਾ, ਤੂ ਹੈ ਮੇਰੇ ਸੁਆਮੀ  ! ਤਿਸੁ ਬਾਰਿਕ, ਭੂਖ ਕੈਸੀ  ? ਨਵ ਨਿਧਿ ਨਾਮੁ ਨਿਧਾਨੁ ਗ੍ਰਿਹਿ+ਤੇਰੈ (’); ਮਨਿ ਬਾਂਛੈ, ਸੋ ਲੈਸੀ ’’ (ਮਹਲਾ /੧੨੬੬) ਭਾਵ ਹੇ ਵਾਹਿਗੁਰੂ ! ਤੇਰੇ ਘਰ ਵਿੱਚ ਸਭ ਕੁਝ ਹੈ। ਤੇਰਾ ਨਿਮਾਣਾ ਬੱਚਾ, ਜੋ ਮਨ ਵਿੱਚ ਇੱਛਾ ਧਾਰਦਾ ਹੈ, ਉਹੀ ਚੀਜ਼ ਤੈਥੋਂ ਲੈ ਲੈਂਦਾ ਹੈ, ਤੂੰ ਉਸ ਨੂੰ ਦੇ ਦਿੰਦਾ ਹੈਂ ਕਿਉਂਕਿ ਮੰਗਨਹਾਰ ਤੇਰਾ ਪਿਆਰਾ ਪੁੱਤਰ ਹੈ। ਪਿਉ ਕੋਈ ਚੀਜ਼ ਆਪਣੇ ਪੁੱਤਰ ਤੋਂ ਲੁਕੋ ਕੇ ਨਹੀਂ ਰੱਖਦਾ; ਗੁਰੂ ਜੀ ਦੇ ਬਚਨ ਹਨ ‘‘ਪਿਤਾ ਕ੍ਰਿਪਾਲਿ (ਨੇ), ਆਗਿਆ ਇਹ ਦੀਨੀ; ਬਾਰਿਕੁ ਮੁਖਿ (ਤੋਂ) ਮਾਂਗੈ, ਸੋ ਦੇਨਾ ਨਾਨਕ  ! ਬਾਰਿਕੁ ਦਰਸੁ ਪ੍ਰਭ (ਦਾ) ਚਾਹੈ; ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ’’ (ਮਹਲਾ /੧੨੬੬) ਭਾਵ ਕਰਤਾਰ ਵੱਲੋਂ ਹਦਾਇਤ ਹੈ ਕਿ ਮੇਰਾ ਬੱਚਾ ਜੋ ਵੀ ਮੰਗਦਾ ਹੈ। ਤੂੰ ਓਹੀ ਦਵਾ ਦਿੰਦਾ ਹੈਂ। ਮਾਲਕ ਦਾ ਪਿਆਰਾ ਸੇਵਕ ਵੀ ਆਪਣੇ ਮਾਲਕ ਦੇ ਦਰਸ਼ਨ-ਦੀਦਾਰ ਕਰਨਾ ਹੀ ਲੋਚਦੈ, ਮੰਗਦਾ ਹੈ, ਨਾ ਕਿ ਕੋਈ ਧਨ ਪਦਾਰਥ ਆਦਿ। ਇਉਂ ਮਾਇਆ ਵੀ ਸਦਾ ਸੇਵਾ ਕਰਦੀ ਹੈ ਕਿਉਂਕਿ ਹਿਰਦੇ ਅੰਦਰ ਸਦਾ ਇਹ ਭਾਵਨਾ ਹੁੰਦੀ ‘‘ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ! ਤੇਰਿਆ ਸੰਤਹ ਕੀ ਰਾਵਾਰ ਨਾਨਕ  ! ਦਾਸੁ ਦਰਸੁ ਪ੍ਰਭ ਜਾਚੈ; ਮਨ ਤਨ ਕੋ (ਦਾ) ਆਧਾਰ ’’ (ਮਹਲਾ /੧੨੨੪) ਭਾਵ ਵਾਹਿਗੁਰੂ ਜੀ ! ਮੈਨੂੰ ਆਪਣੇ ਭਗਤਾਂ ਦੇ ਚਰਨਾਂ ਦੀ ਧੂੜ ਬਖ਼ਸ਼ ਦਿਓ ਤਾਂ ਜੋ ਉਨ੍ਹਾਂ ਰਾਹੀਂ ਮੇਰਾ ਪਿਆਰ ਵੀ ਤੁਹਾਡੇ ਨਾਲ਼ ਬਣ ਜਾਵੇ। ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਇਹੀ ਮੇਰੇ ਮਨ ਦਾ ਆਧਾਰ ਹੈ, ਸਹਾਰਾ ਹੈ।

ਸੋ ਇਸ ਪੂਰੇ ਸ਼ਬਦ ਰਾਹੀਂ ਗੁਰੂ ਰਾਮਦਾਸ ਜੀ ਨੇ ਸਮਝਾਇਆ ਹੈ ਕਿ ਸ੍ਰਿਸ਼ਟੀ ਦੇ ਮੋਹ ’ਚ ਮਗਨ ਹੋ ਕੇ ਆਪਣੇ ਅਸਲ ਮਾਲਕ ਨਾਲ਼ੋਂ ਵਿਛੜਨਾ ਨਹੀਂ ਹੈ। ਸ਼ਬਦ ਦੇ ਅੰਤਮ ਪਹਿਰੇ ਵਿੱਚ ਜਿੱਥੇ ਸਾਰਾ ਕੁੱਝ ਕਰਨ ਦੇ ਸਮਰੱਥ ਕਰਤਾ ਅੱਗੇ ਬੇਨਤੀ ਕੀਤੀ ਹੈ ਕਿ ‘‘ਤੂ ਆਪੇ ਕਰਤਾ ! ਤੇਰਾ ਕੀਆ ਸਭੁ ਹੋਇ ’’, ਓਥੇ ਨਾਲ਼ ਹੀ ਸਪਸ਼ਟ ਕੀਤਾ ਹੈ ਕਿ ਉਸ ਦੀ ਪ੍ਰਾਪਤੀ ਸਤਿਗੁਰ ਤੋਂ ਬਿਨਾਂ, ਸਤਿਗੁਰੂ ਦੀ ਸੰਗਤ ਤੋਂ ਬਿਨਾਂ ਨਹੀਂ ਹੋ ਸਕਦੀ ‘‘ਜਨ ਨਾਨਕ  ! ਗੁਰਮੁਖਿ ਪਰਗਟੁ ਹੋਇ ’’

ਸਤਿਗੁਰੂ ਜੀ ਨੇ ਸਿੱਖ ਦੇ ਨਿਤਨੇਮ ਲਈ ਓਹੀ ਬਾਣੀਆਂ ਨਿਰਧਾਰਿਤ ਕੀਤੀਆਂ ਹਨ, ਜਿਨ੍ਹਾਂ ਰਾਹੀਂ ਸੰਸਾਰਿਕ ਧਨ ਪਦਾਰਥਾਂ, ਵਿਸ਼ੇ-ਵਿਕਾਰਾਂ ਆਦਿ ਤੋਂ ਨਿਰਮੋਹ ਰਹਿ ਕੇ ਅਸਲ ਮਾਲਕ ਨਾਲ਼ ਸੇਵਕ ਦਾ ਪਿਆਰ ਵਧੇ, ਉਸ ਦੇ ਰੂ-ਬਰੂ ਹੋ ਕੇ ਬੇਨਤੀ ਕੀਤੀ ਜਾ ਸਕੇ। ਉਸ ਦੇ ਗੁਣ ਚੇਤੇ ਆਉਣ। ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਜਾ ਸਕੇ। ਇਨ੍ਹਾਂ ਬਾਣੀਆਂ ਨੂੰ ਪੜ੍ਹਨ ਅਤੇ ਸਮਝਣ ਤੋਂ ਬਾਅਦ ਸਿੱਖ ਅੰਦਰ ਇਹ ਭਰੋਸਾ ਬਣਨਾ ਬੜਾ ਜ਼ਰੂਰੀ ਹੈ ਕਿ ਸਭ ਕੁੱਝ ਕਰਨ ਅਤੇ ਕਰਾਉਣ ਵਾਲ਼ਾ ਵਾਹਿਗੁਰੂ ਹੈ। ਨਿੱਤ ਅਰਦਾਸ ਰਾਹੀਂ ਵੀ ਭਰੋਸਾ ਦਾਨ ਮੰਗਿਆ ਜਾਂਦਾ ਹੈ, ‘ਦਾਨਾਂ ਸਿਰਿ ਦਾਨ ਨਾਮ ਦਾਨ’ ਮੰਗਿਆ ਜਾਂਦਾ ਹੈ, ਜਿਸ ਬਾਰੇ ਹਥਲੇ ਸ਼ਬਦ ਦੇ ਪਹਿਲੇ ਬੰਦ ਵਿੱਚ ਬਾਖ਼ੂਬੀ ਸਮਝਾਇਆ ਗਿਆ ਹੈ ਕਿ ‘‘ਜਿਸ ਨੋ ਕ੍ਰਿਪਾ ਕਰਹਿ; ਤਿਨਿ ਨਾਮ ਰਤਨੁ ਪਾਇਆ ’’

ਰੂੜ੍ਹੀਵਾਦੀ ਸੋਚ ਹੀ ਕਿਉਂ ਹਿੰਸਕ ਹੁੰਦੀ ਹੈ ?

1

ਰੂੜ੍ਹੀਵਾਦੀ ਸੋਚ ਹੀ ਕਿਉਂ ਹਿੰਸਕ ਹੁੰਦੀ ਹੈ ?

