ਗੁਰਮਤਿ ਵਿਰੋਧੀ ਤਾਕਤਾਂ ਦੇ ਦਸਤਿਆਂ ਤੋਂ ਸੰਗਤਾਂ ਸੁਚੇਤ ਰਹਿਣ

0
209

ਗੁਰਮਤਿ ਵਿਰੋਧੀ ਤਾਕਤਾਂ ਦੇ ਦਸਤਿਆਂ ਤੋਂ ਸੰਗਤਾਂ ਸੁਚੇਤ ਰਹਿਣ 

ਗੁਰਵਿੰਦਰ ਕੌਰ (ਬਠਿੰਡਾ)

ਬ੍ਰਾਹਮਣੀ ਸੋਚ ਨੇ ਗੁਰਮਤਿ ਅਸੂਲਾਂ ਦੀ ਵਿਲੱਖਣਤਾ ਨੂੰ ਮਿਟਾਉਣ ਦਾ ਹਰ ਹੀਲਾ ਵਸੀਲਾ; ਗੁਰੂ ਕਾਲ ਤੋਂ ਵਰਤਿਆ ਹੈ, ਜਿਸ ਨੂੰ ਅਗਾਂਹ ਵਧਾ ਰਹੀ ਹੈ ‘ਟਕਸਾਲੀ ਤੇ ਸੰਤ ਸਮਾਜ ਸੋਚ ਆਰ. ਐੱਸ. ਐੱਸ. ਨੇ ਇਨ੍ਹਾਂ ਨੂੰ ਅੱਗੇ ਕਰ ਕੇ ਪਹਿਲਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ’ਚ ਘੁਸਪੈਠ ਕਰ ਕੇ ਅਕਾਲ ਤਖ਼ਤ ਤੋਂ ਗਲਤ ਫ਼ੈਸਲੇ ਕਰਵਾਉਣ ’ਤੇ ਲਾਗੂ ਕਰਵਾਉਣ ਵਿੱਚ ਸਫਲਤਾ ਪਾਈ ਤੇ ਹੁਣ ਇਨ੍ਹਾਂ ਦੇ ਨਿਸ਼ਾਨੇ ਉੱਤੇ ਹਨ ‘ਗੁਰਮਤਿ ਅਨੁਸਾਰੀ ਵਿਚਰਨ ਵਾਲੇ ਸਿੱਖ ਪ੍ਰਚਾਰਕ

ਭਾਈ ਪੰਥਪ੍ਰੀਤ ਸਿੰਘ ਜੀ ਅਤੇ ਜਰਮਨੀ ਦੀਆਂ ਸੰਗਤਾਂ ਉੱਤੇ ਵਹਿਸ਼ੀਆਨੇ ਢੰਗ ਨਾਲ ਹਮਲਾ ਕਰ ਕੇ ਇਨ੍ਹਾਂ ਡੇਰਾਵਾਦੀ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਅਕਲ ਨਾਂ ਦੀ ਕੋਈ ਚੀਜ ਇਨ੍ਹਾਂ ਕੋਲ ਨਹੀਂ ਹੈ। ਇਨ੍ਹਾਂ ਦੀਆਂ ਗੁਰਮਤਿ ਵਿਰੋਧੀ ਹਰਕਤਾਂ ਦੇ ਕੁਝ ਕੁ ਅੰਸ ਇਸ ਪ੍ਰਕਾਰ ਹਨ:

(1). ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨਾ ਅਤੇ ਗੁਰੂ ਦਰਬਾਰ ’ਚ ਗੱਦੀ ਤੱਕ ਲਗਾ ਕੇ ਬੈਠ ਜਾਣਾ, ਜਿਸ ਸਦਕਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਦੇ ਸਿਧਾਂਤ ਨੂੰ ਖੋਰਾ ਲੱਗ ਰਿਹਾ ਹੈ।

(2). ਗੁਰਬਾਣੀ ਵਿੱਚ ਦਰਜ ਉਪਦੇਸ਼ ਦੀ ਨਿਸਬਤ ਗੁਰੂ ਨਾਨਕ ਜੀ ਦੇ ਜੀਵਨ ਵੇਰਵੇ ਨਾਲ ਸੰਬੰਧਿਤ ਮੰਨੀ ਜਾਂਦੀ ਬਾਲਾ ਸਾਖੀ, ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਸੂਰਜ ਪ੍ਰਕਾਸ਼ ਆਦਿ ਪੁਸਤਕਾਂ ਵਿੱਚ ਦਰਜ ਗੁਰਮਤਿ ਵਿਰੋਧੀ ਇਤਿਹਾਸ ਨੂੰ ਵੱਧ ਮਹਾਨਤਾ ਦੇਣੀ।

