ਪ੍ਰਚਾਰਕ

0
79

ਪ੍ਰਚਾਰਕ

ਗਿਆਨ ਸੰਤ ਸਿੰਘ ਮਸਕੀਨ

ਚਾਰ ਦੇ ਅਰਥ ਹਨ-ਵਿਦਵਾਨ, ਉੱਤਮ ਆਚਾਰ ਵਾਲਾ । ਦਲੀਲ, ਉਕਤੀਆਂ ਯੁਕਤੀਆਂ ਨੂੰ ਸਮਝਣ ਵਾਲਾ।

ਪਰਚਾਰਕ-ਪਰ ਨੂੰ, ਦੂਜੇ ਨੂੰ ਵਿਦਿਆ ਗਿਆਨ ਆਚਰਨ ਸਿਖਾਉਣ ਵਾਲਾ, ਜੋ ਦੂਜੇ ਨੂੰ ਮਾਰਗ ਦੱਸੇ, ਉਹ ਪ੍ਰਚਾਰਕ ਹੈ । ਕਿਸੇ ਵਸਤੂ ਗੁਣ ਕਲਾ-ਨੀਤੀ ਧਰਮ ਨੂੰ ਦੂਰ ਦੂਰ ਤਕ ਫੈਲਾਉਣਾ ਹੋਵੇ, ਪ੍ਰਚਾਰ ਦੀ ਲੋੜ ਪੈਂਦੀ ਹੈ । ਪ੍ਰਚਾਰ ਦਾ ਆਮ ਹਿਰਦਿਆਂ ’ਤੇ ਤਾਂ ਅਸਰ ਪੈਂਦਾ ਹੀ ਹੈ, ਪਰ ਗੁਣੀ-ਜਨ ਅਤੇ ਬੜੇ ਬੜੇ ਤਾਂਤਰਿਕ ਲੋਗ ਵੀ ਪ੍ਰਚਾਰ ਦੇ ਅਸਰ ਤੋਂ ਆਪਣੇ ਆਪ ਨੂੰ ਬਚਾ ਨਹੀਂ ਮੁਕਦੇ । ਇਹ ਤਾਂ ਆਮ ਦੁਨੀਆਂਦਾਰਾਂ ਨੂੰ ਵੀ ਪਤਾ ਚੱਲ ਗਿਆ ਹੈ ਕਿ ਜਿਸ ਵਸਤੂ ਦਾ ਜਿਤਨਾ ਜ਼ਿਆਦਾ ਪ੍ਰਚਾਰ ਕਰੀਏ-ਉਸ ਦਾ ਉਤਨਾ ਹੀ ਜ਼ਿਆਦਾ ਅਸਰ ਪੈਂਦਾ ਹੈ ਤੇ ਉਸ ਵਸਤੂ ਦੀ ਵਿਕਰੀ ਜ਼ਿਆਦਾ ਹੁੰਦੀ ਹੈ। ਅੱਜ ਤਾਂ ਪ੍ਰਚਾਰ ਤੋਂ ਬਿਨਾਂ ਕਿਸੇ ਵਸਤੂ ਨੂੰ ਬਾਜ਼ਾਰ ਵਿਚ ਵੇਚਣਾ ਔਖਾ ਹੈ । ਰਾਜਨੀਤਕ ਲੋਗ ਆਪਣੇ ਹੱਕ ਵਿਚ ਪ੍ਰਚਾਰ ਕਰਕੇ ਜਨਤਾ ਪਾਸੋਂ ਵੋਟ ਹਾਸਲ ਕਰਨ ਵਿਚ ਸਫਲ ਹੋ ਜਾਂਦੇ ਹਨ। ਸਿੰਘਾਸਣ ’ਤੇ ਬੈਠੇ ਰਾਜੇ ਜਨਤਾ ਨੂੰ ਆਪਣੇ ਹੱਥ ਵਿਚ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਪ੍ਰਚਾਰ ਦੇ ਸਾਧਨਾਂ ਤੋਂ ਕੰਮ ਲੈਂਦੇ ਹਨ । ਸੁਚੱਜੇ ਪ੍ਰਚਾਰ ਦੇ ਆਸਰੇ ਉੱਤੇ ਨਿਕੰਮੀ ਵਸਤੂ ਵੀ ਬਾਜ਼ਾਰ ਵਿਚ ਵਿਕ ਜਾਂਦੀ ਹੈ ਤੇ ਬੇਈਮਾਨ ਝੂਠਾ ਰਾਜਨੀਤਕ ਵੀ ਸੱਤਾ ਹਾਸਲ ਕਰਨ ਵਿਚ ਸਫਲ ਹੋ ਜਾਂਦਾ ਹੈ । ਇਸ ਤਰ੍ਹਾਂ ਦੇ ਵੱਡੇ ਪੱਧਰ ’ਤੇ ਪ੍ਰਚਾਰ ਦੇ ਆਸਰੇ ਉੱਤੇ ਜਨਤਾ ਦਾ ਤਾਂ ਜੀਵਨ ਉੱਚਾ ਨਹੀਂ ਉਠਦਾ-ਪਰ ਰਾਜਨੀਤਕ ਨੂੰ ਉੱਚਾ ਸਿੰਘਾਸਣ ਮਿਲ ਜਾਂਦਾ ਹੈ।

