ਅੱਧਕ ਤੇ ਪੈਰ ਬਿੰਦੀ ਦਾ ਪ੍ਰਯੋਗ ਗੁਰਬਾਣੀ ਵਿੱਚ ਨਾ ਹੋਣ ਦੇ ਕੁਝ ਕਾਰਨ

2
1929

ਵੀਰ ਅਜੀਤ ਸਿੰਘ ਜੀ !

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ।

ਗਿਆਨੀ ਅਵਤਾਰ ਸਿੰਘ-94650-40032

ਆਪ ਜੀ ਦੁਆਰਾ ਪਿਛਲੇ ਦਿਨੀਂ ਕੁੱਝ ਸਵਾਲਾਂ ਦੇ ਜਵਾਬ ਲੈਣ ਬਾਰੇ ਮੇਰੀ ਰਾਇ ਜਾਣਨੀ ਚਾਹੀ ਸੀ, ਜਿਸ ਉਪਰੰਤ ਮੈਂ ਆਪ ਜੀ ਨੂੰ ਆਪਣੀ ਸੀਮਤ ਬੁੱਧੀ ਨਾਲ਼ ਜਵਾਬ ਦੇਣ ਦਾ ਵਾਧਾ ਕੀਤਾ ਸੀ। ਮਾਫੀ ਚਾਹਾਂਗਾ ਕਿ ਕਿਸੀ ਕਾਰਨ ਜਵਾਬ ਦੇਣ ਵਿੱਚ ਦੇਰੀ ਹੋ ਗਈ।

ਪਹਿਲਾ ਸਵਾਲ: ਤੁਹਾਡਾ ਇਹ ਮੰਨਣਾ ਹੈ ਕਿ ਗੁਰਬਾਣੀ ’ਚ 6 ਅੱਖਰ ਧੁਨੀ (ਸ਼, ਖ਼, ਗ਼, ਜ਼, ਫ਼, ਲ਼) ਅਤੇ ਅੱਧਕ ਦਰਜ ਨਹੀਂ ਹੈ, ਫਿਰ ਇਸ ਧੁਨੀ ਦਾ ਉਚਾਰਨ ਸਮਾਂ ਕੀ ਸੀ ?

ਜਵਾਬ: ਇਹ ਸੱਚ ਹੈ ਕਿ ਗੁਰਬਾਣੀ ਲਿਖਤ ’ਚ ਇਨ੍ਹਾਂ ਧੁਨੀਆਂ ਦਾ ਪ੍ਰਯੋਗ ਨਹੀਂ ਕੀਤਾ ਗਿਆ, ਪਰ ਇਹ ਵੀ ਵਿਚਾਰਨਯੋਗ ਹੈ ਕਿ ਕੀ ਤਦ

ਜਿਨੀ ਨਾਮੁ ਧਿਆਇਆ; ਗਏ ‘ਮਸਕਤਿ’ ਘਾਲਿ ॥ (ਜਪੁ) ਤੁਕ ’ਚ ਦਰਜ ‘ਮਸਕਤਿ’ ਨੂੰ ‘ਮਸ਼ੱਕਤ’ ਨਹੀਂ ਪੜ੍ਹਦੇ ਹੋਣਗੇ, ਜੋ ਬਿਲਕੁਲ ਗਲਤ ਹੋਵੇਗਾ ਭਾਵ ਗੁਰੂ ਨਾਨਕ ਜੀ ਨੂੰ ਪਤਾ ਸੀ ਕਿ ਇਸ ਸ਼ਬਦ ਦਾ ਉਚਾਰਨ ‘ਮਸਕਤਿ’ ਨਹੀਂ ਬਲਕਿ ‘ਮਸ਼ੱਕਤ’ ਹੈ।

ਕਿਸੇ ਭਾਸ਼ਾ ਦਾ ਵਿਕਾਸ ਉਸ ਦੀ ਉਚਾਰਨ ਧੁਨੀ ਦੀਆਂ ਬਾਰੀਕੀਆਂ ਨੂੰ ਲਿਖਤ ਰੂਪ ਵਿੱਚ ਲੈ ਕੇ ਆਉਣ ਨੂੰ ਕਿਹਾ ਜਾਂਦਾ ਹੈ, ਜੋ ਕੁੱਝ ਹੱਦ ਤੱਕ ਪ੍ਰਚਲਿਤ ਬੋਲੀ ਦਾ ਭਾਗ ਵੀ ਹੁੰਦੀ ਹੈ; ਜਿਵੇਂ ਕਿ