(3). ਪੰਥਕ ਏਕਤਾ ਦਾ ਪ੍ਰਤੀਕ ਕਹੀ ਜਾਂਦੀ ‘ਸਿੱਖ ਰਹਿਤ ਮਰਯਾਦਾ’ ਨੂੰ ਮੰਨਣ ਦੀ ਬਜਾਇ ਇਸ ਦੇ ਉਲਟ ਇਨ੍ਹਾਂ ਆਪਣੀ ਹੀ ਮਰਿਆਦਾ ਬਣਾ ਰੱਖੀ ਹੈ। ਜਿਸ ਨਾਲ ਕੌਮੀ ਵਿਵਾਦ ਅਤੇ ਵਧ ਰਹੇ ਹਨ ਤੇ ਕੌਮੀ ਏਕਤਾ ਨੂੰ ਢਾਹ ਲੱਗ ਰਹੀ ਹੈ।

(4). ਗੁਰਦੁਆਰਿਆਂ ਦੇ ਮੁਕਾਬਲੇ ਬਣਾਏ ਗਏ ਡੇਰਿਆਂ ਵਿੱਚ ਗੁਰਮਤਿ ਵਿਰੋਧੀ ਹਿੰਦੂ ਤਿਉਹਾਰ ਮਨਾਉਣੇ; ਜਿਵੇਂ ਕਿ ‘ਸੰਗਰਾਂਦ, ਮੱਸਿਆ, ਪੂਰਨਮਾਸ਼ੀ, ਦਸਮੀ, ਆਦਿ ਤੋਂ ਇਲਾਵਾ ਮਹੀਨਾਵਾਰੀ ਇਤਿਹਾਸਕ ਦਿਹਾੜਿਆਂ ਦੇ ਮੁਕਾਬਲੇ ਆਪਣੀਆਂ ਟਕਸਾਲਾਂ ਦੇ ਮੁਖੀਆਂ ਦੇ ਨਾਂ ’ਤੇ ਬਰਸੀਆਂ ਮਨਾ ਕੇ ਸੰਗਤਾਂ ਨੂੰ ਭਰਮ ’ਚ ਪਾਉਣਾ।

(5). ਕੌਮੀ ਪਹਿਚਾਣ ਅਤੇ ਵਿਲੱਖਣਤਾ ਦਾ ਪ੍ਰਤੀਕ ਮੰਨੇ ਜਾਂਦੇ ‘ਨਾਨਕਸ਼ਾਹੀ ਕੈਲੰਡਰ’ ਨੂੰ ਰੱਦ ਕਰਵਾ ਕੇ ਬਿਕ੍ਰਮੀ (ਬ੍ਰਾਹਮਣੀ) ਕੈਲੰਡਰ ਨੂੰ ਮਾਨਤਾ ਦੇਣੀ।

(6). ਗੁਰੂ ਸਾਹਿਬਾਨ, ਪੰਜ ਪਿਆਰੇ ਅਤੇ ਸਾਹਿਬਜ਼ਾਦਿਆਂ ਨੂੰ ਦੇਵਤਿਆਂ ਦਾ ਅਵਤਾਰ ਮੰਨਣਾ ਤੇ ਗੁਰਦੁਆਰਿਆਂ ’ਚ ਪ੍ਰਚਾਰ ਕਰ ਕੇ ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਨੂੰ ਹਿੰਦੂ ਧਰਮ ਨਾਲ ਰਲਗੱਡ ਕਰਕੇ ਕਮਜੋਰ ਕਰਨਾ। ਅਤੇ ਗੁਰੂ ਦੀ ਗੋਲਕ ਨਾਲ ਆਪਣੀ ਸ਼ਕਤੀ ਵੀ ਵਧਾਉਣੀ।

(7). ਜਾਤ ਪਾਤ ਆਧਾਰਿਤ ਪੰਗਤਾਂ ਲਵਾ ਕੇ ਸੰਗਤਾਂ ’ਚ ਭਾਂਡੇ ਵੀ ਵੱਖੋ-ਵੱਖਰੇ ਰੱਖਣੇ।

(8). ਪਿੱਤਰ ਕਿਰਿਆ ਵਾਂਗ ਮਰ ਚੁੱਕੇ ਬਾਬਿਆਂ ਦੀਆਂ ਨਿਸ਼ਾਨੀਆਂ ਸੰਭਾਲ ਕੇ ਰੱਖਣੀਆਂ ਅਤੇ ਸੰਗਤਾਂ ਤੋਂ ਇਨ੍ਹਾਂ ਦੀ ਪੂਜਾ ਕਰਵਾਉਣੀ, ਇਨ੍ਹਾਂ ਨੂੰ ਗੁਰਮਤਿ ਅਨੁਸਾਰੀ ਜਾਪਦਾ ਹੈ।