ਮਨੁੱਖੀ ਸਭਿਅਤਾ ਦੇ ਆਦਿ ਕਾਲ ਤੋਂ ਇਹ ਸਮਝ ਬਣ ਗਈ ਸੀ ਕਿ ਪ੍ਰਚਾਰ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਤਾਂ ਸੰਤ ਭਗਤ ਗੁਰੂ-ਜਨਾਂ ਨੇ ਧਰਮ ਪ੍ਰਚਾਰ ਦਾ ਬੇੜਾ ਚੁੱਕਿਆ ਤਾਂ ਕਿ ਲੋਕਾਂ ਨੂੰ ਧਰਮੀ ਬਣਾਇਆ ਜਾ ਸਕੇ।

ਬੜੇ ਬੜੇ ਅਵਤਾਰੀ ਪੁਰਸ਼ ਆਪ ਪ੍ਰਚਾਰ ਕਰਦੇ ਰਹੇ ਜਾਂ ਆਪਣੇ ਨਾਲ ਦੇ ਸਾਥੀਆਂ ਨੂੰ ਪ੍ਰਚਾਰ ਦੀ ਸੇਵਾ ਵਿਚ ਲਾਇਆ । ਮਹਾਤਮਾ ਬੁੱਧ ਆਪ ਪ੍ਰਚਾਰ ਕਰਦੇ ਰਹੇ ਤੇ ਉਹਨਾਂ ਦੇ ਸਾਥੀ ਵੀ ਪ੍ਰਚਾਰ ਕਰਦੇ ਰਹੇ-ਨਤੀਜਾ ਇਹ ਨਿਕਲਿਆ ਕਿ ਅੱਧਾ ਹਿੰਦੁਸਤਾਨ ਬੋਧੀ ਹੋ ਗਿਆ-ਬਾਅਦ ਵਿਚ ਸ਼ੰਕਰਾਚਾਰੀਆਂ ਨੇ ਆਪਣੇ ਪ੍ਰਚਾਰ ਦੇ ਆਸਰੇ ਬੁੱਧ ਧਰਮ ਦੇ ਪੈਰ ਭਾਰਤ ਵਿਚ ਉਖਾੜ ਦਿੱਤੇ। ਈਸਾਈਅਤ ਤੇ ਇਸਲਾਮ-ਪ੍ਰਚਾਰ ਕਰ ਕੇ ਵਧਿਆ ਫੁਲਿਆ ਹੈ।

ਜ਼ਮੀਨ ਉੱਤੇ ਜਿਤਨਾ ਵੱਡਾ ਭਰਮਣ ਗੁਰੂ ਨਾਨਕ ਦੇਵ ਜੀ ਦਾ ਹੈ, ਹੋਰ ਕਿਸੇ ਅਵਤਾਰੀ ਪੁਰਸ਼ ਨੇ ਪ੍ਰਚਾਰ ਹਿਤ ਇਤਨਾ ਭਰਮਣ ਨਹੀਂ ਕੀਤਾ। ਤੀਜੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਨੇ ਪ੍ਰਚਾਰ ਹਿਤ 22 ਮੰਜੀਆਂ ਸਥਾਪਿਤ ਕੀਤੀਆਂ । ਇਹ ਪ੍ਰਥਾ ਕਰਮਵਾਰ ਚਲਦੀ ਰਹੀ । ਗੁਰੂ ਘਰ ਵਿਚ ਉਘੇ ਵਿਦਵਾਨ ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰੀ ਕਵੀ ਉਘੇ ਪ੍ਰਚਾਰਕ ਸਨ। ਬਾਅਦ ਵਿਚ ਲੰਬੇ ਸਮੇਂ ਤੱਕ ਉਦਾਸੀ ਤੇ ਨਿਰਮਲੇ ਗੁਰਸਿੱਖੀ ਤੇ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ।

ਦੇਸ਼ ਦੀ ਵੰਡ ਤੋਂ ਬਾਅਦ ਗੁਰਸਿੱਖੀ ਪ੍ਰਚਾਰ ਵਿਚ ਮੂਲ ਰੂਪ ਵਿਚ ਕਮੀਆਂ ਆਉਣੀਆਂ ਸ਼ੁਰੂ ਹੋਈਆਂ ਤੇ ਇਹ ਕਦਮ ਕਿੱਥੇ ਰੁਕਣਗੇ-ਕੁਛ ਕਹਿਣਾ ਔਖਾ ਹੈ । ਭਾਵੇਂ ਸਾਡਾ ਧਰਮ ਤੇ ਨੀਤੀ ਇਕੋ ਹੈ ਲੇਕਿਨ ਸਾਡਾ ਧਰਮ ਪ੍ਰਚਾਰ ਵੀ ਰਾਜਨੀਤੀ ਦਾ ਪ੍ਰਚਾਰ ਹੋ ਗਿਆ ਹੈ । ਸਾਡੀ ਗੁਰਮਤਿ ਪ੍ਰਚਾਰ ਸ਼ਰੇਣੀ ਦੋ ਹਿੱਸਿਆਂ ਵਿਚ ਤਕਸੀਮ ਕੀਤੀ ਜਾ ਸਕਦੀ ਹੈ-ਪਹਿਲੀ ਸ਼ਰੇਣੀ ਗ੍ਰੰਥੀ, ਰਾਗੀ, ਕਥਾ ਵਾਚਕ, ਢਾਡੀ, ਕਵੀ, ਲਿਖਾਰੀ ਇਤਿਆਦਿਕ ਤੇ ਦੂਜੀ ਸ਼ਰੇਣੀ ਪ੍ਰਬੰਧਕਾਂ ਦੀ ਹੈ । ਇਨ੍ਹਾਂ ਦੋਹਾਂ ਪ੍ਰਚਾਰ ਦੇ ਪਹਿਲੂਆਂ ’ਤੇ ਵੀਚਾਰ ਕਰਨੀ ਅੱਜ ਦੀ ਵੱਡੀ ਲੋੜ ਹੈ।

