ਗੁਰਬਾਣੀ ਮੁਤਾਬਕ ਸਿੱਖ ਇਤਿਹਾਸ ’ਚ ਵੈਸਾਖ ਦਾ ਮਹੀਨਾ

0
312

ਗੁਰਬਾਣੀ ਮੁਤਾਬਕ ਸਿੱਖ ਇਤਿਹਾਸ ’ਚ ਵੈਸਾਖ ਦਾ ਮਹੀਨਾ

ਕਿਰਪਾਲ ਸਿੰਘ ਬਠਿੰਡਾ

ਵੈਸਾਖ ਦਾ ਮਹੀਨਾ ਸਿੱਖ ਇਤਿਹਾਸ ’ਚ ਬਹੁਤ ਹੀ ਅਹਿਮ ਅਸਥਾਨ ਰੱਖਦਾ ਹੈ; ਜਿਵੇਂ ਕਿ ਸਿੱਖ ਧਰਮ ਦੇ ਸੰਸਥਾਪਕ ਜਗਤ ਗੁਰੂ; ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ੧ ਵੈਸਾਖ, ਬਿਕ੍ਰਮੀ ਸੰਮਤ ੧੫੨੬; ਨਾਨਕਸ਼ਾਹੀ ਸੰਮਤ ੧ (1469 ਈ:) ਨੂੰ ਹੋਇਆ। ਭਾਵੇਂ ਕਿ ਪਿਛਲੇ ਕੁਝ ਸਮੇਂ ਤੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾ ਰਿਹਾ ਹੈ ਪਰ LDP-194 ਜਨਮਸਾਖੀ, ਸਾਖੀ ਮਹਲ ਪਹਿਲੇ ਕੀ (ਸਾਖੀਕਾਰ ਸ਼ੀਹਾਂ ਉੱਪਲ), ਵਲਾਇਤ ਵਾਲੀ ਪੁਰਾਤਨ ਜਨਮ ਸਾਖੀ, ਮਿਹਰਵਾਨ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ/ ਗਿਆਨ ਰਤਨਾਵਲੀ, ਬੀ-40 ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਬਾਵਾ ਸਰੂਪ ਦਾਸ ਭੱਲਾ ਰਚਿਤ ਮਹਿਮਾ ਪ੍ਰਕਾਸ਼, ਪੱਥਰ ਦੇ ਛਾਪੇ ਵਾਲੀ ਜਨਮ ਸਾਖੀ, ਜੋ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਰਕਾਈਵਜ਼ ਵਿਭਾਗ ਵਿੱਚ ਸਾਂਭੀ ਪਈ ਹੈ, ਇਨ੍ਹਾਂ ਸਾਰੀਆਂ ਹੀ ਜਨਮ ਸਾਖੀਆਂ ’ਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਵੈਸਾਖ ਮਹੀਨੇ ’ਚ ਲਿਖਿਆ ਹੈ। ਨਵੀਨ ਪ੍ਰਸਿੱਧ ਵਿਦਵਾਨ ਲਿਖਾਰੀ ਕਰਮ ਸਿੰਘ ਹਿਸਟੋਰੀਅਨ, ਭਾਈ ਕਾਨ੍ਹ ਸਿੰਘ ਨਾਭਾ, ਡਾ: ਗੰਡਾ ਸਿੰਘ, ਪ੍ਰੋ: ਸਾਹਿਬ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ, ਡਾ: ਹਰੀ ਰਾਮ ਗੁਪਤਾ, ਡਾ: ਕਿਰਪਾਲ ਸਿੰਘ, ਡਾ: ਖੜਕ ਸਿੰਘ, ਡਾ: ਐੱਸ ਐੱਸ ਪਦਮ, ਪ੍ਰੋ: ਪ੍ਰੀਤਮ ਸਿੰਘ, ਡਾ: ਪਿਆਰ ਸਿੰਘ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਸਿੱਖ ਇਤਿਹਾਸ ਦੇ ਕਰਤਾ ਪ੍ਰੋ: ਕਰਤਾਰ ਸਿੰਘ ਐੱਮ. ਏ., ਸ: ਖੁਸ਼ਵੰਤ ਸਿੰਘ , ਭਾਈ ਵੀਰ ਸਿੰਘ, ਪ੍ਰੋ: ਪ੍ਰੀਤਮ ਸਿੰਘ, ਡਾ: ਗੋਪਾਲ ਸਿੰਘ, ਪ੍ਰੋ: ਗੁਰਮੁਖ ਸਿੰਘ, ਪ੍ਰੋ: ਸ਼ੇਰ ਸਿੰਘ ਐੱਮ. ਏ, ਗਿਆਨੀ ਹੀਰਾ ਸਿੰਘ ਦਰਦ, ਸ: ਅਮਰ ਸਿੰਘ ਐਡੀਟਰ ‘ਸ਼ੇਰੇ ਪੰਜਾਬ’, ਗੁਰਮੁਖ ਸਿੰਘ, ਨਿਹਾਲ ਸਿੰਘ, ਡਾ: ਯੋਧ ਸਿੰਘ, ਡਾ: ਤਾਰਨ ਸਿੰਘ, ਡਾ: ਗੋਪਾਲ ਸਿੰਘ ਦਰਦੀ, ਸੋਢੀ ਤੇਜਾ ਸਿੰਘ, ਪ੍ਰਿੰ: ਤੇਜਾ ਸਿੰਘ, ਪ੍ਰੋ: ਜੋਗਿੰਦਰ ਸਿੰਘ, ਸ: ਕਪੂਰ ਸਿੰਘ, ਡਾ: ਗੁਰਬਚਨ ਸਿੰਘ ਤਾਲਬ, ਸ: ਹਰਨਾਮ ਸਿੰਘ ਸ਼ਾਨ ਅਤੇ ਵਿਦੇਸ਼ੀ ਵਿਦਵਾਨ ਐੱਮ. ਏ. ਮੈਕਾਲਿਫ਼ ਤੇ ਡਾ: ਟਰੰਪ ਆਦਿਕ ਸਾਰੇ ਹੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ ਮਹੀਨੇ ਦਾ ਲਿਖਦੇ ਹਨ।