ਗਿਆਨੀ ਅਵਤਾਰ ਸਿੰਘ

ਅਮਰੀਕਾ ਵਰਗੇ ਵਿਕਸਿਤ ਦੇਸ਼ ਦੇ ਰਾਸ਼ਟਰਪਤੀ ਚੁਣਾਵ ਦੇ ਨਤੀਜੇ ਘੋਸ਼ਤ ਹੋਣ ਤੋਂ 2 ਦਿਨ ਪਹਿਲਾਂ; 6 ਜਨਵਰੀ 2021 ਨੂੰ ਜਦ ਡੌਨਲਡ ਟਰੰਪ ਹਾਰਦੇ ਪ੍ਰਤੀਤ ਹੋਏ ਤਾਂ ਉਸ ਦੀ ਰੂੜ੍ਹੀਵਾਦੀ ਰਿਪਬਲਿਕਨ ਪਾਰਟੀ ਦੇ ਸਮਰਥਕਾਂ ਨੇ ਵਾਸ਼ਿੰਗਟਨ ’ਚ ਵ੍ਵਾਈਟ ਹਾਊਸ ’ਤੇ ਹੀ ਕਬਜ਼ਾ ਕਰ ਲਿਆ ਸੀ।  ਭਾਰਤੀ ਜਨਤਾ ਪਾਰਟੀ ਵੀ ਰੂੜ੍ਹੀਵਾਦੀ ਸੋਚ ’ਚੋਂ ਉਪਜੀ ਪਾਰਟੀ ਹੈ। ਜੇਕਰ 2024 ’ਚ ਮੋਦੀ ਨੂੰ ਥੋੜ੍ਹੇ ਜਿਹੇ ਅੰਤਰ ਨਾਲ਼ ਹਰਾ ਕੇ ਕੇਂਦਰ ’ਚ ਕਿਸੇ ਹੋਰ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਭਾਰਤ ’ਚ ਵੀ ਅਮਰੀਕਾ ਵਰਗੇ ਹਾਲਾਤ ਬਣਨ ਦੀ ਸੰਭਾਵਨਾ ਹੈ। ਬਦਲਾਅ ਦੇ ਨਾਂ ’ਤੇ ਪੰਜਾਬ ਅਤੇ ਦਿੱਲੀ ’ਚ ਆਈ ਆਮ ਆਦਮੀ ਪਾਰਟੀ ਨੇ ਜੇਕਰ ਵੱਡੇ ਅੰਤਰ ਨਾਲ਼ ਜਿੱਤ ਹਾਸਲ ਨਾ ਕੀਤੀ ਹੁੰਦੀ ਤਾਂ ਇਹ ਦੋਵੇਂ ਸਰਕਾਰਾਂ; ਰੂੜ੍ਹੀਵਾਦੀਆਂ ਨੇ ਬਰਖ਼ਾਸਤ ਕਰ ਦਿੱਤੀਆਂ ਹੁੰਦੀਆਂ। ਸਿੱਖੀ ਸਰੂਪ ’ਚ ਵਿਚਰਦੇ ਸੰਤ ਸਮਾਜ ਦਾ ਵੀ ਰੂੜ੍ਹੀਵਾਦੀ ਪਿਛੋਕੜ ਹੈ ਤਾਹੀਓਂ ਕਿਸੇ ਸਿੱਖ ਦੇ ਮੂੰਹੋਂ ਗੁਰਮਤਿ ਦੀ ਨਵੀਂ ਗੱਲ ਸੁਣਨ ’ਤੇ ਜ਼ਬਾਨੀ ਤੇ ਹਥਿਆਰਾਂ ਨਾਲ਼ ਇਹ ਲੋਕ ਹਮਲੇ ਕਰਦੇ ਹਨ; ਜਿਵੇਂ ਕਿ ਮਈ 2016 ’ਚ ਇੱਕ ਸਿੱਖ ਪ੍ਰਚਾਰਕ ’ਤੇ ਹਥਿਆਰਾਂ ਨਾਲ਼ ਹਮਲਾ ਕਰ ਉਸ ਦਾ ਇੱਕ ਸਾਥੀ (ਭਾਈ ਭੁਪਿੰਦਰ ਸਿੰਘ) ਮਾਰ ਦਿੱਤਾ ਸੀ। ਹੁਣ ਵੀ ਉਸ ਨੂੰ ਮਾਝੇ ’ਚ ਕਥਾ ਕਰਨ ਨਹੀਂ ਦਿੱਤੀ ਜਾਂਦੀ। ਕਈ ਗੁਰਮਤਿ ਪ੍ਰਚਾਰਕਾਂ ਦੀਆਂ ਦਸਤਾਰਾਂ ਉਤਾਰੀਆਂ ਗਈਆਂ। ਪਿਛਲੇ ਦਿਨੀਂ ਗੁਰੂ ਗ੍ਰੰਥ ਸਾਹਿਬ ਨੂੰ ਢਾਲ਼ ਬਣਾ ਕੇ ਅਜਨਾਲਾ ਪੁਲਿਸ ਚੌਂਕੀ ’ਤੇ ਵੀ ਹਮਲਾ ਕੀਤਾ, ਜੋ ਗੁਰੂ ਸਾਹਿਬ ਦਾ ਘੋਰ ਨਿਰਾਦਰ ਹੈ, ਆਦਿ।

ਰੂੜ੍ਹੀਵਾਦੀ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਤੇ ਕੌਮ; ਸਾਡੀ ਵਜ੍ਹਾ ਨਾਲ਼ ਸੁਰੱਖਿਅਤ ਹਨ ਯਾਨੀ ਇਨ੍ਹਾਂ ਨਾਲ਼ ਅਸਹਿਮਤੀ ਪ੍ਰਗਟ ਕਰਨ ਵਾਲ਼ਿਆਂ ਦਾ ਦੇਸ਼ ਪ੍ਰਤੀ ਅਤੇ ਕੌਮ ਪ੍ਰਤੀ ਪਿਆਰ; ਇਨ੍ਹਾਂ ਦੀਆਂ ਨਜ਼ਰਾਂ ’ਚ ਕੋਈ ਮਾਅਨਾ ਨਹੀਂ ਰੱਖਦਾ। ਹਰ ਜਗ੍ਹਾ ਰੂੜ੍ਹੀਵਾਦੀ ਲੋਕ ਵੱਧ ਅਤੇ ਬਦਲਾਅ ਪਸੰਦ ਲੋਕ ਘੱਟ ਹੁੰਦੇ ਹਨ। ਇਸ ਨੂੰ ਧਿਆਨ ’ਚ ਰੱਖਦਿਆਂ ਟਰੰਪ ਅਤੇ ਮੋਦੀ ਸਰਕਾਰ ਨੇ ਪਰਵਾਸੀਆਂ ਲਈ ਸਖ਼ਤ ਕਨੂੰਨ ਬਣਾਏ ਕਿਉਂਕਿ ਰੂੜ੍ਹੀਵਾਦੀ ਲੋਕ; ਅਲੱਗ ਵਿਚਾਰਾਂ ਤੇ ਪਰਵਾਸੀਆਂ ਨਾਲ਼ ਨਫ਼ਰਤ ਰੱਖਦੇ ਹਨ। ਪੰਜਾਬ ’ਚ ਵੀ ਪਰਵਾਸੀਆਂ ’ਤੇ ਹਮਲੇ ਹੁੰਦੇ ਰਹੇ ਹਨ ਭਾਵੇਂ ਕਿ ਗੁਰਬਾਣੀ; ਨਫ਼ਰਤ ਕਰਨ ਵਿਰੁਧ ਹੈ ਕਿਉਂਕਿ ਸਾਰਿਆਂ ਅੰਦਰ ਅਕਾਲ ਪੁਰਖ ਵੱਸਦਾ ਹੈ ‘‘ਸਭੁ ਗੋਬਿੰਦੁ ਹੈ; ਸਭੁ ਗੋਬਿੰਦੁ ਹੈ; ਗੋਬਿੰਦ ਬਿਨੁ ਨਹੀ ਕੋਈ ’’ (ਭਗਤ ਨਾਮਦੇਵ/੪੮੫), ਪਰਵਾਸੀ ਬਣਨ ਦੇ ਦੋ ਕਾਰਨ ਹੁੰਦੇ ਹਨ (1). ਮਜਬੂਰੀ (2). ਬਹੁਤੀ ਲਾਲਸਾ। ਬਿਹਾਰੀਆਂ ਦਾ ਪੰਜਾਬ ’ਚ ਆਉਣਾ ਮਜਬੂਰੀ ਹੈ ਜਦਕਿ ਪੰਜਾਬੀਆਂ ਦਾ ਪੰਜਾਬ ਨੂੰ ਛੱਡਣਾ; ਵੱਡੀ ਚਾਹਤ ਹੈ ਯਾਨੀ ਬਹੁਤੇ ਪੰਜਾਬੀ ਲੋਕ; ਬਿਹਾਰੀਆਂ ਵਾਙ ਭੁੱਖੇ ਮਰਦੇ ਪਰਵਾਸੀ ਨਹੀਂ ਬਣੇ ਹਨ।