ਉਪਦੇਸ਼ਕ ਸ਼ਰੇਣੀ ਲਈ ਇਕੋ ਹੀ ਸਿਧਾਂਤਕ ਨੁਕਤਾ ਅਪਣਾਉਣ ਦੀ ਲੋੜ ਹੈ ਕਿ ਜੋ ਉਹ ਕਹਿੰਦਾ ਹੈ-ਉਹ ਆਪ ਹੋਵੇ ਔਰ ਆਪ ਉਸ ਕਹਿਣੀ ਦੀ ਮੂਰਤੀ ਹੋਵੇ-ਤਾਂ ਕਿ ਉਸ ਦਾ ਕਹਿਆ ਹੋਇਆ ਪ੍ਰਤੱਖ ਰੂਪ ਵਿਚ ਲੋਕੀ ਉਸ ਦੇ ਜੀਵਨ ਵਿਚੋਂ ਵੇਖ ਸਕਣ। ਐਸਾ ਨ ਹੋਵੇ ਕਿ ‘‘ਮੁਖ ਤੇ ਪੜਤਾ ਟੀਕਾ ਸਹਿਤ   ਹਿਰਦੈ ਰਾਮੁ ਨਹੀ ਪੂਰਨ ਰਹਤ   ਉਪਦੇਸੁ ਕਰੇ ਕਰਿ; ਲੋਕ ਦ੍ਰਿੜਾਵੈ   ਅਪਨਾ ਕਹਿਆ; ਆਪਿ ਕਮਾਵੈ ’’ (ਮਹਲਾ , ਪੰਨਾ ੮੮੭)

ਉਹ ਪਹਿਲੇ ਆਪਣੇ ਕਹੇ ਹੋਏ ਨਾਲ ਆਪਣੇ ਮਨ ਨੂੰ ਰਾਜ਼ੀ ਕਰੇ; ਜਿਵੇਂ ਕਿ ਗੁਰਬਾਣੀ ਦੇ ਬਚਨ ਹਨ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ’’ (ਮਹਲਾ , ਪੰਨਾ ੩੮੧) ਕਹਿਣੀ ਦੇ ਸੂਰਮੇ ਹੋਣ ਨਾਲ ਕਥਨੀ ਦਾ ਵੀ ਸੂਰਮਾ ਹੋਵੇ। ਕਹਿਣੀ ਤੇ ਕਰਨੀ ਦਾ ਆਪਸ ਵਿਚ ਤਾਲ-ਮੇਲ ਹੋਵੇ ਤਾਂ ਉਸ ਦਾ ਅਸਰ ਸਮੂਹ ਜਗਤ ’ਤੇ ਪਵੇਗਾ ‘‘ਜਿਸ ਕੈ ਅੰਤਰਿ ਬਸੈ ਨਿਰੰਕਾਰੁ   ਤਿਸ ਕੀ ਸੀਖ; ਤਰੈ ਸੰਸਾਰੁ ’’ (ਸੁਖਮਨੀ, ਮਹਲਾ , ਪੰਨਾ ੨੬੯), ਗੱਲਾਂ ਨਾਲ ਆਸਮਾਨ ਨਹੀਂ ਢਾਉਣਾ-ਬਲਕਿ ਆਪਣੀ ਕਰਨੀ ਤੇ ਕਥਨੀ ਨਾਲ ਜ਼ਮੀਰ ਨੂੰ ਉੱਚਾ ਕਰਨਾ ਹੈ ‘‘ਹਰਿ ਜਸੁ ਸੁਨਹਿ ਹਰਿ ਗੁਨ ਗਾਵਹਿ   ਬਾਤਨ ਹੀ ਅਸਮਾਨੁ ਗਿਰਾਵਹਿ ’’ (ਭਗਤ ਕਬੀਰ, ਪੰਨਾ ੩੩੨)

