ਪੰਥਪ੍ਰੀਤ ਸਿੰਘ ਕੌਣ ਹੈ ?

0
456

ਪੰਥਪ੍ਰੀਤ ਸਿੰਘ ਕੌਣ ਹੈ ?

ਗੁਰਸੇਵਕ ਸਿੰਘ (ਬਠਿੰਡਾ)

ਭਾਈ ਪੰਥਪ੍ਰੀਤ ਸਿੰਘ ਬਾਰੇ ਸਭ ਤੋਂ ਪਹਿਲਾਂ ਮੈਨੂੰ 1998 ’ਚ ਪਤਾ ਲੱਗਿਆ, ਜਦੋਂ ਓਹਨਾਂ ਬਠਿੰਡੇ ਆਈ. ਟੀ. ਆਈ. ਦੇ ਗੁਰਦੁਆਰੇ ’ਚ ਦੀਵਾਨ ਲਾਇਆ ਸੀ, ਪੰਥਪ੍ਰੀਤ ਦਾ ਪਿਛੋਕੜ ਹਿੰਦੂ ਬਾਣੀਆਂ ਪਰਿਵਾਰ ’ਚੋਂ ਹੈ, ਜਦੋਂ ਪੰਥਪ੍ਰੀਤ ਦੀ ਇੱਥੇ ਸ਼ਹਿਰ ’ਚ ਪ੍ਰਸ਼ੰਸਾ ਹੋਣ ਲੱਗੀ ਕਿ ਓਹ ਹਿੰਦੂ ਤੋਂ ਸਿੱਖ ਬਣ ਕੇ ਬਹੁਤ ਸੋਹਣਾ ਪ੍ਰਚਾਰ ਕਰ ਰਿਹੈ ਤਾਂ ਬਠਿੰਡੇ ਦੀ ਇੱਕ ਸੰਸਥਾ ਦੇ ਪ੍ਰਚਾਰਕ ਇਹ ਕਹਿਣ ਲੱਗ ਪਏ ਕੇ ਅਜੇਹਾ ਓਹਨਾਂ ਦੇ ਪ੍ਰਭਾਵ ਕਾਰਨ ਹੋਇਆ ਹੈ, ਮੇਰੀ ਜਾਣਕਾਰੀ ਅਨੁਸਾਰ ਜਦੋਂ ਇਹ ਗੱਲ ਭਾਈ ਪੰਥਪ੍ਰੀਤ ਸਿੰਘ ਤੱਕ ਪਹੁੰਚੀ ਤਾਂ ਉਸ ਨੇ ਆਪਣੇ ਮੇਲ-ਜੋਲ ਵਾਲੇ ਸਿੰਘਾਂ ਕੋਲ ਇਸ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਓਹ ਜੀਵਣ ਨੂੰ ਚੰਗਾ ਬਣਾਉਣ ਵਾਲੇ ਕਿਸੇ ਫਲਸਫੇ ਦੀ ਖੋਜ ’ਚ ਸੀ ਤੇ ਇਸ ਸਮੇਂ ਦੌਰਾਨ ਉਸ ਦਾ ਮੇਲ ਇੱਕ ਬਹੁਤ ਚੰਗੇ ਗੁਰਸਿੱਖ ਸੱਜਣ ਨਾਲ ਹੋਇਆ, ਜਿਸ ਨੇ ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਸਮਝਾਈ, ਇਸ ਉਪਰੰਤ ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਣ ਦੀ ਲਗਨ ਲੱਗ ਗਈ , ਉਸ ਦੇ ਜੀਵਣ ’ਚ ਪਲਟਾ ਆਇਆ ਤੇ ਉਹ ਖੰਡੇ ਦੀ ਪਾਹੁਲ ਪ੍ਰਾਪਤ ਕਰਕੇ ਸਿੰਘ ਸਜ ਗਿਆ ਅਤੇ ਬਾਅਦ ’ਚ ਉਹ ਇਸ ਦੀ ਲੋੜ ਸਮਝ ਕੇ ਕਿ ਧਰਮ ਪ੍ਰਚਾਰ ਦੀ ਬੇਹੱਦ ਲੋੜ ਹੈ ਉਹਨਾਂ ਦੀਵਾਨ ਲਾਉਣੇ ਸ਼ੁਰੂ ਕਰ ਦਿੱਤੇ।