ਪਾਣੀ ਨਾਲ਼ ਅੱਧੇ ਭਰੇ ਗਲਾਸ ਨੂੰ ਵੇਖ ਕੇ ਜੇ ਇੱਕ ਬੰਦਾ ਕਹੇ ਕਿ ਗਲਾਸ ਅੱਧਾ ਭਰਿਆ ਹੈ ਤੇ ਦੂਜਾ ਕਹੇ ਅੱਧਾ ਖ਼ਾਲੀ ਹੈ ਤਾਂ ਭਾਵੇਂ ਇਹ ਦੋਹੇਂ ਗੱਲਾਂ ਸਹੀ ਜਾਪਣ, ਪਰ ਐਸਾ ਕਹਿਣ ਪਿੱਛੇ ਮਨੋਰਥ ਭਿੰਨ ਭਿੰਨ ਹੁੰਦਾ ਹੈ। ਗਲਾਸ ਨੂੰ ਅੱਧਾ ਭਰਿਆ ਵੇਖਣ ਵਾਲ਼ਾ; ਜ਼ਰੂਰੀ ਨਹੀਂ ਕਿ ਅੱਧਾ ਖ਼ਾਲੀ ਗਲਾਸ ਹੋਣ ਬਾਰੇ ਚਿੰਤਤ ਹੋਵੇ ਜਾਂ ਉਸ ਨੂੰ ਭਰਨ ਬਾਰੇ ਸੋਚਦਾ ਹੋਵੇ, ਪਰ ਅੱਧਾ ਖ਼ਾਲੀ ਵੇਖਣ ਵਾਲ਼ਾ; ਉਸ ਦੇ ਖ਼ਾਲੀਪਣ ਤੋਂ ਚਿੰਤਤ ਰਹਿੰਦਾ ਹੈ। ਮੰਨ ਲਓ ਕਿ ਪੂਰਾ ਭਰਿਆ ਗਲਾਸ; 10ਵੀਂ ਤੱਕ ਦੀ ਵਿੱਦਿਆ ਹੈ। ਅੱਧੇ ਭਰੇ ਗਲਾਸ ਨੂੰ ਤੱਕਣ ਵਾਲ਼ਾ; ਪੰਜਵੀਂ ਤੱਕ ਦੀ ਵਿੱਦਿਆ ਤੋਂ ਜਾਣੂ ਹੈ ਤੇ ਅੱਧਾ ਖ਼ਾਲੀ ਵੇਖਣ ਵਾਲ਼ਾ; 10ਵੀਂ ਤੱਕ ਦੀ ਵਿੱਦਿਆ ਵੱਲ ਧਿਆਨ ਲੈ ਜਾਣਾ ਚਾਹੁੰਦਾ ਹੈ। ਗੁਰਬਾਣੀ ਦੇ ਵੀ ਇਹੀ ਬਚਨ ਹਨ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਮੁਹਡੜਾ ’’ (ਮਹਲਾ /੧੦੯੬) ਅਰਥ : ਹੇ ਮਨੁੱਖ! ਸਦਾ ਅਗਾਂਹ ਦੀ ਸੋਚ, ਪਿਛਾਂਹ ਕਦਮ ਨਾ ਰੋਕ।

ਅੱਧਾ ਭਰਿਆ ਗਲਾਸ ਵੇਖ ਸੰਤੁਸ਼ਟ ਹੋਣ ਵਾਲ਼ਾ; ਖਾਲੀਪਣ ਨੂੰ ਭਰਨ ਦੇ ਸਮਰੱਥ ਨਹੀਂ ਹੁੰਦਾ। ਹਰ ਦਿਨ ਵਾਪਰਦੇ ਮਾਲਕ ਦੇ ਨਵੇਂ ਰੂਪ ਨੂੰ ਵੀ ਉਹ ਨਹੀਂ ਪਹਿਚਾਨ ਸਕਦਾ, ਜਿਸ ਬਾਰੇ ਬਚਨ ਹਨ ‘‘ਸਾਹਿਬੁ ਮੇਰਾ ਨੀਤ ਨਵਾ; ਸਦਾ ਸਦਾ ਦਾਤਾਰੁ ਰਹਾਉ ’’ (ਮਹਲਾ /੬੬੦) ਜੇ ਇਕੱਠ ’ਚ ਕੋਈ ਬੰਦਾ ਗਲਾਸ ਦੇ ਖ਼ਾਲੀਪਣ ਵੱਲ ਧਿਆਨ ਕਰਾਉਣ ਲਈ ਕੋਈ ਸੁਝਾਅ ਦੇਵੇ ਤੇ ਦੂਜਾ ਕਹਿ ਦੇਵੇ ਕਿ ਅੱਧਾ ਗਲਾਸ ਭਰਿਆ ਵੀ ਹੈ ਤਾਂ ਐਸੇ ਬੰਦੇ; ਆਉਣ ਵਾਲ਼ੀਆਂ ਚੁਣੌਤੀਆਂ ਲਈ ਕਦੇ ਤਿਆਰ ਨਹੀਂ ਹੋ ਸਕਦੇ।

ਘੱਟ ਪੜ੍ਹਿਆ ਪੇਂਡੂ ਬੰਦਾ; ਪਿੰਡ ਦੀ ਸੱਥ ’ਚ ਅਕਸਰ ਕੋਈ ਨਵੀਂ ਗੱਲ ਸੁਣਾਉਂਦਾ ਹੁੰਦਾ ਸੀ। ਨਗਰ ਨਿਵਾਸੀ ਵੀ ਉਸ ਦੀ ਸਮਝ ਤੋਂ ਪ੍ਰਭਾਵਤ ਸਨ। ਇੱਕ ਦਿਨ ਉਸ ਨੇ ਕਿਹਾ ਕਿ ਸੂਰਜ; ਇੱਕ ਥਾਂ ਸਥਿਰ ਹੈ ਤੇ ਧਰਤੀ; ਉਸ ਦੇ ਦੁਆਲੇ ਘੁੰਮਦੀ ਹੈ। ਅਚਾਨਕ ਉਸ ਦਿਨ ਓਥੇ ਸ਼ਹਰ ’ਚੋਂ ਆਇਆ ਇੱਕ ਖਗੋਲ ਵਿਗਿਆਨ ਤੋਂ ਜਾਣੂ ਬੰਦਾ ਸੀ, ਉਸ ਨੇ ਕਿਹਾ ਕਿ ਇਹ ਬਿਲਕੁਲ ਗ਼ਲਤ ਹੈ। ਸਚਾਈ ਇਹ ਹੈ ਕਿ ਧਰਤੀ ਆਪਣੇ ਧੁਰੇ ਦੁਆਲੇ ਮਾਤਰ 465.10 ਮੀਟਰ ਪ੍ਰਤੀ ਸਕਿੰਟ (1674.4 ਕਿਲੋਮੀਟਰ ਪ੍ਰਤੀ ਘੰਟਾ) ਘੁੰਮਦੀ ਹੈ ਜਦਕਿ ਸੂਰਜ ਆਪਣੇ ਧੁਰੇ ਦੁਆਲੇ 1.9 ਕਿਲੋਮੀਟਰ ਪ੍ਰਤੀ ਸਕਿੰਟ (6875 ਕਿਲੋਮੀਟਰ ਪ੍ਰਤੀ ਘੰਟਾ) ਘੁੰਮਦਾ ਹੈ ਯਾਨੀ ਕਿ ਧਰਤੀ ਤੋਂ 4.1 ਗੁਣਾਂ ਤੇਜ਼। ਧਰਤੀ ਦੀ ਸੂਰਜ ਦੁਆਲੇ ਘੁੰਮਣ ਦੀ ਗਤੀ ਵੀ ਮਾਤਰ 29.78 ਕਿਲੋਮੀਟਰ ਪ੍ਰਤੀ ਸਕਿੰਟ (1,07,208 ਕਿਲੋਮੀਟਰ ਪ੍ਰਤੀ ਘੰਟਾ) ਹੈ ਜਦਕਿ ਸਾਡਾ ਸੂਰਜ ਮੰਡਲ; ਮਿਲਕੀ ਵੇ ਗਲੈਕਸੀ ਦੇ ਕੇਂਦਰ ਦੁਆਲੇ 230 ਕਿਲੋਮੀਟਰ ਪ੍ਰਤੀ ਸਕਿੰਟ (8,28,000 ਕਿਲੋਮੀਟਰ ਪ੍ਰਤੀ ਘੰਟਾ) ਘੁੰਮ ਰਿਹਾ ਹੈ ਯਾਨੀ ਕਿ ਧਰਤੀ ਦੇ ਘੁੰਮਣ ਦੀ ਗਤੀ ਤੋਂ 7.72 ਗੁਣਾਂ ਤੇਜ਼। ਐਨੀ ਗਤੀ ਨਾਲ਼ ਜੇਕਰ ਕੋਈ ਧਰਤੀ ’ਤੇ ਚੱਲੇ ਤਾਂ ਉਹ 2 ਮਿੰਟ 54 ਸਕਿੰਟ ’ਚ ਪੂਰੀ ਧਰਤੀ ਦਾ ਚੱਕਰ ਲਾ ਸਕਦਾ ਹੈ, ਜਿਸ ਦਾ ਘੇਰਾ 40,075 ਕਿਲੋਮੀਟਰ ਹੈ। ਜੇਕਰ ਅਕਾਸ਼ਗੰਗਾ ਦੇ ਹੋਰ ਅੰਦਰ ਵੱਲ ਨੂੰ ਵੇਖੀਏ ਤਾਂ ਮਿਲਕੀ ਵੇ ਗਲੈਕਸੀ; ਬ੍ਰਹਿਮੰਡ ਦੇ ਕੇਂਦਰ ਦੁਆਲੇ 600 ਕਿਲੋਮੀਟਰ ਪ੍ਰਤੀ ਸਕਿੰਡ [21,60,000 ਕਿਲੋਮੀਟਰ ਪ੍ਰਤੀ ਘੰਟਾ, ਜੋ ਕਿ ਰੌਸ਼ਨੀ ਦੀ ਗਤੀ (3 ਲੱਖ ਕਿਲੋਮੀਟਰ ਪ੍ਰਤੀ ਸਕਿੰਡ) ਤੋਂ 7.2 ਗੁਣਾਂ ਤੇਜ਼ ਹੈ] ਨਾਲ਼ ਚੱਕਰ ਲਗਾ ਰਹੀ ਹੈ ਯਾਨੀ ਜਿਉਂ ਜਿਉਂ ਬ੍ਰਹਿਮੰਡ ਦੇ ਅੰਦਰ ਵੱਲ ਨੂੰ ਜਾਈਏ ਤਾਂ ਤਾਰਿਆਂ ਦੀ ਗਤੀ ਵਧਦੀ ਜਾਂਦੀ  ਹੈ। ਇਸ ਗਤੀ ਨੂੰ ਨਿਰੰਤਰ ਬਣਾਏ ਰੱਖਣ ਲਈ ਹਰ ਤਾਰੇ ਦਾ ਅੰਦਰ ਨੂੰ ਝੁਕਾਅ ਹੋਣਾ, ਜ਼ਰੂਰੀ ਹੈ; ਜਿਵੇਂ ਮੋਟਰਸਾਈਕਲ ਦੀ ਜਿੰਨੀ ਵੱਧ ਸਪੀਡ ਹੋਏਗੀ ਓਨਾ ਹੀ ਮੋੜਨ ਸਮੇਂ ਉਸ ਨੂੰ ਵੱਧ ਟੇਢਾ ਕਰਨਾ ਪੈਂਦਾ ਹੈ; ਵੈਸੇ ਧਰਤੀ ਜਦ ਆਪਣੇ ਕੇਂਦਰ (ਸੂਰਜ) ਦੁਆਲੇ ਘੁੰਮਦੀ ਹੈ ਤਾਂ 23.5 ਡਿਗਰੀ ਅੰਦਰ ਨੂੰ ਝੁਕੀ ਹੁੰਦੀ ਹੈ ਤੇ ਮਿਲਕੀ ਵੇ ਗਲੈਕਸੀ ਦੀ ਰਫ਼ਤਾਰ ਵੱਧ ਹੋਣ ਕਾਰਨ ਉਹ ਆਪਣੇ ਕੇਂਦਰ ਵੱਲ 60 ਡਿਗਰੀ ਝੁਕੀ ਹੁੰਦੀ ਹੈ।