‘ਜਲ’ ਦਾ ਅਰਥ ਹੈ ‘ਪਾਣੀ’ ਪਰ ‘ਜਲ਼’ ਦਾ ਅਰਥ ਹੈ ‘ਈਰਖਾ, ਸੜਨ’। ਭਾਸ਼ਾ ਵਿਗਿਆਨੀ ‘ਜਲ਼’ (ਧੁਨੀ) ਨੂੰ ਲਿਖਤ ਰੂਪ ’ਚ ਲਿਆਉਣ ਤੋਂ ਬਹੁਤ ਪਹਿਲਾਂ ਤੋਂ ਬੋਲਦੇ ਆ ਰਹੇ ਸਨ, ਪਰ ਜਦ ਇਸ ਨੂੰ ਲਿਖਤੀ ਰੂਪ ਮਿਲ ਗਿਆ ਤਾਂ ਹਰ ਕੋਈ ਸਹਿਜੇ ਹੀ ਪ੍ਰਯੋਗ ਕਰਨਾ ਸਿੱਖ ਗਿਆ। ਇਸ ਤੋਂ ਸਪਸ਼ਟ ਹੈ ਕਿ ਧੁਨੀ ਉਚਾਰਨ, ਲਿਖਤ ਤੋਂ ਬਹੁਤ ਪਹਿਲਾਂ ਪ੍ਰਚਲਿਤ ਹੋ ਚੁੱਕਾ ਹੁੰਦਾ ਹੈ।

ਪੰਜਾਬੀ ਭਾਸ਼ਾ ਤੋਂ ਇਲਾਵਾ ਅੱਧਕ ਦਾ ਪ੍ਰਯੋਗ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਹੁੰਦਾ, ਇਸ ਦੀ ਥਾਂ ਉਨ੍ਹਾਂ ਪਾਸ ਡਬਲ ਅੱਖਰ ਧੁਨੀ ਹੁੰਦੀ ਹੈ; ਜਿਵੇਂ ‘ਦਿੱਲੀ’ ਦੀ ਲਿਖਤ ‘ਦਿਲ੍ਲੀ’।

ਇਹ ਮੰਨਣਾ ਅਸੰਭਵ ਹੈ ਕਿ ਕੋਈ ਭਾਸ਼ਾ ਅੱਧਕ ਜਾਂ ਡਬਲ ਅੱਖਰ ਧੁਨੀ ਤੋਂ ਬਿਨਾਂ ਹੀ ਸਦੀਆਂ ਤੱਕ ਪ੍ਰਚਲਿਤ ਹੋਵੇ। ਪੰਜਾਬੀ ਭਾਸ਼ਾ ਦੀ ਸਾਹਿਤਕ ਰਚਨਾ ਦਾ ਕਾਲ ਮਛੰਦਰਨਾਥ ਜੋਗੀ ਤੇ ਗੋਰਖਨਾਥ (ਭਾਵ 8ਵੀਂ ਜਾਂ 9ਵੀਂ) ਸਦੀ ਤੋਂ ਪ੍ਰਚਲਿਤ ਮਿਲਦਾ ਹੈ। ਇਸ ਭਾਸ਼ਾਈ ਸ਼ਬਦ ਸੰਗ੍ਰਹਿ ਵਿੱਚ 11ਵੀਂ ਸਦੀ ’ਚ ਭਾਰਤ ਉੱਤੇ ਮੁਸਲਮਾਨਾਂ ਦਾ ਰਾਜ ਸਥਾਪਤ ਹੋਣ ਉਪਰੰਤ ਫਾਰਸੀ, ਅਰਬੀ ਅੱਖਰਾਂ ਦੀ ਧੁਨੀ ਵੀ ਸ਼ਾਮਲ ਹੋ ਗਈ, ਜਿਸ ਨੂੰ ਅਸੀਂ ਪੈਰ ਬਿੰਦੀ ਦੇ ਰੂਪ ਵਿੱਚ ਜਾਣਦੇ ਹਾਂ। ਜਦ ਸਮਾਜਿਕ ਬੋਲੀ ਦੇ ਸ਼ਬਦ ਆਮ ਹੀ ਪ੍ਰਚਲਿਤ ਹੋਣ ਤਾਂ ਲਿਖਤ ’ਚ ਉਚਾਰਨ ਧੁਨੀ ਦਰਜ ਨਾ ਕਰ ਕੇ ਵੀ ਉਚਾਰਨ ਦਰੁਸਤ ਕਰ ਲਿਆ ਜਾਂਦਾ ਹੈ, ਪਰ ਅਜੋਕੀ ਸਥਿਤੀ ਆਮ ਬੋਲੀ ਦੀ ਸ਼ਬਦ ਧੁਨੀ ’ਚ ਇਨ੍ਹਾਂ ਦੇ ਪ੍ਰਯੋਗ ਦੀ ਘਾਟ ਕਾਰਨ ਉਤਪੰਨ ਹੋਈ ਹੈ, ਜਿਸ ਦੇ ਅਜੋਕੇ ਪ੍ਰਸੰਸਕਾਂ ਨੇ ਆਪ ਜੀ ਵਾਙ ਸਵਾਲ ਪੈਦਾ ਕਰ ਲਏ ।