ਕਰਨੀਹੀਣ ਪੁਰਸ਼ ਗੁਫ਼ਤਾਰ (ਗੱਲ ਕਰਨ) ਦੇ ਬਹੁਤ ਵੱਡੇ ਗ਼ਾਜ਼ੀ (ਵਕਤਾ) ਬਣ ਜਾਂਦੇ ਹਨ ਭਾਵੇਂ ਕਿ ਕਿਰਦਾਰ ਵੱਲੋਂ ਬਿਲਕੁਲ ਨਿਪੁੰਸਕ ਹੁੰਦੇ ਹਨ ਤੇ ਐਸੇ ਲੋਕਾਂ ਦਾ ਕੀਤਾ ਹੋਇਆ ਪ੍ਰਚਾਰ ਧੂੰਏਂਧਾਰ-ਤਕਰੀਰ ਧੂੰਏਂ ਦੀ ਤਰ੍ਹਾਂ ਉੱਡ ਜਾਂਦਾ ਹੈ। ਇਕਬਾਲ ਨੇ ਇਸ ਤਰ੍ਹਾਂ ਦੇ ਪ੍ਰਚਾਰਕਾਂ ਨੂੰ ਜਗਤ ਲਈ ਹਾਨੀਕਾਰਕ ਦੱਸਿਆ ਹੈ ‘ਮਸਜਿਦ ਤੋਂ ਬਨਾ ਲੀ, ਸ਼ਬ ਭਰ ਈਮਾਂ ਕੀ ਹਰਾਰਤ ਵਾਲੋਂ ਨੇ, ਮਨੁ ਅਪਨਾ ਪੁਰਾਣਾ ਪਾਪੀ ਹੈ ਬਰਸੋਂ ਸੇ ਨਿਮਾਜ਼ੀ ਬਨੁ ਨ ਸਕਾ।’ ਇਕਬਾਲ ਬੜਾ ਉਪਦੇਸ਼ਕ ਹੈ, ਮਨ ਬਾਤੋਂ ਸੇ ਮੋਹ ਲੇਤਾ ਹੈ, ਗੁਫ਼ਤਾਰ ਕਾ ਯੇ ਗ਼ਾਜ਼ੀ ਤੋਂ ਬਨਾ, ਉਪਕਾਰ (ਨੇਕੀ) ਕਾ ਗ਼ਾਜ਼ੀ ਬਨ ਨ ਸਕਾ।

ਈਸ਼ਵਰ ਦੀ ਗੱਲ ਆਖਣ ਵਾਲੇ ਦਾ ਈਸ਼ਵਰ ’ਤੇ ਹੀ ਭਰੋਸਾ ਹੋਵੇ। ਸ਼ੀਲ ਸੰਜਮ ਦਾ ਪ੍ਰਚਾਰ ਕਰਨ ਵਾਲਾ ਬੇ-ਸੰਜਮੀ ਨ ਹੋਵੇ। ਨਿਰਭੈ ਅਕਾਲ ਪੁਰਖ ਦੀ ਗੱਲ ਆਖਣ ਵਾਲਾ ਖ਼ੁਦ ਭੈ-ਭੀਤ ਨ ਹੋਵੇ, ਨਿਝੱਰ ਹੋ ਕੇ ਸੱਚ ਨੂੰ ਦ੍ਰਿੜ੍ਹਾਵੇ।

ਪ੍ਰਚਾਰਕ ਲਈ ਇਹ ਤਿੰਨ ਖ਼ੂਬੀਆਂ ਤਾਂ ਲਾਜ਼ਮੀ ਹਨ : (1) ਸ਼ਬਦ ਪ੍ਰਮਾਣ, (2) ਉਕਤੀ ਦਲੀਲ, (3) ਅਨਭਉ ।

ਸ਼ਬਦ-ਪ੍ਰਮਾਣ ਤੋਂ ਬਿਨਾਂ ਗੱਲ ਵਜ਼ਨਦਾਰ ਨਹੀਂ ਹੁੰਦੀ। ਜੋ ਕਹਿ ਰਿਹਾ ਹੈ ਉਸ ਸੰਬੰਧ ਵਿਚ ਉਸ ਕੋਲ ਪੂਰਾ ਅਨਭਉ ਹੋਵੇ। ਇਨ੍ਹਾ ਤਿੰਨਾ ਵਿੱਚੋਂ ਜਿਹੜਾ ਪੱਖ ਵੀ ਕਮਜ਼ੋਰ ਹੋਵੇਗਾ, ਪ੍ਰਚਾਰ ਪੂਰਾ ਕੰਮ ਨਹੀਂ ਕਰੇਗਾ। ਸਮਾਂ ਤੇ ਸ਼ਕਤੀ ਅਜਾਈਂ ਜਾਵੇਗੀ ।

ਜਿਸ ਕੋਲ ਆਤਮ-ਅਨਭਉ ਹੈ ਅਤੇ ਅਨਭਉ ਪੇਸ਼ ਕਰਨ ਵਾਸਤੇ ਸ਼ਬਦ-ਪ੍ਰਮਾਣ ਤੇ ਦਲੀਲਾਂ ਹਨ-ਉਹ ਪ੍ਰਚਾਰਕ ਧੰਨਤਾ ਯੋਗ ਹੈ । ਉਸ ਦੇ ਚਰਨਾਂ ਦੀ ਖ਼ਾਕ ਵੀ ਮਹਾਨ ਹੈ ‘‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ’’ (ਮਹਲਾ , ਪੰਨਾ ੩੦੬)