ਜ਼ਰਾ ਸੋਚੋ ਕਿ ਜੇ ਮਿਲਕੀ ਵੇ ਗਲੈਕਸੀ ਦੀ ਗਤੀ 600 ਕਿਲੋਮੀਟਰ ਪ੍ਰਤੀ ਸਕਿੰਟ ਹੈ ਤਾਂ ਹੀ ਉਸ ਦੇ ਪ੍ਰਭਾਵ ਨਾਲ਼ ਘੁੰਮਦੇ ਸੂਰਜ ਮੰਡਲ ਦੀ ਗਤੀ ਘਟ ਕੇ 230 ਕਿਲੋਮੀਟਰ ਪ੍ਰਤੀ ਸਕਿੰਟ ਰਹੀ ਅਤੇ ਅਗਾਂਹ ਸੂਰਜ ਦੇ ਪ੍ਰਭਾਵ ਨਾਲ਼ ਘੁੰਮਦੀ ਧਰਤੀ ਦੀ ਗਤੀ ਹੋਰ ਘਟ ਕੇ 29.78 ਕਿਲੋਮੀਟਰ ਪ੍ਰਤੀ ਸਕਿੰਟ ਰਹਿ ਗਈ, ਪਰ ਤੁਸੀਂ ਬਿਲਕੁਲ ਉਲ਼ਟ ਕਿਹਾ ਕਿ ਧਰਤੀ ਘੁੰਮਦੀ ਹੈ ਤੇ ਸੂਰਜ ਸਥਿਰ ਹੈ ਭਾਵੇਂ ਕਿ ਗੁਰੂ ਸਾਹਿਬਾਨ ਵੀ ਖਗੋਲ ਵਿਗਿਆਨ ਵਾਙ ਹੀ ਕਹਿ ਰਹੇ ਹਨ; ਜਿਵੇਂ ਕਿ ‘‘ਦਿਨ ਰਵਿ ਚਲੈ; ਨਿਸਿ ਸਸਿ ਚਲੈ; ਤਾਰਿਕਾ ਲਖ ਪਲੋਇ   ਮੁਕਾਮੁ ਓਹੀ ਏਕੁ ਹੈ; ਨਾਨਕਾ ! ਸਚੁ ਬੁਗੋਇ ’’ (ਮਹਲਾ /੬੪) ਅਰਥ : ਗੁਰੂ ਨਾਨਕ ਸਾਹਿਬ ਅਸਲ ਸੱਚ ਬਿਆਨ ਕਰਦੇ ਹਨ ਕਿ ਦਿਨ ਅਤੇ ਰਾਤ ਬਦਲ ਰਹੇ ਹਨ ਭਾਵ ਸਥਿਰ ਨਹੀਂ। ਚੰਦ, ਸੂਰਜ ਆਦਿਕ ਵੀ ਚੱਲਦਾ/ਘੁੰਮਦਾ ਪਿਆ ਹੈ। ਲੱਖਾਂ ਤਾਰੇ ਵੀ ਚੱਲਦੇ/ਘੁੰਮਦੇ ਹਨ, ਨਾਸ ਹੁੰਦੇ ਹਨ। ਕੇਵਲ ਇੱਕ ਉਹ ਅਕਾਲ ਪੁਰਖ ਹੀ ਸਥਿਰ ਹੈ ਤਾਹੀਓਂ ਕਦੇ ਨਾਸ ਨਹੀਂ ਹੁੰਦਾ।

ਤੱਥਾਂ ਆਧਾਰਿਤ ਬਿਆਨ ਕੀਤੀ ਇਹ ਸਚਾਈ ਸੁਣਨ ਦੇ ਬਾਵਜੂਦ ਵੀ ਪੇਂਡੂ ਲੋਕਾਂ ਨੇ ਆਪਣੇ ਬੰਦੇ ਦੀ ਗੱਲ ਨੂੰ ਹੀ ਸਹੀ ਮੰਨਿਆ ਕਿਉਂਕਿ ਪੀੜੀ ਦਰ ਪੀੜੀ ਉਨ੍ਹਾਂ ਨੇ ਇਹੀ ਝੂਠ ਸੁਣਿਆ ਸੀ।