ਮੇਰੀ ਰਾਇ ਮੁਤਾਬਕ ‘ਅੱਧਕ’ ਕਿਸੇ ਸ਼ਬਦ ਦਾ ਮੱਧ (ਅੱਧ) ਹੁੰਦੀ ਹੈ ਭਾਵ ਸ਼ਬਦ ਧੁਨੀ ਨੂੰ ਅਗੇਤਰ ਤੇ ਪਿਛੇਤਰ ਭਾਗਾਂ ਵਿੱਚ ਵੰਡਦੀ ਹੈ ਜਾਂ ਵਾਧੂ ਵਜ਼ਨ ਦਵਾਉਣ ਵੱਲ ਪ੍ਰੇਰਦੀ ਹੈ ਜਿਵੇਂ ਕਿ ‘ਅ+ਟਲ’ ਨੂੰ ‘ਅਟੱਲ’, ‘ਸ+ਬਲ’ ਨੂੰ ‘ਸਬੱਲ’ ਅਗੇਤਰ ਧੁਨੀ ਵੰਡ ਦਿੱਤੀ ਗਈ ਅਤੇ ‘ਮਸ਼ੱਕਤ’ ’ਚ ‘ਮਸ਼ਕ੍ਕਤ’ ਭਾਵ ਪਿਛੇਤਰ ਡਬਲ ‘ਕ’ ਕਰ ਦਿੱਤਾ ਗਿਆ। ਜਿਸ ਅੱਖਰ ਉੱਤੇ ਅੱਧਕ ਲੱਗੀ ਹੈ ਉਸ ਦੀ ਧੁਨੀ ਹਮੇਸ਼ਾਂ ਮੱਧਮ (ਘੱਟ ਵਜ਼ਨ ਵਾਲ਼ੀ) ਹੀ ਰਹਿੰਦੀ ਹੈ; ਜਿਵੇਂ ਕਿ ਉਕਤ ਸ਼ਬਦਾਂ ’ਚ ‘ਟ, ਬ, ਸ਼’ ਅੱਖਰ ਧੁਨੀ।

ਪਵਰਗ (ਪ, ਫ, ਬ, ਭ, ਮ) ਵਾਲੀ ਧੁਨੀ ’ਚ ਇਹ ਅੱਧਕ ਜ਼ਿਆਦਾਤਰ ਟਿੱਪੀ ਬਣ ਜਾਂਦੀ ਹੈ ਪਰ ਉਚਾਰਨ ਨਿਯਮ (ਅਗੇਤਰ-ਪਿਛੇਤਰ ਵੰਡਣਾ) ਅੱਧਕ ਵਾਙ ਹੀ ਜਾਰੀ ਰੱਖਦੀ ਹੈ ਜਿਵੇਂ ਕਿ ‘ਅ+ਗਮ’ ਨੂੰ ‘ਅਗੰਮ’ ਕਰ ਦਿੱਤਾ, ਨਾ ਕਿ ‘ਅਗੱਮ’ ਕਿਉਂਕਿ ਅੱਧਕ ਵਾਲ਼ੇ ਅੱਖਰ ਉਪਰੰਤ ਪਵਰਗ (ਮ) ਅੱਖਰ ਹੈ, ਜਿਸ ਨੇ ‘ਗ’ ਉੱਤੇ ਅੱਧਕ ਦੀ ਬਜਾਇ ਟਿੱਪੀ ਲਗਾ ਦਿੱਤੀ।