ਪ੍ਰਚਾਰਕ ਸ਼ਰੇਣੀ ਵਿਚ ਗੁਰੂ ਘਰ ਅੰਦਰ ਸੰਤ-ਜਨ ਵੀ ਆ ਜਾਂਦੇ ਹਨ । ਕੁਛ ਸੰਤਾਂ ਨੇ ਆਪਣੇ ਜੀਵਨ ਦੀ ਛਾਪ ਅਮਿੱਟ ਪਾਈ ਹੈ। ਕੁਝ ਇਕ ਨੂੰ ਛੱਡ ਕੇ ਬਹੁਤੇ ਸੰਤ ਸ਼ਰੇਣੀ ਨੇ ਆਪਣੇ ਹੀ ਪੰਥ ਚਲਾਏ ਹਨ ਤੇ ਇਨ੍ਹਾਂ ਵਿਚ ਬਹੁਤਿਆਂ ਨੇ ਤਾਂ ਸ੍ਰੀ ਅਕਾਲ ਤਖ਼ਤ ਦੀ ਮਰਯਾਦਾ ਦੇ ਉਲਟ ਮਰਯਾਦਾ ਵੀ ਬਣਾਈਆਂ ਹੋਈਆਂ ਹਨ-ਜਿਸ ਨਾਲ ਸਾਡੀ ਧਾਰਮਿਕ ਏਕਤਾ ਖ਼ਤਰੇ ਵਿਚ ਪੈ ਗਈ ਹੈ।

ਐਸੇ ਥੋੜ੍ਹੇ ਸੰਤ ਹਨ ਤੇ ਹੋਏ ਹਨ, ਜੋ ਗੁਰੂ, ਗੁਰਬਾਣੀ ਨੂੰ ਮੁਖ ਰੱਖ ਕੇ ਪ੍ਰਚਾਰ ਕਰਦੇ ਹੋਣ ਤੇ ਕੌਮੀ ਏਕਤਾ ਨੂੰ ਹਰ ਯਤਨ ਨਾਲ ਬਣਾ ਕੇ ਰੱਖਦੇ ਹੋਣ।

ਦੂਜੀ ਸ਼ਰੇਣੀ ਪ੍ਰਬੰਧਕਾਂ ਦੀ ਹੈ-ਜਿਨ੍ਹਾਂ ਦੀ ਮੂਲ ਜ਼ਿੰਮੇਵਾਰੀ ਤਾਂ ਇਤਨੀ ਹੈ ਕਿ ਉਹ ਗੁਰਦੁਆਰਿਆਂ ਦਾ ਇੰਤਜ਼ਾਮ ਚੰਗੀ ਤਰ੍ਹਾਂ ਸੰਭਾਲਣ ਤੇ ਗੁਰਦੁਆਰੇ ਦੀਆਂ ਰੋਜ਼ ਦੀਆਂ ਲੋੜਾਂ, ਪ੍ਰਚਾਰ ਹਿਤ ਸਮੱਗਰੀ ਜੁਟਾਵਨ । ਗੁਰੂ ਕੀ ਗੋਲਕ ਤੇ ਗੁਰਦੁਆਰੇ ਦੀ ਜਾਇਦਾਦ ਦਾ ਗ਼ਲਤ ਇਸਤੇਮਾਲ ਨ ਹੋਵੇ । ਮੁਸਾਫ਼ਰਾਂ ਦੀ ਰਿਹਾਇਸ਼ ਲੰਗਰ ਦਾ ਬੰਦੋਬਸਤ ਠੀਕ ਢੰਗ ਨਾਲ ਚਲੇ।