ਇੱਕ ਸਿੱਖ ਭਾਵੇਂ ਪੜ੍ਹਾਈ ’ਚ ਮਾਸਟਰ ਡਿਗਰੀ ਹਾਸਲ ਕਰ ਲਵੇ, ਫਿਰ ਵੀ ਉਸ ਨੂੰ ਸਿੱਖਿਆਰਥੀ ਬਣੇ ਰਹਿਣ ਲਈ ਹੋਰ ਹੋਰ ਵਿੱਦਿਆ ਗ੍ਰਹਿਣ ਕਰਨੀ ਪੈਣੀ ਹੈ। ਜਦੋਂ ਹੀ ਹੋਰ ਸਿੱਖਣ ਦੀ ਭਾਵਨਾ ਰੁਕੀ/ਮਰੀ, ਉਹ ਰੂੜ੍ਹਵਾਦੀ ਬਣ ਜਾਂਦਾ ਹੈ ਤੇ ਹੋਰ ਹੋਰ ਗਿਆਨ ਪ੍ਰਾਪਤ ਕਰ ਬਦਲਾਅ ਪਸੰਦ ਲੋਕਾਂ ਨਾਲ਼ ਨਫ਼ਰਤ ਕਰਨਾ ਸ਼ੁਰੂ ਕਰ ਦਿੰਦਾ ਹੈ। ਮਿਸਾਲ ਵਜੋਂ ਜੇਕਰ ਘਰ ’ਚ ਪਤਨੀ ਨੂੰ ਹਰ ਤਰ੍ਹਾਂ ਦੀ ਸਬਜ਼ੀ ਤੇ ਹਰ ਤਰ੍ਹਾਂ ਦੀ ਦਾਲ਼ ਪਸੰਦ ਹੈ, ਪਰ ਪਤੀ ਨੂੰ ਦੋ ਚਾਰ ਕੁ ਸਬਜ਼ੀਆਂ/ਦਾਲ਼ਾਂ ਪਸੰਦ ਹਨ ਤਾਂ ਘਰ ’ਚ ਹਰ ਤਰ੍ਹਾਂ ਦੀ ਦਾਲ਼/ਸਬਜ਼ੀ ਬਣਨ ’ਤੇ ਪਤੀ ਕ੍ਰੋਧਿਤ ਹੋਏਗਾ, ਨਾ ਕਿ ਪਤਨੀ। ਸੋ ਰੁਕਿਆ ਗਿਆਨ ਅਤੇ ਰੁਕਿਆ ਸੁਆਦ; ਮਨੁੱਖ ਨੂੰ ਹਿੰਸਕ ਬਣਾਉਂਦੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਰੂੜ੍ਹੀਵਾਦੀ ਸੋਚ ਨੂੰ ਪਰਣਾਏ ਲੋਕ; ਗੁਰਮਤਿ ਪ੍ਰਚਾਰਕਾਂ ਦੇ ਵਿਰੋਧ ਨੂੰ ਸ਼ਾਂਤ ਕਰਨ ਲਈ ਅਕਸਰ ਕਹਿੰਦੇ ਰਹਿੰਦੇ ਹਨ ਕਿ ਆਓ ਬੈਠ ਕੇ ਵਿਵਾਦਿਤ ਮਸਲਿਆਂ ਦਾ ਹੱਲ ਲੱਭੀਏ, ਪਰ ਹੈਰਾਨੀ ਹੁੰਦੀ ਹੈ ਕਿ ਇਹ ਲੋਕ; ਜਦ ਸਿੱਖਾਂ ਦੀਆਂ ਸਾਰੀਆਂ ਜਥੇਬੰਦੀਆਂ ਦੁਆਰਾ 14 ਸਾਲ (ਸੰਨ 1931-1945) ਤੱਕ ਵਿਚਾਰ-ਵਟਾਂਦਰਾਂ ਕਰਨ ਉਪਰੰਤ ਲਾਗੂ ਕੀਤੀ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਲਈ ਤਿਆਰ ਨਹੀਂ ਤਾਂ ਹੋਰ ਮਸਲਿਆਂ ’ਤੇ ਦੋ ਚਾਰ ਕੁ ਦਿਨ ਵਿਚਾਰ-ਚਰਚਾ ਕਰਨ ਤੋਂ ਬਾਅਦ ਇਹ, ਕਿਹੜੇ ਦੂਰ ਅੰਦੇਸ਼ੀ ਫ਼ੈਸਲੇ ਲੈਣ ਲਈ ਤਿਆਰ ਹੋਣਗੇ ? ਸੋ ਇਨ੍ਹਾਂ ਨਾਲ਼ ਅਸਹਿਮਤੀ ਦਾ ਅਸਲ ਕਾਰਨ; ਕੋਈ ਮੁੱਦਾ ਨਹੀਂ ਬਲਕਿ ਮੁੱਦੇ ਨੂੰ ਨਾ ਪਕੜਨ ਵਾਲ਼ੀ ਇਨ੍ਹਾਂ ਦੀ ਅਯੋਗਤਾ ਹੈ; ਜਿਵੇਂ ਕਿ ਨਾਨਕਸ਼ਾਹੀ ਕੈਲੰਡਰ ਦੇ ਜਿੰਨੇ ਮਰਜ਼ੀ ਲਾਭ ਗਿਣਵਾਏ ਜਾਣ, ਇਨ੍ਹਾਂ ਨੇ ਨਹੀਂ ਸਮਝਣਾ। ਗੁਰੂ ਗ੍ਰੰਥ ਸਾਹਿਬ ’ਚ ਮੂਲ ਮੰਤਰ ਦਾ ਸੰਪੂਰਨ ਰੂਪ; 33 ਵਾਰ ਹੈ, ਫਿਰ ਵੀ ਇਹ ਲੋਕ ‘ਗੁਰ ਪ੍ਰਸਾਦਿ॥’ ਤੱਕ ਨਹੀਂ ‘‘ਨਾਨਕ ਹੋਸੀ ਭੀ ਸਚੁ ’’  ਤੱਕ ਮੰਨਦੇ ਹਨ। ਬਾਣੀਕਾਰਾਂ ਦੀ ਗਿਣਤੀ 35 ਦੀ ਥਾਂ 36 ਜਾਂ 37 ਮੰਨਦੇ ਹਨ। ਰਾਗਮਾਲਾ ਨੂੰ ਜਬਰਨ ਗੁਰਬਾਣੀ ਕਹਿੰਦੇ ਹਨ ਭਾਵੇਂ ਕਿ ਇਸ ਦੇ ਲਿਖਾਰੀ ਦਾ ਨਾਂ ਵੀ ਪਤਾ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ 1430 ਪੰਨਿਆਂ ਦਾ ਮੱਧ 715 ’ਤੇ ਹੈ, ਪਰ ਇਹ 705 ’ਤੇ ਮੱਧ ਦੀ ਅਰਦਾਸ ਕਰਦੇ ਹਨ ਭਾਵੇਂ ਕਿ ਇਸ ਤੁਕ ਦੇ ਅਰਥ ਵੀ ਇਉਂ ਹਨ ‘‘ਆਦਿ ਪੂਰਨ, ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ ’’ (ਮਹਲਾ /੭੦੫) ਅਰਥ : ਸ੍ਰਿਸ਼ਟੀ ਦੇ ਮੁੱਢ ਸਮੇਂ ਵੀ ਪਰਮੇਸ਼ਰ; ਸਰਬ ਵਿਆਪਕ ਸੀ। ਹੁਣ ਵੀ ਸਰਬ ਵਿਆਪਕ ਹੈ ਤੇ ਕਿਆਮਤ ਉਪਰੰਤ ਵੀ ਉਹ ਮੌਜੂਦ ਰਹੇਗਾ। ਸੋ ਗੁਰਬਾਣੀ ਦੇ ਮਨਮਤੀ ਅਰਥ ਕਰਨ ਅਤੇ ਸਿੱਖ ਇਤਿਹਾਸ ’ਚ ਕਾਲਪਨਿਕ ਸਾਖੀਆਂ ਸ਼ਾਮਲ ਕਰ ਇਹ ਵੀ ਕਹਿੰਦਾ ਹੈ ਕਿ ਸਾਡੇ ਵਾਲ਼ੀ ਮਰਿਆਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਚਲਾਈ ਹੈ। ਜੇਕਰ ਕੋਈ ਪ੍ਰਾਈਮਰੀ ਅਧਿਆਪਕ; ਪ੍ਰਾਈਮਰੀ ਸਕੂਲ ’ਚ ਸੇਵਾਵਾਂ ਦੇਵੇ ਤਾਂ ਕੋਈ ਇਤਰਾਜ਼ ਨਹੀਂ, ਪਰ ਜੇ ਉਹ ਕਹੇ ਕਿ ਮੇਰੀ ਯੋਗਤਾ ਹੀ ਸਰਬੋਤਮ ਮਾਸਟਰ ਡਿਗਰੀ ਹੈ ਤਾਂ ਜ਼ਰੂਰ ਚਿੰਤਾ ਦਾ ਵਿਸ਼ਾ ਹੈ।

ਸੰਤ ਸਮਾਜ; ਗੁਰਬਾਣੀ ’ਚ ਮਿਸਾਲ ਵਜੋਂ ਵਰਤੀਆਂ ਪ੍ਰਚਲਿਤ ਕਾਲਪਨਿਕ ਕਥਾ-ਕਹਾਣੀਆਂ ਨੂੰ ਵੀ ਗੁਰਬਾਣੀ ਸਮਝ ਕੇ ਗੁਰਮਤਿ ਦੀ ਵਿਲੱਖਣਤਾ ਨੂੰ ਮਿਟਾਉਂਦਾ ਆਇਆ ਹੈ; ਜਿਵੇਂ ਕਿ ਵਾਕ ਹੈ ‘‘ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ   ਨਾਮਾ ਕਹੈ ਭਗਤਿ ਬਸਿ ਕੇਸਵ; ਅਜਹੂੰ ਬਲਿ ਕੇ ਦੁਆਰ ਖਰੋ ’’ (ਭਗਤ ਨਾਮਦੇਵ/੧੧੦੫) ਅਰਥ : ਅਕਾਲ ਪੁਰਖ; ਆਪਣੇ ਭਗਤਾਂ ਦੀ ਸਦਾ ਰੱਖਿਆ ਕਰਦਾ ਹੈ; ਜਿਵੇਂ ਕਿ ਪ੍ਰਾਚੀਨ ਕਥਾ ਹੈ ਕਿ ਸਤਿਯੁਗ ’ਚ ਵਿਸ਼ਨੂੰ ਨੇ ਆਪਣੇ ਭਗਤ (ਪ੍ਰਹਿਲਾਦ) ਦੀ ਰੱਖਿਆ ਕਰਨ ਲਈ ਨਰਸਿੰਘ ਰੂਪ (ਅੱਧਾ ਸਰੀਰ ਮਨੁੱਖ ਦਾ, ਅੱਧਾ ਸ਼ੇਰ ਦਾ/ਇਹ ਵਿਸ਼ਨੂੰ ਦਾ ਚੌਥਾ ਅਵਤਾਰ ਹੈ) ਧਾਰ ਕੇ ਹਰਨਾਖਸ਼ ਨੂੰ ਮਾਰਿਆ। ਵਿਸ਼ਨੂੰ ਆਪਣੇ ਭਗਤਾਂ ਦੇ ਵੱਸ ’ਚ ਹੈ ਤਾਹੀਓਂ (ਪ੍ਰਹਿਲਾਦ ਦੇ ਪੋਤੇ) ਬਲਿ ਦਾ ਦ੍ਵਾਰਪਾਲ (ਬੂਹੇ ’ਤੇ ਰਖਵਾਲੀ ਕਰਨ ਵਾਲ਼ਾ) ਬਣ ਹੁਣ ਵੀ ਪਹਿਰਾ ਦੇ ਰਿਹਾ ਹੈ।

ਨੋਟ : ਰੂੜ੍ਹੀਵਾਦੀ ਪੰਡਿਤਾਂ ਦੁਆਰਾ ਰਚੀ ਇਸ ਮਨੋਕਲਪਿਤ ਕਹਾਣੀ ’ਚ ਪ੍ਰਹਿਲਾਦ ਦਾ ਪੋਤਾ ਤੇ ਵਿਰੋਚਨ ਦਾ ਪੁੱਤਰ ਸੀ ‘ਰਾਜਾ ਬਲਿ’, ਜੋ ਬੜਾ ਪ੍ਰਤਾਪੀ ਅਤੇ ਦਾਨੀ ਸੁਭਾਅ ਦਾ ਮਾਲਕ ਸੀ। ਇਸ ਨੇ ਇੰਦ੍ਰ ਨੂੰ ਜਿੱਤ ਕੇ ਤਿੰਨ ਲੋਕਾਂ (ਮਾਤ ਲੋਕ ਭਾਵ ਧਰਤੀ, ਪਾਤਾਲ ਲੋਕ ਤੇ ਸ੍ਵਰਗ ਲੋਕ) ’ਚ ਆਪਣਾ ਰਾਜ ਕਾਇਮ ਕਰ ਲਿਆ। ਇੰਦ੍ਰ ਅਤੇ ਹੋਰ ਦੇਵਤਿਆਂ ਨੇ ਵਿਸ਼ਨੂੰ ਤੋਂ ਮਦਦ ਮੰਗੀ। ਉਸ ਨੇ ਬੌਣਾ ਰੂਪ ਧਾਰ (ਭਾਵ ਬਲਿ ਦੇ ਦਾਨੀ ਸੁਭਾਅ ਦਾ ਨਾਜਾਇਜ਼ ਫ਼ਾਇਦਾ ਉਠਾਉਂਦਿਆਂ) ਕੁਟੀਆ ਬਣਾਉਣ ਲਈ ਢਾਈ ਕਦਮ ਥਾਂ ਮੰਗੀ।  ਰਾਜਾ ਬਲਿ ਨੇ ਢਾਈ ਕਦਮ ਨਾਪਣ ਲਈ ਕਿਹਾ। ਵਿਸ਼ਨੂੰ ਨੇ ਤੁਰੰਤ ਆਪਣਾ ਵਿਕਰਾਲ ਰੂਪ ਬਣਾ ਕੇ ਦੋ ਕਦਮਾਂ ’ਚ ਸਾਰੀ ਧਰਤੀ ਅਤੇ ਸਾਰਾ ਅਕਾਸ਼ ਮਿਣ ਲਿਆ ਤੇ ਤੀਸਰਾ ਅੱਧਾ ਕਦਮ; ਰਾਜਾ ਬਲਿ ਦੇ ਸਿਰ ’ਤੇ ਰੱਖ ਕੇ ਉਸ ਨੂੰ ਪਾਤਾਲ ’ਚ ਧੱਕ ਦਿੱਤਾ। ਜਦ ਵਿਸ਼ਨੂੰ ਪਾਤਾਲ ’ਚੋਂ ਮੁੜਨ ਲੱਗਾ ਤਾਂ ਬਲਿ ਨੇ ਉਸ ਨੂੰ ਕੁਟੀਆ ਬਣਾਉਣ ਵਾਲ਼ਾ ਵਾਅਦਾ ਚੇਤੇ ਕਰਾਇਆ, ਇਸ ਲਈ ਤਦ ਤੋਂ ਹੁਣ ਤੱਕ ਪਾਤਾਲ ’ਚ ਵਿਸ਼ਨੂੰ; ਰਾਜਾ ਬਲਿ ਦਾ ਦ੍ਵਾਰਪਾਲ ਬਣ ਪਹਿਰਾ ਦੇ ਰਿਹਾ ਹੈ।