(9). ਪਾਲਕੀਆਂ ਵਿੱਚ ਬਾਬਿਆਂ ਦੀ ਫੋਟੋਆਂ ਰੱਖ ਕੇ ਨਗਰ ਕੀਰਤਨ ਕੱਢਣੇ।

(10). ਡੇਰਿਆਂ ’ਚ ਨਿਸ਼ਾਨ ਸਾਹਿਬ ਨਾ ਲਗਾਉਣਾ ਅਤੇ ਲੰਗਰ ਦੀ ਮਰਿਆਦਾ ਵੀ ਕਾਇਮ ਨਾ ਰੱਖਣੀ, ਜੋ ਦੂਰ ਦੁਰਾਡਿਓਂ ਸੰਗਤ ਨੂੰ ਗੁਰੂ ਘਰ ਨਾਲ ਜੋੜਨ ਵਾਲੀ ਰਵਾਇਤ ਹੈ।

(11). ਗੁਰਬਾਣੀ ਦਾ ਪਾਠ ਸੰਪਟ ਲਾ ਕੇ ਕਰਨਾ, ਗੁਰਬਾਣੀ ਦੇ ਗੁਟਕੇ ਸੰਪਟ ਲਾ-ਲਾ ਕੇ ਛਾਪਣੇ, ਆਪਣੇ ਮਰ ਚੁੱਕੇ ਕਥਿਤ ਮਹਾਂਪੁਰਖਾਂ ਨੂੰ ਗੁਰੂ ਸਾਹਿਬਾਨ ਨਾਲੋਂ ਵੀ ਵੱਧ ਸੂਝਵਾਨ ਸਿੱਧ ਕਰਨ ਦਾ ਜਤਨ ਕਰਨਾ।

(12). ਕੁਦਰਤ ਦੇ ਵਿਕਾਸ ਦਾ ਅਹਿਮ ਅੰਗ ਮੰਨੀ ਜਾਂਦੀ ਔਰਤ ਜਾਤੀ ਨੂੰ ਬਰਾਬਰ ਦਾ ਹੱਕ ਨਾ ਦੇਣਾ; ਜਿਵੇਂ ਕਿ ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਨਾ ਬੈਠਣ ਦੇਣਾ, ਕੀਰਤਨ ਨਾ ਕਰਨ ਦੇਣਾ, ਅੰਮ੍ਰਿਤ ਸੰਚਾਰ ਸਮੇਂ ਪੰਜ ਪਿਆਰਿਆਂ ’ਚ ਸ਼ਾਮਲ ਨਾ ਕਰਨਾ, ਆਦਿ। ਸੰਨ 1699 ਦੀ ਵਿਸਾਖੀ ਨੂੰ ਮਾਤਾ ਜੀਤੋ ਜੀ ਤੋਂ ਦਸਮੇਸ਼ ਪਿਤਾ ਦੁਆਰਾ ਪੁਆਏ ਗਏ ਜਲ ’ਚ ਪਤਾਸਿਆਂ ਵਾਲੀ ਇਤਿਹਾਸਕ ਘਟਨਾ ਦਾ ਘੋਰ ਅਪਮਾਨ ਹੈ, ਆਦਿ ਗੁਰਮਤਿ ਵਿਰੋਧੀ ਕਾਰਜ ਇਹ ਬੜੀ ਸ਼ਾਨ ਨਾਲ ਆਪ ਕਰਦੇ ਅਤੇ ਸੰਗਤਾਂ ਨੂੰ ਕਰਨ ਲਈ ਪ੍ਰੇਰਦੇ ਰਹਿੰਦੇ ਹਨ। ਜੋ ਵੀ ਗੁਰਸਿੱਖ ਪ੍ਰਚਾਰਕ ਇਸ ਮਨਮਤ ਦਾ ਵਿਰੋਧ ਕਰ ਕੇ ਸੰਗਤਾਂ ਨੂੰ ਅਸਲੀਅਤ (ਗੁਰਮਤਿ) ਨਾਲ ਜੋੜਨ ਦਾ ਯਤਨ ਕਰਦੇ ਹਨ ਉਨ੍ਹਾਂ ਨੂੰ ਗਾਲਾਂ ਕੱਢਣੀਆਂ, ਫੇਸਬੁੱਕ ਉੱਤੇ ਜਾਲ੍ਹੀ ਅਕਾਊਂਟ ਬਣਾ ਕੇ ਧਮਕੀਆਂ ਦੇਣੀਆਂ ਅਤੇ ਸੰਗਤਾਂ ਨੂੰ ਵਰਗਲਾ ਕੇ ਹਮਲੇ ਕਰਵਾਉਂਦੇ ਰਹਿੰਦੇ ਹਨ: ਜਿਵੇਂ ਕਿ