ਤੁਹਾਡਾ ਇਹ ਕਹਿਣਾ ਕਿ 1830 ਈਸਵੀ ਉਪਰੰਤ ਇਨ੍ਹਾਂ ਦਾ ਲਿਖਤ ’ਚ ਪ੍ਰਯੋਗ ਹੋਇਆ ਮਿਲਦਾ ਹੈ, ਮੰਨਣਯੋਗ ਹੈ, ਪਰ ਉਚਾਰਨ ਧੁਨੀ ਪੰਜਾਬੀ ਭਾਸ਼ਾ ਦੇ ਨਿਕਾਸ ਤੋਂ ਹੀ ਮੰਨਣੀ ਪਵੇਗੀ ਕਿਉਂਕਿ ਤਦ ਤੋਂ ਹੀ ਡਬਲ ਅੱਖਰ ਵੀ ਇਸ ਬੋਲੀ ਵਿੱਚ ਨਹੀਂ ਸਨ। ਪੈਰ ਬਿੰਦੀ ਉਚਾਰਨ 11 ਵੀਂ ਸਦੀ ਤੋਂ ਆਰੰਭ ਮੰਨਣਾ ਪਵੇਗਾ। ਬਾਬਾ ਫਰੀਦ ਜੀ ਦੀ ਰਚਨਾ ਸਮੇਂ ਇਤਨਾ ਲਿਖਤ ਨਿਖਾਰ ਇਸ ਭਾਸ਼ਾ ਦੀ ਨਿਕਾਸੀ ਨੂੰ ਬਹੁਤ ਪਿੱਛੇ ਲੈ ਜਾਂਦਾ ਹੈ।

ਦੂਸਰਾ ਸਵਾਲ: ਗੁਰਬਾਣੀ ਦੀ ਲਿਖਤ ਨੂੰ ਪਦ ਛੇਦ ਕਰਨ ਨਾਲ਼ ਸੰਬੰਧਿਤ ਸੀ, ਕਿ ਇਸ ਦੀ ਸ਼ਬਦ ਵੰਡ ਕਿਵੇਂ ਕੀਤੀ ਗਈ ?

ਜਵਾਬ: ਅਗਰ ਗੁਰਬਾਣੀ ਦੀ ਲਿਖਤ ਨੂੰ ਅੱਜ ਸੰਗਲੀ ਰੂਪ ’ਚ ਮੈਨੂੰ ਦੇ ਦਿੱਤਾ ਜਾਏ ਮੈਂ ਸਹਿਜੇ ਹੀ ਇਸ ਦੀ ਪਦ ਵੰਡ ਕਰ ਦੇਵਾਂਗਾ। ਇਸ ਦਾ ਕਾਰਨ ਹੈ ਲਿਖਤ ਨਿਯਮ ਬਾਰੇ ਜਾਣਕਾਰੀ ਹੋਣਾ; ਜਿਵੇਂ ਕਿ ਗੁਰਬਾਣੀ ’ਚ ‘ਨ’ (14338 ਵਾਰ) ਮੁਕਤਾ ਨੂੰ ਸ਼ਬਦ ਤੋਂ ਅਲੱਗ ਕਰਨ ਲਈ ਇਸ ਦੇ ਅਗੇਤਰ ਸ਼ਬਦ ਦੇ ਅਖ਼ੀਰ ’ਚ ਜ਼ਿਆਦਾਤਰ ਔਂਕੜ ਜਾਂ ਸਿਹਾਰੀ ਹੋਣਾ ਜ਼ਰੂਰੀ ਹੈ; ਜਿਵੇਂ ਕਿ