ਦੂਜੇ ਪਾਸੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਕੱਤਕ ਦੀ ਪੂਰਨਮਾਸ਼ੀ ਮੰਨਣ ਵਾਲੇ ਸਾਰੇ ਹੀ ਵਿਦਵਾਨਾਂ ਦਾ ਮੂਲ ਸੋਮਾ; ਭਾਈ ਬਾਲੇ ਵਾਲੀ ਜਨਮ ਸਾਖੀ ਹੈ, ਜਿਸ ਨੂੰ ਸ: ਕਰਮ ਸਿੰਘ ਹਿਸਟੋਰੀਅਨ, ਮਕਲੌਡ, ਐੱਮ. ਏ. ਮੈਕਾਲਿਫ਼, ਡਾ: ਪਿਆਰ ਸਿੰਘ, ਡਾ: ਸ. ਸ. ਪਦਮ ਆਦਿਕ ਪ੍ਰਸਿੱਧ ਇਤਿਹਾਸਕਾਰ ਇਸ ਦੀਆਂ ਅੰਦਰਲੀਆਂ ਗਵਾਹੀਆਂ ਨਾਲ ਸਿੱਧ ਕਰਦੇ ਹਨ ਕਿ ਇਹ ਜਨਮ ਸਾਖੀ ਗੁਰੂ ਅੰਗਦ ਸਾਹਿਬ ਜੀ ਵੱਲੋਂ ਲਿਖਵਾਈ ਨਹੀਂ ਬਲਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਲਿਖੀ ਗਈ, ਮੰਨਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵਿੱਚ ਮੁਖੀ ਰਹੇ ਡਾ: ਗੁਰਸ਼ਰਨਜੀਤ ਸਿੰਘ ਅਤੇ ਡਾ: ਪਿਆਰ ਸਿੰਘ ਮੁਤਾਬਕ LDP-194 ਜਨਮਸਾਖੀ; ਸਭ ਤੋਂ ਪੁਰਾਤਨ ਜਨਮ ਸਾਖੀ ਹੈ। ਦੂਸਰੇ ਨੰਬਰ ’ਤੇ ਸ਼ੀਹਾਂ ਉੱਪਲ ਵਾਲੀ ਜਨਮ ਸਾਖੀ ਹੈ ਅਤੇ ਤੀਸਰੇ ਨੰਬਰ ’ਤੇ ਭਾਈ ਮਿਹਰਵਾਨ ਵਾਲੀ ਜਨਮ ਸਾਖੀ; ਕਹੀ ਜਾ ਸਕਦੀ ਹੈ। ਇਨ੍ਹਾਂ ਸਾਰੀਆਂ ਹੀ ਜਨਮ ਸਾਖੀਆਂ ’ਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਵੈਸਾਖ ਮਹੀਨੇ ’ਚ ਲਿਖਿਆ ਹੈ। ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦੀ ਪਉੜੀ ਨੰਬਰ 14 ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਮੁੱਖ ਸਿੱਖਾਂ ਵਿੱਚ ‘ਸ਼ੀਹਾਂ ਉਪਲ’ ਜੀ ਦਾ ਨਾਮ ਆਉਂਦਾ ਹੈ, ਜੋ ਦੂਸਰੇ ਅਤੇ ਤੀਸਰੇ ਗੁਰੂ ਸਾਹਿਬਾਨ ਜੀ ਦੇ ਵੀ ਅੰਨਿਨ ਸੇਵਕ ਰਹੇ ਹਨ ਅਤੇ ਇਹ ਜਨਮ ਸਾਖੀ; ਗੁਰੂ ਅਮਰਦਾਸ ਜੀ ਦੇ ਸਮੇਂ ਦੌਰਾਨ ਲਿਖੀ ਮੰਨੀ ਜਾ ਰਹੀ ਹੈ ਜਦਕਿ ਭਾਈ ਬਾਲੇ ਦਾ ਨਾਮ; ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਸੇਵਕਾਂ ਦੀ ਕਿਸੇ ਵੀ ਸੂਚੀ ’ਚ ਸ਼ਾਮਲ ਨਹੀਂ ਹੈ। ਇਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਦੱਸੀ ਜਾ ਰਹੀ ਭਾਈ ਬਾਲੇ ਵਾਲੀ ਸਾਖੀ; ਸਭ ਤੋਂ ਪੁਰਾਤਾਨ ਸਾਖੀ ਨਹੀਂ ਬਲਕਿ ਕਈਆਂ ਤੋਂ ਪਿੱਛੋਂ ਲਿਖੀ ਸਾਬਤ ਹੁੰਦੀ ਹੈ। ਉਕਤ ਸਾਰੇ ਵਿਦਵਾਨਾਂ ਦੀ ਰਾਇ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਕੱਤਕ ਦੀ ਬਜਾਏ ਵੈਸਾਖ ਮਹੀਨੇ ’ਚ ਮੰਨਿਆ ਜਾਣਾ, ਵਧੇਰੇ ਸਹੀ ਜਾਪਦਾ ਹੈ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 27ਵੀਂ ਪਉੜੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ੧ ਵੈਸਾਖ ਹੋਣ ਵੱਲ ਸੰਕੇਤ ਕਰਦੀ ਹੈ; ਜਿਵੇਂ ਕਿ

ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣੁ ਹੋਆ।

ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪੇ ਅੰਧੇਰੁ ਪਲੋਆ ।

ਸਿੰਘ ਬੁਕੇ, ਮਿਰਗਾਵਲੀ ਭੰਨੀ ਜਾਇ; ਨ ਧੀਰਿ ਧਰੋਆ।

ਜਿਥੇ ਬਾਬਾ ਪੈਰ ਧਰੇ; ਪੂਜਾ ਆਸਣੁ ਥਾਪਣਿ ਸੋਆ।

ਸਿਧ ਆਸਣਿ ਸਭਿ ਜਗਤ ਦੇ, ਨਾਨਕ ਆਦਿ ਮਤੇ ਜੇ ਕੋਆ।

ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ

ਬਾਬੇ ਤਾਰੇ ਚਾਰਿ ਚਕਿ; ਨਉ ਖੰਡਿ ਪ੍ਰਿਥਮੀ ਸਚਾ ਢੋਆ। ਗੁਰਮੁਖਿ ਕਲਿ ਵਿੱਚ ਪ੍ਰਗਟੁ ਹੋਆ ।੨੭।

ਭਾਈ ਕਾਨ੍ਹ ਸਿੰਘ ਜੀ ਨਾਭਾ ਗੁਰ ਸ਼ਬਦ ਰਤਨਾਕਰ (ਮਹਾਨ ਕੋਸ਼) ’ਚ ‘ਵਸੋਆ’ ਦਾ ਅਰਥ ਵੈਸਾਖ ਮਹੀਨੇ ਦੀ ਸੰਕਰਾਂਤੀ ਅਰਥਾਤ ੧ ਵੈਸਾਖ, ਕਰਦੇ ਹਨ। ਇਸ ਪਉੜੀ ਤੋਂ ਅਗਲੀਆਂ 4 ਪਉੜੀਆਂ ਨੰ: 28 ਤੋਂ 31 ’ਚ ਸੁਮੇਰ ਪ੍ਰਬਤ’ ਤੇ ਸਿੱਧਾਂ ਨਾਲ ਗੋਸਟਿ ਦਾ ਵਰਣਨ ਹੈ, ਪਉੜੀ ਨੰਬਰ 32 ਤੋਂ 37 ਤੱਕ (6 ਪਉੜੀਆਂ ’ਚ) ਮੱਕਾ ਮਦੀਨਾ ਅਤੇ ਬਗਦਾਦ ਵਿਖੇ ਕਾਜ਼ੀਆਂ, ਮੁਲਾਂ ਮੁਲਾਣਿਆਂ ਨਾਲ ਹੋਏ ਪ੍ਰਸ਼ਨ ਉੱਤਰਾਂ ਦਾ ਵੇਰਵਾ ਹੈ ਅਤੇ ਪਉੜੀ 38 ’ਚ ਮੱਕਾ ਮਦੀਨਾ ਦੀ ਉਦਾਸੀ ਤੋਂ ਵਾਪਸ ਕਰਤਾਰਪੁਰ ਵਿਖੇ ਆ ਕੇ ਉਦਾਸੀ ਭੇਖ ਉਤਾਰ ਕੇ ਸੰਸਾਰੀ ਕੱਪੜੇ ਪਹਿਨਣ ਅਤੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦਾ ਵਾਰਸ ਥਾਪਣ ਦਾ ਜ਼ਿਕਰ ਹੈ। ਪਉੜੀ ਨੰਬਰ 39 ਤੋਂ 44 ਤੱਕ (6 ਪਉੜੀਆਂ ’ਚ) ਅਚੱਲ ਵਟਾਲੇ ਵਿਖੇ ਸ਼ਿਵਰਾਤਰੀ ਦੇ ਮੇਲੇ ’ਤੇ ਸਿੱਧਾਂ ਨਾਲ ਹੋਈ ਦੂਸਰੀ ਗੋਸਟਿ ਦਾ ਬ੍ਰਿਤਾਂਤ ਪੇਸ਼ ਕੀਤਾ ਹੈ। ਅਚੱਲ ਵਟਾਲੇ ਦੀ ਸੰਖੇਪ ਫੇਰੀ ਉਪਰੰਤ ਫਿਰ ਵਾਪਸ ਕਰਤਾਰਪੁਰ ਆਉਣ ਅਤੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਗੱਦੀ ਸੌਂਪਣ ਦਾ ਜ਼ਿਕਰ ਪਉੜੀ ਨੰ: 45 ਵਿੱਚ ਹੈ। ਸੋ ਪਉੜੀ ਨੰ: 27 ਤੋਂ 45 ਤੱਕ ਗੁਰੂ ਨਾਨਕ ਸਾਹਿਬ ਜੀ ਨਾਲ ਜੁੜੀਆਂ ਮਹੱਤਵ ਪੂਰਨ ਘਟਨਾਵਾਂ ਦਾ ਸੰਖੇਪ ਇਤਿਹਾਸ ਦਰਜ ਹੋਣਾ, ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਪਉੜੀ ਨੰਬਰ 27 ਉਨ੍ਹਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ’ਚ ਹੀ ਹੈ, ਜੋ ਕਿ ੧ ਵੈਸਾਖ ਵੱਲ ਸੰਕੇਤ ਕਰਦੀ ਹੈ।