ਮੈਨੂੰ ਯਾਦ ਹੈ ਸ਼ੁਰੂ ਸ਼ੁਰੂ ’ਚ ਮਿਸ਼ਨਰੀ, ਪੰਥਪ੍ਰੀਤ ’ਤੇ ਕਾਫੀ ਔਖੇ ਹੁੰਦੇ ਸੀ ਕਿ ਇਹ ਕੱਚੀਆਂ ਧਾਰਨਾਂ ਲਾਉਂਦੈ, ਇਹ ਸਵਾਲ ਜਵਾਬ 2001 ਜਾਂ 2002 ’ਚ ਹਜ਼ੂਰਾ ਕਪੂਰਾ ਗੁਰਦੁਆਰਾ ਸਾਹਿਬ ਦੇ ਇੱਕ ਦੀਵਾਨ ਪਿੱਛੋਂ ਕੀਤੇ ਗਏ ਸੀ। ਪੰਥਪ੍ਰੀਤ ਸਿੰਘ ਜੋ ਕਿ ਕਿਸੇ ਵੀ ਮਿਸ਼ਨਰੀ ਕਾਲਜ ਨਾਲ ਸੰਬੰਧਿਤ ਨਹੀਂ ਸੀ ਉਸ ਨੇ ਚਰਚਾ ਕਰਨ ਆਏ ਮਿਸ਼ਨਰੀਆਂ ਦੇ ਜਵਾਬ ਬਹੁਤ ਠਰੰਮੇ ਨਾਲ ਦਿੱਤੇ ਸੀ, ਕੱਚੀਆਂ ਧਾਰਨਾਂ ਲਾਉਣ ਬਾਰੇ ਉਸ ਦਾ ਕਹਿਣਾ ਸੀ ਕਿ ਉਸ ਦਾ ਪ੍ਰਚਾਰ ਕਿਉਂਕਿ ਜ਼ਿਆਦਾਤਰ ਪੇਂਡੂ ਇਲਾਕਿਆਂ ’ਚ ਹੈ। ਸੋ, ਉਹ ਦੇਸੀ ਤਰੀਕੇ ਦਾ ਸਹਾਰਾ ਲੈਂਦਾ ਹੈ। ਆਪਣੀ ਗੱਲ ਸਮਝਾਉਣ ਲਈ ਤੇ ਕੁਝ ਸਮੇਂ ਬਾਅਦ ਇਸ ਨੂੰ ਘਟਾ ਦੇਵੇਗਾ। ਮੈਂ ਬਾਅਦ ’ਚ ਉਸ ਦੇ ਪ੍ਰਚਾਰ ’ਚ ਇਹ ਫਰਕ ਦੇਖਿਆ ਵੀ। ਹੁਣ ਭਾਈ ਪੰਥਪ੍ਰੀਤ ਆਪਣੇ ਦੀਵਾਨਾਂ ’ਚ ਜ਼ਿਆਦਾਤਰ ਗੁਰਬਾਣੀ ਦੇ ਅਰਥ ਭਾਵ ਹੀ ਸਮਝਾਉਂਦੈ, ਇਸ ਦੇ ਨਾਲ ਸਿੱਖ ਇਤਿਹਾਸ ’ਚੋਂ ਹਵਾਲੇ ਹੁੰਦੇ ਹਨ।