ਗੁਰਬਾਣੀ ਦੇ ਉਕਤ ਵਾਕ ’ਚ ਵਿਸ਼ਨੂੰ ਦੁਆਰਾ ਰਾਜਾ ਪ੍ਰਹਿਲਾਦ ਅਤੇ ਰਾਜਾ ਬਲਿ ਦੀ ਰੱਖਿਆ ਕਰਨਾ; ਇੱਕ ਪੌਰਾਣਿਕ ਕਾਲਪਨਿਕ ਕਥਾ ਹੈ, ਜੋ ਮਿਸਾਲ ਮਾਤਰ ਹੈ, ਤਾਂ ਜੋ ਅਸਲ ਗੁਰਮਤਿ ਵਿਸ਼ਾ ਕਿ ਅਕਾਲ ਪੁਰਖ (ਜੋ ਸਰਬ ਵਿਆਪਕ ਹੈ) ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ, ਉਸ ਉੱਤੇ ਸਿੱਖਾਂ ਦਾ ਭਰੋਸਾ ਬਣੇ, ਨਾ ਕਿ ਇਹ ਪੌਰਾਣਿਕ ਕਥਾ ਸੱਚੀ ਹੈ, ਦੀ ਪੁਸ਼ਟੀ ਕੀਤੀ ਗਈ ਹੈ। ਕੀ ਛਲ-ਕਪਟ ਕਰਨ ਵਾਲ਼ਾ ਵਿਸ਼ਨੂੰ; ਗੁਰਬਾਣੀ ’ਚ ਬਿਆਨ ਕੀਤਾ ਅਕਾਲ ਪੁਰਖ ਹੋ ਸਕਦਾ ਹੈ ? ਜਵਾਬ ਹੈ : ਨਹੀਂ। ਇਸ ਸਚਾਈ ਤੋਂ ਬਾਅਦ ਭੀ ਰੂੜ੍ਹੀਵਾਦੀ ਸੰਤ ਸਮਾਜ; ਪੰਡਿਤਾਂ ਦੀ ਇਸ ਮਨਘੜਤ ਸਾਖੀ ਨੂੰ ਸੱਚੀ ਸਵੀਕਾਰਦਾ ਹੋਇਆ ਦੇਵਤਿਆਂ ਨੂੰ ਅਕਾਲ ਪੁਰਖ ਸਮਾਨ ਸਰਬ ਸ਼ਕਤੀਮਾਨ ਮੰਨਦਾ ਆ ਰਿਹਾ ਹੈ ਭਾਵੇਂ ਕਿ ਦੇਵਤਿਆਂ ਨੂੰ ਗੁਰੂ ਸਾਹਿਬਾਨ ਨੇ ਹਰ ਯੁੱਗ ’ਚ ਮਨੁੱਖਾਂ ਵਾਙ ਵਿਚਰੇ ਸਮਾਜਿਕ ਰਾਜੇ ਕਿਹਾ ਹੈ ਤੇ ਅਗਿਆਨੀ ਲੋਕ; ਇਨ੍ਹਾਂ ਨੂੰ ਵਿਸ਼ਨੂੰ ਦੇ ਅਵਤਾਰ ਮੰਨਦੇ ਸਨ/ਹਨ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ’’ (ਮਹਲਾ /੪੨੩) ਗੁਰੂ ਸਾਹਿਬ ਇਹ ਵੀ ਸਮਝਾਉਂਦੇ ਹਨ ਕਿ ਜਿਸ ਮੂੰਹ ਨਾਲ਼ ਕਹਿੰਦੇ ਹਨ ਕਿ ਅਕਾਲ ਪੁਰਖ; ਜਨਮ ਲੈਂਦਾ ਹੈ, ਉਹ ਮੂੰਹ ਹੀ ਸੜ ਜਾਵੇ ‘‘ਸੋ ਮੁਖੁ ਜਲਉ; ਜਿਤੁ ਕਹਹਿ ਠਾਕੁਰੁ ਜੋਨੀ ’’ (ਮਹਲਾ /੧੧੩੬)

ਹਿੰਦੂ ਸਮਾਜ ’ਚ ਦੇਵਤਿਆਂ ਅਤੇ ਭਗਤਾਂ ਦੀ ਕੀਤੀ ਵਿਆਖਿਆ ਬੜੀ ਅਸਚਰਜ ਹੈ; ਜਿਵੇਂ ਕਿ ਈਰਾਨ, ਯੂਰਪ ਆਦਿ ਤੋਂ ਉੱਤਰ ਭਾਰਤ ’ਚ ਆ ਕੇ ਵਸੇ ਆਰੀਅਨ ਲੋਕਾਂ ਦੇ ਆਗੂਆਂ ਨੂੰ ‘ਇੰਦ੍ਰ, ਵਿਸ਼ਨੂੰ, ਸ਼ਿਵ, ਗਣੇਸ਼, ਬ੍ਰਹਮਾ, ਰਾਮ’ ਆਦਿਕ ਦੇਵਤੇ ਕਿਹਾ ਹੈ, ਪਰ ਭਾਰਤ ਦੇ ਮੂਲ ਨਿਵਾਸੀ, ਜੋ ਹੁਣ ਦੱਖਣ ਭਾਰਤ ’ਚ ਦਰਾਵੜਾਂ ਵਜੋਂ ਜਾਣੇ ਜਾਂਦੇ ਹਨ, ਉਨ੍ਹਾਂ ਦੁਆਰਾ ਆਰੀਅਨ ਲੋਕਾਂ ਨਾਲ਼ ਹਮਦਰਦੀ ਰੱਖਣ ਵਾਲ਼ੇ  ‘ਪ੍ਰਹਿਲਾਦ, ਬਲਿ, ਧਰੁਵ, ਹਨੂੰਮਾਨ’ ਆਦਿ ਨੂੰ ਭਗਤ ਕਿਹਾ ਹੈ। ਪੰਡਿਤਾਂ ਮੁਤਾਬਕ ਇਹ ਭਗਤ; ਆਰੀਅਨ ਰਾਜੇ (ਵਿਸ਼ਨੂੰ/ਰਾਮ ਵੀ ਵਿਸ਼ਨੂੰ ਦਾ 7ਵਾਂ ਅਵਤਾਰ ਹੈ) ਦੀ ਭਗਤੀ ਕਰਦੇ ਹਨ, ਜੋ ਕਿ ਇੰਦ੍ਰ ਦੇਵਤੇ ਦਾ ਛੋਟਾ ਭਰਾ ਸੀ। ਗੁਰਬਾਣੀ ਦਾ ਫ਼ੁਰਮਾਨ ਹੈ ਕਿ ਇਹ ਦੇਵਤੇ; ਕਿਸੇ ਨੂੰ ਵਿਕਾਰਾਂ ਤੋਂ ਮੁਕਤ ਨਹੀਂ ਕਰਾ ਸਕਦੇ।  ਪਾਵਨ ਬਚਨ ਹਨ ‘‘ਬਿਸਨ ਮਹੇਸ ਸਿਧ ਮੁਨਿ ਇੰਦ੍ਰਾ; ਕੈ ਦਰਿ ਸਰਨਿ ਪਰਉ   ਕਾਹੂ ਪਹਿ ਰਾਜੁ; ਕਾਹੂ ਪਹਿ ਸੁਰਗਾ; ਕੋਟਿ ਮਧੇ ਮੁਕਤਿ ਕਹਉ   ਕਹੁ ਨਾਨਕ ! ਨਾਮ ਰਸੁ ਪਾਈਐ; ਸਾਧੂ ਚਰਨ ਗਹਉ ’’ (ਮਹਲਾ /੧੩੨੨) ਅਰਥ : ਵਿਸ਼ਨੂੰ, ਸ਼ਿਵ, ਸਿੱਧ-ਜੋਗੀ, ਰਿਸ਼ੀ ਮੁਨੀ, ਇੰਦ੍ਰ ਆਦਿਕ ’ਚੋਂ ਕਿਸ ਦੇ ਦਰ ’ਤੇ ਜਾ ਕੇ ਸ਼ਰਨ ਲਵਾਂ (ਤਾਂ ਜੋ ਵਿਕਾਰ ਰਹਿਤ ਹੋ ਜਾਵਾਂ, ਇਨ੍ਹਾਂ ਵਿੱਚੋਂ) ਕੋਈ ਰਾਜ-ਭਾਗ, ਕੋਈ ਸ੍ਵਰਗ ਆਦਿ ਦੇਣ ਵਾਲ਼ਾ ਹੈ। ਕਰੋੜਾਂ ’ਚੋਂ ਕੋਈ ਵਿਰਲਾ ਹੈ, ਜਿਸ ਨੂੰ ਇਹ ਲਾਲਸਾ ਨਹੀਂ (ਭਾਵ ਅਕਸਰ ਲੋਕ; ਇਨ੍ਹਾਂ ਦੀ ਪੂਜਾ ਕਿਸੇ ਲਾਲਸਾ ਅਧੀਨ ਕਰਦੇ ਹਨ, ਨਾ ਕਿ ਵਿਕਾਰਾਂ ਤੋਂ ਮੁਕਤ ਹੋਣ ਲਈ)। ਹੇ ਨਾਨਕ! ਆਖ ਕਿ ਮੈਂ ਤਾਂ ਆਪਣੇ ਸਤਿਗੁਰੂ ਦੇ ਚਰਨਾਂ ਦਾ ਓਟ-ਆਸਰਾ ਲੈਂਦਾ ਹਾਂ। ਇਸੇ ਲਈ ਹਰੀ ਨਾਮ ਦਾ ਰਸ (ਵਿਕਾਰ ਰਹਿਤ ਹੋ ਕੇ) ਮਾਣਦਾ ਹਾਂ।

ਸੋ ਉਕਤ ਵਿਚਾਰ ਤੋਂ ਬਾਅਦ ਇਹ ਸਚਾਈ ਨਹੀਂ ਜਾਪਦੀ ਕਿ ਭਗਤ ਪ੍ਰਹਿਲਾਦ, ਭਗਤ ਧਰੁਵ, ਭਗਤ ਬਲਿ ਆਦਿ ਨੇ ਆਰੀਅਨ ਰਾਜੇ (ਵਿਸ਼ਨੂੰ) ਦੀ ਭਗਤੀ ਕੀਤੀ ਹੋਵੇਗੀ। ਪੰਡਿਤਾਂ ਦੀ ਚਤੁਰਾਈ ਨੇ ਇਤਿਹਾਸ ਹੀ ਐਸਾ ਰਚਿਆ, ਜਿਸ ਵਿੱਚ ਭਾਰਤ ਦੇ ਮੂਲ ਨਿਵਾਸੀ ਦਰਾਵੜ; ਭਗਤ ਹੀ ਰਹੇ ਜਾਂ ਦੈਂਤ/ਦਾਨਵ; ਜਿਵੇਂ ਕਿ ‘ਰਾਵਣ, ਹਰਨਾਖਸ਼’ ਆਦਿ ਜਦਕਿ ਆਰੀਅਨ ਰਾਜੇ; ਸਾਰੀ ਮਾਨਵਤਾ ਨੂੰ ਪੈਦਾ ਕਰਨ ਵਾਲ਼ੇ (ਬ੍ਰਹਮਾ), ਸਾਰਿਆਂ ਨੂੰ ਰਿਜ਼ਕ ਦੇਣ ਵਾਲ਼ੇ (ਵਿਸ਼ਨੂੰ), ਸਾਰਿਆਂ ਨੂੰ ਮਾਰਨ ਵਾਲ਼ੇ (ਸ਼ਿਵ), ਵਰਖਾ ਕਰਨ ਵਾਲ਼ੇ (ਇੰਦ੍ਰ) ਆਦਿ ਸਰਬ ਸ਼ਕਤੀਮਾਨ ਭਗਵਾਨ ਬਣਾ ਦਿੱਤੇ, ਨਾ ਕਿ ਕਿਸੇ ਦੇ ਭਗਤ। ਗੁਰਬਾਣੀ ਦੇ ਇਹ ਪ੍ਰਤੱਖ ਸਬੂਤ ਹੋਣ ਦੇ ਬਾਵਜੂਦ ਵੀ ਰੂੜ੍ਹੀਵਾਦੀ ਸੰਤ ਸਮਾਜ ਨੇ ਪੰਡਿਤਾਂ ਦੇ ਅਖੌਤੀ ਦੇਵਤਿਆਂ ਨੂੰ ਭਗਵਾਨ ਵਿਸ਼ਨੂੰ, ਭਗਵਾਨ ਸ਼ਿਵ, ਭਗਵਾਨ ਗਣੇਸ਼, ਆਦਿ ਕਹਿ ਕਹਿ ਕੇ ਗੁਰਬਾਣੀ ’ਚ ਬਿਆਨ ਕੀਤੀ ਅਕਾਲ ਪੁਰਖ ਦੀ ਅਲੌਕਿਕ ਤੇ ਵਿਲੱਖਣ ਵਿਆਖਿਆ ਨੂੰ ਵੀ ਕਾਲਪਨਿਕ ਜਿਹਾ ਬਣਾ ਦਿੱਤਾ ਕਿਉਂਕਿ ਜਿਸ ਨੇ ਮਨੁੱਖ ਅਤੇ ਸ਼ੇਰ ਦੇ ਸਰੀਰ ਵਾਲ਼ੇ ਨੂੰ ਨਰਸਿੰਘ ਭਗਵਾਨ, ਮਨੁੱਖ ਤੇ ਹਾਥੀ ਦੇ ਸਰੀਰ ਵਾਲ਼ੇ ਨੂੰ ਗਣੇਸ਼ ਭਗਵਾਨ, ਆਦਿ ਮੰਨ ਲਿਆ ਉਸ ਨੂੰ ਅਕਾਲ ਪੁਰਖ ਵੀ ਐਸਾ ਹੀ ਮਨੋਕਲਪਿਤ ਪ੍ਰਤੀਤ ਹੋਵੇਗਾ।

ਦਰਅਸਲ ਰੂੜ੍ਹੀਵਾਦੀ ਲੋਕ; ਸਦੀਆਂ ਤੋਂ ਕਿਸੇ ਨਾ ਕਿਸੇ ਰਾਜੇ ਨੂੰ ਮਹਾਨਤਾ ਦਿੰਦੇ ਆਏ ਹਨ ਤਾਹੀਓਂ ਅਜੋਕੀ ਲੋਕਤੰਤਰੀ ਪ੍ਰਣਾਲੀ ਨੂੰ ਖ਼ਤਮ ਕਰਨ ਲੱਗੇ ਹਨ। ਇਨ੍ਹਾਂ ਨੂੰ ਸਦੀਆਂ ਤੋਂ ਕਿਸੇ ਦੇਵਤੇ, ਬਾਦਸ਼ਾਹ, ਅਖੌਤੀ ਗੁਰੂ, ਅਖੌਤੀ ਸੰਤ ਜਾਂ ਅਖੌਤੀ ਬ੍ਰਹਮਗਿਆਨ ਦੇ ਮਗਰ ਸਿਰ ਝੁਕਾਅ ਕੇ ਚੱਲਣ ਦੀ ਆਦਤ ਹੈ। ਇਨ੍ਹਾਂ ਦੀ ਦਿਲੀ ਇੱਛਾ ਰਹਿੰਦੀ ਹੈ ਕਿ ਦੇਸ਼ ਦਾ ਰਾਜਾ; ਤਾਨਾਸ਼ਾਹ ਹੋਵੇ, ਜੋ ਲੋਕਾਂ ’ਤੇ ਸਖ਼ਤਾਈ ਕਰਦਾ ਰਹੇ; ਤਾਂ ਹੀ ਪੜ੍ਹੇ-ਲਿਖੇ ਬਦਲਾਅ ਪਸੰਦ ਲੋਕਾਂ ਦੇ ਸਾਮ੍ਹਣੇ ਇਨ੍ਹਾਂ ਦੀ ਹੋਂਦ ਬਚਦੀ ਹੈ।  ਦੇਸ਼ ਦੀ ਆਜ਼ਾਦੀ ਸਮੇਂ ਪੰਡਿਤਾਂ (RSS) ਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਅੱਜ ਵੀ ਨਰਿੰਦਰ ਦਾਮੋਦਰ ਦਾਸ ਮੋਦੀ ਦੇ ਅੰਧ ਭਗਤ ਬਣ ਕੇ ਸਮਰਥਨ ਕਰ ਰਹੇ ਹਨ ਭਾਵੇਂ ਕਿ ਉਸ ਨੇ ਸੰਵਿਧਾਨਿਕ ਸੰਸਥਾਵਾਂ ਦੀ ਸੁਤੰਤਰਤਾ ਖ਼ਤਮ ਹੀ ਨਹੀਂ ਕੀਤੀ ਬਲਕਿ ਸਾਰਾ ਦੇਸ਼ ਹੀ ਸਰਮਾਏਦਾਰਾਂ ਨੂੰ ਵੇਚ ਦਿੱਤਾ ਹੈ। ਰੂੜ੍ਹੀਵਾਦੀ ਲੋਕ; ਜਾਤੀ, ਧਰਮ, ਰੰਗ, ਕਬੀਲੇ ਆਦਿ ’ਚ ਮਨੁੱਖ ਜਾਤੀ ਨੂੰ ਵੰਡ ਕੇ ਨਫ਼ਰਤ ਫੈਲਾਅ ਰਹੇ ਹਨ। ਸਿੱਖ ਜਗਤ ਅੰਦਰ ਔਰਤ ਨਾਲ਼ ਭੇਦ-ਭਾਵ ਰੱਖਣਾ; ਇਸੇ ਕੱਟੜਤਾ ਦੀ ਦੇਣ ਹੈ ਕਿਉਂਕਿ ਆਪ ਵੀ ਇਹ, ਸਦੀਆਂ ਤੋਂ ਤਾਨਾਸ਼ਾਹ ਹੁਕਮਰਾਨਾਂ ਦੇ ਕਰੀਬੀ ਰਹੇ ਹਨ।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਮਾਜਿਕ ਵਿਤਕਰੇ ਖ਼ਤਮ ਕਰ ਲੋਕਤੰਤਰੀ ਪ੍ਰਣਾਲੀ ਨੂੰ ਸਿਰਮੌਰਤਾ ਦੇਣ ਲਈ ਪੰਜ ਪਿਆਰਿਆਂ ਦੀ ਪੰਚਾਇਤ ਬਣਾਈ ਤਾਂ ਜੋ ਸਿੱਖਾਂ ਦੀ ਸੁਤੰਤਰ ਆਵਾਜ਼ ਨੂੰ ਦਬਾਉਣ ਲਈ ਕੋਈ ਸਦੀਵੀ ਜਥੇਦਾਰ, ਸਦੀਵੀ ਸੰਤ ਜਾਂ ਸਦੀਵੀ ਪ੍ਰਧਾਨ ਨਾ ਬਣ ਬੈਠੇ। ਅਫ਼ਸੋਸ ਕਿ ਸੰਤ ਸਮਾਜ ਦੇ ਹਰ ਡੇਰੇ ’ਚ ਦੇਹਧਾਰੀ ਗੁਰੂ ਵਾਙ ਵੱਖਰੀ ਦਿੱਖ ਵਾਲ਼ਾ ਸੰਤ ਮੰਨਿਆ ਜਾਂਦਾ ਹੈ ਤੇ ਉਸ ਨੂੰ ਜਥੇਦਾਰ ਵੀ ਥਾਪਿਆ ਜਾਂਦਾ ਹੈ। ਇਹ ਰੁਤਬਾ ਪੀੜੀ ਦਰ ਪੀੜੀ ਕਾਇਮ ਰੱਖਣਾ ਹੈ; ਜਿਵੇਂ ਕਿ ਦੇਵਤਿਆਂ ਦਾ ਵਜੂਦ ਅੱਜ ਵੀ ਮੂਰਤੀ ਰੂਪ ’ਚ ਸਾਡੇ ਸਾਮ੍ਹਣੇ ਹੈ। ਹਰ ਮਹੀਨੇ ਗੁਰੂ ਸਾਹਿਬਾਨ ਦੇ ਪੁਰਬ ਅਤੇ ਇਤਿਹਾਸਕ ਦਿਹਾੜਿਆਂ ਤੋਂ ਜ਼ਿਆਦਾ; ਸੰਤ ਦੀਆਂ ਬਰਸੀਆਂ ਹੋਇਆ ਕਰਨਗੀਆਂ । ਜੇਕਰ ਵੱਖਰਾ ਦੇਸ਼ ਖ਼ਾਲਿਸਤਾਨ ਬਣਦਾ ਹੈ ਤਾਂ ਓਥੇ ਪੰਜ ਪ੍ਰਧਾਨੀ ਪੰਚਾਇਤ ਵਾਲ਼ਾ ਲੋਕਤੰਤਰੀ ਢਾਂਚਾ ਬਣੇਗਾ; ਇਹ ਕਹਿਣਾ ਬੜਾ ਮੁਸ਼ਕਲ ਹੈ।