ਵਿਸਾਖ ਮਹੀਨੇ ਨਾਲ਼ ਸੰਬੰਧਿਤ ਕੁੱਝ ਵੇਰਵੇ ਇਸ ਤਰ੍ਹਾਂ ਹਨ ‘ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ੫ ਵੈਸਾਖ ਬਿਕ੍ਰਮੀ ਸੰਮਤ ੧੫੬੧, ਨਾਨਕਸ਼ਾਹੀ ਸੰਮਤ ੩੬ ਨੂੰ ਹੋਇਆ ਅਤੇ ੩ ਵੈਸਾਖ ਬਿਕ੍ਰਮੀ ਸੰਮਤ ੧੬੦੯, ਨਾਨਕਸ਼ਾਹੀ ਸੰਮਤ ੮੪ ਨੂੰ ਆਪ ਜੋਤੀ ਜੋਤ ਸਮਾ ਗਏ। ਇਸੇ ਦਿਨ ੩ ਵੈਸਾਖ ਨੂੰ ਗੁਰੂ ਅਮਰਦਾਸ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ।  ੧੯ ਵੈਸਾਖ ਬਿਕ੍ਰਮੀ ਸੰਮਤ ੧੬੨੦, ਨਾਨਕਸ਼ਾਹੀ ਸੰਮਤ ੯੫ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ੩ ਵੈਸਾਖ ਬਿਕ੍ਰਮੀ ਸੰਮਤ ੧੭੨੧ ਨੂੰ ਜੋਤੀ ਸਮਾਏ।  ੫ ਵੈਸਾਖ ਬਿਕ੍ਰਮੀ ਸੰਮਤ ੧੬੭੮ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਤੇ 3 ਵੈਸਾਖ ਬਿਕ੍ਰਮੀ ਸੰਮਤ ੧੭੨੧; ਨਾਨਕਸ਼ਾਹੀ ਸੰਮਤ ੧੯੬ ਨੂੰ ਗੁਰਗੱਦੀ ’ਤੇ ਬਿਰਾਜਮਾਨ ਹੋਏ’। ਇਸ ਤਰ੍ਹਾਂ ੧ ਵੈਸਾਖ ਤੋਂ ੧੯ ਵੈਸਾਖ ਦੇ ਥੋੜ੍ਹੇ ਜਿਹੇ ਸਮੇਂ ’ਚ ਸਿੱਖ ਕੌਮ ਨੂੰ 8 ਗੁਰ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ ਭਗਤ ਧੰਨਾ ਜੀ ਦਾ ਜਨਮ ਵੀ ੮ ਵੈਸਾਖ ਬਿਕ੍ਰਮੀ ਸੰਮਤ ੧੪੭੩ ਨੂੰ ਹੋਇਆ। ਗੋਇੰਦਵਾਲ ਵਿਖੇ 84 ਪਉੜੀਆਂ ਵਾਲੀ ਬਾਉਲੀ ਸਾਹਿਬ ਦੀ ਉਸਾਰੀ ਵੀ ਬਿਕ੍ਰਮੀ ਸੰਮਤ ੧੬੨੧ ’ਚ ਹੋਈ, ਜਿਸ ਦੇ ਪਵਿੱਤਰ ਖੂਹ ਦਾ ਕੜ੍ਹ, ਜੋ ਕਿ ਬਹੁਤ ਹੀ ਪਥਰੀਲਾ ਅਤੇ ਸਖ਼ਤ ਸੀ, ਵਿਸਾਖੀ ਵਾਲ਼ੇ ਦਿਨ ਹੀ ਟੁੱਟਿਆ ਸੀ। ਇਤਿਹਾਸਕ ਤੌਰ ’ਤੇ ਵੈਸਾਖ ਮਹੀਨੇ ਦੀ ਖ਼ਾਸ ਮਹਾਨਤਾ ਵੇਖਦੇ ਹੋਏ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ੧ ਵੈਸਾਖ ਬਿਕ੍ਰਮੀ ਸਮਤ ੧੬੨੪/ ਨਾਨਕਸ਼ਾਹੀ ਸੰਮਤ ੯੯ ਤੋਂ ਗੋਇੰਦਵਾਲ ਵਿਖੇ ਵਿਸਾਖੀ ਦਾ ਮੇਲਾ ਸ਼ੁਰੂ ਕਰਵਾਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖਾਲਸਾ ਪ੍ਰਗਟ ਕਰਨ ਲਈ ਇਸੇ ਮਹਾਨਤਾ ਭਰੇ ਦਿਨ ੧ ਵੈਸਾਖ ਦੀ ਹੀ ਚੋਣ ਕੀਤੀ। ਇਸ ਤਰ੍ਹਾਂ ਜਿਸ ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਹੋਣ ਵਾਲੇ ਦਿਨ ੧ ਵੈਸਾਖ, ਨਾਨਕਸ਼ਾਹੀ ਸੰਮਤ ੧ ਨੂੰ ਰੱਖੀ ਗਈ।  10 ਜਾਮਿਆਂ ’ਚ ਪੂਰੇ 230 ਸਾਲ ਦੀ ਅਨਥੱਕ ਘਾਲਣਾ ਘਾਲ ਕੇ ਅਦੁੱਤੀ ਘਾੜਤ ਘੜਨ ਪਿੱਛੋਂ ਉਸ ਦੀ ਸੰਪੂਰਨਤਾ ਵੀ ੧ ਵੈਸਾਖ ਨਾਨਕਸ਼ਾਹੀ ਸੰਮਤ ੨੩੧/ 29 ਮਾਰਚ 1699 ਨੂੰ ਹੋਈ, ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੋਖਾ ਕੌਤਕ ਰਚ ਕੇ ਖੰਡੇ ਬਾਟੇ ਦੀ ਪਾਹੁਲ ਦੁਆਰਾ ਖਾਲਸਾ ਪ੍ਰਗਟ ਕੀਤਾ ‘ਖ਼ਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ॥’, ਇਉਂ ਵੈਸਾਖੀ ਵਾਲੇ ਦਿਨ ਨੂੰ ਖ਼ਾਲਸਾ ਪੰਥ; ਬਹੁਤ ਹੀ ਉਤਸ਼ਾਹ ਨਾਲ ਖ਼ਾਲਸਾ ਸਾਜਣਾ ਦਿਵਸ ਦੇ ਤੌਰ ’ਤੇ ਮਨਾਉਂਦਾ ਆ ਰਿਹਾ ਹੈ, ਜੋ ਬਾਅਦ ਵਿੱਚ ਕੌਮੀ ਤਿਉਹਾਰ ਖ਼ਾਲਸਾ ਪਥ ਦੇ ਸਥਾਪਨਾ ਦਿਵਸ ਵਿੱਚ ਬਦਲ ਗਿਆ। ਬਿਕ੍ਰਮੀ ਸੰਮਤ ੧੮੫੮, ਨਾਨਕਸ਼ਾਹੀ ਸੰਮਤ ੩੩੩ (1801 ਈ:) ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ’ਚ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਵੀ ਵੈਸਾਖੀ ਵਾਲੇ ਦਿਨ ਹੀ ਹੋਈ ਸੀ। ਇਨ੍ਹਾਂ ਸਭਨਾ ਮਹੱਤਵ ਪੂਰਨ ਘਟਨਾਵਾਂ ਨੂੰ ਵੇਖਦੇ ਹੋਏ ਇਹ ਕਹਿਣਾ ਬਣਦਾ ਹੈ ਕਿ ਵੈਸਾਖ ਦਾ ਮਹੀਨਾ ਖ਼ਾਸ ਕਰਕੇ ਵੈਸਾਖੀ ਵਾਲਾ ਦਿਨ; ਸਿੱਖ ਇਤਿਹਾਸ ’ਚ ਬਹੁਤ ਹੀ ਮਹੱਤਵ ਪੂਰਨ ਅਸਥਾਨ ਰੱਖਦਾ ਹੈ।