ਰਾਗੀ, ਪ੍ਰਚਾਰਕ, ਗ੍ਰੰਥੀ ਸਿੰਘ ਬਹੁਤ ਥੋੜ੍ਹੇ ਹਨ, ਜੋ ਕਹਿਣੀ ਤੇ ਕਰਨੀ ਦੇ ਸੂਰੇ ਹੋਵਨ । ਇਸ ਤਰ੍ਹਾਂ ਪ੍ਰਬੰਧਕ ਸ਼ਰੇਣੀ ਵਿਚ ਵੀ ਨਾਮ-ਮਾਤ੍ਰ ਹਨ, ਜੋ ਆਪਣੀ ਜ਼ਿੰਮੇਵਾਰੀ ਪੂਰਨ ਤੌਰ ’ਤੇ ਨਿਭਾਉਂਦੇ ਹੋਵਨ। ਜਿੱਥੇ ਪ੍ਰਚਾਰਕ ਸ਼ਰੇਣੀ ਵਿਚ ਲੋਭ ਪ੍ਰਧਾਨ ਹੈ, ਉੱਥੇ ਪ੍ਰਬੰਧਕ ਸ਼ਰੇਣੀ ਵਿਚ ਹੰਕਾਰ ਪ੍ਰਧਾਨ ਹੈ। ਇਹ ਗੁਰਮਤਿ ਪ੍ਰਚਾਰ ਲਈ ਹਾਨੀਕਾਰਕ ਹਨ। ਇਹ ਤਾਂ ਠੀਕ ਹੈ ਕਿ ਸਾਡੀ ਧਰਮ ਤੇ ਰਾਜਨੀਤੀ ਇਕ ਹੈ-ਪਰ ਬਹੁਤ ਪ੍ਰਬੰਧਕਾਂ ਕੋਲ ਤਾਂ ਰਾਜਨੀਤੀ ਹੀ ਦਿਖਾਈ ਦੇਂਦੀ ਹੈ। ਧਰਮ ਤਾਂ ਨਾਮ-ਮਾਤਰ ਵਾਸਤੇ ਵੀ ਨਹੀਂ ਹੈ। ਗੁਰਦੁਆਰੇ ਨੂੰ ਪਾਰਲੀਮੈਂਟ ਤਕ ਪੁੱਜਣ ਦਾ ਵਸੀਲਾ ਬਣਾਉਣਾ, ਗੁਰਦੁਆਰੇ ਦੇ ਧਨ ਦਾ ਦੁਰਪ੍ਰਯੋਗ ਕਰਨਾ; ਆਮ ਘਟਨਾਵਾਂ ਹਨ। ਰਹਿਤ ਵਿਚ ਨਿਪੁੰਨ ਨਾ ਹੋਣਾ ਤੇ ਲੰਬੇ ਸਮੇਂ ਤੱਕ ਪ੍ਰਧਾਨਗੀ ਦੀ ਭੁੱਖ ਰੱਖਣਾ। ਮਹੀਨਿਆਂ ਬਾਅਦ ਕਦੀ ਗੁਰਦੁਆਰੇ ਮੱਥਾ ਟੇਕਣ ਆਵਨਾ-ਇਹ ਰੋਜ਼ ਘਟਿਤ ਹੋ ਰਿਹਾ ਹੈ। ਪ੍ਰਧਾਨ ਪਦ ਸਭ ਤੋਂ ਵੱਡਾ ਹੈ ਤੇ ਸਭ ਤੋਂ ਵੱਡੇ ਤਾਂ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ।

ਪ੍ਰਧਾਨ ਤਾਂ ਸਤਿਗੁਰੂ ਹੈ, ਉਸੇ ਦੀ ਤਾਬਿਆ ਕੋਈ ਪੰਜ ਪਿਆਰੇ ਤਾਂ ਹੋ ਸਕਦੇ ਹਨ-ਪ੍ਰਧਾਨ ਨਹੀਂ। ਲਿਹਾਜ਼ਾ ਭਵਿਖ ਵਿਚ ਪੰਜ ਪਿਆਰਿਆਂ ਦੀ ਚੋਣ ਹੋ ਸਕੇ ਤਾਂ ਸਿੱਖੀ ਲਈ ਲਾਹੇਵੰਦ ਹੋਵੇਗਾ। ਪੰਜਾਂ ਵਿੱਚੋਂ ਇਕ ਨੂੰ ਜਥੇਦਾਰ ਬਣਾਇਆ ਜਾਵੇ ਤਾਂ ਪ੍ਰਧਾਨ ਪਦ ਦੀ ਹਉਮੈ ਤੋਂ ਬਚਿਆ ਜਾ ਸਕੇਗਾ ਤੇ ਇਸ ਪਦ ਦੀ ਪਕੜ ਤੋਂ ਵੀ ਬਚਾਉ ਹੋਵੇਗਾ ।

ਧਰਮ ਪ੍ਰਚਾਰ ਤੇ ਰਾਜਨੀਤੀ ਵਿਚ ਚੰਗੇ ਮਨੁੱਖ ਨੂੰ ਇਮਦਾਦ (ਮਦਦ) ਦੇਣ ਤਾਂ ਜੋ ਉਹ ਅੱਗੇ ਵਧ ਕੇ ਧਰਮ ਪ੍ਰਚਾਰ ਤੇ ਕੌਮ ਦੀ ਰਾਜਨੀਤਕ ਦਸ਼ਾ ਸੁਧਾਰ ਸਕੇ, ਪਰ ਜੇ ਪ੍ਰਬੰਧਕ ਆਪ ਹੀ ਰਾਜਨੀਤਕ ਸੱਤਾ ਹਥਿਆਨ ਵਿਚ ਜੁਟਿਆ ਹੋਵੇ ਤਾਂ ਉਸ ਕੋਲ ਗੁਰਦੁਆਰੇ ਦੀ ਦੇਖ-ਰੇਖ ਤੇ ਪ੍ਰਚਾਰ ਦੀ ਇਮਦਾਦ ਕਰਨ ਲਈ ਸਮਾਂ ਹੀ ਕਿੱਥੇ ਹੋਏਗਾ, ਫਿਰ ਗੁਰੂ ਦੀ ਗੋਲਕ ਦਾ ਵੀ ਦੁਰਪ੍ਰਯੋਗ ਹੋ ਸਕਦਾ ਹੈ ।

ਫਲ ਨੂੰ ਵੇਖ ਕੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਕੀ ਬੀਜਿਆ ਸੀ। ਸੋ ਜੋ ਧਾਰਮਿਕ ਤੌਰ ’ਤੇ ਕਮਜ਼ੋਰੀ ਆਈ ਹੈ, ਇਸ ਨੂੰ ਵੇਖ, ਸਾਨੂੰ ਆਪਣਾ ਧਾਰਮਿਕ ਨਿਜਾਮ (ਪ੍ਰਬੰਧ) ਬਦਲਣਾ ਚਾਹੀਦਾ ਹੈ।