ਇਹਨਾਂ ਸਾਲਾਂ ਦੌਰਾਨ ਹੀ ਨੂਰਮਹਿਲੀਏ, ਆਸ਼ੂਤੋਸ਼ ਦਾ ਪ੍ਰੋਗਰਾਮ ਬਠਿੰਡੇ ਰੱਖਿਆ ਗਿਆ ਸੀ। ਬਠਿੰਡੇ ਦੀਆਂ ਸੰਗਤਾਂ ਇਸ ਪ੍ਰੋਗਰਾਮ ਦਾ ਵਿਰੋਧ ਕਰ ਰਹੀਆਂ ਸਨ ਪਰ ਸਮੱਸਿਆ ਸੀ ਕਿ ਅੱਗੇ ਕਿਸ ਨੂੰ ਲਾਇਆ ਜਾਵੇ? ਆਸ਼ੂਤੋਸ਼ ਦਾ ਪ੍ਰੋਗਰਾਮ ਰੁਕਵਾਉਣ ਲਈ, ਜਥੇਦਾਰ ਨੰਦਗੜ੍ਹ ਨੂੰ ਗੁਰਦੁਆਰਾ ਹਾਜ਼ੀ ਰਤਨ ਦੀ ਮੀਟਿੰਗ ’ਚ ਸੱਦਿਆ ਗਿਆ ਕਿ ਆਓ, ਸੰਗਤਾਂ ਦੀ ਅਗਵਾਹੀ ਕਰੋ, ਪਰ ਜਥੇਦਾਰ ਨੰਦਗੜ੍ਹ ਮੀਟਿੰਗ ’ਚ ਆ ਕੇ ਜਵਾਬ ਦੇ ਗਿਆ ਕਿ ਇਹ ਕੰਮ ਨਹੀਂ ਹੋ ਸਕਦਾ। ਆਖਿਰ ਨੂੰ ਉਸੇ ਮੀਟਿੰਗ ’ਚ ਨੰਦਗੜ੍ਹ ਵੱਲੋਂ ਜਵਾਬ ਦੇ ਕੇ ਚਲੇ ਜਾਣ ਉਪਰੰਤ ਐਕਸੀਅਨ ਭੁਪਿੰਦਰ ਸਿੰਘ ਨੇ ਪੰਥਪ੍ਰੀਤ ਸਿੰਘ ਨੂੰ ਫੋਨ ਕਰਕੇ ਸੰਗਤਾਂ ਦੀ ਅਗਵਾਹੀ ਕਰਨ ਲਈ ਮੰਨਵਾ ਲਿਆ। ਪੰਥਪ੍ਰੀਤ ਸਿੰਘ ਨੇ ਬਠਿੰਡੇ ਦੇ ਗੁਰੂ ਨਾਨਕ ਸਕੂਲ ’ਚ ਦੀਵਾਨ ਲਾਇਆ, ਉਪਰੰਤ ਡੀ. ਸੀ. ਨੂੰ ਮੈਮੋਰੈੱਨ੍ਡੱਮ (ਮੰਗ ਪੱਤਰ) ਸੰਗਤਾਂ ਨਾਲ ਜਾ ਕੇ ਦਿੱਤਾ, ਜਿਸ ਕਰ ਕੇ ਆਸ਼ੂਤੋਸ਼ ਦਾ ਬਠਿੰਡਾ ਸਮਾਗਮ ਰੱਦ ਕਰਾਉਣ ’ਚ ਸੰਗਤਾਂ ਨੂੰ ਸ਼ਾਤਮਈ ਤਰੀਕੇ ਨਾਲ ਕਾਮਯਾਬੀ ਮਿਲੀ, ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਥੇਦਾਰ ਨੰਦਗੜ੍ਹ ਆਖਰੀ ਸਮੇਂ ’ਚ ਸੰਗਤਾਂ ਦਾ ਇਕੱਠ ਹੋਇਆ ਸੁਣ ਕੇ ਸਕੂਲ ’ਚ ਤਾਂ ਪਹੁੰਚ ਗਿਆ ਪਰ ਅੱਗੇ ਇਹ ਕਹਿ ਕੇ ਨਹੀਂ ਗਿਆ ਕਿ ਜਥੇਦਾਰ ਡੀ. ਸੀ ਤੋਂ ਵੱਡਾ ਹੁੰਦੈ।