ਸੋਚੈ ‘ਸੋਚਿ ਨ’ ਹੋਵਈ, ਜੇ ਸੋਚੀ ਲਖ ਵਾਰ ॥

ਹੁਕਮੀ ਹੋਵਨਿ ਆਕਾਰ, ‘ਹੁਕਮੁ ਨ’ ਕਹਿਆ ਜਾਈ ॥

ਤੇਹਾ ‘ਕੋਇ ਨ’ ਸੁਝਈ, ਜਿ ਤਿਸੁ ਗੁਣੁ ਕੋਇ ਕਰੇ ॥, ਆਦਿ। ਇਹ ਵੀ ਧਿਆਨ ਰਹੇ ਕਿ ਅਗਰ ਗੁਰਬਾਣੀ ’ਚ ‘ਨਿ’ ਜਾਂ ‘ਨੁ’ ਹੋਵੇ ਤਾਂ ਅਗੇਤਰ ਸ਼ਬਦ ਤੋਂ ਭਿੰਨ ਨਹੀਂ ਹੋ ਸਕਦੇ; ਜਿਵੇਂ ਕਿ ‘ਹੋਵਨਿ, ਗਾਵਨਿ, ਕਰੰਨਿ, ਗਵਨੁ’ ਆਦਿ; ਜਿਵੇਂ

‘ਗਵਨੁ’ ਕੀਆ, ਧਰਤੀ ਭਰਮਾਤਾ ॥ (ਮ: ੫/੯੮)

‘ਸੰਗਿ ਨ’ ਸਾਥੀ, ‘ਗਵਨੁ’ ਇਕੇਲਾ ॥ (ਭਗਤ ਰਵਿਦਾਸ/੭੯੩), ਆਦਿ।

ਗੁਰਬਾਣੀ ਵਿੱਚ ਟਿੱਪੀ, ਬਿੰਦੀ, ਪੈਰ ਅੱਧਾ ਹਾਹਾ, ਆਦਿ ਦੀ ਸੰਖੇਪਤਾ ਨੂੰ ਵੇਖਦਿਆਂ ਵੀ ਇਨ੍ਹਾਂ (ਸ਼, ਖ਼, ਗ਼, ਜ਼, ਫ਼, ਲ਼ ਜਾਂ ਅੱਧਕ) ਧੁਨੀਆਂ ਨੂੰ ਲਿਖਤ ਰੂਪ ਦੇਣ ਵਿੱਚ ਦੇਰੀ ਹੋਈ ਮੰਨੀ ਜਾ ਸਕਦੀ ਹੈ।

ਹੁਣ ਵੀ ਜਾਣੇ ਅਣਜਾਣੇ ’ਚ ਗੁਰਬਾਣੀ ਪਦ ਵੰਡ ਵਿੱਚ ਸੈਕੜੇ ਗ਼ਲਤੀਆਂ ਨਜ਼ਰੀ ਆ ਰਹੀਆਂ ਹਨ; ਜਿਵੇਂ ਕਿ

ਪਥਰ ਕੀ ਬੇੜੀ ਜੇ ਚੜੈ, ‘ਭਰ ਨਾਲਿ’ ਬੁਡਾਵੈ ॥ (ਮ: ੧/੪੨੦) (ਗਲਤ)

ਪਥਰ ਕੀ ਬੇੜੀ ਜੇ ਚੜੈ, ‘ਭਰਨਾਲਿ’ ਬੁਡਾਵੈ ॥ (ਮ: ੧/੪੨੦) (ਠੀਕ)

ਪੰਚਾ ਤੇ ਏਕੁ ਛੂਟਾ, ਜਉ ਸਾਧਸੰਗਿ ‘ਪਗ ਰਉ’ ॥ (ਮ: ੫/੧੨੩੦) (ਗਲਤ)

ਪੰਚਾ ਤੇ ਏਕੁ ਛੂਟਾ, ਜਉ ਸਾਧਸੰਗਿ ‘ਪਗਰਉ’ ॥ (ਮ: ੫/੧੨੩੦) (ਠੀਕ)

‘ਪਰਸ ਨਿਪਰਸੁ’ ਭਏ ਸਾਧੂ ਜਨ, ਜਨੁ ਹਰਿ ਭਗਵਾਨੁ ਦਿਖੀਜੈ ॥ (ਮ: ੪/੧੩੨੪) (ਗਲਤ)

‘ਪਰਸਨਿ ਪਰਸੁ’ ਭਏ ਸਾਧੂ ਜਨ, ਜਨੁ ਹਰਿ ਭਗਵਾਨੁ ਦਿਖੀਜੈ ॥ (ਮ: ੪/੧੩੨੪) (ਠੀਕ)

ਤਾ ਤੇ, ਅੰਗਦੁ ਅੰਗ ਸੰਗਿ ਭਯੋ ਸਾਇਰੁ; ਤਿਨਿ ਸਬਦ ਸੁਰਤਿ ਕੀ ‘ਨੀਵ ਰਖਾਈ’ ॥ (ਭਟ ਕੀਰਤ/੧੪੦੬) (ਗਲਤ)