ਰਾਜਨੀਤਕ ਲੋਗ, ਜੋ ਕੌਮ ਲਈ ਲਾਭਦਾਇਕ ਹੋਵਨ ਉਹਨਾਂ ਨੂੰ ਪ੍ਰਬੰਧਕ ਸਹਿਯੋਗ ਦੇਣ, ਨਾ ਕਿ ਆਪ ਰਾਜਨੀਤਕ ਬਣਨ ਤੇ ਗੁਰਦੁਆਰੇ ਦੀ ਮਿਲੀ ਸੇਵਾ ਦਾ ਗ਼ਲਤ ਇਸਤੇਮਾਲ ਕਰਨ। ਜਿਸ ਦਿਨ ਦੀ ਇਹ ਸੋਚਣੀ ਬਣੀ ਹੈ ਕਿ ਗੁਰਦੁਆਰੇ ਦਾ ਇਸਤੇਮਾਲ ਕਰ ਕੇ ਜਲਦੀ ਰਾਜਨੀਤਕ ਦੁਨੀਆਂ ਵਿਚ ਉੱਨਤੀ ਕੀਤੀ ਜਾ ਸਕਦੀ ਹੈ, ਉਸ ਦਿਨ ਦਾ ਗੁਰਦੁਆਰਿਆਂ ਦਾ ਮਹੌਲ ਸਿਆਸੀ ਜ਼ਿਆਦਾ ਤੇ ਧਾਰਮਿਕ ਘੱਟ ਹੋ ਗਿਆ ਹੈ-ਇਹ ਧਾਰਮਿਕ ਉੱਨਤੀ ਲਈ ਇਕ ਬਹੁਤ ਵੱਡਾ ਖ਼ਤਰਾ ਹੈ।