ਬਿਕ੍ਰਮੀ ਸੰਮਤ ਦਾ ਨਵਾਂ ਸਾਲ ੧ ਵੈਸਾਖ ਤੋਂ ਅਤੇ ਨਾਨਕਸ਼ਾਹੀ ਸੰਮਤ ਦਾ ਨਵਾਂ ਸਾਲ ੧ ਚੇਤ ਤੋਂ ਸ਼ੁਰੂ ਹੁੰਦਾ ਹੈ; ਇਉਂ ਵੈਸਾਖ ਮਹੀਨਾ ਬਿਕ੍ਰਮੀ ਸੰਮਤ ਦਾ ਪਹਿਲਾ ਮਹੀਨਾ ਅਤੇ ਨਾਨਕਸ਼ਾਹੀ ਸੰਮਤ ਦਾ ਦੂਸਰਾ ਮਹੀਨਾ ਹੈ। ਤੁਖਾਰੀ ਰਾਗੁ ਅਤੇ ਮਾਝ ਰਾਗੁ ’ਚ ਦਰਜ ਬਾਰਹ ਮਾਹ ਦੇ ਮਹੀਨਿਆਂ ਦੀ ਤਰਤੀਬ ਮੁਤਾਬਕ; ਵੈਸਾਖ ਦੂਸਰਾ ਮਹੀਨਾ ਬਣਦਾ ਹੈ। ‘ਰੁਤੀ ਸਲੋਕ’ ਬਾਣੀ ’ਚ ਵੀ ਰੁੱਤਾਂ ਦੇ ਹਿਸਾਬ ਨਾਲ਼ ਵੈਸਾਖ; ਬਸੰਤ ਰੁੱਤ ਦਾ ਦੂਸਰਾ ਮਹੀਨਾ ਹੁੰਦਾ ਹੈ, ਜਿਸ ਤੋਂ ਬਾਅਦ ਗਰਮੀ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ; ਜਿਵੇਂ ਕਿ ‘‘ਰੁਤਿ ਸਰਸ ਬਸੰਤ ਮਾਹ; ਚੇਤੁ ਵੈਸਾਖ ਸੁਖ ਮਾਸੁ ਜੀਉ (ਰਾਮਕਲੀ ਰੁਤੀ ਮਹਲਾ /੯੨੭),  ਗ੍ਰੀਖਮ ਰੁਤਿ ਅਤਿ ਗਾਖੜੀ; ਜੇਠ ਅਖਾੜੈ ਘਾਮ ਜੀਉ ’’ (ਰਾਮਕਲੀ ਰੁਤੀ ਮਹਲਾ /੯੨੮) ਗੁਰੂ ਨਾਨਕ ਸਾਹਬਿ ਜੀ ਨੇ ਤੁਖਾਰੀ ਰਾਗੁ ’ਚ ਉਚਾਰਨ ਕੀਤੇ ਬਾਰਹ ਮਾਹ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਮਾਝ ਰਾਗੁ ’ਚ ਉਚਾਰਨ ਕੀਤੇ ਬਾਰਹ ਮਾਹ ’ਚ ਵੈਸਾਖ ਮਹੀਨੇ ਦੀ ਰੁੱਤ ਦਾ ਬਾਖ਼ੂਬੀ ਵਰਣਨ ਕਰਦਿਆਂ ਇਸ ਮਹੀਨੇ ਦੀ ਰੁੱਤ ਦਾ ਦ੍ਰਿਸ਼ਟਾਂਤ ਦੇ ਕੇ ਮਨੁੱਖਤਾ ਨੂੰ ਅਧਿਆਤਮਿਕ ਉਪਦੇਸ਼ ਦਿੱਤਾ ਹੈ, ਜਿਸ ਦੀ ਸੰਖੇਪ ਵੀਚਾਰ ਇਉਂ ਹੈ :