ਤਾ ਤੇ, ਅੰਗਦੁ ਅੰਗ ਸੰਗਿ ਭਯੋ ਸਾਇਰੁ; ਤਿਨਿ ਸਬਦ ਸੁਰਤਿ ‘ਕੀਨੀ ਵਰਖਾਈ’ ॥ (ਭਟ ਕੀਰਤ/੧੪੦੬) (ਠੀਕ), ਆਦਿ।

2 COMMENTS

  1. Waheguru ji ka khalsa waheguru ji ki fateh

    Veer ji maaf karna jo tusi punjabi , gurmukhi ja adak bare das rehe ho os sab da mere hisab naal koi matlab nahi hai kiau ki es vich jo tusi desea hai os vich bohot example galat han
    Kiau ki mein gurmukhi te kam kita hai gurmukhi ja punjabi nu samjan lai hor language da study karna zaroori hunda hai es lai mein bohot had tak tuhade naal sehmat nahi ha

    • ਵੀਰ ਹਰਜੀਤ ਸਿੰਘ ਜੀ, ਜੋ ਤੁਸਾਂ ਲਿਖਿਆ ਹੈ ਕਿ ਤੁਸੀਂ ਗੁਰਬਾਣੀ ਤੇ ਅਨਯ ਭਾਸ਼ਾਵਾਂ ਦੀ ਬਹੁਤ ਸਟੱਡੀ ਕੀਤੀ ਹੈ ਤਾਂ ਕਿਰਪਾ ਕਰ ਕੇ ਇਹ ਸਪੱਸ਼ਟ ਕਰੋ ਕਿ ਮੇਰੇ ਵੱਲੋਂ ਰੱਖਿਆ ਗਿਆ ਪੱਖ ਕਿਵੇਂ ਗ਼ਲਤ ਹੈ ? ਹੋਰ ਭਾਸ਼ਾਵਾਂ ਦੀ ਜਾਣਕਾਰੀ ਇੱਕ ਅਲੱਗ ਸ਼ਬਦ ਕੋਸ਼ ਭਾਵ ਸ਼ਬਦਾਰਥਾਂ ਲਈ ਤਾਂ ਜ਼ਰੂਰੀ ਹੈ ਪਰ ਕਾਰਕੀ ਚਿੰਨ (ਅੰਤ ਸਿਹਾਰੀ ਜਾਂ ਅੰਤ ਔਂਕਡ਼) ਦਾ ਸਾਂਚਾ ਤਾਂ ਗੁਰਮੁਖੀ ਲਿਖਤ ਦੇ ਨਿਯਮ ਵਾਲਾ ਹੀ ਹੈ। ਜਿਥੋਂ ਤੱਕ ਗੱਲ ਕਰੀਏ ਅੱਧਕ ਜਾਂ ਡਬਲ ਅੱਖਰ ਦੀ ਜਾਂ ਪੈਰ ਵਿਚ ਬਿੰਦੀ ਦੀ, ਤਾਂ ਇਸ ਬਾਬਤ ਵੀ ਗੁਰਮੁਖੀ ਲਿਪੀ ਹੀ ਕਾਰਜਸ਼ੀਲ ਮੰਨੀ ਜਾਏਗੀ ਜਿਵੇਂ ਮਸ਼ੱਕਤ ਸ਼ਬਦ ਨੂੰ ਤੁਸੀਂ ਮਸ਼ਕ੍ਕਤ ਨਹੀਂ ਲਿਖ ਸਕਦੇ। ਇਸ ਲਈ ਕਿਰਪਾ ਕਰ ਕੇ ਅਸਹਿਮਤੀ ਦੇ ਕੁਝ ਸਬੂਤ ਦੇਵੋ ਤਾਂ ਜੋ ਉਨਾਂ ਬਾਰੇ ਮੈਂ ਵੀ ਕੁਝ ਅਪਣਾ ਪੱਖ ਰੱਖ ਸਕਾਂ, ਕੇਵਲ ਅਸਹਿਮਤੀ ਲਿਖਣ ਨਾਲ ਇਸ ਦਾ ਕੋਈ ਕਾਰਨ ਸਮਝ ਨਹੀਂ ਆ ਰਿਹਾ।

Comments are closed.