(1). ਪਿਛਲੇ ਸਾਲ ਗੁਰਮਤਿ ਦੀ ਵਿਲੱਖਣਤਾ ਨੂੰ ਜ਼ਾਹਰ ਕਰਦੀ ਜਲ ਦੀ ਛਬੀਲ ਨੂੰ ਆਧਾਰ ਬਣਾ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉੱਤੇ ਹਮਲਾ ਕੀਤਾ ਗਿਆ।

(2). ਪਿਛਲੇ ਮਹੀਨੇ ਹੀ ਭਾਈ ਰਣਜੀਤ ਸਿੰਘ ਜੀ ਨਾਲ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਵੇਰਵੇ ਨੂੰ ਆਧਾਰ ਬਣਾ ਕੇ ਵਾਦ-ਵਿਵਾਦ ਨੂੰ ਮੁੜ ਵਧਾਇਆ ਗਿਆ ਅਤੇ ਹੁਣ ਭਾਈ ਪੰਥਪ੍ਰੀਤ ਸਿੰਘ ਉੱਤੇ ਇਟਲੀ ਤੇ ਜਰਮਨੀ ਵਿੱਚ ਹਮਲਾ ਕਰ ਕੇ ਉਨ੍ਹਾਂ ਦੀ ਦਸਤਾਰ ਉਤਾਰੀ ਗਈ। ਅਜਿਹੀਆਂ ਹਰਕਤਾਂ ਨੂੰ ਵੇਖਦਿਆਂ ਹੀ ਇਟਲੀ ਦੀ ਸੁਪਰੀਮ ਕੋਰਟ ਨੇ ਸਿੱਖਾਂ ਦੀ ਕਕਾਰ (ਕਿਰਪਾਨ) ਪਹਿਨਣ ਉੱਤੇ ਪਾਬੰਦੀ ਲਗਾ ਦਿੱਤੀ।

ਵਿਚਾਰਕ ਮਤਭੇਦ ਹੋਣੇ ਸੁਭਾਵਕ ਹੈ ਪਰ ਕਿਸੇ ਦੀ ਵਿਚਾਰਧਾਰਾ (ਪ੍ਰਚਾਰ) ਨੂੰ ਰੋਕਣ ਲਈ ਜੋ ਯੁਕਤੀ ਅਪਣਾਈ ਜਾ ਰਹੀ ਹੈ ਉਹ ਅਤਿ ਨਿੰਦਣਯੋਗ ਹੈ। ਮੀਡੀਆ ਯੁੱਗ ਵਿੱਚ ਛੋਟੀ ਤੋਂ ਛੋਟੀ ਘਟਨਾ ਵੀ ਵਿਆਪਕ ਰੂਪ ਧਾਰਨ ਕਰ ਲੈਂਦੀ ਹੈ, ਜਿਸ ਨਾਲ ਸਿੱਖੀ ਬਦਨਾਮ ਹੋ ਰਹੀ ਹੈ। ਅਜਿਹੀਆਂ ਹਰਕਤਾਂ ਨਾਲ ਜਿੱਥੇ ਗੁਰਮਤਿ ਦੀ ਵਿਲੱਖਣਤਾ ਨੂੰ ਕਿਸੇ ਸਾਜਿਸ਼ ਅਧੀਨ ਨਸ਼ਟ ਕੀਤਾ ਜਾ ਰਿਹਾ ਹੈ ਉੱਥੇ ਗੁਰਬਾਣੀ ਸਿਧਾਂਤ ਨੂੰ ਆਪਣੇ ਲਈ ਖ਼ਤਰਾ ਮੰਨਣ ਵਾਲੀਆਂ ਸ਼ਕਤੀਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ, ਜਿਨ੍ਹਾਂ ਗੁਰੂ ਘਰਾਂ ’ਚ ਹਵਨ, ਚਲੀਹੇ, ਜਗਰਾਤੇ, ਓਮ ਓਮ ਦੇ ਜਾਪ, ਆਦਿ ਅਰੰਭ ਕਰਾ ਦਿੱਤੇ ਹਨ।

ਸਿੱਖ ਸੰਗਤ ਇਨ੍ਹਾਂ ਵਿਸ਼ਿਆਂ ਨੂੰ ਗੰਭੀਰਤਾ ਨਾਲ ਵਿਚਾਰਨ ਅਤੇ ਗੁਰਮਤਿ ਵਿਰੋਧੀ ਤਾਕਤਾਂ ਦੀਆਂ ਕਠਪੁਤਲੀਆਂ ਤੋਂ ਸੁਚੇਤ ਰਹਿ ਕੇ ਗੁਰਮਤਿ ਅਨੁਸਾਰੀ ਪ੍ਰਚਾਰਕਾਂ ਦਾ ਸਾਥ ਦੇਣ। ਇਹੀ ਮੀਰੀ-ਪੀਰੀ ਦਾ ਵਿਲੱਖਣਤਾ ਹੈ।