ਅੰਤ ’ਚ ਇਹ ਵਿਚਾਰ ਵੀ ਜ਼ਰੂਰੀ ਹੈ ਕਿ ਰੂੜ੍ਹੀਵਾਦੀ ਸੋਚ ਦੀ ਅਸਲ ਤਾਕਤ; ਅਣਪੜ੍ਹ ਅਤੇ ਗ਼ੈਰ ਜ਼ਿੰਮੇਵਾਰ ਸਮਾਜ ਹੈ ਭਾਵ ਜੋ ਅੱਧੇ ਖ਼ਾਲੀ ਗਲਾਸ ਬਾਰੇ ਚਿੰਤਤ ਨਹੀਂ। ਭਾਰਤ ਇੱਕ ਨੌਜਵਾਨ ਦੇਸ਼ ਹੈ। ਤਾਜ਼ਾ ਆਂਕੜਿਆਂ ਮੁਤਾਬਕ ਇੱਥੇ ਹਰ ਤੀਸਰਾ (33%) ਨੌਜਵਾਨ ਪੜ੍ਹ-ਲਿਖ ਕੇ ਵੀ ਨੌਕਰੀ ਨਹੀਂ ਕਰਨਾ ਚਾਹੁੰਦਾ। ਖੇਤੀ ਅਤੇ ਵਪਾਰ ਕਰਨ ਲਈ ਵੀ ਤਿਆਰ ਨਹੀਂ। ਪੰਜਾਬ ਵਿੱਚ ਐਸੇ ਨੌਜਵਾਨ 40% ਤੋਂ ਵੱਧ ਹਨ। ਜੋ ਜਜ਼ਬਾਤੀ ਭਾਸ਼ਣਾਂ ਨਾਲ਼ ਜਲਦੀ ਉਤੇਜਿਤ ਹੋ ਜਾਂਦੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖ ਕੌਮ ਨੇ ਨੁਕਸਾਨ ਹੀ ਨੁਕਸਾਨ ਹੁੰਦਾ ਵੇਖਿਆ ਹੈ; ਪ੍ਰਾਪਤੀ ਕੋਈ ਨਹੀਂ ਹੋਈ। ਸਦਾ ਜਜ਼ਬਾਤਾਂ ਦੀ ਖੇਤੀ ਬੀਜਣ ਵਾਲ਼ੇ ਇਨ੍ਹਾਂ ਗ਼ਲਤੀਆਂ ’ਤੇ ਮੰਥਨ ਕਰਨ ਲਈ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਸ਼ਾਇਦ ਫਿਰ ਜਜ਼ਬਾਤਾਂ ਵਾਲ਼ੀ ਖੇਤੀ ਪ੍ਰਫੁਲਿਤ ਹੀ ਨਾ ਹੋਵੇ।

ਅੱਧਾ ਖ਼ਾਲੀ ਗਲਾਸ ਵੇਖ ਚਿੰਤਤ ਰਹਿਣ ਵਾਲ਼ੇ ਸਿੱਖਾਂ ਨੂੰ ਨਿਰਸੁਆਰਥ ਹੋ ਕੇ ਗੁਰਬਾਣੀ ਦੇ ਇਨ੍ਹਾਂ ਬਚਨਾਂ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ! ਦੁਬਿਧਾ ਦੂਰਿ ਕਰਹੁ ਲਿਵ ਲਾਇ   ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ’’  (ਮਹਲਾ /੧੧੮੫) ’ਤੇ ਪਹਿਰਾ ਦੇਣਾ ਚਾਹੀਦਾ ਹੈ। ਜੇਕਰ ਕਿਸੇ ਨੇ 6ਵੀਂ ਦਾ ਧੜਾ ਬਣਾ ਲਿਆ। ਕਿਸੇ ਨੇ 7ਵੀਂ ਦਾ ਤੇ ਕਿਸੇ ਨੇ 10ਵੀਂ ਦਾ ਤਾਂ ਗੁਰਮਤਿ ਸਿਧਾਂਤਾਂ ਦਾ ਅਤੇ ਸਿੱਖ ਕੌਮ ਦਾ ਹੋਰ ਨੁਕਸਾਨ ਵੇਖਣ ਲਈ ਸਭ ਨੂੰ ਤਿਆਰ ਰਹਿਣਾ ਚਾਹੀਦਾ ਹੈ।

ਸ਼ਹੀਦਾਂ ਦੇ ਸਿਰਤਾਜ ਦਾ ਰੁਤਬਾ

0

   ਸ਼ਹੀਦਾਂ ਦੇ ਸਿਰਤਾਜ ਦਾ ਰੁਤਬਾ

ਬਾਦਸ਼ਾਹ ਜਹਾਂਗੀਰ ਨੇ ਪੰਜਵੇਂ ਪਾਤਸ਼ਾਹ ਨੂੰ,

ਮਾਰਨ ਲਈ ਸਖ਼ਤ ਹੁਕਮ ਸੁਣਾਇਆ ਸੀ।

ਯਾਸਾ ਮੁਤਾਬਕ ਨਾ ਧਰਤੀ ’ਤੇ ਖੂਨ ਡਿੱਗੇ,

ਤਾਹੀਂ ਤੱਤੀ ਤਵੀ ਉੱਤੇ ਬਿਠਾਇਆ ਸੀ।

ਤੱਤੀ ਰੇਤ ਪਾਈ ਸਾਰੇ ਸਰੀਰ ਉੱਤੇ,

ਜ਼ਾਲਮਾਂ ਤਰਸ ਰਤਾ ਨਾ ਖਾਇਆ ਸੀ।

‘‘ਤੇਰਾ ਭਾਣਾ ਮੀਠਾ ਲਾਗੇ’’ ਉਚਾਰ ਮੂੰਹੋਂ,

ਅਨੋਖਾ ਕਾਰਨਾਮਾ ਕਰ ਦਿਖਾਇਆ ਸੀ।

ਪੂਰਾ ਰਾਹ ਸੀ ਬਚਣ ਦਾ ਮੌਤ ਕੋਲੋਂ,

ਪਰ ਐਸਾ ਕੋਈ ਨਾ ਹੀਲਾ ਅਪਣਾਇਆ ਸੀ।

‘ਮੇਜਰ’ ਤਸੀਹੇ ਭਰੀ ਮੌਤ ਗਲ ਲਾਈ,

ਸ਼ਹੀਦਾਂ ਦੇ ਸਿਰਤਾਜ ਦਾ ਰੁਤਬਾ ਪਾਇਆ ਸੀ।

ਲੇਖਕ – ਮੇਜਰ ਸਿੰਘ ਬੁਢਲਾਡਾ- 94176-42327

Most Viewed Posts