ਭਾਈ ਪੰਥਪ੍ਰੀਤ ਸਿੰਘ ਨੇ ਪਿਛਲੇ 25 ਕੁ ਸਾਲ ਦੇ ਸਮੇਂ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰ ਕੇ ਅਣਗਿਣਤ ਅਭਿਲਾਸ਼ੀਆਂ ਨੂੰ ਅੰਮ੍ਰਿਤ ਛਕਾਇਆ ਜਦੋਂ ਕਿ ਇਸ ਸਮੇਂ ਮਾਲਵੇ ’ਚ ਨੌਜਵਾਨ ਵੱਡੀ ਗਿਣਤੀ ’ਚ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਸਨ ਤੇ ਪਿੰਡਾਂ ਦੇ ਪਿੰਡ ਵੱਡੀ ਗਿਣਤੀ ’ਚ ਸਿਰਸੇ ਵਾਲੇ ਡੇਰੇ ਵੱਲ ਉਲਰ ਰਹੇ ਸਨ, ਬਾਕੀ ਇੱਥੇ ਲੱਚਰ ਗਾਇਕੀ ਪੁਆੜੇ ਪਾ ਰਹੀ ਸੀ। ਭਾਈ ਪੰਥਪ੍ਰੀਤ ਨੇ ਕਾਫੀ ਕੂੜ ਪ੍ਰਚਾਰ ਨੂੰ ਠੱਲ ਪਾਈ ਤੇ ਗੁਰਬਾਣੀ ਦੇ ਲੜ੍ਹ ਲਾਇਆ। ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਲਈ ਮਾਨਸਾ, ਬਠਿੰਡਾ, ਬਰਨਾਲਾ, ਸੰਗਰੂਰ ਵੱਲ ਦੇ ਪਿੰਡਾਂ ’ਚ ਜਾ ਕੇ ਪਤਾ ਕੀਤਾ ਜਾ ਸਕਦਾ ਹੈ। ਕਿੰਨੇ ਹੀ ਜਣੇ ਸਾਨੂੰ ਮਿਲ ਜਾਣਗੇ ਜੋ ਪਹਿਲਾਂ ਨਸ਼ੇ ਕਰਦੇ ਸੀ ਪਰ ਹੁਣ ਸਭ ਕੁਝ ਤੋਂ ਤੌਬਾ ਕਰਦੇ ਹੋਏ ਕਿਰਤ ਕਮਾਈ ਕਰਕੇ ਆਪਣਾ ਸੋਹਣਾ ਜੀਵਣ ਬਤੀਤ ਕਰ ਰਹੇ ਹਨ।