ਬਸੰਤ ਰੁੱਤ ਹੋਣ ਕਾਰਨ ਵੈਸਾਖ ਦੇ ਮਹੀਨੇ ’ਚ ਰੁੱਖਾਂ ਦੀਆਂ ਲਗਰਾਂ ਸੱਜ-ਵਿਆਹੀਆਂ ਮੁਟਿਆਰਾਂ ਵਾਂਗ ਕੂਲ਼ੇ-ਕੂਲ਼ੇ ਪੱਤਰਾਂ ਦਾ ਹਾਰ-ਸ਼ਿਗਾਰ ਕਰਦੀਆਂ ਹਨ, ਜੋ ਮਨ ਨੂੰ ਪ੍ਰਭਾਵਤ ਕਰਦੀਆਂ ਹਨ। ਇਨ੍ਹਾਂ ਲਗਰਾਂ ਦਾ ਹਾਰ-ਸ਼ਿਗਾਰ ਵੇਖ ਕੇ ਪਤੀ ਤੋਂ ਦੂਰ ਬੈਠੀ ਨਾਰ ਦੇ ਅਦਰ ਭੀ ਪਤੀ ਨੂੰ ਮਿਲਣ ਲਈ ਉਮੰਗ ਪੈਦਾ ਹੁੰਦੀ ਹੈ ਤੇ ਉਹ ਆਪਣੇ ਘਰ ਦੇ ਬਹੇ ’ਚ ਖਲ੍ਹੋਤੀ ਉਸ ਲਈ ਰਾਹ ਤੱਕਦੀ ਹੈ। ਇਸੇ ਤਰ੍ਹਾਂ ਪ੍ਰਭ-ਪਤੀ ਤੋਂ ਵਿਛੜੀ ਜੀਵ ਇਸਤਰੀ ਨੂੰ ਜਦੋਂ ਵਿਛੋੜੇ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਪ੍ਰਭੂ ਪਤੀ ਦੇ ਮਿਲਾਪ ਦੀ ਉਡੀਕ ਕਰਦੀ ਹੈ (ਤੇ ਆਖਦੀ ਹੈ ਕਿ ਹੇ ਪ੍ਰਭ-ਪਤੀ !) ਮਿਹਰ ਕਰ ਕੇ (ਮੇਰੇ ਹਿਰਦੇ-ਘਰ ’ਚ) ਆਓ। ਮੈਨੂੰ ਇਸ ਬਿਖਮ ਸਸਾਰ-ਸਮੁਦਰ ’ਚੋਂ ਪਾਰ ਲਘਾ ਦਿਓ। ਤੇਰੇ ਮਿਲਾਪ ਤੋਂ ਬਿਨਾਂ ਮੇਰੀ ਕਦਰ ਅੱਧੀ ਕੌਡੀ ਜਿੰਨੀ ਨਹੀਂ। ਜਿਹੜਾ ਗੁਰ ਤੇਰਾ ਦਰਸ਼ਨ ਆਪ ਕਰਦਿਆਂ ਮੈਨੂੰ ਭੀ ਦਰਸ਼ਨ ਕਰਾ ਦੇਵੇ ਤੇ ਮੈਂ ਤੈਨੂੰ ਚਗੀ ਲੱਗ ਸਕਾਂ ਤਾਂ ਮੇਰੀ ਬਹੁ ਮੁੱਲੀ ਹੋਈ ਜ਼ਿੰਦਗੀ ਦਾ ਮੁੱਲ ਕੌਣ ਪਾ ਸਕਦਾ ਹੈ ? ਕਿਉਂਕਿ ਤਦ ਤੂੰ ਮੈਨੂੰ ਕਿਤੇ ਦਰ ਨਹੀਂ ਜਾਪੇਂਗਾ, ਮੈਨੂੰ ਯਕੀਨ ਹੋ ਜਾਏਗਾ ਕਿ ਤੂੰ ਮੇਰੇ ਅਦਰ ਵੱਸਦਾ ਹੈਂ। ਮੈਨੂੰ ਉਸ ਅਸਲ-ਘਰ ਦੀ ਪਛਾਣ ਹੋ ਜਾਏਗੀ, ਜਿੱਥੇ ਤੇਰਾ ਨਿਵਾਸ ਸਥਾਨ ਹੈ। ਹੇ ਨਾਨਕ ! ਵੈਸਾਖ ’ਚ (ਕੁਦਰਤ-ਰਾਣੀ ਦਾ ਸੁੰਦਰ ਸਿਗਾਰ ਵੇਖ ਕੇ ਉਹ ਜੀਵ-ਇਸਤ੍ਰੀ) ਪ੍ਰਭ-ਪਤੀ ਦਾ ਸ਼ੁਕਰਾਨਾ ਕਰਦੀ ਹੈ ਅਤੇ ਮਿਲਾਪ ਹਾਸਲ ਕਰ ਲੈਂਦੀ ਹੈ ਜਿਸ ਦੀ ਸੁਰਤ; ਗੁਰ ਦੇ ਸ਼ਬਦ ’ਚ ਸਦਾ ਜੁੜੀ ਰਹਿਦੀ ਹੈ। ਜਿਸ ਦਾ ਮਨ (ਰੱਬੀ ਸਿਫ਼ਤ-ਸਾਲਾਹ ’ਚ) ਗਿੱਝ ਜਾਂਦਾ ਹੈ ‘‘ਵੈਸਾਖੁ ਭਲਾ, ਸਾਖਾ ਵੇਸ ਕਰੇ ਧਨ ਦੇਖੈ ਹਰਿ ਦੁਆਰਿ; ਆਵਹੁ ਦਇਆ ਕਰੇ ਘਰਿ ਆਉ ਪਿਆਰੇ, ਦੁਤਰ ਤਾਰੇ; ਤੁਧੁ ਬਿਨੁ, ਅਢੁ ਮੋਲੋ ਕੀਮਤਿ ਕਉਣ ਕਰੇ, ਤੁਧੁ ਭਾਵਾਂ, ਦੇਖਿ ਦਿਖਾਵੈ ਢੋਲੋ ਦੂਰਿ ਜਾਨਾ, ਅੰਤਰਿ ਮਾਨਾ; ਹਰਿ ਕਾ ਮਹਲੁ ਪਛਾਨਾ ਨਾਨਕ  ! ਵੈਸਾਖੀਂ ਪ੍ਰਭੁ ਪਾਵੈ; ਸੁਰਤਿ ਸਬਦਿ ਮਨੁ ਮਾਨਾ ’’ (ਤੁਖਾਰੀ ਬਾਰਹਮਾਹਾ/ਮਹਲਾ /੧੧੦੮)