ਗੁਰਦੁਆਰੇ ਦੀ ਸੇਵਾ ਤਾਂ ਨਿਰਮਾਣ ਬਣਨ ਲਈ ਸੀ, ਪਰ ਇਸ ਸੇਵਾ ਦੇ ਆਸਰੇ ’ਤੇ ਅਹੰਕਾਰ ਵਧਿਆ ਹੈ ਤੇ ਜੋ ਚੁਣਾਉ ਵਿਚ ਜਿੱਤ ਜਾਂਦੇ ਹਨ, ਉਹ ਆਪਣੇ ਜਲੂਸ ਇਸ ਤਰ੍ਹਾਂ ਕੱਢਦੇ ਹਨ ਜਿਵੇਂ ਕਿ ਪਾਰਲੀਮੈਂਟ ਦਾ ਚੁਣਾਉ ਹੋਵੇ। ਇਸ ਤਰ੍ਹਾਂ ਦੇ ਮਨੁੱਖ ਨੇ ਗੁਰਦੁਆਰਿਆਂ ਦਾ ਮਹੌਲ ਅਪਵਿੱਤ੍ਰ ਕੀਤਾ ਹੈ। ਨਾ ਪੰਜ ਬਾਣੀਆਂ ਦਾ ਪਾਠ, ਨਾ ਹੀ ਪੰਜ ਕਕਾਰ ਦੇ ਧਾਰਨੀ; ਪਰ ਧਰਮ ਅਸਥਾਨਾਂ ਦੇ ਮੁਖੀ ! ! ਇਹ ਧਰਮ ਤੇ ਧਾਰਮਿਕ ਅਸਥਾਨਾਂ ਲਈ ਹਾਨੀਕਾਰਕ ਹੈ। ਮੈਂ ਇਸ ਵੀਚਾਰ ਨਾਲ ਪੂਰਨ ਤੌਰ ’ਤੇ ਸਹਿਮਤ ਹਾਂ ਕਿ ਕੋਈ ਕੌਮ ਰਾਜਨੀਤਕ ਤੌਰ ’ਤੇ ਉੱਨਤ ਹੋਏ ਬਿਨਾਂ ਆਪਣੇ ਪੈਰ ਮਜ਼ਬੂਤੀ ਨਾਲ ਨਹੀਂ ਟਿਕਾ ਸਕੇਗੀ। ਜਿਹੜੇ ਰਾਜਨੀਤਕ ਕੌਮ ਲਈ ਲਾਹੇਵੰਦ ਹੋਵਨ, ਧਾਰਮਿਕ ਲੋਕਾਂ ਤੇ ਧਾਰਮਿਕ ਅਸਥਾਨਾਂ ਰਾਹੀਂ ਉਹਨਾਂ ਨੂੰ ਪ੍ਰਸੰਸਾ ਤੇ ਇਮਦਾਦ ਮਿਲਣੀ ਚਾਹੀਦੀ ਹੈ ਤਾਂ ਕਿ ਰਾਜਨੀਤਕ ਕੌਮ ਦੀ ਬਾਹਰਲੀ ਦਸ਼ਾ ਸੁਧਾਰ ਸਕੇ। ਗੁਰਦੁਆਰਿਆਂ ਅੰਦਰ ਨਿਰੋਲ ਕਥਾ, ਕੀਰਤਨ, ਨਾਮ-ਅਭਿਆਸ ਹੀ ਮੁੱਖ ਰੱਖਣਾ ਚਾਹੀਦਾ ਹੈ ਤਾਂ ਕਿ ਬ੍ਰਹਮਗਿਆਨੀ, ਨਾਮ ਰਸੀਏ ਪੈਦਾ ਹੋਵਨ । ਸੱਚ ਤਾਂ ਇਹ ਹੈ ਕਿ ਨਾਮ-ਰਸੀਏ ਤੋਂ ਬਿਨਾਂ ਤਾਂ ਰਾਜਨੀਤਕ ਉੱਤੇ ਵੀ ਕੀ ਭਰੋਸਾ ਕਰੀਏ  ? ਨਾਮ-ਰਸ ਤਾਂ ਜੀਵਨ ਦੀ ਬੁਨਿਆਦ ਹੈ, ਜੜ੍ਹ ਹੈ ਔਰ ਬੁਨਿਆਦ ਪਹਿਲੇ ਰੱਖੀਦੀ ਹੈ, ਮਹੱਲ ਬਾਅਦ ਵਿਚ ਉਸਾਰੀਦਾ ਹੈ। ਧਰਮ ਦੀ ਬੁਨਿਆਦ ’ਤੇ ਹੀ ਰਾਜਨੀਤੀ ਦਾ ਮਹੱਲ ਖੜ੍ਹਾ ਕਰਨਾ ਚਾਹੀਦਾ ਹੈ। ਜੋ ਪੂਰਨ ਤੌਰ ’ਤੇ ਧਰਮੀ ਨਹੀਂ ਹੈ, ਉਸ ਰਾਜਨੀਤਕ ਦਾ ਕੋਈ ਭਰੋਸਾ ਨਹੀਂ ਹੈ। ਕਿਸੇ ਵਕਤ ਵੀ ਆਪਣੀ ਸੁਆਰਥ- ਸਿਧੀ ਲਈ ਕੌਮ ਨੂੰ ਧੋਖਾ ਦੇ ਜਾਵੇਗਾ ‘ਖ਼ੁਦਾ ਤਰਸ ਬਾਇਦ ਅਮਾਨਤ ਗੁਜ਼ਾਰ।’ ਸ਼ੇਖ ਸਾਅਦੀ ਦਾ ਕਹਿਣਾ ਹੈ ਕਿ ਜਿਸ ਕੋਲ ਕੰਮ ਦੀ, ਧਨ ਦੀ ਜਾਂ ਆਪਣੀ ਪ੍ਰਸਿੱਧੀ ਦੀ ਅਮਾਨਤ (ਇਮਾਨਤ, ਧਰੋਹਰ) ਰੱਖਣੀ ਹੈ, ਉਸ ਦਾ ਖ਼ੁਦਾ-ਤਰਸ (ਧਰਮੀ) ਹੋਣਾ ਅਤੀ ਲਾਜ਼ਮੀ ਹੈ, ਨਹੀਂ ਤਾਂ ਅਮਾਨਤ ਵਿਚ ਖ਼ਿਆਨਤ (ਬੇਈਮਾਨੀ) ਹੋ ਜਾਵੇਗੀ। ਇਕਬਾਲ ਦਾ ਕਹਿਣਾ ਹੈ ਕਿ ਜਿਹੜੀ ਰਾਜਨੀਤੀ ਤੇ ਸੱਤਾ ਵਿਚ ਆਇਆ ਰਾਜਨੀਤਕ ਧਰਮੀ ਨਹੀਂ, ਉਹ ਤਾਂ ਚੰਗੇਜ਼ ਖ਼ਾਨ ਯਾ ਹਲਾਕੂ ਹੋਵੇਗਾ ‘ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋਦੀਂ ਸਿਆਸਤ ਸੇ, ਤੋ ਰਹਿ ਜਾਤੀ ਹੈ ਚੰਗੇਜ਼ੀ।’ (ਚੰਗੇਜ਼ ਖ਼ਾਨ; ਇੱਕ ਮੰਗੋਲੀਆਈ ਹਾਕਮ ਸੀ, ਜਿਸ ਦਾ ਜਨਮ ਸੰਨ 1162 ’ਚ ਤੇ ਮੌਤ 18 ਅਗਸਤ 1227 ਨੂੰ ਹੋਈ। ਇਸ ਨੇ ਆਪਣਾ ਸਾਮਰਾਜ ਵਧਾਉਣ ਲਈ ਕਈ ਯੁੱਧ ਲੜੇ।)

ਸਤਿਗੁਰੂ ਜੀ ਆਪਣੀ ਕਲਾ ਵਰਤਾਉਣ, ਮਿਹਰ ਕਰਨ ਤਾਂ ਕਿ ਪ੍ਰਚਾਰਕਾਂ ਨੂੰ ਕਹਿਣੀ ਦੇ ਨਾਲ-ਨਾਲ ਰਹਿਣੀ ਦੇਣ ਅਤੇ ਪ੍ਰਬੰਧਕਾਂ ਨੂੰ ਧਾਰਮਿਕ ਵਿਸ਼ਵਾਸ ਤੇ ਬਾਣੀ ਦਾ ਰਸ ਬਖ਼ਸ਼ਣ।