ਭਾਈ ਪੰਥਪ੍ਰੀਤ ਸਿੰਘ ਨੇ ਇਸ ਸਮੇਂ ਦੌਰਾਨ ਨਾ ਤਾਂ ਮਿਸ਼ਨਰੀਆਂ ਨਾਲ ਸਾਂਝ ਪਾਈ ਤੇ ਨਾ ਹੀ ਕਦੇ ਵਿਵਾਦਿਤ ਮੁੱਦਿਆਂ ’ਤੇ ਕਦੇ ਚਰਚਾ ਕੀਤੀ। ਭਾਈ ਪੰਥਪ੍ਰੀਤ ਸਿੰਘ ਨੇ ਕਦੇ ਵੀ ਦਸਮ ਗ੍ਰੰਥ ਤੇ ਕਿੰਤੂ ਨਹੀਂ ਕੀਤਾ, ਓਹਨਾਂ ਨੇ ਸਿੱਖੀ ਦਾ ਪ੍ਰਚਾਰ ਹਮੇਸ਼ਾਂ ਹੀ ਅਜ਼ਾਦ ਤੌਰ ’ਤੇ ਪਹਿਰਾ ਦਿੰਦਿਆਂ ਕੀਤਾ। ਇਸ ਸਮੇਂ ਦੌਰਾਨ ਪੰਥਪ੍ਰੀਤ ਨੇ ਨਾ ਤਾਂ ਕੋਈ ਡੇਰਾ ਬਣਾਇਆ, ਨਾ ਹੀ ਆਪਣੇ ਲਈ ਠਾਠ। ਉਹ ਭਾਈ ਬਖਤੌਰ ਪਿੰਡ ’ਚ ਧਰਮ ਪ੍ਰਚਾਰ ਦੇ ਨਾਲ-ਨਾਲ ਦਵਾਈ ਬੂਟੀ ਦੇ ਕੇ ਲੋਕਾਂ ਦਾ ਇਲਾਜ਼ ਵੀ ਕਰਦੇ ਰਹੇ। ਧਰਮ ਪ੍ਰਚਾਰ ਦਾ ਸਾਧਨ ਸਿਰਫ ਇੱਕ ਜੀਪ ਸੀ, ਉਸੇ ’ਤੇ ਜਾਣਾ ਤੇ ਉਸੇ ’ਤੇ ਆਉਣਾ ਹੁੰਦਾ ਸੀ।

ਇਹ ਵੀ ਹਿੰਦੂ ਪਰਿਵਾਰਾਂ ਵਿਚੋਂ ਹੀ ਆਏ, ਜੋ ਸਿੱਖੀ ਨੂੰ ਬਰਬਾਦ ਕਰਨ ਲੱਗੇ ਹੋਏ ਹਨ।

ਭਾਈ ਪੰਥਪ੍ਰੀਤ ਸਿੰਘ ਹਮੇਸ਼ਾਂ ਹੀ ਚਰਚਾ ਤੋਂ ਪਾਸੇ ਰਹੇ ਹਨ ਪਰ 2015 ’ਚ ਨਾਨਕਸ਼ਾਹੀ ਕੈਲੰਡਰ ਵਿਵਾਦ ਲਈ ਅਕਾਲ ਤਖ਼ਤ (ਅੰਮ੍ਰਿਤਸਰ) ਵਿਖੇ 1 ਜਨਵਰੀ ਨੂੰ ਵੱਡਾ ਇਕੱਠ ਕਰ ਕੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਵਿਖੇ ਹੋਈ ਬੇਅਦਬੀ ਦੇ ਖਿਲਾਫ਼ ਕੋਟਕਪੂਰੇ ’ਚ ਧਰਨਾ ਲਾਉਣ ਉਪਰੰਤ ਕੁਝ ਸਿੱਖ ਵਿਰੋਧੀਆਂ ਦੇ ਅੱਖਾਂ ’ਚ ਰੜਕਣ ਲੱਗ ਪਏ ਹਨ।

ਸੋ ਇਹ ਸੀ ਭਾਈ ਪੰਥਪ੍ਰੀਤ ਸਿੰਘ ਦੀ ਕਹਾਣੀ। ਭਾਈ ਪੰਥਪ੍ਰੀਤ ਦਾ ਗੁਨਾਹ ਇਹ ਹੈ ਕਿ ਨਾ ਉਹ ਬਾਦਲ ਥੱਲੇ ਲੱਗਿਆ, ਨਾ ਹੀ ਮਾਨ ਦੇ, ਨਾ ਉਸ ਨੇ ਸੰਤ ਸਮਾਜ ਦੀ ਸੋਚ ਨੂੰ ਅਪਣਾਇਆ ਤੇ ਨਾ ਹੀ ਕਿਸੇ ਹੋਰ ਜਥੇਬੰਦੀ ਦੀ ਈਨ ਮੰਨੀ।