ਵੈਸਾਖ ਮਹੀਨੇ ਨਾਲ ਸੰਬੰਧਿਤ ਉਚਾਰਨ ਕੀਤੇ ਉਕਤ ਤੁਖਾਰੀ ਰਾਗੁ ਦੇ ਸ਼ਬਦ ਦੀ ਸਿੱਖਿਆ ਵਾਙ ਹੀ ਮਾਝ ਰਾਗ ’ਚ ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਸ਼ਬਦ ਹੈ। ਜਿਸ ਰਾਹੀਂ ਕਿਹਾ ਗਿਆ ਹੈ ‘(ਵੈਸਾਖੀ ਵਾਲ਼ਾ ਦਿਨ ਵੈਸੇ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਭਰਿਆ ਦਿਨ ਹੁਦਾ ਹੈ, ਪਰ) ਵੈਸਾਖ ਵਿਚ ਉਨ੍ਹਾਂ ਇਸਤ੍ਰੀਆਂ ਦਾ ਦਿਲ ਕਿਵੇਂ ਟਿਕ ਸਕਦਾ ਹੈ, ਜੋ ਪਤੀ ਤੋਂ ਵਿਛੁੜੀਆਂ ਹੋਈਆਂ ਹਨ। ਜਿਨ੍ਹਾਂ ਦੇ ਅਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ ਤੇ ਮਨ-ਮੋਹਣੀ ਮਾਇਆ ਚਬੜੀ ਹੋਈ ਹੈ ? ਨਾ ਪੁਤ੍ਰ, ਨਾ ਇਸਤ੍ਰੀ, ਨਾ ਧਨ ਭਾਵ ਕੋਈ ਭੀ ਮਨੁੱਖ ਦੇ ਨਾਲ਼ ਸਦਾ ਨਹੀਂ ਨਿਭਦਾ। ਕੈਵਲ ਨਾਸ ਰਹਿਤ ਪਰਮਾਤਮਾ ਹੀ ਅਸਲ ਸਾਥੀ ਹੈ। ਵੈਸੇ ਨਾਸਵਤ ਧਧੇ ਦਾ ਮੋਹ (ਸਾਰੀ ਲੁਕਾਈ ਨੂੰ) ਵਿਆਪ ਰਿਹਾ ਹੈ। (ਮਾਇਆ ਦੇ ਇਸ ਮੋਹ ’ਚ) ਮੁੜ ਮੁੜ ਫਸ ਕੇ ਸਾਰੀ ਲੁਕਾਈ (ਆਤਮਕ ਮੌਤ) ਮਰ ਰਹੀ ਹੈ। ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਹੋਰ ਜਿੰਨੇ ਭੀ ਕਰਮ ਇੱਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਖੋਹ ਲਏ ਜਾਂਦੇ ਹਨ ਭਾਵ ਉੱਚੇ ਆਤਮਕ ਜੀਵਨ ਦਾ ਅਗ ਨਹੀਂ ਬਣਦੇ। ਪਿਆਰ-ਸਰਪ ਪ੍ਰਭ ਨੂੰ ਵਿਸਾਰ ਕੇ ਖ਼ੁਆਰੀ ਹੁਦੀ ਹੈ। ਪਰਮਾਤਮਾ ਤੋਂ ਬਿਨਾਂ ਜਿਦ ਦਾ ਹੋਰ ਕੋਈ ਸਾਥੀ ਨਹੀਂ ਹੈ। ਜਿਹੜੇ ਬਦੇ ਪ੍ਰਭ ਪ੍ਰੀਤਮ ਦੀ ਚਰਨੀਂ ਲੱਗਦੇ ਹਨ, ਉਨ੍ਹਾਂ ਦੀ (ਲੋਕ ਪਰਲੋਕ ’ਚ) ਚੰਗੀ ਸ਼ੋਭਾ ਹੁਦੀ ਹੈ। ਹੇ ਪ੍ਰਭ ! (ਤੇਰੇ ਦਰ ’ਤੇ) ਮੇਰੀ ਬੇਨਤੀ ਹੈ (ਮਿਹਰ ਕਰ) ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ। (ਵੈਸੇ ਰੁੱਤ ਬਦਲਣ ਨਾਲ਼ ਬਨਸਪਤੀ ਭਾਵੇਂ ਸੁਹਾਵਣੀ ਹੋ ਜਾਂਦੀ ਹੈ, ਪਰ) ਜਿਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗਦਾ ਹੈ ਜੇ ਹਰੀ ਸਤ-ਪ੍ਰਭ ਮਿਲ ਪਏ ‘‘ਵੈਸਾਖਿ (’) ਧੀਰਨਿ ਕਿਉ ਵਾਢੀਆ; ਜਿਨਾ ਪ੍ਰੇਮ ਬਿਛੋਹੁ ਹਰਿ ਸਾਜਨੁ ਪੁਰਖੁ ਵਿਸਾਰਿ ਕੈ; ਲਗੀ ਮਾਇਆ ਧੋਹੁ ਪੁਤ੍ਰ ਕਲਤ੍ਰ ਸੰਗਿ ਧਨਾ; ਹਰਿ ਅਵਿਨਾਸੀ ਓਹੁ ਪਲਚਿ ਪਲਚਿ ਸਗਲੀ ਮੁਈ; ਝੂਠੈ ਧੰਧੈ ਮੋਹੁ ਇਕਸੁ ਹਰਿ ਕੇ ਨਾਮ ਬਿਨੁ; ਅਗੈ ਲਈਅਹਿ ਖੋਹਿ (ਖੋਹ) ਦਯੁ ਵਿਸਾਰਿ ਵਿਗੁਚਣਾ; ਪ੍ਰਭ ਬਿਨੁ ਅਵਰੁ ਕੋਇ ਪ੍ਰੀਤਮ ਚਰਣੀ ਜੋ ਲਗੇ; ਤਿਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭ ਬੇਨਤੀ, ਪ੍ਰਭ  ! ਮਿਲਹੁ ਪਰਾਪਤਿ ਹੋਇ ਵੈਸਾਖੁ ਸੁਹਾਵਾ ਤਾਂ ਲਗੈ; ਜਾ ਸੰਤੁ ਭੇਟੈ ਹਰਿ ਸੋਇ ’’ (ਮਾਝ ਬਾਰਹਮਾਹਾ/ਮਹਲਾ /੧੩੪)